Monday, November 10, 2025
ਪੱਤਰਕਾਰ ਭਾਈਚਾਰਾ ਬਾਗੋ ਬਾਗ਼-ਪ੍ਰੈੱਸ ਕਲੱਬ ਪਟਿਆਲਾ ਦਾ ਨੀਂਹ ਪੱਥਰ ਰੱਖਿਆ ਗਿਆ
ਪੱਤਰਕਾਰੀ ਦਾ ਇਤਿਹਾਸ ਭਾਗ-6
ਲੇਖਕ : ਗੁਰਨਾਮ ਸਿੰਘ ਅਕੀਦਾ
ਮੇਰੇ ਉੱਤੇ ਪਟਿਆਲਾ ਦੀ ਮਾਨਯੋਗ ਅਦਾਲਤ ਵਿਚ ਦੋ ਕਰੋੜ ਦਾ ਮਾਣ-ਹਾਨੀ ਦਾ ਕੇਸ ਦਾਇਰ ਹੋ ਗਿਆ ਸੀ, ਸ਼ਾਇਦ ਭਾਰਤ ਵਿਚ ਏਨੀ ਵੱਡੀ ਰਕਮ ਦਾ ਕੇਸ ਮੇਰੇ ’ਤੇ ਉਸ ਵੇਲੇ ਪਹਿਲਾ ਦਾਇਰ ਹੋਇਆ ਸੀ, ਮੇਰੇ ’ਤੇ ਕੇਸ ਦਰਜ ਹੋਣ ਦੀ ਕੁਝ ਪੱਤਰਕਾਰ ਭਰਾਵਾਂ ਨੇ ਖ਼ੁਸ਼ੀ ਵੀ ਮਨਾਈ ਸੀ, ਲੋਕ ਸੰਪਰਕ ਵਿਭਾਗ ਦਾ ਦਫ਼ਤਰ ਬਾਰਾਂਦਰੀ ਵਿਚ ਹੁੰਦਾ ਸੀ ਜਿੱਥੇ ਅੱਜ ਕੱਲ੍ਹ ਵਿਜੀਲੈਂਸ ਦਾ ਦਫ਼ਤਰ ਹੈ। ਇਸ ਗੱਲ ਦੀ ਖ਼ੁਸ਼ੀ ਲੋਕ ਸੰਪਰਕ ਅਧਿਕਾਰੀ ਨੇ ਵੀ ਮਨਾਈ ਸੀ, ‘‘ਦੋ ਕਰੋੜ ਤਾਂ ਇਸ ਦੇ ਪੁਰਖਿਆਂ ਦੀ ਜਾਇਦਾਦ ਵੇਚ ਕੇ ਵੀ ਪੂਰੇ ਨਹੀਂ ਹੋਣੇ’’ ਗੱਲ ਵੀ ਸਹੀ ਸੀ ਉਸ ਵੇਲੇ ਕਰੋੜਾਂ ਦੀ ਗੱਲ ਛੱਡੇ ਲੱਖਾਂ ਦੀ ਗੱਲ ਵੀ ਵੱਡੀ ਸੀ, ਸਾਡੇ ਲਈ ਤਾਂ ਹਜ਼ਾਰਾਂ ਦੀ ਗੱਲ ਵੀ ਵੱਡੀ ਸੀ। ਪਰ ਪਤਾ ਨਹੀਂ ਕਿਉਂ ਇਸ ਦੋ ਕਰੋੜ ਦੇ ਮਾਣ-ਹਾਨੀ ਦੇ ਕੇਸ ਦਾ ਬਹੁਤਾ ਦੁੱਖ ਨਹੀਂ ਹੋਇਆ।
ਇਕ ਡਰ ਜ਼ਰੂਰ ਸੀ ਕਿ ਉਸ ਵੇਲੇ ਮੈਂ ਸਹਿਕਾਰੀ ਖੰਡ ਮਿਲ ਰੱਖੜਾ ਵਿਚ ਨੌਕਰੀ ਕਰਦਾ ਸੀ, ਨੌਕਰੀ ਤੇ ਖਤਰਾ ਹੋ ਸਕਦਾ ਸੀ, ਅਸਲ ਵਿਚ ਕੇਸ ਦਾਇਰ ਹੋਣ ਦਾ ਕਾਰਨ ਬੜਾ ਅਹਿਮ ਸੀ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਦਾ ਮਾਮਲਾ ਕਾਫ਼ੀ ਚਰਚਾ ਵਿਚ ਸੀ, ਅਸੀਂ ਚਾਰ ਪੱਤਰਕਾਰਾਂ ਦੀ ਸਾਂਝੀ ਖੋਜ ਰਿਪੋਰਟ ਦੇਸ਼ ਸੇਵਕ ਵਿਚ ਪ੍ਰਕਾਸ਼ਿਤ ਹੋਈ ਸੀ, ਰਵੀ ਸਿੱਧੂ ਤੋਂ ਪਹਿਲਾਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸਨ ਭੁਪਿੰਦਰ ਸਿੰਘ ਸਿੱਧੂ! ਸਾਡੀ ਖੋਜ ਰਿਪੋਰਟ ਭੁਪਿੰਦਰ ਸਿੰਘ ਸਿੱਧੂ ਦੀ ਪ੍ਰਾਪਰਟੀ ਬਾਰੇ ਸੀ, ਸਾਡੀ ਰਿਪੋਰਟ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੁਪਿੰਦਰ ਸਿੰਘ ਸਿੱਧੂ ਦੀ ਜਾਂਚ ਵੀ ਵਿਜੀਲੈਂਸ ਹਵਾਲੇ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਭਾਵੇਂ ਦੇਸ਼ ਸੇਵਕ ਵਿਚ ਛਪੀ ਰਿਪੋਰਟ ਸਾਡੀ ਚਾਰ ਪੱਤਰਕਾਰਾਂ ਦੀ ਸਾਂਝੀ ਸੀ ਪਰ ਭੁਪਿੰਦਰ ਸਿੰਘ ਸਿੱਧੂ ਤੇ ਵਿਧਾਇਕ ਪੁੱਤਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕੇਸ ਮੇਰੇ ਇਕੱਲੇ ਤੇ ਪੱਤਰਕਾਰ ਵਜੋਂ ਹੀ ਦਾਇਰ ਕੀਤਾ ਗਿਆ ਸੀ, ਪਰ ਮੁਲਜਮ ਹੋਰ ਵੀ ਸਨ। ਕੁਝ ਦਿਨਾਂ ਬਾਅਦ ਵਿਧਾਇਕ ਜੀਤ ਮਹਿੰਦਰ ਸਿੱਧੂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਜੀਲੈਂਸ ਦੀ ਜਾਂਚ ਦੇ ਕੀਤੇ ਆਦੇਸ਼ ਸਿਰਫ਼ ਅਖ਼ਬਾਰ ਦੀ ਸੁਰਖ਼ੀ ਹੀ ਬਣ ਕੇ ਰਹਿ ਗਏ ਸਨ, ਪਰ ਅੱਜ ਤੱਕ ਉਹ ਜਾਂਚ ਹੋਈ ਜਾਂ ਨਹੀਂ ਹੋਈ ਕਿਤੇ ਕੋਈ ਪਤਾ ਨਹੀਂ ਹੈ।
ਮੇਰੇ ਤੇ ਇਹ ਕੇਸ ਹੋਣ ਤੋਂ ਬਾਅਦ ਬੇਸ਼ੱਕ ਕੁਝ ਪੱਤਰਕਾਰਾਂ ਨੇ ਖ਼ੁਸ਼ੀ ਮਨਾਈ ਸੀ ਪਰ ਪੰਜਾਬ ਭਰ ਵਿਚ ਮੇਰੇ ਬਾਰੇ ਚਰਚਾ ਵੀ ਜ਼ਰੂਰ ਹੋਈ ਸੀ। ਉਸ ਤੋਂ ਬਾਅਦ ਸਗੋਂ ਪੱਤਰਕਾਰਾਂ ਵਿਚ ਮੇਰੀ ਸਰਗਰਮੀ ਹੋਰ ਵੱਧ ਗਈ ਸੀ। ਉੱਧਰ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ਵਿਰੁੱਧ ਵੀ ਸਾਰੂ ਰਾਣਾ ਵੱਲੋਂ ਦਾਇਰ ਕੀਤੀ ਸ਼ਿਕਾਇਤ ਦੀ ਰਿਪੋਰਟ ਵੀ ਮੈਂ ਹੀ ਦੇਸ਼ ਸੇਵਕ ਵਿਚ ਬਰੇਕ ਕੀਤੀ ਸੀ, ਉਹ ਵੀ ਚਰਚਾ ਕਾਫ਼ੀ ਸੀ, ਜਿਸ ਦੇ ਪੂਰੇ ਵੇਰਵੇ ਕਿਤੇ ਹੋਰ ਨਸ਼ਰ ਕਰਾਂਗੇ। ਪੱਤਰਕਾਰਾਂ ਵਿਚ ਪਟਿਆਲਾ ਵਿਚ ਹੁਣ ਪ੍ਰੈੱਸ ਕਲੱਬ ਦੀ ਇਮਾਰਤ ਚੰਡੀਗੜ੍ਹ ਦੀ ਤਰਜ਼ ਤੇ ਬਣਾਉਣ ਬਾਰੇ ਚਰਚਾ ਨੇ ਵੀ ਜ਼ੋਰ ਫੜ ਰੱਖਿਆ ਸੀ।
ਕੁਝ ਕਹਾਣੀਆਂ ਇੰਜ ਵੀ ਵਾਪਰ ਰਹੀਆਂ ਸਨ....
ਟਾਈਮਜ਼ ਆਫ਼ ਇੰਡੀਆ ਦੇ ਪੱਤਰਕਾਰ ਨੇ ਸੁਣਾਈ ਇਕ ਦਿਲਚਸਪ ਕਹਾਣੀ :
ਪਟਿਆਲਾ ਦੇ ਕੁਝ ਪੱਤਰਕਾਰ ਸ਼ਰਾਬ ਪੀ ਰਹੇ ਸਨ। ਪੱਤਰਕਾਰਾਂ ਦੇ ਨਾਮ ਵੀ ਪਤਾ ਹਨ ਪਰ ਇੱਥੇ ਪੱਤਰਕਾਰਾਂ ਦੇ ਨਾਮ ਲਿਖਣੇ ਜ਼ਰੂਰੀ ਨਹੀਂ ਹਨ, ਪਰ ਇਕ ਕਿਰਦਾਰ ਦਾ ਨਾਮ ਲਿਖਣਾ ਜ਼ਰੂਰੀ ਹੈ, ਸੁਆਮੀ ਜੀ! ਜਿਵੇਂ ਅਸ਼ਕ ਨੇ ਦੱਸਿਆ, ਪੱਤਰਕਾਰ ਸ਼ਰਾਬ ਪੀ ਰਹੇ ਸਨ, ਗਰਮੀ ਵੀ ਜ਼ਿਆਦਾ ਸੀ ਪਰ ਸ਼ਰਾਬ ਗਰਮ ਪੀਣੀ ਬੜੀ ਮੁਸ਼ਕਿਲ ਸੀ, ਕਿਉਂਕਿ ਬਰਫ਼ ਨਹੀਂ ਮਿਲ ਰਹੀ ਸੀ। ਸੁਆਮੀ ਜੀ ਵੀ ਉੱਥੇ ਹੀ ਸਨ, ਪੱਤਰਕਾਰਾਂ ਦਾ ਸਵਾਲ ਸੀ ਕਿ ‘‘ਯਾਰ ਸ਼ਰਾਬ ਗਰਮ ਚੰਗੀ ਨਹੀਂ ਲੱਗ ਰਹੀ’’, ਸੁਆਮੀ ਜੀ ਨੇ ਕਿਹਾ ‘‘ਬਰਫ਼ ਦਾ ਇੰਤਜ਼ਾਮ ਉਹ ਕਰ ਦਿੰਦਾ ਹੈ ਪਰ ਇਹ ਨਾ ਪੁੱਛਣਾ ਕਿ ਬਰਫ਼ ਕਿਥੋਂ ਆਈ ਹੈ’’, ਪੱਤਰਕਾਰਾਂ ਨੇ ਕਿਹਾ ‘‘ਕੋਈ ਗੱਲ ਨਹੀਂ ਯਾਰ, ਬਰਫ਼ ਮਿਲ ਜਾਵੇ ਤਾਂ ਸ਼ਰਾਬ ਪੀਣ ਦਾ ਅਨੰਦ ਆ ਜਾਵੇਗਾ’’, 20 ਕੁ ਮਿੰਟ ਬਾਅਦ ਸੁਆਮੀ ਜੀ ਬਰਫ਼ ਲੈ ਕੇ ਆ ਗਏ ਸਨ। ਠੰਢੀ ਠਾਰ ਸ਼ਰਾਬ ਪੀਣ ਦਾ ਅਨੰਦ ਆ ਰਿਹਾ ਸੀ, ਸ਼ਰਾਬ ਪੀ ਕੇ ਪੱਤਰਕਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ, ਦੂਜੇ ਦਿਨ ਇਕ ਪੱਤਰਕਾਰ ਨੇ ਸੁਆਮੀ ਜੀ ਨੂੰ ਪੁੱਛ ਲਿਆ ‘‘ਸੁਆਮੀ ਜੀ ਬਰਫ਼ ਕਿਥੋਂ ਲੈ ਕੇ ਆਏ ਸੀ?’ ਤਾਂ ਸੁਆਮੀ ਜੀ ਬਹੁਤ ਹੱਸੇ, ਹੱਸ ਹੀ ਰਹੇ ਸਨ। ਪੱਤਰਕਾਰ ਦੀ ਹੋਰ ਦਿਲਚਸਪੀ ਬਣ ਗਈ ਤੇ ਜ਼ੋਰ ਨਾਲ ਪੁੱਛਿਆ ‘‘ਸੁਆਮੀ ਜੀ ਦੱਸੋ ਬਰਫ਼ ਕਿਥੋਂ ਲੈ ਕੇ ਆਏ ਸੀ?’’ ਸੁਆਮੀ ਜੀ ਨੇ ਹੌਲੀ ਜਿਹੇ ਕਿਹਾ ‘‘ਕਿਸੇ ਨੂੰ ਦੱਸੋਗੇ ਤਾਂ ਨਹੀਂ?’’ ਤਾਂ ਪੱਤਰਕਾਰ ਨੇ ਕਿਹਾ ‘‘ ਨਹੀਂ ਕਿਸੇ ਨੂੰ ਨਹੀਂ ਦੱਸਾਂਗਾ’’ ਤਾਂ ਸੁਆਮੀ ਜੀ ਨੇ ਉਸ ਦੇ ਕੰਨ ਕੋਲ ਮੂੰਹ ਕਰਕੇ ਕਿਹਾ ‘‘ ਬਰਫ਼ ਮੈਂ ਲੈ ਕੇ ਆਇਆ ਸੀ ‘ਮੋਰਚਰੀ’ ਚੋਂ’’ ਪੱਤਰਕਾਰ ਨੇ ਬੜੇ ਗ਼ੌਰ ਨਾ ਸੁਣ ਕੇ ਫੇਰ ਪੁੱਛਿਆ ‘‘ਹੈਂ! ਮੋਰਚਰੀ ਮਤਲਬ ਮੁਰਦਾ ਘਾਟ ਚੋਂ?’’ ਸੁਆਮੀ ਜੀ ਨੇ ਮੁਸਕੜੀਏ ਹੱਸਦੇ ਨੇ ਕਿਹਾ ‘‘ ਹਾਂ, ਮੈਂ ਸੋਚਿਆ ਇਸ ਵੇਲੇ ਬਰਫ਼ ਕਿਥੋਂ ਮਿਲੇਗੀ ਤਾਂ ਇੱਕੋ ਥਾਂ ਯਾਦ ਆਈ ‘ਮੋਰਚਰੀ, ਤੇ ਅਸੀਂ ਉੱਥੇ ਗਏ ਤੇ ਮੁਰਦਿਆਂ ਨੂੰ ਠੰਢਾ ਰੱਖਣ ਲਈ ਪਈ ਬਰਫ਼ ਚੁੱਕ ਲਿਆਏ.. ਭਾਵੇਂ ਕਿ ਉਹ ਬਰਫ਼ ਕਿਸੇ ਮੁਰਦੇ ਤੇ ਨਹੀਂ ਪਈ ਸੀ ਪਰ ਪਈ ਮੁਰਦਾ ਘਾਟ ਵਿਚ ਹੀ ਸੀ’’ ਪੱਤਰਕਾਰ ਸੁਣ ਕੇ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ।...
ਉੱਧਰ ਇਕ ਦਿਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਚੱਲ ਰਹੀ ਸੀ, ਭਰਤਇੰਦਰ ਸਿੰਘ ਚਾਹਲ ਵੀ ਨਾਲ ਹੀ ਸਨ, ਪੱਤਰਕਾਰਾਂ ਨੇ ਪ੍ਰੈੱਸ ਕਾਨਫ਼ਰੰਸ ਖ਼ਤਮ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕੋਲ ਮੰਗ ਰੱਖੀ ਕਿ ‘ਪਟਿਆਲਾ ਵਿਚ ਪੱਤਰਕਾਰਾਂ ਲਈ ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਨੂੰ ਅਮਲੀ ਰੂਪ ਦਿੱਤਾ ਜਾਵੇ।’ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਬੜੇ ਹੀ ਦਿਲਦਾਰ ਤੇ ਐਕਸ਼ਨਰੀ ਮੁੱਖ ਮੰਤਰੀ ਸਨ, ਉਨ੍ਹਾਂ ਮੌਕੇ ਤੇ ਹੀ ਕਹਿ ਦਿੱਤਾ ਸੀ ਕਿ ‘ਪਟਿਆਲਾ ਵਿਚ ਪ੍ਰੈੱਸ ਕਲੱਬ ਬਣੇਗਾ।’ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੂੰ ਵੀ ਇਸ਼ਾਰਾ ਹੋ ਚੁੱਕਿਆ ਸੀ, ਉਸ ਤੋਂ ਬਾਅਦ ਪਟਿਆਲਾ ਵਿਚ ਪ੍ਰੈੱਸ ਕਲੱਬ ਬਣਾਉਣ ਲਈ ਥਾਂ ਦੀ ਭਾਲ ਹੋਣ ਲੱਗੀ, ਪਟਿਆਲਾ ਦੇ ਡੀਪੀਆਰਓ ਉਜਾਗਰ ਸਿੰਘ ਨੂੰ ਵੀ ਕਿਹਾ ਜਾ ਚੁੱਕਿਆ ਸੀ।
ਪ੍ਰੈੱਸ ਕਲੱਬ ਬਣਾਉਣ ਲਈ ਥਾਂ ਦੀ ਭਾਲ ਹੋਣ ਲੱਗੀ, ਕਈ ਥਾਵਾਂ ਦੇਖੀਆਂ ਗਈਆਂ, ਪਰ ਆਖ਼ਿਰ ਪਟਿਆਲਾ ਵਿਚ ਆਰਟੀਓ ਦੇ ਦਫ਼ਤਰ ਦੀ ਇਮਾਰਤ ਚੁਣੀ ਗਈ, ਜੋ ਬਾਰਾਂਦਰੀ ਵਿਚ ਸੀ ਤੇ ਅੱਜ ਕੱਲ੍ਹ ਦੇ ਨੀਮਰਾਣਾ ਹੋਟਲ ਦੇ ਨਾਲ ਸੀ, ਕਾਲੀ ਮਾਤਾ ਮੰਦਰ, ਮਾਲ ਰੋਡ, ਪੰਜਾਬ ਲੋਕ ਸੇਵਾ ਕਮਿਸ਼ਨ, ਮਹਾਰਾਣੀ ਕਲੱਬ ਆਦਿ ਕਈ ਸਾਰੇ ਪ੍ਰਮੁੱਖ ਦਫ਼ਤਰ ਤੇ ਅਹਿਮ ਥਾਂ ਨੇੜੇ ਸਨ। ਪਟਿਆਲਾ ਵਿਚ ਬਣੀ ‘ਪਟਿਆਲਾ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ’ ਦੀ ਸਰਗਰਮ ਸੀ, ਹੁਣ ਪਟਿਆਲਾ ਵਿਚੋਂ ਦਾ ਟ੍ਰਿਬਿਊਨ ਦੇ ਸਟਾਫ਼ ਰਿਪੋਰਟਰ ਜੰਗਵੀਰ ਦੀ ਥਾਂ ਪਟਿਆਲਾ ਚੰਦਰ ਪ੍ਰਕਾਸ਼ ਨੇ ਜੁਆਇਨ ਕਰ ਲਿਆ ਸੀ, ਹੁਣ ਜੇਕਰ ਪ੍ਰੈੱਸ ਕਲੱਬ ਬਣਨਾ ਸੀ ਤਾਂ ਫਿਰ ਸੰਸਥਾ ਪ੍ਰੈੱਸ ਕਲੱਬ ਦੇ ਨਾਮ ਤੇ ਹੀ ਬਣਨੀ ਚਾਹੀਦੀ ਹੈ, ਉਸ ਵੇਲੇ ਪਟਿਆਲਾ ਵਿਚ ਪ੍ਰੈੱਸ ਕਲੱਬ ਦੇ ਨਾਮ ਤੇ ਸੰਸਥਾ ਬਣਾਈ ਗਈ, ਜਿਸ ਦਾ ਨਾਮ ‘ਪ੍ਰੈੱਸ ਕਲੱਬ ਪਟਿਆਲਾ’ ਰੱਖਿਆ ਗਿਆ, ਜਿਸ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਬਣਾਏ ਗਏ ਤੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਨੂੰ ਬਣਾਇਆ ਗਿਆ। ਇਸ ਵੇਲੇ ਕਲੱਬ ਦਾ ਸੰਵਿਧਾਨ ਬਣਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਦੇ ਅਧਿਕਾਰਾਂ ਦੀ ਗੱਲ ਰੱਖੀ ਗਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕਾਫ਼ੀ ਸ਼ਿੱਦਤ ਨਾਲ ਕੰਮ ਕਰਨਾ ਚਾਹੁੰਦੇ ਸਨ। ਉਹ ਹਰ ਗੱਲ ਤੇ ਬਾਰੀਕੀ ਨਾਲ ਧਿਆਨ ਰੱਖ ਰਹੇ ਸਨ। ਖ਼ਾਸ ਕਰਕੇ ਚੰਦਰ ਪ੍ਰਕਾਸ਼ ਦੀ ਕੋਠੀ ( ਜੋ ਕੋਠੀ ਪਹਿਲਾਂ ਜੰਗਵੀਰ ਸਿੰਘ ਕੋਲ ਹੁੰਦੀ ਸੀ),ਵਿਚ ਮੀਟਿੰਗਾਂ ਹੁੰਦੀਆਂ ਸਨ। ਇਹ ਕੋਠੀ ਜੰਗਵੀਰ ਸਿੰਘ ਵੇਲੇ ਵੀ ਤੇ ਚੰਦਰ ਪ੍ਰਕਾਸ਼ ਵੇਲੇ ਵੀ ਪੱਤਰਕਾਰਾਂ ਦੀਆ ਮੀਟਿੰਗਾਂ ਲਈ ਕੇਂਦਰ ਬਿੰਦੂ ਹੁੰਦੀ ਸੀ। ਇਸ ਕੋਠੀ ਵਿਚ ਲੋਹੜੀ ਵੀ ਮਨਾਈ ਗਈ ਸੀ ਤੇ ਹੋਰ ਵੀ ਪਿਆਰ ਮੁਹੱਬਤ ਵੰਡਦੀਆਂ ਪੱਤਰਕਾਰਾਂ ਦੀਆਂ ਮੀਟਿੰਗਾਂ ਹੋ ਜਾਂਦੀਆਂ ਸਨ। ਭਾਵ ਕੇ ਪੱਤਰਕਾਰਾਂ ਵਿਚ ਏਕਤਾ ਸੀ, ਇਕ ਮੱਤ ਸੀ, ਪਿਆਰ ਸੀ, ਜੇਕਰ ਕਿਸੇ ਵਿਚ ਥੋੜ੍ਹਾ ਜਿਹਾ ਵੀ ਮਨਮੁਟਾਵ ਹੁੰਦਾ ਸੀ ਤਾਂ ਮਿਲ ਬੈਠ ਕੇ ਨਬੇੜ ਲਿਆ ਜਾਂਦਾ ਸੀ।
ਪ੍ਰੈੱਸ ਕਲੱਬ ਪਟਿਆਲਾ ਦੀ ਨੀਂਹ ਰੱਖਣ ਲਈ ਪੱਤਰਕਾਰ ਇੱਕ ਜੁੱਟ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨੀਂਹ ਪੱਥਰ ਰਖਾਉਣ ਲਈ ਤਿਆਰੀ ਜ਼ੋਰਾਂ ਤੇ ਸੀ, ਆਰਟੀਓ ਦਫ਼ਤਰ ਪੱਤਰਕਾਰਾਂ ਲਈ ਕੇਂਦਰ ਬਿੰਦੂ ਬਣ ਗਿਆ ਸੀ। ਨੀਂਹ ਪੱਥਰ ਤਿਆਰ ਕਰਵਾਇਆ ਗਿਆ, ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ। ਸਾਰੇ ਪੱਤਰਕਾਰਾਂ ਨੂੰ ਜਿਵੇਂ ਕਿ ਰੱਬ ਮਿਲ ਰਿਹਾ ਸੀ, ਪੱਤਰਕਾਰਾਂ ਵਿਚ ਖ਼ੁਸ਼ੀ ਦੀ ਲਹਿਰ ਸੀ, ਪਟਿਆਲਾ ਛੱਡੋ ਹੁਣ ਤਾਂ ਪਟਿਆਲਾ ਜ਼ਿਲ੍ਹੇ ਵਿਚ ਆਉਂਦੇ ਕਸਬਿਆਂ ਵਿਚ ਕੰਮ ਕਰਦੇ ਪੱਤਰਕਾਰ ਵੀ ਖ਼ੁਸ਼ ਸਨ ਕਿਉਂਕਿ ਪੱਤਰਕਾਰਾਂ ਦਾ ਆਪਣਾ ਠਿਕਾਣਾ ਬਣ ਰਿਹਾ ਸੀ, ਜਿੱਥੇ ਉਹ ਪ੍ਰੈੱਸ ਕਾਨਫ਼ਰੰਸਾਂ ਕਰ ਸਕਣਗੇ। ਜਿੱਥੇ ਉਹ ਬੈਠ ਕੇ ਆਪਣੇ ਸੁੱਖ ਦੁੱਖ ਵੰਡ ਲਿਆ ਕਰਨਗੇ। ਜਿੱਥੇ ਉਨ੍ਹਾਂ ਦਾ ਆਪਣਾ ਰਾਜ ਹੋਵੇਗਾ, ਜਿੱਥੇ ਉਹ ਆਪਣੀਆਂ ਮੀਟਿੰਗਾਂ ਕਰ ਲਿਆ ਕਰਨਗੇ, ਕਲੱਬ ਦਾ ਸੰਵਿਧਾਨ ਲੋਕਤੰਤਰ ਪ੍ਰਣਾਲੀ ਨੂੰ ਥਾਂ ਦਿੰਦਾ ਸੀ, ਇਸ ਕਰਕੇ ਚੋਣਾ ਵੀ ਪੱਤਰਕਾਰਾਂ ਦੀਆਂ ਹੋਇਆ ਕਰਨਗੀਆਂ, ਜਿਸ ਵਿਚ ਕੋਈ ਵੀ ਪੱਤਰਕਾਰ ਪ੍ਰਧਾਨ ਜਨਰਲ ਸਕੱਤਰ ਤੇ ਹੋਰ ਅਹੁਦਿਆਂ ਲਈ ਚੋਣ ਲੜ ਸਕੇਗਾ। ਇੱਥੋਂ ਹੀ ਐਂਟਰੀ ਹੁੰਦੀ ਹੈ ਪ੍ਰਵੀਨ ਕੋਮਲ ਦੀ, ਪ੍ਰਵੀਨ ਕੋਮਲ ਪਹਿਲਾਂ ਆਪਣਾ ਅਖ਼ਬਾਰ ਕੱਢਦਾ ਸੀ, ਪਰ ਉਸ ਵੇਲੇ ਉਹ ਜੈਨ ਟੀਵੀ ਵਿਚ ਕੰਮ ਕਰ ਰਿਹਾ ਸੀ। ਉਨ੍ਹਾਂ ਦੀ ਇਕ ਇਲੈਕਟ੍ਰੋਨਿਕ ਮੀਡੀਆ ਤੇ ਫ਼ੋਟੋ ਜਰਨਲਿਸਟਾਂ ਦੀ ਜਥੇਬੰਦੀ ਨੇ ਪ੍ਰੈੱਸ ਕਲੱਬ ਪਟਿਆਲਾ ਵਿਚ ਸ਼ਾਮਲ ਕਰਨ ਲਈ ਬੇਨਤੀ ਕੀਤੀ, ਇਸ ਜਥੇਬੰਦੀ ਦੇ ਚੇਅਰਮੈਨ ਪ੍ਰਵੀਨ ਕੋਮਲ (ਜੈਨ ਟੀਵੀ) ਸਨ, ਪ੍ਰਧਾਨ ਸੁਭਾਸ਼ ਪਟਿਆਲਵੀ (ਪੰਜਾਬ ਟੂਡੇ) ਤੇ ਜਨਰਲ ਸਕੱਤਰ ਕੁਲਵੰਤ ਸਿੰਘ (ਐਨ ਡੀ ਟੀਵੀ) , ਸਲਾਹਕਾਰ ਵਿਸ਼ਾਲ ਅੰਗਰੀਸ਼ (ਜੀ ਨਿਊਜ਼), ਮਨੀਸ਼ ਕੌਸ਼ਲ (ਆਜ ਤੱਕ), ਅਮਰਦੀਪ ਸਿੰਘ (ਡੀਡੀ), ਇੰਦਰਜੀਤ ਸਿੰਘ (ਸਹਾਰਾ ਸਮੇਂ), ਰਾਜ ਕਾਂਸਲ (ਜੈਨ ਟੀਵੀ), ਮੋਹਨ ਲਾਲ ਕੈਸ਼ੀਅਰ (ਅਮਰ ਉਜਾਲਾ) ਤੇ 11 ਮੈਂਬਰ ਕਾਰਜਕਾਰਨੀ ਵਿਚ ਸਨ। ਜਿਨ੍ਹਾਂ ਵਿਚ ਪਵਨ ਕੁਮਾਰ ਦੈਨਿਕ ਜਾਗਰਨ, ਜਤਿੰਦਰ ਭਾਰਦਵਾਜ ਟੋਟਲ ਟੀਵੀ, ਚਰਨਜੀਤ ਜੋਸ਼ੀ ਅਜੀਤ, ਜਗਦੀਸ਼ ਸ਼ਰਮਾ ਪੰਜਾਬ ਕੇਸਰੀ, ਇੰਦਰਜੀਤ ਸਿੰਘ ਬੱਬਲੂ ਐਨਆਰਆਈ, ਰਮਨੀਸ਼ ਘਈ ਨਿਊਜ਼ ਟੂਡੇ, ਪ੍ਰਸ਼ੋਤਮ ਕੌਸ਼ਿਕ ਐਨਆਰਆਈ, ਪਰਮਿੰਦਰ ਸ਼ਰਮਾ ਜੈਨ ਟੀਵੀ ਡਕਾਲਾ, ਗੁਰਜੀਤ ਵਾਲੀਆ ਨਿਊਜ਼ ਟੂਡੇ, ਹਰਮੀਤ ਸੋਢੀ ਇੰਡੀਅਨ ਐਕਸਪ੍ਰੈੱਸ ਤੇ ਭਾਰਤ ਕੁਮਾਰ ਸੂਦ ਐਨਆਰਆਈ ਤੋਂ ਲਿਸਟ ਦਿੱਤੀ ਤੇ ਪ੍ਰੈੱਸ ਕਲੱਬ ਪਟਿਆਲਾ ਦੇ ਮੈਂਬਰ ਬਣਾਉਣ ਲਈ ਬੇਨਤੀ ਕੀਤੀ ਗਈ।
ਇਸ ਲਿਸਟ ਬਾਰੇ ਪ੍ਰੈੱਸ ਕਲੱਬ ਪਟਿਆਲਾ ਦੀ ਬਾਕਾਇਦਾ ਇਕ ਮੀਟਿੰਗ ਸੱਦੀ ਗਈ, ਜਿਸ ਵਿਚ ਇਹ ਚਰਚਾ ਕੀਤੀ ਗਈ ਕਿ ਇਹ ਸਾਰੇ ਪ੍ਰੈੱਸ ਕਲੱਬ ਪਟਿਆਲਾ ਦੇ ਮੈਂਬਰ ਬਣਾਉਣੇ ਚਾਹੀਦੇ ਹਨ ਜਾਂ ਨਹੀਂ, ਕੁਝ ਨੇ ਵਿਰੋਧਤਾ ਕੀਤੀ ਜੋ ਪਹਿਲਾਂ ਵੀ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਪ੍ਰੈੱਸ ਕਲੱਬ ਤੇ ਮੈਂਬਰ ਬਣਾਉਣ ਲਈ ਰਾਜ਼ੀ ਨਹੀਂ ਸਨ। ਪਰ ਇਸ ਮੀਟਿੰਗ ਵਿਚ ਬਹੁ ਗਿਣਤੀ ਨੇ ਇਸ ਲਿਸਟ ਨੂੰ ਮੈਂਬਰ ਬਣਾਉਣ ਲਈ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ ਇਹ ਵੀ ਸਾਰੇ ਮੈਂਬਰ ਬਣਾ ਲਏ ਗਏ, ਇਹ ਸਿਰਫ਼ ਮੈਂਬਰ ਹੀ ਬਣਾਏ ਗਏ ਸਨ ਨਾ ਕਿ ਕੋਈ ਇਨ੍ਹਾਂ ਕੋਲ ਪ੍ਰੈੱਸ ਕਲੱਬ ਦਾ ਕੋਈ ਅਜੇ ਅਹੁਦਾ ਸੀ।
ਉੱਧਰ ਆਰਟੀਓ ਦਫ਼ਤਰ ਵਿਚ ਪ੍ਰੈੱਸ ਕਲੱਬ ਪਟਿਆਲਾ ਦੀ ਨੀਂਹ ਰੱਖਣ ਲਈ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅੰਦਰੋਂ ਅੰਦਰੀਂ ਇਹ ਵੀ ਪਤਾ ਲੱਗ ਰਿਹਾ ਸੀ ਕਿ ਪ੍ਰੈੱਸ ਕਲੱਬ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਰੁਪਏ ਮੁਢਲੇ ਰੂਪ ਵਿਚ ਦੇਣ ਲਈ ਫ਼ੈਸਲਾ ਕੀਤਾ ਹੈ। ਜਿਸ ਵਿਚੋਂ 25 ਲੱਖ ਰੁਪਏ ਉਹ ਪਹਿਲਾਂ ਦੇਣਗੇ।
ਅੱਜ ਸਮਾਗਮ ਦਾ ਦਿਨ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਲੱਬ ਪਟਿਆਲਾ ਦਾ ਨੀਂਹ ਰੱਖਣ ਲਈ ਵਿਸ਼ੇਸ਼ ਕਰਕੇ ਆਉਣਾ ਹੈ। ਸਾਰੇ ਪੱਤਰਕਾਰਾਂ ਦੇ ਸਿਰ ’ਤੇ ਜਿਵੇਂ ਕਲਗ਼ੀਆਂ ਸਜ ਗਈਆਂ ਸਨ, ਜਿਵੇਂ ਕੋਈ ਜੰਗ ਜਿੱਤ ਲਈ ਸੀ, ਆਰਟੀਓ ਦਫ਼ਤਰ ਨੂੰ ਸਜਾਇਆ ਗਿਆ, ਇੱਥੇ ਕਰੀਬ 2 ਵਿੱਘੇ ਥਾਂ ਪ੍ਰੈੱਸ ਕਲੱਬ ਪਟਿਆਲਾ ਨੂੰ ਬਣਾਉਣ ਲਈ ਰਾਖਵੀਂ ਰੱਖ ਦਿੱਤੀ ਗਈ ਸੀ। ਨੀਂਹ ਪੱਥਰ ਸਜਾਇਆ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਆਏ ਸਨ, ਭਰਤਇੰਦਰ ਸਿੰਘ ਚਾਹਲ ਵੀ ਨਾਲ ਹੀ ਸਨ। ਇਸ ਵੇਲੇ ਨੀਂਹ ਪੱਥਰ ਰੱਖਿਆ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਰੁਪਏ ਮੁੱਢਲੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਜਿਸ ਵਿਚੋਂ 25 ਲੱਖ ਰੁਪਏ ਦੇ ਦਿੱਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਖ਼ਾਸ ਕਰਕੇ ਇਹ ਵੀ ਕਿਹਾ ਕਿ ‘‘ਇਹ ਪ੍ਰੈੱਸ ਕਲੱਬ ਨਮੂਨੇ ਦਾ ਬਣੇਗਾ, ਜਿਸ ਲਈ ਜਿੰਨੇ ਹੋਰ ਰੁਪਏ ਦੀ ਲੋੜ ਪਈ ਤਾਂ ਪੰਜਾਬ ਸਰਕਾਰ ਉਹ ਰੁਪਏ ਵੀ ਦੇਵੇਗੀ’’
ਪੱਤਰਕਾਰਾਂ ਨੇ ਇਕ ਦੂਜੇ ਤੋਂ ਅੱਗੇ ਹੋਕੇ ਫ਼ੋਟੋਆਂ ਖਿਚਵਾਈਆਂ, ਜਿਨ੍ਹਾਂ ਵਿਚ ਮੈਂ (ਇਨ੍ਹਾਂ ਸਤਰਾਂ ਦੇ ਲੇਖਕ) ਵੀ ਮੁਹਰਲੀ ਕਤਾਰ ਵਿਚ ਸੀ। ਇਸ ਇਤਿਹਾਸਕ ਦਿਨ ਦਾ ਗਵਾਹ ਮੈਂ ਵੀ ਸੀ। ਕਿਸੇ ਨੇ ਇਹ ਵੀ ਇੱਥੇ ਚਰਚਾ ਸ਼ੁਰੂ ਕੀਤੀ ਸੀ ਕਿ ‘ਆਰਟੀਓ ਦੀ ਇਮਾਰਤ ਹੈਰੀਟੇਜ ਦੀ ਹੈ, ਇੱਥੇ ਵੱਡੇ ਪੱਧਰ ਤੇ ਭੰਨ ਤੋੜ ਨਹੀਂ ਹੋ ਸਕਦੀ’ ਪਰ ਪੰਜਾਬ ਸਰਕਾਰ ਦਾ ਫ਼ੈਸਲਾ ਸੀ ਕਿ ਆਰਟੀਓ ਦੀ ਇਮਾਰਤ ਨੂੰ ਨਹੀਂ ਛੇੜਿਆ ਜਾਵੇਗਾ ਪਰ ਇੱਥੇ ਹੋਰ ਬਣੀ ਥਾਂ ਪਈ ਹੈ, ਪ੍ਰੈੱਸ ਕਲੱਬ ਉੱਥੇ ਬਣਾਇਆ ਜਾਵੇਗਾ, ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਜਿੱਥੇ ਬਾਰ ਵੀ ਹੋਵੇਗੀ, ਜਿੱਥੇ ਮੀਟਿੰਗ ਹਾਲ ਵੀ ਹੋਵੇਗਾ ਜਿੱਥੇ ਕਾਨਫ਼ਰੰਸ ਹਾਲ ਵੀ ਹੋਵੇਗਾ, ਜਿੱਥੇ ਬਾਹਰ ਪਾਰਕ ਵੀ ਹੋਵੇਗਾ, ਜਿੱਥੇ ਪੱਤਰਕਾਰ ਬੈਠ ਕੇ ਸਰਦੀਆਂ ਵਿਚ ਧੁੱਪ ਸੇਕਿਆ ਕਰਨਗੇ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਖ਼ਬਰਾਂ ਦੀ ਪੜਚੋਲ ਵੀ ਕਰਿਆ ਕਰਨਗੇ। ਕੁਝ ਜੱਬਲ਼ੀਆਂ ਵੀ ਮਾਰਿਆ ਕਰਨਗੇ, ਜ਼ਿਆਦਾ ਠੋਸ ਗੱਲਾਂ ਵੀ ਹੋਣਗੀਆਂ। ਇਹ ਪ੍ਰੈੱਸ ਕਲੱਬ ਪੱਤਰਕਾਰਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਬਚਾਏਗਾ, ਦਿਲ ਦੇ ਰੋਗਾਂ ਤੋਂ ਬਚਾਏਗਾ ਕਿਉਂਕਿ ਇੱਥੇ ਪੱਤਰਕਾਰ ਹਾਸਿਆਂ ਦੇ ਪਟਾਰੇ ਵੀ ਖੋਲ੍ਹਿਆ ਕਰਨਗੇ। ਪੂਰੇ ਪੰਜਾਬ ਵਿਚ ਇਸ ਪ੍ਰੈੱਸ ਕਲੱਬ ਦੀ ਚਰਚਾ ਸੀ, ਇਸ ਪ੍ਰੈੱਸ ਕਲੱਬ ਦੇ ਨੀਂਹ ਪੱਥਰ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿਚ ਪ੍ਰੈੱਸ ਕਲੱਬ ਬਣਾਉਣ ਬਾਰੇ ਵਿਚਾਰਾਂ ਹੋਣ ਲੱਗ ਪਈਆਂ ਸਨ।
ਪਰ ਪ੍ਰੈੱਸ ਕਲੱਬ ਪਟਿਆਲਾ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ....
ਨਾਲ ਦੀ ਨਾਲ ਇਕ ਹੋਰ ਕਹਾਣੀ ਜਾਂਦੇ ਜਾਂਦੇ ਯਾਦ ਆ ਗਈ, ਇੰਡੀਅਨ ਐਕਸਪ੍ਰੈੱਸ ਦੇ ਪ੍ਰਿੰਸੀਪਲ ਕੋਰਸਪੋਂਡੈਂਟ (ਸੀਨੀਅਰ ਸਟਾਫ਼ ਰਿਪੋਰਟਰ) ਜੋਗਿੰਦਰ ਮੋਹਨ ਦੇਰ ਸ਼ਾਮ ਆਪਣਾ ਕੰਮ ਨਿਪਟਾ ਕੇ ਆਪਣੇ ਘਰ ਵੱਲ ਜਾ ਰਹੇ ਸਨ,
ਰਸਤੇ ਵਿਚ ਇਕ ਐਸਪੀ ਉਸ ਨੂੰ ਟੱਕਰ ਗਿਆ, ਉਸ ਨੇ ਜੋਗਿੰਦਰ ਮੋਹਨ ਨੂੰ ਘੇਰ ਲਿਆ ਤੇ ਜੋਗਿੰਦਰ ਮੋਹਨ ਦੀ ਕਾਫ਼ੀ ਬੇਇੱਜ਼ਤੀ ਕੀਤੀ, ਜੋਗਿੰਦਰ ਮੋਹਨ ਨੇ ਇਸ ਪੂਰੀ ਗੱਲ ਦਾ ਵੇਰਵਾ ਗੁਰਕਿਰਪਾਲ ਸਿੰਘ ਅਸ਼ਕ ਨਾਲ ਸਾਂਝਾ ਕੀਤਾ, ਦੂਜੇ ਦਿਨ ਡੀਪੀਆਰਓ ਦਫ਼ਤਰ (ਜਿੱਥੇ ਹੁਣ ਵਿਜੀਲੈਂਸ ਦਾ ਦਫ਼ਤਰ ਹੈ) ਉੱਥੇ ਗੁਰਕਿਰਪਾਲ ਸਿੰਘ ਅਸ਼ਕ, ਡੀਪੀਆਰਓ ਤੇ ਜੋਗਿੰਦਰ ਮੋਹਨ ਇਕੱਠੇ ਹੋ ਗਏ, ਐਸਪੀ ਨੂੰ ਬੁਲਾਇਆ ਗਿਆ, ਡੀਪੀਆਰਓ ਦੇ ਦਫ਼ਤਰ ਤੇ ਪਿਛਲੇ ਅਰਾਮ ਕਮਰੇ ਵਿਚ ਐਸਪੀ ਤੇ ਬਾਕੀ ਸਾਰੇ ਬੈਠੇ ਸਨ ਤਾਂ ਐਸਪੀ ਨੂੰ ਜਦੋਂ ਪੁੱਛਿਆ ਗਿਆ ਕਿ ‘‘ਤੂਸੀਂ ਇੰਜ ਕਿਉਂ ਕੀਤਾ’’ ਤਾਂ ਐਸਪੀ ਨੇ ਕਿਹਾ ‘‘ਇਨ੍ਹਾਂ ਨੇ ਮੇਰੇ ਦਫ਼ਤਰ ਦੀ ਅਜਿਹੀ ਸੂਚਨਾ ਦੀ ਖ਼ਬਰ ਲਾਈ ਸੀ, ਜਿਸ ਦਾ ਸਿਰਫ਼ ਮੈਨੂੰ ਪਤਾ ਸੀ, ਜੋਗਿੰਦਰ ਮੋਹਨ ਕੋਲ ਇਹ ਖ਼ਬਰ ਕਿਵੇਂ ਪਹੁੰਚ ਗਈ, ਮੈਨੂੰ ਇਸ ਗੱਲ ਦਾ ਗ਼ੁੱਸਾ ਸੀ ਤਾਂ ਹੀ ਮੈਥੋਂ ਇੰਜ ਹੋ ਗਿਆ।’’ ਅਸ਼ਕ ਨੇ ਕਿਹਾ ‘‘ਫੇਰ ਇਹ ਤੁਹਾਡੀ ਨਾਲਾਇਕੀ ਹੈ ਕਿ ਤੁਸੀਂ ਆਪਣੇ ਦਫ਼ਤਰ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣੇ ਗੁਪਤ ਭੇਦ ਉਜਾਗਰ ਕਰਨ ਤੋਂ ਨਹੀਂ ਰੋਕ ਪਾਏ, ਸਾਡਾ ਕੰਮ ਤਾਂ ਖ਼ਬਰਾਂ ਕਰਨਾ ਹੈ, ਉਹ ਖ਼ਬਰਾਂ ਵੀ, ਜੋ ਗੁਪਤ ਹਨ, ਇਹ ਸਾਡੀ ਡਿਊਟੀ ਹੈ ਪਰ ਤੁਸੀਂ ਆਪਣੀ ਡਿਊਟੀ ਨਹੀਂ ਕਰ ਰਹੇ ਸ਼ਾਇਦ’’ ਐਸਪੀ ਨੇ ਮਾਫ਼ੀ ਮੰਗੀ ਤੇ ਮਾਮਲਾ ਰਫਾ ਦਫ਼ਾ ਕੀਤਾ।
ਬਾਕੀ ਅਗਲੇ ਅੰਕ ਵਿਚ....
ਸੰਪਰਕ : 8146001100
Thursday, November 06, 2025
ਇਕ ਉਸਾਰੂ ਸੋਚ ਦਾ ਆਗਾਜ਼ : ਪੱਤਰਕਾਰਾਂ ਦੀ ਜਥੇਬੰਦੀ ਬਣੇ
ਪੱਤਰਕਾਰੀ ਦਾ ਇਤਿਹਾਸ ਭਾਗ -5
ਲੇਖਕ : ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਪੱਤਰਕਾਰਾਂ ਲਈ ਇਕ ਸੁਨਹਿਰੀ ਸਮਾਂ ਸੀ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵਿਚ ਏਕਤਾ ਨਜ਼ਰ ਆਉਣ ਲੱਗੀ ਸੀ, ਹਾਲਾਂ ਕਿ ਜਗਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਰਾਜੂ ਦਾ ਮਿਜ਼ਾਜ ਵੱਖਰਾ ਸੀ, ਇਹ ਵੀ ਸਹੀ ਹੈ ਕਿ ਉਸ ਦਾ ਵੀ ਇਕ ਗਰੁੱਪ ਸੀ, ਉਸ ਗਰੁੱਪ ਵਿਚ ਵੀ ਕੁਝ ਖ਼ਾਸ ਪੱਤਰਕਾਰ ਮਨਜਿੰਦਰ ਸਿੰਘ ਤੇ ਭਾਵਨਾ ਜੀ ਤੇ ਹੋਰ ਵੀ ਕਈ ਹੁੰਦੇ ਸਨ। ਰਾਜੂ ਜਗਬਾਣੀ ਤੇ ਪੰਜਾਬ ਕੇਸਰੀ ਵਰਗੇ ਵੱਡੇ ਅਖ਼ਬਾਰ ਦਾ ਪੱਤਰਕਾਰ ਸੀ, ਉਸ ਦੀ ਪਟਿਆਲਾ ਵਿਚ ਖ਼ਾਸ ਪਹਿਚਾਣ ਸੀ, ਬੇਸ਼ੱਕ ਇਕ ਸਮਾਂ ਇਹ ਵੀ ਆਇਆ ਕਿ ਰਾਜੂ ਵੱਲੋਂ ਕੀਤੇ ਕੁਝ ਘਟਨਾਕ੍ਰਮ ਕਰਕੇ ਪਟਿਆਲਾ ਦੇ ਅਹਿਮ ਪੱਤਰਕਾਰਾਂ ਨੇ ਉਸ ਦਾ ਬਾਈਕਾਟ ਵੀ ਕੀਤਾ, ਘਟਨਾਕ੍ਰਮਾਂ ਵਿਚੋਂ ਇਕ ਘਟਨਾਕ੍ਰਮ ਇਹ ਵੀ ਸੀ ਕਿ ਇਕ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰਾਂ ਨੂੰ ਇਕ ਗੱਲ ‘ਆਫ਼ ਦੀ ਰਿਕਾਰਡ’ ਆਖੀ, ਜੋ ਛਾਪਣ ਵਾਲੀ ਨਹੀਂ ਸੀ, ਇੱਦਾਂ ਆਮ ਹੁੰਦਾ ਹੈ, ਕਈ ਵਾਰੀ ਵੱਡਾ ਲੀਡਰ ਗੰਭੀਰ ਪੱਤਰਕਾਰਾਂ ਕੋਲ ਕੋਈ ਨਾ ਕੋਈ ਗੱਲ ‘ਆਫ਼ ਦੀ ਰਿਕਾਰਡ’ ਵੀ ਕਹਿ ਦਿੰਦਾ ਹੈ, ਉਹ ਸਮਾਂ ਆਪਣੇ ਘਰ ਵਾਂਗ ਹੁੰਦਾ ਹੈ, ਉਸ ਸਮੇਂ ਉਸ ਗੱਲ ਨੂੰ ਪਰਦੇ ਵਿਚ ਹੀ ਰੱਖਣਾ ਬਣਦਾ ਹੁੰਦਾ ਹੈ, ਇਹ ਪੱਤਰਕਾਰ ਦੀ ਗੰਭੀਰਤਾ ਹੁੰਦੀ ਕਿ ਉਸ ਪਰਦੇ ਵਾਲੀ ਗੱਲ ਨੂੰ ਅਖ਼ਬਾਰ ਦੀ ਸੁਰਖ਼ੀ ਨਾ ਬਣਾਏ, ਕੈਪਟਨ ਅਮਰਿੰਦਰ ਸਿੰਘ ਦੀ ‘ਆਫ਼ ਦੀ ਰਿਕਾਰਡ’ ਵਜੋਂ ਆਖੀ ਹੋਈ ਗੱਲ ਰਾਜੂ ਨੇ ਕਥਿਤ ‘ਆਨ ਦੀ ਰਿਕਾਰਡ’ ਛਾਪ ਦਿੱਤੀ,
ਪੱਤਰਕਾਰ ਭਾਈਚਾਰੇ ਵਿਚ ਯੱਕਦਮ ਸਨਸਨੀ ਫੈਲ ਗਈ, ਸਾਰੇ ਭਾਈਚਾਰੇ ਨੇ ਗ਼ੁੱਸਾ ਕੀਤਾ ਤੇ ਬੁਰਾ ਮਨਾਇਆ, ਜਿਸ ਕਰਕੇ ਰਾਜੂ ਨਾਲ ਪੱਤਰਕਾਰਾਂ ਦਾ ਮਿਲਵਰਤਨ ਘਟ ਗਿਆ ਪਰ ਫੇਰ ਵੀ ਰਾਜੂ ਹੋਰ ਵੀ ਕਈ ਕਥਿਤ ਚੁਸਤ ਚਲਾਕੀਆਂ ਕਰਦਾ ਰਿਹਾ ਜਿਸ ਕਰਕੇ ਰਾਜੂ ਦਾ ਭਾਈਚਾਰੇ ਵੱਲੋਂ ਬਾਈਕਾਟ ਕੀਤਾ ਗਿਆ, ਜਿੱਥੇ ਪ੍ਰੈੱਸ ਕਾਨਫ਼ਰੰਸ ਕਰਨ ਸਮੇਂ ਰਾਜੂ ਹੁੰਦਾ ਸੀ ਤਾਂ ਬਹੁ ਗਿਣਤੀ ਪੱਤਰਕਾਰ ਉਸ ਪ੍ਰੈੱਸ ਕਾਨਫ਼ਰੰਸ ਦਾ ਬਾਈਕਾਟ ਕਰ ਦਿੰਦੇ ਸਨ। ਫੇਰ ਜ਼ਿਲ੍ਹਾ ਪ੍ਰਸ਼ਾਸਨ ਬਹੁ ਗਿਣਤੀ ਪੱਤਰਕਾਰਾਂ ਦੀ ਪ੍ਰੈੱਸ ਕਾਨਫ਼ਰੰਸ ਵੱਖਰੀ ਕਰਾਉਂਦਾ ਹੁੰਦਾ ਸੀ। ਰਾਜੂ ਦੇ ਵਿਰੁੱਧ ਇੰਜ ਕਿਉਂ ਹੁੰਦਾ ਸੀ ਇਸ ਦਾ ਵਿਸਥਾਰ ਹੋਰ ਵੀ ਹੈ ਪਰ ਉਸ ਦੇ ਹੋਰ ਵਿਸਥਾਰ ਵਿਚ ਜਾਣ ਦੀ ਹਿੰਮਤ ਮੇਰੇ ਵਿਚ ਨਹੀਂ ਹੈ ਕਿਉਂਕਿ ਰਾਜੂ ਨਾਲ ਗੱਲ ਨਹੀਂ ਹੋ ਸਕੀ, ਜੇਕਰ ਰਾਜੂ ਨਾਲ ਗੱਲ ਹੋ ਜਾਂਦੀ ਹੈ ਤਾਂ ਉਸ ਬਾਰੇ ਵੀ ਵਿਸਥਾਰ ਵਿਚ ਲਿਖਿਆ ਜਾਵੇਗਾ। ਪਰ ਰਾਜੂ ਇਕ ਅਹਿਮ ਚਿਹਰਾ ਸੀ ਪਟਿਆਲਾ ਦੀ ਪੱਤਰਕਾਰੀ ਵਿਚ। ਜਿੱਥੇ ਜਾਂਦਾ ਸੀ ਤਹਿਲਕਾ ਮਚਾ ਦਿੰਦਾ ਸੀ। ਪਰ ਫਿਰ ਵੀ ਪਟਿਆਲਾ ਦੇ ਪੱਤਰਕਾਰ ਉਸ ਵੱਲੋਂ ਕੀਤੀਆਂ ਕੁਝ ਵਿਵਾਦਿਤ ਕਾਰਵਾਈਆਂ ਕਰਕੇ ਉਸ ਦੇ ਵਿਰੋਧ ਵਿਚ ਭੁਗਤ ਰਹੇ ਸਨ ਤੇ ਸਮੂਹਿਕ ਤੌਰ ਤੇ ਰਾਜੂ ਦੀ ਵਿਰੋਧਤਾ ਵੀ ਕਰ ਰਹੇ ਸਨ। ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਦਾ ਜ਼ਿਕਰ ਕਿਸੇ ਹੋਰ ਭਾਗ ਵਿਚ ਕਰਾਂਗੇ। ਪਰ ਉਸ ਨਾਲ ਵੀ ਪੱਤਰਕਾਰ ਭਾਈਚਾਰੇ ਦੇ ਕੁਝ ਭਰਾ ਮਨਜਿੰਦਰ ਸਿੰਘ ਤੇ ਭਾਵਨਾ ਵਰਗੇ ਉਸ ਦੇ ਗਰੁੱਪ ਵਿਚ ਸ਼ੁਮਾਰ ਸਨ।
ਪੱਤਰਕਾਰਾਂ ਦਾ ਮਿਜ਼ਾਜ ਉਸ ਵੇਲੇ ਦੇਖਣ ਵਾਲਾ ਬਣਦਾ ਸੀ, ਬੇਝਿਜਕ ਸਵਾਲ ਪੁੱਛਦੇ ਸਨ, ਬੇਝਿਜਕ ਜਵਾਬ ਮੰਗਦੇ ਸਨ, ਕੋਈ ਵੀਆਈਪੀ ‘ਨੋ ਕਮੈਂਟ’ ਕਹਿ ਦੇਵੇ ਤਾਂ ਚੁੱਪ, ਪਰ ਜੇਕਰ ਕੋਈ ਵੀਆਈਪੀ ਚਲਾਕੀ ਦਿਖਾਵੇ ਤਾਂ ਉਹ ਬਚ ਕੇ ਨਿਕਲ ਜਾਵੇ, ਇਹ ਸੰਭਵ ਨਹੀਂ ਸੀ, ਪੱਤਰਕਾਰਾਂ ਦੀ ਏਕਤਾ ਸੀ ਪਰ ਫਿਰ ਵੀ ਇਕਜੁੱਟਤਾ ਨਹੀਂ ਸੀ, ਇਕਮੱਤ ਨਹੀਂ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਕਟ ਹਾਊਸ ਪਟਿਆਲਾ ਵਿਚ ਅਕਾਲੀ ਮੰਤਰੀ ਗੋਬਿੰਦ ਸਿੰਘ ਕਾਂਝਲਾ ਮੰਤਰੀ ਡਿਪਾਰਟਮੈਂਟ ਸੋਸ਼ਲ ਸਕਿਉਰਿਟੀ ਐਂਡ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਦੀ ਪ੍ਰੈੱਸ ਕਾਨਫ਼ਰੰਸ ਸੀ, ਪੱਤਰਕਾਰ ਭਾਈਚਾਰਾ ਤਹਿਜ਼ੀਬ ਪੂਰਵਕ ਮੰਤਰੀ ਨੂੰ ਸਵਾਲ ਪੁੱਛ ਰਿਹਾ ਸੀ, ਮੰਤਰੀ ਹੋਣ ਕਰਕੇ ਉਹ ਦਮਗਜੇ ਮਾਰ ਰਿਹਾ ਸੀ ਕਿ ਅਸੀਂ ਪੰਜਾਬ ਵਿਚ ਭਰੂਣ ਹੱਤਿਆ ਬੰਦ ਕਰਵਾ ਦਿੱਤੀ ਹੈ। ‘ਟਾਈਮਜ਼ ਆਫ਼ ਇੰਡੀਆ’ ਦੇ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਨੇ ਇਕ ਸਵਾਲ ਪੁੱਛਿਆ ‘ਮਿਨਿਸਟਰ ਸਾਹਿਬ ਬਾਕੀ ਤੁਸੀਂ ਕਹਿ ਹੀ ਦਿੱਤਾ ਪਰ ਮੇਰੀ ਇਕ ਗੱਲ ਦਾ ਜਵਾਬ ਦੇ ਦਿਓ ਕਿ ਤੁਸੀਂ ਹੁਣ ਤੱਕ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਕੁ ਮਸ਼ੀਨਾਂ ਫੜੀਆਂ ਹਨ?’ ਮੰਤਰੀ ਸਾਹਿਬ ਆਪਣੇ ਪਿੰਡ ਵਿਚ ਛੋਟੇ ਮੋਟੇ ਲੋਕਾਂ ਨੂੰ ਦਬਕਾ ਕੇ ਰੱਖਣ ਵਾਲੇ ਸਨ, ਉਸ ਨੇ ਇਸ ਪ੍ਰੈੱਸ ਕਾਨਫ਼ਰੰਸ ਨੂੰ ਆਪਣੇ ਪਿੰਡ ਦੀ ਸੱਥ ਸਮਝ ਲਿਆ ਸੀ, ਜਿਵੇਂ ਸੱਥ ਦਾ ਉਹ ਮੁਖੀ ਹੋਵੇ ਤੇ ਉਸ ਦੀ ਹਰ ਗੱਲ ਤੇ ਸਾਰੇ ‘ਹਾਂ ਹਾਂ’ ਕਰ ਰਹੇ ਹੋਣ, ਉਸ ਨਾਲ ਪ੍ਰੈੱਸ ਕਾਨਫ਼ਰੰਸ ਵਿਚ ਇੰਜ ਹੋਇਆ ਜਿਵੇਂ ਅਚਾਨਕ ਹੀ ਸੱਥ ਵਿਚ ਕੋਈ ਮੁਖੀ ਨੂੰ ਰੋਕ ਕੇ ਆਖੇ ਕਿ ‘ਬਾਕੀ ਤਾਂ ਛੱਡੋ ਸਰਦਾਰ ਸਾਹਿਬ ਕਿ ਜਦੋਂ ਤੁਹਾਡੇ ਵਾਲੇ ਖੂਹ ਵਿਚ ਕੁੱਤਾ ਗਿਰ ਗਿਆ ਸੀ ਤੇ ਕਈ ਦਿਨ ਉਹ ਕੁੱਤਾ ਖੂਹ ਵਿਚੋਂ ਨਿਕਲਿਆ ਨਹੀਂ ਸੀ ਤਾਂ ਫਿਰ ਤੁਸੀਂ ਪਾਣੀ ਕਿਥੋਂ ਪੀਤਾ ਸੀ?’ ਬਸ ਮੁਖੀ ਦੀ ਗੱਲ ਚੈਲੰਜ ਹੋ ਗਈ, ਉਹ ਸਵਾਲ ਪੁੱਛਣ ਵਾਲੇ ਨੂੰ ਦਬਕਾਉਂਦਾ ਵੀ ਹੈ ਤੇ ਉਸ ਨੂੰ ਡਰਾਉਂਦਾ ਵੀ ਹੈ, ਸਵਾਲ ਪੁੱਛਣ ਵਾਲਾ ਵਿਚਾਰਾ ਜਿਹਾ ਬਣ ਕੇ ਚੁੱਪ ਕਰ ਜਾਂਦਾ ਹੈ। ਪ੍ਰੈੱਸ ਕਾਨਫ਼ਰੰਸ ਵੀ ਮੰਤਰੀ ਜੀ ਨੇ ਉਸ ਸੱਥ ਵਾਂਗ ਸਮਝ ਲਈ ਸੀ ਜਿਸ ਵਿਚ ਉਸ ਦੀ ਹਰ ਪੱਖੋਂ ਚੱਲਦੀ ਹੈ।
