Monday, November 24, 2025

ਪਟਿਆਲਾ ਪ੍ਰੈੱਸ ਕਲੱਬ ਤੋਂ ਪ੍ਰੈੱਸ ਕਲੱਬ ਪਟਿਆਲਾ ਦਾ ਸਫ਼ਰ : ਸਾਜ਼ਿਸ਼ੀ ਦੌਰ

 ਪੱਤਰਕਾਰੀ ਦਾ ਇਤਿਹਾਸ ਭਾਗ -8

ਲੇਖਕ : ਗੁਰਨਾਮ ਸਿੰਘ ਅਕੀਦਾ

ਸਰਗਰਮ ਪੱਤਰਕਾਰਾਂ ਦੀ ਸਮੁੱਚੀ ਟੀਮ ਵੱਲੋਂ ‘ਪਟਿਆਲਾ ਪ੍ਰੈੱਸ ਕਲੱਬ’ ਨੂੰ ਰਜਿਸਟਰਡ ਕਰਵਾ ਲਿਆ ਸੀ, ਨੰਬਰ ਮਿਲਿਆ ਸੀ 1769/2005-06, ਜਿਸ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਸਨ, ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਖ਼ਜ਼ਾਨਚੀ ਰਾਜੇਸ਼ ਪੰਜੋਲਾ ਨੂੰ ਬਣਾਇਆ ਗਿਆ ਸੀ। ਇਸ ਘਟਨਾ ਦਾ ਇਕ ਨਕਾਰਾਤਮਿਕ ਅਸਰ ਇਹ ਹੋਇਆ ਸੀ ਕਿ ਅਖ਼ਬਾਰਾਂ ਵਿਚਲੀ ਸਿਆਸਤ ਕਲੱਬ ਵਿਚ ਵੀ ਝਲਕਣ ਲੱਗ ਪਈ ਸੀ। ਅਜੀਤ ਦੇ ਦਫ਼ਤਰ ਅੰਦਰਲੀ ਸਿਆਸਤ ਕਲੱਬ ਵਿਚ ਆ ਗਈ ਸੀ, ਜਸਪਾਲ ਸਿੰਘ ਢਿੱਲੋਂ ਦੇ ਸਰਗਰਮ ਹੋਣ ਕਰਕੇ ਜਸਵਿੰਦਰ ਸਿੰਘ ਦਾਖਾ ਹੋਰੀਂ ਨਰਮ ਪੈ ਗਏ ਸਨ। ਜਗ ਬਾਣੀ ਪੰਜਾਬ ਕੇਸਰੀ ਦੀ ਅੰਦਰਲੀ ਸਿਆਸਤ ਕਲੱਬ ਵਿਚ ਆ ਗਈ ਸੀ, ਰਾਜੇਸ਼ ਪੰਜੋਲਾ ਦੇ ਸਰਗਰਮ ਹੋਣ ਕਰਕੇ ਮਨਦੀਪ ਸਿੰਘ ਜੋਸ਼ਨ ਨਰਮ ਪੈ ਗਏ ਸਨ। ਹਿੰਦੁਸਤਾਨ ਟਾਈਮਜ਼ ਦੇ ਗੁਰਪ੍ਰੀਤ ਸਿੰਘ ਨਿੱਬਰ ਦੇ ਸਰਗਰਮ ਹੋਣ ਕਰਕੇ ਭਾਵਨਾ ਹੋਰੀਂ ਨਰਮ ਪੈ ਗਏ ਸਨ। ਜਗ ਬਾਣੀ ਪੰਜਾਬ ਕੇਸਰੀ ਦੇ ਗਰੁੱਪ ਵਿਚੋਂ ਰਾਜੂ ਤਿਮਰਹਰਨ ਦੇ ਗਰੁੱਪ ਵਿਚੋਂ ਮਨਜਿੰਦਰ ਸਿੰਘ ਵੀ ਨਰਮ ਸਰਗਰਮ ਸਨ। ਅਖ਼ਬਾਰਾਂ ਦੀ ਰਾਜਨੀਤੀ ਸੰਸਥਾ ਵਿਚ ਨਹੀਂ ਆਉਣੀ ਚਾਹੀਦੀ ਸੀ। ਲੱਗਦਾ ਸੀ ਕਿ ਅਖ਼ਬਾਰਾਂ ਦੀ ਅੰਦਰਲੀ ਰਾਜਨੀਤੀ ਇਕ ਵੱਖਰੀ ਸੰਸਥਾ ਨੂੰ ਜਨਮ ਦੇ ਸਕਦੀ ਹੈ। ਜਿਵੇਂ ਕਿ ਪੰਜਾਬੀ ਟ੍ਰਿਬਿਊਨ ਵਿਚੋਂ ਕਲੱਬ ਵਿਚ ਸਰਬਜੀਤ ਸਿੰਘ ਭੰਗੂ ਜ਼ਿਆਦਾ ਸਰਗਰਮ ਸੀ ਤਾਂ ਰਵੇਲ ਸਿੰਘ ਭਿੰਡਰ ਨਰਮ ਹੀ ਸਨ। ਪੰਜਾਬੀ ਟ੍ਰਿਬਿਊਨ ਤੋਂ ਦਰਸ਼ਨ ਸਿੰਘ ਖੋਖਰ ਵੀ ਸਰਗਰਮ ਸਨ। 


ਪ੍ਰਵੀਨ ਕੋਮਲ ਨੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸ਼ਿਵ ਸੈਨਾ ਦੀ ਟਿਕਟ ਤੇ ਵਿਧਾਨ ਸਭਾ ਚੋਣ ਲੜੀ ਸੀ। ਪ੍ਰਵੀਨ ਕੋਮਲ ਪੱਖਪਾਤ ਵਿਚ ਖੜ ਗਿਆ ਸੀ, ਪੱਤਰਕਾਰਤਾ ਦੇ ਨਿਯਮ ਇਹ ਕਹਿੰਦੇ ਹਨ ਕਿ ਜੋ ਬੰਦਾ ਕਿਸੇ ਸਿਆਸੀ ਪਾਰਟੀ ਵੱਲੋਂ ਚੋਣ ਲੜ ਲਵੇ ਤਾਂ ਉਸ ਨੂੰ ਦੁਬਾਰਾ ਪੱਤਰਕਾਰੀ ਨਹੀਂ ਕਰਨੀ ਚਾਹੀਦੀ, ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰ ਦੀ ਨਿਯੁਕਤੀ ਸਮੇਂ ਇਹ ਖ਼ਾਸ ਮੱਦ ਹੁੰਦੀ ਹੈ। ਜੇਕਰ ਕਿਸੇ ਪੱਤਰਕਾਰ ਨੇ ਚੋਣ ਲੜੀ ਹੋਵੇ, ਤਾਂ ਉਸ ਦੀ ਨਿਯੁਕਤੀ ਨੂੰ ਪੰਜਾਬੀ ਟ੍ਰਿਬਿਊਨ ਵਿਚ ਕਿਤੇ ਵੀ ਚੈਲੰਜ ਕੀਤਾ ਜਾ ਸਕਦਾ ਹੈ। ਪੰਜਾਬੀ ਟ੍ਰਿਬਿਊਨ ਨੇ ਏਨਾ ਕੁ ਆਪਣੇ ਆਪ ਨੂੰ ਪੱਖ ਪਾਤ ਤੋਂ ਬਚਾ ਕੇ ਰੱਖਿਆ ਹੋਇਆ ਹੈ, ਇਸੇ ਕਰਕੇ ਪੰਜਾਬੀ ਟ੍ਰਿਬਿਊਨ ਨੂੰ ਹੋਰਨਾ ਅਖ਼ਬਾਰਾਂ ਤੋਂ ਵੱਖਰਾ ਕਰਕੇ ਦੇਖਿਆ ਜਾਂਦਾ ਹੈ। ਪ੍ਰਵੀਨ ਕੋਮਲ ਕਿਉਂਕਿ ਸ਼ਿਵ ਸੈਨਾ ਵੱਲੋਂ ਚੋਣ ਲੜ ਚੁੱਕੇ ਸਨ ਇਸ ਕਰਕੇ ਉਸ ਦਾ ਪੱਤਰਕਾਰੀ ਵਿਚ ਸਰਗਰਮ ਭੂਮਿਕਾ ਵਿਚ ਆਉਣਾ ਸੰਭਵ ਨਹੀਂ ਜਾਪਦਾ ਸੀ, ਪਰ ਉਸ ਨੇ ਆਪਣੇ ਇਕ ਸਪਤਾਹਿਕ ਅਖ਼ਬਾਰ ਨਾਲ ਆਪਣੇ ਆਪ ਨੂੰ ਫੇਰ ਸਰਗਰਮ ਕਰ ਲਿਆ ਸੀ। ਉਸ ਦੇ ਨਾਲ ਹੀ ਉਸ ਨੇ ‘ਜੈਨ ਟੀਵੀ’ ਦੀ ਪੱਤਰਕਾਰਤਾ ਵੀ ਹਾਸਲ ਕਰ ਲਈ ਸੀ, ਇਹ ਵੀ ਕੋਈ ਅੱਤਕਥਨੀ ਨਹੀਂ ਸੀ, ਜੈਨ ਟੀਵੀ ਦੇ ਮਾਲਕਾਂ ਦੀ ਸ਼ਿਵ ਸੈਨਾ ਨਾਲ ਕਥਿਤ ਚੰਗੀ ਸਾਂਝ ਸੀ। ਪ੍ਰਵੀਨ ਕੋਮਲ ਜਿੰਨੀਆਂ ਕੁ ਚਲਾਕੀਆਂ ਕਰ ਸਕਦਾ ਸੀ, ਉਨ੍ਹਾਂ ਹੀ ਵਧੀਆ ਉਹ ਪੱਤਰਕਾਰ ਵੀ ਸੀ, ਪੱਤਰਕਾਰੀ ਨੂੰ ਕਿਵੇਂ ਆਪਣੇ ਪੱਖ ਵਿਚ ਵਰਤਣਾ ਉਹ ਬਾਖ਼ੂਬੀ ਜਾਣਦਾ ਸੀ। ਅੱਤਵਾਦ ਸਮੇਂ ਉਹ ਪੁਲੀਸ ਦੇ ਪੱਖ ਵਿਚ ਕਥਿਤ ਭੁਗਤਦਾ ਰਿਹਾ, ਬਾਅਦ ਵਿਚ ਵੀ ਉਸ ਦੀ ਯਾਰੀ ਪੁਲੀਸ ਅਧਿਕਾਰੀਆਂ ਨਾਲ ਕਥਿਤ ਬਿਲਕੁਲ ਹੀ ਸਪਸ਼ਟ ਹੋ ਜਾਂਦੀ ਹੈ, ਡੀਜੀਪੀ ਵਿਰਕ ਸਮੇਤ ਪਰਮਰਾਜ ਉਮਰਾਨੰਗਲ ਨਾਲ ਤਾਂ ਉਸ ਦੀ ਯਾਰੀ ਘਿਓ ਖਿਚੜੀ ਵਾਂਗ ਪ‌ਟਿਆਲਾ ਦੇ ਪੱਤਰਕਾਰਾਂ ਨੇ ਵੀ ਦੇਖੀ ਹੈ। ਹੁਣ ਉਹ ਜੈਨ ਟੀਵੀ ਦਾ ਪੱਤਰਕਾਰ ਬਣ ਗਿਆ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੀ ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਗ੍ਰਾਫਰਾਂ ਦੀ ਆਪਣੀ ਸੰਸਥਾ ਬਣਾ ਲਈ ਸੀ। ਜਿਸ ਦਾ ਚੇਅਰਮੈਨ ਖ਼ੁਦ ਪ੍ਰਵੀਨ ਕੋਮਲ ਬਣ ਗਿਆ ਸੀ। ਇਸ ਤੋਂ ਪਹਿਲਾਂ ਵਾਲੇ ਭਾਗ ਵਿਚ ਆਪਾਂ ਦੱਸ ਚੁੱਕੇ ਹਾਂ ਕਿ ਪ੍ਰਵੀਨ ਕੋਮਲ ਆਪਣੇ ਸਾਥੀਆਂ ਸਮੇਤ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋ ਗਿਆ ਸੀ। ਜਿਸ ਨੇ ਆਪਣੀ ਸੰਸਥਾ ਹੀ ਪਟਿਆਲਾ ਪ੍ਰੈੱਸ ਕਲੱਬ ਵਿਚ ਮਰਜ਼ ਕਰ ਲਈ ਸੀ। ਪਹਿਲੇ ਭਾਗ ਵਿਚ ਆਪਾਂ ਉਹ ਪੱਤਰ ਵੀ ਨਾਲ ਅਟੈਚ ਕਰ ਚੁੱਕੇ ਹਾਂ ਜਿਸ ਰਾਹੀਂ ਪ੍ਰਵੀਨ ਕੋਮਲ ਸਮੇਤ ਜੀ ਨਿਊਜ਼ ਵਾਲੇ ਵਿਸ਼ਾਲ ਅੰਗਰੀਸ਼ ਤੇ ਹੋਰ ਕਈ ਸਾਰੇ ਫ਼ੋਟੋ ਗ੍ਰਾਫਰਾਂ ਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਮੂਲੀਅਤ ਕਰ ਲਈ ਸੀ। 

ਪਟਿਆਲਾ ਲੋਕ ਸੰਪਰਕ ਵਿਭਾਗ ਦਾ ਦਫ਼ਤਰ ਬਾਰਾਂਦਰੀ ਤੋਂ ਬਦਲ ਕੇ ਹੁਣ ਨਵੇਂ ਬਣੇ ਮਿੰਨੀ ਸਕੱਤਰੇਤ ਵਿਚ ਚਲਾ ਗਿਆ ਸੀ। ਕੁਝ ਪੱਤਰਕਾਰਾਂ ਦੀ ਡੀਪੀਆਰਓ ਦੇ ਦਫ਼ਤਰ ਬਾਰੇ ਤਮੰਨਾ ਸੀ ਕਿ ਦਫ਼ਤਰ ਬਾਰਾਂਦਰੀ ਵਿਚ ਹੀ ਰਹੇ ਪਰ ਸਰਕਾਰ ਦਾ ਫ਼ੈਸਲਾ ਸੀ ਜਦੋਂ ਸਾਰੇ ਦਫ਼ਤਰ ਹੀ ਮਿੰਨੀ ਸਕੱਤਰੇਤ ਵਿਚ ਚਲੇ ਗਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੱਖ ਡੀਪੀਆਰਓਂ ਕਿਵੇਂ ਹੋ ਸਕਦਾ ਹੈ। 

ਮਿੰਨੀ ਸਕੱਤਰੇਤ ਵਿਚ ਪੱਤਰਕਾਰਾਂ ਦੀ ਮੀਟਿੰਗ ਚੱਲ ਰਹੀ ਸੀ, ਪਟਿਆਲਾ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਦੀ। ਇਸ ਵਿਚ ਪ੍ਰਵੀਨ ਕੋਮਲ ਗਰੁੱਪ ਕਾਫ਼ੀ ਸਰਗਰਮ ਸੀ, 



ਗੁਰਕਿਰਪਾਲ ਸਿੰਘ ਅਸ਼ਕ, 



ਜਸਪਾਲ ਸਿੰਘ ਢਿੱਲੋਂ, 



ਰਾਜੇਸ਼ ਪੰਜੋਲਾ ਸਮੇਤ ਮੈਂ ਵੀ ਨਾਲ ਹੀ ਸੀ। ਇਸ ਮੀਟਿੰਗ ਵਿਚ ਕਲੱਬ ਦੀ ਬਿਹਤਰੀ ਲਈ ਕਾਫ਼ੀ ਸਲਾਹ ਮਸ਼ਵਰੇ ਕੀਤੇ ਜਾ ਰਹੇ ਸਨ। ਪਟਿਆਲਾ  ਮੀਟਿੰਗਾਂ ਦਾ ਸਥਾਨ ਹੁਣ ਮਿੰਨੀ ਸਕੱਤਰੇਤ ਵਿਚ ਡੀਪੀਆਰਓ ਦਫ਼ਤਰ ਦਾ ਪ੍ਰੈੱਸ ਰੂਮ ਹੋ ਗਿਆ ਸੀ। 16 ਦਸੰਬਰ 2006 ਨੂੰ ਨੀਂਹ ਪੱਥਰ ਰੱਖਿਆ ਜਾਣਾ ਸੀ। 

ਮਿੰਨੀ ਸਕੱਤਰੇਤ ਦੇ ਡੀਪੀਆਰਓ ਦਫ਼ਤਰ ਦੇ ਪ੍ਰੈੱਸ ਰੂਮ ਵਿਚ ਮੀ‌ਟਿੰਗਾਂ ਅਕਸਰ ਹੁੰਦੀਆਂ ਸਨ। ਮੀ‌ਟਿੰਗ ਚੱਲ ਰਹੀ ਸੀ, ਪ੍ਰਵੀਨ ਕੋਮਲ ਸਮੇਤ



ਵਿਸ਼ਾਲ ਅੰਗਰੀਸ਼ ਸਮੇਤ ਪਟਿਆਲਾ ਪ੍ਰੈੱਸ ਕਲੱਬ ਦੀ ਸਾਰੀ ਟੀਮ ਵਿਚ ਪ੍ਰਮੁੱਖ ਪੱਤਰਕਾਰ ਇਸ ਮੀਟਿੰਗ ਵਿਚ ਸ਼ਾਮਲ ਸਨ। 11 ਦਸੰਬਰ 2006 ਨੂੰ ਇਕ ਮੀਟਿੰਗ ਵਿਸ਼ੇਸ਼ ਕਰਕੇ ਜਨਰਲ ਹਾਊਸ ਦੀ ਹੁੰਦੀ ਹੈ, ਵਿਸ਼ਾਲ ਅੰਗਰੀਸ਼ ਸਮੇਤ ਇਲੈਕਟ੍ਰੋਨਿਕ ਮੀਡੀਆ ਦੀ ਟੀਮ ਦਾ ਪ੍ਰਸਤਾਵ ਸੀ ਕਿ ਸਾਡਾ ਗਰੁੱਪ ਤੁਹਾਡੇ ਵਿਚ ਸ਼ਾਮਲ ਹੋਇਆ ਹੈ, ਸਾਡੇ ਗਰੁੱਪ ਦੇ ਚੇਅਰਮੈਨ ਪ੍ਰਵੀਨ ਕੋਮਲ ਹਨ, ਇਸ ਕਰਕੇ ਪ੍ਰਵੀਨ ਕੋਮਲ ਨੂੰ ਪ‌ਟਿਆਲਾ ਪ੍ਰੈੱਸ ਕਲੱਬ ਦਾ ਚੇਅਰਮੈਨ ਬਣਾਇਆ ਜਾਵੇ, ਪੱਤਰਕਾਰਾਂ ਦੀ ਘੁਸਰ ਮੁਸਰ ਹੋਈ, ਪਰ ਕਿਸੇ ਨੇ ਉਜ਼ਰ ਨਾ ਕੀਤਾ, ਜਦ ਕਿ ਉਸ ਵੇਲੇ ਉਜ਼ਰ ਕਰਨਾ ਬਣਦਾ ਸੀ, ਕਿਉਂਕਿ ਸੰਵਿਧਾਨ ਵਿਚ ਚੇਅਰਮੈਨ ਦਾ ਅਹੁਦਾ ਹੀ ਨਹੀਂ ਸੀ, ਪਰ ਕਿਉਂਕਿ ਪੱਤਰਕਾਰਾਂ ਵਿਚ ਏਕਤਾ ਸੀ, ਇਸ ਏਕਤਾ ਵਿਚ ਕੋਈ ਭੰਗਣਾ ਨਾ ਪਵੇ ਤੇ ਕੋਈ ਖੰਡਨ ਨਾ ਹੋਵੇ ਇਸ ਕਰਕੇ ਕਿਸੇ ਨੇ ਕੋਈ ਉਜ਼ਰ ਨਹੀਂ ਕੀਤਾ ਸੀ, ਉਸ ਵੇਲੇ ਵੀ ਪ੍ਰਵੀਨ ਕੋਮਲ ਦੇ ਦਿਮਾਗ਼ ਨੂੰ ਕੋਈ ਸਮਝ ਨਹੀਂ ਸਕਿਆ। ਉਸ ਦੇ ਦਿਮਾਗ਼ ਵਿਚ ਕੀ ਚੱਲ ਰਿਹਾ ਸੀ, ਉਸ ਵੇਲੇ ਉਸ ਦੀ ਕਾਰਗੁਜ਼ਾਰੀ ਬੜੀ ਪਵਿੱਤਰ ਸੀ, ਪੱਤਰਕਾਰਾਂ ਪ੍ਰਤੀ ਉਹ ਕੁਝ ਵੀ ਕਰ ਗੁਜ਼ਰਨ ਦਾ ਪ੍ਰਭਾਵ ਪੱਤਰਕਾਰਾਂ ਵਿਚ ਛੱਡ ਚੁੱਕੇ ਸਨ। ਪੱਤਰਕਾਰਾਂ ਦੀ ਭਲਾਈ ਦੀਆਂ ਸਕੀਮਾਂ ਕਿਵੇਂ ਲਾਗੂ ਕਰਾਉਣੀਆਂ ਹਨ ਉਹ ਬੜੇ ਵੱਡੇ ਪੱਧਰ ਤੇ ਆਪਣੀ ਰਾਏ ਦਿੰਦੇ ਸਨ। ਉਹ ਸਰਕਾਰੇ ਦਰਬਾਰੇ ਆਪਣੀ ਪੂਰੀ ਚੜ੍ਹਤ ਹੋਣ ਬਾਰੇ ਵੀ ਪੱਤਰਕਾਰਾਂ ਵਿਚ ਆਪਣਾ ਪ੍ਰਭਾਵ ਛੱਡ ਚੁੱਕੇ ਸਨ, ਪੱਤਰਕਾਰ ਉਸ ਦੀ ਹਰ ਗੱਲ ਨੂੰ ਬੜੇ ਸੰਜੀਦਾ ਤਰੀਕੇ ਨਾਲ ਲੈਂਦੇ ਸਨ। ਸ਼ਿਵ ਸੈਨਾ ਵੱਲੋਂ ਚੋਣ ਲੜ ਚੁੱਕਿਆ ਸੀ, ਸ਼ਿਵ ਸੈਨਾ ਦੇ ਆਗੂ ਕੋਈ ਹਾਰੀ-ਸਾਰੀ ਨਹੀਂ ਹੁੰਦੇ, ਉਨ੍ਹਾਂ ਨੂੰ ਬੜੇ ਤਰੀਕੇ ਆਉਂਦੇ ਹਨ, ਉਹ ਆਪਣੀ ਗੱਲ ਮਨਾਉਣ  ਜਾਣਦੇ ਹਨ, ਉਨ੍ਹਾਂ ਵਿਚ ਆਪਣੀ ਗੱਲ ਮਨਾਉਣ ਦੇ ਬੜੇ ਪੱਖ ਹੁੰਦੇ ਹਨ। 



ਇਲੈਕਟ੍ਰੋਨਿਕ ਮੀਡੀਆ ਦੇ ਸਾਰੇ ਪੱਤਰਕਾਰਾਂ ਨੇ ਪ੍ਰਵੀਨ ਕੋਮਲ ਦੇ ਚੇਅਰਮੈਨ ਬਣਾਉਣ ’ਤੇ ਮੋਹਰ ਲਗਾ ਦਿੱਤੀ ਸੀ, ਪ੍ਰਵੀਨ ਕੋਮਲ ਨੇ ਇੱਥੇ ਹੋਰ ਇਕ ਚਲਾਕੀ ਕੀਤੀ ਤੇ ਆਪਣੇ ਸਾਥੀ ਇਲੈਕਟ੍ਰੋਨਿਕ ਮੀਡੀਆ ਦੇ ਜੀ ਗਰੁੱਪ ਦੇ ਪੱਤਰਕਾਰ ਵਿਸ਼ਾਲ ਅੰਗਰੀਸ਼ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ, ਜਦ ਕਿ ਇਸ ਦੀ ਬਿਲਕੁਲ ਹੀ ਲੋੜ ਨਹੀਂ ਸੀ, ਕਿਉਂਕਿ ਗੁਰਕਿਰਪਾਲ ਸਿੰਘ ਅਸ਼ਕ ਪਹਿਲਾਂ ਹੀ ਪ੍ਰਧਾਨ ਸਨ, ਪ੍ਰਧਾਨ ਦੇ ਹੁੰਦਿਆਂ ਕਾਰਜਕਾਰੀ ਪ੍ਰਧਾਨ ਬਣਾਇਆ ਨਹੀਂ ਜਾ ਸਕਦਾ, ਇਸ ਦੀ ਸੰਵਿਧਾਨ ਵਿਚ ਕੋਈ ਮੱਦ ਨਹੀਂ ਸੀ, ਪਰ ਕਿਉਂਕਿ ਪ੍ਰਵੀਨ ਕੋਮਲ ਨੂੰ ਚੇਅਰਮੈਨ ਬਣਾਉਣ ਵਿਚ ਵਿਸ਼ੇਸ਼ ਕਰਕੇ ਵਿਸ਼ਾਲ ਅੰਗਰੀਸ਼ ਨੇ ਵਿਸ਼ੇਸ਼ ਰੋਲ ਨਿਭਾਇਆ ਸੀ, ਇਸ ਕਰਕੇ ਉਸ ਨੂੰ ਵੀ ਕੋਈ ਅਹੁਦਾ ਦੇਣਾ ਬਣਦਾ ਸੀ, ਅਹੁਦਾ ਵੀ ਉਹ ਜੋ ਅਹੁਦਾ ਪ੍ਰਧਾਨ ਦੇ ਨਾਲ ਦਾ ਹੀ ਹੋਵੇ, ਪ੍ਰਧਾਨ ਨੂੰ ਕਿਸੇ ਵੇਲੇ ਵੀ ਜ਼ਲੀਲ ਕਰਕੇ ਪ੍ਰਧਾਨਗੀ ਤੋਂ ਫ਼ਾਰਗ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਸੀ, ਉਸ ਤੋਂ ਬਾਅਦ ਤਾਂ ਕਾਰਜਕਾਰੀ ਪ੍ਰਧਾਨ ਹੀ ਪ੍ਰਧਾਨ ਹੋਵੇਗਾ। ਜਿਸ ਕਰਕੇ ਬੜੇ ਸਾਜ਼ਿਸ਼ੀ ਤਰੀਕੇ ਨਾਲ ਬੜੀ ਚਲਾਕੀ ਨਾਲ ਪ੍ਰਵੀਨ ਕੋਮਲ ਦਾ ਇਲੈਕਟ੍ਰੋਨਿਕ ਮੀਡੀਆ ਵੱਲੋਂ ਚੇਅਰਮੈਨ ਵਜੋਂ ਨਾ ਸ਼ਾਮਲ ਕਰਕੇ ਹੁਣ ਚੇਅਰਮੈਨ ਦੇ ਕਹਿਣ ਤੇ ਵਿਸ਼ਾਲ ਅੰਗਰੀਸ਼ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਕਾਰਜਕਾਰੀ ਪ੍ਰਧਾਨ ਨੂੰ ਇਹ ਤਾਕਤਾਂ ਵੀ ਦੇ ਦਿੱਤੀਆਂ ਗਈਆਂ ਕਿ ਬੈਂਕ ਵਿਚ ਕੋਈ ਵੀ ਰੁਪਿਆ ਕਢਾਉਣ ਲਈ ਪ੍ਰਧਾਨ ਦੀ ਥਾਂ ਕਾਰਜਕਾਰੀ ਪ੍ਰਧਾਨ ਦਸਤਖ਼ਤ ਕਰ ਸਕੇਗਾ, ਪਹਿਲਾ ਡਾਕਾ ਗੁਰਕਿਰਪਾਲ ਸਿੰਘ ਅਸ਼ਕ ਦੀ ਹੋਂਦ ਤੇ ਇੱਥੇ ਹੀ ਮਾਰ ਦਿੱਤਾ ਗਿਆ ਕਿ ਗੁਰਕਿਰਪਾਲ ਸਿੰਘ ਅਸ਼ਕ ਨੂੰ ਬੈਂਕ ਵਿਚੋਂ ਰੁਪਏ ਕਢਾਉਣ ਦੇ ਦਸਤਖ਼ਤ ਕਰਨ ਤੋਂ ਵੀ ਵਾਂਝਾ ਕਰ ਦਿੱਤਾ ਗਿਆ, ਇਸੇ ਮੀ‌ਟਿੰਗ ਵਿਚ ਇਹ ਫ਼ੈਸਲਾ ਕਰਕੇ ਗੁਰਕਿਰਪਾਲ ਸਿੰਘ ਅਸ਼ਕ ਨੂੰ ਜ਼ਲੀਲ ਕਰਨ ਦਾ ਪਹਿਲਾ ਪਾਠ ਲਿਖਿਆ ਜਾ ਚੁੱਕਾ ਸੀ।



ਇਸ ਸਮੇਂ ਇਕ ਅਹਿਮ ਕਿਰਦਾਰ ਸੁਭਾਸ਼ ਪਟਿਆਲਵੀ ਬਹੁਤਾ ਸਰਗਰਮ ਨਜ਼ਰ ਨਹੀਂ ਆ ਰਿਹਾ ਸੀ, ਜੋ ਟ੍ਰਿਬਿਊਨ ਗਰੁੱਪ ਦਾ ਫ਼ੋਟੋ ਗ੍ਰਾਫਰ ਵੀ ਤੇ ਫ਼ਰੀ ਲਾਂਸ ਵੀ ਕਰਦਾ ਸੀ, ਉਸ ਵੇਲੇ ਜਿੰਨੀਆਂ ਫ਼ੋਟੋਆਂ ਵੀ ਸਰਕਾਰੀ ਦਫ਼ਤਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀਆਂ ਬਤੌਰ ਮੁੱਖ ਮੰਤਰੀ ਲੱਗੀਆਂ ਸਨ, ਉਹ ਫ਼ੋਟੋ ਸੁਭਾਸ਼ ਪਟਿਆਲਵੀ ਨੇ ਹੀ ਖਿੱਚੀ ਸੀ। 



ਜਨਰਲ ਹਾਊਸ ਵਿਚ ਪ੍ਰਵੀਨ ਕੋਮਲ ਦੀਆਂ ਕੌਣ ਰੱਦ ਕਰ ਸਕਦਾ ਸੀ, ਉਸ ਦਾ ਤਾਕਤਵਰ ਤਰੀਕਾ ਸੀ ਗੱਲ ਕਰਨ ਦਾ, ਉਸ ਦੇ ਤਰੀਕੇ ਅੱਗੇ ਗੁਰਨਾਮ ਸਿੰਘ ਅਕੀਦਾ, ਜਸਪਾਲ ਸਿੰਘ ਢਿੱਲੋਂ, ਗੁਰਕਿਰਪਾਲ ਸਿੰਘ ਅਸ਼ਕ, ਰਾਜੇਸ਼ ਪੰਜੋਲਾ, ਹੋਰ ਸਾਰੇ ਪੱਤਰਕਾਰਾਂ ਵਿਚ ਕੋਈ ਵੀ ਜੁਰਅਤ ਨਹੀਂ ਸੀ ਕਿ ਉਸ ਦੀ ਗੱਲ ਨੂੰ ਕੋਈ ਕੱਟ ਸਕੇ। ਉਸ ਦਾ ਪ੍ਰਭਾਵ ਹੀ ਜਨਰਲ ਹਾਊਸ ਤੇ ਏਨਾ ਹੋ ਗਿਆ ਸੀ। ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਵਿਸ਼ਾਲ ਅੰਗਰੀਸ਼ ਉਸ ਦੀ ਸਾਜਿਸ਼ ਵਿਚ ਸੀ ਜਾਂ ਨਹੀਂ, 11 ਦਸੰਬਰ 2006 ਦੀ ਜਨਰਲ ਹਾਊਸ ਦੀ ਗੁਰਕਿਰਪਾਲ ਸਿੰਘ ਅਸ਼ਕ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਬੜੀ ਖ਼ਾਸ ਸੀ, ਜਿਸ ਦਿਨ ਪਟਿਆਲਾ ਪ੍ਰੈੱਸ ਕਲੱਬ ਨੂੰ ਖੰਡਿਤ ਕਰਨ ਦੀ ਨੀਂਹ ਰੱਖੀ ਜਾ ਚੁੱਕੀ ਸੀ, ਇਸ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਪ੍ਰਵੀਨ ਕੋਮਲ ਦੇ ਅੰਦਰ ਕੀ ਚੱਲ ਰਿਹਾ ਹੈ। ਉਸ ਦੀ ਦਿਨ ਜਨਰਲ ਹਾਊਸ ਵਿਚ ਪਏ ਮਤੇ ਅਨੁਸਾਰ ਸਭ ਤੋਂ ਉੱਪਰਲੀ ਲਿਸਟ ਵਿਚ ਚੇਅਰਮੈਨ ਪ੍ਰਵੀਨ ਕੋਮਲ ਦਾ ਨਾਮ ਸ਼ੁਮਾਰ ਹੋ ਗਿਆ ਸੀ, ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ, ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼, ਵਾਈਸ ਪ੍ਰਧਾਨ ਪਵਨ ਪਟਿਆਲਵੀ (ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਗ੍ਰਾਫਰਾਂ ਦੀ ਸੰਸਥਾ ਵਿਚੋਂ), ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ, ਸਕੱਤਰ ਭੁਪੇਸ਼ ਚੱਠਾ, ਸਕੱਤਰ ਕੁਲਵੰਤ ਸਿੰਘ (ਇਲੈਕਟ੍ਰੋਨਿਕ ਮੀਡੀਆ ਦੇ ਗਰੁੱਪ ਵਿਚੋਂ), ਦਫ਼ਤਰ ਸਕੱਤਰ ਇੰਦਰਜੀਤ ਸਿੰਘ ਬੱਬਲੂ (ਫ਼ੋਟੋ ਗ੍ਰਾਫਰ), ਪ੍ਰੈੱਸ ਸਕੱਤਰ (ਪਬਲਿਕ ਰਿਲੇਸ਼ਨ ਅਫ਼ਸਰ) ਮਨਜਿੰਦਰ ਸਿੰਘ, ਵਿੱਤ ਸਕੱਤਰ ਰਾਜੇਸ਼ ਪੰਜੋਲਾ ਬਣ ਗਏ ਸਨ। 10 ਮੈਂਬਰੀ ਵਿਚੋਂ 5 ਅਹੁਦਿਆਂ ਤੇ ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਗ੍ਰਾਫਰਾਂ ਦੀ ਟੀਮ ਦੇ ਮੈਂਬਰ ਸ਼ੁਮਾਰ ਹੋ ਗਏ ਸਨ। ਜਿਨ੍ਹਾਂ ਨੂੰ ਪ੍ਰਵੀਨ ਕੋਮਲ ਦੇ ਗਰੁੱਪ ਵਿਚ ਮੰਨਿਆ ਜਾਂਦਾ ਸੀ। ਇਹ ਏਨੀ ਵੱਡੀ ਸਾਜਿਸ਼ ਸੀ ਜਿਸ ਬਾਰੇ ਡੀਪੀਆਰਓ ਉਜਾਗਰ ਸਿੰਘ ਵਰਗਾ ਵੱਡੇ ਦਿਮਾਗ਼ ਦਾ ਤੇ ਹਰ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲਾ ਬੰਦਾ ਵੀ ਨਹੀਂ ਸਮਝ ਸਕਿਆ ਸੀ। 

