Friday, June 03, 2016

ਅਕਾਲੀ ਭਾਜਪਾ ਦਾ ਅਧਾਰ ਪੰਜਾਬ ਵਿਚ ਖਤਮ , ਆਪ ਨੂੰ ਲੋਕ ਮੂੰਹ ਨਹੀਂ ਲਾਉਣਗੇ : ਕੈਪ. ਅਮਰਿੰਦਰ ਸਿੰਘ

ਸਿੱਖੀ ਮਾਮਲਿਆਂ ਸਬੰਧੀ ਬਾਦਲਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਅਸਲ ਵਿਚ ਸ੍ਰੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਬਾਦਲਾਂ ਦਾ ਹੀ ਹੁਕਮ ਚਲਦਾ ਹੈ : ਅਮਰਿੰਦਰ
ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਗੁਰਨਾਮ ਸਿੰਘ ਅਕੀਦਾ
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪ. ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਾ ਇਹ ਹਾਲ ਹੈ ਕਿ ਲੋਕਾਂ ਨੇ ਪਿੰਡਾਂ ਵਿਚ ਇਨ੍ਹਾਂ ਨੂੰ ਵੜਨ ਨਹੀਂ ਦੇਣਾ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਪ੍ਰਤੀ ਕੋਈ ਸਪਸ਼ਟ ਨਜ਼ਰੀਆ ਨਹੀਂ ਹੈ ਇਸ ਕਰਕੇ ਆਪ ਨੂੰ ਲੋਕ ਮੂੰਹ ਨਹੀਂ ਲਾਉਣਗੇ। ਅਮਰਿੰਦਰ ਨੇ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਆਕੇ ਮੁੱਖ ਮੰਤਰੀ ਦਾ ਉਮੀਦਵਾਰ ਬਣ ਕੇ ਚੋਣਾ ਲੜੇ, ਦਿਲੀ ਵਿਚ ਕੇਜਰੀਵਾਲ ਸਰਕਾਰ ਫੇਲ ਹੋਈ ਹੈ, ਉਹ ਪੁਲਸ ਤੇ ਦੋਸ਼ ਲਗਾਈ ਜਾ ਰਹੇ ਹਨ ਪਰ ਕੀ ਸਾਰਾ ਕੰਮ ਪੁਲਸ ਹੀ ਕਰਦੀ ਹੈ? ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਮੁਲਾਕਾਤ ਦੌਰਾਨ ਗੱਲ ਕਰ ਰਹੇ ਸਨ ਉਨ੍ਹਾਂ ਅਰਵਿੰਦ ਨੂੰ ਆਹੜੇ ਹੱਥੀਂ ਲਿਆ ਤੇ ਕਿਹਾ ਕਿ ਉਹ ਖੁੱਦ ਹਿਸਾਰ ਦਾ ਹੈ, ਉਹ ਦੱਸੇ ਕਿ ਪਾਣੀਆਂ ਦੇ ਮਸਲੇ ਤੇ ਹਰਿਆਣਾ ਨਾਲ ਖੜਾ ਹੈ ਜਾਂ ਫਿਰ ਪੰਜਾਬ ਨਾਲ ਖੜਾ ਹੈ, ਉਹ ਅਬੋਹਰ ਫਾਜਲਿਕਾ ਦੇ ਹਰਿਆਣਾ ਨਾਲ ਝਗੜੇ ਦੇ ਸਬੰਧ ਵਿਚ ਦੱਸੇ ਕਿ ਉਹ ਹਰਿਆਣਾ ਨਾਲ ਖੜਾ ਹੈ ਜਾਂ ਫਿਰ ਪੰਜਾਬ ਨਾਲ ਖੜਾ ਹੈ, ਉਹ ਚੰਡੀਗੜ੍ਹ ਦੇ ਪੰਜਾਬ ਨੂੰ ਦੇਣ ਦੇ ਮਾਮਲੇ ਵਿਚ ਦੱਸੇ ਕਿ ਹਰਿਆਣਾ ਨਾਲ ਹੈ ਜਾਂ ਫਿਰ ਪੰਜਾਬ ਨਾਲ ਹੈ।
