Tuesday, January 06, 2026

...ਫੇਰ ਪੱਤਰਕਾਰ ਪੰਜਾਬੀ ਯੂਨੀਵਰਸਿਟੀ ਵਿਚ ਖ਼ਬਰਾਂ ਖੋਜਣ ਲਈ ਨਹੀਂ ਸਿਫ਼ਾਰਸ਼ਾਂ ਕਰਨ ਜਾਂਦੇ ਸੀ!

 ਪੱਤਰਕਾਰੀ ਦਾ ਇਤਿਹਾਸ ਭਾਗ-15

ਲੇਖਕ : ਗੁਰਨਾਮ ਸਿੰਘ ਅਕੀਦਾ


    ਪੰਜਾਬ ਵਿਚ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪਟਿਆਲਾ ਵਿਚ ਰੈਲੀ ਸੀ, ਇੱਥੇ ਸੁਖਬੀਰ ਬਾਦਲ ਨੇ ਆਉਣਾ ਸੀ, ਸੁਖਬੀਰ ਦਾ ਹੈਲੀਕਾਪਟਰ ਪੰਜਾਬੀ ਯੂਨੀਵਰਸਿਟੀ ਵਿਚ ਲੈਂਡ ਹੋਣਾ ਸੀ, ਪੰਜਾਬੀ ਯੂਨੀਵਰਸਿਟੀ ਵਿਚ ਹੈਲੀਪੈਡ ਬਣਾਈ ਗਈ ਸੀ, ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਹੁੰਦੇ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਵਾਈਸ ਚਾਂਸਲਰ ਲਾਇਆ ਸੀ, ਅਨੇਕਾਂ ਸੰਘਰਸ਼ ਹੋਏ ਪਰ ਡਾ. ਜਸਪਾਲ ਸਿੰਘ ਨੂੰ ਕਦੇ ਵੀ ਕੁਝ ਨਹੀਂ ਹੋਇਆ, ਸਗੋਂ ਉਹ ਅਜਿਹੇ ਸਮਿਆਂ ਵਿਚ ਯੂਨੀਵਰਸਿਟੀ ਨੂੰ ਸੱਖਣੀ ਛੱਡ ਕੇ ਤੁਰਦੇ ਬਣਦੇ ਸੀ।


ਉਨ੍ਹਾਂ ਦੀ ਅਥਾਰਿਟੀ ਵਿਚ ਡਾ. ਗੁਰਨਾਮ ਸਿੰਘ, ਡਾ. ਅੰਮ੍ਰਿਤਪਾਲ ਕੌਰ, ਡਾ. ਦਵਿੰਦਰ ਸਿੰਘ, ਡਾ. ਸਰਬਜਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਟਿਵਾਣਾ, ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਏ ਐੱਸ ਚਾਵਲਾ, ਕੁਲਬੀਰ  ਸਿੰਘ ਢਿੱਲੋਂ, ਡਾ.
ਬਲਜੀਤ ਸਿੰਘ ਸਿੱਧੂ, ਡਾ. ਰਿਤੂ ਲਹਿਲ, ਜਮਸੀਦ ਅਲੀ ਖ਼ਾਨ, ਹਰਪਾਲ ਸਿੰਘ ਪੰਨੂ, ਸੁਖਦਰਸ਼ਨ ਸਿੰਘ ਖਹਿਰਾ, ਡਾ. ਨਰਿੰਦਰ ਡੋਗਰਾ, ਡਾ. ਪਵਨ ਸਿੰਗਲਾ, ਡਾ. ਨਰਿੰਦਰ ਸਿੰਘ ਅੱਤਰੀ, ਡਾ. ਰਾਜ ਕੁਮਾਰ ਸ਼ਰਮਾ, ਡਾ. ਗੁਰਮੀਤ ਮਾਨ, ਮਨਜੀਤ ਸਿੰਘ ਸੋਸ਼ਲ ਵਰਕ, ਪਰਮਵੀਰ ਸਿੰਘ ਆਦਿ ਕਈ ਸਾਰੇ ਹੋਰ ਸਨ ਜੋ ਸੰਕਟ ਵਿਚ ਪਈ ਯੂਨੀਵਰਸਿਟੀ ਨੂੰ ਸੰਕਟ ਵਿਚੋਂ ਕੱਢਣ ਲਈ ਵਿਸ਼ੇਸ਼ ਰੋਲ ਨਿਭਾਉਂਦੇ ਸਨ। ਚੰਗੀ

ਮਿਹਨਤੀ ਤੇ ਵਫ਼ਾਦਾਰ ਲੋਕਾਂ ਦੀ ਅਥਾਰਿਟੀ ਸੀ ਡਾ. ਜਸਪਾਲ ਸਿੰਘ ਦੀ। ਮੈਂ ਕਈ ਵਾਰੀ ਡਾ. ਜਸਪਾਲ ਸਿੰਘ ਵੱਲੋਂ ਅਥਾਰਿਟੀ ਦੇ ਕੁਝ ਡਾਕਟਰਾਂ ਨੂੰ ਸ਼ਰੇਆਮ ਝਿੜਕਦੇ ਵੀ ਦੇਖਿਆ ਸੀ। 

ਸੁਖਬੀਰ ਬਾਦਲ ਦਾ ਹੈਲੀਕਾਪਟਰ ਪੰਜਾਬੀ ਯੂਨੀਵਰਸਿਟੀ ਵਿਚ ਉੱਤਰਨਾ ਸੀ, (ਅੱਜ ਕੱਲ੍ਹ ਭਗਵੰਤ ਮਾਨ ਦੇ ਹੈਲੀਕਾਪਟਰ ਵਰਤਣ ਦੇ ਬੜੀ ਚਰਚਾ ਹੋ ਰਹੀ ਹੈ ਅਕਾਲੀ ਸਰਕਾਰ ਵੇਲੇ ਵੀ ਹੈਲੀਕਾਪਟਰ ਮੁੱਖ ਮੰਤਰੀ ਦੀ ਥਾਂ ਉਪ ਮੁੱਖ ਮੰਤਰੀ ਵੀ ਵਰਤਦੇ ਸਨ ਪਰ ਕਿਸੇ ਨੇ ਸਵਾਲ ਖੜੇ ਨਹੀਂ ਕੀਤੇ ਸਨ। ਪਰ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ’ਤੇ ਕੇਸ ਦਰਜ ਕਰਨ ਦੀ ਮੈਂ ਨਿਖੇਧੀ ਕੀਤੀ ਹੈ) ਸੁਖਬੀਰ ਬਾਦਲ ਦਾ ਹੈਲੀਕਾਪਟਰ ਯੂਨੀਵਰਸਿਟੀ ਦੇ ਸਪੋਰਟਸ ਗਰਾਊਂਡ ਵਿਚ ਬਣਾਏ ਹੈਲੀਪੈਡ ਵਿਚ ਉੱਤਰਿਆ, ਉਸ ਦਾ ਸਵਾਗਤ ਕਰਨ ਲਈ ਖ਼ੁਦ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਪੁੱਜੇ, ਸੁਖਬੀਰ ਸਿੱਧਾ ਰੈਲੀ ਵਿਚ ਨਹੀਂ ਗਏ ਉਹ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਫ਼ਤਰ ਵਿਚ ਹੀ ਆ ਗਏ। ਸੁਖਬੀਰ ਬਾਦਲ ਨੂੰ ਡਾ.ਜਸਪਾਲ ਸਿੰਘ ਨੇ ‘ਡਾਈਟ ਕੋਕ’ ਪਿਲਾਇਆ ਤੇ ਨਾਲ ਹੀ ਸੁਖਬੀਰ ਨੇ ਚਾਰ ਬੰਦਿਆਂ ਦੀ ਕਥਿਤ ਲਿਸਟ ਡਾ. ਜਸਪਾਲ ਸਿੰਘ ਨੂੰ ਫੜਾ ਦਿੱਤੀ ਤੇ ਕਿਹਾ ਕਿ ਇਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਕਿਸੇ ਵੀ ਪੋਸਟ ’ਤੇ ਯੋਗਤਾ ਅਨੁਸਾਰ ਨਿਯੁਕਤ ਕਰ ਦਿਓ, ਇਨ੍ਹਾਂ ਚਾਰ ਬੰਦਿਆਂ ਦੀ ਨਿਯੁਕਤੀ ਦੋ ਦਿਨਾਂ ਵਿਚ ਹੀ ਡਾ. ਜਸਪਾਲ ਸਿੰਘ ਨੇ ਕਰ ਦਿੱਤੀ


ਸੀ। ਇਕ ਕਿਤਾਬ ਘਰ ਵਿਚ ਲੱਗਾ ਦਿੱਤਾ ਤੇ ਦੂਜੇ ਵੀ ਵੱਖ ਵੱਖ ਵਿਭਾਗਾਂ ਵਿਚ ਨਿਯੁਕਤ ਕਰ ਦਿੱਤੇ। ਇਕ ਕੋਕ ਪਿਲਾਉਣ ਬਦਲੇ ਪੰਜਾਬੀ ਯੂਨੀਵਰਸਿਟੀ ਨੂੰ ਚਾਰ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦਾ ਸੰਕਟ ਭੁਗਤਣਾ ਪਿਆ। ਅਥਾਰਿਟੀ ਦੇ ਕਈ ਲੋਕ ਜਾਣਦੇ ਹਨ ਉਨ੍ਹਾਂ ਦੀ ਨਿਯੁਕਤੀ ਬਾਰੇ।

ਇਸ ਤੋਂ ਪਹਿਲੇ ਪੱਤਰਕਾਰੀ ਦੇ ਇਤਿਹਾਸ ਭਾਗ -14 ਵਿਚ ਆਪਾਂ ਦੱਸ ਆਏ ਹਾਂ ਕਿ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਜਾਂ ਤਾਂ ਪੱਤਰਕਾਰਾਂ ਤੋਂ ਡਰਦੇ ਸੀ ਜਾਂ ਫਿਰ ਪੱਤਰਕਾਰਾਂ ਨੂੰ ਅਬਲਾਇਜ਼ ਕਰਦੇ ਸੀ। ਇਸ ਗੱਲ ਦਾ ਪਟਿਆਲਾ ਦੇ ਪੱਤਰਕਾਰਾਂ ਨੂੰ ਪਤਾ ਲੱਗ ਗਿਆ ਸੀ, ਡਾ. ਜਸਪਾਲ ਸਿੰਘ ਦੇ ਡਰ ਬਾਰੇ ਜਾਂ ਫਿਰ ਉਸ ਦੇ ਪੱਤਰਕਾਰਾਂ ਨੂੰ ਕਰਨ ਵਾਲੇ ਪਿਆਰ ਬਾਰੇ। ਮੈਂ ਪਹਿਲਾਂ ਹੀ ਡਾ. ਜਸਪਾਲ ਸਿੰਘ  ਨੂੰ ਜਾਣਦਾ ਸੀ, ਮੇਰਾ ਕੰਮ ਵੀ ਡਾ. ਜਸਪਾਲ ਸਿੰਘ ਨੇ ਕੀਤਾ ਸੀ, ਮੇਰੇ ਬੇਟੇ ਗਗਨਦੀਪ ਸਿੰਘ ਅਕੀਦਾ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਬੀ ਟੈੱਕ ਇੰਜੀਨੀਅਰਿੰਗ ਕਾਲਜ ਵਿਚ ਈਸੀਈ ਦੀ ਸੀਟ ਮਿਲ ਗਈ ਸੀ। ਯਕਦਮ ਫ਼ੀਸ ਦੇ ਪੈਸੇ ਭਰਨੇ ਪੈਣੇ ਸਨ, ਇਸ ਲਈ ਮੈਨੂੰ ਜਾਂ ਤਾਂ ਲੋਨ ਕਰਾਉਣਾ ਪੈਣਾ ਸੀ ਜਾਂ ਫਿਰ ਕਿਸੇ ਤੋਂ ਉਧਾਰ ਫੜਨੇ ਪੈਣੇ ਸਨ। ਇਹ ਗੱਲ ਮੈਂ ਡਾਕਟਰ ਗੁਰਨਾਮ ਸਿੰਘ ਨਾਲ ਕੀਤੀ ਤਾਂ ਉਸ ਨੇ ਕਿਹਾ ਕਿ ਤੁਸੀਂ ਵੀ ਸੀ ਸਾਹਿਬ ਨੂੰ ਬੇਨਤੀ ਕਰ ਲਓ। ਸ਼ਾਇਦ ਉਹ ਕਿਸ਼ਤਾਂ ਵਿਚ ਪਹਿਲੇ ਸਮੈਸਟਰ ਦੀ ਫ਼ੀਸ ਭਰਵਾ ਲੈਣ, ਮੈਂ ਇੰਜ ਹੀ ਕੀਤਾ ਮੈਂ ਇਕ  ਅਰਜ਼ੀ ਲਿਖੀ ਤੇ ਡਾ. ਜਸਪਾਲ ਸਿੰਘ ਕੋਲ ਗਿਆ ਉਸ ਨੂੰ ਆਪਣੀ ਪ੍ਰਾਬਲਮ ਦੱਸੀ, ਤਾਂ ਉਸ ਨੇ ਉਸ ਫ਼ੀਸ ਦੀਆਂ ਤਿੰਨ ਕਿਸ਼ਤਾਂ ਕਰ ਦਿੱਤੀਆਂ। ਉਸ ਤੋਂ ਬਾਅਦ ਸਾਰੇ ਸਮੈਸਟਰ ਗਗਨਦੀਪ ਨੇ ਪਾਸ ਕਰ ਲਏ ਤਾਂ ਸ਼ਾਇਦ ਡਾ. ਜਸਪਾਲ ਸਿੰਘ ਇਸ ਬਾਰੇ ਜਾਣਦੇ ਸੀ, ਤਾਂ ਉਨ੍ਹਾਂ ਮੈਨੂੰ ਪੁੱਛਿਆ, ‘ਤੁਹਾਡੇ ਬੇਟੇ ਨੇ ਬੀ ਟੈੱਕ ਕਰ ਲਈ?’ ਮੈਂ ਕਿਹਾ ਹਾਂ, ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਐਮਟੈੱਕ ਕਰਾਓ, ਆਪਾਂ ਤੁਹਾਡੇ ਬੱਚੇ ਨੂੰ ਇੱਥੇ ਪ੍ਰੋਫੈਸਰ ਲਗਾਵਾਂਗੇ। ਉਸ ਵੇਲੇ ਮੇਰੇ ਚਿੱਤ ਚੇਤੇ ਵੀ ਨਹੀਂ ਸੀ ਕਿ ਡਾ. ਜਸਪਾਲ ਸਿੰਘ ਇਹ ਸੋਚਦੇ ਹਨ ਜਾਂ ਇੰਜ ਕਹਿ ਲਓ ਕਿ ਮੇਰਾ ਦਿਮਾਗ਼ ਆਪਣੇ ਕਬਜ਼ੇ ਵਿਚ ਕਰਨ ਲਈ ਕਿਹਾ ਸੀ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੀ ਕਵਰੇਜ ਕਰਦੇ ਨੂੰ ਕਾਫ਼ੀ ਸਮਾਂ ਹੋ ਗਿਆ ਸੀ, ਪੰਜਾਬੀ ਯੂਨੀਵਰਸਿਟੀ ਦੀ ਮੈਂ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਰਿਪੋਰਟਾਂ ਵੀ ਕਰਦਾ ਸੀ, ਨੈਗੇਟਿਵ ਖ਼ਬਰਾਂ ਵੀ ਕਰਦਾ ਸੀ, ਜਸਬੀਰ ਸਿੰਘ ਆਹਲੂਵਾਲੀਆ ਨੂੰ ਵੀ ਯੂਨੀਵਰਸਿਟੀ ਵਿਚੋਂ ਕਢਵਾ ਚੁੱਕਿਆ ਸਾਂ, ਹਰ ਇਕ ਡਿਪਾਰਟਮੈਂਟ ਬਾਰੇ ਮੈਨੂੰ ਜਾਣਕਾਰੀ ਸੀ, ਮੈਨੂੰ ਪਤਾ ਸੀ ਕਿ  ਵਾਈਸ ਚਾਂਸਲਰ ਦੇ ਖ਼ਿਲਾਫ਼ ਸਾਜ਼ਿਸ਼ਾਂ ਕੌਣ ਕਰਦੇ ਹਨ, ਇਕਨਾਮਿਕਸ ਡਿਪਾਰਟਮੈਂਟ ਵਿਚ ਗਰਾਊਂਡ ਤੇ ਪ੍ਰਬੰਧ ਚੱਲਦਾ ਸੀ, ਪੜਾਈ ਦੀ ਗੱਲ ਚੱਲਦੀ , ਤੇ ਇਕਨਾਮਿਕਸ ਡਿਪਾਰਟਮੈਂਟ ਦੇ ਉੱਪਰਲੀ ਮੰਜ਼ਲ ਤੇ ‘ਸੈਂਟਰ ਫ਼ਾਰ ਰਿਸਰਚ ਇਨ ਇਕਨਾਮਿਕ ਚੇਂਜ’ ਦਾ ਸੈਂਟਰ ਚਲਦਾ ਸੀ, ਜਿੱਥੇ ਵਾਈਸ ਚਾਂਸਲਰ ਖ਼ਿਲਾਫ਼ ਸਾਜ਼ਿਸ਼ਾਂ ਚੱਲਦੀਆਂ ਸਨ, ਜਿੱਥੇ ਮੈਂ ਕਈ ਵਾਰੀ ਜਾਂਦਾ ਸਾਂ, ਉਨ੍ਹਾਂ ਦਾ ਯੂਨੀਵਰਸਿਟੀ ਦੇ ਪੱਖ ਵਿਚ ਕੰਮ ਕਰਨਾ ਘੱਟ ਹੀ ਹੁੰਦਾ ਸੀ ਪਰ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰਨਾ ਉਨ੍ਹਾਂ ਦਾ ਮੁੱਖ ਕੰਮ ਸੀ। ਉਨ੍ਹਾਂ ਦਾ ਕੰਮ ਸੀ ਕਿ ਅਥਾਰਿਟੀ ਖ਼ਿਲਾਫ਼ ਜਾਂ ਵੀ ਸੀ ਖ਼ਿਲਾਫ਼ ਖ਼ਬਰਾਂ ਅਖ਼ਬਾਰਾਂ ਵਿਚ ਲਵਾਈਆਂ ਜਾਣ, ਮੈਂ ਵੀ ਉਨ੍ਹਾਂ ਵੱਲੋਂ ਦਿੱਤੀਆਂ ਰਿਪੋਰਟਾਂ ਲਗਾਈਆਂ ਸਨ, ਉਨ੍ਹਾਂ ਕੋਲ ਜਦੋਂ ਵੀ ਕੋਈ ਪੱਤਰਕਾਰ ਜਾਂਦਾ ਸੀ ਤਾਂ ਉਹ ਉਸ ਪੱਤਰਕਾਰ ਨੂੰ ਖ਼ਬਰ ਦੇ ਕੰਟੈਂਟ ਦਾ ਪ੍ਰਿੰਟ ਕੱਢ ਕੇ ਦੇ ਦਿੰਦੇ ਸਨ, ਉਸ ਕਮਰੇ ਨਾਲ ‘ਸੈਫੀ ਪਾਰਟੀ’ ਵਾਲਿਆਂ ਦੀ ਵੀ ਗੁੜ੍ਹੀ ਸਾਂਝ ਸੀ ਜਿਨ੍ਹਾਂ ਨੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਬਹੁਤ ਬਦਨਾਮ ਕੀਤਾ, ਉਹ ਅਥਾਰਿਟੀ ਤੇ ਵੀ ਸੀ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰਨ ਵਾਲਾ ਕਮਰਾ ਸੀ। ‘ਸੈਫੀ ਪਾਰਟੀ’ ਦੇ ਪ੍ਰੈੱਸ ਨੋਟ ਮੈਂ ਵੀ ਲਾਉਂਦਾ ਸੀ, ਵਾਈਸ ਚਾਂਸਲਰ ਤੋਂ ਆਪਣੇ ਘਰ ਦੇ, ਭਾਈ-ਬੰਧ ਘਰਵਾਲੀਆਂ ਨੂੰ ਨੌਕਰੀ ਲਵਾ ਚੁੱਕੇ ਪੱਤਰਕਾਰ ਵੀ ‘ਸੈਫੀ’ ਦੇ ਪ੍ਰੈੱਸ ਨੋਟ ਲਗਾਉਂਦੇ ਸਨ। ਜੀ ਨੇ  ਵੀ ਸੈਫੀ ਨੇ ਇਕਨਾਮਿਕਸ ਦੇ ਕਮਰੇ ਅਨੁਸਾਰ ਵੀ ਸੀ ’ਤੇ ਦੋਸ਼ ਲਗਾਏ ਉਨ੍ਹਾਂ ਦੀ ਹੁਣ ਤੱਕ ਕੋਈ ਪੜਤਾਲ ਜਾਂ ਕਾਰਵਾਈ ਨਹੀਂ ਹੋਈ, ਸੈਫੀ ਵੱਲੋਂ ਦੋਸ਼ ਲਗਾਉਣਾ ਜੇਕਰ ਸੱਚ ਦਾ ਹੁੰਦਾ ਤਾਂ ਸਹੀ ਸੀ ਪਰ ਉਨ੍ਹਾਂ ਦਾ ਪ੍ਰਧਾਨ ਇਹ ਸਮਝ ਗਿਆ ਸੀ ਕਿ ਵੀ ਸੀ ਡਾ ਜਸਪਾਲ ਸਿੰਘ ਡਰ ਕੇ ਉਸ ਨੂੰ ਯੂਨੀਵਰਸਿਟੀ ਵਿਚ ਨੌਕਰੀ ਤੇ ਲਗਾ  ਦੇਵੇਗਾ। ਇਸ ਕਰਕੇ ਵੀ ਸੀ ਦੇ ਖ਼ਿਲਾਫ਼ ਉਹ ਅਜਿਹੀਆਂ ਖ਼ਬਰਾਂ ਬਣਾ ਕੇ ਲਗਾਉਂਦੇ ਸਨ, ਜਿਸ ਨਾਲ ਵੀ ਸੀ ਉਨ੍ਹਾਂ ਦਾ  ਨੋਟਿਸ ਲਵੇ। ਪਰ ਵੀ ਸੀ ਨੇ ਉਨ੍ਹਾਂ ਦੇ  ਪ੍ਰਧਾਨ ਨੂੰ ਮੂੰਹ ਨਹੀਂ ਲਾਇਆ, ਹਾਂ ਕਈ ਵਾਰੀ ਮੀਟਿੰਗਾਂ ਹੋਈਆਂ ਸਨ ਅਥਾਰਿਟੀ ਨਾਲ ਸੈਫੀ ਦੇ ਪ੍ਰਧਾਨ ਦੀਆਂ ਪਰ ਕੋਈ ਸਿੱਟਾ ਨਹੀਂ ਨਿਕਲਿਆ ਸੀ ਭਾਵ ਕਿ ਪ੍ਰਧਾਨ ਨੂੰ ਨੌਕਰੀ ਦੇਣ ਲਈ ਹੁੰਗਾਰਾ ਤਾਂ ਭਰਿਆ ਗਿਆ ਸੀ ਪਰ ਅਮਲ ਕਰਨਾ ਔਖਾ ਸੀ, ਸੋ ਉਸ ਸਾਜ਼ਿਸ਼ੀ ਕਮਰੇ ਦੀਆਂ ਹੋਰ ਵੀ ਬਹੁਤ ਗੱਲਾਂ ਵੀ ਹਨ, ਕਦੇ ਸਮਾਂ ਮਿਲਿਆ ਤਾਂ ਜ਼ਰੂਰ ਸਾਂਝੀਆ ਕਰਾਂਗੇ।

ਗੱਲ ਕਰ ਰਹੇ ਸੀ ਕਿ ਵੀ ਸੀ ਡਾ. ਜਸਪਾਲ ਸਿੰਘ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਬੱਚੇ ਨੂੰ ਐਮਟੈੱਕ ਕਰਵਾਓ ਆਪਾਂ ਇਸ ਨੂੰ ਯੂਨੀਵਰਸਿਟੀ ਵਿਚ ਪ੍ਰੋਫੈਸਰ ਲਗਾਵਾਂਗੇ। ਮੈਨੂੰ ਖ਼ੁਸ਼ੀ ਵੀ ਹੋਈ ਸੀ, ਇਕ ਅਮੀਰ ਪੱਤਰਕਾਰ ਤੇ ਆਰਥਿਕ ਪੱਖੋਂ ਗ਼ਰੀਬ ਬੰਦੇ ਦੇ ਬੱਚੇ ਲਈ ਜਸਪਾਲ ਸਿੰਘ ਨੇ ਏਨਾ ਸੋਚ ਰੱਖਿਆ ਸੀ, ਪਰ ਦੂਜੇ ਪਾਸੇ ਮੈਂ ਉਲਝਣ ਵਿਚ ਵੀ ਸਾਂ, ਗਗਨਦੀਪ ਸਿੰਘ ਨੂੰ ਮੈਂ ਇਕ ਜੌਬ ਤੇ ਲਗਾ ਦਿੱਤਾ ਸੀ, ਪੰਜਾਬੀ ਯੂਨੀਵਰਸਿਟੀ ਸਾਹਮਣੇ ਪੀਬੀਸੀ ਟੀਵੀ ਚੈਨਲ ਦਾ ਸਟੂਡੀਓ ਹੁੰਦਾ ਸੀ, ਮੰਤਰੀ ਰਹੇ ਅਜਾਇਬ ਸਿੰਘ ਮੁਖਮੈਲਪੁਰ ਦੀ ਇਮਾਰਤ ਵਿਚ, ਲੋਕ ਉਸ ਨੂੰ ਅਜਾਇਬ ਸਿੰਘ ਮੁਖਮੈਲਪੁਰ ਦਾ ਹੀ ਚੈਨਲ ਦੱਸਦੇ ਸੀ ਪਰ ਅਸਲ ਵਿਚ ਉਹ ਸਰਬਜੀਤ ਕੌਰ ਸੰਧੂ ਦਾ ਟੀਵੀ ਚੈਨਲ ਸੀ। ਸਰਬਜੀਤ ਕੌਰ ਸੰਧੂ ਦੇ ਪਿਤਾ ਇੰਜ. ਸੰਧੂ ਬੀਐਸਐਨਐਲ ਵਿਚ ਇੰਜੀਨੀਅਰ ਸਨ, ਉਸ ਨਾਲ ਮੇਰੀ ਗੱਲ ਹੋਈ ਸੀ ਤਾਂ ਉਸ ਨੇ ਕਿਹਾ ਸੀ ਕਿ ਸਾਨੂੰ ਲੋੜ ਈ ਸੀ ਈ ਦੇ ਇੰਜੀਨੀਅਰ ਦੀ ਹੈ। ਤਨਖ਼ਾਹ ਪੜਾਈ ਅਨੁਸਾਰ ਘੱਟ ਸੀ ਟਰੇਨਿੰਗ ਪੀਰੀਅਡ ਦੀ 7000 ਰੁਪਏ, ਪਰ ਉਸ ਨੇ ਕਿਹਾ ਸੀ ਕਿ ਜਦੋਂ ਗਗਨ ਕੰਮ ਕਰਨ ਲੱਗ ਪਿਆ ਤਾਂ ਉਸ ਦੀ ਤਨਖ਼ਾਹ ਵਧ ਜਾਵੇਗੀ, ਤਰਨਤਾਰਨ ਇਲਾਕੇ ਵਿਚ ਉਸ ਨੇ ਗਗਨ ਨੂੰ ਜਾਣ ਲਈ ਕਹਿ ਦਿੱਤਾ ਸੀ। 


ਉੱਧਰ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਮੈਨੂੰ ਕਹਿ ਦਿੱਤਾ ਸੀ ਕਿ ਤੁਸੀਂ ਇਸ ਨੂੰ ਐਮਟੈੱਕ ਕਰਾਓ ਆਪਾਂ ਇਸ ਨੂੰ ਪ੍ਰੋਫੈਸਰ ਲਗਾਵਾਂਗੇ, ਸਾਡੇ ਮਨ ਵਿਚ ਵੀ ਮਨੁੱਖਤਾ ਸੁਭਾਅ ਅਨੁਸਾਰ ਲਾਲਚ ਆ ਗਿਆ ਸੀ ਅਸੀਂ ਗਗਨ ਨੂੰ ਐਮਟੈੱਕ ਦੀ ਪੜਾਈ ਕਰਨ ਲਈ ਦਾਖਲ ਕਰਵਾ ਦਿੱਤਾ ਸੀ। ਜਿਸ ਕਰਕੇ ਉਹ ਬੀਐਸਐਨਐਲ ਦੇ ਇੰਜੀਨੀਅਰ ਵੱਲੋਂ ਦਿੱਤੀ ਨੌਕਰੀ ਵੀ ਛੱਡਣੀ ਪਈ ਸੀ। ਇਹ ਕਹਾਣੀ ਸੁਣਾਉਣ ਦਾ ਭਾਵ ਤੁਹਾਨੂੰ ਅੱਗੇ ਸਮਝ ਆ ਜਾਵੇਗਾ। 

ਮੈਂ ਸਮਝ ਗਿਆ ਸੀ ਕਿ ਯੂਨੀਵਰਸਿਟੀ ਵਿਚ ਪੱਤਰਕਾਰ ਆਉਂਦੇ ਹਨ ਪਰ ਉਹ ਮੈਂ ਕਦੇ ਵੀ ਖ਼ਬਰਾਂ ਦੀ ਖੋਜ ਕਰਦੇ ਜਾਂ ਫਿਰ ਖ਼ਬਰਾਂ ਬਾਰੇ ਕਿਸੇ ਵਿਭਾਗ ਵਿਚ ਗੱਲ ਕਰਦੇ ਨਹੀਂ ਦੇਖੇ, ਉਹ ਸਗੋਂ ਵੀ ਸੀ ਨੂੰ ਮਿਲਣ ਆਉਂਦੇ ਸੀ ਤੇ ਕੋਈ ਨਾ ਕੋਈ ਸਿਫ਼ਾਰਸ਼ ਕਰਨ ਲਈ ਹੀ ਆਉਂਦੇ ਸਨ। ਮੈਂ ਯੂਨੀਵਰਸਿਟੀ ਦੀਆਂ ਮੌਲਿਕ ਰਿਪੋਰਟਾਂ ਕਾਫ਼ੀ ਕਰਦਾ ਸੀ, ਇਕ ਕੁਝ ਪੱਤਰਕਾਰਾਂ ਜਿਸ ਵਿਚ ਵਿਸ਼ਾਲ ਰੰਬਾਨੀ ਵੀ ਸ਼ਾਮਲ ਸੀ, ਮੇਰੀਆਂ ਠਾਹਰਾਂ ਤੇ ਜਾ ਕੇ ਬੈਠਣ ਲੱਗ ਪਏ ਸੀ, ਜਿਵੇਂ ਸਰਬਜਿੰਦਰ ਸਿੰਘ ਕੋਲ, ਸਾਜ਼ਿਸ਼ੀ ਕਮਰੇ ਵਿਚ ਆਦਿ ਆਦਿ।

