Thursday, November 27, 2025

ਪਟਿਆਲਾ ਦੇ ਕਾਬਲ ਪੱਤਰਕਾਰਾਂ ਨਾਲ ਸਾਜ਼ਿਸ਼ੀ ਧੋਖਾ! ਸੰ‌ਵਿਧਾਨ?

ਪੱਤਰਕਾਰੀ ਦਾ ਇਤਿਹਾਸ ਭਾਗ : 9

ਲੇਖਕ : ਗੁਰਨਾਮ ਸਿੰਘ ਅਕੀਦਾ



    ਪ੍ਰਵੀਨ ਕੋਮਲ ਪਟਿਆਲਾ ਵਿਚ ਇਕ ਅਜਿਹਾ ਪੱਤਰਕਾਰ ਉੱਭਰ ਕੇ ਸਾਹਮਣੇ ਆਇਆ ਜਿਸ ਨੇ ਪਟਿਆਲਾ ਦੇ ਸਾਰੇ ਪੱਤਰਕਾਰਾਂ ਨੂੰ ਪ੍ਰਭਾਵਿਤ ਕੀਤਾ, ਉਹ ਮੁੰਬਈ ਵਿਚ ਪੁਲੀਸ ਅਧਿਕਾਰੀਆਂ ਦੀ ਮਹਿਮਾਨਨਿਵਾਜ਼ੀ ਦਾ ਸੁਆਦ ਵੀ ਲੈ ਚੁੱਕਿਆ ਸੀ। ਪਟਿਆਲਾ ਦੇ ਪੱਤਰਕਾਰਾਂ ‌ਵਿਚ ਉਹ ਪੱਤਰਕਾਰੀ ਦੇ ਆਦਰਸ਼ਾਂ ਦੀ ਕਾਬਲੀਅਤ ਕਰਕੇ ਨਹੀਂ ਸੀ ਸਗੋਂ ਉਸ ਦਾ ਪ੍ਰਭਾਵ ਹੀ ਅਜਿਹਾ ਸੀ ਕਿ ਹਰ ਇਕ ਪੱਤਰਕਾਰ ਉਸ ਦਾ ਲੋਹਾ ਮੰਨਦਾ ਸੀ। ਸਰਬਜੀਤ ਉੱਖਲਾ ਅਸੀਂ ਲੋਕ ਪ੍ਰਵੀਨ ਕੋਮਲ ਬਾਰੇ ਜਾਣਦੇ ਸਾਂ, ਉਸ ਵੱਲੋਂ ਧੜੱਲੇਦਾਰ ਅਖ਼ਬਾਰ ਦੇ ਮਾਲਕਾਂ ਬਾਰੇ ਲਿਖਿਆ ਉਸ ਦੇ ਅਖ਼ਬਾਰ ਵਿਚ ਇਕ ਆਰਟੀਕਲ ਨੂੰ ਅਸੀਂ ਜਦੋਂ ਪੜ੍ਹਿਆ ਸੀ ਤਾਂ ਉਸ ਵਿਚ ਪੱਤਰਕਾਰੀ ਦਾ ਕਤਲ ਹੁੰਦਾ ਅਸੀਂ ਦੇਖਿਆ ਸੀ। ਪਰ ਉਸ ਦਾ ਗੱਲ ਕਰਨ ਦਾ ਤਰੀਕਾ ਬੜਾ ਕਮਾਲ ਸੀ, ਉਸ ਰਾਹੀਂ ਕੁਝ ਪੱਤਰਕਾਰ ਆਪਣਾ ਉੱਲੂ ਵੀ ਸਿੱਧਾ ਕਰ ਰਹੇ ਸਨ, ਆਪਣੇ ਵਿਰੋਧੀ ਪੱਤਰਕਾਰਾਂ ਤੋਂ ਬਦਲਾ ਲੈਣ ਦਾ ਬੜਾ ਹੀ ਚੰਗਾ ਰਸਤਾ ਸੀ ਪ੍ਰਵੀਨ ਕੋਮਲ ਉਨ੍ਹਾਂ ਮਤਲਬਪ੍ਰਸਤ ਪੱਤਰਕਾਰਾਂ ਲਈ ਜੋ ਅੰਦਰੋਂ ਕੁਝ ਹੋਰ ਸਨ ਪਰ ਪ੍ਰਵੀਨ ਕੋਲ ਉਹ ਚੰਗੇ ਬਣਦੇ ਸਨ ਤੇ ਪ੍ਰਵੀਨ ਵੀ ਉਨ੍ਹਾਂ ਦਾ ਸੁਆਦ ਬੜੇ ਹੀ ਅਨੰਦਮਈ ਤਰੀਕੇ ਨਾਲ ਲੈ ਰਿਹਾ ਸੀ, ਪ੍ਰਵੀਨ ਨੂੰ ਕੋਈ ਵਰਤ ਲਵੇ ਇਹ ਹੋ ਨਹੀਂ ਸਕਦਾ ਸੀ ਉਹ ਕਿਸੇ ਨੂੰ ਵਰਤ ਨਾ ਸਕੇ ਇਹ ਵੀ ਅਸੰਭਵ ਸੀ, ਉਹ ਕਿਸੇ ਨੂੰ ਕਿਵੇਂ ਵਰਤਦਾ ਸੀ ਇਹ ਉਸ ਵਿਚ ਕਮਾਲ ਦੀ ਕਲਾ ਸੀ। ਉਸ ਦੀ ਉਸ ਕਲਾ ਅੱਗੇ ਮੈਂ ਅੱਜ ਵੀ ਨਤਮਸਤਕ ਹੁੰਦਾ ਹਾਂ। ਮੈਂ  ਤੇ ਸਰਬਜੀਤ ਉੱਖਲਾ ਅਕਸਰ ਪ੍ਰਵੀਨ ਕੋਮਲ ਬਾਰੇ ਗੱਲਾਂ ਕਰਦੇ ਹੁੰਦੇ ਸਾਂ ਕਿ ਜਿਹੋ ਜਿਹਾ ਕਾਬਲ ਤੇ ਸਮਰੱਥ ਪੱਤਰਕਾਰ ਪ੍ਰਵੀਨ ਕੋਮਲ ਹੈ, ਜੇਕਰ ਉਹ ਅਸਲ ਵਿਚ ਪੱਤਰਕਾਰੀ ਕਰਨ ਲੱਗ ਜਾਵੇ, ਆਦਰਸ਼ਾਂ ਵਿਚ ਬੰਨ੍ਹੀ ਹੋਈ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਸਕਦਾ ਹੈ, ਪਰ ਪ੍ਰਵੀਨ ਕੋਮਲ ਦੀ ਮੰਜ਼ਿਲ ਕੋਈ ਹੋਰ ਸੀ, ਜਿਸ ਰਸਤੇ ਤੇ ਉਹ ਚੱਲ ਰਿਹਾ ਸੀ ਉਸ ਦਾ ਲੋਹਾ ਉਹ ਕਈ ਵਾਰ ਮਨਵਾ ਵੀ ਚੁੱਕਿਆ ਸੀ, ਉਹ ਕੋਈ ਪੱਤਰਕਾਰੀ ਕਰਨ ਲਈ ਨਹੀਂ ਆਇਆ ਸੀ, ਉਹ ਤਾਂ ਸੁਆਦ ਲੈ ਰਿਹਾ ਸੀ ਪੱਤਰਕਾਰਾਂ ਵਿਚੋਂ.. ਉਹ ਤਾਂ ਅਨੰਦ ਮਾਣ ਰਿਹਾ ਸੀ ਪੱਤਰਕਾਰਾਂ ਵਿਚ, ਜਿਵੇਂ ਉਹ ਚਾਹੁੰਦਾ ਸੀ ਉਸੇ ਤਰ੍ਹਾਂ ਉਸ ਦੀ ਚੱਲਦੀ ਸੀ, ਇਹ ਉਸ ਦਾ ਪ੍ਰਭਾਵ ਸੀ, ਪੁਲੀਸ ਵਿਚ ਉਸ ਦੀ ਤੂਤੀ ਬੋਲਦੀ ਸੀ, ਉਹ ਥਾਣਿਆਂ ਵਿਚ ਇੰਜ ਜਾਂਦਾ ਸੀ ਜਿਵੇਂ ਥਾਣੇ ਉਸ ਦੀ ਨਿੱਜੀ ਜਾਇਦਾਦ ਹੁੰਦੇ ਹਨ ਤੇ ਪੁਲੀਸ ਅਧਿਕਾਰੀ, ਪੁਲੀਸ ਵਾਲੇ ਉਸ ਦੇ ਕਿਰਾਏਦਾਰ ਹੋਣ। ਕੁਝ ਲੋਕ ਉਸ ਨੂੰ ਖ਼ੁਫ਼ੀਆ ਏਜੰਸੀਆਂ ਦਾ ਬੰਦਾ ਵੀ ਕਹਿ ਦਿੰਦੇ ਸਨ, ਕੁਝ ਲੋਕ ਉਸ ਨੂੰ ਪੁਲੀਸ ਦਾ ਖ਼ਾਸ ਵੀ ਕਹਿ ਦਿੰਦੇ ਸਨ ਪਰ ਸਾਡੇ ਕੋਲ ਅਜਿਹੇ ਕੁਝ ਵੀ ਸਬੂਤ ਨਹੀਂ ਹਨ, ਜਿਸ ਕਰਕੇ ਅਸੀਂ ਲੋਕਾਂ ਦੀਆਂ ਇਨ੍ਹਾਂ ਗੱਲਾਂ ਦਾ ਵਿਸ਼ਵਾਸ ਕਰ ਲੈਂਦੇ। ਨਾ ਹੀ ਅਸੀਂ ਪ੍ਰਵੀਨ ਕੋਮਲ ਪ੍ਰਤੀ ਫੈਲਾਈਆਂ ਜਾ ਰਹੀਆਂ ਅਜਿਹੀਆਂ ਭ੍ਰਾਤੀਆਂ ਦਾ ਸਮਰਥਨ ਕਰਦੇ ਹਾਂ, ਪਰ ਜਿੱਥੇ ਤੱਕ ਮੈਂ ਜਾਣਦਾ ਹਾਂ ਉਸ ਕੋਲ ਬਾਡੀਗਾਰਡ ਉਸ ਦੀ ਪਟਿਆਲਾ ਵਿਚ ਸਥਾਪਤੀ ਨੂੰ ਹੋਰ ਵੀ ਵੱਡੀ ਕਰ ਦਿੰਦੇ ਸਨ। ਪ੍ਰਵੀਨ ਕੋਮਲ ਦਾ ਪਰਿਵਾਰ ਬੜਾ ਹੀ ਸਲੀਕੇ ਵਾਲਾ ਹੈ, ਉਸ ਦੇ ਬੱਚੇ ਜਿੱਥੇ ਤੱਕ ਮੈਂ ਜਾਣਦਾ ਹਾਂ ਉਹ ਬੜੇ ਹੀ ਕਾਬਲ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪ੍ਰਵੀਨ ਕੋਮਲ ਦਿਮਾਗ਼ ਪੱਖੋਂ ਕੋਈ ਲਾਚਾਰ ਨਹੀਂ ਸੀ, ਸਗੋਂ ਉਹ ਆਪਣੇ ਪਰਿਵਾਰ ਦੀ ਖ਼ਾਸ ਧਿਆਨ ਰੱਖਦਾ ਸੀ, ਨਹੀਂ ਤਾਂ ਜਿਵੇਂ ਪ੍ਰਵੀਨ ਕੋਮਲ ਚੱਲ ਰਿਹਾ ਸੀ, ਇਸ ਤਰ੍ਹਾਂ ਦੇ ਬੰਦੇ ਦੇ ਬੱਚੇ ਜਾਂ ਤਾਂ ਨਾਲਾਇਕ ਹੁੰਦੇ ਹਨ ਜਾਂ ਫਿਰ ਵਿਗੜੇ ਹੁੰਦੇ ਹਨ ਪਰ ਪ੍ਰਵੀਨ ਦੇ ਬੱਚੇ ਬੜੇ ਸਿਆਣੇ ਤੇ ਬੀਬੇ ਲੱਗੇ ਸਨ ਮੈਨੂੰ। 

ਪਟਿਆਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ, ਕਾਰਜਕਾਰੀ ਪ੍ਰਧਾਨ ਵਿਸ਼ਾਲ ਅੰਗਰੀਸ਼, ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਆਦਿ ਨੇ ਪ੍ਰਵੀਨ ਕੋਮਲ ਨੂੰ ਪਟਿਆਲਾ ਪ੍ਰੈੱਸ ਕਲੱਬ ਦੀ ਥਾਂ ਨਵਾਂ ਨਾਮ ਪ੍ਰੈੱਸ ਕਲੱਬ ਪਟਿਆਲਾ ਸਥਾਪਤ ਕਰਨ ਲਈ ਉਦਯੋਗਿਕ ਸੁਸਾਇਟੀ ਪਟਿਆਲਾ ਕੋਲ ਜਾ ਕੇ ਕਾਰਵਾਈ ਕਰਨ ਦੇ ਅਧਿਕਾਰ ਦੇ ਦਿੱਤੇ ਸਨ। ਪ੍ਰਵੀਨ ਕੋਮਲ ਦਾ ਸਿਰਫ਼ ਹੁਣ ਏਨਾ ਹੀ ਕੰਮ ਸੀ ਕਿ ਉਹ ਸੁਸਾਇਟੀ ਵਿਭਾਗ ਵਿਚ ਜਾਂਦਾ ਤੇ ਉੱਥੇ ਜਾ ਕੇ ਪ੍ਰੈੱਸ ਕਲੱਬ ਪਟਿਆਲਾ ਦਾ ਸਰਟੀਫਿਕੇਟ ਲੈ ਆਉਂਦਾ, ਇਸ ਤੋਂ ਵੱਧ ਕੁਝ ਵੀ ਕਰਨ ਦਾ ਪ੍ਰਵੀਨ ਕੋਮਲ ਦਾ ਕੋਈ ਅਧਿਕਾਰ ਨਹੀਂ ਸੀ ਪਰ ਪ੍ਰਵੀਨ ਕੋਮਲ ਸਿਰਫ਼ ਸਰਟੀਫਿਕੇਟ ਲੈਣ ਲਈ ਤਾਂ ਨਹੀਂ ਇਹ ਡਿਊਟੀ ਆਪਣੇ ਗਲ ਪਾਉਣ ਵਾਲਾ ਸੀ, ਉਸ ਦਾ ਇਸ ਤੋਂ ਵੀ ਵੱਡਾ ਕਾਰਨਾਮਾ ਕਰਨ ਦਾ ਇਰਾਦਾ ਪਹਿਲਾਂ ਹੀ ਤਿਆਰ ਸੀ, ਸਿਰਫ਼ ਸਰਟੀਫਿਕੇਟ ਲੈਣ ਲਈ ! ਪਰ ਤੁਸੀਂ ਕਮਾਲ ਸਮਝ ਲੈਣਾ ਕਿ ਪ੍ਰਵੀਨ ਨੇ ਇੰਜ ਨਹੀਂ ਕੀਤਾ ਸਗੋਂ ਜੋ ਉਸ ਨੇ ਕੀਤਾ ਉਹ ਕਿ ਪੜ੍ਹ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਉਸ ਦਾ ਇਕ ਨੁਕਾਤੀ ਪ੍ਰੋਗਰਾਮ ਸੀ ਕਿ ਉਸ ਨੇ ਤਾਂ ਪ੍ਰੈੱਸ ਕਲੱਬ ਪਟਿਆਲਾ ਤੇ ਕਬਜ਼ਾ ਕਰਨਾ ਸੀ, ਬਿਲਕੁਲ ਨਿਡਰ ਹੋਕੇ, ਸਮਾਜਿਕ ਕਦਰਾਂ ਕੀਮਤਾਂ ਨੂੰ ਮੱਚਦੀ ਅੱਗ ਦੀ ਭੱਠੀ ਵਿਚ ਸੁੱਟ ਕੇ, ਪਟਿਆਲਾ ਦੇ ਪੱਤਰਕਾਰਾਂ ਦੀ ਹਿੱਕ ਦੇ ਗੋਡਾ ਰੱਖ ਕੇ, ਉਸ ਨੇ ਆਪਣੇ ਮਨ ਦੀ ਕਰਨੀ ਸੀ, ਉਸ ਨੂੰ ਕੋਈ ਕਦਰਾਂ ਕੀਮਤਾਂ ਦੀ ਹਵਾ ਨਹੀਂ ਲੱਗੀ ਸੀ, ਹੁਣ ਉਸ ਕੋਲ ਪੁਰੇ ਹਥਿਆਰ ਸਨ ਤੇ ਪੂਰੇ ਅਧਿਕਾਰ ਸਨ ਤਾਂ ਉਸ ਨੂੰ ਹੁਣ ਕੋਈ ਰੁਕਾਵਟ ਵੀ ਨਹੀਂ ਸੀ ਉਸ ਨੇ ਆਪਣੇ ਮਨ ਦੀ ਕਰਨੀ ਸੀ ਤੇ ਉਸ ਨੇ ਉਸ ਲਈ ਪੂਰਾ ਅਧਿਕਾਰ ਵੀ ਆਪਣੇ ਹੱਥ ਵਿਚ ਲੈ ਲਏ ਸਨ। ਏਨਾ ਵੱਡਾ ਕੀ ਕੀਤਾ ਪ੍ਰਵੀਨ ਕੋਮਲ ਨੇ ਕਿ ਪੂਰੇ ਕਲੱਬ ਦੀ ਸਥਾਪਤੀ ਹੀ ਖ਼ਤਮ ਕਰ ਦਿੱਤੀ,..

