Thursday, October 20, 2022
-ਅਨੇਕਾਂ ਦੁਸ਼ਵਾਰੀਆਂ ਤੇ ਬਾਵਜੂਦ ਨਾਮਣਾ ਖੱਟਣ ਵਾਲੀ ਪਹਿਲੀ ਮਹਿਲਾ ਪੰਜਾਬੀ ਪੱਤਰਕਾਰ ‘ਸਰੋਜ ਸਰਹਿੰਦੀ’
-ਪਟਿਆਲਾ ਤੋਂ ਰਾਸ਼ਟਰਪਤੀ ਭਵਨ ਤੱਕ ਆਪਣਾ ਸਫ਼ਰ ਤਹਿ ਕਰਨ ਵਾਲੀ ਪੱਤਰਕਾਰਾ ‘ਸਰੋਜ’ ਬਾਰੇ ਅਣਜਾਣੇ ਤੱਥ
ਇਕ ਸਮਾਂ ਸੀ ਜਦੋਂ ਔਰਤਾਂ ਨੂੰ ਖਾਸ ਕਰਕੇ ਕੁੜੀਆਂ ਨੂੰ ਪੱਤਰਕਾਰਤਾ ਵਿਚ ਦੇਖਣਾ ਸਮਾਜ ਚੰਗਾ ਨਹੀਂ ਸਮਝਦਾ ਸੀ, ਅੱਜ ਵੀ ਪ੍ਰਿੰਟ ਮੀਡੀਆ ਵਿਚ ਹਾਲ ਕੋਈ ਬਹੁਤ ਚੰਗਾ ਨਹੀਂ ਹੈ, ਹਾਂ ਇਲੈਕਟ੍ਰੋਨਿਕ ਮੀਡੀਆ ਵਿਚ ਗਲੈਮਰ ਦੁਨੀਆ ਦੀਆਂ ਭਰਮਾਈਆਂ ਹੋਈ ਕੁੜੀਆਂ ਐਂਕਰ ਬਣਨ ਲਈ ਕਾਫ਼ੀ ਜ਼ੋਰ ਲਗਾ ਦਿੰਦੀਆਂ ਹਨ, ਜਿਨ੍ਹਾਂ ਵਿਚ ਕਈ ਸਾਰੀਆਂ ਪੰਜਾਬੀ ਕੁੜੀਆਂ ਨੇ ਇਲੈਕਟ੍ਰੋਨਿਕ ਮੀਡੀਆ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਪਰ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕੁੜੀਆਂ ਨੂੰ ਆਮ ਲੋਕ ਤਾਂ ਕੀ ਘਰ ਦੇ ਵੀ ਬਾਹਰ ਫਿਰਦੀਆਂ ਦੇਖਣਾ ਨਹੀਂ ਚਾਹੁੰਦੇ ਸਨ। (ਉਂਜ ‘ਪੱਤਰਕਾਰਤਾ ਵਿਚ ਔਰਤ ਦਾ ਸਥਾਨ’ ਇਕ ਵੱਖਰਾ ਆਰਟੀਕਲ ਲਿਖਿਆ ਜਾ ਰਿਹਾ ਹੈ) ਖ਼ਾਸ ਕਰਕੇ ਪੰਜਾਬੀ ਪੱਤਰਕਾਰੀ ਵਿਚ ਤਾਂ ਕੁੜੀਆਂ ਨੂੰ ਮਰਦ ਪ੍ਰਧਾਨ ਪੱਤਰਕਾਰ ਹੀ ਹੋਰੂ਼ੰ ਜਿਹੀਆਂ ਨਜ਼ਰਾਂ ਨਾਲ ਦੇਖਦਾ ਹੈ, ਪਰ ਉਨ੍ਹਾਂ ਸਮਿਆਂ ਵਿਚ ਇਕ ਅਜਿਹੀ ਨਿਧੜਕ ਪੱਤਰਕਾਰ ਬਣੀ ਜਿਸ ਨੇ ਆਪਣਾ ਨਾਮ ਰਾਸ਼ਟਰਪਤੀ ਭਵਨ ਤੱਕ ਦਰਜ ਕਰਵਾਇਆ ਤੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਹਾਜ਼ਰੀ ਵਿਚ ਔਰਤਾਂ ਤੇ ਖ਼ਾਸ ਕਰਕੇ ਪੱਤਰਕਾਰ ਔਰਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੱਜ ਮੈਂ ਗੱਲ ਕਰ ਰਿਹਾ ਹਾਂ ਟ੍ਰਿਬਿਊਨ ਗਰੁੱਪ ਵਿਚ ਪੱਤਰਕਾਰੀ ਵਜੋਂ ਆਪਣਾ ਨਾਮ ਚਮਕਾਉਣ ਵਾਲੀ ਪੱਤਰਕਾਰ ‘ਸਰੋਜ ਸਰਹਿੰਦੀ’ ਦੀ। ਅੱਜ ਉਹ ਸਾਡੇ ਵਿਚ ਨਹੀਂ ਹੈ, ਪਰ ਮੈਂ ਉਸ ਨੂੰ ਪੱਤਰਕਾਰੀ ਕਰਦਿਆਂ ਨਿੱਜੀ ਤੌਰ ਤੇ ਦੇਖਿਆ ਹੈ। ਉਸ ਬਾਰੇ ਉਨ੍ਹਾਂ ਦੇ ਸਾਥੀ ਪੱਤਰਕਾਰ ਜਿਵੇਂ ਗੱਲਾਂ ਕਰਦੇ ਹਨ ਉਹ ਵੀ ਕਮਾਲ ਦੀਆਂ ਹਨ। ਬੇਬਾਕ, ਨਿਧੜਕ ਤੇ ਨਿਰਸਵਾਰਥ ਪੱਤਰਕਾਰ ‘ਸਰੋਜ ਸਰਹਿੰਦੀ’ ਦੀ ਪੱਤਰਕਾਰਤਾ ਵਾਲੀ ਜ਼ਿੰਦਗੀ ਬਾਰੇ ਚਾਨਣਾ ਪਾ ਰਹੇ ਹਾਂ।
-ਮੁੱਢਲਾ ਜੀਵਨ-
ਹਰਿਆਣਾ ਦੇ ਕਰਨਾਲ ਕੋਲ ਇੱਕ ਛੋਟੇ ਜਿਹੇ ਪਿੰਡ ਕੁੰਜਪੁਰਾ ਵਿੱਚ ਦੇਸ਼ ਦੀ ਅਜ਼ਾਦੀ ਦੇ ਸਿਖਰ ਸਮੇਂ ਦਸੰਬਰ 1948 ਜਨਮੀ ਸਰੋਜ ਸਰਹਿੰਦੀ ਪੰਜਾਬ ਦੀ ਪਹਿਲੀ ਮਹਿਲਾ ਪੰਜਾਬੀ ਪੱਤਰਕਾਰ ਬਣੀ। ਬੇਸ਼ੱਕ ਹੋਰ ਵੀ ਕੋਈ ਉਨ੍ਹਾਂ ਤੋਂ ਪਹਿਲਾਂ ਪੰਜਾਬੀ ਮਹਿਲਾ ਪੱਤਰਕਾਰ ਹੋਵੇ ਪਰ ਮੇਰੇ ਨਜ਼ਰ ਵਿਚ ਅਜਿਹੀ ਪੰਜਾਬੀ ਮਹਿਲਾ ਪੱਤਰਕਾਰ ਆਈ ਨਹੀਂ ਜਿਸ ਨੇ ਸਰੋਜ ਸਰਹਿੰਦੀ ਤੋਂ ਪਹਿਲਾਂ ਪੰਜਾਬੀ ਪੱਤਰਕਾਰੀ ਵਿਚ ਨਾਮਣਾ ਖੱਟਿਆ ਹੋਵੇ। ਸਰੋਜ ਸਰਹਿੰਦੀ ਫ਼ੌਜੀ ਅਫ਼ਸਰ ਪਿਤਾ ਸ. ਇੰਦਰਜੀਤ ਸਿੰਘ ਦੇ ਘਰ ਵਿਚ ਜਨਮੀ। ਪਿਤਾ ਨੇ ਸਰੋਜ ਨੂੰ ਪੜਾਉਣਾ ਪਹਿਲਾ ਕਰਤੱਵ ਸਮਝਿਆ, ਨਹੀਂ ਤਾਂ ਉਸ ਵੇਲੇ ਕੁੜੀਆਂ ਨੂੰ ਪੜਾਉਣ ਦਾ ਰਿਵਾਜ ਬਹੁਤ ਘੱਟ ਹੁੰਦਾ ਸੀ। ਉੱਧਰ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ, ਉੱਧਰ ਸਰੋਜ ਸਰਹਿੰਦੀ ਪੜ੍ਹਦੀ ਹੋਈ ਆਪਣੇ ਬਚਪਨ ਦੀ ਦਹਿਲੀਜ਼ ਪਰ ਕਰ ਰਹੀ ਸੀ।
ਸਰੋਜ ਸਰਹਿੰਦੀ, ਜੋ ਕਿ ਸਮਾਜਿਕ ਵਿਗਿਆਨ, ਰਾਜਨੀਤਿਕ ਪ੍ਰਸ਼ਾਸਨ ਅਤੇ ਇਤਿਹਾਸ ਦੀ ਇੱਕ ਬਹੁਤ ਹੀ ਉਤਸੁਕ ਵਿਦਿਆਰਥਣ ਸੀ, ਨੇ ਆਪਣੀ ਮੁਢਲੀ ਸਿੱਖਿਆ ਸੈਨਿਕ ਸਕੂਲ ਕੁੰਜਪੁਰਾ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਕਰਨਾਲ ਕਾਲਜ ਵਿੱਚ ਆਪਣਾ ਹਾਈ ਸਕੂਲ ਪੂਰਾ ਕੀਤਾ।
-ਵਿਆਹ ਅਤੇ ਪੱਤਰਕਾਰਤਾ ਵਿਚ ਪ੍ਰਵੇਸ਼-
ਸਰੋਜ ਸਰਹਿੰਦੀ ਦਾ ਵਿਆਹ ਪਟਿਆਲਾ ਦੇ ਵਸਨੀਕ ਹਿੰਦ ਸਮਾਚਾਰ ਗਰੁੱਪ ਦੇ ਉੱਘੇ ਪੱਤਰਕਾਰ ਬ੍ਰਿਜ ਭੂਸ਼ਣ ਸਰਹਿੰਦੀ ਦੇ ਸਪੁੱਤਰ ਡਾ. ਪ੍ਰਸ਼ੋਤਮ ਕੁਮਾਰ ਸਰਹਿੰਦੀ ਨਾਲ ਅਪਰੈਲ 1969 ਵਿਚ ਹੋਇਆ। ਸਰੋਜ ਸਰਹਿੰਦੀ ਦਾ ਪੱਤਰਕਾਰਤਾ ਨਾਲ ਦੂਰ ਦਾ ਵੀ ਵਾਹ ਨਹੀਂ ਸੀ, ਪਰ ਸਹੁਰਾ ਪਰਿਵਾਰ ਵਿਚ ਪੱਤਰਕਾਰਤਾ ਦੀਆਂ ਲਹਿਰਾਂ ਵਗਦੀਆਂ ਸਨ, ਪੱਤਰਕਾਰਤਾ ਨਾਲ ਉਹਨਾਂ ਦੀ ਜਾਣ-ਪਛਾਣ ਉਹਨਾਂ ਦੇ ਪਤੀ ਡਾ. ਪੁਰਸ਼ੋਤਮ ਕੁਮਾਰ ਸਰਹਿੰਦੀ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਬਾਟਨੀ ਵਿਭਾਗ ਦੇ ਲੈਕਚਰਾਰ ਸਨ ਨੇ ਕਰਵਾਈ। ਡਾ. ਪੁਰਸ਼ੋਤਮ ਕੁਮਾਰ ਸਰਹਿੰਦੀ ਖ਼ੁਦ ਵੀ ਬਾਟਨੀ ਵਿੱਚ ਪੀਐਚਡੀ ਕਰਦੇ ਸਮੇਂ ਰਾਸ਼ਟਰੀ ਅੰਗਰੇਜ਼ੀ ਅਖ਼ਬਾਰਾਂ ਲਈ ਖੇਡ ਪੱਤਰਕਾਰ ਵਜੋਂ ਕੰਮ ਕਰਦੇ ਰਹੇ । ਉਹ ਇੱਕ ਉੱਘੇ ਲੇਖਕ ਸਨ ਜੋ ਕਿ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਵੀ ਸਮਝਦੇ ਸਨ।
ਡਾ. ਪ੍ਰਸ਼ੋਤਮ ਕੁਮਾਰ ਸਰਹਿੰਦੀ ਨੂੰ ਪੱਤਰਕਾਰਤਾ ਦੀ ਕਲਾ ਆਪਣੇ ਪਿਤਾ ਬ੍ਰਿਜ ਭੂਸ਼ਣ ਸਰਹਿੰਦੀ ਤੋਂ ਵਿਰਾਸਤ ਵਿਚ ਮਿਲੀ ਸੀ। ਬ੍ਰਿਜ ਭੂਸ਼ਣ ਸਰਹਿੰਦੀ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਸਨ ਜਿਨ੍ਹਾਂ ਨੇ 1936 ਦੇ ਸ਼ੁਰੂ ਵਿੱਚ ਕਈ ਅੰਗਰੇਜ਼ੀ ਅਖ਼ਬਾਰਾਂ ਲਈ ਲਿਖਣਾ ਸ਼ੁਰੂ ਕੀਤਾ ਅਤੇ ਆਪਣੇ ਅੰਤ ਸਮੇਂ ਤਕ ਹਿੰਦ ਸਮਾਚਾਰ ਗਰੁੱਪ ਵਿਚ ਪੱਤਰਕਾਰਤਾ ਕਰਦੇ ਰਹੇ।
