Saturday, November 05, 2022

ਪੰਜਾਬੀ ਪੱਤਰਕਾਰੀ ਦਾ ਇਨਸਾਈਕਲੋਪੀਡੀਆ 85 ਸਾਲਾ ਪੱਤਰਕਾਰ ‘ਜਗੀਰ ਸਿੰਘ ਜਗਤਾਰ’

ਮਰਨ ਤੋਂ ਬਾਅਦ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਕੀ ‘ਜਗਤਾਰ’ ਦੀ ਮੜ੍ਹੀ ਨੂੰ ਦੇਵੇਗੀ ਪੰਜਾਬ ਸਰਕਾਰ?
ਕੁਝ ਪੱਤਰਕਾਰ ਸਾਡੇ ਕੋਲੋਂ ਅਜਿਹੇ ਚਲੇ ਗਏ ਜਾਂ ਜਾਣ ਵਾਲੇ ਹਨ ਜੋ ‘ਸ਼ਬਦ ਦੀ ਧੁੰਨ’ ਵਿਚੋਂ ਨਿਕਲੇ ਹਨ। ਸਮਾਜ ਬਾਰੇ ਦੇਸ਼ ਬਾਰੇ ਕੌਮ ਬਾਰੇ ਬੜਾ ਲਿ‌ਖਿਆ ਉਨ੍ਹਾਂ, ਪਰ ਦੁੱਖ ਨਾਲ ਕਹਿਣਾ ਪੈਂਦਾ ਹੈ, ਕਦੇ ਗੁਰੂ ਜੀ ਗੁਰੂ ਜੀ ਕਹਿਣ ਵਾਲੇ ਲੋਕ ਜਦੋਂ ਉਸ ‘ਸ਼ਬਦ ਦੇ ਧਨੀ’ ਦਾ ਫੋਨ ਵੀ ਚੁੱਕਣਾ ਬੰਦ ਕਰ ਦੇਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਮਾਜ ਨਿਘਾਰ ਵੱਲ ਜਾ ਰਿਹਾ ਹੈ। ਸੰਘਰਸ਼ਾਂ ਵਿਚੋਂ ਨਿਕਲੇ ਪੱਤਰਕਾਰ ਦੀ ਜੀਵਨੀ ਵੱਖਰੀ ਹੁੰਦੀ ਹੈ, ਉਂਜ ਨਜ਼ਰ ਨਹੀਂ ਆਉਂਦੀ ਪਰ ਉਸ ਦੀ ਜ਼ਿੰਦਗੀ ਅੱਗ ਦੇ ਬਲਦੇ ਭਾਂਬੜ ਵਿਚ ਕਾੜ੍ਹੀ ਹੋਈ ਹੁੰਦੀ ਹੈ, ਉਸ ਦੀ ਜ਼ਿੰਦਗੀ ਵਕਤ ਦੀ ਰੌਸ਼ਨੀ ਦੀ ਸਿੰਗਾਰੀ ਹੁੰਦੀ ਹੈ। ਮੌਤ ਤੱਕ ਪੁੱਜਦਿਆਂ ਬੇਸੱਕ ਉਸ ਦੀ ਰੌਸ਼ਨੀ ਲੋਕਾਂ ਦੀਆਂ ਨਜ਼ਰਾਂ ਵਿਚ ਮੱਧਮ ਪੈ ਜਾਵੇ ਪਰ ਉਹ ਅਸਲ ਵਿਚ ਉਨ੍ਹਾਂ ਲੋਕਾਂ ਲਈ ਰਾਹ ਦਸੇਰਾ ਬਣ ਜਾਂਦੀ ਹੈ ਜੋ ਲੋਕ ਕਦਰਾਂ ਕੀਮਤਾਂ ਦੇ ਧਨੀ ਹੁੰਦੇ ਹਨ। ਮੈਂ ਅੱਜ ਗੱਲ ਕਰ ਰਿਹਾ ਹਾਂ ਅਜਿਹੇ ਲੋਕ ਹਿਤ ਨੂੰ ਪ੍ਰਣਾਏ ‘ਕਲਮਾ ਦੀ ਜਰਖੇਜ਼ ਧਰਤੀ’ ਬਰਨਾਲੇ ਦੇ ਰਹਿਣ ਵਾਲੇ 85 ਸਾਲਾ ਪੱਤਰਕਾਰ ‘ਜਗੀਰ ਸਿੰਘ ਜਗਤਾਰ’ ਹੋਰਾਂ ਦੀ। ਬੇਸੱਕ ਮੰਜੇ ਤੇ ਪਿਆ ਪਰ ਜਿਉਂਦਾ ਹੈ, ਜਿਉਂਦਾ ਰਹੇਗਾ। ਪੰਜਾਬ ਸਰਕਾਰ ਨੇ ਉਸ ਨੂੰ 2019 ਵਿਚ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਦੇਣ ਦਾ ਐਲਾਨ ਕੀਤਾ ਹੈ ਪਰ ਮਿੱਤਰ ਸੈਨ ਮੀਤ ਹੋਰਾਂ ਵਲੋਂ ਕੀਤੀ ਅਦਾਲਤੀ ਕਾਰਵਾਈ ਕਰਕੇ ਇਸ ਜ਼ਿੰਦਗੀ ਤੇ ਮੌਤ ਵਿਚ ਵਿਚਕਾਰ ਲਟਕੇ ਹੋਏ ‘ਜਗਤਾਰ’ ਨੂੰ ਉਸ ਸਨਮਾਨ ਦਾ ਪੈਸਾ ਨਸੀਬ ਨਹੀਂ ਹੋ‌ਇਆ, ਨਾ ਕੋਈ ਪੁੱਤਰ ਨਾ ਕੋਈ ਧੀ, ਪੰਜਾਬ ਸਰਕਾਰ ਨੇ ਵੀ ਇਸ ਪੱਤਰਕਾਰ ਵੱਲ ਅੱਖ ਭਰ ਕੇ ਨਹੀਂ ਦੇਖਿਆ, ਨਹੀਂ ਤਾਂ ਇਸ ਬਜ਼ੁਰਗ ਲੋੜਵੰਦ ਪੱਤਰਕਾਰ ਨੂੰ ਪੰਜਾਬ ਸਰਕਾਰ ਹੋਰ ਕਿਸੇ ਤਰੀਕੇ ਨਾਲ ਮਦਦ ਦੇ ਸਕਦੀ ਹੈ ਪਰ ਸ਼ਾਇਦ ਪੰਜਾਬ ਸਰਕਾਰ ਉਸ ਦਾ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਉਸ ਦੇ ਸਿਵੇ ਨੂੰ ਦੇ ਕੇ ਆਪਣੀ ਵਾਹ-ਵਾਹ ਕਰਾਉਣ ਦਾ ਇਰਾਦਾ ਕਰ ਚੁੱਕੀ ਹੈ। -ਦੁੱਖਾਂ ਭਰਿਆ ਮੁੱਢ ਤੇ ਪੜਾਈ- ਜਗੀਰ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਜਟਾਣਾ ਕਲਾਂ (ਮਾਨਸਾ) ਵਿਚ 23 ਫਰਵਰੀ 1937 ਵਾਲੇ ਦਿਨ ਹੋਇਆ। ਦਾਦਕਾ ਪਿੰਡ ਭੈਣੀ ਜੱਸਾ (ਬਰਨਾਲਾ) ਵਿਚ ਸੀ, ਉਸ ਤੇ ਬਾਪੂ ਪੂਰਨ ਸਿੰਘ ਅਤੇ ਮਾਤਾ ਭਗਵਾਨ ਕੌਰ ਗਰੀਬੀ ਨਾਲ ਲੜਾਈ ਲੜ ਰਹੇ ਸਨ। ਬਾਪੂ ਪੂਰਨ ਸਿੰਘ 1914 ਵਿਚ ਫੌਜ ਵਿਚ ਭਰਤੀ ਹੋਗਿਆ ਸੀ। ‘ਕਾਲੀ ਪੱਗ’ ਨਾਲ ਅੰਗਰੇਜਾਂ ਦੀ ਨਫਰਤ ਦਾ ਕਾਰਨ ਉਸ ਨੂੰ ਫੌਜ ਵਿਚੋਂ ਕੱਢ ਦਿੱਤਾ ਗਿਆ ਸੀ, ਅੰਗਰੇਜ਼ਾਂ ਦੇ ਖਿਲਾਫ ਅਕਾਲੀ ਲਹਿਰ ਵੀ ਪਰਚੰਡ ਸੀ। ਬਾਪੂ ਅਕਾਲੀ ਲਹਿਰ ਵਿਚ ਸ਼ਾਮਲ ਹੋ ਗਿਆ। ਪਿੰਡ ਭੈਣੀ ਜੱਸਾ ਨਾਭਾ ਰਿਆਸਤ ਵਿਚ ਪੈਂਦਾ ਸੀ, ਰਾਜਾ ਰਿਪੁਦਮਨ ਸਿੰਘ ਦੀ ਮਦਦ ਕਰਨ ਕਰਕੇ ਅੰਗਰੇਜ਼ਾਂ ਨੇ ਬਾਪੂ ਪੂਰਨ ਸਿੰਘ ਦਾ ਪਰਿਵਾਰ ਨਾਭਾ ਰਿਆਸਤ ਤੋਂ ਜਲਾਵਤਨ ਕਰ ਦਿੱਤਾ। ਇਸ ਦਾ ਭਾਵ ਸੀ ਕਿ ਹੁਣ ਇਹ ਪਰਿਵਾਰ ਨਾਭਾ ਰਿਆਸਤ ਦੇ ਕਿਸੇ ਵੀ ਪਿੰਡ ਵਿਚ ਨਹੀਂ ਰਹਿ ਸਕਦਾ। ਇਕ ਮਿਲਣਸਾਰ ਵਿਆਕਤੀ ਸੀ ‘ਹਾਕਮ ਸਿੰਘ ਅਕਲੀਆ’। ਜਦੋਂ ‘ਜਗਤਾਰ’ ਮਸਾਂ 2-3 ਸਾਲ ਦਾ ਹੋਵੇਗਾ ਤਾਂ ਬਾਪੂ ਨੇ ਹਾਕਮ ਸਿੰਘ ਅਕਲੀਆ ਦੇ ਕਹਿਣ ਤੇ ‘ਸਿੰਧ’ ਵਿਚ ਜਾਣ ਦਾ ਫੈਸਲਾ ਕੀਤਾ।
ਜਗੀਰ ਸਿੰਘ ਦੀ ਪੜਾਈ ਇਥੋਂ ਹੀ ਸ਼ੁਰੂ ਹੋਈ। ਇਹ ਪੜਾਈ ਜਗੀਰ ਸਿੰਘ ਦੀ ਸਿੰਧੀ ਭਾਸ਼ਾ ਵਿਚ ਸੀ। ਚੌਥੀ ਜਮਾਤ ਸਿੰਧੀ ਭਾਸ਼ਾ ਵਿਚ ਪਾਸ ਕਰ ਲਈ। ਜਗੀਰ ਸਿੰਘ ਦੇ ਦੋ ਮਾਮੇ ਸਨ, ਨਰਾਇਣ ਸਿੰਘ (ਛੜਾ) ਤੇ ਮਾਮਾ ਦੀਦਾਰ ਸਿੰਘ ਦੇ ਬੱਚੇ ਸਨ। 1947 ਤੋਂ ਕੁਝ ਸਮਾਂ ਪਹਿਲਾਂ ਦੀਦਾਰ ਸਿੰਘ ਦੇ ਬੱਚੇ, ਜਗੀਰ ਸਿੰਘ ਤੇ ਮਾਂ ਇੱਧਰਲੇ ਪਾਸੇ ਆ ਗਏ, ਏਨੇ ਨੂੰ ਅਜਾਦੀ ਫੈਲ ਗਈ। ਬਾਪੂ ਤੇ ਮਾਮਾ ਪਤਾ ਨਹੀਂ ਕਿੱਥੇ ਉਧਰਲੇ ਪਾਸੇ ਰਹਿ ਗਏ ਸਨ,ਪਾਕਿਸਤਾਨ ਵਾਲੇ ਪਾਸੇ। ਜ਼ਿੰਦਗੀ ਨੇ ਅਜੇ ਹੋਰ ਸਾਥ ਦੇਣਾ ਸੀ ਤਾਂ ਬਾਪੂ ਤੇ ਮਾਮੇ ਨੂੰ ਇਕ ਮੁਸਲਮਾਨ ਪਰਿਵਾਰ ਨੇ ਉਧਰ ਸੰਭਾਲਿਆ ਤੇ ਉਹ ਛੇ ਕੁ ਮਹੀਨੇ ਬਾਅਦ ਰਾਜਸਥਾਨ ਦੇ ਰਸਤੇ ਪੰਜਾਬ ਆ ਗਏ। ‘ਭੈਣੀ ਜੱਸਾ’ ਪਿੰਡ ਦਾ ਘਰ ਤਾਂ ਅੰਗਰੇਜ਼ਾਂ ਨੇ ਕੁਰਕ ਕਰ ਲਿਆ ਸੀ ਪਰ ਦੇਸ਼ ਅਜਾਦ ਹੋਣ ਕਰਕੇ ਉਥੇ ਇਕ ਘਰ ਮਿਲ ਗਿਆ ਤਾਂ ਜਗੀਰ ਸਿੰਘ ਪਰਿਵਾਰ ਸਮੇਤ ਉਥੇ ਹੀ ਰਹਿਣ ਲੱਗ ਪਏ। ਇਕ ਦੋ ਸਾਲ ਦੇ ਵਕਫੇ ਨਾਲ ਜਗੀਰ ਸਿੰਘ ਨੂੰ ਉਸ ਦੇ ਬਾਪੂ ਨੇ ਭੈਣੀ ਜੱਸਾ ਪਿੰਡ ਤੋਂ ਪੰਜ ਕੁ ਕਿਲੋਮੀਟਰ ਦੂਰ ਪਿੰਡ ਧੌਲਾ ਵਿਚ ਪੜਨ ਲਾ ਦਿੱਤਾ। ਉਥੇ ਜਗੀਰ ਸਿੰਘ ਪੈਦਲ ਹੀ ਪੜਨ ਜਾਂਦਾ। 1951 ਵਿਚ ਅੱਠਵੀਂ ਜਮਾਤ ਤੱਕ ਪੁੱਜ ਗਿਆ ਸੀ। ਉਸ ਵੇਲੇ ਆਮ ਤੌਰ ਤੇ ਕਰਮ ਸਿੰਘ ਗੰਗਾਵਾਲੀਆ ਦੀ ਟੈਕਸ ਬੁੱਕ ਹੁੰਦੀ ਸੀ, ਸਿੰਧੀ ਭਾਸ਼ਾ ਦੀ ਪੜਾਈ ਦੇ ਨਾਲ ਨਾਲ ਮਾਂ ਨੇ ਪੰਜਾਬੀ ਵੀ ਪੜਨੀ ਸਿਖਾ ਦਿੱਤੀ ਸੀ। -ਅਖਬਾਰ ਪੜ੍ਹਨ ਦੀ ਚੇਟਕ-
ਸਿੰਧੀ ਭਾਸ਼ਾ ਦੇ ਅਖਬਾਰ ਪੜ੍ਹਨ ਦਾ ਲਾਲਚ ਸਿੰਧ ਵਿਚ ਹੀ ਪੈ ਗਿਆ ਸੀ। ਧੌਲਾ ਵਿਚ ਪੜਦੇ ਹੋਏ ਵੀ ਜਿੱਥੇ ਵੀ ਕੁਝ ਪੜਾਈ ਤੋਂ ਇਲਾਵਾ ਪੜਨ ਨੂੰ ਮਿਲਦਾ ਤਾਂ ਪੜ ਲੈਂਦਾ। ਧੌਲੇ ਸਕੂਲ ਵਿਚ ਪੰਜਾਬੀ ਅਧਿਆਪਕ ਗਿਆਨੀ ਤੇਜਾ ਸਿੰਘ ਹੁੰਦਾ ਸੀ। ਉਸ ਵੇਲੇ ਜਰਨੈਲ ਸਿੰਘ ਅਰਸੀ ਦਾ ਲੁਧਿਆਣੇ ਤੋਂ ਹਫਤਾਵਾਰੀ ਅਖਬਾਰ ‘ਲਲਕਾਰ’ ਨਿਕਲਦਾ ਸੀ । ਅਜੋਕੇ ਯੁੱਗ ਵਿਚ ਅਖਬਾਰਾਂ ਵਿਚ ਚੱਲ ਰਹੇ ਕਾਲਮ ਇਸ ਅਖਬਾਰ ਨੇ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੇ ਸੀ। ਇਸ ਤੋਂ ਇਲਾਵਾ ਗੁਰਬਖਸ ਸਿੰਘ ਪ੍ਰੀਤਲੜੀ ਦਾ ਅਖਬਾਰ ‘ਬਾਲ ਸੰਦੇਸ਼’ ਵੀ ਪ੍ਰਕਾਸ਼ਿਤ ਹੁੰਦਾ ਸੀ। ਜਿਸ ਦਾ ਸੰਪਾਦਕ ਉਸ ਦਾ ਵੱਡਾ ਲੜਕਾ ਨਵਤੇਜ ਸਿੰਘ ਹੁੰਦਾ ਸੀ। ਜਗੀਰ ਸਿੰਘ ਨੂੰ ਪੜਨ ਦੀ ਚੇਟਕ ਲੱਗ ਚੁੱਕੀ ਸੀ। -ਜਗੀਰ ਸਿੰਘ ਨਾਲ ‘ਜਗਤਾਰ’ ਕਿਵੇਂ ਜੁੜਿਆ- ਇਕ ਵਾਰ ਨੈਸ਼ਨਲ ਬੁੱਕ ਸ਼ਾਪ ਵਾਲਿਆਂ ਨੇ ਇਕ ਇਸਤਿਹਾਰ ਦਿੱਤਾ ਕਿ 10 ਰੁਪਏ ਦੀਆਂ ਕਿਤਾਬਾਂ ਮੰਗਾਉਣ ਵਾਲਿਆਂ ਨੂੰ ਡਾਕ ਖਰਚਾ ਮੁਫਤ ਹੋਵੇਗਾ। ਨੈਸ਼ਨਲ ਬੁੱਕ ਸ਼ਾਪ ਦਾ ਮਾਲਕ ਪਿਆਰਾ ਸਿੰਘ ‘ਦਾਤਾ’ ਸੀ ਜੋ ਖੁੱਦ ਇਕ ਲੇਖਕ ਸੀ। ਜਗੀਰ ਸਿੰਘ ਨੇ ਆਪਣੇ ਵਰਗੇ ਸਾਥੀ ਕਿਤਾਬਾਂ ਪੜ੍ਹਨ ਲਈ ਤਿਆਰ ਕਰ ਲਏ ਸਨ। ਸਾਥੀਆਂ ਕੋਲ ਇਸ ਇਸਤਿਹਾਰ ਦੀ ਚਰਚਾ ਕੀਤੀ ਤਾਂ ਸਾਰਿਆਂ ਨੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ 10 ਰੁਪਏ ਪੂਰੇ ਕਰਕੇ ਕਿਤਾਬਾਂ ਮੰਗਾਉਣ ਲਈ ਨੈਸ਼ਨਲ ਬੁੱਕ ਸ਼ਾਪ ਕੋਲ ਭੇਜ ਦਿੱਤੇ। ਇੰਜ ਕਿਤਾਬਾਂ ਜਗੀਰ ਸਿੰਘ ਕੋਲ ਆਉਣ ਲੱਗ ਪਈਆਂ, ਇਸ ਤਰ੍ਹਾਂ ਇਕ ਵਾਰ ਨਹੀਂ ਕਈ ਵਾਰੀ ਕੀਤਾ ਗਿਆ। ਕਦੇ ਇੰਜ ਹੁੰਦਾ ਕਿ ਇਕ ਕਿਤਾਬ ਦੁਬਾਰਾ ਵੀ ਨੈਸ਼ਨਲ ਬੁੱਕ ਵਾਲੇ ਭੇਜ ਦਿੰਦੇ ਜਾਂ ਕੋਈ ਕਿਤਾਬ ਅਜਿਹੀ ਵੀ ਭੇਜ ਦਿੰਦੇ ਜਿਸ ਦੀ ਕਿਸੇ ਨੂੰ ਲੋੜ ਨਾ ਹੁੰਦੀ। ਇਸ ਬਾਰੇ ਜਗੀਰ ਸਿੰਘ ਨੇ ਲਿਖ ਕੇ ਨੈਸ਼ਨਲ ਬੁੱਕ ਵਾਲਿਆਂ ਨੂੰ ਸ਼ਿਕਾਇਤ ਕੀਤੀ, ਪਿਆਰਾ ਸਿੰਘ ਦਾਤਾ ਵਰਗਾ ਸੁਲਝਿਆ ਬੰਦਾ ਜਗੀਰ ਸਿੰਘ ਦੀ ਮਾਨਸਿਕਤਾ ਸਮਝ ਗਿਆ ਸੀ, ਉਸ ਨੇ ਇਕ ਕਿਤਾਬਾਂ ਦਾ ਬੰਡਲ ਜਗੀਰ ਸਿੰਘ ਨੂੰ ਮੁਫਤ ਹੀ ਭੇਜ ਦਿੱਤਾ। ਇਸ ਬੰਡਲ ’ਤੇ ਨਾਮ ਲਿਖਿਆ ਸੀ, ਜਗੀਰ ਸਿੰਘ ‘ਜਗਤਾਰ’। ਡਾਕੀਆ ਇਹ ਬੰਡਲ ਜਗੀਰ ਸਿੰਘ ਨੂੰ ਨਾ ਦੇਵੇ ਕਿਉਂਕਿ ਦੋ ਨਾਵਾਂ ’ਤੇ ਸੀ, ਇਸ ਦਾ ਹੱਲ ਵੀ ਮਾਸਟਰ ਗਿਆਨੀ ਤੇਜਾ ਸਿੰਘ ਨੇ ਕੱਢਿਆ, ਡਾਕੀਏ ਨੂੰ ਕਿਹਾ ਕਿ ਜਗੀਰ ਸਿੰਘ ਜਗਤਾਰ ਇਕੋ ਹੀ ਬੰਦਾ ਹੈ, ‘ਜਗਤਾਰ’ ਜਗੀਰ ਸਿੰਘ ਦਾ ਤਖੱਲਸ (ਉਪ ਨਾਮ) ਹੈ। ਡਾਕੀਏ ਨੇ ਤੇਜਾ ਸਿੰਘ ਦੀ ਗਵਾਹੀ ਪਵਾ ਲਈ ਤੇ ਬੰਡਲ ਦੇ ਕੇ ਚੱਲਾ ਗਿਆ। ਭਾਵੇਂ ਕਿ ਇਥੋਂ ਤੱਕ ਜਗੀਰ ਸਿੰਘ ਨੂੰ ‘ਤਖੱਲਸ’ ਬਾਰੇ ਪਤਾ ਨਹੀਂ ਸੀ, ਤਖੱਲਸ ਬਾਰੇ ਵੀ ਮਾਸਟਰ ਤੇਜਾ ਸਿੰਘ ਨੇ ਹੀ ਸਮਝਾਇਆ। -ਛੋਟੀ ਉਮਰੇ ਜੇਲ ਯਾਤਰਾ-
8ਵੀਂ ਤੱਕ ਪੜ੍ਹਦੇ ਪੜ੍ਹਦੇ ‘ਜਗਤਾਰ’ ਹੋਰੀਂ ਸਕੂਲ ਦੀਆਂ ਵਿਦਿਆਰਥੀ ਸਰਗਰਮੀਆਂ ਵਿਚ ਭਾਗ ਲੈਣ ਲੱਗ ਪਏ ਸਨ। ਦੇਸ਼ ਅਜਾਦ ਹੋਣ ਤੋਂ ਬਾਅਦ ਪਹਿਲੀ ਚੋਣ 1952 ਵਿਚ ਹੋਈ ਸੀ। ਪੈਪਸੂ ਬਣ ਗਿਆ ਸੀ, ਪੈਪਸੂ ਦੇ ਮੁੱਖ ਮੰਤਰੀ ਕਰਨਲ ਰਘਬੀਰ ਸਿੰਘ ਬਣ ਗਏ ਸਨ। ਪੈਪਸੂ ਦਾ ਸਕੱਤਰੇਤ ਅੱਜ ਦੇ ਪਟਿਆਲਾ ਵਿਚ ਸੀ ਜਿਥੇ ਅੱਜ ਕੱਲ੍ਹ ਬਿਜਲੀ ਬੋਰਡ (ਪਾਵਰ ਕੌਮ) ਦਾ ਮੁੱਖ ਦਫ਼ਤਰ ਹੈ। ਇਸ ਨੂੰ ‘ਕੇਅਰ ਟੇਕਰ ਗੋਰਮਿੰਟ’ ਕਹਿੰਦੇ ਸਨ। ਉਸ ਵੇਲੇ ਗਿਆਨੀ ਜੈਲ ਸਿੰਘ ਜੋ ਬਾਅਦ ਵਿਚ ਭਾਰਤ ਦੇ ਰਾਸਟਰਪਤੀ ਬਣੇ ਉਹ ਮਾਲ ਮੰਤਰੀ ਹੁੰਦੇ ਸਨ। ਧਨੌਲਾ ਹਲਕੇ ਤੋਂ ਸੰਪੂਰਨ ਸਿੰਘ ਧੌਲਾ ਮੁੜ ਵਸੇਬਾ ਮੰਤਰੀ ਹੁੰਦੇ ਸੀ। 1952 ਦੀਆਂ ਚੋਣਾਂ ਤੋਂ ਪਹਿਲਾਂ ਹੀ ਸਪੂਰਨ ਸਿੰਘ ਧੌਲਾ ਨੇ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਇਥੇ ਹੀ ਇਕ ਕਾਫੀ ਚੇਤਨਾ ਵਾਲਾ ਪਿੰਡ ਹੈ ‘ਦਾਨਗੜ੍ਹ’। ਉਸ ਵੇਲੇ ਕਮਿਉਨਿਸਟ ਤੇ ਅਕਾਲੀ ਦਲ ਵਾਲੇ ਹੀ ਹੁੰਦੇ ਸਨ ਕਾਂਗਰਸ ਬਹੁਤ ਘੱਟ ਹੁੰਦੀ ਸੀ। ਮੰਤਰੀ ਸੰਪੂਰਨ ਸਿੰਘ ਧੌਲਾ ਨੇ ਦਾਨਗੜ੍ਹ ਵਿਚ ਇਕ ਜਲਸਾ ਰੱਖ ਲਿਆ, ਜਿਸ ਦਾ ਵਿਰੋਧ ਕਰਨ ਲਈ ਅਕਾਲੀ ਦਲ ਵਾਲੇ ਤੇ ਕਮਿਊਨਿਸਟ ਵੀ ਆ ਗਏ, ਉਨ੍ਹਾਂ ਉਸ ਦੇ ਜਲਸੇ ਦੇ ਬਿਲਕੁਲ ਸਾਹਮਣੇ ਆਪਣਾ ਵੀ ਜਲਸਾ ਰੱਖ ਲਿਆ। ਸਨੀਵਾਰ ਦਾ ਦਿਨ ਹੋਣ ਕਰਕੇ ਸਕੂਲ ਵਿਚੋਂ 10-12 ਮੁੰਡੇ ਬਸਤੇ ਸਕੂਲ ਵਿਚ ਹੀ ਰੱਖ ਕੇ ਦਾਨਗੜ੍ਹ ਪਹੁੰਚ ਗਏ। ਇਨ੍ਹਾਂ ਵਿਚ ‘ਜਗਤਾਰ’ ਵੀ ਸੀ। ਦਾਨਗੜ੍ਹ ਵਿਚ ਜਗਤਾਰ ਦੇ ਨਾਨਕਿਆਂ ਵਲੋਂ ਭੈਣ ਦਾ ਘਰ ਸੀ। ‘ਜਗਤਾਰ’ ਨੂੰ ਉਸ ਦੇ ਰਿਸਤੇਦਾਰ ਆਪਣੇ ਘਰ ਲੈ ਗਏ, ਬਾਕੀ ਮੁੰਡੇ ਦੀਵਾਰ ਨਾਲ ਲੱਗ ਕੇ ਭਾਸ਼ਣ ਸੁਣੀ ਗਏ। ਉਸ ਵੇਲੇ ਅਕਾਲੀਆਂ ਤੇ ਕਾਮਰੇਡਾਂ ਨੇ ਮੰਤਰੀ ਨੂੰ ਕਾਲੀਆਂ ਝੰਡੀਆ ਦਿਖਾਈਆਂ, ਜਿਸ ਕਰਕੇ ਮਾਮਲਾ ਕਾਫੀ ਵੱਧ ਗਿਆ। ਝਗੜਾ ਏਨਾ ਵੱਧ ਗਿਆ ਕਿ ਗੱਲ ਪਥਰਾਅ ਤੱਕ ਪਹੁੰਚ ਗਈ। ਇੱਟਾਂ ਵੱਟੇ ਚੱਲੇ, ‘ਜਗਤਾਰ’ ਨਾਲ ਆਏ ਮੁੰਡਿਆਂ ਨੇ ਵੀ ਇੱਟਾਂ ਵੱਟੇ ਚਲਾਏ, ਪਰ ‘ਜਗਤਾਰ’ ਨਾਲ ਆਏ ਮੁੰਡਿਆਂ ਦਾ ਕਿਸੇ ਨੂੰ ਨਾਮ ਪਤਾ ਨਹੀਂ ਸੀ। ਇਸ ਮਾਮਲੇ ਦਾ ਕੇਸ ਦਰਜ ਹੋ ਗਿਆ। ਕੇਸ ਵਿਚ 14 ਬੰਦੇ ਪਾਏ ਗਏ। ਜਿਨ੍ਹਾਂ ਵਿਚ 12 ਬੰਦੇ ਦਾਨਗੜ੍ਹ ਦੇ ਸਨ, ਇਕ ਅਜਾਦੀ ਘੁਲਾਟੀਆ ਬਾਬਾ ਹੀਰਾ ਸਿੰਘ ਭੱਠਲ (ਰਾਜਿੰਦਰ ਕੌਰ ਭੱਠਲ ਦਾ ਬਾਪੂ) ਸੀ,ਅਤੇ 14ਵਾਂ ਨਾਲ ਜਗੀਰ ਸਿੰਘ ‘ਜਗਤਾਰ’ ਦਾ ਸੀ। ਉਸ ਦਾ ਨਾਮ ਸਕੂਲ ਵਿਚ ਵਿਦਿਆਰਥੀ ਸਰਗਰਮੀਆਂ ਕਰਕੇ ਸਭ ਨੂੰ ਪਤਾ ਸੀ ਇਸ ਕਰਕੇ ਇਹ ਨਾਮ ਪਾਇਆ ਗਿਆ। ਬਰਨਾਲਾ ਉਸ ਵੇਲੇ ਜ਼ਿਲ੍ਹਾ ਹੁੰਦਾ ਸੀ। ਬਾਅਦ ਵਿਚ ਇਹ ਸਬ ਡਵੀਜ਼ਨ ਬਣੀ। ਉਸ ਵੇਲੇ ਜਗੀਰ ਸਿੰਘ 14 ਵਿਆਕਤੀਆਂ ਵਿਚ ਸਿਆਸੀ ਕੈਦੀ ਬਣ ਗਿਆ ਸੀ। 3-4 ਮਹੀਨੇ ਦੇ ਕਰੀਬ ਜੇਲ ਵਿਚ ਰਹੇ। ਪੜ੍ਹਾਈ ਵਿਚੇ ਰਹਿ ਗਈ ਸੀ। -ਸਰਗਰਮ ਦਰ ਸਰਗਰਮ ਹੋਏ ਸਰਗਰਮੀਆਂ ਵਿਚ- ਪਿੰਡ ਦੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਰੱਖਿਆ, ਜਿਸ ਦੇ ਪਾਠੀ ਸਨ ਬਜ਼ੁਰਗ ਪਰਤਾਪ ਸਿੰਘ ਧਨੌਲਾ ਤੇ ਜਨਕ ਸਿੰਘ ਪਾਠੀ ਛੋਟੀ ਉਮਰ ਦਾ ਸੀ, ਪੜ੍ਹੇ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਲਈ ਜਗਤਾਰ ਹੋਰਾਂ ਨੂੰ ਕਿਹਾ ਗਿਆ। ਭਾਵੇਂ ਲੋਕ ਬਹੁਤ ਸਾਰੇ ਕਾਮਰੇਡ ਹੁੰਦੇ ਸਨ ਪਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੂਰਾ ਸਤਿਕਾਰ ਸਹਿਤ ਮੰਨਦੇ ਸਨ। ਇਥੋਂ ਹੀ ‘ਜਗਤਾਰ’ ਹੋਰਾਂ ਦੀ ਜਨਕ ਸਿੰਘ ਹੋਰਾਂ ਨਾਲ ਕਾਫੀ ਜਾਣ ਪਹਿਚਾਣ ਹੋਈ। ਕਾਮਰੇਡਾਂ ਨਾਲ ਉਠਣਾ ਬੈਠਣਾ ਹੋ ਗਿਆ। 1952 ਦੀ ਚੋਣ ਆ ਗਈ। ਕਾਂਗਰਸ ਵਲੋਂ ਸੰਪੂਰਨ ਸਿੰਘ ਧੌਲਾ ਨੂੰ ਹੀ ਖੜਾ ਕੀਤਾ ਗਿਆ। ਕਮਿਉਨਿਸਟਾਂ ਵਲੋਂ ਅਜਾਦੀ ਘੁਲਾਟੀਆ, ਬਹੁਤ ਸਾਰੀਆਂ ਜੇਲਾਂ ਕੱਟਣ ਵਾਲੇ, ਸੇਵਾ ਸਿੰਘ ਠੀਕਰੀਵਾਲੇ ਦੇ ਨਾਲ ਰਹਿਣ ਵਾਲੇ ਹਰਦਿੱਤ ਸਿੰਘ ਭੱਠਲ ਨੂੰ ਉਮੀਦਵਾਰ ਬਣਾਇਆ ਗਿਆ। ਪਹਿਲਾਂ ਅਕਾਲੀਆਂ ਨੇ ਕਾਮਰੇਡਾਂ ਦੀ ਮਦਦ ਕਰਨੀ ਸੀ ਪਰ ਬਾਅਦ ਵਿਚ ਉਨ੍ਹਾਂ ਇਕ ਅਜਾਦ ਉਮੀਦਵਾਰ ਦੀ ਮਦਦ ਕਰਨ ਦਾ ਐਲਾਨ ਕੀਤਾ। ਇਸ ਚੋਣ ਵਿਚ ‘ਜਗਤਾਰ’ ਹੋਰਾਂ ਨੇ ਕਾਫੀ ਸਰਗਰਮ ਭੁਮਿਕਾ ਨਿਭਾਈ। ਹਰਦਿੱਤ ਸਿੰਘ ਭੱਠਲ ਹਾਰ ਗਿਆ। ਪਰ ਕਮਿਉਨਿਸਟ ਲਹਿਰ ਨੂੰ ਵੱਡਾ ਹੁਲਾਰਾ ਮਿਲਿਆ ਕਿ ਇਸ ਚੋਣ ਵਿਚ ਤਿੰਨ ਕਾਮਰੇਡ ਜਿੱਤ ਗਏ ਸਨ, ਜਿਨ੍ਹਾਂ ਵਿਚ ਅਰਜਣ ਸਿੰਘ ਭਦੌੜ ਤੋਂ (ਅਨਪੜ ਸੀ)। ਚੌਧਰੀ ਵਸਾਵਾ ਸਿੰਘ ਦੇ ਗਿਆਨੀ ਗੁਰਬਚਨ ਸਿੰਘ ਜਿੱਤ ਗਏ ਸਨ। ਅਸੈਂਬਲੀ ਵਿਚ ਕਾਮਰੇਡਾਂ ਦੀ ਹਾਜਰੀ ਬੜੀ ਕਮਾਲ ਹੁੰਦੀ ਸੀ। ਭਾਸ਼ਣ ਵਸਾਵਾ ਸਿੰਘ ਤਿਆਰ ਕਰਦਾ, ਲਿਖਤ ਪੜਤ ਦਾ ਕੰਮ ਗਿਆਨੀ ਗੁਰਬਚਨ ਸਿੰਘ ਦੇ ਪੁੱਠੇ ਸਿੱਧੇ ਕੰਮ ਅਰਜਨ ਸਿੰਘ ਭਦੌੜ ਕਰਦਾ, ਉਹ ਆਮ ਕਹਿੰਦਾ ‘ਮੇਰੇ ਯਾਰ ਮੇਰਾ ਕੇਰਾਂ ਹੱਥ ਪਵਾ ਦਿਓ, ਫੇਰ ਭਾਵੇਂ ਸ਼ੇਰ ਨੂੰ ਵੀ ਗੋਡੇ ਥੱਲੇ ਦੇ ਲਿਆ ਦਿਆਂਗਾ’। ਕਾਮਰੇਡਾਂ ਦਾ ਹੈਡ ਕੁਆਰਟਰ ਆਮ ਤੌਰ ਤੇ ਸੰਗਰੂਰ ਵਿਚ ਹੀ ਹੁੰਦਾ ਸੀ। ਪਰ ਅਸੈਂਬਲੀ ਚੋਣਾ ਵਿਚ ਇਹ ਦਫਤਰ ਪਟਿਆਲਾ ਤਬਦੀਲ ਕਰ ਦਿੱਤਾ ਜਾਂਦਾ। ਪੈਪਸੂ ਦੀ ਰਾਜਧਾਨੀ ਹੋਣ ਕਰਕੇ ਤੇ ਪਟਿਆਲਾ ਰਿਆਸਤ ਦਾ ਮੁੱਖ ਕੇਂਦਰ ਹੋਣ ਕਰਕੇ ਪਟਿਆਲਾ ਹੀ ਸਿਆਸੀ ਸਰਗਰਮੀਆਂ ਦਾ ਗੜ੍ਹ ਹੁੰਦਾ ਸੀ। ਪਟਿਆਲਾ ਦਫਤਰ ਦਾ ਇੰਚਾਰਜ ਹਰਭਜਨ ਸਿੰਘ ਹੁੰਦਾ ਸੀ, ਜੋ ਬਾਅਦ ਵਿਚ ਪੱਤਰਕਾਰ ਵੀ ਬਣਿਆ। ਉਸ ਦਾ ਸਹਾਇਕ ਜਗੀਰ ਸਿੰਘ ਜਗਤਾਰ ਨੂੰ ਬਣਾ ਦਿੱਤਾ ਗਿਆ। ਧਨੌਲਾ ਦੀ ਚੋਣ ਦੇ ਖਿਲਾਫ ਪਈ ਪਟੀਸ਼ਨ ਕਰਕੇ ਸਾਲ ਕੁ ਬਾਦ ਹੀ ਧਨੌਲਾ ਹਲਕੇ ਦੀ ਚੋਣ ਮੁੜ ਆ ਗਈ। ‘ਜਗਤਾਰ’ ਕਮਿਊਨਿਸਟਾਂ ਦਾ ਸਰਗਰਮ ਵਰਕਰ ਬਣ ਗਿਆ ਸੀ। -ਅਖਬਾਰਾਂ ਦੀ ਸ਼ੁਰੂਆਤ ਅਤੇ ਪੱਤਰਕਾਰੀ-
ਕਾਂਗਰਸੀ ਮੰਤਰੀਆਂ ਨੇ ਪਿੰਡ ਧੌਲਾ ਵਿਚ ਇਕ ਸਮਾਗਮ ਰੱਖਿਆ ਗਿਆ, ਗਿਆਨੀ ਜੈਲ ਸਿੰਘ ਨੇ ਇਥੇ ਬੋਲਦਿਆਂ ਕਿਹਾ ਕਿ ‘ਦੇਸ਼ ਤਰੱਕੀ ਕਰ ਰਿਹਾ ਹੈ, ਐਨਕਾਂ ਦੇ ਫਰੇਮ ਤਿਆਰ ਹੋ ਰਹੇ ਹਨ’। ਉਸ ਵੇਲੇ ਸੀਪੀਆਈ ਦਾ ਅਖਬਾਰ ਚੱਲਦਾ ਹੁੰਦਾ ਸੀ ‘ਪਰਵਾਨਾ’। ਪਰਵਾਨਾ ਅਖਬਾਰ ਦੀ ਵੀ ਕਹਾਣੀ ਹੈ, ਅਸਲ ਵਿਚ ਉਸ ਵੇਲੇ ਕਾਮਰੇਡਾਂ ਨੂੰ ਗਰਮ ਖਿਆਲੀ ਹੋਣ ਕਰਕੇ ਲੋਕ ਹਿੱਤ ਦੇ ਮੁੱਦੇ ਚੁੱਕਣ ਕਰਕੇ ਅਖਬਾਰ ਚਲਾਉਣ ਦੀ ਆਗਿਆ ਨਹੀਂ ਸੀ, ਉਨ੍ਹਾਂ ਦੀ ‘ਡਿਕਲੇਰੇਸ਼ਨ’ ਮਨਜ਼ੂਰ ਨਹੀਂ ਕੀਤੀ ਜਾਂਦੀ ਸੀ, ਅਖਬਾਰ ਦਾ ਨਾਮ ਨਹੀਂ ਦਿੱਤਾ ਜਾਂਦਾ ਸੀ। ਇਸ ਦਾ ਹੱਲ ਹਰਬੰਸ ਸਿੰਘ ‘ਪਰਵਾਨਾ’ ਨੇ ਕੱਢਿਆ। ਉਹ ਪੁਰਾਣਾ ਨਾਮਧਾਰੀ ਸੀ, ਨਾਮਧਾਰੀਆਂ ਦੇ ਭੇਸ ਵਿਚ ਹੀ ਕਾਮਰੇਡ ਸੀ। ਉਸ ਨੇ ਆਪਣੇ ਉਪ ਨਾਮ ਦਾ ਅਖਬਾਰ ਹੀ ਸ਼ੁਰੂ ਕੀਤਾ ਜਿਸ ਨੂੰ ਸਰਕਾਰ ਦੀ ਮਾਨਤਾ ਵੀ ਮਿਲ ਗਈ। ਇਹ ਕਾਮਰੇਡਾਂ ਦਾ ਅਖਬਾਰ ਸੀ ‘ਪਰਵਾਨਾ’। ਇਹ ਅਖਬਾਰ ਹਫਤੇਵਾਦ ਨਿਕਲਦਾ ਸੀ। ‘ਐਨਕਾਂ ਦੇ ਫਰੇਮ ਬਣਨੇ ਸ਼ੁਰੂ ਹੋ ਗਏ ਹਨ’ ਵਾਲੀ ਖਬਰ ਬਣਾ ਕੇ ‘ਜਗਤਾਰ’ ਹੋਰਾਂ ਨੇ ‘ਪਰਵਾਨਾ’ ਅਖਬਾਰ ਵਿਚ ਭੇਜ ਦਿੱਤੀ। ਇਹ ਖਬਰ ਅਖਬਾਰ ਨੇ ਬੜੀ ਪ੍ਰਮੁੱਖਤਾ ਨਾਲ ਛਾਪੀ, ਇਹ ਜਗਤਾਰ ਹੋਰਾਂ ਦੀ ਪਹਿਲੀ ਖਬਰ ਸੀ। ਇਥੋਂ ਹੀ ਪੱਤਰਕਾਰੀ ਦਾ ਮੁੱਢ ਬੰਨਿਆ ਗਿਆ। ਧਨੌਲਾ ਹਲਕੇ ਦੀ ਚੋਣ ਪਟੀਸਨ ਕਰਕੇ ਦੁਬਾਰਾ ਚੋਣ ਆ ਗਈ, ਉਸ ਵੇਲੇ ਉਮੀਦਵਾਰ ਸਨ ਹਰਦਿੱਤ ਸਿੰਘ ਭੱਠਲ ਕਮਿਉਨਿਸਟਾਂ ਵਲੋਂ, ਸੰਪੂਰਨ ਸਿੰਘ ਧੌਲਾ ਸਨ ਕਾਂਗਰਸ ਵਲੋ ਤੇ ਸੁਰਜੀਤ ਸਿੰਘ ਬਰਨਾਲਾ ਸਨ ਅਕਾਲੀ ਦਲ ਵਲੋਂ, ਅਕਾਲੀ ਦਲ ਦੇ ਇਹ ਪਹਿਲੇ ਉਮੀਦਵਾਰ ਸਨ, ਇਸ ਚੋਣ ਵਿਚ ਸੁਰਜੀਤ ਸਿੰਘ ਬਰਨਾਲਾ 4 ਵੋਟਾਂ ਨਾਲ ਹਾਰ ਗਿਆ, ਪਰ ਹਰਦਿੱਤ ਸਿੰਘ ਭੱਠਲ ਜਿੱਤ ਗਿਆ। ਇਸ ਚੋਣ ਦੀ ਪੂਰੀ ਤਿਆਰੀ ਜਗਜੀਤ ਸਿੰਘ ਆਨੰਦ ਦੇ ਹਵਾਲੇ ਸੀ। ਜਗਜੀਤ ਸਿੰਘ ਆਨੰਦ ਜੋ ਬਾਅਦ ਵਿਚ ਨਵਾਂ ਜਮਾਨਾ ਅਖਬਾਰ ਦੇ ਮੁੱਖ ਸੰਪਾਦਕ ਬਣੇ। ਇਸ ਚੋਣ ਦਾ ਜੋ ਚੋਣ ਮਨੋਰਥ ਪੱਤਰ ਲਿਖਿਆ ਗਿਆ ਉਹ ਲਿਖਵਾਇਆ ਜਗਜੀਤ ਸਿੰਘ ਆਨੰਦ ਹੋਰਾਂ ਨੇ ਤੇ ਲਿਖਿਆ ਜਗੀਰ‌ ਸਿੰਘ ‘ਜਗਤਾਰ’ ਹੋਰਾਂ ਨੇ। ਉਹ ਮਨੋਰਥ ਪੱਤਰ ਪੈਫਲਿਟ ਤੌਰ ਤੇ ਵੰਡਿਆ ਗਿਆ ਜਿਸ ਦਾ ਪ੍ਰਿੰਟਰ ਪਬਲਿਸ਼ਰ ਜਗੀਰ ਸਿੰਘ ‘ਜਗਤਾਰ’ ਨੂੰ ਹੀ ਬਣਾ‌ਇਆ ਗਿਆ। ਇਹ ਜਗੀਰ ਸਿੰਘ ਜਗਤਾਰ ਲਈ ਬਹੁਤ ਵੱਡੀ ਗੱਲ ਸੀ। ਜਗਜੀਤ ਸਿੰਘ ਆਨੰਦ ਤੋਂ ਲਿਖਣ ਦੀ ਕਾਫੀ ਪ੍ਰੇਰਣਾ ਮਿਲੀ। ਉਸ ਵੇਲੇ ਜਲੰਧਰ ਤੋਂ ਵੀਕਲੀ ਅਖਬਾਰ ਸ਼ੁਰੂ ਹੋਇਆ ‘ਨਯਾਂ ਜਮਾਨਾ’। ਉਦੋਂ ਪੰਜਾਬ ਕੇਸਰੀ ਅਖਬਾਰ ਦਾ ਕਿਤੇ ਵੀ ਨਾਮ ਨਿਸ਼ਾਨ ਨਹੀਂ ਸੀ। ‘ਪਰਤਾਪ’ ਹਿੰਦੂ ਪੱਖੀ ਅਖਬਾਰ ਸੀ ਤੇ ‘ਮਿਲਾਪ’ ਕਾਂਗਰਸ ਪੱਖੀ ਅਖਬਾਰ ਹੁੰਦਾ ਸੀ। ਉਸ ਵੇਲੇ ‘ਅਕਾਲੀ ਪਤ੍ਰਿਕਾ’ ਅਖਬਾਰ ਦੀ ਬਹੁਤ ਚੜਾਈ ਸੀ। ਅਕਾਲੀਆਂ ਨੇ ਅਕਾਲੀ ਪਤ੍ਰਿਕਾ ਦੇ ਨਾਮ ਨਾਲ ਮਿਲਦੇ ਜੁਲਦੇ ਨਾਮ ਦਾ ਅਖਬਾਰ ਕੱਢਿਆ ‘ਅਜੀਤ ਪਤ੍ਰਿਕਾ’। ਜੋ ਉਰਦੂ ਵਿਚ ਹੀ ਛਪਦਾ ਸੀ। ਕਾਮਰੇਡਾਂ ਦਾ ਅਖਬਾਰ ‘ਨਯਾਂ ਜਮਾਨਾ’ ਸੀ ਜਿਸ ਦੇ ਸਤਿਕਾਰਤ ਮੁੱਖ ਸੰਪਾਦਕ ਗੁਰਬਖਸ਼ ਸਿੰਘ ਪ੍ਰੀਤਲੜੀ ਬਣਾਏ ਗਏ ਸਨ ਜਦ ਕਿ ਸੰਪਾਦਕ ਟੀਕਾ ਰਾਮ ਸੋਖਨ ਹੁੰਦੇ ਸਨ। ਟੀਕਾ ਰਾਮ ਸੋਖਨ ਫੁਲਬਹਿਰੀ ਕਰਕੇ ਬੜਾ ਹੀ ਗੋਰਾ ਬੰਦਾ ਹੁੰਦਾ ਸੀ। ਬਹੁਤ ਚੰਗਾ ਬੁਲਾਰਾ ਦੇ ਉਰਦੂ ਦਾ ਮਾਹਿਰ ਸੀ। ‘ਨਯਾਂ ਜਮਾਨਾਂ’ ਵਿਚ ਵਿਅੰਗ ਕਾਲਮ ਦੀ ਸ਼ੁਰੂਆਤ ਹੋਈ। ਵਿਅੰਗ ਲਿਖਣ ਵਾਲਾ ਸੀ ‘ਫਿਕਰ ਤਾਉਂਸਵੀ’। ਉਨ੍ਹਾਂ ਦਾ ਵਿਅੰਗ ‘ਆਜ ਕੀ ਖਬਰ’ ਦੇ ਨਾਮ ਹੇਠ ਛੱਪਦਾ ਰਿਹਾ। ਬਾਦ ਵਿਚ ਫਿਕਰ ਤਾਉਂਸਵੀਂ ਮਿਲਾਪ ਅਖਬਾਰ ਵਿਚ ਚਲਾ ਗਿਆ, ਉਥੇ ਉਸ ਦਾ ਕਾਲਮ ਛਪਦਾ ਰਿਹਾ ‘ਪਿਆਜ਼ ਕੇ ਛਿਲਕੇ’ ਦੇ ਨਾਮ ’ਤੇ। ਬਾਅਦ ਵਿਚ ‘ਅਜੀਤ ਪਤ੍ਰਿਕਾ’ ਨੂੰ ਪੰਜਾਬੀ ਵਿਚ ਕਰ ਦਿੱਤਾ ਗਿਆ, ਇਸ ਵੇਲੇ ‘ਅਕਾਲੀ ਪਤ੍ਰਿਕਾ’ ਦੀ ਚੜਾਈ ਥੋੜੀ ਮੱਠੀ ਪੈ ਗਈ ਸੀ ਤਾਂ ਅਜੀਤ ਦੇ ਨਾਮ ਪਿੱਛੋਂ ਪਤ੍ਰਿਕਾ ਕੱਟ ਦਿੱਤਾ‌ ਗਿਆ, ਹੁਣ ਅਜੀਤ ਸਿਰਫ ਅਜੀਤ ਦੇ ਨਾਮ ਤੇ ਹੀ ਛੱਪਣ ਲੱਗ ਗਿਆ। ਉਸ ਵੇਲੇ ਹਿੰਦ ਸਮਾਚਾਰ ਵੀ ਨਿਕਲਣ ਲੱਗ ਪਿਆ ਸੀ, ਬਹੁਤ ਘੱਟ ਛੱਪਦਾ ਸੀ, ਲਾਲਾ ਜਗਤ ਨਰਾਇਣ ਇਹ ਅਖਬਾਰ ਫੁੱਟਪਾਥ ’ਤੇ ਬੈਠ ਕੇ ਖੁੱਦ ਹੀ ਵੇਚਿਆ ਕਰਦੇ ਸਨ। ਨਯਾਂ ਜਮਾਨਾ ਦਾ ਨਾਮ ਪੰਜਾਬੀ ਵਿਚ ਸ਼ੁਰੂ ਹੋਣ ਸਮੇਂ ‘ਨਵਾਂ ਜਮਾਨਾ’ ਬਣ ਗਿਆ ਸੀ ਜਿਸ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਆਨੰਦ ਬਣ ਗਏ ਸਨ। ਕਾਮਰੇਡਾਂ ਦੀ ਇਕ ਪਾਰਟੀ ਵੱਖਰੀ ਬਣ ਗਈ ਸੀ, ਸੀਪੀਆਈ (ਐਮ)। ਇਸ ਦਾ ਰੋਜਾਨਾਂ ਅਖਬਾਰ ਵੱਖਰਾ ਸ਼ੁਰੂ ਹੋ ਗਿਆ ਸੀ ਜਿਸ ਦਾ ਨਾਮ ਸੀ ‘ਲੋਕ ਲਹਿਰ’। ਜਿਸ ਦੇ ਕਹਿਣ ਨੂੰ ਮੁੱਖ ਸੰਪਾਦਕ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਸਨ ਪਰ ਸੰਪਾਦਕ ਦਾ ਕੰਮ ਸੁਹੇਲ ਸਿੰਘ ਹੀ ਕਰਦੇ ਸਨ। ਇਸ ਅਖਬਾਰ ਵਿਚ ਸਹਾਇਕ ਸੰਪਾਦਕ ਤੌਰ ਤੇ ਜਗੀਰ ਸਿੰਘ ‘ਜਗਤਾਰ’ ਨੂੰ ਸੱਦ ਲਿਆ ਗਿਆ। ਪਰ ਲੋਕ ਲਹਿਰ ਅਮਰਜੰਸੀ ਮੌਕੇ ਬੰਦ ‌ਹੋ ਗਿਆ। 1951 ਤੋਂ ਲੈਕੇ 30 ਸਾਲ ਜਗੀਰ ਸਿੰਘ ‘ਜਗਤਾਰ’ ਨੇ ਕਾਮਰੇਡਾਂ ਨਾਲ ਕੰਮ ਕੀਤਾ। ਇਕ ਮੁੰਡਾ ਨਕਸਲੀਆਂ ਵਿਚੋਂ ਸੀਪੀਐਮ ਵਿਚ ਆਇਆ ਸੀ। ਉਹ ਵੋਟਾਂ ਵਿਚ ਖੜਾ ਹੋਇਆ ਪਰ ਹਾਰ ਗਿਆ ਤਾਂ ਇਸ ਦਾ ਇਲਜਾਮ ਜਗੀਰ ਸਿੰਘ ‘ਜਗਤਾਰ’ ਤੇ ਲੱਗਾ ਕਿ ‘ਜਗਤਾਰ’ ਨੇ ਮਦਦ ਨਹੀਂ ਕੀਤੀ ਤਾਂ ‘ਜਗਤਾਰ’ ਦਾ ਮਨ ਉਚਾਟ ਹੋ ਗਿਆ। ਉਹ ਹੁਣ ਇਹ ਸਾਰਾ ਤਾਮ -ਝਾਮ ਛੱਡਣ ਲਈ ਕਾਹਲਾ ਸੀ। -ਫੀਲਡ ਪੱਤਰਕਾਰੀ ਵਿਚ ਸ਼ਮੂਲੀਅਤ-
‘ਜਗਬਾਣੀ’ ਅਖਬਾਰ ਸ਼ੁਰੂ ਹੋ ਗਿਆ ਸੀ, ਕਿਉਂਕਿ ਜਲੰਧਰ ਵਿਚ ‘ਜਗਤਾਰ’ ਹੋਰੀਂ ਪਹਿਲਾਂ ਵੀ ਰਹੇ ਸਨ, ਉਨ੍ਹਾਂ ਨੂੰ ‘ਜਗਬਾਣੀ’ ਵਿਚ ਸੱਦਿਆ ਗਿਆ ‘ਸਬ ਐਡਟਰ’ ਲਈ। ਪਰ ‘ਜਗਤਾਰ’ ਹੋਰਾਂ ਜਵਾਬ ਦੇ ਦਿੱਤਾ। ਪਰ ਪਰ ਜਗਬਾਣੀ ਦੇ ਮਾਲਕਾਂ ਨੇ ਕਿਹਾ ਕਿ ਜੇਕਰ ‘ਜਗਬਾਣੀ’ ਦੇ ਡੈਸਕ ਤੇ ਨਹੀਂ ਆਉਣਾ ਤਾਂ ‘ਜਗਬਾਣੀ’ ਲਈ ਫੀਲਡ ਵਿਚ ਪੱਤਰਕਾਰੀ ਕਰੋ, ਜਿਸ ਤਹਿਤ ‘ਜਗਬਾਣੀ’ ਵਿਚ ਪੱਤਰਕਾਰੀ ਸ਼ੁਰੂ ਕਰ ਦਿੱਤੀ। ਕਿਉਂਕਿ ‘ਜਗਬਾਣੀ’ ਕੁਝ ਸਮਾਂ ਪਹਿਲਾਂ ਸ਼ੁਰੂ ਹੋ ਗਿਆ ਪਰ ‘ਪੰਜਾਬੀ ਟ੍ਰਿਬਿਊਨ’ ਥੋੜਾ ਪਛੜ ਕੇ ਸ਼ੁਰੂ ਹੋਇਆ। ‘ਪੰਜਾਬੀ ਟ੍ਰਿਬਿਊਨ’ ਦੇ ਪਹਿਲੇ ਸੰਪਾਦਕ ਬਰਜਿੰਦਰ ਸਿੰਘ ‘ਹਮਦਰਦ’ ਬਣੇ। ‘ਹਮਦਰਦ’ ਹੋਰਾਂ ਨੇ ਜਗੀਰ ਸਿੰਘ ‘ਜਗਤਾਰ’ ਹੋਰਾਂ ਨੂੰ ‘ਪੱਤਰ ਪ੍ਰੇਰਕ’ ਵਜੋਂ ਕੰਮ ਕਰਾਉਣਾ ਸ਼ੁਰੂ ਕੀਤਾ। ਪਰ ਜਦੋਂ ‘ਹਮਦਰਦ’ ਹੋਰੀਂ ‘ਪੰਜਾਬੀ ਟ੍ਰਿਬਿਊਨ ’ਵਿਚੋਂ ਮੁੜ ‘ਅਜੀਤ’ ਵਿਚ ਚਲੇ ਗਏ ਤਾਂ ਉਨ੍ਹਾਂ ਜਗੀਰ ਸਿੰਘ ‘ਜਗਤਾਰ’ ਨੂੰ ‘ਅਜੀਤ’ ਵਿਚ ਕੰਮ ਕਰਨ ਲਈ ਸੱਦਿਆ। ਉਨ੍ਹਾਂ ਨੇ ‘ਜਗਬਾਣੀ’ ਅਖਬਾਰ ਤੋਂ ਅਸਤੀਫਾ ਦਿਵਾ ਕੇ ਅਜੀਤ ਅਖਬਾਰ ਵਿਚ ਰੱਖ ਲਿਆ ਤੇ ਨਾਲ ਹੀ ਪਹਿਲੀ ਵਾਰ ‘ਹਮਦਰਦ’ ਹੋਰਾਂ ਨੇ 100 ਰੁਪਏ ਵੀ ਦੇਣੇ ਸ਼ੁਰੂ ਕੀਤੇ। ‘ਜਗਤਾਰ’ ਹੋਰੀਂ ਲਗਾਤਾਰ ‘ਅਜੀਤ’ ਤੇ ‘ਪੰਜਾਬੀ ਟ੍ਰਿਬਿਊਨ ’ਇਕੱਠੇ ਹੀ ਕਰਦੇ ਰਹੇ। ‘ਜਗਤਾਰ’ ਹੋਰੀਂ ਕਹਿੰਦੇ ਹਨ ‘‘ਜਦੋਂ ਬਰਜਿੰਦਰ ਸਿੰਘ ਹਮਦਰਦ ਹੋਰੀਂ ਪੱਤਰਕਾਰ ਤੋਂ ਬਿਜਨਸਮੈਨ ਬਣ ਗਏ, ਉਸ ਤੋਂ ਬਾਅਦ ਹੀ ਮੇਰਾ ਅਜੀਤ ਵਿਚੋਂ ਬਾਹਰ ਜਾਣਾ ਤਹਿ ਹੋਗਿਆ। ਮੈਨੇਜਰ ਨੇ ਮੈਨੂੰ ਬੁਲਾ ਕੇ ਸਪਲੀਮੈਂਟ ਕੱਢਣ ਲਈ ਕਿਹਾ। ਮੈਨੂੰ ਬਰਜਿੰਰਦ ਸਿੰਘ ਹਮਦਰਦ ਹੋਰਾਂ ਕੋਲ ਲੈ ਗਏ। ਉਸ ਵੇਲੇ ‘ਹਮਦਰਦ’ ਹੋਰਾਂ ਨੇ ਕਿਹਾ ‘ਇਹ ਤਾਂ ਮਸਤ ਮੌਲਾ ਬੰਦਾ, ਇਸ ਨੂੰ ਕਾਹਨੂੰ ਇਸਤਿਹਾਰ ਲੈਣ ਲਈ ਕਿਹਾ ਹੈ, ਕਿਸੇ ਹੋਰ ਨੂੰ ਕਹਿ ਲਓ’ ਉਸ ਤੋਂ ਬਾਅਦ ਮੈਂ ‘ਅਜੀਤ’ ਛੱਡ ਦਿੱਤਾ ਤੇ ‘ਪੰਜਾਬੀ ਟ੍ਰਿਬਿਊਨ’ ਲਈ 6-6 ਜ਼ਿਲਿਆਂ ਤੋਂ ਪੱਤਰਕਾਰੀ ਕੀਤੀ’’ -ਖਾੜਕੂਵਾਦ ਵਿਚ ਧਮਕੀਆਂ ਦਾ ਦੌਰ-
ਪੰਜਾਬੀ ਟ੍ਰਿਬਿਊਨ ਨਿਰਪੱਖ ਅਖਬਾਰ ਹੈ, ਉਹ ਕਿਸੇ ਦੀ ਵਾਧੂ ਘਾਟੂ ਖਬਰ ਨਹੀਂ ਪ੍ਰਕਾਸ਼ਿਤ ਕਰਦਾ ਸੀ। ਉਹ ਹਮੇਸ਼ਾਂ ‘ਬਾਲੈਂਸ’ ਬਣਾ ਕੇ ਹੀ ਚੱਲਦਾ ਆਇਆ ਹੈ। ਇਸੇ ਕਰਕੇ ਖਾੜਕੂਆਂ ਨੂੰ ਪੰਜਾਬੀ ‌ਟ੍ਰਿਬਿਊਨ ਦੇ ਪੱਤਰਕਾਰਾਂ ਨਾਲ ਖਿੱਝ ਹੁੰਦੀ ਸੀ ਕਿ ਉਹ ਸਿਰਫ ਤੇ ਸਿਰਫ ਉਨ੍ਹਾਂ ਦੀ ਖਬਰ ਹੀ ਪ੍ਰਕਾਸ਼ਿਤ ਨਹੀਂ ਕਰਦਾ ਸੀ ਸਗੋਂ ਵਿਰੋਧੀਆਂ ਦੀਆਂ ਖਬਰਾਂ ਵੀ ਬਰਾਬਰ ਪ੍ਰਕਾਸ਼ਿਤ ਕਰਦਾ ਹੈ। ਇਕ ਵਾਰ ਜਗੀਰ ਸਿੰਘ ‘ਜਗਤਾਰ’ ਨੂੰ ਖਾੜਕੂ ਇਕ ਅਣਦੱਸੀ ਥਾਂ ’ਤੇ ਡਰਾਉਣ ਲਈ ਲੈ ਗਏ। ਉਥੇ ਕਾਫੀ ਹਥਿਆਰ ਪਏ ਸਨ। ਉਹ ਕਹਿਣ ਲੱਗੇ ਕਿ ‘ਤੂੰ ਸਾਡੇ ਪੱਖ ਵਿਚ ਸਿਰਫ ਸਾਡੀਆਂ ਖਬਰਾਂ ਲਾ, ਬਾਕੀ ਦੀਆਂ ਖਬਰਾਂ ਲਾਉਣ ਦੀ ਲੋੜ ਨਹੀਂ’ ਉਹ ਧਮਕਾਉਂਦੇ ਰਹੇ ਪਰ ‘ਜਗਤਾਰ’ ਹੋਰੀਂ ਚੁੱਪ ਕਰਕੇ ਸੁਣਦੇ ਰਹੇ। ਉਸ ਵੇਲੇ ਬਰਨਾਲੇ ਵਿਚ ਦੋ ਹੀ ਪੱਤਰਕਾਰ ਹੁੰਦੇ ਸਨ ਇਕ ਜਗੀਰ ਸਿੰਘ ‘ਜਗਤਾਰ’ ਤੇ ਦੂਜਾ ਜਨਸੰਘ ਅਖਬਾਰ ਦਾ ਤੀਰਥ ਦਾਸ ‘ਸਿਧਵਾਨੀ’। ਜਿਸ ਦਾ ਪੋਤਰਾ ਵਿਵੇਕ ‘ਸਿਧਵਾਨੀ’ ਪੱਤਰਕਾਰੀ ਕਰਦਾ ਹੈ। ਖਾੜਕੂਆਂ ਨੇ ਕਿਹਾ ਕਿ ‘ਤੀਰਥ ਦਾਸ ਸਿਧਵਾਨੀ ਨੂੰ ਸਮਝਾ ਦੇਈਂ ਉਹ ਸਾਡੇ ਖਿਲਾਫ ਖਬਰਾਂ ਲਾਉਂਦਾ ਹੈ, ਉਸ ਨੂੰ ਤਾਂ ਅਸੀਂ ਸੋਧ ਹੀ ਦੇਣਾ ਹੈ।’ ‘ਜਗਤਾਰ’ ਨੂੰ ਡਰਾ ਧਮਕਾ ਕੇ ਛੱਡ ਗਏ, ਇਸ ਘਟਨਾ ਦਾ ਪਤਾ ਪੁਲੀਸ ਨੂੰ ਵੀ ਲੱਗ ਗਿਆ ਸੀ, ਉਨ੍ਹਾਂ ਸੁਰੱਖਿਆ ਦੇਣ ਲਈ ਕਿਹਾ ਪਰ ‘ਜਗਤਾਰ’ ਨੇ ਸੁਰੱਖਿਆ ਲੈਣ ਤੋਂ ਨਾਹ ਕਰ ਦਿੱਤੀ, ਉਸ ਨੇ ਕਿਹਾ ‘ਮੇਰੇ ਕੋਲ ਤਾਂ ਕੋਈ ਕਾਰ ਜਾਂ ਸਕੂਟਰ ਨਹੀਂ ਹੈ, ਮੈਂ ਗਾਰਦਾਂ ਨੂੰ ਕਿੱਥੇ ਰੱਖਾਂਗਾ’ ਪਰ ਤੀਰਥ ਸਿੰਘ ‘ਸਿਧਵਾਨੀ’ ਨੇ ਸੁਰੱਖਿਆ ਲੈ ਲਈ ਸੀ। ‘ਜਗਤਾਰ’ ਹੋਰਾਂ ਤੇ ਕੋਈ ਕੋਰਟ ਕੇਸ ਨਹੀਂ ਹੋਇਆ।
