Friday, January 13, 2023

ਬਹੁ ਪੱਖ ਸ਼ਖ਼ਸੀਅਤ ਹੈ ਪੱਤਰਕਾਰ ‘ਡਾ. ਲਖਵਿੰਦਰ ਸਿੰਘ ਜੌਹਲ’

-ਮੁੱਢ ਤੇ ਜਨਮ
ਗ਼ਦਰੀ ਬਾਬਿਆਂ ਦੇ ਪਿੰਡ ਜੰਡਿਆਲਾ ਮੰਝਕੀ ਵਿਚ ਪਿਤਾ ਸ. ਗੁਰਦੀਪ ਸਿੰਘ ਤੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੇ ਘਰ 12 ਫਰਵਰੀ 1955 ਨੂੰ ਜਨਮੇ ਡਾ. ਲਖਵਿੰਦਰ ਸਿੰਘ ਜੌਹਲ ਦਾ ਬਚਪਨ ਗ਼ਰੀਬੀ ਵਿਚ ਗੁਜ਼ਰਿਆ। ਸੂਤ ਕੱਤ ਕੇ ਖੱਦਰ ਭੰਡਾਰ ਵਿਚ ਵਟਾ ਕੇ ਕੱਪੜੇ ਬਣਾਉਣ ਦਾ ਸਮਾਂ ਵੀ ਇਸ ਪਰਿਵਾਰ ਨੇ ਭੋਗਿਆ। ਆਸ਼ਾਵਾਦੀ ਪਰਿਵਾਰ ਹੋਣ ਕਰਕੇ ਅੱਗੇ ਵਧ ਜਾਣ ਦੀ ਆਸ ਬਣੀ ਰਹਿੰਦੀ ਸੀ। ਪਿੰਡ ਦਾ ਮਾਣਮੱਤਾ ਇਤਿਹਾਸ ਵੀ ਅਗਾਂਹ ਵਧਣ ਦੀ ਪ੍ਰੇਰਣਾ ਦਿੰਦਾ ਸੀ। ਭਾਰਤ ਛੱਡੋ ਅੰਦੋਲਨ ਵਿਚ ਪਿੰਡ ਜੰਡਿਆਲਾ ਤੋਂ ਵੀ ਰੋਜ਼ਾਨਾ ਜਥੇ ਜਾਂਦੇ ਸਨ। ਲੂਣ ਬਣਾਉਣ ਦੇ ਮੋਰਚੇ ਵਿਚ ਵੀ ਸਿੰਬੋਲਿਕ ਤੌਰ ਤੇ ਪਿੰਡ ਦੇ ਛੱਪੜ ਵਿਚ ਨਮਕ ਬਣਾਉਣ ਦਾ ਕੰਮ ਵੀ ਕੀਤਾ ਗਿਆ। 3 ਭੈਣਾਂ ਤੇ 3 ਭਰਾ ਤੇ ਸਾਢੇ ਚਾਰ ਕਿਲ੍ਹੇ ਜ਼ਮੀਨ ਸੀ। -ਪੜਾਈ
ਸਕੂਲੀ ਪੜਾਈ ਪਿੰਡ ਵਿਚੋਂ ਹੀ ਕੀਤੀ ਗਈ ਤੇ ਕਾਲਜ ਸਮੇਂ ਤੋਂ ਸੀਪੀਆਈ ਦੀ ਵਿਦਿਆਰਥੀ ਜਥੇਬੰਦੀ ਏਆਈਐਸਐਫ ਵਿਚ ਸਰਗਰਮ ਹੋ ਗਏ। ਕੁਝ ਕਾਰਨਾਂ ਕਰਕੇ ਬੀਏ ਦੂਜੇ ਸਾਲ ਵਿਚ ਹੀ ਪੜਾਈ ਛੱਡਣੀ ਪਈ। ਬੀਏ ਪ੍ਰਾਈਵੇਟ ਕੀਤੀ, ਐਮਏ ਪ੍ਰਾਈਵੇਟ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰੈਗੂਲਰ ਐਮਫਿਲ ਕੀਤੀ। ਪੀ ਐੱਚ ਡੀ ਵੀ ਕੀਤੀ। -ਪੱਤਰਕਾਰੀ ਸ਼ੁਰੂ ਕਰਨਾ
ਬੀਏ ਦੂਜਾ ਸਾਲ ਵਿੱਚੇ ਛੱਡਣ ਤੋਂ ਬਾਅਦ ਨਵਾਂ ਜ਼ਮਾਨਾ ਅਖ਼ਬਾਰ ਵਿਚ ਸਬ ਐਡੀਟਰ ਵਜੋਂ ਜੁਆਇਨ ਕਰ ਲਿਆ। ਪਾਰਟੀ ਦਾ ਅਖ਼ਬਾਰ ਹੋਣ ਕਰਕੇ ਪਾਰਟੀ ਦਾ ਕੰਮ ਵੀ ਕਰਨਾ ਪੈਂਦਾ ਸੀ। ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰੈਗੂਲਰ ਐਮਫਿਲ ਕੀਤੀ ਤਾਂ ਉਹ ਸਮਾਂ ਬੜਾ ਸਖ਼ਤ ਰਿਹਾ, ਰੋਜ਼ਾਨਾ ਨਵਾਂ ਜ਼ਮਾਨਾ ਤੋਂ ਹੀ ਅੰਮ੍ਰਿਤਸਰ ਜਾਣਾ, ਬਾਅਦ ਵਿਚ ਆਕੇ ਨਵਾਂ ਜ਼ਮਾਨਾ ਵਿਚ ਵੀ ਕੰਮ ਕਰਨਾ ਤੇ ਨਵਾਂ ਜ਼ਮਾਨਾ ਵਿਚ ਰਾਤ ਬਿਤਾਉਣੀ। ਦੂਰ ਦਰਸ਼ਨ ਵਿਚ ਪ੍ਰੋਡਕਸ਼ਨ ਅਸਿਸਟੈਂਟ ਦੀਆਂ 22 ਅਸਾਮੀਆਂ ਨਿਕਲੀਆਂ, ਡਾ. ਜੌਹਲ ਨੇ ਇੱਥੇ ਅਪਲਾਈ ਕੀਤਾ ਤਾਂ ਦੂਰਦਰਸ਼ਨ ਨੇ 22 ਵਿਚੋਂ 16 ਅਸਾਮੀਆਂ ਭਰ ਲਈਆਂ ਪਰ 6 ਬਾਕੀ ਰਹਿ ਗਈਆਂ। ਅਜੀਤ ਅਖ਼ਬਾਰ ਵਿਚ ਉਸ ਵੇਲੇ ਸਾਧੂ ਸਿੰਘ ਹਮਦਰਦ ਹੁੰਦੇ ਸਨ। ਲਖਵਿੰਦਰ ਨੇ ਅਜੀਤ ਵਿਚ ਜੁਆਇਨ ਕਰ ਲਿਆ। ਜੋ ਛੇ ਅਸਾਮੀਆਂ ਦੂਰਦਰਸ਼ਨ ਦੀਆਂ ਬਾਕੀ ਰਹਿ ਗਈਆਂ ਸਨ 1985 ਵਿਚ ਉਸ ਅਸਾਮੀ ਦੇ ਲਖਵਿੰਦਰ ਸਿੰਘ ਜੌਹਲ ਨੂੰ ਨਿਯੁਕਤੀ ਪੱਤਰ ਦੇ ਦਿੱਤਾ ਗਿਆ। ਬਤੌਰ ਪ੍ਰੋਡਕਸ਼ਨ ਅਸਿਸਟੈਂਟ ਉੱਥੇ ਜੁਆਇਨ ਕਰ ਲਿਆ। 1991 ਵਿਚ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਕੇ ਡੀਡੀ ਨਿਊਜ਼ ਵਿਚ ਪ੍ਰੋਗਰਾਮਿੰਗ ਐਗਜ਼ੈਕਟਿਵ ਦੇ ਤੌਰ ਤੇ 1991 ਵਿਚ ਗਜ਼ਟਿਡ ਅਸਾਮੀ ਤੇ ਜੁਆਇਨ ਕਰ ਲਿਆ। ਜਿੱਥੇ ਕਿ 2015 ਤੱਕ ਲਗਾਤਾਰ ਕੰਮ ਕੀਤਾ। ਦੀਪਕ ਚੌਰਸੀਆ ਸਮਾਚਾਰ ਪਲੱਸ ਵਿਚ ਐਂਕਰ ਹੁੰਦੇ ਸਨ ਤਾਂ ਉਸ ਪ੍ਰੋਗਰਾਮ ਦੇ ਜੌਹਲ ਪ੍ਰੋਡਿਊਸਰ ਹੁੰਦੇ ਸਨ। ਕਾਮਨ ਵੈਲਥ ਦੇਸ਼ਾਂ ਦੇ ਸੰਮੇਲਨ ਵਿਚ ਜਦੋਂ ਪ੍ਰਧਾਨ ਮੰਤਰੀ ਨਾਈਜੀਰੀਆ ਵਿਚ ਗਏ ਸਨ ਤਾਂ ਡੀਡੀ ਵੱਲੋਂ ਡਾ ਜੌਹਲ ਨੂੰ ਉੱਥੇ ਭੇਜਿਆ। ਵਿਭਾਗ ਨੇ ਟ੍ਰੇਨਿੰਗ ਕਰਨ ਲਈ ਪੂਨੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਵਿਚ ਭੇਜਿਆ। ਇਸ ਤੋਂ ਇਲਾਵਾ ਤ੍ਰਿਮਾਸਿਕ ਕਾਵਿਲੋਕ ਦੇ ਮੁੱਖ ਸੰਪਾਦਕ ਵੀ ਰਹੇ। -ਨਿਰਮਾਣ ਦੇ ਨਿਰਦੇਸ਼ਨ
ਉੱਘੇ ਪੰਜਾਬੀ ਸਾਹਿਤਕਾਰਾਂ ਤੇ ਵਿਸ਼ੇਸ਼ ਪ੍ਰੋਗਰਾਮ ਕੀਤੇ। ਕੁਝ ਪੱਤਰੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਨਾਵਲ ਤੇ ਅੱਠ ਕਿਸ਼ਤਾਂ ਕੀਤੀਆਂ। ਜੁਗ ਬਦਲ ਗਿਆ ਸੋਹਣ ਸਿੰਘ ਸੀਤਲ ਦੇ ਨਾਵਲ ਦੀਆਂ ਚਾਰ ਕਿਸ਼ਤਾਂ। ਜਸਵੰਤ ਸਿੰਘ ਕੰਵਲ ਦੇ ਰੂਪ ਧਾਰਾ ਨਾਵਲ ਤੇ, ਸੰਸਾਰ ਪ੍ਰਸਿੱਧ ਲੇਖਕ ਆਰਥਰ ਮਿਲਰ ਦੇ ਮਸ਼ਹੂਰ ਨਾਟਕ ‘ਡੈੱਥ ਆਫ਼ ਏ ਸੇਲਜ਼ਮੈਨ’ ਤੇ, ਦਰਸ਼ਨ ਮਿੱਤਵਾ ਦੀ ਕਹਾਣੀ ਬਦਲੇ ਖੋਰੀਆਂ ਰਾਤਾਂ ਤੇ, ਰਾਮ ਸਰੂਪ ਅਣਖੀ ਦੀ ਕਹਾਣੀ ਸਾਈਕਲ ਦੌੜ ਤੇ, ਇਸ ਤਰ੍ਹਾਂ ਬਹੁਤ ਸਾਰੇ ਲੇਖਕਾਂ ਦੀਆਂ ਲਿਖਤਾਂ ਤੇ ਕੰਮ ਕੀਤਾ ਗਿਆ। ਰਾਸ਼ਟਰੀ ਚੈਨਲ ਤੋਂ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਗਈਆਂ। ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿਚ ਵਿਰਾਸਤ, ਲਿਸ਼ਕਾਰਾ, ਨਕਸ਼ ਨੁਹਾਰ, ਬੈਠਕ, ਰਾਬਤਾ, ਸੁਰ ਪੰਜਾਬੀ, ਸੁਰ ਸਿਰਤਾਜ, ਪਟਿਆਲਾ ਦਰਪਣ, ਰੂਬਰੂ, ਦਰਪਣ, ਦ੍ਰਿਸ਼ਟੀ, ਕਵੀ ਤੇ ਕਵਿਤਾ, ਸਹਿਤਧਾਰਾ, ਸੁਖਨਸਾਜ਼, ਵੀ ਕੀਤੇ । ਇਸ ਤੋਂ ਇਲਾਵਾ ਪ੍ਰੋਗਰਾਮਾਂ ਦੇ ਸਿੱਧੇ ਪ੍ਰਸਾਰਣ ਦੇ ਨਿਰਮਾਣ ਅਤੇ ਪ੍ਰਬੰਧਾਂ ਦਾ ਵਿਆਪਕ ਤਜਰਬਾ ਹਾਸਲ ਹੈ। -ਅਕਾਦਮਿਕ ਤੇ ਪ੍ਰਸ਼ਾਸਨਿਕ ਯੋਗਦਾਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਰਨਲਿਜ਼ਮ ‌ਵਿਭਾਗ ਦੀ ਰੀਸਰਚ ਡਿੱਗਰੀ ਕਮੇਟੀ ਦੇ ਮੈਂਬਰ ਦੋ ਟਰਮਾਂ ਲਗਾਤਾਰ, ਪੀਟੀਯੂ ਦੀ ਜਰਨਲਿਜ਼ਮ ਪਾਠਕ੍ਰਮ ਸਲਾਹਕਾਰ ਕਮੇਟੀ ਦੇ ਮੈਂਬਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੀਟੀਯੂ ਅਤੇ ਲਵਲੀ ਯੂਨੀਵਰਸਿਟੀ ਦੀਆ ਵੱਖ ਵੱਖ ਫੈਕਲਟੀਜ਼ ਵਿਚ ਤਿੰਨ ਸਿੱਖਿਆਰਥੀਆਂ ਦਾ ਕੋ-ਗਾਈਡ। ਜੰਗ ਏ ਅਜ਼ਾਦੀ ਯਾਦਗਾਰ ਫਾਊਂਡੇਸ਼ਨ ਕਰਤਾਰਪੁਰ ਵੱਲੋਂ ਉੱਘੇ ਨਿਰਦੇਸ਼ਕ ਸ਼ਿਆਮ ਬੈਨੇਗਲ ਦੀ ਨਿਰਦੇਸ਼ਨਾਂ ਅਧੀਨ ਬਣਾਈ ਜਾ ਰਹੀ ਫ਼ਿਲਮ ਦੀ ਦੇਖ ਰੇਖ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਫ਼ਿਲਮ ਕਮੇਟੀ ਦੇ ਮੈਂਬਰ ਵੀ ਬਣੇ। -ਸਿਰਜਣਾ
ਬਹੁਤ ਦੇਰ ਹੋਈ (ਕਵਿਤਾ), ਮਨੋਵੇਗ (ਕਵਿਤਾ), ਸਾਹਾਂ ਦੀ ਸਰਗਰਮ (ਕਵਿਤਾ), ਇਕ ਸੁਪਨਾ ਇਕ ਸੰਵਾਦ (ਲੰਮੀ ਕਵਿਤਾ), ਇਕ ਸੁਪਨਾ ਇਕ ਸੰਵਾਦ (ਹਿੰਦੀ), ਬਲੈਕ ਹੋਲ (ਲੰਮੀ ਕਵਿਤਾ), ਬਲੈਕ ਹੋਲ (ਅੰਗਰੇਜ਼ੀ), ਅਣਲਿਖੇ ਵਰਕੇ (ਕਾਵਿ ਨਿਬੰਧ), ਸ਼ਬਦਾਂ ਦੀ ਸੰਸਦ (ਕਵਿਤਾ), ਬਹਿਸ ਤੋਂ ਬੇਖ਼ਬਰ (ਕਵਿਤਾ), ਲਹੂ ਦੇ ਲਫ਼ਜ਼ (ਚੋਣਵੀਂ ਕਵਿਤਾ), ਬਰਤਾਨਵੀ ਕਵਿਤਾ ਦੇ ਪਛਾਣ ਚਿੰਨ੍ਹ (ਸਮੀਖਿਆ), ਸਮਤਾ ਦੇ ਸਮਰਥਕ : ਡਾਕਟਰ ਅੰਬੇਡਕਰ, (ਵਸੰਤ ਮੂਨ ਦੀ ਮਰਾਠੀ ਪੁਸਤਕ ਦਾ ਪੰਜਾਬੀ ਅਨੁਵਾਦ ਐਨ ਬੀ ਟੀ ਲਈ 2004), ਕਾਲੇ ਪਾਣੀ ਦਾ ਇਤਿਹਾਸਕ ਦਸਤਾਵੇਜ਼, (ਰਾਮ ਚਰਨ ਲਾਲ ਸ਼ਰਮਾ ਦੀ ਜੇਲ੍ਹ ਡਾਇਰੀ ਦਾ ਅਨੁਵਾਦ ਐਨ ਬੀ ਟੀ ਲਈ 2004), ਕਲਪਨਾ ਚਾਵਲਾ (ਸੁਬੋਧ ਮੋਹੰਤੀ ਦੀ ਪੁਸਤਕ ਦਾ ਅਨੁਵਾਦ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਲਈ), ਕਫ਼ਨ (ਮੁਨਸ਼ੀ ਪ੍ਰੇਮ ਚੰਦ ਦੀ ਪੁਸਤਕ ਦਾ ਅਨੁਵਾਦ ਐਨ ਬੀ ਟੀ ਲਈ), ਪਾਣੀ ਹੋਏ ਵਿਚਾਰ (ਕਵਿਤਾਵਾਂ 2022) ਆਦਿ ਕਿਤਾਬਾਂ ਡਾ. ਲਖਵਿੰਦਰ ਸਿੰਘ ਜੌਹਲ ਦੀਆਂ ਮਾਰਕਿਟ ਵਿਚ ਪੜ੍ਹੀਆਂ ਜਾ ਸਕਦੀਆਂ ਹਨ। -ਸਨਮਾਨ
ਡਾ. ਜੌਹਲ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਐਚੀਵਰਜ਼ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਪੁਸਤਕ (ਸ਼ਬਦਾਂ ਦੀ ਸੰਸਦ), ਦੂਰਦਰਸ਼ਨ ਰਾਸ਼ਟਰੀ ਪੁਰਸਕਾਰ : ਟੀਵੀ ਸ਼ੋਅ ‘ਜਲਵਾ’ ਲਈ, ਪਬਲਿਕ ਸਰਵਿਸ ਬਰਾਡਕਾਸਟਿੰਗ ਰਾਸ਼ਟਰੀ ਐਵਾਰਡ: (ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਬਾਰੇ ਬਣਾਈ ਦਸਤਾਵੇਜ਼ੀ ਫ਼ਿਲਮ), ਸ਼ਿਵ ਕੁਮਾਰ ਬਟਾਲਵੀ ਪੁਰਸਕਾਰ : ਰਚਨਾ ਵਿਚਾਰ ਮੰਚ ਨਾਭਾ ਵੱਲੋਂ, ਬੁੱਲ੍ਹੇਸ਼ਾਹ ਪੁਰਸਕਾਰ: ਇੰਟਰਨੈਸ਼ਨਲ ਰਾਈਟਰਜ਼ ਐਸੋਸੀਏਸ਼ਨ ਡੈਨਮਾਰਕ ਵੱਲੋਂ ਆਦਿ ਬਹੁਤ ਬਹੁਤ ਸਾਰੇ ਮਾਨ ਸਨਮਾਨ ਡਾ. ਜੌਹਲ ਨੂੰ ਮਿਲੇ ਹਨ। -ਮੌਜੂਦਾ ਅਹੁਦੇ
ਪੰਜਾਬ ਪ੍ਰੈਸ ਕਲੱਬ ਜਿਹੀ ਸੰਸਥਾ ਦੇ ਪ੍ਰਧਾਨ ਰਹੇ ਹਨ ਤੇ ਹੋਰ ਕਈ ਸੰਸਥਾਵਾਂ ਦੇ ਕਈ ਆਹੁਦਿਆਂ ਤੇ ਸ਼ੁਮਾਰ ਰਹੇ ਹਨ। ਅੱਜ ਕੱਲ੍ਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਪੰਜਾਬ ਆਰਟਸ ਕੌਂਸਲ ਦੇ ਸਕੱਤਰ ਵਜੋਂ ਕੰਮ ਕਰ ਰਹੇ ਹਨ। ਜੰਗ-ਏ-ਅਜ਼ਾਦੀ ਯਾਦਗਾਰ, ਕਰਤਾਰਪੁਰ (ਪੰਜਾਬ) ਦੇ ਸਕੱਤਰ ਵਜੋਂ ਸੇਵਾ ਕਰ ਰਹੇ ਹਨ, ਕਾਵਿ ਲੋਕ ਮੈਗਜ਼ੀਨ ਅਤੇ ਯੂ-ਟਿਊਬ ਚੈਨਲ ਤੇ ਮੁੱਖ ਸੰਪਾਦਕ ਵਜੋਂ ਸੇਵਾ ਕਰ ਰਹੇ ਹਨ। -ਪਰਿਵਾਰ
ਧਰਮ-ਪਤਨੀ ਪਰਮਜੀਤ ਕੌਰ ਰਾਏ (ਜੌਹਲ) ਹਨ, ਦੋ ਬੱਚੇ ਜਸ਼ਨਜੋਤ ਸਿੰਘ ਜੌਹਲ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਚ ਜਦ ਕਿ ਵੱਡੀ ਬੇਟੀ ਜਸਲੀਨ ਕੌਰ ਜੌਹਲ (ਰੰਧਾਵਾ) ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਚ ਹਨ। -ਪੱਤਰਕਾਰ ਤੇ ਮੀਡੀਆ ਬਾਰੇ
ਜਲੰਧਰ ਦੇ ਪੁਰਾਣੇ ਪੱਤਰਕਾਰਾਂ ਵਿਚੋਂ ਸਾਧੂ ਸਿੰਘ ਹਮਦਰਦ, ਜਗਜੀਤ ਸਿੰਘ ਅਨੰਦ, ਅਮਰ ਸਿੰਘ ਦੁਸਾਂਝ, ਗਿ. ਸਾਦੀ ਸਿੰਘ, ਲਾਲ ਜਗਤ ਨਰਾਇਣ, ਬਰਜਿੰਦਰ ਸਿੰਘ ਹਮਦਰਦ, ਗਿ. ਭਜਨ ਸਿੰਘ, ਜਤਿੰਦਰ ਪੰਨੂ, ਚੰਦ ਫ਼ਤਿਹਪੁਰ, ਫ਼ੀਲਡ ਪੱਤਰਕਾਰਾਂ ਵਿਚੋਂ ਮੇਜਰ ਸਿੰਘ, ਯਸ਼ ਪੰਜਾਬ ਵਾਲਾ ਐਚਐਸ ਬਾਵਾ ਆਦਿ ਦਾ ਜ਼ਿਕਰ ਡਾ. ਜੌਹਲ ਕਰਦੇ ਹਨ। ਅਖ਼ਬਾਰ ਵਿਚ ਵੀਰ ਪ੍ਰਤਾਪ, ਮਿਲਾਪ, ਯਸ਼, ਪੰਜਾਬ ਕੇਸਰੀ, ਅਕਾਲੀ ਪਤ੍ਰਿਕਾ, ਕੌਮੀ ਦਰਦ, ਪ੍ਰਭਾਤ, ਜਥੇਦਾਰ, ਫੁਲਵਾੜੀ ਮੈਗਜ਼ੀਨ ਵੀ ਚੰਗਾ ਹੁੰਦਾ ਸੀ। ਡਾ. ਲਖਵਿੰਦਰ ਸਿੰਘ ਜੌਹਲ ਕਹਿੰਦੇ ਹਨ ਉਂਜ ਅੱਜ ਪੱਤਰਕਾਰੀ ਨਿਰਪੱਖ ਨਹੀਂ ਰਹਿ ਗਈ, ਉਹ ਖ਼ਾਸ ਜ਼ਿਕਰ ਕਰਦੇ ਹਨ ਕਿ ਅੱਜ ਵਿਰੋਧੀ ਧਿਰ ਦਾ ਪੱਖ ਲੈਣ ਤੋਂ ਬਿਨਾਂ ਖ਼ਬਰ ਨਹੀਂ ਲਾਈ ਜਾਂਦੀ, ਜਿਸ ਕਰਕੇ ਵੱਡੀਆਂ ਤੋਂ ਵੱਡੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਰਹਿ ਜਾਂਦੀਆਂ ਹਨ। ਅੱਜ ਤਾਂ ਇਹ ਯੁੱਗ ਹੈ ਕਿ ਜੇਕਰ ਕੁਝ ਸਮਾਂ ਖ਼ਬਰ ਲੇਟ ਹੋ ਗਈ ਤਾਂ ਸਮਝੋ ਖ਼ਬਰ ਦੀ ਹੱਤਿਆ ਹੋ ਗਈ। ਪਰ ਅਜੋਕੇ ਸਮੇਂ ਵਿਚ ਵਿਰੋਧੀ ਪੱਖ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਵਿਰੋਧੀ ਹਮੇਸ਼ਾ ਪੱਖ ਦੇਣ ਤੋਂ ਬਚਦਾ ਹੈ ਤਾਂ ਹੀ ਖ਼ਬਰਾਂ ਦੀ ਭਰੂਣ ਹੱਤਿਆ ਹੋ ਜਾਂਦੀ ਹੈ। -ਪੱਤਰਕਾਰਤਾ ਤੇ ਕਈ ਲਹਿਰਾਂ ਦਾ ਹੱਬ ਜਲੰਧਰ
ਡਾ. ਲਖਵਿੰਦਰ ਸਿੰਘ ਜੌਹਲ ਕਹਿੰਦੇ ਹਨ ਕਿ ਅਜ਼ਾਦੀ ਤੋਂ ਬਾਅਦ ਜਲੰਧਰ ਦਾ ਕਈ ਲਹਿਰਾਂ ਵਿਚ ਕਾਫ਼ੀ ਯੋਗਦਾਨ ਰਿਹਾ ਹੈ। ਅਖ਼ਬਾਰਾਂ ਛਾਪਣ ਦੇ ਛਾਪੇਖ਼ਾਨੇ ਇੱਥੇ ਲੱਗੇ। ਬਹੁਤ ਸਾਰੀਆਂ ਅਖ਼ਬਾਰਾਂ ਇੱਥੋਂ ਹੀ ਸ਼ੁਰੂ ਹੋਈਆਂ, ਅਕਾਲੀ ਲਹਿਰ ਦਾ ਮੁੱਢ ਵੀ ਇੱਥੋਂ ਹੀ ਬੱਝਿਆ, ਪੰਜ ਦਰਿਆ ਮੈਗਜ਼ੀਨ ਕੱਢਣ ਵਾਲੇ ਪ੍ਰੋ. ਮੋਹਨ ਸਿੰਘ ਜਲੰਧਰ ਹੀ ਰਹੇ। ਨਕਸਲੀ ਮੂਵਮੈਂਟ ਇੱਥੋਂ ਹੀ ਸ਼ੁਰੂ ਹੋਈ। ਪੰਜਾਬੀ ਕਵਿਤਾ ਦੀ ਇਹ ਜ਼ਰਖੇਜ਼ ਧਰਤੀ ਹੈ, ਜਿਵੇਂ ਕਿ ਇੱਥੇ ਹੀ ਜਗਤਾਰ, ਅਵਤਾਰ ਪਾਸ਼ ਵਰਗੇ ਕਵੀਆਂ ਦਾ ਨਾਮ ਜ਼ਿਕਰ ਕਰਨਾ ਬਣਦਾ ਹੈ। ਇਸ ਧਰਤੀ ਦੇ ਪੱਤਰਕਾਰ ਬਹੁਤ ਜ਼ਿਆਦਾ ਹੋਏ। ਦੇਸ਼ ਭਗਤ ਯਾਦਗਾਰ ਹਾਲ ਲਹਿਰ ਦਾ ਹੀ ਮੁਜੱਸਮਾ ਹੈ।
ਬੜਾ ਹਸ਼ਮੁੱਖ, ਖੁੱਲੀ ਕਿਤਾਬ ਵਰਗਾ ਮਿਲਣਸਾਰ ਹੈ ਡਾ. ਲਖਵਿੰਦਰ ਜੌਹਲ, ਪੱਤਰਕਾਰ ਘੱਟ ਸਾਹਿਤਕਾਰ ਜ਼ਿਆਦਾ ਲੱਗਦੇ ਪੱਤਰਕਾਰ ਡਾ. ਲਖਵਿੰਦਰ ਸਿੰਘ ਜੌਹਲ ਬਾਰੇ ਬਹੁਤ ਸਾਰੀ ਜਾਣਕਾਰੀ ਸਾਂਝੀ ਕਰਨੀ ਰਹਿ ਗਈ ਹੈ, ਬੜਾ ਹੀ ਕੀਮਤ ਬੰਦਾ ਹੈ, ਅਜਿਹੇ ਬੰਦੇ ਸਾਡੇ ਕੋਲ ਹਮੇਸ਼ਾ ਰਹਿਣੇ ਚਾਹੀਦੇ ਹਨ।.. ਆਮੀਨ ਗੁਰਨਾਮ ਸਿੰਘ ਅਕੀਦਾ 8146001100

