Friday, December 09, 2022
ਧਨਾਢ ਲੋਕਾਂ ਦੇ ਮੂੰਹ ’ਤੇ ਸ਼ਬਦਾਂ ਦੇ ਚਪੇੜਾਂ ਮਾਰਨ ਵਾਲਾ ਬੇਖ਼ੌਫ ਪੱਤਰਕਾਰ ‘ਸੰਤੋਖ ਗਿੱਲ’
ਆਮ ਗ਼ਰੀਬ ਤੇ ਪੀੜਤ ਲੋਕਾਂ ਦੇ ਪੱਖ ਵਿਚ ਖੜਦਾ ਹੈ ‘ਪੱਤਰਕਾਰ ਸੰਤੋਖ’
ਕਈ ਪੱਤਰਕਾਰ ਨੋਟਿਸਾਂ ਤੇ ਅਦਾਲਤੀ ਕੇਸਾਂ ਨੂੰ ਗੁਨਾਹ ਸਮਝਦੇ ਹਨ, ਪਰ ਜੇਕਰ ਕਿਸੇ ਪੱਤਰਕਾਰ ਦਾ ਜੇਕਰ ਕੋਰਟ ਨੋਟਿਸ, ਮਾਣਹਾਨੀ ਦੇ ਅਦਾਲਤੀ ਕੇਸ, ਧਮਕੀਆਂ ਆਦਿ ਨਾਲ ਨਿੱਤ ਹੀ ਵਾਹ ਪੈਂਦਾ ਹੋਵੇ ਤਾਂ ਫਿਰ ਉਸ ਪੱਤਰਕਾਰ ਨੂੰ ਕੀ ਪੱਤਰਕਾਰ ਨਹੀਂ ਕਿਹਾ ਜਾਵੇਗਾ? ਉਸ ਦਾ ਪੱਤਰਕਾਰੀ ਕਰਨ ਦਾ ਤਰੀਕਾ ਗ਼ਲਤ ਹੈ ਜਾਂ ਫਿਰ ਉਹ ਉਨ੍ਹਾਂ ਲੋਕਾਂ ਦੀ ਪੱਤਰਕਾਰੀ ਕਰਦਾ ਹੈ ਜਿਨ੍ਹਾਂ ਲੋਕਾਂ ਦੀ ਗੱਲ ਕਰਨਾ ਵੀ ਸਾਡਾ ਬੁਰਜ਼ੂਆ ਸਮਾਜ ਵਿਚ ਗੁਨਾਹ ਹੋਵੇ। ਲੱਛੇਦਾਰ ਪਿਆਰੇ ਪਿਆਰੇ ਸ਼ਬਦਾਂ ਵਿਚ ਵੱਡੇ ਲੋਕਾਂ ਦੀ ਪੱਤਰਕਾਰੀ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਨੋਟਿਸ ਨਹੀਂ ਆਇਆ ਕਰਦੇ। ਨਾ ਹੀ ਉਨ੍ਹਾਂ ਤੇ ਅਦਾਲਤੀ ਕੇਸ ਹੁੰਦੇ ਹਨ। ਫੇਰ ਉਨ੍ਹਾਂ ਨੂੰ ਕੀ ਕਿਹਾ ਜਾਵੇ? ਪੱਤਰਕਾਰ ਤਾਂ ਉਹ ਵੀ ਹਨ, ਸਗੋਂ ਲੋਕਾਂ ਵਿਚ ਉਹ ਜ਼ਿਆਦਾ ਹਰਮਨ-ਪਿਆਰੇ ਹੁੰਦੇ ਹਨ, ਸਪਲੀਮੈਂਟ ਲਈ ਜ਼ਿਆਦਾ ਇਸ਼ਤਿਹਾਰ ਮਿਲ ਜਾਂਦੇ ਹਨ। ਉਨ੍ਹਾਂ ਨੂੰ ਮੰਤਰੀ ਬੁਲਾ ਕੇ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਵੀ ਦੇ ਦਿੰਦੇ ਹਨ। ਤਾਂ ਫਿਰ ਉਨ੍ਹਾਂ ਨੂੰ ਕੀ ਕਿਹਾ ਜਾਵੇ, ਜੇਕਰ ਪੱਤਰਕਾਰੀ ਦੇ ਅਸਲ ਸਿਧਾਂਤ ਸਮਝਣ ਵਾਲਾ ਕੋਈ ਹੋਵੇ ਤਾਂ ਉਹ ਹੀ ਸਪਸ਼ਟ ਕਰ ਸਕਦਾ ਹੈ ਕਿ ਉਨ੍ਹਾਂ ਲਈ ਅਸਲ ਨਾਮ ਕੀ ਹੋ ਸਕਦਾ ਹੈ। ਜਿਨ੍ਹਾਂ ਨੂੰ ਦੀਵਾਲੀ ਤੇ ਗਿਫ਼ਟ ਵੀ ਜ਼ਿਆਦਾ ਆ ਜਾਂਦੇ ਹਨ, ਜਿਨ੍ਹਾਂ ਨੂੰ ਮੰਤਰੀਆਂ, ਵੱਡੇ ਅਫ਼ਸਰਾਂ, ਪੁਲੀਸ ਅਧਿਕਾਰੀਆਂ ਵੱਲੋਂ ਸੌਗਾਤਾਂ ਵੀ ਮਿਲ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਕੋਰਟ ਨੋਟਿਸ ਨਹੀਂ ਆਉਂਦੇ ਨਾ ਹੀ ਉਨ੍ਹਾਂ ਦੇ ਕੋਰਟ ਕੇਸ ਹੁੰਦੇ ਹਨ, ਚੰਗਾ ਹੈ ਜ਼ਿੰਦਗੀ ਸੌਖੀ ਨਿਕਲ ਜਾਂਦੀ ਹੈ, ਜੇਕਰ ਗ਼ਰੀਬ ਪੀੜਤ ਦੇ ਹੱਕ ਦੀ ਕੋਈ ਪੱਤਰਕਾਰ ਖ਼ਬਰ ਲਗਾਉਂਦਾ ਹੈ, ਤਾਂ ਗ਼ਰੀਬ ਪੀੜਤ ਨੇ ਉਸ ਨੂੰ ਕੀ ਦੇਣਾ ਹੁੰਦਾ ਹੈ, ਉਹ ਤਾਂ ਇਕ ਅਸੀਸ ਹੀ ਦਿੰਦਾ ਹੈ, ‘ਰੱਬ ਤੈਨੂੰ ਹਮੇਸ਼ਾ ਖ਼ੁਸ਼ ਰੱਖੇ’। ਪਰ ਜਿਹੜੇ ਅਮੀਰਾਂ ਮੰਤਰੀਆਂ ਸੱਤਾਧਾਰੀ ਲੋਕਾਂ ਦੇ ਪੱਖ ਦੀ ਪੱਤਰਕਾਰੀ ਕਰਦੇ ਹਨ ਉਨ੍ਹਾਂ ਨੂੰ ਅਮੀਰਾਂ ਵੱਲੋਂ ਅਨੇਕਾਂ ਤਰ੍ਹਾਂ ਦੇ ਲਾਭ ਤਾਂ ਮਿਲ ਜਾਂਦੇ ਹਨ ਪਰ ਕਿਸੇ ਗ਼ਰੀਬ ਪੀੜਤ ਦੀ ਅਸੀਸ ਨਹੀਂ ਮਿਲਦੀ.. ਅੱਜ ਆਪਾਂ ਗੱਲ ਕਰਾਂਗੇ ਜੋ ਕੋਰਟ ਨੋਟਿਸਾਂ, ਅਦਾਲਤੀ ਕੇਸਾਂ ਨੂੰ ਆਪਣੇ ਤਗਮੇ ਸਮਝਦਾ ਹੈ, ਉਹ ਪੱਤਰਕਾਰ ਹੈ ਗੁਰੂਸਰ ਸੁਧਾਰ ਦੇ ਦਿਹਾਤੀ ਖੇਤਰ ਦੀ ਪੱਤਰਕਾਰੀ ਕਰਨ ਵਾਲਾ ‘ਸੰਤੋਖ ਗਿੱਲ’।
-ਮੁੱਢ ਤੇ ਪੜਾਈ-
12-12-1962 ਨੂੰ 12 ਵਜੇ ਲੁਧਿਆਣਾ ਜ਼ਿਲ੍ਹੇ ਦੇ ਗੁਰੂਸਰ ਸੁਧਾਰ ਵਿਚ ‘ਜੱਟਾਂ’ ਦੇ ਘਰ ਜਨਮ ਲੈਣ ਵਾਲੇ ਸੰਤੋਖ ਗਿੱਲ ਦਾ ਪਹਿਲਾ ਨਾਮ ਸੰਤੋਖ ਸਿੰਘ ਸੀ। ਬਾਪੂ ਸੂਬੇਦਾਰ ਰਣਜੀਤ ਸਿੰਘ ਤੇ ਮਾਂ ਸ੍ਰੀਮਤੀ ਸੁਰਜੀਤ ਕੌਰ ਬੜੇ ਹੀ ਲਾਡ ਨਾਲ ਪਾਲਿਆ ਇਸੇ ਕਰਕੇ ਕਦੇ ਕਿਸੇ ਧਾਕੜ ਤੋਂ ਧਾਕੜ ਬੰਦੇ ਦੀ ਪ੍ਰਵਾਹ ਨਹੀਂ ਕੀਤੀ। ਸ਼ੁਰੂਆਤੀ ਪੜ੍ਹਾਈ ਨਾਨਕੇ ਪਿੰਡ ਸ਼ੇਖ਼ੂਪੁਰੇ ਵਿਚ ਕੀਤੀ ਤੇ ਪਿੰਡ ਸੁਧਾਰ ਦੇ ਸਕੂਲ ਵਿਚ ਛੇਵੀਂ ਤੋਂ ਬਾਦ 1978 ਵਿਚ ਦਸਵੀਂ ਕੀਤੀ। 1978 ਵਿਚ ਲੁਧਿਆਣਾ ਦੀ ਆਈ ਟੀ ਆਈ ਡਰਾਫਸਮੈਨ ਦੀ ਕਰਨ ਲੱਗਾ ਤਾਂ ਖਾੜਕੂ ਸੁਭਾਅ ਹੋਣ ਕਰਕੇ ਉੱਥੇ ਪੀਐਸਯੂ ਜਥੇਬੰਦੀ ਵਿਚ ਵਿਦਿਆਰਥੀ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ ਤਾਂ ਆਈ ਆਈ ਟੀ ਨੇ ਕੱਢ ਦਿੱਤਾ, ਪਰ ਫਿਰ ਉਸੇ ਆਈ ਟੀ ਆਈ ਮੋਟਰ ਮਕੈਨਿਕ ਕਰਨ ਲੱਗਿਆ , 1979-81 ਤੱਕ ਆਈ ਟੀ ਆਈ ਕੀਤੀ। ਉਸ ਤੋਂ ਬਾਅਦ ਲੁਧਿਆਣਾ ਵਿਚ ਪੰਜਾਬ ਰੋਡਵੇਜ਼ ਵਿਚ ਅਪਰੈਂਟਸ ਕੀਤੀ। ਨੈਸ਼ਨਲ ਟਰੇਡ ਸਰਟੀਫਿਕੇਟ ਦੇ ਇਮਤਿਹਾਨ ਵਿਚ ਪੰਜਾਬ ਤੋਂ ਟਾਪ ਕੀਤਾ।
-1980 ਵਿਚ ਪਹਿਲਾ ਮੁਕੱਦਮਾ ਦਰਜ ਹੋਇਆ-
1980 ਵਿਚ ਜਦੋਂ ਪੰਜਾਬ ਵਿਚ ਦਰਬਾਰਾ ਸਿੰਘ ਦੀ ਸਰਕਾਰ ਸੀ ਤਾਂ ਉਸ ਵੇਲੇ ਇਤਿਹਾਸ ਵਿਚ ਪਹਿਲੀ ਵਾਰ ਬੱਸਾਂ ਦਾ ਕਿਰਾਇਆ 43 ਫ਼ੀਸਦੀ ਵਧਾਇਆ ਗਿਆ ਸੀ। ਉਸ ਵੇਲੇ ਵੱਡਾ ਸੰਘਰਸ਼ ਚੱਲਿਆ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਾਫ਼ੀ ਵਿਰੋਧਤਾ ਕੀਤੀ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਲੋਕ ਮੁੱਦਿਆਂ ਤੇ ਲੜਾਈ ਲੜਦਾ ਹੁੰਦਾ ਸੀ। ਇਸ ਸੰਘਰਸ਼ ਵਿਚ ਸੰਤੋਖ ਸਿੰਘ (ਗਿੱਲ) ਨੇ ਵੱਧ ਚੜ ਕੇ ਹਿੱਸਾ ਲਿਆ। ਸੰਘਰਸ਼ ਦੌਰਾਨ ਬੱਸਾਂ ਦਾ ਚੱਕਾ ਜਾਮ ਕੀਤਾ ਤੇ ਦੋਸ਼ ਇਹ ਲਾਇਆ ਕਿ ਬੱਸਾਂ ਦੀ ਭੰਨ ਤੋੜ ਕੀਤੀ ਹੈ ਤੇ ਕੇਸ ਦਰਜ ਹੋ ਗਿਆ। ਪਿੰਡ ਗੁਰੂਸਰ ਸੁਧਾਰ ਵਿਚ ਗ੍ਰਿਫ਼ਤਾਰ ਕਰਨ ਲਈ ਘਰੇ ਪੁਲੀਸ ਆਈ ਤਾਂ ਘਰਦਿਆਂ ਨੇ ਬਹੁਤ ਬੁਰਾ ਮਨਾਇਆ ਕਹਿੰਦੇ ‘ਸਾਡੇ ਤਾਂ ਕਦੇ ਕਿਸੇ ਖ਼ਾਨਦਾਨ ਵਿਚ ਪੁਲੀਸ ਘਰੇ ਨਹੀਂ ਆਈ ਸੀ ਸੰਤੋਖ ਨੇ ਇਹ ਨਵਾਂ ਕੰਮ ਸ਼ੁਰੂ ਕਰ ਦਿੱਤਾ। ਇਹ ਕੇਸ ਜਗਦੇਵ ਸਿੰਘ ਤਲਵੰਡੀ, ਸੀਪੀਐਮ ਦੇ ਕਾ. ਰਸ਼ਪਾਲ ਸਿੰਘ, ਹੀਰਾ ਸਿੰਘ ਗਾਬੜੀਆ, ਅਵਤਾਰ ਸਿੰਘ ਮੱਕੜ ਆਦਿ 150 ਬੰਦਿਆਂ ਤੇ ਨਾਮ ਸਮੇਤ ਦਰਜ ਹੋਇਆ ਸੀ। ਇਸ ਕੇਸ ਵਿਚ ਸਭ ਤੋਂ ਛੋਟੀ ਉਮਰ ਮਸਾਂ 18 ਸਾਲ ਦਾ ਸੰਤੋਖ ਸਿੰਘ ਹੀ ਸੀ। ਪੁਲੀਸ ਘਰ ਆਉਣ ਤੇ ਸੰਤੋਖ ਸਿੰਘ ਘਰੋਂ ਭੱਜ ਗਿਆ ਤੇ ਲੁਧਿਆਣਾ ਵਿਚ ਹੀ ਰਿਹਾ। ਬਾਅਦ ਵਿਚ ਜਦੋਂ 1985 ਵਿਚ ਪੰਜਾਬ ਵਿਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਆਈ ਤਾਂ ਇਹ ਕੇਸ ਰੱਦ ਕਰ ਦਿੱਤਾ ਗਿਆ ਸੀ।
-ਖੱਬੇ ਪੱਖੀ ਲਹਿਰ ਨਾਲ ਜੁੜਨਾ-
ਸੰਤੋਖ ਗਿੱਲ ਪੀਐਸਯੂ ਦੇ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਵਿਦਿਆਰਥੀ ਜਥੇਬੰਦੀ ਐਸਐਫਆਈ ਵਿਚ ਸਰਗਰਮ ਹੋ ਗਏ। ਅਪਰੈਂਟਸ ਯੂਨੀਅਨ ਪੰਜਾਬ ਚੰਡੀਗੜ੍ਹ ਦੇ ਸੂਬਾ ਜਨਰਲ ਸਕੱਤਰ ਵੀ ਰਹੇ। ਜਦੋਂ 1980 ਵਿਚ ਕੇਸ ਦਰਜ ਹੋਇਆ ਤਾਂ ਘਰੋਂ ਨਿਕਲ ਕੇ ਪਹਿਲਾਂ ਲੁਧਿਆਣਾ ਤੇ ਫੇਰ ਜਲੰਧਰ ਪਹੁੰਚ ਗਿਆ ਤੇ ਪਾਰਟੀ ਦਫ਼ਤਰ ਵਿਚ ਸੇਵਾ ਕਰਨੀ ਸ਼ੁਰੂ ਕੀਤੀ। ਜਗਜੀਤ ਸਿੰਘ ਲਾਇਲਪੁਰੀ, ਮੰਗਤ ਰਾਮ ਪਾਸਲਾ, ਪੰਡਤ ਕਿਸ਼ੋਰੀ ਲਾਲ (ਸ਼ਹੀਦ ਭਗਤ ਸਿੰਘ ਨਾਲ ਜੇਲ੍ਹ ਕੱਟਣ ਵਾਲੇ ਉਮਰ ਕੈਦ ਦੀ ਸਜਾ ਭੁਗਤਣ ਵਾਲੇ) ਨਾਲ ਸੰਪਰਕ ਹੋਇਆ। ਬਾਅਦ ਵਿਚ ਪ੍ਰੋ. ਬਲਵੰਤ ਸਿੰਘ ਨਾਲ ਵੀ ਸੰਪਰਕ ਰਿਹਾ। ਇੱਥੋਂ ਹੀ ਖੱਬੇ ਪੱਖੀ ਲਹਿਰ ਨਾਲ ਜੁੜੇ ਤੇ ਇਹ ਕਾਰਵਾਂ ਵੀ ਕਾਫ਼ੀ ਲੰਬਾ ਚੱਲਿਆ।
-ਪੱਤਰਕਾਰੀ ਦਾ ਮੁੱਢ-
1982 ਵਿਚ ਜਲੰਧਰ ਵਿਚ ਪਾਰਟੀ ਦਫ਼ਤਰ (ਸੀਟੂ) ਤੇ ਪੰਜਾਬ ਰੋਡਵੇਜ਼ ਯੂਨੀਅਨ ਦਾ ਵੀ ਦਫ਼ਤਰ ਸੀ, ਉਸ ਵੇਲੇ ਇੱਥੋਂ ‘ਲੋਕ ਲਹਿਰ’ ਅਖਬਾਰ ਨਿਕਲਦਾ ਸੀ। ਜਿਸ ਦੇ ਬਹੁਤ ਹੀ ਸਿਆਣੇ ਵਿਦਵਾਨ ਤੇ ਲੇਖਕ ਸੁਹੇਲ ਸਿੰਘ ਸੰਪਾਦਕ ਹੁੰਦੇ ਸਨ। ਉਹ ਸੰਪਾਦਕੀ ਵੀ ਪਾਰਟੀ ਦੇ ਅਹਿਮ ਆਗੂਆਂ ਨਾਲ ਸਲਾਹ ਕਰਕੇ ਹੀ ਲਿਖਦੇ ਸਨ। ਲੋਕ ਲਹਿਰ ਵਿਚ ਸਾਰੇ ਹੀ ਕਾਮੇ ਆਨਰੇਰੀ ਹੀ ਸਨ। ਪਰ ਕੰਮ ਬੜਾ ਸ਼ਿੱਦਤ ਨਾਲ ਕਰਦੇ ਸਨ। ਕਈ ਵਾਰੀ ਸਾਰੇ ਜਣੇ ਦਫ਼ਤਰ ਵਿਚੋਂ ਚਲੇ ਜਾਂਦੇ ਸਨ ਤਾਂ ਸੁਹੇਲ ਸਿੰਘ ਇਕੱਲੇ ਹੀ ਰਹਿ ਜਾਂਦੇ ਉਸ ਵੇਲੇ ਉਹ ਸੰਤੋਖ ਸਿੰਘ ਨੂੰ ਕਾਮਰੇਡਾਂ ਦੀਆਂ ਆਈਆਂ ਚਿੱਠੀਆਂ ਪੜ੍ਹ ਕੇ ਖ਼ਬਰਾਂ ਬਣਾਉਣ ਲਈ ਕਹਿ ਦਿੰਦੇ ਸਨ। ਉਹ ਖ਼ਬਰਾਂ ਸੰਤੋਖ ਸਿੰਘ ਦੇ ਨਾਮ ਤੇ ਛਪ ਜਾਂਦੀਆਂ, ਉਸ ਵੇਲੇ ਸੰਤੋਖ ਗਿੱਲ ਨੂੰ ਬੜਾ ਉਤਸ਼ਾਹ ਮਿਲਿਆ। ਸੁਹੇਲ ਸਿੰਘ ਨੂੰ ਸੰਤੋਖ ਗਿੱਲ ਦੀ ਲੇਖਣੀ ਚੰਗੀ ਲੱਗਦੀ ਸੀ, ਇਸ ਕਰਕੇ ਉਸ ਨੇ ਸੰਤੋਖ ਨੂੰ ਇਕ ਕਿਤਾਬ ਉਤਰ ਪ੍ਰਦੇਸ਼ ਦੇ ਅਯੁੱਧਿਆ ਸਿੰਘ ਦੀ ਹਿੰਦੀ ਵਿਚ ਲਿਖੀ ‘ਭਾਰਤ ਕਾ ਮਜ਼ਦੂਰ ਅੰਦੋਲਨ’ ਪੰਜਾਬੀ ਵਿਚ ਅਨੁਵਾਦ ਕਰਨ ਲਈ ਦਿੱਤੀ। ਉਹ ਕਿਤਾਬ ਸੰਤੋਖ ਅਨੁਵਾਦ ਕਰਦਾ ਤੇ ਹਰ ਹਫ਼ਤੇ ਉਸ ਦੀ ਅਨੁਵਾਦ ਕੀਤੀ ਕਿਤਾਬ ਦੇ ਅੰਸ਼ ਸੰਤੋਖ ਸਿੰਘ ਦੇ ਨਾਮ ਤੇ ਛਪਦੇ। ਜਿਸ ਨਾਲ ਸੰਤੋਖ ਗਿੱਲ ਨੂੰ ਹੋਰ ਉਤਸ਼ਾਹ ਮਿਲਿਆ। ਉਸ ਤੋਂ ਬਾਅਦ ਸੰਪਾਦਕ ਦੇ ਨਾਮ ਖ਼ਤ ਪੰਜਾਬੀ ਟ੍ਰਿਬਿਊਨ ਵਿਚ ਛਪ ਜਾਂਦੇ ਸਨ ਤੇ ਹੋਰ ਆਰਟੀਕਲ ਜਾਂ ਖ਼ਬਰਾਂ ਵੀ ਨਵਾਂ ਜ਼ਮਾਨਾ, ਅੱਜ ਦੀ ਅਵਾਜ਼ ਵਿਚ ਛਪ ਜਾਂਦੀਆਂ ਸਨ। ਪਤਨੀ ਜਰਨੈਲ ਕੌਰ (ਗਿੱਲ) ਨਰਸ ਸੀ (ਵਿਆਹ ਦੀ ਕਹਾਣੀ ਅਗਲੇ ਹਿੱਸੇ ਵਿਚ ਦੱਸਾਂਗੇ) ਉਸ ਦੀ ਬਦਲੀ ਕਰਕੇ ਵਾਰ ਵਾਰ ਕਈ ਥਾਵਾਂ ਤੇ ਜਾਣਾ ਪਿਆ। 1988 ਤੋਂ 1990 ਤੱਕ ਠੀਕਰੀਵਾਲਾ ਰਹੇ, ਅੱਤਵਾਦ ਜ਼ੋਰ ਤੇ ਸੀ। ਨਵਾਂ ਜ਼ਮਾਨਾ, ਲੋਕ ਲਹਿਰ, ਅਕਾਲੀ ਪਤ੍ਰਿਕਾ ਆਦਿ ਅਖ਼ਬਾਰਾਂ ਵਿਚ ਲਿਖਦੇ ਸਨ। 1990 ਵਿਚ ਪੱਖੋਵਾਲ ਪੁੱਜ ਗਏ ਉਸ ਤੋਂ ਬਾਅਦ ਖੰਨਾ ਬਦਲੀ ਕਰਵਾ ਲਈ ਤੇ ਉੱਥੋਂ ਹੀ ਲੋਕ ਲਹਿਰ, ਨਵਾਂ ਜ਼ਮਾਨਾ, ਅੱਜ ਦੀ ਅਵਾਜ਼ ਵਿਚ ਛਪਦੇ ਰਹੇ, ਇੱਥੋਂ ਹੀ ਅਧਿਕਾਰਤ ਤੌਰ ਤੇ ਪੱਕੇ ਪੈਰੀਂ ਪੱਤਰਕਾਰੀ ਸ਼ੁਰੂ ਕੀਤੀ, ਲੋਕ ਲਹਿਰ ਲਈ ਕੰਮ ਕਰਨ ਵਾਸਤੇ ਸੁਹੇਲ ਸਿੰਘ ਨੇ ਮਾਲਵਾ ਖੇਤਰ ਦੀਆਂ ਖ਼ਬਰਾਂ ਭੇਜਣ ਲਈ ਅਥਾਰਿਟੀ ਦੇ ਦਿੱਤੀ। 5 ਮਾਰਚ 1993 ਨੂੰ ਆਪਣੇ ਜੱਦੀ ਪਿੰਡ ਕਰੀਬ 13 ਸਾਲਾਂ ਬਾਅਦ ਪੱਕੇ ਤੌਰ ਤੇ ਆਏ। ਪੱਤਰਕਾਰੀ ਜਾਰੀ ਰੱਖੀ। ਜਿਸ ਦੀਆਂ ਕਹਾਣੀਆਂ ਅਗਲੇ ਹਿੱਸੇ ਵਿਚ ਸਾਂਝੀਆਂ ਕਰਾਂਗੇ। 1995 ਵਿਚ ਪੱਕੇ ਤੌਰ ਤੇ ਅੱਜ ਦੀ ਅਵਾਜ਼ ਵਿਚ ਪੱਤਰਕਾਰੀ ਸ਼ੁਰੂ ਕਰ ਲਈ। ਪਿੰਡ ਦੇ ਇਕ ਮੁੱਦੇ ਨਾਲ ਸਬੰਧਿਤ ਇਕ ਖੁੱਲ੍ਹੀ ਚਿੱਠੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਜੋ ਪੰਜਾਬੀ ਟ੍ਰਿਬਿਊਨ, ਅੱਜ ਦੀ ਅਵਾਜ਼, ਨਵਾਂ ਜ਼ਮਾਨਾ ਨੇ ਛਾਪੀ ਤੇ ਉਸ ਚਿੱਠੀ ਦੀ ਕਾਫ਼ੀ ਚਰਚਾ ਹੋਈ।
1996 ਵਿਚ ਦੇਸ਼ ਸੇਵਕ ਸ਼ੁਰੂ ਹੋਇਆ ਫਾਊਂਡਰ ਪੱਤਰਕਾਰਾਂ ਵਿਚ ਸੰਤੋਖ ਗਿੱਲ ਵੀ ਦੇਸ਼ ਸੇਵਕ ਵਿਚ ਪੱਤਰਕਾਰੀ ਕਰਨ ਲੱਗੇ। ਸੰਪਾਦਕ ਗੁਲਜ਼ਾਰ ਸਿੰਘ ਸੰਧੂ ਤੇ ਫੇਰ ਤੇਜਵੰਤ ਗਿੱਲ ਤੇ ਬਾਅਦ ਵਿਚ ਸ਼ਮੀਲ ਹੋਰਾਂ ਨੇ ਡਿਊਟੀ ਸੰਭਾਲੀ ਤੇ ਪੱਤਰਕਾਰੀ ਵਿਚ ਨਿਖਾਰ ਸ਼ਮੀਲ ਹੋਰਾਂ ਨੇ ਲਿਆਂਦਾ ਤੇ ਦੇਸ਼ ਸੇਵਕ ਤੇ ਫ਼ਰੰਟ ਪੇਜ ਤੇ ਛਪੀਆਂ ਖ਼ਬਰਾਂ ਨੇ ਬਹੁਤ ਚਰਚਾ ਕਰਵਾਈ।
