Friday, October 21, 2022

-ਕੈਨੇਡਾ ਵਿਚ ਪੰਜਾਬੀ ਪੱਤਰਕਾਰੀ ਦੇ ਝੰਡੇ ਗੱਡਣ ਵਾਲੇ ਸੂਝਵਾਨ ਪੱਤਰਕਾਰ ‘ਅਮਰ ਸਿੰਘ ਭੁੱਲਰ’

-ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਪੱਤਰਕਾਰੀ ਵਿਚ ਚਰਚਾ ਵਿਚ ਆਏ ‘ਭੁੱਲਰ’ ਨੇ ਦੇਸ਼ ਤੇ ਵਿਦੇਸ਼ਾਂ ਦੇ ਸਿਆਸੀ ਗਲਿਆਰਿਆਂ ਵਿਚ ਬੜਾ ਨਾਮ ਖੱਟਿਆ
ਦੇਸ਼ ਤੋਂ ਪ੍ਰਦੇਸ਼ ਵਿਚ ਜਾ ਕੇ ਪੱਤਰਕਾਰੀ ਵਰਗੇ ਗੁੰਝਲਦਾਰ ਵਿਸ਼ੇ ਨੂੰ ਚੁਣਨਾ ਬੜਾ ਵੱਡਾ ਕੰਮ ਹੁੰਦਾ ਹੈ, ਚਲੋ ਵਿਸ਼ਾ ਚੁਣ ਲਿਆ ਪਰ ਉਸ ਵਿਚ ਕਾਮਯਾਬ ਹੋਣਾ ਹੋਰ ਵੀ ਜੋਖ਼ਮ ਭਰਿਆ ਕੰਮ ਹੈ। ਪੱਤਰਕਾਰੀ ਗੈਰ ਆਦਰਸ਼ਵਾਦ ਦੀ ਭੇਂਟ ਚੜ ਰਹੀ ਹੈ। ਪੰਜਾਬ ਵਿਚ ਅੱਤਵਾਦ ਦੇ ਸਮੇਂ ਵਿਚ ਪੱਤਰਕਾਰੀ ਕਰਨਾ ਹੋਰ ਵੀ ਜੋਖ਼ਮ ਭਰਿਆ ਕੰਮ ਸੀ। ਪਰ ਪੰਜਾਬ ਵਿਚੋਂ ਪੱਤਰਕਾਰੀ ਸ਼ੁਰੂ ਕਰਕੇ ਕੁਝ ਅਜਿਹੇ ਨਾਮ ਵੀ ਹਨ ਜਿਨ੍ਹਾਂ ਦੀ ਚਰਚਾ ਵਿਸ਼ਵ ਦੀ ਪੰਜਾਬੀ ਪੱਤਰਕਾਰੀ ਵਿਚ ਹੁੰਦੀ ਹੈ। ਅੱਜ ਆਪਾਂ ਅਜਿਹੇ ਹੀ ਇਕ ਪੱਤਰਕਾਰ ਦੀ ਗੱਲ ਕਰਾਂਗੇ। ਮੈਂ ਅੱਜ ਕੈਨੇਡਾ ਵਿਚ ਪੱਤਰਕਾਰੀ ਦੇ ਝੰਡੇ ਗੱਡਣ ਵਾਲੇ ‘ਅਮਰ ਸਿੰਘ ਭੁੱਲਰ’ ਦੀ ਗੱਲ ਕਰ ਰਿਹਾ ਹਾਂ। -ਮੁੱਢਲਾ ਜੀਵਨ- ਪੰਜਾਬ ਦੀ ਵੰਡ ਕਰਨ ਲਈ ਪੰਜਾਬੀ ਹੀ ਲੜਾਈ ਲੜ ਰਹੇ ਸਨ। ਪੰਜਾਬੀਆਂ ਵਿਚੋਂ ਖ਼ਾਸ ਕਰਕੇ ਅਕਾਲੀ ਦਲ ਨੂੰ ਮਹਾਂ ਪੰਜਾਬ ਦੀ ਥਾਂ ਆਪਣੇ ਵੱਖਰੇ ਪੰਜਾਬੀ ਸੂਬੇ ਦੀ ਲੋੜ ਸੀ। ਜਿਸ ਲਈ ਅਨੇਕਾਂ ਮਰਨ ਵਰਤ ਰੱਖੇ ਜਾ ਰਹੇ ਸਨ ਤੇ ਜਵਾਹਰ ਲਾਲ ਨਹਿਰੂ ਵਰਗੇ ਪ੍ਰਧਾਨ ਮੰਤਰੀ ਤੋਂ ਅਨੇਕਾਂ ਤਰ੍ਹਾਂ ਦੀਆਂ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆਂ ਸਨ। ਉਸ ਵੇਲੇ ਹੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਨਵੌਰਾ (ਫ਼ਿਲਮੀ ਐਕਟਰ ਧਰਮਿੰਦਰ ਦਾ ਸਹੁਰਾ ਪਿੰਡ) ਵਿਚ ਆਮ ਕਿਸਾਨ ਬਾਪੂ ਸ. ਸਰਵਨ ਸਿੰਘ ਭੁੱਲਰ ਦੇ ਘਰ ਮਾਤਾ ਸਰਦਾਰਨੀ ਅੰਗਰੇਜ਼ ਕੌਰ ਦੀ ਕੁੱਖੋਂ ਅਮਰ ਸਿੰਘ ਆਪਣੀਆਂ ਅੱਖਾਂ ਖੋਲ੍ਹ ਰਿਹਾ ਸੀ। ਬਾਪੂ ਸਰਵਨ ਸਿੰਘ ਨੇ ਸਭ ਤੋਂ ਵੱਡੇ ਪੁੱਤਰ ਅਮਰ ਸਿੰਘ ਨੂੰ ਪੜਾਉਣਾ ਸ਼ੁਰੂ ਕੀਤਾ। ਚਾਰ ਭੈਣਾਂ ਤੇ ਦੋ ਭਰਾ ਦਾ ਸਭ ਤੋਂ ਵੱਡੇ ਭਰਾ ਅਮਰ ਸਿੰਘ ਭੁੱਲਰ ਨੇ ਪ੍ਰਾਇਮਰੀ ਤੋਂ 8ਵੀਂ ਤੱਕ ਦੀ ਪੜਾਈ ਬਨਵੌਰਾ ਸਕੂਲ ਤੋਂ ਹੀ ਹਾਸਲ ਕੀਤੀ। ਦਸਵੀਂ ਹਾਈ ਸਕੂਲ ਬਨਵੌਰੀ ਵਿਚ ਕਰ ਲਈ ਤੇ ਕਾਲਜ ਦੀ ਪੜਾਈ ਲਈ ਉਨ੍ਹਾਂ ਮਲੇਰਕੋਟਲਾ ਕਾਲਜ ਵਿਚ ਦਾਖਲਾ ਲਿਆ ਤੇ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਅਧਿਆਪਕ ਦਾ ਪੇਸ਼ਾ ਚੁਣਨ ਦਾ ਬੜਾ ਸ਼ੌਕ ਸੀ ਪਰ ਬੀ ਐਡ ਵਿਚ ਦਾਖਲਾ ਨਾ ਮਿਲ ਸਕਿਆ ਤਾਂ ਸੁਪਨਾ ਵਿਚ ਹੀ ਰਹਿ ਗਿਆ। -ਕਾਲਜ ਵਿਚ ਵਿਦਿਆਰਥੀ ਸਰਗਰਮੀਆਂ- ਅਮਰ ਸਿੰਘ ਭੁੱਲਰ ਬਚਪਨ ਤੋਂ ਹੀ ਕ੍ਰਾਂਤੀਕਾਰੀ ਵਿਚਾਰਾਂ ਨਾਲ ਬਾ-ਵਾਸਤਾ ਸਨ। ਕਾਲਜ ਵੇਲੇ ਤੋਂ ਹੀ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਵਿਚ ਮੂਹਰਲੀਆਂ ਕਤਾਰਾਂ ਦਾ ਲੀਡਰ ਬਣ ਗਿਆ। ਸੰਗਰੂਰ ਦੇ ਜ਼ੋਨਲ ਸਕੱਤਰ ਵਜੋਂ ਕੰਮ ਕਰਨਾ ਸ਼ੁਰੂ ਕਰ ਲਿਆ। ਪੀਐਸਯੂ ਵਿਚ ਪਟਿਆਲਾ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਫ਼ਰੀਦਕੋਟ ਵਾਲੇ ਇਲਾਕੇ ਤੋਂ ਮੇਜਰ ਸਿੰਘ (ਉੱਘੇ ਮਰਹੂਮ ਪੱਤਰਕਾਰ), ਬਿੱਕਰ ਭਲਵਾਨ ਵਰਗੇ ਵਿਅਕਤੀਆਂ ਨਾਲ ਵੀ ਸੂਬਾ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਮਿਲਦੇ ਰਹਿਣਾ। ਉੱਘੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਕਾਫ਼ੀ ਨੇੜਤਾ ਸੀ, ਜਿਸ ਬਾਰੇ ਉਹ ਕਾਫ਼ੀ ਗੱਲਾਂ ਖੁੱਲ ਕੇ ਸੁਣਾਉਂਦੇ ਹਨ। ਨਿਰਮਲ ਸਿੰਘ ਸੋਹੀ ਟਰਾਂਸਪੋਰਟਰ ਸਨ ਤੇ ਚਾਚਾ ਸੁਖਦੇਵ ਸਿੰਘ ਭੁੱਲਰ ਵਰਗੇ ਵੱਡੀ ਉਮਰ ਦੇ ਦੋਸਤ ਵੀ ਸਨ। ਮਾਂ ਹਮੇਸ਼ਾ ਕਹਿੰਦੀ ‘ਪੁੱਤ ਕੋਈ ਹਾਣ ਦੇ ਦੋਸਤ ਬਣਾਇਆ ਕਰ’। ਪਰਿਵਾਰ ਵਿਚ ਜਾਂ ਰਿਸ਼ਤੇਦਾਰ ਵਿਚ ਕੋਈ ਵੱਡਾ ਰੈਫਰੈਂਸ ਨਹੀਂ ਸੀ ਕਿ ਸਿੱਧਾ ਹੀ ਪੈਰਾਸ਼ੂਟ ਬਣ ਕੇ ਤਰੱਕੀ ਦੇ ਰਸਤੇ ਤੇ ਚੱਲ ਪੈਂਦੇ, ਪਰ ਫੇਰ ਵੀ ਕਾਲਜ ਦਿਨਾਂ ਤੋਂ ਹੀ ਸੁਖਦੇਵ ਸਿੰਘ ਢੀਂਡਸਾ, ਐਮਐਲਏ ਬਣੇ ਜ਼ੈਲਦਾਰ ਸੰਤ ਸਿੰਘ ਧੂਰੀ ਵਰਗਿਆਂ ਨਾਲ ਮੇਲ ਹੋ ਗਿਆ ਸੀ। ਉਂਜ ਤਾਇਆ ਅਰਜਨ ਸਿੰਘ ਕਾਫ਼ੀ ਮਦਦ ਕਰ ਦਿੰਦੇ ਸਨ। -ਸਕੂਲ ਖੋਲ੍ਹਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ- ਬੀ ਐਡ ਵਿਚ ਦਾਖਲਾ ਨਾ ਮਿਲਣ ਕਰਕੇ ਸਰਕਾਰੀ ਨੌਕਰੀ 1978 ਵਿਚ ਅੰਕੜਾ ਵਿਭਾਗ ਵਿਚ ਫ਼ੀਲਡ ਅਫ਼ਸਰ ਦੀ ਮਿਲ ਗਈ ਸੀ। ਅਧਿਆਪਕ ਬਣਨ ਦਾ ਸੁਪਨਾ ਪੂਰਾ ਕਰਨ ਲਈ ਨੌਕਰੀ ਕਰਦਿਆਂ ਹੀ ਇੰਡੀਅਨ ਮਾਡਲ ਸਕੂਲ ਦੇ ਨਾਮ ਤੇ 12 ਸਕੂਲ ਵੀ ਖੋਲੇ। ਜਿਨ੍ਹਾਂ ਵਿਚ 1500 ਦੇ ਕਰੀਬ ਬੱਚਾ ਪੜ੍ਹਦਾ ਸੀ ਤੇ ਬੱਚਿਆਂ ਨੂੰ 70 ਤੋਂ ਵੱਧ ਅਧਿਆਪਕ ਪੜਾਉਂਦੇ ਸਨ। 1980 ਵਿਚ ਪਬਲਿਕ ਕਾਲਜ ਸ਼ੇਰਪੁਰ (ਧੂਰੀ) ਵੀ ਖੋਲ੍ਹ ‌ਲਿਆ। ਉਸ ਸਮੇਂ ਇਸ ਇਲਾਕੇ ਵਿਚ 25-25 ਕਿੱਲੋਮੀਟਰ ਤੱਕ ਕੋਈ ਵੀ ਕਾਲਜ ਨਹੀਂ ਸੀ, ਕਾਲਜ ਦੇ ਉਦਘਾਟਨ ਸਮੇਂ ਸੁਖਦੇਵ ਸਿੰਘ ਢੀਂਡਸਾ, ਕਾਮ. ਚੰਦ ਸਿੰਘ ਚੋਪੜਾ ਤਤਕਾਲੀ ਵਿਧਾਇਕ ਦਾ ਬਹੁਤ ਸਾਥ ਮਿਲਿਆ ਤੇ ਨਾਲ ਹੀ ਉਸ ਵੇਲੇ ਡਿਪਟੀ ਕਮਿਸ਼ਨਰ ਪੀ ਰਾਮ ਤੇ ਐਸਐਸਪੀ ਦਲਜੀਤ ਸਿੰਘ ਭੁੱਲਰ ਦੀ ਮੌਜੂਦਗੀ ਵੀ ਕਾਫ਼ੀ ਹੱਦ ਤੱਕ ਹੌਸਲਾ ਵਧਾਉਂਦੀ ਸੀ। ਕਾਲਜ ਚਲਾਉਣ ਲਈ ਕਾਫ਼ੀ ਕੁਝ ਦਾਅ ਦੇ ਲਾਉਣਾ ਪਿਆ। ਪਰ ਉਸ ਵੇਲੇ ਦੇ ਪੰਜਾਬ ਪੁਲੀਸ ਦੇ ਇੰਸਪੈਕਟਰ ਇਕਬਾਲ ਸਿੰਘ ਦੇ ਐਸਐਸਪੀ ਗਿਆਨ ਸਿੰਘ ਨੇ ਵੀ ਕਾਫ਼ੀ ਹੌਸਲਾ ਦਿੱਤਾ ਤੇ ਕਾਲਜ ਬੜੀ ਕਾਮਯਾਬੀ ਨਾਲ ਚੱਲਿਆ। -ਪੱਤਰਕਾਰੀ ਦੀ ਸ਼ੁਰੂਆਤ- ਉਂਜ ਪੱਤਰਕਾਰੀ ਕਾਲਜ ਦੇ ਦਿਨਾਂ ਤੋਂ ਹੀ ਸ਼ੁਰੂ ਕਰ ਦਿੱਤੀ ਸੀ। 1976 ਵਿਚ ਹੀ ਪੰਜਾਬੀ ਦੇ ਅਖ਼ਬਾਰਾਂ ਜਿਵੇਂ ਕਿ ਲੋਕ ਲਹਿਰ, ਨਵਾਂ ਜ਼ਮਾਨਾ, ਕੌਮੀ ਦਰਦ, ਚੜ੍ਹਦੀਕਲਾ ਆਦਿ ਅਖ਼ਬਾਰਾਂ ਵਿਚ ਸ਼ੇਰਪੁਰ ਦੀਆਂ ਘਟਨਾਵਾਂ ਭੇਜਦਾ ਸੀ ਤੇ ਉਹ ਛਾਪ ਵੀ ਦਿੰਦੇ ਸਨ। ਜਦੋਂ ਕਾਲਜ ਖੁੱਲ੍ਹਿਆ ਤਾਂ ਕੁਝ ਸਰਕਾਰੀ ਤੇ ਗੈਰ ਸਰਕਾਰੀ ਲੋਕਾਂ ਨੇ ਕਾਲਜ ਦਾ ਵਿਰੋਧ ਵੀ ਕੀਤਾ, ਤਾਂ ਉਸ ਵੇਲੇ ਅਮਰ ਸਿੰਘ ਭੁੱਲਰ ਹੋਰਾਂ ਨੂੰ ਹਰਨੇਕ ਸਿੰਘ ਨੇ ਪੱਤਰਕਾਰੀ ਨੂੰ ਪੇਸ਼ੇ ਵਜੋਂ ਅਪਣਾਉਣ ਦੀ ਸਲਾਹ ਦਿੱਤੀ। ਕਮਲੇਸ਼ ਦੁੱਗਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੱਤਰਕਾਰ ਵਿਭਾਗ, ਹਰਜਿੰਦਰ ਵਾਲੀਆ (ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰ ਵਿਭਾਗ ਦੇ ਮੁਖੀ ਰਹੇ) ਪਹਿਲਾਂ ਹੀ ਕਲਾਸ ਫੈਲੋ ਸਨ। ਸਾਧੂ ਸਿੰਘ ਹਮਦਰਦ ਹੋਰਾਂ ਦੇ ਦਰਸ਼ਨ ਵੀ ਕੀਤੇ ਤੇ ਜਦੋਂ ਬਰਜਿੰਦਰ ਸਿੰਘ ਹਮਦਰਦ ਪੰਜਾਬੀ ਟ੍ਰਿਬਿਊਨ ਵਿਚ ਹੁੰਦੇ ਸਨ ਤਾਂ ਉਨ੍ਹਾਂ ਨਾਲ ਮੁਲਾਕਾਤ ਹੋਈ। ਹਿੰਦ ਸਮਾਚਾਰ ਗਰੁੱਪ ਦੇ ਮੁਖੀ ਲਾਲਾ ਜਗਤ ਨਰਾਇਣ ਨਾਲ ਵੀ ਮੁਲਾਕਾਤ ਹੋਈ। ਲਾਲਾ ਜਗਤ ਨਰਾਇਣ ਬਾਰੇ ਲੋਕ ਕਹਿੰਦੇ ਹਨ ਕਿ ਉਹ ਕੱਟੜ ਹਿੰਦੂ ਸੀ ਪਰ ਅਮਰ ਸਿੰਘ ਭੁੱਲਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਲਾਲਾ ਜਗਤ ਨਰਾਇਣ ਵਿਚ ਅਜਿਹਾ ਕੁਝ ਵੀ ਨਹੀਂ ਲੱਗਾ। -ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਦੀ ਕਵਰੇਜ- 24 ਜੁਲਾਈ 1985 ਨੂੰ ਰਾਜੀਵ ਤੇ ਲੌਂਗੋਵਾਲ ਦਾ ਸਮਝੌਤਾ ਹੋਇਆ, ਜਿਸ ਦੀ ਪ੍ਰਵਾਨਗੀ ਸੰਸਦ ਵੱਲੋਂ ਵੀ ਦੇ ਦਿੱਤੀ ਗਈ। ਜਦੋਂ 20 ਅਗਸਤ 1985 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਬੇਸ਼ੱਕ ਸੰਤ ਹੋਰਾਂ ਦੀ ਸ਼ਹਾਦਤ ਦਾ ਚਾਰੇ ਪਾਸੇ ਸੋਗ ਪਸਰ ਗਿਆ ਸੀ ਪਰ ਉਸ ਵੇਲੇ ਉਸ ਇਲਾਕੇ ਦੇ ਪ੍ਰਮੁੱਖ ਪੱਤਰਕਾਰਾਂ ਵਿਚੋਂ ਇੱਕੋ ਸ਼ਖ਼ਸ ਸਨ ਉਹ ਸਨ ‘ਅਮਰ ਸਿੰਘ ਭੁੱਲਰ’। ਇਸ ਘਟਨਾ ਨੇ ਅਮਰ ਸਿੰਘ ਭੁੱਲਰ ਦੀ ਪੱਤਰਕਾਰੀ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਧਰੂ ਤਾਰੇ ਵਾਂਗ ਚਮਕਾ ਦਿੱਤਾ। ਕਦੇ ਅਜਿਹਾ ਸਮਾਂ ਸੀ ਜਦੋਂ ਪੰਜਾਬੀ ਟ੍ਰਿਬਿਊਨ ਨੇ ਸ਼ੇਰਪੁਰ ਨੂੰ ਪੱਤਰਕਾਰੀ ਦਾ ਸਟੇਸ਼ਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਇਹ ਘਟਨਾ ਅਮਰ ਸਿੰਘ ਭੁੱਲਰ ਲਈ ਵੱਡੀ ਘਟਨਾ ਸੀ। ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਚੱਲ ਰਿਹਾ ਲਾਊਡ ਸਪੀਕਰ ਦਾ ਮਾਲਕ ਘਨੌਰੀ ਕਲਾਂ ਦਾ ਸੀ। ਬਹੁਤ ਡਰ ਗਿਆ ਸੀ। ਉਸ ਦੀ ਟੇਪ ਰਿਕਾਰਡਰ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆਖ਼ਰੀ ਭਾਸ਼ਣ ਰਿਕਾਰਡ ਹੋ ਗਿਆ ਸੀ। ਘਨੌਰੀ ਕਲਾਂ ਦਾ ਲਾਊਡ ਸਪੀਕਰ ਦਾ ਇਹ ਗ਼ਰੀਬ ਮਾਲਕ ਏਨਾ ਡਰ ਗਿਆ ਸੀ ਕਿ ਇਸ ਨੇ ਭਾਸ਼ਣ ਦੀ ਰਿਕਾਰਡਿੰਗ ਦੀ ਟੇਪ ਪੀਪੇ ਵਿਚ ਛੁਪਾ ਦਿੱਤੀ ਸੀ। ਉਸ ਕੋਲ ਅਮਰ ਸਿੰਘ ਭੁੱਲਰ ਹੋਰੀਂ ਗਏ। ਉਸ ਵੇਲੇ ਮਾਸਟਰ ਜਤਿੰਦਰ ਸਿੰਘ ਨੇ ਕਾਫ਼ੀ ਮਦਦ ਕੀਤੀ। ਇਹ ਟੇਪ ਜਦੋਂ ਭੁੱਲਰ ਹੋਰਾਂ ਨੂੰ ਮਿਲ ਗਈ ਤਾਂ ਉਸ ਭਾਸ਼ਣ ਦੀ ਖ਼ਬਰ ਬਣਾਈ ਗਈ, ਇਹ ਖ਼ਬਰ ਪੰਜਾਬੀ ਟ੍ਰਿਬਿਊਨ ਤੋਂ ਲੈ ਕੇ ਅਜੀਤ, ਜਗਬਾਣੀ ਤੇ ਹੋਰ ਬਹੁਤ ਸਾਰੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਈ। ਉਸ ਵੇਲੇ ਅਮਰ ਸਿੰਘ ਭੁੱਲਰ ਦਾ ਨਾਮ ਕਾਫ਼ੀ ਚਮਕ ਪਿਆ ਸੀ। ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ‘ਪੱਤਰਕਾਰ’ ਕਿਸੇ ਵੀ ਛੋਟੇ ਤੋਂ ਛੋਟੇ ਸਟੇਸ਼ਨ ਤੋਂ ਕੰਮ ਕਰਦਾ ਹੈ ਇਹ ਨਾ ਸਮਝੇ ਕਿ ‘ਪੱਤਰਕਾਰ’ ਛੋਟਾ ਹੈ ‘ਪੱਤਰਕਾਰ’ ਹਮੇਸ਼ਾ ਹੀ ਵੱਡਾ ਹੁੰਦਾ ਹੈ। ਅਦਾਰਾ ਘੱਟ ਛਪਣ ਵਾਲਾ ਜਾਂ ਵੱਧ ਛਪਣ ਵਾਲਾ ਹੋ ਸਕਦਾ ਹੈ, ਪਰ ‘ਪੱਤਰਕਾਰ’ ਛੋਟਾ ਵੱਡਾ ਨਹੀਂ ਹੁੰਦਾ। ਨਾ ਹੀ ‘ਪੱਤਰਕਾਰ’ ਦੀ ਉਮਰ ਨਾਲ ਉਸ ਦੀ ਕਾਬਲੀਅਤ ਮਾਪੀ ਜਾ ਸਕਦੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਕਵਰੇਜ ਅਮਰ ਸਿੰਘ ਭੁੱਲਰ ਦੀ ਕਈ ਅੰਗਰੇਜ਼ੀ ਅਖ਼ਬਾਰਾਂ ਨੇ ਵੀ ਪ੍ਰਕਾਸ਼ਿਤ ਕੀਤੀ। ਇੱਥੋਂ ਹੀ ਪੱਤਰਕਾਰੀ ਵਿਚ ਭੁੱਲਰ ਹੋਰਾਂ ਦਾ ਹੌਸਲਾ ਵੱਧ ਗਿਆ। ਉਸ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਹੋਰਾਂ ਨਾਲ ਕਾਫੀ ਨੇੜਤਾ ਵੱਧ ਗਈ। -ਕੈਨੇਡਾ ਪੁੱਜ ਕੇ ਪੱਤਰਕਾਰੀ ਕੀਤੀ- ਅਮਰ ਸਿੰਘ ਭੁੱਲਰ ਹੋਰੀਂ ਜ਼ਿੰਦਗੀ ਦੀ ਤਰੱਕੀ ਨੂੰ ਹੋਰ ਤੇਜ਼ ਕਰਨ ਲਈ ਕੈਨੇਡਾ ਜਾਣ ਲਈ ਮਨ ਬਣਾ ਚੁੱਕੇ ਸਨ, ਉਹ ਆਪਣੇ ਮਨ ਦੀ ਸੋਚੀ ਨੂੰ ਸਚਾਈ ਵਿਚ ਬਦਲਣ ਵਿਚ ਕਾਮਯਾਬ ਹੋਏ ਕਿ ਉਹ 1989 ਵਿਚ ਕੈਨੇਡਾ ਪੁੱਜ ਗਏ। ਪੱਤਰਕਾਰੀ ਦਾ ਸੁਰਤਾਲ ਜੋ ਅੰਦਰ ਬੈਠਾ ਸੀ ਉਹ ਕੈਨੇਡਾ ਵਿਚ ਵੀ ਚੈਨ ਨਾਲ ਨਹੀਂ ਬੈਠਣ ਦੇ ਰਿਹਾ ਸੀ, ਇੱਥੋਂ ਹੀ ਅਮਰ ਸਿੰਘ ਭੁੱਲਰ ਹੋਰਾਂ ਨੇ ਅਜੀਤ, ਜਗਬਾਣੀ ਤੇ ਪੰਜਾਬੀ ਟ੍ਰਿਬਿਊਨ ਤੋਂ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬੀਆਂ ਦੀਆਂ ਖ਼ਬਰਾਂ, ਕੈਨੇਡਾ ਨਾਲ ਸਬੰਧਿਤ ਖ਼ਬਰਾਂ ਤੇ ਸਮਾਗਮਾਂ ਦੀਆਂ ਖ਼ਬਰਾਂ ਤੇ ਕੁਝ ਵਿਸ਼ੇਸ਼ ਖ਼ਬਰਾਂ ਕਰਨ ਕਰਕੇ ਕੈਨੇਡਾ ਵਿਚ ਭੁੱਲਰ ਦੀ ਪੰਜਾਬੀ ਭਾਈਚਾਰੇ ਵਿਚ ਕਾਫ਼ੀ ਪਹਿਚਾਣ ਬਣ ਗਈ ਸੀ। ਉਸ ਵੇਲੇ ਪੰਜਾਬੀ ਟ੍ਰਿ‌‌‌ਬਿਊਨ ਲਈ ਵਿਸ਼ੇਸ਼ ਅੰਕ (ਸਪਲੀਮੈਂਟ) ਅਮਰ ਸਿੰਘ ਭੁੱਲਰ ਹੋਰਾਂ ਨੇ ਪ੍ਰਕਾਸ਼ਿਤ ਕੀਤਾ। ਪੰਜਾਬ ਵਿਚ ਖਾੜਕੂਵਾਦ ਦਾ ਦੌਰ ਸਿਖਰ ’ਤੇ ਸੀ। ਕੈਨੇਡਾ ਵਿਚ ਇਸ਼ਤਿਹਾਰ ਦੇਣ ਵਾਲੇ ਕੁਝ ਵਪਾਰੀਆਂ ਨਾਲ ਬੜੀਆਂ ਮਾੜੀ ਘਟਨਾਵਾਂ ਵਾਪਰੀਆਂ। ਇਕ ਦੇ ਘਰੇ ਲੁੱਟ ਖੋਹ ਹੋ ਗਈ, ਇਕ ਦੀ ਕਾਰ ਕਿਸੇ ਨੇ ਖੋਹ ਲਈ। ਇਸ਼ਤਿਹਾਰ ਦੇਣ ਵਾਲਿਆਂ ਨੇ ਇਸ ਗੱਲ ’ਤੇ ਹੀ ਸੱਕ ਕੀਤਾ ਕਿ ਜੇਕਰ ਉਨ੍ਹਾਂ ਦਾ ਇਸ਼ਤਿਹਾਰ ਲੱਗਾ ਸੀ ਤਾਂ ਹੀ ਉਨ੍ਹਾਂ ਦੀ ਲੁੱਟ ਹੋਈ। ਪਰ ਸ਼ਾਇਦ ਇਸ ਤਰ੍ਹਾਂ ਨਾ ਹੋਵੇ। -ਟਰਾਂਟੋ ਤੋਂ ‘ਹਮਦਰਦ’ ਅਖ਼ਬਾਰ ਸ਼ੁਰੂ ਕਰਨਾ-
ਬਰਜਿੰਦਰ ਸਿੰਘ ਹਮਦਰਦ ਹੋਰੀਂ ਕੈਨੇਡਾ ਆਏ ਸਨ, ਅਮਰ ਸਿੰਘ ਭੁੱਲਰ ਦੀ ਉਨ੍ਹਾਂ ਨਾਲ ਕਾਫ਼ੀ ਨੇੜਤਾ ਬਣੀ ਹੋਈ ਸੀ। ਹਮਦਰਦ ਹੋਰਾਂ ਭੁੱਲਰ ਨੂੰ ਕਿਹਾ ਕਿ ‘ਤੁਸੀਂ ਕੈਨੇਡਾ ਤੋਂ ਅਖ਼ਬਾਰ ਸ਼ੁਰੂ ਕਰ ਲਓ’ ਤਾਂ ਉਸ ਵੇਲੇ ਅਮਰ ਸਿੰਘ ਭੁੱਲਰ ਹੋਰਾਂ ਨੇ ਸੋਚਿਆ ਵੀ ਨਹੀਂ ਸੀ, ਪਰ ਹਮਦਰਦ ਹੋਰਾਂ ਦੇ ਕਹਿਣ ਦੇ ਫ਼ੈਸਲਾ ਅਖ਼ਬਾਰ ਕੱਢਣ ਦਾ ਕਰ ਲਿਆ। ਬਰਜਿੰਦਰ ਸਿੰਘ ਹਮਦਰਦ ਹੋਰਾਂ ਵੱਲੋਂ ਨਾਮਕਰਨ ਅਨੁਸਾਰ ਹੀ ਭੁੱਲਰ ਹੋਰਾਂ ਨੇ ‘ਕੈਨੇਡਾ ਅਜੀਤ’ ਨਾਮ ਦਾ ਅਖ਼ਬਾਰ ਸ਼ੁਰੂ ਕਰ ਲਿਆ। ਉਸ ਵੇਲੇ ਖਾਲਿਸਤਾਨੀਆਂ ਦਾ ਅਖ਼ਬਾਰ ਵੀ ਕੈਨੇਡਾ ਤੋਂ ਨਿਕਲਦਾ ਸੀ ਜਿਸ ਦਾ ਨਾਮ ਸੀ ‘ਚੜ੍ਹਦੀਕਲਾ’। ਉਨ੍ਹਾਂ ਨੇ ਇਸ ਨਾਮ ਤੇ ਇਤਰਾਜ਼ ਕੀਤਾ ਤੇ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਨਾਮ ਬਦਲਣ ਦੀ ਇਜਾਜ਼ਤ ਦੇ ਦਿੱਤੀ। ਹਮਦਰਦ ਹੋਰਾਂ ਨੇ ‘ਭੁੱਲਰ’ ਦੇ ਨਾਮ ਤੇ ਹੀ ਕੋਈ ਨਾਮ ਰੱਖਣ ਲਈ ਕਿਹਾ ਪਰ ਅਮਰ ਸਿੰਘ ਭੁੱਲਰ ਹੋਰਾਂ ਨੇ ਅਜਿਹਾ ਕਰਨ ਤੋਂ ਟਾਲ਼ਾ ਵੱਟਿਆ ਤੇ ਕੋਈ ਹੋਰ ਨਾਮ ਰੱਖਣ ਲਈ ਕਿਹਾ। ਤਾਂ ਬਰਜਿੰਦਰ ਸਿੰਘ ਹਮਦਰਦ ਨੇ ‘ਹਮਦਰਦ’ ਨਾਮ ਦਾ ਅਖ਼ਬਾਰ ਸ਼ੁਰੂ ਕਰਨ ਲਈ ਕਿਹਾ। ਉਸ ਤੋਂ ਬਾਅਦ ‘ਹਮਦਰਦ’ ਨਾਮ ਦਾ ਅਖ਼ਬਾਰ ਕੈਨੇਡਾ ਤੋਂ ਨਿਕਲਣਾ ਸ਼ੁਰੂ ਹੋ ਗਿਆ। ਅਮਰ ਸਿੰਘ ਭੁੱਲਰ ਕਹਿੰਦੇ ਹਨ ਕਿ ਜਦੋਂ ਕੈਨੇਡਾ ਵਿਚ ਅਖਬਾਰ ਸ਼ੁਰੂ ਕਰਨਾ ਸੀ ਤਾਂ ਉਸ ਵੇਲੇ ਡਾ. ਰਛਪਾਲ ਸਿੰਘ ਰਾਮੂਵਾਲੀਆ ਨੇ ਉਨ੍ਹਾਂ ਨੂੰ ਕੰਪਿਊਟਰ ਲੈਕੇ ਦਿੱਤਾ ਸੀ, ਰਛਪਾਲ ਸਿੰਘ ਹੋਰੀਂ ਭਾਵ ਕਿ ਬਲਵੰਤ ਸਿੰਘ ਰਾਮੂਵਾਲੀਆ ਅਤੇ ਇਕਬਾਲ ਸਿੰਘ ਰਾਮੂਵਾਲੀਆ ਦੇ ਭਰਾ ਸਨ। -ਕੌਮਾਂਤਰੀ ਪਰਦੇਸੀ ਸ਼ੁਰੂ ਕਰਨਾ- 1996 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਐੱਚ ਕੇ ਦੇਵਗੌੜਾ ਬਣ ਗਏ ਸਨ। ਉਸ ਵੇਲੇ ਵਿਦੇਸ਼ ਮੰਤਰੀ ਆਈ ਕੇ ਗੁਜਰਾਲ ਬਣੇ ਸਨ, ਗੁਜਰਾਲ ਹੋਰੀਂ ਨਿਊਯਾਰਕ ਆਏ ਸਨ, ਉਸ ਵੇਲੇ ਅਮਰ ਸਿੰਘ ਭੁੱਲਰ ਨੂੰ ਵਿਸ਼ੇਸ਼ ਕਰਕੇ ਨਿਊਯਾਰਕ ਵਿਚ ਬੁਲਾਇਆ ਗਿਆ ਸੀ। ਭੁੱਲਰ ਹੋਰੀਂ ਆਪਣੀ ਪਤਨੀ ਕਰਮਜੀਤ ਕੌਰ ਭੁੱਲਰ ਨਾਲ ਨਿਊਯਾਰਕ ਗਏ।
