Sunday, August 27, 2023

ਇਕ ਔਰਤ ਦਾ ਜਿਸਮ ਮੰਗਦੇ ਪਟਵਾਰੀ ਨੂੰ ਕੀਤਾ ਸੀ ਨੰਗਾ

ਮੇਰਾ ਸਟਿੰਗ ਅਪਰੇਸ਼ਨ ਪਾਤੜਾਂ : -
ਗੁਰਨਾਮ ਸਿੰਘ ਅਕੀਦਾ ਮੇਰੇ ਕਈ ਸਾਰੇ ਸਟਿੰਗ ਆਪ੍ਰੇਸ਼ਨਾਂ ਵਿਚੋਂ ਪਾਤੜਾਂ ਦੇ ਇਕ ਪਟਵਾਰੀ ਦਾ ਕੀਤਾ ਗਿਆ ਸ‌ਟਿੰਗ ਅਪਰੇਸ਼ਨ ਵੀ ਕਾਫ਼ੀ ਚਰਚਾ ਵਿਚ ਰਿਹਾ ਹੈ। ਅੱਜ ਆਪਾਂ ਇਸ ਦੀ ਗੱਲ ਕਰਦੇ ਹਾਂ : - ਦੇਸ਼ ਸੇਵਕ ਅਖ਼ਬਾਰ : ਲੋਕ ਮੁੱਦਿਆਂ ਨੂੰ ਪ੍ਰਣਾਇਆ ਹੋਇਆ ਅਖ਼ਬਾਰ ਸੀ ਉਸ ਵੇਲੇ : ਮੈਂ ਦੇਸ਼ ਸੇਵਕ ਵਿਚ ਬਤੌਰ ਸਟਾਫ਼ ਰਿਪੋਰਟਰ ਕੰਮ ਕਰਦਾ ਸੀ, ਮੇਰਾ ਦਫ਼ਤਰ ਪਟਿਆਲਾ ਦੇ ਬੰਗ ਮੀਡੀਆ ਸੈਂਟਰ ਵਿਚ ਹੁੰਦਾ ਸੀ। ਬੰਗ ਮੀਡੀਆ ਸੈਂਟਰ ਦੀ ਇਮਾਰਤ ਬਣਾਉਣ ਲੱਗਿਆਂ ਮੈਂ ਬੜੀ ਮਿਹਨਤ ਕੀਤੀ ਸੀ। ਉਹ ਤਾਂ ਖ਼ੈਰ ਇਸ ਇਮਾਰਤ ਦੇ ਮਾਲਕ ਰਾਮ ਸਿੰਘ ਬੰਗ ਨੂੰ ਜ਼ਿਆਦਾ ਪਤਾ ਹੈ। ਚਲੋ ਅੱਜ ਦਾ ਮੁੱਦਾ ਬੰਗ ਮੀਡੀਆ ਸੈਂਟਰ ਨਹੀਂ ਹੈ ਅੱਜ ਦਾ ਮੁੱਦਾ ਤਾਂ ਪਾਤੜਾਂ ਵਿਚ ਕੀਤੇ ਗਏ ਇਕ ਪਟਵਾਰੀ ਦੇ ਸਟਿੰਗ ਅਪਰੇਸ਼ਨ ਨਾਲ ਸਬੰਧਤ ਹੈ। ਬਲਵਿੰਦਰ ਸਿੰਘ ਸੈਫਦੀਪੁਰ (ਕਈਆਂ ਦੇ ਬਾਬਾ ਜੀ)
: ਮੇਰੇ ਬਹੁਤ ਹੀ ਨੇੜਲੇ ਦੋਸਤਾਂ ਵਿਚੋਂ ਇਕ, ਅਸੀਂ ਭਾਊ ਭਾਈਚਾਰਾ ਸੰਗਠਨ ਬਣਾਇਆ ਸੀ। ਇਕ ਦਿਨ ਬਲਵਿੰਦਰ ਸਿੰਘ ਸੈਫਦੀਪੁਰ ਮੇਰੇ ਦਫ਼ਤਰ ਵਿਚ ਆਇਆ ਜਿਸ ਨਾਲ ਇਕ ਲੰਬੀ ਲੰਙੀ ਔਰਤ ਬਲਬੀਰ ਕੌਰ (ਨਕਲੀ ਨਾਂ) ਸੀ, ਦੇਖਣ ਨੂੰ ਸੋਹਣੀ ਦੇ ਜਵਾਨ ਲੱਗ ਰਹੀ ਸੀ, ਪਰ ਉਸ ਔਰਤ ਦਾ ਦਰਦ ਸਿਰਫ਼ ਉਹ ਔਰਤ ਹੀ ਜਾਣਦੀ ਸੀ, ਜਾਂ ਫਿਰ ਉਸ ਦਾ ਰੱਬ, ਉਹ ਚੜ੍ਹਦੀ ਉਮਰੇ ਵਿਧਵਾ ਹੋ ਗਈ ਸੀ, ਵਿਧਵਾ ਔਰਤ ਤੇ ਉੱਪਰੋਂ ਸੋਹਣੀ ਸੁਨੱਖੀ ਵੀ ਹੋਵੇ ਤੇ ਜਵਾਨ ਤਾਂ ਸਮਝ ਲਿਆ ਜਾਵੇ ਕਿ ਲੋਕਾਂ ਦੀਆਂ ਨਜ਼ਰਾਂ ਉਸ ਲਈ ਕਹਿਰੀਆਂ ਹੋ ਜਾਂਦੀਆਂ ਹਨ। ਪਰ ਫਿਰ ਵੀ ਜਦੋਂ ਅਜਿਹੀਆਂ ਔਰਤਾਂ ਲੋਕਾਂ ਦੀਆਂ ਕਹਿਰ ਭਰੀਆਂ ਨਜ਼ਰਾਂ ਤੋਂ ਬਚ ਕੇ ਆਪਣੇ ਨਿੱਤ ਦਿਨ ਦੇ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸਾਡਾ ਸਮਾਜ ਬਹਾਦਰ ਔਰਤਾਂ ਕਹਿੰਦਾ ਹੈ। ਪਾਕਿਸਤਾਨੋਂ ਦੇਸ਼ ਦੀ ਵੰਡ ਵੇਲੇ ਇੱਧਰ ਆਏ ਇਕ ਪਰਿਵਾਰ ਦੀ ਨੂੰਹ ਸੀ ਬਲਬੀਰ ਕੌਰ, ਜਦੋਂ ਉਸ ਦਾ ਪਤੀ ਦੁਨੀਆ ਛੱਡ ਕੇ ਗਿਆ ਤਾਂ ਉਹ ਆਪਣੇ ਸਾਰੇ ਦਿਓਰ ਜੇਠਾਂ ਤੋਂ ਅਲੱਗ ਸੀ, ਬੱਚੇ ਵੀ ਪਾਲਣੇ ਸਨ ਤੇ ਹੋਰ ਵੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ। ਸ਼ੁਤਰਾਣਾ ਦੇ ਨੇੜਲੇ ਇਕ ਡੇਰੇ ਵਿਚ ਰਹਿਣ ਵਾਲੀ ਬਲਬੀਰ ਕੌਰ ਨੂੰ ਪਟਵਾਰੀ ਤੱਕ ਜ਼ਮੀਨ ਦੀ ਵੰਡ, ਨਾਂ ਕਰਾਉਣ ਨੂੰ ਲੈ ਕੇ ਕੰਮ ਸੀ, ਕੁਝ ਕਾਗ਼ਜ਼ ਤ‌ਿਆਰ ਕਰ ਰਹੀ ਸੀ, ਜਿਸ ਲਈ ਜ਼ਮੀਨ ਦੀ ਫ਼ਰਦ ਤੇ ਹੋਰ ਕਾਗਜ਼ਾਤਾਂ ਦੀ ਲੋੜ ਸੀ, ਜਿਸ ਕਰਕੇ ਪਾਤੜਾਂ ਵਿਚ ਉਸ ਨੂੰ ਪਟਵਾਰੀ ਕੋਲ ਜਾਣਾ ਪੈਂਦਾ ਸੀ, ਪਟਵਾਰੀ ਉਸ ਦਾ ਕੰਮ ਕਰਨ ਤੋਂ ਉਸ ਨੂੰ ਟਾਲਦਾ ਰਹਿੰਦਾ। ਇਕ ਦਿਨ ਪਟਵਾਰੀ ਨੇ ਬਲਬੀਰ ਕੌਰ ਨਾਲ ਆਪਣੀ ਮਨਸਾ ਸਾਂਝੀ ਕੀਤੀ, ਪਟਵਾਰੀ ਦੇ ਮਨ ਵਿਚ ਗੰਦਗੀ ਆ ਗਈ ਸੀ। ਉਹ ਕਹਿੰਦਾ ‘‘ਮੈਂ ਤੇਰਾ ਕੰਮ ਕਰ ਦਿਆਂਗਾ ਪਰ ਤੂੰ ਮੇਰਾ ਕੰਮ ਕਰਦੇ, ਮੇਰੇ ਨਾਲ ਇਕ ਦਿਨ ਰਹਿ, ਮੇਰੀਆਂ ਲੋੜਾਂ ਪੂਰੀਆਂ ਕਰ, ਮੈਂ ਤੇਰਾ ਕੰਮ ਕਰ ਦਿਆਂਗਾ’’ ਬਲਬੀਰ ਕੌਰ ਸਮਝ ਗਈ ਸੀ, ਉਸ ਨੂੰ ਪਟਵਾਰੀ ਨਾਲ ਬੜੇ ਕੰਮ ਸਨ ਇਸ ਕਰਕੇ ਉਹ ਚਾਹੁੰਦੇ ਹੋਏ ਵੀ ਪਟਵਾਰੀ ਦੇ ਮੂੰਹ ਦੇ ਪੰਜ ਉਂਗਲਾਂ ਨਹੀਂ ਛਾਪ ਸਕੀ, ਉਹ ਦੰਦ ਪੀਹ ਕੇ ਰਹਿ ਗਈ। ਦਿਲ ਤਾਂ ਕਰਦਾ ਸੀ ਉਹ ਪਟਵਾਰੀ ਨੂੰ ਉਸ ਦੇ ਦਫ਼ਤਰ ਵਿਚ ਫੜ ਕੇ ਝੰਜੋੜ ਦੇਵੇ, ਤਕੜੀ ਸੀ, ਚੰਗੇ ਗੁੰਦਵੇਂ ਸਰੀਰ ਵਾਲੀ, ਜਵਾਨ, ਮਾੜਾ ਧੂੜਾ ਬੰਦਾ ਤਾਂ ਬਲਬੀਰ ਕੌਰ ਦੇ ਹੱਥ ਵਿਚੋਂ ਆਪਣੀ ਬਾਂਹ ਨਾ ਛੁਡਾ ਸਕਦਾ। ਰਫ਼ਿਊਜੀਆਂ ਦੀ ਨੂੰਹ ਧੀ ਸੀ, ਪਰ ਉਸ ਨੂੰ ਆਪਣੀ ਜ਼ਮੀਨ ਦੀ ਵੰਡ ਨੂੰ ਲੈ ਕੇ ਪਟਵਾਰੀ ਤੱਕ ਕਈ ਕੰਮ ਸਨ ਉਹ ਪਟਵਾਰੀ ਨੂੰ ਅਜੇ ਕੁਝ ਵੀ ਕਹਿਣ ਦੇ ਹੱਕ ਵਿਚ ਨਹੀਂ ਸੀ। ਜਦੋਂ ਵੀ ਉਹ ਪਟਵਾਰੀ ਕੋਲ ਜਾਂਦੀ, ਉਹ ਉਸ ਕੋਲ ਇੱਕੋ ਸਵਾਲ ਪਾਉਂਦਾ, ਹੁਣ ਤਾਂ ਖੁੱਲ੍ਹੇਆਮ ਹੀ ਕਹਿਣ ਲੱਗ ਪਿਆ ਸੀ। ‘ਇਕ ਦਿਨ ਮੇਰੇ ਨਾਲ ਰਹਿ’
ਪਰ ਬਲਬੀਰ ਕੌਰ ਹੁਣ ਕੀ ਕਰਦੀ, ਉਹ ਆਪਣੀ ਜ਼ਮੀਨ ਦੇ ਸਾਰੇ ਮਸਲੇ ਨਿਬੇੜਨਾ ਚਾਹੁੰਦੀ ਸੀ, ਉਹ ਚਾਹੁੰਦੀ ਸੀ ਕਿ ਉਸ ਦੀ ਜ਼ਮੀਨ ਦਾ ਝਮੇਲਾ ਉਸ ਦੇ ਬੱਚਿਆਂ ਨੂੰ ਕੋਈ ਮੁਸੀਬਤ ਵਿਚ ਨਾ ਪਾਵੇ। ਪਰ ਉਹ ਕੀ ਕਰਦੀ, ਪਟਵਾਰੀ ਦੀ ਕੀਮਤ ਹੀ ਵੱਡੀ ਸੀ, ਚਾਰ ਛਿੱਲੜ ਰਿਸ਼ਵਤ ਦੇ ਦੇਣ ਲਈ ਉਹ ਤਿਆਰ ਸੀ, ਪਰ ਪਟਵਾਰੀ ਤਾਂ ਉਸ ਦਾ ਸਰੀਰ ਮੰਗ ਰਿਹਾ ਸੀ, ਹਵਸ ਦਾ ਭੁੱਖਾ! ਬਲਬੀਰ ਕੌਰ ਉਲਝੀ ਹੋਈ ਸੀ, ਝਾੜ ਵਿਚ ਫਸੀ ਸ਼ੇਰਨੀ ਵਾਂਗ, ਉਹ ਬਹੁਤ ਜ਼ਿਆਦਾ ਅਸਮਜਸ ਵਿਚ ਸੀ। ਇਕ ਦਿਨ ਪਟਵਾਰੀ ਕੋਲ ਗਈ , ਪਟਵਾਰੀ ਦਫ਼ਤਰ ਵਿਚ ਇਕੱਲਾ ਹੀ ਸੀ, ਬਲਬੀਰ ਕੌਰ ਘਬਰਾਈ, ਪਰ ਫੇਰ ਵੀ ਉਸ ਨੇ ਬਲਬੀਰ ਕੌਰ ਦਾ ਹੱਥ ਫੜ ਪਿਆ ਤੇ ਕਿਹਾ ‘ਕਰ ਦੇ ਮੇਰਾ ਕੰਮ, ਚੱਲ ਚੱਲੀਏ ਪਟਿਆਲੇ, ਉੱਥੇ ਚੱਲਦੇ ਹਾਂ, ਕੀ ਫ਼ਰਕ ਪੈਣ ਲੱਗਾ,’ ਬਲਬੀਰ ਕੌਰ ਘਬਰਾ ਗਈ ਸੀ, ਪਰ ਅਡੋਲ ਰਹੀ, ਉਸ ਨੇ ਕਿਹਾ ‘ਮੇਰਾ ਕੰਮ ਤੇ ਕਰਦੇ ਨਾ, ਮੇਰੇ ਤੇ ਘਰ ਚ ਬੱਚੇ ਈ ਨਿਆਣੇ ਆਂ’ ਬਲਬੀਰ ਤਰਲੇ ਪਾ ਰਹੀ ਸੀ, ਪਰ ਪਟਵਾਰੀ ਜਮਾਂ ਵੀ ਨਹੀਂ ਘਬਰਾ ਰਿਹਾ ਸੀ, ਉਹ ਸ਼ੈਤਾਨ ਬਿਰਤੀ ਵਾਲਾ ਬਣ ਗਿਆ ਸੀ। ਪਰ ਬਲਬੀਰ ਕੌਰ ਉਸ ਦਿਨ ਉਸ ਵੱਲ ਹਾਂ ਪੱਖੀ ਇਸ਼ਾਰਾ ਕਰਕੇ ਵਾਪਸ ਆ ਗਈ ਸੀ, ਪਰ ਅੱਜ ਬਲਬੀਰ ਕੌਰ ਨੂੰ ਬਹੁਤ ਗ਼ੁੱਸਾ ਸੀ, ਉਹ ਆਪਣੇ ਆਪ ਦੇ ਗਿਲਾਨੀ ਕਰ ਰਹੀ ਸੀ, ਪਟਵਾਰੀ ਪ੍ਰਤੀ ਉਸ ਦੀ ਨਫ਼ਰਤ ਭਰ ਗਈ ਸੀ। ਬਲਬੀਰ ਕੌਰ ਦਾ ਸੰਪਰਕ ਭਾਊ ਭਾਈਚਾਰਾ ਦੇ ਪ੍ਰਧਾਨ ਭਾਊ ਬਲਵਿੰਦਰ ਸਿੰਘ ਸੈਫਦੀਪੁਰ ਨਾਲ ਹੋ ਗਿਆ। ਬਾਬਾ ਸੈਫਦੀਪੁਰ ਅਜਿਹੇ ਮੁੱਦਿਆਂ ਤੇ ਮੇਰੇ ਨਾਲ ਗੱਲ ਕਰ ਲੈਂਦਾ ਸੀ, ਉਹ ਬਲਬੀਰ ਕੌਰ ਨੂੰ ਨਾਲ ਲੈ ਕੇ ਮੇਰੇ ਬੰਗ ਮੀਡੀਆ ਵਾਲੇ ਦਫ਼ਤਰ ਵਿਚ ਆ ਗਿਆ, ਸਾਰੀ ਕਹਾਣੀ ਬਲਬੀਰ ਕੌਰ ਨੇ ਆਪਣੀ ਜ਼ੁਬਾਨੀ ਮੈਨੂੰ ਸੁਣਾਈ, ਬਲਵਿੰਦਰ ਸਿੰਘ ਸੈਫਦੀਪੁਰ ਨੂੰ ਏਨਾ ਗ਼ੁੱਸਾ ਸੀ ਕਿ ਉਹ ਆਪਣੇ ਸੁਭਾਅ ਅਨੁਸਾਰ ਪਟਵਾਰੀ ਦੀਆਂ ਟੰਗਾਂ ਤੋੜਨਾ ਚਾਹੁੰਦਾ ਸੀ, ਉਹ ਚਾਹੁੰਦਾ ਸੀ ਕਿ ਮੇਰੇ ਵੱਲੋਂ ਇਕ ਇਸ਼ਾਰਾ ਮਿਲ ਜਾਵੇ ਤੇ ਬੱਸ ਉਹ ਸਿੱਧਾ ਪਾਤੜਾਂ ਜਾਵੇ ਤੇ ਪਟਵਾਰੀ ਦੇ ਦਫ਼ਤਰ ਵਿਚ ਉਸ ਦੀਆਂ ਟੰਗਾਂ ਉਸ ਦੇ ਸਰੀਰ ਨਾਲੋਂ ਅੱਡ ਕਰ ਦੇਵੇ, ਪਰ ਮੈਂ ਉਸ ਨੂੰ ਸਮਝਾਇਆ। ਬਲਬੀਰ ਕੌਰ ਕਹਿੰਦੀ ਕਿ ‘ਮੈਨੂੰ ਉਹ ਹੁਣ ਕਈ ਕਈ ਵਾਰੀ ਫ਼ੋਨ ਕਰਦਾ ਹੈ’ ਮੈਂ ਕਿਹਾ ‘ਹੁਣ ਵੀ ਤੇਰਾ ਫ਼ੋਨ ਚੁੱਕ ਲਵੇਗਾ ਉਹ?’ ਤਾਂ ਉਸ ਨੇ ਇਸ ਪ੍ਰਤੀ ਕਿਹਾ ‘ਹਾਂ ਉਹ ਤਾਂ ਜ਼ਾਲਮ ਬਣਿਆ ਪਿਆ’ ਮੈਂ ਬਲਬੀਰ ਕੌਰ ਦੇ ਫ਼ੋਨ ਵਿਚੋਂ ਉਸ ਦਾ ‘ਸਿੰਮ’ ਕੱਢ ਕੇ ਮੇਰੇ ਵਾਲੇ ਫ਼ੋਨ ਵਿਚ ਪਾਇਆ ਕਿਉਂਕਿ ਉਸ ਦੇ ਮੋਬਾਇਲ ਵਿਚ ਕਾਲ ਰਿਕਾਰਡਿੰਗ ਨਹੀਂ ਹੁੰਦੀ ਸੀ। ਮੇਰੇ ਮੋਬਾਇਲ ਵਿਚ ਸਿੰਮ ਪਾਕੇ ਪਟਵਾਰੀ ਨੂੰ ਫ਼ੋਨ ਕੀਤਾ ਗਿਆ। ਫ਼ੋਨ ਤੇ ਹੋਈ ਸਾਰੀ ਗੱਲਬਾਤ ਰਿਕਾਰਡ ਹੋ ਗਈ ਸੀ। ਪਟਵਾਰੀ ਦੀ ਗੱਲਬਾਤ ਦੇ ਅੰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਬਲਬੀਰ ਕੌਰ ਦੇ ਜਿਸਮ ਦਾ ਭੁੱਖਾ ਸੀ ਉਸ ਵਿਚ ਇਕ ਬੜੀ ਹੀ ਅਹਿਮ ਗੱਲ ਇਹ ਸਾਹਮਣੇ ਆਈ ਕਿ ਉਸ ਨੇ ਕਿਹਾ ਕਿ ‘‘ਆਪਾਂ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਜਾਵਾਂਗੇ, ਉੱਥੇ ਕਮਰਾ ਬੁੱਕ ਹੋ ਜਾਂਦਾ ਹੈ, ਉੱਥੇ ਹੀ ਆਪਾਂ ਇਕੱਠੇ ਰਹਾਂਗੇ’’ ਇਸ ਤੋਂ ਇਲਾਵਾ ਉਸ ਦੀ ਬਕਵਾਸ ਕਾਫ਼ੀ ਭਿਆਨਕ ਸੀ। ਸਾਰੀ ਗੱਲਬਾਤ ਹੋਈ, ਪਰ ਪਟਵਾਰੀ ਨੂੰ ਸ਼ਾਂਤੀ ਨਹੀਂ ਆ ਰਹੀ ਸੀ, ਉਸ ਨੇ ਫੇਰ ਫ਼ੋਨ ਕਰ ਲਿਆ, ਫੇਰ ਕਾਫ਼ੀ ਗੱਲਾਂ ਕੀਤੀਆਂ, ਪਟਵਾਰੀ ਨੂੰ ਇਹ ਪਤਾ ਨਹੀਂ ਸੀ ਕਿ ਉਹ ਜਾਲ ਵਿਚ ਫਸ ਚੁੱਕਿਆ ਹੈ, ਪਰ ਉਸ ਨੂੰ ਜਾਲ ਵਿਚ ਫਸਿਆ ਅਜੇ ਵੀ ਨਾ ਜਾਣੀਏ, ਪਰ ਮੈਂ ਇਸ ਸ‌ਟਿੰਗ ਨੂੰ ਇਕੱਲਾ ਨਹੀਂ ਕਰਨਾ ਚਾਹੁੰਦਾ ਸੀ, ਮੈਂ ਸੋਚਿਆ ਕਿ ਪਾਤੜਾਂ ਦੇ ਕਿਸੇ ਪੱਤਰਕਾਰ ਨੂੰ ਨਾਲ ਲੈ ਲਿਆ ਜਾਵੇ, ਪਰ ਵਿਸ਼ਵਾਸ ਕਰਨਾ ਮੁਸ਼ਕਲ ਸੀ। ਪਟਿਆਲਾ ਵਿਚ ਐਸਪੀ ਸਿਟੀ ਹੁੰਦੇ ਸਨ ਮਨਦੀਪ ਸਿੰਘ ਸਿੱਧੂ:
