Monday, November 07, 2022

ਹਰਫ਼ਾਂ ਦੇ ਅੰਗ-ਸੰਗ ਚੱਲਣ ਵਾਲਾ ਪੱਤਰਕਾਰ ‘ਵਰਿੰਦਰ ਸਿੰਘ ਵਾਲੀਆ’

ਜਦੋਂ ‘ਲਸ਼ਕਰੇ ਤੋਇਬਾ’ ਦੀ ਪੱਤਰਕਾਰੀ ਕੀਤੀ ਵਰਿੰਦਰ ਸਿੰਘ ਵਾਲੀਆ ਨੇ!
ਡੈਸਕ ਅਤੇ ਫ਼ੀਲਡ ਪੱਤਰਕਾਰੀ- ‘ਪੱਤਰਕਾਰੀ’ ਦੇ ਦੋ ਵੱਖੋ ਵੱਖਰੇ ਰੰਗ ਹਨ, ਦੋਵੇਂ ਇਕ ਦੂਜੇ ਦੇ ਪੂਰਕ ਹਨ। ਜੋ ਡਿਗਰੀ ਕਰਕੇ ਸਿੱਧੇ ਹੀ ਡੈਸਕ ਤੇ ਚੱਲੇ ਗਏ ਉਹ ਫ਼ੀਲਡ ਪੱਤਰਕਾਰੀ ਦੇ ਤਜਰਬਿਆਂ ਤੋਂ ਵਾਂਝੇ ਰਹਿ ਗਏ, ਉਹ ਖ਼ੁਦ ਨੂੰ ਪੱਤਰਕਾਰਤਾ ਵਿਚ ਕਿੰਨਾ ਵੀ ਮ‌ਾਹਿਰ ਸਾਬਤ ਕਰਨ ਦੀ ਕੋਸ਼ਿਸ਼ ਕਰਨ ਪਰ ਫ਼ੀਲਡ ਪੱਤਰਕਾਰਤਾ ਦੇ ਤਜਰਬੇ ਦੇ ਵਿਰਵੇਪਣ ਦਾ ਅਧੂਰਾਪਣ ਉਨ੍ਹਾਂ ਦਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਕਈ ਸੰਪਾਦਕ ਨਾ ਤਾਂ ਫ਼ੀਲਡ ਪੱਤਰਕਾਰੀ ਦੇ ਤਜਰਬੇ ਤੋਂ ਨਿਕਲੇ, ਨਾ ਹੀ ਡੈਸਕ ਦੇ ਤਜਰਬੇ ਤੋਂ ਨਿਕਲੇ ਹੁੰਦੇ ਹਨ ਉਹ ਜੇਕਰ ਸੰਪਾਦਕ ਬਣ ਜਾਣ ਉਹ ਚੰਗੇ ਪ੍ਰਬੰਧਕ ਹੋ ਸਕਦੇ ਹਨ ਪਰ ਉਹ ਚੰਗੇ ਪੱਤਰਕਾਰ ਨਹੀਂ ਬਣ ਸਕਦੇ ਅਤੇ ਕਾਬਲ ਤੇ ‘ਆਦਰਸ਼ਵਾਦੀ ਪੱਤਰਕਾਰ’ ਦੀ ਪਹਿਚਾਣ ਕਰਨ ਵਿਚ ਆਮ ਤੌਰ ਤੇ ਟਪਲਾ ਖਾ ਜਾਂਦੇ ਹਨ, ਪਰ ਜੇਕਰ ਫੇਰ ਵੀ ਪੱਤਰਕਾਰਤਾ ਦੇ ਖੇਤਰ ਵਿਚੋਂ ਨਾ ਹੋਕੇ ਪੱਤਰਕਾਰਾਂ ਨਾਲ ਇਨਸਾਫ਼ ਕਰਨ ਵਿਚ ਸਫਲ ਰਹਿੰਦੇ ਹਨ, ਇਸ ਦਾ ਭਾਵ ਹੈ ਕਿ ਉਸ ਕੋਲ ਚੁਤਰਫ਼ਾ ਸਮਝ ‘ਗੋਡ ਗਿਫਟਡ’ ਹੈ। ਪਰ ਜੇਕਰ ਕੋਈ ਵਿਅਕਤੀ ਫ਼ੀਲਡ ਦੀ ਪੱਤਰਕਾਰੀ ਵੀ ਨਿਠ ਕੇ ਕਰ ਚੁੱਕਾ ਹੋਵੇ ਤੇ ਸਰਕਾਰੀ ਪੱਤਰਕਾਰੀ ਦਾ ਤਜਰਬਾ ਵੀ ਹਾਸਲ ਕਰ ਚੁੱਕਾ ਹੋਵੇ, ਸਾਹਿਤਕ ਸਿਰਜਣਾ ਦੀ ਰੂਹ ਵੀ ਜਾਣਦਾ ਹੋਵੇ ਤੇ ਉਸ ਤੋਂ ਬਾਅਦ ਉਹ ਸੰਪਾਦਕ ਦੀ ਕੁਰਸੀ ਤੇ ਬੈਠੇ ਤਾਂ ਚੰਗਾ ਪ੍ਰਬੰਧਕ ਵੀ ਹੋ ਸਕਦਾ ਹੈ ਤੇ ਪੱਤਰਕਾਰਾਂ ਦੀ ਪਹਿਚਾਣ ਕਰਨ ਵਿਚ ਵੀ ਉਸ ਦੀ ਆਪਣੀ ਨਿੱਜੀ ਕਾਬਲੀਅਤ ਹੋ ਜਾਂਦੀ ਹੈ। ਅੱਜ ਆਪਾਂ ਅਜਿਹੇ ਹੀ ਪੱਤਰਕਾਰ ਦੀ ਗੱਲ ਕਰ ਰਹੇ ਹਾਂ, ਜੋ ਸਿਰਫ਼ ਪੱਤਰਕਾਰੀ ਨੂੰ ਪ੍ਰਣਾਏ, ਪੱਤਰਕਾਰੀ ਲਈ ਜੀਵੇ ਅਤੇ ਪੱਤਰਕਾਰਤਾ ਦੀ ਰੂਹ ਅਤੇ ਜਿਸਮ ਨੂੰ ਪਹਿਚਾਨਣ ਵਾਲੇ ਹਨ। ਮੈਂ ਗੱਲ ਕਰ ਰਿਹਾ ਹਾਂ ਪੱਤਰਕਾਰ ‘ਵਰਿੰਦਰ ਸਿੰਘ ਵਾਲੀਆ’ ਹੋਰਾਂ ਦੀ। ਜੋ ਫ਼ੀਲਡ ਪੱਤਰਕਾਰੀ ਦਾ ਤਜਰਬਾ, ਸਾਹਿਤ ਸਿਰਜਣਾ ਵਿਚ ਮੌਲਿਕਤਾ ਦਾ ਨੂਰ ਲੈ ਕੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣੇ ਤੇ ਅੱਜ ਕੱਲ੍ਹ ਪੰਜਾਬੀ ਜਾਗਰਣ ਵਿਚ ਸੰਪਾਦਕ ਦੀ ਸੇਵਾ ਨਿਭਾ ਰਹੇ ਹਨ। -ਜਨਮ ਤੇ ਮੁੱਢ- ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਵਿਚ ਸ਼ਹੀਦਾਂ ਦੀ ਧਰਤੀ ਜਲਿਆਂ ਵਾਲੇ ਬਾਗ਼ ਦੇ ਨਜ਼ਦੀਕ ‘ਕੰਬੋਆਂ ਵਾਲੀ ਗਲੀ’ ਵਿਚ ਸਥਿਤ ਘਰ ਵਿਚ ਮਾਤਾ ਸਰਦਾਰਨੀ ਦਲਜੀਤ ਕੌਰ ਤੇ ਪਿਤਾ ਸਰਦਾਰ ਸੇਵਾ ਸਿੰਘ ਵਾਲੀਆ ਦੇ ਘਰ 4 ਨਵੰਬਰ 1958 ਨੂੰ ਜਨਮੇ ਵਰਿੰਦਰ ਸਿੰਘ ਵਾਲੀਆ ਦੀ ਅੱਖ ਸ੍ਰੀ ਦਰਬਾਰ ਸਾਹਿਬ ਵਿਚ ਚੱਲ ਰਹੇ ‘ਸ਼ਬਦ ਗੁਰੂ’ ਦੇ ਝਰਨੇ ਵਿਚ ਸਰਸ਼ਾਰ ਹੁੰਦਿਆਂ ਖੁੱਲ੍ਹੀ ਤੇ ‘ਸ਼ਬਦ’ ਨੂੰ ਹੀ ਪ੍ਰਣਾਏ ਗਏ। ਸਾਰੀ ਉਮਰ ‘ਸ਼ਬਦ ਗੁਰੂ’ ਦੀ ਹੀ ਸੇਵਾ ਵਿਚ ਲੱਗ ਗਏ ਤੇ ਅਜਿਹੀ ਸੇਵਾ ਸ਼ੁਰੂ ਕੀਤੀ ਕਿ ਅੱਜ ਤੱਕ ਜਾਰੀ ਹੈ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਪਿਤਾ ਸ. ਸੇਵਾ ਸਿੰਘ ਲਾਹੌਰ ਵਿਚ ਪੁਲੀਸ ਦੀ ਨੌਕਰੀ ਵਿਚ ਏਐਸਆਈ ਸਨ। ਪਾਕਿਸਤਾਨ ਦੀ ਵੰਡ ਹੋਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਕੋਲ ਗੜ੍ਹਸ਼ੰਕਰ ਤੋਂ ਨੂਰਪੁਰ ਬੇਦੀ ਵੱਲ ਜਾਂਦਿਆਂ ਪਿੰਡ ‘ਕਲਮਾ’ ਵਿਚ ਵੱਸ ਗਏ ਸਨ, ਪਰ ਜ਼ਿੰਦਗੀ ਦੀਆਂ ਲੋੜਾਂ ਨੇ ਸ੍ਰੀ ਅੰਮ੍ਰਿਤਸਰ ਤੱਕ ਪਹੁੰਚਾਇਆ। -ਪੜਾਈ ਤੇ ਪੱਤਰਕਾਰੀ ਦੀ ਸ਼ੁਰੂਆਤ-
ਵਰਿੰਦਰ ਸਿੰਘ ਵਾਲੀਆ ਹੋਰਾਂ ਪ੍ਰਾਇਮਰੀ ਦੀ ਪੜਾਈ ਤਰਨਤਾਰਨ ਦੇ ਸਕੂਲ ਵਿਚ ਕੀਤੀ ਤੇ ਅੱਗੇ ਸ੍ਰੀ ਅੰਮ੍ਰਿਤਸਰ ਵਿਚ ਹੀ ਪੜੇ ਤੇ ਖ਼ਾਲਸਾ ਕਾਲਜ ਵਿਚ ਗਰੈਜੂਏਸ਼ਨ ਕਰਨ ਲੱਗੇ। ਲਿਖਣ ਤੇ ਪੜ੍ਹਨ ਦਾ ਸ਼ੌਕ ਪਹਿਲਾਂ ਹੀ ਹੋ ਚੁੱਕਿਆ ਸੀ। 1980 ਵਿਚ ਕਾਲਜ ਵਿਚ ਹੀ ਪੜ੍ਹਦਿਆਂ ‘ਪੁਲਾਂਘ’ ਨਾਮ ਦਾ ਮਹੀਨਾਵਾਰ ਮੈਗਜ਼ੀਨ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇਸ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਸਨ, ਸਹਿ ਸੰਪਾਦਕ ਮਨਮੋਹਨ ਸਿੰਘ (ਆਈਪੀਐਸ ਬਣ) ਅਤੇ ਜਗਦੀਸ਼ ਸਚਦੇਵਾ (ਅੱਜ ਕੱਲ੍ਹ ਫ਼ਿਲਮਕਾਰ) ਇਸ ਮੈਗਜ਼ੀਨ ਦੇ ਮੈਨੇਜਰ ਸਨ। ਕਾਲਜ ਵਿਚ ਪੜ੍ਹਦਿਆਂ ਹੀ ਪੱਤਰਕਾਰੀ ਦੀ ਸ਼ੁਰੂਆਤ ਇਕ ਮੈਗਜ਼ੀਨ ਦੇ ਸੰਪਾਦਕ ਵਜੋਂ ਹੋ ਗਈ ਸੀ। ਉਸੇ ਵੇਲੇ 1983 ਵਿਚ ਹੀ ਵਰਿੰਦਰ ਵਾਲੀਆ ਦੀ ਇਕ ਕਿਤਾਬ ‘ਖ਼ਬਰਨਾਮਾ’ ਵੀ ਪ੍ਰਕਾਸ਼ਿਤ ਹੋਈ। ਵਾਲੀਆ ਹੋਰੀਂ ਕਲਮਾਂ ਦੀ ਜ਼ਰਖੇਜ਼ ਜ਼ਮੀਨ ਪ੍ਰੀਤ ਨਗਰ ਵਿਚ ਵੀ ਬਲਰਾਜ ਸਾਹਨੀ ਦੇ ਕੋਠੀ ਵਿਚ ਰਹੇ। ਹਾਲਾਂ ਕਿ ਅੱਜ ਕੱਲ੍ਹ ਤਾਂ ਉਹ ਕੋਠੀ ਢਹਿ ਢੇਰੀ ਹੋ ਚੁੱਕੀ ਹੈ, ਪਰ ਉਸ ਕੋਠੀ ਵਿਚ ਸਾਹਿਤਕ ਲੋਕ ਆਉਂਦੇ ਸਨ। ਮੁਖ਼ਤਿਆਰ ਗਿੱਲ, ਪ੍ਰੀਤਲੜੀ ਦੇ ਸੰਪਾਦਕ ਸੁਮਿਤ ਵਰਗੇ ਹੋਰ ਬਹੁਤ ਸਾਰਿਆਂ ਦਾ ਸਾਥ ਵਾਲੀਆ ਹੋਰਾਂ ਨੇ ਮਾਣਿਆ। ਵਰਿੰਦਰ ਸਿੰਘ ਵਾਲੀਆ ਨੇ ਇਨ੍ਹਾਂ ਦਿਨਾਂ ਵਿਚ ਹੀ ‘ਮਾਨ ਸਰੋਵਰ’ ‘ਕੋਮਲ ਪੰਜਾਬ’ ਵਰਗੇ ਪਰਚਿਆਂ ਦੇ ਆਨਰੇਰੀ ਸੰਪਾਦਕ ਵਜੋਂ ਵੀ ਕੰਮ ਕੀਤਾ। -ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਕਰਨਾ- ਵਰਿੰਦਰ ਵਾਲੀਆ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ੍ਹਦੇ ਸਨ ਉਸੇ ਵੇਲੇ ‘ਅਹਿਮਦਗੜ੍ਹ’ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਵੀ ਕਰਨੀ ਸ਼ੁਰੂ ਕੀਤੀ। ਬੀਬੀਸੀ ਦੇ ਭਾਰਤ ਇੰਚਾਰਜ ‘ਮਾਰਕ ਟੱਲੀ’ ਹੋਰੀਂ ਚਾਹੁੰਦੇ ਸਨ ਕਿ ਵਰਿੰਦਰ ਵਾਲੀਆ ਬੀਬੀਸੀ ਜੁਆਇਨ ਕਰ ਲਵੇ, ਇਸ ਲਈ ਵਾਲੀਆ ਹੋਰਾਂ ਦੀ ਸਿਲੈੱਕਸ਼ਨ ਬੀਬੀਸੀ ਵਿਚ ਹੋ ਗਈ। ਪਰ ਵਾਲੀਆ ਹੋਰਾਂ ਨੇ ਬੀਬੀਸੀ ਜੁਆਇਨ ਨਹੀਂ ਕੀਤਾ। ਬਾਅਦ ਵਿਚ ਮਾਰਕ ਟੱਲੀ ਵਰਿੰਦਰ ਸਿੰਘ ਵਾਲੀਆ ਨੂੰ ਕਈ ਸਾਰੇ ਚਿੱਠੀ ਪੱਤਰ ਵੀ ਭੇਜਦੇ ਰਹੇ। ਪਰ ਇਹ ਸੁਭਾਗ ਨਾ ਬਣਿਆ ਕਿ ਬੀਬੀਸੀ ਜੁਆਇਨ ਕੀਤਾ ਜਾ ਸਕੇ। -ਲੋਕ ਸੰਪਰਕ ਅਧਿਕਾਰੀ ਬਣੇ- ਮਾਸਟਰ ਡਿਗਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ 1982 ਵਿਚ ਦਾਖਲਾ ਲੈ ਲਿਆ। ਉਸ ਤੋਂ ਬਾਅਦ 1984 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਇਕ ਹੋਰ ਮਾਸਟਰ ਡਿਗਰੀ ਕਰਨ ਲਈ ਦਾਖਲਾ ਲੈ ਲਿਆ। ਮਾਸਟਰ ਡਿਗਰੀ ਪੂਰੀ ਹੋਈ ਹੀ ਸੀ ਕਿ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿਚ ‘ਸੂਚਨਾ ਅਫ਼ਸਰ’ ਦੀ ਨੌਕਰੀ ਮਿਲ ਗਈ। ਇਸੇ ਦੌਰਾਨ ਬਠਿੰਡਾ ਤੇ ਫ਼ਰੀਦਕੋਟ ਦੇ ਡੀਪੀਆਰਓ (ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ) ਦੀ ਡਿਊਟੀ ਸੰਭਾਲ ਲਈ। ਬਾਅਦ ਵਿਚ ਬਠਿੰਡਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚੋਂ ਮੋਗਾ, ਮੁਕਤਸਰ ਤੇ ਮਾਨਸਾ ਜ਼ਿਲ੍ਹੇ ਬਣੇ। -ਲੋਕ ਸੰਪਰਕ ਅਧਿਕਾਰੀ ਤੋਂ ਅਸਤੀਫ਼ਾ ਦੇ ਕੇ ਅੰਗਰੇਜ਼ੀ ਟ੍ਰਿਬਿਊਨ ਵਿਚ ਪੱਤਰਕਾਰੀ ਕਰਨਾ-
ਖਾੜਕੂਵਾਦ ਦਾ ਸਮਾਂ ਪੰਜਾਬ ਵਿਚ ਕਹਿਰ ਭਰਿਆ ਚੱਲ ਰਿਹਾ ਸੀ। ਸਰਕਾਰਾਂ ਨੌਜਵਾਨਾਂ ਨੂੰ ਠੰਢਾ ਕਰਨ ਵਿਚ ਨਾਕਾਮ ਸਨ। ਸਰਕਾਰੀ ਅਧਿਕਾਰੀ ਇਕ ਵੱਖਰੇ ਤਰ੍ਹਾਂ ਦੀ ਗ਼ੁਲਾਮੀ ਵਿਚ ਡਿਊਟੀ ਕਰ ਰਹੇ ਸਨ। ਉਸ ਵੇਲੇ ਵਰਿੰਦਰ ਸਿੰਘ ਵਾਲੀਆ ਹੋਰੀਂ ਬਠਿੰਡਾ ਅਤੇ ਫ਼ਰੀਦਕੋਟ ਵਿਚ ਲੋਕ ਸੰਪਰਕ ਅਧਿਕਾਰੀ ਦੀ ਡਿਊਟੀ ਕਰ ਰਹੇ ਸਨ ਕਿ ਅਚਾਨਕ ਸਰਕਾਰੀ ਨੌਕਰੀ ਤੋਂ ਮਨ ਉਚਾਟ ਹੋ ਗਿਆ। 1991 ਵਿਚ ਸਰਕਾਰੀ ਨੌਕਰੀ ਛੱਡ ਕੇ ਅੰਗਰੇਜ਼ੀ ਟ੍ਰਿਬਿਊਨ ਵਿਚ ਬਤੌਰ ‘ਸਟਰਿੰਗਰ’ ਜੁਆਇਨ ਕਰ ਲਿਆ। ਇਕ ਪੱਤਰਕਾਰ ਵਜੋਂ ਅੰਗਰੇਜ਼ੀ ਟ੍ਰਿਬਿਊਨ ਵਿਚ ਅਜਿਹੀ ਸ਼ਿੱਦਤ ਨਾਲ ਕੰਮ ਕੀਤਾ ਕਿ 8 ਮਹੀਨੇ ਵਿਚ ਹੀ ਟ੍ਰਿਬਿਊਨ ਦੀ ਮੈਨੇਜਮੈਂਟ ਨੇ ਉਨ੍ਹਾਂ ਸਟਾਫ਼ ਰਿਪੋਰਟਰ ਬਣਾ ਦਿੱਤਾ। ਬਠਿੰਡਾ ਵਿਚ ਅੰਗਰੇਜ਼ੀ ਟ੍ਰਿਬਿਊਨ ਦੀ ਪੱਤਰਕਾਰੀ ਕਰਦਿਆਂ ਵਾਲੀਆ ਹੋਰਾਂ ਨੇ ਬਹੁਤ ਵੱਡੇ ਇਲਾਕੇ ਦੀ ਪੱਤਰਕਾਰੀ ਕੀਤੀ ਜਿਵੇਂ ਕਿ ਉਨ੍ਹਾਂ ਕੋਲ ਮਾਨਸਾ, ਯਾਮੁਨਾਨਗਰ, ਹਨੂਮਾਨਗੜ੍ਹ, ਸ੍ਰੀ ਗੰਗਾਨਗਰ, ਡੱਬਵਾਲੀ ਆਦਿ ਵੱਡਾ ਖੇਤਰ ਪੱਤਰਕਾਰੀ ਕਰਨ ਲਈ ਸੀ। ਉਸ ਤੋਂ ਬਾਅਦ ਕੁਝ ਸਮਾਂ ਚੰਡੀਗੜ੍ਹ ਵਿਚ ਵੀ ਪੱਤਰਕਾਰੀ ਕੀਤੀ। -ਸ੍ਰੀ ਅੰਮ੍ਰਿਤਸਰ ਵਿਚ ਪੱਤਰਕਾਰੀ ਕਰਨ ਲਈ ਆਉਣਾ-
ਵਰਿੰਦਰ ਵਾਲੀਆ ਹੋਰਾਂ ਨੇ ਜਦੋਂ ਆਪਣੀ ਜਨਮ ਭੂਮੀ ਸ੍ਰੀ ਅੰਮ੍ਰਿਤਸਰ ਦੀ ਭੂਮੀ ਨੂੰ ਪੱਤਰਕਾਰੀ ਕਰਨ ਲਈ ਸਜਦਾ ਕੀਤਾ ਤਾਂ ਉਸ ਵੇਲੇ ਸਾਲ 1998 ਚੜ ਗਿਆ ਸੀ। 2009 ਤੱਕ ਸ੍ਰੀ ਅੰਮ੍ਰਿਤਸਰ ਵਿਚ ਪੱਤਰਕਾਰੀ ਕੀਤੀ। 2004 ਵਿਚ ਪਹਿਲੀ ਵਾਰ ਵਰਿੰਦਰ ਵਾਲੀਆ ਹੋਰਾਂ ਦੀ ਮਿਹਨਤ ਸਦਕਾ ਅੰਗਰੇਜ਼ੀ ਟ੍ਰਿਬਿਊਨ ਨੇ ‘ਅੰਮ੍ਰਿਤਸਰ ਪਲੱਸ’ ਪੂਲ ਆਊਟ ਸ਼ੁਰੂ ਕੀਤਾ। ਇਸ ਪੂਲ ਆਊਟ ਵਿਚ ਬਹੁਤ ਸਾਰੇ ਆਰਟੀਕਲ ਛਪੇ। ਜਿਸ ਵਿਚੋਂ ਕਿਤਾਬਾਂ ਵੀ ਛਪੀਆਂ ਜਿਵੇਂ ਕਿ ਉਨ੍ਹਾਂ ਕਿਤਾਬਾਂ ਵਿਚੋਂ ਇਕ ਕਿਤਾਬ ਜੋ ਕਾਫ਼ੀ ਚਰਚਾ ਵਿਚ ਆਈ ਉਹ ਸੀ ‘ਦਾ ਸਿਟੀ ਵਿੱਦ ਗਿਲੋਰੀਅਸ ਲੀਜੇ਼ਸੀ’। ਇਹ ਕਿਤਾਬ ਦਾ ਪੰਜਾਬੀ ਅਨੁਵਾਦ ਹੋਕੇ ‘ਵਿਰਾਸਤੀ ਸ਼ਹਿਰੀ ਸ੍ਰੀ ਅੰਮ੍ਰਿਤਸਰ ਸਾਹਿਬ’ ਦੇ ਨਾਮ ਨਾਲ ਛਪੀ। ਇੱਥੇ ਹੀ ਦੂਜੀ ਕਹਾਣੀਆਂ ਦੀ ਕਿਤਾਬ ‘ਰੁੱਖਾਂ ਦੀ ਦਾਸਤਾਨ’ ਵੀ ਪ੍ਰਕਾਸ਼ਿਤ ਹੋਈ। ਜੋ ਹਿੰਦੀ ਵਿਚ ਤਰਜਮਾ ਹੋਕੇ ‘ਪੇੜੋਂ ਕੀ ਦਾਸਤਾਨ’ ਦੇ ਨਾਮ ਤੇ ਛਾਪੀ ਗਈ। -ਸ੍ਰੀ ਅੰਮ੍ਰਿਤਸਰ ਵਿਚ ਪੱਤਰਕਾਰੀ ਕਰਦਿਆਂ-
ਸ਼ਹਿਰੀ ਪੱਤਰਕਾਰ ਆਮ ਤੌਰ ਤੇ ਸ਼ਹਿਰਾਂ ਦੀ ਪੱਤਰਕਾਰੀ ਹੀ ਕਰਦੇ ਹਨ। ਪਰ ਵਰਿੰਦਰ ਸਿੰਘ ਵਾਲੀਆ ਹੋਰਾਂ ਨੇ ਸਿਰਫ਼ ਸ਼ਹਿਰ ਦੀ ਨਹੀਂ ਸਗੋਂ ਇੱਥੇ ਜੋ ਪੱਤਰਕਾਰੀ ਕੀਤੀ ਉਹ ਲਾ-ਮਿਸਾਲ ਹੈ। ਪੱਤਰਕਾਰੀ ਕਰਦਿਆਂ ਪਾਕਿਸਤਾਨ ਵਿਚ ਚਲੇ ਜਾਣਾ, ਕਦੇ ਜਹਾਜ਼ ਰਾਹੀਂ, ਕਦੇ ਰੇਲ ਰਾਹੀਂ, ਕਦੇ ਬੱਸ ਰਾਹੀਂ ਕਦੇ ਪੈਦਲ ਹੀ। ਪਾਕਿਸਤਾਨ ਵਿਚ ਕੋਈ ਪਾਕਿਸਤਾਨ ਦੀਆਂ ਗਲ਼ੀਆਂ ਗਾਹੁਣ ਨਹੀਂ ਜਾਂਦੇ ਸਨ ਇੱਥੇ ਉਨ੍ਹਾਂ ਨੇ ਲਸ਼ਕਰੇ ਤੋਇਬਾ ਦੇ ‌ਠਿਕਾਣੇ ਵੀ ਲੱਭ ਸੁੱਟੇ। ਲਸ਼ਕਰੇ ਤੋਇਬਾ ਦੀਆਂ ਟਰੇਨਿੰਗ ਸੈਂਟਰ ਦੀਆਂ ਖੋਜ ਰਿਪੋਰਟਾਂ ਅੰਗਰੇਜ਼ੀ ਟ੍ਰਿਬਿਊਨ ਦੇ ਫ਼ਰੰਟ ਪੇਜ ਤੇ ਪ੍ਰਕਾਸ਼ਿਤ ਹੋਈਆਂ। ਇਹ ਜੋਖ਼ਮ ਭਰੀ ਪੱਤਰਕਾਰੀ ਸੀ। ਪਾਕਿਸਤਾਨ ਦੇ ਆਈਐਸਆਈ ਦੇ ਸਾਬਕਾ ਚੀਫ਼ ਤੇ ਲੈਫ. ਜਨਰਲ ਜਾਵੇਦ ਨਾਸਿਰ ਦੀ ਇੰਟਰਵਿਊ ਕੀਤੀਆਂ, ਉਹ ‘ਦਾ ‌ਟ੍ਰਿਬਿਊਨ ਵਿਚ ਪ੍ਰਕਾਸ਼ਿਤ ਹੋਈਆਂ। ਉਸ ਵੇਲੇ ਪਾਕਿਸਤਾਨ ਦੇ ‘ਮੋਸਟ ਵਾਂਟੇਡ’ ਅੱਤਵਾਦੀਆਂ ਦੀਆਂ ਇੰਟਰਵਿਊ ਵੀ ਕੀਤੀਆਂ। ‘ਕਰਤਾਰਪੁਰ ਕੋਰੀਡੋਰ’ ਬਾਰੇ ਇਕ ਖ਼ਬਰ ਬਰੇਕ ਵਰਿੰਦਰ ਸਿੰਘ ਵਾਲੀਆ ਨੇ 2000 ਵਿਚ ਹੀ ਕੀਤੀ ਸੀ, ਉਸ ਵੇਲੇ ਪਾਕਿਸਤਾਨ ਦੇ ਲੈਫ. ਜਨਰਲ ਜਾਵੇਦ ਨਾਸਿਰ ਨੇ ਆਖਿਆ ਸੀ ਕਿ ‘ਅਸੀਂ ਕਰਤਾਰਪੁਰੀ ਕੋਰੀਡੋਰ’ ਲਈ ਤਿਆਰ ਹਾਂ। ਸਭ ਤੋਂ ਪਹਿਲਾਂ ਉਹ ਖ਼ਬਰ ਵਰਿੰਦਰ ਸਿੰਘ ਵਾਲੀਆ ਨੇ ਹੀ ਬਰੇਕ ਕੀਤੀ ਸੀ। ਪਾਕਿਸਤਾਨ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਉਸ ਵੇਲੇ ‘ਦਾ ਟ੍ਰਿਬਿਊਨ’ ਦੇ ਕਾਲਮਾਂ ਦਾ ਹਿੱਸਾ ਬਣੀਆਂ। ਇਹ ਇਤਿਹਾਸ ਹੈ। ਇਸ ਦੀ ਕੌਮਾਂਤਰੀ ਪੱਧਰ ਦੇ ਚਰਚਾ ਹੋਈ। 2004 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਸਮਾਗਮਾਂ ਦੀ ਪੱਤਰਕਾਰੀ ਕੀਤੀ। ਉਸ ਵੇਲੇ ਸਿਰਫ਼ ਅੰਮ੍ਰਿਤਸਰ ਦੀ ਹੀ ਨਹੀਂ ਸਗੋਂ 15 ਸਟੇਟਾਂ ਦੀ ਕਵਰੇਜ ਤੇ ਰਿਪੋਰਟਾਂ ਕੀਤੀਆਂ। ਇਸ ਤੋਂ ਇਲਾਵਾ ਥਾਈਲੈਂਡ, ਜਰਮਨੀ ਆਦਿ ਮੁਲਕਾਂ ਵਿਚ ਵੀ ਪੱਤਰਕਾਰੀ ਕਰਨ ਗਏ। ਜੀ-20 ਦਾ ਸਿਖਰ ਸੰਮੇਲਨ ਟਰਾਂਟੋ ਵਿਚ ਹੋਇਆ ਸੀ। ਉਸ ਸੰਮੇਲਨ ਦੀਆਂ ਵਰਿੰਦਰ ਸਿੰਘ ਵਾਲੀਆ ਹੋਰਾਂ ਵੱਲੋਂ ਲਿਖੀਆਂ ਬਹੁਤ ਸਾਰੀਆਂ ਰਿਪੋਰਟਾਂ ਪੰਜਾਬੀ ਟ੍ਰਿਬਿਊਨ, ਅੰਗਰੇਜ਼ੀ ਟ੍ਰਿਬਿਊਨ ਤੇ ਹਿੰਦੀ ਟ੍ਰਿਬਿਊਨ ਵਿਚ ਛਪੀਆਂ।
