Friday, November 21, 2025

ਪਟਿਆਲਾ ਦੇ ਪੱਤਰਕਾਰਾਂ ਦੀ ਇੱਕਜੁੱਟਤਾ ਦਾ ਆਖ਼ਰੀ ਸੁਨਹਿਰੀ ਸਮਾਂ

ਪੱਤਰਕਾਰਤਾ ਦਾ ਇਤਿਹਾਸ ਭਾਗ -7 
ਲੇਖਕ : ਗੁਰਨਾਮ ਸਿੰਘ ਅਕੀਦਾ 


ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਨੂੰ ਪੂਰੀ ਤਰ੍ਹਾਂ ਪਟਿਆਲਾ ਪ੍ਰੈੱਸ ਕਲੱਬ ਵਿਚ ਮਰਜ਼ ਕਰ ਦਿੱਤਾ ਗਿਆ ਸੀ। ਪੱਤਰਕਾਰਾਂ ਦੇ ਦਫ਼ਤਰਾਂ ਵਿਚ ਪੱਤਰਕਾਰਾਂ ਦੀ ਬਿਹਤਰੀ ਦੀਆਂ ਗੱਲਾਂ ਆਮ ਹੁੰਦੀਆਂ ਸਨ। ਹਰ ਇਕ ਪੱਤਰਕਾਰ ਇਕ ਦੂਜੇ ਲਈ ਜਾਨ ਦੀ ਬਾਜ਼ੀ ਲਗਾਉਣ ਲਈ ਤਿਆਰ ਸੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਪੱਤਰਕਾਰਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਤਿਆਰ ਸਨ। ਟਾਈਮਜ਼ ਆਫ਼ ਇੰਡੀਆ ਦੇ ਸੀਨੀਅਰ ਸਟਾਫ਼ ਰਿਪੋਰਟਰ ਗੁਰਕਿਰਪਾਲ ਸਿੰਘ ਅਸ਼ਕ ਸਮੇਤ ਅਜੀਤ ਦੇ ਸਟਾਫ਼ ਰਿਪੋਰਟਰ ਜਸਪਾਲ ਸਿੰਘ ਢਿੱਲੋਂ, ਪੰਜਾਬ ਕੇਸਰੀ ਜਗ ਬਾਣੀ ਵੱਲੋਂ ਪੱਤਰਕਾਰ ਰਾਜੇਸ਼ ਸ਼ਰਮਾ ਪੰਜੋਲਾ ਸਮੇਤ ਸਾਰੇ ਪੱਤਰਕਾਰ ਹੁਣ ਪਟਿਆਲਾ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਕੰਮ ਕਰ ਰਹੇ ਸਨ। ਡੀਪੀਆਰਓ ਉਜਾਗਰ ਸਿੰਘ ਪੱਤਰਕਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਸਨ। ਉਨ੍ਹਾਂ ਪਟਿਆਲਾ ਪ੍ਰੈੱਸ ਕਲੱਬ ਲਈ ਆਪਣੇ ਹੀ ਦਫ਼ਤਰ ਦੇ ਇਕ ਕਮਰਾ ਮੀਟਿੰਗਾਂ ਕਰਨ ਲਈ ਦੇ ਦਿੱਤਾ ਸੀ, ਉਨ੍ਹਾਂ ਉਦਯੋਗਿਕ ਵਿਭਾਗ ਨੂੰ ਲਿਖ ਕੇ ਵੀ ਦੇ ਦਿੱਤਾ ਸੀ ਕਿ ਪਟਿਆਲਾ ਪ੍ਰੈੱਸ ਕਲੱਬ ਲਈ ਪਟਿਆਲਾ ਦੇ ਪੱਤਰਕਾਰ ਉਨ੍ਹਾਂ ਦੇ ਦਫ਼ਤਰ ਨੂੰ ਬਤੌਰ ਪਟਿਆਲਾ ਪ੍ਰੈੱਸ ਕਲੱਬ ਦੇ ਦਫ਼ਤਰ ਵਜੋਂ ਵਰਤ ਸਕਦੇ ਹਨ।


 ਜਿਸ ਲਈ ਉਨ੍ਹਾਂ ਲਿਖਤੀ ਪ੍ਰਵਾਨਗੀ ਵੀ ਦੇ ਦਿੱਤੀ ਸੀ। ਪ੍ਰਵੀਨ ਕੋਮਲ ਆਪਣੀ ਟੀਮ ਸਮੇਤ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋ ਗਿਆ ਸੀ। ਜੀ ਨਿਊਜ਼ ਤੋਂ ਵਿਸ਼ਾਲ ਅੰਗਰੀਸ਼ ਵੀ ਸਰਗਰਮ ਸੀ, ਕਿਉਂਕਿ ਉਹ ਵੀ ਪ੍ਰਵੀਨ ਕੋਮਲ ਦੀ ਟੀਮ ਵਿਚੋਂ ਹੀ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋਇਆ ਸੀ। ਜਗ ਬਾਣੀ ਪੰਜਾਬ ਕੇਸਰੀ ਦੇ ਮਨਦੀਪ ਸਿੰਘ ਜੋਸ਼ਨ ਦੀ ਬਹੁਤੀ ਸਰਗਰਮੀ ਨਜ਼ਰ ਨਹੀਂ ਆ ਰਹੀ ਸੀ। ਪਰ ਸਾਰੇ ਪੱਤਰਕਾਰਾਂ ਵਿਚ ਇੱਕਜੁੱਟਤਾ ਸੀ। ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਦੀ ਥਾਂ ਪੱਤਰਕਾਰਾਂ ਦੀ ਪੂਰੀ ਸਹਿਮਤੀ ਨਾਲ ਪਟਿਆਲਾ ਪ੍ਰੈੱਸ ਕਲੱਬ ਬਣਾਉਣ ਲਈ ਵਿਸ਼ੇਸ਼ ਮੀ‌ਟਿੰਗਾ ਹੋ ਰਹੀਆਂ ਸਨ। 9-7-2005 ਨੂੰ ਸਾਰੇ ਪੱਤਰਕਾਰ ਇਕੱਠੇ ਹੋਏ, ਭਾਵ ਜਨਰਲ ਹਾਊਸ ਦੀ ਮੀਟਿੰਗ ਹੋਈ, ਪਟਿਆਲਾ ਪ੍ਰੈੱਸ ਕਲੱਬ ਦਾ ਸੰਵਿਧਾਨ ਤਿਆਰ ਕੀਤਾ ਜਾ ਚੁੱਕਿਆ ਸੀ। ਮੀਟਿੰਗ ਵਿਚ ਪੂਰੀ ਗਹਿਮਾ ਗਹਿਮੀ ਸੀ, ਪੱਤਰਕਾਰ ਕਿਸੇ ਦੀ ਵਿਰੋਧਤਾ ਵਿਚ ਨਹੀਂ ਸਗੋਂ ਇਕ ਦੂਜੇ ਦੀ ਗੱਲ ਨੂੰ ਮਨਜ਼ੂਰ ਕਰਨ ਲਈ ਤਿਆਰ ਸਨ। ਸੰਵਿਧਾਨ ਪੜ੍ਹਿਆ ਗਿਆ, ਸੰਸਥਾ ਦਾ ਨਾਮ ‘ਪਟਿਆਲਾ ਪ੍ਰੈੱਸ ਕਲੱਬ’ ਹੋਵੇਗਾ, ਹੈੱਡ ਕੁਆਟਰ ਪਟਿਆਲਾ ਵਿਖੇ ਹੋਵੇਗਾ, ਪੱਕਾ ਪਤਾ ਮਾਰਫ਼ਤ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਕਮਰਾ ਨੰਬਰ 412, ਮਿੰਨੀ ਸਕੱਤਰੇਤ ਪਟਿਆਲਾ ਹੋਵੇਗਾ,ਚਿੱਠੀ ਪੱਤਰ ਲਈ ਪਤਾ 71 ਈ ਪੁਲੀਸ ਲਾਇਨ ਪਟਿਆਲਾ ਹੋਵੇਗਾ। ਸੰਵਿਧਾਨ ਦੇ ਇਹ ਮੁੱਢਲੇ ਅੰਸ਼ ਸਨ, ਅਗਲੇ ਕੁਝ ਇੰਜ ਸਨ ਕਿ ਸਰਪ੍ਰਸਤ 3 ਹੋਣਗੇ, ਪ੍ਰਧਾਨ ਇਕ ਹੋਵੇਗਾ, ਜਨਰਲ ਸਕੱਤਰ ਇਕ, ਖ਼ਜ਼ਾਨਚੀ ਇਕ, ਸੀ. ਮੀ.ਪ੍ਰਧਾਨ ਦੋ, ਮੀਤ ਪ੍ਰਧਾਨ ਦੋ, ਸਕੱਤਰ ਦੋ, ਪ੍ਰੈੱਸ ਸਕੱਤਰ ਦੋ ਤੇ ਕਾਰਜਕਾਰਨੀ ਮੈਂਬਰ 11ਹੋਣਗੇ। ਤੁਸੀਂ ਧਿਆਨ ਨਾਲ ਸੰਵਿਧਾਨ ਦੀ ਫ਼ੋਟੋ ਵੀ ਪੜ੍ਹ ਸਕਦੇ ਹੋ ਜੋ ਬਲਾਗ ਵਿਚ ਅਟੈਚ ਹੈ।



