Tuesday, May 14, 2019

ਹਲਕਾ ਫ਼ਤਿਹਗੜ੍ਹ ਸਾਹਿਬ : ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਹਲਕੇ ਵਿਚ ਨਿੱਜੀ ਵਿਰੋਧਤਾ ਨਹੀਂ

ਮਨਵਿੰਦਰ ਸਿੰਘ ਗਿਆਸਪੁਰਾ ਪੰਥਕ ਵੋਟ ਲੈਣ ਵਿਚ ਹੋ ਰਿਹਾ ਹੈ ਕਾਮਯਾਬ : ਦਰਬਾਰਾ ਸਿੰਘ ਗੁਰੂ ਦੀ ਹੋ ਰਹੀ ਹੈ ਨਿੱਜੀ ਵਿਰੋਧਤਾ : ਆਪ ਉਮੀਦਵਾਰ ਦਾ ਖੰਨੇ ਵਿਚ ਕਾਫੀ ਬੋਲਬਾਲਾ


ਗੁਰਨਾਮ ਸਿੰਘ ਅਕੀਦਾ
ਸ੍ਰੀ ਫ਼ਤਿਹਗੜ੍ਹ ਸਾਹਿਬ : ਜਿਵੇਂ ਜਿਵੇਂ ਚੋਣ ਪ੍ਰਚਾਰ ਸਿਖਰ ਤੇ ਜਾ ਰਿਹਾ ਹੈ ਓਵੇਂ ਜਿਵੇਂ ਹੀ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ (ਰਿਜਰਵ ਸੀਟ) ਵਿਚ ਮੁਕਾਬਲਾ ਰੋਚਕ ਬਣਦਾ ਜਾ ਰਿਹਾ ਹੈ। ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਲੰਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਘੇਰ ਰਿਹਾ ਹੈ, ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਲੋਕ ਇਨਸਾਫ਼ ਪਾਰਟੀ ਦੇ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹਲਕੇ ਵਿਚ ਗੂੰਜਣ ਲਾ ਦਿੱਤਾ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਨੋਟਾ ਬਟਣ ਦਬਾਉਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।ਹਲਕਾ ਰਾਏਕੋਟ ਵਿਚ ਥੋੜੀ ਵਿਰੋਧਤਾ ਨੂੰ ਛੱਡ ਕੇ ਡਾ. ਅਮਰ ਸਿੰਘ ਦੀ ਕਿਤੇ ਨਿੱਜੀ ਵਿਰੋਧਤਾ ਨਹੀਂ ਦੇਖੀ ਗਈ।
    ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਵਿਸ਼ਲੇਸ਼ਣ ਕਰਨ ਲਈ ਸਾਨੂੰ 2014 ਲੋਕ ਸਭਾ ਦੇ ਅੰਕੜੇ ਦੇਖਣੇ ਵੀ ਲਾਜ਼ਮੀ ਹਨ। ਤਾਂ ਕਿ ਪੂਰੀ ਤਰ੍ਹਾਂ ਸਮਝ ਆ ਸਕੇ। ਇੱਥੇ 2014 ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਚੋਣ ਜਿੱਤਿਆ ਸੀ ਜਿਸ ਨੂੰ ਕੁੱਲ 367293 ਵੋਟ ਪਈ ਸੀ। ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਰਿਹਾ ਸੀ ਜਿਸ ਨੂੰ 313149 ਵੋਟ ਪਈ ਸੀ ਜਦ ਕਿ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਕੁਲਵੰਤ ਸਿੰਘ ਨੂੰ 312815 ਵੋਟ ਪਈ ਸੀ, ਬਹੁਜਨ ਸਮਾਜ ਪਾਰਟੀ ਚੌਥੇ ਨੰਬਰ ਤੇ ਆਈ ਸੀ ਜਿਸ ਦੇ ਉਮੀਦਵਾਰ ਸਰਬਜੀਤ ਸਿੰਘ ਨੂੰ 12683 ਵੋਟ ਪਈ ਸੀ। ਜਦ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਧਰਮ ਸਿੰਘ ਨੂੰ 3173 ਵੋਟ ਪਈ ਸੀ। ਜੇਕਰ ਅਜੋਕੀ 2019 ਦੀ ਲੋਕ ਸਭਾ ਚੋਣ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਅੱਜ ਇੱਥੇ ਚਾਰ ਉਮੀਦਵਾਰ ਅਹਿਮੀਅਤ ਨਾਲ ਚੋਣ ਲੜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚ ਕਾਂਗਰਸ ਦੇ ਉਮੀਦਵਾਰ ਸਾਬਕਾ ਆਈਏਐਸ ਅਤੇ ਡਾਕਟਰ ਅਮਰ ਸਿੰਘ ਹਨ, ਸ਼੍ਰੋਮਣੀ ਅਕਾਲੀ ਦਲ ਵਲ ਸਾਬਕਾ ਆਈਏਐਸ ਦਰਬਾਰਾ ਸਿੰਘ ਗੁਰੂ ਹਨ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਜਦ ਕਿ ਆਮ ਆਦਮੀ ਪਾਰਟੀ ਵੱਲੋਂ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੁਲੋਂ ਦੇ ਸਪੁੱਤਰ ਬਨੀ ਦੁਲੋਂ ਚੋਣ ਮੈਦਾਨ ਵਿਚ ਹਨ। 2014 ਵਿਚ ਕਾਂਗਰਸ ਨੂੰ ਸਿੱਧੇ ਤੌਰ ਤੇ 313149 ਵੋਟ ਪਈ ਸੀ, ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਨੂੰ 367293 ਵੋਟ ਪਈ ਤੇ ਉਹ ਜਿੱਤੇ ਸਨ। ਜਿਸ ਵਿਚ 54144 ਵੋਟਾਂ ਦਾ ਅੰਤਰ ਹੈ। ਜੇਕਰ ਸਿਆਸੀ ਪੰਡਤਾਈ ਦੇ ਤੌਰ ਤੇ ਇਸ ਗਣਿਤ ਨੂੰ ਸਮਝਿਆ ਜਾਵੇ ਤਾਂ ਵੋਟਾਂ ਦੇ ਇਸ ਅੰਕੜੇ ਵਿਚ ਆਮ ਆਦਮੀ ਪਾਰਟੀ ਨੇ ਜ਼ਿਆਦਾਤਰ ਵੋਟ ਕਾਂਗਰਸ ਪਾਰਟੀ ਦੀ ਤੇ ਬਾਦਲ ਦਲ ਤੋਂ ਨਰਾਜ਼ ਵੋਟ ਹੀ ਹਾਸਲ ਕੀਤੀ ਸੀ। ਫੇਰ ਵੀ ਬਾਦਲ ਦਲ ਦਾ ਉਮੀਦਵਾਰ 312815 ਵੋਟਾਂ ਲੈ ਗਿਆ ਸੀ ਜਿਸ ਦਾ ਕਾਂਗਰਸੀ ਉਮੀਦਵਾਰ ਨਾਲੋਂ ਥੋੜ੍ਹਾ ਹੀ 334 ਵੋਟਾਂ ਦਾ ਹੀ ਅੰਤਰ ਸੀ। ਇਸ ਵਾਰ ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਕਾਫ਼ੀ ਅਹਿਮੀਅਤ ਨਾਲ ਲੋਕ ਮਨਾ ਵਿਚ ਘਰ ਕਰ ਰਹੇ ਹਨ। ਉਹ ਜ਼ਿਆਦਾਤਰ ਵੋਟ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਰਾਜ਼ ਵੋਟ ਹਾਸਲ ਕਰ ਰਹੇ ਹਨ, ਕਿਉਂਕਿ ਲੋਕ ਮਨਾ ਵਿਚ ਦਰਬਾਰਾ ਸਿੰਘ ਗੁਰੂ ਦੇ ਉੱਤੇ ਨਕੋਦਰ ਗੋਲੀ ਕਾਂਡ ਦਾ ਦੋਸ਼ ਵੀ ਘਰ ਕਰ ਗਿਆ ਹੈ ਤੇ ਬਾਦਲ ਦਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਕਾਫ਼ੀ ਪ੍ਰਭਾਵ ਦਿਖਾ ਰਿਹਾ ਹੈ, ਇਹ ਵੋਟ ਕਾਂਗਰਸੀ ਉਮੀਦਵਾਰ ਨੂੰ ਘੱਟ ਜਦ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਹੀ ਭੁਗਤੇਗੀ। ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੀਪ ਸਿੰਘ ਬਨੀ ਦੂਲੋਂ ਦੇ ਪਿਤਾ ਸ਼ਮਸ਼ੇਰ ਸਿੰਘ ਦੁਲੋਂ ਦਾ ਖੰਨਾ ਹਲਕੇ ਵਿਚ ਕਾਫ਼ੀ ਪ੍ਰਭਾਵ ਹੈ। ਸ਼ਮਸ਼ੇਰ ਸਿੰਘ ਦੁਲੋਂ ਨੂੰ ਆਪਣੇ ਪੁੱਤ ਦੇ ਹੱਕ ਵਿਚ ਗੁਪਤ ਰੂਪ ਵਿਚ ਪ੍ਰਚਾਰ ਕਰਦੇ ਦੇਖਿਆ ਜਾ ਸਕਦਾ ਹੈ। ਖੰਨੇ ਹਲਕੇ ਦੇ ਕਈ ਪਿੰਡਾਂ ਵਿਚ  ਬਨਦੀਪ ਸਿੰਘ ਬਨੀ ਦੂਲੋਂ ਦੇ ਪੋਸਟਰ ਲੱਗੇ ਨਜ਼ਰ ਆਉਂਦੇ ਹਨ, ਪਰ ਆਮ ਆਦਮੀ ਪਾਰਟੀ ਦਾ ਪਹਿਲਾਂ ਵਾਲਾ ਹੇਜ ਲੋਕਾਂ ਵਿਚ ਨਜ਼ਰ ਨਹੀਂ ਆਇਆ, ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਗਏ ਸ੍ਰੀ ਖ਼ਾਲਸਾ ਨੇ ਹਲਕੇ ਦਾ ਹਾਲ ਵੀ ਨਹੀਂ ਪੁੱਛਿਆ, ਇਸ ਕਰਕੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੀ ਨਫ਼ਰਤ ਵੀ ਦੇਖੀ ਜਾ ਸਕਦੀ ਹੈ, ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਕਰਨ ਦੇ ਲਗਾਏ ਦੋਸ਼ ਤੇ ਬਾਅਦ ਵਿਚ ਮਾਫ਼ੀ ਮੰਗਣਾ ਵੀ ਲੋਕਾਂ ਵਿਚ ਆਪ ਪਾਰਟੀ ਪ੍ਰਤੀ ਲੋਕਾਂ ਦੀ ਨਫ਼ਰਤ ਸਹੇੜਦਾ ਹੈ। ਇਸ ਕਰਕੇ ਇਸ ਵਾਰ ਖੰਨਾ ਹਲਕੇ ਵਿਚ ਸ਼ਮਸ਼ੇਰ ਸਿੰਘ ਦੁਲੋਂ ਦੀ ਨਿੱਜੀ ਵੋਟ ਤੋਂ ਇਲਾਵਾ ਹਲਕੇ ਵਿਚ ਕੁਝ ਆਪ ਦੇ ਪੱਕੇ ਵਲੰਟੀਅਰਾਂ ਦੀ ਵੋਟ ਬਨਦੀਪ ਸਿੰਘ ਬਨੀ ਦੂਲੋਂ ਨੂੰ ਪਵੇਗੀ, ਇਹ ਆਮ ਵੋਟਰਾਂ ਵਿਚ ਗੱਲ ਘਰ ਕਰ ਗਈ ਹੈ ਕਿ ਬਨਦੀਪ ਸਿੰਘ ਬਨੀ ਦੁੱਲੋਂ ਤਾਂ ਕਾਂਗਰਸੀ ਉਮੀਦਵਾਰ ਦੇ ਵਿਰੋਧ ਵਿਚ ਹੀ ਚੋਣ ਮੈਦਾਨ ਵਿਚ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਬਾਕੀ ਹਲਕੇ ਵਿਚੋਂ ਕਾਂਗਰਸ ਦੀ ਵੋਟ ਮੁੜ ਕਾਂਗਰਸੀ ਉਮੀਦਵਾਰ ਦੇ ਪਾਲੇ ਵਿਚ ਆਉਣ ਦੀ ਸੰਭਾਵਨਾ ਹੈ, ਖੰਨੇ ਤੇ ਮੰਡੀ ਗੋਬਿੰਦਗੜ੍ਹ ਵਿਚ ਲੋਹਾ ਮੰਡੀ ਅਤੇ ਆਮ ਹਿੰਦੂ ਵੋਟ ਕਾਂਗਰਸ ਵੱਲ ਹੀ ਭੁਗਤਦੀ ਨਜ਼ਰ ਆ ਰਹੀ ਹੈ, ਕਿਉਂਕਿ ਨਵੀਨ ਜਿੰਦਲ ਵਰਗਿਆਂ ਦਾ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਪ੍ਰਚਾਰ ਕਰਨਾ ਮੰਡੀ ਦੇ ਲਾਲਿਆਂ ਨੂੰ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਭੁਗਤਾ ਗਿਆ ਹੈ। ਬਾਕੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ 2014 ਵਿਚ 12683 ਵੋਟ ਪਈ ਸੀ ਉਹ ਵੋਟ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪੈਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੀ ਵੋਟ ਨੋਟਾ ਵਾਲੇ ਪਾਸੇ ਪੈਣ ਦੀ ਸੰਭਾਵਨਾ ਹੈ। ਹਾਲਾਂ ਕਿ ਸਾਰੇ ਵੋਟਰ ਨੋਟਾ ਨਹੀਂ ਦਬਾਉਣਗੇ ਪਰ ਫਿਰ ਵੀ  ਐਲਾਨ ਅਨੁਸਾਰ ਮਾਨ ਦਲ ਨੋਟਾ ਵੱਲ ਹੀ ਵੱਧ ਰਿਹਾ ਹੈ। ਬਾਦਲ ਦਲ ਦੀ ਪੱਕੀ ਵੋਟ ਦਰਬਾਰਾ ਸਿੰਘ ਗੁਰੂ ਨੂੰ ਹੀ ਪਵੇਗੀ, ਪਰ ਜੋ ਵੋਟ ਬਾਦਲ ਦਲ ਨੂੰ ਪੰਥ ਦੇ ਨਾਮ ਤੇ ਪੈਂਦੀ ਸੀ ਉਹ ਵੋਟ ਇਸ ਵਾਰ ਬਾਦਲ ਦਲ ਤੋਂ ਕਿਨਾਰਾ ਕਰ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਇਸ ਹਲਕੇ ਵਿਚ ਚਾਰ ਉਮੀਦਵਾਰ ਚਰਚਾ ਵਿਚ ਹਨ, ਜਿਨ੍ਹਾਂ ਵਿਚੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦਾ ਹੱਥ ਭਾਰੀ ਲੱਗ ਰਿਹਾ ਹੈ। ਅਗਲੇ ਦਿਨਾਂ ਵਿਚ ਕੁਝ ਵੀ ਸਮੀਕਰਨ ਬਦਲ ਸਕਦੇ ਹਨ।

ਮੋਤੀ ਮਹਿਲ ਤੇ ਧੰਨਾਢਾਂ ਨੂੰ ਚੁਣੌਤੀ ਦੇ ਰਿਹਾ ਹੈ ਜੁਤੀਆਂ ਬਣਾ ਕੇ ਗੁਜਾਰਾ ਕਰਨ ਵਾਲਾ ਮੋਚੀ ਦਾ ਪੁੱਤ

ਡਾ. ਅੰਬੇਡਕਰ ਦਾ ਸੁਪਨਾ ਪੂਰਾ ਕਰਨ ਲਈ ਲੜ ਰਿਹਾ ਹਾਂ ਚੋਣ : ਸੰਕਰ ਕੁਮਾਰ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਇਥੇ ਤੋਪਖਾਨਾ ਮੋੜ ਜੁਤੀਆਂ ਦੇ ਬਜਾਰ ਵਿਚ ਜੁਤੀਆਂ ਬਣਾ ਕੇ ਆਪਣੇ ਪਰਿਵਾਰ ਦੀ ਆਰਜਾ ਚਲਾ ਰਹੇ ਮੋਚੀ ਦੇ ਪੁੱਤ ਸੰਕਰ ਕੁਮਾਰ ਨੇ ਮੋਤੀ ਮਹਿਲ ਨੂੰ ਲਲਕਾਰਿਆ ਹੈ। ਅਜਾਦ ਉਮੀਦਵਾਰ ਵਜੋਂ ਪਟਿਆਲਾ ਲੋਕ ਸਭਾ ਤੋਂ ਚੋਣ ਲੜ ਰਹੇ ਸੰਕਰ ਕੁਮਾਰ ਦਾ ਦਾਅਵਾ ਹੈ ਕਿ ਉਹ ਜੁਤੀਆਂ ਬਣਾਉਣ ਵਾਲੇ ਜੀਨਗਰ ਸਮਾਜ ਦੇ ਨਾਲ ਨਾਲ ਅੰਬੇਡਕਰੀ ਸਮਾਜ ਦੀਆਂ ਵੋਟਾਂ ਲਵੇਗਾ, ਉਹ ਕਹਿੰਦਾ ਹੈ ਕਿ ਬੇਸੱਕ ਇਹ ਹੋਣ ਮੁਸ਼ਕਿਲ ਹੈ ਪਰ ਜੇਕਰ ਉਹ ਜਿੱਤ ਗਿਆ ਤਾਂ ਭੀਮ ਰਾਓ ਅੰਬੇਡਕਰ ਦਾ ਸੁਪਨਾ ਪੂਰਾ ਕਰਨ ਵਿਚ ਪੂਰਾ ਜੋਰ ਲਗਾ ਦੇਵੇਗਾ।
ਸੰਕਰ ਕੁਮਾਰ ਸਵੇਰੇ ਹੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦਾ ਹੈ ਤੇ ਦਿਨ ਵਿਚ ਆਪਣੇ ਘਰ ਜੁੱਤੀਆਂ ਦੇ ਪੰਨੇ ਬਣਾਉਣ ਦਾ ਕੰਮ ਕਰਦਾ ਹੈ। ਉਸ ਦੇ ਚਾਰ ਭਰਾਵਾਂ ਸਮੇਤ ਉਸ ਦੇ ਪਰਿਵਾਰ ਦੀਆਂ 14 ਵੋਟਾਂ ਹਨ ਜੋ ਇਕ ਹੀ ਇਮਾਰਤ ਵਿਚ ਰਹਿੰਦੇ ਹਨ। ਤਿੰਨ ਗਰੈਜੁਏਟ ਧੀਆਂ ਦੇ ਬਾਪ ਸੰਕਰ ਕੁਮਾਰ ਦਾ ਇਕੋ ਇਕ ਪੁੱਤਰ ਵਿਦੇਸ਼ ਵਿਚ ਜੁਤੀਆਂ ਦੀਆਂ ਪ੍ਰਦਰਸ਼ਨੀਆਂ ਲਗਾ ਕੇ ਪਟਿਆਲਾ ਦੀ ਪੰਜਾਬੀ ਜੁੱਤੀ ਦੀਆਂ ਧੂੰਮਾ ਪਾਉਂਦਾ ਹੈ। ਪਤਨੀ ਸਮੇਤ ਸਾਰੇ ਪਰਿਵਾਰ ਵਲੋਂ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਸੰਕਰ ਕੁਮਾਰ ਕਹਿੰਦਾ ਹੈ ਕਿ ਉਸ ਦੇ ਪਰਿਵਾਰ ਦਾ ਗੁਜਾਰਾ ਹੀ ਹੋ ਰਿਹਾ ਹੈ, ਪਰਿਵਾਰ ਦੇ ਕੰਮ ਕਰਦਾ ਹੋਇਆ ਉਹ ਕਰਜਾਈ ਵੀ ਹੋਗਿਆ ਹੈ। ਪਟਿਆਲਾ ਦੇ ਤੋਪਖਾਨਾ ਮੁਹੱਲੇ ਦੀ ਬਣੀ ਸ੍ਰੀ ਰਾਮਦੇਵ ਜੀਨਗਰ ਸਭਾ ਦਾ ਸੰਕਰ ਕੁਮਾਰ ਪ੍ਰਧਾਨ ਹੈ ਉਹ ਕਹਿੰਦਾ ਹੈ ਸਾਡੀ ਬਰਾਦਰੀ ਦੀਆਂ 9 ਹਜਾਰ ਦੇ ਕਰੀਬ ਵੋਟਾਂ ਉਸ ਨੂੰ ਸਾਰੀਆਂ ਨਹੀਂ ਪੈਣੀਆਂ ਪਰ ਉਹ ਡਾ. ਅੰਬੇਡਕਰ ਵਲੋਂ ਦਿੱਤੇ ਸਿਆਸਤ ਵਿਚ ਸ਼ਾਮਲ ਹੋਣ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦਾ ਹੈ, ਉਹ 2012 ਵਿਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜ ਕੇ 1388 ਵੋਟਾਂ ਲੈ ਗਿਆ ਸੀ। ਜਦੋਂ ਉਹ ਬਰਾਦਰੀ ਦੀ ਸਭਾ ਦੀ ਚੋਣ ਲੜਿਆ ਤਾਂ ਉਸ ਨੂੰ ਪੋਲ ਹੋਈਆਂ 1284 ਵੋਟਾਂ ਵਿਚੋਂ 650 ਵੋਟਾਂ ਪੈ ਗਈਆਂ ਸਨ, ਉਸ ਨੇ ਆਪਣੀ ਧੀ ਦੀਪੀਕਾ ਨੂੰ ਵੀ ਐਮ ਸੀ ਦੀ ਚੋਣ ਲੜਾਈ ਸੀ ਜਿਸ ਨੇ ਰਾਜਨੀਤੀ ਵਿਚ ਗਰੈਜੁਏਸ਼ਨ ਕੀਤੀ ਹੈ। ਉਸ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਰਾਜਸਥਾਨ ਪਿਛੋਕੜ ਵਾਲੇ ਜੀਨਗਰ ਸਮਾਜ ਨੂੰ ਰਵੀਦਾਸੀਆਂ ਵਿਚ ਹੀ ਸ਼ਾਮਲ ਕਰਕੇ ਐਸ ਸੀ ਦਾ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ ਪਰ ਉਸ ਦੀ ਮੰਗ ਹੈ ਕਿ ਉਨ੍ਹਾਂ ਦੇ ਜੀਨਗਰ ਸਮਾਜ ਨੂੰ ਵੀ ਐਸਸੀ ਦੇ ਗਜਟ ਵਿਚ ਸ਼ਾਮਲ ਕੀਤਾ ਜਾਵੇ। ਉਹ ਕਹਿੰਦਾ ਹੈ ਕਿ ਉਹ ਜੁਤੀਆਂ ਕਰਦੇ ਹਨ ਤੇ ਰਵੀਦਾਸ ਨੂੰ ਗੁਰੂ ਮੰਨਦੇ ਹਨ ਤੇ ਭੀਮ ਰਾਓ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ, ਉਹ ਇਸ ਗੱਲ ਤੇ ਹੋਰ ਵੀ ਦੁਖੀ ਹੋ ਜਾਂਦਾ ਹੈ ਕਿ ਉਸ ਦਾ ਸਾਰਾ ਅੰਬੇਡਕਰੀ ਸਮਾਜ ਟੁੱਕੜਿਆਂ ਵਿਚ ਵੰਡਿਆ ਪਿਆ ਹੈ, ਜਿਸ ਕਰਕੇ ਉਨ੍ਹਾਂ ਦੇ ਰਾਜ ਕੋਈ ਹੋਰ ਕਰ ਰਿਹਾ ਹੈ।

Monday, May 13, 2019

ਡਾ. ਧਰਮਵੀਰ ਗਾਂਧੀ ਪਟਿਆਲਾ ਦਾ ਚਰਚਿਤ ਉਮੀਦਵਾਰ

ਪ੍ਰਨੀਤ ਕੌਰ ਤੇ ਗਾਂਧੀ ਦੇ ਮੁਕਾਬਲੇ ਵਿਚ ਕਿਤੇ ਰੱਖੜਾ ਨਾ ਬਾਜ਼ੀ ਮਾਰ ਜਾਵੇ ?




ਬਿਨ੍ਹਾਂ ਕੋਈ ਵੱਡੀ ਪਾਰਟੀ ਦੇ ਸਟਾਰ ਪ੍ਰਚਾਰਕ ਦੇ ਸਹਿਯੋਗ ਦੇ ਏਨਾ ਚਰਚਿਤ ਹੋਣ ਵਾਲਾ ਉਮੀਦਵਾਰ ਹੈ ਡਾ. ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ : ਲੋਕ ਪਟਿਆਲਾ ਹਲਕੇ ਵਿਚ ਚੋਣਾਂ ਦੇ ਪ੍ਰਚਾਰ ਦਾ ਸਿਖਰ ਹੋ ਗਿਆ ਹੈ। ਇਸ ਵੇਲੇ ਹਰੇਕ ਵੋਟਰ ਸੋਚ ਰਿਹਾ ਹੈ ਕਿ ਆਖ਼ਿਰ ਪਟਿਆਲਾ ਵਰਗੀ ਅਹਿਮ ਸੀਟ ਉੱਤੇ ਕੌਣ ਬਾਜ਼ੀ ਮਾਰ ਰਿਹਾ ਹੈ। ਇਸ ਸਬੰਧੀ ਸਾਡੀ ਟੀਮ ਨੇ ਵੱਖ ਵੱਖ ਖੇਤਰਾਂ ਵਿਚ ਪੜਤਾਲ ਕੀਤੀ ਗਈ ਜਿਸ ਦੌਰਾਨ ਪਤਾ ਲੱਗਾ ਕਿ ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਦਾ ਹੱਥ ਉੱਤੇ ਹੈ, ਇੱਕ ਅਜਿਹਾ ਅੰਕੜਾ ਵੀ ਸਾਹਮਣੇ ਆਇਆ ਕਿ ਸ੍ਰੀ ਮਤੀ ਪ੍ਰਨੀਤ ਕੌਰ ਤੇ ਡਾ. ਧਰਮਵੀਰ ਗਾਂਧੀ ਦੀ ਆਪਣੀ ਟੱਕਰ ਚਰਮ ਸੀਮਾ ਤੇ ਹੈ ਪਰ ਇਨ੍ਹਾਂ ਦੋਵਾਂ ਦੀ ਟੱਕਰ ਵਿਚ ਕਿਧਰੇ ਬਾਦਲ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨਾ ਬਾਜ਼ੀ ਮਾਰ ਜਾਣ।
2014 ਦੇ ਨਤੀਜੇ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਡਾ. ਧਰਮਵੀਰ ਗਾਂਧੀ ਨੇ 365671 ਵੋਟਾਂ ਹਾਸਲ ਕੀਤੀਆਂ ਸਨ ਜਦ ਕਿ ਕਾਂਗਰਸ ਦੀ ਸ੍ਰੀ ਮਤੀ ਪ੍ਰਨੀਤ ਕੌਰ ਨੇ 344729 ਵੋਟਾਂ ਹਾਸਲ ਕਰਕੇ ਦੂਜਾ ਨੰਬਰ ਹਾਸਲ ਕੀਤਾ ਸੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ 3401019 ਵੋਟਾਂ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਸੀ। ਬਹੁਜਨ ਸਮਾਜ ਪਾਰਟੀ ਦੇ ਰਾਮ ਸਿੰਘ ਧੀਮਾਨ ਨੇ 13014 ਵੋਟਾਂ ਹਾਸਲ ਕੀਤੀਆਂ ਸਨ, ਰਾਮ ਸਿੰਘ ਧੀਮਾਨ ਕਾਂਗਰਸ ਪਾਰਟੀ ਵਿਚ ਚਲੇ ਗਏ ਹਨ ਪਰ ਬਸਪਾ ਦਾ ਸਮਰਥਨ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਕੋਲ ਹੈ। ਇਸੇ ਤਰ੍ਹਾਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੇ ਉਮੀਦਵਾਰ ਨਿਰਮਲ ਸਿੰਘ ਧਾਲੀਵਾਲ ਨੇ 2014 ਵਿਚ 8537 ਵੋਟਾਂ ਹਾਸਲ ਕੀਤੀਆਂ ਸਨ, ਇਸ ਵਾਰ ਸੀਪੀਆਈ ਦਾ ਸਮਰਥਨ ਵੀ ਡਾ. ਗਾਂਧੀ ਦੇ ਪੱਖ ਵਿਚ ਭੁਗਤ ਰਿਹਾ ਹੈ। ਇਸੇ ਤਰ੍ਹਾਂ ਫਾਸੀ ਦੀ ਸਜਾ ਵਿਚ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਵਾਲੀ ਕਮਲਦੀਪ ਕੌਰ ਰਾਜੋਆਣਾ ਨੇ 15313 ਵੋਟਾਂ ਹਾਸਲ ਕੀਤੀਆਂ ਸਨ, ਇਸ ਵਾਰ ਰਾਜੋਆਣਾ ਦਾ ਸਮਰਥਨ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਦਿੱਤਾ ਹੋਇਆ ਹੈ। ਜੇਕਰ ਅੰਕੜਿਆਂ ਦੇ ਨਜ਼ਰ ਮਾਰੀਏ ਤਾਂ ਸੀਪੀਆਈ ਦੀ ਵੋਟ ਨੂੰ ਘੱਟ ਨਹੀਂ ਕਿਹਾ ਜਾ ਸਕਦਾ, ਇਸੇ ਤਰ੍ਹਾਂ ਬਸਪਾ ਦੀ ਵੋਟ ਵੀ ਇਸ ਵਾਰ 2014 ਨਾਲੋਂ ਵੱਧ ਹੀ ਹੋਵੇਗੀ। ਸ. ਰਾਜੋਆਣਾ ਦੀ ਭੈਣ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀ ਨਹੀਂ ਪਵੇਗੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਣ ਵਾਲਾ ਵੋਟਰ ਕੱਟੜ ਸਿੱਖ ਹੈ ਤੇ ਕੱਟੜ ਸਿੱਖਾਂ ਨੇ ਹੀ ਬੀਬੀ ਰਾਜੋਆਣਾ ਨੂੰ ਵੋਟ ਪਾਈ ਸੀ ਉਹ ਬਾਦਲ ਦਲ ਨੂੰ ਵੋਟ ਨਹੀਂ ਪਾਉਣਗੇ।
ਦੂਜੇ ਪਾਸੇ ਜੇਕਰ ਇਸ ਸਮੇਂ ਦੀ ਗੱਲ ਕਰਦੇ ਹਾਂ ਤਾਂ ਟਰੱਕ ਯੂਨੀਅਨ ਤੇ ਸ਼ਰੇਆਮ ਡਾ. ਗਾਂਧੀ ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਨਾਭਾ ਵਿਚ ਵੀ ਵੱਡਾ ਇਕੱਠ ਕਰਕੇ ਟਕਸਾਲੀ ਕਾਂਗਰਸੀਆਂ ਨੇ ਡਾ. ਗਾਂਧੀ ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇਸ ਕਰਕੇ ਪਟਿਆਲਾ ਤੋਂ ਡਾ. ਗਾਂਧੀ ਨੂੰ ਸ੍ਰੀ ਮਤੀ ਪ੍ਰਨੀਤ ਕੌਰ ਤੋਂ ਕਮਜ਼ੋਰ ਉਮੀਦਵਾਰ ਸਮਝਣਾ ਸਮੇਂ ਦੀ  ਭੁੱਲ ਹੋਵੇਗੀ। ਡਾ. ਗਾਂਧੀ ਦੇ ਖ਼ਿਲਾਫ਼ਤ ਇੱਕ ਹੀ ਗੱਲ ਜਾਂਦੀ ਹੈ ਕਿ ਉਸ ਨੂੰ ਜੇਕਰ ਝਾੜੂ ਚੋਣ ਨਿਸ਼ਾਨ ਮਿਲ ਜਾਂਦਾ ਤਾਂ ਉਸ ਨੂੰ ਹਰਾਉਣ ਵਾਲਾ ਕੋਈ ਨਹੀਂ ਸੀ, ਪਰ ਇੱਥੇ ਸ੍ਰੀ ਮਤੀ ਪ੍ਰਨੀਤ ਕੌਰ ਦੇ ਪੱਖ ਵਿਚ ਇੱਕ ਹੀ ਗੱਲ ਜਾਂਦੀ ਹੈ ਕਿ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਹੈ। ਲੋਕ ਆਪਣੇ ਕੰਮਾਂ ਦੇ ਮੱਦੇਨਜ਼ਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਵੋਟ ਪਾ ਦੇ ਪਵਾ ਸਕਦੇ ਹਨ। ਪਰ ਲੋਕ ਸ੍ਰੀਮਤੀ ਪ੍ਰਨੀਤ ਕੌਰ ਨਾਲ ਇਸ ਕਰਕੇ ਖ਼ਫ਼ਾ ਚੱਲ ਰਹੇ ਹਨ ਕਿਉਂਕਿ ਉਸ ਨੂੰ ਚੋਣਾਂ ਤੋਂ ਬਾਅਦ ਮਿਲਣਾ ਮੁਸ਼ਕਿਲ ਹੁੰਦਾ ਹੈ, ਉਸ ਦੇ ਚੌਗਿਰਦੇ ਵਿਚ ਰਹਿਣ ਵਾਲੇ ਲੋਕ ਉਸ ਨੂੰ ਲੋਕਾਂ ਤੋਂ ਦੂਰ ਹੀ ਰੱਖਦੇ ਹਨ। ਸੁਰਜੀਤ ਸਿੰਘ ਰੱਖੜਾ ਦਾ ਸਾਊਪੁਣਾ ਉਸ ਦਾ ਪੱਖ ਪੂਰ ਰਿਹਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਲਈ ਕਾਫ਼ੀ ਖ਼ਤਰਨਾਕ ਕਰਕੇ ਭੁਗਤ ਰਹੀ ਹੈ। ਹਾਲਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਪਟਿਆਲਾ ਵਿਚ ਵੱਡਾ ਨਹੀਂ ਬਣ ਸਕਿਆ, ਪਰ ਫਿਰ ਵੀ ਮੁੱਦੇ ਚੁੱਕਣ ਦੇ ਮਾਮਲੇ ਵਿਚ ਸ੍ਰੀ ਰੱਖੜਾ ਕਾਫ਼ੀ ਪਛੜ ਰਹੇ ਹਨ, ਉਨ੍ਹਾਂ ਇੱਕ ਲਾਭ ਮਿਲ ਸਕਦਾ ਹੈ ਜੋ ਕਾਫ਼ੀ ਅਹਿਮੀਅਤ ਵਾਲਾ ਹੈ, ਕਿ ਡਾ. ਗਾਂਧੀ ਜੇਕਰ ਵੋਟਾਂ ਕਾਫ਼ੀ ਲੈ ਜਾਂਦਾ ਹੈ ਤੇ ਉਹ ਜਿੱਤ ਵੱਲ ਨਹੀਂ ਵਧਦਾ ਤਾਂ ਉਸ ਦਾ ਨੁਕਸਾਨ ਸਿੱਧਾ ਹੀ ਕਾਂਗਰਸੀ ਉਮੀਦਵਾਰ ਨੂੰ ਹੋਣ ਦੀ ਸੰਭਾਵਨਾ ਹੈ, ਪਰ ਜੇਕਰ ਡਾ. ਗਾਂਧੀ ਵੋਟਾਂ ਘੱਟ ਲੈ ਜਾਂਦਾ ਹੈ ਤਾਂ ਉਸ ਦਾ ਨੁਕਸਾਨ ਸਿੱਧਾ ਹੀ ਬਾਦਲ ਦਲ ਦੇ ਉਮੀਦਵਾਰ ਨੂੰ ਹੈ। ਇਹ ਹੀ ਇੱਕ ਕਾਰਨ ਬਣ ਸਕਦਾ ਹੈ ਕਿ ਸ.ਰੱਖੜਾ ਵੀ ਬਾਜ਼ੀ ਮਾਰ ਜਾਣ।

Wednesday, March 27, 2019

ਖਹਿਰਾ ਤੇ ਬੈਂਸ ਦੇ ਬੂਥ ਪੱਧਰ ਤੇ ਹੱਥ ਮਜ਼ਬੂਤ ਕਰਨਗੀਆਂ ਬਸਪਾ ਤੇ ਖੱਬੇ ਪੱਖੀ ਧਿਰਾਂ
ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਵਿਚ ਪ੍ਰਭਾਵ ਹੈ ਲਾਲ ਝੰਡੇ ਦਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ : ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀਡੀਏ) ਨੂੰ ਪੰਜਾਬ ਵਿਚ ਬੂਥ ਪੱਧਰ ਦੇ ਸੁਰਜੀਤ ਕਰਨ ਲਈ ਬਹੁਜਨ ਸਮਾਜ ਪਾਰਟੀ ਦੇ ਨਾਲ ਨਾਲ ਖੱਬੇ ਪੱਖੀ ਧਿਰਾਂ ਸੰਜੀਵਨੀ ਬੂਟੀ ਦਾ ਕੰਮ ਕਰਨਗੀਆਂ, ਕਿਉਂਕਿ ਪੰਜਾਬ ਵਿਚ ਅਜੇ ਪੂਰੀ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦਾ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਦਾ ਹੀ ਲੁਧਿਆਣਾ ਤੋਂ ਇਲਾਵਾ ਪੰਜਾਬ ਵਿਚ ਬੂਥ ਪੱਧਰ ਤੇ ਅਧਾਰ ਕਾਫ਼ੀ ਘੱਟ ਦੇਖਿਆ ਗਿਆ ਹੈ। ਜਦ ਕਿ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਦੇ ਵਿਹੜਿਆਂ ਵਿਚੋਂ ਬਸਪਾ ਵਰਕਰਾਂ ਦਾ ਬੂਥ ਪੱਧਰ ਤੇ ਅਤੇ ਖੱਬੇ ਪੱਖੀ ਧਿਰਾਂ ਦਾ ਮੁਲਾਜ਼ਮਾਂ, ਮਜ਼ਦੂਰਾਂ ਆਦਿ ਜਥੇਬੰਦੀਆਂ ਵਿਚ ਕਾਫ਼ੀ ਅਧਾਰ ਦੇਖਿਆ ਜਾ ਸਕਦਾ ਹੈ।
    ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਸੁਖਪਾਲ ਖਹਿਰਾ, ਬੈਂਸ ਭਰਾ ਅਤੇ ਡਾ. ਧਰਮਵੀਰ ਗਾਂਧੀ ਪੰਜਾਬ ਵਿਚ ਪ੍ਰਭਾਵਸ਼ਾਲੀ ਨੇਤਾ ਹੋਕੇ ਉੱਭਰੇ ਹਨ, ਜਿਨ੍ਹਾਂ ਦਾ ਸੋਸ਼ਲ ਮੀਡੀਆ ਵਿਚ ਕਾਫ਼ੀ ਬੋਲਬਾਲਾ ਹੈ ਅਤੇ ਨੌਜਵਾਨ ਇਨ੍ਹਾਂ ਦੀਆਂ ਰੈਲੀਆਂ ਵਿਚ ਇਕੱਠਾਂ ਦੀ ਸ਼ੋਭਾ ਵਧਾਉਂਦੇ ਹਨ ਪਰ ਬੂਥ ਪੱਧਰ ਤੇ ਬਸਤੇ ਫੜਨ ਵਾਲੇ ਲੋਕਾਂ ਦੀ ਕਮੀ ਇਨ੍ਹਾਂ ਲਈ ਮੁਸ਼ਕਲਾਂ ਵਧਾ ਸਕਦੀ ਸੀ, ਪਰ ਹੁਣ ਬਹੁਜਨ ਸਮਾਜ ਪਾਰਟੀ ਤੇ ਖੱਬੇ ਪੱਖੀਆਂ ਵੱਲੋਂ ਪੀਡੀਏ ਵਿਚ ਸ਼ਾਮਲ ਹੋਣ ਤੋਂ ਬਾਅਦ ਇਹ ਕਮੀ ਦੂਰ ਹੋ ਗਈ ਹੈ, ਇਸ ਸਬੰਧੀ ਪੀਡੀਏ ਵਿਚ ਸ਼ਾਮਲ ਕੋਈ ਵੀ ਧਿਰ ਇਨਕਾਰੀ ਨਹੀਂ ਸਗੋਂ ਸਾਰੇ ਹੀ ਇਸ ਗੱਲ ਕੀ ਗਵਾਹੀ ਭਰਦੇ ਹਨ ਕਿ ਬਹੁਜਨ ਸਮਾਜ ਪਾਰਟੀ ਅਤੇ ਖੱਬੇ ਪੱਖੀਆਂ ਦਾ ਅਧਾਰ ਕਈ ਇਲਾਕਿਆਂ ਵਿਚ ਬੂਥ ਪੱਧਰ ਤੇ ਕਾਫ਼ੀ ਹੈ। ਹਾਲਾਂ ਕਿ 2014 ਦੀਆਂ ਲੋਕ ਸਭਾ ਵਿਚ ਬਸਪਾ ਨੂੰ ਪੌਣੇ ਕੁ ਦੋ ਫ਼ੀਸਦੀ ਵੋਟ ਪਈ ਸੀ ਜੋ ਘੱਟ ਕੇ ਵਿਧਾਨ ਸਭਾ ਵਿਚ ਲਗਭਗ ਡੇਢ ਫ਼ੀਸਦੀ ਹੀ ਰਹਿ ਗਈ ਸੀ। ਇਹ ਗੱਲ ਬਸਪਾ ਪੰਜਾਬ ਦੇ ਪ੍ਰਧਾਨ ਵੀ ਸਵੀਕਾਰ ਕਰਦੇ ਹਨ, ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਰਾਜੂ ਨੇ ਕਿਹਾ ਕਿ ਬਸਪਾ ਦੇ ਵਰਕਰ ਚਾਹੁੰਦੇ ਸਨ ਕਿ ਸਮਝੌਤਾ ਹੋਵੇ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੂੰ ਪੰਜਾਬ ਵਿਚ ਕਾਫ਼ੀ ਲੋਕ ਚਾਹੁੰਦੇ ਹਨ ਸਾਨੂੰ ਮਿਲ ਰਹੇ ਹੁੰਗਾਰੇ ਤੋਂ ਸਪਸ਼ਟ ਹੈ ਕਿ ਅਸੀਂ ਜਿੱਤ ਵੱਲ ਵਧ ਰਹੇ ਹਾਂ, ਉਨ੍ਹਾਂ ਕਿਹਾ ਕਿ ਇਹ ਗੱਲ ਨਹੀਂ ਹੈ ਕਿ ਸਿਰਫ਼ ਬਸਪਾ ਤੇ ਖੱਬੇ ਪੱਖੀ ਹੀ ਬੂਥ ਪੱਧਰ ਤੇ ਯੋਗਦਾਨ ਪਾਉਣਗੇ, ਬੈਂਸ ਭਰਾਵਾਂ ਅਤੇ ਸੁਖਪਾਲ ਖਹਿਰਾ ਦਾ ਵੀ ਹੁਣ ਪੰਜਾਬ ਵਿਚ ਕਾਫ਼ੀ ਅਧਾਰ ਹੈ। ਸ੍ਰੀ ਰਾਜੂ ਨੇ ਕਿਹਾ ਕਿ ਉਹ ਗੱਲ ਵੱਖ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਸਾਡੀ ਵੋਟ ਫ਼ੀਸਦੀ ਕਾਫ਼ੀ ਘਟੀ ਹੈ, ਪਰ ਸਾਡਾ ਪੁਰਾਣਾ ਕਾਡਰ ਅਤੇ ਨੌਜਵਾਨ ਅੱਜ ਵੀ ਵੋਟਾਂ ਲਈ ਸੰਘਰਸ਼ ਕਰਨ ਲਈ ਤਿਆਰ ਬੈਠੇ ਹਨ। ਦੂਜੇ ਪਾਸੇ ਖੱਬੇ ਪੱਖੀ ਧਿਰਾਂ ਦਾ ਮੁਲਾਜ਼ਮ ਵਰਗ ਵਿਚ ਅਤੇ ਪਿੰਡਾਂ ਵਿਚ ਮਜ਼ਦੂਰ ਵਰਗ ਵਿਚ ਕਾਫ਼ੀ ਪ੍ਰਭਾਵ ਹੈ।ਕਈ  ਮੁਲਾਜ਼ਮ ਜਥੇਬੰਦੀਆਂ ਸਿੱਧੇ ਰੂਪ ਵਿਚ ਪੀਡੀਏ ਦਾ ਸਮਰਥਨ ਕਰ ਰਹੀਆਂ ਹਨ। ਇਸੇ ਤਰ੍ਹਾਂ ਖੱਬੇ ਪੱਖੀਆਂ ਦੇ ਲਾਲ ਝੰਡੇ ਹੇਠ ਚੱਲ ਰਹੀਆਂ ਕਿਸਾਨ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਵੀ ਕਾਫ਼ੀ ਪ੍ਰਭਾਵ ਰੱਖਦੀਆਂ ਹਨ, ਇਸੇ ਤਰ੍ਹਾਂ ਮਨਰੇਗਾ ਜਥੇਬੰਦੀਆਂ ਵੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਕਾਫ਼ੀ ਖਾ ਹੋਣ ਕਰਕੇ ਨਿੱਤ ਸੰਘਰਸ਼ ਦੇ ਰਾਹ ਪੈ ਰਹੀਆਂ ਹਨ।
ਪੰਜਾਬ ਵਿਚ ਲੱਖਾਂ ਲੋਕਾਂ ਕੋਲ ਨਹੀਂ ਵੋਟ ਪਾਉਣ ਦਾ ਅਧਿਕਾਰ
ਸ਼ਹਿਰਾਂ ਵਿਚ ਕੂੜਾ ਕਬਾੜ ਚੁੱਕ ਕੇ ਗੁਜ਼ਾਰਾ ਕਰਨ ਵਾਲੇ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਵਾਂਝੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, ਪੰਜਾਬ ਦੇ ਨਿੱਕੇ ਵੱਡੇ ਸ਼ਹਿਰਾਂ ਵਿਚ ਲੱਖਾਂ ਲੋਕਾਂ ਦੀ ਇਕ ਅਬਾਦੀ ਇਹੋ ਜਿਹੀ ਵੀ ਰਹਿ ਰਹੀ ਹੈ ਜੋ ਪੰਜਾਬ ਵਿਚ ਹੋਣ ਵਾਲੀਆਂ ਕਿਸੇ ਵੀ ਕਿਸਮ ਦੀਆਂ ਚੋਣਾਂ ਵਿਚ ਆਪਣੀ ਵੋਟ ਦਾ ਅਧਿਕਾਰ ਨਹੀਂ ਵਰਤਦੀ, ਇਸ ਅਬਾਦੀ ਨੂੰ ਕੇਂਦਰ ਸਰਕਾਰ ਜਾਂ ਫਿਰ ਸੂਬਾ ਸਰਕਾਰ ਵੱਲੋਂ ਦਿੱਤੀ ਜਾਂਦੀ ਕਿਸੇ ਵੀ ਸਹੂਲਤ ਦਾ ਲਾਭ ਨਹੀਂ ਮਿਲਦਾ।
    ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰਾਂ ਵਿਚੋਂ ਘਰਾਂ ਦਾ ਕੂੜਾ ਕਬਾੜ ਉਠਾਉਣ ਲਈ ਕੁਝ ਲੋਕ ਸਵੇਰੇ ਹੀ ਨਿਕਲਦੇ ਹਨ, ਉਹ ਆਪਣੇ ਸਾਧਨਾ ਅਨੁਸਾਰ ਕੂੜਾ ਚੁੱਕ ਕੇ ਨਿਰਧਾਰਿਤ ਕੀਤੀ ਥਾਂ ਤੇ ਰੱਖ ਕੇ ਕੁੜੇ ਵਿਚੋਂ ਵਿਕਣ ਵਾਲਾ ਸਮਾਨ ਛਾਂਟਦੇ ਹਨ ਤੇ ਠੇਕੇਦਾਰ ਕੋਲ ਵੇਚ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ, ਇਹ ਲੋਕ ਆਮ ਤੌਰ ਤੇ ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਆਦਿ ਸੂਬਿਆਂ ਤੋਂ ਆਉਂਦੇ ਹਨ। ਇਨ੍ਹਾਂ ਦਾ ਸਮਾਨ ਖ਼ਰੀਦਣ ਵਾਲੇ ਕਿਸੇ ਠੇਕੇਦਾਰ ਵੱਲੋਂ ਕਿਸੇ ਜ਼ਿਮੀਂਦਾਰ ਕੋਲੋਂ ਜ਼ਮੀਨ ਠੇਕੇ ਤੇ ਲੈ ਕੇ ਜਾਂ ਕਿਤੇ ਵੀ ਜ਼ਮੀਨ ਲੈਕੇ ਉਸ ਜ਼ਮੀਨ ਵਿਚ ਇਨ੍ਹਾਂ ਲੋਕਾਂ ਨੂੰ ਰੈਣ ਬਸੇਰਾ ਕਰਨ ਲਈ ਕਿਹਾ ਜਾਂਦਾ ਹੈ ਇਹ ਲੋਕ ਉੱਥੇ ਆਪਣੀਆਂ ਕੁੱਲੀਆਂ ਬਣਾ ਕੇ ਪਰਿਵਾਰਾਂ ਸਮੇਤ ਬੈਠ ਜਾਂਦੇ ਹਨ ਕਈ ਥਾਵਾਂ ਤੇ ਇਹ ਲੋਕ 15 ਸਾਲਾਂ ਤੋਂ ਲਗਾਤਾਰ ਰਹਿੰਦੇ ਆ ਰਹੇ ਹਨ। ਪਰ ਇਨ੍ਹਾਂ ਨੂੰ ਇੱਥੇ ਕੋਈ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਨਾ ਹੀ ਇਨ੍ਹਾਂ ਨੂੰ ਕੋਈ ਸਰਕਾਰੀ ਸਹੂਲਤ ਦਾ ਹੀ ਲਾਭ ਮਿਲਦਾ ਹੈ। ਪਟਿਆਲਾ ਵਿਚ ਇਹ ਲੋਕ ਝਿੱਲ ਰੋਡ ਤੇ, ਮਿਰਚ ਮੰਡੀ, ਦਾਣਾ ਮੰਡੀ, ਸਬਜ਼ੀ ਮੰਡੀ, ਤ੍ਰਿਪੜੀ, ਫੋਕਲ ਪੁਆਇੰਟ, ਦੌਲਤਪੁਰ, ਹੀਰਾ ਬਾਗ਼, ਭਾਦਸੋਂ ਰੋਡ, ਅਬਲੋਵਾਲ, ਸੰਗਰੂਰ ਰੋਡ, ਸੂਲਰ ਰੋਡ, ਚੀਕਾ ਰੋਡ, ਸਨੌਰੀ ਅੱਡਾ ਆਦਿ ਇਲਾਕਿਆਂ ਵਿਚ ਕੁਲੀਆਂ ਪਾਕੇ ਬੈਠੇ ਹਨ। ਝਿੱਲ ਪਿੰਡ ਕੋਲ ਰਹਿਣ ਵਾਲੇ 2000 ਤੋਂ ਵੱਧ ਲੋਕਾਂ ਲਈ ਠੇਕੇਦਾਰੀ ਕਰ ਰਹੇ ਲੋਕਾਂ ਵਿਚ ਬਲੀ ਹਸਨ, ਅਕਰਮ, ਕੱਲੂ, ਨਿਰਾਲੇ, ਜ਼ਰੀਫ਼, ਆਰਿਫ਼ ਆਦਿ ਨੇ ਕਿਹਾ ਕਿ ਅਸੀਂ ਇੱਥੇ ਕਰੀਬ 14 ਸਾਲਾਂ ਤੋਂ ਰਹਿ ਰਹੇ ਹਾਂ,ਇਹ ਲੋਕ ਕੁੱਲੀਆਂ ਪਾਕੇ ਪਰਿਵਾਰਾਂ ਸਮੇਤ ਬੈਠੇ ਹਨ, ਸਵੇਰੇ ਹੀ ਇਹ ਸ਼ਹਿਰ ਵਿਚ ਲੋਕਾਂ ਦੇ ਘਰਾਂ ਵਿਚ ਉਨ੍ਹਾਂ ਦਾ ਕੂੜਾ ਕਬਾੜ (ਕਾਗ਼ਜ਼, ਬੋਤਲਾਂ, ਪਲਾਸਟਿਕ ਆਦਿ) ਚੁੱਕ ਕੇ ਲਿਆਉਂਦੇ ਹਨ ਤੇ ਛਾਂਟ ਕੇ ਸਾਡੇ ਕੋਲ ਆਕੇ ਵੇਚ ਦਿੰਦੇ ਹਨ ਤੇ ਰੋਜ਼ਾਨਾ ਦੋ ਸੋ ਰੁਪਏ ਤੋਂ ਚਾਰ ਸੌ ਰੁਪਏ ਤੱਕ ਕਮਾ ਲੈਂਦੇ ਹਨ। ਇਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਲ ਕਈ ਵਾਰੀ ਪੁਲੀਸ ਜਾਂ ਸਰਕਾਰੀ ਅਧਿਕਾਰੀ ਪੁੱਛ-ਪੜਤਾਲ ਕਰਨ ਲਈ ਆਉਂਦੇ ਹਨ ਤਾਂ ਇਹ ਆਪਣੇ ਯੂਪੀ ਬਿਹਾਰ ਦੇ ਅਧਾਰ ਕਾਰਡ ਜਾਂ ਫਿਰ ਕੋਈ ਵੀ ਸ਼ਨਾਖ਼ਤੀ ਪੱਤਰ ਦਿਖਾਉਂਦੇ ਹਨ। ਜਿਸ ਦੀ ਗਵਾਹੀ ਅਸੀਂ ਪਾ ਦਿੰਦੇ ਹਾਂ ਤਾਂ ਇਨ੍ਹਾਂ ਦਾ ਛੁਟਕਾਰਾ ਹੋ ਜਾਂਦਾ ਹੈ। ਇੱਥੇ ਰਹਿਣ ਵਾਲੇ ਜਫਰ, ਬਲੀ ਹਸਨ ਆਦਿ ਹੋਰ ਕਈ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਇੱਥੇ 10-15 ਸਾਲਾਂ ਤੋਂ ਰਹਿ ਰਹੇ ਹਾਂ ਸਾਡੇ ਬੱਚੇ ਵੀ ਇੱਥੇ ਜਨਮੇ ਹਨ, ਪਰ ਸਾਡੇ ਕੋਲ ਜਨਮ ਸਰਟੀਫਿਕੇਟ ਤੱਕ ਨਹੀਂ ਹੈ, ਇਸ ਕਰਕੇ ਸਾਡੇ ਬੱਚੇ ਵੀ ਸਕੂਲ ਵਿਚ 10-15 ਫ਼ੀਸਦੀ ਹੀ ਜਾ ਸਕਦੇ ਹਨ, ਸਾਨੂੰ ਕੋਈ ਸਿਲੰਡਰ ਨਹੀਂ ਮਿਲਦਾ ਕਿਉਂਕਿ ਸਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ, ਇਸ ਕਰਕੇ ਦਾਲ, ਰੋਟੀ ਚਾਵਲ ਅਸੀਂ ਲੱਕੜਾਂ ਦੇ ਚੁੱਲ੍ਹੇ ਤੇ ਹੀ ਪਕਾਉਂਦੇ ਹਾਂ, ਇਕ ਨੇ ਕਿਹਾ ਕਿ  ਕਦੇ ਕਦੇ ਅਸੀਂ ਚਿਕਨ ਆਦਿ ਵੀ ਬਣਾ ਲੈਂਦੇ ਹਾਂ ਸ਼ਰਾਬ ਵੀ ਸਾਡੇ ਵਿਚੋਂ 20-25 ਫ਼ੀਸਦੀ ਲੋਕ ਪੀਂਦੇ ਹਨ। ਪਰ ਸਾਡੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਹੀ ਸਾਡੀ ਅਬਾਦੀ 12000 ਤੋਂ ਵੱਧ ਹੈ ਸਾਰੇ ਪੰਜਾਬ ਦੇ ਸ਼ਹਿਰਾਂ ਵਿਚ ਲੱਖਾਂ ਲੋਕ ਕੂੜਾ ਕਬਾੜ ਚੁੱਕੇ ਆਪਣਾ ਪੇਟ ਪਾਲ ਰਹੇ ਹਨ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਪੰਜਾਬ ਵਿਚ ਵੋਟ ਪਾਉਣ ਦਾ ‌ਅਧਿਕਾਰ ਨਹੀਂ ਹੈ, ਕਿਉਂਕਿ ਸਾਡੀਆਂ ਵੋਟਾਂ ਸਾਡੇ ਪਿਛਲੇ ਸੂਬਿਆਂ ਵਿਚ ਬਣੀਆਂ ਹਨ,ਰੋਜ਼ੀ ਰੋਟੀ ਦੀ ਲੋੜ ਕਰਕੇ ਰੁੱਝੇ ਹੋਣ ਕਾਰਨ ਅਸੀਂ ਕਿਸੇ ਵੀ ਚੋਣ ਵਿਚ ਕਿਤੇ ਵੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕਦੇ।

ਗੰਦਗੀ ਦੇ ਢੇਰ ਲਗਾਉਂਦੇ ਨੇ ਸਾਡੀਆਂ ਕਾਲੋਨੀਆਂ ਵਿਚ : ਗੁਰਦੇਵ ਸਿੰਘ
ਇਨ੍ਹਾਂ ਦੀਆਂ ਕੁੱਲੀਆਂ ਦੇ ਨੇੜੇ ਤੇੜੇ ਕਈ ਕੋਠੀਆਂ ਦੇ ਮਾਲਕਾਂ ਨੂੰ ਇਨ੍ਹਾਂ ਦੇ ਇੱਥੇ ਰਹਿਣ ਤੇ ਇਤਰਾਜ਼ ਹੈ, ਗੁਰਦੇਵ ਸਿੰਘ ਨੇ ਕਿਹਾ ਕਿ ਸ਼ਹਿਰ ਵਿਚੋਂ ਇਹ ਲੋਕ ਗੰਦਗੀ ਉਠਾ ਇੱਥੇ ਲਿਆਉਂਦੇ ਹਨ, ਜਿਸ ਵਿਚੋਂ ਸੜ੍ਹਾਂਦ ਮਾਰਦੀ ਹੈ। ਅਸੀਂ ਕਈ ਵਾਰੀ ਅਧਿਕਾਰੀਆਂ ਨੂੰ ਲਿਖ ਕੇ ਦੇ ਆਏ ਹਾਂ ਪਰ ਇਨ੍ਹਾਂ ਨੂੰ ਕਿਸੇ ਨੇ ਵੀ ਨਹੀਂ  ਉਠਾਇਆ। ਜਿਸ ਕਰਕੇ ਸਾਨੂੰ ਵੀ ਇਨ੍ਹਾਂ ਦੀ ਗੰਦਗੀ ਵਿਚ ਰਹਿਣਾ ਪੈ ਰਿਹਾ ਹੈ।

Friday, December 21, 2018

ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਕਰਨ ਲਈ ਰਾਜਨਾਥ ਸਿੰਘ ਨੂੰ ਮਿਲੇ ਗਾਂਧੀ