ਗੁਰਕਿਰਪਾਲ ਸਿੰਘ ਅਸ਼ਕ ਦੇ ਸਵਾਲ ਤੇ ਗੋਬਿੰਦ ਸਿੰਘ ਕਾਂਝਲਾ ਮੰਤਰੀ ਨੇ ਕਿਹਾ ‘ਇਹ ਕੀ ਸਵਾਲ ਹੋਇਆ? ਇੰਜ ਦੇ ਸਵਾਲ ਦਾ ਜਵਾਬ ਦੇਣਾ ਹੀ ਨਹੀਂ ਬਣਦਾ, ਤੁਸੀਂ ਸਰਕਾਰੀ ਕੰਮ ਵਿਚ ਦਖ਼ਲ ਨਹੀਂ ਦੇ ਸਕਦੇ’ ਮੰਤਰੀ ਗੋਬਿੰਦ ਸਿੰਘ ਕਾਂਝਲਾ ਨੇ ਥੋੜ੍ਹਾ ਲੋਹਾ ਲਾਖਾ ਹੋਕੇ ਅਸ਼ਕ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਸ਼ਕ ਨੇ ਫੇਰ ਕਿਹਾ ‘ਵਜ਼ੀਰ ਸਾਹਿਬ ਮੇਰਾ ਛੋਟਾ ਜਿਹਾ ਸਵਾਲ ਹੈ ਕਿ ਤੁਸੀਂ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਫੜੀਆਂ ਹਨ, ਫੜੀਆਂ ਹਨ ਦਸ ਦਿਓ ਨਹੀਂ ਫੜੀਆਂ ਤਾਂ ਜਵਾਬ ਦੇ ਦਿਓ, ਇਸ ਵਿਚ ਤਾਂ ਸਰਕਾਰੀ ਕੰਮਾਂ ਵਿਚ ਕੋਈ ਦਖ਼ਲ ਹੀ ਨਹੀਂ ਹੈ’ ਡੀਪੀਆਰਓ ਡੌਰ ਭੌਰ ਹੋਇਆ ਖੜਾ ਸੀ, ਡਾਇਰੈਕਟਰ ਆਰਐਲ ਕਲਸੀਆ ਵੀ ਦੇਖ ਕੇ ਬੜਾ ਹੈਰਾਨ ਹੋ ਰਿਹਾ ਸੀ, ਮੰਤਰੀ ਸਿਆਣਾ ਹੁੰਦਾ ਤਾਂ ਡਾਇਰੈਕਟਰ ਆਰ ਐੱਲ ਕਲਸੀਆ ਨੂੰ ਪੁੱਛ ਲੈਂਦਾ, ਹੈਲਥ ਸੈਕਟਰੀ ਤੋਂ ਪੁੱਛ ਲੈਂਦਾ, ਪਰ ਮੰਤਰੀ ਦੇ ਦਿਮਾਗ਼ ਨੂੰ ਮੰਤਰੀ ਦੀ ਕੁਰਸੀ ਦਾ ਹੰਕਾਰ ਚੜ੍ਹਿਆ ਸੀ। ਇਸੇ ਫੁਕਰੇ ਪਣ ਵਿਚ ਮੰਤਰੀ ਉਲਝ ਗਿਆ। ਮੰਤਰੀ ਨੇ ਅਸ਼ਕ ਨੂੰ ਫੇਰ ਡਰਾਉਣ ਲਈ ਕਿਹਾ ‘ਇਹ ਤੁਹਾਨੂੰ ਅਸੀਂ ਕਿਵੇਂ ਦਸ ਦੇਈਏ, ਨਾਲੇ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹੀ ਛਾਪੋ, ਤੁਹਾਡੀ ਮਰਜ਼ੀ ਨਹੀਂ ਚੱਲਣੀ’ ਉਸ ਤੋਂ ਬਾਅਦ ਗੁਰਕਿਰਪਾਲ ਸਿੰਘ ਅਸ਼ਕ ਨੇ ਕਿਹਾ ‘ਮੈਂ ਤੁਹਾਡਾ ਕਲਰਕ ਥੋੜ੍ਹਾ ਹਾਂ ਮੰਤਰੀ ਸਾਹਿਬ, ਕਿ ਜੋ ਤੁਸੀਂ ਆਖੋ ਉਹੀ ਛਾਪ ਦੇਵਾਂ’ ਤਾਂ ਮੰਤਰੀ ਨੇ ਕਿਹਾ ‘ਤੁਸੀਂ ਜੋ ਛਾਪਣਾ ਛਾਪੋ’ ਜਿਵੇਂ ਮੰਤਰੀ ਨੇ ਖਹਿੜਾ ਛੁਡਾ ਲਿਆ ਸੀ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮੰਤਰੀ ਅਸਲ ਵਿਚ ਫਸ ਚੁੱਕਿਆ ਸੀ।
ਉਹ ਗੁਰਕਿਰਪਾਲ ਸਿੰਘ ਅਸ਼ਕ ਸੀ ਨਾ ਕਿ ‘ਫੁਕਰਾ ਧਾਲੀਵਾਲ’ ਕਿ ਪਹਿਲਾਂ ਮੰਤਰੀ ਦੇ ਪੈਰੀਂ ਹੱਥ ਲਾਏ ਤੇ ਬਾਅਦ ਵਿਚ ਸਵਾਲ ਪੁੱਛਿਆ, ਓ ਫੁਕਰੇ ਧਾਲੀਵਾਲ ਦੀ ਗੱਲ ਬਾਅਦ ਵਿਚ ਕਰਾਂਗੇ ਅੱਜ ਦਾ ਵਿਸ਼ਾ ਹੈ ਪਟਿਆਲਾ ਦੇ ਪੱਤਰਕਾਰਾਂ ਦੀ ਜਥੇਬੰਦੀ ਦੇ ਬਣਨ ਦੇ ਕਾਰਨ ਕੀ ਕੀ ਬਣੇ। ਗੁਰਕਿਰਪਾਲ ਸਿੰਘ ਅਸ਼ਕ ਦਾ ਕੰਮ ਹੋ ਚੁੱਕਿਆ ਸੀ, ਹੁਣ ਅਸ਼ਕ ਨੇ ਐਲਾਨੀਆ ਮੰਤਰੀ ਕਾਂਝਲਾ ਨੂੰ ਕਿਹਾ ‘ਮੈਂ ਤੁਹਾਡੀ ਪ੍ਰੈਸ ਕਾਨਫਰੰਸ ਦਾ ਬਾਈਕਾਟ ਕਰਦਾ ਹਾਂ ਕਿਉਂਕਿ ਤੁਹਾਡਾ ਪੱਤਰਕਾਰਾਂ ਨਾਲ ਰਵੱਈਆ ਠੀਕ ਨਹੀਂ ਹੈ। ’ ਇਹ ਕਹਿ ਕੇ ਅਸ਼ਕ ਉਥੋਂ ਉਠ ਕੇ ਚਲੇ ਗਏ, ਜੇਕਰ ਉਸ ਵੇਲੇ ਪੱਤਰਕਾਰਾਂ ਦੀ ਜਥੇਬੰਦੀ ਹੁੰਦੀ ਤਾਂ ਸਾਰੇ ਹੀ ਅਸ਼ਕ ਦੇ ਨਾਲ ਹੀ ਬਾਹਰ ਆ ਜਾਣੇ ਸਨ। ਅਸ਼ਕ ਸਰਕਟ ਹਾਊਸ ਵਿਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਪਿੱਛੋਂ ਡਾਇਰੈਕਟਰ ਨੇ ਅਵਾਜ਼ ਮਾਰੀ ‘ਮਿਸਟਰ ਅਸ਼ਕ, ਮਿਸਟਰ ਅਸ਼ਕ, ਮਿਸਟਰ ਅਸ਼ਕ’ ਗੁਰਕਿਰਪਾਲ ਸਿੰਘ ਅਸ਼ਕ ਸਮਝ ਰਿਹਾ ਸੀ ਕਿ ਮੰਤਰੀ ਨੇ ਫੇਰ ਬੁਲਾ ਲਿਆ ਹੈ। ਡਾਇਰੈਕਟਰ ਦੂਰੋਂ ਉੱਚੀ ਉੱਚੀ ਕਹਿੰਦਾ ਆ ਰਿਹਾ ਸੀ ਕਿ ‘ਕੋਈ ਅਜਿਹੀ ਖ਼ਬਰ ਨਾ ਛਾਪਣਾ ਅਸ਼ਕ ਜੀ, ਕੋਈ ਗੱਲ ਨਹੀਂ ਹੋਈ’ ਅਸ਼ਕ ਉੱਥੇ ਖੜ੍ਹਾ ਰਿਹਾ, ਡਾਇਰੈਕਟਰ ਕੋਲ ਆਇਆ ਉਸ ਨੇ ਅਸ਼ਕ ਨੂੰ ਬੜੀ ਹੀ ਧੀਮੀ ਅਵਾਜ਼ ਵਿਚ ਕਿਹਾ ‘ਅਸ਼ਕ ਸਾਹਿਬ ਮੰਜੀ ਠੋਕ ਦੇਣਾ ਮੰਤਰੀ ਦੀ, ਬੋਲਣ ਦੀ ਇਨੂ ਅਕਲ ਨਹੀਂ, ..ਠੋਕ ਕੇ ਲਾਉਣਾ ਖ਼ਬਰ... ’ ਡਾਇਰੈਕਟਰ ਨੇ ਇਸ ਤੋਂ ਵੀ ਵੱਧ ਮੰਤਰੀ ਬਾਰੇ ਧੀਮੀ ਅਵਾਜ਼ ਵਿਚ ਕਿਹਾ, ਅਸ਼ਕ ਕੋਲ ਤਾਂ ਪਹਿਲਾਂ ਹੀ ਖ਼ਬਰ ਦਾ ਕੰਟੈਂਟ ਮੌਜੂਦ ਸੀ, ਉੱਪਰੋਂ ਮੰਤਰੀ ਦਾ ਪੱਖ ਆ ਗਿਆ, ਸਵੇਰੇ ਹੀ ਟਾਈਮਜ਼ ਆਫ਼ ਇੰਡੀਆ ਵਿਚ ਪੰਜ ਕਾਲਮ ਖ਼ਬਰ ਪ੍ਰਕਾਸ਼ਿਤ ਹੋਈ ਤੇ ਮੰਤਰੀ ਨੂੰ ਭਾਜੜਾਂ ਪੈ ਗਈਆਂ। ਡਾਇਰੈਕਟਰ ਨੇ ਦੱਸਿਆ ਕਿ ਮੰਤਰੀ ਦੂਜੇ ਦਿਨ ਸਾਰਾ ਦਿਨ ਹੀ ਅਧਿਕਾਰੀਆਂ ਨੂੰ ਝਾੜਦਾ ਰਿਹਾ ਤੇ ਅੰਕੜੇ ਇਕੱਠੇ ਕਰਦਾ ਰਿਹਾ।
ਇਸ ਤਰ੍ਹਾਂ ਦੀਆਂ ਕਈ ਸਾਰੀਆਂ ਕਹਾਣੀਆਂ ਪੱਤਰਕਾਰਾਂ ਨੂੰ ਦਬਕਾਉਣ ਦੀਆਂ ਚੱਲਦੀਆਂ ਰਹਿੰਦੀਆਂ ਸਨ, ਪੱਤਰਕਾਰ ਇਸ ਬਾਰੇ ਕਾਫ਼ੀ ਚਿੰਤਤ ਸਨ, ਇਕ ਦਿਨ ਰਾਤ ਨੂੰ ਚੜ੍ਹਦੀਕਲਾ ਦਫ਼ਤਰ ਵਿਚੋਂ ਆ ਰਹੇ ਹਰਪ੍ਰੀਤ ਸਿੱਧੂ ਨੂੰ ਵੀ ਘੇਰ ਕੇ ਡਰਾਇਆ ਗਿਆ। ਦਰਸ਼ਨ ਖੋਖਰ ਨਾਲ ਵੀ ਕੁਝ ਘਟਨਾਵਾਂ ਵਾਪਰੀਆਂ ਸਨ।
ਹੁਣ ਇੱਥੋਂ ਸ਼ੁਰੂ ਹੁੰਦਾ ਹੈ ਇਹ ਵਿਚਾਰ ਕਿ ਪਟਿਆਲਾ ਵਿਚ ਇਕ ਪੱਤਰਕਾਰਾਂ ਦੀ ਅਹਿਮ ਸਨਮਾਨਯੋਗ ਜਥੇਬੰਦੀ ਬਣਾਈ ਜਾਵੇ। ਜਥੇਬੰਦੀ ਦੀ ਲੋੜ ਸੀ, ਪਰ ਪਹਿਲਾਂ ਵੀ ਜਥੇਬੰਦੀਆਂ ਬਣਦੀਆਂ ਰਹੀਆਂ ਹਨ। ਇੱਥੇ ਇਕ ਹੋਰ ਮੁਸ਼ਕਿਲ ਬੜੀ ਅਹਿਮ ਸੀ, ਜਥੇਬੰਦੀ ਬਣਾਉਣ ਤੋਂ ਪਹਿਲਾਂ ਇਹ ਮੁਸ਼ਕਿਲ ਹੱਲ ਕਰਨੀ ਵੀ ਜ਼ਰੂਰੀ ਸੀ, ਦਾ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਜੰਗਵੀਰ ਸਿੰਘ ਤੇ ਅਜੀਤ ਦੇ ਸਟਾਫ਼ ਰਿਪੋਰਟਰ ਜਸਪਾਲ ਸਿੰਘ ਢਿੱਲੋਂ ਦੀ ਆਪਸ ਵਿਚ ਤਣਾ ਤਣੀ ਚੱਲ ਰਹੀ ਸੀ, ਇਨ੍ਹਾਂ ਦੋਵਾਂ ਨੂੰ ਵੀ ਮਿਲਾਉਣਾ ਜ਼ਰੂਰੀ ਸੀ। ਕਾਰਨ ਤਾਂ ਹੋਰ ਵੀ ਹੋਣਗੇ, ਪਰ ਇਕ ਕਾਰਨ ਜੋ ਮੇਰੇ ਧਿਆਨ ਵਿਚ ਹੈ ਕਿ ਜਦੋਂ ਜਸਪਾਲ ਸਿੰਘ ਢਿੱਲੋਂ ਪੰਜਾਬੀ ਟ੍ਰਿਬਿਊਨ ਵਿਚ ਨਿਯੁਕਤ ਹੋਇਆ ਤਾਂ ਉਸ ਦੀ ਵਿਰੋਧਤਾ ਕਰਨ ਵਾਲਿਆਂ ਵਿਚ ਇਕ ਜੰਗਵੀਰ ਵੀ ਸੀ, ਇਹ ਆਮ ਹੁੰਦਾ ਹੈ ਕਿ ਜਿਵੇਂ ਜਦੋਂ ਮੈਂ (ਇਨ੍ਹਾਂ ਸਤਰਾਂ ਦਾ ਲੇਖਕ) ਪੰਜਾਬੀ ਟ੍ਰਿਬਿਊਨ ਵਿਚ ਨਿਯੁਕਤ ਹੋਇਆ ਸੀ ਤਾਂ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਪਟਿਆਲਾ ਦੇ ਮੇਰੇ ਸਾਥੀਆਂ ਵੱਲੋਂ, ਮੇਰੇ ਸਾਥੀਆਂ ਦੇ ਮਿੱਤਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ, ਪਰ ਸੰਪਾਦਕ ਵਰਿੰਦਰ ਵਾਲੀਆ ਜੀ ਨੇ ਜਿੰਦੇ ਹੀ ਇੰਜ ਲਗਾਏ ਸਨ ਕਿ ਮੇਰੀ ਵਿਰੋਧਤਾ ਵਿਚ ਖੜ੍ਹਾ ਕੋਈ ਕਾਮਯਾਬ ਨਹੀਂ ਹੋ ਸਕਿਆ। ਜਸਪਾਲ ਢਿੱਲੋਂ ਦਾ ਗ਼ੁੱਸਾ ਕਰਨਾ ਜਾਇਜ਼ ਸੀ, ਪਰ ਜੰਗਵੀਰ ਨੇ ਖ਼ੁਦ ਨਹੀਂ ਸਗੋਂ ਉਸ ਕੋਲੋਂ ਇੰਜ ਕਰਾਇਆ ਗਿਆ ਸੀ, ਉਸ ਕੋਲੋਂ ਕਰਾਉਣ ਵਾਲੇ ਕੌਣ ਲੋਕ ਸਨ ਇਸ ਬਾਰੇ ਕਦੇ ਫੇਰ ਸਾਂਝ ਪਾਵਾਂਗੇ।
ਹੁਣ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਬਣਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਸੀ ਤਾਂ ਜੰਗਵੀਰ ਸਿੰਘ ਤੇ ਜਸਪਾਲ ਢਿੱਲੋਂ ਨੂੰ ਪੁਰਾਣੇ ਸ਼ਿਕਵੇ ਭੁਲਾ ਕੇ ਇਕ ਕਰਨਾ ਵੀ ਲਾਜ਼ਮੀ ਸੀ। ਛੋਟੀ ਬਾਰਾਂਦਰਰੀ ਵਿਚ ਅਜੀਤ ਅਖਬਾਰ ਦੇ ਦਫਤਰ ਵਿਚ ਪੱਤਰਕਾਰਾਂ ਦੀ ਭਰਵੀਂ ਮੀਟਿੰਗ ਵਿਚ ਮੇਰਾ ਪ੍ਰਸਤਾਵ ਸੀ ਕਿ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਇਕੱਠੇ ਹੋਣੇ ਲਾਜ਼ਮੀ ਹਨ ਨਹੀਂ ਤਾਂ ਜਥੇਬੰਦੀ ਨਹੀਂ ਬਣ ਸਕੇਗੀ, ਭਾਵੇਂ ਕਿ ਜਥੇਬੰਦੀ ਜੰਗਵੀਰ ਤੇ ਜਸਪਾਲ ਤੋਂ ਬਗੈਰ ਵੀ ਬਣ ਸਕਦੀ ਸੀ ਪਰ ਉਨ੍ਹਾਂ ਸਮਿਆਂ ਵਿਚ ਇਕ ਸਤਿਕਾਰ ਸੀ, ਭਾਵ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਇਕ ਸਤਿਕਾਰ ਸੀ, ਹੁਣ ਤਾਂ ਚਾਰ ਪੱਤਰਕਾਰ ਇਕੱਠੇ ਹੋਏ ਤੇ ਜਥੇਬੰਦੀ ਬਣ ਜਾਂਦੀ ਹੈ ਤੇ ਵੱਖਰੇ ਪ੍ਰੈਸ ਕਲੱਬ ਦੀ ਮੰਗ ਸ਼ੁਰੂ ਹੋ ਜਾਂਦੀ ਹੈ, ਟਾਈਮਜ਼ ਆਫ਼ ਇੰਡੀਆ ਦੇ ਸੀਨੀਅਰ ਸਟਾਫ਼ ਰਿਪੋਰਟਰ ਗੁਰਕਿਰਪਾਲ ਸਿੰਘ ਅਸ਼ਕ ਤੇ ਦੇਸ਼ ਸੇਵਕ ਦੇ ਸਟਾਫ਼ ਰਿਪੋਰਟਰ ਗੁਰਨਾਮ ਸਿੰਘ ਅਕੀਦਾ (ਇਨ੍ਹਾਂ ਸਤਰਾਂ ਦਾ ਲੇਖਕ) ਨੇ ਇਸ ਬਾਰੇ ਅਹਿਮ ਰੋਲ ਨਿਭਾਇਆ ਤੇ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਦੀ ਏਕਤਾ ਹੋ ਗਈ। ਉਸ ਤੋਂ ਬਾਅਦ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਹੋਂਦ ਵਿਚ ਆਈ, ਜਿਸ ਦਾ ਨਾਮ ਰੱਖਿਆ ਗਿਆ ‘ਪਟਿਆਲਾ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ’।
ਇਸ ਜਥੇਬੰਦੀ ਦੇ ਪਟਿਆਲਾ ਦੇ ਜ਼ਿਆਦਾਤਰ ਪੱਤਰਕਾਰ ਤੇ ਸਰਕਾਰੀ ਤੌਰ ਤੇ ਸੇਵਾ ਨਿਭਾ ਰਹੇ ਡੀਪੀਆਰਓ ਤੇ ਏਪੀਆਰਓ ਵੀ ਮੈਂਬਰ ਬਣਾਏ ਗਏ। ਇਸ ਜਥੇਬੰਦੀ ਦੇ ਮੈਂਬਰ ਬਣਨ ਲਈ ਕਈ ਸਾਰੇ ਪ੍ਰੈੱਸ ਤੇ ਗੈਰ ਪ੍ਰੈੱਸ ਵਾਲਿਆਂ ਨੇ ਸੰਪਰਕ ਕੀਤਾ, ਪਰ ਇਹ ਜਥੇਬੰਦੀ ਨਿਰੋਲ ਪੱਤਰਕਾਰਾਂ ਦੀ ਜਥੇਬੰਦੀ ਸੀ,
ਜਦੋਂ ਇਹ ਜਥੇਬੰਦੀ ਬਣੀ ਤਾਂ ਤੁਸੀਂ ਹੈਰਾਨ ਹੋਵੋਗਾ ਕਿ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਤੇ ਪੰਜਾਬ ਸਰਕਾਰ ਵਿਚ ਤਹਿਲਕਾ ਮੱਚ ਗਿਆ ਸੀ। ਪਰ ਇਹ ਤਹਿਲਕਾ ਕੋਈ ਬੰਬ ਨਹੀਂ ਸੀ ਸਾਰੇ ਪੱਤਰਕਾਰ ਆਪਣੇ ਅਖ਼ਬਾਰਾਂ ਵਿਚ ਆਮ ਵਾਂਗ ਕੰਮ ਕਰਦੇ ਸਨ। ਇਹ ਨਹੀਂ ਸੀ ਕਿ ਜਥੇਬੰਦੀ ਬਣ ਗਈ ਕਿ ਸਾਰੇ ਪੱਤਰਕਾਰ ‘ਡਾਨ’ ਬਣ ਗਏ। ਉਸ ਵੇਲੇ ਪ੍ਰਵੀਨ ਕੋਮਲ ਦੀ ਕੋਈ ਬਹੁਤੀ ਚਰਚਾ ਨਹੀਂ ਸੀ, ਪਰ ਇਕ ਗੱਲ ਜ਼ਰੂਰ ਹੈ ਕਿ ਉਹ ‘ਰਾਈਟ ਐਕਸ਼ਨ’ ਅਖ਼ਬਾਰ ਰਾਹੀਂ ਕਈ ਲੋਕਾਂ ਦੇ ਚਰਿੱਤਰ ਹਨਨ ਜ਼ਰੂਰ ਕਰਦਾ ਸੀ। ਇਸ ਜਥੇਬੰਦੀ ਵਿਚ ਉਸ ਲਈ ਕੋਈ ਥਾਂ ਨਹੀਂ ਸੀ।
ਇਸ ਜਥੇਬੰਦੀ ਵਿਚ ਅਜੀਤ ਤੋਂ ਜਸਵਿੰਦਰ ਸਿੰਘ ਦਾਖਾ ਨੂੰ ਵੀ ਮੈਂਬਰ ਬਣਾਇਆ ਗਿਆ ਸੀ ਪਰ ਉਹ ਜਥੇਬੰਦੀ ਵਿਚ ਸਰਗਰਮ ਨਹੀਂ ਸੀ। ਪਰ ਫਿਰ ਵੀ ਪਟਿਆਲਾ ਦਾ ਮੀਡੀਆ ਉਸ ਦਾ ਸਤਿਕਾਰ ਕਰਦਾ ਸੀ, ਇਹ ਜਥੇਬੰਦੀ ਚਾਹੁੰਦੀ ਸੀ ਕਿ ਜਸਵਿੰਦਰ ਸਿੰਘ ਦਾਖਾ ਇਸ ਦਾ ਰਿਕਾਰਡ ਤੌਰ ਤੇ ਮੈਂਬਰ ਬਣੇ। ਪਰ ਇਹ ਤਮੰਨਾ ਜਥੇਬੰਦੀ ਦੀ ਪੂਰੀ ਨਹੀਂ ਹੋਈ।
ਬਣਾਈ ਗਈ ਜਥੇਬੰਦੀ ਪਟਿਆਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੰਗਵੀਰ ਸਿੰਘ ਬਣੇ ਦੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਬਣਾਏ ਗਏ, ਦੋਵੇਂ ਵਿਰੋਧੀ ਸੀ, ਵਿਰੋਧੀਆਂ ਨੂੰ ਇਸ ਤਰੀਕੇ ਨਾਲ ਜੋੜਿਆ ਕਿ ਦੋਵੇਂ ਟਿੱਚ ਬਟਣਾ ਦੀ ਜੋੜੀ ਬਣ ਗਏ।
ਸਕੱਤਰ ਮੈਨੂੰ ਵੀ ਬਣਾਇਆ ਗਿਆ, ਪੱਤਰਕਾਰਾਂ ਵਿਚ ਜਥੇਬੰਦੀ ਪ੍ਰਤੀ ਬਹੁਤ ਉਤਸ਼ਾਹ ਸੀ। ਮੈਂਬਰਸ਼ਿਪ ਬੜੇ ਦਫ਼ਤਰੀ ਤਰੀਕੇ ਨਾਲ ਕੱਟੀ ਜਾ ਰਹੀ ਸੀ, ਇਸ ਸਮੇਂ ਦਰਸ਼ਨ ਸਿੰਘ ਖੋਖਰ, ਸਰਬਜੀਤ ਸਿੰਘ ਭੰਗੂ, ਭੁਪੇਸ਼ ਚੱਠਾ, ਗੁਰਨਾਮ ਸਿੰਘ ਅਕੀਦਾ, ਗੁਰਪ੍ਰੀਤ ਸਿੰਘ ਨਿੱਬਰ, ਆਈਐਸ ਚਾਵਲਾ, ਜੰਗਵੀਰ ਸਿੰਘ, ਜਸਪਾਲ ਸਿੰਘ ਢਿੱਲੋਂ, ਪ੍ਰਵੇਸ਼ ਸ਼ਰਮਾ, ਰਵੇਲ ਸਿੰਘ ਭਿੰਡਰ ਆਦਿ ਨੇ ਬੜਾ ਹੀ ਅਹਿਮ ਰੋਲ ਨਿਭਾਇਆ।
ਪਟਿਆਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਦੀ ਭਲਾਈ ਲਈ ਕੰਮ ਵੀ ਕਰਨੇ ਸ਼ੁਰੂ ਕਰ ਦਿੱਤੇ ਸਨ, ਪੰਜਾਬ ਸਰਕਾਰ ਨੂੰ ਪੱਤਰ ਦੇਣੇ ਸ਼ੁਰੂ ਹੋਏ ਸਨ। ਜਿਸ ਦੀ ਕਾਰਵਾਈ ਹੋਣੀ ਲਾਜ਼ਮੀ ਸੀ, ਜਿਸ ਬਾਰੇ ਅੱਗੇ ਜਾ ਕੇ ਸਪਸ਼ਟ ਹੋਵੇਗਾ।
ਪੱਤਰਕਾਰਾਂ ਦੀ ਜਥੇਬੰਦੀ ਬਣ ਗਈ ਸੀ, ਮੀਟਿੰਗਾਂ ਬੜੇ ਸਲੀਕੇ ਵਾਲੀਆਂ ਹੁੰਦੀਆਂ ਸਨ। ਹੁਣ ਪਟਿਆਲਾ ਵਿਚ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਤਰਜ਼ ਤੇ ਪਟਿਆਲਾ ਵਿਚ ਪ੍ਰੈੱਸ ਕਲੱਬ ਬਣਾਉਣ ਦੀ ਗੱਲ ਤੁਰੀ, ਪਟਿਆਲਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚ ਆ ਗਈ ਸੀ, ਇਸ ਤੋਂ ਵੱਧ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਲਈ ਹੋਰ ਕੀ ਹੋ ਸਕਦਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕੋਲ ਮੀਡੀਆ ਨੇ ਇਸ ਬਾਰੇ ਗੱਲ ਰੱਖੀ, ਕੈਪਟਨ ਅਮਰਿੰਦਰ ਸਿੰਘ ਤੱਕ ਵੀ ਗੱਲ ਪੁੱਜਦੀ ਹੋਈ। ਹੁਣ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ ਪਟਿਆਲਾ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਦੀ..
