Tuesday, September 30, 2025

ਜਦੋਂ ਪਟਿਆਲਾ ਵਿਚ ਮੀਡੀਆ ਵੱਲੋਂ ਸਰਕਾਰ ਦਾ ਆਖ਼ਰੀ ਬਾਈਕਾਟ ਕੀਤਾ

ਲੇਖਕ : ਗੁਰਨਾਮ ਸਿੰਘ ਅਕੀਦਾ
ਸਹੀ ਪੱਤਰਕਾਰੀ ਕਰਦੇ ਪੱਤਰਕਾਰਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪੱਤਰਕਾਰ ਇਸ ਦਾ ਇਤਰਾਜ਼ ਤੇ ਗਿਲਾ ਵੀ ਨਹੀਂ ਕਰਦੇ, ਉਹ ਗੱਲ ਵੱਖ ਹੈ ਕਿ ਮੀਡੀਆ ਸੰਸਥਾਨ ਪੱਤਰਕਾਰ ਨਾਲ ਖੜਨਾ ਆਮ ਕਰਕੇ ਬੰਦ ਕਰ ਗਏ ਹਨ, ਫੇਰ ਪੱਤਰਕਾਰਾਂ ਨੂੰ ਖ਼ੁਦ ਹੀ ਲੜਾਈ ਲੜਨੀ ਪੈਂਦੀ ਹੈ, ਇਸੇ ਕਰਕੇ ਪੱਤਰਕਾਰਤਾ ਚਾਪਲੂਸਾਂ ਦੀ ਗ਼ੁਲਾਮ ਬਣਦੀ ਜਾ ਰਹੀ ਹੈ। ਇੱਥੇ ਫੁਕਰੇ ਪੱਤਰਕਾਰ (ਅੱਜ ਕੱਲ੍ਹ ਕੈਨੇਡਾ ਸਰੀ ਵਿਚ ਆਪਣੀ ਫੁਕਰਪੰਥੀ ਚਲਾ ਰਹੇ ਹਨ: ਸ਼ੁਕਰ ਹੈ ਪਟਿਆਲਾ ਬਚਿਆ) ਵੀ ਆਈ ਪੀ ਦੇ ਪੈਰੀਂ ਹੱਥ ਲਗਾ ਕੇ ਸਵਾਲ ਅਜਿਹਾ ਪੁੱਛਣ ਵਾਲੇ ਵੀ ਪੈਦਾ ਹੋ ਗਏ ਹਨ ਜਿਸ ਵਿਚ ਜਵਾਬ ਵੀ ਹੁੰਦਾ ਹੈ। ਅੱਜ ਦਾ ਇਤਿਹਾਸ ਉਜਾਗਰ ਕਰਾਂਗੇ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵੱਲੋਂ ਆਖ਼ਰੀ ਵਾਰ ਸਰਕਾਰ ਦਾ ਪ੍ਰਭਾਵਸ਼ਾਲੀ ਬਾਈਕਾਟ ਕੀਤਾ ਗਿਆ। ਮੈਂ ਦੇਸ਼ ਸੇਵਕ ਅਖ਼ਬਾਰ ਵਿਚ ਬਤੌਰ ਸਟਾਫ਼ ਰਿਪੋਰਟਰ ਪ‌ਟਿਆਲਾ ਵਿਚ ਤਾਇਨਾਤ ਸੀ, ਦੇਸ਼ ਸੇਵਕ ਨੇ ਮੇਰੀ ਪੱਤਰਕਾਰੀ ਨੂੰ ਪਹਿਚਾਣਿਆ ਤੇ ਸ਼ਮੀਲ ਵਰਗੇ ਸੰਪਾਦਕਾਂ ਨੇ ਮੈਥੋਂ ਬੜਾ ਕੰਮ ਲਿਆ, ਇਸੇ ਤਹਿਤ ਪਟਿਆਲਾ ਵਿਚ ਰਾਜਪੁਰਾ ਰੋਡ ਤੇ ਅਰਬਨ ਅਸਟੇਟ ਵਿਚ ਡੇਰਾ ਰਾਧਾ ਸੁਆਮੀ ਦੇ ਪਿਛਲੇ ਪਾਸੇ ਇਕ ਮੰਗਤਿਆਂ ਦਾ ਪਿੰਡ ਹੈ ‘ਥੇੜ੍ਹੀ’ (ਅੱਜ ਕੱਲ੍ਹ ਤਾਂ ਬਹੁਤ ਅਮੀਰ ਇਲਾਕੇ ਵਿਚਕਾਰ ਆ ਗਿਆ ਹੈ), ਥੇੜ੍ਹੀ ਪਿੰਡ ਪਟਿਆਲਾ ਦੇ ਮਹਾਰਾਜਿਆਂ ਨੇ ਵਸਾਇਆ ਸੀ, ‘ਸੂਹੀਆਂ ਦਾ ਪਿੰਡ’, ਇਹ ਪਿੰਡ ਸੂਹੀਆਂ ਦਾ ਪਿੰਡ ਸੀ, ਇਸ ਵਿਚ ਵਸਾਏ ਲੋਕ ਪਿੰਡਾਂ ਵਿਚ ਸੂਹ ਲੈਂਦੇ ਸਨ ਕਿ ਮਹਾਰਾਜਿਆਂ ਦੇ ਖ਼ਿਲਾਫ਼ ਕੋਈ ਬਗ਼ਾਵਤ ਤਾਂ ਨਹੀਂ ਕਰ ਰਿਹਾ। ਜਿਵੇਂ ਜਦੋਂ ਪਟਿਆਲਾ ਨਦੀ ਵਿਚ ਹੜ੍ਹ ਆਉਂਦਾ ਸੀ ਤਾਂ ਇਸ ਪਿੰਡ ਦੇ ਸੂਹੀਏ ਹੀ ਮਹਾਰਾਜੇ ਤੱਕ ਇਹ ਪੁੱਜਦਾ ਕਰਦੇ ਸਨ ਕਿ ਹੁਣ ਨਦੀ ਵਿਚ ਪਾਣੀ ਘਟੇਗਾ ਤੁਸੀਂ ਨੱਥ ਚੂੜਾ ਚੜ੍ਹਾ ਦਿਓ ਤੇ ਮਹਾਰਾਜਾ ਪਟਿਆਲਾ ਨਦੀ ਵਿਚ ਨੱਥ ਚੂੜਾ ਚੜ੍ਹਾਉਂਦਾ ਸੀ ਤੇ ਪਾਣੀ ਘੱਟ ਜਾਂਦਾ ਸੀ। ‘ਥੇੜ੍ਹੀ’! ਦੇਸ਼ ਸੇਵਕ ਵੱਲੋਂ ਮੇਰੀ ਡਿਊਟੀ ਲੱਗੀ ਕਿ ਪਟਿਆਲਾ ਦਾ ਇਕ ਪਿੰਡ ਹੈ ਜਿਸ ਵਿਚ ਦਾੜ੍ਹੀਆਂ ਕੇਸਾਂ ਤੇ ਪਗੜੀਆਂ ਵਾਲੇ ਲੋਕ ਮੰਗਤੇ ਹਨ, ਸਿੱਖ ਮੰਗਤੇ ਹਨ! ਇਨ੍ਹਾਂ ਦੀ ਐਤਵਾਰ ਦੇ ਅਖ਼ਬਾਰ ਲਈ ਕਵਰ ਸਟੋਰੀ ਕਰਨੀ ਹੈ। ਮੈਂ ਤੇ ਮੇਰਾ ਫ਼ੋਟੋ ਗ੍ਰਾਫਰ ਪਿੰਡ ਵਿਚ ਪੜਤਾਲ ਕਰ ਰਹੇ ਸਾਂ, ਅਸੀਂ ਰਵੀ ਹਸਪਤਾਲ ਦੇ ਕੋਲ ਖੜੇ ਸਾਂ, ਰਵੀ ਹਸਪਤਾਲ ਡਾ. ਰਵਦੀਪ ਕੌਰ ਦਾ ਸੀ, ਜਿਸ ਨੇ ਜੱਜ ਵਿਜੈ ਸਿੰਘ ਦਾ ਕਤਲ ਕਰਵਾਇਆ ਸੀ। ਸਾਡੇ ਕੋਲ ਅਚਾਨਕ ਹੀ ਅਜੀਤ ਅਖ਼ਬਾਰ ਵਿਚ ਫ਼ੋਟੋ ਗਰਾਫ਼ੀ ਕਰਨ ਵਾਲਾ ਜੋਸ਼ੀ ਆ ਗਿਆ, ਮੈਂ ਤੇ ਮੇਰਾ ਫ਼ੋਟੋ ਗ੍ਰਾਫਰ ਉਂਜ ਹੀ ਹੱਸ ਰਹੇ ਸਾਂ , ਅਸੀਂ ਉਂਜ ਹੀ ਗੱਲਾਂ ਕਰਨ ਲੱਗੇ, ‘‘ਬਈ ਕਮਾਲ ਹੋ ਗਿਆ, ਪਟਿਆਲਾ ਵਿਚ ਜੱਜ ਵਿਜੈ ਸਿੰਘ ਦਾ ਕਤਲ ਕਰਨ ਵਾਲੀ ਰਵਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ, ਅੱਜ ਉਸ ਨੇ ਹਸਪਤਾਲ ਖੋਲ੍ਹਿਆ ਤੇ ਸਫ਼ਾਈ ਕਰਵਾਈ, ਕਮਾਲ ਹੈ ਬਈ ਦੇਖੋ ਜ਼ਮਾਨਤ ਤਾਂ ਮਿਲ ਹੀ ਜਾਂਦੀ ਹੈ’’ ਇਹ ਗੱਲ ਜੋਸ਼ੀ ਨੇ ਬੜੇ ਗਹੁ ਨਾਲ ਸੁਣੀ, ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਤੇ ਫ਼ੋਟੋ ਗ੍ਰਾਫਰਾਂ ਦਾ ਆਪਣਾ ਹੀ ਹੰਕਾਰ ਹੁੰਦਾ ਹੈ, ਉਹ ਦੂਜੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਕੋਈ ਬਹੁਤ ਤਵੱਜੋ ਨਹੀਂ ਦਿੰਦੇ ਸਨ। ਅੱਜ ਸਮਾਂ ਬਦਲ ਗਿਆ ਹੈ। ਜੋਸ਼ੀ ਨੇ ਸਾਨੂੰ ਕੋਈ ਗੱਲ ਪੁੱਛੀ ਨਹੀਂ ਨਾ ਹੀ ਰਵਦੀਪ ਕੌਰ ਨੂੰ ਜ਼ਮਾਨਤ ਮਿਲਣ ਦੀ ਪੁਸ਼ਟੀ ਹੀ ਕੀਤੀ। ਜੋਸ਼ੀ ਆਪਣੇ ਅਜੀਤ ਦੇ ਦਫ਼ਤਰ ਵਿਚ ਗਿਆ ਤੇ ਉੱਥੇ ਅਜੀਤ ਦੇ ਪੱਤਰਕਾਰ ਕੋਲ ਹਰਦੀਪ ਸਿੰਘ ਗਹੀਰ (ਅੱਜ ਕੱਲ੍ਹ ਪਟਿਆਲਾ ਵਿਚ ਏਪੀਆਰਓ) ਵੀ ਬੈਠਾ ਸੀ, ਜੋ ਸਪੋਕਸਮੈਨ ਅਖ਼ਬਾਰ ਵਿਚ ਬਤੌਰ ਸਟਾਫ਼ ਰਿਪੋਰਟਰ ਕੰਮ ਕਰਦਾ ਸੀ। ਜੋਸ਼ੀ ਨੇ ਅਜੀਤ ਤੇ ਪੱਤਰਕਾਰ ਸਟਾਫ਼ ਰਿਪੋਰਟ ਨੂੰ ਦੱਸਿਆ ਕਿ ‘ਅੱਜ ਰਵਦੀਪ ਕੌਰ ਨੇ ਹਸਪਤਾਲ ਖੋਲ੍ਹਿਆ ਹੈ’ ਹਰਦੀਪ ਸਿੰਘ ਉੱਥੋਂ ਆਇਆ, ਤੇ ਖ਼ਬਰ ਭੇਜ ਦਿੱਤੀ ਕਿ ਅੱਜ ਰਵਦੀਪ ਕੌਰ ਨੇ ਆਪਣਾ ਰਵੀ ਹਸਪਤਾਲ ਖੋਲ੍ਹਿਆ। ਪਰ ਅਜੀਤ ਦੇ ਪੱਤਰਕਾਰ ਨੇ ਦਰਿਆਫ਼ਤ ਕਰ ਲਈ ਸੀ ਉਸ ਨੇ ਪਤਾ ਕਰ ਲਿਆ ਸੀ ਕਿ ਰਵਦੀਪ ਕੌਰ ਨੂੰ ਜ਼ਮਾਨਤ ਨਹੀਂ ਮਿਲੀ।ਪਰ ਹਰਦੀਪ ਸਿੰਘ ਨੇ ਦਰਿਆਫ਼ਤ ਕੀਤੀ ਪਰ ਉਸ ਨੂੰ ਕੋਈ ਥਹੁ ਪਤਾ ਨਹੀਂ ਲੱਗਾ, ਉਸ ਨੇ ਛੋਟੀ ਜਿਹੀ ਖ਼ਬਰ ਬਣਾ ਕੇ ਭੇਜ ਦਿੱਤੀ। ਸਪੋਕਸਮੈਨ ਵਿਚ ਸਵੇਰੇ ਖ਼ਬਰ ਪ੍ਰਕਾਸ਼ਿਤ ਹੋ ਗਈ। ਸਪੋਕਸਮੈਨ ਵਿਚ ਪ੍ਰਕਾਸ਼ਿਤ ਹੋਈ ਖ਼ਬਰ ਨੇ ਪੰਜਾਬ ਵਿਚ ਅੱਗ ਲਗਾ ਦਿੱਤੀ, ਜੱਜਾਂ ਦੀਆਂ ਕੁਰਸੀਆਂ ਹਿਲਾ ਦਿੱਤੀਆਂ ਤੇ ਪਟਿਆਲਾ ਪੁਲੀਸ ਕੋਲ ਘੰਟੀਆਂ ਖੜਕੀਆਂ ਤੇ ਪੁੱਛਿਆ ਜਾਣ ਲੱਗਾ ਕਿ ਰਵਦੀਪ ਕੌਰ ਨੂੰ ਜ਼ਮਾਨਤ ਕਿਸ ਨੇ ਦਿੱਤੀ ਤੇ ਕਿਵੇਂ ਦਿੱਤੀ ਹੈ। ਪਤਾ ਲੱਗਾ ਕਿ ਇਹ ਖ਼ਬਰ ਠੀਕ ਨਹੀਂ ਹੈ, ਪਟਿਆਲਾ ਦੇ ਐਸਐਸਪੀ ਨੇ ਇਸ ਬਾਰੇ ਪਤਾ ਕਰਨ ਲਈ ਡਿਊਟੀ ਲਗਾਈ ਡੀਐਸਪੀ ਕੇਸਰ ਸਿੰਘ ਦੀ। ਡੀਐਸਪੀ ਕੇਸਰ ਸਿੰਘ ਦੇ ਦਿਮਾਗ਼ ਵਿਚ ਪੁਲਸੀਆ ਤਾਕਤ ਬੜੀ ਚੜ੍ਹੀ ਹੋਈ ਸੀ। ਉਸ ਨੇ ਸਿੱਧਾ ਹੀ ਹਰਦੀਪ ਸਿੰਘ ਨੂੰ ਫ਼ੋਨ ਕੀਤਾ ਤੇ ਉਸ ਨੂੰ ਇਸ ਤਰੀਕੇ ਨਾਲ ਧਮਕਾਇਆ ਕਿ ਉਸ ਨੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੱਤੇ। ਬਹੁਤ ਹੀ ਭੱਦੀ ਸ਼ਬਦਾਵਲੀ। ਪ੍ਰੈੱਸ ਕਲੱਬ ਵਿਚ ਮੇਰਾ ਵੀ ਉਸ ਵੇਲੇ ਅਹਿਮ ਸਥਾਨ ਸੀ, ਮੇਰੇ ਕੇਲ ਹਰਦੀਪ ਸਿੰਘ ਦਾ ਫ਼ੋਨ ਆਇਆ ਤੇ ਉਸ ਨੇ ਸਾਰੀ ਕਹਾਣੀ ਸੁਣਾਈ। ਮੈਂ ਕੇਸਰ ਸਿੰਘ ਡੀਐਸਪੀ ਨੂੰ ਫ਼ੋਨ ਮਿਲਾ ਲਿਆ। ਡੀਐਸਪੀ ਕੇਸਰ ਸਿੰਘ ਦੇ ਦਿਮਾਗ਼ ਵਿਚ ਸੱਚੀਂ ਹੀ ਪੁਲਸੀਆ ਤਾਕਤ ਦਾ ਪੂਰਾ ਲਾਵਾ ਚੜ੍ਹਿਆ ਹੋਇਆ ਸੀ ਉਸ ਨੇ ਮੈਨੂੰ ਵੀ ਕਿਹਾ ਕਿ ‘ਤੂੰ ਵੀ ਆ ਇੱਥੇ ਤੈਨੂੰ ਵੀ ਕਰਦਾ ਹਾਂ ਠੀਕ’ ਉਸੇ ਦਿਨ ਪ੍ਰੈੱਸ ਕਾਨਫ਼ਰੰਸ ਸੀ, ਹਰਭਜਨ ਮਾਨ ਆਪਣੀ ਇਕ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਆਏ ਸਨ। ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪੱਤਰਕਾਰ ਭਰਾਵਾਂ ਨੇ ਫ਼ੈਸਲਾ ਕੀਤਾ ਕਿ ਹੁਣ ਪੰਜਾਬ ਪੁਲੀਸ ਦਾ ਬਾਈਕਾਟ ਕੀਤਾ ਜਾਵੇ। ਬਾਅਦ ਵਿਚ ਇਹ ਬਾਈਕਾਟ ਪੰਜਾਬ ਸਰਕਾਰ ਦਾ ਕਰ ਦਿੱਤਾ ਗਿਆ। ਪਟਿਆਲਾ ਵਿਚ ਡੀਜੀਪੀ ਦਾ ਪ੍ਰੋਗਰਾਮ ਵੀ ਸੀ ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਪ੍ਰੋਗਰਾਮ ਵੀ ਸੀ। ਪੱਤਰਕਾਰ ਸਾਰੇ ਇੱਕਜੁੱਟ। ਜੰਗਵੀਰ ਸਿੰਘ, ਗੁਰਪ੍ਰੀਤ ਸਿੰਘ ਨਿੱਬਰ, ਦਰਸ਼ਨ ਸਿੰਘ ਖੋਖਰ, ਸਰਬਜੀਤ ਸਿੰਘ ਭੰਗੂ, ਰਵੇਲ ਸਿੰਘ ਭਿੰਡਰ, ਜੋਗਿੰਦਰ ਮੋਹਨ, ਜਸਵਿੰਦਰ ਸਿੰਘ ਦਾਖਾ, ਜਸਪਾਲ ਸਿੰਘ ਢਿੱਲੋਂ, ਗੁਰਕਿਰਪਾਲ ਸਿੰਘ ਅਸ਼ਕ, ਗਗਨਦੀਪ ਸਿੰਘ ਅਹੂਜਾ ਆਦਿ ਸਾਰੇ ਪੱਤਰਕਾਰ ਇੱਕਜੁੱਟ। ਬੜਾ ਚੰਗਾ ਸਮਾਂ ਸੀ ਉਹ ਪੱਤਰਕਾਰਾਂ ਦਾ, ਪ੍ਰਸ਼ਾਸਨ ਪੱਤਰਕਾਰਾਂ ਤੋਂ ਡਰਦਾ ਸੀ, ਪੱਤਰਕਾਰ ਤੱਥਾਂ ਅਧਾਰਿਤ ਖ਼ਬਰਾਂ ਪ੍ਰਕਾਸ਼ਿਤ ਕਰਦੇ ਸੀ। ਜਦੋਂ ਖ਼ਬਰ ਲੱਗਦੀ ਸੀ ਤਾਂ ਉਸ ਦਾ ਪ੍ਰਸ਼ਾਸਨ ਨੋਟਿਸ ਲੈਂਦਾ ਸੀ। ਪੱਤਰਕਾਰ ਥੋੜ੍ਹੇ ਸੀ ਪਰ ਕਿਰਦਾਰ ਵਾਲੇ ਸੀ। ਕਲਮ ਵਿਕਾਊ ਨਹੀਂ ਸੀ, ਲੋਕ ਸੰਪਰਕ ਵਿਭਾਗ ਅਸਲ ਵਿਚ ਲੋਕ ਸੰਪਰਕ ਵਿਭਾਗ ਸੀ, ਪਹਿਲਾਂ ਲੋਕ ਸੰਪਰਕ ਵਿਭਾਗ ਦਾ ਦਫ਼ਤਰ ਬਾਰਾਂਦਰੀ ਵਿਚ ਹੁੰਦਾ ਸੀ, ਜਿੱਥੇ ਅੱਜ ਕੱਲ੍ਹ ਵਿਜੀਲੈਂਸ ਦਾ ਦਫ਼ਤਰ ਹੈ। ਪੱਤਰਕਾਰ ਉੱਥੇ ਆਕੇ ਬੈਠਦੇ ਸੀ, ਡੀਪੀਆਰਓ ਉਜਾਗਰ ਸਿੰਘ ਇਕ ਚੰਗੇ ਕਿਰਦਾਰ ਦਾ ਇਨਸਾਨ ਸੀ, ‌ਡਿਊਟੀ ਕਰਨਾ ਉਸ ਦਾ ਫ਼ਰਜ਼ ਸੀ, ਸਰਕਾਰ ਵਿਰੋਧੀ ਪੱਤਰਕਾਰਾਂ ਨੂੰ ਅਹਿਸਾਸ ਵੀ ਉਹ ਕਰਾਉਂਦੇ ਸੀ। ਮੇਰੇ ਨਾਲ ਉਜਾਗਰ ਸਿੰਘ ਦਾ ਛੱਤੀ ਦਾ ਆਂਕੜਾ ਰਿਹਾ। ਸ਼ਾਇਦ ਮੈਂ ਹੀ ਪੰਜਾਬ ਦਾ ਇਕ ਪੱਤਰਕਾਰ ਹੋਵਾਂ ਜਿਸ ਦਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਿਚ ਹੁੰਦੀ ਪ੍ਰੈੱਸ ਕਾਨਫ਼ਰੰਸ ਵਿਚ ਸ਼ਾਮਲ ਹੋਣ ਦੀ ਮਨਾਹੀ ਸੀ। ਜਦੋਂ ਕਦੇ ਮੋਤੀ ਮਹਿਲ ਵਿਚ ਪ੍ਰੈੱਸ ਕਾਨਫ਼ਰੰਸ ਹੁੰਦੀ ਤਾਂ ਮੋਤੀ ਮਹਿਲ ਦੇ ਮੁੱਖ ਗੇਟ ਤੇ ਏਪੀਆਰਓ ਮਲਿੰਦਰ ਸਿੰਘ ਦੁੱਗਲ ਹੋਰੀਂ ਖੜ ਜਾਂਦੇ ਸੀ, ਉਨ੍ਹਾਂ ਦਾ ਕੰਮ ਸਿਰਫ਼ ਮੈਨੂੰ ਪ੍ਰੈੱਸ ਕਾਨਫ਼ਰੰਸ ਲਈ ਮੋਤੀ ਮਹਿਲ ਵਿਚ ਜਾਣ ਤੋਂ ਰੋਕਣਾ ਹੁੰਦਾ ਸੀ। ਪਰ ਉਜਾਗਰ ਸਿੰਘ ਦੀ ਮੈਂ ਅੱਜ ਇਸ ਕਰਕੇ ਤਾਰੀਫ਼ ਕਰਦਾ ਹਾਂ ਕਿ ਉਹ ਸਰਕਾਰ ਦੇ ਪੱਖ ਵਿਚ ਹਰ ਤਰ੍ਹਾਂ ਦਾ ਕੰਮ ਕਰਦੇ ਹੁੰਦੇ ਸਨ। ਲੁਕ ਛਿੱਪ ਕੇ ਨਹੀਂ, ਪਰ ਉਨ੍ਹਾਂ ਤੋਂ ਬਾਅਦ ਡੀਪੀਆਰਓ ਬਣ ਕੇ ਆਏ ਇਸ਼ਵਿੰਦਰ ਸਿੰਘ ਗਰੇਵਾਲ ਦੀਆਂ ਜੇਕਰ ਮੈਂ ਤੁਹਾਨੂੰ ਮੇਰੇ ਖ਼ਿਲਾਫ਼ ਕੀਤੀਆਂ ਸਾਜ਼ਿਸ਼ਾਂ ਸੁਣਾ ਦੇਵਾਂ (ਕਦੇ ਜ਼ਰੂਰ ਲਿਖਾਂਗੇ) ਤਾਂ ਤੁਸੀਂ ਹੈਰਾਨ ਹੋ ਜਾਓਗੇ। ਨਾਲੇ ਇਸ਼ਵਿੰਦਰ ਸਿੰਘ ਗਰੇਵਾਲ ਮੇਰਾ ਗੁਆਂਢੀ ਹੈ, ਪਿੰਡੋਂ! ਉਨ੍ਹਾਂ ਦਾ ਪਿੰਡ ਨੈਣ ਖ਼ੁਰਦ ਹੈ ਮੇਰਾ ਪਿੰਡ ਅਕਾਲਗੜ੍ਹ ਹੈ ਸਾਡੇ ਪਿੰਡਾਂ ਦਾ ਬੰਨਾ ਚੰਨਾ ਨਾਲ ਲਗਦਾ ਹੈ। ਪਰ ਫਿਰ ਵੀ ਉਸ ਦੀਆਂ ਮੇਰੇ ਵਿਰੁੱਧ ਉਸ ਵੇਲੇ ਕੀਤੀਆਂ ਸਾਜ਼ਿਸ਼ਾਂ ਸਾਹਮਣੇ ਆਈਆਂ ਜਦੋਂ ਮੇਰੇ ਤੇ ਭਾਰੀ ਸੰਕਟ ਸੀ। (ਉਸ ਸੰਕਟ ਬਾਰੇ ਜਦੋਂ ਲਿਖਾਂਗੇ ਤਾਂ ਕਈ ਸਾਰੇ ਮੇਰੇ ਗੁਆਂਢੀ ਨੰਗੇ ਹੋਣਗੇ। ਜਿਵੇਂ ਕਿ ਪੰਜੋਲੇ ਵਾਲੇ।)। ਜਦੋਂ ਡੀਪੀਆਰਓਂ ਦਾ ਦਫ਼ਤਰ ਮਿੰਨੀ ਸਕੱਤਰੇਤ ਪਟਿਆਲਾ ਵਿਚ ਆਇਆ ਤਾਂ ਉੱਥੇ ਪੱਤਰਕਾਰਾਂ ਦੇ ਬੈਠਣ ਲਈ ਇਕ‌ ਵਿਸ਼ੇਸ਼ ਪ੍ਰੈੱਸ ਰੂਮ ਬਣਾ‌ਇਆ ਗਿਆ ਜਿੱਥੇ ਪਟਿਆਲਾ ਦੇ ਪੱਤਰਕਾਰਾਂ ਦੀਆਂ ਅਕਸਰ ਮੀਟਿੰਗਾਂ ਹੁੰਦੀਆਂ ਸਨ। ਪੱਤਰਕਾਰਾਂ ਦੀ ਸੇਵਾ ਬੜੇ ਹੀ ਪ੍ਰੇਮ ਨਾਲ ਲੋਕ ਸੰਪਰਕ ਦਫ਼ਤਰ ਵਾਲੇ ਕਰਿਆ ਕਰਦੇ ਸਨ। ਇੱਥੇ ਕਿਸੇ ਲੋਕ ਸੰਪਰਕ ਅਧਿਕਾਰੀ ਨੂੰ ਮਲਾਲ ਨਹੀਂ ਸੀ ਕਿ ਇੱਥੇ ਗੱਲ ਸਰਕਾਰ ਵਿਰੋਧੀ ਤਾਂ ਨਹੀਂ ਹੋ ਰਹੀ, ਉੱਥੇ ਸਰਕਾਰ ਵਿਰੋਧੀ ਗੱਲ ਹੁੰਦੀ ਵੀ ਨਹੀਂ ਸੀ। ਇਕ ਸਲੀਕਾ ਸੀ। ਪੱਤਰਕਾਰਾਂ ਦਾ ਹਾਸਾ ਠੱਠਾ ਉਨ੍ਹਾਂ ਦੇ ਏਕੇ ਦਾ ਸਬੂਤ ਸੀ, ਇੱਥੋਂ ਤੱਕ ਕੇ ਜਦੋਂ ਫੁਕਰਾ ਪੱਤਰਕਾਰ ਬਣ ਕੇ ਆਇਆਂ ਤਾਂ ਮੈਨੂੰ ਉਸ ਦੇ ਅਨੇਕਾਂ ਔਗੁਣਾਂ ਦਾ ਪਤਾ ਹੋਣ ਦੇ ਬਾਵਜੂਦ ਉਸ ਦਾ ਖੜੇ ਹੋਕੇ ਸਵਾਗਤ ਕੀਤਾ ਸੀ, ਪਰ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਪਟਿਆਲਾ ਵਿਚ ਹੁਣ ਪੱਤਰਕਾਰਾਂ ਵਿਚ ਕਈ ਤਰ੍ਹਾਂ ਦੇ ਝਗੜੇ ਜਨਮ ਲੈਣਗੇ। ਗੱਲ ਬਾਈਕਾਟ ਦੀ ਸ਼ੁਰੂ ਕਰਦੇ ਹਾਂ ! ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਸਨ, ਬਾਈਕਾਟ ਦੀਆਂ ਘੰਟੀਆਂ ਪੰਜਾਬ ਸਰਕਾਰ ਦੇ ਹਰ ਮੰਤਰੀ ਤੱਕ ਪੁੱਜੀਆਂ, ਮੀਡੀਆ ਸਲਾਹਕਾਰ ਤੱਕ ਹੁੰਦੀਆਂ ਹੋਈਆਂ ਸੀਐਮ ਆਫ਼ਿਸ ਤੱਕ ਪੁੱਜੀਆਂ। ਡੀਪੀਆਰਓ ਦੀ ਡਿਊਟੀ ਲੱਗੀ ਪਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਡੀਪੀਆਰਓ) ਦੀ ਇਸ ਵਿਚ ਕੋਈ ਹੈਸੀਅਤ ਨਹੀਂ ਸੀ। ਇਹ ਬਾਈਕਾਟ ਤੋੜਨ ਲਈ ਵਿਸ਼ੇਸ਼ ਤੌਰ ਤੇ ਐਸਐਸਪੀ ਨੂੰ ਕਿਹਾ ਗਿਆ, ਐਸਐਸਪੀ ਨੇ ਐਸਪੀ ਸਿਟੀ ਮਨਦੀਪ ਸਿੰਘ ਸਿੱਧੂ ਦੀ ਡਿਊਟੀ ਲਗਾਈ ਗਈ। ਮਨਦੀਪ ਸਿੰਘ ਸਿੱਧੂ ਇਕ ਚੰਗਾ ਅਧਿਕਾਰੀ ਸੀ, ਪਰ ਬਾਅਦ ਵਿਚ ਉਸ ਵਿਚ ਕਈ ਸਾਰੇ ਔਗੂਣ ਆ ਗਏ ਸਨ। (ਜਦੋ਼ ਮੇਰੇ ਤੇ ਸੰਕਟ ਆਇਆ ਤਾਂ ਮਨਦੀਪ ਸਿੰਘ ਸਿੱਧੂ ਨੇ ਮੇਰੇ ਵਿਰੋਧੀ ਪੱਤਰਕਾਰਾਂ ਦੇ ਕਹਿਣ ਤੇ ਮੇਰੇ ਖਿਲਾਫ ਬਿਲਕੁਲ ਹੀ ਝੂਠਾ ਕੇਸ ਦਰਜ ਕਰਨ ਲਈ ਤ੍ਰਿਪੜੀ ਥਾਣਾ ਇੰਚਾਰਜ ਤੇ ਬੜਾ ਦਬਾਅ ਬਣਾਇਆ ਪਰ ਧੰਨਵਾਦ ਰਾਜੇਸ਼ ਮਲਹੋਤਰਾ ਦਾ ਜਿਸ ਨੇ ਸੱਚ ਦਾ ਪੱਖ ਕਰਦਿਆਂ ਉਹ ਕੇਸ ਦਰਜ ਨਹੀਂ ਕੀਤਾ, ਉਹ ਕੇਸ ਸਾਡੇ ਸਾਰੇ ਪਰਿਵਾਰ ਤੇ ਫੇਰ ਬਡਾਲੀ ਥਾਣੇ ਵਿਚ ਦਰਜ ਹੋਇਆ।)
