Thursday, November 06, 2025
ਇਕ ਉਸਾਰੂ ਸੋਚ ਦਾ ਆਗਾਜ਼ : ਪੱਤਰਕਾਰਾਂ ਦੀ ਜਥੇਬੰਦੀ ਬਣੇ
ਪੱਤਰਕਾਰੀ ਦਾ ਇਤਿਹਾਸ ਭਾਗ -5
ਲੇਖਕ : ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਪੱਤਰਕਾਰਾਂ ਲਈ ਇਕ ਸੁਨਹਿਰੀ ਸਮਾਂ ਸੀ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵਿਚ ਏਕਤਾ ਨਜ਼ਰ ਆਉਣ ਲੱਗੀ ਸੀ, ਹਾਲਾਂ ਕਿ ਜਗਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਰਾਜੂ ਦਾ ਮਿਜ਼ਾਜ ਵੱਖਰਾ ਸੀ, ਇਹ ਵੀ ਸਹੀ ਹੈ ਕਿ ਉਸ ਦਾ ਵੀ ਇਕ ਗਰੁੱਪ ਸੀ, ਉਸ ਗਰੁੱਪ ਵਿਚ ਵੀ ਕੁਝ ਖ਼ਾਸ ਪੱਤਰਕਾਰ ਮਨਜਿੰਦਰ ਸਿੰਘ ਤੇ ਭਾਵਨਾ ਜੀ ਤੇ ਹੋਰ ਵੀ ਕਈ ਹੁੰਦੇ ਸਨ। ਰਾਜੂ ਜਗਬਾਣੀ ਤੇ ਪੰਜਾਬ ਕੇਸਰੀ ਵਰਗੇ ਵੱਡੇ ਅਖ਼ਬਾਰ ਦਾ ਪੱਤਰਕਾਰ ਸੀ, ਉਸ ਦੀ ਪਟਿਆਲਾ ਵਿਚ ਖ਼ਾਸ ਪਹਿਚਾਣ ਸੀ, ਬੇਸ਼ੱਕ ਇਕ ਸਮਾਂ ਇਹ ਵੀ ਆਇਆ ਕਿ ਰਾਜੂ ਵੱਲੋਂ ਕੀਤੇ ਕੁਝ ਘਟਨਾਕ੍ਰਮ ਕਰਕੇ ਪਟਿਆਲਾ ਦੇ ਅਹਿਮ ਪੱਤਰਕਾਰਾਂ ਨੇ ਉਸ ਦਾ ਬਾਈਕਾਟ ਵੀ ਕੀਤਾ, ਘਟਨਾਕ੍ਰਮਾਂ ਵਿਚੋਂ ਇਕ ਘਟਨਾਕ੍ਰਮ ਇਹ ਵੀ ਸੀ ਕਿ ਇਕ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰਾਂ ਨੂੰ ਇਕ ਗੱਲ ‘ਆਫ਼ ਦੀ ਰਿਕਾਰਡ’ ਆਖੀ, ਜੋ ਛਾਪਣ ਵਾਲੀ ਨਹੀਂ ਸੀ, ਇੱਦਾਂ ਆਮ ਹੁੰਦਾ ਹੈ, ਕਈ ਵਾਰੀ ਵੱਡਾ ਲੀਡਰ ਗੰਭੀਰ ਪੱਤਰਕਾਰਾਂ ਕੋਲ ਕੋਈ ਨਾ ਕੋਈ ਗੱਲ ‘ਆਫ਼ ਦੀ ਰਿਕਾਰਡ’ ਵੀ ਕਹਿ ਦਿੰਦਾ ਹੈ, ਉਹ ਸਮਾਂ ਆਪਣੇ ਘਰ ਵਾਂਗ ਹੁੰਦਾ ਹੈ, ਉਸ ਸਮੇਂ ਉਸ ਗੱਲ ਨੂੰ ਪਰਦੇ ਵਿਚ ਹੀ ਰੱਖਣਾ ਬਣਦਾ ਹੁੰਦਾ ਹੈ, ਇਹ ਪੱਤਰਕਾਰ ਦੀ ਗੰਭੀਰਤਾ ਹੁੰਦੀ ਕਿ ਉਸ ਪਰਦੇ ਵਾਲੀ ਗੱਲ ਨੂੰ ਅਖ਼ਬਾਰ ਦੀ ਸੁਰਖ਼ੀ ਨਾ ਬਣਾਏ, ਕੈਪਟਨ ਅਮਰਿੰਦਰ ਸਿੰਘ ਦੀ ‘ਆਫ਼ ਦੀ ਰਿਕਾਰਡ’ ਵਜੋਂ ਆਖੀ ਹੋਈ ਗੱਲ ਰਾਜੂ ਨੇ ਕਥਿਤ ‘ਆਨ ਦੀ ਰਿਕਾਰਡ’ ਛਾਪ ਦਿੱਤੀ,
ਪੱਤਰਕਾਰ ਭਾਈਚਾਰੇ ਵਿਚ ਯੱਕਦਮ ਸਨਸਨੀ ਫੈਲ ਗਈ, ਸਾਰੇ ਭਾਈਚਾਰੇ ਨੇ ਗ਼ੁੱਸਾ ਕੀਤਾ ਤੇ ਬੁਰਾ ਮਨਾਇਆ, ਜਿਸ ਕਰਕੇ ਰਾਜੂ ਨਾਲ ਪੱਤਰਕਾਰਾਂ ਦਾ ਮਿਲਵਰਤਨ ਘਟ ਗਿਆ ਪਰ ਫੇਰ ਵੀ ਰਾਜੂ ਹੋਰ ਵੀ ਕਈ ਕਥਿਤ ਚੁਸਤ ਚਲਾਕੀਆਂ ਕਰਦਾ ਰਿਹਾ ਜਿਸ ਕਰਕੇ ਰਾਜੂ ਦਾ ਭਾਈਚਾਰੇ ਵੱਲੋਂ ਬਾਈਕਾਟ ਕੀਤਾ ਗਿਆ, ਜਿੱਥੇ ਪ੍ਰੈੱਸ ਕਾਨਫ਼ਰੰਸ ਕਰਨ ਸਮੇਂ ਰਾਜੂ ਹੁੰਦਾ ਸੀ ਤਾਂ ਬਹੁ ਗਿਣਤੀ ਪੱਤਰਕਾਰ ਉਸ ਪ੍ਰੈੱਸ ਕਾਨਫ਼ਰੰਸ ਦਾ ਬਾਈਕਾਟ ਕਰ ਦਿੰਦੇ ਸਨ। ਫੇਰ ਜ਼ਿਲ੍ਹਾ ਪ੍ਰਸ਼ਾਸਨ ਬਹੁ ਗਿਣਤੀ ਪੱਤਰਕਾਰਾਂ ਦੀ ਪ੍ਰੈੱਸ ਕਾਨਫ਼ਰੰਸ ਵੱਖਰੀ ਕਰਾਉਂਦਾ ਹੁੰਦਾ ਸੀ। ਰਾਜੂ ਦੇ ਵਿਰੁੱਧ ਇੰਜ ਕਿਉਂ ਹੁੰਦਾ ਸੀ ਇਸ ਦਾ ਵਿਸਥਾਰ ਹੋਰ ਵੀ ਹੈ ਪਰ ਉਸ ਦੇ ਹੋਰ ਵਿਸਥਾਰ ਵਿਚ ਜਾਣ ਦੀ ਹਿੰਮਤ ਮੇਰੇ ਵਿਚ ਨਹੀਂ ਹੈ ਕਿਉਂਕਿ ਰਾਜੂ ਨਾਲ ਗੱਲ ਨਹੀਂ ਹੋ ਸਕੀ, ਜੇਕਰ ਰਾਜੂ ਨਾਲ ਗੱਲ ਹੋ ਜਾਂਦੀ ਹੈ ਤਾਂ ਉਸ ਬਾਰੇ ਵੀ ਵਿਸਥਾਰ ਵਿਚ ਲਿਖਿਆ ਜਾਵੇਗਾ। ਪਰ ਰਾਜੂ ਇਕ ਅਹਿਮ ਚਿਹਰਾ ਸੀ ਪਟਿਆਲਾ ਦੀ ਪੱਤਰਕਾਰੀ ਵਿਚ। ਜਿੱਥੇ ਜਾਂਦਾ ਸੀ ਤਹਿਲਕਾ ਮਚਾ ਦਿੰਦਾ ਸੀ। ਪਰ ਫਿਰ ਵੀ ਪਟਿਆਲਾ ਦੇ ਪੱਤਰਕਾਰ ਉਸ ਵੱਲੋਂ ਕੀਤੀਆਂ ਕੁਝ ਵਿਵਾਦਿਤ ਕਾਰਵਾਈਆਂ ਕਰਕੇ ਉਸ ਦੇ ਵਿਰੋਧ ਵਿਚ ਭੁਗਤ ਰਹੇ ਸਨ ਤੇ ਸਮੂਹਿਕ ਤੌਰ ਤੇ ਰਾਜੂ ਦੀ ਵਿਰੋਧਤਾ ਵੀ ਕਰ ਰਹੇ ਸਨ। ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਦਾ ਜ਼ਿਕਰ ਕਿਸੇ ਹੋਰ ਭਾਗ ਵਿਚ ਕਰਾਂਗੇ। ਪਰ ਉਸ ਨਾਲ ਵੀ ਪੱਤਰਕਾਰ ਭਾਈਚਾਰੇ ਦੇ ਕੁਝ ਭਰਾ ਮਨਜਿੰਦਰ ਸਿੰਘ ਤੇ ਭਾਵਨਾ ਵਰਗੇ ਉਸ ਦੇ ਗਰੁੱਪ ਵਿਚ ਸ਼ੁਮਾਰ ਸਨ।
ਪੱਤਰਕਾਰਾਂ ਦਾ ਮਿਜ਼ਾਜ ਉਸ ਵੇਲੇ ਦੇਖਣ ਵਾਲਾ ਬਣਦਾ ਸੀ, ਬੇਝਿਜਕ ਸਵਾਲ ਪੁੱਛਦੇ ਸਨ, ਬੇਝਿਜਕ ਜਵਾਬ ਮੰਗਦੇ ਸਨ, ਕੋਈ ਵੀਆਈਪੀ ‘ਨੋ ਕਮੈਂਟ’ ਕਹਿ ਦੇਵੇ ਤਾਂ ਚੁੱਪ, ਪਰ ਜੇਕਰ ਕੋਈ ਵੀਆਈਪੀ ਚਲਾਕੀ ਦਿਖਾਵੇ ਤਾਂ ਉਹ ਬਚ ਕੇ ਨਿਕਲ ਜਾਵੇ, ਇਹ ਸੰਭਵ ਨਹੀਂ ਸੀ, ਪੱਤਰਕਾਰਾਂ ਦੀ ਏਕਤਾ ਸੀ ਪਰ ਫਿਰ ਵੀ ਇਕਜੁੱਟਤਾ ਨਹੀਂ ਸੀ, ਇਕਮੱਤ ਨਹੀਂ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸਰਕਟ ਹਾਊਸ ਪਟਿਆਲਾ ਵਿਚ ਅਕਾਲੀ ਮੰਤਰੀ ਗੋਬਿੰਦ ਸਿੰਘ ਕਾਂਝਲਾ ਮੰਤਰੀ ਡਿਪਾਰਟਮੈਂਟ ਸੋਸ਼ਲ ਸਕਿਉਰਿਟੀ ਐਂਡ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਦੀ ਪ੍ਰੈੱਸ ਕਾਨਫ਼ਰੰਸ ਸੀ, ਪੱਤਰਕਾਰ ਭਾਈਚਾਰਾ ਤਹਿਜ਼ੀਬ ਪੂਰਵਕ ਮੰਤਰੀ ਨੂੰ ਸਵਾਲ ਪੁੱਛ ਰਿਹਾ ਸੀ, ਮੰਤਰੀ ਹੋਣ ਕਰਕੇ ਉਹ ਦਮਗਜੇ ਮਾਰ ਰਿਹਾ ਸੀ ਕਿ ਅਸੀਂ ਪੰਜਾਬ ਵਿਚ ਭਰੂਣ ਹੱਤਿਆ ਬੰਦ ਕਰਵਾ ਦਿੱਤੀ ਹੈ। ‘ਟਾਈਮਜ਼ ਆਫ਼ ਇੰਡੀਆ’ ਦੇ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਨੇ ਇਕ ਸਵਾਲ ਪੁੱਛਿਆ ‘ਮਿਨਿਸਟਰ ਸਾਹਿਬ ਬਾਕੀ ਤੁਸੀਂ ਕਹਿ ਹੀ ਦਿੱਤਾ ਪਰ ਮੇਰੀ ਇਕ ਗੱਲ ਦਾ ਜਵਾਬ ਦੇ ਦਿਓ ਕਿ ਤੁਸੀਂ ਹੁਣ ਤੱਕ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਕੁ ਮਸ਼ੀਨਾਂ ਫੜੀਆਂ ਹਨ?’ ਮੰਤਰੀ ਸਾਹਿਬ ਆਪਣੇ ਪਿੰਡ ਵਿਚ ਛੋਟੇ ਮੋਟੇ ਲੋਕਾਂ ਨੂੰ ਦਬਕਾ ਕੇ ਰੱਖਣ ਵਾਲੇ ਸਨ, ਉਸ ਨੇ ਇਸ ਪ੍ਰੈੱਸ ਕਾਨਫ਼ਰੰਸ ਨੂੰ ਆਪਣੇ ਪਿੰਡ ਦੀ ਸੱਥ ਸਮਝ ਲਿਆ ਸੀ, ਜਿਵੇਂ ਸੱਥ ਦਾ ਉਹ ਮੁਖੀ ਹੋਵੇ ਤੇ ਉਸ ਦੀ ਹਰ ਗੱਲ ਤੇ ਸਾਰੇ ‘ਹਾਂ ਹਾਂ’ ਕਰ ਰਹੇ ਹੋਣ, ਉਸ ਨਾਲ ਪ੍ਰੈੱਸ ਕਾਨਫ਼ਰੰਸ ਵਿਚ ਇੰਜ ਹੋਇਆ ਜਿਵੇਂ ਅਚਾਨਕ ਹੀ ਸੱਥ ਵਿਚ ਕੋਈ ਮੁਖੀ ਨੂੰ ਰੋਕ ਕੇ ਆਖੇ ਕਿ ‘ਬਾਕੀ ਤਾਂ ਛੱਡੋ ਸਰਦਾਰ ਸਾਹਿਬ ਕਿ ਜਦੋਂ ਤੁਹਾਡੇ ਵਾਲੇ ਖੂਹ ਵਿਚ ਕੁੱਤਾ ਗਿਰ ਗਿਆ ਸੀ ਤੇ ਕਈ ਦਿਨ ਉਹ ਕੁੱਤਾ ਖੂਹ ਵਿਚੋਂ ਨਿਕਲਿਆ ਨਹੀਂ ਸੀ ਤਾਂ ਫਿਰ ਤੁਸੀਂ ਪਾਣੀ ਕਿਥੋਂ ਪੀਤਾ ਸੀ?’ ਬਸ ਮੁਖੀ ਦੀ ਗੱਲ ਚੈਲੰਜ ਹੋ ਗਈ, ਉਹ ਸਵਾਲ ਪੁੱਛਣ ਵਾਲੇ ਨੂੰ ਦਬਕਾਉਂਦਾ ਵੀ ਹੈ ਤੇ ਉਸ ਨੂੰ ਡਰਾਉਂਦਾ ਵੀ ਹੈ, ਸਵਾਲ ਪੁੱਛਣ ਵਾਲਾ ਵਿਚਾਰਾ ਜਿਹਾ ਬਣ ਕੇ ਚੁੱਪ ਕਰ ਜਾਂਦਾ ਹੈ। ਪ੍ਰੈੱਸ ਕਾਨਫ਼ਰੰਸ ਵੀ ਮੰਤਰੀ ਜੀ ਨੇ ਉਸ ਸੱਥ ਵਾਂਗ ਸਮਝ ਲਈ ਸੀ ਜਿਸ ਵਿਚ ਉਸ ਦੀ ਹਰ ਪੱਖੋਂ ਚੱਲਦੀ ਹੈ।