ਮਨਦੀਪ ਸਿੰਘ ਸਿੱਧੂ ਜੋ ਅੱਜ ਕੱਲ੍ਹ ਪੁਲੀਸ ਕਮਿਸ਼ਨਰ ਲੁਧਿਆਣਾ ਹਨ, ਮੇਰੀ ਉਨ੍ਹਾਂ ਨਾਲ ਚੰਗੀ ਬਣਦੀ ਸੀ, ਉਨ੍ਹਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਸਾਰੀ ਰਿਕਾਰਡਿੰਗ ਸੁਣ ਕੇ ਡੀਐਸਪੀ ਪਾਤੜਾਂ ਸੁਖਦੇਵ ਸਿੰਘ ਵਿਰਕ ਦੀ ਡਿਊਟੀ ਲਗਾ ਦਿੱਤੀ,
ਡੀਐਸਪੀ ਸੁਖਦੇਵ ਸਿੰਘ ਵਿਰਕ ਨੇ ਸਾਰੀ ਰਿਕਾਰਡਿੰਗ ਸੁਣੀ ਤੇ ਕਿਹਾ ‘‘ਪਟਵਾਰੀ ਸਾਲਾ ਜਮਾਂ ਹੀ ਸ਼ਰਮ ਨਹੀਂ ਕਰ ਰਿਹਾ?’’ ਮੈਂ ਤੇ ਡੀਐਸਪੀ ਪਾਤੜਾਂ ਨੇ ਪੂਰਾ ਪ੍ਰੋਗਰਾਮ ਤਹਿ ਕਰ ਲਿਆ। ਡੀਐਸਪੀ ਵਿਰਕ ਨੇ ਪਾਤੜਾਂ ਥਾਣੇ ਦੇ ਐਸਐਚਓ ਜਸਵਿੰਦਰ ਸਿੰਘ ਟਿਵਾਣਾ ਜੋ ਅੱਜ ਕੱਲ੍ਹ ਡੀਐਸਪੀ ਪਟਿਆਲਾ ਹਨ,
ਜਸਵਿੰਦਰ ਸਿੰਘ ਟਿਵਾਣ ਦੀ ਡਿਊਟੀ ਵੀ ਨਾਲ ਲਗਾ ਦਿੱਤੀ ਗਈ, ਬਲਬੀਰ ਕੌਰ ਨੇ ਸਮਾਂ ਤਹਿ ਕਰ ਲਿਆ ਸੀ, ਪਾਤੜਾਂ ਵਿਚ ਅਸੀਂ ਪਹੁੰਚ ਗਏ ਸੀ, ਪਟਵਾਰੀ ਨੇ ਬਲਬੀਰ ਕੌਰ ਵੱਲੋਂ ਦਿੱਤੇ ਸਮੇਂ ਅਨੁਸਾਰ ਕਾਰ ਲੈ ਕੇ ਭਵਾਨੀਗੜ੍ਹ ਵੱਲ ਜਾਂਦੀ ਸੜਕ ਦੇ ਚੌਂਕ ਤੇ ਆਉਣਾ ਸੀ। ਮੈਂ ਤੇੜ ਚਾਦਰਾ ਪਾਇਆ ਹੋਇਆ ਸੀ ਤੇ ਪੂਰਾ ਡਰਾਮਾ ਕਰ ਲਿਆ ਸੀ ਜਿਵੇਂ ਕੋਈ ਝੱਲਾ ਜਿਹਾ ਵਿਅਕਤੀ ਹੁੰਦਾ ਹੈ, ਦੂਰ ਖੜੀ ਬਲਬੀਰ ਕੌਰ ਪਟਵਾਰੀ ਦਾ ਇੰਤਜ਼ਾਰ ਕਰ ਰਹੀ ਸੀ, ਪਰ ਪਟਵਾਰੀ ਨਹੀਂ ਆ ਰਿਹਾ ਸੀ, ਉੱਧਰ ਪੁਲੀਸ ਵੀ ਪੂਰੀ ਸ਼ਿਸਤ ਬੰਨ੍ਹ ਕੇ ਮੁਸਤੈਦੀ ਨਾਲ ਪਟਵਾਰੀ ਦਾ ਇੰਤਜ਼ਾਰ ਕਰ ਰਹੀ ਸੀ, ਪਟਵਾਰੀ ਨੂੰ ਬਲਬੀਰ ਕੌਰ ਫ਼ੋਨ ਕਰਦੀ ਤੇ ਬੁਲਾਉਂਦੀ ਪਰ ਪਟਵਾਰੀ ਕਹਿੰਦਾ ਥੋੜ੍ਹਾ ਕੰਮ ਬਾਕੀ ਹੈ ਮੈਂ ਆ ਰਿਹਾ ਹਾਂ। ਪੁਲੀਸ ਵੀ ਅੱਕ ਗਈ ਸੀ, ਕਰੀਬ ਦੋ ਘੰਟਿਆਂ ਦੀ ਉਡੀਕ ਤੋਂ ਬਾਅਦ ਪੁਲੀਸ ਨਾਲ ਗੱਲ ਹੋਈ, ਇਕ ਏਐਸਆਈ ਨੇ ਕਿਹਾ ਆਪਣੇ ਕੋਲ ਸਾਰੇ ਸਬੂਤ ਹਨ, ਤੇ ਆਪਾਂ ਪਟਵਾਰੀ ਨੂੰ ਉਸ ਦੇ ਦਫ਼ਤਰ ਵਿਚ ਹੀ ਫੜ ਸਕਦੇ ਹਾਂ, ਪਰ ਐਸਐੱਚਓ ਜਸਵਿੰਦਰ ਸਿੰਘ ਟਿਵਾਣਾ ਇਸ ਗੱਲ ਤੇ ਰਾਜ਼ੀ ਨਾ ਹੋਏ, ਫੇਰ ਇਹ ਤਹਿ ਹੋਇਆ ਕਿ ਬਲਬੀਰ ਕੌਰ ਨੂੰ ਉਸ ਦੇ ਦਫ਼ਤਰ ਵਿਚ ਭੇਜਿਆ ਜਾਵੇ। ਜੇਕਰ ਉਸ ਨੇ ਬਲਬੀਰ ਕੌਰ ਨਾਲ ਕੋਈ ਹਰਕਤ ਕੀਤੀ ਤਾਂ ਉਸ ਨੂੰ ਦਬੋਚ ਲਿਆ ਜਾਵੇ। ਪਟਵਾਰੀ ਨੂੰ ਸ਼ਾਇਦ ਕੁਦਰਤ ਬਚਾ ਰਹੀ ਸੀ ਜਾਂ ਸਾਡੀ ਸ਼ਿਸਤ ਸਹੀ ਨਹੀਂ ਸੀ ਪਰ ਪਟਵਾਰੀ ਹੁਣ ਤੱਕ ਨਹੀਂ ਆਇਆ। ਆਖ਼ਿਰ ਬਲਬੀਰ ਕੌਰ ਨੂੰ ਹੀ ਪਟਵਾਰੀ ਦੇ ਦਫ਼ਤਰ ਭੇਜਿਆ ਗਿਆ।
ਪੁਲੀਸ, ਮੈਂ ਤੇ ਕੈਮਰੇ ਵਾਲਾ ਸਾਡਾ ਸਾਥੀ ਉਸ ਤੋਂ ਕੁਝ ਕਦਮਾਂ ਦੀ ਦੂਰੀ ਤੇ ਸਾਂ। ਪਟਵਾਰੀ ਦੀ ਕਿਸਮਤ ਐਨਾ ਸਾਥ ਨਹੀਂ ਦੇ ਸਕਦੀ ਸੀ ਜਿੰਨਾ ਉਸ ਨੂੰ ਸਾਥ ਦਿੱਤਾ ਗਿਆ ਸੀ, ਬਲਬੀਰ ਕੌਰ ਪਟਵਾਰੀ ਦੇ ਦਫ਼ਤਰ ਅੰਦਰ ਗਈ, ਪਟਵਾਰੀ ਦਫ਼ਤਰ ਵਿਚ ਇਕੱਲਾ ਹੀ ਕੰਮ ਕਰ ਰਿਹਾ ਸੀ। ਜਦੋਂ ਹੀ ਬਲਬੀਰ ਕੌਰ ਅੰਦਰ ਗਈ ਤਾਂ ਪਟਵਾਰੀ ਨੇ ਕੁਝ ਇੱਧਰ ਉੱਧਰ ਦੇਖਿਆ ਕਿ ਬਲਬੀਰ ਕੌਰ ਦੇ ਸਲਵਾਰ ਦੇ ਨਾੜੇ ਨੂੰ ਹੱਥ ਪਾ ਲਿਆ, ਬਲਬੀਰ ਕੌਰ ਨੇ ਵੀ ਕੋਈ ਹੁੱਜਤ ਨਾ ਕੀਤੀ। ਪਰ ਉਸ ਨੇ ਉੱਚੀ ਦੇ ਕੇ ਕਿਹਾ ‘ਇੱਥੇ ਨਾ ਕਰੋ’.. ਇਹ ਬਲਬੀਰ ਕੌਰ ਵੱਲੋਂ ਪੁਲੀਸ ਨੂੰ ਤੇ ਕੈਮਰੇ ਵਾਲੀ ਨੂੰ ਦਿੱਤਾ ਸਿਗਨਲ ਸੀ। ਨਾਲ ਹੀ ਕੈਮਰੇ ਵਾਲਾ ਕੈਮਰਾ ਚਲਾਉਂਦਾ ਹੋਇਆ ਅੰਦਰ ਦਾਖਲ ਹੋਇਆ, ਕੈਮਰੇ ਵਿਚ ਬਲਬੀਰ ਕੋਲ ਨਾਲ ਪਟਵਾਰੀ ਵੱਲੋਂ ਕੀਤੀ ਜਾ ਰਹੀ ਹਰਕਤ ਕੈਦ ਹੋ ਗਈ ਸੀ। ਉਹ ਉਸ ਨਾਲ ਲਿਪਟ ਰਿਹਾ ਸੀ, ਪਟਵਾਰੀ ਦੀ ਕਿਸਮਤ ਉਸ ਤੋਂ ਦੂਰ ਚਲੀ ਗਈ ਸੀ, ਪਿੱਛੋਂ ਪੁਲੀਸ ਨੇ ਵੀ ਦਬਿੱਸ਼ ਦਿੱਤੀ, ਤੇ ਪਟਵਾਰੀ ਨੂੰ ਗਲ਼ਾਵੇਂ ਤੋਂ ਫੜ ਲਿਆ। ਰੌਲਾ ਪੈ ਗਿਆ ਸੀ। ਉਹ ਸਮਾਂ ਪਟਵਾਰੀ ਲਈ ਬੜਾ ਹੀ ਖ਼ਤਰਨਾਕ ਸੀ। ਪਟਵਾਰੀ ਨੂੰ ਪਾਤੜਾਂ ਦੇ ਥਾਣੇ ਵਿਚ ਲਿਆਂਦਾ ਗਿਆ।
ਪਤਾ ਨਹੀਂ ਪੱਤਰਕਾਰ ਭਾਈਚਾਰੇ ਨੂੰ ਕਿੱਥੋਂ ਭਿਣਕ ਪੈ ਗਈ ਝੱਟ ਪੱਟ ਥਾਣੇ ਵਿਚ ਆ ਗਏ, ਪੱਤਰਕਾਰ ਭਾਈਚਾਰਾ ਪਟਵਾਰੀ ਦੇ ਪੱਖ ਵਿਚ ਸ਼ਰੇਆਮ ਖੜ ਗਿਆ ਸੀ, ਇੰਸਪੈਕਟਰ ਜਸਵਿੰਦਰ ਸਿੰਘ ‌ਟਿਵਾਣਾ ਨੇ ਪੱਤਰਕਾਰ ਭਾਈਚਾਰੇ ਨੂੰ ਰਿਕਾਰਡਿੰਗ ਸੁਣਾਈ ਪਰ ਪੱਤਰਕਾਰ ਭਾਈਚਾਰਾ ਪਟਵਾਰੀ ਨਾਲ ਖੜ੍ਹਾ ਨਜ਼ਰ ਆਇਆ, ਪੱਤਰਕਾਰਾਂ ਨੇ ਪੂਰਾ ਜ਼ੋਰ ਲਗਾ ਰੱਖਿਆ ਸੀ ‘ਇਹ ਗੁਰਨਾਮ ਅਕੀਦਾ ਸਾਡੇ ਇਲਾਕੇ ਵਿਚ ਪੱਤਰਕਾਰੀ ਕਿਵੇਂ ਕਰ ਸਕਦਾ ਹੈ?, ਇਸ ਦੇ ਖ਼ਿਲਾਫ਼ ਕੇਸ ਦਰਜ ਕਰੋ, ਇਹ ਇੱਥੋਂ ਬਚ ਕੇ ਨਾ ਜਾਵੇ, ਸਾਡਾ ਇਲਾਕਾ ਹੈ ਪਾਤੜਾਂ, ਸਾਡੇ ਪਟਵਾਰੀ ਦੇ ਖ਼ਿਲਾਫ਼ ਸਟਿੰਗ ਅਪਰੇਸ਼ਨ ਕਰਨ ਵਾਲਾ ਇਹ ਕੌਣ ਹੁੰਦਾ ਹੈ?’ ਭਾਵ ਕਿ ਪੱਤਰਕਾਰ ਭਾਈਚਾਰਾ (ਸਾਰੇ ਨਹੀਂ) ਮੇਰੇ ਖ਼ਿਲਾਫ਼ ਡਟ ਕੇ ਖੜ ਗਿਆ ਸੀ। ਇੰਸਪੈਕਟਰ ਟਿਵਾਣਾ ਨੇ ਮੈਨੂੰ ਕਿਹਾ ‘ਅਕੀਦਾ ਸਾਹਿਬ ਤੁਸੀਂ ਹੁਣ ਇੱਥੋਂ ਜਾਓ, ਬਾਕੀ ਕੰਮ ਹੁਣ ਸਾਡਾ ਹੈ’ ਮੈਂ ਟਿਵਾਣਾ ਸਾਹਿਬ ਦਾ ਇਸ਼ਾਰਾ ਸਮਝ ਗਿਆ ਸੀ। ਮੈਂ ਅੱਖ ਬਚਾ ਕੇ ਉੱਥੋਂ ਨਿਕਲ ਗਿਆ ਤੇ ਪਟਿਆਲਾ ਵੱਲ ਰਵਾਨਾ ਹੋ ਗਿਆ। ਰਸਤੇ ਵਿਚ ਮੈਂ ਸਾਡੇ ਦੇਸ਼ ਸੇਵਕ ਦੇ ਸੰਪਾਦਕ ਸ਼ਮੀਲ ਨੂੰ ਫ਼ੋਨ ਕੀਤਾ ਮੈਂ ਕਿਹਾ ‘ਸਟਿੰਗ ਅਪਰੇਸ਼ਨ ਕੀਤਾ ਹੈ ਜੀ, ਪਟਵਾਰੀ ਫੜਿਆ ਹੈ...’ ਸਾਰੀ ਕਹਾਣੀ ਸ਼ਮੀਲ ਨੂੰ ਸੁਣਾ ਦਿੱਤੀ, ਉਸ ਨੇ ਕਿਹਾ ‘ਸਾਰਾ ਸ‌ਟਿੰਗ ਅਪਰੇਸ਼ਨ ਹੂਬਹੂ ਭੇਜ ਦਿਓ’ ਸਮਾਣਾ ਲੰਘੇ ਸੀ ਕਿ ਪਾਤੜਾਂ ਤੋਂ ਪੱਤਰਕਾਰਾਂ ਦੇ ਫ਼ੋਨ ਆਉਣ ਲੱਗ ਪਏ, ਜੋ ਪੱਤਰਕਾਰ ਮੈਨੂੰ ਆਪਣੇ ਇਲਾਕੇ ਦੀਆਂ ਦੁਹਾਈਆਂ ਦੇ ਰਹੇ ਸਨ ਉਹ ਪੱਤਰਕਾਰ ਹੁਣ ਕਹਿ ਰਹੇ ਸਨ ਕਿ ‘ਕਿਸੇ ਤਰੀਕੇ ਨਾਲ ਇਹ ਸ‌ਟਿੰਗ ਅਪਰੇਸ਼ਨ ਅਖ਼ਬਾਰ ਵਿਚ ਨਾ ਛਾਪਿਆ ਜਾਵੇ’ ਮੈਂ ਕਹਿ ਰਿਹਾ ਸੀ ‘ਮੈਂ ਅਖ਼ਬਾਰ ਲਈ ਇਹ ਕੀਤਾ ਹੈ ਤੇ ਅਖ਼ਬਾਰ ਵਿਚ ਤਾਂ ਛਪੇਗਾ ਹੀ’ ਪਰ ਪੱਤਰਕਾਰ ਭਾਈਚਾਰੇ ਦੇ ਕੁਝ ਲੋਕ ਪੂਰਾ ਜ਼ੋਰ ਲਗਾ ਰਹੇ ਸਨ ਕਿ ‘ਦੱਸੋ ਜੋ ਕੁਝ ਵੀ ਲੈਣਾ ਹੈ, ਅਸੀਂ ਦੇਣ ਲਈ ਤਿਆਰ ਹਾਂ, ਪਟਵਾਰੀ ਦੇਣ ਲਈ ਤਿਆਰ ਹੈ, ਪਟਵਾਰੀ ਦਾ ਸਾਰਾ ਜ਼ਿੰਮਾ ਸਾਡਾ, ਪਰ ਤੁਸੀਂ ਇਹ ਅਖ਼ਬਾਰ ਵਿਚ ਨਾ ਛਾਪਣਾ’ ਮੈਂ ਕੁਝ ਪੱਤਰਕਾਰਾਂ ਦੀ ਗਿਰੀ ਹੋਈ ਮਾਨਸਿਕਤਾ ਤੋਂ ਦੰਗ ਰਹਿ ਗਿਆ ਸੀ। ਪੱਤਰਕਾਰਾਂ ਦਾ ਕੰਮ ਪੱਤਰਕਾਰੀ ਕਰਨਾ ਹੁੰਦਾ ਹੈ ਦਲਾਲੀ ਕਰਨਾ ਨਹੀਂ, ਇਹ ਜਮਾਂ ਹੀ ਦਲਾਲ ਬਣ ਗਏ ਸਨ। ਪਰ ਮੈਂ ਇਹ ਸਮਝਦਾ ਸੀ ਕਿ ਛੋਟੇ ਸਟੇਸ਼ਨਾਂ ਤੇ ਪੱਤਰਕਾਰਾਂ ਦਾ ਬਹੁਤਾ ਕਸੂਰ ਨਹੀਂ ਹੁੰਦਾ, ਉਨ੍ਹਾਂ ਦੇ ਨਿੱਕੇ ਮੋਟੇ ਲਾਲਚ ਹੁੰਦੇ ਹਨ। ਉਹ ਵਿਚਾਰੇ ਕੀ ਕਰ ਸਕਦੇ ਹਨ। ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਪੱਤਰਕਾਰ ਦਾ ਕੋਈ ਇਲਾਕਾ ਨਹੀਂ ਹੁੰਦਾ, ਉਹ ਗੱਲ ਵੱਖ ਹੈ ਕਿ ਅਖ਼ਬਾਰ ਪੱਤਰਕਾਰ ਨਾਲ ਕਿੱਥੇ ਤੱਕ ਖੜਦਾ ਹੈ।
ਮੈਂ ਉਹ ਸਟਿੰਗ ਅਪਰੇਸ਼ਨ ਦੇਸ਼ ਸੇਵਕ ਵਿਚ ਭੇਜਿਆ ਤਾਂ ਸ਼ਮੀਲ ਨੇ ਉਹ ਸਟਿੰਗ ਅਪਰੇਸ਼ਨ ਦੇਸ਼ ਸੇਵਕ ਤੇ ਫ਼ਰੰਟ ਪੇਜ ਤੇ ਛਾ‌ਪਿਆ। ਤੇ ਨਾਲ ਹੀ ਪੁਲੀਸ ਅਫ਼ਸਰਾਂ ਮਨਦੀਪ ਸਿੰਘ ਸਿੱਧ, ਸੁਖਦੇਵ ਸਿੰਘ ਵਿਰਕ ਤੇ ਜਸਵਿੰਦਰ ਸਿੰਘ ਟਿਵਾਣਾ ਦਾ ਧੰਨਵਾਦ ਵੀ ਕੀਤਾ। ਬਾਅਦ ਵਿਚ ਬਲਬੀਰ ਕੌਰ ਤੇ ਸਾਰੇ ਕੰਮ ਹੋਏ ਤੇ ਪਟਵਾਰੀ ਮੁਅੱਤਲ ਹੋਇਆ। (ਮੇਰੀ ਪੱਤਰਕਾਰਤਾ ਦੀ ਜ਼ਿੰਦਗੀ ਬਾਰੇ ਛਪ ਰਹੀ ਕਿਤਾਬ ਵਿਚੋਂ..) 8146001100

Saturday, April 22, 2023

ਸਾਦੇ ਜਿਹੇ ਮਿਲਾਪੜੇ ਸੁਭਾਅ ਦੇ ਮਾਲਕ ਸੀ ਡਾ. ਸੁਰਜੀਤ ਲੀ

ਭੋਗ ਤੇ ਵਿਸ਼ੇਸ਼
ਗੁਰਨਾਮ ਸਿੰਘ ਅਕੀਦਾ ਆਪਣੇ ਵਿਦਿਆਰਥੀਆਂ ਨੂੰ ਦੋਸਤਾਂ ਵਾਂਗ ਪੜਾਉਣ ਵਾਲੇ ਸਾਦੇ ਜਿਹੇ ਮਿਲਾਪੜੇ ਸੁਭਾਅ ਦੇ ਡਾ. ਸੁਰਜੀਤ ਲੀ ਸਾਡੇ ਵਿਚ ਨਹੀਂ ਰਹੇ। ਪਰ ਉਨ੍ਹਾਂ ਵੱਲੋਂ ਪਾਏ ਪੂਰਨੇ ਸਾਡੇ ਵਿਚ ਸਦਾ ਜਿੰਦਾ ਰਹਿਣਗੇ। ਉਨ੍ਹਾਂ ਨੂੰ ਜਦੋਂ ਕੋਈ ਪੁਰਾਣਾ ਦੋਸਤ ਮਿਲਦਾ ਤਾਂ ਹਰ ਇਕ ਯਾਦ ਨੂੰ ਸਾਂਝੀ ਕਰਦਿਆਂ ਸੁਰਜੀਤ ਲੀ ਅਜਿਹਾ ਮਾਹੌਲ ਸਿਰਜ ਦਿੰਦੇ ਸਨ ਜਿਵੇਂ ਵਿਅਕਤੀ ਬਚਪਨ ਵਿਚ ਚਲਾ ਗਿਆ ਹੋਵੇ। ਜ਼ਿਲ੍ਹਾ ਪਟਿਆਲਾ ਦੇ ਪਿੰਡ ਧਰੇੜੀ ਜੱਟਾਂ ਤੋਂ ਬਚਪਨ ਗੁਜਾਰ‌ਦਿਆਂ ਡਾ. ਲੀ ਨੇ ਪੀਐੱਚ ਤੱਕ ਦਾ ਸਫ਼ਰ ਤਹਿ ਕਰਦਿਆਂ ਆਪਣਾ ਪੇਂਡੂ ਸਭਿਆਚਾਰ ਆਪਣੇ ਤੋਂ ਦੂਰ ਨਹੀਂ ਹੋਣ ਦਿੱਤਾ। ਔਰਤਾਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਐਨਾ ਭਾਵੁਕ ਸੀ ਜਿਸ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਪੀਐੱਚ ਵੀ ‘ਸਾਂਝੀ’ ਤੇ ਕੀਤੀ, ਜੋ ਸਾਡੇ ਪੰਜਾਬੀ ਸਭਿਆਚਾਰ ਦਾ ਇਸਤਰੀ ਪੱਖ ਉਜਾਗਰ ਕਰਦਾ ਹੈ। ਇਹ ਥੀਸਿਸ ਵਿਦੇਸ਼ ਵਿਚ ਗਿਆ ਤਾਂ ਉਸ ਵੇਲੇ ਵਿਦਵਾਨਾਂ ਨੂੰ ਇਹ ਲਿਖਣਾ ਪਿਆ ਕਿ ਲੋਕਯਾਨ ਦਾ ਇਹ ਸੰਦਰਭ ਭਾਰਤ ਵਿਚ ਪਹਿਲਾਂ ਇਸ ਤਰੀਕੇ ਨਾਲ ਕਦੇ ਵੀ ਕਿਸੇ ਨੇ ਪੇਸ਼ ਨਹੀਂ ਕੀਤਾ। ਡਾ. ਲੀ ਨੇ ਪੰਜਾਬੀ ਸਾਹਿਤ, ਸਭਿਆਚਾਰ, ਸਭਿਆਚਾਰਕ ਪਰੰਪਰਾਵਾਂ, ਮੌਖਿਕ ਪਰੰਪਰਾਵਾਂ ਅਤੇ ਭਾਸ਼ਾ ਸਰੋਕਾਰਾਂ ਤੇ ਉੱਚ ਕੋਟੀ ਪੱਧਰ ਤੇ ਕੰਮ ਕੀਤਾ। ਪ੍ਰੋ. ਲੀ ਦੀ ਇਕ ਕਿਤਾਬ “oral Treditions and Cultural Heritage of Punjab” ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪਬਲਿਸ਼ ਕੀਤੀ। ਇਸ ਕਿਤਾਬ ਨੂੰ ਸਭਿਆਚਾਰਕ ਵਿਦਵਾਨਾਂ ਨੇ ਸਭਿਆਚਾਰ ਦਾ ਇਨਸਾਈਕਲੋਪੀਡੀਆ ਕਿਹਾ। ਇਹ ਕਿਤਾਬ ਉਨ੍ਹਾਂ ਦੀ ਪੰਜਾਬ ਸਭਿਆਚਾਰ ਪ੍ਰਤੀ ਵਿਸ਼ਵ ਪੱਧਰ ਤੇ ਵਿਲੱਖਣ ਪਹਿਚਾਣ ਬਣਾਉਣ ਵਾਲਾ ਮੀਲ ਪੱਥਰ ਸਾਬਤ ਹੁੰਦੀ ਹੈ। ਪ੍ਰੋ. ਲੀ ਦੀ ਇਸ ਕਿਤਾਬ ਵਿਚ ਪੰਜਾਬ ਦੀਆਂ ਲੋਕ ਮਾਨਤਾਵਾਂ, ਸਭਿਆਚਾਰਕ ਪਰੰਪਰਾਵਾਂ, ਜਨਮ ਮੌਤ ਦੀਆਂ ਰਹੁ ਰੀਤਾਂ, ਭਗਤੀ ਲਹਿਰ, ਸੂਫ਼ੀ ਪਰੰਪਰਾ, ਪੰਜਾਬ ਦੀ ਭਾਰਤ ਦੇ ਸਭਿਆਚਾਰ ਚ ਭੂਮਿਕਾ ਅਤੇ ਧਾਰਮਿਕ ਪਰੰਪਰਾਵਾਂ ਨੂੰ ਉਜਾਗਰ ਕਰਦੀ ਹੈ, ਇਸ ਕਿਤਾਬ ਵਿਚ ਡਾ. ਲੀ ਦਾ ਕੀਤਾ ਕੰਮ ਉੱਚ ਕੋਟੀ ਦੇ ਵਿਸ਼ਵ ਪੱਧਰੀ ਪਹੁੰਚ ਰੱਖਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਡਾ. ਲੀ ਨੇ 35 ਖੋਜਾਰਥੀਆਂ ਨੂੰ ਪੀਐੱਚਡੀ ਕਰਵਾਈ ਜਦ ਕਿ 150 ਖੋਜਾਰਥੀਆਂ ਨੂੰ ਐਮਫਿਲ ਦੇ ਖੋਜ ਕਾਰਜ ਕਰਵਾਏ, ਉਨ੍ਹਾਂ ਦੇ ਵਿਸ਼ਿਆਂ ਵਿਚ ਖ਼ਾਸ ਕਰਕੇ ਲੋਕ ਮਾਨਤਾਵਾਂ, ਰੁਮਾਂਸਵਾਦ ਵਿਚ ਜਿਵੇਂ ਹੀਰ ਰਾਂਝਾ, ਸੱਸੀ ਪੰਨੂ ਆਦਿ ਦਾ ਜ਼ਿਕਰ ਆਉਂਦਾ ਹੈ। ਉਹ ਖ਼ਾਸ ਕਰਕੇ ਪੰਜਾਬ, ਭਾਰਤ ਦੇ ਪਿੰਡ , ਜਿਊਂਣਾ ਮੌੜ, ਦੁੱਲਾ ਭੱਟੀ ਦੀ ਗੱਲ ਵੀ ਖੋਜ ਕਾਰਜਾਂ ਦਾ ਹਿੱਸਾ ਬਣਾਉਂਦਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸਧਾਰਨ ਬੰਦੇ ਵਿਚ ਬਹੁਤ ਸੁਹਜ ਅਤੇ ਕਲਾਤਮਿਕਤਾ ਹੁੰਦੀ ਹੈ ਇਹ ਕਲਾਤਮਿਕਤਾ ਸਹਿਜੇ ਹੀ ਉਸ ਦੀਆਂ ਮੌਖਿਕ ਪਰੰਪਰਾਵਾਂ ਵਿਚ ਝਲਕਦੀ ਹੈ, ਜਿਸ ਨੂੰ ਵਕਤ ਹੋਰ ਵੀ ਨਿਖਾਰਦਾ ਹੈ। ਉਹ ਆਮ ਕਹਿੰਦੇ ਸੁਣਾ ਜਾ ਸਕਦੇ ਸਨ ਕਿ ‘ਫੁੱਲ ਖਿੜਨ ਦਿਓ ਤੇ ਵਿਚਾਰ ਭਿੜਨ ਦਿਓ’। ਉਹ ਮੰਨਦੇ ਸਨ ਕਿ ਵਿਦਵਾਨ ਉਹੀ ਹੈ ਜੋ ਆਪਣੀ ਵਿਦਵਤਾ ਰਾਹੀਂ ਲੁਕਾਈ ਦਾ ਭਲਾ ਕਰੇ। ਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ 40 ਸਾਲਾਂ ਤੋਂ ਵੇਖ ਰਹੇ ਹਾਂ ਪ੍ਰੋ. ਲੀ ਨੇ ਯੂਨੀਵਰਸਿਟੀ ਦੇ ‘ਕੌਫ਼ੀ ਹੋਮ’ ਵਿਚ ਆਪਣੇ ਵਿਦਿਆਰਥੀਆਂ ਨਾਲ ਦੁਨੀਆ ਦੀ ਰਾਜਨੀਤੀ ਤੋਂ ਲੈ ਕੇ ਸਾਹਿਤ ਤੱਕ ਦੀਆਂ ਗੱਲਾਂ ਕਰਨੀਆਂ, ਜਿਸ ਨਾਲ ਵਿਦਿਆਰਥੀਆਂ ਦੀ ਸਮਝ ਵਿਦਵਤਾ ਦੇ ਅੰਬਰ ਤੇ ਉਡਾਰੀਆਂ ਮਾਰਨ ਲੱਗ ਜਾਂਦੀ ਸੀ। ਪ੍ਰੋ. ਲੀ ਦੀ ਪਤਨੀ ਪ੍ਰੋ. ਹਰਿੰਦਰ ਸੋਹੀ ਅੰਗਰੇਜ਼ੀ ਦੇ ਅਧਿਆਪਕ ਰਹੇ ਹਨ। ਦੋਵਾਂ ਦੀ ਸਮਝ ਦਾ ਦੋਵੇਂ ਧੀਆਂ ਸ਼ਹੀਨਾ ਸੋਹੀ ਤੇ ਨਿਲੋਫਰ ਸੋਹੀ ਤੇ ਅਸਰ ਦੇਖਿਆ ਜਾ ਸਕਦਾ ਹੈ। ਗੁਰਨਾਮ ਸਿੰਘ ਅਕੀਦਾ ਲੇਖਕ ਤੇ ਪੱਤਰਕਾਰ 8146001100

Saturday, February 18, 2023

ਲੋਕ ਹਿਤ ਦਾ ਬੇਬਾਕ ਪੱਤਰਕਾਰ 'ਦਿਲਬਾਗ ਚਾਵਲਾ'