1986 ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ’ਤੇ ਨਕੋਦਰ ਵਿਖੇ ਬੈਠੇ ਚਾਰ ਸਿੰਘ ਕੀਤੇ ਗਏ ਸਨ ਸ਼ਹੀਦ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਕਰਨ ਦੀ ਮੰਗ ਕੀਤੀ ਹੈ, ਡਾ. ਗਾਂਧੀ ਨੇ ਰਾਜਨਾਥ ਸਿੰਘ  ਨੂੰ ਚਿੱਠੀ ਲਿਖਦਿਆਂ ਕਿਹਾ ਹੈ ਕਿ 1986 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਰੋਸ ਕਰ ਰਹੀਆਂ ਸੰਗਤਾਂ ’ਤੇ ਗੋਲੀਆਂ ਚਲਾ ਕੇ ਚਾਰ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਜਿਸ ਦੀ ਜਾਂਚ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੇ ਹਵਾਲੇ ਕੀਤੀ ਗਈ ਸੀ ਪਰ 32 ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਹ ਰਿਪੋਰਟ ਨਸ਼ਰ ਨਹੀਂ ਕੀਤੀ ਗਈ।
        ਇੱਥੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਡਾ.ਗਾਂਧੀ ਨੇ ਕਿਹਾ ਹੈ ਕਿ ਪਿਛਲੇ ਦੋ ਹਫ਼ਤੇ ਤੋਂ ਲੋਕ ਸਭਾ ਦੀ ਕਾਰਵਾਈ ਲਗਾਤਾਰ ਠੱਪ ਹੋਣ ਅਤੇ ਸਦਨ ਅੰਦਰ ਇਹ ਮੁੱਦਾ ਨਾਂ ਉਠਾਏ ਜਾਣ ਕਾਰਨ, ਉਨ੍ਹਾਂ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ, ਉਨ੍ਹਾਂ ਬਿਆਨ ਵਿਚ ਦੱਸਿਆ ਕਿ ਫਰਵਰੀ 1986 ਵਿਚ ਨਕੋਦਰ ਵਿਖੇ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸ਼ਰਧਾਲੂਆਂ ਉੱਤੇ ਪੁਲਿਸ ਫਾਇਰਿੰਗ ਨਾਲ ਸ਼ਹੀਦ ਹੋਏ ਚਾਰ  ਨਿਰਦੋਸ਼ ਸ਼ਰਧਾਲੂਆਂ ਦੀ ਘਟਨਾ ਦੀ ਪੜਤਾਲ ਲਈ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਅਜੇ ਤੱਕ ਨਸ਼ਰ ਨਾ ਕਰਨ ਅਤੇ ਦੋਸ਼ੀਆਂ ਨੂੰ ਜ਼ੁਲਮ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਨਾ ਦੇਣ ਵਿਰੁੱਧ, ਪੰਜਾਬ ਸਰਕਾਰ ਦੀ ਮੁਜਰਮਾਨਾ ਉਦਾਸੀਨਤਾ ਤੇ ਪਹੁੰਚ ਦੇ ਖ਼ਿਲਾਫ਼, ਇਨਸਾਫ਼ ਦੀ ਮੰਗ ਕਰਦੇ ਹੋਏ, ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧ ਵਿਚ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਫ਼ੌਰੀ ਤੌਰ ਤੇ ਜਨਤਕ ਕਰਨ ਅਤੇ  ਨਿਰਦੋਸ਼ ਨੌਜਵਾਨਾਂ ਦੇ ਕਾਤਿਲ- ਪੁਲਿਸ ਮੁਲਾਜ਼ਮਾਂ, ਅਫ਼ਸਰਾਂ ਤੇ ਜ਼ਿੰਮੇਵਾਰ ਅਫ਼ਸਰਸ਼ਾਹੀ  ਨੂੰ ਸਜਾਵਾਂ ਦੇਣ ਲਈ ਪੰਜਾਬ ਸਰਕਾਰ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਡਾ. ਗਾਂਧੀ ਨੇ ਇੱਥੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਨੇ ਤੁਰੰਤ ਆਪਣੇ ਸੈਕਟਰੀ ਨੂੰ ਬੁਲਾ ਕੇ ਪੰਜਾਬ ਸਰਕਾਰ ਦੀ ਇਸ ਗੈਰ-ਸੰਜੀਦਗੀ ਨੂੰ ਲੈ ਕੇ, ਤੁਰੰਤ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖਣ ਲਈ ਕਿਹਾ ਅਤੇ ਰਿਪੋਰਟ ਭੇਜਣ ਲਈ ਹੁਕਮ ਦਿੱਤੇ। ਡਾ. ਗਾਂਧੀ ਨੇ ਕਿਹਾ ਕਿ 32 ਸਾਲ ਬੀਤ ਜਾਣ ਤੋਂ ਬਾਅਦ ਵੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਨਾ ਹੋਣ ਤੇ ਪੰਜਾਬ ਦੀਆਂ ਸਰਕਾਰਾਂ ਦੀ ਨੀਅਤ ਦਾ ਪੰਜਾਬੀਆਂ ਪ੍ਰਤੀ ਪਹੁੰਚ ਦਾ ਪਤਾ ਲੱਗਦਾ ਹੈ। ਉਨ੍ਹਾਂ ਰਾਜਨਾਥ ਸਿੰਘ ਦਾ ਤੁਰੰਤ ਕਾਰਵਾਈ ਕਰਨ ਤੇ ਧੰਨਵਾਦ ਵੀ ਕੀਤਾ।
ਗਾਂਧੀ ਫ਼ੋਟੋ : ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਚਿੱਠੀ ਦਿੰਦੇ ਹੋਏ ਡਾ. ਗਾਂਧੀ। ਫ਼ੋਟੋ ਅਕੀਦਾ


Wednesday, August 08, 2018

ਇਨਸਾਨੀ ਹੱਡੀਆਂ ਨੂੰ ਖੋਰ ਦੇਣ ਵਾਲਾ ਖ਼ਤਰਨਾਕ ਤੱਕ ‘ਫਲਿਓਰਾਇਡ’ ਪੰਜਾਬ ਦੇ ਪਾਣੀਆਂ ’ਚ ਆਇਆ

ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਬਲਾਕ ਘਨੌਰ, ਰਾਜਪੁਰਾ ਤੇ ਪਟਿਆਲਾ ਵਿਚ ਸਥਿਤੀ ਨਾਜ਼ੁਕ
ਪੰਜਾਬ ਦੇ 285 ਪਿੰਡਾਂ ਦੀ ਰਿਪੋਰਟ ਹੋਇਆ ਖ਼ੁਲਾਸਾ
ਗੁਰਨਾਮ ਸਿੰਘ ਅਕੀਦਾ
ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ‘ਚ ਜਨ ਜੀਵਨ ਲਈ ਅੰਤਾਂ ਦਾ ਖ਼ਤਰਨਾਕ ਤੱਕ ‘ਫਲਿਓਰਾਇਡ’ ਵੱਡੀ ਮਾਤਰਾ ਵਿਚ ਆ ਗਿਆ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਲੋਕ ਹੱਡੀਆਂ ਅਤੇ ਦੰਦਾਂ ਦੀਆਂ ਖ਼ਤਰਨਾਕ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆਉਣਗੇ। ਇਹ ਖ਼ਤਰਨਾਕ ਅੰਕੜਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਰੰਡਮਲੀ ਕਰਾਈ ਗਈ ਜਾਂਚ ਤੋਂ ਸਾਹਮਣੇ ਆਇਆ ਹੈ।   
    ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਟੀਡਬਲਿਊਈਆਰ ਯੂਨਿਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ‘ਫਲਿਓਰਾਇਡ’ ਸਵਿਕਾਰਯੋਗ 1.0 ਅਤੇ ਜਾਇਜ਼ 1.5 ਹੋਣਾ ਚਾਹੀਦਾ ਹੈ ਪਰ ਜੋ ਪੰਜਾਬ ਦੇ 285 ਪਿੰਡਾਂ ਦੀ ਰਿਪੋਰਟ ਵਿਚ ਦਰਸਾਇਆ ਗਿਆ ਹੈ ਉਨ੍ਹਾਂ ‘ਚ ਕੋਈ ਵੀ ਪਿੰਡ ਅਜਿਹਾ ਨਹੀਂ ਜਿੱਥੇ ਕਿ ‘ਫਲਿਓਰਾਇਡ’ 1.5 ਤੋਂ ਘੱਟ ਆਇਆ ਹੋਵੇ ਸਗੋਂ ਕਈ ਪਿੰਡਾਂ ਵਿਚ ਤਾਂ ਸਥਿਤੀ ਬਹੁਤ ਖ਼ਤਰਨਾਕ ਮੋੜ ’ਤੇ ਪੁੱਜੀ ਹੋਈ ਹੈ। ਜਿਵੇਂ ਕਿ ਅੰਮ੍ਰਿਤਸਰ ਦੇ ਬਲਾਕ ਤਰਸਿੱਕਾ ਦੇ ਪਿੰਡ ਕਲਰਬਾਲਾ ਪਾਈ ‘ਚ 4.77‘ਫਲਿਓਰਾਇਡ’ ਆਇਆ ਹੈ ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਕਾਲੇਕੇ ਜਨਰਲ ਅਤੇ ਐਸਸੀ ਬਸਤੀ ‘ਚ 2.11,  ਬਠਿੰਡਾ ਦੇ ਬਲਾਕ ਰਾਮਪੁਰਾ ਦੇ ਪਿੰਡ ਭੂੰਦੜ ‘ਚ 2.26, ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਹਰਨਾ ‘ਚ 2.4, ਪਤਾਰਸੀ ਖੁਰਦ ‘ਚ 2.62, ਸਲੇਮਪੁਰ ਤੇ ਸਿਧਰਾਂ ‘ਚ 2.22, ਟਿੰਬਰਪੁਰ ‘ਚ 2.64 ‘ਫਲਿਓਰਾਇਡ’ ਆਇਆ ਹੈ। ਫਾਜਲਿਕਾ ਦੇ ਬਲਾਕ ਫਾਜਲਿਕਾ ਦੇ ਪਿੰਡ ਘੜੂਮੀ ‘ਚ 2.72, ਮਾਨਸਾ ਦੇ ਬਲਾਕ ਸਰਦੂਲਗੜ੍ਹ ਦੇ ਪਿੰਡ ਫੂਸ ਮੰਡੀ ਤੇ ਸਾਧੂਵਾਲਾ ‘ਚ 2.52, ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗਾਂਡੇਪਿੰਡੀ ਤੇ ਖੋਖਰ ਕੋਟਲੀ ‘ਚ 3.6, ਪਟਿਆਲਾ ਦੇ ਬਲਾਕ ਭੁਨਰਹੇੜੀ ਦੇ ਪਿੰਡ ਅਬਦੁਲਪੁਰ ‘ਚ 2.18, ਪਰੌੜ ਤੇ ਉਪਲੀ ‘ਚ 2.01, ਬਲਾਕ ਘਨੌਰ ਤੇ ਪਿੰਡ ਬਲੋਪੁਰ ‘ਚ 2.14, ਬੀਬੀਪੁਰ ‘ਚ 2.48, ਚਲਹੇੜੀ ‘ਚ 3.54, ਚਤਰਨਗਰ ‘ਚ 5.2, ਫਰੀਦਪੁਰ ਜੱਟਾਂ ‘ਚ 2.36, ਗੰਡਿਆਂ ‘ਚ 8.3, ਘੱਗਰ ਸਰਾਏ ‘ਚ 8.5, ਘੁੰਗਰਾਂ ‘ਚ 5.8, ਹਸਨਪੁਰ ਜੱਟਾਂ ‘ਚ 3.9, ਕਾਮੀ ਕਲਾਂ ‘ਚ 2.92, ਖੈਰਪੁਰ ਸ਼ੇਖ਼ਾਂ ‘ਚ 4.0, ਖ਼ਾਨਪੁਰ ਗੰਡਿਆਂ ‘ਚ 3.4, ਖੇੜੀ ਮੰਡਲਾਂ ‘ਚ 2.5, ਕੁੱਥਾਖੇੜੀ ‘ਚ 3.5, ਲੋਚਮਾਂ ‘ਚ 5.85, ਮਦਨਪੁਰ ‘ਚ 2.82, ਮੱਗਰ ‘ਚ 5.7, ਨਰੜੂ ‘ਚ 3.0, ਨੱਥੂਮਾਜਰਾ ‘ਚ 2.18, ਪਹਾੜੀਪੁਰ ‘ਚ 3.56, ਪੰਡਤਾਂ ਖੇੜੀ ‘ਚ 2.5, ਪਿੱਪਲ ਮੰਘੌਲੀ ‘ਚ 2.2, ਸਾਹਲ ‘ਚ 5.85, ਸਲੇਮਪੁਰ ਸ਼ੇਖ਼ਾਂ ‘ਚ 8.7, ਸਨੌਲੀਆਂ ‘ਚ 2.72, ਸ਼ਾਹਪੁਰ ਅਰਾਈਆਂ ‘ਚ 5.8, ਸੇਖੁਪੁਰ ‘ਚ 5.5, ਸੂਹਰੋਂ ‘ਚ 2.4, ਤੇਪਲਾ ‘ਚ 2.16, ਉਲਾਣਾ ‘ਚ 2.4, ਬਲਾਕ ਪਟਿਆਲਾ ਦੇ ਚਮਾਰਹੇੜੀ ‘ਚ 2.03, ਦੌਲਤਪੁਰ ਫ਼ਕੀਰਾਂ ‘ਚ 2.1, ਮਹਿਮੂਦਪੁਰ ਆੜੀਆਂ ‘ਚ 2.63, ਮਿਰਜ਼ਾਪੁਰ ‘ਚ 2.1, ਰੀਠਖੇੜੀ ‘ਚ 2.09, ਸੈਫਦੀਪੁਰ ‘ਚ 2.63, ਬਲਾਕ ਰਾਜਪੁਰਾ ਦੇ ਪਿੰਡ ਅਕਬਰਪੁਰ ‘ਚ 2.28, ਭੱਪਲ ‘ਚ 2.59, ਭਟੇੜੀ ‘ਚ 2.28, ਚੱਕ ਕਲਾਂ ‘ਚ 2.18, ਚੰਦੂਆਂ ਖੁਰਦ ‘ਚ 2.38, ਢਕਾਨਸੂ ਕਲਾਂ ਤੇ ਖੁਰਦ ‘ਚ 3.52, ਫਰੀਦਪੁਰ ‘ਚ 3.02, ਫਰੀਦਪੁਰ ਗੁੱਜਰਾਂ ‘ਚ 2.28, ਇਸਲਾਮਪੁਰ ‘ਚ 2.58, ਖੈਰਪੁਰ ਜੱਟਾਂ ‘ਚ 5.35, ਖਰਾਜਪੁਰ ‘ਚ 3.24, ਮੰਗਪੁਰ ‘ਚ 2.56, ਮਹਿਮਾ ‘ਚ 5.35, ਨਲਾਸਕਲਾਂ ‘ਚ 2.9, ਨੀਲਪੁਰ ‘ਚ 2.1, ਪੱਬਰੀ ‘ਚ 2.24, ਪਰਾਓ ਉਗਾਣਾ ਵਿਚ 2.38, ਪਹਿਰਕਲਾਂ ਤੇ ਖੁਰਦ ਵਿਚ 2.74, ਰਾਮਨਗਰ ਸੌਂਟੀ ਵਿਚ 2.38, ਰੰਗੀਆਂ ਵਿਚ 2.9, ਸਰਾਏਬੰਜਾਰਾ ਵਿਚ 2.18, ਸ਼ਾਮਦੂ ਵਿਚ 3.28, ਸੁਰਜਗੜ੍ਹ, ਸੁਰਾਲ ਕਲਾਂ ਤੇ ਖੁਰਦ ਵਿਚ 2.7, ਉਗਾਣਾ, ਉਕਸੀ ਜੱਟਾ ਤੇ ਕੰਵਰਪੁਰ 2.38, ਬਲਾਕ ਸਨੌਰ ਤੇ ਮੇਹਰਗੜ੍ਹ ਬੱਤਾ ਅਤੇ ਬੱਤੀ ਵਿਚ 2.08, ਜ਼ਿਲ੍ਹਾ ਸੰਗਰੂਰ ਦੇ ਬਲਾਕ ਅਡਾਨਾ ਦੇ ਪਿੰਡ ਘਨੌਟਾ, ਘਮੌੜ ਘਾਟ, ਰਾਗਗੜ੍ਹ ਗੁੱਜਰਾਂ ਅਤੇ ਰਾਮਪੁਰ ਗੁੱਜਰਾਂ ਵਿਚ 4.09, ਬਲਾਕ ਭਵਾਨੀਗੜ੍ਹ ਦੇ ਪਿੰਡ ਭਾਰੋ ਅਤੇ ਡੇਹਲੇਵਾਲ ਵਿਚ 2.56, ਬਲਾਕ ਲਹਿਰਾਗਾਗਾ ਦੇ ਪਿੰਡ ਢੀਂਡਸਾ ਵਿਚ 2.6, ਲੇਹਲ ਖੁਰਦ ਵਿਚ 3.96, ਭਾਈ ਕੇ ਪਸੌਰ ਵਿਚ 2.7, ਬਲਾਕ ਮਲੇਰਕੋਟਲਾ-1 ਦੇ ਪਿੰਡ ਖ਼ਾਨਪੁਰ ’ਚ 3.11, ਬਲਾਕ ਸੁਨਾਮ ਦੇ ਪਿੰਡ ਘਨੌਰ ਰਾਜਪੂਤਾਂ ’ਚ 2.05, ਖਾਨਗੜ੍ਹ‘ ਵਿਚ 2.4, ਖੇਤਲਾ ਅਤੇ ਬਸ ਸਟੈਂਡ ਬਸਤੀ ਖੇਤਲਾ ’ਚ 2.34, ਸੰਤਪੁਰਾ ‘ਚ 2.05, ਸੇਹਰੋਂ, ਸੇਹਰੋਂ ਮਾਡਲ ਟਾਊਨ-ਇਕ ਤੇ ਦੋ ’ਚ 2.58, ਸਿਹਾਲ ‘ਚ 2.22, ਜ਼ਿਲ੍ਹਾ ਮੋਹਾਲੀ ਦੇ ਬਲਾਕ ਡੇਰਾਬਸੀ ਦੇ ਪਿੰਡ ਖਜੂਰਮੰਡੀ ‘ਚ 2.52, ਸਗੌਂਧ ਅਤੇ ਸਗੌਥਾ ‘ਚ 3.01, ਬਲਾਕ ਖਰੜ ਦੇ ਪਿੰਡ ਪਾਤੜਾਂ ‘ਚ 2.35, ਜ਼ਿਲ੍ਹਾ ਤਰਨਤਾਰਨ ਦੇ ਬਲਾਕ ਪੱਟੀ ਦੇ ਪਿੰਡ ਤੱਖੜਪੁਰਾ ਅਤੇ ਤੱਖੜਪੁਰਾ ਦੀ ਅਬਾਦੀ ਹਰੀਜਨ ’ਚ 4.5, ਬਲਾਕ ਵਲਟੋਹਾ ਦੇ ਪਿੰਡ ਅਮੀਰ ਕੇ ਅਤੇ ਚੀਮਾ ਖੁਰਦ ‘ਚ 2.64 ‘ਫਲਿਓਰਾਇਡ’ ਦੀ ਮਾਤਰਾ ਆਈ ਹੈ। ਅਧਿਕਾਰੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਸਿਰਫ਼ ਏਨਾ ਕਹਿ ਰਹੇ ਹਨ ਕਿ ਪਿੰਡਾਂ ਵਿਚ ਸਰਕਾਰ ਵੱਲੋਂ ਆਰਓ ਲਗਾ ਕੇ ਕਾਫ਼ੀ ਏਰੀਆ ਠੀਕ ਕਰ ਦਿੱਤਾ ਹੈ।
ਰਾਜਿੰਦਰਾ ਹਸਪਤਾਲ ਹੱਡੀਆਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਮਨਜੀਤ ਸਿੰਘ ਦੱਸਿਆ ਕਿ ‘ਫਲੋਰਸਿਸ’ ਨਾਲ ਇਨਸਾਨ ਦੀ ਰੀੜ੍ਹ ਦੀ ਹੱਡੀ ਤੇ ਅਸਰ ਕਰਦਾ ਹੈ, ਪਿੱਠ, ਲੱਤਾਂ, ਹੱਡੀਆਂ ਆਦਿ ਵਿਚ ਦਰਦ ਰਹਿਣ ਲੱਗ ਜਾਂਦਾ ਹੈ, ਥਾਇਰਾਇਡ ਤੇ ਅਸਰ ਹੁੰਦਾ ਹੈ, ਹੌਲੀ ਹੌਲੀ ਲੱਤਾਂ ਖੜ ਜਾਂਦੀਆਂ ਹਨ, ਤੇ ਪੈਰਾਲਾਈਜ਼ ਵੀ ਹੋ ਜਾਂਦਾ ਹੈ, ਦੰਦਾ ਕਮਜ਼ੋਰ ਹੋਣ ਦੇ ਨਾਲ ਨਾਲ ਪੀਲੇ ਪੈ ਜਾਂਦੇ ਹਨ, ਆਖ਼ਰੀ ਸਟੇਜ ਤੇ ਜਾਂਦਾ ਜਾਂਦਾ ਮਰੀਜ਼ ਤੜਪ ਤੜਪ ਕੇ ਜਾਨ ਦਿੰਦਾ ਹੈ।

Sunday, July 29, 2018

ਇੱਕ ਲੱਖ ਸੱਠ ਹਜਾਰ ਕਰੋੜ ਰੁਪਯਾ ਪੰਜਾਬ ਦਾ ਵਿਦੇਸ਼ ਚਲਾ ਗਿਆ

ਪੰਜਾਬ ਦੇ ਲੁੱਟੇ ਜਾ ਰਹੇ ਧਨ ਨੂੰ ਕੌਣ ਬਚਾਵੇ?
ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਰਹੇ ਹਨ।  ਪਿਛਲੇ ਸਾਲ ਦੌਰਾਨ ਨੌਜਵਾਨਾਂ ਦੇ ਪਰਵਾਸ ਬਾਰੇ ਮੌਜੂਦ ਅੰਦਾਜ਼ਿਆਂ ਮੁਤਾਬਿਕ 1 ਲੱਖ ਨੌਜਵਾਨ/ਵਿਦਿਆਰਥੀ ਵਿਦੇਸ਼ਾਂ ਵਿਚ ਵਿਦਿਆਰਥੀ ਵੀਜ਼ਿਆਂ ਉੱਤੇ ਗਿਆ ਹੈ। ਪ੍ਰਤਿ ਵਿਦਿਆਰਥੀ ਪਹਿਲੀ ਵਾਰ ਔਸਤਨ 16 ਲੱਖ ਰੁਪਏ ਵੀ ਉਨ੍ਰਾਂ ਨਾਲ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ। ਇਸ ਦਾ ਮਤਲਬ ਇੱਕ ਸਾਲ ਵਿਚ ਹੀ ਪੰਜਾਬ ਦਾ 160 ਹਜ਼ਾਰ ਕਰੋੜ ਰੁਪਿਆ ਇਨ੍ਹਾਂ ਰਾਹੀਂ ਬਾਹਰ ਚਲਾ ਗਿਆ। ਇਸ ਤੋਂ ਪਿਛਲੇ ਸਾਲ ਦਾ ਅਨੁਮਾਨ 70 ਹਜ਼ਾਰ ਕਰੋੜ ਰੁਪਿਆ ਸੀ। ਇਸ ਤੋਂ ਇਲਾਵਾ ਹਰ ਸਾਲ ਪ੍ਰਤਿ ਵਿਦਿਆਰਥੀ ਹੋਰ ਵੀ ਲੱਖਾਂ ਰੁਪਏ ਬਾਹਰ ਜਾਂਦੇ ਹਨ। ਇਸ ਨਾਲ ਪੰਜਾਬ ਦੀ ਬੌਧਿਕਤਾ, ਕਿਰਤ ਸ਼ਕਤੀ ਅਤੇ ਸਰਮਾਏ ਦਾ ਵੱਡੀ ਪੱਧਰ 'ਤੇ ਵਿਦੇਸ਼ਾਂ ਨੂੰ ਨਿਕਾਸ ਹੋ ਰਿਹਾ ਹੈ।  ਇਸ ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਛੋਟੇ ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।

ਅਸੀਂ ਇਸ ਵਰਤਾਰੇ ਬਾਰੇ ਅਕਸਰ ਫ਼ਿਕਰ ਕਰਦੇ ਹਾਂ ਪਰ ਇਹ ਸਮਝਣ ਦੀ ਕੋਸ਼ਿਸ਼ ਘੱਟ ਕਰਦੇ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਸ ਦਾ ਸਿੱਧਾ ਕਾਰਣ ਹੈ ਕਿ ਪੰਜਾਬ ਸਰਕਾਰ ਦੀਆ ਨੀਤੀਆਂ ਨੇ ਪੰਜਾਬ ਵਿਚ 'ਵਧੀਆ ਰੁਜਗਾਰ' ਦੇ ਮੌਕੇ ਲੱਗਭਗ ਖ਼ਤਮ ਕਰ ਦਿੱਤੇ ਗਏ ਹਨ। ਪੰਜਾਬ ਦਾ ਨੌਜਵਾਨ ਪੜ੍ਹ ਲਿਖ ਕੇ ਚੰਗੀ ਉਜਰਤ ਵਾਲੇ ਰੁਜਗਾਰ ਦੇ ਸੁਪਨੇ ਦੇਖਦਾ ਹੈ। ਇਸ ਸਮੇਂ ਪੰਜਾਬ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਨੌਕਰੀਆਂ ਵਿਚ ਬੰਦੇ ਨੂੰ ਮੂਲ ਤਨਖ਼ਾਹ 'ਤੇ (ਪਹਿਲੇ ਤਿੰਨ ਸਾਲਾਂ ਲਈ ਬਿਨਾ ਕਿਸੇ ਵਾਧੇ ਤੋਂ) ਰੱਖਿਆ ਜਾਂਦਾ ਹੈ। ਇਸ ਦਾ ਮਤਲਬ ਪੰਜਾਬ ਵਿਚ ਡਾਕਟਰ/ਇੰਜਨੀਅਰ/ ਪੁਲਿਸ ਅਫ਼ਸਰ/ਅਸਿਸਟੈਂਟ ਪ੍ਰੋਫ਼ੈਸਰ ਅਤੇ ਹੋਰ ਸਾਰੀਆਂ ਪਹਿਲੇ ਦਰਜੇ ਦੀਆਂ ਅਸਾਮੀਆਂ ਉੱਤੇ 15600/ਰੁਪਏ (ਇਸ ਵਿਚੋਂ 1560/-ਰੁਪਏ ਜੀਪੀਐਫ਼. ਦੇ ਕੱਟੇ ਜਾਂਦੇ ਹਨ, ਮਤਲਬ ਅਸਲ ਤਨਖ਼ਾਹ 14540/- ਹੀ ਹੈ।) ਮਹੀਨਾਵਾਰ ਤਨਖ਼ਤਹ ਦਿੱਤੀ ਜਾਂਦੀ ਹੈ। ਕੀ ਵੱਡੀਆਂ ਵੱਡੀਆਂ ਡਿਗਰੀਆਂ ਕਰਨ, ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਅਤੇ ਕੋਰਸਾਂ ਉੱਤੇ ਲੱਖਾਂ ਰੁਪਏ ਖ਼ਰਚ ਕਰਨ ਉਪਰੰਤ ਸਾਡੇ ਮਿਹਨਤੀ ਅਤੇ ਪੜ੍ਹੇ ਲਿਖੇ ਨੌਜਵਾਨ ਇਹੀ ਹੱਕ ਰੱਖਦੇ ਹਨ? ਇਹ ਵੀ ਜਾਣ ਲਿਆ ਜਾਵੇ ਕਿ ਤਨਖ਼ਾਹ ਦਾ ਇਹ ਸਿਸਟਮ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਵਿਚ ਨਹੀਂ ਹੈ। ਬਾਕੀ ਸਭ ਰਾਜਾਂ ਵਿਚ ਇਨ੍ਹਾਂ ਨੌਕਰੀਆਂ ਉੱਤੇ ਮੁੱਢ ਵਿਚ ਹੀ 50 ਤੋਂ 60 ਹਜ਼ਾਰ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਹਾਲਤ ਵਿਚ ਪੰਜਾਬ ਦਾ ਨੌਜਵਾਨ ਕਿੱਥੇ ਜਾਵੇ? ਇਸ ਸਭ ਦੇ ਚੱਲਦਿਆਂ ਇਹ ਵੀ ਹੋਣਾ ਹੈ ਕਿ ਜਿਹੜੇ ਬਾਹਰ ਨਹੀਂ ਜਾ ਸਕਦੇ ਪਰ ਉਂਝ ਲਾਇਕ ਅਤੇ ਸਮਰੱਥ ਹਨ, ਉਹ ਭਾਰਤ ਦੇ ਹੋਰ ਸੂਬਿਆਂ ਵਿਚ ਜਾਣ ਲਈ ਮਜਬੂਰ ਹੋਣ ਗੇ ਅਤੇ ਪੰਜਾਬ ਦਾ ਬੌਧਿਕ ਅਤੇ ਵਿੱਤੀ ਦਿਵਾਲਾ ਨਿੱਕਲ ਜਾਵੇਗਾ।

ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ। ਇਹ ਪੰਜਾਬ ਨੂੰ ਬਰਬਾਦ ਕਰਨ ਅਤੇ ਦਰ ਦਰ ਦਾ ਭਿਖਾਰੀ ਬਣਾਉਣ ਦੀ ਸਾਜਿਸ਼ ਹੈ।  ਇਹ ਸਬੂਤ ਹੈ ਇਸ ਗੱਲ ਦਾ ਕਿ ਪੰਜਾਬ ਦੀ ਰਾਜਨੀਤੀ ਵਿਚ ਭਾਈਵਾਲ ਧਿਰਾਂ ਪੰਜਾਬ ਅਤੇ ਪੰਜਾਬੀਆਂ ਦੀਆਂ ਕੁੱਝ ਨਹੀਂ ਲੱਗਦੀਆ ਕਿਉਂਕਿ ਇਨ੍ਹਾਂ ਮਸਲਿਆਂ ਬਾਰੇ ਇਨ੍ਹਾਂ ਦੀ ਪਹੁੰਚ/ਨੀਤੀ ਵਿਚ ਏਕਤਾ ਹੈ।

