Thursday, September 29, 2016

ਪੰਜਾਬੀ ਯੂਨੀਵਰਸਿਟੀ ਵਿਚ ਸ਼ਹੀਦ ਭਗਤ ਸਿੰਘ ਦੀ ਫ਼ੋਟੋ ਲਾਉਣ ਤੇ ਹੋਇਆ ਵਿਵਾਦ

ਫ਼ੋਟੋ ਉਤਾਰਨ ਲਈ ਅਧਿਕਾਰੀਆਂ ਨੇ ਅੱਜ ਸਾਰਾ ਦਿਨ ਵਿਦਿਆਰਥੀ ਜਥੇਬੰਦੀ ਤੇ ਪਾਇਆ ਦਬਾਅ
ਇਕ ਵਿਦਿਆਰਥੀ ਗਰੁੱਪ ਨੇ ਭਗਤ ਸਿੰਘ ਦੀ ਫ਼ੋਟੋ ਉਤਾਰਨ ਲਈ ਪਾਇਆ ਜਾ ਰਿਹਾ ਹੈ ਲਗਾਤਾਰ ਦਬਾਅ
ਗੁਰਨਾਮ ਸਿੰਘ ਅਕੀਦਾ
ਭਾਰਤ ਦੇ ਕੌਮੀ ਹੀਰੋ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਵੱਲੋਂ ਕੈਂਪਸ ਵਿਚ ਬਣਾਈ ਸਰਦਾਰ ਭਗਤ ਸਿੰਘ ਦੀ ਪੇਂਟਿੰਗ ਨੂੰ ਹਟਾਉਣ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਾਫ਼ੀ ਜ਼ੋਰ ਲਗਾ ਰੱਖਿਆ ਹੈ। ਇਸ ਦਾ ਕਾਰਨ ਹੈ ਕਿ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਗਰੁੱਪ ਨੇ ਇਹ ਫ਼ੋਟੋ ਉਤਾਰਨ ਲਈ ਅਧਿਕਾਰੀਆਂ ਤੇ ਦਬਾਅ ਪਾਇਆ ਹੈ। ਅੱਜ ਬਾਅਦ ਦੁਪਹਿਰ ਅਧਿਕਾਰੀਆਂ ਦੀ ਏਆਈਐਸਐਫ ਦੇ ਵਿਦਿਆਰਥੀ ਆਗੂਆਂ ਨਾਲ ਫ਼ੋਟੋ ਉਤਾਰਨ ਲਈ ਲਗਾਤਾਰ ਮੀਟਿੰਗ ਚੱਲੀ। ਪਰ ਏਆਈਐਸਐਫ ਨੇ ਫ਼ੋਟੋ ਉਤਾਰਨ ਲਈ ਵਿਦਿਆਰਥੀਆਂ ਨਾਲ ਸਲਾਹ ਮਸ਼ਵਰਾ ਕਰਨ ਲਈ ਸਮਾਂ ਮੰਗਿਆ ਹੈ।
    ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਚ ਚੱਲ ਰਹੀ ਭਗਵਾਨ ਦਾਸ ਕੰਟੀਨ ਦੇ ਪਿਛਲੇ ਪਾਸੇ ਭਾਰਤ ਦੇ ਕੌਮੀ ਸ਼ਹੀਦ ਸਰਦਾਰ ਭਗਤ ਸਿੰਘ ਦੀ ਤਸਵੀਰ ਦੀ ਪੇਂਟਿੰਗ ਕੀਤੀ ਹੋਈ ਹੈ। ਏਆਈਐਸਐਫ ਵੱਲੋਂ ਬਣਾਈ ਇਸ ਪੇਂਟਿੰਗ ਵਿਚ ‘ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਰੰਟੀ ਐਕਟ’ ਬਣਾਉਣ ਦਾ ਨਾਅਰਾ ਦੇ ਕੇ ਵਿਦਿਆਰਥੀਆਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਇਸ ਦੇ ਵਿਰੋਧ ਵਿਚ ਵਿਦਿਆਰਥੀਆਂ ਦੇ ਇਕ ਗਰੁੱਪ ਦੇ ਆਗੂ ਰਣਜੀਤ ਸਿੰਘ ਨੇ ‍ਅਧਿਕਾਰੀਆਂ ਕੋਲ ਅਵਾਜ਼ ਉਠਾਈ ਕਿ ਪਹਿਲਾਂ ਯੂਨੀਵਰਸਿਟੀ ਦੀਆਂ ਦੀਵਾਰਾਂ ਦੇ ਚੀ ਗਵੇਰਾ ਦੀ ਫ਼ੋਟੋ ਲਗਾਈ ਗਈ, ਉਸ ਤੋਂ ਬਾਅਦ ਪੀਐਸਯੂ ਵੱਲੋਂ ਭਗਤ ਸਿੰਘ ਦੀ ਛੋਟੀ ਫ਼ੋਟੋ ਲਗਾਈ ਗਈ, ਹੁਣ ਏਆਈਐਸਐਫ ਵੱਲੋਂ ਵੱਡੀ ਪੇਂਟਿੰਗ ਬਣਾਈ ਗਈ ਹੈ, ਜਿਸ ਤੇ ਸਾਨੂੰ ਇਤਰਾਜ਼ ਹੈ। ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਰਹੇ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਵਿਚ ਇਕ ਅਜਿਹਾ ਗਰੁੱਪ ਬਣਾਇਆ ਹੈ ਜੋ ਯੂਨੀਵਰਸਿਟੀ ਵਿਚ ਲਗਦੀਆਂ ਵਾਧੂ ਤਸਵੀਰਾਂ ਦਾ ਵਿਰੋਧ ਕਰੇਗਾ, ਰਣਜੀਤ ਸਿੰਘ ਨੇ ਕਿਹਾ ਕਿ ਅੱਜ ਭਗਤ ਸਿੰਘ ਦੇ ਸ਼ਰਧਾਲੂ ਸਰਦਾਰ ਭਗਤ ਸਿੰਘ ਦੀ ਫ਼ੋਟੋ ਲਗਾ ਰਹੇ ਹਨ ਕੱਲ੍ਹ ਨੂੰ ਇੱਥੇ ਕੋਈ ਹੋਰ ਫ਼ੋਟੋ ਲਗਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਇਹ ਫ਼ੋਟੋ ਨਾ ਉਤਾਰੀ ਗਈ ਤਾਂ ਉਹ ਸਿੱਖ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਫ਼ੋਟੋਆਂ ਇੱਥੇ ਲਗਾਉਣਗੇ।  ਦੂਜੇ ਪਾਸੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਿਕਲੇ ਏਆਈਐਸਐਫ ਦੇ ਆਗੂ ਪਰਮ ਪੜਤੇਵਾਲ, ਸੰਦੀਪ, ਜੋਧਾ ਸਿੰਘ, ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਸਾਨੂੰ ਅੱਜ ਅਧਿਕਾਰੀਆਂ ਨੇ ਸਹੀਦੇ ਆਜ਼ਮ ਭਗਤ ਸਿੰਘ ਦੀ ਫ਼ੋਟੋ ਉਤਾਰਨ ਲਈ ਜ਼ੋਰ ਲਗਾਇਆ ਹੈ ਅਤੇ ਕਿਹਾ ਕਿ ਕੋਈ ਸ਼ਰਾਰਤੀ ਅਨਸਰ ਵੱਲੋਂ ਜੇਕਰ ਸ਼ਹੀਦ ਭਗਤ ਸਿੰਘ ਦੀ ਫ਼ੋਟੋ ਤੇ ਸ਼ਰਾਰਤ ਕਰ ਦਿੱਤੀ ਤਾਂ ਮਾਹੌਲ ਖ਼ਰਾਬ ਹੋ ਜਾਵੇਗਾ। ਪਰ ਸਾਡੀ ਜਥੇਬੰਦੀ ਦਾ ਫ਼ੈਸਲਾ ਹੈ ਕਿ ਉਹ ਇਹ ਫ਼ੋਟੋ ਨਹੀਂ ਉਤਾਰਨਗੇ ਸਗੋਂ ਇਹ ਮਾਮਲਾ ਵਿਦਿਆਰਥੀਆਂ ਕੋਲ ਲੈ ਕੇ ਜਾਣਗੇ। ਉੱਧਰ ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਤੱਕ ਅਸੀਂ ਵਿਦਿਆਰਥੀਆਂ ਨੂੰ ਇਹ ਫ਼ੋਟੋ ਲਾਉਣ ਦੀ ਆਗਿਆ ਦੇ ਦਿੱਤੀ ਸੀ, ਪਰ ਇਕ ਜਥੇਬੰਦੀ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਸਾਡੇ ਲਈ ਸਥਿਤੀ ਕਸੂਤੀ ਬਣ ਜਾਂਦੀ ਹੈ, ਇਸ ਕਰਕੇ ਅਸੀਂ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਤਸਵੀਰ ਖ਼ੁਦ ਹੀ ਉਤਾਰ ਦੇਣ। ਵਿਦਿਆਰਥੀ ਬਹੁਤ ਸਿਆਣੇ ਹਨ ਉਹ ਯੂਨੀਵਰਸਿਟੀ ਦੇ ਮਾਹੌਲ ਬਾਰੇ ਸਮਝ ਕੇ ਵਿਦਿਆਰਥੀਆਂ ਨਾਲ ਸਲਾਹ ਕਰਕੇ ਇਹ ਤਸਵੀਰ ਉਤਾਰਨ ਦਾ ਵਾਅਦਾ ਕਰਕੇ ਗਏ  ਹਨ।

