Sunday, October 30, 2022

‘ਸੱਤਾ’ ਦੀ ਸੁਖਨਮਈ ਗੋਦ ਨੇ ਸ਼ਾਂਤ ਕੀਤੇ ਲੋਕ ਹਿਤ ਦੇ ਪੱਤਰਕਾਰ ‘ਬਲਤੇਜ ਪੰਨੂ’

ਪਹਿਲਾਂ ਸਵਾਲ ਕਰਨੇ ਸੌਖੇ ਸਨ ਪਰ ਹੁਣ ਜਵਾਬ ਦੇਣੇ ਔਖੇ ਹਨ : ਬਲਤੇਜ ਪੰਨੂ
ਭਾਰਤ ਇਕ ਲੋਕਤੰਤਰ ਮੁਲਕ ਹੈ, ਮੀਡੀਆ ਇਸ ਦਾ ਇਕ ਅਜਿਹਾ ਹਿੱਸਾ ਹੈ ਜਿਸ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਬਰਕਰਾਰ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ। ਲੋਕ ਕਿੰਨੇ ਕੁ ਜਾਗਰੂਕ ਹੁੰਦੇ ਹਨ ਉਹ ਲੋਕਾਂ ਦੀ ਲਿਆਕਤ ਤੇ ਨਿਰਭਰ ਕਰਦਾ ਹੈ। ਕੀ ਲੋਕ ਖੁੱਚ ਸੋਚਣ ਦੇ ਸਮਰੱਥ ਹੁੰਦੇ ਹਨ, ਜਾਂ ਫਿਰ ਕਿਸੇ ਦੀ ਥੋਪੀ ਹੋਈ ਸੋਚ ਦੇ ਹੀ ਨਿਰਭਰ ਕਰਦੇ ਹਨ ਤੇ ਉਨ੍ਹਾਂ ਦਾ ਚਲਦਾ ਫਿਰਦਾ ਸਿਰਫ਼ ਸਰੀਰ ਹੀ ਹੁੰਦਾ ਹੈ ਕੀ ਉਸ ਸਰੀਰ ਨੂੰ ਚਲਾਉਣ ਵਾਲਾ ਕੋਈ ਹੋਰ ਹੁੰਦਾ ਹੈ, ਉਹ ਧਰਮ ਗੁਰੂ ਹੋ ਸਕਦਾ ਹੈ, ਉਹ ਕੋਈ ਧਰਮ ਹੋ ਸਕਦਾ ਹੈ, ਉਹ ਸਿਆਸੀ ਲੀਡਰ ਹੋ ਸਕਦਾ ਹੈ, ਉਹ ਕੋਈ ਗੁੰਡਾ ਬਦਮਾਸ਼ ਹੋ ਸਕਦਾ ਹੈ, ਉਹ ਡਾਕੂ ਲੁਟੇਰਾ ਹੋ ਸਕਦਾ ਹੈ, ਉਹ ਕੋਈ ਸਾਹਿਤਕ ਵੰਨਗੀ ਹੋ ਸਕਦੀ ਹੈ ਉਹ ਫ਼ਿਲਮੀ ਜਾਂ ਹੋਰ ਕਲਾਕਾਰ ਹੋ ਸਕਦੇ ਹਨ, ਉਹ ਕੋਈ ਲੇਖਕ, ਕਵੀ, ਪੱਤਰਕਾਰ ਹੋ ਸਕਦੇ ਹਨ। ਜਿਸ ਕਰਕੇ ਭਾਰਤ ਦੇ ਲੋਕਾਂ ਨੂੰ ਪਿਛਲੱਗ ਕਹਿਣ ਦੀ ਗਿਣਤੀ 99 ਫ਼ੀਸਦੀ ਕਹਿ ਲਈ ਜਾਵੇ ਤਾਂ ਵੀ ਕੋਈ ਗ਼ਲਤ ਨਹੀਂ ਹੋਵੇਗਾ ਭਾਵ ਕਿ ਮਸਾਂ ਇਕ ਫ਼ੀਸਦੀ ਲੋਕ ਹੀ ਹਨ ਜੋ ਆਪਣੀ ਸੋਚ ਅਨੁਸਾਰ ਕੰਮ ਕਰਦੇ ਹਨ ਨਹੀਂ ਤਾਂ ਕਿਸੇ ਹੋਰ ਦੇ ਕਹਿਣ ਅਨੁਸਾਰ ਹੀ ਸਰੀਰ ਘੜੀਸੀ ਫਿਰਦੇ ਹਨ, ਜੋ ਆਪਣੀ ਸੋਚ ਅਨੁਸਾਰ ਕੰਮ ਕਰਦੇ ਹਨ ਉਨ੍ਹਾਂ ਨੂੰ ਲੋਕ ਪਾਗਲ ਵੀ ਕਹਿ ਦਿੰਦੇ ਹਨ। ਕੁਝ ਪੱਤਰਕਾਰ ਅਜਿਹੇ ਹਨ ਜਿਨ੍ਹਾਂ ਨੇ ਲੋਕਤੰਤਰਿਕ ਕਦਰਾਂ ਕੀਮਤਾਂ ਅਨੁਸਾਰ ਕੰਮ ਕਰਨ ਲਈ ਆਪਾ ਤੱਕ ਵਾਰਨ ਦੀ ਪ੍ਰਵਾਹ ਨਹੀਂ ਕੀਤੀ। ਪਰ ਲੋਕ ਜਾਗਰੂਕ ਨਹੀਂ ਹੋਏ, ਕਈ ਵਾਰੀ ਪੱਤਰਕਾਰ ਆਪਣੀਆਂ ਸੀਮਾਵਾਂ ਪਾਰ ਕਰਕੇ ਜਦੋਂ ਖ਼ੁਦ ਨੂੰ ਹੀ ਜੰਗ ਵਿਚ ਧਕੇਲ ਲੈਂਦਾ ਹੈ ਤਾਂ ਫਿਰ ਉਸ ਨੂੰ ਵੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਜਦੋਂ ਯੁੱਧ ਹੁੰਦਾ ਹੈ ਤਾਂ ਖ਼ਤਰਾ ਦੋਵੇਂ ਪਾਸੇ ਹੁੰਦਾ ਹੈ। ਮੈਂ ਅੱਜ ਤੁਹਾਨੂੰ ਅਜਿਹੇ ਲੋਕ ਹਿਤ ਵਿਚ ਕੰਮ ਕਰਨ ਵਾਲੇ ਪੱਤਰਕਾਰ ਦੇ ਦਰਸ਼ਨ ਕਰਵਾ ਰਿਹਾ ਹਾਂ, ਜਿਸ ਨੇ ਅੱਜ ਸੱਤਾ ਦੀ ਸੁਖਨਮਈ ਗੋਦ ਵਿਚ ਆਕੇ ਲੋਕ ਹਿਤ ਦੀ ਪੱਤਰਕਾਰੀ ਕਰਨੀ ਛੱਡ ਦਿੱਤੀ ਹੈ। ਜਾਂ ਇੰਜ ਕਹਿ ਲਓ ਕਿ ਉਹ ਅੱਜ ਮੂਕ ਹੋ ਗਏ ਹਨ। ਅਜਿਹੇ ਲੋਕ ਹਿਤ ਦੀ ਪੱਤਰਕਾਰੀ ਕਰਨ ਵਾਲੇ ਹੋਰ ਵੀ ਕਈ ਸਾਰੇ ਪੱਤਰਕਾਰ ਹਨ ਜਿਨ੍ਹਾਂ ਨੂੰ ਸੱਤਾ ਦੀ ਗੋਦ ਨੇ ਲੋਕ ਹਿਤ ਦੇ ਮੁੱਦਿਆਂ ਬਾਰੇ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਹਰਚਰਨ ਬੈਂਸ, ਮੇਰੀਆਂ ਨਜ਼ਰਾਂ ਦੇ ਸਾਹਮਣੇ ਲੋਕ ਹਿਤ ਵਿਚ ਵੱਡੀਆਂ ਵੱਡੀਆਂ ਰਿਪੋਰਟਾਂ ਕਰਕੇ ਸਰਕਾਰਾਂ ਤੇ ਲੋਕਾਂ ਨੂੰ ਜਗਾਉਣ ਵਾਲੇ ਪੱਤਰਕਾਰ ਜੰਗਵੀਰ ਸਿੰਘ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਬਣ ਗਏ, ਮੇਰੇ ਨਾਲ ਹੀ ਕੰਮ ਕਰਦੇ ਰਹੇ ਤੇ ਮੇਰੀ ਗਵਾਹੀ ਵਿਚ ਲੋਕ ਹਿਤ ਵਿਚ ਵੱਡੇ ਕੰਮ ਕਰਨ ਵਾਲੇ ਪੱਤਰਕਾਰ ਮਨਜੀਤ ਸਿੱਧੂ (ਲਾਲੀ) ਆਮ ਆਦਮੀ ਪਾਰਟੀ ਦੇ ਮੀਡੀਆ ਵਿੰਗ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਲੱਗ ਪਏ, ਇਕ ਅੰਗਰੇਜ਼ੀ ਅਖ਼ਬਾਰ ਦੇ ਬਠਿੰਡਾ ਤੋਂ ਬੜੇ ਹੀ ਕਾਬਲ ਪੱਤਰਕਾਰ ਹਰਜਿੰਦਰ ਸਿੱਧੂ ਹਰਸਿਮਰਤ ਕੌਰ ਬਾਦਲ ਦੇ ਮੀਡੀਆ ਸਲਾਹਕਾਰ ਬਣ ਗਏ। ਕਈ ਮੀਡੀਆ ਅਦਾਰਿਆਂ ਵਿਚ ਕੰਮ ਕਰਨ ਵਾਲੇ ਕੰਵਰ ਸੰਧੂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਗਏ (ਬੇਸ਼ੱਕ ਅੱਜ ਮੁੜ ਉਹ ਮੀਡੀਆ ਵਿਚ ਕੰਮ ਕਰ ਰਹੇ ਹਨ), ਵੱਖ ਵੱਖ ਮੀਡੀਆ ਅਦਾਰਿਆਂ ਵਿਚ ਕੰਮ ਕਰਨ ਵਾਲੇ ਅਰੁਣਜੋਤ ਸਿੰਘ ਸੋਢੀ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੀਡੀਆ ਸਲਾਹਕਾਰ ਬਣ ਗਏ। ਡੈਸਕ ਤੇ ਫ਼ੀਲਡ ਵਿਚ ਬਹੁਤ ਚੰਗੀ ਲੋਕ ਹਿਤ ਦੀ ਪੱਤਰਕਾਰੀ ਕਰਨ ਵਾਲੇ ਪਰਮੀਤ ਸਿੰਘ ਪਹਿਲਾਂ ਕੈਪਟਨ ਕੰਵਲਜੀਤ ਸਿੰਘ ਦੇ ਮੀਡੀਆ ਸਲਾਹਕਾਰ ਬਣੇ ਤੇ ਬਾਅਦ ਵਿਚ ਉਹ ਦਲਜੀਤ ਸਿੰਘ ਚੀਮਾ ਤੇ ਬਿਕਰਮ ਸਿੰਘ ਮਜੀਠੀਆ ਦਾ ਮੀਡੀਆ ਸੰਭਾਲਦੇ ਦੇਖੇ ਗਏ। ਇਸ ਤਰ੍ਹਾਂ ਹੋਰ ਬਹੁਤ ਸਾਰੇ ਨਾਮ ਹਨ ਜੋ ਸੱਤਾ ਦੇ ਜਾਂ ਫਿਰ ਸਿਆਸਤ ਦੀ ਭੇਂਟ ਚੜ ਕੇ ਲੋਕ ਹਿਤ ਦੇ ਮੁੱਦਿਆਂ ਤੋਂ ਦੂਰ ਹੋ ਗਏ। ਇਸ ਤਰ੍ਹਾਂ ਇਹ ਗੱਲ ਜ਼ਿਆਦਾ ਵੱਡੀ ਹੋ ਜਾਵੇਗੀ ਪਰ ਅੱਜ ਆਪਾਂ ਆਪਣੇ ਮੁੱਦੇ ਤੇ ਹੀ ਰਹੀਏ। ਗੱਲ ਕਰਾਂਗੇ ‘ਬਲਤੇਜ ਪੰਨੂ’ ਦੀ। -ਬਲਤੇਜ ਪੰਨੂ ਦਾ ਮੁੱਢ ਦੇ ਪੜਾਈ- ਮੈਥੋਂ ਮਸਾਂ ਦੋ ਕੁ ਸਾਲ ਹੀ ਛੋਟੇ ਹੋਣਗੇ ‘ਬਲਤੇਜ ਪੰਨੂ’। ਦਾਦਕਿਆਂ ਦਾ ਪਿੰਡ ਮਾਝੇ ਵਿਚ ਹੈ ਪਿੰਡ ‘ਲੁਹਕੇ’। ਪਰ ਬਲਤੇਜ ਪੰਨੂ ਦਾ ਜਨਮ ਮਾਲਵੇ ਦੇ ਨਾਨਕਾ ਪਿੰਡ ‘ਸਮਾਧ ਭਾਈ’ ਵਿਚ ਹੋਇਆ। ਪਿਤਾ ਸਵਰਗਵਾਸੀ ਰਾਜਿੰਦਰ ਸਿੰਘ ਪੰਨੂ ਮਾਤਾ ਸਵਰਗਵਾਸੀ ਸੁਖਵਿੰਦਰ ਕੌਰ ਦੀ ਛਤਰ ਛਾਇਆ ਹੇਠਾਂ ਜ਼ਿੰਦਗੀ ਦਾ ਸੁੱਖ ਮਾਣਿਆ। ਕੁਝ ਸਮੇਂ ਬਾਅਦ ਹੀ ਪੰਨੂ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਵਿਚ ਆਕੇ ਵੱਸ ਗਿਆ। ਮੁਢਲੀ ਪੜਾਈ ਸਰਕਾਰੀ ਸਕੂਲ ਸੁਲਤਾਨਪੁਰ ਤੋਂ ਹੀ ਤੱਪੜਾਂ ਦੇ ਸਕੂਲਾਂ ਵਿਚ ਕੀਤੀ। ਅਗਲੀ ਪੜਾਈ ਵੀ ਸੁਲਤਾਨਪੁਰ ਲੋਧੀ ਤੋਂ ਹੀ ਕੀਤੀ।
-ਕੈਨੇਡਾ ਅਤੇ ਮੀਡੀਆ ਪ੍ਰਵੇਸ਼-
ਬਲਤੇਜ ਪੰਨੂ 1986 ਵਿਚ ਕੈਨੇਡਾ ਚੱਲੇ ਗਏ, ਉੱਥੇ ਚਾਰ ਸਾਲ ਸਖ਼ਤ ਮਿਹਨਤ ਕੀਤੀ ਖ਼ੁਦ ਨੂੰ ਸਾਬਤ ਕਰਨ ਲਈ ਤੇ ਸਥਾਪਤ ਕਰਨ ਲਈ। ਅਸਲ ਵਿਚ ਮੀਡੀਆ ਵਿਚ ਜਾਣ ਦਾ ਮੁੱਢ ਪਹਿਲਾਂ ਹੀ ਬੰਨ੍ਹਿਆ ਗਿਆ ਸੀ, ਦਾਦਾ ਅਨਪੜ੍ਹ ਸਨ ਪਰ ਦੋ ਅਖ਼ਬਾਰ ਰੋਜ਼ ਖ਼ਰੀਦ ਲੈਂਦੇ ਸਨ। ਉਹ ਅਖ਼ਬਾਰ ਦਾਦਾ ਕੇਸਰ ਸਿੰਘ ਬਲਤੇਜ ਪੰਨੂ ਤੋਂ ਹੀ ਪੜਾ ਕੇ ਸੁਣਦੇ ਸਨ। ਜਿਸ ਦੇ ਰੋਜ਼ ਬਲਤੇਜ ਨੂੰ 25 ਪੈਸੇ ਮਿਲਦੇ ਸਨ। ਉਸ ਵੇਲੇ ਹੀ ਸੰਪਾਦਕੀਆਂ, ਸੰਪਾਦਕੀ ਪੇਜ ਪੜ੍ਹਨ ਦਾ ਪਤਾ ਲੱਗ ਗਿਆ ਸੀ।
1992 ਵਿਚ ਬਲਤੇਜ ਪੰਨੂ ਨੇ ਕੈਨੇਡਾ ਵਿਚ ਹੀ ਕੁਲਦੀਪ ਦੀਪਕ ਦੇ ਰੇਡੀਓ ‘ਪੰਜਾਬ ਦੀ ਗੂੰਜ’ ਵਿਚ ਨਿਊਜ਼ ਰੀਡਰ ਦੇ ਤੌਰ ਤੇ ਮੀਡੀਆ ਵਿਚ ਐਂਟਰੀ ਕਰ ਲਈ। 1994 ਵਿਚ ਰੇਡੀਓ ‘ਸੁਰ ਸਾਗਰ’ ਵਿਚ ਰੇਡੀਓ ਦਾ ਪੂਰਾ ਸਮਾਂ ‘ਟਾਕ ਸ਼ੋਅ’ ਕਰਨ ਲੱਗ ਪਏ। 1999 ਵਿਚ ‘ਨਗਾਰਾ’ ਵੀਕਲੀ ਅਖ਼ਬਾਰ ਦੇ ਸੰਪਾਦਕ ਬਣ ਗਏ। ਜਿਸ ਦੌਰਾਨ 2001 ਵਿਚ ਕੈਨੇਡਾ ਦੀ ‘ਪੀਲ ਪੁਲੀਸ’ ਨੇ ‘ਬੈੱਸਟ ਐਥਨਿਕ ਐਡੀਟਰ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ।ਇਹ ਸਨਮਾਨ ਗੈਰ ਅੰਗਰੇਜ਼ੀ ਅਖ਼ਬਾਰਾਂ ਜਾਂ ਮੀਡੀਆ ਨੂੰ ਦਿੱਤਾ ਜਾਂਦਾ ਹੈ। ਬਲਤੇਜ ਪੰਨੂ ਨੇ ਤਾਰਾ ਸਿੰਘ ਹੇਅਰ (ਜੋ ਖਾਲਿਸਤਾਨੀਆਂ ਨੇ ਵੈਨਕੂਵਰ ਵਿਚ ਕਤਲ ਕਰ ਦਿੱਤੇ ਸਨ) ਨਾਲ ‘ਇੰਡੋ ਕੈਨੇਡੀਅਨ’ ਨਿਊਜ਼ ਪੇਪਰ ਵਿਚ ਕੰਮ ਕੀਤਾ। ਇੰਗਲੈਂਡ ਤੋਂ ਛਪ ਦੇ ‘ਦੇਸ਼ ਪ੍ਰਦੇਸ਼’ ਦੇ ਤਰਸੇਮ ਸਿੰਘ ਪੁਰੇਵਾਲ (ਜੋ ਇੰਗਲੈਂਡ ਵਿਚ ਹੀ ਖਾਲਿਸਤਾਨੀਆਂ ਦੇ ਕਤਲ ਕੀਤੇ) ਨਾਲ ਕੰਮ ਕੀਤਾ ਤੇ ਗੁਰਦੀਪ ਚੌਹਾਨ ਨਾਲ ਪਰਦੇਸੀ ਪੰਜਾਬ ਵਿਚ ਵੀ ਕੰਮ ਕੀਤਾ। ਭਾਰਤ ਆਕੇ ਬਲਤੇਜ ਪੰਨੂ ਨੇ ‘ਰੈੱਡ ਐਫਐਮ’ ਵੈਨਕੂਵਰ ਵਿਚ ਕੰਮ ਕੀਤਾ, ਜਿਸ ਵਿਚੋਂ ‘ਪੰਨੂ’ ਨੂੰ ਇਸ ਕਰਕੇ ਬਰਖ਼ਾਸਤ ਕਰ ਦਿੱਤਾ ਕਿਉਂਕਿ ਜਦ ਐਸਐਸਪੀ ਹਰਦਿਆਲ ਸਿੰਘ ਮਾਨ ਨੇ 10 ਐਨਆਰਆਈਜ਼ ਦੇ ਡਰੱਗਜ਼ ਵਿਚ ਨਾਮ ਲਏ ਸਨ ਤਾਂ ਬਲਤੇਜ ਪੰਨੂ ਨੇ ਇਹ ਰਿਪੋਰਟ ਰੈੱਡ ਐਫਐਮ ਵਿਚ ਪ੍ਰਸਾਰਨ ਕੀਤੀ ਸੀ ਤਾਂ ਰੈੱਡ ਐਫਐਮ ਨੇ ‘ਪੰਨੂ’ ਨੂੰ ਬਰਖ਼ਾਸਤ ਕਰ ਦਿੱਤਾ ਸੀ, ਉਸ ਵੇਲੇ ਬਲਤੇਜ ਪੰਨੂ ਦੇ ਪੱਖ ਵਿਚ ਬਹੁਤ ਸਾਰੇ ਲੋਕ ਕੈਨੇਡਾ ਵਿਚ ਇਕੱਤਰ ਹੋਏ ਸਨ। ਇਸ ਤੋਂ ਇਲਾਵਾ ਪੰਜ-ਆਬ ਟੀਵੀ, ਕਨੈੱਕਟ ਐਫਐਮ, ਪੰਜਾਬੀ ਰੇਡੀਓ ਯੂਐਸਏ, ਤਹਿਲਕਾ ਰੇਡੀਓ (ਪੱਡਾ) ਵਿਚ ਵੀ ਕੰਮ ਕੀਤਾ। ਪੰਜਾਬ ਵਿਚ ਲਿਸ਼ਕਾਰਾ ਟੀਵੀ ਸੈਟੇਲਾਈਟ ਤੇ ਚੱਲਦਾ ਸੀ। ਉਸ ਤੋਂ ਬਾਅਦ 2003 ਵਿਚ ਐਨ ਆਰ ਆਈ ਟੀਵੀ ਬਲਤੇਜ ਪੰਨੂ ਨੇ ਸ਼ੁਰੂ ਕੀਤਾ। ਪਰ ਉਸ ਵੇਲੇ ਲੋਕ ਹਿਤ ਦੇ ਮੀਡੀਆ ਖ਼ਿਲਾਫ਼ ਅਮਰਿੰਦਰ ਸਰਕਾਰ ਦੀ ਵਿਸ਼ੇਸ਼ ਮੁਹਿੰਮ ਚੱਲ ਰਹੀ ਸੀ। ਬਲਤੇਜ ਪੰਨੂ ਕਹਿੰਦੇ ਹਨ ਕਿ ਸਾਡਾ ਐਨ ਆਰ ਆਈ ਟੀਵੀ ਭਰਤਇੰਦਰ ਸਿੰਘ ਚਾਹਲ ਨੇ ਕਿਤੇ ਵੀ ਨਹੀਂ ਚੱਲਣ ਦਿੱਤਾ। ਜਦੋਂ ਵੀ ਕਿਤੇ ਚਲਾਉਂਦੇ ਤਾਂ ਚਾਹਲ ਬੰਦ ਕਰਵਾ ਦਿੰਦੇ ਕਿਉਂਕਿ ਉਹ ਪੰਜਾਬ ਵਿਚ ਸਿਰਫ਼ ‘ਪੰਜਾਬ ਟੂਡੇ’ ਨੂੰ ਹੀ ਚਲਾਉਣਾ ਚਾਹੁੰਦਾ ਸੀ। ਇਸ ਕਰਕੇ ਇਹ ਟੀਵੀ ਵੀ ਬਹੁਤ ਸਮਾਂ ਨਹੀਂ ਚੱਲ ਸਕਿਆ। -ਵਾਪਸ ਵਤਨ ਪਰਤ ਆਏ ਤੇ ਸਮਾਜਕ ਕਾਰਜ ਕੀਤੇ-
2001 ਵਿਚ ਬਲਤੇਜ ਪੰਨੂ ਵਾਪਸ ਭਾਰਤ ਪਰਤ ਆਏ।
ਭਾਰਤ ਆਕੇ ਮੀਡੀਆ ਦੇ ਨਾਲ ਨਾਲ ਦੋ ਸਮਾਜਕ ਮੁਹਿੰਮਾਂ ਚਲਾਈਆਂ, ਜਿਨ੍ਹਾਂ ਵਿਚ ਇਕ ‘ਜ਼ਿੰਦਗੀ ਜ਼ਿੰਦਾਬਾਦ’ (ਨਸ਼ਿਆਂ ਵਿਰੁੱਧ) ਅਤੇ ਇਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਖ਼ਿਲਾਫ਼ ਮੁਹਿੰਮ ਚਲਾਈ। ਇਸ ਦੌਰਾਨ ਇਕ ਟੀਮ ਬਣੀ ਜਿਸ ਵਿਚ ਕਿ 18 ਜ਼ਿਲ੍ਹੇ ਕਵਰ ਕੀਤੇ ਗਏ। ਇੱਥੇ ਵੱਖ ਵੱਖ ਮੀਡੀਆ ਵਿਚ ਕੰਮ ਕਰਦੇ ਰਹੇ। -ਕੋਰਟ ਕੇਸ ਤੇ ਧਮਕੀਆਂ- ਜਦੋਂ ਕੈਨੇਡਾ ਵਿਚ ‘ਨਗਾਰਾ’ ਵੀਕਲੀ ਦੇ ਸੰਪਾਦਕ ਬਣੇ ਤਾਂ ਪਾਖੰਡੀ ਸਾਧਾਂ ਖ਼ਿਲਾਫ਼, ਨਸ਼ੇ ਦੇ ਵਪਾਰੀਆਂ ਖ਼ਿਲਾਫ਼, ਤਾਂਤਰਿਕਾਂ ਖ਼ਿਲਾਫ਼, ਗੁਰਦੁਆਰਿਆਂ ਦੀਆਂ ਗੋਲਕਾਂ ਵਿਚ ਹੁੰਦੀਆਂ ਬੇਨਿਯਮੀਆਂ ਖ਼ਿਲਾਫ਼ ਸੰਪਾਦਕ ਹੁੰਦਿਆਂ ਕਾਫ਼ੀ ਕੁਝ ਛਾਪਿਆ ਤੇ ਸੰਪਾਦਕੀਆਂ ਵੀ ਲਿਖੀਆਂ। ਜਿਸ ਕਰਕੇ ਬਲਤੇਜ ਪੰਨੂ ਅਤੇ ਅਖ਼ਬਾਰ ਉੱਤੇ ਅਨੇਕਾਂ ਕੋਰਟ ਕੇਸ ਕੀਤੇ, ਜੋ ਝੱਲਣੇ ਪਏ ਜਿਸ ਨਾਲ ਮਾਲੀ ਨੁਕਸਾਨ ਤਾਂ ਹੋਇਆ ਸੀ ਸਗੋਂ ਸਮਾਂ ਵੀ ਬਰਬਾਦ ਹੋਇਆ। ਇਕ ਸਮਾਂ ਤਾਂ ਅਜਿਹਾ ਵੀ ਆਗਿਆ ਕਿ ਇੱਕੋ ਸਮੇਂ 7 ਕੇਸ ਵੀ ਭੁਗਤੇ ਜਾ ਰਹੇ ਸਨ। ਉਸ ਵੇਲੇ ਨਸ਼ਿਆਂ ਵਿਰੁੱਧ ਗੱਲ ਹੁੰਦੀ ਸੀ ਪਰ ਕੈਨੇਡਾ ਦੇ ਲੋਕ ਮੰਨਦੇ ਨਹੀਂ ਸਨ, ਪਰ ਹੁਣ ਪੰਨੂ ਅਨੁਸਾਰ 75 ਫ਼ੀਸਦੀ ਮੁੰਡੇ ਕੁੜੀਆਂ ਕੈਨੇਡਾ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਭਰਤੀ ਹਨ। ਪੰਜਾਬ ਤੋਂ ਬਾਅਦ ਦੂਜਾ ਵੱਡਾ ਦੇਸ਼ ਕੈਨੇਡਾ ਨਸ਼ੇ ਦੀ ਦਲ-ਦਲ ਵਿਚ ਧਸ ਗਿਆ ਹੈ। ਸਮਾਜ ਵਿਰੋਧੀ ਲੋਕਾਂ ਨੇ ਸਕੂਲ ਵਿਚ ਪੜ੍ਹਦੇ ਬਲਤੇਜ ਪੰਨੂ ਦੇ ਬੇਟੇ ਜਸਦੀਪ ਨੂੰ ਕਈ ਵਾਰ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਬਲਤੇਜ ਪੰਨੂ ਕਹਿੰਦੇ ਹਨ ਕਿ ਦੁੱਖ ਉਦੋਂ ਹੁੰਦਾ ਸੀ ਜਦੋਂ ਸਾਡਾ ਭਾਈਚਾਰਾ ਅਖ਼ਬਾਰਾਂ ਟੀਵੀ ਤੇ ਰੇਡੀਓ ਦੇ ਮਾਲਕ ਬਾਬਿਆਂ ਠੱਗਾਂ ਕੋਲ ਜਾ ਕੇ ਸਾਡੇ ਵਿਰੁੱਧ ਭੜਕਾਉਂਦੇ ਸਨ ਤੇ ਸਾਡੇ ’ਤੇ ਕੇਸ ਕਰਵਾਉਂਦੇ ਸਨ। ਅਨੇਕਾਂ ਧਮਕੀਆਂ ਆਉਂਦੀਆਂ ਰਹੀਆਂ ਪਰ ਪੰਨੂ ਨੇ ਕਿਹਾ ਕਿ ਧਮਕੀਆਂ ਦੀ ਪ੍ਰਵਾਹ ਨਹੀਂ ਕੀਤੀ। ਪਰ ਮੇਰੇ ਤੇ 2020 ਵਿਚ ਫੇਰ ਕੈਨੇਡਾ ਵਿਚ ਉਸ ਵੇਲੇ ਹਮਲਾ ਹੋਇਆ ਜਦੋਂ ਇਕ ਨਗਰ ਕੀਰਤਨ ਵਿਚ ਜਾ ਰਹੇ ਸੀ ਤਾਂ ਉਸ ਵੇਲੇ 15-20 ਜਣੇ ਮੈਨੂੰ ਮਾਰਨ ਲਈ ਆ ਗਏ ਉਸ ਵੇਲੇ ਵਾਲ-ਵਾਲ ਬਚ ਗਏ। -2015 ਵਿਚ ਇਕ ਕੁੜੀ ਰਾਹੀਂ ਕਿਸੇ ਨੇ ਝੂਠਾ ਕੇਸ ਪਵਾਇਆ-
ਬਲਤੇਜ ਪੰਨੂ ਦਾ ਉਹ ਸਮਾਂ ਬਹੁਤ ਮਾੜਾ ਸੀ ਜਦੋਂ ਉਸ ਤੇ ਇਕ ਕੁੜੀ ਨੇ ਝੂਠਾ ਕੇਸ ਪਵਾ ਦਿੱਤਾ, ਉਸ ਵੇਲੇ ਬਲਤੇਜ ਪੰਨੂ ਨੂੰ ਜੇਲ੍ਹ ਵਿਚ ਵੀ ਰਹਿਣਾ ਪਿਆ। ਉਸ ਵੇਲੇ ਪਟਿਆਲਾ ਦੇ ਪੱਤਰਕਾਰਾਂ ਨੇ ਬਲਤੇਜ ਪੰਨੂ ਦੀ ਬਹੁਤ ਮਦਦ ਕੀਤੀ।
ਜੇਲ੍ਹ ਵਿਚ ਮੁਲਾਕਾਤਾਂ ਤੋਂ ਲੈ ਕੇ ਮੁਜ਼ਾਹਰੇ ਕੀਤੇ, ਰੋਸ ਮਾਰਚ ਕੀਤੇ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਗਏ।
ਬਲਤੇਜ ਪੰਨੂ ਨੂੰ 2019 ਵਿਚ ਮਾਨਯੋਗ ਅਦਾਲਤ ਨੇ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ।
