Friday, June 03, 2016

2017 ਦੀਆਂ ਚੋਣਾਂ ਵਿਚ ਪੈਸਾ ਬਹੁਤ ਕੰਮ ਕਰੇਗਾ : ਸਿਮਰਨਜੀਤ ਸਿੰਘ ਮਾਨ

ਸਰਬਤ ਖ਼ਾਲਸਾ ਕਰਕੇ ਅਸੀਂ ਕੋਈ ਦੇਸ਼ ਧਰੋਹ ਦਾ ਕੰਮ ਨਹੀਂ ਕੀਤਾ : ਮਾਨ
ਬਾਦਲ ਤੇ ਅਮਰਿੰਦਰ ਖ਼ਾਲਿਸਤਾਨ ਮਤੇ ਤੇ ਦਸਤਖ਼ਤ ਕਰਕੇ ਮੁੱਕਰੇ : ਮਾਨ
ਗੁਰਨਾਮ ਸਿੰਘ ਅਕੀਦਾ
ਸ੍ਰੀ ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਖ਼ਾਲਿਸਤਾਨ ਦੇ ਹਾਮੀ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੈਸਾ ਅਤੇ ਨਸ਼ਿਆਂ ਦਾ ਬਹੁਤ ਮਹੱਤਵ ਰਹੇਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਲ ਬਹੁਤ ਰੁਪਿਆ ਆ ਗਿਆ ਹੈ, ਪੰਜਾਬ ਗਰੀਬ ਹੋ ਗਿਆ ਹੈ ਪਰ ਅਕਾਲੀ ਦਲ ਦੇ ਆਗੂ ਅਮੀਰ ਹੋਏ ਹਨ। ਇਸ ਕਰਕੇ ਪੰਜਾਬ ਨੂੰ ਹੋਰ ਲੁੱਟਣ ਲਈ 2017 ਦੀਆਂ ਚੋਣਾਂ ਵਿਚ ਬਹੁਤ ਪੈਸਾ ਚੱਲੇਗਾ, ਪਰ ਅਸੀਂ ਤਾਂ ਸਪਸ਼ਟ ਤੇ ਸਿੱਧੀ ਲੜਾਈ ਲੜਦੇ ਹਾਂ ਲੋਕਾਂ ਕੋਲ ਜਾਂਦੇ ਹਾਂ ਇਸੇ ਕਰਕੇ ਸਾਨੂੰ ਲੋਕ ਵੋਟਾਂ ਘੱਟ ਪਾਉਂਦੇ ਹਨ। ਸ. ਮਾਨ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਬੋਲ ਰਹੇ ਸਨ।
ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਰਬਤ ਖ਼ਾਲਸਾ ਵਿਚ ਕੋਈ ਦੇਸ਼ ਧਰੋਹੀ ਵਾਲੀ ਗੱਲ ਨਹੀਂ ਕੀਤੀ ਗਈ ਨਾ ਹੀ ਕੋਈ ਅਜਿਹਾ ਮਤਾ ਪਾਇਆ ਗਿਆ ਹੈ। ਬੇਅੰਤ ਸਿੰਘ ਦਾ ਕਤਲ ਕਰਨ ਵਾਲੇ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਉਣ ਬਾਰੇ ਸ. ਮਾਨ ਨੇ ਕਿਹਾ ਕਿ ਜਦੋਂ ਭਾਈ ਰਣਜੀਤ ਸਿੰਘ ਨੇ ਨਿਰੰਕਾਰੀ ਗੁਰਬਚਨ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਕਤਲ ਕੀਤਾ ਸੀ ਤੇ ਉਸ ਨੂੰ ਸਜਾ ਵੀ ਮਿਲੀ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾ ਦਿੱਤਾ ਸੀ, ਪਰ ਜਦੋਂ ਅਸੀਂ ਹਜ਼ਾਰਾਂ ਸਿੱਖਾਂ ਦੇ ਕਾਤਲ ਬੇਅੰਤ ਸਿੰਘ ਨੂੰ ਮਾਰਨ ਵਾਲੇ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਇਆ ਹੈ ਤਾਂ ਫਿਰ ਅਸੀਂ ਦੇਸ਼ ਧਰੋਹੀ ਕਿਵੇਂ ਹੋ ਗਏ? ਜੋ ਬਾਦਲ ਹੋਰੀਂ ਕਰਦੇ ਹਨ ਉਹ ਸਹੀ ਹੋਇਆ ਪਰ ਸਾਡਾ ਗਲਤ ਕਿਵੇਂ ਹੋਇਆ? ਖ਼ਾਲਿਸਤਾਨ ਦੇ ਮੁੱਦੇ ਤੇ ਕੈਪ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨੇ ਦਸਤਖ਼ਤ ਕੀਤੇ ਹਨ ਉਹ ਹੁਣ ਭੱਜ ਗਏ ਹਨ ਉਸ ਸਮੇਂ ਕਸਮਾਂ ਖਾ ਕੇ ਭਜੇ ਹਨ ਪਰ ਹੁਣ ਜੋ ਗੁਟਕਾ ਸਾਹਿਬ ਚੱਕ ਕੇ ਕਸਮਾਂ ਖਾ ਰਹੇ ਹਨ ਕਿ ਨਸ਼ੇ ਚਾਰ ਹਫ਼ਤਿਆਂ ਵਿਚ ਖ਼ਤਮ ਕਰ ਦਿਆਂਗੇ ਇਹ ਕਿਵੇਂ ਸੱਚ ਮਨ ਲਿਆ ਜਾਵੇ? ਖ਼ਾਲਿਸਤਾਨ ਬੋਲਣ ਬਾਰੇ ਮਾਨਯੋਗ ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ ਹੈ ਉਸ ਬਾਰੇ ਅਸੀਂ ਖ਼ਾਲਿਸਤਾਨ ਦੀ ਮੰਗ ਕਰਦੇ ਹਾਂ, ਕਿਉਂਕਿ ਸਾਡੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਸਾਡੇ ਸਿੱਖਾਂ ਨੂੰ ਕਤਲ ਕੀਤਾ ਗਿਆ, ਨਸਲਕੁਸ਼ੀ ਕੀਤੀ ਹੈ, ਪਰ ਕਿਸੇ ਨੂੰ ਸਜਾ ਤੱਕ ਨਹੀਂ ਮਿਲੀ, ਫੇਰ ਅਸੀਂ ਕਿਵੇਂ ਕਹਿ ਦੇਈਏ ਇਹ ਸਾਡਾ ਦੇਸ਼ ਹੈ। ਭਾਰਤੀ ਸੰਵਿਧਾਨ ਨੂੰ ਮੰਨਣ ਬਾਰੇ ਕੀਤੇ ਸਵਾਲ ਦੇ ਜਵਾਬ ਵਿਚ ਸ. ਮਾਨ ਨੇ ਕਿਹਾ ਕਿ ਅਸੀਂ ਮਜਬੂਰੀ ਵਿਚ ਮੰਨਦੇ ਹਾਂ ਪਰ 1950 ਵਿਚ ਸਾਡੇ ਨੁਮਾਇੰਦੇ ਸਰਦਾਰ ਭੁਪਿੰਦਰ ਸਿੰਘ ਤੇ ਹੁਕਮ ਸਿੰਘ ਨੇ ਦਸਤਖ਼ਤ ਨਹੀਂ ਕੀਤੇ ਸਨ ਕਿਉਂਕਿ ਸਾਨੂੰ ਹਿੰਦੂਆਂ ਦਾ ਹੀ ਇਕ ਹਿੱਸਾ ਹੀ ਦਸਿਆ ਗਿਆ ਹੈ। ਸਰਬਤ ਖ਼ਾਲਸਾ ਵਿਚ 7 ਲੱਖ ਲੋਕ ਆਪਣੇ ਆਪ ਹੀ ਇਕੱਠੇ ਹੋਏ ਸਨ। ਜਦ ਕਿ ਸਰਕਾਰ ਨੇ ਰੋਕਿਆ ਸੀ, ਅਸੀਂ ਬੜੀ ਸ਼ਾਂਤੀਪੂਰਵਕ ਕੰਮ ਕੀਤੇ ਪਰ ਸਰਕਾਰ ਨੇ ਬਰਗਾੜੀ ਕਾਂਡ ਕਰਕੇ ਅਸ਼ਾਂਤੀ ਫੈਲਾਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਬਰਗਾੜੀ ਕਾਂਡ ਵਿਚ ਸੀਬੀਆਈ ਜਾਂਚ ਦੇ ਹੁਕਮ ਹੋ ਚੁੱਕੇ ਹਨ ਪਰ ਸੀਬੀਆਈ ਨੇ ਅਜੇ ਤੱਕ ਕੁੱਝ ਵੀ ਜਾਂਚ ਨਹੀਂ ਕੀਤੀ, ਉਨ੍ਹਾਂ ਸੁਖਬੀਰ ਬਾਦਲ ਵੱਲੋਂ ਵਿਦੇਸ਼ਾਂ ਵੱਲੋਂ ਸਾਜ਼ਿਸ਼ ਕਰਨ ਦੇ ਲਾਏ ਦੋਸ਼ਾਂ ਬਾਰੇ ਕਿਹਾ ਕਿ ਸੁਖਬੀਰ ਫੇਰ ਕਿਉਂ ਨਹੀਂ ਦੱਸਦੇ ਕਿ ਉਨ੍ਹਾਂ ਕਿਵੇਂ ਸਾਬਤ ਕੀਤਾ ਕਿ ਵਿਦੇਸ਼ੀ ਸਿੱਖਾਂ ਨੇ ਸਾਜ਼ਿਸ਼ਾਂ ਰਚੀਆਂ ਹਨ। ਉਹ ਬਿਆਨ ਤੱਕ ਹੀ ਸੀਮਤ ਹਨ ਪਰ ਕੀ ਉਹ ਸਾਨੂੰ ਦੱਸਣਗੇ ਕਿ ਉਨ੍ਹਾਂ ਕੋਲ ਕੀ ਸਬੂਤ ਹਨ, ਉਨ੍ਹਾਂ ਕਿਹਾ ਕਿ ਸਰਬਤ ਖ਼ਾਲਸਾ ਸਿੱਖਾਂ ਦਾ ਇਕੱਠ ਸੀ ਉਹ ਕਿਸੇ ਕਾਂਗਰਸ ਜਾਂ ਅਕਾਲੀ ਦਲ ਦਾ ਇਕੱਠ ਨਹੀਂ ਸੀ, ਉਸ ਵਿਚ ਸਾਰੀਆਂ ਪਾਰਟੀਆਂ ਦੇ ਸਿੱਖ ਆਏ ਸਨ। ਪਰ ਅਸ਼ਾਂਤੀ ਫੈਲਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਹੈ। ਜਿਨ੍ਹਾਂ ਨੇ ਸਾਡੇ ਨੁਮਾਇੰਦਿਆਂ ਨੂੰ ਸਾਡੇ ਜਥੇਦਾਰਾਂ ਨੂੰ ਬੇਗੁਨਾਹ ਹੀ ਜੇਲ੍ਹਾਂ ਵਿਚ ਡੱਕ ਦਿੱਤਾ ਸੀ। ਸਰਬਤ ਖ਼ਾਲਸਾ ਦਾ ਕਾਰਨ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ, ਸ਼੍ਰੋਮਣੀ ਕਮੇਟੀ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਭੰਗ ਕਰ ਦਿੱਤੀ ਸੀ, ਸਿੱਖਾਂ ਦੇ ਸਾਰੇ ਮਸਲੇ ਹੱਲ ਨਹੀਂ ਹੋ ਰਹੇ ਸਨ।