Tuesday, January 10, 2023

ਗਿਆਨੀ ਦਿੱਤ ਸਿੰਘ ਦਾ ਵੰਸ਼ਜ ਪ੍ਰੀਤ ਕੰਵਲ ਸਿੰਘ ਬਣਿਆ ‘ਜੁਆਇੰਟ ਡਾਇਰੈਕਟਰ’

-2011 ਤੋਂ ਲੋਕ ਸੰਪਰਕ ਵਿਭਾਗ ਦੀਆਂ ਨਿਭਾ ਰਿਹਾ ਹੈ ਸੇਵਾਵਾਂ
ਖ਼ਾਲਸਾ ਅਖ਼ਬਾਰ ਵਿਚ ਆਪਣੀਆਂ ਵਿਸ਼ੇਸ਼ ਟਿੱਪਣੀਆਂ ਕਰਕੇ ਪੰਜਾਬੀ ਦੇ ਪਹਿਲੇ ਪੱਤਰਕਾਰ ਵਜੋਂ ਮਾਨਤਾ ਪ੍ਰਾਪਤ ਗਿਆਨੀ ਦਿੱਤ ਸਿੰਘ ਦਾ ਵੰਸ਼ਜ ਪ੍ਰੀਤ ਕੰਵਲ ਸਿੰਘ ਹੁਣ ਉਨ੍ਹਾਂ ਦੇ ਰਸਤੇ ਚੱਲਦਿਆਂ ਲੋਕ ਸੰਪਰਕ ਵਿਭਾਗ ਦਾ ਜੁਆਇੰਟ ਡਾਇਰੈਕਟਰ ਬਣ ਗਿਆ ਹੈ। ਗਿਆਨੀ ਦਿੱਤ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਮਰਿਆਦਾ ਬਹਾਲ ਕਰਨ ਲਈ ਉਨ੍ਹਾਂ ਵਿਸ਼ੇਸ਼ ਨਿਧੜਕ ਕੰਮ ਕੀਤੇ। ਗਿਆਨੀ ਦਿੱਤ ਸਿੰਘ ਬਾਰੇ ਮੇਰੇ ਬਲਾਗ ਦੇ ਅਗਲੇ ਹਿੱਸੇ ਵਿਚ ਪੜ੍ਹਿਆ ਜਾ ਸਕਦਾ ਹੈ। -ਗਿਆਨੀ ਦਿੱਤ ਸਿੰਘ ਦਾ ਵੰਸ਼ਜ ਕਿਵੇਂ?
ਦੀਵਾਨ ਸਿੰਘ ਅਤੇ ਕਾਹਨ ਸਿੰਘ ਦੋਵੇਂ ਸਕੇ ਭਰਾ ਸਨ ਜੋ ਕਿ ਪਿੰਡ ਝੱਲੀਆਂ ਜ਼ਿਲ੍ਹਾ ਰੂਪਨਗਰ ਵਿਚ ਇਕੱਠੇ ਰਹਿੰਦੇ ਸਨ। ਦੋਵਾਂ ਦੇ ਵਿਆਹ ਹੋਏ, ਝੱਲੀਆਂ ਪਿੰਡ ਤੋਂ ਪਲਾਇਨ ਕਰਕੇ ਦੋਵੇਂ ਜਣੇ ਆਪੋ ਆਪਣੇ ਸਹੁਰਿਆਂ ਵਿਚ ਜਾ ਵਸੇ। ਵੱਡਾ ਭਰਾ ਦੀਵਾਨ ਸਿੰਘ ਪਿੰਡ ਕਲੌੜ ਵਿਚ ਆਕੇ ਵੱਸ ਗਿਆ ਜਦ ਕਿ ਛੋਟਾ ਭਰਾ ਕਾਹਨ ਸਿੰਘ ਪਿੰਡ ਬੱਸੀ ਪਠਾਣਾ ਵਿਚ ਆਪਣੇ ਸਹੁਰੇ ਘਰ ਜਾ ਵਸਿਆ। ਪਿੰਡ ਕਲੌੜ ਵਿਚ ਦੀਵਾਨ ਸਿੰਘ ਦੇ ਇਕ ਪੁੱਤਰ ਹੋਇਆ ਜੋ ਆਪਣੀ ਲਿਆਕਤ ਨਾਲ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਮਸ਼ਹੂਰ ਹੋਇਆ। ਗਿਆਨੀ ਦਿੱਤ ਸਿੰਘ ਦਾ ਪੁੱਤਰ ਡਾ. ਬਲਦੇਵ ਸਿੰਘ ਹੋਇਆ ਤੇ ਇਕ ਧੀ ਹੋਈ ਜਿਸ ਦੀ ਮੌਤ ਦੇ ਸਦਮੇ ਕਰਕੇ ਹੀ ਗਿਆਨੀ ਦਿੱਤ ਸਿੰਘ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਪਰ ਦੂਜੇ ਪਾਸੇ ਗਿਆਨੀ ਦਿੱਤ ਸਿੰਘ ਦੇ ਸਕੇ ਚਾਚਾ ਜੀ ਕਾਹਨ ਸਿੰਘ ਦਾ ਪਰਿਵਾਰ ਬੱਸੀ ਪਠਾਣਾ ਵਿਚ ਵੱਸ ਗਿਆ। ਕਾਹਨ ਸਿੰਘ ਦੇ ਇਕ ਪੁੱਤਰ ਹੋਇਆ ਭਾਈ ਮੁੰਦਰ ਸਿੰਘ, ਮੁੰਦਰ ਸਿੰਘ ਦੇ ਅੱਗੇ ਤਿੰਨ ਪੁੱਤਰ ਹੋਏ ਆਸ਼ਾ ਸਿੰਘ, ਕਿਸ਼ਨ ਸਿੰਘ, ਕਿਰਪਾ ਸਿੰਘ। ਗਿਆਨੀ ਦਿੱਤ ਸਿੰਘ ਇਨ੍ਹਾਂ ਦਾ ਤਾਇਆ ਲੱਗਦਾ ਸੀ।
ਅੱਗੇ ਕਿਰਪਾ ਸਿੰਘ ਦੀ ਔਲਾਦ ਵਿਚ ਸੱਤ ਪੁੱਤਰ ਹੋਏ ਜਿਨ੍ਹਾਂ ਵਿਚ ਜਮਨਾ ਸਿੰਘ, ਸ਼ੇਰ ਸਿੰਘ, ਭਜਨ ਸਿੰਘ, ਕੇਹਰ ਸਿੰਘ, ਕਰਤਾਰ ਸਿੰਘ, ਮੁਖ਼ਤਿਆਰ ਸਿੰਘ ਅਤੇ ਮਿਹਰ ਸਿੰਘ। ਉਸ ਤੋਂ ਅਗਲੀ ਪੀੜ੍ਹੀ ਵਿਚ ਮਿਹਰ ਸਿੰਘ ਦਾ ਜ਼ਿਕਰ ਕਰ ਰਹੇ ਹਾਂ, ਮਿਹਰ ਸਿੰਘ ਦੇ ਚਾਰ ਪੁੱਤਰ ਹੋਏ ਜਿਨ੍ਹਾਂ ਦਾ ਨਾਮ ਦਵਿੰਦਰ ਸਿੰਘ, ਹਾਕਮ ਸਿੰਘ, ਬਹਾਦਰ ਸਿੰਘ ਤੇ ਰਣਜੀਤ ਸਿੰਘ। ਅਗਲੀ ਪੀੜ੍ਹੀ ਵਿਚੋਂ ਬਹਾਦਰ ਸਿੰਘ ਦੇ ਦੋ ਪੁੱਤਰ ਅਮਨਦੀਪ ਸਿੰਘ ਅਤੇ ਪ੍ਰੀਤ ਕੰਵਲ ਸਿੰਘ ਹੋਏ ਤੇ ਦੋ ਧੀਆਂ ਹੋਈਆਂ ਨਵਜੋਤ ਨੀਲਮ ਅਤੇ ਗਗਨ ਮੋਹਣੀ। ਪ੍ਰੀਤ ਕੰਵਲ ਅੱਜ ਪੰਜਾਬ ਲੋਕ ਸੰਪਰਕ ਵਿਭਾਗ ਵਿਚ ਜੁਆਇੰਟ ਡਾਇਰੈਕਟਰ ਬਣੇ ਹਨ। ਪ੍ਰੀਤ ਕੰਵਲ ਦੇ ਪਿਤਾ ਸ. ਬਹਾਦਰ ਸਿੰਘ ਅੱਜ ਵੀ 80 ਸਾਲ ਦੀ ਉਮਰ ਵਿਚ ਤੰਦਰੁਸਤ ਹਨ। -ਪ੍ਰੀਤ ਕੰਵਲ ਸਿੰਘ ਦਾ ਪੱਤਰਕਾਰੀ ਅਤੇ ਜੀਵਨ ਸਫ਼ਰ
ਪ੍ਰੀਤ ਕੰਵਲ ਸਿੰਘ ਪਿਤਾ ਸ. ਬਹਾਦਰ ਸਿੰਘ ਅਤੇ ਮਾਤਾ ਸਰਦਾਰਨੀ ਸਵਰਨਜੀਤ ਕੌਰ ਦੇ ਘਰ 27 ਅਕਤੂਬਰ 1972 ਨੂੰ ਸਰਹਿੰਦ ਵਿਚ ਜਨਮੇ। (ਮਾਤਾ ਦਾ ਪਿਛੋਕੜ ਵੀ ਮਾਣਮੱਤਾ ਹੈ, ਮਾਤਾ ਸ਼ਿਵਾ ਜੀ ਮਰਾਠਾ ਦੇ ਵੰਸ਼ ਵਿਚੋਂ ਹਨ, ਉਹ ਭੋਸਲੇ ਹਨ।) ਦਸਵੀਂ ਤੱਕ ਦੀ ਪੜਾਈ ਬੱਸੀ ਪਠਾਣਾ ਤੋਂ ਕੀਤੀ, ਬਾਰ੍ਹਵੀਂ ਦੀ ਪੜਾਈ ਕੁਰਾਲੀ ਚੱਕਵਾਲ ਸਕੂਲ ਵਿਚ ਕੀਤੀ, ਬੀਏ, ਬੀਐਡ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਤੋਂ ਕੀਤੀ, ਮਾਸਟਰ ਇਨ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ (ਐਮਜੇਐਮਸੀ) ਪੰਜਾਬੀ ਯੂਨੀਵਰਸਿਟੀ ਵਿਚ ਕੀਤੀ ਜਦੋਂ ਵਿਭਾਗ ਦੇ ਹੈੱਡ ਡਾ. ਨਰਿੰਦਰ ਸਿੰਘ ਕਪੂਰ ਹੁੰਦੇ ਸਨ। ਐਮਏ ਹਿਸਟਰੀ, ਐਮਏ ਪੰਜਾਬੀ ਵੀ ਕੀਤੀ, ਇੱਥੇ ਹੀ ਬੱਸ ਨਹੀਂ ਐਲਐਲਬੀ ਵੀ ਕਰ ਲਈ, ਹੁਣ ਪ੍ਰੀਤ ਕੰਵਲ ਸਿੰਘ ਕੋਲ ਤਿੰਨ ਗਰੈਜੂਏਸ਼ਨ ਤੇ ਤਿੰਨ ਮਾਸਟਰ ਡਿੱਗਰੀਆਂ ਹਨ। ਪੱਤਰਕਾਰੀ ਵਿਚ ਉਹ ਦੇਸ਼ ਸੇਵਕ ਅਖ਼ਬਾਰ ਵਿਚ ਬਤੌਰ ਚੀਫ਼ ਸਬ ਐਡੀਟਰ ਵਜੋਂ ਨਿਯੁਕਤ ਹੋਏ। ਉਸ ਤੋਂ ਬਾਦ ਸਪੋਕਸਮੈਨ ਵਿਚ ਵੀ ਚੀਫ਼ ਸਬ ਐਡੀਟਰ ਵਜੋਂ ਹੀ ਕੰਮ ਕਰਦੇ ਰਹੇ ਪੰਜਾਬੀ ਵਰਲਡ ਟੀਵੀ ਚੈਨਲ ਵਿਚ ਉਸ ਨੇ ਬਤੌਰ ਅਸਿਸਟੈਂਟ ਪ੍ਰੋਡਿਊਸਰ ਕੰਮ ਕੀਤਾ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਿਚ ਡਿਪਟੀ ਡਾਇਰੈਕਟਰ ਰਹੇ ਜਦ ਕਿ ਚੰਡੀਗੜ੍ਹ ਏਡਜ਼ ਕੰਟਰੋਲ ਸੁਸਾਇਟੀ ਵਿਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ, ਸਿਵਲ ਸਰਵਿਸ ਦੇ ਪੇਪਰਾਂ ਦੀ ਤਿਆਰੀ ਵੀ ਚੱਲਦੀ ਰਹੀ।
2011 ਵਿਚ ਬਤੌਰ ਏਪੀਆਰਓ ਭਰਤੀ ਹੋਏ। 2015 ਵਿਚ ਲੋਕ ਸੰਪਰਕ ਅਫ਼ਸਰ ਬਣ ਗਏ। ਰੋਪੜ ਤੇ ਐਸਏਐਸ ਨਗਰ ਮੋਹਾਲੀ ਵਿਚ ਡੀਪੀਆਰਓ ਦੀਆਂ ਮਾਣ ਮੱਤੀਆਂ ਸੇਵਾਵਾਂ ਨਿਭਾਈਆਂ। ਪੰਜਾਬ ਲੋਕ ਸੇਵਾ ਕਮਿਸ਼ਨ ਦਾ ਇਮਤਿਹਾਨ ਪਾਸ ਕਰਕੇ 10 ਜਨਵਰੀ ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਬਤੌਰ ਜੁਆਇੰਟ ਡਾਇਰੈਕਟਰ ਆਪਣਾ ਅਹੁਦਾ ਸੰਭਾਲ ਲਿਆ ਹੈ। ਪ੍ਰੀਤ ਕੰਵਲ ਸਿੰਘ ਬਹੁਤ ਮਿਹਨਤੀ ਇਨਸਾਨ ਹੈ। ਉਸ ਤੋਂ ਲੋਕ ਸੰਪਰਕ ਵਿਭਾਗ ਨੂੰ ਚੰਗੀਆਂ ਆਸਾਂ ਹਨ। ਮੈਂ ਵੀ ਆਪਣੇ ਚੰਗੇ ਮਿੱਤਰ ਤੇ ਛੋਟੇ ਭਰਾ ਪ੍ਰੀਤ ਕੰਵਲ ਤੋਂ ਕਾਫ਼ੀ ਕੁਝ ਚੰਗਾ ਕਰਨ ਦੀ ਆਸ ਕਰਦਾ ਹਾਂ, ਵਾਹਿਗੁਰੂ ਉਨ੍ਹਾਂ ਨੂੰ ਕੰਮ ਕਰਨ ਦਾ ਹੋਰ ਬਲ ਬਖ਼ਸ਼ੇ... ਆਮੀਨ ਗੁਰਨਾਮ ਸਿੰਘ ਅਕੀਦਾ 8146001100

Tuesday, January 03, 2023

ਨਵੀਂਆਂ ਕਲਮਾਂ ਵਿਚ ਪੱਤਰਕਾਰ ‘ਨਵਦੀਪ ਢੀਂਗਰਾ’

