Sunday, October 09, 2022
ਔਰੰਗਜੇਬ ਦਾ ਮੁਖਬਰ ਅਬੂਉਲਾ ਤਰਾਨੀ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣ ਕੇ ਅਜਮੇਰ ਸਿੰਘ ਕਿਵੇਂ ਬਣਿਆ?
ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਜਦੋਂ ਇਹ ਮੱਥਾ ਟੇਕ ਕੇ ਦਰਸ਼ਨ ਕਰ ਕੇ ਬਾਹਰ ਨਿਕਲ ਕੇ ਆ ਰਹੇ ਸਨ ਤਾਂ ਇਕ ਸਿੰਘ ਬੈਠੀਆਂ ਸੰਗਤਾਂ ਦੀ ਕੁੱਝ ਕੁ ਗਿਣਤੀ ਨੂੰ ਇਕ ਕਹਾਣੀ ਸੁਣਾ ਰਿਹਾ ਸੀ, ਸਾਰੀ ਸੰਗਤ ਸੁਣੀ ਜਾ ਰਹੀ ਸੀ, ਇਹ ਕਹਾਣੀ ਅੰਗਰੇਜ਼ ਡੈਨੀ, ਚਮੇਲ ਸਿੰਘ ਤੇ ਸੁਰਜਨ ਸਿੰਘ ਵੀ ਸੁਣ ਰਹੇ ਸਨ।
ਸਾਧ ਸੰਗਤ ਜੀ ਔਰੰਗਜ਼ੇਬ ਦਾ ਮੁਖ਼ਬਰ ਸੀ ਅਬੂਉਲਾ ਤਰਾਨੀ, ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਆਲ਼ੇ ਦੀ ਮੁਖ਼ਬਰੀ ਕਰਦਾ ਸੀ ਉਹ ਹਮੇਸ਼ਾ ਹੀ ਗੁਰੂ ਜੀ ਬਾਰੇ ਔਰੰਗਜ਼ੇਬ ਨੂੰ ਰਿਪੋਰਟਾਂ ਭੇਜਦਾ ਰਹਿੰਦਾ ਸੀ। ਉਸ ਨੇ ਲਿਖਿਆ ਹੈ ਸਾਧ ਸੰਗਤ ਜੀ ਜੋ ਹੂਬਹੂ ਰਿਪੋਰਟ ਤੁਹਾਨੂੰ ਪੜ੍ਹ ਦੇ ਸੁਣਾਉਂਦਾ ਹਾਂ...
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਤਿਆਰ ਕੀਤਾ, ਉਸ ਵਕਤ ਦੀਵਾਨ ਵਿਚ 35-40 ਹਜ਼ਾਰ ਸੰਗਤ ਦੀ ਹਾਜ਼ਰੀ ਸੀ। ਮੁਗ਼ਲਾਂ ਦੇ ਚਾਰ ਤਖਤ, ਦਿੱਲੀ, ਆਗਰਾ, ਲਾਹੌਰ, ਤੇ ਕਲਾਨੌਰ ਸਨ, ਪਰ ਗੁਰੂ ਦੇ ਦਰਬਾਰ ਦੀ ਸ਼ੋਭਾ ਨਿਰਾਲੀ ਸੀ। ਇਹ ਤਖਤ ਮੁਗਲ ਬਾਦਸ਼ਾਹ ਦੇ ਤਖਤ ਨੂੰ ਮਾਤ ਕਰਦਾ ਸੀ। ਉਸ ਦਿਨ ਗੁਰੂ ਜੀ ਦਾ, ਲਿਬਾਸ, ਚੜ੍ਹਤ, ਜਲਾਲ ਅਤੇ ਤੇਜ ਅਝੱਲਾਵਾਂ ਸੀ। ਗੁਰੂ ਜੀ ਦਰਬਾਰ ਵਿਚ ਆਏ ਅਤੇ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਕੇ ਫੜਦਿਆਂ ਬਾ-ਆਵਾਜ਼ ਬੁਲੰਦ ਕਿਹਾ,'ਮੈਨੂੰ ਇਕ ਸਿਰ ਦੀ ਲੋੜ ਹੈ।' ਬਗੈਰ ਦੇਰ, ਸੋਚ ਵਿਚਾਰ ਅਤੇ ਕਿਸੇ ਹੀਲ ਹੁੱਜਤ ਦੇ ਦਇਆ ਰਾਮ ਆ ਹਾਜ਼ਰ ਹੋਇਆ। ਗੁਰੂ ਜੀ ਨੇ ਭਰੇ ਦਰਬਾਰ ਵਿਚ, ਜਿੱਥੇ ਉਹ ਖਲੋਤੇ ਸਨ, ਸਭਨਾਂ ਦੇ ਸਾਹਮਣੇ ਇਕ ਵਾਰ ਕੀਤਾ, ਸਿਰ ਧੜ ਨਾਲੋਂ ਜੁਦਾ ਹੋ ਗਿਆ। ਦੀਵਾਨ ਵਿਚ ਸਨਸਨੀ ਫੈਲ ਗਈ ਅਤੇ ਬਹੁਤ ਆਦਮੀ ਅਵਾਕ ਰਹਿ ਗਏ।
ਗੁਰੂ ਜੀ ਨੇ ਫਿਰ ਗਰਜਵੀਂ ਤੇ ਕੜਕਵੀਂ ਆਵਾਜ਼ ਵਿਚ ਕਿਹਾ,'ਮੈਨੂੰ ਹੋਰ ਸਿਰ ਦੀ ਲੋੜ ਹੈ।' ਝੱਟ ਹੀ ਧਰਮ ਚੰਦ ਉੱਠਿਆ ਅਤੇ ਜਾ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਦੇ ਇਕੋ ਵਾਰ ਨੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਦੀਵਾਨ ਵਿਚ ਹਲਚਲ ਮੱਚ ਗਈ, ਭਾਜੜ ਪੈ ਗਈ।
ਗੁਰੂ ਜੀ ਨੇ ਫੇਰ ਬਾ-ਆਵਾਜ਼ ਬੁਲੰਦ ਇਕ ਹੋਰ ਸਿਰ ਮੰਗਿਆ ਅਤੇ ਯਕੇ ਬਾਦ ਦੀਗਰੇ ਹਿੰਮਤ ਰਾਏ, ਮੋਹਕਮ ਚੰਦ, ਸਾਹਿਬ ਰਾਮ, ਇਨ੍ਹਾਂ ਪੰਜਾਂ ਨੂੰ ਕਤਲ ਕਰ ਦਿੱਤਾ, ਸਿਰ ਧੜਾਂ ਨਾਲੋਂ ਵੱਖ ਕਰ ਦਿੱਤੇ। ਕਈ ਆਦਮੀ ਗੁਰੂ ਜੀ ਦੀ ਮਾਤਾ ਕੋਲ ਪਹੁੰਚ ਗਏ ਅਤੇ ਸਾਰੀ ਵਿਥਿਆ ਸੁਣਾਈ। ਗੁਰੂ ਜੀ ਨੇ ਉਨ੍ਹਾਂ ਪੰਜਾਂ ਦੇ ਸਰੀਰਾਂ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ। ਫ਼ਰਸ਼ ਵੀ ਸਾਫ਼ ਕੀਤਾ ਅਤੇ ਖੂਨ ਦਾ ਕੋਈ ਦਾਗ ਕਿਤੇ ਵੀ ਨਾ ਰਹਿਣ ਦਿੱਤਾ। ਫਿਰ ਉਸ ਕਾਫ਼ਰਾਂ ਦੇ ਪੀਰ ਨੇ ਇਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਿਰ ਤੇ ਧੜ ਰਲਾ ਮਿਲਾ ਕੇ ਦੂਸਰਿਆਂ ਧੜਾਂ ਨਾਲ ਦੂਸਰੇ ਸਿਰ ਲਾ ਕੇ ਪਹਿਰ ਕੁ ਵਿਚ ਚੰਗੀ ਤਰ੍ਹਾਂ ਹਿਕਮਤ ਅਮਲੀ ਨਾਲ ਸੀਅ ਦਿੱਤੇ ਅਤੇ ਉਨ੍ਹਾਂ ਪੰਜਾਂ ਲਾਸ਼ਾਂ ਉੱਤੇ ਚਿੱਟੇ ਕੱਪੜੇ ਪਾ ਦਿੱਤੇ। ਫੇਰ ਇਕ ਪੱਥਰ ਦਾ ਕੁੰਡਾ ਮੰਗਾ ਕੇ ਅਤੇ ਉਸ ਉੱਤੇ ਇਕ ਕੜਾਹੀ, ਜਿਸ ਨੂੰ ਕੁੰਢੇ ਨਹੀਂ ਸਨ ਲੱਗੇ ਹੋਏ, ਰੱਖ ਕੇ ਪਾਣੀ ਪਾ ਆਬੇ ਹਯਾਤ ਬਣਾਉਣ ਲੱਗ ਪਿਆ। 'ਕਾਫ਼ਰਾਂ ਦਾ ਪੀਰ' ਉਸ ਕੜਾਹੀ ਵਿਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾਂ ਪੜ੍ਹਦਾ ਰਿਹਾ। ਇਹ ਅਮਲ ਕੋਈ ਅੱਧਾ ਪੌਣਾ ਪਹਿਰ ਹੁੰਦਾ ਰਿਹਾ। ਇਸੇ ਸਮੇਂ 'ਕਾਫ਼ਰਾਂ ਦੇ ਪੀਰ' ਦੀ ਕਿਸੇ ਔਰਤ ਨੇ ਉਸ ਕੜਾਹੀ ਵਿਚ ਲਿਆ ਕੇ ਕੁੱਝ ਪਾ ਦਿੱਤਾ। ਹੁਣ ਆਬੋ ਹਯਾਤ ਤਿਆਰ ਹੋ ਚੁੱਕਾ ਸੀ।
ਗੁਰੂ ਜੀ ਨੇ ਉਨ੍ਹਾਂ ਲਾਸ਼ਾਂ ਤੋਂ ਪੜਦਾ ਚੁੱਕ ਪਹਿਲਾਂ ਦਇਆ ਸਿੰਘ ਦੇ ਸਿਰਹਾਣੇ ਬੈਠ ਮੂੰਹ ਖੋਲ੍ਹ ਕੇ ਆਬੋ ਹਯਾਤ ਉਸ ਦੇ ਮੂੰਹ ਵਿਚ ਪਾ ਦਿੱਤਾ। ਸਿਰ ਦੇ ਵਾਲ਼ਾਂ ਵਿਚ ਪਾਇਆ ਅਤੇ ਸਰੀਰ 'ਤੇ ਛਿੜਕਿਆ ਤੇ ਕਿਹਾ,
'ਬੋਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ॥'
ਇਹ ਕਹਿੰਦੇ ਸਾਰ ਹੀ ਦਇਆ ਸਿੰਘ ਉੱਠ ਕੇ ਖਲੋ ਗਿਆ ਅਤੇ ਉਚੀ ਸਾਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ। ਭਰੇ ਦੀਵਾਨ ਵਿਚ ਸਕਤੇ ਦਾ ਆਲਮ ਛਾ ਗਿਆ। ਹਜ਼ਾਰਾਂ ਇਨਸਾਨਾਂ ਦੇ ਹੁੰਦਿਆਂ ਵੀ ਕੋਈ ਸਾਹ ਨਹੀਂ ਸੀ ਲੈ ਰਿਹਾ ਜਾਪਦਾ। ਦੀਵਾਨ ਵਿਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਉੱਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ। ਇਸ ਤਰ੍ਹਾਂ ਉਸ ਦੇ ਯਕੇ ਬਾਅਦ ਦੀਗਰੇ ਬਾਕੀ ਦੇ ਉਨ੍ਹਾਂ ਚੌਹਾਂ ਨੂੰ ਵੀ ਆਬੇ ਹਯਾਤ ਪਿਲਾ ਕੇ ਉਸੇ ਤਰ੍ਹਾਂ ਵਾਲ਼ਾਂ ਅਤੇ ਸਰੀਰ ਉੱਤੇ ਆਬੇ ਹਯਾਤ ਛਿੜਕ ਬੋਲ
'ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫਤਿਹ' ਬੁਲਾ ਉਨ੍ਹਾਂ ਨੂੰ ਤੰਬੂ ਵਿਚ ਲੈ ਗਿਆ।
ਕੁੱਝ ਚਿਰ ਬਾਅਦ ਗੁਰੂ ਆਪ ਵੀ ਅਤੇ ਉਹ ਪੰਜੇ ਆਦਮੀ ਪਿੱਛੇ ਪਿੱਛੇ ਤੰਬੂ ਵਿਚੋਂ ਬਾਹਰ ਨਿਕਲ ਆਏ। ਹੁਣ ਉਨ੍ਹਾਂ ਨਵੇਂ ਲਿਬਾਸ ਪਾਏ ਹੋਏ ਸਨ। ਉਹ ਪੰਜੇ ਮੁੜ ਜਿੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆ ਕੇ ਖਲੋ ਗਏ ਅਤੇ ਗੁਰੂ ਨੇ 'ਬੀਰ ਆਸਣ' ਕਰ ਉਨ੍ਹਾਂ ਤੋਂ ਆਪ ਆਬੇ ਹਯਾਤ ਮੰਗਿਆ। ਉਨ੍ਹਾਂ ਨੇ ਪੁੱਛਿਆ,'ਤੁਸੀਂ ਇਸ ਅਮੋਲ ਵਸਤੂ ਲਈ ਕੀ ਦਿੱਤਾ ਹੈ? ਤਦ ਗੁਰੂ ਜੀ ਨੇ ਕਿਹਾ,'ਮੈਂ ਪ੍ਰਣ ਕਰਦਾ ਹਾਂ, ਮੈਂ ਆਪਣੇ ਮਾਤਾ ਪਿਤਾ, ਔਲਾਦ, ਆਪ ਤੇ ਸਭ ਕੁੱਝ ਕੁਰਬਾਨ ਕਰ ਦਿਆਂਗਾ।' ਇਸ ਤਰ੍ਹਾਂ ਉਨ੍ਹਾਂ ਪੰਜਾਂ ਨੇ ਗੁਰੂ ਜੀ ਨੂੰ ਆਬੇ ਹਯਾਤ ਦਿੱਤਾ ਅਤੇ ਗੁਰੂ ਜੀ ਦਾ ਨਾਂਅ ਉਸ ਵਕਤ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਨ੍ਹਾਂ ਦੇ ਨਾਂਅ ਨਾਲ ਵੀ ਸਿੰਘ ਜੋੜ ਦਿੱਤਾ। ਇਉਂ ਇਹ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਦੇ ਨਾਵਾਂ ਦੇ ਧਾਰਨੀ ਬਣੇ।
