Saturday, November 12, 2022

ਸ਼ਬਦਾਂ ਦੇ ‘ਫਾਸਫੋਰਸ’ ਸਿਰਜਣ ਵਾਲਾ ਬਹੁਪੱਖੀ ਪੱਤਰਕਾਰ ‘ਸਿੱਧੂ ਦਮਦਮੀ’

ਭਾਸ਼ਾ ਵਿਭਾਗ ਦੇ ‘ਸ਼੍ਰੋਮਣੀ ਪੱਤਰਕਾਰ ਪੁਰਸਕਾਰ’ ਦਾ ਕਲੰਕ ਆਪਣੇ ਮੱਥੇ ਤੋਂ ਲਾਹੁਣ ਵਾਲਾ ਪੱਤਰਕਾਰ ‘ਦਮਦਮੀ’
ਮੇਰੇ ਨਿੱਜੀ ਤਜਰਬੇ ਵਿਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੱਤਰਕਾਰ/ ਨਾਵਲਕਾਰ/ ਕਵੀ/ ਕਹਾਣੀਕਾਰ ਬਣਨਾ ਇਹ ਕਿਸੇ ਐਜੂਕੇਸ਼ਨ ਡਿੱਗਰੀ ਦੇ ਮੁਥਾਜ ਨਹੀਂ ਹੁੰਦੇ। ਹਾਂ ਐਜੂਕੇਸ਼ਨ ਦੀਆਂ ਡਿੱਗਰੀਆਂ ਅਜੋਕੇ ਸਮੇਂ ਵਿਚ ਨੌਕਰੀਆਂ ਲੈਣ ਲਈ ਕਾਫ਼ੀ ਸਹਾਈ ਹੁੰਦੀਆਂ ਹਨ। ਪੰਜਾਬੀ ਯੂਨੀਵਰਸਿਟੀ ਵਿਚ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਵਿਭਾਗ ਸ਼ੁਰੂ ਕੀਤਾ, ਉਸ ਵਿਚ ਜੋ ਅਧਿਆਪਕ ਸੰਗੀਤ ਦੀ ਪੜਾਈ ਕਰਾਉਣ ਲਈ ਰੱਖੇ ਗਏ, ਉਨ੍ਹਾਂ ਕੋਲ ਕੋਈ ਡਿੱਗਰੀ ਨਹੀਂ ਸੀ ਪਰ ਉਨ੍ਹਾਂ ਦੇ ਪੜਾਏ ਬੱਚੇ ਪੀ ਐੱਚ ਡੀ ਵੀ ਕਰ ਚੁੱਕੇ ਹਨ ਹਨ। ਕੱਲ੍ਹ ਨੂੰ ਜੇਕਰ ਕੋਈ ਸੰਗੀਤ ਦੀ ਡਿੱਗਰੀ ਲੈਣ ਵਾਲਾ ਬੰਦਾ ਆਖੇ ਕਿ ਸੰਗੀਤ ਦੀ ਡਿੱਗਰੀ ਤੋਂ ਬਿਨਾਂ ਸੰਗੀਤ ਸੁਰ ਵਿਚ ਹੋ ਹੀ ਨਹੀਂ ਸਕਦਾ ਤਾਂ ਉਸ ਦੀ ਥੋੜਸਮਝ ਦਾ ਨਤੀਜਾ ਹੀ ਹੋਵੇਗਾ। ਹਾਂ ਪਰ ਜੇਕਰ ਕਿਸੇ ਵਿਅਕਤੀ ਕੋਲ ਪੁਰਾਣੇ ਸਮੇਂ ਦੀ ਪੜਾਈ ਦੀ ਡਿੱਗਰੀ ਵੀ ਹੋਵੇ ਤੇ ‘ਸ਼ਬਦ ਗੁਰੂ’ ਦੀ ਉਸ ਤੇ ਬਚਪਨ ਤੋਂ ਹੀ ਕਿਰਪਾ ਵੀ ਹੋਵੇ, ਸ਼ਬਦਾਂ ਨਾਲ ਉਹ ਬਚਪਨ ਤੋਂ ਹੀ ਖਿਡੌਣਿਆਂ ਵਾਂਗ ਖੇਡਣ ਲੱਗ ਜਾਵੇ ਤਾਂ ਫੇਰ ਉਸ ਦੀ ਚਮਕ ਨੂੰ ਗੋਦੜੀ ਵਿਚ ਪਏ ਲਾਲ ਵਾਂਗ ਕੋਈ ਰੋਕ ਨਹੀਂ ਸਕਦਾ। ਅੱਜ ਮੈਂ ਅਜਿਹੇ ਹੀ ਉਸਤਾਦ ਪੱਤਰਕਾਰ ਦੀ ਗੱਲ ਕਰ ਰਿਹਾ ਹਾਂ। ਜਿਸ ਨੇ ਪੰਜਾਬੀ ਪੱਤਰਕਾਰੀ ਨਾਲ ਦੁਨੀਆ ਵਿਚ ਗੂੰਜ ਪਾਈ, ਮੇਰਾ ਅੱਜ ਦਾ ਹੀਰਾ ਪੱਤਰਕਾਰ ਹੈ ‘ਸਿੱਧੂ ਦਮਦਮੀ’। ਜੋ ਸੱਚੇ ਆਦਰਸ਼ਵਾਦੀ ਪੱਤਰਕਾਰ ਤਾਂ ਹਨ ਹੀ ਪਰ ਇਕ ਚੰਗੇ ਕੁਸ਼ਲ ਪ੍ਰਬੰਧਕ ਵੀ ਹਨ। -ਜਨਮ ਤੇ ਮੁੱਢ-
ਸਿੱਧੂ ਦਮਦਮੀ ਹੋਰਾਂ ਦਾ ਜਨਮ 2 ਜੂਨ 1949 ਨੂੰ ਤਲਵੰਡੀ ਸਾਬੋ ਵਿਖੇ ਕਰਤਾਰ ਸਿੰਘ ਸਿੱਧੂ ਅਤੇ ਜਸਵੰਤ ਕੌਰ ਦੇ ਘਰ ਐਨ ਉਸ ਵੇਲੇ ਹੋਇਆ, ਜਦੋਂ ਭਾਰਤ ਅਜ਼ਾਦ ਹੋ ਚੁੱਕਿਆ ਸੀ, ਪੰਜਾਬ ਦਾ ਵੱਡਾ ਹਿੱਸਾ 15 ਜੁਲਾਈ 1948 ਤੋਂ ਬਾਅਦ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ) ਬਣ ਚੁੱਕਿਆ ਸੀ। ਇਹ ਅੱਠ ਪ੍ਰਿੰਸਲੀ ਪ੍ਰਾਂਤਾਂ, ਪ‌ਟਿਆਲਾ, ਜੀਂਦ, ਨਾਭਾ, ਫ਼ਰੀਦਕੋਟ, ਕਲਸੀਆ, ਮਲੇਰਕੋਟਲਾ, ਕਪੂਰਥਲਾ ਤੇ ਨਾਲਾਗੜ੍ਹ ਤੋਂ ਮਿਲ ਕੇ ਬਣਿਆ ਸੀ। ਜਿਸ ਦੇ 8 ਜ਼ਿਲ੍ਹਿਆਂ ਵਿਚੋਂ ਇਕ ਜ਼ਿਲ੍ਹਾ ਬਠਿੰਡਾ ਵੀ ਸੀ। ਬਠਿੰਡਾ ਅਧੀਨ ਹੀ ਆਉਂਦਾ ਦੀ ਤਲਵੰਡੀ ਸਾਬੋ ਦਾ ਇਲਾਕਾ ਭਾਵ ਗੁਰੂ ਸਾਹਿਬ ਦੇ ਦਮਦਮਾ ਸਾਹਿਬ ਦਾ ਇਲਾਕਾ। ਗੁਰੂ ਸਾਹਿਬ ਵੱਲੋਂ ਵਰੋਸਾਏ ਇਸ ਇਲਾਕੇ ਵਿਚ ਹੀ ਸਿੱਧੂ ਦਮਦਮੀ ਦਾ ਜਨਮ ਹੋਇਆ। ਮਾਪਿਆਂ ਨੇ ਉਹਦਾ ਨਾਂ ਗੁਰਮੇਲ ਸਿੰਘ ਰੱਖਿਆ। ਪੜਾਈ ਤਲਵੰਡੀ ਸਾਬੋ ਤੋਂ ਹੀ ਕੀਤੀ। -ਗੁਰਮੇਲ ਸਿੰਘ ਤੋਂ ‘ਸਿੱਧੂ ਦਮਦਮੀ’ ਕਿਵੇਂ ਬਣੇ-
ਦਮਦਮੀ ਸ਼ਬਦ ਹੀ ਸਿੱਧੂ ਹੋਰਾਂ ਦੇ ਨਾਮ ਨਾਲ ਕਿਉਂ ਲੱਗਾ ਇਸ ਸਥਾਨ ਬਾਰੇ ਥੋੜ੍ਹਾ ਜਾਣਨਾ ਜ਼ਰੂਰੀ ਹੈ, ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਪਿੰਡ ਸਾਬੋ ਕੀ ਤਲਵੰਡੀ ਨੇੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ‘ਗੁਰੂ ਕੀ ਕਾਸ਼ੀ’ ਵੀ ਕਿਹਾ ਜਾਂਦਾ ਹੈ। ਕਲਗ਼ੀਧਰ ਨੇ ਇੱਥੇ ਕਰੀਬ ਸਾਢੇ ਨੌਂ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਸਮ ਗੁਰੂ ਦੇ ਦਰਸ਼ਨ ਕਰਨ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ। ਫੂਲਵੰਸ਼ ਦੇ ਰਤਨ ਤਿਲੋਕਾ ਤੇ ਰਾਮਾ ਇੱਥੇ ਹੀ ਦਸਮੇਸ਼ ਪਿਤਾ ਤੋਂ ਅੰਮ੍ਰਿਤ ਪਾਨ ਕਰਕੇ ਤਿਲੋਕ ਸਿੰਘ ਤੇ ਰਾਮ ਸਿੰਘ ਬਣੇ, ਜਿਨ੍ਹਾਂ ਦਾ ਵੰਸ਼ ਅੱਗੇ ਚੱਲਦਿਆਂ ਨਾਭਾ ਪਟਿਆਲਾ ਰਿਆਸਤ ਦੇ ਮਹਾਰਾਜਿਆਂ ਦਾ ਬਣਿਆ। ਮਾਲਵੇ ਦੇ ਜੰਗਲ ਨੂੰ ਸਰਸਬਜ਼ (ਹਰਿਆ ਭਰਿਆ) ਕਰਨ ਲਈ ਨਹਿਰਾਂ ਦਾ ਵਰ ਵੀ ਇਸੇ ਥਾਂ ਤੇ ਬਖ਼ਸ਼ਿਆ ਗਿਆ। ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਗ਼ਾਦਪੁਰ ਦੇ ਹੱਥ ਹੈ। ਸ਼ਬਦ ਗੁਰੂ ਨੂੰ ਸੰਪੂਰਨ ਕਰਨ ਦੀ ਥਾਂ ਹੈ ‘ਦਮਦਮਾ ਸਾਹਿਬ’। ਗੁਰੂ ਗੋਬਿੰਦ ਸਿੰਘ ਦੇ ਚਰਨ ਛੋਹ ਇਸ ਕੱਕੇ ਰੇਤੇ ਵਿਚ ਹੀ ਖੇਡੇ ਤੇ ਮੌਲ਼ੇ ਗੁਰਮੇਲ ਸਿੰਘ, ਜਿਸ ਧਰਤੀ ਨੂੰ ਪੜ੍ਹਨ ਲਿਖਣ ਦਾ ਵਰਦਾਨ ਹੈ। ਉਸ ਧਰਤੀ ਵਿਚ ਮਸਤ ਮੌਲਾ ਪੱਤਰਕਾਰ ਸਿੱਧੂ ਦਮਦਮੀ ਵੀ ਦੋਸਤਾਂ ਮਿੱਤਰਾਂ ਵਿਚ ਰਹਿੰਦਾ ਵੱਡਾ ਹੋ ਗਿਆ ਪਰ ਵਿਲੱਖਣ ਹੋ ਗਿਆ। ਉਨ੍ਹਾਂ ਦੇ ਨਾਮ ਨਾਲ ਇਸ ਪਵਿੱਤਰ ਧਰਤੀ ਦਾ ਨਾਮ ਲੱਗਣਾ ਲਾਜ਼ਮੀ ਸੀ ਪਰ ਉਹ ਨਾਮ ਸਿੱਧੂ ਦੇ ਪਿੱਛੇ ਕਿਵੇਂ ਲੱਗਾ ਇਹ ਕਹਾਣੀ ਵੀ ਸਾਹਿਤਕ ਹੀ ਹੈ। ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿਚ ਪੜ੍ਹਦਿਆਂ ਗੁਰਮੇਲ ਸਿੰਘ ਨੇ ਆਪਣੀ ਕਹਾਣੀ 'ਸ਼ਰੀਂਹ ਦੇ ਪੱਤੇ’ ਗੁਰਮੇਲ ਸਿੰਘ ਸਿੱਧੂ ਦਮਦਮੀ ਦੇ ਨਾਂ ਹੇਠ 'ਨਾਗਮਣੀ’ ਨੂੰ ਭੇਜੀ ਤਾਂ ਜੁਆਬ ਵਿਚ ਅੰਮ੍ਰਿਤਾ ਪ੍ਰੀਤਮ ਦਾ ਖੁਸ਼ਖ਼ਤ ਤੇ ਰੰਗਦਾਰ ਪੋਸਟ ਕਾਰਡ ਮਿਲਿਆ। ਲਿਖਿਆ ਸੀ: ‘ਕਹਾਣੀ ਮਿਲ ਗਈ। ਛਾਪਣਾ ਚਾਹਾਂਗੀ ਪਰ ਇਸ ਦਾ ਨਾਂ ਬਦਲਣਾ ਪਵੇਗਾ। ਤੁਹਾਡਾ ਆਪਣਾ ਨਾਂ ਵੀ ਜੇ ਛੋਟਾ ਹੋਵੇ, ਚੰਗਾ ਲੱਗੇਗਾ।’ ਉਹ ਕਹਾਣੀ 'ਚੂਰ ਭੂਰ ਗੱਲਾਂ’ ਦੇ ਸਿਰਲੇਖ ਨਾਲ 'ਸਿੱਧੂ ਦਮਦਮੀ’ ਦੇ ਨਾਂ ਹੇਠ ਛਪੀ। ਇੰਜ ਉਹ ਗੁਰਮੇਲ ਸਿੰਘ ਸਿੱਧੂ ਤੋਂ ਸਿੱਧੂ ਦਮਦਮੀ ਬਣਿਆ। ਸਿੱਧੂ ਦਮਦਮੀ ਵੈਸੇ ਕਿਸੇ ਕਵੀ ਦਾ ਨਾਂ ਲੱਗਦੈ। ਕਹਾਣੀਕਾਰ ਬਣਨ ਤੋਂ ਪਹਿਲਾਂ ਸਿੱਧੂ ਕਵੀ ਹੀ ਸੀ! 'ਗੁਆਚੀ ਗੱਲ’ ਉਹਦਾ ਕਾਵਿ ਸੰਗ੍ਰਹਿ ਹੈ। -ਬੀਏ ਪੂਰੀ ਕੀਤੀ ਤੇ ਨੌਕਰੀ ਮਿਲ ਗਈ-
ਗੁਰੂ ਕਾਸ਼ੀ ਤਲਵੰਡੀ ਸਾਬੋ ਤੋਂ ਬੀਏ ਪੂਰੀ ਕੀਤੀ ਹੀ ਸੀ ਕਿ ਪਬਲਿਕ ਰਿਲੇਸ਼ਨ ਪੰਜਾਬ ਵਿਚ ਬਤੌਰ ‘ਡਰਾਮਾ ਇੰਸਪੈਕਟਰ’ ਦੀ ਨੌਕਰੀ ਮਿਲ ਗਈ, ਜਿਸ ਲਈ ਜਲੰਧਰ ਕੰਮ ਕਰਨਾ ਸ਼ੁਰੂ ਕੀਤਾ। ਕਾਲਜ ਵਿਚ ਡਰਾਮੇ ਕਰਨੇ, ਡਰਾਮੇ ਲਿਖਣੇ, ਬਹਿਸਾਂ ਵਿਚ ਹਿੱਸਾ ਲੈਣਾ ਆਮ ਸੀ। ਇਸ ਕਰਕੇ ਦਿਮਾਗ਼ ਸਾਫ਼ ਹੋ ਗਿਆ ਸੀ, ਬਤੌਰ ‘ਡਰਾਮਾ ਇੰਸਪੈਕਟਰ’ ਦੀ ਨੌਕਰੀ ਵੀ ਬੜੀ ਸ਼ਿੱਦਤ ਨਾਲ ਕੀਤੀ। ਪਰ ਕੁਝ ਸਮੇਂ ਬਾਦ ਹੀ ਲੋਕ ਸੰਪਰਕ ਵਿਭਾਗ ਵਿਚ ਹੀ ਏਪੀਆਰਓ ਦੀਆਂ ਅਸਾਮੀਆਂ ਨਿਕਲੀਆਂ, ਉਸ ਵੇਲੇ ਦੋ ਅਸਾਮੀਆਂ ਪੂਰੀਆਂ ਜਾਣੀਆਂ ਸਨ। ਇਨ੍ਹਾਂ ਦੋ ਅਸਾਮੀਆਂ ਲਈ ਰਾਜਿੰਦਰ ਕੌਰ ਭੱਠਲ ਦੀ ਭੈਣ ਬਲਵਿੰਦਰ ਕੌਰ, ਭਰਤਇੰਦਰ ਸਿੰਘ ਚਾਹਲ ਤੇ ਸਿੱਧੂ ਦਮਦਮੀ ਇੰਟਰਵਿਊ ਦੇਣ ਲਈ ਪੁੱਜੇ। ਇਸ ਇੰਟਰਵਿਊ ਵਿਚ ਭਰਤਇੰਦਰ ਸਿੰਘ ਚਾਹਲ ਰਿਜੈਕਟ ਕਰ ਦਿੱਤੇ ਗਏ ਤੇ ਸਿੱਧੂ ਦਮਦਮੀ ਤੇ ਬਲਵਿੰਦਰ ਕੌਰ ਬਤੌਰ ਏਪੀਆਰਓ ਨਿਯੁਕਤ ਕਰ ਦਿੱਤੇ ਗਏ। 1995 ਵਿਚ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਦਿਆਂ ਇੰਡੀਅਨ ਇਨਫਰਮੇਸ਼ਨ ਸਰਵਿਸ ਵਿਚ ਚਲੇ ਗਏ, ਉੱਥੇ ਲਗਾਤਾਰ ਕੰਮ ਕੀਤਾ ਤੇ 20 ਸਾਲ ਦੀ ਸਰਵਿਸ ਪੂਰੀ ਕਰਕੇ ਇੱਛਾ ਨਾਲ ਬਤੌਰ ‘ਹੈੱਡ ਆਫ਼ ਨਿਊਜ਼ ਰੇਡੀਓ’ ਸੇਵਾ ਮੁਕਤੀ ਹਾਸਲ ਕਰ ਲਈ। -ਪੱਤਰਕਾਰਤਾ ਵਿਚ ਲਗਾਤਾਰਤਾ-
ਉਸ ਨੇ 1972 ਤੋਂ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸਰਵਿਸ ਸ਼ੁਰੂ ਕੀਤੀ ਸੀ। ਫਿਰ ਭਾਰਤ ਸਰਕਾਰ ਦਾ ਸੂਚਨਾ ਅਫ਼ਸਰ ਲੱਗਣ ਦੇ ਨਾਲ ਨਾਲ ਆਲ ਇੰਡੀਆ ਰੇਡੀਓ, ਦੂਰਦਰਸ਼ਨ, ਪ੍ਰਾਈਵੇਟ ਨਿਊਜ਼ ਚੈਨਲਾਂ ਦਾ ਮੁਖੀ, ਬਰਾਡਕਾਸਟਰ, ਸਾਹਿਤਕ ਰਸਾਲੇ 'ਸੰਖ’ ਦਾ ਸੰਪਾਦਕ ਤੇ ਨਾਮਵਰ ਰੋਜ਼ਾਨਾ ਅਖ਼ਬਾਰ 'ਪੰਜਾਬੀ ਟ੍ਰਿਬਿਊਨ’ ਦਾ ਤਿੰਨ ਸਾਲ ਸੰਪਾਦਕ ਰਹਿ ਕੇ ਸੇਵਾ ਮੁਕਤ ਹੋਇਆ। ਉਸ ਨੇ ਹਫ਼ਤਾਵਾਰੀ ਅੰਕਾਂ ਵਿਚ ਸੰਪਾਦਕੀ ਕਾਲਮ 'ਸਤਰਾਂ ਤੇ ਸੈਨਤਾਂ’ ਲਿਖਣ ਦੇ ਨਾਲ ਨਾਲ ਪੁਸਤਕਾਂ ਵੀ ਲਿਖੀਆਂ। ਇਨ੍ਹਾਂ ਵਿਚ 'ਸਾਹਿਬਾਂ ਦੀ ਦੁਚਿੱਤੀ’, 'ਗੁਆਚੀ ਗੱਲ’, 'ਭਾਗ ਸਿੰਘ (ਸੰਪਾਦਿਤ)’, 'ਮਹਾਂਭਾਰਤ (ਅਨੁਵਾਦ)’ ਤੇ 'ਖ਼ਬਰ ਖ਼ਤਮ’ ਸ਼ਾਮਲ ਹਨ। ਅੱਜ ਕੱਲ੍ਹ ਉਹ ਕੈਲੇਫੋਰਨੀਆ ਤੋਂ ਨਿਕਲਦੇ ਪੰਦਰ੍ਹਵਾੜਾ ਪੱਤਰ 'ਪੰਜਾਬੀ ਪ੍ਰੈੱਸ ਯੂਐੱਸਏ’ ਦਾ ਮੁੱਖ ਸੰਪਾਦਕ ਹੈ। ਸਿੱਧੂ ਦਮਦਮੀ ਇਕਹਿਰੇ ਸਰੀਰ ਦਾ ਨਿੱਗਰ ਲੇਖਕ, ਪਾਏਦਾਰ ਪੱਤਰਕਾਰ, ਸੁਹਿਰਦ ਸੰਪਾਦਕ, ਧੀਮਾ ਰੇਡੀਓਕਾਰ ਤੇ ਟੀਵੀ ਸ਼ੋਆਂ ਦਾ ਗੂੰਜਵਾਂ ਪੇਸ਼ਕਾਰ ਹੈ। ਉਸ ਦੇ 'ਸਿੱਧੂ ਸ਼ੋਅ’ ਦੀਆਂ ਸਿਫ਼ਤਾਂ ਲੋਕ ਅੱਜ ਵੀ ਹੁੱਬ ਕੇ ਕਰਦੇ ਹਨ। ਉਸ ਨੇ ਪੰਜਾਬੀ ਮੀਡੀਆਕਾਰੀ ਵਿਚ ਨਵੇਂ ਤਜਰਬੇ ਕਰ ਕੇ ਇਸ ਨੂੰ ਹੋਰ ਅਮੀਰੀ ਬਖ਼ਸ਼ੀ ਤੇ ਹੋਰਨਾਂ ਭਾਸ਼ਾਵਾਂ ਦੇ ਹਾਣ ਦੀ ਬਣਾਇਆ। ਉਹਦੀ ਬੋਲ ਚਾਲ ਵਿਚ ਬਠਿੰਡੇ ਦਾ ਲਬੋ-ਲਹਿਜ਼ਾ ਤੇ ਮਲਵਈ ਮੋਹ ਹੈ। ਉਹਦੀਆਂ ਲਿਖਤਾਂ ਦੀ ਲਿਸ਼ਕ ਟਿੱਬਿਆਂ ਦੇ ‘ਕੱਕੇ ਰੇਤੇ’ ਵਰਗੀ ਹੈ। ਉਸ ਦੀ ਕਲਮ ਨੂੰ ਸ੍ਰੀ ਦਮਦਮਾ ਸਾਹਿਬ ਦੇ ਲਿਖਣਸਰ ਵਿਚ ਡੁੱਲ੍ਹੀ ਸੋਨ-ਸਿਆਹੀ ਦੀ ਗੁੜ੍ਹਤੀ ਮਿਲੀ ਹੈ। ਸਿੱਧੂ ਦਮਦਮੀ ਪੰਜਾਬੀ ਮੀਡੀਏ ਦਾ ਸਿਕੰਦਰ ਹੈ। ਉਸ ਨੇ 'ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਹੁੰਦਿਆਂ ਇਸ ਅਖ਼ਬਾਰ ਨੂੰ ਇੰਟਰਨੈੱਟ ’ਤੇ ਲਿਆਉਣ ਦੀ ਪਹਿਲ ਕੀਤੀ। ਇਉਂ 'ਪੰਜਾਬੀ ਟ੍ਰਿਬਿਊਨ’ ਗਲੋਬਲ ਪਹੁੰਚ ਵਾਲਾ ਹੋ ਗਿਆ ਜੋ ਅਨੇਕਾਂ ਮੁਲਕਾਂ ਵਿਚ ਵੱਸਦੇ ਪੰਜਾਬੀਆਂ ਦਾ ਮਨਭਾਉਂਦਾ ਅਖ਼ਬਾਰ ਬਣ ਗਿਆ। ਸਿੱਧੂ ਦਮਦਮੀ ਪੰਜਾਬੀ ਮੀਡੀਆ ਸੰਸਾਰ ਦਾ ਜਗਤ ਪ੍ਰਸਿੱਧ ਚਿਹਰਾ ਅਤੇ ਨਾਂ ਹੈ। ਉਸ ਨੂੰ ਅੱਧੀ ਸਦੀ ਹੋ ਗਈ ਸੂਚਨਾ ਸੰਚਾਰ ਦੇ ਅਦਾਰਿਆਂ ਵਿਚ ਵਿਚਰਦਿਆਂ। ਸਿੱਧੂ ਦਮਦਮੀ ਨੇ ਪੰਜਾਬੀ ਮੀਡੀਆਕਾਰੀ ਵਿਚ ਨਵੇਂ ਤਜਰਬੇ ਕਰ ਕੇ ਇਸ ਨੂੰ ਹੋਰ ਅਮੀਰੀ ਬਖ਼ਸ਼ੀ ਤੇ ਹੋਰਨਾਂ ਭਾਸ਼ਾਵਾਂ ਦੇ ਹਾਣ ਦੀ ਬਣਾਇਆ। ਉਹਦੀ ਬੋਲ ਚਾਲ ਵਿਚ ਬਠਿੰਡੇ ਦਾ ਲਬੋ-ਲਹਿਜ਼ਾ ਤੇ ਮਲਵਈ ਮੋਹ ਹੈ। ਉਹਦੀਆਂ ਲਿਖਤਾਂ ਦੀ ਲਿਸ਼ਕ ਟਿੱਬਿਆਂ ਦੇ ਕੱਕੇ ਰੇਤੇ ਵਰਗੀ ਹੈ। ਉਸ ਦੀ ਕਲਮ ਨੂੰ ਸ੍ਰੀ ਦਮਦਮਾ ਸਾਹਿਬ ਦੇ ਲਿਖਣਸਰ ਵਿਚ ਡੁੱਲ੍ਹੀ ਸੋਨ-ਸਿਆਹੀ ਦੀ ਗੁੜ੍ਹਤੀ ਮਿਲੀ ਹੈ। -ਪੱਤਰਕਾਰੀ ਕਰਦਿਆਂ ਖ਼ਬਰਾਂ ਬਰੇਕ ਕਰਨ ਦਾ ਲਾਲਚ-
ਚੰਡੀਗੜ੍ਹ ਵਿਚ ਆਲ ਇੰਡੀਆ ਰੇਡੀਓ ਦਾ ਪੰਜਾਬ ਪ੍ਰਤੀਨਿਧ ਹੋਣ ਸਮੇਂ ਖ਼ਬਰਾਂ ਬਰੇਕ ਕਰਨ ਦਾ ਝੱਸ ਪੈ ਗਿਆ ਸੀ। ਇਕ ਪਾਸੇ ਬੀਬੀਸੀ ਚੱਲਦਾ ਸੀ ਦੂਜੇ ਪਾਸੇ ਆਲ ਇੰਡੀਆ ਰੇਡੀਓ। ਸਵੇਰੇ ਛੇ ਵਜੇ ਤੇ ਬੁਲਿਟਿਨ ਵਿਚ ਕੋਈ ਨਾ ਕੋਈ ਖ਼ਬਰ ਭੇਜਣੀ ਜ਼ਰੂਰੀ ਸੀ। ਉਸ ਵੇਲੇ ਅੱਤਵਾਦ ਦਾ ਸਮਾਂ ਸੀ ਦੇ ਬੇਅੰਤ ਸਿੰਘ ਮੁੱਖ ਮੰਤਰੀ ਸੀ। ਬੇਅੰਤ ਸਿੰਘ ਨਾਲ ਜਦੋਂ ਇਕ ਦਿਨ ਸਿੱਧੂ ਦਮਦਮੀ ਹੋਰਾਂ ਦੀ ਮੁਲਾਕਾਤ ਹੋਈ ਤਾਂ ਬੇਅੰਤ ਸਿੰਘ ਦੇ ਮਨ ਦੀ ਸਮਝਣ ਵਿਚ ਕਾਮਯਾਬ ਨਾ ਹੋਏ ਜਾਂ ਫਿਰ ਬਾਕੀ ਪੱਤਰਕਾਰਾਂ ਤੋਂ ਵੱਖਰੇ ਸਨ ਸਿੱਧੂ ਦਮਦਮੀ। ਪਹਿਲੇ ਦਿਨ ਖਾੜਕੂ ਘਟਨਾਵਾਂ ਬਾਰੇ ਗੱਲ ਕਰਨੀ ਸੀ, ਮੁੱਖ ਮੰਤਰੀ ਬੇਅੰਤ ਸਿੰਘ ਨਾਲ ਗੱਲ ਹੋਈ ਤੇ ਸਿੱਧੂ ਹੋਰੀਂ ‘ਅੱਛਾ ਜੀ ਸ਼ੁਕਰੀਆ’ ਕਹਿ ਕੇ ਉੱਠਣ ਲੱਗੇ ਪਰ ਬੇਅੰਤ ਸਿੰਘ ਸਿੱਧੂ ਦਮਦਮੀ ਤੋਂ ਕੁਝ ਹੋਰ ਪੱਤਰਕਾਰਾਂ ਵਾਂਗ ਸਿਆਸਤ ਦੀ ਗੱਲ ਕਢਾਉਣਾ ਚਾਹੁੰਦੇ ਸਨ। ਬੇਅੰਤ ਸਿੰਘ ਤੇ ਕੇਪੀਐਸ ਗਿੱਲ ਦੀ ਜੋੜੀ ਬਾਰੇ ਸਾਰੇ ਜਾਣਦੇ ਹਨ ਪਰ ਕੇਪੀਐਸ ਗਿੱਲ ਤੇ ਬੇਅੰਤ ਸਿੰਘ ਦੀ ਬਹੁਤ ਘੱਟ ਬਣਦੀ ਸੀ, ਇਹ ਕੋਈ ਕੋਈ ਜਾਣਦਾ ਹੈ। ਕਿਉਂਕਿ ਨੌਜਵਾਨਾਂ ਨੂੰ ਮਾਰਨ ਕਰਕੇ ਕੇਪੀਐਸ ਗਿੱਲ ਕੇਂਦਰ ਸਰਕਾਰ ਦਾ ਚਹੇਤਾ ਹੋ ਗਿਆ ਸੀ ਜੋ ਬੇਅੰਤ ਸਿੰਘ ਨੂੰ ਨਜ਼ਰ ਅੰਦਾਜ਼ ਕਰ ਜਾਂਦਾ ਸੀ। ਇਸ ਨੂੰ ਬਦਲਣ ਲਈ ਬੇਅੰਤ ਸਿੰਘ ਨੇ ਕੇਂਦਰ ਸਰਕਾਰ ਨੂੰ ਵੀ ਲਿਖ ਕੇ ਭੇਜਿਆ ਸੀ ਪਰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਇਸ ਚਿੱਠੀ ’ਤੇ ਅਮਲ ਨਹੀਂ ਕੀਤਾ ਸੀ। ਇਸ ਕਰਕੇ ਅੰਦਰੋਂ ਗਤੀ ਕੇਪੀਐਸ ਗਿੱਲ ਨਾਲ ਬੇਅੰਤ ਸਿੰਘ ਖ਼ਫ਼ਾ ਵੀ ਰਹਿੰਦਾ ਸੀ, ਸਿਆਸਤ ਵਿਚ ਉਸ ਖ਼ਿਲਾਫ਼ ਕੀ ਕੁਝ ਹੋ ਰਿਹਾ ਹੈ, ਚੰਡੀਗੜ੍ਹ ਦੇ ਕੁਝ ਪੱਤਰਕਾਰ ਅਜਿਹੇ ਸਨ ਜੋ ਬੇਅੰਤ ਸਿੰਘ ਨੂੰ ਝੂਠੀਆਂ ਸੱਚੀਆਂ ਸੁਣਾ ਕੇ ਉਸ ਦੇ ਚਹੇਤੇ ਪੱਤਰਕਾਰਾਂ ਦੇ ਗਰੁੱਪ ਵਿਚ ਸ਼ਾਮਲ ਸਨ। ਇਹੀ ਤਮੰਨਾ ਪਾਲ ਕੇ ਸਿੱਧੂ ਦਮਦਮੀ ਹੋਰਾਂ ਕੋਲੋਂ ਵੀ ਕੁਝ ਨਾ ਕੁਝ ਉਗਲਾਉਣ ਲਈ ਬੇਅੰਤ ਸਿੰਘ ਕਹਿੰਦੇ ‘ਖ਼ਬਰਾਂ ਦੀਆਂ ਗੱਲਾਂ ਹੋ ਗਈਆਂ, ਹੋਰ ਸੁਣਾਓ ਫਿਰ?’ ਸਿੱਧੂ ਹੋਰੀਂ ਅੰਦਰੋਂ ਅੰਦਰੀ ਸੋਚ ਰਹੇ ਸਨ ਕਿ ਸ਼ਾਇਦ ਮੁੱਖ ਮੰਤਰੀ ਮੇਰੇ ਪਰਿਵਾਰ ਬਾਰੇ ਪੁੱਛ ਰਹੇ ਹਨ। ‘ਬੱਸ, ਠੀਕ ਹੈ ਜੀ।’ ਸਿੱਧੂ ਨੇ ਸਰਸਰੀ ਜਿਹੀ ਕਿਹਾ ਸੀ। ਬੇਅੰਤ ਸਿੰਘ ਨੇ ਫੇਰ ਕਿਹਾ ‘ਹੋਰ ਫਿਰ?’ ਸਿੱਧੂ ਹੋਰੀਂ ‘ਹੋਰ ਵੀ ਠੀਕ ਆ ਜੀ’ ਕਹਿ ਕੇ ਬਾਹਰ ਆ ਗਏ, ਮੁਲਾਕਾਤ ਕਰਾਉਣ ਵਾਲਾ ਬਾਹਰ ਖੜ੍ਹਾ ਮੁੱਖ ਮੰਤਰੀ ਦਾ ਮੀਡੀਆ ਮੈਨੇਜਰ ਮੇਰੀ ਜਲਦੀ ਹੋ ਗਈ ਮੁਲਾਕਾਤ ਬਾਰੇ ਬੜਾ ਹੈਰਾਨ ਸੀ। ਉਸ ਨੂੰ ਤਾਂ ਹਮੇਸ਼ਾ ਹੀ ਬੇਅੰਤ ਸਿੰਘ ਕੋਲ ਆਉਂਦੇ ਕੁਝ ਪੱਤਰਕਾਰਾਂ ਦੀਆਂ ਲੰਬੀਆਂ ਮੀਟਿੰਗਾਂ ਬਾਰੇ ਹੀ ਪਤਾ ਸੀ, ਪਰ ਇਹ ਪੱਤਰਕਾਰ ਬੜੀ ਜਲਦੀ ਮੁੜ ਆਇਆ। ਦਮਦਮੀ ਹੋਰਾਂ ਨੂੰ ਮੈਨੇਜਰ ਨੇ ਪੁੱਛਿਆ ‘ਖ਼ਬਰ ਤੋਂ ਬਿਨਾਂ ਸਰਦਾਰ ਜੀ ਨੇ ਕੁਝ ਨਹੀਂ ਹੋਰ ਪੁੱਛਿਆ ਦੱਸਿਆ?’ ਦਮਦਮੀ ਹੋਰਾਂ ਨੇ ਕਿਹਾ ‘ ਨਹੀਂ ਅਜਿਹਾ ਕੁਝ ਵੀ ਨਹੀਂ ਪੁੱਛਿਆ ਦੱਸਿਆ, ਬੱਸ ਸੀਐਮ ਸਾਹਿਬ ਹੋਰ ਫਿਰ.. ਹੋਰ ਫਿਰ ਪੁੱਛਦੇ ਰਹੇ’ ਮੈਨੇਜਰ ਸਿੱਧੂ ਦਮਦਮੀ ਦੇ ਅਨਭੋਲਪੁਣੇ ਤੇ ਹੈਰਾਨ ਸੀ। ਉਹ ਇਕ ਸਿਆਸੀ ਪੱਤਰਕਾਰ ਇੱਥੇ ਨਹੀਂ ਬਣ ਸਕਿਆ ਸੀ। ਬੇਅੰਤ ਸਿੰਘ ਨੂੰ ਇਸ ਗੱਲ ਦਾ ਸ਼ਾਇਦ ਪਤਾ ਸੀ ਕਿ ਦੁਨੀਆ ਦੀਆਂ, ਸਮਾਜ ਦੀਆਂ, ਸਿਆਸੀ ਗਲਿਆਰਿਆਂ ਦੀਆਂ ਗੱਲਾਂ ਜੇਕਰ ਸਭ ਤੋਂ ਵੱਧ ਕੋਈ ਜਾਣਦਾ ਹੈ ਤਾਂ ਉਹ ਪੱਤਰਕਾਰ ਹੀ ਹੁੰਦਾ ਹੈ, ਇਸ ਕਰਕੇ ਉਹ ਪੱਤਰਕਾਰਾਂ ਨਾਲ ਲੰਬਾ ਸਮਾਂ ਬੈਠਾ ਗੱਲਾਂ ਕਰ ਲੈਂਦਾ ਸਨ। ਇਸੇ ਬਹਾਨੇ ਆਪਣੇ ਵਿਰੋਧੀਆਂ ਦੀ ਜਾਣਕਾਰੀ ਵੀ ਹਾਸਲ ਕਰ ਲੈਂਦਾ ਸੀ। ਸਿੱਧੂ ਦਮਦਮੀ ਹੋਰਾਂ ਦਾ ਇਕ ਸਾਥੀ ਪੱਤਰਕਾਰਾਂ ਵਿਚੋਂ ਇਕ ਪੱਤਰਕਾਰ ਆਮ ਤੌਰ ਤੇ ਸੰਜੀਵ ਗੌੜ ਵੀ ਹੁੰਦਾ ਸੀ। ਉਹ ਦਿਨ ਜਿਸ ਦਿਨ ਨੇ ਪੰਜਾਬ ਹੀ ਨਹੀਂ ਭਾਰਤ ਦੀਆਂ ਏਜੰਸੀਆਂ ਨੂੰ ਹਿਲਾ ਕੇ ਰੱਖ ਦਿੱਤਾ। ਸਿੱਧੂ ਦਮਦਮੀ ਹੋਰੀਂ ਆਪਣੇ ਚੌਂਤੀ ਸੈਕਟਰ ਵਿਚ ਰੇਡੀਓ ਸਟੇਸ਼ਨ ਦੇ ਨਿਊਜ਼ ਰੂਮ ਵਿਚ ਪੁੱਜੇ ਹੀ ਸਨ ਕਿ ਸਿਵਲ ਸਕੱਤਰੇਤ ਵਿਚ ਬੰਬ ਫਟਣ ਦੀ ਖ਼ਬਰ ਕਿਸੇ ਨੇ ਫ਼ੋਨ ਤੇ ਦੱਸੀ। ਟੈਲੀਪ੍ਰਿੰਟਰ ਤੇ ਵੀ ਖ਼ਬਰ ਪੁੱਜ ਗਈ ਸੀ ਕਿ ‘ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਹੋਏ ਬੰਬ ਹਮਲੇ ਵਿਚ ਬੇਅੰਤ ਸਿੰਘ ਵਾਲ ਵਾਲ ਬਚ ਗਏ’। ਖ਼ਬਰ ਦੀਆਂ ਇਹ ਸਤਰਾਂ ਪੜ੍ਹਨ ਸਾਰ ਸਿੱਧੂ ਦਮਦਮੀ ਹੋਰੀਂ ਸਿਵਲ ਸਕੱਤਰੇਤ ਵੱਲ ਹੋ ਤੁਰੇ। ਸਕੱਤਰੇਤ ਹਾਲੇ ਪੁੱਜੇ ਹੀ ਸਨ ਕਿ ਨੱਕ ਨੂੰ ਬੰਬ ਦੇ ਬਾਰੂਦ ਦੀ ਦੁਰਗੰਧ ਆਪਣੀ ਹਾਜ਼ਰੀ ਦਾ ਅਹਿਸਾਸ ਕਰਵਾ ਰਹੀ ਸੀ। ਉੱਥੇ ਖ਼ਬਰ ਏਜੰਸੀ ਯੂ ਐਨ ਆਈ ਦਾ ਚੰਡੀਗੜ੍ਹ ਬਿਉਰੋ ਦਾ ਮੁਖੀ ਮਦਨ ਲਾਲ ਸ਼ਰਮਾ ਵੀ ਨੋਟ ਬੁੱਕ ਲੈ ਕੇ ਪੁੱਜਿਆ ਹੋਇਆ ਸੀ। ਇੱਥੇ ਸਭ ਤੋਂ ਪਹਿਲਾਂ ਪੁੱਜਣ ਵਾਲਾ ਪੁਲੀਸ ਅਧਿਕਾਰੀ ਕੇਪੀਐਸ ਗਿੱਲ ਹੀ ਸੀ। ਬੜੀ ਪੁੱਛਗਿੱਛ ਕੀਤੀ ਗਈ ਪਰ ਪਤਾ ਨਹੀਂ ਲੱਗ ਰਿਹਾ ਸੀ ਕਿ ਬੇਅੰਤ ਸਿੰਘ ਦਾ ਕੀ ਬਣਿਆ। ਖ਼ਬਰ ਦੀ ਪੁਸ਼ਟੀ ਕਰਨ ਵਾਲਾ ਕੋਈ ਨਹੀਂ ਸੀ, ਉੱਧਰ ਆਲ ਇੰਡੀਆ ਰੇਡੀਓ ਦਾ ਅੰਗਰੇਜ਼ੀ ਦਾ ਰਾਸ਼ਟਰੀ ਬੁਲਿਟਿਨ ਛੇ ਵਜੇ ਤੇ ਹਿੰਦੀ ਦਾ ਛੇ ਵੱਜ ਕੇ ਪੰਜ ਮਿੰਟ ਤੇ ਜਾਣਾ ਸੀ। ਉਸ ਤੋਂ ਬਾਅਦ ਚੰਡੀਗੜ੍ਹ ਤੋਂ ਪ੍ਰਦੇਸ਼ਿਕ ਸਮਾਚਾਰ ਸ਼ੁਰੂ ਹੋ ਜਾਣੇ ਸਨ। ਇਕ ਇਕ ਸਕਿੰਟ ਕੀਮਤੀ ਸੀ। ਇਕ ਪੱਤਰਕਾਰ ਲਈ ਅਜਿਹਾ ਸਮਾਂ ਸਭ ਤੋਂ ਵੱਧ ਖ਼ਲਲ ਪੈਦਾ ਕਰਨ ਵਾਲਾ ਹੁੰਦਾ ਹੈ ਤੇ ਚਿੰਤਾ ਵਾਲਾ ਵੀ ਹੁੰਦਾ ਹੈ। ਯੂ ਐਨ ਆਈ ਦਾ ਪੱਤਰਕਾਰ ਮਦਨ ਲਾਲ ਸ਼ਰਮਾ ਸਕੱਤਰੇਤ ਵਿਚ ਦਾਖਲ ਹੋਕੇ ਖ਼ਬਰ ਦੀ ਪੁਸ਼ਟੀ ਕਰਨ ਲਈ ਕਾਹਲਾ ਸੀ। ਖ਼ਬਰ ਦੀ ਪੁਸ਼ਟੀ ਕਰਨ ਲਈ ਬਹੁਤ ਤਰੱਦਦ ਕੀਤਾ। ਆਖ਼ਿਰ ਦੇਖਿਆ ਕਿ ਲੋਕ ਸੰਪਰਕ ਦੇ ਡਾਇਰੈਕਟਰ ਜਗਜੀਤ ਪੁਰੀ ਹੋਰੀਂ ਆਪਣੇ ਦਫ਼ਤਰ ਵਿਚ ਬੈਠੇ ਸਨ। ਅੰਦਰ ਦਾਖਲ ਹੋਏ ਤਾਂ ਅੰਦਰ ਜਗਜੀਤ ਪੂਰੀ ਦੇ ਨਾਲ ਸਕੱਤਰ ਐਸਐਸ ਡਾਵਰਾ ਵੀ ਬੈਠੇ ਸਨ। ਕਮਰੇ‌ ਵਿਚ ਚੁੱਪ ਬੜੀ ਭਿਆਨਕ ਲੱਗ ਰਹੀ ਸੀ। ਦਮਦਮੀ ਹੋਰਾਂ ਨੇ ਚੁੱਪ ਦਾ ਦਰਵਾਜ਼ਾ ਤੋੜਦਿਆਂ ਸਿੱਧਾ ਸਵਾਲ ਕੀਤਾ ‘ਮੇਰੇ ਬੁਲਿਟਿਨ ਦੇ ਸ਼ੁਰੂ ਹੋਣ ਵਿਚ ਕੁਝ ਸਕਿੰਟ ਹੀ ਬਾਕੀ ਰਹਿੰਦੇ ਹਨ, ਇਸ ਕਰਕੇ ਬੇਅੰਤ ਸਿੰਘ ਬਾਰੇ ਜਾਣਕਾਰੀ ਸਪਸ਼ਟ ਪਤਾ ਕਰੋ’ ਡਾਵਰਾ ਨੇ ਬੜੇ ਗਹੁ ਨਾਲ ਸਿੱਧੂ ਵੱਲ ਦੇਖਿਆ ਤੇ ਨਪੇ ਤੁਲੇ ਸ਼ਬਦਾਂ ਵਿਚ ਕਿਹਾ ‘ਹੀ ਇਜ਼ ਨੋ ਮੋਰ’। ਇਹ ਚਾਰ ਸ਼ਬਦਾਂ ਨੇ ਖ਼ਬਰ ਸਪਸ਼ਟ ਹੁੰਦਿਆਂ ਹੀ ਫ਼ੋਨ ਤੇ ਰੇਡੀਓ ਦੇ ਨਿਊਜ਼ ਰੂਮ ਵਿਚ ਖ਼ਬਰ ਲਿਖਾ ਦਿੱਤੀ ਗਈ, ਇਹ ਖ਼ਬਰ ਸਭ ਤੋਂ ਪਹਿਲਾਂ ਬਰੇਕ ਆਲ ਇੰਡੀਆ ਰੇਡੀਓ ਨੇ ਕੀਤੀ ਸੀ, ਬੀਬੀਸੀ ਨੂੰ ਵੀ ਪਛਾੜ ਗਿਆ ਸੀ ਸਿੱਧੂ ਦਮਦਮੀ। ਬੇਅੰਤ ਸਿੰਘ ਦੀ ਮੌਤ ਦਾ ਸੋਗ ਮੁੱਖ ਮੰਤਰੀ ਦੀ ਕੋਠੀ ਵਿਚ ਪੂਰੀ ਤਰ੍ਹਾਂ ਪਸਰਿਆ ਸੀ ਪਰ ਦੂਜੇ ਪਾਸੇ ਰਾਜਿੰਦਰ ਕੌਰ ਭੱਠਲ ਤੇ ਹਰਚਰਨ ਸਿੰਘ ਬਰਾੜ ਅਗਲਾ ਮੁੱਖ ਮੰਤਰੀ ਬਣਨ ਦੀਆਂ ਗੁੰਦਾਂ ਵੀ ਨਾਲੋ ਨਾਲ ਗੋਂਦ ਰਹੇ ਸਨ। -ਅਜ਼ਾਦੀ ਦੀ ਗੱਲ ਕਰਨ ਵਾਲੇ ਪੱਤਰਕਾਰ ਗ਼ੁਲਾਮੀ ਦੇ ਪਹਿਰੇਦਾਰ-
ਰੇਡੀਓ ਤੇ ਟੀਵੀ ਪੱਤਰਕਾਰਾਂ ਲਈ ਉਹ ਸਮਾਂ ਬੜਾ ਭਿਆਨਕ ਹੁੰਦਾ ਸੀ ਜਦੋਂ ਪੰਜਾਬ ਦੇ ਪ੍ਰੈੱਸ ਕਲੱਬਾਂ ਵਿਚ ਇਨ੍ਹਾਂ ਨੂੰ ਮਾਨਤਾ ਹੀ ਨਹੀਂ ਹੁੰਦੀ ਸੀ, ਦੂਰੀਆਂ ਇਸ ਕਦਰ ਹੁੰਦੀਆਂ ਸਨ ਜਿਵੇਂ ਕੋਈ ‘ਅਛੂਤ’ ਹੋਣ। ਪੰਜਾਬ ਦੇ ਪੱਤਰਕਾਰ ਇਸ ਦਾ ਅਧਾਰ ਚੰਡੀਗੜ੍ਹ ਪ੍ਰੈੱਸ ਕਲੱਬ ਨੂੰ ਬਣਾਉਂਦੇ ਸਨ। ਚੰਡੀਗੜ੍ਹ ਪ੍ਰੈੱਸ ਕਲੱਬ ਲਈ ਪ੍ਰਿੰਟ ਮੀਡੀਆ ਹੀ ਮਾਨਤਾ ਪ੍ਰਾਪਤ ਸੀ। ਇਸ ਵੇਲੇ ਚੰਡੀਗੜ੍ਹ ਵਿਚ ਆਲ ਇੰਡੀਆ ਰੇਡੀਓ ਤੇ ਪੰਜਾਬ ਦੇ ਪੱਤਰਕਾਰ ਸਿੱਧੂ ਦਮਦਮੀ ਹੋਰੀਂ ਵੀ ਸਨ। ਵੱਡੀਆਂ ਅਹਿਮ ਤੇ ਬਰੈਕਿੰਗ ਖ਼ਬਰਾਂ ਕਰਨ ਦੇ ਬਾਵਜੂਦ ਰੇਡੀਓ ਪੱਤਰਕਾਰ ਕਲੱਬ ਦੇ ਮੈਂਬਰ ਨਹੀਂ ਸਨ। ਪ੍ਰਿੰਟ ਦੇ ਪੱਤਰਕਾਰ ਰੇਡੀਓ ਤੋਂ ਖ਼ਬਰਾਂ ਸੁਣ ਕੇ ਆਪਣੀਆਂ ਖ਼ਬਰਾਂ ਦਾ ਵਿਸਥਾਰ ਕਰਦੇ ਸਨ ਪਰ ਰੇਡੀਓ ਤੇ ਪੱਤਰਕਾਰਾਂ ਨਾਲ ਵਿਤਕਰਾ ਜਾਰੀ ਸੀ। ਚਲੋ ਪ੍ਰੈੱਸ ਕਲੱਬ ਆਫ਼ ਇੰਡੀਆ ਦੇ ਸੰਵਿਧਾਨ ਦੇ ਹਵਾਲੇ ਨਾਲ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਮਾਨਤਾ ਮਿਲ ਗਈ ਸੀ। ਪੱਤਰਕਾਰਾਂ ਦੀ ਇਹ ਗ਼ੁਲਾਮੀ ਹੋਰ ਤਰ੍ਹਾਂ ਦੀ ਸੀ ਮੈਂ ਤਾਂ ਉਸ ਗ਼ੁਲਾਮੀ ਦੀ ਗੱਲ ਕਰ ਰਿਹਾ ਹਾਂ ਜਿਸ ਨਾਲ ਸਿੱਧੂ ਦਮਦਮੀ ਨੂੰ ਪ੍ਰੈੱਸ ਕਲੱਬ ਦੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਗਿਆ, ਇੱਥੇ ਹੀ ਨਹੀਂ ਆਲ ਇੰਡੀਆ ਰੇਡੀਓ ਤੋਂ ਵੀ ਬਦਲੀ ਕਰਵਾ ਦਿੱਤੀ। ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਬੰਧਕਾਂ ਨੇ ਪ੍ਰੈੱਸ ਕਲੱਬ ਵਿਚ ‘ਨਾਈਟ ਕਲੱਬਾਂ’ ਦੀ ਤਰਜ਼ ਤੇ ‘ਡਾਂਸਿੰਗ ਇਨ ਰੇਨ’ (ਮੀਂਹ ਵਿੱਚ ਨੱਚਣ) ਕਰਾਉਣ ਦਾ ਪ੍ਰੋਗਰਾਮ ਬਣਾਇਆ, ਪੱਤਰਕਾਰਾਂ ਨੂੰ ਭੇਜਿਆ ਗਿਆ ‘ਸੱਦਾ ਪੱਤਰ’ ਵੀ ਉਕਸਾਊ ਭਾਸ਼ਾ ਵਿਚ ਸੀ। ਬਹੁਤ ਅਲੋਚਨਾਵਾਂ ਤੇ ਬਾਵਜੂਦ ਪ੍ਰੈੱਸ ਕਲੱਬ ਦੇ ਪ੍ਰਬੰਧਕਾਂ ਨੇ ਇਸ ਨੂੰ ਰੱਦ ਨਹੀਂ ਕੀਤਾ। ‘ਡਾਂਸਿੰਗ ਇਨ ਰੇਨ’ ਵਿਚ ਔਰਤਾਂ ਦੀ ਐਂਟਰੀ ਮੁਫ਼ਤ ਕਰ ਦਿੱਤੀ ਗਈ, ਇਹ ਹੋਰ ਵੀ ਅਲੋਚਨਾ ਬਟੋਰ ਰਿਹਾ ਸੀ। ਉਸ ਵੇਲੇ ਪੀਟੀਆਈ ਦੀ ਸਾਬਕਾ ਰਿਪੋਰਟਰ ਰਸ਼ਮੀ ‘ਟਾਈਮਜ਼ ਆਫ਼ ਇੰਡੀਆ’ ਦੇ ‘ਚੰਡੀਗੜ੍ਹ ਪੂਲ ਆਊਟ’ ਦੀ ਇੰਚਾਰਜ ਹੁੰਦੀ ਸੀ। ਉਸ ਨੇ ਸਿੱਧੂ ਦਮਦਮੀ ਨੂੰ ‘ਡਾਂਸਿੰਗ ਇਨ ਰੇਨ’ ਵਾਲੀ ਘਟਨਾ ਬਾਰੇ ਲਿਖਣ ਲਈ ਕਿਹਾ। ਸਰਸਰੀ ਜਿਹੀ ਸਿੱਧੂ ਦਮਦਮੀ ਨੇ ਲਿਖ ਦਿੱਤਾ ਪਰ ਉਹ ਲਿਖਤ ਪ੍ਰੈੱਸ ਕਲੱਬ ਵਿਚ ਬੰਬ ਵਾਂਗ ਫਟੀ, ਸਰਸਰੀ ਜਿਹੀ ਲਿਖੀ ਗੱਲ ਏਨਾ ਪ੍ਰਭਾਵ ਛੱਡ ਸਕਦੀ ਹੈ, ਇਹ ਸਿੱਧੂ ਦਮਦਮੀ ਨੂੰ ਵੀ ਸ਼ਾਇਦ ਪਤਾ ਨਹੀਂ ਸੀ। ਇਸ ਛੋਟੀ ਜਿਹੀ ਟਿੱਪਣੀ ਨਾਲ ਤਾਅ ’ਚ ਆਈ ਪ੍ਰੈੱਸ ਕਲੱਬ ਨੂੰ ਇਸ ਦਾ ਬੋਲਣ/ਲਿਖਣ ਦੀ ਆਜ਼ਾਦੀ ’ਤੇ ਪਹਿਰਾ ਦੇਣ ਦਾ ਮੁੱਢਲਾ ਅਸੂਲ ਹੀ ਵਿੱਸਰ ਗਿਆ। ਇਸ ਤੋਂ ਬਾਅਦ ਅਜ਼ਾਦੀ ਦੇ ਪਹਿਰੇਦਾਰ ਪ੍ਰੈੱਸ ਕਲੱਬ ਦੇ ਪ੍ਰਬੰਧਕਾਂ ਨੇ ਸਿੱਧੂ ਦਮਦਮੀ ਨੂੰ ਪ੍ਰੈੱਸ ਕਲੱਬ ਦੀ ਮੈਂਬਰਸ਼ਿਪ ਤੋਂ ਹੀ ਮੁਅੱਤਲ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਪ੍ਰਬੰਧਕਾਂ ਨੇ ਦਮਦਮੀ ਹੋਰਾਂ ਦੇ ਬੌਸ -ਡਾਇਰੈਕਟਰ ਜਨਰਲ ਨਿਊਜ਼ ਅਕਾਸ਼ਬਾਣੀ ਨੂੰ ਵੀ ਲਿਖ ਕੇ ਕਿਹਾ ਕਿ ਇਹ ਸਰਕਾਰੀ ਪੱਤਰਕਾਰ ਹੈ ਪਰ ਇਹ ਪ੍ਰੈੱਸ ਕਲੱਬ ਦੀਆਂ ਸਿਆਸੀ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਹੈ। ਇਸ ਤੇ ਡਾਇਰੈਕਟਰ ਜਨਰਲ ਨਿਊਜ਼ ਨੇ ਪੈਂਦੀ ਸੱਟੇ ਸਿੱਧੂ ਦਮਦਮੀ ਦਾ ਅਹੁਦਾ ‘ਪੰਜਾਬ ਸੰਵਾਦਦਾਤਾ’ ਤੋਂ ਬਦਲ ‌ਦਿੱਤਾ। ਇਸ ਘਟਨਾ ਨੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਚ ਭੁਚਾਲ ਲਿਆ ਦਿੱਤਾ। ਸਾਢੇ ਤਿੰਨ ਸੋ ਮੈਂਬਰ ਦੁਫਾੜ ਹੋ ਗਏ। ਬਹੁਤ ਬਾਰੇ ਸਿੱਧੂ ਦਮਦਮੀ ਦੇ ਪੱਖ ਵਿਚ ਹੋ ਗਏ, ਇੱਥੇ ਹੀ ਬੱਸ ਨਹੀਂ ਸਿੱਧੂ ਹੋਰਾਂ ਦੇ ਪੱਖ ਵਿਚ ਅਖ਼ਬਾਰੀ ਕਾਲਮਾਂ ਵਿਚ ਆਰਟੀਕਲ ਤੇ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਖ਼ਬਰਾਂ ਦੇ ਹੈਡਿੰਗ ‘ਅਸਹਿਮਤੀ ਨੂੰ ਕੁਚਲਣਾ’, ‘ਲਿਖਣ ਦੀ ਆਜ਼ਾਦੀ ’ਤੇ ਹਮਲਾ’, ‘ਦੂਹਰੇ ਮਾਪਦੰਡ’ ਆਦਿ ਸਨ। ਹੁਣ ਇਕ ਪੱਖ ਸਿੱਧੂ ਦਮਦਮੀ ਦੀ ਬਦਲੀ ਕੈਂਸਲ ਕਰਾਉਣ ਲਈ ਮਤਾ ਪਵਾਉਣ ਵਿਚ ਕੀ ਕਾਮਯਾਬ ਹੋ ਗਿਆ ਸੀ। ਉਸ ਵੇਲੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਜੈਪਾਲ ਰੈਡੀ ਹੁੰਦਾ ਸੀ। ਅਟਲ ਬਿਹਾਰੀ ਵਾਜਪਾਈ ਦੀ 13 ਦਿਨਾਂ ਦੀ ਸਰਕਾਰ ਦਾ 16 ਮਈ 1996 ਆਖ਼ਰੀ ਦਿਨ ਸੀ। ਜੈਪਾਲ ਰੈਡੀ ਇਕ ਅਜਿਹਾ ਸਿਆਸਤ ਦਾਨ ਸੀ ਜਿਸ ਨੇ ਸਿੱਧੂ ਦਮਦਮੀ ਬਾਰੇ ਪਹਿਲਾਂ ਹੀ ਪਤਾ ਕਰ ਲਿਆ ਸੀ। ਜਦੋਂ ਪੱਤਰਕਾਰਾਂ ਦਾ ਵਫ਼ਦ ਜੈਪਾਲ ਰੈਡੀ ਨੂੰ ਮਿਲਿਆ ਤਾਂ ਉਸ ਦੀ ਟਿੱਪਣੀ ਸੀ ‘ਪ੍ਰੈੱਸ ਦੀ ਆਜ਼ਾਦੀ ਦਾ ਇਹ ਨਿਵੇਕਲਾ ਕੇਸ ਹੈ, ਜਿੱਥੇ ਪ੍ਰੈੱਸ ਦੀ ਆਜ਼ਾਦੀ ਦੀ ਮੁੱਦਈ ਸੰਸਥਾ ਹੀ ਲਿਖਣ ਵਿਰੁੱਧ ਆਪਣੇ ਮੈਂਬਰ ਨੂੰ ਸਜ਼ਾ ਦੇ ਰਹੀ ਹੈ’ ਜੈਪਾਲ ਰੈਡੀ ਨੇ ਵਫ਼ਦ ਨੂੰ ਸੰਬੋਧਨ ਹੁੰਦਿਆਂ ਕਿਹਾ ‘ਨਿਰਸੰਦੇਹ ਤੁਹਾਡੀ ਗੱਲ ਨਿੱਜੀ ਵੀ ਤੇ ਨਿੱਕੀ ਵੀ ਹੈ ਪਰ ਇਸ ਦਾ ਪ੍ਰਸੰਗ ਬਹੁਤ ਵੱਡਾ ਹੈ’ ਉਸ ਨੇ ਸਿੱਧੂ ਦਮਦਮੀ ਦੀ ਬਦਲੀ ਰੱਦ ਕਰ ਦਿੱਤੀ। -ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪੁਰਸਕਾਰਾਂ ਦੇ ਕਾਲੇ ਕਾਰਨਾਮੇ-
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ਸ਼੍ਰੋਮਣੀ ਪੁਰਸਕਾਰਾਂ ਦੀ ਜਿਊਰੀ ਵਿਚ ਸਿੱਧੂ ਦਮਦਮੀ ਦਾ ਨਾਮ ਵੀ ਪੈ ਗਿਆ ਸੀ। ਬੇਸ਼ੱਕ ਇਨ੍ਹਾਂ ਲੱਖਾਂ ਦੇ ਸਨਮਾਨਾਂ ਦੀ ਚੋਣਕਾਰ ਕਮੇਟੀ ਵਿਚ ਪਹਿਲਾਂ ਪੁਰਸਕਾਰ ਮਿਲ ਚੁੱਕੇ ਵਿਅਕਤੀ ਦਾ ਪਾਉਣਾ ਲਾਜ਼ਮੀ ਸੀ ਪਰ ਸਿੱਧੂ ਦਮਦਮੀ ਨੂੰ ਇਕ ਸੁਲਝੇ ਹੋਏ ਪੱਤਰਕਾਰ ਕਰਕੇ ਨਹੀਂ ਸਗੋਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਹੀ ਜਿਊਰੀ ਵਿਚ ਪਾਇਆ ਗਿਆ ਸੀ, ਇਨ੍ਹਾਂ ਪੁਰਸਕਾਰਾਂ ਤੇ ਕਲੰਕ ਲੱਗ ਚੁੱਕਿਆ ਸੀ ਕਿ ਇਹ ਪੁਰਸਕਾਰ ਭਾਈ ਭਤੀਜਾ ਵਾਦ, ਸਿਫ਼ਾਰਸ਼ਾਂ ਦੀ ਭੇਂਟ ਚੜ ਚੁੱਕੇ ਹਨ। ਇਹ ਗੱਲ ਸੰਵੇਦਨਸ਼ੀਲ ਹਲਕਿਆਂ ਵਿਚ ਆਮ ਚਾਹ ਦੀਆਂ ਚੁਸਕੀਆਂ ਵੇਲੇ ਚਰਚਾ ਦਾ ਵਿਸ਼ਾ ਬਣ ਜਾਂਦੀ ਸੀ ਕਿ ਸੂਬਾਈ ਤੇ ਰਾਸ਼ਟਰੀ ਅਦਾਰਿਆਂ/ਅਕਾਦਮੀਆਂ ਦੇ ਪੁਰਸਕਾਰਾਂ ਨੂੰ ਵੰਡਣ ਸਮੇਂ ਸਰਕਾਰੇ-ਦਰਬਾਰੇ ਕਿਹੋ ਜਿਹੀ ਖਿਚੜੀ ਰਿੱਝਦੀ ਹੈ। ਸਾਹਿਤਕ ਸੂਬੇਦਾਰਾਂ ਵੱਲੋਂ ਕਿਵੇਂ ਸਹਿਜਤਾ ਨਾਲ ਹੀ ਆਪਣੇ ਚਹੇਤੇ ਨਵਾਜ਼ ਦਿੱਤੇ ਜਾਂਦੇ ਹਨ। ਇਸ ਗੰਦਗੀ ਨਾਲ ਭਾਰਤੀ ਸਾਹਿਤ ਅਕਾਦਮੀ ਵੀ ਲਿੱਬੜੀ ਪਈ ਹੈ। ‘ਸੰਖ’ ਮੈਗਜ਼ੀਨ ਬੜਾ ਹੀ ਅਨੋਖਾ ਮੈਗਜ਼ੀਨ ਸੀ, ਸਿੱਧੂ ਦਮਦਮੀ ਵੱਲੋਂ ‘ਸੰਖ’ ਨੂੰ ਛੱਡਣਾ ਇਸ ਕਰਕੇ ਪਿਆ ਕਿਉਂਕਿ ਉਨ੍ਹਾਂ ਦੀ ਨਿਯੁਕਤੀ ਪੰਜਾਬੀ ਟ੍ਰਿਬਿਊਨ ਵਿਚ ਬਤੌਰ ਸੰਪਾਦਕ ਹੋ ਗਈ ਸੀ। ‘ਸੰਖ’ ਵਿਚ ਸਿੱਧੂ ਦਮਦਮੀ ਹੋਰੀਂ ਇਨ੍ਹਾਂ ਪੁਰਸਕਾਰਾਂ ਦੀ ਗੰਦਗੀ ਬਾਰੇ ਲਿਖਦੇ ਰਹਿੰਦੇ ਸਨ। ਉਨ੍ਹਾਂ ਨੂੰ ਇਨ੍ਹਾਂ ਪੁਰਸਕਾਰਾਂ ਬਾਰੇ ਭਲੀਭਾਂਤ ਪਤਾ ਸੀ, ਅਸਲ ਵਿਚ ਕੋਈ ਪੁਰਸਕਾਰ ਕਿਸੇ ਵਿਅਕਤੀ ਲਈ ਵੱਡੇ ਸਨਮਾਨ ਦੀ ਗੱਲ ਹੁੰਦਾ ਹੈ ਪਰ ਸੱਤਾਧਾਰੀ ਧਿਰਾਂ ਨੇ ਭਾਸ਼ਾ ਵਿਭਾਗ, ਅਕਾਦਮੀਆਂ ਤੇ ਪੁਰਸਕਾਰਾਂ ਨੂੰ ਏਨਾ ਬਦਨਾਮ ਕੀਤਾ ਕਿ ਕੋਈ ਸੱਚਾ ਤੇ ਆਦਰਸ਼ਵਾਦੀ‌ ਵਿਅਕਤੀ ਇਹ ਪੁਰਸਕਾਰ ਲੈ ਕੇ ਖ਼ੁਦ ਨੂੰ ਅਪਮਾਨਿਤ ਹੋਇਆ ਮਹਿਸੂਸ ਕਰਨ ਲੱਗ ਜਾਂਦਾ ਹੈ, ਇਸ ਦੀ ਬਦਨਾਮੀ ਦੇ ਕਾਰਨ ਜਿਊਰੀ ਦੇ ਕੁਝ ਲਗਾਤਾਰ ਬਣਦੇ ਮੈਂਬਰ ਵੀ ਹਨ। ਜੋ ਸਾਹਿਤਕ ਵੀ ਹਨ। ਜਿਊਰੀ ਦੀ ਮੀ‌‌ਟਿੰਗ ਸੀ, ਚੰਡੀਗੜ੍ਹ ਦੇ ਪੰਜਾਬ ਭਵਨ ਵਿਚ। ਸ਼੍ਰੋਮਣੀ ਪੁਰਸਕਾਰਾਂ ਦਾ ਨਿਰਣਾ ਕਰਨਾ ਸੀ। ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਮਹਿਕਮੇ ਦੇ ਵਜ਼ੀਰ ਪੁੱਜੇ ਹੀ ਸਨ ਕਿ ਉਸ ਦੇ ਸੱਜੇ ਖੱਬੇ ਜਿਊਰੀ ਦੇ ਉਹ ਮੈਂਬਰ ਬੈਠ ਗਏ ਸਨ ਜਿਨ੍ਹਾਂ ਨੇ ਕਈ ਵਰ੍ਹਿਆਂ ਤੋਂ ਇਹ ਆਸਣ ਆਪਣੇ ਨਾਮ ਕਰਵਾ ਰੱਖੇ ਹਨ। ਇਹ ਆਪਣੇ ਚਹੇਤਿਆਂ ਨੂੰ ਪੁਰਸਕਾਰ ਦਿਵਾਉਣ ਵਿਚ ਸਹਿਜੇ ਹੀ ਕਾਮਯਾਬ ਹੋ ਜਾਂਦੇ ਸਨ। ਸਰਕਾਰ ਭਾਵੇਂ ਅਕਾਲੀ ਦਲ ਦੀ ਹੋਵੇ ਜਾਂ ਫਿਰ ਕਾਂਗਰਸ ਦੀ ਇਹ ਆਪਣੀ ਮਨਾਉਣ ਵਿਚ ਪਰਪੱਕ ਸਨ। 2007 ਲਈ ਸ਼੍ਰੋਮਣੀ ਪੱਤਰਕਾਰ ਦੇ ਪੁਰਸਕਾਰ ਵਾਸਤੇ ਸਿੱਧੂ ਦਮਦਮੀ ਵੀ ਲਿਸਟ ਵਿਚ ਪਾ ਰੱਖੇ ਸਨ। ਇਸ ਗੱਲ ਦਾ ਪਤਾ ਸਿੱਧੂ ਹੋਰਾਂ ਨੂੰ ਜਦੋਂ ਲੱਗਾ ਤਾਂ ਉਨ੍ਹਾਂ ਦੀ ਸਥਿਤੀ ਕੁੜਿੱਕੀ ਫਸੇ ਸ਼ੇਰ ਵਰਗੀ ਸੀ। ਉਹ ਉਸ ਵੇਲੇ ਮਨਾ ਕਰਨ ਲਈ ਤਿਆਰ ਹੋ ਗਏ। ਪਰ ਇਹ ਡਰਾਮਾ ਦੇਖਣ ਲਈ ਖ਼ੁਦ ਨੂੰ ਸ਼ਾਂਤ ਹੀ ਰੱਖਿਆ। ਜਦੋਂ ਸਿੱਧੂ ਦਮਦਮੀ ਦੇ ਨਾਮ ਬਾਰੇ ਚਰਚਾ ਹੋਣੀ ਸੀ ਤਾਂ ਰਵਾਇਤ ਅਨੁਸਾਰ ਸਿੱਧੂ ਦਮਦਮੀ ਨੂੰ ਦੂਜੇ ਕਮਰੇ ਵਿਚ ਜਾਣ ਲਈ ਕਿਹਾ। ‘ਕੀ ਬਦਤਮੀਜ਼ੀ ਹੈ’ ਸ਼ਾਇਦ ਇਹ ਹੀ ਸ਼ਬਦ ਸਿੱਧੂ ਦੇ ਮਨ ਵਿਚ ਆਏ ਹੋਣਗੇ। ਸਿੱਧੂ ਦਮਦਮੀ ਕਹਿੰਦੇ ਹਨ ਕਿ ‘ਜਦੋਂ ‘ਸ਼੍ਰੋਮਣੀ ਪੁਰਸਕਾਰ 2007’ ਦੇ ਪੁਰਸਕਾਰ ਦੀ ਚੋਣ ਲਈ ਜਿਊਰੀ ਮੈਂਬਰ ਦੀ ਕੁਰਸੀ ਤੋਂ ਉਠਾ ਕੇ ਨਾਲ ਦੇ ਕਮਰੇ ਵਿਚ ਮੈਨੂੰ ਲਿਜਾਇਆ ਗਿਆ ਤਾਂ ਮੇਰਾ ਮਨ ਇੱਕੋ ਵੇਲੇ ਕੌਤੁਹਲ ਤੇ ਕਚਿਆਣ੍ਹ ਵਿਚ ਭਰ ਗਿਆ ਸੀ। ਦਿਲ ਕੀਤਾ ਕਿ ਇਹ ਨਾਟਕ ਬੰਦ ਕਰਕੇ ਆਪਣੀ ਅਸਹਿਮਤੀ ਬੋਲ ਦੇਵਾਂ ਪਰ ਹਾਲੀ ਖ਼ੁਦ ਨੂੰ ਸ਼ਾਂਤ ਹੀ ਰੱਖਿਆ’। ਇਨ੍ਹਾਂ ਪੁਰਸਕਾਰਾਂ ਸਬੰਧੀ 26 ਲੇਖਕਾਂ, ਪੱਤਰਕਾਰਾਂ ਤੇ ਕਲਾਕਾਰਾਂ ਦੀ ਸੂਚੀ ਪੰਜਾਬ ਸਰਕਾਰ ਵੱਲੋਂ ਪ੍ਰੈੱਸ ਨੋਟ ਰਾਹੀਂ ਜਾਰੀ ਕਰ ਦਿੱਤੀ ਗਈ, ਜਿਸ ਵਿਚ ਸਿੱਧੂ ਦਮਦਮੀ ਦਾ ਨਾਮ ਵੀ ਸ਼ਾਮਲ ਸੀ। ਹੁਣ ਸਿੱਧੂ ਦਮਦਮੀ ਹੋਰਾਂ ਦਾ ਸਮਾਂ ਆ ਗਿਆ ਸੀ, ਸਿੱਧੂ ਦਮਦਮੀ ਹੋਰਾਂ ਨੇ ਇਹ ਪੁਰਸਕਾਰ ਲੈਣ ਤੋਂ ਇਨਕਾਰ ਕਰਦਿਆਂ ਖ਼ਬਰ ਜਾਰੀ ਕਰ ਦਿੱਤੀ। ਇਸ ਬਾਰੇ ਪੂਰਾ ਬਿਰਤਾਂਤ ਐਤਵਾਰੀ ਸੰਪਾਦਕੀ ‘ਸਤਰਾਂ ਤੇ ਸੈਨਤਾਂ’ ਵਿਚ ਲਿਖਿਆ ਗਿਆ। ਪੁਰਸਕਾਰਾਂ ਦੀ ਗੰਦਗੀ ਤੋਂ ਬਚਣ ਲਈ ਸ਼ੇਰ ਕੁੜਿੱਕੀ ਵਿਚੋਂ ਬਾਹਰ ਆ ਗਿਆ ਸੀ। ਸ਼ੇਰ ਦੀ ਦਹਾੜ ਨੇ ਪੰਜਾਬ ਵਿਚ ਪੁਰਸਕਾਰਾਂ ਦੀ ਰਾਜਨੀਤੀ ਵਿਚ ਭੁਚਾਲ ਲਿਆ ਦਿੱਤਾ ਸੀ। ਮਨਾਉਣ ਦੀ ਬੜੀ ਕੋਸ਼ਿ‌ਸ਼ ਕੀਤੀ ਗਈ। ਜਿਸ ਸਮਾਜ ਵਿਚ ਸਬਜ਼ੀ ਦੀ ਰੇਹੜੀ ਤੇ ਖੜ੍ਹਾ ਬੰਦਾ ਢਾਈ ਰੁਪਏ ਲਈ ਗ਼ਰੀਬ ਦਾ ਹੱਕ ਤੱਕ ਮਾਰ ਲੈਂਦਾ ਹੈ, ਉਸ ਸਮਾਜ ਵਿਚ ਸਤਿਕਾਰ ਨਾਲ ਦਿੱਤੇ ਜਾ ਰਹੇ ਢਾਈ ਲੱਖ ਰੁਪਏ ਸਿੱਧੂ ਦਮਦਮੀ ਹੋਰਾਂ ਨੇ ਠੁਕਰਾ ਦਿੱਤੇ ਸਨ। ਬੇਸ਼ੱਕ ਭਾਸ਼ਾ ਵਿਭਾਗ ਵਾਲੇ ਇਹ ਪੁਰਸਕਾਰ ਆਪਣੀ ਲਿਸਟ ਵਿਚ ਪਾਈਂ ਫਿਰੀ ਗਏ ਕਿ ‘ਅਸੀਂ ਤਾਂ ਦੇ ਦਿੱਤਾ ਹੈ’। ਜਿਸ ਬਾਰੇ ਹਰਭਜਨ ਹੁੰਦਲ ਦੀ ਸੰਪਾਦਕੀ ਹੇਠ ਨਿਕਲਦੇ ‘ਚਿਰਾਗ਼’ ਨੇ ਲਿਖਿਆ ਕਿ ‘ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੇ ਪਹਿਲਾਂ ਤਾਂ ਇਨਾਮ ਲੈਣ ਤੋਂ ਨਾ ਕਰ ਦਿੱਤੀ ਸੀ ਪਰ ਬਾਅਦ ਵਿਚ ਘਰ ਭੇਜੇ ਜਾਣ ’ਤੇ ਇਹ ਇਨਾਮ ਸਵੀਕਾਰ ਕਰ ਲਿਆ’। ਉਸ ਤੋਂ ਬਾਅਦ ‘ਚਿਰਾਗ਼’ ਨੂੰ ਸਿੱਧੂ ਦਮਦਮੀ ਵੱਲੋਂ ਕੀਤੇ ਅਦਾਲਤੀ ਕੇਸ ਦਾ ਸਾਹਮਣਾ ਵੀ ਕਰਨਾ ਪਿਆ। -ਸਿੱਧੂ ਦਮਦਮੀ ਵੱਲੋਂ ਕੀਤੀਆਂ ਕਈ ਇੰਟਰਵਿਊ ਤਾਰੀਖ਼ ਬਣੀਆਂ-
ਸਿੱਧੂ ਦਮਦਮੀ ਵੱਲੋਂ ਆਪਣੀ ਕਿਤਾਬ ‘ਖ਼ਬਰ ਖ਼ਤਮ’ ਵਿਚ ਪਹਿਲੇ ਪਾਠ ‘ਬੰਗਾਲਣ ਬੰਦੀ’ ਇਕ ਪੱਤਰਕਾਰ ਕੁੜੀ ਚੌੜੀ ਬਿੰਦੀ, ਲੰਬੇ ਭਾਰੇ ਤੇ ਲਹਿਰਾਉਂਦੇ ਹੋਏ ਖੁੱਲ੍ਹੇ ਵਾਲਾ ਵਾਲੀ ਸਟੇਟਸਮੈਨ ਅਖ਼ਬਾਰ ਦੀ ਪੱਤਰਕਾਰ ਅਨੁਹਤਾ ਦੀ ਕਹਾਣੀ ਪੇਸ਼ ਕਰਦੇ ਕਰਦੇ ਨਾਲ ਹੀ ਪੱਤਰਕਾਰ ਰੀਟਾ ਸ਼ਰਮਾ, ਨੀਨਾ ਮਲਿਕ, ਨਿਰੂਪਮਾ ਦੱਤ ਦੀ ਗੱਲ ਵੀ ਕਰ ਜਾਂਦੇ ਹਨ। ਅਨੁਹਤਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰੈੱਸ ਕਾਨਫ਼ਰੰਸ ਵਿਚ ਮਾਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ ਸੀ। ਸਿੱਧੂ ਦਮਦਮੀ ਦੀਆਂ ਕਈ ਵੱਡੇ ਨੇਤਾਵਾਂ ਦੀਆਂ ਲਈਆਂ ਇੰਟਰਵਿਊਆਂ ਤਾਰੀਖ਼ ਬਣੀਆਂ ਹਨ ਜਿਵੇਂ ਕਾਮਰੇਡ ਨੇਤਾ ਹਰਕ੍ਰਿਸ਼ਨ ਸਿੰਘ ਸੁਰਜੀਤ, ਗੁਰਚਰਨ ਸਿੰਘ ਟੌਹੜਾ ਦੀ ਆਖ਼ਰੀ ਇੰਟਰਵਿਊ (ਜੋ ਕਈ ਥਾਂਵਾਂ ਤੇ ਕੋਟ ਕੀਤੀ ਜਾਂਦੀ ਹੈ),
ਕੁਲਦੀਪ ਮਾਣਕ ਦੀ ਆਖ਼ਰੀ ਇੰਟਰਵਿਊ ਤੋਂ ਲੈ ਕੇ ਅਨੇਕਾਂ ਇੰਟਰਵਿਊ ਕੀਤੀਆਂ ਜੋ ‘ਖ਼ਬਰ ਖ਼ਤਮ’ ਵਿਚ ਪੜ੍ਹੀਆਂ ਜਾ ਸਕਦੀਆਂ ਹਨ।
-ਸਿਰਜਣਾ-
ਸਿੱਧੂ ਦਮਦਮੀ ਨੇ ਪੱਤਰਕਾਰੀ ਦੇ ਨਾਲ ਨਾਲ ਸਿਰਜਣਾਤਮਕ ਕੰਮ ਵੀ ਜਾਰੀ ਰੱਖਿਆ, ਡਰਾਮੇ ਲਿਖਣੇ ਤਾਂ ਪੜ੍ਹਦਿਆਂ ਹੀ ਸ਼ੁਰੂ ਕਰ ਦਿੱਤੇ ਸਨ। ਉਸ ਤੋਂ ਬਾਅਦ ਵੀ ਇਹ ਕਰਮ ਜਾਰੀ ਰਿਹਾ, ਉਨ੍ਹਾਂ ਦੀਆਂ ਕਿਤਾਬਾਂ ਸਾਹਿਬਾਂ ਦੀ ਦੁਚਿੱਤੀ, ਗੁਆਚੀ ਗੱਲ (ਕਾਵਿ ਸੰਗ੍ਰਹਿ), ਭਾਗ ਸਿੰਘ (ਸੰਪਾਦਿਤ), ਮਹਾਂਭਾਰਤ (ਨੈਸ਼ਨਲ ਬੁੱਕ ਟਰੱਸਟ ਲਈ ਅਨੁਵਾਦ) ਸਾਹਮਣੇ ਆਈਆਂ।
2021 ਵਿਚ ਛਪੀ ਉਹਦੀ ਨਵੇਕਲੀ ਪੁਸਤਕ 'ਖ਼ਬਰ ਖ਼ਤਮ’ ਨਾ ਸਿਰਫ਼ ਪੜ੍ਹਨ ਯੋਗ ਹੈ ਬਲਕਿ ਹੋਰਨਾਂ ਨੂੰ ਵੀ ਪੜ੍ਹਾਉਣ ਤੇ ਲਾਇਬਰੇਰੀਆਂ ਦਾ ਸ਼ਿੰਗਾਰ ਬਣਾਉਣ ਯੋਗ ਹੈ। ਉਹਦੇ ਟਾਈਟਲ ਸਕੈੱਚ ਉੱਤੇ ਲੇਖਕ ਇਕ ਹੱਥ ਪੈੱਨ ਤੇ ਦੂਜੇ ਹੱਥ ਮਾਈਕ ਫੜੀ ਖੜ੍ਹਾ ਹੈ। ਉਹਦੇ ਸੱਜੇ ਖੱਬੇ ਟ੍ਰਿਬਿਊਨ ਅਦਾਰੇ ਦੇ ਦਰਜਨ ਕੁ ਸੰਪਾਦਕਾਂ ਦੇ ਦਸਤਖ਼ਤ ਹਨ। ਟਾਈਟਲ ਦੇ ਪਿਛਲੇ ਪਾਸੇ ਛਾਪੀਆਂ ਤਿੰਨ ਟੂਕਾਂ ਵਿਚੋਂ ਤੀਜੀ ਹੈ। ‘ਲੋਕ ਸਭਾ ਵਿਚ ਜਦੋਂ ਇੰਦਰਾ ਗਾਂਧੀ ਦੀ ਹਾਜ਼ਰੀ ਵਿਚ ਕਾਮਰੇਡ ਮੈਂਬਰ ਤੇਜਾ ਸਿੰਘ ਸੁਤੰਤਰ ਨੇ ਪ੍ਰਾਣ ਤਿਆਗੇ ਤਾਂ ਉਹਦੇ ਝੋਲੇ ਵਿਚੋਂ ਅਚਾਰ ਤੇ ਦੋ ਰੋਟੀਆਂ ਨਿਕਲੀਆਂ। ਇਹਦੇ ਨਾਲ ਖ਼ਬਰ ਖ਼ਤਮ ਹੋ ਜਾਂਦੀ ਹੈ!’'ਖ਼ਬਰ ਖ਼ਤਮ’ ਦਾ ਤਤਕਰਾ ਦੇਖੋ। ਗੱਪ ਸੱਚ ਦਾ ਸੰਸਾਰ: ਬੰਗਾਲਣ ਬੰਦੀ, ਖ਼ਬਰ ਖ਼ਤਮ, ਫਲੈਸ਼, ਟੀਵੀਕਾਰੀ: ਧੀਮੀ ਸੁਰ ਦੀ ਪੱਤਰਕਾਰੀ, ਜਥੇਦਾਰ ਟੌਹੜਾ ਦੀ ਆਖ਼ਰੀ ਟੀਵੀ ਮੁਲਾਕਾਤ, ਕਾਮਰੇਡ ਸੁਰਜੀਤ ਦੀ ਪਹਿਲੀ ਟੀਵੀ ਇੰਟਰਵਿਊ, ਕੁਲਦੀਪ ਮਾਣਕ ਦੀ ਆਖ਼ਰੀ ਟੀਵੀ ਇੰਟਰਵਿਊ। ਮੀਡੀਆ ਦੀਆਂ ਮੋਰੀਆਂ: ਉਲਟ ਸਿਖਰ, ਪ੍ਰੈੱਸ ਦਾ ਦੂਜਾ ਪਾਸਾ, ਅਨਸੈਂਸਰਡ, ਮੰਤਰ ਤੇ ਮੀਡੀਆ। ਤੱਥ ਤੇ ਵੱਥ: ਮੈਚ ਹਿੰਦ ਤੇ ਪਾਕਿ ਦਾ ਹੋਣ ਲੱਗਾ, ਪੁਰਸਕਾਰ ਦਾ ਦਾਗ਼। ਪਹਿਲੇ ਪਹਿਲ: ਪਹਿਲਾ ਗੈੱਸਟ ਤੇ ਪਹਿਲਾ ਟਾਕ ਸ਼ੋਅ। ਦਾਗਦਾਰੀਆਂ: ਕਵਿਤਾ ਵਿਚਾਰੀ ਕੀ ਕਰੇ, ਬਹਿਮਣ, ਚੌਂਤੀ ਸੈਕਟਰ, ਮੱਲ ਸਿੰਘ ਦਾ ਢਹਿਣਾ। ਰਹਾਓ ਤੋਂ ਉਪਰੰਤ: ਗਾਰਗੀ ਦੀ ਬਠਿੰਡਾ ਗੇੜੀ, ਅੰਮ੍ਰਿਤਾ ਦੇ ਮਲਵਈ, ਡੁੱਲ੍ਹ ਗਈ ਸੋਨੇ ਦੀ ਸਿਆਹੀ। ਸ਼ਬਦਾਂ ਸੰਜਮ ਏਨਾ ਕਿ 140 ਪੰਨਿਆਂ ਦੀ ਪੁਸਤਕ ਵਿਚ ਹਜ਼ਾਰ ਸਫ਼ਿਆਂ ਦਾ ਮੈਟਰ ਸਮਾਇਆ ਹੋਇਐ।
-ਪਰਿਵਾਰ-
ਸਿੱਧੂ ਦਮਦਮੀ ਹੋਰਾਂ ਨੇ ਆਪਣੀ ਜ਼ਿੰਦਗੀ ਤਲਵੰਡੀ ਸਾਬੋ ਤੋਂ ਸ਼ੁਰੂ ਕੀਤੇ ਤੇ ਯੂਐਸਏ ਤੱਕ ਦਾ ਸਫ਼ਰ ਤਹਿ ਕੀਤਾ, ਉਨ੍ਹਾਂ ਦੀ ਧਰਮ ਪਤਨੀ ਹਰਬੰਸ ਕੌਰ ਦਾ ਸਾਥ ਨਿੱਘਾ ਰਿਹਾ ਪਰ ਦਸ ਸਾਲ ਪਹਿਲਾਂ ਉਹ ਸਾਥ ਛੱਡ ਗਈ। ਵੱਡਾ ਪੁੱਤਰ ਕੇਵਲ ਸਿੰਘ ਸਿੱਧੂ ਮੈਗਜ਼ੀਨ ‘ਸੰਖ’ ਨੂੰ ਸੰਭਾਲਦਾ ਰਿਹਾ। ਵਿਚਕਾਰਲਾ ਬੇਟਾ ਸਤਵਿੰਦਰ ਸਿੰਘ ਸਿੱਧੂ ਯੂਐਸਏ ਵਿਚ ਬਿਜ਼ਨਸਮੈਨ ਹੈ, ਜਦ ਕਿ ਤੀਜਾ ਬੇਟਾ ਲਵਜਿੰਦਰ ਸਿੰਘ ਸਿੱਧੂ ਤਲਵੰਡੀ ਸਾਬੋ ਵਿਚ ਖੇਤੀਬਾੜੀ ਸੰਭਾਲਦਾ ਹੈ। ਨਾਲ ਹੀ ਆਪਣੇ ਪਰਿਵਾਰ ਵਿਚ ਗੁਰਤੇਜ ਸਿੱਧੂ, ਹਰਪਾਲ,ਰਾਜਿੰਦਰ, ਸਵਰਨਜੀਤ,ਸਤਵਿੰਦਰ ਸਿੱਧੂ, ਤਕਦੀਰਜੀਤ ਸਿੱਧੂ, ਰਾਜਮੁੱਕਦਰ ਸਿੱਧੂ ਦਾ ਵੀ ਜ਼ਿਕਰ ਕਰਦੇ ਹਨ।
-ਪੱਤਰਕਾਰਾਂ ਲਈ ਸੰਦੇਸ਼-
ਭਾਰਤ ਵਿਚ ਅੱਜ ਸਭ ਤੋਂ ਔਖਾ ਕੰਮ ਹੈ ਇਮਾਨਦਾਰ ਰਹਿਣਾ, ਇਕ ਪੱਤਰਕਾਰ ਦਾ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਰਹਿਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਹੋ ਸਕੇ ਕੋਸ਼ਿਸ਼ ਕੀਤੀ ਜਾਵੇ ਕਿ ਇਮਾਨਦਾਰ ਰਿਹਾ ਜਾਵੇ। ਪੱਤਰਕਾਰੀ ਖੇਤਰ ਵਿਚ ਇਮਾਨਦਾਰੀ ਦੀ ਘਾਟ ਨਜ਼ਰ ਆ ਰਹੀ ਹੈ, ਇਸ ਕਰਕੇ ਸੰਕਟ ਵਿਚ ਹੈ ਪਰ ਇਮਾਨਦਾਰ ਰਹਿਣ ਵਾਲਾ ਪੱਤਰਕਾਰ ਹੀ ਇੱਥੇ ਜਿੰਦਾ ਰਹਿ ਸਕੇਗਾ। ਸਿੱਧੂ ਦਮਦਮੀ ਨੂੰ ਮੈਂ ਪੜ੍ਹਦਾ ਸੀ, ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਉਨ੍ਹਾਂ ਦੀ ਪੜ੍ਹਨ ਵਾਲੀ ਹੁੰਦੀ ਸੀ। ਮੇਰੀ ਕਿਤਾਬ ‘ਕੱਖ ਕੰਡੇ’ ਛਪ ਰਹੀ ਸੀ ਮੈਂ ਇਸ ਦੀ ਭੂਮਿਕਾ ਲਿਖਣ ਲਈ ਸਿੱਧੂ ਦਮਦਮੀ ਹੋਰਾਂ ਨੂੰ ਬੇਨਤੀ ਕੀਤੀ, ਉਨ੍ਹਾਂ ਨੇ ਇਸ ਕਿਤਾਬ ਦਾ ਖਰੜਾ ਪੂਰਾ ਪੜ੍ਹਿਆ ਦੇ ਇਸ ਦੀ ਭੂਮਿਕਾ ਲਿਖੀ, ਉਹ ਭੂਮਿਕਾ ਇਕ ਯਾਦਗਾਰ ਭੂਮਿਕਾ ਹੈ। ‘ਦੱਬੇ ਕੁਚਲੇ’ ਲੋਕਾਂ ਬਾਰੇ ਲਿਖੀ ਇਸ ਕਿਤਾਬ ਦੀ ਭੂਮਿਕਾ ਲਿਖਣੀ, ਉਹ ਵੀ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੋਵੇ। ਉਹ ਮੇਰੀ ਯਾਦਗਾਰ ਕਿਤਾਬ ਹੈ, ਉਂਜ ਅਜੋਕੇ ਸਮੇਂ ਦੇ ਕਈ ਸੰਪਾਦਕ ਤਾਂ ‘ਦੱਬੇ ਕੁਚਲੇ’ ਲੋਕਾਂ ਦੇ ਹੀਰੋਆਂ ਬਾਰੇ ਲਿਖੇ ਜਾ ਰਹੇ ਨਾਵਲ ਦੀ ਭੂਮਿਕਾ ਲਿਖਣ ਲਈ ਵੀ ਤਿਆਰ ਨਹੀਂ ਹੁੰਦੇ। ਸਿੱਧੂ ਦਮਦਮੀ ਹੋਰਾਂ ਦੀਆ ਕਮੀਆਂ ਕੱਢਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਹੋਣਗੀਆਂ, ਉਨ੍ਹਾਂ ਦੇ ਵਿਰੋਧੀ ਬੜੀਆਂ ਕਮੀਆਂ ਕੱਢਦੇ ਹੋਣਗੇ। ਪਰ ਮੈਂ ਇਸ ‘ਰੇਖਾ ਚਿੱਤਰ’ ਵਿਚ ਸਿੱਧੂ ਦਮਦਮੀ ਬਾਰੇ ਜੋ ਲਿਖਿਆ ਹੈ ਬਹੁਤ ਥੋੜ੍ਹਾ ਹੈ। ਆਸ ਕਰਦਾ ਹਾਂ ਪਾਠਕ ਪ੍ਰਵਾਨ ਕਰਨਗੇ। ਮੈਂ ਅਜਿਹੇ ਆਦਰਸ਼ਵਾਦੀ ਤੇ ਆਪਣੇ ਪ੍ਰੋਫੈਸਨ ਨਾਲ ਦਿਲੋਂ ਜਾਨ ਨਾਲ ਨਿਭਣ ਵਾਲੇ ਪੱਤਰਕਾਰ ਦੀ ਤੰਦਰੁਸਤੀ ਭਰੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ, ਵਾਹਿਗੁਰੂ ਠੀਕ ਰੱਖੇ.. . ਆਮੀਨ!
ਗੁਰਨਾਮ ਸਿੰਘ ਅਕੀਦਾ 8146001100 ਸਿੱਧੂ ਦਮਦਮੀ ਦੀ ਪੱਤਰਕਾਰੀ ਦੀ ਇਕ ਮਿਸਾਲ ‘ਮੈਚ ਹਿੰਦ ਪਾਕਿ ਦਾ ਹੋਣ ਲੱਗਾ...’ 1982 ਦੇ ਪਹਿਲੇ ਦਸੰਬਰ ਦੀ ਇੱਕ ਸੁਹਾਣੀ ਸ਼ਾਮ ਸੀ। ਠੀਕ ਚਾਰ ਵੱਜੇ ਸਨ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਨੌਵੀਆਂ ਏਸ਼ਿਆਈ ਖੇਡਾਂ ਦੇ ਹਾਕੀ ਫਾਈਨਲ ਦੀ ਗੇਂਦ ਨੂੰ ਪਹਿਲੀ ਹਿੱਟ ਲਾਈ ਗਈ। ਦਿੱਲੀ ਦੇ ਨੈਸ਼ਨਲ ਸਟੇਡੀਅਮ ਦੀ ਹਾਕੀ ਗਰਾਊਂਡ ਵਿਚ ਵਿਛਾਏ ਹਰੇ ਰੰਗ ਦੇ ਮੋਮੀ ਘਾਹ/ਐਸਟਰੋਟਰਫ ਤੇ ਦੋਹਾਂ ਟੀਮਾਂ ਦੇ ਖਿਡਾਰੀਆਂ ਦਰਮਿਆਨ ਚੱਲਦੀ ਗੇਂਦ ਦੇ ਜਿਵੇਂ ਫੰਘ ਨਿਕਲ ਆਏ ਹੋਣ ਤੇ ਉਹ ਰਿੜ੍ਹਨ ਦੀ ਥਾਂ ਉੱਡਣ ਲੱਗ ਪਈ ਹੋਵੇ। ਉਨ੍ਹੀਂ ਦਿਨੀਂ ਮੈਂ ਦਿੱਲੀ ਵਿਖੇ 'ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ' ਵਿਚ ਮੀਡੀਆ ਦਾ ਰਿਫਰੈਸ਼ਰ ਕੋਰਸ ਕਰ ਰਿਹਾ ਸਾਂ। ਦੇਸ਼ ਭਰ ਵਿਚੋਂ ਭਾਰਤੀ ਸੂਚਨਾ ਸੇਵਾ ਦੇ ਅਫ਼ਸਰ ਇਸ ਵਿਚ ਮੇਰੇ ਸਹਿਯੋਗੀ ਸਨ। ਇਸੇ ਕੋਰਸ ਦੇ ਹਿੱਸੇ ਵਜੋਂ ਮੈਨੂੰ ਏਸ਼ਿਆਈ ਖੇਡਾਂ-82 ਵਿਚ ਪ੍ਰੈੱਸ ਅਫ਼ਸਰ ਦੀ ਡਿਊਟੀ ਤੇ ਤਾਇਨਾਤ ਕੀਤਾ ਗਿਆ ਸੀ। ਸ਼ੁਰੂ ਵਿਚ ਮੇਰੀ ਡਿਊਟੀ ਕਨਾਟ ਪਲੇਸ ਨੇੜਲੇ ਸ਼ਿਵਾਜੀ ਸਟੇਡੀਅਮ ਵਿਚ ਔਰਤਾਂ ਦੀ ਹਾਕੀ ਚੈਂਪੀਅਨਸ਼ਿਪ ਕਵਰ ਕਰਨ ਲਈ ਲਾਈ ਗਈ ਸੀ ਪਰ ਖੇਡਾਂ ਦੇ ਆਖ਼ਰੀ ਹਫਤੇ ਮੈਨੂੰ ਇੰਡੀਆ ਗੇਟ ਦੀ ਕੰਨੀ ਤੇ ਪੈਂਦੇ ਨੈਸ਼ਨਲ ਸਟੇਡੀਅਮ ਵਿਚ ਭੇਜ ਦਿੱਤਾ ਗਿਆ ਸੀ ਜਿੱਥੇ ਮਰਦਾਂ ਦੇ ਹਾਕੀ ਮੁਕਾਬਲੇ ਹੋ ਰਹੇ ਸਨ। ਇਸ ਲਈ ਇਸ ਨੇ ਬਿੱਲੀ ਦੇ ਭਾਗਾਂ ਨੂੰ ਛਿੱਕਾ ਟੁੱਟਣ ਵਾਲੀ ਸੁਖਦ ਸਥਿਤੀ ਬਣਾ ਦਿੱਤੀ ਸੀ। ਹਿੰਦ-ਪਾਕਿ ਦੀ ਹਾਕੀ ਵੇਖਣ ਦੀ ਮੇਰੀ ਚਿਰੋਕਣੀ ਹਸਰਤ ਪੂਰੀ ਹੋਣ ਦਾ ਸਬਬ ਬਣ ਗਿਆ ਸੀ। ਇਹੀ ਕਾਰਨ ਸੀ ਕਿ ਉਤੇਜਨਾ ਨਾਲ ਲਬਾਲਬ ਭਰਿਆ ਮੈਂ ਉਸ ਵੇਲੇ ਓਸ ਨੈਸ਼ਨਲ ਸਟੇਡੀਅਮ ਦੇ ਅੰਤਰਰਾਸ਼ਟਰੀ ਪ੍ਰੈੱਸ ਬਾਕਸ ਵਿਚ ਬੈਠਾ ਹੋਇਆ ਸਾਂ ਜਿੱਥੇ ਪਾਕਿਸਤਾਨ ਤੇ ਭਾਰਤ ਦੀਆਂ ਹਾਕੀ ਟੀਮਾਂ ਇੱਕ ਦੂਜੇ ਨਾਲ ਭਿੜੀਆਂ ਹੋਈਆਂ ਸਨ। ਸੰਸਾਰ ਭਰ ਦੇ ਲੋਕ ਸਾਹ ਰੋਕ ਕੇ ਇਸ ਯਾਦਗਾਰੀ ਮੈਚ ਨੂੰ ਵੇਖ ਤੇ ਸੁਣ ਰਹੇ ਸਨ। ਸਟੋਰੀਏ ਇਸ ਵਿਚ ਹੋਣ ਵਾਲੀ ਜਿੱਤ ਹਾਰ ਤੇ ਕਰੋੜਾਂ ਦਾ ਸੱਟਾ ਖੇਡ ਰਹੇ ਸਨ। ਇਹੀ ਕਾਰਨ ਸੀ ਕਿ ਲਗਪਗ 25 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਦਿੱਲੀ ਦਾ ਨੈਸ਼ਨਲ ਸਟੇਡੀਅਮ ਦਰਸ਼ਕਾਂ ਨਾਲ ਕਿਨਾਰਿਆਂ ਉੱਤੋਂ ਦੀ ਛਲਕ ਰਿਹਾ ਸੀ। ਸਟੇਡੀਅਮ ਤੋਂ ਬਾਹਰ ਪਾਕਿਸਤਾਨ ਤੇ ਭਾਰਤ ਦੇ ਪਿੰਡਾਂ ਸ਼ਹਿਰਾਂ ਵਿਚ ਲੱਖਾਂ ਦਰਸ਼ਕ ਰੇਡੀਓ/ਟੀਵੀ ਸੈੱਟਾਂ ਨਾਲ ਚਿਪਕੇ ਬੈਠੇ ਸਨ। ਖੇਡਾਂ, ਸਿਆਸਤ ਤੇ ਕੂਟਨੀਤੀ ਦੇ ਨੁਕਤੇ ਤੋਂ ਇਸ ਮੈਚ ਦੀ ਏਨੀ ਅਹਿਮੀਅਤ ਸੀ ਕਿ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ ਸਮੇਤ ਲਗਪਗ ਸਾਰੀ ਸਰਕਾਰ ਤੇ ਪਾਰਲੀਮੈਂਟ ਸ਼ਾਇਦ ਪਹਿਲੀ ਤੇ ਆਖ਼ਰੀ ਵਾਰ ਕਿਸੇ ਮੈਚ ਦੇ ਦਰਸ਼ਕਾਂ ਵਿਚ ਇੰਜ ਸ਼ਾਮਲ ਹੋਏ ਸਨ; ਉਹ ਵੀ ਹਿੰਦ-ਪਾਕਿ ਦੇ ਹਾਕੀ ਮੈਚ ਵਿਚ। ਕੁਝ ਦਿਨ ਪਹਿਲਾਂ ਹਿੰਦ-ਪਾਕਿ ਦੇ ਹਾਕੀ ਮੈਚਾਂ ਬਾਰੇ 'ਟ੍ਰਿਬਿਊਨ' ਦੇ ਦਿੱਲੀ ਦੇ ਬਜ਼ੁਰਗ ਪੱਤਰਕਾਰ ਸਤਿੰਦਰਾ ਸਿੰਘ ਵੱਲੋਂ ਕੀਤੀ ਟਿੱਪਣੀ ਮੈਨੂੰ ਯਾਦ ਆ ਰਹੀ ਸੀ: 'ਸੰਤਾਲੀ ਦੀ ਵੰਡ' ਨੇ ਭਾਵੇਂ ਦੋਵਾਂ ਦੇਸ਼ਾਂ ਦੇ ਟੋਟੇ ਕਰ ਦਿੱਤੇ ਹਨ ਪਰ ਇਨ੍ਹਾਂ ਵਿਚ ਨਾੜੂਏ ਦੀ ਸਾਂਝ ਹਾਲੀ ਵੀ ਬੋਲਦੀ ਰਹਿੰਦੀ ਹੈ। ਹਿੰਦ-ਪਾਕਿ ਦਾ ਹਾਕੀ ਮੁਕਾਬਲਾ ਅਜਿਹਾ ਹੀ ਇੱਕ ਮੌਕਾ ਹੁੰਦਾ ਹੈ। ਇਸੇ ਲਈ ਭਾਰਤ ਤੇ ਪਾਕਿਸਤਾਨ ਭਾਵੇਂ ਜੰਗ ਤਾਂ ਦੁਸ਼ਮਣਾਂ ਵਾਂਗ ਲੜਦੇ ਹਨ ਪਰ ਹਾਕੀ ਸ਼ਰੀਕਾਂ ਵਾਂਗ ਖੇਡਦੇ ਹਨ। ਸ਼ਰੀਕੇਬਾਜ਼ੀ ਵਿਚ ਕੀਨਾ ਵੀ ਹੁੰਦਾ ਹੈ ਤੇ ਲਗਾਓ ਵੀ। ਨਿਰਸੰਦੇਹ ਮੇਰੇ ਲਈ ਇਹ ਮੈਚ ਅੱਖੀਂ ਵੇਖਣਾ ਅਭੁੱਲ ਮੌਕਾ ਸੀ, ਖ਼ਾਸ ਤੌਰ ਤੇ ਉਦੋਂ ਜਦੋਂ ਨਾਲ ਵਾਲੇ ਬਾਕਸ ਵਿਚ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਬੈਠੇ ਹੋਣ। ਵੀਆਈਪੀ ਤੇ ਵੀਵੀਆਈਪੀ ਵਿਅਕਤੀਆਂ ਦੀਆਂ ਕੁਰਸੀਆਂ ਅੰਤਰਰਾਸ਼ਟਰੀ ਪ੍ਰੈੱਸ ਲਈ ਰਾਖਵੀਂ ਰੱਖੀ ਗਈ ਥਾਂ ਨੇੜੇ ਹੀ ਲਾਈਆਂ ਹੋਈਆਂ ਸਨ। ਇਹ ਵੀ ਇਤਫਾਕ ਸੀ ਕਿ 'ਪ੍ਰੈੱਸ ਅਫ਼ਸਰ' ਦੇ ਤੌਰ ਮੇਰੀ ਡਿਊਟੀ ਵੀ ਇਸੇ ਪ੍ਰੈੱਸ ਬਾਕਸ ਵਿਚ ਹੀ ਲੱਗੀ ਹੋਈ ਸੀ। ਇਸੇ ਲਈ ਜ਼ਿੰਦਗੀ ਵਿਚ ਪਹਿਲੀ ਵਾਰ ਇੰਦਰਾ ਗਾਂਧੀ ਨੂੰ ਮੈਂ ਏਨਾ ਨੇੜਿਓਂ ਤੱਕ ਸਕਿਆ ਸੀ। ਗਿਆਨੀ ਜ਼ੈਲ ਸਿੰਘ ਨੂੰ ਤਾਂ ਮੈਂ ਬਚਪਨ ਚ ਹੀ ਨੇੜਿਓਂ ਉਦੋਂ ਵੇਖ ਚੁੱਕਿਆ ਸਾਂ ਜਦੋਂ ਉਹ ਸੂਬਾ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਕੇਰਾਂ ਵਿਸਾਖੀ ਮੇਲੇ ਤੇ ਸਾਡੇ ਘਰ (ਤਲਵੰਡੀ ਸਾਬੋ) ਦੁਪਹਿਰ ਕੱਟ ਕੇ ਗਏ ਸਨ। ਨੱਕੋ-ਨੱਕ ਭਰੇ ਸਟੇਡੀਅਮ ਵਿਚ ਲਹਿਰਾਏ ਜਾ ਰਹੇ ਕੱਪੜੇ ਅਤੇ ਕਾਗਜ਼ ਤੋਂ ਬਣੇ ਹਜ਼ਾਰਾਂ ਤਿਰੰਗਿਆਂ ਦੀ ਸ਼ੂਕਰ ਪੈ ਰਹੀ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਦੇ ਟਰੱਕ ਭਰ ਭਰ ਕੇ ਲਿਆਂਦੇ ਗਏ ਸਨ ਤੇ ਦਰਸ਼ਕਾਂ 'ਚ ਵੰਡੇ ਗਏ ਸਨ। ਆਪਣੇ ਵਤਨ ਦੀ ਧਰਤੀ ਉਤੇ ਆਪਣੇ ਸ਼ਰੀਕ ਨੂੰ ਹਰਾਉਣ ਦੀ ਉਮੀਦ ਵਿਚ ਵੱਜਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਮੈਚ ਹੋਇਆ ਤਾਂ ਦਰਸ਼ਕਾਂ ਦੀਆਂ ਅੱਖਾਂ ਗੇਂਦ ਦੇ ਨਾਲ ਨਾਲ ਕਿਸੇ ਰੋਬੋਟ ਵਾਂਗ ਘੁੰਮਣ ਲੱਗੀਆਂ। ਤਦ ਅੰਤਰਰਾਸ਼ਟਰੀ ਹਾਕੀ ਵਿਚ ਮੋਮੀ ਘਾਹ/ਐਸਟਰੋਟਰਫ ਦਾ ਚਲਨ ਨਵਾਂ ਨਵਾਂ ਸੀ। ਇਸ ਦੀ ਮੁਲਾਇਮੀ ਆਪਣਾ ਜਾਦੂ ਵਿਖਾ ਰਹੀ ਸੀ। ਜੇ ਇਕ ਸਕਿੰਟ ਭਾਰਤੀ ਖਿਡਾਰੀ ਗੇਂਦ ਨੂੰ ਪਾਕਿਸਤਾਨ ਦੀ 'ਡੀ' ਵਿਚ ਲੈ ਜਾਂਦੇ ਤਾਂ ਦੂਜੇ ਸਕਿੰਟ ਪਾਕਿਸਤਾਨੀ ਫਾਰਵਰਡ ਉਸ ਨੂੰ ਖ਼ਤਰਨਾਕ ਢੰਗ ਨਾਲ ਭਾਰਤੀ ਗੋਲ ਕੋਲ ਪਹੁੰਚਾ ਦਿੰਦੇ। ਜਿਉਂ ਹੀ ਭਾਰਤੀ ਖਿਡਾਰੀ ਗੇਂਦ ਨੂੰ ਗਰਾਊਂਡ ਦੇ ਪਾਕਿਸਤਾਨ ਵਾਲੇ ਅੱਧ ਵਿਚ ਲੈ ਕੇ ਜਾਂਦੇ ਤਾਂ ਹੱਲਾਸ਼ੇਰੀ ਦਿੰਦਿਆਂ ਸਾਰਾ ਸਟੇਡੀਅਮ ਤਾੜੀਆਂ, ਸੀਟੀਆਂ ਤੇ ਚੰਘਿਆੜਾਂ ਮਾਰਦਾ ਸੀਟਾਂ ਤੇ ਖੜ੍ਹਾ ਹੋ ਜਾਂਦਾ। ਹਜ਼ਾਰਾਂ ਲੋਕਾਂ ਦੀਆਂ ਜੋਸ਼ੀਲੀਆਂ ਆਵਾਜ਼ਾਂ ਦੇ ਕੋਰਸ ਨੇ ਜਿਵੇਂ ਦਰਸ਼ਕਾਂ ਨੂੰ ਕੀਲ ਲਿਆ ਸੀ। ਭਾਰਤੀ ਟੀਮ ਦੀ ਚੜ੍ਹਾਈ ਤੇ ਸਟੇਡੀਅਮ ਅੰਦਰਲੇ ਮਾਹੌਲ ਕਾਰਨ ਭਾਰਤ ਦੇ ਜਿੱਤ ਜਾਣ ਦੀ ਆਸ ਚੁਫੇਰੇ ਤਾਰੀ ਸੀ। ਪਰ ਉਸ ਵੇਲੇ ਮੇਰਾ ਪੱਤਰਕਾਰ ਵਾਲਾ ਦਿਮਾਗ਼ ਕੁਝ ਹੋਰ ਹੀ ਸੋਚ ਰਿਹਾ ਸੀ; ਹੋਰ ਹੀ ਸ਼ੰਕੇ ਖੜ੍ਹੇ ਕਰ ਰਿਹਾ ਸੀ - ਭਾਰਤ ਸਰਕਾਰ ਨੂੰ ਸਾਡੀ ਟੀਮ ਜਿੱਤਣ ਦਾ ਏਨਾ ਯਕੀਨ ਕਿਵੇਂ ਹੈ ਕਿ ਸਮੁੱਚੀ ਸਰਕਾਰ ਤੇ ਪਾਰਲੀਮੈਂਟ ਹੀ ਦਰਸ਼ਕਾਂ ਵਿਚ ਆ ਸ਼ਾਮਲ ਹੋਈਆਂ ਹਨ? ਨਿਰਸੰਦੇਹ, ਸਾਡੀ ਸਰਕਾਰ ਦੇ ਮੁਖੀ, ਵਿਰੋਧੀ ਦੇਸ਼ ਤੇ ਹੋਣ ਵਾਲੀ ਸੰਭਾਵੀ ਜਿੱਤ ਦੇ ਜਸ਼ਨ ਵਿਚ ਸ਼ਾਮਲ ਹੋਣ ਲਈ ਹੀ ਆਏ ਹੋਣਗੇ ਨਾ ਕਿ ਹਾਰ ਦਾ ਮੂੰਹ ਵੇਖਣ। ਜਿੱਤ ਦਾ ਏਨਾ ਯਕੀਨ ਤੇ ਗਰੂਰ!!! ਖ਼ੈਰ, ਮੈਂ ਆਪਣੇ ਅਜਿਹੇ ਅਵੈੜੇ ਖਿਆਲਾਂ ਨੂੰ ਮਾਨਸਿਕ ਝਿੜਕ ਮਾਰ ਕੇ ਚੁੱਪ ਕਰਵਾ ਦਿੱਤਾ। ਸੱਤਰ ਮਿੰਟ ਚੱਲੇ ਮੈਚ ਦਾ ਚੌਥਾ ਮਿੰਟ ਭਾਰਤ ਲਈ ਉਦੋਂ ਸੁਲੱਖਣਾ ਸਿੱਧ ਹੋਇਆ ਜਦੋਂ ਭਾਰਤੀ ਕਪਤਾਨ ਜ਼ਫਰ ਇਕਬਾਲ ਨੇ ਪੈਨਲਟੀ ਸਟਰੋਕ ਨੂੰ ਵਰਤਦਿਆਂ ਪਾਕਿਸਤਾਨੀ ਗੋਲਕੀਪਰ ਸ਼ਾਹਿਦ ਅਲੀ ਦੀ ਵੱਖੀ ਕੋਲੋਂ ਦੀ ਗੇਂਦ ਕੱਢ ਕੇ ਮੈਚ ਦਾ ਪਹਿਲਾ ਗੋਲ ਠੋਕ ਦਿੱਤਾ। ਸਟੇਡੀਅਮ ਵਿਚ ਚੁਫੇਰੇ ਲਗੇ ਡਿਜੀਟਲ ਸਕੋਰ ਬੋਰਡ 'ਇੰਡੀਆ-1' ਤੇ 'ਪਾਕਿਸਤਾਨ-0' ਦੇ ਅੰਕੜਿਆਂ ਨਾਲ ਚਮਕਣ ਲੱਗੇ। ਭਾਰਤੀ ਦਰਸ਼ਕਾਂ ਦੇ ਸ਼ੋਰ ਨਾਲ ਸਟੇਡੀਅਮ ਜਿਵੇਂ ਪਾਟਣ ਤੇ ਆ ਗਿਆ। ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਵੀ ਆਪਣੇ ਹੱਥਾਂ ਵਿਚ ਫੜੇ ਹੋਏ ਵੱਡ-ਅਕਾਰੀ ਤਿਰੰਗੇ ਲਹਿਰਾਉਣ ਲੱਗੇ। ਪਰ ਪੈਂਦੀ ਸੱਟੇ ਹੀ ਪਾਕਿਸਤਾਨੀ ਰਾਈਟ ਆਊਟ ਫਾਰਵਰਡ ਨੇ ਭਾਰਤੀ ਗੋਲਕੀਪਰ ਰੰਜਨ ਨੇਗੀ ਨੂੰ ਝਕਾਨੀ ਦੇ ਕੇ ਪਾਕਿਸਤਾਨੀ ਧਿਰ ਵੱਲੋਂ ਪਹਿਲਾ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਸਟੇਡੀਅਮ ਕੁਝ ਛਿਣਾਂ ਲਈ ਖਾਮੋਸ਼ ਹੋ ਗਿਆ। ਨਿਰਸੰਦੇਹ ਦਰਸ਼ਕਾਂ ਦੀ ਇਹ ਖਾਮੋਸ਼ੀ ਸਮਝੀ ਜਾ ਸਕਦੀ ਸੀ ਕਿਉਂਕਿ ਇਸ ਮੁਕਾਬਲੇ ਵਿਚ ਪਾਕਿਸਤਾਨ ਭਾਰਤ ਦੀ ਸਰਜ਼ਮੀਨ ਤੇ ਭਾਰਤ ਨੂੰ ਹੀ ਹਰਾਉਣ ਤੇ ਭਾਰਤ ਆਪਣੀ ਸਰਜ਼ਮੀਨ ਤੇ ਪਾਕਿਸਤਾਨੀਆਂ ਨੂੰ ਹਰਾਉਣ ਦੇ ਤਹੱਈਏ ਨਾਲ ਉਤਰਿਆ ਹੋਇਆ ਸੀ। ਹਾਕੀ ਦੇ ਮਾਹਿਰ ਪੱਤਰਕਾਰਾਂ ਅਨੁਸਾਰ ਉਂਜ ਵੀ ਇਸ ਮੈਚ ਵਿਚ ਭਾਰਤੀ ਟੀਮ ਦਾ ਹੱਥ ਕਈ ਪੱਖੋਂ ਪਾਕਿਸਤਾਨੀਆਂ ਤੋਂ ਉਤੇ ਸੀ: ਵੇਖੀ ਪਛਾਣੀ, ਹੰਢਾਈ ਤੇ ਪੈਰੀਂ ਲੱਗੀ ਹੋਈ ਹਾਕੀ ਗਰਾਊਂਡ ਸੀ; ਹੱਲਾਸ਼ੇਰੀ ਦੇਣ ਲਈ ਹਜ਼ਾਰਾਂ ਹਮਵਤਨੀ ਤੇ ਸਾਰੀ ਸਰਕਾਰ ਹਾਜ਼ਰ ਸੀ। ਸਕੋਰ ਬਰਾਬਰ ਹੋਣ ਪਿਛੋਂ ਮੈਚ ਜਿਵੇਂ ਅਗਲੇ ਗੇਅਰ ਵਿਚ ਪੈ ਗਿਆ ਤੇ ਦਰਸ਼ਕਾਂ ਦਾ ਜੋਸ਼ ਹੋਰ ਉਬਾਲੇ ਮਾਰਨ ਲੱਗਾ। ਭਾਰਤੀ ਰਾਸ਼ਟਰ ਦੇ ਮੁਖੀ ਤੋਂ ਲੈ ਕੇ ਸਾਧਾਰਨ ਦਰਸ਼ਕ ਤਕ ਸਭ ਦੇ ਅੰਦਰ ਜਿਵੇਂ ਮਾਨਸਿਕ ਤੌਰ ਤੇ ਸਮਾਨਾਂਤਰ ਮੈਚ ਵੀ ਚੱਲ ਰਿਹਾ ਸੀ ਜਿਸ ਵਿਚ ਕੇਵਲ ਹਾਕੀ ਟੀਮ ਹੀ ਨਹੀਂ ਸਗੋਂ ਸਮੁੱਚਾ ਰਾਸ਼ਟਰ ਆਪੂੰ ਖੇਡਦਾ ਪਰਸਿਓ ਪਰਸਿਓ ਹੋ ਰਿਹਾ ਸੀ। ਹੱਲਾਸ਼ੇਰੀ ਦੇ ਝੱਖੜ ਨਾਲ ਇੱਕ ਵਾਰ ਫਿਰ ਸਟੇਡੀਅਮ ਥਰਥਰਾਉਣ ਲੱਗਿਆ- ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਦੀ 'ਡੀ' ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਸੀ ਪਰ ਗੱਲ ਨਹੀਂ ਬਣੀ ਸਗੋਂ ਕੁੱਝ ਕੁ ਮਿੰਟਾਂ ਪਿਛੋਂ ਹੀ ਕਲੀਮਉੱਲਾ ਦੇ 'ਪਾਸ' ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਲੈਫਟ ਇਨ ਵਾਰਵਰਡ ਹਨੀਫ ਨੇ ਪਾਕਿਸਤਾਨ ਦਾ ਸਕੋਰ 'ਇਕ' ਤੋਂ ਵਧਾ ਕੇ 'ਦੋ' ਕਰ ਦਿੱਤਾ। ਅੱਧਾ ਸਮਾਂ ਪੁੱਗਣ ਤੋਂ ਪਹਿਲਾਂ ਹੀ ਪਾਕਿਸਤਾਨੀ ਟੀਮ ਦੇ ਮਨਜ਼ੂਰ ਜੂਨੀਅਰ ਨੇ ਭਾਰਤੀ ਗੋਲਕੀਪਰ ਨੇਗੀ ਦੇ ਕੋਲ ਦੀ ਅਛੋਪਲੇ ਹੀ ਗੇਂਦ ਲੰਘਾ ਕੇ ਭਾਰਤੀ ਖਿਡਾਰੀਆਂ ਦੇ ਅੱਗੇ ਤੀਸਰੇ ਗੋਲ ਦੀ ਜਿਵੇਂ ਮਾਨਸਿਕ ਠੱਲ੍ਹ ਖੜ੍ਹੀ ਕਰ ਦਿਤੀ ਸੀ। ਤਦ ਹੀ ਪ੍ਰੈੱਸ ਬਾਕਸ ਵਿਚ ਬੈਠੇ ਹਾਕੀ ਦੇ ਇੱਕ ਘਾਗ ਫਰੰਗੀ ਪੱਤਰਕਾਰ ਦੀ ਰਾਏ ਮੈਨੂੰ ਸੁਣਾਈ ਦਿੱਤੀ ਕਿ ਹੁਣ ਭਾਰਤੀ ਟੀਮ ਲਈ ਪਹਿਲ ਮੈਚ ਜਿੱਤਣ ਦੀ ਥਾਂ ਸਕੋਰ ਬਰਾਬਰ ਕਰਨਾ ਬਣ ਗਿਆ ਸੀ। ਜਿਹੜੀ ਸਥਿਤੀ ਵਿਚ ਮੈਚ ਹੁਣ ਪਹੁੰਚ ਗਿਆ ਸੀ, ਉਸ ਵਿਚੋਂ ਨਿਕਲਣ ਲਈ ਉਸ ਨੂੰ ਇੱਕ ਗੋਲ ਦੀ ਤੁਰੰਤ ਲੋੜ ਸੀ- ਮਾਨਸਿਕ ਤੌਰ ਤੇ ਵੀ। ਹਾਫ-ਟਾਈਮ ਦੀ ਵਿਸਲ ਵੱਜੀ ਤਾਂ ਦੋਹਾਂ ਟੀਮਾਂ ਨੇ 1-2 ਖਿਡਾਰੀ ਤਬਦੀਲ ਕੀਤੇ। ਗਰਾਊਂਡ ਦੇ ਦੂਜੇ ਪਾਸੇ ਪਾਕਿਸਤਾਨੀ ਖੇਮਾ ਚਹਿਕ ਵਿਚ ਸੀ ਪਰ ਇਧਰ ਭਾਰਤੀ ਖੇਮੇ ਦੇ ਪ੍ਰਬੰਧਕਾਂ ਵਿਚ ਹਫੜਾ ਦਫੜੀ ਵਾਲਾ ਮਾਹੌਲ ਸੀ। ਇਹ ਵੀ ਫੁਸਫਸਾਹਟ ਚੱਲ ਪਈ ਸੀ ਕਿ ਟੀਮ, ਦਰਸ਼ਕਾਂ ਵਿਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ਦਾ ਮਾਨਸਿਕ ਦਬਾਓ ਮੰਨ ਗਈ ਲਗਦੀ ਸੀ। ਹਾਲਾਂਕਿ ਭਾਰਤੀ ਖੇਮੇਂ ਵਿਚ ਪਹਿਲਾਂ ਇਸ ਦੇ ਉਲਟ ਧਾਰਨਾ ਚੱਲ ਰਹੀ ਸੀ ਕਿ ਦੇਸ਼ ਦੀਆਂ ਸਿਰਮੌਰ ਸਖਸ਼ੀਅਤਾਂ ਦੀ ਸਟੇਡੀਅਮ ਚ ਹਾਜ਼ਰੀ ਭਾਰਤੀ ਟੀਮ ਦਾ ਹੌਸਲਾ ਦੁੱਗਣਾ ਕਰ ਦੇਵੇਗੀ। ਹਾਫ-ਟਾਈਮ ਪਿੱਛੋਂ ਵੀ ਜਦੋਂ ਭਾਰਤੀ ਟੀਮ ਦੇ ਪੈਰ ਨਾ ਲੱਗੇ ਤਾਂ ਭਾਰਤ ਨੂੰ ਹਰ ਹਾਲਤ ਵਿਚ ਜੇਤੂ ਵੇਖਣ ਲਈ ਉਮੜੇ ਭਾਰਤੀ ਦਰਸ਼ਕਾਂ ਦਾ ਹੌਸਲਾ ਮੱਠਾ ਪੈਣਾ ਕੁਦਰਤੀ ਸੀ। ਜਿਉਂ ਜਿਉਂ ਪਾਕਿਸਤਾਨੀ ਧਿਰ ਦੇ ਗੋਲਾਂ ਦੀ ਗਿਣਤੀ ਵਧਦੀ ਜਾ ਰਹੀ ਸੀ, ਤਿਉਂ ਤਿਉਂ ਸਟੇਡੀਅਮ ਖਾਮੋਸ਼ ਹੁੰਦਾ ਜਾ ਰਿਹਾ ਸੀ। ਜਦੋਂ ਚਾਰ ਵਜੇ ਮੈਚ ਦੀ ਪਹਿਲੀ ਹਿੱਟ ਲੱਗੀ ਸੀ ਤਾਂ ਫਰਿਸ਼ਤਿਆਂ ਨੇ ਵੀ ਨਹੀਂ ਸੀ ਸੋਚਿਆ ਕਿ ਮੈਚ ਅਜਿਹਾ ਮੋੜ ਵੀ ਕੱਟ ਸਕਦਾ ਹੈ! ਸਗੋਂ ਮੇਰਾ ਦਿਮਾਗ਼ ਤਾਂ ਉਦੋਂ ਕੁੱਝ ਹੋਰ ਦਾ ਹੋਰ ਹੀ ਸੋਚ ਰਿਹਾ ਸੀ- ਜਿਸ ਤੇ ਹੁਣ ਮੈਨੂੰ ਘਿਣ ਆ ਰਹੀ ਸੀ। ਪਾਕਿਸਤਾਨੀ ਟੀਮ ਨੇ ਜਿਵੇਂ ਭਾਰਤੀ ਟੀਮ ਦੇ ਗੋਲਕੀਪਰ ਨੇਗੀ ਵਿਚ ਟੀਮ ਦੀ ਕਮਜ਼ੋਰ ਕੜੀ ਲੱਭ ਲਈ ਲਗਦੀ ਸੀ। ਪਤਾ ਨਹੀਂ ਕਿਉਂ ਫਿਰ ਵੀ ਉਸ ਨੂੰ ਬਦਲਿਆ ਨਹੀਂ ਸੀ ਜਾ ਰਿਹਾ। ਮੈਚ ਭਾਰਤੀ ਟੀਮ ਦੇ ਹੱਥੋਂ ਖਿਸਕਦਾ ਜਾਂਦਾ ਲੱਗ ਰਿਹਾ ਸੀ। ਮੈਚ ਦੇ ਇੱਕ ਪਾਸੜ ਬਣਦੇ ਜਾਣ ਦੀ ਚਿੰਤਾ ਭਾਰਤੀ ਖੇਮੇ ਵਿਚ ਵੀ ਫੈਲਣ ਲੱਗੀ ਸੀ। ਜਦੋਂ ਸਕੋਰ 4-1 ਤੇ ਪਹੁੰਚ ਗਿਆ ਤਾਂ ਭਾਰਤ ਨੂੰ ਕੇਵਲ ਹਾਰ ਹੀ ਨਹੀਂ ਸਗੋਂ ਵੱਡੀ ਹਾਰ ਦਿੱਸਣ ਲੱਗੀ ਤਾਂ ਸੋਗ ਤੇ ਚਿੰਤਾ ਵੀਵੀਆਈਪੀ ਬਾਕਸ ਦੀਆਂ ਪਾਉੜੀਆਂ ਵੀ ਚੜ੍ਹ ਗਈ ਸੀ। ਇੰਦਰਾ ਗਾਂਧੀ ਨੇ ਆਪਣੇ ਸਹਾਇਕ ਆਰਕੇ ਧਵਨ ਰਾਹੀਂ ਰਾਜੀਵ ਗਾਂਧੀ ਨੂੰ ਸੁਨੇਹਾ ਭੇਜਿਆ ਕਿ ਉਹ ਭਾਰਤੀ ਗੋਲਕੀਪਰ ਦਾ ਕੁਝ ਕਰਨ। ਰਾਜੀਵ ਨੇ ਜੁਆਬ ਦਿੱਤਾ ਕਿ ਅਜਿਹੀ ਤਬਦੀਲੀ ਕੇਵਲ ਟੀਮ ਦਾ ਕੈਪਟਨ, ਕੋਚ ਜਾਂ ਮੈਨੇਜਰ ਹੀ ਕਰ ਸਕਦੇ ਹਨ ਪਰ ਤਦ ਤਕ ਪ੍ਰੈੱਸ ਬਾਕਸ ਵਿਚ ਬੈਠੇ ਹਾਕੀ ਦੇ ਮਾਹਿਰ ਪੱਤਰਕਾਰਾਂ ਦੀ ਘੁਸਰ-ਮੁਸਰ ਉੱਚੀ ਹੋ ਚੁਕੀ ਸੀ। ਕੋਈ ਕਹਿ ਰਿਹਾ ਸੀ: 'ਗੋਲਕੀਪਰ ਨੇਗੀ ਵਿਰੋਧੀ ਟੀਮ ਦੇ ਦਾਬੇ ਵਿਚ ਆ ਗਿਆ ਹੈ। ਉਸ ਨੂੰ ਬਿਨਾਂ ਕੋਈ ਹੋਰ ਸਕਿੰਟ ਗੁਆਏ ਬਦਲ ਦੇਣਾ ਚਾਹੀਦਾ ਹੈ। ਕੋਈ ਹੋਰ ਟੀਮ ਦੀ ਸੁਰੱਖਿਆ ਪੰਕਤੀ ਵਿਚ ਤਬਦੀਲੀ ਕਰਨ ਦਾ ਸੁਝਾਅ ਦੇ ਰਿਹਾ ਸੀ। ਇਸੇ ਦੌਰਾਨ ਸਾਡੇ ਸਾਹਮਣੇ ਵਾਲੀਆਂ ਸਟੇਡੀਅਮ ਦੀਆਂ ਪਿਛਲੀਆਂ ਪੰਕਤੀਆਂ ਚੋਂ ਹਰੇ ਰੰਗ ਦਾ ਬੈਨਰ ਹੌਲੀ ਹੌਲੀ ਉੱਚਾ ਉੱਠਣ ਲੱਗਿਆ ਜਿਵੇਂ ਕੋਈ ਮੋਰਚੇ ਵਿਚੋਂ ਬਾਹਰ ਨਿਕਲ ਰਿਹਾ ਹੋਵੇ। ਤਿਰੰਗਿਆਂ ਨਾਲ ਭਰੇ ਪਏ ਸਟੇਡੀਅਮ ਵਿਚ ਇਹ ਪਹਿਲਾ ਪਾਕਿਸਤਾਨੀ ਝੰਡਾ ਸੀ। ਫਿਰ ਹੋਰ ਦਰਸ਼ਕ ਵੀ ਪਾਕਿਸਤਾਨੀ ਟੀਮ ਨੂੰ ਹੱਲਾਸ਼ੇਰੀ ਦੇਣ ਲੱਗੇ। ਸਟੇਡੀਅਮ ਦਾ ਮਾਹੌਲ ਬਦਲ ਚੁੱਕਾ ਸੀ। ਟਾਵੇਂ ਟਾਵੇਂ ਦਰਸ਼ਕ ਹੁਣ ਪਾਕਿਸਤਾਨੀ ਖਿਡਾਰੀਆਂ ਲਈ ਵੀ ਤਾੜੀਆਂ ਮਾਰਨ ਲੱਗੇ। ਕਈ ਦੋਵਾਂ ਦੇਸ਼ਾਂ ਦੇ ਝੰਡੇ ਸਾਂਝੀ ਤਰ੍ਹਾਂ ਲਹਿਰਾਉਣ ਲੱਗੇ। ਵੀਆਈਪੀ ਬਾਕਸ ਲਗਪਗ ਖਾਲੀ ਹੋ ਗਿਆ ਸੀ। ਕੁਰਸੀਆਂ ਦੀਆਂ ਕਤਾਰਾਂ ਵਿਚਕਾਰ ਡਿੱਗੇ ਪਏ ਝੰਡਿਆਂ ਨੂੰ ਦਰੜ ਕੇ ਲੰਘਦੇ ਜਾਂਦੇ ਕੁਝ ਦਰਸ਼ਕ ਹਾਰ ਗਈ ਭਾਰਤੀ ਟੀਮ ਨੂੰ ਅਵਾ-ਤਵਾ ਬੋਲ ਰਹੇ ਸਨ। ਤਦੇ ਮੈਂ ਵੇਖਿਆ ਕਿ ਕੇਸਰੀ ਪਟਕੇ-ਜੂੜੇ ਵਾਲੇ ਇੱਕ ਬੱਚੇ ਨੇ ਆਪਣੀ ਮਾਂ ਤੋਂ ਉਂਗਲੀ ਛੁਡਾਈ ਤੇ ਭੁੰਜੇ ਸੁੱਟੇ ਤਿਰੰਗਿਆਂ ਨੂੰ ਇਕੱਠੇ ਕਰਨ ਵਿਚ ਮਸਰੂਫ਼ ਹੋ ਗਿਆ।

No comments:

Post a Comment