Thursday, November 10, 2022

ਪਾਕਿਸਤਾਨ ਵਿਚ ਰਹਿ ਕੇ ‘ਪੰਜਾਬੀ’ ਵਿਚ ਐਮਏ, ਐਮਫਿਲ ਕਰਨ ਵਾਲਾ ਕੌਮਾਂਤਰੀ ਪੱਤਰਕਾਰ ‘ਮਸੂਦ ਮੱਲ੍ਹੀ’

‘ਪੱਤਰਕਾਰੀ ਦੀ ਰੂਹ ਨਾਲ ਜੁੜਿਆ ਹੈ ਲਾਹੌਰ ਦਾ ਇਹ ਪੱਤਰਕਾਰ’
‘ਲੱਭਣ ਵਾਲੇ ਲੱਭ ਲੈਂਦੇ ਨੇ ਖੋਜੀ ਜੋ, ਬਹੁਤੇ ਚੰਗੇ ਇੱਧਰ ਵੀ ਨੇ ਉਧਰ ਵੀ’ ਪਰ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਕਹਿੰਦੇ ਹਨ : ‘ਗੰਦੇ ਅੰਡੇ ਇੱਧਰ ਵੀ ਨੇ ਉਧਰ ਵੀ, ਕੁਝ ਮੁਸਟੰਡੇ ਇੱਧਰ ਵੀ ਨੇ ਉਧਰ ਵੀ’ ਨਾਲ ਹੀ ਬਾਬਾ ਨਜ਼ਮੀ ਸੱਚ ਲਿਖਣ ਵਾਲੇ ਲੋਕਾਂ ਬਾਰੇ ਕਹਿੰਦੇ ਹਨ: ‘ਸੱਚ ਉਛਾਲਣ ਵਾਲੇ ਲੋਕਾਂ ਨੂੰ ਪੈਂਦੇ ਡੰਡੇ ਇੱਧਰ ਵੀ ਨੇ ਉਧਰ ਵੀ’
ਪਾਕਿਸਤਾਨ ਵਿਚ ਕੁਝ ਸੰਸਥਾਵਾਂ ਸਕੂਲਾਂ ਵਿਚ ਗੁਰਮੁੱਖੀ ਲਿਪੀ ਰਾਹੀਂ ਪੜਾਈ ਕਰਾਉਣ ਲਈ ਸਰਕਾਰ ਤੋਂ ਮੰਗ ਕਰਦੀਆਂ ਆ ਰਹੀਆਂ ਹਨ। ਪਾਕਿਸਤਾਨ ਵਿਚ ‘ਪੰਜਾਬੀ’ ਬੋਲੀ ਜਾਂਦੀ ਹੈ ਪਰ ਲਿਪੀ ਉਨ੍ਹਾਂ ਦੀ ਸ਼ਾਹਮੁਖੀ ਹੈ, ਮੰਗ ਕਰਨਾ ਇਕ ਅਲੱਗ ਬਾਤ ਹੈ ਪਰ ਉਸ ਤੇ ਅਮਲ ਕਰ ਲੈਣਾ ਵੱਡੀ ਬਾਤ ਹੈ। ਅੱਜ ਮੈਂ ਪਾਕਿਸਤਾਨ ਦੇ ਲਾਹੌਰ ਵਿਚ ਰਹਿਣ ਵਾਲੇ ਇਕ ਅਜਿਹੇ ਹੀ ਪੱਤਰਕਾਰ ਦੀ ਗੱਲ ਕਰ ਰਿਹਾ ਹਾਂ ਜਿਸ ਦੀ ਆਵਾਜ਼ ਲਾਹੌਰ ਤੋਂ ਲੈਕੇ ਦੁਨੀਆਂ ਦੀ ਪਹਿਲੀ ਨੁੱਕਰ ਵੈਨਕੁਵਰ ਤੋਂ ਲੈਕੇ ਦੁਨੀਆਂ ਦੀ ਆਖਿਰੀ ਨੁੱਕਰ ਮੈਲਬਰਨ ਤੱਕ ਗੁੰਜ਼ਦੀ ਹੈ। ਜੋ ਜਦੋਂ ਪੰਜਾਬੀ ਬੋਲਦਾ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਮੋਤੀ ਉਸ ਦੇ ਮੂੰਹ ਵਿਚੋਂ ਕਿਰ ਰਹੇ ਹੋਣ, ਜਦੋਂ ਪੰਜਾਬੀ ਲਿਖਦਾ ਹੈ ਤਾਂ ਮੋਤੀਆਂ ਦੀ ਮਾਲਾ ਲੱਗਦੀ ਹੈ। ਪਾਕਿਸਤਾਨ ਵਿਚ ਰਹਿਣ ਵਾਲਾ ਇਹ ਇਕ ਅਜਿਹਾ ਪੱਤਰਕਾਰ ਹੈ ਜੋ ਪੰਜਾਬੀ ਸਿਰਫ ਬੋਲਦਾ ਨਹੀਂ ਸਗੋਂ ਪੰਜਾਬੀ ਜਿਉਂਦਾ ਵੀ ਹੈ। ਇਸ ਨੇ ਪੰਜਾਬੀ ਵਿਚ ਐਮਏ ਕੀਤੀ, ਐਮਫਿਲ ਕੀਤੀ ਤੇ ਪੰਜਾਬੀ ਬੋਲੀ ਨੂੰ ਹੀ ਨਹੀਂ ਸਗੋਂ ਪੰਜਾਬੀ ਭਾਸ਼ਾ ਨੂੰ ਵੀ ਪ੍ਰਣਾਇਆ ਹੋਇਆ ਹੈ। ਮੇਰੀ ਅੱਜ ਦੀ ਮੁਰਾਦ ਹੈ ਕੌਮਾਂਤਰੀ ਪੱਤਰਕਾਰ ‘ਮਸੂਦ ਮੱਲ੍ਹੀ’। ਜਿਸ ਦੀ ਗੱਲ ਕਰਕੇ ਮੈਂ ਭਾਰਤੀ ਪੰਜਾਬੀ ਤੇ ਪਾਕਿਸਤਾਨੀ ਪੰਜਾਬੀ ਪੱਤਰਕਾਰੀ ਦੇ ਪੈਂਡੇ ਮਿਲਾਉਣ ਲੱਗਾ ਹਾਂ।
-ਮੁੱਢ ਤੇ ਪੜਾਈ-
‘ਮੁਹੰਮਦ ਮਸੂਦ ਖਾਲਿਕ ਮੱਲੀ’ ਜਾਨੀ ਕਿ ‘ਮਸੂਦ ਮੱਲ੍ਹੀ’ ਆਪਣੇ ਨਾਨਕੇ ਘਰ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਸੱਚਾ ਸੌਦਾ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤੀਜੀ ਗਲੀ ਦੇ ਇਕ ਘਰ ਵਿਚ 10 ਫਰਵਰੀ 1981 ਨੂੰ ਜਨਮਿਆ। ਪਿਤਾ ਮੁਹੰਮਦ ਖਾਲਿਕ ਮੁਸਤਫਾ ਮੱਲੀ ਪਾਕਿਸਤਾਨ ਵਿਚ ਹੀ ਪੁਲੀਸ ਟੈਲੀਕਮਿਉਨੇਕਸ਼ਲ ਵਿਚ ਮੁਲਾਜਮ ਰਿਹਾ ਤੇ ਮਾਤਾ ਨਸੀਮ ਅਖਤਰ ਘਰੇ ਹੀ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ। ਪੰਜ ਭਰਾ ਤੇ ਇਕ ਭੈਣ ਦਾ ਸਭ ਤੋਂ ਵੱਡਾ ਭਰਾ ਹੈ ‘ਮਸੂਦ ਮੱਲ੍ਹੀ’। ਪਹਿਲਾਂ ਪਿਤਾ ਜੀ ਦੀ ਡਿਊਟੀ ਫੈਸਲਾਬਾਦ ਵਿਚ ਸੀ, ਮੁੱਢਲੀ ਪੜ੍ਹਾਈ ਉਥੋਂ ਹੀ ਕੀਤੀ। ਬਾਅਦ ਵਿਚ ਪਿਤਾ ਜੀ ਦੀ ਬਦਲੀ ਸ਼ੇਖੂਪੁਰਾ ਵਿਚ ਹੋਈ ਤੈ ਬਾਕੀ ਪੜ੍ਹਾਈ ਪ੍ਰਾਇਮਰੀ ਤੋਂ ਲੈਕੇ ਇਥੇ ਹੀ ਕੀਤੀ। ਪ੍ਰਾਇਮਰੀ ਕੈਸਰ ਜਿਨਾਹ ਕੈਮਰ ਪ੍ਰਾਈਵੇਟ ਸਕੂਲ ਜੋ ਅੱਜ ਕੱਲ੍ਹ ਕੈਸਰ ਮਾਡਲ ਹਾਈ ਸਕੂਲ ਹੈ ਤੋਂ ਕੀਤੀ। ਛੇਵੀਂ ਤੋਂ ਸਰਕਾਰੀ ਸਕੂਲ ਸ਼ੇਖੁਪੁਰਾ ਵਿਚ ਦਾਖਲਾ ਲੈ ਲਿਆ। ਦਸਵੀਂ ਤੱਕ ਇਥੇ ਹੀ ਰਿਹਾ। ਐਫ.ਏ ਤੇ ਬੀ.ਏ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਤੋਂ ਕੀਤੀ। ਪੰਜਾਬੀ ਲਿਖਣੀ ਤੇ ਪੜ੍ਹਨੀ ਮਸੂਦ ਹੋਰਾਂ ਨੂੰ ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਸਿਖਾਈ। ਇਸੇ ਦੌਰਾਨ 1997 ਵਿਚ ਰੇਡੀਓ ਨਾਲ ਵੀ ਜੁੜ ਗਿਆ ਸੀ। ਪਹਿਲੀ ਐਮਏ ਪੰਜਾਬੀ ਵਿਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਤੇ ਦੂਜੀ ਐਮਏ ਮਾਸ ਕਮਿਉਨੀਕੇਸ਼ਨ ਵਿਚ ਹੀ ਇਥੋ (ਗੋਰਮਿੰਟ ਕਾਲਜ ਟਾਊਨਸ਼ਿਪ ਲਾਹੌਰ ਵਿਚੋਂ) ਹੀ ਕੀਤੀ। ਇਸ ਵਿਚ ਮਸੂਦ ਹੋਰਾਂ ਨੇ ਸਿਲਵਰ ਮੈਡਲ ਹਾਸਲ ਕੀਤਾ ਤੇ ਕਲਾਸ ਵਿਚ ਦੂਜਾ ਸਥਾਨ ਤੇ ਪੰਜਾਬ ਵਿਚ 10ਵਾਂ ਸਥਾਨ ਹਾਸਲ ਕੀਤਾ।
ਐਮਫਿਲ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਤੋਂ ‘ਨੈਸ਼ਨਲ ਲੈਂਗੂਏਜ ਇਨ ਲਿਟਰੇਚਰ ਇਨ ਪੰਜਾਬੀ’ ਵਿਸ਼ੇ ਤੇ ਕੀਤੀ। ਹੁਣ ਪੀਐੱਚ ਵਿਚ ਇਨਰੋਲਡ ਹੈ। ‘ਮਾਸ਼ਾ ਅੱਲਾਹ’ ਉਹ ਵੀ ਮੁਕੰਮਲ ਹੋਣ ਵਿਚ ਕੁਝ ਸਮਾਂ ਹੀ ਲੱਗੇਗਾ। -ਪੱਤਰਕਾਰੀ ਤੇ ਲਿਖਣ ਬੋਲਣ ਦਾ ਸ਼ੌਂਕ- ਪਾਕਿਸਤਾਨ ਦੇ ਵਾਰਸ਼ ਸਾਹ ਮੰਨੇ ਜਾਂਦੇ ‘ਸਈਅਦ ਤਨਵੀਰ ਬੁਖਾਰੀ’, ਜਿਸ ਨੇ 400 ਤੋਂ ਵੱਧ ਕਿਤਾਬਾਂ ਲਿਖੀਆਂ, ਮਸੂਦ ਹੋਰਾਂ ਨੇ ਉਨ੍ਹਾਂ ’ਤੇ ਹੀ ਐਮ-ਫਿਲ ਕੀਤੀ। 1997-98 ਦੀ ਗੱਲ ਹੈ ਇਹ ਜਦੋਂ ਲਿਖਣ ਦੀ ਸ਼ੁਰੂਆਤ ਹੋਈ। ਮਸੂਦ ਹੋਰਾਂ ਵਲੋਂ ਲਿਖ ਕੇ ਭੇਜਿਆ ਪਹਿਲਾ ਕਾਲਮ ‘ਡੇਲੀ (ਰੋਜਨਾਮਾ) ਪਾਕਿਸਤਾਨ’ ਵਿਚ ਛਪਿਆ। ਉਸ ਵੇਲੇ ਪਾਕਿਸਤਾਨ ਦੇ ਮਸ਼ਹੂਰ ਅਖਬਾਰ ਰੋਜਨਾਮਾ ਜੰਗ, ਰੋਜਨਾਮਾ ਨਵਾਇਵਕਤ, ਰੋਜਨਾਮਾ ਪਾਕਿਸਤਾਨ ਹੀ ਹੁੰਦੇ ਸਨ। ਫੇਰ ਵਾਰਸ਼ ਸ਼ਾਹ ਉਤੇ ਇਕ ਆਰਟੀਕਲ ਲਿਖਿਆ ਉਹ ਵੀ ਅਖਬਾਰਾਂ ਨੇ ਛਾਪਿਆ। ‘ਫਰੀ ਲਾਂਸ’ ਦੇ ਤੌਰ ਤੇ ਹੀ ਲਿਖਣ ਦਾ ਕੰਮ ਸ਼ੁਰੂ ਕੀਤਾ। ਉਸ ਦੋਂ ਬਾਅਦ ਰੋਜਨਾਮਾ ਐਕਸਪ੍ਰੈਸ ਵੀ ਛਪਣ ਲੱਗ ਪਿਆ ਸੀ। ਇਹ ਅਖਬਾਰ ਕਾਫੀ ਗਿਣਤੀ ਵਿਚ ਛਪਦੇ ਸਨ ਪਰ ਜਦੋਂ ਤੋਂ ਐਡੀਸ਼ਨ ਆਨ ਲਾਈਨ ਹੋਏ ਹਨ ਤਾਂ ਅਖਬਾਰਾਂ ਦੀ ਛਪਣ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਅਖਬਾਰਾਂ ਵਿਚ ਖਬਰਾਂ ਭੇਜਣ ਦਾ ਕੰਮ ਭਾਰਤੀ ਪੰਜਾਬ ਦੇ ਪੱਤਰਕਾਰਾਂ ਨਾਲ ਹੀ ਥੋੜਾ ਬਹੁਤ ਮਿਲਦਾ ਜੁਲਦਾ ਹੁੰਦਾ ਸੀ, ਭਾਵੇਂ ਕਿ ਪਾਕਿਸਤਾਨੀ ਪੱਤਰਕਾਰ ਬੱਸਾਂ ਵਾਲਿਆਂ ਨੂੰ ਖਬਰਾਂ ਦਾ ਇਕ ਲਫਾਫਾ ਫੜਾਉਣ ਦਾ ਅੱਧਾ ਕਿਰਾਇਆ ਦਿੰਦੇ ਸਨ। ਜਾਂ ਫਿਰ ਕੁਝ ਪੱਤਰਕਾਰ ਅੜਬ ਸੁਭਾਅ ਦੇ ਹੁੰਦੇ ਸਨ ਉਹ ਖਿਲਾਫ ਖਬਰਾਂ ਲਗਾਉਣ ਦਾ ਦਾਬਾ ਮਾਰ ਕੇ ਮੁਫਤ ਵੀ ਖਬਰਾਂ ਦਾ ਲਿਫਾਫਾ ਡਰਾਇਵਰ ਜਾਂ ਕੰਡਕਟਰ ਨੂੰ ਫੜਾ ਦਿੰਦੇ ਸਨ। ਉਂਜ ਤਾਂ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਵਿਚ ਹੀ ਅਖਬਾਰ ਛਪਦੇ ਹਨ ਜਿਵੇਂ ਕਿ ਲਹੌਰ, ਕਰਾਚੀ, ਇਸਲਾਮਾਬਾਦ, ਕੋਹਟਾ ਆਦਿ ਵਿਚ ਅਖਬਾਰਾਂ ਦੇ ਮੁੱਖ ਦਫਤਰ ਹਨ, ਪਰ ਜੇਕਰ ਖਬਰ ਜਰੂਰੀ ਹੁੰਦੀ ਤਾਂ ਪੱਤਰਕਾਰ ਦੀ ਜਿੰਮੇਵਾਰੀ ਹੁੰਦੀ ਸੀ ਕਿ ਖਬਰ ਅਖਬਾਰ ਤੱਕ ਕਿਵੇਂ ਅਪੜਦੀ ਕੀਤੀ ਜਾਵੇ। ਕੁਝ ਅਖਬਾਰਾਂ ਨੇ ਅੱਡੇ ਵੀ ਖਬਰਾਂ ਰੱਖਣ ਦੇ ਬਣਾਏ ਹੋਏ ਸਨ ਜਿਵੇਂ ਕਿ ਲਾਹੌਰ ਵਿਚ ਯਾਦਗਾਰ ‘ਮਿਨਾਰ-ਏ-ਪਾਕਿਸਤਾਨ’ ਵਿਚ ਖਬਰਾਂ ਰੱਖਣ ਦੇ ਕੁਝ ਅੱਡੇ ਸਨ, ਜਿਥੇ ਪੱਤਰਕਾਰ ਖਬਰਾਂ ਰੱਖ ਆਉਂਦੇ ਸਨ ਤੇ ਅਖਬਾਰ ਦਾ ਮੁਲਾਜਮ ਖਬਰਾਂ ਦੇ ਲਿਫਾਫੇ ਉਥੋ ਚੁੱਕ ਲੈ ਜਾਂਦੇ ਸਨ ਜਿਵੇਂ ਕਿ ‘ਮਿਨਾਰੇ ਪਾਕਿਸਤਾਨ’ ਵਿਚ ਇਕ ‘ਫੀਕਾ ਪਾਨ ਸ਼ਾਪ’ ਹੁੰਦੀ ਸੀ, ਭਾਵ ਕਿ ਦੁਕਾਨ ਦਾ ਮਾਲਕ ਸੀ ਰਫੀਕ ਦਾਨਿਸ਼, ਉਸ ਦਾ ਛੋਟਾ ਨਾਂ ‘ਫੀਕਾ’ ਸੀ ਤਾਂ ਇਸ ਦੇ ਨਾਮ ਤੇ ਹੀ ਪਾਨਾ ਸੀਟਾਂ ਦੀ ਦੁਕਾਨ ਸੀ। ਉਥੇ ਹੀ ਪੱਤਰਕਾਰ ਆਪਣੀਆਂ ਖਬਰਾਂ ਦਾ ਲਿਫਾਫਾ ਰੱਖ ਆਉਂਦੇ ਸਨ। ਇਥੇ ਰੋਜਨਾਮਾ ਪਾਕਿਸਤਾਨ ਦੀ ਡਾਕ ਜਾਂਦੀ ਤੇ ਰਾਣੀ ਰੋਡ ਦੇ ਰੋਜਨਾਮਾ ਜੰਗ ਅਖਬਾਰ ਦੀ ਡਾਕ ਦਾ ਅੱਡਾ ਹੁੰਦਾ ਸੀ। -ਪੱਤਰਕਾਰਾਂ ਦੀ ਨਰਸਰੀ ‘ਰੇਡੀਓ ਪਾਕਿਸਤਾਨ ਲਾਹੌਰ’ ਵਿਚ ਲਿਖਣਾ ਸ਼ੁਰੂ- ਰੇਡੀਓ ਪਾਕਿਸਤਾਨ ਲਾਹੌਰ ਪੱਤਰਕਾਰਾਂ ਦੇ ਸਿੱਖਣ ਲਈ ਨਰਸਰੀ ਜਾਂ ਅਕਾਦਮੀ ਕਿਹਾ ਜਾ ਸਕਦਾ ਹੈ, ਕਈ ਪੱਤਰਕਾਰ ਤਾਂ ਅੱਜ ਵੀ ਰੇਡੀਓ ਪਾਕਿਸਤਾਲ ਲਾਹੌਰ ਨੂੰ ‘ਆਪਣੀ ਲਿਖਣਾ ਸਿਖਾਉਣ ਵਾਲੀ ਮਾਂ’ ਦਾ ਦਰਜਾ ਦਿੰਦੇ ਹਨ। ਮਸੂਦ ਹੋਰਾਂ ਦੀ ਇਥੇ ਹੀ ਸਕ੍ਰਿਪਟ ਲਿਖਣ ਦੀ ਡਿਊਟੀ ਸੀ। ਛੋਟੀ ਉਮਰ ਸੀ ਸਾਰੇ ਵਡੇਰੀ ਉਮਰ ਦੇ ਸਨ। ਕਿਸੇ ਦੇ ਗੋਡੇ ਫੜਨੇ ਕਿਸੇ ਦੇ ਪੈਰ ਫੜਨੇ, ਇਥੋਂ ਹੀ ਮਸੂਦ ਹੋਰਾਂ ਨੇ ਲਿਖਣਾ ਸ਼ੁਰੂ ਕੀਤਾ। ‘ਮਸੂਦ ਮੱਲ੍ਹੀ’ ਕਹਿੰਦੇ ਹਨ ‘ਰੇਡੀਓ ਪਾਕਿਸਤਾਨ ਇਕ ਅਜਿਹੀ ਅਕਾਦਮੀ ਹੈ ਕਿ ਜੇਕਰ ਇਸ ਵਿਚੋਂ ਬਾਹਰ ਸੁੱਟੇ ਗਏ ਕੁੜਾ ਕਰਕਟ ਵਿਚ ਸੁੱਟੀਆਂ ਪਰਚੀਆਂ ਨੂੰ ਵੀ ਕੋਈ ਸਲੀਕੇ ਨਾਲ ਜੋੜ ਲਵੇ ਤਾਂ ਇਕ ਚੰਗੀ ਸਕ੍ਰਿਪਟ ਪੜਨ ਨੂੰ ਮਿਲ ਜਾਂਦੀ ਹੈ। ਉਹ ਅਜਿਹੀ ਸਕ੍ਰਿਪਟ ਹੁੰਦੀ ਸੀ ਜੋ ਅੱਜ ਦੇ ਪੜੇ ਲਿਖੇ ਪੱਤਰਕਾਰ ਨਹੀਂ ਲਿਖ ਸਕਦੇ।’ ਇਥੇ ‘ਮਸੂਦ ਮੱਲ੍ਹੀ’ ਨੇ ਪਾਕਿਸਤਾਨ ਦੇ ਨਾਮੀ ਬੰਦੇ ਅਸ਼ਪਾਕ ਰਹਿਮਦ ਮਰਹੂਮ ਦਾ ਸੰਗ ਮਾਣਿਆ, ਅਬੀਦਾ ਸ਼ਹੀਅਦ ਵਰਗੀ ਬਰਾਡਕਾਸਟਰ ਦੇ ਮਾਤਹਿਤ ਕੰਮ ਕੀਤਾ। ਬਿੰਦੀਆ ਸਈਅਦ, ਨਦੀਆ ਆਜ਼ਿਮ, ਇਫਤ ਆਲਵੀ, ਹਸ਼ਮ ਫਾਰੁਕੀ ਵਰਗੇ ਸਿਰ ਦੀ ਛਾਂ ਰਹੇ। ਰੇਡੀਓ ਪਾਕਿਸਤਾਨ ਦਾ ਆਪਣਾ ਮੈਗਜ਼ੀਨ ‘ਅਹੰਮ’ ਵੀ ਛੱਪਦਾ ਹੈ, ਉਸ ਲਈ ਜਦੋਂ ਮਸੂਦ ਹੋਰੀਂ ਸਕ੍ਰਿਪਟ ਲਿਖਦੇ ਤਾਂ ਉਹ ਕਿਸੇ ਹੋਰ ਦੇ ਨਾਮ ਤੇ ਛੱਪਦੀ, ਜਿਸ ਦਾ ਮਸੂਦ ਹੋਰਾਂ ਨੂੰ ਰਤਾ ਜਿੱਨਾ ਵੀ ਦੁੱਖ ਨਹੀਂ ਸੀ, ਉਹ ਕਹਿੰਦੇ ‘ਫੇਰ ਕੀ ਆ ਮੈਂ ਇਨ੍ਹਾਂ ਕੋਲੋਂ ਹੀ ਸਿਖਿਆ ਹਾਂ’ ਇਕ ਦਿਨ ਜਦੋਂ ਇਕ ਸਕ੍ਰਿਪਟ ਬਣਾਈ ਤੇ ਨਾਲ ਇਕ ਬੰਦਾ ਬੈਠਾ ਸੀ ਜੋ ਪ੍ਰੋਫੈਸਨਲ ਸਕ੍ਰਿਪਟ ਰਾਈਟਰ ਸੀ, ਉਸ ਨੇ ਮਸੂਦ ਸਕ੍ਰਿਪਟ ਦੇਖੀ ਤੇ ਦੇਖ ਦੇ ਦੰਗ ਰਹਿ ਗਿਆ ਉਸ ਨੇ ਮਸੂਦ ਨੂੰ ਕਿਹਾ ਕਿ ‘ਲਿਖਦਾ ਤੂੰ ਹੈ ਤੇ ਛੱਪਦੀ ਕਿਸੇ ਹੋਰ ਦੇ ਨਾਮ ’ਤੇ ਹੈ, ਇਥੇ ਤੇਰੀ ਕਦਰ ਨਹੀਂ ਪੈਣੀ ਤੂੰ ਕੋਈ ਹੋਰ ਪਲੇਟਫਾਰਮ ਚੁਣ।’ ਉਸ ਨੇ ਪੁਛਿਆ ਕਿ ‘ਤੇਰਾ ਪੰਸਦੀਦਾ ਸਬਜੈਕਟ ਕਿਹੜਾ ਹੈ’ ਮਸੂਦ ਨੇ ਆਪਣਾ ਪੰਸਦੀਦਾ ਵਿਸ਼ਾ ਸੂਫੀਆਂ ਬਾਰੇ ਲਿਖਣ ਦਾ ਦੱਸਿਆ। ਉਸ ਤੋਂ ਬਾਅਦ ਮਸੂਦ ਹੋਰਾਂ ਨੇ ਰੋਜਨਾਮਾ ਪਾਕਿਸਤਾਨ ਵਿਚ ਆਪਣਾ ਆਰਟੀਕਲ ਲਿਖ ਕੇ ਭੇਜਿਆ ਤਾਂ ਉਨ੍ਹਾਂ ਮਸੂਦ ਹੋਰਾਂ ਦੇ ਆਰਟੀਕਲ ਦਾ ਪੂਰਾ ਸਫਾ ਛਾਪਿਆ। ਇਥੋਂ ਹੀ ਮਸੂਦ ਮੱਲੀ ਦਾ ਹੌਸਲਾ ਹੋਰ ਬੁਲੰਦ ਹੋਇਆ।ਸੋਚਣ ਲੱਗਾ ‘ਯਾਰ ਮੇਰੀ ਏਨੀ ਵੁਕਤ ਹੈ’ ਮਸੂਦ ਜਿਵੇਂ ਸ਼ੈਦਾਈ ਹੀ ਹੋ ਗਿਆ ਸੀ। -ਸਰਗਰਮ ਪੱਤਰਕਾਰੀ ਦੀ ਸ਼ੁਰੂਆਤ-
ਰੋਜਨਾਮਾ ਪਾਕਿਸਤਾਨ ਵਿਚ ਪਹਿਲਾ ਕਾਲਮ ਛੱਪਣ ਤੋਂ ਬਾਅਦ ਛੋਟੇ ਛੋਟੇ ਕਾਲਮ ਵੀ ਲਿਖੇ ਜੋ ਰੋਜਨਾਮਾ ਜਿਨਾਹ, ਰੋਜਨਾਮਾ ਮਸ਼ਰਤ, ਰੋਜਨਾਮਾ ਐਕਸਪ੍ਰੈਸ ਵਿਚ ਛਪੇ। ਮਈ 1997 ਤੋਂ ਰੇਡੀਓ ਵਿਚ ਹਾਜਰੀ ਭਰ ਦਿੱਤੀ। ਰੇਡੀਓ ਪਾਕਿਸਤਾਨ ਤੋਂ ਬੱਚਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ। 1998 ਵਿਚ ਐਫਐਮ ਦੇ ਕੋਆਰਡੀਨੇਟਰ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ 2001 ਵਿਚ ਖੁਦ ਵੀ ਪ੍ਰੋਗਰਾਮ ਵਿਚ ਬੋਲਣਾ ਸ਼ੁਰੂ ਕੀਤਾ। ਖਾਸ ਕਰਕੇ ਰੇਡੀਓ ਲਹੌਰ ਤੇ ਪ੍ਰੋਗਰਾਮ ਦੇਣੇ ਸ਼ੁਰੂ ਕੀਤੇ। ਇਥੋਂ ਹੀ ਸਰਗਰਮ ਦੇ ਪ੍ਰੋਫੈਸਨਲ ਪੱਤਰਕਾਰੀ ਦੀ ਸ਼ੁਰੂਆਤ ਹੋਈ, ਇਨ੍ਹਾਂ ਦਿਨ੍ਹਾਂ ਵਿਚ ਸਨੀਵਾਰ ਤੇ ਐਂਤਵਾਰ ਨੂੰ ਫੈਸਲਾਬਾਦ ਚਲੇ ਜਾਣਾ, ਉਥੇ ਕੰਮ ਕਰਕੇ ਵੀ ਕੁਝ ਰੁਪਏ ਮਿਲਦੇ, ਜਿਸ ਕਰਕੇ ਕੋਈ ਵਾਧੂ ਕੰਮ ਵੀ ਹੋ ਜਾਂਦਾ ਸੀ, ਤਜ਼ਰਬਾ ਵੱਖਰਾ ਹੁੰਦਾ ਸੀ। ਇਨ੍ਹਾਂ ਦਿਨਾਂ ਵਿਚ ਤਿੰਨ ਸਾਲ ਈਦ ਵਰਗੇ ਤਿਉਹਾਰਾਂ ਵਿਚ ਘਰ ਨਹੀਂ ਰਿਹਾ। 2001 ਤੋਂ ਬਾਅਦ ਪ੍ਰਾਈਵੇਟ ਮੀਡੀਆ ਸ਼ੁਰੂ ਹੋ ਗਿਆ ਸੀ। ਐਫਐਮ ਫੈਸਲਾਬਾਦ ਦੀ ਪਹਿਲੀ ਮਸੂਦ ਹੋਰੀਂ ਅਵਾਜ਼ ਬਣੇ। ਐਸਿਸਟੈਂਟ ਮੈਨੇਜਰ ਦੇ ਤੌਰ ਤੇ ਸਾਰੀ ਟੀਮ ਤਿਆਰ ਕੀਤੀ। ਮਸੂਦ ਹੋਰਾਂ ਦੇ ਕਰੈਡਿਟ ਨਾਲ ਹੀ 11 ਐਫਐਮ ਰੇਡੀਓ ਦੀ ਚੈਨ ਸ਼ੁਰੂ ਹੋਈ, 19 ਪ੍ਰੋਡਕਸ਼ਨ ਹਾਊਸ ਸੀਮੈਂਟ ਦੀਆਂ ਕੰਧਾਂ ਤੋਂ ਲੈਕੇ ਸੰਪੂਰਨ ਰੂਪ ਵਿਚ ਰੇਡੀਓ ਪ੍ਰੋਡਕਸ਼ਨ ਹਾਊਸ ਤਿਆਰ ਕਰਵਾਏ। ਇਸ ਤੋਂ ਅੱਗੇ ਚੱਲ ਸੋ ਚੱਲ, ਕਿ ਪੰਜਾ ਸਾਹਿਬ ਵਿਚ ਪਹਿਲਾ ਰੇਡੀਓ ਸੀ ਸਨਰਾਈਜ ਰੇਡਿਓ ਨਾਲ ਹੀ ਸਨਰਾਈਜ ਜੇਹਲਮ, ਸਨਰਾਈਜ ਸਰਗੋਧਾ, ਸਨਰਾਈਜ ਸਾਈਵਾਲ ਸਥਾਪਤ ਕੀਤੇ। ਉਸ ਸਮੇਂ ਹੀ ਪਾਕਿਸਤਾਨ ਦਾ ਬਹੁਤ ਹੀ ਮਕਬੂਲ ਸੇਟਸ਼ਨ 106.2 ਪਾਕਿਸਤਾਨ ਵਿਚ ਵੀ ਨੌਕਰੀ ਕੀਤੀ ਤੇ ਇਸਲਾਮਾਬਾਦ ਲਾਹੌਰ ਸਟੇਸ਼ਨ ਨੂੰ ਹੈੱਡ ਕੀਤਾ ਅਤੇ ਐਮਐਫ ਨੈੱਟਵਰਕ ਤੇ ਨੌਕਰੀ ਕੀਤੀ। ਰੇਡੀਓ ਪਾਕਿਸਤਾਨ ਲਾਹੌਰ ਨਾਲ ਤਾਂ ਜੁੜੇ ਹੀ ਰਹੇ। ਮਸੂਦ ਮੱਲੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਰੇਡੀਓ ਦਾ ਬਰਾਡਕਾਸਟਰ ਇਕ ਅਜਿਹਾ ਬਹੁਪੱਖ ਵਿਅਕਤੀ ਹੈ ਜਿਸ ਨੂੰ ਰੇਡੀਓ ਦੀ ਸਕ੍ਰਿਪਟ ਲਿਖਣ ਤੋਂ ਲੈਕੇ ਟਰਾਂਸਮੀਟਰ ਦੇ ਟਾਵਰ ਤੇ ਲੱਗੇ ਐਨਟਿਨਾ ਤੇ ਲੱਗੇ ਐਲੀਮੈਂਟ ਤੱਕ ਦਾ ਵੀ ਕੰਮ ਆਉਂਦਾ ਹੈ।
-ਪੀਪੀਐਸਸੀ ਦਾ ਇਮਤਿਹਾਨ ਪਾਸ ਕਰਨਾ-
‘ਮਸੂਦ ਮੱਲ੍ਹੀ’ ਨੇ 2016 ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਾਕਿਸਤਾਨ ਵਿਚ ਪੇਪਰ ਦਿੱਤਾ ਤਾਂ ਇਥੇ ਵੀ ਪੰਜਾਬ ਵਿਚ ਟਾਪ ਕੀਤਾ ਤੇ ‘ਪਿਲਾਕ’ ਵਿਚ ਪੰਜਾਬ ਇੰਸਟੀਚਿਊਟ ਆਫ ਲੈਗੁਏਜ ਆਰਟ ਐਂਡ ਕਲਚਰ ਵਿਚ ਬਤੌਰ ਪ੍ਰੋਡਿਊਸਰ ਦੀ ਸਿਲੈਕਸ਼ਨ ਹੋ ਗਈ, ਇਥੇ ਐਫਐਮ ਪੰਜਾਬ ਰਨ ਤੇ ਇਕ ਸਾਲ ਤੱਕ ਕੰਮ ਕੀਤਾ। ਮੁੜ ਪੰਜਾਬ ਯੂਨੀਵਰਸਿਟੀ ਦੀ ਨੋਕਰੀ ਤੇ ਆ ਗਿਆ। ਪੰਜਾਬ ਯੂਨੀਵਰਸਿਟੀ ਦੀ ਨੌਕਰੀ ਉਂਜ ਮਈ 2009 ਵਿਚ ਸ਼ੁਰੂ ਹੋਈ ਸੀ। ਇਥੇ ਪੱਕਾ ਮੁਲਾਜਮ ਬਣਿਆ ਸੀ 16 ਫਰਵਰੀ 2012 ਵਿਚ। ਕਰੀਬ ਹੁਣ ਤੱਕ ਰੇਡੀਓ ਇੰਡਸਟਰੀ ਨੂੰ 25 ਤੋਂ ਵੱਧ ਸਮਾ ਦਿੱਤਾ ਜਾ ਚੁੱਕਿਆ ਹੈ। ਇਸ ਵਿਚ ਪ੍ਰਾਈਵੇਟ, ਸਰਕਾਰੀ, ਫੈਡਰਲ, ਪੰਜਾਬ, ਐਜੁਕੇਸ਼ਨ ਰੇਡੀਓ ਸਾਰੇ ਹੀ ਸ਼ਾਮਲ ਹਨ। -ਵਿਦੇਸ਼ੀ ਮੀਡੀਆ ਨਾਲ ਜੁੜਨਾ-
‘ਮਸੂਦ ਮੱਲ੍ਹੀ’ ਨੇ ਪਾਕਿਸਤਾਨ ਵਿਚ ਆਪਣੀ ਅਵਾਜ਼ ਦਾ ਜਾਦੂ ਮਨਵਾ ਲਿਆ ਸੀ, ਹੁਣ ਉਸ ਦਾ ਅੰਦਰਲਾ ਅੰਗੜਾਈਆਂ ਭਰ ਰਿਹਾ ਸੀ ਕਿ ਦੁਨੀਆਂ ਵਿਚ ਵੀ ਆਪਣੀ ਅਵਾਜ਼ ਦਾ ਜਾਦੂ ਫੈਲਾਇਆ ਜਾਵੇ। 15 ਅਕਤੂਬਰ 2010 ਨੂੰ ਯੂਐਸਏ ਦੇ ਸਭ ਤੋਂ ਵੱਡੇ ਪੰਜਾਬੀ ਨੈੱਟਵਰਕ ਦੇ ‘ਪੰਜਾਬੀ ਰੇਡੀਓ’ ਕੈਲੇਫੋਰਨੀਆ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਹੀ ਨਿਊਜ ਬੁਲੇਟਨ ਵੱਡੀ ਈਦ ਵਾਲੇ ਦਿਨ ਸ਼ੁਰੂ ਕੀਤਾ ਗਿਆ। 