Tuesday, September 27, 2016

ਭਾਸ਼ਾ ਵਿਚ ਭਾਰਤ ਦੇ ਤੀਜੇ ਧੁੰਨੀ ਵਿਉ਼ਤਰੀ ਤੇ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਨੂੰ ਕਿਸੇ ਨੇ ਨਹੀਂ ਕੀਤਾ ਯਾਦ

ਅੱਜ ਜਨਮ ਦਿਨ ਤੇ

ਪੰਜਾਬੀ ਯੂਨੀਵਰਸਿਟੀ ਵਿਚ ਪੜਾਇਆ ਤੇ ਪੰਜਾਬ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਦੇਣ ਵਾਲੇ ਵਿਦਵਾਨ ਦੇ ਨਾਮ ਤੇ ਕੁਝ ਵੀ ਨਹੀਂ ਕਰਦੀਆਂ ਦੋਵੇਂ ਯੂਨੀਵਰਸਿਟੀਆਂ
ਭਾਰਤ ਵਿਚੋਂ ਪੀਐੱਚਡੀ ਕਰਨ ਤੋਂ ਬਾਅਦ  ਰੂਸ ਵਿਚ ਡੀਐਸਸੀ ਦੀ ਡਿਗਰੀ ਕਰਕੇ ਪੁਆਧ ਤੇ ਪਹਿਲੀ ਵਾਰ ਕੰਮ ਕੀਤਾ ਸੀ ਡਾ. ਸੰਧੂ ਨੇ
ਗੁਰਨਾਮ ਸਿੰਘ ਅਕੀਦਾ
ਪਾਏਦਾਰ ਤੇ ਵਿਸ਼ਵਾਸਯੋਗ ਪੰਜਾਬੀ ਅੰਗਰੇਜ਼ੀ ਡਿਕਸ਼ਨਰੀ ਬਣਾਉਣ ਵਾਲੇ ਕਿਸੇ ਵੇਲੇ ਭਾਰਤ ਦੇ ਪ੍ਰਮੁੱਖ ਤਿੰਨ ਭਾਸ਼ਾ ਵਿਗਿਆਨੀਆਂ ਵਿਚ ਸ਼ੁਮਾਰ ਭਾਸ਼ਾ ਤੇ ਧੁੰਨੀ ‍ਵਿਉਂਤਰੀ ਅਤੇ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਨੂੰ ਅੱਜ ਅਕਾਦਮਿਕ ਖੇਤਰ ਵਿਚ ਵੀ ਯਾਦ ਨਹੀਂ ਕੀਤਾ ਜਾਂਦਾ।  28 ਸਤੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਹੈ ਪਰ ਨਾ ਹੀ ਪੰਜਾਬੀ ਯੂਨੀਵਰਸਿਟੀ ਵਿਚ ਨਾ ਹੀ ਪੰਜਾਬ ਯੂਨੀਵਰਸਿਟੀ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੋਈ ਵੀ ਪ੍ਰੋਗਰਾਮ ਕਰਾਇਆ ।
    ਪੁਆਧੀ ਬੋਲੀ ਦੇ ਡਾਇਲੈਕਟ ਤੇ ਪੀਐਚਡੀ ਕਰਨ ਵਾਲੇ ਅਤੇ ਉਸ ਤੋਂ ਬਾਅਦ ਰੂਸ ਦੀ ਲੈਨਿਨਗ੍ਰਾਦ ਯੂਨੀਵਰਸਿਟੀ ਵਿਚ ਪੀਐੱਚਡੀ ਤੋਂ ਵੀ ਵੱਡੀ ਡਿਗਰੀ ਡੀਐਸਸੀ ਕਰਨ ਵਾਲੇ ਡਾ. ਸੰਧੂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਵਿਚ ਭਾਸ਼ਾ ਵਿਗਿਆਨ ਵਿਭਾਗ ਵਿਚ ਪੜਾਇਆ ਤੇ ਉਸ ਨੇ ਲੰਬਾ ਸਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਪੜਾਇਆ ਤੇ ਉਹ ਇੱਕੋ ਇਕ ਭਾਸ਼ਾ ਵਿਗਿਆਨੀ ਸਨ ਜਿਸ ਨੇ ਧੁੰਨੀ ਵਿਉਂਤਰੀ ਅਤੇ ਧੁੰਨੀ ਵਿਗਿਆਨ ਤੇ ਮਾਹਿਰਤਾ ਹਾਸਲ ਕੀਤੀ ਤੇ ਪੰਜਾਬ ਦਾ ਇੱਕੋ ਇਕ ਭਾਸ਼ਾ ਵਿ‍ਗਿਆਨੀ ਸੀ ਜਿਸ ਨੇ ਪੁਆਧੀ ਬੋਲੀ ਤੇ ਅਜਿਹਾ ਕੰਮ ਕੀਤਾ ਜਿਸ ਵਿਚ ਕਰੀਬ 6000 ਪੁਆਧੀ ਸ਼ਬਦਾਂ ਦਾ ਭੰਡਾਰ ਉਨ੍ਹਾਂ ਲੱਭ ਲਿਆ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘‘ਕਰਾਸ ਡਾਇਲੈਕਟਲ ਫੀਚਰਜ ਆਫ਼ ਪੰਜਾਬੀ’’ ਨਾਮ ਦਾ ਪ੍ਰੋਜੈਕਟ ਡਾ. ਸੰਧੂ ਕਰ ਰਹੇ ਸਨ ਜਿਸ ਲਈ ਉਨ੍ਹਾਂ ਨੇ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ 200 ਪਿੰਡਾਂ ਵਿਚ ਫਿਰ ਕੇ 20 ਘੰਟਿਆਂ ਦੀ ਅਵਾਜ਼ਾਂ ਵੀ ਰਿਕਾਰਡ ਕਰ ਲਈਆਂ ਸਨ। ਪਰ ਉਹ ਇਹ ਪ੍ਰੋਜੈਕਟ ਪੂਰਾ ਕਰਨ ਤੋਂ ਪਹਿਲਾਂ ਹੀ ਇਕ ਸੜਕ ਦੁਰਘਟਨਾ ਵਿਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਕਰੀਬੀ ਰਹੇ ਡਾ. ਨਾਹਰ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਵਿਚ ਅਕਾਦਮਿਕ ਲੋਕਾਂ ਦਾ ਇਹ ਹਾਲ ਹੋਗਿਆ  ਹੈ ਕਿ ਉਨ੍ਹਾਂ ਨੂੰ ਵਿਸਾਰ ਦਿੰਦੇ ਹਨ, ਡਾ. ਬਲਬੀਰ ਸਿੰਘ ਸੰਧੂ ਜਿਹੇ ਵੱਡੇ ਕੱਦ ਦੇ ਵਿਦਵਾਨ ਦੀ ਯਾਦਗਾਰ ਵਜੋਂ ਕਿਤੇ ਵੀ ਕੋਈ ਲੈਕਚਰ ਨਹੀਂ ਕਰਾਇਆ ਜਾਂਦਾ ਨਾ ਹੀ ਕੋਈ ਯਾਦਗਾਰ ਮਨਾਈ ਜਾਂਦੀ ਹੈ, ਪੰਜਾਬੀ ਯੂਨੀਵਰਸਿਟੀ ਦੇ  ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਸੁਮਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਕਲਾਸ ਵਿਚ ਤਾਂ ਯਾਦ ਕਰ ਲੈਂਦੇ ਹਾਂ ਪਰ ਅਸੀਂ ਉਨ੍ਹਾਂ ਦੀ ਯਾਦ ਵਿਚ ਕੋਈ ਵਿਸ਼ੇਸ਼ ਕਾਰਜ ਨਹੀਂ ਕੀਤਾ। ਪੁਆਧੀ ਖੇਤਰ ਦੇ ਪਿੰਡ ਨਰੜੂ ਵਿਚ ਜਨਮੇ ਡਾ. ਬਲਬੀਰ ਸਿੰਘ ਨੇ ਧੁੰਨੀ ਵਿਗਿਆਨ ਤੇ ਕਾਫ਼ੀ ਪਰਚੇ ਪੜੇ ਅਤੇ ਡਿਕਸ਼ਨਰੀ ਸਮੇਤ 5 ਖੋਜ ਕਿਤਾਬਾਂ ਲਿਖੀਆਂ, ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਵਿਚ ਜਿਹੜੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਪੜਾਇਆ ਉਨ੍ਹਾਂ ਵੀ ਕਦੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਇਥੇ ਇਕ ਹੋਰ ਵੀ ਦਸਣ ਯੋਗ ਹੈ ਕਿ ਡਾ. ਸੰਧੂ ਜਦੋਂ ਪੰਜਾਬ ਦੇ ਹਰਿਅਾਣਾ ਬਣ ਰਿਹਾ ਸੀ ਉਸ ਵੇਲੇ ਦੋਵਾਂ ਰਾਜਾਂ ਵਿਚ ਭਾਸ਼ਾ ਝਗੜਾ ਮਿਟਾਉਣ ਲਈ ਬਣੇ ਭਾਸ਼ਾ ਕਮਿਸ਼ਨ ਦੇ ਵੀ ਚੇਅਰਮੈਨ ਸਨ। ਡਾ . ਸੰਧੂ ਤੇ ਭਰਾ ਡਾ. ਰਣਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਕਾਫ਼ੀ ਕੋਸਿਸਾਂ ਕੀਤੀਆਂ ਸਨ ਪਰ ਉਨ੍ਹਾਂ ਦੀ ਯਾਦਗਾਰ ਕਿਤੇ ਵੀ ਬਣਾਉਣ ਵਿਚ ਕਾਮਯਾਬ ਨਹੀਂ ਹੋਏ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਭਾਸ਼ਾ ਵਿਗਿਆਨੀ ਡਾ. ਜੋਗਿੰਦਰ ਸਿੰਘ ਪੁਆਰ ਨੇ ਕਿਹਾ ਕਿ ਅਕਾਦਮਿਕ ਖੇਤਰ ਵਿਚ ਵੱਡੇ ਕੱਦ ਦੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਮਾਰ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਨਾਮ ਦੇ ਲੈਕਚਰ ਲੜੀ ਜਾਂ ਫਿਰ ਯਾਦਗਾਰ ਬਣਨੀ ਚਾਹੀਦੀ ਸੀ। ਇਸ ਸਬੰਧ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ . ਓਮਾ ਸੇਠੀ ਨੇ ਕਿਹਾ ਕਿ ਸਾਡੇ ਵਿਭਾਗ ਵਿਚ ਜਾਂ ਯੂਨੀਵਰਸਿਟੀ ਵਿਚ ਡਾ. ਬਲਬੀਰ ਸਿੰਘ ਦੀ ਯਾਦਗਾਰ ਨਹੀਂ ਮਨਾਈ ਗਈ, ਡਾ. ਕੇਸਰ ਸਿੰਘ ਦਾ ਯਾਦਗਾਰੀ ਲੈਕਚਰ ਉਨ੍ਹਾਂ ਦੇ ਪਰਵਾਰ ਦੀ ਮਦਦ ਨਾਲ ਵਿਭਾਗ ਵੱਲੋਂ ਕਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਸੰਧੂ ਵੱਡੇ ਵਿਦਵਾਨ ਸਨ ਉਨ੍ਹਾਂ ਦੇ ਨਾਮ ਤੇ ਕੋਈ ਯਾਦਗਾਰ ਲੈਕਚਰ ਆਦਿ ਸ਼ੁਰੂ ਹੋ ਜਾਵੇ ਤਾਂ ਚੰਗਾ ਹੋਵੇਗਾ।

ਪੱਤਰਕਾਰਾਂ ਵਿਚ ਪਾਵਰ-ਪਾਵਰ ਦਾ ਰੌਲਾ = ਹੰਕਾਰ : ਪ੍ਰਧਾਨ ਰਵੇਲ ਸਿੰਘ ਭਿੰਡਰ ਨੂੰ ਕਾਰਨ ਦੱਸੋ ਨੋਟਿਸ

ਪੱਤਰਕਾਰੀ ਦਾ ਇਤਿਹਾਸ ਭਾਗ-19 ਲੇਖਕ : ਗੁਰਨਾਮ ਸਿੰਘ ਅਕੀਦਾ      ਇਕ ਵਾਰੀ ਇਕ ਫੇਰੀ ਲਾਉਣ ਵਾਲਾ ‘ਬਿੱਛੂ’ ਵੇਚਦਾ ਫਿਰ ਰਿਹਾ ਸੀ, ਇਕ ਬੰਦਾ ਪੁੱਛਦਾ ‘‘ਕੀ ਰੇਟ ਲਾਏ ਭਾਈ...