25 ਸਾਲਾਂ ਤੋਂ ਕੈਨੇਡਾ ਦੇ ਪੰਜਾਬੀਆਂ ਦੀ ਆਵਾਜ਼ ਹੈ 'ਰੰਗਲਾ ਪੰਜਾਬ'
ਇਕ ਉਹ ਸਮਾਂ ਸੀ ਜਦੋਂ ਪੱਤਰਕਾਰਤਾ ਮਿਸ਼ਨ ਹੁੰਦੀ ਸੀ। ਪਰ ਪਦਾਰਥਵਾਦੀ ਯੁੱਗ ਦਾ ਪੱਤਰਕਾਰਤਾ ਦੇ ਮਿਸ਼ਨ 'ਤੇ ਅਜਿਹਾ ਕੁਹਾੜਾ ਚੱਲਿਆ ਕਿ ਇਸ 'ਤੇ ਬਿਜ਼ਨਸ ਦਾ ਰੰਗ ਆਪਣਾ ਝਲਕਾਰਾ ਪਾਉਣ ਲੱਗ ਪਿਆ। ਕੁੱਝ ਪੱਤਰਕਾਰ ਅਜਿਹੇ ਵੀ ਹਨ ਜਿਹੜੇ ਅੱਜ ਵੀ ਪੱਤਰਕਾਰਤਾ ਨੂੰ ਮਿਸ਼ਨ ਵਜੋਂ ਹੀ ਲੈ ਰਹੇ ਹਨ, ਬੇਸ਼ੱਕ ਉਹ ਸਹਿਕ ਰਹੇ ਹਨ ਪਰ ਇਹ ਵੀ ਨਹੀਂ ਕਿ ਉਹ ਮਰ ਰਹੇ ਹਨ, ਉਨ੍ਹਾਂ ਦਾ ਸਤਿਕਾਰ ਜਗਤ ਵਿਚ ਬਣਿਆ ਹੋਇਆ ਹੈ, ਪਦਾਰਥਵਾਦੀ ਲੋਕ ਉਨ੍ਹਾਂ ਨੂੰ ਪਾਗਲ ਜਾਂ ਮੂਰਖਾਂ ਵਾਲੀ ਸੰਗਿਆ ਦਿੰਦੇ ਹੋਣਗੇ ਪਰ ਸਮਾਂ ਉਨ੍ਹਾਂ ਦੀ ਬਾਤ ਜ਼ਰੂਰ ਪਾਵੇਗਾ। ਬੇਸ਼ੱਕ ਉਨ੍ਹਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਆਪਣੀ ਚਾਲੇ ਚਲਦੇ ਹੋਏ ਆਪਣੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਨ। ਗੱਲ ਕਰਨ ਜਾ ਰਹੇ ਹਾਂ ਅਜਿਹੇ ਹੀ ਪੱਤਰਕਾਰ ਦੀ ਜੋ ਹੁਣ ਕੈਨੇਡਾ ਦਾ ਵਸਨੀਕ ਹੈ, ਦਿਲਬਾਗ ਸਿੰਘ ਚਾਵਲਾ। ਜਿਸ ਨੇ ਕੈਨੇਡਾ ਜਿਹੇ ਮੁਲਕ 'ਤੇ ਰੰਗਲਾ ਪੰਜਾਬ ਰੇਡੀਉ ਅਤੇ ਟੀ.ਵੀ. ਨਾਲ ਪੱਤਰਕਾਰਤਾ ਦੇ ਮਿਸ਼ਨ ਨੂੰ ਜਿਉਂਦਾ ਰੱਖਿਆ ਹੈ। -ਮੁੱਢ ਅਤੇ ਜਨਮ :
ਅੰਮ੍ਰਿਤਸਰ ਦੇ ਕੋਲ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਪਿਤਾ ਸ੍ਰ. ਪ੍ਰੀਤਮ ਸਿੰਘ ਮਾਤਾ ਦਲੀਪ ਕੌਰ ਦੇ ਘਰ 29 ਅਪ੍ਰੈਲ 1965 ਨੂੰ ਜਨਮੇ ਦਿਲਬਾਗ ਸਿੰਘ ਚਾਵਲਾ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਆਈ.ਟੀ. ਇਲੈਕਟ੍ਰੋਨਿਕਸ ਦੀ ਕਰਨ ਤੋਂ ਬਾਅਦ ਜ਼ਿੰਦਗੀ ਦਾ ਪਹੀਆ ਅੱਗੇ ਤੋਰਿਆ। ਆਪਣੀ ਇਲੈਕਟ੍ਰੋਨਿਕਸ ਦੀ ਦੁਕਾਨ ਇਮਾਨਦਾਰੀ ਨਾਲ ਚਲਾਈ ਜਿਸ ਕਰ ਕੇ ਦਿਲਬਾਗ ਚਾਵਲਾ ਸਫਲ ਇਲੈਕਟ੍ਰੋਨਿਕ ਮਾਹਿਰ ਬਣ ਗਿਆ। -ਵਿਆਹ :
ਕਿਸੇ ਵਿਆਹ ਵਿਚ ਆਇਆ ਸੀ ਵਿਚੋਲਾ, ਕੁੱਝ ਅਜਿਹਾ ਕਾਰਨ ਬਣਿਆ ਕਿ ਦਿਲਬਾਗ ਚਾਵਲਾ ਹੋਰਾਂ ਦੇ ਘਰ ਹੀ ਰਾਤ ਨੂੰ ਠਹਿਰ ਗਿਆ। ਸਵੇਰੇ ਉੱਠਿਆ ਤੇ ਦਿਲਬਾਗ ਦੀ ਫ਼ੋਟੋ ਵੀ ਨਾਲ ਲੈ ਗਿਆ। ਲੈ ਕਿਸੇ ਹੋਰ ਕੁੜੀ ਵਾਸਤੇ ਗਿਆ ਸੀ ਪਰ ਸੰਪਰਕ ਰੀਨਾ ਦੇ ਪਰਿਵਾਰ ਨਾਲ ਹੋ ਗਿਆ। ਮੰਗਣੀ ਹੋ ਚੁੱਕੀ ਸੀ ਉਸ ਤੋਂ ਬਾਅਦ ਰੀਨਾ ਕੈਨੇਡਾ ਪੀ.ਆਰ. ਬਣ ਕੇ ਚਲੇ ਗਏ। ਵਿਆਹ ਨੂੰ ਕਾਫ਼ੀ ਸਮਾਂ ਹੋ ਗਿਆ। 26 ਨਵੰਬਰ 1991 ਨੂੰ ਆਖਿਰ ਰੀਨਾ ਨਾਲ ਦਿਲਬਾਗ ਦਾ ਵਿਆਹ ਹੋਇਆ ਜੋ ਕਿ ਹੁਣ ਰੀਨਾ ਚਾਵਲਾ ਬਣ ਚੁੱਕੀ ਸੀ। ਦਿਲਬਾਗ ਚਾਵਲਾ ਫ਼ਤਿਆਬਾਦ ਤੋਂ ਹੀ ਕੈਨੇਡਾ ਦਾ ਪੀ.ਆਰ. ਬਣ ਚੁੱਕਿਆ ਸੀ। 2 ਫਰਵਰੀ 1992 ਨੂੰ ਕੈਨੇਡਾ ਪਹੁੰਚ ਗਿਆ। -ਕੈਨੇਡਾ ਵਿਚ ਜੀਵਨ ਦੀ ਸ਼ੁਰੂਆਤ:
ਕੈਨੇਡਾ ਵਿਚ ਪਹੁੰਚ ਕੇ ਦਿਲਬਾਗ ਨੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕੀਤੇ ਪਰ ਮਨ ਨਹੀਂ ਲੱਗ ਰਿਹਾ ਸੀ। ਇਲੈਕਟ੍ਰੋਨਿਕ ਦਾ ਮਾਹਿਰ ਇੱਥੇ ਮਜ਼ਦੂਰੀ ਕਰਨ ਲਈ ਮਜਬੂਰ ਸੀ। ਕਦੇ ਕੰਮ ਮਿਲਣਾ ਕਦੇ ਕੰਮ ਨਾ ਮਿਲਣਾ। ਪਹਿਲਾਂ ਤਾਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀ ਪਰ ਇੱਥੇ ਹੀ ਪੰਜਾਬ ਵਿਚੋਂ ਇਕ ਜ਼ਮੀਨ ਦਾ ਮਾਲਕ ਮੁੰਡਾ ਲੇਬਰ ਕਰਦਾ ਦੇਖਿਆ, ਹੈਰਾਨੀ ਵੀ ਹੋਈ ਤੇ ਦੁੱਖ ਵੀ ਹੋਇਆ, ਕਿ ਜ਼ਮੀਨਾਂ ਦੇ ਮਾਲਕ ਡਾਲਰਾਂ ਨੇ 'ਬਈਏ' ਬਣਾ ਦਿੱਤੇ। ਦਿਲਬਾਗ ਨੇ ਸੋਚਿਆ ਕਿ ਪੰਜਾਬ ਦੇ ਜ਼ਿਮੀਂਦਾਰ ਇੱਥੇ ਮਜ਼ਦੂਰੀ ਕਰ ਰਹੇ ਹਨ ਤਾਂ ਮੇਰੇ ਲਈ ਕੀ ਮਿਹਣਾ। ਵੱਖ ਵੱਖ ਥਾਵਾਂ ਤੇ ਕੰਮ ਕਰਨ ਤੋਂ ਬਾਅਦ ਇਕ ਫ਼ੈਕਟਰੀ ਵਿਚ ਕੰਮ ਮਿਲ ਗਿਆ, ਫ਼ੈਕਟਰੀ ਵਿਚ ਕੰਮ ਕਰਦਾ ਰਿਹਾ, ਜਦੋਂ ਫ਼ੈਕਟਰੀ ਵਿਚ ਕੰਮ ਮਿਲਿਆ ਤਾਂ ਹਫ਼ਤੇ ਵਿਚ 40 ਤੋਂ 80 ਘੰਟੇ ਤੱਕ ਕੰਮ ਕੀਤਾ। ਇਕ ਦਿਨ ਫ਼ੈਕਟਰੀ ਵਿਚ ਕੰਮ ਕਰਦਿਆਂ ਸੱਟ ਲੱਗ ਗਈ। ਇੱਥੇ ਇਕ ਮਿੱਤਰ ਸੀ ਅਰੁਣ ਗੋਗਨਾ, ਇਹ ਉਦੋਂ ਮਿੱਤਰ ਬਣਿਆ ਜਦੋਂ ਇਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਹੋਈ ਸੀ। ਸੱਟ ਲੱਗਣ ਤੋਂ ਬਾਅਦ ਅਰੁਣ ਗੋਗਨਾ ਨੇ ਦਿਲਬਾਗ ਦੀ ਟਹਿਲ ਸੇਵਾ ਕੀਤੀ। ਇੱਥੇ ਹੀ ਇਕ ਰੇਡੀਉ ਦਾ ਆਰ.ਜੇ. ਇਨ੍ਹਾਂ ਨੇ ਰੇਡੀਉ ਦੇ ਗੱਲਾਂ ਕਰਦਾ ਸੁਣਿਆ, ਟੁੱਟਵੇਂ ਬੋਲ, ਤੋਤਲੀ ਜਿਹੀ ਆਵਾਜ਼, ਬੋਲੀ ਵਿਚ ਖਰ੍ਹਵਾਪਣ, ਭਾਵ ਬੋਲਾਂ ਵਿਚ ਮਿਠਾਸ ਨਹੀਂ ਸੀ। -ਪੱਤਰਕਾਰ ਬਣਨਾ :
ਬੇਤਰਤੀਬੇ ਸ਼ਬਦਾਂ ਦਾ ਰੇਡੀਉ ਸੁਣਨ ਤੋਂ ਬਾਅਦ ਦਿਲਬਾਗ ਅਤੇ ਅਰੁਣ ਗੋਗਨਾ ਦਾ ਇਕ ਵਿਚਾਰ ਬਣਿਆ ਕਿ ਪੱਤਰਕਾਰੀ ਵਿਚ ਹੱਥ ਕਿਉਂ ਨਾ ਅਜ਼ਮਾਇਆ ਜਾਵੇ। ਦਿਲਬਾਗ ਚਾਵਲਾ ਗੀਤ ਬਹੁਤ ਸੁਰੀਲੇ ਗਾਉਂਦਾ ਸੀ। ਆਵਾਜ਼ ਵੀ ਦਿਲ ਖਿੱਚਦੀ ਸੀ। ਸਬੱਬ ਬਣਿਆ ਕਿ ਇਕ ਹੋਰ ਰੇਡੀਉ ਵਾਲਾ ਮਿੱਤਰ ਉਨ੍ਹਾਂ ਨੂੰ ਮਿਲਿਆ। ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ। ਲੋਕ ਫ਼ੋਨ ਕਰਦੇ ਸਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਚ ਬਾਣੀ ਦੇ ਸ਼ਬਦ ਲਗਾਓ ਜਾਂ ਗੁਰੂਆਂ ਬਾਰੇ ਜਾਣਕਾਰੀ ਦਿਓ ਪਰ ਉਹ ਸੱਜਣ ਰੇਡੀਉ 'ਤੇ ਆਪਣੇ ਹੀ ਤਰ੍ਹਾਂ ਦੇ ਗੀਤ ਚਲਾ ਰਿਹਾ ਸੀ। ਦਿਲਬਾਗ ਨੇ ਕਿਹਾ ਕਿ ਜਦੋਂ ਲੋਕਾਂ ਦੀ ਮੰਗ ਹੈ ਕਿਉਂਕਿ ਲੋਕਾਂ ਨੇ ਸੁਣਨਾ ਹੈ ਤਾਂ ਫਿਰ ਲੋਕਾਂ ਅਨੁਸਾਰ ਕਿਉਂ ਨਾ ਰੇਡੀਉ 'ਤੇ ਪ੍ਰੋਗਰਾਮ ਚਲਾਏ ਜਾਂਦੇ। ਇਸ 'ਤੇ ਉਹ ਸੱਜਣ ਕਹਿਣ ਲੱਗਿਆ ਕਿ ਮੈਂ ਤਾਂ ਅਗਲੇ ਹਫ਼ਤੇ ਰੇਡੀਉ ਬੰਦ ਕਰ ਦੇਣਾ ਹੈ। ਇੱਥੋਂ ਹੀ ਦਿਲਬਾਗ ਅਤੇ ਅਰੁਣ ਗੋਗਨਾ ਦੇ ਮਨ ਵਿਚ ਆਇਆ ਕਿ ਕਿਉਂ ਨਾ ਆਪਾਂ ਇਹ ਰੇਡੀਉ ਸਟੇਸ਼ਨ ਸ਼ੁਰੂ ਕਰ ਲਈਏ। ਉਹ ਸਟੇਸ਼ਨ ਦੇ ਮੁੱਖ ਦਫ਼ਤਰ ਵਿਚ ਗਏ। ਸਟੇਸ਼ਨ ਵਾਲੇ ਇਕ ਘੰਟੇ ਦਾ 300 ਡਾਲਰ ਲੈਂਦੇ ਸੀ। ਅੰਗਰੇਜ਼ ਸਟੇਸ਼ਨ ਵਾਲੇ ਨਾਲ ਗੱਲਬਾਤ ਕੀਤੀ। ਗੱਲਾਂ ਬਾਤਾਂ ਵਿਚ ਅਜਿਹਾ ਪ੍ਰਭਾਵ ਬਣਿਆ ਕਿ ਅੰਗਰੇਜ਼ ਨੇ ਕਹਿ ਦਿੱਤਾ ਕਿ ਤੁਹਾਨੂੰ ਇਕ ਹਫ਼ਤਾ ਫ਼ਰੀ ਦਿੱਤਾ ਤਾਂ 29 ਮਾਰਚ 1997 ਨੂੰ ਰੇਡੀਉ 'ਰੰਗਲਾ ਪੰਜਾਬ' ਸ਼ੁਰੂ ਹੋ ਗਿਆ। ਦਿਲਬਾਗ ਦੀ ਆਵਾਜ਼ ਬੜਾ ਦਿਲਖਿੱਚਵੀਂ ਸੀ ਤਾਂ ਲੋਕਾਂ ਨੇ ਵਾਹਵਾ ਪਸੰਦ ਕੀਤਾ। ਪਹਿਲਾਂ ਪਹਿਲ ਤਾਂ ਬੜੀ ਮੁਸ਼ਕਿਲ ਹੋਈ, ਕਿਤੋਂ ਇਸ਼ਤਿਹਾਰ ਮਿਲਣ ਦੀ ਸੰਭਾਵਨਾ ਜਾਂ ਕਿਸੇ ਦੀ ਮਦਦ ਵੀ ਨਹੀਂ ਸੀ, ਆਪਣੇ ਪੱਲਿਓਂ ਡਾਲਰ ਖ਼ਰਚ ਕੇ ਰੇਡੀਉ ਚਲਾਉਂਦੇ ਸੀ ਪਰ ਸਮਾਂ ਲੰਘ ਗਿਆ, ਲੋਕਾਂ ਨੇ ਅਜਿਹਾ ਪਸੰਦ ਕੀਤਾ ਕਿ ਲੋਕ ਆਪਣੇ ਆਪ ਹੀ ਦਿਲਬਾਗ ਅਤੇ ਅਰੁਣ ਗੋਗਨਾ ਦੀ ਮਦਦ ਕਰਨ ਲੱਗ ਪਏ, ਹੁਣ ਇਸ਼ਤਿਹਾਰ ਵੀ ਆਉਣ ਲੱਗ ਪਏ ਸਨ। ਅਰੁਣ ਗੋਗਨਾ ਪੂਰੀ ਤਰ੍ਹਾਂ ਸਮਾਂ ਦੇਣ ਵਿਚ ਅਸਮਰਥ ਸੀ, ਆਖਿਰ ਉਸ ਨੇ ਦਿਲਬਾਗ ਨਾਲ ਦਿਲ ਦੀ ਸਾਂਝ ਪਾਈ 'ਉਹ ਪ੍ਰੋਗਰਾਮ ਅੱਗੇ ਨਹੀਂ ਕਰ ਸਕਦਾ' ਕਈ ਵਿਚਾਰ ਚਰਚਾ ਕਰਨ ਤੋਂ ਬਾਅਦ ਉਹ ਪ੍ਰੋਗਰਾਮ ਕਰਨਾ ਛੱਡ ਗਿਆ। ਹੁਣ ਅਰੁਣ ਗੋਗਨਾ ਦਾ ਸਮਾਂ ਵੀ ਦਿਲਬਾਗ ਨੇ ਹੀ ਲੈ ਲਿਆ ਸੀ, ਸੋਮਵਾਰ ਤੋਂ ਵੀਰਵਾਰ 10.00 ਤੋਂ 11.00 ਵਜੇ ਤੱਕ ਇਹ ਪ੍ਰੋਗਰਾਮ ਚਲਦਾ ਸੀ, ਜਿਸ ਦਾ ਖਰਚਾ ਹਫ਼ਤੇ ਦਾ 1200 ਡਾਲਰ ਪੈਣ ਲੱਗ ਪਿਆ। ਇਸੇ ਸਟੇਸ਼ਨ 'ਤੇ ਸੁਖਵਿੰਦਰ ਹੰਸਰਾ ਪ੍ਰੋਗਰਾਮ ਕਰਦਾ ਸੀ 'ਅਣਖੀਲਾ ਪੰਜਾਬ'। ਖਾਲਿਸਤਾਨੀ ਵਿਚਾਰਧਾਰਾ ਦਾ ਪ੍ਰੋਗਰਾਮ ਸੀ, ਇਹ ਵੀ ਕੁੱਝ ਦਿਨ ਬਾਅਦ ਛੱਡ ਗਿਆ। ਇਸ ਪ੍ਰੋਗਰਾਮ ਦਾ ਟਾਈਮ ਵੀ ਦਿਲਬਾਗ ਕੋਲ ਆ ਗਿਆ। -ਕੈਨੇਡਾ ਵਿਚ ਰੇਡੀਉ 'ਤੇ ਖ਼ਬਰਾਂ ਦਾ ਸ਼ੁਰੂਆਤ :
ਕੁੱਝ ਸਮਾਂ ਬਾਅਦ ਚੜ੍ਹਦੀ ਕਲਾ ਦੇ ਮਾਲਕ ਜਗਜੀਤ ਸਿੰਘ ਦਰਦੀ ਕੈਨੇਡਾ ਆਏ। ਉਹ ਚੜ੍ਹਦੀਕਲਾ ਮੈਗਜ਼ੀਨ ਵੀ ਕੱਢਦੇ ਹੁੰਦੇ ਸੀ। ਉਨ੍ਹਾਂ ਨਾਲ ਗੱਲ ਹੋਈ, ਵਿਚਾਰ ਚਰਚਾ ਤੋਂ ਬਾਅਦ ਤਹਿ ਹੋਇਆ, ਹੁਣ ਉਨ੍ਹਾਂ ਦੀ ਬੇਟੀ ਡਾ. ਇੰਦਰਪ੍ਰੀਤ ਕੌਰ ਖ਼ਬਰਾਂ ਤਿਆਰ ਕਰ ਕੇ ਪੜ੍ਹ ਦਿੰਦੀ ਸੀ। ਕੈਨੇਡਾ ਵਿਚ ਰੇਡੀਉ 'ਤੇ ਖ਼ਬਰਾਂ ਚਲਾਉਣ ਦਾ ਇਹ ਪਹਿਲਾ ਪ੍ਰੋਗਰਾਮ ਸੀ, ਬਹੁਤ ਮਕਬੂਲ ਹੋਇਆ। ਕੈਨੇਡਾ ਦੇ ਪੰਜਾਬੀ ਆਪਣੇ ਪੰਜਾਬ, ਭਾਰਤ ਦੀਆਂ ਖ਼ਬਰਾਂ ਸੁਣਨ ਲਈ ਪ੍ਰੋਗਰਾਮ ਦੀ ਉਡੀਕ ਕਰਦੇ ਸਨ। ਲੋਕਾਂ ਦੇ ਪਿਆਰ ਨੇ ਦਿਲਬਾਗ ਨੂੰ ਹੌਸਲਾ ਦਿੱਤਾ। -ਸਿੱਖ ਇਤਿਹਾਸ ਦੇ ਪੰਨੇ ਸ਼ੁਰੂ ਕਰਨਾ :