ਇਸ਼ਤਿਹਾਰ ਮੈਨੇਜਰ ਤੋਂ ਪੱਤਰਕਾਰੀ ਵਿਚ ਝੰਡੇ ਗੱਡਣ ਵਾਲਾ ‘ਪੱਤਰਕਾਰ’
ਨੌਜਵਾਨਾਂ ਕਲਮਾਂ ਵਿਚ ਵੀ ਕਈ ਸਾਰੇ ਪੱਤਰਕਾਰ ਪੰਜਾਬ ਵਿਚ ਚੰਗਾ ਕੰਮ ਕਰ ਰਹੇ ਹਨ। ਜਿਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਸਾਡੇ ਭਵਿੱਖੀ ਪੱਤਰਕਾਰੀ ਜ਼ਿੰਦਾ ਰਹੇਗੀ। ਭਾਵੇਂ ਪਦਾਰਥਵਾਦੀ ਯੁੱਗ ਵਿਚ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਕੁਝ ਪੱਤਰਕਾਰ ਹਨ ਜਿਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਕਰਕੇ ਆਸ ਕੀਤੀ ਜਾ ਸਕਦੀ ਹੈ। ਮੇਰਾ ਨੌਜਵਾਨ ਪੱਤਰਕਾਰ ‘ਨਵਦੀਪ ਢੀਂਗਰਾ’ ਬਾਰੇ ਗੱਲ ਕਰਨ ਨੂੰ ਜੀਅ ਕਰਦਾ ਹੈ ਤਾਂ ਸਾਡੇ ਭਵਿੱਖ ਵਿਚ ਵੀ ਪੱਤਰਕਾਰ ਨਜ਼ਰ ਆ ਸਕਣ। -ਮੁੱਢ ਤੇ ਜਨਮ
ਸੋਹਣਾ ਸੁਨੱਖਾ ਕਿਸੇ ਫ਼ਿਲਮੀ ਹੀਰੋ ਦੀ ਝਲਕ ਵਰਗਾ ਹੈ ਨਵਦੀਪ! ਇਹ ਆਰਟੀਕਲ ਲਿਖਣ ਲਈ ਜਦ ਮੈਂ ਉਸ ਨੂੰ ਉਸ ਦੇ ਜੀਵਣ ਸੰਘਰਸ਼ ਬਾਰੇ ਪੁੱਛਿਆ ਤਾਂ ਸ਼ਾਇਰ ਨਵਾਜ਼ ਦੇਵਬੰਦੀ ਸਾਹਿਬ ਦਾ ਇੱਕ ਸ਼ੇਅਰ ਸੁਣਾ ਛੱਡਿਆ। ਕਹਿੰਦਾ, ‘ਕਮ ਹਿੰਮਤੀ, ਖ਼ਤਰਾ ਹੈ ਸਮੰਦਰ ਕੇ ਸਫ਼ਰ ਮੇਂ, ਤੂਫ਼ਾਨ ਕੋ ਹਮ, ਖ਼ਤਰਾ ਨਹੀਂ ਕਹਿਤੇ, ਬਨ ਜਾਏ ਅਗਰ ਬਾਤ ਤੋ ਸਬ ਕਹਿਤੇ ਹੈਂ ਕਯਾ ਕਯਾ, ਔਰ ਬਾਤ ਬਿਗੜ ਜਾਏ ਤੋ ਕਯਾ ਕਯਾ ਨਹੀਂ ਕਹਿਤੇ’। ਮਹਿਜ਼ 39 ਸਾਲ ਦੀ ਉਮਰ ਵਿੱਚ ਉਸ ਕੋਲ ਮੀਡੀਆ ਦਾ 18 ਸਾਲ ਦਾ ਤਜਰਬਾ ਹੈ। ਵੱਖ-ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਅਤੇ ਪ੍ਰਸਾਰ ਨਾਲ ਜੁੜੇ ਕੰਮ ਕਰਨ ਤੋਂ ਬਾਅਦ ਉਸ ਨੇ ਪੰਜਾਬੀ ਜਾਗਰਣ ਦੇ ਪਲੇਠੇ ਜ਼ਿਲ੍ਹਾ ਇੰਚਾਰਜ ਵਜੋਂ ਆਪਣੇ ਪੱਤਰਕਾਰੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਜਾਗਰਣ ਦੀ ਲਾਂਚਿੰਗ ਦੇ ਨਾਲ ਹੀ ਨਵਦੀਪ ਦੀ ਕਲਮ ਵੀ ਲਾਂਚ ਹੋਈ। 2011 ਤੋਂ ਸ਼ੁਰੂ ਹੋਇਆ ਇਹ ਸਾਥ ਅੱਜ ਤੱਕ ਜਾਰੀ ਹੈ। ਜੇਕਰ ਇੰਝ ਕਿਹਾ ਜਾਵੇ ਕਿ ਅੱਜ ਪਟਿਆਲੇ ਵਿੱਚ ਨਵਦੀਪ ਅਤੇ ਪੰਜਾਬੀ ਜਾਗਰਣ ਇੱਕ ਦੂਜੇ ਦੇ ਸਮਾਨਾਰਥਕ ਬਣ ਚੁੱਕੇ ਹਨ ਤਾਂ ਗ਼ਲਤ ਨਹੀਂ ਹੋਵੇਗਾ। ਮੂਲ ਤੌਰ ਤੇ ਕੋਟਕਪੂਰੇ ਦੇ 10 ਅਕਤੂਬਰ 1983 ਦੇ ਜੰਮਪਲ ਨਵਦੀਪ ਨੇ ਆਪਣਾ ਬਚਪਨ ਨਾਨਕੇ ਪਿੰਡ ਭੁੱਲਰ ਵਿਖੇ ਬਤੀਤ ਕੀਤਾ। ਉਸ ਦਾ ਬਚਪਨ ਖ਼ਤਮ ਹੋਣ ਤੋਂ ਪਹਿਲਾਂ ਹੀ ਕੁਝ ਨਿੱਜੀ ਕਾਰਨਾਂ ਕਰਕੇ ਪਰਿਵਾਰ ਨੇ ਪਟਿਆਲਾ ਨੂੰ ਆਪਣੀ ਕਰਮ ਭੂਮੀ ਬਣਾ ਲਿਆ। ਆਮ ਮੁੰਡਿਆਂ ਵਾਂਗ ਚੜ੍ਹਦੀ ਜਵਾਨੀ ਉਸ ਦੇ ਲਈ ਮੌਜ ਮਸਤੀ ਕਰਨ ਦਾ ਨਹੀਂ ਬਲਕਿ ਜ਼ਿੰਮੇਵਾਰੀਆਂ ਨਿਭਾਉਣ ਦਾ ਸਮਾਂ ਸੀ। ਮਾਤਾ ਊਸ਼ਾ ਰਾਣੀ ਅਤੇ ਪਿਤਾ ਸਤਪਾਲ ਢੀਂਗਰਾ ਦੀ ਗ੍ਰਹਿਸਤੀ ਵਿੱਚ ਸਭ ਤੋਂ ਛੋਟੇ ਨਵਦੀਪ ਨੇ ਚੜ੍ਹਦੀ ਜਵਾਨੀ ’ਚ ਹੀ ਆਪਣੇ ਦੋਵੇਂ ਵੱਡੇ ਭਰਾਵਾਂ ਨਾਲ ਰਲ ਕੇ ਮੋਢਾ ਲਾਉਣਾ ਸ਼ੁਰੂ ਕਰ ਦਿੱਤਾ ਸੀ। -ਮੀਡੀਆ ਵਿੱਚ ਸ਼ੁਰੂਆਤ
ਮੈਂ ਜਦੋਂ ਸਪੋਕਸਮੈਨ ਅਖ਼ਬਾਰ ਵਿਚ ਬਤੌਰ ਪੰਜਾਬ ਬਿਊਰੋ ਵਜੋਂ ਨਿਯੁਕਤ ਹੋਇਆ ਤਾਂ ਪਟਿਆਲਾ ਵਿਚ ਇਸ਼ਤਿਹਾਰ ਇਕੱਤਰ ਕਰਨ ਦੀ ਜ਼ਿੰਮੇਵਾਰ ਇੰਚਾਰਜ ਵਜੋਂ ਅੱਲ੍ਹੜ ਜਿਹਾ ਮੁੰਡਾ ਹੁੰਦਾ ਸੀ ਨਵਦੀਪ। ਜਦੋਂ ਵੀ ਇਹ ਇਸ਼ਤਿਹਾਰ ਨਾਲ ਸਬੰਧਿਤ ਕੋਈ ਖ਼ਬਰ ਬਾਰੇ ਕਹਿੰਦਾ ਤਾਂ ਹੋਰ ਪੱਤਰਕਾਰ ਹੀ ਇਸ ਦੀ ਖ਼ਬਰ ਲਾਉਂਦਾ ਸੀ, ਮੈਂ ਇਸ ਨੂੰ ਕਿਹਾ ਤੂੰ ਜਿਸ ਵੀ ਪਾਰਟੀ ਦੇ ਇਸ਼ਤਿਹਾਰ ਲੈ ਕੇ ਆਉਂਦਾ ਹੈਂ ਤਾਂ ਉਸ ਦੀ ਖ਼ਬਰ ਵੀ ਆਪਣੇ ਨਾਮ ਤੇ ਹੀ ਭੇਜਿਆ ਕਰ। ਖ਼ਬਰਾਂ ਭੇਜਣ ਦੀ ਅਥਾਰਿਟੀ ਮੈਂ ਉਸ ਨੂੰ ਸਪੋਕਸਮੈਨ ਵੱਲੋਂ ਲਿਆ ਕੇ ਦੇ ਦਿੱਤੀ ਸੀ। ਉੱਥੋਂ ਹੀ ਖ਼ਬਰਾਂ ਲਿਖਦਾ ਤੇ ਮੈਨੂੰ ਚੈੱਕ ਵੀ ਕਰਵਾ ਲੈਂਦਾ। ਇਸ ਵਿਚ ਸਿੱਖਣ ਦੀ ਪ੍ਰਬਲ ਇੱਛਾ ਨਜ਼ਰ ਆਈ। ਇਹ ਚਿਣਗ ਉਸ ਦੇ ਅੰਦਰ ਮੈਂ ਭਰਨ ਵਿਚ ਕਾਮਯਾਬ ਹੋਇਆ। ਨਵਦੀਪ ਦੇ ਸ਼ਬਦਾਂ ਵਿੱਚ ‘ਅਕੀਦਾ ਭਾਜੀ, ਤੁਸੀਂ ਭਵਿੱਖ ਵਿੱਚ ਅੱਗੇ ਵਧਣ ਲਈ ਪੱਤਰਕਾਰੀ ਵਿਚ ਆਉਣ ਲਈ ਪ੍ਰੇਰਿਤ ਕੀਤਾ। ਤੁਹਾਡੀ ਪ੍ਰੇਰਣਾ ਨਾਲ ਹੀ ਪੰਜਾਬੀ ਟਾਈਪ ਸਿੱਖੀ ਤੇ ਫਿਰ ਕ੍ਰਾਈਮ ਰਿਪੋਰਟ ਦੇਖ ਕੇ ਖ਼ਬਰਾਂ ਬਣਾਉਣ ਦਾ ਢੰਗ ਵੀ ਤੁਸੀਂ ਹੀ ਸਿਖਾਇਆ। ਮੇਰੀ ਜ਼ਿੰਦਗੀ ਵਿੱਚ ਤੁਹਾਡਾ ਮਹੱਤਵਪੂਰਨ ਯੋਗਦਾਨ ਹੈ, ਜੋ ਮੈਂ ਕਦੇ ਭੁਲਾ ਨਹੀਂ ਸਕਦਾ।’ ਨਵਦੀਪ ਵਕਤ ਨੂੰ ਕਬਜ਼ਾ ਕਰਨ ਦਾ ਗੁਰ ਜਾਣਦਾ ਹੈ। ਪੰਜਾਬੀ ਜਾਗਰਣ ਵਿੱਚ ਕੰਮ ਕਰਦਿਆਂ ਨਵਦੀਪ ਨੇ ਸ. ਸ਼ਿੰਗਾਰਾ ਸਿੰਘ ਭੁੱਲਰ ਅਤੇ ਫਿਰ ਮੁੱਖ ਸੰਪਾਦਕ ਸ. ਵਰਿੰਦਰ ਸਿੰਘ ਵਾਲੀਆ ਤੋਂ ਕਲਮਕਾਰੀ ਦੇ ਗੁਰ ਸਿੱਖੇ। ਵਾਲੀਆ ਦੇ ਦੱਸੇ ਕਦਮ ਚਿੰਨ੍ਹਾਂ ਤੇ ਚੱਲਦੇ ਹੋਏ ਨਵਦੀਪ ਆਏ ਦਿਨ ਆਪਣੀ ਕਲਮ ਨਾਲ ਕੋਈ ਨਾ ਕੋਈ ਰੋਚਕ ਅਤੇ ਪੜ੍ਹੀ ਜਾਣ ਵਾਲੀ ਖ਼ਬਰ ਲਿਖਦਾ ਰਹਿੰਦਾ ਹੈ। ਘਰੇਲੂ ਜ਼ਿੰਮੇਵਾਰੀਆਂ ਕਾਰਨ ਸੋਲ਼ਾਂ ਦੀ ਉਮਰ ਵਿੱਚ ਹੀ ਨਵਦੀਪ ਛੋਟੀ ਮੋਟੀ ਨੌਕਰੀਆਂ ਕਰਨ ਲੱਗ ਪਿਆ ਸੀ। 2004 ਵਿੱਚ ਪੰਜਾਬ ਵਿੱਚ ਦੈਨਿਕ ਭਾਸਕਰ ਦੀ ਲਾਂਚਿੰਗ ਸਮੇਂ ਆਪਣੇ ਵੱਡੇ ਭਰਾ ਮੁਕੇਸ਼ ਢੀਂਗਰਾ ਦੇ ਨਾਲ ਅਖ਼ਬਾਰ ਦੀ ਸਰਵੇ ਟੀਮ ਦਾ ਹਿੱਸਾ ਬਣਿਆ। ਇਹ ਮੀਡੀਆ ਨਾਲ ਨਵਦੀਪ ਦੀ ਪਲੇਠੀ ਮੁਲਾਕਾਤ ਸੀ। ਇਸ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਵਿੱਚ ਬਿਜ਼ਨੈੱਸ ਪ੍ਰਤੀਨਿਧ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਫਿਰ ਦੇਸ਼ ਵਿਦੇਸ਼ ਟਾਈਮਜ਼, ਸੱਚ ਕਹੂੰ ਆਦਿ ਅਖ਼ਬਾਰਾਂ ਤੋਂ ਹੁੰਦੇ ਹੋਏ ਜੂਨ-2011 ਵਿੱਚ ਪੰਜਾਬੀ ਜਾਗਰਣ ਨਾਲ ਜੁੜਿਆ। -ਐਕਸੀਡੈਂਟ ਤੋਂ ਬਾਅਦ ਵਧੀ ਸਮਝ
ਸਾਲ 2014 ਚ ਸੜਕ ਹਾਦਸਾ ਹੋਇਆ। ਹਾਦਸਾ ਇਨ੍ਹਾਂ ਭਿਆਨਕ ਕਿ ਡਾਕਟਰਾਂ ਨੇ ਘੱਟੋ ਘੱਟ ਤਿੰਨ ਮਹੀਨੇ ਬਿਸਤਰੇ ਤੇ ਰਹਿਣ ਯੋਗ ਕਹਿ ਦਿੱਤਾ। ਬਕੌਲ ਨਵਦੀਪ, ‘ਜਦੋਂ ਹਸਪਤਾਲ ’ਚ ਜੇਰੇ ਇਲਾਜ ਸੀ ਤਾਂ ਕਈਆਂ ਨੇ ਅਖ਼ਬਾਰ ’ਚ ਜਗ੍ਹਾ ਖ਼ਾਲੀ ਹੁੰਦੀ ਦੇਖੀ। ਉਸ ਸਮੇਂ ਮੈਨੂੰ ਸਮਝ ਆਈ ਕਿ ਚੱਲਣਾ ਹੀ ਜ਼ਿੰਦਗੀ ਹੈ ਤੇ ਮੈਨੂੰ ਵੀ ਅੱਗੇ ਵਧਣ ਲਈ ਇਸ ਹਸਪਤਾਲ ਦੇ ਬਿਸਤਰੇ ਤੋਂ ਉੱਠਣਾ ਹੀ ਪੈਣਾ।’ ਡਾਕਟਰਾਂ ਨੇ ਤਾਂ ਤਿੰਨ ਮਹੀਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਜਲਦੀ ਦੇ ਸੰਘਰਸ਼ ਵਿੱਚ ਚੜ੍ਹਦੀਕਲਾ ਵਿੱਚ ਰਹਿਣ ਦੀ ਭਾਵਨਾ ਕਰਕੇ ਉਹ 15 ਦਿਨ ਬਾਅਦ ਹੀ ਪੁਰਾਣੇ ਰੂਪ ਵਿੱਚ ਸੀ। ਐਕਸੀਡੈਂਟ ਕਾਰਨ ਮੱਥੇ 'ਚ ਪਏ ਟੋਏ ਕਾਰਨ ਉਸ ਦੀ ਜਲਦੀ ਪ੍ਰਤੀ ਸੋਚ ਨੇ ਉਭਾਰ ਲਿਆ। -ਖ਼ੋਜੀ ਪੱਤਰਕਾਰ
ਪੰਜਾਬੀ ਯੂਨੀਵਰਸਿਟੀ 'ਚ ਹੁੰਦੇ ਭ੍ਰਿਸ਼ਟਾਚਾਰ ਦੀ ਗੱਲ ਹੋਵੇ ਜਾਂ ਬਾਲ ਘਰਾਂ ਵਿੱਚੋਂ ਬੱਚੇ ਗੁੰਮ ਹੋਣ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਪੰਜਾਬੀ ਭਾਸ਼ਾ ਦਾ, ਕਿਸੇ ਗ਼ਰੀਬ ਤੇ ਤਸ਼ੱਦਦ ਦਾ ਮਾਮਲਾ ਹੋਵੇ ਜਾਂ ਸਰਕਾਰੀ ਸਿਸਟਮ ’ਚ ਹੁੰਦੀਆਂ ਬੇਨਿਯਮੀਆਂ ਦਾ, ਨਵਦੀਪ ਤੱਥਾਂ ਦੀ ਹਰ ਪਰਤ ਫਰੋਲ ਕੇ ਨਿਡਰਤਾ ਨਾਲ ਖ਼ਬਰ ਲਿਖਣ ਵਾਲਾ ਪੱਤਰਕਾਰ ਹੈ। ਅੱਤਿਆਚਾਰੀ ਅਤੇ ਭ੍ਰਿਸ਼ਟ ਲੋਕਾਂ ਖ਼ਿਲਾਫ਼ ਕਲਮ ਚਲਾਉਣਾ ਉਹ ਆਪਣਾ ਧਰਮ ਸਮਝਦਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਝੂਠੇ ਬਿੱਲਾਂ ਰਾਹੀਂ ਕਰੋੜਾਂ ਦੀ ਗ੍ਰਾਂਟ ਹੜੱਪੇ ਜਾਣ ਦਾ ਮਾਮਲਾ ਨਵਦੀਪ ਨੇ ਨਸ਼ਰ ਕੀਤਾ। ਬਾਲ ਘਰਾਂ ਦੀ ਬੇਨਿਯਮੀਆਂ ਖ਼ਿਲਾਫ਼ ਉਹ ਲਗਾਤਾਰ ਲਿਖਦਾ ਰਿਹਾ ਹੈ। ਵਾਤਾਵਰਣ ਨੂੰ ਅੰਤਾਂ ਦਾ ਮੋਹ ਕਰਨ ਵਾਲਾ ਨਵਦੀਪ ਪੰਜਾਬ ਦੇ ਜੰਗਲਾਂ, ਜਲਗਾਹਾਂ ਤੇ ਜੰਗਲੀ ਜੀਵਾਂ ਨੂੰ ਵੀ ਆਪਣੀ ਖ਼ਬਰਾਂ ਦਾ ਵਿਸ਼ਾ ਬਣਾਉਂਦਾ ਰਹਿੰਦਾ ਹੈ। ਸਮਾਜ ਨਾਲ ਜੁੜੀਆਂ ਖ਼ਬਰਾਂ ਨੂੰ ਕਲਾਤਮਕ ਤੇ ਰੋਚਕ ਢੰਗ ਨਾਲ ਲਿਖਣਾ ਉਸ ਦੀ ਖ਼ੂਬੀ ਹੈ। ਸੂਚਨਾ ਅਧਿਕਾਰ ਕਾਨੂੰਨ (ਆਰਟੀਆਈ) ਦੀ ਮਦਦ ਲੈਣ ਵਿਚ ਕਾਫ਼ੀ ਮਾਹਿਰ ਹੈ। -ਫ਼ੋਟੋ ਫਰੇਮ ਤੋਂ ਬਾਹਰ ਰਹਿਣ ਵਾਲਾ ਪੱਤਰਕਾਰ
ਅੱਜ ਜਦੋਂ ਪੱਤਰਕਾਰਾਂ ਵਿੱਚ ਵੱਡੇ ਲੀਡਰਾਂ ਅਤੇ ਅਫ਼ਸਰਾਂ ਨਾਲ ਤਸਵੀਰਾਂ ਤੇ ਸੈਲਫ਼ੀਆਂ ਖਿਚਾਉਣ ਦਾ ਟ੍ਰੇਂਡ ਸਿਖ਼ਰਾਂ ਤੇ ਹੈ ਤਾਂ ਨਵਦੀਪ ਉਸੇ ਪੁਰਾਣੀ ਪਰੰਪਰਾਗਤ ਪੱਤਰਕਾਰਾਂ ਵਾਲੀ ਗਰਿਮਾ ਅਤੇ ਸਿਧਾਂਤ ਨੂੰ ਸਾਂਭੀ ਬੈਠਾ, ਜਦੋਂ ਹਾਕਮ ਜਾਂ ਤਾਕਤਵਰ ਧਿਰ ਦੇ ਕਿਸੇ ਵੀ ਵਿਅਕਤੀ ਨਾਲ ਤਸਵੀਰ ਖਿਚਵਾਉਣ ਨੂੰ ਪੱਤਰਕਾਰ ਆਪਣਾ ਅਪਮਾਨ ਸਮਝਦੇ ਸਨ। ਕਈ ਵਾਰ ਤਾਂ ਕਿਸੇ ਸਮਾਜਿਕ ਸਮਾਗਮ ਤੇ ਬਾਂਹ ਫੜਕੇ ਨਵਦੀਪ ਨੂੰ ਫ਼ੋਟੋ ਖਿਚਾਉਣ ਲਈ ਰਾਜ਼ੀ ਕੀਤਾ ਜਾਂਦਾ ਹੈ। -ਦੋਸਤਾਂ ਦੀ ਨਜ਼ਰ 'ਚ
ਨਵਦੀਪ ਦੇ ਗੂੜ੍ਹੇ ਦੋਸਤਾਂ ਚੋਂ ਇੱਕ ਸਾਬਕਾ ਪੱਤਰਕਾਰ ਅਮਨ ਅਰੋੜਾ ਉਸ ਦੇ ਬਾਰੇ ਵੱਖਰੀ ਹੀ ਰਾਇ ਰੱਖਦਾ ਹੈ। ਕਹਿਣਾ ਅਮਨ ਅਰੋੜਾ ਦਾ ਕਿ ‘ਨਵਦੀਪ ਨਵਿਆਂ ਸਮਿਆਂ ’ਚ ਪੈਦਾ ਹੋਇਆ ਪੁਰਾਣਾ ਪੱਤਰਕਾਰ ਹੈ। ਨਾ ਇਸ ਦੇ ਕੋਲ ਸਰਕਾਰੀ ਕੋਠੀ ਹੈ, ਨਾ ਵੱਡੀ ਕਾਰ ਹੈ, ਨਾ ਇਹ ਕਿਸੇ ਲੀਡਰ ਤੋਂ ਫ਼ਾਇਦਾ ਲੈਂਦਾ ਹੈ, ਨਾ ਇਹ ਕਿਸੇ ਦੀ ਬਦਲੀ ਰੁਕਵਾਉਂਦਾ ਜਾਂ ਕਰਵਾਉਂਦਾ ਹੈ, ਨਾ ਇਹ ਇਸ਼ਤਿਹਾਰ ਦੇ ਬਦਲੇ 'ਚ ਖ਼ਬਰ ਰੋਕਦਾ ਹੈ, ਨਾ ਹੀ ਇਸ ਨੂੰ ਸਰਕਾਰੀ ਸਨਮਾਨ ਮਿਲਦੇ ਹਨ ਅਤੇ ਨਾ ਹੀ ਇਸ ਨੇ ਆਪਣੀ ਪਤਨੀ ਜਾਂ ਕਿਸੇ ਭੈਣ-ਭਰਜਾਈ ਨੂੰ ਸਰਕਾਰੀ ਨੌਕਰੀ ’ਚ ‘ਐਡਜਸਟ’ ਕਰਵਾਇਆ ਹੈ। ਦਰਅਸਲ ਨਵਦੀਪ ਉਨ੍ਹਾਂ ਵੇਲਿਆਂ ਦਾ ਪੱਤਰਕਾਰ ਹੈ ਜਦੋਂ ਪੱਤਰਕਾਰੀ ਪੱਤਰਕਾਰੀ ਨਾ ਹੋਕੇ ਮਿਸ਼ਨ ਜਾਂ ਸਮਾਜ ਸੇਵਾ ਹੁੰਦੀ ਸੀ, ਬੱਸ ਜੰਮਿਆ ਅਜੋਕੇ ਸਮੇਂ 'ਚ ਹੈ।’
ਖ਼ੈਰ ਜੋ ਵੀ ਹੈ ਇਨਸਾਨ ਬਹੁਤ ਖ਼ੂਬਸੂਰਤ ਹੈ। ਹੋਰ ਅੱਗੇ ਵਧਣ ਲਈ ਨਵਦੀਪ ਨੂੰ ਆਪਣਾ ਤਿੱਖੇਪਣ ਦੀ ਧਾਰ ਕਾਇਮ ਰੱਖਣੀ ਪਵੇਗੀ ਅਤੇ ਆਪਣੀ ਤੁਨਕਮਿਜ਼ਾਜੀ ਤੇ ਕਾਬੂ ਕਰਨਾ ਪਵੇਗਾ। -ਪਰਿਵਾਰ ਪਿਤਾ ਸਤਪਾਲ ਢੀਂਗਰਾ ਮਾਤਾ ਸ੍ਰੀਮਤੀ ਉਸ਼ਾ ਰਾਣੀ, ਵੱਡੇ ਭਰਾ ਵਿਸ਼ਾਲ ਢੀਂਗਰਾ, ਮੁਕੇਸ਼ ਢੀਂਗਰਾ, ਪਤਨੀ ਪੂਨਮ ਢੀਂਗਰਾ ਤੇ ਇਕ ਬੇਟੀ ਹੈ ਭਵਨੂਰ। ਗੁਰਨਾਮ ਸਿੰਘ ਅਕੀਦਾ 8146001100

Thursday, December 22, 2022

ਇਲੈਕਟ੍ਰੋਨਿਕ ਮੀਡੀਆ ਦੇ ਮੁੱਢਲੇ ਪੱਤਰਕਾਰਾਂ ਚੋਂ ਪੱਤਰਕਾਰ ‘ਸਵਰਨ ਸਿੰਘ ਦਾਨੇਵਾਲੀਆ’

‘ਜਦੋਂ ਸੱਚ ਦੀ ਪੱਤਰਕਾਰੀ ਕਰਦੇ ਚੈਨਲਾਂ ਨੂੰ ਬੰਦ ਕਰਵਾ ਦਿੱਤਾ ਜਾਂਦਾ ਸੀ’
-ਮੁੱਢ ਤੇ ਜਨਮ-
ਪਿੰਡ ਦਾਨੇਵਾਲਾ! ਪੰਜਾਬ ਰਾਜਸਥਾਨ ਅਤੇ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਵਸਿਆ ਪਿੰਡ ਦਾਨੇਵਾਲਾ। ਜਿੱਥੇ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਾਂਡਰਸ ਨੂੰ ਮਾਰ ਕੇ ਠਹਿਰੇ ਸਨ, ਅਜ਼ਾਦੀ ਘੁਲਾਟੀਆ ਜਸਵੰਤ ਸਿੰਘ ਦਾਨੇਵਾਲੀਆ ਦਾ ਪਿੰਡ। 24 ਜੂਨ 1965 ਨੂੰ ਬਾਪੂ ਗੁਰਭਾਗ ਸਿੰਘ ਤੇ ਮਾਤਾ ਸੁਖਮੰਦਰ ਕੌਰ ਦੇ ਘਰ ਜਨਮੇ ਸਵਰਨ ਸਿੰਘ ਦਾਨੇਵਾਲੀਆ । ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕਰਕੇ ਪੰਜਾਬ ਦੇ ਸਿਰਮੌਰ ਸਕੂਲ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਦਸਵੀਂ ਤੱਕ ਹਾਸਲ ਕੀਤੀ। ਇਸ ਤੋਂ ਬਾਅਦ ਅਬੋਹਰ ਦੇ ਡੀ. ਏ.ਬੀ. ਕਾਲਜ ਤੋਂ ਬੀ ਏ ਇਕਨਾਮਿਕਸ ਅਤੇ ਪੁਲਿਟੀਕਲ ਸਾਇੰਸ ’ਚ ਕੀਤੀ ਅਤੇ ਐੱਮ ਏ ਪੁਲਿਟੀਕਲ ਸਾਇੰਸ ਕੀਤੀ। ਕਾਲਜ ਚ ਪੜ੍ਹਦਿਆਂ ਪਹਿਲਾਂ ਦੋ ਵਾਰ ਐਨ. ਡੀ. ਏ. ਦੀ ਪ੍ਰੀਖਿਆ ਪਾਸ ਕੀਤੀ, ਪਰ ਇੰਟਰਵਿਊ ’ਚ ਅਸਫਲ ਰਹੇ। ਬੀ ਏ ਦੌਰਾਨ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਵੀ ਪਾਸ ਕੀਤੀ। ਕਾਲਜ ਚ ਬਤੌਰ ਸਰਗਰਮ ਸਟੂਡੈਂਟ ਲੀਡਰ ਵਜੋਂ ਵੀ ਵਿਚਰੇ ਅਤੇ ਅਹਿਮ ਅਹੁਦਿਆਂ ਤੇ ਵੀ ਬਿਰਾਜਮਾਨ ਰਹੇ। ਬੀਏ ਕਰਨ ਤੋਂ ਤੁਰੰਤ ਬਾਅਦ ਮੌਕੇ ਦੇ ਹਾਲਾਤ ਵੇਖਦੇ ਹੋਏ ਟਾਟਾ ਗਰੁੱਪ ’ਚ ਨੌਕਰੀ ਵੀ ਕੀਤੀ ਅਤੇ ਪੜਾਈ ਵੀ ਜਾਰੀ ਰੱਖੀ। -ਥੀਏਟਰ ਤੇ ਲਿਖਣਾ ਸ਼ੁਰੂ ਕਰਨਾ-
ਨਾਭੇ ਪੜਾਈ ਦੌਰਾਨ ਥੀਏਟਰ ਅਤੇ ਵਾਦ ਵਿਵਾਦ ਪ੍ਰਯੋਗਿਤਾਵਾਂ ’ਚ ਵੀ ਹਿੱਸਾ ਲਿਆ। ਇੱਥੋਂ ਹੀ ਪਤਾ ਲੱਗਾ ਕਿ ਸਵਰਨ ਸਿੰਘ ਦਾਨੇਵਾਲੀਆ ਅੰਦਰ ਇੱਕ ਲੁਕੀ ਹੋਈ ਪੱਤਰਕਾਰਤਾ ਸ਼ਾਮਲ ਸੀ। ਸਕੂਲ ਦੀ ਮਹੀਨਾਵਾਰ ਮੈਗਜ਼ੀਨ ‘ਕਰੌਨੀਕਲ’ ਵਿੱਚ ਸਵਰਨ ਸਿੰਘ ਦਾਨੇਵਾਲੀਆ ਨੇ ਆਪਣੇ ਲੇਖ ਲਿਖਣੇ ਸ਼ੁਰੂ ਕੀਤੇ, ਜੋ ਕਾਲਜ ਮੈਗਜ਼ੀਨ ਤੱਕ ਜਾਰੀ ਰਹੇ। ਹਮੇਸ਼ਾ ਹੀ ਸਵਰਨ ਸਿੰਘ ਦਾਨੇਵਾਲੀਆ ਮੁਤਾਬਿਕ ਉਸ ਨੂੰ ਅਖ਼ਬਾਰ ਅਤੇ ‘ਇੰਡੀਆ ਟੂਡੇ’ ਅਤੇ ‘ਫ਼ਰੰਟ ਲਾਈਨ’ ਵਰਗੀਆਂ ਮੈਗਜ਼ੀਨ ਪੜ੍ਹਨ ਦਾ ਸ਼ੌਕ ਰਿਹਾ। -ਪੱਤਰਕਾਰਤਾ ਵਿਚ ਪੈਰ ਧਰਿਆ-
1989-90 ’ਚ ਪ੍ਰਾਈਵੇਟ ਨੌਕਰੀ ਕਰਦਿਆਂ ਕੁੱਝ ਪ੍ਰੋਡਕਸ਼ਨ ਹਾਊਸਜ ਨਾਲ ਬਤੌਰ ਫਰੀਲੈਂਸ ਕਰਨ ਦਾ ਮੌਕਾ ਵੀ ਮਿਲਿਆ। ਇੱਥੋਂ ਹੀ ਸਵਰਨ ਸਿੰਘ ਦਾਨੇਵਾਲੀਆਂ ਨੇ ਪੱਤਰਕਾਰਤਾ ’ਚ ਪੈਰ ਧਰਿਆ ਅਤੇ ਕਈ ਡਾਕੂਮੈਂਟਰੀਆਂ ’ਚ ਅਹਿਮ ਰੋਲ ਵੀ ਨਿਭਾਇਆ। 1995 ’ਚ ਭਾਰਤ ਦੀ ਮਸ਼ਹੂਰ ਪੱਤਰਕਾਰ ਨੱਲਿਨੀ ਸਿੰਘ ਨਾਲ ਜੁੜਨ ਤੋਂ ਬਾਅਦ ਸਵਰਨ ਸਿੰਘ ਦਾਨੇਵਾਲੀਆ ਨੇ ਇਲੈਕਟ੍ਰੋਨਿਕ ਮੀਡੀਆ ’ਚ ਸਰਗਰਮ ਪੱਤਰਕਾਰਤਾ ਸ਼ੁਰੂ ਕੀਤੀ। ਨੱਲਿਨੀ ਸਿੰਘ ਦੀ ਯੋਗ ਅਗਵਾਈ ’ਚ ਸਵਰਨ ਸਿੰਘ ਦਾਨੇਵਾਲੀਆ ਨੇ ‘ਇਨਵੈਸਟੀਗੇਸ਼ਨ ਜਰਨਲਿਜ਼ਮ’ ਸ਼ੁਰੂ ਕੀਤੀ , ਜਿਸ ’ਚ ਦੱਖਣੀ ਸੂਬਿਆਂ ਤੋਂ ਦੇਹ ਵਪਾਰ ਲਈ ਮਾਪਿਆਂ ਵੱਲੋਂ ਹੀ ਵੇਚੀਆਂ ਜਾਂਦੀਆਂ ਧੀਆਂ, ਪੰਜਾਬ ’ਚ ਹੋਰਾਂ ਸੂਬਿਆਂ ਤੋਂ ਘਟੀਆ ਚੌਲ ਲਿਆ ਕੇ ਇਨ੍ਹਾਂ ਨੂੰ ਐੱਫ਼ ਸੀ ਆਈ ਦੇ ਚੌਲਾਂ ’ਚ ਮਿਲਾ ਕੇ ਸਰਕਾਰੀ ਗੁਦਾਮਾਂ ’ਚ ਭੇਜਣਾ ਆਦਿ ਤੋਂ ਇਲਾਵਾ ਮੱਧ ਪ੍ਰਦੇਸ ਅਤੇ ਬਿਹਾਰ ਦੇ ਕੁੱਝ ਇਲਾਕਿਆਂ ’ਚ ਆਦੀ ਵਾਸੀਆਂ ਵੱਲੋਂ ਘਾਹ ਤੇ ਬੀਜਾਂ ਦੀਆਂ ਰੋਟੀਆਂ ਬਣਾ ਕੇ ਖਾਣ ਦੀਆਂ ਰਿਪੋਰਟਾਂ ਵੀ ਸ਼ਾਮਲ ਹਨ। -ਪੰਜਾਬ ਟੂਡੇ ਵਿਚ ਪ੍ਰਵੇਸ਼-
2000 ’ਚ ਪਹਿਲੇ ਪੰਜਾਬੀ ਨਿਊਜ਼ ਚੈਨਲ ‘ਪੰਜਾਬ ਟੂਡੇ’ ਵਿੱਚ ਬਤੌਰ ਸਪੈ‌ਸ਼ਲ ਪ੍ਰਤੀਨਿਧ ਦਿੱਲੀ ਵਿਖੇ ਜੁਆਇਨ ਕੀਤਾ ਅਤੇ ਬਾਅਦ ’ਚ ਪੰਜਾਬ ਆ ਕੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਟੀ ਵੀ ਦੇ ਪਰਦੇ ’ਤੇ ਪੇਸ਼ ਕੀਤਾ। ਸ਼ੁਰੂਆਤੀ ਪੱਤਰਕਾਰਾਂ ਵਿਚ ਪਟਿਆਲਾ ਤੋਂ ਸਰਬਜੀਤ ਓਖਲਾ ਨੇ ਵੀ ‘ਪੰਜਾਬ ਟੂਡੇ’ ਵਿਚ ਕਮਾਲ ਪੱਤਰਕਾਰੀ ਕੀਤੀ ਪਰ ਭਰਤਇੰਦਰ ਸਿੰਘ ਚਾਹਲ ਦੀ ਕਹਿਰੀ ਅੱਖ ਨੇ ਉਸ ਨੂੰ ‘ਪੰਜਾਬ ਟੂਡੇ ਵਿਚ ਟਿਕਣ ਨਹੀਂ ਦਿੱਤਾ। ਇਹ ਉਹ ਦੌਰ ਸੀ ਜਦੋਂ ਦਰਸ਼ਕ ਖ਼ਬਰਾਂ ਦੇ ਨਾਲ ਨਾਲ ਖ਼ਬਰ ਕੱਢ ਕੇ ਲਿਆਉਣ ਵਾਲੇ ਪੱਤਰਕਾਰ ਨੂੰ ਵੀ ਟੈਲੀਵਿਜ਼ਨ ’ਤੇ ਦੇਖਣ ਲੱਗੇ ਸਨ। ਇਸ ਸਮੇਂ ਦੌਰਾਨ ਹੀ ਭਾਰਤੀ ਟੈਲੀਵਿਜ਼ਨ ਇੰਡਸਟਰੀ ਨੇ ਮਨੋਰੰਜਨ ਤੋਂ ਖ਼ਬਰਾਂ ਵੱਲ ਰੁਖ਼ ਕੀਤਾ ਸੀ ਅਤੇ ਖ਼ਬਰਾਂ ਦਾ ਪ੍ਰਸਾਰਣ 24 ਘੰਟੇ ਹੋਣ ਲੱਗਾ ਸੀ। ਪੰਜਾਬ ਟੂਡੇ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਟੈਲੀਵਿਜ਼ਨ ’ਤੇ ਆਉਣ ਦਾ ਮੌਕਾ ਦਿੱਤਾ ਸੀ ਅਤੇ ਬਹੁਤੇ ਪੱਤਰਕਾਰਾਂ ਨੂੰ ਸਵਰਨ ਸਿੰਘ ਦਾਨੇਵਾਲੀਆ ਨੇ ਹੀ ਟੈਲੀਵਿਜ਼ਨ ਪੱਤਰਕਾਰਤਾ ਦੀ ਟ੍ਰੇਨਿੰਗ ਦਿੱਤੀ ਸੀ। ਇਹੀ ਕਾਰਨ ਹੈ ਕਿ ਸਵਰਨ ਸਿੰਘ ਦਾਨੇਵਾਲੀਆ ਨੂੰ ਇਲੈਕਟ੍ਰੋਨਿਕ ਜਰਨਲਿਜ਼ਮ ਨਾਲ ਜੁੜੇ ਪੱਤਰਕਾਰ ਪਿਆਰ ਨਾਲ ‘ਚਾਚਾ’ ਕਹਿ ਕੇ ਬੁਲਾਉਂਦੇ ਹਨ। ਪੰਜਾਬ ਟੂਡੇ ਮੁਢਲੇ ਦੌਰ ’ਚ ਬੇਬਾਕ ਅਤੇ ਨਿਡਰ ਪੱਤਰਕਾਰਤਾ ਲਈ ਮਸ਼ਹੂਰ ਹੋਇਆ, ਪਰ 2003 ’ਚ ਹੀ ਮੈਨੇਜਮੈਂਟ ਦਾ ਰੁਝਾਨ ਪੰਜਾਬ ਵਿਚਲੀ ਕੈਪਟਨ ਸਰਕਾਰ ਵੱਲ ਐਸਾ ਹੋਇਆ ਕਿ ਇਹ ਚੈਨਲ ‘ਪੰਜਾਬ ਟੂਡੇ’ ਤੋਂ ‘ਕੈਪਟਨ ਟੂਡੇ’ ਬਣ ਕੇ ਰਹਿ ਗਿਆ। ਇਸ ਕਾਰਨ ਸਵਰਨ ਸਿੰਘ ਦਾਨੇਵਾਲੀਆ ਸਮੇਤ ‘ਪੰਜਾਬ ਟੂਡੇ’ ਦੀ ਮੁੱਢਲੀ ਟੀਮ ਦੇ ਬਹੁਤੇ ਮੈਂਬਰਾਂ ਨੇ ਚੈਨਲ ਤੋਂ ਅਸਤੀਫ਼ਾ ਦੇ ਦਿੱਤਾ। -ਨੱਲਿਨੀ ਸਿੰਘ ਤੋਂ ਇਲਾਵਾ ਕਈ ਪ੍ਰਮੁੱਖ ਚੈਨਲਾਂ ਵਿਚ ਕੰਮ ਕੀਤਾ-
ਸਵਰਨ ਸਿੰਘ ਦਾਨੇਵਾਲੀਆ ਨੇ ਮੁੜ ਕੁੱਝ ਸਮੇਂ ਲਈ ਨੱਲਿਨੀ ਸਿੰਘ ਦੇ ਚੈਨਲ ‘ਆਖੋਂ ਦੇਖੀ’ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਈ 2004 ’ਚ ਭਾਰਤ ਦੇ ਮਸ਼ਹੂਰ ਪੱਤਰਕਾਰ ਰਜਤ ਸ਼ਰਮਾ ਦੀ ਅਗਵਾਈ ਹੇਠ ‘ਇੰਡੀਆ ਟੀ ਵੀ’ ਚੈਨਲ ਸ਼ੁਰੂ ਹੋਇਆ ਅਤੇ ਸਵਰਨ ਸਿੰਘ ਦਾਨੇਵਾਲੀਆ ਵੀ ਇਸ ਚੈਨਲ ਦਾ ਹਿੱਸਾ ਬਣ ਗਿਆ। ਸਤੰਬਰ 2005 ’ਚ ਭਾਰਤ ਦੇ ਵਕਾਰੀ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਨੇ ਟੈਲੀਵਿਜ਼ਨ ਪੱਤਰਕਾਰਤਾ ’ਚ ਸਵਰਨ ਸਿੰਘ ਦਾਨੇਵਾਲੀਆ ਦੀਆਂ ਪ੍ਰਾਪਤੀਆਂ ਤੇ ਇੱਕ ਰਿਪੋਰਟ ਵੀ ਛਾਪੀ, ਜਿਸ ’ਚ ਇਹ ਖ਼ਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਕਿਸੇ ਵੀ ਚੈਨਲ ਦੀ ਕਾਮਯਾਬੀ ’ਚ ਫ਼ੀਲਡ ਪੱਤਰਕਾਰ ਵੱਲੋਂ ਕੱਢੀਆਂ ਖ਼ੋਜੀ ਅਤੇ ਦਲੇਰਾਨਾ ਰਿਪੋਰਟਾਂ ਦਾ ਅਹਿਮ ਯੋਗਦਾਨ ਹੁੰਦਾ ਹੈ। -ਡੇ ਐਂਡ ਨਾਈਟ ਚੈਨਲ ਵਿਚ ਪ੍ਰਵੇਸ਼-
ਅਗਸਤ 2011 ’ਚ ਸਵਰਨ ਸਿੰਘ ਦਾਨੇਵਾਲੀਆ ਨੇ ਪੰਜਾਬ ਦੇ ਬਹੁਤ ਚਰਚਿਤ ਚੈਨਲ ‘ਡੇ ਐਂਡ ਨਾਈਟ’ ਨੂੰ ਬਤੌਰ ਖ਼ੋਜੀ ਪੱਤਰਕਾਰ ਜੁਆਇਨ ਕੀਤਾ ਅਤੇ ਇਹ ਉਹ ਦੌਰ ਵੀ ਜਦੋਂ ਭਾਰਤ ’ਚ ਯੂ ਟਿਊਬ ਵੀ ਕਾਫ਼ੀ ਲੋਕਪ੍ਰਿਆ ਹੋ ਰਹੀ ਸੀ। ਸਵਰਨ ਸਿੰਘ ਦਾਨੇਵਾਲੀਆ ਵੱਲੋਂ ਸਤਾ ਦਾ ਅਨੰਦ ਮਾਣ ਰਹੇ ਸਿਆਸਤਦਾਨਾਂ ਵੱਲੋਂ ਬੱਸ ਪਰਮਿਟ ਅਤੇ ਨਜਾਇਜ਼ ਮਾਈਨਿੰਗ ਉੱਤੇ ਕਬਜ਼ਾ ਕਰ ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਾਉਣ ਦੀਆਂ ਰਿਪੋਰਟਾਂ ਵੀ ਜੱਗ ਜ਼ਾਹਰ ਕੀਤੀਆਂ। ਸ਼੍ਰੀ ਅੰਮ੍ਰਿਤਸਰ ਸਥਿਤ ਵਕਾਰੀ ਖ਼ਾਲਸਾ ਕਾਲਜ ਨੂੰ ਸਾਜ਼ਿਸ਼ੀ ਢਾਂਚਾ ਤਿਆਰ ਕਰਕੇ ਇੱਕ ਯੂਨੀਵਰਸਿਟੀ ਦਾ ਰੂਪ ਦੇ ਕੇ ਬਾਦਲ ਅਤੇ ਮਜੀਠਾ ਪਰਿਵਾਰ ਵੱਲੋਂ ਆਪਣੇ ਕਬਜ਼ੇ ਹੇਠ ਕਰਨ ਦੀ ਕੋਸ਼ਿਸ਼ ਨੂੰ ਵੀ ਸਵਰਨ ਸਿੰਘ ਦਾਨੇਵਾਲੀਆਂ ਦੀ ਰਿਪੋਰਟ ਨੇ ਅਸਫਲ ਕੀਤਾ। ਇਹ ਰਿਪੋਰਟਾਂ ਅੱਜ ਵੀ ‘ਡੇ ਐਂਡ ਨਾਈਟ’ ਦੇ ਯੂ ਟਿਊਬ ਚੈਨਲ ਤੇ ਦੇਖੀਆਂ ਜਾ ਸਕਦੀਆਂ ਹਨ। ਪੰਜਾਬ ਦੇ ਕੇਬਲ ਨੈੱਟਵਰਕ ਤੇ ਏਕਾ ਅਧਿਕਾਰ ਹੋਣ ਅਤੇ ਬਾਦਲ ਪਰਿਵਾਰ ਦੇ ‘ਪੀ ਟੀ ਸੀ ਚੈਨਲ’ ਨੂੰ ਚੁਣੌਤੀ ਬਣਦੇ ‘ਡੇ ਐਂਡ ਨਾਈਟ ਚੈਨਲ’ ਨੂੰ ਉਸ ਸਮੇਂ ਦੀ ਸਰਕਾਰ ਨੇ ਬੰਦ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਕਰਕੇ ਪੰਜਾਬ ਦੇ ਕੋਈ 350 ਦੇ ਕਰੀਬ ਪੱਤਰਕਾਰ , ਪ੍ਰੋਡਿਊਸਰ , ਕੈਮਰਾਮੈਨ ਅਤੇ ਟੈਕਨੀਕਲ ਕਾਮੇ ਬੇਰੁਜ਼ਗਾਰ ਹੋ ਗਏ। ਸ਼ਾਇਦ ਇਹ ਪੰਜਾਬ ਦੀ ਪੱਤਰਕਾਰਤਾ ਤੇ ਅੱਜ ਤੱਕ ਦਾ ਸਭ ਤੋ. ਵੱਡਾ ਹਮਲਾ ਕਿਹਾ ਜਾ ਸਕਦਾ ਹੈ। -ਕਾਰਵਾਂ ਜਾਰੀ ਰਿਹਾ-
ਡੇ ਐਂਡ ਨਾਈਟ ਬੰਦ ਹੋਣ ਤੋਂ ਬਾਅਦ ਅਗਸਤ 2013 ਚ ਕੁੱਝ ਸਮੇਂ ਲਈ ਸਵਰਨ ਸਿੰਘ ਦਾਨੇਵਾਲੀਆ ਨੇ ਪੰਜਾਬੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ’ਚ ਬਤੌਰ ਮਾਲਵਾ ਇੰਚਾਰਜ ਜੁਆਇਨ ਕੀਤਾ, ਪਰ ਇਹ ਅਖ਼ਬਾਰ ਸਵਰਨ ਸਿੰਘ ਦਾਨੇਵਾਲੀਆ ਨੂੰ ਰਾਸ ਨਾ ਆਇਆ ਤਾਂ ਨੋਇਡਾ ਵਿਖੇ ‘ਏਸ਼ੀਅਨ ਫ਼ਿਲਮ ਐਂਡ ਟੈਲੀਵਿਜ਼ਨ’ ਅਕੈਡਮੀ ’ਚ ਡਾਕੂਮੈਂਟਰੀ ਵਿਭਾਗ ਦੇ ਮੁਖੀ ਵਜੋਂ ਪੜਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਬਹੁਤੇ ਵਿਦਿਆਰਥੀ ਅਫ਼ਰੀਕੀ ਮੂਲ ਜਾਂ ਹੋਰ ਪੱਛਮੀ ਦੇਸ਼ਾਂ ਦੇ ਸਨ। ਇਸੇ ਦੌਰਾਨ ਹੀ ਸਵਰਨ ਸਿੰਘ ਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਆਨਲਾਈਨ ਲਾਈਵ ਰੇਡੀਓ ਸਟੇਸ਼ਨ ਖੋਲ੍ਹਿਆ ਜਾਵੇ ਜੋ ਦੁਨੀਆ ਭਰ ’ਚ ਪੰਜਾਬੀਆਂ ਨੂੰ ਇੱਕੋ ਮੰਚ ਤੋਂ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ। -ਰੇਡਿਓ ਪੰਜਾਬ ਟੂਡੇ ਸ਼ੁਰੂ ਕਰਨਾ-
