Sunday, August 09, 2015

81 ਬੱਚਿਆਂ ਦੇ ਬਾਪ ਮਹਾਰਾਜਾ ਭੁਪਿੰਦਰ ਸਿੰਘ ਦਾ ਅੰਤ ਦਰਦਨਾਕ ਹੋਇਆ

-ਮਹਾਰਾਜੇ ਦੀਆਂ ਅਯਾਸ਼ੀਆਂ ਨੇ ਪਟਿਆਲਾ ਰਿਆਸਤ ਬਦਨਾਮ ਕੀਤੀ

-ਪੰਜਾਬੀ ਨੂੰ ਸਰਕਾਰੀ ਭਾਸ਼ਾ ਦਰਜਾ, ਪੰਜਾਬੀ ਟਾਈਪ ਰਾਈਟਰ ਬਣਾਇਆ ਤੇ ਸਿਖਿਆ ਸੰਸਥਾਵਾਂ ਨੂੰ ਲੱਖਾਂ ਦਾਨ ਵਜੋਂ ਵੀ ਦਿੱਤੇ

ਗੁਰਨਾਮ ਸਿੰਘ ਅਕੀਦਾ
ਪਟਿਆਲਾ ਰਿਆਸਤ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਵਾਲੇ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਅਯਾਸ਼ੀਆਂ ਨੇ ਪਟਿਆਲਾ ਰਿਆਸਤ ਦੀ ਚੋਖੀ ਬਦਨਾਮੀ ਤਾਂ ਕੀਤੀ ਹੀ ਸਗੋਂ ਪਟਿਆਲਾ ਰਿਆਸਤ ਦੇ ਪਹਿਲੇ ਮਹਾਰਾਜਿਆਂ ਵੱਲੋਂ ਕੀਤੇ ਲੋਕ ਭਲਾਈ ਕੰਮਾਂ 'ਤੇ ਮਿੱਟੀ ਫੇਰਨ ਦਾ ਕੰਮ ਵੀ ਕੀਤਾ। ਪਰ ਮਹਾਰਾਜੇ ਦਾ ਪ੍ਰਤਾਪ ਏਨਾ ਸੀ ਕਿ ਅੰਗਰੇਜ਼ ਵੀ ਉਸ ਦੀ ਚਾਕਰੀ ਕਰਨ ਲਈ ਆਪ ਹੀ ਅੱਗੇ ਆ ਜਾਂਦੇ ਸਨ।
ਤੱਥਾਂ ਅਨੁਸਾਰ ਪਟਿਆਲਾ ਰਿਆਸਤ ਦੇ 8ਵੇਂ ਮਹਾਰਾਜਾ ਭੁਪਿੰਦਰ ਸਿੰਘ ਦਾ ਜਨਮ 12 ਅਕਤੂਬਰ 1891 ਨੂੰ ਮਹਾਰਾਜਾ ਰਜਿੰਦਰ ਸਿੰਘ ਦੇ ਮਹਿਲਾਂ ਵਿਚ ਤੇ ਮਾਤਾ ਬਾਠਤਾਵਰ ਕੌਰ ਦੀ ਕੁੱਖੋਂ ਜਦੋਂ ਹੋਇਆ ਉਦੋਂ ਉਨ੍ਹਾਂ ਦੇ ਮਾਤਾ ਨੂੰ ਤਪਦਿਕ ਦੀ ਬਿਮਾਰੀ ਕਰਕੇ ਉਸ ਨੂੰ ਉਸ ਦੀ ਮਾਂ ਕੋਲ ਜਾਣ ਨਾ ਦਿਤਾ, ਰਾਜ ਮਹਿਲਾਂ ਵਿਚ ਚਾਪਲੂਸਾਂ ਦੀ ਵੱਡੀ ਗਿਣਤੀ ਨੇ ਉਸ ਨੂੰ ਸ਼ਰਾਬ ਤੇ ਸ਼ਬਾਬ ਵਾਲੇ ਪਾਸੇ ਵੱਲ ਧੱਕ ਦਿਤਾ, ਮਹਾਰਾਜਾ ਭੁਪਿੰਦਰ ਸਿੰਘ ਦੇ 'ਹਰਮ' ਵਿਚ 322 ਜਣੀਆਂ ਵਿਚੋਂ 10 ਮਹਾਰਾਣੀਆਂ, 50 ਰਾਣੀਆਂ ਤੇ ਬਾਕੀ ਰਖੇਲਾਂ ਸਨ, ਰਾਣੀਆਂ ਤੇ ਰਖੇਲਾਂ ਜ਼ਿਆਦਾਤਰ ਪਹਾੜਨਾਂ ਹੀ ਸਨ, ਜਦ ਕਿ ਰਾਜਾ ਮਾਲਵਿੰਦਰ ਸਿੰਘ ਕਹਿੰਦੇ ਹਨ ਕਿ ਦਾਦਾ ਮਹਾਰਾਜ ਦੀਆਂ ਸਿਰਫ਼ 5 ਮਹਾਰਾਣੀਆਂ ਹੀ ਸਨ। ਇਸ ਪੱਤਰਕਾਰ ਨੂੰ ਮਿਲੀ ਇਕ ਲਿਸਟ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ 81 ਬੱਚਿਆਂ (ਮੇਲ ਫੀਮੇਲ) ਵਿਚੋਂ ਕੁੱਝ ਮਰ ਚੁੱਕੇ ਹਨ ਤੇ ਕੁੱਝ ਅਜੇ ਬਜ਼ੁਰਗ ਹਾਲਤ ਵਿਚ ਜਿੰਦਾ ਹਨ।
9 ਸਾਲ ਦੀ ਉਮਰ ਵਿਚ ਮਹਾਰਾਜੇ ਦੀ ਗੱਦੀ ਮਿਲੀ ਪਰ ਕੰਮ ਕਰਨ ਦਾ ਪੂਰਾ ਅਧਿਕਾਰ 3 ਨਵੰਬਰ 1910 ਨੂੰ ਮਿਲਿਆ, ਤੁਰੰਤ ਲਏ ਫ਼ੈਸਲੇ ਵਿਚ 9 ਤੋਂ 11 ਸਾਲ ਦੇ ਬਚਿਆਂ ਲਈ ਵਿਦਿਆ ਲਾਜ਼ਮੀ ਤੇ ਮੁਫ਼ਤ ਕੀਤੀ, ਪੰਜਾਬੀ ਭਾਸ਼ਾ ਨੂੰ ਉਤਸ਼ਾਹ ਦੇਣ ਲਈ 1910 ਵਿਚ ਹੀ ਰਾਜ ਦੀ ਭਾਸ਼ਾ ਪੰਜਾਬੀ ਹੋਣ ਦਾ ਐਲਾਨ ਕਰਕੇ ਸਰਕਾਰੀ ਅਦਾਰਿਆਂ ਵਿਚ ਪੰਜਾਬੀ ਦੀ ਵਰਤੋਂ ਲਾਜ਼ਮੀ ਕਰਾਰ ਦਿਤੀ, ਅਮਰੀਕਾ ਦੀ ਰਮਿੰਗਟਨ ਕੰਪਨੀ ਤੋਂ ਪੰਜਾਬੀ ਦਾ ਟਾਈਪ ਰਾਈਟਰ ਬਣਵਾਇਆ, ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ 6 ਲੱਖ ਰੁਪਏ, ਲੇਡੀ ਮੈਡੀਕਲ ਕਾਲਜ ਦਿਲੀ ਨੂੰ ਦੋ ਲੱਖ ਰੁਪਏ, ਸਿੱਖ ਕੰਨ੍ਹਿਆਂ ਮਹਾਂਵਿਦਿਆਲਿਆ ਫ਼ਿਰੋਜਪੁਰ ਨੂੰ ਦਸ ਹਜਾਰ ਰੁਪਏ, ਟਿੱਬੀਆਂ ਕਾਲਜ ਦਿਲੀ ਨੂੰ 25 ਹਜਾਰ ਰੁਪਏ, ਹਿੰਦੂ ਯੂਨੀਵਰਸਿਟੀ ਬਨਾਰਸ ਨੂੰ 5 ਲੱਖ ਰੁਪਏ ਦਿਤੇ, ਇਤਿਹਾਸ ਖੋਜ ਵਿਭਾਗ ਦੀ ਸਥਾਪਨਾ ਵੀ ਕੀਤੀ, ਬਾਬਾ ਬੰਦਾ ਬਹਾਦਰ ਤੇ ਬਾਬਾ ਆਲਾ ਸਿੰਘ ਤੇ ਇਤਿਹਾਸਕ ਗ੍ਰੰਥਾਂ ਦੀ ਸਥਾਪਨਾ ਵੀ ਕਰਾਈ ਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਨੂੰ ਛਪਾਉਣ ਲਈ 70 ਹਜਾਰ ਰੁਪਏ ਦੀ ਮਦਦ ਵੀ ਕੀਤੀ, ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਸੰਗੀਤ ਤੇ ਨਾਚ ਦਾ ਵੱਖਰਾ ਵਿਭਾਗ ਖੋਲਿਆ, ਆਯੁਰਵੈਦ ਨੂੰ ਵਧਾਉਣ ਲਈ ਵਿਸ਼ੇਸ਼ ਸਕੂਲ ਖੋਲਿਆ, ਇਸੇ ਤਰ੍ਹਾਂ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ, ਪਹਿਲੇ ਵਿਸ਼ਵ ਯੁੱਧ ਵਿਚ ਮਹਾਰਾਜਾ ਨੇ ਵੱਡਾ ਯੋਗਦਾਨ ਪਾਇਆ, ਐਂਗਲੋ ਅਫ਼ਗ਼ਾਨ ਯੁੱਧ ਵਿਚ ਆਪ ਖ਼ੁਦ ਸਰਹੱਦ ਦੇ ਲੜਿਆ। ਜਦੋਂ ਡਾ. ਅੰਬੇਡਕਰ ਨੇ ਸਿੱਖ ਧਰਮ ਵਿਚ ਆਉਣ ਦਾ ਐਲਾਨ ਕੀਤਾ ਸੀ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਨੂੰ ਆਪਣੀ ਕੁੜੀ ਦਾ ਡੋਲਾ ਦੇਣ ਦਾ ਐਲਾਨ ਕੀਤਾ। ਮਹਾਰਾਜਾ ਬੇਸ਼ੱਕ ਸੁਯੋਗ ਪ੍ਰਬੰਧਕ ਸੀ, ਪਰ ਉਸ ਤੇ ਅਯਾਸੀਆਂ ਕਰਨ ਦੇ ਲੱਗੇ ਦੋਸ਼ ਵੱਡੇ ਹਨ, ਪਰਜਾ ਮੰਡਲ ਲਹਿਰ ਦੇ ਮੋਢੀ ਸੇਵਾ ਸਿੰਘ ਠੀਕਰੀਵਾਲਾ ਨੂੰ ਮਾਰਿਆ ਗਿਆ, ਮਿਲੇ ਤੱਥਾਂ ਅਨੁਸਾਰ ਮਹਾਰਾਜਾ ਭੁਪਿੰਦਰ ਸਿੰਘ ਨੇ ਅਨੇਕਾਂ ਕਤਲ ਕੀਤੇ, ਕਿਸੇ ਦੀ ਸੋਹਣੀ ਕੁੜੀ ਦੇਖ ਕੇ ਚੁੱਕ ਲਿਆਉਣ ਦਾ ਰਿਵਾਜ ਬਣਾਇਆ, ਕੁੱਝ ਲੋਕ ਮਹਾਰਾਜੇ ਤੋਂ ਲਾਭ ਲੈਣ ਲਈ ਆਪ ਹੀ ਕੁੜੀਆਂ ਮਹਿਲਾਂ ਵਿਚ ਛੱਡ ਜਾਂਦੇ ਸਨ। ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ ਬੜੀ ਹੀ ਹੌਲਨਾਕ ਹੋਈ, ਅਖੀਰ ਵਿਚ ਉਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰ ਲਿਆ, ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ। 23 ਮਾਰਚ 1938 ਨੂੰ 47 ਸਾਲ ਦੀ ਉਮਰ ਵਿਚ ਆਪਣੇ ਮੰਦੇ ਚੰਗੇ ਕਰਮਾਂ ਦਾ ਅਮਲ ਨਾਲ ਲੈ ਕੇ ਚਲਾ ਗਿਆ।

