Wednesday, March 27, 2019

ਪੰਜਾਬ ਵਿਚ ਲੱਖਾਂ ਲੋਕਾਂ ਕੋਲ ਨਹੀਂ ਵੋਟ ਪਾਉਣ ਦਾ ਅਧਿਕਾਰ
ਸ਼ਹਿਰਾਂ ਵਿਚ ਕੂੜਾ ਕਬਾੜ ਚੁੱਕ ਕੇ ਗੁਜ਼ਾਰਾ ਕਰਨ ਵਾਲੇ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਵਾਂਝੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, ਪੰਜਾਬ ਦੇ ਨਿੱਕੇ ਵੱਡੇ ਸ਼ਹਿਰਾਂ ਵਿਚ ਲੱਖਾਂ ਲੋਕਾਂ ਦੀ ਇਕ ਅਬਾਦੀ ਇਹੋ ਜਿਹੀ ਵੀ ਰਹਿ ਰਹੀ ਹੈ ਜੋ ਪੰਜਾਬ ਵਿਚ ਹੋਣ ਵਾਲੀਆਂ ਕਿਸੇ ਵੀ ਕਿਸਮ ਦੀਆਂ ਚੋਣਾਂ ਵਿਚ ਆਪਣੀ ਵੋਟ ਦਾ ਅਧਿਕਾਰ ਨਹੀਂ ਵਰਤਦੀ, ਇਸ ਅਬਾਦੀ ਨੂੰ ਕੇਂਦਰ ਸਰਕਾਰ ਜਾਂ ਫਿਰ ਸੂਬਾ ਸਰਕਾਰ ਵੱਲੋਂ ਦਿੱਤੀ ਜਾਂਦੀ ਕਿਸੇ ਵੀ ਸਹੂਲਤ ਦਾ ਲਾਭ ਨਹੀਂ ਮਿਲਦਾ।
    ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰਾਂ ਵਿਚੋਂ ਘਰਾਂ ਦਾ ਕੂੜਾ ਕਬਾੜ ਉਠਾਉਣ ਲਈ ਕੁਝ ਲੋਕ ਸਵੇਰੇ ਹੀ ਨਿਕਲਦੇ ਹਨ, ਉਹ ਆਪਣੇ ਸਾਧਨਾ ਅਨੁਸਾਰ ਕੂੜਾ ਚੁੱਕ ਕੇ ਨਿਰਧਾਰਿਤ ਕੀਤੀ ਥਾਂ ਤੇ ਰੱਖ ਕੇ ਕੁੜੇ ਵਿਚੋਂ ਵਿਕਣ ਵਾਲਾ ਸਮਾਨ ਛਾਂਟਦੇ ਹਨ ਤੇ ਠੇਕੇਦਾਰ ਕੋਲ ਵੇਚ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ, ਇਹ ਲੋਕ ਆਮ ਤੌਰ ਤੇ ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਆਦਿ ਸੂਬਿਆਂ ਤੋਂ ਆਉਂਦੇ ਹਨ। ਇਨ੍ਹਾਂ ਦਾ ਸਮਾਨ ਖ਼ਰੀਦਣ ਵਾਲੇ ਕਿਸੇ ਠੇਕੇਦਾਰ ਵੱਲੋਂ ਕਿਸੇ ਜ਼ਿਮੀਂਦਾਰ ਕੋਲੋਂ ਜ਼ਮੀਨ ਠੇਕੇ ਤੇ ਲੈ ਕੇ ਜਾਂ ਕਿਤੇ ਵੀ ਜ਼ਮੀਨ ਲੈਕੇ ਉਸ ਜ਼ਮੀਨ ਵਿਚ ਇਨ੍ਹਾਂ ਲੋਕਾਂ ਨੂੰ ਰੈਣ ਬਸੇਰਾ ਕਰਨ ਲਈ ਕਿਹਾ ਜਾਂਦਾ ਹੈ ਇਹ ਲੋਕ ਉੱਥੇ ਆਪਣੀਆਂ ਕੁੱਲੀਆਂ ਬਣਾ ਕੇ ਪਰਿਵਾਰਾਂ ਸਮੇਤ ਬੈਠ ਜਾਂਦੇ ਹਨ ਕਈ ਥਾਵਾਂ ਤੇ ਇਹ ਲੋਕ 15 ਸਾਲਾਂ ਤੋਂ ਲਗਾਤਾਰ ਰਹਿੰਦੇ ਆ ਰਹੇ ਹਨ। ਪਰ ਇਨ੍ਹਾਂ ਨੂੰ ਇੱਥੇ ਕੋਈ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਨਾ ਹੀ ਇਨ੍ਹਾਂ ਨੂੰ ਕੋਈ ਸਰਕਾਰੀ ਸਹੂਲਤ ਦਾ ਹੀ ਲਾਭ ਮਿਲਦਾ ਹੈ। ਪਟਿਆਲਾ ਵਿਚ ਇਹ ਲੋਕ ਝਿੱਲ ਰੋਡ ਤੇ, ਮਿਰਚ ਮੰਡੀ, ਦਾਣਾ ਮੰਡੀ, ਸਬਜ਼ੀ ਮੰਡੀ, ਤ੍ਰਿਪੜੀ, ਫੋਕਲ ਪੁਆਇੰਟ, ਦੌਲਤਪੁਰ, ਹੀਰਾ ਬਾਗ਼, ਭਾਦਸੋਂ ਰੋਡ, ਅਬਲੋਵਾਲ, ਸੰਗਰੂਰ ਰੋਡ, ਸੂਲਰ ਰੋਡ, ਚੀਕਾ ਰੋਡ, ਸਨੌਰੀ ਅੱਡਾ ਆਦਿ ਇਲਾਕਿਆਂ ਵਿਚ ਕੁਲੀਆਂ ਪਾਕੇ ਬੈਠੇ ਹਨ। ਝਿੱਲ ਪਿੰਡ ਕੋਲ ਰਹਿਣ ਵਾਲੇ 2000 ਤੋਂ ਵੱਧ ਲੋਕਾਂ ਲਈ ਠੇਕੇਦਾਰੀ ਕਰ ਰਹੇ ਲੋਕਾਂ ਵਿਚ ਬਲੀ ਹਸਨ, ਅਕਰਮ, ਕੱਲੂ, ਨਿਰਾਲੇ, ਜ਼ਰੀਫ਼, ਆਰਿਫ਼ ਆਦਿ ਨੇ ਕਿਹਾ ਕਿ ਅਸੀਂ ਇੱਥੇ ਕਰੀਬ 14 ਸਾਲਾਂ ਤੋਂ ਰਹਿ ਰਹੇ ਹਾਂ,ਇਹ ਲੋਕ ਕੁੱਲੀਆਂ ਪਾਕੇ ਪਰਿਵਾਰਾਂ ਸਮੇਤ ਬੈਠੇ ਹਨ, ਸਵੇਰੇ ਹੀ ਇਹ ਸ਼ਹਿਰ ਵਿਚ ਲੋਕਾਂ ਦੇ ਘਰਾਂ ਵਿਚ ਉਨ੍ਹਾਂ ਦਾ ਕੂੜਾ ਕਬਾੜ (ਕਾਗ਼ਜ਼, ਬੋਤਲਾਂ, ਪਲਾਸਟਿਕ ਆਦਿ) ਚੁੱਕ ਕੇ ਲਿਆਉਂਦੇ ਹਨ ਤੇ ਛਾਂਟ ਕੇ ਸਾਡੇ ਕੋਲ ਆਕੇ ਵੇਚ ਦਿੰਦੇ ਹਨ ਤੇ ਰੋਜ਼ਾਨਾ ਦੋ ਸੋ ਰੁਪਏ ਤੋਂ ਚਾਰ ਸੌ ਰੁਪਏ ਤੱਕ ਕਮਾ ਲੈਂਦੇ ਹਨ। ਇਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਲ ਕਈ ਵਾਰੀ ਪੁਲੀਸ ਜਾਂ ਸਰਕਾਰੀ ਅਧਿਕਾਰੀ ਪੁੱਛ-ਪੜਤਾਲ ਕਰਨ ਲਈ ਆਉਂਦੇ ਹਨ ਤਾਂ ਇਹ ਆਪਣੇ ਯੂਪੀ ਬਿਹਾਰ ਦੇ ਅਧਾਰ ਕਾਰਡ ਜਾਂ ਫਿਰ ਕੋਈ ਵੀ ਸ਼ਨਾਖ਼ਤੀ ਪੱਤਰ ਦਿਖਾਉਂਦੇ ਹਨ। ਜਿਸ ਦੀ ਗਵਾਹੀ ਅਸੀਂ ਪਾ ਦਿੰਦੇ ਹਾਂ ਤਾਂ ਇਨ੍ਹਾਂ ਦਾ ਛੁਟਕਾਰਾ ਹੋ ਜਾਂਦਾ ਹੈ। ਇੱਥੇ ਰਹਿਣ ਵਾਲੇ ਜਫਰ, ਬਲੀ ਹਸਨ ਆਦਿ ਹੋਰ ਕਈ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਇੱਥੇ 10-15 ਸਾਲਾਂ ਤੋਂ ਰਹਿ ਰਹੇ ਹਾਂ ਸਾਡੇ ਬੱਚੇ ਵੀ ਇੱਥੇ ਜਨਮੇ ਹਨ, ਪਰ ਸਾਡੇ ਕੋਲ ਜਨਮ ਸਰਟੀਫਿਕੇਟ ਤੱਕ ਨਹੀਂ ਹੈ, ਇਸ ਕਰਕੇ ਸਾਡੇ ਬੱਚੇ ਵੀ ਸਕੂਲ ਵਿਚ 10-15 ਫ਼ੀਸਦੀ ਹੀ ਜਾ ਸਕਦੇ ਹਨ, ਸਾਨੂੰ ਕੋਈ ਸਿਲੰਡਰ ਨਹੀਂ ਮਿਲਦਾ ਕਿਉਂਕਿ ਸਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ, ਇਸ ਕਰਕੇ ਦਾਲ, ਰੋਟੀ ਚਾਵਲ ਅਸੀਂ ਲੱਕੜਾਂ ਦੇ ਚੁੱਲ੍ਹੇ ਤੇ ਹੀ ਪਕਾਉਂਦੇ ਹਾਂ, ਇਕ ਨੇ ਕਿਹਾ ਕਿ  ਕਦੇ ਕਦੇ ਅਸੀਂ ਚਿਕਨ ਆਦਿ ਵੀ ਬਣਾ ਲੈਂਦੇ ਹਾਂ ਸ਼ਰਾਬ ਵੀ ਸਾਡੇ ਵਿਚੋਂ 20-25 ਫ਼ੀਸਦੀ ਲੋਕ ਪੀਂਦੇ ਹਨ। ਪਰ ਸਾਡੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਹੀ ਸਾਡੀ ਅਬਾਦੀ 12000 ਤੋਂ ਵੱਧ ਹੈ ਸਾਰੇ ਪੰਜਾਬ ਦੇ ਸ਼ਹਿਰਾਂ ਵਿਚ ਲੱਖਾਂ ਲੋਕ ਕੂੜਾ ਕਬਾੜ ਚੁੱਕੇ ਆਪਣਾ ਪੇਟ ਪਾਲ ਰਹੇ ਹਨ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਪੰਜਾਬ ਵਿਚ ਵੋਟ ਪਾਉਣ ਦਾ ‌ਅਧਿਕਾਰ ਨਹੀਂ ਹੈ, ਕਿਉਂਕਿ ਸਾਡੀਆਂ ਵੋਟਾਂ ਸਾਡੇ ਪਿਛਲੇ ਸੂਬਿਆਂ ਵਿਚ ਬਣੀਆਂ ਹਨ,ਰੋਜ਼ੀ ਰੋਟੀ ਦੀ ਲੋੜ ਕਰਕੇ ਰੁੱਝੇ ਹੋਣ ਕਾਰਨ ਅਸੀਂ ਕਿਸੇ ਵੀ ਚੋਣ ਵਿਚ ਕਿਤੇ ਵੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕਦੇ।

ਗੰਦਗੀ ਦੇ ਢੇਰ ਲਗਾਉਂਦੇ ਨੇ ਸਾਡੀਆਂ ਕਾਲੋਨੀਆਂ ਵਿਚ : ਗੁਰਦੇਵ ਸਿੰਘ
ਇਨ੍ਹਾਂ ਦੀਆਂ ਕੁੱਲੀਆਂ ਦੇ ਨੇੜੇ ਤੇੜੇ ਕਈ ਕੋਠੀਆਂ ਦੇ ਮਾਲਕਾਂ ਨੂੰ ਇਨ੍ਹਾਂ ਦੇ ਇੱਥੇ ਰਹਿਣ ਤੇ ਇਤਰਾਜ਼ ਹੈ, ਗੁਰਦੇਵ ਸਿੰਘ ਨੇ ਕਿਹਾ ਕਿ ਸ਼ਹਿਰ ਵਿਚੋਂ ਇਹ ਲੋਕ ਗੰਦਗੀ ਉਠਾ ਇੱਥੇ ਲਿਆਉਂਦੇ ਹਨ, ਜਿਸ ਵਿਚੋਂ ਸੜ੍ਹਾਂਦ ਮਾਰਦੀ ਹੈ। ਅਸੀਂ ਕਈ ਵਾਰੀ ਅਧਿਕਾਰੀਆਂ ਨੂੰ ਲਿਖ ਕੇ ਦੇ ਆਏ ਹਾਂ ਪਰ ਇਨ੍ਹਾਂ ਨੂੰ ਕਿਸੇ ਨੇ ਵੀ ਨਹੀਂ  ਉਠਾਇਆ। ਜਿਸ ਕਰਕੇ ਸਾਨੂੰ ਵੀ ਇਨ੍ਹਾਂ ਦੀ ਗੰਦਗੀ ਵਿਚ ਰਹਿਣਾ ਪੈ ਰਿਹਾ ਹੈ।

No comments:

Post a Comment