ਪ੍ਰਵੀਨ ਕੋਮਲ ਨੇ ਪ੍ਰੈੱਸ ਕਲੱਬ ਦਾ ਸੰਵਿਧਾਨ ਹੀ ਬਦਲ ਦਿੱਤਾ... 



ਹੈ ਨਾ ਕਮਾਲ ਦੀ ਗੱਲ, ਉਸ ਨੇ ਪ੍ਰੈੱਸ ਕਲੱਬ ਦਾ ਸੰਵਿਧਾਨ ਹੀ ਬਦਲ ਦਿੱਤਾ, ਉਸ ਨੂੰ ਚੇਅਰਮੈਨ ਬਣਾਇਆ ਸੀ ਇਕ ਕਮੇਟੀ ਦਾ, ਪਰ ਉਸ ਨੇ ਦਾਅਵਾ ਕੀਤਾ ਕਿ ਉਹ ਚੇਅਰਮੈਨ ਹੈ ਪਟਿਆਲਾ ਪ੍ਰੈੱਸ ਕਲੱਬ ਦਾ। ਪਰ ਉਸ ਨੇ ਹੁਣ ਸੰਵਿਧਾਨ ਵਿਚ ਚੇਅਰਮੈਨ ਦਾ ਹੀ ਇਕ ਅਹੁਦਾ ਬਣਾਇਆ, ਜਿਸ ਦੀਆਂ ਤਾਕਤਾਂ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ। 



ਸੰਵਿਧਾਨ ਦੀ ਕਾਪੀ ਮੈਂ ਇੱਥੇ ਅਟੈਚ ਵੀ ਕਰ ਦਿਆਂਗਾ ਪਰ ਤੁਸੀਂ ਉਸ ਵੱਲੋਂ ਸੰਵਿਧਾਨ ਵਿਚ ਬਣਾਏ ਨਵੇਂ ਅਹੁਦੇ ਚੇਅਰਮੈਨ ਦੀਆਂ ਸ਼ਕਤੀਆਂ ਬਾਰੇ ਜ਼ਰੂਰ ਪੜ੍ਹੋ। ਚੇਅਰਮੈਨ ਦੇ ਕੀ ਅਧਿਕਾਰ ਹੋਣਗੇ..









‘‘ਸੰਸਥਾ ਦੇ ਨਿਗਰਾਣ ਦੇ ਰੂਪ ਵਿਚ ਸਮੇਂ ਸਮੇਂ ਕੀਤੇ ਗਏ ਕੰਮਾਂ ਆਦਿ ਦੀ ਸਮੀਖਿਆ ਕਰੇਗਾ, ਅਤੇ ਆਪਣੇ ਸੁਝਾਅ ਦੇ ਕੇ ਲਾਗੂ ਕਰਵਾਵੇਗਾ, ਅਹੁਦੇਦਾਰਾਂ ਦੀ ਚੋਣ ਤੱਕ ਪ੍ਰਧਾਨ, ਜਾਂ ਮੈਂਬਰਾਂ ਵਿਚੋਂ ਕਿਸੇ ਨੂੰ ਵੀ ਸੰਸਥਾ ਦੇ ਕੰਮ ਕਾਰਾਂ ਸਬੰਧੀ ਕੋਈ ਵੀ ਡਿਊਟੀ ਸੌਂਪ ਸਕੇਗਾ, ਸਮੇਂ ਸਮੇਂ ਤੇ ਅਹੁਦੇਦਾਰਾਂ ਦੀ ਚੋਣ ਕਰਵਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦਿਆਂ ਦੀ ਸਹੁੰ ਚੁਕਵਾਵੇਗਾ, ਸੰਸਥਾ ਦਾ ਚੇਅਰਮੈਨ ਪ੍ਰਬੰਧਕੀ ਕਮੇਟੀ/ਕਾਰਜਕਾਰਨੀ ਅਤੇ ਸਬ ਕਮੇਟੀਆਂ ਦੀ ਹਰ ਖੇਤਰ ਵਿਚ ਨੁਮਾਇੰਦਗੀ ਕਰੇਗਾ। ਮੀ‌ਟਿੰਗ ਦੇ ਸਾਰੇ ਮਤੇ ਚੇਅਰਮੈਨ ਦੀ ਆਗਿਆ ਨਾਲ ਪੇਸ਼ ਕੀਤੇ ਜਾਣਗੇ। ਹੰਗਾਮੀ ਹਾਲਤਾਂ ਵਿਚ 24 ਘੰਟੇ ਦੇ ਨੋਟਿਸ ਤੇ ਕਾਰਜਕਾਰਨੀ ਦੀ ਮੀਟਿੰਗ ਬੁਲਾ ਸਕੇਗਾ। ਐਮਰਜੈਂਸੀ ਹਾਲਤਾਂ ਵਿਚ ਇਕ ਸਾਲ ਵਿਚ 15000 ਰੁਪਏ ਤੱਕ ਦੀ ਰਾਸ਼ੀ ਬਿਨਾ ਕਿਸੇ ਜਵਾਬਦੇਹੀ ਤੋਂ ਖ਼ਰਚ ਕਰ ਸਕੇਗਾ। ਇਕ ਮੁਖੀ ਵਜੋਂ ਸੰਸਥਾ ਦੁਆਰਾ ਕੀਤੇ ਜਾ ਰਹੇ ਕਾਰਜਾਂ ਪ੍ਰਤੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਅਤੇ ਜਵਾਬਦੇਹ ਹੋਵੇਗਾ, ਸੰਸਥਾ ਦੀ ਭਲਾਈ ਅਤੇ ਤਰੱਕੀ ਲਈ ਇਕ ਕੰਟਰੋਲਰ ਵਜੋਂ ਕੰਮ ਕਰੇਗਾ। ਕਲੱਬ ਦੀ ਚੋਣ ਸਮੇਂ ਵੋਟਾਂ ਬਰਾਬਰ ਵੰਡੀਆਂ ਜਾਣ ਦੀ ਸੂਰਤ ਵਿਚ ਵੀਟੋ ਦਾ ਅਧਿਕਾਰ ਪ੍ਰਾਪਤ ਹੋਵੇਗਾ। ਸ਼ਨਾਖ਼ਤੀ ਕਾਰਡ ਜਾਰੀ ਕਰੇਗਾ। ਮੈਂਬਰਾਂ ਜਾਂ ਕਲੱਬ ਦੇ ਪ੍ਰਤੀ ਮੀ‌ਟਿੰਗਾਂ ਬੁਲਾਵੇਗਾ।



