Sunday, October 30, 2022

ਪੱਤਰਕਾਰਾਂ ਨੂੰ ਸੋਨਾ ਬਣਾਉਣ ਲਈ ‘ਪਾਰਸ ਦੀ ਵੱਟੀ’ ਵਰਗਾ ਪੱਤਰਕਾਰ ਹੈ ‘ਸ਼ਮੀਲ ਜਸਵੀਰ’

‘ਮਿਹਨਤ ਨਾਲ ਖੋਜ ਅਧਾਰਿਤ ਪੱਤਰਕਾਰੀ ਕੀਤੀ ਤਾਂ ਚਰਚਾ ਹੋ ਜਾਂਦੀ ਸੀ’
ਕੁਝ ਪੱਤਰਕਾਰ ਖ਼ੁਦ ਤਾਂ ਪੱਤਰਕਾਰ ਬਣ ਜਾਂਦੇ ਹਨ ਪਰ ਕਦੇ ਵੀ ਉਹ ਕਿਸੇ ਹੋਰ ਨੂੰ ਪੱਤਰਕਾਰ ਬਣਨਾ ਨਹੀਂ ਦੇਖਣਾ ਚਾਹੁੰਦੇ। ਇਹ ਉਨ੍ਹਾਂ ਦੀ ਫ਼ਿਤਰਤ ਵਿੱਚ ਸ਼ਾਮਲ ਹੁੰਦਾ ਹੈ ਜਾਂ ਫਿਰ ਕੋਈ ਹੋਰ ਕਾਰਨ ਹੋਵੇ। ਚੱਲੋ ਉਹ ਤਾਂ ਉਹੀ ਜਾਣਨ ਪਰ ਕੁਝ ਪੱਤਰਕਾਰ ਅਜਿਹੇ ਹੁੰਦੇ ਹਨ ਤੇ ਹੋਏ ਹਨ ਜੋ ਖ਼ੁਦ ਤਾਂ ਵਧੀਆ ਲੋਕ ਹਿਤ ਦੀ ਪੱਤਰਕਾਰੀ ਕਰਦੇ ਹੋਏ ਸਥਾਪਤ ਪੱਤਰਕਾਰ ਬਣੇ ਹੀ ਪਰ ਨਾਲ ਹੀ ਉਨ੍ਹਾਂ ਨੇ ਹੋਰ ਵੀ ਕਈ ਸਾਰੇ ਨਵੇਂ ਚਿਹਰੇ ਪੱਤਰਕਾਰ ਬਣਾਏ ਤੇ ਕਈ ਸਾਰੇ ਪੱਤਰਕਾਰਾਂ ਨੂੰ ਸਥਾਪਤ ਪੱਤਰਕਾਰ ਬਣਾ ਦਿੱਤਾ। ਮੈਂ ਅੱਜ ਗੱਲ ਕਰ ਰਿਹਾ ਹਾਂ ਅਜਿਹੇ ਹੀ ਪੱਤਰਕਾਰ ‘ਸ਼ਮੀਲ ਜਸਵੀਰ’ ਦੀ। ਜਿਸ ਨੂੰ ਮੈਂ ਜੇਕਰ ‘ਪਾਰਸ ਦੀ ਵੱਟੀ’ ਕਹਿ ਦਿਆਂ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਉਸ ਨੇ ਖ਼ੁਦ ਨੂੰ ਸਥਾਪਤ ਕੀਤਾ ਪਰ ਉਸ ਨੇ ਬਹੁਤ ਸਾਰੇ ਅਜਿਹੇ ਪੱਤਰਕਾਰ ਵੀ ਸਥਾਪਤ ਕੀਤੇ ਜਿਨ੍ਹਾਂ ਦਾ ਨਾਮ ਅੱਜ ਪੰਜਾਬੀ ਪੱਤਰਕਾਰੀ ਜਗਤ ਵਿਚ ਬੋਲਦਾ ਹੈ। ਜਿਵੇਂ ‘ਪਾਰਸ’ ਲੋਹੇ ਨੂੰ ਲਗਾ ਦਿਓ ਤਾਂ ਉਹ ਸੋਨਾ ਬਣ ਜਾਂਦਾ ਹੈ ਇਸੇ ਤਰ੍ਹਾਂ ਸ਼ਮੀਲ ਹੋਰਾਂ ਨੇ ਕਈ ਸਾਰੇ ਪੱਤਰਕਾਰਾਂ ਨੂੰ ਪੱਤਰਕਾਰੀ ਦਾ ਅਜਿਹਾ ਰੰਗ ਚਾੜ੍ਹਿਆ ਕਿ ਉਹ ਅੱਜ ਸੋਨੇ ਵਾਂਗ ਚਮਕਾਂ ਮਾਰ ਰਹੇ ਹਨ। ‘ਸ਼ਮੀਲ’ ਬਾਰੇ ਗੱਲ ਕਰਦਿਆਂ ਮੈਨੂੰ ਲੱਗਦਾ ਹੈ ਕਿ ਮੈਂ ਉਸ ਦੇ ਪੂਰੇ ਜੀਵਨ ਸਾਰੇ ਚਾਨਣਾ ਨਾ ਪਾ ਸਕਾਂ। ਕਿਉਂਕਿ ਕਈ ਸਾਰੇ ਪੱਖ ਸਮੋਈ ਬੈਠਾ ਹੈ ਸ਼ਮੀਲ ਦਾ ਪੱਤਰਕਾਰੀ, ਕਵੀ ਤੇ ਲੇਖਕ ਦਾ ਜੀਵਨ। -ਮੁੱਢ ਤੇ ਪੱਤਰਕਾਰੀ ਵਿਚ ਪੈਰ ਧਰਨਾ- ਰੋਪੜ ਜ਼ਿਲ੍ਹੇ ਦੇ ਪਿੰਡ ਠੋਣਾ ਦੇ ਜੰਮਪਲ ‘ਸ਼ਮੀਲ’ ਨੇ ਮੁਢਲੀ ਪੜਾਈ ਪਿੰਡ ਤੋਂ ਹੀ ਕੀਤੀ, ਕਾਲਜ ਤੱਕ ਦੀ ਪੜਾਈ ਰੋਪੜ ਕਾਲਜ ਤੋਂ। ਉਚੇਰੀ ਸਿੱਖਿਆ ਜਿਵੇਂ ਕਿ ਜਰਨਲਿਜ਼ਮ ਆਦਿ ਸ਼ਮੀਲ ਹੋਰਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦਿਆਂ ਹੀ ਸ਼ਮੀਲ ਹੋਰਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਕਾਲਜ ਪੜ੍ਹਦਿਆਂ ਹੀ ਉਨ੍ਹਾਂ ਦੀ ਕਵਿਤਾ ਦੀ ਕਿਤਾਬ 1990 ਵਿਚ ਹੀ ਬੀਏ (ਆਖ਼ਰੀ ਸਾਲ) ਦੌਰਾਨ ‘ਇਕ ਛਿਣ ਦੀ ਵਾਰਤਾ’ ਪਬਲਿਸ਼ ਹੋ ਗਈ ਸੀ। ਇਸ ਕਿਤਾਬ ਨੇ ਸ਼ਮੀਲ ਦੀ ਲੇਖਣ ਕਲਾ ਨੂੰ ਬੜਾ ਹੁਲਾਰਾ ਦਿੱਤਾ ਤੇ ਲਿਖਣਾ ਕਰਮ ਬਣ ਗਿਆ। ਫ਼ਰੀ ਲਾਂਸਰ ਦੇ ਤੌਰ ਤੇ ਸ਼ਮੀਲ ਹੋਰਾਂ ਦੇ ਲੇਖ ਕਾਫ਼ੀ ਪੜ੍ਹੇ ਜਾਣ ਵਾਲੇ ਅਖ਼ਬਾਰਾਂ ਵਿਚ ਛਪੇ ਜਿਵੇਂ ਕਿ ਪੰਜਾਬੀ ਟ੍ਰਿ‌ਬਿਊਨ ਵਿਚ ਤਾਂ ਸ਼ਮੀਲ ਦੇ ਲੇਖ ਸੰਪਾਦਕੀ ਪੰਨੇ ’ਤੇ ਲੀਡ ਆਰਟੀਕਲ ਦੇ ਤੌਰ ਤੇ ਛਪੇ, ਜਿਨ੍ਹਾਂ ਦੀ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਕਾਫ਼ੀ ਚਰਚਾ ਹੋਈ। ਇਸ ਦੌਰਾਨ ਕੁਝ ਅਖ਼ਬਾਰਾਂ ਵਿਚ ਪਾਰਟ ਟਾਈਮ ਡੈਸਕ ਤੇ ਵੀ ਕੰਮ ਕੀਤਾ ਜਿਵੇਂ ਕਿ ਪਟਿਆਲਾ ਤੋਂ ਜਗਜੀਤ ਸਿੰਘ ਦਰਦੀ ਦੇ ਚੜ੍ਹਦੀਕਲਾ ਅਖ਼ਬਾਰ ਵਿਚ ਬਤੌਰ ਐਸੋਸੀਏਟ ਐਡੀਟਰ ਹਰਚਰਨ ਬੈਂਸ ਕੰਮ ਕਰ ਰਹੇ ਸਨ ਉਸ ਵੇਲੇ ਸਬ ਐਡੀਟਰ ਦੇ ਤੌਰ ਤੇ ਸ਼ਮੀਲ ਨੇ ਵੀ ਚੜ੍ਹਦੀਕਲਾ ਵਿਚ ਕੁਝ ਸਮਾਂ ਕੰਮ ਕੀਤਾ। -ਪੂਰਾ ਸਮਾਂ ਪੱਤਰਕਾਰੀ ਕਰਨਾ ਸ਼ੁਰੂ ਕੀਤਾ- ‘ਦੇਸ਼ ਸੇਵਕ’ ਅਖ਼ਬਾਰ ਸ਼ੁਰੂ ਹੋਣ ਵੇਲੇ ਕਾਫ਼ੀ ਚਰਚਾ ਬਟੋਰ ਰਿਹਾ ਸੀ, ਉਸ ਵੇਲੇ ਦੇਸ਼ ਸੇਵਕ ਨੇ ਡੈਸਕ ਲਈ ਕਾਫ਼ੀ ਵਧੀਆ ਬੰਦੇ ਨਿਯੁਕਤ ਕੀਤੇ ਸਨ, ਉਨ੍ਹਾਂ ਵਿਚ ਇਕ ਨਾਮ ‘ਸ਼ਮੀਲ’ ਵੀ ਸੀ। ਸ਼ਮੀਲ ਨੇ ਦੇਸ਼ ਸੇਵਕ 1996 ਵਿਚ ਬਤੌਰ ਸਬ ਐਡੀਟਰ ਜੁਆਇਨ ਕੀਤਾ। ਦੇਸ਼ ਸੇਵਕ ਵਿਚ ਦੋ ਸਾਲ ਕੰਮ ਕੀਤਾ, ਉਸ ਤੋਂ ਬਾਅਦ 1998 ਵਿਚ ਲੁਧਿਆਣਾ ਤੋਂ ਛਪਣ ਵਾਲੇ ‘ਪੰਜ ਦਰਿਆ’ ਵਿਚ ਬਤੌਰ ਸੰਪਾਦਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਪੰਜ ਦਰਿਆ ਮੈਗਜ਼ੀਨ ਦੇ ਅਮਰਜੀਤ ਗਰੇਵਾਲ ਫਾਊਂਡਰ ਸਨ। ਇਸ ਮੈਗਜ਼ੀਨ ਦੇ ਸਾਹਿਤਕ ਐਡੀਟਰ ਸੁਰਜੀਤ ਪਾਤਰ ਹੁੰਦੇ ਸਨ, ਸਵਰਨਜੀਤ ਸਵੀ ਸਕੈੱਚ ਬਣਾਉਂਦੇ ਸਨ। ਬੁੱਧ ਸਿੰਘ ਨੀਲੋਂ ਵੀ ਇਸ ਮੈਗਜ਼ੀਨ ਵਿਚ ਹੁੰਦੇ ਸਨ। ਬਠਿੰਡਾ ਤੋਂ ਗੌਤਮ ਰਿਸ਼ੀ ਕੰਮ ਕਰਦੇ ਸਨ। ਇਹ ਮੈਗਜ਼ੀਨ ਇੰਡੀਆ ਟੂਡੇ ਵਰਗਾ ਨਿਕਲਦਾ ਸੀ ਤੇ ਜਰਨਲਿਜ਼ਮ ਦੇ ਪੂਰੇ ਆਦਰਸ਼ਾਂ ਅਨੁਸਾਰ ਇਹ ਮੈਗਜ਼ੀਨ ਪ੍ਰਕਾਸ਼ਿਤ ਹੋਇਆ। ‘ਪੰਜ ਦਰਿਆ’ ਉਸ ਵੇਲੇ ਏਨਾ ਚਰਚਿਤ ਹੋਇਆ ਕਿ ਇਸ ਨੂੰ ਪਾਠਕ ਲੱਭਦੇ ਸਨ, ਕਿਉਂਕਿ ਇਸ ਮੈਗਜ਼ੀਨ ਵਿਚ ਲੋਕ ਹਿਤ ਵਿਚ ਬਾਦਲਾਂ ਦੇ ਕਈ ਸਾਰੇ ਲੋਕ ਵਿਰੋਧੀ ਕਾਰਨਾਮੇ ਨੰਗੇ ਕੀਤੇ ਗਏ। ਜਥੇਦਾਰ ਭਾਈ ਰਣਜੀਤ ਸਿੰਘ ਦੀ ਪੂਰੀ ਇੰਟਰਵਿਊ ਇਸ ਮੈਗਜ਼ੀਨ ਵਿਚ ਛਾਪੀ ਗਈ। ਕਵਰ ਸਟੋਰੀਆਂ ਵਿਚ ਜੱਟ ਭਾਪਿਆਂ ਦਾ ਗੋਲਕ ਯੁੱਧ ਇਸੇ ਸਮੇਂ ਛਾਪਿਆ ਗਿਆ। ਮਾਈਗ੍ਰੇਟ ਲੇਬਰ ਬਾਰੇ, ਪੰਜਾਬ ਦੀਆਂ ਮੁਸ਼ਕਲਾਂ ਬਾਰੇ ਇਸ ਮੈਗਜ਼ੀਨ ਨੇ ਕਵਰ ਸਟੋਰੀਆਂ ਖੁੱਲ ਕੇ ਪਬਲਿਸ਼ ਕੀਤੀਆਂ। ਪਰ ਇਹ ਮੈਗਜ਼ੀਨ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੋ ਸਕਿਆ ਇਸ ਕਰਕੇ ਇਹ ਡੇਢ ਕੁ ਸਾਲ ਬਾਅਦ ਬੰਦ ਹੋ ਗਿਆ। -ਇਲੈਕਟ੍ਰੋਨਿਕ ਮੀਡੀਆ ਵਿਚ ਹਾਜ਼ਰੀ- ਇਲੈਕਟ੍ਰੋਨਿਕ ਮੀਡੀਆ ਦਾ ਕਾਫ਼ੀ ਬੋਲ ਬਾਲਾ ਹੋ ਗਿਆ ਸੀ। ਸ਼ਮੀਲ ਹੋਰਾਂ ਨੇ ‘ਤਾਰਾ ਟੀਵੀ’ ਜੁਆਇਨ ਕਰ ਲਿਆ। ਤਾਰਾ ਟੀਵੀ ਮਲਟੀਲੈਗੁਅਲ ਅਦਾਰਾ ਸੀ ਅਤੇ ਪੰਜਾਬੀ ਦਾ ਪਹਿਲਾ ਡਿਜੀਟਲ ਟੀਵੀ ਸੀ। ਇਹ ਟੀਵੀ ਇੱਕੋ ਸਮੇਂ ਪੰਜਾਬੀ, ਬੰਗਲਾ, ਰਾਜਸਥਾਨੀ ਤੇ ਮਰਾਠੀ ਵਿਚ ਪ੍ਰਸਾਰਿਤ ਹੁੰਦਾ ਸੀ। ਇਹ ਟੀਵੀ ਚੈਨਲ ਰਵੀ ਕਾਂਤ ਬਾਸੂ ਨੇ ਸ਼ੁਰੂ ਕੀਤਾ ਸੀ। ਜੋ ਪਹਿਲਾਂ ਪ੍ਰਸਾਰ ਭਾਰਤੀ ਦਾ ਹੈੱਡ ਰਿਹਾ ਸੀ। ਇਸ ਚੈਨਲ ਦਾ ਮੁੱਖ ਦਫ਼ਤਰ ਨੋਇਡਾ ਵਿਚ ਹੁੰਦਾ ਸੀ ਤੇ ਇਸ ਦੇ ਨਿਊਜ਼ ਹੈੱਡ ‘ਸਿੱਧੂ ਦਮਦਮੀ’ ਹੁੰਦੇ ਸਨ। ਸਿੱਧੂ ਦਮਦਮੀ ਕਾਫ਼ੀ ਵੱਡਾ ਨਾਮ ਹੈ, ਜੋ ਬਾਅਦ ਵਿਚ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵੀ ਬਣੇ। ‘ਸ਼ਮੀਲ’ ਹੋਰੀਂ ਇਸ ਟੀਵੀ ਚੈਨਲ ਦੇ ‘ਨਿਊਜ਼ ਕੋਆਰਡੀਨੇਟਰ’ ਹੁੰਦੇ ਸਨ। ਸ਼ਮੀਲ ਦੀ ਡਿਊਟੀ ਚੰਡੀਗੜ੍ਹ ਵਿਚ ਹੀ ਹੁੰਦੀ ਸੀ। ਟੀਵੀ ਚੈਨਲ ਦੀ ਸ਼ਮੀਲ ਹੋਰਾਂ ਦੀ ਇਹ ਪਹਿਲੀ ਨੌਕਰੀ ਸੀ। ਇਸ ਟੀਵੀ ਦੇ ਪ੍ਰੋਗਰਾਮਿੰਗ ਹੈੱਡ ਹਰਜੀਤ ਹੁੰਦੇ ਸਨ। ਇਸ ਚੈਨਲ ਵਿਚ ਸ਼ਮੀਲ ਹੋਰੀਂ ਦੋ ਸਾਲ ਤੱਕ ਰਹੇ। -ਮੁੜ ਦੇਸ਼ ਸੇਵਕ ਵਿਚ- ਦੇਸ਼ ਸੇਵਕ ਵਿਚ ਹਾਲਾਤ ਬਦਲ ਰਹੇ ਸਨ। ਦੇਸ਼ ਸੇਵਕ ਦੀ ਮੈਨੇਜਮੈਂਟ ਸ਼ਮੀਲ ਹੋਰਾਂ ਨਾਲ ਲਗਾਤਾਰ ਸੰਪਰਕ ਕਰ ਰਹੀ ਸੀ। ਸ਼ਮੀਲ ਨੇ ਮੁੜ 2002 ਵਿਚ ਦੇਸ਼ ਸੇਵਕ ਬਤੌਰ ਡਿਪਟੀ ਐਡੀਟਰ ਜੁਆਇਨ ਕਰ ਲਿਆ। ਦੇਸ਼ ਸੇਵਕ ਦਾ ਇਹ ਸਮਾਂ ਬਹੁਤ ਗਰਮ ਰਿਹਾ।
ਦੇਸ਼ ਸੇਵਕ ਅਖ਼ਬਾਰ ਦੇ ਉਸ ਵੇਲੇ ਐਮਡੀ ਪ੍ਰੋ. ਬਲਵੰਤ ਸਿੰਘ ਹੁੰਦੇ ਸਨ।
ਸ਼ਮੀਲ ਮੌਕੇ ਦੇਸ਼ ਸੇਵਕ ਦੀ ਡੈਸਕ ਟੀਮ ਨੇ ਬਹੁਤ ਗਹਿਰਾਈ ਨਾਲ ਕੰਮ ਕੀਤਾ,
ਪੱਤਰਕਾਰ ਬੇਸ਼ੱਕ ਕੱਚੀ ਖ਼ਬਰ ਵੀ ਭੇਜਦੇ ਸੀ ਤਾਂ ਸ਼ਮੀਲ ਦੀ ਅਗਵਾਈ ਵਿਚ ਡੈਸਕ ਦੀ ਟੀਮ ਖ਼ਬਰ ਨੂੰ ਪਕਾਉਣਾ ਜਾਣਦੀ ਸੀ,
ਉਸ ਵੇਲੇ ਡੈਸਕ ਤੇ ਖ਼ੁਸ਼ਹਾਲ ਲਾਲੀ (ਅੱਜ ਕੱਲ੍ਹ ਬੀਬੀਸੀ ਪੰਜਾਬੀ ਵਿਚ), ਗੌਤਮ ਰਿਸ਼ੀ (ਅੱਜ ਕੱਲ੍ਹ ਸਿਹਤ ਵਿਭਾਗ ਵਿਚ ਮਾਸ ਮੀਡੀਆ ਵਿੰਗ ਵਿਚ), ਪ੍ਰੀਤ ਕੰਵਲ (ਅੱਜ ਕੱਲ੍ਹ ਡੀਪੀਆਰਓ), ਮਨਜੀਤ ਟਿਵਾਣਾ (ਅੱਜ ਕੱਲ੍ਹ ਯੂਐਸਏ), ਸਰਬਜੀਤ ਕੰਗਣੀਵਾਲ (ਅੱਜ ਕੱਲ੍ਹ ਡਿਪਟੀ ਡਾਇਰੈਕਟਰ ਲੋਕ ਸੰਪਰਕ ਪੰਜਾਬ), ਡਾ. ਸ਼ਵਿੰਦਰ (ਅੱਜ ਕੱਲ੍ਹ ਦਿਲੀ ਮੀਡੀਆ ਵਿਚ), ਸਰਬਜੀਤ ਧਾਲੀਵਾਲ (ਅੱਜ ਕੱਲ੍ਹ ਬੀਬੀਸੀ ਪੰਜਾਬੀ ਵਿਚ), ਅਨਿਲ ਮੈਨਨ (ਖ਼ਮੋਸ਼ ਹੈ), ਦੇਵਆਸੀਸ਼ ਭੱਟਾਚਾਰੀਆ (ਲਾਪਤਾ), ਸੁਖਦੇਵ, ਜੁਪਿੰਦਰ ਕੌਰ (ਅੱਜ ਕੱਲ੍ਹ ਸਿਹਤ ਵਿਭਾਗ ਵਿਚ ਮਾਸ ਮੀਡੀਆ ਵਿੰਗ ਵਿਚ) ਡੈਸਕ ਦੀ ਟੀਮ ਹੁੰਦੀ ਸੀ। ਇਸੇ ਤਰ੍ਹਾਂ ਪੰਜਾਬ ਵਿਚ ਪੱਤਰਕਾਰਾਂ ਦੀ ਟੀਮ ਵੀ ਸ਼ਮੀਲ ਹੋਰਾਂ ਦੀ ਕਮਾਲ ਦੀ ਸੀ। ਜਿਵੇਂ ਕਿ ਚੰਡੀਗੜ੍ਹ ਤੋਂ ਮਨਜੀਤ ਸਿੱਧੂ ਲਾਲੀ (ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਮੀਡੀਆ ਕੋਆਰਡੀਨੇਟਰ), ਚੰਡੀਗੜ੍ਹ ਤੋਂ ਹੀ ਜਗਤਾਰ ਭੁੱਲਰ (ਏਬੀਸੀ ਪੰਜਾਬ ਟੀਵੀ ਦੇ ਚੈਨਲ ਹੈੱਡ ਹਨ), ਜਲੰਧਰ ਤੋਂ ਪਾਲ ਸਿੰਘ ਨੌਲ਼ੀ (ਅੱਜ ਕੱਲ੍ਹ ਪੰਜਾਬੀ ਟ੍ਰਿਬਿਊਨ ਵਿਚ), ਪਟਿਆਲਾ ਤੋਂ ਗੁਰਨਾਮ ਸਿੰਘ ਅਕੀਦਾ (ਇਨ੍ਹਾਂ ਸਤਰਾਂ ਦਾ ਲੇਖਕ ਅੱਜ ਕੱਲ੍ਹ ਪੰਜਾਬੀ ਟ੍ਰਿਬਿਊਨ ਵਿਚ), ਲੁਧਿਆਣਾ ਤੋਂ ਪਰਮਜੀਤ ਪੰਮੀ (ਦੁਨੀਆ ਵਿਚ ਨਹੀਂ ਰਹੇ), ਬਰਨਾਲਾ ਤੋਂ ਦਵਿੰਦਰ ਪਾਲ (ਅੱਜ ਕੱਲ੍ਹ ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਸਟਾਫ਼ ਰਿਪੋਰਟਰ), ਅੰਮ੍ਰਿਤਸਰ ਤੋਂ ਰਾਜਨ ਮਾਨ ਤੇ ਹਰਕੰਵਲ ਕੋਰਪਾਲ ਤੋਂ ਇਲਾਵਾ ਪਾਤੜਾਂ ਤੋਂ ਪੰਜਾਬ ਪੱਧਰ ਦੀਆਂ ਰਿਪੋਰਟਾਂ ਕਰਨ ਵਾਲੇ ਬ੍ਰਿਸਭਾਨ ਬੁਜ਼ਰਕ ਵੀ ਟੀਮ ਵਿਚ ਸਨ। ਦੇਸ਼ ਸੇਵਕ ਉਸ ਵੇਲੇ ਏਨਾ ਚਰਚਿਤ ਹੋਇਆ ਕਿ ਦੇਸ਼ ਸੇਵਕ ਨੂੰ ਪਾਠਕ ਪੜ੍ਹਨ ਲਈ ਲੱਭਦੇ ਸਨ। ਜਦੋਂ ਕਿਤੇ ਖ਼ਾਸ ਰਿਪੋਰਟ ਛਪਦੀ ਸੀ ਤਾਂ ਅਖ਼ਬਾਰ ਫ਼ੋਟੋ ਸਟੇਟ ਹੋਕੇ ਵਿਕਦਾ ਸੀ। ਇਸ ਵੇਲੇ ਬਾਦਲਾਂ ਦੇ ਕੱਚੇ ਚਿੱਠੇ ਛਾਪੇ ਗਏ, ਬਾਦਲਾਂ ਦੀ ਪੰਜਾਬ ਵਿਚ ਸਿਆਸਤ ਦਾ ਬੋਲਬਾਲਾ ਕਿਉਂ ਹੈ, ਉਹ ਵੀ ਦੇਸ਼ ਸੇਵਕ ਦੀ ਕਵਰ ਸਟੋਰੀਆਂ ਦਾ ਹਿੱਸਾ ਬਣਿਆ। ਡੇਰੇ ਸਿਰਸੇ ਵਾਲੇ ਦੀ ਬਹੁਤ ਵੱਡੀ ਰਿਪੋਰਟ ਪਹਿਲੀ ਵਾਰ ਦੇਸ਼ ਸੇਵਕ ਨੇ ਛਾਪੀ, ਉਹ ਅਖ਼ਬਾਰ ਫ਼ੋਟੋ ਸਟੇਟ ਹੋਕੇ ਵਿਕਿਆ। ਉਸ ਸਟੋਰੀ ਸਬੰਧੀ ਡੇਰੇ ਦੇ ਮੁਖੀ ਰਾਮ ਰਹੀਮ ਦਾ ਪੱਖ ਲੈਣ ਲਈ ਇਸ ਰੇਖਾ ਚਿੱਤਰ ਦਾ ਲੇਖਕ (ਗੁਰਨਾਮ ਸਿੰਘ ਅਕੀਦਾ) ਸਲਾਬਤਪੁਰਾ ਡੇਰੇ ਵਿਚੋਂ ਰਾਮ ਰਹੀਮ ਨਾਲ ਗੱਲ ਕਰਕੇ ਲੈ ਕੇ ਆਇਆ।
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚਰਚਿਤ ਚੇਅਰਮੈਨ ਰਹੇ ਰਵੀ ਸਿੱਧੂ ਬਾਰੇ ਤੇ ਉਸ ਤੋਂ ਪਹਿਲਾਂ ਰਹੇ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕਰਕੇ ਇਕ ਨਵੇਕਲੀ ਜਰਨਲਿਜ਼ਮ ਕੀਤੀ। ਭਿਖਾਰੀਆਂ ਦਾ ਪਿੰਡ ਥੇੜ੍ਹੀ, ਪੱਤਰਕਾਰਾਂ ਤੇ ਵਿਸ਼ੇਸ਼ ਕਵਰ ਸਟੋਰੀ ‘ਮਿਸ਼ਨ ਬਣਿਆ ਬਿਜ਼ਨਸ’, ਸ੍ਰੀ ਰਾਮ ਚੰਦਰ ਦੇ ਨਾਨਕੇ ਘੁੜਾਮ, ਸ਼ਰਾਬ ਵੇਚਦੀਆਂ ਔਰਤਾਂ, ਰੋਜ਼ਾਨਾ ਵਿਸ਼ੇਸ਼ ਖ਼ਬਰਾਂ ਹੁੰਦੀਆਂ, ਤੇ ਹਰ ਐਤਵਾਰ ਕੋਈ ਨਾ ਕੋਈ ਕਵਰ ਸਟੋਰੀ ਛਾਪੀ ਜਾਂਦੀ ਸੀ। ਉਸ ਵੇਲੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ’ਤੇ ਫਾਈਨ ਆਰਟਸ ਦੀ ਕੁੜੀ ਸਾਰੂ ਰਾਣਾ ਨੇ ਦੋਸ਼ ਲਗਾਏ, ਉਹ ਰਿਪੋਰਟ ਦੇਸ਼ ਸੇਵਕ ਨੇ ਬਰੇਕ ਕੀਤੀ ਤਾਂ ਉਸ ਦੀ ਐਨੀ ਖ਼ੋਜੀ ਕਵਰੇਜ ਕੀਤੀ ਕਿ ਵੀਸੀ ਆਹਲੂਵਾਲੀਆ ਬਰਖ਼ਾਸਤ ਹੋਏ ਤੇ ਉਸ ’ਤੇ ਕੇਸ ਦਰਜ ਤੱਕ ਹੋਏ, ਉਸ ਸਮੇਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ, ਜੋ ਕਦੇ ਫੇਰ ਸਾਂਝੀਆਂ ਕਰਾਂਗੇ। ਉਸ ਤੋਂ ਬਾਦ ਕੁਝ ਸਮੇਂ ਲਈ ਸ਼ਮੀਲ ਹੋਰੀਂ ਵਿਦੇਸ਼ ਕੈਨੇਡਾ, ਯੂਐਸਏ ਆਦਿ ਵਿਚ ਘੁੰਮਣ ਚਲੇ ਗਏ। ਵਾਪਸ ਆਕੇ ਉਹ ਦੇਸ਼ ਸੇਵਕ ਵਿਚ ਨਹੀਂ ਆਏ ਸਗੋਂ ‘ਪ੍ਰਵਾਸੀ ਵੀਕਲੀ ਸ਼ੁਰੂ ਕੀਤਾ