ਇਸ ਰਾਹੀਂ ਪੰਜਾਬ ਵਿਚ ਨਿੱਜੀ (ਪ੍ਰਾਈਵੇਟ) ਕਾਲਜ/ਯੂਨੀਵਰਸਿਟੀਆਂ, ਹਸਪਤਾਲ, ਅਤੇ ਹੋਰ ਕੰਪਨੀਆਂ ਚਲਾ ਰਹੇ ਵਪਾਰੀਆਂ/ਧਨਾਡਾਂ ਨੂੰ ਕਰੋੜਾਂ ਰੁਪਏ ਦਾ ਮੁਨਾਫ਼ਾ ਦਿੱਤਾ ਜਾ ਰਿਹਾ ਹੈ। ਇਹ ਉਨ੍ਹਾਂ ਦੀ ਸਹੂਲਤ ਲਈ ਹੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਸਰਕਾਰੀ ਪ੍ਰਵਾਣਿਤ ਸਕੇਲਾਂ ਉੱਤੇ ਕਰਮਚਾਰੀ/ਅਧਿਕਾਰੀ ਨਾ ਰੱਖਣੇ ਪੈਣ। ਇਸ ਲਈ ਇਹ ਸਭ ਪੰਜਾਬ ਦੇ ਲੋਕਾਂ ਦੀ ਹੋਣੀ ਨੂੰ ਵੇਚ ਵੱਟ ਕੇ ਆਪਣੇ ਘਰ ਭਰਨ ਦੀ ਯੋਜਨਾਬੰਦੀ ਹੈ।

ਕੀ ਅਸੀਂ ਚਰਚਾ-ਕਚੀਰਾ ਕਰਕੇ, ਰੋ ਧੋ ਕੇ, ਇਵੇਂ ਹੀ ਹੱਥ 'ਤੇ ਹੱਥ ਧਰ ਕੇ ਬੈਠੈ ਰਹਾਂਗੇ ਕਿ ਕੋਈ ਅਜਿਹੀ ਲਹਿਰ ਖੜ੍ਹੀ ਕਰਨ ਦੀ ਚਾਰਾਜੋਈ ਕਰਾਂਗੇ ਕਿ ਪੰਜਾਬ ਦਾ ਨੌਜਵਾਨ ਪੰਜਾਬ ਵਿਚ ਹੀ ਮਾਣਮੱਤੀ ਅਤੇ ਭਰੀਪੂਰੀ ਜ਼ਿੰਦਗੀ ਜਿਉਂ ਸਕੇ ਅਤੇ ਪੰਜਾਬ ਨੂੰ ਹਰ ਪੱਖੋਂ ਕੰਗਾਲ ਹੋਣ ਤੋਂ ਬਚਾਇਆ ਜਾ ਸਕੇ?

ਸੰਵੇਦਨਸ਼ੀਲ ਅਤੇ ਵੱਡੇ ਸੁਪਨੇ ਦੇਖਣ ਵਾਲੇ ਪੰਜਾਬੀਓ! ਅਸੀਂ ਹੋਰ ਬਹੁਤ ਸਾਰੇ ਮਸਲਿਆਂ ਉੱਤੇ ਗਰਮੀ/ ਸਰਗਰਮੀ ਦਿਖਾਉਂਦੇ ਹਾਂ। ਕੀ ਅਸੀਂ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਕੋਈ ਪਹਿਲਕਦਮੀ ਨਹੀਂ ਕਰ ਸਕਦੇ?
Dr. Surjit Singh
Prof Punjabi University Patiala(93564-62593)

Tuesday, July 17, 2018

ਪੰਜਾਬ ਵਿਚ ਚੱਲ ਰਹੀ ਹੈ ਸੰਜੇ ਸਿੰਘ ਬਨਾਮ ਮਨੀਸ਼ ਸਿਸੋਦੀਆ ਜੰਗ

ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੇ ਕਾਰਵਾਂ ਨੂੰ ਠੱਲ੍ਹਣ ਦੀ ਕਵਾਇਦ
ਗੁਰਨਾਮ ਸਿੰਘ ਅਕੀਦਾ
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਤੋਂ ਬਗੈਰ ਹੀ ਪ‌ਟਿਆਲਾ ਦੇ ਦਿਹਾਤੀ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਦੀ ਪ੍ਰਧਾਨਗੀ ਖੋਹ ਲੈਣ ਤੋਂ ਬਾਅਦ ਸਮੂਹਿਕ ਤੌਰ ਤੇ ਦਿੱਤੇ ਅਸਤੀਫ਼ਿਆਂ ਤੋਂ ਚਰਚਾ ਸ਼ੁਰੂ ਹੋਈ ਹੈ ਕਿ ਪੰਜਾਬ ਵਿਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਤਿਆਰ ਕੀਤਾ ਸੰਗਠਨ ਭੰਗ ਕਰਨ ਦੀਆਂ ਤਿਆਰੀਆਂ ਹੋ ਗਈਆਂ ਹਨ। ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਵਿਚ ਨਵਾਂ ਸੰਗਠਨ ਤਿਆਰ ਕਰਨ ਵਿਚ ਡਾ. ਬਲਬੀਰ ਸਿੰਘ ‌ਅਹਿਮ ਭੂਮਿਕਾ ਨਿਭਾ ਰਹੇ ਹਨ।
    ਜਾਣਕਾਰੀ ਅਨੁਸਾਰ ਸਮੂਹਿਕ ਤੌਰ ਤੇ ਦਿੱਤੇ ਅਸਤੀਫ਼ਿਆਂ ਵਿਚੋਂ ਜ਼ਿਆਦਾ ਤਰ ਆਗੂ ਮਾਲਵਾ ਖੇਤਰ ਨਾਲ ਸਬੰਧਿਤ ਹਨ। ਮਾਲਵਾ ਖੇਤਰ ਵਿਚੋਂ ਹੀ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਸਨ। ਮਾਲਵਾ ਵਿਚੋਂ ਹੀ ਏਨੀ ਵੱਡੀ ਵਿਰੋਧਤਾ ਪਾਰਟੀ ਵਿਚ ਹੋਣੀ ਪਾਰਟੀ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਚਰਚਾ ਗਰਮ ਹੈ ਕਿ ਜੋ ਵੀ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਸੰਗਠਨ ਤਿਆਰ ਕੀਤਾ ਸੀ ਉਸ ਨੂੰ ਭੰਗ ਕਰਨ ਲਈ ਮਨੀਸ਼ ਸਿਸੋਦੀਆ ਵੱਲੋਂ ਸਖ਼ਤ ਫ਼ੈਸਲੇ ਲੈਣੇ ਪੈ ਸਕਦੇ ਹਨ। ਸੰਜੇ ਸਿੰਘ ਨੇ ਪੰਜਾਬ ਵਿਚ ਪਾਰਟੀ ਦੀ ਚੜ੍ਹਤ ਵੇਖ ਕੇ ਦੂਜੀਆਂ ਪਾਰਟੀਆਂ ਵਿਚੋਂ ਆਪ ਵੱਲ ਵਹੀਰਾਂ ਘੱਤ ਕੇ ਆਉਣ ਵਾਲੇ ਲੀਡਰਾਂ ਨੂੰ ਪਾਰਟੀ ਵਿਚ ਵਾੜਿਆ ਸੀ ਤੇ ਕਥਿਤ ਪਾਰਟੀ ਵਿਚ ਪੁਰਾਣੇ ਮਿਹਨਤੀ ਵਲੰਟੀਅਰਾਂ ਨੂੰ ਦਰ ਕਿਨਾਰ ਕਰਕੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਟਿਕਟਾਂ ਵੀ ਦਿੱਤੀਆਂ ਸਨ। ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਤੇ ਦੋਸ਼ ਵੀ ਲੱਗੇ ਸਨ ਕਿ ਉਸ ਨੇ ਕਥਿਤ ਲੈ ਦੇਕੇ ‌ਟਿਕਟਾਂ ਦੀ ਵੰਡ ਕੀਤੀ ਹੈ, ਇਸ ਕਰਕੇ ਪਾਰਟੀ ਵਿਚ ਸ਼ੁਰੂ ਤੋਂ ਹੀ ਮਿਹਨਤ ਕਰ ਰਹੇ ਵਲੰਟੀਅਰਾਂ ਵਿਚ ਵਿਆਪਕ ਪੱਧਰ ਤੇ ਰੋਸ ਵੀ ਆਇਆ ਸੀ ਕਈਆਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਨਹੀਂ ਕੀਤੀਆਂ ਪਰ ਉਹ ਪਾਰਟੀ ਵਿਚ ਕੰਮ ਕਰਨਾ ਬੰਦ ਕਰ ਗਏ ਸਨ। ਇਸ ਕਾਰਵਾਈ ਨੇ ਪੰਜਾਬ ਵਿਚ ਧੜੇਬੰਦੀ ਨੂੰ ਸਥਾਨ ਦਿੱਤਾ ਸੀ। ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਵਿਚਕਾਰ ਵੀ ਅੰਦਰਗਤੀ ਤਲਖ਼ੀਆਂ ਚਲਦੀਆਂ ਰਹੀਆਂ ਸਨ ਜੋ ਨਗਰ ਨਿਗਮ ਚੋਣਾ ਵਿਚ ਸਾਹਮਣੇ ਵੀ ਆ ਗਿਆ ਸੀ। ਜਿਸ ਦਾ ਵੱਡਾ ਰੂਪ ਪਟਿਆਲਾ ਵਿਚ ਦੇਖਣ ਨੂੰ ਮਿਲਿਆ ਸੀ, ਜਿੱਥੇ ਸੰਜੇ ਸਿੰਘ ਧੜਾ ਭਗਵੰਤ ਮਾਨ ਨਾਲ ਤੇ ਸੁਖਪਾਲ ਸਿੰਘ ਧੜੇ ਨਾਲ ਡਾ. ਬਲਬੀਰ ਸਿੰਘ ਹੋਰੀਂ ਖੜੇ ਨਜ਼ਰ ਆਏ ਸਨ। ਪਰ ਜਦੋਂ ਤੋਂ ਮਨੀਸ਼ ਸਿਸੋਦੀਆ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਬਣੇ ਹਨ ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਪੰਜਾਬ ਦਾ ਸੰਗਠਨ ਬਣਾਉਣ ਲਈ ਸੂਬੇ ਦਾ ਸਹਿ ਪ੍ਰਧਾਨ ਬਣਾ ਦਿੱਤਾ। ਇਸ ਦੀ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਚੰਗਾ ਨਹੀਂ ਮਨਾਇਆ ਸਗੋਂ ਡਾ. ਬਲਬੀਰ ਸਿੰਘ ਦੀ ਸ੍ਰੀ ਖਹਿਰਾ ਨਾ ਤਖਲੀ ਵੀ ਦੇਖੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਬਲਬੀਰ ਸਿੰਘ ਵੱਲੋਂ ਗਿਆਨ ਸਿੰਘ ਮੁੰਗੋ ਨੂੰ ਹਟਾਉਣ ਦੇ ਲਏ ਫ਼ੈਸਲੇ ਨੇ ਅੰਦਰੋ ਅੰਦਰੀ ਭਖ ਰਹੀ ਭੁੱਬਲ ਨੂੰ ਭਾਂਬੜ ਦਾ ਰੂਪ ਦੇ ਦਿੱਤਾ ਤੇ ਪੰਜਾਬ ਵਿਚ ਮਨੀਸ਼ ਸਿਸੋਦੀਆ ਖ਼ਿਲਾਫ਼ ਧੜੇ ਨੇ ਆਪਣਾ ਪ੍ਰਤੀਕਰਮ ਦੇ ਦਿੱਤਾ। ਹਾਲਾਂ ਕਿ ਦੇਖਣ ਵਿਚ ਇਹ ਵੀ ਆਇਆ ਹੈ ਕਿ ਅਸਤੀਫ਼ਾ ਦੇਣ ਵਾਲਿਆਂ ਵਿਚ ਬਹੁਤ ਸਾਰੇ ਬੰਦੇ ਸੁਖਪਾਲ ਸਿੰਘ ਖਹਿਰਾ ਦੇ ਖ਼ੈਮੇ ਦੇ ਵੀ ਨਹੀਂ ਹਨ, ਜੋ ਲੋਕ ਕਦੇ ਸ੍ਰੀ ਖਹਿਰਾ ਦੇ ਖ਼ਿਲਾਫ਼ ਖੜੇ ਸਨ ਉਹ ਵੀ ਅਸਤੀਫ਼ਾ ਦੇ ਗਏ। ਸਿਆਸੀ ਮਾਹਿਰ ਇਸ ਨੂੰ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਵਿਚਕਾਰ ਹੋਰ ਹੀ ਅੰਦਰਗਤੀ ਜੰਗ ਦੀ ਸੰਗਿਆ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਡਾ. ਬਲਬੀਰ ਸਿੰਘ ਨੂੰ ਵਰਤ ਕੇ ਆਪਣੇ ਤਰੀਕੇ ਨਾਲ ਪੰਜਾਬ ਦਾ ਸੰਗਠਨ ਤਿਆਰ ਕਰ ਰਹੇ ਹਨ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੂੰ ਨੁਕਸਾਨ ਹੋਵੇਗਾ ਪਰ ਪੁਰਾਣੇ ਵਲੰਟੀਅਰ ਇਸ ਕਾਰਵਾਈ ਨਾਲ ਕਾਫ਼ੀ ਖ਼ੁਸ਼ ਵੀ ਨਜ਼ਰ ਆਏ ਹਨ ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਹੀ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟਾਂ ਦਿੱਤੀਆਂ ਜਾਂਦੀਆਂ ਤਾਂ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਸੀ।