ਗੁਰਕਿਰਪਾਲ ਸਿੰਘ ਅਸ਼ਕ ਦੇ ਸਵਾਲ ਤੇ ਗੋਬਿੰਦ ਸਿੰਘ ਕਾਂਝਲਾ ਮੰਤਰੀ ਨੇ ਕਿਹਾ ‘ਇਹ ਕੀ ਸਵਾਲ ਹੋਇਆ? ਇੰਜ ਦੇ ਸਵਾਲ ਦਾ ਜਵਾਬ ਦੇਣਾ ਹੀ ਨਹੀਂ ਬਣਦਾ, ਤੁਸੀਂ ਸਰਕਾਰੀ ਕੰਮ ਵਿਚ ਦਖ਼ਲ ਨਹੀਂ ਦੇ ਸਕਦੇ’ ਮੰਤਰੀ ਗੋਬਿੰਦ ਸਿੰਘ ਕਾਂਝਲਾ ਨੇ ਥੋੜ੍ਹਾ ਲੋਹਾ ਲਾਖਾ ਹੋਕੇ ਅਸ਼ਕ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਸ਼ਕ ਨੇ ਫੇਰ ਕਿਹਾ ‘ਵਜ਼ੀਰ ਸਾਹਿਬ ਮੇਰਾ ਛੋਟਾ ਜਿਹਾ ਸਵਾਲ ਹੈ ਕਿ ਤੁਸੀਂ ਭਰੂਣ ਟੈੱਸਟ ਕਰਨ ਵਾਲੀਆਂ ਕਿੰਨੀਆਂ ਫੜੀਆਂ ਹਨ, ਫੜੀਆਂ ਹਨ ਦਸ ਦਿਓ ਨਹੀਂ ਫੜੀਆਂ ਤਾਂ ਜਵਾਬ ਦੇ ਦਿਓ, ਇਸ ਵਿਚ ਤਾਂ ਸਰਕਾਰੀ ਕੰਮਾਂ ਵਿਚ ਕੋਈ ਦਖ਼ਲ ਹੀ ਨਹੀਂ ਹੈ’ ਡੀਪੀਆਰਓ ਡੌਰ ਭੌਰ ਹੋਇਆ ਖੜਾ ਸੀ, ਡਾਇਰੈਕਟਰ ਆਰਐਲ ਕਲਸੀਆ ਵੀ ਦੇਖ ਕੇ ਬੜਾ ਹੈਰਾਨ ਹੋ ਰਿਹਾ ਸੀ, ਮੰਤਰੀ ਸਿਆਣਾ ਹੁੰਦਾ ਤਾਂ ਡਾਇਰੈਕਟਰ ਆਰ ਐੱਲ ਕਲਸੀਆ ਨੂੰ ਪੁੱਛ ਲੈਂਦਾ, ਹੈਲਥ ਸੈਕਟਰੀ ਤੋਂ ਪੁੱਛ ਲੈਂਦਾ, ਪਰ ਮੰਤਰੀ ਦੇ ਦਿਮਾਗ਼ ਨੂੰ ਮੰਤਰੀ ਦੀ ਕੁਰਸੀ ਦਾ ਹੰਕਾਰ ਚੜ੍ਹਿਆ ਸੀ। ਇਸੇ ਫੁਕਰੇ ਪਣ ਵਿਚ ਮੰਤਰੀ ਉਲਝ ਗਿਆ। ਮੰਤਰੀ ਨੇ ਅਸ਼ਕ ਨੂੰ ਫੇਰ ਡਰਾਉਣ ਲਈ ਕਿਹਾ ‘ਇਹ ਤੁਹਾਨੂੰ ਅਸੀਂ ਕਿਵੇਂ ਦਸ ਦੇਈਏ, ਨਾਲੇ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹੀ ਛਾਪੋ, ਤੁਹਾਡੀ ਮਰਜ਼ੀ ਨਹੀਂ ਚੱਲਣੀ’ ਉਸ ਤੋਂ ਬਾਅਦ ਗੁਰਕਿਰਪਾਲ ਸਿੰਘ ਅਸ਼ਕ ਨੇ ਕਿਹਾ ‘ਮੈਂ ਤੁਹਾਡਾ ਕਲਰਕ ਥੋੜ੍ਹਾ ਹਾਂ ਮੰਤਰੀ ਸਾਹਿਬ, ਕਿ ਜੋ ਤੁਸੀਂ ਆਖੋ ਉਹੀ ਛਾਪ ਦੇਵਾਂ’ ਤਾਂ ਮੰਤਰੀ ਨੇ ਕਿਹਾ ‘ਤੁਸੀਂ ਜੋ ਛਾਪਣਾ ਛਾਪੋ’ ਜਿਵੇਂ ਮੰਤਰੀ ਨੇ ਖਹਿੜਾ ਛੁਡਾ ਲਿਆ ਸੀ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮੰਤਰੀ ਅਸਲ ਵਿਚ ਫਸ ਚੁੱਕਿਆ ਸੀ।
ਉਹ ਗੁਰਕਿਰਪਾਲ ਸਿੰਘ ਅਸ਼ਕ ਸੀ ਨਾ ਕਿ ‘ਫੁਕਰਾ ਧਾਲੀਵਾਲ’ ਕਿ ਪਹਿਲਾਂ ਮੰਤਰੀ ਦੇ ਪੈਰੀਂ ਹੱਥ ਲਾਏ ਤੇ ਬਾਅਦ ਵਿਚ ਸਵਾਲ ਪੁੱਛਿਆ, ਓ ਫੁਕਰੇ ਧਾਲੀਵਾਲ ਦੀ ਗੱਲ ਬਾਅਦ ਵਿਚ ਕਰਾਂਗੇ ਅੱਜ ਦਾ ਵਿਸ਼ਾ ਹੈ ਪਟਿਆਲਾ ਦੇ ਪੱਤਰਕਾਰਾਂ ਦੀ ਜਥੇਬੰਦੀ ਦੇ ਬਣਨ ਦੇ ਕਾਰਨ ਕੀ ਕੀ ਬਣੇ। ਗੁਰਕਿਰਪਾਲ ਸਿੰਘ ਅਸ਼ਕ ਦਾ ਕੰਮ ਹੋ ਚੁੱਕਿਆ ਸੀ, ਮੰਤਰੀ ਹੋਰ ਸਵਾਲਾਂ ਦੇ ਜਵਾਬ ਦੇਣ ਵਿਚ ਉਲਝ ਗਏ ਤੇ ਅਸ਼ਕ ਉੱਥੋਂ ਉੱਠ ਕੇ ਬਾਹਰ ਆ ਗਏ, ਜੇਕਰ ਉਸ ਵੇਲੇ ਪੱਤਰਕਾਰਾਂ ਦੀ ਜਥੇਬੰਦੀ ਹੁੰਦੀ ਤਾਂ ਸਾਰੇ ਹੀ ਅਸ਼ਕ ਦੇ ਨਾਲ ਹੀ ਬਾਹਰ ਆ ਜਾਣੇ ਸਨ। ਅਸ਼ਕ ਸਰਕਟ ਹਾਊਸ ਵਿਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਪਿੱਛੋਂ ਡਾਇਰੈਕਟਰ ਨੇ ਅਵਾਜ਼ ਮਾਰੀ ‘ਮਿਸਟਰ ਅਸ਼ਕ, ਮਿਸਟਰ ਅਸ਼ਕ, ਮਿਸਟਰ ਅਸ਼ਕ’ ਗੁਰਕਿਰਪਾਲ ਸਿੰਘ ਅਸ਼ਕ ਸਮਝ ਰਿਹਾ ਸੀ ਕਿ ਮੰਤਰੀ ਨੇ ਫੇਰ ਬੁਲਾ ਲਿਆ ਹੈ। ਡਾਇਰੈਕਟਰ ਦੂਰੋਂ ਉੱਚੀ ਉੱਚੀ ਕਹਿੰਦਾ ਆ ਰਿਹਾ ਸੀ ਕਿ ‘ਕੋਈ ਅਜਿਹੀ ਖ਼ਬਰ ਨਾ ਛਾਪਣਾ ਅਸ਼ਕ ਜੀ, ਕੋਈ ਗੱਲ ਨਹੀਂ ਹੋਈ’ ਅਸ਼ਕ ਉੱਥੇ ਖੜ੍ਹਾ ਰਿਹਾ, ਡਾਇਰੈਕਟਰ ਕੋਲ ਆਇਆ ਉਸ ਨੇ ਅਸ਼ਕ ਨੂੰ ਬੜੀ ਹੀ ਧੀਮੀ ਅਵਾਜ਼ ਵਿਚ ਕਿਹਾ ‘ਅਸ਼ਕ ਸਾਹਿਬ ਮੰਜੀ ਠੋਕ ਦੇਣਾ ਮੰਤਰੀ ਦੀ, ਬੋਲਣ ਦੀ ਇਨੂ ਅਕਲ ਨਹੀਂ, ..ਠੋਕ ਕੇ ਲਾਉਣਾ ਖ਼ਬਰ... ’ ਡਾਇਰੈਕਟਰ ਨੇ ਇਸ ਤੋਂ ਵੀ ਵੱਧ ਮੰਤਰੀ ਬਾਰੇ ਧੀਮੀ ਅਵਾਜ਼ ਵਿਚ ਕਿਹਾ, ਅਸ਼ਕ ਕੋਲ ਤਾਂ ਪਹਿਲਾਂ ਹੀ ਖ਼ਬਰ ਦਾ ਕੰਟੈਂਟ ਮੌਜੂਦ ਸੀ, ਉੱਪਰੋਂ ਮੰਤਰੀ ਦਾ ਪੱਖ ਆ ਗਿਆ, ਸਵੇਰੇ ਹੀ ਟਾਈਮਜ਼ ਆਫ਼ ਇੰਡੀਆ ਵਿਚ ਪੰਜ ਕਾਲਮ ਖ਼ਬਰ ਪ੍ਰਕਾਸ਼ਿਤ ਹੋਈ ਤੇ ਮੰਤਰੀ ਨੂੰ ਭਾਜੜਾਂ ਪੈ ਗਈਆਂ। ਡਾਇਰੈਕਟਰ ਨੇ ਦੱਸਿਆ ਕਿ ਮੰਤਰੀ ਦੂਜੇ ਦਿਨ ਸਾਰਾ ਦਿਨ ਹੀ ਅਧਿਕਾਰੀਆਂ ਨੂੰ ਝਾੜਦਾ ਰਿਹਾ ਤੇ ਅੰਕੜੇ ਇਕੱਠੇ ਕਰਦਾ ਰਿਹਾ।
ਇਸ ਤਰ੍ਹਾਂ ਦੀਆਂ ਕਈ ਸਾਰੀਆਂ ਕਹਾਣੀਆਂ ਪੱਤਰਕਾਰਾਂ ਨੂੰ ਦਬਕਾਉਣ ਦੀਆਂ ਚੱਲਦੀਆਂ ਰਹਿੰਦੀਆਂ ਸਨ, ਪੱਤਰਕਾਰ ਇਸ ਬਾਰੇ ਕਾਫ਼ੀ ਚਿੰਤਤ ਸਨ, ਇਕ ਦਿਨ ਰਾਤ ਨੂੰ ਚੜ੍ਹਦੀਕਲਾ ਦਫ਼ਤਰ ਵਿਚੋਂ ਆ ਰਹੇ ਹਰਪ੍ਰੀਤ ਸਿੱਧੂ ਨੂੰ ਵੀ ਘੇਰ ਕੇ ਡਰਾਇਆ ਗਿਆ। ਦਰਸ਼ਨ ਖੋਖਰ ਨਾਲ ਵੀ ਕੁਝ ਘਟਨਾਵਾਂ ਵਾਪਰੀਆਂ ਸਨ।
ਹੁਣ ਇੱਥੋਂ ਸ਼ੁਰੂ ਹੁੰਦਾ ਹੈ ਇਹ ਵਿਚਾਰ ਕਿ ਪਟਿਆਲਾ ਵਿਚ ਇਕ ਪੱਤਰਕਾਰਾਂ ਦੀ ਅਹਿਮ ਸਨਮਾਨਯੋਗ ਜਥੇਬੰਦੀ ਬਣਾਈ ਜਾਵੇ। ਜਥੇਬੰਦੀ ਦੀ ਲੋੜ ਸੀ, ਪਰ ਪਹਿਲਾਂ ਵੀ ਜਥੇਬੰਦੀਆਂ ਬਣਦੀਆਂ ਰਹੀਆਂ ਹਨ। ਇੱਥੇ ਇਕ ਹੋਰ ਮੁਸ਼ਕਿਲ ਬੜੀ ਅਹਿਮ ਸੀ, ਜਥੇਬੰਦੀ ਬਣਾਉਣ ਤੋਂ ਪਹਿਲਾਂ ਇਹ ਮੁਸ਼ਕਿਲ ਹੱਲ ਕਰਨੀ ਵੀ ਜ਼ਰੂਰੀ ਸੀ, ਦਾ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਜੰਗਵੀਰ ਸਿੰਘ ਤੇ ਅਜੀਤ ਦੇ ਸਟਾਫ਼ ਰਿਪੋਰਟਰ ਜਸਪਾਲ ਸਿੰਘ ਢਿੱਲੋਂ ਦੀ ਆਪਸ ਵਿਚ ਤਣਾ ਤਣੀ ਚੱਲ ਰਹੀ ਸੀ, ਇਨ੍ਹਾਂ ਦੋਵਾਂ ਨੂੰ ਵੀ ਮਿਲਾਉਣਾ ਜ਼ਰੂਰੀ ਸੀ। ਕਾਰਨ ਤਾਂ ਹੋਰ ਵੀ ਹੋਣਗੇ, ਪਰ ਇਕ ਕਾਰਨ ਜੋ ਮੇਰੇ ਧਿਆਨ ਵਿਚ ਹੈ ਕਿ ਜਦੋਂ ਜਸਪਾਲ ਸਿੰਘ ਢਿੱਲੋਂ ਪੰਜਾਬੀ ਟ੍ਰਿਬਿਊਨ ਵਿਚ ਨਿਯੁਕਤ ਹੋਇਆ ਤਾਂ ਉਸ ਦੀ ਵਿਰੋਧਤਾ ਕਰਨ ਵਾਲਿਆਂ ਵਿਚ ਇਕ ਜੰਗਵੀਰ ਵੀ ਸੀ, ਇਹ ਆਮ ਹੁੰਦਾ ਹੈ ਕਿ ਜਿਵੇਂ ਜਦੋਂ ਮੈਂ (ਇਨ੍ਹਾਂ ਸਤਰਾਂ ਦਾ ਲੇਖਕ) ਪੰਜਾਬੀ ਟ੍ਰਿਬਿਊਨ ਵਿਚ ਨਿਯੁਕਤ ਹੋਇਆ ਸੀ ਤਾਂ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਪਟਿਆਲਾ ਦੇ ਮੇਰੇ ਸਾਥੀਆਂ ਵੱਲੋਂ, ਮੇਰੇ ਸਾਥੀਆਂ ਦੇ ਮਿੱਤਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ, ਪਰ ਸੰਪਾਦਕ ਵਰਿੰਦਰ ਵਾਲੀਆ ਜੀ ਨੇ ਜਿੰਦੇ ਹੀ ਇੰਜ ਲਗਾਏ ਸਨ ਕਿ ਮੇਰੀ ਵਿਰੋਧਤਾ ਵਿਚ ਖੜ੍ਹਾ ਕੋਈ ਕਾਮਯਾਬ ਨਹੀਂ ਹੋ ਸਕਿਆ। ਜਸਪਾਲ ਢਿੱਲੋਂ ਦਾ ਗ਼ੁੱਸਾ ਕਰਨਾ ਜਾਇਜ਼ ਸੀ, ਪਰ ਜੰਗਵੀਰ ਨੇ ਖ਼ੁਦ ਨਹੀਂ ਸਗੋਂ ਉਸ ਕੋਲੋਂ ਇੰਜ ਕਰਾਇਆ ਗਿਆ ਸੀ, ਉਸ ਕੋਲੋਂ ਕਰਾਉਣ ਵਾਲੇ ਕੌਣ ਲੋਕ ਸਨ ਇਸ ਬਾਰੇ ਕਦੇ ਫੇਰ ਸਾਂਝ ਪਾਵਾਂਗੇ।