ਪਟਿਆਲਾ ਦੇ ਅਹਿਮ ਪੱਤਰਕਾਰਾਂ ਤੱਕ ਡੀਪੀਆਰਓ ਮਿੰਨਤਾਂ ਦੇ ਦੌਰ ਵਿਚ ਪਹੁੰਚ ਕਰ ਰਹੇ ਸਨ। ਪੂਰਾ ਦਿਨ ਗੁਜ਼ਰ ਗਿਆ, ਆਖ਼ਿਰ ਪੱਤਰਕਾਰਾਂ ਨੇ ਐਸਪੀ ਸਿਟੀ ਸਿੱਧੂ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ। ਮਨਦੀਪ ਸਿੰਘ ਸਿੱਧੂ ਦੇ ਦਫ਼ਤਰ ਵਿਚ ਪੱਤਰਕਾਰ ਬੈਠੇ ਸਨ ਤਾਂ ਅਚਾਨਕ ਹੀ ਡੀਐਸਪੀ ਕੇਸਰ ਸਿੰਘ ਬਹੁਤ ਹੀ ਅਧੀਨਗੀ ਵਿਚ ਹੱਥ ਬੰਨ੍ਹ ਕੇ ਦਫ਼ਤਰ ਵਿਚ ਦਾਖਲ ਹੋਇਆ, ਮਾਹੌਲ ਬਣਾ ਸੰਜੀਦਾ ਸੀ, ਪੱਤਰਕਾਰ ਡੀਐਸਪੀ ਕੇਸਰ ਸਿੰਘ ਦੀ ਅਧੀਨਗੀ ਵੱਲ ਬੜੇ ਗ਼ੌਰ ਨਾਲ ਦੇਖ ਰਹੇ ਸਨ, ਮੈਂ ਡੀਐਸਪੀ ਕੇਸਰ ਸਿੰਘ ਨੂੰ ਕਿਹਾ ‘ਤੁਸੀਂ ਡੀਐਸਪੀ ਹੋ, ਪੁਲੀਸ ਦੇ ਸਨਮਾਨਯੋਗ ਅਹੁਦੇ ਤੇ ਹੋ ਇੰਜ ਹੱਥ ਨਾ ਜੋੜੋ’ ਪੱਤਰਕਾਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਤੇ ਕੇਸਰ ਸਿੰਘ ਤੋਂ ਮਾਫ਼ੀ ਮੰਗਣ ਤੇ ਬਾਈਕਾਟ ਖ਼ਤਮ ਕਰ ਦਿੱਤਾ ਗਿਆ। ਪਟਿਆਲਾ ਦਾ ਉਹ ਆਖ਼ਰੀ ਕਾਮਯਾਬ ਬਾਈਕਾਟ ਸੀ, ਬਾਅਦ ਵਿਚ ਬਾਈਕਾਟ ਤਾਂ ਹੋਏ ਪਰ ਕਾਮਯਾਬ ਨਹੀਂ ਹੋਏ, ਉਸ ਦੇ ਕਾਰਨ ਅਗਲੇ ਲੇਖ ਵਿਚ ਸਾਂਝੇ ਕਰਾਂਗੇ। ਅਗਲਾ ਲੇਖ : -ਪਟਿਆਲਾ ਵਿਚ ਬਾਈਕਾਟ ਬਾਅਦ ਵਿਚ ਕਿਉਂ ਨਹੀਂ ਹੋਏ? ਜਲਦ ਪੜ੍ਹੋਗੇ। ਸੰਪਰਕ : 8146001100

‘ਪਟਿਆਲਾ ਮੀਡੀਆ ਕਲੱਬ’ ਹੋਂਦ ਵਿਚ ਆਇਆ : ਵਿਸ਼ਾਲ ਰੰਬਾਨੀ ਦੀ ਪੱਤਰਕਾਰਾਂ ’ਤੇ ਚੜ੍ਹਤ

ਪੱਤਰਕਾਰੀ ਦਾ ਇਤਿਹਾਸ ਭਾਗ-12 ਲੇਖਕ : ਗੁਰਨਾਮ ਸਿੰਘ ਅਕੀਦਾ      ਪ੍ਰਵੀਨ ਕੋਮਲ ਦਾ ਪ੍ਰੈੱਸ ਕਲੱਬ ਪਟਿਆਲਾ ਤੇ ਕਬਜ਼ਾ ਹੋ ਚੁੱਕਿਆ ਸੀ, ਉਹ ਆਰਟੀਏ ਦੀ ਇਮਾਰਤ ਵਿਚ ਆਮ ਤੌਰ...