ਅਜੇ ਤੱਕ ਅਮਰਿੰਦਰ ਸਿੰਘ ਨੇ ਨਹੀਂ ਬਣਾਈ ਮਹਾਰਾਜਾ ਭੁਪਿੰਦਰ ਸਿੰਘ ਦੀ ਯਾਦਗਾਰ
ਨਾ ਹੀ ਬਣਾਈ ਮਹਾਰਾਜਾ ਯਾਦਵਿੰਦਰ ਸਿੰਘ ਦੀ ਯਾਦਗਾਰ ਰਣਇੰਦਰ ਟਿਕੂ ਨੇ
ਸ਼ਾਹੀ ਸਮਾਧਾਂ ਪਟਿਆਲਾ ਵਿਚ ਰਾਜਾ ਬਾਬਾ ਆਲਾ ਤੋਂ ਲੈ ਕੇ ਮਹਾਰਾਜਾ ਰਾਜਿੰਦਰ ਸਿੰਘ ਦੀਆਂ ਸਮਾਧਾਂ ਬਣੀਆਂ ਹਨ, ਪਰ ਮਹਾਰਾਜਾ ਭੁਪਿੰਦਰ ਸਿੰਘ ਦੀ ਯਾਦਗਾਰ (ਸਮਾਧ) ਅਜੇ ਤੱਕ ਨਹੀਂ ਬਣੀ, ਨਾ ਹੀ ਇੱਥੇ ਕੈਪ. ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੀ ਯਾਦਗਾਰ ਹੀ ਬਣੀ ਹੈ। ਇਸ ਬਾਰੇ ਰਾਜਾ ਮਾਲਵਿੰਦਰ ਸਿੰਘ ਨੇ ਦਸਿਆ ਕਿ ਮਹਾਰਾਜਾ ਪਟਿਆਲਾ ਖ਼ਾਨਦਾਨ ਦੀ ਰੀਤ ਹੈ ਕਿ ਦਾਦੇ ਦੀ ਯਾਦਗਾਰ ਉਸ ਦਾ ਸਭ ਤੋਂ ਵੱਡਾ ਪੋਤਾ ਬਣਾਉਂਦਾ ਹੈ, ਮਹਾਰਾਜਾ ਭੁਪਿੰਦਰ ਸਿੰਘ ਦੇ ਵੱਡੇ ਪੋਤੇ ਮਹਾਰਾਜਾ ਅਮਰਿੰਦਰ ਸਿੰਘ ਹੀ ਹਨ, ਉਨ੍ਹਾਂ ਨੇ ਹੀ ਮਹਾਰਾਜਾ ਭੁਪਿੰਦਰ ਸਿੰਘ ਦੀ ਸਮਾਧ ਬਣਾਉਣੀ ਹੈ, ਇਸੇ ਤਰ੍ਹਾਂ ਸਾਡੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੀ ਸਮਾਧ ਯੁਵਰਾਜ ਰਣਇੰਦਰ ਸਿੰਘ ਟਿਕੂ ਨੇ ਬਣਾਉਣੀ ਹੈ। ਇਸ ਬਾਰੇ ਅਸੀਂ ਮਹਾਰਾਜਾ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਦੀ ਸਮਾਧ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦਾਦਾ ਪਿਤਾ ਨੂੰ ਬਦਨਾਮ ਜ਼ਿਅਾਦਾ ਕੀਤਾ ਗਿਆ ਹੈ, ਜਦ ਕਿ ਉਸ ਨੇ ਤਾਂ ਬਹੁਤ ਸਾਰੇ ਅਜਿਹੇ ਕੰਮ ਵੀ ਕੀਤੇ ਹਨ ਜਿਸ ਕਰਕੇ ਅੱਜ ਵੀ ਪਟਿਆਲਾ ਮਸ਼ਹੂਰ ਹੈ ਤੇ ਪਟਿਆਲਾ ਰਿਆਸਤ ਦਾ ਭਾਰਤ ਦੀ ਸਿਆਸਤ ਤੇ ਵੀ ਕਾਫੀ ਅਹਿਸਾਨ ਰਿਹਾ ਹੈ।

