Monday, October 10, 2022
ਪੱਤਰਕਾਰੀ ਦੇ ਨਾਲ ਨਾਲ ਪੱਤਰਕਾਰਾਂ ਦੇ ਹੱਕਾਂ ਲਈ ਲੜਨ ਵਾਲੇ ਪੱਤਰਕਾਰ ‘ਬਲਵਿੰਦਰ ਸਿੰਘ ਜੰਮੂ’
ਸਮਾਜ ਦੇ ਹਰ ਪੀੜਤ ਵਰਗ ਦੇ ਦੁੱਖਾਂ ਦਰਦਾਂ ਵਿਚ ਉਸ ਦੀ ਅਵਾਜ਼ ਬਣਨ ਵਾਲੇ ਪੱਤਰਕਾਰ ਹੀ ਅਸਲ ਵਿਚ ਲੋਕਤੰਤਰ ਦਾ ਚੌਥਾ ਥੰਮ੍ਹ ਹੁੰਦੇ ਹਨ। ਪੱਤਰਕਾਰ ਸਭ ਨਾਲ ਹੁੰਦੀ ਬੇਇਨਸਾਫ਼ੀ ਲਈ ਲੜਦਾ ਹੈ, ਪਰ ਪੱਤਰਕਾਰ ਨਾਲ ਹੁੰਦੀ ਬੇਇਨਸਾਫ਼ੀ ਲਈ ਕੌਣ ਲੜਦਾ ਹੈ? ਲੋਕ ਤਮਾਸ਼ਬੀਨ ਬਣੇ ਪੱਤਰਕਾਰ ਨਾਲ ਹੁੰਦੀਆਂ ਵਧੀਕੀਆਂ ਦਾ ਤਮਾਸ਼ਾ ‘ਮੂਕ ਦਰਸ਼ਕ’ ਬਣ ਕੇ ਦੇਖਦੇ ਹਨ। ਸੱਚ ਦੇ ਨਾਲ ਖੜਨ ਵਾਲੇ ਸੱਚ ਲਈ ਲੜਨ ਵਾਲੇ ਪੱਤਰਕਾਰਾਂ ਨੂੰ ਅਜੋਕੇ ਯੁੱਗ ਵਿਚ ਚਾਰੇ ਪਾਸਿਓਂ ਸੰਕਟਾਂ ਵਿਚ ਘੇਰਨ ਲਈ ਸਾਜ਼ਿਸ਼ਾਂ ਹੁੰਦੀਆਂ ਹਨ। ਕਾਰਪੋਰੇਟ ਕੁਰਹਿਤਾਂ ਅਧੀਨ ਆ ਚੁੱਕੀ ਪੱਤਰਕਾਰੀ ਕਰਦੇ ਪੱਤਰਕਾਰ ਸਿਸਕ ਰਹੇ ਹਨ, ਜਿਸ ਲਈ ਜ਼ਿੰਮੇਵਾਰ ਮੀਡੀਆ ਅਦਾਰਿਆਂ ਦੇ ਮਾਲਕ ਜਾਂ ਮੁੱਖ ਸੰਪਾਦਕ, ਸੰਪਾਦਕ ਜਾਂ ਫਿਰ ਨਿਊਜ਼ ਐਡੀਟਰ ਦੀ ਪੱਖਪਾਤੀ ਸੋਚ ਨੂੰ ਕਿਹਾ ਜਾ ਸਕਦਾ ਹੈ। ਪੱਤਰਕਾਰਾਂ ਨਾਲ ਸੱਤਾਧਾਰੀ ਧਿਰਾਂ ਵੱਲੋਂ, ਬਿਉਰੋਕਰੇਸੀ ਵੱਲੋਂ ਜਾਂ ਫਿਰ ਬੁਰਜ਼ੂਆ ਸਮਾਜ ਵੱਲੋਂ ਕੀਤੀ ਜਾਂਦੀ ਵਧੀਕੀ ਖ਼ਿਲਾਫ਼ ਤਾਂ ਖ਼ੈਰ ਆਮ ਤੌਰ ਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਕਦੇ ਕਦੇ ਲੜਦੀਆਂ ਵੇਖੀਆਂ ਹਨ ਪਰ ਅਦਾਰਿਆਂ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਵੱਲ ਨਾ ਤਾਂ ਕੋਈ ਨਜ਼ਰ ਮਾਰਦਾ ਹੈ ਨਾ ਹੀ ਕੋਈ ਉਸ ਦੇ ਵਿਰੁੱਧ ਬੋਲਦਾ ਹੈ, ਅਜਿਹੀਆਂ ਵਧੀਕੀਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਾ ਵੀ ਹੈ ਇਕ ਪੱਤਰਕਾਰ, ਮੈਂ ਅੱਜ ਗੱਲ ਕਰ ਰਿਹਾ ਹਾਂ ਪੱਤਰਕਾਰੀ ਦੇ ਨਾਲ ਨਾਲ ਪੱਤਰਕਾਰਾਂ ਦੇ ਹੱਕਾਂ ਲਈ ਲੜਨ ਵਾਲੇ ਪੱਤਰਕਾਰ ‘ਬਲਵਿੰਦਰ ਸਿੰਘ ਜੰਮੂ’ ਦੀ।
ਘੱਗਰ ਦਰਿਆ ਵਿਚ ਆਉਂਦੇ ਹੜ੍ਹਾਂ ਕਾਰਨ ਚੀਕਣੀ ਮਿੱਟੀ ਬਾਂਝ ਹੋ ਜਾਂਦੀ ਹੈ, ਪਰ ਪਟਿਆਲਾ ਜ਼ਿਲ੍ਹੇ ਦੇ ਪੁਆਧੀ ਖੇਤਰ ਵਿਚ ਪੈਂਦੇ ਪਿੰਡ ਗਗਰੌਲੀ ਦੀ ਹੜ੍ਹਾਂ ਕਾਰਨ ਹੋਈ ਚੀਕਣੀ ਮਿੱਟੀ ਵਿਚ ਜੰਮਿਆ, ਪਲ਼ਿਆ, ਵਧਿਆ, ਫੁੱਲਿਆ ਕੋਈ ਬੰਦਾ ‘ਸ਼ਬਦਾਂ ਦਾ ਫਾਸਫੋਰਸ’ ਵੀ ਸਿਰਜ ਸਕਦਾ ਹੈ। ਪਟਿਆਲਾ ਜ਼ਿਲ੍ਹੇ ਨੂੰ ਮਾਣ ਹੈ ਕਿ ਇਸ ਨੇ ਪੰਜਾਬੀ ਨੂੰ ਇਕ ਅਜਿਹਾ ਪੱਤਰਕਾਰ ਦਿੱਤਾ ਜਿਸ ਨੇ ਰਾਜਧਾਨੀ ਚੰਡੀਗੜ੍ਹ ਵਿਚ ਹੀ ਨਹੀਂ ਸਗੋਂ ਭਾਰਤ ਦੀ ਰਾਜਧਾਨੀ ਦਿਲੀ ਵਿਚ ਵੀ ਪੰਜਾਬੀ ਪੱਤਰਕਾਰੀ ਦੇ ਝੰਡੇ ਗੱਡੇ।
ਬਜ਼ੁਰਗਾਂ ਦੀਆਂ ਜੜ੍ਹਾਂ ਪਾਕਿਸਤਾਨ ਦੇ ਜ਼ਿਲ੍ਹੇ ਸ਼ੇਖ਼ੂਪੁਰਾ (ਅੱਜ ਕੱਲ੍ਹ ਜ਼ਿਲ੍ਹਾ ਨਨਕਾਣਾ ਸਾਹਿਬ) ਦੇ ਪਿੰਡ ਡਿਪਟੀ ਵਾਲਾ ਨਾਲ ਜੁੜੀਆਂ ਹਨ। ਪੰਜਾਬ ਦੀ ਵੰਡ ਦਾ ਸੰਤਾਪ ‘ਜੰਮੂ’ ਪਰਿਵਾਰ ਨੇ ਵੀ ਸਿਰ ’ਤੇ ਹੰਢਾਇਆ।
ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਜਾ ਰਹੀ ਸੀ, ਲਗਭਗ ਉਹੀ ਸਮਾਂ ਸੀ ਜਦੋਂ ਬਲਵਿੰਦਰ ਸਿੰਘ ਜੰਮੂ ਦਾ ਜਨਮ ਪਿੰਡ ਗਗਰੌਲੀ (ਗਗਰੌਲਾ-ਗਗਰੌਲੀ) ਵਿਚ 15 ਅਪਰੈਲ 1960 ਨੂੰ ਪਿਤਾ ਸ. ਅਜੀਤ ਸਿੰਘ ਅਤੇ ਮਾਤਾ ਸ੍ਰੀਮਤੀ ਜੋਗਿੰਦਰ ਕੌਰ ਦੇ ਘਰ ਹੋਇਆ। ਆਮ ਕਿਸਾਨ ਪਰਿਵਾਰ ਵਿਚ ਜਨਮੇ ਹੋਣ ਕਰਕੇ ਜੰਮੂ ਨੇ ਖੇਤੀਬਾੜੀ ਵਿਚ ਖ਼ੂਬ ਦਿਲਚਸਪੀ ਦਿਖਾਈ, ਉਹ ਆਪਣੇ ਬਾਪੂ ਨਾਲ ਖੇਤੀਬਾੜੀ ਦਾ ਕੰਮ ਕਰਦੇ ਹੋਏ ‘ਹਲ਼’ ਵੀ ਚਲਾ ਲੈਂਦੇ ਤੇ ਟਰੈਕਟਰ ਵੀ ਚਲਾਉਂਦੇ ਤੇ ਕੰਬਾਈਨ ਵੀ ਚਲਾ ਲੈਂਦੇ।
ਮੁਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਦ ਮੋਦੀ ਕਾਲਜ ਵਿਚ ਦਾਖਲਾ ਲਿਆ, ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਹੱਕਾਂ ਲਈ ਵੀ ਲੜਾਈ ਲੜਨੀ ਸ਼ੁਰੂ ਕੀਤੀ। ਮੋਦੀ ਕਾਲਜ ਵਿਚ ‘ਸਟੂਡੈਂਟਸ ਕੌਂਸਲ’ ਦੀਆਂ ਚੋਣਾ ਲੜੀਆਂ ਜਿਸ ਦੌਰਾਨ ਉਹ ਦੋ ਵਾਰ ਪ੍ਰਧਾਨ ਬਣੇ, ਤੇ ਇਸ ਦੇ ਨਾਲ ਨਾਲ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਹੇ। 1985 ਵਿਚ ਬੈਚੂਲਰ ਦੀ ਪੜਾਈ ਪੂਰੀ ਕਰਨ ਤੋਂ ਬਾਅਦ 1990 ਵਿਚ ਜਰਨਲਿਜ਼ਮ ਦੀ ਮਾਸਟਰ ਡਿੱਗਰੀ ਪੂਰੀ ਕਰ ਲਈ। ਤਿੰਨ ਐਮਏ ਕੀਤੀਆਂ।
-ਪੱਤਰਕਾਰੀ ਦੀ ਸ਼ੁਰੂਆਤ-
ਕਈ ਵਾਰੀ ਕਲਮ ਬੰਦੇ ਨੂੰ ਚੁਣ ਲੈਂਦੀ ਹੈ, ਸ਼ਬਦਾਂ ਦੀ ਸਿਰਜਣਾ ਲਈ ਕਲਮ ਨੇ ‘ਬਲਵਿੰਦਰ ਸਿੰਘ ਜੰਮੂ’ ਨੂੰ ਚੁਣਿਆ। ਪੱਤਰਕਾਰੀ ਦੀਆਂ ਡਿੱਗਰੀਆਂ ਪੱਤਰਕਾਰ ਨੂੰ ਨੌਕਰੀਆਂ ਕਰਨ ਲਈ ਇਕ ਸਹਾਰਾ ਤਾਂ ਦਿੰਦੀਆਂ ਹਨ ਪਰ ਮੇਰਾ ਮੰਨਣਾ ਹੈ ਕਿ ਪੱਤਰਕਾਰਤਾ ਸ਼ਬਦ ਗੁਰੂ ਵੱਲੋਂ ਕਿਸੇ ਵਿਅਕਤੀ ਨੂੰ ਬਖ਼ਸ਼ੀ ਅਨਮੋਲ ਦਾਤ ਹੈ। ਜੰਮੂ ਹੋਰਾਂ ਦਾ ਲਿਖਣ ਦਾ ਸ਼ੌਕ ਜਿਵੇਂ ਖ਼ੂਨ ਵਿਚ ਹੀ ਸੀ, ਕਾਲਜ ਵਿਚ ਪੜ੍ਹਦਿਆਂ ਹੀ ਕਾਲਜ ਦੇ ਛਪਦੇ ਮੈਗਜ਼ੀਨ ਵਿਚ ਵਿਦਿਆਰਥੀ ਮਸਲਿਆਂ ਅਤੇ ਸਿੱਖਿਆ ਦੇ ਸੰਦਰਭ ਵਿਚ ਲਿਖਦੇ ਰਹੇ।
ਲਿਖਦੇ ਲਿਖਦੇ ਨਵਾਂ ਜ਼ਮਾਨਾ ਜਲੰਧਰ ਅਖ਼ਬਾਰ ਵਿਚ ਵੀ ਛਪਣ ਲੱਗ ਪਏ। ਛਪਦੇ ਛਪਦੇ ਹੋਏ ਹੀ 1990 ਵਿਚ ਨਵਾਂ ਜ਼ਮਾਨਾ ਵਿਚ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਦੀ ਅਗਵਾਈ ਵਿਚ ਡੈਸਕ ਤੇ ਚਾਰ ਮਹੀਨੇ ਕੰਮ ਕੀਤਾ,ਨਾਲ ਨਾਲ ਪੰਜਾਬੀ ਟ੍ਰਿਬਿਊਨ ਵਿਚ ਵੀ ਆਪਣੀਆਂ ਲਿਖਤਾਂ ਭੇਜ ਦਿੰਦੇ ਤੇ ਛਪ ਜਾਂਦੀਆਂ। ਉਸ ਤੋਂ ਬਾਅਦ ਪਟਿਆਲਾ ਆ ਗਏ, ਪਟਿਆਲਾ ਆਕੇ ਜੰਮੂ ਹੋਰਾਂ ਨੇ ਨਵਾਂ ਜ਼ਮਾਨਾ ਵਿਚ ਤਾਂ ਪੱਤਰਕਾਰੀ ਜਾਰੀ ਹੀ ਰੱਖੀ ਪਰ ਨਾਲ ਹੀ ਚੜ੍ਹਦੀਕਲਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਦੀ ਰਹਿਨੁਮਾਈ ਵਿਚ ਚੜ੍ਹਦੀਕਲਾ ਵਿਚ ਵੀ ਸਬ ਐਡੀਟਰ ਵਜੋਂ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। ਸਬ ਐਡੀਟਰ ਦੇ ਨਾਲ ਨਾਲ ਉਹ ਨਵਾਂ ਜਮਾਨਾ ਤੇ ਚੜ੍ਹਦੀਕਲਾ ਵਿਚ ਪੱਤਰਕਾਰੀ ਵੀ ਕਰਦੇ ਰਹਿੰਦੇ। 1993 ਤੱਕ ਉਹ ਪਟਿਆਲਾ ਵਿਚ ਹੀ ਰਹੇ।
ਪੰਜਾਬੀ ਟ੍ਰਿਬਿਊਨ ਦਾ 1992 ਵਿਚ ਇਕ ਟੈੱਸਟ ਹੋਇਆ ਸੀ ਜਿਸ ਵਿਚ ਜੰਮੂ ਹੋਰਾਂ ਨੇ ਹਿੱਸਾ ਲਿਆ। ਉਸ ਤੋਂ ਬਾਅਦ ਨਵੰਬਰ 1993 ਵਿਚ ਜੰਮੂ ਹੋਰੀਂ ਪੰਜਾਬੀ ਟ੍ਰਿਬਿਊਨ ਵਿਚ ‘ਅਪਰੈਂਟਿਸ ਸਬ ਐਡੀਟਰ’ ਵਜੋਂ ਨਿਯੁਕਤ ਹੋ ਗਏ। ਇਥੋਂ ਹੀ ਉਨ੍ਹਾਂ ਚੰਡੀਗੜ੍ਹ ਵੱਲ ਚਾਲੇ ਪਾਏ। ਜੂਨ 2000 ਵਿਚ ਪੰਜਾਬੀ ਟ੍ਰਿਬਿਊਨ ਨੇ ਬਲਵਿੰਦਰ ਸਿੰਘ ਜੰਮੂ ਨੂੰ ‘ਸਟਾਫ਼ ਰਿਪੋਰਟਰ’ ਬਣਾ ਦਿੱਤਾ। ਚੰਡੀਗੜ੍ਹ, ਹਰਿਆਣਾ, ਪੰਜਾਬ ਦੀ ਸਿੱਖਿਆ ਦੇ ਨਾਲ ਨਾਲ ਹੋਰ ਮਸਲਿਆਂ ਨਾਲ ਸਬੰਧਿਤ ਪੱਤਰਕਾਰੀ ਕੀਤੀ।
-ਹੱਕਾਂ ਲਈ ਲੜਾਈ-
ਜਦੋਂ ਹੱਕਾਂ ਲਈ ਲੜਾਈ ਲੜੀ ਜਾਂਦੀ ਰਹੀ ਹੋਵੇ ਤਾਂ ਕਿਤੇ ਵੀ ਬੇਇਨਸਾਫ਼ੀ ਸਹਾਰੀ ਨਹੀਂ ਜਾਂਦੀ, ਪੰਜਾਬੀ ਟ੍ਰਿਬਿਊਨ ਵਿਚ ਹੁੰਦਿਆਂ ‘ਟ੍ਰਿਬਿਊਨ ਇੰਪਲਾਈਜ਼ ਯੂਨੀਅਨ’ ਵਿਚ ਵੀ ਕੰਮ ਕਰਨਾ ਸ਼ੁਰੂ ਕੀਤਾ। ਮਹਿਲਾ ਦਿਵਸ ਵਾਲੇ ਦਿਨ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਸੀ, ਪਹਿਲਾਂ ਇਕ ਫੇਰ ਦੋ ਤੇ ਫੇਰ ਤਿੰਨ ਕੈਂਪ ਲੱਗਣੇ ਸ਼ੁਰੂ ਹੋਏ। ਇੰਪਲਾਈਜ਼ ਦੇ ਹੱਕਾਂ ਲਈ ਲੜੇ। 2011 ਵਿਚ ਜੰਮੂ ਹੋਰਾਂ ਦੇ ਨਾਲ ਨਾਲ ਕੁਝ ਹੋਰ ਆਗੂ ਮੁਅੱਤਲ ਕਰ ਦਿੱਤੇ ਗਏ। ਢਾਈ ਕੁ ਮਹੀਨੇ ਬਾਦ ਪ੍ਰਬੰਧਕਾਂ ਨਾਲ ਸਮਝੌਤਾ ਹੋ ਗਿਆ ਪਰ ਬਲਵਿੰਦਰ ਸਿੰਘ ਜੰਮੂ ਨੂੰ ਦਿਲੀ ਵਿਚ ਪੱਤਰਕਾਰੀ ਕਰਨ ਲਈ ਬਦਲ ਦਿੱਤਾ ਗਿਆ।
-ਦਿੱਲੀ ਦੀ ਪੱਤਰਕਾਰੀ-
ਜੂਨ 2011 ਵਿਚ ਦਿੱਲੀ ਵਿਚ ਪੱਤਰਕਾਰੀ ਸ਼ੁਰੂ ਕੀਤੀ। ਜੰਮੂ ਹੋਰੀਂ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਦਿਲੀ ਵਿਚ ਹੋਈ ਬਦਲੀ ਦਾ ਉਸ ਨੂੰ ਬੜਾ ਲਾਭ ਹੋਇਆ। ਇਹ ਸੱਚ ਵੀ ਹੈ ਕਿ ਪੰਜਾਬ ਵਿਚ ਪੰਜਾਬੀ ਪੱਤਰਕਾਰੀ ਕਰਦੇ ਕਿਸੇ ਪੱਤਰਕਾਰ ਨੂੰ ਇਹ ਸਮਾਂ ਨਹੀਂ ਮਿਲਦਾ ਕਿ ਉਹ ਦਿਲੀ ਵਿਚ ਪਾਰਲੀਮੈਂਟ ਦੀ ਵੀ ਕਵਰੇਜ਼ ਕਰੇ। ਪੰਜਾਬ ਵਿਧਾਨ ਸਭਾ ਵਿਚ ਤਾਂ ਬਹੁਤ ਸਾਰੇ ਪੱਤਰਕਾਰ ਕਵਰੇਜ ਕਰਦੇ ਹਨ ਪਰ ਪਾਰਲੀਮੈਂਟ ਵਿਚ ਪੱਤਰਕਾਰੀ ਕਰਨ ਦਾ ਕਿਸੇ ਹੀ ਪੰਜਾਬੀ ਪੱਤਰਕਾਰ ਨੂੰ ਮੌਕਾ ਮਿਲਿਆ ਪਰ ਜੰਮੂ ਨੂੰ ਇਹ ਮੌਕਾ ਮਿਲਿਆ। ਲੋਕ ਸਭਾ ਵਿਚ ਹੁੰਦੇ ਸੈਸ਼ਨ ਦੀ ਨੇੜਿਓਂ ਪੱਤਰਕਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਦਿਲੀ ਦੇ ਵਿਗਿਆਨ ਭਵਨ ਦੀ ਪੱਤਰਕਾਰੀ ਵੀ ਕੀਤੀ। ਉੱਥੇ ਹੁੰਦੇ ਸੈਮੀਨਾਰਾਂ ਵਿਚ ਪੰਜਾਬ ਨਾਲ ਸਬੰਧਿਤ ਸੈਮੀਨਾਰਾਂ ਦੀ ਖ਼ਾਸ ਕਰਕੇ ਪੱਤਰਕਾਰੀ ਕੀਤੀ।
-ਅੰਨ੍ਹਾ ਹਜ਼ਾਰੇ ਦਾ ਅੰਦੋਲਨ ਆਰਐਸਐਸ ਤੇ ਬੀਜੇਪੀ ਨੇ ਕਬਜ਼ਾ ਕੀਤਾ।
ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਦਿਲੀ ਵਿਚ ਪੱਤਰਕਾਰੀ ਕਰਦਿਆਂ ਅੰਨ੍ਹਾ ਹਜ਼ਾਰੇ ਦਾ ਅੰਦੋਲਨ ‘ਇੰਡੀਆ ਅਗੇਂਸਟ ਕੁਰੱਪਸ਼ਨ’ ਵੀ ਕਵਰ ਕੀਤਾ। ਜੰਮੂ ਹੋਰੀਂ ਕਹਿੰਦੇ ਹਨ ਕਿ ਉਨ੍ਹਾਂ ਅੰਨ੍ਹਾ ਹਜ਼ਾਰੇ ਦੇ ਅੰਦੋਲਨ ਨੂੰ ਬਹੁਤ ਨੇੜਿਓਂ ਤੱਕਿਆ ਤੇ ਅਖ਼ਬਾਰੀ ਕਾਲਮਾਂ ਦਾ ਹਿੱਸਾ ਬਣਾਇਆ। ਬਹੁਤ ਸਾਰੇ ਤਜਰਬਿਆਂ ਵਿਚੋਂ ਉਹ ਇਹ ਵੀ ਕਹਿੰਦੇ ਹਨ ਕਿ ਜਿਵੇਂ ਆਮ ਤੌਰ ਤੇ ਚਰਚਾ ਚੱਲਦੀ ਹੈ ਕਿ ਅੰਨ੍ਹਾ ਹਜ਼ਾਰੇ ਦਾ ਅੰਦੋਲਨ ਬੀਜੇਪੀ ਦਾ ਹੀ ਸਪਾਂਸਰ ਸੀ ਜੰਮੂ ਨੇ ਇਹ ਨੇੜਿਓਂ ਤੱਕਿਆ ਕਿ ਜਦੋਂ ਉਹ ਅੰਦੋਲਨ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜਦੋਂ ਪੁੱਛਦੇ ਸਨ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਉਹ ਖੁੱਲ ਕੇ ਆਮ ਤੌਰ ਤੇ ਕਹਿੰਦੇ ਕਿ ਅਸੀਂ ਤਾਂ ਆਰਐਸਐਸ ਤੋਂ ਹਾਂ, ਤੇ ਨਾਲ ਹੀ ਬੀਜੇਪੀ ਵਾਲੇ ਕਹਿੰਦੇ ਕਿ ਅਸੀਂ ਤਾਂ ਬੀਜੇਪੀ ਤੋਂ ਹਾਂ। ਕਈ ਤਾਂ ਇਹ ਵੀ ਆਪਣੇ ਬਾਰੇ ਦੱਸਦੇ ਕਿ ਉਹ ਤਾਂ ਆਰਐਸਐਸ ਦੀਆਂ ਸ਼ਾਖਾਵਾਂ ਲਾਉਣ ਵਾਲੇ ਕੱਟਣ ਸੰਘੀ ਹਨ। ਉਸ ਵੇਲੇ ਦੀ ਮੀਡੀਆ ਕਵਰੇਜ ਬਾਰੇ ਸਾਂਝ ਪਾਉਂਦੇ ਹੋਏ ਜੰਮੂ ਹੋਰੀਂ ਕਹਿੰਦੇ ਹਨ ਕਿ ਉਸ ਵੇਲੇ ਮੀਡੀਆ ਦਾ ਬੜਾ ਕਹਿਰ ਭਰਿਆ ਰੰਗ ਦੇਖਿਆ, ਮੀਡੀਆ ਸਿਰਫ਼ ਅੰਨ੍ਹਾ ਹਜ਼ਾਰੇ ਦੇ ਸਟੇਜ ਨੂੰ ਹੀ ਦਿਖਾਉਂਦਾ ਸੀ, ਉਹ ਪੰਡਾਲ ਵਿਚ ਜਾਂ ਫਿਰ ਅੰਦੋਲਨ ਦੀ ਖ਼ਾਲੀ ਥਾਂ ਨਹੀਂ ਦਿਖਾਉਂਦਾ ਸੀ, ਜਿਸ ਤੋਂ ਸਪਸ਼ਟ ਹੋ ਗਿਆ ਸੀ ਕਿ ਮੀਡੀਆ ਵੀ ਸਿਰਫ਼ ਅੰਨ੍ਹਾ ਹਜ਼ਾਰੇ ਦਾ ਹੀ ਸਮਰਥਕ ਕਿਸੇ ਨੇ ਬਣਾ ਦਿੱਤਾ ਹੈ। ਇਹ ਗੱਲ ਜੰਮੂ ਹੋਰੀਂ ਤਾਂ ਇਕ ਪੱਤਰਕਾਰ ਹੋਣ ਦੇ ਨਾਤੇ ਕਹਿ ਰਹੇ ਹਨ ਪਰ ਹੁਣ ਸਚਾਈ ਵੀ ਸਾਹਮਣੇ ਹੈ ਕਿ ਮੀਡੀਆ ਦਾ ਇਕ ਹਿੱਸਾ ਸਿਰਫ਼ ਇਕ ਪਾਸੜ ਹੋ ਗਿਆ ਹੈ ਜਿਸ ਨੂੰ ਆਮ ਤੌਰ ਤੇ ‘ਗੋਦੀ ਮੀਡੀਆ’ ਵੀ ਕਿਹਾ ਜਾਣ ਲੱਗ ਪਿਆ ਹੈ। ਜੋ ਲੋਕਤੰਤਰ ਦੇ ਚੌਥੇ ਥੰਮ੍ਹ ਲਈ ਸਹੀ ਨਹੀਂ ਹੈ।
-ਬਲਵਿੰਦਰ ਸਿੰਘ ਜੰਮੂ ਮੁੜ ਚੰਡੀਗੜ੍ਹ ਆਏ
ਪੌਣੇ ਕੁ ਦੋ ਸਾਲ ਦਿਲੀ ਵਿਚ ਲਗਾ ਕੇ 2013 ਵਿਚ ਬਲਵਿੰਦਰ ਸਿੰਘ ਜੰਮੂ ਮੁੜ ਪੰਜਾਬੀ ਟ੍ਰਿਬਿਊਨ ਦੇ ਹੈੱਡ ਆਫ਼ਿਸ ਚੰਡੀਗੜ੍ਹ ਆ ਗਏ। ਚੰਡੀਗੜ੍ਹ ਵਿਚ ਮੁੜ ਵੱਖ ਵੱਖ ਮਸਲਿਆਂ ਤੇ ਪੱਤਰਕਾਰੀ ਕਰਨੀ ਸ਼ੁਰੂ ਕੀਤੀ। ਇੰਪਲਾਈਜ਼ ਦੇ ਹੱਕਾਂ ਲਈ ਲੜਾਈ ਜਾਰੀ ਰੱਖੀ ਤਾਂ 2014 ਵਿਚ ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਬਣ ਗਏ। ਜੰਮੂ ਹੋਰੀਂ ਕਹਿੰਦੇ ਹਨ ਕਿ ਜਦੋਂ ਵੀ ਪੱਤਰਕਾਰੀ ਕਰਨ ਲਈ ਬਾਹਰ ਜਾਣਾ ਤਾਂ ਪੱਤਰਕਾਰਾਂ ਦੇ ਹੱਕਾਂ ਦੀ ਗੱਲ ਆਮ ਹੁੰਦੀ।
ਕਿਸਾਨੀ ਅੰਦੋਲਨ ਵਿਚ ਵਿਸ਼ੇਸ਼ ਭੂਮਿਕਾ
ਪੱਤਰਕਾਰ ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਖ਼ਿਲਾਫ਼ ਕਿਸਾਨਾਂ ਨੇ ਅੰਦੋਲਨ ਕੀਤਾ, ਉਸ ਵੇਲੇ ਜੰਮੂ ਹੋਰਾਂ ਦੀ ਬੜੀ ਅਹਿਮ ਭੂਮਿਕਾ ਰਹੀ। ਜਦੋਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੁਝ ਮੈਂਬਰ ਇਹ ਗੱਲ ਕਰਦੇ ਸਨ ਕਿ ਜਦੋਂ ਕੜਕਦੀ ਠੰਢ ਆਵੇਗੀ ਤਾਂ ਕਿਸਾਨ ਆਪਣਾ ਅੰਦੋਲਨ ਛੱਡ ਕੇ ਭੱਜ ਜਾਣਗੇ। ਪਰ ਉਸ ਵੇਲੇ ਜੰਮੂ ਹੋਰਾਂ ਨੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਛਪਦੇ ਪਰਚੇ ਵਿਚ ਤਿੰਨ ਆਰਟੀਕਲ ਲਿਖੇ, ਜਿਸ ਵਿਚ ਸਪਸ਼ਟ ਕੀਤਾ ਕਿ ਉੱਤਰੀ ਭਾਰਤ ਦਾ ਕਿਸਾਨ ਕਿਸੇ ਵੀ ਮੌਸਮ ਕਰਕੇ ਅੰਦੋਲਨ ਨਹੀਂ ਛੱਡਦਾ। ਸਗੋਂ ਉਹ ਹੋਰ ਵੀ ਸਖ਼ਤੀ ਨਾਲ ਅੰਦੋਲਨ ਵਿਚ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਹੋਇਆ, ਕਿਸਾਨ ਕੜਕਦੀ ਠੰਢ ਵਿਚ ਵੀ ਡਟੇ ਰਹੇ।
-ਪੱਤਰਕਾਰਾਂ ਦੇ ਹੱਕਾਂ ਲਈ ਲੜਾਈ
ਬਲਵਿੰਦਰ ਸਿੰਘ ਜੰਮੂ ਹੋਰੀਂ ਜਿਵੇਂ ਟ੍ਰਿਬਿਊਨ ਵਿਚ ਇੰਪਲਾਈਜ਼ ਦੇ ਹੱਕਾਂ ਲਈ ਲੜਾਈ ਲੜਦੇ ਰਹੇ ਉਸੇ ਤਰ੍ਹਾਂ ਪੱਤਰਕਾਰਾਂ ਦੇ ਹੱਕਾਂ ਲਈ ਵੀ ਲੜਾਈ ਜਾਰੀ ਰੱਖੀ। 2011 ਵਿਚ ਸ਼ੁਰੂ ਹੋਈ ਇੰਡੀਅਨ ਜਰਨਲਿਸਟ ਯੂਨੀਅਨ ਨਾਲ ਜੰਮੂ ਹੋਰੀਂ ਦਿਲੀ ਤੋਂ ਹੀ ਬਾ-ਵਾਸਤਾ ਹੋ ਗਏ ਸਨ। 2013 ਵਿਚ ਜੰਮੂ ਹੋਰਾਂ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਣਾ ਲਈ ਜੋ ਇੰਡੀਅਨ ਜਰਨਲਿਸਟ ਯੂਨੀਅਨ ਨਾਲ ਐਫੀਲੀਏਟਿਡ ਸੀ। 2014 ਵਿਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਕਿਸਾਨ ਭਵਨ ਵਿਚ ਕਾਨਫ਼ਰੰਸ ਕਰਵਾਈ। 2018 ਵਿਚ ਇੰਡੀਅਨ ਜਰਨਲਿਸਟ ਆਫ਼ ਯੂਨੀਅਨ ਦੀ 9ਵੀਂ ਕਾਨਫ਼ਰੰਸ ਅੰਮ੍ਰਿਤਸਰ ਵਿਚ ਕਰਵਾਈ, ਜਿਸ ਵਿਚ ਭਾਰਤ ਭਰ ਵਿਚੋਂ 300 ਤੋਂ
ਵੱਧ ਜਰਨਲਿਸਟ ਡੈਲੀਗੇਟ ਸ਼ਾਮਲ ਹੋਏ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੀ ਕਾਨਫ਼ਰੰਸ ਜਲੰਧਰ ਤੇ ਫੇਰ ਮਈ 2022 ਵਿਚ ਮੰਡੀ ਗੋਬਿੰਦਗੜ੍ਹ ਵਿਚ ਕਰਵਾਈ। 2019 ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਣ ਗਏ। ਮੁੜ ਫੇਰ ਜਨਰਲ ਸਕੱਤਰ ਬਣੇ।