ਦਿਲਬਾਗ ਰੇਡੀਉ ਦੇ ਕੰਨਸੋਲ 'ਤੇ ਬੈਠਾ ਸੱਚੀਆਂ ਦੇ ਸਿੱਧੀਆਂ ਗੱਲਾਂ ਕਰਦਾ ਸੀ। ਲੋਕਾਂ ਨੂੰ ਚੰਗੀਆਂ ਵੀ ਲੱਗੀਆਂ, ਕਹਿੰਦੇ ਸੱਚੀਆਂ ਗੱਲਾਂ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ। ਦਿਲਬਾਗ ਚਾਵਲਾ ਨੇ ਇਕ ਪ੍ਰੋਗਰਾਮ ਸ਼ੁਰੂ ਕੀਤਾ 'ਸਿੱਖ ਇਤਿਹਾਸ ਦੇ ਪੰਨੇ'। ਇਹ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਵਰਗਾ ਸੀ। ਇਸ ਪ੍ਰੋਗਰਾਮ ਵਿਚ ਇਕ ਕਾਰ ਤੇ ਇਕ ਲੱਖ ਡਾਲਰ ਦਾ ਇਨਾਮ ਰੱਖਿਆ ਸੀ। ਸਰੋਤੇ ਪ੍ਰੋਗਰਾਮ ਵਿਚ ਸਵਾਲਾਂ ਦੇ ਜਵਾਬ ਦਿੰਦੇ ਤੇ ਇਨਾਮ ਜਿੱਤ ਲੈਂਦੇ ਪਰ ਆਖ਼ਰੀ ਸਵਾਲ ਤੱਕ ਸਿਰਫ਼ ਮਾਤਾ ਕਪੂਰ ਕੌਰ ਹੀ ਪੁੱਜੇ, ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਹੁਣ ਉਹ ਇਕ ਕਾਰ ਤੇ ਇਕ ਲੱਖ ਡਾਲਰ ਦੇ ਇਨਾਮ ਦੀ ਹੱਕਦਾਰ ਬਣ ਗਈ ਸੀ, ਪਰ ਮਾਤਾ ਕਪੂਰ ਕੌਰ ਨੇ ਕਿਹਾ ਕਿ ਮੈਂ ਇਨਾਮ ਨਹੀਂ ਲੈਣਾ ਪਰ ਮੇਰੀ ਇਕ ਸ਼ਰਤ ਹੈ ਕਿ ਤੁਸੀਂ ਇਹ ਪ੍ਰੋਗਰਾਮ ਬੰਦ ਨਹੀਂ ਕਰਨਾ। ਇਹ ਵਾਅਦਾ ਔਖਾ ਸੀ ਪਰ ਫਿਰ ਵੀ ਦਿਲਬਾਗ ਨੇ ਕਿਹਾ ਕਿ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ। ਪਰ ਇਕ ਵੱਡਾ ਸਮਾਗਮ ਡਿਸਕੀ ਗੁਰਦੁਆਰਾ ਸਾਹਿਬ ਵਿਚ ਕੀਤਾ ਗਿਆ ਮਾਤਾ ਕਪੂਰ ਕੌਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਹੁਣ ਰੰਗਲਾ ਪੰਜਾਬ ਰੇਡੀਉ ਕਨੈਡਾ ਦਾ ਚਰਚਿਤ ਰੇਡੀਉ ਬਣ ਚੁੱਕਿਆ ਸੀ। -ਸਮਾਜ ਸੇਵਾ ਵਿਚ ਕੰਮ ਕਰਨਾ :
ਸਮਾਜ ਸੇਵਾ ਲਈ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਰੇਡੀਉ 'ਤੇ ਕਈ ਵਾਰੀ ਫ਼ੰਡ ਇਕੱਠੇ ਕੀਤੇ। ਇਕ ਵਾਰ ਕੀ ਹੋਇਆ, ਜੰਮੂ ਕਸ਼ਮੀਰ ਵਿਚ ਛੱਤੀਸਿੰਘ ਪੁਰਾ ਵਿਚ ਛੱਤੀ ਸਿੱਖ ਕਤਲ ਕੀਤੇ ਗਏ। ਉਸ ਵੇਲੇ ਸਿੱਖਾਂ ਦੇ ਪਰਿਵਾਰ ਨੂੰ ਫ਼ੰਡ ਦੀ ਲੋੜ ਸੀ। ਰੰਗਲਾ ਪੰਜਾਬ ਰੇਡੀਉ 'ਤੇ ਐਲਾਨ ਹੋਇਆ, ਦਿਲਬਾਗ ਨੇ ਰੇਡੀਉ ਤੇ ਫ਼ੰਡ ਲਈ ਆਪਣੇ ਪਿਆਰੇ ਸਰੋਤਿਆਂ ਨੂੰ ਇਕ ਹਾਕ ਮਾਰੀ ਕਿ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਨੇ ਦਿਲ ਖੋਲ੍ਹ ਲਿਆ। ਕੈਨੇਡਾ ਵਾਸੀਆਂ ਨੇ ਇੰਨੀ ਮਦਦ ਕੀਤੀ ਕਿ 45 ਮਿੰਟ ਵਿਚ 36 ਲੱਖ ਰੁਪਏ ਇਕੱਠੇ ਹੋਏ। ਜੰਮੂ ਕਸ਼ਮੀਰ ਦੇ ਕਤਲ ਹੋਏ ਸਿੱਖਾਂ ਦੇ ਹਰੇਕ ਪਰਿਵਾਰ ਨੂੰ 86-86 ਲੱਖ ਰੁਪਏ ਭੇਜਿਆ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ‘ਸੇਵਾ ਫੂਡ ਬੈਂਕ’ ਦੇ ਨਾਮ ਤੇ ਲੱਖਾਂ ਡਾਲਰ ਇਕੱਠੇ ਕੀਤੇ ਜਾਂਦੇ ਹਨ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। -ਜਾਸੂਸ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਮਦਦ ਕਰਨੀ :
ਇਕ ਦਿਨ ਰੇਡੀਉ 'ਤੇ ਸਰਬਜੀਤ ਸਿੰਘ ਕਥਿਤ ਜਾਸੂਸ ਜੋ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸੀ ਉਸ ਦੀ ਭੈਣ ਦਲਬੀਰ ਕੌਰ ਅਤੇ ਉਸ ਦੀ ਧਰਮ ਪਤਨੀ ਨਾਲ ਸਰਬਜੀਤ ਦਾ ਮੁੱਦਾ ਚੁੱਕਿਆ। ਸਰਬਜੀਤ ਨੂੰ ਕਿਹਾ ਕਿ ਕਿ ਤੁਸੀਂ ਇਹ ਮਾਮਲਾ ਦਿੱਲੀ ਵਿਚ ਕੇਂਦਰ ਸਰਕਾਰ ਤੱਕ ਲੈ ਕੇ ਜਾਓ। ਪਰ ਦਲਬੀਰ ਕੌਰ ਕਹਿੰਦੀ ਮੇਰੇ ਕੋਲ ਤਾਂ ਰੁਪਏ ਨਹੀਂ ਹਨ ਤਾਂ ਕੈਨੇਡਾ ਵਾਸੀਆਂ ਨੇ ਆਪਣੇ ਆਪ ਹੀ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁੱਝ ਮਿੰਟਾਂ ਵਿਚ ਹੀ ਢਾਈ ਲੱਖ ਰੁਪਿਆ ਇਕੱਠਾ ਹੋ ਗਿਆ। ਉਹ ਡਰਾਫ਼ਟ ਬਣਾ ਕੇ ਦਲਬੀਰ ਕੌਰ ਨੂੰ ਭੇਜ ਦਿੱਤਾ। -ਰੰਗਲਾ ਪੰਜਾਬ ਰੇਡੀਉ ਦਾ ਇਸ਼ਤਿਹਾਰ ਵਿੰਗ ਨਹੀਂ:
ਜਦੋਂ ਕੋਈ ਮੀਡੀਆ ਚੱਲਦਾ ਹੈ, ਭਾਵੇਂ ਉਹ ਯੂ ਟਿਊਬ ਤੇ ਵੀ ਕਿਉਂ ਨਾ ਹੋਵੇ ਤਾਂ ਵੀ ਇਸ਼ਤਿਹਾਰ ਇਕੱਤਰ ਕਰਨ ਲਈ ਵੱਖਰਾ ਵਿੰਗ ਬਣਦਾ ਹੈ, ਇਹ ਲਾਜ਼ਮੀ ਹੁੰਦਾ ਹੈ ਕਿਉਂਕਿ ਇਹ ਵਿੰਗ ਅਸਲ ਵਿਚ ਮੀਡੀਆ ਨੂੰ ਜਿਉਂਦਾ ਰੱਖਣ ਲਈ ਆਕਸੀਜਨ ਦਾ ਕੰਮ ਕਰਦਾ ਹੈ, ਪਰ ਦਿਲਬਾਗ ਚਾਵਲਾ ਨੇ ਰੰਗਲਾ ਪੰਜਾਬ ਰੇਡੀਉ ਚਲਾਇਆ। ਪਰ ਉਸ ਨੇ ਆਪਣਾ ਇਸ਼ਤਿਹਾਰ ਵਿੰਗ ਨਹੀਂ ਬਣਾਇਆ, ਬਿਜ਼ਨਸਮੈਨ ਅਜਿਹੇ ਪਿਆਰੇ ਸੱਜਣ ਹਨ ਕਿ ਆਪਣੇ ਆਪ ਹੀ ਇਸ਼ਤਿਹਾਰ ਦੇ ਜਾਂਦੇ ਹਨ। ਕਈ ਸੱਜਣ ਤਾਂ ਲਗਾਤਾਰ ਮਦਦ ਕਰਦੇ ਆ ਰਹੇ ਹਨ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਰੇਡੀਉ ਰੰਗਲਾ ਪੰਜਾਬ ਜੋ ਕਿ ਅੱਜ ਕੱਲ੍ਹ ਟੀਵੀ ਚੈਨਲ ਵੀ ਨਾਲ ਚਲਾ ਰਿਹਾ ਹੈ, ਕੈਨੇਡਾ ਵਿਚ ਏਨਾ ਮਕਬੂਲ ਹੈ ਕਿ ਸਰੋਤੇ ਅਤੇ ਦਰਸ਼ਕ ਇਸ ਨੂੰ ਚੱਲਦਾ ਰੱਖਣ ਲਈ ਖੂਬ ਪਿਆਰ ਦਿੰਦੇ ਹਨ। -ਅਦਾਲਤੀ ਕੇਸ ਧਮਕੀਆਂ :
ਦਿਲਬਾਗ ਨੇ ਵਰਲਡ ਕਬੱਡੀ ਕੱਪ ਵਿਚ ਯੋਗਦਾਨ ਪਾਇਆ। ਕਈ ਸ਼ੋਅ ਪ੍ਰਮੋਟ ਕੀਤੇ। ਇਸ ਦੇ ਨਾਲ ਕੁੱਝ ਚੰਗੇ ਪੱਖ ਤੇ ਕੁੱਝ ਮਾੜੇ ਪੱਖ ਵੀ ਨਾਲ ਜੁੜਦੇ ਗਏ। ਕਈ ਸਾਰੇ ਅਦਾਲਤੀ ਕੇਸ ਭੁਗਤਣੇ ਪਏ ਜਿਸ 'ਤੇ ਹਜ਼ਾਰਾਂ ਡਾਲਰ ਖ਼ਰਚ ਆਇਆ। ਇਸ ਤੋਂ ਇਲਾਵਾ ਮਾਰਨ ਦੀਆਂ ਧਮਕੀਆਂ ਆਉਂਦੀਆਂ ਰਹੀਆਂ ਜੋ ਅੱਜ ਵੀ ਜਾਰੀ ਹਨ। -ਬਲਤੇਜ ਪੰਨੂ ਵੀ ਨਾਲ ਜੁੜੇ :
ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡਾਇਰੈਕਟਰ ਮੀਡੀਆ ਰਿਲੇਸ਼ਨ ਬਲਤੇਜ ਪੰਨੂ ਨੇ ਵੀ ਦਿਲਬਾਗ ਚਾਵਲਾ ਦੇ ਰੇਡੀਉ 'ਤੇ ਵਲੰਟੀਅਰੀ ਕੰਮ ਕੀਤਾ। ਰੇਡੀਉ ਤੇ ਟਾਕ ਸ਼ੋਅ 20ਵੀਂ ਸਦੀ ਦੇ ਮਹਾਨ ਸੰਤ ਕੌਣ? ਭਗਤ ਪੂਰਨ ਸਿੰਘ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਇਸ ਵਿਚ ਭਗਤ ਪੂਰਨ ਸਿੰਘ ਨੂੰ 90 ਵੋਟਾਂ ਪਈਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 110 ਵੋਟਾਂ ਪਈਆਂ। -ਪਰਿਵਾਰ :
ਪਰਿਵਾਰ ਵਿਚ ਦਿਲਬਾਗ ਚਾਵਲਾ, ਉਨ੍ਹਾਂ ਦੀ ਧਰਮ ਪਤਨੀ ਰੀਨਾ ਚਾਵਲਾ, ਸਪੁੱਤਰ ਅਰਸ਼ ਚਾਵਲਾ ਅਤੇ ਨੂੰਹ ਰਾਣੀ ਅਮਨਦੀਪ ਕੌਰ ਚਾਵਲਾ ਹਨ। ਅਰਸ਼ ਚਾਵਲਾ ਨੇ ਦੋ ਫ਼ਿਲਮ 'ਢੋਲ ਰੱਤੀ' ਅਤੇ 'ਉਡੀਕ ਭਗਤ ਸਿੰਘ' ਦੀ ਬਤੌਰ ਹੀਰੋ ਕੀਤੀਆਂ। ਅੱਜ ਕੱਲ੍ਹ ਉਹ ਰੇਡੀਉ ਤੇ ਟੀ.ਵੀ. ਦੇ ਨਾਲ ਨਾਲ ਰੀਅਲ ਅਸਟੇਟ ਵਿਚ ਵੀ ਚੰਗਾ ਨਾਮਣਾ ਖੱਟ ਚੁੱਕਿਆ ਹੈ। -ਭਗਵੰਤ ਮਾਨ ਨੇ ਵੀ ਰੰਗਲਾ ਪੰਜਾਬ ਹੋਸਟ ਕੀਤਾ :
ਦਿਲਬਾਗ ਚਾਵਲਾ ਖ਼ੁਸ਼ੀ ਮਹਿਸੂਸ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਰੇਡੀਉ ਅਤੇ ਟੀ.ਵੀ. ਤੇ 25 ਸਾਲਾਂ ਦੇ ਸਫ਼ਰ ਵਿਚ ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਲੈ ਕੇ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਨਾਲ ਇੰਟਰਵਿਊਜ਼ ਕੀਤੀਆਂ ਹਨ। ਅੱਜ ਦੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਰੰਗਲਾ ਪੰਜਾਬ ਹੋਸਟ ਕੀਤਾ ਹੈ। ਐਮ.ਪੀ. ਬਣਨ ਤੱਕ ਵੀ ਉਹ ਰੰਗਲਾ ਪੰਜਾਬ ਨਾਲ ਜੁੜੇ ਰਹੇ। -ਮੀਡੀਆ ਟੀਮ :
ਕੈਨੇਡਾ ਤੋਂ ਅਰਸ਼ ਚਾਵਲਾ, ਕਰਨ ਧੁੰਨਾ ਤਕਨੀਸ਼ੀਅਨ, ਸਤਪਾਲ ਜੌਹਲ, ਅੰਜੂ ਸਿੱਕਾ, ਅਮਨ ਹਾਂਸ, ਜਸਬੀਰ ਸਿੰਘ ਪੱਟੀ, ਗੁਰਨਾਮ ਸਿੰਘ ਅਕੀਦਾ, ਮਿੰਟੂ ਗੁਰੂਸਰੀਆ ਆਦਿ ਅੱਜ ਕੱਲ੍ਹ ਮੀਡੀਆ ਟੀਮ ਵਿਚ ਸ਼ਾਮਲ ਹਨ।
ਦਿਲਬਾਗ ਚਾਵਲਾ ਕੈਨੇਡਾ ਵਿਚ ਰਹਿ ਕੇ ਮੀਡੀਆ ਵਿਚ 25 ਸਾਲਾਂ ਦਾ ਸਫ਼ਰ ਪੂਰਾ ਕਰ ਚੁੱਕਿਆ ਹੈ, ਮੀਡੀਆ ਨੂੰ ਇਕ ਮਿਸ਼ਨ ਲੈ ਕੇ ਚੱਲਦਾ ਹੈ, ਕਿਸੇ ਦੀ ਗੁਲਾਮੀ ਨਹੀਂ ਕਬੂਲਦਾ, ਜੋ ਸੱਚ ਹੈ ਉਹ ਹੀ ਦਰਸ਼ਕਾਂ ਤੇ ਸਰੋਤਿਆਂ ਤੱਕ ਪੁੱਜਦਾ ਕਰਦਾ ਹੈ, ਅਜਿਹੇ ਮੀਡੀਆ ਕਰਮੀ ਬਣੇ ਰਹਿਣੇ ਚਾਹੀਦੇ ਹਨ, ਵਾਹਿਗੁਰੂ ਅਜਿਹੇ ਸ਼ਬਦ ਗੁਰੂ ਨੂੰ ਪ੍ਰਣਾਏ ਮੀਡੀਆ ਕਰਮੀ ਦੀ ਲੰਬੀ ਉਮਰ ਦੇ ਬੁਲੰਦ ਆਵਾਜ਼ ਦੀ ਮੈਂ ਕਾਮਨਾ ਕਰਦਾ ਹਾਂ.. ਆਮੀਨ! -ਗੁਰਨਾਮ ਸਿੰਘ ਅਕੀਦਾ 8146001100

