Saturday, November 19, 2022

ਪਾਕਿਸਤਾਨ ਵਿਚ ਅਲੋਪ ਹੁੰਦਾ ਜਾ ਰਿਹਾ ਹੈ ਪੰਜਾਬੀ ਪੱਤਰਕਾਰੀ ਦਾ ਸਿਤਾਰਾ

ਤੇਜ਼ ਹਵਾਵਾਂ ’ਚ ਵੀ ਦੀਵਾ ਬਾਲ ਕੇ ਡਿਊਟੀ ਨਿਭਾ ਰਿਹਾ ਹੈ ਪੱਤਰਕਾਰ ‘ਡਾ. ਮੁਸ਼ਤਾਕ ਆਦਲ ਕਾਠੀਆ’
ਚੜ੍ਹਦੇ ਪੰਜਾਬ (ਭਾਰਤੀ ਪੰਜਾਬ) ਵੱਲ ਅੱਜ ਕੱਲ੍ਹ ਅਮੀਰਾਂ ਦੇ ਪੰਜਾਬੀ ਘਰਾਣਿਆਂ ਵਿਚ ਪੰਜਾਬੀ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ, ਫੇਰ ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਵਿਚ ਪੰਜਾਬੀ ਦਾ ਕੀ ਹਾਲ ਹੋਵੇਗਾ? ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਪੰਜਾਬੀ ਦੇ ਭਲੇ ਲਈ ਜਿੱਥੇ ਚੜ੍ਹਦੇ ਪੰਜਾਬ ਦੀਆਂ ਹਕੂਮਤਾਂ ਨੇ ਕੋਈ ਪ੍ਰਭਾਵੀ ਕੰਮ ਕਰਨ ਤੋਂ ਹਮੇਸ਼ਾ ਹੀ ਟਾਲ਼ਾ ਵਟੀ ਰੱਖਿਆ ਹੈ ਉੱਥੇ ਪਾਕਿਸਤਾਨ ਵਿਚ ਪੰਜਾਬੀ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ ਪਰ ਜਦੋਂ ਨਾ ਤਾਂ ਕੋਈ ਆਰਥਿਕ ਲਾਭ ਨਾ ਹੀ ਬਹੁਤੇ ਪਾਠਕ ਹੋਣ ਫੇਰ ਵੀ ਜੇਕਰ ਕੋਈ ਪਾਕਿਸਤਾਨ ਵਿਚ ਪੰਜਾਬੀ ਲਈ ਕੰਮ ਕਰ ਰਿਹਾ ਹੈ ਤਾਂ ਉਸ ਦੀ ਗੱਲ ਸਾਡੇ ਇਸ ‘ਰੇਖਾ ਚਿੱਤਰਾਂ’ ਦੀ ਕੜੀ ਵਿਚ ਕਰਨੀ ਬਣਦੀ ਹੈ। ਉਂਜ ਤਾਂ ਪਾਕਿਸਤਾਨ ਵਿਚ ਕਈ ਸਾਰੇ ਭਲੇ ਪੁਰਸ਼ ਹਨ ਜੋ ਪੰਜਾਬੀ ਦੀ ਬਿਹਤਰੀ ਲਈ ਆਪਣਾ ਮਾਲੀਆ ਵਾਰੀ ਜਾ ਰਹੇ ਹਨ, ਪਰ ਸਾਡਾ ਅੱਜ ਦਾ ਹੀਰਾ ਪੱਤਰਕਾਰ ਹੈ ‘ਡਾ. ਮੁਸ਼ਤਾਕ ਆਦਲ ਕਾਠੀਆ’। ਜੋ ਸਿਰਫ਼ ਪੰਜਾਬੀ ਅਖ਼ਬਾਰ ਹੀ ਨਹੀਂ ਕੱਢ ਰਿਹਾ ਸਗੋਂ ਉਹ ਪੰਜਾਬੀ ਦੇ ਅਦਬ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। -ਮੁੱਢ ਤੇ ਪੜ੍ਹਾਈ-
ਪਾਕਿਸਤਾਨ ਦੇ ਜ਼ਿਲ੍ਹਾ ਸਾਈਵਾਲ ਦੇ ਕੋਨੇ ਤੇ ਇਕਬਾਲ ਨਗਰ ਦੇ ਕੋਲ ਇਕ ਪਿੰਡ ਹੈ 14/14 ਐੱਲ, ਇੱਥੇ ਹੀ ਵਾਲਦ ਹਾਮਿਦ ਅਲੀ ਦੇ ਘਰ ਮਾਤਾ ਵਾਲਿਦਾ ਜ਼ੇਬਾ ਕਾਠੀਆ ਦੀ ਕੁੱਖੋਂ 1 ਦਸੰਬਰ 1966 ਵਿਚ ਜਨਮੇ ਡਾ. ਮੁਸ਼ਤਾਕ ਅਹਿਮਦ ਇਮਤਿਆਜ਼ (ਡਾ. ਮੁਸ਼ਤਾਕ ਆਦਲ ਕਾਠੀਆ) ਨੇ ਸ਼ੁਰੂਆਤੀ ਪੜਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ, ਬਚਪਨ ਵਿਚ ਮੱਝਾਂ ਵੀ ਚਰਵਾਈਆਂ, ਖੇਤਾਂ ਵਿਚ ਕੰਮ ਕੀਤਾ ਤੇ ਅੱਠਵੀਂ ਤੱਕ ਦੀ ਪੜਾਈ ਗੌਰਮਿੰਟ ਮਿਡਲ ਸਕੂਲ ਤੋਂ ਕੀਤੀ ਤੇ ਮੈਟ੍ਰਿਕ ਐਨ ਸੀ ਆਈ ਸਕੂਲ ਮੀਆਂ ਚੰਨੂ ਤੋਂ 1984 ਵਿਚ ਕੀਤੀ। ਗੌਰਮਿੰਟ ਕਾਲਜ ਸਾਈਵਾਲ ਤੋਂ ਬੀਏ 1987 ਵਿਚ ਕਰ ਲਈ। ਚਾਰ ਮਾਸਟਰ ਡਿੱਗਰੀਆਂ ਕੀਤੀਆਂ ਜਿਨ੍ਹਾਂ ਵਿਚ ਐਮਏ ਉਰਦੂ, ਐਮਏ ਪੰਜਾਬੀ, ਐਮਏ ਫਿਜ਼ੀਕਲ ਐਜੂਕੇਸ਼ਨ ਤੇ ਐਮਏ ਐਜੂਕੇਸ਼ਨ ਤੇ ਫ਼ਾਜ਼ਲ ਦੀ ਪੜਾਈ ਵੀ ਉਰਦੂ ਵਿਚ ਕੀਤੀ। 1994 ਵਿਚ ਸਕੂਲ ਅਧਿਆਪਕ ਦੇ ਤੌਰ ਤੇ ਨੌਕਰੀ ਸ਼ੁਰੂ ਕਰ ਲਈ ਤੇ ਪੜਾਈ ਵੀ ਨਾਲ ਨਾਲ ਚੱਲਦੀ ਰਹੀ। ਤੇ ਨਮਨ ਯੂਨੀਵਰਸਿਟੀ ਇਸਲਾਮਾਬਾਦ ਵਿਚ ਪਾਕਿਸਤਾਨੀ ਉਰਦੂ ਨਾਵਲ ਦੇ ਪੀ ਐੱਚ ਡੀ ਕੀਤੀ।
ਉਸ ਤੋਂ ਬਾਅਦ ਐਨ ਸੀ ਬੀ ਐਂਡ ਏ ਅਦਾਰਾ ਗੁਜਰਾਤ ਵਿਚ 2 ਸਾਲ ਪੜਾਇਆ। ਉਸ ਤੋਂ ਬਾਅਦ ਯੂਨੀਵਰਸਿਟੀ ਆਫ਼ ਲਾਹੌਰ ਵਿਚ ਦੋ ਸਾਲ ਲਈ ਪੜਾਇਆ। ਪਿਛਲੇ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਸਿਆਲਕੋਟ ਵਿਚ ਬਤੌਰ ਐਸੋਸੀਏਟ ਪ੍ਰੋਫੈਸਰ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। -ਪੱਤਰਕਾਰੀ ਵਿਚ ਪ੍ਰਵੇਸ਼-
ਬੀਏ ਵਿਚ ਪੜ੍ਹਦਿਆਂ ਹੀ ਉਰਦੂ ਕਾਲਮ ਲਿਖਣੇ ਸ਼ੁਰੂ ਕਰ ਦਿੱਤੇ ਸਨ। 2005 ਵਿਚ ਅਦਬੀ ਰਸਾਲਾ ‘ਮਹਿਕਾਂ’ ਸ਼ੁਰੂ ਕੀਤਾ। ਇਹ ਤਿੰਨ ਮਹੀਨੇ ਬਾਦ ਛਪਦਾ ਆ ਰਿਹਾ ਹੈ, ਇਸ ਵਿਚ ਕਹਾਣੀ, ਗ਼ਜ਼ਲ, ਕਵਿਤਾਵਾਂ ਆਦਿ ਛਪਦੀਆਂ ਹਨ। ਇਸ ਰਸਾਲੇ ਨੂੰ ਛਪਾਉਣ ਲਈ ਕਈ ਮਿੱਤਰਾਂ ਨੇ ਸਾਥ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੇ ਸਾਥ ਨਾ ਦਿੱਤਾ। ਬੰਦ ਕਰਨ ਲੱਗਾ ਸੀ ਪਰ ਸੋਚਿਆ ਕਿ ਲੋਕ ਸ਼ੌਕ ਲਈ ‘ਕਬੂਤਰ, ਕੁੱਤੇ, ਘੋੜੇ’ ਆਦਿ ਪਾਲਦੇ ਹਨ ਇਹ ਤਾਂ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਇਸ ਕਰਕੇ ਤਨਖ਼ਾਹ ਵਿਚੋਂ ਹੀ ਰੁਪਏ ਬਚਾ ਕੇ ਇਹ ਰਸਾਲਾ ਜਾਰੀ ਰੱਖਿਆ।
ਇਸ ਤੋਂ ਇਲਾਵਾ ਰੇਡੀਓ ‘ਸਹਾਫਤ’ ਐਫਐਮ 96 ਸਾਈਵਾਲ ਤੇ ਐਫਐਮ 102 ਰੇਡੀਓ ਵਿਚ ਲਗਾਤਾਰ 11 ਸਾਲਾਂ ਤੱਕ ਕੰਮ ਕੀਤਾ। ਇਨ੍ਹਾਂ ਰੇਡੀਓ ਵਿਚ ਆਪਣੇ ਆਪ ਹੀ ਖ਼ਬਰਾਂ ਇਕੱਤਰ ਕਰਨੀਆਂ, ਤਿਆਰ ਕਰਨੀਆਂ, ਲਿਖਣੀਆਂ ਤੇ ਪੜ੍ਹਨੀਆਂ। ਇਸੇ ਤਰ੍ਹਾਂ ‘ਜਹਾਨ-ਏ-ਪਾਕਿਸਤਾਨ’ ਵਿਚ ਲਗਾਤਾਰ ਕਾਲਮ ਵੀ ਛਪਦਾ ਰਿਹਾ। -ਪੰਜਾਬੀ ਦਾ ਹਫ਼ਤਾਵਾਰ ਅਖ਼ਬਾਰ ‘ਪੰਜਾਬੀ ਚਾਨਣ’ ਸ਼ੁਰੂ ਕਰਨਾ-
ਤਿੰਨ ਮਹੀਨਿਆਂ ਦਾ ਲਗਾਤਾਰ ਤ੍ਰੈਮਾਸ਼ਿਕ ਰਸਾਲਾ ‘ਮਹਿਕਾਂ’ ਛਪਦਾ ਰਿਹਾ, ਪਰ ਪੰਜਾਬੀ ਵਿਚ ਲਿਖਣ ਦਾ ਆਪਣਾ ਹੀ ਅਨੰਦ ਸੀ, ਇਸ ਕਰਕੇ ਇਕ ਅਖ਼ਬਾਰ ਸਪਤਾਹਿਕ ਸ਼ੁਰੂ ਕੀਤਾ ਜਿਸ ਦਾ ਨਾਮ ਰੱਖਿਆ ‘ਪੰਜਾਬੀ ਚਾਨਣ’। ਇਸ ਅਖ਼ਬਾਰ ਵਿਚ ਪਾਕਿਸਤਾਨ ਦੀਆਂ ਸਰਗਰਮੀਆਂ ਛਪਦੀਆਂ ਹਨ। ਇਹ ਨਿਊਜ਼ ਅਤੇ ਵਿਊ ਦਾ ਅਖ਼ਬਾਰ ਹੈ । ਸਾਈਵਾਲ ਦੇ ਇਕ ਐਸਪੀ ਡਾ. ਆਤਿਫ ਫਿਕਰਾਨ ਨਾਮ ਦੇ ਹੁੰਦੇ ਸਨ, ਉਹ ਕਹਿੰਦੇ ਕਿ ਅਖ਼ਬਾਰ ਛਾਪਦੇ ਹੋ ਲਾਭ ਕੀ ਹੈ, ਤਾਂ ਡਾ. ਮੁਸ਼ਤਾਕ ਹੋਰੀਂ ਕਹਿਣ ਲੱਗੇ ‘ਉਰਦੂ ਵੱਲੋਂ ਕਮਾਈ ਦੇ ਆ.. ਤੇ ਪੰਜਾਬੀ ਵੱਲ ਲਾਈਦੇ ਆ’। -ਪੰਜਾਬੀ ਅਖ਼ਬਾਰ ਚਲਾਉਣ ਦਾ ਸੰਕਟ- ਡਾ. ਮੁਸ਼ਤਾਕ ਕਹਿੰਦੇ ਹਨ ਕਿ ਪੰਜਾਬੀ ਅਖ਼ਬਾਰ ਚਲਾਉਣ ਦਾ ਲਹਿੰਦੇ ਪੰਜਾਬ ਵਿਚ ਬਹੁਤ ਵੱਡਾ ਸੰਕਟ ਹੈ, ਗੁਰਮੁਖੀ ਦੇ ਜਾਣਕਾਰ ਤਾਂ ਮਸਾਂ 0.5 ਫ਼ੀਸਦੀ ਹੀ ਹੋਣਗੇ, ਇਸ ਕਰਕੇ ਅਸੀਂ ਪੰਜਾਬੀ ਭਾਸ਼ਾ ਵਿਚ ਤੇ ਲਿਪੀ ਸ਼ਾਹਮੁਖੀ ਵਿਚ ਹੀ ਪੰਜਾਬੀ ਅਖ਼ਬਾਰ ਛਾਪਦੇ ਹਾਂ। ਇਸ ਵਿਚ ਪੰਜਾਬੀ ਬੋਲੀ ਹੁੰਦੀ ਹੈ, ਪਰ ਲਿਪੀ ਸ਼ਾਹਮੁਖੀ ਹੁੰਦੀ ਹੈ। ਪੰਜਾਬੀ ਦੇ ਅਖ਼ਬਾਰ ਲਈ ਕੋਈ ਇਸ਼ਤਿਹਾਰ ਨਹੀਂ ਮਿਲਦਾ, ਜੇਕਰ ਕਿਸੇ ਨੂੰ ਇਸ਼ਤਿਹਾਰ ਲਈ ਕਹਿੰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਪੰਜਾਬੀ ਵਿਚ ਕੌਣ ਦੇਵੇ ਇਸ਼ਤਿਹਾਰ, ਜੇਕਰ ਪੰਜਾਬੀ ਵਿਚ ਇਸ਼ਤਿਹਾਰ ਦੇਵਾਂਗੇ ਤਾਂ ਮਾਰਕਿਟ ਵਾਲੇ ਕਹਿਣਗੇ ਕਿ ਜੇਕਰ ਪੰਜਾਬੀ ਵਿਚ ਇਸ਼ਤਿਹਾਰ ਦਿੱਤਾ ਹੈ ਤਾਂ ਫਿਰ ਇਹ ਕੰਪਨੀ ਵੀ ‘ਪੰਜਾਬੀ ਵਰਗੀ’ ਹੀ ਹੋਵੇਗੀ। ਅੰਗਰੇਜ਼ੀ ਤੇ ਉਰਦੂ ਅਖ਼ਬਾਰਾਂ ਨੂੰ ਤਾਂ ਮਾਰਕਿਟ ਇਸ਼ਤਿਹਾਰ ਦਿੰਦੀ ਹੈ ਪਰ ਪੰਜਾਬੀ ਨੂੰ ਬਿਲਕੁਲ ਨਹੀਂ ਦਿੰਦੇ। ਇਸ ਕਰਕੇ ਇਹ ਅਖ਼ਬਾਰ ਤਿਆਰ ਕਰਨ ਲਈ ਮੈਂ ਇਕੱਲਾ ਹੀ ਸਾਰਾ ਕੰਮ ਕਰਦਾ ਹਾਂ, ਖ਼ਬਰਾਂ ਇਕੱਠੀਆਂ ਕਰਨਾ, ਖ਼ਬਰਾਂ ਤਿਆਰ ਕਰਨੀਆਂ, ਖ਼ਬਰਾਂ ਸੰਪਾਦਨ ਕਰਨੀਆਂ ਤੇ ਟਾਈਪ ਕਰਕੇ ਪ੍ਰੈੱਸ ਵਿਚ ਦੇਣੀਆਂ, ਭਾਵ ਕਿ ਸਬ ਐਡੀਟਰ ਵੀ ਆਪ ਹੀ, ਪਰੂਫ਼ ਰੀਡਰ ਵੀ ਆਪ ਹੀ, ਹਾਂ ਕਈ ਵਾਰੀ ਪਰੂਫ਼ ਰੀਡਰ ਦੀ ਮਦਦ ‘ਜ਼ੁਬੇਰ ਸਾਬਰ’ ਕਰ ਦਿੰਦਾ ਹੈ, 500 ਅਖ਼ਬਾਰ ਅਸੀਂ ਛਾਪਦੇ ਹਾਂ ਜਿਸ ਵਿਚੋਂ ਮਸਾਂ 15-20 ਅਖ਼ਬਾਰ ਹੀ ਵਿਕਦੇ ਹੋਣਗੇ ਬਾਕੀ ਸਾਰੇ ਹੀ ਮੁਫ਼ਤ ਹੀ ਵੰਡਦੇ ਹਾਂ। ਇਨ੍ਹਾਂ ਅਖ਼ਬਾਰਾਂ ਦੀ ਡਾਕ ਭੇਜਣ ਦੇ ਸਾਰੇ ਕੰਮਾਂ ਵਿਚ ਘਰ ਦੇ ਮਦਦ ਕਰਦੇ ਹਨ। ਪੰਜਾਬੀ ਅਖਬਾਰਾਂ ਨੂੰ ਕੋਈ ਬਹੁਤਾ ਤਵੱਕੋ ਨਹੀਂ ਦਿੰਦਾ। ਪਰ ਅਸੀਂ ਆਪਣੇ ਹਿੱਸੇ ਦਾ ਦੀਵਾ ਬਾਲ ਰਹੇ ਹਾਂ। ਪਾਕਿਸਤਾਨ ਦੀ ਅਵਾਮ ਪੰਜਾਬੀ ਬੋਲਦੀ ਜ਼ਰੂਰ ਹੈ ਪਰ ਪੰਜਾਬੀ ਨਹੀਂ ਪੜ੍ਹਦੇ। ਅਸੀਂ ਸੋਚ ਰੱਖਿਆ ਹੈ। ਪਾਕਿਸਤਾਨ ਵਿਚ ਕਈ ਸਾਰੀਆਂ ਸੰਸਥਾਵਾਂ ਪੰਜਾਬੀ ਦੀ ਪੜਾਈ ਦੀ ਗੱਲ ਕਰਦੀਆਂ ਹਨ ਇਸ ਕਰਕੇ ਅਸੀਂ ਪੰਜਾਬੀ ਵਿਚ ਅਖ਼ਬਾਰ ਪ੍ਰਕਾਸ਼ਿਤ ਕਰ ਰਹੇ ਹਾਂ। ਤਾਂ ਕਿ ਕਿਹਾ ਜਾ ਸਕੇ ਕਿ ਇੱਥੇ ਤਾਂ ਪੰਜਾਬੀ ਅਖ਼ਬਾਰ ਵੀ ਪ੍ਰਕਾਸ਼ਿਤ ਹੋ ਰਹੇ ਹਨ। ਕਦੇ ਨਾ ਕਦੇ ਤਾਂ ਪੰਜਾਬੀ ਦੀ ਗੱਲ ਹੋਣ ਲੱਗੇਗੀ ਪਾਕਿਸਤਾਨ ਵਿਚ। -ਪਾਕਿਸਤਾਨ ਵਿਚ ਪੰਜਾਬੀ ਅਖ਼ਬਾਰ- ਪਾਕਿਸਤਾਨ ਵਿਚ ਪੰਜਾਬੀ ਦੇ ਹੋਰ ਵੀ ਕਈ ਅਖ਼ਬਾਰ ਨਿਕਲ ਰਹੇ ਹਨ, ਜਿਵੇਂ ਕਿ ‘ਰੋਜ਼ਾਨਾ ਭੁਲੇਖਾ’ ਮੁਦਸਰ ਇਕਬਾਲ ਬਾਠ ਹੋਰੀਂ ਕੱਢ ਰਹੇ ਹਨ, ਇਸ ਤੋਂ ਇਲਾਵਾ ‘ਪੰਚਮ’, ‘ਹਫ਼ਤਾਵਾਰੀ ਰਵੇਲ’, ‘ਪੰਜਾਬੀ ਚਾਨਣ’ ਵਰਗੇ ਹੋਰ ਵੀ ਕੁਝ ਅਖ਼ਬਾਰ ਨਿਕਲ ਰਹੇ ਹਨ ਜਿਨ੍ਹਾਂ ਦੀ ਛਪਣ ਗਿਣਤੀ ਬਹੁਤ ਘੱਟ ਹੈ ਪਰ ਆਨ ਲਾਈਨ ਪੜ੍ਹੇ ਜਾ ਰਹੇ ਹਨ। -ਪਾਕਿਸਤਾਨ ਦੀਆਂ ਬਾਕੀ ਭਾਸ਼ਾਵਾਂ ਦੀਆਂ ਅਖ਼ਬਾਰਾਂ- ਪਾਕਿਸਤਾਨ ਵਿਚ ਆਨ ਲਾਈਨ ਅਖ਼ਬਾਰਾਂ ਸ਼ੁਰੂ ਹੋਣ ਕਰਕੇ ਉਰਦੂ ਤੇ ਅੰਗਰੇਜ਼ੀ ਦੀਆਂ ਅਖ਼ਬਾਰਾਂ ਦੀ ਸਰਕੂਲੇਸ਼ਨ ਵੀ ਕਾਫ਼ੀ ਘੱਟ ਚੁੱਕੀ ਹੈ। ਬਹੁਤ ਅਖ਼ਬਾਰਾਂ ਬੰਦ ਵੀ ਹੋ ਗਈਆਂ ਹਨ। -ਪਾਕਿਸਤਾਨੀ ਪੱਤਰਕਾਰਾਂ ਦੀ ਦਸ਼ਾ ਤੇ ਦਿਸ਼ਾ- ਪਾਕਿਸਤਾਨੀ ਪੱਤਰਕਾਰਾਂ ਦਾ ਹਾਲ ਕੋਈ ਬਹੁਤ ਵਧੀਆ ਨਹੀਂ ਹੈ, ਇੱਥੇ ਬਲੈਕਮੇਲਿੰਗ ਦਾ ਕਾਫ਼ੀ ਜ਼ੋਰ ਹੈ, ਜਿਸ ਨੂੰ ਪੀਲੀ ਪੱਤਰਕਾਰੀ ਕਹਿੰਦੇ ਹਨ, ਭਾਰਤ ਵਿਚ ਜਿਵੇਂ ‘ਗੋਦੀ ਮੀਡੀਆ’ ਕਿਹਾ ਜਾ ਰਿਹਾ ਹੈ ਅਜਿਹੇ ਮੀਡੀਆ ਪਾਕਿਸਤਾਨ ਵਿਚ ਕਾਫ਼ੀ ਹੋ ਚੁੱਕੇ ਹਨ। ਜੋ ਸਥਾਪਤੀ ਨਾਲ ਹੀ ਰਹਿੰਦੇ ਹਨ। ਪਾਕਿਸਤਾਨੀ ਪੱਤਰਕਾਰ ਭੁੱਖਾ ਮਰਦਾ ਹੈ, ਭੁੱਖਾ ਮਰਦਾ ਉਹ ਹਰ ਤਰ੍ਹਾਂ ਦਾ ਗ਼ਲਤ ਕੰਮ ਵੀ ਕਰਦਾ ਹੈ। ਕਈ ਅਦਾਰਿਆਂ ਦਾ ਇਹ ਹਾਲ ਹੈ ਕਿ ਅਦਾਰੇ ਸਾਫ਼ੀਆਂ (ਪੱਤਰਕਾਰਾਂ) ਨੂੰ ਕਹਿੰਦੇ ਹਨ ਕਿ ‘ਆਪ ਖਾ ਆਓ, ਸਾਡੇ ਲਈ ਲੈ ਆਓ’। ਫੇਰ ਵੀ ਕੁਝ ਪੱਤਰਕਾਰ ਵੱਡੇ ਅਖ਼ਬਾਰਾਂ ਵਿਚ ਪੈਰੋਲ ਤੇ ਵੀ ਹਨ। ਉਨ੍ਹਾਂ ਦਾ ਗੁਜ਼ਾਰਾ ਥੋੜ੍ਹਾ ਠੀਕ ਚੱਲ ਰਿਹਾ ਹੈ। ਪਰ ਉਨ੍ਹਾਂ ਵਿਚ ਵੀ ਪੱਤਰਕਾਰੀ ਦਾ ਕਤਲ ਕਰਨ ਦਾ ਦਮ ਜ਼ਿਆਦਾ ਆ ਜਾਂਦਾ ਹੈ। ਖ਼ਬਰਾਂ ਨੂੰ ਵਧਾਉਣਾ, ਘਟਾਉਣਾ ਉਹ ਅਜਿਹਾ ਗ਼ਲਤ ਵੀ ਕਰ ਲੈਂਦੇ ਹਨ। ਕੁਝ ਖ਼ਬਰਾਂ ਦੱਬ ਕੇ ਰਹਿ ਜਾਂਦੀਆਂ ਹਨ ਪਰ ਕੁਝ ਖ਼ਬਰਾਂ ਜੋ ਜ਼ਰੂਰੀ ਹਨ ਉਨ੍ਹਾਂ ਦੀ ‘ਭਰੂਣ ਹੱਤਿਆ’ ਹੋ ਜਾਂਦੀ ਹੈ। ਅੱਗੇ ਅੱਗੇ ਪੱਤਰਕਾਰਾਂ ਦੀ ਦਿਸ਼ਾ ਕੋਈ ਸਾਫ਼ ਨਜ਼ਰ ਨਹੀਂ ਆ ਰਹੀ। ਪਰ ਵੱਡੇ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰ ਤਾਂ ਚੰਗਾ ਕਮਾ ਲੈਂਦੇ ਹਨ। ਪਾਕਿਸਤਾਨ ਵਿਚ ਛੋਟੇ ਕਸਬਿਆਂ ਦੇ ਪੱਤਰਕਾਰਾਂ ਵਿਚ ਉਂਜ ਹੀ ਗਰੁੱਪ ਬਾਜ਼ੀ ਬਹੁਤ ਹੈ, ਇਕ ਥਾਂ ਤਿੰਨ-ਤਿੰਨ ਗਰੁੱਪ ਬਣੇ ਹਨ, ਪ੍ਰੈੱਸ ਕਾਨਫ਼ਰੰਸ ਕਰਨ ਵਾਲੇ ਫੇਰ ਇਨ੍ਹਾਂ ਗਰੁੱਪਾਂ ਨੂੰ ਅਲੱਗ ਅਲੱਗ ਹੀ ਬੁਲਾ ਕੇ ਪਾਰਟੀ ਕਰ ਦਿੰਦੇ ਹਨ ਤਾਂ ਕਿ ਸਾਡੇ ਖ਼ੁਸ਼ ਰਹਿਣ। -ਮੁੱਢ ਕਦੀਮੋਂ ਪੱਤਰਕਾਰੀ- ਪੱਤਰਕਾਰੀ ਬੜੀ ਮੁਸ਼ਕਿਲ ਕੰਮ ਹੁੰਦਾ ਸੀ ਪਰ ਪਹਿਲਾਂ ਸਚਾਈ ਹੁੰਦੀ ਸੀ, ਡਾਕ ਰਾਹੀਂ ਖ਼ਬਰਾਂ ਭੇਜਦੇ ਸੀ ਤੇ ਖ਼ਬਰਾਂ ਕਈ ਵਾਰ ਹਫ਼ਤੇ ਬਾਦ ਅਖ਼ਬਾਰ ਵਿਚ ਲੱਗਦੀਆਂ ਸਨ। ਫੇਰ ਟੈਲੀਫੂਨ ਆਗਿਆ, ਬੱਸਾਂ ਦਾ ਵੀ ਸਹਾਰਾ ਲਿਆ ਜਾਂਦਾ ਸੀ, ਉਸ ਤੋਂ ਬਾਅਦ ਫੈਕਸ ਆਈ, ਭਾਵੇਂ ਮਹਿੰਗੀ ਸੀ, ਪਰ ਉਸ ਨੇ ਕੰਮ ਸਾਰਿਆ, ਫੈਕਸ ਸਸਤੀ ਹੋਈ ਤਾਂ ਉਸ ਤੋਂ ਬਾਅਦ ਕੰਪਿਊਟਰ ਇੰਟਰਨੈੱਟ ਆ ਗਿਆ। ਅੱਜ ਤਾਂ ਕਿਤੋਂ ਵੀ ਖਬਰ ਭੇਜੀ ਜਾ ਸਕਦੀ ਹੈ, ਪੱਤਰਕਾਰ ਸੌਖਾ ਹੋ ਗਿਆ ਪਰ ਕਿਰਦਾਰ ਹੇਠਾਂ ਆ ਗਿਆ। -ਸਿਰਜਣਾ-
ਡਾ. ਕਾਠੀਆ ਨੇ ਸਿਰਜਣਾ ਵਿਚ ਕਾਫੀ ਕੰਮ ਕੀਤਾ ਹੈ ਕਰੀਬ 12 ਪੁਸਤਕਾਂ ਛੱਪੀਆਂ ਹਨ। ਜਿਵੇਂ ਕਿ ਸਾਈਵਾਲੇ ਦੇ ਸ਼ਾਇਰਾਂ ਦਾ ਇਨਸਾਈਕਲੋਪੀਡੀਆ ‘ਸਾਹੀਵਾਲ ਦੇ ਹੀਰੇ’ 2008 (ਕਿਤਾਬ ਸਾਈਵਾਲ ਦੇ ਲੇਖਕਾਂ ਬਾਰੇ ਲਿਖੀ), ‘ਤਾਰੀਖ਼-ਏ - ਸਾਈਵਾਲ’ (ਜ਼ਿਲ੍ਹਾ ਸਾਈਵਾਲ ਦਾ 1857 ਤੋਂ ਲੈ ਕੇ ਇਤਿਹਾਸ), ‘ਸੂਰਜ ਲਪ ਦਾ ਸਾਇਆ’ (ਪੰਜਾਬੀ ਸ਼ਾਇਰੀ’, ‘ਕਲਮ ਕਾ ਕਰਜ਼’ (ਅਖ਼ਬਾਰੀ ਕਾਲਮਾਂ ਤੇ) ‘ਯਾਰਾਂ ਰੰਗ’ (ਗਿਆਰਾਂ ਪੰਜਾਬੀ ਅਦੀਬਾਂ ਤੇ ), ‘ਸਾਈਵਾਲ ਦੀ ਅਦਬੀ ਤਾਰੀਖ਼’, ‘ਨਖੂਸੇ ਸਾਹੀਵਾਲ’ (ਤਾਰੀਖ਼-ਏ-ਸਾਈਵਾਲ ਦਾ ਅਗਲਾ ਭਾਗ), ਉਰਦੂ ਨਾਵਲ ਤੇ ਪੀਐਚਡੀ ਦੇ ਥੀਸਿਸ ਤੇ ਕਿਤਾਬ ਛਪੀ ਹੈ। ਇਕ ਕਿਤਾਬ ਪੰਜਾਬੀ ਸ਼ਾਇਰਾਂ ਤੇ ਲਿਖੇ ਗਏ ਕਾਲਮਾਂ ਤੇ ਵੀ ਹਾਲ ਹੀ ਵਿਚ ਛਪੀ ਹੈ।
-ਪੰਜਾਬੀ ਅਦਬ ਦੇ ਲੇਖਕਾਂ ਨੂੰ ਹਰ ਸਾਲ ਪੁਰਸਕਾਰ ਦੇਣੇ-
ਡਾ. ਮੁਸ਼ਤਾਕ ਆਦਲ ਕਾਠੀਆ ਨੇ ਕਿਹਾ ਕ‌ਿ ਅਸੀਂ ਪੰਜਾਬੀ ਅਦਬ ਦੇ ਲੇਖਕਾਂ ਨੂੰ ਪੰਜਾਬੀ ਵਿਚ ਕਿਤਾਬਾਂ ਲਿਖਣ ਲਈ ਉਤਸ਼ਾਹਿਤ ਕਰਨ ਲਈ ਹਰ ਸਾਲ ਇਕ ਪੁਰਸਕਾਰ ਦਿੰਦੇ ਹਾਂ, ਇਹ ਪੁਰਸਕਾਰ ਅਸੀਂ ‘ਮਹਿਕਾਂ ਪੰਜਾਬੀ ਅਦਬੀ ਬੋਰਡ’ ਵੱਲੋਂ ਦਿੰਦੇ ਹਾਂ। ਇਹ ਪੁਰਸਕਾਰ ਪੰਜਾਬੀ ‘ਫਿਕਸਨ’ ਤੇ,ਪੰਜਾਬੀ ‘ਗ਼ਜ਼ਲ’ ਤੇ ਨਜ਼ਮ, ਨਸ਼ਰ, ਬਾਲ ਅਦਬ ਲਈ ਦਿੰਦੇ ਹਾਂ। ਇਹ ਪੁਰਸਕਾਰ 2008 ਤੋਂ ਲਗਾਤਾਰ ਦਿੰਦੇ ਆ ਰਹੇ ਹਾਂ। ਹੁਣ ਤੱਕ ਤਾਲਿਬ ਜਾਤੋਇ, ਨਸੀਰ ਬਲੌਚ, ਆਜ਼ੀਮ ਮਲਿਕ, ਖੁਸ਼ੀ ਮਹੁੰਮਦ ਨਿਸਾਰ, ਨਾਸੀਮ ਇਕਬਾਲ ਭੁੱਟੀ, ਸਾਹ ਸਾਵਾਰ ਅਲੀ ਨਾਸਿਰ, ਤਾਜ਼ਾਮੱਲ ਕਾਲੀਮ, ਤਸਦਾਕ ਭੁੱਟੀ, ਡਾ. ਆਯੂਬ, ਡਾ. ਰਿਆਜ਼ ਸਾਹਿਦ, ਅਸਗਰ ਬਲੌਚ, ਆਤਿਸ਼ ਕਿਆਨੀ, ਅਦ ਇਜਾਜ, ਕਸ਼ਵਾਰ ਬੱਟ, ਪ੍ਰੋ. ਅਕਰਮ ਸਾਈਦ, ਇਖਲਾਕ ਆਤਿਫ ਆਦਿ ਪੰਜਾਬੀ ਲੇਖਕਾਂ ਨੂੰ ਪੁਰਸਕਾਰ ਦਿੱਤੇ ਜਾ ਚੁੱਕੇ ਹਨ।
-ਪਰਿਵਾਰ-
ਡਾ. ਮੁਸ਼ਤਾਕ ਆਦਲ ਕਾਠੀਆ ਦਾ ਸਾਰਾ ਪਰਿਵਾਰ ਸਾਹੀਵਾਲ ਵਿਚ ਹੀ ਰਹਿੰਦਾ ਹੈ, ਹਫ਼ਤੇ ਵਿਚੋਂ ਦੋ ਢਾਈ ਦਿਨ ਆਪਣੇ ਪਰਿਵਾਰ ਕੋਲ ਰਹਿਣਾ ਲਾਜ਼ਮੀ ਹੈ, ਪਰਿਵਾਰ ਵਿਚ ਵੱਡਾ ਬੇਟਾ ਇਤਿਹਾਸਕ ਅਹਿਮਦ ਹੈ, ਜੋ ਫਿਜ਼ੀਕਲ ਐਜੂਕੇਸ਼ਨ ਦਾ ਮਾਸਟਰ ਹੈ। ਸ਼ਾਦੀ ਸ਼ੁਦਾ ਹੈ ਉਸ ਦੇ ਦੋ ਬੱਚੇ ਹਨ ਉਸ ਦੀ ਬੇਟੀ ਇਫਤ ਫਾਤਿਮਾ ਤੇ ਬੇਟਾ ਅਰਸਲਾਨ ਆਦਲ ਹੈ। ਜਦ ਕਿ ਛੋਟਾ ਬੇਟਾ ਫੈਜ਼ਾਨ ਆਦਲ ਹੈ। ਜੋ ਅਜੇ ਪੜਾਈ ਕਰ ਰਿਹਾ ਹੈ। ਬੇਗ਼ਮ (ਪਤਨੀ) ਨੇਕ ਪ੍ਰਵੀਨ ਥੋੜ੍ਹਾ ਬੇ ਤਾਲੀਮ ਹੈ, ਜਿਸ ਨੇ ਸਾਰੀ ਉਮਰ ਡਾ. ਆਦਲ ਦੀ ਖ਼ਿਦਮਤ ਹੀ ਕੀਤੀ ਹੈ।
-ਸੰਦੇਸ਼- ਡਾ. ਮੁਸ਼ਤਾਕ ਆਦਲ ਕਾਠੀਆ ਕਹਿੰਦੇ ਹਨ ਕਿ ਹਰ ਇਕ ਪੱਤਰਕਾਰ ਇਮਾਨਦਾਰੀ ਨਾਲ ਆਪਣਾ ਕੰਮ ਕਰੇ, ਆਪਣੇ ਹਿੱਸੇ ਦਾ ਦੀਵਾ ਬਾਲੀ ਜਾਵੇ, ਤੁਰਦਾ ਜਾਵੇ ਭਾਵੇਂ ਹੋਲੀ ਤੁਰੇ, ਜੇਕਰ ਉਹ ਚੱਲੇਗਾ ਤਾਂ ਮੰਜ਼ਲ ਤੇ ਪਹੁੰਚ ਜਾਵੇਗਾ। ਸੋ ਇਹ ਪੱਤਰਕਾਰ ਹੈ, ਜੋ ਆਪਣੇ ਹਿੱਸੇ ਦਾ ਦੀਵਾ ਬਾਲ ਰਿਹਾ ਹੈ, ਪੰਜਾਬੀ ਲਈ ਕੰਮ ਕਰ ਰਿਹਾ ਹੈ, ਪਾਕਿਸਤਾਨ ਵਰਗੇ ਉਰਦੂ ਮੁਲਕ ਵਿਚ ਪੰਜਾਬੀ ਵਿਚ ਅਖ਼ਬਾਰ ਛਾਪਣਾ ਬਹੁਤ ਵੱਡਾ ਕਾਰਜ ਹੈ, ਮੈਂ ਡਾ. ਆਦਲ ਨੂੰ ਸਲਾਮ ਕਰਦਾ ਹਾਂ ਤੇ ਅੱਲਾਹ ਮੀਆਂ ਤੋਂ ਉਸ ਦੀ ਸਲਾਮਤੀ ਦੀ ਦੁਆ ਮੰਗਦਾ ਹਾਂ.. ਆਮੀਨ
-ਗੁਰਨਾਮ ਸਿੰਘ ਅਕੀਦਾ 8146001100

No comments:

Post a Comment