ਬਿਨਾਂ ਕਿਸੇ ਬਾਹਰੀ ਮਦਦ ਤੋਂ ਸੀਮਤ ਸਰੋਤਾਂ ਨਾਲ ਸਵਰਨ ਸਿੰਘ ਦਾਨੇਵਾਲੀਆ ਨੇ ਨਵੰਬਰ 2014 ’ਚ ‘ਰੇਡੀਓ ਪੰਜਾਬ ਟੂਡੇ’ ਨੂੰ ਐਪ ’ਤੇ ਸ਼ੁਰੂ ਕੀਤਾ ਅਤੇ ਇਸੇ ਦਿਨ ਤੋਂ ਹੀ ਪੰਜਾਬੀ ਆਨਲਾਈਨ ਰੇਡੀਓ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਬਠਿੰਡਾ ਵਿਖੇ ਇਸ ਰੇਡੀਓ ਸਟੇਸ਼ਨ ਦਾ ਸਟੂਡੀਓ ਸਥਾਪਿਤ ਕੀਤਾ ਗਿਆ ਅਤੇ ਪੰਜਾਬ ਦੀਆਂ ਖ਼ਬਰਾਂ ਅਤੇ ਹਾਲਾਤਾਂ ਤੇ ਸਟੀਕ ਟਿੱਪਣੀਆਂ ਕਰਦਾ ਪ੍ਰੋਗਰਾਮ ਸ਼ਮ੍ਹਾਦਾਨ ਸਰੋਤਿਆਂ ਦੇ ਰੂ-ਬਰੂ ਹੋਇਆ, ਜੋ ਅੱਜ ਦੁਨੀਆ ਦੇ ਹਰ ਕੋਨੇ ’ਚ ਬੈਠੇ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨਾਲ ਜੋੜਦਾ ਹੈ। ਸਵਰਨ ਸਿੰਘ ਦਾਨੇਵਾਲੀਆ ਯਾਦ ਦੁਆਉਂਦੇ ਹਨ ਕਿ ਸ਼ੁਰੂਆਤੀ ਦੌਰ ’ਚ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਰੇਡੀਓ ਨੂੰ ਚੱਲਣ ਤੋਂ ਰੋਕਣ ਲਈ ਪੁਲਿਸ ਅਫ਼ਸਰਾਂ ਰਾਹੀਂ ਧਮਕੀਆਂ ਦੇਣ ਦਾ ਸਿਲਸਿਲਾ ਵੀ ਜਾਰੀ ਰੱਖਿਆ, ਪਰ ਸ੍ਰੋਤਿਆਂ ਦੇ ਪਿਆਰ ਅਤੇ ਹੌਸਲੇ ਸਦਕਾ ਅੱਜ ਇਹ ਰੇਡੀਓ 9 ਵੇਂ ਸਾਲ ’ਚ ਪ੍ਰਵੇਸ਼ ਕਰ ਗਿਆ ਹੈ।
-ਕੁਝ ਇਲੈਕਟ੍ਰੋਨਿਕ ਮੀਡੀਆ ਦੇ ਕੌੜੇ ਤਜ਼ਰਬੇ-
ਆਪਣੇ ਇਲੈਕਟ੍ਰੋਨਿਕ ਮੀਡੀਆ ਕੌੜੀਆਂ ਮਿੱਠੀਆਂ ਯਾਦਾਂ ਦਾ ਪਿਟਾਰਾ ਵੀ ਆਪਣੇ ਨਾਲ ਹੀ ਲਈਂ ਫਿਰਦਾ ਹੈ ਸਵਰਨ ਸਿੰਘ ਦਾਨੇਵਾਲੀਆ। ਪੰਜਾਬੀ ਚੈਨਲ ਬਹੁਤੀ ਦੇਰ ਦਰਸ਼ਕਾਂ ਦੇ ਸਨਮੁੱਖ ਹੋਣ ’ਚ ਨਾਕਾਮਯਾਬ ਰਹੇ, ਚੈਨਲ ਨੂੰ ਸਥਾਪਿਤ ਕਰਨ ਅਤੇ ਚਲਾਉਣ ’ਚ ਬਹੁਤ ਜ਼ਿਆਦਾ ਪੂੰਜੀ ਦੀ ਜ਼ਰੂਰਤ ਤਾਂ ਸੀ ਹੀ ਅਤੇ ਉਸ ਤੋਂ ਵੱਧ ਰੋਜ਼ਮੱਰਾ ਦੇ ਪ੍ਰੋਗਰਾਮ ਬਣਾਉਣ ’ਚ ਆਉਂਦੀਆਂ ਦਿੱਕਤਾਂ ਵੀ ਆਉਂਦੀਆਂ, ਪਰ ਡਿਸਟ੍ਰੀਬਿਊਸ਼ਨ ਦੀ ਯਾਨੀ ਕਿ ਲੋੜੀਂਦੇ ਦਰਸ਼ਕਾਂ ਦੀ ਕਮੀ ਵੀ ਬਹੁਤੇ ਚੈਨਲਾਂ ਨੂੰ ਲੈ ਡੁੱਬੀ। ਸੰਨ 2000 ’ਚ ‘ਸਟਾਰ ਟੈਲੀਵਿਜ਼ਨ’ ਵੱਲੋਂ ‘ਤਾਰਾ ਚੈਨਲ’ ਦਰਸ਼ਕਾਂ ਦੇ ਸਨਮੁਖ ਕੀਤਾ , ਜਿਸ ’ਚ ਭਾਰਤ ਦੀ ਬਹੁਤ ਜਾਨੀਮਾਨੀ ਪੁਲਿਸ ਹਸਤੀ ਕਿਰਨ ਬੇਦੀ ਵੀ ਇੱਕ ਪ੍ਰੋਗਰਾਮ ਹੋਸਟ ਕਰਦੀ ਸੀ, ਇਸ ਚੈਨਲ ਨੇ ਬਹੁਤ ਮਿਆਰੀ ਪ੍ਰੋਗਰਾਮ ਪੇਸ਼ ਕੀਤੇ, ਪਰ ਇਸ ਦਾ ਅੰਤ ਬਹੁਤ ਹੀ ਭਿਆਨਕ ਹੋਇਆ, ਜਦੋਂ ਸਟਾਰ ਟੈਲੀਵਿਜ਼ਨ ਵਰਗੀ ਅੰਤਰਰਾਸ਼ਟਰੀ ਕੰਪਨੀ ਨੇ ਇਸ ਚੈਨਲ ਨੂੰ ਘਾਟੇ ਵਾਲਾ ਸੌਦਾ ਸਮਝਦੇ ਹੋਏ ਹੱਥ ਪਿਛਾਂਹ ਖਿੱਚ ਲਿਆ ਅਤੇ ਇਹ ਚੈਨਲ ਇੱਕ ਦੋ ਸਾਲਾਂ ਬਾਅਦ ਹੀ ਦਫ਼ਨ ਹੋ ਗਿਆ। ਇਸੇ ਦੌਰਾਨ ਹੀ ਇੱਕ ਹੋਰ ਪੰਜਾਬੀ ਚੈਨਲ ‘ਲਿਸ਼ਕਾਰਾ’ ਹੋਂਦ ’ਚ ਆਇਆ ਜੋ ਕਿ ਇੱਕ ਮਨੋਰੰਜਕ ਚੈਨਲ ਸੀ। ਗੀਤ ਸੰਗੀਤ ਅਤੇ ਛੋਟੇ ਮੋਟੇ ਪ੍ਰੋਗਰਾਮ ਪੇਸ਼ ਕਰਦਾ ਇਹ ਚੈਨਲ ਵੀ ਕਦੇ ਚੰਡੀਗੜ੍ਹ ਫਿਰ ਦਿੱਲੀ ਤੇ ਅੰਤ ਨੂੰ ਲੁਧਿਆਣਾ ਦੀ ਮਾਲ ਰੋਡ ਤੇ ਆ ਕੇ ਸਦਾ ਲਈ ਜਲ ਸਮਾਧੀ ਲੈ ਗਿਆ। ਪੰਜਾਬੀ ਦੇ ਮਸ਼ਹੂਰ ਪੱਤਰਕਾਰ ਸਿੱਧੂ ਦਮਦਮੀ ਨੇ ਇਸ ਨੂੰ ਲੁਧਿਆਣਾ ’ਚ ਫਿਰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਇਸ ਤੋਂ ਪਹਿਲਾਂ ਸਿੱਧੂ ਦਮਦਮੀ ‘ਤਾਰਾ ਚੈਨਲ’ ਨਾਲ ਵੀ ਜੁੜੇ ਰਹੇ। ਇਨ੍ਹਾਂ ਦਿਨਾਂ ’ਚ ਹੀ ‘ਜੀ ਚੈਨਲ’ ਵੱਲੋਂ ਖੇਤਰੀ ਭਾਸ਼ਾਵਾਂ ਵਾਲੇ ਚੈਨਲ ਸ਼ੁਰੂ ਕਰਕੇ ਇਕ ਨਵਾਂ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ‘ਅਲਫਾ ਪੰਜਾਬੀ ਚੈਨਲ’ ਹੋਂਦ ’ਚ ਆਇਆ, ਜਿਸ ’ਚ ਅੱਧੇ ਅੱਧੇ ਘੰਟੇ ਦੇ ਦੋ ਖ਼ਬਰਾਂ ਦੇ ਬੁਲਿਟਿਨ ਅਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸਨ ਅਤੇ ‘ਅਲਫਾ ਪੰਜਾਬੀ’ ਇੱਕ ਤਰ੍ਹਾਂ ਨਾਲ ਪੰਜਾਬੀ ਦਰਸ਼ਕਾਂ ’ਚ ਆਪਣੀ ਪੈਂਠ ਬਣਾਉਣ ’ਚ ਕਾਮਯਾਬ ਰਿਹਾ। ਦਿੱਲੀ ਦੇ ਇੱਕ ਕੇਬਲ ਅਪ੍ਰੇਟਰ ਨੇ ‘ਪੰਜਾਬੀ ਵਰਲਡ ਚੈਨਲ’ ਵੀ ਸ਼ੁਰੂ ਕੀਤਾ ਸੀ ਜੋ ਬਹੁਤਾ ਸਮਾਂ ਜਿੰਦਾ ਨਾ ਰਹਿ ਸਕਿਆ, ਪਰ ਇਸ ਚੈਨਲ ਨਾਲ ਜੁੜੇ ਰਬਿੰਦਰ ਨਰਾਇਣ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਨੂੰ ਲਾਈਵ ਕਰਨ ਦਾ ਇਕਰਾਰ ਐੱਸ. ਜੀ. ਪੀ. ਸੀ. ਨਾਲ ਕੀਤਾ ਜੋ ਬਾਅਦ ’ਚ ਰਬਿੰਦਰ ਨਰਾਇਣ ਹੀ ਪਹਿਲਾਂ ਈ. ਟੀ. ਸੀ. ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੀ ਕੰਪਨੀ ਦੇ ਚੈਨਲ ‘ਪੀ ਟੀ ਸੀ’ ਨਾਲ ਇਕਰਾਰ ਕਰਨ ’ਚ ਕਾਮਯਾਬ ਰਿਹਾ। ਇਹ ਗੁਰਬਾਣੀ ਹੀ ਸੀ, ਜਿਸ ਸਦਕਾ ‘ਪੀ ਟੀ ਸੀ’ ਨੇ ਖ਼ਬਰਾਂ ਤੋਂ ਇਲਾਵਾ ਕਈ ਹੋਰ ਚੈਨਲ ਵੀ ਸ਼ੁਰੂ ਕਰਨ ’ਚ ਕਾਮਯਾਬੀ ਹਾਸਲ ਕੀਤੀ , ਜੋ ਨਿਰੰਤਰ ਅੱਜ ਤੱਕ ਜਾਰੀ ਹਨ। ਇਸ ਤੋਂ ਪਹਿਲਾਂ ਜਦੋਂ ਜਲੰਧਰ ਦੇ ਇੱਕ ਵਪਾਰੀ ਦੀ ਕੰਪਨੀ ਐੱਸ ਪੀ ਵੀ ਨੇ ਪੰਜਾਬੀ ਦਾ ਪਹਿਲਾ 24 ਘੰਟੇ ਖ਼ਬਰਾਂ ਦੇ ਚੈਨਲ ‘ਪੰਜਾਬ ਟੂਡੇ’ 2002 ਦੀ ਮਾਘੀ ਵਾਲੇ ਦਿਨ ਪੰਜਾਬ ਦੇ ਦਰਸ਼ਕਾਂ ਤੱਕ ਲਿਆਂਦਾ। ਇਹ ਚੈਨਲ ਆਪਣੇ ਪ੍ਰਸਾਰਨ ਦੇ ਕੁੱਝ ਹੀ ਦਿਨਾਂ ਚ ਆਪਣੀ ਪੈਂਠ ਬਣਾ ਲਈ। ਇਸ ਚੈਨਲ ਦੀ ਇੱਕ ਖ਼ਾਸੀਅਤ ਸੀ ਕਿ ਪੰਜਾਬ ਦੇ ਹਰ ਜ਼ਿਲ੍ਹੇ ’ਚ ਚੰਗੀਆਂ ਤਨਖ਼ਾਹਾਂ ਤੇ ਪੱਤਰਕਾਰ ਨਿਯੁਕਤ ਕੀਤੇ, ਜਿਨ੍ਹਾਂ ਨੂੰ ਕੈਮਰਾ ਕਿੱਟ ਅਤੇ ਕੈਮਰਾਮੈਨ ਵੀ ਚੈਨਲ ਵੱਲੋਂ ਹੀ ਮੁਹੱਈਆ ਕਰਵਾਏ ਗਏ ਸਨ। ‘ਪੰਜਾਬ ਟੂਡੇ’ ਨੂੰ ਦੇਖਦੇ ਹੋਏ ‘ਲਿਸ਼ਕਾਰਾ’ ਨੇ ਵੀ ਖ਼ਬਰਾਂ ਦੇ ਬੁਲਿਟਿਨ ਸ਼ੁਰੂ ਕੀਤਾ ਅਤੇ ‘ਅਲਫਾ’ ਨੇ ਵੀ ਖ਼ਬਰਾਂ ਦੇ ਬੁਲਿਟਿਨ ਦੀ ਗਿਣਤੀ ’ਚ ਵਾਧਾ ਕੀਤਾ। ‘ਪੰਜਾਬ ਟੂਡੇ’ ਦੀ ਕਾਮਯਾਬੀ ’ਚ ਸਵਰਨ ਸਿੰਘ ਦਾਨੇਵਾਲੀਆ ਦੇ ਬਹੁਤ ਵੱਡੇ ਯੋਗਦਾਨ ਨੂੰ ਦੇਖਦੇ ਹੋਏ ‘ਜੀ ਚੈਨਲ’ ਵੱਲੋਂ ‘ਅਲਫਾ ਪੰਜਾਬੀ’ ਦੇ ਚੀਫ਼ ਐਡੀਟਰ ਵਜੋਂ ਨਿਯੁਕਤ ਕਰਨ ਦੀ ਪੇਸ਼ਕਸ਼ ਵੀ ਕੀਤੀ, ਪਰ ‘ਪੰਜਾਬ ਟੂਡੇ’ ਦੇ ਮਾਲਕ ਵੱਲੋਂ ‘ਜੀ ਚੈਨਲ’ ਦੇ ਮਾਲਕਾਂ ਤੱਕ ਪਹੁੰਚ ਕਰਕੇ ਇਸ ਨਿਯੁਕਤੀ ਨੂੰ ਰੁਕਵਾ ਦਿੱਤਾ। ਇਹ 2002 ਦਾ ਉਹ ਦੌਰ ਸੀ ਜਦੋਂ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੇ ਪੱਤਰਕਾਰਾਂ ਦੀ ਕਾਫ਼ੀ ਟੌਹਰ ਸੀ ਤੇ ਮਾਲਕਾਂ ਦੀ ਸਿਆਸੀ ਸਫ਼ਾਂ ਚ ਚੰਗੀ ਆਓ ਭਗਤ । ਇਸੇ ਚਮਕ ਦਮਕ ਨੂੰ ਦੇਖਦੇ ਹੋਏ ਕੈਨੇਡਾ ਤੋਂ ਆ ਕੇ ਇੱਕ ਪ੍ਰਵਾਸੀ ਨੇ ਐਨ ਆਰ ਆਈ ਚੈਨਲ ਆਰੰਭ ਕੀਤਾ ਤੇ 25-25 ਹਜ਼ਾਰ ਰੁਪਏ ਲੈ ਕੇ ਪੱਤਰਕਾਰ ਨਿਯੁਕਤ ਕਰਨ ਦੀ ਸੌੜੀ ਰੀਤ ਵੀ ਸ਼ੁਰੂ ਕੀਤੀ, ਜਿਸ ਨੇ ਇਲੈਕਟ੍ਰੋਨਿਕ ਮੀਡੀਆ ’ਚ ਗੰਦਗੀ ਫੈਲਾਉਣ ਦੀ ਸ਼ੁਰੂਆਤ ਕੀਤੀ ਅਤੇ ਬਾਅਦ ’ਚ ‘ਪੰਜਾਬ ਟੂਡੇ’ ਤੋਂ ਲੈ ਕੇ ਕਈ ਸਾਰੇ ਪੰਜਾਬੀ ਚੈਨਲ ਵੀ ਇਸੇ ਗੰਦਗੀ ’ਚ ਲਿੱਬੜ ਗਏ। ਏਨਾ ਦਿਨਾ ’ਚ ਹੀ 1998 ’ਚ ਸ਼ੁਰੂ ਹੋਏ ਡੀ ਡੀ ਪੰਜਾਬੀ ਨੇ ਨਿੱਜੀ ਪ੍ਰੋਡਿਊਸਰਾਂ ਨੂੰ ਸਲਾਟ ਵੇਚਣੇ ਸ਼ੁਰੂ ਕਰ ਦਿੱਤੇ ਅਤੇ ਖ਼ਰੀਦਦਾਰਾਂ ਨੇ ਗੈਰ ਢੰਗ ਦੇ ਨਾਲ ਇਨ੍ਹਾਂ ਸਲਾਟਾਂ ਨੂੰ ਸਰਗਰਮੀਆਂ ਦਾ ਨਾਂ ਦੇ ਕੇ ਪੈਸੇ ਲੈ ਕੇ ਕਵਰੇਜ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਦੂਰਦਰਸ਼ਨ ਨਾਲ ਜੁੜੇ ਅਫ਼ਸਰਾਂ ਨੇ ਵੀ ਚੰਗੀ ਮਲਾਈ ਛਕੀ। 2007 ’ਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਛੋਟੇ ਕੇਬਲ ਆਪ੍ਰੇਟਰਾਂ ਦੇ ਕੰਮਕਾਜ ’ਤੇ ਕਬਜ਼ਾ ਕਰਕੇ ਪੰਜਾਬ ਪੱਧਰ ਦੀ ਇੱਕ ਕੇਬਲ ਕੰਪਨੀ ਹੋਂਦ ’ਚ ਆਈ , ਜਿਸ ਨੇ ਪੰਜਾਬੀ ਚੈਨਲਾਂ ਦਾ (ਬਿਨਾਂ ਪੀ ਟੀ ਸੀ ਤੋਂ) ਸੰਘ ਘੁੱਟਣਾ ਸ਼ੁਰੂ ਕਰ ਦਿੱਤਾ। ਭਾਵੇਂ ਉਹ ਚਿੱਟ ਫ਼ੰਡ ਕੰਪਨੀਆਂ ਦੇ ‘ਪੀ7 ਪੰਜਾਬੀ’ ਜਾਂ ‘ਸੀ ਐਨ ਈ ਬੀ’ ਹੋਣ ਜਾਂ ਫਿਰ ‘ਏ ਬੀ ਪੀ’ ਦਾ ਪੰਜਾਬੀ ਚੈਨਲ ਹੋਵੇ ਨੂੰ ਖੜ੍ਹਾ ਹੀ ਨਹੀਂ ਹੋਣ ਦਿੱਤਾ। 2012 ਦੀਆਂ ਚੋਣਾ ਤੋਂ ਕੁੱਝ ਸਮਾਂ ਪਹਿਲਾਂ ਚੰਡੀਗੜ੍ਹ /ਅੰਮ੍ਰਿਤਸਰ ਦੇ ਮਸ਼ਹੂਰ ਕਾਰੋਬਾਰੀ ਕੰਧਾਰੀ ਪਰਿਵਾਰ ਨੇ ਪੰਜਾਬ ਦੇ ਪੱਤਰਕਾਰ ਕੰਵਰ ਸੰਧੂ ਦੀ ਅਗਵਾਈ ’ਚ ‘ਡੇ ਐਂਡ ਨਾਈਟ’ ਚੈਨਲ ਵੀ ਸ਼ੁਰੂ ਕੀਤਾ, ਪਰ ਕੇਬਲ ਨੈੱਟਵਰਕ ਤੇ ਇਸ ਚੈਨਲ ਨੂੰ ਪ੍ਰਸਾਰਨ ਨਹੀਂ ਦਿੱਤਾ ਹੋਣ ਜਾਣ ਕਰਕੇ ਇਹ ਚੈਨਲ ਵੀ 2013 ’ਚ ਦਮ ਤੋੜ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਟੂਡੇ ਸ਼ੁਰੂ ਵਿਚ ਪਾਏ ਸਿਆਸੀ ਗੰਦ ਕਰਕੇ ਉਸ ਨੂੰ ਅਕਾਲੀ ਸਰਕਾਰ ਨੇ ਅੱਗੇ ਵੱਡੇ ਪੱਧਰ ਤੇ ਗੰਦਗੀ ਫੈਲਾਉਣ ਵਿਚ ਬੜਾ ਰੋਲ ਨਿਭਾਇਆ। ਫਾਸਟ ਵੇ ਨੈੱਟਵਰਕ ਦੇ ਜ਼ਰੀਏ ਪੂਰੇ ਮੀਡੀਆ ਤੇ ਆਪਣਾ ਕਬਜ਼ਾ ਜਮਾਇਆ। ਪੀਬੀਸੀ, ਪੀਬੀਐਨ ਤੋਂ ਲੈ ਕੇ ਹੋਰ ਬਹੁਤ ਸਾਰੇ ਚੈਨਲ ਸਿਆਸੀ ਤੁਅੱਸਵਬਾਜੀ ਵਿਚ ਖ਼ਤਮ ਕਰ ਦਿੱਤੇ ਗਏ। ਨਿਊਜ਼ ਵਿਚ ਵਿਭਿੰਨਤਾ ਖ਼ਤਮ ਕਰ ਦਿੱਤੀ। ਜੇਕਰ ਅਕਾਲੀ ਸਰਕਾਰ ਦੇ ਵਿਰੁੱਧ ਕੋਈ ਥੋੜ੍ਹੀ ਜਿਹੀ ਵੀ ਖ਼ਬਰ ਚਲਾ ਦਿੰਦਾ ਸੀ ਤਾਂ ਉਸ ਨੂੰ ਨੈੱਟਵਰਕ ਤੋਂ ਹਟਾ ਦਿੱਤਾ ਜਾਂਦਾ। ਖ਼ਬਰਾਂ ਦੀ ਹੁੰਦੀ ਭਰੂਣ ਹੱਤਿਆ ਦਾ ਕਹਿਰ ਅੱਜ ਵੀ ਜਾਰੀ ਹੈ, ਜਿਸ ਨੂੰ ਭਾਰਤ ਪੱਧਰ ਤੇ ਰਵੀਸ਼ ਕੁਮਾਰ ਨੇ ‘ਗੋਦੀ ਮੀਡੀਆ’ ਦੀ ਟਰਮ ਨਾਲ ਪ੍ਰਚਾਰਿਆ। ਪਰ ਮੈਂ ਇਸ ਨੂੰ ‘ਹਮ ਬਿਸਤਰ ਮੀਡੀਆ’ ਕਹਿੰਦਾ ਹਾਂ। ਕਿਉਂਕਿ ਅੱਜ ਬਿਊਰੋਕਰੇਟਸ, ਸੱਤਾਧਾਰੀ ਤੇ ਮੀਡੀਆ ਵਾਲੇ ਇਕ ਬਿਸਤਰੇ ਵਿਚ ਬੈਠ ਕੇ ਸਲਾਹਾਂ ਕਰਦੇ ਹਨ ਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦਾ ਕੰਮ ਕਰਦੇ ਹਨ। -ਪਰਿਵਾਰ-
ਸਵਰਨ ਸਿੰਘ ਦਾਨੇਵਾਲੀਆ ਦੇ ਪਰਿਵਾਰ ਵਿਚ ਉਸ ਦੇ ਮਾਤਾ ਪਿਤਾ, ਧਰਮਪਤਨੀ ਕਰਮਪਾਲ ਕੌਰ ਅੰਗਰੇਜ਼ੀ ਦੀ ਪ੍ਰੋਫੈਸਰ ਹੈ ਤੇ ਇਕ ਬੇਟੀ ਹੈ ਆਸ਼ਮਨ ਕੌਰ।
ਸਵਰਨ ਸਿੰਘ ਦਾਨੇਵਾਲੀਆ ਵਰਗਾ ਵਿਆਕਤੀ , ਕਈ ਸਾਰੀਆਂ ਕਮੀਆਂ ਹੋਣਗੀਆਂ, ਕਮੀਆਂ ਹਰ ਇਕ ਇਨਸਾਨ ਵਿਚ ਹੁੰਦੀਆਂ ਹਨ, ਕੰਮ ਕਰਨਾ ਹੈ ਤਾਂ ਗਲਤੀਆਂ ਵੀ ਹੋਣਗੀਆਂ। ਪਰ ਮੈਂ ਇਥੇ ਕਮੀਆਂ ਦੀ ਬਜਾਇ ਪੱਤਰਕਾਰਤਾ ਦੇ ਇਤਿਹਾਸ ਨੂੰ ਉਜਾਗਰ ਕਰ ਰਿਹਾ ਹਾਂ। ਮੈਂ ਆਸ ਕਰਦਾ ਹਾਂ ਕਿ ਇਹ ਇਤਿਹਾਸ ਜਿਉਂਦਾ ਰਹੇਗਾ। ਸਵਰਨ ਸਿੰਘ ਦਾਨੇਵਾਲੀਆ ਵਰਗੇ ਪੱਤਰਕਾਰ ਵੀ ਜਿੰਦਾ ਰਹਿਣਗੇ।
ਗੁਰਨਾਮ ਸਿੰਘ ਅਕੀਦਾ 8146001100

