Tuesday, February 27, 2018

ਡੀਐਮਡਬਲਿਊ ਬਿਜਲਈ ਰੇਲ ਇੰਜਨ ਬਣਾਉਣ ਵਾਲੀ ਬਣੀ ਭਾਰਤ ਦੀ ਤੀਜੀ ਵਰਕਸ਼ਾਪ

ਪਹਿਲਾ ਬਿਜਲਈ ਰੇਲ ਇੰਜਨ ਤਿਆਰ ਕਰਕੇ ਟੈਸਟਿੰਗ ਲਈ ਭੇਜਿਆ ਲੁਧਿਆਣਾ
60 ਬਿਜਲਈ ਰੇਲਵੇ ਇੰਜਨ ਬਣਾਉਣ ਦਾ ਮਿਲਿਆ ਮੰਤਰਾਲੇ ਵੱਲੋਂ ਆਰਡਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਵਿਚ ਸਥਿਤ ਰੇਲਵੇ ਦੀ ਡੀਜ਼ਲ ਲੋਕੋ ਮਾਡਰਨਾਈਜੇਸ਼ਨ ਵਰਕਸ (ਡੀਐਮਡਬਲਿਊ) ਭਾਰਤੀ ਰੇਲਵੇ ਦੀ ਤੀਜੀ ਵਰਕਸ਼ਾਪ ਬਣ ਗਈ ਹੈ ਜਿੱਥੇ ਰੇਲਵੇ ਦੇ ਬਿਜਲਈ ਰੇਲ ਇੰਜਨ (ਇਲੈਕਟ੍ਰਿਕ ਲੋਕੋਮੋਟਿਵ) ਬਣ ਕੇ ਤਿਆਰ ਹੋਣ ਲੱਗ ਪਏ ਹਨ, ਇਸ ਨੂੰ ਅਮਲੀ ਰੂਪ ਦੇਣ ਲਈ ਇਕ ਬਿਜਲਈ ਰੇਲ ਇੰਜਨ ਤਿਆਰ ਕਰਕੇ ਲੁਧਿਆਣਾ ਭੇਜਿਆ ਜਾ ਚੁੱਕਾ ਹੈ ਤਾਂ ਕਿ ਉਸ ਦੀ 25000 ਕਿਲੋਵਾਟ ਸਪਲਾਈ ਵੋਲਟੇਜ ਚੈੱਕ ਕੀਤੀ ਜਾ ਸਕੇ, ਇਥੋਂ ਪਹਿਲਾ ਬਿਜਲਈ ਰੇਲ ਇੰਜਨ ਫਰਵਰੀ ਦੇ ਆਖ਼ਰ ਤੱਕ ਰੇਲ ਟਰੈਕ ਤੇ ਤਜਰਬੇ ਲਈ ਤੋਰ ਦਿੱਤਾ ਜਾਵੇਗਾ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਡੀਐਮਡਬਲਿਊ ਤੋਂ ਪਹਿਲਾਂ ਸੀਐਲਡਬਲਿਊ ਚਿਤਰੰਜਨ ਤੇ ਡੀਐਲਡਬਲਿਊ ਵਾਰਾਨਾਸੀ ਵਿਚ ਇਹ ਬਿਜਲਈ ਰੇਲ ਇੰਜਨ ਬਣਦੇ ਹਨ, ਪਰ ਪਿਛਲੇ ਦਸੰਬਰ 2017 ਵਿਚ ਇਹ ਬਿਜਲਈ ਰੇਲ ਇੰਜਨ ਬਣਾਉਣ ਲਈ ਪਟਿਆਲਾ ਨੂੰ ਅਧਿਕਾਰ ਦਿੱਤੇ ਗਏ ਹਨ। ਕਰੀਬ 13 ਕਰੋੜ ਵਿਚ ਬਣਨ ਵਾਲਾ ਇਹ ਬਿਜਲਈ ਰੇਲ ਇੰਜਨ 25000 ਕਿੱਲੋਵਾਟ ਦੀ ਬਿਜਲੀ ਸਪਲਾਈ ਲੈਂਦਾ ਹੈ, ਜਿਸ ਦੀ ਚੈਕਿੰਗ ਲੁਧਿਆਣਾ ਵਿਚ ਹੋ ਰਹੀ ਹੈ। ਇਸ ਸਬੰਧੀ ਡੀਐਮਡਬਲਿਊ ਪਟਿਆਲਾ ਦੇ ਮੁੱਖ ਪ੍ਰਬੰਧਕ ਸ੍ਰੀ ਰਮੇਸ਼ ਕੁਮਾਰ ਨੇ ਦਸਿਆ ਕਿ ਪਟਿਆਲਾ ਉਤਰੀ ਭਾਰਤ ਦਾ ਬਿਜਲਈ ਰੇਲ ਇੰਜਨ ਬਣਾਉਣ ਦੀ ਇਕ ਤਰ੍ਹਾਂ ਹੱਬ ਬਣੇਗਾ, ਜਿਸ ਨਾਲ ਟਰੇਡ ਇੰਡਸਟਰੀ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮਾਰਚ 2018 ਤੱਕ ਅਸੀਂ ਦੋ ਬਿਜਲੀ ਰੇਲ ਇੰਜਨ ਰੇਲਵੇ ਦੇ ਹਵਾਲੇ ਕਰ ਦੇਵਾਂਗੇ, ਜਦ ਕਿ 2018 ਵਿਚ ਸਾਨੂੰ 60 ਬਿਜਲੀ ਰੇਲ ਇੰਜਨ ਬਣਾਉਣ ਦਾ ਮੰਤਰਾਲੇ ਵੱਲੋਂ ਹੁਕਮ ਮਿਲ ਚੁੱਕਿਆ ਹੈ ਇਸ ਦੇ ਨਾਲ ਹੀ 2019 ਵਿਚ ਅਸੀਂ 60 ਤੋਂ ਵੱਧ ਬਿਜਲਈ ਰੇਲ ਇੰਜਨ ਬਣਾਉਣ ਦੇ ਸਮਰੱਥ ਹੋ ਜਾਵਾਂਗੇ। ਸ੍ਰੀ ਰਮੇਸ਼ ਕੁਮਾਰ ਨੇ ਕਿਹਾ ਕਿ ਹੁਣ ਤੱਕ ਸਾਨੂੰ ਬਿਜਲੀ ਰੇਲ ਇੰਜਨ ਬਣਾਉਣ ਲਈ ਸਮਾਨ ਸੀਐਲਡਬਲਿਊ ਚਿਤਰੰਜਨ ਵੱਲੋਂ ਪ੍ਰਾਪਤ ਹੋ ਰਿਹਾ ਹੈ, ਪਰ ਮਾਰਚ 2018 ਤੋਂ ਬਾਅਦ ਅਸੀਂ ਖ਼ੁਦ ਮਾਲ ਖ਼ਰੀਦਾਂਗੇ, ਜਿਸ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਰਕਸ਼ਾਪ ਵਿਚ ਕੰਮ ਕਰ ਰਹੇ ਮੁਲਾਜ਼ਮ ਆਗੂ ਤੇ ਤਕਨੀਕੀ ਮਾਹਿਰ ਜੁਮੇਰਦੀਨ ਨੇ ਦਸਿਆ ਕਿ ਪਹਿਲਾਂ ਪਹਿਲ ਸਾਨੂੰ ਥੋੜਾ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਅਸੀਂ ਇਕ ਇਲੈਕਟ੍ਰਿਕ ਲੋਕੋਮੋਟਿਵ ਬਣਾ ਦੇ ਟੈਸਟਿੰਗ ਲਈ ਭੇਜ ਦਿੱਤਾ ਹੈ, ਅਸੀਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਅਸੀਂ ਸਾਲ ਵਿਚ 120 ਇੰਜਨ ਵੀ ਬਣਾ ਕੇ ਰੇਲਵੇ ਦੀ ਝੋਲ਼ੀ ਪਾ ਦਿਆਂਗੇ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਟਰੈਕ ਬਿਜਲਈ ਰੇਲ ਇੰਜਨ ਚਲਣ ਦੇ ਸਮਰੱਥ ਜਲੰਧਰ ਤੋਂ ਫ਼ਿਰੋਜਪੁਰ, ਬਠਿੰਡਾ ਤੋਂ ਲੁਧਿਆਣਾ ਤੋਂ ਰਹਿ ਗਏ ਹਨ, ਜਦ ਕਿ ਅੰਬਾਲਾ ਬਠਿੰਡਾ ਆਦਿ ਟਰੈਕ ਬਿਜਲਈ ਰੇਲ ਇੰਜਨ ਚਲਾਉਣ ਦੇ ਸਮਰੱਥ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ 3728 ਕਰਮਚਾਰੀਆਂ ਦੀ ਮਿਹਨਤ ਹੈ ਜਿਸ ਕਰਕੇ ਅਸੀਂ ਹਰ ਇਕ ਟੀਚਾ ਪੂਰਾ ਕਰਨ ਦੇ ਸਮਰੱਥ ਹੋਏ ਹਾਂ।

ਡੀਐਮਡਬਲਿਊ ਫ਼ੋਟੋ : ਡੀਐਮਡਬਲਿਊ ਪਟਿਆਲਾ ਵਿਚ ਤਿਆਰ ਹੋ ਰਹੇ ਬਿਜਲਈ ਰੇਲ ਇੰਜਨ ਦਾ ਦ੍ਰਿਸ਼। ਫ਼ੋਟੋ ਅਕੀਦਾ

No comments:

Post a Comment