ਇਸੇ ਦਿਨ ਇਕ ਮੀਟਿੰਗ ਹੋਰ ਹੋਈ, ਇਹ ਮੀਟਿੰਗ ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼ ਦੀ ਪ੍ਰਧਾਨਗੀ ਵਿਚ ਹੋਈ, ਇਸ ਮੀਟਿੰਗ ਵਿਚ ਖਾਤੇ ’ਤੇ ਦਸਤਖ਼ਤ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ, ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ, ਵਿੱਤ ਸਕੱਤਰ ਰਾਜੇਸ਼ ਪੰਜੋਲਾ ਦੇ ਹੁੰਦੇ ਸਨ ਹੁਣ ਇਸ ਵਿਚ ਸਰਬ ਸੰਮਤੀ ਨਾਲ ਸੋਧ ਕਰ ਦਿੱਤੀ ਗਈ, ਸੋਧ ਇਹ ਕੀਤੀ ਗਈ ਕਿ ਅੱਜ ਤੋਂ ਬਾਅਦ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਦੀ ਥਾਂ ਤੇ ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼ ਦਸਤਖ਼ਤ ਕਰਿਆ ਕਰਨਗੇ। ਇਸ ਦਾ ਕਾਰਨ ਵੀ ਬੜਾ ਪ੍ਰਭਾਵੀ ਸੀ, ਕਹਿੰਦੇ ਗੁਰਕਿਰਪਾਲ ਸਿੰਘ ਅਸ਼ਕ ਮੰਡੀ ਗੋਬਿੰਦਗੜ੍ਹ ਤੋਂ ਆਉਂਦੇ ਹਨ ਇਸ ਕਰਕੇ ਕਈ ਵਾਰੀ ਉਹ ਇੱਥੇ ਮੌਕੇ ਤੇ ਹੋ ਨਹੀਂ ਆ ਸਕਦੇ, ਜਿਸ ਲਈ ਉਨ੍ਹਾਂ ਦੀ ਥਾਂ ਤੇ ਕਾਰਜਕਾਰੀ ਪ੍ਰਧਾਨ ਹੀ ਦਸਤਖ਼ਤ ਕਰ ਦਿਆ ਕਰਨਗੇ, ਜਸਪਾਲ ਸਿੰਘ ਢਿੱਲੋਂ, ਰਾਜੇਸ਼ ਪੰਜੋਲਾ ਨੇ ਵੀ ਇਸ ਬਾਰੇ ਕੋਈ ਉਜ਼ਰ ਨਹੀਂ ਕੀਤਾ, ਜਦ ਕਿ ਵਿਸ਼ਾਲ ਅੰਗਰੀਸ਼ ਵੀ ਤਾਂ ਖੰਨੇ ਗੋਬਿੰਦਗੜ੍ਹ ਤੋਂ ਹੀ ਸਨ। ਫੇਰ ਦੋਵਾਂ ਵਿਚ ਹਾਜ਼ਰੀ ਗੈਰ ਹਾਜ਼ਰੀ ਦਾ ਕੀ ਫ਼ਰਕ ਸੀ, ਪਹਿਲਾਂ ਵਿਸ਼ਾਲ ਅੰਗਰੀਸ਼ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਉਸ ਦਾ ਕਾਰਨ ਵੀ ਇਹੀ ਸੀ ਕਿ ਅਸ਼ਕ ਕਈ ਵਾਰੀ ਮੌਕੇ ਤੇ ਆ ਨਹੀਂ ਸਕਦੇ, ਵਿਸ਼ਾਲ ਅੰਗਰੀਸ਼ ਉਨ੍ਹਾਂ ਦੀ ਥਾਂ ਤੇ ਮੀਟਿੰਗਾਂ ਕਰ ਲਿਆ ਕਰਨਗੇ ਤੇ ਹੋਰ ਪ੍ਰਧਾਨ ਦੇ ਕੰਮ ਕਰ ਲਿਆ ਕਰਨਗੇ। 

ਵਿਸ਼ਾਲ ਅੰਗਰੀਸ਼ ਦੀ ਪ੍ਰਧਾਨਗੀ ਵਿਚ ਹੀ ਹੋਈ ਮੀਟਿੰਗ ਵਿਚ ਮਤਾ ਨੰਬਰ -2 ਇਹ ਵੀ ਪਾਇਆ ਗਿਆ ਕਿ ‘ਪਟਿਆਲਾ ਪ੍ਰੈੱਸ ਕਲੱਬ’ ਦਾ ਨਾਮ ਬਦਲ ਕੇ ‘ਪ੍ਰੈੱਸ ਕਲੱਬ ਪਟਿਆਲਾ’ ਰੱਖਿਆ ਜਾਵੇ, ਮੀਟਿੰਗ ਵਿਚ ਤਰਕ ਦਿੱਤਾ ਗਿਆ ਸੀ ਕਿ ਪ੍ਰੈੱਸ ਕਲੱਬ ਚੰਡੀਗੜ੍ਹ ਹੈ ਨਾ ਕਿ ਚੰਡੀਗੜ੍ਹ ਪ੍ਰੈੱਸ ਕਲੱਬ, ਚੰਡੀਗੜ੍ਹ ਦੀ ਤਰਜ਼ ਤੇ ਹੀ ਪਟਿਆਲਾ ਪ੍ਰੈੱਸ ਕਲੱਬ ਵੀ ਬਣਨਾ ਚਾਹੀਦਾ ਹੈ ਤਾਂ ਫਿਰ ਪਟਿਆਲਾ ਪ੍ਰੈੱਸ ਕਲੱਬ ਨਾਂ ਠੀਕ ਨਹੀਂ ਹੈ, ਇਸ ਕਰਕੇ ਚੰਡੀਗੜ੍ਹ ਦੀ ਤਰਜ਼ ਤੇ ‘ਪਟਿਆਲਾ ਪ੍ਰੈੱਸ ਕਲੱਬ’ ਦੀ ਥਾਂ ‘ਪ੍ਰੈੱਸ ਕਲੱਬ ਪਟਿਆਲਾ’ ਨਾਮ ਰੱਖਿਆ ਜਾਵੇ। ਇਹ ਵੀ ਮਤੇ ਵਿਚ ਲਿਖ ਦਿੱਤਾ ਗਿਆ ਕਿ ਰਜਿਸਟ੍ਰੇਸ਼ਨ ਨੰਬਰ 1769/2005-06 ਵਿਚ ਵੀ ਇਹ ਨਾਮ ਤਬਦੀਲ ਕਰ ਦਿੱਤਾ ਜਾਵੇ। ਰਜਿਸਟਰਾਰ ਤੇ ਸੋਸਾਇਟੀ ਦਫ਼ਤਰ ਵਿਚੋਂ ਸੋਧਿਆ ਹੋਇਆ ਸਰਟੀਫਿਕੇਟ ਹਾਸਲ ਕਰ ਲਿਆ ਜਾਵੇ। ਇਸ ਮੰਤਵ ਲਈ ਚੇਅਰਮੈਨ ਪ੍ਰਵੀਨ ਕੋਮਲ ਦੀ ਡਿਊਟੀ ਲਗਾਈ ਜਾਂਦੀ ਹੈ। ਹੁਣ ਤੁਸੀਂ ਸਮਝੋ ਪਹਿਲਾਂ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਦੀਆਂ ਤਾਕਤਾਂ ਖੋਹੀਆਂ ਗਈਆਂ, ਉਹ ਤਾਕਤਾਂ ਪ੍ਰਵੀਨ ਕੋਮਲ ਦੇ ਗਰੁੱਪ ਦੇ ਬੰਦੇ ਵਿਸ਼ਾਲ ਅੰਗਰੀਸ਼ ਨੂੰ ਦਿੱਤੀਆਂ ਗਈਆਂ, ਪ੍ਰਿੰਟ ਮੀਡੀਆ ਵਾਲੇ ਚੁੱਪ ਚਾਪ ਇਹ ਸਾਜਿਸ਼ ਦਾ ਹਿੱਸਾ ਬਣੇ ਰਹੇ, 11 ਦਸੰਬਰ 2006 ਨੂੰ ਹੀ ਗੁਰਕਿਰਪਾਲ ਸਿੰਘ ਅਸ਼ਕ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ ਤੇ ਚੇਅਰਮੈਨ ਪ੍ਰਵੀਨ ਕੋਮਲ ਨੂੰ ਬਣਾ ਦਿੱਤਾ ਗਿਆ, ਹੁਣ ਇਸੇ ਦਿਨ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼ ਦੀ ਪ੍ਰਧਾਨਗੀ ਵਿਚ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਵਿਚ ਏਨੀ ਕਾਹਲੀ ਸੀ ਕਿ ਇਸੇ ਦਿਨ ਹੋਈ ਮੀਟਿੰਗ ਵਿਚ ਨਾਮ ਤਬਦੀਲ ਕਰਨ ਦੀ ਡਿਊਟੀ ਪ੍ਰਵੀਨ ਕੋਮਲ ਦੇ ਹਵਾਲੇ ਕਰ ਦਿੱਤੀ ਗਈ। 

ਪ੍ਰਵੀਨ ਕੋਮਲ ਦੀ ਐਂਟਰੀ ਦੇਖੋ ਕਿਵੇਂ ਹੁੰਦੀ ਹੈ। ਪਹਿਲਾਂ ਉਹ ਇਲੈਕਟ੍ਰੋਨਿਕ ਮੀਡੀਆ ਦੇ ਬੜੇ ਹੀ ਚਲਾਕ ਤੇ ਸਿਆਣੇ ਪੱਤਰਕਾਰਾਂ ਤੇ ਪ੍ਰਿੰਟ ਮੀਡੀਆ ਦੇ ਫ਼ੋਟੋ ਗ੍ਰਾਫਰਾਂ ਨੂੰ ਵੀ ਆਪਣੇ ਪ੍ਰਭਾਵ ਵਿਚ ਲੈਂਦਾ ਹੈ। ਪ੍ਰਭਾਵ ਵਿਚ ਲੈ ਕੇ ਇਕ ਇਕੱਠ ਬਣਾਉਂਦਾ ਹੈ, ਜਿਸ ਰਾਹੀਂ ਉਹ ਪਟਿਆਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੂੰ ਪ੍ਰਭਾਵ ਵਿਚ ਲੈਂਦਾ ਹੈ ਤੇ ਆਪਣਾ ਇਕ ਬਹੁਤ ਹੀ ਅਹਿਮ ਕਦਮ ਚੁੱਕਦਾ ਹੈ ਤੇ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋ ਜਾਂਦਾ ਹੈ। ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੁੰਦਿਆਂ ਹੀ ਉਹ ਆਪਣੇ ਪ੍ਰਭਾਵ ਵਿਚ ਪ੍ਰਿੰਟ ਮੀਡੀਆ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਨੂੰ ਵੀ ਕਰ ਲੈਂਦਾ ਹੈ, ਹੁਣ ਕਦਮ ਦਰ ਕਦਮ ਉਹ ਪਟਿਆਲਾ ਪ੍ਰੈੱਸ ਕਲੱਬ ’ਤੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ। ਚਰਚਾ ਤਾਂ ਇਹ ਵੀ ਹੈ ਕਿ ਇਸ ਦੇ ਪਿੱਛੇ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਸਨ, ਪਰ ਇਹ ਤਾਂ ਪ੍ਰਵੀਨ ਕੋਮਲ ਹੀ ਜਾਣਦਾ ਹੈ ਕਿ ਕੋਈ ਤਾਕਤ ਵੀ ਉਸ ਦੇ ਪਿੱਛੇ ਸੀ ਜਾਂ ਫਿਰ ਉਹ ਹੀ ਵੱਡੀ ਤਾਕਤ ਬਣ ਚੁੱਕਿਆ ਸੀ, ਪੱਤਰਕਾਰਾਂ ਵਿਚ ‘ਡਾਨ’ ਦੀ ਉਪਾਧੀ ਤਾਂ ਖ਼ੈਰ ਪ੍ਰਵੀਨ ਕੋਮਲ ਪਹਿਲਾਂ ਹੀ ਹਾਸਲ ਕਰ ਚੁੱਕਿਆ ਸੀ ਹੁਣ ਤਾਂ ਕਦਮ ਦਰ ਕਦਮ ਉਹ ਆਪਣਾ ਹੱਕ ਪੂਰਾ ਕਰਨ ਲੱਗਿਆ ਹੋਇਆ ਸੀ। ਜਦੋਂ ਉਸ ਨੇ ਕਿਤੇ ਪ੍ਰੈੱਸ ਕਲੱਬ ਦੀ ਕਾਰਵਾਈ ਤੇ ਸਾਈਨ ਕਰਨੇ ਤਾਂ ਉਹ ਆਪਣੇ ਸਾਈਨਾਂ ਹੇਠ ਚੇਅਰਮੈਨ ਜ਼ਰੂਰ ਲਿਖਦਾ ਸੀ, ਇਹ ਉਸ ਦਾ ਇਕ ਬਹੁਤ ਵੱਡਾ ਕਾਰਨ ਸੀ ਤਾਂ ਕਿ ਉਸ ਦੀ ਸਥਾਪਤੀ ਹੁੰਦੀ ਰਹੇ, ਉਹ ਪੱਤਰਕਾਰਾਂ ਵਿਚੋਂ ਸੀ ਪਰ ਪੱਤਰਕਾਰ ਬਣ ਕੇ ਨਹੀਂ ਉਹ ਇਕ ਕਬਜ਼ਾਧਾਰੀ ਬਣ ਕੇ ਕੰਮ ਕਰ ਰਿਹਾ ਸੀ ਸਿਆਸਤਦਾਨਾਂ ਵਾਂਗ, ਉਸ ਨੇ ਪ੍ਰੈੱਸ ਕਲੱਬ ਤੇ ਕਿਵੇਂ ਕਬਜ਼ਾ ਕਰਨਾ ਹੈ ਤਾਂ ਉਸ ਦਾ ਉਹ ਹਰ ਤਰ੍ਹਾਂ ਦਾ ਐਪੀਸੋਡ ਖ਼ੁਦ ਤਿਆਰ ਕਰ ਰਿਹਾ ਸੀ। ਜਿਸ ਦੀ ਪੂਰੀ ਤਰ੍ਹਾਂ ਤੇ ਸ‌‌ਕ੍ਰਿਪਟ ਹੁਣ ਉਸ ਦੇ ਕਬਜ਼ੇ ਵਿਚ ਆ ਗਈ ਸੀ, ਤੇ ਉਸ ਨੇ ਉਹ ਸਕਰਿਪਟ ਕਿੱਦਾਂ ਆਪਣੇ ਅਨੁਸਾਰ ਲਿਖਣੀ ਹੈ ਇਹ ਉਹ ਹੁਣ ਕਰ ਸਕਦਾ ਸੀ। ਜਦੋਂ ਉਸ ਨੂੰ ਇਹ ਮੀਟਿੰਗ ਵਿਚ ਮਿਲ ਗਿਆ ਕਿ ਉਹ ਪਟਿਆਲਾ ਪ੍ਰੈੱਸ ਕਲੱਬ ਦਾ ਨਾਮ ਬਦਲ ਕੇ ਪ੍ਰੈੱਸ ਕਲੱਬ ਪਟਿਆਲਾ ਕਰਵਾਏਗਾ, ਜਿਸ ਲਈ ਉਸ ਦੀ ਜ਼ਿੰਮੇਵਾਰੀ ਲਗਾ ਦਿੱਤੀ ਗਈ ਸੀ, ਜਾਂ ਕਹਿ ਲਓ ਕਿ ਵਿਸ਼ਾਲ ਅੰਗਰੀਸ਼ ਨੇ ਉਸ ਦਾ ਕੰਮ ਸੌਖਾ ਕਰ ਦਿੱਤਾ ਸੀ, ਭਾਵੇਂ ਕਿ ਇਸ ਵਿਚ ਸਭ ਦੀ ਸਹਿਮਤੀ ਸੀ, ਸਿਰਫ਼ ਵਿਸ਼ਾਲ ਅੰਗਰੀਸ਼ ਹੀ ਨਹੀਂ, ਪਰ ਇਸ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਸਾਰੇ ਹੀ ਪ੍ਰਵੀਨ ਕੋਮਲ ਨੂੰ ਪ੍ਰਮੁੱਖਤਾ ਦੇ ਰਹੇ ਸਨ। 

ਮਤਾ ਨੰਬਰ 3 ਵਿਚ ਮੈਂਬਰ ਬਣਾਉਣ ਦੀ ਸਾਰੀ ਕਾਰਵਾਈ ਨਵੀਂ ਬਣੀ ਕਮੇਟੀ ਨੂੰ ਦੇ ਦਿੱਤੀ ਗਈ ਸੀ, ਜਿਸ ਵਿਚ ਚੇਅਰਮੈਨ ਪ੍ਰਵੀਨ ਕੋਮਲ ਸਨ। ਇੱਥੋਂ ਤੱਕ ਕਿ ਪ੍ਰਵੀਨ ਕੋਮਲ ਨੇ ਸੁਝਾਅ ਦਿੱਤਾ ਕਿ ਬਾਹਰੀ ਮੈਂਬਰ ਵੀ ਬਣਾਏ ਜਾਣ ਜਿਨ੍ਹਾਂ ਤੋਂ 20 ਹਜ਼ਾਰ ਰੁਪਏ ਫ਼ੀਸ ਲਓ, ਇਹ ਵੀ ਮਤੇ ਵਿਚ ਪਾ ਦਿੱਤਾ ਗਿਆ ਸੀ। ਮਤਾ ਨੰਬਰ 4 ਵਿਚ ਇਹ ਵੀ ਪਾਸ ਕਰ ਦਿੱਤਾ ਗਿਆ ਕਿ ਨੀਂਹ ਪੱਥਰ 16 ਦਸੰਬਰ 2006 ਨੂੰ ਰੱਖਿਆ ਜਾਵੇਗਾ, ਜਿਸ ਵਿਚ ਨੀਂਹ ਪੱਥਰ ਵਿਚ ਬਣਾਈ ਗਈ 10 ਮੈਂਬਰਾਂ ਦੇ ਨਾਮ ਵੀ ਅੰਕਿਤ ਕਰਨ ਦਾ ਪਾਸ ਕੀਤਾ ਗਿਆ, ਕਿਉਂਕਿ ਉਨ੍ਹਾਂ ਦਸ ਮੈਂਬਰਾਂ ਵਿਚ ਚੇਅਰਮੈਨ ਤਾਂ ਪ੍ਰਵੀਨ ਕੋਮਲ ਹੀ ਸੀ, ਦਸ ਮੈਂਬਰਾਂ ਵਿਚ ਸਭ ਤੋਂ ਉੱਪਰਲੇ ਖ਼ਾਨੇ ਵਿਚ। ਜਿਸ ਦਾ ਨਾਮ ਸਭ ਤੋਂ ਉਪਰ ਆਉਂਦਾ ਸੀ। ਨੀਂਹ ਪੱਥਰ ਦੇ ਸੱਦਾ ਪੱਤਰ ਕਾਰਡ ਪ੍ਰੈੱਸ ਕਲੱਬ ਛਪਾਏਗਾ ਤੇ ਡੀਪੀਆਰਓ ਦਫ਼ਤਰ ਰਾਹੀਂ ਵੰਡੇ ਜਾਣਗੇ। ਨੀਂਹ ਪੱਥਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਨਾਲ ਸ੍ਰੀਮਤੀ (ਮਹਾਰਾਣੀ) ਪ੍ਰਨੀਤ ਕੌਰ, ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਰਾਕੇਸ਼ ਵਰਮਾ ਦਾ ਨਾਮ ਵੀ ਹੋਵੇਗਾ। 



ਇੱਥੇ ਹੋਰ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕਲੱਬ ਦੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਤੋਂ ਐਡੀਸ਼ਨਲ ਰਾਸਿਟਰਾਰ ਫ਼ਾਰ ਫਾਰਮਜ਼ ਐਂਡ ਸੁਸਾਇਟੀ ਨੂੰ ਕਲੱਬ ਦਾ ਸੋਧਿਆ ਹੋਇਆ ਸਰਟੀਫਿਕੇਟ ਜਾਰੀ ਕਰਨ ਦੀ ਚਿੱਠੀ ਵੀ ਲਿਖਵਾ ਲਈ ਗਈ ਸੀ, ਜਿਸ ਨੂੰ ਲੈ ਕੇ ਪ੍ਰਵੀਨ ਕੋਮਲ ਨੇ ਆਪਣਾ ਪੂਰਾ ਪੱਖ ਜ਼ਾਹਿਰ ਕਰਨਾ ਸੀ। ਜਿਸ ਨਾਲ ਰਜਿਸਟਰਾਰ ਕੋਲ ਕੋਈ ਅੜਿੱਕਾ ਨਾ ਪਵੇ। ਤੁਸੀਂ ਨੁਕਤਾ ਫੜ ਲਿਆ ਹੋਵੇਗਾ ਕਿ ਪ੍ਰਵੀਨ ਕੋਮਲ ਹੁਣ ਸਾਰੇ ਪਾਸੇ ਆਪਣਾ ਕਬਜ਼ਾ ਜਮਾ ਚੁੱਕਿਆ ਸੀ। ਜਦ ਕਿ ਜਦੋਂ ਮੈਂ ਪ੍ਰਵੀਨ ਕੋਮਲ ਨਾਲ ਇਹ ਇਤਿਹਾਸ ਲਿਖਣ ਤੋਂ ਪਹਿਲਾਂ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਾਰਾ ਕੁਝ ਜਸਪਾਲ ਸਿੰਘ ਢਿੱਲੋਂ, ਰਾਜੇਸ਼ ਪੰਜੋਲਾ, ਗੁਰਕਿਰਪਾਲ ਸਿੰਘ ਅਸ਼ਕ ਤੇ ਜਨਰਲ ਹਾਊਸ ਦੀ ਪ੍ਰਵਾਨਗੀ ਵਿਚ ਹੀ ਹੋਇਆ ਸੀ, ਬਾਅਦ ਵਿਚ ਸਾਰੇ ਹੀ ਮੁੱਕਰ ਗਏ, ਪ੍ਰਵੀਨ ਕੋਮਲ ਨੇ ਤਾਂ ਇੰਜ ਵੀ ਕਿਹਾ ਕਿ ਸਾਰਿਆਂ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ, ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਲਈ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਸਗੋਂ ਮੇਰੇ ਵਿਰੋਧ ਵਿਚ ਹੋ ਗਏ, ਉਨ੍ਹਾਂ ਨੇ ਮੇਰਾ ਨਾਮ (ਇਨ੍ਹਾਂ ਸਤਰਾਂ ਦੇ ਲੇਖਕ ਦਾ) ਵੀ ਲਿਆ ਤੇ ਕਿਹਾ ਕਿ ਤੁਸੀਂ ਵੀ ਤਾਂ ਉਨ੍ਹਾਂ ਦੇ ਨਾਲ ਹੀ ਸੀ, ਜੋ ਮੇਰੇ ਵਿਰੋਧੀ ਸਨ। ਮੈਨੂੰ ਪ੍ਰਵੀਨ ਕੋਮਲ ਕਹਿੰਦਾ ਕਿ ਜੇਕਰ ਤੂੰ ਵੀ ਮੇਰੇ ਨਾਲ ਆ ਜਾਂਦਾ ਤਾਂ ਆਪਾਂ ਨੇ ਪ੍ਰੈੱਸ ਕਲੱਬ ਦੀ ਇਮਾਰਤ ਬਣਾ ਲੈਣੀ ਸੀ, ਪਰ ਉਸ ਨਾਲ ਤਾਂ ਵੱਡੇ ਵੱਡੇ ਪੱਤਰਕਾਰ ਆ ਗਏ ਸਨ, ਮੈਥੋਂ ਵੀ ਵੱਡੇ।  

ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਅਗਲੇ ਹਿੱਸੇ ਵਿਚ ਸਪਸ਼ਟ ਕਰਾਂਗੇ। ਬਾਕੀ ਅਗਲੇ ਭਾਗ ਵਿਚ..

ਨੋਟ : ਜੇਕਰ ਕਿਸੇ ਨੂੰ ਕਿਤੇ ਵੀ ਕੋਈ ਇਤਰਾਜ਼ ਹੋਵੇ ਤਾਂ ਬਲਾਗ ਵਿਚ ਕਮੈਂਟ ਕਰ ਸਕਦਾ ਹੈ, ਕਿਤੇ ਗ਼ਲਤ ਲਿਖਿਆ ਹੋਵੇ ਤਾਂ ਸੋਧ ਸਕਦਾ ਹੈ ਟਿੱਪਣੀ ਕਰਕੇ। ਜੇਕਰ ਕੋਈ ਟਿੱਪਣੀ ਕਰੇਗਾ ਤਾਂ ਉਸ ਦੀ ਛਾਣਬੀਣ ਕਰਕੇ ਆਰਟੀਕਲ ਵਿਚ ਸੋਧ ਪਾਈ ਜਾਵੇਗੀ। 

ਮੇਰੇ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ : 8146001100

Friday, November 21, 2025

ਪਟਿਆਲਾ ਦੇ ਪੱਤਰਕਾਰਾਂ ਦੀ ਇੱਕਜੁੱਟਤਾ ਦਾ ਆਖ਼ਰੀ ਸੁਨਹਿਰੀ ਸਮਾਂ

ਪੱਤਰਕਾਰਤਾ ਦਾ ਇਤਿਹਾਸ ਭਾਗ -7 
ਲੇਖਕ : ਗੁਰਨਾਮ ਸਿੰਘ ਅਕੀਦਾ 


ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਨੂੰ ਪੂਰੀ ਤਰ੍ਹਾਂ ਪਟਿਆਲਾ ਪ੍ਰੈੱਸ ਕਲੱਬ ਵਿਚ ਮਰਜ਼ ਕਰ ਦਿੱਤਾ ਗਿਆ ਸੀ। ਪੱਤਰਕਾਰਾਂ ਦੇ ਦਫ਼ਤਰਾਂ ਵਿਚ ਪੱਤਰਕਾਰਾਂ ਦੀ ਬਿਹਤਰੀ ਦੀਆਂ ਗੱਲਾਂ ਆਮ ਹੁੰਦੀਆਂ ਸਨ। ਹਰ ਇਕ ਪੱਤਰਕਾਰ ਇਕ ਦੂਜੇ ਲਈ ਜਾਨ ਦੀ ਬਾਜ਼ੀ ਲਗਾਉਣ ਲਈ ਤਿਆਰ ਸੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਪੱਤਰਕਾਰਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਤਿਆਰ ਸਨ। ਟਾਈਮਜ਼ ਆਫ਼ ਇੰਡੀਆ ਦੇ ਸੀਨੀਅਰ ਸਟਾਫ਼ ਰਿਪੋਰਟਰ ਗੁਰਕਿਰਪਾਲ ਸਿੰਘ ਅਸ਼ਕ ਸਮੇਤ ਅਜੀਤ ਦੇ ਸਟਾਫ਼ ਰਿਪੋਰਟਰ ਜਸਪਾਲ ਸਿੰਘ ਢਿੱਲੋਂ, ਪੰਜਾਬ ਕੇਸਰੀ ਜਗ ਬਾਣੀ ਵੱਲੋਂ ਪੱਤਰਕਾਰ ਰਾਜੇਸ਼ ਸ਼ਰਮਾ ਪੰਜੋਲਾ ਸਮੇਤ ਸਾਰੇ ਪੱਤਰਕਾਰ ਹੁਣ ਪਟਿਆਲਾ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਕੰਮ ਕਰ ਰਹੇ ਸਨ। ਡੀਪੀਆਰਓ ਉਜਾਗਰ ਸਿੰਘ ਪੱਤਰਕਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਸਨ। ਉਨ੍ਹਾਂ ਪਟਿਆਲਾ ਪ੍ਰੈੱਸ ਕਲੱਬ ਲਈ ਆਪਣੇ ਹੀ ਦਫ਼ਤਰ ਦੇ ਇਕ ਕਮਰਾ ਮੀਟਿੰਗਾਂ ਕਰਨ ਲਈ ਦੇ ਦਿੱਤਾ ਸੀ, ਉਨ੍ਹਾਂ ਉਦਯੋਗਿਕ ਵਿਭਾਗ ਨੂੰ ਲਿਖ ਕੇ ਵੀ ਦੇ ਦਿੱਤਾ ਸੀ ਕਿ ਪਟਿਆਲਾ ਪ੍ਰੈੱਸ ਕਲੱਬ ਲਈ ਪਟਿਆਲਾ ਦੇ ਪੱਤਰਕਾਰ ਉਨ੍ਹਾਂ ਦੇ ਦਫ਼ਤਰ ਨੂੰ ਬਤੌਰ ਪਟਿਆਲਾ ਪ੍ਰੈੱਸ ਕਲੱਬ ਦੇ ਦਫ਼ਤਰ ਵਜੋਂ ਵਰਤ ਸਕਦੇ ਹਨ।


 ਜਿਸ ਲਈ ਉਨ੍ਹਾਂ ਲਿਖਤੀ ਪ੍ਰਵਾਨਗੀ ਵੀ ਦੇ ਦਿੱਤੀ ਸੀ। ਪ੍ਰਵੀਨ ਕੋਮਲ ਆਪਣੀ ਟੀਮ ਸਮੇਤ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋ ਗਿਆ ਸੀ। ਜੀ ਨਿਊਜ਼ ਤੋਂ ਵਿਸ਼ਾਲ ਅੰਗਰੀਸ਼ ਵੀ ਸਰਗਰਮ ਸੀ, ਕਿਉਂਕਿ ਉਹ ਵੀ ਪ੍ਰਵੀਨ ਕੋਮਲ ਦੀ ਟੀਮ ਵਿਚੋਂ ਹੀ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋਇਆ ਸੀ। ਜਗ ਬਾਣੀ ਪੰਜਾਬ ਕੇਸਰੀ ਦੇ ਮਨਦੀਪ ਸਿੰਘ ਜੋਸ਼ਨ ਦੀ ਬਹੁਤੀ ਸਰਗਰਮੀ ਨਜ਼ਰ ਨਹੀਂ ਆ ਰਹੀ ਸੀ। ਪਰ ਸਾਰੇ ਪੱਤਰਕਾਰਾਂ ਵਿਚ ਇੱਕਜੁੱਟਤਾ ਸੀ। ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਦੀ ਥਾਂ ਪੱਤਰਕਾਰਾਂ ਦੀ ਪੂਰੀ ਸਹਿਮਤੀ ਨਾਲ ਪਟਿਆਲਾ ਪ੍ਰੈੱਸ ਕਲੱਬ ਬਣਾਉਣ ਲਈ ਵਿਸ਼ੇਸ਼ ਮੀ‌ਟਿੰਗਾ ਹੋ ਰਹੀਆਂ ਸਨ। 9-7-2005 ਨੂੰ ਸਾਰੇ ਪੱਤਰਕਾਰ ਇਕੱਠੇ ਹੋਏ, ਭਾਵ ਜਨਰਲ ਹਾਊਸ ਦੀ ਮੀਟਿੰਗ ਹੋਈ, ਪਟਿਆਲਾ ਪ੍ਰੈੱਸ ਕਲੱਬ ਦਾ ਸੰਵਿਧਾਨ ਤਿਆਰ ਕੀਤਾ ਜਾ ਚੁੱਕਿਆ ਸੀ। ਮੀਟਿੰਗ ਵਿਚ ਪੂਰੀ ਗਹਿਮਾ ਗਹਿਮੀ ਸੀ, ਪੱਤਰਕਾਰ ਕਿਸੇ ਦੀ ਵਿਰੋਧਤਾ ਵਿਚ ਨਹੀਂ ਸਗੋਂ ਇਕ ਦੂਜੇ ਦੀ ਗੱਲ ਨੂੰ ਮਨਜ਼ੂਰ ਕਰਨ ਲਈ ਤਿਆਰ ਸਨ। ਸੰਵਿਧਾਨ ਪੜ੍ਹਿਆ ਗਿਆ, ਸੰਸਥਾ ਦਾ ਨਾਮ ‘ਪਟਿਆਲਾ ਪ੍ਰੈੱਸ ਕਲੱਬ’ ਹੋਵੇਗਾ, ਹੈੱਡ ਕੁਆਟਰ ਪਟਿਆਲਾ ਵਿਖੇ ਹੋਵੇਗਾ, ਪੱਕਾ ਪਤਾ ਮਾਰਫ਼ਤ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਕਮਰਾ ਨੰਬਰ 412, ਮਿੰਨੀ ਸਕੱਤਰੇਤ ਪਟਿਆਲਾ ਹੋਵੇਗਾ,ਚਿੱਠੀ ਪੱਤਰ ਲਈ ਪਤਾ 71 ਈ ਪੁਲੀਸ ਲਾਇਨ ਪਟਿਆਲਾ ਹੋਵੇਗਾ। ਸੰਵਿਧਾਨ ਦੇ ਇਹ ਮੁੱਢਲੇ ਅੰਸ਼ ਸਨ, ਅਗਲੇ ਕੁਝ ਇੰਜ ਸਨ ਕਿ ਸਰਪ੍ਰਸਤ 3 ਹੋਣਗੇ, ਪ੍ਰਧਾਨ ਇਕ ਹੋਵੇਗਾ, ਜਨਰਲ ਸਕੱਤਰ ਇਕ, ਖ਼ਜ਼ਾਨਚੀ ਇਕ, ਸੀ. ਮੀ.ਪ੍ਰਧਾਨ ਦੋ, ਮੀਤ ਪ੍ਰਧਾਨ ਦੋ, ਸਕੱਤਰ ਦੋ, ਪ੍ਰੈੱਸ ਸਕੱਤਰ ਦੋ ਤੇ ਕਾਰਜਕਾਰਨੀ ਮੈਂਬਰ 11ਹੋਣਗੇ। ਤੁਸੀਂ ਧਿਆਨ ਨਾਲ ਸੰਵਿਧਾਨ ਦੀ ਫ਼ੋਟੋ ਵੀ ਪੜ੍ਹ ਸਕਦੇ ਹੋ ਜੋ ਬਲਾਗ ਵਿਚ ਅਟੈਚ ਹੈ।



 ਸੰਵਿਧਾਨ ਵਿਚ ਚੇਅਰਮੈਨ ਦੀ ਕੋਈ ਅਸਾਮੀ ਨਹੀਂ ਰੱਖੀ ਗਈ। ਇਹ ਸੰਵਿਧਾਨ ਸੰਪੂਰਨ ਤੇ ਪੂਰੀ ਮਨਜ਼ੂਰੀ ਵਿਚ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪਟਿਆਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਨੂੰ ਚੁਣ ਲਿਆ ਗਿਆ ਤੇ ਜਨਰਲ ਸਕੱਤਰ ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪਾਲ ਢਿੱਲੋਂ ਨੂੰ ਬਣਾਇਆ ਗਿਆ ਤੇ ਖ਼ਜ਼ਾਨਚੀ ਰਾਜੇਸ਼ ਪੰਜੋਲਾ ਨੂੰ ਚੁਣ ਲਿਆ ਗਿਆ, ਬਾਕੀ ਅਹੁਦੇਦਾਰ ਵੀ ਚੁਣੇ ਗਏ। ਇਨ੍ਹਾਂ ਸਤਰਾਂ ਦੇ ਲੇਖਕ ਗੁਰਨਾਮ ਸਿੰਘ ਅਕੀਦਾ ਨਾਲ ਬੇਸ਼ੱਕ ਡੀਪੀਆਰਓ ਉਜਾਗਰ ਸਿੰਘ ਨਾਲ ਛੱਤੀ ਦਾ ਆਂਕੜਾ ਸੀ ਪਰ ਫਿਰ ਵੀ ਪੂਰੀ ਤਰ੍ਹਾਂ ਸਰਗਰਮ ਸੀ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਸਾਰੇ ਜਣੇ ਡੀਪੀਆਰਓ ਸਮੇਤ ਸਿਰਫ਼ ਹਾਂ ਪੱਖੀ ਰੋਲ ਹੀ ਨਿਭਾ ਰਹੇ ਸਨ। ਉਸ ਤੋਂ ਬਾਅਦ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰਡ ਕਰਾਉਣ ਬਾਰੇ ਵੀ ਕਾਰਵਾਈ ਚਲਾਉਣ ਬਾਰੇ ਵਿਚਾਰਾਂ ਹੋਣ ਲੱਗੀਆਂ ਤਾਂ 24 ਜਨਵਰੀ 2006 ਨੂੰ ਇਕ ‌ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰ ਕਰਾਉਣ ਬਾਰੇ ਗੰਭੀਰ ਵਿਚਾਰਾਂ ਹੋਈਆਂ, ਇਸ ਦਿਨ ਤਿੰਨ ਮਤੇ ਪਾਸ ਕੀਤੇ ਗਏ, ਜਿਸ ਦੇ ਤੀਜੇ ਮਤੇ ਵਿਚ ਕਲੱਬ ਨੂੰ ਰਜਿਸਟਰਡ ਕਰਾਉਣ ਦੇ ਸਾਰੇ ਅਧਿਕਾਰ ਰਾਜੇਸ਼ ਪੰਜੋਲਾ ਨੂੰ ਦਿੱਤੇ ਗਏ, 


ਭਾਵ ਕਿ ਹਰ ਇਕ ਮੈਂਬਰ ਤੇ ਅਹੁਦੇਦਾਰ ਏਨੇ ਜ਼ਿਆਦਾ ਗੰਭੀਰ ਸਨ ਤੇ ਪ੍ਰੈੱਸ ਕਲੱਬ ਲਈ ਸਰਗਰਮ ਸਨ ਕਿ ਜੋ ਵੀ ਜਿਸ ਦੀ ਡਿਊਟੀ ਲੱਗ ਗਈ ਤਾਂ ਉਹ ਨਿਭਾਉਂਦਾ ਸੀ, ਕਿਸੇ ਵੀ ਨਾ ਜਾਤ ਦਾ ਹੰਕਾਰ ਸੀ, ਨਾ ਹੀ ਇਹ ਕਿਸੇ ਵਿਚ ਹੰਕਾਰ ਸੀ ਕਿ ਉਹ ਕਿਸੇ ਵੱਡੇ ਅਖ਼ਬਾਰ ਦਾ ਪੱਤਰਕਾਰ ਹੈ। ਪਟਿਆਲਾ ਦੇ ਪੱਤਰਕਾਰਾਂ ਲਈ ਇਹ ਗੁਰੂ ਤੇਗਬਹਾਦਰ ਜੀ ਦਾ ਵੱਡਾ ਵਰਦਾਨ ਹੀ ਸਮਝ ਲਿਆ ਜਾਵੇ ਤਾਂ ਵੀ ਕੋਈ ਗ਼ਲਤ ਨਹੀਂ ਹੈ। ਹੁਣ ਡਿਊਟੀ ਰਾਜੇਸ਼ ਪੰਜੋਲਾ ਦੀ ਲੱਗ ਗਈ, ਉਸ ਨੇ ਇਹ ਡਿਊਟੀ ਸਿਰ ਮੱਥੇ ਕਬੂਲ ਲਈ ਤੇ ਕਲੱਬ ਨੂੰ ਰਜਿਸਟਰਡ ਕਰਾਉਣ ਲਈ ਪੂਰਾ ਸਮਾਂ ਲਗਾ ਦਿੱਤਾ, ਉਂਜ ਰਾਜੇਸ਼ ਪੰਜੋਲਾ ਕਲੱਬ ਨੂੰ ਰਜਿਸਟਰਡ ਕਰਾਉਣ ਲਈ ਪਹਿਲਾਂ ਹੀ ਖ਼ੁਦ ਨੂੰ ਅੱਗੇ ਕਰ ਰਿਹਾ ਸੀ। ਉਸ ਨੂੰ ਇਹ ਵੱਡੀ ਸੇਵਾ ਮਿਲ ਗਈ ਸੀ, ਉਹ ਸੇਵਾ ਇਕ ਅਨਿਨ ਸੇਵਕ ਵਾਂਗ ਨਿਭਾ ਰਹੇ ਸਨ। ਉਸ ਨੇ 6 ਮਾਰਚ 2006 ਨੂੰ ਹਲਫ਼ੀਆ ਬਿਆਨ ਬਣਾਇਆ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੇ ਉਸ ਨੂੰ ਵੈਰੀਫਾਈ ਕੀਤਾ ਤੇ ਸਬ ਡਵੀਜ਼ਨ ਮੈਜਿਸਟ੍ਰੇਟ ਨੇ ਅਟੈਸਟਡ ਕੀਤਾ


 ਤੇ 7 ਮਾਰਚ 2006 ਨੂੰ ਉਦਯੋਗਿਕ ਕੇਂਦਰ ਵਿਚ 500 ਰੁਪਏ ਫ਼ੀਸ ਭਰੀ ਗਈ, 


7 ਮਾਰਚ 2006 ਨੂੰ ਹੀ ਐਡੀਸ਼ਨਲ ਰਜਿਸਟਰਾਰ ਸੋਸਾਇਟੀਜ਼ ਜ਼ਿਲ੍ਹਾ ਉਦਯੋਗਿਕ ਕੇਂਦਰ ਸਰਹਿੰਦ ਰੋਡ ਪਟਿਆਲਾ ਨੂੰ ਰਜਿਸਟਰਡ ਕਰਨ ਦੀ ਰਾਜੇਸ਼ ਪੰਜੋਲਾ ਨੇ ਬੇਨਤੀ ਕੀਤੀ


 ਤੇ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰ ਕਰਾਉਣ ਦਾ ਕੰਮ ਸਰਕਾਰ ਵੱਲੋਂ ਤੇ ਪੱਤਰਕਾਰਾਂ ਵੱਲੋਂ ਏਨਾ ਗੰਭੀਰ ਲਿਆ ਜਾ ਰਿਹਾ ਸੀ, ਜਿਸ ਬਾਰੇ ਰਜਿਸਟਰ ਕਰਨ ਵਾਲੇ ਰਜਿਸਟਰਾਰ ਵੀ ਬੜੇ ਗੰਭੀਰ ਸਨ ਤੇ ਉਨ੍ਹਾਂ 7 ਮਾਰਚ 2006 ਨੂੰ ਹੀ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰ ਕਰਕੇ ਸਰਟੀਫਿਕੇਟ ਰਾਜੇਸ਼ ਪੰਜੋਲਾ ਦੇ ਹੱਥ ਵਿਚ ਫੜਾ ਦਿੱਤਾ, 


ਕਲੱਬ ਨੂੰ ਰਜਿਸਟਰ ਨੰਬਰ ਮਿਲਿਆ 1769..... ਰਾਜੇਸ਼ ਪੰਜੋਲਾ ਦੀ ਇਹ ਮਿਹਨਤ ਕਮਾਲ ਦੀ ਸੀ, ਉਸ ਨੇ ਆਪਣੀ ਪੱਤਰਕਾਰਤਾ ਨੂੰ ਭੁਲਾ ਕੇ ਸਿਰਫ਼ ਪ‌ਟਿਆਲਾ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਕੰਮ ਕੀਤਾ, ਜਿਸ ਲਈ ਉਸ ਵੇਲੇ ਰਾਜੇਸ਼ ਪੰਜੋਲਾ ਦੇ ਸਾਰੇ ਹੀ ਧੰਨਵਾਦੀ ਸਨ। ਰਾਜੇਸ਼ ਪੰਜੋਲਾ ਦੀ ਸ਼ਖ਼ਸੀਅਤ ਬਾਰੇ ਅਗਲੇ ਭਾਗ ਵਿਚ ਸਪਸ਼ਟ ਕਰਾਂਗੇ ਪਰ ਇਹ ਭਾਗ ਉਸ ਦੇ ਪੱਖ ਵਿਚ ਹੈ ਤੇ ਉਸ ਨੂੰ ਇਸ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ। ਜਦੋਂ ਤੱਕ ਰਾਜੇਸ਼ ਪੰਜੋਲਾ ਦੀ ਹਉਮੈ ਨੂੰ ਕੋਈ ਨਾ ਲਲਕਾਰੇ ਤਾਂ ਉਹ ਉਸ ਲਈ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੋ ਜਾਂਦਾ ਹੈ। ਇਹ ਰਾਜੇਸ਼ ਪੰਜੋਲਾ ਦਾ ਗੁਣ ਹੈ ਦੋਸ਼ ਨਹੀਂ, ਤਤਕਾਲ ਸਮੇਂ ਵਿਚ ਮੇਰੇ ਸਾਹਮਣੇ ਮੇਰਾ ਉਹ ਬੜਾ ਹੀ ਪੱਕਾ ਮਿੱਤਰ ਹੈ ਪਰ ਮੇਰੀ ਪਿੱਠ ਪਿੱਛੇ ਮੇਰੇ ਬਾਰੇ ਉਹ ਕੀ ਸੋਚਦਾ ਹੈ ਉਸ ਬਾਰੇ ਮੈਨੂੰ ਨਹੀਂ ਪਤਾ ਲੱਗਾ.... ਪਰ ਬਾਅਦ ਵਿਚ ਉਸ ਨੇ ਮੇਰੇ ਬਾਰੇ ਕੀ ਸੋਚਿਆ ਤੇ ਮੇਰੇ ਵਿਰੁੱਧ ਵਿਸ਼ਾਲ ਰਾਮਬਾਣੀ ਨਾਲ ਮਿਲ ਕੇ ਕੀ ਕੀ ਸਾਜ਼ਿਸ਼ਾਂ ਕੀਤੀਆਂ ਉਸ ਦਾ ਖ਼ੁਲਾਸਾ ਕਰਾਂਗੇ। 
    ਪਰ ਅੱਜ ਮੇਰਾ ਰਾਜੇਸ਼ ਪੰਜੋਲਾ ਦੇ ਗੁਣਗਾਣ ਕਰਨ ਦਾ ਹੀ ਮਨ ਹੈ, ਰਾਜੇਸ਼ ਹੀ ਨਹੀਂ ਸਗੋਂ ਬਲਜਿੰਦਰ ਵੀ ਮੇਰੇ ਗੁਆਂਢੀ ਹਨ, ਗੁਆਂਢੀ ਭਾਵ ਕੋਈ ਸਾਡੇ ਪਿੰਡ ਨੇੜੇ ਨਹੀਂ ਪਰ ਇੱਕੋ ਸੜਕ ਤੇ ਪੈਂਦੇ ਹਨ। ਮਸਾਂ ਪੰਜ ਕਿੱਲੋਮੀਟਰ ਦੀ ਦੂਰੀ ਤੇ, ਇਕ ਦੋ ਚੋਣਾਂ ਵੀ ਆਪਣੇ ਇਲਾਕੇ ਵਿਚ ਅਸੀਂ ਇਕੱਠਿਆਂ ਹੀ ਕਵਰ ਕੀਤੀਆਂ ਇਕ ਹੀ ਗੱਡੀ ਵਿਚ, ਬੜਾ ਮੁਹੱਬਤੀ ਬੰਦਾ ਸੀ ਰਾਜੇਸ਼ ਪੰਜੋਲਾ, ਅੱਜ ਵੀ ਹੈ, ਪਰ ਉਸ ਦੀ ਉਹ ਗੱਲ ਮੈਨੂੰ ਯਾਦ ਆ ਗਈ, ਇਕ ਦਿਨ ਜਦੋਂ ਉਹ ਭਾਸਕਰ ਅਖ਼ਬਾਰ ਵਿਚ ਹੁੰਦਾ ਸੀ ਤਾਂ ਅਸੀਂ ਦੋਵੇਂ ਇਕੱਠੇ ਕਿਤੇ ਜ਼ਰੂਰੀ ਕੰਮ ਤੇ ਸਾਂ, ਭਾਸਕਰ ਨਾਲ ਮੇਰੀ ਸ਼ੁਰੂ ਤੋਂ ਹੀ ਬੜੀ ਨੇੜਤਾ ਰਹੀ ਹੈ ਕਮਲੇਸ਼ ਤੋਂ ਲੈ ਕੇ ਭਾਵੇਂ ਕਿ ਉਸ ਤੋਂ ਪਹਿਲਾਂ ਪਰਮੀਤ ਸਿੰਘ ਤੇ ਮਨੀਸ਼ ਸਰਹਿੰਦੀ ਵੀ ਭਾਸਕਰ ਵਿਚ ਰਹੇ ਸਨ। ਜਿਨ੍ਹਾਂ ਦਾ ਉਸ ਵੇਲੇ ਬਹੁਤਾ ਰੌਲਾ ਨਹੀਂ ਪਿਆ, ਪਰ ਉਹ ਪਟਿਆਲਾ ਵਿਚ ਇਕ ਤਰ੍ਹਾਂ ਨਾਲ ਪਹਿਲੇ ਪੱਤਰਕਾਰ ਸਨ ਭਾਸਕਰ ਵਿਚ। ਉਨ੍ਹਾਂ ਨੂੰ ਫੈਕਸ ਮਸ਼ੀਨ ਵੀ ਮਿਲ ਗਈ ਸੀ, ਜੋ ਕਾਫ਼ੀ ਸਮਾਂ ਮਨੀਸ਼ ਸਰਹਿੰਦੀ ਦੇ ਘਰ ਹੀ ਰਹੀ। ਪਰ ਬਾਅਦ ਵਿਚ ਇਹ ਦੋਵੇਂ ਭਾਸਕਰ ਛੱਡ ਗਏ ਸਨ। ਉਸ ਤੋਂ ਬਾਅਦ ਕਮਲੇ‌ਸ਼ ਆ ਗਈ ਸੀ, ਰਾਜੇਸ਼ ਪੰਜੋਲਾ ਵੀ ਕੁਝ ਸਮੇਂ ਲਈ ਭਾਸਕਰ ਵਿਚ ਰਿਹਾ ਹੈ ਜਿਵੇਂ ਬਲਜਿੰਦਰ ਵੀ ਕੁਝ ਸਮੇਂ ਲਈ ਪੰਜਾਬੀ ਟ੍ਰਿਬਿਊਨ ਵਿਚ ਰਿਹਾ ਹੈ। ਉਸ ਵੇਲੇ ਮੇਰੇ ਮਨ ਵਿਚ ਬਲਜਿੰਦਰ ਬਾਰੇ ਬੜਾ ਚੰਗਾ ਹੀ ਮਹਿਸੂਸ ਹੁੰਦਾ ਸੀ, ਕਿਉਂਕਿ ਬੇਸ਼ੱਕ ਮੈਂ ਪੰਜਾਬੀ ਟ੍ਰਿਬਿਊਨ ਵਿਚ ਉਸ ਵੇਲੇ ਨਹੀਂ ਸੀ ਪਰ ਪੰਜਾਬੀ ਟ੍ਰਿਬਿਊਨ ਮੇਰਾ ਸ਼ੁਰੂ ਤੋਂ ਹੀ ਚਹੇਤਾ ਅਖ਼ਬਾਰ ਰਿਹਾ ਹੈ। ਰਾਜਪੁਰਾ ਤੋਂ ਖ਼ਬਰਾਂ ਲਿਖਣ ਲਈ ਸਰਬਜੀਤ ਸਿੰਘ ਭੰਗੂ ਸਿੰਗਲਾ ਸਾਈਕਲ ਸਟੈਂਡ ਬੱਸ ਸਟੈਂਡ ਪਟਿਆਲਾ ਵਿਖੇ ਦਰਸ਼ਨ ਸਿੰਘ ਖੋਖਰ ਕੋਲ ਆਉਂਦੇ ਸਨ, ਬੜੀਆਂ ਹੀ ਜਿਵੇਂ ਕੀੜੀਆਂ ਮਾਰਦੇ ਹਨ ਇੰਜ ਬੜੀ ਸੋਹਣੀ ਲਿਖਾਈ ਲਿਖਦੇ ਸਨ ਸਰਬਜੀਤ ਸਿੰਘ ਭੰਗੂ, ਇਕ ਖਬਰ ਲਿਖਣ ਲੱਗਿਆ ਬੜਾ ਕਾਫ਼ੀ ਸਮਾਂ ਲਾਉਂਦੇ ਸਨ। ਜਿਵੇਂ ਨਵੀਂ ਵਿਆਹੀ ਦਾ ਨਣਦ ਸਿਰ ਗੁੰਦਦੀ ਹੈ। ਉਨ੍ਹਾਂ ਸਮਿਆਂ ਵਿਚ ਮੇਰੇ ਨਾਵਲ ‘ਕਤਲ ਹੋਇਆ ਰੱਬ’ ਦੀ ਕਾਫ਼ੀ ਚਰਚਾ ਸੀ, ਮੈਂ ਵੀ ਸਿੰਗਲਾ ਸਾਈਕਲ ਸਟੈਂਡ ਵਿਚ ਸਹਿਕਾਰੀ ਖੰਡ ਮਿਲ ਰੱਖਣਾ ਦੇ ਸਬ ਆਫ਼ਿਸ ਵਿਚ ਹੁੰਦਾ ਸੀ। ਸਰਬਜੀਤ ਸਿੰਘ ਭੰਗੂ ਜਿੱਦਾਂ ਦਾ ਹੁਣ ਹੈ ਤੁਸੀਂ ਅਸਮਾਨ ਨੂੰ ਦੇਖੋ, ਦੇਖ ਲਿਆ, ਹੁਣ ਧਰਤੀ ਨੂੰ ਦੇਖੋ, ਦੇਖੀ, ਉਦੋਂ ਤੇ ਹੁਣ ਵਿਚ ਸਰਬਜੀਤ ਸਿੰਘ ਭੰਗੂ ਵਿਚ ਏਨਾ ਫ਼ਰਕ ਹੈ ਉਦੋਂ ਤੇ ਹੁਣ ਵਿਚ, ਬੜਾ ਹੀ ਪਿਆਰਾ ਬੰਦਾ ਹੁੰਦਾ ਸੀ ਸਰਬਜੀਤ ਸਿੰਘ ਭੰਗੂ, ਮੇਰੇ ਯਾਦ ਹੈ ਜਦੋਂ ਉਹ ਪਟਿਆਲਾ ਆਇਆ ਖੇਤਰੀ ਪ੍ਰਤੀਨਿਧ ਬਣਗਿਆ ਤਾਂ ਉਸ ਨੂੰ ਪੰਜਾਬੀ ਦੀ ਟਾਈਪ ਨਹੀਂ ਆਉਂਦੀ ਸੀ ਤਾਂ ਮੇਰੇ ਕੋਲ ਪੰਜਾਬੀ ਟਾਈਪ ਦਾ ਕਾਇਦਾ ਪਿਆ ਸੀ ਜਿਸ ਤੋਂ ਪੰਜਾਬੀ ਟਾਈਪ ਮੈਂ ਸਿੱਖੀ ਸੀ, ਉਹ ਮੈਂ ਸਰਬਜੀਤ ਭੰਗੂ ਨੂੰ ਦਿੱਤਾ ਸੀ, ਸ਼ਾਇਦ ਉਸ ਦੇ ਯਾਦ ਹੋਵੇ ਜਾਂ ਨਾ.., ਬਾਕੀ ਸਰਬਜੀਤ ਭੰਗੂ ਤੇ ਤਾਂ ਮੈਂ ਰੇਖਾ ਚਿੱਤਰ ਲਿਖ ਰਿਹਾ ਹਾਂ ਕਿ ਉਹ ਪਹਿਲਾਂ ਕਿਹੋ ਜਿਹਾ ਇਨਸਾਨ ਸੀ ਤੇ ਅੱਜ ਉਹ ਕਿਹੋ ਜਿਹਾ ਭੰਗੂ ਹੈ। ਪਰ ਅੱਜ ਇੱਥੇ ਗੱਲ ਸਰਬਜੀਤ ਭੰਗੂ ਦੀ ਨਹੀਂ ਕਰ ਰਹੇ ਅੱਜ ਦਾ ਸਾਡਾ ਮੁੱਖ ਕਿਰਦਾਰ ਰਾਜੇਸ਼ ਪੰਜੋਲਾ ਹੈ। ਮੈਂ ਤੇ ਰਾਜੇਸ਼ ਪੰਜੋਲਾ ਇਕ ਥਾਂ ਤੇ ਇਕੱਠੇ ਸਾਂ, ਸਾਡੇ ਵਿਚ ਕੋਈ ਫ਼ਰਕ ਨਹੀਂ ਸੀ, ਬੜਾ ਹੀ ਪਿਆਰਾ ਬੱਚਾ ਸੀ ਰਾਜੇਸ਼ ਉਸ ਵੇਲੇ, ਉਂਜ ਪੰਜੋਲਾ ਪਿੰਡ ਵਿਚ ਉਸ ਵੇਲੇ ਬ੍ਰਾਹਮਣਾਂ ਵਿਚ ਜਾਤ ਪਾਤ ਦਾ ਪੂਰਾ ਗੜ ਸੀ, ਮੇਰੇ ਨਾਲ ਵੀ ਇਕ ਵਾਰੀ ਇਕ ਬੜੀ ਖ਼ਤਰਨਾਕ ਘਟਨਾ ਵਾਪਰੀ ਸੀ, ਜੋ ਮੈਂ ਮੇਰੇ ਪਹਿਲੇ ਨਾਵਲ ‘ਕਤਲ ਹੋਇਆ ਰੱਬ’ ਵਿਚ ਇਕ ਘਟਨਾ ਦੇ ਤੌਰ ਤੇ ਦਰਜ ਹੈ। ਪਰ ਮੈਨੂੰ ਰਾਜੇਸ਼ ਵਿਚ ਅਜਿਹਾ ਕੁਝ ਵੀ ਨਹੀਂ ਲੱਗਦਾ ਸੀ। ਜਦੋਂ ਅਸੀਂ ਇਕ ਦਿਨ ਅਸੀਂ ਇਕੱਠੇ ਸੀ ਤਾਂ ਸਾਡੀ ਗੱਲ ਤੁਰੀ, ਕਿਉਂਕਿ ਮੈਂ ਜਾਣਦਾ ਸੀ ਤਾਂ ਮੈਂ ਉਸ ਨੂੰ ਪੁੱਛਿਆ ‘‘ਬ੍ਰਾਹਮਣਾਂ ਦੇ ਜਾਤੀ ਪ੍ਰਥਾ ਤੇ ਹੋਰ ਕਾਇਦੇ ਕਾਨੂੰਨ ਬਾਰੇ ਕੀ ਕਿਹਾ ਜਾਂਦਾ ਹੈ’’ ਤਾਂ ਰਾਜੇਸ਼ ਨੇ ਬੜੇ ਹੀ ਅਣਭੋਲਪੁਣੇ ਵਿਚ ਜਾਂ ਫਿਰ ਇੰਜ ਕਹਿ ਲਓ ਕਿ ਜਾਣ ਬੁੱਝ ਕੇ ਕਿਹਾ ਸੀ ਕਿ ‘‘ਬ੍ਰਾਹਮਣ ਤਾਂ ਬ੍ਰਾਹਮਣ ਹੀ ਹੁੰਦੇ ਨੇ ਅਕੀਦਾ ਸਾਹਿਬ, ਜਿਵੇਂ ਬ੍ਰਾਹਮਣ ਹੁੰਦੇ ਸਨ ਉਸੇ ਤਰ੍ਹਾਂ ਹੀ ਬ੍ਰਾਹਮਣਾਂ ਹੁੰਦੇ ਹਨ, ਜੋ ਕੁਦਰਤ ਨੇ ਸਮਾਜ ਵਿਚ ਬਣਾਇਆ ਹੋਇਆ ਹੈ ਉਸੇ ਤਰ੍ਹਾਂ ਬਾਹਮਣਾ ਵੀ ਕਰਦੇ ਹੀ ਹਨ, ਬ੍ਰਾਹਮਣ ਸਭ ਤੋਂ ਉੱਚੇ ਤੇ ਸੁੱਚੇ ਹੁੰਦੇ ਹਨ, ਇਹ ਕਹਿਣ ਵਿਚ ਕੋਈ ਹਰਜ ਨਹੀਂ’’ ਸ਼ਾਇਦ ਇਹ ਗੱਲਾਂ ਰਾਜੇਸ਼ ਨੂੰ ਯਾਦ ਨਾ ਹੋਣ ਪਰ ਇਹ ਉਸ ਨੇ ਕੁਝ ਸ਼ਬਦ ਇਸੇ ਤਰ੍ਹਾਂ ਆਖੇ ਸੀ, ਜਿਨ੍ਹਾਂ ਦਾ ਭਾਵ ਇਹੀ ਸੀ। ਮੈਂ ਇਨ੍ਹਾਂ ਗੱਲਾਂ ਬਾਰੇ ਕੋਈ ਬਹੁਤਾ ਗੰਭੀਰ ਨਹੀਂ ਸੀ ਪਰ ਇਕ ਪੱਤਰਕਾਰ ਦੇ ਮੂੰਹੋਂ ਇਹ ਸੁਣ ਕੇ ਮੈਂ ਜ਼ਰੂਰ ਗੰਭੀਰ ਹੋਇਆ ਸੀ। ਬੇਸ਼ੱਕ ਉਸ ਦੇ ਇਹ ਵਿਚਾਰ ਸਨ ਪਰ ਭਾਸਕਰ ਵਿਚ ਉਸ ਦਾ ਪੱਤਰਕਾਰੀ ਪ੍ਰਤੀ ਨਜ਼ਰੀਆ ਬਣਾ ਹੀ ਸਾਰਥਕ ਹੁੰਦਾ ਸੀ, ਖ਼ਬਰਾਂ ਵਿਚ ਬ੍ਰਾਹਮਣਵਾਦ ਦਾ ਇਕ ਵੀ ਅੰਸ਼ ਨਜ਼ਰ ਨਹੀਂ ਆਉਂਦਾ ਸੀ। ਪਰ ਬਾਅਦ ਵਿਚ ਉਹ ਜਗ ਬਾਣੀ ਪੰਜਾਬ ਕੇਸਰੀ ਵਿਚ ਚਲੇ ਗਏ ਉਸ ਦੀਆਂ ਕਹਾਣੀਆਂ ਹੋਰ ਹਨ। ਇਕ ਗੱਲ ਮੈਂ ਰਾਜੇਸ਼ ਬਾਰੇ ਜ਼ਰੂਰ ਕਹਾਂਗਾ, ਜਿਵੇਂ ਚੱਕੀ ਚਲਦੀ ਹੈ ਤੇ ਆਟਾ ਪੀਸਦੀ ਹੈ, ਆਟਾ ਕਣਕ ਹੋਵੇ, ਛੋਟੇ ਹੋਣ, ਮੱਕੀ ਹੋਵੇ, ਜਵਾਰ ਹੋਵੇ, ਬਾਜਰਾ ਹੋਵੇ ਜਾਂ ਕੋਈ ਹੋਰ ਭਾਵ ਇਹ ਨਹੀਂ ਭਾਵ ਹੈ ਕਿ ਜਦੋਂ ਚੱਕੀ ਚੱਲਦੀ ਹੈ ਤਾਂ ਉਸ ਦੇ ਵਿਚਕਾਰਲੀ ਕਿੱਲੀ ਭਾਵ ਮੁੰਨੀ ਕੋਲ ਕੁਝ ਦਾਣੇ ਲੱਗ ਜਾਂਦੇ ਹਨ, ਉਹ ਚੱਕੀ ਤੇ ਦੋਵੇਂ ਪੁੜਾਂ ਹੇਠਾਂ ਪੀਸਣੋਂ ਰਹਿ ਜਾਂਦੇ ਹਨ। ਬੱਸ ਰਾਜੇਸ਼ ਉਹੀ ਹੈ, ਚੱਕੀ ਦੀ ਕਿੱਲੀ ਕੋਲ ਲੱਗੇ ਦਾਣਿਆਂ ਵਰਗਾ। ਇਸ ਦਾ ਮਤਲਬ ਜੇਕਰ ਨਹੀਂ ਸਮਝੇ ਤਾਂ ਅਗਲੇ ਭਾਗਾਂ ਵਿਚ ਸਮਝਾਵਾਂਗੇ। .. ਬਾਕੀ ਅਗਲੇ ਅੰਕ ਵਿਚ... ਸੰਪਰਕ ਨੰਬਰ 8146001100

Monday, November 10, 2025

ਪੱਤਰਕਾਰ ਭਾਈਚਾਰਾ ਬਾਗੋ ਬਾਗ਼-ਪ੍ਰੈੱਸ ਕਲੱਬ ਪਟਿਆਲਾ ਦਾ ਨੀਂਹ ਪੱਥਰ ਰੱਖਿਆ ਗਿਆ

ਪੱਤਰਕਾਰੀ ਦਾ ਇਤਿਹਾਸ ਭਾਗ-6 ਲੇਖਕ : ਗੁਰਨਾਮ ਸਿੰਘ ਅਕੀਦਾ
ਮੇਰੇ ਉੱਤੇ ਪਟਿਆਲਾ ਦੀ ਮਾਨਯੋਗ ਅਦਾਲਤ ਵਿਚ ਦੋ ਕਰੋੜ ਦਾ ਮਾਣ-ਹਾਨੀ ਦਾ ਕੇਸ ਦਾਇਰ ਹੋ ਗਿਆ ਸੀ, ਸ਼ਾਇਦ ਭਾਰਤ ਵਿਚ ਏਨੀ ਵੱਡੀ ਰਕਮ ਦਾ ਕੇਸ ਮੇਰੇ ’ਤੇ ਉਸ ਵੇਲੇ ਪਹਿਲਾ ਦਾਇਰ ਹੋਇਆ ਸੀ, ਮੇਰੇ ’ਤੇ ਕੇਸ ਦਰਜ ਹੋਣ ਦੀ ਕੁਝ ਪੱਤਰਕਾਰ ਭਰਾਵਾਂ ਨੇ ਖ਼ੁਸ਼ੀ ਵੀ ਮਨਾਈ ਸੀ, ਲੋਕ ਸੰਪਰਕ ਵਿਭਾਗ ਦਾ ਦਫ਼ਤਰ ਬਾਰਾਂਦਰੀ ਵਿਚ ਹੁੰਦਾ ਸੀ ਜਿੱਥੇ ਅੱਜ ਕੱਲ੍ਹ ਵਿਜੀਲੈਂਸ ਦਾ ਦਫ਼ਤਰ ਹੈ। ਇਸ‌ ਗੱਲ ਦੀ ਖ਼ੁਸ਼ੀ ਲੋਕ ਸੰਪਰਕ ਅਧਿਕਾਰੀ ਨੇ ਵੀ ਮਨਾਈ ਸੀ, ‘‘ਦੋ ਕਰੋੜ ਤਾਂ ਇਸ ਦੇ ਪੁਰਖਿਆਂ ਦੀ ਜਾਇਦਾਦ ਵੇਚ ਕੇ ਵੀ ਪੂਰੇ ਨਹੀਂ ਹੋਣੇ’’ ਗੱਲ ਵੀ ਸਹੀ ਸੀ ਉਸ ਵੇਲੇ ਕਰੋੜਾਂ ਦੀ ਗੱਲ ਛੱਡੇ ਲੱਖਾਂ ਦੀ ਗੱਲ ਵੀ ਵੱਡੀ ਸੀ, ਸਾਡੇ ਲਈ ਤਾਂ ਹਜ਼ਾਰਾਂ ਦੀ ਗੱਲ ਵੀ ਵੱਡੀ ਸੀ। ਪਰ ਪਤਾ ਨਹੀਂ ਕਿਉਂ ਇਸ ਦੋ ਕਰੋੜ ਦੇ ਮਾਣ-ਹਾਨੀ ਦੇ ਕੇਸ ਦਾ ਬਹੁਤਾ ਦੁੱਖ ਨਹੀਂ ਹੋਇਆ।
ਇਕ ਡਰ ਜ਼ਰੂਰ ਸੀ ਕਿ ਉਸ ਵੇਲੇ ਮੈਂ ਸਹਿਕਾਰੀ ਖੰਡ ਮਿਲ ਰੱਖੜਾ ਵਿਚ ਨੌਕਰੀ ਕਰਦਾ ਸੀ, ਨੌਕਰੀ ਤੇ ਖਤਰਾ ਹੋ ਸਕਦਾ ਸੀ, ਅਸਲ ਵਿਚ ਕੇਸ ਦਾਇਰ ਹੋਣ ਦਾ ਕਾਰਨ ਬੜਾ ਅਹਿਮ ਸੀ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਦਾ ਮਾਮਲਾ ਕਾਫ਼ੀ ਚਰਚਾ ਵਿਚ ਸੀ, ਅਸੀਂ ਚਾਰ ਪੱਤਰਕਾਰਾਂ ਦੀ ਸਾਂਝੀ ਖੋਜ ਰਿਪੋਰਟ ਦੇਸ਼ ਸੇਵਕ ਵਿਚ ਪ੍ਰਕਾਸ਼ਿਤ ਹੋਈ ਸੀ, ਰਵੀ ਸਿੱਧੂ ਤੋਂ ਪਹਿਲਾਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸਨ ਭੁਪਿੰਦਰ ਸਿੰਘ ਸਿੱਧੂ! ਸਾਡੀ ਖੋਜ ਰਿਪੋਰਟ ਭੁਪਿੰਦਰ ਸਿੰਘ ਸਿੱਧੂ ਦੀ ਪ੍ਰਾਪਰਟੀ ਬਾਰੇ ਸੀ, ਸਾਡੀ ਰਿਪੋਰਟ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੁਪਿੰਦਰ ਸਿੰਘ ਸਿੱਧੂ ਦੀ ਜਾਂਚ ਵੀ ਵਿਜੀਲੈਂਸ ਹਵਾਲੇ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਭਾਵੇਂ ਦੇਸ਼ ਸੇਵਕ ਵਿਚ ਛਪੀ ਰਿਪੋਰਟ ਸਾਡੀ ਚਾਰ ਪੱਤਰਕਾਰਾਂ ਦੀ ਸਾਂਝੀ ਸੀ ਪਰ ਭੁਪਿੰਦਰ ਸਿੰਘ ਸਿੱਧੂ ਤੇ ਵਿਧਾਇਕ ਪੁੱਤਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕੇਸ ਮੇਰੇ ਇਕੱਲੇ ਤੇ ਪੱਤਰਕਾਰ ਵਜੋਂ ਹੀ ਦਾਇਰ ਕੀਤਾ ਗਿਆ ਸੀ, ਪਰ ਮੁਲਜਮ ਹੋਰ ਵੀ ਸਨ। ਕੁਝ ਦਿਨਾਂ ਬਾਅਦ ਵਿਧਾਇਕ ਜੀਤ ਮਹਿੰਦਰ ਸਿੱਧੂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਜੀਲੈਂਸ ਦੀ ਜਾਂਚ ਦੇ ਕੀਤੇ ਆਦੇਸ਼ ਸਿਰਫ਼ ਅਖ਼ਬਾਰ ਦੀ ਸੁਰਖ਼ੀ ਹੀ ਬਣ ਕੇ ਰਹਿ ਗਏ ਸਨ, ਪਰ ਅੱਜ ਤੱਕ ਉਹ ਜਾਂਚ ਹੋਈ ਜਾਂ ਨਹੀਂ ਹੋਈ ਕਿਤੇ ਕੋਈ ਪਤਾ ਨਹੀਂ ਹੈ। ਮੇਰੇ ਤੇ ਇਹ ਕੇਸ ਹੋਣ ਤੋਂ ਬਾਅਦ ਬੇਸ਼ੱਕ ਕੁਝ ਪੱਤਰਕਾਰਾਂ ਨੇ ਖ਼ੁਸ਼ੀ ਮਨਾਈ ਸੀ ਪਰ ਪੰਜਾਬ ਭਰ ਵਿਚ ਮੇਰੇ ਬਾਰੇ ਚਰਚਾ ਵੀ ਜ਼ਰੂਰ ਹੋਈ ਸੀ। ਉਸ ਤੋਂ ਬਾਅਦ ਸਗੋਂ ਪੱਤਰਕਾਰਾਂ ਵਿਚ ਮੇਰੀ ਸਰਗਰਮੀ ਹੋਰ ਵੱਧ ਗਈ ਸੀ। ਉੱਧਰ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ਵਿਰੁੱਧ ਵੀ ਸਾਰੂ ਰਾਣਾ ਵੱਲੋਂ ਦਾਇਰ ਕੀਤੀ ਸ਼ਿਕਾਇਤ ਦੀ ਰਿਪੋਰਟ ਵੀ ਮੈਂ ਹੀ ਦੇਸ਼ ਸੇਵਕ ਵਿਚ ਬਰੇਕ ਕੀਤੀ ਸੀ, ਉਹ ਵੀ ਚਰਚਾ ਕਾਫ਼ੀ ਸੀ, ਜਿਸ ਦੇ ਪੂਰੇ ਵੇਰਵੇ ਕਿਤੇ ਹੋਰ ਨਸ਼ਰ ਕਰਾਂਗੇ। ਪੱਤਰਕਾਰਾਂ ਵਿਚ ਪਟਿਆਲਾ ਵਿਚ ਹੁਣ ਪ੍ਰੈੱਸ ਕਲੱਬ ਦੀ ਇਮਾਰਤ ਚੰਡੀਗੜ੍ਹ ਦੀ ਤਰਜ਼ ਤੇ ਬਣਾਉਣ ਬਾਰੇ ਚਰਚਾ ਨੇ ਵੀ ਜ਼ੋਰ ਫੜ ਰੱਖਿਆ ਸੀ।
ਕੁਝ ਕਹਾਣੀਆਂ ਇੰਜ ਵੀ ਵਾਪਰ ਰਹੀਆਂ ਸਨ.... ਟਾਈਮਜ਼ ਆਫ਼ ਇੰਡੀਆ ਦੇ ਪੱਤਰਕਾਰ ਨੇ ਸੁਣਾਈ ਇਕ ਦਿਲਚਸਪ ਕਹਾਣੀ :
ਪਟਿਆਲਾ ਦੇ ਕੁਝ ਪੱਤਰਕਾਰ ਸ਼ਰਾਬ ਪੀ ਰਹੇ ਸਨ। ਪੱਤਰਕਾਰਾਂ ਦੇ ਨਾਮ ਵੀ ਪਤਾ ਹਨ ਪਰ ਇੱਥੇ ਪੱਤਰਕਾਰਾਂ ਦੇ ਨਾਮ ਲਿਖਣੇ ਜ਼ਰੂਰੀ ਨਹੀਂ ਹਨ, ਪਰ ਇਕ ਕਿਰਦਾਰ ਦਾ ਨਾਮ ਲਿਖਣਾ ਜ਼ਰੂਰੀ ਹੈ, ਸੁਆਮੀ ਜੀ! ਜਿਵੇਂ ਅਸ਼ਕ ਨੇ ਦੱਸਿਆ, ਪੱਤਰਕਾਰ ਸ਼ਰਾਬ ਪੀ ਰਹੇ ਸਨ, ਗਰਮੀ ਵੀ ਜ਼ਿਆਦਾ ਸੀ ਪਰ ਸ਼ਰਾਬ ਗਰਮ ਪੀਣੀ ਬੜੀ ਮੁਸ਼ਕਿਲ ਸੀ, ਕਿਉਂਕਿ ਬਰਫ਼ ਨਹੀਂ ਮਿਲ ਰਹੀ ਸੀ। ਸੁਆਮੀ ਜੀ ਵੀ ਉੱਥੇ ਹੀ ਸਨ, ਪੱਤਰਕਾਰਾਂ ਦਾ ਸਵਾਲ ਸੀ ਕਿ ‘‘ਯਾਰ ਸ਼ਰਾਬ ਗਰਮ ਚੰਗੀ ਨਹੀਂ ਲੱਗ ਰਹੀ’’, ਸੁਆਮੀ ਜੀ ਨੇ ਕਿਹਾ ‘‘ਬਰਫ਼ ਦਾ ਇੰਤਜ਼ਾਮ ਉਹ ਕਰ ਦਿੰਦਾ ਹੈ ਪਰ ਇਹ ਨਾ ਪੁੱਛਣਾ ਕਿ ਬਰਫ਼ ਕਿਥੋਂ ਆਈ ਹੈ’’, ਪੱਤਰਕਾਰਾਂ ਨੇ ਕਿਹਾ ‘‘ਕੋਈ ਗੱਲ ਨਹੀਂ ਯਾਰ, ਬਰਫ਼ ਮਿਲ ਜਾਵੇ ਤਾਂ ਸ਼ਰਾਬ ਪੀਣ ਦਾ ਅਨੰਦ ਆ ਜਾਵੇਗਾ’’, 20 ਕੁ ਮਿੰਟ ਬਾਅਦ ਸੁਆਮੀ ਜੀ ਬਰਫ਼ ਲੈ ਕੇ ਆ ਗਏ ਸਨ। ਠੰਢੀ ਠਾਰ ਸ਼ਰਾਬ ਪੀਣ ਦਾ ਅਨੰਦ ਆ ਰਿਹਾ ਸੀ, ਸ਼ਰਾਬ ਪੀ ਕੇ ਪੱਤਰਕਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ, ਦੂਜੇ ਦਿਨ ਇਕ ਪੱਤਰਕਾਰ ਨੇ ਸੁਆਮੀ ਜੀ ਨੂੰ ਪੁੱਛ ਲਿਆ ‘‘ਸੁਆਮੀ ਜੀ ਬਰਫ਼ ਕਿਥੋਂ ਲੈ ਕੇ ਆਏ ਸੀ?’ ਤਾਂ ਸੁਆਮੀ ਜੀ ਬਹੁਤ ਹੱਸੇ, ਹੱਸ ਹੀ ਰਹੇ ਸਨ। ਪੱਤਰਕਾਰ ਦੀ ਹੋਰ ਦਿਲਚਸਪੀ ਬਣ ਗਈ ਤੇ ਜ਼ੋਰ ਨਾਲ ਪੁੱਛਿਆ ‘‘ਸੁਆਮੀ ਜੀ ਦੱਸੋ ਬਰਫ਼ ਕਿਥੋਂ ਲੈ ਕੇ ਆਏ ਸੀ?’’ ਸੁਆਮੀ ਜੀ ਨੇ ਹੌਲੀ ਜਿਹੇ ਕਿਹਾ ‘‘ਕਿਸੇ ਨੂੰ ਦੱਸੋਗੇ ਤਾਂ ਨਹੀਂ?’’ ਤਾਂ ਪੱਤਰਕਾਰ ਨੇ ਕਿਹਾ ‘‘ ਨਹੀਂ ਕਿਸੇ ਨੂੰ ਨਹੀਂ ਦੱਸਾਂਗਾ’’ ਤਾਂ ਸੁਆਮੀ ਜੀ ਨੇ ਉਸ ਦੇ ਕੰਨ ਕੋਲ ਮੂੰਹ ਕਰਕੇ ਕਿਹਾ ‘‘ ਬਰਫ਼ ਮੈਂ ਲੈ ਕੇ ਆਇਆ ਸੀ ‘ਮੋਰਚਰੀ’ ਚੋਂ’’ ਪੱਤਰਕਾਰ ਨੇ ਬੜੇ ਗ਼ੌਰ ਨਾ ਸੁਣ ਕੇ ਫੇਰ ਪੁੱਛਿਆ ‘‘ਹੈਂ! ਮੋਰਚਰੀ ਮਤਲਬ ਮੁਰਦਾ ਘਾਟ ਚੋਂ?’’ ਸੁਆਮੀ ਜੀ ਨੇ ਮੁਸਕੜੀਏ ਹੱਸਦੇ ਨੇ ਕਿਹਾ ‘‘ ਹਾਂ, ਮੈਂ ਸੋਚਿਆ ਇਸ ਵੇਲੇ ਬਰਫ਼ ਕਿਥੋਂ ਮਿਲੇਗੀ ਤਾਂ ਇੱਕੋ ਥਾਂ ਯਾਦ ਆਈ ‘ਮੋਰਚਰੀ, ਤੇ ਅਸੀਂ ਉੱਥੇ ਗਏ ਤੇ ਮੁਰਦਿਆਂ ਨੂੰ ਠੰਢਾ ਰੱਖਣ ਲਈ ਪਈ ਬਰਫ਼ ਚੁੱਕ ਲਿਆਏ.. ਭਾਵੇਂ ਕਿ ਉਹ ਬਰਫ਼ ਕਿਸੇ ਮੁਰਦੇ ਤੇ ਨਹੀਂ ਪਈ ਸੀ ਪਰ ਪਈ ਮੁਰਦਾ ਘਾਟ ਵਿਚ ਹੀ ਸੀ’’ ਪੱਤਰਕਾਰ ਸੁਣ ਕੇ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ।...
ਉੱਧਰ ਇਕ ਦਿਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਚੱਲ ਰਹੀ ਸੀ, ਭਰਤਇੰਦਰ ਸਿੰਘ ਚਾਹਲ ਵੀ ਨਾਲ ਹੀ ਸਨ, ਪੱਤਰਕਾਰਾਂ ਨੇ ਪ੍ਰੈੱਸ ਕਾਨਫ਼ਰੰਸ ਖ਼ਤਮ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕੋਲ ਮੰਗ ਰੱਖੀ ਕਿ ‘ਪ‌ਟਿਆਲਾ ਵਿਚ ਪੱਤਰਕਾਰਾਂ ਲਈ ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਨੂੰ ਅਮਲੀ ਰੂਪ ਦਿੱਤਾ ਜਾਵੇ।’ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਬੜੇ ਹੀ ਦਿਲਦਾਰ ਤੇ ਐਕਸ਼ਨਰੀ ਮੁੱਖ ਮੰਤਰੀ ਸਨ, ਉਨ੍ਹਾਂ ਮੌਕੇ ਤੇ ਹੀ ਕਹਿ ਦਿੱਤਾ ਸੀ ਕਿ ‘ਪਟਿਆਲਾ ਵਿਚ ਪ੍ਰੈੱਸ ਕਲੱਬ ਬਣੇਗਾ।’ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੂੰ ਵੀ ਇਸ਼ਾਰਾ ਹੋ ਚੁੱਕਿਆ ਸੀ, ਉਸ ਤੋਂ ਬਾਅਦ ਪਟਿਆਲਾ ਵਿਚ ਪ੍ਰੈੱਸ ਕਲੱਬ ਬਣਾਉਣ ਲਈ ਥਾਂ ਦੀ ਭਾਲ ਹੋਣ ਲੱਗੀ, ਪਟਿਆਲਾ ਦੇ ਡੀਪੀਆਰਓ ਉਜਾਗਰ ਸਿੰਘ ਨੂੰ ਵੀ ਕਿਹਾ ਜਾ ਚੁੱਕਿਆ ਸੀ।
ਪ੍ਰੈੱਸ ਕਲੱਬ ਬਣਾਉਣ ਲਈ ਥਾਂ ਦੀ ਭਾਲ ਹੋਣ ਲੱਗੀ, ਕਈ ਥਾਵਾਂ ਦੇਖੀਆਂ ਗਈਆਂ, ਪਰ ਆਖ਼ਿਰ ਪਟਿਆਲਾ ਵਿਚ ਆਰਟੀਓ ਦੇ ਦਫ਼ਤਰ ਦੀ ਇਮਾਰਤ ਚੁਣੀ ਗਈ, ਜੋ ਬਾਰਾਂਦਰੀ ਵਿਚ ਸੀ ਤੇ ਅੱਜ ਕੱਲ੍ਹ ਦੇ ਨੀਮਰਾਣਾ ਹੋਟਲ ਦੇ ਨਾਲ ਸੀ, ਕਾਲੀ ਮਾਤਾ ਮੰਦਰ, ਮਾਲ ਰੋਡ, ਪੰਜਾਬ ਲੋਕ ਸੇਵਾ ਕਮਿਸ਼ਨ, ਮਹਾਰਾਣੀ ਕਲੱਬ ਆਦਿ ਕਈ ਸਾਰੇ ਪ੍ਰਮੁੱਖ ਦਫ਼ਤਰ ਤੇ ਅਹਿਮ ਥਾਂ ਨੇੜੇ ਸਨ। ਪਟਿਆਲਾ ਵਿਚ ਬਣੀ ‘ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ’ ਦੀ ਸਰਗਰਮ ਸੀ, ਹੁਣ ਪਟਿਆਲਾ ਵਿਚੋਂ ਦਾ ਟ੍ਰਿਬਿਊਨ ਦੇ ਸਟਾਫ਼ ਰਿਪੋਰਟਰ ਜੰਗਵੀਰ ਦੀ ਥਾਂ ਪਟਿਆਲਾ ਚੰਦਰ ਪ੍ਰਕਾਸ਼ ਨੇ ਜੁਆਇਨ ਕਰ ਲਿਆ ਸੀ, ਹੁਣ ਜੇਕਰ ਪ੍ਰੈੱਸ ਕਲੱਬ ਬਣਨਾ ਸੀ ਤਾਂ ਫਿਰ ਸੰਸਥਾ ਪ੍ਰੈੱਸ ਕਲੱਬ ਦੇ ਨਾਮ ਤੇ ਹੀ ਬਣਨੀ ਚਾਹੀਦੀ ਹੈ, ਉਸ ਵੇਲੇ ਪਟਿਆਲਾ ਵਿਚ ਪ੍ਰੈੱਸ ਕਲੱਬ ਦੇ ਨਾਮ ਤੇ ਸੰਸਥਾ ਬਣਾਈ ਗਈ, ਜਿਸ ਦਾ ਨਾਮ ‘ਪ੍ਰੈੱਸ ਕਲੱਬ ਪਟਿਆਲਾ’ ਰੱਖਿਆ ਗਿਆ, ਜਿਸ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਬਣਾਏ ਗਏ ਤੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਨੂੰ ਬਣਾਇਆ ਗਿਆ। ਇਸ ਵੇਲੇ ਕਲੱਬ ਦਾ ਸੰਵਿਧਾਨ ਬਣਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਦੇ ਅਧਿਕਾਰਾਂ ਦੀ ਗੱਲ ਰੱਖੀ ਗਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕਾਫ਼ੀ ਸ਼ਿੱਦਤ ਨਾਲ ਕੰਮ ਕਰਨਾ ਚਾਹੁੰਦੇ ਸਨ। ਉਹ ਹਰ ਗੱਲ ਤੇ ਬਾਰੀਕੀ ਨਾਲ ਧਿਆਨ ਰੱਖ ਰਹੇ ਸਨ। ਖ਼ਾਸ ਕਰਕੇ ਚੰਦਰ ਪ੍ਰਕਾਸ਼ ਦੀ ਕੋਠੀ ( ਜੋ ਕੋਠੀ ਪਹਿਲਾਂ ਜੰਗਵੀਰ ਸਿੰਘ ਕੋਲ ਹੁੰਦੀ ਸੀ),ਵਿਚ ਮੀ‌ਟਿੰਗਾਂ ਹੁੰਦੀਆਂ ਸਨ। ਇਹ ਕੋਠੀ ਜੰਗਵੀਰ ਸਿੰਘ ਵੇਲੇ ਵੀ ਤੇ ਚੰਦਰ ਪ੍ਰਕਾਸ਼ ਵੇਲੇ ਵੀ ਪੱਤਰਕਾਰਾਂ ਦੀਆ ਮੀ‌ਟਿੰਗਾਂ ਲਈ ਕੇਂਦਰ ਬਿੰਦੂ ਹੁੰਦੀ ਸੀ। ਇਸ ਕੋਠੀ ਵਿਚ ਲੋਹੜੀ ਵੀ ਮਨਾਈ ਗਈ ਸੀ ਤੇ ਹੋਰ ਵੀ ਪਿਆਰ ਮੁਹੱਬਤ ਵੰਡਦੀਆਂ ਪੱਤਰਕਾਰਾਂ ਦੀਆਂ ਮੀ‌ਟਿੰਗਾਂ ਹੋ ਜਾਂਦੀਆਂ ਸਨ। ਭਾਵ ਕੇ ਪੱਤਰਕਾਰਾਂ ਵਿਚ ਏਕਤਾ ਸੀ, ਇਕ ਮੱਤ ਸੀ, ਪਿਆਰ ਸੀ, ਜੇਕਰ ਕਿਸੇ ਵਿਚ ਥੋੜ੍ਹਾ‌ ਜਿਹਾ ਵੀ ਮਨਮੁਟਾਵ ਹੁੰਦਾ ਸੀ ਤਾਂ ਮਿਲ ਬੈਠ ਕੇ ਨਬੇੜ ਲਿਆ ਜਾਂਦਾ ਸੀ।
ਪ੍ਰੈੱਸ ਕਲੱਬ ਪਟਿਆਲਾ ਦੀ ਨੀਂਹ ਰੱਖਣ ਲਈ ਪੱਤਰਕਾਰ ਇੱਕ ਜੁੱਟ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨੀਂਹ ਪੱਥਰ ਰਖਾਉਣ ਲਈ ਤਿਆਰੀ ਜ਼ੋਰਾਂ ਤੇ ਸੀ, ਆਰਟੀਓ ਦਫ਼ਤਰ ਪੱਤਰਕਾਰਾਂ ਲਈ ਕੇਂਦਰ ਬਿੰਦੂ ਬਣ ਗਿਆ ਸੀ। ਨੀਂਹ ਪੱਥਰ ਤਿਆਰ ਕਰਵਾਇਆ ਗਿਆ, ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ। ਸਾਰੇ ਪੱਤਰਕਾਰਾਂ ਨੂੰ ਜਿਵੇਂ ਕਿ ਰੱਬ ਮਿਲ ਰਿਹਾ ਸੀ, ਪੱਤਰਕਾਰਾਂ ਵਿਚ ਖ਼ੁਸ਼ੀ ਦੀ ਲਹਿਰ ਸੀ, ਪਟਿਆਲਾ ਛੱਡੋ ਹੁਣ ਤਾਂ ਪਟਿਆਲਾ ਜ਼ਿਲ੍ਹੇ ਵਿਚ ਆਉਂਦੇ ਕਸਬਿਆਂ ਵਿਚ ਕੰਮ ਕਰਦੇ ਪੱਤਰਕਾਰ ਵੀ ਖ਼ੁਸ਼ ਸਨ ਕਿਉਂਕਿ ਪੱਤਰਕਾਰਾਂ ਦਾ ਆਪਣਾ ਠਿਕਾਣਾ ਬਣ ਰਿਹਾ ਸੀ, ਜਿੱਥੇ ਉਹ ਪ੍ਰੈੱਸ ਕਾਨਫ਼ਰੰਸਾਂ ਕਰ ਸਕਣਗੇ। ਜਿੱਥੇ ਉਹ ਬੈਠ ਕੇ ਆਪਣੇ ਸੁੱਖ ਦੁੱਖ ਵੰਡ ਲਿਆ ਕਰਨਗੇ। ਜਿੱਥੇ ਉਨ੍ਹਾਂ ਦਾ ਆਪਣਾ ਰਾਜ ਹੋਵੇਗਾ, ਜਿੱਥੇ ਉਹ ਆਪਣੀਆਂ ਮੀ‌ਟਿੰਗਾਂ ਕਰ ਲਿਆ ਕਰਨਗੇ, ਕਲੱਬ ਦਾ ਸੰਵਿਧਾਨ ਲੋਕਤੰਤਰ ਪ੍ਰਣਾਲੀ ਨੂੰ ਥਾਂ ਦਿੰਦਾ ਸੀ, ਇਸ ਕਰਕੇ ਚੋਣਾ ਵੀ ਪੱਤਰਕਾਰਾਂ ਦੀਆਂ ਹੋਇਆ ਕਰਨਗੀਆਂ, ਜਿਸ ਵਿਚ ਕੋਈ ਵੀ ਪੱਤਰਕਾਰ ਪ੍ਰਧਾਨ ਜਨਰਲ ਸਕੱਤਰ ਤੇ ਹੋਰ ਅਹੁਦਿਆਂ ਲਈ ਚੋਣ ਲੜ ਸਕੇਗਾ। ਇੱਥੋਂ ਹੀ ਐਂਟਰੀ ਹੁੰਦੀ ਹੈ ਪ੍ਰਵੀਨ ਕੋਮਲ ਦੀ, ਪ੍ਰਵੀਨ ਕੋਮਲ ਪਹਿਲਾਂ ਆਪਣਾ ਅਖ਼ਬਾਰ ਕੱਢਦਾ ਸੀ, ਪਰ ਉਸ ਵੇਲੇ ਉਹ ਜੈਨ ਟੀਵੀ ਵਿਚ ਕੰਮ ਕਰ ਰਿਹਾ ਸੀ। ਉਨ੍ਹਾਂ ਦੀ ਇਕ ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਜਰਨਲਿਸਟਾਂ ਦੀ ਜਥੇਬੰਦੀ ਨੇ ਪ੍ਰੈੱਸ ਕਲੱਬ ਪਟਿਆਲਾ ਵਿਚ ਸ਼ਾਮਲ ਕਰਨ ਲਈ ਬੇਨਤੀ ਕੀਤੀ, ਇਸ ਜਥੇਬੰਦੀ ਦੇ ਚੇਅਰਮੈਨ ਪ੍ਰਵੀਨ ਕੋਮਲ (ਜੈਨ ਟੀਵੀ) ਸਨ, ਪ੍ਰਧਾਨ ਸੁਭਾਸ਼ ਪਟਿਆਲਵੀ (ਪੰਜਾਬ ਟੂਡੇ) ਤੇ ਜਨਰਲ ਸਕੱਤਰ ਕੁਲਵੰਤ ਸਿੰਘ (ਐਨ ਡੀ ਟੀਵੀ) , ਸਲਾਹਕਾਰ ਵਿਸ਼ਾਲ ਅੰਗਰੀਸ਼ (ਜੀ ਨਿਊਜ਼), ਮਨੀਸ਼ ਕੌਸ਼ਲ (ਆਜ ਤੱਕ), ਅਮਰਦੀਪ ਸਿੰਘ (ਡੀਡੀ), ਇੰਦਰਜੀਤ ਸਿੰਘ (ਸਹਾਰਾ ਸਮੇਂ), ਰਾਜ ਕਾਂਸਲ (ਜੈਨ ਟੀਵੀ), ਮੋਹਨ ਲਾਲ ਕੈਸ਼ੀਅਰ (ਅਮਰ ਉਜਾਲਾ) ਤੇ 11 ਮੈਂਬਰ ਕਾਰਜਕਾਰਨੀ ਵਿਚ ਸਨ। ਜਿਨ੍ਹਾਂ ਵਿਚ ਪਵਨ ਕੁਮਾਰ ਦੈਨਿਕ ਜਾਗਰਨ, ਜਤਿੰਦਰ ਭਾਰਦਵਾਜ ਟੋਟਲ ਟੀਵੀ, ਚਰਨਜੀਤ ਜੋਸ਼ੀ ਅਜੀਤ, ਜਗਦੀਸ਼ ਸ਼ਰਮਾ ਪੰਜਾਬ ਕੇਸਰੀ, ਇੰਦਰਜੀਤ ਸਿੰਘ ਬੱਬਲੂ ਐਨਆਰਆਈ, ਰਮਨੀਸ਼ ਘਈ ਨਿਊਜ਼ ਟੂਡੇ, ਪ੍ਰਸ਼ੋਤਮ ਕੌਸ਼ਿਕ ਐਨਆਰਆਈ, ਪਰਮਿੰਦਰ ਸ਼ਰਮਾ ਜੈਨ ਟੀਵੀ ਡਕਾਲਾ, ਗੁਰਜੀਤ ਵਾਲੀਆ ਨਿਊਜ਼ ਟੂਡੇ, ਹਰਮੀਤ ਸੋਢੀ ਇੰਡੀਅਨ ਐਕਸਪ੍ਰੈੱਸ ਤੇ ਭਾਰਤ ਕੁਮਾਰ ਸੂਦ ਐਨਆਰਆਈ ਤੋਂ ਲਿਸਟ ਦਿੱਤੀ ਤੇ ਪ੍ਰੈੱਸ ਕਲੱਬ ਪਟਿਆਲਾ ਦੇ ਮੈਂਬਰ ਬਣਾਉਣ ਲਈ ਬੇਨਤੀ ਕੀਤੀ ਗਈ।
ਇਸ ਲਿਸਟ ਬਾਰੇ ਪ੍ਰੈੱਸ ਕਲੱਬ ਪਟਿਆਲਾ ਦੀ ਬਾਕਾਇਦਾ ਇਕ ਮੀ‌ਟਿੰਗ ਸੱਦੀ ਗਈ, ਜਿਸ ਵਿਚ ਇਹ ਚਰਚਾ ਕੀਤੀ ਗਈ ਕਿ ਇਹ ਸਾਰੇ ਪ੍ਰੈੱਸ ਕਲੱਬ ਪਟਿਆਲਾ ਦੇ ਮੈਂਬਰ ਬਣਾਉਣੇ ਚਾਹੀਦੇ ਹਨ ਜਾਂ ਨਹੀਂ, ਕੁਝ ਨੇ ਵਿਰੋਧਤਾ ਕੀਤੀ ਜੋ ਪਹਿਲਾਂ ਵੀ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਪ੍ਰੈੱਸ ਕਲੱਬ ਤੇ ਮੈਂਬਰ ਬਣਾਉਣ ਲਈ ਰਾਜ਼ੀ ਨਹੀਂ ਸਨ। ਪਰ ਇਸ ਮੀਟਿੰਗ ਵਿਚ ਬਹੁ ਗਿਣਤੀ ਨੇ ਇਸ ਲਿਸਟ ਨੂੰ ਮੈਂਬਰ ਬਣਾਉਣ ਲਈ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ ਇਹ ਵੀ ਸਾਰੇ ਮੈਂਬਰ ਬਣਾ ਲਏ ਗਏ, ਇਹ ਸਿਰਫ਼ ਮੈਂਬਰ ਹੀ ਬਣਾਏ ਗਏ ਸਨ ਨਾ ਕਿ ਕੋਈ ਇਨ੍ਹਾਂ ਕੋਲ ਪ੍ਰੈੱਸ ਕਲੱਬ ਦਾ ਕੋਈ ਅਜੇ ਅਹੁਦਾ ਸੀ। ਉੱਧਰ ਆਰਟੀਓ ਦਫ਼ਤਰ ਵਿਚ ਪ੍ਰੈੱਸ ਕਲੱਬ ਪਟਿਆਲਾ ਦੀ ਨੀਂਹ ਰੱਖਣ ਲਈ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅੰਦਰੋਂ ਅੰਦਰੀਂ ਇਹ ਵੀ ਪਤਾ ਲੱਗ ਰਿਹਾ ਸੀ ਕਿ ਪ੍ਰੈੱਸ ਕਲੱਬ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਰੁਪਏ ਮੁਢਲੇ ਰੂਪ ਵਿਚ ਦੇਣ ਲਈ ਫ਼ੈਸਲਾ ਕੀਤਾ ਹੈ। ਜਿਸ ਵਿਚੋਂ 25 ਲੱਖ ਰੁਪਏ ਉਹ ਪਹਿਲਾਂ ਦੇਣਗੇ।
ਅੱਜ ਸਮਾਗਮ ਦਾ ਦਿਨ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਲੱਬ ਪਟਿਆਲਾ ਦਾ ਨੀਂਹ ਰੱਖਣ ਲਈ ਵਿਸ਼ੇਸ਼ ਕਰਕੇ ਆਉਣਾ ਹੈ। ਸਾਰੇ ਪੱਤਰਕਾਰਾਂ ਦੇ ਸਿਰ ’ਤੇ ਜਿਵੇਂ ਕਲਗ਼ੀਆਂ ਸਜ ਗਈਆਂ ਸਨ, ਜਿਵੇਂ ਕੋਈ ਜੰਗ ਜਿੱਤ ਲਈ ਸੀ, ਆਰਟੀਓ ਦਫ਼ਤਰ ਨੂੰ ਸਜਾਇਆ ਗਿਆ, ਇੱਥੇ ਕਰੀਬ 2 ਵਿੱਘੇ ਥਾਂ ਪ੍ਰੈੱਸ ਕਲੱਬ ਪ‌ਟਿਆਲਾ ਨੂੰ ਬਣਾਉਣ ਲਈ ਰਾਖਵੀਂ ਰੱਖ ਦਿੱਤੀ ਗਈ ਸੀ। ਨੀਂਹ ਪੱਥਰ ਸਜਾਇਆ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਆਏ ਸਨ, ਭਰਤਇੰਦਰ ਸਿੰਘ ਚਾਹਲ ਵੀ ਨਾਲ ਹੀ ਸਨ। ਇਸ ਵੇਲੇ ਨੀਂਹ ਪੱਥਰ ਰੱ‌ਖਿਆ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਰੁਪਏ ਮੁੱਢਲੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਜਿਸ ਵਿਚੋਂ 25 ਲੱਖ ਰੁਪਏ ਦੇ ਦਿੱਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਖ਼ਾਸ ਕਰਕੇ ਇਹ ਵੀ ਕਿਹਾ ਕਿ ‘‘ਇਹ ਪ੍ਰੈੱਸ ਕਲੱਬ ਨਮੂਨੇ ਦਾ ਬਣੇਗਾ, ਜਿਸ ਲਈ ਜਿੰਨੇ ਹੋਰ ਰੁਪਏ ਦੀ ਲੋੜ ਪਈ ਤਾਂ ਪੰਜਾਬ ਸਰਕਾਰ ਉਹ ਰੁਪਏ ਵੀ ਦੇਵੇਗੀ’’
ਪੱਤਰਕਾਰਾਂ ਨੇ ਇਕ ਦੂਜੇ ਤੋਂ ਅੱਗੇ ਹੋਕੇ ਫ਼ੋਟੋਆਂ ਖਿਚਵਾਈਆਂ, ਜਿਨ੍ਹਾਂ ਵਿਚ ਮੈਂ (ਇਨ੍ਹਾਂ ਸਤਰਾਂ ਦੇ ਲੇਖਕ) ਵੀ ਮੁਹਰਲੀ ਕਤਾਰ ਵਿਚ ਸੀ। ਇਸ ਇਤਿਹਾਸਕ ਦਿਨ ਦਾ ਗਵਾਹ ਮੈਂ ਵੀ ਸੀ। ਕਿਸੇ ਨੇ ਇਹ ਵੀ ਇੱਥੇ ਚਰਚਾ ਸ਼ੁਰੂ ਕੀਤੀ ਸੀ ਕਿ ‘ਆਰਟੀਓ ਦੀ ਇਮਾਰਤ ਹੈਰੀਟੇਜ ਦੀ ਹੈ, ਇੱਥੇ ਵੱਡੇ ਪੱਧਰ ਤੇ ਭੰਨ ਤੋੜ ਨਹੀਂ ਹੋ ਸਕਦੀ’ ਪਰ ਪੰਜਾਬ ਸਰਕਾਰ ਦਾ ਫ਼ੈਸਲਾ ਸੀ ਕਿ ਆਰਟੀਓ ਦੀ ਇਮਾਰਤ ਨੂੰ ਨਹੀਂ ਛੇੜਿਆ ਜਾਵੇਗਾ ਪਰ ਇੱਥੇ ਹੋਰ ਬਣੀ ਥਾਂ ਪਈ ਹੈ, ਪ੍ਰੈੱਸ ਕਲੱਬ ਉੱਥੇ ਬਣਾਇਆ ਜਾਵੇਗਾ, ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਜਿੱਥੇ ਬਾਰ ਵੀ ਹੋਵੇਗੀ, ਜਿੱਥੇ ਮੀਟਿੰਗ ਹਾਲ ਵੀ ਹੋਵੇਗਾ ਜਿੱਥੇ ਕਾਨਫ਼ਰੰਸ ਹਾਲ ਵੀ ਹੋਵੇਗਾ, ਜਿੱਥੇ ਬਾਹਰ ਪਾਰਕ ਵੀ ਹੋਵੇਗਾ, ਜਿੱਥੇ ਪੱਤਰਕਾਰ ਬੈਠ ਕੇ ਸਰਦੀਆਂ ਵਿਚ ਧੁੱਪ ਸੇਕਿਆ ਕਰਨਗੇ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਖ਼ਬਰਾਂ ਦੀ ਪੜਚੋਲ ਵੀ ਕਰਿਆ ਕਰਨਗੇ। ਕੁਝ ਜੱਬਲ਼ੀਆਂ ਵੀ ਮਾਰਿਆ ਕਰਨਗੇ, ਜ਼ਿਆਦਾ ਠੋਸ ਗੱਲਾਂ ਵੀ ਹੋਣਗੀਆਂ। ਇਹ ਪ੍ਰੈੱਸ ਕਲੱਬ ਪੱਤਰਕਾਰਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਬਚਾਏਗਾ, ਦਿਲ ਦੇ ਰੋਗਾਂ ਤੋਂ ਬਚਾਏਗਾ ਕਿਉਂਕਿ ਇੱਥੇ ਪੱਤਰਕਾਰ ਹਾਸਿਆਂ ਦੇ ਪਟਾਰੇ ਵੀ ਖੋਲ੍ਹਿਆ ਕਰਨਗੇ। ਪੂਰੇ ਪੰਜਾਬ ਵਿਚ ਇਸ ਪ੍ਰੈੱਸ ਕਲੱਬ ਦੀ ਚਰਚਾ ਸੀ, ਇਸ ਪ੍ਰੈੱਸ ਕਲੱਬ ਦੇ ਨੀਂਹ ਪੱਥਰ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿਚ ਪ੍ਰੈੱਸ ਕਲੱਬ ਬਣਾਉਣ ਬਾਰੇ ਵਿਚਾਰਾਂ ਹੋਣ ਲੱਗ ਪਈਆਂ ਸਨ।
ਪਰ ਪ੍ਰੈੱਸ ਕਲੱਬ ਪਟਿਆਲਾ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ.... ਨਾਲ ਦੀ ਨਾਲ ਇਕ ਹੋਰ ਕਹਾਣੀ ਜਾਂਦੇ ਜਾਂਦੇ ਯਾਦ ਆ ਗਈ, ਇੰਡੀਅਨ ਐਕਸਪ੍ਰੈੱਸ ਦੇ ਪ੍ਰਿੰਸੀਪਲ ਕੋਰਸਪੋਂਡੈਂਟ (ਸੀਨੀਅਰ ਸਟਾਫ਼ ਰਿਪੋਰਟਰ) ਜੋਗਿੰਦਰ ਮੋਹਨ ਦੇਰ ਸ਼ਾਮ ਆਪਣਾ ਕੰਮ ਨਿਪਟਾ ਕੇ ਆਪਣੇ ਘਰ ਵੱਲ ਜਾ ਰਹੇ ਸਨ,
ਰਸਤੇ ਵਿਚ ਇਕ ਐਸਪੀ ਉਸ ਨੂੰ ਟੱਕਰ ਗਿਆ, ਉਸ ਨੇ ਜੋਗਿੰਦਰ ਮੋਹਨ ਨੂੰ ਘੇਰ ਲਿਆ ਤੇ ਜੋਗਿੰਦਰ ਮੋਹਨ ਦੀ ਕਾਫ਼ੀ ਬੇਇੱਜ਼ਤੀ ਕੀਤੀ, ਜੋਗਿੰਦਰ ਮੋਹਨ ਨੇ ਇਸ ਪੂਰੀ ਗੱਲ ਦਾ ਵੇਰਵਾ ਗੁਰਕਿਰਪਾਲ ਸਿੰਘ ਅਸ਼ਕ ਨਾਲ ਸਾਂਝਾ ਕੀਤਾ, ਦੂਜੇ ਦਿਨ ਡੀਪੀਆਰਓ ਦਫ਼ਤਰ (ਜਿੱਥੇ ਹੁਣ ਵਿਜੀਲੈਂਸ ਦਾ ਦਫ਼ਤਰ ਹੈ) ਉੱਥੇ ਗੁਰਕਿਰਪਾਲ ਸਿੰਘ ਅਸ਼ਕ, ਡੀਪੀਆਰਓ ਤੇ ਜੋਗਿੰਦਰ ਮੋਹਨ ਇਕੱਠੇ ਹੋ ਗਏ, ਐਸਪੀ ਨੂੰ ਬੁਲਾਇਆ ਗਿਆ, ਡੀਪੀਆਰਓ ਦੇ ਦਫ਼ਤਰ ਤੇ ਪਿਛਲੇ ਅਰਾਮ ਕਮਰੇ ਵਿਚ ਐਸਪੀ ਤੇ ਬਾਕੀ ਸਾਰੇ ਬੈਠੇ ਸਨ ਤਾਂ ਐਸਪੀ ਨੂੰ ਜਦੋਂ ਪੁੱਛਿਆ ਗਿਆ ਕਿ ‘‘ਤੂਸੀਂ ਇੰਜ ਕਿਉਂ ਕੀਤਾ’’ ਤਾਂ ਐਸਪੀ ਨੇ ਕਿਹਾ ‘‘ਇਨ੍ਹਾਂ ਨੇ ਮੇਰੇ ਦਫ਼ਤਰ ਦੀ ਅਜਿਹੀ ਸੂਚਨਾ ਦੀ ਖ਼ਬਰ ਲਾਈ ਸੀ, ਜਿਸ ਦਾ ਸਿਰਫ਼ ਮੈਨੂੰ ਪਤਾ ਸੀ, ਜੋਗਿੰਦਰ ਮੋਹਨ ਕੋਲ ਇਹ ਖ਼ਬਰ ਕਿਵੇਂ ਪਹੁੰਚ ਗਈ, ਮੈਨੂੰ ਇਸ ਗੱਲ ਦਾ ਗ਼ੁੱਸਾ ਸੀ ਤਾਂ ਹੀ ਮੈਥੋਂ ਇੰਜ ਹੋ ਗਿਆ।’’ ਅਸ਼ਕ ਨੇ ਕਿਹਾ ‘‘ਫੇਰ ਇਹ ਤੁਹਾਡੀ ਨਾਲਾਇਕੀ ਹੈ ਕਿ ਤੁਸੀਂ ਆਪਣੇ ਦਫ਼ਤਰ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣੇ ਗੁਪਤ ਭੇਦ ਉਜਾਗਰ ਕਰਨ ਤੋਂ ਨਹੀਂ ਰੋਕ ਪਾਏ, ਸਾਡਾ ਕੰਮ ਤਾਂ ਖ਼ਬਰਾਂ ਕਰਨਾ ਹੈ, ਉਹ ਖ਼ਬਰਾਂ ਵੀ, ਜੋ ਗੁਪਤ ਹਨ, ਇਹ ਸਾਡੀ ਡਿਊਟੀ ਹੈ ਪਰ ਤੁਸੀਂ ਆਪਣੀ ਡਿਊਟੀ ਨਹੀਂ ਕਰ ਰਹੇ ਸ਼ਾਇਦ’’ ਐਸਪੀ ਨੇ ਮਾਫ਼ੀ ਮੰਗੀ ਤੇ ਮਾਮਲਾ ਰਫਾ ਦਫ਼ਾ ਕੀਤਾ। ਬਾਕੀ ਅਗਲੇ ਅੰਕ ਵਿਚ.... ਸੰਪਰਕ : 8146001100

Thursday, November 06, 2025

ਇਕ ਉਸਾਰੂ ਸੋਚ ਦਾ ਆਗਾਜ਼ : ਪੱਤਰਕਾਰਾਂ ਦੀ ਜਥੇਬੰਦੀ ਬਣੇ

ਪੱਤਰਕਾਰੀ ਦਾ ਇਤਿਹਾਸ ਭਾਗ -5 ਲੇਖਕ : ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਪੱਤਰਕਾਰਾਂ ਲਈ ਇਕ ਸੁਨਹਿਰੀ ਸਮਾਂ ਸੀ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵਿਚ ਏਕਤਾ ਨਜ਼ਰ ਆਉਣ ਲੱਗੀ ਸੀ, ਹਾਲਾਂ ਕਿ ਜਗਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਰਾਜੂ ਦਾ ਮਿਜ਼ਾਜ ਵੱਖਰਾ ਸੀ, ਇਹ ਵੀ ਸਹੀ ਹੈ ਕਿ ਉਸ ਦਾ ਵੀ ਇਕ ਗਰੁੱਪ ਸੀ, ਉਸ ਗਰੁੱਪ ਵਿਚ ਵੀ ਕੁਝ ਖ਼ਾਸ ਪੱਤਰਕਾਰ ਮਨਜਿੰਦਰ ਸਿੰਘ ਤੇ ਭਾਵਨਾ ਜੀ ਤੇ ਹੋਰ ਵੀ ਕਈ ਹੁੰਦੇ ਸਨ। ਰਾਜੂ ਜਗਬਾਣੀ ਤੇ ਪੰਜਾਬ ਕੇਸਰੀ ਵਰਗੇ ਵੱਡੇ ਅਖ਼ਬਾਰ ਦਾ ਪੱਤਰਕਾਰ ਸੀ, ਉਸ ਦੀ ਪਟਿਆਲਾ ਵਿਚ ਖ਼ਾਸ ਪਹਿਚਾਣ ਸੀ, ਬੇਸ਼ੱਕ ਇਕ ਸਮਾਂ ਇਹ ਵੀ ਆਇਆ ਕਿ ਰਾਜੂ ਵੱਲੋਂ ਕੀਤੇ ਕੁਝ ਘਟਨਾਕ੍ਰਮ ਕਰਕੇ ਪਟਿਆਲਾ ਦੇ ਅਹਿਮ ਪੱਤਰਕਾਰਾਂ ਨੇ ਉਸ ਦਾ ਬਾਈਕਾਟ ਵੀ ਕੀਤਾ, ਘਟਨਾਕ੍ਰਮਾਂ ਵਿਚੋਂ ਇਕ ਘਟਨਾਕ੍ਰਮ ਇਹ ਵੀ ਸੀ ‌ਕਿ ਇਕ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰਾਂ ਨੂੰ ਇਕ ਗੱਲ ‘ਆਫ਼ ਦੀ ਰਿਕਾਰਡ’ ਆਖੀ, ਜੋ ਛਾਪਣ ਵਾਲੀ ਨਹੀਂ ਸੀ, ਇੱਦਾਂ ਆਮ ਹੁੰਦਾ ਹੈ, ਕਈ ਵਾਰੀ ਵੱਡਾ ਲੀਡਰ ਗੰਭੀਰ ਪੱਤਰਕਾਰਾਂ ਕੋਲ ਕੋਈ ਨਾ ਕੋਈ ਗੱਲ ‘ਆਫ਼ ਦੀ ਰਿਕਾਰਡ’ ਵੀ ਕ‌ਹਿ ਦਿੰਦਾ ਹੈ, ਉਹ ਸਮਾਂ ਆਪਣੇ ਘਰ ਵਾਂਗ ਹੁੰਦਾ ਹੈ, ਉਸ ਸਮੇਂ ਉਸ ਗੱਲ ਨੂੰ ਪਰਦੇ ਵਿਚ ਹੀ ਰੱਖਣਾ ਬਣਦਾ ਹੁੰਦਾ ਹੈ, ਇਹ ਪੱਤਰਕਾਰ ਦੀ ਗੰਭੀਰਤਾ ਹੁੰਦੀ ਕਿ ਉਸ ਪਰਦੇ ਵਾਲੀ ਗੱਲ ਨੂੰ ਅਖ਼ਬਾਰ ਦੀ ਸੁਰਖ਼ੀ ਨਾ ਬਣਾਏ, ਕੈਪਟਨ ਅਮਰਿੰਦਰ ਸਿੰਘ ਦੀ ‘ਆਫ਼ ਦੀ ਰਿਕਾਰਡ’ ਵਜੋਂ ਆਖੀ ਹੋਈ ਗੱਲ ਰਾਜੂ ਨੇ ਕਥਿਤ ‘ਆਨ ਦੀ ਰਿਕਾਰਡ’ ਛਾਪ ਦਿੱਤੀ,
ਪੱਤਰਕਾਰ ਭਾਈਚਾਰੇ ਵਿਚ ਯੱਕਦਮ ਸਨਸਨੀ ਫੈਲ ਗਈ, ਸਾਰੇ ਭਾਈਚਾਰੇ ਨੇ ਗ਼ੁੱਸਾ ਕੀਤਾ ਤੇ ਬੁਰਾ ਮਨਾਇਆ, ਜਿਸ ਕਰਕੇ ਰਾਜੂ ਨਾਲ ਪੱਤਰਕਾਰਾਂ ਦਾ ਮਿਲਵਰਤਨ ਘਟ ਗਿਆ ਪਰ ਫੇਰ ਵੀ ਰਾਜੂ ਹੋਰ ਵੀ ਕਈ ਕਥਿਤ ਚੁਸਤ ਚਲਾਕੀਆਂ ਕਰਦਾ ਰਿਹਾ ਜਿਸ ਕਰਕੇ ਰਾਜੂ ਦਾ ਭਾਈਚਾਰੇ ਵੱਲੋਂ ਬਾਈਕਾਟ ਕੀਤਾ ਗਿਆ, ਜਿੱਥੇ ਪ੍ਰੈੱਸ ਕਾਨਫ਼ਰੰਸ ਕਰਨ ਸਮੇਂ ਰਾਜੂ ਹੁੰਦਾ ਸੀ ਤਾਂ ਬਹੁ ਗਿਣਤੀ ਪੱਤਰਕਾਰ ਉਸ ਪ੍ਰੈੱਸ ਕਾਨਫ਼ਰੰਸ ਦਾ ਬਾਈਕਾਟ ਕਰ ਦਿੰਦੇ ਸਨ। ਫੇਰ ਜ਼ਿਲ੍ਹਾ ਪ੍ਰਸ਼ਾਸਨ ਬਹੁ ਗਿਣਤੀ ਪੱਤਰਕਾਰਾਂ ਦੀ ਪ੍ਰੈੱਸ ਕਾਨਫ਼ਰੰਸ ਵੱਖਰੀ ਕਰਾਉਂਦਾ ਹੁੰਦਾ ਸੀ। ਰਾਜੂ ਦੇ ਵਿਰੁੱਧ ਇੰਜ ਕਿਉਂ ਹੁੰਦਾ ਸੀ ਇਸ ਦਾ ਵਿਸਥਾਰ ਹੋਰ ਵੀ ਹੈ ਪਰ ਉਸ ਦੇ ਹੋਰ ਵਿਸਥਾਰ ਵਿਚ ਜਾਣ ਦੀ ਹਿੰਮਤ ਮੇਰੇ ਵਿਚ ਨਹੀਂ ਹੈ ਕਿਉਂਕਿ ਰਾਜੂ ਨਾਲ ਗੱਲ ਨਹੀਂ ਹੋ ਸਕੀ, ਜੇਕਰ ਰਾਜੂ ਨਾਲ ਗੱਲ ਹੋ ਜਾਂਦੀ ਹੈ ਤਾਂ ਉਸ ਬਾਰੇ ਵੀ ਵਿਸਥਾਰ ਵਿਚ ਲਿਖਿਆ ਜਾਵੇਗਾ। ਪਰ ਰਾਜੂ ਇਕ ਅਹਿਮ ਚਿਹਰਾ ਸੀ ਪਟਿਆਲਾ ਦੀ ਪੱਤਰਕਾਰੀ ਵਿਚ। ਜਿੱਥੇ ਜਾਂਦਾ ਸੀ ਤਹਿਲਕਾ ਮਚਾ ਦਿੰਦਾ ਸੀ। ਪਰ ਫਿਰ ਵੀ ਪਟਿਆਲਾ ਦੇ ਪੱਤਰਕਾਰ ਉਸ ਵੱਲੋਂ ਕੀਤੀਆਂ ਕੁਝ ਵਿਵਾਦਿਤ ਕਾਰਵਾਈਆਂ ਕਰਕੇ ਉਸ ਦੇ ਵਿਰੋਧ ‌ਵਿਚ ਭੁਗਤ ਰਹੇ ਸਨ ਤੇ ਸਮੂਹਿਕ ਤੌਰ ਤੇ ਰਾਜੂ ਦੀ ਵਿਰੋਧਤਾ ਵੀ ਕਰ ਰਹੇ ਸਨ। ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਦਾ ਜ਼ਿਕਰ ਕਿਸੇ ਹੋਰ ਭਾਗ ਵਿਚ ਕਰਾਂਗੇ। ਪਰ ਉਸ ਨਾਲ ਵੀ ਪੱਤਰਕਾਰ ਭਾਈਚਾਰੇ ਦੇ ਕੁਝ ਭਰਾ ਮਨਜਿੰਦਰ ਸਿੰਘ ਤੇ ਭਾਵਨਾ ਵਰਗੇ ਉਸ ਦੇ ਗਰੁੱਪ ਵਿਚ ਸ਼ੁਮਾਰ ਸਨ।
ਪੱਤਰਕਾਰਾਂ ਦਾ ਮਿਜ਼ਾਜ ਉਸ ਵੇਲੇ ਦੇਖਣ ਵਾਲਾ ਬਣਦਾ ਸੀ, ਬੇਝਿਜਕ ਸਵਾਲ ਪੁੱਛਦੇ ਸਨ, ਬੇਝਿਜਕ ਜਵਾਬ ਮੰਗਦੇ ਸਨ, ਕੋਈ ਵੀਆਈਪੀ ‘ਨੋ ਕਮੈਂਟ’ ਕਹਿ ਦੇਵੇ ਤਾਂ ਚੁੱਪ, ਪਰ ਜੇਕਰ ਕੋਈ ਵੀਆਈਪੀ ਚਲਾਕੀ ਦਿਖਾਵੇ ਤਾਂ ਉਹ ਬਚ ਕੇ ਨਿਕਲ ਜਾਵੇ, ਇਹ ਸੰਭਵ ਨਹੀਂ ਸੀ, ਪੱਤਰਕਾਰਾਂ ਦੀ ਏਕਤਾ ਸੀ ਪਰ ਫਿਰ ਵੀ ਇਕਜੁੱਟਤਾ ਨਹੀਂ ਸੀ, ਇਕਮੱਤ ਨਹੀਂ ਸਨ। ‌ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਕਟ ਹਾਊਸ ਪਟਿਆਲਾ ਵਿਚ ਅਕਾਲੀ ਮੰਤਰੀ ਗੋਬਿੰਦ ਸਿੰਘ ਕਾਂਝਲਾ ਮੰਤਰੀ ਡਿਪਾਰਟਮੈਂਟ ਸੋਸ਼ਲ ਸਕਿਉਰਿਟੀ ਐਂਡ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਦੀ ਪ੍ਰੈੱਸ ਕਾਨਫ਼ਰੰਸ ਸੀ, ਪੱਤਰਕਾਰ ਭਾਈਚਾਰਾ ਤਹਿਜ਼ੀਬ ਪੂਰਵਕ ਮੰਤਰੀ ਨੂੰ ਸਵਾਲ ਪੁੱਛ ਰਿਹਾ ਸੀ, ਮੰਤਰੀ ਹੋਣ ਕਰਕੇ ਉਹ ਦਮਗਜੇ ਮਾਰ ਰਿਹਾ ਸੀ ਕਿ ਅਸੀਂ ਪੰਜਾਬ ਵਿਚ ਭਰੂਣ ਹੱਤਿਆ ਬੰਦ ਕਰਵਾ ਦਿੱਤੀ ਹੈ। ‘ਟਾਈਮਜ਼ ਆਫ਼ ਇੰਡੀਆ’ ਦੇ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਨੇ ਇਕ ਸਵਾਲ ਪੁੱਛਿਆ ‘ਮਿਨਿਸਟਰ ਸਾਹਿਬ ਬਾਕੀ ਤੁਸੀਂ ਕਹਿ ਹੀ ਦਿੱਤਾ ਪਰ ਮੇਰੀ ਇਕ ਗੱਲ ਦਾ ਜਵਾਬ ਦੇ ਦਿਓ ਕਿ ਤੁਸੀਂ ਹੁਣ ਤੱਕ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਕੁ ਮਸ਼ੀਨਾਂ ਫੜੀਆਂ ਹਨ?’ ਮੰਤਰੀ ਸਾਹਿਬ ਆਪਣੇ ਪਿੰਡ ਵਿਚ ਛੋਟੇ ਮੋਟੇ ਲੋਕਾਂ ਨੂੰ ਦਬਕਾ ਕੇ ਰੱਖਣ ਵਾਲੇ ਸਨ, ਉਸ ਨੇ ਇਸ ਪ੍ਰੈੱਸ ਕਾਨਫ਼ਰੰਸ ਨੂੰ ਆਪਣੇ ਪਿੰਡ ਦੀ ਸੱਥ ਸਮਝ ਲਿਆ ਸੀ, ਜਿਵੇਂ ਸੱਥ ਦਾ ਉਹ ਮੁਖੀ ਹੋਵੇ ਤੇ ਉਸ ਦੀ ਹਰ ਗੱਲ ਤੇ ਸਾਰੇ ‘ਹਾਂ ਹਾਂ’ ਕਰ ਰਹੇ ਹੋਣ, ਉਸ ਨਾਲ ਪ੍ਰੈੱਸ ਕਾਨਫ਼ਰੰਸ ਵਿਚ ਇੰਜ ਹੋਇਆ ਜਿਵੇਂ ਅਚਾਨਕ ਹੀ ਸੱਥ ਵਿਚ ਕੋਈ ਮੁਖੀ ਨੂੰ ਰੋਕ ਕੇ ਆਖੇ ਕਿ ‘ਬਾਕੀ ਤਾਂ ਛੱਡੋ ਸਰਦਾਰ ਸਾਹਿਬ ਕਿ ਜਦੋਂ ਤੁਹਾਡੇ ਵਾਲੇ ਖੂਹ ਵਿਚ ਕੁੱਤਾ ਗਿਰ ਗਿਆ ਸੀ ਤੇ ਕਈ ਦਿਨ ਉਹ ਕੁੱਤਾ ਖੂਹ ਵਿਚੋਂ ਨਿਕਲਿਆ ਨਹੀਂ ਸੀ ਤਾਂ ਫਿਰ ਤੁਸੀਂ ਪਾਣੀ ਕਿਥੋਂ ਪੀਤਾ ਸੀ?’ ਬਸ ਮੁਖੀ ਦੀ ਗੱਲ ਚੈਲੰਜ ਹੋ ਗਈ, ਉਹ ਸਵਾਲ ਪੁੱਛਣ ਵਾਲੇ ਨੂੰ ਦਬਕਾਉਂਦਾ ਵੀ ਹੈ ਤੇ ਉਸ ਨੂੰ ਡਰਾਉਂਦਾ ਵੀ ਹੈ, ਸਵਾਲ ਪੁੱਛਣ ਵਾਲਾ ਵਿਚਾਰਾ ਜਿਹਾ ਬਣ ਕੇ ਚੁੱਪ ਕਰ ਜਾਂਦਾ ਹੈ। ਪ੍ਰੈੱਸ ਕਾਨਫ਼ਰੰਸ ਵੀ ਮੰਤਰੀ ਜੀ ਨੇ ਉਸ ਸੱਥ ਵਾਂਗ ਸਮਝ ਲਈ ਸੀ ਜਿਸ ਵਿਚ ਉਸ ਦੀ ਹਰ ਪੱਖੋਂ ਚੱਲਦੀ ਹੈ।
ਗੁਰਕਿਰਪਾਲ ਸਿੰਘ ਅਸ਼ਕ ਦੇ ਸਵਾਲ ਤੇ ਗੋਬਿੰਦ ਸਿੰਘ ਕਾਂਝਲਾ ਮੰਤਰੀ ਨੇ ਕਿਹਾ ‘ਇਹ ਕੀ ਸਵਾਲ ਹੋਇਆ? ਇੰਜ ਦੇ ਸਵਾਲ ਦਾ ਜਵਾਬ ਦੇਣਾ ਹੀ ਨਹੀਂ ਬਣਦਾ, ਤੁਸੀਂ ਸਰਕਾਰੀ ਕੰਮ ਵਿਚ ਦਖ਼ਲ ਨਹੀਂ ਦੇ ਸਕਦੇ’ ਮੰਤਰੀ ਗੋਬਿੰਦ ਸਿੰਘ ਕਾਂਝਲਾ ਨੇ ਥੋੜ੍ਹਾ ਲੋਹਾ ਲਾਖਾ ਹੋਕੇ ਅਸ਼ਕ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਸ਼ਕ ਨੇ ਫੇਰ ਕਿਹਾ ‘ਵਜ਼ੀਰ ਸਾਹਿਬ ਮੇਰਾ ਛੋਟਾ ਜਿਹਾ ਸਵਾਲ ਹੈ ਕਿ ਤੁਸੀਂ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਫੜੀਆਂ ਹਨ, ਫੜੀਆਂ ਹਨ ਦਸ ਦਿਓ ਨਹੀਂ ਫੜੀਆਂ ਤਾਂ ਜਵਾਬ ਦੇ ਦਿਓ, ਇਸ ਵਿਚ ਤਾਂ ਸਰਕਾਰੀ ਕੰਮਾਂ ਵਿਚ ਕੋਈ ਦਖ਼ਲ ਹੀ ਨਹੀਂ ਹੈ’ ਡੀਪੀਆਰਓ ਡੌਰ ਭੌਰ ਹੋਇਆ ਖੜਾ ਸੀ, ਡਾਇਰੈਕਟਰ ਆਰਐਲ ਕਲਸੀਆ ਵੀ ਦੇਖ ਕੇ ਬੜਾ ਹੈਰਾਨ ਹੋ ਰਿਹਾ ਸੀ, ਮੰਤਰੀ ਸਿਆਣਾ ਹੁੰਦਾ ਤਾਂ ਡਾਇਰੈਕਟਰ ਆਰ ਐੱਲ ਕਲਸੀਆ ਨੂੰ ਪੁੱਛ ਲੈਂਦਾ, ਹੈਲਥ ਸੈਕਟਰੀ ਤੋਂ ਪੁੱਛ ਲੈਂਦਾ, ਪਰ ਮੰਤਰੀ ਦੇ ਦਿਮਾਗ਼ ਨੂੰ ਮੰਤਰੀ ਦੀ ਕੁਰਸੀ ਦਾ ਹੰਕਾਰ ਚੜ੍ਹਿਆ ਸੀ। ਇਸੇ ਫੁਕਰੇ ਪਣ ਵਿਚ ਮੰਤਰੀ ਉਲਝ ‌ਗਿਆ। ਮੰਤਰੀ ਨੇ ਅਸ਼ਕ ਨੂੰ ਫੇਰ ਡਰਾਉਣ ਲਈ ਕਿਹਾ ‘ਇਹ ਤੁਹਾਨੂੰ ਅਸੀਂ ਕਿਵੇਂ ਦਸ ਦੇਈਏ, ਨਾਲੇ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹੀ ਛਾਪੋ, ਤੁਹਾਡੀ ਮਰਜ਼ੀ ਨਹੀਂ ਚੱਲਣੀ’ ਉਸ ਤੋਂ ਬਾਅਦ ਗੁਰਕਿਰਪਾਲ ਸਿੰਘ ਅਸ਼ਕ ਨੇ ਕਿਹਾ ‘ਮੈਂ ਤੁਹਾਡਾ ਕਲਰਕ ਥੋੜ੍ਹਾ ਹਾਂ ਮੰਤਰੀ ਸਾਹਿਬ, ਕਿ ਜੋ ਤੁਸੀਂ ਆਖੋ ਉਹੀ ਛਾਪ ਦੇਵਾਂ’ ਤਾਂ ਮੰਤਰੀ ਨੇ ਕਿਹਾ ‘ਤੁਸੀਂ ਜੋ ਛਾਪਣਾ ਛਾਪੋ’ ਜਿਵੇਂ ਮੰਤਰੀ ਨੇ ਖਹਿੜਾ ਛੁਡਾ ਲਿਆ ਸੀ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮੰਤਰੀ ਅਸਲ ਵਿਚ ਫਸ ਚੁੱ‌ਕਿਆ ਸੀ।
ਉਹ ਗੁਰਕਿਰਪਾਲ ਸਿੰਘ ਅਸ਼ਕ ਸੀ ਨਾ ਕਿ ‘ਫੁਕਰਾ ਧਾਲੀਵਾਲ’ ਕਿ ਪਹਿਲਾਂ ਮੰਤਰੀ ਦੇ ਪੈਰੀਂ ਹੱਥ ਲਾਏ ਤੇ ਬਾਅਦ ਵਿਚ ਸਵਾਲ ਪੁੱਛਿਆ, ਓ ਫੁਕਰੇ ਧਾਲੀਵਾਲ ਦੀ ਗੱਲ ਬਾਅਦ ਵਿਚ ਕਰਾਂਗੇ ਅੱਜ ਦਾ ਵਿਸ਼ਾ ਹੈ ਪਟਿਆਲਾ ਦੇ ਪੱਤਰਕਾਰਾਂ ਦੀ ਜਥੇਬੰਦੀ ਦੇ ਬਣਨ ਦੇ ਕਾਰਨ ਕੀ ਕੀ ਬਣੇ। ਗੁਰਕਿਰਪਾਲ ਸਿੰਘ ਅਸ਼ਕ ਦਾ ਕੰਮ ਹੋ ਚੁੱਕਿਆ ਸੀ, ਹੁਣ ਅਸ਼ਕ ਨੇ ਐਲਾਨੀਆ ਮੰਤਰੀ ਕਾਂਝਲਾ ਨੂੰ ਕਿਹਾ ‘ਮੈਂ ਤੁਹਾਡੀ ਪ੍ਰੈਸ ਕਾਨਫਰੰਸ ਦਾ ਬਾਈਕਾਟ ਕਰਦਾ ਹਾਂ ਕਿਉਂਕਿ ਤੁਹਾਡਾ ਪੱਤਰਕਾਰਾਂ ਨਾਲ ਰਵੱਈਆ ਠੀਕ ਨਹੀਂ ਹੈ। ’ ਇਹ ਕਹਿ ਕੇ ਅਸ਼ਕ ਉਥੋਂ ਉਠ ਕੇ ਚਲੇ ਗਏ, ਜੇਕਰ ਉਸ ਵੇਲੇ ਪੱਤਰਕਾਰਾਂ ਦੀ ਜਥੇਬੰਦੀ ਹੁੰਦੀ ਤਾਂ ਸਾਰੇ ਹੀ ਅਸ਼ਕ ਦੇ ਨਾਲ ਹੀ ਬਾਹਰ ਆ ਜਾਣੇ ਸਨ। ਅਸ਼ਕ ਸਰਕਟ ਹਾਊਸ ਵਿਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਪਿੱਛੋਂ ਡਾਇਰੈਕਟਰ ਨੇ ਅਵਾਜ਼ ਮਾਰੀ ‘ਮਿਸਟਰ ਅਸ਼ਕ, ਮਿਸਟਰ ਅਸ਼ਕ, ਮਿਸਟਰ ਅਸ਼ਕ’ ਗੁਰਕਿਰਪਾਲ ਸਿੰਘ ਅਸ਼ਕ ਸਮਝ ਰਿਹਾ ਸੀ ਕਿ ਮੰਤਰੀ ਨੇ ਫੇਰ ਬੁਲਾ ਲਿਆ ਹੈ। ਡਾਇਰੈਕਟਰ ਦੂਰੋਂ ਉੱਚੀ ਉੱਚੀ ਕ‌ਹਿੰਦਾ ਆ ਰਿਹਾ ਸੀ ਕਿ ‘ਕੋਈ ਅਜਿਹੀ ਖ਼ਬਰ ਨਾ ਛਾਪਣਾ ਅਸ਼ਕ ਜੀ, ਕੋਈ ਗੱਲ ਨਹੀਂ ਹੋਈ’ ਅਸ਼ਕ ਉੱਥੇ ਖੜ੍ਹਾ ਰਿਹਾ, ਡਾਇਰੈਕਟਰ ਕੋਲ ਆਇਆ ਉਸ ਨੇ ਅਸ਼ਕ ਨੂੰ ਬੜੀ ਹੀ ਧੀਮੀ ਅਵਾਜ਼ ਵਿਚ ਕਿਹਾ ‘ਅਸ਼ਕ ਸਾਹਿਬ ਮੰਜੀ ਠੋਕ ਦੇਣਾ ਮੰਤਰੀ ਦੀ, ਬੋਲਣ ਦੀ ਇਨੂ ਅਕਲ ਨਹੀਂ, ..ਠੋਕ ਕੇ ਲਾਉਣਾ ਖ਼ਬਰ... ’ ਡਾਇਰੈਕਟਰ ਨੇ ਇਸ ਤੋਂ ਵੀ ਵੱਧ ਮੰਤਰੀ ਬਾਰੇ ਧੀਮੀ ਅਵਾਜ਼ ਵਿਚ ਕਿਹਾ, ਅਸ਼ਕ ਕੋਲ ਤਾਂ ਪਹਿਲਾਂ ਹੀ ਖ਼ਬਰ ਦਾ ਕੰਟੈਂਟ ਮੌਜੂਦ ਸੀ, ਉੱਪਰੋਂ ਮੰਤਰੀ ਦਾ ਪੱਖ ਆ ਗਿਆ, ਸਵੇਰੇ ਹੀ ਟਾਈਮਜ਼ ਆਫ਼ ਇੰਡੀਆ ਵਿਚ ਪੰਜ ਕਾਲਮ ਖ਼ਬਰ ਪ੍ਰਕਾਸ਼ਿਤ ਹੋਈ ਤੇ ਮੰਤਰੀ ਨੂੰ ਭਾਜੜਾਂ ਪੈ ਗਈਆਂ। ਡਾਇਰੈਕਟਰ ਨੇ ਦੱਸਿਆ ਕਿ ਮੰਤਰੀ ਦੂਜੇ ਦਿਨ ਸਾਰਾ ਦਿਨ ਹੀ ਅਧਿਕਾਰੀਆਂ ਨੂੰ ਝਾੜਦਾ ਰਿਹਾ ਤੇ ਅੰਕੜੇ ਇਕੱਠੇ ਕਰਦਾ ਰਿਹਾ। ਇਸ ਤਰ੍ਹਾਂ ਦੀਆਂ ਕਈ ਸਾਰੀਆਂ ਕਹਾਣੀਆਂ ਪੱਤਰਕਾਰਾਂ ਨੂੰ ਦਬਕਾਉਣ ਦੀਆਂ ਚੱਲਦੀਆਂ ਰਹਿੰਦੀਆਂ ਸਨ, ਪੱਤਰਕਾਰ ਇਸ ਬਾਰੇ ਕਾਫ਼ੀ ਚਿੰਤਤ ਸਨ, ਇਕ ਦਿਨ ਰਾਤ ਨੂੰ ਚੜ੍ਹਦੀਕਲਾ ਦਫ਼ਤਰ ਵਿਚੋਂ ਆ ਰਹੇ ਹਰਪ੍ਰੀਤ ਸਿੱਧੂ ਨੂੰ ਵੀ ਘੇਰ ਕੇ ਡਰਾਇਆ ਗਿਆ। ਦਰਸ਼ਨ ਖੋਖਰ ਨਾਲ ਵੀ ਕੁਝ ਘਟਨਾਵਾਂ ਵਾਪਰੀਆਂ ਸਨ। ਹੁਣ ਇੱਥੋਂ ਸ਼ੁਰੂ ਹੁੰਦਾ ਹੈ ਇਹ ਵਿਚਾਰ ਕਿ ਪਟਿਆਲਾ ਵਿਚ ਇਕ ਪੱਤਰਕਾਰਾਂ ਦੀ ਅਹਿਮ ਸਨਮਾਨਯੋਗ ਜਥੇਬੰਦੀ ਬਣਾਈ ਜਾਵੇ। ਜਥੇਬੰਦੀ ਦੀ ਲੋੜ ਸੀ, ਪਰ ਪਹਿਲਾਂ ਵੀ ਜਥੇਬੰਦੀਆਂ ਬਣਦੀਆਂ ਰਹੀਆਂ ਹਨ। ਇੱਥੇ ਇਕ ਹੋਰ ਮੁਸ਼ਕਿਲ ਬੜੀ ਅਹਿਮ ਸੀ, ਜਥੇਬੰਦੀ ਬਣਾਉਣ ਤੋਂ ਪਹਿਲਾਂ ਇਹ ਮੁਸ਼ਕਿਲ ਹੱਲ ਕਰਨੀ ਵੀ ਜ਼ਰੂਰੀ ਸੀ, ਦਾ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਜੰਗਵੀਰ ਸਿੰਘ ਤੇ ਅਜੀਤ ਦੇ ਸਟਾਫ਼ ਰਿਪੋਰਟਰ ਜਸਪਾਲ ਸਿੰਘ ਢਿੱਲੋਂ ਦੀ ਆਪਸ ਵਿਚ ਤਣਾ ਤਣੀ ਚੱਲ ਰਹੀ ਸੀ, ਇਨ੍ਹਾਂ ਦੋਵਾਂ ਨੂੰ ਵੀ ਮਿਲਾਉਣਾ ਜ਼ਰੂਰੀ ਸੀ। ਕਾਰਨ ਤਾਂ ਹੋਰ ਵੀ ਹੋਣਗੇ, ਪਰ ਇਕ ਕਾਰਨ ਜੋ ਮੇਰੇ ਧਿਆਨ ਵਿਚ ਹੈ ਕਿ ਜਦੋਂ ਜਸਪਾਲ ਸਿੰਘ ਢਿੱਲੋਂ ਪੰਜਾਬੀ ਟ੍ਰਿਬਿਊਨ ‌ਵਿਚ ਨਿਯੁਕਤ ਹੋਇਆ ਤਾਂ ਉਸ ਦੀ ਵਿਰੋਧਤਾ ਕਰਨ ਵਾਲਿਆਂ ਵਿਚ ਇਕ ਜੰਗਵੀਰ ਵੀ ਸੀ, ਇਹ ਆਮ ਹੁੰਦਾ ਹੈ ਕਿ ਜਿਵੇਂ ਜਦੋਂ ਮੈਂ (ਇਨ੍ਹਾਂ ਸਤਰਾਂ ਦਾ ਲੇਖਕ) ਪੰਜਾਬੀ ‌ਟ੍ਰਿਬਿਊਨ ਵਿਚ ਨਿਯੁਕਤ ਹੋਇਆ ਸੀ ਤਾਂ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਪਟਿਆਲਾ ਦੇ ਮੇਰੇ ਸਾਥੀਆਂ ਵੱਲੋਂ, ਮੇਰੇ ਸਾਥੀਆਂ ਦੇ ਮਿੱਤਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ, ਪਰ ਸੰਪਾਦਕ ਵਰਿੰਦਰ ਵਾਲੀਆ ਜੀ ਨੇ ਜਿੰਦੇ ਹੀ ਇੰਜ ਲਗਾਏ ਸਨ ਕਿ ਮੇਰੀ ਵਿਰੋਧਤਾ ਵਿਚ ਖੜ੍ਹਾ ਕੋਈ ਕਾਮਯਾਬ ਨਹੀਂ ਹੋ ਸਕਿਆ। ਜਸਪਾਲ ਢਿੱਲੋਂ ਦਾ ਗ਼ੁੱਸਾ ਕਰਨਾ ਜਾਇਜ਼ ਸੀ, ਪਰ ਜੰਗਵੀਰ ਨੇ ਖ਼ੁਦ ਨਹੀਂ ਸਗੋਂ ਉਸ ਕੋਲੋਂ ਇੰਜ ਕਰਾਇਆ ਗਿਆ ਸੀ, ਉਸ ਕੋਲੋਂ ਕਰਾਉਣ ਵਾਲੇ ਕੌਣ ਲੋਕ ਸਨ ਇਸ ਬਾਰੇ ਕਦੇ ਫੇਰ ਸਾਂਝ ਪਾਵਾਂਗੇ। ਹੁਣ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਬਣਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਸੀ ਤਾਂ ਜੰਗਵੀਰ ਸਿੰਘ ਤੇ ਜਸਪਾਲ ਢਿੱਲੋਂ ਨੂੰ ਪੁਰਾਣੇ ਸ਼ਿਕਵੇ ਭੁਲਾ ਕੇ ਇਕ ਕਰਨਾ ਵੀ ਲਾਜ਼ਮੀ ਸੀ। ਛੋਟੀ ਬਾਰਾਂਦਰਰੀ ਵਿਚ ਅਜੀਤ ਅਖਬਾਰ ਦੇ ਦਫਤਰ ਵਿਚ ਪੱਤਰਕਾਰਾਂ ਦੀ ਭਰਵੀਂ ਮੀਟਿੰਗ ਵਿਚ ਮੇਰਾ ਪ੍ਰਸਤਾਵ ਸੀ ਕਿ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਇਕੱਠੇ ਹੋਣੇ ਲਾਜ਼ਮੀ ਹਨ ਨਹੀਂ ਤਾਂ ਜਥੇਬੰਦੀ ਨਹੀਂ ਬਣ ਸਕੇਗੀ, ਭਾਵੇਂ ਕਿ ਜਥੇਬੰਦੀ ਜੰਗਵੀਰ ਤੇ ਜਸਪਾਲ ਤੋਂ ਬਗੈਰ ਵੀ ਬਣ ਸਕਦੀ ਸੀ ਪਰ ਉਨ੍ਹਾਂ ਸਮਿਆਂ ਵਿਚ ਇਕ ਸਤਿਕਾਰ ਸੀ, ਭਾਵ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਇਕ ਸਤਿਕਾਰ ਸੀ, ਹੁਣ ਤਾਂ ਚਾਰ ਪੱਤਰਕਾਰ ਇਕੱਠੇ ਹੋਏ ਤੇ ਜਥੇਬੰਦੀ ਬਣ ਜਾਂਦੀ ਹੈ ਤੇ ਵੱਖਰੇ ਪ੍ਰੈਸ ਕਲੱਬ ਦੀ ਮੰਗ ਸ਼ੁਰੂ ਹੋ ਜਾਂਦੀ ਹੈ, ਟਾਈਮਜ਼ ਆਫ਼ ਇੰਡੀਆ ਦੇ ਸੀਨੀਅਰ ਸਟਾਫ਼ ਰਿਪੋਰਟਰ ਗੁਰਕਿਰਪਾਲ ਸਿੰਘ ਅਸ਼ਕ ਤੇ ਦੇਸ਼ ਸੇਵਕ ਦੇ ਸਟਾਫ਼ ਰਿਪੋਰਟਰ ਗੁਰਨਾਮ ‌ਸਿੰਘ ਅਕੀਦਾ (ਇਨ੍ਹਾਂ ਸਤਰਾਂ ਦਾ ਲੇਖਕ) ਨੇ ਇਸ ਬਾਰੇ ਅਹਿਮ ਰੋਲ ਨਿਭਾਇਆ ਤੇ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਦੀ ਏਕਤਾ ਹੋ ਗਈ। ਉਸ ਤੋਂ ਬਾਅਦ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਹੋਂਦ ਵਿਚ ਆਈ, ਜਿਸ ਦਾ ਨਾਮ ਰੱਖਿਆ ਗਿਆ ‘ਪਟਿਆਲਾ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ’।
ਇਸ ਜਥੇਬੰਦੀ ਦੇ ਪਟਿਆਲਾ ਦੇ ਜ਼ਿਆਦਾਤਰ ਪੱਤਰਕਾਰ ਤੇ ਸਰਕਾਰੀ ਤੌਰ ਤੇ ਸੇਵਾ ਨਿਭਾ ਰਹੇ ਡੀਪੀਆਰਓ ਤੇ ਏਪੀਆਰਓ ਵੀ ਮੈਂਬਰ ਬਣਾਏ ਗਏ। ਇਸ ਜਥੇਬੰਦੀ ਦੇ ਮੈਂਬਰ ਬਣਨ ਲਈ ਕਈ ਸਾਰੇ ਪ੍ਰੈੱਸ ਤੇ ਗੈਰ ਪ੍ਰੈੱਸ ਵਾਲਿਆਂ ਨੇ ਸੰਪਰਕ ਕੀਤਾ, ਪਰ ਇਹ ਜਥੇਬੰਦੀ ਨਿਰੋਲ ਪੱਤਰਕਾਰਾਂ ਦੀ ਜਥੇਬੰਦੀ ਸੀ,
ਜਦੋਂ ਇਹ ਜਥੇਬੰਦੀ ਬਣੀ ਤਾਂ ਤੁਸੀਂ ਹੈਰਾਨ ਹੋਵੋਗਾ ਕਿ ਪ‌ਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਤੇ ਪੰਜਾਬ ਸਰਕਾਰ ਵਿਚ ਤਹਿਲਕਾ ਮੱਚ ਗਿਆ ਸੀ। ਪਰ ਇਹ ਤਹਿਲਕਾ ਕੋਈ ਬੰਬ ਨਹੀਂ ਸੀ ਸਾਰੇ ਪੱਤਰਕਾਰ ਆਪਣੇ ਅਖ਼ਬਾਰਾਂ ਵਿਚ ਆਮ ਵਾਂਗ ਕੰਮ ਕਰਦੇ ਸਨ। ਇਹ ਨਹੀਂ ਸੀ ਕਿ ਜਥੇਬੰਦੀ ਬਣ ਗਈ ਕਿ ਸਾਰੇ ਪੱਤਰਕਾਰ ‘ਡਾਨ’ ਬਣ ਗਏ। ਉਸ ਵੇਲੇ ਪ੍ਰਵੀਨ ਕੋਮਲ ਦੀ ਕੋਈ ਬਹੁਤੀ ਚਰਚਾ ਨਹੀਂ ਸੀ, ਪਰ ਇਕ ਗੱਲ ਜ਼ਰੂਰ ਹੈ ਕਿ ਉਹ ‘ਰਾਈਟ ਐਕਸ਼ਨ’ ਅਖ਼ਬਾਰ ਰਾਹੀਂ ਕਈ ਲੋਕਾਂ ਦੇ ਚਰਿੱਤਰ ਹਨਨ ਜ਼ਰੂਰ ਕਰਦਾ ਸੀ। ਇਸ ਜਥੇਬੰਦੀ ਵਿਚ ਉਸ ਲਈ ਕੋਈ ਥਾਂ ਨਹੀਂ ਸੀ।
ਇਸ ਜਥੇਬੰਦੀ ਵਿਚ ਅਜੀਤ ਤੋਂ ਜਸਵਿੰਦਰ ਸਿੰਘ ਦਾਖਾ ਨੂੰ ਵੀ ਮੈਂਬਰ ਬਣਾਇਆ ਗਿਆ ਸੀ ਪਰ ਉਹ ਜਥੇਬੰਦੀ ਵਿਚ ਸਰਗਰਮ ਨਹੀਂ ਸੀ। ਪਰ ਫਿਰ ਵੀ ਪਟਿਆਲਾ ਦਾ ਮੀਡੀਆ ਉਸ ਦਾ ਸਤਿਕਾਰ ਕਰਦਾ ਸੀ, ਇਹ ਜਥੇਬੰਦੀ ਚਾਹੁੰਦੀ ਸੀ ਕਿ ਜਸਵਿੰਦਰ ਸਿੰਘ ਦਾਖਾ ਇਸ ਦਾ ਰਿਕਾਰਡ ਤੌਰ ਤੇ ਮੈਂਬਰ ਬਣੇ। ਪਰ ਇਹ ਤਮੰਨਾ ਜਥੇਬੰਦੀ ਦੀ ਪੂਰੀ ਨਹੀਂ ਹੋਈ।
ਬਣਾਈ ਗਈ ਜਥੇਬੰਦੀ ਪਟਿਆਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੰਗਵੀਰ ਸਿੰਘ ਬਣੇ ਦੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਬਣਾਏ ਗਏ, ਦੋਵੇਂ ਵਿਰੋਧੀ ਸੀ, ਵਿਰੋਧੀਆਂ ਨੂੰ ਇਸ ਤਰੀਕੇ ਨਾਲ ਜੋੜਿਆ ਕਿ ਦੋਵੇਂ ਟਿੱਚ ਬਟਣਾ ਦੀ ਜੋੜੀ ਬਣ ਗਏ।
ਸਕੱਤਰ ਮੈਨੂੰ ਵੀ ਬਣਾਇਆ ਗਿਆ, ਪੱਤਰਕਾਰਾਂ ਵਿਚ ਜਥੇਬੰਦੀ ਪ੍ਰਤੀ ਬਹੁਤ ਉਤਸ਼ਾਹ ਸੀ। ਮੈਂਬਰਸ਼ਿਪ ਬੜੇ ਦਫ਼ਤਰੀ ਤਰੀਕੇ ਨਾਲ ਕੱਟੀ ਜਾ ਰਹੀ ਸੀ, ਇਸ ਸਮੇਂ ਦਰਸ਼ਨ ਸਿੰਘ ਖੋਖਰ, ਸਰਬਜੀਤ ਸਿੰਘ ਭੰਗੂ, ਭੁਪੇਸ਼ ਚੱਠਾ, ਗੁਰਨਾਮ ਸਿੰਘ ਅਕੀਦਾ, ਗੁਰਪ੍ਰੀਤ ਸਿੰਘ ਨਿੱਬਰ, ਆਈਐਸ ਚਾਵਲਾ, ਜੰਗਵੀਰ ਸਿੰਘ, ਜਸਪਾਲ ਸਿੰਘ ਢਿੱਲੋਂ, ਪ੍ਰਵੇਸ਼ ਸ਼ਰਮਾ, ਰਵੇਲ ਸਿੰਘ ਭਿੰਡਰ ਆਦਿ ਨੇ ਬੜਾ ਹੀ ਅਹਿਮ ਰੋਲ ਨਿਭਾਇਆ। ਪਟਿਆਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਦੀ ਭਲਾਈ ਲਈ ਕੰਮ ਵੀ ਕਰਨੇ ਸ਼ੁਰੂ ਕਰ ਦਿੱਤੇ ਸਨ, ਪੰਜਾਬ ਸਰਕਾਰ ਨੂੰ ਪੱਤਰ ਦੇਣੇ ਸ਼ੁਰੂ ਹੋਏ ਸਨ। ਜਿਸ ਦੀ ਕਾਰਵਾਈ ਹੋਣੀ ਲਾਜ਼ਮੀ ਸੀ, ਜਿਸ ਬਾਰੇ ਅੱਗੇ ਜਾ ਕੇ ਸਪਸ਼ਟ ਹੋਵੇਗਾ।
ਪੱਤਰਕਾਰਾਂ ਦੀ ਜਥੇਬੰਦੀ ਬਣ ਗਈ ਸੀ, ਮੀ‌ਟਿੰਗਾਂ ਬੜੇ ਸਲੀਕੇ ਵਾਲੀਆਂ ਹੁੰਦੀਆਂ ਸਨ। ਹੁਣ ਪਟਿਆਲਾ ਵਿਚ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਤਰਜ਼ ਤੇ ਪਟਿਆਲਾ ਵਿਚ ਪ੍ਰੈੱਸ ਕਲੱਬ ਬਣਾਉਣ ਦੀ ਗੱਲ ਤੁਰੀ, ਪਟਿਆਲਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚ ਆ ਗਈ ਸੀ, ਇਸ ਤੋਂ ਵੱਧ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਲਈ ਹੋਰ ਕੀ ਹੋ ਸਕਦਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕੋਲ ਮੀਡੀਆ ਨੇ ਇਸ ਬਾਰੇ ਗੱਲ ਰੱਖੀ, ਕੈਪਟਨ ਅਮਰਿੰਦਰ ਸਿੰਘ ਤੱਕ ਵੀ ਗੱਲ ਪੁੱਜਦੀ ਹੋਈ। ਹੁਣ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ ਪਟਿਆਲਾ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਦੀ.. ਬਾਕੀ ਅਗਲੇ ਭਾਗ ਵਿਚ.... ਸੰਪਰਕ : 8146001100
ਮੇਰੇ ਵਲੋਂ ਖਾਸ ਬੇਨਤੀ ... ਕਿਰਪਾ ਨੋਟ ਕਰਨਾ ਜੀ... ਇਸ ਇਤਿਹਾਸਕ ਲੇਖ ਬਾਰੇ ਕਿਸੇ ਕੋਲ ਹੋਰ ਵੀ ਪੱਖ ਹੋ ਸਕਦੇ ਹਨ ਉਹ ਬਲੌਗ ਵਿਚ ਇਸ ਲੇਖ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ ਜਾਂ ਫਿਰ ਮੈਨੂੰ ਫ਼ੋਨ ਕਰਕੇ ਦੱਸ ਸਕਦਾ ਹੈ ਤਾਂ ਕਿ ਇਸ ਲੇਖ ਵਿਚ ਕੁਝ ਹੋਰ ਜੋੜਿਆ ਜਾ ਸਕੇ, ਮੈਂ ਉਨ੍ਹਾਂ ਦਾ ਬਹੁਤ ਮਸ਼ਕੂਰ ਹੋਵਾਂਗਾ, ਜੇਕਰ ਮੇਰੀ ਕਿਤੇ ਗ਼ਲਤੀ ਹੋਵੇ ਤਾਂ ਜ਼ਰੂਰ ਦੱਸਣਾ ਮੈਂ ਧੰਨਵਾਦੀ ਹੋਵਾਂਗਾ, ਜਿਵੇਂ ਇਸ ਪਹਿਲੇ ਚਾਰ ਨੰਬਰ ਭਾਗ ਵਿਚ ਇਕ ਗ਼ਲਤੀ ਨੂੰ ਦਰੁਸਤ ਮੇਰੇ ਵੀਰ ਪੱਤਰਕਾਰ ਪ੍ਰਦੀਪ ਸ਼ਾਹੀ ਨੇ ਦਰੁਸਤ ਕਰਵਾਇਆ ਸੀ ਧੰਨਵਾਦ ਪ੍ਰਦੀਪ ਸ਼ਾਹੀ ਜੀ ... ਕਿਸੇ ਵੀਰ ਭੈਣ ਨੂੰ ਕੁਝ ਬੁਰਾ ਲੱਗਦਾ ਹੋਵੇ ਮੈਂ ਉਸ ਤੋਂ ਤਹਿ ਦਿਲੋਂ ਮਾਫ਼ੀ ਮੰਗਦਾ ਹਾਂ.. ਮੇਰੇ ਵਿਰੁੱਧ ਥਾਣੇ, ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਮੇਰੇ ਨਾਲ ਗੱਲ ਜ਼ਰੂਰ ਕਰ ਲੈਣਾ ਜੀ,ਮੇਰੀ ਭਾਵਨਾ ਕਿਸੇ ਦੀ ਵਿਰੋਧਤਾ ਵਿਚ ਲਿਖਣਾ ਬਿਲਕੁਲ ਨਹੀਂ ਹੈ, ਮੈਂ ਤਾਂ ਪਟਿਆਲਾ ਦੇ ਪੱਤਰਕਾਰਾਂ ਦਾ ਇਤਿਹਾਸ ਬਣਾ ਰਿਹਾ ਹਾਂ ਜੋ ਨਾ ਪਹਿਲਾਂ ਕਿਸੇ ਨੇ ਬਣਾਇਆ ਹੈ ਸ਼ਾਇਦ ਨਾ ਹੀ ਕੋਈ ਅੱਗੇ ਬਣਾਏਗਾ.. ਹੋ ਸਕਦਾ ਹੈ ਮੇਰੀ ਵਿਰੋਧਤਾ ਕਰਨ ਵਾਲੇ ਇਸ ਬਾਰੇ ਆਪਣੇ ਵਿਚਾਰ ਰੱਖਦੇ ਹੋਣ ਪਰ ਉਨ੍ਹਾਂ ਵੱਲੋਂ ਵੀ ਬਲੌਗ ਪੜ੍ਹਨ ਦਾ ਧੰਨਵਾਦ ਜੀ.. ਅਕੀਦਾ

Monday, November 03, 2025

ਪੱਤਰਕਾਰ-ਪੁਲੀਸ ਦਾ ਦਬਦਬਾ ਬਨਾਮ ਪੱਤਰਕਾਰਾਂ ਦੀ ਏਕਤਾ : ਆਤਮਦਾਹ ਦੀ ਜ਼ਿੰਮੇਵਾਰੀ

ਪੱਤਰਕਾਰੀ ਦਾ ਇਤਿਹਾਸ ਭਾਗ -4 ਲੇਖਕ : ਗੁਰਨਾਮ ਸਿੰਘ ਅਕੀਦਾ
ਪੰਜਾਬ ਕੇਸਰੀ ਤੋਂ ਬਾਅਦ ਹਿੰਦੀ ਪੱਤਰਕਾਰਤਾ ਦੀ ਸ਼ੁਰੂਆਤ ਪੰਜਾਬ ਵਿਚ ਹੋਣ ਲੱਗ ਪਈ ਸੀ, ਹਿੰਦੀ ਪੱਤਰਕਾਰਤਾ ਵਿਚ ਚੰਗਾ ਪੱਖ ਇਹ ਸੀ ਕਿ ਉਨ੍ਹਾਂ ਪੀਲੀ ਪੱਤਰਕਾਰੀ ਤੋਂ ਬਗੈਰ ਪੰਜਾਬ ਵਿਚ ਆਪਣਾ ਕੰਮ ਸ਼ੁਰੂ ਕੀਤਾ, ਖ਼ਾਸ ਗੱਲ ਇਹ ਸੀ ਕਿ ਹਿੰਦੀ ਅਖ਼ਬਾਰਾਂ ਵਿਚ ਗੈਰ ਪੰਜਾਬੀ ਜ਼ਿਆਦਾ ਪੱਤਰਕਾਰ ਪੰਜਾਬ ਵਿਚ ਕਾਰਜਸ਼ੀਲ ਕੀਤੇ ਗਏ ਸਨ। ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਥੋੜ੍ਹਾ ਨਿਰਪੱਖ ਸੀ ਤੇ ਥੋੜ੍ਹਾ ਨਿਡਰ ਵੀ ਸੀ, ਉਨ੍ਹਾਂ ਨੇ ਪੰਜਾਬ ਵਿਚ ਇਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਜਿਵੇਂ ਕਿ ਉਹ ਹੀ ਹੁਣ ਪੱਤਰਕਾਰ ਹਨ, ਪੰਜਾਬੀ ਪੱਤਰਕਾਰਾਂ ਨਾਲ ਉਨ੍ਹਾਂ ਦੀ ਸਾਂਝ ਬਣਨ ਵਿਚ ਥੋੜ੍ਹਾ ਸਮਾਂ ਲੱਗ ਰਿਹਾ ਸੀ, ਕਿਉਂਕਿ ਉਹ ਜਿੱਥੋਂ ਵੀ ਪੱਤਰਕਾਰੀ ਕਰਕੇ ਆਏ ਹਨ ਸ਼ਾਇਦ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਫਰੈਂਡਲੀ ਨਾ ਹੋਵੇ, ਜਾਂ ਇੰਜ ਕਹਿ ਲਓ ਕਿ ਉਹ ਪੰਜਾਬ ਵਿਚ ਆਪਣੀ ਵੱਖਰੀ ਹੋਂਦ ਬਣਾਉਣਾ ਚਾਹੁੰਦੇ ਹਨ, ਥੋੜ੍ਹਾ ਹੰਕਾਰ ਜਿਸ ਨੂੰ ਈਗੋ ਵੀ ਕਿਹਾ ਜਾਂਦਾ ਹੈ ਇਨ੍ਹਾਂ ਵਿਚੋਂ ਜ਼ਿਆਦਾਤਰ ਪੱਤਰਕਾਰਾਂ ਵਿਚ ਨਜ਼ਰ ਆ ਜਾਂਦੀ ਸੀ ਪਰ ਫਿਰ ਵੀ ਕਈਆਂ ਨਾਲ ਸਾਂਝ ਬਣਦੀ ਵੀ ਜਾ ਰਹੀ ਸੀ ਪਰ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਆਪਣਾ ਹੀ ਸੀ, ਜਿੱਥੇ ਪੰਜਾਬੀ ਪੱਤਰਕਾਰੀ ਪ੍ਰੈੱਸ ਨੋਟਾਂ ਤੇ ਸਹਾਰੇ ਜਾਂ ਫਿਰ ਛੋਟੇ ਮੋਟੇ ਸਪੌਟ ਦੇ ਸਹਾਰੇ ਚੱਲਦੀ ਸੀ, ਉੱਥੇ ਹਿੰਦੀ ਪੱਤਰਕਾਰਾਂ ਨੇ ਅੰਗਰੇਜ਼ੀ ਪੱਤਰਕਾਰਾਂ ਵਾਂਗ ਹੀ ਵਿਸ਼ੇਸ਼ ਰਿਪੋਰਟਾਂ ਨੂੰ ਜ਼ਿਆਦਾ ਸਪੇਸ ਦੇਣੀ ਸ਼ੁਰੂ ਕੀਤੀ ਹੋਈ ਸੀ, ਇਹ ਪੱਤਰਕਾਰ ਲੋਕ-ਮਸਲੇ ਉਭਾਰਦੇ ਸਨ, ਬੇਸ਼ੱਕ ਇਹ ਹਦਾਇਤਾਂ ਉਨ੍ਹਾਂ ਨੂੰ ਮਾਲਕਾਂ ਦੀਆਂ ਹੋਣੀਆਂ ਹਨ, ਪਰ ਇਹ ਪੱਤਰਕਾਰ ਮਿਹਨਤੀ ਵੀ ਸਨ, ਹਾਲਾਂ ਕਿ ਪੰਜਾਬ ਬਾਰੇ ਇਨ੍ਹਾਂ ਨੂੰ ਬਹੁਤੀ ਸਮਝ ਵੀ ਨਹੀਂ ਸੀ, ਜਿਸ ਲਈ ਉਹ ਕਈ ਸਾਰੇ ਪੰਜਾਬੀ ਪੱਤਰਕਾਰਾਂ ਦਾ ਸਹਾਰਾ ਲੈਂਦੇ ਸਨ। ਪਰ ਇਕ ਗੱਲ ਕਹਿਣ ਵਿਚ ਕੋਈ ਗੁਰੇਜ਼ ਨਹੀਂ ਹੈ ਕਿ ਇਹ ਪੱਤਰਕਾਰ ਮਿਹਨਤੀ ਸਨ ਤੇ ਫ਼ੀਲਡ ਵਿਚ ਕੰਮ ਕਰਦੇ ਸਨ। ਇਕ ਅਖ਼ਬਾਰ ਵਿਚ ਇਕ ਪੱਤਰਕਾਰ ਨਹੀਂ ਸਗੋਂ ਕਈ ਕਈ ਪੱਤਰਕਾਰ ਜ਼ਿਲ੍ਹਾ ਸੰਭਾਲਦੇ ਸਨ। ਜੋ ਆਪੋ ਆਪਣੀਆਂ ਬੀਟਾਂ ’ਤੇ ਕੰਮ ਕਰਦੇ ਸਨ, ਇਕ ਗੱਲ ਹਿੰਦੀ ਅਖ਼ਬਾਰਾਂ ਨੇ ਹੋਰ ਪੰਜਾਬ ਵਿਚ ਪੱਕੀ ਕਰਕੇ ਲਿਆਂਦੀ ਕਿ ਇਹ ਸਵੇਰੇ ਪੱਤਰਕਾਰਾਂ ਦੀ ਮੀ‌ਟਿੰਗ ਕਰਦੇ ਤੇ ਰੋਜ਼ਾਨਾ ਦੀਆਂ ਖ਼ਬਰਾਂ ਬਾਰੇ ਗੱਲ ਕਰਦੇ, ਜੋ ਖ਼ਬਰ ਰਹਿ ਗਈ ਉਸ ਬਾਰੇ, ਅੱਜ ਕੀ ਖ਼ਬਰਾਂ ਕਰਨੀਆਂ ਹਨ ਉਨ੍ਹਾਂ ਬਾਰੇ ਸਵੇਰੇ ਹੀ ਮੀ‌‌ਟਿੰਗ ਹੁੰਦੀ ਸੀ। ਸਵੇਰੇ ਹੀ ਤਹਿ ਹੋ ਜਾਂਦਾ ਸੀ ਕਿ ਅੱਜ ਵਿਸ਼ੇਸ਼ ਰਿਪੋਰਟਾਂ ਕ‌ਿਹੜੀਆਂ ਕਰਨੀਆਂ ਹਨ, ਉਸ ਤੇ ਪੱਤਰਕਾਰ ਵਿਸ਼ੇਸ਼ ਤਵੱਜੋ ਦਿੰਦੇ ਸਨ, ਬਾਕੀ ਜੋ ਬੀਟਾਂ ਅਨੁਸਾਰ ਸਪੌਟ ਅਨੁਸਾਰ ਤੇ ਪ੍ਰੈੱਸ ਨੋਟਾਂ ਦੀ ਹਾਜ਼ਰੀ ਲਗਾਉਣੀ ਵੀ ਸੰਭਵ ਸੀ। ਪਟਿਆਲਾ ਵਿਚ ਭਾਸਕਰ ਤੋਂ ਬਾਅਦ ਅਮਰ ਉਜਾਲਾ ਤੇ ਦੈਨਿਕ ਜਾਗਰਨ ਵਰਗੇ ਵੱਡੇ ਗਰੁੱਪਾਂ ਨੇ ਆਪਣੀ ਭਰਵੀਂ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਭਾਸਕਰ ਵਿਚ ਕਮਲੇਸ਼ (ਪੰਜਾਬੀ) ਨੇ ਬਿਨਾਂ ਦਫ਼ਤਰ ਤੋਂ ਕੰਮ ਕਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਅਮਰਜੀਤ ਸਿੰਘ ਭਾਸਕਰ ਵਿਚ ਬਤੌਰ ਪ‌‌ਟਿਆਲਾ ਦੇ ਫਾਊਂਡਰ ਸੰਪਾਦਕ ਆਏ (ਪੰਜਾਬੀ) ਸੀ, ਥੋੜ੍ਹਾ ‘ਈਗੋਇਸਟ’ ਸੀ, ਉਸ ਤੋਂ ਬਾਅਦ ਗੁਲਸ਼ਨ ਕੁਮਾਰ ਕਾਫ਼ੀ ਫਰੈਂਡਲ ਸੀ, ਗੌਰਵ ਸ਼ਰਮਾ ਥੋੜ੍ਹਾ ਫਰੈਂਡਲੀ ਸੀ, ਸੁਪਰਟੀਮ ਬੈਨਰਜੀ ਯਾਰਾਂ ਦਾ ਯਾਰ ਸੀ, ਦੀਪਕ ਮੋਦ‌ਿਗਿੱਲ ਆਪਣੇ ਆਪ ਵਿਚ ਮਸਤ ਪਰ ਚੰਗਾ ਪੱਤਰਕਾਰ, ਪ੍ਰਤਿਭਾ ਸਿਆਣੀ ਕੁੜੀ ਸੀ, ਨਰੇਸ਼, ਸੋਬਨ ਗੋਸਾਈਂ ਪਹਾੜੀ ਸੀ ਪਿਆਰਾ ਮੁੰਡਾ ਸੀ, ਰਾਣਾ ਰਣਬੀਰ ਇਕ ਆਦਰਸ਼ਵਾਦੀ ਪੱਤਰਕਾਰ, ਮੁਕੇਸ਼, ਵਰਿੰਦਰ ਸੈਣੀ ਮਿਹਨਤੀ, ਵਿਸ਼ਾਲ ਭਾਰਦਵਾਜ, ਫ਼ੋਟੋ ਗ੍ਰਾਫਰ ਅਜੇ ਸ਼ਰਮਾ ਪਿਆਰਾ ਬੱਚਾ, ਪ੍ਰੇਮ ਵਰਮਾ, ਸ਼ੰਸਾਂਕ ਪੰਜਾਬੋਂ ਬਾਹਰਲੇ ਪੱਤਰਕਾਰਾਂ ਵਰਗਾ ਹੀ, ਬਲਵਿੰਦਰ ਸਿੰਘ (ਬਾਅਦ ਵਿਚ ਦੈਨਿਕ ਜਾਗਰਣ ਵਿਚ ਚਲਾ ਗਿਆ), ਗੌਰਵ ਸੂਦ (ਬਾਅਦ ਵਿਚ ਜਾਗਰਣ ਵਿਚ ਚਲਾ ਗਿਆ) ਅਰਵਿੰਦ ਸ੍ਰੀ ਵਾਸਤਵਾ ਪੰਜਾਬੋਂ ਬਾਹਰਲੇ ਪੱਤਰਕਾਰਾਂ ਵਰਗਾ ਹੀ, ਸੰਦੀਪ ਟੁਰਨਾ ਆਦਿ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਨੇ ਪਟਿਆਲਾ ਵਿਚ ਭਾਸਕਰ ਵਿਚ ਕੰਮ ਕੀਤਾ ਤੇ ਭਾਸਕਰ ਨੂੰ ਜ਼ਿਕਰਯੋਗ ਬਣਾਇਆ ਅੱਜ ਵੀ ਰਾਣਾ ਰਣਬੀਰ ਵਰਗੇ ਨਿਰਪੱਖ ਪੱਤਰਕਾਰ ਇਸ ਦੀ ਸ਼ਾਨ ਹਨ। ਇਸ ਵੇਲੇ ਪਟਿਆਲਾ ਦੇ ਇਲੈਕਟ੍ਰੋਨਿਕ ਮੀਡੀਆ ਵਿਚ ਵਿਸ਼ਾਲ ਅੰਗਰੀਸ਼ ਵੀ ਸਰਗਰਮ ਹੋ ਗਏ ਸਨ। ਡੀਡੀ ਨਿਊਜ ਵੱਲੋਂ ਅਮਰਦੀਪ ਸਿੰਘ ਸਰਗਰਮ ਸਨ। ਅਮਰ ਉਜਾਲਾ ਵਿਚ ਰਤਨੇਸਵਰ ਪਾਂਡੇ ਤੇ ਹੋਰ ਕਈ ਪੱਤਰਕਾਰਾਂ ਸਮੇਤ ਅੱਜ ਤੱਕ ਰਿੰਪੀ ਗੁਪਤਾ ਕਾਰਜਸ਼ੀਲ ਹਨ। ਇਸੇ ਤਰ੍ਹਾਂ ਦੈਨਿਕ ਜਾਗਰਨ ਵਿਚ ਸ਼ੁਰੂਆਤੀ ਦੌਰ ਵਿਚ ਪਟਿਆਲਾ ਤੋਂ ਸਰਬਜੀਤ ਉੱਖਲਾ (ਇਕ ਬਹੁਤ ਚੰਗਾ ਆਦਰਸ਼ਵਾਦੀ ਪੱਤਰਕਾਰ) ਨੇ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਸੰਜੇ ਵਰਮਾ (ਇਕ ਚੰਗਾ ਪੱਤਰਕਾਰ), ਭੁਪੇਸ਼ ਚੱਠਾ (ਰਾਸਟਰਪਤੀ ਐਵਾਰਡੀ ਪੱਤਰਕਾਰ) ਵਰਗੇ ਪੱਤਰਕਾਰਾਂ ਨੇ ਵੀ ਦੈਨਿਕ ਜਾਗਰਣ ਲਈ ਕੰਮ ਕੀਤਾ, ਅੱਜ ਕੱਲ੍ਹ ਤਾਂ ਦੈਨਿਕ ਜਾਗਰਣ ਸਮੇਤ ਪੰਜਾਬੀ ਜਾਗਰਣ ਦਾ ਸਟਾਫ਼ ਰਿਪੋਰਟ ਤੇ ਜ਼ਿਲ੍ਹਾ ਇੰਚਾਰਜ ਨਵਦੀਪ ਢੀਂਗਰਾ (ਨਵਦੀਪ ਢੀਂਗਰਾ ਪਹਿਲਾਂ ਸਪੋਕਸਮੈਨ ਵਿਚ ਬਿਜ਼ਨੈੱਸ ਪ੍ਰਤੀਨਿਧ ਹੁੰਦੇ ਸਨ ਪਰ ਮੈਂ (ਇਨ੍ਹਾਂ ਸਤਰਾਂ ਦੇ ਲੇਖਕ) ਜਦੋਂ ਸਪੋਕਸਮੈਨ ਦਾ ਪੰਜਾਬ ਬਿਊਰੋ ਸੀ ਤਾਂ ਉਸ ਵੇਲੇ ਮੈਂ ਪਟਿਆਲਾ ਦਫ਼ਤਰ ਤੋਂ ਕੰਮ ਕਰਦਾ ਸੀ, ਉਸ ਵੇਲੇ ਉਸ ਨੂੰ ਮੈਂ ਹੀ ਬਤੌਰ ਪੱਤਰਕਾਰ ਸਪੋਕਸਮੈਨ ਵਿਚ ਨਿਯੁਕਤ ਕਰਵਾਇਆ ਸੀ ਤੇ ਅੱਜ ਉਹ ਇਕ ਚੰਗਾ ਪੱਤਰਕਾਰ ਬਣ ਕੇ ਉੱਭਰਿਆ ਹੈ। ਤੇ ਪੰਜਾਬੀ ਜਾਗਰਣ ਵਿਚ ਪਰਗਟ ਸਿੰਘ ਬਲਬੇੜਾ ਵੀ ਕੰਮ ਕਰ ਰਹੇ ਹਨ। ਸੁਰੇਸ਼ ਕਾਮਰਾ ਵਰਗੇ ਪੱਤਰਕਾਰ, ਅਰਵਿੰਦ ਸ੍ਰੀ ਵਾਸਤਵ, ਦੀਪਕ ਮੋਦ‌ਿਗਿਲ ਆਦਿ ਵੀ ਦੈਨਿਕ ਜਾਗਰਣ ਵਿਚ ਕਾਰਜਸ਼ੀਲ ਹਨ। ਅਮਰ ਉਜਾਲਾ ਦੇ ਬਿਊਰੋ ਹੈੱਡ ਪ੍ਰਦੀਪ ਮਿਸ਼ਰਾ ਨੇ ਪਟਿਆਲਾ ਵਿਚ ਪੱਤਰਕਾਰਤਾ ਦੀ ਭਰਵੀਂ ਹਾਜ਼ਰੀ ਲਗਾ ਰੱਖੀ ਸੀ, ਪਟਿਆਲਾ ‌ਵਿਚ ਦੇਹ ਵਪਾਰ ਦਾ ਧੰਦਾ ਜ਼ੋਰਾਂ ਤੇ ਚੱਲ ਰਿਹਾ ਸੀ, ਇਸ ਸਬੰਧੀ ਇਕ ਲੜੀ ਅਮਰ ਉਜਾਲਾ ਵੱਲੋਂ ਸ਼ੁਰੂ ਕੀਤੀ ਗਈ, ਇਸ ਲੜੀ ਕਰਕੇ ਪਟਿਆਲਾ ਪੁਲੀਸ ਨੂੰ ਵੀ ਕਾਫ਼ੀ ਨਮੋਸ਼ੀ ਝੱਲਣੀ ਪੈ ਰਹੀ ਸੀ, ਭਾਵੇਂ ਕਿ ਇਹ ਲੜੀ ਅਸੀਂ ਵੀ ਉਸ ਤੋਂ ਪਹਿਲਾਂ ਸ਼ੁਰੂ ਕੀਤੀ ਸੀ। ਸਾਡੇ ਖ਼ਿਲਾਫ਼ ਵੀ ਕਾਫ਼ੀ ਮੁਹਿੰਮਾਂ ਸ਼ੁਰੂ ਹੋਈਆਂ ਸਨ ਪਰ ਲੋਕਲ ਪੱਤਰਕਾਰ ਹੋਣ ਕਰਕੇ ਸਾਡੇ ਵੱਲ ਦੇਹ ਵਪਾਰ ਦੇ ਧੰਦੇ ਵਿਚ ਲੁਪਤ ਲੋਕਾਂ ਵੱਲੋਂ ਕੋਈ ਕਾਰਵਾਈ ਕਰਨਾ ਔਖਾ ਸੀ, ਪਰ ਪ੍ਰਦੀਪ ਮਿਸ਼ਰਾ ਗੈਰ ਪੰਜਾਬੀ ਸੀ, ਇਸ ਕਰਕੇ ਉਸ ਵੱਲ ਸੌਖਾ ਕਾਰਵਾਈ ਕੀਤੀ ਜਾ ਸਕਦੀ ਸੀ। ਦੇਹ ਵਪਾਰ ਦੇ ਧੰਦੇ ਵਾਲੀਆਂ ਔਰਤਾਂ ਵੀ ਪ੍ਰੇਸ਼ਾਨ ਸਨ ਤੇ ਪੁਲੀਸ ਵੀ ਪ੍ਰੇਸ਼ਾਨ ਸੀ, ਪਟਿਆਲਾ ਵਿਚ ਐਸਐਸਪੀ ਪਰਮਰਾਜ ਉਮਰਾਨੰਗਲ ਹੁੰਦਾ ਸੀ।
ਇਕ ਦਿਨ ਸਵੇਰ ਦੀ ਪੱਤਰਕਾਰਾਂ ਨਾਲ ਮੀਟਿੰਗ ਕਰਨ ਤੋਂ ਪ੍ਰਦੀਪ ਮਿਸ਼ਰਾ ਦਫ਼ਤਰੀ ਕੰਮ ਦਫ਼ਤਰ ਵਿਚ ਕਰ ਰਹੇ ਸਨ। ਅਚਾਨਕ ਤਿੰਨ ਕੁੜੀਆਂ ਉਸ ਦੇ ਦਫ਼ਤਰ ਵਿਚ ਦਾਖਲ ਹੁੰਦੀਆਂ ਹਨ, ਦਫ਼ਤਰ ਦੇ ਅੰਦਰ ਚੁਫੇਰੇ ਨਜ਼ਰ ਘੁਮਾਉਂਦੀਆਂ ਹਨ, ਦਫ਼ਤਰ ਵਿਚ ਸੁੰਨਸਾਨ ਹੈ ਪਰ ਦਫ਼ਤਰ ਦੇ ਇਕ ਖੂੰਜੇ ਵਿਚ ਸਰਕੂਲੇਸ਼ਨ ਵਾਲੇ ਆਪਣੇ ਕੰਮ ਵਿਚ ਮਸਰੂਫ਼ ਹਨ। ਸੇਵਾਦਾਰ ਕਿਸੇ ਕੰਮ ਬਾਹਰ ਗਿਆ ਹੈ, ਪ੍ਰਦੀਪ ਮਿਸ਼ਰਾ ਦਾ ਧਿਆਨ ਇਨ੍ਹਾਂ ਕੁੜੀਆਂ ਵੱਲ ਗਿਆ ਤਾਂ ਉਹ ਥੋੜ੍ਹਾ ਚੌਕਸ ਹੋ‌ਇਆ, ਉਸ ਨੇ ਸਰਸਰੀ ਹਿੰਦੀ ਵਿਚ ਪੁੱਛਿਆ ‘ਜੀ ਬਤਾਈਏ, ਕਿਸੇ ਮਿਲਣਾ ਹੈ?’ ਪ੍ਰਦੀਪ ਮਿਸ਼ਰਾ ਕੋਲ ਆਉਣ ਸਾਰ ਤਿੰਨ ਕੁੜੀਆਂ ਨੇ ਨਿਮਰਤਾ ਸਹਿਤ ਨਮਸਕਾਰ ਬਗੈਰਾ ਬੁਲਾਈ ਤੇ ਨਿਮਰਤਾ ਨਾਲ ਪੁ‌ਛਿਆ ‘‘ਸਰ ਆਪ ਕੇ ਜਹਾਂ ਕੋਈ ਨੌਕਰੀ ਕੇ ਲੀਏ ਪੋਸਟ ਨਿਕਾਲੀ ਗਈ ਹੈਂ?’’ ਪ੍ਰਦੀਪ ਮਿਸ਼ਰਾ ਨੇ ਇਸ ਗੱਲੋਂ ਇਨਕਾਰ ਕੀਤਾ ਤੇ ਕਿਹਾ ਕਿ ‘ਅਭੀ ਨਹੀਂ, ਮਗਰ ਹਮੇਂ ਫ਼ੀਲਡ ਮੇ ਸਰਵੇ ਕੇ ਲੀਏ ਗਰਲਜ਼ ਚਾਈਏ,’’ ਪ੍ਰਦੀਪ ਮਿਸ਼ਰਾ ਨੇ ਕੁੜੀਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ, ਇਸ਼ਾਰਾ ਪਾਕੇ ਹੀ ਕੁੜੀਆਂ ਖੜੀਆਂ ਹੀ ਗੱਲਾਂ ਕਰਨ ਲੱਗੀਆਂ, ਸ਼ਾਇਦ ਅੱਧੇ ਜਾਂ ਫਿਰ ਇਕ ਮਿੰਟ ਦੀਆਂ ਗੱਲਾਂ ਹੋਈਆਂ ਹੋਣਗੀਆਂ ਕਿ ਅਚਾਨਕ ਕੁੜੀਆਂ ਨੇ ਪ੍ਰਦੀਪ ਮਿਸ਼ਰਾ ਤੇ ਥੱਪੜਾਂ ਦਾ ਅਟੈਕ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ, ਪ੍ਰਦੀਪ ਮਿਸ਼ਰਾ ਤਕੜਾ ਸੀ, ਅਚਾਨਕ ਕੁਰਸੀ ਤੋਂ ਉੱਠਿਆ, ਪਰ ਕੁੜੀਆਂ ਨੇ ਇੰਨੇ ਵਿਚ ਹੀ ਹੋਰ ਕੁੱਟਣਾ ਸ਼ੁਰੂ ਕੀਤਾ ਤੇ ਕੁੜੀਆਂ ਗਾਲ਼ਾਂ ਵੀ ਕੱਢ ਰਹੀਆਂ ਸਨ, ਤੇ ਕਹਿ ਰਹੀਆਂ ਸਨ ਕਿ ‘‘ਤੂੰ ਹਮੇ ਛੇੜਤਾ ਹੈ, ਤੂੰ ਹਮੇ ਹਾਥ ਲਗਾਤਾ ਹੈ’’ ਅਜਿਹੀਆਂ ਬੇਸਿਰ ਪੈਰ ਦੀਆਂ ਗੱਲਾਂ ਕੁੜੀਆਂ ਵੱਲੋਂ ਕੀਤੀਆਂ ਜਾ ਰਹੀਆਂ ਸਨ, ਇਹ ਘਟਨਾਕ੍ਰਮ ਮਸਾਂ 2-3 ਮਿੰਟ ਦਾ ਹੀ ਹੋਇਆ ਹੋਵੇਗਾ, ਇੰਨੇ ਵਿਚ ਕੁੜੀਆਂ ਉੱਥੋਂ ਖਿਸਕ ਗਈਆਂ, ਤੇ ਉਹ ਉੱਥੋਂ ਖਿਸਕ ਕੇ ਪਟਿਆਲਾ ਦੇ ਇਕ ਥਾਣੇ ਵਿਚ ਪੁੱਜੀਆਂ। ਥਾਣੇ ਵਿਚ ਪੁੱਜ ਕੇ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ, ਸ਼ਿਕਾਇਤ ਦੇ ਮੁੱਖ ਅੰਸ਼ ਸਨ ਕਿ ‘ਪ੍ਰਦੀਪ ਮਿਸ਼ਰਾ ਕੋਲ ਅਸੀਂ ਨੌਕਰੀ ਦਾ ਪਤਾ ਕਰਨ ਗਈਆਂ ਸੀ, ਉਸ ਨੇ ਸਾਡੇ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੀ ਕੋ‌ਸ਼ਿਸ਼ ਕੀਤੀ।’ ਗੱਲ ਸਾਰੇ ਪੱਤਰਕਾਰਾਂ ਕੋਲ ਪਹੁੰਚ ਗਈ, ਪੱਤਰਕਾਰ ਝਟਪਟ ਇਕੱਠੇ ਹੋਏ ਤੇ ਐਸਐਸਪੀ ਉਮਰਾਨੰਗਲ ਕੋਲ ਪਹੁੰਚ ਗਏ, ਉਮਰਾਨੰਗਲ ਦੀ ਇਕ ਗੱਲ ਨਹੀਂ ਸਮਝ ਆਈ ਕਿ ਉਸ ਨੇ ਇਹ ਕਿਉਂ ਕਿਹਾ ਕਿ ‘‘ਪੱਤਰਕਾਰਾਂ ਨੂੰ ਵੀ ਤਾਂ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜਦੋਂ ਉਹ ਔਰਤਾਂ ਨੂੰ ਧੰਦੇ ਵਾਲੀਆਂ ਕਰਕੇ ਲਿਖਣਗੇ ਤਾਂ ਉਹ ਵੀ ਤਾਂ ਆਪਣਾ ਪੱਖ ਜ਼ਾਹਰ ਕਰਨਗੀਆਂ ਹੀ’’ ਭਾਵ ਸਪਸ਼ਟ ਹੋ ਗਿਆ ਸੀ ਕਿ ਮਾਮਲਾ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਦੀਆਂ ਅਮਰ ਉਜਾਲਾ ਵਿਚ ਪ੍ਰਕਾਸ਼ਿਤ ਹੋ ਰਹੀਆਂ ਰਿਪੋਰਟਾਂ ਨਾਲ ਜੁੜਿਆ ਹੋਇਆ ਸੀ। ਪੱਤਰਕਾਰਾਂ ਦਾ ਦਬਾਅ ਸੀ ਕਿ ਪ੍ਰਦੀਪ ਮਿਸ਼ਰਾ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ, ਪਰ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਉਹ ਤਿੰਨ ਕੁੜੀਆਂ ਕਦੇ ਵੀ ਫੇਰ ਪੁਲੀਸ ਕੋਲ ਜਾਂ ਫਿਰ ਪੱਤਰਕਾਰਾਂ ਕੋਲ ਜਾਂ ਫਿਰ ਸਮਾਜ ਵਿਚ ਕਿਤੇ ਵੀ ਨਜ਼ਰ ਨਹੀਂ ਆਈਆਂ। ਇਸ ਸਾਰੀ ਕਾਰਵਾਈ ਦੇ ਪਿੱਛੇ ਪ੍ਰਵੀਨ ਕੋਮਲ ਦੇ ਹੱਥ ਦਾ ਦੋਸ਼ ਲੱਗਿਆ, ਬੇਸ਼ੱਕ ਪ੍ਰਵੀਨ ਕੋਮਲ ਨੇ ਇਸ ਬਾਰੇ ਸਿਰੇ ਤੋਂ ਨਕਾਰਿਆ ਤੇ ਇਹ ਲਿਖਤਾਂ ‌ਲਿਖਣ ਵਾਲੇ ਨਾਲ ਗੱਲ ਦੀ ਸਾਂਝ ਪਾਉਂਦਿਆਂ ਕਿਹਾ ਕਿ ‘‘ਉਸ ਦਾ ਤਾਂ ਬਹੁਤ ਹੀ ਗੁੜ੍ਹਾ ਦੋਸਤ ਰਿਹਾ ਹੈ, ਪਰ ਇਹ ਜੋ ਮੇਰੇ ਖ਼ਿਲਾਫ਼ ਦੋਸ਼ ਲੱਗੇ ਹਨ ਉਹ ਸਰਾਸਰ ਝੂਠੇ ਸਨ।’’ ਇਹ ਵੀ ਗੱਲ ਸਹੀ ਹੈ ਕਿ ਇਸ ਚਰਚਾ ਦੇ ਪਿੱਛੇ ਦੇ ਸੱਚ ਨੂੰ ਕੋਈ ਸਾਬਤ ਨਹੀਂ ਕਰ ਸਕਦਾ ਪਰ ਇੱਥੇ ਪ੍ਰਵੀਨ ਕੋਮਲ ਦੀ ਦਹਿਸ਼ਤ ਜ਼ਰੂਰ ਆਪਣੇ ਆਪ ਹੀ ਪਟਿਆਲਾ ਦੇ ਮੀਡੀਆ ਵਿਚ ਪੈ ਗਈ ਸੀ। ਇਕ ਹੋਰ ਨਵੀਂ ਸਿਰਜਣਾ ਹੋਈ ਕਿ ਪਟਿਆਲਾ ਦੇ ਹਿੰਦੀ ਦੇ ਗੈਰ ਪੰਜਾਬੀ ਪੱਤਰਕਾਰ ਹੁਣ ਪਹਿਲਾਂ ਵਾਂਗ ਪਟਿਆਲਾ ਦੇ ਲੋਕਲ ਪੱਤਰਕਾਰਾਂ ਨੂੰ ਦੂਰ ਦੇ ਸਮਝਣ ਤੋਂ ਬੰਦ ਕਰ ਗਏ ਸਨ, ਹੁਣ ਪੰਜਾਬੀ ਪੱਤਰਕਾਰਾਂ ਤੇ ਹਿੰਦੀ ਪੱਤਰਕਾਰਾਂ ਵਿਚ ਕਾਫ਼ੀ ਮਿਲਵਰਤਨ ਬਣ ਗਿਆ ਸੀ। ਇਹ ਗੱਲ ਸਹੀ ਹੈ ਕਿ ਪੰਜਾਬੀ ਹਰੇਕ ਦੀ ਸਹਾਇਤਾ ਕਰਨ ਵਿਚ ਮਾਣ ਮਹਿਸੂਸ ਕਰਦਾ ਹੈ।ਇਸ ਘਟਨਾਂ ਤੋਂ ਬਾਅਦ ਪ੍ਰਦੀਪ ਮਿਸ਼ਰਾ ਪਟਿਆਲਾ ਤੋਂ ਬਦਲ ਗਏ ਸਨ ਤੇ ਇਥੇ ਬਿਊਰੋ ਹੈੱਡ ਦੇ ਤੌਰ ਤੇ ਰਤਨੇਸ਼ਵਰ ਪਾਂਡੇ ਨਿਯੁਕਤ ਹੋ ਗਏ ਸਨ। ਦੂਜੀ ਦ‌ਹਿਸਤ ਪ੍ਰਵੀਨ ਕੋਮਲ ਦੀ ਉਦੋਂ ਆਪਣੇ ਆਪ ਹੀ ਪਈ ਜਦੋਂ ਭਾਸਕਰ ਦੇ ਕ੍ਰਾਈਮ ਪੱਤਰਕਾਰ ਗੌਰਵ ਸ਼ਰਮਾ ਦਾ ਕਾਂਡ ਵਾਪਰਿਆ, ਇਹ ਦੋਸ਼ ਵੀ ਪ੍ਰਵੀਨ ਕੋਮਲ ਦੇ ਨਾਮ ਤੇ ਹੀ ਲੱਗਾ, ਬੇਸ਼ੱਕ ਪ੍ਰਵੀਨ ਕੋਮਲ ਨੇ ਇਸ ਤੋਂ ਵੀ ਇਨਕਾਰ ਕੀਤਾ, ਤੇ ਕਿਹਾ ਕਿ ਗੌਰਵ ਨੇ ਕੁੜੀ ਛੇੜੀ ਸੀ ਤਾਂ ਹੀ ਉਸ ਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਪਰ ਇਸ ਬਾਰੇ ਉਸ ਨੂੰ ਕੋਈ ਪਤਾ ਨਹੀਂ ਹੈ, ਪ੍ਰਵੀਨ ਕੋਮਲ ਨੂੰ ਪੁੱਛਿਆ ਗਿਆ ਕਿ ‘ਤੁਹਾਨੂੰ ਪਟਿਆਲਾ ਵਿਚ ਪੱਤਰਕਾਰਾਂ ਦੇ ਵਿਰੁੱਧ ਡਾਨ ਸਮ‌ਝਿਆ ਜਾਣ ਲੱਗ ਪਿਆ ਸੀ ਕੀ ਤੁਹਾਨੂੰ ਇਸ ਦਾ ਪਤਾ ਹੈ?’ ਪ੍ਰਵੀਨ ਕੋਮਲ ਨੇ ਕਿਹਾ ‘ਮੈਨੂੰ ਤਾਂ ਖ਼ੁਦ ਪਤਾ ਨਹੀਂ ਕਿ ਮੈਨੂੰ ਪਟਿਆਲਾ ‌ਵਿਚ ਪੱਤਰਕਾਰਾਂ ਦਾ ਡਾਨ ਸਮਝਦੇ ਸਨ। ਪਰ ਮੈਂ ਹੈਰਾਨ ਹਾਂ ਕਿ ਅਜਿਹਾ ਮੇਰੇ ਖ਼ਿਲਾਫ਼ ਕਿਉਂ ਬਿਰਤਾਂਤ ਸਿਰਜਿਆ ਗਿਆ। ਮੈਂ ਅਜਿਹੇ ਕਿਸੇ ਵੀ ਕਾਂਡ ਵਿਚ ਸ਼ਾਮਲ ਨਹੀਂ ਸੀ, ਸਗੋਂ ਪੱਤਰਕਾਰਾਂ ਦੀ ਭਲਾਈ ਲਈ ਉਹ ਸਦਾ ਕੰਮ ਕਰਦਾ ਰਿਹਾ ਤੇ ਅੱਜ ਵੀ ਕਰ ਰਿਹਾ ਹੈ।’