ਇੱਥੇ ਮੈਂ ਤੁਹਾਨੂੰ ਇਕ ਕਹਾਣੀ ਹੋਰ ਸੁਣਾਉਣੀ ਚਾਹੁੰਦਾ ਹਾਂ। ਇਹ ਕਹਾਣੀ ਸੁਣਾਉਣੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਰਾਜੇਸ਼ ਸ਼ਰਮਾ ਸਿੰਡੀਕੇਟ ਦੇ ਮੈਂਬਰ ਵੀ ਬਣੇ ਰਹੇ ਹਨ, ਉਹ ਪਟਿਆਲਾ ਦੇ ਪੱਤਰਕਾਰਾਂ ਵਿਚ ‘ਨੇਤਾ ਜੀ’ ਨਾਮ ਨਾਲ ਮਸ਼ਹੂਰ ਹੋ ਰਹੇ ਸਨ। ਉਨ੍ਹਾਂ ਦੀ ਹਰ ਖੇਤਰ ਵਿਚ ਦਖ਼ਲ ਅੰਦਾਜ਼ੀ ਸਾਹਮਣੇ ਆ ਰਹੀ ਸੀ, ਉਹ ਹਿੰਦੁਸਤਾਨ ਟਾਈਮਜ਼ ਅਖ਼ਬਾਰ ਦੇ ਸਟਾਫ਼ ਰਿਪੋਰਟਰ ਵਿਸ਼ਾਲ ਰੰਬਾਨੀ ਦੇ ਗਰੁੱਪ ਵਿਚ ਸ਼ਾਮਲ ਸੀ। ਰੰਬਾਨੀ ਨੇ ਪਟਿਆਲਾ ਵਿਚ ਪੱਤਰਕਾਰੀ ਨੂੰ ਕਿਵੇਂ ਨਿੱਜੀ ਕੰਮ ਲੈਣ ਲਈ ਵਰਤਣਾ, ਉਹ ਉਸ ਨੇ ਪੱਤਰਕਾਰਾਂ ਨੂੰ ਸਿਖਾਇਆ ਸੀ। ਉਹ ਤੇ ਧਾਲੀਵਾਲ ਜਿਸ ਨੂੰ ਪਟਿਆਲਾ ਦੇ ਪੱਤਰਕਾਰ ਫੁਕਰਾ ਧਾਲੀਵਾਲ ਵੀ ਕਹਿੰਦੇ ਸਨ, ਪਟਿਆਲਾ ਵਿਚ ਪੱਤਰਕਾਰੀ ਨਹੀਂ ਕਰ ਰਹੇ ਸਨ ਉਹ ਤਾਂ ਸਗੋਂ ਆਪਣੇ ਨਿੱਜੀ ਕੰਮ ਪੱਤਰਕਾਰੀ ਨੂੰ ਵਰਤ ਕੇ ਕਿੱਦਾਂ ਹੁੰਦੇ ਹਨ ਉਹ ਕਰ ਰਹੇ ਸਨ, ਪੱਤਰਕਾਰੀ ਵਿਚ ਆਕੇ ਉਨ੍ਹਾਂ ਆਪਣੇ ਵਿਰੋਧੀਆਂ ਨੂੰ ਬਦਨਾਮ ਕਿਵੇਂ ਕਰਨਾ ਵਿਰੋਧੀਆਂ ਨੂੰ ਕਿਵੇਂ ਪੱਤਰਕਾਰੀ ਵਿਚ ਖ਼ਤਮ ਕਰਨਾ, ਪੱਤਰਕਾਰਾਂ ਨੂੰ ਕੁੱਟਮਾਰ ਕਰਕੇ ਕਿਵੇਂ ਦਬਾਉਣਾ ਤੇ ਆਪਣੇ ਆਪ ਨੂੰ ਡਾਨ ਕਹਾਉਣਾ, ਇਹ ਉਨ੍ਹਾਂ ਦਾ ਕੰਮ ਸੀ, ਸਹਿਕਾਰੀ ‌ਵਿਭਾਗ ਵਿਚ ਸਹਿਕਾਰੀ ਬੈਂਕ ਵਿਚ ਤਾਂ ਇਸ ਗਰੁੱਪ ਦੀ ਦਹਿਸ਼ਤ ਹੀ ਬੜੀ ਸੀ, ਰਾਜੇਸ਼ ਰੰਬਾਨੀ ਦੇ ਪ‌ਟਿਆਲਾ ਆਉਣ ਤੋਂ ਪਹਿਲਾਂ ਤਾਂ ਸਹੀ ਤਰੀਕੇ ਨਾਲ ਸੀ ਪਰ ਰੰਬਾਨੀ ਦੇ ਗਰੁੱਪ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਜੇਸ਼ ਦਾ ਸੁਭਾਅ ਬਹੁਤ ਬਦਲ ਗਿਆ ਸੀ। ਰਾਜੇਸ਼ ਦਾ ਗੱਲਬਾਤ ਕਰਨ ਦਾ ਤਰੀਕਾ ਬੜਾ ਪਿਆਰਾ ਹੈ, ਉਹ ਗੱਲ ਕਰਦਾ ਹੋਇਆ ਅਗਲੇ ਨੂੰ ਆਪਣਾ ਬਣਾਉਣ ਦਾ ਹੁਨਰ ਰੱਖਦਾ ਹੈ। ਬ੍ਰਾਹਮਣ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਹਨ, ‘ਬ੍ਰਾਹਮਣਵਾਦ’ ਦਾ ਮੈਂ ਆਲੋਚਕ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਂ ਵਾਕਾਂ ਅਨੁਸਾਰ।‘ਵਾਦ’ ਕੋਈ ਹੋਵੇ ਮਾੜਾ ਹੁੰਦਾ। ਰਾਜੇਸ਼ ਨਾਲ ਮੇਰੀ ਮਿੱਤਰਤਾ ਏਨੀ ਰਹੀ ਹੈ ਕਿ ਉਸ ਨੇ ਤੇ ਬਲਜਿੰਦਰ ਨੇ ਮੇਰੇ ਨਾਲ ਸਾਜ਼ਿਸ਼ਾਂ ਕੀਤੀਆਂ ਬਾਰੇ ਜੇਕਰ ਤੁਹਾਨੂੰ ਦੱਸ ਦਿਆਂ ਤਾਂ ਤੁਸੀਂ ਹੈਰਾਨ ਹੋਵੋਗੇ। ਮੈਂ ਕਦੇ ਵੀ ਇਨ੍ਹਾਂ ਨੂੰ ਆਪਣੇ ਵਿਰੋਧੀ ਨਹੀਂ ਮੰਨਿਆ, ਵਿਸ਼ਾਲ ਰੰਬਾਨੀ, ਰਾਜੇਸ਼ ਹੋਰੀਂ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚਦੇ ਰਹੇ ਹਨ ਪਰ ਮੈਂ ਫੇਰ ਵੀ ਜਦੋਂ ਮੇਰੇ ਬੇਟੇ ਗਗਨਦੀਪ ਸਿੰਘ ਦਾ ਵਿਆਹ ਹੋਇਆ ਤਾਂ ਸਾਰੇ ਪੱਤਰਕਾਰਾਂ ਦੇ ਦਫ਼ਤਰਾਂ ਵਿਚ ਕਾਰਡ ਭੇਜੇ ਤੇ ਭਾਜੀ ਭੇਜੀ, ਇੱਥੋਂ ਤੱਕ ਵਿਸ਼ਾਲ ਰੰਬਾਨੀ ਨੂੰ ਵੀ ਕਾਰਡ ਭੇਜਿਆ। ਮੈਨੂੰ ਮਨਦੀਪ ਸਿੰਘ ਜੋਸਨ ਜਗ ਬਾਣੀ ਪੰਜਾਬ ਕੇਸਰੀ ਵਾਲੇ ਨੇ ਕਿਹਾ ਸੀ ‘ਦੁਸ਼ਮਣਾ ਨੂੰ ਵਿਆਹ ਵਿਚ ਬੁਲਾ ਕੇ ਗ਼ਲਤੀ ਕਰ ਰਹੇ ਹੋ,’ ਇਹ ਮੈਂ ਸਮਝਦਾ ਸਾਂ ਪਰ ਮੈਂ ਹਰ ਇਕ ਦਫ਼ਤਰ ਵਿਚ ਕਾਰਡ ਭੇਜੇ ਸਨ, ਵਿਸ਼ਾਲ ਰੰਬਾਨੀ ਨੂੰ ਦਿੱਤੇ ਕਾਰਡ ਦਾ ਗ਼ਲਤ ਇਸਤੇਮਾਲ ਰੰਬਾਨੀ ਨੇ ਜਿਵੇਂ ਕੀਤਾ ਉਹ ਕਹਾਣੀ ਬੜੀ ਦਰਦਨਾਕ ਹੈ, ਉਸ ਨੇ ਗਗਨਦੀਪ ਸਿੰਘ ਦਾ ‌ਵਿਆਹ ਹੀ ਤੁੜਵਾ ਦਿੱਤਾ, ਜਿੱਥੇ ਉਹ ਕਾਮਯਾਬ ਰਿਹਾ, ਉਸ ਨੇ ਮੇਰੇ ਕੁੜਮਾਂ ਨਾਲ ਸਾਂਝ ਬਣਾਈ, ਸਾਂਝ ਕਿਵੇਂ ਬਣਾਈ ਬਾਰੇ ਵੀ ਖ਼ੁਲਾਸਾ ਹੋਵੇਗਾ ਪਰ ਉਸ ਨੇ ਮੇਰੇ ਅਤੇ ਮੇਰੇ ਪਰਿਵਾਰ ’ਤੇ ਕੇਸ ਦਰਜ ਕਰਵਾਏ, ਮੇਰੇ ਹੀ ਪੋਤੇ ਦੀ ਮੌਤ ਦਾ ਕੇਸ ਸਾਡੇ ਪਰਿਵਾਰ ਦੇ ਪਵਾਇਆ। ਅਗਲਾ ਵਿਆਹ ਮੇਰੇ ਛੋਟੇ ਬੇਟੇ ਵਿਵੇਕ ਵੀਰ ਦਾ ਆਇਆ ਉਸ ਦੇ ਵਿਆਹ ਦਾ ਕਾਰਡ ਵੀ ਮੈਂ ਰਾਜੇਸ਼ ਸ਼ਰਮਾ, ਬਲਜਿੰਦਰ ਤੇ ਸਭ ਨੂੰ ਭੇਜਿਆ ਸੀ, ਜਿਸ  ਦਾ ਗ਼ੁੱਸਾ ਸਾਡੇ ਗਰੁੱਪ ਦੇ ਪੱਤਰਕਾਰਾਂ ਵਿਚ ਤੇਜਿੰਦਰ ਫ਼ਤਿਹਪੁਰ ਨੇ ਏਨਾ ਕੀਤਾ ਕਿ ਉਹ ਵਿਆਹ ਵਿਚ ਹੀ ਨਹੀਂ ਆਇਆ ਉਸ ਨੇ ਮਨਦੀਪ ਜੋਸਨ ਨੂੰ ਕਿਹਾ ਸੀ ਕਿ ‘‘ ਵਿਆਹ ਵਿਚ ਜਾਣ ਦਾ ਕੀ ਫ਼ਾਇਦਾ ਉੱਥੇ ਤਾਂ ਫੇਰ ਉਹੀ ਹੋਣਗੇ... ’’ 

ਮੈਂ ਇਕ ਪੱਤਰਕਾਰ ਨਹੀਂ ਵਿਆਹ ਵਿਚ ਬੁਲਾਇਆ ਸੀ ਉਹ ਸੀ ਧਾਲੀਵਾਲ, ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਨਾਲ ਦੁਸ਼ਮਣੀ ਰੱਖਣ ਵਾਲਾ, ਮੇਰੀ ਬੇੜੀ ਵਿਚ ਵੱਟੇ ਪਾਉਣ ਵਾਲਾ, ਸਾਡੇ ਹਰ ਕੰਮ ਵਿਚ ਅੜਿੱਕਾ ਪਾਉਣ ਵਾਲਾ ਧਾਲੀਵਾਲ ਇਕ ਵਾਰੀ ਮੈਨੂੰ ਫੇਸਬੁੱਕ ਤੇ ਫਰੈਂਡ ਰਿਕਵੈਸਟ ਭੇਜ ਰਿਹਾ ਹੈ, ਮੈਂ ਬੜਾ ਹੈਰਾਨ ਹੋਇਆ ਕਿ ਮੇਰਾ ਸਾਰਾ ਕੁਝ ਤਬਾਹ ਕਰਨ ਦੀ ਕੋਸ਼ਿਸ਼ ਕਰਨ ਵਾਲਾ ਬੰਦਾ ਇਹ ਘਟੀਆ ਪਣ ਕਿਵੇਂ ਕਰ ਸਕਦਾ ਹੈ। ਮੈਨੂੰ ਫਰੈਂਡ ਬਣਾਉਣਾ ਚਾਹੁੰਦਾ ਹੈ ਫੇਸਬੁੱਕ ਤੇ, ਮੈਂ ਇਹ ਫਰੈਂਡ ਰਿਕਵੈਸਟ ਤੁਰੰਤ ਡਿਲੀਟ ਕਰ ਦਿੱਤੀ, ਕਿਉਂਕਿ ਮੇਰੇ ਦੁਸ਼ਮਣਾਂ ਦਾ ਵੀ ਕਿਰਦਾਰ ਹੈ, ਬੇਕਿਰਦਾਰੇ ਬੰਦਿਆਂ ਨੂੰ ਮੈਂ ਆਪਣੀ ਫਰੈਂਡ ਲਿਸਟ ਵਿਚ ਕਿਵੇਂ ਪਾ ਸਕਦਾ ਹਾਂ। ਫਰੈਂਡ ਰਿਕਵੈਸਟ ਭੇਜਣ ਵਾਲੇ ਇਸ ਬੰਦੇ ਨੂੰ ਵੀ ਲਾਹਨਤ ਵੀ ਨਹੀਂ ਭੇਜ ਸਕਦਾ ਸੀ। 

ਹਾਂ ਉਕਤ ਗੱਲਾਂ ਵਾਧੂ ਲੱਗਦੀਆਂ ਹਨ ਪਰ ਵਾਧੂ ਨਹੀਂ ਹਨ, ਸਗੋਂ ਇਹ ਕੜੀਆਂ ਹਨ ਜੋ ਤੁਹਾਨੂੰ ਅੱਗੇ ਜਾ ਕੇ ਬਿਲਕੁਲ ਜੁੜਦੀਆਂ ਨਜ਼ਰ ਆਉਣਗੀਆਂ, ਹਾਂ ਆਪਾਂ ਰਾਜੇਸ਼ ਸ਼ਰਮਾ ਬਾਰੇ ਇਕ ਕਹਾਣੀ ਸਾਂਝੀ ਕਰਨੀ ਸੀ, ਜਿੱਥੋਂ ਪੱਤਰਕਾਰੀ ਦਾ ਇਤਿਹਾਸ ਲਿਖਣ ਨੂੰ ਅਮਲੀ ਰੂਪ ਦੇਣ ਦਾ ਇਰਾਦਾ  ਬਣਿਆ। ਇਹ ਕਹਾਣੀ ਇੱਥੇ ਸ਼ਾਮਲ ਕਰ ਲਈਏ ਤਾਂ ਸੌਖਾ ਸਮਝ ਆ ਜਾਵੇਗਾ ਕਿ ਕੁਝ ਪੱਤਰਕਾਰ? 

-ਪੱਤਰਕਾਰੀ ਦਾ ਇਤਿਹਾਸ ਲਿਖਣ ਦਾ ਇਰਾਦਾ ਕਿਵੇਂ ਬਣਿਆ?



ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਪਟਿਆਲਾ ਵੱਲੋਂ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿਖੇ ‘ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ’ ਨੂੰ ਸਮਰਪਿਤ ਭਾਸ਼ਣ ਮੁਕਾਬਲਾ, ਸੈਮੀਨਾਰ ਅਤੇ ਪੰਜਵਾਂ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਸਕੂਲਾਂ ਦੇ ਸੈਕੰਡਰੀ ਵਰਗ ਦੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਭਾਸ਼ਣ ਮੁਕਾਬਲੇ ਵਿੱਚ ਪਟਿਆਲਾ ਸ਼ਹਿਰ ਦੇ 28 ਸਕੂਲਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਪੱਤਰਕਾਰੀ ਨਾਲ ਸੰਬੰਧਿਤ ਵਿਸ਼ਿਆਂ ਪ੍ਰੈੱਸ ਦੀ ਆਜ਼ਾਦੀ ਦਾ ਮਹੱਤਵ, ਪੱਤਰਕਾਰੀ ਅਤੇ ਨੈਤਿਕਤਾ, ਪੱਤਰਕਾਰੀ: ਲੋਕਤੰਤਰ ਦਾ ਚੌਥਾ ਥੰਮ੍ਹ ਆਦਿ ਤੇ ਆਪਣੇ ਵਿਚਾਰ ਪੇਸ਼ ਕੀਤੇ। ਸਰਕਾਰੀ ਸਕੂਲ ਕੈਟਾਗਰੀ ਵਿੱਚ ਪਹਿਲਾ ਸਥਾਨ ਕਮਲਜੀਤ ਕੌਰ ਵਿਦਿਆਰਥਣ ਸਰਕਾਰੀ ਸ.ਸ.ਸਕੂਲ ਬਹਾਦਰਗੜ੍ਹ, ਦੂਜਾ ਸਥਾਨ ਮੁਸਕਾਨ ਵਿਦਿਆਰਥਣ ਸਰਕਾਰੀ ਸ.ਸ.ਸਮਾਰਟ ਸਕੂਲ ਤ੍ਰਿਪੜੀ ਪਟਿਆਲਾ ਅਤੇ ਤੀਸਰਾ ਸਥਾਨ ਸੁਮਨਪ੍ਰੀਤ ਕੌਰ ਵਿਦਿਆਰਥਣ ਸਰਕਾਰੀ ਸ.ਸ.ਸਕੂਲ ਮਾਡਲ ਟਾਊਨ ਪਟਿਆਲਾ ਪ੍ਰਾਪਤ ਕੀਤਾ।

ਪ੍ਰਾਈਵੇਟ ਸਕੂਲ ਕੈਟਾਗਰੀ ਵਿੱਚ ਪਹਿਲਾ ਸਥਾਨ ਹਰਸੁਖਪ੍ਰੀਤ ਸਿੰਘ ਵਿਦਿਆਰਥੀ ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ


ਪਟਿਆਲਾ, ਦੂਜਾ ਸਥਾਨ ਪੂਜਾ ਬੀ.ਐਨ ਖ਼ਾਲਸਾ ਸ.ਸ.ਸਕੂਲ ਪਟਿਆਲਾ ਅਤੇ ਤੀਸਰਾ ਸਥਾਨ ਪ੍ਰਤਿਭਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਨੇ ਪ੍ਰਾਪਤ ਕੀਤਾ। ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਟਰਾਫ਼ੀ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।

ਦੂਜੇ ਸੈਸ਼ਨ ਵਿੱਚ ਆਧੁਨਿਕ ਪੱਤਰਕਾਰੀ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨਗੀ ਮੰਡਲ ਵਿੱਚ ਭੁਪੇਸ਼ ਚੱਠਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ, ਡਾ.ਨੈਨਸੀ ਦਵਿੰਦਰ ਕੌਰ ਮੁਖੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਮਰਜੀਤ ਵੜੈਚ ਸਾਬਕਾ ਅਸਿਸਟੈਂਟ ਡਾਇਰੈਕਟਰ ਆਲ ਇੰਡੀਆ ਰੇਡੀਓ, ਡਾ.


ਹਰਗੁਣਪ੍ਰੀਤ ਸਿੰਘ ਮੁਖੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ, ਡਾ. ਕੁਲਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਅਤੇ ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਸ਼ਾਮਲ ਹੋਏ। ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਕਿਹਾ ਪੱਤਰਕਾਰਤਾ ਦਾ ਅਸਲ ਮਕਸਦ ਸੱਚ ਨੂੰ ਉਜਾਗਰ ਕਰਨਾ, ਗ਼ਲਤ ਨੀਤੀਆਂ ਨੂੰ ਬੇਨਕਾਬ ਕਰਨਾ ਅਤੇ ਲੋਕਾਂ ਤੱਕ ਨਿਰਪੱਖ ਜਾਣਕਾਰੀ ਪਹੁੰਚਾਉਣਾ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਮੁੱਖ ਬੁਲਾਰੇ ਅਮਰਜੀਤ ਵੜੈਚ ਨੇ ਕਿਹਾ ਕਿ ਪ੍ਰੈੱਸ ਆਜ਼ਾਦੀ ਸੂਚਕ ਅੰਕ ਹਰ ਸਾਲ 'ਰਿਪੋਰਟਰਜ਼ ਵਿਦਾਊਟ ਬਾਰਡਰਜ਼' ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਹ ਪੱਤਰਕਾਰਾਂ ਨੂੰ ਉਪਲਬਧ ਆਜ਼ਾਦੀ ਦੇ ਆਧਾਰ ਤੇ ਦੇਸ਼ਾਂ ਨੂੰ ਦਰਜਾ ਦਿੰਦਾ ਹੈ। ਪ੍ਰੈੱਸ ਆਜ਼ਾਦੀ ਸੂਚਕ ਅੰਕ ਰਿਪੋਰਟ 2024 ਵਿੱਚ ਚਿੰਤਾਜਨਕ ਰੁਝਾਨ ਦਿਖਾਈ ਦਿੱਤੇ ਹਨ। ਉਸ ਵਿੱਚ 180 ਦੇਸ਼ਾਂ ਵਿੱਚੋਂ ਭਾਰਤ 159ਵੇਂ ਸਥਾਨ ਤੇ ਹੈ।

ਇਸ ਮੌਕੇ ਤੇ ਪੰਜਾਬੀ ਜਾਗਰਣ ਤੋਂ ਨਵਦੀਪ ਢੀਂਗਰਾ, ਜਗ ਬਾਣੀ/ਪੰਜਾਬ ਕੇਸਰੀ ਤੋਂ ਰਾਜੇਸ਼ ਪੰਜੋਲਾ, ਚੜ੍ਹਦੀਕਲਾ ਤੋਂ


ਗੁਰਮੁਖ ਸਿੰਘ ਰੁਪਾਣਾ,ਪੰਜਾਬੀ ਟ੍ਰਿਬਿਊਨ ਤੋਂ ਗੁਰਨਾਮ ਸਿੰਘ ਅਕੀਦਾ ਅਤੇ ਦਾ ਇੰਡੀਅਨ ਐਕਸਪ੍ਰੈੱਸ ਤੋਂ ਦਿੱਵਿਆ ਗੋਇਲ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਟਰੱਸਟ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ 18 ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰੀ ਦੇ ਖੇਤਰ ਵਿੱਚ ਨਵਦੀਪ ਢੀਂਗਰਾ ਜ਼ਿਲ੍ਹਾ ਇੰਚਾਰਜ ਪੰਜਾਬੀ ਜਾਗਰਣ, ਪਰਮੀਤ ਸਿੰਘ ਸੀਨੀਅਰ ਪੱਤਰਕਾਰ ਜਗ ਬਾਣੀ/ਪੰਜਾਬ ਕੇਸਰੀ, ਖੁਰਵੀਂ ਸਿੰਘ ਤੂਰ ਬਿਊਰੋ ਚੀਫ਼ ਰੋਜ਼ਾਨਾ ਸੱਚ ਕਹੂੰ, ਰਣਧੀਰ ਸਿੰਘ ਰਾਣਾ ਸੀਨੀਅਰ ਪੱਤਰਕਾਰ ਦੈਨਿਕ ਭਾਸਕਰ, ਗੁਰਨਾਮ ਸਿੰਘ ਅਕੀਦਾ ਸੀਨੀਅਰ ਪੱਤਰਕਾਰ ਅਤੇ ਲੇਖਕ, ਰਾਜੇਸ਼ ਪੰਜੋਲਾ ਬਿਊਰੋ ਚੀਫ਼ ਜਗ ਬਾਣੀ/ਪੰਜਾਬ ਕੇਸਰੀ, ਧਰਮਿੰਦਰ ਸਿੰਘ ਸਿੱਧੂ ਜ਼ਿਲ੍ਹਾ ਇੰਚਾਰਜ ਅਜੀਤ, ਗੁਰਮੁਖ ਸਿੰਘ ਰੁਪਾਣਾ ਵਿਸ਼ੇਸ਼ ਪ੍ਰਤੀਨਿਧ ਚੜ੍ਹਦੀਕਲਾ ਗਰੁੱਪ, ਸਰਬਜੀਤ ਸਿੰਘ ਭੰਗੂ ਜ਼ਿਲ੍ਹਾ ਕੋਆਰਡੀਨੇਟਰ ਪੰਜਾਬੀ ਟ੍ਰਿਬਿਊਨ ਪਟਿਆਲਾ, ਸੁਰੇਸ਼ ਕਾਮਰਾ ਜ਼ਿਲ੍ਹਾ ਇੰਚਾਰਜ ਦੈਨਿਕ ਸਵੇਰਾ, ਪਰਮਿੰਦਰ ਸਿੰਘ ਰਾਏਪੁਰ ਜ਼ਿਲ੍ਹਾ ਇੰਚਾਰਜ ਸਪੋਕਸਮੈਨ, ਦਿੱਵਿਆ ਗੋਇਲ ਪ੍ਰਮੁੱਖ ਪੱਤਰਕਾਰ ਦਾ ਇੰਡੀਅਨ ਐਕਸਪ੍ਰੈੱਸ, ਰਿੰਪੀ ਗੁਪਤਾ ਪੱਤਰਕਾਰ ਅਮਰ ਉਜਾਲਾ, ਗੌਰਵ ਸੂਦ ਪੱਤਰਕਾਰ ਦੈਨਿਕ ਜਾਗਰਣ, ਪਰਗਟ ਸਿੰਘ ਪੱਤਰਕਾਰ ਪੰਜਾਬੀ ਜਾਗਰਣ, ਨਰਿੰਦਰ ਬਠੋਈ ਪੱਤਰਕਾਰ ਸੱਚ ਕਹੂੰ, ਭੁਪਿੰਦਰਜੀਤ ਮੌਲਵੀਵਾਲਾ ਪੱਤਰਕਾਰ ਪੰਜਾਬੀ ਜਾਗਰਣ ਅਤੇ ਪਰਮਿੰਦਰ ਮੋਦਗਿਲ ਪੱਤਰਕਾਰ ਦੇਸ਼ ਸੇਵਕ ਦਾ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ।


ਮੈਂ ਹੈਰਾਨ ਸੀ ਅਕਸ਼ੇ ਖਨੌਰੀ ਦੀ ਇਸ ਸੋਚ ’ਤੇ ਉਸ ਨੇ ਦਸਵੀਂ, ਬਾਰ੍ਹਵੀਂ ਕਲਾਸ ਦੇ ਬੱਚਿਆਂ ਤੋਂ ਪੱਤਰਕਾਰੀ ਦਾ ਵਿਸ਼ਾ ਦੇ ਕੇ ਪਰਚੇ ਲਿਖਵਾਏ ਸਨ। ਬਹੁਤ ਕਮਾਲ ਦੀ ਜਾਣਕਾਰੀ ਇਕੱਤਰ ਕੀਤੀ ਬੱਚਿਆਂ ਨੇ, ਮੈਂ ਜਲਦੀ ਜਾਣਾ ਸੀ ਮੇਰੇ ਚਾਚੇ ਦੇ ਮੁੰਡੇ ਦੇ ਪੋਤਰੇ ਦੀ ਦੁਰਘਟਨਾ ਵਿਚ ਮੌਤ ਹੋ ਗਈ ਸੀ ਮੇਰੇ ਪਿੰਡ ਵਿਚ ਉਸ ਦਾ ਭੋਗ ਸੀ, ਪਰ ਮੈਂ ਕਈ ਸਾਰੇ ਬਚਿਆਂ ਦੇ ਪੇਪਰ ਪੜੇ ਸੁਣੇ ਸਨ, ਮੈਂ ਪਹਿਲਾਂ ਬੋਲਿਆ ਤੇ ਬੱਚਿਆਂ ਦੀ ਖ਼ੂਬ ਤਾਰੀਫ਼ ਕੀਤੀ, ਕਰਨੀ ਵੀ ਬਣਦੀ ਸੀ ਇਨ੍ਹਾਂ ਬੱਚਿਆਂ ਨੇ ਹੀ ਸਾਡੇ ਅਗਲੇ ਮਕਸਦ ਨੂੰ ਪੂਰਾ ਕਰਨਾ ਹੈ। ਇੱਥੇ ਹੀ ਮੈਂ ਅਜੇ ਜਾਣ ਹੀ ਲੱਗਾ ਸਾਂ ਕਿ ਸਟੇਜ ਸਕੱਤਰ ਨੇ ਰਾਜੇਸ਼ ਪੰਜੋਲਾ ਦਾ ਨਾਮ ਬੋਲਿਆ, ਮੈਂ ਬੈਠ ਗਿਆ, 

ਰਾਜੇਸ਼ ਨੇ ਆਪਣੇ ਭਾਸ਼ਣ ਦਾ ਕੇਂਦਰ ਬਿੰਦੂ ਪੱਤਰਕਾਰਤਾ ਦੇ ਖ਼ਿਲਾਫ਼ ਹੀ ਰੱਖਿਆ, ਉਸ ਨੇ ਸੰਬੋਧਨ ਕਰਦਿਆਂ ਕਿਹਾ ਕਿ ‘‘ਪੱਤਰਕਾਰੀ ਨਾ ਕਰਿਓ, ਪੱਤਰਕਾਰੀ ਵਿਚ ਕੁਝ ਨਹੀਂ ਹੈ.. ਬਗੈਰਾ ਬਗੈਰਾ... ’’ ਮੈਂ ਉਸੇ ਸਮੇਂ ਹੀ ਇਸ ਦਾ ਜਵਾਬ ਦੇਣਾ ਸੀ, ਪਰ ਭੋਗ ਦਾ ਸਮਾਂ ਲੰਘਦਾ ਜਾ ਰਿਹਾ ਸੀ, ਫੇਰ ਮੈਂ ਕਈ ਵਾਰੀ ਸੋਚਿਆ ਕਿ ਲਿਖ ਦੇਈਏ ਕਿ ਰਾਜੇਸ਼ ਨੂੰ ਏਦਾਂ ਦਾ ਭਾਸ਼ਣ ਬੱਚਿਆਂ ਦਾ ਮਨੋਬਲ ਹੇਠਾਂ ਡੇਗਣ ਵਾਲਾ ਨਹੀਂ ਦੇਣਾ ਚਾਹੀਦਾ ਸੀ, ਸਗੋਂ ਅਜਿਹੇ ਸਮਾਗਮਾਂ ਵਿਚ ਤਾਂ ਸਗੋਂ ਬੱਚਿਆਂ ਦਾ ਮਨੋਬਲ ਉੱਚਾ ਚੁੱਕਣਾ ਚਾਹੀਦਾ ਹੈ। ਇਹ ਮੈਨੂੰ ਪਤਾ ਸੀ ਕਿ ਰਾਜੇਸ਼ ਨੇ ਅਜਿਹਾ ਭਾਸ਼ਣ ਕਿਉਂ ਦਿੱਤਾ?, ਪਰ ਫੇਰ ਵੀ ਜਿੱਥੇ ਜਾਈਏ ਉਸ ਸੰਸਥਾ ਦਾ ਆਦਰਸ਼ਾਂ ਦੇ ਤੌਰ ਤੇ ਖ਼ਿਆਲ ਰੱਖਣਾ ਚਾਹੀਦਾ ਹੈ। ਅਕਸ਼ੈ ਹੋਰਾਂ ਨੇ ਕਿੰਨੀ ਮਿਹਨਤ ਕੀਤੀ ਸੀ ਬੱਚਿਆਂ ਨੂੰ ਵਿਸ਼ੇ ਦਿੱਤੇ, ਤੇ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਪੇਪਰ ਪੜ੍ਹਨ ਲਈ, ਉਨ੍ਹਾਂ ਤਿਆਰੀ ਕੀਤੀ, ਕਿੰਨੇ ਦਿਨ ਲੱਗੇ ਹੋਣਗੇ ਬੱਚਿਆਂ ਨੂੰ ਖੋਜਾਂ ਕਰਦਿਆਂ ਨੂੰ ਤੇ ਉਨ੍ਹਾਂ ਦਾ ਮਾਇਕ ਤੇ ਪੇਪਰ ਪੜ੍ਹਨ ਦਾ ਅੰਦਾਜ਼, ਮੈਂ ਮੁਤਾਸਰ ਹੋ ਗਿਆ ਸਾਂ, ਪਰ ਰਾਜੇਸ਼ ਨੇ ਸਾਰਾ ਹੀ ਗੁੜ ਗੋਬਰ ਕਰ ਦਿੱਤਾ। ਅਕਸ਼ੇ ਖਨੌਰੀ ਵਿਚਾਰਾ ਜਿਹਾ ਬਣਿਆ ਨਿੰਮੋਝੂਣਾ ਜਿਹਾ ਹੋ ਗਿਆ ਸੀ। ਜਿਹੜੀ ਪੰਜਾਬੀ ਯੂਨੀਵਰਸਿਟੀ ਵਿਚ ਜਰਨਲਿਜ਼ਮ ਪੜਾਉਣ ਵਾਲੇ ‌ਵਿਭਾਗ ਦੀ ਹੈੱਡ ਡਾ. ਨੈਨਸੀ ਬੈਠੀ ਸੀ ਉਸ ਦਾ ਤਾਂ ਸਾਰਾ ਵਿਭਾਗ ਹੀ ਅਕਾਰਥ ਹੋ ਗਿਆ ਸੀ। ਫੇਰ ਤਾਂ ਵਿਭਾਗ ਹੀ ਬੰਦ ਕਰ ਦੇਣਾ ਚਾਹੀਦਾ ਹੈ।

ਰਾਜੇਸ਼ ਸ਼ਰਮਾ ਨੂੰ ਕਈ ਸਾਰੇ ਸਵਾਲ ਕਰਨ ਨੂੰ ਜੀਅ ਕਰਦਾ ਹੈ, ਉਸ ਨੇ ਬੋਲਦਿਆਂ ਆਪਣੇ ਭਰਾਵਾਂ ਦੀ ਤਰੱਕੀ ਬਾਰੇ ਵੀ ਚਰਚਾ ਕੀਤੀ ਸੀ,  ਪਰ ਇਕ ਗੱਲ ਤਾਂ ਇੱਥੇ ਕਰਨੀ ਬਣਦੀ ਹੈ ਜਿੱਥੇ ਤੱਕ ਰਾਜੇਸ਼ ਸ਼ਰਮਾ ਪੁੱਜੇ, ਉੱਥੇ ਤੱਕ ਉਸ ਦੇ ਭਰਾਵਾਂ ਦੀ ਪਹੁੰਚ ਨਹੀਂ ਬਣ ਸਕਦੀ।

ਪੱਤਰਕਾਰੀ ਕਰਕੇ ਹੀ ਰਾਜੇਸ਼ ਵਿਚ ਇਹ ਤਾਕਤ ਹੈ ਕਿ ਉਹ ਕਿਸੇ ਵੀ ਮੰਤਰੀ ਨੂੰ ਕਿਸੇ ਸਮੇਂ ਵੀ ਫ਼ੋਨ ਕਰਕੇ ਸਵਾਲ ਪੁੱਛ ਸਕਦਾ ਹੈ। ਪੱਤਰਕਾਰੀ ਕਰਕੇ ਹੀ ਉਸ ਨੂੰ ਅਕਸ਼ੇ ਖਨੌਰੀ ਨੇ ਇਸੇ ਸਮਾਗਮ ਵਿਚ ਸਨਮਾਨਿਤ ਕੀਤਾ ਤੇ ਉਸ ਨੂੰ ਬੋਲਣ ਦਾ ਮੌਕਾ ਦਿੱਤਾ, ਪੰਜਾਬੀ ਯੂਨੀਵਰਸਿਟੀ ਦਾ ਰਾਜੇਸ਼ ਸਿੰਡੀਕੇਟ ਮੈਂਬਰ ਬਣਿਆ ਉਹ ਵੀ ਪੱਤਰਕਾਰੀ ਕਰਕੇ ਹੀ ਬਣਿਆ, ਉਸ ਕੋਲ ਇਹ ਤਾਕਤ ਹੈ ਉਹ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਸਵਾਲ ਕਰ ਸਕਦਾ ਹੈ। ਪੱਤਰਕਾਰੀ ਕਰਕੇ ਹੀ ਉਸ ਨੂੰ ਰਹਿਣ ਲਈ ਸਰਕਾਰ ਨੇ ਸਰਕਾਰੀ ਕੋਠੀ ਦਿੱਤੀ। ਪੱਤਰਕਾਰੀ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਿਚ ਧੜੱਲੇ ਨਾਲ ਜਾ ਸਕਦਾ ਹੈ, ਪੱਤਰਕਾਰੀ ਕਰਕੇ ਹੀ ਉਸ ਦੇ ਘਰ ਬੀਬੀ (ਮਹਾਰਾਣੀ) ਪ੍ਰਨੀਤ ਕੌਰ ਆਈ। ਪੱਤਰਕਾਰੀ ਕਰਕੇ ਉਸ ਦੀ ਧਰਮ ਪਤਨੀ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲੱਗੀ ਤੇ ਪੱਤਰਕਾਰੀ ਕਰਕੇ ਹੀ ਉਸ ਨੇ ਹੋਰ ਵੀ ਕਈ ਭਾਈ ਬੰਧ ਨੂੰ ਰੋਜ਼ਗਾਰ ਦਿਵਾਇਆ। ਪੱਤਰਕਾਰੀ ਕਰਕੇ ਹੀ ਉਸ ਦੀ ਪੌਸ਼ ਇਲਾਕੇ ਮਾਡਲ ਟਾਊਨ ਵਿਚ ਕਥਿਤ ਵੱਡੇ ਅਕਾਰ ਦੀ ਕੋਠੀ ਬਣ


ਰਹੀ ਹੈ। ਇਹ ਚਰਚਾ ਪੱਤਰਕਾਰਾਂ ਵਿਚ ਹੈ। ਦੋ ਪੱਤਰਕਾਰਾਂ ਨੇ ਤਾਂ ਮੈਨੂੰ ਇਸ ਕੋਠੀ ਦੀਆਂ ਤਸਵੀਰਾਂ ਖਿੱਚ ਕੇ ਭੇਜੀਆਂ, ( ਮੈਨੂੰ ਬਿਲਕੁਲ ਨਹੀਂ ਪਤਾ ਕਿ ਉਹ ਕੋਠੀ ਰਾਜੇਸ਼ ਦੀ ਬਣ ਰਹੀ ਹੈ, ਮੈਂ ਇਸ ਦੀ ਪੁਸ਼ਟੀ ਨਹੀਂ ਕੀਤੀ।) ਬੇਸ਼ੱਕ ਰਾਜੇਸ਼ ਦਾ ਪਿਛੋਕੜ ਕਾਂਗਰਸੀ ਹੈ ਤੇ ਕਾਂਗਰਸ ਦੇ ਕੋਟੇ ਵਿਚੋਂ ਹੀ ਕਥਿਤ ਸਿੰਡੀਕੇਟ ਮੈਂਬਰ ਬਣੇ, ਪਰ ਉਸ ਵਿਚ ਪੱਤਰਕਾਰ ਹੋਣ ਕਰਕੇ ਏਨੀ ਪਾਵਰ ਹੈ ਕਿ ਉਹ ਕਿਸੇ ਵੀ ਪਾਰਟੀ ਦੇ ਆਗੂਆਂ ਨੂੰ ਮਿਲ ਸਕਦਾ ਹੈ, ਕਿਸੇ ਵੀ ਪਾਰਟੀ ਦੇ ਮੰਤਰੀ ਨੂੰ ਮਿਲ ਸਕਦਾ ਹੈ, ਭਾਵੇਂ ਕਿ ਰਾਜੇਸ਼ ਜੀ ਤੁਸੀਂ ਖ਼ੁਦ ਨੂੰ ਕਾਂਗਰਸ ਦੀ ਸਟੇਜ ਤੋਂ ਬੋਲਦੇ ਹੋਏ ਆਰਐਸਐਸ ਦੇ ਨਾਲ ਸਬੰਧਿਤ ਵੀ ਕਹਿ ਦਿੰਦੇ ਹੋ। ਪਰ ਇਕ ਪੱਤਰਕਾਰੀ ਹੀ ਹੈ ਜਿਸ ਨਾਲ ਰਾਜੇਸ਼ ਪਟਿਆਲਾ ਵਿਚ ਇਕ ਵੱਡੀ ਧਿਰ ਹੈ। ਫੇਰ ਰਾਜੇਸ਼ ਕਿਵੇਂ ਕਹਿ ਸਕਦਾ ਹੈ ਬੱਚਿਆਂ ਨੂੰ ਕਿ ਤੁਸੀਂ ਪੱਤਰਕਾਰੀ ਨਾ ਕਰਿਓ? ਸ਼ੇਖ਼ਚਿਲੀ ਵਾਂਗ ਤੁਸੀਂ ਜਿਸ ਟਾਹਣ ਤੇ ਬੈਠੇ ਹੋ ਉਸ ਨੂੰ ਕੱਟਣ ਲੱਗ ਰਹੇ ਹੋ? ਤੁਸੀਂ ਆਪਣੇ ਅੰਦਰ ਝਾਤੀ ਮਾਰੋ ਕਿ ਤੁਸੀਂ ਪੱਤਰਕਾਰੀ ਦੇ ਨਾਮ ਤੇ ਕੀ ਕੁਝ ਕੀਤਾ? ਜੇਕਰ ਤੁਸੀਂ ਇਹ ਸਮਝਦੇ ਹੋ ਕਿ ਪੱਤਰਕਾਰੀ ਕਰਨ ਦਾ ਕੋਈ ਲਾਭ ਨਹੀਂ ਹੈ, ਤਾਂ ਛੱਡ ਦੇਣੀ ਚਾਹੀਦੀ ਹੈ ਨਾਲੇ ਪਤਾ ਲੱਗ ਜਾਵੇਗਾ ਕਿ ਪੱਤਰਕਾਰੀ ਦਾ ਕੀ ਮੁੱਲ ਹੈ? ਤੇ ਪੱਤਰਕਾਰੀ ਤੋਂ ਬਗੈਰ ਤੁਹਾਡਾ ਕੀ ਮੁੱਲ ਹੈ? ਪੱਤਰਕਾਰੀ ਛੱਡ ਕੇ ਦੇਖੋ ਤੁਸੀਂ, ਕੋਈ ਫ਼ੋਨ ਵੀ ਨਹੀਂ ਕਰਦਾ, ਫ਼ੋਨ ਕਰਨਾ ਛੱਡੋ ਵੀਆਈਪੀ ਫ਼ੋਨ ਚੁੱਕਣਾ ਬੰਦ ਕਰ ਦਿੰਦੇ ਹਨ, ਹਾਂ ਇਕ ਗੱਲ ਹੋਰ ਯਾਦ ਆਈ, ਤੁਹਾਡੇ ਚਾਚਾ ਜੀ ਅਕਾਲ ਚਲਾਣਾ ਕਰ ਗਏ ਸੀ, ਉਸ ਵੇਲੇ ਤੁਸੀਂ ਉਨ੍ਹਾਂ ਨੂੰ ਆਪਣਾ ਬਾਪ ਬਣਾ ਕੇ ਵੱਡਾ ਕੀਤਾ ਸੀ, ਯਾਦ ਹੈ ਨਾ, ਉਸ ਵੇਲੇ ਉਨ੍ਹਾਂ ਦੇ ਭੋਗ ਤੇ ਪਿੰਡ ਪੰਜੋਲਾ ਵਿਖੇ ਕਿੰਨੇ ਵੀਆਈਪੀ, ਵੀਵੀਆਈਪੀ ਪਹੁੰਚੇ ਸੀ , ਉਹ ਵੀ ਪੱਤਰਕਾਰੀ ਕਰਕੇ ਹੀ ਪੁੱਜੇ ਸੀ। 