ਇਸੇ ਦੌਰਾਨ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਦੋ ਵਾਰ ਵਾਈਸ ਪ੍ਰਧਾਨ, ਦੋ ਵਾਰ ਸੀਨੀਅਰ ਵਾਈਸ ਪ੍ਰਧਾਨ ਤੇ 2015 ਵਿਚ ਪ੍ਰਧਾਨ ਬਣੇ। ਪ੍ਰੈੱਸ ਕਲੱਬ ਵਿਚ ਕਈ ਕਮੇਟੀਆਂ ਦੇ ਚੇਅਰਮੈਨ ਵੀ ਰਹੇ।
ਇਸੇ ਤਰ੍ਹਾਂ ਭਾਰਤ ਭਰ ਦੀ ਪੱਤਰਕਾਰਾਂ ਦੀ ਸੰਵਿਧਾਨਕ ਜਥੇਬੰਦੀ ਪ੍ਰੈੱਸ ਕੌਂਸਲ ਆਫ਼ ਇੰਡੀਆ (ਪੀਸੀਆਈ) ਦੇ 2018 ਵਿਚ ਮੈਂਬਰ ਬਣ ਗਏ, ਜੰਮੂ ਹੋਰਾਂ ਲਈ ਇਹ ਬਹੁਤ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ ਕਿਉਂਕਿ ਵਰਕਿੰਗ ਪੰਜਾਬੀ ਪੱਤਰਕਾਰ ਨੂੰ ਸ਼ਾਇਦ ਪਹਿਲੀ ਵਾਰ ਪ੍ਰੈੱਸ ਕੌਂਸਲ ਆਫ਼ ਇੰਡੀਆ ਦਾ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਸੀ।
-ਪੱਤਰਕਾਰਾਂ ਦੇ ਮਸਲੇ ਹੱਲ ਕਰਾਉਣ ਲਈ ਰਹੇ ਤਤਪਰ-
ਪੱਤਰਕਾਰਾਂ ਦੇ ਮਸਲੇ ਹੱਲ ਕਰਾਉਣ ਬਾਰੇ ਲੰਬੀਆਂ ਕਹਾਣੀਆਂ ਸੁਣਾਈਆਂ ਜੰਮੂ ਹੋਰਾਂ ਨੇ। ਕੁਝ ਕੁ ਸਾਂਝੀਆਂ ਕਰ ਰਿਹਾ ਹਾਂ। ਜਿਵੇਂ ਕਿ ਬਿਜਲੀ ਸਮਝੌਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਐਮਐਲਏ ਹੋਸਟਲ ਵਿਚ ਇਕੱਠ ਕੀਤਾ। ਉਸ ਵੇਲੇ ‘ਆਪ’ ਆਗੂਆਂ ਨੂੰ ਤਿੱਤਰ-ਬਿਤਰ ਕਰਨ ਲਈ ਕੜਕਦੀ ਠੰਢ ਵਿਚ ਪਾਣੀ ਦੀਆਂ ਬੁਛਾੜ ਚੰਡੀਗੜ੍ਹ ਪੁਲੀਸ ਨੇ ਬੜੇ ਕਹਿਰ ਭਰੇ ਤਰੀਕੇ ਨਾਲ ਚਲਾਈਆਂ। ਇਸ ਵੇਲੇ ਦੋ ਪੱਤਰਕਾਰਾਂ ਤੇ ਵੀ ਪਾਣੀ ਦੀਆਂ ਬੁਛਾੜਾਂ ਲੱਗੀਆਂ। ਪੱਤਰਕਾਰਾਂ ਦੇ ਸੱਟਾਂ ਵੀ ਲੱਗੀਆਂ। ਇਸ ਮੁੱਦੇ ਨੂੰ ਜੰਮੂ ਹੋਰਾਂ ਨੇ ਜਥੇਬੰਦਕ ਤੌਰ ਤੇ ਨਿੱਜੀ ਤੌਰ ਤੇ ਚੰਡੀਗੜ੍ਹ ਪ੍ਰਸ਼ਾਸਨ ਅੱਗੇ ਚੁੱਕਿਆ। ਆਖ਼ਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਜੰਮੂ ਵੱਲੋਂ ਉਠਾਏ ਮੁੱਦੇ ਤੇ ਝੁਕਦਿਆਂ ਦੋਵਾਂ ਪੱਤਰਕਾਰਾਂ ਨੂੰ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ।
2018 ਵਿਚ ਪੱਤਰਕਾਰਾਂ ਨਾਲ ਤਲਖ਼ੀ ਦਿਖਾਉਂਦਿਆਂ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਨੇ ਪੁਲੀਸ ਹੈੱਡ ਕੁਆਰਟਰ ਵਿਚ ਪੱਤਰਕਾਰਾਂ ਦੀ ਐਂਟਰੀ ਬੰਦ ਕਰ ਦਿੱਤੀ, ਹੁਕਮ ਇਹ ਸੀ ਕਿ ਜੇਕਰ ਕੋਈ ਪੱਤਰਕਾਰ ਪੁਲੀਸ ਹੈੱਡ ਕੁਆਰਟਰ ਵਿਚ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਪਾਸ ਬਣਾਉਣਾ ਪਵੇਗਾ ਤੇ ਨਾਲ ਦੱਸਣਾ ਹੋਵੇਗਾ ਕਿ ਕਿਸ ਨੂੰ ਮਿਲਣਾ ਹੈ। ਇਸ ਮਾਮਲੇ ਬਾਰੇ ਬਲਵਿੰਦਰ ਸਿੰਘ ਜੰਮੂ ਨੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਤਾਂ ਡੀਜੀਪੀ ਨੇ ਆਪਣੀ ਗ਼ਲਤੀ ਸੁਧਾਰਦਿਆਂ ਸ਼ਾਮ ਨੂੰ ਹੀ ਆਪਣੇ ਹੁਕਮ ਵਾਪਸ ਲੈ ਲਏ।
ਸਟੇਟ ਇਲੈੱਕਸ਼ਨ ਕਮਿਸ਼ਨ ਦੇ ਦਫ਼ਤਰ ਵਿਚ ਪੰਚਾਇਤੀ ਚੋਣਾਂ ਦਾ ਕੰਮ ਚੱਲ ਰਿਹਾ ਸੀ। ਇਹ ਬੀਟ ਦਵਿੰਦਰ ਪਾਲ ਕੋਲ ਸੀ, ਪਰ ਉਸ ਦਿਨ ਦਵਿੰਦਰ ਪਾਲ ਛੁੱਟੀ ਦੇ ਹੋਣ ਕਰਕੇ ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਕਵਰ ਕਰਨੀ ਸੀ। ਇੱਥੇ ਵੀ ਪੱਤਰਕਾਰਾਂ ਦੀ ਐਂਟਰੀ ਬੰਦ ਕਰ ਦਿੱਤੀ। ਜੰਮੂ ਹੋਰਾਂ ਦੀ ਅਗਵਾਈ ਵਿਚ ਪੱਤਰਕਾਰਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਇਲੈੱਕਸ਼ਨ ਕਮਿਸ਼ਨ ਪੱਤਰਕਾਰਾਂ ਅੱਗੇ ਝੁਕ ਗਿਆ ਤਾਂ ਉਸ ਨੇ ਵੀ ਆਪਣੀ ਗ਼ਲਤੀ ਸੁਧਾਰ ਲਈ। ਇਸੇ ਤਰ੍ਹਾਂ ਹੋਰ ਕਈ ਮਸਲੇ ਚੁੱਕੇ ਤੇ ਹਲ਼ ਕਰਵਾਏ। ਮੋਹਾਲੀ ਵਿਚ ਇਕ ਪੱਤਰਕਾਰ ਨੂੰ ਕੁੱਟਿਆ ਸੀ ਉਹ ਮੁੱਦਾ ਵੀ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਚੁੱਕਿਆ।
ਜਦੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਮਨਸੂਖ਼ ਕੀਤੀਆਂ ਗਈਆਂ ਤਾਂ ਉਸ ਵੇਲੇ ਜੰਮੂ ਕਸ਼ਮੀਰ ਦੇ ਪੱਤਰਕਾਰਾਂ ਲਈ ਤਾਂ ਕਰੋਨਾ ਬਿਮਾਰੀ ਹੀ ਆ ਗਈ ਸੀ। ਅਨੰਤਨਾਗ ਦੇ 42 ਦੇ ਕਰੀਬ ਪੱਤਰਕਾਰ ਬੇਰੁਜ਼ਗਾਰ ਹੋ ਗਏ ਸਨ। ਜੰਮੂ ਕਸ਼ਮੀਰ ਦੇ ਬਹੁਤ ਸਾਰੇ ਪੱਤਰਕਾਰ ਘਰ ਬੈਠ ਗਏ ਸਨ। ਉਸ ਸਬੰਧੀ ਖੋਜ ਰਿਪੋਰਟ ਵੀ ਬਲਵਿੰਦਰ ਸਿੰਘ ਜੰਮੂ ਨੇ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਭੇਜੀ।
ਉਤਰ ਪ੍ਰਦੇਸ਼ ਵਿਚ ਇਕ ਪੱਤਰਕਾਰ ਨੇ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਦਾਲ-ਸਬਜ਼ੀ ਦੀ ਥਾਂ ਨਮਕ ਨਾਲ ਰੋਟੀ ਖਲ਼ਾਉਣ ਦੀ ਵੀਡੀਓ ਨਸ਼ਰ ਕੀਤੀ ਸੀ, ਜਿਸ ਕਰਕੇ ਪੱਤਰਕਾਰ ਦੇ ਖ਼ਿਲਾਫ਼ ਹੀ ਸਰਕਾਰ ਨੇ ਐਕਸ਼ਨ ਲਿਆ ਸੀ। ਇਹ ਮੁੱਦਾ ਵੀ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਚੁੱਕਿਆ।
ਕਰੋਨਾ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ‘ਪੱਤਰਕਾਰ ਵੀ ਕਰੋਨਾ ਨਾਲ ਲੜਨ ਵਾਲੇ ਫ਼ਰੰਟ ਲਾਈਨ ਵਰਕਰ ਹਨ’ ਪਰ ਪੱਤਰਕਾਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਇਸ ਮੁੱਦੇ ਤੇ ਦੋ ਅਕਤੂਬਰ ਨੂੰ ਦੋ ਸਾਲ ਸੰਘਰਸ਼ ਕਰਦੇ ਰਹੇ, ਆਖ਼ਿਰ ਕਰੋਨਾ ਵਿਚ ਡਿਊਟੀ ਕਰਦੇ ਆਪਣੀਆਂ ਜਾਨਾਂ ਗਵਾ ਚੁੱਕੇ ਪੱਤਰਕਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿੱਤਾ ਜਾਣ ਲੱਗ ਪਿਆ।
ਮੋਦੀ ਦੀ ਕੇਂਦਰ ਸਰਕਾਰ ਨੇ ਪੱਤਰਕਾਰਾਂ ਨਾਲ ਸਬੰਧਿਤ ‘ਵਰਕਿੰਗ ਜਰਨਲਿਸਟ ਐਕਟ’ ਹੀ ਖ਼ਤਮ ਕਰ ਦਿੱਤਾ ਜਿਸ ਕਰਕੇ ਪੱਤਰਕਾਰਾਂ ਦਾ ਵੇਜ ਬੋਰਡ ਵੀ ਖ਼ਤਮ ਹੋ ਗਿਆ। ਇਹ ਮੁੱਦਾ ਵੱਡੇ ਪੱਧਰ ਤੇ ਚੁੱਕਿਆ ਗਿਆ। ਇਸ ਸਬੰਧ ਵਿਚ ਲੇਬਰ ਮੰਤਰੀ ਭੁਪਿੰਦਰ ਯਾਦਵ ਨੂੰ ਮਿਲੇ। ਉਸ ਤੋਂ ਬਾਅਦ ਪੱਤਰਕਾਰਾਂ ਦੇ ਵਾਰਸਾਂ ਨੂੰ ਕੌਮੀ ਪੱਧਰ ਤੇ ਮੌਤ ਉਪਰੰਤ 5 ਲੱਖ ਰੁਪਏ ਮਿਲਣੇ ਸ਼ੁਰੂ ਹੋਏ, ਜੇਕਰ ਸੱਟ ਵੀ ਕਿਸੇ ਪੱਤਰਕਾਰ ਨੂੰ ਲੱਗ ਜਾਵੇ ਤਾਂ ਵੀ ਪੱਤਰਕਾਰ ਨੂੰ ਮੁਆਵਜ਼ਾ ਦੇਣਾ ਸ਼ੁਰੂ ਹੋਇਆ।
ਪੰਜਾਬ ਸਰਕਾਰ ਸਿਰਫ਼ ਐਕਰੀਡੇਟਡ ਪੱਤਰਕਾਰਾਂ ਲਈ ਹੀ ਸਿਹਤ ਬੀਮਾ ਯੋਜਨਾ ਲਾਗੂ ਕਰਨਾ ਚਾਹੁੰਦੀ ਸੀ ਪਰ ਜੰਮੂ ਹੋਰਾਂ ਅਨੁਸਾਰ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਦਬਾਅ ਪਾਇਆ ਤਾਂ ਜਿੰਨੇ ਵੀ ਪੀਲੇ ਕਾਰਡ ਦੇ ਪੱਤਰਕਾਰ ਹਨ ਸਭ ਦਾ ਸਿਹਤ ਬੀਮਾ ਯੋਜਨਾ ਵਿਚ ਨਾਮ ਪਾਇਆ ਗਿਆ। ਇਸੇ ਤਰ੍ਹਾਂ ਬੱਸ ਪਾਸ ਦੀ ਸਹੂਲਤ ਲਾਗੂ ਕਰਵਾਈ। ਐਕਰੀਡੇਟਡ ਪੱਤਰਕਾਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਵਾਈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਇੱਥੇ ਜ਼ਿਕਰ ਕਰਨਾ ਬਹੁਤ ਜ਼ਿਆਦਾ ਹੋ ਜਾਵੇਗਾ।
-ਕੋਈ ਧਮਕੀਆਂ ਜਾਂ ਫਿਰ ਕੋਰਟ ਕੇਸ-
ਬਲਵਿੰਦਰ ਸਿੰਘ ਜੰਮੂ ਕਹਿੰਦੇ ਹਨ ਕਿ ਧਮਕੀਆਂ ਤਾਂ ਬਹੁਤ ਆਈਆਂ, ਜਿਨ੍ਹਾਂ ਦਾ ਜ਼ਿਕਰ ਕਰਨਾ ਇੱਥੇ ਹੁਣ ਜ਼ਿਆਦਾ ਹੋਵੇਗਾ ਪਰ ਇਕ ਧਮਕੀ ਮੇਰੇ ਸੰਪਾਦਕ ਹਰਭਜਨ ਹਲਵਾਰਵੀ ਤੱਕ ਵੀ ਪੁੱਜ ਗਈ ਸੀ। ਜਦੋਂ ਰਵੀ ਸਿੱਧੂ ਦਾ ਮਾਮਲਾ ਕਾਫ਼ੀ ਚਰਚਾ ਵਿਚ ਸੀ ਤਾਂ ਉਸ ਵੇਲੇ ਇਕ ਉਮੀਦਵਾਰਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨੰਬਰ ਦੇਣ ਦੀ ਖ਼ਬਰ ਉਨ੍ਹਾਂ ਛਾਪੀ ਸੀ, ਉਸ ਬਾਰੇ ਕਾਫ਼ੀ ਧਮਕੀਆਂ ਆਈਆਂ ਜੋ ਸ. ਹਲਵਾਰਵੀ ਤੱਕ ਵੀ ਪੁੱਜੀਆਂ ਸਨ। ਇਸ ਤੋਂ ਇਲਾਵਾ ਕੋਰਟ ਕੇਸ ਜਾਂ ਫੇਰ ਕਾਨੂੰਨੀ ਨੋਟਿਸ ਕੋਈ ਨਹੀਂ ਆਇਆ।
-ਤਿਹਾੜ ਜੇਲ੍ਹ ਦਾ ਸਫ਼ਰ
ਬਲਵਿੰਦਰ ਸਿੰਘ ਜੰਮੂ ਜਦੋਂ ਮਸਾਂ 21-22 ਸਾਲ ਦੇ ਹੀ ਹੋਣਗੇ ਤਾਂ 1981-82 ਵਿਚ ਉਹ ਪਾਰਲੀਮੈਂਟ ਅੱਗੇ ‘ਕੰਮ ਜਾਂ ਜੇਲ੍ਹ’ ਪ੍ਰਦਰਸ਼ਨ ਵਿਚ ਦਿਲੀ ਗਏ ਸਨ। ‘ਜੌਬ ਦਿਓ ਜਾਂ ਜੇਲ੍ਹ ਦਿਓ’ ਦੇ ਨਾਅਰੇ ਪਾਰਲੀਮੈਂਟ ਅੱਗੇ ਲੱਗ ਰਹੇ ਸਨ, ਸਰਕਾਰ ਨੌਕਰੀ ਦੇਣ ਵਿਚ ਅਸਮਰਥ ਸੀ ਤਾਂ ਕਰੀਬ 700 ਬੰਦਾ ਸਰਕਾਰ ਨੇ ਤਿਹਾੜ ਜੇਲ੍ਹ ਵਿਚ ਸੁੱਟ ਦਿੱਤਾ। ਉੱਥੇ ਕਰੀਬ ਪੰਜ ਦਿਨ ਰਹੇ, ਜਿੱਥੇ ਕਿ ਬੜੇ ਸਖ਼ਤ ਜੁਰਮ ਕਰਨ ਵਾਲੇ ਕੈਦੀਆਂ ਨਾਲ ਵੀ ਵਾਸਤਾ ਪਿਆ। ਘਰ ਦੇ ਬੜੇ ਪ੍ਰੇਸ਼ਾਨ ਸਨ ਕਿ ਮੁੰਡਾ ਨੌਕਰੀ ਲੈਣ ਗਿਆ ਸੀ ਪਰ ਜੇਲ੍ਹ ਵਿਚ ਹੀ ਚਲਾ ਗਿਆ।
-ਕੌਮਾਂਤਰੀ ਪੱਧਰ ਤੇ ਪੱਤਰਕਾਰਾਂ ਨਾਲ ਰਾਬਤਾ-
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ 2002 ਵਿਚ ਬਣ ਗਏ ਸਨ। ਉਸ ਵੇਲੇ ਦਿਲੀ ਦੇ ਸਰਨਾ ਭਰਾਵਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਨਕਾਣਾ ਸਾਹਿਬ ਪਾਲਕੀ ਸਾਹਿਬ ਲੈ ਕੇ ਗਏ ਸਨ, ਉਸ ਵੇਲੇ ਜੰਮੂ ਹੋਰੀਂ ਵੀ ਨਾਲ ਗਏ ਸਨ। ਆਪਣੇ ਬਜ਼ੁਰਗਾਂ ਦਾ ਅੰਮ੍ਰਿਤਸਰ ਵਿਚ ਪਿੰਡ ਡਿਪਟੀ ਵਾਲਾ ਦੇਖਣ ਦਾ ਮੌਕਾ ਵੀ ਜੰਮੂ ਹੋਰਾਂ ਨੂੰ ਮਿਲਿਆ। ਜਿਸ ਘਰ ਵਿਚ ਜੰਮੂ ਹੋਰਾਂ ਦੇ ਬਜ਼ੁਰਗ ਰਹਿੰਦੇ ਸਨ ਉਸ ਘਰ ਵਿਚ ਇਕ ਪੁਰਾਣਾ ਬਜ਼ੁਰਗ ਵੀ ਰਹਿੰਦਾ ਸੀ, ਉਸ ਨੇ 47 ਦੇ ਕਹਿਰ ਭਰੇ ਵੇਲੇ ਦੀ ਕਹਾਣੀ ਵੀ ਸਾਂਝੀ ਕੀਤੀ।
ਪਾਕਿਸਤਾਨ ਵਿਚ ਜਾਣ ਸਮੇਂ ਲਾਹੌਰ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਨਾਲ ਪੰਜਾਬ ਦੇ ਪੱਤਰਕਾਰਾਂ ਦਾ ਰਾਬਤਾ ਬਣਿਆ। ਪ੍ਰੈੱਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਸਰਬਜੀਤ ਪੰਧੇਰ ਸਨ। ਉਸ ਵੇਲੇ ਦੋਵਾਂ ਪ੍ਰੈੱਸ ਕਲੱਬਾਂ ਵਿਚ ਇਕ ਸਮਝੌਤਾ ਹੋਇਆ ਕਿ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਸਾਰੇ ਮੈਂਬਰ ਲਾਹੌਰ ਪ੍ਰੈੱਸ ਕਲੱਬ ਦੇ ਆਨਰੇਰੀ ਮੈਂਬਰ ਹੋਣਗੇ ਤੇ ਲਾਹੌਰ ਪ੍ਰੈੱਸ ਕਲੱਬ ਤੇ ਸਾਰੇ ਮੈਂਬਰ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਆਨਰੇਰੀ ਮੈਂਬਰ ਹੋਣਗੇ। ਉਸ ਤੋਂ ਬਾਅਦ ‘ਪੰਜ ਦਰਿਆ ਮੀਡੀਆ ਕਾਨਫ਼ਰੰਸ’ ਹੁੰਦੀ ਰਹੀ, ਜਿਸ ਵਿਚ ਪਾਕਿਸਤਾਨੀ ਪੰਜਾਬ ਦੇ ਭਾਰਤੀ ਪੰਜਾਬ ਦੇ ਪੱਤਰਕਾਰ ਸ਼ਮੂਲੀਅਤ ਕਰਦੇ ਰਹੇ।
-ਬਲਵਿੰਦਰ ਸਿੰਘ ਜੰਮੂ ਦੇ ਸੰਪਾਦਕ
ਜੰਮੂ ਨੇ ਨਵਾਂ ਜ਼ਮਾਨਾ ਤੋਂ ਕੰਮ ਸ਼ੁਰੂ ਕਰਕੇ ਪੰਜਾਬੀ ਟ੍ਰਿਬਿਊਨ ਤੱਕ ਪੱਤਰਕਾਰੀ ਕੀਤੀ। ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਹੁੰਦੇ ਸਨ। ਜੰਮੂ ਹੋਰਾਂ ਦੇ ਜੁਆਇਨ ਕਰਨ ਤੋਂ ਕੁਝ ਦਿਨ ਪਹਿਲਾਂ ਨਵਾਂ ਜ਼ਮਾਨਾ ਵਿਚ ਜਤਿੰਦਰ ਪੰਨੂ ਹੋਰੀਂ ਵੀ ਆ ਗਏ ਸਨ। ਉਸ ਤੋਂ ਬਾਅਦ ਚੜ੍ਹਦੀਕਲਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨਾਲ ਵੀ ਕੰਮ ਕੀਤਾ। ਉਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਵਿਚ ਹਰਭਜਨ ਹਲਵਾਰਵੀ, ਸਿਗਾਰਾਂ ਸਿੰਘ ਭੁੱਲਰ, ਗੁਰਬਚਨ ਸਿੰਘ ਭੁੱਲਰ, ਸਿੱਧੂ ਦਮਦਮੀ, ਵਰਿੰਦਰ ਵਾਲੀਆ, ਸੁਰਿੰਦਰ ਤੇਜ਼, ਡਾ. ਸਵਰਾਜ ਵੀਰ ਨਾਲ ਵੀ ਕੰਮ ਕੀਤਾ।
-ਬਲਵਿੰਦਰ ਸਿੰਘ ਜੰਮੂ ਦਾ ਪਰਿਵਾਰ
ਜੰਮੂ ਹੋਰੀਂ ਅੱਜ ਕੱਲ੍ਹ ਚੰਡੀਗੜ੍ਹ ਵਿਚ ਹੀ ਰਹਿੰਦੇ ਹਨ, ਤੰਦਰੁਸਤ ਹਨ, ਇਨ੍ਹਾਂ ਦਾ ਬੇਟਾ ਗਗਨਦੀਪ ਜੰਮੂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਐਡਵੋਕੇਟ ਹੈ ਤੇ ਧਰਮ ਪਤਨੀ ਵੀਨਾ ਜੰਮੂ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਸੀਨੀਅਰ ਲੈਕਚਰਾਰ ਹੈ।
-ਪੱਤਰਕਾਰਾਂ ਲਈ ਸੰਦੇਸ਼
ਬਲਵਿੰਦਰ ਸਿੰਘ ਜੰਮੂ ਆਪਣੇ ਜ਼ਿੰਦਗੀ ਦੇ ਤਜਰਬੇ ਵਿਚੋਂ ਕਹਿੰਦੇ ਹਨ ਕਿ ਕੋਈ ਵੀ ਪੱਤਰਕਾਰ ਕਾਹਲੀ ਵਿਚ ਕੰਮ ਨਾ ਕਰੇ, ਹਰ ਇਕ ਖ਼ਬਰ ਨੂੰ ਬੜੇ ਹੀ ਸਹਿਜ ਨਾਲ ਤਿਆਰ ਕਰੇ, ਹਰ ਪੱਖ ਖ਼ਬਰ ਵਿਚ ਨਜ਼ਰ ਆਵੇ, ਕਿਸੇ ਦੀ ਧਿਰ ਨਾ ਬਣੇ। ਇਮਾਨਦਾਰੀ ਪੱਤਰਕਾਰ ਲਈ ਆਕਸੀਜਨ ਦਾ ਕੰਮ ਕਰਦੀ ਹੈ, ਜੇਕਰ ਇਮਾਨਦਾਰ ਨਹੀਂ ਤਾਂ ਪੱਤਰਕਾਰ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਜਾਵੇਗੀ। ਅੱਜ ਕੱਲ੍ਹ ਭਾਰਤ ਵਿਚ ‘ਗੋਦੀ ਮੀਡੀਆ’ ਦੀ ਬੜਾ ਚਰਚਾ ਹੈ ਜਿਸ ਨਾਮ ਨਾਲ ਬਹੁਤ ਸਾਰੀ ਪੱਤਰਕਾਰੀ ਬਦਨਾਮੀ ਦੇ ਦਾਗ ਕਾਰਨ ਕਲੰਕਿਤ ਹੈ। ਕੋਈ ਵੀ ਪੱਤਰਕਾਰ ਅਜਿਹੇ ਟੈਗ ਆਪਣੇ ਉਪਰ ਨਾ ਲੱਗਣ ਦੇਵੇ। ਉਹ ਗੱਲ ਵੱਖ ਹੈ ਕਿ ਪੱਤਰਕਾਰ ਨੂੰ ਮੀਡੀਆ ਅਦਾਰੇ ਦੇ ਮਾਲਕਾਂ ਜਾਂ ਫਿਰ ਸੰਪਾਦਕਾਂ ਮੁੱਖ ਸੰਪਾਦਕਾਂ ਅਨੁਸਾਰ ਹੀ ਚੱਲਣਾ ਪੈਂਦਾ ਹੈ। ਪਰ ਫੇਰ ਵੀ ਲੋਕ ਹਿਤ ਵਿਚ ਕੰਮ ਕਰਨਾ ਨਾ ਛੱਡਿਆ ਜਾਵੇ। ਸਥਾਪਤੀ ਦੇ ਪੱਖ ਵਿਚ ਖੜਨ ਵਾਲੇ ਪੱਤਰਕਾਰ ਅੱਜ ਕੱਲ੍ਹ ਬਹੁਤ ਵੱਡੀ ਗਿਣਤੀ ਵਿਚ ਫਿਰਦੇ ਮਿਲਦੇ ਹਨ। ਇਕ ਆਦਰਸ਼ਵਾਦੀ ਪੱਤਰਕਾਰ ਉਹ ਹੀ ਕਿਹਾ ਜਾਵੇਗਾ ਜੋ ਲੋਕ ਅਵਾਜ਼ ਬਣਦਾ ਹੈ। ਜੰਮੂ ਹੋਰੀਂ ਕਹਿੰਦੇ ਹਨ ਕਿ ਸਾਡੀ ਜਥੇਬੰਦੀ ਬਲੈਕਮੇਲਿੰਗ ਕਰਦੇ ਪੱਤਰਕਾਰਾਂ ਨੂੰ ਆਪਣੀ ਮੈਂਬਰਸ਼ਿਪ ਵਿਚ ਥਾਂ ਨਹੀਂ ਦਿੰਦੀ।
ਅੱਜ ਕੱਲ੍ਹ ਵੀ ਬਲਵਿੰਦਰ ਸਿੰਘ ਜੰਮੂ ਹੋਰੀਂ ਪੱਤਰਕਾਰੀ ਕਰ ਰਹੇ ਹਨ, ਉਹ ਅੱਜ ਕੱਲ੍ਹ ‘ਨਵਾਂ ਪੰਜਾਬ’ ਯੂ ਟਿਊਬ, ਫੇਸਬੁੱਕ ਤੇ ਵੈੱਬਸਾਈਟ ਦੇ ਸੰਪਾਦਕ ਹਨ। ਅੱਜ ਵੀ ਉਹ ਕਰੰਟ ਮੁੱਦਿਆਂ ਤੇ ਪੂਰੀ ਸਮਝ ਰੱਖਦੇ ਹੋਏ ਆਪਣੇ ਵਿਚਾਰ ਪੇਸ਼ ਕਰਦੇ ਹਨ। ਕਲਮ ਚਲਦੀ ਰਹਿਣੀ ਚਾਹੀਦੀ ਹੈ ਤੇ ਅਵਾਜ਼ ਬੁਲੰਦ ਹੀ ਹੋਣੀ ਚਾਹੀਦੀ ਹੈ।
30 ਅਪਰੈਲ 2020 ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਬਤੌਰ ਪ੍ਰਿੰਸੀਪਾਲ ਕੋਰਸਪੌਂਡੈਂਟ ਸੇਵਾ ਮੁਕਤ ਹੋਏ, ਸੋ ਬਲਵਿੰਦਰ ਸਿੰਘ ਜੰਮੂ ਹੋਰਾਂ ਦੀ ਪੱਤਰਕਾਰ ਦੀ ਜ਼ਿੰਦਗੀ ਵਿਚ ਬਹੁਤ ਕੁਝ ਬਾਕੀ ਹੈ, ਇਕ ਕਿਤਾਬ ਮੁਕੰਮਲ ਹੋ ਸਕਦੀ ਹੈ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ, ਮੈਂ ਅਜਿਹੇ ਪੱਤਰਕਾਰ ਦੀ ਤੰਦਰੁਸਤੀ ਭਰੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ... ਆਮੀਨ!!
ਗੁਰਨਾਮ ਸਿੰਘ ਅਕੀਦਾ
8146001100
Sunday, October 09, 2022
ਔਰੰਗਜੇਬ ਦਾ ਮੁਖਬਰ ਅਬੂਉਲਾ ਤਰਾਨੀ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣ ਕੇ ਅਜਮੇਰ ਸਿੰਘ ਕਿਵੇਂ ਬਣਿਆ?
ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਜਦੋਂ ਇਹ ਮੱਥਾ ਟੇਕ ਕੇ ਦਰਸ਼ਨ ਕਰ ਕੇ ਬਾਹਰ ਨਿਕਲ ਕੇ ਆ ਰਹੇ ਸਨ ਤਾਂ ਇਕ ਸਿੰਘ ਬੈਠੀਆਂ ਸੰਗਤਾਂ ਦੀ ਕੁੱਝ ਕੁ ਗਿਣਤੀ ਨੂੰ ਇਕ ਕਹਾਣੀ ਸੁਣਾ ਰਿਹਾ ਸੀ, ਸਾਰੀ ਸੰਗਤ ਸੁਣੀ ਜਾ ਰਹੀ ਸੀ, ਇਹ ਕਹਾਣੀ ਅੰਗਰੇਜ਼ ਡੈਨੀ, ਚਮੇਲ ਸਿੰਘ ਤੇ ਸੁਰਜਨ ਸਿੰਘ ਵੀ ਸੁਣ ਰਹੇ ਸਨ।
ਸਾਧ ਸੰਗਤ ਜੀ ਔਰੰਗਜ਼ੇਬ ਦਾ ਮੁਖ਼ਬਰ ਸੀ ਅਬੂਉਲਾ ਤਰਾਨੀ, ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਆਲ਼ੇ ਦੀ ਮੁਖ਼ਬਰੀ ਕਰਦਾ ਸੀ ਉਹ ਹਮੇਸ਼ਾ ਹੀ ਗੁਰੂ ਜੀ ਬਾਰੇ ਔਰੰਗਜ਼ੇਬ ਨੂੰ ਰਿਪੋਰਟਾਂ ਭੇਜਦਾ ਰਹਿੰਦਾ ਸੀ। ਉਸ ਨੇ ਲਿਖਿਆ ਹੈ ਸਾਧ ਸੰਗਤ ਜੀ ਜੋ ਹੂਬਹੂ ਰਿਪੋਰਟ ਤੁਹਾਨੂੰ ਪੜ੍ਹ ਦੇ ਸੁਣਾਉਂਦਾ ਹਾਂ...
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਤਿਆਰ ਕੀਤਾ, ਉਸ ਵਕਤ ਦੀਵਾਨ ਵਿਚ 35-40 ਹਜ਼ਾਰ ਸੰਗਤ ਦੀ ਹਾਜ਼ਰੀ ਸੀ। ਮੁਗ਼ਲਾਂ ਦੇ ਚਾਰ ਤਖਤ, ਦਿੱਲੀ, ਆਗਰਾ, ਲਾਹੌਰ, ਤੇ ਕਲਾਨੌਰ ਸਨ, ਪਰ ਗੁਰੂ ਦੇ ਦਰਬਾਰ ਦੀ ਸ਼ੋਭਾ ਨਿਰਾਲੀ ਸੀ। ਇਹ ਤਖਤ ਮੁਗਲ ਬਾਦਸ਼ਾਹ ਦੇ ਤਖਤ ਨੂੰ ਮਾਤ ਕਰਦਾ ਸੀ। ਉਸ ਦਿਨ ਗੁਰੂ ਜੀ ਦਾ, ਲਿਬਾਸ, ਚੜ੍ਹਤ, ਜਲਾਲ ਅਤੇ ਤੇਜ ਅਝੱਲਾਵਾਂ ਸੀ। ਗੁਰੂ ਜੀ ਦਰਬਾਰ ਵਿਚ ਆਏ ਅਤੇ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਕੇ ਫੜਦਿਆਂ ਬਾ-ਆਵਾਜ਼ ਬੁਲੰਦ ਕਿਹਾ,'ਮੈਨੂੰ ਇਕ ਸਿਰ ਦੀ ਲੋੜ ਹੈ।' ਬਗੈਰ ਦੇਰ, ਸੋਚ ਵਿਚਾਰ ਅਤੇ ਕਿਸੇ ਹੀਲ ਹੁੱਜਤ ਦੇ ਦਇਆ ਰਾਮ ਆ ਹਾਜ਼ਰ ਹੋਇਆ। ਗੁਰੂ ਜੀ ਨੇ ਭਰੇ ਦਰਬਾਰ ਵਿਚ, ਜਿੱਥੇ ਉਹ ਖਲੋਤੇ ਸਨ, ਸਭਨਾਂ ਦੇ ਸਾਹਮਣੇ ਇਕ ਵਾਰ ਕੀਤਾ, ਸਿਰ ਧੜ ਨਾਲੋਂ ਜੁਦਾ ਹੋ ਗਿਆ। ਦੀਵਾਨ ਵਿਚ ਸਨਸਨੀ ਫੈਲ ਗਈ ਅਤੇ ਬਹੁਤ ਆਦਮੀ ਅਵਾਕ ਰਹਿ ਗਏ।
ਗੁਰੂ ਜੀ ਨੇ ਫਿਰ ਗਰਜਵੀਂ ਤੇ ਕੜਕਵੀਂ ਆਵਾਜ਼ ਵਿਚ ਕਿਹਾ,'ਮੈਨੂੰ ਹੋਰ ਸਿਰ ਦੀ ਲੋੜ ਹੈ।' ਝੱਟ ਹੀ ਧਰਮ ਚੰਦ ਉੱਠਿਆ ਅਤੇ ਜਾ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਦੇ ਇਕੋ ਵਾਰ ਨੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਦੀਵਾਨ ਵਿਚ ਹਲਚਲ ਮੱਚ ਗਈ, ਭਾਜੜ ਪੈ ਗਈ।
ਗੁਰੂ ਜੀ ਨੇ ਫੇਰ ਬਾ-ਆਵਾਜ਼ ਬੁਲੰਦ ਇਕ ਹੋਰ ਸਿਰ ਮੰਗਿਆ ਅਤੇ ਯਕੇ ਬਾਦ ਦੀਗਰੇ ਹਿੰਮਤ ਰਾਏ, ਮੋਹਕਮ ਚੰਦ, ਸਾਹਿਬ ਰਾਮ, ਇਨ੍ਹਾਂ ਪੰਜਾਂ ਨੂੰ ਕਤਲ ਕਰ ਦਿੱਤਾ, ਸਿਰ ਧੜਾਂ ਨਾਲੋਂ ਵੱਖ ਕਰ ਦਿੱਤੇ। ਕਈ ਆਦਮੀ ਗੁਰੂ ਜੀ ਦੀ ਮਾਤਾ ਕੋਲ ਪਹੁੰਚ ਗਏ ਅਤੇ ਸਾਰੀ ਵਿਥਿਆ ਸੁਣਾਈ। ਗੁਰੂ ਜੀ ਨੇ ਉਨ੍ਹਾਂ ਪੰਜਾਂ ਦੇ ਸਰੀਰਾਂ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ। ਫ਼ਰਸ਼ ਵੀ ਸਾਫ਼ ਕੀਤਾ ਅਤੇ ਖੂਨ ਦਾ ਕੋਈ ਦਾਗ ਕਿਤੇ ਵੀ ਨਾ ਰਹਿਣ ਦਿੱਤਾ। ਫਿਰ ਉਸ ਕਾਫ਼ਰਾਂ ਦੇ ਪੀਰ ਨੇ ਇਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਿਰ ਤੇ ਧੜ ਰਲਾ ਮਿਲਾ ਕੇ ਦੂਸਰਿਆਂ ਧੜਾਂ ਨਾਲ ਦੂਸਰੇ ਸਿਰ ਲਾ ਕੇ ਪਹਿਰ ਕੁ ਵਿਚ ਚੰਗੀ ਤਰ੍ਹਾਂ ਹਿਕਮਤ ਅਮਲੀ ਨਾਲ ਸੀਅ ਦਿੱਤੇ ਅਤੇ ਉਨ੍ਹਾਂ ਪੰਜਾਂ ਲਾਸ਼ਾਂ ਉੱਤੇ ਚਿੱਟੇ ਕੱਪੜੇ ਪਾ ਦਿੱਤੇ। ਫੇਰ ਇਕ ਪੱਥਰ ਦਾ ਕੁੰਡਾ ਮੰਗਾ ਕੇ ਅਤੇ ਉਸ ਉੱਤੇ ਇਕ ਕੜਾਹੀ, ਜਿਸ ਨੂੰ ਕੁੰਢੇ ਨਹੀਂ ਸਨ ਲੱਗੇ ਹੋਏ, ਰੱਖ ਕੇ ਪਾਣੀ ਪਾ ਆਬੇ ਹਯਾਤ ਬਣਾਉਣ ਲੱਗ ਪਿਆ। 'ਕਾਫ਼ਰਾਂ ਦਾ ਪੀਰ' ਉਸ ਕੜਾਹੀ ਵਿਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾਂ ਪੜ੍ਹਦਾ ਰਿਹਾ। ਇਹ ਅਮਲ ਕੋਈ ਅੱਧਾ ਪੌਣਾ ਪਹਿਰ ਹੁੰਦਾ ਰਿਹਾ। ਇਸੇ ਸਮੇਂ 'ਕਾਫ਼ਰਾਂ ਦੇ ਪੀਰ' ਦੀ ਕਿਸੇ ਔਰਤ ਨੇ ਉਸ ਕੜਾਹੀ ਵਿਚ ਲਿਆ ਕੇ ਕੁੱਝ ਪਾ ਦਿੱਤਾ। ਹੁਣ ਆਬੋ ਹਯਾਤ ਤਿਆਰ ਹੋ ਚੁੱਕਾ ਸੀ।
ਗੁਰੂ ਜੀ ਨੇ ਉਨ੍ਹਾਂ ਲਾਸ਼ਾਂ ਤੋਂ ਪੜਦਾ ਚੁੱਕ ਪਹਿਲਾਂ ਦਇਆ ਸਿੰਘ ਦੇ ਸਿਰਹਾਣੇ ਬੈਠ ਮੂੰਹ ਖੋਲ੍ਹ ਕੇ ਆਬੋ ਹਯਾਤ ਉਸ ਦੇ ਮੂੰਹ ਵਿਚ ਪਾ ਦਿੱਤਾ। ਸਿਰ ਦੇ ਵਾਲ਼ਾਂ ਵਿਚ ਪਾਇਆ ਅਤੇ ਸਰੀਰ 'ਤੇ ਛਿੜਕਿਆ ਤੇ ਕਿਹਾ,
'ਬੋਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ॥'
ਇਹ ਕਹਿੰਦੇ ਸਾਰ ਹੀ ਦਇਆ ਸਿੰਘ ਉੱਠ ਕੇ ਖਲੋ ਗਿਆ ਅਤੇ ਉਚੀ ਸਾਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ। ਭਰੇ ਦੀਵਾਨ ਵਿਚ ਸਕਤੇ ਦਾ ਆਲਮ ਛਾ ਗਿਆ। ਹਜ਼ਾਰਾਂ ਇਨਸਾਨਾਂ ਦੇ ਹੁੰਦਿਆਂ ਵੀ ਕੋਈ ਸਾਹ ਨਹੀਂ ਸੀ ਲੈ ਰਿਹਾ ਜਾਪਦਾ। ਦੀਵਾਨ ਵਿਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਉੱਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ। ਇਸ ਤਰ੍ਹਾਂ ਉਸ ਦੇ ਯਕੇ ਬਾਅਦ ਦੀਗਰੇ ਬਾਕੀ ਦੇ ਉਨ੍ਹਾਂ ਚੌਹਾਂ ਨੂੰ ਵੀ ਆਬੇ ਹਯਾਤ ਪਿਲਾ ਕੇ ਉਸੇ ਤਰ੍ਹਾਂ ਵਾਲ਼ਾਂ ਅਤੇ ਸਰੀਰ ਉੱਤੇ ਆਬੇ ਹਯਾਤ ਛਿੜਕ ਬੋਲ
'ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫਤਿਹ' ਬੁਲਾ ਉਨ੍ਹਾਂ ਨੂੰ ਤੰਬੂ ਵਿਚ ਲੈ ਗਿਆ।
ਕੁੱਝ ਚਿਰ ਬਾਅਦ ਗੁਰੂ ਆਪ ਵੀ ਅਤੇ ਉਹ ਪੰਜੇ ਆਦਮੀ ਪਿੱਛੇ ਪਿੱਛੇ ਤੰਬੂ ਵਿਚੋਂ ਬਾਹਰ ਨਿਕਲ ਆਏ। ਹੁਣ ਉਨ੍ਹਾਂ ਨਵੇਂ ਲਿਬਾਸ ਪਾਏ ਹੋਏ ਸਨ। ਉਹ ਪੰਜੇ ਮੁੜ ਜਿੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆ ਕੇ ਖਲੋ ਗਏ ਅਤੇ ਗੁਰੂ ਨੇ 'ਬੀਰ ਆਸਣ' ਕਰ ਉਨ੍ਹਾਂ ਤੋਂ ਆਪ ਆਬੇ ਹਯਾਤ ਮੰਗਿਆ। ਉਨ੍ਹਾਂ ਨੇ ਪੁੱਛਿਆ,'ਤੁਸੀਂ ਇਸ ਅਮੋਲ ਵਸਤੂ ਲਈ ਕੀ ਦਿੱਤਾ ਹੈ? ਤਦ ਗੁਰੂ ਜੀ ਨੇ ਕਿਹਾ,'ਮੈਂ ਪ੍ਰਣ ਕਰਦਾ ਹਾਂ, ਮੈਂ ਆਪਣੇ ਮਾਤਾ ਪਿਤਾ, ਔਲਾਦ, ਆਪ ਤੇ ਸਭ ਕੁੱਝ ਕੁਰਬਾਨ ਕਰ ਦਿਆਂਗਾ।' ਇਸ ਤਰ੍ਹਾਂ ਉਨ੍ਹਾਂ ਪੰਜਾਂ ਨੇ ਗੁਰੂ ਜੀ ਨੂੰ ਆਬੇ ਹਯਾਤ ਦਿੱਤਾ ਅਤੇ ਗੁਰੂ ਜੀ ਦਾ ਨਾਂਅ ਉਸ ਵਕਤ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਨ੍ਹਾਂ ਦੇ ਨਾਂਅ ਨਾਲ ਵੀ ਸਿੰਘ ਜੋੜ ਦਿੱਤਾ। ਇਉਂ ਇਹ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਦੇ ਨਾਵਾਂ ਦੇ ਧਾਰਨੀ ਬਣੇ।
ਅਬੂਉਲਾ ਤਰਾਨੀ ਲਿਖਦਾ ਹੈ ਕਿ ਮੈਂ ਬਹੁਤ ਰੋਇਆ ਤੇ ਪਛਤਾਇਆ। ਉਸ ਤੋਂ ਬਾਅਦ ਉੱਥੋਂ ਹੀ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਯਾਤ ਪੀਤਾ। ਮੈਥੋਂ ਵੀ ਨਾ ਰਿਹਾ ਗਿਆ ਅਤੇ ਮੈਂ ਵੀ ਆਪਣੇ ਆਪ ਨੂੰ ਧਿਰਕਾਰਦਾ ਹੋਇਆ, ਪਛਤਾਂਦਾ ਹੋਇਆ, ਉਸੇ ਵਕਤ ਹੀ ਕਿਸੇ ਮਿਕਨਾਤੀਸੀ ਕਸ਼ਸ਼ ਅਧੀਨ ਝੱਟ ਗੁਰੂ ਦੇ ਚਰਨਾਂ ਵਿਚ ਡਿੱਗਾ, ਉਸ ਤੋਂ ਆਬੇ ਹਯਾਤ ਦੀ ਦਾਤ ਮੰਗੀ। ਗੁਰੂ ਨੇ, ਜਿਹੜਾ ਜ਼ਰੂਰ ਮੇਰਾ ਪਖੰਡ ਅਤੇ ਦੰਭ ਜਾਣਦਾ ਸੀ, ਬੜੇ ਪਿਆਰ ਨਾਲ ਮੈਨੂੰ ਥਾਪੜਾ ਦੇ ਕੇ ਆਬੇ ਹਯਾਤ ਪਿਲਾ ਕੇ ਮੇਰਾ ਨਾਂਅ ਅਜਮੇਰ ਸਿੰਘ ਰੱਖ ਦਿੱਤਾ। ਇਸ ਤਰ੍ਹਾਂ ਮੇਰੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਗਏ। ਮੈਂ ਗੁਰੂ ਜੀ ਦੀ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਕਈ ਜੰਗਾਂ ਵਿਚ ਜ਼ੁਲਮ ਨਾਲ ਰੂ-ਬ-ਰੂ ਲੜਿਆ।
ਮੈਂ ਉਸੇ ਦਿਨ ਤੋਂ ਆਪਣੀ ਜ਼ਿੰਦਗੀ ਦੀ ਆਖ਼ਰੀ ਰਿਪੋਰਟ ਔਰੰਗਜ਼ੇਬ ਨੂੰ ਘੱਲ ਦਿੱਤੀ ਤੇ ਇਸ ਦੀਵਾਨ ਵਿਚ ਵਾਪਰੀ ਤੇ ਅੱਖੀਂ ਡਿੱਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਖੋਲ੍ਹ ਕੇ ਲਿਖ ਦਿੱਤਾ। ਮੈਂ ਬੜੇ ਜ਼ੋਰਦਾਰ ਲਫ਼ਜ਼ਾਂ ਵਿਚ ਔਰੰਗਜ਼ੇਬ ਨੂੰ ਤਾੜਨਾ ਕੀਤੀ ਕਿ ਖ਼ਬਰਦਾਰ, ਰੱਬ ਨਾਲ ਜਿਊਂਦੇ ਜਾਗਦੇ ਖ਼ੁਦਾ ਨਾਲ ਮੱਥਾ ਨਾ ਲਾ, ਜ਼ੁਲਮ ਨਾ ਕਰ ਅਤੇ ਮੇਰੀ ਸਿਫ਼ਾਰਸ਼ 'ਤੇ ਅਮਲ ਨਾ ਕੀਤਾ ਤਾਂ ਖ਼ਾਨਦਾਨ, ਸਲਤਨਤ ਤਬਾਹ ਹੋ ਜਾਵੇਗੀ, ਦੁਨੀਆਂ ਦੇ ਤਖ਼ਤੇ ਉੱਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ।
ਪੰਜ ਪਿਆਰਿਆਂ ਦੇ ਸੀਸ ਬਾਰੇ ਔਰੰਗਜ਼ੇਬ ਨੂੰ ਭੇਜੀ ਉਸ ਵਕਤ ਦੀ ਰਿਪੋਰਟ ਮੁਤਾਬਿਕ ਕਈ ਬਹੁਤੇ ਪੜ੍ਹੇ ਲਿਖੇ ਪਰ ਆਤਮਿਕ ਸ਼ਕਤੀਆਂ ਤੋਂ ਅਣਜਾਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਥਾਹ ਸ਼ਕਤੀ 'ਤੇ ਇਮਾਨ ਨਾ ਰੱਖਣ ਵਾਲੇ ਅਸ਼ਰਧਾਲੂ, ਸਿੱਖ ਗੁਰੂਆਂ ਦੀ ਉਚੀ ਰੂਹਾਨੀਅਤ ਤੋਂ ਮੁਨਕਰ ਅਤੇ ਸੁੱਤੇ ਸਿੱਧ ਵਾਪਰੀਆਂ ਕਈ ਕਰਾਮਾਤਾਂ ਨੂੰ ਮੰਨਣ ਵਾਲੇ ਭਾਵੇਂ ਇਸ ਘਟਨਾ ਨਾਲ ਸਹਿਮਤ ਨਾ ਹੋਣ, ਪਰ ਇਹ ਇਕ ਸੱਚੀ ਵਾਪਰੀ ਘਟਨਾ ਜ਼ਰੂਰ ਹੈ। ਗੁਰੂ ਘਰ ਵਿਚ ਇਹੋ ਜਿਹੀਆਂ ਕਈ ਉਦਾਹਰਣਾਂ ਹਨ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ:-
ਸਤਿਗੁਰ ਮੇਰਾ ਸਰਬ ਪ੍ਰਤਿਪਾਲੈ॥
ਸਤਿਗੁਰ ਮੇਰਾ ਮਾਰਿ ਜੀਵਾਲੈ॥
ਸਤਿਗੁਰ ਮੇਰੇ ਕੀ ਵਡਿਆਈ॥
ਪ੍ਰਗਟ ਭਈ ਹੈ ਸਭਨੀ ਥਾਈ॥
ਗੁਰੂ ਨਾਨਕ ਸਾਹਿਬ ਜੀ ਨੇ ਦਿੱਲੀ ਵਿਚ ਮਜਨੂੰ ਟਿੱਲੇ ਹਾਥੀ ਜਿਊਂਦਾ ਕੀਤਾ।
ਮ੍ਰਿਤਕ ਕਉ ਜੀਵਾਲਣਹਾਰ॥
ਬਾਬਾ ਗੁਰਦਿੱਤਾ ਜੀ ਨੇ ਅਨੰਦਪੁਰ ਸਾਹਿਬ ਗਊ ਜੀਵਾਲੀ।
ਬਾਬਾ ਅਟਲ ਰਾਇ ਜੀ ਨੇ ਆਪਣੇ ਸਾਥੀ ਸੋਹਣ ਜੀ ਨੂੰ ਜਿਉਂਦੇ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਇਸ ਸਾਕੇ ਉੱਤੇ, ਜੋ ਗੁਰੂ ਜੀ ਉੱਪਰ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਬੇ ਪਰਤੀਤਿਆਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰਬਾਣੀ ਦਾ ਫ਼ਰਮਾਨ ਹੈ,
ਇਕਨਾ ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੇ ਭਾਉ॥''
ਪੰਥ ਸਾਜਣ ਵੇਲੇ ਸ਼ੀਸ਼ ਦੇਣ ਵਾਲੇ ਪੰਜਾਂ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਖੱਤ੍ਰੀ ਸਨ ਜੋ ਗੁਰੂ ਕੁਲ ਵਿਚੋਂ ਸਨ। ਪਰ ਬਾਕੀ ਦੇ ਸਾਰੇ ਹੀ ਸ਼ੂਦਰ ਸਨ।
ਕਹਾਣੀ ਸੁਣਾਉਣ ਵਾਲੇ ਨੇ ਫੇਰ ਅੱਗੇ ਗੱਲ ਤੋਰੀ .. ਦੇਖ ਲਓ ਭਾਈ ਫੇਰ .. ਇੱਥੇ ਫੇਰ ਪਹਾੜੀ ਰਾਜੇ ਆ ਗਏ, ਗੁਰੂ ਪਾਤਸ਼ਾਹ ਦਸਮ ਪਿਤਾ ਬਾਜਾਂ ਆਲ਼ੇ ਨੂੰ ਕਹਿੰਦੇ ਆਹ ਜੋ ਅੰਮ੍ਰਿਤ ਛਕਾਉਣ ਦੀ ਪ੍ਰਥਾ ਤੁਸੀਂ ਗੁਰੂ ਜੀ ਤੋਰੀ ਹੈ ਬਹੁਤ ਹੀ ਚੰਗੀ ਹੈ, ਅਸੀਂ ਵੀ ਅੰਮ੍ਰਿਤ ਛਕਣਾ ਚਾਹੁੰਦੇ ਹਾਂ ਪਰ ਸਾਡੀ ਇਕ ਗੱਲ ਪ੍ਰਵਾਨ ਕਰ ਲਓ ਜੀ.. ਤਾਂ ਗੁਰੂ ਜੀ ਨੇ ਕਿਹਾ ਅਜਿਹੀ ਕਿਹੜੀ ਗੱਲ ਹੈ ਜੋ ਅਸੀਂ ਪ੍ਰਵਾਨ ਨਹੀਂ ਕਰਦੇ.. ਪਹਾੜੀ ਰਾਜੇ ਕਹਿਣ ਲੱਗੇ ਜੋ ਸਾਹਮਣੇ ਸਾਰੇ ਜਣੇ ਅੰਮ੍ਰਿਤ ਛਕੀ ਜਾਂਦੇ ਆ ਉਨ੍ਹਾਂ ਤੋਂ ਵੱਖਰੇ ਤੌਰ ਤੇ ਸਾਨੂੰ ਅੰਮ੍ਰਿਤ ਛਕਾ ਦਿਓ, ਤਾਂ ਗੁਰੂ ਜੀ ਨੇ ਅੰਮ੍ਰਿਤ ਛਕਣ ਵਾਲੇ ਸਾਰੇ ਸਿੰਘਾਂ ਵੱਲ ਦੇਖਿਆ, ਉਨ੍ਹਾਂ ਵਿਚ ਕੋਈ ਬ੍ਰਾਹਮਣ ਸੀ, ਕੋਈ ਜੱਟ ਸੀ, ਕੋਈ ਮਜ਼੍ਹਬੀ ਸੀ, ਕੋਈ ਰਵੀਦਾਸੀਆ, ਰਮਦਾਸੀਆ ਸੀ, ਕੋਈ ਝਿਊਰ ਸੀ, ਕੋਈ ਘੁਮਿਆਰ ਸੀ, ਕੋਈ ਕਲਾਲ ਸੀ, ਕੋਈ ਕਿਸੇ ਜਾਤ ਦਾ ਸੀ, ਕੋਈ ਕਿਸੇ ਦਾ, ਸਾਰੀਆਂ ਜਾਤਾਂ ਦਾ ਗੁਲਦਸਤਾ ਦੇਖ ਕੇ ਗੁਰੂ ਸਾਹਿਬ ਪ੍ਰਸੰਨ ਹੋ ਗਏ ਸਨ।
ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨੇ ਪੁਛਿਆ ਕਿ ਤੁਸੀਂ ਇਨ੍ਹਾਂ ਨਾਲ ਸਾਂਝੇ ਤੌਰ ਦੇ ਅੰਮ੍ਰਿਤ ਕਿਉਂ ਨਹੀਂ ਛਕਣਾ ਚਾਹੁੰਦੇ ਤਾਂ ਰਾਜਿਆਂ ਦਾ ਜਵਾਬ ਸੀ ਕਿ ਇਹ ਸਾਰੇ ਸ਼ੂਦਰ ਹਨ, ਜੋ ਸਾਡੇ ਬਰਾਬਰ ਦੇ ਨਹੀਂ ਹਨ, ਇਸ ਕਰ ਕੇ ਸਾਨੂੰ ਵੱਖਰਾ ਅੰਮ੍ਰਿਤ ਛਕਾ ਦਿਓ ਤਾਂ ਅਸੀਂ ਸਾਰੇ ਹੀ ਅੰਮ੍ਰਿਤ ਛੱਕ ਕੇ ਆਪ ਜੀ ਦੇ ਸਿੰਘ ਬਣ ਜਾਵਾਂਗੇ, ਪਰ ਗੁਰੂ ਸਾਹਿਬ ਜੀ ਨੇ ਉਨ੍ਹਾਂ ਜਾਤ ਦੇ ਹੰਕਾਰੀ ਰਾਜਿਆਂ ਨੂੰ ਕਿਹਾ 'ਇਨ ਗਰੀਬ ਸਿਖਨ ਕੋ ਦੇਊਂ ਪਾਤਸ਼ਾਹੀ... ਇਨਹੀ ਕੋ ਸਰਦਾਰ ਬਣਾਊਂ..' ਤਾਂ ਪਹਾੜੀ ਰਾਜੇ ਮੂੰਹ ਦੀ ਖਾ ਕੇ ਉੱਥੋਂ ਖਿਸਕ ਗਏ। ਸੱਚੇ ਪਾਤਸ਼ਾਹ ਗੁਰੂ ਜੀ ਨੇ ਅਜਿਹਾ ਕੰਮ ਕੀਤਾ ਕਿ ਜੋ ਵੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਬਣਾ ਦਿੱਤਾ ਪਰ ਪਤਾ ਨਹੀਂ ਕਿਉਂ ਅਜ ਦੇ ਯੁੱਗ ਵਿਚ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਨ ਤੋਂ ਇਨਕਾਰ ਕਰਨ ਲੱਗ ਪਈ ਹੈ।
ਇਹ ਕਹਾਣੀ ਸੁਣ ਕੇ ਚਮੇਲ ਸਿੰਘ, ਸੁਰਜਨ ਸਿੰਘ ਤਾਂ ਨਿਹਾਲ ਹੋ ਹੀ ਗਏ ਪਰ ਨਾਲੋ ਨਾਲ ਕੁੱਝ ਸਮਝ ਕੇ ਕੁੱਝ ਬੇਸਮਝੀ ਵਿਚ ਹੀ ਅੰਗਰੇਜ਼ ਵੀ ਧੰਨ ਧੰਨ ਕਰ ਰਿਹਾ ਸੀ।
ਸਰੋਤ :
ਕਿਤਾਬ ਹੈ ‘ਅਮ੍ਰਿਤ ਫਿਲਾਸਫੀ’
ਲੇਖਕ ਗਿਆਨੀ ਹਰਬੰਸ ਸਿੰਘ
-ਗੁਰਨਾਮ ਸਿੰਘ ਅਕੀਦਾ
ਦਸਮ ਪਿਤਾ ਬਾਜਾਂ ਵਾਲੇ ਨੂੰ ਸਮਝ ਕੇ ਵੀ ਅਣਜਾਣ ਹੈ ਸਿੱਖ ਸਮਾਜ
ਦਸਮ ਪਿਤਾ, ਬਾਜਾਂ ਵਾਲੇ ਨੇ ਸਾਰੀਆਂ ਜਾਤਾਂ ਦੇ ਬੰਧਨ ਹੀ ਤੋੜ ਦਿੱਤੇ ਸਨ, ਉਨ੍ਹਾਂ ਦੀ ਮਨੋਬਿਰਤੀ ਨੂੰ ਰਤਨ ਸਿੰਘ ਭੰਗੂ ਵਰਗੇ ਕਵੀਆਂ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ।
ਚੌਪਈ : ਸਤ ਸਨਾਤਿ ਔ ਬਾਰਹ ਜਾਤ, ਜਾਨ ਨਹਿ ਰਾਜਨੀਤ ਕੀ ਬਾਤ। ਜੱਟ ਬੂਟ ਕਹਿ ਜਿਹ ਜਗ ਮਾਹੀ, ਬਣੀਏ
ਬਕਾਲ ਕਿਰਾੜ, ਖੱਤ੍ਰੀ ਸਦਾਈ। ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ, ਛੀਪੋ ਕਲਾਲ ਨੀਚਨ ਪੈ ਕ੍ਰਿਪਾ
ਕੀਨੀ। ਗੁੱਜਰ ਗਵਾਰ ਹੀਰ ਕਮਜਾਤ,ਕੰਬੋਇ ਸੂਦਨ ਕੋਇ ਪੁਛੈ ਨ ਬਾਤ। ਝੀਵਰ ਨਾਈ ਰੋੜੇ ਘੁਮਿਆਰ,
ਸਾਇਣੀ ਸੁਨਿਆਰੇ ਚੂੜ੍ਹੇ ਚਮਿਆਰ। ਭੱਟ ਔ ਬਾਹਮਣ ਹੁਤੇ ਮੰਗਵਾਰ, ਬਹੁਰੂਪੀਏ ਲੁਬਾਣੇ ਔ ਘੁਮਿਆਰ।
ਇਨ ਗ੍ਰੀਬ ਸਿੰਘਨ ਕੋ ਦਯੈ ਪਤਿਸ਼ਾਹੀ, ਏ ਯਾਦ ਰਖੈਂ ਹਮਰੀ ਗੁਰਿਆਈ। ਤੌ ਸਦਿ ਸਤਿਗੁਰ ਸਿਖ ਲਲਕਾਰੇ,
ਫੜੋ ਸ਼ਸਤ੍ਰਨ ਲਿਹੁ ਤੁਰਕਨ ਮਾਰੇ।
ਰਤਨ ਸਿੰਘ ਭੰਗੂ ਦੀ ਇਸ ਕ੍ਰਿਤ ਨੇ ਪੂਰਾ ਸੱਚ ਸਪਸ਼ਟ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਥੋਂ ਤੱਕ ਬ੍ਰਾਹਮਣ, ਕਸ਼ੱਤਰੀ, ਵੈਸ਼ ਤਿੰਨ ਜਾਤਾਂ ਵੀ ਸ਼ੂਦਰਾਂ ਵਰਗੀ ਜ਼ਿੰਦਗੀ ਕੱਟ ਰਹੀਆਂ ਸਨ। ਉਨ੍ਹਾਂ ਨਾਲ ਮੁਗਲ ਰਾਜਿਆਂ ਨੇ ਮਾੜਾ ਕੀਤਾ ਹੋਇਆ ਸੀ, ਉਨ੍ਹਾਂ ਦੇ ਧਰਮ ਨੂੰ ਜਬਰੀ ਇਸਲਾਮ ਵਿਚ ਤਬਦੀਲ ਕੀਤਾ ਜਾ ਰਿਹਾ ਸੀ। ਮੁਗਲ ਬਾਦਸ਼ਾਹ ਹਿੰਦੂਆਂ ਦੇ ਸਵਾ ਮਣ ਜਨੇਊ ਉਤਾਰ ਕੇ ਰਾਤ ਦਾ ਖਾਣਾ ਖਾਂਦਾ ਸੀ ਵਰਗੀਆਂ ਕਹਾਣੀਆਂ ਵੀ ਪ੍ਰਚਲਤ ਹੋ ਰਹੀਆਂ ਸਨ। ਇਨ੍ਹਾਂ ਤਿੰਨਾ ਜਾਤੀਆਂ ਤੋਂ ਇਲਾਵਾ ਬਾਕੀ ਸ਼ੂਦਰ ਜਾਤੀਆਂ ਦਾ ਹੋਰ ਵੀ ਬੁਰਾ ਹਾਲ ਸੀ, ਹਾਲਾਂ ਕਿ ਰਤਨ ਸਿੰਘ ਭੰਗੂ ਵੱਲੋਂ ਥੋੜੀ ਜਿਹੀ ਉਦਾਹਰਣ ਮਾਤਰ ਕੁੱਝ ਕੁ ਜਾਤਾਂ ਨੂੰ ਗੁਰੂ ਸਾਹਿਬ ਵੱਲੋਂ ਪਾਤਿਸ਼ਾਹੀ ਦੇਣ ਦੀ ਗੱਲ ਹੀ ਸਾਹਮਣੇ ਆਈ ਹੈ, ਇਨ੍ਹਾਂ ਸ਼ੂਦਰ ਜਾਤਾਂ ਵਿਚ ਜੱਟਾਂ ਤੋਂ ਲੈ ਕੇ ਲੁਬਾਣੇ, ਚੂਹੜੇ, ਚਮਿਆਰ ਆਦਿ ਦਰਜ ਕੀਤੇ ਗਏ ਹਨ। ਇਨ੍ਹਾਂ ਸ਼ੂਦਰਾਂ ਨੂੰ ਪਾਤਸ਼ਾਹੀ ਦੇਣ ਦੀ ਗੱਲ ਕੀਤੀ ਗਈ ਹੈ। ਇਕ ਪਾਸੇ ਮੁਗ਼ਲਾਂ ਨਾਲ ਸਿੱਧੀ ਟੱਕਰ ਸੀ ਦੂਜੇ ਪਾਸੇ ਹਿੰਦੂ ਰਵਾਇਤਾਂ ਅਨੁਸਾਰ ਉੱਚੀਆਂ ਨੀਵੀਂਆਂ ਜਾਤਾਂ ਖ਼ਤਮ ਕਰਨ ਕਰ ਕੇ ਬ੍ਰਾਹਮਣਾ ਦੀ ਨਮੋਸ਼ੀ ਵੀ ਗੁਰੂ ਸਾਹਿਬ ਨੇ ਝੱਲੀ, ਪਰ ਉਹ ਅਟੱਲ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕਾਰਜ ਆਰੰਭਿਆ ਤਾਂ ਸ਼ੂਦਰ ਦੀ ਹਾਲਤ ਬਦ ਤੋਂ ਵੀ ਬਦਤਰ ਸੀ, ਸ਼ੂਦਰ ਭਾਵੇਂ ਰਾਜਾ ਵੀ ਬਣ ਜਾਵੇ ਪਰ ਉਹ ਸ਼ੂਦਰਾਂ ਨਾਲ ਹੁੰਦੀ ਬੇਪਤੀ ਦਾ ਹੀ ਸ਼ਿਕਾਰ ਹੁੰਦਾ ਸੀ। ਇਨਸਾਨ ਨੂੰ ਇਨਸਾਨ ਬਣਾਉਣ ਦਾ ਪੱਕਾ ਕਾਨੂੰਨ ਵਿਧਾਨ ਸਿੱਖ ਕੌਮ ਦੇ ਹਵਾਲੇ ਕੀਤਾ। ਜੋ ਗੁਰੂ ਦਾ ਸਿੱਖ ਹੈ ਉਹ ਸਿਰਫ਼ ਸਿੱਖ ਹੈ ਉਹ ਨਾ ਜੱਟ, ਨਾ ਕੰਬੋ, ਨਾ ਖੱਤਰੀ, ਨਾ ਬ੍ਰਾਹਮਣ, ਨਾ ਘੁਮਿਆਰ, ਨਾ ਝਿਊਰ, ਨਾ ਚਮਾਰ ਨਾ ਚੂਹੜਾ, ਸਗੋਂ ਸਾਰੇ ਇਨਸਾਨ, ਗੁਰੂ ਦੇ ਸਿੱਖ, ਜੋ ਜਾਤ ਮੰਨਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੈ, ਸ਼ੂਦਰਾਂ ਨੂੰ ਆਪਣੇ ਜਥੇਦਾਰਾਂ ਵਿਚ ਥਾਂ ਦਿੱਤੀ। ਰੰਘਰੇਟੇ ਗੁਰੂ ਕੇ ਬੇਟਿਆਂ ਨਾਲ ਜੱਟਾਂ ਦੀਆਂ ਧੀਆਂ ਦੀ ਸ਼ਾਦੀ ਤੱਕ ਕਰਾਈ ਗਈ। ਜਾਤ ਪਾਤ ਦਾ ਹੰਕਾਰ ਖ਼ਤਮ ਕਰ ਕੇ ਰੱਖ ਦਿੱਤਾ। ਹੁਣ ਸਾਰੇ ਸਿੱਖ ਸਨ, ਕੋਈ ਜਾਤ ਗੋਤ ਦੀ ਕੋਈ ਹੋਂਦ ਨਹੀਂ ਸੀ। ਇਹ ਸਭ ਪੱਕਾ ਕਰਨ ਲਈ ਗੁਰੂ ਸਾਹਿਬ ਨੇ ਆਪਣੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਤੇ ਦੋ ਸਾਹਿਬਜ਼ਾਦੇ ਸਰਹਿੰਦ ਨੀਂਹਾਂ ਵਿਚ ਸ਼ਹੀਦ ਕਰਵਾ ਦਿੱਤੇ ਪਰ ਅਕਾਲ ਪੁਰਖ ਤੇ ਰਤਾ ਜਿਨਾ ਵੀ ਮਲਾਲ ਨਾ ਕੀਤਾ। ਸਗੋਂ ਆਪਣੀ ਸਿੱਖੀ ਨੂੰ ਬਚਾਉਣ ਦਾ ਨਾਅਰਾ ਮਾਰਦੇ ਹੋਏ ਸਭ ਨੂੰ ਕਿਹਾ ਕਿ ਜੇਕਰ ਚਾਰ ਚਲੇ ਗਏ ਤਾਂ ਕੀ ਹੋ ਗਿਆ ਅਸਲ ਵਿਚ ਸਿੱਖੀ ਨੂੰ ਜਿਉਂਦਾ ਰੱਖਣ ਲਈ ਹਜ਼ਾਰਾਂ ਸਿੱਖ ਜਿਉਂਦੇ ਹਨ। ਹਿੰਦੂਆਂ ਨੇ ਵੀ ਸਿੱਖੀ ਵਿਚ ਬੜਾ ਵੱਡਾ ਕੰਮ ਕੀਤਾ, ਆਮ ਤੌਰ ਤੇ ਗੰਗੂ ਬਾਮਣ ਤੇ ਸੁੱਚਾ ਨੰਦ ਦੀ ਗੱਲ ਕਰ ਕੇ ਹਿੰਦੂਆਂ ਨੂੰ ਭੰਡਿਆ ਜਾਂਦਾ ਹੈ ਪਰ ਹਿੰਦੂਆਂ ਵਿਚੋਂ ਹੀ ਦੀਵਾਨ ਟੋਡਰ ਮੱਲ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਅਤਿੰਮ ਸੰਸਕਾਰ ਲਈ ਵਜੀਰ ਖਾਂ ਤੋਂ ਖੜੀਆਂ ਮੋਹਰਾਂ ਕਰ ਕੇ ਜ਼ਮੀਨ ਖ਼ਰੀਦੀ ਸੀ, ਜੋ ਰਹਿੰਦੀ ਦੁਨੀਆਂ ਤੱਕ ਸਭ ਤੋਂ ਮਹਿੰਗੀ ਜ਼ਮੀਨ ਕਹਿਲਾਈ ਜਾਵੇਗੀ। ਹੋਰ ਵੀ ਕਾਫੀ ਨਾਮ ਹਨ ਜਿਨ੍ਹਾਂ ਗੁਰੂ ਸਾਹਿਬ ਨਾਲ ਵਫ਼ਾਦਾਰੀ ਨਿਭਾਈ। ਪਰ ਹਿੰਦ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਅਹਿਸਾਨ ਹੈ, ਜਿਸ ਬਾਰੇ ਕਵੀਆਂ ਨੇ ਇੰਜ ਵੀ ਲਿਖਿਆ ਹੈ
'
ਛਾਇ ਜਾਤੀ ਏਕਤਾ, ਅਨੇਕਤਾ ਬਲਾਇ ਜਾਤੀ। ਧਾਇ ਜਾਤੀ ਕੁਚਲਤਾ ਕਤੇਬਨ ਕੁਰਾਨ ਕੀ। ਪਾਪ ਪ੍ਰਪੱਕ
ਜਾਤੇ, ਧਰਮ ਧਸਕ ਜਾਤੇ, ਵਰਨ ਗ਼ਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ
ਹੋਤੇ, ਰੀਤ ਮਿਟ ਜਾਤੀ ਕਥਾ ਵੇਦ ਔ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਤਿਤ ਪਾਵਨ ਸੂਰ,
ਮੂਰਤੀ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ।'
-ਗੁਰਨਾਮ ਸਿੰਘ ਅਕੀਦਾ
Wednesday, October 05, 2022
ਅੱਜ ਵੀ ਕਲਮ ਚੱਲਦੀ ਹੈ 89 ਸਾਲਾ ਨੌਜਵਾਨ ਪੱਤਰਕਾਰ ‘ਅਵਤਾਰ ਸਿੰਘ ਗ਼ੈਰਤ’ ਦੀ
ਕਰੀਬ ਇਕ ਦੀ ਸਦੀ ਦੀ ਉਮਰ ਲੰਘਾ ਚੁੱਕੇ ਪੱਤਰਕਾਰ ਕੋਲ ਬੜਾ ਖ਼ਜ਼ਾਨਾ ਹੁੰਦਾ ਹੈ ਸਿਆਸਤ, ਸਮਾਜਕ, ਆਰਥਿਕ ਤੇ ਹੋਰ ਵੱਖ ਵੱਖ ਮੁੱਦਿਆਂ ਦਾ। ਅਜਿਹੇ ਪੱਤਰਕਾਰ ਕੋਲੋਂ ਨਿਮਰਤਾ ਨਾਲ ਬੈਠ ਹੀ ਕੁਝ ਸਿੱਖਿਆ ਜਾ ਸਕਦਾ ਹੈ। ਕਲਮਾ ਦੇ ਕਾਫ਼ਲੇ ਬੜੇ ਛੋਟੇ ਹੁੰਦੇ ਸੀ। ਰਿਆਸਤੀ ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ। ਅਸਲ ਵਿਚ ਰਿਆਸਤ ਵਿਚ ਪੱਤਰਕਾਰ ਮਹਾਰਾਜਿਆਂ ਦੇ ਪੱਖ ਵਿਚ ਹੀ ਲਿਖਦੇ ਸਨ। ਜੇਕਰ ਕਿਸੇ ਨੇ ਅਖ਼ਬਾਰ ਬਗੈਰਾ ਕੱਢਿਆ ਤਾਂ ਸਮਝੋ ਉਸ ਨੇ ਸਿੱਧਾ ਹੀ ਰਿਆਸਤ ਨਾਲ ਪੰਗਾ ਲੈ ਲਿਆ, ਕੁਝ ਕ੍ਰਾਂਤੀਕਾਰੀ ਯੋਧੇ ਹੁੰਦੇ ਸੀ ਜੋ ਸਮੇਂ ਅਨੁਸਾਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੈਂਫ਼ਲਿਟਾਂ ਦਾ ਸਹਾਰਾ ਲੈਂਦੇ ਸੀ, ਉਸੇ ਨੂੰ ਸੂਚਨਾ ਦਾ ਸਾਧਨ ਮੰਨਿਆ ਜਾਂਦਾ ਸੀ। ਉਂਜ ਪਟਿਆਲਾ ਰਿਆਸਤ ਵਿਚ ‘ਗੁਰੂ ਘੰਟਾਲ’ ਵਰਗੇ ਇਕਾ ਦੁੱਕਾ ਅਖ਼ਬਾਰ ਹੀ ਨਿਕਲਦੇ ਸਨ(ਵੇਰਵੇ ਕਿਤਾਬ ਵਿਚ ਮਿਲਣਗੇ)। ਉਸ ਵੇਲੇ ਉਰਦੂ ਭਾਸ਼ਾ ਦਾ ਬੋਲ ਬਾਲਾ ਸੀ, ਪੰਜਾਬੀ ਬੜੀ ਘੱਟ ਲਿਖੀ ਜਾਂਦੀ ਸੀ। ਦੇਸ਼ ਭਾਵੇਂ ਅਜ਼ਾਦ ਹੋ ਗਿਆ ਸੀ, ਦੇਸ਼ ਦੀ ਵੰਡ ਹੋ ਗਈ ਸੀ। ਉਰਦੂ ਪੜ੍ਹਨ ਲਿਖਣ ਵਾਲੇ ਜ਼ਿਆਦਾਤਰ ਲੋਕ ਪਾਕਿਸਤਾਨ ਵਿਚ ਚਲੇ ਗਏ ਸਨ। ਪਰ ਫਿਰ ਵੀ ‘ਅਜੀਤ’ ਵਰਗਾ ਅਖ਼ਬਾਰ ਵੀ ਉਸ ਵੇਲੇ ਉਰਦੂ ਵਿਚ ਹੀ ਛਪਦਾ ਸੀ।
1951 ਪੈਪਸੂ ਵੇਲੇ ਦੇ ਕੁਝ ਪੁਰਾਣੇ ਪੱਤਰਕਾਰ
ਭਾਈ ਰਤਨ ਸਿੰਘ ਅਜ਼ਾਦ (ਸਟੇਟਸਮੈਨ), ਕੰਵਰ ਰਵੇਲ ਸਿੰਘ (ਸੰਗਤ ਦਰਪਣ), ਇੰਦਰ ਸਿੰਘ ਅਕਾਲੀ (ਜਨਤਾਗੱਗ ਸਰਹਿੰਦ), ਭੂਸ਼ਣ ਸਰਹਿੰਦੀ (ਟਾਈਮਜ਼ ਆਫ਼ ਇੰਡੀਆ), ਹਰੀ ਸਿੰਘ (ਖ਼ਾਲਸਾ ਸੇਵਕ), ਰਿਪੁਦਮਨ ਸਿੰਘ ਰੀਹੇਈ (ਨਵਾਂ ਵਕਤ), ਮੋਹਰ ਸਿੰਘ ਰੰਗ (ਪ੍ਰਭਾਤ), ਕੁਲਵੰਤ ਸਿੰਘ ਗੁਪਤਾ (ਬਠਿੰਡਾ), ਰਾਮ ਮੂਰਤੀ ਸ਼ਰਮਾ (ਨਯਾ ਸੰਸਾਰ), ਗੁਰਚਰਨ ਸਿੰਘ (ਪਰਕਾਸ਼), ਕੁਲਵੰਤ ਰਾਏ ਭਾਰਤੀ (ਬਠਿੰਡਾ), ਜਗਜੀਤ ਸਿੰਘ (ਖ਼ਾਲਸਾ ਸੇਵਕ), ਗਿਆਨੀ ਗੁਰਦਿੱਤ ਸਿੰਘ (ਪ੍ਰਕਾਸ਼), ਕਿਰਪਾਲ ਸਿੰਘ ਅਰਸ਼ੀ, ਵਿੱਦਿਆ ਸਾਗਰ (ਟ੍ਰਿਬਿਊਨ), ਹਰਦੀਪ ਸਿੰਘ (ਪ੍ਰਕਾਸ਼), ਰਾਜਿੰਦਰ ਸਿੰਘ (ਪੀਟੀਆਈ), ਸੁਦਰਸ਼ਨ ਭਾਟੀਆ (ਜੁਆਇੰਟ ਐਡੀਟਰ ਮਿਲਾਪ), ਬਜਰੰਗ ਬਾਲੀ ਦੁੱਗਲ (ਟ੍ਰਿਬਿਊਨ), ਜੀਐਸ ਸੇਡਾ (ਬਾਲ ਸੰਸਾਰ) ਆਦਿ ਸਨ। (ਪੱਤਰਕਾਰਾਂ ਦੀ ਫ਼ੋਟੋ ਨਾਲ ਹੈ)
ਮੈਂ ਅੱਜ 89 ਸਾਲਾ ਪੱਤਰਕਾਰ ਅਵਤਾਰ ਸਿੰਘ ਗ਼ੈਰਤ ਦੀ ਗੱਲ ਕਰ ਰਿਹਾ ਹਾਂ। ਮੈਂ ਜਦੋਂ ਉਨ੍ਹਾਂ ਨੂੰ ਮਿਲਣ ਲਈ ਗਿਆ ਤਾਂ ਉਹ ਮਹਿਜ਼ ਬਨੈਣ ਤੇ ਪਜਾਮੇ ਵਿਚ ਹੀ ਸਨ ਤੇ ਮੇਰੀ ਹਰ ਪੱਖੋਂ ਮਦਦ ਕਰ ਰਹੇ ਸਨ। ਆਪਣੀਆਂ ਫਾਈਲਾਂ ਫਰੋਲ ਕੇ ਮੈਨੂੰ ਆਪਣੇ ਨਾਲ ਸਬੰਧਿਤ ਜਾਣਕਾਰੀ ਦੇ ਰਹੇ ਸਨ। ਤੰਦਰੁਸਤ ਨਜ਼ਰ ਆਏ।
26 ਅਕਤੂਬਰ 1933 ਨੂੰ ਜਨਮੇ ਪੱਤਰਕਾਰ ਅਵਤਾਰ ਸਿੰਘ ‘ਗ਼ੈਰਤ’ ਵੀ ਉਰਦੂ ਭਾਸ਼ਾ ਦੇ ਹੀ ਗਿਆਤਾ ਸਨ। ਪੜ੍ਹਨ ਲਿਖਣ ਦਾ ਸ਼ੌਕ ਸੀ, ਇਸੇ ਕਰਕੇ ਉਨ੍ਹਾਂ ਨੂੰ ‘ਅਜੀਤ’ ਅਖ਼ਬਾਰ ਦੇ ਉਸ ਵੇਲੇ ਦੇ ਮੁੱਖ ਸੰਪਾਦਕ (ਮਾਲਕ) ਸਾਧੂ ਸਿੰਘ ਹਮਦਰਦ ਨੇ ਅਜੀਤ ਵਿਚ ਕੰਮ ਕਰਨ ਲਈ ਬੁਲਾ ਲਿਆ ਸੀ। ਜਨਵਰੀ 1952 ਤੋਂ 2 ਫਰਵਰੀ 1953 ਤੱਕ ਅਵਤਾਰ ਸਿੰਘ ਗ਼ੈਰਤ ਨੇ ਅਜੀਤ ਵਿਚ ਕੰਮ ਕੀਤਾ। ਅਜੀਤ ਵਿਚੋਂ ਹੀ ਗ਼ੈਰਤ ਹੋਰਾਂ ਪੱਤਰਕਾਰੀ ਦੇ ਗੁਰ ਸਿੱਖੇ। ਉਸ ਵੇਲੇ ਸ. ਗ਼ੈਰਤ ਦੇ ਚਾਚਾ ਸ. ਮੇਹਰ ਸਿੰਘ ਪਟਿਆਲਾ ਵਿਚ ਉਰਦੂ ਦਾ ਇਕ ਹਫ਼ਤਾਵਾਰੀ ਅਖ਼ਬਾਰ ‘ਰਣਜੀਤ’ ਪ੍ਰਕਾਸ਼ਿਤ ਕਰਦੇ ਸਨ। ਉਸ ਵੇਲੇ ਪੰਜਾਬੀ ਪੜ੍ਹਨੀ ਕਾਫ਼ੀ ਸ਼ੁਰੂ ਹੋ ਗਈ ਸੀ। ਭਾਵ ਕਿ ਪੰਜਾਬੀ ਦਾ ਬੋਲ ਬਾਲਾ ਹੋ ਗਿਆ ਸੀ। ਸ. ਮੇਹਰ ਸਿੰਘ ਨੇ ਪਟਿਆਲਾ ਤੋਂ ਨਿਕਲ ਰਹੇ ਹਫ਼ਤਾਵਾਰੀ ਅਖ਼ਬਾਰ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਕਰਨਾ ਫ਼ੈਸਲਾ ਕੀਤਾ ਤੇ ਨਾਲ ਹੀ ਫ਼ੈਸਲਾ ਕੀਤਾ ਕਿ ਇਹ ਅਖ਼ਬਾਰ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾਵੇ। ਪਾਕਿਸਤਾਨ ਤੋਂ ਆਏ ਲੋਕ ਭਾਰਤੀ ਪੰਜਾਬ ਵਿਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਜੱਦੋ ਜਹਿਦ ਕਰ ਰਹੇ ਸਨ। ਉਸ ਵੇਲੇ ਭਾਰਤੀ ਪੰਜਾਬ ਵਿਚ ਉਰਦੂ ਦਾ ਭਵਿੱਖ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਸਕੂਲਾਂ ਵਿਚ ਪੜਾਈ ਦਾ ਮਾਧਿਅਮ ਉਰਦੂ ਦੀ ਥਾਂ ਪੰਜਾਬੀ ਨੂੰ ਬਣਾ ਦਿੱਤਾ ਗਿਆ ਸੀ। ਪੰਜਾਬੀ ਦੀ ਪੜਾਈ ਲਈ ਬਹੁਤ ਸਾਰੇ ਗਿਆਨੀ ਕਾਲਜ ਵਜੂਦ ਵਿਚ ਆਏ।
ਅਵਤਾਰ ਸਿੰਘ ਗ਼ੈਰਤ ਹੋਰਾਂ ਨੂੰ ਉਨ੍ਹਾਂ ਦੇ ਚਾਚਾ ਮੇਹਰ ਸਿੰਘ ਨੇ ਪਟਿਆਲਾ ਵਿਚ ਆਕੇ ਪੱਤਰਕਾਰੀ ਕਰਨ ਲਈ ਕਿਹਾ। ਪਰ ਅਵਤਾਰ ਸਿੰਘ ਨੂੰ ਪੰਜਾਬੀ ਨਹੀਂ ਆਉਂਦੀ ਸੀ। ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ‘ਬੁੱਧੀਮਾਨੀ’ ਦੀ ਪੜਾਈ ਕੀਤੀ ਫੇਰ ‘ਵਿਦਵਾਨੀ’ ਦੀ ਪੜਾਈ ਕੀਤੀ ਉਸ ਤੋਂ ਬਾਅਦ ‘ਗਿਆਨੀ’ ਦੀ ਪੜਾਈ ਪੰਜਾਬੀ ਯੂਨੀਵਰਸਿਟੀ ਤੋਂ ਕਰ ਲਈ, ਹੁਣ ਅਵਤਾਰ ਸਿੰਘ ਗ਼ੈਰਤ ਪੰਜਾਬੀ ਵਿਚ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਸਨ। ਰਣਜੀਤ ਅਖ਼ਬਾਰ ਨੂੰ ਉਰਦੂ ਦੀ ਥਾਂ ਪੰਜਾਬੀ ਅਖ਼ਬਾਰ ਦਾ ਰੂਪ ਦੇ ਦਿੱਤਾ ਗਿਆ। ਅਵਤਾਰ ਸਿੰਘ ਗ਼ੈਰਤ ਨੂੰ ਪਟਿਆਲਾ ਵਿਚ ਪੰਜਾਬੀ ਪੱਤਰਕਾਰੀ ਦੀ ਨੀਂਹ ਰੱਖਣ ਦਾ ਮਾਣ ਪ੍ਰਾਪਤ ਹੋਇਆ। ਉਹ ਪੰਜਾਬੀ ਅਖ਼ਬਾਰ ਰਣਜੀਤ ਦੇ ‘ਸੀਨੀਅਰ ਅਸਿਸਟੈਂਟ ਐਡੀਟਰ’ ਬਣ ਗਏ। 1964 ਤੱਕ ਅਵਤਾਰ ਸਿੰਘ ਗ਼ੈਰਤ ਨੇ ਰਣਜੀਤ ਅਖ਼ਬਾਰ ਵਿਚ ਕੰਮ ਕੀਤਾ। ਰਣਜੀਤ ਇਕ ਅਜਿਹਾ ਅਖ਼ਬਾਰ ਸੀ ਜੋ ਬਠਿੰਡਾ ਤੋਂ ਵੀ ਛਪਦਾ ਸੀ। ਰਣਜੀਤ ਅਖ਼ਬਾਰ ਦੀ ਉਸ ਵੇਲੇ ਬੱਲੇ ਬੱਲੇ ਸੀ, ਲੋਕ ਰਣਜੀਤ ਅਖ਼ਬਾਰ ਨੂੰ ਉਡੀਕਦੇ ਹੁੰਦੇ ਸਨ।
ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਨਾਮਵਰ ਪੱਤਰਕਾਰਾਂ ਵਿਚ ਸਾਧੂ ਸਿੰਘ ਹਮਦਰਦ, ਮਹਾਸ਼ਾ ਕਰਿਸ਼ਨ, ਮਹਾਸ਼ਾ ਖ਼ੁਸ਼ਹਾਲ ਚੰਦ, ਨਾਨਕ ਚੰਦ ਨਾਜ਼, ਲਾਲਾ ਜਗਤ ਨਰਾਇਣ, ਅਮਰ ਸਿੰਘ ਦੁਸਾਂਝ, ਗਿਆਨੀ ਸ਼ਾਦੀ ਸਿੰਘ, ਕਰਮ ਸਿੰਘ ਜ਼ਖ਼ਮੀ, ਸੂਬਾ ਸਿੰਘ, ਗਿਆਨੀ ਗੁਰਦਿੱਤ ਸਿੰਘ ਆਦਿ ਨੂੰ ਮਿਲ ਕੇ ਉਹ ਬਹੁਤ ਸਕੂਨ ਮਹਿਸੂਸ ਕਰਦੇ ਸਨ ਤੇ ਇਨ੍ਹਾਂ ਪੱਤਰਕਾਰਾਂ ਤੋਂ ਬਹੁਤ ਕੁਝ ਸਿੱਖਿਆ। ਉਹ ਥੋੜ੍ਹਾ ਅਫ਼ਸੋਸ ਜ਼ਾਹਿਰ ਕਰਦੇ ਹਨ ਕਿ ਅੱਜ ਇਨ੍ਹਾਂ ਵਿਚੋਂ ਸਰੀਰਕ ਤੌਰ ਤੇ ਕੋਈ ਵੀ ਸਾਡੇ ਵਿਚ ਨਹੀਂ ਹੈ।
1965 ਵਿਚ ਅਵਤਾਰ ਸਿੰਘ ਗ਼ੈਰਤ ਨੇ ਰਣਜੀਤ ਅਖ਼ਬਾਰ ਤੋਂ ਅਸਤੀਫ਼ਾ ਦੇ ਕੇ ਆਪਣਾ ਹਫ਼ਤਾਵਾਰੀ ਅਖ਼ਬਾਰ ‘ਗ਼ੈਰਤ’ ਸ਼ੁਰੂ ਕਰ ਲਿਆ। ਇਹ ਅਖ਼ਬਾਰ ਅੱਜ ਵੀ ਚੱਲ ਰਿਹਾ ਹੈ, ਬੇਸ਼ੱਕ ਅੱਜ ਪੰਜਾਬੀ ਦੀ ਹਫ਼ਤਾਵਾਰੀ ਜਾਂ ਮਹੀਨਾਵਾਰੀ ਪੱਤਰਕਾਰੀ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਅਵਤਾਰ ਸਿੰਘ ਗ਼ੈਰਤ ਪੰਜਾਬੀ ਮਾਂ ਬੋਲੀ ਨੂੰ ਪ੍ਰਣਾਏ ਹੋਏ ਹਨ।
1976 ਵਿਚ ਉਨ੍ਹਾਂ ਦੀ ਪੱਤਰਕਾਰਤਾ ਵਿਚ ਕਾਬਲੀਅਤ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਨੇ ਅਵਤਾਰ ਸਿੰਘ ਗ਼ੈਰਤ ਨੂੰ ਆਪਣੇ ਲੋਕ ਸੰਪਰਕ ਵਿਭਾਗ ਵਿਚ ਸੂਚਨਾ ਅਫ਼ਸਰ ਦੀ ਨੌਕਰੀ ਦੇ ਦਿੱਤੀ। ‘ਗ਼ੈਰਤ’ ਅਖ਼ਬਾਰ ਨੂੰ ਗ਼ੈਰਤ ਵਿਚ ਕੰਮ ਕਰਦਾ ਸਟਾਫ਼ ਹੀ ਪ੍ਰਕਾਸ਼ਿਤ ਕਰਦਾ ਰਿਹਾ। ਬਿਜਲੀ ਬੋਰਡ ਦੇ ਆਪਣੇ ਛੱਪਦੇ ਪਰਚੇ ‘ਇਲੈਕਟ੍ਰਿਸਿਟੀ’ ਦਾ ਵੀ ਸ. ਗ਼ੈਰਤ ਨੇ ਸੰਪਾਦਨ ਕੀਤਾ। ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਵਿਚ ਤਿਮਾਹੀ ਤੌਰ ਤੇ ਛਪਦਾ ਸੀ। ਇਸੇ ਦੌਰਾਨ ਮਹੀਨਾਵਾਰ ਨਿਊਜ਼ ਲੈਟਰ ‘ਪੀਐਸਈਬੀ ਨਿਊਜ਼’ ਪੰਜਾਬੀ ਵਿਚ ਸ਼ੁਰੂ ਕੀਤਾ। 31 ਅਕਤੂਬਰ 1991 ਨੂੰ ਅਵਤਾਰ ਸਿੰਘ ਗ਼ੈਰਤ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਤੌਰ ਡਿਪਟੀ ਡਾਇਰੈਕਟਰ ਲੋਕ ਸੰਪਰਕ (ਵਿਭਾਗ ਦੇ ਮੁਖੀ) ਵਜੋਂ ਸੇਵਾ ਮੁਕਤ ਹੋ ਗਏ। ਸੇਵਾ ਮੁਕਤ ਹੋਣ ਤੋਂ ਬਾਅਦ ਹੀ ਸ. ਗ਼ੈਰਤ ਨੇ ਆਪਣੇ ਗ਼ੈਰਤ ਅਖ਼ਬਾਰ ਦਾ ਸੰਪਾਦਕ ਦਾ ਅਹੁਦਾ ਸੰਭਾਲ ਲਿਆ।
