Sunday, October 23, 2022

ਪੁਆਧੀ ਦਰਿਆ ਘੱਗਰ ਦੀ ਮਾਰ ਝੱਲਦਾ ਛੋਟੀ ਉਮਰ ਦਾ ਪੱਤਰਕਾਰ ਬਣਿਆ ‘ਗੁਰਪ੍ਰੀਤ ਸਿੰਘ ਚੱਠਾ’

ਨੌਜਵਾਨ ਕਲਮਾਂ- ਪੰਜਾਬੀ ਪੱਤਰਕਾਰਤਾ ਦਾ ਹਰ ਪੱਖ ਪੂਰਾ ਕਰਨ ਵਾਲਾ ਪੱਤਰਕਾਰ ‘ਚੱਠਾ’
ਜਿੱਥੇ ਅਖੌਤੀ ਪੱਤਰਕਾਰਾਂ ਵੱਲੋਂ ਪੱਤਰਕਾਰੀ ਦੀਆਂ ਜੜ੍ਹਾਂ ਵਿਚ ਤੇਲ ਚੋਇਆ ਜਾ ਰਿਹਾ ਹੈ ਉੱਥੇ ਹੀ ਪੱਤਰਕਾਰੀ ਦੇ ਸੱਜਰੇ ਸੋਹਣੀਆਂ ਲਗਰਾਂ ਵਾਲੇ ਪੌਦੇ ਵੀ ਨਜ਼ਰ ਆ ਰਹੇ ਹਨ। ਵੱਡੇ ਅਦਾਰਿਆਂ ਦੀ ਪੱਤਰਕਾਰੀ ਕਰਕੇ ਪੱਤਰਕਾਰ ਜਿਵੇਂ ਖ਼ੁਦ ਨੂੰ ਪਹਾੜ ਤੇ ਖੜੇ ਸ਼ੇਰ ਵਾਂਗ ਸਮਝਣ ਲੱਗ ਜਾਂਦਾ ਹੈ, ਪਰ ਫਿਰ ਵੀ ਨੌਜਵਾਨ ਹੁੰਦਿਆਂ ਹੋਇਆਂ, ਅਨੇਕਾਂ ਸੁਪਨੇ ਆਪਣੇ ਅੰਦਰ ਲੈ ਕੇ ਕੁਝ ਨਵਾਂ ਕਰਨ ਦਾ ਤਾਂਘ ਲੈ ਕੇ ਵੀ ਕਈ ਨੌਜਵਾਨ ਪੱਤਰਕਾਰ ਕੰਮ ਕਰ ਰਹੇ ਹਨ। ਅੱਜ ਮੈਂ ਛੋਟੀ ਉਮਰੇ ਅਜੀਤ ਵਰਗੇ ਵੱਡੇ ਅਖ਼ਬਾਰ ਦਾ ਇੰਚਾਰਜ ਬਣੇ ਪੱਤਰਕਾਰ ‘ਗੁਰਪ੍ਰੀਤ ਸਿੰਘ ਚੱਠਾ’ ਦੀ ਗੱਲ ਕਰ ਰਿਹਾ ਹਾਂ। -ਪਿਛੋਕੜ- ਜਦੋਂ ’47 ਦੀ ਕਹਿਰ ਭਰੀ ਅੱਗ ਨੇ ਅਨੇਕਾਂ ਘਰ ਬਰਬਾਦ ਕੀਤੇ ਤੇ ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ, ਉਸ ਕਹਿਰ ਦੀ ਭੇਂਟ ਗੁਰਪ੍ਰੀਤ ਸਿੰਘ ਚੱਠਾ ਦਾ ਪਰਿਵਾਰ ਵੀ ਚੜ੍ਹਿਆ। ਉਸ ਦੇ ਬਜ਼ੁਰਗ ਦਾਦਾ ਸ. ਸ਼ੀਸ਼ਾ ਸਿੰਘ ਹੋਰੀਂ ਮਹਾਰਾਜਾ ਰਣਜੀਤ ਸਿੰਘ ਦੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਵਜੀਰਕੇ ਚੱਠੇ ਵਿਚ 30 ਕਿੱਲੇ ਜ਼ਰਖੇਜ਼ ਜ਼ਮੀਨ ਵਿਚੋਂ ਸੋਨੇ ਵਰਗੀਆਂ ਫ਼ਸਲਾਂ ਕੱਢਦੇ ਸਨ। ਪਰ ਕਹਿਰ ’47 ਦਾ ਆਗਿਆ ਤਾਂ ਮਜਬੂਰਨ ਵਸੀ ਵਸਾਈ ਦੁਨੀਆ ਛੱਡ ਕੇ ਪਾਕਿਸਤਾਨੀ ਪੰਜਾਬ ਚੋ ਉੱਜੜ ਕੇ ਇੱਧਰਲੇ ਪੰਜਾਬ ਆ ਪਹੁੰਚੇ । ਭਾਰਤ ਜ਼ਮੀਨਾਂ ਦੀ ਅਲਾਟਮੈਂਟ ਦੇ ਚੱਕਰ ਵਿੱਚੋਂ ਖੱਜਲ ਖ਼ੁਆਰ ਹੁੰਦੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਮੁੜ ਜ਼ੀਰੋ ਤੋਂ ਪਿੰਡ ਧਰਮ ਹੇੜੀ ਤੋਂ ਸ਼ੁਰੂ ਕੀਤੀ। ਜਿੱਥੇ 30 ਏਕੜ ਬਦਲੇ ਸਿਰਫ਼ 17 ਏਕੜ ਜ਼ਮੀਨ ਹੀ ਮਿਲੀ। -ਘੱਗਰ ਦੀ ਮਾਰ ਝਲਦਾ ਪਿੰਡ ਧਰਮ ਹੇੜੀ ਅਤੇ ਗੁਰਪ੍ਰੀਤ ਦਾ ਜਨਮ- ਪਟਿਆਲਾ ਤੋਂ ਚੀਕਾ ਰੋਡ ਤੇ ਜਾਂਦਿਆਂ ਰਾਮ ਨਗਰ ਪਾਰ ਕਰਕੇ ਹਰਿਆਣਾ ਦੇ ਬਾਰਡਰ ਤੇ ਘੱਗਰ ਦੇ ਕੰਢੇ ਤੇ ਵੱਸਿਆ ਹੈ ਪਿੰਡ ‘ਧਰਮ ਹੇੜੀ’। ਜਦੋਂ ਬਾਰਸ਼ਾਂ ਸ਼ੁਰੂ ਹੁੰਦੀਆਂ ਹਨ ਤਾਂ ਇਸ ਪਿੰਡ ਦੇ ਵਸਨੀਕਾਂ ਨੂੰ ਧੜਕੂ ਲੱਗ ਜਾਂਦਾ ਹੈ। ਝੋਨਾ ਕਈ ਕਈ ਵਾਰ ਲਾਉਣਾ ਪੈਂਦਾ ਹੈ, ਕਦੇ ਪਨੀਰੀ ਨਹੀਂ ਮਿਲਦੀ ਕਦੇ ਪਾਣੀ ਮਾਰਦਾ ਹੈ ਕਦੇ ਸੋਕਾ ਮਾਰ ਦਿੰਦਾ ਹੈ। ਘੱਗਰ ਦੀਆਂ ਮਾਰਾਂ ਝੱਲ ਰਹੇ ਬਾਪੂ ਸ. ਮਨਜ਼ੂਰ ਸਿੰਘ ਤੇ ਮਾਤਾ ਸ੍ਰੀ ਮਤੀ ਦਲਜੀਤ ਕੌਰ ਦੇ ਘਰ ਵਿਚ 10 ਫਰਵਰੀ 1979 ਨੂੰ ਪੈਦਾ ਹੋਇਆ ‘ਗੁਰਪ੍ਰੀਤ ਸਿੰਘ ਚੱਠਾ।’ ਹੜ੍ਹਾਂ ਦੀ ਮਾਰ ਕਿਤੇ ਨਾ ਕਿਤੇ ਕੋਮਲ ਮਨ ਦੀਆਂ ਭਾਵਨਾਵਾਂ ਵਿੱਚ ਸ਼ਬਦਾਂ ਅਤੇ ਸਤਰਾਂ ਵਿੱਚ ਸਰੀਰ ਦਾ ਦੁੱਖ ਅਚੇਤ ਮਨ ਦੀਆਂ ਕੰਧਾਂ ਨਾਲ ਟੱਕਰਾਂ ਖਾਂਦਾ ਰਹਿੰਦਾ। ਇਸੇ ਸਮੇਂ ਚ ਨੇੜਲੇ ਸਰਕਾਰੀ ਸਕੂਲਾਂ ਚ ਆਮ ਪਰਿਵਾਰਾਂ ਦੇ ਬੱਚਿਆਂ ਵਾਂਗ ਮੇਰੀ ਸਿੱਖਿਆ ਚੱਲਦੀ ਰਹੀ । ਦਾਦੇ ਅਤੇ ਪਿਤਾ ਦੀ ਅਣਥੱਕ ਮਿਹਨਤ ਦੇ ਬਾਵਜੂਦ ਵੀ ਹੜ੍ਹ ਕਾਰਨ ਫ਼ਸਲਾਂ ਦੀ ਮਾਰ ਨੇ ਕਰਜ਼ੇ ਦੀ ਪੰਡ ਹੌਲੀ ਨਾ ਹੋਣ ਦਿੱਤੀ। ਧੁੰਦਲੇ ਭਵਿੱਖ ਨੂੰ ਲੈ ਕੇ ਪਿੰਡਾਂ ਦੇ ਹੋਰ ਕਈ ਘਰਾਂ ਦੇ ਬੱਚਿਆ ਵਾਂਗ ਕਈ ਸੁਪਨੇ ਹੜ੍ਹਾਂ ਦੀ ਚੀਕਣ ਮਿੱਟੀ ਹੇਠ ਦੱਬਦੇ ਰਹੇ । ਏਨੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਮਾਤਾ ਪਿਤਾ ਦੋਵੇਂ ਹੀ ਮਿਲਾਪੜੇ ਤੇ ਭਾਵੁਕ ਹਨ। ਭਾਵੇਂ ਪਿਤਾ ਖ਼ੁਦ ਨਹੀਂ ਸਨ ਪੜ੍ਹੇ ਪਰ ਉਨ੍ਹਾਂ ਦੀ ਦੋਸਤੀ ਐੱਮ ਏ ਤੱਕ ਪੜ੍ਹੇ ਦੋਸਤਾਂ ਨਾਲ ਸੀ ਉਸ ਦੀ ਤਾਂਘ ਸੀ ਕਿ ਬੱਚੇ ਯੂਨੀਵਰਸਿਟੀਆਂ ਵਿਚ ਪੜ੍ਹਨ। ਇੱਥੇ ਦੇ ਹੀ ਵਸਨੀਕ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋ. ਗੁਰਬਖ਼ਸ਼ ਸਿੰਘ, ਫ਼ਕੀਰ ਸਿੰਘ, ਸ਼ਿੰਗਾਰਾਂ ਸਿੰਘ, ਸੋਹਣ ਸਿੰਘ, ਵੀਰ ਸਿੰਘ, ਅਮਰ ਸਿੰਘ, ਬੰਤਾ ਸਿੰਘ ਆਦਿ ਦੀਆਂ ਤਰੱਕੀਆਂ ਤੇ ਸੁਹਬਤ ਨੂੰ ਵੀ ਗੁਰਪ੍ਰੀਤ ਦੇ ਪਿਤਾ ਨੂੰ ਬੱਚਿਆਂ ਨੂੰ ਪੜਾਉਣ ਲਈ ਲਗਾਤਾਰ ਪ੍ਰੇਰਦਾ ਸੀ। ਬੇਸ਼ੱਕ ਖੇਤ, ਡੰਗਰ ਪਸ਼ੂ ਸਾਰੇ ਹੀ ਸੀਰੀ ‘ਰਾਮੇ’ ਨੇ ਸੰਭਾਲ ਲਏ ਸਨ ਪਰ ਅੱਗੇ ਹਾਲਾਤ ਇਹ ਸਨ ਕਿ ਜਿਸ ਸਰਕਾਰੀ ਸਕੂਲ ਚ ਗੁਰਪ੍ਰੀਤ ਪੜ੍ਹਿਆ ਉੱਥੇ ਟੀਚਰਾਂ ਦੀ ਘਾਟ ਅਤੇ ਮਾਹੌਲ ਸਦਕਾ ਤਾਸ਼ ਖੇਡ ਕੇ ਵਾਪਸ ਘਰ ਮੁੜਨ ਆਉਣਾ । ਬਾਪੂ ਨੂੰ ਸਾਰੀ ਕਹਾਣੀ ਪਤਾ ਲੱਗੀ ਤਾਂ ਉਨ੍ਹਾਂ ਨੇ ਬੀਐਨ ਖ਼ਾਲਸਾ ਸਕੂਲ ਵਿਚ ਦਾਖਲਾ ਲੈਣ ਲਈ ਭੇਜੇ ਪਰ ਉਨ੍ਹਾਂ ਦੇ ਟੈੱਸਟ ਵਿਚ ਗੁਰਪ੍ਰੀਤ ਫ਼ੇਲ੍ਹ ਹੋ ਗਿਆ। ਉਸ ਸਮੇਂ ਅਕਾਲੀ ਦਲ ਦੇ ਆਗੂ ਹਰਮੇਲ ਸਿੰਘ ਟੌਹੜਾ ਸਿਫ਼ਾਰਸ਼ ਲਗਾ ਕੇ ਬੀਐਨ ਖ਼ਾਲਸਾ ਸਕੂਲ ਵਿਚ ਹੀ ਦਾਖਲਾ ਦਿਵਾ ਦਿੱਤਾ। ਇੱਥੋਂ ਬਾਰ੍ਹਵੀਂ ਪਾਸ ਕਰ ਲਈ । ਉਪਰੰਤ ਫਿਰ ਬਾਪੂ ਨੇ ਆਪਣੇ ਦੋਸਤ ਡਾ ਬਲਬੀਰ ਸਿੰਘ ਗੁਰਾਇਆ ਨਾਲ ਗੱਲ ਕੀਤੀ ਉਸ ਵਕਤ ਉਹ ਮੋਦੀ ਕਾਲਜ ਵਿੱਚ ਪੜ੍ਹਾਉਂਦੇ ਸਨ । ਉਸ ਦੀ ਮਦਦ ਨਾਲ ਮਹਿੰਦਰਾ ਕਾਲਜ ਵਿਚ ਦਾਖਲਾ ਮਿਲ ਗਿਆ। ਪਿੰਡ ਦੇ ਵਿਕਾਸ ਲਈ ਕੰਮ ਕਰਨੇ ਵੀ ਜਾਰੀ ਰਹੇ। -ਪੱਤਰਕਾਰੀ ਦੀ ਸ਼ੁਰੂਆਤ- ਮਹਿੰਦਰਾ ਕਾਲਜ ਵਿਚ ਗੁਰਵਿੰਦਰ ਸਿੰਘ ਔਲਖ ਵਰਗੇ ਦੋਸਤ ਬਣ ਗਏ। ਮਹਿੰਦਰਾ ਕਾਲਜ ਦੀ ਲਾਇਬ੍ਰੇਰੀ ਨੇ ਗੁਰਪ੍ਰੀਤ ਨੂੰ ਨਿਖਾਰਨਾ ਸ਼ੁਰੂ ਕੀਤਾ। ਉਹ ਕਾਫ਼ੀ ਸਮਾਂ ਲਾਇਬ੍ਰੇਰੀ ਵਿਚ ਗੁਜ਼ਾਰਦਾ। ਚੁਸਤ ਚਲਾਕੀ ਕਾਫ਼ੀ ਸੀ, ਗੱਲਾਂ ਕਰਨੀਆਂ ਆਉਣ ਲੱਗ ਪਈਆਂ ਸਨ। ਪੜ੍ਹਦਿਆਂ ਪੜ੍ਹਦਿਆਂ ਲਿਖਣਾ ਵੀ ਸ਼ੁਰੂ ਹੋ ਗਿਆ। ਜਿਸ ਨੂੰ ਇਕ ਹੋਰ ਦੋਸਤ ਠਾਕਰ ਸਿੰਘ ਮਾਨ ਨੇ ਸਮਝ ਲਿਆ। ਕਿਤੇ ਨਾ ਕਿਤੇ ਉਸ ਦੇ ਮਨ ਵਿੱਚ ਇਹ ਵਿਚਾਰ ਪੱਕਾ ਹੁੰਦਾ ਜਾ ਰਿਹਾ ਸੀ ਕਿ ਗੁਰਪ੍ਰੀਤ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਭੇਜਣਾ ਹੈ ਕਿਉਂਕਿ ਉਹ ਇਸ ਲਈ ਢੁਕਵਾਂ ਹੈ । ਉਸ ਵਕਤ ਤਕ ਗੁਰਪ੍ਰੀਤ ਨੂੰ ਪੱਤਰਕਾਰੀ ਦੇ ਖੇਤਰ ਦੀ ਕੋਈ ਜਾਣਕਾਰੀ ਨਹੀਂ ਸੀ ਪਿੰਡ ਇੱਕ ਮੁੰਡੇ ਦਾ ਨਾਮ ‘ਅਜੀਤ ਅਖ਼ਬਾਰ’ ਰੱਖਿਆ ਗਿਆ ਸੀ ਜਿਸ ਨਾਲ ਅਜੀਤ ਦੀ ਜਾਣਕਾਰੀ ਪੱਕੀ ਹੋਈ। ਮਹਿੰਦਰਾ ਕਾਲਜ ਤੋਂ ਬੀ ਏ ਪਾਸ ਕਰਦਿਆਂ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਐੱਮ ਏ ਐਜੂਕੇਸ਼ਨ ਵਿਚ ਫਾਰਮ ਭਰ ਦਿੱਤੇ । ਇੱਥੇ ਕਈ ਅੜਚਣਾਂ ਤੋਂ ਬਾਅਦ ਐੱਮ ਏ ਐਜੂਕੇਸ਼ਨ ਵਿਚ ਦਾਖਲਾ ਹੋ ਗਈ। ਯੂਨੀਵਰਸਿਟੀ ਵਿਚਰਦਿਆਂ ਅਕਸਰ ਹੀ ਠਾਕੁਰ ਸਿੰਘ ਮਾਨ ਦਾ ਸਾਥ ਮਿਲਦਾ ਰਹਿੰਦਾ, ਉਸ ਦੇ ਕਹਿਣ ਸਦਕਾ ਘੱਟ ਨੰਬਰ ਹੋਣ ਦੇ ਬਾਵਜੂਦ ਪੇਂਡੂ ਖੇਤਰ ਦਾ ਲਾਭ ਮਿਲਦਿਆਂ ਜਰਨਲਿਜ਼ਮ ਵਿਚ ਦਾਖਲਾ ਮਿਲ ਗਿਆ। ਪਹਿਲੇ ਦਿਨ ਦੀਆਂ ਕਲਾਸਾਂ ਮੌਕੇ ਜਦੋਂ ਅਧਿਆਪਕ ਡਾ ਹਰਜਿੰਦਰ ਸਿੰਘ ਵਾਲੀਆ ਨੇ ਸਾਰੇ ਵਿਦਿਆਰਥੀਆਂ ਦੀ ਸਿਰਜਣਾ ਨੂੰ ਪਰਖਣ ਲਈ ਸਾਰੇ ਵਿਦਿਆਰਥੀਆਂ ਨੂੰ ਕੁਝ ਵੀ ਲਿਖਣ ਲਈ ਕਿਹਾ,ਕੁਝ ਲਿਖਣ ਨਾ ਜਾਣਦਾ ਗੁਰਪ੍ਰੀਤ ਫੇਰ ਵੀ ਲਿਖ ਕੇ ਦੇ ਆਇਆ। ਦੂਜੇ ਦਿਨ ਡਾ. ਵਾਲੀਆ ਨੇ ਗੁਰਪ੍ਰੀਤ ਨੂੰ ਲਿਖਤ ਦੀ ਸ਼ਾਬਾਸ਼ ਦਿੱਤੀ। ਹੌਸਲਾ ਬਣ ਗਿਆ। ਚੰਗੇ ਅਧਿਆਪਕ ਦਾ ਇਹੀ ਮਕਸਦ ਹੁੰਦਾ ਹੈ ਕਿ ਬੱਚੇ ਦੀ ਪ੍ਰਤਿਭਾ ਹੋਰ ਕਿਵੇਂ ਨਿਖਾਰੀ ਜਾਵੇ। ਇਹ ‘ਸ਼ਾਬਾਸ਼’ ਹੀ ਸੀ ਜਿਸ ਨੇ ਗੁਰਪ੍ਰੀਤ ਦੇ ਅੰਦਰ ਵੱਡਾ ਉਤਸ਼ਾਹ ਭਰ ਦਿੱਤਾ, ਇੱਥੇ ਨਵਜੀਤ ਸਿੰਘ ਜੌਹਲ, ਡਾ. ਬੱਲ, ਡਾ ਗੁਰਮੀਤ ਮਾਨ, ਡਾ. ਭੁਪਿੰਦਰ ਬਤਰਾ ਅਤੇ ਡਾ. ਹੈਪੀ ਜੈਜ਼ੀ ਆਦਿ ਅਧਿਆਪਕਾਂ ਦੀ ਪੜਾਈ ਨਾਲ ਬਹੁਤ ਕੁਝ ਸਿੱਖਿਆ। ਇਸ ਦੌਰਾਨ ਸਭ ਤੋਂ ਪਹਿਲਾਂ ‘ਲੈਟਰ ਟੂ ਐਡੀਟਰ’ ਪੰਜਾਬੀ ਟ੍ਰਿਬਿਊਨ ਅਤੇ ਅਜੀਤ ਵਿਚ ਛਪੇ। ਦੇਸ਼ ਸੇਵਕ ਵਿਚ ਵੀ ਛਪੇ। ਮਿੰਨੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਅਖ਼ਬਾਰਾਂ ਵਿਚ ਛਪੀਆਂ। ਪੱਤਰਕਾਰੀ ਵਿਭਾਗ ਦੇ ਰਸਾਲੇ ਵਿੱਚ ਛਪਣ ਦਾ ਮੌਕਾ ਮਿਲਿਆ। ਜਿਸ ਵਿੱਚ ਪਹਿਲੀ ਹੀ ਇੱਕ ਕਹਾਣੀ ‘ਗਬੋ ਲਾਈਜੇਸ਼ਨ’ ਛਪੀ ਜੋ ਕਿਸਾਨੀ ਨਾਲ ਸਬੰਧਿਤ ਸੀ। ਇਸ ਤੋਂ ਬਾਅਦ ਪੜ੍ਹਾਈ ਦੇ ਨਾਲ ਨਾਲ ਪ੍ਰਸਾਰ ਭਾਰਤੀ ਦੇ ਪਟਿਆਲਾ ਰੇਡੀਓ ਸਟੇਸ਼ਨ ਤੇ ਇੰਟਰਵਿਊ ਅਤੇ ਹੋਰ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ, ਚੱਲਦਿਆਂ ਹੀ ਸੁਰਜੀਤ ਸਿੰਘ ਰੱਖੜਾ ਦਾ ਪੰਜਾਬੀ ਖ਼ਬਰਾਂ ਦਾ ਚੈਨਲ ਐਨ ਆਰ ਆਈ ਵਿਚ ਬਤੌਰ ਐਂਕਰ ਕੰਮ ਕੀਤਾ । ਪੱਤਰਕਾਰੀ ਦੇ ਅਖੀਰਲੇ ਸਾਲ ਇੰਟਰਨਸ਼ਿਪ ਕਰਨ ਦਾ ਮੌਕਾ ਪੰਜਾਬੀ ਦੇ ਵੱਡੇ ਅਖ਼ਬਾਰ ਅਜੀਤ ਵਿਚ ਮਿਲਿਆ ਜਿਸ ਦੌਰਾਨ ਵੱਖ ਵੱਖ ਐਡੀਸ਼ਨਾਂ ਮੈਗਜ਼ੀਨਾਂ ਅਤੇ ਇਸ਼ਤਿਹਾਰਾਂ ਚ ਕੰਮ ਕਰਨ ਦਾ ਤਜਰਬਾ ਹਾਸਲ ਹੋਇਆ। ਇਸ ਦੌਰਾਨ ਅਖ਼ਬਾਰ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨਾਲ ਵੀ ਮਿਲਾਪ ਹੋਣਾ ਸੁਭਾਵਕ ਸੀ। ਇਸ ਇੰਟਰਨਸ਼ਿਪ ਦੌਰਾਨ ਕੁਝ ਸਮਾਂ ਪਟਿਆਲਾ ਉਪ ਦਫ਼ਤਰ ਵਿਖੇ ਜਸਵਿੰਦਰ ਸਿੰਘ ਦਾਖਾ ਦੀ ਰਹਿਨੁਮਾਈ ਹੇਠ ਕੰਮ ਕਰਨ ਦਾ ਮੌਕਾ ਮਿਲਿਆ । ਠਾਕੁਰ ਸਿੰਘ ਮਾਨ ਪਹਿਲਾਂ ਹੀ ਅਜੀਤ ਅਖ਼ਬਾਰ ਵਿੱਚ ‘ਡਕਾਲਾ ਸਟੇਸ਼ਨ’ ਤੋਂ ਪੱਤਰਕਾਰ ਵਜੋਂ ਕੰਮ ਕਰ ਰਿਹਾ ਸੀ ਉਸ ਦੀ ਜਸਵਿੰਦਰ ਸਿੰਘ ਦਾਖਾ ਨਾਲ ਬਹੁਤ ਡੂੰਘੀ ਸਾਂਝ ਸੀ। ਗੁਰਪ੍ਰੀਤ ਦੀ ਡਿੱਗਰੀ ਪੂਰੀ ਹੋਣ ਦਾ ਸ. ਦਾਖਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਠਾਕਰ ਸਿੰਘ ਮਾਨ ਰਾਹੀਂ ਗੁਰਪ੍ਰੀਤ ਨੂੰ ਬੁਲਾਇਆ। ਉੱਥੋਂ ਹੀ ਪੱਤਰਕਾਰ ਜਾਂ ਬਿਜ਼ਨਸ ਪ੍ਰਤੀਨਿਧ ਬਾਰੇ ਬਾਹਲ਼ਾ ਵਖਰੇਵਾਂ ਕੀਤੇ ਬਿਨਾਂ ਹੀ ਅਜੀਤ ਲਈ ‘ਬਿਜ਼ਨਸ ਪ੍ਰਤੀਨਿਧ’ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਮੀਟਿੰਗ ਕਰਦਿਆਂ ਹੀ ਜਲੰਧਰ ਵਿਖੇ ਹਮਦਰਦ ਹੋਰਾਂ ਨੇ ਹੱਥ ਮਿਲਾਉਂਦਿਆਂ ਕਿਹਾ ਕਿ ਅਸੀਂ ਉਸ ਨਾਲ ਹੱਥ ਮਿਲਾਉਂਦੇ ਹਾਂ ਜੋ ਸਾਨੂੰ ਜਚ ਜਾਵੇ ।
ਪਟਿਆਲਾ ਦੀ ਪ੍ਰੈੱਸ ਵਿੱਚ ਸੀਨੀਅਰ ਅਤੇ ਨਾਮੀ ਪੱਤਰਕਾਰ ਮੇਰੇ ਦੋਸਤ ਬਣ ਗਏ । ਜਿਨ੍ਹਾਂ ਚ (ਲੇਖਕ), ਭੁਪੇਸ਼ ਚੱਠਾ, ਮਨਦੀਪ ਸਿੰਘ ਜੋਸਨ, ਗੁਰਮੁਖ ਸਿੰਘ ਰੁਪਾਣਾ, ਤੇਜਿੰਦਰ ਫਤਿਹਪੁਰੀ, ਰਵੇਲ ਸਿੰਘ ਭਿੰਡਰ ,ਦੀਪਕ ਮੋਦਗਿਲ, ਪਰਮੀਤ ਸਿੰਘ ,ਰਾਜੇਸ਼ ਪੰਜੋਲਾ ,ਬਲਜਿੰਦਰ ਸ਼ਰਮਾ ਵਰਗੇ ਨਾਮ ਸ਼ਾਮਲ ਸਨ । ਬਿਜ਼ਨਸ ਕਰਦਿਆਂ ਆਖ਼ਰਕਾਰ ਬਿਜ਼ਨਸ ਦੇ ਨਾਲ ਵਪਾਰ ਦੀਆਂ ਖ਼ਬਰਾਂ ਸਟੋਰੀਆਂ ਲਿਖਣ ਦੀ ਇਜਾਜ਼ਤ ਵੀ ਜਸਵਿੰਦਰ ਸਿੰਘ ਦਾਖਾ ਨੇ ਡਾ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਦਿੱਤੀ । ਇੱਥੋਂ ਹੀ ਅਜੀਤ ਵਿਚ ਪੱਤਰਕਾਰੀ ਵਿਚ ਚਮਕਣਾ ਸ਼ੁਰੂ ਕੀਤਾ। ਹਮਦਰਦ ਹੋਰਾਂ ਦੀ ਸ਼ਾਬਸ਼ੀ ਆਕਸੀਜਨ ਦਾ ਕੰਮ ਕਰਦੀ ਸੀ। ਇਸ ਦੌਰਾਨ ਅਜੀਤ ਮੈਗਜ਼ੀਨ ਲਈ ਵੀ ਕਈ ਲਿਖਤਾਂ ਲਿਖੀਆਂ । -ਪਟਿਆਲਾ ਅਜੀਤ ਦਾ ਇੰਚਾਰਜ ਬਣਨਾ- ਅਚਾਨਕ ਇੱਕ ਦਿਨ ਹਮਦਰਦ ਹੋਰਾਂ ਦੇ ਪੀ ਏ ਅਮਰਜੀਤ ਸਿੰਘ ਨੇ ਜਲੰਧਰ ਸੱਦ ਗਿਆ । ਕੁਝ ਕੁ ਸਰਸਰੀ ਗੱਲਾਂ ਕਰਨ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਕਿਹਾ ‘ਤੈਨੂੰ ਪਟਿਆਲਾ ਵਿਖੇ ਇੰਚਾਰਜ ਦੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ। ਗੁਰਪ੍ਰੀਤ ਲਈ ਇਹ ਸਮਾਂ ਬੜਾ ਹੀ ਅਲੋਕਾਰ ਵਾਲਾ ਸੀ। 17 ਨਵੰਬਰ 2017 ਨੂੰ ਪਟਿਆਲਾ ਦੇ ਅਜੀਤ ਦਫ਼ਤਰ ਦਾ ਇੰਚਾਰਜ ਬਣਾ ‌ਦਿੱਤਾ ਗਿਆ। -ਪਟਿਆਲਾ ਮੀਡੀਆ ਕਲੱਬ ਦਾ ਪ੍ਰਧਾਨ ਬਣਨਾ-
