Sunday, October 09, 2022

ਦਸਮ ਪਿਤਾ ਬਾਜਾਂ ਵਾਲੇ ਨੂੰ ਸਮਝ ਕੇ ਵੀ ਅਣਜਾਣ ਹੈ ਸਿੱਖ ਸਮਾਜ

ਦਸਮ ਪਿਤਾ, ਬਾਜਾਂ ਵਾਲੇ ਨੇ ਸਾਰੀਆਂ ਜਾਤਾਂ ਦੇ ਬੰਧਨ ਹੀ ਤੋੜ ਦਿੱਤੇ ਸਨ, ਉਨ੍ਹਾਂ ਦੀ ਮਨੋਬਿਰਤੀ ਨੂੰ ਰਤਨ ਸਿੰਘ ਭੰਗੂ ਵਰਗੇ ਕਵੀਆਂ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ । ਚੌਪਈ : ਸਤ ਸਨਾਤਿ ਔ ਬਾਰਹ ਜਾਤ, ਜਾਨ ਨਹਿ ਰਾਜਨੀਤ ਕੀ ਬਾਤ। ਜੱਟ ਬੂਟ ਕਹਿ ਜਿਹ ਜਗ ਮਾਹੀ, ਬਣੀਏ ਬਕਾਲ ਕਿਰਾੜ, ਖੱਤ੍ਰੀ ਸਦਾਈ। ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ, ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ। ਗੁੱਜਰ ਗਵਾਰ ਹੀਰ ਕਮਜਾਤ,ਕੰਬੋਇ ਸੂਦਨ ਕੋਇ ਪੁਛੈ ਨ ਬਾਤ। ਝੀਵਰ ਨਾਈ ਰੋੜੇ ਘੁਮਿਆਰ, ਸਾਇਣੀ ਸੁਨਿਆਰੇ ਚੂੜ੍ਹੇ ਚਮਿਆਰ। ਭੱਟ ਔ ਬਾਹਮਣ ਹੁਤੇ ਮੰਗਵਾਰ, ਬਹੁਰੂਪੀਏ ਲੁਬਾਣੇ ਔ ਘੁਮਿਆਰ। ਇਨ ਗ੍ਰੀਬ ਸਿੰਘਨ ਕੋ ਦਯੈ ਪਤਿਸ਼ਾਹੀ, ਏ ਯਾਦ ਰਖੈਂ ਹਮਰੀ ਗੁਰਿਆਈ। ਤੌ ਸਦਿ ਸਤਿਗੁਰ ਸਿਖ ਲਲਕਾਰੇ, ਫੜੋ ਸ਼ਸਤ੍ਰਨ ਲਿਹੁ ਤੁਰਕਨ ਮਾਰੇ। ਰਤਨ ਸਿੰਘ ਭੰਗੂ ਦੀ ਇਸ ਕ੍ਰਿਤ ਨੇ ਪੂਰਾ ਸੱਚ ਸਪਸ਼ਟ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਥੋਂ ਤੱਕ ਬ੍ਰਾਹਮਣ, ਕਸ਼ੱਤਰੀ, ਵੈਸ਼ ਤਿੰਨ ਜਾਤਾਂ ਵੀ ਸ਼ੂਦਰਾਂ ਵਰਗੀ ਜ਼ਿੰਦਗੀ ਕੱਟ ਰਹੀਆਂ ਸਨ। ਉਨ੍ਹਾਂ ਨਾਲ ਮੁਗਲ ਰਾਜਿਆਂ ਨੇ ਮਾੜਾ ਕੀਤਾ ਹੋਇਆ ਸੀ, ਉਨ੍ਹਾਂ ਦੇ ਧਰਮ ਨੂੰ ਜਬਰੀ ਇਸਲਾਮ ਵਿਚ ਤਬਦੀਲ ਕੀਤਾ ਜਾ ਰਿਹਾ ਸੀ। ਮੁਗਲ ਬਾਦਸ਼ਾਹ ਹਿੰਦੂਆਂ ਦੇ ਸਵਾ ਮਣ ਜਨੇਊ ਉਤਾਰ ਕੇ ਰਾਤ ਦਾ ਖਾਣਾ ਖਾਂਦਾ ਸੀ ਵਰਗੀਆਂ ਕਹਾਣੀਆਂ ਵੀ ਪ੍ਰਚਲਤ ਹੋ ਰਹੀਆਂ ਸਨ। ਇਨ੍ਹਾਂ ਤਿੰਨਾ ਜਾਤੀਆਂ ਤੋਂ ਇਲਾਵਾ ਬਾਕੀ ਸ਼ੂਦਰ ਜਾਤੀਆਂ ਦਾ ਹੋਰ ਵੀ ਬੁਰਾ ਹਾਲ ਸੀ, ਹਾਲਾਂ ਕਿ ਰਤਨ ਸਿੰਘ ਭੰਗੂ ਵੱਲੋਂ ਥੋੜੀ ਜਿਹੀ ਉਦਾਹਰਣ ਮਾਤਰ ਕੁੱਝ ਕੁ ਜਾਤਾਂ ਨੂੰ ਗੁਰੂ ਸਾਹਿਬ ਵੱਲੋਂ ਪਾਤਿਸ਼ਾਹੀ ਦੇਣ ਦੀ ਗੱਲ ਹੀ ਸਾਹਮਣੇ ਆਈ ਹੈ, ਇਨ੍ਹਾਂ ਸ਼ੂਦਰ ਜਾਤਾਂ ਵਿਚ ਜੱਟਾਂ ਤੋਂ ਲੈ ਕੇ ਲੁਬਾਣੇ, ਚੂਹੜੇ, ਚਮਿਆਰ ਆਦਿ ਦਰਜ ਕੀਤੇ ਗਏ ਹਨ। ਇਨ੍ਹਾਂ ਸ਼ੂਦਰਾਂ ਨੂੰ ਪਾਤਸ਼ਾਹੀ ਦੇਣ ਦੀ ਗੱਲ ਕੀਤੀ ਗਈ ਹੈ। ਇਕ ਪਾਸੇ ਮੁਗ਼ਲਾਂ ਨਾਲ ਸਿੱਧੀ ਟੱਕਰ ਸੀ ਦੂਜੇ ਪਾਸੇ ਹਿੰਦੂ ਰਵਾਇਤਾਂ ਅਨੁਸਾਰ ਉੱਚੀਆਂ ਨੀਵੀਂਆਂ ਜਾਤਾਂ ਖ਼ਤਮ ਕਰਨ ਕਰ ਕੇ ਬ੍ਰਾਹਮਣਾ ਦੀ ਨਮੋਸ਼ੀ ਵੀ ਗੁਰੂ ਸਾਹਿਬ ਨੇ ਝੱਲੀ, ਪਰ ਉਹ ਅਟੱਲ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕਾਰਜ ਆਰੰਭਿਆ ਤਾਂ ਸ਼ੂਦਰ ਦੀ ਹਾਲਤ ਬਦ ਤੋਂ ਵੀ ਬਦਤਰ ਸੀ, ਸ਼ੂਦਰ ਭਾਵੇਂ ਰਾਜਾ ਵੀ ਬਣ ਜਾਵੇ ਪਰ ਉਹ ਸ਼ੂਦਰਾਂ ਨਾਲ ਹੁੰਦੀ ਬੇਪਤੀ ਦਾ ਹੀ ਸ਼ਿਕਾਰ ਹੁੰਦਾ ਸੀ। ਇਨਸਾਨ ਨੂੰ ਇਨਸਾਨ ਬਣਾਉਣ ਦਾ ਪੱਕਾ ਕਾਨੂੰਨ ਵਿਧਾਨ ਸਿੱਖ ਕੌਮ ਦੇ ਹਵਾਲੇ ਕੀਤਾ। ਜੋ ਗੁਰੂ ਦਾ ਸਿੱਖ ਹੈ ਉਹ ਸਿਰਫ਼ ਸਿੱਖ ਹੈ ਉਹ ਨਾ ਜੱਟ, ਨਾ ਕੰਬੋ, ਨਾ ਖੱਤਰੀ, ਨਾ ਬ੍ਰਾਹਮਣ, ਨਾ ਘੁਮਿਆਰ, ਨਾ ਝਿਊਰ, ਨਾ ਚਮਾਰ ਨਾ ਚੂਹੜਾ, ਸਗੋਂ ਸਾਰੇ ਇਨਸਾਨ, ਗੁਰੂ ਦੇ ਸਿੱਖ, ਜੋ ਜਾਤ ਮੰਨਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੈ, ਸ਼ੂਦਰਾਂ ਨੂੰ ਆਪਣੇ ਜਥੇਦਾਰਾਂ ਵਿਚ ਥਾਂ ਦਿੱਤੀ। ਰੰਘਰੇਟੇ ਗੁਰੂ ਕੇ ਬੇਟਿਆਂ ਨਾਲ ਜੱਟਾਂ ਦੀਆਂ ਧੀਆਂ ਦੀ ਸ਼ਾਦੀ ਤੱਕ ਕਰਾਈ ਗਈ। ਜਾਤ ਪਾਤ ਦਾ ਹੰਕਾਰ ਖ਼ਤਮ ਕਰ ਕੇ ਰੱਖ ਦਿੱਤਾ। ਹੁਣ ਸਾਰੇ ਸਿੱਖ ਸਨ, ਕੋਈ ਜਾਤ ਗੋਤ ਦੀ ਕੋਈ ਹੋਂਦ ਨਹੀਂ ਸੀ। ਇਹ ਸਭ ਪੱਕਾ ਕਰਨ ਲਈ ਗੁਰੂ ਸਾਹਿਬ ਨੇ ਆਪਣੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਤੇ ਦੋ ਸਾਹਿਬਜ਼ਾਦੇ ਸਰਹਿੰਦ ਨੀਂਹਾਂ ਵਿਚ ਸ਼ਹੀਦ ਕਰਵਾ ਦਿੱਤੇ ਪਰ ਅਕਾਲ ਪੁਰਖ ਤੇ ਰਤਾ ਜਿਨਾ ਵੀ ਮਲਾਲ ਨਾ ਕੀਤਾ। ਸਗੋਂ ਆਪਣੀ ਸਿੱਖੀ ਨੂੰ ਬਚਾਉਣ ਦਾ ਨਾਅਰਾ ਮਾਰਦੇ ਹੋਏ ਸਭ ਨੂੰ ਕਿਹਾ ਕਿ ਜੇਕਰ ਚਾਰ ਚਲੇ ਗਏ ਤਾਂ ਕੀ ਹੋ ਗਿਆ ਅਸਲ ਵਿਚ ਸਿੱਖੀ ਨੂੰ ਜਿਉਂਦਾ ਰੱਖਣ ਲਈ ਹਜ਼ਾਰਾਂ ਸਿੱਖ ਜਿਉਂਦੇ ਹਨ। ਹਿੰਦੂਆਂ ਨੇ ਵੀ ਸਿੱਖੀ ਵਿਚ ਬੜਾ ਵੱਡਾ ਕੰਮ ਕੀਤਾ, ਆਮ ਤੌਰ ਤੇ ਗੰਗੂ ਬਾਮਣ ਤੇ ਸੁੱਚਾ ਨੰਦ ਦੀ ਗੱਲ ਕਰ ਕੇ ਹਿੰਦੂਆਂ ਨੂੰ ਭੰਡਿਆ ਜਾਂਦਾ ਹੈ ਪਰ ਹਿੰਦੂਆਂ ਵਿਚੋਂ ਹੀ ਦੀਵਾਨ ਟੋਡਰ ਮੱਲ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਅਤਿੰਮ ਸੰਸਕਾਰ ਲਈ ਵਜੀਰ ਖਾਂ ਤੋਂ ਖੜੀਆਂ ਮੋਹਰਾਂ ਕਰ ਕੇ ਜ਼ਮੀਨ ਖ਼ਰੀਦੀ ਸੀ, ਜੋ ਰਹਿੰਦੀ ਦੁਨੀਆਂ ਤੱਕ ਸਭ ਤੋਂ ਮਹਿੰਗੀ ਜ਼ਮੀਨ ਕਹਿਲਾਈ ਜਾਵੇਗੀ। ਹੋਰ ਵੀ ਕਾਫੀ ਨਾਮ ਹਨ ਜਿਨ੍ਹਾਂ ਗੁਰੂ ਸਾਹਿਬ ਨਾਲ ਵਫ਼ਾਦਾਰੀ ਨਿਭਾਈ। ਪਰ ਹਿੰਦ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਅਹਿਸਾਨ ਹੈ, ਜਿਸ ਬਾਰੇ ਕਵੀਆਂ ਨੇ ਇੰਜ ਵੀ ਲਿਖਿਆ ਹੈ ' ਛਾਇ ਜਾਤੀ ਏਕਤਾ, ਅਨੇਕਤਾ ਬਲਾਇ ਜਾਤੀ। ਧਾਇ ਜਾਤੀ ਕੁਚਲਤਾ ਕਤੇਬਨ ਕੁਰਾਨ ਕੀ। ਪਾਪ ਪ੍ਰਪੱਕ ਜਾਤੇ, ਧਰਮ ਧਸਕ ਜਾਤੇ, ਵਰਨ ਗ਼ਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦ ਔ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਤਿਤ ਪਾਵਨ ਸੂਰ, ਮੂਰਤੀ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ।' -ਗੁਰਨਾਮ ਸਿੰਘ ਅਕੀਦਾ