ਅਬੂਉਲਾ ਤਰਾਨੀ ਲਿਖਦਾ ਹੈ ਕਿ ਮੈਂ ਬਹੁਤ ਰੋਇਆ ਤੇ ਪਛਤਾਇਆ। ਉਸ ਤੋਂ ਬਾਅਦ ਉੱਥੋਂ ਹੀ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਯਾਤ ਪੀਤਾ। ਮੈਥੋਂ ਵੀ ਨਾ ਰਿਹਾ ਗਿਆ ਅਤੇ ਮੈਂ ਵੀ ਆਪਣੇ ਆਪ ਨੂੰ ਧਿਰਕਾਰਦਾ ਹੋਇਆ, ਪਛਤਾਂਦਾ ਹੋਇਆ, ਉਸੇ ਵਕਤ ਹੀ ਕਿਸੇ ਮਿਕਨਾਤੀਸੀ ਕਸ਼ਸ਼ ਅਧੀਨ ਝੱਟ ਗੁਰੂ ਦੇ ਚਰਨਾਂ ਵਿਚ ਡਿੱਗਾ, ਉਸ ਤੋਂ ਆਬੇ ਹਯਾਤ ਦੀ ਦਾਤ ਮੰਗੀ। ਗੁਰੂ ਨੇ, ਜਿਹੜਾ ਜ਼ਰੂਰ ਮੇਰਾ ਪਖੰਡ ਅਤੇ ਦੰਭ ਜਾਣਦਾ ਸੀ, ਬੜੇ ਪਿਆਰ ਨਾਲ ਮੈਨੂੰ ਥਾਪੜਾ ਦੇ ਕੇ ਆਬੇ ਹਯਾਤ ਪਿਲਾ ਕੇ ਮੇਰਾ ਨਾਂਅ ਅਜਮੇਰ ਸਿੰਘ ਰੱਖ ਦਿੱਤਾ। ਇਸ ਤਰ੍ਹਾਂ ਮੇਰੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਗਏ। ਮੈਂ ਗੁਰੂ ਜੀ ਦੀ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਕਈ ਜੰਗਾਂ ਵਿਚ ਜ਼ੁਲਮ ਨਾਲ ਰੂ-ਬ-ਰੂ ਲੜਿਆ।
ਮੈਂ ਉਸੇ ਦਿਨ ਤੋਂ ਆਪਣੀ ਜ਼ਿੰਦਗੀ ਦੀ ਆਖ਼ਰੀ ਰਿਪੋਰਟ ਔਰੰਗਜ਼ੇਬ ਨੂੰ ਘੱਲ ਦਿੱਤੀ ਤੇ ਇਸ ਦੀਵਾਨ ਵਿਚ ਵਾਪਰੀ ਤੇ ਅੱਖੀਂ ਡਿੱਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਖੋਲ੍ਹ ਕੇ ਲਿਖ ਦਿੱਤਾ। ਮੈਂ ਬੜੇ ਜ਼ੋਰਦਾਰ ਲਫ਼ਜ਼ਾਂ ਵਿਚ ਔਰੰਗਜ਼ੇਬ ਨੂੰ ਤਾੜਨਾ ਕੀਤੀ ਕਿ ਖ਼ਬਰਦਾਰ, ਰੱਬ ਨਾਲ ਜਿਊਂਦੇ ਜਾਗਦੇ ਖ਼ੁਦਾ ਨਾਲ ਮੱਥਾ ਨਾ ਲਾ, ਜ਼ੁਲਮ ਨਾ ਕਰ ਅਤੇ ਮੇਰੀ ਸਿਫ਼ਾਰਸ਼ 'ਤੇ ਅਮਲ ਨਾ ਕੀਤਾ ਤਾਂ ਖ਼ਾਨਦਾਨ, ਸਲਤਨਤ ਤਬਾਹ ਹੋ ਜਾਵੇਗੀ, ਦੁਨੀਆਂ ਦੇ ਤਖ਼ਤੇ ਉੱਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ।
ਪੰਜ ਪਿਆਰਿਆਂ ਦੇ ਸੀਸ ਬਾਰੇ ਔਰੰਗਜ਼ੇਬ ਨੂੰ ਭੇਜੀ ਉਸ ਵਕਤ ਦੀ ਰਿਪੋਰਟ ਮੁਤਾਬਿਕ ਕਈ ਬਹੁਤੇ ਪੜ੍ਹੇ ਲਿਖੇ ਪਰ ਆਤਮਿਕ ਸ਼ਕਤੀਆਂ ਤੋਂ ਅਣਜਾਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਥਾਹ ਸ਼ਕਤੀ 'ਤੇ ਇਮਾਨ ਨਾ ਰੱਖਣ ਵਾਲੇ ਅਸ਼ਰਧਾਲੂ, ਸਿੱਖ ਗੁਰੂਆਂ ਦੀ ਉਚੀ ਰੂਹਾਨੀਅਤ ਤੋਂ ਮੁਨਕਰ ਅਤੇ ਸੁੱਤੇ ਸਿੱਧ ਵਾਪਰੀਆਂ ਕਈ ਕਰਾਮਾਤਾਂ ਨੂੰ ਮੰਨਣ ਵਾਲੇ ਭਾਵੇਂ ਇਸ ਘਟਨਾ ਨਾਲ ਸਹਿਮਤ ਨਾ ਹੋਣ, ਪਰ ਇਹ ਇਕ ਸੱਚੀ ਵਾਪਰੀ ਘਟਨਾ ਜ਼ਰੂਰ ਹੈ। ਗੁਰੂ ਘਰ ਵਿਚ ਇਹੋ ਜਿਹੀਆਂ ਕਈ ਉਦਾਹਰਣਾਂ ਹਨ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ:-
ਸਤਿਗੁਰ ਮੇਰਾ ਸਰਬ ਪ੍ਰਤਿਪਾਲੈ॥
ਸਤਿਗੁਰ ਮੇਰਾ ਮਾਰਿ ਜੀਵਾਲੈ॥
ਸਤਿਗੁਰ ਮੇਰੇ ਕੀ ਵਡਿਆਈ॥
ਪ੍ਰਗਟ ਭਈ ਹੈ ਸਭਨੀ ਥਾਈ॥
ਗੁਰੂ ਨਾਨਕ ਸਾਹਿਬ ਜੀ ਨੇ ਦਿੱਲੀ ਵਿਚ ਮਜਨੂੰ ਟਿੱਲੇ ਹਾਥੀ ਜਿਊਂਦਾ ਕੀਤਾ।
ਮ੍ਰਿਤਕ ਕਉ ਜੀਵਾਲਣਹਾਰ॥
ਬਾਬਾ ਗੁਰਦਿੱਤਾ ਜੀ ਨੇ ਅਨੰਦਪੁਰ ਸਾਹਿਬ ਗਊ ਜੀਵਾਲੀ।
ਬਾਬਾ ਅਟਲ ਰਾਇ ਜੀ ਨੇ ਆਪਣੇ ਸਾਥੀ ਸੋਹਣ ਜੀ ਨੂੰ ਜਿਉਂਦੇ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਇਸ ਸਾਕੇ ਉੱਤੇ, ਜੋ ਗੁਰੂ ਜੀ ਉੱਪਰ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਬੇ ਪਰਤੀਤਿਆਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰਬਾਣੀ ਦਾ ਫ਼ਰਮਾਨ ਹੈ,
ਇਕਨਾ ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੇ ਭਾਉ॥''