1996 ਵਿਚ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜੌਹਨ ਕ੍ਰਿਸਚੀਅਨ ਅਤੇ 10 ਮੁੱਖ ਮੰਤਰੀਆਂ ਨੇ 9 ਦੇਸ਼ਾਂ ਦਾ ਦੌਰਾ ਕਰਨਾ ਸੀ, ਜਿਸ ਵਿਚ ਗੁਰਬਖ਼ਸ਼ ਸਿੰਘ ਮੱਲ੍ਹੀ ਤੇ ਹਰਬ ਧਾਲੀਵਾਲ ਵੀ ਨਾਲ ਹੀ ਗਏ ਸਨ। ਉਸ ਵੇਲੇ ਭਾਰਤ ਪਾਕਿਸਤਾਨ ਸਮੇਤ 9 ਮੁਲਕਾਂ ਦਾ ਦੌਰਾ ਕਰਨ ਵਾਲਿਆਂ ਵਿਚ ਅਮਰ ਸਿੰਘ ਭੁੱਲਰ ਵੀ ਸ਼ਾਮਲ ਸਨ। ਉਸ ਵੇਲੇ ਓਨਟਾਰੀਓ ਦਾ ਸੀਐਮ ਮਾਇਕ ਹੈਰੇਸ ਵੀ ਨਾਲ ਸੀ ਜੋ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਨਿੱਜੀ ਤੌਰ ਤੇ ਮਿਲੇ ਸਨ। ਕਰੀਬ ਇਕ ਘੰਟਾ ਉਨ੍ਹਾਂ ਮੁਲਾਕਾਤ ਕੀਤੀ। ਹੈਰੇਸ ਨੇ ਭੁੱਲਰ ਹੋਰਾਂ ਨੂੰ ਕਿਹਾ ਕਿ ‘ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਬਹੁਤ ਕਾਬਲ ਤੇ ਚੰਗੇ ਹਨ’ ਭੁੱਲਰ ਹੋਰਾਂ ਦੀ ਹੈਰਾਨੀ ਦੀ ਹੱਦ ਨਹੀਂ ਸੀ ਕਿ ਇਕ ਘੰਟੇ ਵਿਚ ਹੈਰੇਸ ਹੋਰਾਂ ਨੇ ਸੀਐਮ ਬਰਾੜ ਬਾਰੇ ਕੀ ਕੀ ਜਾਣ ਲਿਆ। ਪਰ ਜਦੋਂ ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਬਰਾੜ ਤਾਂ ਟਰਾਂਟੋ ਦੇ ਘੋੜਿਆਂ ਦੇ ਨਾਮ ਵੀ ਜਾਣਦਾ ਹੈ’ ਤਾਂ ਸਮਝ ਆਈ ਕਿ ਇਹ ਇਕ ਘੰਟਾ ਸਿਰਫ਼ ਘੋੜਿਆਂ ਦੀਆਂ ਹੀ ਗੱਲਾਂ ਕਰਦੇ ਰਹੇ ਹਨ। 2005 ਵਿਚ ਮੁੜ ਮੌਕੇ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਪਾਲ ਮਾਲਟਨ ਨਾਲ ਸ੍ਰੀ ਲੰਕਾ, ਮਲੇਸ਼ੀਆ ਆਦਿ 7 ਦੇਸ਼ਾਂ ਵਿਚ ਗਏ, ਉਸ ਵੇਲੇ ਜਹਾਜ ਵਿਚ 17 ਵਿਆਕਤੀ ਸਨ ਜਿਨ੍ਹਾਂ ਵਿਚ ਦੋ ਪੰਜਾਬੀ ਅਮਰ ਸਿੰਘ ਭੁੱਲਰ ਤੇ ਅਮਰਜੀਤ ਸਿੰਘ ਸਿੱਧੂ ਸਨ। ਇਸ ਤੋਂ ਇਲਾਵਾ ਤੀਜੀ ਫੋਟੋ ਵਿਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਅਮਰ ਸਿੰਘ ਭੁੱਲਰ ਹੋਰੀਂ ਨਜ਼ਰ ਆ ਰਹੇ ਹਨ। ਇੱਥੋਂ ਹੀ ਇਕ ਵਿਚਾਰ ‘ਦ੍ਰਿਸ਼ਟੀ’ ਸ਼ੁਰੂ ਕਰਨ ਦਾ ਮਨ ਵਿਚ ਆਇਆ। ਪਰ ਦ੍ਰਿਸ਼ਟੀ ਦੀ ਥਾਂ ਇਮੀਗ੍ਰੇਸ਼ਨ ਦੇ ਮੁੱਦੇ ਤੇ ‘ਕੌਮਾਂਤਰੀ ਪਰਦੇਸੀ’ ਨਾਮ ਦਾ ਪਰਚਾ 1997 ਵਿਚ ਸ਼ੁਰੂ ਕਰ ਲਿਆ। ਉਸ ਵੇਲੇ ਗਰੀਸ ਵਿਚ ਇਕ ਕਿਸ਼ਤੀ ਕਾਂਡ ਵਾਪਰਿਆ ਸੀ। 60-70 ਦੇ ਕਰੀਬ ਮੁੰਡੇ ਡੁੱਬ ਕੇ ਮਰ ਗਏ ਸਨ। ਅਮਰ ਸਿੰਘ ਭੁੱਲਰ ਉਸ ਵੇਲੇ ਮੌਕੇ ਤੇ ਗਰੀਸ ਪੁੱਜੇ ਤੇ ਉੱਥੇ ਦੀ ਰਿਪੋਰਟਿੰਗ ਕੀਤੀ। ਇਸ ਦੀ ਸਾਰੀ ਰਿਪੋਰਟ ‘ਕੌਮਾਂਤਰੀ ਪਰਦੇਸੀ’ ਵਿਚ ਵਿਸਥਾਰ ਅਤੇ ਅੱਖਾਂ ਦੇਖੀ ਪ੍ਰਕਾਸ਼ਿਤ ਕੀਤੀ ਗਈ। ਇਹ ਪਰਚਾ ਦੋ ਵਾਰ ਛਪਿਆ ਤੇ ਇਕ ਲੱਖ ਕਾਪੀ ਛਪੀ, ਉਸ ਵੇਲੇ ‘ਕੌਮਾਂਤਰੀ ਪਰਦੇਸੀ’ ਨਾਮ ਦਾ ਪਰਚਾ ਪੰਜਾਬੀ ਪੱਤਰਕਾਰੀ ਵਿਚ ਦੁਨੀਆ ਦੇ ਨਕਸ਼ੇ ਤੇ ਆ ਗਿਆ। -1997 ਵਿਚ ‘ਕੌਮਾਂਤਰੀ ਪਰਦੇਸੀ’ ਦਾ ਦਫ਼ਤਰ ਪੰਜਾਬ ਖੋਲ੍ਹਿਆ- ‘ਕੌਮਾਂਤਰੀ ਪਰਦੇਸੀ’ ਦੀ ਧੂਮ ਪੰਜਾਬੀ ਪੱਤਰਕਾਰੀ ਵਿਚ ਕਾਫ਼ੀ ਪੈ ਗਈ ਸੀ, ਉਸ ਵੇਲੇ ਲੋੜ ਪਈ ਕਿ ਪੰਜਾਬ ਵਿਚ ਵੀ ਦਫ਼ਤਰ ਖੋਲ੍ਹਿਆ ਜਾਵੇ ਤਾਂ ‘ਕੌਮਾਂਤਰੀ ਪਰਦੇਸੀ’ ਦਾ ਦਫ਼ਤਰ ਚੰਡੀਗੜ੍ਹ ਵਿਚ ਖੋਲ੍ਹਿਆ। ਇਸ ਦਫ਼ਤਰ ਵਿਚ ਪੰਜਾਬ ਦੇ 35 ਵਿਅਕਤੀਆਂ ਨੂੰ ਸਿੱਧੇ ਤੌਰ ਤੇ ਰੋਜ਼ਗਾਰ ਦਿੱਤਾ ਤੇ 50 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ (ਬਤੌਰ ਪੱਤਰਕਾਰ) ਰੋਜ਼ਗਾਰ ਦਿੱਤਾ ਗਿਆ। ਕੈਨੇਡਾ ਵਿਚ ‘ਹਮਦਰਦ’ ਲਈ 15 ਲੋਕਾਂ ਨੇ ਕੰਮ ਕੀਤਾ। ਜਿਨ੍ਹਾਂ ਵਿਚੋਂ ਕੁਝ ਕੁਲਵੰਤ ਸਿੰਘ (ਸੰਪਾਦਕ) ਵਰਗੇ ਅਜਿਹੇ ਵੀ ਹਨ ਜੋ ਸ਼ੁਰੂ ਤੋਂ ਕੰਮ ਕਰਦੇ ਕਰਦੇ ਹੁਣ ਤੱਕ 82 ਸਾਲ ਦੀ ਉਮਰ ਤੱਕ ਵੀ ਕੰਮ ਕਰ ਰਹੇ ਹਨ। ਬੇਸ਼ੱਕ ਕਰੋਨਾ ਕਰਕੇ ਹੁਣ ਉਹ ਘਰੋਂ ਹੀ ਕੰਮ ਕਰਦੇ ਹਨ ਪਰ ਨਾਲ ਅਜੇ ਵੀ ਜੁੜੇ ਹੋਏ ਹਨ। ਕਈ ਲੋਕ ਤਾਂ ਕੁਲਵੰਤ ਸਿੰਘ ਨੂੰ ਅਮਰ ਸਿੰਘ ਭੁੱਲਰ ਦਾ ਪਿਤਾ ਹੀ ਸਮਝਦੇ ਹਨ। -ਹਮਦਰਦ ਟੀਵੀ ਸ਼ੁਰੂ ਕੀਤਾ- ਚੱਲਦੇ ਚੱਲਦੇ ਸਮੇਂ ਦੇ ਹਾਣੀ ਹੋਣ ਲਈ ਇਲੈਕਟ੍ਰੋਨਿਕ ਮੀਡੀਆ ਵਿਚ ਵੀ ਆਉਣਾ ਲਾਜ਼ਮੀ ਬਣ ਗਿਆ ਸੀ। ਲੋੜ ਅਨੁਸਾਰ 2012 ਵਿਚ ਹਮਦਰਦ ਟੀਵੀ ਸ਼ੁਰੂ ਕੀਤਾ। ਇਸ ਟੀਵੀ ਨੂੰ ਹੁਣ 72 ਦੇਸ਼ਾਂ ਵਿਚ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਵਿਚ ਯੂ ਟਿਊਬ, ਫੇਸਬੁੱਕ ਤੇ ਹੋਰ ਕਈ ਸਾਰੇ ਪਲੇਟਫ਼ਾਰਮਾਂ ਤੇ ਹਮਦਰਦ ਟੀਵੀ ਦੇਖਿਆ ਜਾ ਰਿਹਾ ਹੈ। ਯੂ ਟਿਊਬ ਤੇ ਹੁਣ ਤੱਕ 10 ਲੱਖ ਤੋਂ ਵੱਧ ਸਬਸਕ੍ਰਾਈਬ ਹੋ ਚੁੱਕੇ ਹਨ। ਇਕ ਨਵੰਬਰ 2022 ਤੋਂ ਕੇਬਲ ਤੇ ਵੀ ਚੱਲਦਾ ਹੋ ਜਾਵੇਗਾ। -ਸ਼੍ਰੋਮਣੀ ਪੱਤਰਕਾਰ ਦਾ ਸਨਮਾਨ-
2013 ਸਾਲ ਦੀ ਸ਼੍ਰੋਮਣੀ ਪੱਤਰਕਾਰ ਕੈਟਾਗਰੀ ਵਿਚ ਅਮਰ ਸਿੰਘ ਭੁੱਲਰ ਨੂੰ ਚੁਣਿਆ ਗਿਆ। ਉਸ ਵੇਲੇ ਸੁਰਜੀਤ ਸਿੰਘ ਰੱਖੜਾ ਮੰਤਰੀ ਹੁੰਦੇ ਸਨ। ਉਸ ਤੋਂ ਬਾਅਦ ਜਦੋਂ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਨੇ ਵਰਲਡ ਪੰਜਾਬੀ ਕਾਨਫ਼ਰੰਸ ਕਰਵਾਈ ਸੀ ਉਸ ਵਿਚ ਵੀ ਅਮਰ ਸਿੰਘ ਭੁੱਲਰ ਹੋਰਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਉਂਜ ਅਮਰ ਸਿੰਘ ਭੁੱਲਰ ਆਪਣਾ ਸਾਥ ਦੇਣ ਵਾਲਿਆਂ ਦੇ ਨਾਮ ਯਾਦ ਕਰ ਕਰ ਕੇ ਦੱਸਦੇ ਹਨ ਤੇ ਕਈ ਵਾਰ ਭੁੱਲ ਵੀ ਜਾਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਿਚ ਦਰਸ਼ਨ ਸਿੰਘ ਮੱਕੜ, ਰਵੇਲ ਸਿੰਘ ਦਿਲੀ ਸਾਹਿਤ ਅਕਾਦਮੀ ਵਾਲੇ, ਸ਼ਿੰਗਾਰਾ ਸਿੰਘ ਭੁੱਲਰ (ਪੰਜਾਬ ਟ੍ਰਿਬਿਊਨ ਦੇ ਸੰਪਾਦਕ ਰਹੇ) ਦਾ ਨਾਮ ਵੀ ਸ਼ਾਮਲ ਹੈ। - ਕੋਰਟ ਕੇਸ ਆਦਿ- ਜਦੋਂ ਪੱਤਰਕਾਰ ਲੋਕ ਪੱਖ ਵਿਚ ਜਾਂ ਫਿਰ ਲੀਹ ਤੋਂ ਹਟ ਕੇ ਪੱਤਰਕਾਰੀ ਕਰੇਗਾ ਤਾਂ ਸੁਭਾਵਿਕ ਹੈ ਕਿ ਉਸ ਦੀਆਂ ਦੁਸ਼ਮਣੀਆਂ ਵੀ ਨਾਲੋਂ ਨਾਲ ਬਣ ਜਾਣਗੀਆਂ। ਪੱਤਰਕਾਰ ਦਾ ਦੁਸ਼ਮਣ ਅਣਜਾਣ ਹੁੰਦਾ ਹੈ। ਪਤਾ ਨਹੀਂ ਲੱਗਦਾ ਕਿਸ ਪਾਸਿਓਂ ਕੌਣ ਪੱਤਰਕਾਰ ’ਤੇ ਵਾਰ ਕਰ ਦੇਵੇ, ‌‌ਅਜਿਹਾ ਹੀ ਅਮਰ ਸਿੰਘ ਭੁੱਲਰ ਨਾਲ ਵੀ ਵਾਪਰਿਆ। ਗੁੱਡੀ ਚੜ ਗਈ ਸੀ ਤਾਂ ਦੁਸ਼ਮਣ ਵੀ ਹੋਣੇ ਲਾਜ਼ਮੀ ਸਨ। ਕੋਰਟ ਕੇਸ ਏਨੇ ਹੋਏ ਕਿ ਹੁਣ ਤੱਕ 30 ਸਾਲਾਂ ਵਿਚ ਡੇਢ ਮਿਲੀਅਨ ਡਾਲਰ ਸਿਰਫ਼ ਵਕੀਲਾਂ ਤੇ ਹੀ ਖ਼ਰਚਿਆ ਜਾ ਚੁੱਕਾ ਹੈ। ਕੈਨੇਡਾ ਵਿਚ ਕਾਨੂੰਨੀ ਪ੍ਰਕ੍ਰਿਆ ਅਜਿਹੀ ਹੈ ਕਿ ਇਕ ਨੋਟਿਸ ਹੀ ਆ ਜਾਵੇ ਤਾਂ 500-1000 ਡਾਲਰ ਉਂਜ ਹੀ ਨੋਟਿਸ ਦਾ ਜਵਾਬ ਦਿੰਦੇ ਖ਼ਰਚ ਹੋ ਜਾਂਦੇ ਹਨ। ਕਈ ਕੇਸ ਅਜਿਹੇ ਵੀ ਹੋਏ ਜਿਨ੍ਹਾਂ ਦਾ ਉਨ੍ਹਾਂ ਨਾਲ ਕੋਈ ਮਤਲਬ ਹੀ ਨਹੀਂ ਸੀ। ਜਿਵੇਂ ਕਿ ਅਸੀਂ ਅਖ਼ਬਾਰ ਵਿਚ ਇਕ ਫ਼ੋਟੋ ਲਗਾਈ ਕਿ ਕੁਝ ਦੇਸ਼ ਅਜਿਹੇ ਹਨ ਜੋ ਜੰਮਦੇ ਬੱਚਿਆਂ ਨੂੰ ਭੁੰਨ ਕੇ ਖਾ ਜਾਂਦੇ ਹਨ। ਇਸ ਫ਼ੋਟੋ ਤੇ ਇਕ ਗੋਰੇ ਨੇ ਕੇਸ ਕੀਤਾ। ਉਸ ਨੇ ਕੇਸ ਕਰਦਿਆਂ ਕਿਹਾ ਕਿ ਮੈਂ ਇਹ ਖ਼ਬਰ ਪੜ੍ਹ ਕੇ ਪ੍ਰੇਸ਼ਾਨ ਹੋ ਗਿਆ ਮੈਂ ਏਨਾ ਵਿਚਲਤ ਹੋਇਆ ਕ‌ਿ ਮੈਂ ਮਰਦਾ ਮਰਦਾ ਬਚਿਆ, ਅੰਗਰੇਜ਼ ਨੇ ਮੁਆਵਜ਼ਾ ਮੰਗਿਆ। ਭਾਵੇਂ ਕਿ ਇਹ ਕੇਸ ਭੁੱਲਰ ਹੋਰੀਂ ਜਿੱਤ ਗਏ ਕਿਉਂਕਿ ਉਹ ਅੰਗਰੇਜ਼ ਇਹ ਸਾਬਤ ਨਹੀਂ ਕਰ ਸਕਿਆ ਕਿ ਉਹ ਪੰਜਾਬੀ ਕਿਵੇਂ ਪੜ੍ਹ ਸਕਦਾ ਹੈ? ਪਰ ਇਹ ਕੇਸ ਜਿੱਤਣ ਲਈ ਹਜ਼ਾਰਾਂ ਡਾਲਰ ਖ਼ਰਚ ਹੋਏ। ਕੈਨੇਡਾ ਵਿਚ ਅੰਗਰੇਜ਼ੀ ਅਖ਼ਬਾਰਾਂ ਤੇ ਕੋਈ ਕੇਸ ਨਹੀਂ ਕਰਦਾ ਹਾਂ ਪੰਜਾਬੀ ਮੀਡੀਆ ਨੂੰ ਬੜੇ ਕਹਿਰ ਭਰੇ ਤਰੀਕੇ ਨਾਲ ਲੈਂਦੇ ਹਨ। ਭੁੱਲਰ ਹੋਰੀਂ ਦੱਸਦੇ ਹਨ ਕਿ ਇਕ ਵਾਰੀ ਕੈਨੇਡਾ ਵਿਚ ਵੱਡੀ ਮਾਤਰਾ ਵਿਚ ‘ਡਰੱਗਜ਼’ ਫੜੀ ਗਈ। ਮੈਂ ਤੇ ਦਿਲਬਾਗ ਚਾਵਲਾ (ਰੰਗਲਾ ਪੰਜਾਬ ਰੇਡੀਓ) ਨੇ ਉਸ ਡਰੱਗਜ਼ ਦੀ ਕਵਰੇਜ ਕੀਤੀ। ਉਸ ਵੇਲੇ ਡਰੱਗਜ਼ ਵਾਲੇ ਨੂੰ ਕੁਝ ਨਹੀਂ ਹੋਇਆ ਪਰ ਮੈਨੂੰ ਤੇ ਦਿਲਬਾਗ ਚਾਵਲਾ ਨੂੰ ਕੇਸ ਭੁਗਤਣਾ ਪਿਆ। -ਧਮਕੀਆਂ- ਖਾੜਕੂਆਂ ਨੇ ਮਾਰਨ ਦੀ ਤਿਆਰੀ ਕੀਤੀ- ਪੰਜਾਬ ਵਿਚ ਖਾੜਕੂਵਾਦ ਜ਼ੋਰਾਂ ਤੇ ਸੀ, ਅਮਰ ਸਿੰਘ ਭੁੱਲਰ ਹੋਰੀਂ ਕਹਿੰਦੇ ਹਨ ਕਿ ਮੈਂ ਮਾਰੇ ਗਏ ਖਾੜਕੂਆਂ ਨੂੰ ਸ਼ਹੀਦ ਨਹੀਂ ਲਿਖਦਾ ਸੀ ਤਾਂ ਇਸ ਸਬੰਧੀ ਕਾਫ਼ੀ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ। ਇਕ ਦਿਨ ਹੁਸ਼ਿਆਰਪੁਰ ਵਿਚ ਉਮਰਾਓ ਸਿੰਘ ਨਾਮ ਦੇ ਖਾੜਕੂ ਨਾਲ ਤੂੰ ਤੂੰ-ਮੈਂ ਮੈਂ ਹੋ ਗਈ। ਉਹ ਕਹਿੰਦਾ ਕਿ ‘ਸ਼ਹੀਦ ਹੋਏ ਖਾੜਕੂਆਂ ਦੇ ਨਾਲ ਸ਼ਹੀਦ ਲਾਇਆ ਕਰੋ’ ਪਰ ਮੈਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ। ਇਸ ਗੱਲ ਤੇ ਉਮਰਾਓ ਸਿੰਘ ਧਮਕੀ ਦੇ ਗਿਆ। ਉਸ ਤੋਂ ਬਾਅਦ ਇਕ ਦਿਨ ਮੇਰੇ ਕੋਲ ਪੁਲੀਸ ਆਈ। ਉਸ ਨੇ ਇਕ ਫ਼ੋਟੋ ਮੈਨੂੰ ਦਿਖਾਈ। ਇਹ ਫ਼ੋਟੋ ਉਸੇ ਉਮਰਾਓ ਸਿੰਘ ਦੀ ਸੀ। ਇਕ ਹੋਰ ਫ਼ੋਟੋ ਦਿਖਾਈ ਇਹ ਫ਼ੋਟੋ ਮੈਂ ਪਹਿਚਾਣ ਨਹੀਂ ਸਕਿਆ ਤਾਂ ਪੁਲੀਸ ਨੇ ਕਿਹਾ ਕਿ ਇਹ ਉਮਰਾਓ ਸਿੰਘ ਹੀ ਹੈ ਜਿਸ ਨੇ ਵਾਲ ਕਟਵਾ ਲਏ ਹਨ। ਪੁਲੀਸ ਨੇ ਕਿਹਾ ਕਿ ਇਹ ਤੁਹਾਨੂੰ ਮਾਰਨ ਲਈ ਸ਼ਿਸਤ ਬੰਨੀ ਬੈਠਾ ਹੈ, ਤੁਹਾਡੇ ਘਰ ਤੋਂ ਪੰਜ ਘਰ ਦੂਰ ਰਹੇਗਾ ਤੇ ਤੁਹਾਨੂੰ ਮਾਰੇਗਾ। ਮੇਰੀ ਸਥਿਤੀ ਅਜੀਬੋ ਗ਼ਰੀਬ ਸੀ। ਉਸ ਵੇਲੇ ਪੰਜਾਬ ਦਾ ਡੀਜੀਪੀ ਕੇਪੀਐਸ ਗਿੱਲ ਹੁੰਦਾ ਸੀ। ਕੁਝ ਦਿਨਾਂ ਬਾਅਦ ਹੀ ਉਮਰਾਓ ਸਿੰਘ ਦਾ ਪੁਲੀਸ ਮੁਕਾਬਲਾ ਹੋ ਗਿਆ। ਉਹ ਮੁਕਾਬਲੇ ਵਿਚ ਮਾਰਿਆ ਗਿਆ। ਮੈਨੂੰ ਉਸ ਵੇਲੇ ਬਹੁਤ ਦੁੱਖ ਹੋਇਆ ਕਿ ਪੰਜਾਬੀ ਮੁੰਡੇ ਅਜਾਈਂ ਹੀ ਜਾਨਾਂ ਗਵਾ ਰਹੇ ਹਨ। -ਅਖ਼ਬਾਰ ਦੀ ਸਿਲਵਰ ਜੁਬਲੀ-
ਜਦੋਂ ‘ਹਮਦਰਦ’ ਨੂੰ ਸ਼ੁਰੂ ਹੋਇਆਂ 25 ਸਾਲ ਹੋਏ ਤਾਂ ਅਮਰ ਸਿੰਘ ਭੁੱਲਰ ਹੋਰਾਂ ਨੇ ਸਿਲਵਰ ਜੁਬਲੀ ਮਨਾਈ। ਇਸ ਤੋਂ ਪਹਿਲਾਂ ਹੀ ਅਮਰ ਸਿੰਘ ਭੁੱਲਰ ਹੋਰਾਂ ਨੂੰ ਕੈਨੇਡਾ ਵਿਚ ਕਈ ਸਾਰੇ ਸਨਮਾਨ ਮਿਲ ਚੁੱਕੇ ਸਨ। ਜਿਨ੍ਹਾਂ ਵਿਚ ਪੁਲੀਸ ਮੀਡੀਆ ਪੁਰਸਕਾਰ ਵੀ ਸ਼ਾਮਲ ਹੈ। ਇਸੇ ਤਰ੍ਹਾਂ ਕੈਨੇਡਾ ਦਾ ‘ਮਹਾਰਾਣੀ ਮੈਡਲ’ ਜਦੋਂ ਅਮਰ ਸਿੰਘ ਭੁੱਲਰ ਨੂੰ ਮਿਲਿਆ ਤਾਂ ਉਸ ਦੀ ਹਿੱਕ ਚੌੜੀ ਹੋ ਗਈ। ਇਹ ਪੰਜਾਬੀ ਪੱਤਰਕਾਰੀ ਲਈ ਵੱਡੇ ਮਾਣ ਦੀ ਗੱਲ ਸੀ। ਜਦੋਂ ਸਿਲਵਰ ਜੁਬਲੀ ਮਨਾਈ ਉਸ ਵੇਲੇ ਕੈਨੇਡਾ ਦੇ ਕਈ ਕੈਬਨਿਟ ਮੰਤਰੀ ਸਮਾਗਮ ਵਿਚ ਸ਼ਾਮਲ ਹੋਏ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਦੀ ਪਾਰਲੀਮੈਂਟ ਵਿਚ ‘ਹਮਦਰਦ’ ਦੇ 25 ਸਾਲ ਪੂਰੇ ਹੋਣ ਤੇ ਵਧਾਈ ਦਿੱਤੀ ਤੇ ਦੋ ਮਿੰਟ ਲਈ ਪਾਰਲੀਮੈਂਟ ਵਿਚ ਅਮਰ ਸਿੰਘ ਭੁੱਲਰ ਤੇ ‘ਹਮਦਰਦ’ ਬਾਰੇ ਬੋਲਿਆ ਤੇ ਸਾਰੇ ਐਮਪੀਜ਼ ਨੇ ਵੀ ਵਧਾਈ ਦਿੱਤੀ। -ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨਾਲ ਮਿਲਣੀ-
ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਦੋਂ ਕੈਨੇਡਾ ਆਏ ਸਨ ਤਾਂ ਉਨ੍ਹਾਂ ਨੇ ਪੰਜਾਬੀ ਦੇ ਦੋ ਪੱਤਰਕਾਰਾਂ ਨਾਲ ਹੀ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਕ ਅਮਰ ਸਿੰਘ ਭੁੱਲਰ ਤੇ ਦੂਜਾ ਜਗਦੀਸ਼ ਸਿੰਘ ਗਰੇਵਾਲ। ਡਾ. ਮਨਮੋਹਨ ਸਿੰਘ ਨਾਲ ਲੰਬੀਆਂ ਗੱਲਾਂ ਹੋਈਆਂ। ਰਿਪੋਰ‌ਟਿੰਗ ਕੀਤੀ ਗਈ। ਜਦੋਂ ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਬਣੇ ਤਾਂ ਉਨ੍ਹਾਂ ਨਾਲ ਵੀ ਅਮਰ ਸਿੰਘ ਭੁੱਲਰ ਹੋਰਾਂ ਨੇ ਮਿਲਣੀ ਕੀਤੀ। ਇਕ ਗੱਲ ਅਮਰ ਸਿੰਘ ਭੁੱਲਰ ਹੋਰੀਂ ਕਹਿੰਦੇ ਹਨ ਕਿ ਇਕ ਸਮਾਂ ਸੀ ਜਦੋਂ ਕੈਨੇਡਾ ਵਿਚ ਪੰਜਾਬੀ ਦੇ 50 ਤੋਂ ਵੱਧ ਅਖ਼ਬਾਰ ਸ਼ੁਰੂ ਹੋ ਗਏ ਸਨ। ਪਰ ਅੱਜ ਮਸਾਂ 5-7 ਅਖ਼ਬਾਰ ਹੀ ਰਹਿ ਗਏ ਹਨ। ਜਿਨ੍ਹਾਂ ਵਿਚ ‘ਹਮਦਰਦ’ ਵੀ ਇਕ ਹੈ। -‘ਆਪ’ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਹਮਦਰਦ ਦਾ ਹਿੱਸਾ ਰਹੇ- 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣੀ, ਉਸ ਸਰਕਾਰ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਬਣੇ, ਇਹ ਉਹ ਕੁਲਦੀਪ ਸਿੰਘ ਧਾਲੀਵਾਲ ਹਨ ਜੋ ‘ਹਮਦਰਦ’ ਦੇ ਕੈਲੇਫੋਰਨੀਆ ਦਫ਼ਤਰ ਦੇ ਇੰਚਾਰਜ ਰਹੇ ਹਨ। -ਪਰਿਵਾਰ-
ਅਮਰ ਸਿੰਘ ਭੁੱਲਰ ਹੋਰਾਂ ਦੀ ਧਰਮ ਪਤਨੀ ਕਰਮਜੀਤ ਕੌਰ ਭੁੱਲਰ ਤੇ ਪੁੱਤਰ ਲਵਜੋਤ ਸਿੰਘ ਭੁੱਲਰ ਹਨ , ਛੋਟਾ ਜਿਹਾ ਪਰਿਵਾਰ ਹੈ। ਲਵਜੋਤ ਸਿੰਘ ਭੁੱਲਰ ਪੇਸ਼ੇ ਵਜੋਂ ਵਕਾਲਤ ਕਰਦੇ ਹਨ। ਇਕ ਨੂੰ ਛੱਡ ਕੇ ਬਾਕੀ ਸਾਰੇ ਭੈਣ ਭਰਾ ਵੀ ਕੈਨੇਡਾ ਵਿਚ ਹੀ ਰਹਿ ਰਹੇ ਹਨ। -ਅਜੋਕੇ ਪੱਤਰਕਾਰਾਂ ਲਈ ਸੰਦੇਸ਼- ਅੱਜ ਦਾ ਪੱਤਰਕਾਰ ਬਹੁਤ ਖ਼ੁਸ਼ ਕਿਸਮਤ ਹੈ। ਉਸ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਪਹਿਲਾਂ ਅਜਿਹੇ ਸਾਧਨ ਨਹੀਂ ਹੁੰਦੇ ਸਨ। ਜੇਕਰ ਸਾਧਨ ਮਿਲਣ ਵੀ ਲੱਗ ਗਏ ਸਨ ਤਾਂ ਬਹੁਤ ਹੀ ਜ਼ਿਆਦਾ ਮਹਿੰਗੇ ਸਨ। ਖ਼ਬਰ ਬਹੁਤ ਮਹਿੰਗੀ ਪੈਂਦੀ ਸੀ। ਅੱਜ ਪੱਤਰਕਾਰ ਨੂੰ ਸਾਰੇ ਸਾਧਨ ਬੜੇ ਸਸਤੇ ਤੇ ਸੌਖੇ ਮਿਲ ਰਹੇ ਹਨ। ਇਸ ਕਰਕੇ ਪੱਤਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਨੂੰ ਸਮਝਣ ਤੇ ਪੱਤਰਕਾਰੀ ਦੇ ਆਦਰਸ਼ਾਂ ਨੂੰ ਹੇਠਾਂ ਨਾ ਡਿੱਗਣ ਦੇਣ। ਪੱਤਰਕਾਰੀ ਨੂੰ ਪੇਸ਼ੇ ਵਜੋਂ ਚੁਣੋ ਪਰ ਪੱਤਰਕਾਰੀ ਨੂੰ ਇਸ ਤਰ੍ਹਾਂ ਨਾ ਵਰਤੋ ਕਿ ‘ਪੱਤਰਕਾਰ’ ਹੀ ਮਰ ਜਾਵੇ। ਪੱਤਰਕਾਰੀ ਇਕ ਸੇਵਾ ਹੈ। ਇਸ ਸੇਵਾ ਵਿਚੋਂ ਪੱਤਰਕਾਰ ਨੂੰ ਸਾਰਾ ਕੁਝ ਹਾਸਲ ਹੋ ਸਕਦਾ ਹੈ ਪਰ ਕਾਹਲੀ ਵਿਚ ਕੁਝ ਵੀ ਨਹੀਂ। ਜਣਾ-ਖਣਾਂ ਪੱਤਰਕਾਰ ਬਣੇ ਇਹ ਵੀ ਚੰਗਾ ਨਹੀਂ ਹੈ। ਮਿਆਰੀ ਪੱਤਰਕਾਰੀ ਦੀ ਪੰਜਾਬੀ ਵਿਚ ਘਾਟ ਨਜ਼ਰ ਆ ਰਹੀ ਹੈ, ਆਸ ਹੈ ਕਿ ਆਉਂਦੇ ਸਮੇਂ ਵਿਚ ਮਿਆਰੀ ਪੱਤਰਕਾਰੀ ਕਰਨ ਵਾਲੇ ਸੂਰਮੇ ਵੀ ਆਉਣਗੇ। ਅਮਰ ਸਿੰਘ ਭੁੱਲਰ! ਪੱਤਰਕਾਰ ਤੋਂ ਸੰਪਾਦਕ ਤੇ ਸੰਪਾਦਕ ਤੋਂ ਮਾਲਕ ਬਣਿਆ। ਬਹੁਤ ਤਰੱਕੀ ਕੀਤੀ। ‌ਅਜਿਹੇ ਸਿਰੜੀ ਇਨਸਾਨ ਤੇ ਪੱਤਰਕਾਰ ਸਾਡੇ ਨਵੇਂ ਪੱਤਰਕਾਰਾਂ ਲਈ ਪ੍ਰੇਰਨਾ ਸਰੋਤ ਹਨ। ਅਜਿਹੇ ਪੱਤਰਕਾਰ ਦੀ ਪੱਤਰਕਾਰੀ ਦੀ ਦਿਲੋਂ ਕਦਰ ਕਰਦਾ ਹੋਇਆ ਮੈਂ ਅਮਰ ਸਿੰਘ ਭੁੱਲਰ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ, ਵਾਹਿਗੁਰੂ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ... ਆਮੀਨ! ਗੁਰਨਾਮ ਸਿੰਘ ਅਕੀਦਾ 8146001100

