Wednesday, December 14, 2022

ਅਜ਼ਾਦੀ ਦੀ ਲੜਾਈ ਵਿਚ ਨਿਰਪੱਖ ਲਿਖ ਕੇ ਕਈ ਸੰਕਟਾਂ ਵਿਚੋਂ ਗੁਜ਼ਰਨ ਵਾਲਾ ‘ਟ੍ਰਿਬਿਊਨ’

ਪੰਜਾਬੀ ਟ੍ਰਿਬਿਊਨ ਨੇ ਆਪਣੀ ਨਿਰਪੱਖ ਥਾਂ ਬਰਕਰਾਰ ਰੱਖੀ
ਦਸ ਬੋਲੀਆਂ ਦੇ ਗਿਆਤਾ ਰਾਜਾ ਰਾਮ ਮੋਹਨ ਰਾਏ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਬੰਗਾਲ ਵਿਚ ਕੀਤੀ, ਜੋ 1864 ਵਿਚ ਲਾਹੌਰ ਵਿਚ ਆਈ, ਬ੍ਰਹਮੋ ਸਮਾਜ ਵਿਚ ਆਏ ਇਕ ਪ੍ਰਸਿੱਧ ਬੰਗਾਲੀ ਸੁਰਿੰਦਰ ਨਾਥ ਬੈਨਰਜੀ ਨੇ ਬ੍ਰਹਮੋ ਸਮਾਜ ਦੇ ਇਕ ਸ਼ਰਧਾਲੂ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਇਕ ਸਮਾਚਾਰ ਪੱਤਰ ਕੱਢਣ ਲਈ ਪ੍ਰੇਰਿਆ ਜਿਸ ਦੇ ਫਲਸਰੂਪ ਪਹਿਲੀ ਫਰਵਰੀ 1881 ਨੂੰ ਦਿਆਲ ਸਿੰਘ ਮਜੀਠੀਆ ਨੇ ਸਪਤਾਹਿਕ 'ਟ੍ਰਿਬਿਊਨ' ਸ਼ੁਰੂ ਕੀਤਾ। (ਟ੍ਰਿਬਿਊਨ, 29 ਦਸੰਬਰ, 1975)। ਡਾ. ਨਰਿੰਦਰ ਸਿੰਘ ਕਪੂਰ ਲਿਖੇ ਅਨੁਸਾਰ ਕਈ ਵਿਦਵਾਨਾਂ ਦਾ ਪੱਖ ਹੈ ਕਿ ਜੇਕਰ ਭਾਰਤ ਵਿਚ ਆਰੀਆ ਸਮਾਜ ਦੀ ਥਾਂ ਬ੍ਰਹਮੋ ਸਮਾਜ ਪੱਕੇ ਪੈਰ ਜਮਾ ਲਏ ਹੁੰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਬਿਲਕੁਲ ਵੱਖਰਾ ਹੋਣਾ ਸੀ। ਟ੍ਰਿਬਿਊਨ ਅਖ਼ਬਾਰ ਦੇ ਪਹਿਲੇ ਅੰਕ ਵਿਚ 'ਸਾਡੇ ਬਾਰੇ' ਸਿਰਲੇਖ ਅਧੀਨ ਅਖ਼ਬਾਰ ਦੀ ਨੀਤੀ ਇਉਂ ਦੱਸੀ ਗਈ, ''ਵਿਕਾਸ ਦੇ ਮਨੋਰਥ ਨੂੰ ਮੁੱਖ ਰੱਖਦਿਆਂ 'ਦਿ ਟ੍ਰਿਬਿਊਨ' ਕੁਦਰਤੀ ਹੀ ਸਦਾ ਲਈ ਸਮਾਜ ਦੇ ਵਧੇਰੇ ਵਿਕਸਤ ਵਰਗ ਦੇ ਵਿਚਾਰਾਂ ਨੂੰ ਮੂਰਤੀਮਾਨ ਕਰੇਗਾ।'' ਅਖ਼ਬਾਰ ਦੀ ਨੀਤੀ ਨੂੰ ਹੋਰ ਸਪਸ਼ਟ ਕਰਦਿਆਂ ਲਿਖਿਆ, '''ਦਿ ਟ੍ਰਿਬਿਊਨ' ਦਾ ਅਗਲੇਰਾ ਮਨੋਰਥ ਹਿੰਦੁਸਤਾਨ ਦੀਆਂ ਵਿਭਿੰਨ ਕੌਮੀਅਤਾਂ ਅਤੇ ਜਾਤੀਆਂ ਨੂੰ ਰਾਸ਼ਟਰੀ ਏਕਤਾ ਦੇ ਉਚੇਰੇ ਕਾਰਜ ਵਿਚ ਇਕਸੁਰ ਕਰਨਾ ਹੋਵੇਗਾ।'' ਫਲਸਰੂਪ ਪਾਠਕਾਂ ਵੱਲੋਂ ਹੋਰ ਸਮਕਾਲੀ ਅਖ਼ਬਾਰਾਂ ਦੇ ਮੁਕਾਬਲੇ 'ਦਿ ਟ੍ਰਿਬਿਊਨ' ਨੂੰ ਉਤਸ਼ਾਹਪੂਰਨ ਹੁੰਗਾਰਾ ਮਿਲਿਆ ਇਸ ਤੋਂ ਅੱਗੇ ਹੋਰ ਮਿਲੀ ਜਾਣਕਾਰੀ ਵਿਚ ਅਖ਼ਬਾਰ ਦੇ ਪਹਿਲੇ ਸੰਸਕਰਣ ਤੋਂ ਇਕ ਮਹੀਨੇ ਤੱਕ ਕੇਵਲ ਬੁੱਧਵਾਰ ਨੂੰ ਹੀ ਇਕ ਦਿਨ ਅਖ਼ਬਾਰ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚੋਂ ਟ੍ਰਿਬਿਊਨ ਪ੍ਰੈੱਸ ਵਿੱਚ ਛਪਦਾ ਸੀ। ਇਕ ਮਹੀਨੇ ਬਾਅਦ ਬੁੱਧਵਾਰ ਤੋਂ ਸਨਿੱਚਰਵਾਰ ਨੂੰ ਇਕ ਦਿਨ ਹੀ ਜਾਰੀ ਰੱਖਿਆ ਗਿਆ। ਸਾਢੇ ਪੰਜ ਸਾਲ ਬਾਅਦ 1886 ਵਿਚ ਹਫ਼ਤੇ ਵਿਚ ਦੋ ਵਾਰ ਭਾਵ ਬੁੱਧਵਾਰ ਤੇ ਸਨਿੱਚਰਵਾਰ ਦੇ ਦਿਨ ਪ੍ਰਕਾਸ਼ਿਤ ਕੀਤਾ ਜਾਣ ਲੱਗਾ। 1898 ਵਿਚ ਹਫ਼ਤੇ ਵਿਚ ਤਿੰਨ ਵਾਰ ਭਾਵ ਮੰਗਲਵਾਰ, ਵੀਰਵਾਰ ਅਤੇ ਸਨਿੱਚਰਵਾਰ ਨੂੰ ਪ੍ਰਕਾਸ਼ਿਤ ਕੀਤਾ ਜਾਣ ਲੱਗਾ। 9 ਸਤੰਬਰ 1898 ਨੂੰ ਮਜੀਠੀਆ ਹੋਰਾਂ ਦਾ ਦੇਹਾਂਤ ਹੋਣ ਤੱਕ ‘ਦਿ ਟ੍ਰਿਬਿਊਨ’ ਉਨ੍ਹਾਂ ਦੀ ਨਿਗਰਾਨੀ ਹੇਠ ਛਪਦਾ ਰਿਹਾ। ਉਨ੍ਹਾਂ 23 ਜੂਨ 1895 ਨੂੰ ਲਿਖੀ ਵਸੀਅਤ ਵਿਚ ਆਪਣੀ ਮੌਤ ਪਿੱਛੋਂ ਅਖ਼ਬਾਰ ਦੀ ਨਿਗਾਹਬਾਨੀ ਲਈ ਟਰੱਸਟ ਦੀ ਸਥਾਪਨਾ ਕੀਤੀ। ਇਤਿਹਾਸਕਾਰ ਵੀ.ਐਨ. ਦੱਤਾ ਦੀ ਕਿਤਾਬ 'ਦਿ ਟ੍ਰਿਬਿਊਨ: ਏ ਵਿਟਨੈੱਸ ਟੂ ਹਿਸਟਰੀ' ਮੁਤਾਬਿਕ ਦਸੰਬਰ 1900 ਦੇ ਅੰਤਿਮ ਪੂਰੇ ਪੰਜ ਦਿਨ ਛਪਿਆ ਸੀ। 1906 ਤੋਂ ਲਗਾਤਾਰ ਰੋਜ਼ਾਨਾ ਛਪ ਰਿਹਾ ਹੈ। 15 ਅਗਸਤ 1947 ਨੂੰ ਭਾਰਤ-ਪਾਕਿਸਤਾਨ ਦੀ ਵੰਡ ਨਾਲ 'ਦਿ ਟ੍ਰਿਬਿਊਨ' ਲਾਹੌਰ ਤੋਂ ਅੰਮ੍ਰਿਤਸਰ ਆ ਗਿਆ। ਪ੍ਰਕਾਸ਼ ਅਨੰਦ ਨੇ 'ਦਿ ਟ੍ਰਿਬਿਊਨ' ਦਾ ਇਤਿਹਾਸ' ਵਿਚ ਲਿਖਿਆ: 'ਦਿ ਟ੍ਰਿਬਿਊਨ ਸਿਰਫ਼ ਆਪਣਾ ਨਾਮ ਲੈ ਕੇ ਆਇਆ ਸੀ।' ਇਸ ਦੀ ਸਾਰੀ ਦੀ ਸਾਰੀ ਸਮਗਰੀ (ਬੈਂਕ ਜਮਾਂ ਪੂੰਜੀਆਂ ਤੇ ਸਰਕਾਰੀ ਬੌਂਡਾਂ ਦਾ ਤਾਂ ਕਹਿਣਾ ਹੀ ਕੀ) ਗੁਆਚ ਗਈ ਸੀ। 25 ਸਤੰਬਰ 1947 ਨੂੰ ਸ਼ਿਮਲਾ ਤੋਂ ਮੁੜ ਪ੍ਰਕਾਸ਼ਿਤ ਹੋਣ ਲੱਗਾ। 3 ਮਈ 1948 ਤੋਂ ਅਖ਼ਬਾਰ ਅੰਬਾਲਾ ਛਾਉਣੀ ਵਿਖੇ ਛਪਣ ਲੱਗਾ। 'ਦਿ ਟ੍ਰਿਬਿਊਨ' 21 ਸਾਲ ਅੰਬਾਲਾ ਵਿਖੇ ਛਪਦਾ ਰਿਹਾ। 25 ਜੂਨ 1969 ਨੂੰ ਅਖ਼ਬਾਰ ਦਾ ਦਫ਼ਤਰ ਅੰਬਾਲਾ ਤੋਂ ਚੰਡੀਗੜ੍ਹ ਮੌਜੂਦਾ ਸਥਾਨ 'ਤੇ ਤਬਦੀਲ ਹੋਇਆ ‘ਦਿ ਟ੍ਰਿਬਿਊਨ’ ਸ਼ੁਰੂ ਕਰਨ ਦਾ ਮੁੱਢਲਾ ਮੰਤਵ ਕਮਜ਼ੋਰ ਜਨਤਾ ਦੇ ਹੱਕਾਂ ਅਤੇ ਅਧਿਕਾਰਾਂ ਲਈ ਆਵਾਜ਼ ਉਠਾਉਣਾ ਸੀ। ਦੂਜਾ ਮੰਤਵ ਹਿੰਦੁਸਤਾਨ ਦੇ ਰਹਿਣ ਵਾਲਿਆਂ ਦੀ ਸਿੱਖਿਆ, ਸਿਹਤ ਅਤੇ ਖੇਤੀਬਾੜੀ ਸਬੰਧੀ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧਤਾ ਨਾਲ ਯੋਗਦਾਨ ਪਾਉਣਾ ਸੀ। ਮੁੱਢਲੇ ਸਮੇਂ ਤੋਂ ਹੀ ਸੰਪਾਦਕਾਂ ਦੀਆਂ ਲਿਖਤਾਂ ਦੇ ਵਿਸ਼ੇ ਉਦਾਰਵਾਦੀ, ਧਰਮ-ਨਿਰਪੱਖ, ਜਾਤ-ਪਾਤ ਦੇ ਵਿਰੁੱਧ 'ਦਿ ਟ੍ਰਿਬਿਊਨ' ਸ਼ਬਦ ਦੇ ਮਤਲਬ ਅਨੁਸਾਰ ਲੋਕ-ਮਨਾਂ ਦੇ ਪਹਿਰੇਦਾਰ ਅਤੇ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਰਹੇ ਹਨ। ਅਖ਼ਬਾਰ ਦੀ ਸ਼ੁਰੂਆਤ ਦਾ ਤੀਜਾ ਮੰਤਵ ਸਮਾਜਿਕ ਸਮੱਸਿਆਵਾਂ ਭਾਵੇਂ ਉਹ ਲੋਕਾਂ ਦੀਆਂ ਨਿੱਜੀ, ਸੰਸਥਾਗਤ, ਸੂਬਾਈ, ਕੌਮੀ ਜਾਂ ਕੌਮਾਂਤਰੀ ਸਨ, ਦੀ ਮਹੱਤਤਾ ਮੁਤਾਬਿਕ ਅਖ਼ਬਾਰ ਵਿਚ ਪੱਤਰਕਾਰੀ ਰਾਹੀਂ ਆਵਾਜ਼ ਉਠਾਉਣਾ ਸੀ। ‘ਦਿ ਟ੍ਰਿਬਿਊਨ’ ਦੇ ਪਹਿਲੇ ਸੰਸਕਰਣ ਸਮੇਂ ਭਾਰਤ ਦਾ ਵਾਇਸਰਾਏ ਲਾਰਡ ਰਿਪਨ (1880-84) ਸੀ। ਉਹ ਉਦਾਰਵਾਦੀ ਵਿਚਾਰਾਂ ਵਾਲਾ ਸੀ। ਭਾਰਤ ਵਿੱਚ ਇਹ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੋਹਰੀ ਅੰਗਰੇਜ਼ੀ ਅਖ਼ਬਾਰ ਹੈ। 28 ਜੁਲਾਈ 1998 ਨੂੰ ਇੰਟਰਨੈੱਟ 'ਤੇ ਇਸ ਦੀ ਵੈੱਬਸਾਈਟ ਲਾਂਚ ਹੋਈ ਅਤੇ ਇਹ ਆਨਲਾਈਨ ਹੋਇਆ। -ਟ੍ਰਿ‌‌ਬਿਊਨ ਵਿਚ ਨਿਰਪੱਖ ਪੱਤਰਕਾਰੀ ਤੇ ਔਕੜਾਂ-