Saturday, December 17, 2022

ਆਸਟ੍ਰੇਲੀਆ ਵਰਗੇ ਮੁਲਕ ਵਿਚ ਪੰਜਾਬੀ ਪੱਤਰਕਾਰੀ ਦੀ ਧਾਕ ਜਮਾਉਣ ਵਾਲਾ ਪੱਤਰਕਾਰ ‘ਮਿੰਟੂ ਬਰਾੜ’

ਹਰਿਆਣਾ ਦੇ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਕੰਗਾਰੂਨਾਮਾ ਤੱਕ ਦਾ ਸਫ਼ਰ ਤਹਿ ਕੀਤਾ ‘ਗੁਰਸ਼ਮਿੰਦਰ ਨੇ’
ਕਕਿਸ ਵਿਅਕਤੀ ਤੋਂ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਸਿਰਜਣਾ ਹੋਣੀ ਹੈ, ਕਈ ਵਾਰੀ ‘ਸ਼ਬਦ ਗੁਰੂ’ ਵਿਅਕਤੀ ਨੂੰ ਆਪ ਚੁਣਦਾ ਹੈ, ਡਿੱਗਰੀਆਂ ਕਰਨ ਵਾਲੇ ਬੜੇ ਹੈਰਾਨ ਹੋਣਗੇ ਕਿ ਨਾ ਤਾਂ ਉਸ ਦੀ ਕੋਈ ਲੇਖਕ ਜਾਂ ਪੱਤਰਕਾਰ ਦੀ ਵਿਰਾਸਤ ਹੁੰਦੀ ਹੈ ਨਾ ਹੀ ਕੋਈ ਆਂਢ ਗੁਆਂਢ ਵਿਚ ਕੋਈ ਲੇਖਕ ਜਾਂ ਪੱਤਰਕਾਰ ਹੁੰਦਾ ਹੈ ਨਾ ਹੀ ਉਸ ਨੇ ਕੋਈ ਲਿਖਣ ਕਲਾ ਦੀ ਡਿੱਗਰੀ ਹੀ ਹਾਸਲ ਕੀਤੀ ਹੁੰਦੀ ਹੈ। ਪਰ ਫਿਰ ਵੀ ਉਹ ਲਿਖਣ ਕਲਾ ਵਿਚ ਕਾਫ਼ੀ ਅੱਛਾ ਤੇ ਪਾਏਦਾਰ ਕੰਮ ਕਰ ਜਾਂਦਾ ਹੈ। ਯੂਨੀਵਰਸਿਟੀ ਦੀਆਂ ਡਿੱਗਰੀਆਂ ਚੁੱਕੀ ਫਿਰਦੇ ਲੋਕ ਆਮ ਤੌਰ ਤੇ ਕਾਫ਼ੀ ਪਿੱਛੇ ਰਹਿ ਜਾਂਦੇ ਹਨ। ਉਦੋਂ ਉਸ ਨੂੰ ਸ਼ਬਦ ਗੁਰੂ ਦਾ ਚਮਤਕਾਰ ਹੀ ਕਿਹਾ ਜਾਵੇਗਾ ਜਦੋਂ ਕੋਈ ਹਰਿਆਣਾ ਦੇ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਆਸਟ੍ਰੇਲੀਆ ਵਰਗੇ ਮੁਲਕ ਵਿਚ ਪੱਤਰਕਾਰੀ ਦੇ ਝੰਡੇ ਗੱਡ ਦੇਵੇ, ਅੱਜ ਗੱਲ ਕਰਾਂਗੇ ਆਪਾਂ ਬਹੁਪੱਖੀ ਸ਼ਖ਼ਸੀਅਤ ਅਤੇ ਮਜਬੂਰਨ ਬਣੇ ਪੱਤਰਕਾਰ ‘ਮਿੰਟੂ ਬਰਾੜ’ ਦੀ।  ਮੁੱਢ ਤੇ ਪੜਾਈ-
ਹਰਿਆਣਾ ਤੇ ਪੰਜਾਬ ਇਕੱਠੇ ਹੀ ਹੁੰਦੇ ਸਨ। ਪਰ ਸਿਆਸਤ ਦੀ ਹਵਾ ਚੱਲੀ ਤਾਂ ਪੰਜਾਬ ਦੇ ਤਿੰਨ ਟੁਕੜੇ ਹੋ ਗਏ। ਪਰ ਹਰਿਆਣਾ ਵਿਚ ਰਹਿ ਗਏ ਪੰਜਾਬੀਆਂ ਨੇ ਆਪਣਾ ਕਲਚਰ ਆਪਣੀ ਪੰਜਾਬੀਅਤ ਨਹੀਂ ਛੱਡੀ। 1969 ਦੀ ਗੱਲ ਹੈ ਜਦੋਂ ਸਿਰਸਾ ਜ਼ਿਲ੍ਹੇ ਦੇ ਪਿੰਡ ਦੇਸੁਮਲਕਾਣਾ ਵਿਚ ਗੁਰਸ਼ਮਿੰਦਰ ਸਿੰਘ ਬਰਾੜ ਨੇ ਆਪਣੇ ਪਿਤਾ ਸ.ਰਘਵੀਰ ਸਿੰਘ ਬਰਾੜ ਤੇ ਮਾਤਾ ਇੰਦਰਜੀਤ ਕੌਰ ਦੇ ਘਰ ਜਨਮ ਲਿਆ। ਸਾਂਵਲੇ ਰੰਗ ਦੇ ਗੁਰਸ਼ਮਿੰਦਰ ਸਿੰਘ ਬਰਾੜ ਨੇ ਆਪਣੇ ਛੋਟੇ ਨਾਮ ‘ਮਿੰਟੂ ਬਰਾੜ’ ਨਾਲ ਦੁਨੀਆ ਭੇੜ ਚ ਆਪਣੀ ਪਛਾਣ ਬਣਾਈ। ਦਾਦਾ ਸੁਰਜੀਤ ਸਿੰਘ ਸਾਂਝੇ ਪੰਜਾਬ ਦੇ ਪਹਿਲੇ ਬਾਗ਼ਬਾਨ ਵਜੋਂ ਸਰਕਾਰੀ ਕਾਗ਼ਜ਼ਾਂ ਵਿਚ ਦਰਜ ਹਨ। ਅੰਗੂਰਾਂ, ਸੰਗਤਰਿਆਂ ਦੀ ਖੇਤੀ ਕਰਦੇ ਸਨ। ਤੇਜ਼ ਤਰਾਰ ਜਵਾਕ ਸੀ ਮਿੰਟੂ ਤਾਂ ਕਰਕੇ ਘਰ ਦਿਆਂ ਨੇ ਸਾਡੇ ਤਿੰਨ ਸਾਲ ਦੀ ਉਮਰ ਵਿਚ ਹੀ ਪੜ੍ਹਨ ਲਾ ਦਿੱਤਾ ਸੀ।
ਮੁੱਢਲੀ ਪੜਾਈ ਮਿੰਟੂ ਬਰਾੜ ਨੇ ਪਿੰਡ ਦੇਸੁਮਲਕਾਣਾ ਵਿਚੋਂ ਹੀ ਕੀਤੀ। ਪਰਿਵਾਰ ਪਿੰਡ ਛੱਡ ਕੇ ਨਾਲ ਲਗਦੀ ਕਾਲਾਂਵਾਲੀ ਮੰਡੀ ਵਿਚ ਰਹਿਣ ਲੱਗ ਪਿਆ ਸੀ। ਮਸਾਂ ਸਾਢੇ ਤੇਰਾਂ ਸਾਲ ਦੀ ਉਮਰ ਸੀ ਜਦੋਂ ਮਿੰਟੂ ਨੇ ਕਾਲਜ ਵਿਚ ਦਾਖਲਾ ਲੈ ਲਿਆ ਸੀ। ਘਰਦਿਆਂ ਦੀ ਖੁੱਲ ਸੀ ਕਿ ਗ਼ੈਰਕਨੂੰਨੀ ਤੌਰ ਤੇ ਹੀ ਸਹੀ ਪਰ ਸਾਢੇ ਅੱਠ ਸਾਲ ਦੀ ਉਮਰ ਵਿਚ ਹੀ ਟਰੈਕਟਰ ਚਲਾਉਣ ਲੱਗ ਪਿਆ ਸੀ। ਹਰਿਆਣਾ ਵਿਚ ਰਹਿ ਗਏ ਪੰਜਾਬੀਆਂ ਦਾ ਦੁਖਾਂਤ ਸੀ ਕਿ ਉਨ੍ਹਾਂ ਦੇ ਘਰ ਦੀ ਬੋਲੀ ਪੰਜਾਬੀ ਸੀ, ਪੜਾਈ ਦਾ ਮੀਡੀਆ ਹਿੰਦੀ ਸੀ, ਮਿੰਟੂ ਬਰਾੜ ਨੇ ਹਿੰਦੀ ਮੀਡੀਅਮ ਤੋਂ ਬਾਅਦ ਮੰਡੀ ਵਿਚ ਪਬਲਿਕ ਸਕੂਲ ਵਿਚ ਦਾਖਲਾ ਲਿਆ ਤਾਂ ਮੀਡੀਅਮ ਅੰਗਰੇਜ਼ੀ ਬਣ ਗਿਆ। ਸੱਤਵੀਂ ਜਮਾਤ ਤੋਂ ਚੋਣਵਾਂ ਵਿਸ਼ਾ ਪੰਜਾਬੀ ਲਾਗੂ ਹੁੰਦੀ ਸੀ। ਪਰ ਮਿੰਟੂ ਬਰਾੜ ਨੇ ਪੰਜਾਬੀ ਨੂੰ ਚੰਗੀ ਤਰ੍ਹਾਂ ਪੜ੍ਹਨ ਲਈ ਬਠਿੰਡਾ ਵਿਚ ਦਾਖਲਾ ਲੈ ਲਿਆ। ਉੱਧਰ ਖਾੜਕੂਵਾਦ ਦਾ ਜ਼ੋਰ ਸੀ, 1983-84 ਦੇ ਸਮਿਆਂ ਵਿਚ ਵਿਦਿਆਰਥੀਆਂ ਨਾਲ ਲੱਗ ਕੇ ਬੱਸਾਂ ਭੰਨਣ ਲੱਗ ਪਏ, ਤਾਂ ਬਹੁਤ ਤੇਜ਼ ਤਰਾਰ ਵਿਦਿਆਰਥੀ ਪੜਾਈ ਵਿਚ ਫਾਡੀ ਰਹਿਣ ਲੱਗ ਪਿਆ। ਨਾਲ ਰਹਿੰਦਾ ਇਕ ਮਿੱਤਰ ਜੋਤਸ਼ੀ ਵਾਂਗ ਹੱਥ ਦੇਖਦਾ ਤੇ ਲੋਕਾਂ ਦੇ ਭਵਿੱਖ ਦੱਸਦਾ, ਉਹ ਚੰਗੇ ਚੋਖੇ ਰੁਪਏ ਕਮਾ ਲੈਂਦਾ ਸੀ। ਮਿੰਟੂ ਸਦਾ ਉਸ ਨਾਲ ਬਹਿਸ ਕਰਦਾ ਤੇ ਅਖੀਰ ਸੱਚ ਜਾਣਨ ਲਈ ਮਿੰਟੂ ਬਰਾੜ ਨੇ ਜੈਪੁਰ ਵਿਚ ਜੋਤਸ਼ੀ ਦੀ ਪੜਾਈ 'ਚ ਦਾਖਲਾ ਲੈ ਲਿਆ। ਜੋਤਸ਼ ਵਿੱਦਿਆ ਦੀ ਪੜਾਈ ਪੂਰੀ ਕੀਤੀ, ਤੇ ਮਿੰਟੂ ਬਰਾੜ ਇਕ ਪੜ੍ਹਿਆ ਲਿਖਿਆ ਪੰਡਤ ਬਣ ਗਿਆ ਸੀ। ਪਰ ਉਸ ਨੇ ਜੋਤਸ਼ ਨੂੰ ਆਪਣਾ ਕਿੱਤਾ ਨਹੀਂ ਬਣਾਇਆ ਅਤੇ ਨਾ ਖ਼ੁਦ ਇਸ ਦੇ ਮਗਰ ਲੱਗ ਕੇ ਕਿਸੇ ਵਹਿਮ ਦਾ ਸ਼ਿਕਾਰ ਹੋਇਆ। ਉਸ ਤੋਂ ਬਾਅਦ ਬਠਿੰਡਾ ਵਿਚ ਆਪਣੇ ਭਣਵਈਏ ਨਾਲ ਗੈਸ ਏਜੰਸੀ ਸੀ ਸਾਂਭਣੀ ਸ਼ੁਰੂ ਕਰ ਦਿੱਤੀ। ਲਿਖਣ ਦਾ ਕੰਮ ਤਾਂ ਉਹ 1987 ਚ ਮਿੰਨੀ ਕਹਾਣੀ ‘ਫ਼ਰਕ’ ਲਿਖ ਕੇ ਸ਼ੁਰੂ ਕਰ ਚੁੱਕਿਆ ਸੀ। ਜਿਸ ਨੂੰ ਭੁਪਿੰਦਰ ਸਿੰਘ ਪੰਨੀਵਾਲੀਆ ਨੇ ਆਪਣੇ ਸਪਤਾਹਿਕ ਅਖ਼ਬਾਰ ‘ਮੁੱਖਪਾਲ’ ਵਿਚ ਛਪਿਆ ਸੀ।
-ਬਚਪਨ ਤੋਂ ਜਵਾਨੀ ਤੱਕ ਦੀਆਂ ਖੇਡਾਂ ਤੇ ਵਿਆਹ-
ਸਾਂਵਲੇ ਰੰਗ ਦੇ ਨੌਜਵਾਨ ਮਿੰਟੂ ਬਰਾੜ ਬਾਰੇ ਪਹਿਲਾਂ ਲਿਖ ਚੁੱਕੇ ਹਾਂ ਕਿ ਉਹ ਬੜਾ ਹੀ ਤੇਜ਼ ਤਰਾਰ ਜਵਾਕ ਸੀ। ਘਰਦਿਆਂ ਦਾ ’ਕੱਲਾ-’ਕੱਲਾ ਮੁੰਡਾ ਸੀ, ਘਰਦਿਆਂ ਦੀ ਖੁੱਲ੍ਹੀ ਛੁੱਟੀ ਸੀ ਤੇ ਘਰ ਦੇ ਉਸ ਨੂੰ ਖੇਤਾਂ ਵਿਚ ਬਲਦ ਵਾਂਗ ਜੋਤ ਦੇ ਸਨ। ਜਮਾਂ ਤਰਸ ਨਹੀਂ ਕਰਦੇ ਸੀ। ਕੱਚੇ ਰਸਤੇ ਤੇ ਹਰੇ ਚਾਰੇ ਦੀ ਪੰਡ ਸਾਈਕਲ 'ਤੇ ਲੈ ਕੇ ਆਉਣਾ, ਟਰੈਕਟਰ ਚਲਾਉਣਾ ਆਦਿ ਆਦਿ ਖੇਤਾਂ ਵਿਚ ਹਰ ਤਰ੍ਹਾਂ ਦਾ ਕੰਮ ਕਰਦਾ ਸੀ। ਛੋਟੀ ਉਮਰੇ ਦਿਲੀ ਵੀ ਜਾ ਆਉਂਦਾ ਸੀ। ਫੁੱਟਬਾਲ ਦਾ ਖਿਡਾਰੀ ਵੀ ਬਣ ਗਿਆ  ਸੀ। ਮੇਲਿਆਂ ਵਿਚ ਫੁੱਟਬਾਲ ਵੀ ਖੇਡਦਾ ਤੇ ਮੂੰਹ ਨਾਲ ਟਰੱਕ ਵੀ ਖਿੱਚ ਲੈਂਦਾ ਸੀ। 22 ਸਾਲ ਦੀ ਉਮਰ ਵਿਚ 1991 ਵਿਚ ਖੁਸ਼ਵੰਤਪਾਲ ਕੌਰ ਨਾਲ ਵਿਆਹ ਹੋ ਗਿਆ। 
-ਸਮਾਜ ਸੇਵਾ ਵਿਚ ਕੰਮ-
1996 ਵਿਚ ਦੋਸਤਾਂ, ਜਿਨ੍ਹਾਂ ਵਿਚ ਬਹਾਦਰ ਸਿੰਘ, ਜੰਟਾ ਸਿੰਘ, ਪਟਵਾਰੀ ਸ਼ਾਮਲ ਸਨ ਨਾਲ ਮਿਲ ਕੇ ਕਾਲਾਂਵਾਲੀ ਵਿਚ ਸਹਾਰਾ ਕਲੱਬ ਸ਼ੁਰੂ ਕੀਤਾ। ਸੜਕ ਦੁਰਘਟਨਾਵਾਂ ਹੁੰਦੀਆਂ ਸਨ, ਜ਼ਖ਼ਮੀਆਂ ਨੂੰ ਚੁੱਕਣ ਲਈ ਕੋਈ ਤਿਆਰ ਨਹੀਂ ਹੁੰਦਾ ਸੀ ਤਾਂ ਮਿੰਟੂ ਬਰਾੜ ਦੇ ਸਹਾਰਾ ਕਲੱਬ ਨੇ ਇਹ ਕੰਮ ਸ਼ੁਰੂ ਕੀਤਾ, ਬੇਸ਼ੱਕ ਕਈ ਦੁਸ਼ਵਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ। ਪੁਲੀਸ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਂਦੇ ਸਨ ਪਰ ਇਹ ਸੇਵਾ ਨਿਰੰਤਰ ਜਾਰੀ ਰੱਖੀ ਤੇ ਅੱਜ ਵੀ ਜਾਰੀ ਹੈ, ਪੰਜ ਵੈਨਾਂ ਇਹ ਕਾਰਜ ਅੱਜ ਵੀ ਕਰ ਰਹੀਆਂ ਹਨ। ਆਸਟ੍ਰੇਲੀਆ ਦੇ ਪੰਜਾਬੀਆਂ ਦੀ ਮਦਦ ਨਾਲ 30 ਹਜ਼ਾਰ ਡਾਲਰ ਦੀ ਇਕ ਐਂਬੂਲੈਂਸ ਹਾਲ ਹੀ ਵਿੱਚ ਸਹਾਰਾ ਸਰਬੱਤ ਸੇਵਾ ਨੂੰ ਦਿੱਤੀ ਹੈ। ਸਮਾਜ ਸੇਵਾ ਦਾ ਕੀੜਾ ਅਸਟ੍ਰੇਲੀਆ ਵਿਚ ਵੀ ਚੁੱਪ ਨਹੀਂ ਹੋਇਆ। ਆਸਟ੍ਰੇਲੀਆ ਵਿਚ ਆਉਣ ਵਾਲੇ ਨਵੇਂ ਮੁੰਡੇ ਕੁੜੀਆਂ (ਸਟੂਡੈਂਟਸ) ਦੀ ਮਦਦ ਕਰਨ ਲਈ ਇਕ ਮਿਸ ਕਾਲ ਸਿਸਟਮ ਸ਼ੁਰੂ ਕੀਤਾ। ਉਸ ਵੇਲੇ ਕਾਲ ਬੜੀ ਮਹਿੰਗੀ ਪੈਂਦੀ ਸੀ। ਪਰ ਮਿੰਟੂ ਬਰਾੜ ਨੇ 60 ਡਾਲਰ ਮਹੀਨਾ ਤੇ ਫ਼ੋਨ ਲਿਆ ਜਿਸ ਵਿਚ ਪੂਰਾ ਮਹੀਨਾ ਕਾਲਾਂ ਮੁਫ਼ਤ ਸਨ, ਕੋਈ ਵੀ ਮਿਸ ਕਾਲ ਕਰੇ ਤੇ ਮਿੰਟੂ ਬਰਾੜ ਉਨ੍ਹਾਂ ਦੀ ਮਦਦ ਕਰਨ ਲਈ ਬਹੁੜ ਜਾਂਦਾ ਸੀ। ਇਹ ‘ਵਨ ਮੈਨ ਆਰਮੀ’ ਵਾਲਾ ਕੰਮ ਸੀ। ਜਿਸ ਤਹਿਤ ਹੁਣ ਤੱਕ ਉਹ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕਿਆ। -ਆਸਟ੍ਰੇਲੀਆ ਵਿਚ ਜਾਣਾ-