ਕੈਪ. ਅਮਰਿੰਦਰ ਸਿੰਘ ਨੇ ਇਹ ਇਕ ਮੁਲਾਕਾਤ ਦੌਰਾਨ ਇਹ ਵੀ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਿਚ ਪੰਜਾਬ ਸਰਕਾਰ ਹੀ ਜਿੰਮੇਵਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਮਲਾ ਇਹ ਸਾਰਾ ਕੁਝ ਸਪਸ਼ਟ ਕਰਦਾ ਹੈ ਕਿ ਪੰਜਾਬ ਦੇ ਹਾਲਤ ਠੀਕ ਨਹੀਂ ਹਨ, ਹੁਣ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੂੰ ਪੰਜਾਬ ਦੀ ਹੋਰ ਬਰਬਾਦੀ ਕਰਨ ਤੋਂ ਬਾਜ ਆ ਜਾਣਾ ਚਾਹੀਦਾ ਹੈ।
ਕੈਪ. ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਇੱਕਮੁੱਠ ਹੈ, ਤੇ 2017 ਵਿਚ ਆਪਣੀ ਸਰਕਾਰ ਬਣਾ ਰਹੀ ਹੈ, ਹੋ ਸਕਦਾ ਹੈ ਸਾਡੇ ਲੀਡਰਾਂ ਵਿਚ ਕੁਝ ਵਿਚਾਰਕ ਮੱਤਭੇਦ ਹੋਣ ਪਰ ਉਹ ਸਾਰੇ ਘਰ ਵਿਚ ਭਰਾਵਾਂ ਦੇ ਹੋਣ ਵਾਲੇ ਮਤਭੇਦਾਂ ਵਰਗੇ ਹੀ ਹਨ, ਜੇਕਰ ਅਸੀਂ ਇਕ ਦੂਜੇ ਨਾਲ ਬਹਿਸ ਕਰਦੇ ਹਾਂ ਤਾਂ ਸਾਡਾ ਮਕਸਦ ਹੁੰਦਾ ਹੈ ਕਿ ਕੁਝ ਚੰਗਾ ਨਿਕਲ ਕੇ ਬਾਹਰ ਆਵੇ। ਪ੍ਰਤਾਪ ਸਿੰਘ ਬਾਜਵਾ, ਬੀਬੀ ਰਾਜਿੰਦਰ ਕੌਰ ਭੱਠਲ ਆਦਿ ਹੋਰ ਕਈ ਸਾਰੇ ਪ੍ਰਮੁੱਖ ਲੀਡਰ ਸਾਰੇ ਅਸੀਂ ਇਕੱਠੇ ਹਾਂ। ਸੁਖਬੀਰ ਬਾਦਲ ਵਲੋਂ ਲਗਾਏ ਦੋਸ਼ਾਂ ਕਿ ਕਾਂਗਰਸ ਪੰਜ ਭਾਗਾਂ ਵਿਚ ਵੰਡੀ ਹੋਈ ਹੈ ਤਾਂ ਕੈਪਟਨ ਨੇ ਕਿਹਾ ਕਿ ਅਕਾਲੀ ਦਲ 6 ਭਾਗਾਂ ਵਿਚ ਵੰਡਿਆ ਹੈ। ਸਰਬਤ ਖਾਲਸਾ ਕਾਂਗਰਸ ਵਲੋਂ ਕਰਾਏ ਗਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਜੋ ਵੀ ਅਕਾਲੀ ਦਲ ਦੇ ਖਿਲਾਫ ਹੁੰਦਾ ਹੈ ਉਹ ਸਾਰਾ ਕਾਂਗਰਸ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ, ਅਸਲ ਵਿਚ ਸਰਬਤ ਖਾਲਸਾ ਵਿਚ ਲੱਖਾਂ ਲੋਕਾਂ ਦਾ ਇਕੱਠ ਪੰਜਾਬ ਦੇ ਹਿਤੈਸੀਆਂ ਦਾ ਇਕੱਠ ਸੀ ਉਹ ਪੰਜਾਬ ਪ੍ਰਤੀ ਚੰਗੇ ਫੈਸਲਿਆਂ ਦੀ ਉਡੀਕ ਵਿਚ ਗਏ ਸਨ ਪਰ ਜਦੋਂ ਉਨ੍ਹਾਂ ਨੂੰ ਕੋਈ ਚੰਗੇ ਫੈਸਲੇ ਆਉਂਦੇ ਨਜ਼ਰ ਨਹੀਂ ਆਏ ਤਾਂ ਉਹ ਕਿਨਾਰਾ ਕਰ ਗਏ। ਮਹਾਰਾਣੀ ਪ੍ਰਨੀਤ ਕੌਰ ਦੇ ਵਿਦੇਸ਼ਾਂ ਵਿਚ ਖਾਤਿਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਜਦੋਂ ਪਾਰਲੀਮੈਂਟ ਚੋਣਾ ਸਨ ਮੈਂ ਸ੍ਰੀ ਅਰੁਣ ਜੇਟਲੀ ਦੇ ਖਿਲਾਫ ਚੋਣ ਲੜ ਰਿਹਾ ਸੀ ਤਾਂ ਰਾਜਸਥਾਨ ਵਿਚ ਨਰਿੰਦਰ ਮੋਦੀ ਨੇ ਸਾਡੇ ਪਰਵਾਰ ਦੇ ਖਾਤਿਆਂ ਬਾਰੇ ਬੋਲਿਆ ਸੀ, ਫੇਰ ਅਸੀਂ ਸਾਡੇ ਵਕੀਲ ਤੋਂ ਬੈਂਕਾਂ ਨੂੰ ਲਿਖਾਇਆ ਤੇ ਪੁਛਿਆ ਕਿ ਸਾਡੇ ਪਰਵਾਰ ਦੇ ਨਾਮ ਦੇ ਕੋਈ ਖਾਤਾ ਹੈ ਤਾਂ ਦਸਿਆ ਜਾਵੇ ਤਾਂ ਬੈਂਕਾਂ ਦੇ ਮੁਖੀਆਂ ਵਲੋਂ ਲਿਖ ਕੇ ਆ ਗਿਆ ਕਿ ਸਾਡੇ ਪਰਵਾਰ ਦੇ ਕਿਸੇ ਵੀ ਨਾਮ ਤੇ ਕੋਈ ਖਾਤਾ ਨਹੀਂ ਹੈ ਪਰ ਇਹ ਵੋਟਾਂ ਦਾ ਸਟੰਟ ਹੈ ਜਦੋਂ ਮੈਂ ਪ੍ਰਧਾਨ ਬਣਨ ਲੱਗਾ ਸੀ ਤਾਂ ਉਸ ਵੇਲੇ ਸਾਡੇ ਪਰਵਾਰ ਦਾ ਨਾਮ ਵਿਦੇਸ਼ੀ ਖਾਤਿਆਂ ਵਿਚ ਉਛਾਲਿਆ ਗਿਆ, ਹੁਣ ਜਦੋਂ 2017 ਚੋਣਾ ਆਉਣਗੀਆਂ ਤਾਂ ਸਾਡੇ ਖਾਤਿਆਂ ਦੀ ਝੂਠੀ ਗੱਲ ਨੂੰ ਪ੍ਰਚਾਰਿਆ ਜਾਵੇਗਾ, ਇਹ ਸਭ ਸਿਆਸੀ ਤੇ ਵੋਟਾਂ ਲਈ ਸਟੰਟ ਹਨ। ਆਪਣੇ ਸਪੁੱਤਰ ਰਣਇੰਦਰ ਸਿੰਘ ਨੂੰ ਟਿਕਟ ਦੇਣ ਵਿਚ ਪਰਵਾਰਵਾਦ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਵਾਰ ਨਾਲ ਬਠਿੰਡਾ ਵਿਚ ਰਣਇੰਦਰ ਸਿੰਘ ਨੂੰ ਚੋਣ ਲੜਾਉਣ ਦਾ ਫੈਸਲਾ ਹਾਈਕਮਾਂਡ ਦਾ ਸੀ, ਤੇ ਉਸ ਤੋਂ ਬਾਅਦ ਵਿਧਾਨ ਸਭਾ ਵਿਚ ਸਮਾਣਾ ਤੋਂ ਰਣਇੰਦਰ ਨੂੰ ਚੋਣ ਲੜਾਉਣ ਲਈ ਆਖਿਰੀ ਸਮੇਂ ਵਿਚ ਲਿਆ ਗਿਆ। ਇਸ ਵਿਚ ਮੇਰੀ ਕੋਈ ਦਖਲ ਅੰਦਾਜੀ ਨਹੀਂ ਸੀ, ਬਠਿੰਡਾ ਤਾਂ ਮੈਂ ਪ੍ਰਚਾਰ ਕਰਨ ਲਈ ਗਿਆ ਵੀ ਨਹੀਂ ਸੀ ਤੇ ਸਮਾਣਾ ਮੈਂ ਦੋ ਵਾਰ ਗਿਆ ਸੀ। ਮੇਰਾ ਕੋਈ ਪਰਵਾਰਵਾਦ ਨਹੀਂ ਹੈ ਪਰਵਾਰ ਤਾਂ ਬਾਦਲਾਂ ਦਾ ਹੈ ਜੋ ਸਾਰੇ ਪਰਵਾਰ ਨੂੰ ਟਿਕਟਾਂ ਦੇ ਕੇ ਪੰਜਾਬ ਦੇ ਮਾਲਕ ਬਣਾ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਿੱਧਾ ਦੋਸ਼ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਤੇ ਲਾਇਆ ਤੇ ਕਿਹਾ ਕਿ ਜੋ ਵੀ ਬੇਅਦਬੀ ਹੋਈ ਹੈ ਇਹ ਸਾਰਾ ਬਾਦਲਾਂ ਨੇ ਹੀ ਕਰਾਇਆ ਹੈ। ਡੇਰਾ ਸਿਰਸਾ ਨੂੰ ਮਾਫੀ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਬੋਲੇ ਕਿ ਅਸਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਇਥੋਂ ਸ਼ੁਰੂ ਹੋਇਆ, ਇਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਇਹ ਫੈਸਲਾ ਕਰਵਾ ਲਿਆ, ਪਹਿਲਾਂ ਅਮਿਤ ਸ਼ਾਹ ਨੇ ਹਰਿਆਣਾ ਤੇ ਰਾਜਸਥਾਨ ਤੇ ਦਿਲੀ ਵਿਚ ਡੇਰਾ ਸਿਰਸਾ ਦੀ ਮਦਦ ਲਈ, ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਚੰਡੀਗੜ੍ਹ ਬੁਲਾ ਕੇ ਪਹਿਲਾਂ ਹੀ ਲਿਖੀ ਲਿਖਾਈ ਇਬਾਰਤ ਤੇ ਦਸਤਖਤ ਕਰਾਏ ਗਏ। ਛੇਵੇਂ ਪਾਤਸਾਹ ਦੇ ਸਥਾਨ ਸ੍ਰੀ ਅਕਾਲ ਤਖਤ ਨੂੰ ਅਕਾਲੀ ਦਲ ਆਪਣੇ ਨਿੱਜੀ ਲਾਭਾਂ ਲਈ ਵਰਤ ਰਿਹਾ ਹੈ, ਸ਼੍ਰੋਮਣੀ ਕਮੇਟੀ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਉਸ ਨੂੰ ਅਕਾਲੀ ਦਲ ਨਿੱਜੀ ਲਾਭਾਂ ਲਈ ਵਰਤ ਰਿਹਾ ਹੈ। ਇਹ ਦੋਵੇਂ ਸੰਸਥਾਵਾਂ ਬਹੁਤ ਵੱਡੀਆਂ ਹਨ, ਇਹ ਚਲਣੀਆਂ ਚਾਹੀਦੀਆਂ ਹਨ ਜੋ ਲੋਕ ਖਰਾਬ ਹਨ ਉਹ ਬਾਹਰ ਹੋਣੇ ਚਾਹੀੇਦੇ ਹਨ। ਪੁੱਛੇ ਗਏ ਸਵਾਲ ਕਿ ਸੁਖਬੀਰ ਬਾਦਲ ਤਾਂ ਕਹਿ ਰਹੇ ਹਨ ਕਿ ਉਨ੍ਹਾਂ ਦੀ ਇਨ੍ਹਾਂ ਸੰਸਥਾਵਾਂ ਵਿਚ ਕੋਈ ਦਖਲ ਅੰਦਾਜੀ ਨਹੀਂ ਹੈ ਬਾਰੇ ਅਮਰਿੰਦਰ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ? ਅਵਤਾਰ ਸਿੰਘ ਮੱਕੜ ਕਿਸ ਦਾ ਆਦਮੀ ਹੈ? ਇਹ ਸਭ ਡਰਾਮੇਬਾਜੀ ਹੈ, ਇਨ੍ਹਾਂ ਨੂੰ ਗੁਰੂ ਦੇ ਨਾਮ ਤੇ ਤਾਂ ਝੂਠ ਬੋਲਣਾ ਛੱਡਣਾ ਚਾਹੀਦਾ ਹੈ। ਜਦ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਇਨ੍ਹਾਂ ਨੇ ਹੀ ਨਿਯੁਕਤ ਕੀਤੇ ਹਨ ਤਾਂ ਫਿਰ ਇਹ ਕਿਵੇਂ ਕਹਿ ਸਕਦੇ ਹਨ ਕਿ ਇਨ੍ਹਾਂ ਦਾ ਕੋਈ ਦਖਲ ਨਹੀਂ ਹੈ।
ਪੰਜਾਬ ਦੀ ਅਕਾਲੀ ਦਲ ਭਾਜਪਾ ਸਰਕਾਰ ਦੇ ਖਿਲਾਫ ਬੋਲਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਬੁਰਾ ਹਾਲ ਹੈ, ਮਜਦੂਰ ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਸਿਖਿਆ ਦਾ ਮਿਆਰ ਬਹੁਤ ਹੇਠਾਂ ਗਿਰ ਗਿਆ ਹੈ, ਆਸਟ੍ਰੇਲੀਆ ਵਰਗੇ ਦੇਸ਼ ਨੇ ਸਾਡੇ ਪਾੜਿਆਂ ਨੂੰ ਵੀਜਾ ਦੇਣਾ ਬੰਦ ਕਰ ਦਿੱਤਾ ਹੈ। ਇਨ੍ਹਾਂ ਨੇ ਸਿਰਫ ਹੋਟਲ ਖੜੇ ਕੀਤੇ ਹਨ ਜਦ ਕਿ ਪੰਜਾਬ ਦਾ ਭੱਠਾ ਬੈਠ ਗਿਆ ਹੈ, ਅਗਲੇ ਸਵਾਲ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਰੋਕਣ ਵਿਚ ਬਿਲਕੁਲ ਹੀ ਨਾਕਾਮਯਾਬ ਹੋਏ ਹਨ। ਨਸ਼ਿਆਂ ਵਿਚ ਅਕਾਲੀ ਦਲ ਦਾ ਖੁੱਦ ਦਿਲਚਸਪੀ ਹੈ, ਬਜਰੀ, ਰੇਤਾ, ਵਿਚ ਇਨ੍ਹਾਂ ਦੀ ਦਿਲਚਸਪੀ ਹੈ, ਪਹਿਲਾਂ ਅਕਾਲੀ ਦਲ ਦੇ ਮੈਂਬਰਾਂ ਨੂੰ ਥਾਣਿਆਂ ਵਿਚੋਂ ਭੁੱਕੀ ਮਿਲਦੀ ਸੀ ਜੋ ਸਾਡੀ ਸਰਕਾਰ ਨੇ ਖਤਮ ਕੀਤੀ ਸੀ ਹੁਣ ਅਕਾਲੀ ਸਰਕਾਰ ਆਈ ਹੈ ਤਾਂ ਉਸ ਨੇ ਨੌ ਸਾਲਾਂ ਵਿਚ ਸਾਰਾ ਫੇਰ ਸ਼ੁਰੂ ਕਰ ਦਿੱਤਾ ਹੈ। ਅੱਜ ਸੱਤ ਸੱਤ ਮਹੀਨੇ ਤਨਖਾਹ ਨਹੀਂ ਮਿਲ ਰਹੀ, ਸਮਾਜਕ ਪੱਧਰ ਦੇ ਲੋਕਾਂ ਵਿਚ ਖਟਾਸ ਪੈਦਾ ਹੋਈ ਪਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਦੇ ਜੱਟਾਂ ਨੂੰ ਰਾਖਵਾਕਰਨ ਮਿਲਣਾ ਚਾਹੀਦਾ ਹੈ, ਇਹ ਮੁੱਦਾ ਅਸੀਂ ਸਾਡੇ ਚੋਣ ਮਨੋਰਥ ਪੱਤਰ ਵਿਚ ਪਾ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਜਾਟਾਂ ਦੇ ਰਾਖਵੇਕਰਨ ਬਾਰੇ ਜੋ ਵੀ ਸੰਘਰਸ਼ ਕਰਨ ਦੀ ਗੱਲ ਹੈ, ਸੰਘਰਸ਼ ਤਾਂ ਹਰੇਕ ਭਾਰਤੀ ਨੂੰ ਸ਼ਾਂਤਮਈ ਕਰਨ ਦੀ ਇਜਾਜਤ ਹੈ। ਇਸੇ ਤਰ੍ਹਾਂ ਹੋਰ ਪਾਰਟੀਆਂ ਨਾਲ ਮਹਾਂਗੱਠਜੋੜ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਭਾਵੇਂ ਖੱਬੇਪੱਖੀਆਂ ਨਾਲ ਸਮਝੌਤਾ ਕਰੀਏ ਜਾਂ ਫਿਰ ਕਿਸੇ ਹੋਰ ਨਾਲ ਸਮਝੌਤਾ ਕਰੀਏ ਪਰ ਉਹ ਪੰਜਾਬ ਵਿਚੋਂ ਵਿਰੋਧੀ ਪਾਰਟੀਆਂ ਦੇ ਛੱਕੇ ਛੁਡਾ ਦੇਣਗੇ। ਵਿਦੇਸ਼ੀ ਦੌਰਿਆਂ ਦੇ ਲੱਗੇ ਦੋਸ਼ਾਂ ਬਾਰੇ ਕਿਹਾ ਕਿ ਇਕ ਵਾਰੀ ਉਹ ਕੈਨੇਡਾ ਗਿਆ ਸੀ ਤੇ ਇਕ ਵਾਰੀ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਲਈ ਗਿਆ ਸੀ ਪਰ ਸੁਖਬੀਰ ਬਾਦਲ ਤਾਂ ਹਰ ਮਹੀਨੇ ਬਾਹਰ ਚਲਾ ਜਾਂਦਾ ਹੈ। 73 ਸਾਲ ਦੀ ਉਮਰ ਦੇ ਸੁਖਬੀਰ ਬਾਦਲ ਵਲੋਂ ਲਗਾਏ ਦੋਸ਼ਾਂ ਬਾਰੇ ਅਮਰਿੰਦਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਖੁੱਦ 94 ਸਾਲਾਂ ਦੇ ਹਨ।
ਲੋਕਾਂ ਨੂੰ ਨਾ ਮਿਲਣ ਦੇ ਸਵਾਲ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਵਿਚ ਉਹ ਤਿੰਨ ਵਾਰ ਚੋਣ ਲੜੇ ਹਨ ਪਹਿਲੀ ਵਾਰ ਉਨ੍ਹਾਂ ਦੀ 28000 ਦੀ ਜਿੱਤ ਹੋਈ ਸੀ, ਦੂਜੀ ਵਾਰ 32000 ਦੀ ਜਿੱਤ ਹੋਈ ਤੇ ਤੀਜੀ ਵਾਰ 40 ਹਜਾਰ ਦੀ ਜਿੱਤ ਹੋਈ ਸੀ, ਫੇਰ ਲੋਕ ਕਿਵੇਂ ਦੋਸ ਲਗਾ ਰਹੇ ਹਨ ਕਿ ਉਹ ਲੋਕਾਂ ਨੂੰ ਮਿਲਦੇ ਨਹੀਂ ਹਨ? ਮੇਰੇ ਦਰਵਾਜੇ ਹਮੇਸ਼ਾਂ ਲੋਕਾਂ ਲਈ ਖੁੱਲੇ ਹਨ ਤੇ ਹਮੇਸ਼ਾਂ ਮਿਲਦਾ ਹਾਂ।