ਦਸੰਬਰ 1917 ਵਿਚ ਕਾਲੀ ਨਾਥ ਰੇਅ ਦੇ ਸੰਪਾਦਕ ਨਿਯੁਕਤ ਹੋਣ ਨਾਲ 'ਦਿ ਟ੍ਰਿਬਿਊਨ' ਦੀ ਸੁਰ ਸਥਾਪਤੀ ਵਿਰੋਧ ਵੱਲ ਵਧੀ ਅਤੇ ਕਾਂਗਰਸ ਵੱਲੋਂ ਪੇਸ਼ ਸੰਵਿਧਾਨਕ ਸੁਧਾਰਾਂ ਦੇ ਪੱਖ ਵਿਚ ਜ਼ੋਰ ਸ਼ੋਰ ਨਾਲ ਲਿਖਿਆ ਜਾਣ ਲੱਗਾ। ਪੰਜਾਬ ਦਾ ਤਤਕਾਲੀਨ ਲੈਫ਼ਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਪੰਜਾਬ ਵਿਚ ਅਜਿਹੇ ਸੁਧਾਰ ਲਾਗੂ ਕਰਨ ਦਾ ਸਖ਼ਤ ਵਿਰੋਧੀ ਸੀ, ਇਸ ਲਈ ‘ਦਿ ਟ੍ਰਿਬਿਊਨ’ ਉਸ ਦੀਆਂ ਅੱਖਾਂ ਵਿਚ ਰੜਕਣ ਲੱਗਾ। ਗਾਂਧੀ ਜੀ ਦੀ ਅਗਵਾਈ ਵਿਚ ਦੇਸ਼ ਵਾਸੀਆਂ ਵੱਲੋਂ ਪਹਿਲੀ ਆਲਮੀ ਜੰਗ ਦੌਰਾਨ ਸਰਕਾਰ ਨੂੰ ਹਰ ਪ੍ਰਕਾਰ ਦੀ ਦਿੱਤੀ ਸਹਾਇਤਾ ਦੇ ਇਵਜ਼ ਵਿਚ ਸੰਵਿਧਾਨਿਕ ਸੁਧਾਰਾਂ ਦੇ ਆਸਵੰਦ ਮੁਲਕ ਉੱਤੇ ਰੋਲਟ ਬਿਲ ਦੀ ਤਲਵਾਰ ਲਟਕ ਗਈ ਤਾਂ ‘ਦਿ ਟ੍ਰਿਬਿਊਨ’ ਨੇ 11 ਮਾਰਚ 1919 ਦੇ ਅੰਕ ਵਿਚ ਲਿਖਿਆ ਕਿ ‘ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਦੀ ਸੂਰਤ ਵਿਚ ਕੋਈ ਵੀ ਸੱਭਿਆ ਸਰਕਾਰ ਤਸ਼ੱਦਦ ਦੀ ਨੀਤੀ ਨਹੀਂ ਅਪਣਾਉਂਦੀ। ਹੁਣ ਸਾਡੇ ਕੋਲ ਦੋ ਰਾਹ ਖੁੱਲ੍ਹੇ ਹਨ। ਇਕ ਇਹ ਕਿ ਅਸੀਂ ਮੁਰਦਿਆਂ ਵਾਂਗ ਆਪਣੇ ਸਾਫ਼ ਸੁਥਰੇ ਅਤੇ ਵੱਡਿਆਂ ਦੇ ਨਾਂ ਨੂੰ ਗੁਮਨਾਮੀ ਦੀ ਅੱਗ ਵਿਚ ਸਾੜਦਿਆਂ ਇਸ ਕਾਨੂੰਨ ਦਾ ਫਾਹਾ ਆਪਣੇ ਗਲ ਵਿਚ ਪਾ ਲਈਏ ਅਤੇ ਹਿੰਦੁਸਤਾਨ ਵਿਚ ਅਖੌਤੀ ਖੁੱਲ੍ਹ ਦੀ ਮੌਤ ਦਾ ਬਿਗਲ ਵਜਾ ਦੇਈਏ। ਦੂਜਾ ਇਹ ਕਿ ਅਸੀਂ ਇਸ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰ ਕੇ ਆਪਣੇ ਜਿਊਂਦੇ ਹੋਣ ਦਾ ਸਬੂਤ ਦੇਈਏ।’ ਅਗਲੇ ਦਿਨਾਂ ਦੀਆਂ ਘਟਨਾਵਾਂ- ਅੰਮ੍ਰਿਤਸਰ ਵਿਚ ਰਾਮ ਨੌਮੀ ਦਾ ਤਿਉਹਾਰ, ਡਾ. ਸਤਿਆਪਾਲ ਅਤੇ ਕਿਚਲੂ ਦਾ ਦੇਸ਼ ਨਿਕਾਲ਼ਾ, 10 ਅਪਰੈਲ ਦੇ ਪੁਲੀਸ/ਫ਼ੌਜ ਤਸ਼ੱਦਦ, 13 ਅਪਰੈਲ ਨੂੰ ਜਲ੍ਹਿਆਂਵਾਲੇ ਬਾਗ਼ ਦੇ ਹੱਤਿਆ ਕਾਂਡ ਅਤੇ ਇਸ ਪਿੱਛੋਂ ਪੰਜ ਜ਼ਿਲ੍ਹਿਆਂ ਵਿਚ ਲਾਏ ਮਾਰਸ਼ਲ ਲਾਅ - ਬਾਰੇ ਅਖ਼ਬਾਰ ਵਿਚ ਕੀਤੀ ਜਾ ਰਹੀ ਰਿਪੋਰਟ ਤੋਂ ਪੰਜਾਬ ਸਰਕਾਰ ਐਨਾ ਛਟਪਟਾਈ ਕਿ ਅਖ਼ਬਾਰ ਦੇ ਇਕ ਟਰੱਸਟੀ ਲਾਲਾ ਮਨੋਹਰ ਲਾਲ ਅਤੇ ਸੰਪਾਦਕ ਕਾਲੀ ਨਾਥ ਰੇਅ, ਦੋਵਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ। ਲਾਲਾ ਮਨੋਹਰ ਲਾਲ ਨੂੰ ਤਾਂ 18 ਅਪਰੈਲ ਤੋਂ 19 ਮਈ 1919 ਤੱਕ ਪੁਲੀਸ ਹਿਰਾਸਤ ਵਿਚ ਰੱਖਣ ਤੋਂ ਪਿੱਛੋਂ ਬਿਨਾਂ ਮੁਕੱਦਮਾ ਚਲਾਏ ਛੱਡ ਦਿੱਤਾ ਗਿਆ, ਪਰ 17 ਅਪਰੈਲ 1919 ਨੂੰ ਗ੍ਰਿਫ਼ਤਾਰ ਕੀਤੇ ਸੰਪਾਦਕ ਕਾਲੀ ਨਾਥ ਰੇਅ ਵਿਰੁੱਧ ਵਿਦਰੋਹ ਭੜਕਾਉਣ ਦੇ ਦੋਸ਼ ਵਿਚ ਇੰਡੀਅਨ ਪੀਨਲ ਕੋਡ ਦੀ ਧਾਰਾ 124-ਏ ਅਤੇ ਡਿਫੈਂਸ ਆਫ ਇੰਡੀਆ ਕਨਸੋਲੀਡੇਸ਼ਨ ਰੂਲਜ਼ ਦੇ ਰੂਲ 25 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮੇ ਦੀ ਸੁਣਵਾਈ ਮਾਰਸ਼ਲ ਲਾਅ ਅਧੀਨ ਗਠਿਤ ਕਮਿਸ਼ਨ ਸਾਹਮਣੇ ਹੋਈ। ਕਮਿਸ਼ਨ ਵੱਲੋਂ 28 ਮਈ 1919 ਨੂੰ ਸੁਣਾਏ ਫ਼ੈਸਲੇ ਅਨੁਸਾਰ ਸ੍ਰੀ ਕਾਲੀਨਾਥ ਰੇਅ ਨੂੰ ‘ਦਿ ਟ੍ਰਿਬਿਊਨ’ ਅਖਬਾਰ ਵਿਚ 6 ਅਪਰੈਲ, 9 ਅਪਰੈਲ ਅਤੇ 10 ਅਪਰੈਲ 1919 ਦੀਆਂ ਲਿਖਤਾਂ ਕਾਰਨ ਹਿੰਦ ਡੰਡਾਵਲੀ ਦਫ਼ਾ 124-ਏ ਅਧੀਨ ਬਗ਼ਾਵਤ ਭੜਕਾਉਣ ਦਾ ਦੋਸ਼ੀ ਮੰਨਿਆ। ਕਮਿਸ਼ਨ ਵੱਲੋਂ ਉਸ ਨੂੰ ਸੁਣਾਈ ਦੋ ਸਾਲ ਦੀ ਕੈਦ ਬਾਮੁਸ਼ੱਕਤ ਨੂੰ ਗਵਰਨਰ ਜਨਰਲ ਨੇ ਘਟਾ ਕੇ ਤਿੰਨ ਮਹੀਨੇ ਕਰ ਦਿੱਤਾ। ਇਕ ਹਜ਼ਾਰ ਰੁਪਏ ਦਾ ਜੁਰਮਾਨਾ ਉਸ ਨੇ ਭਰ ਦਿੱਤਾ। ਇਨ੍ਹੀਂ ਦਿਨੀਂ ਕੇਵਲ ਟਰੱਸਟੀ ਅਤੇ ਸੰਪਾਦਕ ਨੂੰ ਹੀ ਸਰਕਾਰੀ ਜਬਰ ਦਾ ਸ਼ਿਕਾਰ ਨਹੀਂ ਹੋਣਾ ਪਿਆ, ਅਖ਼ਬਾਰ ਦੇ ਪੱਤਰਕਾਰਾਂ ਨੂੰ ਵੀ ਠਿੱਠ ਕਰਨ ਵਿਚ ਕੋਈ ਕਸਰ ਨਾ ਛੱਡੀ ਗਈ। ਅਖ਼ਬਾਰ ਦੇ 21 ਨਵੰਬਰ ਵਾਲੇ ਅੰਕ ਵਿਚ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਸੈਸ਼ਨ ਵਿਚ ਪੰਜਾਬ ਸਰਕਾਰ ਵੱਲੋਂ ਐਲਾਨੀ ਸੁਧਾਰ ਯੋਜਨਾ ਦੀ ਰਿਪੋਰਟ ਨੂੰ ਗੈਰ-ਤਸੱਲੀਬਖਸ਼ ਐਲਾਨਦਿਆਂ ਕੌਂਸਲ ਪ੍ਰਧਾਨ ਦੀ ਤਸੱਲੀ ਨਾ ਕਰਵਾਏ ਜਾਣ ਤਕ ਦੇ ਸਮੇਂ ਲਈ ‘ਦਿ ਟ੍ਰਿਬਿਊਨ’ ਦੇ ਪੱਤਰਕਾਰ ਨੂੰ ਕੌਂਸਲ ਮੀਟਿੰਗਾਂ ਤੋਂ ਬਾਹਰ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ। ਜਦ ਤੱਕ ਮਾਰਸ਼ਲ ਲਾਅ ਅਧੀਨ ਦਿੱਤੀਆਂ ਸਜ਼ਾਵਾਂ ਦਾ ਮਾਮਲਾ ਠੰਢਾ ਹੋਇਆ, ਉਦੋਂ ਤੱਕ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਚੁੱਕੀ ਸੀ। ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਦੀ ਮਨਸ਼ਾ ਨਾਲ ਸਿੱਖ ਪੰਥ ਦੋ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਵਿਚ ਜਥੇਬੰਦ ਹੋ ਚੁੱਕਾ ਸੀ। ਗਾਂਧੀ ਜੀ ਦੀ ਅਗਵਾਈ ਹੇਠ ਕਾਂਗਰਸ ਅਤੇ ਖਿਲਾਫਤ ਦੋਵਾਂ ਦੀ ਅਕਾਲੀ ਲਹਿਰ ਨਾਲ ਹਮਦਰਦੀ ਸੀ ਜਿਸ ਕਾਰਨ ‘ਦਿ ਟ੍ਰਿਬਿਊਨ’ ਨੂੰ ਵੀ ਅਕਾਲੀ ਲਹਿਰ ਦੇ ਪੱਖ ਵਿਚ ਭੁਗਤਣ ਵਾਸਤੇ ਕੋਈ ਔਕੜ ਨਹੀਂ ਸੀ। ਪ੍ਰੋਫ਼ੈਸਰ ਰੁਚੀ ਰਾਮ ਸਾਹਨੀ ‘ਦਿ ਟ੍ਰਿਬਿਊਨ’ ਦੇ ਪ੍ਰਤੀਨਿਧ ਵਜੋਂ ਅਕਾਲੀਆਂ ਨਾਲ ਵਿਚਰਦਾ ਅਤੇ ਹਰ ਛੋਟੀ ਵੱਡੀ ਘਟਨਾ ਦਾ ਵੇਰਵਾ ਅਖ਼ਬਾਰ ਵਿਚ ਪ੍ਰਕਾਸ਼ਿਤ ਕਰਨ ਵਾਸਤੇ ਭੇਜਦਾ। 21 ਫਰਵਰੀ 1921 ਨੂੰ ਨਨਕਾਣਾ ਸਹਿਬ ਦਾ ਸਾਕਾ ਹੋਇਆ ਤਾਂ ਇਸ ਦਾ ਵਿਸਤ੍ਰਿਤ ਵੇਰਵਾ 1 ਮਾਰਚ ਦੇ ਅਖ਼ਬਾਰ ਵਿਚ ਛਾਪਿਆ ਗਿਆ। 22 ਫਰਵਰੀ ਨੂੰ ਲੈਫ਼ਟੀਨੈਂਟ ਗਵਰਨਰ ਸਰ ਮੈਕਲੇਗਨ ਅਤੇ 3 ਮਾਰਚ ਨੂੰ ਕਾਂਗਰਸੀ ਆਗੂਆਂ ਮੌਲਾਨਾ ਸ਼ੌਕਤ ਅਲੀ, ਡਾ. ਕਿਚਲੂ ਅਤੇ ਹੋਰਨਾਂ ਨਾਲ ਗਾਂਧੀ ਜੀ ਦੇ ਨਨਕਾਣਾ ਸਾਹਿਬ ਜਾਣ ਦੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ। 22 ਅਗਸਤ ਤੋਂ 15 ਨਵੰਬਰ 1922 ਤੱਕ ਚੱਲੇ ਗੁਰੂ ਕਾ ਬਾਗ਼ ਦੇ ਮੋਰਚੇ ਸਮੇਂ ਤਾਂ 'ਦਿ ਟ੍ਰਿਬਿਊਨ' ਨੇ ਉੱਥੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਦਿਨ ਪ੍ਰਤੀ ਦਿਨ ਛਾਪਣ ਵਰਗਾ ਕੰਮ ਕੀਤਾ। ਇਸ ਤੋਂ ਬਿਨਾਂ ਇਸ ਮੋਰਚੇ ਦੌਰਾਨ ਪੁਲੀਸ ਵੱਲੋਂ ਕੀਤੇ ਜਾ ਰਹੇ ਦਮਨ ਬਾਰੇ ਪਾਦਰੀ ਸੀ.ਐਫ. ਐਂਡਰਿਊਜ਼, ਪ੍ਰੋ. ਰੁਚੀ ਰਾਮ ਸਾਹਨੀ ਆਦਿ ਦੇ ਨਾਲ ਅਕਾਲੀ ਵਲੰਟੀਅਰ ਸੂਬੇਦਾਰ ਅਮਰ ਸਿੰਘ ਅਤੇ ਹੋਰਨਾਂ ਦੇ ਲੰਮੇ ਲੰਮੇ ਬਿਆਨ ਵੀ ਬੇਝਿਜਕ ਪ੍ਰਕਾਸ਼ਿਤ ਕੀਤੇ। ਸਰਕਾਰ ਵੱਲੋਂ ਕੀਤੀ ਜਾਣ ਵਾਲੀ ਦੂਸ਼ਣਬਾਜੀ ਦੇ ਉੱਤਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਐਲਾਨਨਾਮੇ ਵੀ ‘ਦਿ ਟ੍ਰਿਬਿਊਨ’ ਵਿਚ ਛਾਪੇ ਜਾਂਦੇ ਰਹੇ। ਗੁਰਦੁਆਰਾ ਐਕਟ ਬਣ ਜਾਣ ਦੇ ਫਲਸਰੂਪ ਅਕਾਲੀ ਲਹਿਰ ਮੱਠੀ ਪਈ ਹੀ ਸੀ ਕਿ ਬਰਤਾਨਵੀ ਸਰਕਾਰ ਨੇ ਹਿੰਦੁਸਤਾਨ ਦੇ ਸ਼ਾਸਨ ਵਿਚ ਸਥਾਨਕ ਲੋਕਾਂ ਨੂੰ ਕਿਸੇ ਹੱਦ ਤੱਕ ਭਾਗੀਦਾਰ ਬਣਾਉਣ ਜਾਂ ਨਾ ਬਣਾਉਣ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ 8 ਸਤੰਬਰ 1927 ਨੂੰ ਸਾਈਮਨ ਕਮਿਸ਼ਨ ਬਣਾਉਣ ਦਾ ਐਲਾਨ ਕਰ ਦਿੱਤਾ। ਕਮਿਸ਼ਨ ਵਿਚ ਕਿਸੇ ਹਿੰਦੋਸਤਾਨੀ ਨੂੰ ਨਾਮਜ਼ਦ ਨਾ ਕੀਤੇ ਜਾਣ ਦੇ ਰੋਸ ਵਜੋਂ ਦੇਸ਼ਵਾਸੀਆਂ ਨੇ ਇਸ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ। 'ਦਿ ਟ੍ਰਿਬਿਊਨ' ਨੇ 28 ਅਕਤੂਬਰ ਅਤੇ 31 ਅਕਤੂਬਰ ਨੂੰ ਲਿਖੀਆਂ ਸੰਪਾਦਕੀਆਂ ਵਿਚ ਕਮਿਸ਼ਨ ਦੇ ਬਾਈਕਾਟ ਨੂੰ ਸਹੀ ਠਹਿਰਾਇਆ। ਕਮਿਸ਼ਨ ਦੇ ਲਾਹੌਰ ਆਉਣ ਦੇ ਦਿਨ ਰਿਪੋਰਟਿੰਗ ਲਈ ਗਏ ਇਸ ਦੇ ਸੀਨੀਅਰ ਸਹਾਇਕ ਸੰਪਾਦਕ ਸ੍ਰੀ ਪਿਆਰੇ ਮੋਹਨ ਦੱਤਾਤ੍ਰੇਅ ਦੀ ਪੁਲੀਸ ਨੇ ਖਿੱਚਧੂਹ ਕੀਤੀ। ਕਮਿਸ਼ਨ ਵਿਰੁੱਧ ਰੋਸ ਪ੍ਰਗਟ ਕਰ ਰਹੇ ਲੋਕਾਂ ਉੱਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ, ਇਸ ਵਿਚ ਲਾਲਾ ਲਾਜਪਤ ਰਾਏ ਦੇ ਜ਼ਖ਼ਮੀ ਹੋਣ ਅਤੇ ਫਿਰ ਲਾਲਾ ਲਾਜਪਤ ਰਾਏ ਦੀ ਮੌਤ ਬਾਰੇ ਅਖ਼ਬਾਰ ਨੇ ਜ਼ੋਰਦਾਰ ਸ਼ਬਦਾਂ ਵਿਚ ਲਿਖਿਆ। 