Thursday, October 20, 2022

-ਅਨੇਕਾਂ ਦੁਸ਼ਵਾਰੀਆਂ ਤੇ ਬਾਵਜੂਦ ਨਾਮਣਾ ਖੱਟਣ ਵਾਲੀ ਪਹਿਲੀ ਮਹਿਲਾ ਪੰਜਾਬੀ ਪੱਤਰਕਾਰ ‘ਸਰੋਜ ਸਰਹਿੰਦੀ’

-ਪਟਿਆਲਾ ਤੋਂ ਰਾਸ਼ਟਰਪਤੀ ਭਵਨ ਤੱਕ ਆਪਣਾ ਸਫ਼ਰ ਤਹਿ ਕਰਨ ਵਾਲੀ ਪੱਤਰਕਾਰਾ ‘ਸਰੋਜ’ ਬਾਰੇ ਅਣਜਾਣੇ ਤੱਥ
ਇਕ ਸਮਾਂ ਸੀ ਜਦੋਂ ਔਰਤਾਂ ਨੂੰ ਖਾਸ ਕਰਕੇ ਕੁੜੀਆਂ ਨੂੰ ਪੱਤਰਕਾਰਤਾ ਵਿਚ ਦੇਖਣਾ ਸਮਾਜ ਚੰਗਾ ਨਹੀਂ ਸਮਝਦਾ ਸੀ, ਅੱਜ ਵੀ ਪ੍ਰਿੰਟ ਮੀਡੀਆ ਵਿਚ ਹਾਲ ਕੋਈ ਬਹੁਤ ਚੰਗਾ ਨਹੀਂ ਹੈ, ਹਾਂ ਇਲੈਕਟ੍ਰੋਨਿਕ ਮੀਡੀਆ ਵਿਚ ਗਲੈਮਰ ਦੁਨੀਆ ਦੀਆਂ ਭਰਮਾਈਆਂ ਹੋਈ ਕੁੜੀਆਂ ਐਂਕਰ ਬਣਨ ਲਈ ਕਾਫ਼ੀ ਜ਼ੋਰ ਲਗਾ ਦਿੰਦੀਆਂ ਹਨ, ਜਿਨ੍ਹਾਂ ਵਿਚ ਕਈ ਸਾਰੀਆਂ ਪੰਜਾਬੀ ਕੁੜੀਆਂ ਨੇ ਇਲੈਕਟ੍ਰੋਨਿਕ ਮੀਡੀਆ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਪਰ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕੁੜੀਆਂ ਨੂੰ ਆਮ ਲੋਕ ਤਾਂ ਕੀ ਘਰ ਦੇ ਵੀ ਬਾਹਰ ਫਿਰਦੀਆਂ ਦੇਖਣਾ ਨਹੀਂ ਚਾਹੁੰਦੇ ਸਨ। (ਉਂਜ ‘ਪੱਤਰਕਾਰਤਾ ਵਿਚ ਔਰਤ ਦਾ ਸਥਾਨ’ ਇਕ ਵੱਖਰਾ ਆਰਟੀਕਲ ਲਿਖਿਆ ਜਾ ਰਿਹਾ ਹੈ) ਖ਼ਾਸ ਕਰਕੇ ਪੰਜਾਬੀ ਪੱਤਰਕਾਰੀ ਵਿਚ ਤਾਂ ਕੁੜੀਆਂ ਨੂੰ ਮਰਦ ਪ੍ਰਧਾਨ ਪੱਤਰਕਾਰ ਹੀ ਹੋਰੂ਼ੰ ਜਿਹੀਆਂ ਨਜ਼ਰਾਂ ਨਾਲ ਦੇਖਦਾ ਹੈ, ਪਰ ਉਨ੍ਹਾਂ ਸਮਿਆਂ ਵਿਚ ਇਕ ਅਜਿਹੀ ਨਿਧੜਕ ਪੱਤਰਕਾਰ ਬਣੀ ਜਿਸ ਨੇ ਆਪਣਾ ਨਾਮ ਰਾਸ਼ਟਰਪਤੀ ਭਵਨ ਤੱਕ ਦਰਜ ਕਰਵਾਇਆ ਤੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਹਾਜ਼ਰੀ ਵਿਚ ਔਰਤਾਂ ਤੇ ਖ਼ਾਸ ਕਰਕੇ ਪੱਤਰਕਾਰ ਔਰਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੱਜ ਮੈਂ ਗੱਲ ਕਰ ਰਿਹਾ ਹਾਂ ਟ੍ਰਿਬਿਊਨ ਗਰੁੱਪ ਵਿਚ ਪੱਤਰਕਾਰੀ ਵਜੋਂ ਆਪਣਾ ਨਾਮ ਚਮਕਾਉਣ ਵਾਲੀ ਪੱਤਰਕਾਰ ‘ਸਰੋਜ ਸਰਹਿੰਦੀ’ ਦੀ। ਅੱਜ ਉਹ ਸਾਡੇ ਵਿਚ ਨਹੀਂ ਹੈ, ਪਰ ਮੈਂ ਉਸ ਨੂੰ ਪੱਤਰਕਾਰੀ ਕਰਦਿਆਂ ਨਿੱਜੀ ਤੌਰ ਤੇ ਦੇਖਿਆ ਹੈ। ਉਸ ਬਾਰੇ ਉਨ੍ਹਾਂ ਦੇ ਸਾਥੀ ਪੱਤਰਕਾਰ ਜਿਵੇਂ ਗੱਲਾਂ ਕਰਦੇ ਹਨ ਉਹ ਵੀ ਕਮਾਲ ਦੀਆਂ ਹਨ। ਬੇਬਾਕ, ਨਿਧੜਕ ਤੇ ਨਿਰਸਵਾਰਥ ਪੱਤਰਕਾਰ ‘ਸਰੋਜ ਸਰਹਿੰਦੀ’ ਦੀ ਪੱਤਰਕਾਰਤਾ ਵਾਲੀ ਜ਼ਿੰਦਗੀ ਬਾਰੇ ਚਾਨਣਾ ਪਾ ਰਹੇ ਹਾਂ। -ਮੁੱਢਲਾ ਜੀਵਨ- ਹਰਿਆਣਾ ਦੇ ਕਰਨਾਲ ਕੋਲ ਇੱਕ ਛੋਟੇ ਜਿਹੇ ਪਿੰਡ ਕੁੰਜਪੁਰਾ ਵਿੱਚ ਦੇਸ਼ ਦੀ ਅਜ਼ਾਦੀ ਦੇ ਸਿਖਰ ਸਮੇਂ ਦਸੰਬਰ 1948 ਜਨਮੀ ਸਰੋਜ ਸਰਹਿੰਦੀ ਪੰਜਾਬ ਦੀ ਪਹਿਲੀ ਮਹਿਲਾ ਪੰਜਾਬੀ ਪੱਤਰਕਾਰ ਬਣੀ। ਬੇਸ਼ੱਕ ਹੋਰ ਵੀ ਕੋਈ ਉਨ੍ਹਾਂ ਤੋਂ ਪਹਿਲਾਂ ਪੰਜਾਬੀ ਮਹਿਲਾ ਪੱਤਰਕਾਰ ਹੋਵੇ ਪਰ ਮੇਰੇ ਨਜ਼ਰ ਵਿਚ ਅਜਿਹੀ ਪੰਜਾਬੀ ਮਹਿਲਾ ਪੱਤਰਕਾਰ ਆਈ ਨਹੀਂ ਜਿਸ ਨੇ ਸਰੋਜ ਸਰਹਿੰਦੀ ਤੋਂ ਪਹਿਲਾਂ ਪੰਜਾਬੀ ਪੱਤਰਕਾਰੀ ਵਿਚ ਨਾਮਣਾ ਖੱਟਿਆ ਹੋਵੇ। ਸਰੋਜ ਸਰਹਿੰਦੀ ਫ਼ੌਜੀ ਅਫ਼ਸਰ ਪਿਤਾ ਸ. ਇੰਦਰਜੀਤ ਸਿੰਘ ਦੇ ਘਰ ਵਿਚ ਜਨਮੀ। ਪਿਤਾ ਨੇ ਸਰੋਜ ਨੂੰ ਪੜਾਉਣਾ ਪਹਿਲਾ ਕਰਤੱਵ ਸਮਝਿਆ, ਨਹੀਂ ਤਾਂ ਉਸ ਵੇਲੇ ਕੁੜੀਆਂ ਨੂੰ ਪੜਾਉਣ ਦਾ ਰਿਵਾਜ ਬਹੁਤ ਘੱਟ ਹੁੰਦਾ ਸੀ। ਉੱਧਰ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ, ਉੱਧਰ ਸਰੋਜ ਸਰਹਿੰਦੀ ਪੜ੍ਹਦੀ ਹੋਈ ਆਪਣੇ ਬਚਪਨ ਦੀ ਦਹਿਲੀਜ਼ ਪਰ ਕਰ ਰਹੀ ਸੀ। ਸਰੋਜ ਸਰਹਿੰਦੀ, ਜੋ ਕਿ ਸਮਾਜਿਕ ਵਿਗਿਆਨ, ਰਾਜਨੀਤਿਕ ਪ੍ਰਸ਼ਾਸਨ ਅਤੇ ਇਤਿਹਾਸ ਦੀ ਇੱਕ ਬਹੁਤ ਹੀ ਉਤਸੁਕ ਵਿਦਿਆਰਥਣ ਸੀ, ਨੇ ਆਪਣੀ ਮੁਢਲੀ ਸਿੱਖਿਆ ਸੈਨਿਕ ਸਕੂਲ ਕੁੰਜਪੁਰਾ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਕਰਨਾਲ ਕਾਲਜ ਵਿੱਚ ਆਪਣਾ ਹਾਈ ਸਕੂਲ ਪੂਰਾ ਕੀਤਾ। -ਵਿਆਹ ਅਤੇ ਪੱਤਰਕਾਰਤਾ ਵਿਚ ਪ੍ਰਵੇਸ਼- ਸਰੋਜ ਸਰਹਿੰਦੀ ਦਾ ਵਿਆਹ ਪਟਿਆਲਾ ਦੇ ਵਸਨੀਕ ਹਿੰਦ ਸਮਾਚਾਰ ਗਰੁੱਪ ਦੇ ਉੱਘੇ ਪੱਤਰਕਾਰ ਬ੍ਰਿਜ ਭੂਸ਼ਣ ਸਰਹਿੰਦੀ ਦੇ ਸਪੁੱਤਰ ਡਾ. ਪ੍ਰਸ਼ੋਤਮ ਕੁਮਾਰ ਸਰਹਿੰਦੀ ਨਾਲ ਅਪਰੈਲ 1969 ਵਿਚ ਹੋਇਆ। ਸਰੋਜ ਸਰਹਿੰਦੀ ਦਾ ਪੱਤਰਕਾਰਤਾ ਨਾਲ ਦੂਰ ਦਾ ਵੀ ਵਾਹ ਨਹੀਂ ਸੀ, ਪਰ ਸਹੁਰਾ ਪਰਿਵਾਰ ਵਿਚ ਪੱਤਰਕਾਰਤਾ ਦੀਆਂ ਲਹਿਰਾਂ ਵਗਦੀਆਂ ਸਨ, ਪੱਤਰਕਾਰਤਾ ਨਾਲ ਉਹਨਾਂ ਦੀ ਜਾਣ-ਪਛਾਣ ਉਹਨਾਂ ਦੇ ਪਤੀ ਡਾ. ਪੁਰਸ਼ੋਤਮ ਕੁਮਾਰ ਸਰਹਿੰਦੀ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਬਾਟਨੀ ਵਿਭਾਗ ਦੇ ਲੈਕਚਰਾਰ ਸਨ ਨੇ ਕਰਵਾਈ। ਡਾ. ਪੁਰਸ਼ੋਤਮ ਕੁਮਾਰ ਸਰਹਿੰਦੀ ਖ਼ੁਦ ਵੀ ਬਾਟਨੀ ਵਿੱਚ ਪੀਐਚਡੀ ਕਰਦੇ ਸਮੇਂ ਰਾਸ਼ਟਰੀ ਅੰਗਰੇਜ਼ੀ ਅਖ਼ਬਾਰਾਂ ਲਈ ਖੇਡ ਪੱਤਰਕਾਰ ਵਜੋਂ ਕੰਮ ਕਰਦੇ ਰਹੇ । ਉਹ ਇੱਕ ਉੱਘੇ ਲੇਖਕ ਸਨ ਜੋ ਕਿ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਵੀ ਸਮਝਦੇ ਸਨ। ਡਾ. ਪ੍ਰਸ਼ੋਤਮ ਕੁਮਾਰ ਸਰਹਿੰਦੀ ਨੂੰ ਪੱਤਰਕਾਰਤਾ ਦੀ ਕਲਾ ਆਪਣੇ ਪਿਤਾ ਬ੍ਰਿਜ ਭੂਸ਼ਣ ਸਰਹਿੰਦੀ ਤੋਂ ਵਿਰਾਸਤ ਵਿਚ ਮਿਲੀ ਸੀ। ਬ੍ਰਿਜ ਭੂਸ਼ਣ ਸਰਹਿੰਦੀ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਸਨ ਜਿਨ੍ਹਾਂ ਨੇ 1936 ਦੇ ਸ਼ੁਰੂ ਵਿੱਚ ਕਈ ਅੰਗਰੇਜ਼ੀ ਅਖ਼ਬਾਰਾਂ ਲਈ ਲਿਖਣਾ ਸ਼ੁਰੂ ਕੀਤਾ ਅਤੇ ਆਪਣੇ ਅੰਤ ਸਮੇਂ ਤਕ ਹਿੰਦ ਸਮਾਚਾਰ ਗਰੁੱਪ ਵਿਚ ਪੱਤਰਕਾਰਤਾ ਕਰਦੇ ਰਹੇ। ਪਤੀ ਡਾ. ਪ੍ਰਸ਼ੋਤਮ ਕੁਮਾਰ ਸਰਹਿੰਦੀ ਵੱਲੋਂ ਮਿਲੀ ਮਦਦ ਸਦਕਾ ਵਿਆਹ ਤੋਂ ਬਾਅਦ ਸਰੋਜ ਸਰਹਿੰਦੀ ਨੇ ਪੱਤਰਕਾਰੀ ਵਿੱਚ ਆਪਣੀ ਬੈਚਲਰ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ 1977 ਵਿੱਚ ਆਪਣਾ ਪੱਤਰਕਾਰਤਾ ਦਾ ਕੈਰੀਅਰ ਜਲੰਧਰ ਤੋਂ ਛੱਪਦੇ ਅਖਬਾਰ ‘ਵੀਰ-ਪ੍ਰਤਾਪ ਤੋਂ ਸ਼ੁਰੂ ਕੀਤਾ। ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਮੁਹਾਰਤ ਹਾਸਲ ਕਰਕੇ, ਉਹਨਾਂ ਜਲਦੀ ਹੀ ਟ੍ਰਿਬਿਊਨ ਸਮੂਹ ਤਿੰਨੋਂ ਅਖ਼ਬਾਰਾਂ - ਅੰਗਰੇਜ਼ੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਅਤੇ ਦੈਨਿਕ ਟ੍ਰਿਬਿਊਨ ਲਈ ਲਿਖਣਾ ਸ਼ੁਰੂ ਕਰ ਦਿੱਤਾ।
-ਅੱਤਵਾਦ ਸਮੇਂ ਵਿਚ ਨਿਧੜਕ ਲਿਖਿਆ- ਸਰੋਜ ਸਰਹਿੰਦੀ ਪੰਜਾਬ ਦੀ ਪਹਿਲੀ ਮਹਿਲਾ ਪੱਤਰਕਾਰ ਸੀ ਜਿਸ ਨੇ ਨਿਧੜਕ ਲਿਖਣਾ ਸ਼ੁਰੂ ਕੀਤਾ, ਸੂਬੇ ਵਿੱਚ ਅਤਿਵਾਦ ਦੇ ਉਸ ਔਖੇ ਸਮੇਂ ਦੌਰਾਨ ਵੀ ਸਰਗਰਮ ਰਹੀ ਜਿਸ ਦੌਰਾਨ ਬਹੁਤ ਸਾਰੇ ਪੱਤਰਕਾਰ ਦਹਿਸ਼ਤਗਰਦ ਗਰੁੱਪਾਂ ਦੀ ਹਿੱਟ ਲਿਸਟ ’ਤੇ ਸਨ। ਉਹ ਅਕਸਰ ਆਪਣੇ ਪਤੀ, ਡਾ: ਸਰਹਿੰਦੀ ਦੇ ਨਾਲ ਪ੍ਰੈੱਸ ਸਮਾਗਮਾਂ ਅਤੇ ਪ੍ਰੈੱਸ ਕਾਨਫ਼ਰੰਸਾਂ ਵਿੱਚ ਦੇਖੀ ਜਾਂਦੀ ਸੀ, ਜੋ ਉਨ੍ਹਾਂ ਦੇ ਪੱਤਰਕਾਰਤਾ ਦੇ ਕੰਮਾਂ ਵਿੱਚ ਉਨ੍ਹਾਂ ਦਾ ਸਮਰਥਨ ਕਰਦੇ ਰਹੇ ਅਤੇ ਤਾਕਤ ਅਤੇ ਪ੍ਰੇਰਨਾ ਦੇ ਇੱਕ ਥੰਮ੍ਹ ਵਜੋਂ ਮਜ਼ਬੂਤ ਖੜੇ ਰਹੇ। ਅੱਤਵਾਦੀਆਂ ਨੂੰ ਸਿੱਖਿਆ ਦੇਣ ਅਤੇ ਅਜਿਹਾ ਰਸਤਾ ਅਖ਼ਤਿਆਰ ਨਾ ਕਰਨ ਬਾਰੇ ਸਰੋਜ ਸਰਹਿੰਦੀ ਨੇ ਲਿਖਿਆ, ਜਿਸ ਕਰਕੇ ਖਾੜਕੂਆਂ ਨੇ ਸਰੋਜ ਸਰਹਿੰਦੀ ਨਾਲ ਮਿਲਣੀ ਵੀ ਕੀਤੀ। ਖਾੜਕੂਆਂ ਨੇ ਸਰੋਜ ਸਰਹਿੰਦੀ ਨੂੰ ਕੋਈ ਤਲਖ਼ੀ ਨਾਲ ਨਹੀਂ ਸਗੋਂ ਉਸ ਨੂੰ ਸਮਝਾਇਆ ਕਿ ਉਹ ਇਕ ਮਿਸ਼ਨ ’ਤੇ ਹਨ, ਇਸ ਮਿਸ਼ਨ ਵਿਚ ਉਹ ਉਨ੍ਹਾਂ ਬਾਰੇ ਅਜਿਹਾ ਨਾ‌ ਲਿਖਣ। ਇਸ ਬਾਰੇ ਖਾੜਕੂਆਂ ਨੇ ਸਰੋਜ ਸਰਹਿੰਦੀ ਨੂੰ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ। ਪਰ ਸਰੋਜ ਨੇ ਖਾੜਕੂਆਂ ਤੋਂ ਕੋਈ ਵੀ ਰੁਪਿਆ ਨਾ ਲੈ ਕੇ ਸਗੋਂ ਉਨ੍ਹਾਂ ਨੂੰ ਕਿਹਾ ਕਿ ਉਹ ਸੱਚ ਲਿਖਦੀ ਰਹੇਗੀ। ਬੇਸ਼ੱਕ ਪਰਿਵਾਰ ਵਿਚ ਡਰ ਦਾ ਮਾਹੌਲ ਸੀ ਪਰ ਸਰੋਜ ਇਸ ਗੱਲ ’ਤੇ ਬਜ਼ਿਦ ਸਨ ਕਿ ਉਹ ਪੇਸ਼ੇ ਵਜੋਂ ਜੋ ਕੰਮ ਕਰ ਰਹੇ ਹਨ ਉਹ ਹਮੇਸ਼ਾ ਸਮਾਜ ਦੇ ਭਲੇ ਲਈ ਹੀ ਲਿਖਣਗੇ। ਉਸ ਤੋਂ ਬਾਅਦ ਖਾੜਕੂਆਂ ਦੇ ਪ੍ਰੈੱਸ ਨੋਟ ਆਉਂਦੇ ਸਨ ਤੇ ਉਹ ਪ੍ਰੈੱਸ ਨੋਟ ਛਾਪਦੇ ਸਨ।
ਪ੍ਰੈਸ ਕਾਨਫਰੰਸ ਦੌਰਾਨ ਸਰੋਜ ਸਰਹਿੰਦੀ -ਸਰੋਜ ਸਰਹਿੰਦੀ ਦੀਆਂ ਖ਼ਬਰਾਂ ਦਾ ਪ੍ਰਭਾਵ- ਉਹਨਾਂ ਦੇ ਚੰਗੀ ਤਰ੍ਹਾਂ ਖ਼ੋਜੇ ਗਏ ਖ਼ਬਰ ਲੇਖਾਂ ਨੇ ਰਾਜ ਦੀ ਰਾਜਨੀਤੀ 'ਤੇ ਬਹੁਤ ਪ੍ਰਭਾਵ ਪਾਇਆ। ਉਹ ਨਿਰਪੱਖ ਤਰੀਕੇ ਨਾਲ ਅਤੇ ਪੱਖਪਾਤ ਤੋਂ ਬਿਨਾਂ ਜਾਣਕਾਰੀ ਪ੍ਰਦਾਨ ਕਰਨ ਤੇ ਬਹੁਤ ਜ਼ੋਰ ਦੇਂਦੇ ਸੀ। ਉਹਨਾਂ ਦੀਆਂ ਵਿਹਾਰਕ, ਤਰਕਪੂਰਨ, ਨਿਰਪੱਖ ਅਤੇ ਚੰਗੀ ਤਰ੍ਹਾਂ ਲਿਖੀਆਂ ਖ਼ਬਰਾਂ ਨੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਸਪਸ਼ਟ ਅਤੇ ਸੰਖੇਪ ਰੂਪ ਵਿੱਚ ਗੱਲ ਕੀਤੀ। ਉਹਨਾਂ ਆਪਣੀ ਭੂਮਿਕਾ ਨਿਭਾਉਂਦੇ ਇਹ ਯਕੀਨੀ ਬਣਾਇਆ ਕਿ ਉਹਨਾਂ ਦੇ ਲੇਖ ਰਾਜ ਦੇ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਮਾਹੌਲ ਨੂੰ ਹੋਰ ਨਾ ਵਿਗਾੜਨ । ਘਟਨਾਵਾਂ ਦੇ ਸਹੀ ਵਿਸ਼ਲੇਸ਼ਣ ਨੇ ਉਹਨਾਂ ਨੂੰ ਇੱਕ ਮਜ਼ਬੂਤ ਪੱਤਰਕਾਰ ਵਜੋਂ ਸਥਾਪਿਤ ਕੀਤਾ। ਉਹ ਹਮੇਸ਼ਾ ਸਫ਼ਰ ਕਰਨ ਲਈ ਤਿਆਰ ਅਤੇ ਖ਼ਬਰਾਂ ਦੇ ਸਰੋਤਾਂ ਨਾਲ ਸਿੱਧੀ ਇੰਟਰਵਿਊ ਲਈ ਉਤਸੁਕ ਰਹਿੰਦੇ ਸਨ। ਉਹਨਾਂ ਨੇ ਹਥਿਆਰਬੰਦ ਨੌਜਵਾਨਾਂ ਦੇ ਹੱਥੋਂ ਲਾਪਰਵਾਹੀ ਨਾਲ ਕੀਤੇ ਗਏ ਕਤਲਾਂ ਤੋਂ ਪ੍ਰਭਾਵਿਤ ਪਰਿਵਾਰਾਂ ਜਿਨ੍ਹਾਂ ਨੇ ਆਪਣੇ ਪੁੱਤਰਾਂ, ਪਤੀਆਂ ਅਤੇ ਮਾਪਿਆਂ ਨੂੰ ਗੁਆ ਦਿੱਤਾ ਸੀ, ਉਹਨਾਂ ਬਾਰੇ ਲਿਖਣਾ ਸ਼ੁਰੂ ਕੀਤਾ ਅਤੇ ਪੰਜਾਬੀ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਜੋ ਕਿ ਅੱਤਵਾਦ ਤੋਂ ਪ੍ਰਭਾਵਿਤ ਹੋਇਆ ਸੀ, ਉਸ ਨੂੰ ਆਪਣੀ ਲੇਖਣੀ ਰਾਹੀਂ ਰੋਸ਼ਨ ਕੀਤਾ ਅਤੇ ਪੰਜਾਬ ਵਿਚ ਸਰਕਾਰ ਅਤੇ ਖਾੜਕੂਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ। ਅੱਤਵਾਦ ਦੇ ਦਿਨਾਂ ਦੌਰਾਨ, ਮਨੁੱਖੀ ਦੁੱਖ ਦੀ ਕਹਾਣੀ ਨੂੰ ਦੱਸਣ ਵਿਚ ਉਹਨਾਂ ਇਕ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹੀਂ ਦਿਨੀਂ ਅਖ਼ਬਾਰ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਨੂੰ ਉਜਾਗਰ ਕਰਨ ਵਿੱਚ ਰੁੱਝੇ ਹੋਏ ਸਨ ਅਤੇ ਆਪਣੇ ਸਰਕੂਲੇਸ਼ਨ ਨੂੰ ਵਧਾਉਣ ਲਈ ਸਨਸਨੀਖ਼ੇਜ਼ ਰਿਪੋਰਟਾਂ ਦਿੰਦੇ ਸਨ। ਸਰੋਜ ਸਰਹਿੰਦੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਿਨਾਂ ਵਿਚ ਮਨੁੱਖ ਜਿਸ ਤਰ੍ਹਾਂ ਦੀ ਅਜ਼ਮਾਇਸ਼ ਦਾ ਸਾਹਮਣਾ ਕਰ ਰਹੇ ਸਨ, ਉਸ ਨੂੰ ਸਮਝਣ ਅਤੇ ਹਮਦਰਦੀ ਨਾਲ ਬਿਆਨ ਕਰਨ ਦੀ ਲੋੜ ਹੈ। ਉਹਨਾਂ ਆਪਣੀ ਲਿਖਤ ਨੂੰ ਮਨੁੱਖੀ ਤਸੀਹੇ ਦੀਆਂ ਕਹਾਣੀਆਂ 'ਤੇ ਕੇਂਦਰਿਤ ਕੀਤਾ। ਸਰੋਜ ਸਰਹਿੰਦੀ ਨੇ ਮਹਿਸੂਸ ਕੀਤਾ ਕਿ ਜੇਕਰ ਲੋਕਾਂ ਅਤੇ ਖ਼ਾਸ ਕਰਕੇ ਔਰਤਾਂ ਦੇ ਦੁੱਖਾਂ ਨੂੰ ਮੀਡੀਆ ਵਿੱਚ ਉਜਾਗਰ ਕੀਤਾ ਜਾ ਸਕਦਾ ਹੈ, ਤਾਂ ਇਹ ਹਥਿਆਰ ਚੁੱਕਣ ਵਾਲੇ ਪੰਜਾਬੀ ਨੌਜਵਾਨਾਂ ਦੀ ਮਾਨਸਿਕਤਾ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮਾਵਾਂ ਅਤੇ ਭੈਣਾਂ ਦੇ ਦੁੱਖਾਂ ਨੂੰ ਉਜਾਗਰ ਕਰ ਸਰੋਜ ਸਿਰਹਿੰਦੀ ਨੇ ਬਹੁਤ ਸਾਰੇ ਸਵਾਲਾਂ ਨੂੰ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਹਥਿਆਰ ਚੁੱਕਣ ਵਾਲਿਆਂ ਨੂੰ ਸਮਾਜ ਪ੍ਰਤੀ ਆਪਣੀਆਂ ਤਰਜੀਹਾਂ ਅਤੇ ਜ਼ਿੰਮੇਵਾਰੀਆਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਸਮਿਆਂ ਦੌਰਾਨ ਨਾ ਕੇਵਲ 'ਖ਼ਾਲਿਸਤਾਨ' ਦੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਥਿਆਰ ਚੁੱਕਣ ਵਾਲੇ ਹਥਿਆਰਬੰਦ ਨੌਜਵਾਨਾਂ ਦੇ ਹੱਥੋਂ ਬਲਕਿ ਸੁਰੱਖਿਆ ਬਲਾਂ ਦੇ ਹੱਥੋਂ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਸੀ। -ਔਰਤਾਂ ਦੇ ਪੱਖ ਵਿਚ ਅਵਾਜ਼ ਬੁਲੰਦ ਕੀਤੀ-
ਇਸ ਦੌਰਾਨ ਪੰਜਾਬ ਵਿੱਚ ਪੱਤਰਕਾਰੀ ਨੂੰ ਮਰਦਾਂ ਦਾ ਖੇਤਰ ਮੰਨਿਆ ਜਾਂਦਾ ਸੀ। ਪਰ ਸਰੋਜ ਸਰਹਿੰਦੀ ਨੇ ਇਸ ਮਾਨਤਾ ਨੂੰ ਤੋੜ ਕੇ ਹੋਰ ਬਹੁਤ ਸਾਰੀਆਂ ਮਹਿਲਾ ਪੱਤਰਕਾਰਾਂ ਲਈ ਰਾਹ ਪੱਧਰਾ ਕੀਤਾ, ਜਿਨ੍ਹਾਂ ਨੇ ਪੱਤਰਕਾਰਤਾ ਨੂੰ ਅਪਣਾਇਆ ਅਤੇ ਇਸ ਨੂੰ ਹੋਰ ਅੱਗੇ ਲੈ ਕੇ ਗਏ। ਉਨ੍ਹਾਂ ਪੱਤਰਕਾਰ ਹੁੰਦਿਆਂ ਔਰਤਾਂ ਦੇ ਪੱਖ ਵਿਚ ਬੜਾ ਸ਼ਿੱਦਤ ਨਾਲ ‌ਲਿਖਿਆ ਅਤੇ ਬਹੁਤ ਬਾਰੇ ਮੁੱਦੇ ਵੀ ਉਠਾਏ। ਉਹਨਾਂ ਨੇ ਵੱਡੇ ਸਿਆਸੀ ਘਟਨਾਕ੍ਰਮ 'ਤੇ ਪਕੜ ਬਣਾਈ ਰਾਖੀ ਅਤੇ ਸੂਬੇ ਦੀਆਂ ਆਮ ਔਰਤਾਂ ਤੱਕ ਵੀ ਪਹੁੰਚ ਕੀਤੀ, ਜੋ ਸੂਬੇ ਭਰ 'ਚ ਹੋ ਰਹੇ ਖ਼ੂਨ-ਖ਼ਰਾਬੇ ਦਾ ਖ਼ਾਮੋਸ਼ੀ ਦੁੱਖ ਝੱਲ ਰਹੀਆਂ ਸਨ। -ਰਾਸ਼ਟਰਪਤੀ ਭਵਨ ਵਿਚ ਭਾਸ਼ਣ ਦੇਣਾ-
ਸਰੋਜ ਸਰਹਿੰਦੀ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸਾਹਿਤ ਅਕਾਦਮੀ ਦੇ ਐਵਾਰਡ ਵੀ ਮਿਲੇ, ਨਾਲ਼ੋਂ ਨਾਲ ਹੋਰ ਬਹੁਤ ਸਾਰੇ ਪੁਰਸਕਾਰ ਮਿਲੇ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੁੰਦੇ ਸਨ। ਉਸ ਵੇਲੇ ਸਰੋਜ ਸਰਹਿੰਦੀ ਨੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੇ ਸਾਹਮਣੇ ਪੱਤਰਕਾਰਤਾ ਵਿਚ ਔਰਤਾਂ ਤੇ ਸਥਾਨ ਅਤੇ ਔਰਤ ਦੀ ਦਸ਼ਾ ਬਾਰੇ ਆਪਣਾ ਭਾਸ਼ਣ ਦੇ ਕੇ ਰਾਸ਼ਟਰਪਤੀ ਨੂੰ ਮੁਤਾਸਰ ਕੀਤਾ ਸੀ। -ਪੱਤਰਕਾਰ ਸਾਥੀਆਂ ਨਾਲ ਸਰੋਜ ਸਰਹਿੰਦੀ ਨੇ ਖ਼ੂਬ ਕੰਮ ਕੀਤਾ- ਆਮ ਤੌਰ ਤੇ ਪ੍ਰੈੱਸ ਕਾਨਫ਼ਰੰਸਾਂ ਵਿਚ ਸਰੋਜ ਸਰਹਿੰਦੀ ਇਕੱਲੀ ਹੀ ਮਹਿਲਾ ਪੱਤਰਕਾਰ ਹੁੰਦੇ ਸਨ। ਜੋ ਮਰਦ ਪੱਤਰਕਾਰਾਂ ਵਿਚ ਬੈਠ ਕੇ ਸਾਹਮਣੇ ਬੈਠੇ ਵੀਆਈਪੀ ਨੂੰ ਸਵਾਲ ਪੁੱਛ ਕੇ ਕਈ ਵਾਰੀ ਨਿਰਉੱਤਰ ਵੀ ਕਰ ਦਿੰਦੇ ਸਨ। ਕੁਝ ਗੱਲਾਂ ਵਿਚ ਸਰੋਜ ਸਰਹਿੰਦੀ ਨੂੰ ਅੜੀਅਲ ਵਤੀਰੇ ਵਾਲੀ ਔਰਤ ਵੀ ਕਿਹਾ ਗਿਆ ਹੈ ਪਰ ਜਿਹੋ ਜਿਹਾ ਸਮਾਜ ਔਰਤਾਂ ਨਾਲ ਰਵੱਈਆ ਕਰਦਾ ਹੈ ਉਸ ਅਨੁਸਾਰ ਅੜੀਅਲ ਸੁਭਾਅ ਹੋਣਾ ਕੋਈ ਮਾੜੀ ਗੱਲ ਨਹੀਂ ਹੈ।
ਫੋਟੋ ਦੀ ਹੇਠਲੀ ਰੋਲ ਵਿਚ ਖੱਬੇ ਤੋਂ ਤਤਕਾਲੀ ਡੀਪੀਆਰਓ ਬੀਆਈਐਸ ਚਾਹਲ, ਬ੍ਰਿਜ ਭੂਸ਼ਣ ਸਰਹਿੰਦੀ ਹਿੰਦ ਸਮਾਚਾਰ ਗਰੁੱਪ, ਯੋਗਿੰਦਰ ਮੋਹਨ ਦਾ ਇੰਡੀਅਨ ਐਕਸਪ੍ਰੈਸ, ਸਰੋਜ ਸਰਹਿੰਦੀ ਪੰਜਾਬੀ ਟ੍ਰਿਬਿਊਨ ਤੇ ਦੈਨਿਕ ਟ੍ਰਿਬਿਊਨ ਤੇ ਪ੍ਰਭਾਕਰ ਦਾ ਟ੍ਰਿਬਿਊਨ ਨਜ਼ਰ ਆ ਰਹੇ ਹਨ। -ਸਾਥੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਜ਼ੁਬਾਨੀ-
ਸਰਬਜੀਤ ਸਿੰਘ ਧਾਲੀਵਾਲ ਟ੍ਰਿਬਿਊਨ ਗਰੁੱਪ ਦੇ ਪਟਿਆਲਾ ਦੇ ਇੰਚਾਰਜ ਸਨ। ਉਹ ਕਹਿੰਦੇ ਹਨ ਕਿ ਸਰੋਜ ਸਰਹਿੰਦੀ ਇਕ ਬਹੁਤ ਹੀ ਕਾਬਲ ਪੱਤਰਕਾਰ ਸੀ, ਉਹ ਫ਼ੀਲਡ ਵਿਚ ਜਾ ਕੇ ਖ਼ਬਰਾਂ ਕਰਨ ਦੀ ਆਦੀ ਸੀ, ਉਸ ਨੂੰ ਇਹ ਕਦੇ ਵੀ ਆਸ ਨਹੀਂ ਸੀ ਕਿ ਕੋਈ ਉਸ ਕੋਲ ਕਾਰ ਜਾਂ ਗੱਡੀ ਭੇਜੇਗਾ ਤਾਂ ਹੀ ਉਹ ਕਵਰੇਜ ਕਰਨ ਲਈ ਜਾਣਗੇ। ਉਹ ਸਗੋਂ ਖ਼ੁਦ ਆਪਣੇ ਸਿਰ ਤੇ ਪੱਤਰਕਾਰੀ ਕਰਦੇ ਸਨ। ਸ. ਧਾਲੀਵਾਲ ਨੇ ਕਿਹਾ ਕਿ ਉਸ ਨੇ ਜੋ ਵੀ ਖ਼ਬਰ ਜਾਂ ਖ਼ੋਜੀ ਰਿਪੋਰਟ ਮੇਰੇ ਕੋਲ ਲਿਆਂਦੀ ਮੈਂ ਉਸ ਦੀ ਕੋਈ ਵੀ ਖ਼ਬਰ ਨਹੀਂ ਰੋਕੀ, ਉਹ ਇਕ ਪੱਤਰਕਾਰਤਾ ਦੀ ਡਿੱਗਰੀ ਧਾਰਕ ਪੱਤਰਕਾਰ ਸੀ ਤੇ ਉਸ ਦੀਆਂ ਲੋਕ ਪੱਖੀ ਰਿਪੋਰਟਾਂ ਵਿਚ ਦਮ ਹੁੰਦਾ ਸੀ। ਅਜਿਹੀ ਪੱਤਰਕਾਰ ਬਹੁਤ ਜਲਦੀ ਸਾਥੋਂ ਵਿਦਾ ਹੋ ਗਏ, ਇਸ ਦਾ ਉਸ ਨੂੰ ਦੁੱਖ ਹੈ। -ਤਤਕਾਲੀ ਡੀਪੀਆਰਓ ਉਜਾਗਰ ਸਿੰਘ ਦੀ ਜ਼ੁਬਾਨੀ-
ਉਜਾਗਰ ਸਿੰਘ ਬਹੁਤ ਸਿਆਣੇ ਤੇ ਸੁਲਝੇ ਹੋਏ ਲੋਕ ਸੰਪਰਕ ਅਧਿਕਾਰੀ ਸਨ। ਉਹ ਸਰਕਾਰ ਦੇ ਅਧੀਨ ਸਰਕਾਰ ਦੀ ਡਿਊਟੀ ਹੀ ਕਰਦੇ ਸਨ। ਉਨ੍ਹਾਂ ਲਈ ਸਰਕਾਰ ਦੀ ਵਫ਼ਾਦਾਰੀ ਪਹਿਲਾਂ ਸੀ। ਉਨ੍ਹਾਂ ਨੇ ਸਰੋਜ ਸਰਹਿੰਦੀ ਬਾਰੇ ਕਿਹਾ ਕਿ ਬਹੁਤ ਮਿਹਨਤੀ ਪੱਤਰਕਾਰ ਸੀ ਸਰੋਜ ਸਰਹਿੰਦੀ। ਇਕ ਪਾਸੇ ਹਿੰਦ ਸਮਾਚਾਰ ਗਰੁੱਪ ਵਿਚ ਕੰਮ ਕਰਦੇ ਉਸ ਦੇ ਸਹੁਰਾ ਸਾਹਿਬ ਭੂਸ਼ਣ ਸਰਹਿੰਦੀ ਸਨ ਜੋ ਨਹੀਂ ਚਾਹੁੰਦੇ ਸਨ ਕਿ ਸਰੋਜ ਪੱਤਰਕਾਰੀ ਕਰੇ ਪਰ ਇਕ ਪਾਸੇ ਸਰੋਜ ਦੀ ਸਿਰੜ ਸੀ ਜਿਸ ਨੇ ਵੱਡੇ ਵਿਰੋਧਾਂ ਤੋਂ ਬਾਅਦ ਵੀ ਪੱਤਰਕਾਰੀ ਵਿਚ ਮੁਕਾਮ ਹਾਸਲ ਕੀਤਾ। ਇਕ ਔਰਤ ਲਈ ਮਰਦਾਂ ਨਾਲ ਆਡਾ ਲੈਣਾ ਸੌਖਾ ਨਹੀਂ ਹੁੰਦਾ, ਕਿੰਨੀ ਵਿਰੋਧਤਾ ਹੋਈ ਪਰ ਸਰੋਜ ਨੇ ਕਦੇ ਵੀ ਪਿੱਛੇ ਮੁੜ੍ਹਕੇ ਨਹੀਂ ਦੇਖਿਆ। -ਮੈਂ ਜੋ ਦੇਖਿਆ ਆਪਣੇ ਤਜਰਬੇ ਵਿਚੋਂ- ਸਰੋਜ ਸਰਹਿੰਦੀ ਇਕ ਪਾਸੇ ਤੇ ਭੂਸ਼ਣ ਸਰਹਿੰਦੀ ਇਕ ਪਾਸੇ ਹੁੰਦੇ ਸਨ। ਜੇਕਰ ਕੋਈ ਸਰੋਜ ਸਰਹਿੰਦੀ ਨੂੰ ਪ੍ਰੈੱਸ ਨੋਟ ਦੇ ਕੇ ਭੂਸ਼ਣ ਸਰਹਿੰਦੀ ਨੂੰ ਦਸ ਦਿੰਦਾ ਸੀ ਤਾਂ ਉਸ ਵਿਅਕਤੀ ਦਾ ਪ੍ਰੈੱਸ ਨੋਟ ਭੂਸ਼ਣ ਸਰਹਿੰਦੀ ਅਖਬਾਰ ਨੂੰ ਨਹੀਂ ਭੇਜਿਆ ਕਰਦੇ ਸਨ। ਸਰੋਜ ਸਰਹਿੰਦੀ ਦੇ ਪਰਿਵਾਰ ਨੂੰ ਖ਼ੁਦ ਨੂੰ ਖ਼ੁਦ ਹੀ ਸਾਬਤ ਕਰਕੇ ਦਿਖਾਉਣਾ ਪਿਆ ਜਿਸ ਬਾਰੇ ਮੈਂ ਲਿਖ ਕੇ ਮਾਣ ਮਹਿਸੂਸ ਕਰ ਰਿਹਾ ਹਾਂ। -24 ਅਪਰੈਲ 1999 ਦਾ ਕਹਿਰ ਭਰਿਆ ਦਿਨ- ਸਰੋਜ ਸਰਹਿੰਦੀ ਆਪਣੇ ਪਰਿਵਾਰ ਸਮੇਤ ਸ਼ਾਹਬਾਦ ਮਾਰਕੰਡਾ ਰੋਡ ਤੇ ਆਪਣੀ ਕਾਰ ਵਿਚ ਆ ਰਹੇ ਸਨ, ਤਾਂ ਦੋ ਟਰੱਕਾਂ ਦੀ ਭੇੜ ਕਰਕੇ ਉਨ੍ਹਾਂ ਦੀ ਕਾਰ ਬਹੁਤ ਬੁਰੀ ਤਰ੍ਹਾਂ ਲਪੇਟ ਵਿਚ ਆ ਗਈ ਜਿਸ ਦੌਰਾਨ ਸਰੋਜ ਸਰਹਿੰਦੀ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਬੇਟਾ ਆਸ਼ੀਸ਼ ਕੁਮਾਰ ਮੌਕੇ ਤੇ ਮਾਰੇ ਗਏ ਸਨ। ਸਰੋਜ ਸਰਹਿੰਦੀ ਦੇ ਪਤੀ ਡਾ. ਪ੍ਰਸ਼ੋਤਮ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਉਨ੍ਹਾਂ ਦੀ ਮੌਤ ਵੀ ਇਕ ਮਹੀਨਾ ਬਾਅਦ ਹੋ ਗਈ ਸੀ, ਇਸ ਦੌਰਾਨ ਕਾਰ ਵਿਚ ਮਨੀਸ਼ ਸਰਹਿੰਦੀ, ਸਰੋਜ ਸਰਹਿੰਦੀ ਦੇ ਵੱਡੇ ਪੁੱਤਰ ਰਾਜੀਵ ਕੁਮਾਰ ਦੀ ਪਤਨੀ ਰੁਪਾਲੀ ਇਕ ਹੋਰ ਨਜ਼ਦੀਕੀ ਸ਼ਿਵਾਨੀ ਜ਼ਖ਼ਮੀ ਹੋ ਗਏ ਸਨ। 25 ਅਪਰੈਲ ਨੂੰ ਸਰੋਜ ਸਰਹਿੰਦੀ ਦੀਆਂ ਅੰਤਿਮ ਰਸਮਾਂ ਮੌਕੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਗੁਰਬਚਨ ਸਿੰਘ ਭੁੱਲਰ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਵਿਜੈ ਗੋਇਲ ਪੁੱਜੇ ਸਨ। ਇਸ ਤੋਂ ਇਲਾਵਾ ਪਟਿਆਲਾ ਦੀਆਂ ਅਹਿਮ ਹਸਤੀਆਂ ਵਿਚੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤਤਕਾਲੀ ਓਐਸਡੀ ਸੀਐਮ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਕਮਿਸ਼ਨਰ ਜਸਬੀਰ ਸਿੰਘ ਬੀਰ, ਐਸਐਸਪੀ ਪਰਮਪਾਲ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਅਤੇ ਤਤਕਾਲੀ ਕ੍ਰਿਕਟਰ ਅਤੇ ਮੌਜੂਦਾ ਸਿਆਸੀ ਨਵਜੋਤ ਸਿੰਘ ਸਿੱਧੂ ਵੀ ਮੌਕੇ ਤੇ ਪੁੱਜੇ ਸਨ। ਇਸ ਸਮੇਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਵਿੱਤ ਮੰਤਰੀ ਕੈਪ. ਕੰਵਲਜੀਤ ਸਿੰਘ, ਤਤਕਾਲੀ ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸੋਕ ਸੰਦੇਸ਼ ਭੇਜੇ ਸਨ। ਪਟਿਆਲਾ ਦੇ ਸਾਰੇ ਪੱਤਰਕਾਰਾਂ ਵਿਚ ਸੋਗ ਦੀ ਲਹਿਰ ਸੀ। ਇਸ ਸਮੇਂ ਪੰਜਾਬ ਯੂਨੀਅਨ ਆਫ਼ ਜਰਨਲਿਸਟ ਨੇ ਵੀ ਸੋਕ ਸੰਦੇਸ਼ ਭੇਜਿਆ ਸੀ। ਯੂਨੀਅਨ ਦੇ ਵਾਈਸ ਪ੍ਰਧਾਨ ਵਿਜੈ ਰਤਨ ਨੇ ਵੀ ਹਮਦਰਦੀ ਪ੍ਰਗਟ ਕੀਤੀ ਸੀ। ਸਰੋਜ ਸਰਹਿੰਦੀ ਨੇ ਪੰਜਾਬੀ ਟ੍ਰਿਬਿਊਨ ਵਿਚ ਆਪਣਾ 25 ਸਾਲ ਦਾ ਸਫ਼ਰ ਤਹਿ ਕੀਤਾ। -ਪਰਿਵਾਰ- ਸਰੋਜ ਸਰਹਿੰਦੀ ਦੇ ਵੱਡੇ ਪੁੱਤਰ ਰਾਜੀਵ ਸਰਹਿੰਦੀ ਤੇ ਮੁਨੀਸ਼ ਸਰਹਿੰਦੀ ਤੋਂ ਇਲਾਵਾ ਸਰੋਜ ਦੀਆਂ ਦੋ ਧੀਆਂ ਪ੍ਰੋ. ਡਾਕਟਰ ਗੀਤਿਕਾ ਸਰਹਿੰਦੀ ਪੰਜਾਬੀ ਯੂਨੀਵਰਸਿਟੀ ਵਿਚ ਬਾਟਨੀ ਵਿਭਾਗ ਵਿਚ ਪ੍ਰੋਫੈਸਰ ਹੈ, ਜਦ ਕਿ ਦੂਜੀ ਪੁੱਤਰੀ ਦੀਪਿਕਾ ਯਾਮੁਨਾਨਗਰ ਵਿਚ ਰਹਿੰਦੇ ਹਨ। ਉਨ੍ਹਾਂ ਦੇ ਛੋਟੇ ਪੁੱਤਰ ਡਾ: ਮਨੀਸ਼ ਸਰਹਿੰਦੀ ਨੇ ਪੱਤਰਕਾਰੀ ਪੇਸ਼ੇ ਨੂੰ ਅਪਣਾਇਆ ਅਤੇ ਦਾ ਇੰਡੀਅਨ ਐਕਸਪ੍ਰੈੱਸ, ਦਾ ਟ੍ਰਿਬਿਊਨ ਅਤੇ ਦਾ ਟਾਈਮਜ਼ ਆਫ਼ ਇੰਡੀਆ ਵਿਚ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਦਿਆਂ ਆਪਣੀ ਮਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਦਮ ਭਰਿਆ। ਮਨੀਸ਼ ਸਰਹਿੰਦੀ ਨੇ ਅੱਤਵਾਦ ਦੇ ਦਿਨਾਂ ਦੌਰਾਨ ਪ੍ਰਿੰਟ ਮੀਡੀਆ ਦੀ ਭੂਮਿਕਾ 'ਤੇ ਇੱਕ ਅਕਾਦਮਿਕ ਅਧਿਐਨ ਵੀ ਕੀਤਾ, ਜਿਸ ਲਈ ਉਸ ਨੂੰ ਪੰਜਾਬੀ ਯੂਨੀਵਰਸਿਟੀ ਦੁਆਰਾ ਪੀਐਚਡੀ ਦੀ ਡਿੱਗਰੀ ਪ੍ਰਦਾਨ ਕੀਤੀ ਗਈ । ਆਪਣੀ ਮੌਤ ਦੇ 23 ਸਾਲਾਂ ਬਾਅਦ ਵੀ, ਸਰੋਜ ਸਰਹਿੰਦੀ ਪੱਤਰਕਾਰੀ ਦੇ ਖੇਤਰ ਵਿਚ ਇੱਕ ਚਾਨਣ ਮੁਨਾਰਾ ਬਣ ਕੇ ਖੜ੍ਹੀ ਹੈ ਅਤੇ ਆਪਣੀਆਂ ਅਨੇਕ ਲਿਖਤਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰ ਰਹੀ ਹੈ। ਅਜਿਹੀ ਪੱਤਰਕਾਰਾ ਦੀ ਗੈਰ ਹਾਜ਼ਰੀ ਦਾ ਕਦੇ ਅਹਿਸਾਸ ਨਾ ਹੋਵੇ ਇਸ ਕਰਕੇ ਇਹ ਲਿਖਤ ਸਮੇਂ ਦੇ ਹਵਾਲੇ ਹੈ। ਹਮੇਸ਼ਾ ਯਾਦ ਵਿਚ ਬਣੀ ਰਹੇ.. -ਗੁਰਨਾਮ ਸਿੰਘ ਅਕੀਦਾ 8146001100

Monday, October 17, 2022

ਸਥਾਪਤੀ ਵਿਰੁੱਧ ਲੋਕ ਹਿਤ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਪੱਤਰਕਾਰ ‘ਸੁਸ਼ੀਲ ਦੁਸਾਂਝ’

ਪੱਤਰਕਾਰੀ ਦੀਆਂ ਤਲਖ਼ ਹਕੀਕਤਾਂ ਦੇ ਨਾਲ ਨਾਲ ਕਵੀ ਦੀ ਸੂਖਮਤਾ ਨਾਲ ਨਿਭਦਾ ਹੈ ‘ਦੁਸਾਂਝ’
ਮੈਂ ਪੱਤਰਕਾਰਾਂ ਦੇ ਰੇਖਾ ਚਿੱਤਰ ਲਿਖਦਾ ਲਿਖਦਾ ਪੱਤਰਕਾਰਾਂ ਦੀ ਸੋਚ ਨੂੰ ਵੀ ਥੋੜ੍ਹਾ ਜਾਂਚ ਰਿਹਾ ਹਾਂ, ਕਈ ਵੱਡੀਆਂ ਵੱਡੀਆਂ ਰਿਪੋਰਟਾਂ ਲੋਕਾਂ ਦੀਆਂ ਨਜ਼ਰਾਂ ਤੱਕ ਲਿਆਉਣ ਵਾਲੇ ਪੱਤਰਕਾਰ ਖ਼ੁਦ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿਚ ਡਰਦੇ ਵੀ ਹਨ। ਪਤਾ ਨਹੀਂ ਉਨ੍ਹਾਂ ਦੇ ਪੋਤੜੇ ਗੰਦੇ ਹਨ ਜਾਂ ਫਿਰ ਉਹ ਖ਼ੁਦ ਨਾਲ ਵਾਕਫ਼ ਨਹੀਂ ਹਨ। ਪੱਤਰਕਾਰੀ ਕੋਈ ਸ਼ੁਗ਼ਲ ਨਹੀਂ ਹੈ ਨਾ ਹੀ ਇਹ ਇਕ ਦਿਨ ਵਿਚ ਮੁੱਕ ਜਾਣ ਵਾਲੀ ਬੇਬੇ ਵਲੋਂ ਪਾਈ ਜਾਣ ਵਾਲੀ ਬਾਤ ਹੈ, ਜਦੋਂ ਤੱਕ ਸਥਾਪਤੀ ਲੋਕ ਵਿਰੋਧੀ ਕੰਮ ਕਰਦੀ ਰਹੇਗੀ ਉਦੋਂ ਤੱਕ ਹੀ ਇਕ ਪੱਤਰਕਾਰ ਦੀ ਡਿਊਟੀ ਹੋਰ ਸਖਤ ਹੁੰਦੀ ਜਾਵੇਗੀ। ਇਹ ਮੁੱਢ ਕਦੀਮੋਂ ਚੱਲਦਾ ਆਇਆ ਹੈ ਤੇ ਚੱਲਦਾ ਰਹੇਗਾ। ਪੱਤਰਕਾਰ ਦਾ ਕੰਮ ਚੱਲਦੇ ਰਹਿਣਾ ਹੈ, ਨਿਰੰਤਰ ਕੁਝ ਪੁਰਾਣੇ ਤੇ ਕੁਝ ਨਵੇਂ ਰਸਤੇ ਬਣਾਉਂਦਿਆਂ। ਅਜੋਕੇ ਸਮੇਂ ਵਿਚ ਪੱਤਰਕਾਰੀ ਕਰਨਾ ਸਗੋਂ ਹੋਰ ਔਖਾ ਹੋ ਗਿਆ ਹੈ। ਕਿਉਂਕਿ ਜੋ ਲੋਕ ਸਥਾਪਤੀ ਦੇ ਪੱਖ ਵਿਚ ਜਾਂਦੇ ਹੋਏ ਪੱਤਰਕਾਰ ਦੀ ਅਲੋਚਨਾ ਕਰਦੇ ਹਨ ਅਕਸਰ ਉਨ੍ਹਾਂ ਲਈ ਹੀ ਕੰਮ ਦਾ ਹੁੰਦਾ ਹੈ ‘ਪੱਤਰਕਾਰ’। ਕਿਉਂਕਿ ਉਹ ਖ਼ੁਦ ਨਹੀਂ ਜਾਣ ਰਹੇ ਹੁੰਦੇ ਕਿ ਸਥਾਪਤੀ ਉਨ੍ਹਾਂ ਦੀ ਵੀ ਨਹੀਂ ਹੈ, ਸਥਾਪਤੀ ਮਾਂ, ਬਾਪ, ਭਾਈ, ਭੈਣ ਕਿਸੇ ਦੀ ਨਹੀਂ। ਕਈ ਆਪ ਨੂੰ ਛੁਪਾਉਂਦੇ ਹਨ ਜਿਨ੍ਹਾਂ ਨੂੰ ਮੈਂ ਬਹੁਤ ਛੋਟੇ ਬੰਦੇ ਕਹਿੰਦਾ ਹਾਂ, ਕਈ ਆਪਣੇ ਆਪ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਵੀ ਕਰਾਉਂਦੇ ਹਨ ਉਹ ਬਹੁਤ ਵੱਡੇ ਤੇ ਗ਼ੈਰਮਾਮੂਲੀ ਲੋਕ ਹੁੰਦੇ ਹਨ, ਮੈਂ ਅੱਜ ਤੁਹਾਨੂੰ ਦਰਸ਼ਨ ਕਰਵਾ ਰਿਹਾ ਹਾਂ ਅਜਿਹੀ ਹੀ ਕਮਾਲ ਦੀ ਸ਼ਖ਼ਸੀਅਤ ਅਤੇ ਬੇਬਾਕ ਪੱਤਰਕਾਰ ‘ਸੁਸ਼ੀਲ ਦੁਸਾਂਝ’ ਹੋਰਾਂ ਦੇ। ਇਨ੍ਹਾਂ ਨੂੰ ਪੜ੍ਹਦੇ ਸੁਣਦੇ ਸੀ ਪਰ ਜਦੋਂ ਇਨ੍ਹਾਂ ਬਾਰੇ ਜਾਣਿਆਂ ਤਾਂ ਮੈਂ ਖ਼ੁਦ ਇਨ੍ਹਾਂ ਦਾ ਮੁਤਾਸਰ ਹੋ ਗਿਆ। ਸੁਸ਼ੀਲ ਦੁਸਾਂਝ! ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਦਾ ਉਹ ਕਲਮਾਂ ਦੀ ਜ਼ਰਖੇਜ਼ ਜ਼ਮੀਨ ਦਾ ਮਾਲਕ ਜਿੱਥੇ ਕਲਮਾਂ ਅਣਮੁੱਲੇ ਸ਼ਬਦਾਂ ਦੀ ਖੇਤੀ ਕਰਦੀਆਂ ਹਨ। ਜਿੱਥੇ ਸੁਰਤਾਲ ਦੀ ਹਵਾ ਫ਼ਿਜ਼ਾ ਦੇ ਕੰਨਾਂ ਨੂੰ ਸਕੂਨ ਦਾ ਅਹਿਸਾਸ ਕਰਾਉਂਦੀ ਹੈ? ਜਿੱਥੇ ਸਿਆਸਤ ਦੇ ਯੋਧੇ ਅਜ਼ਾਦੀ ਨੂੰ ਲੋਚਦੇ ਹਨ। ਜਿੱਥੋਂ ਦੀ ਅਵਾਜ਼ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਗੂੰਜਦੀ ਹੈ। ਗੱਲ ਅਜ਼ਾਦੀ ਤੋਂ ਪਹਿਲਾਂ ਤੋਂ ਸ਼ੁਰੂ ਕਰਦੇ ਹਾਂ, ਉਸ ਵੇਲੇ ਗ਼ਦਰੀ ਲਹਿਰ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਬਾਬਾ ਭਗਵਾਨ ਸਿੰਘ ਇਸੇ ਪਿੰਡ ਦੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਉੱਜਲ ਦੁਸਾਂਝ ਇਸੇ ਹੀ ਪਿੰਡ ਦੀ ਪੈਦਾਇਸ਼ ਹੈ। ਉੱਘੇ ਕਲਾਕਾਰ ਦਲਜੀਤ ਦੁਸਾਂਝ ਹੀ ਨਹੀਂ ਸਗੋਂ ਗਾਇਕ ਜਸਬੀਰ ਦੁਸਾਂਝ, ਜਰਨੈਲ ਦੁਸਾਂਝ, ਰਣਬੀਰ ਦੁਸਾਂਝ ਇਸੇ ਪਿੰਡ ਦੇ ਹਨ, ਇਸੇ ਤਰ੍ਹਾਂ ਰਾਇਲਟੀ ਸ਼ੋਅ ਵਿਚ ਨਾਮ ਖੱਟਣ ਵਾਲਾ ਬੇਨਟ ਦੁਸਾਂਝ ਵੀ ਇਸੇ ਪਿੰਡ ਦਾ। ਮਹਿੰਦਰ ਦੁਸਾਂਝ ਇੱਥੋਂ ਹੀ ਹਨ, ਜਿਵੇਂ ਕਿ ਮਹਿੰਦਰ ਦੁਸਾਂਝ ਜਗਪੁਰਤੇ ਵਿਚ ਖੇਤੀ ਮਾਹਰ, ਮਹਿੰਦਰ ਖ਼ਾਲਸਾ ਸਕੂਲ ‌ਅੰਮ੍ਰਿਤਸਰ ਦਾ ਪ੍ਰਿੰਸੀਪਲ ਵੀ ਇਸੇ ਪਿੰਡ ਦਾ ਹੈ। ਸਾਹਿਤਕ ਜਗਤ ਦੇ ਅਦੀਬਾਂ ਵਿਚ ਨਾਜ਼ਰ ਸਿੰਘ ਤਰਸ, ਕਸ਼ਮੀਰ ਮਾਹੀ, ਜੋਗਿੰਦਰ ਮਤਵਾਲਾ, ਦਰਸ਼ਨ ਸੌਂਕੀ ਵੀ ਇਸੇ ਪਿੰਡ ਦੇ ਹਨ। ਇੱਥੋਂ ਕਿ ਇਕ ਸਮੇਂ ਪੰਜਾਬੀ ਦੇ ਵੱਡੇ ਅਖ਼ਬਾਰ ਰਹੇ ‘ਅਕਾਲੀ ਪਤ੍ਰਿਕਾ’ ਦੇ ਬਾਨੀ ਸੰਪਾਦਕ ਅਮਰ ਸਿੰਘ ਦੁਸਾਂਝ ਵੀ ਇਸੇ ‌ਪਿੰਡ ਦੀ ਕਲਮ ਹਨ। ਇਸੇ ਪਿੰਡ ਦੇ ਪਵਿੱਤਰ ਸਿੰਘ ਨੇ 1982 ਵਿਚ ਸੰਸਾਰ ਦਾ ਰਿਕਾਰਡ ਬਣਾ ਹੀ ਲਿਆ ਸੀ, ਬੱਸ ਇਕ ਕਿਣਕਾ ਪਿੱਛੇ ਰਹਿ ਗਿਆ। -ਜਨਮ- 1 ਜੁਲਾਈ 1967 ਵਿਚ ਪਿੰਡ ਦੁਸਾਂਝ ਦੇ ਕੱਚੇ ਢਾਰਿਆਂ ਵਾਲੇ ਮਕਾਨ ਵਿਚ ਅੱਖਾਂ ਖੋਲ੍ਹਣ ਵਾਲੇ ਸੁਸ਼ੀਲ ਦੁਸਾਂਝ ਉਸ ਵੇਲੇ ਅੰਤਾਂ ਦੀ ਗ਼ਰੀਬੀ ਨਾਲ ਲੜ ਰਹੇ ਪਿਤਾ ਸ੍ਰੀ ਓਮ ਪ੍ਰਕਾਸ਼ ਤੇ ਮਾਤਾ ਸ੍ਰੀਮਤੀ ਰਕਸ਼ਾ ਦੇਵੀ ਦੀ ਤੰਗੀਆਂ ਤੁਰਸ਼ੀਆਂ ਵਾਲੀ ਜ਼ਿੰਦਗੀ ਦਾ ਹਿੱਸਾ ਬਣੇ ਸਨ। ਦੁਸਾਂਝ ਦੀ ਮਿੱਟੀ ਤੇ ਉਸ ਦੇ ਪਾਣੀ ਕਾਕੇ (ਸੁਸ਼ੀਲ ਦੁਸਾਂਝ ਦਾ ਘਰ ਦਾ ਨਾਮ) ਦੀ ਜ਼ਿੰਦਗੀ ਵਿਚ ਅਚੇਤ ਹੀ ਸ਼ਬਦਾਂ ਦੇ ਬੀਜ ਨੂੰ ਪਾਲ ਰਹੇ ਸਨ। -ਗ਼ਰੀਬੀ ਦੀ ਜ਼ਿੰਦਗੀ ਦੀਆਂ ਕੁਝ ਕਹਾਣੀਆਂ-
ਛੋਟਾ ਜਿਹਾ ਹੁੰਦਾ ਸੀ ‘ਕਾਕਾ’ ਜਦੋਂ ਉਸ ਦੇ ਤਾਏ ਦੇ ਮੁੰਡੇ ਨੇ ਉਸ ਨੂੰ ਦਸ ਪੈਸੇ ਦਿੱਤੇ ਤੇ ਕਾਕਾ ਭੱਜ ਲਿਆ ਰੂਪ ਬਾਣੀਏ ਦੀ ਹੱਟੀ ਵੱਲ। ਇਹ ਰੂਪ ਬਾਣੀਏ, ਲੱਭੂ ਬਾਣੀਏ, ਸ੍ਰੀ ਰਾਮ ਬਾਣੀਏ, ਮੌਜੀ ਬਾਣੀਏ, ਰਾਧਾ ਬਾਣੀਏ ਸਾਡੀ ਜ਼ਿੰਦਗੀ ਦਾ ਹਿੱਸਾ ਆਮ ਬਣਦੇ ਰਹੇ ਹਨ। ਹੁਣ ਦਸ ਪੈਸੇ ਦੀ ਵੱਡੀ ਰਕਮ ਨੂੰ ਲੈ ਕੇ ਸੁਸ਼ੀਲ ਰੂਪ ਬਾਣੀਏ ਦੀ ਹੱਟੀ ਵੱਲ ਭੱਜ ਰਿਹਾ ਹੈ ਤੇ ਪਿੱਛੇ ਪਿੱਛੇ ਮਾਂ ਵੀ ਭੱਜ ਰਹੀ ਹੈ, ਮਾਂ ਕਹਿ ਰਹੀ ਹੈ ‘ਕਾਕੇ ਦੇਖੀ ਦਸੀ ਨਾ ਖ਼ਰਚੀਂ ਕਿਤੇ, ਆਪਾਂ ਨੂੰ ਦਸੀ ਦੀ ਲੋੜ ਆ ਪੁੱਤ.. ਘਰੇ ਲੋੜ ਆ’ ਕਾਕਾ ਰੂਪ ਬਾਣੀਏ ਵੱਲ ਭੱਜ ਰਿਹਾ ਹੈ ਰੂਪ ਬਾਣੀਏ ਦੀ ਹੱਟੀ ਦਾ ਫ਼ਾਸਲਾ ਉੱਧਰ ਮਾਂ ਦਾ ਕਾਕੇ ਤੱਕ ਦਾ ਫ਼ਾਸਲਾ, ਸੁਸ਼ੀਲ ਦੁਸਾਂਝ ਦੀ ਮੁੱਢਲੀ ਦੇ ਜ਼ਿੰਦਗੀ ਦੋ ਅਜਿਹੇ ਫ਼ਾਸਲੇ ਹਨ ਜਿਨ੍ਹਾਂ ਵਿਚ ਉਸ ਦੀ ਸੰਘਰਸ਼ ਮਈ ਜ਼ਿੰਦਗੀ ਦਾ ਰਾਜ ਵੀ ਛੁਪਿਆ ਸੀ। ਬੱਚੇ ਦੀ ਜੀਭ ਦਾ ਸੁਆਦ ਤੇ ਮਾਂ ਦਾ ਘਰੇਲੂ ਸੰਘਰਸ਼, ਇਹ ਦੋਵੇਂ ਬਹੁਤ ਹੀ ਅਲੋਕਾਰੀ ਘਟਨਾ ਨੂੰ ਜਨਮ ਦਿੰਦੇ ਹਨ। ਇਸੇ ਤਰ੍ਹਾਂ ਸੁਸ਼ੀਲ ਦੁਸਾਂਝ ਆਪਣੀ ਜ਼ਿੰਦਗੀ ਦੇ ਬਚਪਨ ਦੀਆਂ ਗੱਲਾਂ ਸੁਣਾਉਣੇ ਹੋਏ ਕਹਿੰਦੇ ਹਨ ਸਾਡੇ ਘਰ ਦੀ ਗ਼ਰੀਬੀ ਬਹੁਤ ਕਹਿਰ ਵਰਤਾਉਂਦੀ ਰਹੀ ਹੈ। ਜਦੋਂ ਕਿਸੇ ਦੇ ਵਿਆਹ ਹੋਣਾ, ਵਿਆਹ ਵਿਚ ਵੱਡੀਆਂ ਵੱਡੀਆਂ ਰੋਟੀਆਂ (ਰੁਮਾਲੀ ਰੋਟੀ) ਬਣਦੀਆਂ ਸਨ। ਮਾਂ ਖ਼ਾਸੀਆਂ ਸਾਰੀਆਂ ਰੋਟੀਆਂ ਘਰ ਲੈ ਆਉਂਦੀ ਤੇ ਉਹ ਰੋਟੀਆਂ ਸੁਕਾ ਲੈਣੀਆਂ ਤੇ ਫੇਰ ਅਸੀਂ ਉਹ ਰੋਟੀਆਂ ਗੁੜ ਵਿਚ ਮਿਲਾ ਮਹੀਨਾ ਭਰ ਖਾਂਦੇ ਰਹਿਣਾ। ਇਹ ਸਾਡੀ ਜ਼ਿੰਦਗੀ ਦੀ ‘ਸਵੀਟ ਡਿਸ਼’ ਸੀ। ਲੋਕਾਂ ਦੇ ਘਰਾਂ ਵਿਚ ਕੰਮ ਕਰਨਾ ਤੇ ਸਾਡੀ ਰੋਟੀ ਦਾ ਇੰਤਜ਼ਾਮ ਕਰਨਾ ਮੇਰੀ ਮਾਂ ਦਾ ਕੰਮ ਸੀ। ਮੇਰੇ ਬਾਊ ਜੀ (ਪਿਤਾ ਜੀ) ਨੇ ਅਲੱਗ ਮਿਹਨਤ ਕਰਨੀ। ਬੜੀਆਂ ਤੰਗੀਆਂ ਤੁਰਸ਼ੀਆਂ ਵਿਚੋਂ ਜ਼ਿੰਦਗੀ ਗੁਜ਼ਰ ਰਹੀ ਸੀ। -ਦਿਲੀ ਪੜ੍ਹਨ ਜਾਣਾ- ਸੁਸ਼ੀਲ ਦੁਸਾਂਝ ਦੀ ਭੂਆ ਦਿਲੀ ਵਿਚ ਰਹਿੰਦੇ ਸਨ, ਥੋੜ੍ਹਾ ਸੁਖਾਲੀ ਜ਼ਿੰਦਗੀ ਕੱਟ ਰਹੇ ਸਨ, ਦੁਸਾਂਝ ਹੋਰੀਂ ਚਾਰ ਭਰਾ ਹਨ। 1972-73 ਦੀ ਗੱਲ ਹੈ ਕ‌ਿ ਸੁਸ਼ੀਲ ਦੀ ਭੂਆ ਨੇ ਉਨ੍ਹਾਂ ਦੇ ਬਾਊ ਜੀ ਨੂੰ ਕਿਹਾ ਕਿ ‘ਕਾਕੇ ਨੂੰ ਤਾਂ ਮੈਂ ਦਿਲੀ ਪੜ੍ਹਨ ਲਾ ਦਿੰਦੀ ਹਾਂ, ਪੜ੍ਹ ਜਾਵੇਗਾ ਤਾਂ ਜ਼ਿੰਦਗੀ ਥੋੜ੍ਹਾ ਸੁਖਾਲੀ ਹੋ ਜਾਏਗੀ’ ਇੱਥੋਂ ਹੀ ਸੁਸ਼ੀਲ ਦਿਲੀ ਚਲੇ ਗਏ। ਉੱਥੇ ਪੜ੍ਹਨਾ ਸ਼ੁਰੂ ਕੀਤਾ ਤਾਂ ਉੱਥੇ ਭੂਆ ਦੀ ਕੁੜੀ ਸੁਸ਼ੀਲ ਨੂੰ ਪੜਾਉਣ ਲਈ ਜਾਂਦੀ ਆਉਂਦੀ ਇਕ ਦੋ ਚਪੇੜਾ ਜੜ ਜਾਂਦੀ, ਭਾਵੇਂ ਉੱਥੇ ਪੜ੍ਹ ਵੀ ਰਹੇ ਸਨ ਪਰ ਭੂਆ ਦੀ ਕੁੜੀ ਵੱਲੋਂ ਮਾਰਨਾ ਚੰਗਾ ਨਹੀਂ ਲੱਗ ਰਿਹਾ ਸੀ, ਸੁਸ਼ੀਲ ਮਸਾਂ 10-11 ਸਾਲਾਂ ਦਾ ਹੋਵੇਗਾ ਕਿ ਇਕ ਦਿਨ ਸੁਸ਼ੀਲ ਨੇ ਫ਼ੈਸਲਾ ਕੀਤਾ, ਉਹ ਭੂਆ ਦੇ ਘਰੋਂ ਭੱਜ ਗਿਆ, ਰੇਲ ਗੱਡੀ ਚੜ ਕੇ ਦੁਸਾਂਝ ਪਿੰਡ ਇਕੱਲਾ ਹੀ ਪਹੁੰਚ ਗਿਆ। ਜਿਸ ਬਾਰੇ ਭੂਆ ਨੂੰ ਬਾਊ ਹੋਰਾਂ ਨੇ ਬਾਅਦ ਵਿਚ ਦੱਸਿਆ। -ਮੁੱਢਲੀ ਪੜਾਈ ਕਰਦਿਆਂ ਨਾਵਲ ਪੜ੍ਹਨ ਦੀ ਚੇਟਕ-
ਘਰਦਿਆਂ ਨੇ ਫਗਵਾੜੇ ਆਰੀਆ ਹਾਈ ਸਕੂਲ ਵਿਚ ਛੇਵੀਂ ਵਿਚ ਪੜ੍ਹਨ ਲਈ ਲਗਾ ਦਿੱਤਾ। ਇੱਥੇ ਵੀ ਦਿਲ ਨਹੀਂ ਲੱਗ ਰਿਹਾ ਸੀ, ਬਾਲ ਮਨ ਕਾਫ਼ੀ ਉੱਖੜ ਚੁੱਕਾ ਸੀ। ਕੁਝ ਭੂਆਂ ਦੀ ਕੁੜੀ ਦੇ ਚਪੇੜਾਂ ਖਾ ਕੇ ਵਿਗੜ ਗਿਆ ਸੀ ਕੁਝ ਹਾਲਾਤ ਦਰੁਸਤ ਨਹੀਂ ਸਨ ਤਾਂ ਇਸ ਸਕੂਲ ਵਿਚ ਘੱਟ ਹੀ ਵੜਨਾ ਤੇ ਬਜ਼ਾਰੋਂ ਉਸ ਵੇਲੇ ਦੇ ਐਸਸੀ ਵੇਦੀ, ਵੇਦ ਪ੍ਰਕਾਸ਼ ਆਦਿ ਦੇ ਜਾਸੂਸੀ ਹਿੰਦੀ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ। ਆਰੀਆ ਸਕੂਲ ਵਿਚੋਂ ਨਾਮ ਕੱਟਿਆ ਗਿਆ। ਤਾਂ ਮਾਪਿਆਂ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਲਾ ਦਿੱਤਾ ਇੱਥੋਂ ਹੀ ਪੰਜਾਬੀ ਸਿੱਖਣੀ ਸ਼ੁਰੂ ਕੀਤੀ। ਹੌਲੀ ਹੌਲੀ ਦਸਵੀਂ ਤੱਕ ਦੀ ਪੜਾਈ ਕਰ ਲਈ। -ਵਿਦਿਆਰਥੀ ਜਥੇਬੰਦੀ ਦਾ ਲੀਡਰ ਬਣਨਾ-
ਸੁਸ਼ੀਲ ਦੁਸਾਂਝ ਨੇ 1984 ਤੋਂ 1986 ਤੱਕ ਆਈ ਟੀ ਆਈ ਕੀਤੀ। ਉਸ ਵੇਲੇ ਹੀ ਵਿਦਿਆਰਥੀ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਐਸਐਫਆਈ ਕਾਫ਼ੀ ਵੱਡੀ ਜਥੇਬੰਦੀ ਸੀ, ਉਸ ਵੇਲੇ ਹੁੰਦੇ ਸੰਘਰਸ਼ਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਤਾਂ ਜਿੰਨੇ ਵੀ ਜਥੇਬੰਦੀ ਦੇ ਪ੍ਰੋਗਰਾਮ ਹੁੰਦੇ, ਸਾਰਿਆਂ ਦੇ ਪ੍ਰੈੱਸ ਨੋਟ ਸੁਸ਼ੀਲ ਹੋਰੀਂ ਹੀ ਜਾਰੀ ਕਰਦੇ ਸਨ। ਇੱਥੋਂ ਹੀ ਪੱਤਰਕਾਰੀ ਦਾ ਮੁੱਢ ਬੰਨ੍ਹਿਆ ਗਿਆ। -ਸੁਸ਼ੀਲ ਦੇ ਨਾਲ ‘ਦੁਸਾਂਝ’ ਦਾ ਲੱਗ ਜਾਣਾ-
ਸੁਸ਼ੀਲ ਕੁਮਾਰ ਸ਼ਰਮਿਆਂ ਦਾ ਮੁੰਡਾ ਭਾਵ ਕਿ ਬ੍ਰਾਹਮਣਾਂ ਦਾ ਮੁੰਡਾ, ਆਮ ਤੌਰ ਤੇ ਬ੍ਰਾਹਮਣਾਂ ਦੇ ਗੋਤ ਤਾਂ ਕਈ ਸਾਰੇ ਹਨ ਪਰ ਬ੍ਰਾਹਮਣ ਆਪਣੇ ਨਾਮ ਨਾਲ ਸ਼ਰਮਾ ਹੀ ਲਗਾਉਂਦੇ ਹਨ। ਜਿਵੇਂ ਸੁਸ਼ੀਲ ਹੋਰਾਂ ਦਾ ਗੋਤ ‘ਲਾਹੜ’ ਹੈ। ਪਰ ਜਦੋਂ ਦਿਲੀ ਵਿਚ ਇਕ ਯੂਥ ਕਾਂਗਰਸ ਦੇ ਆਗੂ ਸੁਸ਼ੀਲ ਸ਼ਰਮਾ ਨੇ ਆਪਣੀ ਹੀ ਪਤਨੀ ਨੈਨਾ ਸਾਹਨੀ ਨੂੰ ਤੰਦੂਰ ਵਿਚ ਸਾੜ ਕੇ ਬੁਰੀ ਤਰ੍ਹਾਂ ਮਾਰ ਦਿੱਤਾ ਸੀ ਤਾਂ ਸੁਸ਼ੀਲ ਨੇ ਸੋਚਿਆ ਕਿ ਮੇਰੇ ਨਾਮ ਦਾ ਬੰਦਾ ਏਨਾ ਕਰੂਰ ਹੋ ਸਕਦਾ ਹੈ ਤਾਂ ਉਸ ਨੇ ਆਪਣੇ ਨਾਮ ਪਿੱਛੋਂ ਸ਼ਰਮਾ ਉਤਾਰ ਕੇ ‘ਦੁਸਾਂਝ’ ਲਗਾ ਲਿਆ। -ਜਾਤ ਪਾਤ ਦੀ ਅਨੋਖੀ ਘਟਨਾ- ਜਦੋਂ ਸੁਸ਼ੀਲ ਨਵਾਂ ਜ਼ਮਾਨਾ ਵਿਚ ਹੁੰਦੇ ਸੀ ਤਾਂ ਅਚਾਨਕ ਕੁਝ ਮਹੀਨਿਆਂ ਬਾਅਦ ਹੀ ਉੱਥੇ ਦੇ ਜੀ ਐੱਮ ਸ੍ਰੀ ਭਾਰਦਵਾਜ ਨੂੰ ਪਤਾ ਲੱਗਾ ਕਿ ਸੁਸ਼ੀਲ ਤਾਂ ਬ੍ਰਾਹਮਣਾਂ ਦਾ ਮੁੰਡਾ ਤਾਂ ਉਸ ਨੇ ਪੀਅਨ ਨੂੰ ਕਿਹਾ ਕਿ ਸੁਸ਼ੀਲ ਨੂੰ ਬੁਲਾ ਕੇ ਲਿਆ, ਮੈਂ ਸ੍ਰੀ ਭਾਰਦਵਾਜ ਦੇ ਕੈਬਿਨ ਵਿਚ ਗਿਆ ਤਾਂ ਉਸ ਨੇ ਦੋ ਕੱਪ ਕੌਫ਼ੀ ਦੇ ਮੰਗਾ ਲਏ। ਮੈਨੂੰ ਉਹ ਕਹਿਣ ਲੱਗੇ ‘ਯਾਰ ਤੂੰ ਦੱਸਿਆ ਹੀ ਨਹੀਂ ਕਿ ਮੈਂ ਬ੍ਰਾਹਮਣਾਂ ਦਾ ਮੁੰਡਾਂ’ ਮੈਂ ਕਿਹਾ ‘ਇਸ ਵਿਚ ਦੱਸਣ ਵਾਲੀ ਕੋਈ ਖ਼ਾਸ ਗੱਲ ਮੈਨੂੰ ਲੱਗੀ ਹੀ ਨਹੀਂ’ ਤਾਂ ਉਹ ਪੁੱਛਣ ਲੱਗੇ ਕਿ ‘ਤੇਰਾ ਗੋਤ ਕੀ ਆ’ ਮੈਂ ਦੱਸਿਆ ਕਿ ‘ਮੇਰਾ ਗੋਤ ਲਾਹੜ ਹੈ’ ਤਾਂ ਉਹ ਕਹਿਣ ਲੱਗੇ ਕਿ ‘ਇਹ ਗੋਤ ਕਿਤੇ ਸੁਣਿਆ ਨਹੀਂ, ਭਾਰਦਵਾਜ, ਜੋਸ਼ੀ ਆਦਿ ਤਾਂ ਆਮ ਗੋਤ ਹਨ’ ਮੈਂ ਕਿਹਾ ‘ਸਰ ਸੋਨਾ ਤਾਂ ਕਿਤੇ ਕਿਤੇ ਲੱਭਦਾ ਹੁੰਦਾ ਹੈ ਲੋਹਾ ਤਾਂ ਹਰ ਥਾਂ ਹੀ ਪਿਆ ਹੁੰਦਾ’ ਤਾਂ ਸ੍ਰੀ ਭਾਰਦਵਾਜ ਨੇ ਤੁਰੰਤ ਮੇਰੇ ਅੱਗਿਓਂ ਕੌਫ਼ੀ ਦਾ ਕੱਪ ਚੁੱਕ ਲਿਆ ਤੇ ਕਿਹਾ ‘ਗੈੱਟ ਆਊਟ’ ਮੈਂ ਬੜਾ ਹੈਰਾਨ ਹੋਇਆ ਕਿ ‘ਦੇਖੋ ਜਾਤ ਪਾਤ ਦਾ ਕਿੰਨਾ ਵੱਡਾ ਕਹਿਰ ਭਰਿਆ ਕਾਂਡ ਹੈ ਕਿ ਜਾਤਾਂ ਵਿਚ ਵੀ ਗੋਤਾਂ ਵਿਚੋਂ ਪਾਕੀਜ਼ਗੀ ਲੱਭੀ ਜਾਂਦੀ ਹੈ।’ ਨਵਾਂ ਜਮਾਨਾ ਵਰਗੇ ਕਾਮਰੇਡੀ ਅਖਬਾਰ ਵਿਚ ਅਜਿਹੇ ਜੀਐਮ ਵੀ ਕੰਮ ਕਰਦੇ ਸਨ। -ਪੱਤਰਕਾਰੀ ਦਾ ਸਫ਼ਰ- ਪਿੰਡ ਦੁਸਾਂਝ ਤੋਂ ਹੀ 1988 ਵਿਚ ਜਗਬਾਣੀ ਤੋਂ ਪੱਤਰਕਾਰੀ ਸ਼ੁਰੂ ਕਰ ਲਈ ਸੀ, ਉਸ ਤੋਂ ਬਾਅਦ 1991 ਵਿਚ ਨਵਾਂ ਜ਼ਮਾਨਾ ਵਿਚ ਬਤੌਰ ਸਬ ਐਡੀਟਰ ਜੁਆਇਨ ਕਰ ਲਿਆ, ਉਸ ਵੇਲੇ ਨਵਾਂ ਜਮਾਨਾ ਦੇ ਨਿਊਜ਼ ਐਡੀਟਰ ਇੰਦਰਜੀਤ ਚੁਗਾਵਾਂ ਹੁੰਦੇ ਸਨ, ਸੁਸ਼ੀਲ ਹੋਰੀਂ ਕਹਿੰਦੇ ਹਨ ਕਿ ਮੇਰੇ ਪੱਤਰਕਾਰੀ ਦੇ ਅਸਲ ਗੁਰੂ ਇੰਦਰਜੀਤ ਚੁਗਾਵਾਂ ਹੀ ਹਨ, ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਨਾਲ ਨਾਲ ‘ਲੋਕ ਲਹਿਰ’ ਵਿਚ ਵੀ ਚਲੇ ਜਾਂਦੇ ਸੀ। ਲੋਕ ਪੱਖੀ ਪੱਤਰਕਾਰੀ ਕਰਦੇ ਰਹੇ। 1994 ਵਿਚ ਨਵਾਂ ਜ਼ਮਾਨਾ ਛੱਡ ਦਿੱਤਾ। ਉਸ ਵੇਲੇ ਦੇਸ਼ ਸੇਵਕ ਅਖ਼ਬਾਰ ਨਿਕਲਣਾ ਸੀ, ਉਸ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਸਨ। ਸੁਸ਼ੀਲ ਨੂੰ ਦੇਸ ਸੇਵਕ ਦੇ ਮੋਢੀ ਸੰਪਾਦਕ ਗੁਲਜ਼ਾਰ ਸੰਧੂ ਨੇ ਦੇਸ਼ ਸੇਵਕ ਵਿਚ ਸੱਦ ਲਿਆ। -ਦੇਸ਼ ਸੇਵਕ ਵਿਚ ਕਦਮ ਰੱਖਣਾ ਦੇ ਕੱਢਿਆ ਜਾਣਾ- 13 ਨਵੰਬਰ 1995 ਨੂੰ ਦੇਸ਼ ਸੇਵਕ ਵਿਚ ਕਦਮ ਰੱਖਿਆ, ਉਸ ਪਹਿਲੇ ਕਦਮ ਦੀ ਕਹਾਣੀ ਸੁਣਾਉਂਦੇ ਹੋਏ ਸੁਸ਼ੀਲ ਦੁਸਾਂਝ ਕਹਿੰਦੇ ਹਨ ਕਿ ‘ਜਦੋਂ ਮੈਂ ਦੇਸ਼ ਸੇਵਕ ਵਿਚ ਕਦਮ ਰੱਖਿਆ ਤਾਂ ਮੇਰੇ ਪਾਏ ਬੂਟ ਮੇਰੇ ਕਿਸੇ ਮਿੱਤਰ ਤੇ ਸਨ ਤੇ ਜੁਰਾਬਾਂ ਉਸ ਵੇਲੇ ਅਸੀਂ ਪਾਉਂਦੇ ਨਹੀਂ ਹੁੰਦੇ ਸੀ। ਕਮੀਜ਼ ਮੇਰੇ ਇਕ ਸਾਥੀ ਦਾ ਸੀ ਬਨੈਣ ਅਸੀਂ ਪਹਿਲਾਂ ਪਾਇਆ ਨਹੀਂ ਕਰਦੇ ਸੀ। ਪੈਂਟ ਵੀ ਕਿਸੇ ਦੀ ਮੰਗਵੀਂ ਸੀ। ਭਾਵ ਕਿ ਉਸ ਵੇਲੇ ਦੇਸ਼ ਸੇਵਕ ਵਿਚ ਮੈਂ ਨੰਗਾ ਹੀ ਆਇਆ ਸਾਂ’। ਜਦੋਂ ਨਵਾਂ ਜ਼ਮਾਨਾ ਵਿਚ ਦਾਖਲ ਹੋਇਆ ਤਾਂ 700 ਰੁਪਏ ਤਨਖ਼ਾਹ ਸੀ ਜਦੋਂ ਦੇਸ਼ ਸੇਵਕ ਵਿਚ ਆਇਆ ਤਾਂ ਤਨਖ਼ਾਹ 2800 ਰੁਪਏ ਹੋ ਗਈ ਸੀ। 2002 ਤੱਕ ਦੇਸ਼ ਸੇਵਕ ਵਿਚ ਰਹੇ। ਇਸ ਵੇਲੇ ਨਾਲ ਹੀ ਸਰਬਜੀਤ ਕੰਗਣੀਵਾਲ ਹੋਰੀਂ ਵੀ ਹੁੰਦੇ ਸੀ। ਤੇ ਨਾਲ ਹੀ ਇੱਥੇ ਸਬ ਐਡੀਟਰ ਕਮਲ ਦੁਸਾਂਝ ਨਾਲ ਵੀ ਮਿਲਾਪ ਹੋਇਆ, ਇੱਥੇ ਹੀ ਕਮਲ ਦੇ ਸੁਸ਼ੀਲ ਦੀਆਂ ਅੱਖਾਂ ਮਿਲੀਆਂ ਤੇ ਇਕ-ਮਿੱਕ ਹੋ ਗਈਆਂ ਤੇ ਕਮਲ ਹੋਰੀਂ ਸੁਸ਼ੀਲ ਦੁਸਾਂਝ ਦੇ ਜੀਵਨ ਸਾਥੀ ਬਣੇ। ਦੇਸ਼ ਸੇਵਕ ਦਾ ਮਾੜਾ ਦੌਰ ਚੱਲਿਆ। ਮੈਨੇਜਮੈਂਟ ਦੁਫਾੜ ਹੋ ਗਈ , ਇਕ ਗਰੁੱਪ ਮੰਗਤ ਰਾਮ ਪਾਸਲਾ ਵੱਲ ਹੋ ਗਿਆ ਦੂਜਾ ਗਰੁੱਪ ਬਲਵੰਤ ਸਿੰਘ ਵੱਲ ਹੋ ਲਿਆ। ਸੀਪੀਐਮ ਦੇ ਆਗੂ ਕਾਮਰੇਡ ਹਰਕਿਸ਼ਨ ਸੁਰਜੀਤ ਦਾ ਹੱਥ ਕਾਮ. ਬਲਵੰਤ ਸਿੰਘ ਦੇ ਸਿਰ ਤੇ ਹੋਣ ਕਰਕੇ ਕਰਕੇ ਸਾਰੇ ਅਧਿਕਾਰ ਬਲਵੰਤ ਸਿੰਘ ਕੋਲ ਆ ਗਏ ਤੇ ਪਾਸਲਾ ਗਰੁੱਪ ਬਾਹਰ ਹੋ ਗਿਆ, ਇਸ ਦੀ ਧੜੇਬੰਦੀ ਦੀ ਭੇਂਟ ਸੁਸ਼ੀਲ ਦੁਸਾਂਝ ਵੀ ਚੜ ਗਏ। ਇੱਥੋਂ ਹੀ ਸੁਸ਼ੀਲ ਨੂੰ ਦੇਸ਼ ਸੇਵਕ ਵਿਚੋਂ ਕੱਢ ਦਿੱਤਾ ਗਿਆ। -ਮੁੜ ਜਲੰਧਰ ਆ ਗਏ- ਜਲੰਧਰ ਵਿਚ ਮੰਗਤ ਰਾਮ ਪਾਸਲਾ ਨੇ ਪਾਰਟੀ ਸੀਪੀਆਈ ਐੱਮ (ਪੰਜਾਬ) ਬਣਾ ਲਈ ਤੇ ਉਨ੍ਹਾਂ ਨੇ ਪਾਰਟੀ ਦਾ ਪੇਪਰ ‘ਸੰਗਰਾਮੀ ਲਹਿਰ’ ਕੱਢ ਲਿਆ। ਸੁਸ਼ੀਲ ਦੁਸਾਂਝ ਉਸ ਦੇ ਸਹਾਇਕ ਸੰਪਾਦਕ ਬਣ ਗਏ। ਉਸ ਤੋਂ ਬਾਦ ਕੁਝ ਸਮੇਂ ਲਈ ਜਗਬਾਣੀ ਵਿਚ ਬਤੌਰ ਸਬ ਐਡੀਟਰ ਫੇਰ ਚਲੇ ਗਏ, ਪਰ ਉੱਥੇ ਵੀ ਬਹੁਤ ਸਮਾਂ ਦਿਲ ਨਾ ਲੱਗਾ ਤੇ ਜਗਬਾਣੀ ਛੱਡ ਕੇ ਵਾਪਸ ਮੁੜ ਆਏ। 2004 ਤੋਂ ਫ਼ਰੀ ਲਾਂਸਰ ਪੱਤਰਕਾਰੀ ਕੀਤੀ, ਅਜੀਤ ਅਖ਼ਬਾਰ ਵਿਚ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਅਜੀਤ ਵਿਚ ਇਕ ਕਾਲਮ ਸ਼ੁਰੂ ਕਰਵਾਇਆ ‘ਆਈਨੇ ਦੇ ਆਰ ਪਾਰ’। ਉਹ ਹਫ਼ਤਾਵਾਰੀ ਲਗਾਤਾਰ 15 ਸਾਲਾ ਛਪਦਾ ਰਿਹਾ। -ਕੌਮਾਂਤਰੀ ਮੀਡੀਆ ਵਿਚ ਅਵਾਜ਼ ਬੁਲੰਦ ਕਰਨਾ- ਕੌਮਾਂਤਰੀ ਪੱਧਰ ਦੇ ਰੇਡੀਓ ਤੇ ਟੀਵੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਲੰਬੇ ਸਮੇਂ ਤੋਂ ਲਗਾਤਾਰ ਜਾਰੀ ਹੈ, ਜਿਵੇਂ ਕਿ ਸ਼ੁਰੂ ਵਿਚ 1993 ਵਿਚ ‘ਆਪਣਾ ਸੰਗੀਤ’ ਰੇਡੀਓ ਸਰੀ ਕੈਨੇਡਾ ਤੋਂ ਚਲਦਾ ਸੀ। ਉਸ ਵਿਚ ਕੰਮ ਕਰਨਾ ਸ਼ੁਰੂ ਕੀਤਾ।ਟੁੱਟ ਬ੍ਰਦਰਜ਼ ਦਾ ਰੇਡੀਓ ‘ਗੀਤ ਸੰਗੀਤ’ ਆਸ਼ਾ ਸ਼ਰਮਾ ਹੋਰੀਂ ਚਲਾਉਂਦੇ ਸੀ। 1995 ਤੋਂ 2015 ਤੱਕ ਜਾਰੀ ਰਿਹਾ। ਬਾਅਦ ਵਿਚ ਇਹ ਰੇਡੀਓ ਖ਼ਾਲਸਾ ਇੰਸ਼ੋਰੈਂਸ ਕੰਪਨੀ ਦੇ ਮਾਲਕਾਂ ਨੇ ਖ਼ਰੀਦ ਲਿਆ। ਯੂਐਸਏ ਵਿਚ ਇਹ ‘ਪੰਜਾਬੀ ਰੇਡੀਓ’ ਦੇ ਨਾਮ ਨਾਲ ਚੱਲਦਾ ਰਿਹਾ। ਇਸ ਵਿਚ ਵੀ ਕੰਮ ਕੀਤਾ। ਉਸ ਦੇ ਨਾਲ ਹੀ ਟਰਾਂਟੋ ਤੋਂ ਬੌਬ ਦੁਸਾਂਝ ਹੋਰਾਂ ਦਾ ਰੇਡੀਓ ਤੇ ਟੀਵੀ ‘ਸਾਂਝਾ ਪੰਜਾਬ’ ਵਿੱਚ ਵੀ ਕੰਮ ਕੀਤਾ। ਹਰਜੀਤ ਗਿੱਲ ਹੋਰਾਂ ਦਾ ‘ਪੰਜਾਬੀ ਦੁਨੀਆ’ ਵਿਚ ਵੀ ਕੰਮ ਕੀਤਾ। ਐਡਮਿੰਟਨ ਵਿਚ ‘ਟੀਵੀ ਐਟ ਏਸ਼ੀਆ’, ਇਸੇ ਤਰ੍ਹਾਂ ‘ਨਵੀਂ ਦੁਨੀਆ ’ਅਖ਼ਬਾਰ ਵਿਚ ਲਗਾਤਾਰ ਕੰਮ ਕਰਦੇ ਰਹੇ। ਕੈਲਗਰੀ ਵਿਚ ‘ਰੇਡੀਓ ਸਪਾਈਸ’ ਵਿਚ ਵੀ ਕੰਮ ਕੀਤਾ। ਇਸੇ ਤਰ੍ਹਾਂ ‘ਸਟਾਰ ਕੈਨੇਡਾ ਟੀਵੀ’ ਦਾ ਚੈਨਲ ਹੈੱਡ ਵੀ ਰਿਹਾ। ਅੱਜ ਕੱਲ੍ਹ ਦੋਵੇਂ ਪਤੀ ਪਤਨੀ ਕਮਲ ਤੇ ਸੁਸ਼ੀਲ ਦੁਸਾਂਝ ਆਪਣੇ ਘਰੋਂ ਹੀ ‘ਬਾਜ’ ਟੀਵੀ ਚਲਾ ਰਹੇ ਹਨ ਜੋ ਹਫ਼ਤੇ ਦੇ ਪੰਜੇ ਦਿਨ ਚੱਲਦਾ ਹੈ। ਸੰਪਾਦਕਾਂ ਅਧੀਨ ਜਗਬਾਣੀ ਦੇ ਸੰਪਾਦਕ ਵਿਚੋਂ ਵਿਜੈ ਕੁਮਾਰ ਚੋਪੜਾ, ਅਵਿਨਾਸ਼ ਚੋਪੜਾ ਅਧੀਨ ਕੰਮ ਕੀਤਾ, ਇਸੇ ਤਰ੍ਹਾਂ ਨਵਾਂ ਜ਼ਮਾਨਾ ਵਿਚ ਜਗਜੀਤ ਸਿੰਘ ਅਨੰਦ, ਦੇਸ਼ ਸੇਵਕ ਵਿਚ ਗੁਲਜ਼ਾਰ ਸੰਧੂ ਤੇ ਡਾ. ਪ੍ਰੇਮ ਸਿੰਘ, ਅਜੀਤ ਵਿਚ ਬਰਜਿੰਦਰ ਸਿੰਘ ਹਮਦਰਦ ਅਧੀਨ ਕੰਮ ਕੀਤਾ। -ਕਮਲ ਨਾਲ ਵਿਆਹ ਹੋਣਾ-
ਪੱਤਰਕਾਰੀ ਵਿਚ ਇਕ ਵਿਸ਼ੇਸ਼ਤਾ ਨਾਲ ਕਮਲ ਹੋਰਾਂ ਦਾ ਸੁਸ਼ੀਲ ਦੁਸਾਂਝ ਦਾ ਜੀਵਨ ਸਾਥੀ ਬਣਨਾ ਕੋਈ ਉਂਜ ਹੀ ਸੰਜੋਗ ਨਹੀਂ ਬਣਿਆ, ਇਸ ਵਿਚ ਵੀ ਸੰਘਰਸ਼ ਹੈ। ਜਦੋਂ ਦੇਸ਼ ਸੇਵਕ ਵਿਚ ਹੁੰਦਿਆਂ ਦੋਵਾਂ ਨੇ ਇਕ ਹੋਣ ਦਾ ਫ਼ੈਸਲਾ ਕੀਤਾ ਤਾਂ ਉਸ ਵੇਲੇ ਜੱਟਾਂ ਦੀ ਕੁੜੀ ਕਮਲ ਦੇ ਪਰਿਵਾਰ ਦਾ ਜੱਟਪੁਣਾ ਅੱਗੇ ਆਉਣਾ ਸੁਭਾਵਕ ਸੀ ਕਿਉਂਕਿ ਬ੍ਰਾਹਮਣਾਂ ਦੇ ਮੁੰਡੇ ਨਾਲ ਪਿਆਰ ਹੋ ਗਿਆ ਸੀ, ਇੱਥੇ ਵੀ ਸੰਘਰਸ਼ ਹੀ ਚੱਲਿਆ। ਕਮਲ ਨੇ ਜਦੋਂ ਘਰ ਆਕੇ ਦੱਸਿਆ ਤਾਂ ਘਰਦਿਆਂ ਨੇ ਸੁਸ਼ੀਲ ਬਾਰੇ ਜਾਣਦਿਆਂ ਕਿਹਾ ਕਿ ‘ਇਹ ਗ਼ਰੀਬੀ ਨਾਲ ਲੜ ਰਿਹਾ ਹੈ ਤੈਨੂੰ ਕਿੱਥੋਂ ਖਲ਼ਾ ਦੇਵੇਗਾ?’ ਕਮਲ ਨੇ ਕਿਹਾ ‘ਮੈਂ ਸੁਸ਼ੀਲ ਵਿਚੋਂ ਉਸ ਦੀ ਸੀਰਤ ਦੇਖੀ ਹੈ, ਉਸ ਦੀ ਗ਼ਰੀਬੀ ਨਹੀਂ ਦੇਖੀ, ਉਸ ਵਿਚ ਮੈਨੂੰ ਬਹੁਤ ਕੁਝ ਨਜ਼ਰ ਆ ਰਿਹਾ ਹੈ, ਉਸ ਦਾ ਭਵਿੱਖ ਬਹੁਤ ਉੱਜਵਲ ਲੱਗ ਰਿਹਾ ਹੈ।’ ਤਾਂ ਕਮਲ ਦੇ ਪਿਤਾ ਜੀ ਪਿੰਡ ਦੁਸਾਂਝ ਸੁਸ਼ੀਲ ਦਾ ਘਰ ਦੇਖਣ ਲਈ ਗਏ। ਸੁਸ਼ੀਲ ਦੇ ਘਰਦਿਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਆਮ ਤੌਰ ਤੇ ਕਮਲ ਦੇ ਪਿਤਾ ਹੋਰੀਂ ਬਾਹਰ ਕਿਤੇ ਰੋਟੀ ਨਹੀਂ ਖਾਂਦੇ ਸੀ। ਕਿੰਨੇ ਅਣਭੋਲ ਦੇ ਕਿੰਨੇ ਸੱਚੇ ਪਾਕ ਲੋਕ ਹਨ ਇਹ ਕਿ ਕਿਵੇਂ ਆਪਣੀਆਂ ਗੱਲਾਂ ਬੇਬਾਕੀ ਨਾਲ ਦੱਸਦੇ ਹਨ ਤੇ ਫ਼ਖਰ ਵੀ ਮਹਿਸੂਸ ਕਰਦੇ ਹਨ। ਸੁਸ਼ੀਲ ਦੇ ਬਾਊ ਜੀ ਕਿਸੇ ਤੋਂ ਕੁਰਸੀਆਂ ਮੇਜ਼ ਮੰਗ ਕੇ ਲਿਆਏ, ਤੇ ਦਹੀਂ ਵੀ ਕਿਤੋਂ ਦੂਰੋਂ ਲੈ ਕੇ ਆਏ। ਤੇ ਕਮਲ ਦੇ ਪਿਤਾ ਜਦੋਂ ਸਾਰਾ ਕੁਝ ਦੇਖ ਕੇ ਵਾਪਸ ਆਉਣ ਲੱਗੇ ਤਾਂ ਸੁਸ਼ੀਲ ਦੇ ਬਾਊ ਜੀ ਰੋਟੀ ਖਾਣ ਲਈ ਦਬਾਅ ਬਣਾਉਣ ਲੱਗੇ ਤਾਂ ਕਮਲ ਦੇ ਪਿਤਾ ਜੀ ਰੋਟੀ ਖਾਣ ਤੋਂ ਪੂਰੀ ਨਾ ਕਰ ਗਏ। ਪਰ ਸੁਸ਼ੀਲ ਦੇ ਬਾਊ ਜੀ ਬਜ਼ਿਦ ਸਨ ਰੋਟੀ ਖਲ਼ਾਉਣ ਲਈ। ਜਦੋਂ ਕਮਲ ਦੇ ਪਿਤਾ ਜੀ ਨਾ ਮੰਨੇ ਤਾਂ ਸੁਸ਼ੀਲ ਦੇ ਬਾਊ ਜੀ ਨੇ ਕਿਹਾ ‘ਦੇਖੋ ਜੀ ਮੈਂ ਤਾਂ ਦਹੀਂ ਵੀ ਦੂਰੋਂ ਮੰਗ ਕੇ ਲਿਆਇਆ ਹਾਂ, ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਐ’ ਇਹ ਸਾਰੀ ਗੱਲ ਕਮਲ ਦੇ ਪਿਤਾ ਜੀ ਨੇ ਘਰ ਆਕੇ ਦੱਸੀ ਤਾਂ ਕਹਿਣ ਲੱਗੇ ਕਿ ‘ਜੋ ਕੁਰਸੀਆਂ ਮੇਜ਼ ਮੰਗ ਕੇ ਲਿਆਏ ਹੋਣ ਤੇ ਜੋ ਦਹੀਂ ਵੀ ਦੂਰੋਂ ਮੰਗ ਕੇ ਲਿਆਏ ਹੋਣ ਉਨ੍ਹਾਂ ਦੇ ਘਰ ਜਾ ਕੇ ਤੂੰ ਕਿਵੇਂ ਰਹਿ ਪਾਏਂਗੀ’ ਕਮਲ ਦਾ ਜਵਾਬ ਸੀ ‘ਇਹ ਮੈਂ ਚੁਣਿਆ ਹੈ ਇਸ ਦੀ ਲਾਭ ਹਾਨੀ ਦੀ ਮੈਂ ਜ਼ਿੰਮੇਵਾਰ ਹਾਂ’ ਕਮਲ ਦੇ ਪਿਤਾ ਜੀ ਫੇਰ ਕਹਿਣ ਲੱਗੇ ‘ਫੇਰ ਕਿਤੇ ਦੋ ਮਹੀਨੇ ਦੋ ਸਾਲ ਬਾਅਦ ਨਾ ਕਹਿ ਦੇਈਂ ਕਿ ਮੈਂ ਉਸ ਘਰ ਵਿਚ ਨਹੀਂ ਰਹਿਣਾ, ਫੇਰ ਬੜਾ ਔਖਾ ਹੋ ਜਾਣਾ ਹੈ’ ਕਮਲ ਦਾ ਜਵਾਬ ਸੀ ‘ਨਹੀਂ ਤੁਸੀਂ ਇਸ ਬਾਰੇ ਚਿੰਤਾ ਨਾ ਕਰੋ’ ਫੇਰ ਵੀ ਕਮਲ ਦੇ ਘਰ ਦੇ ਇਸ ਵਿਆਹ ਨੂੰ ਨਹੀਂ ਮੰਨੇ ਸੀ ਇਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ ਸੀ। ਪਰ ਬਾਅਦ ਵਿਚ ਕਮਲ ਦਾ ਪਰਿਵਾਰ ਦੇ ਸੁਸ਼ੀਲ ਦਾ ਪਰਿਵਾਰ ਇਕੱਠੇ ਰਲ ਮਿਲ ਗਏ ਸਨ। -ਪੱਤਰਕਾਰੀ ਕਰਦਿਆਂ ਧਮਕੀਆਂ, ਕੋਰਟ ਕੇਸ- ਸੁਸ਼ੀਲ ਹੋਰਾਂ ਅਨੁਸਾਰ ਉਨ੍ਹਾਂ ਨੂੰ ਬੜੀਆਂ ਧਮਕੀਆਂ ਆਈਆਂ, ਜਦੋਂ ਤੁਸੀਂ ਸਥਾਪਤੀ ਦੇ ਖ਼ਿਲਾਫ਼ ਬੋਲਦੇ ਹੋ ਤਾਂ ਸਹਿਜੇ ਹੀ ਉਨ੍ਹਾਂ ਨੂੰ ਦੁਖ ਤਾਂ ਲੱਗਦਾ ਹੀ ਹੈ। ਬਹੁਤ ਧਮਕੀਆਂ ਆਈਆਂ, ਜਿਨ੍ਹਾਂ ਦਾ ਜ਼ਿਕਰ ਵੀ ਸੁਸ਼ੀਲ ਹੋਰੀਂ ਕਰਦੇ ਹਨ ਪਰ ਇੱਥੇ ਕਾਫ਼ੀ ਲੰਬਾ ਹੋ ਜਾਣਾ ਹੈ। ਪਰ ਉਦੋਂ ਜਦੋਂ ਆਮ ਆਦਮੀ ਪਾਰਟੀ ਪਹਿਲੀਆਂ ਚੋਣਾਂ ਵਿਚ ਲੜ ਰਹੀ ਸੀ, ਉਸ ਵੇਲੇ ਰੋਲਾ ਬਹੁਤ ਪਿਆ ਹੋਇਆ ਸੀ। ਤਾਂ ਸੁਸ਼ੀਲ ਹੋਰਾਂ ਨੇ ਆਮ ਕਿਹਾ ਕਿ ‘ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ, ਇਸ ਕਰਕੇ ਇਸ ਦਾ ਪੰਜਾਬ ਤੇ ਰਾਜ ਕਰਨਾ ਪੰਜਾਬ ਲਈ ਲਾਭਦਾਇਕ ਨਹੀਂ ਹੋਵੇਗਾ।’ ਤਾਂ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ ਤੇ ਟਰੌਲ ਕੀਤਾ ਤੇ ਗਾਲ੍ਹਾਂ ਤੱਕ ਕੱਢੀਆਂ। ਕੋਰਟ ਕੇਸ ਜਾਂ ਕੋਈ ਕੋਰਟ ਨੋਟਿਸ ਨਹੀਂ ਆਇਆ। -ਸਾਹਿਤ ਸਿਰਜਣਾ ਵੱਲ ਕਦਮ-
ਸੱਤਵੀਂ ਜਮਾਤ ਵਿਚ ਪੜ੍ਹਦਿਆਂ ਹੀ ਕਵਿਤਾ ‘ਮਾਂ’ ਲਿਖੀ ਲਈ ਸੀ। ਸੁਸ਼ੀਲ ਦੇ ਅਧਿਆਪਕ ਹੁੰਦੇ ਸੀ ਹਰੀਦੱਤ ਸ਼ਰਮਾ, ਉਨ੍ਹਾਂ ਨੇ ਉਹ ਕਵਿਤਾ ਗਾਉਣ ਦਾ ਸਮਾਂ ਦਿੱਤਾ ਸੀ। ਨਾਜ਼ਰ ਸਿੰਘ ਤਰਸ ਹੋਰਾਂ ਨੇ ਪਿੰਡ ਦੁਸਾਂਝ ਵਿਚ ਪੰਜਾਬੀ ਸਾਹਿਤ ਸਭਾ ਬਣਾ ਲਈ ਸੀ। ਉਸ ਵਿਚ ਸਰਗਰਮ ਭੂਮਿਕਾ ਨਿਭਾਈ ਜਾਣ ਲੱਗ ਪਈ ਸੀ। 1986 ਵਿਚ ਉਸ ਦਾ ਸਕੱਤਰ ਬਣ ਗਿਆ ਸੀ। ਪਿੰਡ ਦੀ ਸਭਾ ਵੱਲੋਂ ਹੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਲਈ ਸੁਸ਼ੀਲ ਨੂੰ ਨਾਮਜ਼ਦ ਕੀਤਾ ਗਿਆ ਤਾਂ ਉਸੇ ਵੇਲੇ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਸਰਗਰਮ ਹੋ ਗਏ। ਡਾ.ਜਗਤਾਰ , ਅਵਤਾਰ ਪਾਸ਼ ਵਰਗੇ ਦੇ ਪਦ-ਚਿੰਨ੍ਹਾਂ ਤੇ ਚੱਲਣ ਦਾ ਦਮ ਭਰਨ ਵਾਲੇ ਸੁਸ਼ੀਲ ਹੋਰੀਂ ਸਥਾਪਤੀ ਦੇ ਖ਼ਿਲਾਫ਼ ਇਕ ਗਜ਼ਲ ਸੁਣਾਉਂਦੇ ਹਨ ਬੜੀ ਜ਼ਰ-ਜ਼ਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ, ਸਮੁੰਦਰ ਅੱਜ ਮੱਛੀਆਂ ਨੂੰ ਸੁੱਕਣੇ ਪਾਉਣ ਲੱਗਾ ਹੈ, ਉਹਦੇ ਸ਼ਬਦਾਂ ’ਚ ਜੁਗਨੂੰ ਚਿਣਗਾਂ ਤੋਂ ਸੂਰਜ ਦੇ ਦਾਅਵੇ ਨੇ ਮਗਰ ਅਮਲ ਚੋਂ ਚਾਨਣ ਦਾ ਹੱਥ ਕਟਾਉਣ ਲੱਗਾ ਹੈ ਸਜਾ ਕੈਸੀ ਮਿਲੀ ਸ਼ਬਦਾਂ ਸੁਰਾਂ ਸਾਜਿਦਿੰਆਂ ਨੂੰ ਕਿ ਕੋਇਲਾਂ ਬੇਦਖ਼ਲ ਕਰਕੇ ਹਰ ਇਕ ਕਾਂ ਗਾਉਣ ਲੱਗਾ ਹੈ ਤੁਸੀਂ ਉੱਚੀ ਨਾ ਬੋਲੋ ਸੁਣੋ ਲਹਿਰਾਂ ਦੀ ਸਰਗੋਸ਼ੀ ਕਿ ਅੱਧੀ ਰਾਤ ਹੈ ਚੰਨ ਝੀਲ ਅੰਦਰ ਸੌਣ ਲੱਗਾ ਹੈ -ਮੀਡੀਆ ਤੇ ਕੁਝ ਕਵੀਆਂ ਬਾਰੇ ਲਿਖਿਆ ਹੈ- ਇਹ ਜਾ ਕੇ ਰਾਜੇ ਦੇ ਦਰਬਾਰ ਉਸ ਦੇ ਗੀਤ ਗਾਏਗਾ। ਕਵੀ ਰਾਜੇ ਦੇ ਖ਼ੰਜਰ ਨੂੰ ਜਿਵੇਂ ਲਿਸ਼ਕਾਉਣ ਲੱਗਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੇ ਜਨਰਲ ਸਕੱਤਰ ਵੀ ਸਰਬ ਸੰਮਤੀ ਨਾਲ ਬਣੇ ਤੇ ਅੱਜ ਵੀ ਮੈਂਬਰ ਕਾਰਜਕਾਰਨੀ ਚਲੇ ਆ ਰਹੇ ਹਨ। -‘ਹੁਣ’ ਰਸਾਲੇ ਨਾਲ ਜੁੜਨਾ- ‘ਹੁਣ’ ਸਾਹਿਤ ਜਗਤ ਵਿਚ ਮੈਗਜ਼ੀਨ ਦਾ ਬਹੁਤ ਵੱਡਾ ਨਾਮ ਹੈ, ਮਿਆਰੀ ਸਾਹਿਤਕ ਰਸਾਲਾ ਹੈ। ਦੁਨੀਆ ਦੇ ਵੱਡ ਅਕਾਰੀ ਛਪਣ ਵਾਲਿਆਂ ਵਿਚੋਂ ਇਕ ਰਸਾਲਾ। ਅਵਤਾਰ ਸਿੰਘ ਜੰਡਿਆਲਵੀ ‘ਹੁਣ’ ਦੇ ਬਾਨੀ ਸੰਪਾਦਕ ਹਨ ਉਸ ਤੋਂ ਬਾਅਦ 15 ਸਾਲਾਂ ਤੋਂ ‘ਹੁਣ’ ਨੂੰ ਸੁਸ਼ੀਲ ਦੁਸਾਂਝ ਹੀ ਕੱਢਦੇ ਆ ਰਹੇ ਹਨ, ਜਿਸ ਦਾ ‌ਮਿਆਰ ਬਰਕਰਾਰ ਹੈ। 10 ਹਜ਼ਾਰ ਦੇ ਕਰੀਬ ਛਪ ਰਿਹਾ ਹੈ ਤੇ ਕੋਈ ਵੀ ਕਾਪੀ ਮੁਫ਼ਤ ਨਹੀਂ ਦਿੱਤੀ ਜਾਂਦੀ, ਸਾਰਾ ਮੈਗਜ਼ੀਨ ਹੱਥੋ ਹੱਥੀ ਵਿਕ ਜਾਂਦਾ ਹੈ। ਸੁਸ਼ੀਲ ਹੋਰੀਂ ਕਹਿੰਦੇ ਹਨ ਕਿ ਲੋਕਾਂ ਵਿਚ ਇਹ ਗ਼ਲਤ ਧਾਰਨਾ ਹੈ ਕਿ ਪੰਜਾਬੀ ਦਾ ਪਾਠਕ ਨਹੀਂ ਹੈ, ਅੱਜ ਦਾ ਲੇਖਕ ਵੀ ਮਿਆਰੀ ਲਿਖਤਾਂ ਲਿਖਣ ਤੋਂ ਦੂਰ ਜਾ ਰਿਹਾ ਹੈ। ਅਸੀਂ ਲੋਕਾਂ ਦੀ ਬਣਾਈ ਧਾਰਨਾ ਅਨੁਸਾਰ ਗੈਰ ਮਿਆਰੀ ਰਸਾਲੇ ਪੜ੍ਹ ਕੇ ਤੇ ਗੈਰ ਮਿਆਰੀ ਨਾਵਲ ਤੇ ਸਾਹਿਤ ਪੜ੍ਹ ਕੇ ਇੱਥੇ ਤੱਕ ਪੁੱਜੇ ਹਾਂ, ਕਿਵੇਂ ਕਹਿ ਸਕਦੇ ਹਾਂ ਕਿ ਕੋਈ ਸਾਹਿਤ ਗੈਰ ਮਿਆਰੀ ਹੁੰਦਾ ਹੈ। ਜੋ ਲਿਖਤ ਲੋਕ ਭਾਸ਼ਾ ਵਿਚ ਛਪਦੀ ਹੈ, ਲੋਕਾਂ ਲਈ ਛਪਦੀ ਹੈ, ਉਹ ਵਿਕਦੀ ਹੈ ਤੇ ਲੋਕ ਪੜ੍ਹਦੇ ਹਨ ਤੇ ਖ਼ਰੀਦ ਕੇ ਪੜ੍ਹਦੇ ਹਨ। ਸਾਡੇ ਅਖੌਤੀ ਵਿਦਵਾਨਾਂ ਨੇ ਸਾਡੀ ਪੰਜਾਬੀ ਦਾ ਬਹੁਤ ਨੁਕਸਾਨ ਕੀਤਾ ਹੈ, ਹੁਣ ਤੁਸੀਂ ਦੇਖੋ ਕਿ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਬਠਿੰਡਾ ਵਿਚ, ਪੰਜਾਬੀ ਯੂਨੀਵਰਸਿਟੀ ਆਦਿ ਥਾਵਾਂ ਦੇ ਲੱਗਦੇ ਪੁਸਤਕ ਮੇਲਿਆਂ ਵਿਚ ਬਹੁਤ ਲੱਖਾਂ ਦੀਆਂ ਕਿਤਾਬਾਂ ਵਿਕਦੀਆਂ ਹਨ ਲੋਕ ਖ਼ਰੀਦ ਰਹੇ ਹਨ ਤਾਂ ਹੀ ਵਿਕ ਰਹੀਆਂ ਹਨ। ਸਾਡੇ ਕੋਲ ਗੁਰਦੇਵ ਰੁਪਾਣਾ, ਮੋਹਨ ਭੰਡਾਰੀ, ਜਤਿੰਦਰ ਹਾਂਸ, ਜਸਬੀਰ ਰਾਣਾ, ਬਲਜਿੰਦਰ ਨਸਰਾਲੀ, ਦੀਪ ਦਵਿੰਦਰ ਸਿੰਘ, ਤਲਵਿੰਦਰ ਸਿੰਘ ਆਦਿ ਬਹੁਤ ਸਾਰੇ ਲੇਖਕ ਹਨ ਜੋ ਮਿਆਰੀ ਸਾਹਿਤ ਸਿਰਜ ਰਹੇ ਹਨ। ਸੁਸ਼ੀਲ ਕਹਿੰਦੇ ਹਨ ਸਗੋਂ ਅੱਜ ਦੇ ਲੇਖਕ ਨਾਲੋਂ ਨਵਾਂ ਲੇਖਕ ਬਿਹਤਰ ਹੀ ਲਿਖੇਗਾ। -ਸਾਹਿਤ ਸਿਰਜਣਾ-
ਪੱਤਰਕਾਰੀ ਕਰਦਿਆਂ, ਸਾਹਿਤ ਸਭਾਵਾਂ ਦੇ ਰੁਝ‌ਵਿਆਂ ਤੋਂ ਸਮਾਂ ਕੱਢ ਕੇ ਗ਼ਜ਼ਲਾਂ ਕਵਿਤਾਵਾਂ ਵੀ ਲਿਖਦੇ ਰਹਿੰਦੇ ਹਨ ਦੁਸਾਂਝ ਹੋਰੀਂ। ਤਾਂ ਉਨ੍ਹਾਂ ਦੀ ਨਿਬੰਧ ਦੇ ਰੂਪ ਵਿਚ ਕਿਤਾਬ ‘ਆਖਾਂ ਜੀਵਾਂ’ ਛਪ ਚੁੱਕੀ ਹੈ ਤੇ ਗ਼ਜ਼ਲਾਂ ਦੀ ਕਿਤਾਬ ‘ਪੀਲੀ ਧਰਤੀ ਕਾਲਾ ਅੰਬਰ’ ਛਪ ਰਹੀ ਹੈ ਨਾਲੋ ਨਾਲ ਇਕ ਕਵਿਤਾਵਾਂ ਦੀ ਕਿਤਾਬ ਵੀ ਤਿਆਰ ਹੋ ਰਹੀ ਹੈ। -ਪੱਤਰਕਾਰੀ ਦੀਆਂ ਵਿਧਾਵਾਂ- ਸੁਸ਼ੀਲ ਦੁਸਾਂਝ ਹੋਰਾਂ ਨੇ ਪ੍ਰਿੰਟ ਮੀਡੀਆ ਵਿਚ ਕੰਮ ਕੀਤਾ ਤੇ ਹੁਣ ਵੀ ਕਰ ਰਹੇ ਹਨ, ਸਾਹਿਤਕ ਪੱਤਰਕਾਰੀ ਕੀਤੀ ਜਿਸ ਵਿਚ ਉਨ੍ਹਾਂ ਨੂੰ ਭਾਸ਼ਾ ਵਿਭਾਗ ਵੱਲੋਂ ਸਾਹਿਤਕ ਪੱਤਰਕਾਰ ਦਾ ਸ਼੍ਰੋਮਣੀ ਪੁਰਸਕਾਰ ਵੀ ਮਿਲਿਆ। ਇਸੇ ਤਰ੍ਹਾਂ ਨਾਲੋ ਨਾਲ ਇਲੈਕਟ੍ਰੋਨਿਕ ਮੀਡੀਆ ਵਿਚ ਵੀ ਕੰਮ ਕੀਤਾ ਜਾ ਰਿਹਾ ਹੈ। -ਥੋੜ੍ਹੀ ਜਿਹੀ ਝਲਕ ਕਮਲ ਦੁਸਾਂਝ ਦੇ ਪੱਤਰਕਾਰੀ ਜੀਵਨ ਤੇ- ਦੋ ਸਾਲ ਜਗਬਾਣੀ ਵਿਚ ਕੰਮ ਕੀਤਾ, ਉਸ ਤੋਂ ਬਾਅਦ ਨਵੇਂ ਸ਼ੁਰੂ ਹੋਣ ਵਾਲੇ ਅਖ਼ਬਾਰ ਦੇਸ਼ ਸੇਵਕ ਵਿਚ ਬਤੌਰ ਸਬ ਐਡੀਟਰ ਆ ਗਏ। 2004 ਵਿਚ ਪੰਜਾਬੀ ਟ੍ਰਿਬਿਊਨ ਵਿਚ ਬਤੌਰ ਸਬ ਐਡੀਟਰ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਡੇਲੀ ਪੋਸਟ ਵਿਚ ਵੀ ਕੰਮ ਕੀਤਾ। ਅੱਜ ਕੱਲ੍ਹ ਪੱਤਰਕਾਰੀ ਦੇ ਨਾਲ ਨਾਲ ਬਾਜ ਟੀਵੀ ਵੀ ਸੰਭਾਲ ਰਹੇ ਹਨ ਤੇ ‘ਨਵੀਂ ਦੁਨੀਆ’ ਐਡਮਿੰਟਨ ਵਿਚ ਬਤੌਰ ਸੰਪਾਦਕ ਕੰਮ ਕਰ ਰਹੇ ਹਨ। ਜ਼ਿੰਦਗੀ ਦੋਵਾਂ ਦੀ ਕਾਫ਼ੀ ਰੁਝੇਵਿਆਂ ਵਾਲੀ ਹੈ। -ਪਰਿਵਾਰ ਵਿਚ- ਬਾਊ ਜੀ 2002 ਵਿਚ ਅਕਾਲ ਚਲਾਣਾ ਕਰ ਗਏ ਸਨ। ਨਾਲ ਮਾਤਾ ਜੀ ਰਹਿੰਦੇ ਹਨ ਤੇ ਬੇਟਾ ਅਜ਼ਲ ਦੁਸਾਂਝ ਤੇ ਬੇਟੀ ਅਦਬ ਦੁਸਾਂਝ ਕੈਨੇਡਾ ਵਿਚ ਪੜ੍ਹ ਰਹੇ ਹਨ। ਬੇਟਾ ਅਜ਼ਲ ਕਮਾਲ ਦਾ ਥੀਏਟਰ ਕਲਾਕਾਰ ਹੈ। ਸੁਸ਼ੀਲ ਕਹਿੰਦੇ ਹਨ ਕਿ ਜਿਵੇਂ ਅਸੀਂ ਸੰਘਰਸ਼ ਕਰਦੇ ਰਹੇ ਹੁਣ ਸਾਡੇ ਬੇਟੇ ਵੀ ਕੈਨੇਡਾ ਵਿਚ ਸੰਘਰਸ਼ ਕਰ ਰਹੇ ਹਨ। ਸੰਘਰਸ਼ ਜਾਰੀ ਹੈ। -ਪੰਜਾਬੀ ਬਾਰੇ ਚਿੰਤਾ-
ਸੁਸ਼ੀਲ ਦੁਸਾਂਝ ਕਹਿੰਦੇ ਹਨ ਕਿ ਪੰਜਾਬੀ ਨੂੰ ਸਾਡੇ ਸੱਤਾ ਧਾਰੀ ਲੀਡਰ ਹੀ ਖ਼ਰਾਬ ਕਰ ਰਹੇ ਹਨ, ਪੰਜਾਬੀ ਐਕਟ ਬਣਾਇਆ ਉਸ ਵਿਚ ਬਹੁਤ ਖ਼ਾਮੀਆਂ ਹਨ, ਸਜਾ ਦੀ ਧਾਰਾ ਹੀ ਨਹੀਂ ਹੈ। ਸਾਡੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 25 ਸਾਲ ਤੱਕ ਮੁੱਖ ਮੰਤਰੀ ਰਹੇ ਅੱਜ ਵੀ ਪੱਤਰ ਕਢਵਾ ਕੇ ਦੇਖ ਲਓ ਕਿ ਅੰਗਰੇਜ਼ੀ ਵਿਚ ਹੀ ਲਿਖੇ ਮਿਲਦੇ ਹਨ ਪਰ ਹੇਠਾਂ ਆਪਣੇ ਦਸਤਖ਼ਤ ‘ਪਰਕਾਸ਼ ਸਿੰਘ ਬਾਦਲ’ ਜ਼ਰੂਰ ਪੰਜਾਬੀ ਵਿਚ ਕਰਦੇ ਹਨ। ਸਾਡੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹੋਰੀਂ ਤਾਂ ਹਨ ਹੀ ਅੰਗਰੇਜ਼ੀ ਨੂੰ ਪਿਆਰ ਕਰਨ ਵਾਲੇ। ਖੇਤੀ ਕਾਨੂੰਨਾਂ ਦੀ ਲੜਾਈ ਲੜੀ ਹੈ ਪਰ ਹੁਣ ਸਾਨੂੰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਕੇ ਪੰਜਾਬੀ ਲਈ ਲੜਾਈ ਲੜਨੀ ਪਵੇਗੀ। ਕੇਂਦਰ ਪੰਜਾਬੀ ਲੇਖਕ ਸਭਾ ਰਜਿ. ਨਾਲ 144 ਸਾਹਿਤ ਸਭਾਵਾਂ ਮਾਨਤਾ ਪ੍ਰਾਪਤ ਹਨ ਪਰ ਸਾਡੇ ਪੰਜਾਬ ਦੇ 13000 ਦੇ ਕਰੀਬ ਪਿੰਡ ਹਨ ਤਾਂ ਕੀ ਸੋਚ ਸਕਦੇ ਹਾਂ ਕਿ ਸਾਡੀ ਪੰਜਾਬੀ ਪ੍ਰਤੀ ਕਿੰਨੀ ਕੁ ਖ਼ਬਰਦਾਰੀ ਹੈ। ਇਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਰਿਲਾਇੰਸ ਜੀਓ ਦਾ ਬਾਈਕਾਟ ਕਰ ਰਹੀ ਹੈ ਦੂਜੇ ਪਾਸੇ ਪਾਵਰ ਕਾਮ ਲਈ ਜੀਓ ਦੇ ਸਿੰਮ ਲੈਣ ਲਈ 2.80 ਕਰੋੜ ਦੀ ਰਾਸ਼ੀ ਵੀ ਜਾਰੀ ਵੀ ਕਰ ਰਹੀ ਹੈ। ਤੇ ਬੀਐਸਐਨਐਲ ਨੂੰ ਇਸ ਤੋਂ ਬਾਹਰ ਕੀਤਾ ਗਿਆ। -ਪ੍ਰਕਾਸ਼ਕਾਂ ਬਾਰੇ- ਭਾਅ ਗੁਰਸ਼ਰਨ ਸਿੰਘ ਹੋਰਾਂ ਨੇ ਕਿਤਾਬਾਂ ਛਾਪਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ, ਉਹ ਮੁਫ਼ਤ ਕਿਤਾਬਾਂ ਛਾਪਦੇ ਤੇ ਵੇਚਦੇ ਸਨ। ਪਰ ਹੁਣ ਸਾਡੇ ਪ੍ਰਕਾਸ਼ਕ ਸਿਰਫ਼ ਵਪਾਰ ਪਿੱਛੇ ਪੈ ਗਏ ਹਨ। ਲੇਖਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਾਡੇ ਵਿਦੇਸ਼ਾਂ ਵਿਚ ਬੈਠੇ ਅਖੌਤੀ ਲੇਖਕ ਕੱਚੇ ਤੇ ਗੈਰ ਮਿਆਰੀ ਕਿਤਾਬਾਂ ਡਾਲਰਾਂ ਨੂੰ ਰੁਪਿਆਂ ਵਿਚ ਬਦਲ ਕੇ ਇੱਥੇ ਪਬਲਿਸ਼ ਕਰਾਉਂਦੇ ਹਨ ਤੇ ਪ੍ਰਕਾਸ਼ਕ ਰੁਪਏ ਦੇ ਲਾਲਚ ਵਿਚ ਗੈਰ ਮਿਆਰੀ ਸਾਹਿਤ ਛਾਪ ਰਹੇ ਹਨ। ਇਸ ਸਮੇਂ ਚਾਰ ਪੰਜ ਗੈਰ ਮੁਨਾਫ਼ੇ ਵਾਲੇ ਪ੍ਰਕਾਸ਼ਕਾਂ ਦੀ ਲੋੜ ਹੈ। ਤਾਂ ਕਿ ਪੰਜਾਬੀ ਦਾ ਭਲਾ ਕੀਤਾ ਜਾ ਸਕੇ। ਸਰਕਾਰਾਂ ਤੋਂ ਇਸ ਸਬੰਧੀ ਕੋਈ ਆਸ ਨਹੀਂ ਹੈ। ਸੋ ਸੁਸ਼ੀਲ ਦੁਸਾਂਝ ਹੋਰਾਂ ਦਾ ਰੇਖਾ ਚਿੱਤਰ ਹੋਰ ਪੱਤਰਕਾਰਾਂ ਨਾਲੋਂ ਕੁਝ ਵੱਡਾ ਹੋ ਗਿਆ ਹੈ। ਪਰ ਜੋ ਲਿਖਣ ਵਾਲੀਆਂ ਹੋਰ ਗੱਲਾਂ ਵੀ ਸਨ ਉਹ ਰਹਿ ਗਈਆਂ ਹਨ, ਸੁਸ਼ੀਲ ਤੇ ਕਮਲ ਹੋਰਾਂ ਬਾਰੇ ਕਿਤਾਬ ਤਿਆਰ ਕੀਤੀ ਜਾ ਸਕਦੀ ਹੈ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ। ਮੈਂ ਅਜਿਹੀ ਪੱਤਰਕਾਰ ਜੋੜੀ ਦੀ ਪਿਆਰ ਭਰੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ.. ਆਮੀਨ। ਗੁਰਨਾਮ ਸਿੰਘ ਅਕੀਦਾ 8146001100

Saturday, October 15, 2022

ਬੇਨਿਯਮੇ ਤੰਤਰ ਦੀਆਂ ਕੰਧਾਂ ਹਿਲਾਉਣ ਵਾਲਾ ਪੱਤਰਕਾਰ ‘ਦਰਸ਼ਨ ਸਿੰਘ ਖੋਖਰ’

ਸਥਾਪਤੀ ਦੇ ਪੱਖ ਵਿਚ ਚੱਲਣ ਵਾਲੇ ਪੱਤਰਕਾਰਾਂ ਲਈ ਪੰਗੇਵਾਜ ਪੱਤਰਕਾਰ ਹੈ ‘ਖੋਖਰ’
ਆਮ ਤੌਰ ਤੇ ਫ਼ੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਦੀ ਨਿੱਜੀ ਰਾਜਨੀਤੀ ਬੜੀ ਗੰਦੀ ਹੁੰਦੀ ਹੈ, ਜੋ ਮੀਡੀਆ ਅਦਾਰੇ ਲਈ ਕਾਫ਼ੀ ਨੁਕਸਾਨਦੇਹ ਹੁੰਦੀ ਹੈ। ਪਰ ਜੇਕਰ ਮੀਡੀਆ ਦਾ ਡੈਸਕ ਉਨ੍ਹਾਂ ਪੱਤਰਕਾਰਾਂ ਦੀ ਰਾਜਨੀਤੀ ਵਿਚ ਉਲਝ ਜਾਵੇ ਤਾਂ ਮੀਡੀਆ ਅਦਾਰੇ ਲਈ ਖ਼ਤਰਨਾਕ ਹੋ ਜਾਂਦੀ ਹੈ, ਪਰ ਜੇਕਰ ਡੈਸਕ ਦੀ ਰਾਜਨੀਤੀ ਵਿਚ ਮੀਡੀਆ ਦਾ ਨਿਊਜ਼ ਐਡੀਟਰ, ਸੰਪਾਦਕ ਜਾਂ ਮੁੱਖ ਸੰਪਾਦਕ ਉਲਝ ਜਾਵੇ ਤਾਂ ਸਮਝੋ ਅਦਾਰੇ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਹੋਣੀ ਮੁਸ਼ਕਲ ਹੋ ਜਾਂਦੀ ਹੈ। ਕਈ ਵਾਰੀ ਨਜ਼ਰਾਂ ਵਿਚ ਆਇਆ ਹੈ ਕਿ ਕਈ ਪੱਤਰਕਾਰ ਮੀਡੀਆ ਸੰਪਾਦਕਾਂ ਨੂੰ ਸਨਮਾਨਿਤ ਕਰਕੇ ਆਪਣਾ ਨਾਮ ਮੀਡੀਆ ਸੰਪਾਦਕ ਦੇ ਮਨ ਵਿਚ ਵੱਡਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਚਾਪਲੂਸੀ ਵਿਚ ਜੇਕਰ ਮੀਡੀਆ ਸੰਪਾਦਕ ਵੀ ਆ ਜਾਵੇ ਤਾਂ ਉਹ ਸੰਪਾਦਕ ਕਿਸੇ ਮੀਡੀਆ ਅਦਾਰੇ ਦਾ ਸੰਪਾਦਕ ਬਣਨ ਦੇ ਕਾਬਲ ਨਹੀਂ ਹੈ, ਉਸ ਨੂੰ ਕਿਸੇ ਸਹਿਕਾਰੀ ਸਭਾ ਦਾ ਮੈਨੇਜਰ ਬਣ ਜਾਣਾ ਚਾਹੀਦਾ ਹੈ। ਮੈਂ ਅਜਿਹੇ ਸੰਪਾਦਕ ਵੀ ਦੇਖੇ ਹਨ ਜਿਨ੍ਹਾਂ ਨੂੰ ਪੱਤਰਕਾਰਾਂ ਨੇ ਸੋਨੇ ਦੇ ਕੜੇ ਤੱਕ ਦੇ ਕੇ ਸਨਮਾਨਿਤ ਕੀਤਾ ਹੈ ਤੇ ਸੰਪਾਦਕਾਂ ਨੇ ਸੋਨੇ ਦੇ ਕੜੇ ਸਵੀਕਾਰ ਵੀ ਕੀਤੇ। ਕਹਾਣੀਆਂ ਬਹੁਤ ਹੈਰਾਨੀਜਨਕ ਹਨ ਤੇ ਚਿੰਤਾਜਨਕ ਵੀ, ਪਰ ਇਸ ਬਾਰੇ ਕਦੇ ਫੇਰ ਸਾਂਝ ਪਾਵਾਂਗੇ। ਕੁਝ ਪੱਤਰਕਾਰ ਆਪਣੀ ਧੁੰਨ ਵਿਚ ਪੱਤਰਕਾਰੀ ਕਰਦੇ ਹਨ, ਉਹ ਬੇਬਾਕੀ ਨਾਲ ਕੰਮ ਕਰਦੇ ਹਨ, ਨਿਡਰਤਾ ਨਾਲ ਕੰਮ ਕਰਦੇ ਹਨ ਭਾਵੇਂ ਉਨ੍ਹਾਂ ਨੂੰ ਕਈ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਵੇ। ਕਈ ਵਾਰੀ ਅਜਿਹੇ ਪੱਤਰਕਾਰਾਂ ਨੂੰ ਪੱਤਰਕਾਰੀ ਦਾ ਖੇਤਰ ਵੀ ਛੱਡਣਾ ਪੈ ਜਾਂਦਾ ਹੈ। ਚਲੋ ਕਾਫ਼ੀ ਗੱਲਾਂ ਹੋ ਗਈਆਂ ਅੱਜ ਮੈਂ ਤੁਹਾਨੂੰ ਅਜਿਹੇ ਪੱਤਰਕਾਰ ਦੇ ਪੱਤਰਕਾਰੀ ਜੀਵਨ ਦੇ ਦਰਸ਼ਨ ਕਰਵਾ ਰਿਹਾ ਹਾਂ ਜਿਸ ਨੇ ਪੱਤਰਕਾਰੀ ਬੇਬਾਕ ਤਰੀਕੇ ਨਾਲ ਕੀਤੀ ਤੇ ਭਾਵੇਂ ਉਸ ਨੂੰ ਕਈ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਮੈਂ ਅੱਜ ਗੱਲ ਕਰ ਰਿਹਾ ਹਾਂ ਬੇਨਿਯਮੇ ਤੰਤਰ ਦੀਆਂ ਕੰਧਾ ਹਿਲਾਉਣ ਵਾਲੇ ਪੱਤਰਕਾਰ ‘ਦਰਸ਼ਨ ਸਿੰਘ ਖੋਖਰ’ ਦੀ। ਸੰਗਰੂਰ ਜ਼ਿਲ੍ਹੇ ਦਾ ਪਿੰਡ ਖੋਖਰ, ਇਨਕਲਾਬੀਆਂ ਦੇ ਪ੍ਰਭਾਵ ਹੇਠ ਚਰਚਾ ਵਿਚ ਰਿਹਾ ਪਿੰਡ ‘ਖੋਖਰ’। ਨਕਸਲੀ ਲਹਿਰ ਵੇਲੇ ਕਾਫ਼ੀ ਚਰਚਿਤ ਨਾਮ ਸ਼ਮਸ਼ੇਰ ਸਿੰਘ ਸ਼ੇਰੀ ਦਾ ਪਿੰਡ ‘ਖੋਖਰ’। ਇਹ ਉਹੀ ਸ਼ਮਸ਼ੇਰ ਸਿੰਘ ਸ਼ੇਰੀ ਸੀ ਜਿਸ ਨੇ ਪਟਿਆਲਾ ਦੇ ਡੀਐਸਪੀ ਸਿਕੰਦਰ ਸਿੰਘ ਨੂੰ ਮਾਰਿਆ ਸੀ, ਜਿਸ ਦਾ ਜ਼ਿਕਰ ਬਾਬਾ ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ‘ਲਹੂ ਦੀ ਲੋਅ’ ਵਿਚ ਵੀ ਕਰਦੇ ਹਨ। ਇਸ ਬਹੁ ਚਰਚਿਤ ਪਿੰਡ ਦਾ ਜੰਮਪਲ ਦਰਸ਼ਨ ਸਿੰਘ ਖੋਖਰ ਅੱਜ ਚੰਡੀਗੜ੍ਹ ਵਿਚ ਵੱਖ ਵੱਖ ਅਦਾਰਿਆਂ ਵਿਚ ਕੰਮ ਕਰ ਰਿਹਾ ਹੈ। 6 ਜੂਨ 1967 ਨੂੰ ਪਿਤਾ ਰਣਧੀਰ ਸਿੰਘ ਤੇ ਮਾਤਾ ਸੁਰਜੀਤ ਕੌਰ (ਹੁਣ ਦੋਵੇਂ ਸਵਰਗਵਾਸੀ)ਘਰ ਜਨਮੇ ਦਰਸ਼ਨ ਸਿੰਘ ਖੋਖਰ ਦਾ ਮੁੱਢਲਾ ਜੀਵਨ ਹੀ ਸੰਘਰਸ਼ ਤੋਂ ਸ਼ੁਰੂ ਹੋਇਆ। ਪਿੰਡ ਵਿਚੋਂ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਸੁਨਾਮ ਕਾਲਜ ਵਿਚ ਦਾਖਲਾ ਲੈ ਲਿਆ। ਉੱਥੇ ਵਿਦਿਆਰਥੀ ਜਥੇਬੰਦੀ ਪੀਐਸਯੂ ਅਤੇ ਦੇਸ਼ ਪੰਜਾਬ ਸਟੂਡੈਂਟਸ ਯੂਨੀਅਨ ਵਿਚ ਕੰਮ ਕਰਨਾ ਸ਼ੁਰੂ ਕੀਤਾ। ਉਸ ਵੇਲੇ ਪੰਜਾਬ ਦੇ ਪਾਣੀਆਂ ਦੀ ਗੱਲ ਇਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਉਠਾਈ ਜਾਂਦੀ ਸੀ। -ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੂਨੀਅਰ ਰਿਹਾ- ਦਰਸ਼ਨ ਸਿੰਘ ਖੋਖਰ ਜਦੋਂ ਸੁਨਾਮ ਕਾਲਜ ਵਿਚ ਪੜਦਾ ਸੀ ਤਾਂ ਅੱਜ ਦੇ ਪੰਜਾਬ ਮੁੱਖ ਮੰਤਰੀ ਬਣੇ ਭਗਵੰਤ ਮਾਨ ਦਰਸ਼ਨ ਸਿੰਘ ਖੋਖਰ ਦੇ ਜੂਨੀਅਰ ਹੁੰਦੇ ਸਨ। ਭਗਵੰਤ ਮਾਨ ਜਿੱਥੇ ਵਿਦਿਆਰਥੀਆਂ ਨੂੰ ਹਸਾਉਂਦਾ ਰਹਿੰਦਾ ਸੀ ਉੱਥੇ ਹੀ ਸੰਘਰਸ਼ ਵਿਚ ਵੀ ਵੱਧ ਚੜ ਕੇ ਹਿੱਸਾ ਲੈਂਦਾ ਸੀ। ਸੰਘਰਸ਼ ਦੌਰਾਨ ਬੱਸਾਂ ਘੇਰਨੀਆਂ ਨਾਅਰੇਬਾਜ਼ੀ ਕਰਨੀ ਤੇ ਸੰਘਰਸ਼ ਦੇ ਵੱਖੋ ਵੱਖ ਪੜਾਅ ਵਿਚ ਇਕੱਠੇ ਹੀ ਕੰਮ ਕਰਦੇ ਸਨ। -ਕਰਮਜੀਤ ਅਨਮੋਲ ਵੀ ਰਿਹਾ ਸਾਥੀ- ਦਰਸ਼ਨ ਸਿੰਘ ਖੋਖਰ ਸੁਨਾਮ ਕਾਲਜ ਦੀ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਬਣਿਆ ਤੇ 1987 ਤੋਂ 1992 ਤੱਕ ਪੰਜ ਸਾਲਾਂ ਤੱਕ ਪ੍ਰਧਾਨ ਰਿਹਾ। ਅੱਜ ਕੱਲ੍ਹ ਫ਼ਿਲਮਾਂ ਵਿਚ ਚਮਕ ਰਿਹਾ ਸਿਤਾਰਾ ਕਾਮੇਡੀ ਕਲਾਕਾਰ ਕਰਮਜੀਤ ਅਨਮੋਲ ਸਮੇਤ 11 ਗ਼ਰੀਬ ਘਰਾਂ ਦੇ ਬੱਚਿਆਂ ਨੂੰ ਕਾਲਜ ਦਾਖਲਾ ਨਹੀਂ ਦੇ ਰਿਹਾ ਸੀ, ਕਿਉਂਕਿ ਪਿੰਡਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਨੰਬਰ ਕਾਫ਼ੀ ਘੱਟ ਸਨ। ਉਸ ਵੇਲੇ ਕਾਲਜ ਵਿ‌ਦਿਆਰਥੀਆਂ ਨੇ ਸੰਘਰਸ਼ ਕੀਤਾ ਤਾਂ ਕਰਮਜੀਤ ਅਨਮੋਲ ਸਮੇਤ 11 ਗ਼ਰੀਬ ਘਰਾਂ ਦੇ ਬੱਚਿਆਂ ਨੂੰ ਕਾਲਜ ਵਿਚ ਦਾਖਲਾ ਦਿਵਾਇਆ। ਇਸੇ ਦੌਰਾਨ ਵਿਦਿਆਰਥੀਆਂ ਨਾਲ ਹੁੰਦੀ ਕਿਸੇ ਵੀ ਬੇਇਨਸਾਫ਼ੀ ਵਿਰੁੱਧ ਲੜਨਾ ਜਾਰੀ ਰੱਖਿਆ। ਜਦੋਂ ਜੰਗੇ ਸੁੱਖੇ ਨੂੰ ਫਾਸੀ ਹੋਈ, ਸਤਵੰਤ ਸਿੰਘ ਨੂੰ ਫਾਸੀ ਹੋਈ ਤਾਂ ਵੀ ਕਾਲਜ ਵਿਚ ਹੜਤਾਲਾਂ ਕੀਤੀਆਂ ਸਨ। -ਪੱਤਰਕਾਰੀ ਦੀ ਸ਼ੁਰੂਆਤ- ਜਦੋਂ ਦਰਸ਼ਨ ਸਿੰਘ ਖੋਖਰ ਅਜੇ ਬੀਏ ਭਾਗ ਦੂਜੇ ਵਿਚ ਹੀ ਸੀ ਤਾਂ ਉਸ ਨੇ ਪਾਤੜਾਂ ਸਟੇਸ਼ਨ ਤੋਂ ਅਜੀਤ ਅਤੇ ਪੰਜਾਬੀ ਟ੍ਰਿ‌‌‌ਬਿਊਨ ਲਈ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। -ਖਾੜਕੂ ਲਹਿਰ ਮੌਕੇ ਪੱਤਰਕਾਰੀ ਦਾ ਜੋਖ਼ਮ- 1993 ਦੀ ਗੱਲ ਹੈ ਜਦੋਂ ਦਰਸ਼ਨ ਸਿੰਘ ਖੋਖਰ ਪਾਤੜਾਂ ਵਿਚ ਪੱਤਰਕਾਰੀ ਕਰਦਾ ਸੀ ਤਾਂ ਉਸ ਵੇਲੇ ਗਮਦੂਰ ਸਿੰਘ ਬੱਬਰ ਬੋਹਾ ਦਾ ਖਨੌਰੀ ਵਿਚ ਝੂਠਾ ਪੁਲੀਸ ਇਨਕਾਉਂਟਰ ਹੋਇਆ ਸੀ। ਪਰ ਉਹ ਮੁਕਾਬਲਾ ਹੋਇਆ ਦਿਖਾਇਆ ਖਾਰਾ ਬਰਨਾਲਾ ਵਿਚ ਗਿਆ ਸੀ। ਕਿਉਂਕਿ ਉਸ ਖਾੜਕੂ ਤੇ 10 ਲੱਖ ਦਾ ਇਨਾਮ ਸੀ ਤੇ ਇਕ ਪੁਲੀਸ ਅਧਿਕਾਰੀ ਨੇ ਉਹ ਇਨਾਮ ਕਿਸੇ ਤਰੀਕੇ ਨਾਲ ਲੈਣਾ ਸੀ। ਦਰਸ਼ਨ ਸਿੰਘ ਖੋਖਰ ਨੂੰ ਇਸ ਝੂਠੇ ਪੁਲੀਸ ਮੁਕਾਬਲੇ ਦੀ ਜਾਣਕਾਰੀ ਖਨੌਰੀ ਚੌਂਕੀ ਦੇ ਇੰਚਾਰਜ ਏਐਸਆਈ ਤੋਂ ਮਿਲੀ ਸੀ। ਜਾਣਕਾਰੀ ਪੱਕੀ ਹੋਣ ਕਰਕੇ ਖੋਖਰ ਨੇ ਸਪਾਟ ’ਤੇ ਖਨੌਰੀ ਜਾ ਕੇ ਮੌਕਾ ਵੀ ਦੇਖਿਆ। ਪਾਣੀ ਦੀ ਟੈਂਕੀ ਕੋਲ ਝੂਠਾ ਮੁਕਾਬਲਾ ਹੋਇਆ ਸੀ। ਉੱਥੇ ਇਕ ਬਜ਼ੁਰਗ ਨਹਾ ਰਿਹਾ ਸੀ। ਉਸ ਨੇ ਦੱਸਿਆ ਕਿ ਰਾਤ ਤਿੰਨ ਵਜੇ ਇੱਥੇ ਇਕ ਬਹੁਤ ਜ਼ੋਰਾਵਰ ਨੌਜਵਾਨ ਮੁੰਡੇ ਨੂੰ ਪੁਲੀਸ ਲੈ ਕੇ ਆਈ ਸੀ। ਮੁੰਡਾ ਪੁਲੀਸ ਦੇ ਜੱਫੇ ਵਿਚ ਨਹੀਂ ਆ ਰਿਹਾ ਸੀ। ਫੇਰ ਉਸ ਨੂੰ ਪੁਲੀਸ ਵਾਲਿਆਂ ਨੇ ਭਜਾਇਆ ਤੇ ਪਿੱਛੋਂ ਉਸ ਨੂੰ ਗੋਲੀ ਮਾਰ ਦਿੱਤੀ। ਉਸ ਵੇਲੇ ਐਸਐਸਪੀ ਜਗਮਿੰਦਰ ਸਿੰਘ ਸੀ ਜਿਸ ਬਾਰੇ ਇਹ ਆਮ ਪ੍ਰਚਲਿਤ ਹੁੰਦਾ ਸੀ ਕਿ ਉਹ ਪੁਲੀਸ ਮੁਲਾਜ਼ਮਾਂ ਨੂੰ ਵੀ ਬੈਲਟਾਂ ਨਾਲ ਕੁੱਟ ਦਿੰਦਾ ਸੀ। ਦਰਸ਼ਨ ਸਿੰਘ ਖੋਖਰ ਕਹਿੰਦੇ ਕਿ ਗਮਦੂਰ ਸਿੰਘ ਬੱਬਰ ਨੂੰ ਮੁਕਾਬਲੇ ਵਿਚ ਮਰਿਆ ਦਿਖਾਇਆ ਗਿਆ ਖਾਰਾ-ਬਰਨਾਲਾ ਵਿਚ। ਕਿਉਂਕ‌ਿ ਐਸਐਸਪੀ ਨੇ ਇਨਾਮ ਲੈਣਾ ਸੀ। ਮੌਕੇ ਤੇ ਜਾ ਕੇ ਕੀਤੀ ਪੱਤਰਕਾਰੀ ਦੀ ਪੂਰੀ ਰਿਪੋਰਟ ਪੰਜਾਬੀ ਟ੍ਰਿਬਿਊਨ ਵਿਚ ਭੇਜੀ ਤਾਂ ਉਹ ਪੰਜਾਬੀ ਟ੍ਰਿਬਿਊਨ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ। ਉਸ ਖ਼ਬਰ ਤੋਂ ਬਾਅਦ ਪੁਲੀਸ ਖੋਖਰ ਦੇ ਘਰੇ ਗੇੜੇ ਮਾਰਨ ਲੱਗ ਪਈ, ਖੋਖਰ ਕਹਿੰਦਾ ਇਕ ਦਿਨ ਮੈਂ ਘਰ ਹੀ ਸੀ ਤਾਂ ਪੁਲੀਸ ਦੀ ਜਿਪਸੀ ਬਿਨਾਂ ਨੰਬਰ ਵਾਲੀ ਸਾਡੇ ਘਰ ਆ ਗਈ, ਮੈਂ ਕੰਧ ਟੱਪ ਕੇ ਉੱਥੋਂ ਭੱਜ ਗਿਆ ਤਾਂ ਪੁਲੀਸ ਮੇਰੇ ਬਾਪੂ ਤੇ ਭਰਾ ਨੂੰ ਫੜ ਕੇ ਲੈ ਗਈ। ਪੁਲੀਸ ਇਹ ਲੱਭ ਰਹੀ ਸੀ ਕਿ ਏਨੀ ਸੱਚੀ ਖ਼ਬਰ ਪੱਤਰਕਾਰ ਨੇ ਕਿਵੇਂ ਲਗਾ ਦਿੱਤੀ, ਜਿਸ ਦਾ ਸਿਰਫ਼ ਪੁਲੀਸ ਨੂੰ ਹੀ ਪਤਾ ਸੀ। ਐਸਐਸਪੀ ਸਿਰਫ਼ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਪੱਤਰਕਾਰ ਨੂੰ ਇਸ ਖ਼ਬਰ ਦਾ ਪਤਾ ਕਿਵੇਂ ਲੱਗਾ, ਕਿਤੇ ਉਸ ਦਾ ਸਬੰਧ ਕਿਸੇ ਖਾੜਕੂ ਜਥੇਬੰਦੀ ਨਾਲ ਤਾਂ ਨਹੀਂ? ਪਰ ਖੋਖਰ ਕਹਿੰਦਾ ਹੈ ਕਿ ਮੈਂ ਸਪਾਟ ਤੇ ਜਾ ਕੇ ਕੀਤੀ ਖ਼ਬਰ ਸੀ ਸੱਚੀ ਸੀ ਇਸ ਕਰਕੇ ਮੈਨੂੰ ਕੋਈ ਡਰ ਵੀ ਨਹੀਂ ਸੀ। ਪਰ ਪੁਲੀਸ ਦਾ ਡਰ ਸਾਡੇ ਘਰਦਿਆਂ ਵਿਚ ਬਣਿਆ ਹੋਇਆ ਸੀ। ਪੰਜਾਬੀ ਟ੍ਰਿ‌‌‌ਬਿਊਨ ਦੇ ਸੰਪਾਦਕ ਹਰਭਜਨ ਹਲਵਾਰਵੀ ਹੋਰੀਂ ਹੁੰਦੇ ਸਨ, ਖੋਖਰ ਕਹਿੰਦਾ ਹੈ ਕਿ ਮੈਂ ਸੰਪਾਦਕ ਸਾਹਿਬ ਕੋਲ ਗਿਆ ਤੇ ਸਾਰੀ ਗੱਲ ਦੱਸੀ ਉਸ ਵੇਲੇ ਡੀਜੀਪੀ ਕੇਪੀਐਸ ਗਿੱਲ ਸੀ। ਤਾਂ ਸੰਪਾਦਕ ਸਾਹਿਬ ਨੇ ਕੇਪੀਐਸ ਗਿੱਲ ਦਾ ਇਸ਼ਾਰਾ ਕਰਦ‌ਿਆਂ ਕਿਹਾ ਕਿ ‘ਸ਼ੇਰ ਦੀ ਮੁੱਛ ਨੂੰ ਕਾਹਨੂੰ ਹੱਥ ਲਾਉਣਾ ਸੀ।’ ਉਸ ਵੇਲੇ ਮਾਨਸਾ ਤੋਂ ਪੱਤਰਕਾਰੀ ਕਰਦੇ ਜੋਗਿੰਦਰ ਮਾਨ ਨੂੰ ਵੀ ਹਲਵਾਰਵੀ ਹੋਰਾਂ ਫ਼ੋਨ ਕੀਤਾ। ਫੇਰ ਐਸਐਸਪੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਐਸਐਸਪੀ ਨੇ ਐਸਪੀ ਨੂੰ ਸਾਡੇ ਘਰ ਧਾਵਾ ਬੋਲਣ ਤੋਂ ਰੋਕਿਆ। 10 ਦਿਨ ਮੈਂ ਅਤੇ ਮੇਰੇ ਪਰਿਵਾਰ ਨੇ ਬੜੇ ਔਖੇ ਕੱਟੇ। ਇਸੇ ਤਰ੍ਹਾਂ ਜਦੋਂ ਦਰਸ਼ਨ ਸਿੰਘ ਖੋਖਰ ਪਟਿਆਲਾ ਵਿਚ ਪੱਤਰਕਾਰੀ ਕਰਨ ਲੱਗੇ ਤਾਂ ਘਟਨਾ 1996 ਦੀ ਹੈ, ਐਸਐਸਪੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਕਿ ਤਿੰਨ ਖਾੜਕੂ ਰਾਜੇ ਦੇ ਮਹਿਲ ਕੋਲੋਂ ਫੜੇ ਹਨ। ਪਰ ਉਸ ਦਿਨ ਖੋਖਰ ਇਕ ਸਮਾਗਮ ਵਿਚ ਆਕੜ ਪਿੰਡ ਚੱਲਿਆ ਸੀ,ਖੋਖਰ ਕਹਿੰਦਾ ਉਸ ਦਿਨ ਮੈਨੂੰ ਸਾਰਾ ਪਤਾ ਲੱਗਾ ਕਿ ਉਹ ਮੁੰਡੇ ਰਾਜੇ ਦੇ ਮਹਿਲ ਕੋਲੋਂ ਨਹੀਂ ਸਗੋਂ ਵੱਖ ਵੱਖ ਥਾਵਾਂ ਤੋਂ ਫੜੇ ਸਨ, ਜਦੋਂ ਉਹ ਪੂਰੀ ਖੋਜ ਖ਼ਬਰ ਪੰਜਾਬੀ ਟ੍ਰਿਬਿਊਨ ਵਿਚ ਲੱਗੀ ਤਾਂ ਵਕੀਲ ਨੇ ਉਸ ਖ਼ਬਰ ਦੀ ਕਾਤਰ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀ ਤਾਂ ਉਸ ਦਿਨ ਹੀ ਫੜੇ ਗਏ ਮੁੰਡਿਆਂ ਦੀ ਜ਼ਮਾਨਤ ਹੋ ਗਈ ਸੀ। ਜਦੋਂ ਪੰਜਾਬ ਦੇ ਜਸਜੀਤ ਸਿੰਘ ਰੰਧਾਵਾ ਵਾਟਰ ਸਪਲਾਈ ਮੰਤਰੀ ਸਨ ਤਾਂ ਉਸ ਵੇਲੇ ਪਾਣੀਆਂ ਦੀਆਂ ਟੈਂਕੀਆਂ ਦੇ ਠੇਕੇ ਦਿੱਤੇ ਗਏ, ਉਹ ਸਾਰੇ ਠੇਕੇ ਬਿਨਾਂ ਕਿਸੇ ਨਿਯਮ ਵਿਧਾਨ ਅਪਣਾਉਣ ਤੋਂ ਹੀ ਜਸਜੀਤ ਸਿੰਘ ਰੰਧਾਵਾ ਨੇ ਆਪਣੇ ਹੀ ਚਹੇਤਿਆਂ ਨੂੰ ਦੇ ਦਿੱਤੇ ਸਨ, ਇਹ ਖ਼ਬਰ ਵੀ ਤੱਥਾਂ ਸਮੇਤ ਪੰਜਾਬੀ ਟ੍ਰਿ‌‌‌ਬਿਊਨ ਵਿਚ ਪ੍ਰਕਾਸ਼ਿਤ ਹੋਈ, ਤਾਂ ਜਸਜੀਤ ਸਿੰਘ ਰੰਧਾਵਾ ਦਾ ਤਿੰਨ ਦਿਨਾਂ ਵਿਚ ਹੀ ਵਿਭਾਗ ਬਦਲ ਦਿੱਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਦੀਆਂ ਕਈ ਖ਼ਬਰਾਂ ਤੇ ਵੀ ਕਈ ਸਾਰੇ ਐਕਸ਼ਨ ਹੋਏ, ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੋਗਿੰਦਰ ਸਿੰਘ ਪੁਆਰ ਸਨ। ਉਸ ਵੇਲੇ ਯੂਨੀਵਰਸਿਟੀ ਵਿਚ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਆਉਣਾ ਸੀ, ਪੰਜ ਕਰੋੜ ਦਾ ਖਰਚਾ ਕੀਤਾ ਸੀ, ਖੋਖਰ ਕਹਿੰਦਾ ਕਿ ਉਸ ਵਿਚ ਵੱਡਾ ਘਪਲਾ ਹੋਣ ਦੀਆਂ ਖ਼ਬਰਾਂ ਮੈਂ ਹੀ ਪ੍ਰਕਾਸ਼ਿਤ ਕੀਤੀਆਂ ਸਨ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪੰਜ ਪ੍ਰੋਫੈਸਰਾਂ ਨੇ ਨਕਲ ਮਾਰ ਕੇ ਕਿਤਾਬਾਂ ਲਿਖੀਆਂ ਸਨ। ਇੱਥੋਂ ਤੱਕ ਇਕ ਪ੍ਰੋਫੈਸਰ ਨੇ ਤਾਂ ਪੀਐਚਡੀ ਦਾ ਥੀਸਿਸ ਹੀ ਨਕਲ ਮਾਰ ਕੇ ਤਿਆਰ ਕੀਤਾ ਸੀ। ਉਸ ਵਿਚ ਖ਼ਾਸ ਕਰਕੇ ਡਾ. ਗੁਰਮੀਤ ਮਾਨ ਦਾ ਨਾਮ ਕਾਫ਼ੀ ਵਾਰ ਖੋਖਰ ਨੇ ਲਿਆ। ਉਸ ਨੇ ਵੀ ਕਿਤਾਬ ਨਕਲ ਮਾਰ ਕੇ ਲਿਖੀ ਸੀ। ਉਂਜ ਉਹ ਪੱਗ ਬੰਨ੍ਹਦਾ ਸੀ ਪਰ ਇਕ ਦਿਨ ਖੋਖਰ ਨੂੰ ਮਿਲਣ ਲਈ ਕ੍ਰਿਕਟਰਾਂ ਦੀ ਟੋਪੀ ਪਹਿਨ ਕੇ ਆਇਆ। ਉਹ ਆਪਣੇ ਵਿਰੋਧ ਵਿਚ ਹੋਰ ਵੀ ਖ਼ਬਰਾਂ ਲੱਗਣ ਤੋਂ ਰੋਕਣਾ ਚਾਹੁੰਦਾ ਸੀ। ਇਸੇ ਤਰ੍ਹਾਂ ਦੋ ਵਿਦ‌ਿਆਰਥੀਆਂ ਨੇ ਜਾਅਲੀ ਡਿੱਗਰੀ ਨਾਲ ਐਮਬੀਏ ਵਿਚ ਦਾਖਲਾ ਲੈ ਲਿਆ ਸੀ ਉਹ ਖ਼ਬਰ ਲੱਗੀ ਤਾਂ ਉਨ੍ਹਾਂ ਵਿਦਿਆਰਥੀਆਂ ਦੀ ਐਮਬੀਏ ਦੀ ਡਿੱਗਰੀ ਰੱਦ ਹੋ ਗਈ ਸੀ। ਉਸ ਮਾਮਲੇ ਵਿਚ ਐਜੂਕੇਸ਼ਨ ਤੇ ਡਿਪਟੀ ਡਾਇਰੈਕਟਰ ਪ੍ਰੀਤਮ ਸਿੰਘ ਛਾਬੜਾ ਦਾ ਹੱਥ ਸੀ। ਉਹ ਡਿਪਟੀ ਡਾਇਰੈਕਟਰ ਤੋਂ ਰਿਵਲਟ ਕਰਕੇ ਪ੍ਰਿੰਸੀਪਲ ਬਣਾ ਦਿੱਤਾ ਗਿਆ ਸੀ। ਅਜਿਹੀਆਂ ਖ਼ਬਰਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਦਰਸ਼ਨ ਸਿੰਘ ਖੋਖਰ ਨੇ ਸਾਂਝੀਆਂ ਕੀਤੀਆਂ ਸਾਰੀਆਂ ਦਾ ਜ਼ਿਕਰ ਕਰਨਾ ਤਾਂ ਮੁਨਾਸਬ ਨਹੀਂ ਹੈ। ਪਰ ਇਕ ਗੱਲ ਜ਼ਰੂਰ ਹੈ ਕਿ ਉਸ ਵੇਲੇ ਪੰਜਾਬੀ ਯੂਨੀਵਰਸਿਟੀ ਵਿਚ ਮੈਂ ਦੇਸ਼ ਸੇਵਕ ਲਈ ਕੰਮ ਕਰਦਾ ਸੀ ਤੇ ਦਰਸ਼ਨ ਸਿੰਘ ਖੋਖਰ ਪੰਜਾਬੀ ਟ੍ਰਿਬਿਊਨ ਲਈ, ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਵਿਚ ਜਾਂਦੇ ਸੀ ਤਾਂ ਗੇਟ ਤੋਂ ਘੰਟੀਆਂ ਖੜਕ ਜਾਂਦੀਆਂ ਸਨ ਕਿ ਇਹ ਪੱਤਰਕਾਰ ਯੂਨੀਵਰਸਿਟੀ ਵਿਚ ਦਾਖਲ ਹੋ ਗਏ ਹਨ। ਬੇਨਿਯਮੇਂ ਲੋਕਾਂ ਅੰਦਰ ਦਹਿਸ਼ਤ ਆ ਜਾਂਦੀ ਸੀ। -ਲੋਕ ਸੰਪਰਕ ਵਿਭਾਗ- ਲੋਕ ਸੰਪਰਕ ਵਿਭਾਗ ਦਾ ਕੰਮ ਹੁੰਦਾ ਹੈ ਕਿ ਉਹ ਸਰਕਾਰ ਦੇ ਪੱਖ ਵਿਚ ਹੀ ਖ਼ਬਰਾਂ ਪ੍ਰਕਾਸ਼ਿਤ ਕਰਾਵੇ, ਪੱਤਰਕਾਰਾਂ ਨਾਲ ਬਣਾ ਕੇ ਰੱਖਣਾ ਲੋਕ ਸੰਪਰਕ ਵਿਭਾਗ ਦਾ ਕੰਮ ਹੁੰਦਾ ਹੈ। ਆਮ ਤੌਰ ਤੇ ਇਹ ਗੱਲ ਲੋਕਾਂ ਵਿਚ ਬਣੀ ਹੈ ਕਿ ਪੱਤਰਕਾਰਾਂ ਦੇ ਮੁੱਖ ਅਫ਼ਸਰ ਲੋਕ ਸੰਪਰਕ ਅਧਿਕਾਰੀ ਹੁੰਦੇ ਹਨ, ਪਰ ਅਜਿਹਾ ਨਹੀਂ ਹੁੰਦਾ ਸਗੋਂ ਲੋਕ ਸੰਪਰਕ ਅਧਿਕਾਰੀ ਹਮੇਸ਼ਾ ਹੀ ਪੱਤਰਕਾਰ ਤੇ ਸਰਕਾਰ ਵਿਚਕਾਰ ਕੜੀ ਦਾ ਕੰਮ ਕਰਦੇ ਹਨ। ਦਰਸ਼ਨ ਸਿੰਘ ਖੋਖਰ ਕਹਿੰਦੇ ਹਨ ਕਿ ਉਸ ਵੇਲੇ ਡੀਪੀਆਰਓ ਉਜਾਗਰ ਸਿੰਘ ਹੁੰਦੇ ਸਨ। ਉਜਾਗਰ ਸਿੰਘ ਦੀ ਡਿਊਟੀ ਸੀ ਕਿ ਉਹ ਸਰਕਾਰ ਦੇ ਖ਼ਿਲਾਫ਼ ਕੋਈ ਵੀ ਲੱਗ ਰਹੀ ਖ਼ਬਰ ਨੂੰ ਰੋਕੇ, ਇਸ ਲਈ ਉਹ ਕਈ ਵਾਰੇ ਪੱਤਰਕਾਰਾਂ ਨਾਲ ਬੜੀ ਨੇੜਤਾ ਬਣਾ ਕੇ ਰੱਖਦੇ ਸਨ। ਪੱਤਰਕਾਰਾਂ ਦੇ ਦਫ਼ਤਰਾਂ ਵਿਚ ਜਾ ਕੇ ਗੱਲਾਂ ਕਰਨੀਆਂ, ਉਜਾਗਰ ਸਿੰਘ ਹੋਰਾਂ ਦਾ ਆਮ ਕੰਮ ਹੁੰਦਾ ਸੀ, ਪਰ ਕਈ ਪੱਤਰਕਾਰਾਂ ਦੀ ਵਿਰੋਧਤਾ ਵੀ ਜ਼ੋਰਦਾਰ ਤਰੀਕੇ ਨਾਲ ਕਰਦੇ ਸਨ। ਦਰਸ਼ਨ ਸਿੰਘ ਖੋਖਰ ਲੋਕ ਸੰਪਰਕ ਅਧਿਕਾਰੀ ਨਾਲ ਕਦੇ ਵੀ ਰਾਬਤਾ ਨਹੀਂ ਰੱਖਦਾ ਸੀ। ਉਹ ਖ਼ਬਰਾਂ ਕਰਦਾ, ਪ੍ਰੈੱਸ ਨੋਟ ਵਿਚੋਂ ਵੀ ਖ਼ਬਰਾਂ ਲੱਭਦਾ, ਇਸ ਕਰਕੇ ਉਜਾਗਰ ਸਿੰਘ ਨਾਲ ਉਸ ਦਾ ਇੱਟ ਖੜੱਕਾ ਬਣਿਆ ਰਹਿੰਦਾ ਸੀ। ਇਹ ਤਾਂ ਖ਼ੈਰ ਮੇਰੇ ਨਾਲ ਵੀ ਵਾਪਰੀ ਹੈ, ਮੇਰੀਆਂ ਕਹਾਣੀਆਂ ਖ਼ੈਰ ਇਸ ਤੋਂ ਵੀ ਹੈਰਾਨੀ ਜਨਕ ਹਨ (ਕਿਸੇ ਹੋਰ ਲੇਖ ਵਿਚ ਸਾਂਝ ਪਾਵਾਂਗੇ) ਪਰ ਇਕ ਗੱਲ ਨਾਲ ਤੁਸੀਂ ਸਮਝ ਜਾਵੋਗੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਤਾਂ ਮੈਂ ਵਾਹਦ ਇਕ ਪੱਤਰਕਾਰ ਹੁੰਦਾ ਸੀ ਜਿਸ ਦੀ ਐਂਟਰੀ ਅਮਰਿੰਦਰ ਦੀ ਪ੍ਰੈੱਸ ਕਾਨਫ਼ਰੰਸ ਵਿਚ ਵੈਨ ਹੁੰਦੀ ਸੀ, ਮਹਿਲਾਂ ਦੇ ਗੇਟ ਤੇ ਹੀ ਏਪੀਆਰਓ ਦੁੱਗਲ ਹੋਰੀਂ ਸਿਰਫ਼ ਮੇਰੇ ਲਈ ਹੀ ਖੜੇ ਹੁੰਦੇ ਸਨ ਕਿ ਗੁਰਨਾਮ ਸਿੰਘ ਅਕੀਦਾ ਮਹਿਲਾਂ ਵਿਚ ਨਹੀਂ ਆਉਣਾ ਚਾਹੀਦਾ। ਉਜਾਗਰ ਸਿੰਘ ਬਜ਼ੁਰਗ ਹਨ ਸਾਡੇ ਸਤਿਕਾਰਯੋਗ ਹਨ ਪਰ ਉਨ੍ਹਾਂ ਨੇ ਸਰਕਾਰੀ ਡਿਊਟੀ ਵੀ ਬੜੀ ਸ਼ਿੱਦਤ ਨਾਲ ਕੀਤੀ ਤੇ ਜਿਹੜੇ ਪੱਤਰਕਾਰ ਸਰਕਾਰ ਦੀਆਂ ਬੇਨਿਯਮੀਆਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਦੇ ਸਨ ਉਨ੍ਹਾਂ ਨੂੰ ਜ਼ਲੀਲ ਵੀ ਪੂਰਾ ਕਰਦੇ ਸਨ। -ਪੰਜਾਬੀ ਟ੍ਰਿਬਿਊਨ ਵਿਚੋਂ ਕੱਢਿਆ ਜਾਣਾ- ਉਸ ਤੋਂ ਬਾਅਦ ਪੰਜਾਬੀ ਟ੍ਰਿ‌‌‌ਬਿਊਨ ਦੀ ਇੰਟਰਨਲ ਪਾਲਿਟਿਕਸ ਦਾ ਦਰਸ਼ਨ ਸਿੰਘ ਖੋਖਰ ਸ਼ਿਕਾਰ ਹੋ ਗਿਆ। ਦਰਸ਼ਨ ਸਿੰਘ ਖੋਖਰ ਕਹਿੰਦਾ ਹੈ ਕਿ ਉਸ ਵੇਲੇ ਪਟਿਆਲਾ ਦੇ ਇਕ ਪੱਤਰਕਾਰ ਨੇ ਕਾਫ਼ੀ ਬੜਾ ਰੋਲ ਨਿਭਾਇਆ ਸੀ। ਉਸ ਪੱਤਰਕਾਰ ਨੇ ਮੇਰੇ ਕੋਲੋਂ ਤਿੰਨ ਮਹੀਨੇ ਬੱਸ ਸਟੈਂਡ ਪਟਿਆਲਾ ਨਜ਼ਦੀਕ ਸਿੰਗਲਾ ਸਾਈਕਲ ਸਟੈਂਡ ਤੇ ਪੱਤਰਕਾਰੀ ਸਿੱਖੀ ਸੀ, ਪਰ ਉਸ ਨੇ ਹੀ ਝੂਠੀਆਂ ਸ਼ਿਕਾਇਤਾਂ ਕਰਕੇ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਵਾ ਦਿੱਤਾ। (ਦਰਸ਼ਨ ਸਿੰਘ ਖੋਖਰ ਨੇ ਉਸ ਪੱਤਰਕਾਰ ਦਾ ਨਾਮ ਵੀ ਲਿਆ ਪਰ ਮੈਂ ਉਸ ਪੱਤਰਕਾਰ ਦਾ ਨਾਮ ਇੱਥੇ ਨਹੀਂ ਲਿਖਣਾ ਚਾਹੁੰਦਾ ਕਿਉਂਕਿ ਇਸ ਲੜੀ ਵਿਚ ਕਿਸੇ ਪੱਤਰਕਾਰ ਦੇ ਵਿਰੁੱਧ ਨਹੀਂ ਲਿਖ ਰਿਹਾ, ਇਸ ਕਰਕੇ ਉਸ ਪੱਤਰਕਾਰ ਦਾ ਨਾਮ ਲਿਖ ਕੇ ਮੈਂ ਕੋਈ ਹੋਰ ਚਰਚਾ ਨਹੀਂ ਛੇੜਨੀ ਚਾਹੁੰਦਾ) ਖੋਖਰ ਕਹਿੰਦਾ ਮੈਨੂੰ ਉਸ ਦਾ ਕੋਈ ਗ਼ਮ ਨਹੀਂ ਹੈ, ਮੈਂ ਉਸ ਤੋਂ ਬਾਅਦ ਵੱਖ ਵੱਖ ਮੀਡੀਆ ਅਦਾਰਿਆਂ ਵਿਚ ਕੰਮ ਕੀਤਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਹੁਣ ਤੱਕ ਕੰਮ ਕਰ ਰਿਹਾ ਹਾਂ। ਬੇਸ਼ੱਕ ਇਕ ਪੱਖ ਇਹ ਕਹਿੰਦਾ ਹੋਵੇ ਕਿ ਪੰਜਾਬੀ ਟ੍ਰਿਬਿਊਨ ਨੂੰ ਦਰਸ਼ਨ ਸਿੰਘ ਖੋਖਰ ਦੇ ਬਾਹਰ ਹੋ ਜਾਣ ਨਾਲ ਕੋਈ ਫ਼ਰਕ ਨਹੀਂ ਪਿਆ ਪਰ ਪਟਿਆਲਾ ਨੂੰ ਬਹੁਤ ਫ਼ਰਕ ਪਿਆ। ਅੱਜ ਕੱਲ੍ਹ ਭਗਵੰਤ ਮਾਨ ਦੀ ਸਰਕਾਰ ਨੇ ਮੋਬਾਇਲ ਸਰਕਾਰੀ ਦਫ਼ਤਰਾਂ ਵਿਚ ਲੈ ਕੇ ਜਾਣ ਲਈ ਪ੍ਰਵਾਨ ਕਰ ਦਿੱਤੇ ਹਨ ਤਾਂ ਕਿ ਅਧਿਕਾਰੀਆਂ ਮੁਲਾਜ਼ਮਾਂ ਵਿਚ ਡਰ ਬਣਿਆ ਰਹੇ। ਇਸੇ ਤਰ੍ਹਾਂ ਪਟਿਆਲਾ ਬੇਨਿਯਮੇ ਅਧਿਕਾਰੀਆਂ ਵਿਚ ਕੁਝ ਕੁ ਪੱਤਰਕਾਰਾਂ ਦਾ ਡਰ ਸੀ। ਉਨ੍ਹਾਂ ਵਿਚ ਇਕ ਨਾਮ ਦਰਸ਼ਨ ਸਿੰਘ ਖੋਖਰ ਦਾ ਵੀ ਆਉਂਦਾ ਹੈ। ਪੱਤਰਕਾਰ ਦਾ ਬੇਨਿਯਮੀਆਂ ਸਰਕਾਰਾਂ ਵਿਚ ਤੇ ਬੇਨਿਯਮੇ ਅਧਿਕਾਰੀਆਂ ਵਿਚ ਡਰ ਹੋਣਾ ਚਾਹੀਦਾ ਹੈ, ਜੋ ਅੱਜ ਕੱਲ੍ਹ ਖ਼ਤਮ ਹੁੰਦਾ ਜਾ ਰਿਹਾ ਹੈ। -ਜਗਬਾਣੀ ਵਿਚ ਕੀਤੀ ਪੱਤਰਕਾਰੀ- ਦਰਸ਼ਨ ਸਿੰਘ ਖੋਖਰ ਪੰਜਾਬੀ ਟ੍ਰਿਬਿਊਨ ਵਿਚੋਂ ਬਾਹਰ ਹੋਣ ਤੋਂ ਬਾਅਦ ਇਕ ਸਾਲ ਵਿਹਲਾ ਰਿਹਾ। ਉਸ ਤੋਂ ਬਾਅਦ ਸਪੋਕਸਮੈਨ, ਐਨ ਆਰ ਆਈ ਟੀਵੀ ਚੈਨਲ, ਸਟੈਂਡਰਡ ਵਰਲਡ ਟੀਵੀ, ਵਿਚ ਰਿਹਾ। ਸਪੋਕਸਮੈਨ ਅਖ਼ਬਾਰ ਦੇ ਡੈਸਕ ਤੇ ਵੀ ਨਿਊਜ਼ ਹੈੱਡ ਤੌਰ ਤੇ ਰਿਹਾ। ਉਸ ਤੋਂ ਬਾਅਦ ਚੰਡੀਗੜ੍ਹ ਵਿਚ ਜਗਬਾਣੀ, ਪੰਜਾਬੀ ਜਾਗਰਣ, ਗਲੋਬਲ ਟੀਵੀ ਤੇ ਡੇ ਐਂਡ ਨਾਈਟ ਟੀਵੀ, ਵਿਚ ਰਿਹਾ। ਜਗਬਾਣੀ ਅਖ਼ਬਾਰ ਵਿਚ ਪੱਤਰਕਾਰੀ ਕੀਤੀ, 2012 ਵਿਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਲੱਗਣ ਦਾ ਸਮਾਂ ਤਹਿ ਹੋ ਗਿਆ ਸੀ, ਪਰ ਪਟਿਆਲਾ ਜੇਲ੍ਹ ਵਿਚ ਜਲਾਦ ਨਹੀਂ ਸੀ, ਜੇਕਰ ਜਲਾਦ ਨਾ ਹੋਵੇ ਤਾਂ ਫਾਂਸੀ ਜੇਲ੍ਹ ਦੇਣਾ ਜੇਲ੍ਹ ਸੁਪਰਡੰਟ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ’ਜਾਖੜ ਨਾਮ ਦੇ ਜੇਲ੍ਹ ਸੁਪਰਡੰਟ ਨੇ ਫਾਂਸੀ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਖ਼ਬਰ ਜਗਬਾਣੀ ਵਿਚ ਦਰਸ਼ਨ ਸਿੰਘ ਖੋਖਰ ਨੇ ਲਗਾਈ, ਪਰ ਦੂਜੇ ਦਿਨ ਜੇਲ੍ਹ ਸੁਪਰਡੰਟ ਮੁੱਕਰ ਗਿਆ ਤਾਂ ਖੋਖਰ ਕਹਿੰਦਾ ਮੈਨੂੰ ਅਵਿਨਾਸ਼ ਹੋਰਾਂ ਦਾ ਫ਼ੋਨ ਆ ਗਿਆ ਕਿ ਜੇਲ੍ਹ ਸੁਪਰਡੰਟ ਮੁੱਕਰ ਗਿਆ ਹੈ, ਤਾਂ ਮੈਂ ਕਿਹਾ ਖ਼ਬਰ ਸੱਚੀ ਹੈ, ਪਰ ਉਸ ਤੋਂ ਬਾਅਦ ਸੁਪਰਡੰਟ ਨੇ ਜ਼ਿਲ੍ਹਾ ਕਚਹਿਰੀਆਂ ਵਿਚ ਲਿਖ ਕੇ ਦਿੱਤਾ ਕਿ ਮੈਂ ਸਰਦਾਰ ਰਾਜੋਆਣਾ ਨੂੰ ਫਾਂਸੀ ਨਹੀਂ ਦੇਵਾਂਗਾ। ਉਹ ਖ਼ਬਰ ਫੇਰ ਯੂ ਐਨ ਆਈ ਤੇ ਪੀ ਟੀ ਆਈ ਤੋਂ ਰਿਲੀਜ਼ ਹੋਈ ਤੇ ਮੇਰੀ ਖ਼ਬਰ ਸੱਚੀ ਸਾਬਤ ਹੋਈ। -ਡੇ ਐਂਡ ਨਾਈਟ ਵਿਚ ਖ਼ਬਰ ਦਾ ਤਹਿਲਕਾ- ਅਜੋਕੇ ਸਮੇਂ ਵਿਚ ਹੀ ਨਹੀਂ ਸਗੋਂ ਪਹਿਲਾਂ ਤੋਂ ਹੀ ਅਧਿਕਾਰੀਆਂ, ਸਮਾਜ ਵਿਰੋਧੀ ਲੋਕਾਂ ਦੇ ਪਰਦੇ ਫਾਸ਼ ਕਰਨ ਵਾਲੀਆ ਖ਼ਬਰਾਂ ਲਾਉਣ ਵਾਲੇ ਪੱਤਰਕਾਰ ਨੂੰ ਸਥਾਪਤੀ ਨਾਲ ਚੱਲਣ ਵਾਲੇ ਪੱਤਰਕਾਰ ‘ਪੰਗਾ ਲੈਣਾ’ ਕਹਿੰਦੇ ਹਨ। ਉਈਂ ਵਾਧੂ ਦਾ ਪੰਗਾ ਲੈਣ ਦੀ ਕੀ ਲੋੜ ਹੈ, ਪੱਤਰਕਾਰ ਹੈ ਪੱਤਰਕਾਰੀ ਕਰੇ, ਪ੍ਰੈੱਸ ਨੋਟ ਦੇਖੇ ਤੇ ਬੱਸ ਜੋ ਹੋ ਰਿਹਾ ਹੈ ਉਸ ਦੀ ਖ਼ਬਰ ਲਾਓ, ਹੋਰ ਕੀ? ਖੋਖਰ ਕਹਿੰਦੇ ਹਨ ਤਤਕਾਲੀ ਡੀਜੀਪੀ ਰਾਜਦੀਪ ਸਿੰਘ ਗਿੱਲ ਆਈਪੀਐਸ ਨੇ ਚੰਡੀਗੜ੍ਹ ਦੇ ਸੈਕਟਰ 16 ਵਿਚ ਸਰਕਾਰੀ ਕੋਠੀ ਲਈ, ਜਿਸ ਦੀ ਰੈਨੋਵੇਸ਼ਨ ਤੇ ਉਸ ਨੇ ਕਰੀਬ ਇਕ ਕਰੋੜ ਰੁਪਏ ਕਥਿਤ ਖ਼ਰਚੇ, 10 ਲੱਖ ਦਾ ਖਰਚਾ ਤਾਂ ਸਿਰਫ਼ ਲਾਅਨ ਦੀ ਸੁੰਦਰਤਾ ਬਣਾਉਣ ਦਾ ਹੀ ਸੀ। ਇਸ ਕੋਠੀ ਦੇ ਸੁੰਦਰੀਕਰਨ ਵਿਚ ਕਰੀਬ 40 ਲੱਖ ਦਾ ਕਥਿਤ ਘਪਲਾ ਹੋਇਆ ਦਿਖਾਇਆ ਗਿਆ ਸੀ। ਇਸ ਦੀ ਖੋਜ ਭਰਪੂਰ ਖ਼ਬਰ ਦਰਸ਼ਨ ਸਿੰਘ ਖੋਖਰ ਵੱਲੋਂ ਹੀ ਬਣਾਈ ਜੋ ਡੇ ਐਂਡ ਨਾਈਟ ਟੀਵੀ ਚੈਨਲ ਤੇ ਚਲਾਈ ਗਈ। ਉਸ ਵੇਲੇ ਟੀਵੀ ਦੇ ਮੁਖੀ ਕੰਵਰ ਸੰਧੂ ਹੁੰਦੇ ਸਨ। ਖ਼ਬਰ ਦੇਖ ਕੇ ਉਹ ਖ਼ੁਦ ਡੈਸਕ ਕੋਲ ਆਗਏ, ਕਹਿੰਦੇ ‘ਇਸ ਦੇ ਸਾਰੇ ਸਬੂਤ ਮੌਜੂਦ ਹੋਣੇ ਚਾਹੀਦੇ ਹਨ’ ਪਰ ਖੋਖਰ ਅਨੁਸਾਰ ਸਾਰੇ ਸਬੂਤ ਉਸ ਕੋਲ ਮੌਜੂਦ ਸਨ। ਉਸ ਰਿਪੋਰਟ ਤੋਂ ਬਾਅਦ ਬਾਕੀ ਮੀਡੀਆ ਨੇ ਵੀ ਉਹ ਖ਼ਬਰ ਪ੍ਰਕਾਸ਼ਿਤ ਕੀਤੀ। -ਧਮਕੀਆਂ ਅਦਾਲਤੀ ਕੇਸ ਆਦਿ- ਖ਼ਬਰਾਂ ਦੇ ਨੋਟਿਸ ਆਉਂਦੇ ਸਨ, ਨਾ ਤਾਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕਾਂ ਨੇ ਕਦੇ ਪ੍ਰਵਾਹ ਕੀਤੀ ਨਾ ਹੀ ਦਰਸ਼ਨ ਸਿੰਘ ਖੋਖਰ ਨੇ ਕਦੇ ਪ੍ਰਵਾਹ ਕੀਤੀ, ਨੋਟਿਸ ਦਾ ਜਵਾਬ ਹੀ ਨਹੀਂ ਦਿੱਤਾ ਗਿਆ। ਪਰ ਜਦੋਂ ਖੋਖਰ ਐਨ ਆਰ ਆਈ ਟੀਵੀ ਵਿਚ ਕੰਮ ਕਰਨ ਲੱਗੇ ਤਾਂ ਉਹ ਸਿੰਚਾਈ ਵਿਭਾਗ ਦੀ ਖ਼ਬਰ ਕਰ ਰਹੇ ਸਨ ਕਿ ਭਾਖੜਾ ਦੇ ਪੈਚ ਵਰਕ ਕੀਤਾ ਹੀ ਨਹੀਂ ਗਿਆ ਪਰ ਉਸ ਦੇ ਖ਼ਰਚੇ ਪਾ ਦਿੱਤੇ ਗਏ ਹਨ, ਉਸ ਵੇਲੇ ਉਹ ਸਿੰਚਾਈ ਵਿਭਾਗ ਦੇ ਮੁੱਖ ਅਧਿਕਾਰੀ ਕੋਲੋਂ ਪੱਖ ਲੈਣ ਲਈ ਪਟਿਆਲਾ ਦੇ ਨਾਭਾ ਰੋਡ ਤੇ ਸਥਿਤ ਦਫ਼ਤਰ ਵਿਚ ਗਏ। ਜਦੋਂ ਉਹ ਸਵਾਲ ਪੁੱਛ ਰਹੇ ਸਨ ਤਾਂ ਅਧਿਕਾਰੀ ਨੇ ਜਵਾਬ ਦੇਣ ਦੀ ਬਜਾਇ ਖੋਖਰ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਉਸ ਵੇਲੇ ਰੌਲਾ ਪੈ ਗਿਆ। ਖੋਖਰ ਦਾ ਕੈਮਰਾ ਤੇ ਮੋਬਾਇਲ ਖੋਹ ਲਿਆ । ਖੋਖਰ ਖ਼ਿਲਾਫ਼ ਸਿੰਚਾਈ ਵਿਭਾਗ ਦੇ ‌ਅਧਿਕਾਰੀ ਨੇ ਸਰਕਾਰੀ ਨੌਕਰੀ ਵਿਚ ਖ਼ਲਲ ਪਾਉਣ ਦਾ ਕੇਸ ਕਰਵਾ ਦਿੱਤਾ। ਉਸ ਵੇਲੇ ਮੈਂ ਵੀ ਨਾਲ ਹੀ ਸੀ, ਸਾਰਾ ਮਾਮਲਾ ਮੌਕੇ ਤੇ ਮੈਂ ਵੀ ਦੇਖਿਆ ਤੇ ਮੁੱਖ ਤੌਰ ਤੇ ਖੋਖਰ ਦੀ ਮਦਦ ਵੀ ਕੀਤੀ। ਅਸੀਂ ਡੀਜੀਪੀ ਸਰਬਜੀਤ ਸਿੰਘ ਵਿਰਕ ਨੂੰ ਮਿਲਣ ਗਏ, ਤਾਂ ਵਿਰਕ ਸਾਹਿਬ ਨੇ ਕਿਹਾ ‘ਤੁਸੀਂ ਕਤਲ ਥੋੜ੍ਹਾ ਕੀਤਾ ਹੈ, ਮੈਂ ਤੁਹਾਡੇ ਨਾਲ ਹਾਂ’ ਉਸ ਵੇਲ ਡੀ ਆਈ ਜੀ ਪਟਿਆਲਾ ਨੂੰ ਵਿਸ਼ੇਸ਼ ਹੁਕਮ ਕੀਤੇ ਕਿ ਕੇਸ ਰੱਦ ਕੀਤਾ ਜਾਵੇ ਤਾਂ ਉਹ ਕੇਸ ਰੱਦ ਹੋ ਗਿਆ ਸੀ। -ਸੰਪਾਦਕ ਕੌਣ ਕੌਣ ਰਹੇ- ਦਰਸ਼ਨ ਸਿੰਘ ਖੋਖਰ ਕਹਿੰਦੇ ਹਨ ਕਿ ਉਸ ਨੇ ਪੰਜਾਬੀ ਟ੍ਰਿਬਿਊਨ ਵਿਚ ਹਰਭਜਨ ਹਲਵਾਰਵੀ, ਅਜੀਤ ਵਿਚ ਬਰਜਿੰਦਰ ਸਿੰਘ ਹਮਦਰਦ ਉਸ ਤੋਂ ਬਾਅਦ ਪੰਜਾਬੀ ਟ੍ਰਿ‌ਬਿਊਨ ਵਿਚ ਸ਼ਿੰਗਾਰਾ ਸਿੰਘ ਭੁੱਲਰ ਆਦਿ ਤੋਂ ਇਲਾਵਾ ਜਗਬਾਣੀ ਦੇ ਅਵਿਨਾਸ਼ ਚੋਪੜਾ, ਡੇ ਐਂਡ ਨਾਈਟ ਦੇ ਕੰਵਰ ਸੰਧੂ ਅਧੀਨ ਕੰਮ ਕੀਤਾ ਤੇ ਅੱਜ ਕੱਲ੍ਹ ਉਹ ਦੈਨਿਕ ਸਵੇਰਾ ਨਾਲ ਕੰਮ ਕਰ ਰਹੇ ਹਨ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਸਰਗਰਮ ਹਨ। -ਸਾਥੀ ਪੱਤਰਕਾਰ- ਬਹੁਤ ਸਾਥੀ ਪੱਤਰਕਾਰਾਂ ਦੀ ਗੱਲ ਕਰਦੇ ਹਨ, ਜਿਨ੍ਹਾਂ ਵਿਚ ਸਰੋਜ ਸਰਹਿੰਦੀ, ਜਸਵਿੰਦਰ ਸਿੰਘ ਦਾਖਾ, ਗੁਰਨਾਮ ਸਿੰਘ ਅਕੀਦਾ, ਰਾਮ ਸਿੰਘ ਬੰਗ, ਚੰਡੀਗੜ੍ਹ ਤੋਂ ਵਰਿੰਦਰ ਸਿੰਘ ਦਾ ਟ੍ਰਿਬਿਊਨ, ਨਰੇਸ਼ ਸ਼ਰਮਾ, ਗੁਰਉਪਦੇਸ਼ ਭੁੱਲਰ, ਦੇ ਨਾਲ ਨਾਲ ਸਹਿਕਾਰੀ ਖੰਡ ਵਿਚ ਰਹੇ ਇੰਸਪੈਕਟਰ ਰਣਦੀਪ ਸਿੰਘ ਸੰਧੂ ਦੀ ਗੱਲ ਵੀ ਕਰਦੇ ਹਨ। -ਪਰਿਵਾਰ- ਭਰਾ ਡਾ. ਗੁਰਮੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਵਿਚ ਪ੍ਰਫੈਸਰ ਹੈ, ਇਕ ਬੇਟਾ ਤੇ ਇਕ ਬੇਟੀ ਹੈ। ਧਰਮ ਪਤਨੀ ਨਾਲ ਚੰਡੀਗੜ੍ਹ ਵਿਚ ਸੁਖ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪੱਤਰਕਾਰ ਦਰਸ਼ਨ ਸਿੰਘ ਖੋਖਰ ਦੇ ਜੀਵਨ ਤੇ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ। ਮੈਂ ਅਜਿਹੇ ਪੱਤਰਕਾਰ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।... ਆਮੀਨ -ਗੁਰਨਾਮ ਸਿੰਘ ਅਕੀਦਾ- 8146001100

Friday, October 14, 2022

-ਸ੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਸਮੇਂ ਬੀ.ਬੀ.ਸੀ. ਦੀ ਪੱਤਰਕਾਰੀ ਕਰਨ ਵਾਲਾ ਪੱਤਰਕਾਰ ‘ਸਤੀਸ਼ ਜੈਕਬ’

-ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਨਾ ਵੱਡੀ ਗ਼ਲਤੀ ਸੀ ਜਿਸ ਨਾਲ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ ਪਰ ਨੁਕਸਾਨ ਬਹੁਤ ਵੱਡਾ ਹੋਇਆ : ਸਤੀਸ਼ ਜੈਕਬ ਕਿਸੇ ਪੱਤਰਕਾਰ ਦਾ ਕੰਮ ਨਹੀਂ ਕਿ ਕਿਸੇ ਵਿਅਕਤੀ ਜਾਂ ਸੰਸਥਾ ਤੇ ਨਿੱਜੀ ਤੌਰ ਤੇ ਟਿੱਪਣੀ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ, ਸਗੋਂ ਉਸ ਦਾ ਕੰਮ ਹੈ ਤੱਥਾਂ ਅਧਾਰਿਤ ਪੱਤਰਕਾਰੀ ਕਰੇ ਤਾਂ ਕਿ ਉਸ ਉੱਤੇ ਪੱਖਪਾਤੀ ਦਾ ਦੋਸ਼ ਨਾ ਲੱਗ ਸਕੇ। ਪੰਜਾਬ ਵਿਚ ਅਜਿਹੇ ਪੱਤਰਕਾਰਾਂ ਨੇ ਵੀ ਕੰਮ ਕੀਤਾ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਮਕਬੂਲੀਅਤ ਹਾਸਲ ਕੀਤੀ। ਬੜੇ ਹੀ ਸੰਵੇਦਨਸ਼ੀਲ ਮਸਲਿਆਂ ਤੇ ਬੇਬਾਕ ਪੱਤਰਕਾਰੀ ਕੀਤੀ। 1984 ਦਾ ਸਮਾਂ ਪੰਜਾਬ ਤੇ ਖ਼ਾਸ ਕਰਕੇ ਸਿੱਖਾਂ ਤੇ ਬਹੁਤ ਸੰਕਟ ਭਰਿਆ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਬੰਧੀ ਰਿਪੋਰਟਿੰਗ ਕਰਨਾ ਕਿਸੇ ਆਮ ਪੱਤਰਕਾਰ ਦੇ ਵਸ ਦੀ ਗੱਲ ਨਹੀਂ ਸੀ, ਕਈ ਪੱਤਰਕਾਰ ਤਾਂ ਗਰਮੀ ਗਰਮੀ ਵੀ ਹੋ ਜਾਂਦੇ ਹਨ ਸੰਤ ਭਿੰਡਰਾਂਵਾਲਿਆਂ ਕੋਲ। ਪਰ ਅਜਿਹੇ ਸਮੇਂ ਵਿਚ ਵੀ ਨਿਰਪੱਖ ਪੱਤਰਕਾਰੀ ਕਰਨ ਵਾਲਾ ਵੀ ਇਕ ਪੱਤਰਕਾਰੀ ਹੈ, ਅੱਜ ਆਪਾਂ ਬੀ ਬੀ ਸੀ ਦੇ ਪੱਤਰਕਾਰ ‘ਸਤੀਸ਼ ਜੈਕਬ’ ਦੀ ਗੱਲ ਕਰਾਂਗੇ। ਸਤੀਸ਼ ਜੈਕਬ! ਕੌਮਾਂਤਰੀ ਪੱਤਰਕਾਰੀ ਦਾ ਬਹੁਤ ਵੱਡਾ ਨਾਮ ਹੈ, ਅਜੋਕੇ ਪੱਤਰਕਾਰ ਸ਼ਾਇਦ ਹੀ ਸਤੀਸ਼ ਜੈਕਬ ਬਾਰੇ ਜਾਣਦੇ ਹੋਣ, 1984 ਵਿਚ ਮੇਰਾ ਵਿਆਹ ਹੋਇਆ ਸੀ, ਵਿਆਹ ਵੀ ਬੜੇ ਸੰਕਟ ਵਿਚ ਹੋਇਆ ਸੀ, ਖਾੜਕੂਆਂ ਦੀਆਂ ਬੜੀਆਂ ਹਦਾਇਤਾਂ ਸਨ ਉਨ੍ਹਾਂ ਮੁਤਾਬਿਕ ਹੀ ਬਰਾਤ ਲੈ ਕੇ ਜਾਣੀ ਤੇ ਉਨ੍ਹਾਂ ਮੁਤਾਬਿਕ ਹੀ ਸਾਰੇ ਕਾਰਜ ਕਰਨੇ ਜ਼ਰੂਰੀ ਸਨ, ਖਾੜਕੂਆਂ ਵੱਲੋਂ ਉਸ ਵੇਲੇ ਬੜਾ ਸੁਧਾਰਵਾਦੀ ਕੰਮ ਕੀਤਾ ਸੀ, ਫ਼ਜ਼ੂਲ ਖ਼ਰਚੇ ਬੰਦ ਕਰ ਦਿੱਤੇ ਗਏ ਸਨ। ਉਹ ਬੜਾ ਹੀ ਸ਼ਲਾਘਾਯੋਗ ਕੰਮ ਸੀ, ਪਰ ਬਾਅਦ ਵਿਚ ਖਾੜਕੂਆਂ ਨੂੰ ਬਦਨਾਮ ਕਰਨ ਲਈ ਏਜੰਸੀਆਂ ਨੇ ਬੜੀਆਂ ਸਾਜ਼ਿਸ਼ਾਂ ਕੀਤੀਆਂ। ਇਹ ਗੱਲ ਕਦੇ ਫੇਰ ਕਰਾਂਗੇ ਪਰ ਉਸ ਵੇਲੇ ਹੀ ਸਤੀਸ਼ ਜੈਕਬ ਸ੍ਰੀ ਅੰਮ੍ਰਿਤਸਰ ਦੀ ਪੱਤਰਕਾਰੀ ਬੀ ਬੀ ਸੀ ਲਈ ਕਰ ਰਹੇ ਸਨ। -ਸਤੀਸ਼ ਜੈਕਬ ਦਾ ਮੁੱਢ- ਜਦੋਂ ਦੇਸ਼ ਅਜ਼ਾਦ ਕਰਾਉਣ ਲਈ ਵੱਖ ਵੱਖ ਅਜ਼ਾਦੀ ਘੁਲਾਟੀਏ ਲੜਾਈ ਲੜ ਰਹੇ ਸਨ ਤਾਂ ਉਸ ਵੇਲੇ ਹੀ 4 ਦਸੰਬਰ 1943 ਵਿਚ ਜਨਮੇ ਸਤੀਸ਼ ਜੈਕਬ ਨੇ ਸਿਰਫ਼ ਪੱਤਰਕਾਰੀ ਹੀ ਕੀਤੀ। ਸ਼ੁਰੂ ਵਿਚ ਬੋਰਡਿੰਗ ਸਕੂਲ ਦਿਲੀ ਵਿਚ ਪੜ੍ਹੇ, ਫੇਰ ਦੇਹਰਾਦੂਨ ਵਿਚ ਸੈਂਟ ਜੋਸਫ ਸਕੂਲ ਵਿਚ ਪੜ੍ਹਨ ਲਈ ਪਾ ਦਿੱਤੇ ਗਏ। 1959 ਵਿਚ ਬੀਏ ਦੀ ਪੜਾਈ ਦਿਲੀ ਤੋਂ ਕੀਤੀ ਤੇ ਬਾਅਦ ਵਿਚ ਐੱਮ ਏ ਹਿਸਟਰੀ ਵਿਚ ਵੀ ਦਿਲੀ ਤੋਂ ਹੀ ਕੀਤੀ। -ਪੱਤਰਕਾਰੀ ਦੀ ਸ਼ੁਰੂਆਤ- ਲਿਖਣ ਪੜ੍ਹਨ ਦਾ ਸ਼ੌਕ ਸ਼ਾਇਦ ਜਨਮ ਤੋਂ ਹੀ ਸੀ, ਇਸ ਕਰਕੇ ਪੱਤਰਕਾਰੀ ਕਰਨ ਦਾ ਹੀ ਖੇਤਰ ਚੁਣਿਆ। 1963 ਵਿਚ ਸਤੀਸ਼ ਜੈਕਬ ਨੇ ਨੌਜਵਾਨ ਪੱਤਰਕਾਰ ਵਜੋਂ ‘ਸਟੇਟਸਮੈਨ’ ਅਖ਼ਬਾਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਬੜੀ ਗੱਲ ਸੀ ਕਿ ਇਸ ਅਖ਼ਬਾਰ ਵਿਚ ਸਾਰੇ ਹੀ ਮੁਖੀ ਅੰਗਰੇਜ਼ ਸਨ। ਉਸ ਵੇਲੇ ਨਿਹਾਲ ਸਿੰਘ ਤੇ ਮਲਹੋਤਰਾ ਵਰਗੇ ਸਟੇਟਸਮੈਨ ਦੇ ਸੀਨੀਅਰ ਪੱਤਰਕਾਰ ਹੁੰਦੇ ਸੀ। -ਪੰਜਾਬ ਵਿਚ ਪੱਤਰਕਾਰੀ ਕਰਨ ਲਈ ਆਏ 1965 ਵਿਚ- ਸਤੀਸ਼ ਜੈਕਬ ਨੌਜਵਾਨ ਸਨ ਤੇ ਪੱਤਰਕਾਰੀ ਕਰਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਸਨ ਇਸ ਕਰਕੇ ਉਨ੍ਹਾਂ ਨੇ ਪੱਤਰਕਾਰੀ ਕਰਨ ਲਈ ਜੋਖ਼ਮ ਭਰੇ ਕੰਮ ਕਰਨ ਵੱਲ ਜਾਣ ਤੋਂ ਇਨਕਾਰ ਨਹੀਂ ਕੀਤਾ। 1965 ਦੀ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈ ਸੀ, ਸਤੀਸ਼ ਜੈਕਬ ਨੂੰ ਸਟੇਟਸਮੈਨ ਨੇ ਇਸ ਲੜਾਈ ਦੀ ਪੱਤਰਕਾਰੀ ਕਰਨ ਲਈ ਪੰਜਾਬ ਭੇਜ ਦਿੱਤਾ। ਉਸ ਵੇਲੇ ਉਨ੍ਹਾਂ ਅੰਮ੍ਰਿਤਸਰ ਵਿਚ ਰਹਿ ਕੇ ਭਾਰਤ ਪਾਕਿ ਦੀ ਲੜਾਈ ਦੀ ਰਿਪੋਰਟਿੰਗ ਕੀਤੀ। ਬਾਰਡਰ ਤੇ ਵੀ ਫ਼ੌਜ ਕੋਲ ਜਾਣਾ ਪੈਂਦਾ ਸੀ ਪਰ ਪੱਤਰਕਾਰੀ ਕਰਨ ਦਾ ਜੋ ਮਨ ਵਿਚ ਜਜ਼ਬਾ ਸੀ ਉਹ ਕਿਤੇ ਵੀ ਘੱਟ ਨਹੀਂ ਹੋ ਰਿਹਾ ਸੀ। ਉਨ੍ਹਾਂ ਉਸ ਵੇਲੇ ਜਨਰਲ ਹਰਬਖ਼ਸ਼ ਸਿੰਘ ਦਾ ਕੰਮ ਕਰਨ ਦਾ ਤਰੀਕਾ ਵੀ ਦੇਖਿਆ, ਜਨਰਲ ਹਰਬਖ਼ਸ਼ ਸਿੰਘ ਤੋਂ ਬਹੁਤ ਪ੍ਰਭਾਵਿਤ ਹੋਏ, ਉਹ ਕਹਿੰਦੇ ਹਨ ‘ਬਹੁਤ ਕਾਬਲ ਫ਼ੌਜੀ ਅਫ਼ਸਰ ਸੀ ਜਨਰਲ ਹਰਬਖ਼ਸ਼ ਸਿੰਘ, ਅੱਜ ਦੇ ਆਰਮੀ ਅਫ਼ਸਰਾਂ ਤੋਂ ਕਿਤੇ ਕਾਬਲ, ਭਾਵੇਂ ਉਸ ਵੇਲੇ ਕਮਾਂਡਰ ਇਨ ਚੀਫ਼ ਜਨਰਲ ਜੇ ਐਨ ਚੌਧਰੀ ਸਨ ਜੋ ਬੰਗਾਲੀ ਸਨ ਪਰ ਉਨ੍ਹਾਂ ਤੋਂ ਵੀ ਕਾਬਲ ਅਫ਼ਸਰ ਸੀ ਜਨਰਲ ਹਰਬਖ਼ਸ਼ ਸਿੰਘ’ ਉਸ ਤੋਂ ਬਾਅਦ ਸਤੀਸ਼ ਜੈਕਬ ਨੇ 1970 ਵਿਚ ਬੀ ਬੀ ਸੀ ਜੁਆਇਨ ਕਰ ਲਿਆ। ਉਨ੍ਹਾਂ ਨੂੰ ਅਮਰੀਕਾ ਵਿਚ ਇਥੋਪੀਆ ਦਾ ਖੇਤਰ ‌ਮਿਲਿਆ, ਉਸ ਵੇਲੇ ਜੈਕਬ ਹੋਰੀਂ ਸਟਰਿੰਗਰ ਹੀ ਸਨ। ਖ਼ੋਜੀ ਪੱਤਰਕਾਰੀ ਦੇ ਇੱਥੇ ਵੀ ਝੰਡੇ ਗੱਡੇ। ਉਸ ਤੋਂ ਬਾਅਦ ਮਿਡਲ ਈਸਟ ਵਿਚ ਚਲੇ ਗਏ। 1973 ਵਿਚ ਜੈਕਬ ਹੋਰੀਂ ਭਾਰਤ ਵਿਚ ਆ ਗਏ ਤੇ ਬੀ ਬੀ ਸੀ ਵਿਚ ਕੰਮ ਕਰਨਾ ਜਾਰੀ ਰੱਖਿਆ। ਇੱਥੇ ਸੀਨੀਅਰ ਜਰਨਲਿਸਟ ‘ਮਾਰਕ ਟੱਲੀ’ ਵੀ ਮੌਜੂਦ ਸਨ। ਵਿਦੇਸ਼ ਦੇ ਹੋਣ ਦੇ ਬਾਵਜੂਦ ਮਾਰਕ ਟੱਲੀ ਨੂੰ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਬੀ ਬੀ ਸੀ ਵਿਚ ਸਤੀਸ਼ ਜੈਕਬ ਨੇ 2000 ਤੱਕ ਕੰਮ ਕੀਤਾ। ਉਨ੍ਹਾਂ ਬੰਗਲਾ ਦੇਸ਼ ਤੋਂ ਲੈ ਕੇ ਪਾਕਿਸਤਾਨ ਵਿਚ ਜਾ ਕੇ ਵੀ ਪੱਤਰਕਾਰੀ ਕੀਤੀ। -ਪੰਜਾਬ ਦੀ ਪੱਤਰਕਾਰੀ- ਵੈਸੇ ਤਾਂ ਸਤੀਸ਼ ਜੈਕਬ ਤੇ ਮਾਰਕ ਟੱਲੀ ਦੀ ਦਰਬਾਰ ਸਾਹਿਬ ਤੇ ਅਟੈਕ ਬਾਰੇ ਕਿਤਾਬ ‘Amritsar : Mrs Gandhi's Last Battle’ ਲਿਖੀ ਹੈ ਉਸ ਵਿਚ ਭਰਪੂਰ ਜਾਣਕਾਰੀ ਹੈ। ਇਸ ਵਿਚੋਂ ਕਾਫ਼ੀ ਕੁਝ ਜਾਣਕਾਰੀ ਮਿਲ ਸਕਦੀ ਹੈ। ਪਰ ਮੈਂ ਜੋ ਸਤੀਸ਼ ਜੈਕਬ ਨਾਲ ਗੱਲ ਕੀਤੀ ਉਸ ਨਾਲ ਸਬੰਧਿਤ ਜਾਣਕਾਰੀ ਹੀ ਇੱਥੇ ਦੇਣ ਦੀ ਕੋਸ਼ਸ਼ ਕਰਾਂਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸਤੀਸ਼ ਜੈਕਬ ਦੀ ਦੋਸਤੀ ਹੋ ਗਈ ਸੀ। ਇਸ ਬਾਰੇ ਕਾਫ਼ੀ ਕੁਝ ਸਾਂਝ ਪਾਵਾਂਗੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਬੈਠਣਾ ਆਮ ਤੌਰ ਤੇ ਲੰਗਰ ਹਾਲ ਉਪਰ ਹੀ ਹੁੰਦਾ ਸੀ, ਉਂਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਹੇਠਾਂ ਵਾਲੇ ਦਫ਼ਤਰ ਵਿਚ ਬੈਠਦੇ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਬਹੁਤੀਆਂ ਮੁਲਾਕਾਤਾਂ ਨਹੀਂ ਹੁੰਦੀਆਂ ਸਨ ਪਰ ਸਤੀਸ਼ ਜੈਕਬ ਦੀ ਮੁਲਾਕਾਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਅਕਸਰ ਹੋ ਜਾਂਦੀ ਸੀ। ਸਤੀਸ਼ ਜੈਕਬ ਤੇ ਮਾਰਕ ਟੱਲੀ ਆਮ ਤੌਰ ਤੇ ਸ੍ਰੀ ਅੰਮ੍ਰਿਤਸਰ ਵਿਚ ਆਉਂਦੇ ਹੀ ਸਨ , ਕੋਈ ਪੱਤਰਕਾਰੀ ਕਰਨ ਲਈ ਨਹੀਂ,ਸ਼ਰਧਾ ਅਨੁਸਾਰ ਹੀ ਸ੍ਰੀ ਦਰਬਾਰ ਸਾਹਿਬ ਵਿਚ ਆਉਂਦੇ ਸਨ ਕਿਉਂਕਿ ਸ੍ਰੀ ਦਰਬਾਰ ਸਾਹਿਬ ਪ੍ਰਤੀ ਮਾਰਕ ਟੱਲੀ ਤੇ ਸਤੀਸ਼ ਜੈਕਬ ਦੀ ਕਾਫ਼ੀ ਸ਼ਰਧਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸ੍ਰੀ ਦਰਬਾਰ ਸਾਹਿਬ ਵਿਚ ਆਉਣ ਤੋਂ ਪਹਿਲਾਂ ਵੀ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹੀ ਰਹਿੰਦੇ ਸਨ। ਮਹਿਤਾ ਚੌਂਕ ਤੋਂ 19 ਜੁਲਾਈ 1982 ਨੂੰ ਸੰਤ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਵਿਚ ਆ ਗਏ ਸਨ। ਉਨ੍ਹਾਂ ਦਾ ਇਕ ਸਕੱਤਰ ਹੁੰਦਾ ਸੀ ਸ. ਸਿੱਧੂ। ਸਤੀਸ਼ ਜੈਕਬ ਨੇ ਪਹਿਲੀ ਮੁਲਾਕਾਤ ਲਈ ਸ. ਸਿੱਧੂ ਨੂੰ ਹੀ ਕਿਹਾ। ਉਸ ਨੇ ਝੱਟ ਹਾਮੀ ਭਰ ਦਿੱਤੀ। ਉਸ ਵੇਲੇ ਸੰਤ ਹੋਰੀਂ ਲੰਗਰ ਹਾਲ ਤੇ ਸ਼ਾਮ ਨੂੰ ਆਪਣਾ ਸੰਦੇਸ਼ ਦਿਆ ਕਰਦੇ ਸਨ। ਜੈਕਬ ਹੋਰਾਂ ਦੀ ਪਹਿਲੀ ਮੁਲਾਕਾਤ ਸਿੱਧੂ ਨੇ ਹੀ ਸੰਤ ਜੀ ਨਾਲ ਕਰਵਾਈ। ਮੈਂ ਇਕ ਗੱਲ ਬੜੀ ਵਿਸ਼ੇਸ਼ ਦੇਖੀ ਕਿ ਜਦੋਂ ਸਤੀਸ਼ ਜੈਕਬ ਹੋਰੀਂ ਗੱਲ ਸੁਣਾ ਰਹੇ ਸੀ ਤਾਂ ਉਨ੍ਹਾਂ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਲਈ ਬਹੁਤ ਹੀ ਅਨੋਖੀ ਸ਼ਰਧਾ ਸੀ। ਉਹ ਸੰਤ ਹੋਰਾਂ ਨੂੰ ‘ਸੰਤ ਜੀ’ ਤੋਂ ‌ਬਿਨਾਂ ਸੰਬੋਧਨ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੰਤ ਜੀ ਨਾ ਹੋਈ ਤਾਂ ਸੰਤ ਜੀ ਨੇ ਉਨ੍ਹਾਂ ਨਾਲ ਬੜੀਆਂ ਖੁੱਲ ਕੇ ਗੱਲਾਂ ਕੀਤੀਆਂ। ਜਦੋਂ ਵੀ ਮੈਂ ਦਰਬਾਰ ਸਾਹਿਬ ਆਉਣਾ ਤਾਂ ਸੰਤ ਜੀ ਨੂੰ ਪਤਾ ਲੱਗ ਜਾਣਾਂ ਤਾਂ ਉਹ ਬੁਲਾ ਲਿਆ ਕਰਦੇ ਸਨ ਜਾਂ ਅਸੀਂ ਵੀ ਉਨ੍ਹਾਂ ਨੂੰ ਮਿਲਣ ਲਈ ਚਲੇ ਜਾਇਆ ਕਰਦੇ ਸਾਂ। ਸਤੀਸ਼ ਜੈਕਬ ਕਹਿੰਦੇ ਹਨ ਕਿ ਉਂਜ ਤਾਂ ਬੜਾ ਲਿਖਿਆ ਗਿਆ ਹੈ ਸੰਤ ਜੀ ਬਾਰੇ, ਜਿਨ੍ਹਾਂ ਵਿਚ ਕੁਝ ਵੱਡੇ ਨਾਮ ਹਨ ਸ਼ੇਖਰ ਗੁਪਤਾ, ਐਮਜੇ ਅਕਬਰ, ਤਬਲੀਨ ਸਿੰਘ। ਉਨ੍ਹਾਂ ਕਦੇ ਨਹੀਂ ਕਿਹਾ ਕਿ ਅਸੀਂ ਹਿੰਦੁਸਤਾਨ ਤੋਂ ਬਾਹਰ ਜਾਣਾ ਚਾਹੁੰਦੇ ਹਾਂ,ਪਰ ਉਹ ਜਿਵੇਂ ਕਿ ਇਕ ਦਿਨ ਮੈਨੂੰ ਕਹਿ ਰਹੇ ਸੀ ਕਿ ‘ਬੇਸ਼ੱਕ ਅਸੀਂ ਹਿੰਦੁਸਤਾਨ ਵਿਚ ਰਹਿਣਾ ਚਾਹੁੰਦੇ ਹਾਂ ਪਰ ਸਿੱਖਾਂ ਨੇ ਅਜ਼ਾਦੀ ਤੋਂ ਲੈ ਕੇ ਦੇਸ਼ ਨੂੰ ਬਣਾਉਣ ਤੱਕ ਕਿੰਨੀਆਂ ਕੁਰਬਾਨੀਆਂ ਕੀਤੀਆਂ, ਪਰ ਸਿੱਖਾਂ ਨੂੰ ਕੀ ਮਿਲਿਆ? ਇਸ ਕਰਕੇ ਅਸੀਂ ਆਪਣਾ ਅਜ਼ਾਦ ਸਟੇਟ ਚਾਹੁੰਦੇ ਹਾਂ।’ ਅਜ਼ਾਦ ਸਟੇਟ ਦੀ ਮੰਗ ਆਮ ਤੌਰ ਤੇ ਸੰਤ ਜੀ ਕਰਿਆ ਕਰਦੇ ਸਨ। ਕਈ ਸਾਰੇ ਲੇਖਕਾਂ ਨੇ ਲਿਖਿਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਵੱਲੋਂ ਹੀ ਭੇਜੇ ਗਏ ਸਨ। ਕਾਂਗਰਸ ਦੇ ਹੀ ਬਣਾਏ ਗਏ ਸਨ। ਇਸ ਬਾਰੇ ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸਾਨੂੰ ਇਹ ਕਦੇ ਨਹੀਂ ਲੱਗਾ, ਉਨ੍ਹਾਂ ਦਾ ਗੱਲ ਕਰਨ ਦਾ ਤਰੀਕਾ, ਉਨ੍ਹਾਂ ਦਾ ਸੰਦੇਸ਼ ਇਹ ਸਪਸ਼ਟ ਹੀ ਨਹੀਂ ਕਰਦਾ ਸੀ ਕਿ ਉਹ ਕਿਸੇ ਸਿਆਸੀ ਪਾਰਟੀ ਨੇ ਭੇਜੇ ਹਨ, ਜਾਂ ਸਰਕਾਰ ਨੇ ਭੇਜੇ ਹਨ। ਪਰ ਮੈਂ ਲੇਖਕਾਂ ਦੀ ਲੇਖਣੀ ਨੂੰ ਵੀ ਝੁਠਲਾ ਨਹੀਂ ਰਿਹਾ ਕਿ ਲੇਖਕਾਂ ਨੇ ਵੀ ਖੋਜ ਕਰਕੇ ਹੀ ਲਿਖਿਆ ਹੋਵੇਗਾ।’ ਜੈਕਬ ਕਹਿੰਦੇ ਹਨ ‘ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਿਆਸੀ ਲੀਡਰ ਨਹੀਂ ਸਨ, ਉਹ ਤਾਂ ਧਾਰਮਿਕ ਵਿਅਕਤੀ ਸਨ, ਉਹ ਸਿੱਖ ਧਰਮ ਦੀਆਂ ਤੇ ਗੁਰਬਾਣੀ ਦੀਆਂ ਗੱਲਾਂ ਹੀ ਕਰਿਆ ਕਰਦੇ ਸਨ। ਪਰ ਦੂਜੇ ਪਾਸੇ ਉਨ੍ਹਾਂ ਨਾਲ ਸਿਆਸੀ ਲੀਡਰ ਮਿਲਦੇ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ ਵਰਗੇ ਲੀਡਰ ਉਨ੍ਹਾਂ ਨਾਲ ਮਿਲਦੇ ਹੁੰਦੇ ਸਨ।’ ਜੈਕਬ ਕਹਿੰਦੇ ਹਨ ‘ਸੰਤ ਜੀ ਨੂੰ ਅੱਤਵਾਦੀ ਕਹਿਣਾ ਬਿਲਕੁਲ ਗ਼ਲਤ ਹੈ, ਉਹ ਅੱਤਵਾਦੀ ਬਿਲਕੁਲ ਨਹੀਂ ਸਨ ਉਹ ਤਾਂ ਇਕ ਸਾਫ਼ ਸੁਥਰੇ ਕਿਰਦਾਰ ਦੇ ‘ਸੰਤ’ ਸਨ। ਪਰ ਉਨ੍ਹਾਂ ਦਾ ਆਪਣੇ ਆਪ ਹੀ ਡਰ ਲੋਕਾਂ ਵਿਚ ਚਲਾ ਗਿਆ ਸੀ, ਅਸੀਂ ਰਿਪੋਰਟਿੰਗ ਕਰਦੇ ਸਾਂ, ਬੜੇ ਸਵਾਲ ਕਰਦੇ ਸੀ, ਸਾਡੇ ਸਵਾਲਾਂ ਦੇ ਜਵਾਬ ਉਹ ਖੁੱਲ ਕੇ ਦਿੰਦੇ ਸਨ ਕਦੇ ਵੀ ਸਾਨੂੰ ਲੱਗਿਆ ਹੀ ਨਹੀਂ ਕਿ ਇਹ ਵਿਅਕਤੀ ਕੋਈ ਖ਼ਤਰਨਾਕ ਵਿਅਕਤੀ ਹੈ।’
ਜੈਕਬ ਕਹਿੰਦੇ ਹਨ ‘ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਦੇ ਵੀ ਸੰਤ ਜੀ ਦੀ ਮੀਟਿੰਗ ਨਹੀਂ ਹੋਈ ਪਰ ਕੁਝ ਕਹਿੰਦੇ ਹਨ ਕਿ ਉਨ੍ਹਾਂ ਦੀ ਮੀ‌‌ਟਿੰਗ ਗਿਆਨੀ ਜੈਲ ਸਿੰਘ (ਤਤਕਾਲੀ ਰਾਸਟਰਪਤੀ) ਨਾਲ ਹੋਈ ਸੀ। ਪਰ ਹਾਂ ਇੰਦਰਾ ਗਾਂਧੀ ਨਾਲ ਮੀ‌ਟਿੰਗ ਆਮ ਤੌਰ ਤੇ ਅਕਾਲੀ ਲੀਡਰ ਹੀ ਕਰਦੇ ਹੁੰਦੇ ਸਨ ਜੋ ਅਕਾਲੀ ਦਲ ਦੇ ਲੀਡਰ ਸਨ। ਜਾਂ ਤਾਂ ਇੰਦਰਾ ਗਾਂਧੀ ਅਕਾਲੀ ਲੀਡਰਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ ਸੀ ਜਾਂ ਫਿਰ ਅਕਾਲੀ ਲੀਡਰ ਉਸ ਨੂੰ ਵਿਸ਼ਵਾਸ ਨਹੀਂ ਦਿਵਾ ਸਕੇ। ’ ਜੈਕਬ ਕਹਿੰਦੇ ਹਨ ਕਿ ‘ਦਰਬਾਰ ਸਾਹਿਬ ’ਤੇ ਅਟੈਕ ਕਰਨਾ ਇੰਦਰਾ ਗਾਂਧੀ ਦੀ ਬਹੁਤ ਵੱਡੀ ਗ਼ਲਤੀ ਸੀ ਜਿਸ ਨਾਲ ਕਿਸੇ ਨੂੰ ਹਾਸਲ ਕੁਝ ਨਹੀਂ ਹੋਇਆ ਪਰ ਨੁਕਸਾਨ ਬਹੁਤ ਵੱਡਾ ਹੋ ਗਿਆ, ਨੁਕਸਾਨ ਦੇਸ ਦਾ ਵੀ ਵੱਡਾ ਹੋਇਆ ਤੇ ਇੰਦਰਾ ਗਾਂਧੀ ਵੀ ਮਾਰੀ ਗਈ’ ਇਸ ਸਬੰਧ ਵਿਚ ਇਕ ਗੱਲ ਹੋਰ ਵੀ ਢੁਕਦੀ ਹੈ ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਾਅ ਵਰਗੀਆਂ ਏਜੰਸੀਆਂ ਨੇ ਇੰਦਰਾ ਗਾਂਧੀ ਕੋਲ ਇਕ ਪ੍ਰਸਤਾਵ ਰੱਖਿਆ ਸੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਵਿਚੋਂ ਅਗਵਾ ਕਰਨਗੇ। ਬੀਬੀ ਸੀ ਇਸ ਬਾਰੇ ਕਾਫ਼ੀ ਖੋਜ ਭਰਪੂਰ ਰਿਪੋਰਟ ਵਿਚ ਲਿਖਦਾ ਹੈ ਕਿ ਬ੍ਰਿਟਿਸ਼ ਸੰਸਦ ਵਿੱਚ ਇਸ ਵਿਸ਼ੇ 'ਤੇ ਹੋਈ ਚਰਚਾ 'ਤੇ ਧਿਆਨ ਦਿੰਦੇ ਹੋਏ 'ਇੰਡੀਆ ਟੁਡੇ' ਦੇ ਸੀਨੀਅਰ ਪੱਤਰਕਾਰ ਸੰਦੀਪ ਉਨੀਥਨ ਨੇ ਮੈਗਜ਼ੀਨ ਦੇ 31 ਜਨਵਰੀ, 2014 ਦੇ ਅੰਕ ਵਿੱਚ 'ਸਨੈਚ ਐਂਡ ਗਰੈਬ' ਸਿਰਲੇਖ ਨਾਲ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਇਸ ਖ਼ੁਫ਼ੀਆ ਆਪ੍ਰੇਸ਼ਨ ਨੂੰ 'ਆਪ੍ਰੇਸ਼ਨ ਸਨਡਾਊਨ' ਦਾ ਨਾਂ ਦਿੱਤਾ ਗਿਆ ਸੀ। ''ਯੋਜਨਾ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਨ੍ਹਾਂ ਦੇ ਗੁਰੂ ਨਾਨਕ ਨਿਵਾਸ ਟਿਕਾਣੇ ਤੋਂ ਫੜ ਕੇ ਹੈਲੀਕਾਪਟਰ ਜ਼ਰੀਏ ਬਾਹਰ ਲੈ ਜਾਇਆ ਜਾਏ।” “ਇਸ ਯੋਜਨਾ ਨੂੰ ਇੰਦਰਾ ਗਾਂਧੀ ਦੇ ਸੀਨੀਅਰ ਸਲਾਹਕਾਰ ਰਾਮਨਾਥ ਕਾਵ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ 1 ਅਕਬਰ ਰੋਡ ਨਿਵਾਸ 'ਤੇ ਉਨ੍ਹਾਂ ਸਾਹਮਣੇ ਰੱਖਿਆ ਗਿਆ ਸੀ ਪਰ ਇੰਦਰਾ ਗਾਂਧੀ ਨੇ ਇਸ ਯੋਜਨਾ ਨੂੰ ਇਹ ਕਹਿ ਕੇ ਅਸਵੀਕਾਰ ਕਰ ਦਿੱਤਾ ਸੀ ਕਿ ਇਸ ਵਿੱਚ ਕਈ ਲੋਕ ਮਾਰੇ ਜਾ ਸਕਦੇ ਹਨ।'' ਰਾਅ ਵਿੱਚ ਵਿਸ਼ੇਸ਼ ਸਕੱਤਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਅਤੇ ਮਰਹੂਮ ਵਿਦੇਸ਼ ਮੰਤਰੀ ਸਵਰਣ ਸਿੰਘ ਦੇ ਜੁਆਈ ਜੀ. ਬੀ. ਐੱਸ. ਸਿੱਧੂ ਦੀ ਇੱਕ ਕਿਤਾਬ ਹਾਲ ਹੀ ਵਿੱਚ 'ਦਿ ਖ਼ਾਲਿਸਤਾਨ ਕਾਂਸਪਿਰੇਸੀ' ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਯੋਜਨਾ 'ਤੇ ਹੋਰ ਰੋਸ਼ਨੀ ਪਾਈ ਹੈ। ਜੀਬੀਐੱਸ ਸਿੱਧੂ ਦੱਸਦੇ ਹਨ, ''ਨਾਗਰਾਨੀ ਨੇ ਮੈਨੂੰ ਦੱਸਿਆ ਸੀ ਕਿ ਦਸੰਬਰ, 1983 ਦੇ ਅੰਤ ਵਿੱਚ ਕਾਵ ਨੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਭਿੰਡਰਾਂਵਾਲੇ ਨੂੰ ਅਗਵਾ ਕਰਨ ਲਈ ਐੱਸਐੱਫਐੱਫ ਦੇ ਹੈਲੀਕਾਪਟਰਾਂ ਨੂੰ ਆਪ੍ਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਸੀ। ਭਿੰਡਰਾਂਵਾਲੇ ਨੂੰ ਅਗਵਾ ਹਰਿਮੰਦਰ ਸਾਹਿਬ ਦੀ ਲੰਗਰ ਦੀ ਛੱਤ ਤੋਂ ਕੀਤਾ ਜਾਣਾ ਸੀ ਜਿੱਥੇ ਉਹ ਰੋਜ਼ਾਨਾ ਸ਼ਾਮ ਨੂੰ ਆਪਣਾ ਸੰਦੇਸ਼ ਦਿੰਦੇ ਹੁੰਦੇ ਸਨ।'' ''ਇਸ ਲਈ ਦੋ ਐੱਮਆਈ ਹੈਲੀਕਾਪਟਰਾਂ ਅਤੇ ਕੁਝ ਬੁਲਿਟਪਰੂਫ ਵਾਹਨਾਂ ਦੀ ਵਿਵਸਥਾ ਕੀਤੀ ਜਾਣੀ ਸੀ ਤਾਂ ਕਿ ਭਿੰਡਰਾਂਵਾਲੇ ਨੂੰ ਉੱਥੋਂ ਕੱਢ ਕੇ ਨਾਲ ਦੀ ਸੜਕ ਤੱਕ ਪਹੁੰਚਾਇਆ ਜਾ ਸਕੇ ਇਸ ਲਈ ਨਾਗਰਾਨੀ ਨੇ ਸੀਆਰਪੀਐੱਫ ਜਵਾਨਾਂ ਵੱਲੋਂ ਖੇਤਰ ਦਾ ਤਿੰਨ ਪਰਤਾਂ ਦਾ ਘੇਰਾ ਬਣਾਉਣ ਦੀ ਯੋਜਨਾ ਬਣਾਈ ਸੀ।'' ਨਾਗਰਾਨੀ ਨੇ ਸਿੱਧੂ ਨੂੰ ਦੱਸਿਆ ਸੀ ਕਿ ਹੈਲੀਕਾਪਟਰ ਆਪ੍ਰੇਸ਼ਨ ਤੋਂ ਤੁਰੰਤ ਪਹਿਲਾਂ ਹਥਿਆਰਬੰਦ ਸੀਆਰਪੀਐੱਫ ਦੇ ਜਵਾਨਾਂ ਵੱਲੋਂ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਘੇਰਾ ਬਣਾਇਆ ਜਾਣਾ ਸੀ ਤਾਂ ਕਿ ਆਪ੍ਰੇਸ਼ਨ ਦੀ ਸਮਾਪਤੀ ਤੱਕ ਆਮ ਲੋਕ ਕੈਂਪਸ ਦੇ ਅੰਦਰ ਜਾਂ ਬਾਹਰ ਨਾ ਜਾ ਸਕਣ। ਐੱਸਐੱਫਐੱਫ ਕਮਾਂਡੋਜ਼ ਦੇ ਦੋ ਦਲਾਂ ਨੂੰ ਬਹੁਤ ਹੇਠਾਂ ਉੱਡਦੇ ਹੋਏ ਹੈਲੀਕਾਪਟਰਾਂ ਤੋਂ ਰੱਸਿਆਂ ਜ਼ਰੀਏ ਉਸ ਸਥਾਨ 'ਤੇ ਉਤਾਰਿਆ ਜਾਣਾ ਸੀ ਜਿੱਥੇ ਜਰਨੈਲ ਸਿੰਘ ਭਿੰਡਰਾਂਵਾਲੇ ਆਪਣਾ ਭਾਸ਼ਣ ਦਿੰਦੇ ਹੁੰਦੇ ਸਨ। ਇਸ ਲਈ ਉਹ ਸਮਾਂ ਚੁਣਿਆ ਗਿਆ ਸੀ ਜਦੋਂ ਭਿੰਡਰਾਂਵਾਲੇ ਆਪਣੇ ਭਾਸ਼ਣ ਦਾ ਅੰਤ ਕਰ ਰਹੇ ਹੋਣ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਆਸਪਾਸ ਸੁਰੱਖਿਆ ਵਿਵਸਥਾ ਥੋੜ੍ਹੀ ਢਿੱਲੀ ਪੈ ਜਾਂਦੀ ਸੀ। ਯੋਜਨਾ ਸੀ ਕਿ ਕੁਝ ਕਮਾਂਡੋ ਭਿੰਡਰਾਂਵਾਲੇ ਨੂੰ ਫੜਨ ਲਈ ਦੌੜਨਗੇ ਅਤੇ ਕੁਝ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੂੰ ਕਾਬੂ ਵਿੱਚ ਕਰਨਗੇ। ਅਜਿਹਾ ਅਨੁਮਾਨ ਲਗਾਇਆ ਗਿਆ ਸੀ ਕਿ ਭਿੰਡਰਾਂਵਾਲੇ ਦੇ ਗਾਰਡ ਕਮਾਂਡੋਜ਼ ਨੂੰ ਦੇਖਦੇ ਹੀ ਗੋਲੀਆਂ ਚਲਾਉਣ ਲੱਗਣਗੇ। ਇਹ ਵੀ ਅਨੁਮਾਨ ਲਾ ਲਿਆ ਗਿਆ ਸੀ ਕਿ ਸੰਭਾਵਿਤ ਤੌਰ 'ਤੇ ਕਮਾਂਡੋਜ਼ ਦੇ ਹੇਠਾਂ ਉੱਤਰਨ ਤੋਂ ਪਹਿਲਾਂ ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ। ਇਸ ਸੰਭਾਵਨਾ ਨਾਲ ਨਜਿੱਠਣ ਲਈ ਐੱਸਐੱਫਐੱਫ ਕਮਾਂਡੋਜ਼ ਨੂੰ ਦੋ ਦਲਾਂ ਵਿੱਚ ਵੰਡਿਆਂ ਜਾਣਾ ਸੀ। ਇੱਕ ਦਲ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਜਿਹੀ ਜਗ੍ਹਾ ਰਹਿੰਦਾ ਜਿੱਥੋਂ ਉਹ ਦਰਬਾਰ ਸਾਹਿਬ ਵੱਲ ਨੂੰ ਜਾਂਦਾ ਰਸਤਾ ਬੰਦ ਕਰ ਦਿੰਦਾ ਅਤੇ ਦੂਜਾ ਦਲ ਲੰਗਰ ਕੰਪਲੈਕਸ ਅਤੇ ਗੁਰੂ ਨਾਨਕ ਨਿਵਾਸ ਵਿਚਕਾਰ ਸੜਕ 'ਤੇ ਬੁਲਿਟਪਰੂਫ ਵਾਹਨਾਂ ਨਾਲ ਤਿਆਰ ਰਹਿੰਦਾ। ਉਸ ਬ੍ਰੀਫਿੰਗ ਦਾ ਬਿਉਰਾ ਦਿੰਦੇ ਹੋਏ ਨਾਗਰਾਨੀ ਨੇ ਜੀਬੀਐੱਸ ਸਿੱਧੂ ਨੂੰ ਦੱਸਿਆ ਕਿ ਸਭ ਕੁਝ ਸੁਣ ਲੈਣ ਦੇ ਬਾਅਦ ਇੰਦਰਾ ਗਾਂਧੀ ਨੇ ਪਹਿਲਾ ਸਵਾਲ ਪੁੱਛਿਆ ਕਿ ਇਸ ਆਪ੍ਰੇਸ਼ਨ ਵਿੱਚ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ? ਨਾਗਰਾਨੀ ਨੇ ਜਵਾਬ ਦਿੱਤਾ, ''ਅਸੀਂ ਆਪਣੇ ਦੋਵੇਂ ਹੈਲੀਕਾਪਟਰ ਗੁਆ ਸਕਦੇ ਹਾਂ। ਕੁੱਲ ਭੇਜੇ ਗਏ ਕਮਾਂਡੋਜ਼ ਵਿੱਚੋਂ 20 ਫ਼ੀਸਦੀ ਮਾਰੇ ਜਾ ਸਕਦੇ ਹਨ।'' ਨਾਗਰਾਨੀ ਨੇ ਸਿੱਧੂ ਨੂੰ ਦੱਸਿਆ ਕਿ ਇੰਦਰਾ ਗਾਂਧੀ ਦਾ ਅਗਲਾ ਸਵਾਲ ਸੀ ਕਿ ਇਸ ਮੁਹਿੰਮ ਵਿੱਚ ਕਿੰਨੇ ਆਮ ਲੋਕਾਂ ਦੀ ਜਾਨ ਜਾ ਸਕਦੀ ਹੈ। ਨਾਗਰਾਨੀ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਇਹ ਆਪ੍ਰੇਸ਼ਨ ਵਿਸਾਖੀ ਦੇ ਆਸ ਪਾਸ ਕੀਤਾ ਜਾਣਾ ਸੀ। ਨਾਗਰਾਨੀ ਮੁਤਾਬਕ ਉਨ੍ਹਾਂ ਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਉਸ ਦਿਨ ਹਰਿਮੰਦਰ ਸਾਹਿਬ ਵਿੱਚ ਕਿੰਨੇ ਲੋਕ ਮੌਜੂਦ ਰਹਿਣਗੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੌਰਾਨ ਸਾਡੇ ਸਾਹਮਣੇ ਆਏ ਆਮ ਲੋਕਾਂ ਵਿੱਚੋਂ ਵੀਹ ਫ਼ੀਸਦੀ ਲੋਕਾਂ ਦੀ ਜਾਨ ਜਾ ਸਕਦੀ ਹੈ। ਇਸ ਤੋਂ ਬਾਅਦ 'ਆਪ੍ਰੇਸ਼ਨ ਸਨਡਾਊਨ' ਨੂੰ ਰੱਦ ਕਰ ਦਿੱਤਾ ਗਿਆ। ਆਪ੍ਰੇਸ਼ਨ ਸਨਡਾਊਨ ਤਾਂ ਰੱਦ ਕਰ ਦਿੱਤਾ ਗਿਆ ਪਰ ਇਸ ਦੇ ਸਿਰਫ਼ ਤਿੰਨ ਮਹੀਨੇ ਬਾਅਦ ਆਪ੍ਰੇਸ਼ਨ ਬਲੂਸਟਾਰ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਕਿਤੇ ਜ਼ਿਆਦਾ ਆਮ ਲੋਕ ਅਤੇ ਸੈਨਿਕ ਮਾਰੇ ਗਏ।(ਬੀਬੀ ਸੀ) ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸੰਤ ਜੀ ਇੰਨੇ ਵੱਡੇ ਵਿਅਕਤੀ ਸਨ ਜਿਸ ਨੂੰ ਸ਼ਹੀਦ ਕਰਕੇ ਇੰਦਰਾ ਗਾਂਧੀ ਨੇ ਵੀ ਕੁਝ ਨਹੀਂ ਖੱਟਿਆ ਪਰ ਦੁੱਖ ਇਸ ਗੱਲ ਦਾ ਹੈ ਕਿ ਸਿੱਖ ਸਾਡੀ ਬਹੁਤ ਮਾਰਸ਼ਲ ਕੌਮ ਹੈ, ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਤ ਕੀਤਾ, ਅੰਗਰੇਜ਼ਾਂ ਦੀ ਪ੍ਰਵਾਹ ਨਹੀਂ ਕੀਤੀ। ਇਸ ਤੋਂ ‌ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਮੁਗ਼ਲਾਂ ਨਾਲ ਸਿੱਧੀ ਲੜਾਈ ਲੜੀ ਤੇ ਇਕ ਵੀ ਲੜਾਈ ਨਹੀਂ ਹਾਰੀ, ਸਿੱਖਾਂ ਨੇ ਅਹਿਮਦ ਸ਼ਾਹ ਦੁਰਾਨੀ ਵਰਗੇ ਵੱਡੇ ਤੇ ਖ਼ਤਰਨਾਕ ਮੁਗ਼ਲ ਹਾਕਮਾਂ ਨਾਲ ਸਿੱਧਾ ਪੰਗਾ ਲਿਆ ਪਰ ਹਾਰ ਨਹੀਂ ਮੰਨੀ। ਅਫ਼ਗ਼ਾਨਿਸਤਾਨ ਦੀ ਲੜਾਈ ਵਿਚ ਸਭ ਤੋਂ ਵੱਧ ਸਿੱਖਾਂ ਨੇ ਹੀ ਵਿਕਟੋਰੀਆ ਸਿੱਕੇ ਜਿੱਤੇ। ਭਾਰਤ ਦੀ ਹਰ ਇਕ ਲੜਾਈ ਵਿਚ ਸਿੱਖ ਰਜਮੈਂਟ ਨੇ ਅੱਗੇ ਹੋ ਕੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਹਰ ਤਰੱਕੀ ਵਿਚ ਯੋਗਦਾਨ ਪਾਇਆ ਪਰ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਕੀ ਦਿੱਤਾ। ਸਗੋਂ ਇਨ੍ਹਾਂ ਦੇ ਸਵਰਨ ਮੰਦਰ ਤੇ ਹੀ ਅਟੈਕ ਕਰਕੇ ਹਜ਼ਾਰਾਂ ਲੋਕ ਮਾਰ ਦਿੱਤੇ, ਕਿੰਨੇ ਸ਼ਰਮ ਦੀ ਗੱਲ ਹੈ।’ ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸੰਤ ਜੀ ਦੀ ਇੱਜ਼ਤ ਇੱਥੇ ਪੰਜਾਬ ਦੇ ਲੋਕ ਕਿੰਨੀ ਕੁ ਕਰਦੇ ਹਨ? ਹਾਂ ਉਨ੍ਹਾਂ ਦੀ ਇੱਜ਼ਤ ਤਾਂ ਕਰਦੇ ਹਨ ਪਰ ਕਰਦੇ ਹਨ ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਮੁਲਕਾਂ ਦੇ ਸਿੱਖ, ਪੰਜਾਬ ਵਿਚ ਕੌਣ ਉਨ੍ਹਾਂ ਦੀ ਇੱਜ਼ਤ ਕਰਦਾ ਹੈ’ ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰ ਅਕਾਲੀ ਲੀਡਰਾਂ ਤੋਂ ਕਿਤੇ ਚੰਗੇ ਲੀਡਰ ਸਨ, ਜੇਕਰ ਅੱਜ ਉਹ ਹੁੰਦੇ ਤਾਂ ਉਹ ਹੀ ਅੱਜ ਸਭ ਤੋਂ ਵੱਡੇ ਅਕਾਲੀ ਲੀਡਰ ਹੁੰਦੇ, ਪਰ ਦੂਜੇ ਅਕਾਲੀ ਲੀਡਰ ਨਹੀਂ ਚਾਹੁੰਦੇ ਸਨ ਕਿ ਸੰਤ ਲੌਂਗੋਵਾਲ ਇੱਥੇ ਲੀਡਰੀ ਕਰੇ ਤਾਂ ਹੀ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਲੌਂਗੋਵਾਲ ਤੇ ਰਾਜੀਵ ਸਮਝੌਤਾ ਜੇਕਰ ਲਾਗੂ ਹੁੰਦਾ ਤਾਂ ਕਾਫ਼ੀ ਕੁਝ ਸਿੱਖਾਂ ਦਾ ਹੱਲ ਹੋ ਜਾਣਾ ਸੀ ਪਰ ਕੁਝ ਅਕਾਲੀ ਲੀਡਰ ਇਹ ਨਹੀਂ ਚਾਹੁੰਦੇ ਸੀ’ ਸਤੀਸ਼ ਜੈਕਬ ਕਹਿੰਦੇ ਹਨ ‘ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤਾਂ ਉਸ ਵੇਲੇ ਦਿਲੀ ਤੋਂ ਲੈ ਕੇ ਹੋਰ ਕਈ ਜਗ੍ਹਾ ਸਿੱਖਾਂ ਦਾ ਕਤਲੇਆਮ ਹੋਇਆ, ਜੇਕਰ ਰਾਜੀਵ ਗਾਂਧੀ ਇਹ ਕਤਲੇਆਮ ਰੋਕ ਲੈਂਦੇ ਤਾਂ ਵੀ ਸਿੱਖਾਂ ਨਾਲ ਭਾਰਤ ਦੀ ਨੇੜਤਾ ਬਣ ਜਾਣੀ ਸੀ ਪਰ ਸਿੱਖਾਂ ਦਾ ਕਤਲ ਹੀ ਕੀਤਾ ਗਿਆ ਸਿੱਖਾਂ ਨੂੰ ਮਾਰਿਆ ਹੀ ਗਿਆ, ਸਿੱਖਾਂ ਨਾਲ ਗ਼ਲਤ ਹੀ ਕੀਤਾ ਗਿਆ, ਇਸ ਕਰਕੇ ਸਿੱਖ ਭਾਰਤ ਵਿਚ ਰਹਿੰਦੇ ਵੀ ਬੇਗਾਨਗੀ ਮਹਿਸੂਸ ਕਰ ਰਹੇ ਹਨ’ ਸਤੀਸ਼ ਜੈਕਬ ਪੰਜਾਬ ਦੇ ਮੁੱਦਿਆਂ ਬਾਰੇ ਕਹਿੰਦੇ ਹਨ ‘ਚੰਡੀਗੜ੍ਹ ਪੰਜਾਬ ਨੂੰ ਮਿਲਣਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕੇ ਤੇ ਹੋਰ ਕਈ ਸਾਰੇ ਮੁੱਦੇ ਕਦੇ ਹੱਲ ਹੋਣ ਵਾਲੇ ਨਹੀਂ ਹਨ ਕਿਉਂਕਿ ਪੰਜਾਬ ਦੇ ਲੀਡਰ ਵੀ ਨਹੀਂ ਚਾਹੁੰਦੇ ਕਿ ਇਹ ਮੁੱਦੇ ਹੱਲ ਹੋਣ’ ਸਤੀਸ਼ ਜੈਕਬ ਇਕ ਬਹੁਤ ਸਿਆਣੇ ਤੇ ਸੂਝਵਾਨ ਪੱਤਰਕਾਰ ਹਨ, ਉਨ੍ਹਾਂ ਨੇ ਪੰਜਾਬ ਦਾ ਦਰਦ ਦੇਖਿਆ, ਹਰ ਤਰ੍ਹਾਂ ਦੀ ਪੱਤਰਕਾਰੀ ਕੀਤੀ ਤੇ ਅੱਜ ਵੀ ਉਹ ਪੂਰੀ ਤਰ੍ਹਾਂ ਸਰਗਰਮ ਹਨ, ਉਹ ਪੂਰੇ ਹੌਸਲੇ ਨਾਲ ਗੱਲ ਕਰਦੇ ਹਨ। ਅਜਿਹੇ ਬੇਬਾਕ ਤੇ ਨਿਧੜਕ ਸਿਰੜੀ ਪੱਤਰਕਾਰ ਬਾਰੇ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਏਨਾ ਹੀ ਸਵੀਕਾਰ ਕਰਨਾ ਜੀ। ਬਾਕੀ ਛਪ ਰਹੀ ਕਿਤਾਬ ਵਿਚ, ਸਤੀਸ਼ ਜੈਕਬ ਦੀ ਲੰਬੀ ਤੰਦਰੁਸਤੀ ਭਰੀ ਉਮਰ ਦੀ ਕਾਮਨਾ ਕਰਦਾ ਹਾਂ.. ਆਮੀਨ! ਗੁਰਨਾਮ ਸਿੰਘ ਅਕੀਦਾ 8146001100
ਉਘੇ ਲੇਖਕ ਖੁਸ਼ਵੰਤ ਸਿੰਘ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਫੋਟੋਆਂ ਬੀਬੀਸੀ ਤੋਂ ਧੰਨਵਾਦ ਸਾਹਿਤ

Thursday, October 13, 2022

ਸਹਿਜਤਾ ਨਾਲ ਪੱਤਰਕਾਰੀ ਕਰਨ ਵਾਲਾ ਮਸਤ ਮੌਲਾ ਪੱਤਰਕਾਰ ‘ਜਸਵਿੰਦਰ ਸਿੰਘ ਦਾਖਾ’

ਪੱਤਰਕਾਰ ਨੂੰ ਭਾਂਤ ਭਾਂਤ ਦੀ ਦੁਨੀਆ ਮਿਲਦੀ ਹੈ, ਪੱਤਰਕਾਰ ਨੂੰ ਪ੍ਰਭਾਵ ਵਿਚ ਲੈਣ ਲਈ ਵੱਖ ਵੱਖ ਮਨਮੋਹਣੇ ਤਰੀਕੇ ਵੀ ਅਪਣਾਏ ਜਾਂਦੇ ਹਨ। ਹੋਟਲਾਂ ਵਿਚ ਪਾਰਟੀਆਂ, ਮਹਿੰਗੇ ਬਰੈਂਡ ਦੀਆਂ ਸ਼ਰਾਬਾਂ ਅਤੇ ਪੱਤਰਕਾਰ ਦੀਆਂ ਬੇਲੋੜੀਆਂ ਤਾਰੀਫ਼ਾਂ ਉਸ ਨੂੰ ਆਮ ਮਿਲਦੀਆਂ ਹਨ। ਖ਼ਬਰ ਭਾਵੇਂ ਪੜ੍ਹੀ ਵੀ ਨਾ ਹੋਵੇ ਤਾਂ ਵੀ ਪੱਤਰਕਾਰ ਕੋਲ ਉਸ ਦੀ ਖ਼ਬਰ ਦੀ ਬਿਨਾਂ ਮਤਲਬ ਤਾਰੀਫ਼ ਕਰਨਾ। ਇਹ ਆਮ ਹੈ, ਪਰ ਅਜਿਹੀਆਂ ਪਰਿਸਥਿਤੀਆਂ ਵਿਚ ਵੀ ਇਕ ਆਦਰਸ਼ਵਾਦੀ ਪੱਤਰਕਾਰ ਨਿਰਲੇਪ ਰਹਿੰਦਾ ਹੈ ‘ਕਮਲ ਦੇ ਫੁੱਲ ਵਾਂਗ’। ਜਿਵੇਂ ਚਿੱਕੜ ਵਿਚ ਜੜ੍ਹਾਂ ਫੈਲਾ ਕੇ ਪੈਦਾ ਹੋਏ ਕਮਲ ਦੇ ਫੁੱਲ ਦੀ ਆਪਣੀ ਇਕ ਦਿੱਖ ਹੁੰਦੀ ਹੈ। ਉਹ ਲੋਕਾਂ ਨੂੰ ਮਿਲੇ ਭਾਵੇਂ ਲੀਡਰਾਂ ਨੂੰ, ਪਰ ਜਦੋਂ ਉਹ ਖ਼ਬਰ ਲਿਖਣ ਬੈਠਦਾ ਹੈ ਤਾਂ ਉਸ ਉੱਤੇ ਕਿਸੇ ਦਾ ਵੀ ਪ੍ਰਭਾਵ ਹਾਵੀ ਨਹੀਂ ਹੁੰਦਾ। ਅਜਿਹੇ ਚੰਗੇ ਪੱਤਰਕਾਰਾਂ ਵਿਚੋਂ ਇਕ ਪੱਤਰਕਾਰ ਹੈ ‘ਜਸਵਿੰਦਰ ਸਿੰਘ ਦਾਖਾ’ ਜਿਸ ਨੇ ਸਹਿਜਤਾ ਵਿਚ ਰਹਿੰਦਿਆਂ ਮਸਤਮੌਲਾ ਅੰਦਾਜ਼ ਵਿਚ ਪੱਤਰਕਾਰੀ ਕੀਤੀ। ਪਟਿਆਲਾ ਵਿਚ 16 ਨਵੰਬਰ 1959 ਨੂੰ ਜਨਮੇ ਜਸਵਿੰਦਰ ਸਿੰਘ ਦਾਖਾ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਖਾ ਨਾਲ ਜੁੜਿਆ ਹੈ। ਦਾਦਾ ਸ. ਕੇਹਰ ਸਿੰਘ ਖੇਤੀਬਾੜੀ ਕਰਦੇ ਸੀ। ਪਿਤਾ ਸ. ਰਾਮ ਸਿੰਘ ਅਤੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ 1952-53 ਵਿਚ ਪਟਿਆਲਾ ਆ ਗਏ। ਪਿਤਾ ਸ. ਰਾਮ ਸਿੰਘ ਨੇ ਪਟਿਆਲਾ ਵਿਚ ਕਿਰਤ ਕਰਦਿਆਂ ਆਪਣਾ ਜੀਵਨ ਸ਼ੁਰੂ ਕੀਤਾ। ਦਾਖਾ ਹੋਰੀਂ ਇਕ ਭੈਣ ਦੇ ਤਿੰਨ ਭਰਾ ਹਨ। -ਪੱਤਰਕਾਰੀ ਦੀ ਸ਼ੁਰੂਆਤ- ਜਸਵਿੰਦਰ ਸਿੰਘ ਦਾਖਾ ਹੋਰੀਂ ਉਦੋਂ ਮਸਾਂ 5ਵੀਂ ‌ਵਿਚ ਪੜ੍ਹਦੇ ਸਨ। ਉਸ ਵੇਲੇ ਇਕ ਖ਼ਬਰ ਬੜੀ ਨਸਰ ਹੋ ਰਹੀ ਸੀ ਕਿ ਦਰਸ਼ਨ ਸਿੰਘ ਫੈਰੁਮਾਨ 52 ਦਿਨਾਂ ਦੀ ਭੁੱਖ ਹੜਤਾਲ ਕਰਦੇ ਸਮੇਂ ਅਕਾਲ ਚਲਾਣਾ ਕਰ ਗਏ ਹਨ। ਅਧਿਆਪਕ ਸੁਰਿੰਦਰ ਕੌਰ ਨੇ ਕਲਾਸ ਵਿਚ ਬੱਚਿਆਂ ਨੂੰ ਆਪਣੇ ਅਨੁਸਾਰ ਲੈਕਚਰ ਦੇਣ ਲਈ ਕਿਹਾ, ਬਾਲ ਮਨ ਸੀ ਤਾਂ ਦਾਖਾ ਹੋਰਾਂ ਨੇ ਜਿਵੇਂ ਫੈਰੁਮਾਨ ਹੋਰਾਂ ਦੀ ਖ਼ਬਰ ਸੁਣੀ ਸੀ ਉਹ ਹੀ ਕਲਾਸ ਵਿਚ ਸੁਣਾ ਦਿੱਤੀ ਤਾਂ ਸੁਰਿੰਦਰ ਕੌਰ ਨੇ ਪਹਿਲੀ ਟਿੱਪਣੀ ਕੀਤੀ ਕਿ ‘ਤੂੰ ਤਾਂ ਸਾਡਾ ਰੇਡੀਓ ਹੈਂ’। ਉਸ ਤੋਂ ਬਾਅਦ ਰੇਡੀਓ ਤੇ ਇਕ ‘ਮਿਰਚ ਮਹਾਰਾਣੀ’ ਕਹਾਣੀ ਸੁਣੀ। ਉਹ ਵੀ ਦਾਖਾ ਹੋਰਾਂ ਨੇ ਆਪਣੇ ਤਰੀਕੇ ਨਾਲ ਲਿਖੀ, ਜਦੋਂ ਉਨ੍ਹਾਂ ਨੇ ਛੇਵੀਂ ਕਲਾਸ ਵਿਚ ਮਲਟੀਪਰਪਜ਼ ਸਕੂਲ ਵਿਚ ਦਾਖਲਾ ਲਿਆ ਤਾਂ ਉਸ ਵੇਲੇ ਉਹ ਸਕੂਲ ਦੇ ਮੈਗਜ਼ੀਨ ਵਿਚ ਛਪੀ। ਪੜ੍ਹਨ ਦਾ ਸ਼ੌਕ ਹੋਣ ਕਰਕੇ ਜਿੱਥੇ ਵੀ ਕੁਝ ਅਖ਼ਬਾਰੀ ਰੂਪ ਵਿਚ ਹੁੰਦਾ ਉਹ ਪੜ੍ਹ ਲੈਂਦੇ। ਉਸ ਤੋਂ ਬਾਅਦ ਕਿਲ੍ਹਾ ਚੌਂਕ ਵਿਚ ਆਰਜੇਡੀਸੀ ਨਾਮ ਦੀ ਇਕ ਲਾਇਬ੍ਰੇਰੀ ਹੁੰਦੀ ਸੀ ਉਸ ਦੀ ਮੈਂਬਰਸ਼ਿਪ ਹਾਸਲ ਕਰ ਲਈ, ਨਾਲ ਹੀ ਸੈਂਟਰ ਸਟੇਟ ਲਾਇਬ੍ਰੇਰੀ ਪਟਿਆਲਾ ਦੀ ਮੈਂਬਰਸ਼ਿਪ ਵੀ ਹਾਸਲ ਕਰ ਲਈ। ਉਸ ਤੋਂ ਬਾਅਦ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਪੜਾਈ ਦੇ ਨਾਲ ਨਾਲ ਜਾਣਕਾਰੀ ਨਾਲ ਸਬੰਧਿਤ ਤੇ ਹੋਰ ਵੱਖ ਵੱਖ ਵਿਧਾਵਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ। ਜਦੋਂ ਦਾਖਾ ਹੋਰੀਂ ਬੀਏ ਭਾਗ ਪਹਿਲਾ ਵਿਚ ਸਨ ਤਾਂ ਇਕ ਮੁੰਡਾ ਰਮੇਸ਼ ਬਾਲਾ ਉਨ੍ਹਾਂ ਨੂੰ ਰਣਜੀਤ ਅਖ਼ਬਾਰ ਵਿਚ ਲੈ ਗਿਆ। ਇੱਥੇ ਸੰਪਾਦਕ ਰਣਜੀਤ ਸਿੰਘ ਮਨੀ ਨੇ ਦਾਖਾ ਹੋਰਾਂ ਨੂੰ ਬਤੌਰ ਸਬ ਐਡੀਟਰ ਰੱਖ ਲਿਆ। ਉਸ ਵੇਲੇ ਰੇਡੀਓ ਤੋਂ ‘ਧੀਮੀ ਗਤੀ ਕੇ ਸਮਾਚਾਰ’ ਹਿੰਦੀ ਵਿਚ ਆਇਆ ਕਰਦੇ ਸੀ ਤਾਂ ਉਹ ਸਮਾਚਾਰ ਦੇ ਬੁਲੇਟਿਨ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਦਾਖਾ ਹੋਰੀਂ ਅਖ਼ਬਾਰ ਵਿਚ ਦੇ ਦਿੰਦੇ, ਇਹ ਕੰਮ ਉਨ੍ਹਾਂ ਦਾ ਸਿਰਫ਼ 15 ਕੁ ਮਿੰਟ ਦਾ ਹੁੰਦਾ ਸੀ। ਇਸ ਵੇਲੇ ਰਣਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਐੱਚ ਐੱਸ ਮਿਹਰ ਸਿੰਘ ਹੁੰਦੇ ਸੀ, ਉਨ੍ਹਾਂ ਨੇ ਦਾਖਾ ਹੋਰਾਂ ਦਾ ਕੰਮ ਦੇਖਿਆ, ਉਹ ਕਹਿਣ ਲੱਗੇ ਕਿ ‘ਤੂੰ 15 ਮਿੰਟਾਂ ਵਿਚ ਆਪਣਾ ਕੰਮ ਨਬੇੜ ਕੇ ਤੇ ਤਨਖ਼ਾਹ ਪੂਰੀ ਲੈ ਲੈਂਦਾ ਹੈਂ, ਇਹ ਤਾਂ ਪ੍ਰੈੱਸ ’ਤੇ ਭਾਰ ਹੈ’ ਅਜਿਹੀ ਗੱਲ ਜਸਵਿੰਦਰ ਸਿੰਘ ਦਾਖਾ ਹੋਰਾਂ ਨੂੰ ਚੰਗੀ ਨਾ ਲੱਗੀ ਤਾਂ ਉਨ੍ਹਾਂ ਰਣਜੀਤ ਅਖ਼ਬਾਰ ਛੱਡ ਦਿੱਤੀ। ਉਸ ਤੋਂ ਬਾਅਦ ਜਗਜੀਤ ਸਿੰਘ ਦਰਦੀ ਹੋਰਾਂ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਅਖ਼ਬਾਰ ‘ਚੜ੍ਹਦੀਕਲਾ’ ਵਿਚ ਬਤੌਰ ‘ਸਬ ਐਡੀਟਰ’ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਵੀ ਬਹੁਤਾ ਚਿਰ ਮਨ ਨਹੀਂ ਲੱਗਾ ਤਾਂ ਪਟਿਆਲਾ ਵਿਚੋਂ ਹੀ ਮੋਹਨ ਸਿੰਘ ਪ੍ਰੇਮ ਵੱਲੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਨਵਾਂ ਸਵੇਰ’ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਇਕ ਰਾਮਪੁਰਾ ਫੂਲ ਦਾ ਮੁੰਡਾ ਹੁੰਦਾ ਸੀ ਜਸਬੀਰ ਸਿੰਘ ਜੱਸੀ, ਉਸ ਨੇ ਦਾਖਾ ਹੋਰਾਂ ਨੂੰ ਆਪਣੇ ਕੋਲ ਪਿਆ ਕੈਮਰਾ ਦੇ ਦਿੱਤਾ। ਉਹ ਕੈਮਰਾ ਲੈ ਕੇ ਸਨੌਰ ਜਾ ਰਹੇ ਸਨ ਕਿ ਰਸਤੇ ਵਿਚ ਗੱਡੀ ਲੋਹਾਰ ਬੈਠੇ ਸੀ, ਉੱਥੇ ਇਕ ਪੱਤਰਕਾਰ ਦੀ ਨਜ਼ਰ ਨੇ ਕੰਮ ਕੀਤਾ, ਗੱਡੀ ਲੋਹਾਰਾਂ ਦੀ ਇਕ ਔਰਤ ਹੁੱਕਾ ਪੀ ਰਹੀ ਸੀ, ਉਸ ਦਾ ਇਕ ਬੱਚਾ ਉਸ ਔਰਤ ਦੀਆਂ ਛਾਤੀਆਂ ਚੋਂ ਦੁੱਧ ਚੁੰਘ ਰਿਹਾ ਸੀ ਤੇ ਇਕ ਨੰਗਾ ਬੱਚਾ ਕੋਲ ਖੜ੍ਹਾ ਸੀ, ਇਹ ਫ਼ੋਟੋ ਆਪਣੇ ਕੈਮਰੇ ਵਿਚ ਦਾਖਾ ਹੋਰਾਂ ਨੇ ਕੈਦ ਕਰ ਲਈ ਤੇ ਉਸ ਔਰਤ ਨੂੰ ਦੋ ਰੁਪਏ ਵੀ ਦੇ ਦਿੱਤੇ। ਇਹ ਫ਼ੋਟੋ ਉਨ੍ਹਾਂ ਪੰਜਾਬੀ ‌ਟ੍ਰਿਬਿਊਨ ਵਿਚ ਭੇਜ ਦਿੱਤੀ, ਇਹ ਫ਼ੋਟੋ ਪੰਜਾਬੀ ਟ੍ਰਿਬਿਊਨ ਦੇ ‘ਇਹੋ ਹਮਾਰਾ ਜੀਵਣਾ’ ਕਾਲਮ ਵਿਚ ਛਪੀ ਤੇ ਉਸ ਫ਼ੋਟੋ ਤੇ ਦਾਖਾ ਹੋਰਾਂ ਨੂੰ ਪੰਜਾਬੀ ਟ੍ਰਿ‌ਬਿਊਨ ਨੇ 30 ਰੁਪਏ ਵੀ ਭੇਜੇ। ਇਸੇ ਤਰ੍ਹਾਂ ਦਸਹਿਰੇ ਤੋਂ ਪਹਿਲਾਂ ਕਈ ਸਾਰੇ ਪਿੰਡਾਂ ਵਿਚ ਨਰਾਤਿਆਂ ਨੂੰ ਦੀਵਾਰਾਂ ਦੇ ਸਾਂਝੀ ਲਗਾਈ ਜਾਂਦੀ ਹੈ। ਉਸ ਸਾਂਝੀ ਕੋਲ ਕੁਝ ਔਰਤਾਂ ਤੇ ਕੁੜੀਆਂ ਆਰਤੀ ਵਾਂਗ ਗੀਤ ਗਾ ਰਹੀਆਂ ਸਨ, ਉਹ ਸਾਰੀ ਕਹਾਣੀ ਬਣਾ ਕੇ ਦਾਖਾ ਹੋਰਾਂ ਨੇ ਪੰਜਾਬੀ ਟ੍ਰਿ‌‌ਬਿਊਨ ਵਿਚ ਭੇਜ ਦਿੱਤੀ। ਪੰਜਾਬੀ ਟ੍ਰਿਬਿਊਨ ਨੇ ਇਹ ਫ਼ੋਟੋ ਫ਼ਰੰਟ ਪੇਜ ਤੇ ਛਾਪੀ ਅਤੇ ਇਸ ਫ਼ੋਟੋ ਨਾਲ ਭੇਜਿਆ ਆਰਟੀਕਲ ਅੰਦਰਲੇ ਪੇਜ ਵਿਚ ਅੱਠ ਕਾਲਮਾਂ ਦਾ ਛਾਪਿਆ। ਕੈਮਰਾ ਦੇਣ ਵਾਲਾ ਜੱਸੀ ਤੇ ਦਾਖਾ ਹੋਰੀਂ ਇਕ ਦਿਨ ਪੰਜਾਬੀ ਟ੍ਰਿਬਿਊਨ ਵਿਚ ਚਲੇ ਗਏ, ਉਸ ਵੇਲੇ ਪੰਜਾਬੀ ਟ੍ਰਿ‌‌‌ਬਿਊਨ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੁੰਦੇ ਸਨ। ਦਾਖਾ ਹੋਰੀਂ ਚਾਹੁੰਦੇ ਸੀ ਕਿ ਉਹ ਪੰਜਾਬੀ ਟ੍ਰਿ‌‌ਬਿਊਨ ਦੇ ਪੱਤਰਕਾਰ ਬਣ ਜਾਣ ਪਰ ਬਰਜਿੰਦਰ ਸਿੰਘ ਹਮਦਰਦ ਦਾਖਾ ਹੋਰਾਂ ਨੂੰ ‘ਅਜੀਤ’ ਵਿਚ ਲੈ ਗਏ। ਅਜੀਤ ਦੇ ਪੱਤਰਕਾਰ ਬਣਨ ਤੋਂ ਬਾਅਦ ਵੀ ਦਾਖਾ ਹੋਰਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਸ ਵੇਲੇ ਪਟਿਆਲਾ ਵਿਚ ਅਜੀਤ ਦੇ ਸਥਾਪਤ ਪੱਤਰਕਾਰ ਗਿਆਨੀ ਮੋਹਰ ਸਿੰਘ ਰੰਗ ਤੇ ਆਈ ਐੱਸ ਚਾਵਲਾ ਸਨ। ਪਟਿਆਲਾ ਵਿਚ ਪੱਤਰਕਾਰੀ ਵਜੋਂ ਪੈਰ ਜਮਾਉਣ ਵਿਚ ਸਥਾਪਤ ਪੱਤਰਕਾਰਾਂ ਵੱਲੋਂ ਕਾਫ਼ੀ ਮੁਸ਼ਕਲਾਂ ਖੜੀਆਂ ਕੀਤੀਆਂ (ਇਹ ਮੇਰੇ ਨਾਲ ਵੀ ਹੋਇਆ, ਕਦੇ ਸਾਂਝਾ ਕਰਾਂਗੇ ਪੁਰੀ ਕਹਾਣੀ) ਉਸ ਵੇਲੇ ਪੱਤਰਕਾਰੀ ਬੜੀ ਮੁਸ਼ਕਿਲ ਕੰਮ ਹੁੰਦਾ ਸੀ, ਕਿਤੇ ਕਿਤੇ ਟੈਲੀਫ਼ੋਨ ਹੁੰਦੇ ਸਨ। ਪਹਿਲਾਂ ਕਾਲ ਬੁੱਕ ਕਰਾਉਣੀ ਪੈਂਦੀ ਸੀ, ਕਾਫ਼ੀ ਸਮਾਂ ਉਡੀਕ ਕਰਨੀ ਤੇ ਫੇਰ ਕਾਲ ਲੱਗਣੀ ਤਾਂ ਡੈਸਕ ਤੇ ਗੱਲ ਹੁੰਦੀ, ਜੇਕਰ ਖ਼ਬਰ ਜ਼ਰੂਰੀ ਹੁੰਦੀ ਤਾਂ ਫ਼ੋਨ ਤੇ ਹੀ ਸਬ ਐਡੀਟਰ ਨੂੰ ਨੋਟ ਕਰਵਾ ਦੇਣੀ। ਉਸ ਤੋਂ ਬਾਅਦ ਪਟਿਆਲਾ ਦੇ ਲੀਲ੍ਹਾ ਭਵਨ ਕੋਲ ਟੈਲੀਫ਼ੋਨ ਵਿਭਾਗ ਵਿਚ ਫੈਕਸ ਲਗਾ ਦਿੱਤੀ ਗਈ, ਪਹਿਲਾਂ ਖ਼ਬਰਾਂ ਟਾਈਪ ਕਰਨੀਆਂ ਤੇ ਫੇਰ ਖ਼ਬਰਾਂ ਫੈਕਸ ਕਰਾਉਣ ਜਾਣਾ, ਇਸ ਲਈ ਕਾਫ਼ੀ ਵਾਰ ਉਨ੍ਹਾਂ ਦੀ ਮਦਦ ਗਗਨਦੀਪ ਸਿੰਘ ਅਹੂਜਾ ਕਰਿਆ ਕਰਦੇ ਸਨ। (ਗਗਨਦੀਪ ਸਿੰਘ ਅਹੂਜਾ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਹੋਰਾਂ ਦੇ ਸਪੁੱਤਰ ਹਨ, ਜਿਨ੍ਹਾਂ ਦਾ ਪਹੁ ਫੁੱਟੀ ਅਖ਼ਬਾਰ ਪਟਿਆਲਾ ਵਿਚ ਕਾਫ਼ੀ ਚਰਚਿਤ ਸੀ, ਸਾਹਿਤ ‌ਵਿਚ ਉਹ ਸਾਹਿਤਕ ਕਹਾਣੀਆਂ ਦਾ ਮੁਕਾਬਲਾ ਵੀ ਕਰਵਾਇਆ ਕਰਦੇ ਸਨ, ਉਨ੍ਹਾਂ ਬਾਰੇ ਜੇਕਰ ਤੱਥ ਮਿਲੇ ਤਾਂ ਇਸ ਕਿਤਾਬ ਦਾ ਹਿੱਸਾ ਜ਼ਰੂਰ ਬਣਾਵਾਂਗੇ। ਗਗਨਦੀਪ ਅਹੂਜਾ ਕਈ ਸਾਰੇ ਮੀਡੀਆ ਵਿਚ ਕੰਮ ਕਰ ਚੁੱਕੇ ਹਨ, ਯੂਐਨਆਈ, ਪੀਟੀਆਈ ਵਿਚ ਵੀ ਉਹ ਕੰਮ ਕਰ ਚੁੱਕੇ ਹਨ ਅੱਜ ਕੱਲ੍ਹ ਉਹ ਪੀਟੀਸੀ ਚੈਨਲ ਵਿਚ ਹਨ।) ਗਗਨਦੀਪ ਸਿੰਘ ਅਹੂਜਾ ਕੋਲ ਸਕੂਟਰ ਹੁੰਦਾ ਸੀ, ਆਮ ਤੌਰ ਤੇ ਟੈਲੀਫ਼ੋਨ ਵਿਭਾਗ ਵਿਚ ਫੈਕਸ ਕਰਨ ਲਈ ਇਕ ਪੇਜ ਦਾ ਰੇਟ 20-25 ਰੁਪਏ ਹੁੰਦਾ ਸੀ। ਕਈ ਵਾਰੀ ਪੇਜ ਵਿਚਕਾਰ ਹੀ ਬੰਦ ਹੋ ਜਾਂਦਾ ਸੀ, ਵਾਰ ਵਾਰ ਕਰਨਾ ਪੈਂਦਾ ਤਾਂ ਰੁਪਏ ਵੱਧ ਜਾਂਦੇ ਸਨ, ਬੇਸ਼ੱਕ ਉਹ ਰੁਪਏ ਅਜੀਤ ਵੱਲੋਂ ਵਾਪਸ ਦੇ ਦਿੱਤੇ ਜਾਂਦੇ ਸਨ। ਮੇਰੇ ਯਾਦ ਹੈ ਦਾਖਾ ਹੋਰਾਂ ਦਾ ਦਫ਼ਤਰ ਸ਼ੇਰਾਂਵਾਲਾ ਗੇਟ ਕੋਲ ਹੁੰਦਾ ਸੀ, ਦਫ਼ਤਰ 1992 ਵਿਚ ਖੋਲ੍ਹ ਲਿਆ ਸੀ (ਅੱਜ ਕੱਲ੍ਹ ਸ਼ੇਰਾਂ ਵਾਲਾ ਗੇਟ ਮਾਲ ਰੋਡ ਤੇ ਬਣਾ ਦਿੱਤਾ ਗਿਆ ਹੈ ਪਹਿਲਾਂ ਸ਼ੇਰਾਂ ਵਾਲਾ ਗੇਟ ਮਾਲ ਰੋਡ ਤੋਂ ਅੱਧਾ ਕੁ ਕਿੱਲੋਮੀਟਰ ਅੰਦਰ ਹੁੰਦਾ ਸੀ। ਉਹ ਗੇਟ ਖ਼ਤਮ ਕਰ ਦਿੱਤਾ ਗਿਆ, ਮਾਲ ਰੋਡ ਤੇ ਇਕ ਹੋਰ ਗੇਟ ਬਣਾ ਕੇ ਉਸ ਦੇ ਨਾਲ ਦੋ ਸ਼ੇਰ ਖੜ੍ਹਾ ਦਿੱਤੇ ਗਏ ਤਾਂ ਕਿ ਲੋਕਾਂ ਵਿਚ ਇਹ ਪ੍ਰਭਾਵ ਜਾਵੇ ਕਿ ਇੱਥੇ ਸ਼ੇਰ ਹੁੰਦੇ ਸਨ।) ਦਾਖਾ ਹੋਰਾਂ ਦਾ ਦਫ਼ਤਰ ਚੁਬਾਰੇ ਉੱਤੇ ਹੁੰਦਾ ਸੀ, ਭੀੜੀ ਜਿਹੀ ਪੌੜੀ ਹੋਣੀ ਤੇ ਉਪਰ ਚੜ ਕੇ ਅੱਗੇ ਜਿਹੇ ਜਾ ਕੇ ਦੇਖਣਾ ਕਿ ਦਾਖਾ ਹੋਰੀਂ ਆਪਣੇ ਟਾਈਪ ਰਾਈਟਰ ਤੇ ਖ਼ਬਰਾਂ ਟਾਈਪ ਕਰ ਰਹੇ ਹੁੰਦੇ ਸਨ। ਕੰਮ ਸਮੇਂ ਮਤਲਬ ਦੀ ਗੱਲ ਕਰਨਾ, ਉਂਜ ਵੀ ਦਾਖਾ ਹੋਰੀਂ ਬਹੁਤ ਘੱਟ ਕਿਸੇ ਨਾਲ ਗੱਲ ਕਰਦੇ ਪਰ ਜਦੋਂ ਦਿਲ ਕਰਦਾ ਤਾਂ ਹਾਸੇ ਠੱਠੇ ਵੀ ਕਰਦੇ ਦੇਖੇ ਜਾਂਦੇ ਸਨ। ਉਹ ਗੱਲਾਂ ਵਿਚੋਂ ਗੱਲ ਸੁਣਾਉਂਦੇ ਹਨ ਕਿ ‘ਜਦੋਂ ਮੈਂ ਟੈਲੀਫ਼ੋਨ ਦੀ ਕਾਲ ਬੁੱਕ ਕਰਾਉਣੀ ਤਾਂ ਸਥਾਪਤੀ ਵਾਲੇ ਪੱਤਰਕਾਰ ਕਈ ਵਾਰੀ ਮੇਰੀ ਕਾਲ ਨੂੰ ਰੱਦ ਵੀ ਕਰਵਾ ਦਿੰਦੇ ਸਨ ਤਾਂ ਕਿ ਮੇਰੀ ਖ਼ਬਰ ਜਾਣ ਵਿਚ ਦੇਰੀ ਹੋ ਜਾਵੇ। ਪਰ ਆਪਾਂ ਕੰਮ ਕਰਦੇ ਰਹੇ, ਕੰਮ ਕਰਨਾ ਹੀ ਮੇਰਾ ਧਰਮ ਸੀ।’ ਖ਼ਬਰਾਂ ਜਲੰਧਰ ਤੱਕ ਭੇਜਣ ਦਾ ਬੜਾ ਮਿਹਨਤ ਦਾ ਕੰਮ ਹੁੰਦਾ ਸੀ, ਸਵੇਰੇ ਹੀ ਖ਼ਬਰਾਂ ਲਿਖਣੀਆਂ ਜਾਂ ਟਾਈਪ ਕਰਨੀਆਂ ਸ਼ੁਰੂ ਕਰਨੀਆਂ, ਸਵੇਰ ਦੀਆਂ ਖ਼ਬਰਾਂ ਬੱਸ ਸਟੈਂਡ ਜਾ ਕੇ ਜਲੰਧਰ ਜਾਂਦੀ ਬੱਸ ਦੇ ਡਰਾਈਵਰ ਨੂੰ ਫੜਾ ਆਉਣੀਆਂ, ਡਰਾਈਵਰ ਨੇ ਜਲੰਧਰ ਵਿਚ ਜਾ ਕੇ ਅਖ਼ਬਾਰ ਦੇ ਲੱਗੇ ਬਕਸੇ ਵਿਚ ਖ਼ਬਰਾਂ ਪਾ ਦੇਣੀਆਂ, ਇਹੀ ਕੰਮ ਸ਼ਾਮ ਵੇਲੇ ਵੀ ਹੁੰਦਾ ਸੀ। ਉਸ ਵੇਲੇ ਖ਼ਬਰਾਂ ਛਪਾਉਣ ਵਿਚ ਡਰਾਈਵਰਾਂ ਤੇ ਕੰਡਕਟਰਾਂ ਦਾ ਬੜਾ ਯੋਗਦਾਨ ਹੁੰਦਾ ਸੀ। ਜੇਕਰ ਡਰਾਈਵਰ ਤੇ ਕੰਡਕਟਰ ਖ਼ਬਰਾਂ ਲੈ ਕੇ ਜਾਣ ਤੋਂ ਮਨਾ ਕਰ ਦਿੰਦੇ ਤਾਂ ਸ਼ਾਇਦ ਬਹੁਤ ਸਾਰੀਆਂ ਖ਼ਬਰਾਂ ਅਖ਼ਬਾਰਾਂ ਦੇ ਕਾਲਮਾਂ ਦਾ ਹਿੱਸਾ ਬਣਨ ਤੋਂ ਰਹਿ ਜਾਂਦੀਆਂ। ਦਾਖਾ ਹੋਰੀਂ ਕਹਿੰਦੇ ਹਨ ਕਿ ‘ਇਕ ਵਾਰ ਅਸੀਂ ਫ਼ਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਤੇ ਜਾ ਰਹੇ ਸੀ ਮੇਰੇ ਨਾਲ ਗੁਰਪ੍ਰੀਤ ਸਿੰਘ ਮੰਡਿਆਣੀ (ਇਕ ਖ਼ੋਜੀ ਪੱਤਰਕਾਰ) ਤੇ ਅਮਰੀਕ ਸਿੰਘ ਮਲਕਪੁਰ ਵੀ ਸਨ। ਉਨ੍ਹਾਂ ਨੇ ਮੇਰੀ ਜਾਣ ਪਹਿਚਾਣ ਪਟਿਆਲਾ ਦੇ ਉਸ ਵੇਲੇ ਦੇ ਏਪੀਆਰਓ ਉਜਾਗਰ ਸਿੰਘ ਨਾਲ ਕਰਵਾਈ। ਗੁਰਪ੍ਰੀਤ ਸਿੰਘ ਹੋਰਾਂ ਨੇ ਮੇਰਾ ਬੜਾ ਸਾਥ ਦਿੱਤਾ, ਉਨ੍ਹਾਂ ਮੈਨੂੰ ਵਰਤਣ ਲਈ ਆਪਣਾ ਹਰੇ ਰੰਗ ਦਾ ਚੇਤਕ ਸਕੂਟਰ ਵੀ ਦਿੱਤਾ।’ ਆਮ ਪੱਤਰਕਾਰਾਂ ਵਾਂਗ ਦਾਖਾ ਹੋਰਾਂ ਨੂੰ ਵੀ ਸਰਕਾਰੀ ਮਾਨਤਾ ਲੈਣ ਲਈ ਸੰਘਰਸ਼ ਕਰਨਾ ਪਿਆ, ਸਥਾਪਤੀ ਵਾਲੇ ਪੱਤਰਕਾਰ ਨਹੀਂ ਚਾਹੁੰਦੇ ਸਨ ਕਿ ਜਸਵਿੰਦਰ ਸਿੰਘ ਦਾਖਾ ਪੱਤਰਕਾਰੀ ਵਿਚ ਆਪਣੇ ਪੈਰ ਜਮਾ ਸਕੇ। ਪਰ ਉਹ ਸਿਰੜੀ ਨਿਕਲੇ ਤੇ ਆਪਣਾ ਕੰਮ ਕਰਦੇ ਰਹੇ। ਦਾਖਾ ਹੋਰਾਂ ਨੇ ਐਕਰੀਡੇਸ਼ਨ ਕਰਾਉਣੀ ਸੀ, ਉਸ ਲਈ ਬੜੀਆਂ ਅੜਚਣਾਂ ਆ ਰਹੀਆਂ ਸਨ ਪਰ ਇਹ ਸਾਰੀਆਂ ਅੜਚਣਾਂ ਦੂਰ ਕਰਨ ਵਿਚ ਮੌਕੇ ਤੇ ਡੀਪੀਆਰਓ ਸੁਖਦੇਵ ਸਿੰਘ ਨੇ ਬੜਾ ਸਾਥ ਦਿੱਤਾ, ਉਸ ਨੇ ਦਾਖਾ ਹੋਰਾਂ ਦੀ ਐਕਰੀਡੈਸ਼ਨ ਕਰਵਾ ਕੇ ਦਿੱਤੀ। ਕੁਝ ਸਮਾਂ ਬਾਅਦ ਦਾਖਾ ਹੋਰਾਂ ਨੂੰ ਇਕ ਟੈਲੀਫ਼ੋਨ ਵੀ ਮਿਲ ਗਿਆ ਜਿਸ ਦਾ ਨੰਬਰ ਸੀ 212117, ਘਰ ਨੇੜੇ ਹੋਣ ਕਰਕੇ ਇੱਕੋ ਨੰਬਰ ਘਰ ਵਿਚ ਵੀ ਚੱਲ ਜਾਂਦਾ ਸੀ। ਹੁਣ ਥੋੜ੍ਹਾ ਕੰਮ ਸੁਖਾਲਾ ਹੋਣ ਲੱਗ ਪਿਆ ਸੀ। ਹੁਣ ਹੋਰ ਅਖ਼ਬਾਰਾਂ ਦੇ ਸਾਥੀ ਪੱਤਰਕਾਰ ਵੀ ਸਾਥ ਦੇਣ ਲੱਗ ਪਏ ਸਨ ਜਿਵੇਂ ਕਿ ਪੰਜਾਬੀ ਟ੍ਰਿਬਿਊਨ ਦੇ ਸਰੋਜ ਸਰਹਿੰਦ, ਜਗਬਾਣੀ ਪੰਜਾਬ ਕੇਸਰੀ ਦੇ ਭੂਸ਼ਣ ਸਰਹਿੰਦੀ, ਦਾ ਟ੍ਰਿਬਿਊਨ ਦੇ ਹਰਵੀਰ ਭੰਵਰ, ਇੰਡੀਅਨ ਐਕਸਪ੍ਰੈੱਸ ਦੇ ਵੀਰ ਚੰਦ ਹੁੰਦੇ ਸਨ। ਪੱਤਰਕਾਰ ਆਪੋ ਆਪਣਾ ਕੰਮ ਕਰਦੇ ਸਨ ਪਰ ਉਸ ਵੇਲੇ ਪੱਤਰਕਾਰ ਘੱਟ ਸਨ ਪਰ ਪੱਤਰਕਾਰਾਂ ਦੀ ਇੱਜ਼ਤ ਸੀ। ਜੋ ਵੀ ਖ਼ਬਰ ਛਪਦੀ ਸੀ ਉਸ ਦੀ ਕਾਤਰ ਡੀਪੀਆਰਓ ਵੱਲੋਂ ਡੀ ਸੀ ਨੂੰ ਭੇਜੀ ਜਾਂਦੀ ਤੇ ਡੀ ਸੀ ਨੇ ਸਬੰਧਿਤ ਵਿਭਾਗ ਨੂੰ ਖ਼ਬਰ ਸਬੰਧੀ ਕਾਰਵਾਈ ਕਰਨ ਲਈ ਲਿਖਿਆ ਜਾਂਦਾ ਤਾਂ ਖ਼ਬਰ ਦਾ ਅਸਰ ਤੁਰੰਤ ਹੀ ਹੋ ਜਾਂਦਾ ਸੀ। ਪਰ ਅੱਜ ਪੱਤਰਕਾਰ ਬਹੁਤ ਜ਼ਿਆਦਾ ਹਨ ਖ਼ਬਰਾਂ ਵੀ ਬਹੁਤ ਜ਼ਿਆਦਾ ਹੋ ਗਈਆਂ। ਪੱਤਰਕਾਰੀ ਦਾ ਮਿਆਰ ਘੱਟ ਗਿਆ। ਪਹਿਲਾਂ ਸਿਆਸੀ ਲੀਡਰ ਪੱਤਰਕਾਰਾਂ ਕੋਲ ਆ ਜਾਂਦੇ ਸਨ, ਪੱਤਰਕਾਰਾਂ ਨੂੰ ਸਵਾਲ ਕਰਨ ਦਾ ਪਤਾ ਸੀ, ਉਹ ਸਵਾਲ ਕਈ ਸਾਰੇ ਲੀਡਰਾਂ ਦੀ ਸਿਆਸਤ ਖ਼ਤਰੇ ਵਿਚ ਵੀ ਪਾਉਂਦੇ ਸਨ ਤੇ ਉਨ੍ਹਾਂ ਦੀ ਸਿਆਸਤ ਨੂੰ ਚਮਕਾਉਂਦੇ ਵੀ ਸਨ। ਪਰ ਜਦੋਂ ਲੀਡਰਾਂ ਦੇ ‘ਸਿਆਸੀ ਸਲਾਹਕਾਰ’ ਬਣੇ ਹਨ ਤਾਂ ਪੱਤਰਕਾਰਾਂ ਨਾਲੋਂ ਲੀਡਰ ਟੁੱਟ ਗਏ, ਲੀਡਰਾਂ ਦੀ ਸਿਆਸਤ ਦਾ ਮਿਆਰ ਵੀ ਨਿਰੰਤਰ ਡਿੱਗ ਰਿਹਾ ਹੈ ਤੇ ਪੱਤਰਕਾਰ ਵੀ ਹੁਣ ਖ਼ਬਰਾਂ ਦੀ ਦੌੜ ਵਿਚ ਖ਼ਬਰਾਂ ਦੀ ਰੂਹ ਦਾ ਕਤਲ ਕਰ ਰਹੇ ਹਨ। ਲੋਕਲ ਐਡੀਸ਼ਨ ਆਉਣ ਨਾਲ ਇਲਾਕੇ ਦੀਆਂ ਖ਼ਬਰਾਂ ਤਾਂ ਬਹੁਤ ਛਪਣ ਲੱਗ ਪਈਆਂ ਹਨ ਪਰ ਪੱਤਰਕਾਰ ਵੀ ਪੇਜ ਭਰਨ ਵਿਚ ਹੀ ਸਮਾਂ ਗੁਜ਼ਾਰਦੇ ਹਨ, ਖ਼ਬਰਾਂ ਦਾ ਮਿਆਰ ਕਿਤੇ ਨਜ਼ਰ ਨਹੀਂ ਆਉਂਦਾ। ਹਾਂ ਅੱਜ ਵੀ ਕੁਝ ਕੁ ਪੱਤਰਕਾਰ ਹਨ ਜਿਨ੍ਹਾਂ ਨੇ ਕੰਮ ਕਰਨ ਲਈ ਸਿਰੜ ਨੂੰ ਕਾਇਮ ਰੱਖਿਆ ਹੈ ਦਾਖਾ ਹੋਰੀਂ ਕੁਝ ਕੁ ਪੱਤਰਕਾਰਾਂ ਦਾ ਨਾਮ ਵੀ ਜ਼ਿਕਰ ਵਿਚ ਲਿਆਉਂਦੇ ਹਨ ਜਿਵੇਂ ਕਿ ਚਰਨਜੀਤ ਭੁੱਲਰ, ਦਵਿੰਦਰ ਪਾਲ, ਜੈ ਸਿੰਘ ਛਿੱਬਰ, ਨਵਦੀਪ ਢੀਂਗਰਾ ਵਰਗੇ ਪੱਤਰਕਾਰ ਅੱਜ ਵੀ ਕਾਫ਼ੀ ਗਿਣਤੀ ਵਿਚ ਹਨ ਜਿਨ੍ਹਾਂ ਦੀ ਖ਼ਬਰ ਦੀ ਚਰਚਾ ਹੁੰਦੀ ਹੈ। ਦਾਖਾ ਹੋਰੀਂ ਬੜੀ ਸਾਦਗੀ ਵਿਚ ਦੱਸਦੇ ਹਨ ਕਿ ਮੈਨੂੰ ਉਸ ਵੇਲੇ ਬੜੀ ਖ਼ੁਸ਼ੀ ਹੁੰਦੀ ਜਦੋਂ ਮੇਰੀਆਂ ਅਜੀਤ ਵਿਚ ਲੱਗੀਆਂ ਖ਼ਬਰਾਂ ਜਲੰਧਰ ਟੀਵੀ ਤੇ ਰੇਡੀਓ ਤੇ ਪੜ੍ਹੀਆਂ ਤੇ ਬੋਲੀਆਂ ਜਾਂਦੀਆਂ। ਪਹਿਲਾਂ ਜੇਕਰ ਅਸੀਂ ਖ਼ਬਰਾਂ ਦੇ ਹੈਡਿੰਗ ਕੱਢ ਕੇ ਭੇਜ ਦਿੰਦੇ ਸਾਂ ਤਾਂ ਡੈਸਕ ਤੋਂ ਨਿਊਜ਼ ਐਡੀਟਰ ਦਾ ਫ਼ੋਨ ਆ ਜਾਂਦਾ ਸੀ ਕਿ ਅਸੀਂ ਇੱਥੇ ਕਿਸ ਲਈ ਬੈਠੇ ਹਾਂ ਤੁਹਾਡਾ ਕੰਮ ਹੈ ਖ਼ਬਰ ਭੇਜਣਾ, ਤੁਹਾਡੇ ਵੱਲੋਂ ਭੇਜੀ ਖ਼ਬਰ ’ਕੱਚੇ ਮਾਲ’ ਵਰਗੀ ਹੁੰਦੀ ਹੈ, ਉਸ ਨੂੰ ਪਕਾਉਣਾ ਤੇ ਹੈਡਿੰਗ ਕੱਢਣਾ ਸਾਡਾ ਕੰਮ ਹੈ। ਪਰ ਅੱਜ ਕੱਲ੍ਹ ਤਾਂ ਜੇਕਰ ਪੱਤਰਕਾਰ ਹੈਡਿੰਗ ਨਾ ਕੱਢ ਕੇ ਭੇਜੇ ਤਾਂ ਡੈਸਕ ਨੂੰ ਫ਼ਿਕਰਾਂ ਪੈ ਜਾਂਦੀਆਂ ਹਨ। -ਅਦਾਲਤੀ ਕੇਸ ਜਾਂ ਧਮਕੀਆਂ- ਜਸਵਿੰਦਰ ਸਿੰਘ ਦਾਖਾ ਹੋਰਾਂ ਖਾੜਕੂਆਂ ਦੀਆਂ ਖ਼ਬਰਾਂ ਵੀ ਲਗਾਈਆਂ, ਖਾੜਕੂ ਖ਼ਬਰਾਂ ਦੇ ਜਾਂਦੇ ਸਨ ਤੇ ਉਹ ਅਜੀਤ ਨੂੰ ਭੇਜੀਆਂ ਜਾਂਦੀਆਂ ਤੇ ਛਪ ਜਾਂਦੀਆਂ ਸਨ ਪਰ ਕਦੇ ਕਿਸੇ ਨੇ ਧਮਕੀ ਨਹੀਂ ਦਿੱਤੀ। ਦਾਖਾ ਹੋਰਾਂ ’ਤੇ ਤਿੰਨ ਮਾਣਹਾਨੀ ਦੇ ਕੇਸ ਹੋਏ, ਦੋ ਕੇਸ ਪਟਿਆਲਾ ਅਦਾਲਤ ਵਿਚ ਭੁਗਤੇ, ਪਰ ਕੇਸ ਕਰਨ ਵਾਲੇ ਖ਼ੁਦ ਹੀ ਕੇਸ ਵਾਪਸ ਲੈ ਗਏ। ਵਿਦੇਸ਼ ਭੇਜਣ ਦੇ ਮਾਮਲੇ ਵਿਚ ਇਕ ਕੇਸ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਵਿਚ ਹੋਇਆ। ਬੜੀ ਦਿਲਚਸਪ ਕਹਾਣੀ ਸੁਣਾਉਂਦੇ ਹੋਏ ਦਾਖਾ ਹੋਰੀਂ ਕਹਿੰਦੇ ਹਨ ਕਿ ਜਦੋਂ ਮੇਰੇ ਤੇ ਫ਼ਤਿਹਗੜ੍ਹ ਸਾਹਿਬ ਅਦਾਲਤ ਵਿਚ ਦਾਇਰ ਹੋਏ ਕੇਸ ਦੇ ਸੰਮਨ ਮੇਰੇ ਕੋਲ ਪੁੱਜੇ ਤਾਂ ਮੈਂ ਅਖ਼ਬਾਰ ਲੈ ਕੇ ਕੇ ਸਿੱਧਾ ਹੀ ਅਦਾਲਤ ਵਿਚ ਜੱਜ ਕੋਲ ਪਹੁੰਚ ਗਿਆ, ਮੈਂ ਜੱਜ ਸਾਹਿਬ ਨੂੰ ਕਿਹਾ ਕਿ ‘ਮੇਰੇ ਤੇ ਇਹ ਕੇਸ ਹੋਇਆ ਹੈ, ਸੰਮਨ ਆਏ ਹਨ’ ਤਾਂ ਜੱਜ ਨੇ ਮੇਰੇ ਵੱਲ ਬੜਾ ਗ਼ੌਰ ਨਾਲ ਦੇਖਿਆ ਤੇ ਕਿਹਾ ਕੇ ‘ਪਹਿਲਾਂ ਨਹੀਂ ਕਦੇ ਅਦਾਲਤ ਵਿਚ ਆਏ?’ ਤਾਂ ਮੇਰਾ ਹਾਲ ਚਿੰਤਾ ਵਿਚ ਹੋ ਗਿਆ ਸੀ, ਮੈਂ ਗਰਮੀ ਗਰਮੀ ਹੋ ਗਿਆ , ਡਰ ਨੇ ਅੰਦਰ ਥਾਂ ਬਣਾ ਲਈ ਸੀ, ਮੈਂ ਕਿਹਾ ‘ਨਹੀਂ ਪਹਿਲੀ ਵਾਰ ਆਇਆ ਹਾਂ’ ਤਾਂ ਜੱਜ ਸਾਹਿਬ ਕਹਿਣ ਲੱਗੇ ‘ਤੈਨੂੰ ਪਤਾ ਇੱਥੇ ਆਉਣ ਤੋਂ ਪਹਿਲਾਂ ਵਕੀਲਾਂ ਕੋਲ ਜਾਣਾ ਹੁੰਦਾ ਹੈ’ ਤਾਂ ਮੈਂ ਡਰਦੇ ਨੇ ਅਨਜਾਣਤਾ ਪ੍ਰਗਟਾਈ ਤਾਂ ਫੇਰ ਜੱਜ ਸਾਹਿਬ ਨੇ ਕਿਹਾ ਕਿ ‘ਤੁਸੀਂ ਕਿਸੇ ਵਕੀਲ ਕੋਲ ਜਾਓ ਤੇ ਉਸ ਰਾਹੀਂ ਹੀ ਇੱਥੇ ਆਓ’ ਮੈਂ ਬਹੁਤ ਘਬਰਾ ਗਿਆ ਤੇ ਜਦੋਂ ਮੈਂ ਅਦਾਲਤ ਵਿਚੋਂ ਬਾਹਰ ਆਉਣ ਲੱਗਾ ਤਾਂ ਜੱਜ ਸਾਹਿਬ ਕਹਿਣ ਲੱਗੇ ‘ਕਾਕਾ ਤੁਸੀਂ ਅੰਡਰ ਅਰੈਸਟ ਹੋ, ਤੁਸੀਂ ਵਕੀਲ ਨੂੰ ਲੈ ਕੇ ਆਓ ਤੇ ਮੈਨੂੰ ਮਿਲ ਕੇ ਜਾਣਾ’ ਮੈਂ ਬੁਰੀ ਤਰ੍ਹਾਂ ਘਬਰਾ ਗਿਆ ਸੀ। ਉਸ ਵੇਲੇ ਮੈਂ ਉੱਘੇ ਵਕੀਲ ਅਮਰਦੀਪ ਸਿੰਘ ਧਾਰਨੀ ਕੋਲ ਗਿਆ ਤਾਂ ਉਨ੍ਹਾਂ ਨੇ ਮੇਰੀ ਜ਼ਮਾਨਤ ਕਰਵਾਈ। ਕੁਝ ਪੇਸ਼ੀਆਂ ਤੋਂ ਬਾਅਦ ਐਡਵੋਕੇਟ ਜਸਵਿੰਦਰ ਸਿੰਘ ਕੂਨਰ ਨੇ ਇਕ ਅਰਜ਼ੀ ਜੱਜ ਸਾਹਿਬ ਕੋਲ ਪਾਈ ਕਿ ਪੱਤਰਕਾਰ ਜ਼ਰੂਰੀ ਕੰਮ ਕਰਦਾ ਹੈ, ਇਸ ਨੂੰ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਤਾਂ ਇਹ ਬੇਨਤੀ ਜੱਜ ਸਾਹਿਬ ਨੇ ਪ੍ਰਵਾਨ ਲਈ। ਉਸ ਤੋਂ ਬਾਅਦ ਮੈਂ ਪੇਸ਼ੀ ਤੇ ਜਾਣ ਤੋਂ ਹਟ ਗਿਆ ਤੇ ਕੇਸ ਕਰਨ ਵਾਲੇ ਹਰ ਪੇਸ਼ੀ ਤੇ ਜਾਂਦੇ। ਆਖ਼ਿਰ ਉਹ ਵੀ ਕੇਸ ਵਾਪਸ ਲੈ ਗਏ। -ਪੱਤਰਕਾਰੀ ਨਾਲ ਸਬੰਧਿਤ ਇਕ ਕਹਾਣੀ- ਜਸਵਿੰਦਰ ਸਿੰਘ ਦਾਖਾ ਹੋਰੀਂ ਦੱਸਦੇ ਹਨ ਕਿ ਮੇਰੇ ਕੋਲ ਬੜੇ ਸਿਆਸੀ ਲੀਡਰ ਦੇ ਸਮਾਜਕ ਲੀਡਰ ਆਉਂਦੇ ਸਨ, ਜੋ ਹੁੰਦਾ ਹੀ ਹੈ, ਇਕ ਦਿਨ ਇਕ ਲੀਡਰ ਮੈਨੂੰ ਕਹਿੰਦਾ ਅੱਜ ਆਪਾਂ ਇਕੱ‌ਠਿਆਂ ਨੇ ਸ਼ਰਾਬ ਪੀਣੀ ਹੈ ਤਾਂ ਮੈਂ ਹਾਂ ਕਰ ਦਿੱਤੀ। ਉਹ ਕਹਿੰਦਾ ਕਿ ਸ਼ਰਾਬ ਵੀ ਪੀਨੇ ਹਾਂ ਤੇ ਨਾਲੇ ਸਾਡੀ ਇਕ ਖ਼ਬਰ ਵੀ ਭੇਜ ਦਿਓ ਤਾਂ ਉਹ ਖ਼ਬਰ ਲਿਖਾਈ ਗਏ ਤੇ ਮੈਂ ਖ਼ਬਰ ਟਾਈਪ ਕਰਦਾ ‌ਗਿਆ। ਵੱਡੀ ਖ਼ਬਰ ਬਣਾ ਦਿੱਤੀ ਗਈ ਤਾਂ ਉਨ੍ਹਾਂ ਨੇ ਖ਼ਬਰ ਤੇ ਮੇਰੇ ਹਸਤਾਖ਼ਰ ਕਰਵਾਏ ਤੇ ਮੈਨੂੰ ਕਹਿੰਦੇ ਕਿ ਇਹ ਖ਼ਬਰ ਅਸੀਂ ਫੈਕਸ ਕਰ ਆਉਂਦੇ ਹਾਂ। ਉਹ ਖ਼ਬਰ ਫੈਕਸ ਕਰਨ ਚੱਲੇ ਗਏ, ਮੈਂ ਵੀ ਘਰ ਆਗਿਆ । ਮੈਂ ਘਰ ਆਕੇ ਡੈਸਕ ਤੇ ਫ਼ੋਨ ਕੀਤਾ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਕੋਲ ਇਕ ਖ਼ਬਰ ਆਈ ਹੈ, ਤਾਂ ਡੈਸਕ ਕਹਿਣ ਲੱਗਾ ਹਾਂ ਪਰ ਬਹੁਤ ਵੱਡੀ ਹੈ, ਤਾਂ ਮੈਂ ਕਿਹਾ ਇਹ ਖ਼ਬਰ ਨਹੀਂ ਲਗਾਉਣੀ ਕਿਉਂਕਿ ਖ਼ਬਰ ਲੱਗਣ ਵਾਲੀ ਨਹੀਂ ਹੈ। ਦਾਖਾ ਹੋਰੀਂ ਕਹਿੰਦੇ ਹਨ ਕਿ ਕਦੇ ਵੀ ਪੱਤਰਕਾਰ ਨੂੰ ਪੱਤਰਕਾਰੀ ਕਰਦੇ ਸਮੇਂ ਕਿਸੇ ਪ੍ਰਭਾਵ ਵਿਚ ਨਹੀਂ ਆਉਣਾ ਚਾਹੀਦਾ। -ਪਟਿਆਲਾ ਦੀ ਪੱਤਰਕਾਰੀ ਅਹਿਮ ਕਿਵੇਂ?- ਜਸਵਿੰਦਰ ਸਿੰਘ ਦਾਖਾ ਹੋਰੀਂ ਕਹਿੰਦੇ ਹਨ ਕਿ ਪਟਿਆਲਾ ਵਿਚ ਸਿੱਖਿਆ ਦੀ ਹੱਬ ਹੈ, ਇੱਥੇ ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਆਈ ਜੀ, ਡੀਆਈਜ ਆਫ਼ਿਸ, ਚੰਡੀਗੜ੍ਹ ਦੇ ਨਾਲ ਲੱਗਦਾ ਜ਼ਿਲ੍ਹਾ, ਸੈਂਟਰਲ ਜੇਲ੍ਹ, ਪਟਿਆਲਾ ਪੈਪਸੂ ਮੌਕੇ ਤੋਂ ਰਾਜਨੀਤੀ ਵਿਚ ਅਹਿਮ ਰਿਹਾ ਹੈ। ਇੱਥੇ ਮੰਤਰੀ ਵੀ ਕਈ ਸਾਰੇ ਬਣੇ ਕਈ ਸਾਰੇ ਅਹਿਮ ਲੀਡਰ ਵੀ ਹਨ ਜਿਵੇਂ ਪਟਿਆਲਾ ਜ਼ਿਲ੍ਹੇ ਵਿਚ ਹੀ ਸਿਮਰਨਜੀਤ ਸਿੰਘ ਮਾਨ ਵੀ ਪੈਂਦੇ ਸਨ, ਗੁਰਚਰਨ ਸਿੰਘ ਟੌਹੜਾ, ਸਰਦਾਰਾ ਸਿੰਘ ਕੋਹਲੀ, ਸੁਰਜੀਤ ਸਿੰਘ ਕੋਹਲੀ, ਕੈਪਟਨ ਅਮਰਿੰਦਰ ਸਿੰਘ, ਮਨਮੋਹਨ ਸਿੰਘ ਬਜਾਜ, ਚਰਨਜੀਤ ਸਿੰਘ ਵਾਲੀਆ, ਸ਼ੰਭੂ ਪ੍ਰਸ਼ਾਦ ਜੰਨ ਸੰਘ, ਸੰਤ ਰਾਮ ਸਿੰਗਲਾ, ਸਤਪਾਲ ਕਪੂਰ, ਬ੍ਰਹਮ ਮਹਿੰਦਰਾ, ਲਾਲ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਕੈਪਟਨ ਕੰਵਲਜੀਤ ਸਿੰਘ ਆਦਿ ਵੱਡੇ ਲੀਡਰ ਸਨ। ਫੇਰ ਉਸ ਵੇਲੇ ਪਟਿਆਲਾ ਜ਼ਿਲ੍ਹੇ ਕੋਲ ਡੇਰਾ ਬੱਸੀ ਤੱਕ ਫ਼ਤਿਹਗੜ੍ਹ ਸਾਹਿਬ ਤੱਕ ਦਾ ਏਰੀਆ ਹੁੰਦਾ ਸੀ। -ਪਟਿਆਲਾ ਵਿਚ ਅਜੀਤ ਦਾ ਹਾਈਟੈੱਕ ਦਫ਼ਤਰ- 2000 ਵਿਚ ਅਜੀਤ ਦਾ ਪਟਿਆਲਾ ਵਿਚ ਹਾਈਟੈੱਕ ਦਫ਼ਤਰ ਬਣ ਗਿਆ, ਉਸ ਵੇਲੇ ਪੂਰਾ ਸਟਾਫ਼ ਆ ਗਿਆ ਤੇ ਜਸਵਿੰਦਰ ਸਿੰਘ ਦਾਖਾ ਨੇ ਪਟਿਆਲਾ ਦੇ ਇੰਚਾਰਜ ਵਜੋਂ ਕੰਮ ਸੰਭਾਲਿਆ। ਪਰ ਆਪਣੇ ਆਪ ਨੂੰ ਪੱਤਰਕਾਰੀ ਦੀ ਫੂੰ-ਫਾਂ ਦੀ ਹਵਾ ਨਹੀਂ ਲੱਗਣ ਦਿੱਤੀ। -ਪਰਿਵਾਰ- ਜਸਵਿੰਦਰ ਸਿੰਘ ਦਾਖਾ ਹੋਰਾਂ ਦੀ ਧਰਮ ਪਤਨੀ ਰਾਜਿੰਦਰ ਕੌਰ ਇਕ ਬੇਟੀ ਭੁਪਿੰਦਰਜੀਤ ਕੌਰ (ਸ਼ਾਦੀਸ਼ੁਦਾ) ਤੇ ਇਕ ਬੇਟਾ ਇੰਜ. ਹਰਸ਼ਵਿੰਦਰ ਸਿੰਘ ਹੈ। ਇਸ ਸਮੇਂ ਦਾਖਾ ਹੋਰੀਂ ਵੱਖ ਵੱਖ ਦੇਸ਼ ਵਿਦੇਸ਼ ਦੇ ਪੰਜਾਬੀ ਅਖ਼ਬਾਰਾਂ ਵਿਚ ਕੰਮ ਕਰ ਰਹੇ ਹਨ ਤੇ ‘ਅਲਰਟ ਪੰਜਾਬ’ ਨਾਮ ਦੇ ਯੂ ਟਿਊਬ ਚੈਨਲ ਤੇ ਵੀ ਕੰਮ ਕਰ ਰਹੇ ਹਨ। -ਪੱਤਰਕਾਰਾਂ ਲਈ ਸੰਦੇਸ਼- ਅੱਜ ਦੇ ਪੱਤਰਕਾਰ ਨੂੰ ਇਮਾਨਦਾਰੀ, ਲਗਨ, ਨਿਰਪੱਖਤਾ ਦੀ ਜ਼ਰੂਰਤ ਹੈ । ਚਮਕ ਦਮਕ ਤੋਂ ਆਪਣੀ ਜ਼ਿੰਦਗੀ ਨੂੰ ਬਚਾ ਕੇ ਰੱਖੋ। ਬੇਸ਼ੱਕ ਅਖ਼ਬਾਰ ਅਨੁਸਾਰ ਵੀ ਕੰਮ ਕਰਨਾ ਪਵੇਗਾ ਪਰ ਫੇਰ ਵੀ ਪੱਤਰਕਾਰ ਲੋਕ ਹਿਤ ਵਿਚ ਬਹੁਤ ਕੁਝ ਕਰਨ ਦੇ ਸਮਰੱਥ ਹੁੰਦਾ ਹੈ। ਗੁਰਨਾਮ ਸਿੰਘ ਅਕੀਦਾ 8146001100
ਪਟਿਆਲਾ ਦੇ ਪੱਤਰਕਾਰ ਸੁਖਬੀਰ ਬਾਦਲ ਨਾਲ
ਪਟਿਆਲਾ ਦੇ ਪੱਤਰਕਾਰ ਪ੍ਰਕਾਸ਼ ਸਿੰਘ ਬਾਦਲ ਨਾਲ
ਪ‌ਟਿਆਲਾ ਦੇ ਪੱਤਰਕਾਰ ਉਘੇ ਗਾਇਕ ਜਸਬੀਰ ਜੱਸੀ ਨਾਲ

ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...