ਹੁਣ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਬਣਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਸੀ ਤਾਂ ਜੰਗਵੀਰ ਸਿੰਘ ਤੇ ਜਸਪਾਲ ਢਿੱਲੋਂ ਨੂੰ ਪੁਰਾਣੇ ਸ਼ਿਕਵੇ ਭੁਲਾ ਕੇ ਇਕ ਕਰਨਾ ਵੀ ਲਾਜ਼ਮੀ ਸੀ। ਛੋਟੀ ਬਾਰਾਂਦਰਰੀ ਵਿਚ ਅਜੀਤ ਅਖਬਾਰ ਦੇ ਦਫਤਰ ਵਿਚ ਪੱਤਰਕਾਰਾਂ ਦੀ ਭਰਵੀਂ ਮੀਟਿੰਗ ਵਿਚ ਮੇਰਾ ਪ੍ਰਸਤਾਵ ਸੀ ਕਿ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਇਕੱਠੇ ਹੋਣੇ ਲਾਜ਼ਮੀ ਹਨ ਨਹੀਂ ਤਾਂ ਜਥੇਬੰਦੀ ਨਹੀਂ ਬਣ ਸਕੇਗੀ, ਭਾਵੇਂ ਕਿ ਜਥੇਬੰਦੀ ਜੰਗਵੀਰ ਤੇ ਜਸਪਾਲ ਤੋਂ ਬਗੈਰ ਵੀ ਬਣ ਸਕਦੀ ਸੀ ਪਰ ਉਨ੍ਹਾਂ ਸਮਿਆਂ ਵਿਚ ਇਕ ਸਤਿਕਾਰ ਸੀ, ਭਾਵ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਇਕ ਸਤਿਕਾਰ ਸੀ, ਹੁਣ ਤਾਂ ਚਾਰ ਪੱਤਰਕਾਰ ਇਕੱਠੇ ਹੋਏ ਤੇ ਜਥੇਬੰਦੀ ਬਣ ਜਾਂਦੀ ਹੈ ਤੇ ਵੱਖਰੇ ਪ੍ਰੈਸ ਕਲੱਬ ਦੀ ਮੰਗ ਸ਼ੁਰੂ ਹੋ ਜਾਂਦੀ ਹੈ, ਟਾਈਮਜ਼ ਆਫ਼ ਇੰਡੀਆ ਦੇ ਸੀਨੀਅਰ ਸਟਾਫ਼ ਰਿਪੋਰਟਰ ਗੁਰਕਿਰਪਾਲ ਸਿੰਘ ਅਸ਼ਕ ਤੇ ਦੇਸ਼ ਸੇਵਕ ਦੇ ਸਟਾਫ਼ ਰਿਪੋਰਟਰ ਗੁਰਨਾਮ ਸਿੰਘ ਅਕੀਦਾ (ਇਨ੍ਹਾਂ ਸਤਰਾਂ ਦਾ ਲੇਖਕ) ਨੇ ਇਸ ਬਾਰੇ ਅਹਿਮ ਰੋਲ ਨਿਭਾਇਆ ਤੇ ਜੰਗਵੀਰ ਸਿੰਘ ਦੇ ਜਸਪਾਲ ਸਿੰਘ ਢਿੱਲੋਂ ਦੀ ਏਕਤਾ ਹੋ ਗਈ। ਉਸ ਤੋਂ ਬਾਅਦ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਹੋਂਦ ਵਿਚ ਆਈ, ਜਿਸ ਦਾ ਨਾਮ ਰੱਖਿਆ ਗਿਆ ‘ਪਟਿਆਲਾ ਜਰਨਲਿਸਟ ਐਸੋਸੀਏਸ਼ਨ’।
ਇਸ ਜਥੇਬੰਦੀ ਦੇ ਪਟਿਆਲਾ ਦੇ ਜ਼ਿਆਦਾਤਰ ਪੱਤਰਕਾਰ ਤੇ ਸਰਕਾਰੀ ਤੌਰ ਤੇ ਸੇਵਾ ਨਿਭਾ ਰਹੇ ਡੀਪੀਆਰਓ ਤੇ ਏਪੀਆਰਓ ਵੀ ਮੈਂਬਰ ਬਣਾਏ ਗਏ। ਇਸ ਜਥੇਬੰਦੀ ਦੇ ਮੈਂਬਰ ਬਣਨ ਲਈ ਕਈ ਸਾਰੇ ਪ੍ਰੈੱਸ ਤੇ ਗੈਰ ਪ੍ਰੈੱਸ ਵਾਲਿਆਂ ਨੇ ਸੰਪਰਕ ਕੀਤਾ, ਪਰ ਇਹ ਜਥੇਬੰਦੀ ਨਿਰੋਲ ਪੱਤਰਕਾਰਾਂ ਦੀ ਜਥੇਬੰਦੀ ਸੀ,
ਜਦੋਂ ਇਹ ਜਥੇਬੰਦੀ ਬਣੀ ਤਾਂ ਤੁਸੀਂ ਹੈਰਾਨ ਹੋਵੋਗਾ ਕਿ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਤੇ ਪੰਜਾਬ ਸਰਕਾਰ ਵਿਚ ਤਹਿਲਕਾ ਮੱਚ ਗਿਆ ਸੀ। ਪਰ ਇਹ ਤਹਿਲਕਾ ਕੋਈ ਬੰਬ ਨਹੀਂ ਸੀ ਸਾਰੇ ਪੱਤਰਕਾਰ ਆਪਣੇ ਅਖ਼ਬਾਰਾਂ ਵਿਚ ਆਮ ਵਾਂਗ ਕੰਮ ਕਰਦੇ ਸਨ। ਇਹ ਨਹੀਂ ਸੀ ਕਿ ਜਥੇਬੰਦੀ ਬਣ ਗਈ ਕਿ ਸਾਰੇ ਪੱਤਰਕਾਰ ‘ਡਾਨ’ ਬਣ ਗਏ। ਉਸ ਵੇਲੇ ਪ੍ਰਵੀਨ ਕੋਮਲ ਦੀ ਕੋਈ ਬਹੁਤੀ ਚਰਚਾ ਨਹੀਂ ਸੀ, ਪਰ ਇਕ ਗੱਲ ਜ਼ਰੂਰ ਹੈ ਕਿ ਉਹ ‘ਰਾਈਟ ਐਕਸ਼ਨ’ ਅਖ਼ਬਾਰ ਰਾਹੀਂ ਕਈ ਲੋਕਾਂ ਦੇ ਚਰਿੱਤਰ ਹਨਨ ਜ਼ਰੂਰ ਕਰਦਾ ਸੀ। ਇਸ ਜਥੇਬੰਦੀ ਵਿਚ ਉਸ ਲਈ ਕੋਈ ਥਾਂ ਨਹੀਂ ਸੀ।
ਇਸ ਜਥੇਬੰਦੀ ਵਿਚ ਅਜੀਤ ਤੋਂ ਜਸਵਿੰਦਰ ਸਿੰਘ ਦਾਖਾ ਨੂੰ ਵੀ ਮੈਂਬਰ ਬਣਾਇਆ ਗਿਆ ਸੀ ਪਰ ਉਹ ਜਥੇਬੰਦੀ ਵਿਚ ਸਰਗਰਮ ਨਹੀਂ ਸੀ। ਪਰ ਫਿਰ ਵੀ ਪਟਿਆਲਾ ਦਾ ਮੀਡੀਆ ਉਸ ਦਾ ਸਤਿਕਾਰ ਕਰਦਾ ਸੀ, ਇਹ ਜਥੇਬੰਦੀ ਚਾਹੁੰਦੀ ਸੀ ਕਿ ਜਸਵਿੰਦਰ ਸਿੰਘ ਦਾਖਾ ਇਸ ਦਾ ਰਿਕਾਰਡ ਤੌਰ ਤੇ ਮੈਂਬਰ ਬਣੇ। ਪਰ ਇਹ ਤਮੰਨਾ ਜਥੇਬੰਦੀ ਦੀ ਪੂਰੀ ਨਹੀਂ ਹੋਈ।
ਬਣਾਈ ਗਈ ਜਥੇਬੰਦੀ ਪਟਿਆਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੰਗਵੀਰ ਸਿੰਘ ਬਣੇ ਦੇ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ ਬਣਾਏ ਗਏ, ਦੋਵੇਂ ਵਿਰੋਧੀ ਸੀ, ਵਿਰੋਧੀਆਂ ਨੂੰ ਇਸ ਤਰੀਕੇ ਨਾਲ ਜੋੜਿਆ ਕਿ ਦੋਵੇਂ ਟਿੱਚ ਬਟਣਾ ਦੀ ਜੋੜੀ ਬਣ ਗਏ।
ਸਕੱਤਰ ਮੈਨੂੰ ਵੀ ਬਣਾਇਆ ਗਿਆ, ਪੱਤਰਕਾਰਾਂ ਵਿਚ ਜਥੇਬੰਦੀ ਪ੍ਰਤੀ ਬਹੁਤ ਉਤਸ਼ਾਹ ਸੀ। ਮੈਂਬਰਸ਼ਿਪ ਬੜੇ ਦਫ਼ਤਰੀ ਤਰੀਕੇ ਨਾਲ ਕੱਟੀ ਜਾ ਰਹੀ ਸੀ, ਇਸ ਸਮੇਂ ਦਰਸ਼ਨ ਸਿੰਘ ਖੋਖਰ, ਸਰਬਜੀਤ ਸਿੰਘ ਭੰਗੂ, ਭੁਪੇਸ਼ ਚੱਠਾ, ਗੁਰਨਾਮ ਸਿੰਘ ਅਕੀਦਾ, ਗੁਰਪ੍ਰੀਤ ਸਿੰਘ ਨਿੱਬਰ, ਆਈਐਸ ਚਾਵਲਾ, ਜੰਗਵੀਰ ਸਿੰਘ, ਜਸਪਾਲ ਸਿੰਘ ਢਿੱਲੋਂ, ਪ੍ਰਵੇਸ਼ ਸ਼ਰਮਾ, ਰਵੇਲ ਸਿੰਘ ਭਿੰਡਰ ਆਦਿ ਨੇ ਬੜਾ ਹੀ ਅਹਿਮ ਰੋਲ ਨਿਭਾਇਆ।
ਪਟਿਆਲਾ ਜਰਨਲਿਸਟ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਦੀ ਭਲਾਈ ਲਈ ਕੰਮ ਵੀ ਕਰਨੇ ਸ਼ੁਰੂ ਕਰ ਦਿੱਤੇ ਸਨ, ਪੰਜਾਬ ਸਰਕਾਰ ਨੂੰ ਪੱਤਰ ਦੇਣੇ ਸ਼ੁਰੂ ਹੋਏ ਸਨ। ਜਿਸ ਦੀ ਕਾਰਵਾਈ ਹੋਣੀ ਲਾਜ਼ਮੀ ਸੀ, ਜਿਸ ਬਾਰੇ ਅੱਗੇ ਜਾ ਕੇ ਸਪਸ਼ਟ ਹੋਵੇਗਾ।
ਪੱਤਰਕਾਰਾਂ ਦੀ ਜਥੇਬੰਦੀ ਬਣ ਗਈ ਸੀ, ਮੀਟਿੰਗਾਂ ਬੜੇ ਸਲੀਕੇ ਵਾਲੀਆਂ ਹੁੰਦੀਆਂ ਸਨ। ਹੁਣ ਪਟਿਆਲਾ ਵਿਚ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਤਰਜ਼ ਤੇ ਪਟਿਆਲਾ ਵਿਚ ਪ੍ਰੈੱਸ ਕਲੱਬ ਬਣਾਉਣ ਦੀ ਗੱਲ ਤੁਰੀ, ਪਟਿਆਲਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚ ਆ ਗਈ ਸੀ, ਇਸ ਤੋਂ ਵੱਧ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਲਈ ਹੋਰ ਕੀ ਹੋ ਸਕਦਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕੋਲ ਮੀਡੀਆ ਨੇ ਇਸ ਬਾਰੇ ਗੱਲ ਰੱਖੀ, ਕੈਪਟਨ ਅਮਰਿੰਦਰ ਸਿੰਘ ਤੱਕ ਵੀ ਗੱਲ ਪੁੱਜਦੀ ਹੋਈ। ਹੁਣ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ ਪਟਿਆਲਾ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਬਣਾਉਣ ਦੀ..
ਬਾਕੀ ਅਗਲੇ ਭਾਗ ਵਿਚ....
ਸੰਪਰਕ : 8146001100
ਮੇਰੇ ਵਲੋਂ ਖਾਸ ਬੇਨਤੀ ... ਕਿਰਪਾ ਨੋਟ ਕਰਨਾ ਜੀ...
ਇਸ ਇਤਿਹਾਸਕ ਲੇਖ ਬਾਰੇ ਕਿਸੇ ਕੋਲ ਹੋਰ ਵੀ ਪੱਖ ਹੋ ਸਕਦੇ ਹਨ ਉਹ ਬਲੌਗ ਵਿਚ ਇਸ ਲੇਖ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ ਜਾਂ ਫਿਰ ਮੈਨੂੰ ਫ਼ੋਨ ਕਰਕੇ ਦੱਸ ਸਕਦਾ ਹੈ ਤਾਂ ਕਿ ਇਸ ਲੇਖ ਵਿਚ ਕੁਝ ਹੋਰ ਜੋੜਿਆ ਜਾ ਸਕੇ, ਮੈਂ ਉਨ੍ਹਾਂ ਦਾ ਬਹੁਤ ਮਸ਼ਕੂਰ ਹੋਵਾਂਗਾ, ਜੇਕਰ ਮੇਰੀ ਕਿਤੇ ਗ਼ਲਤੀ ਹੋਵੇ ਤਾਂ ਜ਼ਰੂਰ ਦੱਸਣਾ ਮੈਂ ਧੰਨਵਾਦੀ ਹੋਵਾਂਗਾ, ਜਿਵੇਂ ਇਸ ਪਹਿਲੇ ਚਾਰ ਨੰਬਰ ਭਾਗ ਵਿਚ ਇਕ ਗ਼ਲਤੀ ਨੂੰ ਦਰੁਸਤ ਮੇਰੇ ਵੀਰ ਪੱਤਰਕਾਰ ਪ੍ਰਦੀਪ ਸ਼ਾਹੀ ਨੇ ਦਰੁਸਤ ਕਰਵਾਇਆ ਸੀ ਧੰਨਵਾਦ ਪ੍ਰਦੀਪ ਸ਼ਾਹੀ ਜੀ ... ਕਿਸੇ ਵੀਰ ਭੈਣ ਨੂੰ ਕੁਝ ਬੁਰਾ ਲੱਗਦਾ ਹੋਵੇ ਮੈਂ ਉਸ ਤੋਂ ਤਹਿ ਦਿਲੋਂ ਮਾਫ਼ੀ ਮੰਗਦਾ ਹਾਂ.. ਮੇਰੇ ਵਿਰੁੱਧ ਥਾਣੇ, ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਮੇਰੇ ਨਾਲ ਗੱਲ ਜ਼ਰੂਰ ਕਰ ਲੈਣਾ ਜੀ,ਮੇਰੀ ਭਾਵਨਾ ਕਿਸੇ ਦੀ ਵਿਰੋਧਤਾ ਵਿਚ ਲਿਖਣਾ ਬਿਲਕੁਲ ਨਹੀਂ ਹੈ, ਮੈਂ ਤਾਂ ਪਟਿਆਲਾ ਦੇ ਪੱਤਰਕਾਰਾਂ ਦਾ ਇਤਿਹਾਸ ਬਣਾ ਰਿਹਾ ਹਾਂ ਜੋ ਨਾ ਪਹਿਲਾਂ ਕਿਸੇ ਨੇ ਬਣਾਇਆ ਹੈ ਸ਼ਾਇਦ ਨਾ ਹੀ ਕੋਈ ਅੱਗੇ ਬਣਾਏਗਾ.. ਹੋ ਸਕਦਾ ਹੈ ਮੇਰੀ ਵਿਰੋਧਤਾ ਕਰਨ ਵਾਲੇ ਇਸ ਬਾਰੇ ਆਪਣੇ ਵਿਚਾਰ ਰੱਖਦੇ ਹੋਣ ਪਰ ਉਨ੍ਹਾਂ ਵੱਲੋਂ ਵੀ ਬਲੌਗ ਪੜ੍ਹਨ ਦਾ ਧੰਨਵਾਦ ਜੀ.. ਅਕੀਦਾ
