Tuesday, February 27, 2018

ਡੀਐਮਡਬਲਿਊ ਬਿਜਲਈ ਰੇਲ ਇੰਜਨ ਬਣਾਉਣ ਵਾਲੀ ਬਣੀ ਭਾਰਤ ਦੀ ਤੀਜੀ ਵਰਕਸ਼ਾਪ

ਪਹਿਲਾ ਬਿਜਲਈ ਰੇਲ ਇੰਜਨ ਤਿਆਰ ਕਰਕੇ ਟੈਸਟਿੰਗ ਲਈ ਭੇਜਿਆ ਲੁਧਿਆਣਾ
60 ਬਿਜਲਈ ਰੇਲਵੇ ਇੰਜਨ ਬਣਾਉਣ ਦਾ ਮਿਲਿਆ ਮੰਤਰਾਲੇ ਵੱਲੋਂ ਆਰਡਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਵਿਚ ਸਥਿਤ ਰੇਲਵੇ ਦੀ ਡੀਜ਼ਲ ਲੋਕੋ ਮਾਡਰਨਾਈਜੇਸ਼ਨ ਵਰਕਸ (ਡੀਐਮਡਬਲਿਊ) ਭਾਰਤੀ ਰੇਲਵੇ ਦੀ ਤੀਜੀ ਵਰਕਸ਼ਾਪ ਬਣ ਗਈ ਹੈ ਜਿੱਥੇ ਰੇਲਵੇ ਦੇ ਬਿਜਲਈ ਰੇਲ ਇੰਜਨ (ਇਲੈਕਟ੍ਰਿਕ ਲੋਕੋਮੋਟਿਵ) ਬਣ ਕੇ ਤਿਆਰ ਹੋਣ ਲੱਗ ਪਏ ਹਨ, ਇਸ ਨੂੰ ਅਮਲੀ ਰੂਪ ਦੇਣ ਲਈ ਇਕ ਬਿਜਲਈ ਰੇਲ ਇੰਜਨ ਤਿਆਰ ਕਰਕੇ ਲੁਧਿਆਣਾ ਭੇਜਿਆ ਜਾ ਚੁੱਕਾ ਹੈ ਤਾਂ ਕਿ ਉਸ ਦੀ 25000 ਕਿਲੋਵਾਟ ਸਪਲਾਈ ਵੋਲਟੇਜ ਚੈੱਕ ਕੀਤੀ ਜਾ ਸਕੇ, ਇਥੋਂ ਪਹਿਲਾ ਬਿਜਲਈ ਰੇਲ ਇੰਜਨ ਫਰਵਰੀ ਦੇ ਆਖ਼ਰ ਤੱਕ ਰੇਲ ਟਰੈਕ ਤੇ ਤਜਰਬੇ ਲਈ ਤੋਰ ਦਿੱਤਾ ਜਾਵੇਗਾ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਡੀਐਮਡਬਲਿਊ ਤੋਂ ਪਹਿਲਾਂ ਸੀਐਲਡਬਲਿਊ ਚਿਤਰੰਜਨ ਤੇ ਡੀਐਲਡਬਲਿਊ ਵਾਰਾਨਾਸੀ ਵਿਚ ਇਹ ਬਿਜਲਈ ਰੇਲ ਇੰਜਨ ਬਣਦੇ ਹਨ, ਪਰ ਪਿਛਲੇ ਦਸੰਬਰ 2017 ਵਿਚ ਇਹ ਬਿਜਲਈ ਰੇਲ ਇੰਜਨ ਬਣਾਉਣ ਲਈ ਪਟਿਆਲਾ ਨੂੰ ਅਧਿਕਾਰ ਦਿੱਤੇ ਗਏ ਹਨ। ਕਰੀਬ 13 ਕਰੋੜ ਵਿਚ ਬਣਨ ਵਾਲਾ ਇਹ ਬਿਜਲਈ ਰੇਲ ਇੰਜਨ 25000 ਕਿੱਲੋਵਾਟ ਦੀ ਬਿਜਲੀ ਸਪਲਾਈ ਲੈਂਦਾ ਹੈ, ਜਿਸ ਦੀ ਚੈਕਿੰਗ ਲੁਧਿਆਣਾ ਵਿਚ ਹੋ ਰਹੀ ਹੈ। ਇਸ ਸਬੰਧੀ ਡੀਐਮਡਬਲਿਊ ਪਟਿਆਲਾ ਦੇ ਮੁੱਖ ਪ੍ਰਬੰਧਕ ਸ੍ਰੀ ਰਮੇਸ਼ ਕੁਮਾਰ ਨੇ ਦਸਿਆ ਕਿ ਪਟਿਆਲਾ ਉਤਰੀ ਭਾਰਤ ਦਾ ਬਿਜਲਈ ਰੇਲ ਇੰਜਨ ਬਣਾਉਣ ਦੀ ਇਕ ਤਰ੍ਹਾਂ ਹੱਬ ਬਣੇਗਾ, ਜਿਸ ਨਾਲ ਟਰੇਡ ਇੰਡਸਟਰੀ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮਾਰਚ 2018 ਤੱਕ ਅਸੀਂ ਦੋ ਬਿਜਲੀ ਰੇਲ ਇੰਜਨ ਰੇਲਵੇ ਦੇ ਹਵਾਲੇ ਕਰ ਦੇਵਾਂਗੇ, ਜਦ ਕਿ 2018 ਵਿਚ ਸਾਨੂੰ 60 ਬਿਜਲੀ ਰੇਲ ਇੰਜਨ ਬਣਾਉਣ ਦਾ ਮੰਤਰਾਲੇ ਵੱਲੋਂ ਹੁਕਮ ਮਿਲ ਚੁੱਕਿਆ ਹੈ ਇਸ ਦੇ ਨਾਲ ਹੀ 2019 ਵਿਚ ਅਸੀਂ 60 ਤੋਂ ਵੱਧ ਬਿਜਲਈ ਰੇਲ ਇੰਜਨ ਬਣਾਉਣ ਦੇ ਸਮਰੱਥ ਹੋ ਜਾਵਾਂਗੇ। ਸ੍ਰੀ ਰਮੇਸ਼ ਕੁਮਾਰ ਨੇ ਕਿਹਾ ਕਿ ਹੁਣ ਤੱਕ ਸਾਨੂੰ ਬਿਜਲੀ ਰੇਲ ਇੰਜਨ ਬਣਾਉਣ ਲਈ ਸਮਾਨ ਸੀਐਲਡਬਲਿਊ ਚਿਤਰੰਜਨ ਵੱਲੋਂ ਪ੍ਰਾਪਤ ਹੋ ਰਿਹਾ ਹੈ, ਪਰ ਮਾਰਚ 2018 ਤੋਂ ਬਾਅਦ ਅਸੀਂ ਖ਼ੁਦ ਮਾਲ ਖ਼ਰੀਦਾਂਗੇ, ਜਿਸ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਰਕਸ਼ਾਪ ਵਿਚ ਕੰਮ ਕਰ ਰਹੇ ਮੁਲਾਜ਼ਮ ਆਗੂ ਤੇ ਤਕਨੀਕੀ ਮਾਹਿਰ ਜੁਮੇਰਦੀਨ ਨੇ ਦਸਿਆ ਕਿ ਪਹਿਲਾਂ ਪਹਿਲ ਸਾਨੂੰ ਥੋੜਾ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਅਸੀਂ ਇਕ ਇਲੈਕਟ੍ਰਿਕ ਲੋਕੋਮੋਟਿਵ ਬਣਾ ਦੇ ਟੈਸਟਿੰਗ ਲਈ ਭੇਜ ਦਿੱਤਾ ਹੈ, ਅਸੀਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਅਸੀਂ ਸਾਲ ਵਿਚ 120 ਇੰਜਨ ਵੀ ਬਣਾ ਕੇ ਰੇਲਵੇ ਦੀ ਝੋਲ਼ੀ ਪਾ ਦਿਆਂਗੇ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਟਰੈਕ ਬਿਜਲਈ ਰੇਲ ਇੰਜਨ ਚਲਣ ਦੇ ਸਮਰੱਥ ਜਲੰਧਰ ਤੋਂ ਫ਼ਿਰੋਜਪੁਰ, ਬਠਿੰਡਾ ਤੋਂ ਲੁਧਿਆਣਾ ਤੋਂ ਰਹਿ ਗਏ ਹਨ, ਜਦ ਕਿ ਅੰਬਾਲਾ ਬਠਿੰਡਾ ਆਦਿ ਟਰੈਕ ਬਿਜਲਈ ਰੇਲ ਇੰਜਨ ਚਲਾਉਣ ਦੇ ਸਮਰੱਥ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ 3728 ਕਰਮਚਾਰੀਆਂ ਦੀ ਮਿਹਨਤ ਹੈ ਜਿਸ ਕਰਕੇ ਅਸੀਂ ਹਰ ਇਕ ਟੀਚਾ ਪੂਰਾ ਕਰਨ ਦੇ ਸਮਰੱਥ ਹੋਏ ਹਾਂ।