ਤੇ ਨਾਲ ਹੀ ਮਹੀਨਾਵਾਰ ਮੈਗਜ਼ੀਨ ਵੀ ਚਲਾਇਆ।
ਪ੍ਰਵਾਸੀ ਦੇ ਕੈਨੇਡਾ ਐਡੀਸ਼ਨ ਦੇ ਸੰਪਾਦਕ ਰਾਜਿੰਦਰ ਸੈਣੀ ਸਨ ਜਦ ਕਿ ਸੰਪਾਦਕ ਸ਼ਮੀਲ ਹੋਰੀਂ ਸਨ, ਇਸ ਵਿਚ ਵੀ ਸ਼ਮੀਲ ਹੋਰਾਂ ਦੇ ਨਾਲ ਜਿਸ ਟੀਮ ਨੇ ਕੰਮ ਕੀਤਾ ਉਨ੍ਹਾਂ ਵਿਚ ਨਿਊਜ਼ ਐਡੀਟਰ ਖ਼ੁਸ਼ਹਾਲ ਲਾਲੀ, ਫ਼ੀਚਰ ਐਡੀਟਰ ਗੌਤਮ ਰਿਸ਼ੀ, ਸਬ ਐਡੀਟਰ ਸੁਰਿੰਦਰਪਾਲ ਸਰਾਓ, ਵਿਸ਼ੇਸ਼ ਪ੍ਰਤੀਨਿਧ ਜਤਿੰਦਰਪ੍ਰੀਤ ਸਨ। ਇਸ ਮੈਗਜ਼ੀਨ ਵਿਚ ਵੀ ਪੰਜਾਬ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਰਿਪੋਰਟਾਂ ਨੇ ਕਾਫ਼ੀ ਚਰਚਾ ਬਟੋਰੀ।
ਪ੍ਰੋਫੈਸ਼ਨਲ ਤੌਰ ਤੇ ਕਾਫ਼ੀ ਚਰਚਾ ਹੋਈ ਪਰ ਵਿੱਤੀ ਤੌਰ ਤੇ ਪੰਜਾਬ ਵਿਚ ਚੰਗੇ ਮੈਗਜ਼ੀਨਾਂ ਨੂੰ ਇਸ਼ਤਿਹਾਰ ਮਿਲਣੇ ਮੁਸ਼ਕਲ ਹੁੰਦੇ ਹਨ। ਇਸ ਕਰਕੇ ਵਿੱਤੀ ਤੌਰ ਤੇ ਮਜ਼ਬੂਤ ਨਹੀਂ ਹੋ ਸਕਿਆ ਜਿਸ ਕਰਕੇ ਪ੍ਰਵਾਸੀ ਬੰਦ ਹੋ ਗਿਆ। -ਮੁੜ ਦੇਸ਼ ਸੇਵਕ ਦੇ ਸੰਪਾਦਕ ਬਣ ਕੇ ਆਏ-
ਉਸ ਵੇਲੇ ਦੇਸ਼ ਸੇਵਕ ਦੇ ਸੰਪਾਦਕ ਹਰਭਜਨ ਹਲਵਾਰਵੀ ਸਨ। ਉਹ ਬਿਮਾਰ ਹੋ ਗਏ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਬਤੌਰ ਸੰਪਾਦਕ ਦੇਸ਼ ਸੇਵਕ ਵਿਚ ਸ਼ਮੀਲ ਹੋਰਾਂ ਨੇ ਜੁਆਇਨ ਕੀਤਾ। ਉਸ ਵੇਲੇ ਵੀ ਦੇਸ਼ ਸੇਵਕ ਦੀ ਚਰਚਾ ਨੇ ਸਾਰੇ ਪੰਜਾਬ ਵਿਚ ਪੱਤਰਕਾਰੀ ਦੇ ਖੇਤਰ ਵਿਚ ਇਕ ਨਵੇਂ ਤਰ੍ਹਾਂ ਦਾ ਰੰਗ ਵਿਖਾਇਆ। ਕਵਰ ਸਟੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। 2007 ਵਿਚ ਸ਼ਮੀਲ ਹੋਰੀਂ ਕੈਨੇਡਾ ਚਲੇ ਗਏ। -ਕੈਨੇਡਾ ਵਿਚ ਪੱਤਰਕਾਰੀ ਕਰਨਾ- https://www.facebook.com/REDFMToronto
ਕੈਨੇਡਾ ਵਿਚ ਵੱਖ ਵੱਖ ਮੀਡੀਆ ਅਦਾਰਿਆਂ ਵਿਚ ਕੰਮ ਕੀਤਾ। ਅੱਜ ਦੇ ਸਮੇਂ ਵਿਚ ਕੈਨੇਡਾ ਵਿਚ ਪੱਤਰਕਾਰੀ ਦੇ ਤੌਰ ਤੇ ਸਥਾਪਤ ਹੋਣਾ ਬੜਾ ਮੁਸ਼ਕਿਲ ਕੰਮ ਹੈ, ਕਿਉਂਕ‌ਿ ਇੱਥੇ ਮੀਡੀਆ ਅਦਾਰਿਆਂ ਦਾ ਹੜ੍ਹ ਆਇਆ ਪਿਆ ਹੈ ਤੇ ਪੱਤਰਕਾਰੀ ਤਾਂ ਕੀਤੀ ਜਾ ਰਹੀ ਹੈ ਪਰ ਰੂਹ ਦੀ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਕੰਮ ਹੈ। ਪਰ ਸ਼ਮੀਲ ਹੋਰਾਂ ਨੇ ਮੀਡੀਆ ਅਦਾਰਿਆਂ ਵਿਚ ਆਪਣਾ ਨਾਮ ਅੱਛੇ ਤਰੀਕੇ ਨਾਲ ਬਣਾਇਆ ਤੇ ਉਹ ਕੈਨੇਡਾ ਦੀ ਮੀਡੀਆ ਹੱਬ ‘ਰੌਜ਼ਰ’ ਵਿਚ ਚੱਲਦੇ ਮਲਟੀਕਲਚਰ ਟੀਵੀ ਚੈਨਲ ‘ਔਮਨੀ’ ਵਿਚ ਕੰਮ ਪੱਤਰਕਾਰੀ ਕਰਨ ਲੱਗ ਪਏ। ਕੈਨੇਡਾ ਵਿਚ ਸ਼ਮੀਲ ਹੋਰਾਂ ਦੀ ਇਹ ਸ਼ੁਰੂਆਤੀ ਜੌਬ ਸੀ। ਉਸ ਵਿਚ ਪੰਜਾਬੀ ਨਿਊਜ਼ ਸ਼ੁਰੂ ਹੋਈਆਂ। 