ਸਤਿਗੁਰੂ ਜਗਜੀਤ ਸਿੰਘ ਨਾਲ ਤਾਂ ਮੈਂ ਬੈਡਮਿੰਟਨ ਖੇਡਿਆ ਹਾਂ : ਕੈਪ. ਅਮਰਿੰਦਰ ਸਿੰਘ
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪ. ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਡੇਰਿਆਂ ਦੇ ਮੁਖੀਆਂ ਨਾਲ ਮੇਰਾ ਬੜਾ ਪਿਆਰ ਹੈ, ਅਸੀਂ ਡੇਰਿਆਂ ਵਿਚ ਜਾਂਦੇ ਹਾਂ, ਇਸ ਦਾ ਮਤਲਬ ਇਹ ਹੈ ਕਿ ਅਸੀਂ ਇਨ੍ਹਾਂ ਦਾ ਸਤਿਕਾਰ ਕਰਦੇ ਹਾਂ, ਕੈਪ. ਸਿੰਘ ਇਥੇ ਇਕ ਟੀਵੀ ਚੈਨਲ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਨਾਮਧਾਰੀਆਂ ਦੇ ਸਤਿਗੁਰੂ ਜਗਜੀਤ ਸਿੰਘ ਨਾਲ ਤਾਂ ਉਹ ਬੈਡਮਿੰਟਨ ਖੇਡੇ ਹਨ ਜੋ ਨਾਮਧਾਰੀਆਂ ਦੇ ਹੁਣ ਗੁਰੂ ਜੀ ਹਨ ਉਨ੍ਹਾਂ ਨੂੰ ਖੇਤੀਬਾੜੀ ਦਾ ਬੜਾ ਸੌਂਕ ਹੈ ਮੈਨੂੰ ਵੀ ਖੇਤੀਬਾੜੀ ਦਾ ਬੜਾ ਸੌਂਕ ਹੈ। ਉਨ੍ਹਾਂ ਕਿਹਾ ਕਿ ਰਾਧਾ ਸੁਆਮੀ ਗੁਰੂ ਜੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ, ਇਸੇ ਤਰ੍ਹਾਂ ਨਾਨਕਸਰ ਵਾਲੇ ਬਾਬਾ ਨੰਦ ਸਿੰਘ ਜੀ ਨਾਲ ਮੇਰਾ ਬੜਾ ਪਿਆਰ ਹੈ। ਇਸੇ ਤਰ੍ਹਾਂ ਬਾਬਾ ਭੁੱਚੋ ਵਾਲਿਆਂ ਨਾਲ, ਬਾਬਾ ਮਲੂਕੇ ਵਾਲਿਆਂ ਨਾਲ ਮੇਰਾ ਬੜਾ ਪਿਆਰ ਹੈ, ਸੋ ਇਨ੍ਹਾਂ ਡੇਰਿਆਂ ਦਾ ਆਪੋ ਆਪਣੇ ਇਲਾਕਿਆਂ ਵਿਚ ਬੜਾ ਅਸਰ ਹੈ ਤੇ ਉਨ੍ਹਾਂ ਦੇ ਪੈਰੋਕਾਰਾ ਸਾਡੇ ਵੋਟਰ ਹਨ ਤਾਂ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਨ੍ਹਾਂ ਕੋਲ ਜਾਈਏ। ਇਸ ਬਿਆਨ ਨਾਲ ਸਪਸ਼ਟ ਹੋ ਗਿਆ ਹੈ ਕਿ ਕੈਪ. ਅਮਰਿੰਦਰ ਸਿੰਘ ਹੁਣ ਪੰਜਾਬ ਨੂੰ ਸਰ ਕਰਨ ਲਈ ਹਰ ਤਰ੍ਹਾਂ ਦਾ ਹਰਬਾ ਵਰਤ ਸਕਦੇ ਹਨ।

