Friday, October 21, 2022

-ਕੈਨੇਡਾ ਵਿਚ ਪੰਜਾਬੀ ਪੱਤਰਕਾਰੀ ਦੇ ਝੰਡੇ ਗੱਡਣ ਵਾਲੇ ਸੂਝਵਾਨ ਪੱਤਰਕਾਰ ‘ਅਮਰ ਸਿੰਘ ਭੁੱਲਰ’

-ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਪੱਤਰਕਾਰੀ ਵਿਚ ਚਰਚਾ ਵਿਚ ਆਏ ‘ਭੁੱਲਰ’ ਨੇ ਦੇਸ਼ ਤੇ ਵਿਦੇਸ਼ਾਂ ਦੇ ਸਿਆਸੀ ਗਲਿਆਰਿਆਂ ਵਿਚ ਬੜਾ ਨਾਮ ਖੱਟਿਆ
ਦੇਸ਼ ਤੋਂ ਪ੍ਰਦੇਸ਼ ਵਿਚ ਜਾ ਕੇ ਪੱਤਰਕਾਰੀ ਵਰਗੇ ਗੁੰਝਲਦਾਰ ਵਿਸ਼ੇ ਨੂੰ ਚੁਣਨਾ ਬੜਾ ਵੱਡਾ ਕੰਮ ਹੁੰਦਾ ਹੈ, ਚਲੋ ਵਿਸ਼ਾ ਚੁਣ ਲਿਆ ਪਰ ਉਸ ਵਿਚ ਕਾਮਯਾਬ ਹੋਣਾ ਹੋਰ ਵੀ ਜੋਖ਼ਮ ਭਰਿਆ ਕੰਮ ਹੈ। ਪੱਤਰਕਾਰੀ ਗੈਰ ਆਦਰਸ਼ਵਾਦ ਦੀ ਭੇਂਟ ਚੜ ਰਹੀ ਹੈ। ਪੰਜਾਬ ਵਿਚ ਅੱਤਵਾਦ ਦੇ ਸਮੇਂ ਵਿਚ ਪੱਤਰਕਾਰੀ ਕਰਨਾ ਹੋਰ ਵੀ ਜੋਖ਼ਮ ਭਰਿਆ ਕੰਮ ਸੀ। ਪਰ ਪੰਜਾਬ ਵਿਚੋਂ ਪੱਤਰਕਾਰੀ ਸ਼ੁਰੂ ਕਰਕੇ ਕੁਝ ਅਜਿਹੇ ਨਾਮ ਵੀ ਹਨ ਜਿਨ੍ਹਾਂ ਦੀ ਚਰਚਾ ਵਿਸ਼ਵ ਦੀ ਪੰਜਾਬੀ ਪੱਤਰਕਾਰੀ ਵਿਚ ਹੁੰਦੀ ਹੈ। ਅੱਜ ਆਪਾਂ ਅਜਿਹੇ ਹੀ ਇਕ ਪੱਤਰਕਾਰ ਦੀ ਗੱਲ ਕਰਾਂਗੇ। ਮੈਂ ਅੱਜ ਕੈਨੇਡਾ ਵਿਚ ਪੱਤਰਕਾਰੀ ਦੇ ਝੰਡੇ ਗੱਡਣ ਵਾਲੇ ‘ਅਮਰ ਸਿੰਘ ਭੁੱਲਰ’ ਦੀ ਗੱਲ ਕਰ ਰਿਹਾ ਹਾਂ। -ਮੁੱਢਲਾ ਜੀਵਨ- ਪੰਜਾਬ ਦੀ ਵੰਡ ਕਰਨ ਲਈ ਪੰਜਾਬੀ ਹੀ ਲੜਾਈ ਲੜ ਰਹੇ ਸਨ। ਪੰਜਾਬੀਆਂ ਵਿਚੋਂ ਖ਼ਾਸ ਕਰਕੇ ਅਕਾਲੀ ਦਲ ਨੂੰ ਮਹਾਂ ਪੰਜਾਬ ਦੀ ਥਾਂ ਆਪਣੇ ਵੱਖਰੇ ਪੰਜਾਬੀ ਸੂਬੇ ਦੀ ਲੋੜ ਸੀ। ਜਿਸ ਲਈ ਅਨੇਕਾਂ ਮਰਨ ਵਰਤ ਰੱਖੇ ਜਾ ਰਹੇ ਸਨ ਤੇ ਜਵਾਹਰ ਲਾਲ ਨਹਿਰੂ ਵਰਗੇ ਪ੍ਰਧਾਨ ਮੰਤਰੀ ਤੋਂ ਅਨੇਕਾਂ ਤਰ੍ਹਾਂ ਦੀਆਂ ਦੁਸ਼ਵਾਰੀਆਂ ਝੱਲਣੀਆਂ ਪੈ ਰਹੀਆਂ ਸਨ। ਉਸ ਵੇਲੇ ਹੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਨਵੌਰਾ (ਫ਼ਿਲਮੀ ਐਕਟਰ ਧਰਮਿੰਦਰ ਦਾ ਸਹੁਰਾ ਪਿੰਡ) ਵਿਚ ਆਮ ਕਿਸਾਨ ਬਾਪੂ ਸ. ਸਰਵਨ ਸਿੰਘ ਭੁੱਲਰ ਦੇ ਘਰ ਮਾਤਾ ਸਰਦਾਰਨੀ ਅੰਗਰੇਜ਼ ਕੌਰ ਦੀ ਕੁੱਖੋਂ ਅਮਰ ਸਿੰਘ ਆਪਣੀਆਂ ਅੱਖਾਂ ਖੋਲ੍ਹ ਰਿਹਾ ਸੀ। ਬਾਪੂ ਸਰਵਨ ਸਿੰਘ ਨੇ ਸਭ ਤੋਂ ਵੱਡੇ ਪੁੱਤਰ ਅਮਰ ਸਿੰਘ ਨੂੰ ਪੜਾਉਣਾ ਸ਼ੁਰੂ ਕੀਤਾ। ਚਾਰ ਭੈਣਾਂ ਤੇ ਦੋ ਭਰਾ ਦਾ ਸਭ ਤੋਂ ਵੱਡੇ ਭਰਾ ਅਮਰ ਸਿੰਘ ਭੁੱਲਰ ਨੇ ਪ੍ਰਾਇਮਰੀ ਤੋਂ 8ਵੀਂ ਤੱਕ ਦੀ ਪੜਾਈ ਬਨਵੌਰਾ ਸਕੂਲ ਤੋਂ ਹੀ ਹਾਸਲ ਕੀਤੀ। ਦਸਵੀਂ ਹਾਈ ਸਕੂਲ ਬਨਵੌਰੀ ਵਿਚ ਕਰ ਲਈ ਤੇ ਕਾਲਜ ਦੀ ਪੜਾਈ ਲਈ ਉਨ੍ਹਾਂ ਮਲੇਰਕੋਟਲਾ ਕਾਲਜ ਵਿਚ ਦਾਖਲਾ ਲਿਆ ਤੇ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਅਧਿਆਪਕ ਦਾ ਪੇਸ਼ਾ ਚੁਣਨ ਦਾ ਬੜਾ ਸ਼ੌਕ ਸੀ ਪਰ ਬੀ ਐਡ ਵਿਚ ਦਾਖਲਾ ਨਾ ਮਿਲ ਸਕਿਆ ਤਾਂ ਸੁਪਨਾ ਵਿਚ ਹੀ ਰਹਿ ਗਿਆ। -ਕਾਲਜ ਵਿਚ ਵਿਦਿਆਰਥੀ ਸਰਗਰਮੀਆਂ- ਅਮਰ ਸਿੰਘ ਭੁੱਲਰ ਬਚਪਨ ਤੋਂ ਹੀ ਕ੍ਰਾਂਤੀਕਾਰੀ ਵਿਚਾਰਾਂ ਨਾਲ ਬਾ-ਵਾਸਤਾ ਸਨ। ਕਾਲਜ ਵੇਲੇ ਤੋਂ ਹੀ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਵਿਚ ਮੂਹਰਲੀਆਂ ਕਤਾਰਾਂ ਦਾ ਲੀਡਰ ਬਣ ਗਿਆ। ਸੰਗਰੂਰ ਦੇ ਜ਼ੋਨਲ ਸਕੱਤਰ ਵਜੋਂ ਕੰਮ ਕਰਨਾ ਸ਼ੁਰੂ ਕਰ ਲਿਆ। ਪੀਐਸਯੂ ਵਿਚ ਪਟਿਆਲਾ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਫ਼ਰੀਦਕੋਟ ਵਾਲੇ ਇਲਾਕੇ ਤੋਂ ਮੇਜਰ ਸਿੰਘ (ਉੱਘੇ ਮਰਹੂਮ ਪੱਤਰਕਾਰ), ਬਿੱਕਰ ਭਲਵਾਨ ਵਰਗੇ ਵਿਅਕਤੀਆਂ ਨਾਲ ਵੀ ਸੂਬਾ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਮਿਲਦੇ ਰਹਿਣਾ। ਉੱਘੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਕਾਫ਼ੀ ਨੇੜਤਾ ਸੀ, ਜਿਸ ਬਾਰੇ ਉਹ ਕਾਫ਼ੀ ਗੱਲਾਂ ਖੁੱਲ ਕੇ ਸੁਣਾਉਂਦੇ ਹਨ। ਨਿਰਮਲ ਸਿੰਘ ਸੋਹੀ ਟਰਾਂਸਪੋਰਟਰ ਸਨ ਤੇ ਚਾਚਾ ਸੁਖਦੇਵ ਸਿੰਘ ਭੁੱਲਰ ਵਰਗੇ ਵੱਡੀ ਉਮਰ ਦੇ ਦੋਸਤ ਵੀ ਸਨ। ਮਾਂ ਹਮੇਸ਼ਾ ਕਹਿੰਦੀ ‘ਪੁੱਤ ਕੋਈ ਹਾਣ ਦੇ ਦੋਸਤ ਬਣਾਇਆ ਕਰ’। ਪਰਿਵਾਰ ਵਿਚ ਜਾਂ ਰਿਸ਼ਤੇਦਾਰ ਵਿਚ ਕੋਈ ਵੱਡਾ ਰੈਫਰੈਂਸ ਨਹੀਂ ਸੀ ਕਿ ਸਿੱਧਾ ਹੀ ਪੈਰਾਸ਼ੂਟ ਬਣ ਕੇ ਤਰੱਕੀ ਦੇ ਰਸਤੇ ਤੇ ਚੱਲ ਪੈਂਦੇ, ਪਰ ਫੇਰ ਵੀ ਕਾਲਜ ਦਿਨਾਂ ਤੋਂ ਹੀ ਸੁਖਦੇਵ ਸਿੰਘ ਢੀਂਡਸਾ, ਐਮਐਲਏ ਬਣੇ ਜ਼ੈਲਦਾਰ ਸੰਤ ਸਿੰਘ ਧੂਰੀ ਵਰਗਿਆਂ ਨਾਲ ਮੇਲ ਹੋ ਗਿਆ ਸੀ। ਉਂਜ ਤਾਇਆ ਅਰਜਨ ਸਿੰਘ ਕਾਫ਼ੀ ਮਦਦ ਕਰ ਦਿੰਦੇ ਸਨ। -ਸਕੂਲ ਖੋਲ੍ਹਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ- ਬੀ ਐਡ ਵਿਚ ਦਾਖਲਾ ਨਾ ਮਿਲਣ ਕਰਕੇ ਸਰਕਾਰੀ ਨੌਕਰੀ 1978 ਵਿਚ ਅੰਕੜਾ ਵਿਭਾਗ ਵਿਚ ਫ਼ੀਲਡ ਅਫ਼ਸਰ ਦੀ ਮਿਲ ਗਈ ਸੀ। ਅਧਿਆਪਕ ਬਣਨ ਦਾ ਸੁਪਨਾ ਪੂਰਾ ਕਰਨ ਲਈ ਨੌਕਰੀ ਕਰਦਿਆਂ ਹੀ ਇੰਡੀਅਨ ਮਾਡਲ ਸਕੂਲ ਦੇ ਨਾਮ ਤੇ 12 ਸਕੂਲ ਵੀ ਖੋਲੇ। ਜਿਨ੍ਹਾਂ ਵਿਚ 1500 ਦੇ ਕਰੀਬ ਬੱਚਾ ਪੜ੍ਹਦਾ ਸੀ ਤੇ ਬੱਚਿਆਂ ਨੂੰ 70 ਤੋਂ ਵੱਧ ਅਧਿਆਪਕ ਪੜਾਉਂਦੇ ਸਨ। 1980 ਵਿਚ ਪਬਲਿਕ ਕਾਲਜ ਸ਼ੇਰਪੁਰ (ਧੂਰੀ) ਵੀ ਖੋਲ੍ਹ ‌ਲਿਆ। ਉਸ ਸਮੇਂ ਇਸ ਇਲਾਕੇ ਵਿਚ 25-25 ਕਿੱਲੋਮੀਟਰ ਤੱਕ ਕੋਈ ਵੀ ਕਾਲਜ ਨਹੀਂ ਸੀ, ਕਾਲਜ ਦੇ ਉਦਘਾਟਨ ਸਮੇਂ ਸੁਖਦੇਵ ਸਿੰਘ ਢੀਂਡਸਾ, ਕਾਮ. ਚੰਦ ਸਿੰਘ ਚੋਪੜਾ ਤਤਕਾਲੀ ਵਿਧਾਇਕ ਦਾ ਬਹੁਤ ਸਾਥ ਮਿਲਿਆ ਤੇ ਨਾਲ ਹੀ ਉਸ ਵੇਲੇ ਡਿਪਟੀ ਕਮਿਸ਼ਨਰ ਪੀ ਰਾਮ ਤੇ ਐਸਐਸਪੀ ਦਲਜੀਤ ਸਿੰਘ ਭੁੱਲਰ ਦੀ ਮੌਜੂਦਗੀ ਵੀ ਕਾਫ਼ੀ ਹੱਦ ਤੱਕ ਹੌਸਲਾ ਵਧਾਉਂਦੀ ਸੀ। ਕਾਲਜ ਚਲਾਉਣ ਲਈ ਕਾਫ਼ੀ ਕੁਝ ਦਾਅ ਦੇ ਲਾਉਣਾ ਪਿਆ। ਪਰ ਉਸ ਵੇਲੇ ਦੇ ਪੰਜਾਬ ਪੁਲੀਸ ਦੇ ਇੰਸਪੈਕਟਰ ਇਕਬਾਲ ਸਿੰਘ ਦੇ ਐਸਐਸਪੀ ਗਿਆਨ ਸਿੰਘ ਨੇ ਵੀ ਕਾਫ਼ੀ ਹੌਸਲਾ ਦਿੱਤਾ ਤੇ ਕਾਲਜ ਬੜੀ ਕਾਮਯਾਬੀ ਨਾਲ ਚੱਲਿਆ। -ਪੱਤਰਕਾਰੀ ਦੀ ਸ਼ੁਰੂਆਤ- ਉਂਜ ਪੱਤਰਕਾਰੀ ਕਾਲਜ ਦੇ ਦਿਨਾਂ ਤੋਂ ਹੀ ਸ਼ੁਰੂ ਕਰ ਦਿੱਤੀ ਸੀ। 1976 ਵਿਚ ਹੀ ਪੰਜਾਬੀ ਦੇ ਅਖ਼ਬਾਰਾਂ ਜਿਵੇਂ ਕਿ ਲੋਕ ਲਹਿਰ, ਨਵਾਂ ਜ਼ਮਾਨਾ, ਕੌਮੀ ਦਰਦ, ਚੜ੍ਹਦੀਕਲਾ ਆਦਿ ਅਖ਼ਬਾਰਾਂ ਵਿਚ ਸ਼ੇਰਪੁਰ ਦੀਆਂ ਘਟਨਾਵਾਂ ਭੇਜਦਾ ਸੀ ਤੇ ਉਹ ਛਾਪ ਵੀ ਦਿੰਦੇ ਸਨ। ਜਦੋਂ ਕਾਲਜ ਖੁੱਲ੍ਹਿਆ ਤਾਂ ਕੁਝ ਸਰਕਾਰੀ ਤੇ ਗੈਰ ਸਰਕਾਰੀ ਲੋਕਾਂ ਨੇ ਕਾਲਜ ਦਾ ਵਿਰੋਧ ਵੀ ਕੀਤਾ, ਤਾਂ ਉਸ ਵੇਲੇ ਅਮਰ ਸਿੰਘ ਭੁੱਲਰ ਹੋਰਾਂ ਨੂੰ ਹਰਨੇਕ ਸਿੰਘ ਨੇ ਪੱਤਰਕਾਰੀ ਨੂੰ ਪੇਸ਼ੇ ਵਜੋਂ ਅਪਣਾਉਣ ਦੀ ਸਲਾਹ ਦਿੱਤੀ। ਕਮਲੇਸ਼ ਦੁੱਗਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੱਤਰਕਾਰ ਵਿਭਾਗ, ਹਰਜਿੰਦਰ ਵਾਲੀਆ (ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰ ਵਿਭਾਗ ਦੇ ਮੁਖੀ ਰਹੇ) ਪਹਿਲਾਂ ਹੀ ਕਲਾਸ ਫੈਲੋ ਸਨ। ਸਾਧੂ ਸਿੰਘ ਹਮਦਰਦ ਹੋਰਾਂ ਦੇ ਦਰਸ਼ਨ ਵੀ ਕੀਤੇ ਤੇ ਜਦੋਂ ਬਰਜਿੰਦਰ ਸਿੰਘ ਹਮਦਰਦ ਪੰਜਾਬੀ ਟ੍ਰਿਬਿਊਨ ਵਿਚ ਹੁੰਦੇ ਸਨ ਤਾਂ ਉਨ੍ਹਾਂ ਨਾਲ ਮੁਲਾਕਾਤ ਹੋਈ। ਹਿੰਦ ਸਮਾਚਾਰ ਗਰੁੱਪ ਦੇ ਮੁਖੀ ਲਾਲਾ ਜਗਤ ਨਰਾਇਣ ਨਾਲ ਵੀ ਮੁਲਾਕਾਤ ਹੋਈ। ਲਾਲਾ ਜਗਤ ਨਰਾਇਣ ਬਾਰੇ ਲੋਕ ਕਹਿੰਦੇ ਹਨ ਕਿ ਉਹ ਕੱਟੜ ਹਿੰਦੂ ਸੀ ਪਰ ਅਮਰ ਸਿੰਘ ਭੁੱਲਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਲਾਲਾ ਜਗਤ ਨਰਾਇਣ ਵਿਚ ਅਜਿਹਾ ਕੁਝ ਵੀ ਨਹੀਂ ਲੱਗਾ। -ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਦੀ ਕਵਰੇਜ- 24 ਜੁਲਾਈ 1985 ਨੂੰ ਰਾਜੀਵ ਤੇ ਲੌਂਗੋਵਾਲ ਦਾ ਸਮਝੌਤਾ ਹੋਇਆ, ਜਿਸ ਦੀ ਪ੍ਰਵਾਨਗੀ ਸੰਸਦ ਵੱਲੋਂ ਵੀ ਦੇ ਦਿੱਤੀ ਗਈ। ਜਦੋਂ 20 ਅਗਸਤ 1985 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਬੇਸ਼ੱਕ ਸੰਤ ਹੋਰਾਂ ਦੀ ਸ਼ਹਾਦਤ ਦਾ ਚਾਰੇ ਪਾਸੇ ਸੋਗ ਪਸਰ ਗਿਆ ਸੀ ਪਰ ਉਸ ਵੇਲੇ ਉਸ ਇਲਾਕੇ ਦੇ ਪ੍ਰਮੁੱਖ ਪੱਤਰਕਾਰਾਂ ਵਿਚੋਂ ਇੱਕੋ ਸ਼ਖ਼ਸ ਸਨ ਉਹ ਸਨ ‘ਅਮਰ ਸਿੰਘ ਭੁੱਲਰ’। ਇਸ ਘਟਨਾ ਨੇ ਅਮਰ ਸਿੰਘ ਭੁੱਲਰ ਦੀ ਪੱਤਰਕਾਰੀ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਧਰੂ ਤਾਰੇ ਵਾਂਗ ਚਮਕਾ ਦਿੱਤਾ। ਕਦੇ ਅਜਿਹਾ ਸਮਾਂ ਸੀ ਜਦੋਂ ਪੰਜਾਬੀ ਟ੍ਰਿਬਿਊਨ ਨੇ ਸ਼ੇਰਪੁਰ ਨੂੰ ਪੱਤਰਕਾਰੀ ਦਾ ਸਟੇਸ਼ਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਇਹ ਘਟਨਾ ਅਮਰ ਸਿੰਘ ਭੁੱਲਰ ਲਈ ਵੱਡੀ ਘਟਨਾ ਸੀ। ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਚੱਲ ਰਿਹਾ ਲਾਊਡ ਸਪੀਕਰ ਦਾ ਮਾਲਕ ਘਨੌਰੀ ਕਲਾਂ ਦਾ ਸੀ। ਬਹੁਤ ਡਰ ਗਿਆ ਸੀ। ਉਸ ਦੀ ਟੇਪ ਰਿਕਾਰਡਰ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆਖ਼ਰੀ ਭਾਸ਼ਣ ਰਿਕਾਰਡ ਹੋ ਗਿਆ ਸੀ। ਘਨੌਰੀ ਕਲਾਂ ਦਾ ਲਾਊਡ ਸਪੀਕਰ ਦਾ ਇਹ ਗ਼ਰੀਬ ਮਾਲਕ ਏਨਾ ਡਰ ਗਿਆ ਸੀ ਕਿ ਇਸ ਨੇ ਭਾਸ਼ਣ ਦੀ ਰਿਕਾਰਡਿੰਗ ਦੀ ਟੇਪ ਪੀਪੇ ਵਿਚ ਛੁਪਾ ਦਿੱਤੀ ਸੀ। ਉਸ ਕੋਲ ਅਮਰ ਸਿੰਘ ਭੁੱਲਰ ਹੋਰੀਂ ਗਏ। ਉਸ ਵੇਲੇ ਮਾਸਟਰ ਜਤਿੰਦਰ ਸਿੰਘ ਨੇ ਕਾਫ਼ੀ ਮਦਦ ਕੀਤੀ। ਇਹ ਟੇਪ ਜਦੋਂ ਭੁੱਲਰ ਹੋਰਾਂ ਨੂੰ ਮਿਲ ਗਈ ਤਾਂ ਉਸ ਭਾਸ਼ਣ ਦੀ ਖ਼ਬਰ ਬਣਾਈ ਗਈ, ਇਹ ਖ਼ਬਰ ਪੰਜਾਬੀ ਟ੍ਰਿਬਿਊਨ ਤੋਂ ਲੈ ਕੇ ਅਜੀਤ, ਜਗਬਾਣੀ ਤੇ ਹੋਰ ਬਹੁਤ ਸਾਰੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਈ। ਉਸ ਵੇਲੇ ਅਮਰ ਸਿੰਘ ਭੁੱਲਰ ਦਾ ਨਾਮ ਕਾਫ਼ੀ ਚਮਕ ਪਿਆ ਸੀ। ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ‘ਪੱਤਰਕਾਰ’ ਕਿਸੇ ਵੀ ਛੋਟੇ ਤੋਂ ਛੋਟੇ ਸਟੇਸ਼ਨ ਤੋਂ ਕੰਮ ਕਰਦਾ ਹੈ ਇਹ ਨਾ ਸਮਝੇ ਕਿ ‘ਪੱਤਰਕਾਰ’ ਛੋਟਾ ਹੈ ‘ਪੱਤਰਕਾਰ’ ਹਮੇਸ਼ਾ ਹੀ ਵੱਡਾ ਹੁੰਦਾ ਹੈ। ਅਦਾਰਾ ਘੱਟ ਛਪਣ ਵਾਲਾ ਜਾਂ ਵੱਧ ਛਪਣ ਵਾਲਾ ਹੋ ਸਕਦਾ ਹੈ, ਪਰ ‘ਪੱਤਰਕਾਰ’ ਛੋਟਾ ਵੱਡਾ ਨਹੀਂ ਹੁੰਦਾ। ਨਾ ਹੀ ‘ਪੱਤਰਕਾਰ’ ਦੀ ਉਮਰ ਨਾਲ ਉਸ ਦੀ ਕਾਬਲੀਅਤ ਮਾਪੀ ਜਾ ਸਕਦੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਕਵਰੇਜ ਅਮਰ ਸਿੰਘ ਭੁੱਲਰ ਦੀ ਕਈ ਅੰਗਰੇਜ਼ੀ ਅਖ਼ਬਾਰਾਂ ਨੇ ਵੀ ਪ੍ਰਕਾਸ਼ਿਤ ਕੀਤੀ। ਇੱਥੋਂ ਹੀ ਪੱਤਰਕਾਰੀ ਵਿਚ ਭੁੱਲਰ ਹੋਰਾਂ ਦਾ ਹੌਸਲਾ ਵੱਧ ਗਿਆ। ਉਸ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਹੋਰਾਂ ਨਾਲ ਕਾਫੀ ਨੇੜਤਾ ਵੱਧ ਗਈ। -ਕੈਨੇਡਾ ਪੁੱਜ ਕੇ ਪੱਤਰਕਾਰੀ ਕੀਤੀ- ਅਮਰ ਸਿੰਘ ਭੁੱਲਰ ਹੋਰੀਂ ਜ਼ਿੰਦਗੀ ਦੀ ਤਰੱਕੀ ਨੂੰ ਹੋਰ ਤੇਜ਼ ਕਰਨ ਲਈ ਕੈਨੇਡਾ ਜਾਣ ਲਈ ਮਨ ਬਣਾ ਚੁੱਕੇ ਸਨ, ਉਹ ਆਪਣੇ ਮਨ ਦੀ ਸੋਚੀ ਨੂੰ ਸਚਾਈ ਵਿਚ ਬਦਲਣ ਵਿਚ ਕਾਮਯਾਬ ਹੋਏ ਕਿ ਉਹ 1989 ਵਿਚ ਕੈਨੇਡਾ ਪੁੱਜ ਗਏ। ਪੱਤਰਕਾਰੀ ਦਾ ਸੁਰਤਾਲ ਜੋ ਅੰਦਰ ਬੈਠਾ ਸੀ ਉਹ ਕੈਨੇਡਾ ਵਿਚ ਵੀ ਚੈਨ ਨਾਲ ਨਹੀਂ ਬੈਠਣ ਦੇ ਰਿਹਾ ਸੀ, ਇੱਥੋਂ ਹੀ ਅਮਰ ਸਿੰਘ ਭੁੱਲਰ ਹੋਰਾਂ ਨੇ ਅਜੀਤ, ਜਗਬਾਣੀ ਤੇ ਪੰਜਾਬੀ ਟ੍ਰਿਬਿਊਨ ਤੋਂ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬੀਆਂ ਦੀਆਂ ਖ਼ਬਰਾਂ, ਕੈਨੇਡਾ ਨਾਲ ਸਬੰਧਿਤ ਖ਼ਬਰਾਂ ਤੇ ਸਮਾਗਮਾਂ ਦੀਆਂ ਖ਼ਬਰਾਂ ਤੇ ਕੁਝ ਵਿਸ਼ੇਸ਼ ਖ਼ਬਰਾਂ ਕਰਨ ਕਰਕੇ ਕੈਨੇਡਾ ਵਿਚ ਭੁੱਲਰ ਦੀ ਪੰਜਾਬੀ ਭਾਈਚਾਰੇ ਵਿਚ ਕਾਫ਼ੀ ਪਹਿਚਾਣ ਬਣ ਗਈ ਸੀ। ਉਸ ਵੇਲੇ ਪੰਜਾਬੀ ਟ੍ਰਿ‌‌‌ਬਿਊਨ ਲਈ ਵਿਸ਼ੇਸ਼ ਅੰਕ (ਸਪਲੀਮੈਂਟ) ਅਮਰ ਸਿੰਘ ਭੁੱਲਰ ਹੋਰਾਂ ਨੇ ਪ੍ਰਕਾਸ਼ਿਤ ਕੀਤਾ। ਪੰਜਾਬ ਵਿਚ ਖਾੜਕੂਵਾਦ ਦਾ ਦੌਰ ਸਿਖਰ ’ਤੇ ਸੀ। ਕੈਨੇਡਾ ਵਿਚ ਇਸ਼ਤਿਹਾਰ ਦੇਣ ਵਾਲੇ ਕੁਝ ਵਪਾਰੀਆਂ ਨਾਲ ਬੜੀਆਂ ਮਾੜੀ ਘਟਨਾਵਾਂ ਵਾਪਰੀਆਂ। ਇਕ ਦੇ ਘਰੇ ਲੁੱਟ ਖੋਹ ਹੋ ਗਈ, ਇਕ ਦੀ ਕਾਰ ਕਿਸੇ ਨੇ ਖੋਹ ਲਈ। ਇਸ਼ਤਿਹਾਰ ਦੇਣ ਵਾਲਿਆਂ ਨੇ ਇਸ ਗੱਲ ’ਤੇ ਹੀ ਸੱਕ ਕੀਤਾ ਕਿ ਜੇਕਰ ਉਨ੍ਹਾਂ ਦਾ ਇਸ਼ਤਿਹਾਰ ਲੱਗਾ ਸੀ ਤਾਂ ਹੀ ਉਨ੍ਹਾਂ ਦੀ ਲੁੱਟ ਹੋਈ। ਪਰ ਸ਼ਾਇਦ ਇਸ ਤਰ੍ਹਾਂ ਨਾ ਹੋਵੇ। -ਟਰਾਂਟੋ ਤੋਂ ‘ਹਮਦਰਦ’ ਅਖ਼ਬਾਰ ਸ਼ੁਰੂ ਕਰਨਾ-
ਬਰਜਿੰਦਰ ਸਿੰਘ ਹਮਦਰਦ ਹੋਰੀਂ ਕੈਨੇਡਾ ਆਏ ਸਨ, ਅਮਰ ਸਿੰਘ ਭੁੱਲਰ ਦੀ ਉਨ੍ਹਾਂ ਨਾਲ ਕਾਫ਼ੀ ਨੇੜਤਾ ਬਣੀ ਹੋਈ ਸੀ। ਹਮਦਰਦ ਹੋਰਾਂ ਭੁੱਲਰ ਨੂੰ ਕਿਹਾ ਕਿ ‘ਤੁਸੀਂ ਕੈਨੇਡਾ ਤੋਂ ਅਖ਼ਬਾਰ ਸ਼ੁਰੂ ਕਰ ਲਓ’ ਤਾਂ ਉਸ ਵੇਲੇ ਅਮਰ ਸਿੰਘ ਭੁੱਲਰ ਹੋਰਾਂ ਨੇ ਸੋਚਿਆ ਵੀ ਨਹੀਂ ਸੀ, ਪਰ ਹਮਦਰਦ ਹੋਰਾਂ ਦੇ ਕਹਿਣ ਦੇ ਫ਼ੈਸਲਾ ਅਖ਼ਬਾਰ ਕੱਢਣ ਦਾ ਕਰ ਲਿਆ। ਬਰਜਿੰਦਰ ਸਿੰਘ ਹਮਦਰਦ ਹੋਰਾਂ ਵੱਲੋਂ ਨਾਮਕਰਨ ਅਨੁਸਾਰ ਹੀ ਭੁੱਲਰ ਹੋਰਾਂ ਨੇ ‘ਕੈਨੇਡਾ ਅਜੀਤ’ ਨਾਮ ਦਾ ਅਖ਼ਬਾਰ ਸ਼ੁਰੂ ਕਰ ਲਿਆ। ਉਸ ਵੇਲੇ ਖਾਲਿਸਤਾਨੀਆਂ ਦਾ ਅਖ਼ਬਾਰ ਵੀ ਕੈਨੇਡਾ ਤੋਂ ਨਿਕਲਦਾ ਸੀ ਜਿਸ ਦਾ ਨਾਮ ਸੀ ‘ਚੜ੍ਹਦੀਕਲਾ’। ਉਨ੍ਹਾਂ ਨੇ ਇਸ ਨਾਮ ਤੇ ਇਤਰਾਜ਼ ਕੀਤਾ ਤੇ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਨਾਮ ਬਦਲਣ ਦੀ ਇਜਾਜ਼ਤ ਦੇ ਦਿੱਤੀ। ਹਮਦਰਦ ਹੋਰਾਂ ਨੇ ‘ਭੁੱਲਰ’ ਦੇ ਨਾਮ ਤੇ ਹੀ ਕੋਈ ਨਾਮ ਰੱਖਣ ਲਈ ਕਿਹਾ ਪਰ ਅਮਰ ਸਿੰਘ ਭੁੱਲਰ ਹੋਰਾਂ ਨੇ ਅਜਿਹਾ ਕਰਨ ਤੋਂ ਟਾਲ਼ਾ ਵੱਟਿਆ ਤੇ ਕੋਈ ਹੋਰ ਨਾਮ ਰੱਖਣ ਲਈ ਕਿਹਾ। ਤਾਂ ਬਰਜਿੰਦਰ ਸਿੰਘ ਹਮਦਰਦ ਨੇ ‘ਹਮਦਰਦ’ ਨਾਮ ਦਾ ਅਖ਼ਬਾਰ ਸ਼ੁਰੂ ਕਰਨ ਲਈ ਕਿਹਾ। ਉਸ ਤੋਂ ਬਾਅਦ ‘ਹਮਦਰਦ’ ਨਾਮ ਦਾ ਅਖ਼ਬਾਰ ਕੈਨੇਡਾ ਤੋਂ ਨਿਕਲਣਾ ਸ਼ੁਰੂ ਹੋ ਗਿਆ। ਅਮਰ ਸਿੰਘ ਭੁੱਲਰ ਕਹਿੰਦੇ ਹਨ ਕਿ ਜਦੋਂ ਕੈਨੇਡਾ ਵਿਚ ਅਖਬਾਰ ਸ਼ੁਰੂ ਕਰਨਾ ਸੀ ਤਾਂ ਉਸ ਵੇਲੇ ਡਾ. ਰਛਪਾਲ ਸਿੰਘ ਰਾਮੂਵਾਲੀਆ ਨੇ ਉਨ੍ਹਾਂ ਨੂੰ ਕੰਪਿਊਟਰ ਲੈਕੇ ਦਿੱਤਾ ਸੀ, ਰਛਪਾਲ ਸਿੰਘ ਹੋਰੀਂ ਭਾਵ ਕਿ ਬਲਵੰਤ ਸਿੰਘ ਰਾਮੂਵਾਲੀਆ ਅਤੇ ਇਕਬਾਲ ਸਿੰਘ ਰਾਮੂਵਾਲੀਆ ਦੇ ਭਰਾ ਸਨ। -ਕੌਮਾਂਤਰੀ ਪਰਦੇਸੀ ਸ਼ੁਰੂ ਕਰਨਾ- 1996 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਐੱਚ ਕੇ ਦੇਵਗੌੜਾ ਬਣ ਗਏ ਸਨ। ਉਸ ਵੇਲੇ ਵਿਦੇਸ਼ ਮੰਤਰੀ ਆਈ ਕੇ ਗੁਜਰਾਲ ਬਣੇ ਸਨ, ਗੁਜਰਾਲ ਹੋਰੀਂ ਨਿਊਯਾਰਕ ਆਏ ਸਨ, ਉਸ ਵੇਲੇ ਅਮਰ ਸਿੰਘ ਭੁੱਲਰ ਨੂੰ ਵਿਸ਼ੇਸ਼ ਕਰਕੇ ਨਿਊਯਾਰਕ ਵਿਚ ਬੁਲਾਇਆ ਗਿਆ ਸੀ। ਭੁੱਲਰ ਹੋਰੀਂ ਆਪਣੀ ਪਤਨੀ ਕਰਮਜੀਤ ਕੌਰ ਭੁੱਲਰ ਨਾਲ ਨਿਊਯਾਰਕ ਗਏ।