2004 ਵਿਚ ਸ਼ਿੰਗਾਰਾ ਸਿੰਘ ਭੁੱਲਰ ਰਾਹੀਂ ਪੰਜਾਬੀ ਟ੍ਰਿਬਿਊਨ ਵਿਚ ਵੀ ਦੇਸ਼ ਸੇਵਕ ਦੇ ਨਾਲ ਨਾਲ ਪੱਤਰਕਾਰੀ ਕਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣੇ ਸਿੱਧੂ ਦਮਦਮੀ ਸਮੇਂ ਕਿਸੇ ਗੱਲੋਂ ਮਨਮੁਟਾਵ ਹੋ ਗਿਆ। ਸੰਤੋਖ ਗਿੱਲ ਕਹਿੰਦੇ ਹਨ ਕਿ ‘ਮੈਂ ਪੰਜਾਬੀ ਟ੍ਰਿਬਿਊਨ 2010 ਵਿਚ ਛੱਡ ਦਿੱਤਾ। ਪਰ ਡਾ. ਸਵਰਾਜ ਬੀਰ ਹੋਰਾਂ ਦੇ ਮੌਕੇ 2019 ਵਿਚ ਪੰਜਾਬੀ ਟ੍ਰਿਬਿਊਨ ਫੇਰ ਜੁਆਇਨ ਕੀਤਾ।
-ਵਿਆਹ ਦੀ ਦਿਲਚਸਪ ਕਹਾਣੀ-
ਜਰਨੈਲ ਕੌਰ ਨਾਲ ਵਿਆਹ ਤੋਂ ਪਹਿਲਾਂ ਹੀ ਸੰਤੋਖ ਗਿੱਲ ਦਾ ਪਿਆਰ ਹੋਗਿਆ ਸੀ। ਜਰਨੈਲ ਕੌਰ (ਗਿੱਲ) ਵੀ ਸੰਘਰਸ਼ੀ ਬੀਬੀ ਹੈ। ਕਾਮਰੇਡਾਂ ਕੋਲ ਸ਼ਿਕਾਇਤ ਹੋਈ ਕਿ ਸੰਤੋਖ ਕਿਸੇ ਕੁੜੀ ਨਾਲ ਮਿਲਦਾ ਹੈ ਤਾਂ ਕਾਮਰੇਡਾਂ ਨੇ ਕਿਹਾ ਕਿ ਜਾਂ ਤਾਂ ਵਿਆਹ ਕਰਵਾ ਲਓ ਜਾਂ ਫਿਰ ਕਿਸੇ ਕੁੜੀ ਨੂੰ ਇੰਜ ਨਹੀਂ ਮਿਲਣਾ। ਜਰਨੈਲ ਕੌਰ ਹਰ ਤਰ੍ਹਾਂ ਨਾਲ ਸਹਿਮਤ ਸੀ, ਕਾਮਰੇਡਾਂ ਨੇ ਕਿਹਾ ਕਿ ਚੰਡੀਗੜ੍ਹ ਕਾਮਰੇਡ ਭਾਗ ਸਿੰਘ ਸੱਜਣ ਕੋਲ ਜਾਓ, ਇਸ ਮਾਮਲੇ ਵਿਚ ਕਾਮ. ਸੱਜਣ ਹੋਰਾਂ ਨੇ ਪੂਰੀ ਮਦਦ ਕੀਤੀ ਕੇ ਮੈਜਿਸਟਰੇਟ ਕੋਲ ਪੇਸ਼ ਹੋਏ ਤਾਂ ਉਨ੍ਹਾਂ ਨੇ ਨੋਟਿਸ ਬੋਰਡ ਤੇ ਸੰਤੋਖ ਗਿੱਲ ਤੇ ਜਰਨੈਲ ਕੌਰ ਦੀਆਂ ਫ਼ੋਟੋਆਂ ਲਗਾ ਦਿੱਤੀਆਂ , ਜਿਸ ਤੇ ਇਬਾਰਤ ਸੀ ਕਿ ਜੇਕਰ ਕਿਸੇ ਨੂੰ ਸੰਤੋਖ ਸਿੰਘ ਤੇ ਜਰਨੈਲ ਕੌਰ ਦੇ ਵਿਆਹ ਦਾ ਇਤਰਾਜ਼ ਹੋਵੇ ਤਾਂ ਉਹ ਸਪਸ਼ਟ ਕਰੇ। ਵਿਆਹ ਰਜਿਸਟ੍ਰੇਸ਼ਨ ਦੀ ਤਰੀਕ 4 ਜੂਨ 1986 ਰੱਖੀ ਗਈ। 4 ਜੂਨ ਨੂੰ ਸ਼ਿਮਲਾ ਦੇ ਰੋਡਵੇਜ਼ ਦੇ ਪਾਸ ਲੈ ਕੇ ਸੰਤੋਖ ਸਿੰਘ ਤੇ ਜਰਨੈਲ ਕੌਰ ਚੰਡੀਗੜ੍ਹ ਮੈਜਿਸਟ੍ਰੇਟ ਦੇ ਦਫ਼ਤਰ ਪਹੁੰਚ ਗਏ ਪਰ ਉਸ ਦਿਨ ਮੈਜਿਸਟ੍ਰੇਟ ਗੈਰ ਹਾਜ਼ਰ ਸਨ, ਅਗਲੀ ਤਰੀਕ 16 ਜੂਨ ਰੱਖੀ ਗਈ, ਦਿਲ ਦੇ ਅਰਮਾਨ ਧਰੇ ਧਰਾਏ ਰਹਿ ਗਏ। ਪਰ ਇਹ ਅਰਮਾਨ ਕਾ. ਭਾਗ ਸਿੰਘ ਸੱਜਣ ਨੇ ਫਿੱਕੇ ਨਹੀਂ ਪੈਣ ਦਿੱਤੇ। ਉਨ੍ਹਾਂ ਕਿਹਾ ‘ਰਜਿਸਟ੍ਰੇਸ਼ਨ ਤਾਂ ਕਾਗ਼ਜ਼ੀ ਪੱਤਰੀਂ ਹੋਣੀ ਹੈ ਵਿਆਹ ਤਾਂ ਤੁਹਾਡਾ ਹੋ ਹੀ ਗਿਆ ਹੈ। ਮੀਆਂ ਬੀਬੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ, ਆਓ ਦਿਓ ਪਾਰਟੀ ਤੇ ਜਾਓ ਸ਼ਿਮਲੇ.. ਵਿਆਹ ਦਾ ਦਿਨ ਫਿੱਕਾ ਨਾ ਪੈਣ ਦਿਓ’ ਉਸੇ ਦਿਨ ਵਿਆਹ ਹੋਇਆ ਸਮਝ ਕੇ ਸੰਤੋਖ ਹੋਰਾਂ ਨੇ ਕਾਮਰੇਡਾਂ ਨੂੰ ਪਾਰਟੀ ਦਿੱਤੀ ਤੇ ਸ਼ਿਮਲਾ ਲਈ ਬੱਸ ਚੜ ਗਏ। ਪਰ ਸ਼ਿਮਲਾ ਵਿਚ ਵੀ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਕਹਾਣੀ ਤਾਂ ਵੱਡੀ ਹੈ ਪਰ 16 ਜੂਨ 1986 ਨੂੰ ਬਾਕਾਇਦਾ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਹੋ ਗਿਆ। ਪਰ ਇਹ ਵਿਆਹ ਦਾ ਐਲਾਨ ਨਾ ਕੀਤਾ। ਜਰਨੈਲ ਕੌਰ ਤੇ ਮਾਪੇ ਮਨਾਉਣੇ ਸਨ, ਕਈ ਸੰਕਟਾਂ, ਅੜਚਣਾਂ ਤੋਂ ਬਾਅਦ ਜਰਨੈਲ ਕੌਰ ਦੇ ਮਾਪੇ ਵੀ ਮੰਨ ਗਏ ਤੇ 9 ਨਵੰਬਰ 1986 ਨੂੰ ਜਰਨੈਲ ਕੌਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲਾਵਾਂ ਪੜ੍ਹੀਆਂ ਤੇ ਬਾਬੇ ਦੇ ਚਰਨਾ ਵਿਚ ਵਿਆਹ ਹੋ ਗਿਆ। ਹੁਣ ਜਰਨੈਲ ਕੌਰ ਤੋਂ ਜਰਨੈਲ ਗਿੱਲ ਬਣ ਗਈ ਸੀ।
-ਜਰਨੈਲ ਗਿੱਲ ਦੀ ਸੰਘਰਸ਼ੀ ਕਹਾਣੀ-
ਜਰਨੈਲ ਗਿੱਲ ਜਦੋਂ ਪਟਿਆਲਾ ਵਿਚ ਨਰਸਿੰਗ ਕਰਦੇ ਸਨ ਤਾਂ ਉਸ ਵੇਲੇ ਵੱਡਾ ਸੰਘਰਸ਼ ਚੱਲਿਆ, ਜਿਸ ਵਿਚ ਜਰਨੈਲ ਨੇ ਅਹਿਮ ਰੋਲ ਨਿਭਾਇਆ। ਮੈਡੀਕਲ ਬੰਦ ਰਿਹਾ, ਗ੍ਰਿਫ਼ਤਾਰ ਵੀ ਕੀਤਾ ਗਿਆ। ਸੰਘਰਸ਼ ਦਾ ਮੁੱਲ ਇਹ ਉਤਾਰਨਾ ਪਿਆ ਕਿ ਜਦੋਂ ਗਵਰਨਰੀ ਰਾਜ ਪੰਜਾਬ ਤੇ ਆਇਆ ਤਾਂ ਜਰਨੈਲ ਹੋਰਾਂ ਨੂੰ ਬਹਾਲ ਤਾਂ ਕਰ ਦਿੱਤਾ ਪਰ ਸਜਾ ਦੇ ਤੌਰ ਤੇ ਟਰੇਨਿੰਗ ਪੂਰੀ ਕਰਨ ਲਈ ਅੰਮ੍ਰਿਤਸਰ ਭੇਜ ਦਿੱਤਾ। ਜਦੋਂ ਜਰਨੈਲ ਨੂੰ ਨੌਕਰੀ ਮਿਲੀ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਾਵਦਾਂ ਵਿਚ ਪੋਸਟਿੰਗ ਹੋਈ। 1987 ਵਿਚ ਸੰਗਰੂਰ ਆ ਗਏ। ਜਰਨੈਲ ਦੇ ਜਿਵੇਂ ਸੰਘਰਸ਼ ਖ਼ੂਨ ਵਿਚ ਸੀ, ਇੱਥੇ ਵੀ ਨਰਸਾਂ ਦੀ ਲੀਡਰ ਬਣ ਗਈ। ਇੱਥੇ ਵੀ ਹੜਤਾਲ ਚੱਲੀ, ਉਸ ਵੇਲੇ ਵੀ ਕਹਿਰ ਦਾ ਸਮਾਂ ਸੀ ਕੇ ਜਰਨੈਲ ਨੂੰ ਬੁੜੈਲ ਜੇਲ੍ਹ ਵਿਚ ਵੀ ਰਹਿਣਾ ਪਿਆ। ਉਸ ਵੇਲੇ ਜਰਨੈਲ ਗਰਭਵਤੀ ਸੀ, ਪ੍ਰਸੂਤ ਪੀੜਾ ਹੋਈ ਤਾਂ ਹਸਪਤਾਲ ਵਿਚ ਲੈ ਗਏ ਤਾਂ ਉਸ ਵੇਲੇ 11 ਨਵੰਬਰ 1987 ਨੂੰ 11 ਵਜੇ ਗੋਰਕੀ ਨੇ ਜਨਮ ਲਿਆ। ਸੰਤੋਖ ਗਿੱਲ ਨੇ ਸੀਟੂ ਤੇ ਪਾਰਟੀ ਦਾ ਹੋਲਡ ਟਾਈਮ ਕੰਮ ਕਰਨਾ ਬੰਦ ਕਰ ਦਿੱਤਾ ਸੀ।
-ਅੱਤਵਾਦੀਆਂ ਦੇ ਨਿਸ਼ਾਨੇ ਤੇ ਆਏ-
1988 ਤੋਂ 1990 ਤੱਕ ਠੀਕਰੀਵਾਲਾ ਵਿਚ ਜਰਨੈਲ ਗਿੱਲ ਦੀ ਪੋਸਟਿੰਗ ਰਹੀ। ਅੱਤਵਾਦੀਆਂ ਬਾਰੇ ਸੰਤੋਖ ਗਿੱਲ ਨਵਾਂ ਜ਼ਮਾਨਾ, ਅੱਜ ਦੀ ਅਵਾਜ਼, ਅਕਾਲੀ ਪਤ੍ਰਿਕਾ ਆਦਿ ਅਖ਼ਬਾਰਾਂ ਵਿਚ ਛਪਦੇ ਸੀ। ਕਈ ਰਿਪੋਰਟਾਂ ਅੱਤਵਾਦੀਆਂ ਦੇ ਖ਼ਿਲਾਫ਼ ਵੀ ਛਪ ਗਈਆਂ, ਕਾਮਰੇਡਾਂ ਨੇ ਉਸ ਵੇਲੇ ਅੱਤਵਾਦੀਆਂ ਦੀ ਕਾਫ਼ੀ ਖ਼ਿਲਾਫ਼ਤ ਕੀਤੀ ਜਿਸ ਕਰਕੇ ਅੱਤਵਾਦੀਆਂ ਨੇ ਕਈ ਸਾਰੇ ਕਾਮਰੇਡ ਮਾਰ ਦਿੱਤੇ ਸਨ। ਅੱਤਵਾਦੀਆਂ ਖ਼ਿਲਾਫ਼ ਲਿਖਣ ਕਰਕੇ ਸੰਤੋਖ ਗਿੱਲ ਅੱਤਵਾਦੀਆਂ ਦੇ ਨਿਸ਼ਾਨੇ ਤੇ ਆ ਗਏ। ਅੱਤਵਾਦੀਆਂ ਤੇ ਤਿੰਨ ਵਾਰ ਸੰਤੋਖ ਗਿੱਲ ਤੇ ਹਮਲੇ ਹੋਏ। ਇਕ ਦਿਨ ਕਾਲਜ ਦੇ ਬਾਹਰ ਗੇਟ ਤੇ ਅੱਤਵਾਦੀਆਂ ਨੇ ਇਕ ਬੀਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਉਸ ਤੋਂ ਬਾਅਦ ਇਕ ਦਿਨ ਸੰਗਰੂਰ ਦੇ ਐਸਐਸਪੀ ਨੇ ਦਫ਼ਤਰ ਬੁਲਾਇਆ, ਉਹ ਸੰਤੋਖ ਗਿੱਲ ਨੂੰ ਕਹਿਣ ਲੱਗੇ ਕਿ ਅੱਤਵਾਦੀਆਂ ਨੇ ਕੋਈ ਹੋਰ ਬੀਬੀ ਦਾ ਕਤਲ ਕਰ ਦਿੱਤਾ ਹੈ ਪਰ ਉਹ ਕਤਲ ਤੁਹਾਡੀ ਪਤਨੀ ਜਰਨੈਲ ਕੌਰ ਦਾ ਹੋਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਤੁਹਾਡਾ ਬੱਚਾ ਸਕੂਲ ਪੜ੍ਹਦਾ ਹੈ, ਪਰ ਗੋਰਕੀ ਉਸ ਵੇਲੇ ਢਾਈ ਸਾਲ ਦਾ ਸੀ, ਸਕੂਲ ਨਹੀਂ ਪੜ੍ਹਦਾ ਸੀ। ਉਹ ਤਾਂ ਸਕੂਲ ਵਿਚ ਇਕ ਗੁਆਂਢੀ ਬੀਬੀ ਨਾਲ ਚਲਾ ਜਾਂਦਾ ਸੀ, ਪਰ ਐਸਐਸਪੀ ਨੇ ਕਿਹਾ ਉਹ ਵੀ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੈ ਉਸ ਤੋਂ ਬਾਅਦ ਗੋਰਕੀ ਦਾ ਸਕੂਲ ਵਿਚ ਜਾਣਾ ਵੀ ਬੰਦ ਹੋ ਗਿਆ। ਅੱਤਵਾਦੀਆਂ ਵੱਲੋਂ ਮਾਰੇ ਜਾਣ ਦੇ ਮਿਲੇ ਸੰਕੇਤਾਂ ਕਰਕੇ 19 ਜਨਵਰੀ 1990 ਨੂੰ ਅੱਧੀ ਰਾਤ ਨੂੰ ਠੀਕਰੀਵਾਲਾ ਛੱਡਿਆ ਤੇ ਪੱਖੋਵਾਲ ਪੁੱਜੇ, ਉੱਥੇ ਵੀ ਅੱਤਵਾਦੀਆਂ ਨੇ ਫੱਲੇਵਾਦ ਦਾ ਮੁੰਡਾ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਜੋ ਪਹਿਲਾਂ ਅੱਤਵਾਦੀ ਹੀ ਸੀ ਪਰ ਉਸ ਤੇ ਦੋਸ਼ ਲੱਗੇ ਕਿ ਉਹ ਮੁਖਵਰ ਬਣ ਗਿਆ ਹੈ ਤਾਂ ਉਸ ਦੀ ਜਾਨ ਚਲੀ ਗਈ। ਉੱਥੋਂ ਹੀ ਖੰਨਾ ਦੀ ਪੋਸਟਿੰਗ ਹੋਈ।
-ਜੱਦੀ ਪਿੰਡ ਗੁਰੂਸਰ ਸੁਧਾਰ ਆਉਣ ਤੋਂ ਬਾਅਦ ਪੱਤਰਕਾਰੀ-
15 ਮਾਰਚ 1993 ਨੂੰ ਜੱਦੀ ਪਿੰਡ ਗੁਰੂਸਰ ਸੁਧਾਰ ਪੁੱਜੇ, ਦੋ ਸਾਲ ਚੁੱਪ ਦੇ ਆਗੋਸ਼ ਵਿਚ ਹੀ ਸੀ। ਪਰ ਇੱਥੇ ਹੀ ਇਕ ਘਟਨਾ ਨੇ ਸੰਤੋਖ ਗਿੱਲ ਦੀ ਜ਼ਿੰਦਗੀ ਨੂੰ ਪੀੜਤ ਲੋਕਾਂ ਦੇ ਪੱਖ ਵਿਚ ਖੜਨ ਵਾਲਾ ਪੱਤਰਕਾਰ ਬਣਾਇਆ। ਗੁਰੂਸਰ ਸੁਧਾਰ ਵਿਚ ਗੁਰੂ ਹਰਗੋਬਿੰਦ ਸਿੰਘ ਜੀ 6 ਮਹੀਨੇ ਬਿਰਾਜਮਾਨ ਰਹੇ। ਇੱਥੋਂ ਹੀ ਗੁਰੂ ਸਾਹਿਬ ਨੇ ਵਿਧੀ ਚੰਦ ਨੂੰ ਘੋੜੇ ਲੈਣ ਲਈ ਭੇਜਿਆ ਸੀ। ਇਸ ਇਲਾਕੇ ਵਿਚ ਕੰਡਿਆਲਾ ਜੰਗਲ ਹੁੰਦਾ ਸੀ। ਭਾਈ ਜਵੰਦਾ ਜੀ ਇਸ ਇਲਾਕੇ ਦੇ ਜੰਗਲਾਂ ਦੀਆਂ ਡੰਡੀਆਂ ਤੇ ਰਸਤੇ ਜਾਣਦੇ ਸਨ। ਉਹ ਇਕ ਦਿਨ ਗੁਰੂ ਸਾਹਿਬ ਨੂੰ ਜੰਗਲ ਦਾ ਰਸਤਾ ਦਿਖਾਉਂਦੇ ਜੰਗਲ ਵਿਚ ਗੁਰੂ ਸਾਹਿਬ ਦੇ ਘੋੜੇ ਦੇ ਅੱਗੇ ਅੱਗੇ ਚੱਲਦੇ ਗਏ। ਭਾਈ ਜਵੰਦਾ ਜੀ ਦੇ ਪੈਰ ਲਹੂ ਲੋਹਾਣ ਹੋ ਗਏ। ਗੁਰੂ ਸਾਹਿਬ ਦੇਖ ਕੇ ਹੈਰਾਨ ਹੋ ਗਏ। ਗੁਰੂ ਸਾਹਿਬ ਨੇ ਆਪਣੀ ਜੁੱਤੀ (ਜੋੜਾ) ਭਾਈ ਜਵੰਦਾ ਜੀ ਨੂੰ ਦਿੱਤਾ ਤੇ ਕਿਹਾ ‘ਭਾਈ ਤੇਰੇ ਪੈਰ ਕੰਡਿਆ ਕਰਕੇ ਲਹੂ ਲੋਹਾਣ ਹੋ ਗਏ ਹਨ ਇਹ ਜੋੜਾ ਪਾ ਲੈ’ ਪਰ ਭਾਈ ਜਵੰਦਾ ਨੇ ਉਹ ਜੋੜਾ ਪੈਰਾਂ ਵਿਚ ਨਹੀਂ ਪਾਇਆ ਸਗੋਂ ਸਿਰ ਤੇ ਰੱਖ ਲਿਆ, ਗੁਰੂ ਸਾਹਿਬ ਦੇ ਜ਼ੋਰ ਪਾਉਣ ਤੇ ਵੀ ਨਹੀਂ । ਉਹ ਜੋੜਾ ਗੁਰੂ ਸਰ ਸੁਧਾਰ ਵਿਚ ਅੱਜ ਵੀ ਪਿਆ ਹੈ। ਖ਼ਬਰ ਕੀ ਬਣੀ? ਖ਼ਬਰ ਇੱਥੋਂ ਸ਼ੁਰੂ ਹੁੰਦੀ ਹੈ।
ਲੋਕਾਂ ਵਿਚ ਭਾਵਨਾ ਇਹ ਬਣੀ ਕਿ ਜੋੜੇ ਦੇ ਦਰਸ਼ਨ ਕਰਕੇ ਲੋਕਾਂ ਦੀਆਂ ਸੁੱਖਾਂ ਵਰ ਆਉਣ ਲੱਗ ਪਈਆਂ, ਤਾਂ ਲੋਕ ਇਸ ਜੋੜੇ ਨੂੰ ਆਪਣੇ ਘਰ ਲੈ ਜਾਂਦੇ ਤੇ ਉਸ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਂਦੇ, ਇੱਥੇ ਵਿਤਕਰਾ ਇਹ ਸੀ ਕਿ ਦਲਿਤ ਲੋਕ ਇੱਥੇ ਜੋੜੇ ਕੋਲ ਦੇਗ ਤਾਂ ਕਰਵਾ ਕੇ ਮੱਥਾ ਟੇਕ ਸਕਦੇ ਸਨ ਪਰ ਆਮ ਜੱਟਾਂ ਤੇ ਉੱਚੀਆਂ ਜਾਤਾਂ ਦੇ ਲੋਕਾਂ ਵਾਂਗ ਜੋੜਾ ਆਪਣੇ ਘਰ ਲੈ ਜਾ ਕੇ ਉਸ ਨਾਲ ਆਪਣੀ ਸ਼ਰਧਾ ਪੂਰੀ ਨਹੀਂ ਕਰ ਸਕਦੇ ਸਨ। ਇਹ ਵਿਤਕਰਾ ਦੇਖ ਕੇ ਸੰਤੋਖ ਗਿੱਲ ਦੇ ਅੰਦਰਲਾ ਪੱਤਰਕਾਰ ਜਾਗ ਪਿਆ। ਉਸ ਨੇ ਇਸ ਵਿਤਕਰੇ ਦੀ ਸਾਰੀ ਕਹਾਣੀ ਬਿਆਨ ਕਰਦਿਆਂ ਇਕ ਖੁੱਲ੍ਹਾ ਖ਼ਤ 25 ਨਵੰਬਰ 1995 ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ। ਇਹ ਖ਼ਤ ਨਵਾਂ ਜ਼ਮਾਨਾ, ਪੰਜਾਬੀ ਟ੍ਰਿਬਿਊਨ ਤੇ ਅੱਜ ਦੀ ਅਵਾਜ਼ ਨੇ ਪ੍ਰਕਾਸ਼ਿਤ ਕੀਤਾ। ਖ਼ਤ ਵਿਚ ਲਿਖਿਆ ਕਿ ‘ਗੁਰੂ ਸਾਹਿਬ ਦਾ ਇਹ ਜੋੜਾ ਕਿਸੇ ‘ਚਮਾਰ’ ਨੇ ਬਣਾਇਆ ਹੋਵੇਗਾ ਪਰ ‘ਚਮਾਰਾਂ’ ਨੂੰ ਇਸ ਜੋੜੇ ਨੂੰ ਹੱਥ ਲਗਾਉਣ ਦੀ ਇਜਾਜ਼ਤ ਨਹੀਂ ਹੈ?’ ਇਸ ਖ਼ਤ ਨਾਲ ਇਲਾਕੇ ਵਿਚ ਭੁਚਾਲ ਆ ਗਿਆ। ਸੰਤੋਖ ਗਿੱਲ ਕਹਿੰਦਾ ਹੈ ‘ਜਥੇਦਾਰ ਮਨਜੀਤ ਸਿੰਘ ਨੇ ਇਸ ਖ਼ਤ ਦਾ ਕੋਈ ਜਵਾਬ ਨਹੀਂ ਦਿੱਤਾ’।
-ਕੋਰਟ ਕੇਸ.. ਲੀਗਲ ਨੋਟਿਸ.. ਧਮਕੀਆਂ-
ਖੰਨੇ ਵਿਚ ਪੱਤਰਕਾਰੀ ਕੀਤੀ, ਧਮਾਕੇਦਾਰ ਪੱਤਰਕਾਰੀ ਕਰਕੇ ਕਾਫ਼ੀ ਨਾਮ ਬਣ ਗਿਆ। ਇੱਥੇ ਸਿਵਲ ਹਸਪਤਾਲ ਵਿਚ ਡਾਕਟਰ ਦੀਆਂ ਬੇਨਿਯਮੀਆਂ ਦੀ ਰਿਪੋਰਟ ਪ੍ਰਕਾਸ਼ਿਤ ਹੋਈ ਤਾਂ ਉਸ ਨੇ ਮਾਣਹਾਨੀ ਦਾ ਕੇਸ ਕੀਤਾ ਜੋ 8 ਸਾਲ ਚੱਲਿਆ ਤੇ ਡਾਕਟਰ ਹਾਰ ਗਿਆ। ਕੋਰਟ ਨੋਟਿਸਾਂ ਦੀ ਗਿਣਤੀ ਨਹੀਂ ਹੈ, ਅਜਿਹਾ ਵੀ ਹੁੰਦਾ ਰਿਹਾ ਕਿ ਕਈ ਵਾਰੀ ਕੋਰਟ ਨੋਟਿਸ ਦੇਣ ਵਾਲੀ ਪਾਰਟੀ ਡਾਕੀਏ ਦੇ ਨਾਲ ਹੀ ਆ ਜਾਂਦੀ ਤਾਂ ਸੰਤੋਖ ਉਹ ਕੋਰਟ ਨੋਟਿਸ ਉਨ੍ਹਾਂ ਦੇ ਸਾਹਮਣੇ ਹੀ ਲੈ ਕੇ ਫਾੜ ਦਿੰਦਾ।
-ਬਲਾਤਕਾਰੀ ਸੰਤੋਖ ਗਿੱਲ?-
