Wednesday, February 21, 2018

ਪ੍ਰਵਾਸੀ ਪੰਜਾਬੀ ਵੱਲੋਂ ਲਿਖਤ 'ਪੰਜਾਬ ਦੇ ਪੰਛੀ' ਕਿਤਾਬ ਹੋਈ ਲੋਕ ਅਰਪਣ

ਚਿੱਟੀਆਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦੇ ਬਾਜ਼ ਦਾ ਅਸਲ ਬਿਆਨਦੀ ਹੈ ਇਹ ਕਿਤਾਬ
ਗੁਰਨਾਮ ਸਿੰਘ ਅਕੀਦਾ
ਇੱਥੇ ਪੰਜਾਬੀ ਯੂਨੀਵਰਸਿਟੀ ਵਿਚ ਪਰਵਾਸੀ ਪੰਜਾਬੀ ਪੱਤਰਕਾਰ ਸ਼ਮੀਲ ਦੀ ਸੰਪਾਦਿਤ ਅਤੇ ਮੂਲ ਲੇਖਕ ਰਾਜਪਾਲ ਸਿੰਘ ਸਿੱਧੂ ਦੀ ਲਿਖੀ ਕਿਤਾਬ 'ਪੰਜਾਬ ਦੇ ਪੰਛੀ' ਦਾ ਲੋਕ ਅਰਪਣ ਅਤੇ ਗੋਸ਼ਟੀ ਕੀਤੀ ਗਈ। ਇਸ ਕਿਤਾਬ ਬਾਰੇ ਹੈਰਾਨੀਜਨਕ ਜਾਣਕਾਰੀ ਇਹ ਹੈ ਕਿ ਇਸ ਕਿਤਾਬ ਦੇ ਮੂਲ ਲੇਖਕ ਰਾਜਪਾਲ ਸਿੰਘ ਸਿੱਧੂ ਦੇ 2015 ਵਿਚ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਕਿਤਾਬ ਹੁਣ ਪ੍ਰਕਾਸ਼ਿਤ ਹੋਈ ਹੈ, ਵਿਦਵਾਨਾਂ ਅਨੁਸਾਰ ਇਹ ਕਿਤਾਬ ਲੇਖਕ ਸਿੱਧੂ ਦੀ ਸਾਰੀ ਉਮਰ ਦੀ ਘਾਲਣਾ ਹੈ, ਜਿਨ੍ਹਾਂ ਨੇ ਪੰਛੀਆਂ ਦੇ ਮਗਰ ਮਗਰ ਫਿਰ ਕੇ ਪੰਛੀਆਂ ਬਾਰੇ ਸਾਨੂੰ ਅਹਿਮ ਜਾਣਕਾਰੀ ਪ੍ਰਦਾਨ ਕੀਤੀ  ਹੈ, ਪੰਜਾਬ ਦੇ ਪੰਛੀਆਂ ਬਾਬਤ ਅਜਿਹੀ ਪਹਿਲੀ ਕਿਤਾਬ ਹੈ, ਜੋ ਪੰਛੀਆਂ ਬਾਰੇ ਸਾਰੀ ਜਾਣਕਾਰੀ ਤੇ ਉਸ ਦੇ ਅਸਲ ਨਾਮ, ਸੁਭਾਅ ਤੇ ਰੰਗ ਰੂਪ ਵੀ ਬਿਆਨ ਕਰਦੀ ਹੈ ਤੇ ਲੇਖਕ ਨੇ ਪੰਛੀਆਂ ਦੇ ਚਿੱਤਰ ਵੀ ਬਣਾ ਕੇ ਦਿਖਾਇਆ ਹੈ ਕਿ ਕਿਹੜਾ ਪੰਛੀ ਕਿਹੋ ਜਿਹਾ ਲੱਗਦਾ ਹੈ।
    ਇਸ ਕਿਤਾਬ ਦੇ ਸੰਪਾਦਕ ਕੈਨੇਡਾ ਵਾਸੀ ਸ੍ਰੀ ਸ਼ਮੀਲ ਦਾ ਕਹਿਣਾ ਹੈ ਕਿ ਇਸ ਕਿਤਾਬ ਵਿਚ 'ਚਿੱਟਿਆਂ ਬਾਜਾਂ ਵਾਲੇ' ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਿੱਟੇ ਬਾਜ ਬਾਰੇ ਸਪਸ਼ਟ ਤੌਰ ਤੇ ਦਸਿਆ ਹੈ। ਲੇਖਕ ਨੇ ਚਿੱਟੇ ਬਾਜ ਬਾਰੇ ਅਧਿਐਨ ਕੀਤਾ ਤੇ ਉਸ ਕੋਲ ਪੰਜਾਬ ਭਾਰਤ ਵਿਚ ਕੋਈ ਚਿੱਟੇ ਬਾਜ ਦੀ ਹੋਂਦ ਦਾ ਪਤਾ ਨਹੀਂ ਲੱਗਾ, ਇਹ ਚਿੱਟਾ ਬਾਜ ਸੈਂਟਰਲ ਏਸ਼ੀਆ ਵਿਚ ਮਿਲਦਾ ਹੈ, ਜੋ ਗੁਰੂ ਸਾਹਿਬ ਨੂੰ ਕਿਸੇ ਸ਼ਰਧਾਲੂ ਨੇ ਤੋਹਫ਼ੇ ਵਜੋਂ ਦਿੱਤਾ ਸੀ। ਇਸ ਬਾਜ਼ ਦੀ ਇਸ ਕਿਤਾਬ ਵਿਚ ਫ਼ੋਟੋ ਵੀ ਲਗਾਈ ਹੈ, ਸੰਪਾਦਕ ਨੇ ਦਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਤਾਂ ਪਰਿਵਾਰ ਨਾਲ ਰਾਬਤਾ ਕਾਇਮ ਹੋਇਆ, ਲੇਖਕ ਦੇ ਪਰਿਵਾਰ ਵਿਚੋਂ ਅੱਜ ਕੱਲ੍ਹ ਉਨ੍ਹਾਂ ਦਾ ਬੇਟਾ ਰਾਜ ਕੰਵਲ ਸਿੰਘ ਸਿੱਧੂ, ਪਤਨੀ ਰਾਜਿੰਦਰਪਾਲ ਕੋਰ ਸਿੱਧੂ, ਪੋਤਰੇ ਹਰਸ਼ੇਰ ਤੇ ਦਿਲਸ਼ੇਰ ਹਨ, ਸ਼ਮੀਲ ਨੇ ਕਿਹਾ ਕਿ ਇਸ ਕਿਤਾਬ ਦਾ ਖਰੜਾ ਹਾਸਲ ਕਰਨ ਤੋਂ ਬਾਅਦ ਉਸ ਨੇ ਖ਼ੁਦ ਵੀ ਪੰਛੀਆਂ ਬਾਰੇ ਅਧਿਐਨ ਕੀਤਾ ਜਿਸ ਤੋਂ ਪਾਇਆ ਕਿ ਇਹ ਕਿਤਾਬ ਸੱਚੀਂ ਮੁੱਚੀਂ ਸਾਂਭਣ ਯੋਗ ਹੈ, ਜਿਸ ਦੇ ਛਪਣ ਨਾਲ ਪੰਛੀਆਂ ਬਾਰੇ ਹੋਰ ਕਈ ਰਸਤੇ ਖੁੱਲ੍ਹਣਗੇ ਜੋ ਪੰਛੀਆਂ ਬਾਰੇ ਗਲਤ ਰਾਵਾਂ ਪ੍ਰਚਲਿਤ ਹਨ ਉਹ ਵੀ ਦੂਰ ਹੋਣਗੀਆਂ, ਇਸ ਕਿਤਾਬ ਵਿਚ 275 ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਬੋਲਦਿਆਂ ਲੁਧਿਆਣਾ ਸਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੰਛੀਆਂ ਬਾਰੇ ਇਸ ਵਿੱਚ ਜੋ ਜਾਣਕਾਰੀ ਹੈ ਉਹ ਆਹਲਾ ਦਰਜੇ ਦੀ ਹੈ, ਜਿਸ ਦਾ ਹੋਣਾ ਪੰਜਾਬ ਲਈ ਲਾਜ਼ਮੀ ਸੀ। ਇਸ ਸਬੰਧੀ ਬੋਲਦਿਆਂ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਕਈ ਲੋਕ ਕਹਿੰਦੇ ਹਨ ਕਿ ਪੰਜਾਬੀ ਪੰਛੀਆਂ ਤੇ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ, ਇਕ ਪਾਸੇ ਜਾਣਕਾਰਾਂ ਦਾ ਸ਼ਿਕਾਰ ਕਰਨਾ ਤੇ ਦੂਜੇ ਪਾਸੇ ਉਨ੍ਹਾਂ ਨੂੰ ਪਿਆਰ ਕਰਨਾ ਇਸ ਕਿਤਾਬ ਵਿਚੋਂ ਸਪਸ਼ਟ ਝਲਕਦਾ ਹੈ, ਬੇਸ਼ੱਕ ਰਾਜਪਾਲ ਦੇ ਮਾਪੇ ਸ਼ਿਕਾਰੀ ਸਨ ਪਰ ਉਸ ਵਿਚ ਆਈ ਸੰਵੇਦਨਸ਼ੀਲਤਾ ਨੇ ਪੰਛੀਆਂ ਦਾ ਹਰ ਰੰਗ ਸਾਡੇ ਸਨਮੁੱਖ ਪੇਸ਼ ਕਰਕੇ ਪੰਜਾਬੀਆਂ ਨੂੰ ਕੋਮਲ ਬੁੱਧੀ ਦੇ ਮਾਲਕ ਹੋਣ ਦਾ ਮਾਣ ਵੀ ਦਿੱਤਾ ਹੈ। ਇਸ ਵੇਲੇ ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸਤੀਸ਼ ਵਰਮਾ, ਨਾਵਲਕਾਰ ਜਸਬੀਰ ਮੰਡ, ਚਰਨ ਗਿੱਲ, ਡਾ. ਸਰਬਜਿੰਦਰ ਸਿੰਘ ਤੇ ਹੋਰ ਕਈ ਵਿਦਵਾਨ ਵੀ ਮੌਜੂਦ ਸਨ।
ਸ਼ਮੀਲ ਫ਼ੋਟੋ : ਪੰਛੀਆਂ ਬਾਬਤ ਕਿਤਾਬ ਰਿਲੀਜ਼ ਕੀਤੇ ਜਾਣ ਦੀ ਝਲਕ। ਫ਼ੋਟੋ ਅਕੀਦਾ

No comments:

Post a Comment