ਮੱਦ 6 ਵਿਚ ਸ਼ਨਾਖ਼ਤੀ ਕਾਰਡ : ਵਿਚ ਕਿਹਾ ਗਿਆ ਹੈ ਕਿ ਹਰ ਮੈਂਬਰ ਨੂੰ ਕਲੱਬ ਦੇ ਚੇਅਰਮੈਨ ਵੱਲੋਂ ਪਛਾਣ ਪੱਤਰ ਜਾਰੀ ਕੀਤਾ ਜਾਵੇਗਾ। ਜਿਸ ਨੂੰ ਹਰ ਸਮੇਂ ਮੈਂਬਰ ਆਪਣੇ ਕੋਲ ਰੱਖੇਗਾ। 



ਮੱਦ-7 ਹੋਰ ਵੀ ਕਲੱਬ ਦੀ ਨੀਤੀ ਸਪਸ਼ਟ ਕਰ ਦਿੰਦੀ ਹੈ, ਜੋ ਫਲੈਗ ਦੇ ਨਾਮ ਤੇ ਦਰਜ ਕੀਤੀ ਹੈ, ਉਸ ਵਿਚ ਲਿਖਿਆ ਹੈ ਕਿ ਕਲੱਬ ਦੇ ਫਲੈਗ ਦਾ ਰੰਗ ਲਾਲ ਅਤੇ ਨੀਲਾ ਹੋਵੇਗਾ। ਪਰ ਕੇਂਦਰ ਵਿਚ ਕਲੱਬ ਦਾ ਪ੍ਰਤੀਕ ਚਿੰਨ੍ਹ ਹੀ ਛਪਿਆ ਹੋਵੇਗਾ। 



ਮੱਦ-8 ਨੂੰ ਹੋਰ ਵੀ ਤਰੀਕੇ ਨਾਲ ਸਮਝੋ ਜਿਸ ਵਿਚ ਸਟਿੱਕਰ ਵੀ ਲਾਲ ਤੇ ਨੀਲੇ ਰੰਗ ਦੇ ਹੋਣ ਬਾਰੇ ਲਿਖਿਆ ਹੈ। 


    ਨੋਟ ਕਰਨਾ ਸਰ ਜੀ: ਲਾਲ ਤੇ ਨੀਲਾ ਰੰਗ ਭਲਾ ਕਿਸ ਦਾ ਹੁੰਦਾ ਹੈ? ਪੰਜਾਬ ਪੁਲੀਸ ਦਾ.. ਇੱਥੇ ਪ੍ਰਵੀਨ ਕੋਮਲ ਨੇ ਸਪਸ਼ਟ ਕਰ ਦਿੱਤਾ ਕਿ ਉਹ ਅਸਲ ਵਿਚ ਪੁਲੀਸ ਦੀ ਨੀਤੀ ਤੇ ਕਥਿਤ ਕੰਮ ਕਰ ਰਿਹਾ ਸੀ। ਉਹ ਪੁਲਸੀਆ ਰੰਗ ਦੇ ਫਲੈਗ ਤੇ ਸਟਿੱਕਰ ਜਾਰੀ ਕਰਕੇ ਅਸਲ ਵਿਚ ਉਹ ਪੁਲੀਸ ਦਾ ਖ਼ੈਰ - ਖਵਾਹ ਵੀ ਬਣ ਰਿਹਾ ਸੀ। ਪੁਲੀਸ ਕਲੱਬ ਦੇ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਇਹ ਵੀ ਉਸ ਦੀ ਨੀਤੀ ਹੋ ਸਕਦੀ ਹੈ। ਪਰ ਇਕ ਗੱਲ ਮੈਨੂੰ ਬੜੀ ਚਿੰਤਾ ਪਾ ਰਹੀ ਹੈ ਕਿ ਪ੍ਰਵੀਨ ਕੋਮਲ ਪੁਲੀਸ ਦੇ  ਝੰਡੇ ਦਾ ਰੰਗ ਕਿਵੇਂ ਵਰਤ ਸਕਦਾ ਸੀ? ਇਸ ਦੇ ਪਿੱਛੇ ਕੀ ਕਾਰਨ ਹਨ, ਉਹ ਕੌਣ ਪੁਲੀਸ ਅਧਿਕਾਰੀ ਹੋਣਗੇ ਜੋ ਪ੍ਰਵੀਨ ਕੋਮਲ ਦੇ ਗ਼ੁਲਾਮ ਹੋਣਗੇ ਤੇ ਉਸ ਦੀ ਪੁਲੀਸ ਦਾ ਝੰਡਾ ਵਰਤਣ ਲਈ ਵੀ ਮਦਦ ਕਰ ਰਹੇ ਹੋਣਗੇ, ਜਾਂ ਫਿਰ ਪ੍ਰਵੀਨ ਕੋਮਲ ਹੀ ਬੜਾ ਵੱਡਾ ਕਾਰਨ ਬਣ ਗਿਆ ਹੋਵੇਗਾ ਕਿ ਕੋਈ ਪੁਲੀਸ ‌ਅਧਿਕਾਰੀ ਦੀ ਕੋਈ ਜੁਰਅੱਤ ਹੀ ਨਹੀਂ ਸੀ ਕਿ ਪ੍ਰਵੀਨ ਕੋਮਲ ਦੇ ਖ਼ਿਲਾਫ਼ ਕੋਈ ਕਾਰਵਾਈ ਕਰ ਲਵੇ, ਮੈਂ ਜੋ ਲਿਖਿਆ ਹੈ ਭਾਵੇਂ ਮੇਰੇ ਨਾਲ ਪ੍ਰਵੀਨ ਕੋਮਲ ਦੀ ਗੱਲ ਹੋਈ ਹੈ ਉਸ ਦਾ ਪੱਖ ਵੀ ਮੈਂ ਇਸ ਵਿਚ ਪਾ ਰਿਹਾ ਹਾਂ ਪਰ ਫਿਰ ਵੀ ਪ੍ਰਵੀਨ ਕੋਮਲ ਅਜਿਹਾ ਪਾਵਰ ਫੁੱਲ ਬੰਦਾ ਹੈ। ਇਕ ਹੋਰ ਗੱਲ ਵਿਸ਼ੇਸ਼ ਕਰਨ ਲੱਗਾ ਹਾਂ ਕਿ ਜਦੋਂ ਇਹ ਸੰਵਿਧਾਨ ਉਦਯੋਗਿਕ ਸੁਸਾਇਟੀ ਵਿਚ ਫਾਈਲ ਵਿਚ ਲਗਾਇਆ ਗਿਆ ਤਾਂ ਉਸ ’ਤੇ ਦਸਤਖ਼ਤ ਕਿਸੇ ਮਨਜਿੰਦਰ ਸਿੰਘ ਪੀਆਰਓ ਦੇ ਹੋਏ ਹਨ, ਉੱਥੇ ਪ੍ਰਵੀਨ ਕੋਮਲ ਦੇ ਦਸਤਖ਼ਤ ਨਹੀਂ ਹਨ, ਜਿਸ ਨੂੰ ਨਗਰ ਨਿਗਮ ਦੇ ਹੈਲਥ ਅਫ਼ਸਰ ਨੇ ਅਟੈਸਟਡ ਕੀਤਾ ਹੈ।ਤ ਇੱਥੇ ਸੁਸਾਇਟੀ ਵਿਭਾਗ ਦੇ ਅਧਿਕਾਰੀ ਕਿਵੇਂ ਇਹ ਸੰਵਿਧਾਨ ਪ੍ਰਵਾਨ ਕਰ ਗਏ। 

