Thursday, November 06, 2025

ਇਕ ਉਸਾਰੂ ਸੋਚ ਦਾ ਆਗਾਜ਼ : ਪੱਤਰਕਾਰਾਂ ਦੀ ਜਥੇਬੰਦੀ ਬਣੇ

ਪੱਤਰਕਾਰੀ ਦਾ ਇਤਿਹਾਸ ਭਾਗ -5 ਲੇਖਕ : ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਪੱਤਰਕਾਰਾਂ ਲਈ ਇਕ ਸੁਨਹਿਰੀ ਸਮਾਂ ਸੀ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵਿਚ ਏਕਤਾ ਨਜ਼ਰ ਆਉਣ ਲੱਗੀ ਸੀ, ਹਾਲਾਂ ਕਿ ਜਗਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਰਾਜੂ ਦਾ ਮਿਜ਼ਾਜ ਵੱਖਰਾ ਸੀ, ਇਹ ਵੀ ਸਹੀ ਹੈ ਕਿ ਉਸ ਦਾ ਵੀ ਇਕ ਗਰੁੱਪ ਸੀ, ਉਸ ਗਰੁੱਪ ਵਿਚ ਵੀ ਕੁਝ ਖ਼ਾਸ ਪੱਤਰਕਾਰ ਮਨਜਿੰਦਰ ਸਿੰਘ ਤੇ ਭਾਵਨਾ ਜੀ ਤੇ ਹੋਰ ਵੀ ਕਈ ਹੁੰਦੇ ਸਨ। ਰਾਜੂ ਜਗਬਾਣੀ ਤੇ ਪੰਜਾਬ ਕੇਸਰੀ ਵਰਗੇ ਵੱਡੇ ਅਖ਼ਬਾਰ ਦਾ ਪੱਤਰਕਾਰ ਸੀ, ਉਸ ਦੀ ਪਟਿਆਲਾ ਵਿਚ ਖ਼ਾਸ ਪਹਿਚਾਣ ਸੀ, ਬੇਸ਼ੱਕ ਇਕ ਸਮਾਂ ਇਹ ਵੀ ਆਇਆ ਕਿ ਰਾਜੂ ਵੱਲੋਂ ਕੀਤੇ ਕੁਝ ਘਟਨਾਕ੍ਰਮ ਕਰਕੇ ਪਟਿਆਲਾ ਦੇ ਅਹਿਮ ਪੱਤਰਕਾਰਾਂ ਨੇ ਉਸ ਦਾ ਬਾਈਕਾਟ ਵੀ ਕੀਤਾ, ਘਟਨਾਕ੍ਰਮਾਂ ਵਿਚੋਂ ਇਕ ਘਟਨਾਕ੍ਰਮ ਇਹ ਵੀ ਸੀ ‌ਕਿ ਇਕ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰਾਂ ਨੂੰ ਇਕ ਗੱਲ ‘ਆਫ਼ ਦੀ ਰਿਕਾਰਡ’ ਆਖੀ, ਜੋ ਛਾਪਣ ਵਾਲੀ ਨਹੀਂ ਸੀ, ਇੱਦਾਂ ਆਮ ਹੁੰਦਾ ਹੈ, ਕਈ ਵਾਰੀ ਵੱਡਾ ਲੀਡਰ ਗੰਭੀਰ ਪੱਤਰਕਾਰਾਂ ਕੋਲ ਕੋਈ ਨਾ ਕੋਈ ਗੱਲ ‘ਆਫ਼ ਦੀ ਰਿਕਾਰਡ’ ਵੀ ਕ‌ਹਿ ਦਿੰਦਾ ਹੈ, ਉਹ ਸਮਾਂ ਆਪਣੇ ਘਰ ਵਾਂਗ ਹੁੰਦਾ ਹੈ, ਉਸ ਸਮੇਂ ਉਸ ਗੱਲ ਨੂੰ ਪਰਦੇ ਵਿਚ ਹੀ ਰੱਖਣਾ ਬਣਦਾ ਹੁੰਦਾ ਹੈ, ਇਹ ਪੱਤਰਕਾਰ ਦੀ ਗੰਭੀਰਤਾ ਹੁੰਦੀ ਕਿ ਉਸ ਪਰਦੇ ਵਾਲੀ ਗੱਲ ਨੂੰ ਅਖ਼ਬਾਰ ਦੀ ਸੁਰਖ਼ੀ ਨਾ ਬਣਾਏ, ਕੈਪਟਨ ਅਮਰਿੰਦਰ ਸਿੰਘ ਦੀ ‘ਆਫ਼ ਦੀ ਰਿਕਾਰਡ’ ਵਜੋਂ ਆਖੀ ਹੋਈ ਗੱਲ ਰਾਜੂ ਨੇ ਕਥਿਤ ‘ਆਨ ਦੀ ਰਿਕਾਰਡ’ ਛਾਪ ਦਿੱਤੀ,
ਪੱਤਰਕਾਰ ਭਾਈਚਾਰੇ ਵਿਚ ਯੱਕਦਮ ਸਨਸਨੀ ਫੈਲ ਗਈ, ਸਾਰੇ ਭਾਈਚਾਰੇ ਨੇ ਗ਼ੁੱਸਾ ਕੀਤਾ ਤੇ ਬੁਰਾ ਮਨਾਇਆ, ਜਿਸ ਕਰਕੇ ਰਾਜੂ ਨਾਲ ਪੱਤਰਕਾਰਾਂ ਦਾ ਮਿਲਵਰਤਨ ਘਟ ਗਿਆ ਪਰ ਫੇਰ ਵੀ ਰਾਜੂ ਹੋਰ ਵੀ ਕਈ ਕਥਿਤ ਚੁਸਤ ਚਲਾਕੀਆਂ ਕਰਦਾ ਰਿਹਾ ਜਿਸ ਕਰਕੇ ਰਾਜੂ ਦਾ ਭਾਈਚਾਰੇ ਵੱਲੋਂ ਬਾਈਕਾਟ ਕੀਤਾ ਗਿਆ, ਜਿੱਥੇ ਪ੍ਰੈੱਸ ਕਾਨਫ਼ਰੰਸ ਕਰਨ ਸਮੇਂ ਰਾਜੂ ਹੁੰਦਾ ਸੀ ਤਾਂ ਬਹੁ ਗਿਣਤੀ ਪੱਤਰਕਾਰ ਉਸ ਪ੍ਰੈੱਸ ਕਾਨਫ਼ਰੰਸ ਦਾ ਬਾਈਕਾਟ ਕਰ ਦਿੰਦੇ ਸਨ। ਫੇਰ ਜ਼ਿਲ੍ਹਾ ਪ੍ਰਸ਼ਾਸਨ ਬਹੁ ਗਿਣਤੀ ਪੱਤਰਕਾਰਾਂ ਦੀ ਪ੍ਰੈੱਸ ਕਾਨਫ਼ਰੰਸ ਵੱਖਰੀ ਕਰਾਉਂਦਾ ਹੁੰਦਾ ਸੀ। ਰਾਜੂ ਦੇ ਵਿਰੁੱਧ ਇੰਜ ਕਿਉਂ ਹੁੰਦਾ ਸੀ ਇਸ ਦਾ ਵਿਸਥਾਰ ਹੋਰ ਵੀ ਹੈ ਪਰ ਉਸ ਦੇ ਹੋਰ ਵਿਸਥਾਰ ਵਿਚ ਜਾਣ ਦੀ ਹਿੰਮਤ ਮੇਰੇ ਵਿਚ ਨਹੀਂ ਹੈ ਕਿਉਂਕਿ ਰਾਜੂ ਨਾਲ ਗੱਲ ਨਹੀਂ ਹੋ ਸਕੀ, ਜੇਕਰ ਰਾਜੂ ਨਾਲ ਗੱਲ ਹੋ ਜਾਂਦੀ ਹੈ ਤਾਂ ਉਸ ਬਾਰੇ ਵੀ ਵਿਸਥਾਰ ਵਿਚ ਲਿਖਿਆ ਜਾਵੇਗਾ। ਪਰ ਰਾਜੂ ਇਕ ਅਹਿਮ ਚਿਹਰਾ ਸੀ ਪਟਿਆਲਾ ਦੀ ਪੱਤਰਕਾਰੀ ਵਿਚ। ਜਿੱਥੇ ਜਾਂਦਾ ਸੀ ਤਹਿਲਕਾ ਮਚਾ ਦਿੰਦਾ ਸੀ। ਪਰ ਫਿਰ ਵੀ ਪਟਿਆਲਾ ਦੇ ਪੱਤਰਕਾਰ ਉਸ ਵੱਲੋਂ ਕੀਤੀਆਂ ਕੁਝ ਵਿਵਾਦਿਤ ਕਾਰਵਾਈਆਂ ਕਰਕੇ ਉਸ ਦੇ ਵਿਰੋਧ ‌ਵਿਚ ਭੁਗਤ ਰਹੇ ਸਨ ਤੇ ਸਮੂਹਿਕ ਤੌਰ ਤੇ ਰਾਜੂ ਦੀ ਵਿਰੋਧਤਾ ਵੀ ਕਰ ਰਹੇ ਸਨ। ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਦਾ ਜ਼ਿਕਰ ਕਿਸੇ ਹੋਰ ਭਾਗ ਵਿਚ ਕਰਾਂਗੇ। ਪਰ ਉਸ ਨਾਲ ਵੀ ਪੱਤਰਕਾਰ ਭਾਈਚਾਰੇ ਦੇ ਕੁਝ ਭਰਾ ਮਨਜਿੰਦਰ ਸਿੰਘ ਤੇ ਭਾਵਨਾ ਵਰਗੇ ਉਸ ਦੇ ਗਰੁੱਪ ਵਿਚ ਸ਼ੁਮਾਰ ਸਨ।
ਪੱਤਰਕਾਰਾਂ ਦਾ ਮਿਜ਼ਾਜ ਉਸ ਵੇਲੇ ਦੇਖਣ ਵਾਲਾ ਬਣਦਾ ਸੀ, ਬੇਝਿਜਕ ਸਵਾਲ ਪੁੱਛਦੇ ਸਨ, ਬੇਝਿਜਕ ਜਵਾਬ ਮੰਗਦੇ ਸਨ, ਕੋਈ ਵੀਆਈਪੀ ‘ਨੋ ਕਮੈਂਟ’ ਕਹਿ ਦੇਵੇ ਤਾਂ ਚੁੱਪ, ਪਰ ਜੇਕਰ ਕੋਈ ਵੀਆਈਪੀ ਚਲਾਕੀ ਦਿਖਾਵੇ ਤਾਂ ਉਹ ਬਚ ਕੇ ਨਿਕਲ ਜਾਵੇ, ਇਹ ਸੰਭਵ ਨਹੀਂ ਸੀ, ਪੱਤਰਕਾਰਾਂ ਦੀ ਏਕਤਾ ਸੀ ਪਰ ਫਿਰ ਵੀ ਇਕਜੁੱਟਤਾ ਨਹੀਂ ਸੀ, ਇਕਮੱਤ ਨਹੀਂ ਸਨ। ‌ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਕਟ ਹਾਊਸ ਪਟਿਆਲਾ ਵਿਚ ਅਕਾਲੀ ਮੰਤਰੀ ਗੋਬਿੰਦ ਸਿੰਘ ਕਾਂਝਲਾ ਮੰਤਰੀ ਡਿਪਾਰਟਮੈਂਟ ਸੋਸ਼ਲ ਸਕਿਉਰਿਟੀ ਐਂਡ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਦੀ ਪ੍ਰੈੱਸ ਕਾਨਫ਼ਰੰਸ ਸੀ, ਪੱਤਰਕਾਰ ਭਾਈਚਾਰਾ ਤਹਿਜ਼ੀਬ ਪੂਰਵਕ ਮੰਤਰੀ ਨੂੰ ਸਵਾਲ ਪੁੱਛ ਰਿਹਾ ਸੀ, ਮੰਤਰੀ ਹੋਣ ਕਰਕੇ ਉਹ ਦਮਗਜੇ ਮਾਰ ਰਿਹਾ ਸੀ ਕਿ ਅਸੀਂ ਪੰਜਾਬ ਵਿਚ ਭਰੂਣ ਹੱਤਿਆ ਬੰਦ ਕਰਵਾ ਦਿੱਤੀ ਹੈ। ‘ਟਾਈਮਜ਼ ਆਫ਼ ਇੰਡੀਆ’ ਦੇ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਨੇ ਇਕ ਸਵਾਲ ਪੁੱਛਿਆ ‘ਮਿਨਿਸਟਰ ਸਾਹਿਬ ਬਾਕੀ ਤੁਸੀਂ ਕਹਿ ਹੀ ਦਿੱਤਾ ਪਰ ਮੇਰੀ ਇਕ ਗੱਲ ਦਾ ਜਵਾਬ ਦੇ ਦਿਓ ਕਿ ਤੁਸੀਂ ਹੁਣ ਤੱਕ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਕੁ ਮਸ਼ੀਨਾਂ ਫੜੀਆਂ ਹਨ?’ ਮੰਤਰੀ ਸਾਹਿਬ ਆਪਣੇ ਪਿੰਡ ਵਿਚ ਛੋਟੇ ਮੋਟੇ ਲੋਕਾਂ ਨੂੰ ਦਬਕਾ ਕੇ ਰੱਖਣ ਵਾਲੇ ਸਨ, ਉਸ ਨੇ ਇਸ ਪ੍ਰੈੱਸ ਕਾਨਫ਼ਰੰਸ ਨੂੰ ਆਪਣੇ ਪਿੰਡ ਦੀ ਸੱਥ ਸਮਝ ਲਿਆ ਸੀ, ਜਿਵੇਂ ਸੱਥ ਦਾ ਉਹ ਮੁਖੀ ਹੋਵੇ ਤੇ ਉਸ ਦੀ ਹਰ ਗੱਲ ਤੇ ਸਾਰੇ ‘ਹਾਂ ਹਾਂ’ ਕਰ ਰਹੇ ਹੋਣ, ਉਸ ਨਾਲ ਪ੍ਰੈੱਸ ਕਾਨਫ਼ਰੰਸ ਵਿਚ ਇੰਜ ਹੋਇਆ ਜਿਵੇਂ ਅਚਾਨਕ ਹੀ ਸੱਥ ਵਿਚ ਕੋਈ ਮੁਖੀ ਨੂੰ ਰੋਕ ਕੇ ਆਖੇ ਕਿ ‘ਬਾਕੀ ਤਾਂ ਛੱਡੋ ਸਰਦਾਰ ਸਾਹਿਬ ਕਿ ਜਦੋਂ ਤੁਹਾਡੇ ਵਾਲੇ ਖੂਹ ਵਿਚ ਕੁੱਤਾ ਗਿਰ ਗਿਆ ਸੀ ਤੇ ਕਈ ਦਿਨ ਉਹ ਕੁੱਤਾ ਖੂਹ ਵਿਚੋਂ ਨਿਕਲਿਆ ਨਹੀਂ ਸੀ ਤਾਂ ਫਿਰ ਤੁਸੀਂ ਪਾਣੀ ਕਿਥੋਂ ਪੀਤਾ ਸੀ?’ ਬਸ ਮੁਖੀ ਦੀ ਗੱਲ ਚੈਲੰਜ ਹੋ ਗਈ, ਉਹ ਸਵਾਲ ਪੁੱਛਣ ਵਾਲੇ ਨੂੰ ਦਬਕਾਉਂਦਾ ਵੀ ਹੈ ਤੇ ਉਸ ਨੂੰ ਡਰਾਉਂਦਾ ਵੀ ਹੈ, ਸਵਾਲ ਪੁੱਛਣ ਵਾਲਾ ਵਿਚਾਰਾ ਜਿਹਾ ਬਣ ਕੇ ਚੁੱਪ ਕਰ ਜਾਂਦਾ ਹੈ। ਪ੍ਰੈੱਸ ਕਾਨਫ਼ਰੰਸ ਵੀ ਮੰਤਰੀ ਜੀ ਨੇ ਉਸ ਸੱਥ ਵਾਂਗ ਸਮਝ ਲਈ ਸੀ ਜਿਸ ਵਿਚ ਉਸ ਦੀ ਹਰ ਪੱਖੋਂ ਚੱਲਦੀ ਹੈ।
ਗੁਰਕਿਰਪਾਲ ਸਿੰਘ ਅਸ਼ਕ ਦੇ ਸਵਾਲ ਤੇ ਗੋਬਿੰਦ ਸਿੰਘ ਕਾਂਝਲਾ ਮੰਤਰੀ ਨੇ ਕਿਹਾ ‘ਇਹ ਕੀ ਸਵਾਲ ਹੋਇਆ? ਇੰਜ ਦੇ ਸਵਾਲ ਦਾ ਜਵਾਬ ਦੇਣਾ ਹੀ ਨਹੀਂ ਬਣਦਾ, ਤੁਸੀਂ ਸਰਕਾਰੀ ਕੰਮ ਵਿਚ ਦਖ਼ਲ ਨਹੀਂ ਦੇ ਸਕਦੇ’ ਮੰਤਰੀ ਗੋਬਿੰਦ ਸਿੰਘ ਕਾਂਝਲਾ ਨੇ ਥੋੜ੍ਹਾ ਲੋਹਾ ਲਾਖਾ ਹੋਕੇ ਅਸ਼ਕ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਸ਼ਕ ਨੇ ਫੇਰ ਕਿਹਾ ‘ਵਜ਼ੀਰ ਸਾਹਿਬ ਮੇਰਾ ਛੋਟਾ ਜਿਹਾ ਸਵਾਲ ਹੈ ਕਿ ਤੁਸੀਂ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਫੜੀਆਂ ਹਨ, ਫੜੀਆਂ ਹਨ ਦਸ ਦਿਓ ਨਹੀਂ ਫੜੀਆਂ ਤਾਂ ਜਵਾਬ ਦੇ ਦਿਓ, ਇਸ ਵਿਚ ਤਾਂ ਸਰਕਾਰੀ ਕੰਮਾਂ ਵਿਚ ਕੋਈ ਦਖ਼ਲ ਹੀ ਨਹੀਂ ਹੈ’ ਡੀਪੀਆਰਓ ਡੌਰ ਭੌਰ ਹੋਇਆ ਖੜਾ ਸੀ, ਡਾਇਰੈਕਟਰ ਆਰਐਲ ਕਲਸੀਆ ਵੀ ਦੇਖ ਕੇ ਬੜਾ ਹੈਰਾਨ ਹੋ ਰਿਹਾ ਸੀ, ਮੰਤਰੀ ਸਿਆਣਾ ਹੁੰਦਾ ਤਾਂ ਡਾਇਰੈਕਟਰ ਆਰ ਐੱਲ ਕਲਸੀਆ ਨੂੰ ਪੁੱਛ ਲੈਂਦਾ, ਹੈਲਥ ਸੈਕਟਰੀ ਤੋਂ ਪੁੱਛ ਲੈਂਦਾ, ਪਰ ਮੰਤਰੀ ਦੇ ਦਿਮਾਗ਼ ਨੂੰ ਮੰਤਰੀ ਦੀ ਕੁਰਸੀ ਦਾ ਹੰਕਾਰ ਚੜ੍ਹਿਆ ਸੀ। ਇਸੇ ਫੁਕਰੇ ਪਣ ਵਿਚ ਮੰਤਰੀ ਉਲਝ ‌ਗਿਆ। ਮੰਤਰੀ ਨੇ ਅਸ਼ਕ ਨੂੰ ਫੇਰ ਡਰਾਉਣ ਲਈ ਕਿਹਾ ‘ਇਹ ਤੁਹਾਨੂੰ ਅਸੀਂ ਕਿਵੇਂ ਦਸ ਦੇਈਏ, ਨਾਲੇ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹੀ ਛਾਪੋ, ਤੁਹਾਡੀ ਮਰਜ਼ੀ ਨਹੀਂ ਚੱਲਣੀ’ ਉਸ ਤੋਂ ਬਾਅਦ ਗੁਰਕਿਰਪਾਲ ਸਿੰਘ ਅਸ਼ਕ ਨੇ ਕਿਹਾ ‘ਮੈਂ ਤੁਹਾਡਾ ਕਲਰਕ ਥੋੜ੍ਹਾ ਹਾਂ ਮੰਤਰੀ ਸਾਹਿਬ, ਕਿ ਜੋ ਤੁਸੀਂ ਆਖੋ ਉਹੀ ਛਾਪ ਦੇਵਾਂ’ ਤਾਂ ਮੰਤਰੀ ਨੇ ਕਿਹਾ ‘ਤੁਸੀਂ ਜੋ ਛਾਪਣਾ ਛਾਪੋ’ ਜਿਵੇਂ ਮੰਤਰੀ ਨੇ ਖਹਿੜਾ ਛੁਡਾ ਲਿਆ ਸੀ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮੰਤਰੀ ਅਸਲ ਵਿਚ ਫਸ ਚੁੱ‌ਕਿਆ ਸੀ।
ਉਹ ਗੁਰਕਿਰਪਾਲ ਸਿੰਘ ਅਸ਼ਕ ਸੀ ਨਾ ਕਿ ‘ਫੁਕਰਾ ਧਾਲੀਵਾਲ’ ਕਿ ਪਹਿਲਾਂ ਮੰਤਰੀ ਦੇ ਪੈਰੀਂ ਹੱਥ ਲਾਏ ਤੇ ਬਾਅਦ ਵਿਚ ਸਵਾਲ ਪੁੱਛਿਆ, ਓ ਫੁਕਰੇ ਧਾਲੀਵਾਲ ਦੀ ਗੱਲ ਬਾਅਦ ਵਿਚ ਕਰਾਂਗੇ ਅੱਜ ਦਾ ਵਿਸ਼ਾ ਹੈ ਪਟਿਆਲਾ ਦੇ ਪੱਤਰਕਾਰਾਂ ਦੀ ਜਥੇਬੰਦੀ ਦੇ ਬਣਨ ਦੇ ਕਾਰਨ ਕੀ ਕੀ ਬਣੇ। ਗੁਰਕਿਰਪਾਲ ਸਿੰਘ ਅਸ਼ਕ ਦਾ ਕੰਮ ਹੋ ਚੁੱਕਿਆ ਸੀ, ਮੰਤਰੀ ਹੋਰ ਸਵਾਲਾਂ ਦੇ ਜਵਾਬ ਦੇਣ ਵਿਚ ਉਲਝ ਗਏ ਤੇ ਅਸ਼ਕ ਉੱਥੋਂ ਉੱਠ ਕੇ ਬਾਹਰ ਆ ਗਏ, ਜੇਕਰ ਉਸ ਵੇਲੇ ਪੱਤਰਕਾਰਾਂ ਦੀ ਜਥੇਬੰਦੀ ਹੁੰਦੀ ਤਾਂ ਸਾਰੇ ਹੀ ਅਸ਼ਕ ਦੇ ਨਾਲ ਹੀ ਬਾਹਰ ਆ ਜਾਣੇ ਸਨ। ਅਸ਼ਕ ਸਰਕਟ ਹਾਊਸ ਵਿਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਪਿੱਛੋਂ ਡਾਇਰੈਕਟਰ ਨੇ ਅਵਾਜ਼ ਮਾਰੀ ‘ਮਿਸਟਰ ਅਸ਼ਕ, ਮਿਸਟਰ ਅਸ਼ਕ, ਮਿਸਟਰ ਅਸ਼ਕ’ ਗੁਰਕਿਰਪਾਲ ਸਿੰਘ ਅਸ਼ਕ ਸਮਝ ਰਿਹਾ ਸੀ ਕਿ ਮੰਤਰੀ ਨੇ ਫੇਰ ਬੁਲਾ ਲਿਆ ਹੈ। ਡਾਇਰੈਕਟਰ ਦੂਰੋਂ ਉੱਚੀ ਉੱਚੀ ਕ‌ਹਿੰਦਾ ਆ ਰਿਹਾ ਸੀ ਕਿ ‘ਕੋਈ ਅਜਿਹੀ ਖ਼ਬਰ ਨਾ ਛਾਪਣਾ ਅਸ਼ਕ ਜੀ, ਕੋਈ ਗੱਲ ਨਹੀਂ ਹੋਈ’ ਅਸ਼ਕ ਉੱਥੇ ਖੜ੍ਹਾ ਰਿਹਾ, ਡਾਇਰੈਕਟਰ ਕੋਲ ਆਇਆ ਉਸ ਨੇ ਅਸ਼ਕ ਨੂੰ ਬੜੀ ਹੀ ਧੀਮੀ ਅਵਾਜ਼ ਵਿਚ ਕਿਹਾ ‘ਅਸ਼ਕ ਸਾਹਿਬ ਮੰਜੀ ਠੋਕ ਦੇਣਾ ਮੰਤਰੀ ਦੀ, ਬੋਲਣ ਦੀ ਇਨੂ ਅਕਲ ਨਹੀਂ, ..