-ਪਰਿਵਾਰ-
ਬਲਤੇਜ ਪੰਨੂ ਹੋਰੀਂ 2001 ਤੋਂ ਹੀ ਪਟਿਆਲਾ ਵਿਚ ਰਹਿ ਰਹੇ ਹਨ, ਉਨ੍ਹਾਂ ਦੇ ਪਰਿਵਾਰ ਵਿਚ ਬੇਟਾ ਜਸਦੀਪ ਸਿੰਘ ਕੈਨੇਡਾ ਦਾ ਪੱਕਾ ਵਸਨੀਕ ਹੈ, ਜਿਸ ਦਾ ਹੁਣੇ ਹੀ ਵਿਆਹ ਹੋਇਆ ਹੈ। ਇਕ ਬੇਟੀ ਹੈ, ਮਨਪ੍ਰੀਤ ਕੌਰ, ਉਸ ਨੇ ਮਹਿੰਦਰਾ ਕਾਲਜ ਤੋਂ ਗਰੈਜੂਏਸ਼ਨ ਹੁਣੇ ਹੀ ਕੀਤੀ ਹੈ, ਉਸ ਦਾ ਮਨ ਮਨੋਵਿਗਿਆਨ ਦੀ ਮਾਸਟਰ ਡਿੱਗਰੀ ਕਰਨ ਦਾ ਹੈ। -ਮੁੱਖ ਮੰਤਰੀ ਪੰਜਾਬ ਦਾ ਮੀਡੀਆ ਡਾਇਰੈਕਟਰ ਬਣਨ ਦਾ ਸਫ਼ਰ-
ਬਲਤੇਜ ਪੰਨੂ ਉਸ ਵੇਲੇ ਪੱਤਰਕਾਰੀ ਵਿਚ ਹਾਲੇ ਸ਼ਾਮਲ ਹੀ ਹੋਏ ਸਨ ਕਿ ਭਗਵੰਤ ਮਾਨ ਨਾਲ ਇਕ ਦਿਨ ਸਵਰਨ ਸਵੀ ਨੇ ਬਲਤੇਜ ਪੰਨੂ ਨੂੰ ਮਿਲਾਇਆ। ਜਦੋਂ ਉਨ੍ਹਾਂ ਦੀ ਪਹਿਲੀ ਰੀਲ ‘ਗੋਭੀ ਦੀਏ ਕੱਚੀਏ ਵਪਾਰਨੇ’ ਆਈ ਸੀ। ਉਸ ਵੇਲੇ ਤੋਂ ਪਰਿਵਾਰਕ ਸਬੰਧ ਭਗਵੰਤ ਮਾਨ ਨਾਲ ਚੱਲਦੇ ਆ ਰਹੇ ਹਨ, ਜਦੋਂ ਉਹ ਸਿਆਸਤ ਵਿਚ ਆਏ ਤਾਂ ਉਨ੍ਹਾਂ ਦੀ ਮਦਦ ਕਰਨਾ ਜ਼ਰੂਰੀ ਸੀ। ਜਦੋਂ ਮੁੱਖ ਮੰਤਰੀ ਬਣੇ ਤਾਂ ਭਗਵੰਤ ਮਾਨ ਹੋਰਾਂ ਸਦਕਾ ਹੀ ਮੁੱਖ ਮੰਤਰੀ ਦੇ ਮੀਡੀਆ ਰਿਲੇਸ਼ਨ ਡਾਇਰੈਕਟਰ ਬਣ ਗਏ। -ਕੀ ਕੁਝ ਗ਼ਲਤ ਕਰ ਗਏ ਪੰਨੂ?- ਬਲਤੇਜ ਪੰਨੂ ਬਹੁਤ ਹੀ ਕਾਬਲ ਪੱਤਰਕਾਰ ਸਨ! ਪਰ ਅੱਜ ਉਹ ਸੱਤਾ ਦੀ ਗੋਦ ਵਿਚ ਹਨ। ਸੱਤਾ ਪੱਤਰਕਾਰ ਨੂੰ ਹੋਰ ਕੁਝ ਕਰਨ ਦੇਵੇ ਭਾਵੇਂ ਨਾ ਪਰ ਉਸ ਨੂੰ ਲੋਕ ਮੁੱਦਿਆਂ ਨੂੰ ਚੁੱਕਣ ਤੋਂ ਰੋਕ ਦਿੰਦੀ ਹੈ। ਚੰਗਾ ਹੁੰਦਾ ਉਹ ਪੱਤਰਕਾਰੀ ਹੀ ਕਰਦੇ। ਪਰ ਬਲਤੇਜ ਕਹਿੰਦਾ ਹੈ ਕਿ ਅੱਜ ਥੋੜ੍ਹਾ ਝਿਜਕਿਆ ਹੋਇਆ ਮਹਿਸੂਸ ਕਰਦਾ ਹਾਂ। ਪਹਿਲਾਂ ਲੋਕ ਮੁੱਦੇ ਚੁੱਕਦੇ ਸੀ ਲੀਡਰਾਂ ਤੇ ਸੱਤਾਧਾਰੀ ਧਿਰਾਂ ਨੂੰ ਸਵਾਲ ਕਰਦੇ ਸੀ, ਬੜੇ ਸੌਖੇ ਲੱਗਦੇ ਸਨ ਸਵਾਲ ਪੁੱਛਣੇ ਪਰ ਅੱਜ ਜਵਾਬ ਦੇਣੇ ਪੈ ਰਹੇ ਹਨ, ਜਵਾਬ ਦੇਣ ਬਹੁਤ ਔਖੇ ਹਨ। ਬਲਤੇਜ ਥੋੜ੍ਹਾ ਅੜਬ ਸੁਭਾਅ ਦੇ ਹਨ ਕਈ ਵਾਰੀ ਜਦੋਂ ਕੋਈ ਗ਼ਲਤ ਹੋਵੇ ਭਾਵੇਂ ਉਹ ਆਪਣਾ ਵੀ ਹੋਵੇ ਉਸ ਨੂੰ ਗ਼ਲਤ ਕਹਿਣਾ ਉਸ ਦੀ ਫ਼ਿਤਰਤ ਹੈ, ਜੋ ਕਈ ਵਾਰੀ ਮੁਸ਼ਕਲਾਂ ਵੀ ਖੜੀਆਂ ਕਰਦੀ ਹੈ। ਬਹੁਤ ਕੁਝ ਅਜਿਹਾ ਸੀ ਜੋ ਪੱਤਰਕਾਰ ਹੁੰਦੇ ਹੋਏ ਕਰਨਾ ਚਾਹੁੰਦਾ ਸੀ ਸ਼ਾਇਦ ਹੁਣ ਕਰ ਦੇਵੇ। ਵਿਰੋਧੀਆਂ ਵੱਲੋਂ ਚਲਾਏ ਜਾ ਰਹੇ ਆਈਟੀ ਵਿੰਗ ਬਲਤੇਜ ਪੰਨੂ ਖ਼ਿਲਾਫ਼ ਕਾਫ਼ੀ ਵੱਡੀ ਮੁਹਿੰਮ ਚਲਾ ਰਹੇ ਹਨ। ਉਸ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹਨ ਪਰ ਬਲਤੇਜ ਪੰਨੂ ਇਸ ਦਾ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਵਿਰੋਧੀਆਂ ਦਾ ਕੰਮ ਹੈ ਮੇਰੇ ਖ਼ਿਲਾਫ਼ ਝੂਠ ਫੈਲਾਉਣਾ। -ਆਖ਼ਰੀ ਸ਼ਬਦ- ਬਲਤੇਜ ਪੰਨੂ ਕਹਿੰਦਾ ਹੈ ਕਿ ਉਹ ਮੀਡੀਆ ਵਿਚੋਂ ਹੀ ਸਰਕਾਰ ਵਿਚ ਹੈ, ਉਹ ਮੀਡੀਆ ਦੇ ਹਰ ਤਰ੍ਹਾਂ ਦੇ ਕੰਮ ਕਰਨ ਲਈ ਤਿਆਰ ਹੈ, ਉਹ ਮੀਡੀਆ ਵਿਚ ਹੁੰਦੇ ਹੋਏ ਲਗਾਤਾਰ ਡਰੱਗਜ਼ ਵਿਰੁੱਧ ਕੰਮ ਕਰ ਰਿਹਾ ਹੈ, ਹੁਣ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ‌ਕਿ ਪੰਜਾਬ ਵਿਚ ਡਰੱਗਜ਼ ਵਿਰੋਧੀ ਕੰਮ ਕਰਨ ਦੀ ਡਿਊਟੀ ਉਸ ਦੀ ਲਗਾਈ ਜਾਵੇ ਤਾਂ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕੀਤਾ ਜਾ ਸਕੇ। ਪੱਤਰਕਾਰ ਤੋਂ ਸੱਤਾ ਵਿਚ ਆਏ ਬਲਤੇਜ ਪੰਨੂ ਬਾਰੇ ਤੁਸੀਂ ਕਾਫ਼ੀ ਕੁਝ ਸਮਝ ਲਿਆ ਹੋਵੇਗਾ, ਹੋਰ ਵੀ ਕਈ ਪੱਖ ਹੋਣਗੇ ਜੋ ਮੈਥੋਂ ਰਹਿ ਗਏ ਹੋਣਗੇ। ਕੁਝ ਚੰਗੇ ਪੱਖ ਵੀ ਹੋਣਗੇ ਕੁਝ ਮਾੜੇ ਪੱਖ ਵੀ ਹੋਣਗੇ। ਪਰ ਜਿੰਨਾ ਕੁ ਮੈਨੂੰ ਪਤਾ ਲੱਗਾ ਉਹ ਸਾਂਝਾ ਕੀਤਾ ਹੈ, ਆਸ ਹੈ ਕਿ ਬਲਤੇਜ ਪੰਨੂ ਪੱਤਰਕਾਰਤਾ ਵਾਲਾ ਮਨ ਨਹੀਂ ਛੱਡੇਗਾ। ਉਹ ਪੱਤਰਕਾਰਤਾ ਵਾਲੇ ਜਿਗਰ ਨਾਲ ਹੀ ਲੋਕ ਹਿਤ ਦੇ ਕੰਮ ਕਰਦਾ ਰਹੇਗਾ। ਵਾਹਿਗੁਰੂ ਅੱਗੇ ਅਰਦਾਸ ਹੈ ਉਹ ਤੰਦਰੁਸਤ ਤੇ ਚੰਗਾ ਸੁਭਾਅ ਰੱਖੇ ਤੇ ਆਪਣਾ ਅੜਬਪੁਣਾ ਮੁੱਖ ਮੰਤਰੀ ਤੋਂ ਲੋਕ ਮੁੱਦੇ ਹੱਲ ਕਰਾਉਣ ਵਿਚ ਦਿਖਾਵੇ. ਆਮੀਨ!
ਗੁਰਨਾਮ ਸਿੰਘ ਅਕੀਦਾ ਸੰਪਰਕ-8146001100

1 comment: