Wednesday, August 26, 2015

ਪੰਜਾਬ ਵਿਚ 'ਐਜੂਕੇਸ਼ਨ ਮਾਫ਼ੀਆ' ਨੇ ਵੀ ਪੈਰ ਪਸਾਰੇ


ਵਿਦਵਾਨਾਂ ਨੇ  ਐਜੂਕੇਸ਼ਨ ਮਾਫ਼ੀਆ ਨੂੰ ਦੇਸ਼ ਲਈ ਖ਼ਤਰਨਾਕ ਦਸਿਆ

ਗਲਤ ਤਰੀਕੇ ਨਾਲ ਚਲਾਏ ਜਾ ਰਹੇ 450 ਸੈਂਟਰ ਤੇ 2000 ਲਰਨਿੰਗ ਸੈਂਟਰ ਬੰਦ ਕੀਤੇ : ਡਾ. ਅਮਨਦੀਪ

ਗੁਰਨਾਮ ਸਿੰਘ ਅਕੀਦਾ

ਦੇਸ਼ ਵਿਚ ਫੈਲ ਰਹੇ 'ਐਜੂਕੇਸ਼ਨ ਮਾਫ਼ੀਆ' ਨੇ ਜਾਅਲੀ ਅਤੇ ਗੈਰ ਪ੍ਰਤਿਭਾਸ਼ਾਲੀ ਡਿਗਰੀਆਂ ਦਾ ਕਾਰੋਬਾਰ ਵਧਾ ਰੱਖਿਆ ਹੈ। ਇਸ ਮਾਫ਼ੀਆ ਵਿਚ ਵੱਡੇ ਵਪਾਰਕ ਘਰਾਣੇ ਤੇ ਸਿਆਸਤਦਾਨਾਂ ਦਾ ਗੱਠਜੋੜ ਹੋਣ ਕਰਕੇ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਡਿਗਰੀਆਂ ਤੇ ਵੀ ਸਵਾਲੀਆ ਚਿੰਨ੍ਹ ਲਾਉਣੇ ਸ਼ੁਰੂ ਹੋ ਗਏ ਹਨ।
 ਪੰਜਾਬੀ ਯੂਨੀਵਰਸਿਟੀ ਵਿਚ ਨਾਭਾ ਹਲਕਾ ਇੰਚਾਰਜ ਦੇ ਪੀ ਏ 'ਤੇ ਜਾਅਲੀ ਡਿਗਰੀਆਂ ਵੰਡਣ ਦੇ ਲੱਗੇ ਦੋਸ਼ਾਂ ਕਰਕੇ ਇਹ ਚਰਚਾ ਜ਼ੋਰਾਂ 'ਤੇ ਹੈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵਿਚ ਪੀ ਐੱਚ ਡੀ ਕਰਾਉਣ ਦੇ ਵੀ ਲੱਖਾਂ ਰੁਪਏ ਲੈਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਹ ਸੂਤਰ ਦਸ ਰਹੇ ਹਨ ਕਿ ਕੲੀ ਸਾਰੇ ਬੀ ਐੱਡ ਕਾਲਜਾਂ ਵਿਚ ਬੱਚਿਆਂ ਦਾ ਨਾਮੋ ਨਿਸ਼ਾਨ ਨਹੀ ਹੈ ਪਰ ਉਥੋਂ ਵੀ ਡਿਗਰੀਆਂ ਮਿਲ ਜਾਂਦੀਆਂ ਹਨ। ਯੂਨੀਵਰਸਿਟੀਆਂ ਵਿਚ ਵਪਾਰੀ ਲੋਕਾਂ ਦਾ ਸ਼ਾਮਲ ਹੋਣਾ ਸਪਸ਼ਟ ਕਰਦਾ ਹੈ ਕਿ ਇਹ ਵਿਦਿਆ ਹੁਣ ਵਪਾਰੀਕਰਨ ਦੇ ਅਧੀਨ ਆ ਗਈ ਹੈ। ਇਹ ਪੂਰੇ ਦੇਸ਼ ਲਈ ਚਿੰਤਾ ਜਨਕ ਵਿਸ਼ਾ ਹੈ।
ਉੱਘੇ ਲੇਖਕ ਤੇ ਆਲੋਚਕ ਡਾ. ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਜਾਅਲੀ ਡਿਗਰੀਆਂ ਦਾ ਕਾਰੋਬਾਰ 'ਐਜੂਕੇਸ਼ਨ ਮਾਫ਼ੀਆ' ਨੇ ਫੈਲਾ ਰੱਖਿਆ ਹੈ। ਲੋਕ ਭਲਾਈ ਸਟੇਟ ਦੇ ਸਿਧਾਂਤ ਤੋਂ ਸਰਕਾਰਾਂ ਨੇ ਹੱਥ ਖਿੱਚ ਲਿਆ ਉਲਟਾ ਵਪਾਰਕ ਘਰਾਣਿਆਂ ਨੂੰ ਸਿਆਸਤਦਾਨਾਂ ਵੱਲੋਂ ਕਥਿਤ ਸਰਪ੍ਰਸਤੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਸਾਬਕਾ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਵੱਲੋਂ 'ਫਰੈਂਚਾਈਜ਼ੀ' ਦੇਣ ਦੇ ਅਰੰਭ ਕੀਤੇ ਕੰਮ ਦਾ ਅਸੀਂ ਵਿਰੋਧ ਕੀਤਾ, ਕਰੀਬ ਤਿੰਨ ਸਾਲਾਂ ਦੇ ਵਕਫ਼ੇ ਦੇ ਸੰਘਰਸ਼ ਤੋਂ ਬਾਅਦ ਇਹ ਗੈਰ ਸਿਧਾਂਤਕ ਕੰਮ ਬੰਦ ਕੀਤਾ ਗਿਆ। ਉਨ੍ਹਾਂ ਉਦਹਾਰਣ ਦਿੰਦਿਆਂ ਕਿਹਾ ਫ਼ਰਜ਼ ਕਰੋ ਇਕ ਯੂਨੀਵਰਸਿਟੀ ਕਰਨਾਟਕਾ ਵਿਚ ਚਲ ਰਹੀ ਹੈ ਉਸ ਦਾ ਸੈਂਟਰ ਇੱਥੇ ਖੁੱਲ੍ਹਾ ਹੈ ਉਸ ਦੇ ਪੇਪਰ ਲੈਣ ਦੀ ਕੀ ਪ੍ਰਮਾਣਿਕਤਾ ਹੋ ਸਕਦੀ ਹੈ?
ਅਰਥ ਸ਼ਾਸਤਰੀ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਵੀ ਅਮੀਰਾਂ ਤੇ ਸਿਆਸਤਦਾਨਾਂ ਵੱਲੋਂ ਇਕੱਠੇ ਹੋਕੇ ਪੰਜਾਬ ਨੂੰ ਜਾਅਲੀ ਯੋਗਤਾ ਦੇਣ ਦਾ ਕਾਰੋਬਾਰ ਵਧਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਇੱਥੇ ਡਿਗਰੀ ਬਿਲਕੁਲ ਹੀ ਜਾਅਲੀ, ਬਿਨਾਂ ਪੇਪਰ ਦੇਣ ਤੋਂ ਵੀ ਡਿਗਰੀਆਂ ਦੇਣ ਦਾ ਕਥਿਤ ਕਾਰੋਬਾਰ ਚਲਾਇਆ ਜਾ ਰਿਹਾ ਹੈ। ਇੱਥੇ ਇਹ ਕਾਰੋਬਾਰ ਇਸ ਕਰਕੇ ਜ਼ਿਆਦਾ ਚੱਲ ਰਿਹਾ ਹੈ ਕਿਉਂਕਿ ਇੱਥੇ ਕੁੱਝ ਨੌਜਵਾਨ ਨਸ਼ਿਆਂ ਵਿਚ ਪੈ ਗਏ, ਬਿਗੜੈਲ ਬਣ ਗਏ, ਪੜਾਈ ਨਾ ਕਰਨ ਕਰਕੇ ਜ਼ਿਆਦਾ ਪੜ੍ਹੀਆਂ ਕੁੜੀਆਂ ਦੇ ਰਿਸ਼ਤੇ ਹਾਸਲ ਕਰਨ ਲਈ ਜਾਅਲੀ ਡਿਗਰੀ ਦਾ ਸਹਾਰਾ ਲੈ ਲੈਂਦੇ ਹਨ, ਕਾਰਪੋਰੇਟ ਅਦਾਰਿਆਂ ਵਿਚ ਇਹ ਲੋਕ ਬੁਰੀ ਤਰ੍ਹਾਂ ਫੈਲ ਹੁੰਦੇ ਹਨ ਤਾਂ ਖੁਦਕੁਸ਼ੀਆਂ ਦੇ ਰਾਹ ਪੈਂਦੇ ਹਨ, ਇਹ ਕਾਰੋਬਾਰ ਦੇਸ਼ ਲਈ ਖ਼ਤਰਨਾਕ ਹੈ। ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਨੇ ਵੀ ਕਿਹਾ ਕਿ ਨਿੱਕੀਆਂ ਨਿੱਕੀਆਂ ਦੁਕਾਨਾਂ ਖੋਹਲ ਕੇ ਉਚੇਰੀ ਸਿਖਿਆ ਪ੍ਰਦਾਨ ਕਰਨ ਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਹੈ। ਯੂਜੀਸੀ ਇਸ ਸਬੰਧੀ ਸਖਤ ਸਿਧਾਂਤ ਬਣਾਏ ਤਾਂ ਕਿ 'ਐਜੁਕੇਸ਼ਨ ਮਾਫੀਆ' ਨੂੰ ਠੱਲ ਪਾਈ ਜਾ ਸਕੇ।
ਇਸੇ ਤਰ੍ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ (ਪੀਟੀਯੂ) ਦੇ ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਪੰਜਾਬ ਵਿਚ ਛੋਟੀਆਂ ਛੋਟੀਆਂ ਦੁਕਾਨਾਂ ਖੋਹਲ ਕੇ ਉੱਚ ਵਿਦਿਆ ਦੀਆਂ ਡਿਗਰੀਆਂ ਦੇਣ ਦਾ ਕਾਰੋਬਾਰ ਚਲਾ ਰਹੇ ਹਨ ਉਹ ਸਾਰੇ ਹੀ ਪੜਤਾਲ ਦੀ ਮੰਗ ਕਰਦੇ ਹਨ। ਅਸੀਂ ਸਾਡੇ ਗਲਤ ਲੋਕਾਂ ਵੱਲੋਂ ਚਲਾਏ ਜਾ ਰਹੇ 450 ਸੈਂਟਰ ਰੱਦ ਕਰ ਦਿੱਤੇ ਹਨ। ਅਤੇ ਪੰਜਾਬ ਤੋਂ ਬਾਹਰ ਕਰੀਬ 2000 ਲਰਨਿੰਗ ਸੈਂਟਰ ਵੀ ਬੰਦ ਕਰ ਦਿਤਾ ਹੈ। ਜੋ ਸੈਂਟਰ 2500 ਸਕੇਅਰ ਫੁੱਟ ਤੋਂ ਘੱਟ ਜਗ੍ਹਾ ਵਿਚ ਚਲ ਰਿਹਾ ਹੈ ਉਸ ਦੇ ਸਵਾਲੀਆ ਨਜ਼ਰਾਂ ਰੱਖਣੀਆਂ ਲਾਜ਼ਮੀ ਹਨ।

1. ਡਾ. ਜਸਵਿੰਦਰ ਸਿੰਘ, 2. ਡਾ. ਬਲਵਿੰਦਰ ਸਿੰਘ ਟਿਵਾਣਾ, 3. ਡਾ. ਅਮਨਪ੍ਰੀਤ ਸਿੰਘ 4. ਡਾ. ਦਲਬੀਰ ਸਿੰਘ ਢਿੱਲੋਂ।

No comments:

Post a Comment