ਠੋਕ ਕੇ ਲਾਉਣਾ ਖ਼ਬਰ... ’ ਡਾਇਰੈਕਟਰ ਨੇ ਇਸ ਤੋਂ ਵੀ ਵੱਧ ਮੰਤਰੀ ਬਾਰੇ ਧੀਮੀ ਅਵਾਜ਼ ਵਿਚ ਕਿਹਾ, ਅਸ਼ਕ ਕੋਲ ਤਾਂ ਪਹਿਲਾਂ ਹੀ ਖ਼ਬਰ ਦਾ ਕੰਟੈਂਟ ਮੌਜੂਦ ਸੀ, ਉੱਪਰੋਂ ਮੰਤਰੀ ਦਾ ਪੱਖ ਆ ਗਿਆ, ਸਵੇਰੇ ਹੀ ਟਾਈਮਜ਼ ਆਫ਼ ਇੰਡੀਆ ਵਿਚ ਪੰਜ ਕਾਲਮ ਖ਼ਬਰ ਪ੍ਰਕਾਸ਼ਿਤ ਹੋਈ ਤੇ ਮੰਤਰੀ ਨੂੰ ਭਾਜੜਾਂ ਪੈ ਗਈਆਂ। ਡਾਇਰੈਕਟਰ ਨੇ ਦੱਸਿਆ ਕਿ ਮੰਤਰੀ ਦੂਜੇ ਦਿਨ ਸਾਰਾ ਦਿਨ ਹੀ ਅਧਿਕਾਰੀਆਂ ਨੂੰ ਝਾੜਦਾ ਰਿਹਾ ਤੇ ਅੰਕੜੇ ਇਕੱਠੇ ਕਰਦਾ ਰਿਹਾ। ਇਸ ਤਰ੍ਹਾਂ ਦੀਆਂ ਕਈ ਸਾਰੀਆਂ ਕਹਾਣੀਆਂ ਪੱਤਰਕਾਰਾਂ ਨੂੰ ਦਬਕਾਉਣ ਦੀਆਂ ਚੱਲਦੀਆਂ ਰਹਿੰਦੀਆਂ ਸਨ, ਪੱਤਰਕਾਰ ਇਸ ਬਾਰੇ ਕਾਫ਼ੀ ਚਿੰਤਤ ਸਨ, ਇਕ ਦਿਨ ਰਾਤ ਨੂੰ ਚੜ੍ਹਦੀਕਲਾ ਦਫ਼ਤਰ ਵਿਚੋਂ ਆ ਰਹੇ ਹਰਪ੍ਰੀਤ ਸਿੱਧੂ ਨੂੰ ਵੀ ਘੇਰ ਕੇ ਡਰਾਇਆ ਗਿਆ। ਦਰਸ਼ਨ ਖੋਖਰ ਨਾਲ ਵੀ ਕੁਝ ਘਟਨਾਵਾਂ ਵਾਪਰੀਆਂ ਸਨ। ਹੁਣ ਇੱਥੋਂ ਸ਼ੁਰੂ ਹੁੰਦਾ ਹੈ ਇਹ ਵਿਚਾਰ ਕਿ ਪਟਿਆਲਾ ਵਿਚ ਇਕ ਪੱਤਰਕਾਰਾਂ ਦੀ ਅਹਿਮ ਸਨਮਾਨਯੋਗ ਜਥੇਬੰਦੀ ਬਣਾਈ ਜਾਵੇ। ਜਥੇਬੰਦੀ ਦੀ ਲੋੜ ਸੀ, ਪਰ ਪਹਿਲਾਂ ਵੀ ਜਥੇਬੰਦੀਆਂ ਬਣਦੀਆਂ ਰਹੀਆਂ ਹਨ। ਇੱਥੇ ਇਕ ਹੋਰ ਮੁਸ਼ਕਿਲ ਬੜੀ ਅਹਿਮ ਸੀ, ਜਥੇਬੰਦੀ ਬਣਾਉਣ ਤੋਂ ਪਹਿਲਾਂ ਇਹ ਮੁਸ਼ਕਿਲ ਹੱਲ ਕਰਨੀ ਵੀ ਜ਼ਰੂਰੀ ਸੀ, ਦਾ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਜੰਗਵੀਰ ਸਿੰਘ ਤੇ ਅਜੀਤ ਦੇ ਸਟਾਫ਼ ਰਿਪੋਰਟਰ ਜਸਪਾਲ ਸਿੰਘ ਢਿੱਲੋਂ ਦੀ ਆਪਸ ਵਿਚ ਤਣਾ ਤਣੀ ਚੱਲ ਰਹੀ ਸੀ, ਇਨ੍ਹਾਂ ਦੋਵਾਂ ਨੂੰ ਵੀ ਮਿਲਾਉਣਾ ਜ਼ਰੂਰੀ ਸੀ। ਕਾਰਨ ਤਾਂ ਹੋਰ ਵੀ ਹੋਣਗੇ, ਪਰ ਇਕ ਕਾਰਨ ਜੋ ਮੇਰੇ ਧਿਆਨ ਵਿਚ ਹੈ ਕਿ ਜਦੋਂ ਜਸਪਾਲ ਸਿੰਘ ਢਿੱਲੋਂ ਪੰਜਾਬੀ ਟ੍ਰਿਬਿਊਨ ‌ਵਿਚ ਨਿਯੁਕਤ ਹੋਇਆ ਤਾਂ ਉਸ ਦੀ ਵਿਰੋਧਤਾ ਕਰਨ ਵਾਲਿਆਂ ਵਿਚ ਇਕ ਜੰਗਵੀਰ ਵੀ ਸੀ, ਇਹ ਆਮ ਹੁੰਦਾ ਹੈ ਕਿ ਜਿਵੇਂ ਜਦੋਂ ਮੈਂ (ਇਨ੍ਹਾਂ ਸਤਰਾਂ ਦਾ ਲੇਖਕ) ਪੰਜਾਬੀ ‌ਟ੍ਰਿਬਿਊਨ ਵਿਚ ਨਿਯੁਕਤ ਹੋਇਆ ਸੀ ਤਾਂ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਪਟਿਆਲਾ ਦੇ ਮੇਰੇ ਸਾਥੀਆਂ ਵੱਲੋਂ, ਮੇਰੇ ਸਾਥੀਆਂ ਦੇ ਮਿੱਤਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ, ਪਰ ਸੰਪਾਦਕ ਵਰਿੰਦਰ ਵਾਲੀਆ ਜੀ ਨੇ ਜਿੰਦੇ ਹੀ ਇੰਜ ਲਗਾਏ ਸਨ ਕਿ ਮੇਰੀ ਵਿਰੋਧਤਾ ਵਿਚ ਖੜ੍ਹਾ ਕੋਈ ਕਾਮਯਾਬ ਨਹੀਂ ਹੋ ਸਕਿਆ। ਜਸਪਾਲ ਢਿੱਲੋਂ ਦਾ ਗ਼ੁੱਸਾ ਕਰਨਾ ਜਾਇਜ਼ ਸੀ, ਪਰ ਜੰਗਵੀਰ ਨੇ ਖ਼ੁਦ ਨਹੀਂ ਸਗੋਂ ਉਸ ਕੋਲੋਂ ਇੰਜ ਕਰਾਇਆ ਗਿਆ ਸੀ, ਉਸ ਕੋਲੋਂ ਕਰਾਉਣ ਵਾਲੇ ਕੌਣ ਲੋਕ ਸਨ ਇਸ ਬਾਰੇ ਕਦੇ ਫੇਰ ਸਾਂਝ ਪਾਵਾਂਗੇ। ਹੁਣ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਬਣਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਸੀ ਤਾਂ ਜੰਗਵੀਰ ਸਿੰਘ ਤੇ ਜਸਪਾਲ ਢਿੱਲੋਂ ਨੂੰ ਪੁਰਾਣੇ ਸ਼ਿਕਵੇ ਭੁਲਾ ਕੇ ਇਕ ਕਰਨਾ ਵੀ ਲਾਜ਼ਮੀ ਸੀ। ਛੋਟੀ ਬਾਰਾਂਦਰਰੀ ਵਿਚ ਅਜੀਤ ਅਖਬਾਰ ਦੇ ਦਫਤਰ ਵਿਚ ਪੱਤਰਕਾਰਾਂ ਦੀ ਭਰਵੀਂ ਮੀਟਿੰਗ ਵਿਚ ਮੇਰਾ ਪ੍ਰਸਤਾਵ ਸੀ ਕਿ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਇਕੱਠੇ ਹੋਣੇ ਲਾਜ਼ਮੀ ਹਨ ਨਹੀਂ ਤਾਂ ਜਥੇਬੰਦੀ ਨਹੀਂ ਬਣ ਸਕੇਗੀ, ਭਾਵੇਂ ਕਿ ਜਥੇਬੰਦੀ ਜੰਗਵੀਰ ਤੇ ਜਸਪਾਲ ਤੋਂ ਬਗੈਰ ਵੀ ਬਣ ਸਕਦੀ ਸੀ ਪਰ ਉਨ੍ਹਾਂ ਸਮਿਆਂ ਵਿਚ ਇਕ ਸਤਿਕਾਰ ਸੀ, ਭਾਵ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਇਕ ਸਤਿਕਾਰ ਸੀ, ਹੁਣ ਤਾਂ ਚਾਰ ਪੱਤਰਕਾਰ ਇਕੱਠੇ ਹੋਏ ਤੇ ਜਥੇਬੰਦੀ ਬਣ ਜਾਂਦੀ ਹੈ ਤੇ ਵੱਖਰੇ ਪ੍ਰੈਸ ਕਲੱਬ ਦੀ ਮੰਗ ਸ਼ੁਰੂ ਹੋ ਜਾਂਦੀ ਹੈ, ਟਾਈਮਜ਼ ਆਫ਼ ਇੰਡੀਆ ਦੇ ਸੀਨੀਅਰ ਸਟਾਫ਼ ਰਿਪੋਰਟਰ ਗੁਰਕਿਰਪਾਲ ਸਿੰਘ ਅਸ਼ਕ ਤੇ ਦੇਸ਼ ਸੇਵਕ ਦੇ ਸਟਾਫ਼ ਰਿਪੋਰਟਰ ਗੁਰਨਾਮ ‌ਸਿੰਘ ਅਕੀਦਾ (ਇਨ੍ਹਾਂ ਸਤਰਾਂ ਦਾ ਲੇਖਕ) ਨੇ ਇਸ ਬਾਰੇ ਅਹਿਮ ਰੋਲ ਨਿਭਾਇਆ ਤੇ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਦੀ ਏਕਤਾ ਹੋ ਗਈ। ਉਸ ਤੋਂ ਬਾਅਦ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਹੋਂਦ ਵਿਚ ਆਈ, ਜਿਸ ਦਾ ਨਾਮ ਰੱਖਿਆ ਗਿਆ ‘ਪਟਿਆਲਾ ਜਰਨਲਿਸਟ ਐਸੋਸੀਏਸ਼ਨ’।
ਇਸ ਜਥੇਬੰਦੀ ਦੇ ਪਟਿਆਲਾ ਦੇ ਜ਼ਿਆਦਾਤਰ ਪੱਤਰਕਾਰ ਤੇ ਸਰਕਾਰੀ ਤੌਰ ਤੇ ਸੇਵਾ ਨਿਭਾ ਰਹੇ ਡੀਪੀਆਰਓ ਤੇ ਏਪੀਆਰਓ ਵੀ ਮੈਂਬਰ ਬਣਾਏ ਗਏ। ਇਸ ਜਥੇਬੰਦੀ ਦੇ ਮੈਂਬਰ ਬਣਨ ਲਈ ਕਈ ਸਾਰੇ ਪ੍ਰੈੱਸ ਤੇ ਗੈਰ ਪ੍ਰੈੱਸ ਵਾਲਿਆਂ ਨੇ ਸੰਪਰਕ ਕੀਤਾ, ਪਰ ਇਹ ਜਥੇਬੰਦੀ ਨਿਰੋਲ ਪੱਤਰਕਾਰਾਂ ਦੀ ਜਥੇਬੰਦੀ ਸੀ,
ਜਦੋਂ ਇਹ ਜਥੇਬੰਦੀ ਬਣੀ ਤਾਂ ਤੁਸੀਂ ਹੈਰਾਨ ਹੋਵੋਗਾ ਕਿ ਪ‌ਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਤੇ ਪੰਜਾਬ ਸਰਕਾਰ ਵਿਚ ਤਹਿਲਕਾ ਮੱਚ ਗਿਆ ਸੀ। ਪਰ ਇਹ ਤਹਿਲਕਾ ਕੋਈ ਬੰਬ ਨਹੀਂ ਸੀ ਸਾਰੇ ਪੱਤਰਕਾਰ ਆਪਣੇ ਅਖ਼ਬਾਰਾਂ ਵਿਚ ਆਮ ਵਾਂਗ ਕੰਮ ਕਰਦੇ ਸਨ। ਇਹ ਨਹੀਂ ਸੀ ਕਿ ਜਥੇਬੰਦੀ ਬਣ ਗਈ ਕਿ ਸਾਰੇ ਪੱਤਰਕਾਰ ‘ਡਾਨ’ ਬਣ ਗਏ। ਉਸ ਵੇਲੇ ਪ੍ਰਵੀਨ ਕੋਮਲ ਦੀ ਕੋਈ ਬਹੁਤੀ ਚਰਚਾ ਨਹੀਂ ਸੀ, ਪਰ ਇਕ ਗੱਲ ਜ਼ਰੂਰ ਹੈ ਕਿ ਉਹ ‘ਰਾਈਟ ਐਕਸ਼ਨ’ ਅਖ਼ਬਾਰ ਰਾਹੀਂ ਕਈ ਲੋਕਾਂ ਦੇ ਚਰਿੱਤਰ ਹਨਨ ਜ਼ਰੂਰ ਕਰਦਾ ਸੀ। ਇਸ ਜਥੇਬੰਦੀ ਵਿਚ ਉਸ ਲਈ ਕੋਈ ਥਾਂ ਨਹੀਂ ਸੀ।