Friday, January 13, 2023

ਬਹੁ ਪੱਖ ਸ਼ਖ਼ਸੀਅਤ ਹੈ ਪੱਤਰਕਾਰ ‘ਡਾ. ਲਖਵਿੰਦਰ ਸਿੰਘ ਜੌਹਲ’

-ਮੁੱਢ ਤੇ ਜਨਮ
ਗ਼ਦਰੀ ਬਾਬਿਆਂ ਦੇ ਪਿੰਡ ਜੰਡਿਆਲਾ ਮੰਝਕੀ ਵਿਚ ਪਿਤਾ ਸ. ਗੁਰਦੀਪ ਸਿੰਘ ਤੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੇ ਘਰ 12 ਫਰਵਰੀ 1955 ਨੂੰ ਜਨਮੇ ਡਾ. ਲਖਵਿੰਦਰ ਸਿੰਘ ਜੌਹਲ ਦਾ ਬਚਪਨ ਗ਼ਰੀਬੀ ਵਿਚ ਗੁਜ਼ਰਿਆ। ਸੂਤ ਕੱਤ ਕੇ ਖੱਦਰ ਭੰਡਾਰ ਵਿਚ ਵਟਾ ਕੇ ਕੱਪੜੇ ਬਣਾਉਣ ਦਾ ਸਮਾਂ ਵੀ ਇਸ ਪਰਿਵਾਰ ਨੇ ਭੋਗਿਆ। ਆਸ਼ਾਵਾਦੀ ਪਰਿਵਾਰ ਹੋਣ ਕਰਕੇ ਅੱਗੇ ਵਧ ਜਾਣ ਦੀ ਆਸ ਬਣੀ ਰਹਿੰਦੀ ਸੀ। ਪਿੰਡ ਦਾ ਮਾਣਮੱਤਾ ਇਤਿਹਾਸ ਵੀ ਅਗਾਂਹ ਵਧਣ ਦੀ ਪ੍ਰੇਰਣਾ ਦਿੰਦਾ ਸੀ। ਭਾਰਤ ਛੱਡੋ ਅੰਦੋਲਨ ਵਿਚ ਪਿੰਡ ਜੰਡਿਆਲਾ ਤੋਂ ਵੀ ਰੋਜ਼ਾਨਾ ਜਥੇ ਜਾਂਦੇ ਸਨ। ਲੂਣ ਬਣਾਉਣ ਦੇ ਮੋਰਚੇ ਵਿਚ ਵੀ ਸਿੰਬੋਲਿਕ ਤੌਰ ਤੇ ਪਿੰਡ ਦੇ ਛੱਪੜ ਵਿਚ ਨਮਕ ਬਣਾਉਣ ਦਾ ਕੰਮ ਵੀ ਕੀਤਾ ਗਿਆ। 3 ਭੈਣਾਂ ਤੇ 3 ਭਰਾ ਤੇ ਸਾਢੇ ਚਾਰ ਕਿਲ੍ਹੇ ਜ਼ਮੀਨ ਸੀ। -ਪੜਾਈ
ਸਕੂਲੀ ਪੜਾਈ ਪਿੰਡ ਵਿਚੋਂ ਹੀ ਕੀਤੀ ਗਈ ਤੇ ਕਾਲਜ ਸਮੇਂ ਤੋਂ ਸੀਪੀਆਈ ਦੀ ਵਿਦਿਆਰਥੀ ਜਥੇਬੰਦੀ ਏਆਈਐਸਐਫ ਵਿਚ ਸਰਗਰਮ ਹੋ ਗਏ। ਕੁਝ ਕਾਰਨਾਂ ਕਰਕੇ ਬੀਏ ਦੂਜੇ ਸਾਲ ਵਿਚ ਹੀ ਪੜਾਈ ਛੱਡਣੀ ਪਈ। ਬੀਏ ਪ੍ਰਾਈਵੇਟ ਕੀਤੀ, ਐਮਏ ਪ੍ਰਾਈਵੇਟ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰੈਗੂਲਰ ਐਮਫਿਲ ਕੀਤੀ। ਪੀ ਐੱਚ ਡੀ ਵੀ ਕੀਤੀ। -ਪੱਤਰਕਾਰੀ ਸ਼ੁਰੂ ਕਰਨਾ
ਬੀਏ ਦੂਜਾ ਸਾਲ ਵਿੱਚੇ ਛੱਡਣ ਤੋਂ ਬਾਅਦ ਨਵਾਂ ਜ਼ਮਾਨਾ ਅਖ਼ਬਾਰ ਵਿਚ ਸਬ ਐਡੀਟਰ ਵਜੋਂ ਜੁਆਇਨ ਕਰ ਲਿਆ। ਪਾਰਟੀ ਦਾ ਅਖ਼ਬਾਰ ਹੋਣ ਕਰਕੇ ਪਾਰਟੀ ਦਾ ਕੰਮ ਵੀ ਕਰਨਾ ਪੈਂਦਾ ਸੀ। ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰੈਗੂਲਰ ਐਮਫਿਲ ਕੀਤੀ ਤਾਂ ਉਹ ਸਮਾਂ ਬੜਾ ਸਖ਼ਤ ਰਿਹਾ, ਰੋਜ਼ਾਨਾ ਨਵਾਂ ਜ਼ਮਾਨਾ ਤੋਂ ਹੀ ਅੰਮ੍ਰਿਤਸਰ ਜਾਣਾ, ਬਾਅਦ ਵਿਚ ਆਕੇ ਨਵਾਂ ਜ਼ਮਾਨਾ ਵਿਚ ਵੀ ਕੰਮ ਕਰਨਾ ਤੇ ਨਵਾਂ ਜ਼ਮਾਨਾ ਵਿਚ ਰਾਤ ਬਿਤਾਉਣੀ। ਦੂਰ ਦਰਸ਼ਨ ਵਿਚ ਪ੍ਰੋਡਕਸ਼ਨ ਅਸਿਸਟੈਂਟ ਦੀਆਂ 22 ਅਸਾਮੀਆਂ ਨਿਕਲੀਆਂ, ਡਾ. ਜੌਹਲ ਨੇ ਇੱਥੇ ਅਪਲਾਈ ਕੀਤਾ ਤਾਂ ਦੂਰਦਰਸ਼ਨ ਨੇ 22 ਵਿਚੋਂ 16 ਅਸਾਮੀਆਂ ਭਰ ਲਈਆਂ ਪਰ 6 ਬਾਕੀ ਰਹਿ ਗਈਆਂ। ਅਜੀਤ ਅਖ਼ਬਾਰ ਵਿਚ ਉਸ ਵੇਲੇ ਸਾਧੂ ਸਿੰਘ ਹਮਦਰਦ ਹੁੰਦੇ ਸਨ। ਲਖਵਿੰਦਰ ਨੇ ਅਜੀਤ ਵਿਚ ਜੁਆਇਨ ਕਰ ਲਿਆ। ਜੋ ਛੇ ਅਸਾਮੀਆਂ ਦੂਰਦਰਸ਼ਨ ਦੀਆਂ ਬਾਕੀ ਰਹਿ ਗਈਆਂ ਸਨ 1985 ਵਿਚ ਉਸ ਅਸਾਮੀ ਦੇ ਲਖਵਿੰਦਰ ਸਿੰਘ ਜੌਹਲ ਨੂੰ ਨਿਯੁਕਤੀ ਪੱਤਰ ਦੇ ਦਿੱਤਾ ਗਿਆ। ਬਤੌਰ ਪ੍ਰੋਡਕਸ਼ਨ ਅਸਿਸਟੈਂਟ ਉੱਥੇ ਜੁਆਇਨ ਕਰ ਲਿਆ। 1991 ਵਿਚ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਕੇ ਡੀਡੀ ਨਿਊਜ਼ ਵਿਚ ਪ੍ਰੋਗਰਾਮਿੰਗ ਐਗਜ਼ੈਕਟਿਵ ਦੇ ਤੌਰ ਤੇ 1991 ਵਿਚ ਗਜ਼ਟਿਡ ਅਸਾਮੀ ਤੇ ਜੁਆਇਨ ਕਰ ਲਿਆ। ਜਿੱਥੇ ਕਿ 2015 ਤੱਕ ਲਗਾਤਾਰ ਕੰਮ ਕੀਤਾ। ਦੀਪਕ ਚੌਰਸੀਆ ਸਮਾਚਾਰ ਪਲੱਸ ਵਿਚ ਐਂਕਰ ਹੁੰਦੇ ਸਨ ਤਾਂ ਉਸ ਪ੍ਰੋਗਰਾਮ ਦੇ ਜੌਹਲ ਪ੍ਰੋਡਿਊਸਰ ਹੁੰਦੇ ਸਨ। ਕਾਮਨ ਵੈਲਥ ਦੇਸ਼ਾਂ ਦੇ ਸੰਮੇਲਨ ਵਿਚ ਜਦੋਂ ਪ੍ਰਧਾਨ ਮੰਤਰੀ ਨਾਈਜੀਰੀਆ ਵਿਚ ਗਏ ਸਨ ਤਾਂ ਡੀਡੀ ਵੱਲੋਂ ਡਾ ਜੌਹਲ ਨੂੰ ਉੱਥੇ ਭੇਜਿਆ। ਵਿਭਾਗ ਨੇ ਟ੍ਰੇਨਿੰਗ ਕਰਨ ਲਈ ਪੂਨੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਵਿਚ ਭੇਜਿਆ। ਇਸ ਤੋਂ ਇਲਾਵਾ ਤ੍ਰਿਮਾਸਿਕ ਕਾਵਿਲੋਕ ਦੇ ਮੁੱਖ ਸੰਪਾਦਕ ਵੀ ਰਹੇ। -ਨਿਰਮਾਣ ਦੇ ਨਿਰਦੇਸ਼ਨ
ਉੱਘੇ ਪੰਜਾਬੀ ਸਾਹਿਤਕਾਰਾਂ ਤੇ ਵਿਸ਼ੇਸ਼ ਪ੍ਰੋਗਰਾਮ ਕੀਤੇ। ਕੁਝ ਪੱਤਰੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਨਾਵਲ ਤੇ ਅੱਠ ਕਿਸ਼ਤਾਂ ਕੀਤੀਆਂ। ਜੁਗ ਬਦਲ ਗਿਆ ਸੋਹਣ ਸਿੰਘ ਸੀਤਲ ਦੇ ਨਾਵਲ ਦੀਆਂ ਚਾਰ ਕਿਸ਼ਤਾਂ। ਜਸਵੰਤ ਸਿੰਘ ਕੰਵਲ ਦੇ ਰੂਪ ਧਾਰਾ ਨਾਵਲ ਤੇ, ਸੰਸਾਰ ਪ੍ਰਸਿੱਧ ਲੇਖਕ ਆਰਥਰ ਮਿਲਰ ਦੇ ਮਸ਼ਹੂਰ ਨਾਟਕ ‘ਡੈੱਥ ਆਫ਼ ਏ ਸੇਲਜ਼ਮੈਨ’ ਤੇ, ਦਰਸ਼ਨ ਮਿੱਤਵਾ ਦੀ ਕਹਾਣੀ ਬਦਲੇ ਖੋਰੀਆਂ ਰਾਤਾਂ ਤੇ, ਰਾਮ ਸਰੂਪ ਅਣਖੀ ਦੀ ਕਹਾਣੀ ਸਾਈਕਲ ਦੌੜ ਤੇ, ਇਸ ਤਰ੍ਹਾਂ ਬਹੁਤ ਸਾਰੇ ਲੇਖਕਾਂ ਦੀਆਂ ਲਿਖਤਾਂ ਤੇ ਕੰਮ ਕੀਤਾ ਗਿਆ। ਰਾਸ਼ਟਰੀ ਚੈਨਲ ਤੋਂ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਗਈਆਂ। ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿਚ ਵਿਰਾਸਤ, ਲਿਸ਼ਕਾਰਾ, ਨਕਸ਼ ਨੁਹਾਰ, ਬੈਠਕ, ਰਾਬਤਾ, ਸੁਰ ਪੰਜਾਬੀ, ਸੁਰ ਸਿਰਤਾਜ, ਪਟਿਆਲਾ ਦਰਪਣ, ਰੂਬਰੂ, ਦਰਪਣ, ਦ੍ਰਿਸ਼ਟੀ, ਕਵੀ ਤੇ ਕਵਿਤਾ, ਸਹਿਤਧਾਰਾ, ਸੁਖਨਸਾਜ਼, ਵੀ ਕੀਤੇ । ਇਸ ਤੋਂ ਇਲਾਵਾ ਪ੍ਰੋਗਰਾਮਾਂ ਦੇ ਸਿੱਧੇ ਪ੍ਰਸਾਰਣ ਦੇ ਨਿਰਮਾਣ ਅਤੇ ਪ੍ਰਬੰਧਾਂ ਦਾ ਵਿਆਪਕ ਤਜਰਬਾ ਹਾਸਲ ਹੈ। -ਅਕਾਦਮਿਕ ਤੇ ਪ੍ਰਸ਼ਾਸਨਿਕ ਯੋਗਦਾਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਰਨਲਿਜ਼ਮ ‌ਵਿਭਾਗ ਦੀ ਰੀਸਰਚ ਡਿੱਗਰੀ ਕਮੇਟੀ ਦੇ ਮੈਂਬਰ ਦੋ ਟਰਮਾਂ ਲਗਾਤਾਰ, ਪੀਟੀਯੂ ਦੀ ਜਰਨਲਿਜ਼ਮ ਪਾਠਕ੍ਰਮ ਸਲਾਹਕਾਰ ਕਮੇਟੀ ਦੇ ਮੈਂਬਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੀਟੀਯੂ ਅਤੇ ਲਵਲੀ ਯੂਨੀਵਰਸਿਟੀ ਦੀਆ ਵੱਖ ਵੱਖ ਫੈਕਲਟੀਜ਼ ਵਿਚ ਤਿੰਨ ਸਿੱਖਿਆਰਥੀਆਂ ਦਾ ਕੋ-ਗਾਈਡ। ਜੰਗ ਏ ਅਜ਼ਾਦੀ ਯਾਦਗਾਰ ਫਾਊਂਡੇਸ਼ਨ ਕਰਤਾਰਪੁਰ ਵੱਲੋਂ ਉੱਘੇ ਨਿਰਦੇਸ਼ਕ ਸ਼ਿਆਮ ਬੈਨੇਗਲ ਦੀ ਨਿਰਦੇਸ਼ਨਾਂ ਅਧੀਨ ਬਣਾਈ ਜਾ ਰਹੀ ਫ਼ਿਲਮ ਦੀ ਦੇਖ ਰੇਖ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਫ਼ਿਲਮ ਕਮੇਟੀ ਦੇ ਮੈਂਬਰ ਵੀ ਬਣੇ। -ਸਿਰਜਣਾ
ਬਹੁਤ ਦੇਰ ਹੋਈ (ਕਵਿਤਾ), ਮਨੋਵੇਗ (ਕਵਿਤਾ), ਸਾਹਾਂ ਦੀ ਸਰਗਰਮ (ਕਵਿਤਾ), ਇਕ ਸੁਪਨਾ ਇਕ ਸੰਵਾਦ (ਲੰਮੀ ਕਵਿਤਾ), ਇਕ ਸੁਪਨਾ ਇਕ ਸੰਵਾਦ (ਹਿੰਦੀ), ਬਲੈਕ ਹੋਲ (ਲੰਮੀ ਕਵਿਤਾ), ਬਲੈਕ ਹੋਲ (ਅੰਗਰੇਜ਼ੀ), ਅਣਲਿਖੇ ਵਰਕੇ (ਕਾਵਿ ਨਿਬੰਧ), ਸ਼ਬਦਾਂ ਦੀ ਸੰਸਦ (ਕਵਿਤਾ), ਬਹਿਸ ਤੋਂ ਬੇਖ਼ਬਰ (ਕਵਿਤਾ), ਲਹੂ ਦੇ ਲਫ਼ਜ਼ (ਚੋਣਵੀਂ ਕਵਿਤਾ), ਬਰਤਾਨਵੀ ਕਵਿਤਾ ਦੇ ਪਛਾਣ ਚਿੰਨ੍ਹ (ਸਮੀਖਿਆ), ਸਮਤਾ ਦੇ ਸਮਰਥਕ : ਡਾਕਟਰ ਅੰਬੇਡਕਰ, (ਵਸੰਤ ਮੂਨ ਦੀ ਮਰਾਠੀ ਪੁਸਤਕ ਦਾ ਪੰਜਾਬੀ ਅਨੁਵਾਦ ਐਨ ਬੀ ਟੀ ਲਈ 2004), ਕਾਲੇ ਪਾਣੀ ਦਾ ਇਤਿਹਾਸਕ ਦਸਤਾਵੇਜ਼, (ਰਾਮ ਚਰਨ ਲਾਲ ਸ਼ਰਮਾ ਦੀ ਜੇਲ੍ਹ ਡਾਇਰੀ ਦਾ ਅਨੁਵਾਦ ਐਨ ਬੀ ਟੀ ਲਈ 2004), ਕਲਪਨਾ ਚਾਵਲਾ (ਸੁਬੋਧ ਮੋਹੰਤੀ ਦੀ ਪੁਸਤਕ ਦਾ ਅਨੁਵਾਦ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਲਈ), ਕਫ਼ਨ (ਮੁਨਸ਼ੀ ਪ੍ਰੇਮ ਚੰਦ ਦੀ ਪੁਸਤਕ ਦਾ ਅਨੁਵਾਦ ਐਨ ਬੀ ਟੀ ਲਈ), ਪਾਣੀ ਹੋਏ ਵਿਚਾਰ (ਕਵਿਤਾਵਾਂ 2022) ਆਦਿ ਕਿਤਾਬਾਂ ਡਾ. ਲਖਵਿੰਦਰ ਸਿੰਘ ਜੌਹਲ ਦੀਆਂ ਮਾਰਕਿਟ ਵਿਚ ਪੜ੍ਹੀਆਂ ਜਾ ਸਕਦੀਆਂ ਹਨ। -ਸਨਮਾਨ
ਡਾ. ਜੌਹਲ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਐਚੀਵਰਜ਼ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਪੁਸਤਕ (ਸ਼ਬਦਾਂ ਦੀ ਸੰਸਦ), ਦੂਰਦਰਸ਼ਨ ਰਾਸ਼ਟਰੀ ਪੁਰਸਕਾਰ : ਟੀਵੀ ਸ਼ੋਅ ‘ਜਲਵਾ’ ਲਈ, ਪਬਲਿਕ ਸਰਵਿਸ ਬਰਾਡਕਾਸਟਿੰਗ ਰਾਸ਼ਟਰੀ ਐਵਾਰਡ: (ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਬਾਰੇ ਬਣਾਈ ਦਸਤਾਵੇਜ਼ੀ ਫ਼ਿਲਮ), ਸ਼ਿਵ ਕੁਮਾਰ ਬਟਾਲਵੀ ਪੁਰਸਕਾਰ : ਰਚਨਾ ਵਿਚਾਰ ਮੰਚ ਨਾਭਾ ਵੱਲੋਂ, ਬੁੱਲ੍ਹੇਸ਼ਾਹ ਪੁਰਸਕਾਰ: ਇੰਟਰਨੈਸ਼ਨਲ ਰਾਈਟਰਜ਼ ਐਸੋਸੀਏਸ਼ਨ ਡੈਨਮਾਰਕ ਵੱਲੋਂ ਆਦਿ ਬਹੁਤ ਬਹੁਤ ਸਾਰੇ ਮਾਨ ਸਨਮਾਨ ਡਾ. ਜੌਹਲ ਨੂੰ ਮਿਲੇ ਹਨ। -ਮੌਜੂਦਾ ਅਹੁਦੇ
ਪੰਜਾਬ ਪ੍ਰੈਸ ਕਲੱਬ ਜਿਹੀ ਸੰਸਥਾ ਦੇ ਪ੍ਰਧਾਨ ਰਹੇ ਹਨ ਤੇ ਹੋਰ ਕਈ ਸੰਸਥਾਵਾਂ ਦੇ ਕਈ ਆਹੁਦਿਆਂ ਤੇ ਸ਼ੁਮਾਰ ਰਹੇ ਹਨ। ਅੱਜ ਕੱਲ੍ਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਪੰਜਾਬ ਆਰਟਸ ਕੌਂਸਲ ਦੇ ਸਕੱਤਰ ਵਜੋਂ ਕੰਮ ਕਰ ਰਹੇ ਹਨ। ਜੰਗ-ਏ-ਅਜ਼ਾਦੀ ਯਾਦਗਾਰ, ਕਰਤਾਰਪੁਰ (ਪੰਜਾਬ) ਦੇ ਸਕੱਤਰ ਵਜੋਂ ਸੇਵਾ ਕਰ ਰਹੇ ਹਨ, ਕਾਵਿ ਲੋਕ ਮੈਗਜ਼ੀਨ ਅਤੇ ਯੂ-ਟਿਊਬ ਚੈਨਲ ਤੇ ਮੁੱਖ ਸੰਪਾਦਕ ਵਜੋਂ ਸੇਵਾ ਕਰ ਰਹੇ ਹਨ। -ਪਰਿਵਾਰ
ਧਰਮ-ਪਤਨੀ ਪਰਮਜੀਤ ਕੌਰ ਰਾਏ (ਜੌਹਲ) ਹਨ, ਦੋ ਬੱਚੇ ਜਸ਼ਨਜੋਤ ਸਿੰਘ ਜੌਹਲ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਚ ਜਦ ਕਿ ਵੱਡੀ ਬੇਟੀ ਜਸਲੀਨ ਕੌਰ ਜੌਹਲ (ਰੰਧਾਵਾ) ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਚ ਹਨ। -ਪੱਤਰਕਾਰ ਤੇ ਮੀਡੀਆ ਬਾਰੇ
ਜਲੰਧਰ ਦੇ ਪੁਰਾਣੇ ਪੱਤਰਕਾਰਾਂ ਵਿਚੋਂ ਸਾਧੂ ਸਿੰਘ ਹਮਦਰਦ, ਜਗਜੀਤ ਸਿੰਘ ਅਨੰਦ, ਅਮਰ ਸਿੰਘ ਦੁਸਾਂਝ, ਗਿ. ਸਾਦੀ ਸਿੰਘ, ਲਾਲ ਜਗਤ ਨਰਾਇਣ, ਬਰਜਿੰਦਰ ਸਿੰਘ ਹਮਦਰਦ, ਗਿ. ਭਜਨ ਸਿੰਘ, ਜਤਿੰਦਰ ਪੰਨੂ, ਚੰਦ ਫ਼ਤਿਹਪੁਰ, ਫ਼ੀਲਡ ਪੱਤਰਕਾਰਾਂ ਵਿਚੋਂ ਮੇਜਰ ਸਿੰਘ, ਯਸ਼ ਪੰਜਾਬ ਵਾਲਾ ਐਚਐਸ ਬਾਵਾ ਆਦਿ ਦਾ ਜ਼ਿਕਰ ਡਾ. ਜੌਹਲ ਕਰਦੇ ਹਨ। ਅਖ਼ਬਾਰ ਵਿਚ ਵੀਰ ਪ੍ਰਤਾਪ, ਮਿਲਾਪ, ਯਸ਼, ਪੰਜਾਬ ਕੇਸਰੀ, ਅਕਾਲੀ ਪਤ੍ਰਿਕਾ, ਕੌਮੀ ਦਰਦ, ਪ੍ਰਭਾਤ, ਜਥੇਦਾਰ, ਫੁਲਵਾੜੀ ਮੈਗਜ਼ੀਨ ਵੀ ਚੰਗਾ ਹੁੰਦਾ ਸੀ। ਡਾ. ਲਖਵਿੰਦਰ ਸਿੰਘ ਜੌਹਲ ਕਹਿੰਦੇ ਹਨ ਉਂਜ ਅੱਜ ਪੱਤਰਕਾਰੀ ਨਿਰਪੱਖ ਨਹੀਂ ਰਹਿ ਗਈ, ਉਹ ਖ਼ਾਸ ਜ਼ਿਕਰ ਕਰਦੇ ਹਨ ਕਿ ਅੱਜ ਵਿਰੋਧੀ ਧਿਰ ਦਾ ਪੱਖ ਲੈਣ ਤੋਂ ਬਿਨਾਂ ਖ਼ਬਰ ਨਹੀਂ ਲਾਈ ਜਾਂਦੀ, ਜਿਸ ਕਰਕੇ ਵੱਡੀਆਂ ਤੋਂ ਵੱਡੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਰਹਿ ਜਾਂਦੀਆਂ ਹਨ। ਅੱਜ ਤਾਂ ਇਹ ਯੁੱਗ ਹੈ ਕਿ ਜੇਕਰ ਕੁਝ ਸਮਾਂ ਖ਼ਬਰ ਲੇਟ ਹੋ ਗਈ ਤਾਂ ਸਮਝੋ ਖ਼ਬਰ ਦੀ ਹੱਤਿਆ ਹੋ ਗਈ। ਪਰ ਅਜੋਕੇ ਸਮੇਂ ਵਿਚ ਵਿਰੋਧੀ ਪੱਖ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਵਿਰੋਧੀ ਹਮੇਸ਼ਾ ਪੱਖ ਦੇਣ ਤੋਂ ਬਚਦਾ ਹੈ ਤਾਂ ਹੀ ਖ਼ਬਰਾਂ ਦੀ ਭਰੂਣ ਹੱਤਿਆ ਹੋ ਜਾਂਦੀ ਹੈ। -ਪੱਤਰਕਾਰਤਾ ਤੇ ਕਈ ਲਹਿਰਾਂ ਦਾ ਹੱਬ ਜਲੰਧਰ
ਡਾ. ਲਖਵਿੰਦਰ ਸਿੰਘ ਜੌਹਲ ਕਹਿੰਦੇ ਹਨ ਕਿ ਅਜ਼ਾਦੀ ਤੋਂ ਬਾਅਦ ਜਲੰਧਰ ਦਾ ਕਈ ਲਹਿਰਾਂ ਵਿਚ ਕਾਫ਼ੀ ਯੋਗਦਾਨ ਰਿਹਾ ਹੈ। ਅਖ਼ਬਾਰਾਂ ਛਾਪਣ ਦੇ ਛਾਪੇਖ਼ਾਨੇ ਇੱਥੇ ਲੱਗੇ। ਬਹੁਤ ਸਾਰੀਆਂ ਅਖ਼ਬਾਰਾਂ ਇੱਥੋਂ ਹੀ ਸ਼ੁਰੂ ਹੋਈਆਂ, ਅਕਾਲੀ ਲਹਿਰ ਦਾ ਮੁੱਢ ਵੀ ਇੱਥੋਂ ਹੀ ਬੱਝਿਆ, ਪੰਜ ਦਰਿਆ ਮੈਗਜ਼ੀਨ ਕੱਢਣ ਵਾਲੇ ਪ੍ਰੋ. ਮੋਹਨ ਸਿੰਘ ਜਲੰਧਰ ਹੀ ਰਹੇ। ਨਕਸਲੀ ਮੂਵਮੈਂਟ ਇੱਥੋਂ ਹੀ ਸ਼ੁਰੂ ਹੋਈ। ਪੰਜਾਬੀ ਕਵਿਤਾ ਦੀ ਇਹ ਜ਼ਰਖੇਜ਼ ਧਰਤੀ ਹੈ, ਜਿਵੇਂ ਕਿ ਇੱਥੇ ਹੀ ਜਗਤਾਰ, ਅਵਤਾਰ ਪਾਸ਼ ਵਰਗੇ ਕਵੀਆਂ ਦਾ ਨਾਮ ਜ਼ਿਕਰ ਕਰਨਾ ਬਣਦਾ ਹੈ। ਇਸ ਧਰਤੀ ਦੇ ਪੱਤਰਕਾਰ ਬਹੁਤ ਜ਼ਿਆਦਾ ਹੋਏ। ਦੇਸ਼ ਭਗਤ ਯਾਦਗਾਰ ਹਾਲ ਲਹਿਰ ਦਾ ਹੀ ਮੁਜੱਸਮਾ ਹੈ।
ਬੜਾ ਹਸ਼ਮੁੱਖ, ਖੁੱਲੀ ਕਿਤਾਬ ਵਰਗਾ ਮਿਲਣਸਾਰ ਹੈ ਡਾ. ਲਖਵਿੰਦਰ ਜੌਹਲ, ਪੱਤਰਕਾਰ ਘੱਟ ਸਾਹਿਤਕਾਰ ਜ਼ਿਆਦਾ ਲੱਗਦੇ ਪੱਤਰਕਾਰ ਡਾ. ਲਖਵਿੰਦਰ ਸਿੰਘ ਜੌਹਲ ਬਾਰੇ ਬਹੁਤ ਸਾਰੀ ਜਾਣਕਾਰੀ ਸਾਂਝੀ ਕਰਨੀ ਰਹਿ ਗਈ ਹੈ, ਬੜਾ ਹੀ ਕੀਮਤ ਬੰਦਾ ਹੈ, ਅਜਿਹੇ ਬੰਦੇ ਸਾਡੇ ਕੋਲ ਹਮੇਸ਼ਾ ਰਹਿਣੇ ਚਾਹੀਦੇ ਹਨ।.. ਆਮੀਨ ਗੁਰਨਾਮ ਸਿੰਘ ਅਕੀਦਾ 8146001100

Tuesday, January 10, 2023

ਗਿਆਨੀ ਦਿੱਤ ਸਿੰਘ ਦਾ ਵੰਸ਼ਜ ਪ੍ਰੀਤ ਕੰਵਲ ਸਿੰਘ ਬਣਿਆ ‘ਜੁਆਇੰਟ ਡਾਇਰੈਕਟਰ’