ਉਨ੍ਹਾਂ ਦਾ ਅਖ਼ਬਾਰ ਵਿਚ ਕਾਲਮ ‘ਮੈਂ ਦੇਖਦਾ ਚਲਾ ਗਿਆ’ ਕਾਫ਼ੀ ਚਰਚਿਤ ਹੋਇਆ। ਜੋ ਕਿ ਚਲੰਤ ਮਾਮਲਿਆਂ ਤੇ ਹੀ ਅਧਾਰਿਤ ਹੁੰਦਾ ਹੈ। ਇਨਾਮ ਸਨਮਾਨ ਕਾਫ਼ੀ ਮਿਲੇ ਹਨ, ਪਟਿਆਲਾ ਦੇ ਮਹਾਰਾਜਾ ਪਰਿਵਾਰ ਨਾਲ ਕਾਫ਼ੀ ਨੇੜਤਾ ਰਹੀ ਹੈ, ਆਪਣੇ ਘਰੇਲੂ ਸਮਾਗਮਾਂ ਵਿਚ ਵੀ ਅਵਤਾਰ ਸਿੰਘ ਨੂੰ ਮਹਾਰਾਜਾ ਪਰਿਵਾਰ ਬੁਲਾਉਂਦਾ ਰਿਹਾ ਹੈ।
ਸਿਰਜਣਾ ਵਿਚ ਵੀ ਹੱਥ ਅਜ਼ਮਾਇਆ ਹੈ ਅਵਤਾਰ ਸਿੰਘ ਗ਼ੈਰਤ ਨੇ
ਅਵਤਾਰ ਸਿੰਘ ਗ਼ੈਰਤ ਨੇ ਦੋ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਵਿਚ ‘ਪੰਜਾਬ ਦੀਆਂ ਕੁਝ ਮਹਾਨ ਔਰਤਾਂ’ ਅਤੇ ਹਾਲ ਹੀ (2021) ਵਿਚ ਪ੍ਰਕਾਸ਼ਿਤ ਹੋਈ ‘ਪਟਿਆਲਾ ਸ਼ਹਿਰ ਤੇ ਇੱਥੋਂ ਦੇ ਵਸਨੀਕ’ ਚਰਚਾ ਵਿਚ ਹਨ। ਪੱਤਰਕਾਰੀ ਦੇ ਨਾਲ ਨਾਲ ਉਨ੍ਹਾਂ ਨੇ ਪੰਜਾਬੀ ਕਲਚਰ ਐਸੋਸੀਏਸ਼ਨ ਦੀ ਪ੍ਰਧਾਨਗੀ ਵੀ ਲਗਾਤਾਰ ਕੀਤੀ ਹੈ। ਅੱਜ ਵੀ ਉਹ ਲਿਖਣਾ ਤੇ ਪੜ੍ਹਨਾ ਪਸੰਦ ਕਰਦੇ ਹਨ।ਪਰਿਵਾਰ ਵਿਚ ਤਿੰਨ ਬੇਟੀਆਂ ਤੇ ਦੋ ਬੇਟੇ ਆਪੋ ਆਪਣੇ ਕਾਰੋਬਾਰ ਵਿਚ ਮਸਰੂਫ਼ ਹਨ।
ਕੇਸ, ਧਮਕੀਆਂ ਆਦਿ
ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਖਾੜਕੂਵਾਦ ਵੇਲੇ ਮੈਂ ਅਤੇ ‘ਇੰਤਕਾਮ’ ਦੇ ਸੰਪਾਦਕ ਹਰਦੇਵ ਸਿੰਘ ਸਾਹਨੀ ਨੇ ਇਕ ਸੰਪਾਦਕੀ ਲਿਖੀ ਸੀ ਜਿਸ ਕਰਕੇ ਮੇਰੇ ਅਤੇ ਸ. ਸਾਹਨੀ ਦੇ ਵਰੰਟ ਈਸ਼ੂ ਹੋ ਗਏ ਸਨ। ਸਰਕਾਰ ਨੇ ਮੈਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। ਵਰ ਉਸ ਵੇਲੇ ਗ੍ਰਹਿ ਮੰਤਰਾਲੇ ਦੇ ਸਕੱਤਰ ਨਾਲ ਅਸੀਂ ਰਾਬਤਾ ਕਾਇਮ ਕਰਕੇ ਸਾਰੀ ਕਹਾਣੀ ਸਮਝਾਈ ਤਾਂ ਉਨ੍ਹਾਂ ਨੇ ਉਹ ਵਰੰਟ ਰੱਦ ਕਰਵਾਏ ਸਨ।
ਕਾਫ਼ੀ ਯਾਦਾਂ ਵਿਚ ਇਕ ਯਾਦ
ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਇਕ ਵਾਰ ਪੰਜਾਬ ਵਿਚ ਸੋਵੀਅਤ ਯੂਨੀਅਨ ਦੇ ਪੀਐਮ ਖੁਸ਼ਤੋਵ ਤੇ ਪ੍ਰੈਜ਼ੀਡੈਂਟ ਬਲਗਾਰਡ ਪੰਜਾਬ ਆਏ ਸਨ। ਉਨ੍ਹਾਂ ਨੇ ਨੰਗਲ ਵਿਚ ਪ੍ਰੈੱਸ ਕਾਨਫ਼ਰੰਸ ਕਰਨੀ ਸੀ, ਪੰਜਾਬ ਦੇ ਗਿਣਵੇਂ ਪੱਤਰਕਾਰ ਹੀ ਬੁਲਾਏ ਗਏ ਸਨ ਉਨ੍ਹਾਂ ਵਿਚ ਮੈਂ ਵੀ ਸੀ। ਸਾਨੂੰ ਉਸ ਵੇਲੇ ਵਿਸਕੀ ਸਰਵ ਕੀਤੀ ਜਾ ਰਹੀ ਸੀ। ਪਰ ਨਾਲ ਹੀ ਵੋਡਕਾ ਵੀ ਸਰਵ ਹੋ ਰਹੀ ਸੀ, ਅਸੀਂ ਵੋਡਕਾ ਹੀ ਪੀਤੀ ਤਾਂ ਵੋਡਕਾ ਸਾਨੂੰ ਬਹੁਤ ਸੁਆਦ ਲੱਗੇ ਅਸੀਂ ਕਹਿਣ ਲੱਗੇ ਕਿ ਵੋਡਕਾ ਤਾਂ ਪੰਜਾਬ ਵਿਚ ਵੀ ਆਉਣੀ ਚਾਹੀਦੀ ਹੈ ਕਿਉਂਕਿ ਉਸ ਵੇਲੇ ਵੋਡਕਾ ਪੰਜਾਬ ਵਿਚ ਨਹੀਂ ਸੀ, ਉਸ ਤੋਂ ਬਾਅਦ ਵੋਡਕਾ ਵੀ ਪੰਜਾਬ ਵਿਚ ਮਿਲਣ ਲੱਗ ਪਈ ਸੀ।
ਇਸੇ ਤਰ੍ਹਾਂ ਅਵਤਾਰ ਸਿੰਘ ਗ਼ੈਰਤ ਹੋਰ ਸਾਂਝਾ ਦੇ ਨਾਲ ਇਕ ਹੋਰ ਸਾਂਝ ਪਾਉਂਦੇ ਹਨ ਕਿ ਉਸ ਵੇਲੇ ਅਖ਼ਬਾਰ ਇਸ਼ਤਿਹਾਰਾਂ ਦੇ ਸਿਰ ਤੇ ਨਿਕਲਦੇ ਸੀ। ਪਰ ਇਸ਼ਤਿਹਾਰ ਵੀ ਨਹੀਂ ਮਿਲਦੇ ਸੀ ਤਾਂ ਫਿਰ ਜਾਂ ਤਾਂ ਅਖ਼ਬਾਰ ਵੇਚੇ ਜਾਣ ਜਾਂ ਫਿਰ ਕਿਤੋਂ ਰੁਪਿਆਂ ਦਾ ਜੁਗਾੜ ਬਣਾਇਆ ਜਾਵੇ। ਫੇਰ ਪੱਤਰਕਾਰ ਕਈ ਵਾਰੀ ਅਧਿਕਾਰੀਆਂ ਵਿਰੁੱਧ ਖ਼ਬਰਾਂ ਲਗਾਉਂਦੇ ਸਨ। ਤੇ ਅਧਿਕਾਰੀਆਂ ਤੋਂ ਮਦਦ ਲੈ ਲੈਂਦੇ ਸਨ। ਵੱਡੇ ਅਖ਼ਬਾਰਾਂ ਦੇ ਪੱਤਰਕਾਰ ਇਸ ਤਰ੍ਹਾਂ ਨਹੀਂ ਕਰਦੇ ਸਨ। ਪ੍ਰਸ਼ਾਸਨ ਤੇ ਸਰਕਾਰਾਂ ਪੱਤਰਕਾਰਾਂ ਦੀ ਇੱਜ਼ਤ ਬਹੁਤ ਕਰਦੀਆਂ ਸਨ। ਕੋਈ ਭੇਦ ਭਾਵ ਨਹੀਂ ਹੁੰਦਾ ਸੀ। ਡੀ ਸੀ ਤੇ ਐਸਪੀ (ਉਸ ਵੇਲੇ ਐਸਐਸਪੀ ਨਹੀਂ ਹੁੰਦਾ ਸੀ) ਪੱਤਰਕਾਰਾਂ ਦੀ ਬਹੁਤ ਇੱਜ਼ਤ ਕਰਦੇ ਸਨ। ਪੱਤਰਕਾਰਾਂ ਵਿਚ ਏਕਾ ਹੁੰਦਾ ਸੀ। ਲੋਕ ਸੰਪਰਕ ਵਿਭਾਗ ਸਿਰਫ਼ ਪੱਤਰਕਾਰਾਂ ਲਈ ਨਹੀਂ ਹੁੰਦਾ ਸੀ ਸਗੋਂ ਉਹ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕਰਦਾ ਸੀ। ਪਟਿਆਲਾ ਵਿਚ ਕਾਫ਼ੀ ਚਰਚਿਤ ਪੱਤਰਕਾਰ ਰਹੇ ਹਨ ਜਿਨ੍ਹਾਂ ਵਿਚ ਭੂਸ਼ਣ ਸਰਹਿੰਦੀ, ਸ਼ੇਰ ਗੁਪਤਾ, ਤਾਰਾ ਚੰਦ ਗੁਪਤਾ ਆਦਿ ਸਨ। ਫੇਰ ਪੱਤਰਕਾਰਾਂ ਦੀ ਗਿਣਤੀ ਵਧਦੀ ਗਈ ਤੇ ਪੱਤਰਕਾਰਤਾ ਆਦਰਸ਼ਹੀਣ ਹੁੰਦੀ ਗਈ।
ਉਨ੍ਹਾਂ ਦੀ ਉਮਰ ਕਾਫ਼ੀ ਹੋ ਚੁੱਕੀ ਹੈ ਪਰ ਤੰਦਰੁਸਤ ਹਨ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਹਮੇਸ਼ਾਂ ਤੰਦਰੁਸਤ ਰਹਿਣ।
ਗੁਰਨਾਮ ਸਿੰਘ ਅਕੀਦਾ
8146001100
Tuesday, September 27, 2022
ਪੰਜਾਬੀ ਟ੍ਰਿਬਿਊਨ ਦੇ ਫਾਊਂਡਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’
ਕਈ ਵਾਰੀ ਕਲਮ ਹੀ ਬੰਦੇ ਨੂੰ ਚੁਣਦੀ ਹੈ, ਜ਼ਬਰਦਸਤੀ ਹੱਥ ਵਿਚ ਫੜੀ ਕਲਮ ਵੀ ਕਈ ਵਾਰੀ ਬੰਦੇ ਨੂੰ ਮੁਸ਼ਕਲਾਂ ਵਿਚ ਪਾ ਦਿੰਦੀ ਹੈ, ਮੈਂ ਕਲਮ ਨੂੰ ‘ਸ਼ਬਦ’ ਦੀ ‘ਮਾਂ’ ਮੰਨਦਾ ਹਾਂ, ‘ਸ਼ਬਦ’ ਨੂੰ ਗੁਰੂ। ਸੋ ਸੋਚੋ ਕਲਮ ਵਿਚ ਕਿੰਨੀ ਤਾਕਤ ਹੋਵੇਗੀ ਜੋ ਸਾਡੇ ਗੁਰੂ ਨੂੰ ਸਿਰਜਦੀ ਹੈ। ਕਲਮ ਚਲਾਉਣ ਵਾਲੇ ਹੱਥ ਕੋਈ ਮਾਮੂਲੀ ਨਹੀਂ ਹੁੰਦੇ, ਸਗੋਂ ਇਹ ਹੱਥ ਵੀ ਇਲਾਹੀ ਹੁੰਦੇ ਹਨ। ਕਲਮ ਚਲਾਉਣ ਵਾਲੇ ਹੱਥਾਂ ਨੂੰ ਹਮੇਸ਼ਾ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੈਂ ਅਜਿਹੇ ਸ਼ਬਦ ਸਿਰਜ ਰਿਹਾ ਹਾਂ ਜਿਸ ਨਾਲ ਸਮਾਜ, ਕੌਮ, ਦੇਸ਼ ਦੀ ਭਲਾਈ ਹੀ ਹੋਣੀ ਚਾਹੀਦੀ ਹੈ। ਗ਼ਲਤ ਸਿਰਜੇ ਗਏ ਸ਼ਬਦ ਕਲਮ ਫੜਨ ਵਾਲੇ ਹੱਥਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਦੇਖੇ ਗਏ ਹਨ। ਅੱਜ ਮੈਂ ਗੱਲ ਕਰ ਰਿਹਾ ਹਾਂ ਸੱਚੀ ਸੁੱਚੀ ਸੋਚ ਤੇ ਪਾਕ ਪਵਿੱਤਰ ਹੱਥਾਂ ਨਾਲ ਕਲਮ ਚਲਾਉਣ ਉੱਘੇ ਤੇ ਸੀਨੀਅਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’ ਹੋਰਾਂ ਦੀ। ਜਗਤਾਰ ਸਿੰਘ ਸਿੱਧੂ ਨੂੰ ਮੈਂ ਨੇੜਿਓਂ ਵੀ ਜਾਣਦਾ ਹਾਂ ਤੇ ਉਨ੍ਹਾਂ ਦੀ ਕਲਮ ਦਾ ਵੀ ਕਾਇਲ ਰਿਹਾ ਹਾਂ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਚ 4 ਦਸੰਬਰ 1952 ਨੂੰ ਜਨਮੇ ਜਗਤਾਰ ਸਿੰਘ ਸਿੱਧੂ ਨੂੰ ਵੀ ਕਲਮ ਨੇ ਚੁਣਿਆ ਤੇ ਕਲਮ ਨਾਲ ਉਸ ਨੇ ਪੂਰੀ ਇਮਾਨਦਾਰੀ ਨਿਭਾਈ ਤੇ ਸਮਾਜ ਦੇਸ਼ ਕੌਮ ਦੇ ਭਲੇ ਲਈ ਕਲਮ ਚਲਾਈ। ਬਾਪੂ ਸ. ਦਰਸ਼ਨ ਸਿੰਘ ਹੋਰੀਂ ਕਿਸਾਨੀ ਨਾਲ ਸਬੰਧਿਤ ਸਨ ਤੇ ਮਾਤਾ ਗੁਰਚਰਨ ਕੌਰ ਨੇ ਆਪਣੇ ਪੁੱਤ ਨੂੰ ਕਿਸਾਨਾਂ ਵਾਂਗ ਹੀ ਪਾਲਿਆ। ਸੱਚੇ ਕਿਸਾਨ ਦਾ ਪੁੱਤ ਜੇਕਰ ਹੱਲ੍ਹ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਜੇਕਰ ਕਲਮ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਉਸੇ ਤਰ੍ਹਾਂ ਕੀਤਾ ਜਗਤਾਰ ਸਿੰਘ ਸਿੱਧੂ ਨੇ।
ਪੱਤਰਕਾਰੀ ਦੀ ਸ਼ੁਰੂਆਤ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਿਕਲਣ ਵਾਲੇ ‘ਚੰਗੀ ਖੇਤੀ’ ਮੈਗਜ਼ੀਨ ਰਾਹੀਂ ਕੀਤੀ। ਉੱਧਰ ਪੰਜਾਬੀ ਟ੍ਰਿਬਿਊਨ ਦੀ ਸ਼ੁਰੂਆਤ ਹੋਣੀ ਸੀ। ਸ. ਸਿੱਧੂ ਹੋਰੀਂ ਚੰਡੀਗੜ੍ਹ ਵਿਚ ਆ ਗਏ ਤੇ ਜੁਲਾਈ 1978 ਵਿਚ ਜਗਤਾਰ ਸਿੰਘ ਸਿੱਧੂ ਨੇ ਪੰਜਾਬੀ ਟ੍ਰਿਬਿਊਨ ਜੁਆਇਨ ਕਰ ਲਿਆ। ਪੰਜਾਬੀ ਟ੍ਰਿਬਿਊਨ 15 ਅਗਸਤ 1978 ਨੂੰ ਸ਼ੁਰੂ ਹੋਇਆ। ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸੰਪਾਦਕ ਸ.ਬਰਜਿੰਦਰ ਸਿੰਘ ਹਮਦਰਦ (ਅੱਜ ਅਜੀਤ ਅਖ਼ਬਾਰ ਦੇ ਮਾਲਕ) ਬਣੇ। ਉਸ ਵੇਲੇ ਟ੍ਰਿਬਿਊਨ ਸਮੂਹ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਹੋਰੀਂ ਸਨ। ਜਗਤਾਰ ਸਿੰਘ ਸਿੱਧੂ ਨੇ ਆਪਣੀ ਕਲਮ ਬੜੀ ਇਮਾਨਦਾਰੀ ਤੇ ਲੋਕ ਹਿਤ ਵਿਚ ਚਲਾਈ। ਉਨ੍ਹਾਂ ਨੇ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਹਰਭਜਨ ਸਿੰਘ ਹਲਵਾਰਵੀ, ਸ਼ਿੰਗਾਰਾ ਸਿੰਘ ਭੁੱਲਰ, ਸਿੱਧੂ ਦਮਦਮੀ ਤੇ ਵਰਿੰਦਰ ਵਾਲੀਆ ਹੋਰਾਂ ਦੇ ਸੰਪਾਦਕ ਹੁੰਦੇ ਹੋਏ ਆਪਣੀ ਕਲਮ ਚਲਾਈ ਤੇ ਉਹ ਨਿਊਜ਼ ਟੀਮ ਦੇ ਸੀਨੀਅਰ ਐਡੀਟਰ (ਸੀਨੀਅਰ ਸਟਾਫ਼ ਰਿਪੋਰਟਰ) ਵਜੋਂ ਸੇਵਾ ਮੁਕਤ ਹੋਏ।
-ਖਾੜਕੂਵਾਦ ਦੇ ਦੌਰ ਵਿਚ ਕੀਤੀ ਪੱਤਰਕਾਰੀ
ਜਗਤਾਰ ਸਿੰਘ ਸਿੱਧੂ ਦੱਸਦੇ ਹਨ ਕਿ ਖਾੜਕੂਵਾਦ ਦੇ ਦੌਰ ਵਿਚ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਤੇ ਜੋਖ਼ਮ ਭਰਿਆ ਕੰਮ ਸੀ। ਪਰ ਸਾਡਾ ਧਰਮ ਸੀ ਕਿ ਪੱਤਰਕਾਰੀ ਨੂੰ ਹਰ ਹੀਲੇ ਨਿਭਾਇਆ ਜਾਵੇ। ਖਾੜਕੂਆਂ ਦਾ ਦਬਾਅ ਵੱਖਰਾ ਤੇ ਪੁਲੀਸ ਦਾ ਦਬਾਅ ਵੱਖਰਾ। ਚੱਕੀ ਦੇ ਦੋ ਪੁੜ ਸਨ ਉਸ ਵੇਲੇ ਪੱਤਰਕਾਰਾਂ ਲਈ ਖਾੜਕੂ ਤੇ ਪੁਲੀਸ ਵਾਲੇ। ਕਈ ਵਾਰੀ ਖਾੜਕੂਆਂ ਦਾ ਰਾਤ ਨੂੰ ਦੋ ਵਜੇ ਸੁਨੇਹਾ ਆ ਜਾਣਾ ਕਿ ਇਸੇ ਵੇਲੇ ਹੀ ਖ਼ਬਰ ਲਿਖੋ ਤੇ ਕੱਲ੍ਹ ਦੇ ਅਖ਼ਬਾਰ ਵਿਚ ਇਹ ਖ਼ਬਰ ਆਉਣੀ ਚਾਹੀਦੀ ਹੈ। ਖਾੜਕੂਆਂ ਦੇ ਸੁਨੇਹਾ ਸਾਡੇ ਘਰਾਂ ਤੱਕ ਵੀ ਆਉਂਦੇ ਸਨ। ਜੇਕਰ ਕੋਈ ਖਾੜਕੂਆਂ ਦਾ ਸੁਨੇਹਾ ਲੈ ਕੇ ਆਉਂਦਾ ਸੀ ਤਾਂ ਸਾਡੇ ਬੱਚੇ ਕਹਿੰਦੇ ‘ਜ਼ਿੰਮੇਵਾਰੀ ਵਾਲੇ ਆਏ ਸੀ, ਜ਼ਿੰਮੇਵਾਰੀ ਦੇ ਕੇ ਗਏ ਨੇ’ ਭਾਵ ਕਿ ਕੌਣ ਮਾਰਿਆ ਗਿਆ ਹੈ ਕਿਸ ਗਰੁੱਪ ਨੇ ਮਾਰਿਆ ਹੈ ਖਾੜਕੂ ਧਿਰਾਂ ਉਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਪੱਤਰਕਾਰਾਂ ਨੂੰ ਹੀ ਦੱਸਿਆ ਕਰਦੇ ਸਨ। ਕਈ ਵਾਰੀ ਸਾਨੂੰ ਖਾੜਕੂ ਗੁਪਤ ਰੂਪ ਵਿਚ ਲੈ ਜਾਂਦੇ ਤੇ ਪ੍ਰੈੱਸ ਕਾਨਫ਼ਰੰਸ ਕਰਦੇ, ਪ੍ਰੈੱਸ ਕਾਨਫ਼ਰੰਸ ਵੇਲੇ ਹਰ ਪੱਖੋਂ ਡਰ ਹੁੰਦਾ ਕਿ ਕਿਤੇ ਇੱਥੇ ਖਾੜਕੂਆਂ ਵੱਲੋਂ ਨਾ ਸਾਡੇ ਨਾਲ ਕੁਝ ਮਾੜਾ ਕੀਤਾ ਜਾਵੇ ਜਾਂ ਫਿਰ ਪੁਲੀਸ ਨਾ ਆ ਜਾਵੇ, ਦੋਵਾਂ ਪੱਖਾਂ ਤੋਂ ਅਸੀਂ ਬੜੇ ਪ੍ਰੇਸ਼ਾਨ ਰਹਿੰਦੇ ਸਾਂ ਪਰ ਪੱਤਰਕਾਰੀ ਕਰਨੀ ਹੈ ਤਾਂ ਕਰਨੀ ਹੀ ਹੈ।
ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਇਕ ਦਿਨ ਖਾੜਕੂ ਸਾਨੂੰ ਲੁਧਿਆਣਾ ਲੈ ਗਏ। ਉਸ ਵੇਲੇ ਉੱਘੇ ਪੱਤਰਕਾਰ ਬਲਜੀਤ ਬੱਲੀ ਵੀ ਸਾਡੇ ਨਾਲ ਹੀ ਸੀ। ਪਰ ਸਾਨੂੰ ਆਮ ਵਾਂਗ ਖਾੜਕੂਆਂ ਨੇ ਕਿਹਾ ਕਿ ਇਹ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਹੋਈ ਨਾ ਲਿਖਣਾ ਸਗੋਂ ਇਹ ਪ੍ਰੈੱਸ ਕਾਨਫ਼ਰੰਸ ਅੰਬਾਲਾ ਹੋਈ ਹੀ ਲਿਖਣਾ। ਇਹ ਆਮ ਹੁੰਦਾ ਸੀ ਕਿ ਪ੍ਰੈੱਸ ਕਾਨਫ਼ਰੰਸ ਹੁੰਦੀ ਕਿਤੇ ਹੋਰ ਸੀ ਪਰ ਅਖ਼ਬਾਰ ਵਿਚ ‘ਡੇਟ ਲਾਈਨ’ ਕਿਤੇ ਹੋਰ ਦੀ ਹੁੰਦੀ। ਇਹ ਇਸ ਕਰਕੇ ਹੁੰਦਾ ਸੀ ਕਿ ਖਾੜਕੂਆਂ ਦੇ ਠਿਕਾਣੇ ਦਾ ਪਤਾ ਨਾ ਲੱਗ ਜਾਵੇ। ਉਸ ਵੇਲੇ ਇੰਜ ਹੋਇਆ ਕਿ ਪੱਤਰਕਾਰ ਬਲਜੀਤ ਬੱਲੀ ਦਾ ਰਿਸ਼ਤੇਦਾਰ ਅੰਬਾਲੇ ਵਿਚ ਮਾਰ ਦਿੱਤਾ ਗਿਆ ਤਾਂ ਸਾਨੂੰ ਪੁਲੀਸ ਨੇ ਵਾਰ ਵਾਰ ਪੁੱਛਿਆ ਕਿ ਤੁਸੀਂ ਪ੍ਰੈੱਸ ਕਾਨਫ਼ਰੰਸ ਅੰਬਾਲੇ ਕਰਕੇ ਆਏ ਸੀ ਦਸੋ ਕੌਣ ਕੌਣ ਖਾੜਕੂ ਸੀ ਤਾਂ ਸਾਨੂੰ ਦੱਸਣਾ ਪਿਆ ਕਿ ਅਸੀਂ ਤਾਂ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਕਰਕੇ ਆਏ ਸੀ।
ਇਕ ਦਿਨ ਕੀ ਹੋਇਆ ਕਿ ਮੇਰੇ ਘਰ ਮੈਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦਾ ਜੌਂਗਾ ਭਰ ਕੇ ਪੁਲੀਸ ਆ ਗਈ। ਮੈਂ ਕਿਹਾ ਕਿ ਇੰਜ ਤੁਸੀਂ ਕਿਸੇ ਪੱਤਰਕਾਰ ਨੂੰ ਕਿਵੇਂ ਗ੍ਰਿਫ਼ਤਾਰ ਕਰ ਸਕਦੇ ਹੋ? ਤਾਂ ਉਹ ਜ਼ਬਰਦਸਤੀ ਕਰਨ ਲੱਗੇ ਤਾਂ ਅਸੀਂ ਗੁਆਂਢੀਆਂ ਨੂੰ ਕਹਿ ਦਿੱਤਾ ਕਿ ਜੇਕਰ ਸਾਨੂੰ ਪੁਲੀਸ ਚੁੱਕ ਕੇ ਲੈ ਜਾਂਦੀ ਹੈ ਤਾਂ ਇਸ ਬਾਰੇ ਦੱਸ ਦੇਣਾ। ਮੈਂ ਜਦੋਂ ਵਾਰ ਵਾਰ ਉਨ੍ਹਾਂ ਨੂੰ ਪੁੱਛਿਆ ਕਿ ਅਸਲ ਵਿਚ ਕੀ ਕਾਰਨ ਹੈ ਤੇ ਪੁਲੀਸ ਕਿਸ ਥਾਣੇ ਦੀ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਫਗਵਾੜਾ ਥਾਣੇ ਤੋਂ ਆਏ ਹਾਂ, ਤੁਹਾਨੂੰ ਐਸਐਚਓ ਨੇ ਬੁਲਾਇਆ ਹੈ। ਕਿਉਂਕਿ ਇਕ ਖਾੜਕੂ ਦੀ ਜੇਬ ਵਿਚੋਂ ਨਿਕਲੀ ਇਕ ਪਰਚੀ ਤੇ ਤੁਹਾਡਾ ਨਾਮ ਲਿਖਿਆ ਸੀ। ਤਾਂ ਮੈਂ ਕਿਹਾ ਕਿ ਮੇਰਾ ਨਾਮ ਤਾਂ ਕਿਸੇ ਵੀ ਖਾੜਕੂ ਕੋਲੋਂ ਮਿਲ ਸਕਦਾ ਹੈ, ਇਸ ਦਾ ਭਾਵ ਇਹ ਥੋੜ੍ਹਾ ਹੈ ਕਿ ਮੈਂ ਖਾੜਕੂਆਂ ਨਾਲ ਮਿਲਿਆ ਹੋਇਆ ਹਾਂ। ਕਾਫੀ ਸੋਚਣ ਤੇ ਕਾਫੀ ਸਮਾਂ ਵਿਚਾਰਾਂ ਕਰਨ ਤੋਂ ਬਾਅਦ ਮੈਨੂੰ ਉਹ ਛੱਡ ਗਏ, ਪਰ ਨਾਲ ਹੀ ਮੈਨੂੰ ਪੁੱਛਣ ਲੱਗੇ ਕਿ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਦਾ ਘਰ ਦੱਸੋ। ਮੈਂ ਕਿਹਾ ਜਿਸ ਚੌਕੀਦਾਰ ਨੇ ਮੇਰਾ ਘਰ ਦੱਸਿਆ ਸੀ ਉਸੇ ਚੌਕੀਦਾਰ ਤੋਂ ਤੁਸੀਂ ਸੁਖਦੇਵ ਸਿੰਘ ਪਟਵਾਰੀ ਦਾ ਘਰ ਵੀ ਪੁੱਛ ਲੈਣਾ।
-ਬੇਅੰਤ ਸਿੰਘ ਬੰਬ ਕਾਂਡ ਮੌਕੇ ਪੁੱਜਿਆ ਪਹਿਲਾ ਪੱਤਰਕਾਰ
ਜਦੋਂ ਸਕੱਤਰੇਤ ਚੰਡੀਗੜ੍ਹ ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾਇਆ ਗਿਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਮੌਕੇ ਤੇ ਪੁੱਜਣ ਵਾਲਾ ਪੱਤਰਕਾਰ ਜਗਤਾਰ ਸਿੰਘ ਸਿੱਧੂ ਹੀ ਸੀ। ਸ. ਸਿੱਧੂ ਦੱਸਦੇ ਹਨ ਕਿ ਮੈਂ ਮੌਕਾ ਦੇਖਿਆ। ਲੋਕ ਤਾਂ ਦੂਰ ਭੱਜ ਰਹੇ ਸਨ ਪਰ ਮੈਂ ਬੰਬ ਕਾਂਡ ਵਾਲੀ ਥਾਂ ਵੱਲ ਦੌੜ ਰਿਹਾ ਸਾਂ। ਮੈਂ ਬੇਅੰਤ ਸਿੰਘ ਦੀ ਲਾਸ਼ ਦੇ ਲੋਥੜੇ ਕਾਰ ਵਿਚ ਦੇਖੇ,ਜਿਵੇਂ ਕਾਰ ਵਿਚ ਲਾਲ ਰੰਗ ਦੀ ਕਰੀਮ ਪਈ ਹੁੰਦੀ ਹੈ, ਸੁਰੱਖਿਆ ਗਾਰਦਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ। ਬੇਅੰਤ ਸਿੰਘ ਦੀ ਲਾਸ਼ ਕੋਲ ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਆਇਆ ਸੀ। ਦਹਿਸ਼ਤ ਦਾ ਮਾਹੌਲ ਸੀ, ਦੁਖਦਾਈ ਮਾਹੌਲ ਸੀ। ਪਰ ਮੈਂ ਪੱਤਰਕਾਰੀ ਕਰ ਰਿਹਾ ਸੀ। ਮੇਰੀ ਉਸ ਦਿਨ ਪੰਜਾਬੀ ਟ੍ਰਿਬਿਊਨ ਵਿਚ ਅੱਠ ਕਾਲਮੀ ਖ਼ਬਰ ਛਪੀ। ਸਿੱਧੂ ਇਹ ਵੀ ਕਹਿੰਦੇ ਹਨ ਕਿ ਮੈਂ ਉਹ ਵੀ ਦੇਖਿਆ ਕਿ ਕੰਧ ਦੇ ਇਕ ਪਾਸੇ ਬੇਅੰਤ ਸਿੰਘ ਦੀ ਮੌਤ ਦਾ ਸੋਗ ਪਿਆ ਸੀ ਤੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਕੰਧ ਦੇ ਦੂਜੇ ਪਾਸੇ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਵਧਾਈਆਂ ਵੀ ਮਿਲ ਰਹੀਆਂ ਸਨ।
-ਧਮਕੀਆਂ
ਖਾੜਕੂਆਂ ਦੀਆਂ ਚਿੱਠੀਆਂ ਆਉਂਦੀਆਂ ਸਨ, ਕੁਝ ਧਮਕੀਆਂ ਦੀਆਂ ਵੀ ਹੁੰਦੀਆਂ ਸਨ। ਕਿਸੇ ਗਰੁੱਪ ਦੀ ਖ਼ਬਰ ਵੱਡੀ ਲੱਗ ਗਈ ਤਾਂ ਵੀ ਕਿਸੇ ਦੀ ਛੋਟੀ ਲੱਗ ਗਈ ਤਾਂ ਵੀ, ਧਮਕੀਆਂ ਆ ਹੀ ਜਾਂਦੀਆਂ ਸਨ, ਇਕ ਧਮਕੀ ਦਾ ਜ਼ਿਕਰ ਕਰਦਿਆਂ ਜਗਤਾਰ ਸਿੰਘ ਸਿੱਧੂ ਕਹਿੰਦੇ ਹਨ ਕਿ ਚਿੱਠੀ ਬੜੀ ਕਹਿਰ ਭਰੀ ਸੀ ਤੇ ਮੈਨੂੰ ਸਬਕ ਸਿਖਾਉਣ ਲਈ ਕਿਹਾ ਗਿਆ ਸੀ, ਮੈਨੂੰ ਕਿਹਾ ਗਿਆ ਸੀ ਕਿ ‘ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ’ ਇਹ ਚਿੱਠੀ ਮੈਂ ਮੌਕੇ ਤੇ ਸੰਪਾਦਕ ਹਰਭਜਨ ਹਲਵਾਰਵੀ ਹੋਰਾਂ ਨੂੰ ਦਿਖਾਈ। ਸ. ਹਲਵਾਰਵੀ ਹੋਰੀਂ ਇਹ ਚਿੱਠੀ ਦੇਖ ਕੇ ਭੈਭੀਤ ਹੋਏ ਤਾਂ ਗੱਲ ਮੁੱਖ ਸੰਪਾਦਕ ਸ੍ਰੀ ਨਰਾਇਣਨ ਹੋਰਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਬਿਊਰੋ ਦੀ ਮੀਟਿੰਗ ਬੁਲਾ ਲਈ। ਸਾਨੂੰ ਸੁਰੱਖਿਆ ਲੈਣ ਲਈ ਕਿਹਾ ਗਿਆ। ਪਰ ਅਸੀਂ ਕਿਹਾ ਕਿ ਫੇਰ ਤਾਂ ਸਾਡੇ ਲਈ ਜਮਾਂ ਹੀ ਔਖਾ ਹੋ ਜਾਏਗਾ। ਅਸੀਂ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ। ਪਰ ਉਸ ਦਿਨ ਮੁੱਖ ਸੰਪਾਦਕ ਤੇ ਸੰਪਾਦਕ ਸਾਹਿਬਾਨ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਅਦ ‘ਬਾਇ ਲਾਈਨ’ ਖ਼ਬਰ ਤੇ ਨਹੀਂ ਦਿੱਤੀ ਜਾਵੇਗੀ। ਭਾਵ ਕੇ ਖ਼ਬਰ ਤੇ ਪੱਤਰਕਾਰ ਦਾ ਨਾਮ ਨਹੀਂ ਪਾਇਆ ਜਾਵੇਗਾ। ਉਸ ਦਿਨ ਤੋਂ ਸਾਡਾ ਨਾਮ ‘ਬਿਊਰੋ’ ਵਜੋਂ ਹੀ ਲਿਖਿਆ ਜਾਣ ਲੱਗ ਪਿਆ।
-ਅਦਾਲਤੀ ਕਾਰਵਾਈ ਜਾਂ ਕਾਨੂੰਨੀ ਨੋਟਿਸ
ਜਗਤਾਰ ਸਿੰਘ ਸਿੱਧੂ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਸ ਨੂੰ ਕਦੇ ਵੀ ਇਕ ਵੀ ਕਾਨੂੰਨੀ ਨੋਟਿਸ ਨਹੀਂ ਆਇਆ ਨਾ ਹੀ ਉਸ ਨੂੰ ਕਿਸੇ ਖ਼ਬਰ ਕਰਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ।
-ਪਰਵਾਰ ਵਿਚ ਇਕ ਬੇਟਾ ਅਭੀਨਵ ਸਿੱਧੂ ਹੈ ਜੋ ਐਮਾਜ਼ੋਨ ਦੇ ਸਾਊਥ ਇੰਡੀਆ ਦੇ ਸਾਰੇ ਸੂਬਿਆਂ ਦਾ ਹੈੱਡ ਹੈ। ਬੇਟੀ ਪਟਿਆਲਾ ਵਿਚ ਜੌਬ ਕਰਦੀ ਹੈ। ਜਗਤਾਰ ਸਿੰਘ ਸਿੱਧੂ ਅੱਜ ਕੱਲ੍ਹ ਗਲੋਬਲ ਪੰਜਾਬ ਟੀਵੀ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਦੇ ਬ੍ਰੋਡਕਾਸਟਰ ਹਨ। ਸ. ਜਗਤਾਰ ਸਿੰਘ ਸਿੱਧੂ ਦੇ ਪੱਤਰਕਾਰ ਜੀਵਨ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਏਨਾ ਹੀ ਸਵੀਕਾਰ ਕਰਨਾ। ਮੈਂ ਅਜਿਹੀ ਸਾਫ਼ ਸੁਥਰੀ ਕਲਮ ਨੂੰ ਸਜਦਾ ਕਰਦਾ ਹਾਂ ਸਦਾ ਤੰਦਰੁਸਤ ਰਹਿਣ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ... ਆਮੀਨ!
ਗੁਰਨਾਮ ਸਿੰਘ ਅਕੀਦਾ
8146001100
Thursday, September 22, 2022
ਪੱਤਰਕਾਰਤਾ ਦੀ ‘ਫੂੰ-ਫਾਂ’ ਤੋਂ ਦੂਰ ਸਹਿਜਤਾ ਦਾ ਧਨੀ ਪੱਤਰਕਾਰ ‘ਹਰਕਵਲਜੀਤ ਸਿੰਘ’
ਅੱਜ ਕੱਲ੍ਹ ਦੇ ਪੱਤਰਕਾਰਾਂ ਵਿਚ ‘ਫੂੰ-ਫਾਂ’ ਤੇ ‘ਨਾਢੂ ਖਾਂ’ ਦੀ ਬਿਰਤੀ ਘਰ ਕਰਦੀ ਜਾ ਰਹੀ ਹੈ।
ਹੱਥ ਵਿਚ ਕਿਸੇ ਟੀਵੀ ਚੈਨਲ ਦੀ ‘ਆਈ ਡੀ’ ਫੜ ਕੇ ਬੰਦਾ ਪੱਤਰਕਾਰ ਨਹੀਂ ਸਗੋਂ ਕਿਸੇ ਗੈਂਗ ਵਿਚ ਕੰਮ
ਕਰਦਾ ਕੋਈ ਗੈਂਗਸਟਰ ਲੱਗਦਾ ਹੈ। ਭਾਵੇਂ ਕੋਈ ਯੂ ਟਿਊਬ ’ਤੇ ਮਾਮੂਲੀ ਸਬਸਕ੍ਰਾਈਬਰ ਹੀ ਹੋਣ ਪਰ ਉਸ
ਦੇ ਜ਼ਿਆਦਾਤਰ ਪੱਤਰਕਾਰ ‘ਬੱਸ ਮੈਂ ਹੀ ਹਾਂ’ ਵਾਲੀ ਬਿਰਤੀ ਲੈ ਕੇ ਘੁੰਮਦੇ ਆਮ ਨਜ਼ਰ ਆ ਜਾਂਦੇ ਹਨ।
ਕੋਈ ਪ੍ਰੈੱਸ ਕਾਨਫ਼ਰੰਸ ਹੋਵੇ ਤਾਂ ਸੀਨੀਅਰ ਪੱਤਰਕਾਰ ਦਾ ਇਹ ਹਾਲ ਹੁੰਦਾ ਹੈ ਕਿ ‘ਸੀਨੀਅਰ
ਪੱਤਰਕਾਰ ਤਾਂ ਵਿਚਾਰੇ ਵਾਧੂ ਜਿਹੇ ਹੀ ਹਨ’। ਅਸਲੀ ਪੱਤਰਕਾਰ ਤਾਂ ਉਹ ਹੀ ਹਨ ਜਿਨ੍ਹਾਂ ਦੇ ਹੱਥਾਂ
ਵਿਚ ਟੀਵੀ ਚੈਨਲਾਂ ਦੇ ‘ਲੋਗੋ’ ਫੜੇ ਹਨ। ਜੇਕਰ ਕੋਈ ਸੀਨੀਅਰ ਪੱਤਰਕਾਰ ਕੋਈ ਸਵਾਲ ਪੁੱਛਦਾ ਵੀ ਹੈ
ਤਾਂ ਉਸ ਦੇ ਸਵਾਲ ਨੂੰ ਕੱਟਣ ਵਾਲੇ ਇਹ ‘ਆਪੇ ਬਣੇ ਪੱਤਰਕਾਰ’ ਬੜਾ ਵੱਡਾ ਰੋਲ ਨਿਭਾਉਂਦੇ ਹਨ। ਪਰ
ਅੱਜ ਵੀ ਪੱਤਰਕਾਰ ਹਨ, ਜੋ ਕਈਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕਰਦੇ ਹਨ। ਜੋ ਸੀਨੀਅਰ ਹਨ ਤੇ
ਸੀਨੀਅਰਤਾ ਦੀ ਸਭਿਅਤਾ ਵੀ ਉਨ੍ਹਾਂ ਵਿਚੋਂ ਨਜ਼ਰ ਆਉਂਦੀ ਹੈ। ਅੱਜ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ
ਪੰਜਾਬ ਦੇ ਵੱਡੇ ਪੰਜਾਬੀ ਅਖ਼ਬਾਰ ‘ਅਜੀਤ’ ਵਿਚ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ‘ਹਰਕਵਲਜੀਤ
ਸਿੰਘ’ ਦੀ ਗੱਲ ਕਰ ਰਿਹਾ ਹਾਂ। ਜਿਸ ਵਿਚ ਪੱਤਰਕਾਰੀ ਨੂੰ ਲੈ ਕੇ ਕਦੇ ਹੰਕਾਰ ਦੀ ਬੂ ਨਹੀਂ ਦੇਖੀ।
ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਕੋਲ ਛੋਟੀ ਜਿਹੀ ਢਾਣੀ ਦੇ ਜੰਮਪਲ ਪੱਤਰਕਾਰ ਹਰਕਵਲਜੀਤ ਸਿੰਘ ਨੇ
ਪੱਤਰਕਾਰੀ ਵਿਚ ਬੜੀ ਸਹਿਜਤਾ ਵਾਲੀ ਛਾਪ ਛੱਡੀ ਹੈ, ਬੜਾ ਹੀ ਮਨ-ਮੌਜੀ ਤੇ ਅੰਤਰ ਆਤਮਾ ਨਾਲ ਮੁਹੱਬਤ
ਕਰਨ ਵਾਲੇ ਹਰਕਵਲ ਅਜੋਕੇ ਪੱਤਰਕਾਰਾਂ ਲਈ ਪ੍ਰੇਰਨਾ ਸਰੋਤ ਹਨ। 23 ਜੁਲਾਈ 1954 ਨੂੰ ਜਨਮੇ ਹਰਕਵਲ
ਨੇ ਪਹਿਲਾਂ ਹੀ ਤਹਿ ਕਰ ਲਿਆ ਸੀ ਕਿ ਉਹ ਪੱਤਰਕਾਰ ਹੀ ਬਣਨਗੇ, ਹਰਕਵਲ ਦੇ ਕਈ ਸਾਥੀ ਆਈ ਏ ਐੱਸ ਬਣ
ਗਏ, ਕੁਝ ਜੱਜ ਬਣ ਕੇ ਹਾਈਕੋਰਟ ਤੱਕ ਵੀ ਪੁੱਜੇ, ਪਰ ਹਰਕਵਲ ਨੇ ਪੱਤਰਕਾਰੀ ਦਾ ਪੇਸ਼ਾ ਚੁਣਿਆ।
ਬੇਸ਼ੱਕ ਪਿਤਾ ਸਰਦਾਰ ਸਰੂਪ ਸਿੰਘ (ਸਵਰਗਵਾਸੀ) ਨੇ ਸਿਵਲ ਸਰਵਿਸ ਵਿਚ ਸੇਵਾ ਕੀਤਾ ਤੇ ਮਾਤਾ ਪੜੇ
ਲਿਖੇ (ਐਫ.ਏ.) ਸਨ ਪਰ ਉਹ ਘਰੇ ਹੀ ਕੰਮ ਕਰਦੇ ਸਨ। ਪਿਤਾ ਸਰਦਾਰ ਸਰੂਪ ਸਿੰਘ ਵੱਲੋਂ ਇਹ ਸਤਰਾਂ
ਹਰਕਵਲ ਦੇ ਬੜੀਆਂ ਕੰਮ ਆਈਆਂ ‘ਕੁੱਲੀ, ਗੁੱਲੀ, ਜੁੱਲੀ (ਰੋਟੀ, ਕੱਪੜਾ, ਮਕਾਨ) ਤਾਂ ਮਿਲ ਹੀ
ਜਾਂਦੀਆਂ ਹਨ। ਉਹ ਕੰਮ ਕਰੋ ਜਿਸ ਵਿਚੋਂ ਦੇਸ਼, ਕੌਮ, ਇਨਸਾਨੀਅਤ ਦੇ ਵਿਕਾਸ ਦੀਆਂ ਲਹਿਰਾਂ
ਫੁੱਟਦੀਆਂ ਹੋਣ। ਸਮਾਜ ਨੂੰ ਲਾਭ ਹੋਵੇ। ਹਰਕਵਲ ਹੋਰਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ ਹਿਸਟਰੀ
ਦੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਵਿਚੋਂ ਹੀ ਉਨ੍ਹਾਂ ਨੇ ਪੱਤਰਕਾਰਤਾ ਦੀ ਡਿੱਗਰੀ ਵੀ ਕੀਤੀ।
1979 ਵਿਚ ਉਨ੍ਹਾਂ ਨੇ ਪੱਤਰਕਾਰਤਾ ਵਿਚ ਪੈਰ ਧਰਿਆ। ਵੱਡੇ ਹਮਦਰਦ ਸਾਹਿਬ ਸਾਧੂ ਸਿੰਘ ਹਮਦਰਦ ਜੀ
ਨੇ ਉਨ੍ਹਾਂ ਨੂੰ ਅਜੀਤ ਵਿਚ ਪੱਤਰਕਾਰ ਵਜੋਂ ਰੱਖਿਆ, ਪਰ ਸਰਦਾਰ ਸਾਧੂ ਸਿੰਘ ਹਮਦਰਦ ਹੋਰਾਂ ਨੇ
‘ਅਜੀਤ’ ਵਿਚ ਹਰਕਵਲ ਨੂੰ ਬੜੀ ਸੰਜੀਦਗੀ ਦੀ ਪੱਤਰਕਾਰਤਾ ਕਰਦਿਆਂ ਦੇਖਿਆ। ਦੋ ਸਾਲਾਂ ਬਾਅਦ ਹੀ
ਹਰਕਵਲ ਨੂੰ ਸਟਾਫ਼ ਰਿਪੋਰਟਰ ਵਜੋਂ ਨਿਯੁਕਤ ਕਰ ਦਿੱਤਾ। ਪੱਤਰਕਾਰਤਾ ਕਰਦੇ ਰਹੇ, ਅਜੀਤ ਵਿਚ ਹਰਕਵਲ
ਹੋਰਾਂ ਨੂੰ ਤਰੱਕੀਆਂ ਮਿਲਦੀਆਂ ਰਹੀਆਂ ਉਹ ‘ਸਟੇਟ ਬਿਊਰੋ ਚੀਫ਼’ ਤੱਕ ਪੁੱਜੇ। ਬੇਸ਼ੱਕ ਅਜੀਤ ਵਿਚ
ਸੇਵਾ ਮੁਕਤੀ ਆਮ ਨਿਯਮਾਂ ਅਨੁਸਾਰ ਹੀ ਹੋ ਜਾਂਦੀ ਹੈ ਪਰ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ (ਭਾਅ
ਜੀ) ਹੋਰਾਂ ਨੇ ਹਰਕਵਲ ਨੂੰ ਸੇਵਾ ਮੁਕਤ ਨਹੀਂ ਕੀਤਾ। ਉਹ ਅੱਜ ਵੀ ਅਜੀਤ ਵਿਚ ਚੰਡੀਗੜ੍ਹ ਤੋਂ ਕੰਮ
ਕਰਦੇ ਆ ਰਹੇ ਹਨ। ਉਹ ਮੌਲਿਕ ਖ਼ਬਰਾਂ (ਰਿਪੋਰਟਾਂ) ਕਰਦੇ ਆ ਰਹੇ ਹਨ।
-ਅੱਤਵਾਦ ਵੇਲੇ ਸੰਕਟਾਂ ਵਿਚ ਵੀ ਘਿਰੇ ‘ਹਰਕਵਲਜੀਤ ਸਿੰਘ’
ਅੱਤਵਾਦ ਦਾ ਸਮਾਂ ਸੀ, ਉਸ ਵੇਲੇ ਹਰਕਵਲ ਹੋਰਾਂ ਨੇ ਪੱਤਰਕਾਰਤਾ ਵਿਚ ਆਪਣਾ ਨਾਮ ਬਣਾ ਲਿਆ ਸੀ।
ਖਾੜਕੂ ਖ਼ਬਰਾਂ ਦਿੰਦੇ ਸਨ, ਕਿਸੇ ਗਰੁੱਪ ਦੀ ਖ਼ਬਰ ਜ਼ਿਆਦਾ ਲੱਗ ਗਈ ਕਿਸੇ ਗਰੁੱਪ ਦੀ ਖ਼ਬਰ ਥੋੜ੍ਹੀ
ਰਹਿ ਗਈ, ਖਾੜਕੂਆਂ ਦਾ ਗ਼ੁੱਸੇ ਹੋਣ ਦਾ ਕਾਰਨ ਕਈ ਵਾਰੀ ਇਹ ਵੀ ਹੁੰਦਾ ਸੀ। ਇਸ ਕਰਕੇ ਖਾੜਕੂਆਂ ਦਾ
ਗ਼ੁੱਸਾ ਕਈ ਵਾਰੀ ਪੱਤਰਕਾਰ ਨੂੰ ਮੁਸ਼ਕਲਾਂ ਵਿਚ ਪਾ ਦਿੰਦਾ ਸੀ। ਹਰਕਵਲਜੀਤ ਸਿੰਘ ਹੋਰੀਂ ਕਹਿੰਦੇ
ਹਨ ਕਿ ਮੇਰੇ ਕੋਲ ਇਕ ਦਿਨ ਇੰਟੈਲੀਜੈਂਸ ਵਾਲੇ ਆਏ ਤੇ ਕਹਿਣ ਲੱਗੇ ਕਿ ਤੈਨੂੰ ਮਾਰਨ ਲਈ ਖਾੜਕੂ ਆਏ
ਸੀ ਪਰ ਤੂੰ ਬਚ ਗਿਆ, ਇਸ ਕਰਕੇ ਚੌਕਸ ਰਹੋ। ਪਰ ਹਰਕਵਲ ਹੋਰਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ, ਉਸ
ਤੋਂ ਬਾਅਦ ਆਈ ਬੀ ਨੇ ਵੀ ਕਿਹਾ ਕਿ ਹਰਕਵਲ ਤੁਹਾਨੂੰ ਅੱਤਵਾਦੀ ਮਾਰਨਾ ਚਾਹੁੰਦੇ ਹਨ ਤੁਸੀਂ ਬਚ ਕੇ
ਰਹੋ। ਫੇਰ ਵੀ ਹਰਕਵਲ ਨੇ ਪ੍ਰਵਾਹ ਨਾ ਕੀਤੀ। 1990 ਦੇ ਨੇੜੇ ਤੇੜੇ ਅੰਮ੍ਰਿਤਸਰ ਵਿਚ ਇਕ ਖਾੜਕੂ
ਫੜਿਆ ਗਿਆ। ਉਸ ਤੋਂ ਪੁਲੀਸ ਨੇ ਕਾਫ਼ੀ ਖ਼ੁਲਾਸੇ ਕਰਵਾਏ ਜਿਸ ਵਿਚ ਇਹ ਵੀ ਸੀ ਕਿ ਅੱਤਵਾਦੀਆਂ ਨੇ
ਭਾਅ ਜੀ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਮਾਰਨਾ ਸੀ ਪਰ ਉਨ੍ਹਾਂ ਕੋਲ ਸੁਰੱਖਿਆ ਗਾਰਦ ਸੀ ਤੇ
ਬੁਲਟ ਪਰੂਫ਼ ਗੱਡੀ ਸੀ, ਉਨ੍ਹਾਂ ਤੱਕ ਅੱਤਵਾਦੀ ਪੁੱਜ ਨਹੀਂ ਸਕੇ ਤਾਂ ਅੱਤਵਾਦੀਆਂ ਨੇ ਇਹ ਫ਼ੈਸਲਾ
ਕੀਤਾ ਕਿ ਅੱਜ ਕੱਲ੍ਹ ਹਰਕਵਲਜੀਤ ਸਿੰਘ ਵੀ ਕਾਫ਼ੀ ਚਰਚਾ ਵਿਚ ਹੈ ਇਸ ਨੂੰ ਮਾਰ ਦਿਓ। ਇਹ ਖ਼ੁਲਾਸਾ
ਹੋਣ ਤੋਂ ਬਾਅਦ ਪੰਜਾਬ ਪੁਲੀਸ ਨੇ ਹਰਕਵਲਜੀਤ ਸਿੰਘ ਨੂੰ ਕਿਹਾ ਕਿ ਤੁਹਾਨੂੰ ਸੁਰੱਖਿਆ ਦੇਣੀ ਹੈ ਪਰ
ਹਰਕਵਲ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ‘ਮੈਂ ਇਕ ਪੱਤਰਕਾਰ ਹਾਂ, ਪੱਤਰਕਾਰ ਦਾ ਕੰਮ ਹੁੰਦਾ ਹੈ
ਲੋਕਾਂ ਵਿਚ ਰਹਿਣਾ, ਮੈਂ ਪਤਾ ਨਹੀਂ ਕਦੋਂ ਕਿੱਥੇ ਜਾਣਾ ਹੈ। ਮੈਂ ਸਰਕਾਰੀ ਗੈਰ ਸਰਕਾਰੀ ਖ਼ਬਰਾਂ
ਕਰਨੀਆਂ ਹਨ। ਜੇਕਰ ਮੇਰੇ ਕੋਲ ਸੁਰੱਖਿਆ ਹੋਈ ਤਾਂ ਲੋਕ ਮੇਰੇ ਕੋਲੋਂ ਡਰਨ ਲੱਗ ਜਾਣਗੇ। ਪੱਤਰਕਾਰ
ਲੋਕਾਂ ਲਈ ਲਿਖਦਾ ਹੈ, ਇਸ ਕਰਕੇ ਉਸ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ’ ਪਰ ਪੁਲੀਸ ਨਾ ਮੰਨੀ ਤਾਂ
ਹਰਕਵਲਜੀਤ ਸਿੰਘ ਨੇ ਲਿਖ ਕੇ ਦਿੱਤਾ ਕਿ ਮੈਂ ਆਪਣੀ ਜਾਨ ਦਾ ਖ਼ੁਦ ਜ਼ਿੰਮੇਵਾਰ ਹਾਂ ਤਾਂ ਜਾ ਕੇ
ਪੁਲੀਸ ਨੇ ਹਰਕਵਲਜੀਤ ਸਿੰਘ ਦਾ ਖਹਿੜਾ ਛੱਡਿਆ।
-ਧਮਕੀਆਂ ਆਈਆਂ ਪਰ ਅਦਾਲਤਾਂ ਵਿਚ ਕਦੇ ਵੀ ਕਿਸੇ ਕੇਸ ਦਾ ਸਾਹਮਣਾ ਨਹੀਂ ਕੀਤਾ
ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਮੈਨੂੰ ਧਮਕੀਆਂ ਤਾਂ ਬਹੁਤ ਆਉਂਦੀਆਂ ਸਨ ਕਿਉਂਕਿ ਜਦੋਂ ਕੋਈ
ਪੱਤਰਕਾਰ ਲੋਕ ਹਿਤ ਵਿਚ ਲਿਖਦਾ ਹੈ ਤਾਂ ਵੱਡੇ ਲੋਕ, ਸਰਕਾਰਾਂ ਉਸ ਨਾਲ ਖ਼ਫ਼ਾ ਹੋ ਜਾਂਦੀਆਂ ਹਨ।
ਪਰ ਕਿਉਂਕਿ ਪੰਜਾਬੀ ਯੂਨੀਵਰਸਿਟੀ ਵਿਚ ਕੀਤੀ ਪੱਤਰਕਾਰਤਾ ਦਾ ਉਸ ਵੇਲੇ ਇਹ ਲਾਭ ਹੁੰਦਾ ਸੀ ਕਿ
ਪੱਤਰਕਾਰਤਾ ਤੇ ਪਾਠਕ੍ਰਮ ਵਿਚ ਕਾਨੂੰਨ ਦੀ ਪੜਾਈ ਦਾ ਵੀ ਇਕ ਵਿਸ਼ਾ ਹੁੰਦਾ ਸੀ। ਹਰਕਵਲ ਕਹਿੰਦੇ ਹਨ
ਕਿ ਲਿਹਾਜ਼ ਕਿਸੇ ਦਾ ਨਹੀਂ ਕੀਤਾ, ਮੈਂ ਖ਼ਬਰਾਂ ਲਿਖਣ ਸਮੇਂ ਪਹਿਲਾਂ ਸਬੂਤ ਆਪਣੇ ਹੱਥ ਵਿਚ ਲੈ
ਲੈਂਦਾ ਸੀ। ਇਸ ਕਰਕੇ ਮੈਂ ਕਦੇ ਵੀ ਕਿਸੇ ਖ਼ਬਰ ਕਰਕੇ ਅਦਾਲਤਾਂ ਵਿਚ ਸਫ਼ਾਈ ਦੇਣ ਲਈ ਨਹੀਂ ਗਿਆ।
ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਪੱਤਰਕਾਰ ਆਪਣੇ ਜ਼ਮੀਰ ਨੂੰ ਅੱਗੇ ਰੱਖ ਕੇ ਖ਼ਬਰਾਂ ਲਿਖਣ। ਬਾਕੀ
ਤਾਂ ਸੰਸਾਰ ਨੇ ਚੱਲਦੇ ਹੀ ਰਹਿਣਾ ਹੈ। ਸੋ ਅੱਜ ਲਈ ਏਨਾ ਹੀ ਸਵੀਕਾਰ ਕਰਨਾ। ਕਦੇ ਫੇਰ ਲਿਖਾਂਗੇ।
ਮੈਂ ਸੀਨੀਅਰ ਪੱਤਰਕਾਰ ਹਰਕਵਲਜੀਤ ਸਿੰਘ ਹੋਰਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹੋਇਆ ਉਨ੍ਹਾਂ ਨੂੰ
ਮੁਹੱਬਤ ਦੇ ਫੁੱਲ ਭੇਂਟ ਕਰਦਾ ਹਾਂ। ਉਹ ਹਮੇਸ਼ਾ ਖ਼ੁਸ਼ ਰਹੇ.. ਆਮੀਨ ਗੁਰਨਾਮ ਸਿੰਘ ਅਕੀਦਾ
8146001100
Monday, July 04, 2022
ਇਕ ਕੁੜੀ ਦੀ ਇੱਜ਼ਤ ਬਚਾਉਣ ਵੇਲੇ ਮੋਢੇ ਵਿਚ ਗੋਲੀ ਖਾਣ ਤੇ ਚਰਚਾ ਵਿਚ ਆਏ ਸਨ ‘ਜੋੜਾਮਾਜਰਾ’
ਪਟਿਆਲਾ ਦਿਹਾਤੀ ਦਾ ਪ੍ਰਧਾਨ ਬਣ ਕੇ ‘ਆਪ’ ਵਿਚੋਂ ਧੜੇਬੰਦੀ ਖ਼ਤਮ ਕੀਤੀ ਸੀ ਚੇਤਨ ਸਿੰਘ ਨੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਜ਼ਿਲ੍ਹੇ ਦੇ ਪਿੰਡ ਲੁਟਕੀਮਾਜਰਾ ਵਿਚ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਚੇਤਨ ਸਿੰਘ ਜੌੜਾਮਾਜਰਾ ਤਰਨਤਾਰਨ ਵਿਚ ਇਕ ਅਣਜਾਣ ਕੁੜੀ ਨੂੰ ਅਗਵਾ ਹੋਣ ਤੋਂ ਬਚਾਉਣ ਵੇਲੇ ਮੋਢੇ ਵਿਚ ਗੋਲੀ ਲੱਗਣ ਕਰਕੇ ਕਾਫ਼ੀ ਚਰਚਾ ਵਿਚ ਆਏ ਸਨ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਵੱਡੇ ਨੇਤਾ ਸੁਰਜੀਤ ਸਿੰਘ ਰੱਖੜਾ ਨੂੰ 74375 ਵੋਟਾਂ ਲੈ ਕੇ 39713 ਵੋਟਾਂ ਨਾਲ ਵੱਡੇ ਫ਼ਰਕ ਨਾਲ ਹਰਾਇਆ ਸੀ।
