Tuesday, October 25, 2022

’47 ਦੀ ਵੰਡ ਸਮੇਂ ਦੀਆਂ ਯਾਦਾਂ ਦੇ ਵਿਸ਼ੇ ਚੁਣਨ ਵਾਲਾ ਪਾਕਿਸਤਾਨੀ ਪੱਤਰਕਾਰ ‘ਰਾਣਾ ਔਰੰਗਜ਼ੇਬ’

ਹਰਿਆਣਵੀ (ਪੁਆਧੀ) ਬੋਲੀ ਨੂੰ ਸੰਭਾਲਣ ਲਈ ਟੀਵੀ ਚੈਨਲ ਸ਼ੁਰੂ ਕੀਤਾ ‘ਨੌਹਰਾ ਪਾਕਿਸਤਾਨ ਟੀਵੀ’
ਪਾਕਿਸਤਾਨੀ ਪੰਜਾਬ ਵਿਚ ਬੋਲੀ ਪੰਜਾਬੀ ਜਾਂਦੀ ਹੈ ਪਰ ਉੱਥੇ ਦੀ ਲਿਪੀ ਉਰਦੂ /ਸ਼ਾਹਮੁਖੀ) ਹੈ। ’47 ਦੀ ਵੰਡ ਵੇਲੇ ਬਹੁਤ ਕੁਝ ਲੁੱਟਿਆ ਗਿਆ। ਬਹੁਤ ਕੁਝ ਟੁੱਟ ਗਿਆ ਜੋ ਮੁੜ ਜੁੜਿਆ ਨਹੀਂ ਭਾਵੇਂ ਕਈਆਂ ਨੇ ਬੜੀ ਸ਼ਿੱਦਤ ਨਾਲ ਮਿਹਨਤ ਵੀ ਕੀਤੀ। ਪਾਕਿਸਤਾਨ ਦੇ ਪੰਜਾਬੀ ਭਾਰਤੀ ਪੰਜਾਬੀਆਂ ਨਾਲ ਪਿਆਰ ਕਰਦੇ ਹਨ। ਜਦੋਂ ਕਦੇ ਪਾਕਿਸਤਾਨ ਦੇ ਪੰਜਾਬੀਆਂ ਨਾਲ ਗੱਲ ਹੁੰਦੀ ਹੈ ਤਾਂ ਬੜਾ ਨੇੜੇ ਹੋਕੇ ਭਾਵੁਕ ਮਿਲਣੀ ਕਰਦੇ ਹਨ। ਇੱਧਰੋਂ ਉੱਧਰ ਜਾ ਕੇ ਵੱਡੀਆਂ ਕੁਰਸੀਆਂ ਹਾਸਲ ਕਰਨ ਵਾਲੇ ਕਾਫ਼ੀ ਲੋਕ ਹਨ। ਬਹੁਤ ਸਾਰੇ ਬਜ਼ੁਰਗ ਫ਼ੌਤ ਹੋ ਗਏ,ਪਰ ਉਨ੍ਹਾਂ ਦੀ ਔਲਾਦ ਅੱਜ ਵੀ ਹਿੰਦੁਸਤਾਨ ਦੀਆਂ ਯਾਦਾਂ ਨਾਲ ਬਾ-ਵਾਸਤਾ ਹੋ ਹੀ ਜਾਂਦੀ ਹੈ, ਮੈਂ ਅੱਜ ਤੁਹਾਨੂੰ ਪਾਕਿਸਤਾਨ ਦੇ ਇਕ ਅਜਿਹੇ ਪੱਤਰਕਾਰ ਦੀ ਝਲਕ ਦਿਖਾ ਰਿਹਾ ਹਾਂ। ਜਿਨ੍ਹਾਂ ਦੇ ਵਾਲਦ ਭਾਰਤ ਵਿਚੋਂ ਪਾਕਿਸਤਾਨ ਗਏ, ਸਿਆਸਤ ਦੀਆਂ ਗਰਮ ਹਵਾਵਾਂ ਦੇ ਬਾਵਜੂਦ ਹਿੰਦੁਸਤਾਨ ਦੀ ਮਿੱਟੀ ਦਾ ਮੋਹ ਉਨ੍ਹਾਂ ਅਜੇ ਵੀ ਨਹੀਂ ਛੱਡਿਆ। ਮੇਰੇ ਅੱਜ ਦੇ ਪੱਤਰਕਾਰ ਹਨ ‘ਰਾਣਾ ਔਰੰਗਜ਼ੇਬ’। -ਮੁੱਢ- ਅੰਬਾਲਾ ਕੈਂਟ ਨਜ਼ਦੀਕ ਪਿੰਡ ‘ਬੋਹ’ ਜਿਸ ਨੂੰ ਆਮ ਲੋਕ ਨਾਲ ਦੇ ਪਿੰਡ ਨਾਲ ਮਿਲਾ ਕੇ ਹੀ ਬੋਲਦੇ ਹਨ। ਜਿਵੇਂ ਕਿ ‘ਬੋਹ-ਬਲਿਆਲ’। ਇਸ ਪਿੰਡ ਵਿਚ ਚੰਗੀ ਟੌਹਰ ਭਰੀ ਜ਼ਿੰਦਗੀ ਜੀਅ ਰਹੇ ਸਨ ਕਿ ‘ਅਜ਼ਾਦੀ ਫੈਲ ਗਈ’, ਅਜ਼ਾਦੀ ਫੈਲਣ ਦਾ ਮਾੜਾ ਅਸਰ ਇਹ ਹੋ‌ਇਆ ਕਿ ਇਸ ਦੇ ਕਾਰਨ ਭਾਰਤ ਦਾ ਇਕ ਹਿੱਸਾ ਪਾਕਿਸਤਾਨ ਬਣ ਗਿਆ। ਭਾਰਤ ਵੱਲ ਰਹਿ ਗਏ ਬਹੁਤ ਸਾਰੇ ਮੁਸਲਮਾਨ ਪਾਕਿਸਤਾਨ ਵਾਲੇ ਪਾਸੇ ਜਾ ਰਹੇ ਸਨ ਬਹੁਤ ਸਾਰੇ ਪਾਕਿਸਤਾਨ ਵਿਚ ਰਹਿ ਗਏ ਹਿੰਦੂ ਸਿੱਖ ਹਿੰਦੁਸਤਾਨ ਵੱਲ ਆ ਰਹੇ ਸਨ। ਪਰ ਸਮੇਂ ਨੇ ਕਰਵੱਟ ਲਈ ਕਿ ਸਾਰਾ ਕੁਝ ਸੁੱਖੀ ਸਾਂਦੀ ਨਹੀਂ ਹੋਇਆ। ਜਿਸ ਕਰਕੇ 10 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋਣ ਦੇ ਅੰਕੜੇ ਮਿਲਦੇ ਹਨ। ਪਿੰਡ ‘ਬੋਹ’ ਵਿਚ ਤਾਉਣੀ ਗੋਤ (360 ਪਿੰਡ ਹੁੰਦਾ ਸੀ ਤਾਉਣੀਆਂ ਦਾ ਅੰਬਾਲਾ ਤੇ ਪਟਿਆਲਾ ਵਿਚ) ਦੇ ਰਾਜਪੂਤਾਂ ਦੀ ਕਾਫ਼ੀ ਟੌਹਰ ਸੀ, ਇਲਾਕੇ ਵਿਚ ਕਾਫ਼ੀ ਪ੍ਰੇਮ ਸੀ, ਪਰ ’47 ਨੇ ਜਿਵੇਂ ਪ੍ਰੇਮ ਤੇ ‘ਕਾਲੀ ਚਿੜੀ’ ਨੇ ਫੇਰਾ ਪਾ ਦਿੱਤਾ ਹੋਵੇ ਕਿ ਇੱਥੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਹਿਜਰਤ ਕਰਨ ਵਾਲੇ ਇਕ ਪਰਿਵਾਰ ‘ਚੌਧਰੀ ਅਬਦੁਲ ਰਸ਼ੀਦ’ ਦਾ ਵੀ ਸੀ। ਉਹ ਆਪਣੀ ਬੇਗ਼ਮ ‘ਜ਼ਾਇਦਾ ਪ੍ਰਵੀਨ’ ਨਾਲ ਪਾਕਿਸਤਾਨ ਪਹੁੰਚ ਗਏ। ਉਨ੍ਹਾਂ ਦੀ ਬੇਗ਼ਮ ਜ਼ਾਇਦਾ ਉਤਰਾਖੰਡ ਵਿਚ ਹਰਿਦੁਆਰ ਜ਼ਿਲ੍ਹੇ ਦੇ ਪਿੰਡ ਸਕਰੌਦਾ ਤਹਿਸੀਲ ਰੁੜਕੀ ਦੀ ਜੰਮਪਲ ਹੈ। ਚੌਧਰੀ ਅਬਦੁਲ ਰਸ਼ੀਦ ਆਪਣੀ ਜ਼ਮੀਨ, ਭਰਿਆ ਭਕੂੰਨਾ ਘਰ-ਬਾਰ ਛੱਡ ਕੇ ਪਾਕਿਸਤਾਨ ਚੱਲੇ ਗਏ। -ਪਾਕਿਸਤਾਨ ਵਿਚ ਜ਼ਿੰਦਗੀ ਦੀ ਸ਼ੁਰੂਆਤ- ਪਾਕਿਸਤਾਨੀ ਪੰਜਾਬ ਵਿਚ ਗੁੱਜਰਾਂਵਾਲਾ ਨਜ਼ਦੀਕ ਇਕ ਪਿੰਡ ਹੈ ‘ਗੱਖੜ ਮੰਡੀ’। ਇੱਥੇ ਹੀ ਇਨ੍ਹਾਂ ਨੂੰ ਢਾਈ ਮੁਰੱਬੇ (65 ਏਕੜ) ਜ਼ਮੀਨ ਅਲਾਟ ਹੋਈ, ਜਿਸ ਨਾਲ ਉਨ੍ਹਾਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। -ਰਾਣਾ ਔਰੰਗਜ਼ੇਬ ਦਾ ਬਚਪਨ ਤੇ ਪੜਾਈ- ਪਿੰਡ ‘ਗੱਖੜ ਮੰਡੀ’ ਵਿਚ ਹੀ ਜਨਮੇ ਰਾਣਾ ਔਰੰਗਜ਼ੇਬ ਨੇ ਮੁਢਲੀ ਪੜਾਈ ਗੌਰਮਿੰਟ ਹਾਈ ਸਕੂਲ ਗੱਖੜ ਮੰਡੀ ਤੋਂ ਹੀ ਕੀਤੀ। ਗਰੈਜੂਏਸ਼ਨ ਰਾਣਾ ਹੋਰਾਂ ਨੇ ਰਾਵਲਪਿੰਡੀ ਨਜ਼ਦੀਕ ਪੈਂਦੇ ਵਜ਼ੀਰਾਬਾਦ ਵਿਚ ‘ਮੌਲਾਨਾ ਜ਼ਫ਼ਰ ਅਲੀ ਖ਼ਾਨ ਡਿੱਗਰੀ ਕਾਲਜ ਤੋਂ ਕੀਤੀ। ਜ਼ਫ਼ਰ ਅਲੀ ਖ਼ਾਨ ਵੀ ਪੁਰਾਣੇ ਪੱਤਰਕਾਰ ਹੋਏ ਹਨ ਜਿਨ੍ਹਾਂ ਦੇ ਨਾਮ ਤੇ ਇਹ ਕਾਲਜ ਬਣਿਆ ਹੈ। ਉਸ ਤੋਂ ਅੱਗੇ ਰਾਣਾ ਹੋਰਾਂ ਨੇ ਸਪੋਰਟਸ ਸਾਇੰਸ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਐਮਐਸਸੀ ਅਤੇ ਐੱਮ ਏ ਰਾਜਨੀਤਿਕ ਸ਼ਾਸਤਰ ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ। -ਪੱਤਰਕਾਰੀ ਦੀ ਸ਼ੁਰੂਆਤ-
(ਪਾਕਿਸਤਾਨ ਵਿਚ ਹਰਿਆਣਵੀ ਬੋਲੀ ਦੀ ਕਾਂਨਫਰੰਸ ਦੌਰਾਨ) ਰਾਣਾ ਔਰੰਗਜ਼ੇਬ ਲਿਖਣ ਦਾ ਸ਼ੌਕੀਨ ਰਿਹਾ ਹੈ, ਕਈ ਵਾਰੀ ਛੋਟੇ ਪਰਚਿਆਂ ਵਿਚ ਲਿਖ ਕੇ ਭੇਜ ਦਿੰਦਾ ਤੇ ਛਪ ਵੀ ਜਾਂਦਾ, ਪਰ ਉਸ ਅੰਦਰ ਇਕ ਤਾਂਘ ਸੀ, ਆਪਣੀਆਂ ਜੜ੍ਹਾਂ ਫਰੋਲਣ ਦੀ। ਉਸ ਦੇ ਵਾਲਦ ਚੌਧਰੀ ਅਬਦੁਲ ਰਸ਼ੀਦ 1979 ਵਿਚ ਫ਼ੌਤ ਹੋ ਗਏ ਸਨ। ਪਰ ਮਾਂ ਵਾਲਦਾ ਬੇਗ਼ਮ ਜ਼ਾਇਦਾ ਅਜੇ ਚੰਗੀ ਸਿਹਤ ਨਾਲ ਹਨ। ਉਹ ਆਪਣੇ ਵਾਲਦ ਤੋਂ ਹਿੰਦੁਸਤਾਨ ਦੀ ਬੋਲੀ ਦੀਆਂ ਗੱਲਾਂ ਸੁਣਦੇ ਸਨ, ਜੋ ਖ਼ਾਸ ਕਰਕੇ ਹਰਿਆਣਵੀ ਤੇ ਪੁਆਧੀ ਬੋਲੀ ਦੀਆਂ ਹੁੰਦੀਆਂ ਸਨ। ਉਸੇ ਬੋਲੀ ਵਿਚ ਬੱਚੇ ਵੀ ਗੱਲ ਕਰਦੇ ਸਨ ਜਿਵੇਂ ਕਿ ਸਾਡੇ ਇੱਧਰਲੇ ਪੰਜਾਬ ਵਿਚ ਪਾਕਿਸਤਾਨ ਵਿਚੋਂ ਆਏ ਹੋਏ ਸਿੱਖ ਹਨ ਉਹ ਅਤੇ ਉਨ੍ਹਾਂ ਦੇ ਬੱਚੇ ਪਾਕਿਸਤਾਨੀ ਭਾਊਆਂ ਵਾਲੀ ਬੋਲੀ ਹੀ ਬੋਲਦੇ ਹਨ। ਜਿਸ ਤੇ ਉਹ ਮਾਣ ਵੀ ਕਰਦੇ ਹਨ। ਇਸੇ ਤਰ੍ਹਾਂ ਚੌਧਰੀ ਅਬਦੁਲ ਰਸ਼ੀਦ ਵੱਲੋਂ ਪੁਰਾਣੀਆਂ ਕਹਾਣੀਆਂ ਸੁਣਾਉਣੀਆਂ ਤੇ ਆਪਣੀ ਬੋਲੀ ਵਿਚ ਗੱਲ ਕਰਨੀ ਇਸ ਕਰਕੇ ਰਾਣਾ ਹੋਰਾਂ ਵਿਚ ਹਰਿਆਣਵੀ ਬੋਲੀ ਬਾਰੇ ਕੰਮ ਕਰਨ ਦਾ ਮਨ ਬਣਾ ਗਿਆ। ‌ਹਰਿਆਣਾ ਬੋਲੀ (ਪੁਆਧੀ ਬੋਲੀ) ਨੂੰ ਮਾਂ ਬੋਲੀ ਸਮਝਦੇ ਹੋਏ, ਪਾਕਿਸਤਾਨ ਵਿਚ ਇਸ ਬੋਲੀ ਨੂੰ ਜਿਊਂਦਾ ਰੱਖਣ ਲਈ ਇਨ੍ਹਾਂ ਨੇ ਇਕ ਸੰਸਥਾ ਬਣਾਈ ਹੈ ‘ਨੌਹਰਾ ਤਨਜੀਮ’ (ਨੌਹਰਾ ਭਾਵ ਪੰਚਾਇਤ-ਸੱਥ)। ਇਸ ਸੰਸਥਾ ਦੇ ਚੇਅਰਮੈਨ ਰਾਣਾ ਤਸਵੀਰ ਅਹਿਮਦ ਬਣਾਏ ਗਏ। ਇੱਥੇ ਹੀ ਰਾਣਾ ਔਰੰਗਜ਼ੇਬ ਨੇ ਇਕ ਟੀਵੀ ਚੈਨਲ ਸ਼ੁਰੂ ਕੀਤਾ ਜਿਸ ਦਾ ਨਾਮ ਵੀ ‘ਨੌਹਰਾ ਪਾਕਿਸਤਾਨੀ ਟੀਵੀ’ ਰੱਖਿਆ ਗਿਆ। ਲਿਖਣ ਦੇ ਨਾਲ ਨਾਲ ਟੀਵੀ ਤੇ ਵੀ ਇੰਟਰਵਿਊ ਕਰਨ ਲੱਗ ਪਏ। ਹੋਰ ਖ਼ਬਰਾਂ ਤੇ ਇੰਟਰਵਿਊ ਦੇ ਨਾਲ ਨਾਲ ਪਾਕਿਸਤਾਨ ਵਿਚ ਰਹਿਣ ਵਾਲੇ ਹਰਿਆਣਵੀਆਂ/ਪੁਆਧੀਆਂ ਦੀ ਇੰਟਰਵਿਊ ਕਰਦੇ ਹਨ ਤੇ ਜਿਵੇਂ ਕਿ ਅੱਜ ਕੱਲ੍ਹ ਜੋ ਭਾਰਤੀ ਪੰਜਾਬ ਹੈ ਉੱਥੋਂ ਆਏ ਲੋਕਾਂ ਦੀ ਇੰਟਰਵਿਊ ਤੇ ਉਨ੍ਹਾਂ ਦੀਆਂ ਖ਼ਬਰਾਂ ਖ਼ਾਸ ਕਰਕੇ ਇਸ ਟੀਵੀ ਚੈਨਲ ਦਾ ਹਿੱਸਾ ਬਣਦੀਆਂ ਹਨ। ਉਂਜ ਰਾਣਾ ਔਰੰਗਜ਼ੇਬ ਪੇਸ਼ੇ ਵਜੋਂ ਕਾਇਦ-ਏ-ਆਜ਼ਮ ਡਵੀਜ਼ਨਲ ਪਬਲਿਕ ਸਕੂਲ ਗੁੱਜਰਾਂਵਾਲਾ ਵਿਚ ਡਾਇਰੈਕਟਰ ਸਪੋਰਟਸ ਹਨ। ਗੁੱਜਰਾਂਵਾਲਾ ਕੈਂਪਸ ਵਿਚ ਹੀ ਰਹਿ ਰਹੇ ਹਨ। -ਰਾਣਾ ਔਰੰਗਜ਼ੇਬ ਦਾ ਪਰਿਵਾਰ- ਪਤਨੀ ਬੇਗ਼ਮ ਹਿਨਾ ਔਰੰਗਜ਼ੇਬ ਘਰੇਲੂ ਔਰਤ ਹੈ, ਜਿਸ ਦਾ ਪਿਛੋਕੜ ਵੀ ਭਾਰਤ ਨਾਲ ਹੈ। ਉਸ ਦੇ ਮਾਪੇ ਉਤਰ ਪ੍ਰਦੇਸ਼ ਨਾਲ ਸਬੰਧਿਤ ਹਨ। ਉਸ ਦੀ ਦਾਦੀ ਮਾਂ ਪਿੰਡ ਭਾਨੇੜਾ ਤਹਿਸੀਲ ਦਿਓਬੰਦ ਜ਼ਿਲ੍ਹਾ ਸਹਾਰਨਪੁਰ ਦੀ ਰਹਿਣ ਵਾਲੀ ਹੈ। ਤਿੰਨ ਬੱਚੇ ਹਨ ਜਿਨ੍ਹਾਂ ਵਿਚ ਵੱਡੀ ਬੇਟੀ ਮਾਨਾਹਿਲ ਫਾਤਿਮਾਂ (ਦਸਵੀਂ ਕਲਾਸ ਵਿਚ ਪੜ੍ਹ ਰਹੀ ਹੈ), ਦੋ ਬੇਟੇ ਜਿਨ੍ਹਾਂ ਵਿਚ ਅਬਦੁੱਲਾ ਔਰੰਗਜ਼ੇਬ (7ਵੀਂ ਕਲਾਸ) ਅਤੇ ਮੁਹੰਮਦ ਵਾਸਿਲ ਔਰੰਗਜ਼ੇਬ (5ਵੀਂ ਕਲਾਸ) -ਪਾਕਿਸਤਾਨ ਦੀ ਪੱਤਰਕਾਰੀ- ਰਾਣਾ ਔਰੰਗਜ਼ੇਬ ਕਹਿੰਦੇ ਹਨ ਕਿ ਪਾਕਿਸਤਾਨ ਵੀ ਹੋਰ ਕਈ ਮੁਲਕਾਂ ਵਰਗਾ ਹੀ ਹੈ ਜਿੱਥੇ ਪੱਤਰਕਾਰੀ ਕਰਨਾ ਬੜਾ ਮੁਸ਼ਕਲ ਕੰਮ ਹੈ। ਇਸ ਕਰਕੇ ਮਜਬੂਰੀ ਬੱਸ ਪੱਤਰਕਾਰ ਖ਼ਾਸ ਤੌਰ ਤੇ ਸਥਾਪਤੀ ਦੇ ਪੱਖ ਵਿਚ ਹੀ ਕੰਮ ਕਰਦੇ ਹਨ। ਇੱਥੇ ਪੱਤਰਕਾਰੀ ਦਾ ਟੀਚਾ ਪੂਰਾ ਕਰਨਾ ਬੜਾ ਮੁਸ਼ਕਿਲ ਹੈ। ਪਾਕਿਸਤਾਨ ਵਿਚ ਪੱਤਰਕਾਰ ਦੀ ਮਰਜ਼ੀ ਹੈ ਕਿ ਉਹ ਅਸਾਨ ਕੰਮ ਵੀ ਚੁਣ ਸਕਦਾ ਹੈ ਤੇ ਮੁਸ਼ਕਿਲ ਕੰਮ ਵੀ ਚੁਣ ਸਕਦਾ ਹੈ, ਮੁਸ਼ਕਿਲ ਕੰਮ ਚੁਣਨ ਵਾਲੇ ਨੂੰ ਮੁਸ਼ਕਲਾਂ ਆਉਣੀਆਂ ਸੁਭਾਵਿਕ ਹਨ। ਪਾਕਿਸਤਾਨ ਵਿਚ ਵੀ ਮਿਲੀ ਜੁਲੀ ਪੱਤਰਕਾਰੀ ਮਿਲਦੀ ਹੈ। -ਕੁਝ ਖ਼ਾਸ ਇੰਟਰਵਿਊ ਦਾ ਜ਼ਿਕਰ- ਕਈ ਸਾਰੀਆਂ ਇੰਟਰਵਿਊਆਂ ਮਿਲਦੀਆਂ ਹਨ ਪਰ :- 1. ਪਟਿਆਲਾ ਰਿਆਸਤ ਤਹਿਸੀਲ ਰਾਜਪੁਰਾ ਨਜ਼ਦੀਕ ਅੰਬਾਲਾ ਦੀ ਸੜਕ ਤੇ ਪਿੰਡ ਮਦਨ ਪੁਰ (ਮਦਨਪੁਰ-ਚਲਹੇੜੀ) ਦੇ ਰਹਿਣ ਵਾਲੇ ਬਜ਼ੁਰਗ ਵਜ਼ਲ ਦੀਨ ਤੇ ਫ਼ਕੀਰ ਮੁਹੰਮਦ ਦੀ ਇੰਟਰਵਿਊ ਰਾਣਾ ਔਰੰਗਜ਼ੇਬ ਨੇ ਪੇਸ਼ ਕੀਤੀ ਸੀ। ਜਿਸ ਦੇ ਕੁਝ ਅੰਸ਼ ਇੱਥੇ ਜ਼ਿਕਰ ਕਰਨਾ ਲੱਗਾ ਹਾਂ। ਉਂਜ ਇਸ ਇੰਟਰਵਿਊ ਦਾ ਲਿੰਕ ਵੀ ਮੇਰੇ ਨਿੱਜੀ ਬਲਾਗ ਤੇ ਸ਼ੇਅਰ ਕਰ ਦਿਆਂਗੇ ਉਹ ਸੁਣ ਸਕਦੇ ਹੋ।
ਫ਼ਕੀਰ ਮੁਹੰਮਦ ’47 ਦੀ ਵੰਡ ਵੇਲੇ ਮਸਾਂ 15-16 ਸਾਲ ਦਾ ਹੁੰਦਾ ਸੀ। ਉਹ ਪੁਆਧੀ ਬੋਲੀ ਵਿਚ ਦੱਸਦੇ ਹਨ ਕਿ ਸਾਡੇ ਪਿੰਡ ਮਦਨਪੁਰ ਵਿਚ ਹਿੰਦੂ ਸਿੱਖ ਤੇ ਮੁਸਲਮਾਨ ਰਹਿੰਦੇ ਸਨ। ਚੌਥਾ ਹਿੱਸਾ ਸਿੱਖ ਹੁੰਦੇ ਸਨ ਜਿਸ ਕਰਕੇ ਇਕ ਨੰਬਰਦਾਰ ਸਿੱਖਾਂ ਦਾ ਸੀ ਤੇ ਤਿੰਨ ਨੰਬਰਦਾਰ ਮੁਸਲਮਾਨਾ ਦੇ ਸਨ। ਖ਼ੁਸ਼ੀ ਗ਼ਮੀ ਵਿਚ ਸਾਰੇ ਇਕੱਠੇ ਹੀ ਹੁੰਦੇ ਸੀ। ਵਿਆਹ ਵੇਲੇ ਇਕ ਦੂਜੇ ਦੀਆਂ ਜੰਞਾਂ ਚੜ੍ਹਦੇ ਤੇ ਮਰਗ ਵੇਲੇ ਸੰਸਕਾਰ ਵਿਚ ਸਾਰੇ ਇਕੱਠੇ ਹੀ ਅਫ਼ਸੋਸ ਸ਼ਾਮਲ ਹੁੰਦੇ। ਮੁਸਲਮਾਨ ਖ਼ਾਸ ਕਰਕੇ ਤਾਉਣੀ ਰਾਜਪੂਤ ਸਨ। ਖੇਤਾਂ ਵਿਚ ਰਾਤ ਨੂੰ 12-12 ਵਜੇ ਤੱਕ ਹਲ਼ ਵਾਹੁਣੇ। ਇਕ ਦੂਜੇ ਦੇ ਪਸ਼ੂਆਂ ਲਈ ਚਾਰਾ ਵੀ ਇਕ ਦੂਜੇ ਦੇ ਖੇਤਾਂ ਵਿਚੋਂ ਲੈ ਲੈਂਦੇ ਸਨ। ਕੋਈ ਲੜਾਈ ਝਗੜਾ ਨਹੀਂ। ਦੇਸੀ ਘਿਓ ਖਾਣਾ ਪਹਿਲਵਾਨੀਆਂ ਕਰਦੇ ਸੀ। ਪਿੰਡ ‌ਵਿਚ ਖ਼ਾਸ ਕਰਕੇ ਸਿੱਖ ਤੇ ਮੁਸਲਮਾਨਾਂ ਦੇ ਮੁੰਡੇ ਕੁਸ਼ਤੀ ਕਰਦੇ ਸਨ। ਉਸ ਵੇਲੇ ਮਹਾਰਾਜਾ ਪਟਿਆਲਾ ਦੇ ਰਾਜ ਵਿਚ ਪਹਿਲਵਾਨ ਇਮਾਮ ਬਖ਼ਸ਼, ਪਹਿਲਵਾਨ ਰੁਸਤਮੇਂ ਜਮਾਂ, ਗਾਮਾ ਪਹਿਲਵਾਨ ਮਸ਼ਹੂਰ ਹੁੰਦੇ ਸਨ। ਘਰ ਆਮ ਤੌਰ ਤੇ ਕੱਚੇ ਸਨ ਪਰ ਸਾਡਾ ਬੰਗਲਾ ਪੱਕਾ ਸੀ, ਸ਼ਾਇਦ ਅੱਜ ਵੀ ਉਹ ਬੰਗਲਾ ਮੌਜੂਦ ਹੋਵੇ। Link is https://www.youtube.com/watch?v=sP9wzZRsWaw ਇਕ ਵਾਰੀ ਦੀ ਘਟਨਾ ਯਾਦ ਕਰਕੇ ਫ਼ਕੀਰ ਮੁਹੰਮਦ ਦੱਸਦੇ ਹਨ ਕਿ ਇਕ ਵਾਰ ਸਾਡੇ ਪਿੰਡ ਵਿਚ ਬਲਦ ਹਲਾਲ ਕਰਨ ਦੀ ਗੱਲ ਮਹਾਰਾਜੇ ਦੇ ਦਰਬਾਰ ਤੱਕ ਉੱਡ ਗਈ। ਮਹਾਰਾਜਾ ਨੇ ਹੁਕਮ ਕੀਤਾ ਕਿ ਮਦਨ ਪੁਰ ਚਲਹੇੜੀ ਪਿੰਡ ਨੂੰ ਅੱਗ ਲਾ ਕੇ ਸਾੜ ਦਿਓ, ਕਿਉਂਕਿ ਇੱਥੇ ਗਊ ਦਾ ਬੱਚਾ ਹਲਾਲ ਕੀਤਾ ਗਿਆ ਹੈ। ਦੋਵੇਂ ਪਿੰਡਾਂ ਵਿਚ ਸਹਿਮ ਸੀ, ਮਹਾਰਾਜੇ ਦੀ ਫ਼ੌਜ ਸਾਡੇ ਪਿੰਡਾਂ ਨੂੰ ਉਡਾਉਣ ਲਈ ਤੋਪਾਂ ਲੈ ਕੇ ਆ ਗਈ। ਉਸ ਵੇਲੇ ਸਿਪਾਹ ਸਿਲਾਰ ਮੌਕੇ ਤੇ ਮੌਜੂਦ ਸੀ। ਉਸ ਸਮੇਂ ਖੇੜੀ ਗੰਡਿਆਂ ਦਾ ਮਸ਼ਹੂਰ ਪੰਚ ਹੁੰਦਾ ਸੀ, ਜਿਸ ਦਾ ਨਾਮ ਸੀ ਠੰਡੂ ਰਾਮ, ਠੰਡੂ ਰਾਮ ਨੇ ਆਕੇ ਬੇਨਤੀ ਕੀਤੀ ਕਿ ਬਲਦ ਹਲਾਲ ਕਰਨ ਦੀ ਘਟਨਾ ਅਫ਼ਵਾਹ ਹੈ, ਇਹ ਅਜਿਹਾ ਨਹੀਂ ਕਰਦੇ ਨਾ ਹੀ ਅੱਗੇ ਤੋਂ ਕਰਨਗੇ ਨਾ ਹੀ ਕੀਤਾ ਹੈ। ਤਾਂ ਮਹਾਰਾਜੇ ਨਾਲ ਰਾਬਤਾ ਕਾਇਮ ਕਰਕੇ ਇਹ ਦੋਵੇਂ ਹੀ ਪਿੰਡ ਸਾੜਨ ਤੋਂ ਠੰਡੂ ਰਾਮ ਨੇ ਬਚਾਏ ਸੀ। ‌ਇਸ ਤਰ੍ਹਾਂ ਹਿੰਦੂ ਤੇ ਸਿੱਖ ਮੁਸਲਮਾਨਾਂ ਨੂੰ ਬਚਾਉਂਦੇ ਸਨ। ਮਦਨ ਪੁਰ ਪਿੰਡ ਵਿਚ ਉਸ ਵੇਲੇ ਸਿਆਣੇ ਬੰਦੇ ਹੁੰਦੇ ਸਨ ਜਿਨ੍ਹਾਂ ਦਾ ਜ਼ਿਕਰ ਵੀ ਫ਼ਕੀਰ ਮੁਹੰਮਦ ਨੇ ਕੀਤਾ ਜਿਵੇਂ ਕਿ ਨੰਬਰਦਾਰ ਗੋਪਾਲ, ਚੇਤੂ ਰਾਮ, ਚੇਤੂ ਪੱਟੂਆ, ਮਿਲਖੀ ਲੁਹਾਰ, ਆਮ ਤੌਰ ਤੇ ਮਿਲਖੀ ਲੁਹਾਰ ਸਾਨੂੰ ਗੁੱਲੀਆਂ ਘੜ ਕੇ ਦਿਆ ਕਰਦਾ ਸੀ, ਠੌਕਰ, ਚੈਤੂ ਬਾਣੀਆਂ ਦਾ ਮੁੰਡਾ ਹੁੰਦਾ ਸੀ ਫੱਗੂ ਰਾਮ (ਫੱਗੂ ਰਾਮ ਸ਼ਾਇਦ ਇਸ ਵੇਲੇ ਜਿਊਂਦਾ ਹੋਵੇ), ਪਰਤਾਪਾ ਆਦਿ ਹੁੰਦੇ ਸਨ। ਸਕੂਲ ਕੋਈ ਨਹੀਂ ਸੀ, ਹਾਂ ਨਾਲ ਦੇ ਪਿੰਡ ਚਮਾਰੂ ਵਿਚ ਚੌਥੀ ਤੱਕ ਦਾ ਸਕੂਲ ਹੁੰਦਾ ਸੀ ਜਿੱਥੇ ਮਹਾਰਾਜੇ ਦੇ ਹੁਕਮ ਨਾਲ ਗੁਰਮੁਖੀ ਦੀ ਪੜਾਈ ਹੁੰਦੀ ਸੀ। ਜ਼ਿਆਦਾ ਹਿੰਦੀ ਪੜਾਉਂਦੇ ਸਨ ਪਰ ਸਾਡੇ ਵਾਲਦ ਵੀ ਗੁਰਮੁਖੀ ਪੜ੍ਹ ਗਏ ਸਨ। ਵਿਆਹ ਸ਼ਾਦੀਆਂ ਵਿਚ ਮਝੌਲੀ (ਦੋ ਪਹੀਆਂ ਵਾਲੀ) ਤੇ ਰਥ (ਚਾਰ ਪਹੀਆਂ ਵਾਲਾ) ਹੁੰਦੇ ਸਨ। ਕੱਚੇ ਰਸਤੇ ਹੁੰਦੇ ਸੀ, ਜੀਟੀ ਰੋਡ ਹੁੰਦੀ ਸੀ। ਸਾਡੇ ਪਿੰਡ ਦੇ ਦੋ ਪੱਖ ਹੁੰਦੇ ਸੀ ਇਕ ਪਾਸੇ ਬਾਹਮਣੀ ਵਾਲਾ ਹੁੰਦਾ ਸੀ, ਬਾਹਮਣੀ ਵਾਲਾ ਵਿਚ ਇਕ ਕਿੱਕਰ ਹੁੰਦੀ ਸੀ, ਉਸ ਕਿੱਕਰ ਨੂੰ ਕੋਈ ਵੱਢਦਾ ਨਹੀਂ ਸੀ ਕਹਿੰਦੇ ਇਹ ਕਿੱਕਰ ਦਿਲੀ ਤੇ ਲਾਹੌਰ ਤੇ ਵਿਚਕਾਰ ਹੈ। ਉਦੋਂ ਹੀ ‘ਅਜ਼ਾਦੀ ਫੈਲ ਗਈ’ ਤਾਂ ਸਾਡੇ ਤੇ ਬੜਾ ਕਹਿਰ ਹੋਇਆ। ਅਸੀਂ ਬਚਦੇ ਹੋਏ ਸਾਥੋਂ 7 ਕੋਹ ਦੂਰ ਅੰਬਾਲਾ ਕੈਂਪ ਵਿਚ ਪਹੁੰਚ ਗਏ। ਉਸ ਵੇਲੇ ਸਾਡੀਆਂ ਬੱਚੀਆਂ ਖੋਹ ਲਈਆਂ, ਕਤਲੋ ਗਾਰਤ ਮੱਚੀ ਹੋਈ ਸੀ। ਅਸੀਂ ਰੇਲ ਗੱਡੀ ਰਾਹੀਂ ਸਹੀ ਸਲਾਮਤ ਲਾਹੌਰ ਪੁੱਜ ਗਏ, ਇੱਥੇ ਗੁੱਜਰਾਂਵਾਲਾ ਨਜ਼ਦੀਕ ਹੀ ਸਾਨੂੰ ਜ਼ਮੀਨ ਅਲਾਟ ਹੋਈ। ਪਾਕਿਸਤਾਨ ਵਿਚ ਇਕ ਸਿੱਖ ਨਾਲ ਬਹੁਤ ਮਾੜਾ ਹੁੰਦਾ ਅਸੀਂ ਦੇਖਿਆ, ਇੱਥੇ ਮੇਦੇਜਾਨ ਪਿੰਡ ਵਿਚ ਮੰਗਲ ਸਿੰਘ ਦੇ ਇਸ਼ਰ ਸਿੰਘ ਦੋ ਭਰਾ ਸਨ, ਬਹੁਤ ਅਮੀਰ ਸਨ। ਇਲਾਕੇ ਵਿਚ ਭਾਰੀ ਸਨ। ਜਦੋਂ ‘ਅਜ਼ਾਦੀ ਫੈਲੀ’ ਤਾਂ ਉਨ੍ਹਾਂ ਨੂੰ ਲੁੱਟਣ ਲਈ 500-700 ਮੁਸਲਮਾਨ ਧਾੜਵੀ ਬਣ ਕੇ ਪਹੁੰਚ ਗਏ, ਉਹ ਲੜੇ ਪਰ ਆਖ਼ਿਰ ਉਹ ਹਾਰ ਮੰਨ ਗਏ ਤਾਂ ਉਹ ਦੋਵੇਂ ਭਰਾਵਾਂ ਨੇ ਖ਼ੁਦਕੁਸ਼ੀ ਕੀਤੀ ਤੇ ਬੱਚਿਆਂ ਨੂੰ ਹੱਥੀਂ ਮਾਰ ਦਿੱਤਾ। ਪਰ ਉਨ੍ਹਾਂ ਦੀ ਇਕ ਨੂੰਹ ਨੂੰ ਇੱਥੇ ਦੇ ਇਕ ਆਮ ਮੁਸਲਮਾਨ ਨੇ ਰੱਖ ਲਿਆ। ਇਸ ਕਰਕੇ ਇਹ ਹਾਲ ਦੋਵੇਂ ਪਾਸੇ ਸੀ, ਇੱਧਰ ਵੀ ਤੇ ਉਧਰ ਵੀ ਹੋਇਆ। ਜਦੋਂ ਅਸੀਂ ਇੱਥੇ ਪਾਕਿਸਤਾਨ ਵਿਚ ਆਏ ਤਾਂ ਇੱਥੇ ਦੇ ਵਸਨੀਕ ਸਾਨੂੰ ਗ਼ਰੀਬ ਕੰਮੀ ਕਮੀਣ ਸਮਝ ਰਹੇ ਸਨ। ਸਾਡਾ ਪਹਿਰਾਵਾ ਬੜਾ ਸਾਦਾ ਸੀ, ਸਾਡੀਆਂ ਔਰਤਾਂ ਆਪਣਾ ਬਦਨ ਢੱਕ ਕੇ ਰੱਖਦੀਆਂ ਸਨ। ਪਰ ਇੱਥੇ ਇੰਜ ਨਹੀਂ ਸੀ। (ਪੂਰੀ ਇੰਟਰਵਿਊ ਬਲਾਗ ਵਿਚ ਪਏ ਲਿੰਕ ਦੇ ਦੇਖ ਸਕਦੇ ਹੋ)
ਇੰਟਰਵਿਊ ਨੰਬਰ -2
ਦੂਜੀ ਇੰਟਰਵਿਊ ਦਾ ਲਿੰਕ ਮੈਂ ਪਾ ਰਿਹਾ ਹਾਂ, ਇਹ ਗੁੱਜਰਾਂਵਾਲਾ ਦੇ ਕਾਲਜ ਮੀਆਂ ਰਹਿਮਤ ਅਲੀ ਕਾਲਜ ‌ਫਾਰ ਵੂਮੈਨਜ਼ ਵਿਚ ਪ੍ਰਿੰਸੀਪਲ ਹੈ ਡਾ. ਲੁਬਨਾ ਅਖ਼ਲਾਕ ਖ਼ਾਨ।, ਇਹ ਪਾਕਿਸਤਾਨੀ ਪੰਜਾਬ ਦੀ ਪਹਿਲੀ ਅੰਗਰੇਜ਼ੀ ਦੀ ਪੀਐੱਚਡੀ ਦੀ ਡਾਕਟਰੇਟ ਬਣੀ। ਜਿਸ ਦੇ ਮਾਪੇ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ‘‘ਝਿੱਲ’ ਦੇ ਰਹਿਣ ਵਾਲੇ ਸਨ। ਜਿਸ ਦੇ ਨਾਨਕੇ ਅੰਬਾਲੇ ਜ਼ਿਲ੍ਹੇ ਦੇ ਪਿੰਡ ‘ਸਿਰਦਈ’ ਵਿਚ ਹਨ। ਪਾਕਿਸਤਾਨ ਵਿਚ ਇਹ ਗੁੱਜਰਾਂਵਾਲਾ ਵਿਚ ਪਿੰਡ ਗੁਨਾਓ ਵਿਚ ਇਨ੍ਹਾਂ ਦੇ ਵਾਲਦਾਂ ਨੂੰ ਜ਼ਮੀਨ ਅਲਾਟ ਹੋਈ। Link is ... https://www.youtube.com/watch?v=5nJ2RchIvCQ
ਪੱਤਰਕਾਰ ਰਾਣਾ ਔਰੰਗਜ਼ੇਬ ਭਾਰਤੀ ਪੁਆਧੀ ਭਾਵ ਹਰਿਆਣਵੀ ਬੋਲੀ ਭਾਵ ਬਾਂਗਰੂ ਬੋਲੀ ਨੂੰ ਸੰਭਾਲਣ ਲਈ ਪਾਕਿਸਤਾਨ ਵਿਚ ਕਾਫ਼ੀ ਮਿਹਨਤ ਕਰ ਰਹੇ ਹਨ। ਅਜਿਹੇ ਪੱਤਰਕਾਰ ਨੂੰ ਮੇਰਾ ਸਜਦਾ। ਸ਼ਾਲਾ ਆਪਣੇ ਮਕਸਦ ਵਿਚ ਕਾਮਯਾਬ ਹੋਵੇ.. ਆਮੀਨ! ਗੁਰਨਾਮ ਸਿੰਘ ਅਕੀਦਾ 8146001100

No comments:

Post a Comment