-2011 ਤੋਂ ਲੋਕ ਸੰਪਰਕ ਵਿਭਾਗ ਦੀਆਂ ਨਿਭਾ ਰਿਹਾ ਹੈ ਸੇਵਾਵਾਂ
ਖ਼ਾਲਸਾ ਅਖ਼ਬਾਰ ਵਿਚ ਆਪਣੀਆਂ ਵਿਸ਼ੇਸ਼ ਟਿੱਪਣੀਆਂ ਕਰਕੇ ਪੰਜਾਬੀ ਦੇ ਪਹਿਲੇ ਪੱਤਰਕਾਰ ਵਜੋਂ ਮਾਨਤਾ ਪ੍ਰਾਪਤ ਗਿਆਨੀ ਦਿੱਤ ਸਿੰਘ ਦਾ ਵੰਸ਼ਜ ਪ੍ਰੀਤ ਕੰਵਲ ਸਿੰਘ ਹੁਣ ਉਨ੍ਹਾਂ ਦੇ ਰਸਤੇ ਚੱਲਦਿਆਂ ਲੋਕ ਸੰਪਰਕ ਵਿਭਾਗ ਦਾ ਜੁਆਇੰਟ ਡਾਇਰੈਕਟਰ ਬਣ ਗਿਆ ਹੈ। ਗਿਆਨੀ ਦਿੱਤ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਮਰਿਆਦਾ ਬਹਾਲ ਕਰਨ ਲਈ ਉਨ੍ਹਾਂ ਵਿਸ਼ੇਸ਼ ਨਿਧੜਕ ਕੰਮ ਕੀਤੇ। ਗਿਆਨੀ ਦਿੱਤ ਸਿੰਘ ਬਾਰੇ ਮੇਰੇ ਬਲਾਗ ਦੇ ਅਗਲੇ ਹਿੱਸੇ ਵਿਚ ਪੜ੍ਹਿਆ ਜਾ ਸਕਦਾ ਹੈ। -ਗਿਆਨੀ ਦਿੱਤ ਸਿੰਘ ਦਾ ਵੰਸ਼ਜ ਕਿਵੇਂ?
ਦੀਵਾਨ ਸਿੰਘ ਅਤੇ ਕਾਹਨ ਸਿੰਘ ਦੋਵੇਂ ਸਕੇ ਭਰਾ ਸਨ ਜੋ ਕਿ ਪਿੰਡ ਝੱਲੀਆਂ ਜ਼ਿਲ੍ਹਾ ਰੂਪਨਗਰ ਵਿਚ ਇਕੱਠੇ ਰਹਿੰਦੇ ਸਨ। ਦੋਵਾਂ ਦੇ ਵਿਆਹ ਹੋਏ, ਝੱਲੀਆਂ ਪਿੰਡ ਤੋਂ ਪਲਾਇਨ ਕਰਕੇ ਦੋਵੇਂ ਜਣੇ ਆਪੋ ਆਪਣੇ ਸਹੁਰਿਆਂ ਵਿਚ ਜਾ ਵਸੇ। ਵੱਡਾ ਭਰਾ ਦੀਵਾਨ ਸਿੰਘ ਪਿੰਡ ਕਲੌੜ ਵਿਚ ਆਕੇ ਵੱਸ ਗਿਆ ਜਦ ਕਿ ਛੋਟਾ ਭਰਾ ਕਾਹਨ ਸਿੰਘ ਪਿੰਡ ਬੱਸੀ ਪਠਾਣਾ ਵਿਚ ਆਪਣੇ ਸਹੁਰੇ ਘਰ ਜਾ ਵਸਿਆ। ਪਿੰਡ ਕਲੌੜ ਵਿਚ ਦੀਵਾਨ ਸਿੰਘ ਦੇ ਇਕ ਪੁੱਤਰ ਹੋਇਆ ਜੋ ਆਪਣੀ ਲਿਆਕਤ ਨਾਲ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਮਸ਼ਹੂਰ ਹੋਇਆ। ਗਿਆਨੀ ਦਿੱਤ ਸਿੰਘ ਦਾ ਪੁੱਤਰ ਡਾ. ਬਲਦੇਵ ਸਿੰਘ ਹੋਇਆ ਤੇ ਇਕ ਧੀ ਹੋਈ ਜਿਸ ਦੀ ਮੌਤ ਦੇ ਸਦਮੇ ਕਰਕੇ ਹੀ ਗਿਆਨੀ ਦਿੱਤ ਸਿੰਘ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਪਰ ਦੂਜੇ ਪਾਸੇ ਗਿਆਨੀ ਦਿੱਤ ਸਿੰਘ ਦੇ ਸਕੇ ਚਾਚਾ ਜੀ ਕਾਹਨ ਸਿੰਘ ਦਾ ਪਰਿਵਾਰ ਬੱਸੀ ਪਠਾਣਾ ਵਿਚ ਵੱਸ ਗਿਆ। ਕਾਹਨ ਸਿੰਘ ਦੇ ਇਕ ਪੁੱਤਰ ਹੋਇਆ ਭਾਈ ਮੁੰਦਰ ਸਿੰਘ, ਮੁੰਦਰ ਸਿੰਘ ਦੇ ਅੱਗੇ ਤਿੰਨ ਪੁੱਤਰ ਹੋਏ ਆਸ਼ਾ ਸਿੰਘ, ਕਿਸ਼ਨ ਸਿੰਘ, ਕਿਰਪਾ ਸਿੰਘ। ਗਿਆਨੀ ਦਿੱਤ ਸਿੰਘ ਇਨ੍ਹਾਂ ਦਾ ਤਾਇਆ ਲੱਗਦਾ ਸੀ।
ਅੱਗੇ ਕਿਰਪਾ ਸਿੰਘ ਦੀ ਔਲਾਦ ਵਿਚ ਸੱਤ ਪੁੱਤਰ ਹੋਏ ਜਿਨ੍ਹਾਂ ਵਿਚ ਜਮਨਾ ਸਿੰਘ, ਸ਼ੇਰ ਸਿੰਘ, ਭਜਨ ਸਿੰਘ, ਕੇਹਰ ਸਿੰਘ, ਕਰਤਾਰ ਸਿੰਘ, ਮੁਖ਼ਤਿਆਰ ਸਿੰਘ ਅਤੇ ਮਿਹਰ ਸਿੰਘ। ਉਸ ਤੋਂ ਅਗਲੀ ਪੀੜ੍ਹੀ ਵਿਚ ਮਿਹਰ ਸਿੰਘ ਦਾ ਜ਼ਿਕਰ ਕਰ ਰਹੇ ਹਾਂ, ਮਿਹਰ ਸਿੰਘ ਦੇ ਚਾਰ ਪੁੱਤਰ ਹੋਏ ਜਿਨ੍ਹਾਂ ਦਾ ਨਾਮ ਦਵਿੰਦਰ ਸਿੰਘ, ਹਾਕਮ ਸਿੰਘ, ਬਹਾਦਰ ਸਿੰਘ ਤੇ ਰਣਜੀਤ ਸਿੰਘ। ਅਗਲੀ ਪੀੜ੍ਹੀ ਵਿਚੋਂ ਬਹਾਦਰ ਸਿੰਘ ਦੇ ਦੋ ਪੁੱਤਰ ਅਮਨਦੀਪ ਸਿੰਘ ਅਤੇ ਪ੍ਰੀਤ ਕੰਵਲ ਸਿੰਘ ਹੋਏ ਤੇ ਦੋ ਧੀਆਂ ਹੋਈਆਂ ਨਵਜੋਤ ਨੀਲਮ ਅਤੇ ਗਗਨ ਮੋਹਣੀ। ਪ੍ਰੀਤ ਕੰਵਲ ਅੱਜ ਪੰਜਾਬ ਲੋਕ ਸੰਪਰਕ ਵਿਭਾਗ ਵਿਚ ਜੁਆਇੰਟ ਡਾਇਰੈਕਟਰ ਬਣੇ ਹਨ। ਪ੍ਰੀਤ ਕੰਵਲ ਦੇ ਪਿਤਾ ਸ. ਬਹਾਦਰ ਸਿੰਘ ਅੱਜ ਵੀ 80 ਸਾਲ ਦੀ ਉਮਰ ਵਿਚ ਤੰਦਰੁਸਤ ਹਨ। -ਪ੍ਰੀਤ ਕੰਵਲ ਸਿੰਘ ਦਾ ਪੱਤਰਕਾਰੀ ਅਤੇ ਜੀਵਨ ਸਫ਼ਰ
ਪ੍ਰੀਤ ਕੰਵਲ ਸਿੰਘ ਪਿਤਾ ਸ. ਬਹਾਦਰ ਸਿੰਘ ਅਤੇ ਮਾਤਾ ਸਰਦਾਰਨੀ ਸਵਰਨਜੀਤ ਕੌਰ ਦੇ ਘਰ 27 ਅਕਤੂਬਰ 1972 ਨੂੰ ਸਰਹਿੰਦ ਵਿਚ ਜਨਮੇ। (ਮਾਤਾ ਦਾ ਪਿਛੋਕੜ ਵੀ ਮਾਣਮੱਤਾ ਹੈ, ਮਾਤਾ ਸ਼ਿਵਾ ਜੀ ਮਰਾਠਾ ਦੇ ਵੰਸ਼ ਵਿਚੋਂ ਹਨ, ਉਹ ਭੋਸਲੇ ਹਨ।) ਦਸਵੀਂ ਤੱਕ ਦੀ ਪੜਾਈ ਬੱਸੀ ਪਠਾਣਾ ਤੋਂ ਕੀਤੀ, ਬਾਰ੍ਹਵੀਂ ਦੀ ਪੜਾਈ ਕੁਰਾਲੀ ਚੱਕਵਾਲ ਸਕੂਲ ਵਿਚ ਕੀਤੀ, ਬੀਏ, ਬੀਐਡ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਤੋਂ ਕੀਤੀ, ਮਾਸਟਰ ਇਨ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ (ਐਮਜੇਐਮਸੀ) ਪੰਜਾਬੀ ਯੂਨੀਵਰਸਿਟੀ ਵਿਚ ਕੀਤੀ ਜਦੋਂ ਵਿਭਾਗ ਦੇ ਹੈੱਡ ਡਾ. ਨਰਿੰਦਰ ਸਿੰਘ ਕਪੂਰ ਹੁੰਦੇ ਸਨ। ਐਮਏ ਹਿਸਟਰੀ, ਐਮਏ ਪੰਜਾਬੀ ਵੀ ਕੀਤੀ, ਇੱਥੇ ਹੀ ਬੱਸ ਨਹੀਂ ਐਲਐਲਬੀ ਵੀ ਕਰ ਲਈ, ਹੁਣ ਪ੍ਰੀਤ ਕੰਵਲ ਸਿੰਘ ਕੋਲ ਤਿੰਨ ਗਰੈਜੂਏਸ਼ਨ ਤੇ ਤਿੰਨ ਮਾਸਟਰ ਡਿੱਗਰੀਆਂ ਹਨ। ਪੱਤਰਕਾਰੀ ਵਿਚ ਉਹ ਦੇਸ਼ ਸੇਵਕ ਅਖ਼ਬਾਰ ਵਿਚ ਬਤੌਰ ਚੀਫ਼ ਸਬ ਐਡੀਟਰ ਵਜੋਂ ਨਿਯੁਕਤ ਹੋਏ। ਉਸ ਤੋਂ ਬਾਦ ਸਪੋਕਸਮੈਨ ਵਿਚ ਵੀ ਚੀਫ਼ ਸਬ ਐਡੀਟਰ ਵਜੋਂ ਹੀ ਕੰਮ ਕਰਦੇ ਰਹੇ ਪੰਜਾਬੀ ਵਰਲਡ ਟੀਵੀ ਚੈਨਲ ਵਿਚ ਉਸ ਨੇ ਬਤੌਰ ਅਸਿਸਟੈਂਟ ਪ੍ਰੋਡਿਊਸਰ ਕੰਮ ਕੀਤਾ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਿਚ ਡਿਪਟੀ ਡਾਇਰੈਕਟਰ ਰਹੇ ਜਦ ਕਿ ਚੰਡੀਗੜ੍ਹ ਏਡਜ਼ ਕੰਟਰੋਲ ਸੁਸਾਇਟੀ ਵਿਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ, ਸਿਵਲ ਸਰਵਿਸ ਦੇ ਪੇਪਰਾਂ ਦੀ ਤਿਆਰੀ ਵੀ ਚੱਲਦੀ ਰਹੀ।
2011 ਵਿਚ ਬਤੌਰ ਏਪੀਆਰਓ ਭਰਤੀ ਹੋਏ। 2015 ਵਿਚ ਲੋਕ ਸੰਪਰਕ ਅਫ਼ਸਰ ਬਣ ਗਏ। ਰੋਪੜ ਤੇ ਐਸਏਐਸ ਨਗਰ ਮੋਹਾਲੀ ਵਿਚ ਡੀਪੀਆਰਓ ਦੀਆਂ ਮਾਣ ਮੱਤੀਆਂ ਸੇਵਾਵਾਂ ਨਿਭਾਈਆਂ। ਪੰਜਾਬ ਲੋਕ ਸੇਵਾ ਕਮਿਸ਼ਨ ਦਾ ਇਮਤਿਹਾਨ ਪਾਸ ਕਰਕੇ 10 ਜਨਵਰੀ ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਬਤੌਰ ਜੁਆਇੰਟ ਡਾਇਰੈਕਟਰ ਆਪਣਾ ਅਹੁਦਾ ਸੰਭਾਲ ਲਿਆ ਹੈ। ਪ੍ਰੀਤ ਕੰਵਲ ਸਿੰਘ ਬਹੁਤ ਮਿਹਨਤੀ ਇਨਸਾਨ ਹੈ। ਉਸ ਤੋਂ ਲੋਕ ਸੰਪਰਕ ਵਿਭਾਗ ਨੂੰ ਚੰਗੀਆਂ ਆਸਾਂ ਹਨ। ਮੈਂ ਵੀ ਆਪਣੇ ਚੰਗੇ ਮਿੱਤਰ ਤੇ ਛੋਟੇ ਭਰਾ ਪ੍ਰੀਤ ਕੰਵਲ ਤੋਂ ਕਾਫ਼ੀ ਕੁਝ ਚੰਗਾ ਕਰਨ ਦੀ ਆਸ ਕਰਦਾ ਹਾਂ, ਵਾਹਿਗੁਰੂ ਉਨ੍ਹਾਂ ਨੂੰ ਕੰਮ ਕਰਨ ਦਾ ਹੋਰ ਬਲ ਬਖ਼ਸ਼ੇ... ਆਮੀਨ ਗੁਰਨਾਮ ਸਿੰਘ ਅਕੀਦਾ 8146001100

Tuesday, January 03, 2023

ਨਵੀਂਆਂ ਕਲਮਾਂ ਵਿਚ ਪੱਤਰਕਾਰ ‘ਨਵਦੀਪ ਢੀਂਗਰਾ’