1996 ਵਿਚ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜੌਹਨ ਕ੍ਰਿਸਚੀਅਨ ਅਤੇ 10 ਮੁੱਖ ਮੰਤਰੀਆਂ ਨੇ 9 ਦੇਸ਼ਾਂ ਦਾ ਦੌਰਾ ਕਰਨਾ ਸੀ, ਜਿਸ ਵਿਚ ਗੁਰਬਖ਼ਸ਼ ਸਿੰਘ ਮੱਲ੍ਹੀ ਤੇ ਹਰਬ ਧਾਲੀਵਾਲ ਵੀ ਨਾਲ ਹੀ ਗਏ ਸਨ। ਉਸ ਵੇਲੇ ਭਾਰਤ ਪਾਕਿਸਤਾਨ ਸਮੇਤ 9 ਮੁਲਕਾਂ ਦਾ ਦੌਰਾ ਕਰਨ ਵਾਲਿਆਂ ਵਿਚ ਅਮਰ ਸਿੰਘ ਭੁੱਲਰ ਵੀ ਸ਼ਾਮਲ ਸਨ। ਉਸ ਵੇਲੇ ਓਨਟਾਰੀਓ ਦਾ ਸੀਐਮ ਮਾਇਕ ਹੈਰੇਸ ਵੀ ਨਾਲ ਸੀ ਜੋ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਨਿੱਜੀ ਤੌਰ ਤੇ ਮਿਲੇ ਸਨ। ਕਰੀਬ ਇਕ ਘੰਟਾ ਉਨ੍ਹਾਂ ਮੁਲਾਕਾਤ ਕੀਤੀ। ਹੈਰੇਸ ਨੇ ਭੁੱਲਰ ਹੋਰਾਂ ਨੂੰ ਕਿਹਾ ਕਿ ‘ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਬਹੁਤ ਕਾਬਲ ਤੇ ਚੰਗੇ ਹਨ’ ਭੁੱਲਰ ਹੋਰਾਂ ਦੀ ਹੈਰਾਨੀ ਦੀ ਹੱਦ ਨਹੀਂ ਸੀ ਕਿ ਇਕ ਘੰਟੇ ਵਿਚ ਹੈਰੇਸ ਹੋਰਾਂ ਨੇ ਸੀਐਮ ਬਰਾੜ ਬਾਰੇ ਕੀ ਕੀ ਜਾਣ ਲਿਆ। ਪਰ ਜਦੋਂ ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਬਰਾੜ ਤਾਂ ਟਰਾਂਟੋ ਦੇ ਘੋੜਿਆਂ ਦੇ ਨਾਮ ਵੀ ਜਾਣਦਾ ਹੈ’ ਤਾਂ ਸਮਝ ਆਈ ਕਿ ਇਹ ਇਕ ਘੰਟਾ ਸਿਰਫ਼ ਘੋੜਿਆਂ ਦੀਆਂ ਹੀ ਗੱਲਾਂ ਕਰਦੇ ਰਹੇ ਹਨ। 2005 ਵਿਚ ਮੁੜ ਮੌਕੇ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਪਾਲ ਮਾਲਟਨ ਨਾਲ ਸ੍ਰੀ ਲੰਕਾ, ਮਲੇਸ਼ੀਆ ਆਦਿ 7 ਦੇਸ਼ਾਂ ਵਿਚ ਗਏ, ਉਸ ਵੇਲੇ ਜਹਾਜ ਵਿਚ 17 ਵਿਆਕਤੀ ਸਨ ਜਿਨ੍ਹਾਂ ਵਿਚ ਦੋ ਪੰਜਾਬੀ ਅਮਰ ਸਿੰਘ ਭੁੱਲਰ ਤੇ ਅਮਰਜੀਤ ਸਿੰਘ ਸਿੱਧੂ ਸਨ। ਇਸ ਤੋਂ ਇਲਾਵਾ ਤੀਜੀ ਫੋਟੋ ਵਿਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਅਮਰ ਸਿੰਘ ਭੁੱਲਰ ਹੋਰੀਂ ਨਜ਼ਰ ਆ ਰਹੇ ਹਨ। ਇੱਥੋਂ ਹੀ ਇਕ ਵਿਚਾਰ ‘ਦ੍ਰਿਸ਼ਟੀ’ ਸ਼ੁਰੂ ਕਰਨ ਦਾ ਮਨ ਵਿਚ ਆਇਆ। ਪਰ ਦ੍ਰਿਸ਼ਟੀ ਦੀ ਥਾਂ ਇਮੀਗ੍ਰੇਸ਼ਨ ਦੇ ਮੁੱਦੇ ਤੇ ‘ਕੌਮਾਂਤਰੀ ਪਰਦੇਸੀ’ ਨਾਮ ਦਾ ਪਰਚਾ 1997 ਵਿਚ ਸ਼ੁਰੂ ਕਰ ਲਿਆ। ਉਸ ਵੇਲੇ ਗਰੀਸ ਵਿਚ ਇਕ ਕਿਸ਼ਤੀ ਕਾਂਡ ਵਾਪਰਿਆ ਸੀ। 60-70 ਦੇ ਕਰੀਬ ਮੁੰਡੇ ਡੁੱਬ ਕੇ ਮਰ ਗਏ ਸਨ। ਅਮਰ ਸਿੰਘ ਭੁੱਲਰ ਉਸ ਵੇਲੇ ਮੌਕੇ ਤੇ ਗਰੀਸ ਪੁੱਜੇ ਤੇ ਉੱਥੇ ਦੀ ਰਿਪੋਰਟਿੰਗ ਕੀਤੀ। ਇਸ ਦੀ ਸਾਰੀ ਰਿਪੋਰਟ ‘ਕੌਮਾਂਤਰੀ ਪਰਦੇਸੀ’ ਵਿਚ ਵਿਸਥਾਰ ਅਤੇ ਅੱਖਾਂ ਦੇਖੀ ਪ੍ਰਕਾਸ਼ਿਤ ਕੀਤੀ ਗਈ। ਇਹ ਪਰਚਾ ਦੋ ਵਾਰ ਛਪਿਆ ਤੇ ਇਕ ਲੱਖ ਕਾਪੀ ਛਪੀ, ਉਸ ਵੇਲੇ ‘ਕੌਮਾਂਤਰੀ ਪਰਦੇਸੀ’ ਨਾਮ ਦਾ ਪਰਚਾ ਪੰਜਾਬੀ ਪੱਤਰਕਾਰੀ ਵਿਚ ਦੁਨੀਆ ਦੇ ਨਕਸ਼ੇ ਤੇ ਆ ਗਿਆ। -1997 ਵਿਚ ‘ਕੌਮਾਂਤਰੀ ਪਰਦੇਸੀ’ ਦਾ ਦਫ਼ਤਰ ਪੰਜਾਬ ਖੋਲ੍ਹਿਆ- ‘ਕੌਮਾਂਤਰੀ ਪਰਦੇਸੀ’ ਦੀ ਧੂਮ ਪੰਜਾਬੀ ਪੱਤਰਕਾਰੀ ਵਿਚ ਕਾਫ਼ੀ ਪੈ ਗਈ ਸੀ, ਉਸ ਵੇਲੇ ਲੋੜ ਪਈ ਕਿ ਪੰਜਾਬ ਵਿਚ ਵੀ ਦਫ਼ਤਰ ਖੋਲ੍ਹਿਆ ਜਾਵੇ ਤਾਂ ‘ਕੌਮਾਂਤਰੀ ਪਰਦੇਸੀ’ ਦਾ ਦਫ਼ਤਰ ਚੰਡੀਗੜ੍ਹ ਵਿਚ ਖੋਲ੍ਹਿਆ। ਇਸ ਦਫ਼ਤਰ ਵਿਚ ਪੰਜਾਬ ਦੇ 35 ਵਿਅਕਤੀਆਂ ਨੂੰ ਸਿੱਧੇ ਤੌਰ ਤੇ ਰੋਜ਼ਗਾਰ ਦਿੱਤਾ ਤੇ 50 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ (ਬਤੌਰ ਪੱਤਰਕਾਰ) ਰੋਜ਼ਗਾਰ ਦਿੱਤਾ ਗਿਆ। ਕੈਨੇਡਾ ਵਿਚ ‘ਹਮਦਰਦ’ ਲਈ 15 ਲੋਕਾਂ ਨੇ ਕੰਮ ਕੀਤਾ। ਜਿਨ੍ਹਾਂ ਵਿਚੋਂ ਕੁਝ ਕੁਲਵੰਤ ਸਿੰਘ (ਸੰਪਾਦਕ) ਵਰਗੇ ਅਜਿਹੇ ਵੀ ਹਨ ਜੋ ਸ਼ੁਰੂ ਤੋਂ ਕੰਮ ਕਰਦੇ ਕਰਦੇ ਹੁਣ ਤੱਕ 82 ਸਾਲ ਦੀ ਉਮਰ ਤੱਕ ਵੀ ਕੰਮ ਕਰ ਰਹੇ ਹਨ। ਬੇਸ਼ੱਕ ਕਰੋਨਾ ਕਰਕੇ ਹੁਣ ਉਹ ਘਰੋਂ ਹੀ ਕੰਮ ਕਰਦੇ ਹਨ ਪਰ ਨਾਲ ਅਜੇ ਵੀ ਜੁੜੇ ਹੋਏ ਹਨ। ਕਈ ਲੋਕ ਤਾਂ ਕੁਲਵੰਤ ਸਿੰਘ ਨੂੰ ਅਮਰ ਸਿੰਘ ਭੁੱਲਰ ਦਾ ਪਿਤਾ ਹੀ ਸਮਝਦੇ ਹਨ। -ਹਮਦਰਦ ਟੀਵੀ ਸ਼ੁਰੂ ਕੀਤਾ- ਚੱਲਦੇ ਚੱਲਦੇ ਸਮੇਂ ਦੇ ਹਾਣੀ ਹੋਣ ਲਈ ਇਲੈਕਟ੍ਰੋਨਿਕ ਮੀਡੀਆ ਵਿਚ ਵੀ ਆਉਣਾ ਲਾਜ਼ਮੀ ਬਣ ਗਿਆ ਸੀ। ਲੋੜ ਅਨੁਸਾਰ 2012 ਵਿਚ ਹਮਦਰਦ ਟੀਵੀ ਸ਼ੁਰੂ ਕੀਤਾ। ਇਸ ਟੀਵੀ ਨੂੰ ਹੁਣ 72 ਦੇਸ਼ਾਂ ਵਿਚ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਵਿਚ ਯੂ ਟਿਊਬ, ਫੇਸਬੁੱਕ ਤੇ ਹੋਰ ਕਈ ਸਾਰੇ ਪਲੇਟਫ਼ਾਰਮਾਂ ਤੇ ਹਮਦਰਦ ਟੀਵੀ ਦੇਖਿਆ ਜਾ ਰਿਹਾ ਹੈ। ਯੂ ਟਿਊਬ ਤੇ ਹੁਣ ਤੱਕ 10 ਲੱਖ ਤੋਂ ਵੱਧ ਸਬਸਕ੍ਰਾਈਬ ਹੋ ਚੁੱਕੇ ਹਨ। ਇਕ ਨਵੰਬਰ 2022 ਤੋਂ ਕੇਬਲ ਤੇ ਵੀ ਚੱਲਦਾ ਹੋ ਜਾਵੇਗਾ। -ਸ਼੍ਰੋਮਣੀ ਪੱਤਰਕਾਰ ਦਾ ਸਨਮਾਨ-
2013 ਸਾਲ ਦੀ ਸ਼੍ਰੋਮਣੀ ਪੱਤਰਕਾਰ ਕੈਟਾਗਰੀ ਵਿਚ ਅਮਰ ਸਿੰਘ ਭੁੱਲਰ ਨੂੰ ਚੁਣਿਆ ਗਿਆ। ਉਸ ਵੇਲੇ ਸੁਰਜੀਤ ਸਿੰਘ ਰੱਖੜਾ ਮੰਤਰੀ ਹੁੰਦੇ ਸਨ। ਉਸ ਤੋਂ ਬਾਅਦ ਜਦੋਂ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਨੇ ਵਰਲਡ ਪੰਜਾਬੀ ਕਾਨਫ਼ਰੰਸ ਕਰਵਾਈ ਸੀ ਉਸ ਵਿਚ ਵੀ ਅਮਰ ਸਿੰਘ ਭੁੱਲਰ ਹੋਰਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਉਂਜ ਅਮਰ ਸਿੰਘ ਭੁੱਲਰ ਆਪਣਾ ਸਾਥ ਦੇਣ ਵਾਲਿਆਂ ਦੇ ਨਾਮ ਯਾਦ ਕਰ ਕਰ ਕੇ ਦੱਸਦੇ ਹਨ ਤੇ ਕਈ ਵਾਰ ਭੁੱਲ ਵੀ ਜਾਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਿਚ ਦਰਸ਼ਨ ਸਿੰਘ ਮੱਕੜ, ਰਵੇਲ ਸਿੰਘ ਦਿਲੀ ਸਾਹਿਤ ਅਕਾਦਮੀ ਵਾਲੇ, ਸ਼ਿੰਗਾਰਾ ਸਿੰਘ ਭੁੱਲਰ (ਪੰਜਾਬ ਟ੍ਰਿਬਿਊਨ ਦੇ ਸੰਪਾਦਕ ਰਹੇ) ਦਾ ਨਾਮ ਵੀ ਸ਼ਾਮਲ ਹੈ। - ਕੋਰਟ ਕੇਸ ਆਦਿ- ਜਦੋਂ ਪੱਤਰਕਾਰ ਲੋਕ ਪੱਖ ਵਿਚ ਜਾਂ ਫਿਰ ਲੀਹ ਤੋਂ ਹਟ ਕੇ ਪੱਤਰਕਾਰੀ ਕਰੇਗਾ ਤਾਂ ਸੁਭਾਵਿਕ ਹੈ ਕਿ ਉਸ ਦੀਆਂ ਦੁਸ਼ਮਣੀਆਂ ਵੀ ਨਾਲੋਂ ਨਾਲ ਬਣ ਜਾਣਗੀਆਂ। ਪੱਤਰਕਾਰ ਦਾ ਦੁਸ਼ਮਣ ਅਣਜਾਣ ਹੁੰਦਾ ਹੈ। ਪਤਾ ਨਹੀਂ ਲੱਗਦਾ ਕਿਸ ਪਾਸਿਓਂ ਕੌਣ ਪੱਤਰਕਾਰ ’ਤੇ ਵਾਰ ਕਰ ਦੇਵੇ, ‌‌ਅਜਿਹਾ ਹੀ ਅਮਰ ਸਿੰਘ ਭੁੱਲਰ ਨਾਲ ਵੀ ਵਾਪਰਿਆ। ਗੁੱਡੀ ਚੜ ਗਈ ਸੀ ਤਾਂ ਦੁਸ਼ਮਣ ਵੀ ਹੋਣੇ ਲਾਜ਼ਮੀ ਸਨ। ਕੋਰਟ ਕੇਸ ਏਨੇ ਹੋਏ ਕਿ ਹੁਣ ਤੱਕ 30 ਸਾਲਾਂ ਵਿਚ ਡੇਢ ਮਿਲੀਅਨ ਡਾਲਰ ਸਿਰਫ਼ ਵਕੀਲਾਂ ਤੇ ਹੀ ਖ਼ਰਚਿਆ ਜਾ ਚੁੱਕਾ ਹੈ। ਕੈਨੇਡਾ ਵਿਚ ਕਾਨੂੰਨੀ ਪ੍ਰਕ੍ਰਿਆ ਅਜਿਹੀ ਹੈ ਕਿ ਇਕ ਨੋਟਿਸ ਹੀ ਆ ਜਾਵੇ ਤਾਂ 500-1000 ਡਾਲਰ ਉਂਜ ਹੀ ਨੋਟਿਸ ਦਾ ਜਵਾਬ ਦਿੰਦੇ ਖ਼ਰਚ ਹੋ ਜਾਂਦੇ ਹਨ। ਕਈ ਕੇਸ ਅਜਿਹੇ ਵੀ ਹੋਏ ਜਿਨ੍ਹਾਂ ਦਾ ਉਨ੍ਹਾਂ ਨਾਲ ਕੋਈ ਮਤਲਬ ਹੀ ਨਹੀਂ ਸੀ। ਜਿਵੇਂ ਕਿ ਅਸੀਂ ਅਖ਼ਬਾਰ ਵਿਚ ਇਕ ਫ਼ੋਟੋ ਲਗਾਈ ਕਿ ਕੁਝ ਦੇਸ਼ ਅਜਿਹੇ ਹਨ ਜੋ ਜੰਮਦੇ ਬੱਚਿਆਂ ਨੂੰ ਭੁੰਨ ਕੇ ਖਾ ਜਾਂਦੇ ਹਨ। ਇਸ ਫ਼ੋਟੋ ਤੇ ਇਕ ਗੋਰੇ ਨੇ ਕੇਸ ਕੀਤਾ। ਉਸ ਨੇ ਕੇਸ ਕਰਦਿਆਂ ਕਿਹਾ ਕਿ ਮੈਂ ਇਹ ਖ਼ਬਰ ਪੜ੍ਹ ਕੇ ਪ੍ਰੇਸ਼ਾਨ ਹੋ ਗਿਆ ਮੈਂ ਏਨਾ ਵਿਚਲਤ ਹੋਇਆ ਕ‌ਿ ਮੈਂ ਮਰਦਾ ਮਰਦਾ ਬਚਿਆ, ਅੰਗਰੇਜ਼ ਨੇ ਮੁਆਵਜ਼ਾ ਮੰਗਿਆ। ਭਾਵੇਂ ਕਿ ਇਹ ਕੇਸ ਭੁੱਲਰ ਹੋਰੀਂ ਜਿੱਤ ਗਏ ਕਿਉਂਕਿ ਉਹ ਅੰਗਰੇਜ਼ ਇਹ ਸਾਬਤ ਨਹੀਂ ਕਰ ਸਕਿਆ ਕਿ ਉਹ ਪੰਜਾਬੀ ਕਿਵੇਂ ਪੜ੍ਹ ਸਕਦਾ ਹੈ? ਪਰ ਇਹ ਕੇਸ ਜਿੱਤਣ ਲਈ ਹਜ਼ਾਰਾਂ ਡਾਲਰ ਖ਼ਰਚ ਹੋਏ। ਕੈਨੇਡਾ ਵਿਚ ਅੰਗਰੇਜ਼ੀ ਅਖ਼ਬਾਰਾਂ ਤੇ ਕੋਈ ਕੇਸ ਨਹੀਂ ਕਰਦਾ ਹਾਂ ਪੰਜਾਬੀ ਮੀਡੀਆ ਨੂੰ ਬੜੇ ਕਹਿਰ ਭਰੇ ਤਰੀਕੇ ਨਾਲ ਲੈਂਦੇ ਹਨ। ਭੁੱਲਰ ਹੋਰੀਂ ਦੱਸਦੇ ਹਨ ਕਿ ਇਕ ਵਾਰੀ ਕੈਨੇਡਾ ਵਿਚ ਵੱਡੀ ਮਾਤਰਾ ਵਿਚ ‘ਡਰੱਗਜ਼’ ਫੜੀ ਗਈ। ਮੈਂ ਤੇ ਦਿਲਬਾਗ ਚਾਵਲਾ (ਰੰਗਲਾ ਪੰਜਾਬ ਰੇਡੀਓ) ਨੇ ਉਸ ਡਰੱਗਜ਼ ਦੀ ਕਵਰੇਜ ਕੀਤੀ। ਉਸ ਵੇਲੇ ਡਰੱਗਜ਼ ਵਾਲੇ ਨੂੰ ਕੁਝ ਨਹੀਂ ਹੋਇਆ ਪਰ ਮੈਨੂੰ ਤੇ ਦਿਲਬਾਗ ਚਾਵਲਾ ਨੂੰ ਕੇਸ ਭੁਗਤਣਾ ਪਿਆ। -ਧਮਕੀਆਂ- ਖਾੜਕੂਆਂ ਨੇ ਮਾਰਨ ਦੀ ਤਿਆਰੀ ਕੀਤੀ- ਪੰਜਾਬ ਵਿਚ ਖਾੜਕੂਵਾਦ ਜ਼ੋਰਾਂ ਤੇ ਸੀ, ਅਮਰ ਸਿੰਘ ਭੁੱਲਰ ਹੋਰੀਂ ਕਹਿੰਦੇ ਹਨ ਕਿ ਮੈਂ ਮਾਰੇ ਗਏ ਖਾੜਕੂਆਂ ਨੂੰ ਸ਼ਹੀਦ ਨਹੀਂ ਲਿਖਦਾ ਸੀ ਤਾਂ ਇਸ ਸਬੰਧੀ ਕਾਫ਼ੀ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ। ਇਕ ਦਿਨ ਹੁਸ਼ਿਆਰਪੁਰ ਵਿਚ ਉਮਰਾਓ ਸਿੰਘ ਨਾਮ ਦੇ ਖਾੜਕੂ ਨਾਲ ਤੂੰ ਤੂੰ-ਮੈਂ ਮੈਂ ਹੋ ਗਈ। ਉਹ ਕਹਿੰਦਾ ਕਿ ‘ਸ਼ਹੀਦ ਹੋਏ ਖਾੜਕੂਆਂ ਦੇ ਨਾਲ ਸ਼ਹੀਦ ਲਾਇਆ ਕਰੋ’ ਪਰ ਮੈਂ ਇਸ ਗੱਲ ਤੇ ਰਾਜ਼ੀ ਨਹੀਂ ਹੋਇਆ। ਇਸ ਗੱਲ ਤੇ ਉਮਰਾਓ ਸਿੰਘ ਧਮਕੀ ਦੇ ਗਿਆ। ਉਸ ਤੋਂ ਬਾਅਦ ਇਕ ਦਿਨ ਮੇਰੇ ਕੋਲ ਪੁਲੀਸ ਆਈ। ਉਸ ਨੇ ਇਕ ਫ਼ੋਟੋ ਮੈਨੂੰ ਦਿਖਾਈ। ਇਹ ਫ਼ੋਟੋ ਉਸੇ ਉਮਰਾਓ ਸਿੰਘ ਦੀ ਸੀ। ਇਕ ਹੋਰ ਫ਼ੋਟੋ ਦਿਖਾਈ ਇਹ ਫ਼ੋਟੋ ਮੈਂ ਪਹਿਚਾਣ ਨਹੀਂ ਸਕਿਆ ਤਾਂ ਪੁਲੀਸ ਨੇ ਕਿਹਾ ਕਿ ਇਹ ਉਮਰਾਓ ਸਿੰਘ ਹੀ ਹੈ ਜਿਸ ਨੇ ਵਾਲ ਕਟਵਾ ਲਏ ਹਨ। ਪੁਲੀਸ ਨੇ ਕਿਹਾ ਕਿ ਇਹ ਤੁਹਾਨੂੰ ਮਾਰਨ ਲਈ ਸ਼ਿਸਤ ਬੰਨੀ ਬੈਠਾ ਹੈ, ਤੁਹਾਡੇ ਘਰ ਤੋਂ ਪੰਜ ਘਰ ਦੂਰ ਰਹੇਗਾ ਤੇ ਤੁਹਾਨੂੰ ਮਾਰੇਗਾ। ਮੇਰੀ ਸਥਿਤੀ ਅਜੀਬੋ ਗ਼ਰੀਬ ਸੀ। ਉਸ ਵੇਲੇ ਪੰਜਾਬ ਦਾ ਡੀਜੀਪੀ ਕੇਪੀਐਸ ਗਿੱਲ ਹੁੰਦਾ ਸੀ। ਕੁਝ ਦਿਨਾਂ ਬਾਅਦ ਹੀ ਉਮਰਾਓ ਸਿੰਘ ਦਾ ਪੁਲੀਸ ਮੁਕਾਬਲਾ ਹੋ ਗਿਆ। ਉਹ ਮੁਕਾਬਲੇ ਵਿਚ ਮਾਰਿਆ ਗਿਆ। ਮੈਨੂੰ ਉਸ ਵੇਲੇ ਬਹੁਤ ਦੁੱਖ ਹੋਇਆ ਕਿ ਪੰਜਾਬੀ ਮੁੰਡੇ ਅਜਾਈਂ ਹੀ ਜਾਨਾਂ ਗਵਾ ਰਹੇ ਹਨ। -ਅਖ਼ਬਾਰ ਦੀ ਸਿਲਵਰ ਜੁਬਲੀ-
ਜਦੋਂ ‘ਹਮਦਰਦ’ ਨੂੰ ਸ਼ੁਰੂ ਹੋਇਆਂ 25 ਸਾਲ ਹੋਏ ਤਾਂ ਅਮਰ ਸਿੰਘ ਭੁੱਲਰ ਹੋਰਾਂ ਨੇ ਸਿਲਵਰ ਜੁਬਲੀ ਮਨਾਈ। ਇਸ ਤੋਂ ਪਹਿਲਾਂ ਹੀ ਅਮਰ ਸਿੰਘ ਭੁੱਲਰ ਹੋਰਾਂ ਨੂੰ ਕੈਨੇਡਾ ਵਿਚ ਕਈ ਸਾਰੇ ਸਨਮਾਨ ਮਿਲ ਚੁੱਕੇ ਸਨ। ਜਿਨ੍ਹਾਂ ਵਿਚ ਪੁਲੀਸ ਮੀਡੀਆ ਪੁਰਸਕਾਰ ਵੀ ਸ਼ਾਮਲ ਹੈ। ਇਸੇ ਤਰ੍ਹਾਂ ਕੈਨੇਡਾ ਦਾ ‘ਮਹਾਰਾਣੀ ਮੈਡਲ’ ਜਦੋਂ ਅਮਰ ਸਿੰਘ ਭੁੱਲਰ ਨੂੰ ਮਿਲਿਆ ਤਾਂ ਉਸ ਦੀ ਹਿੱਕ ਚੌੜੀ ਹੋ ਗਈ। ਇਹ ਪੰਜਾਬੀ ਪੱਤਰਕਾਰੀ ਲਈ ਵੱਡੇ ਮਾਣ ਦੀ ਗੱਲ ਸੀ। ਜਦੋਂ ਸਿਲਵਰ ਜੁਬਲੀ ਮਨਾਈ ਉਸ ਵੇਲੇ ਕੈਨੇਡਾ ਦੇ ਕਈ ਕੈਬਨਿਟ ਮੰਤਰੀ ਸਮਾਗਮ ਵਿਚ ਸ਼ਾਮਲ ਹੋਏ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਦੀ ਪਾਰਲੀਮੈਂਟ ਵਿਚ ‘ਹਮਦਰਦ’ ਦੇ 25 ਸਾਲ ਪੂਰੇ ਹੋਣ ਤੇ ਵਧਾਈ ਦਿੱਤੀ ਤੇ ਦੋ ਮਿੰਟ ਲਈ ਪਾਰਲੀਮੈਂਟ ਵਿਚ ਅਮਰ ਸਿੰਘ ਭੁੱਲਰ ਤੇ ‘ਹਮਦਰਦ’ ਬਾਰੇ ਬੋਲਿਆ ਤੇ ਸਾਰੇ ਐਮਪੀਜ਼ ਨੇ ਵੀ ਵਧਾਈ ਦਿੱਤੀ। -ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨਾਲ ਮਿਲਣੀ-
ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਦੋਂ ਕੈਨੇਡਾ ਆਏ ਸਨ ਤਾਂ ਉਨ੍ਹਾਂ ਨੇ ਪੰਜਾਬੀ ਦੇ ਦੋ ਪੱਤਰਕਾਰਾਂ ਨਾਲ ਹੀ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਕ ਅਮਰ ਸਿੰਘ ਭੁੱਲਰ ਤੇ ਦੂਜਾ ਜਗਦੀਸ਼ ਸਿੰਘ ਗਰੇਵਾਲ। ਡਾ. ਮਨਮੋਹਨ ਸਿੰਘ ਨਾਲ ਲੰਬੀਆਂ ਗੱਲਾਂ ਹੋਈਆਂ। ਰਿਪੋਰ‌ਟਿੰਗ ਕੀਤੀ ਗਈ। ਜਦੋਂ ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਬਣੇ ਤਾਂ ਉਨ੍ਹਾਂ ਨਾਲ ਵੀ ਅਮਰ ਸਿੰਘ ਭੁੱਲਰ ਹੋਰਾਂ ਨੇ ਮਿਲਣੀ ਕੀਤੀ। ਇਕ ਗੱਲ ਅਮਰ ਸਿੰਘ ਭੁੱਲਰ ਹੋਰੀਂ ਕਹਿੰਦੇ ਹਨ ਕਿ ਇਕ ਸਮਾਂ ਸੀ ਜਦੋਂ ਕੈਨੇਡਾ ਵਿਚ ਪੰਜਾਬੀ ਦੇ 50 ਤੋਂ ਵੱਧ ਅਖ਼ਬਾਰ ਸ਼ੁਰੂ ਹੋ ਗਏ ਸਨ। ਪਰ ਅੱਜ ਮਸਾਂ 5-7 ਅਖ਼ਬਾਰ ਹੀ ਰਹਿ ਗਏ ਹਨ। ਜਿਨ੍ਹਾਂ ਵਿਚ ‘ਹਮਦਰਦ’ ਵੀ ਇਕ ਹੈ। -‘ਆਪ’ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਹਮਦਰਦ ਦਾ ਹਿੱਸਾ ਰਹੇ- 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣੀ, ਉਸ ਸਰਕਾਰ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਬਣੇ, ਇਹ ਉਹ ਕੁਲਦੀਪ ਸਿੰਘ ਧਾਲੀਵਾਲ ਹਨ ਜੋ ‘ਹਮਦਰਦ’ ਦੇ ਕੈਲੇਫੋਰਨੀਆ ਦਫ਼ਤਰ ਦੇ ਇੰਚਾਰਜ ਰਹੇ ਹਨ। -ਪਰਿਵਾਰ-
ਅਮਰ ਸਿੰਘ ਭੁੱਲਰ ਹੋਰਾਂ ਦੀ ਧਰਮ ਪਤਨੀ ਕਰਮਜੀਤ ਕੌਰ ਭੁੱਲਰ ਤੇ ਪੁੱਤਰ ਲਵਜੋਤ ਸਿੰਘ ਭੁੱਲਰ ਹਨ , ਛੋਟਾ ਜਿਹਾ ਪਰਿਵਾਰ ਹੈ। ਲਵਜੋਤ ਸਿੰਘ ਭੁੱਲਰ ਪੇਸ਼ੇ ਵਜੋਂ ਵਕਾਲਤ ਕਰਦੇ ਹਨ। ਇਕ ਨੂੰ ਛੱਡ ਕੇ ਬਾਕੀ ਸਾਰੇ ਭੈਣ ਭਰਾ ਵੀ ਕੈਨੇਡਾ ਵਿਚ ਹੀ ਰਹਿ ਰਹੇ ਹਨ। -ਅਜੋਕੇ ਪੱਤਰਕਾਰਾਂ ਲਈ ਸੰਦੇਸ਼- ਅੱਜ ਦਾ ਪੱਤਰਕਾਰ ਬਹੁਤ ਖ਼ੁਸ਼ ਕਿਸਮਤ ਹੈ। ਉਸ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਪਹਿਲਾਂ ਅਜਿਹੇ ਸਾਧਨ ਨਹੀਂ ਹੁੰਦੇ ਸਨ। ਜੇਕਰ ਸਾਧਨ ਮਿਲਣ ਵੀ ਲੱਗ ਗਏ ਸਨ ਤਾਂ ਬਹੁਤ ਹੀ ਜ਼ਿਆਦਾ ਮਹਿੰਗੇ ਸਨ। ਖ਼ਬਰ ਬਹੁਤ ਮਹਿੰਗੀ ਪੈਂਦੀ ਸੀ। ਅੱਜ ਪੱਤਰਕਾਰ ਨੂੰ ਸਾਰੇ ਸਾਧਨ ਬੜੇ ਸਸਤੇ ਤੇ ਸੌਖੇ ਮਿਲ ਰਹੇ ਹਨ। ਇਸ ਕਰਕੇ ਪੱਤਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਨੂੰ ਸਮਝਣ ਤੇ ਪੱਤਰਕਾਰੀ ਦੇ ਆਦਰਸ਼ਾਂ ਨੂੰ ਹੇਠਾਂ ਨਾ ਡਿੱਗਣ ਦੇਣ। ਪੱਤਰਕਾਰੀ ਨੂੰ ਪੇਸ਼ੇ ਵਜੋਂ ਚੁਣੋ ਪਰ ਪੱਤਰਕਾਰੀ ਨੂੰ ਇਸ ਤਰ੍ਹਾਂ ਨਾ ਵਰਤੋ ਕਿ ‘ਪੱਤਰਕਾਰ’ ਹੀ ਮਰ ਜਾਵੇ। ਪੱਤਰਕਾਰੀ ਇਕ ਸੇਵਾ ਹੈ। ਇਸ ਸੇਵਾ ਵਿਚੋਂ ਪੱਤਰਕਾਰ ਨੂੰ ਸਾਰਾ ਕੁਝ ਹਾਸਲ ਹੋ ਸਕਦਾ ਹੈ ਪਰ ਕਾਹਲੀ ਵਿਚ ਕੁਝ ਵੀ ਨਹੀਂ। ਜਣਾ-ਖਣਾਂ ਪੱਤਰਕਾਰ ਬਣੇ ਇਹ ਵੀ ਚੰਗਾ ਨਹੀਂ ਹੈ। ਮਿਆਰੀ ਪੱਤਰਕਾਰੀ ਦੀ ਪੰਜਾਬੀ ਵਿਚ ਘਾਟ ਨਜ਼ਰ ਆ ਰਹੀ ਹੈ, ਆਸ ਹੈ ਕਿ ਆਉਂਦੇ ਸਮੇਂ ਵਿਚ ਮਿਆਰੀ ਪੱਤਰਕਾਰੀ ਕਰਨ ਵਾਲੇ ਸੂਰਮੇ ਵੀ ਆਉਣਗੇ। ਅਮਰ ਸਿੰਘ ਭੁੱਲਰ! ਪੱਤਰਕਾਰ ਤੋਂ ਸੰਪਾਦਕ ਤੇ ਸੰਪਾਦਕ ਤੋਂ ਮਾਲਕ ਬਣਿਆ। ਬਹੁਤ ਤਰੱਕੀ ਕੀਤੀ। ‌ਅਜਿਹੇ ਸਿਰੜੀ ਇਨਸਾਨ ਤੇ ਪੱਤਰਕਾਰ ਸਾਡੇ ਨਵੇਂ ਪੱਤਰਕਾਰਾਂ ਲਈ ਪ੍ਰੇਰਨਾ ਸਰੋਤ ਹਨ। ਅਜਿਹੇ ਪੱਤਰਕਾਰ ਦੀ ਪੱਤਰਕਾਰੀ ਦੀ ਦਿਲੋਂ ਕਦਰ ਕਰਦਾ ਹੋਇਆ ਮੈਂ ਅਮਰ ਸਿੰਘ ਭੁੱਲਰ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ, ਵਾਹਿਗੁਰੂ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ... ਆਮੀਨ! ਗੁਰਨਾਮ ਸਿੰਘ ਅਕੀਦਾ 8146001100

No comments:

Post a Comment