Friday, October 10, 2025

ਪੰਜਾਬ ਵਿਚ ਪੱਤਰਕਾਰਾਂ ਦੀ ਏਕਤਾ ਟੁੱਟੀ ਤੇ ਬਾਈਕਾਟ ਹੋਣੇ ਬੰਦ ਕਿਉਂ ਹੋਏ?

ਪੱਤਰਕਾਰੀ ਇਤਿਹਾਸ ਭਾਗ ਦੂਜਾ... ਲੇਖਕ : ਗੁਰਨਾਮ ਸਿੰਘ ਅਕੀਦਾ
ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਜਾਹੋ ਜਲਾਲ ਬਹੁਤ ਕਮਾਲ ਸੀ, ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਦਿਆਂ ਹੀ ਪੰਜਾਬ ਲੋਕ ਸੇਵਾ ਕ‌ਮਿਸ਼ਨ ਦੇ ਚੇਅਰਮੈਨ ਰਵੀ ਸਿੱਧੂ ਨੂੰ ਰਿਸ਼ਵਤ ਕਾਂਡ ਵਿਚ ਗ੍ਰਿਫ਼ਤਾਰ ਕਰਵਾ ਕੇ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ ਸੀ, ਅਮਰਿੰਦਰ ਦਾ ਇਹ ਬਦਲਾ ਸੀ ਜਾਂ ਸੱਚੀਂ ਹੀ ਅਸਲ ਵਿਚ ਰਵੀ ਸਿੱਧੂ ਨੂੰ ਸਹੀ ਫੜਿਆ ਸੀ? ਜਾਣਕਾਰਾਂ ਵਿਚ ਤਾਂ ਇਹ ਵੀ ਚਰਚਾ ਹੁੰਦੀ ਰਹੀ ਕਿ ਜਦੋਂ ਰਵੀ ਸਿੱਧੂ ਦਾ ਹਿੰਦੂ ਅਖ਼ਬਾਰ ਦੇ ਪੱਤਰਕਾਰ ਹੁੰਦੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਬੜੀ ਵੱਡੀ ਕਥਿਤ ਸਾਜਿਸ਼ ਰਚੀ ਗਈ ਸੀ। ਜਿਸ ਵਿਚ ਮੁੱਖ ਮੰਤਰੀ ਬਣੇ ਹਰਚਰਨ ਸਿੰਘ ਬਰਾੜ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਸੀ। ਰਵੀ ਸਿੱਧੂ ਨੇ ਪੱਤਰਕਾਰ ਹੁੰਦਿਆਂ ਸੇਖੋਂ ਮੈਡਮ ਨਾਲ ਕੈਪਟਨ ਅਮਰਿੰਦਰ ਨਾਲ ਫ਼ੋਟੋਆਂ ਛਾਪੀਆਂ ਸਨ, ਜਿਸ ਵਿਚ ਪਟਿਆਲਾ ਦੇ ਇਕ ਲੋਕ ਸੰਪਰਕ ਅਧਿਕਾਰੀ ਦਾ ਵੀ ਹੱਥ ਦੱਸਿਆ ਗਿਆ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਰਿੰਕ ਹਾਲ ਦੇ ਬਾਹਰ ਜਿੱਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਇਹ ਬਿਆਨ ਬੜਾ ਚਰਚਾ ਵਿਚ ਆਇਆ ਸੀ ਕਿ ਪੀਪੀਐਸਸੀ ਵਿਚ ਬਹੁਤ ਕੁਰੱਪਸ਼ਨ ਹੋ ਰਹੀ ਹੈ। ਉਸ ਤੋਂ ਬਾਅਦ ਮੁੱਖ ਮੰਤਰੀ ਬਣਦਿਆਂ ਹੀ ਵਿਜੀਲੈਂਸ ਦੀ ਟੀਮ ਨੇ ਪੰਜ ਲੱਖ ਰਿਸ਼ਵਤ ਦੇ ਮਾਮਲੇ ਵਿਚ ਰਵੀ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਉਸ ਕੋਲੋਂ ਏਨਾ ਰੁਪਿਆ ਬਰਾਮਦ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਦਲਾ ਨਹੀਂ ਲੱਗ ਰਿਹਾ ਸੀ ਸਗੋਂ ਅਸਲ ਵਿਚ ਰਵੀ ਸਿੱਧੂ ਰਿਸ਼ਵਤਖ਼ੋਰ ਚੇਅਰਮੈਨ ਹੀ ਲੱਗ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਰਿਸ਼ਵਤ ਵਿਰੋਧੀ ਮੁੱਖ ਮੰਤਰੀ ਬਣ ਗਏ ਸਨ। ਜਿਸ ਦੀ ਚਰਚਾ ਦੁਨੀਆ ਵਿਚ ਹੋਈ।
ਅਮਰਿੰਦਰ ਦੇ ਖ਼ਾਸਮ-ਖ਼ਾਸ ਉਨ੍ਹਾਂ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਸਨ, ਜੋ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੀ ਪੋਸਟ ਤੇ ਤਾਇਨਾਤ ਸਨ। ਉਨ੍ਹਾਂ ਤੇ ਦੋਸ਼ ਸੀ ਕਿ ਉਨ੍ਹਾਂ ਨੇ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਮੀਡੀਆ ਦੇ ਹਵਾਲੇ ਨਾਲ ਪੂਰੀ ਮਦਦ ਕੀਤੀ ਤੇ ਅਮਰਿੰਦਰ ਦੀਆਂ ਪ੍ਰੈੱਸ ਕਾਨਫ਼ਰੰਸਾਂ ਦਾ ਪ੍ਰਬੰਧ ਕਰਾਇਆ। ਜਿਸ ਦੀਆਂ ਵੀਡੀਓ ਵੀ ਬਾਅਦ ਵਿਚ ਨਸ਼ਰ ਹੋਈਆਂ ਕਿ ਉਹ ਮੋਤੀ ਮਹਿਲ ਵਿਚ ਅਮ‌ਰਿੰਦਰ ਦੀ ਪ੍ਰੈੱਸ ਕਾਨਫ਼ਰੰਸ ਕਰਵਾ ਰਿਹਾ ਹੈ। ਉਸ ਮਾਮਲੇ ਵਿਚ ਅਦਾਲਤ ਵਿਚ ਪਟੀਸ਼ਨ ਪੈ ਗਈ ਸੀ। ਜਦੋਂ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਭਰਤਇੰਦਰ ਸਿੰਘ ਚਾਹਲ ਤੋਂ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਵਜੋਂ ਅਸਤੀਫ਼ਾ ਲਿਆ ਗਿਆ ਤੇ ਉਸ ਨੂੰ ਸਾਰੇ ਸਰਕਾਰੀ ਲਾਭ ਦਿੰਦਿਆਂ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਬਣਾ ਦਿੱਤਾ ਗਿਆ। ਚਾਹਲ ਦੇ ਜੀਵਨ ਦਾ ਇਹ ਅਧਿਆਇ ਬਹੁਤ ਹੀ ਗੋਲਡ ਰਿਹਾ, ਉਸ ਨੇ ਮੀਡੀਆ ਵਿਚ ਬੜੇ ਗ਼ੈਰ-ਮਾਮੂਲੀ ਕੰਮ ਕੀਤੇ। ਮੀਡੀਆ ਵਿਚ ਗਿਫ਼ਟ ਕਲਚਰ ਸਰਕਾਰ ਦਾ ਚੱਲਦਾ ਪਹਿਲਾਂ ਵੀ ਸੀ ਪਰ ਚਾਹਲ ਸਾਹਿਬ ਨੇ ਇਸ ਕਲਚਰ ਨੂੰ ਸਿਖਰ ਤੇ ਪਹੁੰਚਾ ਦਿੱਤਾ। ਮੁੱਖ ਮੰਤਰੀ ਬਣਦਿਆਂ ਹੀ ਚਾਹਲ ਸਾਹਿਬ ਨੇ ਪਟਿਆਲਾ ਦੇ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਦੇ ਘਰ ‘100 ਪਾਇਪਰ’ ਸ਼ਰਾਬ ਦੀਆਂ ਪੇਟੀਆਂ ਭੇਜੀਆਂ। ਮੀਡੀਆ ਵਿਚ ਗ਼ੁਲਾਮ ਕਿਸਮ ਦੇ ਲੋਕ ਪੈਦਾ ਕੀਤੇ, ਚੰਡੀਗੜ੍ਹ ਵਿਚ ਵੀ ਧੁਰਿੰਦਰ ਮੀਡੀਆ ਕਰਮੀਆਂ ਵਿਚੋਂ ਵੀ ਗ਼ੁਲਾਮ ਕਲਮ ਪੈਦਾ ਕਰ ਲਈ ਗਈ ਸੀ। ਚੰਡੀਗੜ੍ਹ ਦੇ ਮੀਡੀਆ ਨੂੰ ਗਿਫ਼ਟ ਕਿਵੇਂ ਤੇ ਕਿਸ ਤਰ੍ਹਾਂ ਭੇਜੇ ਜਾਂਦੇ ਸਨ ਉਸ ਬਾਰੇ ਮੈਂ ਦੇਸ਼ ਸੇਵਕ ਵਿਚ ਸੰਡੇ ਕਵਰ ਸਟੋਰੀ ਪ੍ਰਕਾਸ਼ਿਤ ਕੀਤੀ ਸੀ ‘ਮਿਸ਼ਨ ਬਣਿਆ ਬਿਜ਼ਨੈੱਸ’ ਹੈਡਿੰਗ ਤਹਿਤ। ਮੀਡੀਆ ਵਿਚ ਨਿਘਾਰ ਤਾਂ ਪਹਿਲਾਂ ਵੀ ਹੌਲੀ ਹੌਲੀ ਸ਼ੁਰੂ ਹੋ ਗਿਆ ਸੀ ਪਰ ਚਾਹਲ ਸਾਹਿਬ ਇਸ ਦੀ ਕਥਿਤ ਵੱਡੇ ਪੱਧਰ ਤੇ ਸ਼ੁਰੂਆਤ ਕੀਤੀ।