ਬਾਕੀ ਅਗਲੇ ਭਾਗ ਵਿਚ....
ਸੰਪਰਕ : 8146001100
ਮੇਰੇ ਵਲੋਂ ਖਾਸ ਬੇਨਤੀ ... ਕਿਰਪਾ ਨੋਟ ਕਰਨਾ ਜੀ...
ਇਸ ਇਤਿਹਾਸਕ ਲੇਖ ਬਾਰੇ ਕਿਸੇ ਕੋਲ ਹੋਰ ਵੀ ਪੱਖ ਹੋ ਸਕਦੇ ਹਨ ਉਹ ਬਲੌਗ ਵਿਚ ਇਸ ਲੇਖ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ ਜਾਂ ਫਿਰ ਮੈਨੂੰ ਫ਼ੋਨ ਕਰਕੇ ਦੱਸ ਸਕਦਾ ਹੈ ਤਾਂ ਕਿ ਇਸ ਲੇਖ ਵਿਚ ਕੁਝ ਹੋਰ ਜੋੜਿਆ ਜਾ ਸਕੇ, ਮੈਂ ਉਨ੍ਹਾਂ ਦਾ ਬਹੁਤ ਮਸ਼ਕੂਰ ਹੋਵਾਂਗਾ, ਜੇਕਰ ਮੇਰੀ ਕਿਤੇ ਗ਼ਲਤੀ ਹੋਵੇ ਤਾਂ ਜ਼ਰੂਰ ਦੱਸਣਾ ਮੈਂ ਧੰਨਵਾਦੀ ਹੋਵਾਂਗਾ, ਜਿਵੇਂ ਇਸ ਪਹਿਲੇ ਚਾਰ ਨੰਬਰ ਭਾਗ ਵਿਚ ਇਕ ਗ਼ਲਤੀ ਨੂੰ ਦਰੁਸਤ ਮੇਰੇ ਵੀਰ ਪੱਤਰਕਾਰ ਪ੍ਰਦੀਪ ਸ਼ਾਹੀ ਨੇ ਦਰੁਸਤ ਕਰਵਾਇਆ ਸੀ ਧੰਨਵਾਦ ਪ੍ਰਦੀਪ ਸ਼ਾਹੀ ਜੀ ... ਕਿਸੇ ਵੀਰ ਭੈਣ ਨੂੰ ਕੁਝ ਬੁਰਾ ਲੱਗਦਾ ਹੋਵੇ ਮੈਂ ਉਸ ਤੋਂ ਤਹਿ ਦਿਲੋਂ ਮਾਫ਼ੀ ਮੰਗਦਾ ਹਾਂ.. ਮੇਰੇ ਵਿਰੁੱਧ ਥਾਣੇ, ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਮੇਰੇ ਨਾਲ ਗੱਲ ਜ਼ਰੂਰ ਕਰ ਲੈਣਾ ਜੀ,ਮੇਰੀ ਭਾਵਨਾ ਕਿਸੇ ਦੀ ਵਿਰੋਧਤਾ ਵਿਚ ਲਿਖਣਾ ਬਿਲਕੁਲ ਨਹੀਂ ਹੈ, ਮੈਂ ਤਾਂ ਪਟਿਆਲਾ ਦੇ ਪੱਤਰਕਾਰਾਂ ਦਾ ਇਤਿਹਾਸ ਬਣਾ ਰਿਹਾ ਹਾਂ ਜੋ ਨਾ ਪਹਿਲਾਂ ਕਿਸੇ ਨੇ ਬਣਾਇਆ ਹੈ ਸ਼ਾਇਦ ਨਾ ਹੀ ਕੋਈ ਅੱਗੇ ਬਣਾਏਗਾ.. ਹੋ ਸਕਦਾ ਹੈ ਮੇਰੀ ਵਿਰੋਧਤਾ ਕਰਨ ਵਾਲੇ ਇਸ ਬਾਰੇ ਆਪਣੇ ਵਿਚਾਰ ਰੱਖਦੇ ਹੋਣ ਪਰ ਉਨ੍ਹਾਂ ਵੱਲੋਂ ਵੀ ਬਲੌਗ ਪੜ੍ਹਨ ਦਾ ਧੰਨਵਾਦ ਜੀ.. ਅਕੀਦਾ
Monday, November 03, 2025
ਪੱਤਰਕਾਰ-ਪੁਲੀਸ ਦਾ ਦਬਦਬਾ ਬਨਾਮ ਪੱਤਰਕਾਰਾਂ ਦੀ ਏਕਤਾ : ਆਤਮਦਾਹ ਦੀ ਜ਼ਿੰਮੇਵਾਰੀ
ਪੱਤਰਕਾਰੀ ਦਾ ਇਤਿਹਾਸ ਭਾਗ -4
ਲੇਖਕ : ਗੁਰਨਾਮ ਸਿੰਘ ਅਕੀਦਾ
ਪੰਜਾਬ ਕੇਸਰੀ ਤੋਂ ਬਾਅਦ ਹਿੰਦੀ ਪੱਤਰਕਾਰਤਾ ਦੀ ਸ਼ੁਰੂਆਤ ਪੰਜਾਬ ਵਿਚ ਹੋਣ ਲੱਗ ਪਈ ਸੀ, ਹਿੰਦੀ ਪੱਤਰਕਾਰਤਾ ਵਿਚ ਚੰਗਾ ਪੱਖ ਇਹ ਸੀ ਕਿ ਉਨ੍ਹਾਂ ਪੀਲੀ ਪੱਤਰਕਾਰੀ ਤੋਂ ਬਗੈਰ ਪੰਜਾਬ ਵਿਚ ਆਪਣਾ ਕੰਮ ਸ਼ੁਰੂ ਕੀਤਾ, ਖ਼ਾਸ ਗੱਲ ਇਹ ਸੀ ਕਿ ਹਿੰਦੀ ਅਖ਼ਬਾਰਾਂ ਵਿਚ ਗੈਰ ਪੰਜਾਬੀ ਜ਼ਿਆਦਾ ਪੱਤਰਕਾਰ ਪੰਜਾਬ ਵਿਚ ਕਾਰਜਸ਼ੀਲ ਕੀਤੇ ਗਏ ਸਨ। ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਥੋੜ੍ਹਾ ਨਿਰਪੱਖ ਸੀ ਤੇ ਥੋੜ੍ਹਾ ਨਿਡਰ ਵੀ ਸੀ, ਉਨ੍ਹਾਂ ਨੇ ਪੰਜਾਬ ਵਿਚ ਇਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਜਿਵੇਂ ਕਿ ਉਹ ਹੀ ਹੁਣ ਪੱਤਰਕਾਰ ਹਨ, ਪੰਜਾਬੀ ਪੱਤਰਕਾਰਾਂ ਨਾਲ ਉਨ੍ਹਾਂ ਦੀ ਸਾਂਝ ਬਣਨ ਵਿਚ ਥੋੜ੍ਹਾ ਸਮਾਂ ਲੱਗ ਰਿਹਾ ਸੀ, ਕਿਉਂਕਿ ਉਹ ਜਿੱਥੋਂ ਵੀ ਪੱਤਰਕਾਰੀ ਕਰਕੇ ਆਏ ਹਨ ਸ਼ਾਇਦ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਫਰੈਂਡਲੀ ਨਾ ਹੋਵੇ, ਜਾਂ ਇੰਜ ਕਹਿ ਲਓ ਕਿ ਉਹ ਪੰਜਾਬ ਵਿਚ ਆਪਣੀ ਵੱਖਰੀ ਹੋਂਦ ਬਣਾਉਣਾ ਚਾਹੁੰਦੇ ਹਨ, ਥੋੜ੍ਹਾ ਹੰਕਾਰ ਜਿਸ ਨੂੰ ਈਗੋ ਵੀ ਕਿਹਾ ਜਾਂਦਾ ਹੈ ਇਨ੍ਹਾਂ ਵਿਚੋਂ ਜ਼ਿਆਦਾਤਰ ਪੱਤਰਕਾਰਾਂ ਵਿਚ ਨਜ਼ਰ ਆ ਜਾਂਦੀ ਸੀ ਪਰ ਫਿਰ ਵੀ ਕਈਆਂ ਨਾਲ ਸਾਂਝ ਬਣਦੀ ਵੀ ਜਾ ਰਹੀ ਸੀ ਪਰ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਆਪਣਾ ਹੀ ਸੀ, ਜਿੱਥੇ ਪੰਜਾਬੀ ਪੱਤਰਕਾਰੀ ਪ੍ਰੈੱਸ ਨੋਟਾਂ ਤੇ ਸਹਾਰੇ ਜਾਂ ਫਿਰ ਛੋਟੇ ਮੋਟੇ ਸਪੌਟ ਦੇ ਸਹਾਰੇ ਚੱਲਦੀ ਸੀ, ਉੱਥੇ ਹਿੰਦੀ ਪੱਤਰਕਾਰਾਂ ਨੇ ਅੰਗਰੇਜ਼ੀ ਪੱਤਰਕਾਰਾਂ ਵਾਂਗ ਹੀ ਵਿਸ਼ੇਸ਼ ਰਿਪੋਰਟਾਂ ਨੂੰ ਜ਼ਿਆਦਾ ਸਪੇਸ ਦੇਣੀ ਸ਼ੁਰੂ ਕੀਤੀ ਹੋਈ ਸੀ, ਇਹ ਪੱਤਰਕਾਰ ਲੋਕ-ਮਸਲੇ ਉਭਾਰਦੇ ਸਨ, ਬੇਸ਼ੱਕ ਇਹ ਹਦਾਇਤਾਂ ਉਨ੍ਹਾਂ ਨੂੰ ਮਾਲਕਾਂ ਦੀਆਂ ਹੋਣੀਆਂ ਹਨ, ਪਰ ਇਹ ਪੱਤਰਕਾਰ ਮਿਹਨਤੀ ਵੀ ਸਨ, ਹਾਲਾਂ ਕਿ ਪੰਜਾਬ ਬਾਰੇ ਇਨ੍ਹਾਂ ਨੂੰ ਬਹੁਤੀ ਸਮਝ ਵੀ ਨਹੀਂ ਸੀ, ਜਿਸ ਲਈ ਉਹ ਕਈ ਸਾਰੇ ਪੰਜਾਬੀ ਪੱਤਰਕਾਰਾਂ ਦਾ ਸਹਾਰਾ ਲੈਂਦੇ ਸਨ। ਪਰ ਇਕ ਗੱਲ ਕਹਿਣ ਵਿਚ ਕੋਈ ਗੁਰੇਜ਼ ਨਹੀਂ ਹੈ ਕਿ ਇਹ ਪੱਤਰਕਾਰ ਮਿਹਨਤੀ ਸਨ ਤੇ ਫ਼ੀਲਡ ਵਿਚ ਕੰਮ ਕਰਦੇ ਸਨ। ਇਕ ਅਖ਼ਬਾਰ ਵਿਚ ਇਕ ਪੱਤਰਕਾਰ ਨਹੀਂ ਸਗੋਂ ਕਈ ਕਈ ਪੱਤਰਕਾਰ ਜ਼ਿਲ੍ਹਾ ਸੰਭਾਲਦੇ ਸਨ। ਜੋ ਆਪੋ ਆਪਣੀਆਂ ਬੀਟਾਂ ’ਤੇ ਕੰਮ ਕਰਦੇ ਸਨ, ਇਕ ਗੱਲ ਹਿੰਦੀ ਅਖ਼ਬਾਰਾਂ ਨੇ ਹੋਰ ਪੰਜਾਬ ਵਿਚ ਪੱਕੀ ਕਰਕੇ ਲਿਆਂਦੀ ਕਿ ਇਹ ਸਵੇਰੇ ਪੱਤਰਕਾਰਾਂ ਦੀ ਮੀਟਿੰਗ ਕਰਦੇ ਤੇ ਰੋਜ਼ਾਨਾ ਦੀਆਂ ਖ਼ਬਰਾਂ ਬਾਰੇ ਗੱਲ ਕਰਦੇ, ਜੋ ਖ਼ਬਰ ਰਹਿ ਗਈ ਉਸ ਬਾਰੇ, ਅੱਜ ਕੀ ਖ਼ਬਰਾਂ ਕਰਨੀਆਂ ਹਨ ਉਨ੍ਹਾਂ ਬਾਰੇ ਸਵੇਰੇ ਹੀ ਮੀਟਿੰਗ ਹੁੰਦੀ ਸੀ। ਸਵੇਰੇ ਹੀ ਤਹਿ ਹੋ ਜਾਂਦਾ ਸੀ ਕਿ ਅੱਜ ਵਿਸ਼ੇਸ਼ ਰਿਪੋਰਟਾਂ ਕਿਹੜੀਆਂ ਕਰਨੀਆਂ ਹਨ, ਉਸ ਤੇ ਪੱਤਰਕਾਰ ਵਿਸ਼ੇਸ਼ ਤਵੱਜੋ ਦਿੰਦੇ ਸਨ, ਬਾਕੀ ਜੋ ਬੀਟਾਂ ਅਨੁਸਾਰ ਸਪੌਟ ਅਨੁਸਾਰ ਤੇ ਪ੍ਰੈੱਸ ਨੋਟਾਂ ਦੀ ਹਾਜ਼ਰੀ ਲਗਾਉਣੀ ਵੀ ਸੰਭਵ ਸੀ।
ਪਟਿਆਲਾ ਵਿਚ ਭਾਸਕਰ ਤੋਂ ਬਾਅਦ ਅਮਰ ਉਜਾਲਾ ਤੇ ਦੈਨਿਕ ਜਾਗਰਨ ਵਰਗੇ ਵੱਡੇ ਗਰੁੱਪਾਂ ਨੇ ਆਪਣੀ ਭਰਵੀਂ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਭਾਸਕਰ ਵਿਚ ਕਮਲੇਸ਼ (ਪੰਜਾਬੀ) ਨੇ ਬਿਨਾਂ ਦਫ਼ਤਰ ਤੋਂ ਕੰਮ ਕਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਅਮਰਜੀਤ ਸਿੰਘ ਭਾਸਕਰ ਵਿਚ ਬਤੌਰ ਪਟਿਆਲਾ ਦੇ ਫਾਊਂਡਰ ਸੰਪਾਦਕ ਆਏ (ਪੰਜਾਬੀ) ਸੀ, ਥੋੜ੍ਹਾ ‘ਈਗੋਇਸਟ’ ਸੀ, ਉਸ ਤੋਂ ਬਾਅਦ ਗੁਲਸ਼ਨ ਕੁਮਾਰ ਕਾਫ਼ੀ ਫਰੈਂਡਲ ਸੀ, ਗੌਰਵ ਸ਼ਰਮਾ ਥੋੜ੍ਹਾ ਫਰੈਂਡਲੀ ਸੀ, ਸੁਪਰਟੀਮ ਬੈਨਰਜੀ ਯਾਰਾਂ ਦਾ ਯਾਰ ਸੀ, ਦੀਪਕ ਮੋਦਿਗਿੱਲ ਆਪਣੇ ਆਪ ਵਿਚ ਮਸਤ ਪਰ ਚੰਗਾ ਪੱਤਰਕਾਰ, ਪ੍ਰਤਿਭਾ ਸਿਆਣੀ ਕੁੜੀ ਸੀ, ਨਰੇਸ਼, ਸੋਬਨ ਗੋਸਾਈਂ ਪਹਾੜੀ ਸੀ ਪਿਆਰਾ ਮੁੰਡਾ ਸੀ, ਰਾਣਾ ਰਣਬੀਰ ਇਕ ਆਦਰਸ਼ਵਾਦੀ ਪੱਤਰਕਾਰ, ਮੁਕੇਸ਼, ਵਰਿੰਦਰ ਸੈਣੀ ਮਿਹਨਤੀ, ਵਿਸ਼ਾਲ ਭਾਰਦਵਾਜ, ਫ਼ੋਟੋ ਗ੍ਰਾਫਰ ਅਜੇ ਸ਼ਰਮਾ ਪਿਆਰਾ ਬੱਚਾ, ਪ੍ਰੇਮ ਵਰਮਾ, ਸ਼ੰਸਾਂਕ ਪੰਜਾਬੋਂ ਬਾਹਰਲੇ ਪੱਤਰਕਾਰਾਂ ਵਰਗਾ ਹੀ, ਬਲਵਿੰਦਰ ਸਿੰਘ (ਬਾਅਦ ਵਿਚ ਦੈਨਿਕ ਜਾਗਰਣ ਵਿਚ ਚਲਾ ਗਿਆ), ਗੌਰਵ ਸੂਦ (ਬਾਅਦ ਵਿਚ ਜਾਗਰਣ ਵਿਚ ਚਲਾ ਗਿਆ) ਅਰਵਿੰਦ ਸ੍ਰੀ ਵਾਸਤਵਾ ਪੰਜਾਬੋਂ ਬਾਹਰਲੇ ਪੱਤਰਕਾਰਾਂ ਵਰਗਾ ਹੀ, ਸੰਦੀਪ ਟੁਰਨਾ ਆਦਿ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਨੇ ਪਟਿਆਲਾ ਵਿਚ ਭਾਸਕਰ ਵਿਚ ਕੰਮ ਕੀਤਾ ਤੇ ਭਾਸਕਰ ਨੂੰ ਜ਼ਿਕਰਯੋਗ ਬਣਾਇਆ ਅੱਜ ਵੀ ਰਾਣਾ ਰਣਬੀਰ ਵਰਗੇ ਨਿਰਪੱਖ ਪੱਤਰਕਾਰ ਇਸ ਦੀ ਸ਼ਾਨ ਹਨ। ਇਸ ਵੇਲੇ ਪਟਿਆਲਾ ਦੇ ਇਲੈਕਟ੍ਰੋਨਿਕ ਮੀਡੀਆ ਵਿਚ ਵਿਸ਼ਾਲ ਅੰਗਰੀਸ਼ ਵੀ ਸਰਗਰਮ ਹੋ ਗਏ ਸਨ। ਡੀਡੀ ਨਿਊਜ ਵੱਲੋਂ ਅਮਰਦੀਪ ਸਿੰਘ ਸਰਗਰਮ ਸਨ।
ਅਮਰ ਉਜਾਲਾ ਵਿਚ ਰਤਨੇਸਵਰ ਪਾਂਡੇ ਤੇ ਹੋਰ ਕਈ ਪੱਤਰਕਾਰਾਂ ਸਮੇਤ ਅੱਜ ਤੱਕ ਰਿੰਪੀ ਗੁਪਤਾ ਕਾਰਜਸ਼ੀਲ ਹਨ।
ਇਸੇ ਤਰ੍ਹਾਂ ਦੈਨਿਕ ਜਾਗਰਨ ਵਿਚ ਸ਼ੁਰੂਆਤੀ ਦੌਰ ਵਿਚ ਪਟਿਆਲਾ ਤੋਂ ਸਰਬਜੀਤ ਉੱਖਲਾ (ਇਕ ਬਹੁਤ ਚੰਗਾ ਆਦਰਸ਼ਵਾਦੀ ਪੱਤਰਕਾਰ) ਨੇ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਸੰਜੇ ਵਰਮਾ (ਇਕ ਚੰਗਾ ਪੱਤਰਕਾਰ), ਭੁਪੇਸ਼ ਚੱਠਾ (ਰਾਸਟਰਪਤੀ ਐਵਾਰਡੀ ਪੱਤਰਕਾਰ) ਵਰਗੇ ਪੱਤਰਕਾਰਾਂ ਨੇ ਵੀ ਦੈਨਿਕ ਜਾਗਰਣ ਲਈ ਕੰਮ ਕੀਤਾ, ਅੱਜ ਕੱਲ੍ਹ ਤਾਂ ਦੈਨਿਕ ਜਾਗਰਣ ਸਮੇਤ ਪੰਜਾਬੀ ਜਾਗਰਣ ਦਾ ਸਟਾਫ਼ ਰਿਪੋਰਟ ਤੇ ਜ਼ਿਲ੍ਹਾ ਇੰਚਾਰਜ ਨਵਦੀਪ ਢੀਂਗਰਾ (ਨਵਦੀਪ ਢੀਂਗਰਾ ਪਹਿਲਾਂ ਸਪੋਕਸਮੈਨ ਵਿਚ ਬਿਜ਼ਨੈੱਸ ਪ੍ਰਤੀਨਿਧ ਹੁੰਦੇ ਸਨ ਪਰ ਮੈਂ (ਇਨ੍ਹਾਂ ਸਤਰਾਂ ਦੇ ਲੇਖਕ) ਜਦੋਂ ਸਪੋਕਸਮੈਨ ਦਾ ਪੰਜਾਬ ਬਿਊਰੋ ਸੀ ਤਾਂ ਉਸ ਵੇਲੇ ਮੈਂ ਪਟਿਆਲਾ ਦਫ਼ਤਰ ਤੋਂ ਕੰਮ ਕਰਦਾ ਸੀ, ਉਸ ਵੇਲੇ ਉਸ ਨੂੰ ਮੈਂ ਹੀ ਬਤੌਰ ਪੱਤਰਕਾਰ ਸਪੋਕਸਮੈਨ ਵਿਚ ਨਿਯੁਕਤ ਕਰਵਾਇਆ ਸੀ ਤੇ ਅੱਜ ਉਹ ਇਕ ਚੰਗਾ ਪੱਤਰਕਾਰ ਬਣ ਕੇ ਉੱਭਰਿਆ ਹੈ। ਤੇ ਪੰਜਾਬੀ ਜਾਗਰਣ ਵਿਚ ਪਰਗਟ ਸਿੰਘ ਬਲਬੇੜਾ ਵੀ ਕੰਮ ਕਰ ਰਹੇ ਹਨ। ਸੁਰੇਸ਼ ਕਾਮਰਾ ਵਰਗੇ ਪੱਤਰਕਾਰ, ਅਰਵਿੰਦ ਸ੍ਰੀ ਵਾਸਤਵ, ਦੀਪਕ ਮੋਦਿਗਿਲ ਆਦਿ ਵੀ ਦੈਨਿਕ ਜਾਗਰਣ ਵਿਚ ਕਾਰਜਸ਼ੀਲ ਹਨ।
ਅਮਰ ਉਜਾਲਾ ਦੇ ਬਿਊਰੋ ਹੈੱਡ ਪ੍ਰਦੀਪ ਮਿਸ਼ਰਾ ਨੇ ਪਟਿਆਲਾ ਵਿਚ ਪੱਤਰਕਾਰਤਾ ਦੀ ਭਰਵੀਂ ਹਾਜ਼ਰੀ ਲਗਾ ਰੱਖੀ ਸੀ, ਪਟਿਆਲਾ ਵਿਚ ਦੇਹ ਵਪਾਰ ਦਾ ਧੰਦਾ ਜ਼ੋਰਾਂ ਤੇ ਚੱਲ ਰਿਹਾ ਸੀ, ਇਸ ਸਬੰਧੀ ਇਕ ਲੜੀ ਅਮਰ ਉਜਾਲਾ ਵੱਲੋਂ ਸ਼ੁਰੂ ਕੀਤੀ ਗਈ, ਇਸ ਲੜੀ ਕਰਕੇ ਪਟਿਆਲਾ ਪੁਲੀਸ ਨੂੰ ਵੀ ਕਾਫ਼ੀ ਨਮੋਸ਼ੀ ਝੱਲਣੀ ਪੈ ਰਹੀ ਸੀ, ਭਾਵੇਂ ਕਿ ਇਹ ਲੜੀ ਅਸੀਂ ਵੀ ਉਸ ਤੋਂ ਪਹਿਲਾਂ ਸ਼ੁਰੂ ਕੀਤੀ ਸੀ। ਸਾਡੇ ਖ਼ਿਲਾਫ਼ ਵੀ ਕਾਫ਼ੀ ਮੁਹਿੰਮਾਂ ਸ਼ੁਰੂ ਹੋਈਆਂ ਸਨ ਪਰ ਲੋਕਲ ਪੱਤਰਕਾਰ ਹੋਣ ਕਰਕੇ ਸਾਡੇ ਵੱਲ ਦੇਹ ਵਪਾਰ ਦੇ ਧੰਦੇ ਵਿਚ ਲੁਪਤ ਲੋਕਾਂ ਵੱਲੋਂ ਕੋਈ ਕਾਰਵਾਈ ਕਰਨਾ ਔਖਾ ਸੀ, ਪਰ ਪ੍ਰਦੀਪ ਮਿਸ਼ਰਾ ਗੈਰ ਪੰਜਾਬੀ ਸੀ, ਇਸ ਕਰਕੇ ਉਸ ਵੱਲ ਸੌਖਾ ਕਾਰਵਾਈ ਕੀਤੀ ਜਾ ਸਕਦੀ ਸੀ। ਦੇਹ ਵਪਾਰ ਦੇ ਧੰਦੇ ਵਾਲੀਆਂ ਔਰਤਾਂ ਵੀ ਪ੍ਰੇਸ਼ਾਨ ਸਨ ਤੇ ਪੁਲੀਸ ਵੀ ਪ੍ਰੇਸ਼ਾਨ ਸੀ, ਪਟਿਆਲਾ ਵਿਚ ਐਸਐਸਪੀ ਪਰਮਰਾਜ ਉਮਰਾਨੰਗਲ ਹੁੰਦਾ ਸੀ।
ਇਕ ਦਿਨ ਸਵੇਰ ਦੀ ਪੱਤਰਕਾਰਾਂ ਨਾਲ ਮੀਟਿੰਗ ਕਰਨ ਤੋਂ ਪ੍ਰਦੀਪ ਮਿਸ਼ਰਾ ਦਫ਼ਤਰੀ ਕੰਮ ਦਫ਼ਤਰ ਵਿਚ ਕਰ ਰਹੇ ਸਨ। ਅਚਾਨਕ ਤਿੰਨ ਕੁੜੀਆਂ ਉਸ ਦੇ ਦਫ਼ਤਰ ਵਿਚ ਦਾਖਲ ਹੁੰਦੀਆਂ ਹਨ, ਦਫ਼ਤਰ ਦੇ ਅੰਦਰ ਚੁਫੇਰੇ ਨਜ਼ਰ ਘੁਮਾਉਂਦੀਆਂ ਹਨ, ਦਫ਼ਤਰ ਵਿਚ ਸੁੰਨਸਾਨ ਹੈ ਪਰ ਦਫ਼ਤਰ ਦੇ ਇਕ ਖੂੰਜੇ ਵਿਚ ਸਰਕੂਲੇਸ਼ਨ ਵਾਲੇ ਆਪਣੇ ਕੰਮ ਵਿਚ ਮਸਰੂਫ਼ ਹਨ। ਸੇਵਾਦਾਰ ਕਿਸੇ ਕੰਮ ਬਾਹਰ ਗਿਆ ਹੈ, ਪ੍ਰਦੀਪ ਮਿਸ਼ਰਾ ਦਾ ਧਿਆਨ ਇਨ੍ਹਾਂ ਕੁੜੀਆਂ ਵੱਲ ਗਿਆ ਤਾਂ ਉਹ ਥੋੜ੍ਹਾ ਚੌਕਸ ਹੋਇਆ, ਉਸ ਨੇ ਸਰਸਰੀ ਹਿੰਦੀ ਵਿਚ ਪੁੱਛਿਆ ‘ਜੀ ਬਤਾਈਏ, ਕਿਸੇ ਮਿਲਣਾ ਹੈ?’ ਪ੍ਰਦੀਪ ਮਿਸ਼ਰਾ ਕੋਲ ਆਉਣ ਸਾਰ ਤਿੰਨ ਕੁੜੀਆਂ ਨੇ ਨਿਮਰਤਾ ਸਹਿਤ ਨਮਸਕਾਰ ਬਗੈਰਾ ਬੁਲਾਈ ਤੇ ਨਿਮਰਤਾ ਨਾਲ ਪੁਛਿਆ ‘‘ਸਰ ਆਪ ਕੇ ਜਹਾਂ ਕੋਈ ਨੌਕਰੀ ਕੇ ਲੀਏ ਪੋਸਟ ਨਿਕਾਲੀ ਗਈ ਹੈਂ?’’ ਪ੍ਰਦੀਪ ਮਿਸ਼ਰਾ ਨੇ ਇਸ ਗੱਲੋਂ ਇਨਕਾਰ ਕੀਤਾ ਤੇ ਕਿਹਾ ਕਿ ‘ਅਭੀ ਨਹੀਂ, ਮਗਰ ਹਮੇਂ ਫ਼ੀਲਡ ਮੇ ਸਰਵੇ ਕੇ ਲੀਏ ਗਰਲਜ਼ ਚਾਈਏ,’’ ਪ੍ਰਦੀਪ ਮਿਸ਼ਰਾ ਨੇ ਕੁੜੀਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ, ਇਸ਼ਾਰਾ ਪਾਕੇ ਹੀ ਕੁੜੀਆਂ ਖੜੀਆਂ ਹੀ ਗੱਲਾਂ ਕਰਨ ਲੱਗੀਆਂ, ਸ਼ਾਇਦ ਅੱਧੇ ਜਾਂ ਫਿਰ ਇਕ ਮਿੰਟ ਦੀਆਂ ਗੱਲਾਂ ਹੋਈਆਂ ਹੋਣਗੀਆਂ ਕਿ ਅਚਾਨਕ ਕੁੜੀਆਂ ਨੇ ਪ੍ਰਦੀਪ ਮਿਸ਼ਰਾ ਤੇ ਥੱਪੜਾਂ ਦਾ ਅਟੈਕ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ, ਪ੍ਰਦੀਪ ਮਿਸ਼ਰਾ ਤਕੜਾ ਸੀ, ਅਚਾਨਕ ਕੁਰਸੀ ਤੋਂ ਉੱਠਿਆ, ਪਰ ਕੁੜੀਆਂ ਨੇ ਇੰਨੇ ਵਿਚ ਹੀ ਹੋਰ ਕੁੱਟਣਾ ਸ਼ੁਰੂ ਕੀਤਾ ਤੇ ਕੁੜੀਆਂ ਗਾਲ਼ਾਂ ਵੀ ਕੱਢ ਰਹੀਆਂ ਸਨ, ਤੇ ਕਹਿ ਰਹੀਆਂ ਸਨ ਕਿ ‘‘ਤੂੰ ਹਮੇ ਛੇੜਤਾ ਹੈ, ਤੂੰ ਹਮੇ ਹਾਥ ਲਗਾਤਾ ਹੈ’’ ਅਜਿਹੀਆਂ ਬੇਸਿਰ ਪੈਰ ਦੀਆਂ ਗੱਲਾਂ ਕੁੜੀਆਂ ਵੱਲੋਂ ਕੀਤੀਆਂ ਜਾ ਰਹੀਆਂ ਸਨ, ਇਹ ਘਟਨਾਕ੍ਰਮ ਮਸਾਂ 2-3 ਮਿੰਟ ਦਾ ਹੀ ਹੋਇਆ ਹੋਵੇਗਾ, ਇੰਨੇ ਵਿਚ ਕੁੜੀਆਂ ਉੱਥੋਂ ਖਿਸਕ ਗਈਆਂ, ਤੇ ਉਹ ਉੱਥੋਂ ਖਿਸਕ ਕੇ ਪਟਿਆਲਾ ਦੇ ਇਕ ਥਾਣੇ ਵਿਚ ਪੁੱਜੀਆਂ। ਥਾਣੇ ਵਿਚ ਪੁੱਜ ਕੇ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ, ਸ਼ਿਕਾਇਤ ਦੇ ਮੁੱਖ ਅੰਸ਼ ਸਨ ਕਿ ‘ਪ੍ਰਦੀਪ ਮਿਸ਼ਰਾ ਕੋਲ ਅਸੀਂ ਨੌਕਰੀ ਦਾ ਪਤਾ ਕਰਨ ਗਈਆਂ ਸੀ, ਉਸ ਨੇ ਸਾਡੇ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।’ ਗੱਲ ਸਾਰੇ ਪੱਤਰਕਾਰਾਂ ਕੋਲ ਪਹੁੰਚ ਗਈ, ਪੱਤਰਕਾਰ ਝਟਪਟ ਇਕੱਠੇ ਹੋਏ ਤੇ ਐਸਐਸਪੀ ਉਮਰਾਨੰਗਲ ਕੋਲ ਪਹੁੰਚ ਗਏ, ਉਮਰਾਨੰਗਲ ਦੀ ਇਕ ਗੱਲ ਨਹੀਂ ਸਮਝ ਆਈ ਕਿ ਉਸ ਨੇ ਇਹ ਕਿਉਂ ਕਿਹਾ ਕਿ ‘‘ਪੱਤਰਕਾਰਾਂ ਨੂੰ ਵੀ ਤਾਂ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜਦੋਂ ਉਹ ਔਰਤਾਂ ਨੂੰ ਧੰਦੇ ਵਾਲੀਆਂ ਕਰਕੇ ਲਿਖਣਗੇ ਤਾਂ ਉਹ ਵੀ ਤਾਂ ਆਪਣਾ ਪੱਖ ਜ਼ਾਹਰ ਕਰਨਗੀਆਂ ਹੀ’’ ਭਾਵ ਸਪਸ਼ਟ ਹੋ ਗਿਆ ਸੀ ਕਿ ਮਾਮਲਾ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਦੀਆਂ ਅਮਰ ਉਜਾਲਾ ਵਿਚ ਪ੍ਰਕਾਸ਼ਿਤ ਹੋ ਰਹੀਆਂ ਰਿਪੋਰਟਾਂ ਨਾਲ ਜੁੜਿਆ ਹੋਇਆ ਸੀ। ਪੱਤਰਕਾਰਾਂ ਦਾ ਦਬਾਅ ਸੀ ਕਿ ਪ੍ਰਦੀਪ ਮਿਸ਼ਰਾ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ, ਪਰ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਉਹ ਤਿੰਨ ਕੁੜੀਆਂ ਕਦੇ ਵੀ ਫੇਰ ਪੁਲੀਸ ਕੋਲ ਜਾਂ ਫਿਰ ਪੱਤਰਕਾਰਾਂ ਕੋਲ ਜਾਂ ਫਿਰ ਸਮਾਜ ਵਿਚ ਕਿਤੇ ਵੀ ਨਜ਼ਰ ਨਹੀਂ ਆਈਆਂ। ਇਸ ਸਾਰੀ ਕਾਰਵਾਈ ਦੇ ਪਿੱਛੇ ਪ੍ਰਵੀਨ ਕੋਮਲ ਦੇ ਹੱਥ ਦਾ ਦੋਸ਼ ਲੱਗਿਆ, ਬੇਸ਼ੱਕ ਪ੍ਰਵੀਨ ਕੋਮਲ ਨੇ ਇਸ ਬਾਰੇ ਸਿਰੇ ਤੋਂ ਨਕਾਰਿਆ ਤੇ ਇਹ ਲਿਖਤਾਂ ਲਿਖਣ ਵਾਲੇ ਨਾਲ ਗੱਲ ਦੀ ਸਾਂਝ ਪਾਉਂਦਿਆਂ ਕਿਹਾ ਕਿ ‘‘ਉਸ ਦਾ ਤਾਂ ਬਹੁਤ ਹੀ ਗੁੜ੍ਹਾ ਦੋਸਤ ਰਿਹਾ ਹੈ, ਪਰ ਇਹ ਜੋ ਮੇਰੇ ਖ਼ਿਲਾਫ਼ ਦੋਸ਼ ਲੱਗੇ ਹਨ ਉਹ ਸਰਾਸਰ ਝੂਠੇ ਸਨ।’’ ਇਹ ਵੀ ਗੱਲ ਸਹੀ ਹੈ ਕਿ ਇਸ ਚਰਚਾ ਦੇ ਪਿੱਛੇ ਦੇ ਸੱਚ ਨੂੰ ਕੋਈ ਸਾਬਤ ਨਹੀਂ ਕਰ ਸਕਦਾ ਪਰ ਇੱਥੇ ਪ੍ਰਵੀਨ ਕੋਮਲ ਦੀ ਦਹਿਸ਼ਤ ਜ਼ਰੂਰ ਆਪਣੇ ਆਪ ਹੀ ਪਟਿਆਲਾ ਦੇ ਮੀਡੀਆ ਵਿਚ ਪੈ ਗਈ ਸੀ। ਇਕ ਹੋਰ ਨਵੀਂ ਸਿਰਜਣਾ ਹੋਈ ਕਿ ਪਟਿਆਲਾ ਦੇ ਹਿੰਦੀ ਦੇ ਗੈਰ ਪੰਜਾਬੀ ਪੱਤਰਕਾਰ ਹੁਣ ਪਹਿਲਾਂ ਵਾਂਗ ਪਟਿਆਲਾ ਦੇ ਲੋਕਲ ਪੱਤਰਕਾਰਾਂ ਨੂੰ ਦੂਰ ਦੇ ਸਮਝਣ ਤੋਂ ਬੰਦ ਕਰ ਗਏ ਸਨ, ਹੁਣ ਪੰਜਾਬੀ ਪੱਤਰਕਾਰਾਂ ਤੇ ਹਿੰਦੀ ਪੱਤਰਕਾਰਾਂ ਵਿਚ ਕਾਫ਼ੀ ਮਿਲਵਰਤਨ ਬਣ ਗਿਆ ਸੀ। ਇਹ ਗੱਲ ਸਹੀ ਹੈ ਕਿ ਪੰਜਾਬੀ ਹਰੇਕ ਦੀ ਸਹਾਇਤਾ ਕਰਨ ਵਿਚ ਮਾਣ ਮਹਿਸੂਸ ਕਰਦਾ ਹੈ।ਇਸ ਘਟਨਾਂ ਤੋਂ ਬਾਅਦ ਪ੍ਰਦੀਪ ਮਿਸ਼ਰਾ ਪਟਿਆਲਾ ਤੋਂ ਬਦਲ ਗਏ ਸਨ ਤੇ ਇਥੇ ਬਿਊਰੋ ਹੈੱਡ ਦੇ ਤੌਰ ਤੇ ਰਤਨੇਸ਼ਵਰ ਪਾਂਡੇ ਨਿਯੁਕਤ ਹੋ ਗਏ ਸਨ।
ਦੂਜੀ ਦਹਿਸਤ ਪ੍ਰਵੀਨ ਕੋਮਲ ਦੀ ਉਦੋਂ ਆਪਣੇ ਆਪ ਹੀ ਪਈ ਜਦੋਂ ਭਾਸਕਰ ਦੇ ਕ੍ਰਾਈਮ ਪੱਤਰਕਾਰ ਗੌਰਵ ਸ਼ਰਮਾ ਦਾ ਕਾਂਡ ਵਾਪਰਿਆ, ਇਹ ਦੋਸ਼ ਵੀ ਪ੍ਰਵੀਨ ਕੋਮਲ ਦੇ ਨਾਮ ਤੇ ਹੀ ਲੱਗਾ, ਬੇਸ਼ੱਕ ਪ੍ਰਵੀਨ ਕੋਮਲ ਨੇ ਇਸ ਤੋਂ ਵੀ ਇਨਕਾਰ ਕੀਤਾ, ਤੇ ਕਿਹਾ ਕਿ ਗੌਰਵ ਨੇ ਕੁੜੀ ਛੇੜੀ ਸੀ ਤਾਂ ਹੀ ਉਸ ਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਪਰ ਇਸ ਬਾਰੇ ਉਸ ਨੂੰ ਕੋਈ ਪਤਾ ਨਹੀਂ ਹੈ, ਪ੍ਰਵੀਨ ਕੋਮਲ ਨੂੰ ਪੁੱਛਿਆ ਗਿਆ ਕਿ ‘ਤੁਹਾਨੂੰ ਪਟਿਆਲਾ ਵਿਚ ਪੱਤਰਕਾਰਾਂ ਦੇ ਵਿਰੁੱਧ ਡਾਨ ਸਮਝਿਆ ਜਾਣ ਲੱਗ ਪਿਆ ਸੀ ਕੀ ਤੁਹਾਨੂੰ ਇਸ ਦਾ ਪਤਾ ਹੈ?’ ਪ੍ਰਵੀਨ ਕੋਮਲ ਨੇ ਕਿਹਾ ‘ਮੈਨੂੰ ਤਾਂ ਖ਼ੁਦ ਪਤਾ ਨਹੀਂ ਕਿ ਮੈਨੂੰ ਪਟਿਆਲਾ ਵਿਚ ਪੱਤਰਕਾਰਾਂ ਦਾ ਡਾਨ ਸਮਝਦੇ ਸਨ। ਪਰ ਮੈਂ ਹੈਰਾਨ ਹਾਂ ਕਿ ਅਜਿਹਾ ਮੇਰੇ ਖ਼ਿਲਾਫ਼ ਕਿਉਂ ਬਿਰਤਾਂਤ ਸਿਰਜਿਆ ਗਿਆ। ਮੈਂ ਅਜਿਹੇ ਕਿਸੇ ਵੀ ਕਾਂਡ ਵਿਚ ਸ਼ਾਮਲ ਨਹੀਂ ਸੀ, ਸਗੋਂ ਪੱਤਰਕਾਰਾਂ ਦੀ ਭਲਾਈ ਲਈ ਉਹ ਸਦਾ ਕੰਮ ਕਰਦਾ ਰਿਹਾ ਤੇ ਅੱਜ ਵੀ ਕਰ ਰਿਹਾ ਹੈ।’
ਭਾਸਕਰ ਵਾਲੇ ਗੌਰਵ ਸ਼ਰਮਾ ਕ੍ਰਾਈਮ ਰਿਪੋਰਟਰ ਦਾ ਪਟਿਆਲਾ ਪੁਲੀਸ ਵਿਚ ਕਾਫ਼ੀ ਚਰਚਾ ਸੀ, ਉਹ ਪਟਿਆਲਾ ਵਿਚ ਕ੍ਰਾਈਮ ਪੱਤਰਕਾਰੀ ਵਿਚ ਤਹਿਲਕਾ ਮਚਾ ਰਿਹਾ ਸੀ, ਰੋਜ਼ਾਨਾ ਪੁਲੀਸ ਦਾ ਕੋਈ ਨਾ ਕੋਈ ਭਾਂਡਾ ਫੋੜਿਆ ਹੁੰਦਾ ਸੀ, ਪਟਿਆਲਾ ਦੇ ਐਸਐਸਪੀ ਪਰਮਰਾਜ ਉਮਰਾਨੰਗਲ ਇਸ ਗੱਲ ਨੂੰ ਲੈ ਕੇ ਕਾਫ਼ੀ ਚਿੰਤਤ ਸੀ, ਕਈ ਵਾਰੀ ਪ੍ਰੈੱਸ ਕਾਨਫ਼ਰੰਸਾਂ ਵਿਚ ਉਹ ਇਸ ਗੱਲ ਦਾ ਅਸਿੱਧੇ ਰੂਪ ਵਿਚ ਜ਼ਿਕਰ ਵੀ ਕਰ ਚੁੱਕਿਆ ਸੀ। ਪਰ ਗੌਰਵ ਸ਼ਰਮਾ ਇਸ ਗੱਲੋਂ ਕੋਈ ਪ੍ਰਵਾਹ ਨਹੀਂ ਕਰ ਰਿਹਾ ਸੀ।
ਗੌਰਵ ਭਾਸਕਰ ਹਿੰਦੀ ਅਖ਼ਬਾਰ ਦਾ ਪੰਜਾਬੀ ਪੱਤਰਕਾਰ ਸੀ। ਇਕ ਦਿਨ ਉਹ ਰਾਜਿੰਦਰਾ ਹਸਪਤਾਲ ਵਿਚ ਆਮ ਦੀ ਤਰ੍ਹਾਂ ਖ਼ਬਰਾਂ ਇਕੱਤਰ ਕਰਨ ਲਈ ਆਪਣੇ ਮੋਟਰ ਸਾਈਕਲ ਤੇ ਜਾ ਰਿਹਾ ਸੀ, ਫੁਆਰਾ ਚੌਂਕ ਤੋਂ ਅਜੇ ਰਾਜਿੰਦਰਾ ਹਸਪਤਾਲ ਵਾਲੇ ਪਾਸੇ ਲੰਘਿਆ ਹੀ ਸੀ ਕਿ ਅਚਾਨਕ ਇਕ ਪੁਲੀਸ ਮੁਲਾਜ਼ਮ ਨੇ ਗੌਰਵ ਨੂੰ ਰੋਕਿਆ ਤੇ ਕਿਹਾ ਕਿ ‘ਤੁਸੀਂ ਇੱਧਰ ਫਿਰ ਰਹੇ ਹੋ ਪਰ ਲੀਲ੍ਹਾ ਭਵਨ ਵਿਚ ਗੋਪਾਲ ਸਵੀਟਸ ਕੋਲ ਤਾਂ ਕਿਸੇ ਮੁੰਡੇ ਨੇ ਇਕ ਕੁੜੀ ਨਾਲ ਵਾਹਵਾ ਝਗੜਾ ਕੀਤਾ ਹੋਇਆ ਹੈ, ਉੱਥੇ ਤਾਂ ਕਾਫ਼ੀ ਭੀੜ ਲੱਗੀ ਹੋਈ ਹੈ’ ਇਹ ਗੱਲ ਆਖੀ ਸੀ ਖ਼ਬਰ ਦੇ ਸਪੌਟ ਦੇ ਲਾਲਚ ਨਾਲ ਗੌਰਵ ਨੇ ਝੱਟ ਮੋਟਰਸਾਈਕਲ ਦਾ ਮੂੰਹ ਗੋਪਾਲ ਸਵੀਟਸ ਵਾਲੇ ਪਾਸੇ ਮੋੜ ਦਿੱਤਾ। ਗੋਪਾਲ ਸਵੀਟਸ ਕੋਲ ਜਦੋਂ ਗੌਰਵ ਗਿਆ ਤਾਂ ਉੱਥੇ ਕਾਫ਼ੀ ਇਕੱਠ ਹੋਇਆ ਸੀ, ਕੋਈ ਕੁੜੀ ਰੌਲਾ ਪਾ ਰਹੀ ਸੀ ਕਿ ਉਸ ਦੀ ਕਿਸੇ ਨੇ ਚੈਨੀ ਚੋਰੀ ਕਰ ਲਈ ਹੈ ਤੇ ਉਸ ਨੂੰ ਕਿਸੇ ਨੇ ਛੇੜਿਆ ਹੈ, ਉਸ ਨਾਲ ਬੁਰਾ ਕੀਤਾ ਹੈ ਬਗੈਰਾ ਬਗੈਰਾ। ਜਦੋਂ ਹੀ ਗੌਰਵ ਉਸ ਇਕੱਠ ਵਿਚ ਕਾਰਨ ਪੁੱਛਣ ਲੱਗਾ ਤਾਂ ਸਭ ਦਾ ਧਿਆਨ ਉਸ ਵੱਲ ਗਿਆ, ਉਹ ਕੁੜੀ ਹੋਰ ਰੌਲਾ ਪਾ ਰਹੀ ਸੀ, ਉਸ ਨੇ ਅਚਾਨਕ ਗੌਰਵ ਵੱਲ ਦੇਖਿਆ, ਨਾਲ ਹੀ ਕਿਸੇ ਹੋਰ ਵੱਲ ਵੀ ਉਹ ਦੇਖ ਰਹੀ ਸੀ, ਸ਼ਾਇਦ ਉਸ ਨੂੰ ਕਥਿਤ ਇਸ਼ਾਰਾ ਮਿਲ ਗਿਆ ਸੀ ਤਾਂ ਉਸ ਨੇ ਝੱਟ ਉਸ ਨੇ ਗੌਰਵ ਦਾ ਗਲ਼ਾਵਾਂ ਫੜ ਲਿਆ ਤੇ ਕਹਿਣ ਲੱਗੀ ‘ਇਹ ਹੀ ਹੈ ਜਿਸ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ, ਜਿਸ ਨੇ ਉਸ ਦੀ ਚੈਨੀ ਚੋਰੀ ਕੀਤੀ ਹੈ’ ਬੱਸ ਏਨਾ ਕਹਿਣਾ ਸੀ ਕਿ ਰੌਲਾ ਪੈ ਗਿਆ, ਰੌਲ਼ੇ ਵਿਚ ਹੀ ਪੁਲੀਸ ਸ਼ਿਸਤ ਬੰਨ੍ਹ ਕੇ ਖੜੀ ਸੀ ਕਿ ਗੌਰਵ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ।
ਭਾਸਕਰ ਅਖ਼ਬਾਰ ਦੇ ਦਫ਼ਤਰ ਵਿਚ ਕਿਸੇ ਨੂੰ ਪਤਾ ਨਹੀਂ, ਜਦੋਂ ਉਹ ਦੇਰੀ ਤੱਕ ਨਹੀਂ ਪੁੱਜਾ ਤਾਂ ਉਸ ਨੂੰ ਭਾਸਕਰ ਵਿਚੋਂ ਫ਼ੋਨ ਕਰਨ ਲੱਗੇ ਪਰ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ, ਆਖ਼ਿਰ ਭਾਸਕਰ ਵਿਚੋਂ ਮੇਰੇ ਕੋਲ (ਇਨ੍ਹਾਂ ਸਤਰਾਂ ਦੇ ਲੇਖਕ ਕੋਲ) ਫ਼ੋਨ ਆਇਆ, ਨਾਲ ਦੀ ਨਾਲ ਪੱਤਰਕਾਰਾਂ ਨੂੰ ਫ਼ੋਨ ਕੀਤੇ ਗਏ, ਪੱਤਰਕਾਰ ਜਿਸ ਨੂੰ ਵੀ ਫ਼ੋਨ ਗਿਆ, ਇਕ ਦੋ ਨੂੰ ਛੱਡ ਕੇ ਸਾਰੇ ਬਾਰਾਂਦਰੀ ਐਸਐਸਪੀ ਦਫ਼ਤਰ ਦੇ ਬਾਹਰ ਇਕੱਠੇ ਹੋ ਗਏ ਸਨ, ਬੜਾ ਹੀ ਤਰੱਦਦ ਕਰਨ ਤੋਂ ਬਾਅਦ ਪਤਾ ਲੱਗਾ ਕਿ ਗੌਰਵ ਤਾਂ ਮਾਡਲ ਟਾਊਨ ਦੀ ਪੁਲੀਸ ਚੌਂਕੀ ਵਿਚ ਬੰਦ ਹੈ। ਸਾਰੇ ਪੱਤਰਕਾਰ ਉੱਧਰ ਨੂੰ ਹੋ ਲਏ, ਪੁਲੀਸ ਚੌਂਕੀ ਵਿਚ ਜਾ ਕੇ ਦੇਖਿਆ, ਪੁਲੀਸ ਚੌਂਕੀ ਵਿਚ ਸੰਨਾਟਾ ਸੀ, ਮੌਤ ਵਰਗਾ ਸੰਨਾਟਾ, ਗੌਰਵ ਨੂੰ ਸਖ਼ਤ ਮੁਜਰਮਾਂ ਵਾਂਗ ਹਵਾਲਾਤ ਵਿਚ ਬੰਦ ਕੀਤਾ ਹੋਇਆ ਸੀ, ਉਸ ਦੀ ਜਾਮਾ ਤਲਾਸ਼ੀ ਹੋ ਗਈ ਸੀ, ਉਸ ਦੇ ਪੈਰ ਨੰਗੇ ਸਨ। ਉਸ ਦਾ ਚਿਹਰੇ ਤੇ ਬੇਸ਼ੱਕ ਇਕ ਘਬਰਾਹਟ ਸੀ ਪਰ ਉਹ ਫਿਰ ਵੀ ਨਿਡਰ ਨਜ਼ਰ ਆ ਰਿਹਾ ਸੀ। ਉਸ ਤੋਂ ਬਾਅਦ ਦੇਰ ਰਾਤ ਐਸਐੇਸਪੀ ਨਾਲ ਸੰਪਰਕ ਕੀਤਾ ਗਿਆ, ਐਸਐਸਪੀ ਨਾਲ ਸੰਪਰਕ ਨਹੀਂ ਹੋ ਰਿਹਾ ਸੀ, ਪਰ ਰਾਤ ਨੂੰ ਗੌਰਵ ਨੂੰ ਕੋਈ ਵੀ ਹਿਰਾਸਤ ਵਿਚੋਂ ਛੱਡਣ ਲਈ ਤਿਆਰ ਨਹੀਂ ਸੀ, ਐਸਐਸਪੀ ਦੇ ਘਰ ਜਾਣਾ ਪਿਆ, ਆਖ਼ਿਰ ਗੌਰਵ ਨੂੰ ਪੱਤਰਕਾਰਾਂ ਵੱਲੋਂ ਕੀਤੀ ਮਿਹਨਤ ਨੇ ਛੁਡਾ ਲਿਆ ਸੀ। ਗੌਰਵ ਵਾਰ ਵਾਰ ਇਹ ਕਹਿ ਰਿਹਾ ਸੀ ‘ਇਹ ਕੀ ਹੋਇਆ ਮੇਰੇ ਨਾਲ? ਕਹਿੰਦੀ ਮੈਂ ਉਸ ਦੀ ਚੈਨੀ ਵੀ ਖੋਹ ਲਈ ਹੈ, ਯਾਰ ਕਮਾਲ ਹੋ ਗਈ’
ਉਸ ਦੀਆਂ ਉਸ ਵੇਲੇ ਦੀਆਂ ਗੱਲਾਂ ਯਾਦ ਕਰਕੇ ਅੱਜ ਹੈਰਾਨ ਵੀ ਹੁੰਦੇ ਹਾਂ ਤੇ ਹਾਸਾ ਵੀ ਆਉਂਦਾ ਹੈ ਕਿ ਪੁਲੀਸ ਕਿਵੇਂ ਪੱਤਰਕਾਰਾਂ ਨੂੰ ਫਸਾਉਂਦੀ ਹੈ, ਪਟਿਆਲਾ ਵਿਚ ਉਸ ਵੇਲੇ ਪੱਤਰਕਾਰਾਂ ਦਾ ਏਕਾ ਸੀ ਨਹੀਂ ਤਾਂ ਗੌਰਵ ਦੀ ਜੇਲ੍ਹ ਦੀ ਤਿਆਰੀ ਹੋ ਹੀ ਗਈ ਸੀ, ਹੈਰਾਨੀਜਨਕ ਇਹ ਵੀ ਹੈ ਕਿ ਗੌਰਵ ਖ਼ਿਲਾਫ਼ ਤਾਂ ਪੁਲੀਸ ਕਾਰਵਾਈ ਕੋਈ ਖ਼ਾਸ ਨਹੀਂ ਹੋਈ ਪਰ ਗੌਰਵ ਨੂੰ ਫੜਾਉਣ ਵਾਲੀ ਉਹ ਕੁੜੀ ਅੱਜ ਤੱਕ ਕਦੇ ਵੀ ਸਾਹਮਣੇ ਨਹੀਂ ਆਈ, ਨਾ ਤਾਂ ਉਹ ਮੁੜ ਕੇ ਇਹ ਕਲੇਮ ਕਰਨ ਲਈ ਪੁੱਜੀ ਕਿ ਉਸ ਦੀ ਚੈਨ ਖੋਹ ਲਈ ਹੈ ਨਾ ਹੀ ਉਹ ਕਦੇ ਮੁੜ ਕੇ ਕੇਸ ਦੀ ਪੈਰਵੀ ਕਰਨ ਪੁੱਜੀ, ਭਾਵ ਕਿ ਉਹ ਕੁੜੀ ਜਿਵੇਂ ਭੂਤਨੀ ਸੀ ਉਹ ਆਈ ਤੇ ਕਾਰਵਾਈ ਕਰਵਾ ਕੇ ਚੱਲਦੀ ਬਣੀ ਭਾਵ ਅਲੋਪ ਹੋ ਗਈ। ਪਰ ਗੌਰਵ ਨੂੰ ਸਮਝ ਆ ਗਈ ਸੀ ਕਿ ਕ੍ਰਾਈਮ ਪੱਤਰਕਾਰੀ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ। ਪੁਲੀਸ ਕੇਸ ਬਣਾ ਵੀ ਸਕਦੀ ਹੈ ਪੁਲੀਸ ਝੂਠੇ ਕੇਸ ਵਿਚ ਫਸਾ ਵੀ ਸਕਦੀ ਹੈ, ਪਰ ਜੇਕਰ ਪੱਤਰਕਾਰਾਂ ਦਾ ਏਕਾ ਹੋਵੇ ਤਾਂ ਪੁਲੀਸ ਆਪਣਾ ਕਦਮ ਪਿੱਛੇ ਵੀ ਖਿੱਚ ਲੈਂਦੀ ਹੈ।
ਐਸਐਸਪੀ ਉਮਰਾਨੰਗਲ ਦੇ ਅਜਿਹੇ ਬਹੁਤ ਸਾਰੇ ਕਾਰਨਾਮੇ ਹਨ ਜੋ ਜ਼ਿਕਰ ਕੀਤੇ ਜਾ ਸਕਦੇ ਹਨ। ਦਲੇਰ ਮਹਿੰਦੀ ਦਾ ਪ੍ਰਕਰਨ ਵੱਡਾ ਸਬੂਤ ਹੈ। ਇਕ ਹੋਰ ਮਾਮਲਾ ਯਾਦ ਆਗਿਆ, ਜਿਸ ਲਈ ਮੇਰੇ ਸਾਥੀ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਨੇ ਵੀ ਮਦਦ ਕੀਤੀ, ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਮਹਿੰਦੀ ਤੇ ਦੋਸ਼ ਲੱਗੇ ਸਨ ਕਿ ਉਸ ਨੇ ਵਿਦੇਸ਼ਾਂ ਵਿਚ ਲੈ ਜਾਣ ਲਈ ਕੁਝ ਵਿਅਕਤੀਆਂ ਤੋਂ ਰੁਪਏ ਲਏ ਹਨ, ਉਸ ਵਿਚ ਦਲੇਰ ਮਹਿੰਦੀ ਦਾ ਨਾਮ ਵੀ ਬੋਲਦਾ ਸੀ, ਦਲੇਰ ਮਹਿੰਦੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਕਿ ਪਟਿਆਲਾ ਪੁਲੀਸ ਨੇ ਉਸ ਨਾਲ ਸੰਪਰਕ ਕਰਕੇ ਕਥਿਤ ਰੁਪਿਆਂ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਐਸਐਸਪੀ ਪਰਮਰਾਜ ਉਮਰਾਨੰਗਲ ਦੀ ਅਗਵਾਈ ਵਿਚ ਦਲੇਰ ਮਹਿੰਦੀ ਨੂੰ ਪਟਿਆਲਾ ਪੁਲੀਸ ਵੱਲੋਂ ਸੰਮਨ ਕਰ ਲਿਆ ਗਿਆ, ਮੈਂ ਉਸ ਵੇਲੇ ਸਰਗਰਮ ਪੱਤਰਕਾਰੀ ਵਿਚ ਸੀ, ਉਸ ਵੇਲੇ ਜੰਗਵੀਰ ਸਿੰਘ ਤੇ ਰਵੀ ਧਾਲੀਵਾਲ ਦਾ ਟ੍ਰਿਬਿਊਨ, ਗੁਰਕਿਰਪਾਲ ਸਿੰਘ ਅਸ਼ਕ ਟਾਈਮਜ਼ ਆਫ਼ ਇੰਡੀਆ, ਜੋਗਿੰਦਰ ਮੋਹਨ ਤੇ ਜਗਦੀਪ ਚੋਪੜਾ ਇੰਡੀਅਨ ਐਕਸਪ੍ਰੈੱਸ, ਇੰਡੀਅਨ ਐਕਸਪ੍ਰੈੱਸ ਵਿਚ ਕੁਝ ਸਮਾਂ ਸੰਜੀਵ ਚੋਪੜਾ ਨੇ ਵੀ ਹਾਜ਼ਰੀ ਲਗਾਈ ਸੋਹਣਾ ਜਿਹਾ ਮੁੰਡਾ ਸੰਜੀਵ! ਯੂ ਐਨ ਆਈ ਤੋਂ ਗਗਨਦੀਪ ਸਿੰਘ ਅਹੂਜਾ, ਬਿੰਦੂ ਸਿੰਘ, ਜਗਬਾਣੀ ਪੰਜਾਬ ਕੇਸਰੀ ਰਾਜੂ ਤਿਮਰਹਰਨ, ਗੁਰਪ੍ਰੀਤ ਸਿੰਘ ਨਿੱਬਰ ਹਿੰਦੁਸਤਾਨ ਟਾਈਮਜ਼, ਪ੍ਰਵੇਸ਼ ਸ਼ਰਮਾ ਆਲ ਇੰਡੀਆ ਰੇਡੀਓ, ਜਸਵਿੰਦਰ ਸਿੰਘ ਦਾਖਾ ਦੇ ਜਸਪਾਲ ਸਿੰਘ ਢਿੱਲੋਂ ਅਜੀਤ, ਦਰਸ਼ਨ ਸਿੰਘ ਖੋਖਰ ਤੇ ਸਰਬਜੀਤ ਭੰਗੂ ਪੰਜਾਬੀ ਟ੍ਰਿਬਿਊਨ, ਮੈਂ ਜਾਣੀ ਗੁਰਨਾਮ ਸਿੰਘ ਅਕੀਦਾ ਦੇਸ਼ ਸੇਵਕ ਆਦਿ ਹੋਰ ਵੀ ਪੱਤਰਕਾਰ ਹੁੰਦੇ ਸਨ।