2007 ਦੌਰਾਨ ਹੀ ਆਸਟ੍ਰੇਲੀਆ ਵਿਚ ਜਾਣ ਲਈ ਰਸਤੇ ਦਾ ਪਤਾ ਲੱਗਾ। ਆਈਲਟਸ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਰਹੇ ਸੰਦੀਪ ਸੰਧੂ ਉਸ ਵੇਲੇ ਮਾਈਗਰੇਸ਼ਨ ਏਜੰਟ ਸੀ ਤਾਂ ਉਸ ਨੇ ਫਾਈਲ ਲਗਾਈ ਤੇ ਸਿੱਧੀ ਹੀ ਪੀਆਰ ਲੱਗ ਗਈ। ਆਸਟ੍ਰੇਲੀਆ ਦੇ ‘ਐਡੀਲੇਡ’ ਸ਼ਹਿਰ ਵਿਚ ਪਰਿਵਾਰ ਸਮੇਤ ਚੱਲੇ ਗਏ। ਮਿੰਟੂ ਦੇ ਸਾਂਢੂ ਸਾਹਿਬ ਨਿਰਮਲ ਸਿੰਘ ਗਿੱਲ (ਅੱਜ ਕੱਲ੍ਹ ਨਹੀਂ ਰਹੇ) ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਵਿਚ ਤਕਰੀਬਨ ਤੀਹ ਸਾਲ ਤੋਂ ਰਹਿ ਰਹੇ ਸਨ। ਇਨ੍ਹਾਂ ਨੇ ਮਿੰਟੂ ਬਰਾੜ ਦੀ ਬਹੁਤ ਮਦਦ ਕੀਤੀ। ਤੇਜ਼ ਤਰਾਰ ਦਿਮਾਗ਼ ਦਾ ਲਾਭ ਇੱਥੇ ਵੀ ਮਿਲਿਆ। ਆਪਣੇ ਨਿੱਤ ਦੇ ਕੰਮ ਕਰਨ ਦੇ ਨਾਲ ਨਾਲ ਇੱਥੇ ਪੰਜਾਬੀ ਲਈ ਕੰਮ ਕਰਨ ਦਾ ਮਨ ਵੀ ਨਾਲ ਹੀ ਉੱਸਲਵੱਟੇ ਲੈਂਦਾ ਸੀ। ਇੱਥੇ ਘਰਾਂ ਵਿਚ ਪੰਜਾਬੀ ਚੈਨਲ ਦੇਖਣ ਲਈ ਲੋਕਾਂ ਵਿਚ ਜਾਗਰੂਕਤਾ ਘੱਟਦੀ ਜਾ ਰਹੀ ਸੀ। 2000 ਡਾਲਰ ਦੀ ਡਿਸ਼ ਲੱਗਦੀ ਸੀ ਪੰਜਾਬੀ ਏਨੇ ਰੁਪਏ ਲਾਉਣ ਲਈ ਤਿਆਰ ਨਹੀਂ ਸਨ ਤਾਂ ਮਿੰਟੂ ਨੇ ਖੋਜ ਕੀਤੀ ਤੇ ਸਿਡਨੀ ਤੋਂ 650 ਡਾਲਰ ਦੀ ਡਿਸ਼ ਮਿਲ ਗਈ ਤੇ ਰਿਵਰਲੈਂਡ ਵਿਚ ਪੰਜਾਬੀਆਂ ਨਾਲ ਸੰਪਰਕ ਕੀਤਾ ਤੇ ਸ਼ਨੀਵਾਰ ਤੇ ਐਤਵਾਰ ਨੂੰ ਡਿਸ਼ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਡਿਸ਼ ਲਾਉਣਾ ਬੜਾ ਜੋਖ਼ਮ ਭਰਿਆ ਕੰਮ ਸੀ, ਕਿਉਂਕਿ ਸਿਗਨਲ ਬੜੀ ਮਿਹਨਤ ਨਾਲ ਤਕਨੀਕੀ ਮੁਹਾਰਤ ਨਾਲ ਹੀ ਮਿਲਦੇ ਸਨ। ਪਰ ਮਿੰਟੂ ਨੇ ਡਿਸ਼ ਲਾਉਣ ਦਾ ਕੰਮ ਮੁਫ਼ਤ ਸ਼ੁਰੂ ਕੀਤਾ ਤੇ 650 ਡਾਲਰ ਦੀ ਡਿਸ਼ ਸਮਾਜ ਸੇਵਾ ਵਜੋਂ 650 ਡਾਲਰ ਦੀ ਹੀ ਲਾਉਣੀ ਸ਼ੁਰੂ ਕੀਤੀ ਤੇ ਲੋਕਾਂ ਵਿਚ ਕਾਫ਼ੀ ਜਾਣ ਪਹਿਚਾਣ ਬਣ ਗਈ। ਬਥੇਰਾ ਲੋਕਾਂ ਨੇ ਕਿਹਾ ਰੁਪਏ ਲੈ ਲਿਆ ਕਰੋ ਪਰ ਮਿੰਟੂ ਨੇ ਦੋਸਤੀ ਖੱਟੀ ਤੇ ਕੰਮ ਜਾਰੀ ਰੱਖਿਆ। 
-ਪੱਤਰਕਾਰੀ ਵਿਚ ਸਰਗਰਮੀ-
ਮਿੰਟੂ ਬਰਾੜ ਨੂੰ ਆਸਟ੍ਰੇਲੀਆ ਵਿਚ ਕੋਈ ਪੰਜਾਬੀ ਅਖ਼ਬਾਰ ਨਿਕਲਦਾ ਨਜ਼ਰ ਨਹੀਂ ਆਇਆ। ਥੋੜ੍ਹੀ ਖੋਜ ਕੀਤੀ ਤਾਂ ਪਤਾ ਲੱਗਾ ਕਿ ਮੈਲਬਰਨ ਤੋਂ ਇਕ ‘ਇੰਡੋ ਟਾਈਮਜ਼’ ਨਾਮ ਦਾ ਅਖਬਾਰ ਪ੍ਰਕਾਸ਼ਿਤ ਹੁੰਦਾ ਸੀ। ਆਸਟ੍ਰੇਲੀਆ ਵਿਚ ਪੰਜਾਬੀ ਅਖ਼ਬਾਰ ਮੁਫ਼ਤ ਹੀ ਵੰਡੇ ਜਾਂਦੇ ਸਨ ਪਰ ਜੇਕਰ ਦੂਰ ਭੇਜਣਾ ਹੁੰਦਾ ਹੈ ਤਾਂ ਡਾਕ ਖਰਚਾ ਕਾਫ਼ੀ ਪੈ ਜਾਂਦਾ ਹੈ, ਮਿੰਟੂ ਬਰਾੜ ਨੇ ਇੰਡੋ ਟਾਈਮਜ਼ ਨਾਲ ਸੰਪਰਕ ਕੀਤਾ ਤੇ ਉਸ ਨੇ ਡਾਕ ਖਰਚਾ ਮੰਗਿਆ ਤਾਂ ਮਿੰਟੂ ਨੇ ਡਾਕ ਖਰਚਾ ਦੇਣਾ ਸਵੀਕਾਰ ਕੀਤਾ, ਇਸੇ ਤਰ੍ਹਾਂ ਸਿਡਨੀ ਤੋਂ ‘ਪੰਜਾਬ ਟਾਈਮਜ਼’ ਨਿਕਲਦਾ ਸੀ, ਉਹ ਵੀ ਡਾਕ ਖਰਚਾ ਮੰਗਣ ਲੱਗ ਪਏ। ਮਨਜੀਤ ਬੋਪਾਰਾਏ ਨੇ 2008 ਵਿਚ ‘ਦਾ ਪੰਜਾਬ’ ਅਖ਼ਬਾਰ ਪ੍ਰਕਾਸ਼ਿਤ ਕੀਤਾ। ਮਨਜੀਤ ਬੋਪਾਰਾਏ ਨੇ ਮਿੰਟੂ ਬਰਾੜ ‘ਦਾ ਪੰਜਾਬ’ ਅਖ਼ਬਾਰ ਦੇ ‘ਸਬ ਐਡੀਟਰ’ ਵਜੋਂ ਨਿਯੁਕਤ ਕੀਤੇ, ਇਸ ਅਖਬਾਰ ਮਿੰਟੂ ਬਰਾੜ ਦੀ ਪੱਤਰਕਾਰ ਵਜੋਂ ਨਰਸਰੀ ਦਾ ਕੰਮ ਕੀਤਾ । ਮਿੰਟੂ ਕਹਿੰਦਾ ਹੈ ‘ਮੈਨੂੰ ਪੱਤਰਕਾਰੀ ਦਾ ਇੱਲ ਤੇ ਕੁੱਕੜ ਨਹੀਂ ਆਉਂਦਾ ਸੀ ਪਰ ਮੈਂ ਉਸ ਅਖ਼ਬਾਰ ਵਿਚ ਬਤੌਰ ਸਬ ਐਡੀਟਰ ਕੰਮ ਕੀਤਾ ਤੇ ਅਖ਼ਬਾਰ ਦਾ ਹਰ ਪੱਖ ਸ਼ਲਾਘਾਯੋਗ ਬਣਾਇਆ’। ਤਿੰਨ ਸਾਲ ਦੇ ਕਰੀਬ ਇਸ ਅਖ਼ਬਾਰ ਦੀ ਮਦਦ ਕੀਤੀ। ‘ਦਾ ਪੰਜਾਬ’ ਅਖਬਾਰ ਦੇ ਸਬ ਐਡੀਟਰ ਬਲਜੀਤ ਖੇਲਾ ਸਨ ਤੇ ਉਸ ਵਿਚ ਅਮਰਜੀਤ ਖੇਲਾ ਲਿਖਦੇ ਰਹੇ। ਇਹ ਅਖਬਾਰ ਬਰਨਾਲਾ ਤੋਂ ਤਰਕਭਾਰਤੀ ਪ੍ਰਕਾਸ਼ਨ ਦੇ ਮੁੱਖੀ ਅਮਿੱਤ ਮਿੱਤਰ ਤਿਆਰ ਕਰਕੇ ਭੇਜਦੇ ਸਨ। -ਹਰਮਨ ਰੇਡੀਓ ਸ਼ੁਰੂ ਕਰਨਾ-
ਅਮਨਦੀਪ ਸਿੱਧੂ ਨੇ ‘ਹਰਮਨ ਰੇਡੀਓ’ 2005-06 ਵਿਚ ਸ਼ੁਰੂ ਕਰ ਲਿਆ ਸੀ। ਪਰ ਬੰਦ ਕਰ ਦਿੱਤਾ। 2008-09 ਤੱਕ ਮਿੰਟੂ ਬਰਾੜ ਦੀ ਲਿਖਣ ਕਲਾ ਵਿਚ ਸਥਾਪਤੀ ਹੋ ਗਈ ਸੀ, ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰਾ ਮਿੰਟੂ ਬਰਾੜ ਦੀ ਲੇਖਣੀ ਦਾ ਕਾਇਲ ਹੋ ਚੁੱਕਾ ਸੀ। 2009 ਤੋਂ ਹੀ ਅਮਨਦੀਪ ਸਿੱਧੂ ਨੇ ਮਿੰਟੂ ਬਰਾੜ ਨਾਲ ਰਾਬਤਾ ਕਾਇਮ ਕੀਤਾ। ਮੁੜ ਰੇਡੀਓ ਸ਼ੁਰੂ ਕਰਨ ਦਾ ਮਨ ਬਣਾਇਆ। 2011 ਵਿਚ ਸਰਗਰਮ ਤੌਰ ਤੇ ‘ਹਰਮਨ ਰੇਡੀਓ’ ਵਿਚ ਕੰਮ ਕਰਨਾ ਸ਼ੁਰੂ ਕੀਤਾ। ਉੱਧਰ ਰਿਵਰਲੈਂਡ ਵਿਚ ਲੋਕਾਂ ਦੇ ਡਿਸ਼ ਲਾਉਣ ਡੀ ਸੇਵਾ ਜਾਰੀ ਸੀ, ਦੂਜੇ ਪਾਸੇ ਇਕ ਅੰਗਰੇਜ਼ ਨੇ ਮਿੰਟੂ ਦੀ ਇਸ ਕਾਬਲੀਅਤ ਨੂੰ ਫੜ ਲਿਆ ਸੀ ਤਾਂ ਉਸ ਨੇ ਸਰਕਾਰ ਦੀ ‘ਫੋਕਸ ਟੈੱਲ’ ਕੰਪਨੀ ਵਿਚ ਜੁਆਇਨ ਕਰਵਾ ਦਿੱਤਾ। ਇਹ ਕੰਪਨੀ ਨੇ ਮਿੰਟੂ ਨੂੰ ਚੰਗੇ ਚੋਖੇ ਡਾਲਰ ਤਨਖ਼ਾਹ ਵਜੋਂ ਦਿੱਤੇ। ਨਾਲੋਂ ਨਾਲ ਹਰਮਨ ਰੇਡੀਓ ਤੇ ਵੀ ਕੰਮ ਕਰਨਾ ਜਾਰੀ ਰੱਖਿਆ। ਜਦੋਂ ਕੰਪਨੀ ਵਿਚ ਕੰਮ ਕਰਦੇ ਤਾਂ ਸਮਾਂ ਕੱਢ ਕੇ ਹਰਮਨ ਰੇਡੀਓ ਦੇ ਪ੍ਰੋਗਰਾਮ ਵੀ ਕਰਨੇ। ਉਸ ਵੇਲੇ ਫ਼ੋਨ ਦੀ ਰੇਂਜ ਦਾ ਬੜਾ ਜੋਖ਼ਮ ਸੀ, ਰੇਂਜ ਲੈਣ ਲਈ ਕਈ ਵਾਰੀ ਕੋਠੇ ਤੇ ਚੜ੍ਹਨਾ, ਪੌੜੀ ਤੇ ਚੜ੍ਹਨਾ, ਕਈ ਸਾਰੇ ਪਾਪੜ ਵੇਲਣੇ ਤੇ ਰੇਂਜ ਫੜਨੀ ਤੇ ਰੇਡੀਓ ਪ੍ਰੋਗਰਾਮ ਕਰਨੇ। 10 ਸਾਲਾਂ ਤੱਕ ਲਗਾਤਾਰ ਹਰਮਨ ਰੇਡੀਓ ਤੇ ਕੰਮ ਜਾਰੀ ਰਿਹਾ। ਪੰਜਾਬੀਆਂ ਵਿਚ ਮਕਬੂਲੀਅਤ ਬਣ ਗਈ ਸੀ। ਕਾਰਾਂ ਟਰੱਕਾਂ ਵਿਚ ਲੋਕ ਮਿੰਟੂ ਬਰਾੜ ਦੀ ਅਵਾਜ਼ ਦੀ ਉਡੀਕ ਕਰਦੇ। ਬੜੀ ਸ਼ਿੱਦਤ ਨਾਲ ਕੰਮ ਕੀਤਾ ਤੇ ਮਿੰਟੂ ਬਰਾੜ ਦੀ ਅਵਾਜ਼ ਦੀ ਪਹਿਚਾਣ ਬਣੀ।  -ਪ੍ਰਿੰਟ ਮੀਡੀਆ ਵਿਚ ਕਦਮ ਰੱਖਣਾ-
ਮਿੰਟੂ ਬਰਾੜ ਦੀ ਪਹਿਚਾਣ ਬਣ ਗਈ ਸੀ, ਉਸ ਦੀ ਕਾਬਲੀਅਤ ਨੂੰ ਪੰਜਾਬੀ ਜਾਣ ਗਏ ਸਨ। ਉਸ ਕੋਲੋਂ ਹੋਰ ਵੀ ਆਸਾਂ ਰੱਖੀਆਂ ਜਾ ਰਹੀਆਂ ਸਨ ਤਾਂ ਫਰਵਰੀ 2013 ਵਿਚ ਮਿੰਟੂ ਬਰਾੜ ਨੇ ਅਜ਼ਾਦ ਤੌਰ ਤੇ ਆਪਣਾ ਅਖ਼ਬਾਰ ‘ਪੰਜਾਬੀ ਅਖ਼ਬਾਰ’ ਦੇ ਨਾਮ ਤੇ ਸ਼ੁਰੂ ਕੀਤਾ। ਇਹ ਅਖ਼ਬਾਰ ਏਨਾ ਮਕਬੂਲ ਹੋਇਆ ਕਿ ਆਸਟ੍ਰੇਲੀਆ ਦੇ ਹਰ ਇਕ ਗੁਰਦੁਆਰਾ ਸਾਹਿਬ ਵਿਚ ਮੁਫ਼ਤ ਕਾਪੀ ਮਿਲ ਜਾਂਦੀ ਰਹੀ ਹੈ। ਬਾਅਦ ਵਿਚ ਇਸੇ ਨਾਮ ਤੇ ਕੈਨੇਡਾ ਵਿਚ ਵੀ ਹਰਬੰਸ ਬੁੱਟਰ ਨੇ ਅਖ਼ਬਾਰ ਕੱਢਿਆ ਹੈ। ਮਿੰਟੂ ਬਰਾੜ ‘ਪੰਜਾਬੀ ਅਖ਼ਬਾਰ’ ਪੰਜਾਬੀਆਂ ਨੂੰ ਮੁਫ਼ਤ ਹੀ ਪੜਾ ਰਹੇ ਸਨ, 10 ਹਜਾਰ ਕਾਪੀ ਹਰ ਐਡੀਸ਼ਨ ਦੀ ਨਿਕਲਦੀ ਸੀ। ਇਸ਼ਤਿਹਾਰ ਕਦੇ ਮਿਲਦਾ ਕਦੇ ਨਾ ਮਿਲਦਾ, ਇਸ ਕਰਕੇ ਘਾਟਾ ਪੈਣਾ ਸੁਭਾਵਿਕ ਸੀ। ਪਰ ਚੱਲਦਾ ਰਿਹਾ, ਏਨੇ ਵਿਚ ਕੋਵਿਡ ਆ ਗਿਆ। ਕੋਵਿਡ ਕਰਕੇ ਆਸਟ੍ਰੇਲੀਆ ਸਰਕਾਰ ਨੇ ਸਾਰੇ ਪ੍ਰਿੰਟ ਅਖ਼ਬਾਰ ਛਾਪਣੇ ਬੰਦ ਕਰ ਦਿੱਤੇ। ਹੁਣ ਹੋਰ ਅਖ਼ਬਾਰਾਂ ਦੀ ਤਰ੍ਹਾਂ ‘ਪੰਜਾਬੀ ਅਖ਼ਬਾਰ’ ਵੀ ਆਨ ਲਾਈਨ ਹੀ ਪੜ੍ਹਿਆ ਜਾ ਰਿਹਾ ਹੈ। ਇਸ ਦੀ 24 ਘੰਟੇ ਅੱਪਡੇਟ ਹੁੰਦੀ ਹੈ।  -ਪੇਂਡੂ ਆਸਟ੍ਰੇਲੀਆ ਸ਼ੁਰੂ ਕਰਨਾ-
