Tuesday, July 17, 2018

ਪੰਜਾਬ ਵਿਚ ਚੱਲ ਰਹੀ ਹੈ ਸੰਜੇ ਸਿੰਘ ਬਨਾਮ ਮਨੀਸ਼ ਸਿਸੋਦੀਆ ਜੰਗ

ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੇ ਕਾਰਵਾਂ ਨੂੰ ਠੱਲ੍ਹਣ ਦੀ ਕਵਾਇਦ
ਗੁਰਨਾਮ ਸਿੰਘ ਅਕੀਦਾ
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਤੋਂ ਬਗੈਰ ਹੀ ਪ‌ਟਿਆਲਾ ਦੇ ਦਿਹਾਤੀ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਦੀ ਪ੍ਰਧਾਨਗੀ ਖੋਹ ਲੈਣ ਤੋਂ ਬਾਅਦ ਸਮੂਹਿਕ ਤੌਰ ਤੇ ਦਿੱਤੇ ਅਸਤੀਫ਼ਿਆਂ ਤੋਂ ਚਰਚਾ ਸ਼ੁਰੂ ਹੋਈ ਹੈ ਕਿ ਪੰਜਾਬ ਵਿਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਤਿਆਰ ਕੀਤਾ ਸੰਗਠਨ ਭੰਗ ਕਰਨ ਦੀਆਂ ਤਿਆਰੀਆਂ ਹੋ ਗਈਆਂ ਹਨ। ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਵਿਚ ਨਵਾਂ ਸੰਗਠਨ ਤਿਆਰ ਕਰਨ ਵਿਚ ਡਾ. ਬਲਬੀਰ ਸਿੰਘ ‌ਅਹਿਮ ਭੂਮਿਕਾ ਨਿਭਾ ਰਹੇ ਹਨ।
    ਜਾਣਕਾਰੀ ਅਨੁਸਾਰ ਸਮੂਹਿਕ ਤੌਰ ਤੇ ਦਿੱਤੇ ਅਸਤੀਫ਼ਿਆਂ ਵਿਚੋਂ ਜ਼ਿਆਦਾ ਤਰ ਆਗੂ ਮਾਲਵਾ ਖੇਤਰ ਨਾਲ ਸਬੰਧਿਤ ਹਨ। ਮਾਲਵਾ ਖੇਤਰ ਵਿਚੋਂ ਹੀ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਸਨ। ਮਾਲਵਾ ਵਿਚੋਂ ਹੀ ਏਨੀ ਵੱਡੀ ਵਿਰੋਧਤਾ ਪਾਰਟੀ ਵਿਚ ਹੋਣੀ ਪਾਰਟੀ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਚਰਚਾ ਗਰਮ ਹੈ ਕਿ ਜੋ ਵੀ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਸੰਗਠਨ ਤਿਆਰ ਕੀਤਾ ਸੀ ਉਸ ਨੂੰ ਭੰਗ ਕਰਨ ਲਈ ਮਨੀਸ਼ ਸਿਸੋਦੀਆ ਵੱਲੋਂ ਸਖ਼ਤ ਫ਼ੈਸਲੇ ਲੈਣੇ ਪੈ ਸਕਦੇ ਹਨ। ਸੰਜੇ ਸਿੰਘ ਨੇ ਪੰਜਾਬ ਵਿਚ ਪਾਰਟੀ ਦੀ ਚੜ੍ਹਤ ਵੇਖ ਕੇ ਦੂਜੀਆਂ ਪਾਰਟੀਆਂ ਵਿਚੋਂ ਆਪ ਵੱਲ ਵਹੀਰਾਂ ਘੱਤ ਕੇ ਆਉਣ ਵਾਲੇ ਲੀਡਰਾਂ ਨੂੰ ਪਾਰਟੀ ਵਿਚ ਵਾੜਿਆ ਸੀ ਤੇ ਕਥਿਤ ਪਾਰਟੀ ਵਿਚ ਪੁਰਾਣੇ ਮਿਹਨਤੀ ਵਲੰਟੀਅਰਾਂ ਨੂੰ ਦਰ ਕਿਨਾਰ ਕਰਕੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਟਿਕਟਾਂ ਵੀ ਦਿੱਤੀਆਂ ਸਨ। ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਤੇ ਦੋਸ਼ ਵੀ ਲੱਗੇ ਸਨ ਕਿ ਉਸ ਨੇ ਕਥਿਤ ਲੈ ਦੇਕੇ ‌ਟਿਕਟਾਂ ਦੀ ਵੰਡ ਕੀਤੀ ਹੈ, ਇਸ ਕਰਕੇ ਪਾਰਟੀ ਵਿਚ ਸ਼ੁਰੂ ਤੋਂ ਹੀ ਮਿਹਨਤ ਕਰ ਰਹੇ ਵਲੰਟੀਅਰਾਂ ਵਿਚ ਵਿਆਪਕ ਪੱਧਰ ਤੇ ਰੋਸ ਵੀ ਆਇਆ ਸੀ ਕਈਆਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਨਹੀਂ ਕੀਤੀਆਂ ਪਰ ਉਹ ਪਾਰਟੀ ਵਿਚ ਕੰਮ ਕਰਨਾ ਬੰਦ ਕਰ ਗਏ ਸਨ। ਇਸ ਕਾਰਵਾਈ ਨੇ ਪੰਜਾਬ ਵਿਚ ਧੜੇਬੰਦੀ ਨੂੰ ਸਥਾਨ ਦਿੱਤਾ ਸੀ। ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਵਿਚਕਾਰ ਵੀ ਅੰਦਰਗਤੀ ਤਲਖ਼ੀਆਂ ਚਲਦੀਆਂ ਰਹੀਆਂ ਸਨ ਜੋ ਨਗਰ ਨਿਗਮ ਚੋਣਾ ਵਿਚ ਸਾਹਮਣੇ ਵੀ ਆ ਗਿਆ ਸੀ। ਜਿਸ ਦਾ ਵੱਡਾ ਰੂਪ ਪਟਿਆਲਾ ਵਿਚ ਦੇਖਣ ਨੂੰ ਮਿਲਿਆ ਸੀ, ਜਿੱਥੇ ਸੰਜੇ ਸਿੰਘ ਧੜਾ ਭਗਵੰਤ ਮਾਨ ਨਾਲ ਤੇ ਸੁਖਪਾਲ ਸਿੰਘ ਧੜੇ ਨਾਲ ਡਾ. ਬਲਬੀਰ ਸਿੰਘ ਹੋਰੀਂ ਖੜੇ ਨਜ਼ਰ ਆਏ ਸਨ। ਪਰ ਜਦੋਂ ਤੋਂ ਮਨੀਸ਼ ਸਿਸੋਦੀਆ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਬਣੇ ਹਨ ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਪੰਜਾਬ ਦਾ ਸੰਗਠਨ ਬਣਾਉਣ ਲਈ ਸੂਬੇ ਦਾ ਸਹਿ ਪ੍ਰਧਾਨ ਬਣਾ ਦਿੱਤਾ। ਇਸ ਦੀ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਚੰਗਾ ਨਹੀਂ ਮਨਾਇਆ ਸਗੋਂ ਡਾ. ਬਲਬੀਰ ਸਿੰਘ ਦੀ ਸ੍ਰੀ ਖਹਿਰਾ ਨਾ ਤਖਲੀ ਵੀ ਦੇਖੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਬਲਬੀਰ ਸਿੰਘ ਵੱਲੋਂ ਗਿਆਨ ਸਿੰਘ ਮੁੰਗੋ ਨੂੰ ਹਟਾਉਣ ਦੇ ਲਏ ਫ਼ੈਸਲੇ ਨੇ ਅੰਦਰੋ ਅੰਦਰੀ ਭਖ ਰਹੀ ਭੁੱਬਲ ਨੂੰ ਭਾਂਬੜ ਦਾ ਰੂਪ ਦੇ ਦਿੱਤਾ ਤੇ ਪੰਜਾਬ ਵਿਚ ਮਨੀਸ਼ ਸਿਸੋਦੀਆ ਖ਼ਿਲਾਫ਼ ਧੜੇ ਨੇ ਆਪਣਾ ਪ੍ਰਤੀਕਰਮ ਦੇ ਦਿੱਤਾ। ਹਾਲਾਂ ਕਿ ਦੇਖਣ ਵਿਚ ਇਹ ਵੀ ਆਇਆ ਹੈ ਕਿ ਅਸਤੀਫ਼ਾ ਦੇਣ ਵਾਲਿਆਂ ਵਿਚ ਬਹੁਤ ਸਾਰੇ ਬੰਦੇ ਸੁਖਪਾਲ ਸਿੰਘ ਖਹਿਰਾ ਦੇ ਖ਼ੈਮੇ ਦੇ ਵੀ ਨਹੀਂ ਹਨ, ਜੋ ਲੋਕ ਕਦੇ ਸ੍ਰੀ ਖਹਿਰਾ ਦੇ ਖ਼ਿਲਾਫ਼ ਖੜੇ ਸਨ ਉਹ ਵੀ ਅਸਤੀਫ਼ਾ ਦੇ ਗਏ। ਸਿਆਸੀ ਮਾਹਿਰ ਇਸ ਨੂੰ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਵਿਚਕਾਰ ਹੋਰ ਹੀ ਅੰਦਰਗਤੀ ਜੰਗ ਦੀ ਸੰਗਿਆ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਡਾ. ਬਲਬੀਰ ਸਿੰਘ ਨੂੰ ਵਰਤ ਕੇ ਆਪਣੇ ਤਰੀਕੇ ਨਾਲ ਪੰਜਾਬ ਦਾ ਸੰਗਠਨ ਤਿਆਰ ਕਰ ਰਹੇ ਹਨ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੂੰ ਨੁਕਸਾਨ ਹੋਵੇਗਾ ਪਰ ਪੁਰਾਣੇ ਵਲੰਟੀਅਰ ਇਸ ਕਾਰਵਾਈ ਨਾਲ ਕਾਫ਼ੀ ਖ਼ੁਸ਼ ਵੀ ਨਜ਼ਰ ਆਏ ਹਨ ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਹੀ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟਾਂ ਦਿੱਤੀਆਂ ਜਾਂਦੀਆਂ ਤਾਂ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਸੀ।


No comments:

Post a Comment