Friday, June 29, 2018

ਪੰਜਾਬ ਦਾ ਰਾਜ ਪੰਛੀ ‘ਬਾਜ਼’ ਅਲਵਿਦਾ ਕਹਿ ਗਿਆ ਪੰਜਾਬ ਨੂੰ

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰਾਜ ਪੰਛੀ ‘ਬਾਜ਼’ ਨੂੰ ਲੱਭਣ ਦਾ ਪ੍ਰੋਜੈਕਟ ਕੀਤਾ ਮਨਜ਼ੂਰ
ਮੰਤਰੀ ਨੇ ਤਾਂ ਕੀ ਕਿਸੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਵੀ ਨਹੀਂ ਦੇਖਿਆ ਹੋਵੇਗਾ ਕਦੇ ‘ਬਾਜ਼’ : ਡਾ. ਸੈਣੀ
ਗੁਰਨਾਮ ਸਿੰਘ ਅਕੀਦਾ
‘ਚੱਕੀ ਰਾਹੇ’ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਰਾਜ ਪੰਛੀ ਐਲਾਨੇ ਗਏ ‘ਬਾਜ਼’ ਦਾ ਪੰਜਾਬ ਵਿਚ ਕਿਤੇ ਥਾਓ ਪਤਾ ਨਹੀਂ ਲੱਗ ਰਿਹਾ, ਜਦ ਕਿ ਕੇਂਦਰ ਸਰਕਾਰ ਦੀ ਜੂ ਅਥਾਰਿਟੀ ਨੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਜੰਗਲੀ ਜੀਵ ਸੁਰੱਖਿਆ ਨੂੰ ਪੰਜਾਬ ਦਾ ਰਾਜ ਪੰਛੀ ਲੱਭਣ ਲਈ ਵਿਸ਼ੇਸ਼ ਮਨਜ਼ੂਰੀ ਵੀ ਦਿੱਤੀ ਹੈ। ਪਰ ਪੰਜਾਬ ਜੰਗਲਾਤ ਵਿਭਾਗ  ਪੰਜਾਬ ਦੇ ਰਾਜ ਪੰਛੀ ‘ਬਾਜ਼’ ਦਾ ਅਜੇ ਤੱਕ ਚਿਹਰਾ ਵੀ ਨਹੀਂ ਦੇਖ ਸਕਿਆ। ਇਹ ਦੁਖਾਂਤ ਹੈ ਕਿ ਪੰਜਾਬ ਆਪਣੇ ਰਾਜ ਪੰਛੀ ਤੋਂ ਵਾਂਝਾ ਹੀ ਰਹਿ ਗਿਆ ਹੈ।
                   ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚਿੱਟਿਆਂ ਬਾਜ਼ਾਂ ਵਾਲੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ  ਨਾਲ ਹਮੇਸ਼ਾ ਰਹਿਣ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਦਾ ਰਾਜ ਪੰਛੀ ‘ਬਾਜ਼’ ਨੂੰ ਬਣਾਇਆ ਸੀ, ਆਮ ਲੋਕ ਇੱਲਾਂ ਨੂੰ ਜੀ ਬਾਜ਼ ਕਹੀ ਜਾਂਦੇ ਹਨ। ਪੰਛੀਆਂ ਬਾਰੇ ਗਹਿਰ ਗੰਭੀਰ ਖੋਜ ਕਰਨ ਵਾਲੇ ਡਾ. ਮਲਕੀਅਤ ਸਿੰਘ ਸੈਣੀ ਨੇ ਦੱਸਿਆ ਕਿ ਪੰਛੀਆਂ ਦੀ ਦੁਨੀਆ ਵਿਚ ਸ਼ਕਤੀ, ਹਿੰਮਤ ਤੇ ਨਿਡਰਤਾ ਦਾ ਪ੍ਰਤੀਕ ਮੂਲ ਰੂਪ ਵਿਚ ਹੁਣ ਪੰਜਾਬ ਦਾ ਵਸਨੀਕ ਨਹੀਂ ਹੈ। ਗੁਰੂ ਪਾਤਸ਼ਾਹ ਤੋਂ ਇਲਾਵਾ ਇਹ ਰਾਜਿਆਂ ਮਹਾਰਾਜਿਆਂ ਕੋਲ ਵੀ ਹੁੰਦਾ ਸੀ, ਕਈ ਲੋਕ ਇਸ ਨੂੰ ਥੋੜ੍ਹੇ ਨਿੱਕੇ ਸ਼ਿਕਾਰ ਕਰਨ ਲਈ ਵੀ ਵਰਤਦੇ ਸਨ ਪਰ ਅੱਜ ਸਾਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ‘ਬਾਜ਼’ ਨੂੰ ਰਾਜ ਪੰਛੀ ਤਾਂ ਐਲਾਨ ਦਿੱਤਾ ਹੈ ਪਰ ਉਹ ਦਾਅਵਾ ਕਰਦੇ ਹਨ ਕਿ ਕਿਸੇ ਮੰਤਰੀ ਜਾਂ ਵਿਧਾਇਕ ਨੇ ਤਾਂ ਛੱਡੋ ਪੰਜਾਬ ਦਾ ਰਾਜ ਪੰਛੀ ਜੰਗਲਾਤ ਵਿਭਾਗ ਦੇ ਵੀ ਕਿਸੇ ਅਧਿਕਾਰੀ ਨਹੀਂ ਦੇਖਿਆ ਹੋਵੇਗਾ। ਪੰਜਾਬ ਦੀਆਂ ਫ਼ਸਲਾਂ ਵਿਚ ਪੈਂਦੀਆਂ ਜਹਿਰਾਂ ਕਰਕੇ ਇਸ ਦੇ ਸ਼ਿਕਾਰ ਮਰ ਚੁੱਕੇ ਹਨ ਜਾਂ ਫਿਰ ਇਸ ਨੂੰ ਸੌਖਿਆਂ ਉਪਲਬਧ ਨਹੀਂ ਹੁੰਦੇ ਤਾਂ 1962 ਤੋਂ ਬਾਅਦ ਬਾਜ਼ ਪੰਜਾਬ ਵਿਚ ਨਹੀਂ ਦੇਖਿਆ ਗਿਆ, ਕੁਝ ਲੋਕ ਕਹਿੰਦੇ ਹਨ ਕਿ ਸਰਦੀਆਂ ਦੀ ਰੁੱਤੇ ਕਿਤੇ ਰਮਤੇ ਯੋਗੀਆਂ ਵਾਂਗ ਇਹ ਨਜ਼ਰ ਆਉਂਦਾ ਹੈ ਪਰ ਇਸ ਵਿਚ ਉੱਕਾ ਸਚਾਈ ਨਹੀਂ ਲੱਗਦੀ।
                   ਇਸ ਬਾਰੇ ਜੰਗਲਾਤ ਵਿਭਾਗ ਪੰਜਾਬ ਦੇ ਮੁੱਖ ਵਣ ਪਾਲ ਜੰਗਲੀ ਜੀਵ ਸੁਰੱਖਿਆ ਸ੍ਰੀ ਕੁਲਦੀਪ ਕੁਮਾਰ ਕਹਿੰਦੇ ਹਨ ਕਿ ਅਸੀਂ ਬਾਜ਼ ਲੱਭਣ ਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਇਕ ਪ੍ਰੋਜੈਕਟ ਬਣਾ ਕੇ ਭੇਜਿਆ ਸੀ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕਰਕੇ ਸਾਨੂੰ ਬਾਜ਼ ਦੇ ਦੋ-ਚਾਰ ਜਾਂ ਇਸ ਤੋਂ ਵੱਧ ਜੋੜੇ ਜੂ ਵਿਚ ਰੱਖਣ ਲਈ ਹਰ ਪੱਖੋਂ ਮਨਜ਼ੂਰੀ ਦਿੱਤੀ ਹੈ ਪਰ ਅਸੀਂ ਬੜੇ ਪ੍ਰੇਸ਼ਾਨ ਹਾਂ ਕਿ ਸਾਨੂੰ ਪੰਜਾਬ ਦਾ ਰਾਜ ਪੰਛੀ ਕਿਤੋਂ ਲੱਭ ਹੀ ਨਹੀਂ ਰਿਹਾ। ਇਸ ਨੂੰ ਲੱਭਣ ਲਈ ਉਤਰਾ ਖੰਡ ਜਾਂ ਫਿਰ ਹਿਮਾਚਲ ਪ੍ਰਦੇਸ਼ ਵਿਚ ਜਾਂ ਫਿਰ ਕਿਤੇ ਵਿਦੇਸ਼ਾਂ ਵਿਚ ਜਾਣਾ ਪੈ ਸਕਦਾ ਹੈ। ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਬਾਜ਼ ਪੰਜਾਬ ਦੇ ਲੋਕਾਂ ਨੂੰ ਨਜ਼ਰ ਆਵੇ ਪਰ ਸਾਡੀ ਮਜਬੂਰੀ ਹੈ ਕਿ ਬਾਜ਼ ਸਾਨੂੰ ਮਿਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਵਿਸ਼ੇਸ਼ ਤਰੱਦਦ ਕਰ ਰਹੇ ਹਾਂ ਜਿਸ ਨਾਲ ਹੋ ਸਕਦਾ ਹੈ ਕਿ ਸਾਨੂੰ ਸਾਡੇ ਰਾਜ ਪੰਛੀ ਦੇ ਦਰਸ਼ਨ ਹੋ ਜਾਣ। ਬਾਜ਼ਾਂ ਦੀਆਂ ਕੁਝ ਕਿਸਮਾਂ ਹਨ, ਚਿੱਟਾ ਬਾਜ਼ ਜਾਂ ਫਿਰ ਸ਼ਾਹੀਨ ਬਾਜ਼ ਪਰ ਸਾਨੂੰ ਕੋਈ ਵੀ ਮਿਲ ਜਾਵੇ ਅਸੀਂ ਇਸ ਲਈ ਕਾਫ਼ੀ ਕੋਸ਼ਿਸ਼ ਕਰ ਰਹੇ ਹਾਂ।


No comments:

Post a Comment