Saturday, October 25, 2025

ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ

ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100
ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ ਨੂੰ ਖ਼ੁਦ ਪਤਾ ਨਹੀਂ ਹੈ, ਕਿਉਂਕਿ ਅਜੋਕਾ ਪੱਤਰਕਾਰ ਇਸ ਪੱਤਰਕਾਰੀ ਨੂੰ ਵੀ ਪੱਤਰਕਾਰੀ ਕਹਿੰਦਾ ਹੈ, ਨਾ ਤਾਂ ਡੈਸਕ ਤੇ ਸੰਪਾਦਕ, ਸਹਿ ਸੰਪਾਦਕ, ਸੀਨੀਅਰ ਸਹਿ ਸੰਪਾਦਕ ਹੀ ਪੱਤਰਕਾਰੀ ਨਾਲ ਸਬੰਧ ਡੈਸਕ ਆਦਰਸ਼ਾਂ ਦੀ ਪਾਲਣਾ ਕਰ ਰਹੇ ਹਨ, ਪੱਤਰਕਾਰ ਤਾਂ ਪੱਤਰਕਾਰੀ ਦਾ ਅਸਲ ਮਕਸਦ ਭੁੱਲ ਗਏ ਹਨ, ਇੱਥੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੱਤਰਕਾਰਤਾ ਦੀਆਂ ਡਿੱਗਰੀਆਂ ਕਰਾਉਣ ਲਈ ਪੱਤਰਕਾਰੀ ਦੀ ਪੜਾਈ ਕਰਾ ਰਹੇ ਅਧਿਆਪਕ ਵੀ ਪੱਤਰਕਾਰਤਾ ਦੇ ਸਹੀ ਮਕਸਦ ਨੂੰ ਭੁੱਲ ਗਏ ਹਨ ਉਹ ਸਿਰਫ਼ ਪਾਠਕ੍ਰਮ ਦਾ ਕਿਤਾਬੀ ਗਿਆਨ ਹੀ ਦੇ ਰਹੇ ਹਨ ਪਰ ਅਸਲ ਵਿਚ ਪੱਤਰਕਾਰੀ ਕੀ ਹੁੰਦੀ ਹੈ ਉਹ ਪਤਾ ਨਹੀਂ ਸ਼ਾਇਦ ਉਹ ਵੀ ਨਹੀਂ ਜਾਣਦੇ। ਪੱਤਰਕਾਰੀ ਦਾ ਪਾਠਕ੍ਰਮ ਤਿਆਰ ਕਰਨ ਵਾਲੇ ਵੀ ਸ਼ਾਇਦ ਕੌਮਾਂਤਰੀ ਪੱਧਰ ਦੀਆਂ ਆ ਰਹੀਆਂ ਨਵੀਂਆਂ ਖੋਜਾਂ ਬਾਰੇ ਅਣਜਾਣ ਹਨ। ਪੰਜਾਬੀ ਯੂਨੀਵਰਸਿਟੀ ਵਰਗੇ ਵੱਡੇ ਅਦਾਰੇ ਦੇ ਪੱਤਰਕਾਰਤਾ ਵਿਭਾਗ ਵਿਚ ਪਹਿਲਾਂ ਫ਼ੀਲਡ ਪੱਤਰਕਾਰਾਂ ਦੇ ਲੈਕਚਰ ਕਰਾਏ ਜਾਂਦੇ ਸੀ। ਅਜੋਕੇ ਅਧਿਆਪਕ ਇਸ ਬਾਰੇ ਸ਼ਾਇਦ ਜਾਣਦੇ ਹੀ ਨਹੀਂ। ਇਸੇ ਕਰਕੇ ਪੱਤਰਕਾਰਤਾ ਦੇ ਆਦਰਸ਼ਾਂ ਵਿਚ ਵੱਡਾ ਨਿਘਾਰ ਆਇਆ, ਹੁਣ ਤਾਂ ਲੋਕ ਵੀ ਹੱਥਾਂ ਵਿਚ ਆਈਡੀ ਦੇ ਲੋਗੋ ਚੁੱਕੀ ਫਿਰਦੇ ਜ਼ਿਆਦਾਤਰ ਪੱਤਰਕਾਰਾਂ ਨੂੰ ਹੀ ਪੱਤਰਕਾਰ ਮੰਨਦੇ ਹਨ। ਇਕ ਸਮਾਂ ਉਹ ਵੀ ਸੀ ਕਿ ਸਰਕਾਰੀ ਤੌਰ ਤੇ ਸਰਕਾਰ ਦਾ ਸੰਪਰਕ ਲੋਕਾਂ ਤੱਕ ਬਣਾਉਣ ਲਈ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਪ੍ਰਚਾਰਨ ਲਈ ਲੋਕ ਸੰਪਰਕ ਵਿਭਾਗ ਇਕ ਚੰਗਾ ਉਸਾਰੂ ਕੰਮ ਕਰਦਾ ਸੀ। ਪਿੰਡਾਂ ਵਿਚ ਧੰਨੇ ਭਗਤ ਵਰਗੀਆਂ ਫ਼ਿਲਮਾਂ ਦਿਖਾਉਣੀਆਂ ਆਮ ਹੁੰਦਾ ਸੀ। ਉਸ ਵੇਲੇ ਸਰਕਾਰੀ ਤੌਰ ਤੇ ਵੀਆਈਪੀ ਦੀਆਂ ਖ਼ਬਰਾਂ ਲਗਾਉਣ ਲਈ ਲੋਕ ਸੰਪਰਕ ਵਿਭਾਗ ਦਾ ਵੱਡਾ ਕਰਮ ਹੁੰਦਾ ਸੀ। ਪਹਿਲਾਂ ਤਾਂ ਪ੍ਰੈੱਸ ਕਾਨਫ਼ਰੰਸ ਤੱਕ ਪੱਤਰਕਾਰਾਂ ਨੂੰ ਲੈ ਕੇ ਜਾਣਾ ਵੀ ਲੋਕ ਸੰਪਰਕ ਵਿਭਾਗ ਕਾਫ਼ੀ ਤਰੱਦਦ ਕਰਦਾ ਸੀ। ਗਿਣਤੀ ਦੇ ਪੱਤਰਕਾਰ ਤੇ ਗਿਣਤੀ ਦੇ ਪੱਤਰਕਾਰ ਹੁੰਦੇ ਸਨ। ਪਟਿਆਲਾ ਦੀ ਪੱਤਰਕਾਰੀ ਆਪਾਂ ਪੈਪਸੂ ਤੋਂ ਸ਼ੁਰੂ ਕਰਦੇ ਹਾਂ, ਜਦੋਂ ਪੱਤਰਕਾਰਾਂ ਦੀ ਜਥੇਬੰਦੀ ਵੀ ਬਣੀ ਸੀ ਤੇ ਏਕਤਾ ਏਨੀ ਸੀ ਕਿ ਪੈਪਸੂ ਸਰਕਾਰ ਇਨ੍ਹਾਂ ਤੋਂ ਕਈ ਸਾਰੀਆਂ ਰਾਜਸੀ ਸਲਾਹਾਂ ਵੀ ਲੈਂਦੀ ਸੀ, ਪੈਪਸੂ ਸਟੇਟ ਜਰਨਲਿਸਟ ਐਸੋਸੀਏਸ਼ਨ ਵਿਚ ਪੱਤਰਕਾਰ ਬੇਪਰਵਾਹ ਹੁੰਦੇ ਸਨ, ਉਹ ਗੱਲ ਵੱਖ ਹੈ ਕਿ ਪੱਤਰਕਾਰੀ ਉਸ ਵੇਲੇ ਵੀ ਕਈ ਕਾਰਨਾਂ ਕਰਕੇ ਸਰਕਾਰੀ ਗ਼ੁਲਾਮੀ ਵਿਚ ਰਹਿੰਦੀ ਸੀ, ਜਦੋਂ ਰਿਆਸਤਾਂ ਹੁੰਦੀਆਂ ਸਨ ਤਾਂ ਵੀ ਪੱਤਰਕਾਰੀ ਹੁੰਦੀ ਸੀ ਪਰ ਉਹ ਪੱਤਰਕਾਰੀ ਜ਼ਿਆਦਾ ਤਰ ਰਿਆਸਤਾਂ ਦੇ ਪ੍ਰਚਾਰ ਦਾ ਸਾਧਨ ਹੀ ਹੁੰਦੀ ਸੀ।  ਕਲਮਾ ਦੇ ਕਾਫ਼ਲੇ ਬੜੇ ਛੋਟੇ ਹੁੰਦੇ ਸੀ। ਰਿਆਸਤੀ ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ। ਅਸਲ ਵਿਚ ਰਿਆਸਤ ਵਿਚ ਪੱਤਰਕਾਰ ਮਹਾਰਾਜਿਆਂ ਦੇ ਪੱਖ ਵਿਚ ਹੀ ਲਿਖਦੇ ਸਨ। ਜੇਕਰ ਕਿਸੇ ਨੇ ਅਖ਼ਬਾਰ ਬਗੈਰਾ ਕੱਢਿਆ ਤਾਂ ਸਮਝੋ ਉਸ ਨੇ ਸਿੱਧਾ ਹੀ ਰਿਆਸਤ ਨਾਲ ਪੰਗਾ ਲੈ ਲਿਆ, ਕੁਝ ਕ੍ਰਾਂਤੀਕਾਰੀ ਯੋਧੇ ਹੁੰਦੇ ਸੀ ਜੋ ਸਮੇਂ ਅਨੁਸਾਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੈਂਫ਼ਲਿਟਾਂ ਦਾ ਸਹਾਰਾ ਲੈਂਦੇ ਸੀ, ਉਸੇ ਨੂੰ ਸੂਚਨਾ ਦਾ ਸਾਧਨ ਮੰਨਿਆ ਜਾਂਦਾ ਸੀ। ਉਂਜ ਪਟਿਆਲਾ ਰਿਆਸਤ ਵਿਚ ‘ਗੁਰੂ ਘੰਟਾਲ’ ਵਰਗੇ ਇਕਾ ਦੁੱਕਾ ਅਖ਼ਬਾਰ ਹੀ ਨਿਕਲਦੇ ਸਨ(ਵੇਰਵੇ ਕਿਤਾਬ ਵਿਚ ਮਿਲਣਗੇ)। ਉਸ ਵੇਲੇ ਉਰਦੂ ਭਾਸ਼ਾ ਦਾ ਬੋਲ ਬਾਲਾ ਸੀ, ਪੰਜਾਬੀ ਬੜੀ ਘੱਟ ਲਿਖੀ ਜਾਂਦੀ ਸੀ। ਦੇਸ਼ ਭਾਵੇਂ ਅਜ਼ਾਦ ਹੋ ਗਿਆ ਸੀ, ਦੇਸ਼ ਦੀ ਵੰਡ ਹੋ ਗਈ ਸੀ। ਉਰਦੂ ਪੜ੍ਹਨ ਲਿਖਣ ਵਾਲੇ ਜ਼ਿਆਦਾਤਰ ਲੋਕ ਪਾਕਿਸਤਾਨ ਵਿਚ ਚਲੇ ਗਏ ਸਨ। ਪਰ ਫਿਰ ਵੀ ‘ਅਜੀਤ’ ਵਰਗਾ ਅਖ਼ਬਾਰ ਵੀ ਉਸ ਵੇਲੇ ਉਰਦੂ ਵਿਚ ਹੀ ਛਪਦਾ ਸੀ।
1951 ਵਿਚ ਪੈਪਸੂ ਦੇ ਪੱਤਰਕਾਰਾਂ ਵਿਚੋਂ ਸਟੇਟਸਮੈਨ ਤੋਂ ਭਾਈ ਰਤਨ ਸਿੰਘ ਅਜ਼ਾਦ, ਸੰਗੀਤ ਦਰਪਣ ਤੋਂ ਕੰਵਰ ਰਵੇਲ ਸਿੰਘ, ਜਨਤਾਗਗ ਤੋਂ ਇੰਦਰ ਸਿੰਘ ਅਕਾਲੀ, ਟਾਈਮਜ਼ ਆਫ਼ ਇੰਡੀਆ ਤੋਂ ਭੂਸ਼ਣ ਸਰਹਿੰਦੀ, ਖ਼ਾਲਸਾ ਸੇਵਕ ਤੋਂ ਹਰੀ ਸਿੰਘ, ਨਵਾਂ ਵਕਤ ਤੋਂ ਰਿਪੁਦਮਨ ਸਿੰਘ ਰਾਹੀ, ਬਠਿੰਡਾ ਤੋਂ ਕੰਵਰ ਰਾਏ ਗੰਗਾ, ਨਵਾਂ ਸੰਸਾਰ ਤੋਂ ਰਾਮ ਮੂਰਤੀ ਸ਼ਰਮਾ, ਪ੍ਰਕਾਸ਼ ਤੋਂ ਗੁਰਚਰਨ ਸਿੰਘ, ਭਾਰਤ ਬਠਿੰਡਾ ਤੋਂ ਕੁਲਵੰਤ ਰਾਏ, ਖ਼ਾਲਸਾ ਸੇਵਕ ਤੋਂ ਗਨਜੀਤ ਸਿੰਘ, ਪ੍ਰਕਾਸ਼ ਤੋਂ ਗਿਆਨੀ ਗੁਰਦਿੱਤ ਸਿੰਘ, ਪੱਤਰਕਾਰ ਕਿਰਪਾਲ ਸਿੰਘ ਅਰਸ਼ੀ, ਟ੍ਰਿਬਿਊਨ ਤੋਂ ਵਿੱਦਿਆ ਸਾਗਰ, ਪ੍ਰਕਾਸ਼ ਤੋਂ ਹਰਦੀਪ ਸਿੰਘ, ਪੀਟੀਆਈ ਤੋਂ ਰਾਜਿੰਦਰ ਸਿੰਘ, ਵਿਰਹੋਨੇ ਤੋਂ ਬਜਰੰਗ ਬਲੀ ਦੁੱਗਲ, ਬਾਲ ਸੰਸਾਰ ਤੋਂ ਜੀਐਸ ਸ਼ੈਦਾ, ਮਿਲਾਪ ਦੇ ਜੁਆਇੰਟ ਐਡੀਟਰ ਸੁਦਰਸ਼ਨ ਭਾਟੀਆ ਪੱਤਰਕਾਰ ਹੁੰਦੇ ਸਨ।