12 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ 2012 ਵਿਚ ਸਪੈਸ਼ਲ ਬਰਾਡਕਾਸਟਰ ਸਰਵਿਸ (ਐਸਬੀਐਸ) ਆਸਟ੍ਰੇਲੀਆ ਵਿਚ ਪਾਕਿਸਤਾਨ ਤੋਂ ਕਾਰਸਪਾਡੈਂਟ (ਪੱਤਰਕਾਰ) ਬਣਿਆ। ਅੱਜ ਤੱਕ ਚੱਲ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਦੇ ਰੇਡੀਓ ‘ਹਮਸਫਰ’, ਰੇਡੀਓ ਚੜਦੀਕਲਾ, ਰੇਡੀਓ ਤਹਿਲਕਾ, ਰੇਡੀਓ ਲਹਿਰਾਂ ਵਿਚ ਵੀ ਕੰਮ ਕੀਤਾ। ਰੇਡੀਓ ਕੌਮੀ ਅਵਾਜ਼ ਆਸਟ੍ਰੇਲੀਆ ਵਿਚ ਵੀ ਕੰਮ ਕੀਤਾ। ਇਸ ਵੇਲੇ ਮਸੂਦ ਹੋਰੀਂ ਪੰਜਾਬ ਯੂਨੀਵਰਸਿਟੀ ਰੇਡੀਓ, ਪੰਜਾਬੀ ਰੇਡੀਓ ਯੁਐਸਏ, ਐਸਬੀਐਸ ਰੇਡੀਓ ਆਸਟ੍ਰੇਲੀਆ, ਰੇਡੀਓ ਪਾਕਿਸਤਾਨ ਲਾਹੌਰ, ਐਫਐਮ-95 ਪੰਜਾਬ ਰਨ ਤੇ ਲਗਾਤਾਰ ਕੰਮ ਚੱਲ ਰਿਹਾ ਹੈ। -ਲਾਹੌਰ ਦੇ ਕੁਝ ਕੁ ਪੱਤਰਕਾਰ-
‘ਮਸੂਦ ਮੱਲ੍ਹੀ’ ਦੀਆਂ ਨਜ਼ਰਾਂ ਵਿਚ ਪਾਕਿਸਤਾਨ ਦੇ ਮਕਬੂਲ ਪੱਤਰਕਾਰਾਂ ਵਿਚ ਸਤਰ ਮਹਿਮੂਦ, ਜਾਵੇਦ ਚੌਧਰੀ, ਮਜੀਬ ਰਹਿਮਾਨ ਅਵਾਮ ਦੀਆਂ ਨਜ਼ਰਾਂ ਵਿਚ ਚੰਗੇ ਪੜ੍ਹੇ ਜਾਣ ਵਾਲੇ ਪੱਤਰਕਾਰ ਹਨ। ਨਈਮ ਹਾਸਮੀ ਦੇ ਸੁਹੈਲ ਕੈਸਰ ਨੂੰ ਖੋਜੀ ਪੱਤਰਕਾਰ ਦੇ ਤੌਰ ਤੇ ਮਾਨਤਾ ਹੈ। ਨਈਮ ਹਾਸ਼ਮੀ ਤਾਂ ਅਜਿਹਾ ਪੱਤਰਕਾਰ ਹੈ ਜਿਸ ਨੇ ਪੱਤਰਕਾਰੀ ਵਿਚ ਸੱਚ ਲਿਖਿਆ, ਸਥਾਪਤੀ ਦੀ ਪ੍ਰਵਾਹ ਨਹੀਂ ਕੀਤੀ। ਸੱਤਾ ਦੀਆਂ ਬੇਨਿਯਮੀਆਂ ਆਪਣੇ ਕਾਲਮਾਂ ਦਾ ਹਿੱਸਾ ਬਣਾਈਆਂ, ਉਸ ਨੇ ਜੇਲਾਂ ਵਿਚ ਕੱਟੀਆਂ, ਕੋੜੇ ਵੀ ਖਾਏ, ਡਾਗਾਂ ਵੀ ਖਾਈਆਂ। ਬੜੀਆਂ ਮੁਸ਼ਕਿਲਾਂ ਵਿਚੋਂ ਗੁਜ਼ਰਿਆ। ਇਸੇ ਤਰ੍ਹਾਂ ਸੁਹੇਲ ਕੈਸਰ ਵੀ ਖੋਜੀ ਪੱਤਰਕਾਰਾਂ ਵਿਚੋਂ ਕਮਾਲ ਦਾ ਲਿਖਾਰੀ ਪੱਤਰਕਾਰ ਹੈ। ਸਾਫ ਸੁਥਰੀ ਪੱਤਰਕਾਰੀ ਕਰਦਾ ਹੈ, ਭਾਰਤ ਵਿਚ ਮੀਡੀਆ ਲਈ ਚੱਲਿਆ ਮਾੜਾ ਸ਼ਬਦ ‘ਗੋਦੀ ਮੀਡੀਆ’ ਪਾਕਿਸਤਾਨ ਵਿਚ ਵੀ ਪੂਰਾ ਪ੍ਰਚਲਤ ਹੈ, ਪਰ ਸੁਹੇਲ ਕੈਸਰ ਨੇ ਸਥਾਪਤੀ ਜਾਂ ਸੱਤਾ ਦੀ ਪ੍ਰਵਾਹ ਨਹੀਂ ਕੀਤੀ, ਉਹ ਗੋਦੀ ਮੀਡੀਆ ਨਹੀਂ ਬਣਿਆ। ਬਹੁਤ ਸਾਰੇ ਮੀਡੀਆ ਵਿਚ ਕੰਮ ਕੀਤਾ ਪਰ ਉਸ ਦਾ ਕੋਈ ਗਰੁੱਪ ਨਹੀਂ ਬਣ ਸਕਿਆ। ਕਿਸੇ ਵੱਡੇ ਅਦਾਰੇ ਵਿਚ ਵੱਡਾ ਆਹੁਦਾ ਨਹੀਂ ਲੈ ਸਕਿਆ। ਕਮਾਲ ਦੀ ਗੱਲ ਹੈ ਕਿ ਸੁਹੇਲ ਕੈਸਰ ਰਿਪੋਰਟਾਂ ਲਿਖਦਾ ਹੈ ਤੇ ਵੱਡੇ ਅਦਾਰੇ ਉਸ ਦੀ ਰਿਪੋਰਟ ਨੂੰ ਥੋੜਾ ਆਪਣਾ ਰੰਗ ਦੇਕੇ ਮੁੜ ਛਾਪ ਕੇ ਆਪਣਾ ਨਾਮ ਬਣਾ ਲੈਂਦੇ ਹਨ। ਪਰ ਉਹ ਗੁੰਮਨਾਮ ਹੀ ਰਹਿ ਜਾਂਦਾ ਹੈ। ਉਂਜ ਪਾਕਿਸਤਾਨੀ ਪੱਤਰਕਾਰਾਂ ਅਤੇ ਬੌਧਿਕ ਮਹਿਫਲਾਂ, ਮਜਲਿਸਾਂ, ਸੈਮੀਨਾਰਾਂ ਵਿਚ ਉਸ ਦਾ ਨਾਮ ਬੋਲਦਾ ਹੈ। ਆਰਥਿਕ ਪੱਖੋਂ ਆਪਣੇ ਆਪ ਨੂੰ ਤਕੜਾ ਨਹੀਂ ਕਰ ਸਕਿਆ। (ਇਸ ਪੱਤਰਕਾਰ ਬਾਰੇ ਵੀ ਲਿਖਿਆ ਜਾ ਸਕਦਾ ਹੈ) ਉਂਜ ਪਾਕਿਸਤਾਨ ਵਿਚ ਪੱਤਰਕਾਰਾਂ ਦਾ ਅੱਜ ਇਹ ਹਾਲ ਹੈ ਕਿ ਜੋ ਕਦੇ ਸਾਇਕਲਾਂ ਤੇ ਸਕੂਟਰਾਂ ਮੋਟਰ ਸਾਇਕਲਾਂ ਤੇ ਘੁੰਮਦੇ ਸਨ ਤਾਂ ਪ੍ਰਿੰਟ ਮੀਡੀਆ ਤੋਂ ਬਾਅਦ ਉਨ੍ਹਾਂ ਲਈ ਇਲੈਕਟ੍ਰੋਨਿਕ ਮੀਡੀਆ ਦੀ ਐਂਟਰੀ ਵਰਦਾਨ ਸਾਬਤ ਹੋਈ, ਅੱਜ ਉਨ੍ਹਾ ਪੱਤਰਕਾਰਾਂ ਕੋਲ ਲੈਂਡ ਕਰੂਜ਼ਰ, ਪਜ਼ੇਰੋ, ਬੀਐਮਡਬਲਿਉ, ਮਰਸਡੀਜ਼, ਵਰਗੇ ਮਹਿੰਗੇ ਮਾਡਲ ਦੀਆਂ ਗੱਡੀਆਂ ਵੀ ਮੌਜੂਦ ਹਨ। ਹੁਣ ਤਾਂ ਇਨ੍ਹਾਂ ਦੇ ‘ਸਕਿਉਰਿਟੀ ਸਕਾਡ’ ਬਣੇ ਹੋਏ ਹਨ। ਪਾਕਿਸਤਾਨ ਵਿਚ ਬਹੁਤ ਸਾਰੇ ਪੱਤਰਕਾਰ ਗੋਦੀ ਮੀਡੀਆ ਵਾਂਗ ਹੀ ਸੱਤਾ ਦੇ ਨਾਲ ਲੱਗ ਕੇ ਕੰਮ ਕਰਦੇ ਹਨ, ਉਨ੍ਹਾਂ ਦੀ ਇਕ ਪੱਖ ਨਾਲ ਬੱਲੇ ਬੱਲੇ ਹੁੰਦੀ ਹੈ। ਪਰ ਤਾਰੀਖ ਉਨ੍ਹਾਂ ਨੂੰ ਮਾਫ ਨਹੀਂ ਕਰਦੀ।
-ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਵਿਚ ਛੱਪਣ ਵਾਲੇ ਅਖਬਾਰ- ਪਾਕਿਸਤਾਨ ਵਿਚ ਪੰਜਾਬੀ ਲਿਪੀ ਦੇ ਘੱਟ ਜਾਣਕਾਰ ਹੋਣ ਦੇ ਬਾਵਜੂਦ ਇਥੇ ਵੀ ਪੰਜਾਬੀ ਭਾਸ਼ਾ ਵਿਚ ਛੱਪਣ ਵਾਲੇ ਅਖਬਾਰ ਮੌਜੂਦ ਹਨ ਜਿਵੇਂ ‘ਲਕੋਈ’, ‘ਭੁਲੇਖਾ’, ‘ਪੰਜਾਬੀ ਜ਼ੁਬਾਨ’ ਰੋਜ਼ਾਨਾ ਅਖਬਾਰ ਹਨ ਜਦ ਕਿ ਹਫਤਾਵਾਰੀ ਅਖਬਾਰ ‘ਪੰਜਾਬੀ ਚਾਨਣ’ ਪ੍ਰਕਾਸ਼ਿਤ ਹੋ ਰਿਹਾ ਹੈ, ਬੇਸ਼ੱਕ ਰੋਜ਼ਾਨਾ ਅਖਬਾਰਾਂ ਦੀ ਸਰਕੂਲੇਸ਼ਨ ਬਹੁਤ ਘੱਟ ਹੈ, ਸਹਿਕ ਰਹੇ ਹਨ ਪਰ ਆਨਲਾਈਨ ਇਹ ਚੱਲ ਰਹੇ ਹਨ। ਹਫਤਾਵਾਰੀ ਅਖਬਾਰ ਦੇ ਸੰਪਾਦਕ ਪ੍ਰੋ. ਡਾ. ਮੁਸ਼ਤਾਕ ਆਦਲ ਕਾਠੀਆ ਹਨ, ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਬਹੁਤ ਹੀ ਆਦਰਸ਼ਕ ਤਰੀਕੇ ਨਾਲ ਪੜੇ ਲਿਖਿਆਂ ਵਾਂਗ ਅਖਬਾਰ ਚਲਾ ਰਹੇ ਹਨ। ਸਾਰੀਆਂ ਧਿਰਾਂ ਨੂੰ ਅਖਬਾਰ ਵਿਚ ਬਰਾਬਰ ਥਾਂ ਦਿੰਦੇ ਹਨ। ਉਹ ਪੰਜਾਬੀ ਵਿਚ ਕੰਮ ਕਰਨ ਵਾਲੇ ਪੰਜਾਬੀ ਪ੍ਰੇਮੀਆਂ ਨੂੰ ਸਨਮਾਨਿਤ ਵੀ ਕਰਦੇ ਹਨ। ਕੁਝ ਮਹਿਕਾਂ ਅਦਬੀ ਐਵਾਰਡ ਵੀ ਰੱਖੇ ਹਨ। -ਸਿਰਜਣਾ- ‘ਮਸੂਦ ਮੱਲ੍ਹੀ’ ਪਾਕਿਸਤਾਨ ਹੀ ਨਹੀਂ ਦੁਨੀਆਂ ਵਿਚ ਸੁਣਿਆ ਜਾਂਣ ਵਾਲਾ ਨਾਮ ਹੈ। ਇਸ ਨੇ ਰੇਡੀਓ ਤੇ 170 ਤੋਂ ਵੱਧ ਇੰਟਰ‌ਵਿਊ ਕੀਤੀਆਂ, ਜਿਨ੍ਹਾਂ ਵਿਚ ਬਹੁਤ ਵੱਡੇ ਨਾਮ ਵੀ ਹਨ, ਐਸਬੀਐਸ ਰੇਡੀਓ ਨੇ ਇਨ੍ਹਾਂ ਇੰਟਰਵਿਊਜ਼ ਦੀ ਕਿਤਾਬ ਲਿਖਣ ਦੀ ਇਜਾਜਤ ਦੇ ਦਿੱਤੀ ਹੈ, ਅਗਲੇ ਸਮੇਂ ਵਿਚ ਇਹ ਕਿਤਾਬ ਪਾਠਕਾਂ ਦੇ ਹੱਥ ਹੋਵੇਗੀ।। ਇਸ ਤੋਂ ਇਲਾਵਾ ਰੇਡੀਓ ਡਰਾਮੇ, ਰੇਡੀਓ ਫੀਚਰ, ਡਾਕੂਮੈਂਟਰੀ ਆਦਿ ਬਹੁਤ ਲਿਖੀਆਂ, ਇਸ ਦੀ ਕਿਤਾਬ ‘ਖਿਲਰੇ ਨਾਟਕ’ ਆਉਂਦੇ ਦਿਨਾਂ ਵਿਚ ਛੱਪ ਕੇ ਪਾਠਕਾਂ ਤੱਕ ਪੁੱਜ ਰਹੀ ਹੈ। ਕਵਿਤਾਵਾਂ ਵੀ ਕਾਫੀ ਲਿਖੀਆਂ ਹਨ ਉਨ੍ਹਾਂ ਦੀ ਕਿਤਾਬ ਛਪਾਉਣ ਲਈ ਵੀ ਤਿਆਰੀ ਕਰ ਰਿਹਾ ਹੈ। -ਭਾਰਤੀ ਪੱਤਰਕਾਰਾਂ ਤੇ ਲੇਖਕਾਂ ਨਾਲ ਮਸੂਦ ਦੀ ਸਾਂਝ-
ਭਾਰਤੀ ਪੱਤਰਕਾਰਾਂ ਤੇ ਲੇਖਕਾਂ ਤੇ ਹੋਰ ਸਿੱਖਾਂ ਨਾਲ ਮਸੂਦ ਮਲ੍ਹੀ ਦੀ ਕਾਫੀ ਸਾਂਝ ਦੇਖੀ ਗਈ ਹੈ, ਉਸ ਨਾਲ ਭਾਰਤੀ ਪੰਜਾਬ ਦੇ ਜੰਮਪਲ ਤੇ ਆਸਟ੍ਰੇਲੀਆ ਵਿਚ ਰਹਿ ਰਹੇ ਮਿੰਟੂ ਬਰਾੜ ਵੀ ਨਜ਼ਰ ਆ ਜਾਂਦੇ ਹਨ, ਉਸ ਨਾਲ ਸੁਸ਼ੀਲ ਦੁਸ਼ਾਂਝ ਵੀ ਨਜ਼ਰ ਆ ਜਾਂਦੇ ਹਨ, ਉਸ ਨਾਲ ਗੁਰਭਜਨ ਗਿੱਲ, ਦੀਪਕ ਮਨਮੋਹਨ ਸਿੰਘ, ਦਰਸ਼ਨ ਬੁੱਟਰ ਵੀ ਨਜ਼ਰ ਆ ਜਾਂਦੇ ਹਨ ।
ਸੋ ਮਸੂਦ ਮੱਲ੍ਹੀ ਦੀ ਗੈਰ ਪਾਕਿਸਤਾਨੀ ਪੰਜਾਬੀਆਂ ਨਾਲ ਵੀ ਕਾਫੀ ਸਾਂਝ ਦੇਖੀ ਗਈ ਹੈ। -‘ਮਸੂਦ ਮੱਲ੍ਹੀ’ ਦਾ ਪਰਿਵਾਰ-