2019 ਦੌਰਾਨ ਕੈਨੇਡਾ ਵਿਚ ਹੀ ‘ਰੈੱਡ ਐਫਐਮ’ ਵਿਚ ਬਤੌਰ ਨਿਊਜ਼ ਡਾਇਰੈਕਟਰ ਅਤੇ ਮਾਰਨਿੰਗ ਸ਼ੋਅ ਹੋਸਟ ਕਰਨ ਲੱਗ ਪਏ। ਪੂਰੇ ਕੈਨੇਡਾ ਵਿਚ ਚੱਲਣ ਵਾਲਾ ਰੈੱਡ ਐਫਐਮ ਦਾ ਟਰਾਂਟੋ ਤੋਂ ਪ੍ਰਾਈਮ ਟਾਈਮ ਵਿਚ ਸ਼ਮੀਲ ਹੋਰੀਂ ਬਾ-ਕਮਾਲ ਪੱਤਰਕਾਰੀ ਕਰ ਰਹੇ ਹਨ, ਜਿਸ ਦੀ ਚਰਚਾ ਪੰਜਾਬੀ ਹਲਕਿਆਂ ਵਿਚ ਹੁੰਦੀ ਰਹਿੰਦੀ ਹੈ। ਰੈੱਡ ਐਫਐਮ ਵਿਚ ਹੀ ਡਾਇਰੈਕਟਰ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਰਹੇ ਹਨ। -ਸਾਹਿਤਕ ਸਿਰਜਣਾ- ਸ਼ਮੀਲ ਹੋਰਾਂ ਨੇ ਲਿਖਣਾ ਕਾਲਜ ਸਮੇਂ ਤੋਂ ਹੀ ਸ਼ੁਰੂ ਕਰ ਲਿਆ ਸੀ। ਪਹਿਲਾਂ ਜ਼ਿਕਰ ਕੀਤਾ ਜਾ ਚੁੱ‌ਕਿਆ ਹੈ, ਕਾਲਜ ਵਿਚ ਪੜ੍ਹਦੇ ਹੀ 1990 ਵਿਚ ‘ਇਕ ਛਿਣ ਦੀ ਵਾਰਤਾ’ ਕਵਿਤਾ ਦੀ ਕਿਤਾਬ ਛਪ ਚੁੱਕੀ ਸੀ। ਇਸ ਕਿਤਾਬ ਚ ਸ਼ਮੀਲ ਦੀਆਂ 1987 ਤੋਂ 1989 ਦੌਰਾਨ ਲਿਖੀਆਂ 9 ਲੰਮੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਸ਼ਮੀਲ ਦੀ ਗਹਿਰੀ ਵਿਚਾਰਧਾਰਕ ਅਤੇ ਦਾਰਸ਼ਨਿਕ ਸੂਝ ਨੂੰ ਉਜਾਗਰ ਕਰਦੀਆਂ ਹਨ ਜਦੋਂ ਸ਼ਮੀਲ ਹਾਲੇ ਬੀ.ਏ. ਦਾ ਵਿਦਿਆਰਥੀ ਸੀ। ਇਸ ਕਾਵਿ-ਸੰਗ੍ਰਹਿ ਦਾ ਉਸ ਵੇਲੇ ਦੇ ਉਘੇ ਸਾਹਿਤਕਾਰਾਂ ਅਤੇ ਸਮੀਖਿਅਕਾਂ ਨੇ ਨੋਟਿਸ ਲਿਆ ਅਤੇ ਭਰਵੀਂ ਪ੍ਰਸੰਸਾ ਕੀਤੀ।
ਉਸ ਤੋਂ ਬਾਅਦ ‘ਓ ਮੀਆਂ’, ‘ਧੂਫ਼’ ਸ਼ਮੀਲ ਦੀ ਕਵਿਤਾ ਦੀ ਤੀਸਰੀ ਕਿਤਾਬ ਹੈ ਜੋ 2019 ਵਿੱਚ ਪ੍ਰਕਾਸ਼ਿਤ ਹੋਈ।
ਇਸ ਤੋਂ ਇਲਾਵਾ ਸ਼ਮੀਲ ਹੋਰਾਂ ਦੀ ਇਕ ਸੰਪਾਦਨ ਕੀਤੀ ਰੰਗੀਲੀ ਕਿਤਾਬ ਕਾਫ਼ੀ ਚਰਚਾ ਵਿਚ ਰਹੀ, ਜਿਸ ਦੇ ਮੂਲ ਲੇਖਕ ਰਾਜਪਾਲ ਸਿੰਘ ਸਿੱਧੂ ਹਨ, ਇਹ ਕਿਤਾਬ ‘ਕਾਫ਼ੀ ਟੇਬਲ ਬੁੱਕ’ ਦੇ ਰੂਪ ਵਿਚ ਪੰਜਾਬ ਦੇ ਪੰਛੀਆਂ ’ਤੇ ਅਧਾਰਿਤ ਹੈ। ਇਹ ਵੱਡ ਅਕਾਰੀ ਕਿਤਾਬ ਸਾਰੀ ਹੀ ਰੰਗਦਾਰ ਤਸਵੀਰਾਂ ਨਾਲ ਤਿਆਰ ਕੀਤੀ ਗਈ ਹੈ ਜਿੱਥੇ ਇਹ ਪਾਠਕਾਂ ਦੀ ਖਿੱਚ ਦਾ ਕੇਂਦਰ ਬਣੀ ਹੈ ਉੱਥੇ ਹੀ ਜਾਣਕਾਰੀ ਭਰਪੂਰ ਵੀ ਹੈ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਸਿਆਸੀ ਜੀਵਨੀ ਤੇ ‘ਸਿਆਸਤ ਦਾ ਰੁਸਤਮ-ਏ-ਹਿੰਦ ’ ਕਿਤਾਬ ਲਿਖੀ ਗਈ, 2003 ਛਪੀ ਇਹ ਸ਼ਮੀਲ ਦੀ ਵਾਰਤਕ ਦੀ ਪਹਿਲੀ ਕਿਤਾਬ ਕਮਿਉਨਿਸਟ ਲੀਡਰ ਹਰਕਿਸ਼ਨ ਸਿੰਘ ਸੁਰਜੀਤਦੇ ਸਿਆਸੀ ਜੀਵਨ ਉੱਤੇ ਅਧਾਰਿਤ ਹੈ ਅਤੇ ਇਸ ਕਿਤਾਬ ਨੇ ਮੁਲਕ ਭਰ ਦੇ ਮੀਡੀਆ ਚ ਵਿਵਾਦ ਅਤੇ ਚਰਚਾ ਛੇੜੀ। 2003 ਚ ਪ੍ਰਕਾਸ਼ਿਤ ‘ਸਿੰਘ ਯੋਗੀ’ ਕਿਤਾਬ ਲੇਖਕ ਬਲਰਾਮ ਅਤੇ ਸ਼ਮੀਲ ਨੇ ਸਾਂਝੇ ਤੌਰ ਤੇ ਲਿਖੀ ਸੀ। ਇਹ ਵਿਸ਼ਵ ਪ੍ਰਸਿਧ ਅਧਿਆਤਮਕ ਆਗੂ ਅਤੇ ਕੁੰਡਲਿਨੀ ਯੋਗ ਸਿਖਿਅਕ ਭਾਈ ਹਰਭਜਨ ਸਿੰਘ ਯੋਗੀ ਦੇ ਜੀਵਨ ਉੱਤੇ ਇੱਕ ਮਾਤਰ ਕਿਤਾਬ ਹੈ ਜਿਹਨਾਂ ਨੂੰ ਪਛਮੀ ਅਧਿਆਤਮਕ ਦਾਇਰਿਆਂ ਚ 'ਯੋਗੀ ਭਜਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਯੋਗੀ ਭਜਨ ਸਿਖ ਪਿਛੋਕੜ ਵਾਲੇ ਪਹਿਲੇ ਆਗੂ ਹਨ ਜਿਹਨਾਂ ਦਾ ਪਛਮੀ ਦੇਸ਼ਾਂ ਵਿੱਚ ਤੇਜ਼ੀ ਨਾਲ ਉਭਰ ਰਹੇ ਯੋਗ ਸੰਪਰਦਾਏ ਚ ਐਨਾ ਵੱਡਾ ਪ੍ਰਭਾਵ ਹੈ। 