ਇਹ ਨਹੀਂ ਕਿ ਪੁਲੀਸ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਹੀ ਲਾਉਣੇ ਹਨ, ਸੰਤੋਖ ਗਿੱਲ ਪੁਲੀਸ ਦੀਆਂ ਬੇਨਿਯਮੀਆਂ ਦੀਆਂ ਖ਼ਬਰਾਂ ਲਾਉਣ ਵਿਚ ਵੀ ਮਸ਼ਹੂਰ ਹੈ ਤੇ ਚਰਚਿਤ ਪੱਤਰਕਾਰ ਹੈ। ਪੁਲੀਸ ਖ਼ਿਲਾਫ਼ ਲੱਗਦੀਆਂ ਖ਼ਬਰਾਂ ਤੋਂ ਪੁਲੀਸ ਬੜਾ ਤੰਗ ਹੋਈ, ਤੇ ਇਕ ਔਰਤ ਕਿਤੋਂ ਅੰਬਰਾਂ ਤੋਂ ਲਿਆਂਦੀ, ਜਿਸ ਦੇ ਦਰਸ਼ਨ ਕਦੇ ਵੀ ਕਿਸੇ ਨੂੰ ਨਹੀਂ ਹੋਏ, ਕਿਸੇ ਨੂੰ ਤਾਂ ਕੀ ਹੋਣੇ ਸਨ ਉਸ ਦੇ ਦਰਸ਼ਨ ਕਦੇ ਸੰਤੋਖ ਗਿੱਲ ਨੂੰ ਵੀ ਨਹੀਂ ਹੋਏ। ਉਸ ਅਦਿੱਖ ਔਰਤ ਦੇ ਨਾਮ ਤੇ ਪੁਲੀਸ ਨੇ ਸੰਤੋਖ ਗਿੱਲ ਤੇ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ। ਪਰ ਚਾਰ ਜ਼ਿਲ੍ਹਿਆਂ ਤੇ ਪੱਤਰਕਾਰਾਂ ਨੇ ਮੋਢੇ ਨਾਲ ਮੋਢਾ ਲਾਇਆ। ਤੇ ਦੂਜੇ ਦਿਨ ਹੀ ਲੁਧਿਆਣਾ ਦੇ ਤਤਕਾਲੀ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪਰਚਾ ਰੱਦ ਕਰਨ ਬਾਰੇ ਕਿਹਾ ਪਰ ਫੇਰ ਵੀ ਕਾਨੂੰਨੀ ਕਾਰਨਾਂ ਕਰਕੇ ਉਹ ਪਰਚਾ 2012 ਵਿਚ ਖ਼ਾਰਜ ਹੋਇਆ।
-ਡਾਕੂ ਬਣਿਆ ਸੰਤੋਖ ਗਿੱਲ?-
ਮਸ਼ੀਨਾਂ ਦੇ ਟੂਲ ਲੈ ਕੇ ਗੁਜਰਾਤ ਜਾ ਰਹੇ ਟਰੱਕ ਨੂੰ ਰਾਏਕੋਟ ਦੀ ਪੁਲੀਸ ਨੇ ਫੜ ਲਿਆ, ਪਰ ਉਸ ਟਰੱਕ ਵਿਚ ਮਹਿੰਗੇ ਟੂਲ ਰਾਤੋ ਰਾਤ ਅਮੀਰ ਮਾਲਕਾਂ ਨੇ ਕੱਢ ਲਏ, ਜਿਸ ਦੀ ਰਿਪੋਰਟ ਦੇਸ਼ ਸੇਵਕ ਵਿਚ ਸੰਤੋਖ ਗਿੱਲ ਨੇ ਲਾਈ ਤਾਂ ਪੁਲੀਸ ਦੇ ਐਸਐਚਓ, ਐਡੀਸ਼ਨਲ ਐਸਐਚਓ ਤੇ ਮੁਨਸ਼ੀ ਦੀ ਪੜਤਾਲ ਹੋਈ ਤੇ ਉਨ੍ਹਾਂ ਨੂੰ ਆਪਣੇ ਹੀ ਥਾਣੇ ਦੀ ਹਵਾਲਾਤ ਵਿਚ ਬੰਦ ਹੋਣਾ ਪਿਆ ਤੇ ਜੇਲ੍ਹ ਜਾਣਾ ਪਿਆ, ਉਨ੍ਹਾਂ ਨੇ ਇਕ ਵਿਕਾਊ ਪੱਤਰਕਾਰ ਨਾਲ ਗੰਢ ਤੁਪ ਕਰਕੇ ਸੰਤੋਖ ਗਿੱਲ ਤੇ 2000 ਰੁਪਏ ਦਾ ਡਾਕਾ ਮਾਰਨ ਦਾ ਪਰਚਾ ਦਰਜ ਕਰਵਾਇਆ, ਜਿਸ ਵਿਚ 5 ਬੰਦੇ ਨਾਮ ਸਮੇਤ ਤੇ 11 ਬੰਦੇ ਬੇਨਾਮੇ ਪਾਏ ਗਏ। ਉਲਟਾ ਪਰਚਾ ਸੰਤੋਖ ਗਿੱਲ ਤੇ ਸਾਥੀਆਂ ਨੇ ਪੱਤਰਕਾਰ ਤੇ ਵੀ ਕਰਵਾ ਦਿੱਤਾ। ਪੱਤਰਕਾਰ ਇਕ ਦਿਨ ਮਰ ਗਿਆ ਤਾਂ ਇਹ ਪਰਚਾ ਵੀ ਰੱਦ ਹੋ ਗਿਆ।
-ਪੇਪਰ ਲੀਕ ਦੀ ਖ਼ਬਰ ਇਕ ਦਿਨ ਪਹਿਲਾਂ ਛਾਪੀ-
2003 ਦੀ ਗੱਲ ਹੈ ਕਿ ਨਰਸਿੰਗ ਦਾ ਪੇਪਰ ਹੋਣਾ ਸੀ, ਉਹ ਲੀਕ ਹੋ ਗਿਆ ਤੇ ਉਸ ਦੀ ਰਿਪੋਰਟ ਦੇਸ਼ ਸੇਵਕ ਤੇ ਫ਼ਰੰਟ ਪੇਜ ਤੇ ਲੱਗੀ, ਉਸ ਰਿਪੋਰਟ ਵਿਚ ਪੇਪਰ ਦੇ ਪ੍ਰਸ਼ਨ ਵੀ ਅੰਕਿਤ ਕਰ ਦਿੱਤੇ ਗਏ। ਦੂਜੇ ਦਿਨ ਜੋ ਨਰਸਿੰਗ ਦਾ ਪ੍ਰਸ਼ਨ ਪੇਪਰ ਆਇਆ ਉਹ ਸੰਤੋਖ ਗਿੱਲ ਵਲੋਂ ਖਬਰ ਵਿਚ ਅੰਕਿਤ ਕੀਤੇ ਪ੍ਰਸ਼ਨ ਪੱਤਰ ਵਾਲਾ ਹੀ ਸੀ। ਉਸ ਰਿਪੋਰਟ ਨਾਲ ਕਈਆਂ ਨੂੰ ਸਜਾਵਾਂ ਵੀ ਹੋਈਆਂ।
-ਦੋ ਦਲਿਤ ਬੱਚਿਆਂ ਦੀ ਦਰਦਨਾਕ ਕਹਾਣੀ-
ਖਬਰਾਂ ਦੀਆਂ ਕਹਾਣੀਆਂ ਬਹੁਤ ਹਨ, ਜਿਵੇਂ ਕਿ ਪਿੰਡ ਚੱਕ ਭਾਈਕਾ ਦੀ ਕਹਾਣੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਤੇ ਨਾਲ ਭਾਈਕੇ ਦੀਆਂ ਸਮਾਧਾਂ ਹਨ ਉੱਥੇ ਗੋਲਕਾਂ ਰੱਖੀਆਂ ਹਨ ਪਿੰਡ ਦੇ ਗ਼ਰੀਬ ਦਲਿਤਾਂ ਦੇ ਬੱਚੇ ਇਕ 7 ਸਾਲ ਦਾ ਇਕ 9 ਸਾਲ ਦਾ। ਇਨ੍ਹਾਂ ਬੱਚਿਆਂ ਨੇ ਗੋਲਕ ਵਿਚੋਂ 30 ਰੁਪਏ ਚੋਰੀ ਕਰਕੇ ਖ਼ਰਚ ਦਿੱਤੇ। ਪਿੰਡ ਦੇ ਜੱਟ ਚੌਧਰੀਆਂ ਨੂੰ ਪਤਾ ਲੱਗਾ ਤਾਂ ਚੌਧਰੀਆਂ ਨੇ ਬੱਚਿਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਉਲਟਾ ਲਟਕਾਇਆ ਦੇ ਜਾਲਮੀਅਤ ਤਰੀਕੇ ਨਾਲ ਕੁਟਿਆ, ਬੱਚਿਆਂ ਦੀਆਂ ਮਾਂਵਾਂ ਮਿੰਨਤਾਂ ਕਰਦੀਆਂ ਰਹੀਆਂ, ਕਿ ਇਨ੍ਹਾਂ ਨੂੰ ਛੱਡ ਦਿਓ ਉਹ 30 ਰੁਪਏ ਦੀ ਥਾਂ 60 ਰੁਪਏ ਦੇ ਦੇਣਗੀਆਂ। ਪਰ ਚੌਧਰੀਆਂ ਨੇ ਬੱਚਿਆਂ ਨੂੰ ਪਿੰਡ ਵਿਚ ਭਜਾਇਆ ਤੇ ਬੁਰੀ ਤਰ੍ਹਾਂ ਕੁੱਟਿਆ। ਉਸ ਖ਼ਬਰ ਦਾ ਸੰਤੋਖ ਗਿੱਲ ਨੂੰ ਸੰਗਰੂਰ ਵਿਚ ਦੋਸਤ ਬਲਜੀਤ ਸਿੰਘ ਤੋਂ ਲੱਗਾ। ਸੰਤੋਖ ਸਿੱਧਾ ਚੱਕ ਭਾਈਕੇ ਗਿਆ ਤੇ ਸਾਰੀ ਰਿਪੋਰਟ ਹਾਸਲ ਕੀਤੀ ਜੋ ਦੇਸ਼ ਸੇਵਕ ਵਿਚ ਫ਼ਰੰਟ ਪੇਜ ਤੇ ਲੱਗੀ । ਜਿਸ ਦਾ ਕਿ ਐਸਸੀ ਕਮਿਸ਼ਨ ਨੇ ਨੋਟਿਸ ਲਿਆ ਤੇ ਤਤਕਾਲੀ ਐਸਐਸਪੀ ਦਿਹਾਤੀ ਜਸਕਰਨ ਸਿੰਘ ਨੇ ਸਾਰੇ ਦੋਸ਼ੀਆਂ ਤੇ ਪਰਚਾ ਦਰਜ ਕੀਤਾ, ਜੋ ਕਿ ਲੁਧਿਆਣੇ ਜ਼ਿਲ੍ਹੇ ਦਾ ਐਸਸੀ ਐਕਟ ਤਹਿਤ ਪਹਿਲਾ ਪਰਚਾ ਸੀ।
-ਜਾਨਵਰਾਂ ਨੂੰ ਬੰਦੀ ਬਣਾਉਣਾ-
ਮਹਿੰਦੀਆਣਾ ਵਿਚ ਮੋਰ ਆਦਿ ਕਈ ਸਾਰੇ ਜਾਨਵਰਾਂ ਪੰਛੀਆਂ ਨੂੰ ਪਿੰਜਰੇ ਵਿਚ ਬੰਦ ਕਰਕੇ ਬਾਬਾ ਲੋਕਾਂ ਤੋਂ ਜਾਨਵਰਾਂ ਦੇ ਖਾਣੇ ਲਈ ਪੈਸੇ ਲੈਂਦਾ ਸੀ। ਉਨ੍ਹਾਂ ਜਾਨਵਰਾਂ ਦੀ ਰਾਖੀ ਕਰਦਾ ਸਾਬਕਾ ਫੌਜੀ ਪਰਚੀਆਂ ਕੱਟਦਾ ਸੀ। ਕਹਿੰਦਾ ਜਾਨਵਰਾਂ ਦੇ ਖਾਣੇ ਦੇ ਨਾਮ ਦੀ ਪਰਚੀ ਕੱਟੋ ਤੇ ਭਾਗ ਖੁੱਲ ਜਾਣਗੇ। ਸੰਤੋਖ ਗਿੱਲ ਨੇ ਇਹ ਖ਼ਬਰ ਲਾਈ ਤਾਂ ਬਾਬੇ ਅਤੇ ਰੱਖਿਆ ਤੇ ਖੜੇ ਸਾਬਕਾ ਫ਼ੌਜੀ ਤੇ ਜੰਗਲਾਤ ਵਿਭਾਗ ਨੇ ਕੇਸ ਦਰਜ ਕਰਾਇਆ।
-ਕਰਤਾਰ ਸਿੰਘ ਸਰਾਭਾ ਦੀ ਸਮਾਰਕ ਤੇ ਘਰ ਬਣਾਉਣਾ-
1997 ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਤਾਂ ਬਾਦਲ ਸਾਹਿਬ ਨੇ ਐਲਾਨ ਕੀਤਾ ਕਿ ਕਰਤਾਰ ਸਿੰਘ ਸਰਾਭਾ ਦੀ ਸਮਾਰਕ ਬਣਾਈ ਜਾਵੇਗੀ ਤੇ ਉਸ ਦਾ ਘਰ ਪਹਿਲੀ ਦਿੱਖ ਅਨੁਸਾਰ ਬਣਾਇਆ ਜਾਵੇਗਾ ਜਿਸ ਲਈ ਇਕ ਕਰੋੜ ਦਾ ਐਲਾਨ ਕੀਤਾ ਪਰ ਬਾਦਲ ਸਾਹਿਬ ਦਾ ਐਲਾਨ, ਐਲਾਨ ਹੀ ਰਹਿ ਗਿਆ। ਉਸ ਵੇਲੇ ਸਰਾਭਾ ਦੇ ਚਚੇਰੀ ਭੈਣ ਜਗਦੀਸ਼ ਕੌਰ 101 ਸਾਲ ਦੇ ਸਨ, ਉਹ ਹਮੇਸ਼ਾ ਦੁਖੀ ਰਹਿੰਦੇ ਕਿ ਘਰ ਤਾਂ ਖੋਲ਼ਾ ਬਣ ਗਿਆ ਹੈ, ਤਾਂ ਸੰਤੋਖ ਗਿੱਲ ਨੇ ਇਕ ਪੈਂਤੜਾ ਖੇਡਿਆ ਤੇ ਮਾਤਾ ਜਗਦੀਸ਼ ਕੌਰ ਤੋਂ ਐਲਾਨ ਕਰਵਾ ਦਿੱਤਾ ਕਿ ਉਹ ਮੁੱਖ ਮੰਤਰੀ ਬਾਦਲ ਸਾਹਿਬ ਦੀ ਚੰਡੀਗੜ੍ਹ ਕੋਠੀ ਦੇ ਅੱਗੇ ਧਰਨਾ ਦੇਵੇਗੀ। ਜਿਸ ਦੀ ਖ਼ਬਰ ਲਗਾਈ, ਕਿ ‘101 ਸਾਲਾ ਬਜ਼ੁਰਗ ਔਰਤ ਜੋ ਕੈਂਸਰ ਤੋਂ ਪੀੜਤ ਹੈ ਬਾਦਲ ਦੇ ਘਰ ਦੇ ਬਾਹਰ ਧਰਨੇ ਤੇ ਬੈਠੇਗੀ।’ 2001 ਦੀ ਗੱਲ ਹੈ ਕਿ ਲੁਧਿਆਣਾ ਦੇ ਡੀ ਸੀ ਐੱਸ ਕੇ ਸੰਧੂ ਹੁੰਦੇ ਸਨ ਤਾਂ ਉਸ ਵੇਲੇ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਘਰ ਬਣਾਇਆ ਗਿਆ। ਪਰ ਅਧੂਰਾ ਕਾਰਜ ਰਹਿ ਗਿਆ, 2002 ਵਿਚ ਅਮਰਿੰਦਰ ਦੀ ਸਰਕਾਰ ਆ ਗਈ, ਉਸ ਨੇ ਵੀ ਐਲਾਨ ਕੀਤਾ ਸੀ, ਪਰ ਕੁਝ ਵੀ ਨਾ ਹੋਣ ਕਰਕੇ ਸੰਤੋਖ ਗਿੱਲ ਸਮੇਤ ਪੰਜ ਪੱਤਰਕਾਰਾਂ ਨੇ ਕਰਤਾਰ ਸਿੰਘ ਸਰਾਭਾ ਦੀ ਸਮਾਰਕ ਨੇੜੇ ਬੈਠ ਕੇ ਆਪਣੇ ਸਿਰ ਮੁੰਡਵਾ ਲਏ। ਕਾਰਨ ਕਿ ਪੰਜਾਬ ਸਰਕਾਰ ਕਰਤਾਰ ਸਿੰਘ ਸਰਾਭਾ ਦੀ ਸਮਾਰਕ ਬਣਾਉਣ ਤੋਂ ਮੁੱਕਰ ਗਈ ਹੈ ਮੁੱਕਰਿਆ ਬੰਦਾ ਮਰਿਆਂ ਵਰਗਾ ਹੁੰਦਾ ਹੈ, ਹਿੰਦੂ ਧਰਮ ਅਨੁਸਾਰ ਮਰਨ ਵਾਲੇ ਨੂੰ ਸ਼ਾਂਤੀ ਦੇਣ ਲਈ ਘਰ ਦਾ ਵੱਡਾ ਮੁੰਡਾ ਜਾਂ ਕੋਈ ਨਾ ਕੋਈ ਆਪਣਾ ਸਿਰ ਮੰਡਵਾਉਂਦਾ ਹੈ। ਇਸੇ ਕਰਕੇ ਸੰਤੋਖ ਗਿੱਲ ਤੇ ਪੰਜ ਹੋਰ ਪੱਤਰਕਾਰਾਂ ਨੇ ਸਿਰ ਮੁਡਵਾਏ। ਸੰਤੋਖ ਗਿੱਲ ਹੁਣ ਤੱਕ ਗੰਜਾ ਹੀ ਰਿਹਾ, ਪਰ ਕੁਝ ਸਮਾਂ ਹੋਇਆ ਦੁਬਾਰਾ ਵਾਲ ਰੱਖੇ ਹਨ ਪਰ ਕਰਤਾਰ ਸਿੰਘ ਸਰਾਭਾ ਦੀ ਯਾਦਗਾਰ ਜ਼ਰੂਰ ਬਣਾ ਦਿੱਤੀ ਗਈ।
-ਜਾਤੀਵਾਦ ਵਿਚ ਉਲਝਿਆ ਕਿਸਾਨ?-
ਰਾਏਕੋਟ ਨੇੜੇ ਪਿੰਡ ਜੋਹਲਾਂ ਦੀ ਘਟਨਾ ਹੈ, ਸੰਤੋਖ ਗਿੱਲ ਕਹਿੰਦਾ ਹੈ ‘ਕਿਸਾਨਾਂ ਵਿਚ ਜਗੀਰਦਾਰੀ ਤੇ ਜਾਤੀਵਾਦ ਕੁੱਟ ਕੁੱਟ ਕੇ ਭਰਿਆ ਹੈ। ਇਹ ਲੀਡਰ ਕਹਾਉਣ ਦੇ ਹੱਕਦਾਰ ਨਹੀਂ ਹਨ’ ਪਿੰਡ ਵਿਚ ਇਕ ਮੁੰਡੇ ਦਾ ਇਕ ਕੁੜੀ ਨਾਲ ਪਿਆਰ ਹੋ ਗਿਆ, ਕੁੜੀ ਦਾ ਵਿਆਹ ਹੋਇਆ ਸੀ ਪਰ ਉਸ ਦਾ ਘਰਵਾਲਾ ਖੇਤੀ ਕਰਨ ਵਿਚ ਜ਼ਿਆਦਾ ਰੁੱਝਿਆ ਰਹਿੰਦਾ ਤੇ ਘਰ ਤੋਂ ਦੂਰ ਹੀ ਰਹਿੰਦਾ ਸੀ। ਦੋਵਾਂ ਨੇ ਫ਼ੈਸਲਾ ਕੀਤਾ ਤੇ ਦੋਵੇਂ ਘਰੋਂ ਭੱਜ ਗਏ, ਇਸ ਮਾਮਲੇ ਤੋਂ ਗ਼ੁੱਸਾ ਖਾ ਕੇ ਕਿਸਾਨ ਜਥੇਬੰਦੀ ਨੇ ਪਿੰਡ ਵਿਚ ਇਸ ਪਰਿਵਾਰ ਦਾ ਬਾਈਕਾਟ ਕਰ ਦਿੱਤਾ। ਪਿੰਡ ਵਿਚ ਦੋ ਪੱਤਰਕਾਰ ਵੀ ਸਨ ਪਰ ਉਹਨਾਂ ਖ਼ਬਰ ਨਹੀਂ ਲਾਈ, ਬਾਈਕਾਟ ਏਨਾ ਘਟੀਆ ਸੀ ਕਿ ਇਸ ਪਰਿਵਾਰ ਦੇ ਸਾਹ ਹੀ ਬੰਦ ਕਰ ਦਿੱਤੇ, ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਇਸ ਪਰਿਵਾਰ ਦਾ ਕੋਈ ਜਣਾ ਮਰ ਜਾਂਦਾ ਹੈ ਤਾਂ ਉਸ ਦੀ ਅਰਥੀ ਨਾਲ ਵੀ ਕੋਈ ਨਹੀਂ ਜਾਵੇਗਾ। 16 ਤਰ੍ਹਾਂ ਦੇ ਮਤੇ ਪਾਏ। ਜਿਸ ਵਿਚ ਪਰਿਵਾਰ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਸੀ, ਇਸ ਦੀ ਰਿਪੋਰਟ ਸੰਤੋਖ ਗਿੱਲ ਨੇ ਦੇਸ਼ ਸੇਵਕ ਵਿਚ ਭੇਜੀ ਤੇ ਫ਼ਰੰਟ ਪੇਜ ਤੇ ਲੱਗੀ। ਕਿਸਾਨਾਂ ਨੇ ਸੰਤੋਖ ਗਿੱਲ ਦੇ ਖ਼ਿਲਾਫ਼ ਧਰਨੇ ਲਾਏ ਤੇ ਬਹੁਤ ਗ਼ੁੱਸਾ ਦਿਖਾਇਆ।
-ਕਿਸਾਨਾਂ ਦੇ ਟੋਲ ਪਲਾਜ਼ਾ ਆਈ ਕਾਰਡ-
3 ਦਸੰਬਰ 2022 ਨੂੰ ਸੰਤੋਖ ਗਿੱਲ ਦੀ ਪੰਜਾਬੀ ਟ੍ਰਿਬਿਊਨ ਵਿਚ ਫ਼ਰੰਟ ਪੇਜ ਦੇ ਅੱਠ ਕਾਲਮੀ ਰਿਪੋਰਟ ਪ੍ਰਕਾਸ਼ਿਤ ਹੋਈ। ਉਸ ਵਿਚ ਕਿਸਾਨਾਂ ਵੱਲੋਂ ਟੋਲ ਪਲਾਜਿਆਂ ਤੇ ਫ਼ਰੀ ਲੰਘ ਜਾਣ ਲਈ ਆਈ ਕਾਰਡਾਂ ਦੀ ਪੂਰੀ ਕਹਾਣੀ ਸੀ, ਜਿਸ ਵਿਚ ਕਿਸਾਨਾਂ ਦੇ ਪੱਖ ਵੀ ਫ਼ੋਟੋਆਂ ਸਮੇਤ ਪਾਏ।
ਇਸ ਖ਼ਬਰ ਤੋਂ ਗ਼ੁੱਸੇ ਹੋ ਕੇ ਕਿਸਾਨਾਂ ਨੇ ਸੰਤੋਖ ਗਿੱਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਉਸ ਦੇ ਘਰ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕੀਤਾ, ਉਸ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ। ਕਿਸਾਨਾਂ ਨੇ ਆਪਣੀ ਗ਼ਲਤੀ ਨਹੀਂ ਸੁਧਾਰੀ ਸਗੋਂ ਪੱਤਰਕਾਰ ਨੂੰ ਹੀ ਆੜੇ ਹੱਥੀਂ ਲੈ ਲਿਆ। ਪਰ ਸੰਤੋਖ ਗਿੱਲ ਨਿਡਰਤਾ ਨਾਲ ਪੱਤਰਕਾਰੀ ਕਰ ਰਿਹਾ ਹੈ। ਸਾਰਾ ਪੱਤਰਕਾਰ ਭਾਈਚਾਰਾ ਉਸ ਦੇ ਨਾਲ ਖੜ੍ਹਾ ਹੈ।
-ਪਰਿਵਾਰ-
ਸੰਤੋਖ ਗਿੱਲ ਦੀ ਧਰਮ ਪਤਨੀ ਬਾਰੇ ਤਾਂ ਪਹਿਲਾਂ ਪਤਾ ਲੱਗ ਹੀ ਗਿਆ ਹੈ, ਜਰਨੈਲ ਗਿੱਲ, ਬੇਟਾ ਗੋਰਕੀ ਗਿੱਲ ਆਸਟ੍ਰੇਲੀਆ ਵਿਚ ਹੈ ਤੇ ਭਰਾ ਜਗਦੇਵ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਸੀਨੀਅਰ ਸਹਾਇਕ ਤੌਰ ਤੇ ਸੇਵਾ ਮੁਕਤੀ ਲੈ ਕੇ ਵਿਦੇਸ਼ ਚਲਾ ਗਿਆ। ਪਿਤਾ ਦੋ ਸਾਲ ਪਹਿਲਾਂ ਤੇ ਮਾਤਾ ਦੀ ਦਸ ਸਾਲ ਪਹਿਲਾ ਚੜ੍ਹਾਈ ਕਰ ਗਏ ਹਨ।
ਸੋ ਸੰਤੋਖ ਗਿੱਲ ਇਕ ਨਿਧੜਕ ਪੱਤਰਕਾਰ ਹੈ, ਜਿਸ ਨੇ ਪੱਤਰਕਾਰੀ ਨੂੰ ਮਿਸ਼ਨ ਬਣਾਇਆ ਹੈ ਅਜਿਹੇ ਪੱਤਰਕਾਰ ਨੂੰ ‘ਹਨੇਰਾ’ ਸੰਕਟ ਦੇਣ ਦਾ ਕੰਮ ਕਰਦਾ ਰਹੇਗਾ ਪਰ ਸਾਰੇ ਭਾਈਚਾਰੇ ਦਾ ਫ਼ਰਜ਼ ਬਣਦਾ ਹੈ ਕਿ ਇਸ ਦੀ ਹਰ ਪੱਖੋਂ ਮਦਦ ਕੀਤੀ ਜਾਵੇ ਮੈਂ ਸੰਤੋਖ ਗਿੱਲ ਦੀ ਪੱਤਰਕਾਰੀ ਨੂੰ ਸਲੂਟ ਕਰਦਾ ਹਾਂ ਤੇ ਰੱਬ ਤੋਂ ਉਸ ਦੀ ਚੜ੍ਹਦੀਕਲਾ ਮੰਗਦਾ ਹਾਂ.. ਆਮੀਨ
ਗੁਰਨਾਮ ਸਿੰਘ ਅਕੀਦਾ
8146001100
Wednesday, December 07, 2022
-ਅਜੀਤ ਅਖ਼ਬਾਰ ਇਤਿਹਾਸ-
ਪੱਤਰਕਾਰੀ ਦੇ ਇਤਿਹਾਸ ਵਿਚੋਂ ਤੁਹਾਡੀ ਨਜ਼ਰ ਸਿਰਫ਼ ਅਜੀਤ ਦਾ ਇਤਿਹਾਸ ਕਰ ਰਿਹਾ ਹਾਂ, ਬਾਕੀ ਭਾਰਤੀ ਪੱਤਰਕਾਰੀ ਦਾ ਇਤਿਹਾਸ 1674 ਤੋਂ ਲੈ ਕੇ ਤੇ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਆਪ ਜੀ ਨੂੰ ਕਿਤਾਬ ਵਿਚ ਪੜ੍ਹਨ ਨੂੰ ਮਿਲੇਗਾ...
