Monday, November 10, 2025

ਪੱਤਰਕਾਰ ਭਾਈਚਾਰਾ ਬਾਗੋ ਬਾਗ਼-ਪ੍ਰੈੱਸ ਕਲੱਬ ਪਟਿਆਲਾ ਦਾ ਨੀਂਹ ਪੱਥਰ ਰੱਖਿਆ ਗਿਆ

ਪੱਤਰਕਾਰੀ ਦਾ ਇਤਿਹਾਸ ਭਾਗ-6 ਲੇਖਕ : ਗੁਰਨਾਮ ਸਿੰਘ ਅਕੀਦਾ
ਮੇਰੇ ਉੱਤੇ ਪਟਿਆਲਾ ਦੀ ਮਾਨਯੋਗ ਅਦਾਲਤ ਵਿਚ ਦੋ ਕਰੋੜ ਦਾ ਮਾਣ-ਹਾਨੀ ਦਾ ਕੇਸ ਦਾਇਰ ਹੋ ਗਿਆ ਸੀ, ਸ਼ਾਇਦ ਭਾਰਤ ਵਿਚ ਏਨੀ ਵੱਡੀ ਰਕਮ ਦਾ ਕੇਸ ਮੇਰੇ ’ਤੇ ਉਸ ਵੇਲੇ ਪਹਿਲਾ ਦਾਇਰ ਹੋਇਆ ਸੀ, ਮੇਰੇ ’ਤੇ ਕੇਸ ਦਰਜ ਹੋਣ ਦੀ ਕੁਝ ਪੱਤਰਕਾਰ ਭਰਾਵਾਂ ਨੇ ਖ਼ੁਸ਼ੀ ਵੀ ਮਨਾਈ ਸੀ, ਲੋਕ ਸੰਪਰਕ ਵਿਭਾਗ ਦਾ ਦਫ਼ਤਰ ਬਾਰਾਂਦਰੀ ਵਿਚ ਹੁੰਦਾ ਸੀ ਜਿੱਥੇ ਅੱਜ ਕੱਲ੍ਹ ਵਿਜੀਲੈਂਸ ਦਾ ਦਫ਼ਤਰ ਹੈ। ਇਸ‌ ਗੱਲ ਦੀ ਖ਼ੁਸ਼ੀ ਲੋਕ ਸੰਪਰਕ ਅਧਿਕਾਰੀ ਨੇ ਵੀ ਮਨਾਈ ਸੀ, ‘‘ਦੋ ਕਰੋੜ ਤਾਂ ਇਸ ਦੇ ਪੁਰਖਿਆਂ ਦੀ ਜਾਇਦਾਦ ਵੇਚ ਕੇ ਵੀ ਪੂਰੇ ਨਹੀਂ ਹੋਣੇ’’ ਗੱਲ ਵੀ ਸਹੀ ਸੀ ਉਸ ਵੇਲੇ ਕਰੋੜਾਂ ਦੀ ਗੱਲ ਛੱਡੇ ਲੱਖਾਂ ਦੀ ਗੱਲ ਵੀ ਵੱਡੀ ਸੀ, ਸਾਡੇ ਲਈ ਤਾਂ ਹਜ਼ਾਰਾਂ ਦੀ ਗੱਲ ਵੀ ਵੱਡੀ ਸੀ। ਪਰ ਪਤਾ ਨਹੀਂ ਕਿਉਂ ਇਸ ਦੋ ਕਰੋੜ ਦੇ ਮਾਣ-ਹਾਨੀ ਦੇ ਕੇਸ ਦਾ ਬਹੁਤਾ ਦੁੱਖ ਨਹੀਂ ਹੋਇਆ।
ਇਕ ਡਰ ਜ਼ਰੂਰ ਸੀ ਕਿ ਉਸ ਵੇਲੇ ਮੈਂ ਸਹਿਕਾਰੀ ਖੰਡ ਮਿਲ ਰੱਖੜਾ ਵਿਚ ਨੌਕਰੀ ਕਰਦਾ ਸੀ, ਨੌਕਰੀ ਤੇ ਖਤਰਾ ਹੋ ਸਕਦਾ ਸੀ, ਅਸਲ ਵਿਚ ਕੇਸ ਦਾਇਰ ਹੋਣ ਦਾ ਕਾਰਨ ਬੜਾ ਅਹਿਮ ਸੀ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਦਾ ਮਾਮਲਾ ਕਾਫ਼ੀ ਚਰਚਾ ਵਿਚ ਸੀ, ਅਸੀਂ ਚਾਰ ਪੱਤਰਕਾਰਾਂ ਦੀ ਸਾਂਝੀ ਖੋਜ ਰਿਪੋਰਟ ਦੇਸ਼ ਸੇਵਕ ਵਿਚ ਪ੍ਰਕਾਸ਼ਿਤ ਹੋਈ ਸੀ, ਰਵੀ ਸਿੱਧੂ ਤੋਂ ਪਹਿਲਾਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸਨ ਭੁਪਿੰਦਰ ਸਿੰਘ ਸਿੱਧੂ! ਸਾਡੀ ਖੋਜ ਰਿਪੋਰਟ ਭੁਪਿੰਦਰ ਸਿੰਘ ਸਿੱਧੂ ਦੀ ਪ੍ਰਾਪਰਟੀ ਬਾਰੇ ਸੀ, ਸਾਡੀ ਰਿਪੋਰਟ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੁਪਿੰਦਰ ਸਿੰਘ ਸਿੱਧੂ ਦੀ ਜਾਂਚ ਵੀ ਵਿਜੀਲੈਂਸ ਹਵਾਲੇ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਭਾਵੇਂ ਦੇਸ਼ ਸੇਵਕ ਵਿਚ ਛਪੀ ਰਿਪੋਰਟ ਸਾਡੀ ਚਾਰ ਪੱਤਰਕਾਰਾਂ ਦੀ ਸਾਂਝੀ ਸੀ ਪਰ ਭੁਪਿੰਦਰ ਸਿੰਘ ਸਿੱਧੂ ਤੇ ਵਿਧਾਇਕ ਪੁੱਤਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕੇਸ ਮੇਰੇ ਇਕੱਲੇ ਤੇ ਪੱਤਰਕਾਰ ਵਜੋਂ ਹੀ ਦਾਇਰ ਕੀਤਾ ਗਿਆ ਸੀ, ਪਰ ਮੁਲਜਮ ਹੋਰ ਵੀ ਸਨ। ਕੁਝ ਦਿਨਾਂ ਬਾਅਦ ਵਿਧਾਇਕ ਜੀਤ ਮਹਿੰਦਰ ਸਿੱਧੂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਜੀਲੈਂਸ ਦੀ ਜਾਂਚ ਦੇ ਕੀਤੇ ਆਦੇਸ਼ ਸਿਰਫ਼ ਅਖ਼ਬਾਰ ਦੀ ਸੁਰਖ਼ੀ ਹੀ ਬਣ ਕੇ ਰਹਿ ਗਏ ਸਨ, ਪਰ ਅੱਜ ਤੱਕ ਉਹ ਜਾਂਚ ਹੋਈ ਜਾਂ ਨਹੀਂ ਹੋਈ ਕਿਤੇ ਕੋਈ ਪਤਾ ਨਹੀਂ ਹੈ। ਮੇਰੇ ਤੇ ਇਹ ਕੇਸ ਹੋਣ ਤੋਂ ਬਾਅਦ ਬੇਸ਼ੱਕ ਕੁਝ ਪੱਤਰਕਾਰਾਂ ਨੇ ਖ਼ੁਸ਼ੀ ਮਨਾਈ ਸੀ ਪਰ ਪੰਜਾਬ ਭਰ ਵਿਚ ਮੇਰੇ ਬਾਰੇ ਚਰਚਾ ਵੀ ਜ਼ਰੂਰ ਹੋਈ ਸੀ। ਉਸ ਤੋਂ ਬਾਅਦ ਸਗੋਂ ਪੱਤਰਕਾਰਾਂ ਵਿਚ ਮੇਰੀ ਸਰਗਰਮੀ ਹੋਰ ਵੱਧ ਗਈ ਸੀ। ਉੱਧਰ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ਵਿਰੁੱਧ ਵੀ ਸਾਰੂ ਰਾਣਾ ਵੱਲੋਂ ਦਾਇਰ ਕੀਤੀ ਸ਼ਿਕਾਇਤ ਦੀ ਰਿਪੋਰਟ ਵੀ ਮੈਂ ਹੀ ਦੇਸ਼ ਸੇਵਕ ਵਿਚ ਬਰੇਕ ਕੀਤੀ ਸੀ, ਉਹ ਵੀ ਚਰਚਾ ਕਾਫ਼ੀ ਸੀ, ਜਿਸ ਦੇ ਪੂਰੇ ਵੇਰਵੇ ਕਿਤੇ ਹੋਰ ਨਸ਼ਰ ਕਰਾਂਗੇ। ਪੱਤਰਕਾਰਾਂ ਵਿਚ ਪਟਿਆਲਾ ਵਿਚ ਹੁਣ ਪ੍ਰੈੱਸ ਕਲੱਬ ਦੀ ਇਮਾਰਤ ਚੰਡੀਗੜ੍ਹ ਦੀ ਤਰਜ਼ ਤੇ ਬਣਾਉਣ ਬਾਰੇ ਚਰਚਾ ਨੇ ਵੀ ਜ਼ੋਰ ਫੜ ਰੱਖਿਆ ਸੀ।
ਕੁਝ ਕਹਾਣੀਆਂ ਇੰਜ ਵੀ ਵਾਪਰ ਰਹੀਆਂ ਸਨ.... ਟਾਈਮਜ਼ ਆਫ਼ ਇੰਡੀਆ ਦੇ ਪੱਤਰਕਾਰ ਨੇ ਸੁਣਾਈ ਇਕ ਦਿਲਚਸਪ ਕਹਾਣੀ :
ਪਟਿਆਲਾ ਦੇ ਕੁਝ ਪੱਤਰਕਾਰ ਸ਼ਰਾਬ ਪੀ ਰਹੇ ਸਨ। ਪੱਤਰਕਾਰਾਂ ਦੇ ਨਾਮ ਵੀ ਪਤਾ ਹਨ ਪਰ ਇੱਥੇ ਪੱਤਰਕਾਰਾਂ ਦੇ ਨਾਮ ਲਿਖਣੇ ਜ਼ਰੂਰੀ ਨਹੀਂ ਹਨ, ਪਰ ਇਕ ਕਿਰਦਾਰ ਦਾ ਨਾਮ ਲਿਖਣਾ ਜ਼ਰੂਰੀ ਹੈ, ਸੁਆਮੀ ਜੀ! ਜਿਵੇਂ ਅਸ਼ਕ ਨੇ ਦੱਸਿਆ, ਪੱਤਰਕਾਰ ਸ਼ਰਾਬ ਪੀ ਰਹੇ ਸਨ, ਗਰਮੀ ਵੀ ਜ਼ਿਆਦਾ ਸੀ ਪਰ ਸ਼ਰਾਬ ਗਰਮ ਪੀਣੀ ਬੜੀ ਮੁਸ਼ਕਿਲ ਸੀ, ਕਿਉਂਕਿ ਬਰਫ਼ ਨਹੀਂ ਮਿਲ ਰਹੀ ਸੀ। ਸੁਆਮੀ ਜੀ ਵੀ ਉੱਥੇ ਹੀ ਸਨ, ਪੱਤਰਕਾਰਾਂ ਦਾ ਸਵਾਲ ਸੀ ਕਿ ‘‘ਯਾਰ ਸ਼ਰਾਬ ਗਰਮ ਚੰਗੀ ਨਹੀਂ ਲੱਗ ਰਹੀ’’, ਸੁਆਮੀ ਜੀ ਨੇ ਕਿਹਾ ‘‘ਬਰਫ਼ ਦਾ ਇੰਤਜ਼ਾਮ ਉਹ ਕਰ ਦਿੰਦਾ ਹੈ ਪਰ ਇਹ ਨਾ ਪੁੱਛਣਾ ਕਿ ਬਰਫ਼ ਕਿਥੋਂ ਆਈ ਹੈ’’, ਪੱਤਰਕਾਰਾਂ ਨੇ ਕਿਹਾ ‘‘ਕੋਈ ਗੱਲ ਨਹੀਂ ਯਾਰ, ਬਰਫ਼ ਮਿਲ ਜਾਵੇ ਤਾਂ ਸ਼ਰਾਬ ਪੀਣ ਦਾ ਅਨੰਦ ਆ ਜਾਵੇਗਾ’’, 20 ਕੁ ਮਿੰਟ ਬਾਅਦ ਸੁਆਮੀ ਜੀ ਬਰਫ਼ ਲੈ ਕੇ ਆ ਗਏ ਸਨ। ਠੰਢੀ ਠਾਰ ਸ਼ਰਾਬ ਪੀਣ ਦਾ ਅਨੰਦ ਆ ਰਿਹਾ ਸੀ, ਸ਼ਰਾਬ ਪੀ ਕੇ ਪੱਤਰਕਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ, ਦੂਜੇ ਦਿਨ ਇਕ ਪੱਤਰਕਾਰ ਨੇ ਸੁਆਮੀ ਜੀ ਨੂੰ ਪੁੱਛ ਲਿਆ ‘‘ਸੁਆਮੀ ਜੀ ਬਰਫ਼ ਕਿਥੋਂ ਲੈ ਕੇ ਆਏ ਸੀ?’ ਤਾਂ ਸੁਆਮੀ ਜੀ ਬਹੁਤ ਹੱਸੇ, ਹੱਸ ਹੀ ਰਹੇ ਸਨ। ਪੱਤਰਕਾਰ ਦੀ ਹੋਰ ਦਿਲਚਸਪੀ ਬਣ ਗਈ ਤੇ ਜ਼ੋਰ ਨਾਲ ਪੁੱਛਿਆ ‘‘ਸੁਆਮੀ ਜੀ ਦੱਸੋ ਬਰਫ਼ ਕਿਥੋਂ ਲੈ ਕੇ ਆਏ ਸੀ?’’ ਸੁਆਮੀ ਜੀ ਨੇ ਹੌਲੀ ਜਿਹੇ ਕਿਹਾ ‘‘ਕਿਸੇ ਨੂੰ ਦੱਸੋਗੇ ਤਾਂ ਨਹੀਂ?’’ ਤਾਂ ਪੱਤਰਕਾਰ ਨੇ ਕਿਹਾ ‘‘ ਨਹੀਂ ਕਿਸੇ ਨੂੰ ਨਹੀਂ ਦੱਸਾਂਗਾ’’ ਤਾਂ ਸੁਆਮੀ ਜੀ ਨੇ ਉਸ ਦੇ ਕੰਨ ਕੋਲ ਮੂੰਹ ਕਰਕੇ ਕਿਹਾ ‘‘ ਬਰਫ਼ ਮੈਂ ਲੈ ਕੇ ਆਇਆ ਸੀ ‘ਮੋਰਚਰੀ’ ਚੋਂ’’ ਪੱਤਰਕਾਰ ਨੇ ਬੜੇ ਗ਼ੌਰ ਨਾ ਸੁਣ ਕੇ ਫੇਰ ਪੁੱਛਿਆ ‘‘ਹੈਂ! ਮੋਰਚਰੀ ਮਤਲਬ ਮੁਰਦਾ ਘਾਟ ਚੋਂ?’’ ਸੁਆਮੀ ਜੀ ਨੇ ਮੁਸਕੜੀਏ ਹੱਸਦੇ ਨੇ ਕਿਹਾ ‘‘ ਹਾਂ, ਮੈਂ ਸੋਚਿਆ ਇਸ ਵੇਲੇ ਬਰਫ਼ ਕਿਥੋਂ ਮਿਲੇਗੀ ਤਾਂ ਇੱਕੋ ਥਾਂ ਯਾਦ ਆਈ ‘ਮੋਰਚਰੀ, ਤੇ ਅਸੀਂ ਉੱਥੇ ਗਏ ਤੇ ਮੁਰਦਿਆਂ ਨੂੰ ਠੰਢਾ ਰੱਖਣ ਲਈ ਪਈ ਬਰਫ਼ ਚੁੱਕ ਲਿਆਏ.. ਭਾਵੇਂ ਕਿ ਉਹ ਬਰਫ਼ ਕਿਸੇ ਮੁਰਦੇ ਤੇ ਨਹੀਂ ਪਈ ਸੀ ਪਰ ਪਈ ਮੁਰਦਾ ਘਾਟ ਵਿਚ ਹੀ ਸੀ’’ ਪੱਤਰਕਾਰ ਸੁਣ ਕੇ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ।...
