Saturday, August 08, 2015

ਅਮਰਿੰਦਰ ਨੇ ਆਪਣੇ ਪੁਰਖਿਆਂ ਦੀ ਵਿਰਾਸਤ ਸੰਭਾਲਣ ਲਈ ਕੁੱਝ ਨਹੀਂ ਕੀਤਾ : ਠੰਡਲ

ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ, ਕਿਲ੍ਹਾ ਬਹਾਦਰਗੜ੍ਹ ਦੇਖਣ ਤੋਂ ਬਾਅਦ ਬੋਲੇ ਮੰਤਰੀ
ਸਾਡੇ ਪੁਰਖਿਆਂ ਦੀ ਵਿਰਾਸਤ ਨੂੰ ਖ਼ਤਮ ਕਰ ਰਹੀ ਹੈ ਪੰਜਾਬ ਸਰਕਾਰ : ਮਹਾਰਾਣੀ ਪ੍ਰਨੀਤ ਕੌਰ
ਗੁਰਨਾਮ ਸਿੰਘ ਅਕੀਦਾ
ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤਤਵ ਮੰਤਰੀ ਪੰਜਾਬ ਸੋਹਨ ਸਿੰਘ ਠੰਡਲ ਨੇ ਕਿਹਾ ਹੈ ਕਿ ਕੈਪ ਅਮਰਿੰਦਰ ਸਿੰਘ ਪੰਜਾਬ ਦੇ ਪੰਜ ਸਾਲ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਵੀ ਪਟਿਆਲਾ ਦੀ ਅਮੀਰ ਵਿਰਾਸਤ ਨੂੰ ਸਾਂਭਣ ਦਾ ਕੋਈ ਵਿਸ਼ੇਸ਼ ਕਾਰਜ ਨਹੀਂ ਕੀਤਾ।' ਸ੍ਰੀ ਠੰਡਲ ਪਿਛਲੇ ਦਿਨੀਂ ਸ਼ੀਸ਼ ਮਹਿਲ ਨੂੰ ਦੇਖਣ ਤੋਂ ਇਹ ਬਿਆਨ ਦਿਤਾ। ਉਹ ਸ਼ੀਸ਼ ਮਹਿਲ ਦੀਆਂ ਚੋ ਰਹੀਆਂ ਛੱਤਾਂ ਦੇਖ ਕੇ ਭੜਕ ਗਏ ਅਤੇ ਇੱਥੇ ਪਏ ਵਿਰਾਸਤੀ ਸਮਾਨ ਬਾਰੇ ਚਿੰਤਤ ਹੁੰਦਿਆਂ ਮੌਕੇ ਤੇ ਹੀ ਨਿਰਦੇਸ਼ਕ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਰਿਪੋਰਟ ਬਣਾਉਣ ਦੇ ਹੁਕਮ ਕੀਤੇ।  
ਉਨ੍ਹਾਂ ਕਿਹਾ ਕਿ ਮੈਂ ਪਟਿਆਲਾ ਦੀ ਇਕੱਲੀ ਇਕੱਲੀ ਵਿਰਾਸਤੀ ਇਮਾਰਤ ਦੇ ਦਰਸ਼ਨ ਕੀਤੇ ਹਨ, ਜਿਨ੍ਹਾਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹ ਵਿਰਾਸਤ ਸੰਭਾਲਣ ਦਾ ਕੰਮ ਕਰਨਾ ਚਾਹੀਦਾ ਸੀ। ਸ੍ਰੀ ਠੰਡਲ ਨੇ ਕਿਹਾ ਕਿ ਸ਼ੀਸ਼ ਮਹਿਲ ਵਿਚ ਪੰਜ ਵਿਕਟੋਰੀਆ ਮੈਡਲਾਂ ਸਮੇਤ 3200 ਮੈਡਲ ਪਏ ਹਨ, ਪੁਰਾਤਨ ਕਿਸਮ ਦੇ ਹਥਿਆਰ, ਅਸਤਰ ਸ਼ਸਤਰ, ਹੋਰ ਕਾਫੀ ਬੇਸ਼ਕੀਮਤੀ ਸਮਾਨ ਪਿਆ ਹੈ, ਜੋ ਸੈਲਾਨੀਆਂ ਲਈ ਪ੍ਰਦਰਸ਼ਿਤ ਹੋਣੇ ਚਾਹੀਦੇ ਹਨ। ਸ੍ਰੀ ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ 50 ਕਰੋੜ ਰੁਪਏ ਪਟਿਆਲਾ ਦੀ ਵਿਰਾਸਤ ਨੂੰ ਸਾਂਭਣ ਲਈ ਦਿਤੇ ਹਨ ਪਰ ਇਹ ਬਹੁਤ ਘੱਟ ਰਹਿਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਵਿਰਾਸਤ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਵਾਂਗੇ। ਇਸ ਸਮੇਂ ਸੈਰ-ਸਪਾਟਾ ਵਿਭਾਗ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਡਾਇਰੈਕਟਰ ਸ਼ੇਰ ਸਪਾਟਾ ਤੇ ਵਿਰਾਸਤ ਪੰਜਾਬ ਨਵਜੋਤ ਪਾਲ ਸਿੰਘ ਰੰਧਾਵਾ ਵੀ ਮੌਜੂਦ ਸਨ। 

9 ਸਾਲਾਂ ਵਿਚ ਅਕਾਲੀ ਸਰਕਾਰ ਨੇ ਪਟਿਆਲਾ ਵਿਰਾਸਤ ਦਾ ਵਿਨਾਸ਼ ਕੀਤਾ : ਪ੍ਰਨੀਤ ਕੌਰ
ਪੰਜਾਬ ਸਰਕਾਰ ਦੇ ਮੰਤਰੀ ਸੋਹਨ ਸਿੰਘ ਠੰਡਲ ਵੱਲੋਂ ਕੈਪ. ਅਮਰਿੰਦਰ ਸਿੰਘ ਤੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਪਟਿਆਲਾ ਦੇ ਵਿਧਾਇਕ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਿਰਾਸਤੀ ਇਮਾਰਤਾਂ ਵੇਚ ਕੇ ਰੁਪਏ ਕਿਤੇ ਹੋਰ ਖ਼ਰਚ ਰਹੀ ਹੈ। 9 ਸਾਲਾਂ ਵਿਚ ਇਕ ਵੀ ਇੱਟ ਸਾਡੇ ਪੁਰਖਿਆਂ ਦੀ ਵਿਰਾਸਤ ਸਾਂਭਣ ਲਈ ਨਹੀਂ ਲਾਈ ਤੇ ਉਲਟਾ ਸਾਡੇ ਤੇ ਦੋਸ਼ ਲਗਾ ਰਹੇ ਹਨ,  ਉਨ੍ਹਾਂ ਕਿਹਾ ਕਿ ਜਦੋਂ ਮਹਾਰਾਜਾ ਸਾਹਿਬ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਪਟਿਆਲਾ ਦੀ ਵਿਰਾਸਤ ਨੂੰ ਸੰਭਾਲ ਦਿਤਾ ਸੀ ਤੇ ਬਹੁਤ ਰੁਪਏ ਖ਼ਰਚ ਕੀਤੇ ਸਨ ਪਰ 9 ਸਾਲਾਂ ਵਿਚ ਅਕਾਲੀ ਸਰਕਾਰ ਨੇ ਪਟਿਆਲਾ ਦੀ ਵਿਰਾਸਤ ਨੂੰ ਖ਼ਤਮ ਕਰਨ ਲਈ ਜੋਰ ਲਗਾ ਰੱਖਿਆ ਹੈ। 

ਚੇਅਰਮੈਨ ਅਬਲੋਵਾਲ ਦੀ ਡਿਊਟੀ ਪਟਿਆਲਾ ਦੀ ਵਿਰਾਸਤ ਦੇਖਣ ਦੀ ਲਗਾਈ 
ਸ਼ੀਸ਼ ਮਹਿਲ ਦਾ ਹਾਲ ਦੇਖਦਿਆਂ ਸ੍ਰੀ ਸੋਹਨ ਸਿੰਘ ਠੰਡਲ ਨੇ ਸ਼ੇਰ ਸਪਾਟਾ ਵਿਭਾਗ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦੀ ਡਿਊਟੀ ਪਟਿਆਲਾ ਦੀ ਵਿਰਾਸਤ ਵੱਲ ਜ਼ਿਆਦਾ ਧਿਆਨ ਦੇਣ ਦੀ ਲਗਾ ਦਿਤੀ ਹੈ। ਉਨ੍ਹਾਂ ਇੱਥੇ ਕਿਹਾ ਕਿ ਬੇਸ਼ੱਕ ਸ੍ਰੀ ਅਬਲੋਵਾਲ ਸਾਰਾ ਪੰਜਾਬ ਦੇਖਣ ਪਰ ਮੈਂ ਇਨ੍ਹਾਂ ਨੂੰ ਅੱਜ ਹੀ ਕਿਹਾ ਹੈ ਕਿ ਇਹ ਪਟਿਆਲਾ ਦੀ ਵਿਰਾਸਤ ਦਾ ਖ਼ਾਸ ਧਿਆਨ ਰੱਖਣ, ਜੋ ਵੀ ਫ਼ੰਡ ਵਿਰਾਸਤ ਸੰਭਾਲਣ ਲਈ ਸਰਕਾਰ ਵੱਲੋਂ ਭੇਜੇ ਜਾ ਰਹੇ ਹਨ ਉਨ੍ਹਾਂ ਦੀ ਨਜ਼ਰਸਾਨੀ ਵੀ ਕਰਨ। 

ਈਕੋ ਟੂਰਿਜ਼ਮ ਨੂੰ ਪਰਫੂਲਿਤ ਕਰਾਂਗੇ ਪੰਜਾਬ ਵਿਚ : ਠੰਡਲ
ਮੰਤਰੀ ਸੋਹਨ ਸਿੰਘ ਠੰਡਲ ਨੇ ਕਿਹਾ ਹੈ ਕਿ ਭਾਰਤ ਦੇ ਕਈ ਖੇਤਰਾਂ ਦੀ ਤਰ੍ਹਾਂ ਪੰਜਾਬ ਵਿਚ ਈਕੋ ਟੂਰਿਜ਼ਮ ਦਾ ਵਿਕਾਸ ਕੀਤਾ ਜਾਵੇਗਾ ਕਿਉਂਕਿ ਪੰਜਾਬ ਵਿਚ ਬਹੁਤ ਸਾਰੀਆਂ ਥਾਵਾਂ ਹਨ ਜੋ ਈਕੋ ਟੂਰਿਜ਼ਮ ਦੇ ਮੇਚ ਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਫਾਰਮ ਟੂਰਿਜ਼ਮ ਪੰਜਾਬ ਵਿਚ ਬੜੀ ਕਾਮਯਾਬੀ ਨਾਲ ਤਰੱਕੀ ਕਰ ਰਹੀ ਹੈ। 

No comments:

Post a Comment