ਪਤੀ ਡਾ. ਪ੍ਰਸ਼ੋਤਮ ਕੁਮਾਰ ਸਰਹਿੰਦੀ ਵੱਲੋਂ ਮਿਲੀ ਮਦਦ ਸਦਕਾ ਵਿਆਹ ਤੋਂ ਬਾਅਦ ਸਰੋਜ ਸਰਹਿੰਦੀ ਨੇ ਪੱਤਰਕਾਰੀ ਵਿੱਚ ਆਪਣੀ ਬੈਚਲਰ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ 1977 ਵਿੱਚ ਆਪਣਾ ਪੱਤਰਕਾਰਤਾ ਦਾ ਕੈਰੀਅਰ ਜਲੰਧਰ ਤੋਂ ਛੱਪਦੇ ਅਖਬਾਰ ‘ਵੀਰ-ਪ੍ਰਤਾਪ ਤੋਂ ਸ਼ੁਰੂ ਕੀਤਾ।
ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਮੁਹਾਰਤ ਹਾਸਲ ਕਰਕੇ, ਉਹਨਾਂ ਜਲਦੀ ਹੀ ਟ੍ਰਿਬਿਊਨ ਸਮੂਹ ਤਿੰਨੋਂ ਅਖ਼ਬਾਰਾਂ - ਅੰਗਰੇਜ਼ੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਅਤੇ ਦੈਨਿਕ ਟ੍ਰਿਬਿਊਨ ਲਈ ਲਿਖਣਾ ਸ਼ੁਰੂ ਕਰ ਦਿੱਤਾ।
-ਅੱਤਵਾਦ ਸਮੇਂ ਵਿਚ ਨਿਧੜਕ ਲਿਖਿਆ-
ਸਰੋਜ ਸਰਹਿੰਦੀ ਪੰਜਾਬ ਦੀ ਪਹਿਲੀ ਮਹਿਲਾ ਪੱਤਰਕਾਰ ਸੀ ਜਿਸ ਨੇ ਨਿਧੜਕ ਲਿਖਣਾ ਸ਼ੁਰੂ ਕੀਤਾ, ਸੂਬੇ ਵਿੱਚ ਅਤਿਵਾਦ ਦੇ ਉਸ ਔਖੇ ਸਮੇਂ ਦੌਰਾਨ ਵੀ ਸਰਗਰਮ ਰਹੀ ਜਿਸ ਦੌਰਾਨ ਬਹੁਤ ਸਾਰੇ ਪੱਤਰਕਾਰ ਦਹਿਸ਼ਤਗਰਦ ਗਰੁੱਪਾਂ ਦੀ ਹਿੱਟ ਲਿਸਟ ’ਤੇ ਸਨ। ਉਹ ਅਕਸਰ ਆਪਣੇ ਪਤੀ, ਡਾ: ਸਰਹਿੰਦੀ ਦੇ ਨਾਲ ਪ੍ਰੈੱਸ ਸਮਾਗਮਾਂ ਅਤੇ ਪ੍ਰੈੱਸ ਕਾਨਫ਼ਰੰਸਾਂ ਵਿੱਚ ਦੇਖੀ ਜਾਂਦੀ ਸੀ, ਜੋ ਉਨ੍ਹਾਂ ਦੇ ਪੱਤਰਕਾਰਤਾ ਦੇ ਕੰਮਾਂ ਵਿੱਚ ਉਨ੍ਹਾਂ ਦਾ ਸਮਰਥਨ ਕਰਦੇ ਰਹੇ ਅਤੇ ਤਾਕਤ ਅਤੇ ਪ੍ਰੇਰਨਾ ਦੇ ਇੱਕ ਥੰਮ੍ਹ ਵਜੋਂ ਮਜ਼ਬੂਤ ਖੜੇ ਰਹੇ। ਅੱਤਵਾਦੀਆਂ ਨੂੰ ਸਿੱਖਿਆ ਦੇਣ ਅਤੇ ਅਜਿਹਾ ਰਸਤਾ ਅਖ਼ਤਿਆਰ ਨਾ ਕਰਨ ਬਾਰੇ ਸਰੋਜ ਸਰਹਿੰਦੀ ਨੇ ਲਿਖਿਆ, ਜਿਸ ਕਰਕੇ ਖਾੜਕੂਆਂ ਨੇ ਸਰੋਜ ਸਰਹਿੰਦੀ ਨਾਲ ਮਿਲਣੀ ਵੀ ਕੀਤੀ। ਖਾੜਕੂਆਂ ਨੇ ਸਰੋਜ ਸਰਹਿੰਦੀ ਨੂੰ ਕੋਈ ਤਲਖ਼ੀ ਨਾਲ ਨਹੀਂ ਸਗੋਂ ਉਸ ਨੂੰ ਸਮਝਾਇਆ ਕਿ ਉਹ ਇਕ ਮਿਸ਼ਨ ’ਤੇ ਹਨ, ਇਸ ਮਿਸ਼ਨ ਵਿਚ ਉਹ ਉਨ੍ਹਾਂ ਬਾਰੇ ਅਜਿਹਾ ਨਾ ਲਿਖਣ। ਇਸ ਬਾਰੇ ਖਾੜਕੂਆਂ ਨੇ ਸਰੋਜ ਸਰਹਿੰਦੀ ਨੂੰ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ। ਪਰ ਸਰੋਜ ਨੇ ਖਾੜਕੂਆਂ ਤੋਂ ਕੋਈ ਵੀ ਰੁਪਿਆ ਨਾ ਲੈ ਕੇ ਸਗੋਂ ਉਨ੍ਹਾਂ ਨੂੰ ਕਿਹਾ ਕਿ ਉਹ ਸੱਚ ਲਿਖਦੀ ਰਹੇਗੀ। ਬੇਸ਼ੱਕ ਪਰਿਵਾਰ ਵਿਚ ਡਰ ਦਾ ਮਾਹੌਲ ਸੀ ਪਰ ਸਰੋਜ ਇਸ ਗੱਲ ’ਤੇ ਬਜ਼ਿਦ ਸਨ ਕਿ ਉਹ ਪੇਸ਼ੇ ਵਜੋਂ ਜੋ ਕੰਮ ਕਰ ਰਹੇ ਹਨ ਉਹ ਹਮੇਸ਼ਾ ਸਮਾਜ ਦੇ ਭਲੇ ਲਈ ਹੀ ਲਿਖਣਗੇ। ਉਸ ਤੋਂ ਬਾਅਦ ਖਾੜਕੂਆਂ ਦੇ ਪ੍ਰੈੱਸ ਨੋਟ ਆਉਂਦੇ ਸਨ ਤੇ ਉਹ ਪ੍ਰੈੱਸ ਨੋਟ ਛਾਪਦੇ ਸਨ।
ਪ੍ਰੈਸ ਕਾਨਫਰੰਸ ਦੌਰਾਨ ਸਰੋਜ ਸਰਹਿੰਦੀ
-ਸਰੋਜ ਸਰਹਿੰਦੀ ਦੀਆਂ ਖ਼ਬਰਾਂ ਦਾ ਪ੍ਰਭਾਵ-
ਉਹਨਾਂ ਦੇ ਚੰਗੀ ਤਰ੍ਹਾਂ ਖ਼ੋਜੇ ਗਏ ਖ਼ਬਰ ਲੇਖਾਂ ਨੇ ਰਾਜ ਦੀ ਰਾਜਨੀਤੀ 'ਤੇ ਬਹੁਤ ਪ੍ਰਭਾਵ ਪਾਇਆ। ਉਹ ਨਿਰਪੱਖ ਤਰੀਕੇ ਨਾਲ ਅਤੇ ਪੱਖਪਾਤ ਤੋਂ ਬਿਨਾਂ ਜਾਣਕਾਰੀ ਪ੍ਰਦਾਨ ਕਰਨ ਤੇ ਬਹੁਤ ਜ਼ੋਰ ਦੇਂਦੇ ਸੀ। ਉਹਨਾਂ ਦੀਆਂ ਵਿਹਾਰਕ, ਤਰਕਪੂਰਨ, ਨਿਰਪੱਖ ਅਤੇ ਚੰਗੀ ਤਰ੍ਹਾਂ ਲਿਖੀਆਂ ਖ਼ਬਰਾਂ ਨੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਸਪਸ਼ਟ ਅਤੇ ਸੰਖੇਪ ਰੂਪ ਵਿੱਚ ਗੱਲ ਕੀਤੀ। ਉਹਨਾਂ ਆਪਣੀ ਭੂਮਿਕਾ ਨਿਭਾਉਂਦੇ ਇਹ ਯਕੀਨੀ ਬਣਾਇਆ ਕਿ ਉਹਨਾਂ ਦੇ ਲੇਖ ਰਾਜ ਦੇ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਮਾਹੌਲ ਨੂੰ ਹੋਰ ਨਾ ਵਿਗਾੜਨ । ਘਟਨਾਵਾਂ ਦੇ ਸਹੀ ਵਿਸ਼ਲੇਸ਼ਣ ਨੇ ਉਹਨਾਂ ਨੂੰ ਇੱਕ ਮਜ਼ਬੂਤ ਪੱਤਰਕਾਰ ਵਜੋਂ ਸਥਾਪਿਤ ਕੀਤਾ। ਉਹ ਹਮੇਸ਼ਾ ਸਫ਼ਰ ਕਰਨ ਲਈ ਤਿਆਰ ਅਤੇ ਖ਼ਬਰਾਂ ਦੇ ਸਰੋਤਾਂ ਨਾਲ ਸਿੱਧੀ ਇੰਟਰਵਿਊ ਲਈ ਉਤਸੁਕ ਰਹਿੰਦੇ ਸਨ। ਉਹਨਾਂ ਨੇ ਹਥਿਆਰਬੰਦ ਨੌਜਵਾਨਾਂ ਦੇ ਹੱਥੋਂ ਲਾਪਰਵਾਹੀ ਨਾਲ ਕੀਤੇ ਗਏ ਕਤਲਾਂ ਤੋਂ ਪ੍ਰਭਾਵਿਤ ਪਰਿਵਾਰਾਂ ਜਿਨ੍ਹਾਂ ਨੇ ਆਪਣੇ ਪੁੱਤਰਾਂ, ਪਤੀਆਂ ਅਤੇ ਮਾਪਿਆਂ ਨੂੰ ਗੁਆ ਦਿੱਤਾ ਸੀ, ਉਹਨਾਂ ਬਾਰੇ ਲਿਖਣਾ ਸ਼ੁਰੂ ਕੀਤਾ ਅਤੇ ਪੰਜਾਬੀ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਜੋ ਕਿ ਅੱਤਵਾਦ ਤੋਂ ਪ੍ਰਭਾਵਿਤ ਹੋਇਆ ਸੀ, ਉਸ ਨੂੰ ਆਪਣੀ ਲੇਖਣੀ ਰਾਹੀਂ ਰੋਸ਼ਨ ਕੀਤਾ ਅਤੇ ਪੰਜਾਬ ਵਿਚ ਸਰਕਾਰ ਅਤੇ ਖਾੜਕੂਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ। ਅੱਤਵਾਦ ਦੇ ਦਿਨਾਂ ਦੌਰਾਨ, ਮਨੁੱਖੀ ਦੁੱਖ ਦੀ ਕਹਾਣੀ ਨੂੰ ਦੱਸਣ ਵਿਚ ਉਹਨਾਂ ਇਕ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹੀਂ ਦਿਨੀਂ ਅਖ਼ਬਾਰ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਨੂੰ ਉਜਾਗਰ ਕਰਨ ਵਿੱਚ ਰੁੱਝੇ ਹੋਏ ਸਨ ਅਤੇ ਆਪਣੇ ਸਰਕੂਲੇਸ਼ਨ ਨੂੰ ਵਧਾਉਣ ਲਈ ਸਨਸਨੀਖ਼ੇਜ਼ ਰਿਪੋਰਟਾਂ ਦਿੰਦੇ ਸਨ। ਸਰੋਜ ਸਰਹਿੰਦੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਿਨਾਂ ਵਿਚ ਮਨੁੱਖ ਜਿਸ ਤਰ੍ਹਾਂ ਦੀ ਅਜ਼ਮਾਇਸ਼ ਦਾ ਸਾਹਮਣਾ ਕਰ ਰਹੇ ਸਨ, ਉਸ ਨੂੰ ਸਮਝਣ ਅਤੇ ਹਮਦਰਦੀ ਨਾਲ ਬਿਆਨ ਕਰਨ ਦੀ ਲੋੜ ਹੈ। ਉਹਨਾਂ ਆਪਣੀ ਲਿਖਤ ਨੂੰ ਮਨੁੱਖੀ ਤਸੀਹੇ ਦੀਆਂ ਕਹਾਣੀਆਂ 'ਤੇ ਕੇਂਦਰਿਤ ਕੀਤਾ। ਸਰੋਜ ਸਰਹਿੰਦੀ ਨੇ ਮਹਿਸੂਸ ਕੀਤਾ ਕਿ ਜੇਕਰ ਲੋਕਾਂ ਅਤੇ ਖ਼ਾਸ ਕਰਕੇ ਔਰਤਾਂ ਦੇ ਦੁੱਖਾਂ ਨੂੰ ਮੀਡੀਆ ਵਿੱਚ ਉਜਾਗਰ ਕੀਤਾ ਜਾ ਸਕਦਾ ਹੈ, ਤਾਂ ਇਹ ਹਥਿਆਰ ਚੁੱਕਣ ਵਾਲੇ ਪੰਜਾਬੀ ਨੌਜਵਾਨਾਂ ਦੀ ਮਾਨਸਿਕਤਾ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮਾਵਾਂ ਅਤੇ ਭੈਣਾਂ ਦੇ ਦੁੱਖਾਂ ਨੂੰ ਉਜਾਗਰ ਕਰ ਸਰੋਜ ਸਿਰਹਿੰਦੀ ਨੇ ਬਹੁਤ ਸਾਰੇ ਸਵਾਲਾਂ ਨੂੰ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਹਥਿਆਰ ਚੁੱਕਣ ਵਾਲਿਆਂ ਨੂੰ ਸਮਾਜ ਪ੍ਰਤੀ ਆਪਣੀਆਂ ਤਰਜੀਹਾਂ ਅਤੇ ਜ਼ਿੰਮੇਵਾਰੀਆਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਸਮਿਆਂ ਦੌਰਾਨ ਨਾ ਕੇਵਲ 'ਖ਼ਾਲਿਸਤਾਨ' ਦੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਥਿਆਰ ਚੁੱਕਣ ਵਾਲੇ ਹਥਿਆਰਬੰਦ ਨੌਜਵਾਨਾਂ ਦੇ ਹੱਥੋਂ ਬਲਕਿ ਸੁਰੱਖਿਆ ਬਲਾਂ ਦੇ ਹੱਥੋਂ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਸੀ।
-ਔਰਤਾਂ ਦੇ ਪੱਖ ਵਿਚ ਅਵਾਜ਼ ਬੁਲੰਦ ਕੀਤੀ-
ਇਸ ਦੌਰਾਨ ਪੰਜਾਬ ਵਿੱਚ ਪੱਤਰਕਾਰੀ ਨੂੰ ਮਰਦਾਂ ਦਾ ਖੇਤਰ ਮੰਨਿਆ ਜਾਂਦਾ ਸੀ। ਪਰ ਸਰੋਜ ਸਰਹਿੰਦੀ ਨੇ ਇਸ ਮਾਨਤਾ ਨੂੰ ਤੋੜ ਕੇ ਹੋਰ ਬਹੁਤ ਸਾਰੀਆਂ ਮਹਿਲਾ ਪੱਤਰਕਾਰਾਂ ਲਈ ਰਾਹ ਪੱਧਰਾ ਕੀਤਾ, ਜਿਨ੍ਹਾਂ ਨੇ ਪੱਤਰਕਾਰਤਾ ਨੂੰ ਅਪਣਾਇਆ ਅਤੇ ਇਸ ਨੂੰ ਹੋਰ ਅੱਗੇ ਲੈ ਕੇ ਗਏ। ਉਨ੍ਹਾਂ ਪੱਤਰਕਾਰ ਹੁੰਦਿਆਂ ਔਰਤਾਂ ਦੇ ਪੱਖ ਵਿਚ ਬੜਾ ਸ਼ਿੱਦਤ ਨਾਲ ਲਿਖਿਆ ਅਤੇ ਬਹੁਤ ਬਾਰੇ ਮੁੱਦੇ ਵੀ ਉਠਾਏ। ਉਹਨਾਂ ਨੇ ਵੱਡੇ ਸਿਆਸੀ ਘਟਨਾਕ੍ਰਮ 'ਤੇ ਪਕੜ ਬਣਾਈ ਰਾਖੀ ਅਤੇ ਸੂਬੇ ਦੀਆਂ ਆਮ ਔਰਤਾਂ ਤੱਕ ਵੀ ਪਹੁੰਚ ਕੀਤੀ, ਜੋ ਸੂਬੇ ਭਰ 'ਚ ਹੋ ਰਹੇ ਖ਼ੂਨ-ਖ਼ਰਾਬੇ ਦਾ ਖ਼ਾਮੋਸ਼ੀ ਦੁੱਖ ਝੱਲ ਰਹੀਆਂ ਸਨ।
-ਰਾਸ਼ਟਰਪਤੀ ਭਵਨ ਵਿਚ ਭਾਸ਼ਣ ਦੇਣਾ-
ਸਰੋਜ ਸਰਹਿੰਦੀ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸਾਹਿਤ ਅਕਾਦਮੀ ਦੇ ਐਵਾਰਡ ਵੀ ਮਿਲੇ, ਨਾਲ਼ੋਂ ਨਾਲ ਹੋਰ ਬਹੁਤ ਸਾਰੇ ਪੁਰਸਕਾਰ ਮਿਲੇ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੁੰਦੇ ਸਨ। ਉਸ ਵੇਲੇ ਸਰੋਜ ਸਰਹਿੰਦੀ ਨੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੇ ਸਾਹਮਣੇ ਪੱਤਰਕਾਰਤਾ ਵਿਚ ਔਰਤਾਂ ਤੇ ਸਥਾਨ ਅਤੇ ਔਰਤ ਦੀ ਦਸ਼ਾ ਬਾਰੇ ਆਪਣਾ ਭਾਸ਼ਣ ਦੇ ਕੇ ਰਾਸ਼ਟਰਪਤੀ ਨੂੰ ਮੁਤਾਸਰ ਕੀਤਾ ਸੀ।
-ਪੱਤਰਕਾਰ ਸਾਥੀਆਂ ਨਾਲ ਸਰੋਜ ਸਰਹਿੰਦੀ ਨੇ ਖ਼ੂਬ ਕੰਮ ਕੀਤਾ-