ਇਸ਼ਤਿਹਾਰ ਮੈਨੇਜਰ ਤੋਂ ਪੱਤਰਕਾਰੀ ਵਿਚ ਝੰਡੇ ਗੱਡਣ ਵਾਲਾ ‘ਪੱਤਰਕਾਰ’
ਨੌਜਵਾਨਾਂ ਕਲਮਾਂ ਵਿਚ ਵੀ ਕਈ ਸਾਰੇ ਪੱਤਰਕਾਰ ਪੰਜਾਬ ਵਿਚ ਚੰਗਾ ਕੰਮ ਕਰ ਰਹੇ ਹਨ। ਜਿਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਸਾਡੇ ਭਵਿੱਖੀ ਪੱਤਰਕਾਰੀ ਜ਼ਿੰਦਾ ਰਹੇਗੀ। ਭਾਵੇਂ ਪਦਾਰਥਵਾਦੀ ਯੁੱਗ ਵਿਚ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਕੁਝ ਪੱਤਰਕਾਰ ਹਨ ਜਿਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਕਰਕੇ ਆਸ ਕੀਤੀ ਜਾ ਸਕਦੀ ਹੈ। ਮੇਰਾ ਨੌਜਵਾਨ ਪੱਤਰਕਾਰ ‘ਨਵਦੀਪ ਢੀਂਗਰਾ’ ਬਾਰੇ ਗੱਲ ਕਰਨ ਨੂੰ ਜੀਅ ਕਰਦਾ ਹੈ ਤਾਂ ਸਾਡੇ ਭਵਿੱਖ ਵਿਚ ਵੀ ਪੱਤਰਕਾਰ ਨਜ਼ਰ ਆ ਸਕਣ। -ਮੁੱਢ ਤੇ ਜਨਮ
ਸੋਹਣਾ ਸੁਨੱਖਾ ਕਿਸੇ ਫ਼ਿਲਮੀ ਹੀਰੋ ਦੀ ਝਲਕ ਵਰਗਾ ਹੈ ਨਵਦੀਪ! ਇਹ ਆਰਟੀਕਲ ਲਿਖਣ ਲਈ ਜਦ ਮੈਂ ਉਸ ਨੂੰ ਉਸ ਦੇ ਜੀਵਣ ਸੰਘਰਸ਼ ਬਾਰੇ ਪੁੱਛਿਆ ਤਾਂ ਸ਼ਾਇਰ ਨਵਾਜ਼ ਦੇਵਬੰਦੀ ਸਾਹਿਬ ਦਾ ਇੱਕ ਸ਼ੇਅਰ ਸੁਣਾ ਛੱਡਿਆ। ਕਹਿੰਦਾ, ‘ਕਮ ਹਿੰਮਤੀ, ਖ਼ਤਰਾ ਹੈ ਸਮੰਦਰ ਕੇ ਸਫ਼ਰ ਮੇਂ, ਤੂਫ਼ਾਨ ਕੋ ਹਮ, ਖ਼ਤਰਾ ਨਹੀਂ ਕਹਿਤੇ, ਬਨ ਜਾਏ ਅਗਰ ਬਾਤ ਤੋ ਸਬ ਕਹਿਤੇ ਹੈਂ ਕਯਾ ਕਯਾ, ਔਰ ਬਾਤ ਬਿਗੜ ਜਾਏ ਤੋ ਕਯਾ ਕਯਾ ਨਹੀਂ ਕਹਿਤੇ’। ਮਹਿਜ਼ 39 ਸਾਲ ਦੀ ਉਮਰ ਵਿੱਚ ਉਸ ਕੋਲ ਮੀਡੀਆ ਦਾ 18 ਸਾਲ ਦਾ ਤਜਰਬਾ ਹੈ। ਵੱਖ-ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਅਤੇ ਪ੍ਰਸਾਰ ਨਾਲ ਜੁੜੇ ਕੰਮ ਕਰਨ ਤੋਂ ਬਾਅਦ ਉਸ ਨੇ ਪੰਜਾਬੀ ਜਾਗਰਣ ਦੇ ਪਲੇਠੇ ਜ਼ਿਲ੍ਹਾ ਇੰਚਾਰਜ ਵਜੋਂ ਆਪਣੇ ਪੱਤਰਕਾਰੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਜਾਗਰਣ ਦੀ ਲਾਂਚਿੰਗ ਦੇ ਨਾਲ ਹੀ ਨਵਦੀਪ ਦੀ ਕਲਮ ਵੀ ਲਾਂਚ ਹੋਈ। 2011 ਤੋਂ ਸ਼ੁਰੂ ਹੋਇਆ ਇਹ ਸਾਥ ਅੱਜ ਤੱਕ ਜਾਰੀ ਹੈ। ਜੇਕਰ ਇੰਝ ਕਿਹਾ ਜਾਵੇ ਕਿ ਅੱਜ ਪਟਿਆਲੇ ਵਿੱਚ ਨਵਦੀਪ ਅਤੇ ਪੰਜਾਬੀ ਜਾਗਰਣ ਇੱਕ ਦੂਜੇ ਦੇ ਸਮਾਨਾਰਥਕ ਬਣ ਚੁੱਕੇ ਹਨ ਤਾਂ ਗ਼ਲਤ ਨਹੀਂ ਹੋਵੇਗਾ। ਮੂਲ ਤੌਰ ਤੇ ਕੋਟਕਪੂਰੇ ਦੇ 10 ਅਕਤੂਬਰ 1983 ਦੇ ਜੰਮਪਲ ਨਵਦੀਪ ਨੇ ਆਪਣਾ ਬਚਪਨ ਨਾਨਕੇ ਪਿੰਡ ਭੁੱਲਰ ਵਿਖੇ ਬਤੀਤ ਕੀਤਾ। ਉਸ ਦਾ ਬਚਪਨ ਖ਼ਤਮ ਹੋਣ ਤੋਂ ਪਹਿਲਾਂ ਹੀ ਕੁਝ ਨਿੱਜੀ ਕਾਰਨਾਂ ਕਰਕੇ ਪਰਿਵਾਰ ਨੇ ਪਟਿਆਲਾ ਨੂੰ ਆਪਣੀ ਕਰਮ ਭੂਮੀ ਬਣਾ ਲਿਆ। ਆਮ ਮੁੰਡਿਆਂ ਵਾਂਗ ਚੜ੍ਹਦੀ ਜਵਾਨੀ ਉਸ ਦੇ ਲਈ ਮੌਜ ਮਸਤੀ ਕਰਨ ਦਾ ਨਹੀਂ ਬਲਕਿ ਜ਼ਿੰਮੇਵਾਰੀਆਂ ਨਿਭਾਉਣ ਦਾ ਸਮਾਂ ਸੀ। ਮਾਤਾ ਊਸ਼ਾ ਰਾਣੀ ਅਤੇ ਪਿਤਾ ਸਤਪਾਲ ਢੀਂਗਰਾ ਦੀ ਗ੍ਰਹਿਸਤੀ ਵਿੱਚ ਸਭ ਤੋਂ ਛੋਟੇ ਨਵਦੀਪ ਨੇ ਚੜ੍ਹਦੀ ਜਵਾਨੀ ’ਚ ਹੀ ਆਪਣੇ ਦੋਵੇਂ ਵੱਡੇ ਭਰਾਵਾਂ ਨਾਲ ਰਲ ਕੇ ਮੋਢਾ ਲਾਉਣਾ ਸ਼ੁਰੂ ਕਰ ਦਿੱਤਾ ਸੀ। -ਮੀਡੀਆ ਵਿੱਚ ਸ਼ੁਰੂਆਤ
ਮੈਂ ਜਦੋਂ ਸਪੋਕਸਮੈਨ ਅਖ਼ਬਾਰ ਵਿਚ ਬਤੌਰ ਪੰਜਾਬ ਬਿਊਰੋ ਵਜੋਂ ਨਿਯੁਕਤ ਹੋਇਆ ਤਾਂ ਪਟਿਆਲਾ ਵਿਚ ਇਸ਼ਤਿਹਾਰ ਇਕੱਤਰ ਕਰਨ ਦੀ ਜ਼ਿੰਮੇਵਾਰ ਇੰਚਾਰਜ ਵਜੋਂ ਅੱਲ੍ਹੜ ਜਿਹਾ ਮੁੰਡਾ ਹੁੰਦਾ ਸੀ ਨਵਦੀਪ। ਜਦੋਂ ਵੀ ਇਹ ਇਸ਼ਤਿਹਾਰ ਨਾਲ ਸਬੰਧਿਤ ਕੋਈ ਖ਼ਬਰ ਬਾਰੇ ਕਹਿੰਦਾ ਤਾਂ ਹੋਰ ਪੱਤਰਕਾਰ ਹੀ ਇਸ ਦੀ ਖ਼ਬਰ ਲਾਉਂਦਾ ਸੀ, ਮੈਂ ਇਸ ਨੂੰ ਕਿਹਾ ਤੂੰ ਜਿਸ ਵੀ ਪਾਰਟੀ ਦੇ ਇਸ਼ਤਿਹਾਰ ਲੈ ਕੇ ਆਉਂਦਾ ਹੈਂ ਤਾਂ ਉਸ ਦੀ ਖ਼ਬਰ ਵੀ ਆਪਣੇ ਨਾਮ ਤੇ ਹੀ ਭੇਜਿਆ ਕਰ। ਖ਼ਬਰਾਂ ਭੇਜਣ ਦੀ ਅਥਾਰਿਟੀ ਮੈਂ ਉਸ ਨੂੰ ਸਪੋਕਸਮੈਨ ਵੱਲੋਂ ਲਿਆ ਕੇ ਦੇ ਦਿੱਤੀ ਸੀ। ਉੱਥੋਂ ਹੀ ਖ਼ਬਰਾਂ ਲਿਖਦਾ ਤੇ ਮੈਨੂੰ ਚੈੱਕ ਵੀ ਕਰਵਾ ਲੈਂਦਾ। ਇਸ ਵਿਚ ਸਿੱਖਣ ਦੀ ਪ੍ਰਬਲ ਇੱਛਾ ਨਜ਼ਰ ਆਈ। ਇਹ ਚਿਣਗ ਉਸ ਦੇ ਅੰਦਰ ਮੈਂ ਭਰਨ ਵਿਚ ਕਾਮਯਾਬ ਹੋਇਆ। ਨਵਦੀਪ ਦੇ ਸ਼ਬਦਾਂ ਵਿੱਚ ‘ਅਕੀਦਾ ਭਾਜੀ, ਤੁਸੀਂ ਭਵਿੱਖ ਵਿੱਚ ਅੱਗੇ ਵਧਣ ਲਈ ਪੱਤਰਕਾਰੀ ਵਿਚ ਆਉਣ ਲਈ ਪ੍ਰੇਰਿਤ ਕੀਤਾ। ਤੁਹਾਡੀ ਪ੍ਰੇਰਣਾ ਨਾਲ ਹੀ ਪੰਜਾਬੀ ਟਾਈਪ ਸਿੱਖੀ ਤੇ ਫਿਰ ਕ੍ਰਾਈਮ ਰਿਪੋਰਟ ਦੇਖ ਕੇ ਖ਼ਬਰਾਂ ਬਣਾਉਣ ਦਾ ਢੰਗ ਵੀ ਤੁਸੀਂ ਹੀ ਸਿਖਾਇਆ। ਮੇਰੀ ਜ਼ਿੰਦਗੀ ਵਿੱਚ ਤੁਹਾਡਾ ਮਹੱਤਵਪੂਰਨ ਯੋਗਦਾਨ ਹੈ, ਜੋ ਮੈਂ ਕਦੇ ਭੁਲਾ ਨਹੀਂ ਸਕਦਾ।’ ਨਵਦੀਪ ਵਕਤ ਨੂੰ ਕਬਜ਼ਾ ਕਰਨ ਦਾ ਗੁਰ ਜਾਣਦਾ ਹੈ। ਪੰਜਾਬੀ ਜਾਗਰਣ ਵਿੱਚ ਕੰਮ ਕਰਦਿਆਂ ਨਵਦੀਪ ਨੇ ਸ. ਸ਼ਿੰਗਾਰਾ ਸਿੰਘ ਭੁੱਲਰ ਅਤੇ ਫਿਰ ਮੁੱਖ ਸੰਪਾਦਕ ਸ. ਵਰਿੰਦਰ ਸਿੰਘ ਵਾਲੀਆ ਤੋਂ ਕਲਮਕਾਰੀ ਦੇ ਗੁਰ ਸਿੱਖੇ। ਵਾਲੀਆ ਦੇ ਦੱਸੇ ਕਦਮ ਚਿੰਨ੍ਹਾਂ ਤੇ ਚੱਲਦੇ ਹੋਏ ਨਵਦੀਪ ਆਏ ਦਿਨ ਆਪਣੀ ਕਲਮ ਨਾਲ ਕੋਈ ਨਾ ਕੋਈ ਰੋਚਕ ਅਤੇ ਪੜ੍ਹੀ ਜਾਣ ਵਾਲੀ ਖ਼ਬਰ ਲਿਖਦਾ ਰਹਿੰਦਾ ਹੈ। ਘਰੇਲੂ ਜ਼ਿੰਮੇਵਾਰੀਆਂ ਕਾਰਨ ਸੋਲ਼ਾਂ ਦੀ ਉਮਰ ਵਿੱਚ ਹੀ ਨਵਦੀਪ ਛੋਟੀ ਮੋਟੀ ਨੌਕਰੀਆਂ ਕਰਨ ਲੱਗ ਪਿਆ ਸੀ। 2004 ਵਿੱਚ ਪੰਜਾਬ ਵਿੱਚ ਦੈਨਿਕ ਭਾਸਕਰ ਦੀ ਲਾਂਚਿੰਗ ਸਮੇਂ ਆਪਣੇ ਵੱਡੇ ਭਰਾ ਮੁਕੇਸ਼ ਢੀਂਗਰਾ ਦੇ ਨਾਲ ਅਖ਼ਬਾਰ ਦੀ ਸਰਵੇ ਟੀਮ ਦਾ ਹਿੱਸਾ ਬਣਿਆ। ਇਹ ਮੀਡੀਆ ਨਾਲ ਨਵਦੀਪ ਦੀ ਪਲੇਠੀ ਮੁਲਾਕਾਤ ਸੀ। ਇਸ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਵਿੱਚ ਬਿਜ਼ਨੈੱਸ ਪ੍ਰਤੀਨਿਧ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਫਿਰ ਦੇਸ਼ ਵਿਦੇਸ਼ ਟਾਈਮਜ਼, ਸੱਚ ਕਹੂੰ ਆਦਿ ਅਖ਼ਬਾਰਾਂ ਤੋਂ ਹੁੰਦੇ ਹੋਏ ਜੂਨ-2011 ਵਿੱਚ ਪੰਜਾਬੀ ਜਾਗਰਣ ਨਾਲ ਜੁੜਿਆ। -ਐਕਸੀਡੈਂਟ ਤੋਂ ਬਾਅਦ ਵਧੀ ਸਮਝ
ਸਾਲ 2014 ਚ ਸੜਕ ਹਾਦਸਾ ਹੋਇਆ। ਹਾਦਸਾ ਇਨ੍ਹਾਂ ਭਿਆਨਕ ਕਿ ਡਾਕਟਰਾਂ ਨੇ ਘੱਟੋ ਘੱਟ ਤਿੰਨ ਮਹੀਨੇ ਬਿਸਤਰੇ ਤੇ ਰਹਿਣ ਯੋਗ ਕਹਿ ਦਿੱਤਾ। ਬਕੌਲ ਨਵਦੀਪ, ‘ਜਦੋਂ ਹਸਪਤਾਲ ’ਚ ਜੇਰੇ ਇਲਾਜ ਸੀ ਤਾਂ ਕਈਆਂ ਨੇ ਅਖ਼ਬਾਰ ’ਚ ਜਗ੍ਹਾ ਖ਼ਾਲੀ ਹੁੰਦੀ ਦੇਖੀ। ਉਸ ਸਮੇਂ ਮੈਨੂੰ ਸਮਝ ਆਈ ਕਿ ਚੱਲਣਾ ਹੀ ਜ਼ਿੰਦਗੀ ਹੈ ਤੇ ਮੈਨੂੰ ਵੀ ਅੱਗੇ ਵਧਣ ਲਈ ਇਸ ਹਸਪਤਾਲ ਦੇ ਬਿਸਤਰੇ ਤੋਂ ਉੱਠਣਾ ਹੀ ਪੈਣਾ।’ ਡਾਕਟਰਾਂ ਨੇ ਤਾਂ ਤਿੰਨ ਮਹੀਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਜਲਦੀ ਦੇ ਸੰਘਰਸ਼ ਵਿੱਚ ਚੜ੍ਹਦੀਕਲਾ ਵਿੱਚ ਰਹਿਣ ਦੀ ਭਾਵਨਾ ਕਰਕੇ ਉਹ 15 ਦਿਨ ਬਾਅਦ ਹੀ ਪੁਰਾਣੇ ਰੂਪ ਵਿੱਚ ਸੀ। ਐਕਸੀਡੈਂਟ ਕਾਰਨ ਮੱਥੇ 'ਚ ਪਏ ਟੋਏ ਕਾਰਨ ਉਸ ਦੀ ਜਲਦੀ ਪ੍ਰਤੀ ਸੋਚ ਨੇ ਉਭਾਰ ਲਿਆ। -ਖ਼ੋਜੀ ਪੱਤਰਕਾਰ
ਪੰਜਾਬੀ ਯੂਨੀਵਰਸਿਟੀ 'ਚ ਹੁੰਦੇ ਭ੍ਰਿਸ਼ਟਾਚਾਰ ਦੀ ਗੱਲ ਹੋਵੇ ਜਾਂ ਬਾਲ ਘਰਾਂ ਵਿੱਚੋਂ ਬੱਚੇ ਗੁੰਮ ਹੋਣ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਪੰਜਾਬੀ ਭਾਸ਼ਾ ਦਾ, ਕਿਸੇ ਗ਼ਰੀਬ ਤੇ ਤਸ਼ੱਦਦ ਦਾ ਮਾਮਲਾ ਹੋਵੇ ਜਾਂ ਸਰਕਾਰੀ ਸਿਸਟਮ ’ਚ ਹੁੰਦੀਆਂ ਬੇਨਿਯਮੀਆਂ ਦਾ, ਨਵਦੀਪ ਤੱਥਾਂ ਦੀ ਹਰ ਪਰਤ ਫਰੋਲ ਕੇ ਨਿਡਰਤਾ ਨਾਲ ਖ਼ਬਰ ਲਿਖਣ ਵਾਲਾ ਪੱਤਰਕਾਰ ਹੈ। ਅੱਤਿਆਚਾਰੀ ਅਤੇ ਭ੍ਰਿਸ਼ਟ ਲੋਕਾਂ ਖ਼ਿਲਾਫ਼ ਕਲਮ ਚਲਾਉਣਾ ਉਹ ਆਪਣਾ ਧਰਮ ਸਮਝਦਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਝੂਠੇ ਬਿੱਲਾਂ ਰਾਹੀਂ ਕਰੋੜਾਂ ਦੀ ਗ੍ਰਾਂਟ ਹੜੱਪੇ ਜਾਣ ਦਾ ਮਾਮਲਾ ਨਵਦੀਪ ਨੇ ਨਸ਼ਰ ਕੀਤਾ। ਬਾਲ ਘਰਾਂ ਦੀ ਬੇਨਿਯਮੀਆਂ ਖ਼ਿਲਾਫ਼ ਉਹ ਲਗਾਤਾਰ ਲਿਖਦਾ ਰਿਹਾ ਹੈ। ਵਾਤਾਵਰਣ ਨੂੰ ਅੰਤਾਂ ਦਾ ਮੋਹ ਕਰਨ ਵਾਲਾ ਨਵਦੀਪ ਪੰਜਾਬ ਦੇ ਜੰਗਲਾਂ, ਜਲਗਾਹਾਂ ਤੇ ਜੰਗਲੀ ਜੀਵਾਂ ਨੂੰ ਵੀ ਆਪਣੀ ਖ਼ਬਰਾਂ ਦਾ ਵਿਸ਼ਾ ਬਣਾਉਂਦਾ ਰਹਿੰਦਾ ਹੈ। ਸਮਾਜ ਨਾਲ ਜੁੜੀਆਂ ਖ਼ਬਰਾਂ ਨੂੰ ਕਲਾਤਮਕ ਤੇ ਰੋਚਕ ਢੰਗ ਨਾਲ ਲਿਖਣਾ ਉਸ ਦੀ ਖ਼ੂਬੀ ਹੈ। ਸੂਚਨਾ ਅਧਿਕਾਰ ਕਾਨੂੰਨ (ਆਰਟੀਆਈ) ਦੀ ਮਦਦ ਲੈਣ ਵਿਚ ਕਾਫ਼ੀ ਮਾਹਿਰ ਹੈ। -ਫ਼ੋਟੋ ਫਰੇਮ ਤੋਂ ਬਾਹਰ ਰਹਿਣ ਵਾਲਾ ਪੱਤਰਕਾਰ
ਅੱਜ ਜਦੋਂ ਪੱਤਰਕਾਰਾਂ ਵਿੱਚ ਵੱਡੇ ਲੀਡਰਾਂ ਅਤੇ ਅਫ਼ਸਰਾਂ ਨਾਲ ਤਸਵੀਰਾਂ ਤੇ ਸੈਲਫ਼ੀਆਂ ਖਿਚਾਉਣ ਦਾ ਟ੍ਰੇਂਡ ਸਿਖ਼ਰਾਂ ਤੇ ਹੈ ਤਾਂ ਨਵਦੀਪ ਉਸੇ ਪੁਰਾਣੀ ਪਰੰਪਰਾਗਤ ਪੱਤਰਕਾਰਾਂ ਵਾਲੀ ਗਰਿਮਾ ਅਤੇ ਸਿਧਾਂਤ ਨੂੰ ਸਾਂਭੀ ਬੈਠਾ, ਜਦੋਂ ਹਾਕਮ ਜਾਂ ਤਾਕਤਵਰ ਧਿਰ ਦੇ ਕਿਸੇ ਵੀ ਵਿਅਕਤੀ ਨਾਲ ਤਸਵੀਰ ਖਿਚਵਾਉਣ ਨੂੰ ਪੱਤਰਕਾਰ ਆਪਣਾ ਅਪਮਾਨ ਸਮਝਦੇ ਸਨ। ਕਈ ਵਾਰ ਤਾਂ ਕਿਸੇ ਸਮਾਜਿਕ ਸਮਾਗਮ ਤੇ ਬਾਂਹ ਫੜਕੇ ਨਵਦੀਪ ਨੂੰ ਫ਼ੋਟੋ ਖਿਚਾਉਣ ਲਈ ਰਾਜ਼ੀ ਕੀਤਾ ਜਾਂਦਾ ਹੈ। -ਦੋਸਤਾਂ ਦੀ ਨਜ਼ਰ 'ਚ
ਨਵਦੀਪ ਦੇ ਗੂੜ੍ਹੇ ਦੋਸਤਾਂ ਚੋਂ ਇੱਕ ਸਾਬਕਾ ਪੱਤਰਕਾਰ ਅਮਨ ਅਰੋੜਾ ਉਸ ਦੇ ਬਾਰੇ ਵੱਖਰੀ ਹੀ ਰਾਇ ਰੱਖਦਾ ਹੈ। ਕਹਿਣਾ ਅਮਨ ਅਰੋੜਾ ਦਾ ਕਿ ‘ਨਵਦੀਪ ਨਵਿਆਂ ਸਮਿਆਂ ’ਚ ਪੈਦਾ ਹੋਇਆ ਪੁਰਾਣਾ ਪੱਤਰਕਾਰ ਹੈ। ਨਾ ਇਸ ਦੇ ਕੋਲ ਸਰਕਾਰੀ ਕੋਠੀ ਹੈ, ਨਾ ਵੱਡੀ ਕਾਰ ਹੈ, ਨਾ ਇਹ ਕਿਸੇ ਲੀਡਰ ਤੋਂ ਫ਼ਾਇਦਾ ਲੈਂਦਾ ਹੈ, ਨਾ ਇਹ ਕਿਸੇ ਦੀ ਬਦਲੀ ਰੁਕਵਾਉਂਦਾ ਜਾਂ ਕਰਵਾਉਂਦਾ ਹੈ, ਨਾ ਇਹ ਇਸ਼ਤਿਹਾਰ ਦੇ ਬਦਲੇ 'ਚ ਖ਼ਬਰ ਰੋਕਦਾ ਹੈ, ਨਾ ਹੀ ਇਸ ਨੂੰ ਸਰਕਾਰੀ ਸਨਮਾਨ ਮਿਲਦੇ ਹਨ ਅਤੇ ਨਾ ਹੀ ਇਸ ਨੇ ਆਪਣੀ ਪਤਨੀ ਜਾਂ ਕਿਸੇ ਭੈਣ-ਭਰਜਾਈ ਨੂੰ ਸਰਕਾਰੀ ਨੌਕਰੀ ’ਚ ‘ਐਡਜਸਟ’ ਕਰਵਾਇਆ ਹੈ। ਦਰਅਸਲ ਨਵਦੀਪ ਉਨ੍ਹਾਂ ਵੇਲਿਆਂ ਦਾ ਪੱਤਰਕਾਰ ਹੈ ਜਦੋਂ ਪੱਤਰਕਾਰੀ ਪੱਤਰਕਾਰੀ ਨਾ ਹੋਕੇ ਮਿਸ਼ਨ ਜਾਂ ਸਮਾਜ ਸੇਵਾ ਹੁੰਦੀ ਸੀ, ਬੱਸ ਜੰਮਿਆ ਅਜੋਕੇ ਸਮੇਂ 'ਚ ਹੈ।’
ਖ਼ੈਰ ਜੋ ਵੀ ਹੈ ਇਨਸਾਨ ਬਹੁਤ ਖ਼ੂਬਸੂਰਤ ਹੈ। ਹੋਰ ਅੱਗੇ ਵਧਣ ਲਈ ਨਵਦੀਪ ਨੂੰ ਆਪਣਾ ਤਿੱਖੇਪਣ ਦੀ ਧਾਰ ਕਾਇਮ ਰੱਖਣੀ ਪਵੇਗੀ ਅਤੇ ਆਪਣੀ ਤੁਨਕਮਿਜ਼ਾਜੀ ਤੇ ਕਾਬੂ ਕਰਨਾ ਪਵੇਗਾ। -ਪਰਿਵਾਰ ਪਿਤਾ ਸਤਪਾਲ ਢੀਂਗਰਾ ਮਾਤਾ ਸ੍ਰੀਮਤੀ ਉਸ਼ਾ ਰਾਣੀ, ਵੱਡੇ ਭਰਾ ਵਿਸ਼ਾਲ ਢੀਂਗਰਾ, ਮੁਕੇਸ਼ ਢੀਂਗਰਾ, ਪਤਨੀ ਪੂਨਮ ਢੀਂਗਰਾ ਤੇ ਇਕ ਬੇਟੀ ਹੈ ਭਵਨੂਰ। ਗੁਰਨਾਮ ਸਿੰਘ ਅਕੀਦਾ 8146001100