ਵਰਿੰਦਰ ਸਿੰਘ ਵਾਲੀਆ ਹੋਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਧਿਕਾਰਾਂ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਹੀ ਪੰਥ ਵਿਚੋਂ ਛੇਕ ਦਿੱਤਾ ਸੀ, ਕੁਝ ਜਥੇਦਾਰ ਵੀ ਪੰਥ ਵਿਚੋਂ ਛੇਕੇ ਤੇ ਕਈ ਸਾਰੇ ਹੁਕਮਨਾਮੇ ਵੀ ਜਾਰੀ ਕੀਤੇ। ਇਸ ਘਟਨਾ ਦੀ ਵਿਸ਼ਵ ਵਿਚ ਬਹੁਤ ਚਰਚਾ ਹੋਈ ਸੀ। ਬੀਬੀ ਜਗੀਰ ਕੌਰ ਨੇ ਜਥੇਦਾਰ ਗਿਆਨੀ ਪੂਰਨ ਸਿੰਘ ਨੂੰ ਹੀ ਜਥੇਦਾਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ ਤੇ ‌ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਥਾਪ ਦਿੱਤਾ ਸੀ। ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਜਾਰੀ ਹੁਕਮਨਾਮੇ ਰੱਦ ਕਰਨੇ ਪਏ। ਉਸ ਵੇਲੇ ਦੀ ਸਾਰੀ ਰਿਪੋਰਟਿੰਗ ਫ਼ਰੰਟ ਪੇਜ ਤੇ ਪ੍ਰਕਾਸ਼ਿਤ ਹੋ ਰਹੀ ਸੀ। -ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣੇ-
ਅੰਗਰੇਜ਼ੀ ਪੱਤਰਕਾਰੀ ਤੋਂ ਇਕਦਮ ਹੱਟ ਕੇ ਪੰਜਾਬੀ ਦੀ ਪੱਤਰਕਾਰੀ ਵਿਚ ਮੁੜ ਪ੍ਰਵੇਸ਼ ਕਰਦਿਆਂ 2009 ਵਿਚ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣ ਗਏ। ਟ੍ਰਿਬਿਊਨ ਟਰੱਸਟ ਦੀ ਚੰਗੀ ਖੋਜ ਸੀ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣਦਿਆਂ ਉਨ੍ਹਾਂ ਵੱਲੋਂ ਪਾਏ ਪੂਰਨੇ ਤਾਰੀਖ਼ ਹਨ। ਜਿਵੇਂ ਕਿ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਸਿਰਫ਼ ਦੋ ਪੇਜ ਹੀ ਰੰਗਦਾਰ ਛਪਦੇ ਸਨ, ਵਾਲੀਆ ਹੋਰਾਂ ਨੇ ਪੰਜਾਬੀ ਟ੍ਰਿਬਿਊਨ ਦੇ ਸਾਰੇ ਪੇਜ ਰੰਗਦਾਰ ਛਪਾਉਣੇ ਸ਼ੁਰੂ ਕੀਤੇ। ਪੱਤਰਕਾਰਾਂ ਨੂੰ ਵਿਸ਼ੇਸ਼ ਮੁੱਦਿਆਂ ਤੇ ਵਿਸ਼ੇਸ਼ ਰਿਪੋਰਟਾਂ ਖੋਜਣ ਲਈ ਡਿਊਟੀਆਂ ਲਾਈਆਂ ਜਾਣ ਲੱਗੀਆਂ। ਰੋਜ਼ਾਨਾ ਦੀਆਂ ਸੰਪਾਦਕੀਆਂ ਦੀ ਚਰਚਾ ਤਾਂ ਹੁੰਦੀ ਹੀ ਸੀ ਐਤਵਾਰੀ ਦੀ ਸੰਪਾਦਕੀ ‘ਹਰਫ਼ਾਂ ਦੇ ਆਰ ਪਾਰ’ ਦੀ ਚਰਚਾ ਸਾਹਿਤਕ ਤੋਂ ਲੈ ਕੇ ਵੱਖ ਵੱਖੋ ਹਲਕਿਆਂ ਤੋਂ ਜਾਂਦੀ ਹੋਈ ਰਾਜਨੀਤਿਕ ਹਲਕਿਆਂ ਵਿਚ ਵੀ ਚਲੀ ਜਾਂਦੀ। ਇਨ੍ਹਾਂ ਸੰਪਾਦਕੀਆਂ ਦੀਆਂ 5 ਕਿਤਾਬਾਂ ਵੀ ਛਪੀਆਂ। ‘ਹਰਫ਼ ਹਮੇਸ਼, ਹਰਫ਼ਾਂ ਦੇ ਆਰ-ਪਾਰ, ਖ਼ਬਰ ਹਮੇਸ਼, ਆਦਿ ਆਦਿ ਕਿਤਾਬਾਂ ਪਾਠਕਾਂ ਦੀ ਝੋਲੀ ਪਈਆਂ। ਪੰਜਾਬੀ ਮਾਂ ਬੋਲੀ ਦੀ ਇਸ ਤੋਂ ਅਨੋਖੀ ਸੇਵਾ ਹੋਰ ਕੀ ਹੋ ਸਕਦੀ ਹੈ। -ਟ੍ਰਿਬਿਊਨ ਟਰੱਸਟ ਵੱਲੋਂ ਹਰ ਤਰ੍ਹਾਂ ਦੀ ਖੁੱਲ- ਵਰਿੰਦਰ ਸਿੰਘ ਵਾਲੀਆ ਹੋਰੀਂ ਕਹਿੰਦੇ ਹਨ ਕਿ ‘ਉਨ੍ਹਾਂ ਜਦੋਂ ਤੋਂ ਟ੍ਰਿਬਿਊਨ ਗਰੁੱਪ ਦੀ ਪੱਤਰਕਾਰੀ ਕਰਨੀ ਸ਼ੁਰੂ ਕੀਤੀ। ਉਸ ਨੂੰ ਤਰੱਕੀਆਂ ਤੋਂ ਲੈ ਕੇ ਹਰ ਤਰ੍ਹਾਂ ਦਾ ਮਾਣ ਸਤਿਕਾਰ ਮਿਲਿਆ। ਕਦੇ ਵੀ ਕੁਝ ਵੀ ਲਿਖਣ ਤੋਂ ਰੋਕਿਆ ਨਹੀਂ ਗਿਆ। ਮੈਂ ਮੁੱਖ ਸੰਪਾਦਕ ਵੀ ਐਨ ਨਰਾਇਣ, ਹਰੀ ਜੈ ਸਿੰਘ, ਐੱਚ ਕੇ ਦੁਆ, ਰਾਜ ਚਿੰਗਪਾ ਅਧੀਨ ਕੰਮ ਕੀਤਾ ਪਰ ਕਿਸੇ ਵੀ ਮੁੱਖ ਸੰਪਾਦਕ ਵੱਲੋਂ ਕਿਸੇ ਵੀ ਰਿਪੋਰਟ ਲਈ ਇਹ ਨਹੀਂ ਕਿਹਾ ਕਿ ਇਹ ਸਹੀ ਨਹੀਂ ਸੀ। ਸਗੋਂ ਹਰ ਇਕ ਰਿਪੋਰਟ ਬਾਰੇ ਸ਼ਾਬਾਸ਼ੀ ਮਿਲਦੀ ਤੇ ਮੇਰਾ ਅੱਗੇ ਹੋਰ ਵਧੀਆ ਕੰਮ ਕਰਨ ਦਾ ਹੌਸਲਾ ਵੀ ਬਣ ਜਾਂਦਾ ਤੇ ਅੱਗੇ ਹੋਰ ਵਧੀਆ ਰਿਪੋਰਟਾਂ ਖੋਜ ਕਰਨ ਵੱਲ ਤੁਰ ਪੈਂਦਾ। ਇਹ ਨਿਖਾਰ ਇਸ ਕਰਕੇ ਆਉਂਦਾ ਗਿਆ ਕਿਉਂਕਿ ਮੇਰੇ ਵੱਲੋਂ ਕੀਤੇ ਕੰਮ ਨੂੰ ਪਾਠਕਾਂ ਵੱਲੋਂ ਤੇ ਅਦਾਰੇ ਵੱਲੋਂ ਕਾਫ਼ੀ ਵੱਡਾ ਹੁੰਗਾਰਾ ਮਿਲ ਰਿਹਾ ਸੀ।’ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਕਰਦਿਆਂ ਵਰਿੰਦਰ ਸਿੰਘ ਵਾਲੀਆ ਹੋਰਾਂ ਨੇ ਦੱਸਿਆ ‘ ਪੰਜਾਬੀ ਟ੍ਰਿਬਿਊਨ ਦੀ ਪਹਿਲਾਂ ਆਮ ਧਾਰਨਾ ਸੀ ਕਿ ਇਹ ਤਾਂ ਸਰਕਾਰੀ ਗਜ਼ਟ ਤੇ ਹੀ ਕੰਮ ਕਰਦਾ ਹੈ। ਪਰ ਮੈਨੂੰ ਅਜਿਹਾ ਕੁਝ ਨਹੀਂ ਲੱਗਾ। ਇਹ ਧਾਰਨਾ ਹੀ ਗ਼ਲਤ ਸੀ। ਪੰਜਾਬੀ ਟ੍ਰਿਬਿਊਨ ਵਿਚ ਸਰਕਾਰ ਦੀਆਂ ਬੇਨਿਯਮੀਆਂ ਦੇ ਪਰਦੇ ਖੋਲ੍ਹਦੀਆਂ ਬਹੁਤ ਸਾਰੀਆਂ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ ਪਰ ਕਦੇ ਵੀ ਟਰੱਸਟ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਦਖ਼ਲ ਅੰਦਾਜ਼ੀ ਨਹੀਂ ਕੀਤੀ ਗਈ। ਲਿਖਣ ਦੀ ਖੁੱਲ ਦਿੱਤੀ ਗਈ, ਤੇ ਲਿਖਿਆ ਵੀ ਗਿਆ। ਵਾਲੀਆ ਹੋਰੀਂ ਅੱਗੇ ਕਹਿੰਦੇ ਹਨ ਕਿ ‘ਪੰਜਾਬੀ ਟ੍ਰਿਬਿਊਨ ਦੀ ਇਕ ਹੋਰ ਧਾਰਨਾ ਸੀ ਕਿ ਇਹ ਤਾਂ ਕਾਮਰੇਡਾਂ ਦਾ ਹੀ ਅਖ਼ਬਾਰ ਹੈ, ਕਿਉਂਕਿ ਨਵੇਂ ਜ਼ਮਾਨੇ ਵਰਗੇ ਅਖ਼ਬਾਰਾਂ ਤੋਂ ਇਸ ਵਿਚ ਆਏ ਹਨ, ਇਸ ਕਰਕੇ ਪੰਜਾਬੀ ਟ੍ਰਿਬਿਊਨ ਵਿਚ ਕਾਮਰੇਡ ਵਿਚਾਰਧਾਰਾ ਭਾਰੂ ਹੈ, ਪਰ ਇਹ ਧਾਰਨਾ ਵੀ ਬਿਲਕੁਲ ਗ਼ਲਤ ਸਾਬਤ ਹੋਈ। ਮੈਂ ਲੋੜ ਅਨੁਸਾਰ ਲਗਾਤਾਰ ਸੰਪਾਦਕੀਆਂ ਵਿਚ ਗੁਰਬਾਣੀ ਦੇ ਮਹਾਂਵਾਕ ਕੋਡ (ਸ਼ਾਮਲ) ਕੀਤੇ। ਸਿੱਖੀ ਨਾਲ ਸਬੰਧਿਤ ਬਹੁਤ ਸਾਰੀਆਂ ਰਿਪੋਰਟਾਂ ਸੰਪਾਦਕੀ ਸਫ਼ਿਆਂ ’ਤੇ ਛਪੀਆਂ, ਪਰ ਕਦੇ ਵੀ ਨਾ ਤਾਂ ਮੈਨੇਜਮੈਂਟ ਨੇ ਨਾ ਹੀ ਟਰੱਸਟ ਨੇ ਦਖ਼ਲ ਅੰਦਾਜ਼ੀ ਕੀਤੀ। ਕੋਈ ਵੀ ਪੱਤਰਕਾਰ ਕੋਈ ਸੰਪਾਦਕ ਜੇਕਰ ਚੰਗੀ ਨੀਅਤ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਕੋਈ ਵੀ ਨਹੀਂ ਰੋਕਦਾ, ਪਰ ਜੇਕਰ ਸੰਪਾਦਕ ਵਿਚ ਜਾਂ ਪੱਤਰਕਾਰ ਵਿਚ ਹਮੇਸ਼ਾ ਹੀ ਭਾਵਨਾ ਪੱਖਪਾਤ ਦੀ ਹੀ ਹੋਵੇ ਤਾਂ ਰੋਕਣਾ ਸੰਭਵ ਹੈ ਤੇ ਉਹ ਸੰਪਾਦਕ ਵੀ ਪੱਖਪਾਤ ਦਾ ਹਾਮੀ ਗਿਣਿਆ ਜਾਵੇਗਾ। ਨਿਰਪੱਖ ਹੋਕੇ ਕੰਮ ਕਰਨਾ, ਚੰਗੀ ਨੀਅਤ ਨਾਲ ਕੰਮ ਕਰਨਾ ਤਾਂ ਚਰਚਾ ਵੀ ਹੁੰਦੀ ਹੈ ਤੇ ਸ਼ਾਬਸ਼ੀ ਵੀ ਮਿਲਦੀ ਹੈ। ਉਸ ਵੇਲੇ ਪੰਜਾਬੀ ਟ੍ਰਿਬਿਊਨ ਦਾ ਮਾਲਵਾ ਐਡੀਸ਼ਨ ਤਾਂ ਚੱਲ ਹੀ ਰਿਹਾ ਸੀ ਪਰ ਮਾਝਾ ਤੇ ਦੁਆਬਾ ਦੇ ਨਵੇਂ ਐਡੀਸ਼ਨ ਵੀ ਸ਼ੁਰੂ ਕੀਤੇ।’ ਵਾਲੀਆਂ ਹੋਰਾਂ ਦੇ ਕੰਮ ਕਰਨ ਦਾ ਇਹ ਹੀ ਨਤੀਜਾ ਹੈ ਕਿ ਵਰਿੰਦਰ ਸਿੰਘ ਵਾਲੀਆ ਹੋਰਾਂ ਨੂੰ ਸਮੇਂ ਤੋਂ ਪਹਿਲਾਂ (ਆਊਟ ਆਫ਼ ਟਰਨ) ਤਰੱਕੀਆਂ ਮਿਲਦੀਆਂ ਰਹੀਆਂ। ਪੰਜ ਸਾਲ ਤੋਂ ਪਹਿਲਾਂ ਸੀਨੀਅਰ ਸਟਾਫ਼ ਰਿਪੋਰਟਰ ਨਹੀਂ ਬਣ ਸਕਦਾ ਪਰ ਵਾਲੀਆ ਹੋਰਾਂ ਨੂੰ ਸਮੇਂ ਤੋਂ ਪਹਿਲਾਂ ਹੀ ਸੀਨੀਅਰ ਸਟਾਫ਼ ਰਿਪੋਰਟਰ ਬਣਾਇਆ ਗਿਆ। ਇਕ ਵਾਰ ਤਾਂ ਤਿੰਨ ਇੰਕਰੀਮੈਂਟ ਨਾਲ ਸਿੱਧੀ ਤਰੱਕੀ ਦਿੱਤੀ ਗਈ, ਜੋ ਮਿਸਾਲ ਹੈ। -ਕੋਰਟ ਕੇਸ ਧਮਕੀਆਂ- ਜਦੋਂ ਲਸ਼ਕਰੇ ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ਦੀਆਂ ਖ਼ਬਰਾਂ/ਰਿਪੋਰਟਾਂ ਅੰਗਰੇਜ਼ੀ ‌ਟ੍ਰਿਬਿਊਨ ਵਰਗੇ ਵੱਡੇ ਅਖ਼ਬਾਰ ਵਿਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਤਾਂ ਧਮਕੀਆਂ ਆਉਣੀਆਂ ਸੁਭਾਵਕ ਹਨ। ਪਰ ਕਦੇ ਡਰ ਕੇ ਪੱਤਰਕਾਰੀ ਨਹੀਂ ਕੀਤੀ। ਨਿਡਰਤਾ ਨਾਲ ਪੱਤਰਕਾਰੀ ਕਰਦਿਆਂ ਕਈ ਦੁਸ਼ਵਾਰੀਆਂ ਵੀ ਸਾਹਮਣੇ ਆਉਂਦੀਆਂ ਸਨ ਪਰ ਨਵੀਂ ਸਵੇਰ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਜਾਂਦੀ। ਤੇ ਨਾਲ ਹੀ ਖਾੜਕੂਵਾਦ ਦੀ ਪੱਤਰਕਾਰੀ ਵੀ ਕੀਤੀ ਗਈ ਤਾਂ ਵੀ ਧਮਕੀਆਂ ਆਉਣੀਆਂ ਲਾਜ਼ਮੀ ਸਨ। ਬੀਬੀ ਜਗੀਰ ਕੌਰ ਬਾਰੇ ਬੇਨਿਯਮੀਆਂ ਦੇ ਪਰਦੇ ਖੰਘਾਲਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਉਸ ਵੇਲੇ ਬੀਬੀ ਨੇ 2 ਕਰੋੜ ਦਾ ਕੋਰਟ ਨੋਟਿਸ ਭੇਜਿਆ ਸੀ। ਇਕ ਅੰਮ੍ਰਿਤਸਰ ਦਾ ਮੇਅਰ ਹੁੰਦਾ ਸੀ ਸੁਭਾਸ਼ ਸ਼ਰਮਾ! ਉਸ ਦੀ ਹੋਟਲਾਂ ਵਿਚ ਰੰਗ ਰਲ਼ੀਆਂ ਮਨਾਉਣ ਦੀ ਰਿਪੋਰਟ ਪ੍ਰਕਾਸ਼ਿਤ ਹੋਈ ਸੀ, ਉਹ ਦੂਜੇ ਦਿਨ ਹੀ ਮੇਅਰ ਸਿੱਪ ਤੋਂ ਉਤਾਰ ਦਿੱਤਾ ਗਿਆ ਸੀ, ਉਸ ਨੇ ਵੀ ਇਕ ਕਰੋੜ ਦਾ ਨੋਟਿਸ ਭੇਜਿਆ ਸੀ। ਬਹੁਤ ਸਾਰੇ ਨੋਟਿਸ ਆਉਂਦੇ ਸਨ, ਮੁੱਖ ਸੰਪਾਦਕ ਕੋਲ ਵੀ ਕੋਰਟ ਨੋਟਿਸ ਭੇਜੇ ਜਾਂਦੇ ਸਨ ਪਰ ਕਦੇ ਵੀ ਕਿਸੇ ਵੀ ਨੋਟਿਸ ਨੇ ਸਟੈਂਡ ਨਹੀਂ ਕੀਤਾ। ਵਾਲੀਆ ਹੋਰੀਂ ਕਹਿੰਦੇ ਹਨ ਕਿ ‘ਜਦੋਂ ਵੀ ਕੋਈ ਨੋਟਿਸ ਆਉਂਦਾ ਸੀ ਤਾਂ ਕਦੇ ਵੀ ਮੁੱਖ ਸੰਪਾਦਕ ਨੇ ਉਸ ਨੂੰ ਪੁੱਛਿਆ ਵੀ ਨਹੀਂ ਕਿ ਇਹ ਨੋਟਿਸ ਕਿਉਂ ਆਇਆ? ਅਦਾਰੇ ਨੇ ਲੀਗਲ ਨੋਟਿਸ ਬਾਰੇ ਉਸ ਨੂੰ ਕਦੇ ਵੀ ਚਿੰਤਾ ਨਹੀਂ ਦਿੱਤੀ ਨਾ ਹੀ ਉਸ ਨੂੰ ਕੋਈ ਫ਼ਿਕਰ ਸੀ। ਇਸੇ ਕਰਕੇ ਕਿਸੇ ਨੋਟਿਸ ਨੇ ਮੇਰੀ ਪੱਤਰਕਾਰੀ ਵਿਚ ਖੜੋਤ ਨਹੀਂ ਆਉਣ ਦਿੱਤੀ।’ ਪਰ ਕੁਝ ਅਖ਼ਬਾਰਾਂ ਵਿਚ ਤਾਂ ਇਹ ਵੀ ਹੁੰਦਾ ਰਿਹਾ ਅਤੇ ਹੋ ਰਿਹਾ ਹੈ ਕਿ ਇਕ ਅਸਿਸਟੈਂਟ ਪ੍ਰੋਫੈਸਰ ਵੀ ਜੇਕਰ ਸੰਪਾਦਕ ਨੂੰ ਫ਼ੋਨ ਤੇ ਕਿਸੇ ਪੱਤਰਕਾਰ ਬਾਰੇ ਕੋਈ ਸ਼ਿਕਾਇਤੀ ਭਾਸ਼ਾ ਵਰਤ ਲਵੇ ਤਾਂ ਪੱਤਰਕਾਰ ਨੂੰ ਸਵਾਲ ਬਾਅਦ ਵਿਚ ਪੁੱਛੇ ਜਾਂਦੇ ਹਨ ਉਸ ਦੀਆਂ ਖ਼ਬਰਾਂ ਅਖ਼ਬਾਰ ਵਿਚ ਲੱਗਣ ਤੋਂ ਰੋਕੀਆਂ ਜਾਂਦੀਆਂ ਹਨ। ਪੱਤਰਕਾਰੀ ਦੇ ਨਿਘਾਰ ਦਾ ਇਕ ਕਾਰਨ ਇਹ ਵੀ ਹੈ। ਇਸੇ ਕਰਕੇ ਅਜੋਕੇ ਸਮੇਂ ਵਿਚ ‘ਸ਼ਨਾਖ਼ਤੀ ਕਾਰਡ ਪੱਤਰਕਾਰ’ ਜਾਂ ਫਿਰ ‘ਪ੍ਰੈੱਸ ਨੋਟ ਪੱਤਰਕਾਰ’ ਜਾਂ ਫਿਰ ‘ਬਿਜ਼ਨਸਮੈਨ ਪੱਤਰਕਾਰ ’ਦੀ ਹੀ ਭੀੜ ਨਜ਼ਰ ਆ ਰਹੀ ਹੈ। -ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣੇ-