 ਸੰਵਿਧਾਨ ਵਿਚ ਚੇਅਰਮੈਨ ਦੀ ਕੋਈ ਅਸਾਮੀ ਨਹੀਂ ਰੱਖੀ ਗਈ। ਇਹ ਸੰਵਿਧਾਨ ਸੰਪੂਰਨ ਤੇ ਪੂਰੀ ਮਨਜ਼ੂਰੀ ਵਿਚ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪਟਿਆਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਨੂੰ ਚੁਣ ਲਿਆ ਗਿਆ ਤੇ ਜਨਰਲ ਸਕੱਤਰ ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪਾਲ ਢਿੱਲੋਂ ਨੂੰ ਬਣਾਇਆ ਗਿਆ ਤੇ ਖ਼ਜ਼ਾਨਚੀ ਰਾਜੇਸ਼ ਪੰਜੋਲਾ ਨੂੰ ਚੁਣ ਲਿਆ ਗਿਆ, ਬਾਕੀ ਅਹੁਦੇਦਾਰ ਵੀ ਚੁਣੇ ਗਏ। ਇਨ੍ਹਾਂ ਸਤਰਾਂ ਦੇ ਲੇਖਕ ਗੁਰਨਾਮ ਸਿੰਘ ਅਕੀਦਾ ਨਾਲ ਬੇਸ਼ੱਕ ਡੀਪੀਆਰਓ ਉਜਾਗਰ ਸਿੰਘ ਨਾਲ ਛੱਤੀ ਦਾ ਆਂਕੜਾ ਸੀ ਪਰ ਫਿਰ ਵੀ ਪੂਰੀ ਤਰ੍ਹਾਂ ਸਰਗਰਮ ਸੀ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਸਾਰੇ ਜਣੇ ਡੀਪੀਆਰਓ ਸਮੇਤ ਸਿਰਫ਼ ਹਾਂ ਪੱਖੀ ਰੋਲ ਹੀ ਨਿਭਾ ਰਹੇ ਸਨ। ਉਸ ਤੋਂ ਬਾਅਦ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰਡ ਕਰਾਉਣ ਬਾਰੇ ਵੀ ਕਾਰਵਾਈ ਚਲਾਉਣ ਬਾਰੇ ਵਿਚਾਰਾਂ ਹੋਣ ਲੱਗੀਆਂ ਤਾਂ 24 ਜਨਵਰੀ 2006 ਨੂੰ ਇਕ ‌ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰ ਕਰਾਉਣ ਬਾਰੇ ਗੰਭੀਰ ਵਿਚਾਰਾਂ ਹੋਈਆਂ, ਇਸ ਦਿਨ ਤਿੰਨ ਮਤੇ ਪਾਸ ਕੀਤੇ ਗਏ, ਜਿਸ ਦੇ ਤੀਜੇ ਮਤੇ ਵਿਚ ਕਲੱਬ ਨੂੰ ਰਜਿਸਟਰਡ ਕਰਾਉਣ ਦੇ ਸਾਰੇ ਅਧਿਕਾਰ ਰਾਜੇਸ਼ ਪੰਜੋਲਾ ਨੂੰ ਦਿੱਤੇ ਗਏ, 


ਭਾਵ ਕਿ ਹਰ ਇਕ ਮੈਂਬਰ ਤੇ ਅਹੁਦੇਦਾਰ ਏਨੇ ਜ਼ਿਆਦਾ ਗੰਭੀਰ ਸਨ ਤੇ ਪ੍ਰੈੱਸ ਕਲੱਬ ਲਈ ਸਰਗਰਮ ਸਨ ਕਿ ਜੋ ਵੀ ਜਿਸ ਦੀ ਡਿਊਟੀ ਲੱਗ ਗਈ ਤਾਂ ਉਹ ਨਿਭਾਉਂਦਾ ਸੀ, ਕਿਸੇ ਵੀ ਨਾ ਜਾਤ ਦਾ ਹੰਕਾਰ ਸੀ, ਨਾ ਹੀ ਇਹ ਕਿਸੇ ਵਿਚ ਹੰਕਾਰ ਸੀ ਕਿ ਉਹ ਕਿਸੇ ਵੱਡੇ ਅਖ਼ਬਾਰ ਦਾ ਪੱਤਰਕਾਰ ਹੈ। ਪਟਿਆਲਾ ਦੇ ਪੱਤਰਕਾਰਾਂ ਲਈ ਇਹ ਗੁਰੂ ਤੇਗਬਹਾਦਰ ਜੀ ਦਾ ਵੱਡਾ ਵਰਦਾਨ ਹੀ ਸਮਝ ਲਿਆ ਜਾਵੇ ਤਾਂ ਵੀ ਕੋਈ ਗ਼ਲਤ ਨਹੀਂ ਹੈ। ਹੁਣ ਡਿਊਟੀ ਰਾਜੇਸ਼ ਪੰਜੋਲਾ ਦੀ ਲੱਗ ਗਈ, ਉਸ ਨੇ ਇਹ ਡਿਊਟੀ ਸਿਰ ਮੱਥੇ ਕਬੂਲ ਲਈ ਤੇ ਕਲੱਬ ਨੂੰ ਰਜਿਸਟਰਡ ਕਰਾਉਣ ਲਈ ਪੂਰਾ ਸਮਾਂ ਲਗਾ ਦਿੱਤਾ, ਉਂਜ ਰਾਜੇਸ਼ ਪੰਜੋਲਾ ਕਲੱਬ ਨੂੰ ਰਜਿਸਟਰਡ ਕਰਾਉਣ ਲਈ ਪਹਿਲਾਂ ਹੀ ਖ਼ੁਦ ਨੂੰ ਅੱਗੇ ਕਰ ਰਿਹਾ ਸੀ। ਉਸ ਨੂੰ ਇਹ ਵੱਡੀ ਸੇਵਾ ਮਿਲ ਗਈ ਸੀ, ਉਹ ਸੇਵਾ ਇਕ ਅਨਿਨ ਸੇਵਕ ਵਾਂਗ ਨਿਭਾ ਰਹੇ ਸਨ। ਉਸ ਨੇ 6 ਮਾਰਚ 2006 ਨੂੰ ਹਲਫ਼ੀਆ ਬਿਆਨ ਬਣਾਇਆ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੇ ਉਸ ਨੂੰ ਵੈਰੀਫਾਈ ਕੀਤਾ ਤੇ ਸਬ ਡਵੀਜ਼ਨ ਮੈਜਿਸਟ੍ਰੇਟ ਨੇ ਅਟੈਸਟਡ ਕੀਤਾ


 ਤੇ 7 ਮਾਰਚ 2006 ਨੂੰ ਉਦਯੋਗਿਕ ਕੇਂਦਰ ਵਿਚ 500 ਰੁਪਏ ਫ਼ੀਸ ਭਰੀ ਗਈ, 


7 ਮਾਰਚ 2006 ਨੂੰ ਹੀ ਐਡੀਸ਼ਨਲ ਰਜਿਸਟਰਾਰ ਸੋਸਾਇਟੀਜ਼ ਜ਼ਿਲ੍ਹਾ ਉਦਯੋਗਿਕ ਕੇਂਦਰ ਸਰਹਿੰਦ ਰੋਡ ਪਟਿਆਲਾ ਨੂੰ ਰਜਿਸਟਰਡ ਕਰਨ ਦੀ ਰਾਜੇਸ਼ ਪੰਜੋਲਾ ਨੇ ਬੇਨਤੀ ਕੀਤੀ


 ਤੇ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰ ਕਰਾਉਣ ਦਾ ਕੰਮ ਸਰਕਾਰ ਵੱਲੋਂ ਤੇ ਪੱਤਰਕਾਰਾਂ ਵੱਲੋਂ ਏਨਾ ਗੰਭੀਰ ਲਿਆ ਜਾ ਰਿਹਾ ਸੀ, ਜਿਸ ਬਾਰੇ ਰਜਿਸਟਰ ਕਰਨ ਵਾਲੇ ਰਜਿਸਟਰਾਰ ਵੀ ਬੜੇ ਗੰਭੀਰ ਸਨ ਤੇ ਉਨ੍ਹਾਂ 7 ਮਾਰਚ 2006 ਨੂੰ ਹੀ ਪਟਿਆਲਾ ਪ੍ਰੈੱਸ ਕਲੱਬ ਨੂੰ ਰਜਿਸਟਰ ਕਰਕੇ ਸਰਟੀਫਿਕੇਟ ਰਾਜੇਸ਼ ਪੰਜੋਲਾ ਦੇ ਹੱਥ ਵਿਚ ਫੜਾ ਦਿੱਤਾ, 