ਜਦੋਂ ਯੂ ਟਿਊਬ ਤੇ ਹਾਲੇ ਵਲੌਗ ਦਾ ਕੋਈ ਚਲਣ ਨਹੀਂ ਹੋਇਆ ਸੀ। ਮਿੰਟੂ ਨੇ ਆਪਣਾ ਯੂ ਟਿਊਬ ਚੈਨਲ ਸ਼ੁਰੂ ਕੀਤਾ। ਬਰੋਕਨ ਹਿੱਲ ਵਿਚ ਸੋਨੇ ਦੀਆਂ ਖਾਨਾ ਹਨ। ਉੱਥੇ ਇਕ ਦੁਨੀਆ ਦੀ ਸਭ ਤੋਂ ਵੱਡੀ ਪੇਂਟਿੰਗ ਲੱਗੀ ਸੀ। ਇਹ ਪੇਂਟਿੰਗ ਦੇਖੀ ਤਾਂ ਮਿੰਟੂ ਬਰਾੜ ਦਾ ਅੰਦਰਲਾ ਪੱਤਰਕਾਰ ਜਾਗਿਆ ਤੇ ਉਸ ਨੇ ਆਪਣੇ ਮਿੱਤਰ ਮਨਪ੍ਰੀਤ ਸਿੰਘ ਢੀਂਡਸਾ ਨਾਲ ਸੰਪਰਕ ਕੀਤਾ। ਇਹ ਸਾਰਾ ਕੁਝ ਸ਼ੂਟ ਕੀਤਾ ਤੇ ਯੂ ਟਿਊਬ ਤੇ ‘ਪੇਂਡੂ ਆਸਟ੍ਰੇਲੀਆ’ ਨਾਮ ਦਾ ਚੈਨਲ ਬਣਾ ਕੇ ਇਹ ਵੀਡੀਓ ਅੱਪਲੋਡ ਕਰ ਦਿੱਤੀ। ਇਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ‘ਪੇਂਡੂ ਆਸਟ੍ਰੇਲੀਆ’ ਏਨਾ ਮਕਬੂਲ ਹੋਇਆ ਕਿ ਇਸ ਦੇ 15.50 ਮਿਲੀਅਨ ਵਿਊਅਰਜ਼ ਹਨ। ਇਸ ਚੈਨਲ ਵਿਚ ਵੱਖ ਵੱਖ ਪਰਾਤਾਂ, ਵੱਖ ਵੱਖ ਦੇਸ਼ਾਂ ਦੀਆਂ ਵਿਸ਼ੇਸ਼ ਘਟਨਾਵਾਂ ਦੀਆਂ ਵੀਡੀਓ ਪੈਂਦੀਆਂ ਹਨ ਤੇ ਲੋਕਾਂ ਵਿਚ ਚਰਚਿਤ ਹੁੰਦੀਆਂ ਹਨ। -ਕਿਤਾਬਾਂ-
ਮਿੰਟੂ ਬਰਾੜ ਦੇ ਕਈ ਅਖ਼ਬਾਰਾਂ ਵਿਚ ਆਰਟੀਕਲ ਛਪੇ। ਉਨ੍ਹਾਂ ਲੇਖਾਂ ਦੀ ਲੜੀ ਵਿਚੋਂ ਇਕ ਕਿਤਾਬ ਨਿਕਲੀ ਜਿਸ ਦਾ ਨਾਮ ਰੱਖਿਆ ‘ਕੈਂਗਰੂਨਾਮਾ’। ਇਸ ਦੇ ਪੰਜ ਐਡੀਸ਼ਨ ਪੰਜਾਬੀ ਵਿਚ ਛਪ ਗਏ ਹਨ। ਪਾਕਿਸਤਾਨ ਵਿਚ ਵੀ ਸ਼ਾਹਮੁਖੀ ਵਿਚ ਇਕ ਐਡੀਸ਼ਨ ਛਪ ਚੁੱਕਿਆ ਹੈ। ਜਿਸ ਦਾ ਹੁਣੇ ਹੀ ਕਰਨ ਭੀਖੀ ਵੱਲੋਂ ਐਡੀਸ਼ਨ ਛਾਪਿਆ ਜਾ ਰਿਹਾ ਹੈ। ਹਿੰਦੀ ਵਿਚ ਛਾਪਣ ਲਈ ਲਵਲੀ ਯੂਨੀਵਰਸਿਟੀ ਦਾ ਇਕ ਅਧਿਆਪਕ ਤਰਜਮਾ ਕਰ ਰਿਹਾ ਹੈ। ਮਿੰਟੂ ਬਰਾੜ ਦੀ ਡਾਇਰੈਕਸ਼ਨ ਹੇਠ ਸਾਹਿਤਕ ਮੈਗਜ਼ੀਨ ‘ਕੂਕਾਬਾਰਾ’ ਵੀ ਨਿਕਲਿਆ। ਉਹ  ਪੰਜਾਬੀ ਕਲਚਰ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦਾ ਪ੍ਰਧਾਨ ਵੀ ਹੈ। ਦੋ ਕਿਤਾਬਾਂ ਤੇ ਕੰਮ ਹੋ ਰਿਹਾ ਹੈ ਜੋ ਜਲਦੀ ਹੀ ਪਾਠਕਾਂ ਦੀਆਂ ਨਜ਼ਰਾਂ ਹੇਠ ਹੋਣਗੀਆਂ। -ਮਾਨ ਸਨਮਾਨ-
ਆਸਟ੍ਰੇਲੀਆ ਵਿਚ ਮਿੰਟੂ ਬਰਾੜ ਨੂੰ ਲੋਕਾਂ ਦਾ ਬਹੁਤ ਮਾਨ ਸਨਮਾਨ ਮਿ‌ਲਿਆ, ਆਸਟ੍ਰੇਲੀਆ ਵਿਚ ‘ਗਵਰਨਰ ਐਵਾਰਡ’ ਦਾ ਵਧਾ ਵਿਕਾਰ ਹੈ। ਤਿੰਨ ਵਾਰ ਮਿੰਟੂ ਬਰਾੜ ਇਹ ਐਵਾਰਡ ਹਾਸਲ ਕਰ ਚੁੱਕਾ ਹੈ।  -ਧਮਕੀਆਂ ਕੋਰਟ ਕੇਸ-
ਮਿੰਟੂ ਬਰਾੜ ਨਵਾਂ ਨਵਾਂ ਪੱਤਰਕਾਰ ਆਸਟ੍ਰੇਲੀਆ ਵਿਚ ਬਣਿਆ ਸੀ, ਕਈ ਸਾਰੇ ਪੱਖਾਂ ਬਾਰੇ ਜਾਣਦਾ ਨਹੀਂ ਸੀ। ਇਸ ਕਰਕੇ ਕਈਆਂ ਵਿਰੁੱਧ ਲਿਖਦਾ ਤਾਂ ਸਿੱਧੇ ਤੌਰ ਤੇ ਹੀ ਨਾਮ ਲਿਖ ਦਿੰਦਾ ਸੀ। ਜਿਸ ਕਰਕੇ ਉਸ ਨੂੰ ਕਈ ਸਾਰੇ ਕੇਸਾਂ ਦਾ ਸਾਹਮਣਾ ਕਰਨਾ ਪਿਆ। ਕਈਆਂ ਕੇਸਾਂ ਵਿਚ ਵਾਰਨਿੰਗ ਦੇ ਕੇ ਮਾਨਯੋਗ ਅਦਾਲਤ ਨੇ ਛੱਡਿਆ, ਬਾਕੀਆਂ ਵਿਚ ਬਰੀ ਕਰ ਦਿੱਤਾ ਗਿਆ। ਪੌਪ ਗਾਇਕ ਹਨੀ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਹੋਈ ਸੀ, ਉਸ ਵਿਚ ਮਿੰਟੂ ਬਰਾੜ ਨੇ ਸਖ਼ਤ ਸਵਾਲ ਪੁੱਛੇ ਤਾਂ ਹਨੀ ਸਿੰਘ ਅਤੇ ਉਸ ਦੀ ਟੀਮ ਗ਼ੁੱਸਾ ਕਰ ਗਈ। ਉਨ੍ਹਾਂ ਨੇ ਕਈ ਸਾਰੀਆਂ ‌ਸ਼ਿਕਾਇਤਾਂ ਮਿੰਟੂ ਬਰਾੜ ਖ਼ਿਲਾਫ਼ ਕੀਤੀਆਂ। ਪਰ ਕਿਸੇ ਦੇ ਕਾਰਵਾਈ ਨਹੀਂ ਹੋਈ, ਇਸੇ ਤਰ੍ਹਾਂ ਕੱਟੜਵਾਦ ਦੇ ਨਾਮ ਤੇ ਠੱਗੀਆਂ ਮਾਰਨ ਵਾਲਿਆਂ ਤੇ ਪਰਦੇ ਫਾਸ਼ ਕੀਤੇ, ਉਨ੍ਹਾਂ ਵੱਲੋਂ ਵੀ ਸ਼ਿਕਾਇਤਾਂ ਕੀਤੀਆਂ, ਆਸਟ੍ਰੇਲੀਆ ਵਿਚ ਕਈ ਸਾਰੇ ਗਰੁੱਪ ਹਨ ਜੋ ਰੁਪਏ ਦੇ ਕੇ ਨੌਜਵਾਨ ਮੁੰਡਿਆਂ ਤੋਂ ਪੰਜਾਬ ਵਿਚ ਜਾਂ ਹੋਰ ਥਾਵਾਂ ਤੇ ਕਤਲ ਕਰਾਉਂਦੇ ਹਨ ਜਾਂ ਫਿਰ ਗੈਰ ਕਾਨੂੰਨੀ ਕੰਮ ਕਰਵਾਉਂਦੇ ਹਨ, ਉਸ ਬਾਰੇ ਮਿੰਟੂ ਬਰਾੜ ਨੇ ਲੇਖ ਲਿਖਿਆ ‘ਨਿਸ਼ਾਨੇ ਥੋੜ੍ਹੇ ਤੇ ਬੇਗਾਨੇ ਮੋਢੇ’ ਇਸ ਤੇ ਵੀ ਗ਼ਲਤ ਲੋਕਾਂ ਦੀਆਂ ਧਮਕੀਆਂ ਦਾ ਸ਼ਿਕਾਰ ਹੋਣਾ ਪਿਆ। ਡਾ. ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ ਦੀਆਂ ਕੁੜੀਆਂ ਨੂੰ ਵੇਸਵਾਵਾਂ ਵਜੋਂ ਕਹਿੰਦਾ ਇਕ ਲੇਖ ਪ੍ਰਕਾ‌ਸ਼ਿਤ ਕਰਵਾਇਆ ਇਸ ਦੀ ਵਿਰੋਧਤਾ ਮਿੰਟੂ ਬਰਾੜ ਨੇ ਆਰਟੀਕਲ ਲਿਖਿਆ ਕਿ ‘ਕਿਹੜੀ ਅੱਖ ਨਾਲ ਦੇਖਿਆ ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ’ ਤਾਂ ਇਸ ਦੀ ਕਾਫ਼ੀ ਚਰਚਾ ਹੋਈ। 50 ਦੇ ਕਰੀਬ ਕੇਸਾਂ ਦਾ ਸਾਹਮਣਾ ਕੀਤਾ।  -ਆਸਟ੍ਰੇਲੀਆ ਵਿਚ ਪੰਜਾਬੀ ਮੀਡੀਆ-
ਆਸਟ੍ਰੇਲੀਆ ਵਿਚ ਪੰਜਾਬੀ ਮੀਡੀਆ ਨੇ ਹੁਣ ਆਪਣੀ ਪਹਿਚਾਣ ਬਣਾ ਲਈ ਹੈ। ਇੱਥੋਂ ‘ਇੰਡੋ ਪੰਜਾਬ’ ਨਾਮ ਦਾ ਅਖ਼ਬਾਰ ਨਿਕਲਦਾ ਹੈ, (ਇਸ ਨਾਮ ਤੇ 2010 ਵਿਚ ਭਾਰਤੀ ਪੰਜਾਬ ਵਿਚ ਵੀ ਇਨ੍ਹਾਂ ਸਤਰਾਂ ਦੇ ਲੇਖਕ ਨੇ ‘ਇੰਡੋ-ਪੰਜਾਬ’ ਨਾਮ ਦਾ ਮੈਗਜ਼ੀਨ ਆਰ ਐਨ ਆਈ ਤੋਂ ਰਜਿਸਟਰਡ ਕਰਵਾ ਕੇ ਪ੍ਰਕਾਸ਼ਿਤ ਕੀਤਾ।) ਇਸ ਤੋਂ ਇਲਾਵਾ ਰਾਜਵੰਤ ਸਿੰਘ ‘ਪੰਜਾਬ ਟਾਈਮਜ਼’ ਕੱਢ ਰਹੇ ਹਨ, ‘ਪੰਜਾਬੀ ਹਾਇਰਲ’ ਅਖ਼ਬਾਰ ਵੀ ਨਿਕਲਦਾ ਹੈ ਤੇ ‘ਪੰਜਾਬੀ ਅਖ਼ਬਾਰ’ ਮਿੰਟੂ ਬਰਾੜ ਕੱਢ ਰਹੇ ਹਨ। ਇਸੇ ਤਰ੍ਹਾਂ 24 ਘੰਟੇ ਸੱਤੇ ਦਿਨ ‘ਹਰਮਨ ਰੇਡੀਓ’ ਚੱਲ ਰਿਹਾ ਹੈ, ‘ਹਾਂਜੀ ਰੇਡੀਓ’ ਵੀ ਚੱਲ ਰਿਹਾ ਹੈ। ਖ਼ਾਲਸਿਆਂ ਦਾ ‘ਕੌਮੀ ਅਵਾਜ਼’ ਵੀ ਚੱਲਦਾ ਹੈ। ਇੱਥੋਂ ਪੰਜਾਬੀ ਅਖ਼ਬਾਰਾਂ ਲਈ ਕੰਮ ਕਰਦੇ ਚੋਣਵੇਂ ਪੱਤਰਕਾਰਾਂ ਵਿਚ ਅਜੀਤ ਵਿਚ ਕੰਮ ਕਰਦਾ ਰਿਹਾ ਹੈ ਅਮਰਜੀਤ ਖੇਲਾ ਅੱਜ ਕੱਲ੍ਹ ਪੱਤਰਕਾਰੀ ਨਹੀਂ ਕਰ ਰਿਹਾ। ਇਸੇ ਤਰ੍ਹਾਂ ਸਿਡਨੀ ਤੋਂ ਗੁਰਚਰਨ ਸਿੰਘ ਕਾਹਲੋਂ ਪੰਜਾਬੀ ਟ੍ਰਿਬਿਊਨ, ਅਜੀਤ ਲਈ ਹਰਕੀਰਤ ਸੰਧਰ ਕੰਮ ਕਰ ਰਿਹਾ ਹੈ। ਮੈਲਬਾਰਨ ਤੋਂ ਪੰਜਾਬੀ‌ ਟ੍ਰਿਬਿਊਨ ਲਈ ਤੇਜਸਦੀਪ ਸਿੰਘ ਅਜਨੌਦਾ, ਤੇ ਹੋਰ ਮੀਡੀਆ ਤੋਂ ਖੁਸ਼ਪ੍ਰੀਤ ਸੁਨਾਮ, ਮਨਦੀਪ ਸੈਣੀ ਅਤੇ ਅਜੀਤ ਲਈ ਪਰਮਵੀਰ ਸਿੰਘ ਆਹਲੂਵਾਲੀਆ ਕੰਮ ਕਰ ਰਿਹਾ ਹੈ। ਬ੍ਰਿਸਬੇਨ ਤੋਂ ਹਰਜੀਤ ਲਸਾੜਾ, ਹਰਪ੍ਰੀਤ ਕੋਹਲੀ ਕੰਮ ਕਰ ਰਹੇ ਹਨ , ਐਡੀਲੇਡ ਤੋਂ ਅਜੀਤ ਲਈ ਗੁਰਮੀਤ ਵਾਲੀਆ ਕੰਮ ਕਰ ਰਿਹਾ ਹੈ। -ਪਰਿਵਾਰ-
127 ਡਾਲਰ ਤੇ 2 ਅਟੈਚੀਆਂ ਲੈ ਕੇ ਆਸਟ੍ਰੇਲੀਆ ਗਏ ਮਿੰਟੂ ਬਰਾੜ ਨੇ ਆਸਟ੍ਰੇਲੀਆ ਵਿਚ ਸਮੁੰਦਰ ਦੇ ਕੰਢੇ ਤੇ ਇਕ 20 ਕਮਰਿਆਂ ਦਾ ਮੋਟਲ ਆਪਣਾ ਬਣਾਇਆ ਹੈ, 120 ਏਕੜ ਵਿਚ ਅੰਗੂਰਾਂ ਸੰਗਤਰਿਆਂ ਦਾ ਬਾਗ਼ ਹੈ। 28 ਦੇ ਕਰੀਬ ਮੁਲਕਾਂ ਦਾ ਦੌਰਾ ਕਰ ਚੁੱਕਿਆ ਹੈ। ਮਿੰਟੂ ਬਰਾੜ ਦੀ ਪਤਨੀ ਖੁਸ਼ਵੰਤਪਾਲ ਕੌਰ ਘਰੇਲੂ ਔਰਤ ਹੈ ਤੇ ਪੁੱਤਰ ਅਨਮੋਲਵੀਰ ਸਿੰਘ ਬਰਾੜ ਆਸਟ੍ਰੇਲੀਆ ਵਿਚ ਇੰਜੀਨੀਅਰ ਹੈ। ਬੇਸ਼ੱਕ ਮਿੰਟੂ ਬਰਾੜ ਸੈਮੀ ਰਿਟਾਇਰ ਹੋ ਚੁੱਕਾ ਹੈ ਪਰ ਅੱਜ ਵੀ ਪੜਦਾ ਹੈ। 43 ਦੇ ਕਰੀਬ ਸਰਟੀਫਿਕੇਟਾਂ ਦੀ ਪੜਾਈ ਕਰ ਚੁੱਕਿਆ ਹੈ। ਬੇਬੇ ਇੰਦਰਜੀਤ ਕੌਰ ਮਰਜ਼ੀ ਨਾਲ ਭਾਰਤ ਵਿਚ ਤੇ ਆਸਟ੍ਰੇਲੀਆ ਵਿਚ ਦੋਵੇਂ ਥਾਂ ਰਹਿੰਦੇ ਹਨ।  ਸੋ ਮਿੰਟੂ ਬਰਾੜ ਨੇ ਭਾਰਤ ਵਿਚੋਂ ਆਸਟ੍ਰੇਲੀਆ ਜਾ ਕੇ ਕਾਫ਼ੀ ਤਰੱਕੀ ਕੀਤੀ ਤੇ ਮੀਡੀਆ ਵਿਚ ਆਪਣਾ ਨਾਮ ਵੀ ਕਮਾਇਆ। ‘ਵੰਡ ਛਕੋ’ ਨਾਮ ਦੀ ਵਿਚਾਰ ਚਰਚਾ ਨਾਲ ਯੂ ਟਿਊਬ ਤੇ ਕਾਫ਼ੀ ਨਾਮ ਬਣਾਇਆ। ਉਹ ਕਹਿੰਦਾ ਹੈ ਕਿ ਆਸਟ੍ਰੇਲੀਆ ਰਹਿਣ ਲਈ ਤੇ ਕੰਮ ਕਰਨ ਲਈ ਬਹੁਤ ਚੰਗਾ ਮੁਲਕ ਹੈ, ਪਰ ਜੋ ਵੀ ਇੱਥੇ ਆਉਂਦਾ ਹੈ ਉਹ ਲੀਗਲ ਤੌਰ ਤੇ ਆਵੇ। ਜਿਸ ਕੰਮ ਵਿਚ ਮਾਹਰ ਹੈ ਉਸੇ ਕੰਮ ਵਿਚ ਪੂਰਾ ਸਮਾਂ ਬਿਤਾਵੇ ਤਾਂ ਉਸ ਦੀ ਕਾਮਯਾਬੀ ਨੂੰ ਕੋਈ ਨਹੀਂ ਰੋਕ ਸਕਦਾ। ਅਜਿਹੇ ਪੱਤਰਕਾਰ ਤੇ ਕਾਮਯਾਬ ਇਨਸਾਨ ਦੀ ਚੰਗੀ ਜ਼ਿੰਦਗੀ ਦੀ ਮੈਂ ਕਾਮਨਾ ਕਰਦਾ ਹਾਂ... ਆਮੀਨ!!
ਗੁਰਨਾਮ ਸਿੰਘ ਅਕੀਦਾ 8146001100

ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...