ਅਮਰਿੰਦਰ ਦੇ ਸੋਨੀਆਂ ਗਾਂਧੀ ਨੂੰ ਕਾਂਗਰਸੀ ਦੀ ਪ੍ਰਧਾਨਗੀ ਛੱਡਣ ਤੇ ਛਿੜਿਆ ਵਿਵਾਦ
ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਬਿਆਨ ਕਿ ਹੁਣ ਸੋਨੀਆਂ ਗਾਂਧੀ ਦੀ ਉਮਰ ਕਾਫੀ ਹੋ ਗਈ ਹੈ, ਨੇ ਕੇਂਦਰੀ ਕਾਂਗਰਸ ਵਿਚ ਕਾਫੀ ਵਿਵਾਦ ਖੜਾ ਕੀਤਾ ਹੋਇਆ ਹੈ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਂਡ ਸੰਭਾਲ ਦੇਣ ਦਾ ਬਿਆਨ ਦਿੱਤਾ ਸੀ ਤੇ ਇਹ ਵੀ ਕਿਹਾ ਸੀ ਕਿ ਸੋਨੀਆ ਜੀ ਖੁੱਦ ਚਾਹੁੰਦੇ ਹਨ ਕਿ ਹੁਣ ਉਹ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਰਾਹੁਲ ਨੂੰ ਕਮਾਂਡ ਸੰਭਾਲ ਦੇਣ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਤੋਹਫਾ ਦਿੱਤਾ ਹੋਇਆ ਹੈ, ਸੂਤਰਾਂ ਅਨੁਸਾਰ ਕੇਂਦਰੀ ਕਾਂਗਰਸ ਹਾਈਕਮਾਂਡ ਵਿਚ ਇਕ ਖੇਮਾ ਰਾਹੁਲ ਗਾਂਧੀ ਨੂੰ ਪਿਆਰ ਕਰਦਾ ਹੈ। ਉਹ ਰਾਹੁਲ ਦੀ ਕਮਾਂਡ ਕਾਂਗਰਸ ਵਿਚ ਚਾਹੁੰਦਾ ਹੈ, ਇਕ ਖੇਮਾ ਪ੍ਰੀਅੰਕਾ ਗਾਂਧੀ ਨੂੰ ਪਿਆਰ ਕਰਦਾ ਹੈ, ਉਹ ਪ੍ਰੀਅੰਕਾ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣਾ ਲੋਚਦਾ ਹੋਇਆ ਕਹਿੰਦਾ ਹੈ ਕਿ ਰਾਹੁਲ ਗਾਂਧੀ ਨਾਲੋਂ ਕਿਤੇ ਕਾਬਲ ਪ੍ਰੀਅੰਕਾਂ ਗਾਂਧੀ ਹੈ, ਜਿਸ ਵਿਚ ਇੰਦਰਾ ਗਾਂਧੀ ਵਾਲਾ ਸੁਭਾਅ ਹੈ ਤੇ ਤੁਰੰਤ ਫੈਸਲਾ ਲੈਣ ਦਾ ਸਲੀਕਾ ਵੀ ਮੌਜੂਦ ਹੈ। ਪਰ ਇਕ ਖੇਮਾ ਅਜੇ ਵੀ ਸੋਨੀਆਂ ਗਾਂਧੀ ਦੀ ਸਾਫ ਸੁਥਰੀ ਸਵੀ ਨੂੰ ਪਿਆਰ ਕਰਦਾ ਹੈ ਤੇ ਕਹਿੰਦਾ ਹੈ ਕਿ ਸੋਨੀਆਂ ਗਾਂਧੀ ਦੀ ਪ੍ਰਧਾਨਗੀ ਵਿਚ ਕਾਂਗਰਸ ਨੇ ਭਾਰਤ ਦੇ ਰਾਜ ਕੀਤਾ ਹੀ ਹੈ, ਹੁਣ ਜੇਕਰ ਕੁਝ ਸਮਾਂ ਮਾੜਾ ਆ ਹੀ ਗਿਆ ਹੈ ਤਾਂ ਕਾਂਗਰਸੀ ਨੇਤਾਵਾਂ ਨੂੰ ਸਬਰ ਕਰਨਾ ਚਾਹੀਦਾ ਹੈ।

No comments:

Post a Comment