Wednesday, October 05, 2022

ਅੱਜ ਵੀ ਕਲਮ ਚੱਲਦੀ ਹੈ 89 ਸਾਲਾ ਨੌਜਵਾਨ ਪੱਤਰਕਾਰ ‘ਅਵਤਾਰ ਸਿੰਘ ਗ਼ੈਰਤ’ ਦੀ

ਕਰੀਬ ਇਕ ਦੀ ਸਦੀ ਦੀ ਉਮਰ ਲੰਘਾ ਚੁੱਕੇ ਪੱਤਰਕਾਰ ਕੋਲ ਬੜਾ ਖ਼ਜ਼ਾਨਾ ਹੁੰਦਾ ਹੈ ਸਿਆਸਤ, ਸਮਾਜਕ, ਆਰਥਿਕ ਤੇ ਹੋਰ ਵੱਖ ਵੱਖ ਮੁੱਦਿਆਂ ਦਾ। ਅਜਿਹੇ ਪੱਤਰਕਾਰ ਕੋਲੋਂ ਨਿਮਰਤਾ ਨਾਲ ਬੈਠ ਹੀ ਕੁਝ ਸਿੱਖਿਆ ਜਾ ਸਕਦਾ ਹੈ। ਕਲਮਾ ਦੇ ਕਾਫ਼ਲੇ ਬੜੇ ਛੋਟੇ ਹੁੰਦੇ ਸੀ। ਰਿਆਸਤੀ ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ। ਅਸਲ ਵਿਚ ਰਿਆਸਤ ਵਿਚ ਪੱਤਰਕਾਰ ਮਹਾਰਾਜਿਆਂ ਦੇ ਪੱਖ ਵਿਚ ਹੀ ਲਿਖਦੇ ਸਨ। ਜੇਕਰ ਕਿਸੇ ਨੇ ਅਖ਼ਬਾਰ ਬਗੈਰਾ ਕੱਢਿਆ ਤਾਂ ਸਮਝੋ ਉਸ ਨੇ ਸਿੱਧਾ ਹੀ ਰਿਆਸਤ ਨਾਲ ਪੰਗਾ ਲੈ ਲਿਆ, ਕੁਝ ਕ੍ਰਾਂਤੀਕਾਰੀ ਯੋਧੇ ਹੁੰਦੇ ਸੀ ਜੋ ਸਮੇਂ ਅਨੁਸਾਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੈਂਫ਼ਲਿਟਾਂ ਦਾ ਸਹਾਰਾ ਲੈਂਦੇ ਸੀ, ਉਸੇ ਨੂੰ ਸੂਚਨਾ ਦਾ ਸਾਧਨ ਮੰਨਿਆ ਜਾਂਦਾ ਸੀ। ਉਂਜ ਪਟਿਆਲਾ ਰਿਆਸਤ ਵਿਚ ‘ਗੁਰੂ ਘੰਟਾਲ’ ਵਰਗੇ ਇਕਾ ਦੁੱਕਾ ਅਖ਼ਬਾਰ ਹੀ ਨਿਕਲਦੇ ਸਨ(ਵੇਰਵੇ ਕਿਤਾਬ ਵਿਚ ਮਿਲਣਗੇ)। ਉਸ ਵੇਲੇ ਉਰਦੂ ਭਾਸ਼ਾ ਦਾ ਬੋਲ ਬਾਲਾ ਸੀ, ਪੰਜਾਬੀ ਬੜੀ ਘੱਟ ਲਿਖੀ ਜਾਂਦੀ ਸੀ। ਦੇਸ਼ ਭਾਵੇਂ ਅਜ਼ਾਦ ਹੋ ਗਿਆ ਸੀ, ਦੇਸ਼ ਦੀ ਵੰਡ ਹੋ ਗਈ ਸੀ। ਉਰਦੂ ਪੜ੍ਹਨ ਲਿਖਣ ਵਾਲੇ ਜ਼ਿਆਦਾਤਰ ਲੋਕ ਪਾਕਿਸਤਾਨ ਵਿਚ ਚਲੇ ਗਏ ਸਨ। ਪਰ ਫਿਰ ਵੀ ‘ਅਜੀਤ’ ਵਰਗਾ ਅਖ਼ਬਾਰ ਵੀ ਉਸ ਵੇਲੇ ਉਰਦੂ ਵਿਚ ਹੀ ਛਪਦਾ ਸੀ। 1951 ਪੈਪਸੂ ਵੇਲੇ ਦੇ ਕੁਝ ਪੁਰਾਣੇ ਪੱਤਰਕਾਰ ਭਾਈ ਰਤਨ ਸਿੰਘ ਅਜ਼ਾਦ (ਸਟੇਟਸਮੈਨ), ਕੰਵਰ ਰਵੇਲ ਸਿੰਘ (ਸੰਗਤ ਦਰਪਣ), ਇੰਦਰ ਸਿੰਘ ਅਕਾਲੀ (ਜਨਤਾਗੱਗ ਸਰਹਿੰਦ), ਭੂਸ਼ਣ ਸਰਹਿੰਦੀ (ਟਾਈਮਜ਼ ਆਫ਼ ਇੰਡੀਆ), ਹਰੀ ਸਿੰਘ (ਖ਼ਾਲਸਾ ਸੇਵਕ), ਰਿਪੁਦਮਨ ਸਿੰਘ ਰੀਹੇਈ (ਨਵਾਂ ਵਕਤ), ਮੋਹਰ ਸਿੰਘ ਰੰਗ (ਪ੍ਰਭਾਤ), ਕੁਲਵੰਤ ਸਿੰਘ ਗੁਪਤਾ (ਬਠਿੰਡਾ), ਰਾਮ ਮੂਰਤੀ ਸ਼ਰਮਾ (ਨਯਾ ਸੰਸਾਰ), ਗੁਰਚਰਨ ਸਿੰਘ (ਪਰਕਾਸ਼), ਕੁਲਵੰਤ ਰਾਏ ਭਾਰਤੀ (ਬਠਿੰਡਾ), ਜਗਜੀਤ ਸਿੰਘ (ਖ਼ਾਲਸਾ ਸੇਵਕ), ਗਿ‌ਆਨੀ ਗੁਰਦਿੱਤ ਸਿੰਘ (ਪ੍ਰਕਾਸ਼), ਕਿਰਪਾਲ ਸਿੰਘ ਅਰਸ਼ੀ, ਵਿੱਦਿਆ ਸਾਗਰ (ਟ੍ਰਿਬਿਊਨ), ਹਰਦੀਪ ਸਿੰਘ (ਪ੍ਰਕਾਸ਼), ਰਾਜਿੰਦਰ ਸਿੰਘ (ਪੀਟੀਆਈ), ਸੁਦਰਸ਼ਨ ਭਾਟੀਆ (ਜੁਆਇੰਟ ਐਡੀਟਰ ਮਿਲਾਪ), ਬਜਰੰਗ ਬਾਲੀ ਦੁੱਗਲ (ਟ੍ਰਿ‌ਬਿਊਨ), ਜੀਐਸ ਸੇਡਾ (ਬਾਲ ਸੰਸਾਰ) ਆਦਿ ਸਨ। (ਪੱਤਰਕਾਰਾਂ ਦੀ ਫ਼ੋਟੋ ਨਾਲ ਹੈ)
ਮੈਂ ਅੱਜ 89 ਸਾਲਾ ਪੱਤਰਕਾਰ ਅਵਤਾਰ ਸਿੰਘ ਗ਼ੈਰਤ ਦੀ ਗੱਲ ਕਰ ਰਿਹਾ ਹਾਂ। ਮੈਂ ਜਦੋਂ ਉਨ੍ਹਾਂ ਨੂੰ ਮਿਲਣ ਲਈ ਗਿਆ ਤਾਂ ਉਹ ਮਹਿਜ਼ ਬਨੈਣ ਤੇ ਪਜਾਮੇ ਵਿਚ ਹੀ ਸਨ ਤੇ ਮੇਰੀ ਹਰ ਪੱਖੋਂ ਮਦਦ ਕਰ ਰਹੇ ਸਨ। ਆਪਣੀਆਂ ਫਾਈਲਾਂ ਫਰੋਲ ਕੇ ਮੈਨੂੰ ਆਪਣੇ ਨਾਲ ਸਬੰਧਿਤ ਜਾਣਕਾਰੀ ਦੇ ਰਹੇ ਸਨ। ਤੰਦਰੁਸਤ ਨਜ਼ਰ ਆਏ।
26 ਅਕਤੂਬਰ 1933 ਨੂੰ ਜਨਮੇ ਪੱਤਰਕਾਰ ਅਵਤਾਰ ਸਿੰਘ ‘ਗ਼ੈਰਤ’ ਵੀ ਉਰਦੂ ਭਾਸ਼ਾ ਦੇ ਹੀ ਗਿਆਤਾ ਸਨ। ਪੜ੍ਹਨ ਲਿਖਣ ਦਾ ਸ਼ੌਕ ਸੀ, ਇਸੇ ਕਰਕੇ ਉਨ੍ਹਾਂ ਨੂੰ ‘ਅਜੀਤ’ ਅਖ਼ਬਾਰ ਦੇ ਉਸ ਵੇਲੇ ਦੇ ਮੁੱਖ ਸੰਪਾਦਕ (ਮਾਲਕ) ਸਾਧੂ ਸਿੰਘ ਹਮਦਰਦ ਨੇ ਅਜੀਤ ਵਿਚ ਕੰਮ ਕਰਨ ਲਈ ਬੁਲਾ ਲਿਆ ਸੀ। ਜਨਵਰੀ 1952 ਤੋਂ 2 ਫਰਵਰੀ 1953 ਤੱਕ ਅਵਤਾਰ ਸਿੰਘ ਗ਼ੈਰਤ ਨੇ ਅਜੀਤ ਵਿਚ ਕੰਮ ਕੀਤਾ। ਅਜੀਤ ਵਿਚੋਂ ਹੀ ਗ਼ੈਰਤ ਹੋਰਾਂ ਪੱਤਰਕਾਰੀ ਦੇ ਗੁਰ ਸਿੱਖੇ। ਉਸ ਵੇਲੇ ਸ. ਗ਼ੈਰਤ ਦੇ ਚਾਚਾ ਸ. ਮੇਹਰ ਸਿੰਘ ਪਟਿਆਲਾ ਵਿਚ ਉਰਦੂ ਦਾ ਇਕ ਹਫ਼ਤਾਵਾਰੀ ਅਖ਼ਬਾਰ ‘ਰਣਜੀਤ’ ਪ੍ਰਕਾ‌ਸ਼ਿਤ ਕਰਦੇ ਸਨ। ਉਸ ਵੇਲੇ ਪੰਜਾਬੀ ਪੜ੍ਹਨੀ ਕਾਫ਼ੀ ਸ਼ੁਰੂ ਹੋ ਗਈ ਸੀ। ਭਾਵ ਕਿ ਪੰਜਾਬੀ ਦਾ ਬੋਲ ਬਾਲਾ ਹੋ ਗਿਆ ਸੀ। ਸ. ਮੇਹਰ ਸਿੰਘ ਨੇ ਪਟਿਆਲਾ ਤੋਂ ਨਿਕਲ ਰਹੇ ਹਫ਼ਤਾਵਾਰੀ ਅਖ਼ਬਾਰ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਕਰਨਾ ਫ਼ੈਸਲਾ ਕੀਤਾ ਤੇ ਨਾਲ ਹੀ ਫ਼ੈਸਲਾ ਕੀਤਾ ਕਿ ਇਹ ਅਖ਼ਬਾਰ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾਵੇ। ਪਾਕਿਸਤਾਨ ਤੋਂ ਆਏ ਲੋਕ ਭਾਰਤੀ ਪੰਜਾਬ ਵਿਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਜੱਦੋ ਜਹਿਦ ਕਰ ਰਹੇ ਸਨ। ਉਸ ਵੇਲੇ ਭਾਰਤੀ ਪੰਜਾਬ ਵਿਚ ਉਰਦੂ ਦਾ ਭਵਿੱਖ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਸਕੂਲਾਂ ਵਿਚ ਪੜਾਈ ਦਾ ਮਾਧਿਅਮ ਉਰਦੂ ਦੀ ਥਾਂ ਪੰਜਾਬੀ ਨੂੰ ਬਣਾ ਦਿੱਤਾ ਗਿਆ ਸੀ। ਪੰਜਾਬੀ ਦੀ ਪੜਾਈ ਲਈ ਬਹੁਤ ਸਾਰੇ ਗਿਆਨੀ ਕਾਲਜ ਵਜੂਦ ਵਿਚ ਆਏ। ਅਵਤਾਰ ਸਿੰਘ ਗ਼ੈਰਤ ਹੋਰਾਂ ਨੂੰ ਉਨ੍ਹਾਂ ਦੇ ਚਾਚਾ ਮੇਹਰ ਸਿੰਘ ਨੇ ਪਟਿਆਲਾ ਵਿਚ ਆਕੇ ਪੱਤਰਕਾਰੀ ਕਰਨ ਲਈ ਕਿਹਾ। ਪਰ ਅਵਤਾਰ ਸਿੰਘ ਨੂੰ ਪੰਜਾਬੀ ਨਹੀਂ ਆਉਂਦੀ ਸੀ। ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ‘ਬੁੱਧੀਮਾਨੀ’ ਦੀ ਪੜਾਈ ਕੀਤੀ ਫੇਰ ‘ਵਿਦਵਾਨੀ’ ਦੀ ਪੜਾਈ ਕੀਤੀ ਉਸ ਤੋਂ ਬਾਅਦ ‘ਗਿਆਨੀ’ ਦੀ ਪੜਾਈ ਪੰਜਾਬੀ ਯੂਨੀਵਰਸਿਟੀ ਤੋਂ ਕਰ ਲਈ, ਹੁਣ ਅਵਤਾਰ ਸਿੰਘ ਗ਼ੈਰਤ ਪੰਜਾਬੀ ਵਿਚ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਸਨ। ਰਣਜੀਤ ਅਖ਼ਬਾਰ ਨੂੰ ਉਰਦੂ ਦੀ ਥਾਂ ਪੰਜਾਬੀ ਅਖ਼ਬਾਰ ਦਾ ਰੂਪ ਦੇ ਦਿੱਤਾ ਗਿਆ। ਅਵਤਾਰ ਸਿੰਘ ਗ਼ੈਰਤ ਨੂੰ ਪਟਿਆਲਾ ਵਿਚ ਪੰਜਾਬੀ ਪੱਤਰਕਾਰੀ ਦੀ ਨੀਂਹ ਰੱਖਣ ਦਾ ਮਾਣ ਪ੍ਰਾਪਤ ਹੋਇਆ। ਉਹ ਪੰਜਾਬੀ ਅਖ਼ਬਾਰ ਰਣਜੀਤ ਦੇ ‘ਸੀਨੀਅਰ ਅਸਿਸਟੈਂਟ ਐਡੀਟਰ’ ਬਣ ਗਏ। 1964 ਤੱਕ ਅਵਤਾਰ ਸਿੰਘ ਗ਼ੈਰਤ ਨੇ ਰਣਜੀਤ ਅਖ਼ਬਾਰ ਵਿਚ ਕੰਮ ਕੀਤਾ। ਰਣਜੀਤ ਇਕ ਅਜਿਹਾ ਅਖ਼ਬਾਰ ਸੀ ਜੋ ਬਠਿੰਡਾ ਤੋਂ ਵੀ ਛਪਦਾ ਸੀ। ਰਣਜੀਤ ਅਖ਼ਬਾਰ ਦੀ ਉਸ ਵੇਲੇ ਬੱਲੇ ਬੱਲੇ ਸੀ, ਲੋਕ ਰਣਜੀਤ ਅਖ਼ਬਾਰ ਨੂੰ ਉਡੀਕਦੇ ਹੁੰਦੇ ਸਨ। ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਨਾਮਵਰ ਪੱਤਰਕਾਰਾਂ ਵਿਚ ਸਾਧੂ ਸਿੰਘ ਹਮਦਰਦ, ਮਹਾਸ਼ਾ ਕਰਿਸ਼ਨ, ਮਹਾਸ਼ਾ ਖ਼ੁਸ਼ਹਾਲ ਚੰਦ, ਨਾਨਕ ਚੰਦ ਨਾਜ਼, ਲਾਲਾ ਜਗਤ ਨਰਾਇਣ, ਅਮਰ ਸਿੰਘ ਦੁਸਾਂਝ, ਗਿਆਨੀ ਸ਼ਾਦੀ ਸਿੰਘ, ਕਰਮ ਸਿੰਘ ਜ਼ਖ਼ਮੀ, ਸੂਬਾ ਸਿੰਘ, ਗਿਆਨੀ ਗੁਰਦਿੱਤ ਸਿੰਘ ਆਦਿ ਨੂੰ ਮਿਲ ਕੇ ਉਹ ਬਹੁਤ ਸਕੂਨ ਮਹਿਸੂਸ ਕਰਦੇ ਸਨ ਤੇ ਇਨ੍ਹਾਂ ਪੱਤਰਕਾਰਾਂ ਤੋਂ ਬਹੁਤ ਕੁਝ ‌ਸਿੱਖਿਆ। ਉਹ ਥੋੜ੍ਹਾ ਅਫ਼ਸੋਸ ਜ਼ਾਹਿਰ ਕਰਦੇ ਹਨ ਕਿ ਅੱਜ ਇਨ੍ਹਾਂ ਵਿਚੋਂ ਸਰੀਰਕ ਤੌਰ ਤੇ ਕੋਈ ਵੀ ਸਾਡੇ ਵਿਚ ਨਹੀਂ ਹੈ। 1965 ਵਿਚ ਅਵਤਾਰ ਸਿੰਘ ਗ਼ੈਰਤ ਨੇ ਰਣਜੀਤ ਅਖ਼ਬਾਰ ਤੋਂ ਅਸਤੀਫ਼ਾ ਦੇ ਕੇ ਆਪਣਾ ਹਫ਼ਤਾਵਾਰੀ ਅਖ਼ਬਾਰ ‘ਗ਼ੈਰਤ’ ਸ਼ੁਰੂ ਕਰ ਲਿਆ। ਇਹ ਅਖ਼ਬਾਰ ਅੱਜ ਵੀ ਚੱਲ ਰਿਹਾ ਹੈ, ਬੇਸ਼ੱਕ ਅੱਜ ਪੰਜਾਬੀ ਦੀ ਹਫ਼ਤਾਵਾਰੀ ਜਾਂ ਮਹੀਨਾਵਾਰੀ ਪੱਤਰਕਾਰੀ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਅਵਤਾਰ ਸਿੰਘ ਗ਼ੈਰਤ ਪੰਜਾਬੀ ਮਾਂ ਬੋਲੀ ਨੂੰ ਪ੍ਰਣਾਏ ਹੋਏ ਹਨ। 1976 ਵਿਚ ਉਨ੍ਹਾਂ ਦੀ ਪੱਤਰਕਾਰਤਾ ਵਿਚ ਕਾਬਲੀਅਤ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਨੇ ਅਵਤਾਰ ਸਿੰਘ ਗ਼ੈਰਤ ਨੂੰ ਆਪਣੇ ਲੋਕ ਸੰਪਰਕ ਵਿਭਾਗ ਵਿਚ ਸੂਚਨਾ ਅਫ਼ਸਰ ਦੀ ਨੌਕਰੀ ਦੇ ਦਿੱਤੀ। ‘ਗ਼ੈਰਤ’ ਅਖ਼ਬਾਰ ਨੂੰ ਗ਼ੈਰਤ ਵਿਚ ਕੰਮ ਕਰਦਾ ਸਟਾਫ਼ ਹੀ ਪ੍ਰਕਾਸ਼ਿਤ ਕਰਦਾ ਰਿਹਾ। ਬਿਜਲੀ ਬੋਰਡ ਦੇ ਆਪਣੇ ਛੱਪਦੇ ਪਰਚੇ ‘ਇਲੈਕਟ੍ਰਿਸਿਟੀ’ ਦਾ ਵੀ ਸ. ਗ਼ੈਰਤ ਨੇ ਸੰਪਾਦਨ ਕੀਤਾ। ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਵਿਚ ਤਿਮਾਹੀ ਤੌਰ ਤੇ ਛਪਦਾ ਸੀ। ਇਸੇ ਦੌਰਾਨ ਮਹੀਨਾਵਾਰ ਨਿਊਜ਼ ਲੈਟਰ ‘ਪੀਐਸਈਬੀ ਨਿਊਜ਼’ ਪੰਜਾਬੀ ਵਿਚ ਸ਼ੁਰੂ ਕੀਤਾ। 31 ਅਕਤੂਬਰ 1991 ਨੂੰ ਅਵਤਾਰ ਸਿੰਘ ਗ਼ੈਰਤ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਤੌਰ ਡਿਪਟੀ ਡਾਇਰੈਕਟਰ ਲੋਕ ਸੰਪਰਕ (ਵਿਭਾਗ ਦੇ ਮੁਖੀ) ਵਜੋਂ ਸੇਵਾ ਮੁਕਤ ਹੋ ਗਏ। ਸੇਵਾ ਮੁਕਤ ਹੋਣ ਤੋਂ ਬਾਅਦ ਹੀ ਸ. ਗ਼ੈਰਤ ਨੇ ਆਪਣੇ ਗ਼ੈਰਤ ਅਖ਼ਬਾਰ ਦਾ ਸੰਪਾਦਕ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦਾ ਅਖ਼ਬਾਰ ਵਿਚ ਕਾਲਮ ‘ਮੈਂ ਦੇਖਦਾ ਚਲਾ ਗਿਆ’ ਕਾਫ਼ੀ ਚਰਚਿਤ ਹੋਇਆ। ਜੋ ਕਿ ਚਲੰਤ ਮਾਮਲਿਆਂ ਤੇ ਹੀ ਅਧਾਰਿਤ ਹੁੰਦਾ ਹੈ। ਇਨਾਮ ਸਨਮਾਨ ਕਾਫ਼ੀ ਮਿਲੇ ਹਨ, ਪ‌ਟਿਆਲਾ ਦੇ ਮਹਾਰਾਜਾ ਪਰਿਵਾਰ ਨਾਲ ਕਾਫ਼ੀ ਨੇੜਤਾ ਰਹੀ ਹੈ, ਆਪਣੇ ਘਰੇਲੂ ਸਮਾਗਮਾਂ ਵਿਚ ਵੀ ਅਵਤਾਰ ਸਿੰਘ ਨੂੰ ਮਹਾਰਾਜਾ ਪਰਿਵਾਰ ਬੁਲਾਉਂਦਾ ਰਿਹਾ ਹੈ।
ਸਿਰਜਣਾ ਵਿਚ ਵੀ ਹੱਥ ਅਜ਼ਮਾਇਆ ਹੈ ਅਵਤਾਰ ਸਿੰਘ ਗ਼ੈਰਤ ਨੇ ਅਵਤਾਰ ਸਿੰਘ ਗ਼ੈਰਤ ਨੇ ਦੋ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਵਿਚ ‘ਪੰਜਾਬ ਦੀਆਂ ਕੁਝ ਮਹਾਨ ਔਰਤਾਂ’ ਅਤੇ ਹਾਲ ਹੀ (2021) ਵਿਚ ਪ੍ਰਕਾਸ਼ਿਤ ਹੋਈ ‘ਪਟਿਆਲਾ ਸ਼ਹਿਰ ਤੇ ਇੱਥੋਂ ਦੇ ਵਸਨੀਕ’ ਚਰਚਾ ਵਿਚ ਹਨ। ਪੱਤਰਕਾਰੀ ਦੇ ਨਾਲ ਨਾਲ ਉਨ੍ਹਾਂ ਨੇ ਪੰਜਾਬੀ ਕਲਚਰ ਐਸੋਸੀਏਸ਼ਨ ਦੀ ਪ੍ਰਧਾਨਗੀ ਵੀ ਲਗਾਤਾਰ ਕੀਤੀ ਹੈ। ਅੱਜ ਵੀ ਉਹ ਲਿਖਣਾ ਤੇ ਪੜ੍ਹਨਾ ਪਸੰਦ ਕਰਦੇ ਹਨ।ਪਰਿਵਾਰ ਵਿਚ ਤਿੰਨ ਬੇਟੀਆਂ ਤੇ ਦੋ ਬੇਟੇ ਆਪੋ ਆਪਣੇ ਕਾਰੋਬਾਰ ਵਿਚ ਮਸਰੂਫ਼ ਹਨ। ਕੇਸ, ਧਮਕੀਆਂ ਆਦਿ ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਖਾੜਕੂਵਾਦ ਵੇਲੇ ਮੈਂ ਅਤੇ ‘ਇੰਤਕਾਮ’ ਦੇ ਸੰਪਾਦਕ ਹਰਦੇਵ ਸਿੰਘ ਸਾਹਨੀ ਨੇ ਇਕ ਸੰਪਾਦਕੀ ਲਿਖੀ ਸੀ ਜਿਸ ਕਰਕੇ ਮੇਰੇ ਅਤੇ ਸ. ਸਾਹਨੀ ਦੇ ਵਰੰਟ ਈਸ਼ੂ ਹੋ ਗਏ ਸਨ। ਸਰਕਾਰ ਨੇ ਮੈਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। ਵਰ ਉਸ ਵੇਲੇ ਗ੍ਰਹਿ ਮੰਤਰਾਲੇ ਦੇ ਸਕੱਤਰ ਨਾਲ ਅਸੀਂ ਰਾਬਤਾ ਕਾਇਮ ਕਰਕੇ ਸਾਰੀ ਕਹਾਣੀ ਸਮਝਾਈ ਤਾਂ ਉਨ੍ਹਾਂ ਨੇ ਉਹ ਵਰੰਟ ਰੱਦ ਕਰਵਾਏ ਸਨ। ਕਾਫ਼ੀ ਯਾਦਾਂ ਵਿਚ ਇਕ ਯਾਦ ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਇਕ ਵਾਰ ਪੰਜਾਬ‌ ਵਿਚ ਸੋਵੀਅਤ ਯੂਨੀਅਨ ਦੇ ਪੀਐਮ ਖੁਸ਼ਤੋਵ ਤੇ ਪ੍ਰੈਜ਼ੀਡੈਂਟ ਬਲਗਾਰਡ ਪੰਜਾਬ ਆਏ ਸਨ। ਉਨ੍ਹਾਂ ਨੇ ਨੰਗਲ ਵਿਚ ਪ੍ਰੈੱਸ ਕਾਨਫ਼ਰੰਸ ਕਰਨੀ ਸੀ, ਪੰਜਾਬ ਦੇ ਗਿਣਵੇਂ ਪੱਤਰਕਾਰ ਹੀ ਬੁਲਾਏ ਗਏ ਸਨ ਉਨ੍ਹਾਂ ਵਿਚ ਮੈਂ ਵੀ ਸੀ। ਸਾਨੂੰ ਉਸ ਵੇਲੇ ਵਿਸਕੀ ਸਰਵ ਕੀਤੀ ਜਾ ਰਹੀ ਸੀ। ਪਰ ਨਾਲ ਹੀ ਵੋਡਕਾ ਵੀ ਸਰਵ ਹੋ ਰਹੀ ਸੀ, ਅਸੀਂ ਵੋਡਕਾ ਹੀ ਪੀਤੀ ਤਾਂ ਵੋਡਕਾ ਸਾਨੂੰ ਬਹੁਤ ਸੁਆਦ ਲੱਗੇ ਅਸੀਂ ਕਹਿਣ ਲੱਗੇ ਕਿ ਵੋਡਕਾ ਤਾਂ ਪੰਜਾਬ ਵਿਚ ਵੀ ਆਉਣੀ ਚਾਹੀਦੀ ਹੈ ਕਿਉਂਕਿ ਉਸ ਵੇਲੇ ਵੋਡਕਾ ਪੰਜਾਬ ਵਿਚ ਨਹੀਂ ਸੀ, ਉਸ ਤੋਂ ਬਾਅਦ ਵੋਡਕਾ ਵੀ ਪੰਜਾਬ ਵਿਚ ਮਿਲਣ ਲੱਗ ਪਈ ਸੀ। ਇਸੇ ਤਰ੍ਹਾਂ ਅਵਤਾਰ ਸਿੰਘ ਗ਼ੈਰਤ ਹੋਰ ਸਾਂਝਾ ਦੇ ਨਾਲ ਇਕ ਹੋਰ ਸਾਂਝ ਪਾਉਂਦੇ ਹਨ ਕਿ ਉਸ ਵੇਲੇ ਅਖ਼ਬਾਰ ਇਸ਼ਤਿਹਾਰਾਂ ਦੇ ਸਿਰ ਤੇ ਨਿਕਲਦੇ ਸੀ। ਪਰ ਇਸ਼ਤਿਹਾਰ ਵੀ ਨਹੀਂ ਮਿਲਦੇ ਸੀ ਤਾਂ ਫਿਰ ਜਾਂ ਤਾਂ ਅਖ਼ਬਾਰ ਵੇਚੇ ਜਾਣ ਜਾਂ ਫਿਰ ਕਿਤੋਂ ਰੁਪਿਆਂ ਦਾ ਜੁਗਾੜ ਬਣਾਇਆ ਜਾਵੇ। ਫੇਰ ਪੱਤਰਕਾਰ ਕਈ ਵਾਰੀ ਅਧਿਕਾਰੀਆਂ ਵਿਰੁੱਧ ਖ਼ਬਰਾਂ ਲਗਾਉਂਦੇ ਸਨ। ਤੇ ਅਧਿਕਾਰੀਆਂ ਤੋਂ ਮਦਦ ਲੈ ਲੈਂਦੇ ਸਨ। ਵੱਡੇ ਅਖ਼ਬਾਰਾਂ ਦੇ ਪੱਤਰਕਾਰ ਇਸ ਤਰ੍ਹਾਂ ਨਹੀਂ ਕਰਦੇ ਸਨ। ਪ੍ਰਸ਼ਾਸਨ ਤੇ ਸਰਕਾਰਾਂ ਪੱਤਰਕਾਰਾਂ ਦੀ ਇੱਜ਼ਤ ਬਹੁਤ ਕਰਦੀਆਂ ਸਨ। ਕੋਈ ਭੇਦ ਭਾਵ ਨਹੀਂ ਹੁੰਦਾ ਸੀ। ਡੀ ਸੀ ਤੇ ਐਸਪੀ (ਉਸ ਵੇਲੇ ਐਸਐਸਪੀ ਨਹੀਂ ਹੁੰਦਾ ਸੀ) ਪੱਤਰਕਾਰਾਂ ਦੀ ਬਹੁਤ ਇੱਜ਼ਤ ਕਰਦੇ ਸਨ। ਪੱਤਰਕਾਰਾਂ ਵਿਚ ਏਕਾ ਹੁੰਦਾ ਸੀ। ਲੋਕ ਸੰਪਰਕ ਵਿਭਾਗ ਸਿਰਫ਼ ਪੱਤਰਕਾਰਾਂ ਲਈ ਨਹੀਂ ਹੁੰਦਾ ਸੀ ਸਗੋਂ ਉਹ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕਰਦਾ ਸੀ। ਪਟਿਆਲਾ ਵਿਚ ਕਾਫ਼ੀ ਚਰਚਿਤ ਪੱਤਰਕਾਰ ਰਹੇ ਹਨ ਜਿਨ੍ਹਾਂ ਵਿਚ ਭੂਸ਼ਣ ਸਰਹਿੰਦੀ, ਸ਼ੇਰ ਗੁਪਤਾ, ਤਾਰਾ ਚੰਦ ਗੁਪਤਾ ਆਦਿ ਸਨ। ਫੇਰ ਪੱਤਰਕਾਰਾਂ ਦੀ ਗਿਣਤੀ ਵਧਦੀ ਗਈ ਤੇ ਪੱਤਰਕਾਰਤਾ ਆਦਰਸ਼ਹੀਣ ਹੁੰਦੀ ਗਈ। ਉਨ੍ਹਾਂ ਦੀ ਉਮਰ ਕਾਫ਼ੀ ਹੋ ਚੁੱਕੀ ਹੈ ਪਰ ਤੰਦਰੁਸਤ ਹਨ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਹਮੇਸ਼ਾਂ ਤੰਦਰੁਸਤ ਰਹਿਣ। ਗੁਰਨਾਮ ਸਿੰਘ ਅਕੀਦਾ 8146001100