ਭਾਸਕਰ ਵਾਲੇ ਗੌਰਵ ਸ਼ਰਮਾ ਕ੍ਰਾਈਮ ਰਿਪੋਰਟਰ ਦਾ ਪਟਿਆਲਾ ਪੁਲੀਸ ਵਿਚ ਕਾਫ਼ੀ ਚਰਚਾ ਸੀ, ਉਹ ਪਟਿਆਲਾ ਵਿਚ ਕ੍ਰਾਈਮ ਪੱਤਰਕਾਰੀ ਵਿਚ ਤਹਿਲਕਾ ਮਚਾ ਰਿਹਾ ਸੀ, ਰੋਜ਼ਾਨਾ ਪੁਲੀਸ ਦਾ ਕੋਈ ਨਾ ਕੋਈ ਭਾਂਡਾ ਫੋੜਿਆ ਹੁੰਦਾ ਸੀ, ਪਟਿਆਲਾ ਦੇ ਐਸਐਸਪੀ ਪਰਮਰਾਜ ਉਮਰਾਨੰਗਲ ਇਸ ਗੱਲ ਨੂੰ ਲੈ ਕੇ ਕਾਫ਼ੀ ਚਿੰਤਤ ਸੀ, ਕਈ ਵਾਰੀ ਪ੍ਰੈੱਸ ਕਾਨਫ਼ਰੰਸਾਂ ਵਿਚ ਉਹ ਇਸ ਗੱਲ ਦਾ ਅਸਿੱਧੇ ਰੂਪ ਵਿਚ ਜ਼ਿਕਰ ਵੀ ਕਰ ਚੁੱਕਿਆ ਸੀ। ਪਰ ਗੌਰਵ ਸ਼ਰਮਾ ਇਸ ਗੱਲੋਂ ਕੋਈ ਪ੍ਰਵਾਹ ਨਹੀਂ ਕਰ ਰਿਹਾ ਸੀ। ਗੌਰਵ ਭਾਸਕਰ ਹਿੰਦੀ ਅਖ਼ਬਾਰ ਦਾ ਪੰਜਾਬੀ ਪੱਤਰਕਾਰ ਸੀ। ਇਕ ਦਿਨ ਉਹ ਰਾਜਿੰਦਰਾ ਹਸਪਤਾਲ ਵਿਚ ਆਮ ਦੀ ਤਰ੍ਹਾਂ ਖ਼ਬਰਾਂ ਇਕੱਤਰ ਕਰਨ ਲਈ ਆਪਣੇ ਮੋਟਰ ਸਾਈਕਲ ਤੇ ਜਾ ਰਿਹਾ ਸੀ, ਫੁਆਰਾ ਚੌਂਕ ਤੋਂ ਅਜੇ ਰਾਜਿੰਦਰਾ ਹਸਪਤਾਲ ਵਾਲੇ ਪਾਸੇ ਲੰਘਿਆ ਹੀ ਸੀ ਕਿ ਅਚਾਨਕ ਇਕ ਪੁਲੀਸ ਮੁਲਾਜ਼ਮ ਨੇ ਗੌਰਵ ਨੂੰ ਰੋਕਿਆ ਤੇ ਕਿਹਾ ਕਿ ‘ਤੁਸੀਂ ਇੱਧਰ ਫਿਰ ਰਹੇ ਹੋ ਪਰ ਲੀਲ੍ਹਾ ਭਵਨ ਵਿਚ ਗੋਪਾਲ ਸਵੀਟਸ ਕੋਲ ਤਾਂ ਕਿਸੇ ਮੁੰਡੇ ਨੇ ਇਕ ਕੁੜੀ ਨਾਲ ਵਾਹਵਾ ਝਗੜਾ ਕੀਤਾ ਹੋਇਆ ਹੈ, ਉੱਥੇ ਤਾਂ ਕਾਫ਼ੀ ਭੀੜ ਲੱਗੀ ਹੋਈ ਹੈ’ ਇਹ ਗੱਲ ਆਖੀ ਸੀ ਖ਼ਬਰ ਦੇ ਸਪੌਟ ਦੇ ਲਾਲਚ ਨਾਲ ਗੌਰਵ ਨੇ ਝੱਟ ਮੋਟਰਸਾਈਕਲ ਦਾ ਮੂੰਹ ਗੋਪਾਲ ਸਵੀਟਸ ਵਾਲੇ ਪਾਸੇ ਮੋੜ ਦਿੱਤਾ। ਗੋਪਾਲ ਸਵੀਟਸ ਕੋਲ ਜਦੋਂ ਗੌਰਵ ਗਿਆ ਤਾਂ ਉੱਥੇ ਕਾਫ਼ੀ ਇਕੱਠ ਹੋਇਆ ਸੀ, ਕੋਈ ਕੁੜੀ ਰੌਲਾ ਪਾ ਰਹੀ ਸੀ ਕਿ ਉਸ ਦੀ ਕਿਸੇ ਨੇ ਚੈਨੀ ਚੋਰੀ ਕਰ ਲਈ ਹੈ ਤੇ ਉਸ ਨੂੰ ਕਿਸੇ ਨੇ ਛੇੜਿਆ ਹੈ, ਉਸ ਨਾਲ ਬੁਰਾ ਕੀਤਾ ਹੈ ਬਗੈਰਾ ਬਗੈਰਾ। ਜਦੋਂ ਹੀ ਗੌਰਵ ਉਸ ਇਕੱਠ ਵਿਚ ਕਾਰਨ ਪੁੱਛਣ ਲੱਗਾ ਤਾਂ ਸਭ ਦਾ ਧਿਆਨ ਉਸ ਵੱਲ ਗਿਆ, ਉਹ ਕੁੜੀ ਹੋਰ ਰੌਲਾ ਪਾ ਰਹੀ ਸੀ, ਉਸ ਨੇ ਅਚਾਨਕ ਗੌਰਵ ਵੱਲ ਦੇ‌ਖਿਆ, ਨਾਲ ਹੀ ਕਿਸੇ ਹੋਰ ਵੱਲ ਵੀ ਉਹ ਦੇਖ ਰਹੀ ਸੀ, ਸ਼ਾਇਦ ਉਸ ਨੂੰ ਕਥਿਤ ਇਸ਼ਾਰਾ ਮਿਲ ਗਿਆ ਸੀ ਤਾਂ ਉਸ ਨੇ ਝੱਟ ਉਸ ਨੇ ਗੌਰਵ ਦਾ ਗਲ਼ਾਵਾਂ ਫੜ ਲਿਆ ਤੇ ਕ‌ਹਿਣ ਲੱਗੀ ‘ਇਹ ਹੀ ਹੈ ਜਿਸ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ, ਜਿਸ ਨੇ ਉਸ ਦੀ ਚੈਨੀ ਚੋਰੀ ਕੀਤੀ ਹੈ’ ਬੱਸ ਏਨਾ ਕ‌ਹਿਣਾ ਸੀ ਕਿ ਰੌਲਾ ਪੈ ਗਿਆ, ਰੌਲ਼ੇ ਵਿਚ ਹੀ ਪੁਲੀਸ ਸ਼ਿਸਤ ਬੰਨ੍ਹ ਕੇ ਖੜੀ ਸੀ ਕਿ ਗੌਰਵ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ। ਭਾਸਕਰ ਅਖ਼ਬਾਰ ਦੇ ਦਫ਼ਤਰ ਵਿਚ ਕਿਸੇ ਨੂੰ ਪਤਾ ਨਹੀਂ, ਜਦੋਂ ਉਹ ਦੇਰੀ ਤੱਕ ਨਹੀਂ ਪੁੱਜਾ ਤਾਂ ਉਸ ਨੂੰ ਭਾਸਕਰ ਵਿਚੋਂ ਫ਼ੋਨ ਕਰਨ ਲੱਗੇ ਪਰ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ, ਆਖ਼ਿਰ ਭਾਸਕਰ ਵਿਚੋਂ ਮੇਰੇ ਕੋਲ (ਇਨ੍ਹਾਂ ਸਤਰਾਂ ਦੇ ਲੇਖਕ ਕੋਲ) ਫ਼ੋਨ ਆਇਆ, ਨਾਲ ਦੀ ਨਾਲ ਪੱਤਰਕਾਰਾਂ ਨੂੰ ਫ਼ੋਨ ਕੀਤੇ ਗਏ, ਪੱਤਰਕਾਰ ਜਿਸ ਨੂੰ ਵੀ ਫ਼ੋਨ ਗਿਆ, ਇਕ ਦੋ ਨੂੰ ਛੱਡ ਕੇ ਸਾਰੇ ਬਾਰਾਂਦਰੀ ਐਸਐਸਪੀ ਦਫ਼ਤਰ ਦੇ ਬਾਹਰ ਇਕੱਠੇ ਹੋ ਗਏ ਸਨ, ਬੜਾ ਹੀ ਤਰੱਦਦ ਕਰਨ ਤੋਂ ਬਾਅਦ ਪਤਾ ਲੱਗਾ ਕਿ ਗੌਰਵ ਤਾਂ ਮਾਡਲ ਟਾਊਨ ਦੀ ਪੁਲੀਸ ਚੌਂਕੀ ਵਿਚ ਬੰਦ ਹੈ। ਸਾਰੇ ਪੱਤਰਕਾਰ ਉੱਧਰ ਨੂੰ ਹੋ ਲਏ, ਪੁਲੀਸ ਚੌਂਕੀ ਵਿਚ ਜਾ ਕੇ ਦੇਖਿਆ, ਪੁਲੀਸ ਚੌਂਕੀ ਵਿਚ ਸੰਨਾਟਾ ਸੀ, ਮੌਤ ਵਰਗਾ ਸੰਨਾਟਾ, ਗੌਰਵ ਨੂੰ ਸਖ਼ਤ ਮੁਜਰਮਾਂ ਵਾਂਗ ਹਵਾਲਾਤ ਵਿਚ ਬੰਦ ਕੀਤਾ ਹੋਇਆ ਸੀ, ਉਸ ਦੀ ਜਾਮਾ ਤਲਾਸ਼ੀ ਹੋ ਗਈ ਸੀ, ਉਸ ਦੇ ਪੈਰ ਨੰਗੇ ਸਨ। ਉਸ ਦਾ ਚਿਹਰੇ ਤੇ ਬੇਸ਼ੱਕ ਇਕ ਘਬਰਾਹਟ ਸੀ ਪਰ ਉਹ ਫਿਰ ਵੀ ਨਿਡਰ ਨਜ਼ਰ ਆ ਰਿਹਾ ਸੀ। ਉਸ ਤੋਂ ਬਾਅਦ ਦੇਰ ਰਾਤ ਐਸਐੇਸਪੀ ਨਾਲ ਸੰਪਰਕ ਕੀਤਾ ਗਿਆ, ਐਸਐਸਪੀ ਨਾਲ ਸੰਪਰਕ ਨਹੀਂ ਹੋ ਰਿਹਾ ਸੀ, ਪਰ ਰਾਤ ਨੂੰ ਗੌਰਵ ਨੂੰ ਕੋਈ ਵੀ ਹਿਰਾਸਤ ਵਿਚੋਂ ਛੱਡਣ ਲਈ ਤਿਆਰ ਨਹੀਂ ਸੀ, ਐਸਐਸਪੀ ਦੇ ਘਰ ਜਾਣਾ ਪਿਆ, ਆਖ਼ਿਰ ਗੌਰਵ ਨੂੰ ਪੱਤਰਕਾਰਾਂ ਵੱਲੋਂ ਕੀਤੀ ਮਿਹਨਤ ਨੇ ਛੁਡਾ ਲਿਆ ਸੀ। ਗੌਰਵ ਵਾਰ ਵਾਰ ਇਹ ਕਹਿ ਰਿਹਾ ਸੀ ‘ਇਹ ਕੀ ਹੋਇਆ ਮੇਰੇ ਨਾਲ? ਕਹਿੰਦੀ ਮੈਂ ਉਸ ਦੀ ਚੈਨੀ ਵੀ ਖੋਹ ਲਈ ਹੈ, ਯਾਰ ਕਮਾਲ ਹੋ ਗਈ’ ਉਸ ਦੀਆਂ ਉਸ ਵੇਲੇ ਦੀਆਂ ਗੱਲਾਂ ਯਾਦ ਕਰਕੇ ਅੱਜ ਹੈਰਾਨ ਵੀ ਹੁੰਦੇ ਹਾਂ ਤੇ ਹਾਸਾ ਵੀ ਆਉਂਦਾ ਹੈ ਕਿ ਪੁਲੀਸ ਕਿਵੇਂ ਪੱਤਰਕਾਰਾਂ ਨੂੰ ਫਸਾਉਂਦੀ ਹੈ, ਪਟਿਆਲਾ ਵਿਚ ਉਸ ਵੇਲੇ ਪੱਤਰਕਾਰਾਂ ਦਾ ਏਕਾ ਸੀ ਨਹੀਂ ਤਾਂ ਗੌਰਵ ਦੀ ਜੇਲ੍ਹ ਦੀ ਤਿਆਰੀ ਹੋ ਹੀ ਗਈ ਸੀ, ਹੈਰਾਨੀਜਨਕ ਇਹ ਵੀ ਹੈ ‌ਕਿ ਗੌਰਵ ਖ਼ਿਲਾਫ਼ ਤਾਂ ਪੁਲੀਸ ਕਾਰਵਾਈ ਕੋਈ ਖ਼ਾਸ ਨਹੀਂ ਹੋਈ ਪਰ ਗੌਰਵ ਨੂੰ ਫੜਾਉਣ ਵਾਲੀ ਉਹ ਕੁੜੀ ਅੱਜ ਤੱਕ ਕਦੇ ਵੀ ਸਾਹਮਣੇ ਨਹੀਂ ਆਈ, ਨਾ ਤਾਂ ਉਹ ਮੁੜ ਕੇ ਇਹ ਕਲੇਮ ਕਰਨ ਲਈ ਪੁੱਜੀ ਕਿ ਉਸ ਦੀ ਚੈਨ ਖੋਹ ਲਈ ਹੈ ਨਾ ਹੀ ਉਹ ਕਦੇ ਮੁੜ ਕੇ ਕੇਸ ਦੀ ਪੈਰਵੀ ਕਰਨ ਪੁੱਜੀ, ਭਾਵ ਕਿ ਉਹ ਕੁੜੀ ਜਿਵੇਂ ਭੂਤਨੀ ਸੀ ਉਹ ਆਈ ਤੇ ਕਾਰਵਾਈ ਕਰਵਾ ਕੇ ਚੱਲਦੀ ਬਣੀ ਭਾਵ ਅਲੋਪ ਹੋ ਗਈ। ਪਰ ਗੌਰਵ ਨੂੰ ਸਮਝ ਆ ਗਈ ਸੀ ਕਿ ਕ੍ਰਾਈਮ ਪੱਤਰਕਾਰੀ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ। ਪੁਲੀਸ ਕੇਸ ਬਣਾ ਵੀ ਸਕਦੀ ਹੈ ਪੁਲੀਸ ਝੂਠੇ ਕੇਸ ਵਿਚ ਫਸਾ ਵੀ ਸਕਦੀ ਹੈ, ਪਰ ਜੇਕਰ ਪੱਤਰਕਾਰਾਂ ਦਾ ਏਕਾ ਹੋਵੇ ਤਾਂ ਪੁਲੀਸ ਆਪਣਾ ਕਦਮ ਪਿੱਛੇ ਵੀ ਖਿੱਚ ਲੈਂਦੀ ਹੈ।
ਐਸਐਸਪੀ ਉਮਰਾਨੰਗਲ ਦੇ ਅਜਿਹੇ ਬਹੁਤ ਸਾਰੇ ਕਾਰਨਾਮੇ ਹਨ ਜੋ ਜ਼ਿਕਰ ਕੀਤੇ ਜਾ ਸਕਦੇ ਹਨ। ਦਲੇਰ ਮਹਿੰਦੀ ਦਾ ਪ੍ਰਕਰਨ ਵੱਡਾ ਸਬੂਤ ਹੈ। ਇਕ ਹੋਰ ਮਾਮਲਾ ਯਾਦ ਆਗਿਆ, ਜਿਸ ਲਈ ਮੇਰੇ ਸਾਥੀ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਨੇ ਵੀ ਮਦਦ ਕੀਤੀ, ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਮਹਿੰਦੀ ਤੇ ਦੋਸ਼ ਲੱਗੇ ਸਨ ਕਿ ਉਸ ਨੇ ਵਿਦੇਸ਼ਾਂ ਵਿਚ ਲੈ ਜਾਣ ਲਈ ਕੁਝ ਵਿਅਕਤੀਆਂ ਤੋਂ ਰੁਪਏ ਲਏ ਹਨ, ਉਸ ਵਿਚ ਦਲੇਰ ਮਹਿੰਦੀ ਦਾ ਨਾਮ ਵੀ ਬੋਲਦਾ ਸੀ, ਦਲੇਰ ਮਹਿੰਦੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਕਿ ਪਟਿਆਲਾ ਪੁਲੀਸ ਨੇ ਉਸ ਨਾਲ ਸੰਪਰਕ ਕਰਕੇ ਕਥਿਤ ਰੁਪਿਆਂ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਐਸਐਸਪੀ ਪਰਮਰਾਜ ਉਮਰਾਨੰਗਲ ਦੀ ਅਗਵਾਈ ਵਿਚ ਦਲੇਰ ਮ‌ਹਿੰਦੀ ਨੂੰ ਪਟਿਆਲਾ ਪੁਲੀਸ ਵੱਲੋਂ ਸੰਮਨ ਕਰ ਲਿਆ ਗਿਆ, ਮੈਂ ਉਸ ਵੇਲੇ ਸਰਗਰਮ ਪੱਤਰਕਾਰੀ ਵਿਚ ਸੀ, ਉਸ ਵੇਲੇ ਜੰਗਵੀਰ ਸਿੰਘ ਤੇ ਰਵੀ ਧਾਲੀਵਾਲ ਦਾ ਟ੍ਰਿਬਿਊਨ, ਗੁਰਕਿਰਪਾਲ ਸਿੰਘ ਅਸ਼ਕ ਟਾਈਮਜ਼ ਆਫ਼ ਇੰਡੀਆ, ਜੋਗਿੰਦਰ ਮੋਹਨ ਤੇ ਜਗਦੀਪ ਚੋਪੜਾ ਇੰਡੀਅਨ ਐਕਸਪ੍ਰੈੱਸ, ਇੰਡੀਅਨ ਐਕਸਪ੍ਰੈੱਸ ਵਿਚ ਕੁਝ ਸਮਾਂ ਸੰਜੀਵ ਚੋਪੜਾ ਨੇ ਵੀ ਹਾਜ਼ਰੀ ਲਗਾਈ ਸੋਹਣਾ ਜਿਹਾ ਮੁੰਡਾ ਸੰਜੀਵ! ਯੂ ਐਨ ਆਈ ਤੋਂ ਗਗਨਦੀਪ ਸਿੰਘ ਅਹੂਜਾ, ਬਿੰਦੂ ਸਿੰਘ, ਜਗਬਾਣੀ ਪੰਜਾਬ ਕੇਸਰੀ ਰਾਜੂ ਤਿਮਰਹਰਨ, ਗੁਰਪ੍ਰੀਤ ਸਿੰਘ ਨਿੱਬਰ ਹਿੰਦੁਸਤਾਨ ਟਾਈਮਜ਼, ਪ੍ਰਵੇਸ਼ ਸ਼ਰਮਾ ਆਲ ਇੰਡੀਆ ਰੇਡੀਓ, ਜਸਵਿੰਦਰ ਸਿੰਘ ਦਾਖਾ ਦੇ ਜਸਪਾਲ ਸਿੰਘ ਢਿੱਲੋਂ ਅਜੀਤ, ਦਰਸ਼ਨ ਸਿੰਘ ਖੋਖਰ ਤੇ ਸਰਬਜੀਤ ਭੰਗੂ ਪੰਜਾਬੀ ਟ੍ਰਿਬਿਊਨ, ਮੈਂ ਜਾਣੀ ਗੁਰਨਾਮ ਸਿੰਘ ਅਕੀਦਾ ਦੇਸ਼ ਸੇਵਕ ਆਦਿ ਹੋਰ ਵੀ ਪੱਤਰਕਾਰ ਹੁੰਦੇ ਸਨ।
ਜਦੋਂ ਦਲੇਰ ਮਹਿੰਦੀ ਨੂੰ ਸੰਮਨ ਕੀਤਾ ਤਾਂ ਉਹ ਆਪਣੀ ਬੁਲਟ ਪਰੂਫ਼ ਮਹਿੰਗੀ ਗੱਡੀ ਵਿਚ ਸਦਰ ਥਾਣਾ ਪਟਿਆਲਾ ਵਿਚ ਪੇਸ਼ ਹੋਣ ਲਈ ਪੁੱਜਿਆ, ਜੋ ਗਵਾਹ ਹਨ ਉਹ ਤਾਂ ਜਾਣਦੇ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਰਾਜਪੁਰਾ ਰੋਡ ਤੋਂ ਸਦਰ ਥਾਣੇ ਤੱਕ ਪੁੱਜਣ ਲਈ (ਸਿਰਫ਼ 200 ਮੀਟਰ ਦਾ ਫ਼ਾਸਲਾ) ਦੋ ਘੰਟੇ ਦਾ ਸਮਾਂ ਦਲੇਰ ਮਹਿੰਦੀ ਦੀ ਕਾਰ ਨੂੰ ਲੱਗਿਆ ਸੀ, ਇੰਨੇ ਲੋਕ ਪਤਾ ਨਹੀਂ ਕਿਥੋਂ ਆਏ ਸਨ, ਦਲੇਰ ਮਹਿੰਦੀ ਦੀ ਕਾਰ ਤੇ ਇੱਟਾਂ ਨਾਲ ਹਮਲੇ, ਅੰਡਿਆਂ ਨਾਲ ਹਮਲੇ, ਡੰਡੇ ਸੋਟੀਆਂ ਨਾਲ ਹਮਲੇ, ਹਰ ਤਰ੍ਹਾਂ ਦੀ ਖ਼ਤਰਨਾਕ ਵਸਤੂ ਨਾਲ ਹਮਲੇ ਕੀਤੇ ਗਏ। ਦਲੇਰ ਮਹਿੰਦੀ ਦੀ ਕਾਰ ਬੁਲਟ ਪਰੂਫ਼ ਸੀ ਇਸ ਕਰਕੇ ਉਸ ਦੀ ਫਿਜ਼ੀਕਲ ਬੱਚਤ ਹੋ ਗਈ, ਪਰ ਬਹਾਰੋਂ ਕਾਰ ਦਾ ਬੁਰਾ ਹਾਲ ਕਰ ਦਿੱਤਾ ਗਿਆ ਸੀ। ਦਲੇਰ ਮਹਿੰਦੀ ਦੀ ਪੁੱਛ ਪੜਤਾਲ ਹੋਈ ਸੀ, ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ, ਉਸ ਨੂੰ ਸੀਆਈਏ ਸਟਾਫ਼ ਥਾਣਾ ਮਾਈ ਦੀ ਸਰਾਂ ਵਿਚ ਲੈ ਗਏ ਸਨ। ਉਸ ਦੀ ਸਾਰੀ ਕਵਰੇਜ ਸਾਰੇ ਪੱਤਰਕਾਰਾਂ ਨੇ ਕੀਤੀ, ਇਹ ਕਵਰੇਜ ਦਾ ਟ‌੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਜੰਗਵੀਰ ਸਿੰਘ ਨੇ ਵੀ ਕੀਤੀ, ਜੰਗਵੀਰ ਦੀ ਰਿਪੋਰਟ ਵਿਲੱਖਣ ਸੀ, ਤੇ ਮੌਲਿਕਤਾ ਝੱਲਦੀ ਸੀ। ਜੋ ਪੰਜਾਬ ਪੁਲੀਸ ਦੇ ਖ਼ਾਸ ਕਰਕੇ ਪਰਮਰਾਜ ਸਿੰਘ ਉਮਰਾਨੰਗਲ ਦੇ ਹਿੱਕ ਵਿਚ ਵੱਜੀ ਸੀ।
ਉਸ ਤੋਂ ਅਗਲੇ ਦਿਨ ਇਕ ਹੋਰ ਰਿਪੋਰਟ ਜੰਗਵੀਰ ਨੇ ਕੀਤੀ, ਜਿਸ ਦਾ ਮੁੱਖ ਕੰਟੈਂਟ ਸੀ ਕਿ ਸੀਆਈਏ ਸਟਾਫ਼ ਨੇ ਦਲੇਰ ਮਹਿੰਦੀ ਦੀ ਪਹਿਚਾਣ ਕਰਨ ਲਈ ਉਸ ਦੀ ਪੇਂਟ ਲੁਹਾਈ ਸੀ, ਤਾਂ ਕਿ ਉਸ ਦਾ ਨਿਸ਼ਾਨ ਦੇਖਿਆ ਜਾ ਸਕੇ ਤੇ ਉਸ ਦੀ ਪਹਿਚਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਦਲੇਰ ਮਹਿੰਦੀ ਕੋਲੋਂ ਗੀਤ ਵੀ ਸੀਆਈਏ ਸਟਾਫ਼ ਦੀ ਪੁਲੀਸ ਵੱਲੋਂ ਸੁਣੇ ਗਏ ਸਨ। ਇਹ ਸਾਰੀ ਪੱਤਰਕਾਰੀ ਜੰਗਵੀਰ ਸਿੰਘ ਨੇ ਖ਼ਾਸ ਕਰਕੇ ਕੀਤੀ ਤੇ ਮੇਰੇ ਸਮੇਤ ਹੋਰਨਾ ਅਖ਼ਬਾਰਾਂ ਨੇ ਵੀ ਕੀਤੀ ਸੀ। ਜੰਗਵੀਰ ਸਿੰਘ ਨੂੰ ਇਸ ਖ਼ਬਰ ਦੀ ਪੁਸ਼ਟੀ ਕਰਨ ਲਈ ਐਸਐਸਪੀ ਦਾ ਪੱਖ ਚਾਹੀਦਾ ਸੀ ਪਰ ਐਸਐਸਪੀ ਵੱਲੋਂ ਕੋਈ ਪੱਖ ਨਹੀਂ ਦਿੱਤਾ ਗਿਆ, ਪਰ ਉਸ ਵੇਲੇ ਡੀ ਆਈ ਜੀ ਸਹੋਤਾ ਨੇ ਇਸ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਦਲੇਰ ਮਹਿੰਦੀ ਦੀ ਪਹਿਚਾਣ ਲਈ ਇਸ ਤਰ੍ਹਾਂ ਕੀਤਾ ਗਿਆ। ਉਸ ਤੋਂ ਬਾਅਦ ਇਕ ਵਿਅਕਤੀ ਸਾਹਮਣੇ ਆਉਂਦਾ ਹੈ, ਪਹਿਲਾਂ ਕਦੇ ਉਹ ਪਬਲਿਕ ਡੋਮੇਨ ਵਿਚ ਨਹੀਂ ਦੇਖਿਆ ਗਿਆ ਸੀ, ਉਹ ਜੰਗਵੀਰ ਸਿੰਘ ਤੇ ਦੋਸ਼ ਲਗਾਉਂਦਾ ਹੈ ਕਿ ਉਸ ਨੇ ਉਸ ਦੀ ਦਲਿਤ ਹੋਣ ਕਰਕੇ ਬੇਇੱਜ਼ਤੀ ਕੀਤੀ ਹੈ ਤੇ ਉਸ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ, ਉਸ ਵਿਅਕਤੀ ਨੇ ਪੂਰਾ ਵੇਰਵਾ ਆਪਣੇ ਨਾਲ ਰੱ‌ਖਿਆ ਜਿਸ ਵਿਚ ਤਰੀਕ ਤੇ ਸਮਾਂ ਵੀ ਨਿਰਧਾਰਿਤ ਦੱਸਿਆ ਗਿਆ ਸੀ। ਪੁਲੀਸ ਕੋਲ ਸ਼ਿਕਾਇਤ ਲੈ ਕੇ ਉਹ ‌ਗਿਆ ਪਰ ਪੁਲੀਸ ਵਿਚ ਉਹ ਸ਼ਿਕਾਇਤ ਤੇ ਜੰਗਵੀਰ ਸਿੰਘ ਨੂੰ ਬੁਲਾਇਆ ਨਹੀਂ ਜਾ ਸਕਦਾ ਸੀ, ਉਸ ਨੂੰ ਡਰਾਇਆ ਵੀ ਨਹੀਂ ਜਾ ਸਕਦਾ ਸੀ,ਕਿਉਂਕਿ ਸ਼ਿਕਾਇਤ ਕਰਤਾ ਨੂੰ ਪੂਰੇ ਸਬੂਤ ਦੇਣੇ ਜ਼ਰੂਰੀ ਹਨ, ਉਸ ਤੋਂ ਬਾਅਦ ਮਾਮਲਾ ਕੋਰਟ ਵਿਚ ਵੀ ਗਿਆ, ਉੱਥੇ ਜੰਗਵੀਰ ਸਿੰਘ ਨੇ ਆਪਣਾ ਪੱਖ ਰੱਖਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਜਿਸ ਤਾਰੀਖ਼ ਦਾ ਵਾਕਿਆ ਦੱਸਿਆ ਜਾ ਰਿਹਾ ਹੈ ਉਸ ਦਿਨ ਤਾਂ ਉਹ ਪਟਿਆਲਾ ਵਿਚ ਹੈ ਹੀ ਨਹੀਂ ਸੀ, ਜਿਸ ਦੇ ਪੂਰੇ ਵੇਰਵੇ ਜੰਗਵੀਰ ਸਿੰਘ ਨੇ ਸਬੂਤਾਂ ਸਮੇਤ ਦਿੱਤੇ। ਮੁੜ ਕੇ ਉਹ ਸ਼ਿਕਾਇਤ ਕਰਤਾ ਵੀ ਕਦੇ ਕਿਸੇ ਵੀ ਰੂਪ ਵਿਚ ਕਿਸੇ ਦੇ ਸਾਹਮਣੇ ਨਹੀਂ ਆਇਆ। ਉਂਜ ਪਟਿਆਲਾ ਵਿਚ ਹਿੰਦ ਸਮਾਚਾਰ (ਜਗਬਾਣੀ, ਪੰਜਾਬੀ ਕੇਸਰੀ) ਗਰੁੱਪ ਦੇ ਰਾਜੂ ਤਿਮਰਹਰਨ ’ਤੇ ਵੀ ਤੇਜ਼ਾਬ ਸੁੱਟਿਆ ਗਿਆ, ਉਹ ਇਕ ਵੱਖਰਾ ਕੇਸ ਹੈ। ਪੱਤਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਜਿਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ ਗੋਪਾਲ ਕ੍ਰਿਸ਼ਨ ਕ‌‌ਸ਼ਿਅਪ ਦੇ ਆਤਮਦਾਹ ਲਈ ਪੱਤਰਕਾਰ ਜ਼ਿੰਮੇਵਾਰ
ਇਹ ਘਟਨਾ ਵੀ ਇਸੇ ਭਾਗ ਵਿਚ ਇਕ ਅਹਿਮ ਘਟਨਾ ਲੈਣੀ ਵੀ ਬਣਦੀ ਹੈ, ਜਿਸ ਦੀ ਜਾਂਚ ਵਿਚ ਮੀਡੀਆ ਦਾ ਖ਼ਾਸ ਦੋਸ਼ ਪਾਇਆ ਸੀ, ਰੇਲਵੇ ਸਟੇਸ਼ਨ ਪਟਿਆਲਾ ਤੇ ਬੱਸ ਸਟੈਂਡ ਪਟਿਆਲਾ (ਅੱਜ ਕੱਲ੍ਹ ਪੁਰਾਣਾ ਬੱਸ ਸਟੈਂਡ) ਦੇ ਕੋਲ ਕੁਝ ਲੋੜਾਂ ਕਾਰਨ ਆਪਣਾ ਰੁਜ਼ਗਾਰ ਪਰੌਂਠਾ ਪਕਾਉਣ ਵਾਲੇ ਰੇਹੜੀਆਂ ਲਗਾ ਕੇ ਆਪਣਾ ਕਾਰੋਬਾਰ ਕਰ ਰਹੇ ਸਨ। ਪਟਿਆਲਾ ਨਗਰ ਨਿਗਮ ਦੇ ਮੇਅਰ ਵਿਸ਼ਣੂ ਸ਼ਰਮਾ ਸਨ, ਨਗਰ ਨਿਗਮ ਵੱਲੋਂ ਇਨ੍ਹਾਂ ਪਰੌਂਠਾ ਰੇਹੜੀ ਵਾਲਿਆਂ ਨੂੰ ਉਠਾਉਣ ਲਈ ਕਾਰਵਾਈ ਕੀਤੀ ਜਾ ਰਹੀ ਸੀ। ਜਿਸ ਬਾਰੇ ਪਰੌਂਠਾ ਮਾਰਕਿਟ ਵਾਲੇ ਲੋੜਵੰਦ ਲੋਕਾਂ ਵੱਲੋਂ ਸਰਕਾਰੇ ਦਰਬਾਰੇ ਆਪਣੀਆਂ ਬੇਨਤੀਆਂ ਭੇਜੀਆਂ ਜਾ ਰਹੀਆਂ ਸਨ। ਇਨ੍ਹਾਂ ਦੀ ਅਗਵਾਈ ਗੋਪਾਲ ਕ੍ਰਿਸ਼ਨ ਕਸ਼ਿਅਪ ਵੱਲੋਂ ਕੀਤੀ ਜਾ ਰਹੀ ਸੀ, ਉਹ ਮੁੱਖ ਆਗੂ ਵਜੋਂ ਵਿਚਰ ਰਹੇ ਸਨ। ਉਹ ਤਤਕਾਲੀ ਮੁੱਖ ਮੰਤਰੀ ਪੰਜਾਬ ਕੈਪ. ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕੋਲ ਵੀ ਜਾ ਆਏ ਸਨ ਜਿੱਥੋਂ ਉਨ੍ਹਾਂ ਨੂੰ ਸਹਾਰਾ ਮਿਲਿਆ ਸੀ ਪਰ ਉਹ ਸਹਾਰਾ ਵੀ ਸਿਰਫ਼ ਸਰਕਾਰੀ ਵਾਅਦਾ ਹੀ ਰਹਿ ਗਿਆ। ਪਰੌਂਠਾ ਮਾਰਕਿਟ ਦੇ ਮੁੱਖ ਆਗੂ ਵਜੋਂ ਗੋਪਾਲ ਕ੍ਰਿਸ਼ਨ ਕਸ਼ਿਅਪ ਨੇ ਪਹਿਲਾਂ ਵੀ ਆਤਮਦਾਹ ਕਰਨ ਦੇ ਐਲਾਨ ਕੀਤੇ ਸਨ। ਪਰ ਸਰਕਾਰੀ ਵਾਅਦਿਆਂ ਕਰਕੇ ਉਹ ਰੱਦ ਹੁੰਦੇ ਗਏ, ਹੁਣ ਗੋਪਾਲ ਕ੍ਰਿਸ਼ਨ ਕਸ਼ਿਅਪ ਨੇ ਆਤਮਦਾਹ ਕਰਨ ਦਾ ਐਲਾਨ ਕਰ ਦਿੱਤਾ ਸੀ। ਆਤਮਦਾਹ ਦਾ ਦਿਨ ਆ ਗਿਆ। ਪੱਤਰਕਾਰ ਖ਼ਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਉੱਥੇ ਪਹੁੰਚ ਗਏ ਸਨ, ਕੁਝ ਪ੍ਰਿੰਟ ਮੀਡੀਆ ਦੇ ਪੱਤਰਕਾਰ ਵੀ ਮੌਜੂਦ ਸਨ। ਗੋਪਾਲ ਕ੍ਰਿਸ਼ਨ ਕਸ਼ਿਅਪ ਭਾਸ਼ਣ ਦੇ ਰਿਹਾ ਸੀ, ਸਰਕਾਰ ਦੇ ਵਾਅਦਿਆਂ ਨੂੰ ਕੋਸ ਰਿਹਾ ਸੀ, ਪਰੌਂਠਾ ਮਾਰਕਿਟ ਜੇਕਰ ਇੱਥੋਂ ਹਟਾ ਦਿੱਤੀ ਜਾਂਦੀ ਹੈ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ। ਇਸ ਸਮੇਂ ਇਲੈਕਟ੍ਰੋਨਿਕ ਮੀਡੀਆ ਦੇ ਇਕ ਪੱਤਰਕਾਰ ਜੋ ਪੱਤਰਕਾਰਾਂ ਵਿਚ ਕਾਫ਼ੀ ਸਰਗਰਮ ਸੀ ਨੇ ਗੋਪਾਲ ਕ੍ਰਿਸ਼ਨ ਕਸ਼ਿਅਪ ਨੂੰ ਕਿਹਾ ‘‘ਪ੍ਰਧਾਨ ਜੀ ਛੇਤੀ ਕਰੋ ਜੇਕਰ ਅੱਗ ਲਾਉਣੀ ਹੈ ਤਾਂ ਅਸੀਂ ਅੱਗੇ ਵੀ ਜਾਣਾ.. ਅਸੀਂ ਅੱਗੇ ਵੀ ਕਵਰੇਜ ਕਰਨ ਲਈ ਜਾਣਾ ਹੈ, ਜੇਕਰ ਤੁਸੀਂ ਆਤਮ ਦਾਹ ਕਰਨਾ ਹੈ ਤਾਂ ਜਲਦੀ ਅੱਗ ਲਾਓ’’ ਬੇਸ਼ੱਕ ਗੋਪਾਲ ਕ੍ਰਿਸ਼ਨ ਕਸ਼ਿਅਪ ਖ਼ੁਦ ਨੂੰ ਅੱਗ ਨਾ ਵੀ ਲਾਉਣਾ ਚਾਹੁੰਦਾ ਹੋਵੇ, ਸਰਕਾਰ ਲਈ ਸਿਰਫ਼ ਡਰਾਵਾ ਹੀ ਹੋਵੇ ਪਰ ਉਸ ਪੱਤਰਕਾਰ ਵੱਲੋਂ ਮਾਰੀ ਹੁੱਜ ਕਰਕੇ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਿਆ, ਉਹ ਭਾਵਨਾ ਦੇ ਵਹਾਓ ਵਿਚ ਵਹਿ ਗਿਆ, ਉਹ ਪ੍ਰਧਾਨ ਸੀ, ਆਪਣੀ ਪ੍ਰਧਾਨਗੀ ਕਾਇਮ ਰੱਖਣ ਲਈ ਉਸ ਨੇ ਜੇਰਾ ਪੱਕਾ ਕਰ ਲਿਆ, ਉਸ ਨੇ ਆਪਣੇ ਉਪਰ ਤੇਲ ਪਾਇਆ ਕਿਹਾ ਜਾ ਰਿਹਾ ਹੈ ਕਿ ਉਹ ਤੇਲ ਪੈਟਰੋਲ ਸੀ, ਪਰ ਇਸ ਦੀ ਪੱਕੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਉਸ ਨੇ ਖ਼ੁਦ ਨੂੰ ਅੱਗ ਲਾਈ, ਅੱਗ ਲਗਾਈ ਹੀ ਸੀ ਕਿ ਅੱਗ ਭੜਕ ਕੇ ਤੁਰੰਤ ਹੀ ਉਸ ਦੇ ਸਰੀਰ ਨੂੰ ਚੜ ਗਈ, ਉਸ ਦਾ ਪੁੱਤਰ ਆਪਣੇ ਲਾਡਲੇ ਪਿਉ ਨੂੰ ਬਚਾਉਣ ਲਈ ਕਾਫ਼ੀ ਤਰੱਦਦ ਕਰ ਰਿਹਾ ਸੀ, ਹੋਰ ਵੀ ਕਈ ਬੰਦੇ ਉਸ ਦੀ ਅੱਗ ਬੁਝਾ ਰਹੇ ਸਨ ਪਰ ਦੁਖਾਂਤ ਵਾਪਰ ਗਿਆ ਸੀ। ਉਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਵਿਚ ਲੈ ਜਾਇਆ ਗਿਆ, ਉਹ ਕਰੀਬ 70 ਫ਼ੀਸਦੀ ਤੋਂ ਵੱਧ ਜਲ ਗਿਆ ਸੀ। ਉਸ ਤੋਂ ਬਾਅਦ ਪਟਿਆਲਾ ਵਿਚ ਤਹਿਲਕਾ ਮੱਚ ਗਿਆ, ਪੁਲੀਸ ਡੀ ਆਈ ਜੀ ਸ੍ਰੀ ਭਾਵੜਾ ਹੁੰਦੇ ਸਨ। ਸਰਕਾਰ ਵੱਲੋਂ ਉਨ੍ਹਾਂ ਦੀ ਸਾਰੀ ਜਾਂਚ ਦੀ ਡਿਊਟੀ ਲਗਾਈ ਗਈ, ਉਸ ਨੇ ਮੈਨੂੰ ਵੀ ਬੁਲਾਇਆ ਸੀ, ਆਖ਼ਿਰ ਜਾਂਚ ਵਿਚ ਸਾਰਾ ਕੁਝ ਪਤਾ ਲੱਗ ਗਿਆ ਸੀ, ਇਕ ਪੱਤਰਕਾਰ ਦਾ ਨਾਮ ਵੀ ਜਾਂਚ ਵਿਚ ਆ ਗਿਆ ਸੀ ਜਿਸ ਨੇ ਗੋਪਾਲ ਨੂੰ ਆਤਮਦਾਹ ਕਰਨ ਲਈ ਪ੍ਰੇਰਿਆ ਸੀ, ਪਰ ਪਟਿਆਲਾ ਵਿਚ ਪੱਤਰਕਾਰਾਂ ਦਾ ਏਕਾ ਸੀ ਇਸ ਕਰਕੇ ਕਿਸੇ ਵੀ ਪੱਤਰਕਾਰ ਤੇ ਕੋਈ ਕਾਰਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਇੱਥੇ ਹੀ ਪਰੌਂਠਾ ਮਾਰਕਿਟ ਇੱਥੇ ਸਥਿਰ ਬਣ ਗਈ, ਪਰੌਂਠਾ ਮਾਰਕਿਟ ਵਿਚ ਗੋਪਾਲ ਕ੍ਰਿਸ਼ਨ ਦਾ ਬੁੱਤ ਲੱਗਣਾ ਸੀ, ਚਰਚਾ ਇਹ ਰਹੀ ਕਿ ਬੁੱਤ ਲਗਾਇਆ ਜਾ ਰਿਹਾ ਹੈ ਪਰ ਮੌਕੇ ਤੇ ਜਾ ਕੇ ਦੇ‌ਖਿਆ ਗਿਆ ਕਿ ਇੱਥੇ ਗੋਪਾਲ ਦਾ ਕੋਈ ਬੁੱਤ ਲੱਗਿਆ ਹੈ ਤਾਂ ਕਿਤੇ ਵੀ ਬੁੱਤ ਨਹੀਂ ਲੱਗਾ ਪਰ ਇਕ ਗੱਲ ਜ਼ਰੂਰ ਦੇਖੀ ਗਈ ਕਿ ਇੱਥੇ ਹਰੇਕ ਪਰੌਂਠੇ ਵਾਲੇ ਦੀ ਦੁਕਾਨ ਵਿਚ ਗੋਪਾਲ ਕ੍ਰਿਸ਼ਨ ਕਸ਼ਿਅਪ ਦੀ ਫ਼ੋਟੋ ਲੱਗੀ ਹੈ।
ਇਹ ਘਟਨਾ ਪਟਿਆਲਾ ਦੇ ਪੱਤਰਕਾਰਾਂ ਤੇ ਕਲੰਕ ਹੈ, ਜੋ ਅੱਜ ਵੀ ਸਰਕਾਰੀ ਫਾਈਲਾਂ ਵਿਚ ਬੰਦ ਪਿਆ ਹੈ, ਅਸਲ ਵਿਚ ਜਦੋਂ ਕਦੇ ਅਜਿਹਾ ਸਮਾਂ ਆਵੇ ਕਿ ਕੋਈ ਆਤਮਦਾਹ ਕਰਨ ਲਈ ਤਿਆਰ ਹੋਵੇ ਤਾਂ ਪੱਤਰਕਾਰ ਨੂੰ ਆਪਣੀ ਪੱਤਰਕਾਰੀ ਦੀ ਡਿਊਟੀ ਛੱਡ ਕੇ ਪਹਿਲਾਂ ਉਸ ਦੀ ਜਾਨ ਬਚਾਉਣੀ ਚਾਹੀਦੀ ਹੈ, ਪੱਤਰਕਾਰ ਦੀ ਡਿਊਟੀ ਕਿਸੇ ਦੀ ਜਾਨ ਤੋਂ ਜ਼ਿਆਦਾ ਅਹਿਮ ਨਹੀਂ ਹੋ ਸਕਦੀ। ਬਾਕੀ ਅਗਲੇ ਅੰਕ ਵਿਚ.. ਜਿਸ ਵਿਚ ਪੱਤਰਕਾਰੀ ਦੇ ਇਤਿਹਾਸ ਵਿਚ ਬੜੀਆਂ ਦਿਲਚਸਪ ਘਟਨਾਵਾਂ ਸਾਹਮਣੇ ਆਉਣਗੀਆਂ, ਜੇਕਰ ਇਨ੍ਹਾਂ ਘਟਨਾਵਾਂ ਬਾਰੇ ਕੋਈ ਹੋਰ ਵੱਧ ਜਾਣਦਾ ਹੈ ਤਾਂ ਉਹ ਬਲੌਗ ਦੇ ਹੇਠਾਂ ਟਿਪਣੀ ਵੀ ਕਰ ਸਕਦਾ ਹੈ। ਸੰਪਰਕ : 8146001100

ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...