Thursday, July 12, 2018

ਨਸ਼ਿਆਂ ਵਿਰੁੱਧ ਗਾਇਕ ਵਿਸ਼ਵਜੀਤ ਵੱਲੋਂ ਗਾਏ ਗੀਤ ‘ਦੀਵਾ’ ਦਾ ਪੋਸਟਰ ਗਾਂਧੀ ਨੇ ਕੀਤਾ ਰਿਲੀਜ਼

ਪੰਜਾਬ ਦੇ ਪਵਿੱਤਰ ਮਾਹੌਲ ਵਿਚ ਗੰਦਗੀ ਭਰਨ ਵਾਲੇ ਗੀਤਾਂ ਤੇ ਰੋਕ ਲਗਾਵੇ ਪੰਜਾਬ ਸਰਕਾਰ : ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਜੁਲਾਈ
ਪੰਜਾਬ ਵਿਚ ਦੰਗੇ ਭੜਕਾਊ ਗੀਤ ਗਾਉਣ ਵਾਲੇ ਲੇਖਕਾਂ ਅਤੇ ਅਜਿਹੇ ਗੀਤ ਲਿਖਣ ਵਾਲੇ ਲੇਖਕਾਂ ਨੂੰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਆਹੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਅਜਿਹੇ ਕਲਾਕਾਰਾਂ ਵਿਰੁੱਧ ਸਖ਼ਤ ਕਾਨੂੰਨ ਬਣਾ ਕੇ ਪੰਜਾਬ ਦੇ ਪਵਿੱਤਰ ਮਾਹੌਲ ਵਿਚ ਗੰਦਗੀ ਫੈਲਣ ਤੋਂ ਰੋਕੇ। ਉਨ੍ਹਾਂ ਇਹ ਅਲਫਾਜ਼ ਅੱਜ ਉਸ ਵੇਲੇ ਆਖੇ ਜਦੋਂ ਉਹ ਗਾਇਕ ਵਿਸ਼ਵਜੀਤ ਦਾ ਗਾਇਆ ਗੀਤ ‘ਦੀਵਾ’ ਦਾ ਪੋਸਟਰ ਰਿਲੀਜ਼ ਕਰ ਰਹੇ ਸਨ।
        ਡਾ. ਗਾਂਧੀ ਨੇ ਕਿਹਾ ਕਿ ਇਹ ਗੀਤ ਅਜੋਕੇ ਪੰਜਾਬ ਦੀ ਤਰਜਮਾਨੀ ਕਰਦਾ ਹੈ ਜਿਸ ਵਿਚ ਮਾਪੇ ਇਹ ਸੋਚ ਕੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਵਿਚ ਗ਼ਲਤਾਨ ਹੋ ਗਿਆ ਹੈ ਤਾਂ  ਉਨ੍ਹਾਂ ਦੇ ਆਖ਼ਰੀ ਸਮੇਂ ਵਿਚ ਉਨ੍ਹਾਂ ਦਾ ਸਾਥ ਨਿਭਾਉਣ ਵਾਲਾ ਕੌਣ ਹੋਵੇਗਾ? ਇਹ ਪੰਜਾਬ ਦੀ ਤਰਾਸਦੀ ਹੈ ਕਿ ਕੁਝ ਨੌਜਵਾਨਾਂ ਦੇ ਨਸ਼ੇ ਵਿਚ ਗ਼ਲਤਾਨ ਹੋਣ ਨਾਲ ਇਹ ਪੀਹੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਇਸ ਪੀਹੜੀ ਦੇ ਮਾਪੇ ਪ੍ਰੇਸ਼ਾਨ ਹਨ। ਜਦੋਂ ਨਸ਼ੇ ਕਾਰਨ ਟੀਕੇ ਲਾਕੇ ਪੁੱਤਰ ਮਰਦਾ ਹੈ ਤਾਂ ਮਾਪਿਆਂ ਦਾ ਹਾਲ ਦੇਖਿਆ ਹੀ ਬਣਦਾ ਹੈ। ਗੀਤ ਦੇ ਨਿਰਦੇਸ਼ਕ ਤੇ ਸਮਾਜ ਸੇਵੀ ਸਮਾਜ ਸੇਵੀ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਮਾਵਾਂ ਨੂੰ ਸਮਰਪਿਤ ਹੈ ਜੋ ਆਪਣੇ ਪੁੱਤਰਾਂ ਪ੍ਰਤੀ ਮੋਹ ਰੱਖਦਿਆਂ ਆਪਣੇ ਪੁੱਤਰਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜੱਦੋ ਜਹਿਦ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਗੀਤ ਤੜਕ ਫੜਕ ਵਾਲੇ ਗੀਤਾਂ ਤੋਂ ਦੂਰ ਰਹਿੰਦਿਆਂ ਪੰਜਾਬੀ ਚਿਲ੍ਹ ਕੰਪਨੀ ਅਤੇ ਸਵਰਨਜੀਤ ਜਾਗੋ ਦੇ ਨਿਰਦੇਸ਼ਾਂ ਹੇਠ ਤਿਆਰ ਹੋਇਆ ਜੋ ਗੀਤਕਾਰ ਦਲਜੀਤ ਮਾਜਰੀ ਨੇ ਲਿਖਿਆ ਹੈ। ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪ੍ਰੇਰਣਾ ਦੇਣ ਵਾਲਾ ‘ਦੀਵਾ’ ਨਾਮ ਦਾ ਇਹ ਗੀਤ ਗਾਇਕ ਵਿਸ਼ਵਾਜੀਤ ਨੇ ਗਾਇਆ ਹੈ। ਇਸ ਨਿਵੇਕਲੇ ਉੱਦਮ ਲਈ ਡਾ. ਗਾਂਧੀ ਨੇ ਗੀਤਕਾਰ, ਗਾਇਕ ਅਤੇ ਨਿਰਦੇਸ਼ਕਾਂ ਸਮੇਤ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਉੱਦਮ ਜਾਰੀ ਰੱਖਣੇ ਚਾਹੀਦੇ ਹਨ ਤਾਂ ਕਿ ਵੱਖ-ਵੱਖ ਸੰਕਟਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਬਚਾਇਆ ਜਾ ਸਕੇ।
ਦੀਵਾ ਫ਼ੋਟੋ : ਨਸ਼ਿਆਂ ਵਿਰੁੱਧ ਗਾਏ ਗੀਤ ਦਾ ਪੋਸਟਰ ਰਿਲੀਜ਼ ਕੀਤੇ ਜਾਣ ਸਮੇਂ ਡਾ. ਧਰਮਵੀਰ ਗਾਂਧੀ ਤੇ ਹੋਰ। ਫ਼ੋਟੋ ਅਕੀਦਾ

Friday, June 29, 2018

ਪੰਜਾਬ ਦਾ ਰਾਜ ਪੰਛੀ ‘ਬਾਜ਼’ ਅਲਵਿਦਾ ਕਹਿ ਗਿਆ ਪੰਜਾਬ ਨੂੰ

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰਾਜ ਪੰਛੀ ‘ਬਾਜ਼’ ਨੂੰ ਲੱਭਣ ਦਾ ਪ੍ਰੋਜੈਕਟ ਕੀਤਾ ਮਨਜ਼ੂਰ
ਮੰਤਰੀ ਨੇ ਤਾਂ ਕੀ ਕਿਸੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਵੀ ਨਹੀਂ ਦੇਖਿਆ ਹੋਵੇਗਾ ਕਦੇ ‘ਬਾਜ਼’ : ਡਾ. ਸੈਣੀ
ਗੁਰਨਾਮ ਸਿੰਘ ਅਕੀਦਾ
‘ਚੱਕੀ ਰਾਹੇ’ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਰਾਜ ਪੰਛੀ ਐਲਾਨੇ ਗਏ ‘ਬਾਜ਼’ ਦਾ ਪੰਜਾਬ ਵਿਚ ਕਿਤੇ ਥਾਓ ਪਤਾ ਨਹੀਂ ਲੱਗ ਰਿਹਾ, ਜਦ ਕਿ ਕੇਂਦਰ ਸਰਕਾਰ ਦੀ ਜੂ ਅਥਾਰਿਟੀ ਨੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਜੰਗਲੀ ਜੀਵ ਸੁਰੱਖਿਆ ਨੂੰ ਪੰਜਾਬ ਦਾ ਰਾਜ ਪੰਛੀ ਲੱਭਣ ਲਈ ਵਿਸ਼ੇਸ਼ ਮਨਜ਼ੂਰੀ ਵੀ ਦਿੱਤੀ ਹੈ। ਪਰ ਪੰਜਾਬ ਜੰਗਲਾਤ ਵਿਭਾਗ  ਪੰਜਾਬ ਦੇ ਰਾਜ ਪੰਛੀ ‘ਬਾਜ਼’ ਦਾ ਅਜੇ ਤੱਕ ਚਿਹਰਾ ਵੀ ਨਹੀਂ ਦੇਖ ਸਕਿਆ। ਇਹ ਦੁਖਾਂਤ ਹੈ ਕਿ ਪੰਜਾਬ ਆਪਣੇ ਰਾਜ ਪੰਛੀ ਤੋਂ ਵਾਂਝਾ ਹੀ ਰਹਿ ਗਿਆ ਹੈ।
                   ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚਿੱਟਿਆਂ ਬਾਜ਼ਾਂ ਵਾਲੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ  ਨਾਲ ਹਮੇਸ਼ਾ ਰਹਿਣ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਦਾ ਰਾਜ ਪੰਛੀ ‘ਬਾਜ਼’ ਨੂੰ ਬਣਾਇਆ ਸੀ, ਆਮ ਲੋਕ ਇੱਲਾਂ ਨੂੰ ਜੀ ਬਾਜ਼ ਕਹੀ ਜਾਂਦੇ ਹਨ। ਪੰਛੀਆਂ ਬਾਰੇ ਗਹਿਰ ਗੰਭੀਰ ਖੋਜ ਕਰਨ ਵਾਲੇ ਡਾ. ਮਲਕੀਅਤ ਸਿੰਘ ਸੈਣੀ ਨੇ ਦੱਸਿਆ ਕਿ ਪੰਛੀਆਂ ਦੀ ਦੁਨੀਆ ਵਿਚ ਸ਼ਕਤੀ, ਹਿੰਮਤ ਤੇ ਨਿਡਰਤਾ ਦਾ ਪ੍ਰਤੀਕ ਮੂਲ ਰੂਪ ਵਿਚ ਹੁਣ ਪੰਜਾਬ ਦਾ ਵਸਨੀਕ ਨਹੀਂ ਹੈ। ਗੁਰੂ ਪਾਤਸ਼ਾਹ ਤੋਂ ਇਲਾਵਾ ਇਹ ਰਾਜਿਆਂ ਮਹਾਰਾਜਿਆਂ ਕੋਲ ਵੀ ਹੁੰਦਾ ਸੀ, ਕਈ ਲੋਕ ਇਸ ਨੂੰ ਥੋੜ੍ਹੇ ਨਿੱਕੇ ਸ਼ਿਕਾਰ ਕਰਨ ਲਈ ਵੀ ਵਰਤਦੇ ਸਨ ਪਰ ਅੱਜ ਸਾਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ‘ਬਾਜ਼’ ਨੂੰ ਰਾਜ ਪੰਛੀ ਤਾਂ ਐਲਾਨ ਦਿੱਤਾ ਹੈ ਪਰ ਉਹ ਦਾਅਵਾ ਕਰਦੇ ਹਨ ਕਿ ਕਿਸੇ ਮੰਤਰੀ ਜਾਂ ਵਿਧਾਇਕ ਨੇ ਤਾਂ ਛੱਡੋ ਪੰਜਾਬ ਦਾ ਰਾਜ ਪੰਛੀ ਜੰਗਲਾਤ ਵਿਭਾਗ ਦੇ ਵੀ ਕਿਸੇ ਅਧਿਕਾਰੀ ਨਹੀਂ ਦੇਖਿਆ ਹੋਵੇਗਾ। ਪੰਜਾਬ ਦੀਆਂ ਫ਼ਸਲਾਂ ਵਿਚ ਪੈਂਦੀਆਂ ਜਹਿਰਾਂ ਕਰਕੇ ਇਸ ਦੇ ਸ਼ਿਕਾਰ ਮਰ ਚੁੱਕੇ ਹਨ ਜਾਂ ਫਿਰ ਇਸ ਨੂੰ ਸੌਖਿਆਂ ਉਪਲਬਧ ਨਹੀਂ ਹੁੰਦੇ ਤਾਂ 1962 ਤੋਂ ਬਾਅਦ ਬਾਜ਼ ਪੰਜਾਬ ਵਿਚ ਨਹੀਂ ਦੇਖਿਆ ਗਿਆ, ਕੁਝ ਲੋਕ ਕਹਿੰਦੇ ਹਨ ਕਿ ਸਰਦੀਆਂ ਦੀ ਰੁੱਤੇ ਕਿਤੇ ਰਮਤੇ ਯੋਗੀਆਂ ਵਾਂਗ ਇਹ ਨਜ਼ਰ ਆਉਂਦਾ ਹੈ ਪਰ ਇਸ ਵਿਚ ਉੱਕਾ ਸਚਾਈ ਨਹੀਂ ਲੱਗਦੀ।
                   ਇਸ ਬਾਰੇ ਜੰਗਲਾਤ ਵਿਭਾਗ ਪੰਜਾਬ ਦੇ ਮੁੱਖ ਵਣ ਪਾਲ ਜੰਗਲੀ ਜੀਵ ਸੁਰੱਖਿਆ ਸ੍ਰੀ ਕੁਲਦੀਪ ਕੁਮਾਰ ਕਹਿੰਦੇ ਹਨ ਕਿ ਅਸੀਂ ਬਾਜ਼ ਲੱਭਣ ਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਇਕ ਪ੍ਰੋਜੈਕਟ ਬਣਾ ਕੇ ਭੇਜਿਆ ਸੀ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕਰਕੇ ਸਾਨੂੰ ਬਾਜ਼ ਦੇ ਦੋ-ਚਾਰ ਜਾਂ ਇਸ ਤੋਂ ਵੱਧ ਜੋੜੇ ਜੂ ਵਿਚ ਰੱਖਣ ਲਈ ਹਰ ਪੱਖੋਂ ਮਨਜ਼ੂਰੀ ਦਿੱਤੀ ਹੈ ਪਰ ਅਸੀਂ ਬੜੇ ਪ੍ਰੇਸ਼ਾਨ ਹਾਂ ਕਿ ਸਾਨੂੰ ਪੰਜਾਬ ਦਾ ਰਾਜ ਪੰਛੀ ਕਿਤੋਂ ਲੱਭ ਹੀ ਨਹੀਂ ਰਿਹਾ। ਇਸ ਨੂੰ ਲੱਭਣ ਲਈ ਉਤਰਾ ਖੰਡ ਜਾਂ ਫਿਰ ਹਿਮਾਚਲ ਪ੍ਰਦੇਸ਼ ਵਿਚ ਜਾਂ ਫਿਰ ਕਿਤੇ ਵਿਦੇਸ਼ਾਂ ਵਿਚ ਜਾਣਾ ਪੈ ਸਕਦਾ ਹੈ। ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਬਾਜ਼ ਪੰਜਾਬ ਦੇ ਲੋਕਾਂ ਨੂੰ ਨਜ਼ਰ ਆਵੇ ਪਰ ਸਾਡੀ ਮਜਬੂਰੀ ਹੈ ਕਿ ਬਾਜ਼ ਸਾਨੂੰ ਮਿਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਵਿਸ਼ੇਸ਼ ਤਰੱਦਦ ਕਰ ਰਹੇ ਹਾਂ ਜਿਸ ਨਾਲ ਹੋ ਸਕਦਾ ਹੈ ਕਿ ਸਾਨੂੰ ਸਾਡੇ ਰਾਜ ਪੰਛੀ ਦੇ ਦਰਸ਼ਨ ਹੋ ਜਾਣ। ਬਾਜ਼ਾਂ ਦੀਆਂ ਕੁਝ ਕਿਸਮਾਂ ਹਨ, ਚਿੱਟਾ ਬਾਜ਼ ਜਾਂ ਫਿਰ ਸ਼ਾਹੀਨ ਬਾਜ਼ ਪਰ ਸਾਨੂੰ ਕੋਈ ਵੀ ਮਿਲ ਜਾਵੇ ਅਸੀਂ ਇਸ ਲਈ ਕਾਫ਼ੀ ਕੋਸ਼ਿਸ਼ ਕਰ ਰਹੇ ਹਾਂ।


ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...