2019 ਵਿਚ ਕਵਿਤਾਵਾਂ ਦੀ ਇਕ ਤਰੰਨਮ ਵਿਚ ਸੀਡੀ ਵੀ ਰਿਕਾਰਡ ਕੀਤੀ ਗਈ, ਜਿਸ ਨੂੰ ਸੁਣਦਿਆਂ ਸਰੋਤਾ ਭਾਵਨਾਵਾਂ ਦੇ ਵਹਿਣ ਵਿਚ ਵਹਿ ਤੁਰਦਾ ਹੈ। -ਕੋਰਟ ਕੇਸ, ਧਮਕੀਆਂ- ਜਿਹੋ ਜਿਹੀ ਜੋਖ਼ਮ ਭਰੀ ਪੱਤਰਕਾਰੀ ਸ਼ਮੀਲ ਹੋਰਾਂ ਨੇ ਕੀਤੀ ਹੈ, ਧਮਕੀਆਂ ਆਉਣੀਆਂ ਤਾਂ ਸੁਭਾਵਿਕ ਸਨ, ਪਰ ਕਿਸੇ ਨੇ ਕੋਰਟ ਕੇਸ ਕਰਨ ਦੀ ਜ਼ੁਰਅੱਤ ਨਹੀਂ ਕੀਤੀ। ਜਿਨ੍ਹਾਂ ਲੋਕਾਂ ਦੀ ਰਿਪੋਰਟਿੰਗ ਕੀਤੀ ਜਾਂਦੀ ਸੀ ਸ਼ਾਇਦ ਉਹ ਸਮਝ ਜਾਂਦੇ ਹੋਣ ਕਿ ਗੱਲ ਤਾਂ ਸੱਚੀ ਹੈ, ਅਸੀਂ ਹੀ ਇੰਜ ਕੀਤਾ ਹੈ, ਜੇਕਰ ਕੀਤਾ ਹੈ ਤਾਂ ਪੱਤਰਕਾਰ ਤਾਂ ਛਾਪਣਗੇ ਹੀ। ਡਰਾਉਣ ਧਮਕਾਉਣ ਦੀ ਕੋਈ ਖ਼ਾਸ ਘਟਨਾ ਨਹੀਂ ਵਾਪਰੀ। ਸ਼ਾਇਦ ਦੂਜੀ ਧਿਰ ਨੂੰ ਪਤਾ ਹੋਵੇ ਕਿ ਪੱਤਰਕਾਰ ਦੀ ਮਾੜੀ ਮਨਸਾ ਨਹੀਂ ਹੈ। ਜਦੋਂ ਡੇਰੇ ਸਿਰਸੇ ਵਾਲਿਆਂ ਬਾਰੇ ਲਿਖਿਆ ਤਾਂ ਉਹ ਕਾਫ਼ੀ ਖ਼ਫ਼ਾ ਹੋਏ ਸਨ। ਪਰ ਜਦੋਂ ਉਨ੍ਹਾਂ ਨਾਲ ਵਿਤਕਰਾ ਹੋਣ ਲੱਗਾ ਤਾਂ ਉਨ੍ਹਾਂ ਦੇ ਪੱਖ ਵਿਚ ਵੀ ਪੱਤਰਕਾਰੀ ਕਰਨ ਲੱਗਿਆਂ ਪਰਵਾਹ ਨਹੀਂ ਕੀਤੀ। ਜਿਵੇਂ ਕਿ ਜਦੋਂ ਡੇਰੇ ਸਿਰਸੇ ਦੇ ਪ੍ਰੇਮੀਆਂ ਦਾ ਬਾਈਕਾਟ ਹੋਣ ਲੱਗਾ ਤਾਂ ਉਨ੍ਹਾਂ ਦੇ ਮਸਲੇ ਵੀ ਪੂਰੀ ਸ਼ਿੱਦਤ ਨਾਲ ਉਭਾਰੇ। ਜਦੋਂ ਸ਼ਮੀਲ ਹੋਰਾਂ ਨੇ ਪੱਤਰਕਾਰੀ ਸ਼ੁਰੂ ਕੀਤੀ ਤਾਂ ਉਸ ਵੇਲੇ ਖਾੜਕੂਵਾਦ ਦਾ ਦੌਰ ਖ਼ਤਮ ਹੋ ਚੁੱਕਾ ਸੀ ਇਸ ਕਰਕੇ ਖਾੜਕੂਵਾਦ ਨਾਲ ਸ਼ਮੀਲ ਹੋਰਾਂ ਦਾ ਕੋਈ ਵਾਹ ਨਹੀਂ ਪਿਆ। -ਸ਼ਮੀਲ’ ਦੀਆਂ ਕਮੀਆਂ- ਸ਼ਮੀਲ ਹੋਰਾਂ ਨੇ ਵੱਖ ਵੱਖ ਮੀਡੀਆ ਅਦਾਰਿਆਂ ਵਿਚ ਕੰਮ ਕਰਦਿਆਂ ਲੋਕ ਹਿਤ ਵਿਚ ਰਿਪੋਰਟਾਂ ਕੀਤੀਆਂ। ਦੇਸ਼ ਸੇਵਕ ਅਤੇ ਪੱਤਰਕਾਰਾਂ ’ਤੇ ਕੁਝ ਕੇਸ ਹੋਏ, ਜਿਸ ਕਰਕੇ ਦੇਸ਼ ਸੇਵਕ ਦੀ ਮੈਨੇਜਮੈਂਟ ਨੇ ਬਾਅਦ ਵਿਚ ਅਜਿਹਾ ਕੰਮ ਕੀਤਾ ਜਿਵੇਂ ਕਿ ਕਿਸੇ ਗੋਦੜੀ ਵਿਚ ਲਾਲ ਪਏ ਹੋਣ ਤੇ ਉਸ ਨੂੰ ਝਾੜ ਕੇ ਗੋਦੜੀ ਸੁੰਨੀ ਕਰ ਦਿੱਤੀ ਜਾਵੇ। ਇਸੇ ਤਰ੍ਹਾਂ ਕੀਤਾ ਦੇਸ਼ ਸੇਵਕ ਦੀ ਮੈਨੇਜਮੈਂਟ ਨੇ। ਮੈਨੇਜਮੈਂਟ ਨੇ ਦੇਸ਼ ਸੇਵਕ ਦੀ ਚਰਚਾ ਕਰਾਉਣ ਵਾਲੇ ਲਾਲਾਂ ਨੂੰ ਝਾੜਨਾ ਸ਼ੁਰੂ ਕਰ ਦਿੱਤਾ। ਦੋਸ਼ ਕੱਢਿਆ ਗਿਆ ‘ਸ਼ਮੀਲ’ ਹੋਰਾਂ ਦਾ। ‘ਸ਼ਮੀਲ’ ਹੋਰਾਂ ਵੱਲੋਂ ਦੇਸ਼ ਸੇਵਕ ਲਈ ਕੀਤੀ ਕਮਾਈ ਦਾ ਦੇਸ਼ ਸੇਵਕ ਦੀ ਮੈਨੇਜਮੈਂਟ ਲਾਹਾ ਨਹੀਂ ਲੈ ਸਕੀ, ਇਸੇ ਕਰਕੇ ਦੇਸ਼ ਸੇਵਕ ਏਨੀ ਚਰਚਾ ਵਿਚ ਆ ਕੇ ਵੀ ਉਸ ਨੂੰ ਬਰਕਰਾਰ ਨਹੀਂ ਰੱਖ ਸਕਿਆ। ਅੱਜ ਦੇਸ਼ ਸੇਵਕ ਦਾ ਹਾਲ ਸਭ ਮੀਡੀਆ ਕਰਮੀਂ ਜਾਣਦੇ ਹਨ। ਸ਼ਮੀਲ ’ਤੇ ਦੋਸ਼ ਹੈ ਕਿ ਉਸ ਨੇ ਚਰਚਾ ਬਟੋਰਨ ਲਈ ਕਈ ਰਿਪੋਰਟਾਂ ਅਜਿਹੀਆਂ ਕੀਤੀਆਂ ਜਿਨ੍ਹਾਂ ਨਾਲ ਦੇਸ਼ ਸੇਵਕ ਨੂੰ ਸੰਕਟਾਂ ਵਿਚ ਘਿਰਨਾ ਪਿਆ। ਪਰ ਇਕ ਲੋਕ ਪੱਖੀ ਪੱਤਰਕਾਰੀ ਕਰਨ ਲਈ ਲੋਕਾਂ ਦੇ ਹਿਤ ਪੂਰਨ ਲਈ ਕਈ ਸਖ਼ਤ ਰਿਪੋਰਟਾਂ ਕਰਨੀਆਂ ਲਾਜ਼ਮੀ ਹੁੰਦੀਆਂ ਹਨ। ‘ਸ਼ਮੀਲ’ ਹੋਰਾਂ ਦੀਆਂ ਅਜੋਕੇ ਸਮਾਜ ਅਨੁਸਾਰ ਕਾਫ਼ੀ ਕਮੀਆਂ ਦੇਖਣ ਨੂੰ ਮਿਲੀਆਂ ਹਨ,ਉਹ ਰੱਜ ਕੇ ਇਮਾਨਦਾਰ ਹੈ, ਵੱਡੇ ਸਰਕਲ ਬਣਾਉਣ ਵਾਲਾ ਨਹੀਂ, ਨਹੀਂ ਤਾਂ ਜਿਸ ਨੇ ਸ਼ੁਰੂਆਤ ਹਰਚਰਨ ਬੈਂਸ ਵਰਗੇ ਵਿਅਕਤੀ ਨਾਲ ਕੀਤੀ ਹੋਵੇ ਤਾਂ ਜਦੋਂ ਬਾਦਲ ਸਰਕਾਰ ਆਈ ਤਾਂ ਗਰੁੱਪ ਬਣਾ ਕੇ ਹੋਰ ਪੱਤਰਕਾਰਾਂ ਵਾਂਗ ਕਈ ਸਾਰੇ ਲਾਭ ਲਏ ਜਾ ਸਕਦੇ ਸਨ। ਇਕ ਸਮਾਂ ਚੰਡੀਗੜ੍ਹ ਦੇ ਪੱਤਰਕਾਰਾਂ ਵਿਚ ਗਰੁੱਪਇਜ਼ਮ ਦਾ ਆਇਆ ਪਰ ਸ਼ਮੀਲ ਨੇ ਨਿਰੋਲ ਪੱਤਰਕਾਰੀ ਕੀਤੀ ਉਸ ਨੇ ਕਿਸੇ ਗਰੁੱਪ ਵਿਚ ਨਾ ਜਾ ਕੇ ਸਰਕਾਰਾਂ ਤੋਂ ਕੋਈ ਨਿੱਜੀ ਲਾਭ ਨਹੀਂ ਲਿਆ। ਉਹ ਨਿਰੋਲ ਪੱਤਰਕਾਰੀ ਕਰਦਾ ਹੈ, ਇਹ ਗੱਲ ਹੀ ਉਸ ਨੂੰ ਬਾਕੀ ਪੱਤਰਕਾਰਾਂ ਤੋਂ ਵੱਖਰਾ ਕਰ ਦਿੰਦੀ ਹੈ। ਸਿਰਫ਼ ‘ਵਿਊ’ ਲੈ ਕੇ ਪੱਤਰਕਾਰੀ ਕਰਨਾ ਵਾਲਾ ਪੱਤਰਕਾਰ ਨਹੀਂ ਹੈ, ਉਹ ਸਿਰਫ਼ ਪੱਤਰਕਾਰੀ ਨੂੰ ਹੀ ਪ੍ਰਣਾਇਆ ਹੈ। ਪੱਤਰਕਾਰੀ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ, ਸ਼ਮੀਲ ਵਰਗੇ ਚੰਦ ਕੁ ਲੋਕ ਹਨ ਜੋ ਇਸ ਤਰ੍ਹਾਂ ਦੀ ਪੱਤਰਕਾਰੀ ਕਰ ਰਹੇ ਹਨ। -ਪਰਿਵਾਰ- ਸ਼ਮੀਲ ਜਸਵੀਰ ਹੋਰਾਂ ਦਾ ਪਰਿਵਾਰ ਵਿਚੋਂ ਦੋ ਭੈਣਾਂ ਹਨ, ਪਤਨੀ ਪੂਰਬਾ ਅਜ਼ਾਦ ਕੈਨੇਡਾ ਵਿਚ ਹੀ ਹੈ ਅਤੇ ਦੋ ਬੱਚੇ ਹਨ ਜਿਨ੍ਹਾਂ ਵਿਚ ਬੇਟਾ ਅਰਨਬ ਸਿੰਘ ਅਤੇ ਬੇਟੀ ਰਾਵੀਆ। ਮਾਸ਼ਾ ਅੱਲਾਹ, ਖ਼ੁਸ਼ਹਾਲ ਪਰਿਵਾਰ ਹੈ। ਸ਼ਮੀਲ ਹੋਰੀਂ ਚੰਗੇ ਆਦਰਸ਼ਵਾਦੀ ਪੱਤਰਕਾਰ, ਲੇਖਕ ਤੇ ਕਵੀ ਹਨ।
ਕੋਈ ਵੀ ਵਿਅਕਤੀ ਸੰਪੂਰਨ ਨਹੀਂ ਹੁੰਦਾ, ਕਮੀਆਂ ਸਭ ਵਿਚ ਹੁੰਦੀਆਂ ਹਨ, ਪਰ ਜੋ ਵਿਅਕਤੀ ਦੇਸ਼, ਕੌਮ, ਸਮਾਜ ਨਾਲ ਧ੍ਰੋਹ ਨਾ ਕਮਾਵੇ ਉਸ ਵਿਅਕਤੀ ਨੂੰ ਚੰਗਾ ਵਿਅਕਤੀ ਕਿਹਾ ਜਾਂਦਾ ਹੈ। ਕਿਸੇ ਵਿਅਕਤੀ ਦੀਆਂ ਨਜ਼ਰਾਂ ਵਿਚ ਕੌਣ ਕਿਹੋ ਜਿਹਾ ਹੈ ਇਹ ਉਸ ਵਿਅਕਤੀ ਦੇ ਨਜ਼ਰੀਏ ਦਾ ਆਪਣਾ ਪੱਖ ਹੁੰਦਾ ਹੈ, ਸਮੁੱਚਤਾ ਵਿਚ ਕਿਸੇ ਇਕ ਵਿਅਕਤੀ ਦੀ ਸੋਚ ਨੂੰ ਨਹੀਂ ਵਿਚਾਰਿਆ ਜਾ ਸਕਦਾ। ਸ਼ਮੀਲ ਬਾਰੇ ਲਿਖਣਾ ਬਹੁਤ ਕੁਝ ਰਹਿ ਗਿਆ। ਪਰ ਜਿੰਨਾ ਲਿਖਿਆ ਹੈ ਸਵੀਕਾਰ ਕਰਨਾ, ਮੈਂ ਸ਼ਮੀਲ ਅਤੇ ਉਸ ਦੇ ਪਰਿਵਾਰ ਦੀ ਸਲਾਮਤੀ, ਤੰਦਰੁਸਤੀ ਵਾਹਿਗੁਰੂ ਵੱਲੋਂ ਭਲੀ ਮੰਗਦਾ ਹਾਂ, ਸ਼ਮੀਲ ਖ਼ੁਸ਼ੀ ਰਹੇ.. ਆਮੀਨ
ਗੁਰਨਾਮ ਸਿੰਘ ਅਕੀਦਾ 8146001100

No comments:

Post a Comment