Wednesday, October 26, 2022

ਅੱਤਵਾਦੀਆਂ ਦੀਆਂ ਧਮਕੀਆਂ ਦੇ ਬਾਵਜੂਦ ਨਿਰੰਤਰ ਪੱਤਰਕਾਰੀ ਕਰਨ ਵਾਲੀ ਪੱਤਰਕਾਰ ‘ਮਹਿੰਦਰ ਕੌਰ ਮੰਨੂ’

43 ਸਾਲ ਪਹਿਲਾਂ ਮਹਿਲਾ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਕੰਮ ਸੀ ਪਰ ‘ਮਹਿੰਦਰ ਕੌਰ ਮੰਨੂ’ ਕਾਮਯਾਬ ਹੋਈ
ਜੇਕਰ ਅਜੋਕੇ ਸਮੇਂ ਵਿਚ ਪੂਨੇ ਵਰਗੀ ਅਦਾਲਤ ਦੇ ਰਜਿਸਟਰਾਰ ਵੱਲੋਂ ਔਰਤ ਵਕੀਲਾਂ ਲਈ ਨੋਟਿਸ ਜਾਰੀ ਹੋ ਸਕਦਾ ਹੈ ਕਿ ਔਰਤ ਵਕੀਲਾਂ ਖੁੱਲ੍ਹੀ ਅਦਾਲਤ ਵਿਚ ਆਪਣੇ ਵਾਲ ਨਾ ਸੰਵਾਰਨ ਕਨੂੰਨੀ ਪ੍ਰਕ੍ਰਿਆ ਡਿਸਟਰਬ ਹੁੰਦੀ ਹੈ ਤਾਂ ਅੱਜ ਤੋਂ 40 ਸਾਲ ਪਹਿਲਾਂ ਪੱਤਰਕਾਰੀ ਕਰਦੀ ਕੁੜੀ ਬਾਰੇ ਮਰਦ ਪ੍ਰਧਾਨ ਸਮਾਜ ਕਿਵੇਂ ਸੋਚਦਾ ਹੋਵੇਗਾ। ਅੱਜ ਵੀ ਭਾਰਤੀ ਸਮਾਜ ਵਿਚ ਔਰਤ ਨੂੰ ਇਕ ਵਸਤੂ ਸਮਝਿਆ ਜਾਂਦਾ ਹੈ। ਮੈਂ ਖ਼ੁਦ ਪੱਤਰਕਾਰੀ ਕਰਦਿਆਂ ਪੱਤਰਕਾਰੀ ਕਰਦੀਆਂ ਕੁੜੀਆਂ ਬਾਰੇ ਪੱਤਰਕਾਰਾਂ ਦੀ ਸੋਚ ਨੂੰ ਦੇਖਿਆ ਤੇ ਪਰਖਿਆ ਹੈ। ਇਕ ਵਾਰੀ ਪਟਿਆਲਾ ਵਿਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਉਣਾ ਸੀ, ਪੱਤਰਕਾਰਾਂ ਦਾ ਸਵੇਰ ਦਾ ਖਾਣਾ ਪੋਲੋ ਗਰਾਊਂਡ ਦੇ ਨਾਲ ਹੀ ਇਕ ਖ਼ਾਸ ਥਾਂ ਤੇ ਪਰੋਸਿਆ ਹੋਇਆ ਸੀ। ਇਕ ਡੀਡੀ ‌ਨਿਊਜ਼ ਟੀਵੀ ਦੀ ਪੱਤਰਕਾਰ ਨੇ ਵਿਸ਼ੇਸ਼ ਕਰਕੇ ਡਾ. ਮਨਮੋਹਨ ਸਿੰਘ ਦੇ ਇਸ ਸਮਾਗਮ ਦੀ ਦਿਲੀ ਤੋਂ ਕਵਰੇਜ ਕਰਨ ਲਈ ਆਉਣਾ ਸੀ। ਉਹ ਕੁੜੀ ਉਂਜ ਭਾਰਤ ਦੇ ਰਾਸ਼ਟਰਪਤੀ ਨਾਲ ਵੀ ਵਿਦੇਸ਼ਾਂ ਵਿਚ ਡੀਡੀ ਦੀ ਕਵਰੇਜ ਕਰਨ ਲਈ ਜਾਂਦੀ ਹੁੰਦੀ ਸੀ। ਉਸ ਕੁੜੀ ਨਾਲ ਮੇਰਾ ਬਹੁਤ ਚੰਗਾ ਵਾਹ ਵਾਸਤਾ ਰਿਹਾ। ਉਹ ਕੁੜੀ ਜਦੋਂ ਵੀ ਪੰਜਾਬ ਆਉਂਦੀ ਸੀ ਤਾਂ ਉਸ ਨੇ ਮੇਰੇ ਨਾਲ ਸੰਪਰਕ ਜ਼ਰੂਰ ਕਰਨਾ। ਉਸ ਨੇ ਇਕ ਵਾਰੀ ਪੰਜਾਬ ਦੀਆਂ ਖ਼ਾਸ ਰਿਪੋਰਟਾਂ ਕਰਨ ਲਈ ਆਉਣਾ ਸੀ ਤਾਂ ਉਸ ਨੇ ਮੇਰੀ ਮਦਦ ਲਈ ਸੀ, ਉਸ ਵੇਲੇ ਡੀਡੀ ਲਈ ਪਟਿਆਲਾ ਤੋਂ ਕੰਮ ਕਰਦਾ ਪੱਤਰਕਾਰ ਅਮਰਦੀਪ ਸਿੰਘ ਵੀ ਸਾਡੇ ਨਾਲ ਸੀ ਕਿ ਮੈਂ ਉਸ ਕੁੜੀ ਨੂੰ ਬਹੁਤ ਸਾਰੀਆਂ ਰਿਪੋਰਟਾਂ ਕਰਵਾਈਆਂ। ਘਟਨਾ ਲੰਬੀ ਹੋ ਜਾਵੇਗੀ ਇਸ ਕਰਕੇ ਗੱਲ ਮੁੱਦੇ ਦੀ ਕਰਦੇ ਹਾਂ। ਉਹ ਕੁੜੀ ਮੇਰੇ ਨਾਲ ਹੀ ਟੇਬਲ ਤੇ ਬੈਠੀ ‘ਬਰੇਕ ਫਾਸਟ’ ਕਰ ਰਹੀ ਸੀ। ਪਟਿਆਲਾ ਦੇ ਮੇਰੇ ਸਾਥੀ ਪੱਤਰਕਾਰ (ਜਿਨ੍ਹਾਂ ਵਿਚ ਵੱਡੀਆਂ ਅਖ਼ਬਾਰਾਂ ਦੇ ਵੀ ਸਨ) ਮੈਨੂੰ ਮੋਬਾਇਲ ਤੇ ਕਾਲ ਕਰਕੇ ਤੰਗ ਕਰ ਰਹੇ ਸਨ। ਉਹ ਮੈਨੂੰ ਉਸ ਕੁੜੀ ਨਾਲ ਬੈਠਿਆਂ ਦੇਖ ਕੇ ਪਤਾ ਨਹੀਂ ਹੈਰਾਨ ਸਨ ਜਾਂ ਸੜ ਰਹੇ ਸਨ ਪਤਾ ਨਹੀਂ ਪਰ ਉਨ੍ਹਾਂ ਵੱਲੋਂ ਜਦੋਂ ਵਾਰ ਵਾਰ ਤੰਗ ਕੀਤਾ ਜਾ ਰਿਹਾ ਸੀ ਤਾਂ ਡੀਡੀ ਦੀ ਉਹ ਵੱਡੀ ਪੱਤਰਕਾਰ ਕੁੜੀ ਸਮਝ ਗਈ। ਉਹ ਮੈਨੂੰ ਪੁੱਛਣ ਲੱਗੀ ‘ਸਰ ਉਹ ਸਾਹਮਣੇ ਲਾਇਨ ਵਿਚ ਪੱਤਰਕਾਰ ਬੈਠੇ ਹਨ, ਉਹ ਤੁਹਾਡੇ ਵੱਲ ਦੇਖ ਕੇ ਹੱਸ ਰਹੇ ਹਨ, ਕੀ ਤੁਹਾਨੂੰ ਉਹ ਹੀ ਫ਼ੋਨ ਕਰ ਰਹੇ ਹਨ’ ਮੈਂ ਗੱਲ ਟਾਲਣ ਦੀ ਕੋਸ਼ਿਸ਼ ਕੀਤੀ। ਪਰ ਉਹ ਸਮਝ ਗਈ ਸੀ। ਤਾਂ ਉਹ ਮੈਨੂੰ ਕਹਿਣ ਲੱਗੀ ‘ਸਰ ਉੱਠੋ’ ਮੈਂ ਉੱਠ ਖੜਿਆ ਤੇ ਉਸ ਕੁੜੀ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਬਿਲਕੁਲ ਮੇਰੇ ਸਰੀਰ ਨਾਲ ਸਰੀਰ ਲਗਾ ਕੇ ਤੁਰੀ ਤੇ ਉਨ੍ਹਾਂ ਪੱਤਰਕਾਰਾਂ ਕੋਲ ਪਹੁੰਚ ਗਈ। ਉਸ ਨੇ ਕੁਝ ਰਸਮੀ ਗੱਲਾਂ ਕਰਨ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ‘ਇਹ ਤੁਹਾਡੀ ਲਿਆਕਤ ਹੈ ਕਿ ਤੁਸੀਂ ਕੀ ਸਮਝਦੇ ਹੋ, ਪਰ ਅਕੀਦਾ ਸਰ ਦੀ ਮੈਂ ‘ਗਰਲ ਫਰੈਂਡ’ ਹਾਂ, ਇਨ੍ਹਾਂ ਨਾਲ ਮੈਂ ਰਾਤ ਨੂੰ ਸੌਂਦੀ ਵੀ ਹਾਂ ਕਿਸੇ ਨੂੰ ਇਤਰਾਜ਼ ਹੋਵੇ ਤਾਂ ਦੱਸਣਾ ਪਰ ਇੰਜ ਬੇਲੋੜੇ ਫ਼ੋਨ ਕਰਕੇ ਤੰਗ ਨਾ ਕਰਨਾ...’ ਮੈਂ ਉਸ ਵੇਲੇ ਘਬਰਾ ਗਿਆ ਸੀ। ਪਰ ਉਨ੍ਹਾਂ ਪੱਤਰਕਾਰਾਂ ਦੀ ਵੀ ਬੋਲਤੀ ਬੰਦ ਹੋ ਗਈ ਸੀ। ਜਦ ਕਿ ਰੱਬ ਜਾਣਦਾ ਮੇਰਾ ਉਸ ਕੁੜੀ ਨਾਲ ਕੋਈ ਅਜਿਹਾ ਰਿਸ਼ਤਾ ਨਹੀਂ ਸੀ। ਪਰ ਪੱਤਰਕਾਰਾਂ ਦੀਆਂ ਹਰਕਤਾਂ ਨੂੰ ਭਾਂਪਦੀ ਹੋਈ ਉਹ ਕੁੜੀ ਬੇਬਾਕੀ ਵਿਚ ਉਹ ਕੁਝ ਬੋਲ ਆਈ ਜੋ ਸ਼ਾਇਦ ਇਕ ਕੁੜੀ ਕਦੇ ਨਾ ਬੋਲੇ। ਮੇਰੇ ਨਾਲ ਅਜਿਹੀਆਂ ਕਹਾਣੀਆਂ ਬਹੁਤ ਵਾਪਰੀਆਂ, ਕਿਉਂਕਿ ਮੈਂ ਪਟਿਆਲਾ ਵਿਚ ਜਦੋਂ ਵੀ ਕੋਈ ਕੁੜੀ ਪੱਤਰਕਾਰੀ ਕਰਨ ਲਈ ਆਉਂਦੀ ਸੀ ਤਾਂ ਮੈਂ ਨਿਰਸਵਾਰਥ ਉਸ ਦੀ ਮਦਦ ਕਰਦਾ ਸੀ। ਇਕ ਕੁੜੀ ਸੀ ਪ‌ਟਿਆਲਾ ਤੋਂ ਹੀ ‘ਦਾ ਟ੍ਰਿਬਿਊਨ’ ਵਿਚ ਜੋ ਅੱਜ ਕੱਲ੍ਹ ਵਿਦੇਸ਼ ਵਿਚ ਹੈ ਸਿਰਫ਼ ਉਸ ਤੋਂ ਬਿਨਾਂ ਮੈਂ ਪਟਿਆਲਾ ਵਿਚ ਪੱਤਰਕਾਰੀ ਕਰਨ ਆਈਆਂ ਸਭ ਕੁੜੀਆਂ ਦੀ ਮਦਦ ਕੀਤੀ ਹੈ। ਜਦੋਂ ਪੱਤਰਕਾਰਾਂ ਦੀ ਇਹੋ ਜਿਹੀ ਮਾਨਸਿਕਤਾ ਹੋਵੇ ਤਾਂ ਕੁੜੀਆਂ ਲਈ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਕੰਮ ਹੁੰਦਾ ਹੈ। ਪਰ ਫੇਰ ਵੀ ਅੱਜ ਮੈਂ ਤੁਹਾਨੂੰ ਮਾਲਵੇ ਦੇ ਸ਼ਹਿਰ ਸੰਗਰੂਰ ਤੋਂ ਪੰਜਾਬੀ ਟ੍ਰਿ‌‌ਬਿਊਨ ਵਿਚ 43 ਸਾਲਾਂ ਤੋਂ ਕੰਮ ਕਰਦੀ ਅਜਿਹੀ ਔਰਤ ਨਾਲ ਪਹਿਚਾਣ ਕਰਾਉਣ ਜਾ ਰਿਹਾ ਹਾਂ, ਜਿਸ ਨੂੰ ਪੱਤਰਕਾਰੀ ਕਰਦਿਆਂ ਅੱਤਵਾਦੀਆਂ (ਖਾੜਕੂਆਂ) ਦੀਆਂ ਲਿਖਤੀ ਧਮਕੀਆਂ ਆਉਂਦੀਆਂ ਸਨ। ਪਰ ਉਸ ਨੇ ਨਿਧੜਕ ਪੱਤਰਕਾਰੀ ਕੀਤੀ ਤੇ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਮੇਰੀ ਅੱਜ ਦੀ ਹੀਰੋ ਪੱਤਰਕਾਰਾ ਹੈ ਸੰਗਰੂਰ ਤੋਂ ‘ਮਹਿੰਦਰ ਕੌਰ ਮੰਨੂ’। -ਖ਼ਾਨਦਾਨ ਅਤੇ ਮਹਿੰਦਰ ਕੌਰ ਮੰਨੂ ਦਾ ਮੁੱਢਲਾ ਜੀਵਨ ਤੇ ਪੜਾਈ-
ਮਹਿੰਦਰ ਕੌਰ ਮੰਨੂ ਦੇ ਪਿਤਾ 1947 ਵੇਲੇ ਪਾਕਿਸਤਾਨ ਦੀ ਵੰਡ ਵੇਲੇ ਰਾਵਲਪਿੰਡੀ ਤੋਂ ਆਏ ਸਨ ਤੇ ਉਹ ਹਰਿਆਣਾ ਦੇ ਯਾਮੁਨਾਨਗਰ ਨਜ਼ਦੀਕ ਖ਼ਾਨਪੁਰ ਛਛਰੌਲੀ ਵਿਚ ਹੀ ਵੱਸ ਗਏ ਸਨ। ਪਿਤਾ ਲਾਲ ਸਿੰਘ ਦੇ ਘਰ ਅਤੇ ਮਾਤਾ ਸਤਨਾਮ ਕੌਰ ਦੀ ਕੁੱਖੋਂ ਮਹਿੰਦਰ ਕੌਰ ਮੰਨੂ ਨੇ 12 ਦਸੰਬਰ 1950 ਨੂੰ ਜਨਮ ਲਿਆ। ਪਾਕਿਸਤਾਨ ਵਿਚ ਬਾਪ-ਦਾਦੇ ਵੱਡੇ ਵਪਾਰੀ ਸਨ। ਕੱਪੜੇ ਦੀਆਂ ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ ਆਦਿ ਵਪਾਰ ਕਰਦੇ ਸਨ। ਪਰ ਭਾਰਤ ਵਿਚ ਆਕੇ ਨਿੰਮੋਝੂਣੇ ਹੋ ਗਏ। ਜਦੋਂ ਪਾਕਿਸਤਾਨ ਵੰਡ ਹੋਈ ਤਾਂ ਇੱਧਰ ਮੰਨੂ ਦੇ ਮਾਪੇ ਆਉਣ ਲੱਗੇ ਤਾਂ ਉਸ ਵੇਲੇ ਉਨ੍ਹਾਂ ਦੀ ਵੱਡੀ ਧੀ ਸੀ ਹਰਨਾਮ ਕੌਰ ਸਿਰਫ਼ 40 ਦਿਨਾਂ ਦੀ। ਬੜਾ ਕਹਿਰ ਚੱਲ ਰਿਹਾ ਸੀ, ਨਿਆਣੀ ਬੱਚੀ ਨੂੰ ਲੈ ਕੇ ਆਉਣਾ ਬੜਾ ਮੁਸ਼ਕਿਲ ਸੀ, ਨਾਲ ਦੇ ਕਹਿਣ ਲੱਗੇ ਕਿ ਇਸ ਕੁੜੀ ਨੂੰ ਪਾਕਿਸਤਾਨ ਵਿਚ ਹੀ ਛੱਡ ਦਿਓ ਜਾਂ ਮਾਰ ਦਿਓ, ਪਰ ਮੰਨੂ ਦੇ ਮਾਪਿਆਂ ਨੇ ਹਰਨਾਮ ਕੌਰ ਨੂੰ ਬੜੀਆਂ ਮੁਸ਼ਕਲਾਂ ਦੇ ਨਾਲ ਨਾਲ ਭਾਰਤ ਲਿਆਂਦਾ। ਮਹਿੰਦਰ ਕੌਰ ਮੰਨੂ ਨੇ ਮੁਢਲੀ ਪੜਾਈ ਯਾਮੁਨਾਨਗਰ ਤੋਂ ਹੀ ਕੀਤੀ। ਦਸਵੀਂ ਦੀ ਪੜਾਈ ਖ਼ਾਲਸਾ ਗਰਲਜ਼ ਕਾਲਜ ਯਾਮੁਨਾਨਗਰ ਤੋਂ ਤੇ ਬੀਏ ਡੀਏਵੀ ਕਾਲਜ ਯਾਮੁਨਾਨਗਰ ਤੋਂ ਹੀ ਕੀਤੀ ਗਈ। ਉਸ ਤੋਂ ਬਾਦ ਪਟਿਆਲਾ ਵਿਚ ਮਹਿੰਦਰਾ ਕਾਲਜ ਵਿਚ ਦਾਖਲਾ ਲੈ ਲਿਆ ਇੱਥੇ ਹੀ ਰਾਜਨੀਤਿਕ ਸ਼ਾਸਤਰ ਵਿਚ ਐਮਏ ਕਰ ਲਈ। ਪਰ ਜਰਨਲਿਜ਼ਮ ਨਹੀਂ ਕੀਤੀ। -ਵਿਆਹ ਤੇ ਪੱਤਰਕਾਰੀ ਦੀ ਸ਼ੁਰੂਆਤ- ਮਹਿੰਦਰਾ ਕਾਲਜ ਵਿਚ ਪੜ੍ਹਦਿਆਂ ਹੀ ਕਹਾਣੀਕਾਰ ਪ੍ਰੋ. ਚਰਨਜੀਤ ਸਿੰਘ ਚੰਨੀ (ਜਨਮ ਸਤੰਬਰ 1949) ਨਾਲ 1971 ਵਿਚ ‘ਪਿਆਰ ਵਿਆਹ’ (ਇੰਟਰ-ਕਾਸਟ) ਹੋ ਗਿਆ। ਪ੍ਰੋ. ਚੰਨੀ ਹੋਰਾਂ ਦੇ ਕਹਾਣੀ ਸੰਗ੍ਰਹਿ ਛਪੇ ਜਿਨ੍ਹਾਂ ਵਿਚ ‘ਖ਼ਰਗੋਸ਼ ਨਹੀਂ ਰਹੇ’ ਤੇ ‘ਆਪਣਾ ਆਪਣਾ ਫ਼ਿਕਰ’ ਜ਼ਿਕਰਯੋਗ ਹਨ। ਪ੍ਰੋ. ਚਰਨਜੀਤ ਸਿੰਘ ਦੇ ਘਰ ਦਾ ਮਾਹੌਲ ਰਾਜਨੀਤਿਕ ਸੀ। ਬਾਪੂ ਕਰਤਾਰ ਸਿੰਘ ‘ਦਰਵੇਸ਼’ ਅਜ਼ਾਦੀ ਘੁਲਾਟੀਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਲੀਡਰ ਤੇ ਕਈ ਸਾਰੇ ਅਕਾਲੀ ਮੋਰਚਿਆਂ ਵਿਚ ਜਾਂਦੇ ਰਹੇ ਤੇ ਕਈ ਵਾਰੀ ਜੇਲ੍ਹਾਂ ਕੱਟੀਆਂ। ਬਾਪੂ ਕਰਤਾਰ ਸਿੰਘ ਦੀ ਫ਼ੋਟੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸ਼੍ਰੋਮਣੀ ਅਜਾਇਬ ਘਰ ਵਿਚ ਲੱਗੀ ਹੈ। ਉਹ ਲਿਖਦੇ ਵੀ ਸਨ ਤੇ ਲੇਖ ਵੀ ਅਖ਼ਬਾਰਾਂ ਵਿਚ ਛਪ ਦੇ ਸਨ। ਪ੍ਰੋ. ਚੰਨੀ ਦੇ ਛੋਟੇ ਭਰਾ ਜਸਬੀਰ ਸਿੰਘ ਨੇ ਕਾਂਗਰਸ ਵਿਚ ਆਪਣੀ ਸਿਆਸਤ ਸ਼ੁਰੂ ਕੀਤੀ। ਬਾਪੂ ਦਰਵੇਸ਼ ਕਹਿੰਦੇ ਸਨ ਕਿ ਜਿਸ ਪਾਰਟੀ ਵਿਚ ਵੀ ਰਹੋ ਉਸ ਦੇ ਵਫ਼ਾਦਾਰ ਬਣ ਕੇ ਰਹੋ। ਜਸਬੀਰ ਸਿੰਘ ਸੰਗਰੂਰ ਤੋਂ ਕਾਂਗਰਸ ਸਰਕਾਰ ਵਿਚ ਵਿਧਾਇਕ ਰਹੇ ਤੇ ਬੇਅੰਤ ਸਰਕਾਰ ਵਿਚ ਮੰਤਰੀ ਵੀ ਰਹੇ। ਇਸ ਪਰਿਵਾਰ ਦੇ ਤਿੰਨ ਰੰਗ ਸਨ ਕਿ ਇਕ ਸ਼੍ਰੋਮਣੀ ਅਕਾਲੀ ਦਲ ਵਿਚ ਕੱਟੜ, ਛੋਟਾ ਪੁੱਤਰ ਕਾਂਗਰਸ ਵਿਚ ਮੰਤਰੀ ਰਿਹਾ ਤੇ ਤੀਜਾ ਪੁੱਤਰ ਸੀ ਮੰਨੂ ਦਾ ਪਤੀ ਪ੍ਰੋ. ਚਰਨਜੀਤ‌ ਸਿੰਘ ਚੰਨੀ, ਉਹ ਕਾਮਰੇਡ ਸੀ। ਭਾਵ ਕਿ ਇਕ ਘਰ ਵਿਚ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਦੀ ਚਰਚਾ ਹੁੰਦੀ ਸੀ। ਇਹ ਬਹਿਸਾਂ ਲਗਾਤਾਰ ਮਹਿੰਦਰ ਕੌਰ ਮੰਨੂ ਵੀ ਸੁਣਿਆ ਕਰਦੀ ਸੀ। ਸਲੇਖਕ ਹੋਣ ਕਰਕੇ ਪ੍ਰੋ. ਚਰਨਜੀਤ ਸਿੰਘ ਚੰਨੀ ਹੋਰਾਂ ਦੀ ਜਾਣ ਪਹਿਚਾਣ ਪੰਜਾਬੀ ਟ੍ਰਿਬਿਊਨ ਦੇ ਤਤਕਾਲੀ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੋਰਾਂ ਨਾਲ ਹੋ ਗਈ ਸੀ, ਇਕ ਦਿਨ ਬਰਜਿੰਦਰ ਸਿੰਘ ਹਮਦਰਦ ਪ੍ਰੋ. ਚੰਨੀ ਨੂੰ ਪੁੱਛਣ ਲੱਗੇ ਕਿ ਮਹਿੰਦਰ ਕੌਰ ਮੰਨੂ ਕੀ ਕਰਦੇ ਹਨ, ਹਮਦਰਦ ਹੋਰੀਂ ਮੰਨੂ ਦੀ ਪੜਾਈ ਬਾਰੇ ਜਾਣ ਗਏ ਸਨ। ਤਾਂ ਪ੍ਰੋ. ਚੰਨੀ ਨੇ ਕਿਹਾ ਕਿ ਉਹ ਤਾਂ ਵਿਹਲੇ ਹਨ। ਤਾਂ ਹਮਦਰਦ ਹੋਰੀਂ ਕਹਿਣ ਲੱਗੇ ਕਿ ਏਨੀ ਪੜਾਈ ਕਰਕੇ ਵਿਹਲਾ ਰਹਿਣਾ ਠੀਕ ਨਹੀਂ ਹੈ. ਹਮਦਰਦ ਹੋਰਾਂ ਨੇ ਨਾਲ ਦੀ ਨਾਲ ਆਪਣੇ ਪੀਏ ਨੂੰ ਕਿਹਾ ਕਿ ਨਿਯੁਕਤੀ ਪੱਤਰ ਦੇ ਕੇ ਮਹਿੰਦਰ ਕੌਰ ਮੰਨੂ ਨੂੰ ਸੰਗਰੂਰ ਤੋਂ ਪੱਤਰਕਾਰ ਬਣਾ ਦਿੱਤਾ। ਪੰਜਾਬੀ ਟ੍ਰਿਬਿਊਨ ਅਖ਼ਬਾਰ ਸ਼ੁਰੂ ਹੋਇਆ ਇਕ ਸਾਲ ਵੀ ਨਹੀਂ ਹੋਇਆ ਸੀ ਕਿ ਸਤੰਬਰ 1979 ਵਿਚ ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰੀ ਸ਼ੁਰੂ ਕਰ ਲਈ। -ਪੱਤਰਕਾਰੀ ਕਰਦਿਆਂ ਨੌਕਰੀ ਵੀ ਕੀਤੀ-
ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਸੰਪਾਦਕ ਦਾ ਕੰਮ ਕਰਦੇ ਹੋਏ ਬਹੁਤ ਹੀ ਸੁਚੇਤ ਹੁੰਦੇ ਸਨ। ਹਰ ਇਕ ਪੱਤਰਕਾਰ ਦੀ ਖ਼ਬਰ ਵਿਸ਼ੇਸ਼ ਕਰਕੇ ਪੜ੍ਹਦੇ ਸਨ ਤੇ ਜੇਕਰ ਖ਼ਬਰ ਵਿਚ ਗ਼ਲਤੀ ਹੁੰਦੀ ਸੀ ਤਾਂ ਪੱਤਰਕਾਰ ਨੂੰ ਗ਼ਲਤ ਸਾਬਤ ਕਰਨ ਲਈ ਜਾਂ ਜ਼ਲੀਲ ਕਰਨ ਲਈ ਨਹੀਂ ਸਗੋਂ ਉਹ ਪੱਤਰਕਾਰ ਨੂੰ ਸਿਰਫ਼ ਗ਼ਲਤੀ ਸੁਧਾਰਨ ਲਈ ਹੀ ਪੁੱਛਦੇ ਸਨ। ਹਮਦਰਦ ਹੋਰੀਂ ਬੜੇ ਪਿਆਰ ਨਾਲ ਕਹਿੰਦੇ ‘ਪੱਤਰਕਾਰ ਸਾਡੇ ਕੋਲ ਕੱਚੀ ਖ਼ਬਰ ਬਣਾ ਕੇ ਭੇਜਦਾ ਹੈ ਪਰ ਡੈਸਕ ਦਾ ਕੰਮ ਹੁੰਦਾ ਹੈ ਕਿ ਉਸ ਨੂੰ ਸ਼ਿੰਗਾਰ ਕੇ ਪਾਠਕਾਂ ਤੱਕ ਪੇਸ਼ ਕਰੇ ਨਾ ਕਿ ਇਕ ਦੂਜੇ ਦੀਆਂ ਗ਼ਲਤੀਆਂ ਕੱਢ ਕੇ ਸਮਾਂ ਖ਼ਰਾਬ ਕਰੇ ਤੇ ਡੈਸਕ ਉਂਜ ਹੀ ਆਪਣੀ ਹਉਮੈ ਦਾ ਇਜ਼ਹਾਰ ਪੱਤਰਕਾਰ ਤੇ ਕਰੀ ਜਾਵੇ’। ਖ਼ਬਰਾਂ ਆਮ ਤੌਰ ਤੇ ਬੱਸਾਂ ਰਾਹੀਂ ਹੀ ਕੰਡਕਟਰਾਂ ਤੇ ਡਰਾਈਵਰਾਂ ਰਾਹੀਂ ਹੀ ਭੇਜੀਆਂ ਜਾਂਦੀਆਂ ਸਨ। ਫੈਕਸ ਦਾ ਸਮਾਂ ਬੜਾ ਦੇਰ ਨਾਲ ਸ਼ੁਰੂ ਹੋਇਆ। ਉਹ ਵੀ ਬੜੀ ਮਹਿੰਗੀ ਸੀ। ਸਹੁਰਾ ਪਰਿਵਾਰ ਵਿਚ ਤੰਗੀਆਂ ਤੁਰਸ਼ੀਆਂ ਤਾਂ ਹੁੰਦੀਆਂ ਸਨ ਪਰ ਪ੍ਰੋ. ਚੰਨੀ ਹੋਰਾਂ ਨੇ ਕੋਈ ਮੁਸ਼ਕਲ ਆਉਣ ਨਹੀਂ ਦਿੱਤੀ। ਪੱਤਰਕਾਰੀ ਕਰਦਿਆਂ ਵੁਮੈਨ ਕਾਲਜ ਸੰਗਰੂਰ ਵਿਚ ਬਤੌਰ ਪ੍ਰੋਫੈਸਰ ਬਚਿਆਂ ਨੂੰ ਪੜਾਇਆ। ਗੁਰੂ ਤੇਗ਼ ਬਹਾਦਰ ਕਾਲਜ ਭਵਾਨੀਗੜ੍ਹ ਵਿਚ ਵੀ ਪੜਾਇਆ। ਖ਼ਾਲਸਾ ਸਕੂਲ ਵਿਚ ਵੀ ਨੌਕਰੀ ਕੀਤੀ। -ਸਿਆਸੀ ਲੀਡਰਾਂ ਦਾ ਹੰਕਾਰ ਦੇ ਸੰਪਾਦਕ ਵੱਲੋਂ ਮੰਨੂ ਦੀ ਪਿੱਠ ਥਾਪੜਨਾ-
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗੋਬਿੰਦ ਸਿੰਘ ਕਾਂਝਲਾ ਨੂੰ ਉੱਖੜੇ ਕੁਹਾੜੇ ਵਾਂਗ ਬੋਲਣ ਦੀ ਆਦਤ ਹੁੰਦੀ ਸੀ, ਜਾਂ ਤਾਂ ਉਸ ਦੇ ਸੁਭਾਅ ਵਿਚ ਸੀ ਜਾਂ ਲੀਡਰੀ ਦਾ ਹੰਕਾਰ ਸੀ। ਇਕ ਦਿਨ ਸਟੇਜ ਤੋਂ ਉਸ ਨੇ ਮਹਿਲਾ ਪੱਤਰਕਾਰ ਬਾਰੇ ਗ਼ਲਤ ਟਿੱਪਣੀ ਕਰ ਦਿੱਤੀ ਤਾਂ ਉਸੇ ਵੇਲੇ ਪੱਤਰਕਾਰ ਮੇਜਰ ਸਿੰਘ ਮਟਰਾਂ, ਤੇ ਰਣਜੀਤ ਸਿੰਘ ਗਰੇਵਾਲ ਆਦਿ ਪੱਤਰਕਾਰਾਂ ਨੇ ਅਵਾਜ਼ ਬੁਲੰਦ ਕੀਤੀ। ਖੜ੍ਹਾ ਹੋਕੇ ਉਸ ਨੇ ਗੋਬਿੰਦ ਸਿੰਘ ਕਾਂਝਲਾ ਦੀ ਵਿਰੋਧਤਾ ਕੀਤੀ। ਉਸ ਸਾਰੇ ਘਟਨਾਕ੍ਰਮ ਬਾਰੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਸੰਪਾਦਕੀ ਲਿਖੀ। ਉਸ ਨੇ ਔਰਤ ਪੱਤਰਕਾਰ ਬਾਰੇ ਜੋ ਸੰਪਾਦਕੀ ਵਿਚ ਲਿਖਿਆ ਉਹ ਔਰਤ ਦੇ ਹੱਕ ਤੇ ਹੌਸਲੇ ਲਈ ਕਾਫ਼ੀ ਸੀ। ਅਜੋਕੇ ਸੰਪਾਦਕ ਤਾਂ ਲੀਡਰਾਂ ਤੋਂ ਮਾਫ਼ੀ ਮੰਗਣ ਲਈ ਹੀ ਪੱਤਰਕਾਰਾਂ ਨੂੰ ਭੇਜ ਦਿੰਦੇ ਹਨ। ਪਰ ਸਲੂਟ ਗੁਰਬਚਨ ਸਿੰਘ ਭੁੱਲਰ ਹੋਰਾਂ ਨੂੰ ਜਿਸ ਨੇ ਇਕ ਔਰਤ ਦੇ ਮਾਮਲੇ ਵਿਚ ਸੰਪਾਦਕੀ ਲਿਖੀ। ਉਸ ਬਾਰੇ ਵੀ ਇਕ ਪੱਤਰਕਾਰ ਨੇ ਸ. ਭੁੱਲਰ ਹੋਰਾਂ ਨੂੰ ਕਹਿ ਦਿੱਤਾ ਕਿ ‘ਐਡੀ ਵੀ ਗੱਲ ਨਹੀਂ ਸੀ ਕਿ ਸੰਪਾਦਕੀ ਲਿਖੀ ਪੈ ਜਾਵੇ’ ਤਾਂ ਗੁਰਬਚਨ ਸਿੰਘ ਭੁੱਲਰ ਨੇ ਉਸ ਪੱਤਰਕਾਰ ਨੂੰ ਨਾਨੀ ਯਾਦ ਕਰਵਾਈ ਸੀ।ਕਈ ਸਾਰੇ ਬੋਲਾਂ ਦੇ ਨਾਲ ਨਾਲ ਇਹ ਵੀ ਕਿਹਾ ਸੀ ‘ਮਹਿਲਾ ਪੱਤਰਕਾਰਾਂ ਨਾਲ ਜੇਕਰ ਲੀਡਰ ਹੀ ਇਸ ਤਰ੍ਹਾਂ ਕਰਨ ਲੱਗ ਪਏ ਤੇ ਤੁਹਾਡੇ ਵਰਗੇ ਪੱਤਰਕਾਰ ਜੇਕਰ ਇੰਜ ਸੋਚਦੇ ਹਨ ਤਾਂ ਸ਼ਰਮ ਦੀ ਗੱਲ ਹੈ।’ -ਧਮਕੀਆਂ ਤੋਂ ਇਲਾਵਾ ਕੋਰਟ ਕੇਸ-
ਮਹਿੰਦਰ ਕੌਰ ਮੰਨੂ ਇਕ ਔਰਤ ਸੀ, ਉਸ ਨੂੰ ਡਰਾਉਣਾ ਔਖਾ ਨਹੀਂ ਸੀ, ਇਸੇ ਕਰਕੇ ਇਕ ਔਰਤ ਨੂੰ ਆਪਣੇ ਮੁਤਾਬਿਕ ਚਲਾਉਣ ਲਈ ਖਾੜਕੂਆਂ ਨੇ ਕਾਫ਼ੀ ਧਮਕਾਇਆ। ਖ਼ਬਰਾਂ ਲਾਉਣ ਬਾਰੇ, ਖ਼ਬਰਾਂ ਰੋਕਣ ਬਾਰੇ ਤੇ ਮਨਮਰਜ਼ੀ ਕਰਨ ਬਾਰੇ ਅੱਤਵਾਦੀ ਜਾਂ ਖਾੜਕੂ ਕਹਿ ਸਕਦੇ ਹਾਂ, ਪੂਰਾ ਜ਼ੋਰ ਲਗਾ ਰੱਖਿਆ ਸੀ। ਬੀਬੀ ਮੰਨੂ ਨੂੰ ਲਿਖ ਕੇ ਜਿੱਥੇ ਖਾੜਕੂ ਪ੍ਰੈੱਸ ਨੋਟ ਭੇਜਦੇ ਸਨ ਜਿਸ ਵਿਚ ਮਾਰੇ ਗਏ ਵਿਅਕਤੀਆਂ ਦੀ ਜ਼ਿੰਮੇਵਾਰੀਆਂ, ਕਿਸੇ ਨੂੰ ਮਾਰਨ ਦੀ ਧਮਕੀ, ਖਾੜਕੂਆਂ ਦੀਆ ਮੀਟਿੰਗਾਂ ਆਦਿ ਦੇ ਹੁੰਦੇ ਸਨ ਖਾੜਕੂ ਧਮਕੀਆਂ ਦਿੰਦੇ ਸਨ ਪਰ ਬੀਬੀ ਮੰਨੂ ਨੇ ਕਦੇ ਵੀ ਖਾੜਕੂਆਂ ਦੀ ਪ੍ਰਵਾਹ ਨਹੀਂ ਕੀਤੀ। ਮਹਿੰਦਰ ਕੌਰ ਮੰਨੂ ਨੂੰ ਖ਼ਾਲਸਿਆਂ ਨੇ ਬੜੇ ਧਮਕੀ ਪੱਤਰ ਭੇਜੇ ਜੋ ਬਲਾਗ ਵਿਚ ਦੇਖੇ ਜਾ ਸਕਦੇ ਹਨ। ਸੁਨਾਮ ਅਦਾਲਤ ਵਿਚ ਇਕ ਡੇਰੇਦਾਰ ਨੇ ਮਹਿੰਦਰ ਕੌਰ ਮੰਨੂ ਤੇ ਕੇਸ ਕੀਤਾ , ਜਿਸ ਨੂੰ ਐਡਵੋਕੇਟ ਅੱਤਰੀ ਹੋਰਾਂ ਨੇ ਮੰਨੂ ਦੇ ਪੱਖ ਵਿਚ ਲੜਿਆ ਤੇ ਉਹ ਕੇਸ ਖ਼ਤਮ ਹੋ ਚੁੱਕਾ ਹੈ।
-ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ- ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਬੋਲ ਰਹੇ ਸਨ, ਪੱਤਰਕਾਰ ਵੀਰ ਚੰਦ ਕਮਲ (ਇੰਡੀਅਨ ਐਕਸਪ੍ਰੈੱਸ) ਪ੍ਰੇਮ ਚੰਦ ਗੋਇਲ (ਦਾ ਟ੍ਰਿਬਿਊਨ) ਦੇ ਵੀ ਨਾਲ ਸਨ ਤੇ ਮਹਿੰਦਰ ਕੌਰ ਮੰਨੂ ਹੋਰੀਂ ਵੀ ਲੌਂਗੋਵਾਲ ਦੇ ਸਟੇਜ ਕੋਲ ਹੀ ਬੈਠੇ ਸਨ। ਅਚਾਨਕ ਗੋਲੀ ਚੱਲੀ ਕੇ ਭਗਦੜ ਮੱਚ ਗਈ। ਸਾਰੇ ਇਕ ਦੂਜੇ ਦੇ ਅੱਗੇ ਭੱਜ ਰਹੇ ਸਨ। ਕੋਈ ਕੁਝ ਨਹੀਂ ਕਰ ਸਕਿਆ। ਭਾਣਾ ਵਾਪਰ ਗਿਆ ਸੀ। ਪੱਤਰਕਾਰ ਵੀ ਕਾਰ ਵਿਚ ਸਨ ਪਰ ਉਨ੍ਹਾਂ ਤੋਂ ਕੁਝ ਅੱਗੇ ਸੰਤ ਲੌਂਗੋਵਾਲ ਦੀ ਗੋਲੀਆਂ ਲੱਗੀਆਂ ਸਰੀਰ ਖ਼ੂਨ ਨਾਲ ਲੱਥਪੱਥ ਗੱਡੀ ਵਿਚ ਲੈ ਜਾ ਰਹੇ ਸਨ। ਸੰਤ ਹੋਰਾਂ ਦੀ ਮੌਤ ਹੋ ਚੁੱਕੀ ਸੀ ਪਰ ਘੋਸ਼ਣਾ ਨਹੀਂ ਕੀਤੀ ਜਾ ਰਹੀ ਸੀ। ਸੂਤਰਾਂ ਦੇ ਹਵਾਲੇ ਨਾਲ ਖਬਰ ਬਣਾਈ ਜਾ ਰਹੀ ਸੀ, ਪਰ ਅਸਲ ਵਿਚ ਖਬਰ ਨਹੀਂ ਮਿਲ ਰਹੀ ਸੀ, ਖਬਰ ਭੇਜਦਿਆਂ ਬਹੁਤ ਰਾਤ ਹੋ ਗਈ ਸੀ, ਘਰ ਵਾਲੇ ਬੜੇ ਚਿੰਤਤ ਸਨ, ਕਿਉਂਕਿ ਗੋਲੀ ਚੱਲੀ ਸੀ ਤੇ ਇਕ ਵੱਡਾ ਵਿਆਕਤੀ ਹਸਪਤਾਲ ਵਿਚ ਸੀ। ਖਬਰ ਦੇਰ ਨਾਲ ਭੇਜੀ ਤਾਂ ਪੰਜਾਬੀ ਟ੍ਰਿਬਿਊਨ ਨੇ ਆਪਣਾ ਅੱਧਾ ਪੇਜ ਇਸ ਖਬਰ ਨੂੰ ਦਿੱਤਾ। -ਸਾਥੀ ਪੱਤਰਕਾਰਾਂ ਦਾ ਤਾਲਮੇਲ- ਮਹਿੰਦਰ ਕੌਰ ਮੰਨੂੰ ਦੱਸਦੇ ਹਨ ਕਿ ਉਸ ਦੀ ਪੱਤਰਕਾਰ ਪ੍ਰੇਮ ਚੰਦ ਗੋਇਲ, ਦੈਨਿਕ ਟ੍ਰਿਬਿਊਨ ਦੇ ਦੇਵ ਰਾਜ ਗਰਗ, ਹਰਵਿੰਦਰ ਸ਼ਰਮਾਂ, ਐਸਐਸ ਬਾਵਾ, ਪ੍ਰੀਤਮ ਸੈਣੀਅਜੀਤ ਦੇ ਗੁਰਤੇਜ ਪਿਆਸਾ, ਦੇਸ਼ ਸੇਵਕ ਤੋਂ ਫ਼ਤਿਹ ਪ੍ਰਭਾਕਰ, ਮੇਜਰ ਸਿੰਘ ਮਟਰਾਂ ਨੇ ਹਮੇਸ਼ਾਂ ਸਾਥ ਦਿੱਤਾ।। ਇਸੇ ਤਰ੍ਹਾਂ ਰਾਜਿੰਦਰ ਜੋਸ਼ ਸੁਨਾਮ ਤੋਂ, ਸ਼ਾਮ ਖੋਸਲਾ ਯੂਨੀਅਨ ਆਫ਼ ਜਰਨਲਿਸਟ ਦੇ ਫਾਊਂਡਰ ਪ੍ਰਧਾਨ, ਗੋਬਿੰਦ ਠੁਕਰਾਲ, ਵਿਜੈ ਰਤਨ ਤੇ ਸੁਨੀਲ ਹੋਰਾਂ ਦਾ ਸਾਥ ਵੀ ਰਿਹਾ। ਮੰਨੂ ਕਹਿੰਦੇ ਹਨ ਕਿ ਸਾਡੀ ਪੱਤਰਕਾਰੀ ਦਾ ਖੇਤਰ ਵਿਸ਼ਾਲ ਸੀ। ਮਲੇਰਕੋਟਲਾ, ਸੁਨਾਮ, ਧੂਰੀ ਬਰਨਾਲੇ ਤੱਕ ਅਸੀਂ ਪੱਤਰਕਾਰੀ ਕਰਦੇ ਸਾਂ। -ਪੰਜਾਬੀ ਟ੍ਰਿਬਿਊਨ ਦੇ ਸਾਥੀ ਪੱਤਰਕਾਰ ਤੇ ਸੰਪਾਦਕ-
ਪੰਜਾਬੀ ਟ੍ਰਿਬਿਊਨ ਵਿਚ ਹੀ ਲਗਾਤਾਰ 43 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਨ, ਹੁਣ ਬੀਬੀ ਮੰਨੂ ਦੇ ਪਤੀ ਪ੍ਰੋ. ਚਰਨਜੀਤ ਸਿੰਘ ਚੰਨੀ ਦੀ ਤਬੀਅਤ ਠੀਕ ਨਹੀਂ ਹੈ। ਪੱਤਰਕਾਰੀ ਨਹੀਂ ਪੂਰੀ ਤਰ੍ਹਾਂ ਹੋ ਪਾ ਰਹੀ, ਇਸੇ ਕਰਕੇ ਪੰਜਾਬੀ ਟ੍ਰਿਬਿਊਨ ਦੇ ਸਾਥੀ ਪੱਤਰਕਾਰ ਗੁਰਦੀਪ ਲਾਲੀ ਦੀ ਕਾਫ਼ੀ ਤਾਰੀਫ਼ ਕੀਤੀ। ਸਾਥੀ ਪੱਤਰਕਾਰ ਅੱਜ ਕੱਲ੍ਹ ਪੱਤਰਕਾਰੀ ਵਿਚ ਬਹੁਤ ਸਹਿਯੋਗ ਕਰ ਰਿਹਾ ਹੈ, ਆਮ ਤੌਰ ਤੇ ਹੁੰਦਾ ਇਹ ਹੈ ਕਿ ਸਾਥੀ ਪੱਤਰਕਾਰ ਸਾਥੀ ਤਰ੍ਹਾਂ ਨਹੀਂ ਸਗੋਂ ਦੁਸ਼ਮਣਾ ਦੀ ਤਰ੍ਹਾਂ ਆਪਣੇ ਸਾਥੀ ਪੱਤਰਕਾਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਸਾਰਾ ਸੰਸਾਰ ਹੀ ਆਪਣੇ ਕਬਜ਼ੇ ਵਿਚ ਕਰਕੇ ਖ਼ੁਦ ਨੂੰ ਰੱਬ ਵਾਂਗ ਹੀ ਸਮਝਣ ਲੱਗ ਜਾਂਦੇ ਹਨ। ਪਰ ਜਦ ਕਿ ਹੁੰਦਾ ਕੁਝ ਨਹੀਂ। ਇੱਥੇ ਕਿਸੇ ਨੇ ਇੱਥੋਂ ਕੀ ਲਿਜਾਣਾ ਹੈ, ਮੈਂ ਇਸ ਗੱਲੋਂ ਗੁਰਦੀਪ ਲਾਲੀ ਦੀ ਤਾਰੀਫ਼ ਕਰਦਾ ਹਾਂ ਜਿਸ ਨੇ ਬਜ਼ੁਰਗ ਪੱਤਰਕਾਰ ਮਹਿੰਦਰ ਕੌਰ ਮੰਨੂ ਦੀ ਤਾਰੀਫ਼ ਹਾਸਲ ਕੀਤੀ। ਬੀਬੀ ਮੰਨੂ ਕਹਿੰਦੇ ਕਿ ਮੈਂ ਪੱਤਰਕਾਰੀ ਨਾਲ ਅੱਜ ਕੱਲ੍ਹ ਇਨਸਾਫ਼ ਨਹੀਂ ਕਰ ਰਹੀ। ਮੈਂ ਕਈ ਵਾਰੀ ਪੱਤਰਕਾਰੀ ਛੱਡਣ ਦੀ ਤਿਆਰੀ ਕਰ ਚੁੱਕੀ ਹਾਂ ਪਰ ਗੁਰਦੀਪ ਲਾਲੀ ਲਗਾਤਾਰ ਕਹਿੰਦੇ ਹਨ ‌ਕਿ ਤੁਸੀਂ ਪੱਤਰਕਾਰੀ ਕਰਦੇ ਰਹੋ, ਜੋ ਵੀ ਖ਼ਬਰ ਭੇਜਦੇ ਹੋ ਭੇਜ ਦਿਆ ਕਰੋ, ਨਹੀਂ ਭੇਜਦੇ ਮੈਨੂੰ ਕਹਿ ਦਿਆ ਕਰੋ। ਘੱਟ ਕੰਮ ਕਰਦੇ ਹੋ ਤਾਂ ਵੀ ਕੋਈ ਗੱਲ ਨਹੀਂ। ਇਸ ਕਰਕੇ ਹੀ ਮੈਂ ਪੱਤਰਕਾਰੀ ਵਿਚ ਐਨੀਆਂ ਤੰਗੀਆਂ ਕਰਕੇ ਵੀ ਬਣੀ ਹੋਈ ਹਾਂ। ਉਸ ਨੇ ਕਿਹਾ ਕਿ ਮੈਂ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਅੱਜ ਤੱਕ ਪੰਜਾਬੀ ਟ੍ਰਿਬਿਊਨ ਵਿਚ ਆਏ ਸਾਰੇ ਹੀ ਸੰਪਾਦਕਾਂ ਨਾਲ ਕੰਮ ਕੀਤਾ। -ਪਰਿਵਾਰ-
ਪੱਤਰਕਾਰੀ ਦੇ ਨਾਲ ਨਾਲ ਮਹਿੰਦਰ ਕੌਰ ਮੰਨੂ ਨੇ ਬੱਚਿਆਂ ਦੀ ਪੜ੍ਹਾਈ ਦਾ ਖ਼ਾਸ ਖ਼ਿਆਲ ਰੱਖਿਆ। ਮੰਨੂ ਹੋਰਾਂ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ। ਵੱਡੀ ਬੇਟੀ ਗਗਨਗੀਤ ਕੌਰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਹੈ ਜੋ ਪਹਿਲਾਂ ਚੰਡੀਗੜ੍ਹ ਤੇ ਸੋਨੀਪਤ ਵੀ ਰਹੇ ਹਨ ਪਰ ਅੱਜ ਕੱਲ੍ਹ ਰੋਹਤਕ ਵਿਚ ਸੇਵਾਵਾਂ ਨਿਭਾ ਰਹੇ ਹਨ। । ਛੋਟੀ ਬੇਟੀ ‘ਪੁਨੀਤ’ ਫਾਈਨ ਆਰਟਸ ਦੀ ਗੋਲਡ ਮੈਡਲਿਸਟ ਹੈ।