Monday, November 03, 2025
ਪੱਤਰਕਾਰ-ਪੁਲੀਸ ਦਾ ਦਬਦਬਾ ਬਨਾਮ ਪੱਤਰਕਾਰਾਂ ਦੀ ਏਕਤਾ : ਆਤਮਦਾਹ ਦੀ ਜ਼ਿੰਮੇਵਾਰੀ
ਪੱਤਰਕਾਰੀ ਦਾ ਇਤਿਹਾਸ ਭਾਗ -4
ਲੇਖਕ : ਗੁਰਨਾਮ ਸਿੰਘ ਅਕੀਦਾ
ਪੰਜਾਬ ਕੇਸਰੀ ਤੋਂ ਬਾਅਦ ਹਿੰਦੀ ਪੱਤਰਕਾਰਤਾ ਦੀ ਸ਼ੁਰੂਆਤ ਪੰਜਾਬ ਵਿਚ ਹੋਣ ਲੱਗ ਪਈ ਸੀ, ਹਿੰਦੀ ਪੱਤਰਕਾਰਤਾ ਵਿਚ ਚੰਗਾ ਪੱਖ ਇਹ ਸੀ ਕਿ ਉਨ੍ਹਾਂ ਪੀਲੀ ਪੱਤਰਕਾਰੀ ਤੋਂ ਬਗੈਰ ਪੰਜਾਬ ਵਿਚ ਆਪਣਾ ਕੰਮ ਸ਼ੁਰੂ ਕੀਤਾ, ਖ਼ਾਸ ਗੱਲ ਇਹ ਸੀ ਕਿ ਹਿੰਦੀ ਅਖ਼ਬਾਰਾਂ ਵਿਚ ਗੈਰ ਪੰਜਾਬੀ ਜ਼ਿਆਦਾ ਪੱਤਰਕਾਰ ਪੰਜਾਬ ਵਿਚ ਕਾਰਜਸ਼ੀਲ ਕੀਤੇ ਗਏ ਸਨ। ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਥੋੜ੍ਹਾ ਨਿਰਪੱਖ ਸੀ ਤੇ ਥੋੜ੍ਹਾ ਨਿਡਰ ਵੀ ਸੀ, ਉਨ੍ਹਾਂ ਨੇ ਪੰਜਾਬ ਵਿਚ ਇਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਜਿਵੇਂ ਕਿ ਉਹ ਹੀ ਹੁਣ ਪੱਤਰਕਾਰ ਹਨ, ਪੰਜਾਬੀ ਪੱਤਰਕਾਰਾਂ ਨਾਲ ਉਨ੍ਹਾਂ ਦੀ ਸਾਂਝ ਬਣਨ ਵਿਚ ਥੋੜ੍ਹਾ ਸਮਾਂ ਲੱਗ ਰਿਹਾ ਸੀ, ਕਿਉਂਕਿ ਉਹ ਜਿੱਥੋਂ ਵੀ ਪੱਤਰਕਾਰੀ ਕਰਕੇ ਆਏ ਹਨ ਸ਼ਾਇਦ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਫਰੈਂਡਲੀ ਨਾ ਹੋਵੇ, ਜਾਂ ਇੰਜ ਕਹਿ ਲਓ ਕਿ ਉਹ ਪੰਜਾਬ ਵਿਚ ਆਪਣੀ ਵੱਖਰੀ ਹੋਂਦ ਬਣਾਉਣਾ ਚਾਹੁੰਦੇ ਹਨ, ਥੋੜ੍ਹਾ ਹੰਕਾਰ ਜਿਸ ਨੂੰ ਈਗੋ ਵੀ ਕਿਹਾ ਜਾਂਦਾ ਹੈ ਇਨ੍ਹਾਂ ਵਿਚੋਂ ਜ਼ਿਆਦਾਤਰ ਪੱਤਰਕਾਰਾਂ ਵਿਚ ਨਜ਼ਰ ਆ ਜਾਂਦੀ ਸੀ ਪਰ ਫਿਰ ਵੀ ਕਈਆਂ ਨਾਲ ਸਾਂਝ ਬਣਦੀ ਵੀ ਜਾ ਰਹੀ ਸੀ ਪਰ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਆਪਣਾ ਹੀ ਸੀ, ਜਿੱਥੇ ਪੰਜਾਬੀ ਪੱਤਰਕਾਰੀ ਪ੍ਰੈੱਸ ਨੋਟਾਂ ਤੇ ਸਹਾਰੇ ਜਾਂ ਫਿਰ ਛੋਟੇ ਮੋਟੇ ਸਪੌਟ ਦੇ ਸਹਾਰੇ ਚੱਲਦੀ ਸੀ, ਉੱਥੇ ਹਿੰਦੀ ਪੱਤਰਕਾਰਾਂ ਨੇ ਅੰਗਰੇਜ਼ੀ ਪੱਤਰਕਾਰਾਂ ਵਾਂਗ ਹੀ ਵਿਸ਼ੇਸ਼ ਰਿਪੋਰਟਾਂ ਨੂੰ ਜ਼ਿਆਦਾ ਸਪੇਸ ਦੇਣੀ ਸ਼ੁਰੂ ਕੀਤੀ ਹੋਈ ਸੀ, ਇਹ ਪੱਤਰਕਾਰ ਲੋਕ-ਮਸਲੇ ਉਭਾਰਦੇ ਸਨ, ਬੇਸ਼ੱਕ ਇਹ ਹਦਾਇਤਾਂ ਉਨ੍ਹਾਂ ਨੂੰ ਮਾਲਕਾਂ ਦੀਆਂ ਹੋਣੀਆਂ ਹਨ, ਪਰ ਇਹ ਪੱਤਰਕਾਰ ਮਿਹਨਤੀ ਵੀ ਸਨ, ਹਾਲਾਂ ਕਿ ਪੰਜਾਬ ਬਾਰੇ ਇਨ੍ਹਾਂ ਨੂੰ ਬਹੁਤੀ ਸਮਝ ਵੀ ਨਹੀਂ ਸੀ, ਜਿਸ ਲਈ ਉਹ ਕਈ ਸਾਰੇ ਪੰਜਾਬੀ ਪੱਤਰਕਾਰਾਂ ਦਾ ਸਹਾਰਾ ਲੈਂਦੇ ਸਨ। ਪਰ ਇਕ ਗੱਲ ਕਹਿਣ ਵਿਚ ਕੋਈ ਗੁਰੇਜ਼ ਨਹੀਂ ਹੈ ਕਿ ਇਹ ਪੱਤਰਕਾਰ ਮਿਹਨਤੀ ਸਨ ਤੇ ਫ਼ੀਲਡ ਵਿਚ ਕੰਮ ਕਰਦੇ ਸਨ। ਇਕ ਅਖ਼ਬਾਰ ਵਿਚ ਇਕ ਪੱਤਰਕਾਰ ਨਹੀਂ ਸਗੋਂ ਕਈ ਕਈ ਪੱਤਰਕਾਰ ਜ਼ਿਲ੍ਹਾ ਸੰਭਾਲਦੇ ਸਨ। ਜੋ ਆਪੋ ਆਪਣੀਆਂ ਬੀਟਾਂ ’ਤੇ ਕੰਮ ਕਰਦੇ ਸਨ, ਇਕ ਗੱਲ ਹਿੰਦੀ ਅਖ਼ਬਾਰਾਂ ਨੇ ਹੋਰ ਪੰਜਾਬ ਵਿਚ ਪੱਕੀ ਕਰਕੇ ਲਿਆਂਦੀ ਕਿ ਇਹ ਸਵੇਰੇ ਪੱਤਰਕਾਰਾਂ ਦੀ ਮੀਟਿੰਗ ਕਰਦੇ ਤੇ ਰੋਜ਼ਾਨਾ ਦੀਆਂ ਖ਼ਬਰਾਂ ਬਾਰੇ ਗੱਲ ਕਰਦੇ, ਜੋ ਖ਼ਬਰ ਰਹਿ ਗਈ ਉਸ ਬਾਰੇ, ਅੱਜ ਕੀ ਖ਼ਬਰਾਂ ਕਰਨੀਆਂ ਹਨ ਉਨ੍ਹਾਂ ਬਾਰੇ ਸਵੇਰੇ ਹੀ ਮੀਟਿੰਗ ਹੁੰਦੀ ਸੀ। ਸਵੇਰੇ ਹੀ ਤਹਿ ਹੋ ਜਾਂਦਾ ਸੀ ਕਿ ਅੱਜ ਵਿਸ਼ੇਸ਼ ਰਿਪੋਰਟਾਂ ਕਿਹੜੀਆਂ ਕਰਨੀਆਂ ਹਨ, ਉਸ ਤੇ ਪੱਤਰਕਾਰ ਵਿਸ਼ੇਸ਼ ਤਵੱਜੋ ਦਿੰਦੇ ਸਨ, ਬਾਕੀ ਜੋ ਬੀਟਾਂ ਅਨੁਸਾਰ ਸਪੌਟ ਅਨੁਸਾਰ ਤੇ ਪ੍ਰੈੱਸ ਨੋਟਾਂ ਦੀ ਹਾਜ਼ਰੀ ਲਗਾਉਣੀ ਵੀ ਸੰਭਵ ਸੀ।
ਪਟਿਆਲਾ ਵਿਚ ਭਾਸਕਰ ਤੋਂ ਬਾਅਦ ਅਮਰ ਉਜਾਲਾ ਤੇ ਦੈਨਿਕ ਜਾਗਰਨ ਵਰਗੇ ਵੱਡੇ ਗਰੁੱਪਾਂ ਨੇ ਆਪਣੀ ਭਰਵੀਂ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਭਾਸਕਰ ਵਿਚ ਕਮਲੇਸ਼ (ਪੰਜਾਬੀ) ਨੇ ਬਿਨਾਂ ਦਫ਼ਤਰ ਤੋਂ ਕੰਮ ਕਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਅਮਰਜੀਤ ਸਿੰਘ ਭਾਸਕਰ ਵਿਚ ਬਤੌਰ ਪਟਿਆਲਾ ਦੇ ਫਾਊਂਡਰ ਸੰਪਾਦਕ ਆਏ (ਪੰਜਾਬੀ) ਸੀ, ਥੋੜ੍ਹਾ ‘ਈਗੋਇਸਟ’ ਸੀ, ਉਸ ਤੋਂ ਬਾਅਦ ਗੁਲਸ਼ਨ ਕੁਮਾਰ ਕਾਫ਼ੀ ਫਰੈਂਡਲ ਸੀ, ਗੌਰਵ ਸ਼ਰਮਾ ਥੋੜ੍ਹਾ ਫਰੈਂਡਲੀ ਸੀ, ਸੁਪਰਟੀਮ ਬੈਨਰਜੀ ਯਾਰਾਂ ਦਾ ਯਾਰ ਸੀ, ਦੀਪਕ ਮੋਦਿਗਿੱਲ ਆਪਣੇ ਆਪ ਵਿਚ ਮਸਤ ਪਰ ਚੰਗਾ ਪੱਤਰਕਾਰ, ਪ੍ਰਤਿਭਾ ਸਿਆਣੀ ਕੁੜੀ ਸੀ, ਨਰੇਸ਼, ਸੋਬਨ ਗੋਸਾਈਂ ਪਹਾੜੀ ਸੀ ਪਿਆਰਾ ਮੁੰਡਾ ਸੀ, ਰਾਣਾ ਰਣਬੀਰ ਇਕ ਆਦਰਸ਼ਵਾਦੀ ਪੱਤਰਕਾਰ, ਮੁਕੇਸ਼, ਵਰਿੰਦਰ ਸੈਣੀ ਮਿਹਨਤੀ, ਵਿਸ਼ਾਲ ਭਾਰਦਵਾਜ, ਫ਼ੋਟੋ ਗ੍ਰਾਫਰ ਅਜੇ ਸ਼ਰਮਾ ਪਿਆਰਾ ਬੱਚਾ, ਪ੍ਰੇਮ ਵਰਮਾ, ਸ਼ੰਸਾਂਕ ਪੰਜਾਬੋਂ ਬਾਹਰਲੇ ਪੱਤਰਕਾਰਾਂ ਵਰਗਾ ਹੀ, ਬਲਵਿੰਦਰ ਸਿੰਘ (ਬਾਅਦ ਵਿਚ ਦੈਨਿਕ ਜਾਗਰਣ ਵਿਚ ਚਲਾ ਗਿਆ), ਗੌਰਵ ਸੂਦ (ਬਾਅਦ ਵਿਚ ਜਾਗਰਣ ਵਿਚ ਚਲਾ ਗਿਆ) ਅਰਵਿੰਦ ਸ੍ਰੀ ਵਾਸਤਵਾ ਪੰਜਾਬੋਂ ਬਾਹਰਲੇ ਪੱਤਰਕਾਰਾਂ ਵਰਗਾ ਹੀ, ਸੰਦੀਪ ਟੁਰਨਾ ਆਦਿ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਨੇ ਪਟਿਆਲਾ ਵਿਚ ਭਾਸਕਰ ਵਿਚ ਕੰਮ ਕੀਤਾ ਤੇ ਭਾਸਕਰ ਨੂੰ ਜ਼ਿਕਰਯੋਗ ਬਣਾਇਆ ਅੱਜ ਵੀ ਰਾਣਾ ਰਣਬੀਰ ਵਰਗੇ ਨਿਰਪੱਖ ਪੱਤਰਕਾਰ ਇਸ ਦੀ ਸ਼ਾਨ ਹਨ। ਇਸ ਵੇਲੇ ਪਟਿਆਲਾ ਦੇ ਇਲੈਕਟ੍ਰੋਨਿਕ ਮੀਡੀਆ ਵਿਚ ਵਿਸ਼ਾਲ ਅੰਗਰੀਸ਼ ਵੀ ਸਰਗਰਮ ਹੋ ਗਏ ਸਨ। ਡੀਡੀ ਨਿਊਜ ਵੱਲੋਂ ਅਮਰਦੀਪ ਸਿੰਘ ਸਰਗਰਮ ਸਨ।
ਅਮਰ ਉਜਾਲਾ ਵਿਚ ਰਤਨੇਸਵਰ ਪਾਂਡੇ ਤੇ ਹੋਰ ਕਈ ਪੱਤਰਕਾਰਾਂ ਸਮੇਤ ਅੱਜ ਤੱਕ ਰਿੰਪੀ ਗੁਪਤਾ ਕਾਰਜਸ਼ੀਲ ਹਨ।
ਇਸੇ ਤਰ੍ਹਾਂ ਦੈਨਿਕ ਜਾਗਰਨ ਵਿਚ ਸ਼ੁਰੂਆਤੀ ਦੌਰ ਵਿਚ ਪਟਿਆਲਾ ਤੋਂ ਸਰਬਜੀਤ ਉੱਖਲਾ (ਇਕ ਬਹੁਤ ਚੰਗਾ ਆਦਰਸ਼ਵਾਦੀ ਪੱਤਰਕਾਰ) ਨੇ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਸੰਜੇ ਵਰਮਾ (ਇਕ ਚੰਗਾ ਪੱਤਰਕਾਰ), ਭੁਪੇਸ਼ ਚੱਠਾ (ਰਾਸਟਰਪਤੀ ਐਵਾਰਡੀ ਪੱਤਰਕਾਰ) ਵਰਗੇ ਪੱਤਰਕਾਰਾਂ ਨੇ ਵੀ ਦੈਨਿਕ ਜਾਗਰਣ ਲਈ ਕੰਮ ਕੀਤਾ, ਅੱਜ ਕੱਲ੍ਹ ਤਾਂ ਦੈਨਿਕ ਜਾਗਰਣ ਸਮੇਤ ਪੰਜਾਬੀ ਜਾਗਰਣ ਦਾ ਸਟਾਫ਼ ਰਿਪੋਰਟ ਤੇ ਜ਼ਿਲ੍ਹਾ ਇੰਚਾਰਜ ਨਵਦੀਪ ਢੀਂਗਰਾ (ਨਵਦੀਪ ਢੀਂਗਰਾ ਪਹਿਲਾਂ ਸਪੋਕਸਮੈਨ ਵਿਚ ਬਿਜ਼ਨੈੱਸ ਪ੍ਰਤੀਨਿਧ ਹੁੰਦੇ ਸਨ ਪਰ ਮੈਂ (ਇਨ੍ਹਾਂ ਸਤਰਾਂ ਦੇ ਲੇਖਕ) ਜਦੋਂ ਸਪੋਕਸਮੈਨ ਦਾ ਪੰਜਾਬ ਬਿਊਰੋ ਸੀ ਤਾਂ ਉਸ ਵੇਲੇ ਮੈਂ ਪਟਿਆਲਾ ਦਫ਼ਤਰ ਤੋਂ ਕੰਮ ਕਰਦਾ ਸੀ, ਉਸ ਵੇਲੇ ਉਸ ਨੂੰ ਮੈਂ ਹੀ ਬਤੌਰ ਪੱਤਰਕਾਰ ਸਪੋਕਸਮੈਨ ਵਿਚ ਨਿਯੁਕਤ ਕਰਵਾਇਆ ਸੀ ਤੇ ਅੱਜ ਉਹ ਇਕ ਚੰਗਾ ਪੱਤਰਕਾਰ ਬਣ ਕੇ ਉੱਭਰਿਆ ਹੈ। ਤੇ ਪੰਜਾਬੀ ਜਾਗਰਣ ਵਿਚ ਪਰਗਟ ਸਿੰਘ ਬਲਬੇੜਾ ਵੀ ਕੰਮ ਕਰ ਰਹੇ ਹਨ। ਸੁਰੇਸ਼ ਕਾਮਰਾ ਵਰਗੇ ਪੱਤਰਕਾਰ, ਅਰਵਿੰਦ ਸ੍ਰੀ ਵਾਸਤਵ, ਦੀਪਕ ਮੋਦਿਗਿਲ ਆਦਿ ਵੀ ਦੈਨਿਕ ਜਾਗਰਣ ਵਿਚ ਕਾਰਜਸ਼ੀਲ ਹਨ।
ਅਮਰ ਉਜਾਲਾ ਦੇ ਬਿਊਰੋ ਹੈੱਡ ਪ੍ਰਦੀਪ ਮਿਸ਼ਰਾ ਨੇ ਪਟਿਆਲਾ ਵਿਚ ਪੱਤਰਕਾਰਤਾ ਦੀ ਭਰਵੀਂ ਹਾਜ਼ਰੀ ਲਗਾ ਰੱਖੀ ਸੀ, ਪਟਿਆਲਾ ਵਿਚ ਦੇਹ ਵਪਾਰ ਦਾ ਧੰਦਾ ਜ਼ੋਰਾਂ ਤੇ ਚੱਲ ਰਿਹਾ ਸੀ, ਇਸ ਸਬੰਧੀ ਇਕ ਲੜੀ ਅਮਰ ਉਜਾਲਾ ਵੱਲੋਂ ਸ਼ੁਰੂ ਕੀਤੀ ਗਈ, ਇਸ ਲੜੀ ਕਰਕੇ ਪਟਿਆਲਾ ਪੁਲੀਸ ਨੂੰ ਵੀ ਕਾਫ਼ੀ ਨਮੋਸ਼ੀ ਝੱਲਣੀ ਪੈ ਰਹੀ ਸੀ, ਭਾਵੇਂ ਕਿ ਇਹ ਲੜੀ ਅਸੀਂ ਵੀ ਉਸ ਤੋਂ ਪਹਿਲਾਂ ਸ਼ੁਰੂ ਕੀਤੀ ਸੀ। ਸਾਡੇ ਖ਼ਿਲਾਫ਼ ਵੀ ਕਾਫ਼ੀ ਮੁਹਿੰਮਾਂ ਸ਼ੁਰੂ ਹੋਈਆਂ ਸਨ ਪਰ ਲੋਕਲ ਪੱਤਰਕਾਰ ਹੋਣ ਕਰਕੇ ਸਾਡੇ ਵੱਲ ਦੇਹ ਵਪਾਰ ਦੇ ਧੰਦੇ ਵਿਚ ਲੁਪਤ ਲੋਕਾਂ ਵੱਲੋਂ ਕੋਈ ਕਾਰਵਾਈ ਕਰਨਾ ਔਖਾ ਸੀ, ਪਰ ਪ੍ਰਦੀਪ ਮਿਸ਼ਰਾ ਗੈਰ ਪੰਜਾਬੀ ਸੀ, ਇਸ ਕਰਕੇ ਉਸ ਵੱਲ ਸੌਖਾ ਕਾਰਵਾਈ ਕੀਤੀ ਜਾ ਸਕਦੀ ਸੀ। ਦੇਹ ਵਪਾਰ ਦੇ ਧੰਦੇ ਵਾਲੀਆਂ ਔਰਤਾਂ ਵੀ ਪ੍ਰੇਸ਼ਾਨ ਸਨ ਤੇ ਪੁਲੀਸ ਵੀ ਪ੍ਰੇਸ਼ਾਨ ਸੀ, ਪਟਿਆਲਾ ਵਿਚ ਐਸਐਸਪੀ ਪਰਮਰਾਜ ਉਮਰਾਨੰਗਲ ਹੁੰਦਾ ਸੀ।
ਇਕ ਦਿਨ ਸਵੇਰ ਦੀ ਪੱਤਰਕਾਰਾਂ ਨਾਲ ਮੀਟਿੰਗ ਕਰਨ ਤੋਂ ਪ੍ਰਦੀਪ ਮਿਸ਼ਰਾ ਦਫ਼ਤਰੀ ਕੰਮ ਦਫ਼ਤਰ ਵਿਚ ਕਰ ਰਹੇ ਸਨ। ਅਚਾਨਕ ਤਿੰਨ ਕੁੜੀਆਂ ਉਸ ਦੇ ਦਫ਼ਤਰ ਵਿਚ ਦਾਖਲ ਹੁੰਦੀਆਂ ਹਨ, ਦਫ਼ਤਰ ਦੇ ਅੰਦਰ ਚੁਫੇਰੇ ਨਜ਼ਰ ਘੁਮਾਉਂਦੀਆਂ ਹਨ, ਦਫ਼ਤਰ ਵਿਚ ਸੁੰਨਸਾਨ ਹੈ ਪਰ ਦਫ਼ਤਰ ਦੇ ਇਕ ਖੂੰਜੇ ਵਿਚ ਸਰਕੂਲੇਸ਼ਨ ਵਾਲੇ ਆਪਣੇ ਕੰਮ ਵਿਚ ਮਸਰੂਫ਼ ਹਨ। ਸੇਵਾਦਾਰ ਕਿਸੇ ਕੰਮ ਬਾਹਰ ਗਿਆ ਹੈ, ਪ੍ਰਦੀਪ ਮਿਸ਼ਰਾ ਦਾ ਧਿਆਨ ਇਨ੍ਹਾਂ ਕੁੜੀਆਂ ਵੱਲ ਗਿਆ ਤਾਂ ਉਹ ਥੋੜ੍ਹਾ ਚੌਕਸ ਹੋਇਆ, ਉਸ ਨੇ ਸਰਸਰੀ ਹਿੰਦੀ ਵਿਚ ਪੁੱਛਿਆ ‘ਜੀ ਬਤਾਈਏ, ਕਿਸੇ ਮਿਲਣਾ ਹੈ?’ ਪ੍ਰਦੀਪ ਮਿਸ਼ਰਾ ਕੋਲ ਆਉਣ ਸਾਰ ਤਿੰਨ ਕੁੜੀਆਂ ਨੇ ਨਿਮਰਤਾ ਸਹਿਤ ਨਮਸਕਾਰ ਬਗੈਰਾ ਬੁਲਾਈ ਤੇ ਨਿਮਰਤਾ ਨਾਲ ਪੁਛਿਆ ‘‘ਸਰ ਆਪ ਕੇ ਜਹਾਂ ਕੋਈ ਨੌਕਰੀ ਕੇ ਲੀਏ ਪੋਸਟ ਨਿਕਾਲੀ ਗਈ ਹੈਂ?’’ ਪ੍ਰਦੀਪ ਮਿਸ਼ਰਾ ਨੇ ਇਸ ਗੱਲੋਂ ਇਨਕਾਰ ਕੀਤਾ ਤੇ ਕਿਹਾ ਕਿ ‘ਅਭੀ ਨਹੀਂ, ਮਗਰ ਹਮੇਂ ਫ਼ੀਲਡ ਮੇ ਸਰਵੇ ਕੇ ਲੀਏ ਗਰਲਜ਼ ਚਾਈਏ,’’ ਪ੍ਰਦੀਪ ਮਿਸ਼ਰਾ ਨੇ ਕੁੜੀਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ, ਇਸ਼ਾਰਾ ਪਾਕੇ ਹੀ ਕੁੜੀਆਂ ਖੜੀਆਂ ਹੀ ਗੱਲਾਂ ਕਰਨ ਲੱਗੀਆਂ, ਸ਼ਾਇਦ ਅੱਧੇ ਜਾਂ ਫਿਰ ਇਕ ਮਿੰਟ ਦੀਆਂ ਗੱਲਾਂ ਹੋਈਆਂ ਹੋਣਗੀਆਂ ਕਿ ਅਚਾਨਕ ਕੁੜੀਆਂ ਨੇ ਪ੍ਰਦੀਪ ਮਿਸ਼ਰਾ ਤੇ ਥੱਪੜਾਂ ਦਾ ਅਟੈਕ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ, ਪ੍ਰਦੀਪ ਮਿਸ਼ਰਾ ਤਕੜਾ ਸੀ, ਅਚਾਨਕ ਕੁਰਸੀ ਤੋਂ ਉੱਠਿਆ, ਪਰ ਕੁੜੀਆਂ ਨੇ ਇੰਨੇ ਵਿਚ ਹੀ ਹੋਰ ਕੁੱਟਣਾ ਸ਼ੁਰੂ ਕੀਤਾ ਤੇ ਕੁੜੀਆਂ ਗਾਲ਼ਾਂ ਵੀ ਕੱਢ ਰਹੀਆਂ ਸਨ, ਤੇ ਕਹਿ ਰਹੀਆਂ ਸਨ ਕਿ ‘‘ਤੂੰ ਹਮੇ ਛੇੜਤਾ ਹੈ, ਤੂੰ ਹਮੇ ਹਾਥ ਲਗਾਤਾ ਹੈ’’ ਅਜਿਹੀਆਂ ਬੇਸਿਰ ਪੈਰ ਦੀਆਂ ਗੱਲਾਂ ਕੁੜੀਆਂ ਵੱਲੋਂ ਕੀਤੀਆਂ ਜਾ ਰਹੀਆਂ ਸਨ, ਇਹ ਘਟਨਾਕ੍ਰਮ ਮਸਾਂ 2-3 ਮਿੰਟ ਦਾ ਹੀ ਹੋਇਆ ਹੋਵੇਗਾ, ਇੰਨੇ ਵਿਚ ਕੁੜੀਆਂ ਉੱਥੋਂ ਖਿਸਕ ਗਈਆਂ, ਤੇ ਉਹ ਉੱਥੋਂ ਖਿਸਕ ਕੇ ਪਟਿਆਲਾ ਦੇ ਇਕ ਥਾਣੇ ਵਿਚ ਪੁੱਜੀਆਂ। ਥਾਣੇ ਵਿਚ ਪੁੱਜ ਕੇ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ, ਸ਼ਿਕਾਇਤ ਦੇ ਮੁੱਖ ਅੰਸ਼ ਸਨ ਕਿ ‘ਪ੍ਰਦੀਪ ਮਿਸ਼ਰਾ ਕੋਲ ਅਸੀਂ ਨੌਕਰੀ ਦਾ ਪਤਾ ਕਰਨ ਗਈਆਂ ਸੀ, ਉਸ ਨੇ ਸਾਡੇ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।’ ਗੱਲ ਸਾਰੇ ਪੱਤਰਕਾਰਾਂ ਕੋਲ ਪਹੁੰਚ ਗਈ, ਪੱਤਰਕਾਰ ਝਟਪਟ ਇਕੱਠੇ ਹੋਏ ਤੇ ਐਸਐਸਪੀ ਉਮਰਾਨੰਗਲ ਕੋਲ ਪਹੁੰਚ ਗਏ, ਉਮਰਾਨੰਗਲ ਦੀ ਇਕ ਗੱਲ ਨਹੀਂ ਸਮਝ ਆਈ ਕਿ ਉਸ ਨੇ ਇਹ ਕਿਉਂ ਕਿਹਾ ਕਿ ‘‘ਪੱਤਰਕਾਰਾਂ ਨੂੰ ਵੀ ਤਾਂ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜਦੋਂ ਉਹ ਔਰਤਾਂ ਨੂੰ ਧੰਦੇ ਵਾਲੀਆਂ ਕਰਕੇ ਲਿਖਣਗੇ ਤਾਂ ਉਹ ਵੀ ਤਾਂ ਆਪਣਾ ਪੱਖ ਜ਼ਾਹਰ ਕਰਨਗੀਆਂ ਹੀ’’ ਭਾਵ ਸਪਸ਼ਟ ਹੋ ਗਿਆ ਸੀ ਕਿ ਮਾਮਲਾ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਦੀਆਂ ਅਮਰ ਉਜਾਲਾ ਵਿਚ ਪ੍ਰਕਾਸ਼ਿਤ ਹੋ ਰਹੀਆਂ ਰਿਪੋਰਟਾਂ ਨਾਲ ਜੁੜਿਆ ਹੋਇਆ ਸੀ। ਪੱਤਰਕਾਰਾਂ ਦਾ ਦਬਾਅ ਸੀ ਕਿ ਪ੍ਰਦੀਪ ਮਿਸ਼ਰਾ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ, ਪਰ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਉਹ ਤਿੰਨ ਕੁੜੀਆਂ ਕਦੇ ਵੀ ਫੇਰ ਪੁਲੀਸ ਕੋਲ ਜਾਂ ਫਿਰ ਪੱਤਰਕਾਰਾਂ ਕੋਲ ਜਾਂ ਫਿਰ ਸਮਾਜ ਵਿਚ ਕਿਤੇ ਵੀ ਨਜ਼ਰ ਨਹੀਂ ਆਈਆਂ। ਇਸ ਸਾਰੀ ਕਾਰਵਾਈ ਦੇ ਪਿੱਛੇ ਪ੍ਰਵੀਨ ਕੋਮਲ ਦੇ ਹੱਥ ਦਾ ਦੋਸ਼ ਲੱਗਿਆ, ਬੇਸ਼ੱਕ ਪ੍ਰਵੀਨ ਕੋਮਲ ਨੇ ਇਸ ਬਾਰੇ ਸਿਰੇ ਤੋਂ ਨਕਾਰਿਆ ਤੇ ਇਹ ਲਿਖਤਾਂ ਲਿਖਣ ਵਾਲੇ ਨਾਲ ਗੱਲ ਦੀ ਸਾਂਝ ਪਾਉਂਦਿਆਂ ਕਿਹਾ ਕਿ ‘‘ਉਸ ਦਾ ਤਾਂ ਬਹੁਤ ਹੀ ਗੁੜ੍ਹਾ ਦੋਸਤ ਰਿਹਾ ਹੈ, ਪਰ ਇਹ ਜੋ ਮੇਰੇ ਖ਼ਿਲਾਫ਼ ਦੋਸ਼ ਲੱਗੇ ਹਨ ਉਹ ਸਰਾਸਰ ਝੂਠੇ ਸਨ।’’ ਇਹ ਵੀ ਗੱਲ ਸਹੀ ਹੈ ਕਿ ਇਸ ਚਰਚਾ ਦੇ ਪਿੱਛੇ ਦੇ ਸੱਚ ਨੂੰ ਕੋਈ ਸਾਬਤ ਨਹੀਂ ਕਰ ਸਕਦਾ ਪਰ ਇੱਥੇ ਪ੍ਰਵੀਨ ਕੋਮਲ ਦੀ ਦਹਿਸ਼ਤ ਜ਼ਰੂਰ ਆਪਣੇ ਆਪ ਹੀ ਪਟਿਆਲਾ ਦੇ ਮੀਡੀਆ ਵਿਚ ਪੈ ਗਈ ਸੀ। ਇਕ ਹੋਰ ਨਵੀਂ ਸਿਰਜਣਾ ਹੋਈ ਕਿ ਪਟਿਆਲਾ ਦੇ ਹਿੰਦੀ ਦੇ ਗੈਰ ਪੰਜਾਬੀ ਪੱਤਰਕਾਰ ਹੁਣ ਪਹਿਲਾਂ ਵਾਂਗ ਪਟਿਆਲਾ ਦੇ ਲੋਕਲ ਪੱਤਰਕਾਰਾਂ ਨੂੰ ਦੂਰ ਦੇ ਸਮਝਣ ਤੋਂ ਬੰਦ ਕਰ ਗਏ ਸਨ, ਹੁਣ ਪੰਜਾਬੀ ਪੱਤਰਕਾਰਾਂ ਤੇ ਹਿੰਦੀ ਪੱਤਰਕਾਰਾਂ ਵਿਚ ਕਾਫ਼ੀ ਮਿਲਵਰਤਨ ਬਣ ਗਿਆ ਸੀ। ਇਹ ਗੱਲ ਸਹੀ ਹੈ ਕਿ ਪੰਜਾਬੀ ਹਰੇਕ ਦੀ ਸਹਾਇਤਾ ਕਰਨ ਵਿਚ ਮਾਣ ਮਹਿਸੂਸ ਕਰਦਾ ਹੈ।ਇਸ ਘਟਨਾਂ ਤੋਂ ਬਾਅਦ ਪ੍ਰਦੀਪ ਮਿਸ਼ਰਾ ਪਟਿਆਲਾ ਤੋਂ ਬਦਲ ਗਏ ਸਨ ਤੇ ਇਥੇ ਬਿਊਰੋ ਹੈੱਡ ਦੇ ਤੌਰ ਤੇ ਰਤਨੇਸ਼ਵਰ ਪਾਂਡੇ ਨਿਯੁਕਤ ਹੋ ਗਏ ਸਨ।