ਉੱਧਰ ਇਕ ਦਿਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਚੱਲ ਰਹੀ ਸੀ, ਭਰਤਇੰਦਰ ਸਿੰਘ ਚਾਹਲ ਵੀ ਨਾਲ ਹੀ ਸਨ, ਪੱਤਰਕਾਰਾਂ ਨੇ ਪ੍ਰੈੱਸ ਕਾਨਫ਼ਰੰਸ ਖ਼ਤਮ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕੋਲ ਮੰਗ ਰੱਖੀ ਕਿ ‘ਪ‌ਟਿਆਲਾ ਵਿਚ ਪੱਤਰਕਾਰਾਂ ਲਈ ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਨੂੰ ਅਮਲੀ ਰੂਪ ਦਿੱਤਾ ਜਾਵੇ।’ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਬੜੇ ਹੀ ਦਿਲਦਾਰ ਤੇ ਐਕਸ਼ਨਰੀ ਮੁੱਖ ਮੰਤਰੀ ਸਨ, ਉਨ੍ਹਾਂ ਮੌਕੇ ਤੇ ਹੀ ਕਹਿ ਦਿੱਤਾ ਸੀ ਕਿ ‘ਪਟਿਆਲਾ ਵਿਚ ਪ੍ਰੈੱਸ ਕਲੱਬ ਬਣੇਗਾ।’ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੂੰ ਵੀ ਇਸ਼ਾਰਾ ਹੋ ਚੁੱਕਿਆ ਸੀ, ਉਸ ਤੋਂ ਬਾਅਦ ਪਟਿਆਲਾ ਵਿਚ ਪ੍ਰੈੱਸ ਕਲੱਬ ਬਣਾਉਣ ਲਈ ਥਾਂ ਦੀ ਭਾਲ ਹੋਣ ਲੱਗੀ, ਪਟਿਆਲਾ ਦੇ ਡੀਪੀਆਰਓ ਉਜਾਗਰ ਸਿੰਘ ਨੂੰ ਵੀ ਕਿਹਾ ਜਾ ਚੁੱਕਿਆ ਸੀ।
ਪ੍ਰੈੱਸ ਕਲੱਬ ਬਣਾਉਣ ਲਈ ਥਾਂ ਦੀ ਭਾਲ ਹੋਣ ਲੱਗੀ, ਕਈ ਥਾਵਾਂ ਦੇਖੀਆਂ ਗਈਆਂ, ਪਰ ਆਖ਼ਿਰ ਪਟਿਆਲਾ ਵਿਚ ਆਰਟੀਓ ਦੇ ਦਫ਼ਤਰ ਦੀ ਇਮਾਰਤ ਚੁਣੀ ਗਈ, ਜੋ ਬਾਰਾਂਦਰੀ ਵਿਚ ਸੀ ਤੇ ਅੱਜ ਕੱਲ੍ਹ ਦੇ ਨੀਮਰਾਣਾ ਹੋਟਲ ਦੇ ਨਾਲ ਸੀ, ਕਾਲੀ ਮਾਤਾ ਮੰਦਰ, ਮਾਲ ਰੋਡ, ਪੰਜਾਬ ਲੋਕ ਸੇਵਾ ਕਮਿਸ਼ਨ, ਮਹਾਰਾਣੀ ਕਲੱਬ ਆਦਿ ਕਈ ਸਾਰੇ ਪ੍ਰਮੁੱਖ ਦਫ਼ਤਰ ਤੇ ਅਹਿਮ ਥਾਂ ਨੇੜੇ ਸਨ। ਪਟਿਆਲਾ ਵਿਚ ਬਣੀ ‘ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ’ ਦੀ ਸਰਗਰਮ ਸੀ, ਹੁਣ ਪਟਿਆਲਾ ਵਿਚੋਂ ਦਾ ਟ੍ਰਿਬਿਊਨ ਦੇ ਸਟਾਫ਼ ਰਿਪੋਰਟਰ ਜੰਗਵੀਰ ਦੀ ਥਾਂ ਪਟਿਆਲਾ ਚੰਦਰ ਪ੍ਰਕਾਸ਼ ਨੇ ਜੁਆਇਨ ਕਰ ਲਿਆ ਸੀ, ਹੁਣ ਜੇਕਰ ਪ੍ਰੈੱਸ ਕਲੱਬ ਬਣਨਾ ਸੀ ਤਾਂ ਫਿਰ ਸੰਸਥਾ ਪ੍ਰੈੱਸ ਕਲੱਬ ਦੇ ਨਾਮ ਤੇ ਹੀ ਬਣਨੀ ਚਾਹੀਦੀ ਹੈ, ਉਸ ਵੇਲੇ ਪਟਿਆਲਾ ਵਿਚ ਪ੍ਰੈੱਸ ਕਲੱਬ ਦੇ ਨਾਮ ਤੇ ਸੰਸਥਾ ਬਣਾਈ ਗਈ, ਜਿਸ ਦਾ ਨਾਮ ‘ਪ੍ਰੈੱਸ ਕਲੱਬ ਪਟਿਆਲਾ’ ਰੱਖਿਆ ਗਿਆ, ਜਿਸ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਬਣਾਏ ਗਏ ਤੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਨੂੰ ਬਣਾਇਆ ਗਿਆ। ਇਸ ਵੇਲੇ ਕਲੱਬ ਦਾ ਸੰਵਿਧਾਨ ਬਣਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਦੇ ਅਧਿਕਾਰਾਂ ਦੀ ਗੱਲ ਰੱਖੀ ਗਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕਾਫ਼ੀ ਸ਼ਿੱਦਤ ਨਾਲ ਕੰਮ ਕਰਨਾ ਚਾਹੁੰਦੇ ਸਨ। ਉਹ ਹਰ ਗੱਲ ਤੇ ਬਾਰੀਕੀ ਨਾਲ ਧਿਆਨ ਰੱਖ ਰਹੇ ਸਨ। ਖ਼ਾਸ ਕਰਕੇ ਚੰਦਰ ਪ੍ਰਕਾਸ਼ ਦੀ ਕੋਠੀ ( ਜੋ ਕੋਠੀ ਪਹਿਲਾਂ ਜੰਗਵੀਰ ਸਿੰਘ ਕੋਲ ਹੁੰਦੀ ਸੀ),ਵਿਚ ਮੀ‌ਟਿੰਗਾਂ ਹੁੰਦੀਆਂ ਸਨ। ਇਹ ਕੋਠੀ ਜੰਗਵੀਰ ਸਿੰਘ ਵੇਲੇ ਵੀ ਤੇ ਚੰਦਰ ਪ੍ਰਕਾਸ਼ ਵੇਲੇ ਵੀ ਪੱਤਰਕਾਰਾਂ ਦੀਆ ਮੀ‌ਟਿੰਗਾਂ ਲਈ ਕੇਂਦਰ ਬਿੰਦੂ ਹੁੰਦੀ ਸੀ। ਇਸ ਕੋਠੀ ਵਿਚ ਲੋਹੜੀ ਵੀ ਮਨਾਈ ਗਈ ਸੀ ਤੇ ਹੋਰ ਵੀ ਪਿਆਰ ਮੁਹੱਬਤ ਵੰਡਦੀਆਂ ਪੱਤਰਕਾਰਾਂ ਦੀਆਂ ਮੀ‌ਟਿੰਗਾਂ ਹੋ ਜਾਂਦੀਆਂ ਸਨ। ਭਾਵ ਕੇ ਪੱਤਰਕਾਰਾਂ ਵਿਚ ਏਕਤਾ ਸੀ, ਇਕ ਮੱਤ ਸੀ, ਪਿਆਰ ਸੀ, ਜੇਕਰ ਕਿਸੇ ਵਿਚ ਥੋੜ੍ਹਾ‌ ਜਿਹਾ ਵੀ ਮਨਮੁਟਾਵ ਹੁੰਦਾ ਸੀ ਤਾਂ ਮਿਲ ਬੈਠ ਕੇ ਨਬੇੜ ਲਿਆ ਜਾਂਦਾ ਸੀ।
ਪ੍ਰੈੱਸ ਕਲੱਬ ਪਟਿਆਲਾ ਦੀ ਨੀਂਹ ਰੱਖਣ ਲਈ ਪੱਤਰਕਾਰ ਇੱਕ ਜੁੱਟ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨੀਂਹ ਪੱਥਰ ਰਖਾਉਣ ਲਈ ਤਿਆਰੀ ਜ਼ੋਰਾਂ ਤੇ ਸੀ, ਆਰਟੀਓ ਦਫ਼ਤਰ ਪੱਤਰਕਾਰਾਂ ਲਈ ਕੇਂਦਰ ਬਿੰਦੂ ਬਣ ਗਿਆ ਸੀ। ਨੀਂਹ ਪੱਥਰ ਤਿਆਰ ਕਰਵਾਇਆ ਗਿਆ, ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ। ਸਾਰੇ ਪੱਤਰਕਾਰਾਂ ਨੂੰ ਜਿਵੇਂ ਕਿ ਰੱਬ ਮਿਲ ਰਿਹਾ ਸੀ, ਪੱਤਰਕਾਰਾਂ ਵਿਚ ਖ਼ੁਸ਼ੀ ਦੀ ਲਹਿਰ ਸੀ, ਪਟਿਆਲਾ ਛੱਡੋ ਹੁਣ ਤਾਂ ਪਟਿਆਲਾ ਜ਼ਿਲ੍ਹੇ ਵਿਚ ਆਉਂਦੇ ਕਸਬਿਆਂ ਵਿਚ ਕੰਮ ਕਰਦੇ ਪੱਤਰਕਾਰ ਵੀ ਖ਼ੁਸ਼ ਸਨ ਕਿਉਂਕਿ ਪੱਤਰਕਾਰਾਂ ਦਾ ਆਪਣਾ ਠਿਕਾਣਾ ਬਣ ਰਿਹਾ ਸੀ, ਜਿੱਥੇ ਉਹ ਪ੍ਰੈੱਸ ਕਾਨਫ਼ਰੰਸਾਂ ਕਰ ਸਕਣਗੇ। ਜਿੱਥੇ ਉਹ ਬੈਠ ਕੇ ਆਪਣੇ ਸੁੱਖ ਦੁੱਖ ਵੰਡ ਲਿਆ ਕਰਨਗੇ। ਜਿੱਥੇ ਉਨ੍ਹਾਂ ਦਾ ਆਪਣਾ ਰਾਜ ਹੋਵੇਗਾ, ਜਿੱਥੇ ਉਹ ਆਪਣੀਆਂ ਮੀ‌ਟਿੰਗਾਂ ਕਰ ਲਿਆ ਕਰਨਗੇ, ਕਲੱਬ ਦਾ ਸੰਵਿਧਾਨ ਲੋਕਤੰਤਰ ਪ੍ਰਣਾਲੀ ਨੂੰ ਥਾਂ ਦਿੰਦਾ ਸੀ, ਇਸ ਕਰਕੇ ਚੋਣਾ ਵੀ ਪੱਤਰਕਾਰਾਂ ਦੀਆਂ ਹੋਇਆ ਕਰਨਗੀਆਂ, ਜਿਸ ਵਿਚ ਕੋਈ ਵੀ ਪੱਤਰਕਾਰ ਪ੍ਰਧਾਨ ਜਨਰਲ ਸਕੱਤਰ ਤੇ ਹੋਰ ਅਹੁਦਿਆਂ ਲਈ ਚੋਣ ਲੜ ਸਕੇਗਾ। ਇੱਥੋਂ ਹੀ ਐਂਟਰੀ ਹੁੰਦੀ ਹੈ ਪ੍ਰਵੀਨ ਕੋਮਲ ਦੀ, ਪ੍ਰਵੀਨ ਕੋਮਲ ਪਹਿਲਾਂ ਆਪਣਾ ਅਖ਼ਬਾਰ ਕੱਢਦਾ ਸੀ, ਪਰ ਉਸ ਵੇਲੇ ਉਹ ਜੈਨ ਟੀਵੀ ਵਿਚ ਕੰਮ ਕਰ ਰਿਹਾ ਸੀ। ਉਨ੍ਹਾਂ ਦੀ ਇਕ ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਜਰਨਲਿਸਟਾਂ ਦੀ ਜਥੇਬੰਦੀ ਨੇ ਪ੍ਰੈੱਸ ਕਲੱਬ ਪਟਿਆਲਾ ਵਿਚ ਸ਼ਾਮਲ ਕਰਨ ਲਈ ਬੇਨਤੀ ਕੀਤੀ, ਇਸ ਜਥੇਬੰਦੀ ਦੇ ਚੇਅਰਮੈਨ ਪ੍ਰਵੀਨ ਕੋਮਲ (ਜੈਨ ਟੀਵੀ) ਸਨ, ਪ੍ਰਧਾਨ ਸੁਭਾਸ਼ ਪਟਿਆਲਵੀ (ਪੰਜਾਬ ਟੂਡੇ) ਤੇ ਜਨਰਲ ਸਕੱਤਰ ਕੁਲਵੰਤ ਸਿੰਘ (ਐਨ ਡੀ ਟੀਵੀ) , ਸਲਾਹਕਾਰ ਵਿਸ਼ਾਲ ਅੰਗਰੀਸ਼ (ਜੀ ਨਿਊਜ਼), ਮਨੀਸ਼ ਕੌਸ਼ਲ (ਆਜ ਤੱਕ), ਅਮਰਦੀਪ ਸਿੰਘ (ਡੀਡੀ), ਇੰਦਰਜੀਤ ਸਿੰਘ (ਸਹਾਰਾ ਸਮੇਂ), ਰਾਜ ਕਾਂਸਲ (ਜੈਨ ਟੀਵੀ), ਮੋਹਨ ਲਾਲ ਕੈਸ਼ੀਅਰ (ਅਮਰ ਉਜਾਲਾ) ਤੇ 11 ਮੈਂਬਰ ਕਾਰਜਕਾਰਨੀ ਵਿਚ ਸਨ। ਜਿਨ੍ਹਾਂ ਵਿਚ ਪਵਨ ਕੁਮਾਰ ਦੈਨਿਕ ਜਾਗਰਨ, ਜਤਿੰਦਰ ਭਾਰਦਵਾਜ ਟੋਟਲ ਟੀਵੀ, ਚਰਨਜੀਤ ਜੋਸ਼ੀ ਅਜੀਤ, ਜਗਦੀਸ਼ ਸ਼ਰਮਾ ਪੰਜਾਬ ਕੇਸਰੀ, ਇੰਦਰਜੀਤ ਸਿੰਘ ਬੱਬਲੂ ਐਨਆਰਆਈ, ਰਮਨੀਸ਼ ਘਈ ਨਿਊਜ਼ ਟੂਡੇ, ਪ੍ਰਸ਼ੋਤਮ ਕੌਸ਼ਿਕ ਐਨਆਰਆਈ, ਪਰਮਿੰਦਰ ਸ਼ਰਮਾ ਜੈਨ ਟੀਵੀ ਡਕਾਲਾ, ਗੁਰਜੀਤ ਵਾਲੀਆ ਨਿਊਜ਼ ਟੂਡੇ, ਹਰਮੀਤ ਸੋਢੀ ਇੰਡੀਅਨ ਐਕਸਪ੍ਰੈੱਸ ਤੇ ਭਾਰਤ ਕੁਮਾਰ ਸੂਦ ਐਨਆਰਆਈ ਤੋਂ ਲਿਸਟ ਦਿੱਤੀ ਤੇ ਪ੍ਰੈੱਸ ਕਲੱਬ ਪਟਿਆਲਾ ਦੇ ਮੈਂਬਰ ਬਣਾਉਣ ਲਈ ਬੇਨਤੀ ਕੀਤੀ ਗਈ।
ਇਸ ਲਿਸਟ ਬਾਰੇ ਪ੍ਰੈੱਸ ਕਲੱਬ ਪਟਿਆਲਾ ਦੀ ਬਾਕਾਇਦਾ ਇਕ ਮੀ‌ਟਿੰਗ ਸੱਦੀ ਗਈ, ਜਿਸ ਵਿਚ ਇਹ ਚਰਚਾ ਕੀਤੀ ਗਈ ਕਿ ਇਹ ਸਾਰੇ ਪ੍ਰੈੱਸ ਕਲੱਬ ਪਟਿਆਲਾ ਦੇ ਮੈਂਬਰ ਬਣਾਉਣੇ ਚਾਹੀਦੇ ਹਨ ਜਾਂ ਨਹੀਂ, ਕੁਝ ਨੇ ਵਿਰੋਧਤਾ ਕੀਤੀ ਜੋ ਪਹਿਲਾਂ ਵੀ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਪ੍ਰੈੱਸ ਕਲੱਬ ਤੇ ਮੈਂਬਰ ਬਣਾਉਣ ਲਈ ਰਾਜ਼ੀ ਨਹੀਂ ਸਨ। ਪਰ ਇਸ ਮੀਟਿੰਗ ਵਿਚ ਬਹੁ ਗਿਣਤੀ ਨੇ ਇਸ ਲਿਸਟ ਨੂੰ ਮੈਂਬਰ ਬਣਾਉਣ ਲਈ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ ਇਹ ਵੀ ਸਾਰੇ ਮੈਂਬਰ ਬਣਾ ਲਏ ਗਏ, ਇਹ ਸਿਰਫ਼ ਮੈਂਬਰ ਹੀ ਬਣਾਏ ਗਏ ਸਨ ਨਾ ਕਿ ਕੋਈ ਇਨ੍ਹਾਂ ਕੋਲ ਪ੍ਰੈੱਸ ਕਲੱਬ ਦਾ ਕੋਈ ਅਜੇ ਅਹੁਦਾ ਸੀ। ਉੱਧਰ ਆਰਟੀਓ ਦਫ਼ਤਰ ਵਿਚ ਪ੍ਰੈੱਸ ਕਲੱਬ ਪਟਿਆਲਾ ਦੀ ਨੀਂਹ ਰੱਖਣ ਲਈ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅੰਦਰੋਂ ਅੰਦਰੀਂ ਇਹ ਵੀ ਪਤਾ ਲੱਗ ਰਿਹਾ ਸੀ ਕਿ ਪ੍ਰੈੱਸ ਕਲੱਬ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਰੁਪਏ ਮੁਢਲੇ ਰੂਪ ਵਿਚ ਦੇਣ ਲਈ ਫ਼ੈਸਲਾ ਕੀਤਾ ਹੈ। ਜਿਸ ਵਿਚੋਂ 25 ਲੱਖ ਰੁਪਏ ਉਹ ਪਹਿਲਾਂ ਦੇਣਗੇ।
