Sunday, July 29, 2018

ਇੱਕ ਲੱਖ ਸੱਠ ਹਜਾਰ ਕਰੋੜ ਰੁਪਯਾ ਪੰਜਾਬ ਦਾ ਵਿਦੇਸ਼ ਚਲਾ ਗਿਆ

ਪੰਜਾਬ ਦੇ ਲੁੱਟੇ ਜਾ ਰਹੇ ਧਨ ਨੂੰ ਕੌਣ ਬਚਾਵੇ?
ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਰਹੇ ਹਨ।  ਪਿਛਲੇ ਸਾਲ ਦੌਰਾਨ ਨੌਜਵਾਨਾਂ ਦੇ ਪਰਵਾਸ ਬਾਰੇ ਮੌਜੂਦ ਅੰਦਾਜ਼ਿਆਂ ਮੁਤਾਬਿਕ 1 ਲੱਖ ਨੌਜਵਾਨ/ਵਿਦਿਆਰਥੀ ਵਿਦੇਸ਼ਾਂ ਵਿਚ ਵਿਦਿਆਰਥੀ ਵੀਜ਼ਿਆਂ ਉੱਤੇ ਗਿਆ ਹੈ। ਪ੍ਰਤਿ ਵਿਦਿਆਰਥੀ ਪਹਿਲੀ ਵਾਰ ਔਸਤਨ 16 ਲੱਖ ਰੁਪਏ ਵੀ ਉਨ੍ਰਾਂ ਨਾਲ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ। ਇਸ ਦਾ ਮਤਲਬ ਇੱਕ ਸਾਲ ਵਿਚ ਹੀ ਪੰਜਾਬ ਦਾ 160 ਹਜ਼ਾਰ ਕਰੋੜ ਰੁਪਿਆ ਇਨ੍ਹਾਂ ਰਾਹੀਂ ਬਾਹਰ ਚਲਾ ਗਿਆ। ਇਸ ਤੋਂ ਪਿਛਲੇ ਸਾਲ ਦਾ ਅਨੁਮਾਨ 70 ਹਜ਼ਾਰ ਕਰੋੜ ਰੁਪਿਆ ਸੀ। ਇਸ ਤੋਂ ਇਲਾਵਾ ਹਰ ਸਾਲ ਪ੍ਰਤਿ ਵਿਦਿਆਰਥੀ ਹੋਰ ਵੀ ਲੱਖਾਂ ਰੁਪਏ ਬਾਹਰ ਜਾਂਦੇ ਹਨ। ਇਸ ਨਾਲ ਪੰਜਾਬ ਦੀ ਬੌਧਿਕਤਾ, ਕਿਰਤ ਸ਼ਕਤੀ ਅਤੇ ਸਰਮਾਏ ਦਾ ਵੱਡੀ ਪੱਧਰ 'ਤੇ ਵਿਦੇਸ਼ਾਂ ਨੂੰ ਨਿਕਾਸ ਹੋ ਰਿਹਾ ਹੈ।  ਇਸ ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਛੋਟੇ ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।

ਅਸੀਂ ਇਸ ਵਰਤਾਰੇ ਬਾਰੇ ਅਕਸਰ ਫ਼ਿਕਰ ਕਰਦੇ ਹਾਂ ਪਰ ਇਹ ਸਮਝਣ ਦੀ ਕੋਸ਼ਿਸ਼ ਘੱਟ ਕਰਦੇ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਸ ਦਾ ਸਿੱਧਾ ਕਾਰਣ ਹੈ ਕਿ ਪੰਜਾਬ ਸਰਕਾਰ ਦੀਆ ਨੀਤੀਆਂ ਨੇ ਪੰਜਾਬ ਵਿਚ 'ਵਧੀਆ ਰੁਜਗਾਰ' ਦੇ ਮੌਕੇ ਲੱਗਭਗ ਖ਼ਤਮ ਕਰ ਦਿੱਤੇ ਗਏ ਹਨ। ਪੰਜਾਬ ਦਾ ਨੌਜਵਾਨ ਪੜ੍ਹ ਲਿਖ ਕੇ ਚੰਗੀ ਉਜਰਤ ਵਾਲੇ ਰੁਜਗਾਰ ਦੇ ਸੁਪਨੇ ਦੇਖਦਾ ਹੈ। ਇਸ ਸਮੇਂ ਪੰਜਾਬ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਨੌਕਰੀਆਂ ਵਿਚ ਬੰਦੇ ਨੂੰ ਮੂਲ ਤਨਖ਼ਾਹ 'ਤੇ (ਪਹਿਲੇ ਤਿੰਨ ਸਾਲਾਂ ਲਈ ਬਿਨਾ ਕਿਸੇ ਵਾਧੇ ਤੋਂ) ਰੱਖਿਆ ਜਾਂਦਾ ਹੈ। ਇਸ ਦਾ ਮਤਲਬ ਪੰਜਾਬ ਵਿਚ ਡਾਕਟਰ/ਇੰਜਨੀਅਰ/ ਪੁਲਿਸ ਅਫ਼ਸਰ/ਅਸਿਸਟੈਂਟ ਪ੍ਰੋਫ਼ੈਸਰ ਅਤੇ ਹੋਰ ਸਾਰੀਆਂ ਪਹਿਲੇ ਦਰਜੇ ਦੀਆਂ ਅਸਾਮੀਆਂ ਉੱਤੇ 15600/ਰੁਪਏ (ਇਸ ਵਿਚੋਂ 1560/-ਰੁਪਏ ਜੀਪੀਐਫ਼. ਦੇ ਕੱਟੇ ਜਾਂਦੇ ਹਨ, ਮਤਲਬ ਅਸਲ ਤਨਖ਼ਾਹ 14540/- ਹੀ ਹੈ।) ਮਹੀਨਾਵਾਰ ਤਨਖ਼ਤਹ ਦਿੱਤੀ ਜਾਂਦੀ ਹੈ। ਕੀ ਵੱਡੀਆਂ ਵੱਡੀਆਂ ਡਿਗਰੀਆਂ ਕਰਨ, ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਅਤੇ ਕੋਰਸਾਂ ਉੱਤੇ ਲੱਖਾਂ ਰੁਪਏ ਖ਼ਰਚ ਕਰਨ ਉਪਰੰਤ ਸਾਡੇ ਮਿਹਨਤੀ ਅਤੇ ਪੜ੍ਹੇ ਲਿਖੇ ਨੌਜਵਾਨ ਇਹੀ ਹੱਕ ਰੱਖਦੇ ਹਨ? ਇਹ ਵੀ ਜਾਣ ਲਿਆ ਜਾਵੇ ਕਿ ਤਨਖ਼ਾਹ ਦਾ ਇਹ ਸਿਸਟਮ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਵਿਚ ਨਹੀਂ ਹੈ। ਬਾਕੀ ਸਭ ਰਾਜਾਂ ਵਿਚ ਇਨ੍ਹਾਂ ਨੌਕਰੀਆਂ ਉੱਤੇ ਮੁੱਢ ਵਿਚ ਹੀ 50 ਤੋਂ 60 ਹਜ਼ਾਰ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਹਾਲਤ ਵਿਚ ਪੰਜਾਬ ਦਾ ਨੌਜਵਾਨ ਕਿੱਥੇ ਜਾਵੇ? ਇਸ ਸਭ ਦੇ ਚੱਲਦਿਆਂ ਇਹ ਵੀ ਹੋਣਾ ਹੈ ਕਿ ਜਿਹੜੇ ਬਾਹਰ ਨਹੀਂ ਜਾ ਸਕਦੇ ਪਰ ਉਂਝ ਲਾਇਕ ਅਤੇ ਸਮਰੱਥ ਹਨ, ਉਹ ਭਾਰਤ ਦੇ ਹੋਰ ਸੂਬਿਆਂ ਵਿਚ ਜਾਣ ਲਈ ਮਜਬੂਰ ਹੋਣ ਗੇ ਅਤੇ ਪੰਜਾਬ ਦਾ ਬੌਧਿਕ ਅਤੇ ਵਿੱਤੀ ਦਿਵਾਲਾ ਨਿੱਕਲ ਜਾਵੇਗਾ।

ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ। ਇਹ ਪੰਜਾਬ ਨੂੰ ਬਰਬਾਦ ਕਰਨ ਅਤੇ ਦਰ ਦਰ ਦਾ ਭਿਖਾਰੀ ਬਣਾਉਣ ਦੀ ਸਾਜਿਸ਼ ਹੈ।  ਇਹ ਸਬੂਤ ਹੈ ਇਸ ਗੱਲ ਦਾ ਕਿ ਪੰਜਾਬ ਦੀ ਰਾਜਨੀਤੀ ਵਿਚ ਭਾਈਵਾਲ ਧਿਰਾਂ ਪੰਜਾਬ ਅਤੇ ਪੰਜਾਬੀਆਂ ਦੀਆਂ ਕੁੱਝ ਨਹੀਂ ਲੱਗਦੀਆ ਕਿਉਂਕਿ ਇਨ੍ਹਾਂ ਮਸਲਿਆਂ ਬਾਰੇ ਇਨ੍ਹਾਂ ਦੀ ਪਹੁੰਚ/ਨੀਤੀ ਵਿਚ ਏਕਤਾ ਹੈ।

ਇਸ ਰਾਹੀਂ ਪੰਜਾਬ ਵਿਚ ਨਿੱਜੀ (ਪ੍ਰਾਈਵੇਟ) ਕਾਲਜ/ਯੂਨੀਵਰਸਿਟੀਆਂ, ਹਸਪਤਾਲ, ਅਤੇ ਹੋਰ ਕੰਪਨੀਆਂ ਚਲਾ ਰਹੇ ਵਪਾਰੀਆਂ/ਧਨਾਡਾਂ ਨੂੰ ਕਰੋੜਾਂ ਰੁਪਏ ਦਾ ਮੁਨਾਫ਼ਾ ਦਿੱਤਾ ਜਾ ਰਿਹਾ ਹੈ। ਇਹ ਉਨ੍ਹਾਂ ਦੀ ਸਹੂਲਤ ਲਈ ਹੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਸਰਕਾਰੀ ਪ੍ਰਵਾਣਿਤ ਸਕੇਲਾਂ ਉੱਤੇ ਕਰਮਚਾਰੀ/ਅਧਿਕਾਰੀ ਨਾ ਰੱਖਣੇ ਪੈਣ। ਇਸ ਲਈ ਇਹ ਸਭ ਪੰਜਾਬ ਦੇ ਲੋਕਾਂ ਦੀ ਹੋਣੀ ਨੂੰ ਵੇਚ ਵੱਟ ਕੇ ਆਪਣੇ ਘਰ ਭਰਨ ਦੀ ਯੋਜਨਾਬੰਦੀ ਹੈ।

ਕੀ ਅਸੀਂ ਚਰਚਾ-ਕਚੀਰਾ ਕਰਕੇ, ਰੋ ਧੋ ਕੇ, ਇਵੇਂ ਹੀ ਹੱਥ 'ਤੇ ਹੱਥ ਧਰ ਕੇ ਬੈਠੈ ਰਹਾਂਗੇ ਕਿ ਕੋਈ ਅਜਿਹੀ ਲਹਿਰ ਖੜ੍ਹੀ ਕਰਨ ਦੀ ਚਾਰਾਜੋਈ ਕਰਾਂਗੇ ਕਿ ਪੰਜਾਬ ਦਾ ਨੌਜਵਾਨ ਪੰਜਾਬ ਵਿਚ ਹੀ ਮਾਣਮੱਤੀ ਅਤੇ ਭਰੀਪੂਰੀ ਜ਼ਿੰਦਗੀ ਜਿਉਂ ਸਕੇ ਅਤੇ ਪੰਜਾਬ ਨੂੰ ਹਰ ਪੱਖੋਂ ਕੰਗਾਲ ਹੋਣ ਤੋਂ ਬਚਾਇਆ ਜਾ ਸਕੇ?

ਸੰਵੇਦਨਸ਼ੀਲ ਅਤੇ ਵੱਡੇ ਸੁਪਨੇ ਦੇਖਣ ਵਾਲੇ ਪੰਜਾਬੀਓ! ਅਸੀਂ ਹੋਰ ਬਹੁਤ ਸਾਰੇ ਮਸਲਿਆਂ ਉੱਤੇ ਗਰਮੀ/ ਸਰਗਰਮੀ ਦਿਖਾਉਂਦੇ ਹਾਂ। ਕੀ ਅਸੀਂ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਕੋਈ ਪਹਿਲਕਦਮੀ ਨਹੀਂ ਕਰ ਸਕਦੇ?
Dr. Surjit Singh
Prof Punjabi University Patiala(93564-62593)

No comments:

Post a Comment