ਦੂਜੀ ਦਹਿਸਤ ਪ੍ਰਵੀਨ ਕੋਮਲ ਦੀ ਉਦੋਂ ਆਪਣੇ ਆਪ ਹੀ ਪਈ ਜਦੋਂ ਭਾਸਕਰ ਦੇ ਕ੍ਰਾਈਮ ਪੱਤਰਕਾਰ ਗੌਰਵ ਸ਼ਰਮਾ ਦਾ ਕਾਂਡ ਵਾਪਰਿਆ, ਇਹ ਦੋਸ਼ ਵੀ ਪ੍ਰਵੀਨ ਕੋਮਲ ਦੇ ਨਾਮ ਤੇ ਹੀ ਲੱਗਾ, ਬੇਸ਼ੱਕ ਪ੍ਰਵੀਨ ਕੋਮਲ ਨੇ ਇਸ ਤੋਂ ਵੀ ਇਨਕਾਰ ਕੀਤਾ, ਤੇ ਕਿਹਾ ਕਿ ਗੌਰਵ ਨੇ ਕੁੜੀ ਛੇੜੀ ਸੀ ਤਾਂ ਹੀ ਉਸ ਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ, ਪਰ ਇਸ ਬਾਰੇ ਉਸ ਨੂੰ ਕੋਈ ਪਤਾ ਨਹੀਂ ਹੈ, ਪ੍ਰਵੀਨ ਕੋਮਲ ਨੂੰ ਪੁੱਛਿਆ ਗਿਆ ਕਿ ‘ਤੁਹਾਨੂੰ ਪਟਿਆਲਾ ਵਿਚ ਪੱਤਰਕਾਰਾਂ ਦੇ ਵਿਰੁੱਧ ਡਾਨ ਸਮਝਿਆ ਜਾਣ ਲੱਗ ਪਿਆ ਸੀ ਕੀ ਤੁਹਾਨੂੰ ਇਸ ਦਾ ਪਤਾ ਹੈ?’ ਪ੍ਰਵੀਨ ਕੋਮਲ ਨੇ ਕਿਹਾ ‘ਮੈਨੂੰ ਤਾਂ ਖ਼ੁਦ ਪਤਾ ਨਹੀਂ ਕਿ ਮੈਨੂੰ ਪਟਿਆਲਾ ਵਿਚ ਪੱਤਰਕਾਰਾਂ ਦਾ ਡਾਨ ਸਮਝਦੇ ਸਨ। ਪਰ ਮੈਂ ਹੈਰਾਨ ਹਾਂ ਕਿ ਅਜਿਹਾ ਮੇਰੇ ਖ਼ਿਲਾਫ਼ ਕਿਉਂ ਬਿਰਤਾਂਤ ਸਿਰਜਿਆ ਗਿਆ। ਮੈਂ ਅਜਿਹੇ ਕਿਸੇ ਵੀ ਕਾਂਡ ਵਿਚ ਸ਼ਾਮਲ ਨਹੀਂ ਸੀ, ਸਗੋਂ ਪੱਤਰਕਾਰਾਂ ਦੀ ਭਲਾਈ ਲਈ ਉਹ ਸਦਾ ਕੰਮ ਕਰਦਾ ਰਿਹਾ ਤੇ ਅੱਜ ਵੀ ਕਰ ਰਿਹਾ ਹੈ।’
ਭਾਸਕਰ ਵਾਲੇ ਗੌਰਵ ਸ਼ਰਮਾ ਕ੍ਰਾਈਮ ਰਿਪੋਰਟਰ ਦਾ ਪਟਿਆਲਾ ਪੁਲੀਸ ਵਿਚ ਕਾਫ਼ੀ ਚਰਚਾ ਸੀ, ਉਹ ਪਟਿਆਲਾ ਵਿਚ ਕ੍ਰਾਈਮ ਪੱਤਰਕਾਰੀ ਵਿਚ ਤਹਿਲਕਾ ਮਚਾ ਰਿਹਾ ਸੀ, ਰੋਜ਼ਾਨਾ ਪੁਲੀਸ ਦਾ ਕੋਈ ਨਾ ਕੋਈ ਭਾਂਡਾ ਫੋੜਿਆ ਹੁੰਦਾ ਸੀ, ਪਟਿਆਲਾ ਦੇ ਐਸਐਸਪੀ ਪਰਮਰਾਜ ਉਮਰਾਨੰਗਲ ਇਸ ਗੱਲ ਨੂੰ ਲੈ ਕੇ ਕਾਫ਼ੀ ਚਿੰਤਤ ਸੀ, ਕਈ ਵਾਰੀ ਪ੍ਰੈੱਸ ਕਾਨਫ਼ਰੰਸਾਂ ਵਿਚ ਉਹ ਇਸ ਗੱਲ ਦਾ ਅਸਿੱਧੇ ਰੂਪ ਵਿਚ ਜ਼ਿਕਰ ਵੀ ਕਰ ਚੁੱਕਿਆ ਸੀ। ਪਰ ਗੌਰਵ ਸ਼ਰਮਾ ਇਸ ਗੱਲੋਂ ਕੋਈ ਪ੍ਰਵਾਹ ਨਹੀਂ ਕਰ ਰਿਹਾ ਸੀ।
ਗੌਰਵ ਭਾਸਕਰ ਹਿੰਦੀ ਅਖ਼ਬਾਰ ਦਾ ਪੰਜਾਬੀ ਪੱਤਰਕਾਰ ਸੀ। ਇਕ ਦਿਨ ਉਹ ਰਾਜਿੰਦਰਾ ਹਸਪਤਾਲ ਵਿਚ ਆਮ ਦੀ ਤਰ੍ਹਾਂ ਖ਼ਬਰਾਂ ਇਕੱਤਰ ਕਰਨ ਲਈ ਆਪਣੇ ਮੋਟਰ ਸਾਈਕਲ ਤੇ ਜਾ ਰਿਹਾ ਸੀ, ਫੁਆਰਾ ਚੌਂਕ ਤੋਂ ਅਜੇ ਰਾਜਿੰਦਰਾ ਹਸਪਤਾਲ ਵਾਲੇ ਪਾਸੇ ਲੰਘਿਆ ਹੀ ਸੀ ਕਿ ਅਚਾਨਕ ਇਕ ਪੁਲੀਸ ਮੁਲਾਜ਼ਮ ਨੇ ਗੌਰਵ ਨੂੰ ਰੋਕਿਆ ਤੇ ਕਿਹਾ ਕਿ ‘ਤੁਸੀਂ ਇੱਧਰ ਫਿਰ ਰਹੇ ਹੋ ਪਰ ਲੀਲ੍ਹਾ ਭਵਨ ਵਿਚ ਗੋਪਾਲ ਸਵੀਟਸ ਕੋਲ ਤਾਂ ਕਿਸੇ ਮੁੰਡੇ ਨੇ ਇਕ ਕੁੜੀ ਨਾਲ ਵਾਹਵਾ ਝਗੜਾ ਕੀਤਾ ਹੋਇਆ ਹੈ, ਉੱਥੇ ਤਾਂ ਕਾਫ਼ੀ ਭੀੜ ਲੱਗੀ ਹੋਈ ਹੈ’ ਇਹ ਗੱਲ ਆਖੀ ਸੀ ਖ਼ਬਰ ਦੇ ਸਪੌਟ ਦੇ ਲਾਲਚ ਨਾਲ ਗੌਰਵ ਨੇ ਝੱਟ ਮੋਟਰਸਾਈਕਲ ਦਾ ਮੂੰਹ ਗੋਪਾਲ ਸਵੀਟਸ ਵਾਲੇ ਪਾਸੇ ਮੋੜ ਦਿੱਤਾ। ਗੋਪਾਲ ਸਵੀਟਸ ਕੋਲ ਜਦੋਂ ਗੌਰਵ ਗਿਆ ਤਾਂ ਉੱਥੇ ਕਾਫ਼ੀ ਇਕੱਠ ਹੋਇਆ ਸੀ, ਕੋਈ ਕੁੜੀ ਰੌਲਾ ਪਾ ਰਹੀ ਸੀ ਕਿ ਉਸ ਦੀ ਕਿਸੇ ਨੇ ਚੈਨੀ ਚੋਰੀ ਕਰ ਲਈ ਹੈ ਤੇ ਉਸ ਨੂੰ ਕਿਸੇ ਨੇ ਛੇੜਿਆ ਹੈ, ਉਸ ਨਾਲ ਬੁਰਾ ਕੀਤਾ ਹੈ ਬਗੈਰਾ ਬਗੈਰਾ। ਜਦੋਂ ਹੀ ਗੌਰਵ ਉਸ ਇਕੱਠ ਵਿਚ ਕਾਰਨ ਪੁੱਛਣ ਲੱਗਾ ਤਾਂ ਸਭ ਦਾ ਧਿਆਨ ਉਸ ਵੱਲ ਗਿਆ, ਉਹ ਕੁੜੀ ਹੋਰ ਰੌਲਾ ਪਾ ਰਹੀ ਸੀ, ਉਸ ਨੇ ਅਚਾਨਕ ਗੌਰਵ ਵੱਲ ਦੇਖਿਆ, ਨਾਲ ਹੀ ਕਿਸੇ ਹੋਰ ਵੱਲ ਵੀ ਉਹ ਦੇਖ ਰਹੀ ਸੀ, ਸ਼ਾਇਦ ਉਸ ਨੂੰ ਕਥਿਤ ਇਸ਼ਾਰਾ ਮਿਲ ਗਿਆ ਸੀ ਤਾਂ ਉਸ ਨੇ ਝੱਟ ਉਸ ਨੇ ਗੌਰਵ ਦਾ ਗਲ਼ਾਵਾਂ ਫੜ ਲਿਆ ਤੇ ਕਹਿਣ ਲੱਗੀ ‘ਇਹ ਹੀ ਹੈ ਜਿਸ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ, ਜਿਸ ਨੇ ਉਸ ਦੀ ਚੈਨੀ ਚੋਰੀ ਕੀਤੀ ਹੈ’ ਬੱਸ ਏਨਾ ਕਹਿਣਾ ਸੀ ਕਿ ਰੌਲਾ ਪੈ ਗਿਆ, ਰੌਲ਼ੇ ਵਿਚ ਹੀ ਪੁਲੀਸ ਸ਼ਿਸਤ ਬੰਨ੍ਹ ਕੇ ਖੜੀ ਸੀ ਕਿ ਗੌਰਵ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ।
ਭਾਸਕਰ ਅਖ਼ਬਾਰ ਦੇ ਦਫ਼ਤਰ ਵਿਚ ਕਿਸੇ ਨੂੰ ਪਤਾ ਨਹੀਂ, ਜਦੋਂ ਉਹ ਦੇਰੀ ਤੱਕ ਨਹੀਂ ਪੁੱਜਾ ਤਾਂ ਉਸ ਨੂੰ ਭਾਸਕਰ ਵਿਚੋਂ ਫ਼ੋਨ ਕਰਨ ਲੱਗੇ ਪਰ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ, ਆਖ਼ਿਰ ਭਾਸਕਰ ਵਿਚੋਂ ਮੇਰੇ ਕੋਲ (ਇਨ੍ਹਾਂ ਸਤਰਾਂ ਦੇ ਲੇਖਕ ਕੋਲ) ਫ਼ੋਨ ਆਇਆ, ਨਾਲ ਦੀ ਨਾਲ ਪੱਤਰਕਾਰਾਂ ਨੂੰ ਫ਼ੋਨ ਕੀਤੇ ਗਏ, ਪੱਤਰਕਾਰ ਜਿਸ ਨੂੰ ਵੀ ਫ਼ੋਨ ਗਿਆ, ਇਕ ਦੋ ਨੂੰ ਛੱਡ ਕੇ ਸਾਰੇ ਬਾਰਾਂਦਰੀ ਐਸਐਸਪੀ ਦਫ਼ਤਰ ਦੇ ਬਾਹਰ ਇਕੱਠੇ ਹੋ ਗਏ ਸਨ, ਬੜਾ ਹੀ ਤਰੱਦਦ ਕਰਨ ਤੋਂ ਬਾਅਦ ਪਤਾ ਲੱਗਾ ਕਿ ਗੌਰਵ ਤਾਂ ਮਾਡਲ ਟਾਊਨ ਦੀ ਪੁਲੀਸ ਚੌਂਕੀ ਵਿਚ ਬੰਦ ਹੈ। ਸਾਰੇ ਪੱਤਰਕਾਰ ਉੱਧਰ ਨੂੰ ਹੋ ਲਏ, ਪੁਲੀਸ ਚੌਂਕੀ ਵਿਚ ਜਾ ਕੇ ਦੇਖਿਆ, ਪੁਲੀਸ ਚੌਂਕੀ ਵਿਚ ਸੰਨਾਟਾ ਸੀ, ਮੌਤ ਵਰਗਾ ਸੰਨਾਟਾ, ਗੌਰਵ ਨੂੰ ਸਖ਼ਤ ਮੁਜਰਮਾਂ ਵਾਂਗ ਹਵਾਲਾਤ ਵਿਚ ਬੰਦ ਕੀਤਾ ਹੋਇਆ ਸੀ, ਉਸ ਦੀ ਜਾਮਾ ਤਲਾਸ਼ੀ ਹੋ ਗਈ ਸੀ, ਉਸ ਦੇ ਪੈਰ ਨੰਗੇ ਸਨ। ਉਸ ਦਾ ਚਿਹਰੇ ਤੇ ਬੇਸ਼ੱਕ ਇਕ ਘਬਰਾਹਟ ਸੀ ਪਰ ਉਹ ਫਿਰ ਵੀ ਨਿਡਰ ਨਜ਼ਰ ਆ ਰਿਹਾ ਸੀ। ਉਸ ਤੋਂ ਬਾਅਦ ਦੇਰ ਰਾਤ ਐਸਐੇਸਪੀ ਨਾਲ ਸੰਪਰਕ ਕੀਤਾ ਗਿਆ, ਐਸਐਸਪੀ ਨਾਲ ਸੰਪਰਕ ਨਹੀਂ ਹੋ ਰਿਹਾ ਸੀ, ਪਰ ਰਾਤ ਨੂੰ ਗੌਰਵ ਨੂੰ ਕੋਈ ਵੀ ਹਿਰਾਸਤ ਵਿਚੋਂ ਛੱਡਣ ਲਈ ਤਿਆਰ ਨਹੀਂ ਸੀ, ਐਸਐਸਪੀ ਦੇ ਘਰ ਜਾਣਾ ਪਿਆ, ਆਖ਼ਿਰ ਗੌਰਵ ਨੂੰ ਪੱਤਰਕਾਰਾਂ ਵੱਲੋਂ ਕੀਤੀ ਮਿਹਨਤ ਨੇ ਛੁਡਾ ਲਿਆ ਸੀ। ਗੌਰਵ ਵਾਰ ਵਾਰ ਇਹ ਕਹਿ ਰਿਹਾ ਸੀ ‘ਇਹ ਕੀ ਹੋਇਆ ਮੇਰੇ ਨਾਲ? ਕਹਿੰਦੀ ਮੈਂ ਉਸ ਦੀ ਚੈਨੀ ਵੀ ਖੋਹ ਲਈ ਹੈ, ਯਾਰ ਕਮਾਲ ਹੋ ਗਈ’
ਉਸ ਦੀਆਂ ਉਸ ਵੇਲੇ ਦੀਆਂ ਗੱਲਾਂ ਯਾਦ ਕਰਕੇ ਅੱਜ ਹੈਰਾਨ ਵੀ ਹੁੰਦੇ ਹਾਂ ਤੇ ਹਾਸਾ ਵੀ ਆਉਂਦਾ ਹੈ ਕਿ ਪੁਲੀਸ ਕਿਵੇਂ ਪੱਤਰਕਾਰਾਂ ਨੂੰ ਫਸਾਉਂਦੀ ਹੈ, ਪਟਿਆਲਾ ਵਿਚ ਉਸ ਵੇਲੇ ਪੱਤਰਕਾਰਾਂ ਦਾ ਏਕਾ ਸੀ ਨਹੀਂ ਤਾਂ ਗੌਰਵ ਦੀ ਜੇਲ੍ਹ ਦੀ ਤਿਆਰੀ ਹੋ ਹੀ ਗਈ ਸੀ, ਹੈਰਾਨੀਜਨਕ ਇਹ ਵੀ ਹੈ ਕਿ ਗੌਰਵ ਖ਼ਿਲਾਫ਼ ਤਾਂ ਪੁਲੀਸ ਕਾਰਵਾਈ ਕੋਈ ਖ਼ਾਸ ਨਹੀਂ ਹੋਈ ਪਰ ਗੌਰਵ ਨੂੰ ਫੜਾਉਣ ਵਾਲੀ ਉਹ ਕੁੜੀ ਅੱਜ ਤੱਕ ਕਦੇ ਵੀ ਸਾਹਮਣੇ ਨਹੀਂ ਆਈ, ਨਾ ਤਾਂ ਉਹ ਮੁੜ ਕੇ ਇਹ ਕਲੇਮ ਕਰਨ ਲਈ ਪੁੱਜੀ ਕਿ ਉਸ ਦੀ ਚੈਨ ਖੋਹ ਲਈ ਹੈ ਨਾ ਹੀ ਉਹ ਕਦੇ ਮੁੜ ਕੇ ਕੇਸ ਦੀ ਪੈਰਵੀ ਕਰਨ ਪੁੱਜੀ, ਭਾਵ ਕਿ ਉਹ ਕੁੜੀ ਜਿਵੇਂ ਭੂਤਨੀ ਸੀ ਉਹ ਆਈ ਤੇ ਕਾਰਵਾਈ ਕਰਵਾ ਕੇ ਚੱਲਦੀ ਬਣੀ ਭਾਵ ਅਲੋਪ ਹੋ ਗਈ। ਪਰ ਗੌਰਵ ਨੂੰ ਸਮਝ ਆ ਗਈ ਸੀ ਕਿ ਕ੍ਰਾਈਮ ਪੱਤਰਕਾਰੀ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ। ਪੁਲੀਸ ਕੇਸ ਬਣਾ ਵੀ ਸਕਦੀ ਹੈ ਪੁਲੀਸ ਝੂਠੇ ਕੇਸ ਵਿਚ ਫਸਾ ਵੀ ਸਕਦੀ ਹੈ, ਪਰ ਜੇਕਰ ਪੱਤਰਕਾਰਾਂ ਦਾ ਏਕਾ ਹੋਵੇ ਤਾਂ ਪੁਲੀਸ ਆਪਣਾ ਕਦਮ ਪਿੱਛੇ ਵੀ ਖਿੱਚ ਲੈਂਦੀ ਹੈ।