ਸਿਰਜਨਾਤਮਕ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਬਹੁਤ ਖਿੱਚ ਪੈਦਾ ਕਰਦੀਆਂ ਹਨ ਅਤੇ ਇਹ ਦੇਖ ਕੇ ਗੁਰਪ੍ਰੀਤ ਅੰਦਰ ਫ਼ੋਟੋਗਰਾਫੀ ਦਾ ਚਾਅ ਵਧਦਾ ਜਾ ਰਿਹਾ ਹੈ । ਪੱਤਰਕਾਰੀ ਦੇ ਇਸ ਸਫ਼ਰ ਦੌਰਾਨ ਜਿੱਥੇ ਪਟਿਆਲਾ ਮੀਡੀਆ ਕਲੱਬ ਦੇ ਦੋ ਵਾਰ ਲਗਾਤਾਰ ਪ੍ਰਧਾਨ ਬਣਨ ਦਾ ਮਾਣ ਗੁਰਪ੍ਰੀਤ ਨੂੰ ਹਾਸਲ ਹੋਇਆ, ਉਸ ਵੇਲੇ ਨਾਲ ਰਹਿੰਦੇ ਪੱਤਰਕਾਰ ਦੋਸਤਾਂ ਦੀਆਂ ਬੇਈਮਾਨੀਆਂ ਵੀ ਦੇਖੀਆਂ ਤੇ ਪਟਿਆਲਾ ਵਿਚ ਹੀ ਕਲੱਬ ਦੀਆਂ ਗਤੀਵਿਧੀਆਂ ਤੋਂ ਦੂਰ ਰਹਿੰਦੇ ਕੁਝ ਪੱਤਰਕਾਰਾਂ ਦੀ ਨਿਰਸਵਾਰਥ ਮਦਦ ਵੀ ਦੇਖੀ । ਪੰਜਾਬ ਸਰਕਾਰ ਵੱਲੋਂ 15 ਅਗਸਤ 2022 ਨੂੰ ਸਾਰਥਕ ਪੱਤਰਕਾਰੀ ਬਦਲੇ ਸਨਮਾਨ ਦਿੱਤਾ ਗਿਆ । -ਪਰਿਵਾਰ-
ਗੁਰਪ੍ਰੀਤ ਸਿੰਘ ਚੱਠਾ ਦੀ ਪਤਨੀ ਡਾ ਬਲਜਿੰਦਰ ਕੌਰ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਰੈਗੂਲਰ ਕੰਮ ਕਰ ਰਹੇ ਹਨ । ਇੱਕ ਬੇਟੀ ਅਵਲੀਨ ਕੌਰ ਤੇ ਬੇਟਾ ਗੁਰਵਾਰਸ ਸਿੰਘ ਅਜੇ ਛੋਟਾ ਹੈ ਜੋ ਕਿ ਕੈਨੇਡਾ ਦਾ ਸਿਟੀਜ਼ਨ ਹੈ । ਭੈਣ ਅਮਨਦੀਪ ਕੌਰ ਅਤੇ ਚਾਚਾ ਮਹਿਲ ਸਿੰਘ ਦੂਜਾ ਚਾਚਾ ਸਵ. ਮਾਲਕ ਸਿੰਘ ਦੇ ਅਸ਼ੀਰਵਾਦ ਵੀ ਬਣੇ ਰਹੇ। -ਨੌਜਵਾਨ ਪੱਤਰਕਾਰਾਂ ਲਈ ਸੰਦੇਸ਼- ਅਜੇ ਵੀ ਬਹੁਤ ਸਾਰੇ ਲੋਕ ਜਾਂ ਪਾਠਕ ਪੱਤਰਕਾਰ ਵੱਲੋਂ ਲਿਖੀ ਖ਼ਬਰ ਨੂੰ ਰੱਬੀ ਮੰਨਦੇ ਹਨ, ਇਸ ਕਰਕੇ ਪੱਤਰਕਾਰ ਲਈ ਅੱਜ ਹੋਰ ਵੀ ਵੱਡੀ ਜ਼ਿੰਮੇਵਾਰੀ ਹੈ। ਗੁਰਪ੍ਰੀਤ ਕਹਿੰਦਾ ਹੈ ਕਿ ਜੋ ਪੱਤਰਕਾਰ ਆਪਣੇ ਪੇਸ਼ੇ ਨਾਲ ਧੋਖਾ ਕਰਦਾ ਹੈ ਸਮਝ ਲਓ ਉਹ ਆਪਣੇ ਨਾਲ ਵੀ ਤੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ । ਅੱਜ ਪੱਤਰਕਾਰੀ ਮਿਸ਼ਨ ਤੋਂ ਕਮਿਸ਼ਨ ਹੋ ਗਿਆ ਹੈ ਤੇ ਬਹੁਤੇ ਪੱਤਰਕਾਰ ਧਾੜਵੀਆਂ ਜਾਂ ਆਗੂਆਂ ਦੇ ਪੀਆਰਓ ਹੀ ਨਹੀਂ ਬਲਕਿ ਏਜੰਟ ਵਜੋਂ ਕੰਮ ਕਰ ਰਹੇ ਹਨ ਉਦੋਂ ਇਮਾਨਦਾਰ ਪੱਤਰਕਾਰਾਂ ਦੀ ਇੱਜ਼ਤ ਹੋਰ ਵੀ ਵਧ ਜਾਂਦੀ ਹੈ ਪਰ ਅਜਿਹੇ ਸਮੇਂ ਵਿਚ ਜ਼ਿੰਮੇਵਾਰੀਆਂ ਵੀ ਚੰਗੇ ਪੱਤਰਕਾਰ ਦੀਆਂ ਵਧ ਜਾਂਦੀਆਂ ਹਨ । ਹਾਂ ਇਕ ਗੱਲ ਹੋਰ ਹੈ ਕਿ ਅਸੀਂ ਵੀ ਪੱਤਰਕਾਰੀ ਕਰਦੇ ਕਰਦੇ ਕਈ ਵਾਰੀ ਇਸ਼ਤਿਹਾਰ ਲੈਣ ਲਈ ਦੋੜ ਭੱਜ ਕਰਦੇ ਹਾਂ। ਪਰ ਪੱਤਰਕਾਰੀ ਅਤੇ ਇਸ਼ਤਿਹਾਰ ਦੋਵੇਂ ਵੱਖੋ ਵੱਖੀਆਂ ਵਿਧਾਵਾਂ ਹਨ। ਪਰ ਅਸੀਂ ਏਨੇ ਨਹੀਂ ਗਿਰੇ ਕਿ ਇਕ ਹੀ ਅਖ਼ਬਾਰ ਵਿਚ ਉਸੇ ਦਿਨ ਐਸਐਸਪੀ ਦੀ ਇਹ ਖ਼ਬਰ ਲੱਗੀ ਹੁੰਦੀ ਹੈ ਕਿ ਅਪਰਾਧ ਵਧ ਰਿਹਾ ਹੈ, ਪਰ ਉਨ੍ਹਾਂ ਕਾਲਮਾਂ ਵਿਚ ਹੀ ਦੂਜੇ ਉਸ ਦੇ ਵਿਰੋਧੀ ਪੱਤਰਕਾਰ ਵੱਲੋਂ ਇਹ ਖ਼ਬਰ ਲੱਗੀ ਹੁੰਦੀ ਹੈ ਕਿ ਐਸਐਸਪੀ ਤਾਂ ਬਹੁਤ ਵਧੀਆ ਕੰਮ ਕਰ ਰਹੇ ਹਨ। ਪੱਤਰਕਾਰੀ ਵਿਚ ਇਹ ਗਿਰਾਵਟ ਵੀ ਪਟਿਆਲਾ ਵਿਚ ਹੀ ਦੇਖਣ ਨੂੰ ਮਿਲੀ ਹੈ। ਅਖ਼ਬਾਰ ਵੀ ਸ਼ਾਇਦ ਆਪਣੀ ਜ਼ਿੰਮੇਵਾਰੀ ਨੂੰ ਸਮਝ ਨਹੀਂ ਰਹੇ। ਇਹ ਨੌਜਵਾਨ ਪੱਤਰਕਾਰ ਹੈ, ਪੱਤਰਕਾਰੀ ਕਰਦਿਆਂ ਅਜੇ ਹੋਰ ਬਹੁਤ ਕੁਝ ਜਰਨਾ ਤੇ ਕਰਨਾ ਪਵੇਗਾ। ਵੱਡੀਆਂ ਚੁਣੋਤੀਆਂ ਹਨ। ਪਰ ਫੇਰ ਵੀ ਮੈਂ ਗੁਰਪ੍ਰੀਤ ਸਿੰਘ ਬਾਰੇ ਲਿਖਦਿਆਂ ਇਹ ਜ਼ਰੂਰ ਆਸ ਕਰਦਾ ਹਾਂ ਕਿ ਉਹ ਜਦੋਂ ਵੀ ਪੱਤਰਕਾਰੀ ਕਰੇ ਤਾਂ ਇਹ ਜ਼ਰੂਰ ਧਿਆਨ ਵਿਚ ਰੱਖੇ ਕਿ ਉਹ ਅਖੌਤੀ ਪੱਤਰਕਾਰਾਂ ਦੀ ਭੀੜ ਵਿਚ ‘ਕਮਲ’ ਦੇ ਫੁੱਲ ਵਾਂਗ ਨਿੱਖਰਦਾ ਰਹਿਣਾ ਚਾਹੁੰਦਾ ਹੈ। ਅਜਿਹੇ ਪੱਤਰਕਾਰ ਦੀ ਚੰਗੀ ਪੱਤਰਕਾਰੀ ਦੀ ਕਾਮਨਾ ਕਰਦਾ ਹੋਇਆ ਮੈਂ ਸ਼ੁਭ ਕਾਮਨਾ ਦਿੰਦਾ ਹਾਂ..ਆਮੀਨ ਗੁਰਨਾਮ ਸਿੰਘ ਅਕੀਦਾ 8146001100

No comments:

Post a Comment