ਹਾਂ ਮੈਂ  ਏਦਾਂ ਪੱਤਰਕਾਰੀ ਨੂੰ ਨਹੀਂ ਵਰਤ ਸਕਦਾ ਮਾਫ਼ ਕਰਨਾ..., ਮੇਰੀ ਮਾਂ ਨੇ ਅਕਾਲ ਚਲਾਣਾ ਕੀਤਾ ਸੀ ਮੇਰੀ ਆਪਣੀ ਮਾਂ ਨੇ, ਮੇਰੀ ਬੁੱਕਲ ਵਿਚ ਆਖ਼ਰੀ ਸਾਹ ਲਏ ਸੀ, ਉਸ ਦਾ ਭੋਗ ਪਿਆ ਸੀ, ਮਨਦੀਪ ਸਿੰਘ ਜੋਸਨ ਵਰਗੇ ਮੇਰੇ ਸਨੇਹੀ ਮਿੱਤਰ ਦੋਸਤ ਵੀ ਉੱਥੇ ਸੀ, ਹੋਰ ਵੀ ਕਈ ਮਿੱਤਰ ਦੋਸਤ ਆਏ ਸਨ, ਰਣਧੀਰ ਸਿੰਘ ਰੱਖੜਾ ਵੀ ਭੋਗ ਵਿਚ ਆਏ ਸੀ, ਮੈਨੂੰ ਰਣਧੀਰ ਸਿੰਘ ਰੱਖੜਾ


ਕਹਿੰਦਾ ਕਿ ‘‘ਸੁਖਬੀਰ ਬਾਦਲ ਦਾ ਸੰਦੇਸ਼ ਹੈ ਮਾਤਾ ਜੀ ਦੇ ਸ਼ਰਧਾਂਜਲੀ ਸਮਾਰੋਹ ਤੇ’’ ਮੈਂ ਰੱਖੜਾ ਸਾਹਿਬ ਨੂੰ ਪੁੱਛਿਆ ‘‘ਰੱਖੜਾ ਸਾਹਿਬ ਸੱਚ ਦੱਸਿਓ ਕੀ ਸੱਚੀਂ ਸੁਖਬੀਰ ਜੀ ਨੇ ਇਹ ਸੰਦੇਸ਼ ਭੇਜਿਆ ਹੈ?’’ ਰਣਧੀਰ ਸਿੰਘ ਰੱਖੜਾ ਥੋੜ੍ਹਾ ਉਲਝੇ, ਮੈਂ ਸਮਝ ਗਿਆ ਸੀ, ਮੈਂ ਉਨ੍ਹਾਂ ਨੂੰ ਕਿਹਾ ਸੀ ‘‘ਮੇਰੀ ਮਾਂ ਮਰੀ ਹੈ, ਉਹ ਕਿਸੇ ਉਪ ਮੰਤਰੀ ਦੀ ਸ਼ਰਧਾਂਜਲੀ ਦੀ ਮੁਹਤਾਜ ਨਹੀਂ, ਜਿਸ ਮਾਂ ਨੇ ਮੈਨੂੰ ਬੁੱਢੇ ਵੇਲੇ ਔਖਿਆਂ ਰਾਹਾਂ ਵਿਚ ਚੱਲਦਿਆਂ ਪਾਲ਼ਿਆ ਉਸ ਮਾਂ ਨੂੰ ਏਦਾਂ ਦੀ  ਸ਼ਰਧਾਂਜਲੀ ਦੀ ਲੋੜ ਨਹੀਂ ਹੈ’’ ਪਰ ਫਿਰ ਵੀ ਰਣਧੀਰ ਸਿੰਘ ਰੱਖੜਾ ਨੇ ਸੰਦੇਸ਼ ਬੋਲ ਦਿੱਤਾ ਸੀ। ਮੈਂ ਪਹਿਲਾਂ ਕਿਹਾ ਹੈ ਕਿ ਮੈਂ ਪੱਤਰਕਾਰੀ ਨੂੰ ਟੂਲ ਬਣਾ ਕੇ ਨਹੀਂ ਵਰਤ ਸਕਦਾ। ਮਾਫ਼ ਕਰਨਾ ਜੀ..।

ਰਾਜੇਸ਼ ਦੀ ਗੱਲ ਇੱਥੇ ਤਾਂ ਹੋ ਰਹੀ ਹੈ ਰਾਜੇਸ਼ ਕੁਝ ਬਣ ਗਿਆ, ਨਹੀਂ ਤਾਂ ਮੇਰੇ ਛੋਟੇ ਭਰਾਵਾਂ ਵਰਗਾ ਹੈ ਰਾਜੇਸ਼,  ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚਦੇ ਰਹੇ, ਪਰ ਮੈਂ ਉਸ ਨੂੰ ਆਪਣੇ ਤੋਂ ਦੂਰ ਕਦੇ ਨਹੀਂ ਕੀਤਾ। ਮੈਂ ਅੱਜ ਵੀ ਆਪਣਾ ਮਿੱਤਰ ਮੰਨਦਾ ਹਾਂ..।  ਰਾਜੇਸ਼ ਕੁਝ ਬਣ ਗਿਆ, ਸਿੰਡੀਕੇਟ ਦਾ ਮੈਂਬਰ! ਕਹਿੰਦੇ ਬਾਬਾ ਬੁੱਲੇ ਸ਼ਾਹ ਰੋਜ਼ਿਆਂ ਵੇਲੇ ਗਾਜਰਾਂ ਖਾ ਰਹੇ ਸੀ, ਉਸ ਦੇ ਸ਼ਾਗਿਰਦ ਕੁਝ ਦੂਰੀ ਤੇ ਗਾਜਰਾਂ ਖਾ ਰਹੇ ਸੀ। ਕੁਝ ਮੋਮਨ ਮੁਸਲਮਾਨ ਬਾਬਾ ਬੁੱਲੇ ਸ਼ਾਹ ਨੂੰ ਗਾਜਰਾਂ ਖਾਂਦਿਆਂ ਨੂੰ ਦੇਖ ਕੇ ਕਹਿਣ ਲੱਗੇ ਕਿ ‘‘ਕੌਣ ਹੋ ਤੁਸੀਂ?’’ ਬਾਬਾ ਬੁੱਲੇ ਸ਼ਾਹ ਨੇ ਕਿਹਾ ‘‘ਕੋਈ ਵੀ ਨਹੀਂ’’ ਵਾਰ ਵਾਰ ਪੁੱਛਣ ਦੇ ਬਾਬਾ ਬੁੱਲੇ ਸ਼ਾਹ ਨੇ ਕੋਈ ਜਵਾਬ ਨਾ ਦਿੱਤਾ ਤਾਂ ਮੋਮਨ ਉਸ ਨੂੰ ਪਾਗਲ ਕਹਿ ਕੇ ਤੁਰਦੇ ਬਣੇ ਤੇ ਅੱਗੇ ਬਾਬਾ ਬੁੱਲੇ ਸ਼ਾਹ ਦੇ ਸ਼ਾਗਿਰਦ ਗਾਜਰਾਂ ਖਾ ਰਹੇ ਸੀ ਤਾਂ ਮੋਮਨਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਤਾਂ ਉਨ੍ਹਾਂ ਕਿਹਾ ਕਿ ਮੁਸਲਮਾਨ ਹਾਂ, ਤਾਂ ਮੋਮਨਾਂ ਨੇ ਉਨ੍ਹਾਂ ਰੋਜ਼ਿਆਂ ਵਿਚ ਗਾਜਰਾਂ ਖਾਂਦਿਆਂ ਨੂੰ ਕੁੱਟਿਆ, ਕੁੱਟ ਖਾ ਕੇ ਉਹ ਬਾਬਾ ਬੁੱਲੇ ਸ਼ਾਹ ਕੋਲ ਆ ਗਏ ਤਾਂ ਪੁੱਛਣ ਲੱਗੇ ਕਿ ਤੁਹਾਨੂੰ ਉਨ੍ਹਾਂ ਮੋਮਨਾਂ ਨੇ ਕੁਝ ਨਹੀਂ ਕਿਹਾ ਕਿਉਂ? ਤਾਂ ਬਾਬਾ ਬੁੱਲੇ ਸ਼ਾਹ ਕਹਿਣ ਲੱਗੇ, ‘‘ਤੁਸੀਂ ਉਨ੍ਹਾਂ ਨੂੰ ਕੀ ਕਿਹਾ ਸੀ? ’’ ਸ਼ਾਗਿਰਦ ਕਹਿਣ ਲੱਗੇ ਅਸੀਂ ਕਿਹਾ ਸੀ ਕਿ ਅਸੀਂ ਤਾਂ ਮੁਸਲਮਾਨ ਹਾਂ। ਤਾਂ ਬਾਬਾ ਬੁੱਲੇ ਸ਼ਾਹ ਕਹਿਣ ਲੱਗੇ ਕਿ ‘‘ਤੁਸੀਂ ਕੁਝ ਬਣ ਗਏ ਹੋ, ਜਦੋਂ ਕੁਝ ਬਣੋਗੇ ਤਾਂ ਫਿਰ ਤੁਹਾਨੂੰ ਲੋਕ ਸਵਾਲ ਕਰਨਗੇ ਤੇ ਤੁਹਾਨੂੰ ਮਾਰ ਵੀ ਖਾਣੀ ਪੈ ਸਕਦੀ ਹੈ, ਇਸ ਲਈ ਕੁਝ ਬਣਨ ਨਾਲ ਹੀ ਅਗਲੇ ਝਗੜੇ ਸ਼ੁਰੂ ਹੁੰਦੇ ਹਨ।’’ ਇਸੇ ਕਰਕੇ ਰਾਜੇ‌ਸ਼ ਪੱਤਰਕਾਰ ਤੋਂ ਹੀ ਅੱਗੇ ਕੁਝ ਬਣ ਗਿਆ ਸੀ, ਉਸ ਦੀ ਚਰਚਾ ਇੱਥੇ ਤਾਂ ਹੋ ਰਹੀ ਹੈ ਨਹੀਂ ਤਾਂ ਪੱਤਰਕਾਰ ਕਈ ਸਾਰੇ ਗ਼ਲਤੀਆਂ ਕਰਦੇ ਹਨ ਪਰ ਉਹ ਪੱਤਰਕਾਰ ਹੁੰਦਿਆਂ ਗ਼ਲਤੀਆਂ ਕਰਦੇ ਹਨ ਤਾਂ ਚਰਚਾ ਆਮ ਹੋ ਕੇ ਰਹਿ ਜਾਂਦੀ ਹੈ, ਰਾਜੇਸ਼ ਦੀ ਚਰਚਾ ਹੋਣਾ ਉਸ ਦਾ  ਖ਼ਾਸ ਹੋਣ।

ਹਾਂ ਇਕ ਗੱਲ ਹੋਰ ਕਿ ਰਾਜੇਸ਼ ਸ਼ਰਮਾ ਦੀ ਮਾਡਲ ਟਾਊਨ ਵਿਚ ਬਣ ਰਹੀ ਕਥਿਤ ਕੋਠੀ ਬਾਰੇ ਮੈਨੂੰ ਕੁਝ ਪੱਤਰਕਾਰਾਂ ਨੇ ਫ਼ੋਟੋਆਂ ਖਿੱਚ ਕੇ ਭੇਜੀਆਂ, ਨਾਲ ਫ਼ੋਨ ਕਰ ਦਿਆ ਕਰਨ, ਕਿ ਮਾਡਲ ਟਾਊਨ ਵਿਚ ਰਾਜੇ‌ਸ਼ ਦੀ ਬਹੁਤ ਵੱਡੀ ਕੋਠੀ ਬਣ ਰਹੀ ਹੈ, ਉਨ੍ਹਾਂ ਨੂੰ ਆਸ ਸੀ ਕਿ ਮੈਂ ਉਸ ਦੀ ਕੋਠੀ ਬਾਰੇ ਫੇਸਬੁੱਕ ਤੇ ਪੋਸਟ ਪਾਵਾਂਗਾ, ਪਰ ਮੈਂ ਇਕ ਪੱਤਰਕਾਰ ਨੂੰ ਸ਼ਰੇਆਮ ਹੀ ਕਿਹਾ ਸੀ ‘‘ਮੈਂ ਕੋਈ ਰਾਜੇਸ਼ ਦਾ ਵਿਰੋਧੀ ਨਹੀਂ ਹਾਂ, ਮੇਰੀ ਫ਼ਿਤਰਤ ਵਿਚ ਨਹੀਂ ਹੈ ਅਜਿਹਾ ਨਿੱਜੀ ਤੌਰ ਤੇ ਕਿਸੇ ਬਾਰੇ ਪੋਸਟ ਪਾਕੇ ਉਸ ਦੇ ਚਰਿੱਤਰ ਨੂੰ ਹਨਨ ਕੀਤਾ ਜਾਵੇ, ਘਰ ਬਣਾਉਣਾ ਹਰ ਇਕ ਬੰਦੇ ਦਾ ਆਪਣਾ ਸੁਪਨਾ ਹੁੰਦਾ ਹੈ, ਰਾਜੇਸ਼ ਵੀ ਕੋਈ ਅਮੀਰ ਪਿਛੋਕੜ ਵਾਲਾ ਨਹੀਂ ਹੈ, ਮੈਂ ਜਾਣਦਾ ਹਾਂ ਮੈਂ ਪੰਜੋਲਾ ਸਕੂਲ ਵਿਚ ਹੀ ਪੜ੍ਹਿਆ ਹਾਂ, ਹਰ ਇਕ ਵਿਅਕਤੀ ਦੀ ਤਮੰਨਾ ਹੁੰਦੀ ਹੈ ਘਰ ਬਣਾਉਣਾ ਤੇ ਘਰ ਇਕ ਸੁਪਨਾ ਹੁੰਦਾ ਹੈ, ਜੇਕਰ ਇਹ ਸੁਪਨਾ ਪੂਰਾ ਕੀਤਾ ਹੈ ਰਾਜੇਸ਼ ਨੇ ਤਾਂ ਕੀ ਮਾੜੀ ਗੱਲ ਹੈ?, ਇਸ ਕਰਕੇ ਮੈਂ ਉਸ ਦੇ ਘਰ ਬਣਾਉਣ ਦਾ ਬਿਲਕੁਲ ਵਿਰੋਧੀ ਨਹੀਂ ਹਾਂ, ਇਕ ਆਮ ਪਰਿਵਾਰ ਦਾ ਬੰਦਾ ਜੇਕਰ ਮਾਡਲ ਟਾਊਨ ਵਿਚ ਵੱਡੀ ਕੋਠੀ ਬਣਾ ਰਿਹਾ ਹੈ, ਤਾਂ ਇਹ ਕੋਈ ਆਮ ਗੱਲ ਨਹੀਂ ਹੈ, ਤੁਸੀਂ ਕਦੇ ਗੁਹਲਾ ਚੀਕਾ ਰੋਡ ਤੇ ਪੰਜੋਲਾ ਪਿੰਡ ਵਿਚ ਜਾ ਕੇ ਪੁੱਛੋ ਕਿ ਰਾਜੇਸ਼ ਹੋਰਾਂ ਦਾ ਪਿਛੋਕੜ ਕਿਹੋ ਜਿਹਾ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਆਮ ਗ਼ਰੀਬ ਪਰਿਵਾਰ ਨਾਲ ਸਬੰਧਿਤ ਹਨ। ਪਰ ਰਾਜੇਸ਼ ਨੇ ਬੜੀ ਤਰੱਕੀ ਕੀਤੀ, ਸਾਰੇ ਭਰਾਵਾਂ ਨੇ ਬੜੀ ਤਰੱਕੀ ਕੀਤੀ। ਮੈਂ ਰਾਜੇਸ਼ ਦੀ ਤਰੱਕੀ ਤੇ ਖ਼ਿਲਾਫ਼ ਨਹੀਂ, ਪਰ ਹਾਂ ਉਸ ਨੇ ਪੱਤਰਕਾਰਤਾ ਦੇ ਖ਼ਿਲਾਫ਼ ਬੋਲਿਆ ਸੀ। ਪੱਤਰਕਾਰਤਾ ‘ਸ਼ਬਦ ਗੁਰੂ’ ਦੀ ਕ੍ਰਿਤ ਹੈ,  ਜਿਸ ਦੀ ਵਿਰੋਧਤਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਉਸ ਦੀ ਇਸ ਕੋਠੀ ਬਾਰੇ ਨਹੀਂ ਲਿਖਣਾ ਸੀ, ਮੈਂ ਇਸ ਦੀ ਪੁਸ਼ਟੀ ਵੀ ਨਹੀਂ ਕਰਦਾ, ਪਰ ਉਹ ਪੱਤਰਕਾਰਤਾ ਦੇ ਪੇਪਰ ਪੜ੍ਹਨ ਵਾਲਿਆਂ ਬੱਚਿਆਂ ਨੂੰ ਨਿਰਉਤਸਾਹਿਤ ਕਰ ਗਿਆ ਸੀ ਤਾਂ ਹੀ ਲਿਖਿਆ ਹੈ ਕਿ ਇਕ ਆਮ ਪਰਿਵਾਰ ਦਾ ਬੰਦਾ ਜੇਕਰ ਅੱਜ ਮਾਡਲ ਟਾਊਨ ਵਿਚ ਕੋਠੀ ਪਾ ਸਕਦਾ ਹੈ ਤਾਂ ਉਸ ਵਿਚ ਪੱਤਰਕਾਰਤਾ ਦਾ ਹੀ ਹੱਥ ਹੈ, ਉਸ ਨੂੰ ਬੱਸ ਇਹ ਯਾਦ ਕਰਵਾਇਆ ਹੈ। ਪੱਤਰਕਾਰਤਾ ਮਾਮੂਲੀ ਜਿਹੀ ਨਜ਼ਰ ਆਉਣ ਵਾਲੀ ਗੈਰ ਮਾਮੂਲੀ ਕ੍ਰਿਤ ਹੈ, ਅੱਜ ਥਾਂ ਥਾਂ ਤੇ ਭੀੜ ਖੜੀ ਕਰਕੇ ਹੱਥਾਂ ਵਿਚ ਪੱਤਰਕਾਰਤਾ ਦੀ ਆਈ ਡੀ ਚੁੱਕੀਂ ਫਿਰਦੇ ਪੱਤਰਕਾਰਾਂ ਵੱਲ ਨਾ ਦੇਖੋ, ਹਾਲਾਂ ਕਿ ਮੈਂ ਉਨ੍ਹਾਂ ਨੂੰ ਵੀ ਕੋਈ ਛੋਟੀ ਹਸਤੀ ਨਹੀਂ ਮੰਨਦਾ ਪਰ ਕੁਝ ਵਪਾਰਕ ਕਿਸਮ ਦੇ ਲੋਕਾਂ ਵੱਲੋਂ ਪੱਤਰਕਾਰਤਾ ਦਾ ਮੁਹਾਂਦਰਾ ਵਿਗਾੜਨਾ ਜਾਰੀ ਕੀਤਾ ਹੋਇਆ ਹੈ, ਸਮੇਂ ਨਾਲ ਸਭ ਠੀਕ ਹੋ ਜਾਵੇਗਾ।