ਸੰਨ 1959 ਵਿਚ ਅੱਜ ਕੱਲ੍ਹ ਦਾ ਮੋਹਰੀ ਰੋਜ਼ਾਨਾ ਪੱਤਰ ‘ਅਜੀਤ’ ਸਾਧੂ ਸਿੰਘ ਹਮਦਰਦ ਦੀ ਸੰਪਾਦਨਾ ਹੇਠ ਸ਼ੁਰੂ ਹੋਇਆ। ਇਹੀ ਪੱਤਰ 1955 ਤੋਂ ‘ਅਜੀਤ ਪੱਤ੍ਰਿਕਾ’ ਦੇ ਨਾਂ ਥੱਲੇ ਛਪਦਾ ਰਿਹਾ ਸੀ। ਸਾਧੂ ਸਿੰਘ ਹਮਦਰਦ ਭਾਸ਼ਾ ਵਿਭਾਗ ਵੱਲੋਂ ਸਨਮਾਨੇ ਜਾਣ ਵਾਲੇ ਪੱਤਰਕਾਰਾਂ ਵਿਚੋਂ ਪਹਿਲਾ ਸੀ। ਇਸ ਤੋਂ ਪਹਿਲਾਂ ਸਾਧੂ ਸਿੰਘ ਹਮਦਰਦ ‘ਵਿਹਾਰ ਸੁਧਾਰ’, ‘ਖ਼ਾਲਸਾ ਐਂਡ ਖ਼ਾਲਸਾ ਐਡਵੋਕੇਟ’, ਸਪਤਾਹਿਕ ‘ਅਜੀਤ’ ਉਰਦੂ, ਰੋਜ਼ਾਨਾ ‘ਅਜੀਤ’ ਉਰਦੂ, ਰੋਜ਼ਾਨਾ ‘ਪ੍ਰਭਾਤ’ ਉਰਦੂ, ‘ਅਜੀਤ ਪਤ੍ਰਿਕਾ’ ਆਦਿ ਵਿਚ ਕੰਮ ਕਰ ਚੁੱਕਿਆ ਸੀ ਤੇ ‘ਅਜੀਤ’ ਪੰਜਾਬੀ ਦੀ ਵਾਗਡੋਰ ਸੰਭਾਲਦਿਆਂ ਹੀ ਇਸ ਪੱਤਰ ਨੂੰ ਮੋਹਰੀ ਪੰਜਾਬੀ ਪੱਤਰ ਬਣਾਉਣ ਦਾ ਦ੍ਰਿੜ੍ਹ ਸੰਕਲਪ ਲਿਆ। ਸਭ ਪ੍ਰਕਾਰ ਦੀਆਂ ਮਜਬੂਰੀਆਂ ਦੇ ਬਾਵਜੂਦ ਇਸ ਪੱਤਰ ਨੂੰ ਚੜ੍ਹਦੀਕਲਾ ਵਿਚ ਰੱਖਿਆ। ਸਾਧੂ ਸਿੰਘ ਹਮਦਰਦ ਦੀ ਪ੍ਰਵੀਨਤਾ ਦਾ ਅਨੁਮਾਨ ਇਸ ਗਲ ਤੋਂ ਲਾਇਆ ਜਾ ਸਕਦਾ ਹੈ ਕਿ ‘ਅਜੀਤ ਪੱਤ੍ਰਿਕਾ’ ਦੇ ਮਾਲਕ ਘਾਟੇ ਕਾਰਨ ਇਸ ਨੂੰ ਛਾਪਣਾ ਬੰਦ ਕਰ ਦੇਣਾ ਚਾਹੁੰਦੇ ਸਨ। ਪਰ ਸਾਧੂ ਸਿੰਘ ਹਮਦਰਦ ਨੇ ਇਸ ਪੱਤਰ ਨੂੰ ਖ਼ਰੀਦ ਕੇ ਸਖ਼ਤ ਮਿਹਨਤ ਤੇ ਲਗਨ ਨਾਲ ਇਸ ਨੂੰ ਪੰਜਾਬੀ ਦਾ ਮੋਹਰੀ ਰੋਜ਼ਾਨਾ ਅਖ਼ਬਾਰ ਬਣਾ ਦਿੱਤਾ। ‘ਹਮਦਰਦ’ ਨੇ ਦੋ ਦਰਜਨ ਤੋਂ ਵੱਧ ਨਾਵਲ, ਗ਼ਜ਼ਲਾਂ ਦੇ ਕਈ ਸੰਗ੍ਰਹਿ ਅਤੇ ਕਹਾਣੀਆਂ ਵੀ ਲਿਖੀਆਂ। ਸਾਧੂ ਸਿੰਘ ਹਮਦਰਦ ਦੇ ਕਈ ਨਾਵਲ ਲੜੀਵਾਰ ਅਜੀਤ ਵਿਚ ਛਪਦੇ ਰਹੇ ਹਨ। ਸੰਨ 1963 ਵਿਚ ਅਜੀਤ ਚਾਰ ਸਫ਼ਿਆਂ ਦੀ ਥਾਂ 6 ਸਫ਼ਿਆਂ ਵਿਚ ਛਪਣ ਲੱਗ ਪਿਆ। ਇਸ ਦੀ ਕੀਮਤ 13 ਪੈਸੇ ਕਰ ਦਿੱਤੀ ਗਈ। ਇਹ ਪਹਿਲਾ ਰੋਜ਼ਾਨਾ ਪੇਪਰ ਸੀ ਜਦੋਂ ਇਹ ਆਡਿਟ ਬਿਊਰੋ ਆਫ਼ ਸਰਕੂਲੇਸ਼ਨ ਦਾ ਮੈਂਬਰ ਬਣਿਆ ਤੇ ਉਸ ਵੇਲੇ ਇਸ ਦੀ ਛਪਣ ਗਿਣਤੀ ਸਭ ਤੋਂ ਵੱਧ ਅਰਥਾਤ 85 ਹਜ਼ਾਰ ਤੋਂ ਵੀ ਵੱਧ ਸੀ। ਸਰਕਾਰੀ ਅਤੇ ਪ੍ਰਾਂਤਿਕ ਤੇ ਕੌਮੀ ਪੱਘਰ ਦੀਆਂ ਕੰਪਨੀਆਂ ਦੇ ਇਸ਼ਤਿਹਾਰ ਪ੍ਰਾਪਤ ਕਰਨ ਵਾਲਾ ਇਹ ਮੋਹਰੀ ਅਖ਼ਬਾਰ ਰਿਹਾ ਹੈ। ਇਸ ਨੂੰ ਸਮਾਚਾਰ ਏਜੰਸੀਆਂ ਤੋਂ ਇਲਾਵਾ ਫ਼ੀਚਰ ਸਿੰਡੀਕੇਟਾਂ ਦੀਆਂ ਸੇਵਾਵਾਂ ਪ੍ਰਾਪਤ ਹਨ। ਪੰਜਾਬੀ ਪੱਤਰਾਂ ਵਿਚ ਆਫਸੈੱਟ ਮਸ਼ੀਨ ਲਗਾਉਣ ਵਿਚ ਇਸ ਪੱਤਰ ਨੇ ਪਹਿਲ ਕੀਤੀ। ਰੋਜ਼ਾਨਾ ਪੰਜਾਬੀ ਪੱਤਰਕਾਰੀ ਵਿਚ ਅਜੀਤ ਦਾ ਵਿਸ਼ੇਸ਼ ਯੋਗਦਾਨ ਹੈ। ਡਾ. ਨਰਿੰਦਰ ਸਿੰਘ ਕਪੂਰ ਅਨੁਸਾਰ ਤਸਵੀਰਾਂ, ਵਿਸ਼ੇਸ਼ ਐਡੀਸ਼ਨ, ਕਵੀ ਦਰਬਾਰ, ਸਾਹਿਤ ਸਭਾਵਾਂ ਦੀਆਂ ਕਾਰਵਾਈਆਂ ਆਦਿ ਛਾਪਣ ਵਿਚ ਇਸ ਪੱਤਰ ਦਾ ਕਾਫ਼ੀ ਯੋਗਦਾਨ ਰਿਹਾ ਹੈ। ਛਪਾਈ ਅਤੇ ਦਿੱਖ ਪੱਖੋਂ ਇਹ ਪੱਤਰ ਮੋਹਰੀ ਹੈ। ਆਰਥਿਕ ਪੱਖੋਂ ਪੱਕੇ ਪੈਰੀਂ ਖੜ੍ਹਾ ਹੋਣ ਕਰਕੇ ਇਹ ਆਪਣੇ ਵੱਡੀ ਗਿਣਤੀ ਪੱਤਰਕਾਰਾਂ ਨੂੰ ਵੀ ਤਨਖ਼ਾਹ ਦਿੰਦਾ ਹੈ। ਪੰਜਾਬੀ ਸਾਹਿਤ ਤੇ ਖੇਤਰ ਵਿਚ ਨਵੇਂ ਉੱਭਰਦੇ ਲਿਖਾਰੀਆਂ ਦੀਆਂ ਰਚਨਾਵਾਂ ਛਾਪ ਕੇ ਅਜੀਤ ਨੇ ਵਿਸ਼ੇਸ਼ ਕੰਮ ਕੀਤਾ। ਭਾਵੇਂ ਵਸੀਲੇ ਪੰਜਾਬੀ ਟ੍ਰਿਬਿਊਨ ਕੋਲ ਵਧੇਰੇ ਹਨ ਪਰ ਛਪਦਾ ਅਜੀਤ ਹੀ ਵਧੇਰੇ ਹੈ।
ਅੱਜ ਦੀ ਗੱਲ ਕਰਦੇ ਹਾਂ ਤਾਂ ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹਨ ਤੇ ਕਾਰਜਕਾਰੀ ਸੰਪਾਦਕ ਵਜੋਂ ਸਤਨਾਮ ਸਿੰਘ ਮਾਣਕ ਰੋਲ ਨਿਭਾ ਰਹੇ ਹਨ। ਇਸੇ ਤਰ੍ਹਾਂ ਬਰਜਿੰਦਰ ਸਿੰਘ ਹਮਦਰਦ ਦੀ ਬੇਟੀ ਸਰਬਇੰਦਰ ਕੌਰ ਇਸ਼ਤਿਹਾਰ ਤੇ ਸਰਕੂਲੇਸ਼ਨ ਸੰਭਾਲ ਰਹੇ ਹਨ ਜਦ ਕਿ ਬੇਟੀ ਗੁਰਜੋਤ ਕੌਰ ਵੈੱਬ ਤੇ ਨਿਊਜ਼ ਦੇਖਦੇ ਹਨ। ਸਰਕੂਲੇਸ਼ਨ ਦਾ ਦਾਅਵਾ ਅਖ਼ਬਾਰ ਵੱਲੋਂ ਲੱਖਾਂ ਵਿਚ ਕੀਤਾ ਜਾਂਦਾ ਹੈ।
ਗੁਰਨਾਮ ਸਿੰਘ ਅਕੀਦਾ
8146001100
Sunday, December 04, 2022
ਸੱਤਾਧਾਰੀਆਂ ਦੇ ਮਨ ਦੀ ਕਰੂਰਤਾ ਦਾ ਅਵਾਮ ਨੂੰ ਦਰਸ਼ਨ ਕਰਾਉਣ ਵਾਲਾ ਪੱਤਰਕਾਰ ‘ਰਵੀਸ਼ ਕੁਮਾਰ’
ਗੌਤਮ ਅਡਾਨੀ ਵੱਲੋਂ ਐਨ ਡੀ ਟੀਵੀ ਨੂੰ ਕਬਜ਼ੇ ਵਿਚ ਲੈਣ ਦੇ ਤੁਰੰਤ ਬਾਦ ਅਸਤੀਫ਼ਾ ਦੇ ਕੇ ਪੱਤਰਕਾਰਤਾ ਨੂੰ ਬਚਾਉਣ ਵਾਲਾ ਗੈਰ ਮਾਮੂਲੀ ਪੱਤਰਕਾਰ
ਕੁਝ ਲੋਕ ਸੰਸਥਾ ਬਣ ਜਾਂਦੇ ਹਨ, ਸੰਸਥਾ ਬਣਨ ਲਈ ਉਨ੍ਹਾਂ ਨੂੰ ਕੀ ਕੀ ਮੁੱਲ ਉਤਾਰਨਾ ਪੈਂਦਾ ਹੈ ਉਸ ਬਾਰੇ ਸਿਰਫ਼ ਉਹੀ ਜਾਣਦੇ ਹਨ, ਕੁਝ ਲੋਕ ‘ਬਰੈਂਡ’ ਬਣ ਜਾਂਦੇ ਹਨ। ਜਦੋਂ ਕੁਝ ਲੋਕ ਇਕ ਪੱਤਰਕਾਰ ਨੂੰ ਇਸ ਕਰਕੇ ਭੰਡ ਰਹੇ ਹੋਣ ਕਿ ਉਹ ਸੱਤਾ ਪੱਖ ਦੀ ਅਲੋਚਨਾ ਕਰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸੁਸਾਇਟੀ ਗਿਰਾਵਟ ਵੱਲ ਵਧ ਰਹੀ ਹੈ। ਲੋਕ ਫ਼ਿਲਮੀ ਕਲਾਕਾਰਾਂ ਦੇ ਫੈਨ ਬਣ ਸਕਦੇ ਹਨ ਪਰ ਜਦੋਂ ਲੋਕ ਸਿਆਸੀ ਲੀਡਰਾਂ ਦੇ ਫੈਨ ਬਣਦੇ ਹਨ ਤਾਂ ਇਹ ਪਾਗਲਪਣ ਦਾ ਅੱਤ ਹੁੰਦਾ ਹੈ, ਪਾਗਲਪਣ ਦੀਆਂ ਕਈ ਕਿਸਮਾਂ ਹਨ, ਇਹ ਅੰਧੇਰੇ ਖੱਡੇ ਵਿਚ ਗਿਰੇ ਵਿਅਕਤੀ ਦੇ ਪਾਗਲਪਣ ਵਰਗਾ ਹੁੰਦਾ ਹੈ, ਅਜੋਕੇ ਸੱਤਾਧਾਰੀ ਲੋਕ ਆਪਣੀਆਂ ਮਨ ਆਈਆਂ ਕਰਨ ਲਈ ਹਰ ਪੱਖ ਨੂੰ ਆਪਣਾ ਬਣਾਉਣਾ ਚਾਹੁੰਦੇ ਹਨ, ਜਿਸ ਲਈ ਸਾਰੇ ਮੀਡੀਆ ਨੂੰ ਉਹ ਆਪਣਾ ਗ਼ੁਲਾਮ ਬਣਾਉਣ ਲਈ ਹਰ ਤਰ੍ਹਾਂ ਦਾ ਹੀਲਾ ਵਰਤਦੇ ਹਨ, ਪਰ ਜੋ ਇਨਸਾਨ ਉਂਜ ਹੀ ਆਪਣੀ ਬੋਲੀ ਲਗਾਉਣ ਲਈ ਤਿਆਰ ਹੋਵੇ ਤਾਂ ਮੀਡੀਆ ਵਿਚ ਆਕੇ ਵੀ ਉਹ ਵਿਕਾਊ ਹੀ ਹੋਵੇਗਾ.. ਪਰ ਜੋ ਲੋਕ ਮੀਡੀਆ ਵਿਚ ਹੁੰਦੇ ਹੋਏ ਵੀ ਸ਼ਾਮ, ਦਾਮ, ਦੰਡ, ਭੇਦ ਦੀ ਰਾਜਨੀਤੀ ਨੂੰ ਫ਼ੇਲ੍ਹ ਕਰ ਦੇਣ ਤਾਂ ਉਹ ਲੋਕ ਆਮ ਕੀ ਵਿਕਣਗੇ। ਅੱਜ ਆਪਾਂ ਗੱਲ ਕਰ ਰਹੇ ਹਾਂ ਪੱਤਰਕਾਰੀ ਦੇ ਨਿਧੜਕ ਜਰਨੈਲ, ਬਰੈਂਡ ਬਣ ਚੁੱਕੇ ਰਵੀਸ਼ ਕੁਮਾਰ ਦੀ, ਜਿਸ ਨੇ ਸੱਤਾ ਪੱਖ ਦੀ ਗ਼ੁਲਾਮੀ ਨਹੀਂ ਕਬੂਲੀ, ਆਪਣੀ ਗਰਦਨ ਸਿੱਧੀ ਕਰਕੇ ਤੁਰਨ ਦਾ ਹੀਹਾਂ ਕੀਤਾ.. ਆਪਣੇ ਪੇਸ਼ੇ ਨਾਲ ਮੁਹੱਬਤ ਕੀਤੀ। ਇਸ ਇਨਸਾਨ ਨੂੰ ਖ਼ੁਦ ਜ਼ਮੀਰਾਂ ਦੀ ਬੋਲੀ ਲਗਾ ਚੁੱਕੇ ਲੋਕ ਕੀ ਖ਼ਰੀਦ ਸਕਦੇ। ਜਦੋਂ ਪੱਤਰਕਾਰ ਨੂੰ ਨਹੀਂ ਖ਼ਰੀਦ ਸਕੇ ਤਾਂ ਟੀਵੀ ਚੈਨਲ ਹੀ ਖ਼ਰੀਦ ਲਿਆ .. ਪਰ ਸੱਤਾ ਦੀ ਹਾਰ ਸਪਸ਼ਟ ਹੋਈ.. ਇਹ ਹਾਰ ਸਪਸ਼ਟ ਕਰਾਉਣ ਵਾਲਾ ਪੱਤਰਕਾਰ ਹੀ ਹੈ ‘ਰਵੀਸ਼ ਕੁਮਾਰ’
-ਮੁੱਢਲਾ ਜੀਵਨ ਤੇ ਸਿਖਿਆ-
ਰਵੀਸ਼ ਕੁਮਾਰ ਦਾ ਜਨਮ 5 ਦਸੰਬਰ 1974 ਨੂੰ ਪਿਤਾ ਬਾਲੀ ਰਾਮ ਪਾਂਡੇ ਤੇ ਘਰ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦੇ ਪਿੰਡ ਜਿਤਵਾਰਪੁਰ ਵਿਚ ਹੋਇਆ। ਸ਼ੁਰੂਆਤੀ ਪੜਾਈ ਲੋਯੋਲਾ ਹਾਈ ਸਕੂਲ, ਪਟਨਾ ਵਿਚ ਕੀਤੀ। ਉਸ ਤੋਂ ਬਾਅਦ ਦਿਲੀ ਜਾ ਕੇ, ਗਰੈਜੂਏਟ ਦੇਸ਼ਬੰਧੂ ਕਾਲਜ ਜੋ ਕਿ ਦਿਲੀ ਯੂਨੀਵਰਸਿਟੀ ਅਧੀਨ ਸੀ ਤੋਂ ਕੀਤੀ। ਦਿਲੀ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ ਤੋਂ ਪੱਤਰਕਾਰਤਾ ਦੀ ਡਿੱਗਰੀ ਹਾਸਲ ਕੀਤੀ। ਇਸ ਤੋਂ ਇਲਾਵਾ ਐਮਏ ਐਮਫਿਲ ਦੀਆਂ ਡਿੱਗਰੀਆਂ ਵੀ ਹਾਸਲ ਕੀਤੀਆਂ।
-ਪੱਤਰਕਾਰੀ ਖੇਤਰ ਚੁਣਨਾ-
ਅਗਸਤ 1996 ਤੋਂ ਪਹਿਲਾਂ ਐਨਡੀਟੀਵੀ ਵਿਚ ਦਰਸ਼ਕਾਂ ਦੀਆਂ ਚਿੱਠੀਆਂ ਨੂੰ ਛਾਂਟ ਕੇ ਰਿਪੋਰਟ ਬਣਾਉਣ ਵਾਲਾ ਰਵੀਸ਼ ਕੁਮਾਰ ਅਗਸਤ 1996 ਵਿਚ ਟਰਾਂਸਲੇਟਰ ਬਣ ਗਿਆ, ਭਾਵ ਕੇ ਅਨੁਵਾਦਕ! ਅੰਗਰੇਜ਼ੀ ਦੀਆਂ ਖਬਰਾਂ ਨੂੰ ਹਿੰਦੀ ਵਿਚ ਅਨੁਵਾਦ ਕਰਕੇ ਐਂਕਰਾਂ ਨੂੰ ਦਿੰਦਾ ਸੀ। ਉਸ ਤੋਂ ਬਾਅਦ ਰਵੀਸ਼ ਕੁਮਾਰ ਰਿਪੋਰਟਰ ਬਣ ਗਿਆ। ਰਿਪੋਰਟਰ ਤੋਂ ਗਰੁੱਪ ਸੰਪਾਦਕ ਤੱਕ ਦਾ ਸਫਰ ਤਹਿ ਕੀਤਾ। ਰਵੀਸ਼ ਕੁਮਾਰ ਨੇ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਇਆ ਹੈ। ਪੱਤਰਕਾਰੀ ਦੇ ਖੇਤਰ ਵਿੱਚ ਬੜੀ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕੀਤਾ। ਸਮਾਜਿਕ ਮੁੱਦਿਆਂ 'ਤੇ ਸਵਾਲ ਉਠਾਉਣਾ ਅਤੇ ਗ਼ਰੀਬ ਅਤੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰਨਾ ਆਸਾਨ ਨਹੀਂ ਹੈ, ਪਰ ਰਵੀਸ਼ ਕੁਮਾਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧਦਾ ਰਹਿੰਦਾ ਹੈ। ਉਸ ਦੇ ਇਰਾਦੇ ਦੇਖ ਕੇ ਲੱਗਦਾ ਹੈ ਕਿ ਦੇਸ਼ ਦੇ ਗ਼ਰੀਬ, ਬੇਸਹਾਰਾ ਲੋਕਾਂ ਦੀ ਪਰਵਾਹ ਕਰਨ ਵਾਲਾ ਕੋਈ ਹੈ, ਜੋ ਦੇਸ਼ ਵਿੱਚ ਹੋ ਰਹੀਆਂ ਸਿਆਸੀ, ਸਮਾਜਿਕ, ਆਰਥਿਕ ਅਤੇ ਜਾਤੀ ਅਨਿਆਂ ਨੂੰ ਦੇਖਦਾ ਹੈ। ਰਵੀਸ਼ ਕੁਮਾਰ ਬਹੁਤ ਹੀ ਸਥਾਨਕ ਅੰਦਾਜ਼ 'ਚ ਰਿਪੋਰਟਿੰਗ ਕਰਦੇ ਹਨ, ਜਿਸ ਕਾਰਨ ਲੋਕ ਉਸ ਨਾਲ ਜਲਦੀ ਜੁੜ ਜਾਂਦੇ ਹਨ। ਉਸ ਦੀ ਭਾਸ਼ਾ ਸ਼ੈਲੀ ਬਹੁਤ ਸਿੱਧੀ ਹੈ, ਜਿਸ ਲਈ ਹਰ ਕੋਈ ਉਸ ਦੀ ਰਿਪੋਰਟਿੰਗ ਨੂੰ ਸੁਣਨ ਲਈ ਉਤਸੁਕ ਰਹਿੰਦਾ ਹੈ। ਰਵੀਸ਼ ਕੁਮਾਰ ਦੇ ਚਰਚਾ ਵਿੱਚ ਮੁੱਖ ਤੌਰ 'ਤੇ ਬੇਰੁਜ਼ਗਾਰੀ, ਕਿਸਾਨਾਂ ਦੀਆਂ ਸਮੱਸਿਆਵਾਂ ਵਰਗੇ ਮੁੱਦੇ ਹਨ। ਪ੍ਰਸਿੱਧ ਭਾਰਤੀ ਪੱਤਰਕਾਰ, ਰਵੀਸ਼ ਕੁਮਾਰ ਨੂੰ ਦੇਸ਼ ਵਿੱਚ ਸਿਰਫ਼ ਇੱਕ ਮੀਡੀਆ ਸ਼ਖ਼ਸੀਅਤ ਵਜੋਂ ਹੀ ਨਹੀਂ ਸਗੋਂ ਪੱਤਰਕਾਰੀ ਦਾ ਝੰਡਾਬਰਦਾਰ ਮੰਨਿਆ ਜਾਂਦਾ ਹੈ। ਉਹ ਦੇਸ਼ ਭਰ ਦੇ ਲੋਕ ਤਾਂਤਰਿਕ ਕਦਰਾਂ ਕੀਮਤਾਂ ਦਾ ਦਮ ਭਰਨ ਵਾਲੇ ਲੱਖਾਂ ਅਭਿਲਾਸ਼ੀ ਪੱਤਰਕਾਰੀ ਅਤੇ ਜਨ ਸੰਚਾਰ ਵਿਦਿਆਰਥੀਆਂ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਹੈ। ਐਨਡੀਟੀਵੀ ਵਿਚ ਚੱਲਣ ਵਾਲੇ ਉਸ ਦੇ ਖ਼ਾਸ ਤੇ ਚਰਚਿਤ ਪ੍ਰੋਗਰਾਮਾਂ ਵਿਚ ‘ਹਮ ਲੋਗ’, ‘ਦੇਸ਼ ਕੀ ਬਾਤ’, ਪ੍ਰਾਈਮ ਟਾਈਮ, ਰਵੀਸ਼ ਕੀ ਰਿਪੋਰਟ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਦੇਖੇ ਜਾਣ ਵਾਲੇ ਪ੍ਰੋਗਰਾਮ ਸਨ।
-ਰਵੀਸ਼ ਕੁਮਾਰ ਦੀ ਪਤਨੀ ਨਯਨਾ ਦਾਸਗੁਪਤਾ ਨਾਲ ਪਿਆਰ ਕਹਾਣੀ-
ਰਵੀਸ਼ ਕੁਮਾਰ ਨਿੱਜੀ ਜ਼ਿੰਦਗੀ ਨੂੰ ਮੀਡੀਆ ਦੀ ‘ਲਾਈਮਲਾਈਟ’ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ। ਉਸ ਨੂੰ ਮਿਲਦੀਆਂ ਧਮਕੀਆਂ, ਉਸ ਦੇ ਪਰਿਵਾਰ ਨੂੰ ਸਹਿਮ ਵਿੱਚ ਵੀ ਪਾਉਂਦੀਆਂ ਹਨ, ਰਵੀਸ਼ ਨੇ ਕਿਹਾ ‘ਮੈਂ ਕੋਈ ਲੋਹੇ ਦਾ ਨਹੀਂ ਬਣਿਆ, ਜੋ ਲੋਕ ਮੈਨੂੰ ਮੇਰੇ ਪਰਿਵਾਰ ਬਾਰੇ ਗ਼ਲਤ ਅਫ਼ਵਾਹਾਂ ਫੈਲਾਉਂਦੇ ਹਨ ਉਨ੍ਹਾਂ ਤੋਂ ਦੁੱਖ ਹੁੰਦਾ ਹੈ।’ ਰੋਜ਼ਾਨਾ ਉਸ ਨੂੰ ਬਹੁਤ ਸਾਰੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਹਾਲਾਂਕਿ ਰਵੀਸ਼ ਕੁਮਾਰ ਦੀ ਪਤਨੀ, ਨਯਨਾ ਦਾਸਗੁਪਤਾ ਨਾਲ ਪਿਆਰ ਵਿਆਹ ਦੀ ਕਹਾਣੀ ਇਕ ਫ਼ਿਲਮੀ ਪ੍ਰੇਮ ਕਹਾਣੀ ਤੋਂ ਘੱਟ ਨਹੀਂ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਰਵੀਸ਼ ਕੁਮਾਰ ਸਾਲ 1996 ਵਿੱਚ ਨਿਊਜ਼ ਚੈਨਲ ਐਨਡੀਟੀਵੀ ਨਾਲ ਜੁੜ ਗਿਆ। ਜਦੋਂ ਐਨਡੀਟੀਵੀ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਮਸ਼ਹੂਰ ਕਾਲਜ ਦੇਸ਼ਬੰਧੂ ਕਾਲਜ ਵਿੱਚ ਪੜ੍ਹਦੇ ਸਨ ਤਾਂ ਉਹ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਹੇ ਸਨ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਇੱਕ ਹੁਸ਼ਿਆਰ ਵਿਦਿਆਰਥੀ ਸੀ, ਬੇਸ਼ੱਕ, ਰਵੀਸ਼ ਬਹੁਤਾ ਬੋਲਣ ਵਾਲਾ ਨਹੀਂ ਸੀ। ਪਰ ਇਹ ਸ਼ਰਮੀਲਾ ਨੌਜਵਾਨ ਇੱਕ ਕਾਲਜ ਸਮਾਗਮ ਵਿੱਚ ਪਹਿਲੀ ਵਾਰ ਨਯਨਾ ਦਾਸਗੁਪਤਾ ਨੂੰ ਮਿਲਿਆ, ਸਰਸਰੀ ਮੁਲਾਕਾਤ ਨਾਲ ਚਾਰ ਅੱਖਾਂ ਵੀ ਮਿਲ ਗਈਆਂ। ਰਵੀਸ਼ ਕੁਮਾਰ ਆਪਣੇ ਆਪ ਨੂੰ ਨਯਨਾ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕਿਆ।
ਕੋਲਕਾਤਾ ਦੀ ਜੰਮੀ ਲੜਕੀ ਨਯਨਾ ਦਾਸਗੁਪਤਾ ਦਿੱਲੀ ਦੇ ਇੰਦਰਪ੍ਰਸਥ ਕਾਲਜ ਵਿੱਚ ਬੀਏ ਕਰ ਰਹੀ ਸੀ ਅਤੇ ਇਸ ਤੋਂ ਬਾਅਦ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮਏ ਕਰਨ ਲਈ ਵੀ ਚਲੀ ਗਈ ਸੀ। ਆਪਣੀ ਗ੍ਰੈਜੂਏਸ਼ਨ ਦੇ ਦੌਰਾਨ, ਨਯਨਾ ਅਤੇ ਰਵੀਸ਼ ਦੀਆਂ ਲਗਾਤਾਰ ਮੁਲਾਕਾਤਾਂ ਨੇ ਉਹਨਾਂ ਵਿਚਕਾਰ ਇੱਕ ਬੰਧਨ ਪੈਦਾ ਕਰ ਦਿੱਤਾ ਸੀ ਜੋ ਜਲਦੀ ਹੀ ਪਿਆਰ ਵਿੱਚ ਬਦਲ ਗਿਆ। ਨਯਨਾ ਨੇ ਰਵੀਸ਼ ਦੀ ਅੰਗਰੇਜ਼ੀ ਭਾਸ਼ਾ ਸਿੱਖਣ 'ਚ ਮਦਦ ਕੀਤੀ ਸੀ। ਜਲਦੀ ਹੀ ਉਨ੍ਹਾਂ ਦੀਆਂ ਲਗਾਤਾਰ ਮੁਲਾਕਾਤਾਂ ਅਤੇ ਬੌਧਿਕ ਵਿਚਾਰ-ਵਟਾਂਦਰੇ ਨੇ ਉਨ੍ਹਾਂ ਦਾ ਇੱਕ ਦੂਜੇ ਨਾਲ ਸਬੰਧ ਗੂੜ੍ਹਾ ਕਰ ਦਿੱਤਾ, ਅਤੇ ਬਹੁਤ ਪਿਆਰ ਕਰਨ ਵਾਲਾ ਜੋੜਾ ਪਿਆਰ ਦੇ ਰੰਗਾਂ ਵਿੱਚ ਡੁੱਬ ਗਿਆ। ਆਪਣੇ ਕਾਲਜ ਦੇ ਦਿਨਾਂ ਦੌਰਾਨ ਇੱਕ ਦੂਜੇ ਨਾਲ ਪਿਆਰ ਤੇ ਬੌਧਿਕ ਸਮਾਂ ਬਿਤਾਉਣ ਤੋਂ ਲੈ ਕੇ ਆਪਣੇ-ਆਪਣੇ ਕੈਰੀਅਰ ਵਿੱਚ ਇੱਕ ਦੂਜੇ ਦੀ ਮਦਦ ਕਰਨ ਤੱਕ, ਰਵੀਸ਼ ਅਤੇ ਨਯਨਾ ਇੱਕ ਦੂਜੇ ਲਈ ਕਾਫ਼ੀ ਗੰਭੀਰ ਸਨ। ਇਹ ਜਾਣਨ ਦੇ ਬਾਵਜੂਦ ਕਿ ਨਯਨਾ ਇੱਕ ਬੰਗਾਲੀ ਹੈ ਅਤੇ ਰਵੀਸ਼ ਇੱਕ ਬ੍ਰਾਹਮਣ ਹੈ, ਪ੍ਰੇਮੀਆਂ ਨੇ ਆਪਣੀ ਪ੍ਰੇਮ ਕਹਾਣੀ ਜਾਰੀ ਰੱਖੀ ਅਤੇ ਇੱਕ ਦੂਜੇ ਨੂੰ ਇਸ ਉਮੀਦ ਨਾਲ ਡੇਟ ਕਰਦੇ ਰਹੇ ਕਿ ਸਮਾਂ ਆਉਣ 'ਤੇ ਉਹ ਆਪਣੇ ਪਰਿਵਾਰ ਨੂੰ ਆਪਣੇ ਅੰਤਰ-ਰਾਜ਼ੀ ਤੇ ਅੰਤਰ-ਜਾਤੀ ਵਿਆਹ ਲਈ ਮਨਾ ਲੈਣਗੇ।
ਜੇਕਰ ਇਹ ਵਿਆਹ ਹੋਇਆ ਤਾਂ ਇਹ ਇੱਕ ਅੰਤਰ-ਜਾਤੀ ਵਿਆਹ ਹੋਣਾ ਸੀ, ਕਿਉਂਕਿ ਰਵੀਸ਼ ਕੁਮਾਰ ਇੱਕ ਬ੍ਰਾਹਮਣ ਸੀ ਅਤੇ ਨਯਨਾ ਦਾਸਗੁਪਤਾ ਇੱਕ ਬੰਗਾਲੀ ਸੀ। ਇਸ ਜੋੜੇ ਨੇ ਸੱਤ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦੂਜੇ ਨਾਲ ਵਿਆਹ ਕਰਨ ਦੇ ਆਪਣੇ ਫ਼ੈਸਲੇ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਜੋੜਾ ਜਵਾਬੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਸੀ, ਦੋਵਾਂ ਪਰਿਵਾਰਾਂ ਨੇ ਇਸ ਪ੍ਰਸਤਾਵ ਨੂੰ ਕਾਫ਼ੀ ਸਖ਼ਤੀ ਨਾਲ ਅਤੇ ਸਿੱਧੇ ਤੌਰ 'ਤੇ ਠੁਕਰਾ ਦਿੱਤਾ। ਰਵੀਸ਼ ਅਤੇ ਨਯਨਾ ਲਈ ਇਹ ਔਖਾ ਸਮਾਂ ਸੀ ਕਿਉਂਕਿ ਉਹ ਕਿਸੇ ਹੋਰ ਨਾਲ ਵਿਆਹ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਸਨ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਜਣੇ ਆਪੋ ਆਪਣੇ ਪਰਿਵਾਰਾਂ ਨੂੰ ਵਿਆਹ ਨਹੀਂ ਰਾਜ਼ੀ ਕਰਨ ਵਿਚ ਕਾਮਯਾਬ ਨਾ ਹੋਏ ਤਾਂ ਦੋਵਾਂ ਨੇ ਪਿਆਰ ਲਈ ਆਪਣੇ ਪਰਿਵਾਰ ਨੂੰ ਛੱਡਣ ਦਾ ਫ਼ੈਸਲਾ ਕੀਤਾ।
ਰਵੀਸ਼ ਕੁਮਾਰ ਨੇ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਦਿੱਤੀ ਸੀ, ਉਨ੍ਹਾਂ ਦੇ ਵਿਆਹ 'ਚ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ, ਰਵੀਸ਼ ਨੇ ਆਪਣੇ ਪਿਆਰ ਲਈ ਕਈ ਚੀਜ਼ਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਦੇ ਵਿਆਹ ਤੋਂ ਬਾਅਦ, ਰਵੀਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ, ਨਯਨਾ ਦਾਸਗੁਪਤਾ ਨੇ ਆਪਣੇ ਸੁਖੀ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ। ਜਦੋਂ ਰਵੀਸ਼ ਐਨਡੀਟੀਵੀ ਵਿੱਚ ਕੰਮ ਕਰਦਾ ਸੀ, ਨਯਨਾ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀ ਰਾਮ ਕਾਲਜ ਫ਼ਾਰ ਵੁਮੈਨ ਵਿੱਚ ਇਤਿਹਾਸ ਦੀ ਪ੍ਰੋਫੈਸਰ ਹੈ। ਉਨ੍ਹਾਂ ਦੇ ਵਿਆਹ ਦੇ ਕੁਝ ਸਾਲਾਂ ਬਾਅਦ, ਬਹੁਤ ਪਿਆਰ ਕਰਨ ਵਾਲੇ ਜੋੜੇ ਨੂੰ ਦੋ ਧੀਆਂ ਦੀ ਬਖਸ਼ਿਸ਼ ਹੋਈ।
-ਧਮਕੀਆਂ: ਕੇਸ: ਕੋਰਟ ਨੋਟਿਸ-
ਰਵੀਸ਼ ਕੁਮਾਰ ਤੇ ਹੁੰਦੇ ਕੋਰਟ ਕੇਸਾਂ ਦੀ ਗਿਣਤੀ ਕਾਫ਼ੀ ਲੰਬੀ ਹੈ, ਉਨ੍ਹਾਂ ਨੂੰ ਕੋਰਟ ਨੋਟਿਸ ਮਿਲਦੇ ਰਹੇ, ਧਮਕੀਆਂ ਦਾ ਤਾਂ ਤਾਂਤਾ ਹੀ ਲੱਗਾ ਰਹਿੰਦਾ ਹੈ। ਉਹ ਇਕ ਖ਼ਾਸ ਪੱਖ... ਬੀਜੇਪੀ... ਆਰਐਸਐਸ ਤੇ ਕੱਟੜਵਾਦੀ ਲੋਕਾਂ ਵੱਲੋਂ ਕਾਫ਼ੀ ਟਰੋਲ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਭੱਦੀ ਸ਼ਬਦਾਵਲੀ ਨਾਲ ਰੋਜ਼ਾਨਾ ਦੋ-ਚਾਰ ਹੋਣਾ ਪੈਂਦਾ ਹੈ। ਪਰ ਅੱਜ ਉਹ ਲਗਾਤਾਰ ਅੱਗੇ ਵੱਧ ਰਹੇ ਹਨ ਤੇ ਪੱਤਰਕਾਰਤਾ ਦਾ ਮੂੰਹ ਮੁਹਾਂਦਰਾ ਬਣਾ ਰਹੇ ਹਨ।
-ਰਵੀਸ਼ ਕੁਮਾਰ ਨੂੰ ਮਿਲੇ ਐਵਾਰਡ-
ਪੱਤਰਕਾਰੀ ਦੇ ਕਾਰਨ, ਰਵੀਸ਼ ਕੁਮਾਰ ਨੂੰ ਕਈ ਪੁਰਸਕਾਰ ਮਿਲ ਚੁੱਕੇ ਹਨ, ਸਾਲ 2010 ਵਿੱਚ ਰਵੀਸ਼ ਕੁਮਾਰ ਨੂੰ ਰਾਸ਼ਟਰਪਤੀ ਤੋਂ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਮਿਲਿਆ। ਸਾਲ 2013 ਅਤੇ 2017 ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਰਾਜਨਾਥ ਗੋਇਨਕਾ ਪੁਰਸਕਾਰ ਪ੍ਰਾਪਤ ਕੀਤਾ। ਸਾਲ 2014 ਵਿੱਚ ਭਾਰਤੀ ਟੈਲੀਵਿਜ਼ਨ ਦੁਆਰਾ ਸਰਵੋਤਮ ਟੀਵੀ ਐਂਕਰ ਅਵਾਰਡ। 2016 ਵਿੱਚ, ਰਵੀਸ਼ ਕੁਮਾਰ ਨੂੰ ਇੰਡੀਅਨ ਐਕਸਪ੍ਰੈੱਸ ਦੁਆਰਾ 100 ਸਭ ਤੋਂ ਪ੍ਰਭਾਵਸ਼ਾਲੀ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਰਵੀਸ਼ ਕੁਮਾਰ ਨੂੰ ਪੱਤਰਕਾਰੀ ਵਿੱਚ ਗੌਰੀ ਲੰਕੇਸ਼ ਪੁਰਸਕਾਰ ਮਿਲਿਆ। ਰਵੀਸ਼ ਕੁਮਾਰ ਨੂੰ ਮੁੰਬਈ ਪ੍ਰੈੱਸ ਕਲੱਬ ਵੱਲੋਂ ਜਰਨਲਿਸਟ ਆਫ਼ ਦਿ ਈਅਰ ਦਾ ਐਵਾਰਡ ਮਿਲਿਆ ਹੈ।
2019 ਵਿਚ ਦੁਨੀਆ ਵਿਚ ਕਾਫ਼ੀ ਚਰਚਿਤ ‘ਰੋਮਨ ਮੈਗਾਸਾਏਸੇ ਐਵਾਰਡ’ ਮਿਲਿਆ। ਇਸ ਤੋਂ ਇਲਾਵਾ ਦਰਸ਼ਕਾਂ ਵੱਲੋਂ ਜੋ ਐਵਾਰਡ ਮਿਲਦੇ ਹਨ ਉਨ੍ਹਾਂ ਦੀ ਗਿਣਤੀ ਸਮਝ ਤੋਂ ਬਾਹਰ ਹੈ।
-ਰਵੀਸ਼ ਕੁਮਾਰ ਦੀਆਂ ਪੁਸਤਕਾਂ-
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਦੁਆਰਾ ਲਿਖੀਆਂ ਗਈਆਂ ਕੁਝ ਕਿਤਾਬਾਂ ਇਸ ਪ੍ਰਕਾਰ ਹਨ: ਬੋਲਣਾ ਹੈ: ਲੋਕਤੰਤਰ, ਸੱਭਿਆਚਾਰ ਅਤੇ ਰਾਸ਼ਟਰ ਬਾਰੇ (ਹਿੰਦੀ ਵਿੱਚ) ਇਸ਼ਕ ਮੈਂ ਸ਼ਹਿਰ ਹੋਣਾ (ਹਿੰਦੀ ਵਿੱਚ) ਮੁਫ਼ਤ ਆਵਾਜ਼: ਲੋਕਤੰਤਰ, ਸੱਭਿਆਚਾਰ ਅਤੇ ਰਾਸ਼ਟਰ 'ਤੇ ਦੇਖਦੇ ਰਹੋ (ਹਿੰਦੀ ਵਿੱਚ) ਰਵੀਸ਼ਪੰਤੀ (ਹਿੰਦੀ ਵਿੱਚ) ਪਿਆਰ ਇੱਕ ਸ਼ਹਿਰ ਹੈ।
1. The Free Voice: On Democracy, Culture and the Nation
2. Bolna Hi Hai : Loktantra, Sanskriti Aur Rashtra Ke Bare Mein (in Hindi) : बोलना ही है : लोकतंत्र, संस्कृति और राष्ट्र के बारे में
3. Ishq Mein Shahar Hona (in Hindi) : इश्क में शहर होना
4. Dekhate Rahiye (in Hindi) : देखते रहिये
5. Ravishpanti (in Hindi) : रवीशपन्ती
6. A City Happens In Love
-ਪਰਿਵਾਰ-
ਰਵੀਸ਼ ਕੁਮਾਰ ਦਾ ਪਰਿਵਾਰ ਅੱਜ ਕੱਲ੍ਹ ਦੇ ਆਮ ਪਰਿਵਾਰਾਂ ਵਾਂਗ ਛੋਟਾ ਹੀ ਹੈ, ਉਸ ਦੀ ਧਰਮ ਪਤਨੀ ਨਯਨਾ ਦਾਸਗੁਪਤਾ ਦੋ ਧੀਆਂ ਹਨ, ਜਿਨ੍ਹਾਂ ਦਾ ਨਾਮ ਇਥੇ ਇਸ ਕਰਕੇ ਨਹੀਂ ਲਿਖਿਆ ਜਾ ਰਿਹਾ ਕਿਉਂਕਿ ਭਾਰਤ ਵਿਚ ਇਕ ਅਜਿਹਾ ਗਰੁੱਪ ਪੈਦਾ ਹੋਕੇ ਪਲ ਰਿਹਾ ਹੈ, ਜਿਨ੍ਹਾਂ ਦੇ ਮਨ ਵਿਚ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਦਾ ਮਾਦਾ ਖ਼ਤਮ ਹੋ ਚੁੱਕਿਆ ਹੈ।
-ਐਨਡੀਟੀਵੀ ਤੋਂ ਅਸਤੀਫ਼ਾ-
https://www.youtube.com/watch?v=G9K9vpGTofo&t=140s
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਾਸ ਦੋਸਤਾਂ ਵਿਚ ਇਕ ਗੋਤਮ ਅਡਾਨੀ ਵੱਲੋਂ ਐਨਡੀਟੀਵੀ ਆਪਣੇ ਕਬਜ਼ੇ ਵਿਚ ਕਰ ਲੈਣ ਤੋਂ ਬਾਅਦ 30 ਨਵੰਬਰ, 2022 ਨੂੰ ਰਵੀਸ਼ ਕੁਮਾਰ ਨੇ ਐਨਡੀਟੀਵੀ ਤੋਂ ਅਸਤੀਫ਼ਾ ਦੇ ਦਿੱਤਾ। ਇਹ ਅਸਤੀਫ਼ਾ ਦੇ ਕੇ ਰਵੀਸ਼ ਕੁਮਾਰ ਨੇ ਭਾਰਤ ਵਿਚ ਮੀਡੀਆ ਦੇ ਡੁੱਬ ਰਹੇ ਮਿਆਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਰਵੀਸ਼ ਕੁਮਾਰ ਦਾ ਅਸਤੀਫ਼ਾ ਆਦਰਸ਼ਵਾਦੀ ਪੱਤਰਕਾਰਾਂ ਲਈ ਬਹੁਤ ਵੱਡੀ ਤਾਰੀਖ਼ ਕਿਹਾ ਜਾ ਰਿਹਾ ਹੈ।
-ਗੋਦੀ ਮੀਡੀਆ-
ਰਵੀਸ਼ ਕੁਮਾਰ ਨੇ ਭਾਰਤ ਵਿਚ ਮੋਦੀ-ਮੋਦੀ-ਮੋਦੀ-ਮੋਦੀ ਕਰਨ ਵਾਲੇ ਮੀਡੀਆ ਤੇ ਭਾਜਪਾ ਸਰਕਾਰ ਦੀਆਂ ਗ਼ਲਤ ਗਤੀਵਿਧੀਆਂ ਨੂੰ ਛੁਪਾਉਣ ਵਾਲੇ ਮੀਡੀਆ ਨੂੰ ‘ਗੋਦੀ ਮੀਡੀਆ’ ਦੀ ਟਰਮ ਦੇ ਗਏ ਹਨ, ਉਹ ਆਮ ਕਹਿੰਦੇ ਹਨ ਕਿ ‘ਜੇਕਰ ਬੀਜੇਪੀ ਦੇ ਨੇਤਾ ਰਾਤ ਨੂੰ ਆਪਣੇ ਪੈਰਾਂ ਨੂੰ ਜ਼ਹਿਰ ਲਗਾ ਕੇ ਸੌਂ ਜਾਣ ਤਾਂ ਸਵੇਰੇ 99 ਫ਼ੀਸਦੀ ਪੱਤਰਕਾਰ ਮਰੇ ਹੋਏ ਮਿਲਣਗੇ। ਰਵੀਸ਼ ਕੁਮਾਰ ਨੇ ਇਕ ਹੋਰ ਟਰਮ ਦਿੱਤੀ ਹੈ, ਉਹ ਸੋਸ਼ਲ ਮੀਡੀਆ ਤੇ ਝੂਠ ਫੈਲਾਏ ਜਾਣ ਨੂੰ ‘ਵੱਟਸਐਪ ਯੂਨੀਵਰਸਿਟੀ ਕਹਿੰਦੇ ਹਨ’ ਇਸ ਤੋਂ ਇਲਾਵਾ ਜੋ ਅਡਾਨੀ ਅੰਬਾਨੀ ਕਾਰਪੋਰੇਟ ਹਨ ਉਨ੍ਹਾਂ ਨੂੰ ਉਹ ‘ਜਗਤ ਸੇਠ’ ਕਹਿੰਦੇ ਹਨ।
-ਮੈਂ ਮੋਦੀ ਵਾਂਗ ‘ਚਾਹ ਵਾਲਾ’ ਕਹਿ ਕੇ ਹਮਦਰਦੀ ਨਹੀਂ ਲੈਣਾ ਚਾਹੁੰਦਾ : ਰਵੀਸ਼-
ਰਵੀਸ਼ ਕੁਮਾਰ ਨੂੰ ਨਰਿੰਦਰ ਮੋਦੀ ਦੇ ਆਲੋਚਕ ਕਿਹਾ ਜਾਂਦਾ ਹੈ, ਇਹ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਬਦਸੂਰਤ ਵਿਅਕਤੀ ਨੂੰ ਪਹਿਲੀ ਵਾਰ ਸ਼ੀਸ਼ਾ ਦਿਖਾਇਆ ਜਾਵੇ ਤਾਂ ਬਦਸੂਰਤ ਵਿਅਕਤੀ ਆਪੇ ਤੋਂ ਬਾਹਰ ਹੋ ਜਾਵੇਗਾ। ਰਵੀਸ਼ ਕੁਮਾਰ ਭਾਜਪਾ ਦੀ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾ ਰਿਹਾ ਹੈ। ਉਹ ਗੱਲ ਵੱਖ ਹੈ ਕਿ ਸੱਚ ਜ਼ਿਆਦਾ ਬੋਲ ਜਾਂਦਾ ਹੈ ਜਿਵੇਂ ਕਿ ‘ਸੱਚ ਆਖੀੲੈ ਭਾਂਬੜ ਮੱਚਦਾ ਹੈ, ਝੂਠ ਆਖੀੲੈ ਤਾਂ ਕੁਝ ਬਚਦਾ ਹੈ, ਇਹ ਮੁੜ ਮੁੜ ਜੀਭਾ ਕਹਿੰਦੀ ਹੈ , ਮੂੰਹ ਆਈ ਬਾਤ ਨਾ ਰਹਿੰਦੀ ਹੈ’ ਐਨ ਡੀ ਟੀਵੀ ਤੋਂ ਅਸਤੀਫ਼ਾ ਦੇਣ ਲੱਗੇ ਰਵੀਸ਼ ਕੁਮਾਰ ਕਹਿੰਦੇ ਹਨ ‘ਮੈਂ ਚਾਹ ਵਾਲਾ ਨਹੀਂ ਹਾਂ ਜੋ ਜਹਾਜ਼ ਤੋਂ ਉਤਰ ਕੇ ਚਾਹਵਾਲਾ ਕਹਿ ਕੇ ਲੋਕਾਂ ਦੀ ਹਮਦਰਦੀ ਲੈ ਲੈਂਦਾ ਹੈ, ਮੈਂ ਸਿੱਧਾ ਜਿਹਾ ਪ੍ਰੈਕਟੀਕਲ ਵਿਅਕਤੀ ਹਾਂ’
(ਨੋਟ : ਰਵੀਸ਼ ਕੁਮਾਰ ਦੇ ਜ਼ਿੰਦਗੀ ਦੇ ਕਾਫ਼ੀ ਤੱਤ ਰਹਿ ਗਏ ਹਨ, ਕਿਉਂਕਿ ਅੱਜ ਕੱਲ੍ਹ ਉਹ ਕਾਫ਼ੀ ਰੁਝੇਵਿਆਂ ਵਿਚ ਹਨ। ਕਿਤਾਬ ਵਿਚ ਪੂਰੇ ਤੱਤ ਪਾਉਣ ਦੀ ਕੋਸ਼ਿਸ਼ ਕਰਾਂਗੇ)
ਸੋ ਰਵੀਸ਼ ਕੁਮਾਰ ਬਾਰੇ ਕਿਤਾਬਾਂ ਦਰ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ, ਪਰ ਸਾਨੂੰ ਜਿੰਨੀ ਕੁ ਜਾਣਕਾਰੀ ਮਿਲੀ ਹੈ ਸਾਂਝੀ ਕਰ ਰਹੇ ਹਾਂ, ਬਾਕੀ ਕਿਤਾਬ ਵਿਚ ਸਾਂਝ ਪਾਵਾਂਗੇ। ਮੇਰੀ ਭਾਰਤ ਦੇ ਲੋਕਾਂ ਅੱਗੇ ਬੇਨਤੀ ਹੈ ਕਿ ਰਵੀਸ਼ ਵਰਗੇ ਪੱਤਰਕਾਰ ਦੀ ਹੌਸਲਾ ਅਫ਼ਜ਼ਾਈ ਕਰਨਾ ਜ਼ਰੂਰੀ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਰਵੀਸ਼ ਸਦਾ ਚੜ੍ਹਦੀਕਲਾ ਵਿਚ ਰਹੇ.. ਆਮੀਨ...
ਗੁਰਨਾਮ ਸਿੰਘ ਅਕੀਦਾ
8146001100
Thursday, December 01, 2022
ਪੱਤਰਕਾਰੀ ਕਰਦੇ ਸਮੇਂ ਅਨੇਕਾਂ ਸੰਕਟਾਂ ਦਾ ਸਾਹਮਣਾ ਕਰਦਿਆਂ ਨਿਰੰਤਰ ਪੱਤਰਕਾਰੀ ਕਰ ਰਿਹਾ ਹੈ ‘ਜਗਸ਼ੀਰ ਸਿੰਘ ਸੰਧੂ’
ਪੰਥਕ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਵਿਚ ਨਾਮ ਦਰਜ ਹੈ ‘ਜਗਸ਼ੀਰ ਸਿੰਘ ਸੰਧੂ ਦਾ’
ਪੰਜਾਬੀ ਪੱਤਰਕਾਰੀ ਦੀ ਜਦੋਂ ਵੀ ਗੱਲ ਤੁਰਦੀ ਹੈ ਤਾਂ ਅਖ਼ਬਾਰਾਂ ਦੇ ਸੰਪਾਦਕਾਂ, ਨਿਊਜ਼ ਐਡੀਟਰਾਂ, ਚੰਡੀਗੜ੍ਹ ਵਿਚਲੇ ਪੱਤਰਕਾਰਾਂ, ਸਰਕਾਰੇ ਦਰਬਾਰੇ ਰੋਅਬ ਰੱਖਣ ਵਾਲੇ ਪੱਤਰਕਾਰਾਂ, ਸਟਾਫ਼ ਰਿਪੋਰਟਰਾਂ ਅਤੇ ਜ਼ਿਲ੍ਹਾ ਇੰਚਾਰਜਾਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ, ਜਦੋਂ ਕਿ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਅਤੇ ਆਮ ਲੋਕਾਂ ਨਾਲ ਜੁੜੇ ਪੱਤਰਕਾਰਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਦਰਅਸਲ ਵੱਡੇ ਅਖ਼ਬਾਰਾਂ ਵਿੱਚ ਖ਼ਬਰਾਂ ਨੂੰ ਵੀ ਸਟੇਸ਼ਨਾਂ ਮੁਤਾਬਿਕ ਹੀ ਥਾਂ ਮਿਲਦੀ ਹੈ, ਜਿਵੇਂ ਕਿ ਦਿੱਲੀ, ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਆਦਿ ਸਟੇਸ਼ਨਾਂ ਦੇ ਮੁਕਾਬਲੇ ਹੋਰ ਸ਼ਹਿਰਾਂ ਅਤੇ ਕਸਬਿਆਂ ਤੋਂ ਆਈਆਂ ਖ਼ਬਰਾਂ ਅਤੇ ਰਿਪੋਰਟਾਂ ਨੂੰ ਬਹੁਤ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਕਰਕੇ ਛੋਟੇ ਸਟੇਸ਼ਨਾਂ ਦੇ ਬਹੁਤ ਸਾਰੇ ਕਾਬਲ ਪੱਤਰਕਾਰ ਵੀ ਅੱਗੇ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਅੱਜਕੱਲ੍ਹ ਅਖ਼ਬਾਰਾਂ ਦੇ ਜ਼ਿਲ੍ਹਾ ਵਾਈਜ਼ ਐਡੀਸ਼ਨ ਹੋਣ ਕਰਕੇ ਬਹੁਤ ਸਾਰੇ ਕਾਬਲ ਪੱਤਰਕਾਰ ਵੀ ਆਪੋ ਆਪਣੇ ਜ਼ਿਲ੍ਹਿਆਂ ਤੱਕ ਹੀ ਸੀਮਤ ਹਨ, ਪਰ ਫਿਰ ਵੀ ਪੇਂਡੂ ਖੇਤਰਾਂ ਵਿਚੋਂ ਉੱਠੇ ਕੁੱਝ ਪੱਤਰਕਾਰ ਅਜਿਹੇ ਹਨ, ਜੋ ਸਾਧਨਾਂ ਦੀ ਘਾਟ ਦੇ ਬਾਵਜੂਦ ਵੀ ਪੰਜਾਬ ਦੀ ਪੱਤਰਕਾਰੀ ਵਿੱਚ ਆਪਣਾ ਵੱਖਰਾ ਮੁਕਾਮ ਬਣਾਉਣ ਵਿੱਚ ਸਫਲ ਹੋਏ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮਾਲਵੇ ਦੇ ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲਿਆਂ ਦੇ ਪੇਂਡੂ ਖੇਤਰਾਂ ਵਿੱਚੋਂ ਆਏ ਬਹੁਤ ਸਾਰੇ ਪੱਤਰਕਾਰਾਂ ਨੇ ਪੱਤਰਕਾਰੀ ਖੇਤਰ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਇੱਥੇ ਇਕ ਪੱਖ ਇਹ ਵੀ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਪੱਤਰਕਾਰੀ ਖੇਤਰ ਵਿੱਚ ਮਾਰਕਸੀ ਵਿਚਾਰਧਾਰਾ ਨਾਲ ਜੁੜੇ ਪੱਤਰਕਾਰਾਂ ਦੀ ਹੀ ਭਰਮਾਰ ਰਹੀ ਹੈ, ਪਰ ਅੱਜ ਜਿਸ ਪੱਤਰਕਾਰ ਦੀ ਤੁਹਾਡੇ ਨਾਲ ਸਾਂਝ ਪਵਾਉਣ ਜਾ ਰਹੇ ਹਾਂ, ਉਹ ਵੱਖਰੀ ਤਰ੍ਹਾਂ ਦੀ ਵਿਚਾਰਧਾਰਾ ਨੂੰ ਲੈ ਕੇ ਪੱਤਰਕਾਰੀ ਖੇਤਰ ਵਿੱਚ ਆਇਆ ਹੈ ਅਤੇ ਅੱਜ ਵੀ ਉਸੇ ਵਿਚਾਰਧਾਰਾ ਨਾਲ ਅੱਗੇ ਵਧ ਰਿਹਾ ਹੈ। ਉਸ ਪੱਤਰਕਾਰ ਦਾ ਨਾਮ ਹੈ ਜਗਸੀਰ ਸਿੰਘ ਸੰਧੂ, ਜੋ ਬਰਨਾਲਾ ਸ਼ਹਿਰ ਵਿੱਚ ਰਹਿੰਦਾ ਹੋਇਆ ਵੀ ਮਾਲਵੇ ਦੇ ਪਿੰਡਾਂ ਦਾ 'ਘੁਣਤਰੀ' ਹੈ।
-ਮੁੱਢਲਾ ਜੀਵਨ ਤੇ ਪੜਾਈ-
ਬਰਨਾਲਾ-ਲੁਧਿਆਣਾ ਸੜਕ 'ਤੇ ਮਹਿਲ ਕਲਾਂ ਟੋਲ ਪਲਾਜੇ ਕੋਲ ਪੈਂਦਾ ਹੈ ਪਿੰਡ ਕਿਰਪਾਲ ਸਿੰਘ ਵਾਲਾ, ਜਿੱਥੇ ਨੇੜਲੇ ਪਿੰਡ ਗੰਗੋਹਰ ਤੋਂ ਆ ਕੇ ਵਸੇ, ਦੂਸਰੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਵਾਲੇ ਫ਼ੌਜੀ ਸ੍ਰ: ਨਿਧਾਨ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ 25 ਦਸੰਬਰ 1965 ਨੂੰ ਜਨਮੇ ਜਗਸੀਰ ਸਿੰਘ ਸੰਧੂ ਨੇ ਮੁਢਲੀ ਪੜਾਈ ਸਰਕਾਰੀ ਪ੍ਰਾਇਮਰੀ ਸਕੂਲ ਕਿਰਪਾਲ ਸਿੰਘ ਵਾਲਾ, ਫਿਰ ਸਰਕਾਰੀ ਮਿਡਲ ਕਲਾਲ ਮਾਜਰਾ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਦੱਧਾਹੂਰ ਤੋਂ ਹਾਸਲ ਕੀਤੀ, ਤੇ ਪ੍ਰੈੱਪ ਦੀ ਪੜਾਈ ਵੀ ਪੂਰੀ ਕੀਤੀ, ਸਾਕਾ ਦਰਬਾਰ ਸਾਹਿਬ (ਬਲਿਊ ਸਟਾਰ ਅਪ੍ਰੇਸ਼ਨ) ਵਾਪਰ ਗਿਆ। ਖਾੜਕੂ ਵਿਚਾਰਾਂ ਦਾ ਧਾਰਨੀ ਹੋਣ ਕਰੇ ਮਾਪਿਆਂ ਨੇ ਪੜ੍ਹਨੋਂ ਹਟਾ ਕੇ 18 ਸਾਲਾਂ ਦੇ ਜਗਸੀਰ ਸਿੰਘ ਸੰਧੂ ਦਾ ਵਿਆਹ ਕਰ ਦਿੱਤਾ ਅਤੇ ਖੇਤੀਬਾੜੀ ਦੇ ਕੰਮ 'ਤੇ ਲਾ ਦਿੱਤਾ। ਅੱਲ੍ਹੜ ਉਮਰ 'ਚ ਹੋਇਆ ਜਗਸੀਰ ਸਿੰਘ ਦਾ ਵਿਆਹ ਚਾਰ ਕੁ ਸਾਲ ਚੱਲੇ ਕਲੇਸ਼ ਤੋਂ ਟੁੱਟ ਗਿਆ। ਇਸ ਦੌਰਾਨ ਹੀ ਇਕ ਪਰਵਾਰਿਕ ਮਜਬੂਰੀ ਕਾਰਨ ਜਗਸੀਰ ਸਿੰਘ ਸੰਧੂ ਦਾ ਪਰਵਾਰ ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਨੇੜੇ ਪੈਂਦੇ ਪਿੰਡ ਬਦਿਆਲਾ ਜਾ ਵਸਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬੀ ਸੂਬੇ ਬਾਨੀ ਸੰਤ ਫ਼ਤਿਹ ਸਿੰਘ ਦੇ ਜੱਦੀ ਪਿੰਡ ਬਦਿਆਲਾ ਵਿੱਚ ਜਗਸੀਰ ਸਿੰਘ ਸੰਧੂ ਨੇ 1992 ਤੱਕ ਖੇਤੀਬਾੜੀ ਦਾ ਕੰਮ ਕਰਨ ਕੀਤਾ। ਅੰਗਰੇਜ਼ਾਂ ਦੀ ਫ਼ੌਜ ਵਿੱਚ ਦੂਸਰੀ ਸੰਸਾਰ ਜੰਗ ਸਮੇਂ ਕਈ ਮੁਲਕਾਂ 'ਚ ਜੰਗਾਂ ਲੜਨ ਵਾਲੇ ਅਤੇ ਫਿਰ ਪਿੰਡ ਕਿਰਪਾਲ ਸਿੰਘ ਵਾਲਾ ਆ ਕੇ ਸਰਦਾਰਾਂ ਖ਼ਿਲਾਫ਼ ਮੁਜ਼ਾਹਰਾ ਜੱਦੋਜਹਿਦ 'ਚ ਮੋਹਰੀ ਰਹੇ ਆਪਣੇ ਪਿਤਾ ਸ੍ਰ: ਨਿਧਾਨ ਸਿੰਘ ਕੋਲੋਂ ਜਗਸੀਰ ਸਿੰਘ ਸੰਧੂ ਨੂੰ ਦੂਸਰੀ ਸੰਸਾਰ ਜੰਗ ਬਾਰੇ, ਦੇਸ਼ ਦੀ ਵੰਡ (ਹੱਲੇ ਗੁੱਲੇ) ਬਾਰੇ, ਮੁਜ਼ਾਹਰਾ ਲਹਿਰ ਬਾਰੇ, ਪੰਜਾਬੀ ਸੂਬਾ ਮੋਰਚੇ ਬਾਰੇ ਅਤੇ ਪੰਜਾਬ ਤੇ ਪੰਥ ਦੀ ਸਿਆਸਤ ਅਤੇ ਰਾਜਨੀਤਕ ਆਗੂਆਂ ਬਾਰੇ ਬਹੁਤ ਸਾਰੀ ਵਡਮੁੱਲੀ ਜਾਣਕਾਰੀ ਹਾਸਲ ਹੋਈ। ਪਿੰਡ ਬਦਿਆਲਾ ਰਹਿੰਦਿਆਂ ਹਾਲਾਤ ਕੁੱਝ ਅਜਿਹੇ ਬਣੇ ਕਿ ਜਗਸੀਰ ਸਿੰਘ ਸੰਧੂ ਉਸ ਇਲਾਕੇ ਵਿੱਚ ਸਰਗਰਮ ਖਾੜਕੂਆਂ ਦੇ ਇਕ ਗਰੁੱਪ ਅਤੇ ਰਾਮਪੁਰਾ ਦੀ ਪੁਲਸ ਦੇ ਰਡਾਰ 'ਤੇ ਆ ਗਿਆ, ਜਿੱਥੋਂ ਬਚਦਾ ਬਚਾਉਂਦਾ ਉਹ ਬਰਨਾਲੇ ਆ ਗਿਆ ਅਤੇ ਇਸੇ ਦੌਰਾਨ ਹੀ ਉਸ ਦੇ ਪਿਤਾ ਨਿਧਾਨ ਸਿੰਘ ਦਾ ਦਿਹਾਂਤ ਹੋ ਗਿਆ।
-ਬਰਨਾਲਾ 'ਚ ਕਿਵੇਂ ਵਸਿਆ-
ਬਰਨਾਲਾ ਆ ਕੇ ਜਗਸੀਰ ਸਿੰਘ ਸੰਧੂ ਨੇ ਇਕ ਘਰ ਵਿੱਚ ਸ਼ਰਨ ਲੈ ਲਈ ਅਤੇ ਮਾਰੂਤੀ ਵੈਨ ਗੱਡੀ ਖ਼ਰੀਦ ਕੇ ਉਸ ਨੂੰ ਟੈਕਸੀ ਦੇ ਤੌਰ 'ਤੇ ਚਲਾਉਣ ਲੱਗਿਆ ਤਾਂ 1994 ਵਿੱਚ ਇਕ ਮੁਖ਼ਬਰ ਨੇ ਰਾਮਪੁਰਾ ਦੇ ਤਤਕਾਲੀ ਡੀ.ਐੱਸ.ਪੀ ਧਰਮ ਸਿੰਘ ਕੋਲ ਫੜਾ ਦਿੱਤਾ ਅਤੇ ਜਿਸ ਨੇ ਥਾਣਾ ਬਾਲਿਆਂਵਾਲੀ ਵਿੱਚ ਦੋ ਹਫ਼ਤੇ ਤੋਂ ਵੀ ਵੱਧ ਸਮਾਂ ਰੱਖ ਕੇ ਜਗਸੀਰ ਸਿੰਘ 'ਤੇ ਅੰਨ੍ਹਾ ਤਸ਼ੱਦਦ ਕਰਵਾਇਆ, ਪਰ ਪੁਲਸ ਕੁਝ ਵੀ ਬਰਾਮਦ ਜਾਂ ਹਾਸਲ ਨਹੀਂ ਕਰ ਪਾਈ, ਫਿਰ ਵੀ ਪੁਲਸ ਨੇ ਦੋ-ਤਿੰਨ ਝੂਠੇ ਕੇਸ ਪਾ ਕੇ ਬਠਿੰਡਾ ਜੇਲ੍ਹ ਭੇਜ ਦਿੱਤਾ। ਫਿਰ ਬਠਿੰਡਾ ਜੇਲ੍ਹ 'ਚੋਂ ਬਰਨਾਲਾ ਪੁਲਸ ਰਿਮਾਂਡ 'ਤੇ ਲੈ ਆਈ ਅਤੇ ਕੁੱਝ ਅਣਟਰੇਸ ਕੇਸਾਂ ਵਿੱਚ ਬਰਨਾਲਾ ਪੁਲਸ ਨੇ ਫਿਟ ਕਰ ਦਿੱਤਾ। ਇੱਥੇ ਜਗਸੀਰ ਸਿੰਘ ਸੰਧੂ ਦੇ ਪਿਤਾ ਨਿਧਾਨ ਸਿੰਘ ਦੇ ਪੁਰਾਣੇ ਦੋਸਤ ਐਡਵੋਕੇਟ ਸ਼ਿਵਦਰਸਨ ਕੁਮਾਰ ਸ਼ਰਮਾ ਨੇ ਬਿਨਾਂ ਪੈਸਿਆਂ ਤੋਂ ਕੇਸ ਲੜੇ ਅਤੇ ਸਾਰੇ ਕੇਸਾਂ 'ਚੋਂ ਜ਼ਮਾਨਤਾਂ ਕਰਵਾ ਕੇ ਬਾਹਰ ਲਿਆਂਦਾ, ਪਰ ਕੁਝ ਸਮਾਂ ਬਾਅਦ ਪੁਲਸ ਨੇ ਫਿਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਗਾਹੇ ਬਗਾਹੇ ਫੜ ਕੇ ਸੀ.ਆਈ.ਏ ਸਟਾਫ਼ ਹੰਡਿਆਇਆ ਅਤੇ ਥਾਣਾ ਸ਼ੇਰਪੁਰ ਵਿੱਚ ਕਈ ਵਾਰ ਟਾਰਚਰ ਕੀਤਾ ਗਿਆ। ਇਸੇ ਦੌਰਾਨ ਪੁਲਸ ਹਿਰਾਸਤ ਵਿੱਚੋਂ ਭੱਜੀ ਇੱਕ ਹਵਾਲਾਤੀ ਔਰਤ ਦੇ ਕੇਸ ਵਿੱਚ ਜਗਸੀਰ ਸਿੰਘ ਸੰਧੂ ਨੂੰ ਫੇਰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ, ਪਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਇਸ ਕੇਸ ਵਿੱਚੋਂ ਵੀ ਉਸ ਨੂੰ ਬਾਇੱਜ਼ਤ ਬਰੀ ਕਰਵਾ ਲਿਆ, ਜਦੋਂਕਿ ਇਸ ਕੇਸ ਵਿਚ ਇਕ ਥਾਣੇਦਾਰ ਸਮੇਤ ਚਾਰ ਪੁਲਸ ਵਾਲਿਆਂ ਨੂੰ ਸਜਾ ਹੋ ਗਈ। ਅਦਾਲਤ ਵਿੱਚ ਲੰਬਾ ਸਮਾਂ ਟਰਾਇਲ ਦੌਰਾਨ ਜਗਸੀਰ ਸਿੰਘ ਸੰਧੂ ਇਕ-ਇਕ ਕਰਕੇ ਸਾਰੇ ਝੂਠੇ ਕੇਸਾਂ ਬਰੀ ਹੋ ਗਿਆ, ਉਸ ਨੂੰ ਕਿਸੇ ਵੀ ਕੇਸ ਵਿੱਚ ਨਾ ਕੋਈ ਸਜਾ ਅਤੇ ਨਾ ਹੀ ਕੋਈ ਜੁਰਮਾਨਾ ਹੋਇਆ। ਇਸ ਦੌਰਾਨ ਜਗਸੀਰ ਸਿੰਘ ਸੰਧੂ ਨੇ ਕੁੱਝ ਸਮਾਂ ਇਕ ਪੈਸਟੀਸਾਈਡ ਕੰਪਨੀ ਵਿੱਚ ਲੁਧਿਆਣਾ ਵਿਖੇ ਵੀ ਨੌਕਰੀ ਕੀਤੀ। ਇਸ ਉਪਰੰਤ 1998 ਵਿੱਚ ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਜਗਸੀਰ ਸਿੰਘ ਨੂੰ ਪੱਕੇ ਤੌਰ 'ਤੇ ਆਪਣੀ ਸਰਪ੍ਰਸਤੀ ਹੇਠ ਰੱਖ ਲਿਆ ਅਤੇ ਐੱਸ.ਡੀ ਸਭਾ ਵੱਲੋਂ ਖ਼ਰੀਦੀ ਅੱਠ ਏਕੜ ਜ਼ਮੀਨ (ਜਿੱਥੇ ਹੁਣ ਐੱਸ.ਐੱਸ.ਡੀ ਕਾਲਜ ਤੇ ਟੰਡਨ ਇੰਟਰਨੈਸ਼ਨਲ ਸਕੂਲ ਹੈ) ਖੇਤੀ ਕਰਨ ਲਈ ਦੇ ਦਿੱਤੀ। ਜਗਸੀਰ ਸਿੰਘ ਮੁੜ ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨਾਲ ਜੁੜ ਗਿਆ ਅਤੇ ਕਈ ਸਾਲ ਖੇਤੀ ਕਰਦਾ ਰਿਹਾ, ਪਰ ਕੁਝ ਸਾਲ ਬਾਅਦ 2004 ਵਿੱਚ ਐੱਸ.ਡੀ ਸਭਾ ਵੱਲੋਂ ਲੜਕੀਆਂ ਲਈ ਚਲਾਏ ਜਾਂਦੇ 'ਐਨ.ਐੱਮ.ਐੱਸ ਡੀ ਗਰਲਜ਼ ਸਕੂਲ ਅਤੇ ਪੰਚਾਇਤੀ ਮੰਦਰ ਦੀ ਮੈਨੇਜਮੈਂਟ ਦਰਮਿਆਨ ਜਗਾ ਨੂੰ ਲੈ ਕੇ ਝਗੜਾ ਹੋ ਗਿਆ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਿਆ। ਬਰਨਾਲਾ ਦੇ ਸਦਰ ਬਜ਼ਾਰ ਵਿੱਚ ਦੋਵਾਂ ਧਿਰਾਂ ਦਰਮਿਆਨ ਹੋਈ ਲੜਾਈ ਵਿੱਚ ਬਰਨਾਲਾ ਪੁਲਸ ਨੇ ਜਗਸੀਰ ਸਿੰਘ ਸੰਧੂ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਐੱਸ.ਡੀ ਸਭਾ ਦੇ ਤਤਕਾਲੀ ਪ੍ਰਧਾਨ ਪੰਨਾ ਲਾਲ ਗੋਇਲ, ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ, ਸੈਕਟਰੀ ਗੋਰਾ ਲਾਲ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਤਤਕਾਲੀ ਚੇਅਰਮੈਨ ਪ੍ਰੇਮ ਚੰਦ ਅਗਰਵਾਲ ਸਮੇਤ ਡੇਢ ਦਰਜਨ ਦੇ ਕਰੀਬ ਲੋਕਾਂ 'ਤੇ ਪਰਚਾ ਦਰਜ ਕਰ ਦਿੱਤਾ,ਜਿਸ ਵਿੱਚ ਮੰਦਰ ਦੀਆਂ ਮੂਰਤੀਆਂ ਤੋੜਨ ਤਹਿਤ ਧਾਰਾ 295 ਏ ਅਤੇ ਕੁੱਟਮਾਰ ਕਰਨ ਦੀਆਂ ਹੋਰ ਕਈ ਧਾਰਾਵਾਂ ਲਗਾ ਦਿੱਤੀਆਂ। ਇਸ ਮਾਮਲੇ ਵਿੱਚ ਜਗਸੀਰ ਸਿੰਘ ਸੰਧੂ ਨੂੰ ਕੁੱਝ ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਿਆ। ਇਸ ਦੌਰਾਨ ਬਰਨਾਲਾ ਦੇ ਪੱਤਰਕਾਰਾਂ ਵੱਲੋਂ ਮੂਰਤੀਆਂ ਤੋੜਨ ਦਾ ਮਾਮਲਾ ਬਹੁਤ ਉਛਾਲਿਆ ਗਿਆ, ਜਦੋਂਕਿ ਮੂਰਤੀਆਂ ਤੋੜਨ ਦੀ ਕੋਈ ਘਟਨਾ ਹੋਈ ਹੀ ਨਹੀਂ ਸੀ ਅਤੇ ਨਾ ਹੀ ਕੋਈ ਵਿਅਕਤੀ ਮੰਦਰ ਵਿੱਚ ਗਿਆ ਸੀ। ਇਸ ਦੌਰਾਨ ਜੇਲ੍ਹ ਵਿੱਚ ਰਹਿੰਦਿਆਂ ਜਗਸੀਰ ਸਿੰਘ ਸੰਧੂ ਨੇ ਪੱਤਰਕਾਰੀ ਖੇਤਰ ਵਿੱਚ ਜਾਣ ਦਾ ਫ਼ੈਸਲਾ ਕਰ ਲਿਆ ਕਿ ਤਾਂ ਕਿ ਇਹੋ ਜਿਹੇ ਮਾਮਲਿਆਂ 'ਚ ਮੀਡੀਆ ਵੱਲੋਂ ਕੀਤੇ ਜਾਂਦੇ ਝੂਠ ਪ੍ਰਚਾਰ ਦਾ ਜਵਾਬ ਦਿੱਤਾ ਜਾ ਸਕੇ ਅਤੇ ਅਸਲ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ।