ਐਸਐਸਪੀ ਉਮਰਾਨੰਗਲ ਦੇ ਅਜਿਹੇ ਬਹੁਤ ਸਾਰੇ ਕਾਰਨਾਮੇ ਹਨ ਜੋ ਜ਼ਿਕਰ ਕੀਤੇ ਜਾ ਸਕਦੇ ਹਨ। ਦਲੇਰ ਮਹਿੰਦੀ ਦਾ ਪ੍ਰਕਰਨ ਵੱਡਾ ਸਬੂਤ ਹੈ। ਇਕ ਹੋਰ ਮਾਮਲਾ ਯਾਦ ਆਗਿਆ, ਜਿਸ ਲਈ ਮੇਰੇ ਸਾਥੀ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਨੇ ਵੀ ਮਦਦ ਕੀਤੀ, ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਮਹਿੰਦੀ ਤੇ ਦੋਸ਼ ਲੱਗੇ ਸਨ ਕਿ ਉਸ ਨੇ ਵਿਦੇਸ਼ਾਂ ਵਿਚ ਲੈ ਜਾਣ ਲਈ ਕੁਝ ਵਿਅਕਤੀਆਂ ਤੋਂ ਰੁਪਏ ਲਏ ਹਨ, ਉਸ ਵਿਚ ਦਲੇਰ ਮਹਿੰਦੀ ਦਾ ਨਾਮ ਵੀ ਬੋਲਦਾ ਸੀ, ਦਲੇਰ ਮਹਿੰਦੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਕਿ ਪਟਿਆਲਾ ਪੁਲੀਸ ਨੇ ਉਸ ਨਾਲ ਸੰਪਰਕ ਕਰਕੇ ਕਥਿਤ ਰੁਪਿਆਂ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਐਸਐਸਪੀ ਪਰਮਰਾਜ ਉਮਰਾਨੰਗਲ ਦੀ ਅਗਵਾਈ ਵਿਚ ਦਲੇਰ ਮਹਿੰਦੀ ਨੂੰ ਪਟਿਆਲਾ ਪੁਲੀਸ ਵੱਲੋਂ ਸੰਮਨ ਕਰ ਲਿਆ ਗਿਆ, ਮੈਂ ਉਸ ਵੇਲੇ ਸਰਗਰਮ ਪੱਤਰਕਾਰੀ ਵਿਚ ਸੀ, ਉਸ ਵੇਲੇ ਜੰਗਵੀਰ ਸਿੰਘ ਤੇ ਰਵੀ ਧਾਲੀਵਾਲ ਦਾ ਟ੍ਰਿਬਿਊਨ, ਗੁਰਕਿਰਪਾਲ ਸਿੰਘ ਅਸ਼ਕ ਟਾਈਮਜ਼ ਆਫ਼ ਇੰਡੀਆ, ਜੋਗਿੰਦਰ ਮੋਹਨ ਤੇ ਜਗਦੀਪ ਚੋਪੜਾ ਇੰਡੀਅਨ ਐਕਸਪ੍ਰੈੱਸ, ਇੰਡੀਅਨ ਐਕਸਪ੍ਰੈੱਸ ਵਿਚ ਕੁਝ ਸਮਾਂ ਸੰਜੀਵ ਚੋਪੜਾ ਨੇ ਵੀ ਹਾਜ਼ਰੀ ਲਗਾਈ ਸੋਹਣਾ ਜਿਹਾ ਮੁੰਡਾ ਸੰਜੀਵ! ਯੂ ਐਨ ਆਈ ਤੋਂ ਗਗਨਦੀਪ ਸਿੰਘ ਅਹੂਜਾ, ਬਿੰਦੂ ਸਿੰਘ, ਜਗਬਾਣੀ ਪੰਜਾਬ ਕੇਸਰੀ ਰਾਜੂ ਤਿਮਰਹਰਨ, ਗੁਰਪ੍ਰੀਤ ਸਿੰਘ ਨਿੱਬਰ ਹਿੰਦੁਸਤਾਨ ਟਾਈਮਜ਼, ਪ੍ਰਵੇਸ਼ ਸ਼ਰਮਾ ਆਲ ਇੰਡੀਆ ਰੇਡੀਓ, ਜਸਵਿੰਦਰ ਸਿੰਘ ਦਾਖਾ ਦੇ ਜਸਪਾਲ ਸਿੰਘ ਢਿੱਲੋਂ ਅਜੀਤ, ਦਰਸ਼ਨ ਸਿੰਘ ਖੋਖਰ ਤੇ ਸਰਬਜੀਤ ਭੰਗੂ ਪੰਜਾਬੀ ਟ੍ਰਿਬਿਊਨ, ਮੈਂ ਜਾਣੀ ਗੁਰਨਾਮ ਸਿੰਘ ਅਕੀਦਾ ਦੇਸ਼ ਸੇਵਕ ਆਦਿ ਹੋਰ ਵੀ ਪੱਤਰਕਾਰ ਹੁੰਦੇ ਸਨ।
ਜਦੋਂ ਦਲੇਰ ਮਹਿੰਦੀ ਨੂੰ ਸੰਮਨ ਕੀਤਾ ਤਾਂ ਉਹ ਆਪਣੀ ਬੁਲਟ ਪਰੂਫ਼ ਮਹਿੰਗੀ ਗੱਡੀ ਵਿਚ ਸਦਰ ਥਾਣਾ ਪਟਿਆਲਾ ਵਿਚ ਪੇਸ਼ ਹੋਣ ਲਈ ਪੁੱਜਿਆ, ਜੋ ਗਵਾਹ ਹਨ ਉਹ ਤਾਂ ਜਾਣਦੇ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਰਾਜਪੁਰਾ ਰੋਡ ਤੋਂ ਸਦਰ ਥਾਣੇ ਤੱਕ ਪੁੱਜਣ ਲਈ (ਸਿਰਫ਼ 200 ਮੀਟਰ ਦਾ ਫ਼ਾਸਲਾ) ਦੋ ਘੰਟੇ ਦਾ ਸਮਾਂ ਦਲੇਰ ਮਹਿੰਦੀ ਦੀ ਕਾਰ ਨੂੰ ਲੱਗਿਆ ਸੀ, ਇੰਨੇ ਲੋਕ ਪਤਾ ਨਹੀਂ ਕਿਥੋਂ ਆਏ ਸਨ, ਦਲੇਰ ਮਹਿੰਦੀ ਦੀ ਕਾਰ ਤੇ ਇੱਟਾਂ ਨਾਲ ਹਮਲੇ, ਅੰਡਿਆਂ ਨਾਲ ਹਮਲੇ, ਡੰਡੇ ਸੋਟੀਆਂ ਨਾਲ ਹਮਲੇ, ਹਰ ਤਰ੍ਹਾਂ ਦੀ ਖ਼ਤਰਨਾਕ ਵਸਤੂ ਨਾਲ ਹਮਲੇ ਕੀਤੇ ਗਏ। ਦਲੇਰ ਮਹਿੰਦੀ ਦੀ ਕਾਰ ਬੁਲਟ ਪਰੂਫ਼ ਸੀ ਇਸ ਕਰਕੇ ਉਸ ਦੀ ਫਿਜ਼ੀਕਲ ਬੱਚਤ ਹੋ ਗਈ, ਪਰ ਬਹਾਰੋਂ ਕਾਰ ਦਾ ਬੁਰਾ ਹਾਲ ਕਰ ਦਿੱਤਾ ਗਿਆ ਸੀ। ਦਲੇਰ ਮਹਿੰਦੀ ਦੀ ਪੁੱਛ ਪੜਤਾਲ ਹੋਈ ਸੀ, ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ, ਉਸ ਨੂੰ ਸੀਆਈਏ ਸਟਾਫ਼ ਥਾਣਾ ਮਾਈ ਦੀ ਸਰਾਂ ਵਿਚ ਲੈ ਗਏ ਸਨ। ਉਸ ਦੀ ਸਾਰੀ ਕਵਰੇਜ ਸਾਰੇ ਪੱਤਰਕਾਰਾਂ ਨੇ ਕੀਤੀ, ਇਹ ਕਵਰੇਜ ਦਾ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਜੰਗਵੀਰ ਸਿੰਘ ਨੇ ਵੀ ਕੀਤੀ, ਜੰਗਵੀਰ ਦੀ ਰਿਪੋਰਟ ਵਿਲੱਖਣ ਸੀ, ਤੇ ਮੌਲਿਕਤਾ ਝੱਲਦੀ ਸੀ। ਜੋ ਪੰਜਾਬ ਪੁਲੀਸ ਦੇ ਖ਼ਾਸ ਕਰਕੇ ਪਰਮਰਾਜ ਸਿੰਘ ਉਮਰਾਨੰਗਲ ਦੇ ਹਿੱਕ ਵਿਚ ਵੱਜੀ ਸੀ।
ਉਸ ਤੋਂ ਅਗਲੇ ਦਿਨ ਇਕ ਹੋਰ ਰਿਪੋਰਟ ਜੰਗਵੀਰ ਨੇ ਕੀਤੀ, ਜਿਸ ਦਾ ਮੁੱਖ ਕੰਟੈਂਟ ਸੀ ਕਿ ਸੀਆਈਏ ਸਟਾਫ਼ ਨੇ ਦਲੇਰ ਮਹਿੰਦੀ ਦੀ ਪਹਿਚਾਣ ਕਰਨ ਲਈ ਉਸ ਦੀ ਪੇਂਟ ਲੁਹਾਈ ਸੀ, ਤਾਂ ਕਿ ਉਸ ਦਾ ਨਿਸ਼ਾਨ ਦੇਖਿਆ ਜਾ ਸਕੇ ਤੇ ਉਸ ਦੀ ਪਹਿਚਾਣ ਕੀਤੀ ਜਾ ਸਕੇ। ਇਸ ਤੋਂ ਇਲਾਵਾ ਦਲੇਰ ਮਹਿੰਦੀ ਕੋਲੋਂ ਗੀਤ ਵੀ ਸੀਆਈਏ ਸਟਾਫ਼ ਦੀ ਪੁਲੀਸ ਵੱਲੋਂ ਸੁਣੇ ਗਏ ਸਨ। ਇਹ ਸਾਰੀ ਪੱਤਰਕਾਰੀ ਜੰਗਵੀਰ ਸਿੰਘ ਨੇ ਖ਼ਾਸ ਕਰਕੇ ਕੀਤੀ ਤੇ ਮੇਰੇ ਸਮੇਤ ਹੋਰਨਾ ਅਖ਼ਬਾਰਾਂ ਨੇ ਵੀ ਕੀਤੀ ਸੀ। ਜੰਗਵੀਰ ਸਿੰਘ ਨੂੰ ਇਸ ਖ਼ਬਰ ਦੀ ਪੁਸ਼ਟੀ ਕਰਨ ਲਈ ਐਸਐਸਪੀ ਦਾ ਪੱਖ ਚਾਹੀਦਾ ਸੀ ਪਰ ਐਸਐਸਪੀ ਵੱਲੋਂ ਕੋਈ ਪੱਖ ਨਹੀਂ ਦਿੱਤਾ ਗਿਆ, ਪਰ ਉਸ ਵੇਲੇ ਡੀ ਆਈ ਜੀ ਸਹੋਤਾ ਨੇ ਇਸ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਦਲੇਰ ਮਹਿੰਦੀ ਦੀ ਪਹਿਚਾਣ ਲਈ ਇਸ ਤਰ੍ਹਾਂ ਕੀਤਾ ਗਿਆ।
ਉਸ ਤੋਂ ਬਾਅਦ ਇਕ ਵਿਅਕਤੀ ਸਾਹਮਣੇ ਆਉਂਦਾ ਹੈ, ਪਹਿਲਾਂ ਕਦੇ ਉਹ ਪਬਲਿਕ ਡੋਮੇਨ ਵਿਚ ਨਹੀਂ ਦੇਖਿਆ ਗਿਆ ਸੀ, ਉਹ ਜੰਗਵੀਰ ਸਿੰਘ ਤੇ ਦੋਸ਼ ਲਗਾਉਂਦਾ ਹੈ ਕਿ ਉਸ ਨੇ ਉਸ ਦੀ ਦਲਿਤ ਹੋਣ ਕਰਕੇ ਬੇਇੱਜ਼ਤੀ ਕੀਤੀ ਹੈ ਤੇ ਉਸ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ, ਉਸ ਵਿਅਕਤੀ ਨੇ ਪੂਰਾ ਵੇਰਵਾ ਆਪਣੇ ਨਾਲ ਰੱਖਿਆ ਜਿਸ ਵਿਚ ਤਰੀਕ ਤੇ ਸਮਾਂ ਵੀ ਨਿਰਧਾਰਿਤ ਦੱਸਿਆ ਗਿਆ ਸੀ। ਪੁਲੀਸ ਕੋਲ ਸ਼ਿਕਾਇਤ ਲੈ ਕੇ ਉਹ ਗਿਆ ਪਰ ਪੁਲੀਸ ਵਿਚ ਉਹ ਸ਼ਿਕਾਇਤ ਤੇ ਜੰਗਵੀਰ ਸਿੰਘ ਨੂੰ ਬੁਲਾਇਆ ਨਹੀਂ ਜਾ ਸਕਦਾ ਸੀ, ਉਸ ਨੂੰ ਡਰਾਇਆ ਵੀ ਨਹੀਂ ਜਾ ਸਕਦਾ ਸੀ,ਕਿਉਂਕਿ ਸ਼ਿਕਾਇਤ ਕਰਤਾ ਨੂੰ ਪੂਰੇ ਸਬੂਤ ਦੇਣੇ ਜ਼ਰੂਰੀ ਹਨ, ਉਸ ਤੋਂ ਬਾਅਦ ਮਾਮਲਾ ਕੋਰਟ ਵਿਚ ਵੀ ਗਿਆ, ਉੱਥੇ ਜੰਗਵੀਰ ਸਿੰਘ ਨੇ ਆਪਣਾ ਪੱਖ ਰੱਖਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਜਿਸ ਤਾਰੀਖ਼ ਦਾ ਵਾਕਿਆ ਦੱਸਿਆ ਜਾ ਰਿਹਾ ਹੈ ਉਸ ਦਿਨ ਤਾਂ ਉਹ ਪਟਿਆਲਾ ਵਿਚ ਹੈ ਹੀ ਨਹੀਂ ਸੀ, ਜਿਸ ਦੇ ਪੂਰੇ ਵੇਰਵੇ ਜੰਗਵੀਰ ਸਿੰਘ ਨੇ ਸਬੂਤਾਂ ਸਮੇਤ ਦਿੱਤੇ। ਮੁੜ ਕੇ ਉਹ ਸ਼ਿਕਾਇਤ ਕਰਤਾ ਵੀ ਕਦੇ ਕਿਸੇ ਵੀ ਰੂਪ ਵਿਚ ਕਿਸੇ ਦੇ ਸਾਹਮਣੇ ਨਹੀਂ ਆਇਆ।
ਉਂਜ ਪਟਿਆਲਾ ਵਿਚ ਹਿੰਦ ਸਮਾਚਾਰ (ਜਗਬਾਣੀ, ਪੰਜਾਬੀ ਕੇਸਰੀ) ਗਰੁੱਪ ਦੇ ਰਾਜੂ ਤਿਮਰਹਰਨ ’ਤੇ ਵੀ ਤੇਜ਼ਾਬ ਸੁੱਟਿਆ ਗਿਆ, ਉਹ ਇਕ ਵੱਖਰਾ ਕੇਸ ਹੈ।
ਪੱਤਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਜਿਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ
ਗੋਪਾਲ ਕ੍ਰਿਸ਼ਨ ਕਸ਼ਿਅਪ ਦੇ ਆਤਮਦਾਹ ਲਈ ਪੱਤਰਕਾਰ ਜ਼ਿੰਮੇਵਾਰ