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹੋਣ ਤੋਂ ਪਹਿਲਾਂ ਤੋਂ ਲੈ ਕੇ ਜਿਹੋ ਜਿਹੀ ਪੱਤਰਕਾਰੀ ਵਰਿੰਦਰ ਸਿੰਘ ਵਾਲੀਆ ਹੋਰਾਂ ਨੇ ਕੀਤੀ, ਇਸ ਦੀ ਸਿੱਖਿਆ ਜੇਕਰ ਪੱਤਰਕਾਰਤਾ ਦੀ ਪੜਾਈ ਕਰ ਰਹੇ ਵਿ‌ਦਿਆਰਥੀਆਂ ਦੇ ਹਵਾਲੇ ਕਰ ਦਿੱਤੀ ਜਾਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਹੋਰਾਂ ਦੇ ਪ੍ਰਬੰਧ ਨੇ ਇਹ ਕਮਾਲ ਕਰ ਵਿਖਾਇਆ ਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਸੇਵਾ ਮੁਕਤ ਹੋਣ ਤੋਂ ਤੁਰੰਤ ਬਾਦ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰਤਾ ਵਿਭਾਗ ਵਿਚ ਪ੍ਰੋਫੈਸਰ ਨਿਯੁਕਤ ਕਰ ਦਿੱਤੇ ਗਏ। ਪੱਤਰਕਾਰਤਾ ਦੀ ਪੜਾਈ ਕਰ ਰਹੇ ਪੱਤਰਕਾਰਾਂ ਲਈ ਇਹ ਚੰਗਾ ਸਮਾਂ ਸੀ ਕਿ ਉਹ ਵਾਲੀਆ ਹੋਰਾਂ ਦੀ ਕਾਬਲੀਅਤ ਦਾ ਲਾਭ ਉਠਾਉਂਦੇ। ਇਸੇ ਵੇਲੇ ਵਰਿੰਦਰ ਵਾਲੀਆ ਹੋਰਾਂ ਦਾ ਨਾਵਲ ‘ਤਨਖ਼ਾਹੀਏ’ ਵੀ ਪ੍ਰਕਾਸ਼ਿਤ ਹੋਇਆ, ਜਿਸ ਦੀ ਕਾਫ਼ੀ ਚਰਚਾ ਹੈ ਤੇ ਉਸ ਦੇ ਤਿੰਨ ਐਡੀਸ਼ਨ ਛਪ ਚੁੱਕੇ ਹਨ। ਜੋ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਰਿਹਾ ਹੈ। -ਪੰਜਾਬੀ ਜਾਗਰਣ ਵਿਚ ਸੰਪਾਦਕ ਬਣਨਾ-
ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰਤਾ ਵਿਭਾਗ ਵਿਚ ਬਤੌਰ ਪ੍ਰੋਫੈਸਰ ਕੰਮ ਕਰ ਰਹੇ ਸਨ। ਕਿ ਅਚਾਨਕ ਹੀ ਪੰਜਾਬੀ ਜਾਗਰਣ ਦਾ ਬੁਲਾਵਾ ਆ ਗਿਆ। ਦੋਵਾਂ ਵਿਚੋਂ ਇਕ ਚੁਣਨਾ ਸੀ ਪਰ ਪੱਤਰਕਾਰਤਾ ਵਿਚ ਹੋਰ ਵੀ ਵੱਡੇ ਕੰਮ ਕੀਤੇ ਜਾ ਸਕਦੇ ਹਨ ਇਸ ਕਰਕੇ ‘ਪੰਜਾਬੀ ਜਾਗਰਣ’ ਵਿਚ ਬਤੌਰ ਸੰਪਾਦਕ 2016 ਵਿਚ ਜੁਆਇਨ ਕਰ ਲਿਆ। ਪੰਜਾਬੀ ਜਾਗਰਣ ਦੀ ਇਹ ਧਾਰਨਾ ਬਣਾਈ ਜਾ ਰਹੀ ਸੀ ਕਿ ਇਹ ‘ਹਿੰਦੂ ਪੱਖੀ’ ਅਖ਼ਬਾਰ ਹੈ। ਪਰ ਵਰਿੰਦਰ ਸਿੰਘ ਵਾਲੀਆ ਅਨੁਸਾਰ ਇਹ ਧਾਰਨਾ ਗ਼ਲਤ ਸਾਬਤ ਹੋਈ। ਇਸ ਅਖ਼ਬਾਰ ਵਿਚ ਬਹੁਤ ਸਾਰੇ ਸਿੱਖ ਮੁੱਦੇ ਉਭਾਰੇ ਗਏ, ਪੱਤਰਕਾਰੀ ਦੇ ਆਦਰਸ਼ਾਂ ਅਨੁਸਾਰ ਪੰਜਾਬੀ ਪੱਤਰਕਾਰੀ ਕਰਦਿਆਂ ਕਦੇ ਵੀ ਕਿਸੇ ਨੇ ਨਹੀਂ ਰੋਕਿਆ। ਇੱਥੇ ਦਸਤਾਰ ਸਜਾਉਣ ਦੇ ਮੁਕਾਬਲੇ ਸ਼ੁਰੂ ਹੋਏ, ‘ਮਾਂ ਬੋਲੀ ਲਹਿਰ : ਪਿੰਡ ਪਿੰਡ ਸ਼ਹਿਰ ਸ਼ਹਿਰ’ ਸ਼ੁਰੂ ਕੀਤੀ ਗਈ। ਕਲਮਾ ਦਾ ਕਾਫ਼ਲਾ ਸ਼ੁਰੂ ਕੀਤਾ ਗਿਆ। ਇਕ ਵਾਰੀ ਸਟੇਜ ਤੇ ਬੋਲਦਿਆਂ ਡਾ. ਐਸਪੀ ਸਿੰਘ ਨੇ ਕਿਹਾ ‘ਵਰਿੰਦਰ ਸਿੰਘ ਵਾਲੀਆ ਇਕੱਲਾ ਅਖ਼ਬਾਰ ਹੀ ਨਹੀਂ ਚਲਾ ਰਿਹਾ ਸਗੋਂ ਇਹ ਨਾਲੋ ਨਾਲ ਸਮਾਜਕ ਚੇਤਨਾ ਦੀ ਲਹਿਰ ਵੀ ਚਲਾ ਰਿਹਾ ਹੈ’। -ਵਰਿੰਦਰ ਵਾਲੀਆ ਦੀ ਪ੍ਰੇਰਣਾ ਸਦਕਾ-
ਵਰਿੰਦਰ ਵਾਲੀਆ ਦੀ ਪ੍ਰੇਰਣਾ ਸਦਕਾ ਬਹੁਤ ਸਾਰੇ ਲੇਖਕਾਂ ਨੇ ਲਿਖਣਾ ਸ਼ੁਰੂ ਕੀਤਾ, ਪੱਤਰਕਾਰੀ ਵਿਚ ਪਰਪੱਕਤਾ ਲਿਆਂਦੀ। ਪਰ ਕਮਾਲ ਉਦੋਂ ਹੋਇਆ ਜਦੋਂ ਪਦਮ ਸ੍ਰੀ ਰਾਗੀ ਨਿਰਮਲ ਸਿੰਘ ਖ਼ਾਲਸਾ ਵਰਗੇ ਘੱਟ ਪੜੇ ਲਿਖੇ ਵਿਅਕਤੀ ਨੂੰ ਵੀ ਪ੍ਰੇਰਣਾ ਦੇ ਕੇ ਕਿਤਾਬਾਂ ਲਿਖਾਈਆਂ ਗਈਆਂ। ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ ਉਂਜ ਪੜੇ ਘੱਟ ਸਨ ਪਰ ਗੂੜ੍ਹੇ ਜ਼ਿਆਦਾ ਸਨ। ਵਰਿੰਦਰ ਸਿੰਘ ਵਾਲੀਆ ਹੋਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਚੰਗਾ ਲਿਖ ਸਕਦੇ ਹੋ, ਰਾਗਾਂ ਬਾਰੇ ਲਿਖੋ, ਤਾਂ ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ ਨੇ ਤਿੰਨ ਕਿਤਾਬਾਂ ਰਾਗਾਂ ਨਾਲ ਸਬੰਧਿਤ, ਕੀਰਤਨੀ ਹਜ਼ੂਰੀ ਰਾਗੀਆਂ ਬਾਰੇ ਪਾਠਕਾਂ ਤੇ ਰਾਗ ਪ੍ਰੇਮੀਆਂ ਦੀ ਝੋਲੀ ਪਾਈਆਂ। -ਪਰਿਵਾਰ-