ਪੰਥ ਸਾਜਣ ਵੇਲੇ ਸ਼ੀਸ਼ ਦੇਣ ਵਾਲੇ ਪੰਜਾਂ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਖੱਤ੍ਰੀ ਸਨ ਜੋ ਗੁਰੂ ਕੁਲ ਵਿਚੋਂ ਸਨ। ਪਰ ਬਾਕੀ ਦੇ ਸਾਰੇ ਹੀ ਸ਼ੂਦਰ ਸਨ।
ਕਹਾਣੀ ਸੁਣਾਉਣ ਵਾਲੇ ਨੇ ਫੇਰ ਅੱਗੇ ਗੱਲ ਤੋਰੀ .. ਦੇਖ ਲਓ ਭਾਈ ਫੇਰ .. ਇੱਥੇ ਫੇਰ ਪਹਾੜੀ ਰਾਜੇ ਆ ਗਏ, ਗੁਰੂ ਪਾਤਸ਼ਾਹ ਦਸਮ ਪਿਤਾ ਬਾਜਾਂ ਆਲ਼ੇ ਨੂੰ ਕਹਿੰਦੇ ਆਹ ਜੋ ਅੰਮ੍ਰਿਤ ਛਕਾਉਣ ਦੀ ਪ੍ਰਥਾ ਤੁਸੀਂ ਗੁਰੂ ਜੀ ਤੋਰੀ ਹੈ ਬਹੁਤ ਹੀ ਚੰਗੀ ਹੈ, ਅਸੀਂ ਵੀ ਅੰਮ੍ਰਿਤ ਛਕਣਾ ਚਾਹੁੰਦੇ ਹਾਂ ਪਰ ਸਾਡੀ ਇਕ ਗੱਲ ਪ੍ਰਵਾਨ ਕਰ ਲਓ ਜੀ.. ਤਾਂ ਗੁਰੂ ਜੀ ਨੇ ਕਿਹਾ ਅਜਿਹੀ ਕਿਹੜੀ ਗੱਲ ਹੈ ਜੋ ਅਸੀਂ ਪ੍ਰਵਾਨ ਨਹੀਂ ਕਰਦੇ.. ਪਹਾੜੀ ਰਾਜੇ ਕਹਿਣ ਲੱਗੇ ਜੋ ਸਾਹਮਣੇ ਸਾਰੇ ਜਣੇ ਅੰਮ੍ਰਿਤ ਛਕੀ ਜਾਂਦੇ ਆ ਉਨ੍ਹਾਂ ਤੋਂ ਵੱਖਰੇ ਤੌਰ ਤੇ ਸਾਨੂੰ ਅੰਮ੍ਰਿਤ ਛਕਾ ਦਿਓ, ਤਾਂ ਗੁਰੂ ਜੀ ਨੇ ਅੰਮ੍ਰਿਤ ਛਕਣ ਵਾਲੇ ਸਾਰੇ ਸਿੰਘਾਂ ਵੱਲ ਦੇਖਿਆ, ਉਨ੍ਹਾਂ ਵਿਚ ਕੋਈ ਬ੍ਰਾਹਮਣ ਸੀ, ਕੋਈ ਜੱਟ ਸੀ, ਕੋਈ ਮਜ਼੍ਹਬੀ ਸੀ, ਕੋਈ ਰਵੀਦਾਸੀਆ, ਰਮਦਾਸੀਆ ਸੀ, ਕੋਈ ਝਿਊਰ ਸੀ, ਕੋਈ ਘੁਮਿਆਰ ਸੀ, ਕੋਈ ਕਲਾਲ ਸੀ, ਕੋਈ ਕਿਸੇ ਜਾਤ ਦਾ ਸੀ, ਕੋਈ ਕਿਸੇ ਦਾ, ਸਾਰੀਆਂ ਜਾਤਾਂ ਦਾ ਗੁਲਦਸਤਾ ਦੇਖ ਕੇ ਗੁਰੂ ਸਾਹਿਬ ਪ੍ਰਸੰਨ ਹੋ ਗਏ ਸਨ।
ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨੇ ਪੁਛਿਆ ਕਿ ਤੁਸੀਂ ਇਨ੍ਹਾਂ ਨਾਲ ਸਾਂਝੇ ਤੌਰ ਦੇ ਅੰਮ੍ਰਿਤ ਕਿਉਂ ਨਹੀਂ ਛਕਣਾ ਚਾਹੁੰਦੇ ਤਾਂ ਰਾਜਿਆਂ ਦਾ ਜਵਾਬ ਸੀ ਕਿ ਇਹ ਸਾਰੇ ਸ਼ੂਦਰ ਹਨ, ਜੋ ਸਾਡੇ ਬਰਾਬਰ ਦੇ ਨਹੀਂ ਹਨ, ਇਸ ਕਰ ਕੇ ਸਾਨੂੰ ਵੱਖਰਾ ਅੰਮ੍ਰਿਤ ਛਕਾ ਦਿਓ ਤਾਂ ਅਸੀਂ ਸਾਰੇ ਹੀ ਅੰਮ੍ਰਿਤ ਛੱਕ ਕੇ ਆਪ ਜੀ ਦੇ ਸਿੰਘ ਬਣ ਜਾਵਾਂਗੇ, ਪਰ ਗੁਰੂ ਸਾਹਿਬ ਜੀ ਨੇ ਉਨ੍ਹਾਂ ਜਾਤ ਦੇ ਹੰਕਾਰੀ ਰਾਜਿਆਂ ਨੂੰ ਕਿਹਾ 'ਇਨ ਗਰੀਬ ਸਿਖਨ ਕੋ ਦੇਊਂ ਪਾਤਸ਼ਾਹੀ... ਇਨਹੀ ਕੋ ਸਰਦਾਰ ਬਣਾਊਂ..' ਤਾਂ ਪਹਾੜੀ ਰਾਜੇ ਮੂੰਹ ਦੀ ਖਾ ਕੇ ਉੱਥੋਂ ਖਿਸਕ ਗਏ। ਸੱਚੇ ਪਾਤਸ਼ਾਹ ਗੁਰੂ ਜੀ ਨੇ ਅਜਿਹਾ ਕੰਮ ਕੀਤਾ ਕਿ ਜੋ ਵੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਬਣਾ ਦਿੱਤਾ ਪਰ ਪਤਾ ਨਹੀਂ ਕਿਉਂ ਅਜ ਦੇ ਯੁੱਗ ਵਿਚ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਨ ਤੋਂ ਇਨਕਾਰ ਕਰਨ ਲੱਗ ਪਈ ਹੈ।
ਇਹ ਕਹਾਣੀ ਸੁਣ ਕੇ ਚਮੇਲ ਸਿੰਘ, ਸੁਰਜਨ ਸਿੰਘ ਤਾਂ ਨਿਹਾਲ ਹੋ ਹੀ ਗਏ ਪਰ ਨਾਲੋ ਨਾਲ ਕੁੱਝ ਸਮਝ ਕੇ ਕੁੱਝ ਬੇਸਮਝੀ ਵਿਚ ਹੀ ਅੰਗਰੇਜ਼ ਵੀ ਧੰਨ ਧੰਨ ਕਰ ਰਿਹਾ ਸੀ।
ਸਰੋਤ :
ਕਿਤਾਬ ਹੈ ‘ਅਮ੍ਰਿਤ ਫਿਲਾਸਫੀ’
ਲੇਖਕ ਗਿਆਨੀ ਹਰਬੰਸ ਸਿੰਘ
-ਗੁਰਨਾਮ ਸਿੰਘ ਅਕੀਦਾ
Subscribe to:
Post Comments (Atom)
ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...
-
ਕੁੰਮਾ ਮਾਸ਼ਕੀ ਉਰਫ਼ ਕਰਮੂ ਦੇ ਸਿੱਖ ਇਤਿਹਾਸ ਵਿਚ ਕੰਮ ਨੂੰ ਭੁਲਾ ਚੁੱਕਿਆ ਹੈ ‘ਸਰਮਾਏਦਾਰ ਸਿੱਖ ਸਮਾਜ’ ਲੇਖਕ : ਗੁਰਨਾਮ ਸਿੰਘ ਅਕੀਦਾ ਮੁਗ਼ਲ ਸਾਮਰਾਜ ਦੇ ਸਤਾਏ ਹੋਏ ਕਈ...
-
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...

No comments:
Post a Comment