ਤੁਸੀਂ ਇਸ ਰਿਪੋਰਟ ਵਿਚ ਅਟੈਚ ਕੀਤਾ ਸੰਵਿਧਾਨ ਪੂਰੀ ਤਰ੍ਹਾਂ ਪੜ੍ਹੋ ਤੁਹਾਨੂੰ ਬੜਾ ਹੀ ਕਮਾਲ ਦਾ ਅਲਜਬਰਾ ਨਜ਼ਰ ਆਵੇਗਾ। ਤੁਸੀਂ ਸੋਚੋਗੇ ਕਿ ਪ੍ਰਵੀਨ ਕੋਮਲ ਨੇ ਕਿਵੇਂ ਪੂਰੀ ਸਾਜਿਸ਼ ਨਾਲ ਪ੍ਰੈੱਸ ਕਲੱਬ ਤੇ ਕਬਜ਼ਾ ਕੀਤਾ ਤੇ ਹੁਣ ਕਿਸੇ ਦੀ ਜੁਰਅੱਤ ਨਹੀਂ ਸੀ ਕਿ ਕੋਈ ਉਸ ਨੂੰ ਚੈਲੰਜ ਵੀ ਕਰ ਲਵੇ। ਵੱਡੇ ਵੱਡੇ ਪੱਤਰਕਾਰ ਉਸ ਦੀ ਜੁੱਤੀ ਹੇਠਾਂ ਸਨ, ਜਸਪਾਲ ਸਿੰਘ ਢਿੱਲੋਂ ਆਮ ਤੌਰ ਤੇ ਇਹ ਦਾਅਵਾ ਕਰਦਾ ਰਿਹਾ ਹੈ ਕਿ ਉਸ ਦੀ ਪੁਲੀਸ ਵਿਚ ਪੂਰੀ ਚੱਲਦੀ ਹੈ, ਉਸ ਦੇ ਪੁਲੀਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਹਨ ਪਰ ਇੱਥੇ ਆਕੇ ਉਹ ਵੀ ਨਿਆਣਾ ਜਿਹਾ ਲੱਗਣ ਲੱਗ ਗਿਆ, ਇੰਜ ਲੱਗ ਰਿਹਾ ਸੀ ਕਿ ਪ੍ਰਵੀਨ ਕੋਮਲ ਵੱਡੇ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਜੋ ਵੱਡੇ ਵੱਡੇ ਮੰਤਰੀਆਂ, ਮੁੱਖ ਮੰਤਰੀਆਂ ਨੂੰ ਸਵਾਲ ਪੁੱਛ ਕੇ ਅਵਾਕ ਕਰ ਦਿੰਦੇ ਹਨ ਉਹ ਪ੍ਰਵੀਨ ਕੋਮਲ ਅੱਗੇ ਨਿਮਾਣੇ ਸਨ। ਪ੍ਰਵੀਨ ਕੋਮਲ ਸਭ ਦੇ ਸਿਰ ਤੇ ਨੱਚ ਰਿਹਾ ਸੀ, ਪ੍ਰਵੀਨ ਕੋਮਲ ਇਕ ਅਜਿਹਾ ਵਿਅਕਤੀ ਨਜ਼ਰ ਆ ਰਿਹਾ ਸੀ ਕਿ ਉਸ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਸੀ, ਉਂਜ ਸਾਡੇ ਪੰਜਾਬ ਦਾ ਕਲਚਰ  ਹੈ ਜਿੱਥੇ ਪੰਚਾਇਤ ਨੂੰ ਰੱਬ ਮੰਨਿਆਂ ਜਾਂਦਾ ਹੈ।ਪਰ ਪੱਤਰਕਾਰਾਂ ਦੀ ਪੂਰੀ ਪੰਚਾਇਤ ਨੂੰ ਆਪਣੇ ਪੈਰਾ ਹੇਠਾਂ ਮਧੋਲ਼ ਦਿੱਤਾ ਸੀ। ਜਿਵੇਂ ਅੱਜ ਬੀਜੇਪੀ ਈਡੀ ਦਾ ਡਰ ਦੇ ਕੇ ਆਪਣੇ ਵਿਰੋਧੀਆਂ ਨੂੰ ਸ਼ਾਂਤ ਰੱਖ ਰਹੀ ਹੈ ਓਵੇਂ ਜਿਵੇਂ ਉਸ ਵੇਲੇ ਪ੍ਰਵੀਨ ਕੋਮਲ ਦਾ ਪੱਤਰਕਾਰਾਂ ਵਿਚ ਕਿਹੋ ਜਿਹਾ ਡਰ ਹੋਵੇਗਾ ਕਿ ਕਿਸੇ ਨੇ ਵੀ ਪ੍ਰਵੀਨ ਕੋਮਲ ਵੱਲੋਂ ਕਲੱਬ ਵਿਚ ਕੀਤੀ ਗੈਰ ਇਖ਼ਲਾਕੀ ਕਾਰਵਾਈ ਦਾ ਵਿਰੋਧ ਨਹੀਂ ਕੀਤਾ, ਵਿਰੋਧ ਕੀਤਾ ਵੀ ਸੀ ਪਰ ਉਹ ਨਿਰਾ ਡਰਾਮਾ ਹੀ ਸੀ, ਅਗਲੇ ਭਾਗ ਵਿਚ ਦੱਸਾਂਗੇ। 

ਇਹ ਸੰਵਿਧਾਨ ਉਦਯੋਗਿਕ ਵਿਭਾਗ ਸੁਸਾਇਟੀ ਵਿਚ ਪ੍ਰਵੀਨ ਕੋਮਲ ਨੇ ਦਾਖਲ ਕਰ ਦਿੱਤਾ ਸੀ, ਹੁਣ ਪ੍ਰਵੀਨ ਕੋਮਲ ਇਕ ਮਾਤਰ ਹੀ ਮਾਲਕ ਸੀ ਪ੍ਰੈੱਸ ਕਲੱਬ ਦਾ, ਹੇਠਾਂ ਜ਼ਰੂਰ ਪੜ੍ਹੋ ਕਿ ਪ੍ਰਵੀਨ ਕੋਮਲ ਵੱਲੋਂ ਪੇਸ਼ ਕੀਤੇ ਸੰਵਿਧਾਨ ਵਿਚ ਪ੍ਰਧਾਨ ਦੀਆਂ ਕੀ ਸ਼ਕਤੀਆਂ ਹਨ, ਪ੍ਰਧਾਨ ਜੋ ਕਲੱਬ ਦਾ ਮਾਲਕ ਹੁੰਦਾ ਹੈ, ਉਸ ਦੇ ਅਹੁਦੇ ਨੂੰ ਕਿਵੇਂ ਜ਼ਲੀਲ ਕੀਤਾ ਸੰਵਿਧਾਨ ਵਿਚ ? ਪ੍ਰਧਾਨ ਕੌਣ ਸੀ ਉਸ ਵੇਲੇ ਟਾਈਮਜ਼ ਆਫ਼ ਇੰਡੀਆ ਵਰਗੇ ਧਰਤੀ ਹਿਲਾਉਣ ਵਾਲੇ ਅਖ਼ਬਾਰ ਦਾ ਪੱਤਰਕਾਰ ਸੀ ਗੁਰਕਿਰਪਾਲ ਸਿੰਘ ਅਸ਼ਕ। ਪ੍ਰਧਾਨ ਦੀਆਂ ਸ਼ਕਤੀਆਂ ਪੜ੍ਹੋ ਤੇ ਹੈਰਾਨ ਹੁੰਦੇ ਰਹੋ...