ਪਿੰਡ ਲੁਟਕੀ ਮਾਜਰਾ ਵਿਚ ਚਾਰ ਏਕੜ ਜ਼ਮੀਨ ਦੇ ਮਾਲਕ ਪਿਤਾ ਗੁਰਦੇਵ ਸਿੰਘ ਦੇ ਮੋਢੇ ਚੜ ਕੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਦੋ ਚਾਰ ਹੋਣ ਦਾ ਜੇਰਾ ਕਰਨ ਵਾਲੇ ਚੇਤਨ ਸਿੰਘ ਜੌੜਾਮਾਜਰਾ ਨੇ ਧਨੇਠਾ ਹਾਇਰ ਸੈਕੰਡਰੀ ਸਕੂਲ ਵਿਚ ਪਹਿਲੇ ਦਰਜੇ ਵਿਚ ਬਾਰ੍ਹਵੀਂ ਕਲਾਸ ਪਾਸ ਕੀਤੀ ਸੀ, ਉਹ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰਾਂ ਵਿਚੋਂ ਹਨ ਜੋ ਪਟਿਆਲਾ ਦਿਹਾਤੀ ਦੇ ਉਸ ਵੇਲੇ ਪ੍ਰਧਾਨ ਬਣੇ ਜਦੋਂ ਪਟਿਆਲਾ ਵਿਚ ਧੜੇਬੰਦੀ ਨੇ ਥਾਂ ਬਣਾ ਰੱਖੀ ਸੀ, ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਧੜੇਬੰਦੀ ਖ਼ਤਮ ਹੋ ਗਈ ਸੀ, ਉਹ ਉਦੋਂ ਪਟਿਆਲਾ ਦਿਹਾਤੀ ਦੇ ਪ੍ਰਧਾਨ ਹੀ ਸਨ ਜਦੋਂ ਉਹ ਨਿੱਜੀ ਟੂਰ ਤੇ ਤਰਨਤਾਰਨ ਵਿਚ ਗੁਰਦੁਆਰਾ ਸਾਹਿਬ ਵਿਚ ਦਰਸ਼ਨ ਕਰਨ ਲਈ ਗਏ ਸਨ ਤਾਂ ਚਾਰ ਗੈਂਗਸਟਰਾਂ ਨੇ ਇਕ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਲਕਾਰਾ ਮਾਰ ਕੇ ਚੇਤਨ ਸਿੰਘ ਨੇ ਉਨ੍ਹਾਂ ਗੈਂਗਸਟਰਾਂ ਨੂੰ ਰੋਕਿਆ, ਤਾਂ ਉਹ ਗੈਂਗਸਟਰਾਂ ਨੇ ਚੇਤਨ ਸਿੰਘ ਦੇ ਗੋਲੀ ਮਾਰ ਦਿੱਤੀ ਜੋ ਸ੍ਰੀ ਜੌੜੇਮਾਜਰਾ ਦੇ ਮੋਢੇ ਵਿਚ ਲੱਗੀ। ਇਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਰਹੇ। ਇਸ ਵੇਲੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਦਾ ਬੜਾ ਅਫ਼ਸੋਸ ਜ਼ਾਹਿਰ ਕੀਤਾ ਸੀ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪੰਜਾਬ ਵਿਚ ਵੱਧ ਰਹੇ ਗੈਂਗਸਟਰਾਂ ਤੇ ਨੱਥ ਪਾਉਣ ਲਈ ਕਿਹਾ ਸੀ। ਇਨ੍ਹਾਂ ਦੀ ਪਤਨੀ ਸ਼ਰਨਜੀਤ ਕੌਰ ਇਨ੍ਹਾਂ ਨੂੰ ਹਮੇਸ਼ਾ ਹੌਸਲਾ ਦਿੰਦੇ ਹਨ, ਇਨ੍ਹਾਂ ਦੀ ਘਰ ਦੀ ਫੁਲਵਾੜੀ ਵਿਚ ਇਕ ਬੇਟਾ ਹੈ।
ਤਸਵੀਰ
ਚੇਤਨ ਸਿੰਘ ਜੌੜਾਮਾਜਰਾ : ਤਰਨਤਾਰਨ ਵਿਚ ਗੋਲੀ ਲੱਗਣ ਤੇ ਇਲਾਜ ਕਰਾਉਂਦੇ ਹੋਏ ਚੇਤਨ ਸਿੰਘ ਜੌੜਾਮਾਜਰਾ ਦੀ ਫਾਈਲ ਫ਼ੋਟੋ।
Wednesday, June 03, 2020
ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਨਵੇਂ ਸਲਾਹਕਾਰ ਬੋਰਡ ਦਾ ਗਠਨ
ਬੋਰਡ ਵਿਚ ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਮਾਹਰਾਂ ਦੇ ਨਾਲ ਨਾਲ ਸਾਹਿਤ ਅਤੇ ਵੱਖ ਵੱਖ ਕਲਾਵਾਂ ਦੇ ਨਾਮਵਰ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਸਿੰਘ, ਅਜੀਤ ਤੋਂ ਸੀਨੀਅਰ ਪੱਤਰਕਾਰ ਹਰਕੰਵਲਜੀਤ ਸਿੰਘ, ਅਤੇ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਸ੍ਰੀਮਤੀ ਨਿਮਰਤ ਕੌਰ ਬੋਰਡ ਵਿਚ ਹੋਏ ਸ਼ਾਮਿਲ
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਸਿੰਘ, ਅਜੀਤ ਤੋਂ ਸੀਨੀਅਰ ਪੱਤਰਕਾਰ ਹਰਕੰਵਲਜੀਤ ਸਿੰਘ, ਅਤੇ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਸ੍ਰੀਮਤੀ ਨਿਮਰਤ ਕੌਰ ਬੋਰਡ ਵਿਚ ਹੋਏ ਸ਼ਾਮਿਲ
ਚੰਡੀਗੜ੍ਹ, 3 ਜੂਨ: ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਰਾਜ ਸਲਾਹਕਾਰ ਬੋਰਡ ਦਾ ਗਠਨ ਕਰ ਦਿੱਤਾ ਹੈੈ।ਇਸ ਸਬੰਧੀ ਉਚੇਰੀ ਸਿੱਖਿਆ ਅਤੇ
ਭਾਸ਼ਾਵਾਂ ਵਿਭਾਗ ਵਲੋਂ ਭੇਜੀ ਗਈ ਤਜਵੀਜ਼ ਨੂੰ ਮੁੱਖ ਮੰਤਰੀ ਨੇ ਕੱਲ ਪ੍ਰਵਾਨਗੀ ਦੇ ਦਿੱਤੀ ਸੀ।
ਸੂਬੇ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਵੇਂ ਸਲਾਹਕਾਰ ਬੋਰਡ ਦੇ ਗਠਨ ਨੂੰ ਵਿਭਾਗ ਲਈ ਸ਼ੁਭ ਸ਼ਗਨ ਦਰਸਾਉਂਦਿਆਂ ਕਿਹਾ ਹੈ ਕਿ ਇਸ ਫੈਸਲੇ ਨਾਲ ਭਾਸ਼ਾ ਵਿਭਾਗ ਦਾ ਕੰਮ ਹੋਰ ਚੁਸਤ-ਦਰੁਸਤ ਹੋਵੇਗਾ। ਉਹਨਾਂ ਕਿਹਾ ਕਿ ਇਸ ਬੋਰਡ ਵਿੱਚ ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਮਾਹਰਾਂ ਦੇ ਨਾਲ ਨਾਲ ਸਾਹਿਤ ਅਤੇ ਵੱਖ ਵੱਖ ਕਲਾਵਾਂ ਦੇ ਸਿਰ ਕੱਢ ਵਿਅਕਤੀ ਸ਼ਾਮਲ ਕੀਤੇ ਗਏ ਹਨ। ਮੰਤਰੀ ਨੇ ਕਿਹਾ ਹੈ ਕਿ ਇਹਨਾਂ ਮਾਹਰ ਵਿਅਕਤੀਆਂ ਦੀ ਸਲਾਹ ਅਨੁਸਾਰ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾਵਾਂ ਦੇ ਵਿਕਾਸ ਲਈ ਨਵੀਂਆਂ ਯੋਜਨਾਵਾਂ ਤੇ ਪ੍ਰੋਗਰਾਮ ਉਲੀਕੇਗਾ।
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਵਲੋਂ ਜਾਰੀ ਕੀਤੇ ਗਏ ਨੋਟੀਫ਼ੀਕੇਸ਼ਨ ਅਨੁਸਾਰ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ-ਚੇਅਰਪਰਸਨ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ- ਵਾਈਸ ਚੇਅਰਪਰਸਨ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਚੰਡੀਗੜ੍ਹ - ਮੈਂਬਰ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ ਜਾਂ ਉਹਨਾਂ ਦਾ ਨੁਮਾਇੰਦਾ-ਮੈਂਬਰ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ -ਮੈਂਬਰ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬ ਕਲਾ ਪ੍ਰੀਸ਼ਦ, ਸੈਕਟਰ-16 ਬੀ,ਚੰਡੀਗੜ੍ਹ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ -ਮੈਂਬਰ, ਡਾਇਰੈਕਟਰ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ, ਪੰਚਕੂਲਾ- ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਅਕਾਦਮੀ, ਨਵੀਂ ਦਿੱਲੀ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ, ਦਿੱਲੀ - ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) - ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਸਾਹਿਤ ਅਕਾਦਮੀ, ਨਵੀਂ ਦਿੱਲੀ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ - ਮੈਂਬਰ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ -ਮੈਂਬਰ/ਕਨੀਵਰ ਹੋਣਗੇ।
ਸਲਾਹਕਾਰ ਬੋਰਡ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਨਿਯੁਕਤ ਕੀਤੇ ਗਏ ਗੈਰ ਸਰਕਾਰੀ ਮੈਂਬਰਾਂ ਵਿਚ ਡਾ. ਸੁਰਜੀਤ ਪਾਤਰ, ਨਾਟਕਕਾਰ ਡਾ. ਆਤਮਜੀਤ, ਸ. ਵਰਿਆਮ ਸੰਧੂ, ਕਹਾਣੀਕਾਰ, ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨੀ, ਡਾ. ਨਾਹਰ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ. ਮਨਮੋਹਣ ਬਾਵਾ ਨਾਵਲਕਾਰ ਅਤੇ ਡਾ. ਜਸਬੀਰ ਸਿੰਘ ਸਾਬਰ, ਅੰਮ੍ਰਿਤਸਰ ਸ਼ਾਮਿਲ ਹਨ।
ਇਨ੍ਹਾਂ ਤੋਂ ਇਲਾਵਾ ਉੱਘੇ ਗਾਇਕ ਸ੍ਰੀ ਪਰਮਜੀਤ ਸਿੰਘ (ਪੰਮੀ ਬਾਈ), ਸ੍ਰੀ ਬਲਕਾਰ ਸਿੱਧੂ, ਅਤੇ ਸ੍ਰੀ ਹਰਦੀਪ ਸਿੰਘ ਪਟਿਆਲਾ ਨੂੰ ਲੋਕ ਗਾਇਕ ਸ਼੍ਰੇਣੀ ਵਿਚ ਮੈਂਬਰ ਨਾਮਜ਼ਦ ਕੀਤਾ ਗਿਆ ਹੈ।ਹਿੰਦੀ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਸ੍ਰੀ ਅਨਿਲ ਧੀਮਾਨ, ਆਰ.ਐਸ.ਡੀ. ਕਾਲਜ, ਫ਼ਿਰੋਜਪੁਰ, ਡਾ. ਚਮਨ ਲਾਲ ਪਟਿਆਲਾ ਅਤੇ ਡਾ. ਮੇਵਾ ਸਿੰਘ, ਪ੍ਰੋਫੈਸਰ (ਰਿਟਾ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਮੈਂਬਰ ਬਣਾਇਆ ਗਿਆ ਹੈ। ਉਰਦੂ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਡਾ. ਮੁਹੰਮਦ ਜਮੀਲ, ਪ੍ਰਿੰਸੀਪਲ ਸਰਕਾਰੀ ਕਾਲਜ, ਅਮਰਗੜ੍ਹ, ਸਰਦਾਰ ਪੰਛੀ ਅਤੇ ਅਜ਼ੀਜ਼ ਪਰਿਹਾਰ ਨੂੰ ਮੈਂਬਰ ਬਣਾਇਆ ਗਿਆ ਹੈ।ਸੰਸਕ੍ਰਿਤ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਡਾ. ਵਰਿੰਦਰ ਕੁਮਾਰ, ਸੰਸਕ੍ਰਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਮੈਡਮ ਕਮਲਦੀਪ ਕੌਰ, ਸੇਵਾ ਮੁਕਤ ਪ੍ਰੋਫੈਸਰ, ਮਹਿੰਦਰਾ ਕਾਲਜ, ਪਟਿਆਲਾ, ਡਾ. ਪੁਸ਼ਪਿੰਦਰ ਜੋਸ਼ੀ, ਪਟਿਆਲਾ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਇਸ ਬੋਰਡ ਵਿਚ ਅਖਬਾਰਾਂ/ਟੈਲੀਵੀਜਨ ਅਤੇ ਮੀਡੀਆ ਨਾਲ ਸਬੰਧਤ ਹਸਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿੰਨਾਂ ਵਿਚ ਡਾ. ਸਵਰਾਜਬੀਰ ਸਿੰਘ, ਸੰਪਾਦਕ, ਪੰਜਾਬੀ ਟ੍ਰਿਬਿਊਨ, ਸ. ਹਰਕੰਵਲਜੀਤ ਸਿੰਘ, ਸੀਨੀਅਰ ਪੱਤਰਕਾਰ, ਅਜੀਤ, ਚੰਡੀਗੜ੍ਹ
ਅਤੇ ਸ੍ਰੀਮਤੀ ਨਿਮਰਤ ਕੌਰ, ਮੈਨੇਜਿੰਗ ਐਡੀਟਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ ਸ਼ਾਮਿਲ ਹਨ।ਇਸੇ ਤਰਾਂ ਕਲਾ, ਵਿਗਿਆਨ, ਸਮਾਜ ਸੇਵਾ, ਚਿਕਿਤਸਾ, ਇੰਜੀਨੀਅਰਿੰਗ, ਵਾਤਾਾਵਰਣ ਆਦਿ ਖੇਤਰਾਂ ਨਾਲ ਸਬੰਧਤ ਵਿਆਕਤੀਆਂ ਵਿਚੋਂ ਸ. ਭੁਪਿੰਦਰ ਸਿੰਘ ਵਿਰਕ, ਪ੍ਰੋਫੈਸਰ, ਕਾਨੂੰਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ. ਉਜਾਗਰ ਸਿੰਘ, ਡੀ.ਪੀ.ਆਰ.ਓ. (ਰਿਟਾ) ਪਟਿਆਲਾ, ਸ. ਕਰਨਲ ਜਸਮੇਰ ਸਿੰਘ ਬਾਲਾ, ਮੋਹਾਲੀ, ਡਾ. ਮੇਘਾ ਸਿੰਘ, ਮੋਹਾਲੀ, ਡਾ. ਸੁਰਜੀਤ ਲੀ, ਭਾਸ਼ਾ ਵਿਗਿਆਨੀ, ਪਟਿਆਲਾ ਅਤੇ ਡਾ. ਦੀਪਕ ਮਨਮੋਹਨ, ਚੰਡੀਗੜ੍ਹ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਹੈ।
ਸੰਪਾਦਕ ਟਿਪਣੀ : ਉਂਜ ਤਾਂ ਇਹ ਬੋਰਡ ਠੀਕ ਹੈ, ਪਰ ਕੁਝ ਕੁ ਮੈਂਬਰਾਂ ਤੇ ਇਤਰਾਜ਼ ਹੈ, ਕਿਉਂਕਿ ਇਨ੍ਹਾਂ ਮੈਂਬਰਾਂ ਤੇ ਪਹਿਲਾਂ ਹੀ ਪੱਖਪਾਤੀ ਹੋਣ ਦੇ ਦੋਸ਼ ਲੱਗੇ ਹਨ, ਕਈਆਂ ਦੇ ਨਾਮ ਵੱਡੇ ਹੋ ਸਕਦੇ ਹਨ ਪਰ ਜਦੋਂ ਕਰਮ ਪੱਖਪਾਤ ਵਿਚ ਉਲਝੇ ਹੋਏ ਹੋਣ ਤੇ ਉਨ੍ਹਾਂ ਤੇ ਭਵਿੱਖ ਵਿਚ ਵੀ ਨਿਰਪੱਖਤਾ ਦੀ ਆਸ ਨਹੀਂ ਰੱਖੀ ਜਾ ਸਕਦੀ, ਇਹ ਪੱਖਪਾਤ ਕਰਨ ਵਾਲੇ ਲੋਕ ਪ੍ਰਭਾਵਸ਼ਾਲੀ ਵੀ ਹਨ, ਇਸ ਕਰਕੇ ਮੈਨੂੰ ਕੁਝ ਮੈਂਬਰਾਂ ਤੇ ਇਤਰਾਜ਼ ਹੈ ਬਾਕੀ ਤਾਂ ਸਾਰਾ ਬੋਰਡ ਹੀ ਕਮਾਲ ਦਾ ਹੈ, ਸੰਸਥਾਵਾਂ ਦੀ ਚੋਣ ਬਹੁਤ ਵਧੀਆ ਹੈ, ਸਾਰੇ ਪੱਖ ਵਿਚਾਰੇ ਗਏ ਹਨ, ਪੰਜਾਬ ਸਰਕਾਰ ਨੇ ਬੋਰਡ ਬਣਾਇਆ ਹੈ, ਹੁਣ ਚੰਗਾ ਕਰਨ ਦੀ ਆਸ ਕੀਤੀ ਜਾ ਸਕਦੀ ਹੈ... ਪਰ ਮੈਂ ਬਾਕੀ ਮੈਂਬਰਾਂ, ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਪੱਖਪਾਤ ਤੋਂ ਬਚਿਆ ਜਾਵੇ... ਕਿਰਪਾ ਕਰਕੇ
Friday, March 27, 2020
ਕੋਰੋਨਾ ਕਹਿਰ : ਬਲੱਡ ਬੈਂਕ ਵਿਚ ਆਈ ਖ਼ੂਨ ਦੀ ਭਾਰੀ ਕਮੀ
ਕੈਂਸਰ, ਗਰਭਵਤੀ, ਥੈਲਾਸੀਮੀਆ, ਸਰਜਰੀ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਬਣਿਆ
ਗੁਰਨਾਮ ਸਿੰਘ ਅਕੀਦਾ
ਗੁਰਨਾਮ ਸਿੰਘ ਅਕੀਦਾ
ਕੋਰੋਨਾਵਾਇਰਸ ਦੇ ਕਹਿਰ ਕਾਰਨ ਬਲੱਡ ਬੈਂਕ ਖ਼ੂਨ ਦੀ ਭਾਰੀ ਕਾਰਨ ਕਈ ਮਜਬੂਰੀਆਂ ਵਿਚ ਫਸ ਗਏ ਹਨ, ਥੈਲਾਸੀਮੀਆ ਦੇ ਮਰੀਜ਼ਾਂ ਨੂੰ ਖ਼ੂਨ ਨਹੀਂ ਮਿਲ ਰਿਹਾ ਕਿਉਂਕਿ ਖ਼ੂਨਦਾਨੀਆਂ ਨੂੰ ਬਲੱਡ ਬੈਂਕ ਲਿਆਉਣ ਦੀ ਅਜੇ ਤੱਕ ਵੀ ਪ੍ਰਸ਼ਾਸਨ ਨੇ ਕੋਈ ਅਜਿਹੀ ਸੁਵਿਧਾ ਨਹੀਂ ਦਿੱਤੀ ਜਿਸ ਨਾਲ ਖ਼ੂਨ ਦਾਨੀ ਦੂਰੀਆਂ ਰੱਖ ਕੇ ਬਲੱਡ ਬੈਂਕ ਤੱਕ ਪੁੱਜ ਜਾਣ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੋਜ਼ਾਨਾ ਖ਼ੂਨਦਾਨ ਦੇ ਕੈਂਪ ਲੱਗਦੇ ਹਨ ਤਾਂ ਕਿਤੇ ਜਾ ਕੇ ਖ਼ੂਨ ਪੂਰਾ ਹੁੰਦਾ ਹੈ ਪਰ ਹੁਣ ਇਹ ਕੈਂਪ ਲੱਗਣੇ ਬੰਦ ਹੋ ਗਏ ਹਨ, ਇੱਥੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੁਖੀ ਹਰਦੀਪ ਸਿੰਘ ਨੇ ਕਿਹਾ ਹੈ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਬਲੱਡ ਬੈਂਕਾਂ ਵਿਚ ਖ਼ੂਨ ਦੀ ਭਾਰੀ ਕਮੀ ਚੱਲ ਰਹੀ ਹੈ, ਹਸਪਤਾਲਾਂ ਵਿਚ ਐਕਸੀਡੈਂਟ, ਡਿਲਿਵਰੀ, ਥੈਲਾਸਿਮਕ ਬੱਚੇ, ਕੈਂਸਰ ਦੇ ਮਰੀਜ਼ਾਂ ਅਤੇ ਹੋਰ ਜ਼ਰੂਰੀ ਅਪਰੇਸ਼ਨ ਵਾਲੇ ਮਰੀਜ਼ਾਂ ਲਈ ਖ਼ੂਨ ਬਹੁਤ ਜ਼ਰੂਰੀ ਹੈ ਜੋ ਬਲੱਡ ਬੈਂਕਾਂ ਵਿਚ ਹੋਣਾ ਲਾਜ਼ਮੀ ਹੈ, ਖ਼ੂਨ ਦੇਣ ਲਈ ਖ਼ੂਨਦਾਨੀ ਵਿਅਕਤੀ ਤਿਆਰ ਹਨ ਪਰ ਕਰਫ਼ਿਊ ਕਾਰਨ ਇਨ੍ਹਾਂ ਨੂੰ ਪਿੰਡਾਂ, ਕਸਬਿਆਂ ਤੇ ਸ਼ਹਿਰ ਤੋਂ ਬਲੱਡ ਬੈਂਕ ਤੱਕ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਕਾਰਨ ਹਸਪਤਾਲ ਵਿਚ ਮਰੀਜ਼ਾਂ ਦੀ ਜਾਨ ਨੂੰ ਬਣਿਆ ਖ਼ਤਰਾ ਹੋ ਵੱਧ ਗਿਆ ਹੈ। ਇਸੇ ਤਰ੍ਹਾਂ ਇੱਥੇ ਦੇ ਬਲੱਡ ਬੈਂਕ ਦਾ ਕੰਮ ਸੰਭਾਲ ਰਹੇ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਕੋਲ 90 ਫ਼ੀਸਦੀ ਖ਼ੂਨ ਖ਼ੂਨਦਾਨ ਕੈਂਪਾਂ ਵਿਚੋਂ ਆਉਂਦਾ ਸੀ, ਗਰਭਵਤੀ ਔਰਤਾਂ ਵਿਚ 4-5 ਗਰਾਮ ਖ਼ੂਨ ਰਹਿ ਜਾਂਦਾ ਹੈ ਉਨ੍ਹਾਂ ਲਈ ਖ਼ੂਨ ਦੀ ਮੰਗ ਵਧੀ ਹੈ, ਸਾਨੂੰ ਖ਼ੂਨ ਦੀ ਤੁਰੰਤ ਲੋੜ ਹੈ, ਪਹਿਲਾਂ ਸਾਡੇ ਕੋਲ 60-70 ਯੂਨਿਟ ਖ਼ੂਨ ਬਲੱਡ ਬੈਂਕ ਤੱਕ ਰੋਜ਼ਾਨਾ ਪੁੱਜ ਜਾਂਦਾ ਸੀ ਪਰ ਹੁਣ ਸਾਡੇ ਕੋਲ ਖ਼ੂਨ ਨਹੀਂ ਆ ਰਿਹਾ, ਪਰਸੋਂ ਖ਼ੂਨਦਾਨੀਆਂ ਨੂੰ ਅਪੀਲ ਕੀਤੀ ਸੀ ਤਾਂ 27-28 ਖ਼ੂਨਦਾਨੀ ਆ ਗਏ ਸਨ, ਪਰ ਸਾਨੂੰ ਰੋਜ਼ਾਨਾ ਕਰੀਬ 30 ਯੂਨਿਟ ਖ਼ੂਨ ਦੀ ਲੋੜ ਹੈ। ਅਜੇ ਤਾਂ ਲਾਕ ਡਾਊਨ ਨੂੰ ਸਿਰਫ਼ ਦੋ ਦਿਨ ਹੀ ਹੋਏ ਹਨ ਪਰ ਅਗਲੇ ਦਿਨ ਗੁਜ਼ਾਰਨੇ ਬੜੇ ਮੁਸ਼ਕਿਲ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ ਪਰ ਸਾਨੂੰ ਕੋਈ ਵੀ ਹਾਂ ਪੱਖੀ ਨਤੀਜਾ ਨਹੀਂ ਮਿਲਿਆ। ਇਸੇ ਤਰ੍ਹਾਂ ਥੈਲਾਸੀਮੀਆ ਸੁਸਾਇਟੀ ਦੇ ਸਕੱਤਰ ਇੰਜ. ਰਾਜੀਵ ਅਰੋੜਾ ਨੇ ਕਿਹਾ ਕਿ ਸਾਡੇ ਕੋਲ ਸਿਰਫ਼ ਪਟਿਆਲਾ 230 ਬੱਚੇ ਥੈਲਾਸੀਮੀਆ ਦੇ ਰਜਿਸਟਰਡ ਹਨ, ਰੋਜ਼ਾਨਾ ਸਾਨੂੰ 20-22 ਯੂਨਿਟ ਖ਼ੂਨ ਦੀ ਲੋੜ ਹੈ, ਪਰ ਪੰਜਾਬ ਭਰ ਵਿਚ 1200 ਤੋਂ ਵੱਧ ਬੱਚੇ ਥੈਲਾਸੀਮੀਆ ਨਾਲ ਪੀੜਤ ਹਨ, ਜਿਸ ਲਈ ਖ਼ੂਨ ਦੀ ਭਾਰੀ ਲੋੜ ਹੈ, ਹੁਣ ਸਾਡੇ ਕੋਲ 5 ਜਾਂ 7 ਖ਼ੂਨ ਦਾਨ ਕਰਨ ਵਾਲੇ ਹੀ ਆ ਰਹੇ ਹਨ ਜਿਸ ਨਾਲ ਸਾਡੇ ਬੱਚਿਆਂ ਦਾ ਨਹੀਂ ਸਰ ਸਕਦਾ, ਥੈਲਾਸੀਮਿਕ ਬੱਚੇ ਵਿਚ ਘੱਟੋ ਘੱਟ 9 ਗਰਾਮ ਖ਼ੂਨ ਲੋੜੀਂਦਾ ਹੈ ਪਰ ਜੇਕਰ ਖ਼ੂਨ ਘਟ ਜਾਂਦਾ ਹੈ ਤਾਂ ਉਸ ਨਾਲ ਬੱਚੇ ਦੇ ਕਿਸੇ ਵੀ ਆਰਗਨ ਤੇ ਅਸਰ ਪੈ ਸਕਦਾ ਹੈ। ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਹੋਈ ਸੀ, ਉਨ੍ਹਾਂ ਕਿਹਾ ਕਿ ਜੇਕਰ ਕੋਈ ਖ਼ੂਨਦਾਨ ਕਰਨ ਲਈ ਆਉਂਦਾ ਹੈ ਤਾਂ ਅਸੀਂ ਗੱਡੀ ਉਪਲਬਧ ਕਰਾ ਦਿਆਂਗੇ ਪਰ ਫੇਰ ਵੀ ਦੂਰੀ ਦੀ ਉਲੰਘਣਾ ਹੋਵੇਗੀ। ਇਸ ਕਰਕੇ ਸਰਕਾਰ ਨੂੰ ਜ਼ਰੂਰੀ ਕਰਕੇ ਖ਼ੂਨ ਦਾਨ ਦੇ ਕੈਂਪ ਲਗਾਉਣੇ ਚਾਹੀਦੇ ਹਨ ਜਾਂ ਫਿਰ ਖ਼ੂਨ ਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਕਰਫ਼ਿਊ ਵਿਚ ਬਲੱਡ ਬੈਂਕਾਂ ਤੱਕ ਪੁੱਜਣ ਦੀ ਕਿਸੇ ਵੀ ਹਾਲਤ ਵਿਚ ਛੋਟ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਇਸ਼ਵਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਬਲੱਡ ਬੈਂਕ ਵਾਲੇ ਸਾਨੂੰ ਖ਼ੂਨਦਾਨ ਕਰਨ ਵਾਲੇ ਕਲੱਬਾਂ ਅਤੇ ਖ਼ੂਨਦਾਨੀਆਂ ਦੀ ਲਿਸਟ ਦੇ ਦੇਣ ਅਸੀਂ ਉਨ੍ਹਾਂ ਲਈ ਪਾਸ ਜਾਰੀ ਕਰ ਦਿਆਂਗੇ। ਪਰ ਇਸ ਇਲਾਵਾ ਅਜੇ ਤੱਕ ਕੋਈ ਵੀ ਪ੍ਰਬੰਧ ਨਹੀਂ ਹੋ ਸਕਦਾ।