ਸ. ਮਾਨ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ, ਤਨਖ਼ਾਹਾਂ ਨਹੀਂ ਮਿਲ ਰਹੀਆਂ, ਪੈਨਸ਼ਨਾਂ ਨਹੀਂ ਮਿਲ ਰਹੀਆਂ, ਗਰੀਬ ਵਧ ਰਿਹਾ ਹੈ, ਸੜਕਾਂ ਦਾ ਬੁਰਾ ਹਾਲ ਹੈ, ਨਸ਼ਾ ਸਾਡੇ ਪੰਜਾਬ ਨੂੰ ਖਾ ਰਿਹਾ ਹੈ, ਬੇਰੁਜ਼ਗਾਰੀ ਵੱਧ ਗਈ ਹੈ, ਰੇਤ ਮਾਫੀਆ, ਮੀਡੀਆ ਮਾਫੀਆ, ਦਾ ਜੁਲਮ ਹੋ ਰਿਹਾ ਹੈ, ਤਾਂ ਕਿਵੇਂ ਕਹਿ ਰਹੇ ਹਨ ਅਕਾਲੀ ਦਲ ਵਾਲੇ ਕਿ ਪੰਜਾਬ ਦਾ ਵਿਕਾਸ ਹੋਇਆ ਹੈ ਅਸਲ ਵਿਚ ਅਕਾਲੀਆਂ ਦਾ ਵਿਕਾਸ ਹੋਇਆ ਹੈ। ਸਾਡੇ ਪੰਜਾਬ ਨੂੰ ਤਬਾਹ ਕਰਨ ਲਈ ਨਸ਼ਿਆਂ ਵਿਚ ਪਾ ਦਿਤਾ ਗਿਆ, ਦਹਿਸਤ ਵਿਚ ਪਾ ਦਿਤਾ ਗਿਆ, ਸਿਖਿਆ ਦਾ ਸਿਸਟਮ ਤਬਾਹ ਕਰ ਦਿੱਤਾ ਗਿਆ।
ਸ. ਮਾਨ ਨੇ ਕਿਹਾ ਕਿ ਅਸੀਂ ਚੋਣਾ ਖ਼ਾਲਿਸਤਾਨ, ਭ੍ਰਿਸ਼ਟਾਚਾਰ, ਵਿਕਾਸ, ਇਨਸਾਫ਼ ਦੇ ਨਾਮ ਤੇ ਲੜਾਂਗੇ, ਸਾਡੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਇਹ ਮੁੱਦਾ ਲੈ ਕੇ ਲੋਕਾਂ ਕੋਲ ਜਾਵਾਂਗੇ। ਸਾਡਾ ਪੰਜਾਬ ਨਸ਼ਿਆਂ ਨੇ ਤਬਾਹ ਕਰ ਦਿੱਤਾ ਹੈ ਸਰਕਾਰ ਨਸ਼ਾ ਤਸਕਰਾਂ ਦਾ ਬਚਾਓ ਕਰ ਰਹੀ ਹੈ, ਇਹ ਗਲਤ ਹੈ, ਅਸੀਂ ਸ਼ਰੇਆਮ ਕਹਿੰਦੇ ਹਾਂ ਕਿ ਸਰਕਾਰ ਨੇ ਨਸ਼ਿਆਂ ਦਾ ਕਾਰੋਬਾਰ ਚਲਾਇਆ ਹੈ ਜਿਸ ਨਾਲ ਪੰਜਾਬ ਤਬਾਹ ਹੋਇਆ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਸਰੋਕਾਰਾਂ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਵੀ ਪੰਜਾਬ ਦੀ ਹਿਤੈਸ਼ੀ ਨਹੀਂ ਹੈ, ਉਹ ਵੀ ਵੋਟਾਂ ਲਈ ਹੀ ਆਏ ਹਨ ਤੇ ਉਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਬਾਰੇ ਕੋਈ ਸਰੋਕਾਰ ਨਹੀਂ ਹੈ। ਲੋਕਾਂ ਨੂੰ ਸੁਚੇਤ ਰਹਿਣਾ ਪਵੇਗਾ।

No comments:

Post a Comment