ਪ੍ਰਧਾਨ : ਕਲੱਬ ਦੀਆਂ ਕਮੇਟੀਆਂ ਦੀ ਪ੍ਰਧਾਨਗੀ ਕਰੇਗਾ, ਮੀ‌ਟਿੰਗਾਂ ਦੀਆਂ ਕਾਰਵਾਈਆਂ ਸੁਚਾਰੂ ਅਤੇ ਨਿਰਵਿਘਨ ਰੂਪ ਵਿਚ ਸੰਪੰਨ ਕਰਵਾਉਣ ਲਈ ਜ਼ਿੰਮੇਵਾਰ ਹੋਵੇਗਾ (ਭਾਵ ਕਿ ਚੇਅਰਮੈਨ ਜੋ ਵੀ ਕਰੇ ਉਸ ਨੂੰ ਪ੍ਰਧਾਨ ਪ੍ਰਵਾਨ ਕਰਵਾਏ), ਅਗਲੀ ਮੱਦ ਵਿਚ ਪ੍ਰਧਾਨ ਮੀਟਿੰਗਾਂ ਦੇ ਰੈਜ਼ੂਲੇਸ਼ਨ ਸਿਲਸਿਲੇਵਾਰ ਲਾਗੂ ਕਰਵਾਏਗਾ (ਭਾਵ ਕਿ ਜੋ ਚੇਅਰਮੈਨ ਨੇ ਕੀਤਾ ਉਸ ਨੂੰ ਲਾਗੂ ਵੀ ਪ੍ਰਧਾਨ ਹੀ ਕਰਵਾਏਗਾ), ਸਬ ਕਮੇਟੀਆਂ ਦੇ ਰਿਕਾਰਡ ਅਤੇ ਕੰਮਾਂ ਕਾਰਾਂ ਦੀ ਇੰਸਪੈਕਸ਼ਨ ਕਰੇਗਾ ਅਤੇ ਕਲੱਬ ਦੀਆਂ  ਨੀਤੀਆਂ ਮੁਤਾਬਿਕ ਬੈਂਕ ਖਾਤਿਆਂ ਨੂੰ ਆਪਰੇਟ ਕਰੇਗਾ (ਭਾਵ ਕਿ ਪ੍ਰਧਾਨ ਦੀ ਆਪਣੀ ਕੋਈ ਸ਼ਕਤੀ ਨਹੀਂ ਹੈ), ਲੈਣ ਦੇਣ ਦੇ ਰਸੀਦਾਂ ਅਤੇ ਵਾਊਚਰਾਂ ਤੇ ਪ੍ਰਤੀ ਹਸਤਾਖ਼ਰ ਕਰੇਗਾ (ਭਾਵ ਖਾਣ ਪੀਣ ਨੂੰ ਬਾਂਦਰੀ ਦੇ ਡੰਡੇ ਖਾਣ ਨੂੰ ਰਿੱਛ), ਕਲੱਬ ਦੀਆਂ ਕਮੇਟੀਆਂ ਦੀ ਨਿਗਰਾਨੀ ਕਰੇਗਾ, ਡਿਊਟੀ ਦੇਣ ਵਿਚ ਨਕਾਰਾ ਜਾਂ ਅਸਮਰਥ ਅਹੁਦੇਦਾਰਾਂ ਦੇ ਬਦਲ ਦਾ ਪ੍ਰਬੰਧ ਕਰੇਗਾ( ਭਾਵ ਕਿ ਉਹ ਕਲਰਕ ਦੀ ਡਿਊਟੀ ਵੀ ਕਰੇਗਾ), ਐਮਰਜੈਂਸੀ ਹਾਲਤਾਂ ਵਿਚ ਇਕ ਸਾਲ ਵਿਚ 1000 ਰੁਪਏ ਤੱਕ ਦੀ ਰਾਸ਼ੀ ਬਿਨਾਂ ਜਵਾਬਦੇਹੀ ਤੋਂ ਖ਼ਰਚ ਕਰ ਸਕੇਗਾ (ਭਾਵ ਕਿ ਚੇਅਰਮੈਨ 15000 ਰੁਪਏ ਖ਼ਰਚ ਸਕੇਗਾ ਪਰ ਪ੍ਰਧਾਨ ਸਾਲ ਵਿਚ ਸਿਰਫ਼ 1000 ਰੁਪਏ), ਸਮੇਂ ਸਮੇਂ ਸਿਰ ਕਾਰਜਕਾਰਨੀ ਵੱਲੋਂ ਦਿੱਤੀ ਗਈ ਵਿਸ਼ੇਸ਼ ਡਿਊਟੀ ਨਿਭਾਏਗਾ (ਭਾਵ ਕਿ ਪ੍ਰਧਾਨ ਕਾਰਜਕਾਰਨੀ ਦਾ ਗ਼ੁਲਾਮ ਹੈ ਤੇ ਨਵੇਂ ਸੰਵਿਧਾਨ ਅਨੁਸਾਰ ਕਾਰਜਕਾਰਨੀ ਚੇਅਰਮੈਨ ਦੀ ਗ਼ੁਲਾਮ ਹੈ), ਅਗਲੀ ਮੱਦ ਵਿਚ ਚੇਅਰਮੈਨ ਦੀ ਸਹਿਮਤੀ ਨਾਲ ਕਿਸੇ ਮੈਂਬਰ ਵਿਰੁੱਧ ਅਨੁਸ਼ਾਸਨਾਤਮਿਕ ਕਾਰਵਾਈ ਕਰ ਸਕੇਗਾ (ਭਾਵ ਕਿ ਚੇਅਰਮੈਨ ਦੀ ਇਜਾਜ਼ਤ ਬਿਨਾਂ ਉਹ ਕਿਸੇ ਮੈਂਬਰ ਤੇ ਕਾਰਵਾਈ ਵੀ ਨਹੀਂ ਕਰ ਸਕੇਗਾ), ਕਿਸੇ ਵਿਸ਼ੇਸ਼ ਕਾਰਜ ਲਈ ਕਿਸੇ ਵੀ ਮੈਂਬਰ ਦੀ ਡਿਊਟੀ ਲਾਉਣ ਲਈ ਅਧਿਕਾਰੀ ਹੋਵੇਗਾ (ਭਾਵ ਕਿ ਪ੍ਰਧਾਨ ਇਕ ਸੁਪਰਵਾਈਜ਼ਰ ਦਾ ਕੰਮ ਵੀ ਕਰੇਗਾ)। 

ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਪ੍ਰਧਾਨ ਇਸ ਕਲੱਬ ਵਿਚ ਕੀ ਕਰ ਸਕੇਗਾ, ਜ਼ਲੀਲ ਹੋਣ ਤੋਂ ਇਲਾਵਾ ਹੋਰ ਕੀ ਕਰ ਸਕੇਗਾ? ਕੁਝ ਵੀ ਨਹੀਂ, ਜਾਂ ਤਾਂ ਪ੍ਰਧਾਨਗੀ ਛੱਡੇ ਗੁਰਕਿਰਪਾਲ ਸਿੰਘ ਅਸ਼ਕ ਜਾਂ ਫਿਰ ਚੇਅਰਮੈਨ ਦੇ ਹੁਕਮ ਵਿਚ ਰਹੇ ਹੁਣ ਚੇਅਰਮੈਨ ਪ੍ਰਵੀਨ ਕੋਮਲ ਸੀ। ਪ੍ਰਵੀਨ ਕੋਮਲ ਵੱਲੋਂ ਪੇਸ਼ ਕੀਤੇ ਸੰਵਿਧਾਨ ਵਿਚ ਚੇਅਰਮੈਨ ਕਲੱਬ ਦੀ ਸੁਪਰ ਪਾਵਰ ਸੀ, ਉਸ ਤੋਂ ਬਗੈਰ ਪੱਤਾ ਵੀ ਨਹੀਂ ਹਿੱਲ ਸਕਦਾ ਸੀ। 

‌ਪ੍ਰਵੀਨ ਕੋਮਲ ਤੇ ਵਿਸ਼ਵਾਸ ਕੀਤਾ ਸੀ ਕਲੱਬ ਦੇ ਅਹੁਦੇਦਾਰਾਂ ਨੇ ਪਰ ਪ੍ਰਵੀਨ ਕੋਮਲ ਨੇ ਕੀ ਕੀਤਾ, ਇਹ ਤੁਸੀਂ ਅਧਿਕਾਰਤ ਕਾਗ਼ਜ਼ਾਂ ਤੋਂ ਸਪਸ਼ਟ ਕਰ ਸਕਦੇ ਹੋ, ਤਾਂ ਫਿਰ ਵੀ ਕੀ ਪ੍ਰਵੀਨ ਕੋਮਲ ਵਿਸ਼ਵਾਸ ਦੇ ਯੋਗ ਸੀ, ਇਹ ਸਾਰਾ ਕੁਝ ਅੱਗੇ ਸਪਸ਼ਟ ਕਰਾਂਗੇ ਕਿ ਕਿਵੇਂ ਪਟਿਆਲਾ ਦੇ ਸਾਰੇ ਪੱਤਰਕਾਰਾਂ ਨੂੰ ਉਸ ਨੇ ਧੂੜ ਵਿਚ ਦੌੜਾਇਆ, ਤਾਂ ਫਿਰ ਪੱਤਰਕਾਰ ਉਸ ਦੇ ਗ਼ੁਲਾਮ ਕਿਵੇਂ ਬਣਦੇ ਗਏ? ਤਾਂ ਫਿਰ ਪੱਤਰਕਾਰਾਂ ਨੂੰ ਵਿਚਾਰਿਆਂ ਨੂੰ ਆਪਣਾ ਸਿਰਫ਼ ਬਚਾਉਣ ਦਾ ਜ਼ਿਆਦਾ ਫ਼ਿਕਰ ਪੈ ਗਿਆ ਸੀ, ਕਿਉਂਕਿ ਪ੍ਰਵੀਨ ਕੋਮਲ ਦਾ ਡਰ ਹੀ ਏਨਾ ਸੀ, ਉਹ ਪਹਿਲੇ ਭਾਗਾਂ ਵਿਚ ਆਪਾਂ ਦੱਸ ਚੁੱਕੇ ਹਾਂ। 