ਉਸ ਵੇਲੇ ਜੈਨ ਸਾਹਿਬ ਨੇ ‘ਪੰਜਾਬ ਟੂਡੇ’ ਚੈਨਲ ਸ਼ੁਰੂ ਕਰ ਲਿਆ ਸੀ। ਪੰਜਾਬ ਟੂਡੇ ਤੇ ਬਠਿੰਡਾ ਦੇ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੇ ਦਾਅਵਾ ਕੀਤਾ ਕਿ ਇਹ ਨਾਮ ਉਸ ਦਾ ਸੀ, ਪਰ ਮਸਲਾ ਇੱਥੇ ਪੰਜਾਬ ਟੂਡੇ ਦੀ ਚੜ੍ਹਤ ਦਾ ਹੈ। ਪੰਜਾਬ ਟੂਡੇ ਇਸ ਤਰੀਕੇ ਨਾਲ ਸਥਾਪਤ ਹੋਇਆ ‌ਕਿ ਉਸ ਨੇ ਆਪਣੇ ਜ਼ਿਲ੍ਹਾ ਪੱਤਰਕਾਰਾਂ ਨੂੰ ਤਿੰਨ ਲੱਖ ਦੀ ਕਿੱਟ ਭੇਜੀ, ਵਧੀਆ ਕੁਆਲਿਟੀ ਦੇ ਕੈਮਰੇ ਦਿੱਤੇ। ਪੱਤਰਕਾਰਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਸੀ। ਪਟਿਆਲਾ ਵਿਚ ਪੰਜਾਬ ਟੂਡੇ ਦਾ ਸਰਬਜੀਤ ਉਖਲਾ ਪੰਜਾਬ ਟੂਡੇ ਦਾ ਪੱਤਰਕਾਰ ਬਣਿਆ, ਜਿਸ ਨੇ ਪੱਤਰਕਾਰੀ ਵਿਚ ਕਈ ਮੀਲ ਪੱਥਰ ਗੱਡੇ, ਉਸ ਨਾਲ ਕੈਮਰਾ ਮੈਨ ਰੁਪਿੰਦਰ ਸਿੰਘ ਹੁੰਦਾ ਸੀ। ਸਰਬਜੀਤ ਉੱਖਲਾ ਤੇ ਇਕ ਦੋਸ਼ ਤਿਆਰ ਕੀਤਾ ਗਿਆ ਭਰਤਇੰਦਰ ਸਿੰਘ ਚਾਹਲ ਨੇ ਕਿ ਇਸ ਨੇ ਹੀ ਮੋਤੀ ਮਹਿਲ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਦੀ ਫੁਟੇਜ ਅਮਰਿੰਦਰ ਦੇ ਖ਼ਿਲਾਫ਼ ਪਟੀਸ਼ਨ ਕਰਤਾ ਨੂੰ ਦਿੱਤੀ। ਇਸ ਵਿਚ ਮੁੱਖ ਦੋਸ਼ ਲੋਕ ਸੰਪਰਕ ਵਿਭਾਗ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਗਦੀਪ ਚੌਹਾਨ ਤੇ ਵੀ ਲੱਗੇ। ਭਰਤਇੰਦਰ ਸਿੰਘ ਚਾਹਲ ਤੇ ਜਗਦੀਪ ਚੌਹਾਨ ਦੀ ਆਪਸ ਵਿਚ ਵਿਭਾਗੀ ਕਾਰਨਾਂ ਕਰਕੇ ਕਥਿਤ ਨਹੀਂ ਬਣਦੀ ਸੀ, ਇਸ ਇਲੈੱਕਸ਼ਨ ਪਟੀਸ਼ਨ ਦੇ ਪਿੱਛੇ ਕਥਿਤ ਬ੍ਰਹਮ ਮਹਿੰਦਰਾ ਦਾ ਨਾਮ ਵੀ ਗੂੰਜਦਾ ਰਿਹਾ। ਬ੍ਰਹਮ ਮਹਿੰਦਰਾ ਜਿਸ ਦੀ ਕੋਠੀ ਮੋਤੀ ਮਹਿਲ ਦੇ ਬਿਲਕੁਲ ਸਾਹਮਣੇ ਹੈ, ਬ੍ਰਹਮ ਮਹਿੰਦਰਾ ਦੀ ਕੈਪਟਨ ਅਮਰਿੰਦਰ ਨਾਲ ਇਸ ਕਰਕੇ ਲੱਗਦੀ ਸੀ ਕਿਉਂਕਿ ਬ੍ਰਹਮ ਮਹਿੰਦਰਾ ਹਮੇਸ਼ਾ ਤੋਂ ਪਹਿਲਾ ਸ਼ਹਿਰੀ ਹਲਕੇ ਤੋਂ ਜਿੱਤਦੇ ਰਹੇ ਹਨ, ਪਰ ਅਮਰਿੰਦਰ ਨੇ ਕਾਂਗਰਸ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪਟਿਆਲਾ ਸ਼ਹਿਰੀ ਸੀਟ ਬ੍ਰਹਮ ਮਹਿੰਦਰਾ ਤੋਂ ਹਥਿਆ ਕੇ ਉਸ ਤੇ ਕਬਜ਼ਾ ਕਰ ਲਿਆ ਸੀ। ਬ੍ਰਹਮ ਮਹਿੰਦਰਾ ਨੂੰ ਸਮਾਣਾ ਹਲਕਾ ਦਿੱਤਾ ਗਿਆ। ਬ੍ਰਹਮ ਮਹਿੰਦਰਾ ਨੂੰ ਇਸ ਗੱਲ ਦਾ ਗ਼ੁੱਸਾ ਸੀ ਕਿ ਉਸ ਦੀ ਜੱਦੀ ਸੀਟ ਤੇ ਅਮਰਿੰਦਰ ਨੇ ਕਬਜ਼ਾ ਕਰ ਲਿਆ ਹੈ। ਇਸੇ ਕਰਕੇ ਅਮਰਿੰਦਰ ਨੂੰ ਇਹ ਸ਼ੱਕ ਪਿਆ ਕਿ ਉਸ ਖ਼ਿਲਾਫ਼ ਚੋਣ ਪਟੀਸ਼ਨ ਪਵਾਉਣ ਵਿਚ ਬ੍ਰਹਮ ਮਹਿੰਦਰਾ ਦਾ ਹੱਥ ਹੈ। ਬ੍ਰਹਮ ਮ‌ਹਿੰਦਰਾ ਦੇ ਪੱਖ ਵਿਚ ਪੰਜਾਬ ਦੀ ਮੁੱਖ ਮੰਤਰੀ ਰਹੀ ਬੀਬੀ ਰਾਜਿੰਦਰ ਕੌਰ ਭੱਠਲ ਵੀ ਚਿੱਟੇ ਦਿਨ ਵਾਂਗ ਆਗਈ ਸੀ। ਰਾਜਨੀਤੀ ਦੇ ਇਸ ਯੁੱਧ ਵਿਚ ਅਮਰਿੰਦਰ ਦੀ ਚੜ੍ਹਾਈ ਸੀ ਕਿਉਂਕਿ ਉਸ ਦੀ ਕਾਂਗਰਸ ਦੀ ਹਾਈਕਮਾਂਡ ਵਿਚ ਤੂਤੀ ਬੋਲਦੀ ਸੀ। ਪੰਜਾਬ ਟੂਡੇ ਦੇ ਮਾਲਕ ਜੈਨ ਸਾਹਿਬ ਭਰਤਇੰਦਰ ਸਿੰਘ ਚਾਹਲ ਦੇ ਗ਼ੁਲਾਮ ਸਨ, ਚਾਹਲ ਨੇ ਸਿੱਧੀ ਮੰਗ ਕੀਤੀ ਕਿ ‘ਪਟਿਆਲਾ ਦੇ ਪੱਤਰਕਾਰ ਸਰਬਜੀਤ ਉੱਖਲਾ ਨੂੰ ਪੰਜਾਬ ਟੂਡੇ ਵਿਚ ਬਾਹਰ ਕੀਤਾ ਜਾਵੇ’ ਜੈਨ ਨੂੰ ਇਹ ਬੜਾ ਮੁਸ਼ਕਿਲ ਲੱਗ ਰਿਹਾ ਸੀ ਕਿਉਂਕਿ ਪੰਜਾਬ ਦੇ ਸਿਖਰਲੇ ਪੱਤਰਕਾਰਾਂ ਵਿਚ ਸਿਖਰ ਤੇ ਨਾਮ ਸੀ ਸਰਬਜੀਤ ਉੱਖਲਾ ਦਾ। ਜੈਨ ਨੇ ਉੱਖਲਾ ਨੂੰ ਚਾਹਲ ਨਾਲ ਸਮਝੌਤਾ ਕਰਨ ਲਈ ਕਿਹਾ ਪਰ ਉਹ ਇਸ ਗੱਲ ਤੇ ਰਾਜ਼ੀ ਨਾ ਹੋਇਆ ਤਾਂ ਉੱਖਲਾ ਨੂੰ ਪੰਜਾਬ ਟੂਡੇ ਵਿਚ ਕੱਢ ਦਿੱਤਾ ਗਿਆ। ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਵੀ ਇਸ ਮਾਮਲੇ ਵਿਚ ਮੇਰਾ ਨਾਲ ਉਛਾਲਿਆ, ਕਿਉਂਕਿ ਸਰਬਜੀਤ ਉੱਖਲਾ ਤੇ ਜਗਦੀਪ ਚੌਹਾਨ ਮੇਰੇ ਮਿੱਤਰਾਂ ਵਿਚੋਂ ਸਨ। ਤਤਕਾਲੀ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਮੇਰੇ ਨਾਲ ਨਿੱਜੀ ਤੌਰ ਤੇ ਦੁਸ਼ਮਣੀ ਪਾਲ ਬੈਠਿਆ ਸੀ, ਮੇਰਾ ਨਾਲ ਪਟੀਸ਼ਨ ਦੇ ਮਾਮਲੇ ਵਿਚ ਭਰਤਇੰਦਰ ਸਿੰਘ ਚਾਹਲ ਕੋਲ ਲਿਆ ‌ਗਿਆ ਤਾਂ ਭਰਤਇੰਦਰ ਸਿੰਘ ਚਾਹਲ ਨੇ ਦੇਸ਼ ਸੇਵਕ ਅਖ਼ਬਾਰ ਦੇ ਐਮਡੀ ਪ੍ਰੋ. ਬਲਵੰਤ ਸਿੰਘ ਨੂੰ ਕਿਹਾ ‘‘ ਗੁਰਨਾਮ ਸਿੰਘ ਅਕੀਦਾ ਨੂੰ ਦੇਸ਼ ਸੇਵਕ ਵਿਚੋਂ ਕੱਢ ਦਿਓ’’ ਉਸ ਲਈ ਪ੍ਰੋ. ਬਲਵੰਤ ਸਿੰਘ ਨੂੰ ਲਾਲਚ ਵੀ ਦਿੱਤਾ ਗਿਆ। ਜਿਸ ਬਾਰੇ ਪ੍ਰੋ. ਬਲਵੰਤ ਸਿੰਘ ਨੇ ਮੈਨੂੰ ਖ਼ੁਦ ਇਕ ਦਿਨ ਕਿਹਾ ‘‘ਉਹ ਚਾਹਲ ਹੈ ਨਾ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ, ਉਸ ਦਾ ਮੇਰੇ ਕੋਲ ਫ਼ੋਨ ਆਇਆ ਸੀ ਉਹ ਕਹਿੰਦਾ ਸੀ ਗੁਰਨਾਮ ਸਿੰਘ ਅਕੀਦਾ ਨੂੰ ਦੇਸ਼ ਸੇਵਕ ਵਿਚੋਂ ਕੱਢ ਦਿਓ, ਪਰ ਮੈਂ ਕਿਹਾ ਗੁਰਨਾਮ ਸਿੰਘ ਅਕੀਦਾ ਤਾਂ ਮੇਰੀ ਮੰਨਦਾ ਹੀ ਨਹੀਂ, ਉਸ ਦੀ ਦੇਸ਼ ਸੇਵਕ ਵਿਚ ਉਪਰ ਤੱਕ ਬਣਦੀ ਹੈ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ, ਕਿ ਮੈਂ ਗੁਰਨਾਮ ਸਿੰਘ ਅਕੀਦਾ ਨੂੰ ਕੱਢ ਸਕਾਂ’’ ਬੇਸ਼ੱਕ ਮੈਂ ਪ੍ਰੋ. ਬਲਵੰਤ ਸਿੰਘ ਦੀ ਇਸ ਗੱਲ ਤੋਂ ਸਮਝ ਗਿਆ ਸੀ, ਮੇਰੀ ਉਪਰ ਤੱਕ ਕਿਸੇ ਨਾਲ ਗੱਲਬਾਤ ਨਹੀਂ ਸੀ, ਦੇਸ਼ ਸੇਵਕ ਵਿਚ ਮੇਰੀ ਪੱਤਰਕਾਰੀ ਨੇ ਤਹਿਲਕਾ ਮਚਾ ਰੱਖਿਆ ਸੀ, ਮੈਂ ਪ੍ਰੋ. ਬਲਵੰਤ ਸਿੰਘ ਦੇ ਚਹੇਤੇ ਪੱਤਰਕਾਰਾਂ ਵਿਚੋਂ ਸੀ। ਅਸਲ ਵਿਚ ਉਸ ਨੇ ਚਾਹਲ ਨੂੰ ਕੋਰਾ ਜਵਾਬ ਦਿੱਤਾ ਸੀ। ‘ਪੰਜਾਬ ਟੂਡੇ’ ਅਮਰਿੰਦਰ ਸਰਕਾਰ ਵਿਰੁੱਧ ਖ਼ਬਰਾਂ ਚਲਾਉਣੀਆਂ ਬੰਦ ਕਰ ‌ਗਿਆ ਸੀ। ਉਹ ਪੰਜਾਬ ਸਰਕਾਰ ਦੀ ਹਰ ਘਟਨਾ ਨੂੰ ਸਹੀ ਦਰਸਾ ਕੇ ਪੇਸ਼ ਕਰ ਰਿਹਾ ਸੀ। ਸਿਨਹਾ ਸਾਹਿਬ ਵਰਗੇ ਸ਼ਰਾਬੀ ਬੰਦੇ ਅਮਰਿੰਦਰ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਵਿਚੋਂ ਸਨ। ਸਰਕਾਰ ਕੁਰੱਪਸ਼ਨ ਖ਼ਤਮ ਕਰਨ ਦੇ ਦਮਗਜੇ ਮਾਰ ਰਹੀ ਸੀ, ਜੋ ਨਜ਼ਰ ਵੀ ਆ ਰਿਹਾ ਸੀ। ਪਰ ਅੰਦਰੂਨੀ ਤੌਰ ਤੇ ਸਰਕਾਰ ਨਿਘਾਰ ਵੱਲ ਜਾ ਰਹੀ ਸੀ, ਜਿਸ ਬਾਰੇ ਗ਼ੁਲਾਮ ਮੀਡੀਆ ਛਾਪਣਾ ਤੇ ਪ੍ਰਸਾ‌ਰਿਤ ਕਰਨਾ ਬੰਦ ਕਰ ਗਿਆ ਸੀ। ਅਰੂਸਾ ਆਲਮ ਵੀ ਪ੍ਰਗਟ ਹੋ ਗਈ ਸੀ। ਪੰਜਾਬ ਟੂਡੇ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨ ਵੀ ਸ਼ਰੇਆਮ ਬੋਲਦੇ ਸਨ, ਕਈ ਥਾਵਾਂ ਤੇ ਪੰਜਾਬ ਟੂਡੇ ਦੇ ਪੱਤਰਕਾਰਾਂ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਸੀ। ਪਰ ਇਕ ਗੱਲ ਬੜੀ ਅਹਿਮ ਸੀ ਕਿ ਸਮੁੱਚੇ ਮੀਡੀਆ ਤੇ ਕੈਪਟਨ ਸਰਕਾਰ ਨੇ ਕਬਜ਼ਾ ਨਹੀਂ ਕੀਤਾ, ਉਨ੍ਹਾਂ ਕੋਈ ਅਜਿਹਾ ਟੈਕਨੀਕਲ ਹੱਬ ਨਹੀਂ ਬਣਾਇਆ ਜਿਸ ਨਾਲ ਕਿਸੇ ਵੀ ਟੀਵੀ ਚੈਨਲ ਨੂੰ ਤੁਰੰਤ ਦਿਖਾਉਣਾ ਬੰਦ ਕੀਤਾ ਜਾ ਸਕੇ। ਵੋਟਾਂ ਆ ਗਈਆਂ ਸਨ। ਨਤੀਜੇ ਆਉਣੇ ਸ਼ੁਰੂ ਹੋਏ, ਪਹਿਲਾਂ ਪਹਿਲਾਂ ਇੰਜ ਲੱਗਣ ਲੱਗ ਪਿਆ ਸੀ ਕਿ ਪੰਜਾਬ ਵਿਚ ਕੈਪਟਨ ਸਰਕਾਰ ਦੁਬਾਰਾ ਫਿਰ ਆ ਰਹੀ ਹੈ। ਇਹ ਚਰਚਾ ਸ਼ੁਰੂ ਹੋਣ ਹੀ ਲੱਗੀ ਸੀ ਕਿ ਪੰਜਾਬ ਟੂਡੇ ਦੇ ਮਾਲਕ ਜੈਨ ਸਾਹਿਬ ਖ਼ੁਦ ਟੀਵੀ ਸਕਰੀਨ ਤੇ ਆ ਗਏ। ਅਮਰਿੰਦਰ ਦੇ ਪੱਖ ਵਿਚ ਉਨ੍ਹਾਂ ਸ਼ਰੇਆਮ ਬੋਲਣਾ ਸ਼ੁਰੂ ਕੀਤਾ। ਪਰ ਨਤੀਜੇ ਬਦਲ ਗਏ ਸਨ। ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਆ ਗਈ ਸੀ। ਬਾਦਲ ਸਰਕਾਰ ਦੇ ਆਉਂਦਿਆਂ ਹੀ ਮੀਡੀਆ ਦਾ ਚਿਹਰਾ ਮੋਹਰਾ ਬਦਲ ਗਿਆ, ਜੈਨ ਸਾਹਿਬ ਨੂੰ ਆਪਣੇ ਭਵਿੱਖ ਦੀ ਗਰਦਸ਼ ਨਜ਼ਰ ਆ ਰਹੀ ਸੀ। ਅਚਾਨਕ ਹੀ ਮੋਹਾਲੀ ਤੋਂ ਕਨੈੱਕਟ ਨਾਮ ਦੀ ਸੰਸਥਾ ਹੋਂਦ ਵਿਚ ਆਈ, ਜਿਸ ਨੇ ਪੰਜਾਬ ਵਿਚ ਟੀਵੀ ਚੈਨਲ ਚਲਾਉਣ ਲਈ ਫਾ‌ਇਬਰ ਪਾਈ, ਪਰ ਸੁਖਬੀਰ ਬਾਦਲ ਹੁਣ ਪੂਰੇ ਫੋਰਮ ਵਿਚ ਆ ਗਏ ਸਨ, ਜਿਸ ਦੇ ਪ੍ਰਮੁੱਖ ਸਾਥੀਆਂ ਵਿਚੋਂ ਗੁਰਦੀਪ ਸਿੰਘ ਸਨ ਜਿਨ੍ਹਾਂ ਦੀ ਜੁਝਾਰ ਟਰਾਂਸਪੋਰਟ ਸੀ, ਉਸ ਦੀ ਟਰਾਂਸਪੋਰਟ ਹੋਣ ਕਰਕੇ ਸੁਖਬੀਰ ਨਾਲ ਪੂਰੀ ਤਰ੍ਹਾਂ ਬਣ ਰਹੀ ਸੀ, ਸੁਖਬੀਰ ਬਾਦਲ ਨੇ ਕ‌ਥਿਤ ਅਜਿਹੀ ਤਿਗੜਮਬਾਜ਼ੀ ਚਲਾਈ ਕਿ ਕਨੈੱਕਟ ਵਾਲਿਆਂ ਤੋਂ ਫਾਈਬਰ ਵਰਤਣ ਲਈ ਲੈ ਲਈ (ਇਸ ਦੀ ਕਹਾਣੀ ਹੋਰ ਵੀ ਹੈਰਾਨੀਜਨਕ ਹੈ), ਉਸ ਤੋਂ ਬਾਅਦ ਹੀ ਗੁਰਦੀਪ ਸਿੰਘ ਦੀ ਅਗਵਾਈ ਵਿਚ ‘ਫਾਸਟ ਵੇ’ ਨਾਮ ਦਾ ਇਕ ਮੀਡੀਆ ਹੱਬ ਹੋਂਦ ਵਿਚ ਆਇਆ। ਜਿਸ ਨੇ ਪੂਰੇ ਪੰਜਾਬ ਤੇ ਕਬਜ਼ਾ ਕਰਨ ਦੀ ਮੁਹਿੰਮ ਅਰੰਭੀ। ਸ਼ਹਿਰਾਂ ਕਸਬਿਆਂ ਵਿਚ ਛੋਟੇ ਪੱਧਰ ਤੇ ਚੱਲ ਰਹੇ ਕੇਬਲ ਨੈੱਟਵਰਕ ਤੇ ਬੜੇ ਹੀ ਜਾਲਮੀਅਤ ਤਰੀਕੇ ਨਾਲ ਕਬਜ਼ਾ ਕੀਤਾ ਗਿਆ। ਛੋਟੇ ਛੋਟੇ ਕੇਬਲ ਆਪ੍ਰੇਟਰਾਂ ਨੂੰ ਬੁਰੀ ਤਰ੍ਹਾਂ ਇਸ ਕੇਬਲ ਨੈੱਟਵਰਕ ਤੋਂ ਬਾਹਰ ਕੀਤਾ ਗਿਆ। ਛੋਟੇ ਕੇਬਲ ਅਪਰੇਟਰਾਂ ਲਈ ਉਹ ਸਮਾਂ ਬੜਾ ਖ਼ਤਰਨਾਕ ਸੀ। ਪਹਿਲਾਂ ਪਿਆਰ ਭਰੀ ਧਮਕੀ ਦਿੱਤੀ ਜਾਂਦੀ, ਫੇਰ ਡਾਂਗ ਨਾਲ, ਫੇਰ ਪੁਲੀਸ ਤੋਂ ਦਬਾਅ ਪਾਇਆ ਜਾਂਦਾ, ਭਾਵੇਂ ‌ਕਿ ਗੁਰਦੀਪ ਸਿੰਘ ਨਾਲ ਮੇਰੀ ਇਕ ਦਿਨ ਗੱਲ ਇਸ ਵਿਸ਼ੇ ਤੇ ਹੋਈ ਸੀ, ਉਨ੍ਹਾਂ ਕਿਹਾ ਸੀ ਕਿ ਅਸੀਂ ਕਦੇ ਵੀ ਕਿਸੇ ਕੇਬਲ ਅਪਰੇਟਰ ਨੂੰ ਜ਼ੁਲਮ ਤਰੀਕੇ ਨਾਲ ਇਸ ਵਪਾਰ ਤੋਂ ਬਾਹਰ ਕਰਨ ਲਈ ਨਹੀਂ ਕਿਹਾ ਸੀ, ਸ਼ਾਇਦ ਗੁਰਦੀਪ ਸਿੰਘ ਸੱਚ ਬੋਲਦੇ ਹੋਣ ਪਰ ਲੋਕਲ ਪੱਧਰ ਤੇ ਕੇਬਲਾਂ ਤੇ ਕਬਜ਼ਾ ਕਰਨ ਲਈ ਸਥਾਨਕ ਕਾਰੋਬਾਰੀਆਂ ਨੇ ਬੜਾ ਹੀ ਕਹਿਰ ਭਰਿਆ ਜ਼ੁਲਮ ਕੀਤਾ। ਉਸ ਵੇਲੇ ਸਾਰੇ ਪੰਜਾਬ ਦਾ ਕੇਬਲ ਨੈੱਟਵਰਕ ‘ਫਾਸਟ ਵੇ’ ਦੇ ਕਬਜ਼ੇ ਵਿਚ ਆ ਗਿਆ ਸੀ। ਪਹਿਲਾਂ ਟੀਵੀ ਚੈਨਲਾਂ ਨੂੰ ਚਲਾਉਣ ਲਈ ਘਰੋ ਘਰੀਂ ਅਨਟੀਨੇ ਲੱਗੇ ਹੁੰਦੇ ਸਨ। ਪਰ ਉਨ੍ਹਾਂ ਟੀਵੀ ਸੈੱਟਾਂ ਵਿਚ ਕੁਝ ਕੁ ਸਰਕਾਰੀ ਚੈਨਲ ਜਾਂ ਇਕ ਅੱਧ ਪ੍ਰਾਈਵੇਟ ਹੀ ਆਉਂਦੇ ਸਨ। ਉਸ ਤੋਂ ਬਾਅਦ ਅਰਥ ਸਟੇਸ਼ਨ ਦਾ ਮਾਮਲਾ ਸਾਹਮਣੇ ਆਇਆ, ਅਰਥ ਸਟੇਸ਼ਨ ਨੂੰ ਭਾਰੀ ਰੁਪਏ ਦੇਣੇ ਪੈਂਦੇ ਸਨ। ਚੈਨਲ ਚਲਾਉਣ ਲਈ ਪ੍ਰਾਈਵੇਟ ਚੈਨਲ ਮਾਲਕ ਅਰਥ ਸਟੇਸ਼ਨ ਤੱਕ ਰੁਪਏ ਪਹੁੰਚਾਉਣੇ ਪੈਂਦੇ ਸਨ ਜਿਸ ਲਈ ਵਿਚੋਲਿਆਂ ਦੀ ਡਿਊਟੀ ਨਿਭਾਉਣ ਲਈ ਕਈ ਡਿਸ਼ ਪੈਦਾ ਹੋਈਆਂ, ਜਿਵੇਂ ‌ਕਿ ਜੀਅ ਗਰੁੱਪ ਨੇ ਡਿਸ਼ ਟੀਵੀ ਨਾਮ ਦੀ ਡਿਸ਼ ਸ਼ੁਰੂ ਕੀਤੀ, ਉਸ ਤੋਂ ਬਾਅਦ ਟਾਟਾ ਡਿਸ਼, ਰਿਲਾਇੰਸ ਡਿਸ਼, ਏਅਰਟੈੱਲ ਡਿਸ਼, ਆਦਿ ਹੋਂਦ ਵਿਚ ਆਈਆਂ, ਸਾਊਥ ਵਿਚ ਚਲਣ ਵਾਲੀ ਸਨ ਡਿਸ਼ ਹੋਂਦ ਵਿਚ ਆਈ। ਅਰਥ ਸਟੇਸ਼ਨ ਵਿਦੇਸ਼ ਦੀ ਧਰਤੀ ਤੋਂ ਭਾਰਤ ਵਿਚ ਆ ਗਿਆ ਸੀ, ਭਾਰਤ ਵਿਚ ਜੈਨ ਟੀਵੀ ਨੇ ਅਰਥ ਸਟੇਸ਼ਨ ਲਗਾਇਆ, ਸਹਾਰਾ ਗਰੁੱਪ ਨੇ ਲਗਾਇਆ, ਫੇਰ ਸਰਕਾਰ ਦੇ ਭਾਰਤ ਸੰਚਾਰ ਨਿਗਮ ਨੇ ਅਰਥ ਸਟੇਸ਼ਨ ਲਗਾਇਆ। ਜਿਸ ਵਿਚ ਟੀਵੀ ਚੈਨਲ ਚਲਾਉਣ ਲਈ 3-4 ਲੱਖ ਪ੍ਰਤੀ ਮਹੀਨਾ ਫ਼ੀਸ ਦੇਣੀ ਪੈਂਦੀ ਸੀ। 2003 ‌ਵਿਚ ਕੇਂਦਰ ਨੇ ਕਾਨੂੰਨ ਬਦਲ ਦਿੱਤਾ ਸੀ ਜਿਸ ਲਈ ਹਰ ਇਕ ਟੀਵੀ ਚੈਨਲ ਨੂੰ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਕਰ ਦਿੱਤੀ ਸੀ। ਜਿਸ ਦਾ ਲਾਇਸੰਸ ਲੈਣਾ ਪੈਂਦਾ ਸੀ। ਪੰਜਾਬ ਵਿਚ ਇਹ ਕਾਰੋਬਾਰ ‘ਫਾਸਟ ਵੇ’ ਸੰਭਾਲਣ ਲੱਗ ਪਿਆ ਸੀ। ਪੰਜਾਬ ਵਿਚ ਕਿਸੇ ਵੀ ਟੀਵੀ ਚੈਨਲ ਨੂੰ ਚਲਾਉਣ ਲਈ ‘ਫਾਸਟ ਵੇਅ’ ਇੱਕੋ ਇਕ ਅਜਿਹਾ ਪਲੇਟ ਫਾਰਮ ਸੀ, ‘ਫਾਸਟ ਵੇਅ’ ਪੰਜਾਬ ਵਿਚ ਮੀਡੀਆ ਦਾ ਹੱਬ ਬਣਿਆ, ਜਿਸ ਨੇ ਕਿਸੇ ਵੀ ਕੇਬਲ ਨੈੱਟਵਰਕ ਨੂੰ ਸਿਰ ਨਹੀਂ ਚੁੱਕਣ ਦਿੱਤਾ। ਕਿਸੇ ਵੀ ਚੈਨਲ ਨੂੰ ਕੇਬਲ ਦੇ ਚਲਾਉਣ ਲਈ ‘ਫਾਸਟ ਵੇਅ’ ਦੀਆਂ ਫਾਈਬਰ ਵਿਚੋਂ ਹੀ ਗੁਜ਼ਰਨਾ ਪੈਣਾ ਸੀ, ਉਨ੍ਹਾਂ ‘ਦੇਸ਼ ਵਿਦੇਸ਼ ਟਾਈਮਜ਼’ ਅਖ਼ਬਾਰ ਵੀ ਸ਼ੁਰੂ ਕੀਤਾ ਸੀ ਪਰ ਕਾਮਯਾਬ ਨਹੀਂ ਹੋਏ, ਬਾਦ ਵਿਚ ‘ਡੇਲੀ ਪੋਸਟ’ ਵੀ ਸ਼ੁਰੂ ਕੀਤਾ ਗਿਆ। ਪਰ ਉਹ ਵੀ ਆਪਣਾ ਸਥਾਨ ਪੰਜਾਬੀਆਂ ਦੇ ਦਿਲਾਂ ਵਿਚ ਨਹੀਂ ਬਣਾ ਸਕਿਆ। ਪਰ ‘ਫਾਸਟ ਵੇਅ’ ਕੇਬਲ ਨੈੱਟਵਰਕ ਦੀ ਤੂਤੀ ਬੋਲਦੀ ਸੀ ਪੰਜਾਬ ਵਿਚ, ‘ਪੰਜਾਬ ਟੂਡੇ’ ਨੇ ਇਕ ਗ਼ਲਤੀ ਕੀਤੀ ਸੀ, ਅਮਰਿੰਦਰ ਸਰਕਾਰ ਨੇ ਇਕ ਗ਼ਲਤੀ ਕੀਤੀ ਸੀ। ਪਰ ਸੁਖਬੀਰ ਬਾਦਲ ਨੇ ਕਥਿਤ ਪੂਰਾ ਮੀਡੀਆ ਆਪਣੇ ਕਬਜ਼ੇ ਵਿਚ ਕਰ ਲਿਆ, ਕੋਈ ਵੀ ਚੈਨਲ ਜੇਕਰ ਪੰਜਾਬ ਦੀ ਅਕਾਲੀ ਸਰਕਾਰ ਵਿਰੁੱਧ ਖ਼ਬਰ ਚਲਾਉਂਦਾ ਸੀ ਤਾਂ ਉਸ ਨੂੰ ‘ਫਾਸਟ ਵੇਅ’ ਕੇਬਲ ਨੈੱਟਵਰਕ ਵਿਚੋਂ ਬਾਹਰ ਕਰ ਦਿੱਤਾ ਜਾਂਦਾ ਸੀ, ਇੱਥੇ ਤੱਕ ਕਿ ਜਦੋਂ ਕੈਪਟਨ ਕੰਵਲਜੀਤ ਸਿੰਘ ਦੀ ਦੁਰਘਟਨਾ ਵਿਚ ਮੌਤ ਹੋਈ ਤਾਂ ਇਕ ਜਾਂ ਦੋ ਟੀਵੀ ਚੈਨਲਾਂ (ਵੋਆਇਸ ਆਫ ਇੰਡੀਆ) ਨੇ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਦੀ ਬਾਈਟ ਚਲਾ ਦਿੱਤੀ ਸੀ, ਤਾਂ ਉਹ ਟੀਵੀ ਚੈਨਲ ‘ਫਾਸਟ ਵੇਅ’ ਕੇਬਲ ਨੈੱਟਵਰਕ ਵਿਚੋਂ ਗ਼ਾਇਬ ਕਰ ਦਿੱਤੇ ਗਏ ਸਨ। ‘ਡੇ ਐਂਡ ਨਾਈਟ’ ਵਰਗੇ ਟੀਵੀ ਚੈਨਲ ਦੇ ਪੰਜਾਬ ਵਿਚ ਪੈਰ ਨਹੀਂ ਲੱਗਣ ਦਿੱਤੇ। ਪੰਜਾਬ ਟੂਡੇ, ਪੀਬੀਸੀ, ਪੀ-7 ਪੰਜਾਬੀ, ਲਿਸ਼ਕਾਰਾ, ਜੀ ਪੰਜਾਬੀ, ਬੱਲੇ ਬੱਲੇ ਮਿਊਜ਼ਿਕ, ਆਦਿ ਪੰਜਾਬੀ ਚੈਨਲ ਬੰਦ ਕੀਤੇ ਗਏ, ਪੰਜਾਬੀ ਐਕਟ 2008 ਲਾਗੂ ਕਰਨ ਵਾਲੀ ਸਰਕਾਰ ਨੇ ਪੰਜਾਬੀ ਚੈਨਲਾਂ ਨੂੰ ਪੰਜਾਬ ਤੋਂ ਦੂਰ ਕੀਤਾ। ਉਸ ਵੇਲੇ ਐਨ ਡੀ ਟੀਵੀ ਵਰਗਿਆਂ ਦੀਆਂ ਵੀ ਅਵਾਜ਼ਾਂ ਬੰਦ ਕੀਤੀਆਂ ਗਈਆਂ। ਕਈ ਚੈਨਲਾਂ ਦੇ ਕਥਿਤ ਕਰੋੜਾਂ ਰੁਪਏ ਵੀ ਭਰੇ ਹੋਏ ਖ਼ਤਮ ਹੋਏ।
‘ਫਾਸਟ ਵੇਅ’ ਨੈੱਟਵਰਕ ਨੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤਾਂ ਇਕ ਕਬਜ਼ਾ ਉਸ ਨੇ ਹੋਰ ਕੀਤਾ, ਪੰਜਾਬ ਦੇ ਮੀਡੀਆ ਤੇ ਕਬਜ਼ਾ!, ਕੈਪਟਨ ਅਮਰਿੰਦਰ ਸਿੰਘ ਪੀਟੀਸੀ ਨੂੰ ਪ੍ਰਕਾਸ਼ ਸਿੰਘ ਬਾਦਲ ਟਰੇਡਿੰਗ ਕੰਪਨੀ ਕਹਿੰਦੇ ਸਨ। ਇਕੱਲਾ ਪੀਟੀਸੀ ਹੀ ਨਹੀਂ ਸਗੋਂ ਪੰਜਾਬ ਵਿਚ ‘ਫਾਸਟ ਵੇਅ’ ਨਾਮ ਦੇ ਚੈਨਲ ਵੀ ਸ਼ੁਰੂ ਕੀਤੇ, ਜਿਸ ਦਾ ਹੈੱਡ ਕੁਆਟਰ ਲੁਧਿਆਣਾ ਵਿਚ ਸੀ, ਪਰ ਫਾਸਟ ਵੇਅ ਨੇ ਜ਼ਿਲ੍ਹਾ ਪੱਧਰੀ ਖ਼ਬਰਾਂ ਦੇ ਬੁਲਿਟਿਨ ਚਲਾਏ, ਹੁਣ ਪੰਜਾਬ ਵਿਚ ਅਕਾਲੀ ਸਰਕਾਰ ਦੇ ਆਪਣੇ ਨਿੱਜੀ ਪੱਤਰਕਾਰ ਬਣ ਗਏ ਸਨ। ਹਰ ਜ਼ਿਲ੍ਹੇ ਹਰ ਕਸਬੇ ਵਿਚ ਇਕ ਪੱਤਰਕਾਰ ਪੀਟੀਸੀ ਦਾ ਬਣਿਆ ਤੇ ਇਕ ਪੱਤਰਕਾਰ ‘ਫਾਸਟ ਵੇਅ’ ਦਾ ਬਣਿਆ, ਇਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਏ, ਅਕਾਲੀ ਸਰਕਾਰ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਕਿਸੇ ਵੱਡੇ ਅਖ਼ਬਾਰ ਦਾ ਪੱਤਰਕਾਰ ਆਪਣੇ ਨਾਲ ਲਗਾਇਆ, ਜੋ ਜ਼ਿਲ੍ਹੇ ਵਿਚ ਅਕਾਲੀ ਦਲ ਦਾ ਕਥਿਤ ਕੰਮ ਕਰਦਾ ਸੀ, ਅਕਾਲੀ ਦਲ ਦੇ ਪ੍ਰੈੱਸ ਨੋਟ ਜਾਰੀ ਕਰਨੇ, ਪੱਤਰਕਾਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣਾ, ਇਹ ਕਰੂਰ ਕੰਮ ਪੱਤਰਕਾਰਾਂ ਵਿਚ ਰਹਿੰਦੇ ਹੀ ਉਹ ਕਰਦੇ ਸਨ। ਇਹ ਨਾਲੋਂ ਨਾਲ ਵੱਡੇ ਅਖ਼ਬਾਰਾਂ ਵਿਚ ਵੀ ਖ਼ਬਰਾਂ ਭੇਜਦੇ ਸਨ। ਇੱਥੋਂ ਹੀ ਖ਼ਤਮ ਹੋਇਆ ਪੱਤਰਕਾਰਾਂ ਦੇ ਏਕੇ ਨਾਲ ਹੁੰਦਾ ਸਰਕਾਰਾਂ ਦਾ ਬਾਈਕਾਟ! ਜੇਕਰ ਕਿਤੇ ਪੱਤਰਕਾਰ ਬਾਈਕਾਟ ਕਰਦੇ ਵੀ ਸਨ ਤਾਂ ਉਹ ਬਾਈਕਾਟ ਖ਼ਤਮ ਕਰਨ ਦਾ ਕੰਮ ਉੱਪਰੋਂ ਹੁੰਦੇ ਹੁਕਮਾਂ ਅਨੁਸਾਰ ‘ਫਾਸਟ ਵੇਅ’ ਅਤੇ ਪੀਟੀਸੀ ਚੈਨਲ ਤੇ ਪੱਤਰਕਾਰ ਹੀ ਕਰਦੇ ਸਨ। ਉਹ ਪੁਲੀਸ ਦੀ ਹੁੰਦੀ ਪ੍ਰੈੱਸ ਕਾਨਫ਼ਰੰਸ ਵਿਚ ਵੀ ਪੁੱਜ ਜਾਂਦੇ, ਮੰਤਰੀਆਂ ਦੀ ਹੁੰਦੀ ਪ੍ਰੈੱਸ ਕਾਨਫ਼ਰੰਸ ਵਿਚ ਪਹੁੰਚ ਜਾਂਦੇ। ਇੱਥੋਂ ਹੀ ਸਿਰਫ਼ ਪਟਿਆਲਾ ਵਿਚ ਨਹੀਂ ਸਗੋਂ ਪੰਜਾਬ ਵਿਚ ਪੱਤਰਕਾਰਾਂ ਦੇ ਹੁੰਦੇ ਬਾਈਕਾਟ ਬੰਦ ਹੋਏ। ਉਕਤ ਮਾਮਲੇ ਬਾਰੇ ਸੱਚ ਹੋਰ ਵੀ ਹੋਣਗੇ, ਜਾਣਕਾਰ ਸਾਂਝ ਪਾ ਸਕਦੇ ਹਨ... ਬਾਕੀ ਅਗਲੇ ਹਿੱਸੇ ਵਿਚ..... ਸੰਪਰਕ : 8146001100

No comments:

Post a Comment

ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ

ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...