ਜਦੋਂ ਦਲੇਰ ਮਹਿੰਦੀ ਨੂੰ ਸੰਮਨ ਕੀਤਾ ਤਾਂ ਉਹ ਆਪਣੀ ਬੁਲਟ ਪਰੂਫ਼ ਮਹਿੰਗੀ ਗੱਡੀ ਵਿਚ ਸਦਰ ਥਾਣਾ ਪਟਿਆਲਾ ਵਿਚ ਪੇਸ਼ ਹੋਣ ਲਈ ਪੁੱਜਿਆ, ਜੋ ਗਵਾਹ ਹਨ ਉਹ ਤਾਂ ਜਾਣਦੇ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਰਾਜਪੁਰਾ ਰੋਡ ਤੋਂ ਸਦਰ ਥਾਣੇ ਤੱਕ ਪੁੱਜਣ ਲਈ (ਸਿਰਫ਼ 200 ਮੀਟਰ ਦਾ ਫ਼ਾਸਲਾ) ਦੋ ਘੰਟੇ ਦਾ ਸਮਾਂ ਦਲੇਰ ਮਹਿੰਦੀ ਦੀ ਕਾਰ ਨੂੰ ਲੱਗਿਆ ਸੀ, ਇੰਨੇ ਲੋਕ ਪਤਾ ਨਹੀਂ ਕਿਥੋਂ ਆਏ ਸਨ, ਦਲੇਰ ਮਹਿੰਦੀ ਦੀ ਕਾਰ ਤੇ ਇੱਟਾਂ ਨਾਲ ਹਮਲੇ, ਅੰਡਿਆਂ ਨਾਲ ਹਮਲੇ, ਡੰਡੇ ਸੋਟੀਆਂ ਨਾਲ ਹਮਲੇ, ਹਰ ਤਰ੍ਹਾਂ ਦੀ ਖ਼ਤਰਨਾਕ ਵਸਤੂ ਨਾਲ ਹਮਲੇ ਕੀਤੇ ਗਏ। ਦਲੇਰ ਮਹਿੰਦੀ ਦੀ ਕਾਰ ਬੁਲਟ ਪਰੂਫ਼ ਸੀ ਇਸ ਕਰਕੇ ਉਸ ਦੀ ਫਿਜ਼ੀਕਲ ਬੱਚਤ ਹੋ ਗਈ, ਪਰ ਬਹਾਰੋਂ ਕਾਰ ਦਾ ਬੁਰਾ ਹਾਲ ਕਰ ਦਿੱਤਾ ਗਿਆ ਸੀ। ਦਲੇਰ ਮਹਿੰਦੀ ਦੀ ਪੁੱਛ ਪੜਤਾਲ ਹੋਈ ਸੀ, ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ, ਉਸ ਨੂੰ ਸੀਆਈਏ ਸਟਾਫ਼ ਥਾਣਾ ਮਾਈ ਦੀ ਸਰਾਂ ਵਿਚ ਲੈ ਗਏ ਸਨ। ਉਸ ਦੀ ਸਾਰੀ ਕਵਰੇਜ ਸਾਰੇ ਪੱਤਰਕਾਰਾਂ ਨੇ ਕੀਤੀ, ਇਹ ਕਵਰੇਜ ਦਾ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਜੰਗਵੀਰ ਸਿੰਘ ਨੇ ਵੀ ਕੀਤੀ, ਜੰਗਵੀਰ ਦੀ ਰਿਪੋਰਟ ਵਿਲੱਖਣ ਸੀ, ਤੇ ਮੌਲਿਕਤਾ ਝੱਲਦੀ ਸੀ। ਜੋ ਪੰਜਾਬ ਪੁਲੀਸ ਦੇ ਖ਼ਾਸ ਕਰਕੇ ਪਰਮਰਾਜ ਸਿੰਘ ਉਮਰਾਨੰਗਲ ਦੇ ਹਿੱਕ ਵਿਚ ਵੱਜੀ ਸੀ।
ਉਸ ਤੋਂ ਅਗਲੇ ਦਿਨ ਇਕ ਹੋਰ ਰਿਪੋਰਟ ਜੰਗਵੀਰ ਨੇ ਕੀਤੀ, ਜਿਸ ਦਾ ਮੁੱਖ ਕੰਟੈਂਟ ਸੀ ਕਿ ਸੀਆਈਏ ਸਟਾਫ਼ ਨੇ ਦਲੇਰ ਮਹਿੰਦੀ ਦੀ ਪਹਿਚਾਣ ਕਰਨ ਲਈ ਉਸ ਦੀ ਪੇਂਟ ਲੁਹਾਈ ਸੀ, ਤਾਂ ਕਿ ਉਸ ਦਾ ਨਿਸ਼ਾਨ ਦੇਖਿਆ ਜਾ ਸਕੇ ਤੇ ਉਸ ਦੀ ਪਹਿਚਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਦਲੇਰ ਮਹਿੰਦੀ ਕੋਲੋਂ ਗੀਤ ਵੀ ਸੀਆਈਏ ਸਟਾਫ਼ ਦੀ ਪੁਲੀਸ ਵੱਲੋਂ ਸੁਣੇ ਗਏ ਸਨ। ਇਹ ਸਾਰੀ ਪੱਤਰਕਾਰੀ ਜੰਗਵੀਰ ਸਿੰਘ ਨੇ ਖ਼ਾਸ ਕਰਕੇ ਕੀਤੀ ਤੇ ਮੇਰੇ ਸਮੇਤ ਹੋਰਨਾ ਅਖ਼ਬਾਰਾਂ ਨੇ ਵੀ ਕੀਤੀ ਸੀ। ਜੰਗਵੀਰ ਸਿੰਘ ਨੂੰ ਇਸ ਖ਼ਬਰ ਦੀ ਪੁਸ਼ਟੀ ਕਰਨ ਲਈ ਐਸਐਸਪੀ ਦਾ ਪੱਖ ਚਾਹੀਦਾ ਸੀ ਪਰ ਐਸਐਸਪੀ ਵੱਲੋਂ ਕੋਈ ਪੱਖ ਨਹੀਂ ਦਿੱਤਾ ਗਿਆ, ਪਰ ਉਸ ਵੇਲੇ ਡੀ ਆਈ ਜੀ ਸਹੋਤਾ ਨੇ ਇਸ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਦਲੇਰ ਮਹਿੰਦੀ ਦੀ ਪਹਿਚਾਣ ਲਈ ਇਸ ਤਰ੍ਹਾਂ ਕੀਤਾ ਗਿਆ।
ਉਸ ਤੋਂ ਬਾਅਦ ਇਕ ਵਿਅਕਤੀ ਸਾਹਮਣੇ ਆਉਂਦਾ ਹੈ, ਪਹਿਲਾਂ ਕਦੇ ਉਹ ਪਬਲਿਕ ਡੋਮੇਨ ਵਿਚ ਨਹੀਂ ਦੇਖਿਆ ਗਿਆ ਸੀ, ਉਹ ਜੰਗਵੀਰ ਸਿੰਘ ਤੇ ਦੋਸ਼ ਲਗਾਉਂਦਾ ਹੈ ਕਿ ਉਸ ਨੇ ਉਸ ਦੀ ਦਲਿਤ ਹੋਣ ਕਰਕੇ ਬੇਇੱਜ਼ਤੀ ਕੀਤੀ ਹੈ ਤੇ ਉਸ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ, ਉਸ ਵਿਅਕਤੀ ਨੇ ਪੂਰਾ ਵੇਰਵਾ ਆਪਣੇ ਨਾਲ ਰੱਖਿਆ ਜਿਸ ਵਿਚ ਤਰੀਕ ਤੇ ਸਮਾਂ ਵੀ ਨਿਰਧਾਰਿਤ ਦੱਸਿਆ ਗਿਆ ਸੀ। ਪੁਲੀਸ ਕੋਲ ਸ਼ਿਕਾਇਤ ਲੈ ਕੇ ਉਹ ਗਿਆ ਪਰ ਪੁਲੀਸ ਵਿਚ ਉਹ ਸ਼ਿਕਾਇਤ ਤੇ ਜੰਗਵੀਰ ਸਿੰਘ ਨੂੰ ਬੁਲਾਇਆ ਨਹੀਂ ਜਾ ਸਕਦਾ ਸੀ, ਉਸ ਨੂੰ ਡਰਾਇਆ ਵੀ ਨਹੀਂ ਜਾ ਸਕਦਾ ਸੀ,ਕਿਉਂਕਿ ਸ਼ਿਕਾਇਤ ਕਰਤਾ ਨੂੰ ਪੂਰੇ ਸਬੂਤ ਦੇਣੇ ਜ਼ਰੂਰੀ ਹਨ, ਉਸ ਤੋਂ ਬਾਅਦ ਮਾਮਲਾ ਕੋਰਟ ਵਿਚ ਵੀ ਗਿਆ, ਉੱਥੇ ਜੰਗਵੀਰ ਸਿੰਘ ਨੇ ਆਪਣਾ ਪੱਖ ਰੱਖਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਜਿਸ ਤਾਰੀਖ਼ ਦਾ ਵਾਕਿਆ ਦੱਸਿਆ ਜਾ ਰਿਹਾ ਹੈ ਉਸ ਦਿਨ ਤਾਂ ਉਹ ਪਟਿਆਲਾ ਵਿਚ ਹੈ ਹੀ ਨਹੀਂ ਸੀ, ਜਿਸ ਦੇ ਪੂਰੇ ਵੇਰਵੇ ਜੰਗਵੀਰ ਸਿੰਘ ਨੇ ਸਬੂਤਾਂ ਸਮੇਤ ਦਿੱਤੇ। ਮੁੜ ਕੇ ਉਹ ਸ਼ਿਕਾਇਤ ਕਰਤਾ ਵੀ ਕਦੇ ਕਿਸੇ ਵੀ ਰੂਪ ਵਿਚ ਕਿਸੇ ਦੇ ਸਾਹਮਣੇ ਨਹੀਂ ਆਇਆ।
ਉਂਜ ਪਟਿਆਲਾ ਵਿਚ ਹਿੰਦ ਸਮਾਚਾਰ (ਜਗਬਾਣੀ, ਪੰਜਾਬੀ ਕੇਸਰੀ) ਗਰੁੱਪ ਦੇ ਰਾਜੂ ਤਿਮਰਹਰਨ ’ਤੇ ਵੀ ਤੇਜ਼ਾਬ ਸੁੱਟਿਆ ਗਿਆ, ਉਹ ਇਕ ਵੱਖਰਾ ਕੇਸ ਹੈ।
ਪੱਤਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਜਿਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ
ਗੋਪਾਲ ਕ੍ਰਿਸ਼ਨ ਕਸ਼ਿਅਪ ਦੇ ਆਤਮਦਾਹ ਲਈ ਪੱਤਰਕਾਰ ਜ਼ਿੰਮੇਵਾਰ
ਇਹ ਘਟਨਾ ਵੀ ਇਸੇ ਭਾਗ ਵਿਚ ਇਕ ਅਹਿਮ ਘਟਨਾ ਲੈਣੀ ਵੀ ਬਣਦੀ ਹੈ, ਜਿਸ ਦੀ ਜਾਂਚ ਵਿਚ ਮੀਡੀਆ ਦਾ ਖ਼ਾਸ ਦੋਸ਼ ਪਾਇਆ ਸੀ, ਰੇਲਵੇ ਸਟੇਸ਼ਨ ਪਟਿਆਲਾ ਤੇ ਬੱਸ ਸਟੈਂਡ ਪਟਿਆਲਾ (ਅੱਜ ਕੱਲ੍ਹ ਪੁਰਾਣਾ ਬੱਸ ਸਟੈਂਡ) ਦੇ ਕੋਲ ਕੁਝ ਲੋੜਾਂ ਕਾਰਨ ਆਪਣਾ ਰੁਜ਼ਗਾਰ ਪਰੌਂਠਾ ਪਕਾਉਣ ਵਾਲੇ ਰੇਹੜੀਆਂ ਲਗਾ ਕੇ ਆਪਣਾ ਕਾਰੋਬਾਰ ਕਰ ਰਹੇ ਸਨ। ਪਟਿਆਲਾ ਨਗਰ ਨਿਗਮ ਦੇ ਮੇਅਰ ਵਿਸ਼ਣੂ ਸ਼ਰਮਾ ਸਨ, ਨਗਰ ਨਿਗਮ ਵੱਲੋਂ ਇਨ੍ਹਾਂ ਪਰੌਂਠਾ ਰੇਹੜੀ ਵਾਲਿਆਂ ਨੂੰ ਉਠਾਉਣ ਲਈ ਕਾਰਵਾਈ ਕੀਤੀ ਜਾ ਰਹੀ ਸੀ। ਜਿਸ ਬਾਰੇ ਪਰੌਂਠਾ ਮਾਰਕਿਟ ਵਾਲੇ ਲੋੜਵੰਦ ਲੋਕਾਂ ਵੱਲੋਂ ਸਰਕਾਰੇ ਦਰਬਾਰੇ ਆਪਣੀਆਂ ਬੇਨਤੀਆਂ ਭੇਜੀਆਂ ਜਾ ਰਹੀਆਂ ਸਨ। ਇਨ੍ਹਾਂ ਦੀ ਅਗਵਾਈ ਗੋਪਾਲ ਕ੍ਰਿਸ਼ਨ ਕਸ਼ਿਅਪ ਵੱਲੋਂ ਕੀਤੀ ਜਾ ਰਹੀ ਸੀ, ਉਹ ਮੁੱਖ ਆਗੂ ਵਜੋਂ ਵਿਚਰ ਰਹੇ ਸਨ। ਉਹ ਤਤਕਾਲੀ ਮੁੱਖ ਮੰਤਰੀ ਪੰਜਾਬ ਕੈਪ. ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕੋਲ ਵੀ ਜਾ ਆਏ ਸਨ ਜਿੱਥੋਂ ਉਨ੍ਹਾਂ ਨੂੰ ਸਹਾਰਾ ਮਿਲਿਆ ਸੀ ਪਰ ਉਹ ਸਹਾਰਾ ਵੀ ਸਿਰਫ਼ ਸਰਕਾਰੀ ਵਾਅਦਾ ਹੀ ਰਹਿ ਗਿਆ।
ਪਰੌਂਠਾ ਮਾਰਕਿਟ ਦੇ ਮੁੱਖ ਆਗੂ ਵਜੋਂ ਗੋਪਾਲ ਕ੍ਰਿਸ਼ਨ ਕਸ਼ਿਅਪ ਨੇ ਪਹਿਲਾਂ ਵੀ ਆਤਮਦਾਹ ਕਰਨ ਦੇ ਐਲਾਨ ਕੀਤੇ ਸਨ। ਪਰ ਸਰਕਾਰੀ ਵਾਅਦਿਆਂ ਕਰਕੇ ਉਹ ਰੱਦ ਹੁੰਦੇ ਗਏ, ਹੁਣ ਗੋਪਾਲ ਕ੍ਰਿਸ਼ਨ ਕਸ਼ਿਅਪ ਨੇ ਆਤਮਦਾਹ ਕਰਨ ਦਾ ਐਲਾਨ ਕਰ ਦਿੱਤਾ ਸੀ। ਆਤਮਦਾਹ ਦਾ ਦਿਨ ਆ ਗਿਆ। ਪੱਤਰਕਾਰ ਖ਼ਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਉੱਥੇ ਪਹੁੰਚ ਗਏ ਸਨ, ਕੁਝ ਪ੍ਰਿੰਟ ਮੀਡੀਆ ਦੇ ਪੱਤਰਕਾਰ ਵੀ ਮੌਜੂਦ ਸਨ।
ਗੋਪਾਲ ਕ੍ਰਿਸ਼ਨ ਕਸ਼ਿਅਪ ਭਾਸ਼ਣ ਦੇ ਰਿਹਾ ਸੀ, ਸਰਕਾਰ ਦੇ ਵਾਅਦਿਆਂ ਨੂੰ ਕੋਸ ਰਿਹਾ ਸੀ, ਪਰੌਂਠਾ ਮਾਰਕਿਟ ਜੇਕਰ ਇੱਥੋਂ ਹਟਾ ਦਿੱਤੀ ਜਾਂਦੀ ਹੈ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ।
ਇਸ ਸਮੇਂ ਇਲੈਕਟ੍ਰੋਨਿਕ ਮੀਡੀਆ ਦੇ ਇਕ ਪੱਤਰਕਾਰ ਜੋ ਪੱਤਰਕਾਰਾਂ ਵਿਚ ਕਾਫ਼ੀ ਸਰਗਰਮ ਸੀ ਨੇ ਗੋਪਾਲ ਕ੍ਰਿਸ਼ਨ ਕਸ਼ਿਅਪ ਨੂੰ ਕਿਹਾ ‘‘ਪ੍ਰਧਾਨ ਜੀ ਛੇਤੀ ਕਰੋ ਜੇਕਰ ਅੱਗ ਲਾਉਣੀ ਹੈ ਤਾਂ ਅਸੀਂ ਅੱਗੇ ਵੀ ਜਾਣਾ.. ਅਸੀਂ ਅੱਗੇ ਵੀ ਕਵਰੇਜ ਕਰਨ ਲਈ ਜਾਣਾ ਹੈ, ਜੇਕਰ ਤੁਸੀਂ ਆਤਮ ਦਾਹ ਕਰਨਾ ਹੈ ਤਾਂ ਜਲਦੀ ਅੱਗ ਲਾਓ’’
ਬੇਸ਼ੱਕ ਗੋਪਾਲ ਕ੍ਰਿਸ਼ਨ ਕਸ਼ਿਅਪ ਖ਼ੁਦ ਨੂੰ ਅੱਗ ਨਾ ਵੀ ਲਾਉਣਾ ਚਾਹੁੰਦਾ ਹੋਵੇ, ਸਰਕਾਰ ਲਈ ਸਿਰਫ਼ ਡਰਾਵਾ ਹੀ ਹੋਵੇ ਪਰ ਉਸ ਪੱਤਰਕਾਰ ਵੱਲੋਂ ਮਾਰੀ ਹੁੱਜ ਕਰਕੇ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਿਆ, ਉਹ ਭਾਵਨਾ ਦੇ ਵਹਾਓ ਵਿਚ ਵਹਿ ਗਿਆ, ਉਹ ਪ੍ਰਧਾਨ ਸੀ, ਆਪਣੀ ਪ੍ਰਧਾਨਗੀ ਕਾਇਮ ਰੱਖਣ ਲਈ ਉਸ ਨੇ ਜੇਰਾ ਪੱਕਾ ਕਰ ਲਿਆ, ਉਸ ਨੇ ਆਪਣੇ ਉਪਰ ਤੇਲ ਪਾਇਆ ਕਿਹਾ ਜਾ ਰਿਹਾ ਹੈ ਕਿ ਉਹ ਤੇਲ ਪੈਟਰੋਲ ਸੀ, ਪਰ ਇਸ ਦੀ ਪੱਕੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਉਸ ਨੇ ਖ਼ੁਦ ਨੂੰ ਅੱਗ ਲਾਈ, ਅੱਗ ਲਗਾਈ ਹੀ ਸੀ ਕਿ ਅੱਗ ਭੜਕ ਕੇ ਤੁਰੰਤ ਹੀ ਉਸ ਦੇ ਸਰੀਰ ਨੂੰ ਚੜ ਗਈ, ਉਸ ਦਾ ਪੁੱਤਰ ਆਪਣੇ ਲਾਡਲੇ ਪਿਉ ਨੂੰ ਬਚਾਉਣ ਲਈ ਕਾਫ਼ੀ ਤਰੱਦਦ ਕਰ ਰਿਹਾ ਸੀ, ਹੋਰ ਵੀ ਕਈ ਬੰਦੇ ਉਸ ਦੀ ਅੱਗ ਬੁਝਾ ਰਹੇ ਸਨ ਪਰ ਦੁਖਾਂਤ ਵਾਪਰ ਗਿਆ ਸੀ। ਉਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਵਿਚ ਲੈ ਜਾਇਆ ਗਿਆ, ਉਹ ਕਰੀਬ 70 ਫ਼ੀਸਦੀ ਤੋਂ ਵੱਧ ਜਲ ਗਿਆ ਸੀ। ਉਸ ਤੋਂ ਬਾਅਦ ਪਟਿਆਲਾ ਵਿਚ ਤਹਿਲਕਾ ਮੱਚ ਗਿਆ, ਪੁਲੀਸ ਡੀ ਆਈ ਜੀ ਸ੍ਰੀ ਭਾਵੜਾ ਹੁੰਦੇ ਸਨ। ਸਰਕਾਰ ਵੱਲੋਂ ਉਨ੍ਹਾਂ ਦੀ ਸਾਰੀ ਜਾਂਚ ਦੀ ਡਿਊਟੀ ਲਗਾਈ ਗਈ, ਉਸ ਨੇ ਮੈਨੂੰ ਵੀ ਬੁਲਾਇਆ ਸੀ, ਆਖ਼ਿਰ ਜਾਂਚ ਵਿਚ ਸਾਰਾ ਕੁਝ ਪਤਾ ਲੱਗ ਗਿਆ ਸੀ, ਇਕ ਪੱਤਰਕਾਰ ਦਾ ਨਾਮ ਵੀ ਜਾਂਚ ਵਿਚ ਆ ਗਿਆ ਸੀ ਜਿਸ ਨੇ ਗੋਪਾਲ ਨੂੰ ਆਤਮਦਾਹ ਕਰਨ ਲਈ ਪ੍ਰੇਰਿਆ ਸੀ, ਪਰ ਪਟਿਆਲਾ ਵਿਚ ਪੱਤਰਕਾਰਾਂ ਦਾ ਏਕਾ ਸੀ ਇਸ ਕਰਕੇ ਕਿਸੇ ਵੀ ਪੱਤਰਕਾਰ ਤੇ ਕੋਈ ਕਾਰਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਇੱਥੇ ਹੀ ਪਰੌਂਠਾ ਮਾਰਕਿਟ ਇੱਥੇ ਸਥਿਰ ਬਣ ਗਈ, ਪਰੌਂਠਾ ਮਾਰਕਿਟ ਵਿਚ ਗੋਪਾਲ ਕ੍ਰਿਸ਼ਨ ਦਾ ਬੁੱਤ ਲੱਗਣਾ ਸੀ, ਚਰਚਾ ਇਹ ਰਹੀ ਕਿ ਬੁੱਤ ਲਗਾਇਆ ਜਾ ਰਿਹਾ ਹੈ ਪਰ ਮੌਕੇ ਤੇ ਜਾ ਕੇ ਦੇਖਿਆ ਗਿਆ ਕਿ ਇੱਥੇ ਗੋਪਾਲ ਦਾ ਕੋਈ ਬੁੱਤ ਲੱਗਿਆ ਹੈ ਤਾਂ ਕਿਤੇ ਵੀ ਬੁੱਤ ਨਹੀਂ ਲੱਗਾ ਪਰ ਇਕ ਗੱਲ ਜ਼ਰੂਰ ਦੇਖੀ ਗਈ ਕਿ ਇੱਥੇ ਹਰੇਕ ਪਰੌਂਠੇ ਵਾਲੇ ਦੀ ਦੁਕਾਨ ਵਿਚ ਗੋਪਾਲ ਕ੍ਰਿਸ਼ਨ ਕਸ਼ਿਅਪ ਦੀ ਫ਼ੋਟੋ ਲੱਗੀ ਹੈ।
ਇਹ ਘਟਨਾ ਪਟਿਆਲਾ ਦੇ ਪੱਤਰਕਾਰਾਂ ਤੇ ਕਲੰਕ ਹੈ, ਜੋ ਅੱਜ ਵੀ ਸਰਕਾਰੀ ਫਾਈਲਾਂ ਵਿਚ ਬੰਦ ਪਿਆ ਹੈ, ਅਸਲ ਵਿਚ ਜਦੋਂ ਕਦੇ ਅਜਿਹਾ ਸਮਾਂ ਆਵੇ ਕਿ ਕੋਈ ਆਤਮਦਾਹ ਕਰਨ ਲਈ ਤਿਆਰ ਹੋਵੇ ਤਾਂ ਪੱਤਰਕਾਰ ਨੂੰ ਆਪਣੀ ਪੱਤਰਕਾਰੀ ਦੀ ਡਿਊਟੀ ਛੱਡ ਕੇ ਪਹਿਲਾਂ ਉਸ ਦੀ ਜਾਨ ਬਚਾਉਣੀ ਚਾਹੀਦੀ ਹੈ, ਪੱਤਰਕਾਰ ਦੀ ਡਿਊਟੀ ਕਿਸੇ ਦੀ ਜਾਨ ਤੋਂ ਜ਼ਿਆਦਾ ਅਹਿਮ ਨਹੀਂ ਹੋ ਸਕਦੀ।
ਬਾਕੀ ਅਗਲੇ ਅੰਕ ਵਿਚ.. ਜਿਸ ਵਿਚ ਪੱਤਰਕਾਰੀ ਦੇ ਇਤਿਹਾਸ ਵਿਚ ਬੜੀਆਂ ਦਿਲਚਸਪ ਘਟਨਾਵਾਂ ਸਾਹਮਣੇ ਆਉਣਗੀਆਂ, ਜੇਕਰ ਇਨ੍ਹਾਂ ਘਟਨਾਵਾਂ ਬਾਰੇ ਕੋਈ ਹੋਰ ਵੱਧ ਜਾਣਦਾ ਹੈ ਤਾਂ ਉਹ ਬਲੌਗ ਦੇ ਹੇਠਾਂ ਟਿਪਣੀ ਵੀ ਕਰ ਸਕਦਾ ਹੈ।
ਸੰਪਰਕ : 8146001100
Saturday, October 25, 2025
ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ
ਪੱਤਰਕਾਰੀ ਦਾ ਇਤਿਹਾਸ ਭਾਗ-3
ਲੇਖਕ : ਗੁਰਨਾਮ ਸਿੰਘ ਅਕੀਦਾ
ਸੰਪਰਕ :8146001100
ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ ਨੂੰ ਖ਼ੁਦ ਪਤਾ ਨਹੀਂ ਹੈ, ਕਿਉਂਕਿ ਅਜੋਕਾ ਪੱਤਰਕਾਰ ਇਸ ਪੱਤਰਕਾਰੀ ਨੂੰ ਵੀ ਪੱਤਰਕਾਰੀ ਕਹਿੰਦਾ ਹੈ, ਨਾ ਤਾਂ ਡੈਸਕ ਤੇ ਸੰਪਾਦਕ, ਸਹਿ ਸੰਪਾਦਕ, ਸੀਨੀਅਰ ਸਹਿ ਸੰਪਾਦਕ ਹੀ ਪੱਤਰਕਾਰੀ ਨਾਲ ਸਬੰਧ ਡੈਸਕ ਆਦਰਸ਼ਾਂ ਦੀ ਪਾਲਣਾ ਕਰ ਰਹੇ ਹਨ, ਪੱਤਰਕਾਰ ਤਾਂ ਪੱਤਰਕਾਰੀ ਦਾ ਅਸਲ ਮਕਸਦ ਭੁੱਲ ਗਏ ਹਨ, ਇੱਥੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੱਤਰਕਾਰਤਾ ਦੀਆਂ ਡਿੱਗਰੀਆਂ ਕਰਾਉਣ ਲਈ ਪੱਤਰਕਾਰੀ ਦੀ ਪੜਾਈ ਕਰਾ ਰਹੇ ਅਧਿਆਪਕ ਵੀ ਪੱਤਰਕਾਰਤਾ ਦੇ ਸਹੀ ਮਕਸਦ ਨੂੰ ਭੁੱਲ ਗਏ ਹਨ ਉਹ ਸਿਰਫ਼ ਪਾਠਕ੍ਰਮ ਦਾ ਕਿਤਾਬੀ ਗਿਆਨ ਹੀ ਦੇ ਰਹੇ ਹਨ ਪਰ ਅਸਲ ਵਿਚ ਪੱਤਰਕਾਰੀ ਕੀ ਹੁੰਦੀ ਹੈ ਉਹ ਪਤਾ ਨਹੀਂ ਸ਼ਾਇਦ ਉਹ ਵੀ ਨਹੀਂ ਜਾਣਦੇ। ਪੱਤਰਕਾਰੀ ਦਾ ਪਾਠਕ੍ਰਮ ਤਿਆਰ ਕਰਨ ਵਾਲੇ ਵੀ ਸ਼ਾਇਦ ਕੌਮਾਂਤਰੀ ਪੱਧਰ ਦੀਆਂ ਆ ਰਹੀਆਂ ਨਵੀਂਆਂ ਖੋਜਾਂ ਬਾਰੇ ਅਣਜਾਣ ਹਨ। ਪੰਜਾਬੀ ਯੂਨੀਵਰਸਿਟੀ ਵਰਗੇ ਵੱਡੇ ਅਦਾਰੇ ਦੇ ਪੱਤਰਕਾਰਤਾ ਵਿਭਾਗ ਵਿਚ ਪਹਿਲਾਂ ਫ਼ੀਲਡ ਪੱਤਰਕਾਰਾਂ ਦੇ ਲੈਕਚਰ ਕਰਾਏ ਜਾਂਦੇ ਸੀ। ਅਜੋਕੇ ਅਧਿਆਪਕ ਇਸ ਬਾਰੇ ਸ਼ਾਇਦ ਜਾਣਦੇ ਹੀ ਨਹੀਂ। ਇਸੇ ਕਰਕੇ ਪੱਤਰਕਾਰਤਾ ਦੇ ਆਦਰਸ਼ਾਂ ਵਿਚ ਵੱਡਾ ਨਿਘਾਰ ਆਇਆ, ਹੁਣ ਤਾਂ ਲੋਕ ਵੀ ਹੱਥਾਂ ਵਿਚ ਆਈਡੀ ਦੇ ਲੋਗੋ ਚੁੱਕੀ ਫਿਰਦੇ ਜ਼ਿਆਦਾਤਰ ਪੱਤਰਕਾਰਾਂ ਨੂੰ ਹੀ ਪੱਤਰਕਾਰ ਮੰਨਦੇ ਹਨ।
ਇਕ ਸਮਾਂ ਉਹ ਵੀ ਸੀ ਕਿ ਸਰਕਾਰੀ ਤੌਰ ਤੇ ਸਰਕਾਰ ਦਾ ਸੰਪਰਕ ਲੋਕਾਂ ਤੱਕ ਬਣਾਉਣ ਲਈ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਪ੍ਰਚਾਰਨ ਲਈ ਲੋਕ ਸੰਪਰਕ ਵਿਭਾਗ ਇਕ ਚੰਗਾ ਉਸਾਰੂ ਕੰਮ ਕਰਦਾ ਸੀ। ਪਿੰਡਾਂ ਵਿਚ ਧੰਨੇ ਭਗਤ ਵਰਗੀਆਂ ਫ਼ਿਲਮਾਂ ਦਿਖਾਉਣੀਆਂ ਆਮ ਹੁੰਦਾ ਸੀ। ਉਸ ਵੇਲੇ ਸਰਕਾਰੀ ਤੌਰ ਤੇ ਵੀਆਈਪੀ ਦੀਆਂ ਖ਼ਬਰਾਂ ਲਗਾਉਣ ਲਈ ਲੋਕ ਸੰਪਰਕ ਵਿਭਾਗ ਦਾ ਵੱਡਾ ਕਰਮ ਹੁੰਦਾ ਸੀ। ਪਹਿਲਾਂ ਤਾਂ ਪ੍ਰੈੱਸ ਕਾਨਫ਼ਰੰਸ ਤੱਕ ਪੱਤਰਕਾਰਾਂ ਨੂੰ ਲੈ ਕੇ ਜਾਣਾ ਵੀ ਲੋਕ ਸੰਪਰਕ ਵਿਭਾਗ ਕਾਫ਼ੀ ਤਰੱਦਦ ਕਰਦਾ ਸੀ। ਗਿਣਤੀ ਦੇ ਪੱਤਰਕਾਰ ਤੇ ਗਿਣਤੀ ਦੇ ਪੱਤਰਕਾਰ ਹੁੰਦੇ ਸਨ।
ਪਟਿਆਲਾ ਦੀ ਪੱਤਰਕਾਰੀ ਆਪਾਂ ਪੈਪਸੂ ਤੋਂ ਸ਼ੁਰੂ ਕਰਦੇ ਹਾਂ, ਜਦੋਂ ਪੱਤਰਕਾਰਾਂ ਦੀ ਜਥੇਬੰਦੀ ਵੀ ਬਣੀ ਸੀ ਤੇ ਏਕਤਾ ਏਨੀ ਸੀ ਕਿ ਪੈਪਸੂ ਸਰਕਾਰ ਇਨ੍ਹਾਂ ਤੋਂ ਕਈ ਸਾਰੀਆਂ ਰਾਜਸੀ ਸਲਾਹਾਂ ਵੀ ਲੈਂਦੀ ਸੀ, ਪੈਪਸੂ ਸਟੇਟ ਜਰਨਲਿਸਟ ਐਸੋਸੀਏਸ਼ਨ ਵਿਚ ਪੱਤਰਕਾਰ ਬੇਪਰਵਾਹ ਹੁੰਦੇ ਸਨ, ਉਹ ਗੱਲ ਵੱਖ ਹੈ ਕਿ ਪੱਤਰਕਾਰੀ ਉਸ ਵੇਲੇ ਵੀ ਕਈ ਕਾਰਨਾਂ ਕਰਕੇ ਸਰਕਾਰੀ ਗ਼ੁਲਾਮੀ ਵਿਚ ਰਹਿੰਦੀ ਸੀ, ਜਦੋਂ ਰਿਆਸਤਾਂ ਹੁੰਦੀਆਂ ਸਨ ਤਾਂ ਵੀ ਪੱਤਰਕਾਰੀ ਹੁੰਦੀ ਸੀ ਪਰ ਉਹ ਪੱਤਰਕਾਰੀ ਜ਼ਿਆਦਾ ਤਰ ਰਿਆਸਤਾਂ ਦੇ ਪ੍ਰਚਾਰ ਦਾ ਸਾਧਨ ਹੀ ਹੁੰਦੀ ਸੀ।
ਕਲਮਾ ਦੇ ਕਾਫ਼ਲੇ ਬੜੇ ਛੋਟੇ ਹੁੰਦੇ ਸੀ। ਰਿਆਸਤੀ ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ। ਅਸਲ ਵਿਚ ਰਿਆਸਤ ਵਿਚ ਪੱਤਰਕਾਰ ਮਹਾਰਾਜਿਆਂ ਦੇ ਪੱਖ ਵਿਚ ਹੀ ਲਿਖਦੇ ਸਨ। ਜੇਕਰ ਕਿਸੇ ਨੇ ਅਖ਼ਬਾਰ ਬਗੈਰਾ ਕੱਢਿਆ ਤਾਂ ਸਮਝੋ ਉਸ ਨੇ ਸਿੱਧਾ ਹੀ ਰਿਆਸਤ ਨਾਲ ਪੰਗਾ ਲੈ ਲਿਆ, ਕੁਝ ਕ੍ਰਾਂਤੀਕਾਰੀ ਯੋਧੇ ਹੁੰਦੇ ਸੀ ਜੋ ਸਮੇਂ ਅਨੁਸਾਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੈਂਫ਼ਲਿਟਾਂ ਦਾ ਸਹਾਰਾ ਲੈਂਦੇ ਸੀ, ਉਸੇ ਨੂੰ ਸੂਚਨਾ ਦਾ ਸਾਧਨ ਮੰਨਿਆ ਜਾਂਦਾ ਸੀ। ਉਂਜ ਪਟਿਆਲਾ ਰਿਆਸਤ ਵਿਚ ‘ਗੁਰੂ ਘੰਟਾਲ’ ਵਰਗੇ ਇਕਾ ਦੁੱਕਾ ਅਖ਼ਬਾਰ ਹੀ ਨਿਕਲਦੇ ਸਨ(ਵੇਰਵੇ ਕਿਤਾਬ ਵਿਚ ਮਿਲਣਗੇ)। ਉਸ ਵੇਲੇ ਉਰਦੂ ਭਾਸ਼ਾ ਦਾ ਬੋਲ ਬਾਲਾ ਸੀ, ਪੰਜਾਬੀ ਬੜੀ ਘੱਟ ਲਿਖੀ ਜਾਂਦੀ ਸੀ। ਦੇਸ਼ ਭਾਵੇਂ ਅਜ਼ਾਦ ਹੋ ਗਿਆ ਸੀ, ਦੇਸ਼ ਦੀ ਵੰਡ ਹੋ ਗਈ ਸੀ। ਉਰਦੂ ਪੜ੍ਹਨ ਲਿਖਣ ਵਾਲੇ ਜ਼ਿਆਦਾਤਰ ਲੋਕ ਪਾਕਿਸਤਾਨ ਵਿਚ ਚਲੇ ਗਏ ਸਨ। ਪਰ ਫਿਰ ਵੀ ‘ਅਜੀਤ’ ਵਰਗਾ ਅਖ਼ਬਾਰ ਵੀ ਉਸ ਵੇਲੇ ਉਰਦੂ ਵਿਚ ਹੀ ਛਪਦਾ ਸੀ।
1951 ਵਿਚ ਪੈਪਸੂ ਦੇ ਪੱਤਰਕਾਰਾਂ ਵਿਚੋਂ ਸਟੇਟਸਮੈਨ ਤੋਂ ਭਾਈ ਰਤਨ ਸਿੰਘ ਅਜ਼ਾਦ, ਸੰਗੀਤ ਦਰਪਣ ਤੋਂ ਕੰਵਰ ਰਵੇਲ ਸਿੰਘ, ਜਨਤਾਗਗ ਤੋਂ ਇੰਦਰ ਸਿੰਘ ਅਕਾਲੀ, ਟਾਈਮਜ਼ ਆਫ਼ ਇੰਡੀਆ ਤੋਂ ਭੂਸ਼ਣ ਸਰਹਿੰਦੀ, ਖ਼ਾਲਸਾ ਸੇਵਕ ਤੋਂ ਹਰੀ ਸਿੰਘ, ਨਵਾਂ ਵਕਤ ਤੋਂ ਰਿਪੁਦਮਨ ਸਿੰਘ ਰਾਹੀ, ਬਠਿੰਡਾ ਤੋਂ ਕੰਵਰ ਰਾਏ ਗੰਗਾ, ਨਵਾਂ ਸੰਸਾਰ ਤੋਂ ਰਾਮ ਮੂਰਤੀ ਸ਼ਰਮਾ, ਪ੍ਰਕਾਸ਼ ਤੋਂ ਗੁਰਚਰਨ ਸਿੰਘ, ਭਾਰਤ ਬਠਿੰਡਾ ਤੋਂ ਕੁਲਵੰਤ ਰਾਏ, ਖ਼ਾਲਸਾ ਸੇਵਕ ਤੋਂ ਗਨਜੀਤ ਸਿੰਘ, ਪ੍ਰਕਾਸ਼ ਤੋਂ ਗਿਆਨੀ ਗੁਰਦਿੱਤ ਸਿੰਘ, ਪੱਤਰਕਾਰ ਕਿਰਪਾਲ ਸਿੰਘ ਅਰਸ਼ੀ, ਟ੍ਰਿਬਿਊਨ ਤੋਂ ਵਿੱਦਿਆ ਸਾਗਰ, ਪ੍ਰਕਾਸ਼ ਤੋਂ ਹਰਦੀਪ ਸਿੰਘ, ਪੀਟੀਆਈ ਤੋਂ ਰਾਜਿੰਦਰ ਸਿੰਘ, ਵਿਰਹੋਨੇ ਤੋਂ ਬਜਰੰਗ ਬਲੀ ਦੁੱਗਲ, ਬਾਲ ਸੰਸਾਰ ਤੋਂ ਜੀਐਸ ਸ਼ੈਦਾ, ਮਿਲਾਪ ਦੇ ਜੁਆਇੰਟ ਐਡੀਟਰ ਸੁਦਰਸ਼ਨ ਭਾਟੀਆ ਪੱਤਰਕਾਰ ਹੁੰਦੇ ਸਨ।(ਫ਼ੋਟੋ ਵਿਚ ਨਜ਼ਰ ਆ ਰਹੇ ਹਨ) ਇਨ੍ਹਾਂ ਪੱਤਰਕਾਰਾਂ ਨੂੰ ਅੱਜ ਦਾ ਪੱਤਰਕਾਰ ਨਹੀਂ ਜਾਣਦਾ, ਇਸ ਬਾਰੇ ਕਿਤੇ ਵੀ ਪੜਾਈ ਨਹੀਂ ਹੁੰਦੀ, ਪਰ ਇਹ ਪੱਤਰਕਾਰ ਪੱਤਰਕਾਰੀ ਨੂੰ ਪ੍ਰਣਾਏ ਸਨ।
ਪੱਤਰਕਾਰੀ ਜਿੰਦਾ ਰਹੀ ਅੱਗੇ ਚੱਲ ਕੇ ਵੀ, ਪਟਿਆਲਾ ਵਿਚ ਕਈ ਅਖ਼ਬਾਰ ਨਿਕਲੇ, ਕਈਆਂ ਦਾ ਪਤਾ ਹੈ ਕੁਝ ਦਾ ਪਤਾ ਵੀ ਨਹੀਂ, ਜਿਵੇਂ ਕਿ ਪਟਿਆਲਾ ਵਿਚੋਂ ਮਾਹਰ ਸਿੰਘ ਦੀ ਸੰਪਾਦਨਾ ਹੇਠ ‘ਰਣਜੀਤ’ ਅਖ਼ਬਾਰ ਉਰਦੂ ਵਿਚ ਨਿਕਲਦਾ ਸੀ, ਜੋ ਬਾਅਦ ਵਿਚ ਪੰਜਾਬੀ ਵਿਚ ਨਿਕਲਣ ਲੱਗ ਪਿਆ, ਜਿਸ ਦਾ ਇਕ ਐਡੀਸ਼ਨ ਕਦੇ ਬਠਿੰਡਾ ਤੋਂ ਵੀ ਨਿਕਲਦਾ ਸੀ, ਜਿਸ ਦੇ ਸੰਪਾਦਕ ਜੀਐਸ ਮਨੀ ਵੀ ਰਹੇ। ਅੱਜ ਕੱਲ੍ਹ ਤਾਂ ਇਸ ਅਖ਼ਬਾਰ ਦਾ ਵਜੂਦ ਧੁੰਦਲਾ ਜਿਹਾ ਹੈ। ਸਪਤਾਹਿਕ ‘ਚੜ੍ਹਦੀਕਲਾ’ ਤੋਂ ਅੱਗੇ ਚੱਲ ਕੇ ‘ਰੋਜ਼ਾਨਾ ਚੜ੍ਹਦੀਕਲਾ’ ਅਖ਼ਬਾਰ ਜਗਜੀਤ ਸਿੰਘ ਦਰਦੀ ਅਗਵਾਈ ਵਿਚ ਨਿਕਲਦਾ ਰਿਹਾ ਹੈ, ਉਨ੍ਹਾਂ ਦਾ ਅੱਜ ਕੱਲ੍ਹ ਕਾਫ਼ੀ ਮਕਬੂਲ ਪੰਜਾਬੀ ਟੀਵੀ ਚੈਨਲ ਟਾਈਮ ਟੀਵੀ ਵੀ ਚੱਲ ਰਿਹਾ ਹੈ, ਪ੍ਰਿੰ. ਮੋਹਨ ਸਿੰਘ ਪ੍ਰੇਮ ਦੀ ਸੰਪਾਦਨਾ ਵਿਚ ‘ਪਹੁ ਫੁੱਟੀ’ ਅਖ਼ਬਾਰ ਨਿਕਲਦਾ ਰਿਹਾ ਪਰ ਅੱਜ ਕੱਲ੍ਹ ਉਸ ਦੀ ਜਾਣਕਾਰੀ ਵੀ ਧੁੰਦਲੀ ਹੈ, ਬੇਸ਼ੱਕ ਮੋਹਨ ਸਿੰਘ ਪ੍ਰੇਮ ਦਾ ਬੇਟਾ ਗਗਨਦੀਪ ਸਿੰਘ ਅਹੂਜਾ ਕਾਫ਼ੀ ਸਮੇਂ ਤੋਂ ਸਰਗਰਮ ਪੱਤਰਕਾਰੀ ਵਿਚ ਲਗਾਤਾਰ ਚੱਲਦਾ ਆ ਰਿਹਾ ਹੈ। ਪ੍ਰਿ. ਮੋਹਨ ਸਿੰਘ ਪ੍ਰੇਮ ਨੇ ਤਾਂ ਕਹਾਣੀ ਮੁਕਾਬਲਾ ਵੀ ਕਾਫ਼ੀ ਸਮਾਂ ਚਲਾਇਆ, ਮੇਰੀ ਕਹਾਣੀ ਨੂੰ ਉਸ ਵੇਲੇ 100 ਰੁਪਏ ਇਨਾਮ ਦਿੱਤਾ ਸੀ ਮੋਹਨ ਸਿੰਘ ਪ੍ਰੇਮ ਹੋਰਾਂ ਨੇ। ‘ਸੈਨਾਪਤੀ’ ਤੇ ‘ਇੰਤਕਾਮ’ ਕੱਢਦੇ ਸਨ ਹਰਦੀਪ ਸਿੰਘ ਸਾਹਨੀ। ਗਿਆਨੀ ਦਿੱਤ ਸਿੰਘ ਵੱਲੋਂ ‘ਪ੍ਰਕਾਸ਼’ (ਰਿਆਸਤ ਵੇਲੇ) ਕੱਢਿਆ,(ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਸੰਧੂ ਪੰਜਾਬੀ ਯੂਨੀਵਰਸਿਟੀ ਦੀ ਵੀਸੀ ਬਣੀ)। ਗਿਆਨੀ ਮਨਸਾ ਸਿੰਘ ਨੇ ਵੀ ਅਖ਼ਬਾਰ ਕੱਢਿਆ, ਡਾ. ਸੁਖਰਾਜ ਨੇ ਤ੍ਰਿਪੜੀ ਤੋਂ ‘ਸੁਖਰਾਜ’ ਅਖ਼ਬਾਰ ਕੱਢਿਆ। ਰਾਮ ਲਾਲ ਸ਼ਰਮਾ ‘ਪਿਆਸ’ ਅਖ਼ਬਾਰ ਕੱਢਦਾ ਸੀ, ਸਰਦੂਲ ਸਿੰਘ ‘ਖ਼ਿਦਮਤ’ ਕੱਢਦਾ ਸੀ, ਸੁਰਿੰਦਰ ਸਿੰਘ ਕੋਹਲੀ ਵੀ ‘ਸਵਰਨ’ ਅਖ਼ਬਾਰ ਕੱਢਦਾ ਸੀ, ਗੁਰਭਜਨ ਸਿੰਘ ਸਨਿਆਸੀ ਕੱਢਦਾ ਸੀ ‘ਸੰਨਿਆਸੀ’ ਅਖ਼ਬਾਰ ਤੇ ‘ਰੋਜ਼ਾਨਾ ਅਭੀਤ’ ਵੀ ਕੱਢਿਆ, ਸੰਤ ਕੰਬਲੀ ਵਾਲਾ ਨਛੱਤਰ ਸਿੰਘ ਵੀ ਅਖ਼ਬਾਰ ਕੱਢਦਾ ਹੁੰਦਾ ਸੀ, ਸਤਵੰਤ ਮੋਹੀ ਵੀ ਅਖ਼ਬਾਰ ਕੱਢਦੇ ਸਨ। ਪਟਿਆਲਾ ਤੋਂ ਹੀ ‘ਪੇਂਡੂ ਦਰਪਣ ਸਪਤਾਹਿਕ’ ਅਖ਼ਬਾਰ ਵੀ ਕਾਫ਼ੀ ਸਮਾਂ ਨਿਕਲਦਾ ਰਿਹਾ, ਜਿਸ ਦੇ ਸੰਪਾਦਕ ਬਲਜੀਤ ਸਿੰਘ ਬੱਲੋ ਹੁੰਦੇ ਸਨ। ਹਰਨਾਮ ਸਿੰਘ ਵੱਲੋਂ ‘ਧੜੱਲੇਦਾਰ’ ਤੇ ‘ਗਿਆਨਵਾਨ’ ਅਖ਼ਬਾਰ (ਅੱਜ ਕੱਲ੍ਹ ਸੰਪਾਦਕ ਅਰਵਿੰਦਰ ਤੇ ਸਤਿੰਦਰ ਸਿੰਘ) ਵੀ ਕਾਫ਼ੀ ਸਮਾਂ ਚਲਿਆ ਤੇ ਅੱਜ ਕੱਲ੍ਹ ਵੀ ਉਹ ਕਿਤੇ ਕਿਤੇ ਨਜ਼ਰ ਪੈ ਜਾਂਦਾ ਹੈ, ਗੁਰਨਾਮ ਸਿੰਘ ਦੀ ਸੰਪਾਦਨਾ ਵਿਚ ‘ਆਸ਼ਿਆਨਾ’ ਅਖ਼ਬਾਰ ਅੱਜ ਵੀ ਨਿਕਲ ਰਿਹਾ ਹੈ। ਸੋਹਣ ਸਿੰਘ ਵੱਲੋਂ ‘ਤੀਰ ਕਮਾਨ’ ਅਖ਼ਬਾਰ ਕੱਢਿਆ, ਅਵਤਾਰ ਸਿੰਘ ਦੀ ਅਗਵਾਈ ਵਿਚ ‘ਗ਼ੈਰਤ’ ਅਖ਼ਬਾਰ ਵੀ ਨਿਕਲਦਾ ਰਿਹਾ, ਜਗਜੀਤ ਸਿੰਘ ਦਰਦੀ ‘ਭਾਰਤ ਦੇਸ਼ ਹਮਾਰਾ’ ਵਰਗੇ ਕਈ ਅਖ਼ਬਾਰ ਕੱਢਦੇ ਸਨ। ਅਰਵਿੰਦਰ ਮੋਹਨ ਸਿੰਘ ਦੀ ਅਗਵਾਈ ਵਿਚ ‘ਗਿਆਨਵਾਨ’, ਪਰਮਜੀਤ ਸਿੰਘ ‘ਗਰਜਦੀ ਸਵੇਰ’, ਅਨਿਲ ਕੁਮਾਰ ਗਰਗ ‘ਅਜ਼ਾਦ ਸੋਚ’, ਜੋਗਿੰਦਰ ਮੋਹਨ ਵੱਲੋਂ ‘ਡੇਲੀ ਵਰਡ’, ਗੁਰਨਾਮ ਸਿੰਘ ਅਕੀਦਾ ਵੱਲੋਂ ‘ਇੰਡੋ ਪੰਜਾਬ’, ਡਾ. ਗੁਰਮੀਤ ਕੱਲਰ ਮਾਜਰੀ ਵੱਲੋਂ ‘ਹਾਸ਼ੀਆ’,ਕੁਲਵੰਤ ਸਿੰਘ ਨਾਰੀਕੇ ਵੱਲੋਂ ‘ਗੁਸੱਈਆਂ’, ਪਿਤਾਂਬਰ ਸ਼ਰਮਾ ‘ਪ੍ਰੈੱਸ ਕੀ ਤਾਕਤ’ ਕੱਢ ਰਹੇ ਹਨ, ਦਰਸ਼ਨ ਸਿੰਘ ਦਰਸ਼ਕ ਹੋਰਾਂ ਨੇ ‘ਮਹਿਕ ਪੰਜਾਬ ਦੀ’ ਸ਼ਾਮ ਦਾ ਅਖ਼ਬਾਰ ਵੀ ਪਟਿਆਲਾ ਤੋਂ ਕੱਢਿਆ। ਬਾਅਦ ਵਿਚ ਕੁਝ ਅਖ਼ਬਾਰ ਸਿਰਫ਼ ਬਲੈਕਮੇਲ ਦੇ ‘ਐਕਸ਼ਨ’ ਲਈ ਕੱਢੇ ਗਏ, ਅਜਿਹੇ ਅਖ਼ਬਾਰਾਂ ਵਿਚ ਪੱਤਰਕਾਰੀ ਦੇ ਮਿਆਰ ਦੀ ਗੱਲ ਤਾਂ ਦੂਰ ਹੁੰਦੀ ਸੀ ਪਰ ਗੰਦਗੀ ਵੀ ਭਰੀ ਹੁੰਦੀ ਸੀ,
ਫੇਰ ਵੀ ਰੋਜ਼ਾਨਾ ਦੀ ਪੱਤਰਕਾਰੀ ਵਿਚ ਆਦਰਸ਼ ਜ਼ਰੂਰ ਸਨ, ਜਦੋਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਸਨ ਤਾਂ ਉਸ ਵੇਲੇ ਪਟਿਆਲਾ ਵਿਚ ਸਰਗਰਮ ਪੱਤਰਕਾਰੀ ਵਿਚ ਕਈ ਅਹਿਮ ਪੱਤਰਕਾਰ ਆਪਣਾ ਕੰਮ ਨਿਡਰ ਤਰੀਕੇ ਨਾਲ ਕਰਦੇ ਸਨ। ਜਿਵੇਂ ਕਿ ਪੰਜਾਬੀ ਟ੍ਰਿਬਿਊਨ ਤੋਂ ਸਰੋਜ ਸਰਹਿੰਦੀ, ਯੂਐਨਆਈ ਤੋਂ ਗਗਨਦੀਪ ਸਿੰਘ ਅਹੂਜਾ, ਇੰਡੀਅਨ ਐਕਸਪ੍ਰੈੱਸ ਤੋਂ ਸਤਿੰਦਰ ਬੈਂਸ, ਦਾ ਟ੍ਰਿਬਿਊਨ ਤੋਂ ਸਰਬਜੀਤ ਸਿੰਘ ਧਾਲੀਵਾਲ, ਸਨਿਆਸੀ, ਪਹੁ ਫੁੱਟੀ ਤੋਂ ਪ੍ਰਿ. ਮੋਹਨ ਸਿੰਘ ਪ੍ਰੇਮ, ਜਗਬਾਣੀ ਤੋਂ ਰਾਜੂ, ਜਨ ਸੱਤਾ ਤੋਂ ਵਿਜੈ ਰਤਨ, ਭਾਰਤ ਦੇਸ਼ ਹਮਾਰਾ ਤੋਂ ਜੇਪੀ ਸਿੰਘ, ਅਜੀਤ ਤੋਂ ਮੋਹਨ ਸਿੰਘ ਤੋਂ ਬਾਅਦ ਆਈਐਸ ਚਾਵਲਾ, ਰਣਜੀਤ ਤੋਂ ਜੀਐਸ ਮਨੀ, ਅਕਾਲੀ ਪਤ੍ਰਿਕਾ ਤੋਂ ਰਣਧੀਰ ਸਿੰਘ ਹੈਰਾਨ, ਇਸ ਤੋਂ ਇਲਾਵਾ ਪਟਿਆਲਾ ਦੇ ਉਸ ਵੇਲੇ ਦੇ ਪੱਤਰਕਾਰ ਹੁੰਦੇ ਸਨ ਅਜੀਤ ਤੋਂ ਹੀ ਜਸਵਿੰਦਰ ਸਿੰਘ ਦਾਖਾ, ਦਾ ਟ੍ਰਿਬਿਊਨ ਵਿਚ ਸ਼ੇਰ ਸਿੰਘ ਗੁਪਤਾ, ਕੁਝ ਸਮਾਂ ਜੁਪਿੰਦਰਜੀਤ ਸਿੰਘ (ਅੱਜ ਕੱਲ੍ਹ ਦਾ ਟ੍ਰਿਬਿਊਨ ਵਿਚ ਸਟਾਫ਼ ਰਿਪੋਰਟਰ), ਰਵੀ ਧਾਲੀਵਾਲ (ਅੱਜ ਕੱਲ੍ਹ ਗੁਰਦਾਸਪੁਰ ਵਿਚ),ਦਾ ਟ੍ਰਿਬਿਊਨ ਤੋਂ ਚੰਦਰ ਪ੍ਰਕਾਸ਼ ਤੇ ਹਿੰਦੂਸਤਾਨ ਟਾਇਮਜ਼ ਤੋਂ ਗੁਰਪਾਲ ਕੌਰ, ਇੰਡੀਅਨ ਐਕਸਪ੍ਰੈੱਸ ਕੰਚਨ ਵਾਸੂਦੇਵਾ, ਇੰਡੀਅਨ ਐਕਸਪ੍ਰੈੱਸ ਰਾਜੀਵ ਖੰਨਾ ਤੋਂ ਬਾਅਦ ਜੋਗਿੰਦਰ ਮੋਹਨ, ਨਿਊਜ਼ ਲਾਇਨ ਐਕਸਪ੍ਰੈੱਸ ਕੇ ਐੱਸ ਧਾਲੀਵਾਲ, ਨਿਊਜਲਾਇਨ ਐਕਸਪ੍ਰੈੱਸ ਰਵਿੰਦਰ ਬਨਵੈਤ, ਇੰਡੀਅਨ ਐਕਸਪ੍ਰੈੱਸ ਤੋਂ ਚੰਚਲ ਮਨੋਹਰ ਸਿੰਘ, ਇੰਡੀਅਨ ਐਕਸਪ੍ਰੈੱਸ ਵੀਰ ਚੰਦ ਕੰਵਲ, ਦਵਿੰਦਰ ਮੋਹਨ, ਟਾਈਮਜ਼ ਆਫ਼ ਇੰਡੀਆ ਤੋਂ ਗੁਰਕਿਰਪਾਲ ਸਿੰਘ ਅਸ਼ਕ, ਫੇਰ ਪ੍ਰਵੇਸ਼ ਸ਼ਰਮਾ ਫੇਰ ਭਾਰਤ ਖੰਨਾ, ਹਿੰਦੁਸਤਾਨ ਟਾਈਮਜ਼ ਤੋਂ ਕੇਵੀ ਕਪੂਰ, ਟਾਈਮਜ਼ ਆਫ਼ ਇੰਡੀਆ ਅਨੁਰਾਧਾ ਸ਼ੁਕਲਾ, ਗੁਰਤੇਜ, ਅੱਜ ਦੀ ਅਵਾਜ਼, ਦੇਸ਼ ਸੇਵਕ, ਅੱਜ ਦੀ ਅਵਾਜ਼ ਫੇਰ ਪੰਜਾਬ ਟੂਡੇ ਵਿਚ ਸਰਬਜੀਤ ਉੱਖਲਾ, ਸਪੋਕਸਮੈਨ,ਚੜ੍ਹਦੀਕਲਾ ਵਿਚ ਸਬ ਐਡੀਟਰ ਤੋਂ ਬਾਅਦ ਅੱਜ ਦੀ ਅਵਾਜ਼ ਜ਼ਿਲ੍ਹਾ ਇੰਚਾਰਜ ਪਟਿਆਲਾ ਤੋਂ ਬਾਅਦ ਸਟਾਫ ਰਿਪੋਰਟਰ ਦੇਸ਼ ਸੇਵਕ, ਉਸ ਤੋਂ ਬਾਅਦ ਪੰਜਾਬ ਬਿਊਰੋ ਹੈੱਡ ਸਪੋਕਸਮੈਨ, ਦੇਸ਼ ਵਿਦੇਸ਼ ਟਾਈਮਜ਼, ਜਨਜਾਗਰਿਤੀ ਤੇ ਮੁੱਖ ਸੰਪਾਦਕ ਇੰਡੋ ਪੰਜਾਬ ਉਸ ਤੋਂ ਬਾਅਦ ਬਿਊਰੋ ਹੈੱਡ ਟਾਈਮਟੀਵੀ ਫੇਰ ਪੰਜਾਬੀ ਟ੍ਰਿਬਿਊਨ ਸੀਨੀਅਰ ਪੱਤਰਕਾਰ ਤੋਂ ਗੁਰਨਾਮ ਸਿੰਘ ਅਕੀਦਾ, ਪੰਜਾਬੀ ਟ੍ਰਿਬਿਊਨ ਤੋਂ ਦਰਸ਼ਨ ਸਿੰਘ ਖੋਖਰ, ਅੱਜ ਦੀ ਅਵਾਜ਼ ਤੋਂ ਬਲਬੀਰ ਸਿੰਘ ਬੇਦੀ, ਦੇਸ਼ ਸੇਵਕ ਤੋਂ ਬਾਅਦ ਪੰਜਾਬੀ ਟ੍ਰਿਬਿਊਨ, ਅਜੀਤ ਤੋਂ ਜਸਪਾਲ ਸਿੰਘ ਢਿੱਲੋਂ, ਆਲ ਇੰਡੀਆ ਰੇਡੀਓ ਤੋਂ ਪ੍ਰਵੇਸ਼ ਸ਼ਰਮਾ, ਆਲ ਇੰਡੀਆ ਰੇਡੀਓ ਤੋਂ ਅਮਰਜੀਤ ਸਿੰਘ ਵੜੈਚ,ਡੀਡੀ ਨਿਊਜ ਤੋਂ ਅਮਰਦੀਪ ਸਿੰਘ ਵੀ ਪੱਤਰਕਾਰੀ ਕਰਦੇ ਰਹੇ, ਵਿਦੇਸ਼ਾਂ ਵਿਚ ਚੱਲਦੇ ਮੀਡੀਆ ਸੰਸਥਾਨਾਂ ਤੋਂ ਬਾਅਦ ਟਿਵਾਣਾ ਰੇਡੀਓ ਦੇ ਸੰਸਥਾਪਕ ਪਰਮਿੰਦਰ ਟਿਵਾਣਾ, ਦਾ ਟ੍ਰਿਬਿਊਨ ਤੋਂ ਜੰਗਵੀਰ ਸਿੰਘ, ਭਾਸਕਰ ਤੋਂ ਕਮਲੇਸ਼, ਹਿੰਦੁਸਤਾਨ ਟਾਈਮਜ਼ ਤੋਂ ਗੁਰਪ੍ਰੀਤ ਸਿੰਘ ਨਿੱਬਰ, ਅਮਰ ਉਜਾਲਾ ਤੋਂ ਰਿੰਪੀ ਗੁਪਤਾ, ਭਾਸਕਰ ਤੋਂ ਭੁਪੇਸ਼ ਚੱਠਾ, ਭਾਸਕਰ ਤੋਂ ਰਣਧੀਰ ਰਾਣਾ, ਭਾਸਕਰ ਤੋਂ ਸੁਪਰਤੀਮ ਬੈਨਰਜੀ, ਇੰਡੀਅਨ ਐਕਸਪ੍ਰੈੱਸ ਫੇਰ ਟ੍ਰਿਬਿਊਨ ਤੋਂ ਮਨੀਸ਼ ਸਰਹਿੰਦੀ ਇਹ ਉਸ ਵੇਲੇ ਦੇ ਪੱਤਰਕਾਰ ਸਨ ਜਿਨ੍ਹਾਂ ਨੇ ਪੱਤਰਕਾਰੀ ਕੀਤੀ।