6 ਨਵੰਬਰ ਦੇ ਅੰਕ ਵਿਚ ਜ਼ਖ਼ਮੀ ਲਾਲਾ ਜੀ ਦੀ ਤਸਵੀਰ ਵੀ ਛਾਪੀ ਗਈ। 8 ਅਪਰੈਲ 1929 ਨੂੰ ਭਗਤ ਸਿੰਘ ਅਤੇ ਦੱਤ ਨੇ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟ ਕੇ ਬੋਲੇ ਕੰਨਾਂ ਨੂੰ ਸੁਣਾਉਣ ਦੀ ਕਾਰਵਾਈ ਕੀਤੀ। ਇਸ ਬਾਰੇ 'ਦਿ ਟ੍ਰਿਬਿਊਨ' ਦੇ 10 ਅਪਰੈਲ ਦੇ ਅੰਕ ਵਿਚ ਤਾਂ ਰਵਾਇਤੀ ਪੱਧਰ ਦੀ ਖ਼ਬਰ ਛਾਪੀ, ਪਰ ਅਗਲੀ ਕਾਰਵਾਈ ਬਾਰੇ ਖ਼ਬਰਾਂ ਪ੍ਰਕਾਸ਼ਿਤ ਕਰਦਿਆਂ ਗੰਭੀਰਤਾ ਧਾਰਨ ਕੀਤੀ। ਅਖ਼ਬਾਰ ਨੇ ਦੋਸ਼ੀਆਂ ਦੇ 'ਮਿਸਾਲੀ ਅੰਦਾਜ਼' ਦੀ ਸ਼ਲਾਘਾ ਕੀਤੀ ਅਤੇ ਦੋਸ਼ੀਆਂ ਵੱਲੋਂ ਉਨ੍ਹਾਂ ਨੂੰ ਹੱਥਕੜੀਆਂ ਲਾ ਕੇ ਅਦਾਲਤ ਵਿਚ ਪੇਸ਼ ਕਰਨ ਦਾ ਵਿਰੋਧ ਕੀਤੇ ਜਾਣ ਬਾਰੇ ਅਖ਼ਬਾਰ ਦੇ 23 ਅਤੇ 26 ਮਈ ਦੇ ਅੰਕ ਵਿਚ ਖ਼ਬਰ ਛਾਪੀ। ਸੈਸ਼ਨ ਅਦਾਲਤ ਦੇ ਫ਼ੈਸਲੇ ਵਿਰੁੱਧ ਹਾਈ ਕੋਰਟ ਵਿਚ ਕੀਤੀ ਅਪੀਲ 13 ਜਨਵਰੀ 1930 ਨੂੰ ਰੱਦ ਹੋਈ ਤਾਂ ਅਖ਼ਬਾਰ ਨੇ 15 ਜਨਵਰੀ ਦੇ ਅੰਕ ਵਿਚ ਅਦਾਲਤ ਦੇ ਫ਼ੈਸਲੇ ਉੱਤੇ ਜਨਤਕ ਅਪ੍ਰਸੰਨਤਾ ਪ੍ਰਗਟਾਈ। ਜਦ ਸਪੈਸ਼ਲ ਮੈਜਿਸਟਰੇਟ ਸ੍ਰੀ ਕ੍ਰਿਸ਼ਨ ਦੀ ਅਦਾਲਤ ਵਿਚ ਲਾਹੌਰ ਸਾਜ਼ਿਸ਼ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ 'ਦਿ ਟ੍ਰਿਬਿਊਨ' ਰੋਜ਼ ਅਦਾਲਤੀ ਕਾਰਵਾਈ ਛਾਪਣ ਲੱਗਾ। 13 ਜੁਲਾਈ ਨੂੰ ਭਗਤ ਸਿੰਘ ਹੋਰਾਂ ਦੇ ਕਿਸੇ ਸ਼ੁਭਚਿੰਤਕ ਨੇ ਅਦਾਲਤੀ ਸੁਣਵਾਈ ਤੋਂ ਪਹਿਲਾਂ ਕਈ ਅਖ਼ਬਾਰ ਉਨ੍ਹਾਂ ਵਿਚ ਵੰਡੇ, ਪਰ ਪੁਲੀਸ ਨੇ 'ਦਿ ਟ੍ਰਿਬਿਊਨ' ਵਾਪਸ ਲੈ ਲਿਆ। ਅਦਾਲਤ ਵਿਚ ਹਾਜ਼ਰ ਅਖ਼ਬਾਰ ਦੇ ਪੱਤਰਕਾਰ ਨੇ ਮੈਜਿਸਟਰੇਟ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ ਅਤੇ ਅਦਾਲਤ ਤੋਂ ''ਮੈਂ ਇਸ ਮਾਮਲੇ ਨੂੰ ਵਿਚਾਰਾਂਗਾ'', ਅਖਵਾ ਕੇ ਹੀ ਇਸ ਗੱਲ ਦਾ ਭੋਗ ਪਾਇਆ। ਜਦ ਇਸ ਮੁਕੱਦਮੇ ਦੀ ਸੁਣਵਾਈ ਮੈਜਿਸਟਰੇਟ ਦੀ ਥਾਂ ਸਪੈਸ਼ਲ ਟ੍ਰਿਬਿਊਨਲ ਨੂੰ ਸੌਂਪੀ ਗਈ ਤਾਂ ਟ੍ਰਿਬਿਊਨਲ ਵਿਚ ਗਵਾਹੀ ਲਈ ਸੱਦੇ ਗਏ 'ਦਿ ਟ੍ਰਿਬਿਊਨ' ਦੇ ਸਹਾਇਕ ਸੰਪਾਦਕ ਸ੍ਰੀ ਜੰਗ ਬਹਾਦਰ ਸਿੰਘ ਨੇ ਸਰਕਾਰੀ ਵਕੀਲ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੀ ਨਿਡਰਤਾ ਨਾਲ ਅਤੇ ਇਹ ਭਰੋਸਾ ਲੈ ਕੇ ਦਿੱਤੇ ਕਿ ਉਸ ਦੇ ਬਿਆਨ ਨੂੰ ਕੇਵਲ ਭਗੌੜੇ ਮੁਲਜ਼ਮ ਭਗਵਤੀ ਚਰਨ ਦੇ ਮਾਮਲੇ ਵਿਚ ਹੀ ਵਰਤਿਆ ਜਾਵੇਗਾ। ਪੰਡਿਤ ਮੋਤੀ ਲਾਲ ਨਹਿਰੂ ਅਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਮੈਜਿਸਟਰੇਟ ਦੀ ਅਦਾਲਤ ਵਿਚ 23 ਦਸੰਬਰ 1930 ਨੂੰ ਭਗਤ ਸਿੰਘ ਅਤੇ ਸਾਥੀਆਂ ਨਾਲ ਕੀਤੀ ਮੁਲਾਕਾਤ ਨੂੰ ਪ੍ਰਮੁੱਖਤਾ ਨਾਲ ਛਾਪਿਆ ਅਤੇ ਇਹ ਵੀ ਲਿਖਿਆ ਕਿ ਉਨ੍ਹਾਂ ਦਾ ਸਵਾਗਤ 'ਇਨਕਲਾਬ ਜ਼ਿੰਦਾਬਾਦ' ਅਤੇ 'ਸਾਮਰਾਜ ਮੁਰਦਾਬਾਦ' ਦੇ ਨਾਅਰਿਆਂ ਨਾਲ ਕੀਤਾ ਗਿਆ। ਸੱਤ ਅਕਤੂਬਰ 1930 ਨੂੰ ਇਸ ਮੁਕੱਦਮੇ ਦਾ ਫ਼ੈਸਲਾ ਸੁਣਾਇਆ ਗਿਆ ਤਾਂ 'ਦਿ ਟ੍ਰਿਬਿਊਨ' ਨੇ 9 ਅਕਤੂਬਰ ਤੋਂ 17 ਅਕਤੂਬਰ ਦਰਮਿਆਨ ਛੇ ਲੇਖ ਛਾਪ ਕੇ ਇਸ ਫ਼ੈਸਲੇ ਦੀਆਂ ਖ਼ਾਮੀਆਂ ਜੱਗ ਜ਼ਾਹਿਰ ਕੀਤੀਆਂ। ਅਖ਼ਬਾਰ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਲੋਕ ਮੰਗ ਦੇ ਸਮਰਥਨ ਵਿਚ ਵੀ ਲਿਖਿਆ। 25 ਮਾਰਚ ਦੇ ਅੰਕ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਕੀਤੇ ਜਾਣ ਦੀ ਖ਼ਬਰ ਦੇ ਨਾਲ ਨਾਲ ਭਗਤ ਸਿੰਘ ਵੱਲੋਂ ਪੰਜਾਬ ਦੇ ਗਵਰਨਰ ਨੂੰ ਲਿਖਿਆ ਖ਼ਤ ਵੀ ਪ੍ਰਕਾਸ਼ਿਤ ਕੀਤਾ। 26 ਮਾਰਚ ਦੇ ਅੰਕ ਵਿਚ 'ਫਾਂਸੀ ਅਤੇ ਪਿੱਛੋਂ' ਲੇਖ ਵਿਚ ਇਸ ਘਟਨਾ ਨੂੰ ਬਰਤਾਨਵੀ ਸਰਕਾਰ ਵੱਲੋਂ ਨਿਕਟ ਭਵਿੱਖ ਵਿਚ ਕੀਤੀਆਂ ਵੱਡੀਆਂ ਗ਼ਲਤੀਆਂ ਵਿਚੋਂ ਬੇਮਿਸਾਲ ਗ਼ਲਤੀ ਦੱਸਿਆ। ਅਗਲੇ ਅੰਕਾਂ ਵਿਚ ਇਸ ਸ਼ਹੀਦੀ ਘਟਨਾ ਬਾਰੇ ਹੋਈਆਂ ਸੋਗ ਸਭਾਵਾਂ ਅਤੇ 29 ਮਾਰਚ ਨੂੰ ਕਰਾਚੀ ਕਾਂਗਰਸ ਦੌਰਾਨ ਗਾਂਧੀ ਜੀ ਨੂੰ ਨੌਜਵਾਨਾਂ ਵੱਲੋਂ ਵਿਖਾਏ ਕਾਲੇ ਝੰਡਿਆਂ ਬਾਰੇ ਖ਼ਬਰ ਛਾਪੀ ਗਈ। ਲਾਹੌਰ ਸਾਜ਼ਿਸ਼ ਮੁਕੱਦਮੇ ਨੂੰ 'ਦਿ ਟ੍ਰਿਬਿਊਨ' ਵਿਚ ਇੰਨੇ ਵਿਸਥਾਰ ਨਾਲ ਲਿਖਣਾ ਅਪਵਾਦ ਹੈ, ਨਹੀਂ ਤਾਂ ਸੰਸਥਾਪਕ ਵੱਲੋਂ ਉਲੀਕੀ ਲਛਮਣ ਰੇਖਾ ਅੰਦਰ ਰਹਿੰਦਿਆਂ ਅਖ਼ਬਾਰ ਨੇ ਜਿਵੇਂ ਗ਼ਦਰ ਲਹਿਰ ਵੱਲ ਬੇਧਿਆਨੀ ਦਾ ਰਵੱਈਆ ਧਾਰਨ ਕੀਤਾ ਸੀ ਉਵੇਂ ਹੀ ਤੀਹਵਿਆਂ ਦੌਰਾਨ ਕਿਰਤੀ ਪਾਰਟੀ ਦੇ ਅੰਦੋਲਨਾਂ, ਅਤੇ ਪਿੱਛੋਂ ਸੀਆਈਐੱਚ ਅਤੇ ਆਰਆਈਏਐੱਸਸੀ ਦੀਆਂ ਬਗ਼ਾਵਤਾਂ ਨੂੰ ਅਣਗੌਲਿਆਂ ਕੀਤਾ। ਆਜ਼ਾਦੀ ਮਿਲਣ ਤੋਂ ਪੂਰਬਲੇ ਲਗਭਗ ਡੇਢ ਦਹਾਕੇ ਦੌਰਾਨ 'ਦਿ ਟ੍ਰਿਬਿਊਨ' ਨੇ ਮੁਕੰਮਲ ਆਜ਼ਾਦੀ ਦੀ ਮੰਗ ਕਰਨ ਦੇ ਨਾਲ ਨਾਲ ਪੰਜਾਬ ਵਿਚ ਫ਼ਰਿਕੂ ਸਦਭਾਵਨਾ ਬਣਾਈ ਰੱਖਣ ਉੱਤੇ ਜ਼ੋਰ ਦਿੱਤਾ। ਜਦ ਮੁਲਕ ਦੀ ਵੰਡ ਤੈਅ ਹੋ ਗਈ ਤਾਂ ਪਾਕਿਸਤਾਨ ਵਿਚ ਬਣਨ ਵਾਲੀ ਸਰਕਾਰ ਦੇ ਲੱਛਣ ਤੋਂ ਹਿੰਦੁਸਤਾਨ ਸਰਕਾਰ ਦਾ ਪ੍ਰਭਾਵਿਤ ਹੋਣਾ ਯਕੀਨੀ ਮੰਨਦਿਆਂ 'ਦਿ ਟ੍ਰਿਬਿਊਨ' ਨੇ 9 ਅਗਸਤ 1947 ਦੇ ਅੰਕ ਵਿਚ ਲਿਖਿਆ, ''ਜੇਕਰ ਪਾਕਿਸਤਾਨ ਵਿਚ ਸਿਆਸਤ ਨੂੰ ਧਰਮ ਤੋਂ ਵੱਖ ਨਾ ਕੀਤਾ ਗਿਆ ਅਤੇ ਸ਼ਾਸਨ ਧਰਮ-ਤੰਤਰ ਆਧਾਰਿਤ ਚਲਾਇਆ ਗਿਆ ਤਾਂ ਪ੍ਰਤੀਕਰਮ ਵਜੋਂ ਇੰਨੀ ਜ਼ਬਰਦਸਤ ਲਹਿਰ ਪੈਦਾ ਹੋਵੇਗੀ ਕਿ ਦੇਸ਼ ਵਿਚ ਕਾਂਗਰਸ ਵੱਲੋਂ ਸਥਾਪਤ ਲੋਕ ਰਾਜੀ ਪ੍ਰਣਾਲੀ ਸੌਖ ਨਾਲ ਦਬਾ ਤੇ ਵਿਗਾੜ ਦਿੱਤੀ ਜਾਵੇਗੀ ਅਤੇ ਨਿਸ਼ਚੇ ਹੀ ਹਿੰਦੂ ਮਹਾਂ ਸਭਾ ਦੀ ਨੀਤੀ ਫਲੀਭੂਤ ਹੋਵੇਗੀ।'' ਲੇਖ ਦਾ ਸਿੱਟਾ ਸੀ ਕਿ ''ਪਾਕਿਸਤਾਨ ਵਿਚ ਇਸਲਾਮੀ ਰਾਜ ਦਾ ਨਤੀਜਾ ਹਿੰਦੁਸਤਾਨ ਵਿਚ ਹਿੰਦੂ ਰਾਜ ਦੇ ਰੂਪ ਵਿਚ ਨਿਕਲਣਾ ਪੱਕਾ ਹੈ।'' ਕਹਿਣ ਦੀ ਲੋੜ ਨਹੀਂ ਕਿ ਪਾਠਕ 'ਦਿ ਟ੍ਰਿਬਿਊਨ' ਦੀ ਇਸ ਭਵਿੱਖਬਾਣੀ ਨੂੰ ਅਮਲ ਵਿਚ ਆਉਂਦਿਆਂ ਦੇਖ ਰਹੇ ਹਨ, ਭਾਵੇਂ ਅਜਿਹਾ ਹੋਣ ਵਿਚ ਕਾਂਗਰਸ ਨੂੰ ਵੀ ਨਿਰਦੋਸ਼ ਨਹੀਂ ਠਹਿਰਾਇਆ ਜਾ ਸਕਦਾ। -ਪੰਜਾਬੀ ਟ੍ਰਿਬਿਊਨ ਦੀ ਸਥਾਪਨਾ-
ਪੰਜਾਬੀ ਟ੍ਰਿਬਿਊਨ 15 ਅਗਸਤ 1978 ਤੋਂ ਪ੍ਰਕਾਸ਼ਤਿ ਹੋਣਾ ਸ਼ੁਰੂ ਹੋਇਆ। 'ਟ੍ਰਿਬਿਊਨ' ਉੱਤਰੀ ਭਾਰਤ ਦਾ ਪਹਿਲਾ ਅਖ਼ਬਾਰ ਸਮੂਹ ਹੈ ਜਿਸ ਨੂੰ ਇੱਕੋ ਸਮੇਂ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਅਖ਼ਬਾਰਾਂ ਛਾਪਣ ਦਾ ਮਾਣ ਹਾਸਲ ਹੈ। ਇਹ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਅਨੂਠਾ ਤਜ਼ਰਬਾ ਸੀ। ‘ਟ੍ਰਿਬਿਊਨ’ ਦੇ ਉਸ ਵੇਲੇ ਦੇ ਟਰੱਸਟੀਆਂ ਡਾ. ਤੁਲਸੀ ਦਾਸ (ਪ੍ਰਧਾਨ), ਸ੍ਰੀ ਡੀ.ਕੇ. ਮਹਾਜਨ, ਲੈਫ਼ਟੀਨੈਂਟ ਜਨਰਲ ਪੀ.ਐਸ. ਗਿਆਨੀ, ਸ੍ਰੀ ਐਚ.ਆਰ. ਭਾਟੀਆ, ਡਾ. ਮਹਿੰਦਰ ਸਿੰਘ ਰੰਧਾਵਾ ਅਤੇ ਉਸ ਵੇਲੇ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਦੇ ਯਤਨਾਂ ਸਦਕਾ ‘ਪੰਜਾਬੀ ਟ੍ਰਿਬਿਊਨ’ ਹੋਂਦ ਵਿੱਚ ਆਇਆ ਸੀ। ਜਿਸ ਦੇ ਪਹਿਲੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਬਣੇ। ਅੱਜ ਕੱਲ੍ਹ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜ ਬੀਰ ਹਨ। ਪੰਜਾਬੀ ਟ੍ਰਿਬਿਊਨ ਨੇ ਆਪਣੀ ਪਛਾਣ ਪਾਠਕਾਂ ਵਿਚ ਇੱਜਤਦਾਰ ਬਣਾ ਰੱਖੀ ਹੈ। ਇਸ ਵੱਲ ਪਾਠਕਾਂ ਦੀਆਂ ਵੱਧ ਨਜ਼ਰਾਂ ਹਨ, ਕਿਉਂਕਿ ਇਕੋ ਇਕ ਅਜਿਹਾ ਅਖਬਾਰ ਹੈ, ਜਿਸ ਤੇ ਕਿਸੇ ਵਿਆਕਤੀ ਵਿਸ਼ੇਸ਼ ਦਾ ਕਬਜ਼ਾ ਨਹੀਂ ਹੈ। ਅਖਬਾਰ ਦੀ ਤੇ ਇਸ ਦੇ ਮਿਹਨਤੀ ਪੱਤਰਕਾਰਾਂ ਦੀ ਨਿਰਪੱਖਤਾ ਤੇ ਭਰੋਸੇਯੋਗਤਾ ਬਣੀ ਰਹਿਣੀ ਚਾਹੀਦੀ ਹੈ। ਇਸ ਅਖਬਾਰ ਤੋਂ ਹੀ ਆਸ ਕੀਤੀ ਜਾ ਸਕਦੀ ਹੈ ਕਿ ਇਸ ਵਿਚ ਖਬਰਾਂ ਦੀ ਵਿਭਿੰਨਤਾ ਹੋਵੇਗੀ। ਮੈਨੂੰ ਖੁਸ਼ੀ ਹੈ ਕਿ ਮੈਂ ਵੀ ਇਸ ਅਖਬਾਰ ਦਾ ਅਦਨਾ ਜਿਹਾ ਹਿੱਸਾ ਹਾਂ। -ਗੁਰਨਾਮ ਸਿੰਘ ਅਕੀਦਾ 8146001100 ਨੋਟ : ਇਹ ਜਾਣਕਾਰੀ ਵੱਖ ਵੱਖ ਸਾਧਨਾ ਤੋਂ ਇਲਾਵਾ ਗਰੁੱਪ ਦੇ ਮੁੱਖ ਸੰਪਾਦਕ ਰਾਜੇਸ਼ ਰਾਮਚੰਦਰਨ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜ ਬੀਰ ਸਿੰਘ, ਡਾ. ਨਰਿੰਦਰ ਸਿੰਘ ਕਪੂਰ, ਗੁਰਦੇਵ ਸਿੰਘ ਸਿੱਧੂ ਆਦਿ ਤੋਂ ਲਈ ਗਈ ਹੈ।

No comments:

Post a Comment