8 comments:

 1. if possible quote the source of the list or some book...anyway nice to read Aqida ji

  ReplyDelete
 2. ਮੇਰੇ ਪਿਆਰੇ ਚੱਠਾ ਜੀ ਇਹ ਰਿਪੋਰਟ ਬਿਲਕੁਲ ਹੀ ਸਹੀ ਤੱਥਾਂ ਅਧਾਰਤ ਹੈ, ਜੀ, ਲਿਸਟ ਮੇਰੇ ਕੋਲ ਹੈ, ਤੇ ਆੳੁਣ ਵਾਲੇ ਸਮੇਂ ਵਿਚ ਮੈਂ ਜਦੋਂ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਤੇ ਖੋਜ ਕੀਤੀ ਤਾਂ ਮੈਂ ਵਿਦੇਸ਼ਾਂ ਵਿਚ ਵੀ ਜਾਵਾਂਗਾ... ਤੁਹਾਡਾ ਧੰਨਵਾਦ ਚੱਠਾ ਸਾਹਿਬ

  ReplyDelete
  Replies
  1. ਜੋ ਮੁਰੱਬੇ ਮਿਲਦੇ ਸੀ ੳੁਹ ਕਿਮੇ ਮਿਲਦੇ ਸੀ ਜਰਾ ਵਿਸਥਾਰ ਨਾਲ ਦਸਿੳੁ

   Delete
 3. bot hi asha likheya hai sir. bot kuj nawaa pta lagaa hai

  ReplyDelete
 4. ਬਹੁਤ ਵਧੀਆ ਜਾਣਕਾਰੀ ਹੈ ਨਾਲ ਹੀ ਤੁਸੀਂ ਕੋਈ ਕਿਤਾਬ ਜਾਂ ਇਤਿਹਾਸਿਕ ਤੱਥਾਂ ਦਾ ਵੇਰਵਾ ਦੇ ਸਕਦੇ ਹੋਂ ?

  ReplyDelete