Contact To Blood Bank Patiala :9876433279
Friday, December 06, 2019
ਇਕ ਇਕ ਪਲ ਦੁੱਖਾਂ ਵਿਚ ਕੱਟ ਰਹੀ ਹੈ ਪਿੰਡ ਬਰਸਟ ਦੀ ਨੂੰਹ ਰਾਜਵਿੰਦਰ ਕੌਰ
23 ਸਾਲ ਦੀ ਉਮਰ ਵਿਚ ਹੋਈ ਵਿਧਵਾ; ਸਹੁਰਾ ਸ਼ਰਾਬੀ; ਸਹੁਰੇ ਪੱਖ ਦੇ ਰਿਸ਼ਤੇਦਾਰ ਵੀ ਬਣੇ ਦੁਸ਼ਮਣ : ਕਰਜ਼ਾ ਸਿਰ ’ਤੇ ਖੜ੍ਹਾ
ਗੁਰਨਾਮ ਸਿੰਘ ਅਕੀਦਾ
ਬਰਸਟ (ਪਟਿਆਲਾ) : ਕਰਜ਼ ਦੇ ਤੀਰ ਜਦੋਂ ਰੂਹ ਨੂੰ ਛੱਲਣੀ ਕਰਦੇ ਹਨ ਤਾਂ ਰੂਹ ਦਾ ਦਰਦ ਅਸਹਿ ਹੋ ਜਾਂਦਾ ਹੈ, ਇਹੀ ਹਾਲਤ ਹੈ ਪਟਿਆਲਾ ਤੋਂ ਸੰਗਰੂਰ ਸੜਕ ਤੇ ਪੈਂਦੇ ਪਿੰਡ ਬਰਸਟ ਦੀ ਨੂੰਹ ਰਾਜਵਿੰਦਰ ਕੌਰ ਦੀ। ਅਜੇ ਨਿਆਣੀ ਜਿਹੀ ਲੱਗਦੀ ਹੈ ਦੇਖਣ ਨੂੰ ਮਸਾਂ 23 ਸਾਲ ਉਮਰ ਦੀ ਵਿਧਵਾ ਹੋ ਗਈ। ਸਹੁਰਾ ਹਰ ਵੇਲੇ ਸ਼ਰਾਬ ਵਿੱਚ ਗੁੱਟ ਰਹਿੰਦਾ ਹੈ। ਇਸੇ ਕਰਕੇ ਹੁਣ ਉਹ ਸੁੰਨ ਮਸਾਣ ਘਰ ਵਿਚ ਇਕੱਲੀ ਰਹਿੰਦੀ ਆਪਣੇ ਦੋਵੇਂ ਬੱਚੇ ਵੱਡਾ 5 ਸਾਲ ਦਾ ਮੁੰਡਾ ਲਵਕਿਰਨਦੀਪ ਸਿੰਘ ਦੇ ਛੋਟੀ ਡੇਢ ਸਾਲਾ ਧੀ ਜਸਰੀਤ ਕੌਰ ਦੇ ਭਵਿੱਖ ਨੂੰ ਦੇਖਦੀ ਹੋਈ ਆਪਣੀ ਜ਼ਿੰਦਗੀ ਦੇ ਸਾਰੇ ਫ਼ੈਸਲੇ ਰੱਦ ਕਰ ਚੁੱਕੀ ਹੈ।
ਸਵਾ ਕੁ ਸਾਲ ਹੋਇਆ ਹੈ ਜਦੋਂ ਉਸ ਦੇ ਪਤੀ ਮਨਦੀਪ ਸਿੰਘ (30 ਸਾਲ) ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਖੇਤ ਡੂੰਘੇ ਹਨ, ਇਸ ਕਰਕੇ ਇਕ ਫ਼ਸਲ ਮਰ ਹੀ ਜਾਂਦੀ ਹੈ, ਆੜ੍ਹਤੀਏ ਦਾ 1.70 ਕੁ ਹਜ਼ਾਰ ਰੁਪਏ ਦਾ ਕਰਜ਼ ਚੜ ਗਿਆ ਸੀ। ਰਾਜਵਿੰਦਰ ਕੌਰ ਕਹਿੰਦੀ ਹੈ ਕਿ ਆੜ੍ਹਤੀਏ ਦਾ ਫ਼ੋਨ ਆਉਣ ਕਰਕੇ ਮਨਦੀਪ ਸਾਰੀ ਰਾਤ ਚਿੰਤਾ ਵਿਚ ਰਿਹਾ ਤੇ ਉਸ ਨੂੰ ਕਹਿ ਰਿਹਾ ਸੀ ‘ਤੂੰ ਇਸ ਘਰ ਤੋਂ ਕਿਤੇ ਬਾਹਰ ਨਹੀਂ ਜਾਣਾ, ਆਪਣੇ ਬੱਚਿਆਂ ਨੂੰ ਪ੍ਰੇਮ ਕਰਨਾ’ ਰਾਜਵਿੰਦਰ ਉਸ ਵੇਲੇ ਨਹੀਂ ਸਮਝ ਸਕੀ ਸੀ, ਸਵੇਰੇ ਹੀ ਮਨਦੀਪ ਸਿੰਘ ਘਰੋਂ ਖੇਤਾਂ ਵਿਚ ਗਿਆ ਸੀ ਤੇ ਉਨ੍ਹਾਂ ਖੇਤਾਂ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਸੀ ਪਰ ਉਹ ਰਾਜਵਿੰਦਰ ਕੌਰ ਨੂੰ ਕਈ ਸਾਰੇ ਦੁੱਖਾਂ ਵਿਚ ਪਾ ਗਿਆ ਸੀ। ਮਸਾਂ 14 ਵਿੱਘੇ ਜ਼ਮੀਨ ਹੈ, ਉਸ ਵਿਚੋਂ ਵੀ 8 ਵਿੱਘੇ ਡੂੰਘੀ ਹੋਣ ਕਰਕੇ ਹਰ ਸਾਲ ਇਕ ਫ਼ਸਲ ਮਰ ਜਾਂਦੀ ਹੈ ਤੇ ਛੇ ਵਿੱਘੇ ਜ਼ਮੀਨ ਹੁਣ ਮਨਦੀਪ ਸਿੰਘ ਦਾ ਤਾਇਆ ਦਰਸ਼ਨ ਸਿੰਘ ਵਾਹੁੰਦਾ
ਹੈ, ਰਾਜਵਿੰਦਰ ਕੌਰ ਤੇ ਇਹ ਵੀ ਇਕ ਹੋਰ ਦੁੱਖ ਦੀ ਘੜੀ ਸੀ, ਜਦੋਂ ਰਾਜਵਿੰਦਰ ਕੌਰ ਆਪਣੀ ਛੇ ਵਿੱਘੇ ਜ਼ਮੀਨ ਠੇਕੇ ’ਤੇ ਕਿਸੇ ਹੋਰ ਨੂੰ ਦੇਣ ਲੱਗੀ ਤਾਂ ਉਸ ਦੀਆਂ ਪੰਜੇ ਭੁਆਂ ਇਕੱਠੀਆਂ ਹੋ ਕੇ ਆ ਗਈਆਂ, ਕਹਿੰਦੀਆਂ ‘ਆਪਣੀ ਜ਼ਮੀਨ ਠੇਕੇ ’ਤੇ ਤੁਹਾਡੇ ਤਾਏ ਨੂੰ ਦੇ ਦਿਓ.. ਨਹੀਂ ਤਾਂ ਅਸੀਂ ਜ਼ਮੀਨ ਵਿਚ ਅਸੀਂ ਆਪਣਾ ਹਿੱਸਾ ਲਵਾਂਗੀਆਂ’ ਰਾਜਵਿੰਦਰ ਨੇ ਕੋਈ ਉਜ਼ਰ ਨਾ ਕਰਦਿਆਂ ਆਪਣੀ 6 ਵਿੱਘੇ ਜ਼ਮੀਨ ਤਾਏ ਨੂੰ ਦੇ ਦਿੱਤੀ, ਆਮ ਲੋਕਾਂ ਦਾ ਕਹਿਣਾ ਹੈ ਕਿ ਉਸ ਜ਼ਮੀਨ ’ਤੇ ਹੁਣ ਤਾਏ ਦਾ ਹੀ ਕਬਜ਼ਾ ਹੋ ਗਿਆ ਹੈ। ਰਾਜਵਿੰਦਰ ਇਕ ਇਕ ਦਰਦ ਦੀ ਦਾਸਤਾਨ ਸੁਣਾਉਂਦੀ ਹੋਈ ਕਹਿੰਦੀ ਹੈ ਕਿ ਬਾਕੀ ਜ਼ਮੀਨ ਤੇ ਜੋ ਵੀ ਫ਼ਸਲ ਹੁੰਦੀ ਹੈ, ਉਸ ਵਿਚੋਂ ਕੁਝ ਵੀ ਵੇਚ ਕੇ ਉਸ ਦਾ ਸਹੁਰਾ ਹਰ ਵੇਲੇ ਸ਼ਰਾਬ ਨਾਲ ਰੱਜਿਆ ਰਹਿੰਦਾ ਹੈ। ਸ਼ਰਾਬ ਦੇ ਨਸ਼ੇ ਵਿਚ ਨੂੰਹ ਸਹੁਰੇ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਦੀ ਕੋਸ਼ਿਸ਼ ਕਰਨ ਦਾ ਮੁੱਦਾ ਪੰਚਾਇਤ ਕੋਲ ਪੁੱਜਾ ਸੀ ਪਰ ਉਸ ਵੇਲੇ ਸਹੁਰੇ ਨੇ ‘ਆਨ ਦੀ ਰਿਕਾਰਡ’ ਗ਼ਲਤੀ ਸਵੀਕਾਰ ਕਰਦਿਆਂ ਮਾਫ਼ੀ ਮੰਗ ਲਈ ਸੀ।
ਰਾਜਵਿੰਦਰ ਕੌਰ ਦੇ ਪਤੀ ਮਨਦੀਪ ਵੱਲੋਂ ਲਏ ਵਾਅਦੇ ਨੂੰ ਤਾਂ ਰਾਜਵਿੰਦਰ ਨਿਭਾ ਰਹੀ ਹੈ ਪਰ ਰਿਸ਼ਤੇਦਾਰਾਂ ਵੱਲੋਂ 14 ਵਿੱਘੇ ਜ਼ਮੀਨ ਦੇ ਵੀ ਹਿੱਸੇ ਵੰਡਾਉਣ ਦੀ ਗੱਲ ਚਲਾਈ ਜਾ ਰਹੀ ਹੈ, ਉਹ ਗਲ ਕਰਦੀ ਕਰਦੀ ਰੋ ਪੈਂਦੀ ਹੈ, ਉਸ ਦੇ ਮੁੰਡੇ ਦੀ ਯੂਕੇਜੀ ਦੀ ਪੜਾਈ ਉਸ ਦਾ ਪੇਕਾ ਪਰਿਵਾਰ ਕਰਵਾ ਰਿਹਾ ਹੈ। ਉਸ ਦੀ ਨਿਆਣੀ ਜਿਹੀ ਕੁੜੀ ਨੂੰ ਲੈ ਕੇ ਉਹ ਆਪਣੇ ਉਜਾੜ ਲੱਗਦੇ ਸਹੁਰੇ ਘਰ ਵਿਚ ਹੀ ਰਹਿ ਰਹੀ ਹੈ, ਉਸ ਨੂੰ ਸਹੁਰੇ ਘਰ ਵਿਚੋਂ ਕੱਢਣ ਲਈ ਕੁਝ ਰਿਸ਼ਤੇਦਾਰਾਂ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਪਰ ਉਹ ਆਪਣੇ ਬੱਚਿਆਂ ਕਰਕੇ ਆਪਣੇ ਭਵਿੱਖ ਦਾ ਇਕ ਇਕ ਕਣ ਆਪਣੇ ਬੱਚਿਆਂ ਦੇ ਹਵਾਲੇ ਕਰ ਚੁੱਕੀ ਹੈ। ਅੱਜ ਮਸਾਂ 24 ਸਾਲ ਦੀ ਉਮਰ ਵਿਚ ਜੇਕਰ ਉਹ ਦੂਜਾ ਵਿਆਹ ਵੀ ਕਰਵਾ ਲੈਂਦੀ ਹੈ ਤਾਂ ਉਹ ਸੋਚ ਕੇ ਰੋਣ ਲੱਗ ਜਾਂਦੀ ਹੈ ਕਿ ਉਸ ਦੇ ਬੱਚਿਆਂ ਦਾ ਕੀ ਬਣੇਗਾ। ਜੇਕਰ ਉਸ ਦੀ ਸੱਸ ਜਿਊਂਦੀ ਹੁੰਦੀ ਤਾਂ ਵੀ ਕੋਈ ਹਿਲਾ ਹੋ ਜਾਣਾ ਸੀ, ਸ਼ਰਾਬ ਵਿਚ ਗੁੱਟ ਰਹਿੰਦੇ ਸਹੁਰੇ ਦੇ ਸਹਾਰੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਇਆ ਜਾ ਸਕਦਾ। ਉਸ ਦੇ ਘਰ ਦਾ ਸਾਰਾ ਖਰਚਾ ਉਸ ਦੇ ਪੇਕੇ ਚਲਾਉਂਦੇ ਹਨ, ਅਜੇ ਤੱਕ ਆੜ੍ਹਤੀਏ ਦਾ ਕਰਜ਼ਾ ਵੀ ਮਾਫ਼ ਨਹੀਂ ਹੋਇਆ, ਕਿਉਂਕਿ ਰਾਜਵਿੰਦਰ ਨੇ ਇਸ ਮਾਮਲੇ ਦੇ ਸਾਰੇ ਹੱਕ ਆਪਣੇ ਤਾਏ ਨੂੰ ਦੇ ਦਿੱਤੇ ਸਨ, ਉਹ ਦਸਤਖ਼ਤ ਕਰੇ ਤਾਂ ਕੁਝ ਬਣੇ, ਤਾਏ ਦੇ ਵਿਰੁੱਧ ਜੇਕਰ ਰਾਜਵਿੰਦਰ ਜਾਂਦੀ ਹੈ ਤਾਂ ਉਸ ਨੂੰ ਰਿਸ਼ਤੇਦਾਰਾਂ ਦੀ ਝਾੜ ਸਹਿਣੀ ਪੈਂਦੀ ਹੈ। 3 ਕੁ ਲੱਖ ਰੁਪਏ ਸੁਸਾਇਟੀ ਅਤੇ ਬੈਂਕ ਦਾ ਕਰਜ਼ਾ ਸਿਰ ’ਤੇ ਹੈ, ਉਹ ਵੀ ਕਰਜ਼ਾ ਲੈਣ
ਲਈ ਗੇੜੇ ਮਾਰਦੇ ਹਨ।
ਪਿੰਡ ਦੇ ਸਰਪੰਚ ਅਨਿਲ ਕੁਮਾਰ ਨੇ ਕਿਹਾ ਕਿ ਅਸੀਂ ਆੜ੍ਹਤੀਏ ਨਾਲ ਰਾਜਵਿੰਦਰ ਕੌਰ ਦਾ ਸਮਝੌਤਾ ਕਰਵਾ ਕੇ 5 ਲੱਖ ਰੁਪਏ ਦੇਣਾ ਤਹਿ ਕਰ ਲਿਆ ਹੈ, ਪਰ ਹੁਣ ਮ੍ਰਿਤਕ ਮਨਦੀਪ ਸਿੰਘ ਦਾ ਤਾਇਆ ਤੇ ਇਕ ਹੋਰ ਰਿਸ਼ਤੇਦਾਰ ਦਸਤਖ਼ਤ ਨਹੀਂ ਕਰ ਰਹੇ। ਆੜ੍ਹਤੀਆ ਰੁਪਏ ਬੱਚਿਆਂ ਦੇ ਨਾਮ ਕਰਨਾ ਚਾਹੁੰਦਾ ਹੈ ਪਰ ਤਾਇਆ ਰੁਪਏ ਖ਼ੁਦ ਲੈਣਾ ਚਾਹੁੰਦਾ ਹੈ। ਇਸ ਤੇ ਤਾਏ ਦਰਸ਼ਨ ਸਿੰਘ ਨੇ ਕਿਹਾ ਕਿ ਸਾਡੇ ਕੋਲੋਂ ਆੜ੍ਹਤੀਏ ਨੇ ਧੋਖੇ ਨਾਲ ਦਸਤਖ਼ਤ ਕਰਵਾ ਲਏ ਹਨ ਪਰ ਉਸ ਨੇ ਸਾਨੂੰ ਕੋਈ ਰੁਪਿਆ ਨਹੀਂ ਦਿੱਤਾ। ਉਸ ਨੇ ਕਿਹਾ ਕਿ ਜ਼ਮੀਨ ਤੇ ਰੁਪਿਆ ਬੱਚਿਆਂ ਦੇ ਨਾਮ ਹੋਵੇ ਪਰ ਬੱਚਿਆਂ ਦੀ ਮਾਂ ਰਾਜਵਿੰਦਰ ਕੌਰ ਨੂੰ ਅਸੀਂ ਇੱਥੋਂ ਕੱਢਣਾ ਚਾਹੁੰਦੇ ਹਾਂ। ਉਸ ਨੇ ਕਿਹਾ ਕਿ ਰਾਜਵਿੰਦਰ ਕੌਰ ਦਾ ਚਾਲ-ਚੱਲਣ ਠੀਕ ਨਹੀਂ ਹੈ।
ਆੜ੍ਹਤੀਆ ਭੁਸ਼ਣ ਕੁਮਾਰ ਨੇ ਕਿਹਾ ਕਿ ਜੋ ਵੀ ਫ਼ੈਸਲਾ ਹੋਇਆ ਹੈ ਮੈਂ ਉਸ ’ਤੇ ਖੜ੍ਹਾ ਹਾਂ, ਪਰ ਮੈਂ ਬੱਚਿਆਂ ਅਤੇ ਰਾਜਵਿੰਦਰ ਕੌਰ ਦੇ ਨਾਮ ਹੀ ਰੁਪਏ ਕਰਾਉਣੇ ਹਨ ਪਰ ਕੁਝ ਰਿਸ਼ਤੇਦਾਰ ਨਹੀਂ ਚਾਹੁੰਦੇ ਕਿ ਬੱਚਿਆਂ ਤੇ ਰਾਜਵਿੰਦਰ ਕੌਰ ਦੇ ਨਾਮ ਰੁਪਏ ਹੋਣ, ਇਸ ਕਰਕੇ ਮਾਮਲਾ ਅਜੇ ਲਟਕਿਆ ਪਿਆ ਹੈ।
ਬਾਹਰਹਾਲ ਰਾਜਵਿੰਦਰ ਕੌਰ ਦੀ ਜ਼ਿੰਦਗੀ ਅੰਨ੍ਹੇ ਖੂਹ ਵਰਗੀ ਬਣ ਗਈ ਹੈ।
Wednesday, November 20, 2019
ਗੁਰਨਾਮ ਸਿੰਘ ਅਕੀਦਾ ਦੀ 'ਦਫ਼ਾ 498-ਏ' ਹੋਈ ਲੋਕ ਅਰਪਣ
ਵਿਸ਼ੇਸ਼ ਵਿਸ਼ਾ ਵਸਤੂ ਤੇ ਲਿਖੀ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ : ਵਾਈਸ ਚਾਂਸਲਰ ਡਾ. ਘੁੰਮਣ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਚ ਅੱਜ ਗੁਰਨਾਮ ਸਿੰਘ ਅਕੀਦਾ ਦੀ ਲਿਖੀ ਮੌਲਿਕ ਪੁਸਤਕ 'ਦਫ਼ਾ 498-ਏ' ਰਿਲੀਜ਼ ਕੀਤੀ ਗਈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਦੇ ਵੁਮੈਨ ਸਟੱਡੀ ਸੈਂਟਰ ਵੱਲੋਂ ਕਰਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿਚ ਵਾਈਸ ਚਾਂਸਲਰ ਅਤੇ ਕੌਮਾਂਤਰੀ ਪੱਧਰ ਦੇ ਵਿਦਵਾਨਾਂ ਨੇ ਰਿਲੀਜ਼ ਕੀਤੀ।
'ਦਫ਼ਾ 498-ਏ' ਨਾਮ ਦੀ ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐਸ ਘੁੰਮਣ, ਅਲਬਰਨ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਐਲਨ ਫ਼ਰ, ਅਮਰੀਕਨ ਯੂਨੀਵਰਸਿਟੀ ਵਾਸੀਗਟਨ ਡੀਸੀ ਦੇ ਸਕਾਲਰ ਮੈਨਾ ਚਾਵਲਾ ਸਿੰਘ, ਮਹਿਲਾ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀਮਤੀ ਕਿਰਨਪ੍ਰੀਤ ਕੌਰ ਧਾਮੀ, ਵੁਮੈਨ ਸਟੱਡੀ ਸੈਂਟਰ ਦੀ ਡਾਇਰੈਕਟਰ ਡਾ. ਰੀਤੂ ਲਹਿਲ, ਡੀਨ ਅਕਾਦਮਿਕ ਮਾਮਲੇ ਡਾ. ਬਤਰਾ ਨੇ ਅਦਾ ਕੀਤੀ, ਇਸ ਕਿਤਾਬ ਬਾਰੇ ਬੋਲਦਿਆਂ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਨੇ ਕਿਹਾ ਕਿ 'ਘਰੇਲੂ ਹਿੰਸਾ' 'ਤੇ ਖੋਜ ਭਰਪੂਰ ਲਿਖੀ ਗਈ ਇਸ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ, ਕਿਉਂਕਿ ਇਕ ਪੱਤਰਕਾਰ ਵੱਲੋਂ ਕਿਸੇ ਖ਼ਾਸ ਵਿਸ਼ੇ 'ਤੇ ਲਿਖੀ ਗਈ ਕਿਤਾਬ ਦੇ ਮਾਈਨੇ ਪ੍ਰਭਾਵਸ਼ਾਲੀ ਹੁੰਦੇ ਹਨ, ਇਸ ਕਿਤਾਬ ਬਾਰੇ ਬੋਲਦਿਆਂ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨੀਨਾ ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਦਾਜ ਦਹੇਜ ਤੇ ਘਰੇਲੂ ਹਿੰਸਾ 'ਤੇ ਆਧਾਰਤ ਹੈ, ਜਿਸ ਨੂੰ ਲਿਖਣ ਲਈ ਲੇਖਕ ਨੇ ਅਜਿਹੇ 19 ਕੇਸਾਂ ਦੀ ਖੋਜ ਕੀਤੀ ਜੋ ਅਜਿਹੇ ਦੋਸ਼ਾਂ ਵਿਚ ਪੁਲੀਸ ਕੋਲ ਦਰਜ ਹੋਏ ਸਨ। ਦੋਵੇਂ ਪੱਖਾਂ ਦੀ ਖੋਜ ਕਰਨ ਤੋਂ ਬਾਅਦ ਲੇਖਕ ਨੇ 8 ਕਹਾਣੀਆਂ ਦਾ ਸੰਗ੍ਰਹਿ ਤਿਆਰ ਕੀਤਾ ਹੈ। ਜੋ ਸਾਹਿਤਕ ਤੌਰ ਤੇ ਪਾਠਕ ਦੀ ਰੁਚੀ ਵੀ ਬਣਾਉਂਦਾ ਹੈ ਤੇ ਸਮਾਜ ਵਿਚ ਦਫ਼ਾ 498 ਏ, 406, 506, 34 ਆਈਪੀਸੀ ਆਦਿ ਧਾਰਾਵਾਂ ਤਹਿਤ ਬਰਬਾਦ ਹੋ ਰਹੇ ਕਈ ਸਾਰੇ ਬੱਚਿਆਂ ਦਾ ਸੱਚ ਪੇਸ਼ ਕਰਦਾ ਹੈ। ਇਸ ਕਿਤਾਬ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਜਿਹੇ ਕੇਸ ਦਰਜ ਕਰਨ ਤੋਂ ਪਹਿਲਾਂ ਪੁਲੀਸ ਨੂੰ ਸਾਰੇ ਪੱਖ ਵਾਚਣੇ ਚਾਹੀਦੇ ਹਨ ਤਾਂ ਕੇ ਕੋਈ ਬੇਗੁਨਾਹ ਪਰਿਵਾਰ ਤਬਾਹ ਨਾ ਹੋਵੇ। ਖੋਜ ਭਰਪੂਰ ਇਸ ਕਿਤਾਬ ਦਾ ਵਿਸ਼ਾ ਵਸਤੂ ਕਈ ਕਰੂਰ ਤੱਥ ਪੇਸ਼ ਕਰਦਾ ਹੈ ਕਿ ਅਸਲ ਵਿਚ ਕਾਰਨ ਕੋਈ ਹੋਰ ਹੁੰਦੇ ਹਨ ਪਰ ਪੁਲੀਸ ਕੋਲ ਕੋਈ ਹੋਰ ਧਾਰਾ ਨਾ ਹੋਣ ਕਰਕੇ 498-ਏ ਦੀ ਵਰਤੋਂ ਕਰਕੇ ਦੋ ਬੱਚਿਆਂ ਨੂੰ ਨੇੜੇ ਲਾਉਣ ਦੀ ਬਜਾਇ ਦੂਰ ਕੀਤਾ ਜਾਂਦਾ ਹੈ। ਜ਼ਰੂਰੀ ਨਹੀਂ ਕਿ ਕੁੜੀਆਂ ਦੀਆਂ ਸਾਰੀਆਂ ਸੱਸਾਂ, ਸਾਰੀਆਂ ਨਣਦਾਂ, ਸਾਰੀਆਂ ਜਠਾਣੀਆਂ, ਦਰਾਣੀਆਂ ਹੀ ਗਲਤ ਹੁੰਦੀਆਂ ਹਨ, ਕੁੜੀ ਤੇ ਕੁੜੀ ਦੇ ਮਾਪੇ ਵੀ ਜਾਣੇ ਅਨਜਾਣੇ ਵਿਚ ਵਿਆਹ ਤੋਂ ਬਾਅਦ ਵੀ ਕੁੜੀ ਤੇ ਆਪਣਾ ਹੱਕ ਨਹੀਂ ਛੱਡਦੇ। ਡਾ. ਸ਼ਰਮਾ ਨੇ ਕਿਹਾ ਇਸ ਵਿਸ਼ੇ ਨੂੰ ਹੋਰ ਵੀ ਖੋਜਣ ਦੀ ਲੋੜ ਹੈ।
ਅਕੀਦਾ ਫ਼ੋਟੋ : ਪੰਜਾਬੀ ਯੂਨੀਵਰਸਿਟੀ ਵਿਚ ਕਿਤਾਬ ਰਿਲੀਜ਼ ਕੀਤੇ ਜਾਣ ਦੀ ਝਲਕ।
ਅਕੀਦਾ ਫ਼ੋਟੋ 2 : ਕਿਤਾਬ ਦਾ ਟਾਈਟਲ
Subscribe to:
Posts (Atom)
ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ
ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...
-
ਪੱਤਰਕਾਰੀ ਦਾ ਇਤਿਹਾਸ ਭਾਗ -14 ਲੇਖਕ : ਗੁਰਨਾਮ ਸਿੰਘ ਅਕੀਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੱਤਰਕਾਰਾਂ ਲਈ ਬੜੀ ਅਹਿਮ ਬੀਟ ਹੈ, ਇਹ ਮੈਨੂੰ ਭਲੀਭਾਂਤ ਪਤਾ ਹੈ ਤੇ...
-
ਪੱਤਰਕਾਰੀ ਦਾ ਇਤਿਹਾਸ ਭਾਗ -11 ਲੇਖਕ ਗੁਰਨਾਮ ਸਿੰਘ ਅਕੀਦਾ 29 ਮਾਰਚ 2007 ਨੂੰ ਕਲੱਬ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਹੋਏ ਪੱਤਰਕਾਰਾਂ ਦੇ ਵੱਡੇ ਇਕੱਠ ਦੌਰਾਨ ਪ੍ਰੈੱ...
