Tuesday, September 27, 2022

ਪੰਜਾਬੀ ਟ੍ਰਿਬਿਊਨ ਦੇ ਫਾਊਂਡਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’

ਕਈ ਵਾਰੀ ਕਲਮ ਹੀ ਬੰਦੇ ਨੂੰ ਚੁਣਦੀ ਹੈ, ਜ਼ਬਰਦਸਤੀ ਹੱਥ ਵਿਚ ਫੜੀ ਕਲਮ ਵੀ ਕਈ ਵਾਰੀ ਬੰਦੇ ਨੂੰ ਮੁਸ਼ਕਲਾਂ ਵਿਚ ਪਾ ਦਿੰਦੀ ਹੈ, ਮੈਂ ਕਲਮ ਨੂੰ ‘ਸ਼ਬਦ’ ਦੀ ‘ਮਾਂ’ ਮੰਨਦਾ ਹਾਂ, ‘ਸ਼ਬਦ’ ਨੂੰ ਗੁਰੂ। ਸੋ ਸੋਚੋ ਕਲਮ ਵਿਚ ਕਿੰਨੀ ਤਾਕਤ ਹੋਵੇਗੀ ਜੋ ਸਾਡੇ ਗੁਰੂ ਨੂੰ ਸਿਰਜਦੀ ਹੈ। ਕਲਮ ਚਲਾਉਣ ਵਾਲੇ ਹੱਥ ਕੋਈ ਮਾਮੂਲੀ ਨਹੀਂ ਹੁੰਦੇ, ਸਗੋਂ ਇਹ ਹੱਥ ਵੀ ਇਲਾਹੀ ਹੁੰਦੇ ਹਨ। ਕਲਮ ਚਲਾਉਣ ਵਾਲੇ ਹੱਥਾਂ ਨੂੰ ਹਮੇਸ਼ਾ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੈਂ ਅਜਿਹੇ ਸ਼ਬਦ ਸਿਰਜ ਰਿਹਾ ਹਾਂ ਜਿਸ ਨਾਲ ਸਮਾਜ, ਕੌਮ, ਦੇਸ਼ ਦੀ ਭਲਾਈ ਹੀ ਹੋਣੀ ਚਾਹੀਦੀ ਹੈ। ਗ਼ਲਤ ਸਿਰਜੇ ਗਏ ਸ਼ਬਦ ਕਲਮ ਫੜਨ ਵਾਲੇ ਹੱਥਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਦੇਖੇ ਗਏ ਹਨ। ਅੱਜ ਮੈਂ ਗੱਲ ਕਰ ਰਿਹਾ ਹਾਂ ਸੱਚੀ ਸੁੱਚੀ ਸੋਚ ਤੇ ਪਾਕ ਪਵਿੱਤਰ ਹੱਥਾਂ ਨਾਲ ਕਲਮ ਚਲਾਉਣ ਉੱਘੇ ਤੇ ਸੀਨੀਅਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’ ਹੋਰਾਂ ਦੀ। ਜਗਤਾਰ ਸਿੰਘ ਸਿੱਧੂ ਨੂੰ ਮੈਂ ਨੇੜਿਓਂ ਵੀ ਜਾਣਦਾ ਹਾਂ ਤੇ ਉਨ੍ਹਾਂ ਦੀ ਕਲਮ ਦਾ ਵੀ ਕਾਇਲ ਰਿਹਾ ਹਾਂ। ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਚ 4 ਦਸੰਬਰ 1952 ਨੂੰ ਜਨਮੇ ਜਗਤਾਰ ਸਿੰਘ ਸਿੱਧੂ ਨੂੰ ਵੀ ਕਲਮ ਨੇ ਚੁਣਿਆ ਤੇ ਕਲਮ ਨਾਲ ਉਸ ਨੇ ਪੂਰੀ ਇਮਾਨਦਾਰੀ ਨਿਭਾਈ ਤੇ ਸਮਾਜ ਦੇਸ਼ ਕੌਮ ਦੇ ਭਲੇ ਲਈ ਕਲਮ ਚਲਾਈ। ਬਾਪੂ ਸ. ਦਰਸ਼ਨ ਸਿੰਘ ਹੋਰੀਂ ਕਿਸਾਨੀ ਨਾਲ ਸਬੰਧਿਤ ਸਨ ਤੇ ਮਾਤਾ ਗੁਰਚਰਨ ਕੌਰ ਨੇ ਆਪਣੇ ਪੁੱਤ ਨੂੰ ਕਿਸਾਨਾਂ ਵਾਂਗ ਹੀ ਪਾਲਿਆ। ਸੱਚੇ ਕਿਸਾਨ ਦਾ ਪੁੱਤ ਜੇਕਰ ਹੱਲ੍ਹ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਜੇਕਰ ਕਲਮ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਉਸੇ ਤਰ੍ਹਾਂ ਕੀਤਾ ਜਗਤਾਰ ਸਿੰਘ ਸਿੱਧੂ ਨੇ। ਪੱਤਰਕਾਰੀ ਦੀ ਸ਼ੁਰੂਆਤ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਿਕਲਣ ਵਾਲੇ ‘ਚੰਗੀ ਖੇਤੀ’ ਮੈਗਜ਼ੀਨ ਰਾਹੀਂ ਕੀਤੀ। ਉੱਧਰ ਪੰਜਾਬੀ ਟ੍ਰਿਬਿਊਨ ਦੀ ਸ਼ੁਰੂਆਤ ਹੋਣੀ ਸੀ। ਸ. ਸਿੱਧੂ ਹੋਰੀਂ ਚੰਡੀਗੜ੍ਹ ਵਿਚ ਆ ਗਏ ਤੇ ਜੁਲਾਈ 1978 ਵਿਚ ਜਗਤਾਰ ਸਿੰਘ ਸਿੱਧੂ ਨੇ ਪੰਜਾਬੀ ਟ੍ਰਿਬਿਊਨ ਜੁਆਇਨ ਕਰ ਲਿਆ। ਪੰਜਾਬੀ ਟ੍ਰਿਬਿਊਨ 15 ਅਗਸਤ 1978 ਨੂੰ ਸ਼ੁਰੂ ਹੋਇਆ। ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸੰਪਾਦਕ ਸ.ਬਰਜਿੰਦਰ ਸਿੰਘ ਹਮਦਰਦ (ਅੱਜ ਅਜੀਤ ਅਖ਼ਬਾਰ ਦੇ ਮਾਲਕ) ਬਣੇ। ਉਸ ਵੇਲੇ ਟ੍ਰਿਬਿਊਨ ਸਮੂਹ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਹੋਰੀਂ ਸਨ। ਜਗਤਾਰ ਸਿੰਘ ਸਿੱਧੂ ਨੇ ਆਪਣੀ ਕਲਮ ਬੜੀ ਇਮਾਨਦਾਰੀ ਤੇ ਲੋਕ ਹਿਤ ਵਿਚ ਚਲਾਈ। ਉਨ੍ਹਾਂ ਨੇ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਹਰਭਜਨ ਸਿੰਘ ਹਲਵਾਰਵੀ, ਸ਼ਿੰਗਾਰਾ ਸਿੰਘ ਭੁੱਲਰ, ਸਿੱਧੂ ਦਮਦਮੀ ਤੇ ਵਰਿੰਦਰ ਵਾਲੀਆ ਹੋਰਾਂ ਦੇ ਸੰਪਾਦਕ ਹੁੰਦੇ ਹੋਏ ਆਪਣੀ ਕਲਮ ਚਲਾਈ ਤੇ ਉਹ ‌ਨਿਊਜ਼ ਟੀਮ ਦੇ ਸੀਨੀਅਰ ਐਡੀਟਰ (ਸੀਨੀਅਰ ਸਟਾਫ਼ ਰਿਪੋਰਟਰ) ਵਜੋਂ ਸੇਵਾ ਮੁਕਤ ਹੋਏ। -ਖਾੜਕੂਵਾਦ ਦੇ ਦੌਰ ਵਿਚ ਕੀਤੀ ਪੱਤਰਕਾਰੀ ਜਗਤਾਰ ਸਿੰਘ ਸਿੱਧੂ ਦੱਸਦੇ ਹਨ ਕਿ ਖਾੜਕੂਵਾਦ ਦੇ ਦੌਰ ਵਿਚ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਤੇ ਜੋਖ਼ਮ ਭਰਿਆ ਕੰਮ ਸੀ। ਪਰ ਸਾਡਾ ਧਰਮ ਸੀ ਕਿ ਪੱਤਰਕਾਰੀ ਨੂੰ ਹਰ ਹੀਲੇ ਨਿਭਾਇਆ ਜਾਵੇ। ਖਾੜਕੂਆਂ ਦਾ ਦਬਾਅ ਵੱਖਰਾ ਤੇ ਪੁਲੀਸ ਦਾ ਦਬਾਅ ਵੱਖਰਾ। ਚੱਕੀ ਦੇ ਦੋ ਪੁੜ ਸਨ ਉਸ ਵੇਲੇ ਪੱਤਰਕਾਰਾਂ ਲਈ ਖਾੜਕੂ ਤੇ ਪੁਲੀਸ ਵਾਲੇ। ਕਈ ਵਾਰੀ ਖਾੜਕੂਆਂ ਦਾ ਰਾਤ ਨੂੰ ਦੋ ਵਜੇ ਸੁਨੇਹਾ ਆ ਜਾਣਾ ਕਿ ਇਸੇ ਵੇਲੇ ਹੀ ਖ਼ਬਰ ਲਿਖੋ ਤੇ ਕੱਲ੍ਹ ਦੇ ਅਖ਼ਬਾਰ ਵਿਚ ਇਹ ਖ਼ਬਰ ਆਉਣੀ ਚਾਹੀਦੀ ਹੈ। ਖਾੜਕੂਆਂ ਦੇ ਸੁਨੇਹਾ ਸਾਡੇ ਘਰਾਂ ਤੱਕ ਵੀ ਆਉਂਦੇ ਸਨ। ਜੇਕਰ ਕੋਈ ਖਾੜਕੂਆਂ ਦਾ ਸੁਨੇਹਾ ਲੈ ਕੇ ਆਉਂਦਾ ਸੀ ਤਾਂ ਸਾਡੇ ਬੱਚੇ ਕਹਿੰਦੇ ‘ਜ਼ਿੰਮੇਵਾਰੀ ਵਾਲੇ ਆਏ ਸੀ, ਜ਼ਿੰਮੇਵਾਰੀ ਦੇ ਕੇ ਗਏ ਨੇ’ ਭਾਵ ਕਿ ਕੌਣ ਮਾਰਿਆ ਗਿਆ ਹੈ ਕਿਸ ਗਰੁੱਪ ਨੇ ਮਾਰਿਆ ਹੈ ਖਾੜਕੂ ਧਿਰਾਂ ਉਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਪੱਤਰਕਾਰਾਂ ਨੂੰ ਹੀ ਦੱਸਿਆ ਕਰਦੇ ਸਨ। ਕਈ ਵਾਰੀ ਸਾਨੂੰ ਖਾੜਕੂ ਗੁਪਤ ਰੂਪ ਵਿਚ ਲੈ ਜਾਂਦੇ ਤੇ ਪ੍ਰੈੱਸ ਕਾਨਫ਼ਰੰਸ ਕਰਦੇ, ਪ੍ਰੈੱਸ ਕਾਨਫ਼ਰੰਸ ਵੇਲੇ ਹਰ ਪੱਖੋਂ ਡਰ ਹੁੰਦਾ ਕਿ ਕਿਤੇ ਇੱਥੇ ਖਾੜਕੂਆਂ ਵੱਲੋਂ ਨਾ ਸਾਡੇ ਨਾਲ ਕੁਝ ਮਾੜਾ ਕੀਤਾ ਜਾਵੇ ਜਾਂ ਫਿਰ ਪੁਲੀਸ ਨਾ ਆ ਜਾਵੇ, ਦੋਵਾਂ ਪੱਖਾਂ ਤੋਂ ਅਸੀਂ ਬੜੇ ਪ੍ਰੇਸ਼ਾਨ ਰਹਿੰਦੇ ਸਾਂ ਪਰ ਪੱਤਰਕਾਰੀ ਕਰਨੀ ਹੈ ਤਾਂ ਕਰਨੀ ਹੀ ਹੈ। ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਇਕ ਦਿਨ ਖਾੜਕੂ ਸਾਨੂੰ ਲੁਧਿਆਣਾ ਲੈ ਗਏ। ਉਸ ਵੇਲੇ ਉੱਘੇ ਪੱਤਰਕਾਰ ਬਲਜੀਤ ਬੱਲੀ ਵੀ ਸਾਡੇ ਨਾਲ ਹੀ ਸੀ। ਪਰ ਸਾਨੂੰ ਆਮ ਵਾਂਗ ਖਾੜਕੂਆਂ ਨੇ ਕਿਹਾ ਕਿ ਇਹ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਹੋਈ ਨਾ ਲਿਖਣਾ ਸਗੋਂ ਇਹ ਪ੍ਰੈੱਸ ਕਾਨਫ਼ਰੰਸ ਅੰਬਾਲਾ ਹੋਈ ਹੀ ਲਿਖਣਾ। ਇਹ ਆਮ ਹੁੰਦਾ ਸੀ ਕਿ ਪ੍ਰੈੱਸ ਕਾਨਫ਼ਰੰਸ ਹੁੰਦੀ ਕਿਤੇ ਹੋਰ ਸੀ ਪਰ ਅਖ਼ਬਾਰ ਵਿਚ ‘ਡੇਟ ਲਾਈਨ’ ਕਿਤੇ ਹੋਰ ਦੀ ਹੁੰਦੀ। ਇਹ ਇਸ ਕਰਕੇ ਹੁੰਦਾ ਸੀ ਕਿ ਖਾੜਕੂਆਂ ਦੇ ਠਿਕਾਣੇ ਦਾ ਪਤਾ ਨਾ ਲੱਗ ਜਾਵੇ। ਉਸ ਵੇਲੇ ਇੰਜ ਹੋਇਆ ਕਿ ਪੱਤਰਕਾਰ ਬਲਜੀਤ ਬੱਲੀ ਦਾ ਰਿਸ਼ਤੇਦਾਰ ਅੰਬਾਲੇ ਵਿਚ ਮਾਰ ਦਿੱਤਾ ਗਿਆ ਤਾਂ ਸਾਨੂੰ ਪੁਲੀਸ ਨੇ ਵਾਰ ਵਾਰ ਪੁੱਛਿਆ ਕਿ ਤੁਸੀਂ ਪ੍ਰੈੱਸ ਕਾਨਫ਼ਰੰਸ ਅੰਬਾਲੇ ਕਰਕੇ ਆਏ ਸੀ ਦਸੋ ਕੌਣ ਕੌਣ ਖਾੜਕੂ ਸੀ ਤਾਂ ਸਾਨੂੰ ਦੱਸਣਾ ਪਿਆ ਕਿ ਅਸੀਂ ਤਾਂ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਕਰਕੇ ਆਏ ਸੀ। ਇਕ ਦਿਨ ਕੀ ਹੋਇਆ ਕਿ ਮੇਰੇ ਘਰ ਮੈਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦਾ ਜੌਂਗਾ ਭਰ ਕੇ ਪੁਲੀਸ ਆ ਗਈ। ਮੈਂ ਕਿਹਾ ਕਿ ਇੰਜ ਤੁਸੀਂ ਕਿਸੇ ਪੱਤਰਕਾਰ ਨੂੰ ਕਿਵੇਂ ਗ੍ਰਿਫ਼ਤਾਰ ਕਰ ਸਕਦੇ ਹੋ? ਤਾਂ ਉਹ ਜ਼ਬਰਦਸਤੀ ਕਰਨ ਲੱਗੇ ਤਾਂ ਅਸੀਂ ਗੁਆਂਢੀਆਂ ਨੂੰ ਕਹਿ ਦਿੱਤਾ ਕਿ ਜੇਕਰ ਸਾਨੂੰ ਪੁਲੀਸ ਚੁੱਕ ਕੇ ਲੈ ਜਾਂਦੀ ਹੈ ਤਾਂ ਇਸ ਬਾਰੇ ਦੱਸ ਦੇਣਾ। ਮੈਂ ਜਦੋਂ ਵਾਰ ਵਾਰ ਉਨ੍ਹਾਂ ਨੂੰ ਪੁੱਛਿਆ ਕਿ ਅਸਲ ਵਿਚ ਕੀ ਕਾਰਨ ਹੈ ਤੇ ਪੁਲੀਸ ਕਿਸ ਥਾਣੇ ਦੀ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਫਗਵਾੜਾ ਥਾਣੇ ਤੋਂ ਆਏ ਹਾਂ, ਤੁਹਾਨੂੰ ਐਸਐਚਓ ਨੇ ਬੁਲਾਇਆ ਹੈ। ਕਿਉਂਕਿ ਇਕ ਖਾੜਕੂ ਦੀ ਜੇਬ ਵਿਚੋਂ ਨਿਕਲੀ ਇਕ ਪਰਚੀ ਤੇ ਤੁਹਾਡਾ ਨਾਮ ਲਿਖਿਆ ਸੀ। ਤਾਂ ਮੈਂ ਕਿਹਾ ਕਿ ਮੇਰਾ ਨਾਮ ਤਾਂ ਕਿਸੇ ਵੀ ਖਾੜਕੂ ਕੋਲੋਂ ਮਿਲ ਸਕਦਾ ਹੈ, ਇਸ ਦਾ ਭਾਵ ਇਹ ਥੋੜ੍ਹਾ ਹੈ ਕਿ ਮੈਂ ਖਾੜਕੂਆਂ ਨਾਲ ਮਿਲਿਆ ਹੋਇਆ ਹਾਂ। ਕਾਫੀ ਸੋਚਣ ਤੇ ਕਾਫੀ ਸਮਾਂ ਵਿਚਾਰਾਂ ਕਰਨ ਤੋਂ ਬਾਅਦ ਮੈਨੂੰ ਉਹ ਛੱਡ ਗਏ, ਪਰ ਨਾਲ ਹੀ ਮੈਨੂੰ ਪੁੱਛਣ ਲੱਗੇ ਕਿ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਦਾ ਘਰ ਦੱਸੋ। ਮੈਂ ਕਿਹਾ ਜਿਸ ਚੌਕੀਦਾਰ ਨੇ ਮੇਰਾ ਘਰ ਦੱਸਿਆ ਸੀ ਉਸੇ ਚੌਕੀਦਾਰ ਤੋਂ ਤੁਸੀਂ ਸੁਖਦੇਵ ਸਿੰਘ ਪਟਵਾਰੀ ਦਾ ਘਰ ਵੀ ਪੁੱਛ ਲੈਣਾ। -ਬੇਅੰਤ ਸਿੰਘ ਬੰਬ ਕਾਂਡ ਮੌਕੇ ਪੁੱਜਿਆ ਪਹਿਲਾ ਪੱਤਰਕਾਰ ਜਦੋਂ ਸਕੱਤਰੇਤ ਚੰਡੀਗੜ੍ਹ ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾਇਆ ਗਿਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਮੌਕੇ ਤੇ ਪੁੱਜਣ ਵਾਲਾ ਪੱਤਰਕਾਰ ਜਗਤਾਰ ਸਿੰਘ ਸਿੱਧੂ ਹੀ ਸੀ। ਸ. ਸਿੱਧੂ ਦੱਸਦੇ ਹਨ ਕਿ ਮੈਂ ਮੌਕਾ ਦੇਖਿਆ। ਲੋਕ ਤਾਂ ਦੂਰ ਭੱਜ ਰਹੇ ਸਨ ਪਰ ਮੈਂ ਬੰਬ ਕਾਂਡ ਵਾਲੀ ਥਾਂ ਵੱਲ ਦੌੜ ਰਿਹਾ ਸਾਂ। ਮੈਂ ਬੇਅੰਤ ਸਿੰਘ ਦੀ ਲਾਸ਼ ਦੇ ਲੋਥੜੇ ਕਾਰ ਵਿਚ ਦੇਖੇ,ਜਿਵੇਂ ਕਾਰ ਵਿਚ ਲਾਲ ਰੰਗ ਦੀ ਕਰੀਮ ਪਈ ਹੁੰਦੀ ਹੈ, ਸੁਰੱਖਿਆ ਗਾਰਦਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ। ਬੇਅੰਤ ਸਿੰਘ ਦੀ ਲਾਸ਼ ਕੋਲ ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਆਇਆ ਸੀ। ਦਹਿਸ਼ਤ ਦਾ ਮਾਹੌਲ ਸੀ, ਦੁਖਦਾਈ ਮਾਹੌਲ ਸੀ। ਪਰ ਮੈਂ ਪੱਤਰਕਾਰੀ ਕਰ ਰਿਹਾ ਸੀ। ਮੇਰੀ ਉਸ ਦਿਨ ਪੰਜਾਬੀ ਟ੍ਰਿਬਿਊਨ ਵਿਚ ਅੱਠ ਕਾਲਮੀ ਖ਼ਬਰ ਛਪੀ। ਸਿੱਧੂ ਇਹ ਵੀ ਕਹਿੰਦੇ ਹਨ ਕਿ ਮੈਂ ਉਹ ਵੀ ਦੇਖਿਆ ਕਿ ਕੰਧ ਦੇ ਇਕ ਪਾਸੇ ਬੇਅੰਤ ਸਿੰਘ ਦੀ ਮੌਤ ਦਾ ਸੋਗ ਪਿਆ ਸੀ ਤੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਕੰਧ ਦੇ ਦੂਜੇ ਪਾਸੇ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਵਧਾਈਆਂ ਵੀ ਮਿਲ ਰਹੀਆਂ ਸਨ। -ਧਮਕੀਆਂ ਖਾੜਕੂਆਂ ਦੀਆਂ ਚਿੱਠੀਆਂ ਆਉਂਦੀਆਂ ਸਨ, ਕੁਝ ਧਮਕੀਆਂ ਦੀਆਂ ਵੀ ਹੁੰਦੀਆਂ ਸਨ। ਕਿਸੇ ਗਰੁੱਪ ਦੀ ਖ਼ਬਰ ਵੱਡੀ ਲੱਗ ਗਈ ਤਾਂ ਵੀ ਕਿਸੇ ਦੀ ਛੋਟੀ ਲੱਗ ਗਈ ਤਾਂ ਵੀ, ਧਮਕੀਆਂ ਆ ਹੀ ਜਾਂਦੀਆਂ ਸਨ, ਇਕ ਧਮਕੀ ਦਾ ਜ਼ਿਕਰ ਕਰਦਿਆਂ ਜਗਤਾਰ ਸਿੰਘ ਸਿੱਧੂ ਕਹਿੰਦੇ ਹਨ ਕਿ ਚਿੱਠੀ ਬੜੀ ਕਹਿਰ ਭਰੀ ਸੀ ਤੇ ਮੈਨੂੰ ਸਬਕ ਸਿਖਾਉਣ ਲਈ ਕਿਹਾ ਗਿਆ ਸੀ, ਮੈਨੂੰ ਕਿਹਾ ਗਿਆ ਸੀ ਕਿ ‘ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ’ ਇਹ ਚਿੱਠੀ ਮੈਂ ਮੌਕੇ ਤੇ ਸੰਪਾਦਕ ਹਰਭਜਨ ਹਲਵਾਰਵੀ ਹੋਰਾਂ ਨੂੰ ਦਿਖਾਈ। ਸ. ਹਲਵਾਰਵੀ ਹੋਰੀਂ ਇਹ ਚਿੱਠੀ ਦੇਖ ਕੇ ਭੈਭੀਤ ਹੋਏ ਤਾਂ ਗੱਲ ਮੁੱਖ ਸੰਪਾਦਕ ਸ੍ਰੀ ਨਰਾਇਣਨ ਹੋਰਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਬਿਊਰੋ ਦੀ ਮੀਟਿੰਗ ਬੁਲਾ ਲਈ। ਸਾਨੂੰ ਸੁਰੱਖਿਆ ਲੈਣ ਲਈ ਕਿਹਾ ਗਿਆ। ਪਰ ਅਸੀਂ ਕਿਹਾ ਕਿ ਫੇਰ ਤਾਂ ਸਾਡੇ ਲਈ ਜਮਾਂ ਹੀ ਔਖਾ ਹੋ ਜਾਏਗਾ। ਅਸੀਂ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ। ਪਰ ਉਸ ਦਿਨ ਮੁੱਖ ਸੰਪਾਦਕ ਤੇ ਸੰਪਾਦਕ ਸਾਹਿਬਾਨ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਅਦ ‘ਬਾਇ ਲਾਈਨ’ ਖ਼ਬਰ ਤੇ ਨਹੀਂ ਦਿੱਤੀ ਜਾਵੇਗੀ। ਭਾਵ ਕੇ ਖ਼ਬਰ ਤੇ ਪੱਤਰਕਾਰ ਦਾ ਨਾਮ ਨਹੀਂ ਪਾਇਆ ਜਾਵੇਗਾ। ਉਸ ਦਿਨ ਤੋਂ ਸਾਡਾ ਨਾਮ ‘ਬਿਊਰੋ’ ਵਜੋਂ ਹੀ ਲਿਖਿਆ ਜਾਣ ਲੱਗ ਪਿਆ। -ਅਦਾਲਤੀ ਕਾਰਵਾਈ ਜਾਂ ਕਾਨੂੰਨੀ ਨੋਟਿਸ ਜਗਤਾਰ ਸਿੰਘ ਸਿੱਧੂ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਸ ਨੂੰ ਕਦੇ ਵੀ ਇਕ ਵੀ ਕਾਨੂੰਨੀ ਨੋਟਿਸ ਨਹੀਂ ਆਇਆ ਨਾ ਹੀ ਉਸ ਨੂੰ ਕਿਸੇ ਖ਼ਬਰ ਕਰਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। -ਪਰਵਾਰ ਵਿਚ ਇਕ ਬੇਟਾ ਅਭੀਨਵ ਸਿੱਧੂ ਹੈ ਜੋ ਐਮਾਜ਼ੋਨ ਦੇ ਸਾਊਥ ਇੰਡੀਆ ਦੇ ਸਾਰੇ ਸੂਬਿਆਂ ਦਾ ਹੈੱਡ ਹੈ। ਬੇਟੀ ਪਟਿਆਲਾ ਵਿਚ ਜੌਬ ਕਰਦੀ ਹੈ। ਜਗਤਾਰ ਸਿੰਘ ਸਿੱਧੂ ਅੱਜ ਕੱਲ੍ਹ ਗਲੋਬਲ ਪੰਜਾਬ ਟੀਵੀ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਦੇ ਬ੍ਰੋਡਕਾਸਟਰ ਹਨ। ਸ. ਜਗਤਾਰ ਸਿੰਘ ਸਿੱਧੂ ਦੇ ਪੱਤਰਕਾਰ ਜੀਵਨ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਏਨਾ ਹੀ ਸਵੀਕਾਰ ਕਰਨਾ। ਮੈਂ ਅਜਿਹੀ ਸਾਫ਼ ਸੁਥਰੀ ਕਲਮ ਨੂੰ ਸਜਦਾ ਕਰਦਾ ਹਾਂ ਸਦਾ ਤੰਦਰੁਸਤ ਰਹਿਣ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ... ਆਮੀਨ! ਗੁਰਨਾਮ ਸਿੰਘ ਅਕੀਦਾ 8146001100

Thursday, September 22, 2022

ਪੱਤਰਕਾਰਤਾ ਦੀ ‘ਫੂੰ-ਫਾਂ’ ਤੋਂ ਦੂਰ ਸਹਿਜਤਾ ਦਾ ਧਨੀ ਪੱਤਰਕਾਰ ‘ਹਰਕਵਲਜੀਤ ਸਿੰਘ’

ਅੱਜ ਕੱਲ੍ਹ ਦੇ ਪੱਤਰਕਾਰਾਂ ਵਿਚ ‘ਫੂੰ-ਫਾਂ’ ਤੇ ‘ਨਾਢੂ ਖਾਂ’ ਦੀ ਬਿਰਤੀ ਘਰ ਕਰਦੀ ਜਾ ਰਹੀ ਹੈ। ਹੱਥ ਵਿਚ ਕਿਸੇ ਟੀਵੀ ਚੈਨਲ ਦੀ ‘ਆਈ ਡੀ’ ਫੜ ਕੇ ਬੰਦਾ ਪੱਤਰਕਾਰ ਨਹੀਂ ਸਗੋਂ ਕਿਸੇ ਗੈਂਗ ਵਿਚ ਕੰਮ ਕਰਦਾ ਕੋਈ ਗੈਂਗਸਟਰ ਲੱਗਦਾ ਹੈ। ਭਾਵੇਂ ਕੋਈ ਯੂ ਟਿਊਬ ’ਤੇ ਮਾਮੂਲੀ ਸਬਸਕ੍ਰਾਈਬਰ ਹੀ ਹੋਣ ਪਰ ਉਸ ਦੇ ਜ਼ਿਆਦਾਤਰ ਪੱਤਰਕਾਰ ‘ਬੱਸ ਮੈਂ ਹੀ ਹਾਂ’ ਵਾਲੀ ਬਿਰਤੀ ਲੈ ਕੇ ਘੁੰਮਦੇ ਆਮ ਨਜ਼ਰ ਆ ਜਾਂਦੇ ਹਨ। ਕੋਈ ਪ੍ਰੈੱਸ ਕਾਨਫ਼ਰੰਸ ਹੋਵੇ ਤਾਂ ਸੀਨੀਅਰ ਪੱਤਰਕਾਰ ਦਾ ਇਹ ਹਾਲ ਹੁੰਦਾ ਹੈ ਕਿ ‘ਸੀਨੀਅਰ ਪੱਤਰਕਾਰ ਤਾਂ ਵਿਚਾਰੇ ਵਾਧੂ ਜਿਹੇ ਹੀ ਹਨ’। ਅਸਲੀ ਪੱਤਰਕਾਰ ਤਾਂ ਉਹ ਹੀ ਹਨ ਜਿਨ੍ਹਾਂ ਦੇ ਹੱਥਾਂ ਵਿਚ ਟੀਵੀ ਚੈਨਲਾਂ ਦੇ ‘ਲੋਗੋ’ ਫੜੇ ਹਨ। ਜੇਕਰ ਕੋਈ ਸੀਨੀਅਰ ਪੱਤਰਕਾਰ ਕੋਈ ਸਵਾਲ ਪੁੱਛਦਾ ਵੀ ਹੈ ਤਾਂ ਉਸ ਦੇ ਸਵਾਲ ਨੂੰ ਕੱਟਣ ਵਾਲੇ ਇਹ ‘ਆਪੇ ਬਣੇ ਪੱਤਰਕਾਰ’ ਬੜਾ ਵੱਡਾ ਰੋਲ ਨਿਭਾਉਂਦੇ ਹਨ। ਪਰ ਅੱਜ ਵੀ ਪੱਤਰਕਾਰ ਹਨ, ਜੋ ਕਈਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕਰਦੇ ਹਨ। ਜੋ ਸੀਨੀਅਰ ਹਨ ਤੇ ਸੀਨੀਅਰਤਾ ਦੀ ਸਭਿਅਤਾ ਵੀ ਉਨ੍ਹਾਂ ਵਿਚੋਂ ਨਜ਼ਰ ਆਉਂਦੀ ਹੈ। ਅੱਜ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵੱਡੇ ਪੰਜਾਬੀ ਅਖ਼ਬਾਰ ‘ਅਜੀਤ’ ਵਿਚ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ‘ਹਰਕਵਲਜੀਤ ਸਿੰਘ’ ਦੀ ਗੱਲ ਕਰ ਰਿਹਾ ਹਾਂ। ਜਿਸ ਵਿਚ ਪੱਤਰਕਾਰੀ ਨੂੰ ਲੈ ਕੇ ਕਦੇ ਹੰਕਾਰ ਦੀ ਬੂ ਨਹੀਂ ਦੇਖੀ। ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਕੋਲ ਛੋਟੀ ਜਿਹੀ ਢਾਣੀ ਦੇ ਜੰਮਪਲ ਪੱਤਰਕਾਰ ਹਰਕਵਲਜੀਤ ਸਿੰਘ ਨੇ ਪੱਤਰਕਾਰੀ ਵਿਚ ਬੜੀ ਸਹਿਜਤਾ ਵਾਲੀ ਛਾਪ ਛੱਡੀ ਹੈ, ਬੜਾ ਹੀ ਮਨ-ਮੌਜੀ ਤੇ ਅੰਤਰ ਆਤਮਾ ਨਾਲ ਮੁਹੱਬਤ ਕਰਨ ਵਾਲੇ ਹਰਕਵਲ ਅਜੋਕੇ ਪੱਤਰਕਾਰਾਂ ਲਈ ਪ੍ਰੇਰਨਾ ਸਰੋਤ ਹਨ। 23 ਜੁਲਾਈ 1954 ਨੂੰ ਜਨਮੇ ਹਰਕਵਲ ਨੇ ਪਹਿਲਾਂ ਹੀ ਤਹਿ ਕਰ ਲਿਆ ਸੀ ਕਿ ਉਹ ਪੱਤਰਕਾਰ ਹੀ ਬਣਨਗੇ, ਹਰਕਵਲ ਦੇ ਕਈ ਸਾਥੀ ਆਈ ਏ ਐੱਸ ਬਣ ਗਏ, ਕੁਝ ਜੱਜ ਬਣ ਕੇ ਹਾਈਕੋਰਟ ਤੱਕ ਵੀ ਪੁੱਜੇ, ਪਰ ਹਰਕਵਲ ਨੇ ਪੱਤਰਕਾਰੀ ਦਾ ਪੇਸ਼ਾ ਚੁਣਿਆ। ਬੇਸ਼ੱਕ ਪਿਤਾ ਸਰਦਾਰ ਸਰੂਪ ਸਿੰਘ (ਸਵਰਗਵਾਸੀ) ਨੇ ਸਿਵਲ ਸਰਵਿਸ ਵਿਚ ਸੇਵਾ ਕੀਤਾ ਤੇ ਮਾਤਾ ਪੜੇ ਲਿਖੇ (ਐਫ.ਏ.) ਸਨ ਪਰ ਉਹ ਘਰੇ ਹੀ ਕੰਮ ਕਰਦੇ ਸਨ। ਪਿਤਾ ਸਰਦਾਰ ਸਰੂਪ ਸਿੰਘ ਵੱਲੋਂ ਇਹ ਸਤਰਾਂ ਹਰਕਵਲ ਦੇ ਬੜੀਆਂ ਕੰਮ ਆਈਆਂ ‘ਕੁੱਲੀ, ਗੁੱਲੀ, ਜੁੱਲੀ (ਰੋਟੀ, ਕੱਪੜਾ, ਮਕਾਨ) ਤਾਂ ਮਿਲ ਹੀ ਜਾਂਦੀਆਂ ਹਨ। ਉਹ ਕੰਮ ਕਰੋ ਜਿਸ ਵਿਚੋਂ ਦੇਸ਼, ਕੌਮ, ਇਨਸਾਨੀਅਤ ਦੇ ਵਿਕਾਸ ਦੀਆਂ ਲਹਿਰਾਂ ਫੁੱਟਦੀਆਂ ਹੋਣ। ਸਮਾਜ ਨੂੰ ਲਾਭ ਹੋਵੇ। ਹਰਕਵਲ ਹੋਰਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ ਹਿਸਟਰੀ ਦੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਵਿਚੋਂ ਹੀ ਉਨ੍ਹਾਂ ਨੇ ਪੱਤਰਕਾਰਤਾ ਦੀ ਡਿੱਗਰੀ ਵੀ ਕੀਤੀ। 1979 ਵਿਚ ਉਨ੍ਹਾਂ ਨੇ ਪੱਤਰਕਾਰਤਾ ਵਿਚ ਪੈਰ ਧਰਿਆ। ਵੱਡੇ ਹਮਦਰਦ ਸਾਹਿਬ ਸਾਧੂ ਸਿੰਘ ਹਮਦਰਦ ਜੀ ਨੇ ਉਨ੍ਹਾਂ ਨੂੰ ਅਜੀਤ ਵਿਚ ਪੱਤਰਕਾਰ ਵਜੋਂ ਰੱਖਿਆ, ਪਰ ਸਰਦਾਰ ਸਾਧੂ ਸਿੰਘ ਹਮਦਰਦ ਹੋਰਾਂ ਨੇ ‘ਅਜੀਤ’ ਵਿਚ ਹਰਕਵਲ ਨੂੰ ਬੜੀ ਸੰਜੀਦਗੀ ਦੀ ਪੱਤਰਕਾਰਤਾ ਕਰਦਿਆਂ ਦੇਖਿਆ। ਦੋ ਸਾਲਾਂ ਬਾਅਦ ਹੀ ਹਰਕਵਲ ਨੂੰ ਸਟਾਫ਼ ਰਿਪੋਰਟਰ ਵਜੋਂ ਨਿਯੁਕਤ ਕਰ ਦਿੱਤਾ। ਪੱਤਰਕਾਰਤਾ ਕਰਦੇ ਰਹੇ, ਅਜੀਤ ਵਿਚ ਹਰਕਵਲ ਹੋਰਾਂ ਨੂੰ ਤਰੱਕੀਆਂ ਮਿਲਦੀਆਂ ਰਹੀਆਂ ਉਹ ‘ਸਟੇਟ ਬਿਊਰੋ ਚੀਫ਼’ ਤੱਕ ਪੁੱਜੇ। ਬੇਸ਼ੱਕ ਅਜੀਤ ਵਿਚ ਸੇਵਾ ਮੁਕਤੀ ਆਮ ਨਿਯਮਾਂ ਅਨੁਸਾਰ ਹੀ ਹੋ ਜਾਂਦੀ ਹੈ ਪਰ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ (ਭਾਅ ਜੀ) ਹੋਰਾਂ ਨੇ ਹਰਕਵਲ ਨੂੰ ਸੇਵਾ ਮੁਕਤ ਨਹੀਂ ਕੀਤਾ। ਉਹ ਅੱਜ ਵੀ ਅਜੀਤ ਵਿਚ ਚੰਡੀਗੜ੍ਹ ਤੋਂ ਕੰਮ ਕਰਦੇ ਆ ਰਹੇ ਹਨ। ਉਹ ਮੌਲਿਕ ਖ਼ਬਰਾਂ (ਰਿਪੋਰਟਾਂ) ਕਰਦੇ ਆ ਰਹੇ ਹਨ। -ਅੱਤਵਾਦ ਵੇਲੇ ਸੰਕਟਾਂ ਵਿਚ ਵੀ ਘਿਰੇ ‘ਹਰਕਵਲਜੀਤ ਸਿੰਘ’ ਅੱਤਵਾਦ ਦਾ ਸਮਾਂ ਸੀ, ਉਸ ਵੇਲੇ ਹਰਕਵਲ ਹੋਰਾਂ ਨੇ ਪੱਤਰਕਾਰਤਾ ਵਿਚ ਆਪਣਾ ਨਾਮ ਬਣਾ ਲਿਆ ਸੀ। ਖਾੜਕੂ ਖ਼ਬਰਾਂ ਦਿੰਦੇ ਸਨ, ਕਿਸੇ ਗਰੁੱਪ ਦੀ ਖ਼ਬਰ ਜ਼ਿਆਦਾ ਲੱਗ ਗਈ ਕਿਸੇ ਗਰੁੱਪ ਦੀ ਖ਼ਬਰ ਥੋੜ੍ਹੀ ਰਹਿ ਗਈ, ਖਾੜਕੂਆਂ ਦਾ ਗ਼ੁੱਸੇ ਹੋਣ ਦਾ ਕਾਰਨ ਕਈ ਵਾਰੀ ਇਹ ਵੀ ਹੁੰਦਾ ਸੀ। ਇਸ ਕਰਕੇ ਖਾੜਕੂਆਂ ਦਾ ਗ਼ੁੱਸਾ ਕਈ ਵਾਰੀ ਪੱਤਰਕਾਰ ਨੂੰ ਮੁਸ਼ਕਲਾਂ ਵਿਚ ਪਾ ਦਿੰਦਾ ਸੀ। ਹਰਕਵਲਜੀਤ ਸਿੰਘ ਹੋਰੀਂ ਕਹਿੰਦੇ ਹਨ ਕਿ ਮੇਰੇ ਕੋਲ ਇਕ ਦਿਨ ਇੰਟੈਲੀਜੈਂਸ ਵਾਲੇ ਆਏ ਤੇ ਕਹਿਣ ਲੱਗੇ ਕਿ ਤੈਨੂੰ ਮਾਰਨ ਲਈ ਖਾੜਕੂ ਆਏ ਸੀ ਪਰ ਤੂੰ ਬਚ ਗਿਆ, ਇਸ ਕਰਕੇ ਚੌਕਸ ਰਹੋ। ਪਰ ਹਰਕਵਲ ਹੋਰਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ, ਉਸ ਤੋਂ ਬਾਅਦ ਆਈ ਬੀ ਨੇ ਵੀ ਕਿਹਾ ਕਿ ਹਰਕਵਲ ਤੁਹਾਨੂੰ ਅੱਤਵਾਦੀ ਮਾਰਨਾ ਚਾਹੁੰਦੇ ਹਨ ਤੁਸੀਂ ਬਚ ਕੇ ਰਹੋ। ਫੇਰ ਵੀ ਹਰਕਵਲ ਨੇ ਪ੍ਰਵਾਹ ਨਾ ਕੀਤੀ। 1990 ਦੇ ਨੇੜੇ ਤੇੜੇ ਅੰਮ੍ਰਿਤਸਰ ਵਿਚ ਇਕ ਖਾੜਕੂ ਫੜਿਆ ਗਿਆ। ਉਸ ਤੋਂ ਪੁਲੀਸ ਨੇ ਕਾਫ਼ੀ ਖ਼ੁਲਾਸੇ ਕਰਵਾਏ ਜਿਸ ਵਿਚ ਇਹ ਵੀ ਸੀ ਕਿ ਅੱਤਵਾਦੀਆਂ ਨੇ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਮਾਰਨਾ ਸੀ ਪਰ ਉਨ੍ਹਾਂ ਕੋਲ ਸੁਰੱਖਿਆ ਗਾਰਦ ਸੀ ਤੇ ਬੁਲਟ ਪਰੂਫ਼ ਗੱਡੀ ਸੀ, ਉਨ੍ਹਾਂ ਤੱਕ ਅੱਤਵਾਦੀ ਪੁੱਜ ਨਹੀਂ ਸਕੇ ਤਾਂ ਅੱਤਵਾਦੀਆਂ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਕੱਲ੍ਹ ਹਰਕਵਲਜੀਤ ਸਿੰਘ ਵੀ ਕਾਫ਼ੀ ਚਰਚਾ ਵਿਚ ਹੈ ਇਸ ਨੂੰ ਮਾਰ ਦਿਓ। ਇਹ ਖ਼ੁਲਾਸਾ ਹੋਣ ਤੋਂ ਬਾਅਦ ਪੰਜਾਬ ਪੁਲੀਸ ਨੇ ਹਰਕਵਲਜੀਤ ਸਿੰਘ ਨੂੰ ਕਿਹਾ ਕਿ ਤੁਹਾਨੂੰ ਸੁਰੱਖਿਆ ਦੇਣੀ ਹੈ ਪਰ ਹਰਕਵਲ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ‘ਮੈਂ ਇਕ ਪੱਤਰਕਾਰ ਹਾਂ, ਪੱਤਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਵਿਚ ਰਹਿਣਾ, ਮੈਂ ਪਤਾ ਨਹੀਂ ਕਦੋਂ ਕਿੱਥੇ ਜਾਣਾ ਹੈ। ਮੈਂ ਸਰਕਾਰੀ ਗੈਰ ਸਰਕਾਰੀ ਖ਼ਬਰਾਂ ਕਰਨੀਆਂ ਹਨ। ਜੇਕਰ ਮੇਰੇ ਕੋਲ ਸੁਰੱਖਿਆ ਹੋਈ ਤਾਂ ਲੋਕ ਮੇਰੇ ਕੋਲੋਂ ਡਰਨ ਲੱਗ ਜਾਣਗੇ। ਪੱਤਰਕਾਰ ਲੋਕਾਂ ਲਈ ਲਿਖਦਾ ਹੈ, ਇਸ ਕਰਕੇ ਉਸ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ’ ਪਰ ਪੁਲੀਸ ਨਾ ਮੰਨੀ ਤਾਂ ਹਰਕਵਲਜੀਤ ਸਿੰਘ ਨੇ ਲਿਖ ਕੇ ਦਿੱਤਾ ਕਿ ਮੈਂ ਆਪਣੀ ਜਾਨ ਦਾ ਖ਼ੁਦ ਜ਼ਿੰਮੇਵਾਰ ਹਾਂ ਤਾਂ ਜਾ ਕੇ ਪੁਲੀਸ ਨੇ ਹਰਕਵਲਜੀਤ ਸਿੰਘ ਦਾ ਖਹਿੜਾ ਛੱਡਿਆ। -ਧਮਕੀਆਂ ਆਈਆਂ ਪਰ ਅਦਾਲਤਾਂ ਵਿਚ ਕਦੇ ਵੀ ਕਿਸੇ ਕੇਸ ਦਾ ਸਾਹਮਣਾ ਨਹੀਂ ਕੀਤਾ ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਮੈਨੂੰ ਧਮਕੀਆਂ ਤਾਂ ਬਹੁਤ ਆਉਂਦੀਆਂ ਸਨ ਕਿਉਂਕਿ ਜਦੋਂ ਕੋਈ ਪੱਤਰਕਾਰ ਲੋਕ ਹਿਤ ਵਿਚ ਲਿਖਦਾ ਹੈ ਤਾਂ ਵੱਡੇ ਲੋਕ, ਸਰਕਾਰਾਂ ਉਸ ਨਾਲ ਖ਼ਫ਼ਾ ਹੋ ਜਾਂਦੀਆਂ ਹਨ। ਪਰ ਕਿਉਂਕਿ ਪੰਜਾਬੀ ਯੂਨੀਵਰਸਿਟੀ ਵਿਚ ਕੀਤੀ ਪੱਤਰਕਾਰਤਾ ਦਾ ਉਸ ਵੇਲੇ ਇਹ ਲਾਭ ਹੁੰਦਾ ਸੀ ਕਿ ਪੱਤਰਕਾਰਤਾ ਤੇ ਪਾਠਕ੍ਰਮ ਵਿਚ ਕਾਨੂੰਨ ਦੀ ਪੜਾਈ ਦਾ ਵੀ ਇਕ ਵਿਸ਼ਾ ਹੁੰਦਾ ਸੀ। ਹਰਕਵਲ ਕਹਿੰਦੇ ਹਨ ਕਿ ਲਿਹਾਜ਼ ਕਿਸੇ ਦਾ ਨਹੀਂ ਕੀਤਾ, ਮੈਂ ਖ਼ਬਰਾਂ ਲਿਖਣ ਸਮੇਂ ਪਹਿਲਾਂ ਸਬੂਤ ਆਪਣੇ ਹੱਥ ਵਿਚ ਲੈ ਲੈਂਦਾ ਸੀ। ਇਸ ਕਰਕੇ ਮੈਂ ਕਦੇ ਵੀ ਕਿਸੇ ਖ਼ਬਰ ਕਰਕੇ ਅਦਾਲਤਾਂ ਵਿਚ ਸਫ਼ਾਈ ਦੇਣ ਲਈ ਨਹੀਂ ਗਿਆ। ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਪੱਤਰਕਾਰ ਆਪਣੇ ਜ਼ਮੀਰ ਨੂੰ ਅੱਗੇ ਰੱਖ ਕੇ ਖ਼ਬਰਾਂ ਲਿਖਣ। ਬਾਕੀ ਤਾਂ ਸੰਸਾਰ ਨੇ ਚੱਲਦੇ ਹੀ ਰਹਿਣਾ ਹੈ। ਸੋ ਅੱਜ ਲਈ ਏਨਾ ਹੀ ਸਵੀਕਾਰ ਕਰਨਾ। ਕਦੇ ਫੇਰ ਲਿਖਾਂਗੇ। ਮੈਂ ਸੀਨੀਅਰ ਪੱਤਰਕਾਰ ਹਰਕਵਲਜੀਤ ਸਿੰਘ ਹੋਰਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹੋਇਆ ਉਨ੍ਹਾਂ ਨੂੰ ਮੁਹੱਬਤ ਦੇ ਫੁੱਲ ਭੇਂਟ ਕਰਦਾ ਹਾਂ। ਉਹ ਹਮੇਸ਼ਾ ਖ਼ੁਸ਼ ਰਹੇ.. ਆਮੀਨ ਗੁਰਨਾਮ ਸਿੰਘ ਅਕੀਦਾ 8146001100

Monday, July 04, 2022

ਇਕ ਕੁੜੀ ਦੀ ਇੱਜ਼ਤ ਬਚਾਉਣ ਵੇਲੇ ਮੋਢੇ ਵਿਚ ਗੋਲੀ ਖਾਣ ਤੇ ਚਰਚਾ ਵਿਚ ਆਏ ਸਨ ‘ਜੋੜਾਮਾਜਰਾ’

ਪਟਿਆਲਾ ਦਿਹਾਤੀ ਦਾ ਪ੍ਰਧਾਨ ਬਣ ਕੇ ‘ਆਪ’ ਵਿਚੋਂ ਧੜੇਬੰਦੀ ਖ਼ਤਮ ਕੀਤੀ ਸੀ ਚੇਤਨ ਸਿੰਘ ਨੇ
ਗੁਰਨਾਮ ਸਿੰਘ ਅਕੀਦਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੁਟਕੀਮਾਜਰਾ ਵਿਚ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਚੇਤਨ ਸਿੰਘ ਜੌੜਾਮਾਜਰਾ ਤਰਨਤਾਰਨ ਵਿਚ ਇਕ ਅਣਜਾਣ ਕੁੜੀ ਨੂੰ ਅਗਵਾ ਹੋਣ ਤੋਂ ਬਚਾਉਣ ਵੇਲੇ ਮੋਢੇ ਵਿਚ ਗੋਲੀ ਲੱਗਣ ਕਰਕੇ ਕਾਫ਼ੀ ਚਰਚਾ ਵਿਚ ਆਏ ਸਨ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਵੱਡੇ ਨੇਤਾ ਸੁਰਜੀਤ ਸਿੰਘ ਰੱਖੜਾ ਨੂੰ 74375 ਵੋਟਾਂ ਲੈ ਕੇ 39713 ਵੋਟਾਂ ਨਾਲ ਵੱਡੇ ਫ਼ਰਕ ਨਾਲ ਹਰਾਇਆ ਸੀ। ਪਿੰਡ ਲੁਟਕੀ ਮਾਜਰਾ ਵਿਚ ਚਾਰ ਏਕੜ ਜ਼ਮੀਨ ਦੇ ਮਾਲਕ ਪਿਤਾ ਗੁਰਦੇਵ ਸਿੰਘ ਦੇ ਮੋਢੇ ਚੜ ਕੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਦੋ ਚਾਰ ਹੋਣ ਦਾ ਜੇਰਾ ਕਰਨ ਵਾਲੇ ਚੇਤਨ ਸਿੰਘ ਜੌੜਾਮਾਜਰਾ ਨੇ ਧਨੇਠਾ ਹਾਇਰ ਸੈਕੰਡਰੀ ਸਕੂਲ ਵਿਚ ਪਹਿਲੇ ਦਰਜੇ ਵਿਚ ਬਾਰ੍ਹਵੀਂ ਕਲਾਸ ਪਾਸ ਕੀਤੀ ਸੀ, ਉਹ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰਾਂ ਵਿਚੋਂ ਹਨ ਜੋ ਪਟਿਆਲਾ ਦਿਹਾਤੀ ਦੇ ਉਸ ਵੇਲੇ ਪ੍ਰਧਾਨ ਬਣੇ ਜਦੋਂ ਪਟਿਆਲਾ ਵਿਚ ਧੜੇਬੰਦੀ ਨੇ ਥਾਂ ਬਣਾ ਰੱਖੀ ਸੀ, ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਧੜੇਬੰਦੀ ਖ਼ਤਮ ਹੋ ਗਈ ਸੀ, ਉਹ ਉਦੋਂ ਪਟਿਆਲਾ ਦਿਹਾਤੀ ਦੇ ਪ੍ਰਧਾਨ ਹੀ ਸਨ ਜਦੋਂ ਉਹ ਨਿੱਜੀ ਟੂਰ ਤੇ ਤਰਨਤਾਰਨ ਵਿਚ ਗੁਰਦੁਆਰਾ ਸਾਹਿਬ ਵਿਚ ਦਰਸ਼ਨ ਕਰਨ ਲਈ ਗਏ ਸਨ ਤਾਂ ਚਾਰ ਗੈਂਗਸਟਰਾਂ ਨੇ ਇਕ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਲਕਾਰਾ ਮਾਰ ਕੇ ਚੇਤਨ ਸਿੰਘ ਨੇ ਉਨ੍ਹਾਂ ਗੈਂਗਸਟਰਾਂ ਨੂੰ ਰੋਕਿਆ, ਤਾਂ ਉਹ ਗੈਂਗਸਟਰਾਂ ਨੇ ਚੇਤਨ ਸਿੰਘ ਦੇ ਗੋਲੀ ਮਾਰ ਦਿੱਤੀ ਜੋ ਸ੍ਰੀ ਜੌੜੇਮਾਜਰਾ ਦੇ ਮੋਢੇ ਵਿਚ ਲੱਗੀ। ਇਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਰਹੇ। ਇਸ ਵੇਲੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਦਾ ਬੜਾ ਅਫ਼ਸੋਸ ਜ਼ਾਹਿਰ ਕੀਤਾ ਸੀ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪੰਜਾਬ ਵਿਚ ਵੱਧ ਰਹੇ ਗੈਂਗਸਟਰਾਂ ਤੇ ਨੱਥ ਪਾਉਣ ਲਈ ਕਿਹਾ ਸੀ। ਇਨ੍ਹਾਂ ਦੀ ਪਤਨੀ ਸ਼ਰਨਜੀਤ ਕੌਰ ਇਨ੍ਹਾਂ ਨੂੰ ਹਮੇਸ਼ਾ ਹੌਸਲਾ ਦਿੰਦੇ ਹਨ, ਇਨ੍ਹਾਂ ਦੀ ਘਰ ਦੀ ਫੁਲਵਾੜੀ ਵਿਚ ਇਕ ਬੇਟਾ ਹੈ। ਤਸਵੀਰ ਚੇਤਨ ਸਿੰਘ ਜੌੜਾਮਾਜਰਾ : ਤਰਨਤਾਰਨ ਵਿਚ ਗੋਲੀ ਲੱਗਣ ਤੇ ਇਲਾਜ ਕਰਾਉਂਦੇ ਹੋਏ ਚੇਤਨ ਸਿੰਘ ਜੌੜਾਮਾਜਰਾ ਦੀ ਫਾਈਲ ਫ਼ੋਟੋ।