-ਪੱਤਰਕਾਰੀ ਖੇਤਰ ਵਿੱਚ ਪ੍ਰਵੇਸ਼-
ਜਗਸੀਰ ਸਿੰਘ ਸੰਧੂ ਨੇ ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਕਈ ਪੱਤਰਕਾਰਾਂ ਨਾਲ ਸੰਪਰਕ ਕਰਕੇ ਆਪਣੀ ਮਨਸ਼ਾ ਦੱਸੀ। ਉਸ ਸਮੇਂ ਐੱਸ.ਡੀ ਸੀਨੀਅਰ ਸਕੈਂਡਰੀ ਬਰਨਾਲਾ ਵਿੱਚ ਪ੍ਰਾਈਵੇਟ ਟੀਚਰ ਵਜੋਂ ਨੌਕਰੀ ਕਰਦੇ ਧਰਮਚੰਦਰ (ਜੋ ਅੱਜਕੱਲ੍ਹ ਫਾਸਟਵੇਅ ਅਤੇ ਪੰਜਾਬੀ ਪੋਸਟ ਵੱਲੋਂ ਬਠਿੰਡਾ ਦੇ ਇੰਚਾਰਜ ਹਨ) ਅਜੀਤ ਸਮਾਚਾਰ ਅਤੇ ਸੁਦਾਗਰ ਸਿੰਘ ਬਾਜਵਾ (ਜੋ ਅੱਜਕੱਲ੍ਹ ਸਰਕਾਰੀ ਟੀਚਰ ਹਨ) ਦੇਸ਼ ਸੇਵਕ ਅਖ਼ਬਾਰ ਲਈ ਪੱਤਰਕਾਰੀ ਕਰਦੇ ਹਨ। ਇਹਨਾਂ ਨੇ ਹੱਲਾਸ਼ੇਰੀ ਵੀ ਦਿੱਤੀ ਤੇ ਪੱਤਰਕਾਰੀ ਦਿਵਾਉਣ ਦਾ ਵਾਅਦਾ ਵੀ ਕੀਤਾ। ਕੁਝ ਸਮੇਂ ਸੁਦਾਗਰ ਸਿੰਘ ਬਾਜਵਾ ਨੇ ਜਗਸੀਰ ਸਿੰਘ ਸੰਧੂ ਨੂੰ ਬਰਨਾਲਾ ਦੇ ਪੁਰਾਣੇ ਬਜ਼ਾਰ ਵਿੱਚ ਧਰਨੀ ਅਖ਼ਬਾਰਾਂ ਵਾਲੇ ਦੀ ਦੁਕਾਨ 'ਤੇ ਜਲੰਧਰ ਤੋਂ ਆਏ 'ਸਤਪਾਲ ਕਾਲਾ' ਨਾਮ ਦੇ ਇਕ ਵਿਅਕਤੀ ਨੂੰ ਮਿਲਾਇਆ, ਜਿਸ ਨੇ ਸਕਿਉਰਿਟੀ ਦੇ ਨਾਮ 'ਤੇ 2000 ਰੁਪਏ ਲੈ ਕੇ ਜਗਸੀਰ ਸੰਧੂ ਨੂੰ ਪੱਤਰਕਾਰ ਬਣਾਉਂਦਿਆਂ ਮੌਕੇ 'ਤੇ ਹੀ ‘ਨਵਾਂ ਜ਼ਮਾਨਾ’ ਅਖ਼ਬਾਰ ਦਾ ਸ਼ਨਾਖ਼ਤੀ ਕਾਰਡ ਵੀ ਬਣਾ ਕੇ ਦੇ ਦਿੱਤਾ। ਉਸ ਸਮੇਂ ਬਰਨਾਲਾ ਦੇ ਬਹੁਤੇ ਨਵੇਂ ਪੱਤਰਕਾਰਾਂ ਦਾ ਅੱਡਾ ਕੱਚਾ ਕਾਲਜ ਰੋਡ 'ਤੇ ਅਸ਼ੋਕ ਭਾਰਤੀ ਦੀ ਦੁਕਾਨ ਹੁੰਦੀ ਸੀ, ਜਿੱਥੇ ਬੈਠ ਕੇ ਇਕ ਜਣਾ ਖ਼ਬਰਾਂ ਲਿਖਦਾ ਫਿਰ ਸਾਰੇ ਜਣੇ ਫਲਿਊਟ ਲਗਾ ਕੇ ਆਪਣਾ ਨਾਮ ਲਿਖ-ਲਿਖ ਕੇ ਰੋਸ਼ਨ ਲਾਲ ਦੀ ਐੱਸ.ਟੀ.ਡੀ ਤੋਂ ਆਪੋ-ਆਪਣੇ ਅਖ਼ਬਾਰਾਂ ਨੂੰ ਫੈਕਸ ਕਰ ਦਿੰਦੇ। ਰੋਸ਼ਨ ਅੰਕਲ ਉਸ ਸਮੇਂ ਐੱਸ.ਟੀ.ਡੀ ਦੇ ਮੀਟਰ ਅਨੁਸਾਰ ਆਏ ਬਿੱਲ ਦੇ ਨਾਲ ਪੰਜ ਰੁਪਏ ਪ੍ਰਤੀ ਪੇਜ ਲੈਂਦਾ ਹੁੰਦਾ ਸੀ। ਇਸ ਤਰਾਂ ਇਕ ਪੇਜ ਦੀ ਖ਼ਬਰ ਭੇਜਣ ਦੇ ਸੱਤ-ਅੱਠ ਰੁਪਏ ਲੱਗ ਜਾਂਦੇ ਸਨ। ਜੇਕਰ ਕਿਸੇ ਬਹੁਤੀ ਜ਼ਰੂਰੀ ਖ਼ਬਰ ਦੇ ਨਾਲ ਫ਼ੋਟੋ ਭੇਜਣੀ ਹੁੰਦੀ ਤਾਂ ਫਿਰ ਹੈਰੀਟੇਜ ਕੈਫ਼ੇ ਵਾਲਿਆਂ ਤੋਂ ਈਮੇਲ ਕਰਵਾਈ ਜਾਂਦੀ ਸੀ, ਜਦੋਂਕਿ ਆਰਟੀਕਲ ਅਤੇ ਆਮ ਖ਼ਬਰਾਂ ਤਾਂ ਫ਼ੋਟੋ ਸਮੇਤ ਡਾਕ ਰਾਹੀਂ ਹੀ ਅਖ਼ਬਾਰਾਂ ਨੂੰ ਭੇਜੀਆਂ ਜਾਂਦੀਆਂ ਸਨ। ਉਸ ਸਮੇਂ ਰੀਲ ਵਾਲੇ ਕੈਮਰੇ ਚਲਦੇ ਸਨ ਅਤੇ ਅਖ਼ਬਾਰ ਨੂੰ ਭੇਜਣ ਤੋਂ ਪਹਿਲਾਂ ਕਿਸੇ ਫ਼ੋਟੋਗਰਾਫ਼ਰ ਦੀ ਦੁਕਾਨ ਤੋਂ ਫ਼ੋਟੋ ਡਿਵੈਲਪ ਕਰਵਾਉਣੀ ਪੈਂਦੀ ਸੀ। ਪੱਤਰਕਾਰੀ ਲੈਣ ਤੋਂ ਬਾਅਦ ਪਹਿਲੇ ਦਿਨ ਹੀ ਕ੍ਰਾਈਮ ਨਾਲ ਸਬੰਧਿਤ ਆਪਣੇ ਨਾਮ ਹੇਠ ਛਪੀ ਖ਼ਬਰ ਦੇਖ ਕੇ ਜਗਸੀਰ ਸੰਧੂ ਬਹੁਤ ਖ਼ੁਸ਼ ਹੋਇਆ, ਪਰ ਕੁੱਝ ਦਿਨਾਂ ਬਾਅਦ ਉਸ ਨੂੰ ਲੱਗਿਆ ਕਿ ਅਸਲ ਪੱਤਰਕਾਰੀ ਤਾਂ ਉਦੋਂ ਹੀ ਸ਼ੁਰੂ ਹੋਈ ਮੰਨੀ ਜਾਵੇਗੀ, ਜਦੋਂ ਉਸ ਦੀ ਖ਼ੁਦ ਦੀ ਲਿਖੀ ਖ਼ਬਰ ਅਖ਼ਬਾਰ ਵਿਚ ਛਪੇਗੀ। ਇਸ ਤੋ ਬਾਅਦ ਉਸ ਨੇ ਸਾਥੀ ਪੱਤਰਕਾਰਾਂ ਨੂੰ ਕਹਿ ਦਿੱਤਾ ਕਿ ‘ਹੁਣ ਉਹ ਕਿਸੇ ਦੀ ਲਿਖੀ ਖ਼ਬਰ 'ਤੇ ਫਲਿਊਟ ਲਗਾ ਕੇ ਆਪਣਾ ਨਾਮ ਨਹੀਂ ਲਿਖੇਗਾ, ਜਿਹੋ ਜਿਹੀ ਵੀ ਟੇਢੀ ਮੇਢੀ ਖ਼ਬਰ ਲਿਖੀ ਜਾਵੇ, ਅੱਜ ਤੋਂ ਉਹ ਖ਼ੁਦ ਖ਼ਬਰ ਲਿਖ ਕੇ ਆਪਣੇ ਅਖ਼ਬਾਰ ਨੂੰ ਭੇਜਿਆ ਕਰੇਗਾ।’ ਇਸ 'ਤੇ ਅਸ਼ੋਕ ਭਾਰਤੀ ਨੇ ਹੌਸਲਾ ਅਫ਼ਜ਼ਾਈ ਕਰਦਿਆਂ ਖ਼ਬਰ ਲਿਖਣ ਲਈ ਸਾਫ਼ ਕਾਗ਼ਜ਼ ਜਗਸੀਰ ਸੰਧੂ ਦੇ ਹੱਥ ਫੜਾ ਦਿੱਤਾ। ਉੱਧਰ ਲੋਕ ਸੰਪਰਕ ਵਿਭਾਗ ਦੇ ਬਰਨਾਲਾ ਦਫ਼ਤਰ ਵਿੱਚ ਏ.ਪੀ.ਆਰ.ਓ ਵਜੋਂ ਸੇਵਾਵਾਂ ਨਿਭਾਉਂਦੇ ਵੀ.ਕੇ ਜੋਸ਼ੀ ਨੇ ਜਗਸੀਰ ਸੰਧੂ ਨੂੰ ਲੰਬੀ ਰੇਸ ਦਾ ਘੋੜਾ ਕਹਿੰਦਿਆਂ ਬਹੁਤ ਹੱਲਾਸ਼ੇਰੀ ਦਿੱਤੀ। ਉਸ ਤੋਂ ਬਾਅਦ ਅੱਜ ਤੱਕ ਜਗਸੀਰ ਸੰਧੂ ਦੱਬ ਕੇ ਲਿਖ ਰਿਹਾ ਹੈ, ਭਾਵੇਂ ਕਿ ਸਮੇਂ ਮੁਤਾਬਿਕ ਉਸ ਦੇ ਹੱਥ ਕਲਮ ਤੋਂ ਕੰਪਿਊਟਰ ਦੀ ਕੀ ਪੈਡ ਤੱਕ ਜਾ ਪਹੁੰਚੇ ਹਨ।
-ਕਿਹੜੇ-ਕਿਹੜੇ ਅਖ਼ਬਾਰਾਂ ਵਿੱਚ ਕੰਮ ਕੀਤਾ-
ਨਵਾਂ ਜ਼ਮਾਨਾ ਅਖ਼ਬਾਰ ਵਿੱਚ ਕੰਮ ਕਰਦਿਆਂ ਤਿੰਨ-ਚਾਰ ਖ਼ਬਰਾਂ ਨੇ ਜਗਸੀਰ ਸੰਧੂ ਨੂੰ ਬਰਨਾਲਾ ਦੇ ਪੱਤਰਕਾਰੀ ਖੇਤਰ ਵਿੱਚ ਪਹਿਚਾਣ ਦੇ ਦਿੱਤੀ। ਫ਼ਤਿਹਗੜ੍ਹ ਛੰਨਾ ਅਤੇ ਧੌਲ਼ਾ ਦੀ ਜ਼ਮੀਨ ਐਕਵਾਇਰ ਦੇ ਮਾਮਲੇ ਵਿੱਚ ''ਟਰਾਈਡੈਂਟ ਫ਼ੈਕਟਰੀ ਖ਼ਿਲਾਫ਼ ਕਿਸਾਨ ਲਾਮਬੰਦ ਹੋਣ ਲੱਗੇ'' ਹੈਡਿੰਗ ਹੇਠ ਨਵਾਂ ਜ਼ਮਾਨਾ ਦੇ ਫ਼ਰੰਟ ਪੇਜ 'ਤੇ ਲੱਗੀ ਜਗਸੀਰ ਸੰਧੂ ਦੀ ਖ਼ਬਰ ਪ੍ਰਸ਼ਾਸਨ ਅਤੇ ਸਰਕਾਰ ਲਈ ਇਸ ਮਸਲੇ 'ਤੇ ਸ਼ੁਰੂ ਹੋ ਰਹੇ ਵੱਡੇ ਸੰਘਰਸ਼ ਦੀ ਆਹਟ ਬਣੀ। ਇਕ ਨਾਨਕਸਰੀ ਸਾਧ ਅਤੇ ਸਥਾਨਿਕ ਪੁਲਸ ਅਧਿਕਾਰੀ ਦੇ ਕਾਰਨਾਮਿਆਂ ਦੀ ਪੋਲ ਖੋਲ੍ਹਦੀਆਂ ਖ਼ਬਰਾਂ ਨੇ ਉਸ ਨੂੰ ਨਿਧੜਕ ਪੱਤਰਕਾਰ ਵਜੋਂ ਉਭਾਰਿਆ। ਉਸ ਨੇ ਆਪਣੀ ਮਿਹਨਤ ਨਾਲ ਨਵਾਂ ਜ਼ਮਾਨਾ ਅਖ਼ਬਾਰ ਦੀ ਸਰਕੁਲੇਸ਼ਨ ਪੰਜ-ਸੱਤ ਕਾਪੀਆਂ ਤੋਂ ਵਧਾ ਕੇ 170 ਕਾਪੀਆਂ ਕਰ ਦਿੱਤੀ, ਜਦੋਂ ਉਸ ਸਮੇਂ ਪੰਜਾਬੀ ਦੇ ਵੱਡੇ ਅਖ਼ਬਾਰਾਂ ਵਿਚੋਂ ਕਿਸੇ ਵੀ ਬਰਨਾਲਾ ਸ਼ਹਿਰ 'ਚ ਸਰਕੁਲੇਸ਼ਨ 1500 ਤੋਂ ਵੱਧ ਨਹੀਂ ਸੀ। ਇਕ ਪੱਤਰਕਾਰ ਵਜੋਂ ਸਥਾਪਿਤ ਹੋਣ ਤੋਂ ਬਾਅਦ ਸ਼ਿਵਦਰਸ਼ਨ ਸ਼ਰਮਾ ਨੇ ਜਗਸੀਰ ਸੰਧੂ ਨੂੰ ਬਰਨਾਲਾ ਦੇ ਹੰਡਿਆਇਆ ਬਜ਼ਾਰ ਵਿੱਚ 25 ਦੁਕਾਨਾਂ ਅਤੇ ਦੋ ਵੱਡੇ ਹਾਲਾਂ ਵਾਲੀ ਨਵੀਂ ਤਿੰਨ ਮੰਜ਼ਿਲ ਐੱਸ ਡੀ ਸਭਾ ਮਾਰਕੀਟ ਦਾ ਕੇਅਰਟੇਕਰ ਲਗਾ ਕੇ ਉਸ ਮਾਰਕੀਟ ਦੇ ਉਪਰ ਰਹਿਣ ਲਈ ਮਕਾਨ ਅਤੇ ਥੱਲੇ ਇਕ ਦਫ਼ਤਰ ਵੀ ਦੇ ਦਿੱਤਾ, ਜਿੱਥੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰਹਿ ਰਿਹਾ ਹੈ। ਇਸ ਤੋਂ ਬਾਅਦ ਪਹਿਰੇਦਾਰ, ਸਪੋਕਸਮੈਨ, ਦੇਸ਼ ਵਿਦੇਸ਼ ਟਾਈਮਜ਼, ਚੜ੍ਹਦੀ ਕਲਾ ਅਖ਼ਬਾਰਾਂ ਵਿਚ ਵੀ ਕੰਮ ਕੀਤਾ।
-ਆਪਣਾ ‘ਅਲਾਇਵ ਪੰਜਾਬ’-
ਅੱਜ ਕੱਲ੍ਹ ਜਗਸੀਰ ਸਿੰਘ ਸੰਧੂ ਆਪਣਾ ਵੈੱਬ ਚੈਨਲ ‘ਅਲਾਇਵ ਪੰਜਾਬ’ ਚਲਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਨਿਊਜ਼ ਪੋਰਟਲ ‘ਅਲਾਇਵ ਪੰਜਾਬ’ 'ਤੇ ਰੋਜ਼ਾਨਾ ਦੀ ਨਿਊਜ਼ ਅੱਪਡੇਟ ਕਰ ਰਿਹਾ ਹੈ।
-ਅਦਾਲਤੀ ਕੇਸ ਅਤੇ ਨੋਟਿਸ-
ਭਾਵੇਂ ਜਗਸੀਰ ਸਿੰਘ ਸੰਧੂ ਦਾ ਅਦਾਲਤੀ ਕੇਸਾਂ ਅਤੇ ਪਰਚਿਆਂ ਨਾਲ ਲੰਬਾ ਨਾਤਾ ਰਿਹਾ ਹੈ, ਪਰ ਪੱਤਰਕਾਰੀ ਖੇਤਰ ਵਿੱਚ ਕੇਸ ਨਵਾਂ ਜ਼ਮਾਨਾ ਅਖ਼ਬਾਰ ਵਿੱਚ ਲੱਗੀ ਇਕ ਖ਼ਬਰ 'ਤੇ ਸਟੈਂਡਰਡ ਕੰਬਾਈਨ ਅਤੇ ਟਰੈਕਟਰ ਫ਼ੈਕਟਰੀ ਦੇ ਮਾਲਕ ਨਛੱਤਰ ਸਿੰਘ ਵੱਲੋਂ ਕੀਤਾ, ਜੋ ਕਰੀਬ ਸੱਤ ਸਾਲ ਚੱਲਣ ਤੋਂ ਬਾਅਦ ਖ਼ਾਰਜ ਹੋਇਆ। ਇਸ ਤੋਂ ਬਾਅਦ ਪਹਿਰੇਦਾਰ ਵਿੱਚ ਲੱਗੀਆਂ ਦੋ ਹੋਰ ਵੱਖ-ਵੱਖ ਖ਼ਬਰਾਂ 'ਤੇ ਕੁੱਝ ਲੋਕਾਂ ਵੱਲੋਂ ਬਰਨਾਲਾ ਮਾਣਹਾਨੀ ਦੇ ਕੇਸ ਪਾਏ ਗਏ, ਪਰ ਉਹ ਵੀ ਨਾ ਟਿਕ ਸਕੇ। ਆਰ.ਐੱਸ.ਐੱਸ ਵੱਲੋਂ ਭਾਰਤ ਦੇ ਸੰਵਿਧਾਨ ਨੂੰ ਬਦਲ ਕੇ ਮੰਨੂੰ ਸਿਮਰਤੀ ਲਾਗੂ ਕਰਨ ਦੇ ਮਨਸੂਬਿਆਂ ਸਬੰਧੀ ਪਹਿਰੇਦਾਰ ਵਿੱਚ ਲਾਈ ਇਕ ਰਿਪੋਰਟ ਦੇ ਖ਼ਿਲਾਫ਼ ਭਾਜਪਾ ਦੇ ਦਲਿਤ ਵਿੰਗ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਐੱਸ.ਐੱਸ.ਪੀਜ ਨੂੰ ਮੰਗ ਪੱਤਰ ਦੇ ਕੇ ਜਗਸੀਰ ਸਿੰਘ ਸੰਧੂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਇੱਥੋਂ ਤੱਕ ਕਿ ਹਰਿਆਣਾ ਦੇ ਪੰਚਕੂਲਾ ਵਿੱਚ ਵੀ ਸ਼ਿਕਾਇਤ ਕੀਤੀ ਗਈ। ਸੰਧੂ ਨੂੰ ਸਾਰੇ ਪੁਲਸ ਵੱਲੋਂ ਜ਼ਿਲਿਆਂ ਵਿੱਚ ਬੁਲਾਇਆ ਗਿਆ ਅਤੇ ਫਿਰ ਬਿਆਨ ਦਰਜ ਕਰਨ ਉਪਰੰਤ ਸਾਰੀਆਂ ਦਰਖਾਸਤਾਂ ਬਰਨਾਲਾ ਪੁਲਸ ਕੋਲ ਭੇਜ ਦਿੱਤੀਆਂ ਗਈਆਂ, ਅਖੀਰ ਇਕ ਸਾਲ ਖੱਜਲ ਖ਼ੁਆਰ ਕਰਨ ਤੋਂ ਬਾਅਦ ਬਰਨਾਲਾ ਪੁਲਸ ਨੇ ‘ਇਹ ਅਦਾਲਤੀ ਮੈਟਰ ਹੈ ਅਤੇ ਜਿਸ ਨੂੰ ਇਤਰਾਜ਼ ਹੈ ਉਹ ਜਗਸੀਰ ਸਿੰਘ ਸੰਧੂ ਖ਼ਿਲਾਫ਼ ਅਦਾਲਤ ਵਿੱਚ ਜਾ ਸਕਦਾ ਹੈ’ ਲਿਖ ਕੇ ਮਾਮਲਾ ਖ਼ਤਮ ਕੀਤਾ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰ ਨੋਟਿਸ ਵੀ ਦਿੱਤੇ ਗਏ ਅਤੇ ਇਕ ਵਾਰ ਸ਼੍ਰੋਮਣੀ ਕਮੇਟੀ ਦੀਆਂ ਅੰਦਰਲੀਆਂ ਖ਼ਬਰਾਂ ਲਾਉਣ 'ਤੇ ਆਪਣੀ ਫਲਾਇੰਗ ਟੀਮ ਬਰਨਾਲਾ ਵਿਖੇ ਜਗਸੀਰ ਸਿੰਘ ਸੰਧੂ ਦੇ ਦਫ਼ਤਰ ਭੇਜ ਕੇ ਇਨਕੁਆਰੀ ਵੀ ਕਰਵਾਈ ਗਈ।
-ਪੰਥਕ ਪੱਤਰਕਾਰੀ ਵੱਲ ਮੋੜਾ-
ਖੱਬੇ ਪੱਖੀ ਵਿਚਾਰਧਾਰਾ ਦੇ ਅਖ਼ਬਾਰ ਨਵਾਂ ਜ਼ਮਾਨਾ ਤੋਂ ਪੱਤਰਕਾਰੀ ਸ਼ੁਰੂ ਕਰਨ ਵਾਲੇ ਜਗਸੀਰ ਸਿੰਘ ਸੰਧੂ ਦੀ ਪਹਿਚਾਣ ਅੱਜ ਪੰਥਕ ਪੱਤਰਕਾਰ ਵਜੋਂ ਕਿਵੇਂ ਬਣ ਗਈ? ਇਸ ਸਬੰਧੀ ਜਗਸੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਵੇਂ ਕਿਹਾ ਜਾਂਦਾ ਹੈ ਕਿ ਪੱਤਰਕਾਰ ਦਾ ਕੋਈ ਧਰਮ, ਕੋਈ ਜਾਤ ਜਾਂ ਕੋਈ ਧੜਾ ਨਹੀਂ ਹੁੰਦਾ, ਪਰ ਅੱਜ ਪੂਰੇ ਭਾਰਤ ਦਾ ਮੀਡੀਆ ਪੂਰੀ ਤਰਾਂ ਹਿੰਦੂਤਵ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