ਕਲੱਬ ਨੂੰ ਰਜਿਸਟਰ ਨੰਬਰ ਮਿਲਿਆ 1769..... ਰਾਜੇਸ਼ ਪੰਜੋਲਾ ਦੀ ਇਹ ਮਿਹਨਤ ਕਮਾਲ ਦੀ ਸੀ, ਉਸ ਨੇ ਆਪਣੀ ਪੱਤਰਕਾਰਤਾ ਨੂੰ ਭੁਲਾ ਕੇ ਸਿਰਫ਼ ਪ‌ਟਿਆਲਾ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਕੰਮ ਕੀਤਾ, ਜਿਸ ਲਈ ਉਸ ਵੇਲੇ ਰਾਜੇਸ਼ ਪੰਜੋਲਾ ਦੇ ਸਾਰੇ ਹੀ ਧੰਨਵਾਦੀ ਸਨ। ਰਾਜੇਸ਼ ਪੰਜੋਲਾ ਦੀ ਸ਼ਖ਼ਸੀਅਤ ਬਾਰੇ ਅਗਲੇ ਭਾਗ ਵਿਚ ਸਪਸ਼ਟ ਕਰਾਂਗੇ ਪਰ ਇਹ ਭਾਗ ਉਸ ਦੇ ਪੱਖ ਵਿਚ ਹੈ ਤੇ ਉਸ ਨੂੰ ਇਸ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ। ਜਦੋਂ ਤੱਕ ਰਾਜੇਸ਼ ਪੰਜੋਲਾ ਦੀ ਹਉਮੈ ਨੂੰ ਕੋਈ ਨਾ ਲਲਕਾਰੇ ਤਾਂ ਉਹ ਉਸ ਲਈ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੋ ਜਾਂਦਾ ਹੈ। ਇਹ ਰਾਜੇਸ਼ ਪੰਜੋਲਾ ਦਾ ਗੁਣ ਹੈ ਦੋਸ਼ ਨਹੀਂ, ਤਤਕਾਲ ਸਮੇਂ ਵਿਚ ਮੇਰੇ ਸਾਹਮਣੇ ਮੇਰਾ ਉਹ ਬੜਾ ਹੀ ਪੱਕਾ ਮਿੱਤਰ ਹੈ ਪਰ ਮੇਰੀ ਪਿੱਠ ਪਿੱਛੇ ਮੇਰੇ ਬਾਰੇ ਉਹ ਕੀ ਸੋਚਦਾ ਹੈ ਉਸ ਬਾਰੇ ਮੈਨੂੰ ਨਹੀਂ ਪਤਾ ਲੱਗਾ.... ਪਰ ਬਾਅਦ ਵਿਚ ਉਸ ਨੇ ਮੇਰੇ ਬਾਰੇ ਕੀ ਸੋਚਿਆ ਤੇ ਮੇਰੇ ਵਿਰੁੱਧ ਵਿਸ਼ਾਲ ਰਾਮਬਾਣੀ ਨਾਲ ਮਿਲ ਕੇ ਕੀ ਕੀ ਸਾਜ਼ਿਸ਼ਾਂ ਕੀਤੀਆਂ ਉਸ ਦਾ ਖ਼ੁਲਾਸਾ ਕਰਾਂਗੇ। 
    ਪਰ ਅੱਜ ਮੇਰਾ ਰਾਜੇਸ਼ ਪੰਜੋਲਾ ਦੇ ਗੁਣਗਾਣ ਕਰਨ ਦਾ ਹੀ ਮਨ ਹੈ, ਰਾਜੇਸ਼ ਹੀ ਨਹੀਂ ਸਗੋਂ ਬਲਜਿੰਦਰ ਵੀ ਮੇਰੇ ਗੁਆਂਢੀ ਹਨ, ਗੁਆਂਢੀ ਭਾਵ ਕੋਈ ਸਾਡੇ ਪਿੰਡ ਨੇੜੇ ਨਹੀਂ ਪਰ ਇੱਕੋ ਸੜਕ ਤੇ ਪੈਂਦੇ ਹਨ। ਮਸਾਂ ਪੰਜ ਕਿੱਲੋਮੀਟਰ ਦੀ ਦੂਰੀ ਤੇ, ਇਕ ਦੋ ਚੋਣਾਂ ਵੀ ਆਪਣੇ ਇਲਾਕੇ ਵਿਚ ਅਸੀਂ ਇਕੱਠਿਆਂ ਹੀ ਕਵਰ ਕੀਤੀਆਂ ਇਕ ਹੀ ਗੱਡੀ ਵਿਚ, ਬੜਾ ਮੁਹੱਬਤੀ ਬੰਦਾ ਸੀ ਰਾਜੇਸ਼ ਪੰਜੋਲਾ, ਅੱਜ ਵੀ ਹੈ, ਪਰ ਉਸ ਦੀ ਉਹ ਗੱਲ ਮੈਨੂੰ ਯਾਦ ਆ ਗਈ, ਇਕ ਦਿਨ ਜਦੋਂ ਉਹ ਭਾਸਕਰ ਅਖ਼ਬਾਰ ਵਿਚ ਹੁੰਦਾ ਸੀ ਤਾਂ ਅਸੀਂ ਦੋਵੇਂ ਇਕੱਠੇ ਕਿਤੇ ਜ਼ਰੂਰੀ ਕੰਮ ਤੇ ਸਾਂ, ਭਾਸਕਰ ਨਾਲ ਮੇਰੀ ਸ਼ੁਰੂ ਤੋਂ ਹੀ ਬੜੀ ਨੇੜਤਾ ਰਹੀ ਹੈ ਕਮਲੇਸ਼ ਤੋਂ ਲੈ ਕੇ ਭਾਵੇਂ ਕਿ ਉਸ ਤੋਂ ਪਹਿਲਾਂ ਪਰਮੀਤ ਸਿੰਘ ਤੇ ਮਨੀਸ਼ ਸਰਹਿੰਦੀ ਵੀ ਭਾਸਕਰ ਵਿਚ ਰਹੇ ਸਨ। ਜਿਨ੍ਹਾਂ ਦਾ ਉਸ ਵੇਲੇ ਬਹੁਤਾ ਰੌਲਾ ਨਹੀਂ ਪਿਆ, ਪਰ ਉਹ ਪਟਿਆਲਾ ਵਿਚ ਇਕ ਤਰ੍ਹਾਂ ਨਾਲ ਪਹਿਲੇ ਪੱਤਰਕਾਰ ਸਨ ਭਾਸਕਰ ਵਿਚ। ਉਨ੍ਹਾਂ ਨੂੰ ਫੈਕਸ ਮਸ਼ੀਨ ਵੀ ਮਿਲ ਗਈ ਸੀ, ਜੋ ਕਾਫ਼ੀ ਸਮਾਂ ਮਨੀਸ਼ ਸਰਹਿੰਦੀ ਦੇ ਘਰ ਹੀ ਰਹੀ। ਪਰ ਬਾਅਦ ਵਿਚ ਇਹ ਦੋਵੇਂ ਭਾਸਕਰ ਛੱਡ ਗਏ ਸਨ। ਉਸ ਤੋਂ ਬਾਅਦ ਕਮਲੇ‌ਸ਼ ਆ ਗਈ ਸੀ, ਰਾਜੇਸ਼ ਪੰਜੋਲਾ ਵੀ ਕੁਝ ਸਮੇਂ ਲਈ ਭਾਸਕਰ ਵਿਚ ਰਿਹਾ ਹੈ ਜਿਵੇਂ ਬਲਜਿੰਦਰ ਵੀ ਕੁਝ ਸਮੇਂ ਲਈ ਪੰਜਾਬੀ ਟ੍ਰਿਬਿਊਨ ਵਿਚ ਰਿਹਾ ਹੈ। ਉਸ ਵੇਲੇ ਮੇਰੇ ਮਨ ਵਿਚ ਬਲਜਿੰਦਰ ਬਾਰੇ ਬੜਾ ਚੰਗਾ ਹੀ ਮਹਿਸੂਸ ਹੁੰਦਾ ਸੀ, ਕਿਉਂਕਿ ਬੇਸ਼ੱਕ ਮੈਂ ਪੰਜਾਬੀ ਟ੍ਰਿਬਿਊਨ ਵਿਚ ਉਸ ਵੇਲੇ ਨਹੀਂ ਸੀ ਪਰ ਪੰਜਾਬੀ ਟ੍ਰਿਬਿਊਨ ਮੇਰਾ ਸ਼ੁਰੂ ਤੋਂ ਹੀ ਚਹੇਤਾ ਅਖ਼ਬਾਰ ਰਿਹਾ ਹੈ। ਰਾਜਪੁਰਾ ਤੋਂ ਖ਼ਬਰਾਂ ਲਿਖਣ ਲਈ ਸਰਬਜੀਤ ਸਿੰਘ ਭੰਗੂ ਸਿੰਗਲਾ ਸਾਈਕਲ ਸਟੈਂਡ ਬੱਸ ਸਟੈਂਡ ਪਟਿਆਲਾ ਵਿਖੇ ਦਰਸ਼ਨ ਸਿੰਘ ਖੋਖਰ ਕੋਲ ਆਉਂਦੇ ਸਨ, ਬੜੀਆਂ ਹੀ ਜਿਵੇਂ ਕੀੜੀਆਂ ਮਾਰਦੇ ਹਨ ਇੰਜ ਬੜੀ ਸੋਹਣੀ ਲਿਖਾਈ ਲਿਖਦੇ ਸਨ ਸਰਬਜੀਤ ਸਿੰਘ ਭੰਗੂ, ਇਕ ਖਬਰ ਲਿਖਣ ਲੱਗਿਆ ਬੜਾ ਕਾਫ਼ੀ ਸਮਾਂ ਲਾਉਂਦੇ ਸਨ। ਜਿਵੇਂ ਨਵੀਂ ਵਿਆਹੀ ਦਾ ਨਣਦ ਸਿਰ ਗੁੰਦਦੀ ਹੈ। ਉਨ੍ਹਾਂ ਸਮਿਆਂ ਵਿਚ ਮੇਰੇ ਨਾਵਲ ‘ਕਤਲ ਹੋਇਆ ਰੱਬ’ ਦੀ ਕਾਫ਼ੀ ਚਰਚਾ ਸੀ, ਮੈਂ ਵੀ ਸਿੰਗਲਾ ਸਾਈਕਲ ਸਟੈਂਡ ਵਿਚ ਸਹਿਕਾਰੀ ਖੰਡ ਮਿਲ ਰੱਖਣਾ ਦੇ ਸਬ ਆਫ਼ਿਸ ਵਿਚ ਹੁੰਦਾ ਸੀ। ਸਰਬਜੀਤ ਸਿੰਘ ਭੰਗੂ ਜਿੱਦਾਂ ਦਾ ਹੁਣ ਹੈ ਤੁਸੀਂ ਅਸਮਾਨ ਨੂੰ ਦੇਖੋ, ਦੇਖ ਲਿਆ, ਹੁਣ ਧਰਤੀ ਨੂੰ ਦੇਖੋ, ਦੇਖੀ, ਉਦੋਂ ਤੇ ਹੁਣ ਵਿਚ ਸਰਬਜੀਤ ਸਿੰਘ ਭੰਗੂ ਵਿਚ ਏਨਾ ਫ਼ਰਕ ਹੈ ਉਦੋਂ ਤੇ ਹੁਣ ਵਿਚ, ਬੜਾ ਹੀ ਪਿਆਰਾ ਬੰਦਾ ਹੁੰਦਾ ਸੀ ਸਰਬਜੀਤ ਸਿੰਘ ਭੰਗੂ, ਮੇਰੇ ਯਾਦ ਹੈ ਜਦੋਂ ਉਹ ਪਟਿਆਲਾ ਆਇਆ ਖੇਤਰੀ ਪ੍ਰਤੀਨਿਧ ਬਣਗਿਆ ਤਾਂ ਉਸ ਨੂੰ ਪੰਜਾਬੀ ਦੀ ਟਾਈਪ ਨਹੀਂ ਆਉਂਦੀ ਸੀ ਤਾਂ ਮੇਰੇ ਕੋਲ ਪੰਜਾਬੀ ਟਾਈਪ ਦਾ ਕਾਇਦਾ ਪਿਆ ਸੀ ਜਿਸ ਤੋਂ ਪੰਜਾਬੀ ਟਾਈਪ ਮੈਂ ਸਿੱਖੀ ਸੀ, ਉਹ ਮੈਂ ਸਰਬਜੀਤ ਭੰਗੂ ਨੂੰ ਦਿੱਤਾ ਸੀ, ਸ਼ਾਇਦ ਉਸ ਦੇ ਯਾਦ ਹੋਵੇ ਜਾਂ ਨਾ.., ਬਾਕੀ ਸਰਬਜੀਤ ਭੰਗੂ ਤੇ ਤਾਂ ਮੈਂ ਰੇਖਾ ਚਿੱਤਰ ਲਿਖ ਰਿਹਾ ਹਾਂ ਕਿ ਉਹ ਪਹਿਲਾਂ ਕਿਹੋ ਜਿਹਾ ਇਨਸਾਨ ਸੀ ਤੇ ਅੱਜ ਉਹ ਕਿਹੋ ਜਿਹਾ ਭੰਗੂ ਹੈ। ਪਰ ਅੱਜ ਇੱਥੇ ਗੱਲ ਸਰਬਜੀਤ ਭੰਗੂ ਦੀ ਨਹੀਂ ਕਰ ਰਹੇ ਅੱਜ ਦਾ ਸਾਡਾ ਮੁੱਖ ਕਿਰਦਾਰ ਰਾਜੇਸ਼ ਪੰਜੋਲਾ ਹੈ। ਮੈਂ ਤੇ ਰਾਜੇਸ਼ ਪੰਜੋਲਾ ਇਕ ਥਾਂ ਤੇ ਇਕੱਠੇ ਸਾਂ, ਸਾਡੇ ਵਿਚ ਕੋਈ ਫ਼ਰਕ ਨਹੀਂ ਸੀ, ਬੜਾ ਹੀ ਪਿਆਰਾ ਬੱਚਾ ਸੀ ਰਾਜੇਸ਼ ਉਸ ਵੇਲੇ, ਉਂਜ ਪੰਜੋਲਾ ਪਿੰਡ ਵਿਚ ਉਸ ਵੇਲੇ ਬ੍ਰਾਹਮਣਾਂ ਵਿਚ ਜਾਤ ਪਾਤ ਦਾ ਪੂਰਾ ਗੜ ਸੀ, ਮੇਰੇ ਨਾਲ ਵੀ ਇਕ ਵਾਰੀ ਇਕ ਬੜੀ ਖ਼ਤਰਨਾਕ ਘਟਨਾ ਵਾਪਰੀ ਸੀ, ਜੋ ਮੈਂ ਮੇਰੇ ਪਹਿਲੇ ਨਾਵਲ ‘ਕਤਲ ਹੋਇਆ ਰੱਬ’ ਵਿਚ ਇਕ ਘਟਨਾ ਦੇ ਤੌਰ ਤੇ ਦਰਜ ਹੈ। ਪਰ ਮੈਨੂੰ ਰਾਜੇਸ਼ ਵਿਚ ਅਜਿਹਾ ਕੁਝ ਵੀ ਨਹੀਂ ਲੱਗਦਾ ਸੀ। ਜਦੋਂ ਅਸੀਂ ਇਕ ਦਿਨ ਅਸੀਂ ਇਕੱਠੇ ਸੀ ਤਾਂ ਸਾਡੀ ਗੱਲ ਤੁਰੀ, ਕਿਉਂਕਿ ਮੈਂ ਜਾਣਦਾ ਸੀ ਤਾਂ ਮੈਂ ਉਸ ਨੂੰ ਪੁੱਛਿਆ ‘‘ਬ੍ਰਾਹਮਣਾਂ ਦੇ ਜਾਤੀ ਪ੍ਰਥਾ ਤੇ ਹੋਰ ਕਾਇਦੇ ਕਾਨੂੰਨ ਬਾਰੇ ਕੀ ਕਿਹਾ ਜਾਂਦਾ ਹੈ’’ ਤਾਂ ਰਾਜੇਸ਼ ਨੇ ਬੜੇ ਹੀ ਅਣਭੋਲਪੁਣੇ ਵਿਚ ਜਾਂ ਫਿਰ ਇੰਜ ਕਹਿ ਲਓ ਕਿ ਜਾਣ ਬੁੱਝ ਕੇ ਕਿਹਾ ਸੀ ਕਿ ‘‘ਬ੍ਰਾਹਮਣ ਤਾਂ ਬ੍ਰਾਹਮਣ ਹੀ ਹੁੰਦੇ ਨੇ ਅਕੀਦਾ ਸਾਹਿਬ, ਜਿਵੇਂ ਬ੍ਰਾਹਮਣ ਹੁੰਦੇ ਸਨ ਉਸੇ ਤਰ੍ਹਾਂ ਹੀ ਬ੍ਰਾਹਮਣਾਂ ਹੁੰਦੇ ਹਨ, ਜੋ ਕੁਦਰਤ ਨੇ ਸਮਾਜ ਵਿਚ ਬਣਾਇਆ ਹੋਇਆ ਹੈ ਉਸੇ ਤਰ੍ਹਾਂ ਬਾਹਮਣਾ ਵੀ ਕਰਦੇ ਹੀ ਹਨ, ਬ੍ਰਾਹਮਣ ਸਭ ਤੋਂ ਉੱਚੇ ਤੇ ਸੁੱਚੇ ਹੁੰਦੇ ਹਨ, ਇਹ ਕਹਿਣ ਵਿਚ ਕੋਈ ਹਰਜ ਨਹੀਂ’’ ਸ਼ਾਇਦ ਇਹ ਗੱਲਾਂ ਰਾਜੇਸ਼ ਨੂੰ ਯਾਦ ਨਾ ਹੋਣ ਪਰ ਇਹ ਉਸ ਨੇ ਕੁਝ ਸ਼ਬਦ ਇਸੇ ਤਰ੍ਹਾਂ ਆਖੇ ਸੀ, ਜਿਨ੍ਹਾਂ ਦਾ ਭਾਵ ਇਹੀ ਸੀ। ਮੈਂ ਇਨ੍ਹਾਂ ਗੱਲਾਂ ਬਾਰੇ ਕੋਈ ਬਹੁਤਾ ਗੰਭੀਰ ਨਹੀਂ ਸੀ ਪਰ ਇਕ ਪੱਤਰਕਾਰ ਦੇ ਮੂੰਹੋਂ ਇਹ ਸੁਣ ਕੇ ਮੈਂ ਜ਼ਰੂਰ ਗੰਭੀਰ ਹੋਇਆ ਸੀ। ਬੇਸ਼ੱਕ ਉਸ ਦੇ ਇਹ ਵਿਚਾਰ ਸਨ ਪਰ ਭਾਸਕਰ ਵਿਚ ਉਸ ਦਾ ਪੱਤਰਕਾਰੀ ਪ੍ਰਤੀ ਨਜ਼ਰੀਆ ਬਣਾ ਹੀ ਸਾਰਥਕ ਹੁੰਦਾ ਸੀ, ਖ਼ਬਰਾਂ ਵਿਚ ਬ੍ਰਾਹਮਣਵਾਦ ਦਾ ਇਕ ਵੀ ਅੰਸ਼ ਨਜ਼ਰ ਨਹੀਂ ਆਉਂਦਾ ਸੀ। ਪਰ ਬਾਅਦ ਵਿਚ ਉਹ ਜਗ ਬਾਣੀ ਪੰਜਾਬ ਕੇਸਰੀ ਵਿਚ ਚਲੇ ਗਏ ਉਸ ਦੀਆਂ ਕਹਾਣੀਆਂ ਹੋਰ ਹਨ। ਇਕ ਗੱਲ ਮੈਂ ਰਾਜੇਸ਼ ਬਾਰੇ ਜ਼ਰੂਰ ਕਹਾਂਗਾ, ਜਿਵੇਂ ਚੱਕੀ ਚਲਦੀ ਹੈ ਤੇ ਆਟਾ ਪੀਸਦੀ ਹੈ, ਆਟਾ ਕਣਕ ਹੋਵੇ, ਛੋਟੇ ਹੋਣ, ਮੱਕੀ ਹੋਵੇ, ਜਵਾਰ ਹੋਵੇ, ਬਾਜਰਾ ਹੋਵੇ ਜਾਂ ਕੋਈ ਹੋਰ ਭਾਵ ਇਹ ਨਹੀਂ ਭਾਵ ਹੈ ਕਿ ਜਦੋਂ ਚੱਕੀ ਚੱਲਦੀ ਹੈ ਤਾਂ ਉਸ ਦੇ ਵਿਚਕਾਰਲੀ ਕਿੱਲੀ ਭਾਵ ਮੁੰਨੀ ਕੋਲ ਕੁਝ ਦਾਣੇ ਲੱਗ ਜਾਂਦੇ ਹਨ, ਉਹ ਚੱਕੀ ਤੇ ਦੋਵੇਂ ਪੁੜਾਂ ਹੇਠਾਂ ਪੀਸਣੋਂ ਰਹਿ ਜਾਂਦੇ ਹਨ। ਬੱਸ ਰਾਜੇਸ਼ ਉਹੀ ਹੈ, ਚੱਕੀ ਦੀ ਕਿੱਲੀ ਕੋਲ ਲੱਗੇ ਦਾਣਿਆਂ ਵਰਗਾ। ਇਸ ਦਾ ਮਤਲਬ ਜੇਕਰ ਨਹੀਂ ਸਮਝੇ ਤਾਂ ਅਗਲੇ ਭਾਗਾਂ ਵਿਚ ਸਮਝਾਵਾਂਗੇ। .. ਬਾਕੀ ਅਗਲੇ ਅੰਕ ਵਿਚ... ਸੰਪਰਕ ਨੰਬਰ 8146001100

No comments:

Post a Comment

ਪਟਿਆਲਾ ਦੇ ਪੱਤਰਕਾਰਾਂ ਦੀ ਇੱਕਜੁੱਟਤਾ ਦਾ ਆਖ਼ਰੀ ਸੁਨਹਿਰੀ ਸਮਾਂ

ਪੱਤਰਕਾਰਤਾ ਦਾ ਇਤਿਹਾਸ ਭਾਗ -7   ਲੇਖਕ : ਗੁਰਨਾਮ ਸਿੰਘ ਅਕੀਦਾ  ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਨੂੰ ਪੂਰੀ ਤਰ੍ਹਾਂ ਪਟਿਆਲਾ ਪ੍ਰੈੱਸ ਕਲੱਬ ਵਿਚ ਮਰਜ਼ ਕਰ ਦਿੱਤਾ...