ਵਰਿੰਦਰ ਸਿੰਘ ਵਾਲੀਆ ਹੋਰਾਂ ਦੀ ਧਰਮ ਪਤਨੀ ਸ੍ਰੀ ਮਤੀ ਅਮਰਜੀਤ ਕੌਰ ਹੋਰਾਂ ਨੇ ਉਨ੍ਹਾਂ ਦਾ ਹਮੇਸ਼ਾ ਬੜਾ ਹੀ ਸਕਾਰਾਤਮਿਕ ਸਾਥ ਦਿੱਤਾ।
ਉਨ੍ਹਾਂ ਦੀ ਬੇਟੀ ਅਵਿੰਦਰ ਕੌਰ ਵਾਲੀਆ ਕੈਨੇਡਾ ਵਿਚ ਇਕ ਐਮਐਨਸੀ ਕੰਪਨੀ ਵਿਚ ਕੰਮ ਕਰ ਰਹੀ ਹੈ ਤੇ ਜਵਾਈ ਸਵਨੀਤ ਸਿੰਘ ਵੀ ਕੈਨੇਡਾ ਵਿਚ ਹੀ ਇਕ ਐਮਐਨਸੀ ਵਿਚ ਹੈ। ਪੁੱਤਰ ਵਰਜੀਤ ਵਾਲੀਆ ਦਾ ਵਿਆਹ ਹੁਣੇ ਹੀ ਕੀਤਾ ਹੈ। ਉਨ੍ਹਾਂ ਆਈਏਐਸ ਦਾ ਭਾਰਤ ਭਰ ਵਿਚੋਂ 21ਵਾਂ ਸਥਾਨ ਹਾਸਲ ਕੀਤਾ ਤੇ ਅੱਜ ਕੱਲ੍ਹ ਉਹ ਸੰਗਰੂਰ ਵਿਚ ਏਡੀਸੀ ਦੀ ਸੇਵਾ ਨਿਭਾ ਰਹੇ ਹਨ। ਨੂੰਹ ਰਾਣੀ ਬੇਟੀ ਤਾਨੀਆ ਬੈਂਸ ਨੇ ਆਈਆਰਐਸ ਕੀਤੀ। ਉਹ ਉਸ ਵੇਲੇ ਕਾਫ਼ੀ ਚਰਚਾ ਵਿਚ ਆਈ ਸੀ ਜਦੋਂ ਜੀਐਸਟੀ ਦੇ ਸਬੰਧ ਵਿਚ ਕਈ ਸਾਰੇ ਟੈਕਸ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਤੇ ਜੀਐਸਟੀ ਦਿਵਸ ਮੌਕੇ ਭਾਰਤ ਸਰਕਾਰ ਨੇ ਉਸ ਨੂੰ ਸਨਮਾਨਿਤ ਵੀ ਕੀਤਾ ਸੀ।
-ਸਿਰਜਣਾ ਦਾ ਵਿਸਥਾਰ-
ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਜਿਨ੍ਹਾਂ ਵਿਚ ਖ਼ਬਰਨਾਮਾ, ਰੁੱਖਾਂ ਦੀ ਦਾਸਤਾਨ, ਹਰਫ਼ਾਂ ਦੇ ਆਰ-ਪਾਰ, ਹਰਫ਼ ਹਮੇਸ਼, ਅਜੋਕੇ ਸਿੱਖ ਸਰੋਕਾਰ, ਜੁਗਨੂਆਂ ਦਾ ਸਿਰਨਾਵਾਂ, ਖ਼ਬਰਾਂ ਦੇ ਆਰ-ਪਾਰ, ਤਨਖ਼ਾਹੀਏ, ਪੈੜੋਂ ਕੀ ਦਾਸਤਾਨ (ਹਿੰਦੀ, Amritsar- A City of Glorious Legacy, ਕਿਤਾਬਾਂ ਛਪ ਚੁੱਕੀਆਂ ਹਨ।
ਸੂਚਨਾ ਅਫ਼ਸਰ ਦੇ ਤੌਰ ਤੇ -ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (1986 ਤੋਂ 1991 ਤੱਕ, ਦਾ ਟ੍ਰਿਬਿਊਨ ਦੇ ਸਪੈਸ਼ਲ ਕਾਰਸਪਾਂਡੈਂਟ 1992 ਤੋਂ 2009 ਤੱਕ। -ਸੰਪਾਦਕ-ਪੁਲਾਂਘ (ਮਾਸਿਕ) 1980, Editor : Advance-1987, ਸੰਪਾਦਕ : ਪੰਜਾਬੀ ਟ੍ਰਿਬਿਊਨ 2009 ਤੋਂ 2014... ਇਸ ਤੋਂ ਇਲਾਵਾ ਵਰਿੰਦਰ ਸਿੰਘ ਵਾਲੀਆ ਬਾਰੇ ਵੀ ਲਿਖੀ ਇਕ ਕਿਤਾਬ ਮਿਲਦੀ ਹੈ-ਵਰਿੰਦਰ ਵਾਲੀਆ ਦਾ ਕਥਾ ਜਗਤ / ਸੰਪਾਦਕ, ਹਰਮੀਤ ਸਿੰਘ । ਵਾਲੀਆ ਹੋਰਾਂ ਬਾਰੇ ਹੋਰ ਜਾਣਨਾ ਹੋਵੇ ਤਾਂ ਇਹ ਕਿਤਾਬ ਪੜ੍ਹੀ ਜਾ ਸਕਦੀ ਹੈ। -ਵਰਿੰਦਰ ਵਾਲੀਆ ਦੀ ਸਿਰਜਣਾ ਬਾਰੇ ਉੱਘੇ ਕਵੀ ਸੁਰਜੀਤ ਪਾਤਰ ਦਾ ਕੀ ਕਹਿਣਾ-
ਵਰਿੰਦਰ ਵਾਲੀਆ ਦੀ ਵਾਰਤਕ ਜਾਨ ਨੂੰ ਲਰਜ਼ਾ ਜਾਂਦੀ ਹੈ। ਉਹ ਆਪਣੀ ਰੂਪ ਵਿਚ ਡੁੱਬ ਕੇ ਸੋਚਦਾ ਹੈ ਤੇ ਫਿਰ ਉਸ ਸੋਚ ਨੂੰ ਉਹ ਖ਼ੂਬਸੂਰਤ ਵਾਕਾਂ ਅਤੇ ਪੰਜਾਬ ਦੇ ਸਾਰੇ ਸਮਿਆਂ ਦੀ ਸ਼ਾਇਰੀ ਦੀਆਂ ਕਾਵਿ-ਟੁਕੜੀਆਂ ਨਾਲ ਸਰਗੁਣ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਕਿਸੇ ਸਮਕਾਲੀਨ ਮਸਲੇ ਦੇ ਜ਼ਿਕਰ ਨੂੰ ਸਰਬਕਾਲੀ ਬਣਾ ਦਿੰਦਾ ਹੈ ਅਤੇ ਉਹ ਲਿਖਤ ਆਪਣੇ ਸਾਹਿਤਕ ਅੰਦਾਜ਼ ਅਤੇ ਗਹਿਰੀ ਸੋਚ ਸਦਕਾ ਲੰਮੇ ਸਮੇਂ ਤੱਕ ਜਿਊਣ ਜੋਗੀ ਹੋ ਜਾਂਦੀ ਹੈ। ..ਸੁਰਜੀਤ ਪਾਤਰ -ਵਰਿੰਦਰ ਸਿੰਘ ਵਾਲੀਆ ਬਾਰੇ ਅਮਰਜੀਤ ਸਿੰਘ ਵੜੈਚ ਦੇ ਦੋ ਸ਼ਬਦ
(ਅਮਰਜੀਤ ਸਿੰਘ ਵੜੈਚ ਵਰਿੰਦਰ ਸਿੰਘ ਵਾਲੀਆ ਦੇ ਸਾਥੀ 1982 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਜਰਨਲਿਜ਼ਮ ਕਰਨ ਵੇਲੇ ਤੋਂ ਹੀ ਹਨ, ਜਦੋਂ ਵਰਿੰਦਰ ਸਿੰਘ ਵਾਲੀਆ ਹੋਰੀਂ ਲੋਕ ਸੰਪਰਕ ਵਿਭਾਗ ਵਿਚ ਸੂਚਨਾ ਅਫ਼ਸਰ ਬਣੇ ਤਾਂ ਉਸ ਵੇਲੇ ਅਮਰਜੀਤ ਸਿੰਘ ਵੜੈਚ ਵੀ ਨਾਲ ਹੀ ਸੂਚਨਾ ਅਫ਼ਸਰ ਬਣੇ। ਵੜੈਚ ਹੋਰੀਂ ਉਂਜ ਆਪਣੀ ਪੱਤਰਕਾਰੀ ਚੜ੍ਹਦੀਕਲਾ ਤੋਂ ਬਤੌਰ ਨਿਊਜ਼ ਐਡੀਟਰ ਸ਼ੁਰੂ ਕਰ ਚੁੱਕੇ ਸਨ। ਸੂਚਨਾ ਅਫ਼ਸਰ ਬਣਨ ਸਮੇਂ ਹੀ ਅਮਰਜੀਤ ਸਿੰਘ ਵੜੈਚ ਹੋਰਾਂ ਨੇ ਯੂਪੀਐਸਸੀ ਦਾ ਇਕ ਪੇਪਰ ਪਾਸ ਕੀਤਾ ਤੇ ਕੇਂਦਰ ਸਰਕਾਰ ਦੇ ‘ਮਨਿਸਟਰੀ ਆਫ਼ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ’ ਵਿਚ ਨੌਕਰੀ ਹਾਸਲ ਕਰ ਲਈ। ਉਸ ਤੋਂ ਬਾਅਦ ਉਹ ਜਲੰਧਰ ਰੇਡੀਓ ਤੋਂ ਇਲਾਵਾ ਅੰਮ੍ਰਿਤਸਰ, ਪਟਿਆਲਾ, ਜੰਮੂ ਰੇਡੀਓ ਵਿਚ ਕੰਮ ਕਰਦੇ ਰਹੇ। ਜਦੋਂ ਅੰਮ੍ਰਿਤਸਰ ਰੇਡੀਓ ਵਿਚ ਵੜੈਚ ਹੋਰੀਂ ਕੰਮ ਕਰ ਰਹੇ ਸਨ ਐਨ ਉਸੇ ਵੇਲੇ ਅੰਗਰੇਜ਼ੀ ਟ੍ਰਿਬਿਊਨ ਵਿਚ ਵਰਿੰਦਰ ਸਿੰਘ ਵਾਲੀਆ ਹੋਰੀਂ ਵੀ ਅੰਮ੍ਰਿਤਸਰ ਵਿਚ ਹੀ ਸਰਗਰਮ ਪੱਤਰਕਾਰੀ ਕਰ ਰਹੇ ਸਨ। ਉਹ ਵਰਿੰਦਰ ਵਾਲੀਆ ਬਾਰੇ ਕੀ ਕਹਿੰਦੇ ਹਨ :- ਵਰਿੰਦਰ ਵਾਲੀਆ ਸਿਰਫ਼ ਇਕ ਹੀ ਹੈ : ਕਹਾਣੀਕਾਰ, ਨਾਵਲਕਾਰ ਤੇ ਸਮੇਂ ਤੋਂ ਅੱਗੇ ਚੱਲਣ ਵਾਲ਼ਾ ਪੱਤਰਕਾਰ । ਸ਼ਬਦਾਂ ਤੇ ਵਾਕਾਂ ਨਾਲ਼ ਹਾਕੀ ਦੇ ਜਾਦੂਗਰ ਧਿਆਨ ਚੰਦ ਵਾਂਗ ਡਰਿਬਲਿੰਗ ਕਰਦਾ ਕਰਦਾ ਪਾਠਕ ਦੇ ਧੁਰ ਅੰਦਰ ਜਾ ਗੜ੍ਹਕਦਾ ਹੈ । ਸ਼ਬਦਾਂ ਦਾ ਸੌਦਾਗਰ ਵੀ ਹੈ ਤੇ ਸਹਿਨਸ਼ਾਹ ਵੀ । ਦਿਲ ਦਾ ਵੀ ਸ਼ਹਿਨਸ਼ਾਹ ਹੈ, ਪੈਸੇ ਦੀ ਕੋਈ ਪ੍ਰਵਾਹ ਨਹੀਂ ਕਰਦਾ । ਰਿਸ਼ਤਿਆਂ ਅਤੇ ਯਾਰਾਂ ਲਈ ਜਾਨ ਵਾਰ ਦਿੰਦਾ ਹੈ ਪਰ ਉਹਦੇ ਆਪਣੇ ਅਸੂਲਾਂ ਅੱਗੇ ਕੋਈ ਟਿਕ ਨਹੀਂ ਸਕਦਾ । ਘੱਟ ਬੋਲਦਾ ਹੈ ਜਿਸ ਕਰਕੇ ਉਹਦੇ ਮਨ ਨੂੰ ਪੜ੍ਹਨਾ ਮੁਸ਼ਕਿਲ ਹੁੰਦਾ ਹੈ । ਵਰਿੰਦਰ ਬਾਲ ਵਰੇਸੇ ਹੀ ਸਾਹਿਤਕਾਰ ਬਣ ਗਿਆ ਤੇ ਲੇਖਕਾਂ ਤੇ ਕਲਾਕਾਰਾਂ ਦੀ ਨਗਰੀ ਜੋ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵਸਾਈ ਸੀ 'ਚ ਰਹਿ ਕੇ ਓਹਦੇ 'ਤੇ ਵੱਡੇ-ਵੱਡੇ ਲੇਖਕਾਂ ਦੀ ਪਾਣ ਚੜ੍ਹ ਗਈ । ਮਨ ਦਾ ਹਾਲੇ ਵੀ ਬੱਚਾ ਹੈ ਕਈ ਵਾਰ ਯਾਰਾਂ ਨਾਲ਼ ਨਿੱਕੀ ਜਿਹੀ ਗੱਲ 'ਤੇ ਹੀ ਰੁੱਸ ਜਾਂਦਾ ਹੈ ਜੋ ਉਹਦੇ ਪਿਆਰ ਦਾ ਇਕ ਵੱਖਰਾ ਢੰਗ ਹੈ । ਵਰਿੰਦਰ ਨੇ ਨਵੇਂ ਲੇਖਕਾਂ ਨੂੰ ਹੱਥ ਫੜ੍ਹਕੇ ਸਿਖਾਇਆ ਤੇ ਕਈ ਸਿਖਾਂਦਰੂ ਪੱਤਰਕਾਰਾਂ ਨੂੰ ਘੰਧੇੜੇ ਚੁੱਕ ਕੇ ਵੀ ਟੀਸੀ 'ਤੇ ਪਹੁੰਚਾ ਦਿੱਤਾ । ਉਹਦੀ ਲੇਖਣੀ ਦਾ ਅਨੰਦ ਮਾਨਣਾ ਹੋਵੇ ਤਾਂ ਉਹਦੀਆਂ ਕਹਾਣੀਆਂ ਪੜ੍ਹੋ ਉਹਦੀ ਕਲਮ ਦੀ ਸੱਚ ਲਿਖਣ ਵਾਲ਼ੀ ਸ਼ਕਤੀ ਵੇਖਣ ਲਈ ਉਹਦਾ ਨਾਵਲ 'ਤਨਖ਼ਾਹੀਏ' ਪੜ੍ਹ ਲਵੋ । ਉਹ ਅੰਤਰਮੁਖੀ ਕਵੀ ਵੀ ਹੈ ਪਰ ਹਾਂ ਉਸ ਦੀਆਂ ਰਚਨਾਵਾਂ ਨੇ ਮੈਨੂੰ ਜ਼ਰੂਰ ਕਵੀ ਬਣਾ ਦਿੱਤਾ ਹੈ ।
... ਅਮਰਜੀਤ ਸਿੰਘ ਵੜੈਚ ... 7 ਨਵੰਬਰ 2022 -ਸਨਮਾਨ-
ਬਾਬਾ ਬੁੱਲ੍ਹੇ ਸ਼ਾਹ ਐਵਾਰਡ ਫ਼ਾਰ ਮੀਡੀਆ (2006) ; ਚੀਫ਼ ਖ਼ਾਲਸਾ ਦੀਵਾਨ ਐਵਾਰਡ; ਪਰਵਾਸੀ ਮੀਡੀਆ ਪੁਰਸਕਾਰ, ਕੈਨੇਡਾ (2010)। ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰੀ ਪੁਰਸਕਾਰ (2014) -ਕਮੀਆਂ- ਪੱਤਰਕਾਰੀ ਦਾ ਐਨਾ ਲੰਬਾ ਸਫ਼ਰ ਤਹਿ ਕਰਨਾ ਕੋਈ ਆਮ ਗੱਲ ਨਹੀਂ, ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿਚ ਚੁੱਭੇ ਵੀ ਹੋਣਗੇ। ਬਹੁਤ ਸਾਰੇ ਲੋਕਾਂ ਨੂੰ ਕਮੀਆਂ ਵੀ ਨਜ਼ਰ ਆਈਆਂ ਹੋਣਗੀਆਂ। ਮੌਕੇ ਦਾ ਸਹੀ ਲਾਭ ਉਠਾਉਣਾ ਵਰਿੰਦਰ ਸਿੰਘ ਵਾਲੀਆ ਨੂੰ ਆਉਂਦਾ ਹੈ। ਇਸ ਨੂੰ ਕੁਝ ਲੋਕ ਵਰਿੰਦਰ ਸਿੰਘ ਵਾਲੀਆ ਦੀਆਂ ਕਮੀਆਂ ਵਿਚ ਗਿਣਦੇ ਹਨ। ਵਿਅਕਤੀ ਜਦੋਂ ਲੋਕਾਂ ਦੀਆਂ ਨਜ਼ਰਾਂ ਵਿਚ ਆਉਂਦਾ ਹੈ ਤਾਂ ਉਸ ਪ੍ਰਤੀ ਵੱਖੋ ਵੱਖਰੀਆਂ ਧਾਰਨਾਵਾਂ ਬਣਦੀਆਂ ਹਨ, ਉਹ ਲੋਕਾਂ ਦੀਆਂ ਨਜ਼ਰਾਂ ਤੇ ਖ਼ਿਆਲਾਂ ਦੀ ਹੀ ਉਪਜ ਹੁੰਦੀ ਹੈ, ਵਿਅਕਤੀ ਇਕ ਹੀ ਹੁੰਦਾ ਹੈ ਪਰ ਉਸ ਵਿਅਕਤੀ ਲਈ ਲੋਕਾਂ ਦੀਆਂ ਧਾਰਨਾਵਾਂ ਵੱਖੋ ਵੱਖਰੀਆਂ ਹੁੰਦੀਆਂ ਹਨ। ਵਰਿੰਦਰ ਸਿੰਘ ਵਾਲੀਆ ਬਾਰੇ ਵੀ ਇੰਜ ਲੋਕ ਵੱਖੋ ਵੱਖਰੇ ਤਰੀਕੇ ਨਾਲ ਸੋਚਦੇ ਹੋਣਗੇ। ਵਰਿੰਦਰ ਸਿੰਘ ਵਾਲੀਆ ਬਾਰੇ ਕਿਤਾਬ ਲਿਖੀ ਜਾ ਸਕਦੀ ਹੈ, ਪਰ ਬਹੁਤ ਕੁਝ ਚਰਚਾ ਕਰਨਾ ਰਹਿ ਗਿਆ ਹੈ, ਬਹੁਤ ਕੁਝ ਲਿਖਣਾ ਰਹਿ ਗਿਆ ਹੈ। ਉਸ ਵਿਚ ਵਰਿੰਦਰ ਸਿੰਘ ਵਾਲੀਆ ਦੀ ਜ਼ਿੰਦਗੀ ਦੇ ਅਣਛੁਹੇ ਤੱਥ ਵੀ ਹਨ। ਬਹੁਤ ਸਾਰੇ ਚੰਗੇ ਪੱਖ ਤੇ ਬਹੁਤ ਸਾਰੇ ਮਾੜੇ ਪੱਖ ਵੀ ਰਹਿ ਗਏ ਹੋਣਗੇ। ਮੈਨੂੰ ਪਤਾ ਕਿ ਅਜਿਹੇ ਪੱਤਰਕਾਰ ਬਾਰੇ ਲਿਖਣਾ ਮੇਰੇ ਲਈ ਸੌਖਾ ਨਹੀਂ ਸੀ। ਇਸ ਲਈ ਮਾਫ਼ੀ ਚਾਹੁੰਦਾ ਹਾਂ। ਜੋ ਲਿਖਿਆ ਹੈ ਉਹ ਪ੍ਰਵਾਨ ਕਰਨਾ, ਮੈਂ ਵਰਿੰਦਰ ਸਿੰਘ ਵਾਲੀਆ ਵਰਗੇ ਪੱਤਰਕਾਰ ਦੀ ਲੰਬੀ ਤੰਦਰੁਸਤੀ ਭਰੀ ਉਮਰ ਦੀ ਵਾਹਿਗੁਰੂ ਅੱਗੇ ਕਾਮਨਾ ਕਰਦਾ ਹਾਂ। ਵਾਹਿਗੁਰੂ ਸਦਾ ਇਸ ਪਰਿਵਾਰ ਨੂੰ ਖ਼ੁਸ਼ ਰੱਖੇ.... ਆਮੀਨ... ਗੁਰਨਾਮ ਸਿੰਘ ਅਕੀਦਾ 8146001100

No comments:

Post a Comment