(ਫ਼ੋਟੋ ਵਿਚ ਨਜ਼ਰ ਆ ਰਹੇ ਹਨ) ਇਨ੍ਹਾਂ ਪੱਤਰਕਾਰਾਂ ਨੂੰ ਅੱਜ ਦਾ ਪੱਤਰਕਾਰ ਨਹੀਂ ਜਾਣਦਾ, ਇਸ ਬਾਰੇ ਕਿਤੇ ਵੀ ਪੜਾਈ ਨਹੀਂ ਹੁੰਦੀ, ਪਰ ਇਹ ਪੱਤਰਕਾਰ ਪੱਤਰਕਾਰੀ ਨੂੰ ਪ੍ਰਣਾਏ ਸਨ। ਪੱਤਰਕਾਰੀ ਜਿੰਦਾ ਰਹੀ ਅੱਗੇ ਚੱਲ ਕੇ ਵੀ, ਪਟਿਆਲਾ ਵਿਚ ਕਈ ਅਖ਼ਬਾਰ ਨਿਕਲੇ, ਕਈਆਂ ਦਾ ਪਤਾ ਹੈ ਕੁਝ ਦਾ ਪਤਾ ਵੀ ਨਹੀਂ, ਜਿਵੇਂ ਕਿ ਪਟਿਆਲਾ ਵਿਚੋਂ ਮਾਹਰ ਸਿੰਘ ਦੀ ਸੰਪਾਦਨਾ ਹੇਠ ‘ਰਣਜੀਤ’ ਅਖ਼ਬਾਰ ਉਰਦੂ ਵਿਚ ਨਿਕਲਦਾ ਸੀ, ਜੋ ਬਾਅਦ ਵਿਚ ਪੰਜਾਬੀ ਵਿਚ ਨਿਕਲਣ ਲੱਗ ਪਿਆ, ਜਿਸ ਦਾ ਇਕ ਐਡੀਸ਼ਨ ਕਦੇ ਬਠਿੰਡਾ ਤੋਂ ਵੀ ਨਿਕਲਦਾ ਸੀ, ਜਿਸ ਦੇ ਸੰਪਾਦਕ ਜੀਐਸ ਮਨੀ ਵੀ ਰਹੇ। ਅੱਜ ਕੱਲ੍ਹ ਤਾਂ ਇਸ ਅਖ਼ਬਾਰ ਦਾ ਵਜੂਦ ਧੁੰਦਲਾ ਜਿਹਾ ਹੈ। ਸਪਤਾਹਿਕ ‘ਚੜ੍ਹਦੀਕਲਾ’ ਤੋਂ ਅੱਗੇ ਚੱਲ ਕੇ ‘ਰੋਜ਼ਾਨਾ ਚੜ੍ਹਦੀਕਲਾ’ ਅਖ਼ਬਾਰ ਜਗਜੀਤ ਸਿੰਘ ਦਰਦੀ ਅਗਵਾਈ ਵਿਚ ਨਿਕਲਦਾ ਰਿਹਾ ਹੈ, ਉਨ੍ਹਾਂ ਦਾ ਅੱਜ ਕੱਲ੍ਹ ਕਾਫ਼ੀ ਮਕਬੂਲ ਪੰਜਾਬੀ ਟੀਵੀ ਚੈਨਲ ਟਾਈਮ ਟੀਵੀ ਵੀ ਚੱਲ ਰਿਹਾ ਹੈ, ਪ੍ਰਿੰ. ਮੋਹਨ ਸਿੰਘ ਪ੍ਰੇਮ ਦੀ ਸੰਪਾਦਨਾ ਵਿਚ ‘ਪਹੁ ਫੁੱਟੀ’ ਅਖ਼ਬਾਰ ਨਿਕਲਦਾ ਰਿਹਾ ਪਰ ਅੱਜ ਕੱਲ੍ਹ ਉਸ ਦੀ ਜਾਣਕਾਰੀ ਵੀ ਧੁੰਦਲੀ ਹੈ, ਬੇਸ਼ੱਕ ਮੋਹਨ ਸਿੰਘ ਪ੍ਰੇਮ ਦਾ ਬੇਟਾ ਗਗਨਦੀਪ ਸਿੰਘ ਅਹੂਜਾ ਕਾਫ਼ੀ ਸਮੇਂ ਤੋਂ ਸਰਗਰਮ ਪੱਤਰਕਾਰੀ ਵਿਚ ਲਗਾਤਾਰ ਚੱਲਦਾ ਆ ਰਿਹਾ ਹੈ। ਪ੍ਰਿ. ਮੋਹਨ ਸਿੰਘ ਪ੍ਰੇਮ ਨੇ ਤਾਂ ਕਹਾਣੀ ਮੁਕਾਬਲਾ ਵੀ ਕਾਫ਼ੀ ਸਮਾਂ ਚਲਾਇਆ, ਮੇਰੀ ਕਹਾਣੀ ਨੂੰ ਉਸ ਵੇਲੇ 100 ਰੁਪਏ ਇਨਾਮ ਦਿੱਤਾ ਸੀ ਮੋਹਨ ਸਿੰਘ ਪ੍ਰੇਮ ਹੋਰਾਂ ਨੇ। ‘ਸੈਨਾਪਤੀ’ ਤੇ ‘ਇੰਤਕਾਮ’ ਕੱਢਦੇ ਸਨ ਹਰਦੀਪ ਸਿੰਘ ਸਾਹਨੀ। ਗਿਆਨੀ ਦਿੱਤ ਸਿੰਘ ਵੱਲੋਂ ‘ਪ੍ਰਕਾਸ਼’ (ਰਿਆਸਤ ਵੇਲੇ) ਕੱਢਿਆ,(ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਸੰਧੂ ਪੰਜਾਬੀ ਯੂਨੀਵਰਸਿਟੀ ਦੀ ਵੀਸੀ ਬਣੀ)। ਗਿਆਨੀ ਮਨਸਾ ਸਿੰਘ ਨੇ ਵੀ ਅਖ਼ਬਾਰ ਕੱਢਿਆ, ਡਾ. ਸੁਖਰਾਜ ਨੇ ਤ੍ਰਿਪੜੀ ਤੋਂ ‘ਸੁਖਰਾਜ’ ਅਖ਼ਬਾਰ ਕੱਢਿਆ। ਰਾਮ ਲਾਲ ਸ਼ਰਮਾ ‘ਪਿਆਸ’ ਅਖ਼ਬਾਰ ਕੱਢਦਾ ਸੀ, ਸਰਦੂਲ ਸਿੰਘ ‘ਖ਼ਿਦਮਤ’ ਕੱਢਦਾ ਸੀ, ਸੁਰਿੰਦਰ ਸਿੰਘ ਕੋਹਲੀ ਵੀ ‘ਸਵਰਨ’ ਅਖ਼ਬਾਰ ਕੱਢਦਾ ਸੀ, ਗੁਰਭਜਨ ਸਿੰਘ ਸਨਿਆਸੀ ਕੱਢਦਾ ਸੀ ‘ਸੰਨਿਆਸੀ’ ਅਖ਼ਬਾਰ ਤੇ ‘ਰੋਜ਼ਾਨਾ ਅਭੀਤ’ ਵੀ ਕੱਢਿਆ, ਸੰਤ ਕੰਬਲੀ ਵਾਲਾ ਨਛੱਤਰ ਸਿੰਘ ਵੀ ਅਖ਼ਬਾਰ ਕੱਢਦਾ ਹੁੰਦਾ ਸੀ, ਸਤਵੰਤ ਮੋਹੀ ਵੀ ਅਖ਼ਬਾਰ ਕੱਢਦੇ ਸਨ। ਪਟਿਆਲਾ ਤੋਂ ਹੀ ‘ਪੇਂਡੂ ਦਰਪਣ ਸਪਤਾਹਿਕ’ ਅਖ਼ਬਾਰ ਵੀ ਕਾਫ਼ੀ ਸਮਾਂ ਨਿਕਲਦਾ ਰਿਹਾ, ਜਿਸ ਦੇ ਸੰਪਾਦਕ ਬਲਜੀਤ ਸਿੰਘ ਬੱਲੋ ਹੁੰਦੇ ਸਨ। ਹਰਨਾਮ ਸਿੰਘ ਵੱਲੋਂ ‘ਧੜੱਲੇਦਾਰ’ ਤੇ ‘ਗਿਆਨਵਾਨ’ ਅਖ਼ਬਾਰ (ਅੱਜ ਕੱਲ੍ਹ ਸੰਪਾਦਕ ਅਰਵਿੰਦਰ ਤੇ ਸਤਿੰਦਰ ਸਿੰਘ) ਵੀ ਕਾਫ਼ੀ ਸਮਾਂ ਚਲਿਆ ਤੇ ਅੱਜ ਕੱਲ੍ਹ ਵੀ ਉਹ ਕਿਤੇ ਕਿਤੇ ਨਜ਼ਰ ਪੈ ਜਾਂਦਾ ਹੈ, ਗੁਰਨਾਮ ਸਿੰਘ ਦੀ ਸੰਪਾਦਨਾ ਵਿਚ ‘ਆਸ਼ਿਆਨਾ’ ਅਖ਼ਬਾਰ ਅੱਜ ਵੀ ਨਿਕਲ ਰਿਹਾ ਹੈ। ਸੋਹਣ ਸਿੰਘ ਵੱਲੋਂ ‘ਤੀਰ ਕਮਾਨ’ ਅਖ਼ਬਾਰ ਕੱਢਿਆ, ਅਵਤਾਰ ਸਿੰਘ ਦੀ ਅਗਵਾਈ ਵਿਚ ‘ਗ਼ੈਰਤ’ ਅਖ਼ਬਾਰ ਵੀ ਨਿਕਲਦਾ ਰਿਹਾ, ਜਗਜੀਤ ਸਿੰਘ ਦਰਦੀ ‘ਭਾਰਤ ਦੇਸ਼ ਹਮਾਰਾ’ ਵਰਗੇ ਕਈ ਅਖ਼ਬਾਰ ਕੱਢਦੇ ਸਨ। ਅਰਵਿੰਦਰ ਮੋਹਨ ਸਿੰਘ ਦੀ ਅਗਵਾਈ ਵਿਚ ‘ਗਿਆਨਵਾਨ’, ਪਰਮਜੀਤ ਸਿੰਘ ‘ਗਰਜਦੀ ਸਵੇਰ’, ਅਨਿਲ ਕੁਮਾਰ ਗਰਗ ‘ਅਜ਼ਾਦ ਸੋਚ’, ਜੋਗਿੰਦਰ ਮੋਹਨ ਵੱਲੋਂ ‘ਡੇਲੀ ਵਰਡ’, ਗੁਰਨਾਮ ਸਿੰਘ ਅਕੀਦਾ ਵੱਲੋਂ ‘ਇੰਡੋ ਪੰਜਾਬ’, ਡਾ. ਗੁਰਮੀਤ ਕੱਲਰ ਮਾਜਰੀ ਵੱਲੋਂ ‘ਹਾਸ਼ੀਆ’,ਕੁਲਵੰਤ ਸਿੰਘ ਨਾਰੀਕੇ ਵੱਲੋਂ ‘ਗੁਸੱਈਆਂ’, ਪਿਤਾਂਬਰ ਸ਼ਰਮਾ ‘ਪ੍ਰੈੱਸ ਕੀ ਤਾਕਤ’ ਕੱਢ ਰਹੇ ਹਨ, ਦਰਸ਼ਨ ਸਿੰਘ ਦਰਸ਼ਕ ਹੋਰਾਂ ਨੇ ‘ਮਹਿਕ ਪੰਜਾਬ ਦੀ’ ਸ਼ਾਮ ਦਾ ਅਖ਼ਬਾਰ ਵੀ ਪਟਿਆਲਾ ਤੋਂ ਕੱਢਿਆ। ਬਾਅਦ ਵਿਚ ਕੁਝ ਅਖ਼ਬਾਰ ਸਿਰਫ਼ ਬਲੈਕਮੇਲ ਦੇ ‘ਐਕਸ਼ਨ’ ਲਈ ਕੱਢੇ ਗਏ, ਅਜਿਹੇ ਅਖ਼ਬਾਰਾਂ ਵਿਚ ਪੱਤਰਕਾਰੀ ਦੇ ਮਿਆਰ ਦੀ ਗੱਲ ਤਾਂ ਦੂਰ ਹੁੰਦੀ ਸੀ ਪਰ ਗੰਦਗੀ ਵੀ ਭਰੀ ਹੁੰਦੀ ਸੀ,
ਫੇਰ ਵੀ ਰੋਜ਼ਾਨਾ ਦੀ ਪੱਤਰਕਾਰੀ ਵਿਚ ਆਦਰਸ਼ ਜ਼ਰੂਰ ਸਨ, ਜਦੋਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਸਨ ਤਾਂ ਉਸ ਵੇਲੇ ਪਟਿਆਲਾ ਵਿਚ ਸਰਗਰਮ ਪੱਤਰਕਾਰੀ ਵਿਚ ਕਈ ਅਹਿਮ ਪੱਤਰਕਾਰ ਆਪਣਾ ਕੰਮ ਨਿਡਰ ਤਰੀਕੇ ਨਾਲ ਕਰਦੇ ਸਨ। ਜਿਵੇਂ ਕਿ ਪੰਜਾਬੀ ਟ੍ਰਿਬਿਊਨ ਤੋਂ ਸਰੋਜ ਸਰਹਿੰਦੀ, ਯੂਐਨਆਈ ਤੋਂ ਗਗਨਦੀਪ ਸਿੰਘ ਅਹੂਜਾ, ਇੰਡੀਅਨ ਐਕਸਪ੍ਰੈੱਸ ਤੋਂ ਸਤਿੰਦਰ ਬੈਂਸ, ਦਾ ਟ੍ਰਿਬਿਊਨ ਤੋਂ ਸਰਬਜੀਤ ਸਿੰਘ ਧਾਲੀਵਾਲ, ਸਨਿਆਸੀ, ਪਹੁ ਫੁੱਟੀ ਤੋਂ ਪ੍ਰਿ. ਮੋਹਨ ਸਿੰਘ ਪ੍ਰੇਮ, ਜਗਬਾਣੀ ਤੋਂ ਰਾਜੂ, ਜਨ ਸੱਤਾ ਤੋਂ ਵਿਜੈ ਰਤਨ, ਭਾਰਤ ਦੇਸ਼ ਹਮਾਰਾ ਤੋਂ ਜੇਪੀ ਸਿੰਘ, ਅਜੀਤ ਤੋਂ ਮੋਹਨ ਸਿੰਘ ਤੋਂ ਬਾਅਦ ਆਈਐਸ ਚਾਵਲਾ, ਰਣਜੀਤ ਤੋਂ ਜੀਐਸ ਮਨੀ, ਅਕਾਲੀ ਪਤ੍ਰਿਕਾ ਤੋਂ ਰਣਧੀਰ ਸਿੰਘ ਹੈਰਾਨ, ਇਸ ਤੋਂ ਇਲਾਵਾ ਪਟਿਆਲਾ ਦੇ ਉਸ ਵੇਲੇ ਦੇ ਪੱਤਰਕਾਰ ਹੁੰਦੇ ਸਨ ਅਜੀਤ ਤੋਂ ਹੀ ਜਸਵਿੰਦਰ ਸਿੰਘ ਦਾਖਾ, ਦਾ ਟ੍ਰਿਬਿਊਨ ਵਿਚ ਸ਼ੇਰ ਸਿੰਘ ਗੁਪਤਾ, ਕੁਝ ਸਮਾਂ ਜੁਪਿੰਦਰਜੀਤ ਸਿੰਘ (ਅੱਜ ਕੱਲ੍ਹ ਦਾ ਟ੍ਰਿਬਿਊਨ ਵਿਚ ਸਟਾਫ਼ ਰਿਪੋਰਟਰ), ਰਵੀ ਧਾਲੀਵਾਲ (ਅੱਜ ਕੱਲ੍ਹ ਗੁਰਦਾਸਪੁਰ ਵਿਚ) ਇੰਡੀਅਨ ਐਕਸਪ੍ਰੈੱਸ ਕੰਚਨ ਵਾਸੂਦੇਵਾ, ਇੰਡੀਅਨ ਐਕਸਪ੍ਰੈੱਸ ਰਾਜੀਵ ਖੰਨਾ ਤੋਂ ਬਾਅਦ ਜੋਗਿੰਦਰ ਮੋਹਨ, ਨਿਊਜ਼ ਲਾਇਨ ਐਕਸਪ੍ਰੈੱਸ ਕੇ ਐੱਸ ਧਾਲੀਵਾਲ, ਨਿਊਜਲਾਇਨ ਐਕਸਪ੍ਰੈੱਸ ਰਵਿੰਦਰ ਬਨਵੈਤ, ਇੰਡੀਅਨ ਐਕਸਪ੍ਰੈੱਸ ਤੋਂ ਚੰਚਲ ਮਨੋਹਰ ਸਿੰਘ, ਇੰਡੀਅਨ ਐਕਸਪ੍ਰੈੱਸ ਵੀਰ ਚੰਦ ਕੰਵਲ, ਦਵਿੰਦਰ ਮੋਹਨ, ਟਾਈਮਜ਼ ਆਫ਼ ਇੰਡੀਆ ਤੋਂ ਗੁਰਕਿਰਪਾਲ ਸਿੰਘ ਅਸ਼ਕ, ਫੇਰ ਪ੍ਰਵੇਸ਼ ਸ਼ਰਮਾ ਫੇਰ ਭਾਰਤ ਖੰਨਾ, ਹਿੰਦੁਸਤਾਨ ਟਾਈਮਜ਼ ਤੋਂ ਕੇਵੀ ਕਪੂਰ, ਟਾਈਮਜ਼ ਆਫ਼ ਇੰਡੀਆ ਅਨੁਰਾਧਾ ਸ਼ੁਕਲਾ, ਗੁਰਤੇਜ, ਅੱਜ ਦੀ ਅਵਾਜ਼, ਦੇਸ਼ ਸੇਵਕ, ਅੱਜ ਦੀ ਅਵਾਜ਼ ਫੇਰ ਪੰਜਾਬ ਟੂਡੇ ਵਿਚ ਸਰਬਜੀਤ ਉੱਖਲਾ, ਸਪੋਕਸਮੈਨ, ਦੇਸ਼ ਵਿਦੇਸ਼ ਟਾਈਮਜ਼ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਤੋਂ ਗੁਰਨਾਮ ਸਿੰਘ ਅਕੀਦਾ, ਪੰਜਾਬੀ ਟ੍ਰਿਬਿਊਨ ਤੋਂ ਦਰਸ਼ਨ ਸਿੰਘ ਖੋਖਰ, ਅੱਜ ਦੀ ਅਵਾਜ਼ ਤੋਂ ਬਲਬੀਰ ਸਿੰਘ ਬੇਦੀ, ਦੇਸ਼ ਸੇਵਕ ਤੋਂ ਬਾਅਦ ਪੰਜਾਬੀ ਟ੍ਰਿਬਿਊਨ, ਅਜੀਤ ਤੋਂ ਜਸਪਾਲ ਸਿੰਘ ਢਿੱਲੋਂ, ਆਲ ਇੰਡੀਆ ਰੇਡੀਓ ਤੋਂ ਪ੍ਰਵੇਸ਼ ਸ਼ਰਮਾ, ਆਲ ਇੰਡੀਆ ਰੇਡੀਓ ਤੋਂ ਅਮਰਜੀਤ ਸਿੰਘ ਵੜੈਚ, ਵਿਦੇਸ਼ਾਂ ਵਿਚ ਚੱਲਦੇ ਮੀਡੀਆ ਸੰਸਥਾਨਾਂ ਤੋਂ ਬਾਅਦ ਟਿਵਾਣਾ ਰੇਡੀਓ ਦੇ ਸੰਸਥਾਪਕ ਪਰਮਿੰਦਰ ਟਿਵਾਣਾ, ਦਾ ਟ੍ਰਿਬਿਊਨ ਤੋਂ ਜੰਗਵੀਰ ਸਿੰਘ, ਭਾਸਕਰ ਤੋਂ ਕਮਲੇਸ਼, ਹਿੰਦੁਸਤਾਨ ਟਾਈਮਜ਼ ਤੋਂ ਗੁਰਪ੍ਰੀਤ ਸਿੰਘ ਨਿੱਬਰ, ਅਮਰ ਉਜਾਲਾ ਤੋਂ ਰਿੰਪੀ ਗੁਪਤਾ, ਭਾਸਕਰ ਤੋਂ ਭੁਪੇਸ਼ ਚੱਠਾ, ਭਾਸਕਰ ਤੋਂ ਰਣਧੀਰ ਰਾਣਾ, ਭਾਸਕਰ ਤੋਂ ਸੁਪਰਤੀਮ ਬੈਨਰਜੀ, ਇੰਡੀਅਨ ਐਕਸਪ੍ਰੈੱਸ ਫੇਰ ਟ੍ਰਿਬਿਊਨ ਤੋਂ ਮਨੀਸ਼ ਸਰਹਿੰਦੀ ਇਹ ਉਸ ਵੇਲੇ ਦੇ ਪੱਤਰਕਾਰ ਸਨ ਜਿਨ੍ਹਾਂ ਨੇ ਪੱਤਰਕਾਰੀ ਕੀਤੀ।
ਉਸ ਤੋਂ ਬਾਅਦ ਆਏ ਪੱਤਰਕਾਰਾਂ ਵਿਚ ਦਾ ਟ੍ਰਿਬਿਊਨ ਤੋਂ ਅਮਨ ਸੁਦ, ਮੁਕੇਸ਼ ਖੰਨਾ, ਰਵਨੀਤ ਸਿੰਘ, ਪੰਜਾਬੀ ਟ੍ਰਿਬਿਊਨ ਤੋਂ ਸਰਬਜੀਤ ਸਿੰਘ ਭੰਗੂ, ਗੁਰਨਾਮ ਸਿੰਘ ਅਕੀਦਾ (ਇਸ ਲੇਖ ਦਾ ਲੇਖਕ), ਪਹਿਲਾਂ ਪਟਿਆਲਾ ਤੋਂ ਅੱਜ ਕੱਲ੍ਹ ਘੱਗਾ ਤੋਂ ਰਵੇਲ ਸਿੰਘ ਭਿੰਡਰ, ਪੰਜਾਬ ਕੇਸਰੀ ਜਗਬਾਣੀ ਤੋਂ ਮਨਦੀਪ ਜੋਸਨ ਜਿਸ ਨੇ ਛੋਟੇ ਜਿਹੇ ਕਸਬੇ ਸਨੌਰ ਤੋਂ ਉੱਠ ਕੇ ਆਪਣੇ ਜਗਬਾਣੀ ਗਰੁੱਪ ਅਨੁਸਾਰ ਕੀਤੀ ਮਿਹਨਤ ਸਦਕਾ ਪਟਿਆਲਾ ਵਿਚ ਜਗਬਾਣੀ ਪੰਜਾਬ ਕੇਸਰੀ ਦੇ ਸਟਾਫ਼ ਰਿਪੋਰਟਰ ਤੱਕ ਦੀ ਉਪਾਧੀ ਹਾਸਲ ਕੀਤੀ, ਉਸ ਤੋਂ ਬਾਅਦ ਹੀ ਰਾਜੂ ਦੀ ਹਿੰਦ ਸਮਾਚਾਰ ਗਰੁੱਪ ਤੋਂ ਇਜਾਰੇਦਾਰੀ ਖ਼ਤਮ ਹੋਈ, ਪੰਜਾਬ ਕੇਸਰੀ ਜਗਬਾਣੀ ਤੋਂ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਚੜ੍ਹਦੀਕਲਾ ਤੋਂ ਬਾਅਦ ਜਗਬਾਣੀ ਗਰੁੱਪ ਤੋਂ ਪਰਮੀਤ ਸਿੰਘ, ਰਾਣਾ ਰੱਖੜਾ ਆਦਿ ਪੱਤਰਕਾਰ ਵੀ ਕੰਮ ਕਰ ਰਹੇ ਹਨ। ਚੜ੍ਹਦੀਕਲਾ ਤੋਂ ਗੁਰਮੁਖ ਸਿੰਘ ਰੁਪਾਣਾ, ਅਮਰਜੀਤ ਸਰਤਾਜ, ਵਿਨੋਦ ਕੁਮਾਰ ਸ਼ਰਮਾ, ਅਜੀਤ ਤੋਂ ਗੁਰਵਿੰਦਰ ਔਲਖ, ਪੰਜਾਬ ਕੇਸਰੀ ਅਸ਼ੋਕ ਅੱਤਰੀ, ਭਾਸਕਰ, ਦੈਨਿਕ ਟ੍ਰਿਬਿਊਨ ਤੋਂ ਲੈ ਕੇ ਦੀਪਕ ਮੋਦ‌ਿਗਿੱਲ ਦੈਨਿਕ ਜਾਗਰਨ ਵਿਚ ਕੰਮ ਕਰ ਰਹੇ ਹਨ,ਦੈਨਿਕ ਜਾਗਰਨ ਤੋਂ ਹੀ ਪ੍ਰੇਮ ਬਹਾਦਰ ਵਰਮਾ, ਬਲਵਿੰਦਰਪਾਲ ਸਿੰਘ, ਗੌਰਵਪਾਲ ਸੂਦ, ਗੁਲਸ਼ਨ ਸ਼ਰਮਾ, ਸਪੋਕਸਮੈਨ ਤੋਂ ਬਾਅਦ ਪੰਜਾਬੀ ਜਾਗਰਨ ਤੋਂ ਨਵਦੀਪ ਢੀਂਗਰਾ, ਅਜੀਤ ਸਮਾਚਾਰ ਤੋਂ ਬਾਅਦ ਪੰਜਾਬੀ ਜਾਗਰਨ ਵਿਚ ਕੰਮ ਕਰ ਰਹੇ ਹਨ ਪਰਗਟ ਸਿੰਘ, ਦੈਨਿਕ ਭਾਸਕਰ ਤੋਂ ਵਰਿੰਦਰ ਸਿੰਘ, ਰਾਜਕੁਮਾਰ, ਯੋਗੇਸ਼ ਧੀਰ, ਰਣਧੀਰ ਰਾਣਾ, ਰਾਮ ਸਿੰਘ ਬੰਗ ਨਵਾਂ ਜਮਾਨਾ ਵਿਚ ਰਹੇ, ਇਰਵਿੰਦਰ ਸਿੰਘ ਆਹੁਲਵਾਲੀਆ ਪੀਟੀਸੀ ਵਿਚ ਰਹੇ ਤੇ ਅੱਜ ਕੱਲ ਆਪਣਾ ਪੰਜਾਬੀ ਚੈਨਲ ਡੀ5 ਪੰਜਾਬੀ ਚਲਾ ਰਹੇ ਹਨ।ਆਦਿ ਵੱਖ ਵੱਖ ਅਖ਼ਬਾਰਾਂ ਵਿਚ ਕੰਮ ਕਰ ਰਹੇ ਹਨ, ਪੱਤਰਕਾਰਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ,ਇਸ ਲਈ ਇਸ ਸਬੰਧੀ ਨਾਲ ਅਟੈਚ ਕਰ ਦੇਵਾਂਗੇ। ਪਹਿਲਾਂ ਦੇ ਲੋਕ ਸੰਪਰਕ ਵਿਭਾਗ ਵੱਲੋਂ ਖ਼ਬਰਾਂ ਲਗਾਉਣ ਲਈ ਬੜੀ ਮਿਹਨਤ ਕੀਤੀ ਜਾਂਦੀ ਸੀ, ਜਿਵੇਂ ਕਿ ਪਹਿਲਾਂ ਪ੍ਰੈੱਸ ਕਾਨਫ਼ਰੰਸ ਕਰਾਉਣ ਲਈ ਪੱਤਰਕਾਰ ਇਕੱਠੇ ਕਰਨੇ। ਵੀਆਈਪੀ ਆ ਗਿਆ ਤਾਂ ਖ਼ਬਰ ਤਿਆਰ ਕਰਵਾਉਣੀ, ਫ਼ੋਟੋਆਂ ਤਿਆਰ ਕਰਵਾਉਣੀਆਂ ਫੇਰ ਪੱਤਰਕਾਰਾਂ ਨੂੰ ਮਿਲਣਾ, ਉਨ੍ਹਾਂ ਦੇ ਖ਼ਬਰ ਉੱਤੇ ਅਤੇ ਫ਼ੋਟੋ ਉੱਤੇ ਦਸਤਖ਼ਤ ਕਰਵਾਉਣੇ ਤੇ ਲੋਕ ਸੰਪਰਕ ਵਿਭਾਗ ਦੀ ਇਕ ਗੱਡੀ ਜਲੰਧਰ ਵੱਲ ਚਾਲੇ ਪਾ ਲੈਂਦੀ ਸੀ ਤੇ ਦੂਜੀ ਗੱਡੀ ਚੰਡੀਗੜ੍ਹ ਵਾਲੇ ਪਾਸੇ ਚਾਲੇ ਪਾ ਲੈਂਦੀ ਸੀ, ਤਾਂ ਕਿ ਸਵੇਰੇ ਖ਼ਬਰ ਫ਼ੋਟੋ ਸਮੇਤ ਪ੍ਰਕਾਸ਼ਿਤ ਹੋ ਜਾਵੇ। ਪੱਤਰਕਾਰ ਭਾਵੇਂ ਕਿਸੇ ਵੀ ਤਰ੍ਹਾਂ ਦੀ ਖ਼ਬਰ ਲਾਉਂਦੇ ਸਨ (ਪ੍ਰਕਾਸ਼ਿਤ ਕਰਦੇ ਸਨ) ਪਰ ਜ਼ਿਲ੍ਹਾ ਪ੍ਰਸ਼ਾਸਨ ਪੱਤਰਕਾਰਾਂ ਦੀ ਇੱਜ਼ਤ ਕਰਦਾ ਸੀ, ਜੇਕਰ ਖ਼ਬਰ ਲੱਗ ਗਈ ਤਾਂ ਉਸ ਖ਼ਬਰ ਤੇ ਐਕਸ਼ਨ ਹੁੰਦਾ ਸੀ, ਖੋਜ ਹੁੰਦੀ ਸੀ ਸਬੰਧਤਾਂ ਤੇ ਕਾਰਵਾਈ ਵੀ ਹੁੰਦੀ ਸੀ। ਕੋਈ ਮੰਤਰੀ- ਮੁੱਖ ਮੰਤਰੀ ਆਉਂਦਾ ਤਾਂ ਪੱਤਰਕਾਰਾਂ ਦੀ ਪ੍ਰੈੱਸ ਕਾਨਫ਼ਰੰਸ ਤਹਿਜ਼ੀਬ ਨਾਲ ਕਰਵਾਈ ਜਾਂਦੀ ਸੀ। ਪੱਤਰਕਾਰ ਦੇ ਹਰ ਸਵਾਲ ਦਾ ਜਵਾਬ ਦਿੱਤਾ ਜਾਂਦਾ ਸੀ, ਜੇਕਰ ਜਵਾਬ ਨਹੀਂ ਤਾਂ ਕਈ ਵਾਰੀ ਮੰਤਰੀ ਮੌਕੇ ਤੇ ਹੀ ਆਪਣੀ ਸਰਕਾਰ ਦੇ ਸਕੱਤਰ ਨੂੰ ਪੁੱਛ ਕੇ ਜਵਾਬ ਦਿੰਦੇ ਸਨ, ਨਹੀਂ ਤਾਂ ‘ਨੌ ਕਮੈਂਟ’ ਵੀ ਕਹਿ ਦਿੰਦੇ ਸਨ, ‘ਨੌ ਕਮੈਂਟ’ ਦਾ ਭਾਵ ਸੀ ਕਿ ਮੰਤਰੀ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪੱਤਰਕਾਰਾਂ ਵਿਚ ਏਨੀ ਤਹਿਜ਼ੀਬ ਸੀ ਕਿ ਉਹ ਮੁੜ ਕੇ ਉਹ ਸਵਾਲ ਨਹੀਂ ਪੁੱਛਦੇ ਸੀ ਸਗੋਂ ਦੂਜਾ ਸਵਾਲ ਪੁੱਛਣਾ, ਜਦੋਂ ਤੱਕ ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਮੰਤਰੀ ਜਾਂ ਵੀਆਈਪੀ ਪੂਰਾ ਨਹੀਂ ਕਰ ਦਿੰਦਾ ਸੀ ਉਦੋਂ ਤੱਕ ਦੂਜਾ ਪੱਤਰਕਾਰ ਕੋਈ ਹੋਰ ਸਵਾਲ ਨਹੀਂ ਪੁੱਛਦਾ ਸੀ। ਸਰਕਾਰ ਦਾ ਦਬਦਬਾ ਸੀ ਪਰ ਪੱਤਰਕਾਰਾਂ ਦਾ ਵੀ ਏਕਤਾ ਦਾ ਦਬਦਬਾ ਸੀ, ਕਈ ਵਾਰੀ ਮੰਤਰੀ, ਵਿਧਾਇਕ ਜਾਂ ਵਿਰੋਧੀ ਧਿਰਾਂ ਦੇ ਲੀਡਰ ਪੱਤਰਕਾਰਾਂ ਨੂੰ ਹਲਕੇ ਦੀ ਹਾਲਤ ਦਿਖਾਉਣ ਲਈ ਇਲਾਕੇ ਦਾ ਗੇੜਾ ਵੀ ਲਵਾ ਦਿੰਦੇ ਸਨ। ਤੇਜਵੀਰ ਸਿੰਘ ਵਰਗੇ ਡੀ ਸੀ ਅਜਿਹੇ ਵੀ ਆਏ, ਜਿਨ੍ਹਾਂ ਬਾਰੇ ਖ਼ਬਰਾਂ ਲੱਗੀਆਂ ਪਰ ਉਨ੍ਹਾਂ ਕਦੇ ਵੀ ਕਿਸੇ ਪੱਤਰਕਾਰ ਨਾਲ ਮਨਮੁਟਾਵ ਨਹੀਂ ਕੀਤਾ, ਸਗੋਂ ਉਹ ਕਈ ਵਾਰੀ ਸ਼ਾਮ ਨੂੰ ਪੱਤਰਕਾਰਾਂ ਨਾਲ ਮਿਲਦੇ ਤੇ ਜ਼ਿਲ੍ਹੇ ਦੀਆਂ ਮੁਸ਼ਕਲਾਂ ਸੁਣਦੇ ਤੇ ਪੱਤਰਕਾਰਾਂ ਦਾ ਪੂਰਾ ਸਤਿਕਾਰ ਵੀ ਕਰਦੇ ਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ, ਜੋ ਪੱਤਰਕਾਰ ਸ਼ਰਾਬ ਆਦਿ ਮਾਸਾਹਾਰੀ ਨਹੀਂ ਖਾਂਦੇ ਸਨ ਉਨ੍ਹਾਂ ਲਈ ਸ਼ਾਕਾਹਾਰੀ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਂਦਾ ਸੀ। ਉਸ ਵੇਲੇ ਜਦੋਂ ਪਟਿਆਲਾ ਦਾ ਮਿੰਨੀ ਸਕੱਤਰੇਤ ਬਣਿਆ ਸੀ ਤਾਂ ਉੱਥੇ ਸਕੂਟਰ,ਕਾਰਾਂ ਦੇ ਸਟੈਂਡ ਤੇ ਮੁਫ਼ਤ ਪਾਰਕਿੰਗ ਵਿਸ਼ੇਸ਼ ਕਰਕੇ ਰਖਵਾਈ ਗਈ ਸੀ। ਪੱਤਰਕਾਰ ਤਹਿਜ਼ੀਬ ਵਾਲੇ ਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੀ ਪੱਤਰਕਾਰਾਂ ਨਾਲ ਤਹਿਜ਼ੀਬ ਨਾਲ ਹੀ ਪੇਸ਼ ਆਉਂਦੇ ਸਨ। ਅਜੋਕੇ ਸਮੇਂ ਵਿਚ ਲੋਕ ਸੰਪਰਕ ‌ਵਿਭਾਗ ਨੂੰ ਇਹ ਕੋਈ ਲੋੜ ਨਹੀਂ ਹੈ ਕਿ ਖ਼ਬਰ ਲੱਗੇ ਭਾਵੇਂ ਨਾ ਲੱਗੇ, ਇਹ ਵੀ ਉਹ ਕੋਈ ਜ਼ਿਆਦਾ ਚਿੰਤਾ ਨਹੀਂ ਕਰਦੇ ਕਿ ਵੀਆਈਪੀ ਦੀ ਪ੍ਰੈੱਸ ਕਾਨਫ਼ਰੰਸ ਵਿਚ ਪੱਤਰਕਾਰ ਕਿੰਨੇ ਪੁੱਜੇ, ਵੱਡੇ ਅਖ਼ਬਾਰਾਂ ਦੇ ਪੱਤਰਕਾਰ ਜਾਂ ਫਿਰ ਸੀਨੀਅਰ ਪੱਤਰਕਾਰ ਪੁੱਜਣ ਜਾਂ ਨਾ ਪੁੱਜਣ, ਉਨ੍ਹਾਂ ਨੇ ਜਦੋਂ ਪ੍ਰੈੱਸ ਕਾਨਫ਼ਰੰਸ ਕਰਾਉਣੀ ਹੈ ਤਾਂ ਮਾਇਕ ਆਈਡੀ ਲੈ ਕੇ ਦਰਜਨਾਂ ਪੱਤਰਕਾਰ ਉੱਥੇ ਪੁੱਜ ਜਾਂਦੇ ਹਨ। ਅਜਿਹੇ ਪੱਤਰਕਾਰਾਂ ਵਿਚੋਂ ਕਈਆਂ ਨੂੰ ਤਾਂ ਰੋਕਿਆ ਵੀ ਜਾਂਦਾ ਹੈ, ਪੱਤਰਕਾਰਾਂ ਦੀ ਇਸ ਹਨੇਰੀ ਵਿਚ ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਕੌਣ ਸੀਨੀਅਰ ਹੈ ਜਾਂ ਕੌਣ ਜੂਨੀਅਰ ਹੈ, ਸਗੋਂ ਜਿਨ੍ਹਾਂ ਦੇ ਯੂ ਟਿਊਬ ਤੇ ਸਬਸਕ੍ਰਾਈਬਰ ਹੀ ਨਹੀਂ ਹਨ ਉਹ ਸਗੋਂ ਸਵਾਲ ਪੁੱਛਣ ਲਈ ਜ਼ਿਆਦਾ ਜ਼ੋਰ ਲਗਾਉਂਦੇ ਹਨ, ਉੱਥੇ ਮਾਤੜਾਂ ਦੀ ਕੋਈ ਕੀਮਤ ਨਹੀਂ ਹੈ, ਇਸ ਕਰਕੇ ਸੀਨੀਅਰ ਪੱਤਰਕਾਰ ਹੁਣ ਪ੍ਰੈੱਸ ਕਾਨਫ਼ਰੰਸਾਂ ਵਿਚ ਜਾਣ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਜੇਕਰ ਵੀਆਈਪੀ ਨਾਲ ਕੋਈ ਅਹਿਮ ਗੱਲ ਕਰਨੀ ਹੋਵੇ ਤਾਂ ਕਈ ਪੱਤਰਕਾਰ ਤਾਂ ਸਿੱਧਾ ਹੀ ਵੀਆਈਪੀ ਨੂੰ ਫ਼ੋਨ ਕਰ ਲੈਂਦੇ ਹਨ। ਪਰ ਪ੍ਰੈੱਸ ਕਾਨਫ਼ਰੰਸਾਂ ਦਾ ਮਿਆਰ ਨਹੀਂ ਰਿਹਾ, ਕੋਈ ਕਿਰਦਾਰ ਨਹੀਂ ਰਿਹਾ, ਏਨੀ ਘੜਮੱਸ ਵਿਚ ਨਾ ਕੋਈ ਸਵਾਲ ਨਾ ਹੀ ਕੋਈ ਜਵਾਬ, ਅਖੌਤੀ ਪੱਤਰਕਾਰ ਆਪਣਾ ਸਵਾਲ, ਆਪਣੀ ਸਵਾਲ ਦੀ ਅਵਾਜ਼ ਏਨੀ ਜ਼ੋਰ ਦੀ ਕੱਢਦੇ ਹਨ ਤਾਂਕਿ ਉਨ੍ਹਾਂ ਦੀ ਹੋਂਦ ਉੱਘੜ ਸਕੇ। ਸੀਨੀਅਰ ਪੱਤਰਕਾਰਾਂ ਨੂੰ ਪਤਾ ਹੈ ਕਿ ਲੋਕ ਸੰਪਰਕ ਵਿਭਾਗ ਨੇ ਸਰਕਾਰ ਦੇ ਗੁਣਗਾਣ ਕਰਦਾ ਪ੍ਰੈੱਸ ਨੋਟ ਭੇਜ ਹੀ ਦੇਣਾ ਹੈ, ਏਨੀ ਕੁ ਡਿਊਟੀ ਹੀ ਰਹਿ ਗਈ ਹੈ ਅਜੋਕੇ ਲੋਕ ਸੰਪਰਕ ਵਿਭਾਗ ਦੀ। ਲੋਕ ਸੰਪਰਕ ਅਧਿਕਾਰੀ ਪੱਤਰਕਾਰਾਂ ਨੂੰ ਟਿੱਚ ਸਮਝਦੇ ਹਨ, ਕੁਝ ਲੋਕ ਸੰਪਰਕ ਅਧਿਕਾਰੀਆਂ ਦੇ ਮਨ ਵਿਚ ਸੀਨੀਅਰ ਪੱਤਰਕਾਰਾਂ ਪ੍ਰਤੀ ਵੀ ਕੋਈ ਬਹੁਤਾ ਸਨੇਹ ਨਹੀਂ ਹੈ, ਸਤਿਕਾਰ ਹੋਣਾ ਤਾਂ ਦੂਰ ਦੀ ਗੱਲ ਹੈ। ਸੋਚ ਕੇ ਹੋਰ ਵੀ ਚਿੰਤਾ ਹੁੰਦੀ ਹੈ ਕਿ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਪੱਤਰਕਾਰਾਂ ਨੂੰ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਭਿਖਾਰੀਆਂ ਵਾਂਗ ਦੇਖਣ ਲੱਗ ਜਾਣਗੇ। ਪੱਤਰਕਾਰਾਂ ਨੂੰ ਖ਼ੁਦ ਹੀ ਆਪਣੀ ਹੋਂਦ ਬਚਾਉਣੀ ਹੋਵੇਗੀ, ਸ਼ਬਦ ਗੁਰੂ ਨੂੰ ਸਿਰਜਣ ਵਾਲੀ ਕਲਮ ਨੂੰ ਵੇਚੋਗੇ ਤਾਂ ਸ਼ਬਦ ਗੁਰੂ ਕਿਸੇ ਨੂੰ ਮਾਫ਼ ਨਹੀਂ ਕਰਨਗੇ। ਸ਼ਬਦ ਗੁਰੂ ਤੋਂ ਬਚਣ ਲਈ ਖ਼ੁਦ ਹੀ ਅਰਦਾਸ ਕਰਕੇ ਮਾਇਕ ਲਾਭ ਛੱਡਣੇ ਹੋਣਗੇ ਤਾਂ ਕਿ ਕਲਮ ਜ਼ਿੰਦਾ ਰਹਿ ਸਕੇ। ਬੜੇ ਚਿੰਤਾਜਨਕ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਹੁਣ ਪ‌‌ਟਿਆਲਾ ਵਿਚ ਜਗਬਾਣੀ ਪੰਜਾਬੀ ਕੇਸਰੀ ਗਰੁੱਪ ਦੇ ਕੁਝ ਪੱਤਰਕਾਰਾਂ ਨੇ ਮਾਹੌਲ ਦੀ ਅਜਿਹੀ ਸਿਰਜਣਾ ਕੀਤੀ ਹੈ ਕਿ ਉਨ੍ਹਾਂ ਦੇ ਫ਼ੋਟੋਗਰਾਫ਼ਰ ਵਿਚ ਸੀਨੀਅਰ ਪੱਤਰਕਾਰਾਂ ਦੀ ਇੱਜ਼ਤ ਹੀ ਖ਼ਤਮ ਕਰ ਦਿੱਤੀ ਹੈ, ਫ਼ੋਟੋਗਰਾਫ਼ਰ ਬੱਚਾ ਬੇਸ਼ੱਕ ਸਹੀ ਹੈ ਪਰ ਉਸ ਨੂੰ ਸਹਿ ਉਨ੍ਹਾਂ ਪੱਤਰਕਾਰਾਂ ਦੀ ਹੈ ਜਿਨ੍ਹਾਂ ਨੇ ਪੱਤਰਕਾਰੀ ਦੇ ਆਦਰਸ਼ ਮਲੀਆਮੇਟ ਕੀਤੇ .. ਬਾਕੀ ਅਗਲੇ ਹਿੱਸੇ ਵਿਚ..

ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ

ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...