Thursday, July 12, 2018

ਨਸ਼ਿਆਂ ਵਿਰੁੱਧ ਗਾਇਕ ਵਿਸ਼ਵਜੀਤ ਵੱਲੋਂ ਗਾਏ ਗੀਤ ‘ਦੀਵਾ’ ਦਾ ਪੋਸਟਰ ਗਾਂਧੀ ਨੇ ਕੀਤਾ ਰਿਲੀਜ਼

ਪੰਜਾਬ ਦੇ ਪਵਿੱਤਰ ਮਾਹੌਲ ਵਿਚ ਗੰਦਗੀ ਭਰਨ ਵਾਲੇ ਗੀਤਾਂ ਤੇ ਰੋਕ ਲਗਾਵੇ ਪੰਜਾਬ ਸਰਕਾਰ : ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਜੁਲਾਈ
ਪੰਜਾਬ ਵਿਚ ਦੰਗੇ ਭੜਕਾਊ ਗੀਤ ਗਾਉਣ ਵਾਲੇ ਲੇਖਕਾਂ ਅਤੇ ਅਜਿਹੇ ਗੀਤ ਲਿਖਣ ਵਾਲੇ ਲੇਖਕਾਂ ਨੂੰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਆਹੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਅਜਿਹੇ ਕਲਾਕਾਰਾਂ ਵਿਰੁੱਧ ਸਖ਼ਤ ਕਾਨੂੰਨ ਬਣਾ ਕੇ ਪੰਜਾਬ ਦੇ ਪਵਿੱਤਰ ਮਾਹੌਲ ਵਿਚ ਗੰਦਗੀ ਫੈਲਣ ਤੋਂ ਰੋਕੇ। ਉਨ੍ਹਾਂ ਇਹ ਅਲਫਾਜ਼ ਅੱਜ ਉਸ ਵੇਲੇ ਆਖੇ ਜਦੋਂ ਉਹ ਗਾਇਕ ਵਿਸ਼ਵਜੀਤ ਦਾ ਗਾਇਆ ਗੀਤ ‘ਦੀਵਾ’ ਦਾ ਪੋਸਟਰ ਰਿਲੀਜ਼ ਕਰ ਰਹੇ ਸਨ।
        ਡਾ. ਗਾਂਧੀ ਨੇ ਕਿਹਾ ਕਿ ਇਹ ਗੀਤ ਅਜੋਕੇ ਪੰਜਾਬ ਦੀ ਤਰਜਮਾਨੀ ਕਰਦਾ ਹੈ ਜਿਸ ਵਿਚ ਮਾਪੇ ਇਹ ਸੋਚ ਕੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਵਿਚ ਗ਼ਲਤਾਨ ਹੋ ਗਿਆ ਹੈ ਤਾਂ  ਉਨ੍ਹਾਂ ਦੇ ਆਖ਼ਰੀ ਸਮੇਂ ਵਿਚ ਉਨ੍ਹਾਂ ਦਾ ਸਾਥ ਨਿਭਾਉਣ ਵਾਲਾ ਕੌਣ ਹੋਵੇਗਾ? ਇਹ ਪੰਜਾਬ ਦੀ ਤਰਾਸਦੀ ਹੈ ਕਿ ਕੁਝ ਨੌਜਵਾਨਾਂ ਦੇ ਨਸ਼ੇ ਵਿਚ ਗ਼ਲਤਾਨ ਹੋਣ ਨਾਲ ਇਹ ਪੀਹੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਇਸ ਪੀਹੜੀ ਦੇ ਮਾਪੇ ਪ੍ਰੇਸ਼ਾਨ ਹਨ। ਜਦੋਂ ਨਸ਼ੇ ਕਾਰਨ ਟੀਕੇ ਲਾਕੇ ਪੁੱਤਰ ਮਰਦਾ ਹੈ ਤਾਂ ਮਾਪਿਆਂ ਦਾ ਹਾਲ ਦੇਖਿਆ ਹੀ ਬਣਦਾ ਹੈ। ਗੀਤ ਦੇ ਨਿਰਦੇਸ਼ਕ ਤੇ ਸਮਾਜ ਸੇਵੀ ਸਮਾਜ ਸੇਵੀ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਮਾਵਾਂ ਨੂੰ ਸਮਰਪਿਤ ਹੈ ਜੋ ਆਪਣੇ ਪੁੱਤਰਾਂ ਪ੍ਰਤੀ ਮੋਹ ਰੱਖਦਿਆਂ ਆਪਣੇ ਪੁੱਤਰਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜੱਦੋ ਜਹਿਦ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਗੀਤ ਤੜਕ ਫੜਕ ਵਾਲੇ ਗੀਤਾਂ ਤੋਂ ਦੂਰ ਰਹਿੰਦਿਆਂ ਪੰਜਾਬੀ ਚਿਲ੍ਹ ਕੰਪਨੀ ਅਤੇ ਸਵਰਨਜੀਤ ਜਾਗੋ ਦੇ ਨਿਰਦੇਸ਼ਾਂ ਹੇਠ ਤਿਆਰ ਹੋਇਆ ਜੋ ਗੀਤਕਾਰ ਦਲਜੀਤ ਮਾਜਰੀ ਨੇ ਲਿਖਿਆ ਹੈ। ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪ੍ਰੇਰਣਾ ਦੇਣ ਵਾਲਾ ‘ਦੀਵਾ’ ਨਾਮ ਦਾ ਇਹ ਗੀਤ ਗਾਇਕ ਵਿਸ਼ਵਾਜੀਤ ਨੇ ਗਾਇਆ ਹੈ। ਇਸ ਨਿਵੇਕਲੇ ਉੱਦਮ ਲਈ ਡਾ. ਗਾਂਧੀ ਨੇ ਗੀਤਕਾਰ, ਗਾਇਕ ਅਤੇ ਨਿਰਦੇਸ਼ਕਾਂ ਸਮੇਤ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਉੱਦਮ ਜਾਰੀ ਰੱਖਣੇ ਚਾਹੀਦੇ ਹਨ ਤਾਂ ਕਿ ਵੱਖ-ਵੱਖ ਸੰਕਟਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਬਚਾਇਆ ਜਾ ਸਕੇ।
ਦੀਵਾ ਫ਼ੋਟੋ : ਨਸ਼ਿਆਂ ਵਿਰੁੱਧ ਗਾਏ ਗੀਤ ਦਾ ਪੋਸਟਰ ਰਿਲੀਜ਼ ਕੀਤੇ ਜਾਣ ਸਮੇਂ ਡਾ. ਧਰਮਵੀਰ ਗਾਂਧੀ ਤੇ ਹੋਰ। ਫ਼ੋਟੋ ਅਕੀਦਾ

No comments:

Post a Comment