ਵਨਸਥਲੀ ਵਿੱਦਿਆ ਪੀਠ ਵਿਚ ਐਮਏ ਫਾਈਨਆਰਟਸ (ਗੋਲਡ ਮੈਡਲਿਸਟ) ਕੀਤੀ, ਲਾਲ ਬਹਾਦਰ ਸ਼ਾਸ਼ਤਰੀ ਕਾਲਜ ਬਰਨਾਲਾ ਵਿਚ ਲੈਕਚਰਾਰ ਸੀ ਪਰ ਅੱਜ ਕੱਲ੍ਹ ਉਹ ਪੇਂਟਿੰਗ ਨੂੰ ਹੀ ਸਮਰਪਿਤ ਹੈ। ਬੇਟਾ ਨੀਤੀ ਭਰਪੂਰ ਸਿੰਘ ਹੈ ਜਿਸ ਨੇ ਐਮਏ ਰਾਜਨੀਤਿਕ ਸ਼ਾਸਤਰ ਵਿਚ ਕੀਤੀ ਹੈ ਤੇ ਨਾਲ ਹੀ ਜਰਨਲਿਜ਼ਮ ਵੀ ਕੀਤੀ ਹੈ। ਚੜ੍ਹਦੀਕਲਾ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਰਾਸ ਨਹੀਂ ਆਇਆ ਅੱਜ ਕੱਲ੍ਹ ਉਹ ਪ੍ਰਾਈਵੇਟ ਬਿਜ਼ਨਸ ਹੀ ਕਰਦਾ ਹੈ। ਵੱਡਾ ਜਵਾਈ ਸੰਜੀਵ ਪਾਂਡੇ ਫ਼ਰੀ ਲਾਂਸਰ ਤੌਰ ਤੇ ਪੱਤਰਕਾਰੀ ਕਰਦਾ ਹੈ ਤੇ ਲੇਖਕ ਵੀ ਹੈ। ਛੋਟਾ ਜਵਾਈ ਡਾ. ਅੱਜੇ ਕੁਮਾਰ ਮਿੱਤਲ, ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟ ਵਿਚ ਕੈਂਪਸ ਡਾਇਰੈਕਟਰ ਹੈ। ਜਦ ਕਿ ਨੂੰਹ ਰਾਣੀ ਗੀਤਿਕਾ ਗਰਗ ਸਰਬ ਸਿੱਖਿਆ ਅਭਿਆਨ ਵਿਚ ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ ਹੈ। ਪਤੀ ਪ੍ਰੋ. ਚਰਨਜੀਤ ਸਿੰਘ ਬੈੱਡ ਤੇ ਹੀ ਹਨ, ਜਿਸ ਕਰਕੇ ਜ਼ਿਆਦਾ ਸਮਾਂ ਹੁਣ ਬੀਬੀ ਮੰਨੂ ਨੂੰ ਆਪਣੇ ਪਤੀ ਦੀ ਸੇਵਾ ਵਿਚ ਹੀ ਗੁਜ਼ਾਰਨਾ ਪੈਂਦਾ ਹੈ। -ਪੱਤਰਕਾਰਾਂ ਲਈ ਸੰਦੇਸ਼-
ਸੰਗਰੂਰ ਦਾ ਪੱਤਰਕਾਰ ਭਾਈਚਾਰਾ ਕੁਝ ਚੰਗੇ ਭਲੇ ਪੁਰਸ਼ਾਂ ਨੇ ਪੱਤਰਕਾਰੀ ਕਿਸੇ ਚੰਗੇ ਕਾਰਜ ਨੂੰ ਲੈ ਕੇ ਸ਼ੁਰੂ ਕੀਤੀ ਸੀ। ਜਿਸ ਵਿਚ ਪੱਤਰਕਾਰ ਕਰਤਾਰ ਸਿੰਘ ਸਰਾਭਾ, ਗਿਆਨੀ ਦਿੱਤ ਸਿੰਘ ਵਰਗੇ ਬੰਦੇ ਵੀ ਰਹੇ ਹਨ। ਪੱਤਰਕਾਰੀ ਪੀੜਤ ਪੱਖ ਦੀ ਆਵਾਜ਼ ਹੁੰਦੀ ਹੈ। ਪਰ ਕੁਝ ਹਾਲਾਤ ਬਣੇ ਕਿ ਪੱਤਰਕਾਰੀ ਵੱਡੇ ਲੋਕਾਂ ਦੇ ਦਰ ਵਿਚ ਬੈਠ ਗਈ। ਇਸ ਸਮੇਂ ਪੱਤਰਕਾਰਾਂ ਲਈ ਦਰਪੇਸ਼ ਚੁਣੋਤੀਆਂ ਹਨ। ਜਦੋਂ ਕਸਾਈ ਮੁਰਗ਼ਿਆਂ ਦੇ ਵਾੜੇ ਵਿਚੋਂ ਇਕ ਮੁਰਗ਼ਾ ਵੱਢਣ ਲਈ ਕੱਢਦਾ ਹੈ ਤਾਂ ਦੂਜੇ ਮੁਰਗ਼ੇ ਕੁੜ-ਕੁੜ ਕਰਦੇ ਦੂਰ ਭੱਜ ਜਾਂਦੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਕਿਸੇ ਨਹੀਂ ਕਤਲ ਕਰਨਾ, ਪਰ ਅਸਲ ਵਿਚ ਕਤਲ ਉਨ੍ਹਾਂ ਦਾ ਵੀ ਇਕ ਦਿਨ ਹੋਣਾ ਹੈ। ਇਸ ਕਰਕੇ ਜੇਕਰ ਇਕ ਪੱਤਰਕਾਰ ਲੋਕ ਹਿਤ ਦੀਆਂ ਖ਼ਬਰਾਂ ਕਰਦਾ ਹੈ ਤੇ ਉਸ ਨੂੰ ਸੰਕਟ ਆਉਂਦਾ ਹੈ ਤਾਂ ਦੂਜੇ ਪੱਤਰਕਾਰਾਂ ਨੂੰ ਤਮਾਸ਼ਬੀਨ ਨਹੀਂ ਬਣਨਾ ਚਾਹੀਦਾ ਸਗੋਂ ਸਾਰਿਆਂ ਨੂੰ ਇਕੱਠੇ ਹੋਕੇ ਉਸ ਪੱਤਰਕਾਰ ਦਾ ਸੰਕਟ ਨਿਵਾਰਨ ਕਰਨ ਲਈ ਉਸ ਦੀ ਮਦਦ ਕਰਨੀ ਚਾਹੀਦੀ ਹੈ।
ਸੰਗਰੂਰ ਦਾ ਪੱਤਰਕਾਰ ਭਾਈਚਾਰਾ ਬੀਬੀ ਮਹਿੰਦਰ ਕੌਰ ਮੰਨੂ ਪੱਤਰਕਾਰ ਬਾਰੇ ਲਿਖ ਕੇ ਮੈਨੂੰ ਬੜੀ ਖ਼ੁਸ਼ੀ ਮਹਿਸੂਸ ਹੋਈ ਹੈ ਮੈਂ ਅਜਿਹੀ ਪੱਤਰਕਾਰਾ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਇਹ ਆਪਣੇ ਤੰਦਰੁਸਤ ਪਰਿਵਾਰ ਵਿਚ ਰਹਿੰਦੀ ਹੋਈ ਖ਼ੁਸ਼ ਰਹੇ ਤੇ ਆਦਰਸ਼ਕ ਪੱਤਰਕਾਰੀ ਕਰਦੀ ਰਹੇ... ਆਮੀਨ! ਗੁਰਨਾਮ ਸਿੰਘ ਅਕੀਦਾ 8146001100

No comments:

Post a Comment