Monday, March 26, 2018

ਪਟਿਆਲਾ ਸ਼ਹਿਰ ਦੇ ਸਦੀਆਂ ਪੁਰਾਣੇ ਰੁੱਖਾਂ 'ਤੇ ਹਜ਼ਾਰਾਂ ਚਮਗਿੱਦੜਾਂ ਦਾ ਕਬਜ਼ਾ

ਜੰਗਲੀ ਜੀਵ ਐਕਟ ਵਿਚ ਆਉਂਦੇ ਚਮਗਿੱਦੜ ਕਰਦੇ ਹਨ ਬਾਰਾਂਦਰੀ ਦੇ ਦੁਰਲਭ ਰੁੱਖਾਂ ਦਾ ਨੁਕਸਾਨ : ਮਾਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਬਾਰਾਂਦਰੀ ਬਾਗ ਵਿਚ ਖੜੇ ਇਕ ਸਦੀ ਤੋਂ ਵੀ ਵੱਧ ਉਮਰ ਦੇ ਰੁੱਖਾਂ 'ਤੇ ਹਜ਼ਾਰਾਂ ਚਮਗਿੱਦੜਾਂ ਨੇ ਕਬਜ਼ਾ ਕਰ ਰੱਖਿਆ ਹੈ, ਇਸ ਨਾਲ ਜਿੱਥੇ ਰੁੱਖਾਂ ਦੇ ਪੱਤੇ ਤੇ ਫਲਾਂ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਚਮਗਿੱਦੜਾਂ ਦੀ ਬਿੱਠਾਂ ਕਰਕੇ ਰੁੱਖਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ, ਅੱਜ ਕੱਲ੍ਹ ਇਹ ਚਮਗਿੱਦੜ ਰਾਤ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ। ਪਰ ਜੰਗਲਾਤ ਵਿਭਾਗ ਵੱਲੋਂ ਇਨ੍ਹਾਂ ਚਮਗਿੱਦੜਾਂ ਦੀ ਸੰਭਾਲ ਲਈ ਵੀ ਜੋਰ ਲਗਾ ਰੱਖਿਆ ਹੈ, ਜੇਕਰ ਕੋਈ ਇਨ੍ਹਾਂ ਚਮਗਿੱਦੜਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੰਗਲੀ ਜੀਵ ਐਕਟ ਤਹਿਤ ਉਸ ਤੇ ਕਾਰਵਾਈ ਵੀ ਹੁੰਦੀ ਹੈ।
ਪਿਛਲੇ ਦਿਨੀਂ ਬਾਰਾਂਦਰੀ ਵਿਚ ਕਿਸੇ ਕੰਮੀ ਗੇੜਾ ਮਾਰਨ ਆਏ ਸ੍ਰੀ ਮਤੀ ਪ੍ਰਨੀਤ ਕੌਰ ਨੂੰ ਸਵਾਲ ਕੀਤਾ ਗਿਆ ਕਿ ਚਮਗਿੱਦੜਾਂ ਕਰਕੇ ਬਾਰਾਂਦਰੀ ਬਾਗ ਦਾ ਨੁਕਸਾਨ ਹੋ ਰਿਹਾ ਹੈ ਤਾਂ ਸ੍ਰੀ ਮਤੀ ਪ੍ਰਨੀਤ ਕੌਰ ਦਾ ਸਿੱਧਾ ਜਿਹਾ ਜਵਾਬ ਸੀ ਕਿ 'ਅਸਲ ਵਿਚ ਇਹ ਥਾਂ ਇਨ੍ਹਾਂ ਚਮਗਿੱਦੜਾਂ ਦੀ ਹੀ ਹੈ ਅਸੀਂ ਮਨੁੱਖ ਲੋਕ ਇਨ੍ਹਾਂ ਦੀ ਜਗ੍ਹਾ ਤੇ ਸ਼ੈਰ ਕਰਨ ਲਈ ਆਉਂਦੇ ਹਾਂ, ਇਸ ਕਰਕੇ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ'। ਬਾਰਾਂਦਰੀ ਵਿਚ ਰਹਿੰਦੇ ਚਮਗਿੱਦੜਾਂ ਬਾਰੇ ਪੰਛੀ ਪ੍ਰੇਮੀ ਇਸ਼ਵਿੰਦਰ ਸਿੰਘ ਗਰੇਵਾਲ ਨੇ ਦਸਿਆ ਕਿ ਇੱਥੇ ਚਮਗਿੱਦੜ ਬਹੁਤ ਦੇਰ ਤੋਂ ਰਹਿੰਦੇ ਹਨ ਤੇ ਇਨ੍ਹਾਂ ਦੇ ਰਿਸ਼ਤੇਦਾਰ ਨਾਲਾਗੜ ਤੇ ਫ਼ਤਿਹਗੜ੍ਹ ਸਾਹਿਬ ਵਿਚ ਹਨ, ਸਾਰਾ ਦਿਨ ਰੁੱਖਾਂ 'ਤੇ ਪੁੱਠੇ ਲਟਕੇ ਰਹਿੰਦੇ ਹਨ ਤੇ ਸ਼ਾਮ ਪੈਣ ਤੇ ਹੀ ਲੰਬੀਆਂ ਉਡਾਰੀਆਂ ਭਰਦੇ ਹਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਉੱਡ ਪੈਂਦੇ ਹਨ, ਜਿਵੇਂ ਕਿਹਾ ਕਰਦੇ ਹਾਂ ਕਿ 'ਚਮਗਿੱਦੜਾਂ ਦੇ ਆਏ ਪ੍ਰਹੋਣੇ ਜਹਾਂ ਥਮ ਲਟਕੇ ਵਹਾਂ ਹਮ ਲਟਕੇ'। ਪਰ ਇਸ ਬਾਬਤ ਬਾਰਾਂਦਰੀ ਦੀ ਸੰਭਾਲ ਕਰ ਰਹੇ ਡਾਇਰੈਕਟਰ ਸਵਰਨ ਸਿੰਘ ਮਾਨ ਤੇ ਕੁਲਵਿੰਦਰ ਸਿੰਘ ਐਚਡੀਓ ਨੇ ਦਸਿਆ ਕਿ ਇਹ ਏਨੀ ਵੱਡੀ ਉਡਾਰੀ ਨਹੀਂ ਭਰ ਸਕਦੇ, ਪਰ ਇਹ ਕਾਫੀ ਸਿਆਣੇ ਹੁੰਦੇ ਹਨ, ਦਿਨੇ ਬਾਰਾਂਦਰੀ ਵਿਚ ਰੁੱਖਾਂ 'ਤੇ ਲਟਕਦੇ ਹਨ ਤੇ ਰਾਤਾਂ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਆਪਣੀ ਖ਼ੁਰਾਕ ਭਾਲਣ ਤੁਰ ਪੈਂਦੇ ਹਨ। ਬਾਰਾਂਦਰੀ ਵਿਚ ਆਉਂਦੇ ਲੋਕ ਜਿਉਂ ਹੀ ਰੁੱਖਾਂ ਉੱਪਰ ਨਿਗਾਹ ਮਾਰ ਕੇ ਦੇਖਦੇ ਹਨ ਤਾਂ ਹਰੇਕ ਰੁੱਖ 'ਤੇ ਹਜ਼ਾਰਾਂ ਚਮਗਿੱਦੜ ਚੀਂ ਚੀਂ ਕਰਦੇ ਆਮ ਦੇਖੇ ਜਾ ਸਕਦੇ ਹਨ। ਜਿਨ੍ਹਾਂ ਬਾਰੇ ਡਾਇਰੈਕਟਰ ਸਵਰਨ ਸਿੰਘ ਮਾਨ ਨੇ ਦਸਿਆ ਕਿ ਇਹ ਬਾਰਾਂਦਰੀ ਦੇ ਰੁੱਖਾਂ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ਦੀਆਂ ਬਿੱਠਾਂ ਵੀ ਕਾਫੀ ਨੁਕਸਾਨਦਾਇਕ ਹਨ ਪਰ ਇਨ੍ਹਾਂ ਦਾ ਇਹ ਬਸੇਰਾ ਹੈ ਇਸ ਕਰਕੇ ਇਨ੍ਹਾਂ ਨੂੰ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਜੰਗਲੀ ਜੀਵ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਨਿਰਲੇਪ ਸਿੰਘ ਹੁੰਦਲ ਨੇ ਕਿਹਾ ਕਿ ਸਾਡੀ ਬਾਰਾਂਦਰੀ ਵਿਚ ਰੁੱਖਾਂ ਦੇ ਲਟਕੇ ਚਮਗਿੱਦੜਾਂ ਤੇ ਪੂਰੀ ਨਜ਼ਰ ਹੈ, ਇਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।
ਬਾਰਾਂਦਰੀ ਫ਼ੋਟੋ : ਬਾਰਾਂਦਰੀ ਵਿਚ ਰੁੱਖ ਉੱਤੇ ਲਟਕੇ ਹੋਏ ਚਮਗਿੱਦੜਾਂ ਦਾ ਦ੍ਰਿਸ਼। ਫ਼ੋਟੋ ਅਕੀਦਾ


No comments:

Post a Comment