Wednesday, June 03, 2020

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਨਵੇਂ ਸਲਾਹਕਾਰ ਬੋਰਡ ਦਾ ਗਠਨ

ਬੋਰਡ ਵਿਚ ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਮਾਹਰਾਂ ਦੇ ਨਾਲ ਨਾਲ ਸਾਹਿਤ ਅਤੇ ਵੱਖ ਵੱਖ ਕਲਾਵਾਂ ਦੇ ਨਾਮਵਰ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਸਿੰਘ, ਅਜੀਤ ਤੋਂ ਸੀਨੀਅਰ ਪੱਤਰਕਾਰ ਹਰਕੰਵਲਜੀਤ ਸਿੰਘ, ਅਤੇ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਸ੍ਰੀਮਤੀ ਨਿਮਰਤ ਕੌਰ ਬੋਰਡ ਵਿਚ ਹੋਏ ਸ਼ਾਮਿਲ 
ਚੰਡੀਗੜ੍ਹ, 3 ਜੂਨ: ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਰਾਜ ਸਲਾਹਕਾਰ ਬੋਰਡ ਦਾ ਗਠਨ ਕਰ ਦਿੱਤਾ ਹੈੈ।ਇਸ ਸਬੰਧੀ ਉਚੇਰੀ ਸਿੱਖਿਆ ਅਤੇ
ਭਾਸ਼ਾਵਾਂ ਵਿਭਾਗ ਵਲੋਂ ਭੇਜੀ ਗਈ ਤਜਵੀਜ਼ ਨੂੰ ਮੁੱਖ ਮੰਤਰੀ ਨੇ ਕੱਲ ਪ੍ਰਵਾਨਗੀ ਦੇ ਦਿੱਤੀ ਸੀ।
ਸੂਬੇ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਵੇਂ ਸਲਾਹਕਾਰ ਬੋਰਡ ਦੇ ਗਠਨ ਨੂੰ ਵਿਭਾਗ ਲਈ ਸ਼ੁਭ ਸ਼ਗਨ ਦਰਸਾਉਂਦਿਆਂ ਕਿਹਾ ਹੈ ਕਿ ਇਸ ਫੈਸਲੇ ਨਾਲ ਭਾਸ਼ਾ ਵਿਭਾਗ ਦਾ ਕੰਮ ਹੋਰ ਚੁਸਤ-ਦਰੁਸਤ ਹੋਵੇਗਾ। ਉਹਨਾਂ ਕਿਹਾ ਕਿ ਇਸ ਬੋਰਡ ਵਿੱਚ ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਮਾਹਰਾਂ ਦੇ ਨਾਲ ਨਾਲ ਸਾਹਿਤ ਅਤੇ ਵੱਖ ਵੱਖ ਕਲਾਵਾਂ ਦੇ ਸਿਰ ਕੱਢ ਵਿਅਕਤੀ ਸ਼ਾਮਲ ਕੀਤੇ ਗਏ ਹਨ। ਮੰਤਰੀ ਨੇ ਕਿਹਾ ਹੈ ਕਿ ਇਹਨਾਂ ਮਾਹਰ ਵਿਅਕਤੀਆਂ ਦੀ ਸਲਾਹ ਅਨੁਸਾਰ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾਵਾਂ ਦੇ ਵਿਕਾਸ ਲਈ ਨਵੀਂਆਂ ਯੋਜਨਾਵਾਂ ਤੇ ਪ੍ਰੋਗਰਾਮ ਉਲੀਕੇਗਾ।
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਵਲੋਂ ਜਾਰੀ ਕੀਤੇ ਗਏ ਨੋਟੀਫ਼ੀਕੇਸ਼ਨ ਅਨੁਸਾਰ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ-ਚੇਅਰਪਰਸਨ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ- ਵਾਈਸ ਚੇਅਰਪਰਸਨ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਚੰਡੀਗੜ੍ਹ - ਮੈਂਬਰ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ ਜਾਂ ਉਹਨਾਂ ਦਾ ਨੁਮਾਇੰਦਾ-ਮੈਂਬਰ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ -ਮੈਂਬਰ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-ਮੈਂਬਰ,  ਪ੍ਰਧਾਨ/ਜਨਰਲ ਸਕੱਤਰ, ਪੰਜਾਬ ਕਲਾ ਪ੍ਰੀਸ਼ਦ, ਸੈਕਟਰ-16 ਬੀ,ਚੰਡੀਗੜ੍ਹ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ -ਮੈਂਬਰ, ਡਾਇਰੈਕਟਰ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ, ਪੰਚਕੂਲਾ- ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਅਕਾਦਮੀ, ਨਵੀਂ ਦਿੱਲੀ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ, ਦਿੱਲੀ - ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) - ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਸਾਹਿਤ ਅਕਾਦਮੀ, ਨਵੀਂ ਦਿੱਲੀ-ਮੈਂਬਰ, ਪ੍ਰਧਾਨ/ਜਨਰਲ ਸਕੱਤਰ, ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ - ਮੈਂਬਰ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ -ਮੈਂਬਰ/ਕਨੀਵਰ ਹੋਣਗੇ।
ਸਲਾਹਕਾਰ ਬੋਰਡ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਨਿਯੁਕਤ ਕੀਤੇ ਗਏ ਗੈਰ ਸਰਕਾਰੀ ਮੈਂਬਰਾਂ ਵਿਚ ਡਾ. ਸੁਰਜੀਤ ਪਾਤਰ, ਨਾਟਕਕਾਰ ਡਾ. ਆਤਮਜੀਤ, ਸ. ਵਰਿਆਮ ਸੰਧੂ, ਕਹਾਣੀਕਾਰ, ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨੀ, ਡਾ. ਨਾਹਰ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ. ਮਨਮੋਹਣ ਬਾਵਾ ਨਾਵਲਕਾਰ ਅਤੇ ਡਾ. ਜਸਬੀਰ ਸਿੰਘ ਸਾਬਰ, ਅੰਮ੍ਰਿਤਸਰ ਸ਼ਾਮਿਲ ਹਨ।
ਇਨ੍ਹਾਂ ਤੋਂ ਇਲਾਵਾ ਉੱਘੇ ਗਾਇਕ ਸ੍ਰੀ ਪਰਮਜੀਤ ਸਿੰਘ (ਪੰਮੀ ਬਾਈ),  ਸ੍ਰੀ ਬਲਕਾਰ ਸਿੱਧੂ, ਅਤੇ  ਸ੍ਰੀ ਹਰਦੀਪ ਸਿੰਘ ਪਟਿਆਲਾ ਨੂੰ ਲੋਕ ਗਾਇਕ ਸ਼੍ਰੇਣੀ ਵਿਚ ਮੈਂਬਰ ਨਾਮਜ਼ਦ ਕੀਤਾ ਗਿਆ ਹੈ।ਹਿੰਦੀ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਸ੍ਰੀ ਅਨਿਲ ਧੀਮਾਨ, ਆਰ.ਐਸ.ਡੀ. ਕਾਲਜ, ਫ਼ਿਰੋਜਪੁਰ, ਡਾ. ਚਮਨ ਲਾਲ ਪਟਿਆਲਾ ਅਤੇ ਡਾ. ਮੇਵਾ ਸਿੰਘ, ਪ੍ਰੋਫੈਸਰ (ਰਿਟਾ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਮੈਂਬਰ ਬਣਾਇਆ ਗਿਆ ਹੈ। ਉਰਦੂ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਡਾ. ਮੁਹੰਮਦ ਜਮੀਲ, ਪ੍ਰਿੰਸੀਪਲ ਸਰਕਾਰੀ ਕਾਲਜ, ਅਮਰਗੜ੍ਹ, ਸਰਦਾਰ ਪੰਛੀ ਅਤੇ ਅਜ਼ੀਜ਼ ਪਰਿਹਾਰ ਨੂੰ ਮੈਂਬਰ ਬਣਾਇਆ ਗਿਆ ਹੈ।ਸੰਸਕ੍ਰਿਤ ਭਾਸ਼ਾ ਨਾਲ ਸਬੰਧਤ ਸਾਹਿਤਕਾਰਾਂ ਵਿਚੋਂ ਡਾ. ਵਰਿੰਦਰ ਕੁਮਾਰ, ਸੰਸਕ੍ਰਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਮੈਡਮ ਕਮਲਦੀਪ ਕੌਰ, ਸੇਵਾ ਮੁਕਤ ਪ੍ਰੋਫੈਸਰ, ਮਹਿੰਦਰਾ ਕਾਲਜ, ਪਟਿਆਲਾ, ਡਾ. ਪੁਸ਼ਪਿੰਦਰ ਜੋਸ਼ੀ, ਪਟਿਆਲਾ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਇਸ ਬੋਰਡ ਵਿਚ ਅਖਬਾਰਾਂ/ਟੈਲੀਵੀਜਨ ਅਤੇ ਮੀਡੀਆ ਨਾਲ ਸਬੰਧਤ ਹਸਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿੰਨਾਂ ਵਿਚ ਡਾ. ਸਵਰਾਜਬੀਰ ਸਿੰਘ, ਸੰਪਾਦਕ, ਪੰਜਾਬੀ ਟ੍ਰਿਬਿਊਨ, ਸ. ਹਰਕੰਵਲਜੀਤ ਸਿੰਘ, ਸੀਨੀਅਰ ਪੱਤਰਕਾਰ, ਅਜੀਤ, ਚੰਡੀਗੜ੍ਹ
ਅਤੇ ਸ੍ਰੀਮਤੀ ਨਿਮਰਤ ਕੌਰ, ਮੈਨੇਜਿੰਗ ਐਡੀਟਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ ਸ਼ਾਮਿਲ ਹਨ।ਇਸੇ ਤਰਾਂ  ਕਲਾ, ਵਿਗਿਆਨ, ਸਮਾਜ ਸੇਵਾ, ਚਿਕਿਤਸਾ, ਇੰਜੀਨੀਅਰਿੰਗ, ਵਾਤਾਾਵਰਣ ਆਦਿ ਖੇਤਰਾਂ ਨਾਲ ਸਬੰਧਤ ਵਿਆਕਤੀਆਂ ਵਿਚੋਂ ਸ. ਭੁਪਿੰਦਰ ਸਿੰਘ ਵਿਰਕ, ਪ੍ਰੋਫੈਸਰ, ਕਾਨੂੰਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ. ਉਜਾਗਰ ਸਿੰਘ, ਡੀ.ਪੀ.ਆਰ.ਓ. (ਰਿਟਾ) ਪਟਿਆਲਾ, ਸ. ਕਰਨਲ ਜਸਮੇਰ ਸਿੰਘ ਬਾਲਾ, ਮੋਹਾਲੀ, ਡਾ. ਮੇਘਾ ਸਿੰਘ, ਮੋਹਾਲੀ, ਡਾ. ਸੁਰਜੀਤ ਲੀ, ਭਾਸ਼ਾ ਵਿਗਿਆਨੀ, ਪਟਿਆਲਾ ਅਤੇ ਡਾ. ਦੀਪਕ ਮਨਮੋਹਨ, ਚੰਡੀਗੜ੍ਹ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਹੈ।
ਸੰਪਾਦਕ ਟਿਪਣੀ : ਉਂਜ ਤਾਂ ਇਹ ਬੋਰਡ ਠੀਕ ਹੈ, ਪਰ ਕੁਝ ਕੁ ਮੈਂਬਰਾਂ ਤੇ ਇਤਰਾਜ਼ ਹੈ, ਕਿਉਂਕਿ ਇਨ੍ਹਾਂ ਮੈਂਬਰਾਂ ਤੇ ਪਹਿਲਾਂ ਹੀ ਪੱਖਪਾਤੀ ਹੋਣ ਦੇ ਦੋਸ਼ ਲੱਗੇ ਹਨ, ਕਈਆਂ ਦੇ ਨਾਮ ਵੱਡੇ ਹੋ ਸਕਦੇ ਹਨ ਪਰ ਜਦੋਂ ਕਰਮ ਪੱਖਪਾਤ ਵਿਚ ਉਲਝੇ ਹੋਏ ਹੋਣ ਤੇ ਉਨ੍ਹਾਂ ਤੇ ਭਵਿੱਖ ਵਿਚ ਵੀ ਨਿਰਪੱਖਤਾ ਦੀ ਆਸ ਨਹੀਂ ਰੱਖੀ ਜਾ ਸਕਦੀ, ਇਹ ਪੱਖਪਾਤ ਕਰਨ ਵਾਲੇ ਲੋਕ ਪ੍ਰਭਾਵਸ਼ਾਲੀ ਵੀ ਹਨ, ਇਸ ਕਰਕੇ ਮੈਨੂੰ ਕੁਝ ਮੈਂਬਰਾਂ ਤੇ ਇਤਰਾਜ਼ ਹੈ ਬਾਕੀ ਤਾਂ ਸਾਰਾ ਬੋਰਡ ਹੀ ਕਮਾਲ ਦਾ ਹੈ, ਸੰਸਥਾਵਾਂ ਦੀ ਚੋਣ ਬਹੁਤ ਵਧੀਆ ਹੈ, ਸਾਰੇ ਪੱਖ ਵਿਚਾਰੇ ਗਏ ਹਨ, ਪੰਜਾਬ ਸਰਕਾਰ ਨੇ ਬੋਰਡ ਬਣਾਇਆ ਹੈ, ਹੁਣ ਚੰਗਾ ਕਰਨ ਦੀ ਆਸ ਕੀਤੀ ਜਾ ਸਕਦੀ ਹੈ... ਪਰ ਮੈਂ ਬਾਕੀ ਮੈਂਬਰਾਂ, ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਪੱਖਪਾਤ  ਤੋਂ ਬਚਿਆ ਜਾਵੇ... ਕਿਰਪਾ ਕਰਕੇ

Friday, March 27, 2020

ਕੋਰੋਨਾ ਕਹਿਰ : ਬਲੱਡ ਬੈਂਕ ਵਿਚ ਆਈ ਖ਼ੂਨ ਦੀ ਭਾਰੀ ਕਮੀ

ਕੈਂਸਰ, ਗਰਭਵਤੀ, ਥੈਲਾਸੀਮੀਆ, ਸਰਜਰੀ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਬਣਿਆ
ਗੁਰਨਾਮ ਸਿੰਘ ਅਕੀਦਾ
ਕੋਰੋਨਾਵਾਇਰਸ ਦੇ ਕਹਿਰ ਕਾਰਨ ਬਲੱਡ ਬੈਂਕ ਖ਼ੂਨ ਦੀ ਭਾਰੀ ਕਾਰਨ ਕਈ ਮਜਬੂਰੀਆਂ ਵਿਚ ਫਸ ਗਏ ਹਨ, ਥੈਲਾਸੀਮੀਆ ਦੇ ਮਰੀਜ਼ਾਂ ਨੂੰ ਖ਼ੂਨ ਨਹੀਂ ਮਿਲ ਰਿਹਾ ਕਿਉਂਕਿ ਖ਼ੂਨਦਾਨੀਆਂ ਨੂੰ ਬਲੱਡ ਬੈਂਕ ਲਿਆਉਣ ਦੀ ਅਜੇ ਤੱਕ ਵੀ ਪ੍ਰਸ਼ਾਸਨ ਨੇ ਕੋਈ ਅਜਿਹੀ ਸੁਵਿਧਾ ਨਹੀਂ ਦਿੱਤੀ ਜਿਸ ਨਾਲ ਖ਼ੂਨ ਦਾਨੀ ਦੂਰੀਆਂ ਰੱਖ ਕੇ ਬਲੱਡ ਬੈਂਕ ਤੱਕ ਪੁੱਜ ਜਾਣ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੋਜ਼ਾਨਾ ਖ਼ੂਨਦਾਨ ਦੇ ਕੈਂਪ ਲੱਗਦੇ ਹਨ ਤਾਂ ਕਿਤੇ ਜਾ ਕੇ ਖ਼ੂਨ ਪੂਰਾ ਹੁੰਦਾ ਹੈ ਪਰ ਹੁਣ ਇਹ ਕੈਂਪ ਲੱਗਣੇ ਬੰਦ ਹੋ ਗਏ ਹਨ, ਇੱਥੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੁਖੀ ਹਰਦੀਪ ਸਿੰਘ ਨੇ ਕਿਹਾ ਹੈ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਬਲੱਡ ਬੈਂਕਾਂ ਵਿਚ ਖ਼ੂਨ ਦੀ ਭਾਰੀ ਕਮੀ ਚੱਲ ਰਹੀ ਹੈ, ਹਸਪਤਾਲਾਂ ਵਿਚ ਐਕਸੀਡੈਂਟ, ਡਿਲਿਵਰੀ, ਥੈਲਾਸਿਮਕ ਬੱਚੇ, ਕੈਂਸਰ ਦੇ ਮਰੀਜ਼ਾਂ ਅਤੇ ਹੋਰ ਜ਼ਰੂਰੀ ਅਪਰੇਸ਼ਨ ਵਾਲੇ ਮਰੀਜ਼ਾਂ ਲਈ ਖ਼ੂਨ ਬਹੁਤ ਜ਼ਰੂਰੀ ਹੈ ਜੋ ਬਲੱਡ ਬੈਂਕਾਂ ਵਿਚ ਹੋਣਾ ਲਾਜ਼ਮੀ ਹੈ, ਖ਼ੂਨ ਦੇਣ ਲਈ ਖ਼ੂਨਦਾਨੀ ਵਿਅਕਤੀ ਤਿਆਰ ਹਨ ਪਰ ਕਰਫ਼ਿਊ ਕਾਰਨ ਇਨ੍ਹਾਂ ਨੂੰ ਪਿੰਡਾਂ, ਕਸ‌ਬਿਆਂ ਤੇ ਸ਼ਹਿਰ ਤੋਂ ਬਲੱਡ ਬੈਂਕ ਤੱਕ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਕਾਰਨ ਹਸਪਤਾਲ ਵਿਚ ਮਰੀਜ਼ਾਂ ਦੀ ਜਾਨ ਨੂੰ ਬਣਿਆ ਖ਼ਤਰਾ ਹੋ ਵੱਧ ਗਿਆ ਹੈ। ਇਸੇ ਤਰ੍ਹਾਂ ਇੱਥੇ ਦੇ ਬਲੱਡ ਬੈਂਕ ਦਾ ਕੰਮ ਸੰਭਾਲ ਰਹੇ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਕੋਲ 90 ਫ਼ੀਸਦੀ ਖ਼ੂਨ ਖ਼ੂਨਦਾਨ ਕੈਂਪਾਂ ਵਿਚੋਂ ਆਉਂਦਾ ਸੀ, ਗਰਭਵਤੀ ਔਰਤਾਂ ਵਿਚ 4-5 ਗਰਾਮ ਖ਼ੂਨ ਰਹਿ ਜਾਂਦਾ ਹੈ ਉਨ੍ਹਾਂ ਲਈ ਖ਼ੂਨ ਦੀ ਮੰਗ ਵਧੀ ਹੈ, ਸਾਨੂੰ ਖ਼ੂਨ ਦੀ ਤੁਰੰਤ ਲੋੜ ਹੈ, ਪਹਿਲਾਂ ਸਾਡੇ ਕੋਲ 60-70 ਯੂਨਿਟ ਖ਼ੂਨ ਬਲੱਡ ਬੈਂਕ ਤੱਕ ਰੋਜ਼ਾਨਾ ਪੁੱਜ ਜਾਂਦਾ ਸੀ ਪਰ ਹੁਣ ਸਾਡੇ ਕੋਲ ਖ਼ੂਨ ਨਹੀਂ ਆ ਰਿਹਾ, ਪਰਸੋਂ ਖ਼ੂਨਦਾਨੀਆਂ ਨੂੰ ਅਪੀਲ ਕੀਤੀ ਸੀ ਤਾਂ 27-28 ਖ਼ੂਨਦਾਨੀ ਆ ਗਏ ਸਨ, ਪਰ ਸਾਨੂੰ ਰੋਜ਼ਾਨਾ ਕਰੀਬ 30 ਯੂਨਿਟ ਖ਼ੂਨ ਦੀ ਲੋੜ ਹੈ। ਅਜੇ ਤਾਂ ਲਾਕ ਡਾਊਨ ਨੂੰ ਸਿਰਫ਼ ਦੋ ਦਿਨ ਹੀ ਹੋਏ ਹਨ ਪਰ ਅਗਲੇ ਦਿਨ ਗੁਜ਼ਾਰਨੇ ਬੜੇ ਮੁਸ਼ਕਿਲ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ ਪਰ ਸਾਨੂੰ ਕੋਈ ਵੀ ਹਾਂ ਪੱਖੀ ਨਤੀਜਾ ਨਹੀਂ ਮਿਲਿਆ। ਇਸੇ ਤਰ੍ਹਾਂ ਥੈਲਾਸੀਮੀਆ ਸੁਸਾਇਟੀ ਦੇ ਸਕੱਤਰ ਇੰਜ. ਰਾਜੀਵ ਅਰੋੜਾ ਨੇ ਕਿਹਾ ਕਿ ਸਾਡੇ ਕੋਲ ਸਿਰਫ਼ ਪਟਿਆਲਾ 230 ਬੱਚੇ ਥੈਲਾਸੀਮੀਆ ਦੇ ਰਜਿਸਟਰਡ ਹਨ, ਰੋਜ਼ਾਨਾ ਸਾਨੂੰ 20-22 ਯੂਨਿਟ ਖ਼ੂਨ ਦੀ ਲੋੜ ਹੈ, ਪਰ ਪੰਜਾਬ ਭਰ ਵਿਚ 1200 ਤੋਂ ਵੱਧ ਬੱਚੇ ਥੈਲਾਸੀਮੀਆ ਨਾਲ ਪੀੜਤ ਹਨ, ਜਿਸ ਲਈ ਖ਼ੂਨ ਦੀ ਭਾਰੀ ਲੋੜ ਹੈ, ਹੁਣ ਸਾਡੇ ਕੋਲ 5 ਜਾਂ 7 ਖ਼ੂਨ ਦਾਨ ਕਰਨ ਵਾਲੇ ਹੀ ਆ ਰਹੇ ਹਨ ਜਿਸ ਨਾਲ ਸਾਡੇ ਬੱਚਿਆਂ ਦਾ ਨਹੀਂ ਸਰ ਸਕਦਾ, ਥੈਲਾਸੀਮਿਕ ਬੱਚੇ ਵਿਚ ਘੱਟੋ ਘੱਟ 9 ਗਰਾਮ ਖ਼ੂਨ ਲੋੜੀਂਦਾ ਹੈ ਪਰ ਜੇਕਰ ਖ਼ੂਨ ਘਟ ਜਾਂਦਾ ਹੈ ਤਾਂ ਉਸ ਨਾਲ ਬੱਚੇ ਦੇ ਕਿਸੇ ਵੀ ਆਰਗਨ ਤੇ ਅਸਰ ਪੈ ਸਕਦਾ ਹੈ। ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਹੋਈ ਸੀ, ਉਨ੍ਹਾਂ ਕਿਹਾ ਕਿ ਜੇਕਰ ਕੋਈ ਖ਼ੂਨਦਾਨ ਕਰਨ ਲਈ ਆਉਂਦਾ ਹੈ ਤਾਂ ਅਸੀਂ ਗੱਡੀ ਉਪਲਬਧ ਕਰਾ ਦਿਆਂਗੇ ਪਰ ਫੇਰ ਵੀ ਦੂਰੀ ਦੀ ਉਲੰਘਣਾ ਹੋਵੇਗੀ। ਇਸ ਕਰਕੇ ਸਰਕਾਰ ਨੂੰ ਜ਼ਰੂਰੀ ਕਰਕੇ ਖ਼ੂਨ ਦਾਨ ਦੇ ਕੈਂਪ ਲਗਾਉਣੇ ਚਾਹੀਦੇ ਹਨ ਜਾਂ ਫਿਰ ਖ਼ੂਨ ਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਕਰਫ਼ਿਊ ਵਿਚ ਬਲੱਡ ਬੈਂਕਾਂ ਤੱਕ ਪੁੱਜਣ ਦੀ ਕਿਸੇ ਵੀ ਹਾਲਤ ਵਿਚ ਛੋਟ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਇਸ਼ਵਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਬਲੱਡ ਬੈਂਕ ਵਾਲੇ ਸਾਨੂੰ ਖ਼ੂਨਦਾਨ ਕਰਨ ਵਾਲੇ ਕਲੱਬਾਂ ਅਤੇ ਖ਼ੂਨਦਾਨੀਆਂ ਦੀ ਲਿਸਟ ਦੇ ਦੇਣ ਅਸੀਂ ਉਨ੍ਹਾਂ ਲਈ ਪਾਸ ਜਾਰੀ ਕਰ‌ ਦਿਆਂਗੇ। ਪਰ ਇਸ ਇਲਾਵਾ ਅਜੇ ਤੱਕ ਕੋਈ ਵੀ ਪ੍ਰਬੰਧ ਨਹੀਂ ਹੋ ਸਕਦਾ।
Contact To Blood Bank Patiala :9876433279

Friday, December 06, 2019

ਇਕ ਇਕ ਪਲ ਦੁੱਖਾਂ ਵਿਚ ਕੱਟ ਰਹੀ ਹੈ ਪਿੰਡ ਬਰਸਟ ਦੀ ਨੂੰਹ ਰਾਜਵਿੰਦਰ ਕੌਰ

23 ਸਾਲ ਦੀ ਉਮਰ ਵਿਚ ਹੋਈ ਵਿਧਵਾ; ਸਹੁਰਾ ਸ਼ਰਾਬੀ; ਸਹੁਰੇ ਪੱਖ ਦੇ ਰਿਸ਼ਤੇਦਾਰ ਵੀ ਬਣੇ ਦੁਸ਼ਮਣ : ਕਰਜ਼ਾ ਸਿਰ ’ਤੇ ਖੜ੍ਹਾ

ਗੁਰਨਾਮ ਸਿੰਘ ਅਕੀਦਾ
ਬਰਸਟ (ਪਟਿਆਲਾ) : ਕਰਜ਼ ਦੇ ਤੀਰ ਜਦੋਂ ਰੂਹ ਨੂੰ ਛੱਲਣੀ ਕਰਦੇ ਹਨ ਤਾਂ ਰੂਹ ਦਾ ਦਰਦ ਅਸਹਿ ਹੋ ਜਾਂਦਾ ਹੈ, ਇਹੀ ਹਾਲਤ ਹੈ ਪਟਿਆਲਾ ਤੋਂ ਸੰਗਰੂਰ ਸੜਕ ਤੇ ਪੈਂਦੇ ਪਿੰਡ ਬਰਸਟ ਦੀ ਨੂੰਹ ਰਾਜਵਿੰਦਰ ਕੌਰ ਦੀ। ਅਜੇ ਨਿਆਣੀ ਜਿਹੀ ਲੱਗਦੀ ਹੈ ਦੇਖਣ ਨੂੰ ਮਸਾਂ 23 ਸਾਲ ਉਮਰ ਦੀ ਵਿਧਵਾ ਹੋ ਗਈ। ਸਹੁਰਾ ਹਰ ਵੇਲੇ ਸ਼ਰਾਬ ਵਿੱਚ ਗੁੱਟ ਰਹਿੰਦਾ ਹੈ। ਇਸੇ ਕਰਕੇ ਹੁਣ ਉਹ ਸੁੰਨ ਮਸਾਣ ਘਰ ਵਿਚ ਇਕੱਲੀ ਰਹਿੰਦੀ ਆਪਣੇ ਦੋਵੇਂ ਬੱਚੇ ਵੱਡਾ 5 ਸਾਲ ਦਾ ਮੁੰਡਾ ਲਵਕਿਰਨਦੀਪ ਸਿੰਘ ਦੇ ਛੋਟੀ ਡੇਢ ਸਾਲਾ ਧੀ ਜਸਰੀਤ ਕੌਰ ਦੇ ਭਵਿੱਖ ਨੂੰ ਦੇਖਦੀ ਹੋਈ ਆਪਣੀ ਜ਼ਿੰਦਗੀ ਦੇ ਸਾਰੇ ਫ਼ੈਸਲੇ ਰੱਦ ਕਰ ਚੁੱਕੀ ਹੈ। 
ਸਵਾ ਕੁ ਸਾਲ ਹੋਇਆ ਹੈ ਜਦੋਂ ਉਸ ਦੇ ਪਤੀ ਮਨਦੀਪ ਸਿੰਘ (30 ਸਾਲ) ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਖੇਤ ਡੂੰਘੇ ਹਨ, ਇਸ ਕਰਕੇ ਇਕ ਫ਼ਸਲ ਮਰ ਹੀ ਜਾਂਦੀ ਹੈ, ਆੜ੍ਹਤੀਏ ਦਾ 1.70 ਕੁ ਹਜ਼ਾਰ ਰੁਪਏ ਦਾ ਕਰਜ਼ ਚੜ ਗਿਆ ਸੀ। ਰਾਜਵਿੰਦਰ ਕੌਰ ਕਹਿੰਦੀ ਹੈ ਕਿ ਆੜ੍ਹਤੀਏ ਦਾ ਫ਼ੋਨ ਆਉਣ ਕਰਕੇ ਮਨਦੀਪ ਸਾਰੀ ਰਾਤ ਚਿੰਤਾ ਵਿਚ ਰਿਹਾ ਤੇ ਉਸ ਨੂੰ ਕਹਿ ਰਿਹਾ ਸੀ ‘ਤੂੰ ਇਸ ਘਰ ਤੋਂ ਕਿਤੇ ਬਾਹਰ ਨਹੀਂ ਜਾਣਾ, ਆਪਣੇ ਬੱਚਿਆਂ ਨੂੰ ਪ੍ਰੇਮ ਕਰਨਾ’ ਰਾਜਵਿੰਦਰ ਉਸ ਵੇਲੇ ਨਹੀਂ ਸਮਝ ਸਕੀ ਸੀ,  ਸਵੇਰੇ ਹੀ ਮਨਦੀਪ ਸਿੰਘ ਘਰੋਂ ਖੇਤਾਂ ਵਿਚ ਗਿਆ ਸੀ ਤੇ ਉਨ੍ਹਾਂ ਖੇਤਾਂ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਸੀ ਪਰ ਉਹ ਰਾਜਵਿੰਦਰ ਕੌਰ ਨੂੰ ਕਈ ਸਾਰੇ ਦੁੱਖਾਂ ਵਿਚ ਪਾ ਗਿਆ ਸੀ। ਮਸਾਂ 14 ਵਿੱਘੇ ਜ਼ਮੀਨ ਹੈ, ਉਸ ਵਿਚੋਂ ਵੀ 8 ਵਿੱਘੇ ਡੂੰਘੀ ਹੋਣ ਕਰਕੇ ਹਰ ਸਾਲ ਇਕ ਫ਼ਸਲ ਮਰ ਜਾਂਦੀ ਹੈ ਤੇ ਛੇ ਵਿੱਘੇ ਜ਼ਮੀਨ ਹੁਣ ਮਨਦੀਪ ਸਿੰਘ ਦਾ ਤਾਇਆ ਦਰਸ਼ਨ ਸਿੰਘ ਵਾਹੁੰਦਾ
ਹੈ, ਰਾਜਵਿੰਦਰ ਕੌਰ ਤੇ ਇਹ ਵੀ ਇਕ ਹੋਰ ਦੁੱਖ ਦੀ ਘੜੀ ਸੀ, ਜਦੋਂ ਰਾਜਵਿੰਦਰ ਕੌਰ ਆਪਣੀ ਛੇ ਵਿੱਘੇ ਜ਼ਮੀਨ ਠੇਕੇ ’ਤੇ ਕਿਸੇ ਹੋਰ ਨੂੰ ਦੇਣ ਲੱਗੀ ਤਾਂ ਉਸ ਦੀਆਂ ਪੰਜੇ ਭੁਆਂ ਇਕੱਠੀਆਂ ਹੋ ਕੇ ਆ ਗਈਆਂ, ਕਹਿੰਦੀਆਂ ‘ਆਪਣੀ ਜ਼ਮੀਨ ਠੇਕੇ ’ਤੇ ਤੁਹਾਡੇ ਤਾਏ ਨੂੰ ਦੇ ਦਿਓ.. ਨਹੀਂ ਤਾਂ ਅਸੀਂ ਜ਼ਮੀਨ ਵਿਚ ਅਸੀਂ ਆਪਣਾ ਹਿੱਸਾ ਲਵਾਂਗੀਆਂ’ ਰਾਜਵਿੰਦਰ ਨੇ ਕੋਈ ਉਜ਼ਰ ਨਾ ਕਰਦਿਆਂ ਆਪਣੀ 6 ਵਿੱਘੇ ਜ਼ਮੀਨ ਤਾਏ ਨੂੰ ਦੇ ਦਿੱਤੀ, ਆਮ ਲੋਕਾਂ ਦਾ ਕਹਿਣਾ ਹੈ ਕਿ ਉਸ ਜ਼ਮੀਨ ’ਤੇ ਹੁਣ ਤਾਏ ਦਾ ਹੀ ਕਬਜ਼ਾ ਹੋ ਗਿਆ ਹੈ। ਰਾਜਵਿੰਦਰ ਇਕ ਇਕ ਦਰਦ ਦੀ ਦਾਸਤਾਨ ਸੁਣਾਉਂਦੀ ਹੋਈ ਕਹਿੰਦੀ ਹੈ ਕਿ ਬਾਕੀ ਜ਼ਮੀਨ ਤੇ ਜੋ ਵੀ ਫ਼ਸਲ ਹੁੰਦੀ ਹੈ, ਉਸ ਵਿਚੋਂ ਕੁਝ ਵੀ ਵੇਚ ਕੇ ਉਸ ਦਾ ਸਹੁਰਾ ਹਰ ਵੇਲੇ ਸ਼ਰਾਬ ਨਾਲ ਰੱਜਿਆ ਰਹਿੰਦਾ ਹੈ। ਸ਼ਰਾਬ ਦੇ ਨਸ਼ੇ ਵਿਚ ਨੂੰਹ ਸਹੁਰੇ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਦੀ ਕੋਸ਼ਿਸ਼ ਕਰਨ ਦਾ ਮੁੱਦਾ ਪੰਚਾਇਤ ਕੋਲ ਪੁੱਜਾ ਸੀ ਪਰ ਉਸ ਵੇਲੇ ਸਹੁਰੇ ਨੇ ‘ਆਨ ਦੀ ਰਿਕਾਰਡ’ ਗ਼ਲਤੀ ਸਵੀਕਾਰ ਕਰਦਿਆਂ ਮਾਫ਼ੀ ਮੰਗ ਲਈ ਸੀ।
ਰਾਜਵਿੰਦਰ ਕੌਰ ਦੇ ਪਤੀ ਮਨਦੀਪ ਵੱਲੋਂ ਲਏ ਵਾਅਦੇ ਨੂੰ ਤਾਂ ਰਾਜਵਿੰਦਰ ਨਿਭਾ ਰਹੀ ਹੈ ਪਰ ਰਿਸ਼ਤੇਦਾਰਾਂ ਵੱਲੋਂ 14 ਵਿੱਘੇ ਜ਼ਮੀਨ ਦੇ ਵੀ ਹਿੱਸੇ ਵੰਡਾਉਣ ਦੀ ਗੱਲ ਚਲਾਈ ਜਾ ਰਹੀ ਹੈ, ਉਹ ਗਲ ਕਰਦੀ ਕਰਦੀ ਰੋ ਪੈਂਦੀ ਹੈ, ਉਸ ਦੇ ਮੁੰਡੇ ਦੀ ਯੂਕੇਜੀ ਦੀ ਪੜਾਈ ਉਸ ਦਾ ਪੇਕਾ ਪਰਿਵਾਰ ਕਰਵਾ ਰਿਹਾ ਹੈ। ਉਸ ਦੀ ਨਿਆਣੀ ਜਿਹੀ ਕੁੜੀ ਨੂੰ ਲੈ ਕੇ ਉਹ ਆਪਣੇ ਉਜਾੜ ਲੱਗਦੇ ਸਹੁਰੇ ਘਰ ਵਿਚ ਹੀ ਰਹਿ ਰਹੀ ਹੈ, ਉਸ ਨੂੰ ਸਹੁਰੇ ਘਰ ਵਿਚੋਂ ਕੱਢਣ ਲਈ ਕੁਝ ਰਿਸ਼ਤੇਦਾਰਾਂ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਪਰ ਉਹ ਆਪਣੇ ਬੱਚਿਆਂ ਕਰਕੇ ਆਪਣੇ ਭਵਿੱਖ ਦਾ ਇਕ ਇਕ ਕਣ ਆਪਣੇ ਬੱਚਿਆਂ ਦੇ ਹਵਾਲੇ ਕਰ ਚੁੱਕੀ ਹੈ। ਅੱਜ ਮਸਾਂ 24 ਸਾਲ ਦੀ ਉਮਰ ਵਿਚ ਜੇਕਰ ਉਹ ਦੂਜਾ ਵਿਆਹ ਵੀ ਕਰਵਾ ਲੈਂਦੀ ਹੈ ਤਾਂ ਉਹ ਸੋਚ ਕੇ ਰੋਣ ਲੱਗ ਜਾਂਦੀ ਹੈ ਕਿ ਉਸ ਦੇ ਬੱਚਿਆਂ ਦਾ ਕੀ ਬਣੇਗਾ। ਜੇਕਰ ਉਸ ਦੀ ਸੱਸ ਜਿਊਂਦੀ ਹੁੰਦੀ ਤਾਂ ਵੀ ਕੋਈ ਹਿਲਾ ਹੋ ਜਾਣਾ ਸੀ, ਸ਼ਰਾਬ ਵਿਚ ਗੁੱਟ ਰਹਿੰਦੇ ਸਹੁਰੇ ਦੇ ਸਹਾਰੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਇਆ ਜਾ ਸਕਦਾ। ਉਸ ਦੇ ਘਰ ਦਾ ਸਾਰਾ ਖਰਚਾ ਉਸ ਦੇ ਪੇਕੇ ਚਲਾਉਂਦੇ ਹਨ, ਅਜੇ ਤੱਕ ਆੜ੍ਹਤੀਏ ਦਾ ਕਰਜ਼ਾ ਵੀ ਮਾਫ਼ ਨਹੀਂ ਹੋਇਆ, ਕਿਉਂਕਿ ਰਾਜਵਿੰਦਰ ਨੇ ਇਸ ਮਾਮਲੇ ਦੇ ਸਾਰੇ ਹੱਕ ਆਪਣੇ ਤਾਏ ਨੂੰ ਦੇ ਦਿੱਤੇ ਸਨ, ਉਹ ਦਸਤਖ਼ਤ ਕਰੇ ਤਾਂ ਕੁਝ ਬਣੇ, ਤਾਏ ਦੇ ਵਿਰੁੱਧ ਜੇਕਰ ਰਾਜਵਿੰਦਰ ਜਾਂਦੀ ਹੈ ਤਾਂ ਉਸ ਨੂੰ ਰਿਸ਼ਤੇਦਾਰਾਂ ਦੀ ਝਾੜ ਸਹਿਣੀ ਪੈਂਦੀ ਹੈ। 3 ਕੁ ਲੱਖ ਰੁਪਏ  ਸੁਸਾਇਟੀ ਅਤੇ ਬੈਂਕ ਦਾ ਕਰਜ਼ਾ ਸਿਰ ’ਤੇ ਹੈ, ਉਹ ਵੀ ਕਰਜ਼ਾ ਲੈਣ
ਲਈ ਗੇੜੇ ਮਾਰਦੇ ਹਨ।
ਪਿੰਡ ਦੇ ਸਰਪੰਚ ਅਨਿਲ ਕੁਮਾਰ ਨੇ ਕਿਹਾ ਕਿ ਅਸੀਂ ਆੜ੍ਹਤੀਏ ਨਾਲ ਰਾਜਵਿੰਦਰ ਕੌਰ ਦਾ ਸਮਝੌਤਾ ਕਰਵਾ ਕੇ 5 ਲੱਖ ਰੁਪਏ ਦੇਣਾ ਤਹਿ ਕਰ ਲਿਆ ਹੈ, ਪਰ ਹੁਣ ਮ੍ਰਿਤਕ ਮਨਦੀਪ ਸਿੰਘ ਦਾ ਤਾਇਆ ਤੇ ਇਕ ਹੋਰ ਰਿਸ਼ਤੇਦਾਰ ਦਸਤਖ਼ਤ ਨਹੀਂ ਕਰ ਰਹੇ। ਆੜ੍ਹਤੀਆ ਰੁਪਏ ਬੱਚਿਆਂ ਦੇ ਨਾਮ ਕਰਨਾ ਚਾਹੁੰਦਾ ਹੈ ਪਰ ਤਾਇਆ ਰੁਪਏ ਖ਼ੁਦ ਲੈਣਾ ਚਾਹੁੰਦਾ ਹੈ। ਇਸ ਤੇ ਤਾਏ ਦਰਸ਼ਨ ਸਿੰਘ ਨੇ ਕਿਹਾ ਕਿ ਸਾਡੇ ਕੋਲੋਂ ਆੜ੍ਹਤੀਏ ਨੇ ਧੋਖੇ ਨਾਲ ਦਸਤਖ਼ਤ ਕਰਵਾ ਲਏ ਹਨ ਪਰ ਉਸ ਨੇ ਸਾਨੂੰ ਕੋਈ ਰੁਪਿਆ ਨਹੀਂ ਦਿੱਤਾ। ਉਸ ਨੇ ਕਿਹਾ ਕਿ ਜ਼ਮੀਨ ਤੇ ਰੁਪਿਆ ਬੱਚਿਆਂ ਦੇ ਨਾਮ ਹੋਵੇ ਪਰ ਬੱਚਿਆਂ ਦੀ ਮਾਂ ਰਾਜਵਿੰਦਰ ਕੌਰ ਨੂੰ ਅਸੀਂ ਇੱਥੋਂ ਕੱਢਣਾ ਚਾਹੁੰਦੇ ਹਾਂ। ਉਸ ਨੇ ਕਿਹਾ ਕਿ ਰਾਜਵਿੰਦਰ ਕੌਰ ਦਾ ਚਾਲ-ਚੱਲਣ ਠੀਕ ਨਹੀਂ ਹੈ। 
ਆੜ੍ਹਤੀਆ ਭੁਸ਼ਣ ਕੁਮਾਰ ਨੇ ਕਿਹਾ ਕਿ ਜੋ ਵੀ ਫ਼ੈਸਲਾ ਹੋਇਆ ਹੈ ਮੈਂ ਉਸ ’ਤੇ ਖੜ੍ਹਾ ਹਾਂ, ਪਰ ਮੈਂ ਬੱਚਿਆਂ ਅਤੇ ਰਾਜਵਿੰਦਰ ਕੌਰ ਦੇ ਨਾਮ ਹੀ ਰੁਪਏ ਕਰਾਉਣੇ ਹਨ ਪਰ ਕੁਝ ਰਿਸ਼ਤੇਦਾਰ ਨਹੀਂ ਚਾਹੁੰਦੇ ਕਿ ਬੱਚਿਆਂ ਤੇ ਰਾਜਵਿੰਦਰ ਕੌਰ ਦੇ ਨਾਮ ਰੁਪਏ ਹੋਣ, ਇਸ ਕਰਕੇ ਮਾਮਲਾ ਅਜੇ ਲਟਕਿਆ ਪਿਆ ਹੈ।  
ਦਿਨੇ ਹੀ ਸ਼ਰਾਬ ਵਿਚ ਗੁੱਟ ਮੰਜੇ ’ਤੇ ਪਏ ਰਾਜਵਿੰਦਰ ਕੌਰ ਦੇ ਸਹੁਰੇ ਜਗਮੇਲ ਸਿੰਘ ਨੇ ਕਿਹਾ ਕਿ ਮੇਰੀ ਨੂੰਹ ਦਾ ਚਾਲ ਚੱਲਣ ਬਿਲਕੁਲ ਠੀਕ ਹੈ, ਮੈਂ ਸ਼ਰਾਬ ਮੇਰੇ ਪੁੱਤ ਦੀ ਮੌਤ ਤੋਂ ਦੁਖੀ ਹੋਇਆ ਪੀਂਦਾ ਹਾਂ ਤੇ ਸ਼ਰਾਬ ਦਾ ਪ੍ਰਬੰਧ ਉਹ ਕੁਝ ਨਾ ਕੁਝ ਵੇਚ ਕੇ ਕਰ ਲੈਂਦਾ ਹਨ।
ਬਾਹਰਹਾਲ ਰਾਜਵਿੰਦਰ ਕੌਰ ਦੀ ਜ਼ਿੰਦਗੀ ਅੰਨ੍ਹੇ ਖੂਹ ਵਰਗੀ ਬਣ ਗਈ ਹੈ।