-ਪਰਿਵਾਰ ਤੇ ਅਜੋਕਾ ਸਮਾਂ- ਜਗੀਰ ਸਿੰਘ ‘ਜਗਤਾਰ’ ਹੋਰਾਂ ਦੇ ਪਰਿਵਾਰ ਵਿਚ ਉਸ ਦੀ ਪਤਨੀ ਜਸਬੀਰ ਕੌਰ 66 ਕੁ ਸਾਲ ਉਮਰ ਦੇ ਹਨ, ਆਪਣਾ ਕੋਈ ਧੀ ਪੁੱਤਰ ਨਹੀਂ ਹੈ, ਕੋਈ ਆਪਣਾ ਮਕਾਨ ਨਹੀਂ ਹੈ, ਕੋਈ ਜਾਇਦਾਦ ਨਹੀਂ ਹੈ। ਭਤੀਜਾ ਤੇ ਭਤੀਜੀ ਦਾ ਘਰ ਹੈ ਬਰਨਾਲਾ ਦੀ ਸ਼ਿਵ ਸ਼ਕਤੀ ਵਾ‌ਟਿਕਾ ਵਿਚ।
ਉਥੇ ਹੀ ‘ਜਗਤਾਰ’ ਹੋਰੀਂ ਰਹਿ ਰਹੇ ਹਨ। ਸ਼ਰੀਰ ਬਹੁਤ ਕਮਜੋਰ ਹੋ ਚੁੱਕਾ ਹੈ। ਬੈੱਡ ’ਤੇ ਹੀ ਹਨ, ਕਈ ਵਾਰੀ ਖੂਨ ਵੀ 4-5 ਗਰਾਮ ਹੀ ਰਹਿ ਜਾਂਦਾ ਹੈ, ਇਕ ਵਾਰ ਤਾਂ ਤਿੰਨ ਬੋਤਲਾਂ ਖੂਨ ਦੀਆਂ ਚੜਾਈਆਂ ਤਾਂ ਠੀਕ ਹੋਏ। ‘ਜਗਤਾਰ’ ਹੋਰੀਂ ਕਹਿੰਦੇ ਹਨ ਕਿ ‘‘ਪੱਤਰਕਾਰ ਕਦੇ ਗੁਰੂ ਜੀ, ਗੁਰੂ ਜੀ ਕਹਿੰਦੇ ਸਨ ਪਰ ਅੱਜ ਫੋਨ ਵੀ ਨਹੀਂ ਚੁੱਕਦੇ। ਐਸਡੀ ਕਾਲਜ ਵਾਲਿਆਂ ਨੇ ਇਕ ਪੱਤਰ ਸ਼ੁਰੂ ਕੀਤਾ ਹੈ ‘ਸਮਾਜ ਤੇ ਪੱਤਰਕਾਰ’। ਉਨ੍ਹਾਂ ਨੇ ‘ਜਗਤਾਰ’ ਹੋਰਾਂ ਨੂੰ ਸੰਪਾਦਕ ਬਣਾਇਆ ਜੋ ਅੱਜ ਤੱਕ ਵੀ ਹਨ। ਉਹ 10 ਹਜਾਰ ਰੁਪਏ ਭੇਜ ਦਿੰਦੇ ਹਨ ਕੁਝ ਇੱਧਰੋਂ ਉਧਰੋਂ ਮੰਗ ਲੈਂਦੇ ਹਨ।
ਪਰ ਸਰਦਾ ਨਹੀਂ ਕਿਉਂਕਿ ਦਵਾਈਆਂ ਬਗੈਰਾ ਖਾਣ ਪੀਣ ਦਾ ਖਰਚਾ ਹੀ ਮਹੀਨੇ ਦਾ 18-20 ਹਜਾਰ ਦਾ ਹੋ ਜਾਂਦਾ ਹੈ। 2019 ਵਿਚ ਭਾਸ਼ਾ ਵਿਭਾਗ ਵਲੋਂ ਪੰਜ ਲੱਖ ਰੁਪਏ ਦੇਣ ਦਾ ਇਨਾਮ ਅਨਾਉਂਸ ਕੀਤਾ ਗਿਆ ਸੀ। ਪਰ ਕੋਈ ਮਿੱਤਰ ਸੈਨ ਮੀਤ ਹੈ ਜਿਸ ਨੇ ਇਹ ਇਨਾਮ ਰੋਕ ਦਿੱਤੇ ਹਨ। ਇਸ ਕਰਕੇ ਉਸ ਦਾ ਵੀ ਕੋਈ ਲਾਭ ਨਹੀਂ ਹੈ, ਮੌਤ ਨਜ਼ਦੀਕ ਹੈ। ਮਰਨ ਤੋਂ ਬਾਅਦ ਕਿਸੇ ਇਨਾਮ ਸਨਮਾਨ ਦੀ ਕੀ ਲੋੜ ਹੁੰਦੀ ਹੈ, ਆਖਰੀ ਸਮਾਂ ਬੜਾ ਔਖਾ ਹੈ। ਹੁਣ ਕੁਝ ਕਰ ਦੇਵੇ ਸਰਕਾਰ ਤਾਂ ਚੰਗਾ ਹੋਵੇ, ਪਰ ਨਾ ਤਾਂ ਮਿੱਤਰ ਸੈਨ ਮੀਤ ਹੀ ਝੁਕ ਰਿਹਾ ਹੈ ਨਾ ਹੀ ਸਰਕਾਰ ਕੁਝ ਕਰ ਰਹੀ ਹੈ, ਇਸ ਕਰਕੇ ਮੇਰੀ ਜ਼ਿੰਦਗੀ ਦੇ ਆਖਿਰੀ ਦਿਨ ਬੜੇ ਮੁਸ਼ਕਿਲ ਨਾਲ ਗੁਜ਼ਰ ਰਹੇ ਹਨ।’’ -ਚੱਲਦਾ ਫਿਰਦਾ ਜੰਤਰ ਮੰਤਰ ‘ਜਗੀਰ ਸਿੰਘ ਜਗਤਾਰ’-
ਜਗੀਰ ਸਿੰਘ ‘ਜਗਤਾਰ’ ਦੇ ਜੀਵਨ ਤੇ ਇਕ ਕਿਤਾਬ ਲਿਖੀ ਗਈ ਹੈ, ਇਸ ਦੇ ਸੰਪਾਦਕ ਹਨ ਡਾ. ਅਮਰ ਕੋਮਲ ਅਤੇ ਤੇਜਾ ਸਿੰਘ ਤਿਲਕ। ਇਸ ਕਿਤਾਬ ਵਿਚ ਜਗਤਾਰ ਹੋਰਾਂ ਬਾਰੇ ਕਾਫੀ ਕੁਝ ਲਿਖਿਆ ਹੈ।
-ਕਮੀਆਂ-
ਜਗੀਰ ਸਿੰਘ ‘ਜਗਤਾਰ’ ਵਰਗੇ ਬਜ਼ੁਰਗ ਪੱਤਰਕਾਰ ਦੀ ਜ਼ਿੰਦਗੀ ਵਿਚ ਕਾਫੀ ਕੁਝ ਆਇਆ, ਤੰਗੀਆਂ ਤੁਰਸ਼ੀਆਂ ਨੇ ਕਾਫੀ ਥਾਂ ਬਣਾਈ। ਅਜਿਹੇ ਪੱਤਰਕਾਰ ਦੀਆਂ ਕਮੀਆਂ ਜੇਕਰ ਮੈਂ ਕੱਢਣ ਲੱਗ ਜਾਂਵਾਂ ਤਾਂ ਚੰਗਾ ਨਹੀਂ ਹੋਵੇਗਾ। ਖੁੱਦ-ਦਾਰੀ ਵਾਲੀ ਪੱਤਰਕਾਰੀ ਕੀਤੀ ਹੈ। ਜਦੋਂ ਸਨ ਤਾਂ ਬਸ ਜਗਤਾਰ ਹੋਰੀਂ ਹੀ ਸਨ। ਦੌੜ ਵਿਚ ਕਿਸੇ ਨੂੰ ਅੱਗੇ ਲੰਘਦਾ ਦੇਖ ਕੇ ਥੋੜਾ ਚਿੜ ਪੈਂਦੇ ਸਨ। ਜੋ ਮਾਨੁੱਖੀ ਫਿਤਰਤ ਹੈ।
ਕਮੀ ਇਹ ਹੈ ਕਿ ਪੱਤਰਕਾਰ ਰਹੇ, ਮਿਸ਼ਨ ਵਾਲੇ ਪੱਤਰਕਾਰ। ਬਿਜਨਸਮੈਨ ਨਹੀਂ ਬਣ ਸਕੇ। ਇਸ ਕਰਕੇ ਅੱਜ ਇਸ ਹਾਲ ਵਿਚ ਹਨ। ਇਸ ਪੱਤਰਕਾਰ ਦੀ ਮਦਦ ਕਰਨ ਲਈ ਮੈਂ ਸਰਕਾਰ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ। ਅਜਿਹੇ ਪੱਤਰਕਾਰ ਜਿਉਂਦਾ ਰਹਿਣੇ ਚਾਹੀਦੇ ਹਨ, ਮੈਂ ਜਗੀਰ ਸਿੰਘ ‘ਜਗਤਾਰ’ ਦੀ ਲੰਬੀ ਤੇ ਤੰਦਰੁਸਤ ਉਮਰ ਦੀ ਕਾਮਨਾ ਕਰਦਾ ਹਾਂ... ਆਮੀਨ। ਗੁਰਨਾਮ ਸਿੰਘ ਅਕੀਦਾ 8146001100

No comments:

Post a Comment