ਆਮ ਤੌਰ ਤੇ ਪ੍ਰੈੱਸ ਕਾਨਫ਼ਰੰਸਾਂ ਵਿਚ ਸਰੋਜ ਸਰਹਿੰਦੀ ਇਕੱਲੀ ਹੀ ਮਹਿਲਾ ਪੱਤਰਕਾਰ ਹੁੰਦੇ ਸਨ। ਜੋ ਮਰਦ ਪੱਤਰਕਾਰਾਂ ਵਿਚ ਬੈਠ ਕੇ ਸਾਹਮਣੇ ਬੈਠੇ ਵੀਆਈਪੀ ਨੂੰ ਸਵਾਲ ਪੁੱਛ ਕੇ ਕਈ ਵਾਰੀ ਨਿਰਉੱਤਰ ਵੀ ਕਰ ਦਿੰਦੇ ਸਨ। ਕੁਝ ਗੱਲਾਂ ਵਿਚ ਸਰੋਜ ਸਰਹਿੰਦੀ ਨੂੰ ਅੜੀਅਲ ਵਤੀਰੇ ਵਾਲੀ ਔਰਤ ਵੀ ਕਿਹਾ ਗਿਆ ਹੈ ਪਰ ਜਿਹੋ ਜਿਹਾ ਸਮਾਜ ਔਰਤਾਂ ਨਾਲ ਰਵੱਈਆ ਕਰਦਾ ਹੈ ਉਸ ਅਨੁਸਾਰ ਅੜੀਅਲ ਸੁਭਾਅ ਹੋਣਾ ਕੋਈ ਮਾੜੀ ਗੱਲ ਨਹੀਂ ਹੈ।
ਫੋਟੋ ਦੀ ਹੇਠਲੀ ਰੋਲ ਵਿਚ ਖੱਬੇ ਤੋਂ ਤਤਕਾਲੀ ਡੀਪੀਆਰਓ ਬੀਆਈਐਸ ਚਾਹਲ, ਬ੍ਰਿਜ ਭੂਸ਼ਣ ਸਰਹਿੰਦੀ ਹਿੰਦ ਸਮਾਚਾਰ ਗਰੁੱਪ, ਯੋਗਿੰਦਰ ਮੋਹਨ ਦਾ ਇੰਡੀਅਨ ਐਕਸਪ੍ਰੈਸ, ਸਰੋਜ ਸਰਹਿੰਦੀ ਪੰਜਾਬੀ ਟ੍ਰਿਬਿਊਨ ਤੇ ਦੈਨਿਕ ਟ੍ਰਿਬਿਊਨ ਤੇ ਪ੍ਰਭਾਕਰ ਦਾ ਟ੍ਰਿਬਿਊਨ ਨਜ਼ਰ ਆ ਰਹੇ ਹਨ।
-ਸਾਥੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਜ਼ੁਬਾਨੀ-
ਸਰਬਜੀਤ ਸਿੰਘ ਧਾਲੀਵਾਲ ਟ੍ਰਿਬਿਊਨ ਗਰੁੱਪ ਦੇ ਪਟਿਆਲਾ ਦੇ ਇੰਚਾਰਜ ਸਨ। ਉਹ ਕਹਿੰਦੇ ਹਨ ਕਿ ਸਰੋਜ ਸਰਹਿੰਦੀ ਇਕ ਬਹੁਤ ਹੀ ਕਾਬਲ ਪੱਤਰਕਾਰ ਸੀ, ਉਹ ਫ਼ੀਲਡ ਵਿਚ ਜਾ ਕੇ ਖ਼ਬਰਾਂ ਕਰਨ ਦੀ ਆਦੀ ਸੀ, ਉਸ ਨੂੰ ਇਹ ਕਦੇ ਵੀ ਆਸ ਨਹੀਂ ਸੀ ਕਿ ਕੋਈ ਉਸ ਕੋਲ ਕਾਰ ਜਾਂ ਗੱਡੀ ਭੇਜੇਗਾ ਤਾਂ ਹੀ ਉਹ ਕਵਰੇਜ ਕਰਨ ਲਈ ਜਾਣਗੇ। ਉਹ ਸਗੋਂ ਖ਼ੁਦ ਆਪਣੇ ਸਿਰ ਤੇ ਪੱਤਰਕਾਰੀ ਕਰਦੇ ਸਨ। ਸ. ਧਾਲੀਵਾਲ ਨੇ ਕਿਹਾ ਕਿ ਉਸ ਨੇ ਜੋ ਵੀ ਖ਼ਬਰ ਜਾਂ ਖ਼ੋਜੀ ਰਿਪੋਰਟ ਮੇਰੇ ਕੋਲ ਲਿਆਂਦੀ ਮੈਂ ਉਸ ਦੀ ਕੋਈ ਵੀ ਖ਼ਬਰ ਨਹੀਂ ਰੋਕੀ, ਉਹ ਇਕ ਪੱਤਰਕਾਰਤਾ ਦੀ ਡਿੱਗਰੀ ਧਾਰਕ ਪੱਤਰਕਾਰ ਸੀ ਤੇ ਉਸ ਦੀਆਂ ਲੋਕ ਪੱਖੀ ਰਿਪੋਰਟਾਂ ਵਿਚ ਦਮ ਹੁੰਦਾ ਸੀ। ਅਜਿਹੀ ਪੱਤਰਕਾਰ ਬਹੁਤ ਜਲਦੀ ਸਾਥੋਂ ਵਿਦਾ ਹੋ ਗਏ, ਇਸ ਦਾ ਉਸ ਨੂੰ ਦੁੱਖ ਹੈ।
-ਤਤਕਾਲੀ ਡੀਪੀਆਰਓ ਉਜਾਗਰ ਸਿੰਘ ਦੀ ਜ਼ੁਬਾਨੀ-
ਉਜਾਗਰ ਸਿੰਘ ਬਹੁਤ ਸਿਆਣੇ ਤੇ ਸੁਲਝੇ ਹੋਏ ਲੋਕ ਸੰਪਰਕ ਅਧਿਕਾਰੀ ਸਨ। ਉਹ ਸਰਕਾਰ ਦੇ ਅਧੀਨ ਸਰਕਾਰ ਦੀ ਡਿਊਟੀ ਹੀ ਕਰਦੇ ਸਨ। ਉਨ੍ਹਾਂ ਲਈ ਸਰਕਾਰ ਦੀ ਵਫ਼ਾਦਾਰੀ ਪਹਿਲਾਂ ਸੀ। ਉਨ੍ਹਾਂ ਨੇ ਸਰੋਜ ਸਰਹਿੰਦੀ ਬਾਰੇ ਕਿਹਾ ਕਿ ਬਹੁਤ ਮਿਹਨਤੀ ਪੱਤਰਕਾਰ ਸੀ ਸਰੋਜ ਸਰਹਿੰਦੀ। ਇਕ ਪਾਸੇ ਹਿੰਦ ਸਮਾਚਾਰ ਗਰੁੱਪ ਵਿਚ ਕੰਮ ਕਰਦੇ ਉਸ ਦੇ ਸਹੁਰਾ ਸਾਹਿਬ ਭੂਸ਼ਣ ਸਰਹਿੰਦੀ ਸਨ ਜੋ ਨਹੀਂ ਚਾਹੁੰਦੇ ਸਨ ਕਿ ਸਰੋਜ ਪੱਤਰਕਾਰੀ ਕਰੇ ਪਰ ਇਕ ਪਾਸੇ ਸਰੋਜ ਦੀ ਸਿਰੜ ਸੀ ਜਿਸ ਨੇ ਵੱਡੇ ਵਿਰੋਧਾਂ ਤੋਂ ਬਾਅਦ ਵੀ ਪੱਤਰਕਾਰੀ ਵਿਚ ਮੁਕਾਮ ਹਾਸਲ ਕੀਤਾ। ਇਕ ਔਰਤ ਲਈ ਮਰਦਾਂ ਨਾਲ ਆਡਾ ਲੈਣਾ ਸੌਖਾ ਨਹੀਂ ਹੁੰਦਾ, ਕਿੰਨੀ ਵਿਰੋਧਤਾ ਹੋਈ ਪਰ ਸਰੋਜ ਨੇ ਕਦੇ ਵੀ ਪਿੱਛੇ ਮੁੜ੍ਹਕੇ ਨਹੀਂ ਦੇਖਿਆ।