ਇਹ ਘਟਨਾ ਵੀ ਇਸੇ ਭਾਗ ਵਿਚ ਇਕ ਅਹਿਮ ਘਟਨਾ ਲੈਣੀ ਵੀ ਬਣਦੀ ਹੈ, ਜਿਸ ਦੀ ਜਾਂਚ ਵਿਚ ਮੀਡੀਆ ਦਾ ਖ਼ਾਸ ਦੋਸ਼ ਪਾਇਆ ਸੀ, ਰੇਲਵੇ ਸਟੇਸ਼ਨ ਪਟਿਆਲਾ ਤੇ ਬੱਸ ਸਟੈਂਡ ਪਟਿਆਲਾ (ਅੱਜ ਕੱਲ੍ਹ ਪੁਰਾਣਾ ਬੱਸ ਸਟੈਂਡ) ਦੇ ਕੋਲ ਕੁਝ ਲੋੜਾਂ ਕਾਰਨ ਆਪਣਾ ਰੁਜ਼ਗਾਰ ਪਰੌਂਠਾ ਪਕਾਉਣ ਵਾਲੇ ਰੇਹੜੀਆਂ ਲਗਾ ਕੇ ਆਪਣਾ ਕਾਰੋਬਾਰ ਕਰ ਰਹੇ ਸਨ। ਪਟਿਆਲਾ ਨਗਰ ਨਿਗਮ ਦੇ ਮੇਅਰ ਵਿਸ਼ਣੂ ਸ਼ਰਮਾ ਸਨ, ਨਗਰ ਨਿਗਮ ਵੱਲੋਂ ਇਨ੍ਹਾਂ ਪਰੌਂਠਾ ਰੇਹੜੀ ਵਾਲਿਆਂ ਨੂੰ ਉਠਾਉਣ ਲਈ ਕਾਰਵਾਈ ਕੀਤੀ ਜਾ ਰਹੀ ਸੀ। ਜਿਸ ਬਾਰੇ ਪਰੌਂਠਾ ਮਾਰਕਿਟ ਵਾਲੇ ਲੋੜਵੰਦ ਲੋਕਾਂ ਵੱਲੋਂ ਸਰਕਾਰੇ ਦਰਬਾਰੇ ਆਪਣੀਆਂ ਬੇਨਤੀਆਂ ਭੇਜੀਆਂ ਜਾ ਰਹੀਆਂ ਸਨ। ਇਨ੍ਹਾਂ ਦੀ ਅਗਵਾਈ ਗੋਪਾਲ ਕ੍ਰਿਸ਼ਨ ਕਸ਼ਿਅਪ ਵੱਲੋਂ ਕੀਤੀ ਜਾ ਰਹੀ ਸੀ, ਉਹ ਮੁੱਖ ਆਗੂ ਵਜੋਂ ਵਿਚਰ ਰਹੇ ਸਨ। ਉਹ ਤਤਕਾਲੀ ਮੁੱਖ ਮੰਤਰੀ ਪੰਜਾਬ ਕੈਪ. ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕੋਲ ਵੀ ਜਾ ਆਏ ਸਨ ਜਿੱਥੋਂ ਉਨ੍ਹਾਂ ਨੂੰ ਸਹਾਰਾ ਮਿਲਿਆ ਸੀ ਪਰ ਉਹ ਸਹਾਰਾ ਵੀ ਸਿਰਫ਼ ਸਰਕਾਰੀ ਵਾਅਦਾ ਹੀ ਰਹਿ ਗਿਆ।
ਪਰੌਂਠਾ ਮਾਰਕਿਟ ਦੇ ਮੁੱਖ ਆਗੂ ਵਜੋਂ ਗੋਪਾਲ ਕ੍ਰਿਸ਼ਨ ਕਸ਼ਿਅਪ ਨੇ ਪਹਿਲਾਂ ਵੀ ਆਤਮਦਾਹ ਕਰਨ ਦੇ ਐਲਾਨ ਕੀਤੇ ਸਨ। ਪਰ ਸਰਕਾਰੀ ਵਾਅਦਿਆਂ ਕਰਕੇ ਉਹ ਰੱਦ ਹੁੰਦੇ ਗਏ, ਹੁਣ ਗੋਪਾਲ ਕ੍ਰਿਸ਼ਨ ਕਸ਼ਿਅਪ ਨੇ ਆਤਮਦਾਹ ਕਰਨ ਦਾ ਐਲਾਨ ਕਰ ਦਿੱਤਾ ਸੀ। ਆਤਮਦਾਹ ਦਾ ਦਿਨ ਆ ਗਿਆ। ਪੱਤਰਕਾਰ ਖ਼ਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਉੱਥੇ ਪਹੁੰਚ ਗਏ ਸਨ, ਕੁਝ ਪ੍ਰਿੰਟ ਮੀਡੀਆ ਦੇ ਪੱਤਰਕਾਰ ਵੀ ਮੌਜੂਦ ਸਨ।
ਗੋਪਾਲ ਕ੍ਰਿਸ਼ਨ ਕਸ਼ਿਅਪ ਭਾਸ਼ਣ ਦੇ ਰਿਹਾ ਸੀ, ਸਰਕਾਰ ਦੇ ਵਾਅਦਿਆਂ ਨੂੰ ਕੋਸ ਰਿਹਾ ਸੀ, ਪਰੌਂਠਾ ਮਾਰਕਿਟ ਜੇਕਰ ਇੱਥੋਂ ਹਟਾ ਦਿੱਤੀ ਜਾਂਦੀ ਹੈ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ।
ਇਸ ਸਮੇਂ ਇਲੈਕਟ੍ਰੋਨਿਕ ਮੀਡੀਆ ਦੇ ਇਕ ਪੱਤਰਕਾਰ ਜੋ ਪੱਤਰਕਾਰਾਂ ਵਿਚ ਕਾਫ਼ੀ ਸਰਗਰਮ ਸੀ ਨੇ ਗੋਪਾਲ ਕ੍ਰਿਸ਼ਨ ਕਸ਼ਿਅਪ ਨੂੰ ਕਿਹਾ ‘‘ਪ੍ਰਧਾਨ ਜੀ ਛੇਤੀ ਕਰੋ ਜੇਕਰ ਅੱਗ ਲਾਉਣੀ ਹੈ ਤਾਂ ਅਸੀਂ ਅੱਗੇ ਵੀ ਜਾਣਾ.. ਅਸੀਂ ਅੱਗੇ ਵੀ ਕਵਰੇਜ ਕਰਨ ਲਈ ਜਾਣਾ ਹੈ, ਜੇਕਰ ਤੁਸੀਂ ਆਤਮ ਦਾਹ ਕਰਨਾ ਹੈ ਤਾਂ ਜਲਦੀ ਅੱਗ ਲਾਓ’’
ਬੇਸ਼ੱਕ ਗੋਪਾਲ ਕ੍ਰਿਸ਼ਨ ਕਸ਼ਿਅਪ ਖ਼ੁਦ ਨੂੰ ਅੱਗ ਨਾ ਵੀ ਲਾਉਣਾ ਚਾਹੁੰਦਾ ਹੋਵੇ, ਸਰਕਾਰ ਲਈ ਸਿਰਫ਼ ਡਰਾਵਾ ਹੀ ਹੋਵੇ ਪਰ ਉਸ ਪੱਤਰਕਾਰ ਵੱਲੋਂ ਮਾਰੀ ਹੁੱਜ ਕਰਕੇ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਿਆ, ਉਹ ਭਾਵਨਾ ਦੇ ਵਹਾਓ ਵਿਚ ਵਹਿ ਗਿਆ, ਉਹ ਪ੍ਰਧਾਨ ਸੀ, ਆਪਣੀ ਪ੍ਰਧਾਨਗੀ ਕਾਇਮ ਰੱਖਣ ਲਈ ਉਸ ਨੇ ਜੇਰਾ ਪੱਕਾ ਕਰ ਲਿਆ, ਉਸ ਨੇ ਆਪਣੇ ਉਪਰ ਤੇਲ ਪਾਇਆ ਕਿਹਾ ਜਾ ਰਿਹਾ ਹੈ ਕਿ ਉਹ ਤੇਲ ਪੈਟਰੋਲ ਸੀ, ਪਰ ਇਸ ਦੀ ਪੱਕੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਉਸ ਨੇ ਖ਼ੁਦ ਨੂੰ ਅੱਗ ਲਾਈ, ਅੱਗ ਲਗਾਈ ਹੀ ਸੀ ਕਿ ਅੱਗ ਭੜਕ ਕੇ ਤੁਰੰਤ ਹੀ ਉਸ ਦੇ ਸਰੀਰ ਨੂੰ ਚੜ ਗਈ, ਉਸ ਦਾ ਪੁੱਤਰ ਆਪਣੇ ਲਾਡਲੇ ਪਿਉ ਨੂੰ ਬਚਾਉਣ ਲਈ ਕਾਫ਼ੀ ਤਰੱਦਦ ਕਰ ਰਿਹਾ ਸੀ, ਹੋਰ ਵੀ ਕਈ ਬੰਦੇ ਉਸ ਦੀ ਅੱਗ ਬੁਝਾ ਰਹੇ ਸਨ ਪਰ ਦੁਖਾਂਤ ਵਾਪਰ ਗਿਆ ਸੀ। ਉਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਵਿਚ ਲੈ ਜਾਇਆ ਗਿਆ, ਉਹ ਕਰੀਬ 70 ਫ਼ੀਸਦੀ ਤੋਂ ਵੱਧ ਜਲ ਗਿਆ ਸੀ। ਉਸ ਤੋਂ ਬਾਅਦ ਪਟਿਆਲਾ ਵਿਚ ਤਹਿਲਕਾ ਮੱਚ ਗਿਆ, ਪੁਲੀਸ ਡੀ ਆਈ ਜੀ ਸ੍ਰੀ ਭਾਵੜਾ ਹੁੰਦੇ ਸਨ। ਸਰਕਾਰ ਵੱਲੋਂ ਉਨ੍ਹਾਂ ਦੀ ਸਾਰੀ ਜਾਂਚ ਦੀ ਡਿਊਟੀ ਲਗਾਈ ਗਈ, ਉਸ ਨੇ ਮੈਨੂੰ ਵੀ ਬੁਲਾਇਆ ਸੀ, ਆਖ਼ਿਰ ਜਾਂਚ ਵਿਚ ਸਾਰਾ ਕੁਝ ਪਤਾ ਲੱਗ ਗਿਆ ਸੀ, ਇਕ ਪੱਤਰਕਾਰ ਦਾ ਨਾਮ ਵੀ ਜਾਂਚ ਵਿਚ ਆ ਗਿਆ ਸੀ ਜਿਸ ਨੇ ਗੋਪਾਲ ਨੂੰ ਆਤਮਦਾਹ ਕਰਨ ਲਈ ਪ੍ਰੇਰਿਆ ਸੀ, ਪਰ ਪਟਿਆਲਾ ਵਿਚ ਪੱਤਰਕਾਰਾਂ ਦਾ ਏਕਾ ਸੀ ਇਸ ਕਰਕੇ ਕਿਸੇ ਵੀ ਪੱਤਰਕਾਰ ਤੇ ਕੋਈ ਕਾਰਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਇੱਥੇ ਹੀ ਪਰੌਂਠਾ ਮਾਰਕਿਟ ਇੱਥੇ ਸਥਿਰ ਬਣ ਗਈ, ਪਰੌਂਠਾ ਮਾਰਕਿਟ ਵਿਚ ਗੋਪਾਲ ਕ੍ਰਿਸ਼ਨ ਦਾ ਬੁੱਤ ਲੱਗਣਾ ਸੀ, ਚਰਚਾ ਇਹ ਰਹੀ ਕਿ ਬੁੱਤ ਲਗਾਇਆ ਜਾ ਰਿਹਾ ਹੈ ਪਰ ਮੌਕੇ ਤੇ ਜਾ ਕੇ ਦੇਖਿਆ ਗਿਆ ਕਿ ਇੱਥੇ ਗੋਪਾਲ ਦਾ ਕੋਈ ਬੁੱਤ ਲੱਗਿਆ ਹੈ ਤਾਂ ਕਿਤੇ ਵੀ ਬੁੱਤ ਨਹੀਂ ਲੱਗਾ ਪਰ ਇਕ ਗੱਲ ਜ਼ਰੂਰ ਦੇਖੀ ਗਈ ਕਿ ਇੱਥੇ ਹਰੇਕ ਪਰੌਂਠੇ ਵਾਲੇ ਦੀ ਦੁਕਾਨ ਵਿਚ ਗੋਪਾਲ ਕ੍ਰਿਸ਼ਨ ਕਸ਼ਿਅਪ ਦੀ ਫ਼ੋਟੋ ਲੱਗੀ ਹੈ।
ਇਹ ਘਟਨਾ ਪਟਿਆਲਾ ਦੇ ਪੱਤਰਕਾਰਾਂ ਤੇ ਕਲੰਕ ਹੈ, ਜੋ ਅੱਜ ਵੀ ਸਰਕਾਰੀ ਫਾਈਲਾਂ ਵਿਚ ਬੰਦ ਪਿਆ ਹੈ, ਅਸਲ ਵਿਚ ਜਦੋਂ ਕਦੇ ਅਜਿਹਾ ਸਮਾਂ ਆਵੇ ਕਿ ਕੋਈ ਆਤਮਦਾਹ ਕਰਨ ਲਈ ਤਿਆਰ ਹੋਵੇ ਤਾਂ ਪੱਤਰਕਾਰ ਨੂੰ ਆਪਣੀ ਪੱਤਰਕਾਰੀ ਦੀ ਡਿਊਟੀ ਛੱਡ ਕੇ ਪਹਿਲਾਂ ਉਸ ਦੀ ਜਾਨ ਬਚਾਉਣੀ ਚਾਹੀਦੀ ਹੈ, ਪੱਤਰਕਾਰ ਦੀ ਡਿਊਟੀ ਕਿਸੇ ਦੀ ਜਾਨ ਤੋਂ ਜ਼ਿਆਦਾ ਅਹਿਮ ਨਹੀਂ ਹੋ ਸਕਦੀ।
ਬਾਕੀ ਅਗਲੇ ਅੰਕ ਵਿਚ.. ਜਿਸ ਵਿਚ ਪੱਤਰਕਾਰੀ ਦੇ ਇਤਿਹਾਸ ਵਿਚ ਬੜੀਆਂ ਦਿਲਚਸਪ ਘਟਨਾਵਾਂ ਸਾਹਮਣੇ ਆਉਣਗੀਆਂ, ਜੇਕਰ ਇਨ੍ਹਾਂ ਘਟਨਾਵਾਂ ਬਾਰੇ ਕੋਈ ਹੋਰ ਵੱਧ ਜਾਣਦਾ ਹੈ ਤਾਂ ਉਹ ਬਲੌਗ ਦੇ ਹੇਠਾਂ ਟਿਪਣੀ ਵੀ ਕਰ ਸਕਦਾ ਹੈ।
ਸੰਪਰਕ : 8146001100
Subscribe to:
Comments (Atom)
ਇਕ ਉਸਾਰੂ ਸੋਚ ਦਾ ਆਗਾਜ਼ : ਪੱਤਰਕਾਰਾਂ ਦੀ ਜਥੇਬੰਦੀ ਬਣੇ
ਪੱਤਰਕਾਰੀ ਦਾ ਇਤਿਹਾਸ ਭਾਗ -5 ਲੇਖਕ : ਗੁਰਨਾਮ ਸਿੰਘ ਅਕੀਦਾ ਪਟਿਆਲਾ ਦੇ ਪੱਤਰਕਾਰਾਂ ਲਈ ਇਕ ਸੁਨਹਿਰੀ ਸਮਾਂ ਸੀ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵਿਚ ਏਕਤਾ ਨਜ਼ਰ ਆਉਣ ਲ...
-
ਕੁੰਮਾ ਮਾਸ਼ਕੀ ਉਰਫ਼ ਕਰਮੂ ਦੇ ਸਿੱਖ ਇਤਿਹਾਸ ਵਿਚ ਕੰਮ ਨੂੰ ਭੁਲਾ ਚੁੱਕਿਆ ਹੈ ‘ਸਰਮਾਏਦਾਰ ਸਿੱਖ ਸਮਾਜ’ ਲੇਖਕ : ਗੁਰਨਾਮ ਸਿੰਘ ਅਕੀਦਾ ਮੁਗ਼ਲ ਸਾਮਰਾਜ ਦੇ ਸਤਾਏ ਹੋਏ ਕਈ...
-
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...
