ਤਕਰੀਬਨ ਸਾਰੇ ਭਾਰਤੀ ਟੀ ਵੀ ਚੈਨਲ ਦੇਸ਼ ਹਿੰਦੂਤਵ ਦਾ ਪਾਠ ਪੜਾ ਰਹੇ ਹਨ, ਇਹੋ ਜਿਹਾ ਹਾਲ ਹੀ ਬਹੁਤੇ ਪੰਜਾਬੀ ਅਖ਼ਬਾਰਾਂ ਦਾ ਹੈ। ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਦੀ ਇਸ ਹਿੰਦੂਤਵੀ ਗਾਈਡ ਲਾਇਨ 'ਤੇ ਹੀ ਪੱਤਰਕਾਰ ਕੰਮ ਰਹੇ ਹਨ। ਫਿਰ ਅਜਿਹੇ ਹਾਲਤਾਂ ਵਿੱਚ ਸਿੱਖ ਪੱਤਰਕਾਰਾਂ ਨੂੰ ਵੀ ਪੰਥਕ ਪੱਤਰਕਾਰੀ ਕਰਨੀ ਚਾਹੀਦੀ ਹੈ। ਸਿੱਖੀ ਅਤੇ ਪੰਥਕ ਰਹੁਰੀਤਾਂ 'ਤੇ ਚੁਫੇਰਿਓਂ ਹੋ ਰਹੇ ਹਮਲਿਆਂ ਦਾ ਜਵਾਬ ਦੇਣ ਲਈ ਸਿੱਖ ਪੱਤਰਕਾਰਾਂ ਨੂੰ ਅੱਗੇ ਆਉਣਾ ਪਵੇਗਾ।
ਅਤੀਤ ਵਿੱਚ ਵੀ ਸੁੰਦਰ ਸਿੰਘ ਲਾਇਲਪੁਰੀ ਅਤੇ ਗਿਆਨੀ ਦਿੱਤ ਸਿੰਘ ਵਰਗੇ ਦਿਗਜ ਪੱਤਰਕਾਰਾਂ ਨੇ ਸਿੱਖ ਪੰਥ ਦੇ ਹਿੱਤਾਂ ਲਈ ਅਤੇ ਹੋ ਰਹੇ ਕੌਮੀ ਹਮਲਿਆਂ ਦਾ ਆਪਣੀ ਕਲਮ ਨਾਲ ਸਾਹਮਣਾ ਕੀਤਾ ਹੈ। ਇਸ ਲਈ ਅਜੋਕੇ ਦੌਰ ਵਿੱਚ ਸਿੱਖ ਪੱਤਰਕਾਰਾਂ ਨੂੰ ਆਪਣੀ ਕਲਮ ਨਾਲ ਸਿੱਖ ਪੰਥ ਅਤੇ ਪੰਜਾਬ 'ਤੇ ਹੋ ਰਹੇ ਹਮਲਿਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸਿੱਖ ਪੱਤਰਕਾਰਾਂ ਦੀ ਇਕ ਮਜ਼ਬੂਤ ਜਥੇਬੰਦੀ ਸਥਾਪਿਤ ਕਰਨੀ ਚਾਹੀਦੀ ਹੈ।
-ਸੰਧੂ ਦਾ ਦਫ਼ਤਰ ਬਣਿਆ ਮੀਡੀਆ ਸੈਂਟਰ-
ਵੈਸੇ ਤਾਂ ਅਖ਼ਬਾਰਾਂ ਦੇ ਸਬ ਆਫ਼ਿਸਾਂ ਤੋਂ ਦੂਸਰੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਦੂਰ ਹੀ ਰੱਖਿਆ ਜਾਂਦਾ ਹੈ, ਪਰ ਜਗਸੀਰ ਸਿੰਘ ਸੰਧੂ ਦਾ ਦਫ਼ਤਰ ਰੋਜ਼ਾਨਾ ਸਪੋਕਸਮੈਨ, ਦੇਸ਼ ਵਿਦੇਸ਼ ਟਾਈਮਜ਼, ਚੜ ਦੀ ਕਲਾ ਅਤੇ ਪਹਿਰੇਦਾਰ ਦਾ ਸਬ ਆਫ਼ਿਸ ਹੁੰਦਿਆਂ ਵੀ ਬਰਨਾਲਾ ਦੇ ਪੱਤਰਕਾਰਾਂ ਦਾ ਮੀਡੀਆ ਸੈਂਟਰ ਰਿਹਾ, ਜਿਸ ਦੀ ਕਮਾਂਡ ਬਜ਼ੁਰਗ ਪੱਤਰਕਾਰ ਜਗੀਰ ਸਿੰਘ ਜਗਤਾਰ ਦੇ ਹੱਥ ਰਹੀ ਹੈ। ਬਰਨਾਲਾ ਵਿੱਚ ਪ੍ਰੈੱਸ ਕਲੱਬ ਨਾ ਹੋਣ ਕਰਕੇ ਸੰਧੂ ਦਾ ਦਫ਼ਤਰ ਹੀ ਬਰਨਾਲਾ ਦੇ ਪੱਤਰਕਾਰਾਂ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ ਹੈ।
-ਪੱਤਰਕਾਰ ਜਥੇਬੰਦੀਆਂ 'ਚ ਸਰਗਰਮੀਆਂ-
ਬਰਨਾਲਾ ਵਿੱਚ ਭਾਵੇਂ ਪੱਤਰਕਾਰਾਂ ਦੀਆਂ ਕਈ ਜਥੇਬੰਦੀਆਂ ਹਨ। ਜਗਸੀਰ ਸਿੰਘ ਸੰਧੂ ਦਾ ਦਫ਼ਤਰ ਮੀਡੀਆ ਸੈਂਟਰ ਹੋਣ ਕਰਕੇ ਬਰਨਾਲਾ ਵਿੱਚ ਪੱਤਰਕਾਰਾਂ ਪਹਿਲੀ ਮਜ਼ਬੂਤ ਜਥੇਬੰਦੀ 'ਪ੍ਰੋਗਰੈਸਿਵ ਪ੍ਰੈੱਸ ਕਲੱਬ' ਦਾ ਗਠਨ ਕਰਨ ਦੀ ਵਿਉਂਤਬੰਦੀ ਇੱਥੇ ਹੀ ਘੜੀ ਗਈ। ਬਜ਼ੁਰਗ ਪੱਤਰਕਾਰ ਜਗੀਰ ਸਿੰਘ ਜਗਤਾਰ ਦੀ ਸਰਪ੍ਰਸਤੀ ਹੇਠ ਬਣੇ ਇਸ ਕਲੱਬ ਦਾ ਪਹਿਲਾ ਪ੍ਰਧਾਨ ਰਾਜਮਹਿੰਦਰ ਸਿੰਘ, ਜਨਰਲ ਸਕੱਤਰ ਕਮਲੇਸ਼ ਸ਼ਰਮਾ ਤੇ ਸਕੱਤਰ ਜਗਸੀਰ ਸਿੰਘ ਸੰਧੂ ਬਣੇ, ਪਰ ਕਮਲੇਸ਼ ਸ਼ਰਮਾ ਕੁੱਝ ਦੇਰ ਬਾਅਦ ਕੈਨੇਡਾ ਚਲੀ ਗਈ ਤਾਂ ਜਗਸੀਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਬਣਾ ਦਿੱਤਾ ਗਿਆ। ਬਰਨਾਲਾ ਵਿੱਚ ਪਹਿਲਾ ਪ੍ਰੈੱਸ ਦਿਵਸ ਮਨਾਉਣ ਦਾ ਉੱਦਮ ਵੀ ਪ੍ਰੋਗਰੈਸਿਵ ਪ੍ਰੈੱਸ ਕਲੱਬ ਨੇ ਕੀਤਾ। ਕੁੱਝ ਸਮੇਂ ਬਾਅਦ ਪੱਤਰਕਾਰਾਂ ਦੀਆਂ ਇਕ ਦੋ ਹੋਰ ਜਥੇਬੰਦੀਆਂ ਹੋਂਦ ਵਿੱਚ ਆ ਗਈਆਂ। ਇਸ ਦੌਰਾਨ 2010 ਵਿੱਚ ਪੰਜਾਬ ਜਰਨਲਿਸਟ ਯੂਨੀਅਨ ਵੱਲੋਂ ਜਗਸੀਰ ਸਿੰਘ ਸੰਧੂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਇਸ ਜਥੇਬੰਦੀ ਵੱਲੋਂ ਪੱਤਰਕਾਰਾਂ ਦੇ ਹਿੱਤਾਂ ਖ਼ਾਸ ਕਰਕੇ ਦਿਹਾਤੀ ਖੇਤਰ ਦੇ ਸਰਕਾਰੀ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਕਾਫ਼ੀ ਜੱਦੋ ਜਹਿਦ ਕੀਤੀ ਗਈ। ਇਸ ਦੌਰਾਨ ਭਾਜਪਾ ਤੇ ਆਰ.ਐੱਸ.ਐੱਸ ਦੇ ਆਗੂਆਂ ਵੱਲੋਂ ਬਰਨਾਲਾ ਦੇ ਦੋ ਪੱਤਰਕਾਰਾਂ ਦੀ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਜ਼ੋਰਦਾਰ ਸੰਘਰਸ਼ ਸਦਕਾ ਪਰਚਾ ਦੋਸ਼ੀਆਂ ਨੂੰ ਜੇਲ੍ਹ ਭਿਜਵਾਇਆ ਗਿਆ। ਬਰਨਾਲਾ ਪੁਲਸ ਵੱਲੋਂ 2018 ਵਿੱਚ ਇਕ ਮਾਮਲੇ ਵਿੱਚ ਬੜੀ ਚਲਾਕੀ ਤਰੀਕੇ ਨਾਲ ਅਦਾਲਤ ਵੱਲੋਂ ਤਿੰਨ ਪੱਤਰਕਾਰਾਂ ਨੂੰ ਭਗੌੜੇ ਕਰਾਰ ਦਿਵਾ ਕੇ ਇਕ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੁੱਧ ਪੱਤਰਕਾਰਾਂ ਵੱਲੋਂ ਜ਼ੋਰਦਾਰ ਸੰਘਰਸ਼ ਵਿੱਢਿਆ ਗਿਆ।
ਇਸ ਸੰਘਰਸ਼ ਦੌਰਾਨ ਬਰਨਾਲਾ ਦੇ ਪੱਤਰਕਾਰਾਂ ਨੇ ਸਮੇਂ ਦੀ ਲੋੜ ਸਮਝਦਿਆਂ ਸਾਰੀਆਂ ਜਥੇਬੰਦੀਆਂ ਭੰਗ ਕਰਕੇ ਇਕ ਮਜ਼ਬੂਤ ਕਲੱਬ ਬਣਾਉਣ ਦਾ ਫ਼ੈਸਲਾ ਕੀਤਾ। ਬਰਨਾਲਾ ਦੇ ਸਾਰੇ 143 ਪੱਤਰਕਾਰਾਂ ਨੇ ਵੋਟਿੰਗ ਕੀਤੀ, ਜਿਸ ਵਿੱਚ 107 ਵੋਟਾਂ ਨਾਲ ਜਗਸੀਰ ਸਿੰਘ ਸੰਧੂ ਨੂੰ ਕਲੱਬ ਦਾ ਜਨਰਲ ਸਕੱਤਰ ਚੁਣਿਆ ਗਿਆ, ਪਰ ਇਹ ਪੱਤਰਕਾਰ ਏਕਤਾ ਬਹੁਤੀ ਦੇਰ ਟਿਕ ਨਾ ਸਕੀ, ਅਗਲੀ ਚੋਣ ਸਮੇਂ ਹੋਰ ਨਵੇਂ ਪ੍ਰੈੱਸ ਕਲੱਬ ਬਣ ਗਏ। ਹੁਣ ਫਿਰ ਬਰਨਾਲਾ ਵਿੱਚ ਪੱਤਰਕਾਰਾਂ ਦੀਆਂ ਕਈ ਜਥੇਬੰਦੀਆਂ ਹਨ, ਪਰ ਜਦੋਂ ਕਦੇ ਪੱਤਰਕਾਰਾਂ ਦੇ ਹਿੱਤਾਂ ਨੂੰ ਆਂਚ ਆਉਂਦੀ ਦਿਸਦੀ ਹੈ ਤਾਂ ਇਹ ਸਾਰੀਆਂ ਜਥੇਬੰਦੀਆਂ ਇਕ ਮੰਚ 'ਤੇ ਇਕੱਠੀਆਂ ਹੋ ਕੇ ਸੰਘਰਸ਼ ਕਰਦੀਆਂ ਹਨ। ਜਗਸੀਰ ਸਿੰਘ ਸੰਧੂ ਏਕਤਾ ਪ੍ਰੈੱਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਹਨ।
-ਬਰਨਾਲਾ ਤੋਂ ਛਪਦੇ ਅਖ਼ਬਾਰ-
ਜਗਸੀਰ ਸਿੰਘ ਸੰਧੂ ਨੇ ਬਰਨਾਲਾ ਤੋਂ ਛਪਦੇ ਕੁੱਝ ਪਰਚਿਆਂ ਲਈ ਵੀ ਲਿਖਿਆ। ਸਵ: ਹੇਮਰਾਜ ਗੋਇਲ ਵੱਲੋਂ ਕੱਢੇ ਜਾਂਦੇ ਪਰ 'ਜਗਤ ਸੁਨੇਹਾ ਅਤੇ ਗੁਰਪ੍ਰੀਤ ਸਿੰਘ ਲਾਡੀ ਵੱਲੋਂ ਕੱਢੇ ਜਾਂਦੇ 'ਲੋਕ ਸੁਨੇਹਾ, ਵਿੱਚ ਉਸ ਦੇ ਆਰਟੀਕਲ ਤੇ ਰਿਪੋਰਟਾਂ ਛਪਦੀਆਂ ਰਹੀਆਂ। ਵੈਸੇ ਬਰਨਾਲਾ ਤੋਂ ਛਪਦੇ ਅਖ਼ਬਾਰਾਂ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਧਰਮ ਪੁੱਤਰ ਅਖਵਾਉਂਦੇ ਉਜਾਗਰ ਸਿੰਘ ਭੌਰਾ ਵੱਲੋਂ 1930 ਵਿੱਚ ਬਰਨਾਲਾ ਤੋਂ 'ਰਿਆਸਤੀ ਦੁਨੀਆ' ਨਾਮ ਦਾ ਪਰਚਾ ਕੱਢਦਾ ਰਿਹਾ। ਇੱਕ ਪੂਰਨ ਸਿੰਘ ਦੇ ਨਾਮ ਦਾ ਪੱਤਰਕਾਰ ਵੀ ਕੁੱਝ ਸਮਾਂ ਆਪਣਾ ਪਰਚਾ ਛਾਪਦਾ ਰਿਹਾ। ਸਵ: ਰਾਮ ਸਿੰਘ ਕੋਮਲ ਵੱਲੋਂ ਰਾਜਪੂਤ ਪੰਦਰ੍ਹਵਾੜਾ ਨਾਮ ਦਾ ਪਰਚਾ ਵੀ ਬਰਨਾਲਾ ਤੋਂ ਨਿਕਲਦਾ ਰਿਹਾ ਹੈ। ਬਰਨਾਲਾ ਨੇੜਲੇ ਪਿੰਡ ਧੌਲ਼ਾ ਤੋਂ ਗੁਰਸੇਵਕ ਸਿੰਘ ਧੌਲ਼ਾ ਵੱਲੋਂ 'ਸਿੱਖ ਸਪੋਕਸਮੈਨ' ਅਖ਼ਬਾਰ ਦੀ ਸੰਪਾਦਨਾ ਕੀਤੀ ਜਾਂਦੀ ਰਹੀ ਹੈ, ਜੋ ਟਰਾਂਟੋ ਤੋਂ ਲੰਬਾ ਸਮਾਂ ਪ੍ਰਕਾਸ਼ਿਤ ਹੁੰਦਾ ਰਿਹਾ ਹੈ। ਸੀਨੀਅਰ ਪੱਤਰਕਾਰ ਬੂਟਾ ਸਿੰਘ ਚੌਹਾਨ ਵੱਲੋਂ ‘ਕ੍ਰਿਸ਼ਮਾ’ ਦਾ ਨਾਮ ਅਖ਼ਬਾਰ ਵੀ ਕੁੱਝ ਸਮਾਂ ਬਰਨਾਲਾ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਅੱਜ ਕੱਲ੍ਹ ਜਿੱਥੇ ਵਿਨੋਦ ਗਰਗ ਵੱਲੋਂ ‘ਗੋਲਡ ਸਟਾਰ’ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਉੱਥੇ ਐੱਸ.ਡੀ ਕਾਲਜ ਬਰਨਾਲਾ ਵੱਲੋਂ ਬਜ਼ੁਰਗ ਪੱਤਰਕਾਰ ਜਗੀਰ ਸਿੰਘ ਜਗਤਾਰ ਦੀ ਸੰਪਾਦਨਾ ਹੇਠ ‘ਸਮਾਜ ਤੇ ਪੱਤਰਕਾਰ’, ਆਕੇਸ਼ ਕੁਮਾਰ ਵੱਲੋਂ ‘ਵਕਤ ਦੀ ਆਵਾਜ਼’, ਪ੍ਰਦੀਪ ਧਾਲੀਵਾਲ ਵੱਲੋਂ ‘ਮਿਹਨਤ ਦਾ ਮੁੱਲ’ ਆਦਿ ਹਫ਼ਤਾਵਾਰੀ, ਪੰਦ੍ਹਰਵਾੜੇ ਤੇ ਮਹੀਨਾਵਾਰ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ। ਇਸ ਤੋਂ ਇਲਾਵਾ ਅਵਤਾਰ ਸਿੰਘ ਬੱਬੀ ਰਾਏਸਰ ਦੇ ‘ਅਦਬੀ ਸਾਂਝ’, ਕਮਲਜੀਤ ਸਿੰਘ ਭੱਠਲ ਦੇ ‘ਕਲਾਕਾਰ’, ਸਵ: ਪ੍ਰੀਤਮ ਸਿੰਘ ਰਾਹੀ ਦੇ ‘ਮੁਹਾਂਦਰਾ’ ਸਮੇਤ ਕਈ ਸਾਹਿਤਕ ਪਰਚੇ ਵੀ ਬਰਨਾਲਾ ਤੋਂ ਨਿਕਲ ਰਹੇ ਹਨ। ਸਵ: ਤੀਰਥ ਦਾਸ ਸਿੰਧਵਾਨੀ, ਜਗੀਰ ਸਿੰਘ ਜਗਤਾਰ, ਸੀ ਮਾਰਕੰਡਾ, ਪ੍ਰਿੰਸੀਪਲ ਕਰਮ ਸਿੰਘ ਭੰਡਾਰੀ, ਸਵ: ਹੇਮਰਾਜ ਗੋਇਲ ਅਤੇ ਬੂਟਾ ਸਿੰਘ ਚੌਹਾਨ ਬਰਨਾਲਾ ਖੇਤਰ ਦਾ ਮੁੱਢਲੇ ਅਤੇ ਪੁਰਾਣੇ ਪੱਤਰਕਾਰ ਮੰਨੇ ਜਾਂਦੇ ਹਨ।
-ਪਰਵਾਰਿਕ ਜੀਵਨ-
ਜਗਸੀਰ ਸਿੰਘ ਸੰਧੂ ਦਾ ਪਰਵਾਰਿਕ ਜੀਵਨ ਮੁੱਢ ਤੋਂ ਹੀ ਬਹੁਤਾ ਸੁਖਦ ਨਹੀਂ ਰਿਹਾ। ਛੋਟੀ ਉਮਰ 'ਚ ਹੋਏ ਵਿਆਹ ਤੋਂ ਬਾਅਦ ਤਲਾਕ ਹੋ ਗਿਆ, ਫਿਰ ਕਈ ਸਾਲ ਭਟਕਣਾ ਵਿੱਚ ਲੰਘ ਗਏ। 2004 ਵਿੱਚ ਹੰਡਿਆਇਆ ਵਾਸੀ ਨੌਹਰੀਆ ਸਿੰਘ ਧੀ ਜਸਵਿੰਦਰ ਕੌਰ ਨਾਲ ਦੂਸਰੀ ਸਾਦੀ ਕਰਵਾਈ, ਪਰ 2015 ਦੀ ਸ਼ੁਰੂਆਤ ਵਿੱਚ ਉਸ ਦੀ ਵੀ ਮੌਤ ਹੋ ਗਈ। ਫਿਰ 2 ਸਾਲ ਇਕਲਾਪੇ ਦੀ ਜ਼ਿੰਦਗੀ ਹੰਢਾਉਣ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਜ਼ੋਰ ਪਾਉਣ 'ਤੇ ਪਟਿਆਲਾ ਵਾਸੀ ਮਨਜੀਤ ਕੌਰ ਨਾਲ ਸ਼ਾਦੀ ਕਰਵਾ ਲਈ ਅਤੇ ਹੁਣ ਬਰਨਾਲਾ ਵਿਖੇ ਦੋਵੇਂ ਪਤੀ-ਪਤਨੀ ਆਪਣੀ ਗ੍ਰਹਿਸਤੀ ਜੀਵਨ ਦੀ ਗੱਡੀ ਨੂੰ ਅੱਗੇ ਵਧਾਉਂਦੇ ਹੋਏ ਆਪਣੀ ਧੀ ਹਰਸਿਮਰਨ ਕੌਰ ਨੂੰ ਐੱਮ.ਏ ਦੀ ਤਾਲੀਮ ਦਿਵਾ ਰਹੇ ਹਨ। ਜਗਸੀਰ ਸਿੰਘ ਸੰਧੂ ਅੱਜਕੱਲ੍ਹ ਪੱਤਰਕਾਰੀ ਦੇ ਨਾਲ ਨਾਲ ਗੁਜ਼ਰ ਬਸਰ ਲਈ ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਬਤੌਰ ਸੁਪਰਵਾਈਜ਼ਰ ਨੌਕਰੀ ਕਰ ਰਿਹਾ ਹੈ।
ਅਜਿਹੇ ਨਿੱਧੜਕ ਪੱਤਰਕਾਰ ਅੱਜ ਕੱਲ੍ਹ ਅਲੋਪ ਹੁੰਦੇ ਜਾ ਰਹੇ ਹਨ, ਸੋ ਅਜਿਹੇ ਪੱਤਰਕਾਰ ਵੀ ਇਥੇ ਬਣੇ ਰਹਿਣੇ ਚਾਹੀਦੇ ਹਨ ਮੈਂ ਆਸ ਕਰਦਾ ਹਾਂ ਕਿ ਜਗਸ਼ੀਰ ਸਿੰਘ ਸੰਧੂ ਦੀ ਪੱਤਰਕਾਰਤਾ ਦੇ ਸਫਰ ਤੋਂ ਕੁਝ ਸੇਧ ਜਰੂਰ ਲਈ ਜਾਵੇਗੀ। ਸੰਧੂ ਸਦਾ ਇਸੇ ਤਰ੍ਹਾਂ ਦਾ ਮਸਤ ਮੌਲਾ ਪੱਤਰਕਾਰ ਹੀ ਰਹੇ ਤੇ ਕੰਮ ਕਰਦਾ ਹੈ..
ਗੁਰਨਾਮ ਸਿੰਘ ਅਕੀਦਾ
8146001100
Subscribe to:
Posts (Atom)
ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ
ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...
-
ਪੱਤਰਕਾਰੀ ਦਾ ਇਤਿਹਾਸ ਭਾਗ -14 ਲੇਖਕ : ਗੁਰਨਾਮ ਸਿੰਘ ਅਕੀਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੱਤਰਕਾਰਾਂ ਲਈ ਬੜੀ ਅਹਿਮ ਬੀਟ ਹੈ, ਇਹ ਮੈਨੂੰ ਭਲੀਭਾਂਤ ਪਤਾ ਹੈ ਤੇ...
-
ਪੱਤਰਕਾਰੀ ਦਾ ਇਤਿਹਾਸ ਭਾਗ -11 ਲੇਖਕ ਗੁਰਨਾਮ ਸਿੰਘ ਅਕੀਦਾ 29 ਮਾਰਚ 2007 ਨੂੰ ਕਲੱਬ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਹੋਏ ਪੱਤਰਕਾਰਾਂ ਦੇ ਵੱਡੇ ਇਕੱਠ ਦੌਰਾਨ ਪ੍ਰੈੱ...






























