ਉਸ ਤੋਂ ਬਾਅਦ ਆਏ ਪੱਤਰਕਾਰਾਂ ਵਿਚ ਦਾ ਟ੍ਰਿਬਿਊਨ ਤੋਂ ਅਮਨ ਸੁਦ, ਮੁਕੇਸ਼ ਖੰਨਾ, ਰਵਨੀਤ ਸਿੰਘ, ਪੰਜਾਬੀ ਟ੍ਰਿਬਿਊਨ ਤੋਂ ਸਰਬਜੀਤ ਸਿੰਘ ਭੰਗੂ, ਗੁਰਨਾਮ ਸਿੰਘ ਅਕੀਦਾ (ਇਸ ਲੇਖ ਦਾ ਲੇਖਕ), ਪਹਿਲਾਂ ਪਟਿਆਲਾ ਤੋਂ ਅੱਜ ਕੱਲ੍ਹ ਘੱਗਾ ਤੋਂ ਰਵੇਲ ਸਿੰਘ ਭਿੰਡਰ, ਪੰਜਾਬ ਕੇਸਰੀ ਜਗਬਾਣੀ ਤੋਂ ਮਨਦੀਪ ਜੋਸਨ ਜਿਸ ਨੇ ਛੋਟੇ ਜਿਹੇ ਕਸਬੇ ਸਨੌਰ ਤੋਂ ਉੱਠ ਕੇ ਆਪਣੇ ਜਗਬਾਣੀ ਗਰੁੱਪ ਅਨੁਸਾਰ ਕੀਤੀ ਮਿਹਨਤ ਸਦਕਾ ਪਟਿਆਲਾ ਵਿਚ ਜਗਬਾਣੀ ਪੰਜਾਬ ਕੇਸਰੀ ਦੇ ਸਟਾਫ਼ ਰਿਪੋਰਟਰ ਤੱਕ ਦੀ ਉਪਾਧੀ ਹਾਸਲ ਕੀਤੀ, ਉਸ ਤੋਂ ਬਾਅਦ ਹੀ ਰਾਜੂ ਦੀ ਹਿੰਦ ਸਮਾਚਾਰ ਗਰੁੱਪ ਤੋਂ ਇਜਾਰੇਦਾਰੀ ਖ਼ਤਮ ਹੋਈ, ਪੰਜਾਬ ਕੇਸਰੀ ਜਗਬਾਣੀ ਤੋਂ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਚੜ੍ਹਦੀਕਲਾ ਤੋਂ ਬਾਅਦ ਜਗਬਾਣੀ ਗਰੁੱਪ ਤੋਂ ਪਰਮੀਤ ਸਿੰਘ, ਰਾਣਾ ਰੱਖੜਾ ਆਦਿ ਪੱਤਰਕਾਰ ਵੀ ਕੰਮ ਕਰ ਰਹੇ ਹਨ। ਚੜ੍ਹਦੀਕਲਾ ਤੋਂ ਗੁਰਮੁਖ ਸਿੰਘ ਰੁਪਾਣਾ, ਅਮਰਜੀਤ ਸਰਤਾਜ, ਵਿਨੋਦ ਕੁਮਾਰ ਸ਼ਰਮਾ, ਅਜੀਤ ਤੋਂ ਗੁਰਵਿੰਦਰ ਔਲਖ, ਪੰਜਾਬ ਕੇਸਰੀ ਅਸ਼ੋਕ ਅੱਤਰੀ, ਭਾਸਕਰ, ਦੈਨਿਕ ਟ੍ਰਿਬਿਊਨ ਤੋਂ ਲੈ ਕੇ ਦੀਪਕ ਮੋਦਿਗਿੱਲ ਦੈਨਿਕ ਜਾਗਰਨ ਵਿਚ ਕੰਮ ਕਰ ਰਹੇ ਹਨ,ਦੈਨਿਕ ਜਾਗਰਨ ਤੋਂ ਹੀ ਪ੍ਰੇਮ ਬਹਾਦਰ ਵਰਮਾ, ਬਲਵਿੰਦਰਪਾਲ ਸਿੰਘ, ਗੌਰਵਪਾਲ ਸੂਦ, ਗੁਲਸ਼ਨ ਸ਼ਰਮਾ, ਸਪੋਕਸਮੈਨ ਤੋਂ ਬਾਅਦ ਪੰਜਾਬੀ ਜਾਗਰਨ ਤੋਂ ਨਵਦੀਪ ਢੀਂਗਰਾ, ਅਜੀਤ ਸਮਾਚਾਰ ਤੋਂ ਬਾਅਦ ਪੰਜਾਬੀ ਜਾਗਰਨ ਵਿਚ ਕੰਮ ਕਰ ਰਹੇ ਹਨ ਪਰਗਟ ਸਿੰਘ, ਦੈਨਿਕ ਭਾਸਕਰ ਤੋਂ ਵਰਿੰਦਰ ਸਿੰਘ, ਰਾਜਕੁਮਾਰ, ਯੋਗੇਸ਼ ਧੀਰ, ਰਣਧੀਰ ਰਾਣਾ, ਰਾਮ ਸਿੰਘ ਬੰਗ ਨਵਾਂ ਜਮਾਨਾ ਵਿਚ ਰਹੇ,ਇੰਡੀਆ ਟੀਵੀ ਇੰਦਰਪਾਲ, ਆਜ ਤੱਕ ਮਨੀਸ਼ ਕੌਸ਼ਲ, ਇਰਵਿੰਦਰ ਸਿੰਘ ਆਹੁਲਵਾਲੀਆ ਪੀਟੀਸੀ ਵਿਚ ਰਹੇ ਤੇ ਅੱਜ ਕੱਲ ਆਪਣਾ ਪੰਜਾਬੀ ਚੈਨਲ ਡੀ5 ਪੰਜਾਬੀ ਚਲਾ ਰਹੇ ਹਨ,। ਆਦਿ ਵੱਖ ਵੱਖ ਅਖ਼ਬਾਰਾਂ ਵਿਚ ਕੰਮ ਕਰ ਰਹੇ ਹਨ, ਪੱਤਰਕਾਰਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ,ਇਸ ਲਈ ਇਸ ਸਬੰਧੀ ਨਾਲ ਅਟੈਚ ਕਰ ਦੇਵਾਂਗੇ।
ਪਹਿਲਾਂ ਦੇ ਲੋਕ ਸੰਪਰਕ ਵਿਭਾਗ ਵੱਲੋਂ ਖ਼ਬਰਾਂ ਲਗਾਉਣ ਲਈ ਬੜੀ ਮਿਹਨਤ ਕੀਤੀ ਜਾਂਦੀ ਸੀ, ਜਿਵੇਂ ਕਿ ਪਹਿਲਾਂ ਪ੍ਰੈੱਸ ਕਾਨਫ਼ਰੰਸ ਕਰਾਉਣ ਲਈ ਪੱਤਰਕਾਰ ਇਕੱਠੇ ਕਰਨੇ। ਵੀਆਈਪੀ ਆ ਗਿਆ ਤਾਂ ਖ਼ਬਰ ਤਿਆਰ ਕਰਵਾਉਣੀ, ਫ਼ੋਟੋਆਂ ਤਿਆਰ ਕਰਵਾਉਣੀਆਂ ਫੇਰ ਪੱਤਰਕਾਰਾਂ ਨੂੰ ਮਿਲਣਾ, ਉਨ੍ਹਾਂ ਦੇ ਖ਼ਬਰ ਉੱਤੇ ਅਤੇ ਫ਼ੋਟੋ ਉੱਤੇ ਦਸਤਖ਼ਤ ਕਰਵਾਉਣੇ ਤੇ ਲੋਕ ਸੰਪਰਕ ਵਿਭਾਗ ਦੀ ਇਕ ਗੱਡੀ ਜਲੰਧਰ ਵੱਲ ਚਾਲੇ ਪਾ ਲੈਂਦੀ ਸੀ ਤੇ ਦੂਜੀ ਗੱਡੀ ਚੰਡੀਗੜ੍ਹ ਵਾਲੇ ਪਾਸੇ ਚਾਲੇ ਪਾ ਲੈਂਦੀ ਸੀ, ਤਾਂ ਕਿ ਸਵੇਰੇ ਖ਼ਬਰ ਫ਼ੋਟੋ ਸਮੇਤ ਪ੍ਰਕਾਸ਼ਿਤ ਹੋ ਜਾਵੇ। ਪੱਤਰਕਾਰ ਭਾਵੇਂ ਕਿਸੇ ਵੀ ਤਰ੍ਹਾਂ ਦੀ ਖ਼ਬਰ ਲਾਉਂਦੇ ਸਨ (ਪ੍ਰਕਾਸ਼ਿਤ ਕਰਦੇ ਸਨ) ਪਰ ਜ਼ਿਲ੍ਹਾ ਪ੍ਰਸ਼ਾਸਨ ਪੱਤਰਕਾਰਾਂ ਦੀ ਇੱਜ਼ਤ ਕਰਦਾ ਸੀ, ਜੇਕਰ ਖ਼ਬਰ ਲੱਗ ਗਈ ਤਾਂ ਉਸ ਖ਼ਬਰ ਤੇ ਐਕਸ਼ਨ ਹੁੰਦਾ ਸੀ, ਖੋਜ ਹੁੰਦੀ ਸੀ ਸਬੰਧਤਾਂ ਤੇ ਕਾਰਵਾਈ ਵੀ ਹੁੰਦੀ ਸੀ। ਕੋਈ ਮੰਤਰੀ- ਮੁੱਖ ਮੰਤਰੀ ਆਉਂਦਾ ਤਾਂ ਪੱਤਰਕਾਰਾਂ ਦੀ ਪ੍ਰੈੱਸ ਕਾਨਫ਼ਰੰਸ ਤਹਿਜ਼ੀਬ ਨਾਲ ਕਰਵਾਈ ਜਾਂਦੀ ਸੀ। ਪੱਤਰਕਾਰ ਦੇ ਹਰ ਸਵਾਲ ਦਾ ਜਵਾਬ ਦਿੱਤਾ ਜਾਂਦਾ ਸੀ, ਜੇਕਰ ਜਵਾਬ ਨਹੀਂ ਤਾਂ ਕਈ ਵਾਰੀ ਮੰਤਰੀ ਮੌਕੇ ਤੇ ਹੀ ਆਪਣੀ ਸਰਕਾਰ ਦੇ ਸਕੱਤਰ ਨੂੰ ਪੁੱਛ ਕੇ ਜਵਾਬ ਦਿੰਦੇ ਸਨ, ਨਹੀਂ ਤਾਂ ‘ਨੌ ਕਮੈਂਟ’ ਵੀ ਕਹਿ ਦਿੰਦੇ ਸਨ, ‘ਨੌ ਕਮੈਂਟ’ ਦਾ ਭਾਵ ਸੀ ਕਿ ਮੰਤਰੀ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪੱਤਰਕਾਰਾਂ ਵਿਚ ਏਨੀ ਤਹਿਜ਼ੀਬ ਸੀ ਕਿ ਉਹ ਮੁੜ ਕੇ ਉਹ ਸਵਾਲ ਨਹੀਂ ਪੁੱਛਦੇ ਸੀ ਸਗੋਂ ਦੂਜਾ ਸਵਾਲ ਪੁੱਛਣਾ, ਜਦੋਂ ਤੱਕ ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਮੰਤਰੀ ਜਾਂ ਵੀਆਈਪੀ ਪੂਰਾ ਨਹੀਂ ਕਰ ਦਿੰਦਾ ਸੀ ਉਦੋਂ ਤੱਕ ਦੂਜਾ ਪੱਤਰਕਾਰ ਕੋਈ ਹੋਰ ਸਵਾਲ ਨਹੀਂ ਪੁੱਛਦਾ ਸੀ। ਸਰਕਾਰ ਦਾ ਦਬਦਬਾ ਸੀ ਪਰ ਪੱਤਰਕਾਰਾਂ ਦਾ ਵੀ ਏਕਤਾ ਦਾ ਦਬਦਬਾ ਸੀ, ਕਈ ਵਾਰੀ ਮੰਤਰੀ, ਵਿਧਾਇਕ ਜਾਂ ਵਿਰੋਧੀ ਧਿਰਾਂ ਦੇ ਲੀਡਰ ਪੱਤਰਕਾਰਾਂ ਨੂੰ ਹਲਕੇ ਦੀ ਹਾਲਤ ਦਿਖਾਉਣ ਲਈ ਇਲਾਕੇ ਦਾ ਗੇੜਾ ਵੀ ਲਵਾ ਦਿੰਦੇ ਸਨ। ਤੇਜਵੀਰ ਸਿੰਘ ਵਰਗੇ ਡੀ ਸੀ ਅਜਿਹੇ ਵੀ ਆਏ, ਜਿਨ੍ਹਾਂ ਬਾਰੇ ਖ਼ਬਰਾਂ ਲੱਗੀਆਂ ਪਰ ਉਨ੍ਹਾਂ ਕਦੇ ਵੀ ਕਿਸੇ ਪੱਤਰਕਾਰ ਨਾਲ ਮਨਮੁਟਾਵ ਨਹੀਂ ਕੀਤਾ, ਸਗੋਂ ਉਹ ਕਈ ਵਾਰੀ ਸ਼ਾਮ ਨੂੰ ਪੱਤਰਕਾਰਾਂ ਨਾਲ ਮਿਲਦੇ ਤੇ ਜ਼ਿਲ੍ਹੇ ਦੀਆਂ ਮੁਸ਼ਕਲਾਂ ਸੁਣਦੇ ਤੇ ਪੱਤਰਕਾਰਾਂ ਦਾ ਪੂਰਾ ਸਤਿਕਾਰ ਵੀ ਕਰਦੇ ਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ, ਜੋ ਪੱਤਰਕਾਰ ਸ਼ਰਾਬ ਆਦਿ ਮਾਸਾਹਾਰੀ ਨਹੀਂ ਖਾਂਦੇ ਸਨ ਉਨ੍ਹਾਂ ਲਈ ਸ਼ਾਕਾਹਾਰੀ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਂਦਾ ਸੀ। ਉਸ ਵੇਲੇ ਜਦੋਂ ਪਟਿਆਲਾ ਦਾ ਮਿੰਨੀ ਸਕੱਤਰੇਤ ਬਣਿਆ ਸੀ ਤਾਂ ਉੱਥੇ ਸਕੂਟਰ,ਕਾਰਾਂ ਦੇ ਸਟੈਂਡ ਤੇ ਮੁਫ਼ਤ ਪਾਰਕਿੰਗ ਵਿਸ਼ੇਸ਼ ਕਰਕੇ ਰਖਵਾਈ ਗਈ ਸੀ। ਪੱਤਰਕਾਰ ਤਹਿਜ਼ੀਬ ਵਾਲੇ ਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੀ ਪੱਤਰਕਾਰਾਂ ਨਾਲ ਤਹਿਜ਼ੀਬ ਨਾਲ ਹੀ ਪੇਸ਼ ਆਉਂਦੇ ਸਨ।
ਅਜੋਕੇ ਸਮੇਂ ਵਿਚ ਲੋਕ ਸੰਪਰਕ ਵਿਭਾਗ ਨੂੰ ਇਹ ਕੋਈ ਲੋੜ ਨਹੀਂ ਹੈ ਕਿ ਖ਼ਬਰ ਲੱਗੇ ਭਾਵੇਂ ਨਾ ਲੱਗੇ, ਇਹ ਵੀ ਉਹ ਕੋਈ ਜ਼ਿਆਦਾ ਚਿੰਤਾ ਨਹੀਂ ਕਰਦੇ ਕਿ ਵੀਆਈਪੀ ਦੀ ਪ੍ਰੈੱਸ ਕਾਨਫ਼ਰੰਸ ਵਿਚ ਪੱਤਰਕਾਰ ਕਿੰਨੇ ਪੁੱਜੇ, ਵੱਡੇ ਅਖ਼ਬਾਰਾਂ ਦੇ ਪੱਤਰਕਾਰ ਜਾਂ ਫਿਰ ਸੀਨੀਅਰ ਪੱਤਰਕਾਰ ਪੁੱਜਣ ਜਾਂ ਨਾ ਪੁੱਜਣ, ਉਨ੍ਹਾਂ ਨੇ ਜਦੋਂ ਪ੍ਰੈੱਸ ਕਾਨਫ਼ਰੰਸ ਕਰਾਉਣੀ ਹੈ ਤਾਂ ਮਾਇਕ ਆਈਡੀ ਲੈ ਕੇ ਦਰਜਨਾਂ ਪੱਤਰਕਾਰ ਉੱਥੇ ਪੁੱਜ ਜਾਂਦੇ ਹਨ। ਅਜਿਹੇ ਪੱਤਰਕਾਰਾਂ ਵਿਚੋਂ ਕਈਆਂ ਨੂੰ ਤਾਂ ਰੋਕਿਆ ਵੀ ਜਾਂਦਾ ਹੈ, ਪੱਤਰਕਾਰਾਂ ਦੀ ਇਸ ਹਨੇਰੀ ਵਿਚ ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਕੌਣ ਸੀਨੀਅਰ ਹੈ ਜਾਂ ਕੌਣ ਜੂਨੀਅਰ ਹੈ, ਸਗੋਂ ਜਿਨ੍ਹਾਂ ਦੇ ਯੂ ਟਿਊਬ ਤੇ ਸਬਸਕ੍ਰਾਈਬਰ ਹੀ ਨਹੀਂ ਹਨ ਉਹ ਸਗੋਂ ਸਵਾਲ ਪੁੱਛਣ ਲਈ ਜ਼ਿਆਦਾ ਜ਼ੋਰ ਲਗਾਉਂਦੇ ਹਨ, ਉੱਥੇ ਮਾਤੜਾਂ ਦੀ ਕੋਈ ਕੀਮਤ ਨਹੀਂ ਹੈ, ਇਸ ਕਰਕੇ ਸੀਨੀਅਰ ਪੱਤਰਕਾਰ ਹੁਣ ਪ੍ਰੈੱਸ ਕਾਨਫ਼ਰੰਸਾਂ ਵਿਚ ਜਾਣ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਜੇਕਰ ਵੀਆਈਪੀ ਨਾਲ ਕੋਈ ਅਹਿਮ ਗੱਲ ਕਰਨੀ ਹੋਵੇ ਤਾਂ ਕਈ ਪੱਤਰਕਾਰ ਤਾਂ ਸਿੱਧਾ ਹੀ ਵੀਆਈਪੀ ਨੂੰ ਫ਼ੋਨ ਕਰ ਲੈਂਦੇ ਹਨ। ਪਰ ਪ੍ਰੈੱਸ ਕਾਨਫ਼ਰੰਸਾਂ ਦਾ ਮਿਆਰ ਨਹੀਂ ਰਿਹਾ, ਕੋਈ ਕਿਰਦਾਰ ਨਹੀਂ ਰਿਹਾ, ਏਨੀ ਘੜਮੱਸ ਵਿਚ ਨਾ ਕੋਈ ਸਵਾਲ ਨਾ ਹੀ ਕੋਈ ਜਵਾਬ, ਅਖੌਤੀ ਪੱਤਰਕਾਰ ਆਪਣਾ ਸਵਾਲ, ਆਪਣੀ ਸਵਾਲ ਦੀ ਅਵਾਜ਼ ਏਨੀ ਜ਼ੋਰ ਦੀ ਕੱਢਦੇ ਹਨ ਤਾਂਕਿ ਉਨ੍ਹਾਂ ਦੀ ਹੋਂਦ ਉੱਘੜ ਸਕੇ। ਸੀਨੀਅਰ ਪੱਤਰਕਾਰਾਂ ਨੂੰ ਪਤਾ ਹੈ ਕਿ ਲੋਕ ਸੰਪਰਕ ਵਿਭਾਗ ਨੇ ਸਰਕਾਰ ਦੇ ਗੁਣਗਾਣ ਕਰਦਾ ਪ੍ਰੈੱਸ ਨੋਟ ਭੇਜ ਹੀ ਦੇਣਾ ਹੈ, ਏਨੀ ਕੁ ਡਿਊਟੀ ਹੀ ਰਹਿ ਗਈ ਹੈ ਅਜੋਕੇ ਲੋਕ ਸੰਪਰਕ ਵਿਭਾਗ ਦੀ। ਲੋਕ ਸੰਪਰਕ ਅਧਿਕਾਰੀ ਪੱਤਰਕਾਰਾਂ ਨੂੰ ਟਿੱਚ ਸਮਝਦੇ ਹਨ, ਕੁਝ ਲੋਕ ਸੰਪਰਕ ਅਧਿਕਾਰੀਆਂ ਦੇ ਮਨ ਵਿਚ ਸੀਨੀਅਰ ਪੱਤਰਕਾਰਾਂ ਪ੍ਰਤੀ ਵੀ ਕੋਈ ਬਹੁਤਾ ਸਨੇਹ ਨਹੀਂ ਹੈ, ਸਤਿਕਾਰ ਹੋਣਾ ਤਾਂ ਦੂਰ ਦੀ ਗੱਲ ਹੈ। ਸੋਚ ਕੇ ਹੋਰ ਵੀ ਚਿੰਤਾ ਹੁੰਦੀ ਹੈ ਕਿ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਪੱਤਰਕਾਰਾਂ ਨੂੰ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਭਿਖਾਰੀਆਂ ਵਾਂਗ ਦੇਖਣ ਲੱਗ ਜਾਣਗੇ। ਪੱਤਰਕਾਰਾਂ ਨੂੰ ਖ਼ੁਦ ਹੀ ਆਪਣੀ ਹੋਂਦ ਬਚਾਉਣੀ ਹੋਵੇਗੀ, ਸ਼ਬਦ ਗੁਰੂ ਨੂੰ ਸਿਰਜਣ ਵਾਲੀ ਕਲਮ ਨੂੰ ਵੇਚੋਗੇ ਤਾਂ ਸ਼ਬਦ ਗੁਰੂ ਕਿਸੇ ਨੂੰ ਮਾਫ਼ ਨਹੀਂ ਕਰਨਗੇ। ਸ਼ਬਦ ਗੁਰੂ ਤੋਂ ਬਚਣ ਲਈ ਖ਼ੁਦ ਹੀ ਅਰਦਾਸ ਕਰਕੇ ਮਾਇਕ ਲਾਭ ਛੱਡਣੇ ਹੋਣਗੇ ਤਾਂ ਕਿ ਕਲਮ ਜ਼ਿੰਦਾ ਰਹਿ ਸਕੇ।
ਬੜੇ ਚਿੰਤਾਜਨਕ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਹੁਣ ਪਟਿਆਲਾ ਵਿਚ ਜਗਬਾਣੀ ਪੰਜਾਬੀ ਕੇਸਰੀ ਗਰੁੱਪ ਦੇ ਕੁਝ ਪੱਤਰਕਾਰਾਂ ਨੇ ਮਾਹੌਲ ਦੀ ਅਜਿਹੀ ਸਿਰਜਣਾ ਕੀਤੀ ਹੈ ਕਿ ਉਨ੍ਹਾਂ ਦੇ ਫ਼ੋਟੋਗਰਾਫ਼ਰ ਵਿਚ ਸੀਨੀਅਰ ਪੱਤਰਕਾਰਾਂ ਦੀ ਇੱਜ਼ਤ ਹੀ ਖ਼ਤਮ ਕਰ ਦਿੱਤੀ ਹੈ, ਫ਼ੋਟੋਗਰਾਫ਼ਰ ਬੱਚਾ ਬੇਸ਼ੱਕ ਸਹੀ ਹੈ ਪਰ ਉਸ ਨੂੰ ਸਹਿ ਉਨ੍ਹਾਂ ਪੱਤਰਕਾਰਾਂ ਦੀ ਹੈ ਜਿਨ੍ਹਾਂ ਨੇ ਪੱਤਰਕਾਰੀ ਦੇ ਆਦਰਸ਼ ਮਲੀਆਮੇਟ ਕੀਤੇ .. ਬਾਕੀ ਅਗਲੇ ਹਿੱਸੇ ਵਿਚ..
Subscribe to:
Posts (Atom)
ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ
ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...
-
ਪੱਤਰਕਾਰੀ ਦਾ ਇਤਿਹਾਸ ਭਾਗ -14 ਲੇਖਕ : ਗੁਰਨਾਮ ਸਿੰਘ ਅਕੀਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੱਤਰਕਾਰਾਂ ਲਈ ਬੜੀ ਅਹਿਮ ਬੀਟ ਹੈ, ਇਹ ਮੈਨੂੰ ਭਲੀਭਾਂਤ ਪਤਾ ਹੈ ਤੇ...
-
ਪੱਤਰਕਾਰੀ ਦਾ ਇਤਿਹਾਸ ਭਾਗ -11 ਲੇਖਕ ਗੁਰਨਾਮ ਸਿੰਘ ਅਕੀਦਾ 29 ਮਾਰਚ 2007 ਨੂੰ ਕਲੱਬ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਹੋਏ ਪੱਤਰਕਾਰਾਂ ਦੇ ਵੱਡੇ ਇਕੱਠ ਦੌਰਾਨ ਪ੍ਰੈੱ...






