ਹੋਰ ਤਾਂ ਹੋਰ ਕੀ ਉਸ ਨੇ ਕਿਸੇ ਪੱਤਰਕਾਰ ਦੇ ਪੱਖ ਵਿਚ ਕੋਈ ਹਾਅ ਦਾ ਨਾਅਰਾ ਮਾਰਿਆ, ਜਦੋਂ ਵੀ ਪੁਲੀਸ ਖ਼ਿਲਾਫ਼ ਪੱਤਰਕਾਰਾਂ ਦੀ ਕੋਈ ਗੱਲ ਹੁੰਦੀ ਸੀ ਤਾਂ ਉਸ ਨੇ ਕਦੇ ਵੀ ਪੁਲੀਸ ਦੇ ਖ਼ਿਲਾਫ਼ ਜਾ ਕੇ ਕੋਈ ਕਾਰਵਾਈ ਨਹੀਂ ਕੀਤੀ, ਪੁਲੀਸ ਪ੍ਰਤੀ ਉਸ ਦਾ ਨਜ਼ਰੀਆ, ਉਸ ਦੀ ਕਾਰਵਾਈ ਬਹੁਤ ਜ਼ਿਆਦਾ ਨਰਮ ਸੀ, ਇਹ ਕਿਉਂ ਸੀ ਇਹ ਉਸ ਵੱਲੋਂ ਸੰਵਿਧਾਨ ਵਿਚ ਲਿਖੇ ਫਲੈਗ ਦੇ ਰੰਗ ਤੋਂ ਸਪਸ਼ਟ ਹੋ ਜਾਂਦਾ ਹੈ। 

ਇਕ ਘਟਨਾ ਦਾ ਇੱਥੇ ਜ਼ਿਕਰ ਕਰਨਾ ਬਣਦਾ ਹੈ, ਬਲਤੇਜ ਪੰਨੂ ਇਕ ਸੁਲਝਿਆ ਹੋਇਆ ਤੇ ਸਮਝਦਾਰ ਸਿਆਣਾ ਪੱਤਰਕਾਰ ਸੀ, ਉਸ ਤੇ ਇਕ ਔਰਤ ਨੇ ਝੂਠਾ ਇਲਜ਼ਾਮ ਲਗਾਇਆ, ਉਹ ਮੈਂ ਝੂਠਾ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਉਹ ਬਰੀ ਹੋ ਚੁੱਕਿਆ ਹੈ। ਜਦੋਂ ਬਲਤੇਜ ਪੰਨੂ ਸੰਕਟ ਵਿਚ ਸੀ ਤਾਂ ਉਸ ਦੇ ਪੱਖ ਵਿਚ ਸਾਰਾ ਪੱਤਰਕਾਰ ਭਾਈਚਾਰਾ ਖੜ ਗਿਆ ਸੀ, ਪਰ ਪ੍ਰਵੀਨ ਕੋਮਲ ਵੱਲੋਂ ਬਣਾਈ ਇਕ ਵੀਡੀਓ ਸੋਸ਼ਲ ਮੀਡੀਆ ਤੇ ਆਈ, ਜਿਸ ਵਿਚ ਬਲਤੇਜ ਪੰਨੂ ਇਕ ਔਰਤ ਨਾਲ ਬਹੁਤ ਮਾੜਾ ਸਲੂਕ ਕਰਦਾ ਦਿਖਾ‌ਇਆ ਗਿਆ ਸੀ। ਜਦ ਕਿ ਪੰਨੂ ਬਾਰੇ ਅਜਿਹਾ ਕਰਨ ਵਾਲਾ ਇਹ ਸਿਰਫ਼ ਇਕ ਹੀ ਪੱਤਰਕਾਰ ਸੀ ਉਹ ਸੀ ਪ੍ਰਵੀਨ ਕੋਮਲ, ਉਹ ਵੀਡੀਓ ਮੇਰੇ ਕੋਲ ਪਈ ਹੈ ਪਰ  ਉਹ ਮੈਂ ਇੱਥੇ ਪੋਸਟ ਨਹੀਂ ਕਰਾਂਗਾ ਕਿਉਂਕਿ ਉਹ ਬਿਲਕੁਲ ਹੀ ਗ਼ਲਤ ਹੈ, ਇਕ ਹੋਰ ਦਿਲਚਸਪ ਗੱਲ ਹੈ ਕਿ ਪ੍ਰਵੀਨ ਕੋਮਲ ਆਪਣੀ ਕੀਤੀ ਹੋਈ ਗ਼ਲਤ ਗੱਲ ਨੂੰ ਝੱਟ ਮੁੱਕਰ ਜਾਂਦਾ ਹੈ, ਉਹ ਮੰਨਦਾ ਹੀ ਨਹੀਂ, ਜਿਵੇਂ ਮੇਰੇ ਖ਼ਿਲਾਫ਼ ਤੇ ਮੇਰੇ ਪਰਿਵਾਰ ਖ਼ਿਲਾਫ਼ ਉਸ ਨੇ ਆਪਣੀ ਇਕ ਵੈੱਬਸਾਈਟ ਤੇ ਖ਼ਬਰ ਲਾਈ ਸੀ, ਹੁਣ ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਉਹ ਮੁੱਕਰ ਗਿਆ ਕ‌ਹਿੰਦਾ ਮੈਂ ਤਾਂ ਤੁਹਾਡੇ ਖ਼ਿਲਾਫ਼ ਕਦੇ ਖ਼ਬਰ ਲਾਈ ਹੀ ਨਹੀਂ, ਜਦੋਂ ਮੈਂ ਉਸ ਨੂੰ ਸਬੂਤ ਦਿੱਤੇ ਤਾਂ ਫਿਰ ਉਹ ਮੰਨ ਗਿਆ। ਬਲਤੇਜ ਪੰਨੂ ਦੇ ਖ਼ਿਲਾਫ਼ ਅਸ਼ਲੀਲਤਾ ਭਰੀ ਉਹ ਵੀਡੀਓ ਬਲਤੇਜ ਨੇ ਜ਼ਰੂਰ ਦੇਖੀ ਹੋਵੇਗੀ ਪਰ ਜੇਕਰ ਅੱਜ ਉਸ ਨੂੰ ਦਿਖਾ ਦਿੱਤੀ ਜਾਵੇ ਤਾਂ ਉਸ ਨੂੰ ਇਕ ਦਮ ਗ਼ੁੱਸਾ ਆਵੇਗਾ ਪਰ ਅੱਜ ਕੱਲ੍ਹ ਬਲਤੇਜ ਪੰਨੂ ਕਿਸੇ ਹੋਰ ਰੂਪ ਵਿਚ ਹੈ, ਉਸ ਨੇ ਤਾਂ ਇਸ਼ਵਿੰਦਰ ਗਰੇਵਾਲ ਵਰਗੇ ਵਿਅਕਤੀ ਨੂੰ ਮਾਫ਼ ਕਰ ਦਿੱਤਾ। ਜਿਸ ਨੇ ਉਸ ਦੇ ਵਿਰੁੱਧ ਬੜਾ ਖ਼ਤਰਨਾਕ ਰੋਲ ਨਿਭਾਇਆ ਸੀ। 

ਪ੍ਰਵੀਨ ਕੋਮਲ ਨੇ ਸੰਵਿਧਾਨ ਨਵਾਂ ਉਦਯੋਗਿਕ ਸੁਸਾਇਟੀ ਵਿਚ ਜਮਾਂ ਕਰਵਾ ਦਿੱਤਾ ਸੀ, ਇਸ ਗੱਲ ਦੀ ਭਿਣਕ ਵੀ ਪੱਤਰਕਾਰਾਂ ਵਿਚ ਪੈ ਗਈ ਸੀ। 

ਪ੍ਰਵੀਨ ਕੋਮਲ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਕਿ ਮੈਂ ਜੋ ਵੀ ਉਸ ਵੇਲੇ ਕੀਤਾ ਸੀ, ਉਸ ਵਿਚ ਜਸਪਾਲ ਸਿੰਘ ਢਿੱਲੋਂ, ਰਾਜੇਸ਼ ਪੰਜੋਲਾ, ਵਿਸ਼ਾਲ ਅੰਗਰੀਸ਼, ਗੁਰਕਿਰਪਾਲ ਸਿੰਘ ਅਸ਼ਕ ਦੀ ਸਹਿਮਤੀ ਲੈ ਕੇ ਹੀ ਕੀਤਾ ਸੀ, ਬਾਅਦ ਵਿਚ ਉਹ ਮੁੱਕਰ ਗਏ। ਜਦ ਕਿ ਇਸ ਗੱਲ ਦਾ ਮੈਂ ਵੀ ਗਵਾਹ ਹਾਂ ਕਿ ਉਸ ਨੇ ਕਿਸੇ ਤੋਂ ਸੰਵਿਧਾਨ ਬਦਲਣ ਬਾਰੇ ਨਹੀਂ ਪੁੱਛਿਆ ਸੀ, ਜੋ ਉਸ ਨੇ ਸੰਵਿਧਾਨ ਬਦਲਿਆ, ਉਸ ਦੀ ਕਿਸੇ ਵੀ ਜਨਰਲ ਹਾਊਸ ਵਿਚ ਪ੍ਰਵਾਨਗੀ ਨਹੀਂ ਹੋਈ, ਜਦ ਕਿ ਸੰਵਿਧਾਨ ਦੀ ਇਕ ਮੱਦ ਵੀ ਬਦਲਣ ਲਈ ਜਨਰਲ ਹਾਊਸ ਦੀ ਪ੍ਰਵਾਨਗੀ ਚਾਹੀਦੀ ਹੈ। ਪਰ ਉਸ ਨੇ ਤਾਂ ਸਾਰਾ ਸੰਵਿਧਾਨ ਹੀ ਬਦਲ ਦਿੱਤਾ ਸੀ ਜਿਸ ਦੀ ਕਿਸੇ ਜਨਰਲ ਹਾਊਸ ਜਾਂ ਫਿਰ ਕਾਰਜਕਾਰਨੀ ਦੀ ਪ੍ਰਵਾਨਗੀ ਨਹੀਂ ਲਈ ਗਈ, ਪ੍ਰਵਾਨਗੀ ਲੈਣੀ ਅਤੀ ਜ਼ਰੂਰੀ ਸੀ, ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਪੱਤਰਕਾਰ ਮੈਥੋਂ ਸਾਰੇ ਡਰਦੇ ਨੇ ਤੇ ਕਿਸੇ ਦੀ ਕੀ ਜੁਰਅੱਤ ਕਿ ਉਸ ਦੀ ਕੀਤੀ ਹੋਈ ਕਿਸੇ ਵੀ ਗੱਲ ਨੂੰ ਕੱਟ ਦੇਣ, ਪ੍ਰਵੀਨ ਕੋਮਲ ਦੇ ਪੱਤਰਕਾਰਾਂ ਵਿਚ ਡਰ ਦੀ ਗੱਲ ਸੱਚ ਵੀ ਸਾਬਤ ਹੋਈ, ਉਹ ਆਦਮ-ਬੋ, ਆਦਮ-ਬੋ ਕਰਦਾ ਫਿਰਦਾ ਸੀ ਪਟਿਆਲਾ ਵਿਚ, ਉਹ ਜਿਵੇਂ ਕੋਈ ਜੰਗ ਲੜ ਰਿਹਾ ਸੀ,  ਉਹ  ਜਿਵੇਂ ਕਿਸੇ ਰਾਜ ਤੇ ਕਬਜ਼ਾ ਕਰ ਰਿਹਾ ਸੀ, ਉਹ ਜਿਵੇਂ ਦੂਜੇ ਰਾਜੇ ਨੂੰ ਖ਼ਤਮ ਕਰਕੇ ਉਸ ਦੀ  ਗੱਦੀ ਹਥਿਆਉਣ ਲੱਗਾ ਸੀ। ਉਸ ਦੇ  ਪਿੱਛੇ ਕੌਣ ਸੀ ਉਹ ਅੱਗੇ ਜਾ ਕੇ ਬਾ-ਸਬੂਤ ਪੇਸ਼ ਕਰਾਂਗੇ। 

ਪਰ ਜਦੋਂ ਪਟਿਆਲਾ ਦੇ ਪੱਤਰਕਾਰਾਂ ਨੂੰ ਇਸ ਧੋਖੇਬਾਜ਼ੀ ਦਾ ਪਤਾ ਲੱਗਿਆਂ ਇਕ ਵਾਰ ਸਾਰਿਆਂ ਦਾ ਖ਼ੂਨ ਉਬਾਲੇ ਖਾਣ ਲੱਗ‌ ਪਿਆ ਤੇ ਸਾਰਿਆਂ ਨੇ ਇੱਕਜੁੱਟਤਾ ਪ੍ਰਗਟਾਈ। 85 ਫ਼ੀਸਦੀ ਪੱਤਰਕਾਰ ਭਾਈਚਾਰਾ ਯਕਦਮ ਇਕੱਠਾ ਹੋ ‌ਗਿਆ। ਉਸ ਤੋਂ ਬਾਅਦ ਕੀ ਹੋਇਆ ਇਹ ਅਗਲੇ ਭਾਗ ਵਿਚ ਸਪਸ਼ਟ ਕਰਾਂਗੇ.. ਸਾਰਾ ਇਤਿਹਾਸ ਜਾਣਨ ਲਈ ਪੜ੍ਹਨਾ ਜਾਰੀ ਰੱਖੋ.. 

ਸੰਪਰਕ : 8146001100

ਨੋਟ : ਕਿਸੇ ਵੀ ਪੱਤਰਕਾਰ ਨੂੰ ਜਾਂ ਕਿਸੇ ਹੋਰ ਨੂੰ ਉਪਰ ਦਰਜ ਘਟਨਾਵਾਂ ਬਾਰੇ ਕੋਈ ਵਿਰੋਧਤਾ ਹੋਵੇ, ਜਾਂ ਕਿਸੇ ਨੂੰ ਲੱਗਦਾ ਹੋਵੇ ਕਿ ਇਹ ਘਟਨਾਵਾਂ ਦਾ ਵੇਰਵਾ ਗ਼ਲਤ ਹੈ ਤਾਂ ਉਹ ਇਸ ਬਲਾਗ ਤੇ ਟਿੱਪਣੀ ਕਰ ਸਕਦਾ ਹੈ, ਬਲਾਗ ਵਿਚ ਸੋਧ ਕਰ ਲਈ ਜਾਵੇਗੀ। ਜਾਂ ਮੈਨੂੰ ਮੇਰੇ ਫ਼ੋਨ ਨੰਬਰ ਤੇ ਸੰਪਰਕ ਵੀ ਕਰ ਸਕਦਾ ਹੈ। 

-ਅਕੀਦਾ

 

No comments:

Post a Comment

‘ਪਟਿਆਲਾ ਮੀਡੀਆ ਕਲੱਬ’ ਹੋਂਦ ਵਿਚ ਆਇਆ : ਵਿਸ਼ਾਲ ਰੰਬਾਨੀ ਦੀ ਪੱਤਰਕਾਰਾਂ ’ਤੇ ਚੜ੍ਹਤ

ਪੱਤਰਕਾਰੀ ਦਾ ਇਤਿਹਾਸ ਭਾਗ-12 ਲੇਖਕ : ਗੁਰਨਾਮ ਸਿੰਘ ਅਕੀਦਾ      ਪ੍ਰਵੀਨ ਕੋਮਲ ਦਾ ਪ੍ਰੈੱਸ ਕਲੱਬ ਪਟਿਆਲਾ ਤੇ ਕਬਜ਼ਾ ਹੋ ਚੁੱਕਿਆ ਸੀ, ਉਹ ਆਰਟੀਏ ਦੀ ਇਮਾਰਤ ਵਿਚ ਆਮ ਤੌਰ...