ਕਿਲ੍ਹਾ ਸ਼ੇਖੁਪੁਰਾ ਤੋਂ ਪੜਾਈ ਸ਼ੁਰੂ ਕਰਕੇ ਆਪਣੀ ਜ਼ਿੰਦਗੀ ਨੂੰ ਮਿਹਨਤ ਨਾਲ ਬਣਾਉਣ ਵਾਲੇ ‘ਸੈਲਫ ਮੇਡ’ ਇਨਸਾਫ ‘ਮਸੂਦ ਮੱਲ੍ਹੀ’ ਦਾ ਆਪਣਾ ਮੱਲ੍ਹੀ ਪ੍ਰੋਡਕਸ਼ਨ ਹਾਊਸ ਹੈ। ਉਸ ਦੀ ਬੇਗਮ ਪਰਵੀਨ ਮਸੂਦ 26 ਫਰਵਰੀ 2011 ਤੋਂ ਉਸ ਦੀ ਸਾਥੀ ਹੈ, ਨਿਕਾਹ ਦੇ ਸੱਤਵੇਂ ਦਿਨ ਹੀ ਰੇਡੀਓ ਤੇ ਬਰਾਡਕਾਸਟਿੰਗ ਸ਼ੁਰੂ ਕਰ ਦਿੱਤੀ ਸੀ। ਮਸੂਦ ਦੇ ਤਿੰਨ ਬੱਚੇ ਹਨ ਵੱਡੀ ਬੇਟੀ ਮਕਾਸ਼ਪਾ ਉਸ ਤੋਂ ਛੋਟਾ ਬੇਟਾ ਮੁਹੰਮਦ ਇਬਰਾਇਮ ਮਸੂਦ ਮੱਲੀ, ਛੋਟੀ ਬੇਟੀ ਵਾਸ਼ਨਾ ਹੈ। ਬੇਟੀਆਂ ਦੇ ਨਾਮ ਤਨਵੀਰ ਬੁਖਾਰੀ ਦੀਆਂ ਕਿਤਾਬਾਂ ਦੇ ਨਾਮ ਤੇ ਰੱਖੇ ਹਨ । ਖੂਬਸੂਰਤ ਪਰਿਵਾਰ ਹੈ।
-ਪੱਤਰਕਾਰਾਂ ਲਈ ਸੰਦੇਸ਼- ‘ਮਸੂਦ ਮੱਲ੍ਹੀ’ ਕਹਿੰਦੇ ਹਨ ਕਿ ਲਗਨ ਨਾਲ ਭਰਪੂਰ ਐਨਰਜੀ ਨਾਲ ਕੀਤੀ ਮਿਹਨਤ ਨਾਲ ਪੱਤਰਕਾਰ ਦਾ ਨਾਮ ਬੋਲਦਾ ਹੈ। ਜਦੋਂ ਬੋਲੋ ਨਿਰਪੱਖ ਬੋਲੋ, ਵਿਸ਼ਾ ਕੋਈ ਵੀ ਹੋਵੇ, ਵਿਸ਼ਾ ਪੱਤਰਕਾਰ ਆਪਣਾ ਆਪ ਚੁਣ ਸਕਦਾ ਹੈ, ਉਸ ਨੇ ਸਿਆਸਤ ਚੁਣਨੀ ਹੈ, ਸਭਿਆਚਾਰ ਜਾਂ ਕੋਈ ਹੋਰ। ਹਰ ਇਕ ਵਿਸ਼ੇ ਨਾਲ ਇਨਸਾਫ ਕਰਨ ਲਈ ਨਿਰਪੱਖਤਾ ਤੇ ਮਿਹਨਤ ਜਰੂਰੀ ਹੈ। -‘ਮਸੂਦ ਮੱਲ੍ਹੀ’ ਬਾਰੇ ਭਾਰਤੀ ਪੰਜਾਬ ਦੇ ਪੱਤਰਕਾਰ ਸੁਸ਼ੀਲ ਦੁਸ਼ਾਂਝ ਦਾ ਕੀ ਕਹਿਣਾ-
ਭਾਰਤੀ ਪੰਜਾਬ ਦੇ ਪੱਤਰਕਾਰ ਤੇ ਕਵੀ ਸੁਸ਼ੀਲ ਦੁਸ਼ਾਂਝ ਕਹਿੰਦਾ ਹੈ ਕਿ ਮਸੂਦ ਮੱਲ੍ਹੀ ਦੁਨੀਆਂ ਵਿਚ ਸੁਣੀ ਜਾਣ ਵਾਲੀ ਅਵਾਜ਼ ਹੈ, ਉਸ ਦੀ ਅਵਾਜ਼ ਵਿਚ ਨਵੇਕਲਾਪਣ ਤੇ ਨਿਖਰੀ ਹੋਈ ਰਿਦਮ ਹੈ। ਉਹ ਮੁਹੱਬਤ ਕਰਦਾ ਹੈ, ਸਿੱਖ ਮੁੱਦਿਆਂ ਤੇ ਸਮਝ ਰੱਖਦਾ ਹੈ। ਵਿਸ਼ਵ ਵਿਚ ਕੀ ਹੋ ਰਿਹਾ ਹੈ, ਉਸ ਦੀ ਜਾਣਕਾਰੀ ਉਸ ਕੋਲ ਹੁੰਦੀ ਹੈ। ਉਹ ਤਕਨੀਕੀ ਤੌਰ ਤੇ ਮਾਹਿਰ ਹੈ। ਇਸ ਕਰਕੇ ਕਿਹਾ ਜਾ ਸਕਦਾ ਹੈ ਆਪਣੇ ਕੰਮ ਦਾ ਰਾਜਾ ਹੈ ਮਸੂਦ ਮੱਲ੍ਹੀ। ਸੋ ਮੈਂ ਇਸ ਮਸੂਦ ਮੱਲ੍ਹੀ ਬਾਰੇ ਜੋ ਲਿਖ ਸਕਿਆ ਹਾਂ ਉਹ ਕਾਫੀ ਨਹੀਂ ਹੈ। ਅਜੇ ਪਾਕਿਸਤਾਨ ਬਾਰੇ ਹੋਰ ਬੜਾ ਕੁਝ ਜਾਨਣਾ ਸੀ। ਪਰ ਅੱਜ ਕੱਲ੍ਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਮਸੂਦ ਮੱਲ੍ਹੀ ਆਸਟ੍ਰੇਲੀਆ ਬਗੈਰਾ ਹੋਰ ਦੇਸ਼ਾਂ ਤੋਂ ਆਈਆਂ ਸਿੱਖ ਸੰਗਤਾਂ ਵਿਚ ਕਾਫੀ ਰੁਝਿਆ ਹੋਇਆ ਹੈ। ਉਸ ਵਿਚ ਕੀ ਕਮੀਆ ਹਨ ਉਸ ਬਾਰੇ ਅੱਜ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਪਰ ਇਸ ਪੱਤਰਕਾਰ ਬਾਰੇ ਲਿਖ ਕੇ ਚੰਗਾ ਲੱਗਾ। ਮੈਂ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ, ਵਾਹਿਗੁਰੂ ਅੱਲਾਹ ਮੀਆਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਖੁਸ਼ੀਆਂ ਭਰੀ ਜ਼ਿੰਦਗੀ ਅਤਾ ਫਰਮਾਵੇ... ਆਮੀਨ!
-ਗੁਰਨਾਮ ਸਿੰਘ ਅਕੀਦਾ 8146001100

No comments:

Post a Comment