ਅੱਜ ਸਮਾਗਮ ਦਾ ਦਿਨ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਲੱਬ ਪਟਿਆਲਾ ਦਾ ਨੀਂਹ ਰੱਖਣ ਲਈ ਵਿਸ਼ੇਸ਼ ਕਰਕੇ ਆਉਣਾ ਹੈ। ਸਾਰੇ ਪੱਤਰਕਾਰਾਂ ਦੇ ਸਿਰ ’ਤੇ ਜਿਵੇਂ ਕਲਗ਼ੀਆਂ ਸਜ ਗਈਆਂ ਸਨ, ਜਿਵੇਂ ਕੋਈ ਜੰਗ ਜਿੱਤ ਲਈ ਸੀ, ਆਰਟੀਓ ਦਫ਼ਤਰ ਨੂੰ ਸਜਾਇਆ ਗਿਆ, ਇੱਥੇ ਕਰੀਬ 2 ਵਿੱਘੇ ਥਾਂ ਪ੍ਰੈੱਸ ਕਲੱਬ ਪ‌ਟਿਆਲਾ ਨੂੰ ਬਣਾਉਣ ਲਈ ਰਾਖਵੀਂ ਰੱਖ ਦਿੱਤੀ ਗਈ ਸੀ। ਨੀਂਹ ਪੱਥਰ ਸਜਾਇਆ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਆਏ ਸਨ, ਭਰਤਇੰਦਰ ਸਿੰਘ ਚਾਹਲ ਵੀ ਨਾਲ ਹੀ ਸਨ। ਇਸ ਵੇਲੇ ਨੀਂਹ ਪੱਥਰ ਰੱ‌ਖਿਆ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਰੁਪਏ ਮੁੱਢਲੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਜਿਸ ਵਿਚੋਂ 25 ਲੱਖ ਰੁਪਏ ਦੇ ਦਿੱਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਖ਼ਾਸ ਕਰਕੇ ਇਹ ਵੀ ਕਿਹਾ ਕਿ ‘‘ਇਹ ਪ੍ਰੈੱਸ ਕਲੱਬ ਨਮੂਨੇ ਦਾ ਬਣੇਗਾ, ਜਿਸ ਲਈ ਜਿੰਨੇ ਹੋਰ ਰੁਪਏ ਦੀ ਲੋੜ ਪਈ ਤਾਂ ਪੰਜਾਬ ਸਰਕਾਰ ਉਹ ਰੁਪਏ ਵੀ ਦੇਵੇਗੀ’’
ਪੱਤਰਕਾਰਾਂ ਨੇ ਇਕ ਦੂਜੇ ਤੋਂ ਅੱਗੇ ਹੋਕੇ ਫ਼ੋਟੋਆਂ ਖਿਚਵਾਈਆਂ, ਜਿਨ੍ਹਾਂ ਵਿਚ ਮੈਂ (ਇਨ੍ਹਾਂ ਸਤਰਾਂ ਦੇ ਲੇਖਕ) ਵੀ ਮੁਹਰਲੀ ਕਤਾਰ ਵਿਚ ਸੀ। ਇਸ ਇਤਿਹਾਸਕ ਦਿਨ ਦਾ ਗਵਾਹ ਮੈਂ ਵੀ ਸੀ। ਕਿਸੇ ਨੇ ਇਹ ਵੀ ਇੱਥੇ ਚਰਚਾ ਸ਼ੁਰੂ ਕੀਤੀ ਸੀ ਕਿ ‘ਆਰਟੀਓ ਦੀ ਇਮਾਰਤ ਹੈਰੀਟੇਜ ਦੀ ਹੈ, ਇੱਥੇ ਵੱਡੇ ਪੱਧਰ ਤੇ ਭੰਨ ਤੋੜ ਨਹੀਂ ਹੋ ਸਕਦੀ’ ਪਰ ਪੰਜਾਬ ਸਰਕਾਰ ਦਾ ਫ਼ੈਸਲਾ ਸੀ ਕਿ ਆਰਟੀਓ ਦੀ ਇਮਾਰਤ ਨੂੰ ਨਹੀਂ ਛੇੜਿਆ ਜਾਵੇਗਾ ਪਰ ਇੱਥੇ ਹੋਰ ਬਣੀ ਥਾਂ ਪਈ ਹੈ, ਪ੍ਰੈੱਸ ਕਲੱਬ ਉੱਥੇ ਬਣਾਇਆ ਜਾਵੇਗਾ, ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਜਿੱਥੇ ਬਾਰ ਵੀ ਹੋਵੇਗੀ, ਜਿੱਥੇ ਮੀਟਿੰਗ ਹਾਲ ਵੀ ਹੋਵੇਗਾ ਜਿੱਥੇ ਕਾਨਫ਼ਰੰਸ ਹਾਲ ਵੀ ਹੋਵੇਗਾ, ਜਿੱਥੇ ਬਾਹਰ ਪਾਰਕ ਵੀ ਹੋਵੇਗਾ, ਜਿੱਥੇ ਪੱਤਰਕਾਰ ਬੈਠ ਕੇ ਸਰਦੀਆਂ ਵਿਚ ਧੁੱਪ ਸੇਕਿਆ ਕਰਨਗੇ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਖ਼ਬਰਾਂ ਦੀ ਪੜਚੋਲ ਵੀ ਕਰਿਆ ਕਰਨਗੇ। ਕੁਝ ਜੱਬਲ਼ੀਆਂ ਵੀ ਮਾਰਿਆ ਕਰਨਗੇ, ਜ਼ਿਆਦਾ ਠੋਸ ਗੱਲਾਂ ਵੀ ਹੋਣਗੀਆਂ। ਇਹ ਪ੍ਰੈੱਸ ਕਲੱਬ ਪੱਤਰਕਾਰਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਬਚਾਏਗਾ, ਦਿਲ ਦੇ ਰੋਗਾਂ ਤੋਂ ਬਚਾਏਗਾ ਕਿਉਂਕਿ ਇੱਥੇ ਪੱਤਰਕਾਰ ਹਾਸਿਆਂ ਦੇ ਪਟਾਰੇ ਵੀ ਖੋਲ੍ਹਿਆ ਕਰਨਗੇ। ਪੂਰੇ ਪੰਜਾਬ ਵਿਚ ਇਸ ਪ੍ਰੈੱਸ ਕਲੱਬ ਦੀ ਚਰਚਾ ਸੀ, ਇਸ ਪ੍ਰੈੱਸ ਕਲੱਬ ਦੇ ਨੀਂਹ ਪੱਥਰ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿਚ ਪ੍ਰੈੱਸ ਕਲੱਬ ਬਣਾਉਣ ਬਾਰੇ ਵਿਚਾਰਾਂ ਹੋਣ ਲੱਗ ਪਈਆਂ ਸਨ।
ਪਰ ਪ੍ਰੈੱਸ ਕਲੱਬ ਪਟਿਆਲਾ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ.... ਨਾਲ ਦੀ ਨਾਲ ਇਕ ਹੋਰ ਕਹਾਣੀ ਜਾਂਦੇ ਜਾਂਦੇ ਯਾਦ ਆ ਗਈ, ਇੰਡੀਅਨ ਐਕਸਪ੍ਰੈੱਸ ਦੇ ਪ੍ਰਿੰਸੀਪਲ ਕੋਰਸਪੋਂਡੈਂਟ (ਸੀਨੀਅਰ ਸਟਾਫ਼ ਰਿਪੋਰਟਰ) ਜੋਗਿੰਦਰ ਮੋਹਨ ਦੇਰ ਸ਼ਾਮ ਆਪਣਾ ਕੰਮ ਨਿਪਟਾ ਕੇ ਆਪਣੇ ਘਰ ਵੱਲ ਜਾ ਰਹੇ ਸਨ,
ਰਸਤੇ ਵਿਚ ਇਕ ਐਸਪੀ ਉਸ ਨੂੰ ਟੱਕਰ ਗਿਆ, ਉਸ ਨੇ ਜੋਗਿੰਦਰ ਮੋਹਨ ਨੂੰ ਘੇਰ ਲਿਆ ਤੇ ਜੋਗਿੰਦਰ ਮੋਹਨ ਦੀ ਕਾਫ਼ੀ ਬੇਇੱਜ਼ਤੀ ਕੀਤੀ, ਜੋਗਿੰਦਰ ਮੋਹਨ ਨੇ ਇਸ ਪੂਰੀ ਗੱਲ ਦਾ ਵੇਰਵਾ ਗੁਰਕਿਰਪਾਲ ਸਿੰਘ ਅਸ਼ਕ ਨਾਲ ਸਾਂਝਾ ਕੀਤਾ, ਦੂਜੇ ਦਿਨ ਡੀਪੀਆਰਓ ਦਫ਼ਤਰ (ਜਿੱਥੇ ਹੁਣ ਵਿਜੀਲੈਂਸ ਦਾ ਦਫ਼ਤਰ ਹੈ) ਉੱਥੇ ਗੁਰਕਿਰਪਾਲ ਸਿੰਘ ਅਸ਼ਕ, ਡੀਪੀਆਰਓ ਤੇ ਜੋਗਿੰਦਰ ਮੋਹਨ ਇਕੱਠੇ ਹੋ ਗਏ, ਐਸਪੀ ਨੂੰ ਬੁਲਾਇਆ ਗਿਆ, ਡੀਪੀਆਰਓ ਦੇ ਦਫ਼ਤਰ ਤੇ ਪਿਛਲੇ ਅਰਾਮ ਕਮਰੇ ਵਿਚ ਐਸਪੀ ਤੇ ਬਾਕੀ ਸਾਰੇ ਬੈਠੇ ਸਨ ਤਾਂ ਐਸਪੀ ਨੂੰ ਜਦੋਂ ਪੁੱਛਿਆ ਗਿਆ ਕਿ ‘‘ਤੂਸੀਂ ਇੰਜ ਕਿਉਂ ਕੀਤਾ’’ ਤਾਂ ਐਸਪੀ ਨੇ ਕਿਹਾ ‘‘ਇਨ੍ਹਾਂ ਨੇ ਮੇਰੇ ਦਫ਼ਤਰ ਦੀ ਅਜਿਹੀ ਸੂਚਨਾ ਦੀ ਖ਼ਬਰ ਲਾਈ ਸੀ, ਜਿਸ ਦਾ ਸਿਰਫ਼ ਮੈਨੂੰ ਪਤਾ ਸੀ, ਜੋਗਿੰਦਰ ਮੋਹਨ ਕੋਲ ਇਹ ਖ਼ਬਰ ਕਿਵੇਂ ਪਹੁੰਚ ਗਈ, ਮੈਨੂੰ ਇਸ ਗੱਲ ਦਾ ਗ਼ੁੱਸਾ ਸੀ ਤਾਂ ਹੀ ਮੈਥੋਂ ਇੰਜ ਹੋ ਗਿਆ।’’ ਅਸ਼ਕ ਨੇ ਕਿਹਾ ‘‘ਫੇਰ ਇਹ ਤੁਹਾਡੀ ਨਾਲਾਇਕੀ ਹੈ ਕਿ ਤੁਸੀਂ ਆਪਣੇ ਦਫ਼ਤਰ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣੇ ਗੁਪਤ ਭੇਦ ਉਜਾਗਰ ਕਰਨ ਤੋਂ ਨਹੀਂ ਰੋਕ ਪਾਏ, ਸਾਡਾ ਕੰਮ ਤਾਂ ਖ਼ਬਰਾਂ ਕਰਨਾ ਹੈ, ਉਹ ਖ਼ਬਰਾਂ ਵੀ, ਜੋ ਗੁਪਤ ਹਨ, ਇਹ ਸਾਡੀ ਡਿਊਟੀ ਹੈ ਪਰ ਤੁਸੀਂ ਆਪਣੀ ਡਿਊਟੀ ਨਹੀਂ ਕਰ ਰਹੇ ਸ਼ਾਇਦ’’ ਐਸਪੀ ਨੇ ਮਾਫ਼ੀ ਮੰਗੀ ਤੇ ਮਾਮਲਾ ਰਫਾ ਦਫ਼ਾ ਕੀਤਾ। ਬਾਕੀ ਅਗਲੇ ਅੰਕ ਵਿਚ.... ਸੰਪਰਕ : 8146001100

No comments:

Post a Comment

ਜੱਜ ਦਾ ਫ਼ੈਸਲਾ ਆਪਣੇ ਪੱਖ ਵਿਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪੱਤਰਕਾਰਾਂ ਦੇ ਦੋਵੇਂ ਗਰੁੱਪ

ਪੱਤਰਕਾਰੀ ਦਾ ਇਤਿਹਾਸ ਭਾਗ- 21 ਲੇਖਕ : ਗੁਰਨਾਮ ਸਿੰਘ ਅਕੀਦਾ          ਲਿਖਣਾ ਪੱਤਰਕਾਰ ਦਾ ਕਰਮ ਹੈ, ਉਸ ਨੇ ਸਾਰੀ ਉਮਰ ਲਿਖਣਾ ਹੁੰਦਾ ਹੈ, ਜਿਸ ਨੂੰ ਮੈਂ ਖ਼ਾਸ ਕਰਕੇ ਕ...