ਪੱਤਰਕਾਰੀ ਦਾ ਇਤਿਹਾਸ ਭਾਗ -8
ਲੇਖਕ : ਗੁਰਨਾਮ ਸਿੰਘ ਅਕੀਦਾ
ਸਰਗਰਮ ਪੱਤਰਕਾਰਾਂ ਦੀ ਸਮੁੱਚੀ ਟੀਮ ਵੱਲੋਂ ‘ਪਟਿਆਲਾ ਪ੍ਰੈੱਸ ਕਲੱਬ’ ਨੂੰ ਰਜਿਸਟਰਡ ਕਰਵਾ ਲਿਆ ਸੀ, ਨੰਬਰ ਮਿਲਿਆ ਸੀ 1769/2005-06, ਜਿਸ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਸਨ, ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਖ਼ਜ਼ਾਨਚੀ ਰਾਜੇਸ਼ ਪੰਜੋਲਾ ਨੂੰ ਬਣਾਇਆ ਗਿਆ ਸੀ। ਇਸ ਘਟਨਾ ਦਾ ਇਕ ਨਕਾਰਾਤਮਿਕ ਅਸਰ ਇਹ ਹੋਇਆ ਸੀ ਕਿ ਅਖ਼ਬਾਰਾਂ ਵਿਚਲੀ ਸਿਆਸਤ ਕਲੱਬ ਵਿਚ ਵੀ ਝਲਕਣ ਲੱਗ ਪਈ ਸੀ। ਅਜੀਤ ਦੇ ਦਫ਼ਤਰ ਅੰਦਰਲੀ ਸਿਆਸਤ ਕਲੱਬ ਵਿਚ ਆ ਗਈ ਸੀ, ਜਸਪਾਲ ਸਿੰਘ ਢਿੱਲੋਂ ਦੇ ਸਰਗਰਮ ਹੋਣ ਕਰਕੇ ਜਸਵਿੰਦਰ ਸਿੰਘ ਦਾਖਾ ਹੋਰੀਂ ਨਰਮ ਪੈ ਗਏ ਸਨ। ਜਗ ਬਾਣੀ ਪੰਜਾਬ ਕੇਸਰੀ ਦੀ ਅੰਦਰਲੀ ਸਿਆਸਤ ਕਲੱਬ ਵਿਚ ਆ ਗਈ ਸੀ, ਰਾਜੇਸ਼ ਪੰਜੋਲਾ ਦੇ ਸਰਗਰਮ ਹੋਣ ਕਰਕੇ ਮਨਦੀਪ ਸਿੰਘ ਜੋਸ਼ਨ ਨਰਮ ਪੈ ਗਏ ਸਨ। ਹਿੰਦੁਸਤਾਨ ਟਾਈਮਜ਼ ਦੇ ਗੁਰਪ੍ਰੀਤ ਸਿੰਘ ਨਿੱਬਰ ਦੇ ਸਰਗਰਮ ਹੋਣ ਕਰਕੇ ਭਾਵਨਾ ਹੋਰੀਂ ਨਰਮ ਪੈ ਗਏ ਸਨ। ਜਗ ਬਾਣੀ ਪੰਜਾਬ ਕੇਸਰੀ ਦੇ ਗਰੁੱਪ ਵਿਚੋਂ ਰਾਜੂ ਤਿਮਰਹਰਨ ਦੇ ਗਰੁੱਪ ਵਿਚੋਂ ਮਨਜਿੰਦਰ ਸਿੰਘ ਵੀ ਨਰਮ ਸਰਗਰਮ ਸਨ। ਅਖ਼ਬਾਰਾਂ ਦੀ ਰਾਜਨੀਤੀ ਸੰਸਥਾ ਵਿਚ ਨਹੀਂ ਆਉਣੀ ਚਾਹੀਦੀ ਸੀ। ਲੱਗਦਾ ਸੀ ਕਿ ਅਖ਼ਬਾਰਾਂ ਦੀ ਅੰਦਰਲੀ ਰਾਜਨੀਤੀ ਇਕ ਵੱਖਰੀ ਸੰਸਥਾ ਨੂੰ ਜਨਮ ਦੇ ਸਕਦੀ ਹੈ। ਜਿਵੇਂ ਕਿ ਪੰਜਾਬੀ ਟ੍ਰਿਬਿਊਨ ਵਿਚੋਂ ਕਲੱਬ ਵਿਚ ਸਰਬਜੀਤ ਸਿੰਘ ਭੰਗੂ ਜ਼ਿਆਦਾ ਸਰਗਰਮ ਸੀ ਤਾਂ ਰਵੇਲ ਸਿੰਘ ਭਿੰਡਰ ਨਰਮ ਹੀ ਸਨ। ਪੰਜਾਬੀ ਟ੍ਰਿਬਿਊਨ ਤੋਂ ਦਰਸ਼ਨ ਸਿੰਘ ਖੋਖਰ ਵੀ ਸਰਗਰਮ ਸਨ। ਪ੍ਰਵੀਨ ਕੋਮਲ ਨੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸ਼ਿਵ ਸੈਨਾ ਦੀ ਟਿਕਟ ਤੇ ਵਿਧਾਨ ਸਭਾ ਚੋਣ ਲੜੀ ਸੀ। ਪ੍ਰਵੀਨ ਕੋਮਲ ਪੱਖਪਾਤ ਵਿਚ ਖੜ ਗਿਆ ਸੀ, ਪੱਤਰਕਾਰਤਾ ਦੇ ਨਿਯਮ ਇਹ ਕਹਿੰਦੇ ਹਨ ਕਿ ਜੋ ਬੰਦਾ ਕਿਸੇ ਸਿਆਸੀ ਪਾਰਟੀ ਵੱਲੋਂ ਚੋਣ ਲੜ ਲਵੇ ਤਾਂ ਉਸ ਨੂੰ ਦੁਬਾਰਾ ਪੱਤਰਕਾਰੀ ਨਹੀਂ ਕਰਨੀ ਚਾਹੀਦੀ, ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰ ਦੀ ਨਿਯੁਕਤੀ ਸਮੇਂ ਇਹ ਖ਼ਾਸ ਮੱਦ ਹੁੰਦੀ ਹੈ। ਜੇਕਰ ਕਿਸੇ ਪੱਤਰਕਾਰ ਨੇ ਚੋਣ ਲੜੀ ਹੋਵੇ, ਤਾਂ ਉਸ ਦੀ ਨਿਯੁਕਤੀ ਨੂੰ ਪੰਜਾਬੀ ਟ੍ਰਿਬਿਊਨ ਵਿਚ ਕਿਤੇ ਵੀ ਚੈਲੰਜ ਕੀਤਾ ਜਾ ਸਕਦਾ ਹੈ। ਪੰਜਾਬੀ ਟ੍ਰਿਬਿਊਨ ਨੇ ਏਨਾ ਕੁ ਆਪਣੇ ਆਪ ਨੂੰ ਪੱਖ ਪਾਤ ਤੋਂ ਬਚਾ ਕੇ ਰੱਖਿਆ ਹੋਇਆ ਹੈ, ਇਸੇ ਕਰਕੇ ਪੰਜਾਬੀ ਟ੍ਰਿਬਿਊਨ ਨੂੰ ਹੋਰਨਾ ਅਖ਼ਬਾਰਾਂ ਤੋਂ ਵੱਖਰਾ ਕਰਕੇ ਦੇਖਿਆ ਜਾਂਦਾ ਹੈ। ਪ੍ਰਵੀਨ ਕੋਮਲ ਕਿਉਂਕਿ ਸ਼ਿਵ ਸੈਨਾ ਵੱਲੋਂ ਚੋਣ ਲੜ ਚੁੱਕੇ ਸਨ ਇਸ ਕਰਕੇ ਉਸ ਦਾ ਪੱਤਰਕਾਰੀ ਵਿਚ ਸਰਗਰਮ ਭੂਮਿਕਾ ਵਿਚ ਆਉਣਾ ਸੰਭਵ ਨਹੀਂ ਜਾਪਦਾ ਸੀ, ਪਰ ਉਸ ਨੇ ਆਪਣੇ ਇਕ ਸਪਤਾਹਿਕ ਅਖ਼ਬਾਰ ਨਾਲ ਆਪਣੇ ਆਪ ਨੂੰ ਫੇਰ ਸਰਗਰਮ ਕਰ ਲਿਆ ਸੀ। ਉਸ ਦੇ ਨਾਲ ਹੀ ਉਸ ਨੇ ‘ਜੈਨ ਟੀਵੀ’ ਦੀ ਪੱਤਰਕਾਰਤਾ ਵੀ ਹਾਸਲ ਕਰ ਲਈ ਸੀ, ਇਹ ਵੀ ਕੋਈ ਅੱਤਕਥਨੀ ਨਹੀਂ ਸੀ, ਜੈਨ ਟੀਵੀ ਦੇ ਮਾਲਕਾਂ ਦੀ ਸ਼ਿਵ ਸੈਨਾ ਨਾਲ ਕਥਿਤ ਚੰਗੀ ਸਾਂਝ ਸੀ। ਪ੍ਰਵੀਨ ਕੋਮਲ ਜਿੰਨੀਆਂ ਕੁ ਚਲਾਕੀਆਂ ਕਰ ਸਕਦਾ ਸੀ, ਉਨ੍ਹਾਂ ਹੀ ਵਧੀਆ ਉਹ ਪੱਤਰਕਾਰ ਵੀ ਸੀ, ਪੱਤਰਕਾਰੀ ਨੂੰ ਕਿਵੇਂ ਆਪਣੇ ਪੱਖ ਵਿਚ ਵਰਤਣਾ ਉਹ ਬਾਖ਼ੂਬੀ ਜਾਣਦਾ ਸੀ। ਅੱਤਵਾਦ ਸਮੇਂ ਉਹ ਪੁਲੀਸ ਦੇ ਪੱਖ ਵਿਚ ਕਥਿਤ ਭੁਗਤਦਾ ਰਿਹਾ, ਬਾਅਦ ਵਿਚ ਵੀ ਉਸ ਦੀ ਯਾਰੀ ਪੁਲੀਸ ਅਧਿਕਾਰੀਆਂ ਨਾਲ ਕਥਿਤ ਬਿਲਕੁਲ ਹੀ ਸਪਸ਼ਟ ਹੋ ਜਾਂਦੀ ਹੈ, ਡੀਜੀਪੀ ਵਿਰਕ ਸਮੇਤ ਪਰਮਰਾਜ ਉਮਰਾਨੰਗਲ ਨਾਲ ਤਾਂ ਉਸ ਦੀ ਯਾਰੀ ਘਿਓ ਖਿਚੜੀ ਵਾਂਗ ਪਟਿਆਲਾ ਦੇ ਪੱਤਰਕਾਰਾਂ ਨੇ ਵੀ ਦੇਖੀ ਹੈ। ਹੁਣ ਉਹ ਜੈਨ ਟੀਵੀ ਦਾ ਪੱਤਰਕਾਰ ਬਣ ਗਿਆ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੀ ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਗ੍ਰਾਫਰਾਂ ਦੀ ਆਪਣੀ ਸੰਸਥਾ ਬਣਾ ਲਈ ਸੀ। ਜਿਸ ਦਾ ਚੇਅਰਮੈਨ ਖ਼ੁਦ ਪ੍ਰਵੀਨ ਕੋਮਲ ਬਣ ਗਿਆ ਸੀ। ਇਸ ਤੋਂ ਪਹਿਲਾਂ ਵਾਲੇ ਭਾਗ ਵਿਚ ਆਪਾਂ ਦੱਸ ਚੁੱਕੇ ਹਾਂ ਕਿ ਪ੍ਰਵੀਨ ਕੋਮਲ ਆਪਣੇ ਸਾਥੀਆਂ ਸਮੇਤ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋ ਗਿਆ ਸੀ। ਜਿਸ ਨੇ ਆਪਣੀ ਸੰਸਥਾ ਹੀ ਪਟਿਆਲਾ ਪ੍ਰੈੱਸ ਕਲੱਬ ਵਿਚ ਮਰਜ਼ ਕਰ ਲਈ ਸੀ। ਪਹਿਲੇ ਭਾਗ ਵਿਚ ਆਪਾਂ ਉਹ ਪੱਤਰ ਵੀ ਨਾਲ ਅਟੈਚ ਕਰ ਚੁੱਕੇ ਹਾਂ ਜਿਸ ਰਾਹੀਂ ਪ੍ਰਵੀਨ ਕੋਮਲ ਸਮੇਤ ਜੀ ਨਿਊਜ਼ ਵਾਲੇ ਵਿਸ਼ਾਲ ਅੰਗਰੀਸ਼ ਤੇ ਹੋਰ ਕਈ ਸਾਰੇ ਫ਼ੋਟੋ ਗ੍ਰਾਫਰਾਂ ਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੇ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਮੂਲੀਅਤ ਕਰ ਲਈ ਸੀ।
ਪਟਿਆਲਾ ਲੋਕ ਸੰਪਰਕ ਵਿਭਾਗ ਦਾ ਦਫ਼ਤਰ ਬਾਰਾਂਦਰੀ ਤੋਂ ਬਦਲ ਕੇ ਹੁਣ ਨਵੇਂ ਬਣੇ ਮਿੰਨੀ ਸਕੱਤਰੇਤ ਵਿਚ ਚਲਾ ਗਿਆ ਸੀ। ਕੁਝ ਪੱਤਰਕਾਰਾਂ ਦੀ ਡੀਪੀਆਰਓ ਦੇ ਦਫ਼ਤਰ ਬਾਰੇ ਤਮੰਨਾ ਸੀ ਕਿ ਦਫ਼ਤਰ ਬਾਰਾਂਦਰੀ ਵਿਚ ਹੀ ਰਹੇ ਪਰ ਸਰਕਾਰ ਦਾ ਫ਼ੈਸਲਾ ਸੀ ਜਦੋਂ ਸਾਰੇ ਦਫ਼ਤਰ ਹੀ ਮਿੰਨੀ ਸਕੱਤਰੇਤ ਵਿਚ ਚਲੇ ਗਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੱਖ ਡੀਪੀਆਰਓਂ ਕਿਵੇਂ ਹੋ ਸਕਦਾ ਹੈ।
ਮਿੰਨੀ ਸਕੱਤਰੇਤ ਵਿਚ ਪੱਤਰਕਾਰਾਂ ਦੀ ਮੀਟਿੰਗ ਚੱਲ ਰਹੀ ਸੀ, ਪਟਿਆਲਾ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਦੀ। ਇਸ ਵਿਚ ਪ੍ਰਵੀਨ ਕੋਮਲ ਗਰੁੱਪ ਕਾਫ਼ੀ ਸਰਗਰਮ ਸੀ,
ਗੁਰਕਿਰਪਾਲ ਸਿੰਘ ਅਸ਼ਕ,
ਜਸਪਾਲ ਸਿੰਘ ਢਿੱਲੋਂ,
ਰਾਜੇਸ਼ ਪੰਜੋਲਾ ਸਮੇਤ ਮੈਂ ਵੀ ਨਾਲ ਹੀ ਸੀ। ਇਸ ਮੀਟਿੰਗ ਵਿਚ ਕਲੱਬ ਦੀ ਬਿਹਤਰੀ ਲਈ ਕਾਫ਼ੀ ਸਲਾਹ ਮਸ਼ਵਰੇ ਕੀਤੇ ਜਾ ਰਹੇ ਸਨ। ਪਟਿਆਲਾ ਮੀਟਿੰਗਾਂ ਦਾ ਸਥਾਨ ਹੁਣ ਮਿੰਨੀ ਸਕੱਤਰੇਤ ਵਿਚ ਡੀਪੀਆਰਓ ਦਫ਼ਤਰ ਦਾ ਪ੍ਰੈੱਸ ਰੂਮ ਹੋ ਗਿਆ ਸੀ। 16 ਦਸੰਬਰ 2006 ਨੂੰ ਨੀਂਹ ਪੱਥਰ ਰੱਖਿਆ ਜਾਣਾ ਸੀ।
ਮਿੰਨੀ ਸਕੱਤਰੇਤ ਦੇ ਡੀਪੀਆਰਓ ਦਫ਼ਤਰ ਦੇ ਪ੍ਰੈੱਸ ਰੂਮ ਵਿਚ ਮੀਟਿੰਗਾਂ ਅਕਸਰ ਹੁੰਦੀਆਂ ਸਨ। ਮੀਟਿੰਗ ਚੱਲ ਰਹੀ ਸੀ, ਪ੍ਰਵੀਨ ਕੋਮਲ ਸਮੇਤ
ਵਿਸ਼ਾਲ ਅੰਗਰੀਸ਼ ਸਮੇਤ ਪਟਿਆਲਾ ਪ੍ਰੈੱਸ ਕਲੱਬ ਦੀ ਸਾਰੀ ਟੀਮ ਵਿਚ ਪ੍ਰਮੁੱਖ ਪੱਤਰਕਾਰ ਇਸ ਮੀਟਿੰਗ ਵਿਚ ਸ਼ਾਮਲ ਸਨ। 11 ਦਸੰਬਰ 2006 ਨੂੰ ਇਕ ਮੀਟਿੰਗ ਵਿਸ਼ੇਸ਼ ਕਰਕੇ ਜਨਰਲ ਹਾਊਸ ਦੀ ਹੁੰਦੀ ਹੈ, ਵਿਸ਼ਾਲ ਅੰਗਰੀਸ਼ ਸਮੇਤ ਇਲੈਕਟ੍ਰੋਨਿਕ ਮੀਡੀਆ ਦੀ ਟੀਮ ਦਾ ਪ੍ਰਸਤਾਵ ਸੀ ਕਿ ਸਾਡਾ ਗਰੁੱਪ ਤੁਹਾਡੇ ਵਿਚ ਸ਼ਾਮਲ ਹੋਇਆ ਹੈ, ਸਾਡੇ ਗਰੁੱਪ ਦੇ ਚੇਅਰਮੈਨ ਪ੍ਰਵੀਨ ਕੋਮਲ ਹਨ, ਇਸ ਕਰਕੇ ਪ੍ਰਵੀਨ ਕੋਮਲ ਨੂੰ ਪਟਿਆਲਾ ਪ੍ਰੈੱਸ ਕਲੱਬ ਦਾ ਚੇਅਰਮੈਨ ਬਣਾਇਆ ਜਾਵੇ, ਪੱਤਰਕਾਰਾਂ ਦੀ ਘੁਸਰ ਮੁਸਰ ਹੋਈ, ਪਰ ਕਿਸੇ ਨੇ ਉਜ਼ਰ ਨਾ ਕੀਤਾ, ਜਦ ਕਿ ਉਸ ਵੇਲੇ ਉਜ਼ਰ ਕਰਨਾ ਬਣਦਾ ਸੀ, ਕਿਉਂਕਿ ਸੰਵਿਧਾਨ ਵਿਚ ਚੇਅਰਮੈਨ ਦਾ ਅਹੁਦਾ ਹੀ ਨਹੀਂ ਸੀ, ਪਰ ਕਿਉਂਕਿ ਪੱਤਰਕਾਰਾਂ ਵਿਚ ਏਕਤਾ ਸੀ, ਇਸ ਏਕਤਾ ਵਿਚ ਕੋਈ ਭੰਗਣਾ ਨਾ ਪਵੇ ਤੇ ਕੋਈ ਖੰਡਨ ਨਾ ਹੋਵੇ ਇਸ ਕਰਕੇ ਕਿਸੇ ਨੇ ਕੋਈ ਉਜ਼ਰ ਨਹੀਂ ਕੀਤਾ ਸੀ, ਉਸ ਵੇਲੇ ਵੀ ਪ੍ਰਵੀਨ ਕੋਮਲ ਦੇ ਦਿਮਾਗ਼ ਨੂੰ ਕੋਈ ਸਮਝ ਨਹੀਂ ਸਕਿਆ। ਉਸ ਦੇ ਦਿਮਾਗ਼ ਵਿਚ ਕੀ ਚੱਲ ਰਿਹਾ ਸੀ, ਉਸ ਵੇਲੇ ਉਸ ਦੀ ਕਾਰਗੁਜ਼ਾਰੀ ਬੜੀ ਪਵਿੱਤਰ ਸੀ, ਪੱਤਰਕਾਰਾਂ ਪ੍ਰਤੀ ਉਹ ਕੁਝ ਵੀ ਕਰ ਗੁਜ਼ਰਨ ਦਾ ਪ੍ਰਭਾਵ ਪੱਤਰਕਾਰਾਂ ਵਿਚ ਛੱਡ ਚੁੱਕੇ ਸਨ। ਪੱਤਰਕਾਰਾਂ ਦੀ ਭਲਾਈ ਦੀਆਂ ਸਕੀਮਾਂ ਕਿਵੇਂ ਲਾਗੂ ਕਰਾਉਣੀਆਂ ਹਨ ਉਹ ਬੜੇ ਵੱਡੇ ਪੱਧਰ ਤੇ ਆਪਣੀ ਰਾਏ ਦਿੰਦੇ ਸਨ। ਉਹ ਸਰਕਾਰੇ ਦਰਬਾਰੇ ਆਪਣੀ ਪੂਰੀ ਚੜ੍ਹਤ ਹੋਣ ਬਾਰੇ ਵੀ ਪੱਤਰਕਾਰਾਂ ਵਿਚ ਆਪਣਾ ਪ੍ਰਭਾਵ ਛੱਡ ਚੁੱਕੇ ਸਨ, ਪੱਤਰਕਾਰ ਉਸ ਦੀ ਹਰ ਗੱਲ ਨੂੰ ਬੜੇ ਸੰਜੀਦਾ ਤਰੀਕੇ ਨਾਲ ਲੈਂਦੇ ਸਨ। ਸ਼ਿਵ ਸੈਨਾ ਵੱਲੋਂ ਚੋਣ ਲੜ ਚੁੱਕਿਆ ਸੀ, ਸ਼ਿਵ ਸੈਨਾ ਦੇ ਆਗੂ ਕੋਈ ਹਾਰੀ-ਸਾਰੀ ਨਹੀਂ ਹੁੰਦੇ, ਉਨ੍ਹਾਂ ਨੂੰ ਬੜੇ ਤਰੀਕੇ ਆਉਂਦੇ ਹਨ, ਉਹ ਆਪਣੀ ਗੱਲ ਮਨਾਉਣ ਜਾਣਦੇ ਹਨ, ਉਨ੍ਹਾਂ ਵਿਚ ਆਪਣੀ ਗੱਲ ਮਨਾਉਣ ਦੇ ਬੜੇ ਪੱਖ ਹੁੰਦੇ ਹਨ।
ਇਲੈਕਟ੍ਰੋਨਿਕ ਮੀਡੀਆ ਦੇ ਸਾਰੇ ਪੱਤਰਕਾਰਾਂ ਨੇ ਪ੍ਰਵੀਨ ਕੋਮਲ ਦੇ ਚੇਅਰਮੈਨ ਬਣਾਉਣ ’ਤੇ ਮੋਹਰ ਲਗਾ ਦਿੱਤੀ ਸੀ, ਪ੍ਰਵੀਨ ਕੋਮਲ ਨੇ ਇੱਥੇ ਹੋਰ ਇਕ ਚਲਾਕੀ ਕੀਤੀ ਤੇ ਆਪਣੇ ਸਾਥੀ ਇਲੈਕਟ੍ਰੋਨਿਕ ਮੀਡੀਆ ਦੇ ਜੀ ਗਰੁੱਪ ਦੇ ਪੱਤਰਕਾਰ ਵਿਸ਼ਾਲ ਅੰਗਰੀਸ਼ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ, ਜਦ ਕਿ ਇਸ ਦੀ ਬਿਲਕੁਲ ਹੀ ਲੋੜ ਨਹੀਂ ਸੀ, ਕਿਉਂਕਿ ਗੁਰਕਿਰਪਾਲ ਸਿੰਘ ਅਸ਼ਕ ਪਹਿਲਾਂ ਹੀ ਪ੍ਰਧਾਨ ਸਨ, ਪ੍ਰਧਾਨ ਦੇ ਹੁੰਦਿਆਂ ਕਾਰਜਕਾਰੀ ਪ੍ਰਧਾਨ ਬਣਾਇਆ ਨਹੀਂ ਜਾ ਸਕਦਾ, ਇਸ ਦੀ ਸੰਵਿਧਾਨ ਵਿਚ ਕੋਈ ਮੱਦ ਨਹੀਂ ਸੀ, ਪਰ ਕਿਉਂਕਿ ਪ੍ਰਵੀਨ ਕੋਮਲ ਨੂੰ ਚੇਅਰਮੈਨ ਬਣਾਉਣ ਵਿਚ ਵਿਸ਼ੇਸ਼ ਕਰਕੇ ਵਿਸ਼ਾਲ ਅੰਗਰੀਸ਼ ਨੇ ਵਿਸ਼ੇਸ਼ ਰੋਲ ਨਿਭਾਇਆ ਸੀ, ਇਸ ਕਰਕੇ ਉਸ ਨੂੰ ਵੀ ਕੋਈ ਅਹੁਦਾ ਦੇਣਾ ਬਣਦਾ ਸੀ, ਅਹੁਦਾ ਵੀ ਉਹ ਜੋ ਅਹੁਦਾ ਪ੍ਰਧਾਨ ਦੇ ਨਾਲ ਦਾ ਹੀ ਹੋਵੇ, ਪ੍ਰਧਾਨ ਨੂੰ ਕਿਸੇ ਵੇਲੇ ਵੀ ਜ਼ਲੀਲ ਕਰਕੇ ਪ੍ਰਧਾਨਗੀ ਤੋਂ ਫ਼ਾਰਗ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਸੀ, ਉਸ ਤੋਂ ਬਾਅਦ ਤਾਂ ਕਾਰਜਕਾਰੀ ਪ੍ਰਧਾਨ ਹੀ ਪ੍ਰਧਾਨ ਹੋਵੇਗਾ। ਜਿਸ ਕਰਕੇ ਬੜੇ ਸਾਜ਼ਿਸ਼ੀ ਤਰੀਕੇ ਨਾਲ ਬੜੀ ਚਲਾਕੀ ਨਾਲ ਪ੍ਰਵੀਨ ਕੋਮਲ ਦਾ ਇਲੈਕਟ੍ਰੋਨਿਕ ਮੀਡੀਆ ਵੱਲੋਂ ਚੇਅਰਮੈਨ ਵਜੋਂ ਨਾ ਸ਼ਾਮਲ ਕਰਕੇ ਹੁਣ ਚੇਅਰਮੈਨ ਦੇ ਕਹਿਣ ਤੇ ਵਿਸ਼ਾਲ ਅੰਗਰੀਸ਼ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਕਾਰਜਕਾਰੀ ਪ੍ਰਧਾਨ ਨੂੰ ਇਹ ਤਾਕਤਾਂ ਵੀ ਦੇ ਦਿੱਤੀਆਂ ਗਈਆਂ ਕਿ ਬੈਂਕ ਵਿਚ ਕੋਈ ਵੀ ਰੁਪਿਆ ਕਢਾਉਣ ਲਈ ਪ੍ਰਧਾਨ ਦੀ ਥਾਂ ਕਾਰਜਕਾਰੀ ਪ੍ਰਧਾਨ ਦਸਤਖ਼ਤ ਕਰ ਸਕੇਗਾ, ਪਹਿਲਾ ਡਾਕਾ ਗੁਰਕਿਰਪਾਲ ਸਿੰਘ ਅਸ਼ਕ ਦੀ ਹੋਂਦ ਤੇ ਇੱਥੇ ਹੀ ਮਾਰ ਦਿੱਤਾ ਗਿਆ ਕਿ ਗੁਰਕਿਰਪਾਲ ਸਿੰਘ ਅਸ਼ਕ ਨੂੰ ਬੈਂਕ ਵਿਚੋਂ ਰੁਪਏ ਕਢਾਉਣ ਦੇ ਦਸਤਖ਼ਤ ਕਰਨ ਤੋਂ ਵੀ ਵਾਂਝਾ ਕਰ ਦਿੱਤਾ ਗਿਆ, ਇਸੇ ਮੀਟਿੰਗ ਵਿਚ ਇਹ ਫ਼ੈਸਲਾ ਕਰਕੇ ਗੁਰਕਿਰਪਾਲ ਸਿੰਘ ਅਸ਼ਕ ਨੂੰ ਜ਼ਲੀਲ ਕਰਨ ਦਾ ਪਹਿਲਾ ਪਾਠ ਲਿਖਿਆ ਜਾ ਚੁੱਕਾ ਸੀ।
ਇਸ ਸਮੇਂ ਇਕ ਅਹਿਮ ਕਿਰਦਾਰ ਸੁਭਾਸ਼ ਪਟਿਆਲਵੀ ਬਹੁਤਾ ਸਰਗਰਮ ਨਜ਼ਰ ਨਹੀਂ ਆ ਰਿਹਾ ਸੀ, ਜੋ ਟ੍ਰਿਬਿਊਨ ਗਰੁੱਪ ਦਾ ਫ਼ੋਟੋ ਗ੍ਰਾਫਰ ਵੀ ਤੇ ਫ਼ਰੀ ਲਾਂਸ ਵੀ ਕਰਦਾ ਸੀ, ਉਸ ਵੇਲੇ ਜਿੰਨੀਆਂ ਫ਼ੋਟੋਆਂ ਵੀ ਸਰਕਾਰੀ ਦਫ਼ਤਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀਆਂ ਬਤੌਰ ਮੁੱਖ ਮੰਤਰੀ ਲੱਗੀਆਂ ਸਨ, ਉਹ ਫ਼ੋਟੋ ਸੁਭਾਸ਼ ਪਟਿਆਲਵੀ ਨੇ ਹੀ ਖਿੱਚੀ ਸੀ।
ਜਨਰਲ ਹਾਊਸ ਵਿਚ ਪ੍ਰਵੀਨ ਕੋਮਲ ਦੀਆਂ ਕੌਣ ਰੱਦ ਕਰ ਸਕਦਾ ਸੀ, ਉਸ ਦਾ ਤਾਕਤਵਰ ਤਰੀਕਾ ਸੀ ਗੱਲ ਕਰਨ ਦਾ, ਉਸ ਦੇ ਤਰੀਕੇ ਅੱਗੇ ਗੁਰਨਾਮ ਸਿੰਘ ਅਕੀਦਾ, ਜਸਪਾਲ ਸਿੰਘ ਢਿੱਲੋਂ, ਗੁਰਕਿਰਪਾਲ ਸਿੰਘ ਅਸ਼ਕ, ਰਾਜੇਸ਼ ਪੰਜੋਲਾ, ਹੋਰ ਸਾਰੇ ਪੱਤਰਕਾਰਾਂ ਵਿਚ ਕੋਈ ਵੀ ਜੁਰਅਤ ਨਹੀਂ ਸੀ ਕਿ ਉਸ ਦੀ ਗੱਲ ਨੂੰ ਕੋਈ ਕੱਟ ਸਕੇ। ਉਸ ਦਾ ਪ੍ਰਭਾਵ ਹੀ ਜਨਰਲ ਹਾਊਸ ਤੇ ਏਨਾ ਹੋ ਗਿਆ ਸੀ। ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਵਿਸ਼ਾਲ ਅੰਗਰੀਸ਼ ਉਸ ਦੀ ਸਾਜਿਸ਼ ਵਿਚ ਸੀ ਜਾਂ ਨਹੀਂ, 11 ਦਸੰਬਰ 2006 ਦੀ ਜਨਰਲ ਹਾਊਸ ਦੀ ਗੁਰਕਿਰਪਾਲ ਸਿੰਘ ਅਸ਼ਕ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਬੜੀ ਖ਼ਾਸ ਸੀ, ਜਿਸ ਦਿਨ ਪਟਿਆਲਾ ਪ੍ਰੈੱਸ ਕਲੱਬ ਨੂੰ ਖੰਡਿਤ ਕਰਨ ਦੀ ਨੀਂਹ ਰੱਖੀ ਜਾ ਚੁੱਕੀ ਸੀ, ਇਸ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਪ੍ਰਵੀਨ ਕੋਮਲ ਦੇ ਅੰਦਰ ਕੀ ਚੱਲ ਰਿਹਾ ਹੈ। ਉਸ ਦੀ ਦਿਨ ਜਨਰਲ ਹਾਊਸ ਵਿਚ ਪਏ ਮਤੇ ਅਨੁਸਾਰ ਸਭ ਤੋਂ ਉੱਪਰਲੀ ਲਿਸਟ ਵਿਚ ਚੇਅਰਮੈਨ ਪ੍ਰਵੀਨ ਕੋਮਲ ਦਾ ਨਾਮ ਸ਼ੁਮਾਰ ਹੋ ਗਿਆ ਸੀ, ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ, ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼, ਵਾਈਸ ਪ੍ਰਧਾਨ ਪਵਨ ਪਟਿਆਲਵੀ (ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਗ੍ਰਾਫਰਾਂ ਦੀ ਸੰਸਥਾ ਵਿਚੋਂ), ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ, ਸਕੱਤਰ ਭੁਪੇਸ਼ ਚੱਠਾ, ਸਕੱਤਰ ਕੁਲਵੰਤ ਸਿੰਘ (ਇਲੈਕਟ੍ਰੋਨਿਕ ਮੀਡੀਆ ਦੇ ਗਰੁੱਪ ਵਿਚੋਂ), ਦਫ਼ਤਰ ਸਕੱਤਰ ਇੰਦਰਜੀਤ ਸਿੰਘ ਬੱਬਲੂ (ਫ਼ੋਟੋ ਗ੍ਰਾਫਰ), ਪ੍ਰੈੱਸ ਸਕੱਤਰ (ਪਬਲਿਕ ਰਿਲੇਸ਼ਨ ਅਫ਼ਸਰ) ਮਨਜਿੰਦਰ ਸਿੰਘ, ਵਿੱਤ ਸਕੱਤਰ ਰਾਜੇਸ਼ ਪੰਜੋਲਾ ਬਣ ਗਏ ਸਨ। 10 ਮੈਂਬਰੀ ਵਿਚੋਂ 5 ਅਹੁਦਿਆਂ ਤੇ ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਗ੍ਰਾਫਰਾਂ ਦੀ ਟੀਮ ਦੇ ਮੈਂਬਰ ਸ਼ੁਮਾਰ ਹੋ ਗਏ ਸਨ। ਜਿਨ੍ਹਾਂ ਨੂੰ ਪ੍ਰਵੀਨ ਕੋਮਲ ਦੇ ਗਰੁੱਪ ਵਿਚ ਮੰਨਿਆ ਜਾਂਦਾ ਸੀ। ਇਹ ਏਨੀ ਵੱਡੀ ਸਾਜਿਸ਼ ਸੀ ਜਿਸ ਬਾਰੇ ਡੀਪੀਆਰਓ ਉਜਾਗਰ ਸਿੰਘ ਵਰਗਾ ਵੱਡੇ ਦਿਮਾਗ਼ ਦਾ ਤੇ ਹਰ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲਾ ਬੰਦਾ ਵੀ ਨਹੀਂ ਸਮਝ ਸਕਿਆ ਸੀ।
ਇਸੇ ਦਿਨ ਇਕ ਮੀਟਿੰਗ ਹੋਰ ਹੋਈ, ਇਹ ਮੀਟਿੰਗ ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼ ਦੀ ਪ੍ਰਧਾਨਗੀ ਵਿਚ ਹੋਈ, ਇਸ ਮੀਟਿੰਗ ਵਿਚ ਖਾਤੇ ’ਤੇ ਦਸਤਖ਼ਤ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ, ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ, ਵਿੱਤ ਸਕੱਤਰ ਰਾਜੇਸ਼ ਪੰਜੋਲਾ ਦੇ ਹੁੰਦੇ ਸਨ ਹੁਣ ਇਸ ਵਿਚ ਸਰਬ ਸੰਮਤੀ ਨਾਲ ਸੋਧ ਕਰ ਦਿੱਤੀ ਗਈ, ਸੋਧ ਇਹ ਕੀਤੀ ਗਈ ਕਿ ਅੱਜ ਤੋਂ ਬਾਅਦ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਦੀ ਥਾਂ ਤੇ ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼ ਦਸਤਖ਼ਤ ਕਰਿਆ ਕਰਨਗੇ। ਇਸ ਦਾ ਕਾਰਨ ਵੀ ਬੜਾ ਪ੍ਰਭਾਵੀ ਸੀ, ਕਹਿੰਦੇ ਗੁਰਕਿਰਪਾਲ ਸਿੰਘ ਅਸ਼ਕ ਮੰਡੀ ਗੋਬਿੰਦਗੜ੍ਹ ਤੋਂ ਆਉਂਦੇ ਹਨ ਇਸ ਕਰਕੇ ਕਈ ਵਾਰੀ ਉਹ ਇੱਥੇ ਮੌਕੇ ਤੇ ਹੋ ਨਹੀਂ ਆ ਸਕਦੇ, ਜਿਸ ਲਈ ਉਨ੍ਹਾਂ ਦੀ ਥਾਂ ਤੇ ਕਾਰਜਕਾਰੀ ਪ੍ਰਧਾਨ ਹੀ ਦਸਤਖ਼ਤ ਕਰ ਦਿਆ ਕਰਨਗੇ, ਜਸਪਾਲ ਸਿੰਘ ਢਿੱਲੋਂ, ਰਾਜੇਸ਼ ਪੰਜੋਲਾ ਨੇ ਵੀ ਇਸ ਬਾਰੇ ਕੋਈ ਉਜ਼ਰ ਨਹੀਂ ਕੀਤਾ, ਜਦ ਕਿ ਵਿਸ਼ਾਲ ਅੰਗਰੀਸ਼ ਵੀ ਤਾਂ ਖੰਨੇ ਗੋਬਿੰਦਗੜ੍ਹ ਤੋਂ ਹੀ ਸਨ। ਫੇਰ ਦੋਵਾਂ ਵਿਚ ਹਾਜ਼ਰੀ ਗੈਰ ਹਾਜ਼ਰੀ ਦਾ ਕੀ ਫ਼ਰਕ ਸੀ, ਪਹਿਲਾਂ ਵਿਸ਼ਾਲ ਅੰਗਰੀਸ਼ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਉਸ ਦਾ ਕਾਰਨ ਵੀ ਇਹੀ ਸੀ ਕਿ ਅਸ਼ਕ ਕਈ ਵਾਰੀ ਮੌਕੇ ਤੇ ਆ ਨਹੀਂ ਸਕਦੇ, ਵਿਸ਼ਾਲ ਅੰਗਰੀਸ਼ ਉਨ੍ਹਾਂ ਦੀ ਥਾਂ ਤੇ ਮੀਟਿੰਗਾਂ ਕਰ ਲਿਆ ਕਰਨਗੇ ਤੇ ਹੋਰ ਪ੍ਰਧਾਨ ਦੇ ਕੰਮ ਕਰ ਲਿਆ ਕਰਨਗੇ।
ਵਿਸ਼ਾਲ ਅੰਗਰੀਸ਼ ਦੀ ਪ੍ਰਧਾਨਗੀ ਵਿਚ ਹੀ ਹੋਈ ਮੀਟਿੰਗ ਵਿਚ ਮਤਾ ਨੰਬਰ -2 ਇਹ ਵੀ ਪਾਇਆ ਗਿਆ ਕਿ ‘ਪਟਿਆਲਾ ਪ੍ਰੈੱਸ ਕਲੱਬ’ ਦਾ ਨਾਮ ਬਦਲ ਕੇ ‘ਪ੍ਰੈੱਸ ਕਲੱਬ ਪਟਿਆਲਾ’ ਰੱਖਿਆ ਜਾਵੇ, ਮੀਟਿੰਗ ਵਿਚ ਤਰਕ ਦਿੱਤਾ ਗਿਆ ਸੀ ਕਿ ਪ੍ਰੈੱਸ ਕਲੱਬ ਚੰਡੀਗੜ੍ਹ ਹੈ ਨਾ ਕਿ ਚੰਡੀਗੜ੍ਹ ਪ੍ਰੈੱਸ ਕਲੱਬ, ਚੰਡੀਗੜ੍ਹ ਦੀ ਤਰਜ਼ ਤੇ ਹੀ ਪਟਿਆਲਾ ਪ੍ਰੈੱਸ ਕਲੱਬ ਵੀ ਬਣਨਾ ਚਾਹੀਦਾ ਹੈ ਤਾਂ ਫਿਰ ਪਟਿਆਲਾ ਪ੍ਰੈੱਸ ਕਲੱਬ ਨਾਂ ਠੀਕ ਨਹੀਂ ਹੈ, ਇਸ ਕਰਕੇ ਚੰਡੀਗੜ੍ਹ ਦੀ ਤਰਜ਼ ਤੇ ‘ਪਟਿਆਲਾ ਪ੍ਰੈੱਸ ਕਲੱਬ’ ਦੀ ਥਾਂ ‘ਪ੍ਰੈੱਸ ਕਲੱਬ ਪਟਿਆਲਾ’ ਨਾਮ ਰੱਖਿਆ ਜਾਵੇ। ਇਹ ਵੀ ਮਤੇ ਵਿਚ ਲਿਖ ਦਿੱਤਾ ਗਿਆ ਕਿ ਰਜਿਸਟ੍ਰੇਸ਼ਨ ਨੰਬਰ 1769/2005-06 ਵਿਚ ਵੀ ਇਹ ਨਾਮ ਤਬਦੀਲ ਕਰ ਦਿੱਤਾ ਜਾਵੇ। ਰਜਿਸਟਰਾਰ ਤੇ ਸੋਸਾਇਟੀ ਦਫ਼ਤਰ ਵਿਚੋਂ ਸੋਧਿਆ ਹੋਇਆ ਸਰਟੀਫਿਕੇਟ ਹਾਸਲ ਕਰ ਲਿਆ ਜਾਵੇ। ਇਸ ਮੰਤਵ ਲਈ ਚੇਅਰਮੈਨ ਪ੍ਰਵੀਨ ਕੋਮਲ ਦੀ ਡਿਊਟੀ ਲਗਾਈ ਜਾਂਦੀ ਹੈ। ਹੁਣ ਤੁਸੀਂ ਸਮਝੋ ਪਹਿਲਾਂ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ ਦੀਆਂ ਤਾਕਤਾਂ ਖੋਹੀਆਂ ਗਈਆਂ, ਉਹ ਤਾਕਤਾਂ ਪ੍ਰਵੀਨ ਕੋਮਲ ਦੇ ਗਰੁੱਪ ਦੇ ਬੰਦੇ ਵਿਸ਼ਾਲ ਅੰਗਰੀਸ਼ ਨੂੰ ਦਿੱਤੀਆਂ ਗਈਆਂ, ਪ੍ਰਿੰਟ ਮੀਡੀਆ ਵਾਲੇ ਚੁੱਪ ਚਾਪ ਇਹ ਸਾਜਿਸ਼ ਦਾ ਹਿੱਸਾ ਬਣੇ ਰਹੇ, 11 ਦਸੰਬਰ 2006 ਨੂੰ ਹੀ ਗੁਰਕਿਰਪਾਲ ਸਿੰਘ ਅਸ਼ਕ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ ਤੇ ਚੇਅਰਮੈਨ ਪ੍ਰਵੀਨ ਕੋਮਲ ਨੂੰ ਬਣਾ ਦਿੱਤਾ ਗਿਆ, ਹੁਣ ਇਸੇ ਦਿਨ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼ ਦੀ ਪ੍ਰਧਾਨਗੀ ਵਿਚ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਵਿਚ ਏਨੀ ਕਾਹਲੀ ਸੀ ਕਿ ਇਸੇ ਦਿਨ ਹੋਈ ਮੀਟਿੰਗ ਵਿਚ ਨਾਮ ਤਬਦੀਲ ਕਰਨ ਦੀ ਡਿਊਟੀ ਪ੍ਰਵੀਨ ਕੋਮਲ ਦੇ ਹਵਾਲੇ ਕਰ ਦਿੱਤੀ ਗਈ।
ਪ੍ਰਵੀਨ ਕੋਮਲ ਦੀ ਐਂਟਰੀ ਦੇਖੋ ਕਿਵੇਂ ਹੁੰਦੀ ਹੈ। ਪਹਿਲਾਂ ਉਹ ਇਲੈਕਟ੍ਰੋਨਿਕ ਮੀਡੀਆ ਦੇ ਬੜੇ ਹੀ ਚਲਾਕ ਤੇ ਸਿਆਣੇ ਪੱਤਰਕਾਰਾਂ ਤੇ ਪ੍ਰਿੰਟ ਮੀਡੀਆ ਦੇ ਫ਼ੋਟੋ ਗ੍ਰਾਫਰਾਂ ਨੂੰ ਵੀ ਆਪਣੇ ਪ੍ਰਭਾਵ ਵਿਚ ਲੈਂਦਾ ਹੈ। ਪ੍ਰਭਾਵ ਵਿਚ ਲੈ ਕੇ ਇਕ ਇਕੱਠ ਬਣਾਉਂਦਾ ਹੈ, ਜਿਸ ਰਾਹੀਂ ਉਹ ਪਟਿਆਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੂੰ ਪ੍ਰਭਾਵ ਵਿਚ ਲੈਂਦਾ ਹੈ ਤੇ ਆਪਣਾ ਇਕ ਬਹੁਤ ਹੀ ਅਹਿਮ ਕਦਮ ਚੁੱਕਦਾ ਹੈ ਤੇ ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੋ ਜਾਂਦਾ ਹੈ। ਪਟਿਆਲਾ ਪ੍ਰੈੱਸ ਕਲੱਬ ਵਿਚ ਸ਼ਾਮਲ ਹੁੰਦਿਆਂ ਹੀ ਉਹ ਆਪਣੇ ਪ੍ਰਭਾਵ ਵਿਚ ਪ੍ਰਿੰਟ ਮੀਡੀਆ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਨੂੰ ਵੀ ਕਰ ਲੈਂਦਾ ਹੈ, ਹੁਣ ਕਦਮ ਦਰ ਕਦਮ ਉਹ ਪਟਿਆਲਾ ਪ੍ਰੈੱਸ ਕਲੱਬ ’ਤੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ। ਚਰਚਾ ਤਾਂ ਇਹ ਵੀ ਹੈ ਕਿ ਇਸ ਦੇ ਪਿੱਛੇ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਸਨ, ਪਰ ਇਹ ਤਾਂ ਪ੍ਰਵੀਨ ਕੋਮਲ ਹੀ ਜਾਣਦਾ ਹੈ ਕਿ ਕੋਈ ਤਾਕਤ ਵੀ ਉਸ ਦੇ ਪਿੱਛੇ ਸੀ ਜਾਂ ਫਿਰ ਉਹ ਹੀ ਵੱਡੀ ਤਾਕਤ ਬਣ ਚੁੱਕਿਆ ਸੀ, ਪੱਤਰਕਾਰਾਂ ਵਿਚ ‘ਡਾਨ’ ਦੀ ਉਪਾਧੀ ਤਾਂ ਖ਼ੈਰ ਪ੍ਰਵੀਨ ਕੋਮਲ ਪਹਿਲਾਂ ਹੀ ਹਾਸਲ ਕਰ ਚੁੱਕਿਆ ਸੀ ਹੁਣ ਤਾਂ ਕਦਮ ਦਰ ਕਦਮ ਉਹ ਆਪਣਾ ਹੱਕ ਪੂਰਾ ਕਰਨ ਲੱਗਿਆ ਹੋਇਆ ਸੀ। ਜਦੋਂ ਉਸ ਨੇ ਕਿਤੇ ਪ੍ਰੈੱਸ ਕਲੱਬ ਦੀ ਕਾਰਵਾਈ ਤੇ ਸਾਈਨ ਕਰਨੇ ਤਾਂ ਉਹ ਆਪਣੇ ਸਾਈਨਾਂ ਹੇਠ ਚੇਅਰਮੈਨ ਜ਼ਰੂਰ ਲਿਖਦਾ ਸੀ, ਇਹ ਉਸ ਦਾ ਇਕ ਬਹੁਤ ਵੱਡਾ ਕਾਰਨ ਸੀ ਤਾਂ ਕਿ ਉਸ ਦੀ ਸਥਾਪਤੀ ਹੁੰਦੀ ਰਹੇ, ਉਹ ਪੱਤਰਕਾਰਾਂ ਵਿਚੋਂ ਸੀ ਪਰ ਪੱਤਰਕਾਰ ਬਣ ਕੇ ਨਹੀਂ ਉਹ ਇਕ ਕਬਜ਼ਾਧਾਰੀ ਬਣ ਕੇ ਕੰਮ ਕਰ ਰਿਹਾ ਸੀ ਸਿਆਸਤਦਾਨਾਂ ਵਾਂਗ, ਉਸ ਨੇ ਪ੍ਰੈੱਸ ਕਲੱਬ ਤੇ ਕਿਵੇਂ ਕਬਜ਼ਾ ਕਰਨਾ ਹੈ ਤਾਂ ਉਸ ਦਾ ਉਹ ਹਰ ਤਰ੍ਹਾਂ ਦਾ ਐਪੀਸੋਡ ਖ਼ੁਦ ਤਿਆਰ ਕਰ ਰਿਹਾ ਸੀ। ਜਿਸ ਦੀ ਪੂਰੀ ਤਰ੍ਹਾਂ ਤੇ ਸਕ੍ਰਿਪਟ ਹੁਣ ਉਸ ਦੇ ਕਬਜ਼ੇ ਵਿਚ ਆ ਗਈ ਸੀ, ਤੇ ਉਸ ਨੇ ਉਹ ਸਕਰਿਪਟ ਕਿੱਦਾਂ ਆਪਣੇ ਅਨੁਸਾਰ ਲਿਖਣੀ ਹੈ ਇਹ ਉਹ ਹੁਣ ਕਰ ਸਕਦਾ ਸੀ। ਜਦੋਂ ਉਸ ਨੂੰ ਇਹ ਮੀਟਿੰਗ ਵਿਚ ਮਿਲ ਗਿਆ ਕਿ ਉਹ ਪਟਿਆਲਾ ਪ੍ਰੈੱਸ ਕਲੱਬ ਦਾ ਨਾਮ ਬਦਲ ਕੇ ਪ੍ਰੈੱਸ ਕਲੱਬ ਪਟਿਆਲਾ ਕਰਵਾਏਗਾ, ਜਿਸ ਲਈ ਉਸ ਦੀ ਜ਼ਿੰਮੇਵਾਰੀ ਲਗਾ ਦਿੱਤੀ ਗਈ ਸੀ, ਜਾਂ ਕਹਿ ਲਓ ਕਿ ਵਿਸ਼ਾਲ ਅੰਗਰੀਸ਼ ਨੇ ਉਸ ਦਾ ਕੰਮ ਸੌਖਾ ਕਰ ਦਿੱਤਾ ਸੀ, ਭਾਵੇਂ ਕਿ ਇਸ ਵਿਚ ਸਭ ਦੀ ਸਹਿਮਤੀ ਸੀ, ਸਿਰਫ਼ ਵਿਸ਼ਾਲ ਅੰਗਰੀਸ਼ ਹੀ ਨਹੀਂ, ਪਰ ਇਸ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਸਾਰੇ ਹੀ ਪ੍ਰਵੀਨ ਕੋਮਲ ਨੂੰ ਪ੍ਰਮੁੱਖਤਾ ਦੇ ਰਹੇ ਸਨ।
ਮਤਾ ਨੰਬਰ 3 ਵਿਚ ਮੈਂਬਰ ਬਣਾਉਣ ਦੀ ਸਾਰੀ ਕਾਰਵਾਈ ਨਵੀਂ ਬਣੀ ਕਮੇਟੀ ਨੂੰ ਦੇ ਦਿੱਤੀ ਗਈ ਸੀ, ਜਿਸ ਵਿਚ ਚੇਅਰਮੈਨ ਪ੍ਰਵੀਨ ਕੋਮਲ ਸਨ। ਇੱਥੋਂ ਤੱਕ ਕਿ ਪ੍ਰਵੀਨ ਕੋਮਲ ਨੇ ਸੁਝਾਅ ਦਿੱਤਾ ਕਿ ਬਾਹਰੀ ਮੈਂਬਰ ਵੀ ਬਣਾਏ ਜਾਣ ਜਿਨ੍ਹਾਂ ਤੋਂ 20 ਹਜ਼ਾਰ ਰੁਪਏ ਫ਼ੀਸ ਲਓ, ਇਹ ਵੀ ਮਤੇ ਵਿਚ ਪਾ ਦਿੱਤਾ ਗਿਆ ਸੀ। ਮਤਾ ਨੰਬਰ 4 ਵਿਚ ਇਹ ਵੀ ਪਾਸ ਕਰ ਦਿੱਤਾ ਗਿਆ ਕਿ ਨੀਂਹ ਪੱਥਰ 16 ਦਸੰਬਰ 2006 ਨੂੰ ਰੱਖਿਆ ਜਾਵੇਗਾ, ਜਿਸ ਵਿਚ ਨੀਂਹ ਪੱਥਰ ਵਿਚ ਬਣਾਈ ਗਈ 10 ਮੈਂਬਰਾਂ ਦੇ ਨਾਮ ਵੀ ਅੰਕਿਤ ਕਰਨ ਦਾ ਪਾਸ ਕੀਤਾ ਗਿਆ, ਕਿਉਂਕਿ ਉਨ੍ਹਾਂ ਦਸ ਮੈਂਬਰਾਂ ਵਿਚ ਚੇਅਰਮੈਨ ਤਾਂ ਪ੍ਰਵੀਨ ਕੋਮਲ ਹੀ ਸੀ, ਦਸ ਮੈਂਬਰਾਂ ਵਿਚ ਸਭ ਤੋਂ ਉੱਪਰਲੇ ਖ਼ਾਨੇ ਵਿਚ। ਜਿਸ ਦਾ ਨਾਮ ਸਭ ਤੋਂ ਉਪਰ ਆਉਂਦਾ ਸੀ। ਨੀਂਹ ਪੱਥਰ ਦੇ ਸੱਦਾ ਪੱਤਰ ਕਾਰਡ ਪ੍ਰੈੱਸ ਕਲੱਬ ਛਪਾਏਗਾ ਤੇ ਡੀਪੀਆਰਓ ਦਫ਼ਤਰ ਰਾਹੀਂ ਵੰਡੇ ਜਾਣਗੇ। ਨੀਂਹ ਪੱਥਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਨਾਲ ਸ੍ਰੀਮਤੀ (ਮਹਾਰਾਣੀ) ਪ੍ਰਨੀਤ ਕੌਰ, ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਰਾਕੇਸ਼ ਵਰਮਾ ਦਾ ਨਾਮ ਵੀ ਹੋਵੇਗਾ।
ਇੱਥੇ ਹੋਰ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕਲੱਬ ਦੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਤੋਂ ਐਡੀਸ਼ਨਲ ਰਾਸਿਟਰਾਰ ਫ਼ਾਰ ਫਾਰਮਜ਼ ਐਂਡ ਸੁਸਾਇਟੀ ਨੂੰ ਕਲੱਬ ਦਾ ਸੋਧਿਆ ਹੋਇਆ ਸਰਟੀਫਿਕੇਟ ਜਾਰੀ ਕਰਨ ਦੀ ਚਿੱਠੀ ਵੀ ਲਿਖਵਾ ਲਈ ਗਈ ਸੀ, ਜਿਸ ਨੂੰ ਲੈ ਕੇ ਪ੍ਰਵੀਨ ਕੋਮਲ ਨੇ ਆਪਣਾ ਪੂਰਾ ਪੱਖ ਜ਼ਾਹਿਰ ਕਰਨਾ ਸੀ। ਜਿਸ ਨਾਲ ਰਜਿਸਟਰਾਰ ਕੋਲ ਕੋਈ ਅੜਿੱਕਾ ਨਾ ਪਵੇ। ਤੁਸੀਂ ਨੁਕਤਾ ਫੜ ਲਿਆ ਹੋਵੇਗਾ ਕਿ ਪ੍ਰਵੀਨ ਕੋਮਲ ਹੁਣ ਸਾਰੇ ਪਾਸੇ ਆਪਣਾ ਕਬਜ਼ਾ ਜਮਾ ਚੁੱਕਿਆ ਸੀ। ਜਦ ਕਿ ਜਦੋਂ ਮੈਂ ਪ੍ਰਵੀਨ ਕੋਮਲ ਨਾਲ ਇਹ ਇਤਿਹਾਸ ਲਿਖਣ ਤੋਂ ਪਹਿਲਾਂ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਾਰਾ ਕੁਝ ਜਸਪਾਲ ਸਿੰਘ ਢਿੱਲੋਂ, ਰਾਜੇਸ਼ ਪੰਜੋਲਾ, ਗੁਰਕਿਰਪਾਲ ਸਿੰਘ ਅਸ਼ਕ ਤੇ ਜਨਰਲ ਹਾਊਸ ਦੀ ਪ੍ਰਵਾਨਗੀ ਵਿਚ ਹੀ ਹੋਇਆ ਸੀ, ਬਾਅਦ ਵਿਚ ਸਾਰੇ ਹੀ ਮੁੱਕਰ ਗਏ, ਪ੍ਰਵੀਨ ਕੋਮਲ ਨੇ ਤਾਂ ਇੰਜ ਵੀ ਕਿਹਾ ਕਿ ਸਾਰਿਆਂ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ, ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਲਈ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਸਗੋਂ ਮੇਰੇ ਵਿਰੋਧ ਵਿਚ ਹੋ ਗਏ, ਉਨ੍ਹਾਂ ਨੇ ਮੇਰਾ ਨਾਮ (ਇਨ੍ਹਾਂ ਸਤਰਾਂ ਦੇ ਲੇਖਕ ਦਾ) ਵੀ ਲਿਆ ਤੇ ਕਿਹਾ ਕਿ ਤੁਸੀਂ ਵੀ ਤਾਂ ਉਨ੍ਹਾਂ ਦੇ ਨਾਲ ਹੀ ਸੀ, ਜੋ ਮੇਰੇ ਵਿਰੋਧੀ ਸਨ। ਮੈਨੂੰ ਪ੍ਰਵੀਨ ਕੋਮਲ ਕਹਿੰਦਾ ਕਿ ਜੇਕਰ ਤੂੰ ਵੀ ਮੇਰੇ ਨਾਲ ਆ ਜਾਂਦਾ ਤਾਂ ਆਪਾਂ ਨੇ ਪ੍ਰੈੱਸ ਕਲੱਬ ਦੀ ਇਮਾਰਤ ਬਣਾ ਲੈਣੀ ਸੀ, ਪਰ ਉਸ ਨਾਲ ਤਾਂ ਵੱਡੇ ਵੱਡੇ ਪੱਤਰਕਾਰ ਆ ਗਏ ਸਨ, ਮੈਥੋਂ ਵੀ ਵੱਡੇ।
ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਅਗਲੇ ਹਿੱਸੇ ਵਿਚ ਸਪਸ਼ਟ ਕਰਾਂਗੇ। ਬਾਕੀ ਅਗਲੇ ਭਾਗ ਵਿਚ..
ਨੋਟ : ਜੇਕਰ ਕਿਸੇ ਨੂੰ ਕਿਤੇ ਵੀ ਕੋਈ ਇਤਰਾਜ਼ ਹੋਵੇ ਤਾਂ ਬਲਾਗ ਵਿਚ ਕਮੈਂਟ ਕਰ ਸਕਦਾ ਹੈ, ਕਿਤੇ ਗ਼ਲਤ ਲਿਖਿਆ ਹੋਵੇ ਤਾਂ ਸੋਧ ਸਕਦਾ ਹੈ ਟਿੱਪਣੀ ਕਰਕੇ। ਜੇਕਰ ਕੋਈ ਟਿੱਪਣੀ ਕਰੇਗਾ ਤਾਂ ਉਸ ਦੀ ਛਾਣਬੀਣ ਕਰਕੇ ਆਰਟੀਕਲ ਵਿਚ ਸੋਧ ਪਾਈ ਜਾਵੇਗੀ।
ਮੇਰੇ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ : 8146001100









No comments:
Post a Comment