ਪੱਤਰਕਾਰੀ ਪਵਿੱਤਰ ਪੇਸ਼ਾ ਹੈ, ਸਿੱਖ ਧਰਮ ਵਿਚ ਤਾਂ ‘ਸ਼ਬਦ ਗੁਰੂ’ ਨੂੰ ਹੀ ਰੱਬ ਮੰਨਦੇ ਹਨ, ਸ਼ਬਦ ਨੂੰ ਗੁਰੂ ਕਿਹਾ ਜਾਂਦਾ ਹੈ, ਸ਼ਬਦ ਨੂੰ ਸਿਰਜਣ ਵਾਲੀ ਕਲਮ ਪੱਤਰਕਾਰ ਦੇ ਹੱਥ ਵਿਚ ਹੁੰਦੀ ਹੈ ਜੋ ਸ਼ਾਮ ਨੂੰ ਸਮਾਜ, ਦੇਸ਼, ਕੌਮ ਦੀ ਤਕਦੀਰ ਲਿਖਦੇ ਹਨ। ਸਵੇਰੇ ਲੋਕੀ ਪੜ੍ਹਦੇ ਹਨ ਅੱਜ ਕੱਲ੍ਹ ਤਾਂ ਮੌਕੇ ਤੇ ਹੀ ਟੀਵੀ ਤੇ ਜਾਂ ਮੋਬਾਇਲ ਤੇ ਹੀ ਸੁਣੀ ਜਾ ਸਕਦੀ ਹੈ। ਰਾਜੇਸ਼ ਦੇ ਹੱਥ ਵੀ ਰੱਬ ਨੇ, ਸ੍ਰੀ ਰਾਮ ਨੇ, ਕਲਮ ਦਿੱਤੀ ਹੈ, ਉਹ ਵੀ ਸ਼ਬਦ ਨੂੰ ਸਿਰਜਦਾ ਹੈ, ਪਰ ਸ਼ਬਦ ਨੂੰ ਸਿਰਜਣ ਦੀ ਕਲਮ ਨੂੰ ਹੀ ਰੋਕਣ ਲਈ ਕਹਿ ਦੇਣਾ ਚੰਗਾ ਨਹੀਂ ਹੈ। ਮੇਰੇ ਵਿਚ ਵੀ ਬਹੁਤ ਗ਼ਲਤੀਆਂ ਹਨ, ਮੈਂ ਮੰਨਦਾ ਹਾਂ, ਮੈਂ ਵੀ ਸਹੀ ਪੂਰਾ ਸੂਰਾ ਨਹੀਂ ਹਾਂ, ਪਰ ਗ਼ਲਤੀ ਕਰਨ ਲੱਗਿਆ ਤੇ ਜੇਕਰ ਗ਼ਲਤੀ ਦਾ ਅਹਿਸਾਸ ਹੋ ਜਾਵੇ ਤਾਂ ਕਈ ਵਾਰੀ ਸੋਚਦਾ ਹਾਂ, ਕਿ ਇਹ ਗੱਲ ਜੇਕਰ ਮੈਂ ਨਾ ਵੀ ਕਰਦਾ ਤਾਂ ਵੀ ਸਰ ਜਾਣਾ ਸੀ। 

    ਗੱਲ ਪੰਜਾਬੀ ਯੂਨੀਵਰਸਿਟੀ ਦੀ ਕਰ ਰਹੇ ਸੀ। ਉਕਤ ਕਹਾਣੀ ਸੁਣਾਉਣ ਦਾ ਮਕਸਦ ਤੁਸੀਂ ਸਮਝ ਗਏ ਹੋਵੋਗੇ। ਪੰਜਾਬੀ ਯੂਨੀਵਰਸਿਟੀ ਵਿਚ ਮੈਂ ਪੰਜਾਬੀ ਟ੍ਰਿਬਿਊਨ ਵੱਲੋਂ ਦਿੱਤੀ ਬੀਟ ਅਨੁਸਾਰ ਬੜੀ ਇਮਾਨਦਾਰੀ ਨਾਲ ਪੱਤਰਕਾਰੀ ਕਰ ਰਿਹਾ ਸੀ, ਔਖੇ ਵੇਲੇ ਕਈ ਪ੍ਰੋਫੈਸਰਾਂ ਨੇ ਮੇਰੀ ਮਦਦ ਵੀ ਪਿਆਰ ਨਾਲ ਕੀਤੀ, ਮੈਂ ਕਰਜ਼ਦਾਰ ਹਾਂ ਉਨ੍ਹਾਂ ਪ੍ਰੋਫੈਸਰਾਂ ਦਾ, ਪਰ ਮੈਂ ਕਦੇ ਵੀ ਵਾਈਸ


ਚਾਂਸਲਰ ਡਾ. ਜਸਪਾਲ ਸਿੰਘ ਨੂੰ ਨਹੀਂ ਕਿਹਾ ਕਿ ਮੇਰੇ ਬੇਟੇ ਗਗਨ ਨੂੰ ਯੂਨੀਵਰਸਿਟੀ ਵਿਚ ਨੌਕਰੀ ਦੇ ਦਿਓ। ਹਾਂ ਇਕ ਗੱਲ ਜ਼ਰੂਰੀ ਸੀ ਕਿ ਜਦੋਂ ਵੀ ਪੰਜਾਬੀ ਯੂਨੀਵਰਸਿਟੀ ਵਿਚ ਜਾਣਾ ਤਾਂ ਮੇਰੀ ਠਾਹਰ ਡਾ. ਸਰਬਜਿੰਦਰ ਸਿੰਘ, (ਸਰਬਜਿੰਦਰ ਸਿੰਘ ਕਰਕੇ ਮੇਰੇ ਡਾ. ਮਲਕਿੰਦਰ ਕੌਰ ਖਫਾ) ਡਾ. ਪਰਮਵੀਰ ਸਿੰਘ( ਡਾ. ਪਰਮਵੀਰ ਸਿੰਘ ਕਰਕੇ ਡਾ. ਗੁਰਮੀਤ ਸਿੰਘ ਮੇਰੇ ਨਾਲ ਖਫਾ), ਡਾ. ਸਤਨਾਮ ਸਿੰਘ, ਡਾ. ਗੁਰਪ੍ਰੀਤ ਸਿੰਘ ਲਹਿਲ, ਡਾ. ਲੱਖ ਲਹਿਰੀ (ਲੱਖਾ ਲਹਿਰੀ ਕਰਕੇ ਜਸਪਾਲ ਕੌਰ ਦਿਓਲ ਖਫਾ), ਬਲਕਰਨ ਸਿੰਘ (ਬਲਕਰਨ ਬਰਾਡ ਕਰਕੇ ਡਾ. ਸਿੰਮੀ ਖਫਾ), ਡਾ. ਬਲਵਿੰਦਰ ਸਿੰਘ ਟਿਵਾਣਾ( ਡਾ. ਬਲਵਿੰਦਰ ਸਿੰਘ ਟਿਵਾਣਾ ਕਰਕੇ ਡਾ. ਜਸਵਿੰਦਰ ਸਿੰਘ ਬਰਾਡ ਦਾ ਸਾਰਾ ਗਰੁੱਪ ਜਿਵੇਂ ਡਾ. ਇੰਦਰਜੀਤ ਸਿੰਘ ਖਫਾ), ਡਾ. ਗੁਰਨਾਮ ਸਿੰਘ (ਖੈਰ ਡਾ. ਗੁਰਨਾਮ ਸਿੰਘ ਦੇ ਡਾ. ਸਰਬਜਿੰਦਰ ਸਿੰਘ ਦੀ ਦੋਸਤੀ ਪਵਾਉਣ ਵਿਚ ਮੈਂ ਕਾਮਯਾਬ ਹੋ ਗਿਆ ਸੀ, ਇਕ ਦੂਜੇ ਦੀ ਇਕ ਦੂਜੇ ਕੋਲ ਤਾਰੀਫ ਕਰਨੀ ਤੇ ਬਣ ਗਈ ਦੋਸਤੀ), ਡਾ. ਬਲਜੀਤ ਸਿੰਘ ਸਿੱਧੂ, ਇਕਨਾਮਿਕਸ ਡਿਪਾਰਟਮੈਂਟ ਦੇ ਉੱਪਰਲੇ ਸਾਜ਼ਿਸ਼ੀ

ਕਮਰੇ ਵਿਚ ਮੇਰਾ ਆਮ ਜਾਣਾ ਹੁੰਦਾ ਸੀ, ਜਦੋਂ ਸਮਾਂ ਲੱਗਦਾ ਮੈਂ ਇਜਾਜ਼ਤ ਨਾਲ ਬੈਠ ਆਉਂਦਾ ਸੀ, ਮੈਂ ਤਾਂ ਕਈ ਵਾਰੀ ਯੁੱਧ ਨੀਤੀ ਅਧਿਐਨ ਵਿਭਾਗ ਵਿਚ ਡਾ. ਉਮਰਾਓ ਸਿੰਘ ਕੋਲ ਵੀ ਜਾ ਆਉਂਦਾ ਸੀ, ਕਈ ਵਾਰੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵਿਚ ਕੋਈ ਕਿਤਾਬ ਪੜ੍ਹਨ ਲਈ ਵੀ ਜਾ ਆਉਂਦਾ ਸੀ, ਕਈ ਵਾਰੀ ਭਾਸ਼ਾ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਸੁਮਨਪ੍ਰੀਤ (ਡਾ. ਸੁਮਨਪ੍ਰੀਤ ਕੌਰ ਕਰਕੇ ਡਾ. ਜੋਗਾ ਸਿੰਘ ਦਾ ਗਰੁੱਪ ਖਫਾ) ਕੋਲ ਵੀ ਜਾ ਆਉਂਦੇ ਸੀ, ਜਦੋਂ ਡਾ. ਕੁਲਬੀਰ ਸਿੰਘ ਢਿੱਲੋਂ ਡੀਨ ਕਾਲਜ ਬਣੇ ਤਾਂ ਉੱਥੇ ਵੀ ਬੈਠ ਜਾਈਦਾ ਸੀ, ਕਿਤਾਬ ਘਰ ਵਿਚ, ਕਦੇ ਕਦੇ ਰੋਜ਼ਾਨਾ ਕਦੇ ਕਦੇ ਹਫ਼ਤੇ ਵਿਚ ਇਕ ਦੋ ਵਾਰ ਵੀ ਸੀ ਡਾ. ਜਸਪਾਲ ਸਿੰਘ ਕੋਲ ਵੀ ਚਾਹ ਪੀ ਲੈਂਦਾ ਸੀ। ਵੀ ਸੀ ਦੇ ਦਫ਼ਤਰ ਵਿਚ ਜਾਣ ਲਈ ਮੈਨੂੰ ਕਿਸੇ ਇਜਾਜ਼ਤ ਦੀ ਲੋੜ ਨਹੀਂ ਸੀ। ਪਰ ਤੁਸੀਂ ਹੈਰਾਨ ਹੋਵੋਗੇ ਕਿ ਇਨ੍ਹਾਂ ਵਿਚ ਕੋਈ ਵੀ ਅਜਿਹਾ ਬੰਦਾ ਨਹੀਂ

ਸੀ ਜਿਸ ਨੇ ਕਦੇ ਵੀ ਮੈਨੂੰ ਯੂਨੀਵਰਸਿਟੀ ਦੇ ਖ਼ਿਲਾਫ਼ ਜਾਂ ਵੀ ਸੀ ਦੇ ਖ਼ਿਲਾਫ਼ ਕੋਈ ਤੱਥ ਮੈਨੂੰ ਦਿੱਤੇ ਹੋਣ, ਸਿਵਾਏ ਸਾਜ਼ਿਸ਼ੀ ਕਮਰੇ ਤੋਂ। ਹਾਂ ਵਿਭਾਗ ਦੀਆ ਖ਼ਬਰਾਂ ਕਰਨਾ, ਪੀਐਚਡੀ ਦੇ ਚੰਗੇ ਥੀਸਿਸ ਦੀਆਂ ਖ਼ਬਰਾਂ ਕਰਨਾ ਮੇਰਾ ਕੰਮ ਸੀ, ਜੇਕਰ ਕੋਈ ਨੈਗੇਟਿਵ ਖ਼ਬਰ ਆ ਗਈ  ਤਾਂ ਜ਼ਰੂਰ ਕਰਦਾ ਸੀ, ਉਸ ਦੀ  ਗਵਾਹ ਖ਼ੁਦ ਯੂਨੀਵਰਸਿਟੀ ਹੈ, ਹਿਸਟਰੀ ਵਿਭਾਗ ਦੇ ਡਾ. ਇਦਰੀਸ਼ ਤੇ ਵੱਡੇ ਇਲਜ਼ਾਮ ਲੱਗੇ, ਉਹ ਡਾ. ਕੁਲਬੀਰ ਸਿੰਘ ਢਿੱਲੋਂ ਦਾ ਖ਼ਾਸ ਬੰਦਾ ਸੀ, ਉਸ ਤੇ ਵੱਡੇ ਇਲਜ਼ਾਮ ਲੱਗੇ ਸਨ, ਉਹ ਰਿਪੋਰਟਿੰਗ ਮੈਂ ਬੜੀ ਇਮਾਨਦਾਰੀ ਨਾਲ ਧੜੱਲੇ ਨਾਲ ਕੀਤੀ ਸੀ। ਪੰਜਾਬੀ ਟ੍ਰਿਬਿਊਨ ਦੇ ਡੈਸਕ ਤੇ ਕੰਮ ਕਰਦੇ ਕਈ ਸਾਰੇ ਬੰਦਿਆਂ ਦਾ ਸਬੰਧ ਪੰਜਾਬੀ ਯੂਨੀਵਰਸਿਟੀ ਨਾਲ ਸੀ, ਜਿਸ ਦਾ ਮੈਨੂੰ ਕੋਈ ਲਾਭ ਨਹੀਂ ਹੋਇਆ ਪਰ ਹਾਂ ਮੇਰੇ ਖ਼ਿਲਾਫ਼ ਸ਼ਿਕਾਇਤਾਂ ਜ਼ਰੂਰ ਹੁੰਦੀਆਂ ਸਨ ਜੋ ਜਦੋਂ ਸੁਰਿੰਦਰ ਤੇਜ਼ ਹੋਰੀਂ ਸੰਪਾਦਕ ਬਣੇ ਤਾਂ ਸ਼ਿਕਾਇਤਾਂ ਬਹੁਤ ਜ਼ਿਆਦਾ ਚਰਮ ਸੀਮਾ ਤੇ ਪੁੱਜੀਆਂ, ਫ਼ੋਨ ਤੇ ਕੀਤੀਆਂ ਝੂਠੀਆਂ ਸ਼ਿਕਾਇਤਾਂ ਤੇ ਮੈਨੂੰ ਵਾਰ ਵਾਰ ਮੁਅੱਤਲ ਕੀਤਾ ਗਿਆ। ਪਰ ਮੈਂ ਆਪਣੀ ਨਿਰਪੱਖ ਪੱਤਰਕਾਰੀ ਨਹੀਂ ਛੱਡੀ। ਜਿਹੜਾ ਸਾਜ਼ਿਸ਼ੀ ਕਮਰਾ ਵੀ ਸੀ ਡਾ. ਜਸਪਾਲ ਸਿੰਘ

