Sunday, July 20, 2025

ਕਦੇ ਧਰਮ ਪਰਿਵਰਤਨ ਕਦੇ ਸਮੇਂ ਦੇ ਲਫੇੜਿਆਂ ਨੇ ਮਾਰਿਆ ਝਿਊਰ ਜਾਤੀ ਦਾ ‘ਕੁੰਮਾ ਮਾਸ਼ਕੀ’

ਕੁੰਮਾ ਮਾਸ਼ਕੀ ਉਰਫ਼ ਕਰਮੂ ਦੇ ਸਿੱਖ ਇਤਿਹਾਸ ਵਿਚ ਕੰਮ ਨੂੰ ਭੁਲਾ ਚੁੱਕਿਆ ਹੈ ‘ਸਰਮਾਏਦਾਰ ਸਿੱਖ ਸਮਾਜ’ ਲੇਖਕ : ਗੁਰਨਾਮ ਸਿੰਘ ਅਕੀਦਾ
ਮੁਗ਼ਲ ਸਾਮਰਾਜ ਦੇ ਸਤਾਏ ਹੋਏ ਕਈ ਉੱਚੀਆਂ ਜਾਤਾਂ ਦੇ ਲੋਕ ਵੀ ਆਪਣੇ ਧਰਮਾਂ ਨੂੰ ਛੱਡ ਰਹੇ ਹਨ ਤਾਂ ਫਿਰ ਗ਼ਰੀਬ ਸ਼ੂਦਰਾਂ ਦੀ ਕਹਿਰ ਭਰੇ ਸਮੇਂ ਵਿਚ ਕੀ ਚੱਲਦੀ ਸੀ, ਉਸ ਵੇਲੇ ਕਈ ਸਾਰੇ ਸ਼ੂਦਰ ਵੀ ਮੁਸਲਮਾਨ ਬਣੇ ਪਰ ਉਹ ਆਪਣੇ ਧਾਰਮਿਕ ਅਕੀਦੇ ਨੂੰ ਨਾ ਛੱਡ ਸਕੇ। ਉਹ ਮੌਕਾ ਮਿਲਦਾ ਤਾਂ ਉਹ ਧਰਮ ਦੇ ਨਾਮ ਤੇ ਕੁਰਬਾਨੀ ਕਰਨ ਲਈ ਵੀ ਤਿਆਰ ਰਹਿੰਦੇ। ਸਾਹਿਬ-ਏ-ਕਮਾਲ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਨ੍ਹਾਂ ਸ਼ੂਦਰਾਂ ਦੇ ਪੱਖ ਵਿਚ ਅਵਾਜ਼ ਬੁਲੰਦ ਕੀਤੀ, ਇਨ ਗ਼ਰੀਬ ਸਿਖਨ ਕਉ ਦੇਊਂ ਪਾਤਿਸ਼ਾਹੀ॥ ਯਾਦ ਕਰੇਂ ਹਮਰੀ ਗੁਰਿਆਈ॥ ਜਿਨ ਕੀ ਜਾਤਿ ਔਰ ਕੁਲ ਮਾਹੀਂ॥ ਸਰਦਾਰੀ ਨਹਿ ਭਈ ਕਦਾਹੀਂ॥ ਇਨਹੀ ਕੋ ਸਰਦਾਰ ਬਨਾਊ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥ ਇਹੀ ਕਾਰਨ ਸੀ ਕਿ ਦਸਮ ਪਿਤਾ ਨੂੰ ਪਹਾੜੀ ਰਾਜਿਆ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ, ਜੇਕਰ ਪਹਾੜੀ ਰਾਜਿਆਂ ਨੂੰ ਵੱਖਰੀ ਲਾਇਨ ਬਣਾ ਕੇ ਅੰਮ੍ਰਿਤ ਛਕਾਉਣਾ ਮੰਨ ਲੈਂਦੇ ਤਾਂ ਉਨ੍ਹਾਂ ਦਾ ਵਿਰੋਧ ਸ਼ਾਇਦ ਨਾ ਹੁੰਦਾ , ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵੀ ਪਹਾੜੀ ਰਾਜੇ ਗੁਰੂ ਵਿਚਾਰਧਾਰਾ ਨੂੰ ਨਹੀਂ ਸਮਝ ਸਕੇ ਸਨ, ਉਸ ਵੇਲੇ ਸ਼ੂਦਰਾਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਸ਼ੇਰ ਬਣਾਇਆ ਜਾ ਰਿਹਾ ਸੀ, ਜਿਸ ਦੀ ਗੂੰਜ ਅਸਮਾਨਾਂ ਵਿਚ ਪੈਂਦੀ ਸੀ, ਇਸ ਗੂੰਜ ਦਾ ਇਲਮ ਕੁੰਮਾ ਮਾਸ਼ਕੀ ਨੂੰ ਵੀ ਸੀ, ਕੁੰਮਾ ਮਾਸ਼ਕੀ ਹਿੰਦੂ ਨਾਮ ਕਰਮੂ ਸੀ ਜੋ ਮੁਸਲਮਾਨ ਬਣ ਕੇ ਕਰੀਬ ਬਖ਼ਸ਼ ਮਾਸੀ ਬਣ ਗਿਆ ਸੀ। ਉਹ ਗੁਰੂ ਸਾਹਿਬ ਨਾਲ ਮੁਗ਼ਲਾਂ ਤੇ ਪਹਾੜੀ ਰਾਜਿਆਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਜਾਣੂ ਸੀ, ਇਸੇ ਕਰਕੇ ਉਸ ਨੇ ਅਜਿਹਾ ਕਰਮ ਕੀਤਾ ਜੋ ਆਮ ਵਿਅਕਤੀ ਲਈ ਕਰਨਾ ਵੀ ਮੁਸ਼ਕਿਲ ਸੀ। ਮਾਤਾ ਗੁਜਰੀ ਜੀ ਦੀ ਉਮਰ ਵਿਦਵਾਨਾਂ ਅਨੁਸਾਰ ਬਿਆਸੀ-ਪਚਾਸੀ ਸਾਲਾਂ ਦੇ ਕਰੀਬ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਨੌਂ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਸੱਤ ਸਾਲਾਂ ਦੀ ਸੀ। ਪਰਿਵਾਰ ਵਿਛੋੜਾ ਸਰਸਾ ਨਦੀ ਦੇ ਕਹਿਰੇ ਵਹਿਣ ਨੇ ਕਰ ਦਿੱਤਾ ਸੀ। ਹੁਣ ਮਾਤਾ ਗੁਜਰੀ ਦੋਵੇਂ ਮਾਸੂਮ ਬਾਲਾਂ ਨੂੰ ਉਂਗਲ ਫੜਾ ਠੰਢੀ ਯਖ਼ ਰਾਤ ਦੇ ਘੁੱਪ ਹਨੇਰੇ ਵਿੱਚ ਝੱਲ-ਝਾੜੀਆਂ ਵਿੱਚੋਂ ਗੁਜ਼ਰਦੇ ਉਹ ਸਤਲੁਜ ਦਰਿਆ ਤੇ ਸਰਸਾ ਨਦੀ ਦੇ ਸਾਂਝੇ ਪੱਤਣ ਉੱਤੇ ਪੁੱਜ ਗਏ। ਇਹ ਸਫ਼ਰ ਨਿੱਕੇ-ਨਿੱਕੇ ਬਾਲਾਂ ਨੂੰ ਨਾਲ ਲੈ ਕੇ ਮਾਤਾ ਜੀ ਨੇ ਕਿਵੇਂ ਤੈਅ ਕੀਤਾ ਹੋਵੇਗਾ, ਸੋਚ ਕੇ ਰੂਹ ਕੰਬਦੀ ਹੈ। ਸੱਤ ਪੋਹ ਦੀ ਸ਼ਾਮ ਸਰਸਾ ਨਦੀ ਦੇ ਕੰਢੇ ਉੱਤੇ ਕੁੰਮਾ ਮਾਸ਼ਕੀ ਨਾਂ ਦੇ ਵਿਅਕਤੀ ਦੀ ਕੱਖ-ਕਾਨਿਆਂ ਦੀ ਛੰਨ ਸੀ। ਤਿੰਨੇ ਰੱਬੀ ਰੂਹਾਂ ਉਸ ਥਾਂ ਜਾ ਰੁਕੀਆਂ। ਕੁੰਮਾ ਮਾਸ਼ਕੀ ਸਤਲੁਜ ਦਰਿਆ ਵਿੱਚ ਬੇੜੀ ਚਲਾ ਕੇ ਰਾਹੀਆਂ ਨੂੰ ਇੱਧਰ ਉੱਧਰ ਕਰਕੇ ਗੁਜ਼ਾਰਾ ਕਰਦਾ ਸੀ। ਰਾਤੀਂ ਉਹ ਉੱਥੇ ਹੀ ਰੁੱਖੀ-ਸੁੱਕੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦਾ ਸੌਂ ਜਾਂਦਾ। ਉਹ ਮੁਸਾਫ਼ਰਾਂ ਕੋਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੁਣਦਾ ਕਿ ਉਹ ਗ਼ਰੀਬ-ਗੁਰਬੇ ਦੇ ਹਮਦਰਦ ਤੇ ਰੱਖਿਅਕ ਹਨ। ਮਨ ਹੀ ਮਨ ਕੁੰਮਾ ਉਨ੍ਹਾਂ ਦਾ ਮੁਰੀਦ ਹੋ ਗਿਆ ਸੀ। ਜਦੋਂ ਉਸ ਨੇ ਆਪਣੀ ਕੁੱਲੀ ਅੱਗੇ ਖੜ੍ਹੇ ਤਿੰਨ ਰੱਬੀ ਨੂਰ ਦੇਖੇ ਉਹ ਸਮਝ ਗਿਆ ਕਿ ਇਹ ਕੌਣ ਹਨ। ਉਸ ਨੇ ਬਹੁਤ ਆਦਰ-ਪ੍ਰੇਮ ਸਹਿਤ ਉਨ੍ਹਾਂ ਨੂੰ ਛੰਨ ਅੰਦਰ ਆਉਣ ਲਈ ਬੇਨਤੀ ਕੀਤੀ। ਕੁੰਮਾ ਮਾਸ਼ਕੀ ਜੀ ਨੇ ਮਾਤਾ ਜੀ ਤੇ ਗੁਰ ਲਾਲਾਂ ਨੂੰ ਘਾਹ-ਫੂਸ ਦੇ ਬਿਸਤਰੇ ਉੱਤੇ ਬਿਠਾਇਆ ਤੇ ਜੋ ਵੀ ਮੋਟਾ-ਭਾਰਾ ਕੱਪੜਾ ਸੀ ਉਨ੍ਹਾਂ ਨੂੰ ਠੰਢ ਤੋਂ ਬਚਣ ਲਈ ਦਿੱਤਾ। ਮਖ਼ਮਲੀ ਸੇਜਾਂ ਉੱਤੇ ਸੌਣ ਵਾਲਿਆਂ ਰਜ਼ਾ ਵਿੱਚ ਰਾਜ਼ੀ ਰਹਿ ਉੱਥੇ ਠਾਹਰ ਕਰਨ ਦਾ ਫ਼ੈਸਲਾ ਕੀਤਾ। ਸਮਾਜ ਵਿਚ ਜਾਤਾਂ ਪਾਤਾਂ ਦੇ ਕਹਿਰ ਦਾ ਅਸਰ ਕੁੰਮਾ ਮਾਸ਼ਕੀ ਦੇ ਧੁਰ ਅੰਦਰ ਵੀ ਸਮਾਇਆ ਹੋਇਆ ਸੀ, ਬੇਸ਼ੱਕ ਉਹ ਗੁਰੂ ਸਾਹਿਬ ਦੇ ਸ਼ੂਦਰਾਂ ਨੂੰ ਗਲ ਨਾਲ ਲਾਉਣ ਦੇ ਕਿੱਸੇ ਸੁਣਦਾ ਸੀ ਪਰ ਫਿਰ ਵੀ ਮਾਤਾ ਗੁਜਰੀ ਤੇ ਦੋਵੇਂ ਸਾਹਿਬਜਾ‌ਦਿਆਂ ਨੂੰ ਉਹ ਖ਼ੁਦ ਭੋਜਨ ਛਕਾਉਣ ਦਾ ਜੇਰਾ ਨਹੀਂ ਕਰ ਰਿਹਾ ਸੀ, ਉਹ ਸੋਚ ਰਿਹਾ ਸੀ ਮਖ਼ਮਲੀ ਸੇਜਾਂ ਦੇ ਸੌਣ ਵਾਲੇ ਭਾਂਤ ਭਾਂਤ ਦੇ ਪਕਵਾਨ ਖਾਣ ਵਾਲੇ ਮੇਰੇ ਹੱਥ ਦੀ ਰੋਟੀ ਕਿਵੇਂ ਖਾਣਗੇ?ਇਹ ਜਾਤ ਪਾਤ ਦਾ ਸਮਾਜਿਕ ਕਹਿਰ ਹੀਣ ਭਾਵਨਾ ਬਹੁਤ ਪ੍ਰੇਸ਼ਾਨ ਕਰਦੀ ਹੈ। ਇਸੇ ਕਰਕੇ ਕੁੰਮਾ ਮਾਸ਼ਕੀ ਜੀ ਨਾਲ ਦੇ ਪਿੰਡੋਂ (ਪਿੰਡ ਅਵਾਨ) ਉਨ੍ਹਾਂ ਲਈ ਭੋਜਨ ਲੈਣ ਚਲਾ ਗਿਆ। ਪਿੰਡ ਵਿੱਚ ਲੱਛਮੀ ਨਾਂ ਦੀ ਇੱਕ ਵਿਧਵਾ ਬ੍ਰਾਹਮਣ ਔਰਤ ਇਕੱਲ ਰਹਿੰਦੀ ਸੀ ਜੋ ਬਹੁਤ ਦਿਆਲੂ ਤੇ ਨੇਕਦਿਲ ਸੀ। ਉਹ ਕਿਸੇ ਵੀ ਲੋੜਵੰਦ ਨੂੰ ਰੋਟੀ-ਪਾਣੀ ਛਕਾ ਕੇ ਪ੍ਰਸੰਨ ਹੁੰਦੀ ਤੇ ਭਜਨ-ਬੰਦਗੀ ਕਰਦੀ ਰਹਿੰਦੀ। ਕੁੰਮਾ ਮਾਸ਼ਕੀ ਨੇ ਉਸ ਨੂੰ ਸਾਰੀ ਵਾਰਤਾ ਦੱਸੀ। ਮਾਈ ਲੱਛਮੀ ਨੇ ਉਸ ਨੂੰ ਭੋਜਨ ਦੇ ਨਾਲ ਕੁਝ ਗਰਮ ਕੱਪੜੇ ਵੀ ਦਿੱਤੇ। ਉਸ ਨੇ ਇਹ ਵੀ ਕਿਹਾ ਕਿ ਸਵੇਰੇ ਮੈਂ ਉਨ੍ਹਾਂ ਮਹਾਨ ਗੁਰੂ ਦੇ ਮਾਤਾ ਜੀ ਤੇ ਉਨ੍ਹਾਂ ਦੇ ਲਾਲਾਂ ਦੇ ਦਰਸ਼ਨ ਕਰਨ ਆਵਾਂਗੀ ਤੇ ਭੋਜਨ ਵੀ ਲਿਆਵਾਂਗੀ। ਕੁੰਮਾ ਮਾਸ਼ਕੀ ਜੀ ਨੇ ਤਿੰਨਾਂ ਨੂੰ ਭੋਜਨ ਛਕਾਇਆ।
ਸਵੇਰ ਹੋਈ ਤੇ ਮਾਈ ਲੱਛਮੀ ਸਾਰਿਆਂ ਲਈ ਭੋਜਨ ਲੈ ਆਈ। ਮਾਤਾ ਗੁਜਰੀ ਜੀ ਨੇ ਕੁੰਮੇ ਮਾਸ਼ਕੀ ਤੇ ਮਾਈ ਲੱਛਮੀ ਨੂੰ ਧਨ, ਜ਼ੇਵਰ ਤੇ ਸੋਨੇ ਦੀਆਂ ਮੋਹਰਾਂ ਦੇ ਕੇ ਨਿਵਾਜਿਆ। ਕੁੰਮਾ ਮਾਸ਼ਕੀ ਉਨ੍ਹਾਂ ਨੂੰ ਆਪਣੀ ਬੇੜੀ ਵਿੱਚ ਸਤਲੁਜ ਦਰਿਆ ਪਾਰ ਕਰਾ ਕੇ ਇੱਕ ਪਿਲਕਣ ਦੇ ਦਰੱਖਤ ਕੋਲ ਉਤਾਰ ਆਇਆ। ਉਸ ਦਰੱਖਤ ਨਾਲ ਪੁਰਾਣੇ ਮਲਾਹ ਆਪਣੀਆਂ ਬੇੜੀਆਂ ਬੰਨ੍ਹਦੇ ਸਨ ਜੋ ਅੱਜ ਵੀ ਮੌਜੂਦ ਹੈ। ਇੱਥੋਂ ਹੀ ਬੇਈਮਾਨ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ। ਉਸ ਦੇ ਲੂਣ ਹਰਾਮੀ ਹੋਣ ਦੀ ਪੁਸ਼ਟੀ ਇਤਿਹਾਸ ਤਿੰਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨਾਲ ਕਰਦਾ ਹੈ। ਕੁੰਮਾ ਸਤਲੁਜ ਦਰਿਆ ਨੇੜੇ ਵੱਸਦੇ ਪਿੰਡ ਅਵਾਨ ਦੇ ਗ਼ਰੀਬ ਝਿਊਰ ਪਰਿਵਾਰ ਵਿੱਚ ਜਨਮਿਆ ਸੀ। ਸਤਲੁਜ ਦਰਿਆ ਜਾਂ ਖੂਹ ਤੋਂ ਪਾਣੀ ਭਰ ਕੇ ਲੋਕਾਂ ਦੇ ਘਰੀਂ ਪਹੁੰਚਾਉਣਾ ਉਸ ਦਾ ਪਿਤਾ ਪੁਰਖੀ ਕਿੱਤਾ ਸੀ। ਪਾਣੀ ਵਾਲੀ ਮਸ਼ਕ ਕਾਰਨ ਉਸ ਦੇ ਨਾਂ ਨਾਲ ਮਾਸ਼ਕੀ ਸ਼ਬਦ ਜੁੜ ਗਿਆ। ਉਹ ਹੋਰ ਮਿਹਨਤ-ਮਜ਼ਦੂਰੀ ਵੀ ਕਰਦਾ। ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਸਤਲੁਜ ਪਾਰ ਕਰਾਉਣ ਲਈ ਉਹ ਬੇੜੀ ਚਲਾਉਣ ਲੱਗਾ। ਦਰਿਆ ਕਿਨਾਰੇ ਉਸ ਨੇ ਕੱਖਾਂ-ਕਾਨਿਆਂ ਦੀ ਕੁੱਲੀ (ਛੰਨ) ਬਣਾ ਲਈ ਮੁਸਾਫ਼ਰਾਂ ਦੀ ਸਹੂਲਤ ਲਈ ਉਹ ਉੱਥੇ ਹੀ ਰੈਣ ਬਸੇਰਾ ਕਰ ਲੈਂਦਾ। ਦੂਜੇ ਪੱਤਣ 'ਤੇ ਇੱਕ ਪਿਲਕਣ ਦਾ ਦਰੱਖਤ ਸੀ, ਕੁੰਮਾ ਆਪਣੀ ਬੇੜੀ ਉਸ ਨਾਲ ਬੰਨ੍ਹ ਕੇ ਮੁਸਾਫ਼ਰਾਂ ਦੀ ਉਡੀਕ ਕਰਦਾ। ਅੱਜ ਉੱਥੇ ਚੱਕ ਢੇਰਾ ਨਾਮਕ ਪਿੰਡ ਵੱਸਦਾ ਹੈ।
ਮਾਈ ਲੱਛਮੀ ਬ੍ਰਾਹਮਣ ਪਰਿਵਾਰ ਦੀ ਧੀ ਸੀ ਜੋ ਕੁੰਮਾ ਮਾਸ਼ਕੀ ਦੇ ਪਿੰਡ ਅਵਾਨ ਕੋਟ ਵਿਆਹੀ ਹੋਈ ਸੀ। ਸਹੁਰਾ ਪਰਿਵਾਰ ਲੋਕਾਂ ਦੇ ਘਰਾਂ ਵਿੱਚ ਪੂਜਾ-ਪਾਠ ਕਰਦਾ ਸੀ ਜਿਸ ਕਰਕੇ ਇਹ ਪੁਰੋਹਤ ਸੱਦੇ ਜਾਂਦੇ ਸਨ। ਲੱਛਮੀ ਦੇ ਕੋਈ ਔਲਾਦ ਨਹੀਂ ਸੀ ਤੇ ਉਸ ਦਾ ਪਤੀ ਵੀ ਪਰਲੋਕ ਸਿਧਾਰ ਗਿਆ ਸੀ। ਉਹ ਭਜਨ-ਬੰਦਗੀ ਕਰਦੀ ਤੇ ਸੇਵਾ ਬਿਰਤੀ ਨਾਲ ਲੋੜਵੰਦਾਂ ਨੂੰ ਅੰਨ-ਪਾਣੀ ਛਕਾਉਂਦੀ। ਕੁੰਮਾ ਉਸ ਦਾ ਬਹੁਤ ਆਦਰ ਕਰਦਾ ਤੇ ਮਾਈ ਲੱਛਮੀ ਖਾਣੇ-ਦਾਣੇ ਤੋਂ ਇਲਾਵਾ ਅੰਨ-ਧਨ ਨਾਲ ਵੀ ਕੁੰਮੇ ਦੀ ਮਦਦ ਕਰਦੀ। ਜੇ ਵੇਲੇ-ਕੁਵੇਲੇ ਕੋਈ ਮੁਸਾਫ਼ਰ ਉਸ ਕੋਲ ਠਹਿਰ ਜਾਂਦਾ ਤਾਂ ਉਹ ਮਾਈ ਲੱਛਮੀ ਕੋਲੋਂ ਭੋਜਨ ਲਿਆ ਕੇ ਉਸ ਨੂੰ ਖੁਆਉਂਦਾ। ਦੋਵਾਂ ਦੀ ਉਮਰ ਮਾਂ ਤੇ ਪੁੱਤਰ ਦੇ ਦਰਜੇ ਵਾਲੀ ਸੀ। ਉਹ ਮਾਂ-ਪੁੱਤਰ ਵਾਂਗ ਇੱਕ-ਦੂਜੇ ਦਾ ਆਸਰਾ ਸਨ। ਭਾਈ ਸੁਰਿੰਦਰ ਸਿੰਘ ਖ਼ਾਲਸਾ ਨੇ ਕੁੰਮਾ ਮਾਸ਼ਕੀ ਦੀ ਛੰਨ ਵਾਲੇ, ਬੇੜੀ ਬੰਨ੍ਹਣ ਵਾਲੇ ਪਿਲਕਣ ਦੇ ਦਰੱਖਤ ਜੋ ਹੁਣ ਪਿੰਡ ਚੱਕ ਢੇਰਾ ਵਿੱਚ ਪੈਂਦਾ ਹੈ ਵਾਲੇ ਸਥਾਨ ਦੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਇੱਕ ਰਾਤ ਠਹਿਰਨ ਵਾਲੇ ਪਾਵਨ ਅਸਥਾਨ ਮੁਹੱਲਾ ਉੱਚਾ ਖੇੜਾ, ਰੋਪੜ ਦੀ ਨਿਸ਼ਾਨਦੇਹੀ ਕੀਤੀ ਤੇ ਉਨ੍ਹਾਂ ਮੁਕੱਦਸ ਸਥਾਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰ ਕੇ ਨਿਸ਼ਾਨ ਸਾਹਿਬ ਝੁਲਾਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਵੱਲੋਂ ਮਾਤਾ ਜੀ ਵੱਲੋਂ ਕੀਤੀ ਸੇਵਾ ਬਾਬਤ ਪਤਾ ਲੱਗਾ ਤਾਂ ਉਹ ਅਵਾਨ ਕੋਟ ਆ ਪੁੱਜੇ। ਇਹ ਪਿੰਡ ਅਵਾਨ ਜਾਤ ਦੇ ਮੁਸਲਮਾਨਾਂ ਵਸਾਇਆ ਸੀ। ਜੂਨ 1710 ਵਿੱਚ ਦਸਮ ਪਿਤਾ ਦੇ ਵਰੋਸਾਏ 'ਬੰਦੇ' ਨੇ ਅਵਾਨ ਕੋਟ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਮਾਈ ਲੱਛਮੀ ਤੇ ਕੁੰਮਾ ਮਾਸ਼ਕੀ ਨੂੰ ਬਹੁਤ ਮਾਣ-ਸਨਮਾਨ ਦੇ ਕੇ ਵਡਿਆਇਆ। ਕੁੰਮਾ ਮਾਸ਼ਕੀ ਅੰਮ੍ਰਿਤਪਾਨ ਕਰ ਕੇ ਸਿੰਘ ਸਜ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਅਗਲੀ ਮੁਹਿੰਮ ਲਈ ਤੁਰ ਪਿਆ। ਮਾਈ ਲੱਛਮੀ ਨੇ ਬਿਰਧ ਅਵਸਥਾ ਵਿੱਚ ਆਪਣੇ ਪਿੰਡ ਅਵਾਨ ਕੋਟ ਹੀ ਜੀਵਨ ਪੰਧ ਮੁਕਾਇਆ ਤੇ ਅੰਤਿਮ ਸਸਕਾਰ ਉੱਥੇ ਹੀ ਹੋਇਆ। ਕਰਮ ਸਿੰਘ (ਕੁੰਮਾ ਮਾਸ਼ਕੀ) ਬਾਰੇ ਖੋਜ ਕਰਨ ਵਾਲੇ ਲੇਖਕ ਸੁਰਿੰਦਰ ਸਿੰਘ ਖ਼ਾਲਸਾ ਨੇ ਆਪਣੀ ਦਸੰਬਰ 2021 ਵਿੱਚ ਛਪੀ ਪੁਸਤਕ 'ਪੋਹ ਦੀਆਂ ਰਾਤਾਂ' ਵਿੱਚ ਪੰਨਾ 280 ਉੱਤੇ ਲਿਖਿਆ ਹੈ ਕਿ ਕਰਮ ਸਿੰਘ ਭਾਵ ਕੁੰਮਾ ਮਾਸ਼ਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਜ਼ਾਲਮਾਂ-ਜਾਬਰਾਂ ਦੇ ਆਹੂ ਲਾਹੁੰਦਾ ਸ਼ਹਾਦਤ ਪ੍ਰਾਪਤ ਕਰ ਗਿਆ। ਉਸ ਦੀ ਉਮਰ ਅੰਦਾਜ਼ਨ 60 ਸਾਲ ਦੇ ਨੇੜੇ ਹੋਵੇਗੀ। ਇਸੇ ਪੰਨੇ ਉੱਤੇ ਹਵਾਲਾ ਮਿਲਦਾ ਹੈ, ਇਸ ਦੀ ਜਾਣਕਾਰੀ ਪਰਮਜੀਤ ਕੌਰ ਸਰਹਿੰਦ ਨੇ ਵੀ ਸਾਂਝੀ ਕੀਤੀ ਹੈ, ਜੋ ਪੰਜਾਬੀ‌ ਟ੍ਰਿਬਿਊਨ ਵਿਚ ਛਪਿਆ ਸੀ। ਇਸ ਤੋਂ ਪਹਿਲਾਂ 2008 ਵਿਚ ਇੰਡੋ ਪੰਜਾਬ ਮਹੀਨਾਵਾਰ ਮੈਗਜ਼ੀਨ ਨੇ ਕੁੰਮਾ ਮਾਸ਼ਕੀ ਦੀ ਪੂਰੀ ਕਹਾਣੀ ਆਪਣੇ ਅੰਕ ਵਿਚ ਛਾਪੀ ਸੀ, ਜਿਸ ਦੇ ਮੁੱਖ ਸੰਪਾਦਕ ਇਨ੍ਹਾਂ ਸਤਰਾਂ ਦੇ ਲੇਖਕ (ਗੁਰਨਾਮ ਸਿੰਘ ਅਕੀਦਾ) ਸਨ। ਉਹ ਪੂਰੀ ਕਹਾਣੀ ਪੜ੍ਹ ਕੇ ਹੀ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇਸ ਦਾ ਕਾਫ਼ੀ ਪ੍ਰਚਾਰ ਕੀਤਾ ਪਰ ਸ਼੍ਰੋਮਣੀ ਕਮੇਟੀ ਨੇ ਇਸ ਵੱਲ ਕੋਈ ਤਵੱਜੋ ਨਹੀਂ ਦਿੱਤੀ। ਜੇਕਰ ਇਹ ਸਰਮਾਏਦਾਰ ਸਮਾਜ ਵਿਚੋਂ ਹੁੰਦਾ ਤਾਂ ਇਸ ਦੇ ਨਾਮ ਤੇ ਮੇਲੇ ਭਰਨ ਲੱਗ ਜਾਣੇ ਸਨ। ਕੁੰਮਾ ਮਾਸ਼ਕੀ ਬਾਰੇ ਹੋਰ ਵੀ ਪੜ੍ਹੋ।
ਸੰਮਤ 1812 ਬਿ: (1755 ਈਸਵੀ) ਨੂੰ ਲਿਖੇ ਸ਼ਹੀਦਨਾਮਾ ਵਿੱਚ ਕਵੀ ਕਿਸ਼ਨ ਸਿੰਘ ਨੇ ਬਾਬਾ ਕੁੰਮਾ ਮਾਸ਼ਕੀ ਜੀ ਦਾ ਜ਼ਿਕਰ ਇਨ੍ਹਾਂ ਸਤਰਾਂ ਨਾਲ ਕੀਤਾ ਹੈ- ਬੰਦੇ ਸੁਨੀ ਕਰਮੂ ਕੀ ਗਾਥਾ। ਤਿਨਹ ਕਮਾਈ ਸੇਵ ਅਕਾਥਾ॥ ਅਪਨੇ ਨਿਕਟ ਤਿਹ ਲੀਯੋ ਬੁਲਾਏ। ਆਦਰ ਦੀਨੋ ਬਹੁਤ ਅਧਿਕਾਏ॥ ਸਤ ਮੋਹਰੇ ਅਰ ਬਸਤਰ ਅਪਾਰਾ। ਬੰਦਹਿ ਭੇਟੇ ਕਰ ਬਹੁ ਸਤਿਕਾਰਾ॥ ਕਰਮੂ ਝੀਵਰ ਭਯਾ ਪ੍ਰਸੰਨ। ਮੁਖਹੁ ਅਲਾਵੈ ਸਤਿਗੁਰ ਧੰਨ ਧੰਨ॥ ਤਿਨਹਿ ਪੁਨਹਿ ਸਿੰਘ ਸਾਜਨ ਕੀਨਾ। ਕਰਮਾ ਭਯੋ ਕਰਮ ਸਿੰਘ ਪ੍ਰਬੀਨਾ॥ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਈ ਲੱਛਮੀ ਨੂੰ ਮਿਲਣ ਦੀ ਪੁਸ਼ਟੀ ਵੀ ਸ਼ਹੀਦਨਾਮਾ ਵਿੱਚ ਕੀਤੀ ਗਈ ਹੈ। ਪੁਸਤਕ 'ਪੋਹ ਦੀਆਂ ਰਾਤਾਂ' ਦੇ ਪੰਨਾ 285 ਉੱਤੇ ਅੰਕਿਤ ਹੈ: ਦੋਹਰਾ ਮਾਤਾ ਲੱਛਮੀ ਕੀ ਸੇਵ ਸੁਨ ਬੰਦਾ ਬਹੁ ਹਰਖਾਇ॥ ਬੰਦੇ ਸਾਥ ਸਿਖ ਬਹੁਤ ਲੀਏ ਮਾਤ ਕੇ ਚਰਨ ਪਰਸੇ ਜਾਇ॥ ਚੌਪਈ ਮਾਤ ਲੱਛਮੀ ਭਈ ਪ੍ਰਸੰਨਾ। ਆਖੇ ਮੁਖਹੁ ਸਤਿਗੁਰ ਧੰਨ ਧੰਨਾ॥ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਦੇ ਨਾਲ ਉਨ੍ਹਾਂ ਦੇ ਪਿਆਰੇ-ਸਚਿਆਰੇ ਸੇਵਕਾਂ ਦਾ ਵੀ ਸਿੱਖ ਇਤਿਹਾਸ ਵਿੱਚ ਵਿਲੱਖਣ ਤੇ ਮਾਣਮੱਤਾ ਸਥਾਨ ਹੈ ਜਿਨ੍ਹਾਂ ਵਿੱਚ ਬਾਬਾ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਨੇ ਕੀਤੀ ਸੇਵਾ ਸਦਕਾ ਆਪਣੇ ਨਾਮ ਦਰਜ ਕਰਵਾ ਲਿਆ ਹੈ। ਡੱਬੀ ਗੁਰਦੁਆਰਾ ਐਮਾ ਸਾਹਿਬ! ਜਿੱਥੇ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਬਾਬਿਆਂ ਨੂੰ ਗੰਗੂ ਬ੍ਰਾਹਮਣ ਜੰਗਲ ਵਿਚ ਇਕ ਕੁਲੀ ਵਿਚ ਬੈਠਾ ਕੇ ਗਿਆ ਸੀ ਤਾਂ ਉੱਥੇ ਕੁਲੀ ਦਾ ਮਾਲਕ ਫ਼ਕੀਰ ਆ ਗਿਆ, ਫ਼ਕੀਰ ਨੇ ਮਾਤਾ ਜੀ ਨੂੰ ਪੁੱਛਿਆ ‘ਕਿਵੇਂ ਬੈਠੇ ਓ ਭਾਈ’ ਤਾਂ ਮਾਤਾ ਜੀ ਨੇ ਕਿਹਾ ‘ਐਵੇਂ ਬੈਠੇ ਹਾਂ ਜੀ’ ਤਾਂ ਇਸ ਥਾਂ ਤੇ ਐਮਾ ਸਾਹਿਬ ਗੁਰਦੁਆਰਾ ਬਣਾ ਦਿੱਤਾ ਗਿਆ। ਪਰ ਕੁੰਮਾ ਮਾਸ਼ਕੀ ਦੇ ਨਾਮ ਤੇ ਕਿਸੇ ਨੇ ਕੋਈ ਯਾਦਗਾਰ ਨਹੀਂ ਬਣਾਈ। ਬੇਸ਼ੱਕ ਪਿਲਕਣ ਨਾਮ ਦਾ ਗੁਰਦੁਆਰਾ ਬਣਿਆ ਹੋਇਆ ਹੈ। ਲੇਖਕ ਗੁਰਨਾਮ ਸਿੰਘ ਅਕੀਦਾ 8146001100

ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ

ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...