ਇਸ ਜਥੇਬੰਦੀ ਵਿਚ ਅਜੀਤ ਤੋਂ ਜਸਵਿੰਦਰ ਸਿੰਘ ਦਾਖਾ ਨੂੰ ਵੀ ਮੈਂਬਰ ਬਣਾਇਆ ਗਿਆ ਸੀ ਪਰ ਉਹ ਜਥੇਬੰਦੀ ਵਿਚ ਸਰਗਰਮ ਨਹੀਂ ਸੀ। ਪਰ ਫਿਰ ਵੀ ਪਟਿਆਲਾ ਦਾ ਮੀਡੀਆ ਉਸ ਦਾ ਸਤਿਕਾਰ ਕਰਦਾ ਸੀ, ਇਹ ਜਥੇਬੰਦੀ ਚਾਹੁੰਦੀ ਸੀ ਕਿ ਜਸਵਿੰਦਰ ਸਿੰਘ ਦਾਖਾ ਇਸ ਦਾ ਰਿਕਾਰਡ ਤੌਰ ਤੇ ਮੈਂਬਰ ਬਣੇ। ਪਰ ਇਹ ਤਮੰਨਾ ਜਥੇਬੰਦੀ ਦੀ ਪੂਰੀ ਨਹੀਂ ਹੋਈ।
ਬਣਾਈ ਗਈ ਜਥੇਬੰਦੀ ਪਟਿਆਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੰਗਵੀਰ ਸਿੰਘ ਬਣੇ ਦੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਬਣਾਏ ਗਏ, ਦੋਵੇਂ ਵਿਰੋਧੀ ਸੀ, ਵਿਰੋਧੀਆਂ ਨੂੰ ਇਸ ਤਰੀਕੇ ਨਾਲ ਜੋੜਿਆ ਕਿ ਦੋਵੇਂ ਟਿੱਚ ਬਟਣਾ ਦੀ ਜੋੜੀ ਬਣ ਗਏ।
ਸਕੱਤਰ ਮੈਨੂੰ ਵੀ ਬਣਾਇਆ ਗਿਆ, ਪੱਤਰਕਾਰਾਂ ਵਿਚ ਜਥੇਬੰਦੀ ਪ੍ਰਤੀ ਬਹੁਤ ਉਤਸ਼ਾਹ ਸੀ। ਮੈਂਬਰਸ਼ਿਪ ਬੜੇ ਦਫ਼ਤਰੀ ਤਰੀਕੇ ਨਾਲ ਕੱਟੀ ਜਾ ਰਹੀ ਸੀ, ਇਸ ਸਮੇਂ ਦਰਸ਼ਨ ਸਿੰਘ ਖੋਖਰ, ਸਰਬਜੀਤ ਸਿੰਘ ਭੰਗੂ, ਭੁਪੇਸ਼ ਚੱਠਾ, ਗੁਰਨਾਮ ਸਿੰਘ ਅਕੀਦਾ, ਗੁਰਪ੍ਰੀਤ ਸਿੰਘ ਨਿੱਬਰ, ਆਈਐਸ ਚਾਵਲਾ, ਜੰਗਵੀਰ ਸਿੰਘ, ਜਸਪਾਲ ਸਿੰਘ ਢਿੱਲੋਂ, ਪ੍ਰਵੇਸ਼ ਸ਼ਰਮਾ, ਰਵੇਲ ਸਿੰਘ ਭਿੰਡਰ ਆਦਿ ਨੇ ਬੜਾ ਹੀ ਅਹਿਮ ਰੋਲ ਨਿਭਾਇਆ। ਪਟਿਆਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਦੀ ਭਲਾਈ ਲਈ ਕੰਮ ਵੀ ਕਰਨੇ ਸ਼ੁਰੂ ਕਰ ਦਿੱਤੇ ਸਨ, ਪੰਜਾਬ ਸਰਕਾਰ ਨੂੰ ਪੱਤਰ ਦੇਣੇ ਸ਼ੁਰੂ ਹੋਏ ਸਨ। ਜਿਸ ਦੀ ਕਾਰਵਾਈ ਹੋਣੀ ਲਾਜ਼ਮੀ ਸੀ, ਜਿਸ ਬਾਰੇ ਅੱਗੇ ਜਾ ਕੇ ਸਪਸ਼ਟ ਹੋਵੇਗਾ।
ਪੱਤਰਕਾਰਾਂ ਦੀ ਜਥੇਬੰਦੀ ਬਣ ਗਈ ਸੀ, ਮੀ‌ਟਿੰਗਾਂ ਬੜੇ ਸਲੀਕੇ ਵਾਲੀਆਂ ਹੁੰਦੀਆਂ ਸਨ। ਹੁਣ ਪਟਿਆਲਾ ਵਿਚ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਤਰਜ਼ ਤੇ ਪਟਿਆਲਾ ਵਿਚ ਪ੍ਰੈੱਸ ਕਲੱਬ ਬਣਾਉਣ ਦੀ ਗੱਲ ਤੁਰੀ, ਪਟਿਆਲਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚ ਆ ਗਈ ਸੀ, ਇਸ ਤੋਂ ਵੱਧ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਲਈ ਹੋਰ ਕੀ ਹੋ ਸਕਦਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕੋਲ ਮੀਡੀਆ ਨੇ ਇਸ ਬਾਰੇ ਗੱਲ ਰੱਖੀ, ਕੈਪਟਨ ਅਮਰਿੰਦਰ ਸਿੰਘ ਤੱਕ ਵੀ ਗੱਲ ਪੁੱਜਦੀ ਹੋਈ। ਹੁਣ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ ਪਟਿਆਲਾ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਦੀ.. ਬਾਕੀ ਅਗਲੇ ਭਾਗ ਵਿਚ.... ਸੰਪਰਕ : 8146001100
ਮੇਰੇ ਵਲੋਂ ਖਾਸ ਬੇਨਤੀ ... ਕਿਰਪਾ ਨੋਟ ਕਰਨਾ ਜੀ... ਇਸ ਇਤਿਹਾਸਕ ਲੇਖ ਬਾਰੇ ਕਿਸੇ ਕੋਲ ਹੋਰ ਵੀ ਪੱਖ ਹੋ ਸਕਦੇ ਹਨ ਉਹ ਬਲੌਗ ਵਿਚ ਇਸ ਲੇਖ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ ਜਾਂ ਫਿਰ ਮੈਨੂੰ ਫ਼ੋਨ ਕਰਕੇ ਦੱਸ ਸਕਦਾ ਹੈ ਤਾਂ ਕਿ ਇਸ ਲੇਖ ਵਿਚ ਕੁਝ ਹੋਰ ਜੋੜਿਆ ਜਾ ਸਕੇ, ਮੈਂ ਉਨ੍ਹਾਂ ਦਾ ਬਹੁਤ ਮਸ਼ਕੂਰ ਹੋਵਾਂਗਾ, ਜੇਕਰ ਮੇਰੀ ਕਿਤੇ ਗ਼ਲਤੀ ਹੋਵੇ ਤਾਂ ਜ਼ਰੂਰ ਦੱਸਣਾ ਮੈਂ ਧੰਨਵਾਦੀ ਹੋਵਾਂਗਾ, ਜਿਵੇਂ ਇਸ ਪਹਿਲੇ ਚਾਰ ਨੰਬਰ ਭਾਗ ਵਿਚ ਇਕ ਗ਼ਲਤੀ ਨੂੰ ਦਰੁਸਤ ਮੇਰੇ ਵੀਰ ਪੱਤਰਕਾਰ ਪ੍ਰਦੀਪ ਸ਼ਾਹੀ ਨੇ ਦਰੁਸਤ ਕਰਵਾਇਆ ਸੀ ਧੰਨਵਾਦ ਪ੍ਰਦੀਪ ਸ਼ਾਹੀ ਜੀ ... ਕਿਸੇ ਵੀਰ ਭੈਣ ਨੂੰ ਕੁਝ ਬੁਰਾ ਲੱਗਦਾ ਹੋਵੇ ਮੈਂ ਉਸ ਤੋਂ ਤਹਿ ਦਿਲੋਂ ਮਾਫ਼ੀ ਮੰਗਦਾ ਹਾਂ.. ਮੇਰੇ ਵਿਰੁੱਧ ਥਾਣੇ, ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਮੇਰੇ ਨਾਲ ਗੱਲ ਜ਼ਰੂਰ ਕਰ ਲੈਣਾ ਜੀ,ਮੇਰੀ ਭਾਵਨਾ ਕਿਸੇ ਦੀ ਵਿਰੋਧਤਾ ਵਿਚ ਲਿਖਣਾ ਬਿਲਕੁਲ ਨਹੀਂ ਹੈ, ਮੈਂ ਤਾਂ ਪਟਿਆਲਾ ਦੇ ਪੱਤਰਕਾਰਾਂ ਦਾ ਇਤਿਹਾਸ ਬਣਾ ਰਿਹਾ ਹਾਂ ਜੋ ਨਾ ਪਹਿਲਾਂ ਕਿਸੇ ਨੇ ਬਣਾਇਆ ਹੈ ਸ਼ਾਇਦ ਨਾ ਹੀ ਕੋਈ ਅੱਗੇ ਬਣਾਏਗਾ.. ਹੋ ਸਕਦਾ ਹੈ ਮੇਰੀ ਵਿਰੋਧਤਾ ਕਰਨ ਵਾਲੇ ਇਸ ਬਾਰੇ ਆਪਣੇ ਵਿਚਾਰ ਰੱਖਦੇ ਹੋਣ ਪਰ ਉਨ੍ਹਾਂ ਵੱਲੋਂ ਵੀ ਬਲੌਗ ਪੜ੍ਹਨ ਦਾ ਧੰਨਵਾਦ ਜੀ.. ਅਕੀਦਾ

No comments:

Post a Comment

ਇਕ ਉਸਾਰੂ ਸੋਚ ਦਾ ਆਗਾਜ਼ : ਪੱਤਰਕਾਰਾਂ ਦੀ ਜਥੇਬੰਦੀ ਬਣੇ

ਪੱਤਰਕਾਰੀ ਦਾ ਇਤਿਹਾਸ ਭਾਗ -5 ਲੇਖਕ : ਗੁਰਨਾਮ ਸਿੰਘ ਅਕੀਦਾ ਪਟਿਆਲਾ ਦੇ ਪੱਤਰਕਾਰਾਂ ਲਈ ਇਕ ਸੁਨਹਿਰੀ ਸਮਾਂ ਸੀ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵਿਚ ਏਕਤਾ ਨਜ਼ਰ ਆਉਣ ਲ...