ਤੇ ਅਥਾਰਿਟੀ  ਖ਼ਿਲਾਫ਼ ਸਾਜ਼ਿਸ਼ਾਂ ਰਚਦਾ ਸੀ ਉਸੇ ਸਾਜ਼ਿਸ਼ੀ ਕਮਰੇ ਵਿਚੋਂ ਮੇਰੇ ਖ਼ਿਲਾਫ਼ ਬਹੁਤ ਸ਼ਿਕਾਇਤਾਂ ਪੰਜਾਬੀ ਟ੍ਰਿਬਿਊਨ ਵਿਚ ਗਈਆਂ ਸਨ। ਮੇਰੀ ਹਰ ਵਿਸ਼ੇਸ਼ ਖ਼ਬਰ ’ਤੇ ਸ਼ਿਕਾਇਤ ਹੁੰਦੀ ਸੀ। ਪਰ ਮੈਂ ਕਦੇ ਪਰਵਾਹ ਨਹੀਂ ਕੀਤੀ ਸੀ, ਜਿਸ ਬਾਰੇ ਵਿਸਥਾਰ ਵਿਚ ਕਦੇ ਫੇਰ ਕਿਸੇ ਹੋਰ ਭਾਗ ਵਿਚ ਜ਼ਿਕਰ ਕਰਾਂਗੇ। ਪੰਜਾਬੀ ਯੂਨੀਵਰਸਿਟੀ ਦੇ ਕਈ ਪ੍ਰੋਫੈਸਰ ਕਿਵੇਂ ਸਿਆਸਤ ਖੇਡਦੇ ਹੋਏ ਪੱਤਰਕਾਰਾਂ ਨੂੰ ਕਿਵੇਂ ਵਰਤਦੇ ਹਨ? ਉਨ੍ਹਾਂ ਦੇ ਹੁਕਮ ਵਿਚ ਨਾ ਚੱਲਣ ਵਾਲੇ ਪੱਤਰਕਾਰਾਂ ਵਿਰੁੱਧ ਕਿਵੇਂ ਸਾਜ਼ਿਸ਼ਾਂ ਕਰਦੇ ਹਨ ਅਗਲੇ ਭਾਗ ਵਿਚ ਸਾਂਝ ਪਾਵਾਂਗੇ।

ਪਰ ਇੱਥੇ ਇਕ ਹੋਰ ਗੱਲ ਯਾਦ ਆ ਗਈ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੇਰੇ ਖ਼ਿਲਾਫ਼ ਕੁਝ ਪੱਤਰਕਾਰਾਂ ਕੋਲ ਬਿਆਨ ਦਿੱਤਾ ‘‘ਓਹ ਹੈ ਨਾ ਤੁਹਾਡਾ ਪੱਤਰਕਾਰ (ਬੜੇ ਭੈੜੇ ਸ਼ਬਦਾਂ ਵਿਚ ਕਿਹਾ ਸੀ ਮੇਰੇ ਬਾਰੇ) ਓਹ ਗੁਰਨਾਮ ਅਕੀਦਾ, ਉਸ ਨੇ ਤਾਂ ਪੰਜਾਬੀ ਯੂਨੀਵਰਸਿਟੀ ਲੁੱਟ ਕੇ ਖਾ ਲਈ, ਉਹ ਯੂਨੀਵਰਸਿਟੀ ਵਿਚ ਬਲੈਕਮੇਲਰ ਬਣਿਆ ਹੋਇਆ ਹੈ...’’ ਉਸ ਦਿਨ ਸ਼ਾਮ ਤੱਕ ਮੇਰੇ ਕੋਲ ਇਹ ਖ਼ਬਰ ਕੁਝ ਮੇਰੇ ਸਾਥੀ ਪੱਤਰਕਾਰਾਂ ਨੇ ਸਾਂਝੀ ਕਰ ਲਈ ਸੀ। ਪ੍ਰੋ. ਚੰਦੂਮਾਜਰਾ ਨਾਲ ਮੇਰੇ ਬੜੇ ਪੁਰਾਣੇ ਸਬੰਧ ਹਨ। ਉਹ ਤਾਂ ਮੈਨੂੰ, ਅਜੀਤ ਤੋਂ ਸੀਨੀਅਰ ਸਟਾਫ਼ ਰਿਪੋਰਟਰ ਜਸਵਿੰਦਰ ਸਿੰਘ ਦਾਖਾ ਨੂੰ, ਹਿੰਦੁਸਤਾਨ ਟਾਈਮਜ਼ ਦੇ ਸਟਾਫ਼ ਰਿਪੋਰਟਰ ਗੁਰਪ੍ਰੀਤ ਸਿੰਘ ਨਿੱਬਰ ਆਦਿ ਨੂੰ ਦੋ-ਚਾਰ ਮਹੀਨਿਆਂ ਵਿਚ ਪਟਿਆਲਾ ਦੇ ਵਿਸ਼ੇਸ਼ ਹੋਟਲ ਵਿਚ ਬੁਲਾਉਂਦੇ ਸਨ ਤੇ ਪਟਿਆਲਾ ਦੀ ਰਾਜਨੀਤੀ ਬਾਰੇ ਗੱਲਾਂ ਕਰਦੇ ਸਨ ਤੇ ਸਲਾਹਾਂ ਲੈਂਦੇ ਸਨ ਫੇਰ ਉਸ ਨੇ ਅਜਿਹਾ ਬਿਆਨ ਮੇਰੇ ਬਾਰੇ ਕਿਉਂ ਦਿੱਤਾ? ਇਸ ਬਾਰੇ ਮੈਂ ਸਮਝ ਗਿਆ ਸੀ ਕਿ ਤਾਰਾਂ ਕਿੱਥੇ ਭਿੜੀਆਂ ਹਨ ਤੇ ਢੋਲ ਦੀ ਕਿੱਥੋਂ ਅਵਾਜ਼ ਆਈ ਹੈ?

ਇਹ ਕਹਾਣੀ ਵੀ ਸ਼ਰਮਾ ਜੀ ਪੱਤਰਕਾਰਾਂ ਨਾਲ ਜੁੜਦੀ ਹੈ, ਅਸਲ ਵਿਚ ਹਲਕਾ ਘਨੌਰ ਵਿਚ ਟਕਸਾਲੀ ਅਕਾਲੀ ਲੀਡਰ ਅਜਾਇਬ ਸਿੰਘ ਮੁਖਮੈਲਪੁਰਾ ਨੂੰ ਦਰਕਿਨਾਰ ਕਰਕੇ ਸੁਖਬੀਰ ਬਾਦਲ ਨੇ ਵਿਧਾਨ ਸਭਾ ਦੀ ਟਿਕਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇ ਦਿੱਤੀ ਸੀ। ਪਰ ਅਜਾਇਬ ਸਿੰਘ ਮੁਖਮੈਲਪੁਰਾ ਤੇ ਉਸ ਦੀ ਧਰਮ ਪਤਨੀ ਹਰਪ੍ਰੀਤ ਕੌਰ ਮੁਖਮੈਲਪੁਰਾ ਇਸ ਬਾਰੇ ਕਾਫ਼ੀ ਖ਼ਫ਼ਾ ਸਨ। ਰੱਬ ਦਾ ਭਾਣਾ ਵਾਪਰਿਆ ਕਿ ਮੁਖਮੈਲਪੁਰਾ ਦੇ ਭਰਾ ਦੀ ਮੌਤ ਹੋ ਗਈ, ਹਲਕਾ ਘਨੌਰ ਵਿਚ ਪ੍ਰੋ. ਚੰਦੂਮਾਜਰਾ ਦੀ ਮਦਦ ਕਰਨ ਲਈ ਸੁਖਬੀਰ ਬਾਦਲ ਪੁੱਜੇ ਸਨ। ਪਰ ਆਪਣੀ ਕੋਠੀ ਵਿਚ ਬੀਬੀ ਮੁਖਮੈਲਪੁਰਾ ਸੁਖਬੀਰ ਬਾਦਲ ਨੂੰ ਨਹੀਂ ਮਿਲੇ, ਇਸ ਦੀਆਂ ਵੀਡੀਓ ਤੇ ਤਸਵੀਰਾਂ ਮੇਰੇ ਕੋਲ ਪੁੱਜੀਆਂ ਸਨ, ਮੈਂ ਬੀਬੀ ਮੁਖਮੈਲਪੁਰਾ ਕੋਲੋਂ ਪੁੱਛਿਆ ਸੀ ਤਾਂ ਉਸ ਨੇ ਕਿਹਾ ਸੀ ਕਿ ਸਾਡੀ ਕੋਠੀ ਵਿਚ ਸੁਖਬੀਰ ਨੂੰ ਨਹੀਂ ਮਿਲੇ ਪਰ ਉਹ ਜਦੋਂ ਸਾਡੇ ਦੁਖ ਵਿਚ ਸ਼ਾਮਲ ਹੋਣ ਲਈ ਸਾਡੇ ਭਰਾ (ਭਾਵ ਦਿਓਰ) ਦੇ ਘਰ ਪੁੱਜੇ ਤਾਂ ਅਸੀਂ ਸੁਖਬੀਰ ਜੀ ਨੂੰ ਮਿਲੇ ਸੀ, ਸੁਖਬੀਰ ਬਾਦਲ ਨੇ ਸਾਨੂੰ ਉੱਥੇ ਕਿਹਾ ਸੀ ਕਿ ‘‘ਤੁਸੀਂ ਮੈਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ਤਾਂ ਪ੍ਰੋ. ਚੰਦੂਮਾਜਰਾ ਦੀ ਮਦਦ ਕਰੋ, ’’ ਅਸੀਂ ਕਿਵੇਂ ਕਹਿ ਸਕਦੇ ਸੀ ਕਿ ਸੁਖਬੀਰ ਮੁੱਖ ਮੰਤਰੀ ਨਾ ਬਣੇ। ਪਰ ਸਾਡਾ ਹੱਕ ਤਾਂ ਨਹੀਂ ਮਰਨਾ ਚਾਹੀਦਾ ਸੀ। 

ਜਦੋਂ ਮੈਨੂੰ ਬੀਬੀ ਮੁਖਮੈਲਪੁਰਾ ਨੇ ਕਹਿ ਦਿੱਤਾ ਕਿ ਅਸੀਂ ਸਾਡੀ ਕੋਠੀ ਵਿਚ ਸੁਖਬੀਰ ਜੀ ਨੂੰ ਨਹੀਂ ਮਿਲੇ ਤਾਂ ਮੇਰੀ ਖ਼ਬਰ ਦਾ ਪੱਖ ਆ ਗਿਆ ਸੀ ਫੇਰ ਮੇਰਾ ਫ਼ਰਜ਼ ਬਣਦਾ ਸੀ ਕਿ ਮੈਂ ਚੰਦੂਮਾਜਰਾ ਦਾ ਪੱਖ ਵੀ ਲਵਾਂ, ਪਰ ਉਨ੍ਹਾਂ ਮੇਰਾ ਫ਼ੋਨ ਨਹੀਂ ਚੁੱਕਿਆ, ਪਰ ਉਨ੍ਹਾਂ ਦਾ ਪ੍ਰੈੱਸ ਨੋਟ ਆਗਿਆ ਸੀ ਕਿ ਸੁਖਬੀਰ ਮੁਖਮੈਲਪੁਰਾ ਦੇ ਭਰਾ ਦੇ ਘਰ ਅਫ਼ਸੋਸ ਕਰਨ ਲਈ ਪੁੱਜੇ ਸਨ ਜਿਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਨਾਲ ਸਨ। 

ਮੈਂ ਇਹ ਖ਼ਬਰ ਪੰਜਾਬੀ ਟ੍ਰਿਬਿਊਨ ਵਿਚ ਭੇਜੀ ਤੇ ਉਹ ਲੱਗ ਵੀ ਗਈ, ਉਸ ਤੋਂ ਬਾਅਦ ਕੋਈ ਖ਼ਾਸ ਚਰਚਾ ਨਹੀਂ ਹੋਈ ਪਰ ਕੁਝ ਦਿਨਾਂ ਬਾਅਦ ਮੇਰੇ ਕੋਲ ਰਾਜਪੁਰਾ ਦੇ ਇਕ ਵਕੀਲ ਵੱਲੋਂ ਪ੍ਰੋ. ਚੰਦੂਮਾਜਰਾ ਵੱਲੋਂ ਭੇਜਿਆ ਇਕ ਲੀਗਲ ਨੋਟਿਸ ਆਇਆ,


ਰਾਜਪੁਰਾ ਦੇ ਵਕੀਲ ਵੱਲੋਂ ਟਾਈਪ ਰਾਈਟਰ ਨਾਲ  ਟਾਈਪ ਕੀਤਾ ਹੋਇਆ ਇਹ ਨੋਟਿਸ ਸੀ, ਕੰਪਿਊਟਰ ਯੁੱਗ ਵਿਚ ਟਾਈਪ ਰਾਈਟਰ ਨਾਲ ਮੇਰੇ ਕੋਲ ਨੋਟਿਸ ਆਇਆ ਸੀ। ਮੈਨੂੰ ਪਤਾ ਸੀ ਕਿ ਰਾਜੇਸ਼ ਸ਼ਰਮਾ ਦੇ ਕਜਨ ਭਰਾ ਬਲਜਿੰਦਰ ਸ਼ਰਮਾ (ਜਗ ਬਾਣੀ ਪੰਜਾਬ ਕੇਸਰੀ) ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪ੍ਰੈੱਸ ਨੋਟ ਜਾਰੀ ਕਰਦੇ ਹਨ। ਇਹ ਵੀ ਗੱਲ ਬੜੀ ਦਿਲਚਸਪ ਸੀ ਕਿ ਬਲਜਿੰਦਰ ਸ਼ਰਮਾ ਨੇ ਪੱਤਰਕਾਰਾਂ ਦੇ ਈਮੇਲ ਗਰੁੱਪ ‌ਵਿਚੋਂ ਮੇਰੀ ਈਮੇਲ ਹੀ ਖ਼ਤਮ ਕਰ ਦਿੱਤੀ ਸੀ, ਇਸ ਕਰਕੇ ਪ੍ਰੋ. ਚੰਦੂਮਾਜਰਾ ਦੇ ਪ੍ਰੈੱਸ ਨੋਟ ਮੇਰੇ ਕੋਲ ਨਹੀਂ ਆਉਂਦੇ ਸੀ। ਉਨ੍ਹਾਂ ਵੱਲੋਂ ਜਾਰੀ ਕੀਤਾ ਮੁਖਮੈਲਪੁਰ ਦੇ ਭਰਾ ਦੇ ਘਰ ਅਫ਼ਸੋਸ ਕਰਨ ਦਾ  ਪ੍ਰੋ ਚੰਦੂਮਾਜਰਾ ਦਾ ਪ੍ਰੈੱਸ ਨੋਟ ਵੀ ਮੇਰੇ ਕੋਲ ਨਹੀਂ ਆਇਆ ਸੀ। ਬਲਜਿੰਦਰ ਸ਼ਰਮਾ ਜੋ ਕਿ ਰਾਜੇਸ਼ ਸ਼ਰਮਾ ਦਾ ਕਜ਼ਨ ਭਰਾ ਹੈ, ਉਹ ਪ੍ਰੋ. ਚੰਦੂਮਾਜਰਾ ਦੇ ਕਥਿਤ ਪ੍ਰੈੱਸ ਨੋਟ ਜਾਰੀ ਕਰਦਾ ਸੀ, ਉਸ ਨੇ ਮੈਨੂੰ ਪੱਤਰਕਾਰਾਂ ਦੀ ਲਿਸਟ ਵਿਚੋਂ ਹੀ ਬਾਹਰ ਕਰ ਦਿੱਤਾ ਸੀ। ਮੈਨੂੰ ਲੀਗਲ ਨੋਟਿਸ ਮਿਲਿਆ ਸੀ, ਮੈਂ ਜਾਣਦਾ ਸੀ ਕਿ ਇਹ ਪ੍ਰੋ. ਚੰਦੂਮਾਜਰਾ ਦਾ ਕੰਮ ਨਹੀਂ ਹੈ ਉਸ ਤੋਂ ਕਰਾਇਆ ਗਿਆ ਹੈ ਕਰਾਉਣ ਵਾਲੇ ਕੌਣ ਹਨ ਮੈਂ ਸਮਝ ਗਿਆ ਸੀ ਜੋ ਪ੍ਰੋ. ਚੰਦੂਮਾਜਰਾ ਦੇ ਈਮੇਲ ਗਰੁੱਪ ਵਿਚੋਂ ਮੇਰੀ ਈਮੇਲ ਹੀ ਖ਼ਤਮ ਕਰ ਸਕਦੇ ਹਨ ਤਾਂ ਉਹ ਮੇਰੇ ਕਿਵੇਂ ਹੋ ਸਕਦੇ ਹਨ? ਫੇਰ ਵੀ ਮੈਂ ਬਲਜਿੰਦਰ ਸ਼ਰਮਾ ਨੂੰ ਫ਼ੋਨ ਕੀਤਾ, ਮੈਂ ਕਿਹਾ ਬਲਜਿੰਦਰ ਮੈਨੂੰ ਪ੍ਰੋ. ਚੰਦੂਮਾਜਰਾ ਦਾ ਕਾਨੂੰਨੀ ਨੋਟਿਸ ਆਇਆ ਹੈ ਉਹ ਵੀ ਟਾਈਪ ਰਾਈਟਰ ਨਾਲ ਟਾਈਪ ਕੀਤਾ ਹੋਇਆ, ਮੈਂ ਮਜ਼ਾਕ ਵਿਚ ਕਿਹਾ ਸੀ ਕਿ ਯਾਰ ਅੱਜ ਕੰਪਿਊਟਰ ਦਾ ਯੁੱਗ ਹੈ ਟਾਈਪ ਰਾਈਟਰ ਨਾਲ ਕੌਣ ਲੀਗਲ ਨੋਟਿਸ ਭੇਜਦਾ ਹੈ?

ਮੈਂ ਹੈਰਾਨ ਸਾਂ ਕਿ ਬਿੱਲੀ ਥੈਲਿਓਂ ਬਾਹਰ ਆ ਗਈ ਸੀ, ਮੈਨੂੰ ਉਸੇ ਮਾਮਲੇ ਵਿਚ ਇਕ ਹੋਰ ਕਾਨੂੰਨੀ ਨੋਟਿਸ ਆ ਗਿਆ ਸੀ। ਪਟਿਆਲਾ ਦੇ ਮਸ਼ਹੂਰ ਵਕੀਲ ਕੁੰਦਨ ਸਿੰਘ ਨਾਗਰਾ ਜੀ ਦਾ, ਕੁੰਦਨ ਸਿੰਘ ਨਾਗਰਾ ਉਂਜ ਮੇਰੇ ਮਿੱਤਰ ਹਨ, ਪਰ ਉਨ੍ਹਾਂ ਦਾ ਕਾਨੂੰਨੀ ਨੋਟਿਸ ਦੇਖ ਕੇ ਮੈਂ ਹੈਰਾਨ ਹੋਇਆ ਸੀ। ਮੈਂ ਸਮਝ ਗਿਆ ਸੀ ਕਿ ਬਲਜਿੰਦਰ ਸ਼ਰਮਾ ਵੱਲੋਂ ਹੀ ਇਹ ਕਾਰਵਾਈ ਕਰਵਾਈ ਹੈ, ਰੱਬ ਰਾਖਾ ਬਾਈ ਜੀ, ਤੁਹਾਡੇ ਵਿਆਹ ਵਿਚ ਆਉਣ ਤੇ ਤੁਹਾਡੇ ਨਾਲ ਚੰਗੀ ਤਰ੍ਹਾਂ ਬੋਲਦੇ ਹੋਣ ਤੇ ਤੁਹਾਡੇ ਨਾਲ ਰਿਸ਼ਤੇ ਵੀ ਚੰਗੇ ਰੱਖਦੇ ਹੋਣ ਤੇ ਸਾਜ਼ਿਸ਼ਾਂ ਵੀ ਕਰਨ ਤਾਂ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮਹਾ ਵਾਕਾਂ ਦੀ ਯਾਦ ਆ ਜਾਂਦੀ ਹੈ। ਕੀ ਇਨ੍ਹਾਂ ਦੇ ਜ਼ੀਨ ਵਿਚ ਦਰਜ ਹੈ ਕਿ ਆਮ ਲੋਕਾਂ ਦੇ ਖ਼ਿਲਾਫ਼ ਸਾਜ਼ਿਸ਼ਾਂ ਹੀ ਰਚਣੀਆਂ ਹਨ। ਆਮ ਲੋਕਾਂ ਨੂੰ ਬਰਬਾਦ ਹੀ ਕਰਨਾ ਹੈ। ਇਹ ਮੈਂ ਨਹੀਂ ਕਹਿ ਰਿਹਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਕੋਈ ਵੀ ਗੱਲ ਝੂਠੀ ਕਿਵੇਂ ਹੋ ਸਕਦੀ ਹੈ। ਮੈਂ ਰਾਜੇਸ਼ ਨੂੰ ਇਸ ਬਾਰੇ ਫ਼ੋਨ ਕੀਤਾ ਸੀ ਤਾਂ ਬਲਜਿੰਦਰ ਦਾ ਫ਼ੋਨ ਮੇਰੇ ਕੋਲ ਆਇਆ ਸੀ, ਮੈਂ ਕੀ ਗੱਲ ਕਰਦਾ? ਜਦੋਂ ਸਾਰਾ ਕੁਝ ਸਪਸ਼ਟ ਹੋ ਗਿਆ ਸੀ ਤਾਂ ਫਿਰ ਉਨ੍ਹਾਂ ਵੱਲੋਂ ਦਿੱਤੇ ਸਪਸ਼ਟੀਕਰਨ ਦੀ ਕੀ ਮਾਨਤਾ ਸੀ। ਪੰਜਾਬੀ ਟ੍ਰਿਬਿਊਨ ਵਿਚ ਵੀ ਇਹ ਨੋਟਿਸ ਭੇਜਿਆ ਗਿਆ ਸੀ, ਉਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਤਾਂ ਗੁਰਨਾਮ ਸਿੰਘ ਅਕੀਦਾ ਪਹਾੜੀ ਦੇ ਹੇਠਾਂ ਆ ਹੀ ਗਿਆ ਹੈ ਪਰ ਬੀਬੀ ਮੁਖਮੈਲਪੁਰਾ ਨੇ ਸੱਚ ਲਿਖਿਆ ਸੀ ਤੇ ਪੰਜਾਬ ਟ੍ਰਿਬਿਊਨ ਦੇ ਸੰਪਾਦਕ ਸਾਹਿਬ ਨੂੰ ਸਾਰੀ ਗੱਲ ਸਮਝ ਆ ਗਈ ਸੀ। ਮਾਮਲਾ ਖ਼ਤਮ ਹੋ ਗਿਆ ਸੀ। ਅਸਲ ਵਿਚ ਜਦੋਂ ਤੁਸੀਂ ਕਿਸੇ ਬੰਦੇ ਦੇ ਖ਼ਿਲਾਫ਼ ਜ਼ਿਦ ਨਾਲ ਹੋ ਜਾਵੋ ਤਾਂ ਰੱਬ ਵੀ ਉਸ ਦੀ ਮਦਦ ਕਰਦਾ ਹੈ, ਮੇਰੀ ਮਦਦ ਸੱਚੀਂ ਰੱਬ  ਨੇ ਹੀ ਕੀਤੀ ਸੀ। 

ਉਸ ਸਮੇਂ ਹੀ ਪ੍ਰੋ. ਚੰਦੂਮਾਜਰਾ ਨੇ ਮੇਰੇ ਖ਼ਿਲਾਫ਼ ਇਹ ਬਿਆਨ ਦਿੱਤਾ ਸੀ ਕਿ ‘‘ਓਹ ਹੈ ਨਾ ਤੁਹਾਡਾ ਪੱਤਰਕਾਰ (ਬੜੇ ਭੈੜੇ ਸ਼ਬਦਾਂ ਵਿਚ ਕਿਹਾ ਸੀ ਮੇਰੇ ਬਾਰੇ) ਓਹ ਗੁਰਨਾਮ ਅਕੀਦਾ, ਉਸ ਨੇ ਤਾਂ ਪੰਜਾਬੀ ਯੂਨੀਵਰਸਿਟੀ ਲੁੱਟ ਕੇ ਖਾ ਲਈ, ਉਹ ਯੂਨੀਵਰਸਿਟੀ ਵਿਚ ਬਲੈਕਮੇਲਰ ਬਣਿਆ ਹੋਇਆ ਹੈ...’’ 

ਮੇਰੀ ਇਕ ਸ਼ਿਕਾਇਤ ਸਾਜ਼ਿਸ਼ੀ ਕਮਰੇ ਵਿਚੋਂ ਪੰਜਾਬੀ ਟ੍ਰਿਬਿਊਨ ਦੇ ਤਤਕਾਲੀ ਸੰਪਾਦਕ ਸੁਰਿੰਦਰ ਤੇਜ਼ ਹੋਰਾਂ ਕੋਲ ਗਈ ਸੀ ਕਿ ‘‘ਗੁਰਨਾਮ ਸਿੰਘ ਅਕੀਦਾ ਲੋਕਾਂ ਨੂੰ ਬਲੈਕਮੇਲ ਕਰਦਾ ਹੈ, ਪੰਜਾਬੀ ਯੂਨੀਵਰਸਿਟੀ ਵਿਚ ਬਲੇਕਮੇਲਿੰਗ ਦਾ ਦੌਰ ਚੱਲ ਰਿਹਾ ਹੈ, ਗੁਰਨਾਮ ਸਿੰਘ ਅਕੀਦਾ ਨੇ ਪਟਿਆਲਾ ਵਿਚ ਦੁਨੀਆ ਲੁੱਟ ਕੇ ਖਾ ਲਈ ਹੈ। ਉਸ ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਬਾਹਰ ਕਰੋ’’


ਇਸ ਦੀ ਪੜਤਾਲ ਵੀ ਹੋਈ ਸੀ ਸਾਡੇ ਪਟਿਆਲਾ ਦੇ ਖੇਤਰੀ ਪ੍ਰਤੀਨਿਧ ਸਰਬਜੀਤ ਸਿੰਘ ਭੰਗੂ ਨੇ ਮੈਨੂੰ ਕਿਹਾ ਸੀ ਕਿ ‘‘ਐਡੀਟਰ ਸਾਹਿਬ ਦਾ ਫ਼ੋਨ ਆਇਆ ਸੀ ਉਹ ਕਹਿੰਦੇ ਸੀ ਕਿ ਕੀ ਅਕੀਦਾ ਬਲੈਕਮੇਲਿੰਗ ਕਰਦਾ ਹੈ ਤਾਂ ਮੈਂ ਕਿਹਾ ਸੀ ਹੋਰ ਕੁਝ ਵੀ ਹੋ ਸਕਦਾ ਹੈ ਪਰ ਗੁਰਨਾਮ ਸਿੰਘ ਅਕੀਦਾ ਅਜਿਹਾ ਬਲੈਕਮੇਲਿੰਗ ਵਾਲਾ ਕੰਮ ਕਦੇ ਨਹੀਂ ਕਰ ਸਕਦਾ’’  ਮੈਂ ਭੰਗੂ ਨੂੰ ਕਿਹਾ ਸੀ ‘ਧੰਨਵਾਦ ਭਰਾ ਜੀ ਤੁਸੀਂ ਸੱਚ ਦਾ ਸਾਥ ਦਿੱਤਾ।’’ ਭੰਗੂ ਮੇਰਾ ਬਹੁਤ ਚੰਗਾ ਮਿੱਤਰ ਰਿਹਾ ਹੈ ਅੱਜ ਵੀ ਮਿੱਤਰ ਹੈ ਜਦੋਂ ਅਸੀਂ ਮਿਲਦੇ ਹਾਂ ਤਾਂ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮਿਲਦੇ ਹਾਂ, ਮੇਰੇ ਮਨ ਵਿਚ ਕਦੇ ਵੀ ਭੰਗੂ ਬਾਰੇ ਮਾੜਾ ਭਾਵ ਨਹੀਂ ਆਇਆ। ਪੱਤਰਕਾਰੀ ਦਾ ਇਤਿਹਾਸ ਲਿਖ ਰਿਹਾ ਹਾਂ ਤਾਂ ਕਈ ਮਿੱਤਰ ਗ਼ੁੱਸੇ ਵੀ ਹੋਣਗੇ ਤੇ ਕਈ ਮੇਰੇ ਖ਼ਿਲਾਫ਼ ਹੋਰ ਵੱਡੇ ਪੱਧਰ ਤੇ ਸਾਜ਼ਿਸ਼ਾਂ ਵੀ ਰਚਣਗੇ ਪਰ ਮੈਂ ਲਿਖਾਂਗਾ ਸੱਚ ਲਿਖਾਂਗਾ.. ਮੈਨੂੰ ਲੱਗਦਾ ਹੈ ਕਿ ਮੇਰੇ ਦੋਸਤ ਮਿੱਤਰ ਮੇਰਾ ਸਾਥ ਦੇਣਗੇ।

ਬਾਕੀ ਅਗਲੇ ਭਾਗ ਵਿਚ ਪੜ੍ਹ ਸਕਦੇ ਹੋ, ਕਿ ਪੰਜਾਬੀ ਯੂਨੀਵਰਸਿਟੀ ਵਿਚ ਕੁਝ ਅਧਿਆਪਕਾਂ ਨੇ ਪੀ ਐੱਚ ਡੀ ਕਰਾਉਣ ਲਈ ਕਿਵੇਂ ਆਪਣੇ ਆਦਰਸ਼ ਖ਼ਤਮ ਕੀਤੇ, ਕੁਝ ਔਰਤ ਅਧਿਆਪਕਾਂ ਨੇ ਕਿਵੇਂ ਆਪਣੇ ਵਿਦਿਆਰਥੀਆਂ ਨਾਲ ਸਬੰਧ ਬਣਾਏ, ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵਿਚ ਅਸ਼ਲੀਲਤਾ ਕਿਵੇਂ ਆਈ.. ਬਾਕੀ ਕਿਸ ਕਿਸ ਪੱਤਰਕਾਰ ਨੇ ਆਪਣੀਆਂ ਘਰਵਾਲੀਆਂ ਤੇ ਆਪਣੇ ਸਾਕ ਸਬੰਧੀ ਡਾ. ਜਸਪਾਲ ਸਿੰਘ ਵੀ ਸੀ ਤੋਂ ਪੱਤਰਕਾਰੀ ਦਾ ਪ੍ਰਭਾਵ ਵਰਤ ਕੇ ਰਖਵਾਏ...? 

(ਰਾਜੇਸ਼ ਪੰਜੋਲਾ ਨਾਲ ਗੱਲ ਕਰਨੀ ਚਾਹੁੰਦਾ ਸੀ, ਮੈਂ ਉਸ ਨੂੰ ਫ਼ੋਨ ਕੀਤਾ ਪਰ ਫ਼ੋਨ ਨਹੀਂ ਮਿਲਿਆ, ਫੇਰ ਮੈਂ ਰਾਜੇਸ਼ ਨੂੰ ਵੱਟਸਐਪ ਤੇ ਸੰਦੇਸ਼ ਭੇਜਿਆ, ਤਾਂ ਉਸ  ਨੇ ਫ਼ੋਨ ਕੀਤਾ, ਉਸ ਸਮੇਂ ਮੈਂ ਕਿਤੇ ਜ਼ਰੂਰੀ ਬੈਠਾ ਸੀ ਉਸ ਤੋਂ ਬਾਅਦ ਵਾਰ ਵਾਰ ਅਸੀਂ ਫ਼ੋਨ ਤੇ ਗੱਲ ਕਰਨ ਦੀ ਤਿਆਰੀ ਕਰਦੇ ਰਹੇ ਕਦੇ ਉਸ ਕੋਲ ਸਮਾਂ ਨਹੀਂ ਸੀ, ਪਰ ਬਾਅਦ ਵਿਚ ਰਾਜੇਸ਼ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਸੀ, ਸੋ ਰਾਜੇਸ਼ ਜੀ ਤੁਹਾਡਾ ਕੋਈ ਵੀ ਪੱਖ ਹੋਵੇ ਮੈਂ ਹਰ ਹਾਲਤ ਵਿਚ ਇਸੇ ਬਲਾਗ ਵਿਚ ਪੋਸਟ ਕਰਨ ਲਈ ਤਿਆਰ ਹਾਂ, ਬਿਨਾਂ ਕੋਈ ਐਡਿਟ ਕੀਤਿਆਂ, ਤੁਹਾਡੇ ਪੱਖ ਲੈਣ ਕਰਕੇ ਮੈਂ ਇਹ ਬਲਾਗ ਤਿੰਨ ਦਿਨ ਲੇਟ ਕੀਤਾ ਹੈ। ਮੇਰਾ ਕੰਮ ਤੁਹਾਨੂੰ ਠੇਸ ਪਹੁੰਚਾਉਣਾ ਨਹੀਂ ਹੈ ਪਰ ਫੇਰ ਵੀ ਜੇਕਰ ਠੇਸ ਪੁੱਜੀ ਹੋਵੇ ਤਾਂ ਮਾਫ਼ੀ ਕਰ ਦੇਣਾ ਧੰਨਵਾਦੀ ਹੋਵਾਂਗਾ)


ਨੋਟ : ਮੇਰਾ ਇੱਥੇ ਹੋਰ ਵੀ ਕਹਿਣਾ ਹੈ ਕਿ ਜੇਕਰ ਉਕਤ ਬਲੌਗ ਵਿਚ ਦਿੱਤੀ ਜਾਣਕਾਰੀ ਵਿਚ ਕਿਸੇ ਨੂੰ ਕੁਝ ਗ਼ਲਤ ਲੱਗਦਾ ਹੋਵੇ ਤਾਂ ਬਲੌਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ ਉਹ ਜਾਂਚ ਕਰਕੇ ਸੋਧ ਦਿੱਤੀ ਜਾਵੇਗੀ ਜਾਂ ਮੈਨੂੰ ਮੇਰੇ ਹੇਠਾਂ ਦਿੱਤੇ ਫ਼ੋਨ ਨੰਬਰ ਤੇ ਫ਼ੋਨ ਕਰਕੇ ਵੀ ਦੱਸ ਸਕਦਾ ਹੈ, ਮੈਂ ਹਰੇਕ ਦੀ ਹਰ ਤਰ੍ਹਾਂ ਦੀ ਗੱਲ ਸੁਣਾਂਗਾ ਤੇ ਸੋਧ ਵੀ ਕਰਾਂਗਾ। 


ਮੇਰਾ ਸੰਪਰਕ ਨੰਬਰ : 8146001100


...ਫੇਰ ਪੱਤਰਕਾਰ ਪੰਜਾਬੀ ਯੂਨੀਵਰਸਿਟੀ ਵਿਚ ਖ਼ਬਰਾਂ ਖੋਜਣ ਲਈ ਨਹੀਂ ਸਿਫ਼ਾਰਸ਼ਾਂ ਕਰਨ ਜਾਂਦੇ ਸੀ!

 ਪੱਤਰਕਾਰੀ ਦਾ ਇਤਿਹਾਸ ਭਾਗ-15 ਲੇਖਕ : ਗੁਰਨਾਮ ਸਿੰਘ ਅਕੀਦਾ     ਪੰਜਾਬ ਵਿਚ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪਟਿਆਲਾ ਵਿਚ ਰੈਲੀ ਸੀ, ਇੱਥੇ ਸੁਖਬੀਰ ...