Wednesday, November 20, 2019

ਗੁਰਨਾਮ ਸਿੰਘ ਅਕੀਦਾ ਦੀ 'ਦਫ਼ਾ 498-ਏ' ਹੋਈ ਲੋਕ ਅਰਪਣ

ਵਿਸ਼ੇਸ਼ ਵਿਸ਼ਾ ਵਸਤੂ ਤੇ ਲਿਖੀ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ : ਵਾਈਸ ਚਾਂਸਲਰ ਡਾ. ਘੁੰਮਣ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਚ ਅੱਜ ਗੁਰਨਾਮ ਸਿੰਘ ਅਕੀਦਾ ਦੀ ਲਿਖੀ ਮੌਲਿਕ ਪੁਸਤਕ 'ਦਫ਼ਾ 498-ਏ' ਰਿਲੀਜ਼ ਕੀਤੀ ਗਈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਦੇ ਵੁਮੈਨ ਸਟੱਡੀ ਸੈਂਟਰ ਵੱਲੋਂ ਕਰਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿਚ ਵਾਈਸ ਚਾਂਸਲਰ ਅਤੇ ਕੌਮਾਂਤਰੀ ਪੱਧਰ ਦੇ ਵਿਦਵਾਨਾਂ ਨੇ ਰਿਲੀਜ਼ ਕੀਤੀ।
'ਦਫ਼ਾ 498-ਏ' ਨਾਮ ਦੀ ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐਸ ਘੁੰਮਣ, ਅਲਬਰਨ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਐਲਨ ਫ਼ਰ, ਅਮਰੀਕਨ ਯੂਨੀਵਰਸਿਟੀ ਵਾਸੀਗਟਨ ਡੀਸੀ ਦੇ ਸਕਾਲਰ ਮੈਨਾ ਚਾਵਲਾ ਸਿੰਘ, ਮਹਿਲਾ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀਮਤੀ ਕਿਰਨਪ੍ਰੀਤ ਕੌਰ ਧਾਮੀ, ਵੁਮੈਨ ਸਟੱਡੀ ਸੈਂਟਰ ਦੀ ਡਾਇਰੈਕਟਰ ਡਾ. ਰੀਤੂ ਲਹਿਲ, ਡੀਨ ਅਕਾਦਮਿਕ ਮਾਮਲੇ ਡਾ. ਬਤਰਾ ਨੇ ਅਦਾ ਕੀਤੀ, ਇਸ ਕਿਤਾਬ ਬਾਰੇ ਬੋਲਦਿਆਂ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਨੇ ਕਿਹਾ ਕਿ 'ਘਰੇਲੂ ਹਿੰਸਾ' 'ਤੇ ਖੋਜ ਭਰਪੂਰ ਲਿਖੀ ਗਈ ਇਸ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ, ਕਿਉਂਕਿ ਇਕ ਪੱਤਰਕਾਰ ਵੱਲੋਂ ਕਿਸੇ ਖ਼ਾਸ ਵਿਸ਼ੇ 'ਤੇ ਲਿਖੀ ਗਈ ਕਿਤਾਬ ਦੇ ਮਾਈਨੇ ਪ੍ਰਭਾਵਸ਼ਾਲੀ ਹੁੰਦੇ ਹਨ, ਇਸ ਕਿਤਾਬ ਬਾਰੇ ਬੋਲਦਿਆਂ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨੀਨਾ ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਦਾਜ ਦਹੇਜ ਤੇ ਘਰੇਲੂ ਹਿੰਸਾ 'ਤੇ ਆਧਾਰਤ ਹੈ, ਜਿਸ ਨੂੰ ਲਿਖਣ ਲਈ ਲੇਖਕ ਨੇ ਅਜਿਹੇ 19 ਕੇਸਾਂ ਦੀ ਖੋਜ ਕੀਤੀ ਜੋ ਅਜਿਹੇ ਦੋਸ਼ਾਂ ਵਿਚ ਪੁਲੀਸ ਕੋਲ ਦਰਜ ਹੋਏ ਸਨ। ਦੋਵੇਂ ਪੱਖਾਂ ਦੀ ਖੋਜ ਕਰਨ ਤੋਂ ਬਾਅਦ ਲੇਖਕ ਨੇ 8 ਕਹਾਣੀਆਂ ਦਾ ਸੰਗ੍ਰਹਿ ਤਿਆਰ ਕੀਤਾ ਹੈ। ਜੋ ਸਾਹਿਤਕ ਤੌਰ ਤੇ ਪਾਠਕ ਦੀ ਰੁਚੀ ਵੀ ਬਣਾਉਂਦਾ ਹੈ ਤੇ ਸਮਾਜ ਵਿਚ ਦਫ਼ਾ 498 ਏ, 406, 506, 34 ਆਈਪੀਸੀ ਆਦਿ ਧਾਰਾਵਾਂ ਤਹਿਤ ਬਰਬਾਦ ਹੋ ਰਹੇ ਕਈ ਸਾਰੇ ਬੱਚਿਆਂ ਦਾ ਸੱਚ ਪੇਸ਼ ਕਰਦਾ ਹੈ। ਇਸ ਕਿਤਾਬ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਜਿਹੇ ਕੇਸ ਦਰਜ ਕਰਨ ਤੋਂ ਪਹਿਲਾਂ ਪੁਲੀਸ ਨੂੰ ਸਾਰੇ ਪੱਖ ਵਾਚਣੇ ਚਾਹੀਦੇ ਹਨ ਤਾਂ ਕੇ ਕੋਈ ਬੇਗੁਨਾਹ ਪਰਿਵਾਰ ਤਬਾਹ ਨਾ ਹੋਵੇ। ਖੋਜ ਭਰਪੂਰ ਇਸ ਕਿਤਾਬ ਦਾ ਵਿਸ਼ਾ ਵਸਤੂ ਕਈ ਕਰੂਰ ਤੱਥ ਪੇਸ਼ ਕਰਦਾ ਹੈ ਕਿ ਅਸਲ ਵਿਚ ਕਾਰਨ ਕੋਈ ਹੋਰ ਹੁੰਦੇ ਹਨ ਪਰ ਪੁਲੀਸ ਕੋਲ ਕੋਈ ਹੋਰ ਧਾਰਾ ਨਾ ਹੋਣ ਕਰਕੇ 498-ਏ ਦੀ ਵਰਤੋਂ ਕਰਕੇ ਦੋ ਬੱਚਿਆਂ ਨੂੰ ਨੇੜੇ ਲਾਉਣ ਦੀ ਬਜਾਇ ਦੂਰ ਕੀਤਾ ਜਾਂਦਾ ਹੈ। ਜ਼ਰੂਰੀ ਨਹੀਂ ਕਿ ਕੁੜੀਆਂ ਦੀਆਂ ਸਾਰੀਆਂ ਸੱਸਾਂ, ਸਾਰੀਆਂ ਨਣਦਾਂ, ਸਾਰੀਆਂ ਜਠਾਣੀਆਂ, ਦਰਾਣੀਆਂ ਹੀ ਗਲਤ ਹੁੰਦੀਆਂ ਹਨ, ਕੁੜੀ ਤੇ ਕੁੜੀ ਦੇ ਮਾਪੇ ਵੀ ਜਾਣੇ ਅਨਜਾਣੇ ਵਿਚ ਵਿਆਹ ਤੋਂ ਬਾਅਦ ਵੀ ਕੁੜੀ ਤੇ ਆਪਣਾ ਹੱਕ ਨਹੀਂ ਛੱਡਦੇ। ਡਾ. ਸ਼ਰਮਾ ਨੇ ਕਿਹਾ ਇਸ ਵਿਸ਼ੇ ਨੂੰ ਹੋਰ ਵੀ ਖੋਜਣ ਦੀ ਲੋੜ ਹੈ।
ਅਕੀਦਾ ਫ਼ੋਟੋ : ਪੰਜਾਬੀ ਯੂਨੀਵਰਸਿਟੀ ਵਿਚ ਕਿਤਾਬ ਰਿਲੀਜ਼ ਕੀਤੇ ਜਾਣ ਦੀ ਝਲਕ।
ਅਕੀਦਾ ਫ਼ੋਟੋ 2 : ਕਿਤਾਬ ਦਾ ਟਾਈਟਲ

Tuesday, October 01, 2019

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਸਰਬ ਸੰਮਤੀ ਨਾਲ ਹੋਣ ਦੀ ਸੰਭਾਵਨਾ ਬਣੀ

ਚੰਡੀਗੜ੍ਹ ਦੇ ਸੈਕਟਰ 16 ਵਿਚ ਸੱਦ ਲਈ ਹੈ ਹੰਗਾਮੀ ਮੀਟਿੰਗ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੀ ਸਰਬ ਸੰਮਤੀ ਨਾਲ ਚੋਣ ਹੋਣ ਦੀ ਸੰਭਾਵਨਾ ਬਣ ਗਈ ਹੈ, ਜਿਸ ਕਰਕੇ ਮੌਜੂਦਾ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਹੰਗਾਮੀ ਮੀਟਿੰਗ 2 ਅਕਤੂਬਰ ਨੂੰ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਸੈਕਟਰ 16 ਵਿਚ 11 ਵਜੇ ਦੀ ਸੱਦੀ ਹੈ। ਦੋਵਾਂ ਗਰੁੱਪਾਂ ਨੂੰ ਚੋਣਾਂ ਸਬੰਧੀ ਕੋਈ ਵੀ ਬਿਆਨ ਦੇਣ ਜਾਂ ਕੋਈ ਪੋਸਟ ਪਾਉਣ ਤੇ ਮਨਾਹੀ ਕੀਤੀ ਗਈ ਹੈ। 
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇਕ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਸਾਡੀ ਗੁਜ਼ਾਰਿਸ਼ ਹੈ ਕਿ ਚੋਣ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਪੋਸਟ ਹੁਣ ਨਾ ਪਾਈ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ 2 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਪੰਜਾਬ ਕਲਾ ਭਵਨ ਸੈਕਟਰ  16 ਚੰਡੀਗੜ੍ਹ ਵਿਖੇ ਬੁਲਾ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀ‌‌ਟਿੰਗ ਵਿਚ ਮੌਜੂਦਾ ਸਮੇਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਲੜ ਰਹੇ ਸਾਰੇ 24 ਲੇਖਕ ਅਤੇ ਸਾਰੀ ਕਾਰਜਕਾਰਨੀ ਸ਼ਾਮਲ ਹੋਵੇਗੀ। ਸੂਤਰਾਂ ਨੇ ਦੱਸਿਆ ਹੈ ਕਿ ਲੇਖਕਾਂ ਵਿਚ ਏਕਤਾ ਬਣਾਈ ਰੱਖਣ ਦੇ ਇਮਾਨਦਾਰ ਚਾਹਵਾਨ ਲੇਖਕਾਂ ਨੇ ਸੁਹਿਰਦ ਯਤਨਾਂ ਸਦਕਾ ਇਹ ਮੀਟਿੰਗ ਸੱਦੀ ਗਈ ਹੈ। ਹਾਲਾਂ ਕਿ 28 ਸਤੰਬਰ ਸ਼ਾਮ 4 ਵਜੇ ਤੱਕ ਕਾਗ਼ਜ਼ ਵਾਪਸ ਕਰਨ ਦਾ ਸਮਾਂ ਵੀ ਬੀਤ ਗਿਆ ਹੈ। ਹੁਣ ਜੇਕਰ ਸਰਬ ਸੰਮਤੀ ਨਾਲ ਚੋਣ ਹੁੰਦੀ ਹੈ ਤਾਂ ਕਾਰਜਕਾਰਨੀ ਵਿਚ ਮਤਾ ਪਾਉਣਾ ਪਵੇਗਾ, ਸਾਰਿਆਂ ਦੇ ਕਾਗ਼ਜ਼ ਵਾਪਸ ਕਰਾਉਣ ਦੀ ਪ੍ਰਕ੍ਰਿਆ ਵੀ ਪੂਰੀ ਕਰਨੀ ਹੋਵੇਗੀ। ਉਸ ਤੋਂ ਬਾਅਦ ਪ੍ਰਜਾਈਡਿੰਗ ਅਫ਼ਸਰ ਨੂੰ ਸਾਰੇ ਕਾਗ਼ਜ਼ਾਤ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਸ ਚੋਣ ਵਿਚ ਖੱਬੇ ਪੱਖੀਆਂ ਦਾ ਕਾਫ਼ੀ ਬੋਲਬਾਲਾ ਸੀ, ਡਾ. ਸਰਬਜੀਤ ਸਿੰਘ ਗਰੁੱਪ ਨੂੰ ਸੀਪੀਆਈ ਦਾ ਸਮਰਥਨ ਹਾਸਲ ਸੀ ਜਦ ਕਿ ਦਰਸ਼ਨ ਬੁੱਟਰ ਗਰੁੱਪ ਨੂੰ ਸੀਪੀਐਮ ਤੇ ਪਾਸਲਾ ਗਰੁੱਪ ਦਾ ਸਮਰਥਨ ਹਾਸਲ ਸੀ। ਇਹ ਚੋਣ ਵੋਟਰਾਂ ਦੇ ਘਰੋ ਘਰੀ ਵੋਟਾਂ ਮੰਗਣ ਤੱਕ ਪੁੱਜ ਗਈ ਸੀ। ਪਰ ਅਚਾਨਕ ਕੁਝ ਅਹਿਮ ਹਸਤੀਆਂ ਦੇ ਪਏ ਦਬਾਅ ਕਾਰਨ ਸਰਬ ਸੰਮਤੀ ਹੋਣ ਦੀ ਸੰਭਾਵਨਾ ਬਣੀ ਹੈ, ਜਿਸ ਕਰਕੇ ਸਭਾ ਪੱਖੀ ਲੇਖਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। 

ਨੀਲਮ ਤੇ ਸੋਨੇ ਨਾਲ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਦਰਸ਼ਨ ਕਰਨ ਸਕਣਗੀਆਂ ਸੰਗਤਾਂ

ਪੰਜਾਬੀ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਿਆ ਹੈ ਅਨਮੋਲ ਖਜਾਨਾ

ਪਹਿਲੀ ਸੰਸਾਰ ਜੰਗ ਮੌਕੇ ਤਿਆਰ ਕੀਤੀਆਂ ਸਵਾ ਇੰਚ ਬਾਇ ਸਵਾ ਇੰਚ ਦੀਆਂ ਬੀੜਾਂ ਵੀ ਹਨ ਮੌਜੂਦ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਅੱਜ ਪੁਰਾਤਨ ਦੁਰਲਭ ਬੀੜਾਂ ਦੇ ਦਰਸ਼ਨ ਵਾਸਤੇ ਸਮੂਹ ਸਾਧ ਸੰਗਤਾਂ ਲਈ ਖੋਲ ਦਿੱਤਾ ਗਿਆ ਹੈ। ਜਿਸ ਵਿਚ ਕਰਤਾਰਪੁਰੀ ਬੀੜਾਂ, ਦਮਦਮੀ ਬੀੜਾਂ, ਚਿਤਰਕਾਰੀ ਬੀੜਾਂ ਅਤੇ ਅੰਗਰੇਜਾਂ ਦੁਆਰਾ ਪਹਿਲੀ ਵੱਡੀ ਜੰਗ ਵੇਲੇ ਸਿੱਖ ਫੌਜੀਆਂ ਲਈ ਤਿਆਰ ਕੀਤੀਆਂ ਬੀੜਾਂ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ, ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਦੀ ਦੇਖ-ਰੇਖ ਵਿਚ ਇਹ ਸਮਾਗਮ ਲਗਾਤਾਰ ਸੱਤ ਦਿਨ ਚੱਲੇਗਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵਿਸ਼ੇਸ਼ ਕਾਰਜ ਕੀਤੇ ਗਏ ਹਨ ਤਾਂ ਜੋ ਸਰਬਤਰ ਸਾਧ ਸੰਗਤ ਆਪਣੀ ਵਿਰਾਸਤ ਦੇ ਫਖ਼ਰ ਨਾਲ ਇਕਸੁਰ ਹੋ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਦਾ ਪਾਤਰ ਬਣ ਸਕਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਮੇਂ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੇਕਾਂ ਪ੍ਰੋਗਰਾਮ ਕੀਤੇ ਹਨ ਪਰ ਇਹ ਅਦਭੁਤ ਸਮਾਗਮ ਸਦਾ ਲਈ ਆਪਣੀ ਛਾਪ  ਲੋਕਾਂ ਦੇ ਮਨ ਵਿਚ ਛੱਡ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰੇਗਾ।
ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ
ਪੁਰਾਤਨ ਦੁਰਲਭ ਬੀੜਾਂ ਦਾ ਅਨਮੋਲ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਸਸ਼ੋਭਿਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਬਹੁਤੀਆਂ ਬੀੜਾਂ ਲੱਗਭਗ ਚਾਰ ਸਦੀਆਂ ਪੁਰਾਣੀਆਂ ਹਨ। ਕੁੱਝ ਬੀੜਾਂ ਮਿਸਲ ਪੀਰੀਅਡ ਦੀਆਂ ਹਨ ਅਤੇ ਕੁੱਝ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹਨ । ਉਨ੍ਹਾਂ ਦੱਸਿਆ ਕਿ 1604 ਈ: ਨੂੰ ਸ੍ਰੀ ਗੁਰੂ ਅਰਜਰਨ ਪਾਤਸ਼ਾਹ ਦੀ ਦੇਖ-ਰੇਖ ਵਿਚ ਸੰਪਾਦਨ ਕੀਤੀ ਅਤੇ ਭਾਈ ਗੁਰਦਾਸ ਦੁਆਰਾ ਲਿਖਤ ਆਦਿ ਬੀੜ ਜਿਸ ਨੂੰ ਕਰਤਾਰਪੁਰੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਲੱਗਭਗ ਅੱਠ ਉਤਾਰੇ ਸਾਧ ਸੰਗਤ ਦੇ ਸਨਮੁੱਖ ਕੀਤੇ ਜਾਣੇ ਹਨ। ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਵਲੋਂ ਤਲਵੰਡੀ ਸਾਬੋ ਵਿਚ ਸੰਪਾਦਨ ਕੀਤੀ ਤੇ ਭਾਈ ਮਨੀ ਸਿੰਘ ਦੁਆਰਾ ਲਿਖੀ ਬੀੜ ਜਿਸਨੂੰ ਦਮਦਮੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਉਤਾਰਿਆਂ ਦੀ ਪੰਜ ਬੀੜਾਂ ਦਰਸ਼ਨਾਂ ਲਈ ਸੁਭਾਏਮਾਨ ਹੋਣਗੀਆਂ। ਇਸਤੋਂ ਇਲਾਵਾ ਸੋਨੇ ਅਤੇ ਹੀਰਿਆਂ ਦੀ ਸਿਆਹੀ ਨਾਲ ਲਿਖੀਆਂ ਗਈਆਂ ਬੀੜਾਂ ਜੋ ਮਿਸਲ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹਨ ਦੇ ਦਰਸ਼ਨ ਸੰਗਤਾਂ ਕਰ ਸਕਣਗੀਆਂ। ਬਹੁਤ ਹੀ ਅਦਭੁਤ ਅਤੇ ਛੋਟੇ ਆਕਾਰ ਦੀਆਂ ਬੀੜਾਂ ਜੋ ਕਿ ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਦੁਆਰਾ ਸਿੱਖ ਰੇਜਮੈਂਟਸ ਲਈ ਤਿਆਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਇਕ ਸਿਪਾਹੀ ਆਪਣੇ ਸਿਰ ਵਿਚ ਦੁਮਾਲੇ ਹੇਠ ਸੁਸ਼ੋਭਿਤ ਨਿਸ਼ਾਨ ਸਾਹਿਬ ਲੈ ਕੇ ਚੱਲਦਾ ਸੀ ਤੇ ਪਿੱਛੇ ਪੂਰੀ ਰੈਜਮੈਂਟ ਉਨ੍ਹਾਂ ਦੇ ਦੀਦਾਰੇ ਕਰਦੀ ਸੀ। ਉਨ੍ਹਾਂ ਦੱਸਿਆ ਕਿ ਇਹ ਅਨਮੋਲ ਖ਼ਜ਼ਾਨਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਿੱਖਾਂ ਦੇ ਘਰ ਬਹੁਤ ਹੀ ਸ਼ਰਧਾਪੂਰਵਕ ਰੱਖੀਆਂ ਹੋਇਆ ਸੀ। ਜਿਨ੍ਹਾਂ ਨੂੰ ਪ੍ਰੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਲਈ ਪ੍ਰਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰੂਪ ਇਕੱਤਰ ਕਰਨ ਦਾ ਕਾਰਜ ਬਹੁਤ ਹੀ ਕਠਿਨ ਸੀ ਪਰ ਗੁਰੂ ਬਖਸ਼ਿਸ ਸਦਕਾ ਅਸੀਂ ਸਫਲ ਹੋਏ। ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਯੂਨੀਵਰਸਿਟੀ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇਜੀ। ਸਮੇਂ ਨੂੰ ਧਿਆਨ ਵਿਚ ਰਖਕੇ ਜਾਂ ਸੁਵਿਧਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਜਾ ਸਕਦੇ ਹਨ। ਡਾ. ਜੀ.ਐੱਸ ਬੱਤਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਇਸ ਕਾਰਜ ਨੂੰ ਅਸੀਂ ਨਮੋ ਕਰਦੇ ਹਾਂ ਤੇ ਹਰ ਤਰ੍ਹਾਂ ਦਾ ਸਹਿਯੋਗ ਵਿਭਾਗ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦਰਸ਼ਨ ਦੀਦਾਰੀਆਂ ਦੇ ਨਾਲ-ਨਾਲ ਸੱਤ ਦਿਨ ਵਿਸ਼ੇਸ਼ ਬੁਲਾਰੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿਚਾਰ ਬਾਰੇ ਸੰਗਤਾਂ ਦੇ ਸਨਮੁਖ ਹੋਣਗੇ। ਅੱਜ ਲਗਭਗ ਇਕ ਹਜ਼ਾਰ ਤੋਂ ਉਪਰ ਸੰਗਤਾਂ ਨੇ ਪੁਰਾਤਨ ਸਰੂਪਾਂ ਦੇ ਦਰਸ਼ਨ ਕਰਕੇ, ਇਸ ਇਤਿਹਾਸਕ ਪ੍ਰਸੰਗ ਨੂੰ ਜਾਣਿਆ। ਡਾ. ਮਲਕਿੰਦਰ ਕੌਰ ਤੇ ਡਾ.ਗੁੰਜਨਜੋਤ ਕੌਰ ਦੀ ਨਿਗਰਾਨੀ ਵਿਚ ਖੋਜਾਰਥੀ ਸੰਗਤ ਨੂੰ ਬੀੜਾਂ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ।
ਸੰਪਰਕ : ਡਾ. ਸਰਬਜਿੰਦਰ ਸਿੰਘ ਮੁਖੀ ਭਾਈ ਗੁਰਦਾਸ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ। 8146380294

ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...