-ਮੈਂ ਜੋ ਦੇਖਿਆ ਆਪਣੇ ਤਜਰਬੇ ਵਿਚੋਂ-
ਸਰੋਜ ਸਰਹਿੰਦੀ ਇਕ ਪਾਸੇ ਤੇ ਭੂਸ਼ਣ ਸਰਹਿੰਦੀ ਇਕ ਪਾਸੇ ਹੁੰਦੇ ਸਨ। ਜੇਕਰ ਕੋਈ ਸਰੋਜ ਸਰਹਿੰਦੀ ਨੂੰ ਪ੍ਰੈੱਸ ਨੋਟ ਦੇ ਕੇ ਭੂਸ਼ਣ ਸਰਹਿੰਦੀ ਨੂੰ ਦਸ ਦਿੰਦਾ ਸੀ ਤਾਂ ਉਸ ਵਿਅਕਤੀ ਦਾ ਪ੍ਰੈੱਸ ਨੋਟ ਭੂਸ਼ਣ ਸਰਹਿੰਦੀ ਅਖਬਾਰ ਨੂੰ ਨਹੀਂ ਭੇਜਿਆ ਕਰਦੇ ਸਨ।
ਸਰੋਜ ਸਰਹਿੰਦੀ ਦੇ ਪਰਿਵਾਰ ਨੂੰ ਖ਼ੁਦ ਨੂੰ ਖ਼ੁਦ ਹੀ ਸਾਬਤ ਕਰਕੇ ਦਿਖਾਉਣਾ ਪਿਆ ਜਿਸ ਬਾਰੇ ਮੈਂ ਲਿਖ ਕੇ ਮਾਣ ਮਹਿਸੂਸ ਕਰ ਰਿਹਾ ਹਾਂ।
-24 ਅਪਰੈਲ 1999 ਦਾ ਕਹਿਰ ਭਰਿਆ ਦਿਨ-
ਸਰੋਜ ਸਰਹਿੰਦੀ ਆਪਣੇ ਪਰਿਵਾਰ ਸਮੇਤ ਸ਼ਾਹਬਾਦ ਮਾਰਕੰਡਾ ਰੋਡ ਤੇ ਆਪਣੀ ਕਾਰ ਵਿਚ ਆ ਰਹੇ ਸਨ, ਤਾਂ ਦੋ ਟਰੱਕਾਂ ਦੀ ਭੇੜ ਕਰਕੇ ਉਨ੍ਹਾਂ ਦੀ ਕਾਰ ਬਹੁਤ ਬੁਰੀ ਤਰ੍ਹਾਂ ਲਪੇਟ ਵਿਚ ਆ ਗਈ ਜਿਸ ਦੌਰਾਨ ਸਰੋਜ ਸਰਹਿੰਦੀ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਬੇਟਾ ਆਸ਼ੀਸ਼ ਕੁਮਾਰ ਮੌਕੇ ਤੇ ਮਾਰੇ ਗਏ ਸਨ। ਸਰੋਜ ਸਰਹਿੰਦੀ ਦੇ ਪਤੀ ਡਾ. ਪ੍ਰਸ਼ੋਤਮ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਉਨ੍ਹਾਂ ਦੀ ਮੌਤ ਵੀ ਇਕ ਮਹੀਨਾ ਬਾਅਦ ਹੋ ਗਈ ਸੀ, ਇਸ ਦੌਰਾਨ ਕਾਰ ਵਿਚ ਮਨੀਸ਼ ਸਰਹਿੰਦੀ, ਸਰੋਜ ਸਰਹਿੰਦੀ ਦੇ ਵੱਡੇ ਪੁੱਤਰ ਰਾਜੀਵ ਕੁਮਾਰ ਦੀ ਪਤਨੀ ਰੁਪਾਲੀ ਇਕ ਹੋਰ ਨਜ਼ਦੀਕੀ ਸ਼ਿਵਾਨੀ ਜ਼ਖ਼ਮੀ ਹੋ ਗਏ ਸਨ।
25 ਅਪਰੈਲ ਨੂੰ ਸਰੋਜ ਸਰਹਿੰਦੀ ਦੀਆਂ ਅੰਤਿਮ ਰਸਮਾਂ ਮੌਕੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਗੁਰਬਚਨ ਸਿੰਘ ਭੁੱਲਰ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਵਿਜੈ ਗੋਇਲ ਪੁੱਜੇ ਸਨ। ਇਸ ਤੋਂ ਇਲਾਵਾ ਪਟਿਆਲਾ ਦੀਆਂ ਅਹਿਮ ਹਸਤੀਆਂ ਵਿਚੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤਤਕਾਲੀ ਓਐਸਡੀ ਸੀਐਮ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਕਮਿਸ਼ਨਰ ਜਸਬੀਰ ਸਿੰਘ ਬੀਰ, ਐਸਐਸਪੀ ਪਰਮਪਾਲ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਅਤੇ ਤਤਕਾਲੀ ਕ੍ਰਿਕਟਰ ਅਤੇ ਮੌਜੂਦਾ ਸਿਆਸੀ ਨਵਜੋਤ ਸਿੰਘ ਸਿੱਧੂ ਵੀ ਮੌਕੇ ਤੇ ਪੁੱਜੇ ਸਨ। ਇਸ ਸਮੇਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਵਿੱਤ ਮੰਤਰੀ ਕੈਪ. ਕੰਵਲਜੀਤ ਸਿੰਘ, ਤਤਕਾਲੀ ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸੋਕ ਸੰਦੇਸ਼ ਭੇਜੇ ਸਨ। ਪਟਿਆਲਾ ਦੇ ਸਾਰੇ ਪੱਤਰਕਾਰਾਂ ਵਿਚ ਸੋਗ ਦੀ ਲਹਿਰ ਸੀ। ਇਸ ਸਮੇਂ ਪੰਜਾਬ ਯੂਨੀਅਨ ਆਫ਼ ਜਰਨਲਿਸਟ ਨੇ ਵੀ ਸੋਕ ਸੰਦੇਸ਼ ਭੇਜਿਆ ਸੀ। ਯੂਨੀਅਨ ਦੇ ਵਾਈਸ ਪ੍ਰਧਾਨ ਵਿਜੈ ਰਤਨ ਨੇ ਵੀ ਹਮਦਰਦੀ ਪ੍ਰਗਟ ਕੀਤੀ ਸੀ। ਸਰੋਜ ਸਰਹਿੰਦੀ ਨੇ ਪੰਜਾਬੀ ਟ੍ਰਿਬਿਊਨ ਵਿਚ ਆਪਣਾ 25 ਸਾਲ ਦਾ ਸਫ਼ਰ ਤਹਿ ਕੀਤਾ।
-ਪਰਿਵਾਰ-
ਸਰੋਜ ਸਰਹਿੰਦੀ ਦੇ ਵੱਡੇ ਪੁੱਤਰ ਰਾਜੀਵ ਸਰਹਿੰਦੀ ਤੇ ਮੁਨੀਸ਼ ਸਰਹਿੰਦੀ ਤੋਂ ਇਲਾਵਾ ਸਰੋਜ ਦੀਆਂ ਦੋ ਧੀਆਂ ਪ੍ਰੋ. ਡਾਕਟਰ ਗੀਤਿਕਾ ਸਰਹਿੰਦੀ ਪੰਜਾਬੀ ਯੂਨੀਵਰਸਿਟੀ ਵਿਚ ਬਾਟਨੀ ਵਿਭਾਗ ਵਿਚ ਪ੍ਰੋਫੈਸਰ ਹੈ, ਜਦ ਕਿ ਦੂਜੀ ਪੁੱਤਰੀ ਦੀਪਿਕਾ ਯਾਮੁਨਾਨਗਰ ਵਿਚ ਰਹਿੰਦੇ ਹਨ। ਉਨ੍ਹਾਂ ਦੇ ਛੋਟੇ ਪੁੱਤਰ ਡਾ: ਮਨੀਸ਼ ਸਰਹਿੰਦੀ ਨੇ ਪੱਤਰਕਾਰੀ ਪੇਸ਼ੇ ਨੂੰ ਅਪਣਾਇਆ ਅਤੇ ਦਾ ਇੰਡੀਅਨ ਐਕਸਪ੍ਰੈੱਸ, ਦਾ ਟ੍ਰਿਬਿਊਨ ਅਤੇ ਦਾ ਟਾਈਮਜ਼ ਆਫ਼ ਇੰਡੀਆ ਵਿਚ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਦਿਆਂ ਆਪਣੀ ਮਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਦਮ ਭਰਿਆ। ਮਨੀਸ਼ ਸਰਹਿੰਦੀ ਨੇ
ਅੱਤਵਾਦ ਦੇ ਦਿਨਾਂ ਦੌਰਾਨ ਪ੍ਰਿੰਟ ਮੀਡੀਆ ਦੀ ਭੂਮਿਕਾ 'ਤੇ ਇੱਕ ਅਕਾਦਮਿਕ ਅਧਿਐਨ ਵੀ ਕੀਤਾ, ਜਿਸ ਲਈ ਉਸ ਨੂੰ ਪੰਜਾਬੀ ਯੂਨੀਵਰਸਿਟੀ ਦੁਆਰਾ ਪੀਐਚਡੀ ਦੀ ਡਿੱਗਰੀ ਪ੍ਰਦਾਨ ਕੀਤੀ ਗਈ ।
ਆਪਣੀ ਮੌਤ ਦੇ 23 ਸਾਲਾਂ ਬਾਅਦ ਵੀ, ਸਰੋਜ ਸਰਹਿੰਦੀ ਪੱਤਰਕਾਰੀ ਦੇ ਖੇਤਰ ਵਿਚ ਇੱਕ ਚਾਨਣ ਮੁਨਾਰਾ ਬਣ ਕੇ ਖੜ੍ਹੀ ਹੈ ਅਤੇ ਆਪਣੀਆਂ ਅਨੇਕ ਲਿਖਤਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰ ਰਹੀ ਹੈ। ਅਜਿਹੀ ਪੱਤਰਕਾਰਾ ਦੀ ਗੈਰ ਹਾਜ਼ਰੀ ਦਾ ਕਦੇ ਅਹਿਸਾਸ ਨਾ ਹੋਵੇ ਇਸ ਕਰਕੇ ਇਹ ਲਿਖਤ ਸਮੇਂ ਦੇ ਹਵਾਲੇ ਹੈ। ਹਮੇਸ਼ਾ ਯਾਦ ਵਿਚ ਬਣੀ ਰਹੇ..
-ਗੁਰਨਾਮ ਸਿੰਘ ਅਕੀਦਾ
8146001100
Subscribe to:
Post Comments (Atom)
ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...
-
ਕੁੰਮਾ ਮਾਸ਼ਕੀ ਉਰਫ਼ ਕਰਮੂ ਦੇ ਸਿੱਖ ਇਤਿਹਾਸ ਵਿਚ ਕੰਮ ਨੂੰ ਭੁਲਾ ਚੁੱਕਿਆ ਹੈ ‘ਸਰਮਾਏਦਾਰ ਸਿੱਖ ਸਮਾਜ’ ਲੇਖਕ : ਗੁਰਨਾਮ ਸਿੰਘ ਅਕੀਦਾ ਮੁਗ਼ਲ ਸਾਮਰਾਜ ਦੇ ਸਤਾਏ ਹੋਏ ਕਈ...
-
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...








No comments:
Post a Comment