ਡੀਐਮਡਬਲਿਊ ਫ਼ੋਟੋ : ਡੀਐਮਡਬਲਿਊ ਪਟਿਆਲਾ ਵਿਚ ਤਿਆਰ ਹੋ ਰਹੇ ਬਿਜਲਈ ਰੇਲ ਇੰਜਨ ਦਾ ਦ੍ਰਿਸ਼। ਫ਼ੋਟੋ ਅਕੀਦਾ

ਰੇਲਵੇ ਦੀਆਂ 8 ਉਤਪਾਦਨ ਇਕਾਈਆਂ ਵਿਚੋਂ 10 ਫ਼ੀਸਦੀ ਅਸਾਮੀਆਂ ਹੋਣਗੀਆਂ ਖ਼ਤਮ

2018 ਵਿਚ 4000 ਮੁਲਾਜ਼ਮਾਂ ਤੋਂ ਵਾਂਝੀਆਂ ਹੋ ਜਾਣਗੀਆਂ ਉਤਪਾਦਨ ਇਕਾਈਆਂ
ਗੁਰਨਾਮ ਸਿੰਘ ਅਕੀਦਾ
ਇਕ ਪਾਸੇ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਭਾਰਤ ਵਿਚ ਕਰੋੜਾਂ ਰੋਜ਼ਗਾਰ ਪੈਦਾ ਕਰਨ ਦੇ ਐਲਾਨ ਕੀਤੇ ਸਨ ਪਰ ਦੂਜੇ ਪਾਸੇ ਇਸ ਦੇ ਉਲਟ ਕੇਂਦਰ ਸਰਕਾਰ ਦੇ ਮਹਿਕਮੇ ਭਾਰਤੀ ਰੇਲਵੇ ਦੀਆਂ 8 ਉਤਪਾਦਨ ਇਕਾਈਆਂ (ਪ੍ਰੋਡਕਸ਼ਨ ਯੂਨਿਟ) ਵਿਚੋਂ 10 ਫ਼ੀਸਦੀ ਅਸਾਮੀਆਂ ਖ਼ਤਮ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਅਮਲ ਵਜੋਂ 2018 ਵਿਚ 4000 ਮੁਲਾਜ਼ਮਾਂ ਤੋਂ ਰੇਲਵੇ ਦੀਆਂ ਉਤਪਾਦਨ ਇਕਾਈਆਂ ਵਿਰਵੀਆਂ ਹੋ ਜਾਣਗੀਆਂ। ਇਸ 'ਤੇ ਮੁਲਾਜ਼ਮਾਂ ਆਗੂਆਂ ਨੇ ਵਿਰੋਧਤਾ ਕਰਦਿਆਂ ਕਿਹਾ ਹੈ ਕਿ ਇਹ 'ਮੇਕ ਇਨ ਇੰਡੀਆ' ਦੇ ਅਮਲ ਦਾ ਭੈੜਾ ਤੇ ਗਰੀਬ ਵਿਰੋਧੀ ਨਤੀਜਾ ਸਾਹਮਣੇ ਆਇਆ ਹੈ।
ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਸ੍ਰੀ ਬੀ ਕੇ ਅਗਰਵਾਲ ਰਾਹੀਂ ਪੱਤਰ ਨੰਬਰ 2018-ਏਐਮ- ਪੀਯੂ- ਏਆਈਐਮਸੀ, ਰਾਹੀਂ ਭਾਰਤੀ ਰੇਲ ਦੀਆਂ 8 ਉਤਪਾਦਨ ਇਕਾਈਆਂ ਦੀ ਕਰਮਚਾਰੀ ਗਿਣਤੀ (ਸਟਾਫ਼ ਸਟਰੈਂਥ) ਵਿਚੋਂ 10 ਫ਼ੀਸਦੀ ਕਟੌਤੀ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਗਿਣਤੀ ਘਟ ਜਾਣ ਨਾਲ ਉਤਪਾਦਨ ਵਿਚ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਸਾਰੇ ਟੀਚੇ 'ਆਊਟ ਸੋਰਸਿੰਗ' ਰਾਹੀਂ ਪੂਰੇ ਕੀਤੇ ਜਾਣਗੇ। ਇਹ ਪੱਤਰ ਭਾਰਤ ਦੀਆਂ ਸਾਰੀਆਂ ਉਤਪਾਦਨ ਇਕਾਈਆਂ ਨੂੰ ਭੇਜਿਆ ਜਾ ਚੁੱਕਾ ਹੈ, ਇਨ੍ਹਾਂ ਇਕਾਈਆਂ ਵਿਚ ਡੀਐਮਡਬਲਿਊ ਪਟਿਆਲਾ, ਆਈਸੀਐਫ ਚੇਨਈ, ਆਰਸੀਐਫ ਕਪੂਰਥਲਾ, ਐਮਸੀਐਫ ਰਾਏਬ੍ਰੇਲੀ, ਡੀਐਲਡਬਲਿਊ ਵਾਰਾਨਾਸੀ, ਸੀਐਲਡਬਲਿਊ ਚਿਤਰੰਜਨ, ਆਰਡਬਲਿਊਐਫ ਬੰਗਲੌਰ, ਆਰਡਬਲਿਊਯੂਬੀ ਬੇਲਾ ਸ਼ਾਮਲ ਹਨ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਵਿਚ ਖਰਚੇ ਘੱਟ ਕਰਨ ਵਾਲੀ ਮਲਟੀ ਡਿਸਪਲੇਨਰੀ ਟਾਸਕ ਫੋਰਸ ਦੁਆਰਾ ਆਪਣੀ ਰਿਪੋਰਟ 16 ਦਸੰਬਰ 2017 ਨੂੰ ਰੇਲਵੇ ਬੋਰਡ ਦੀ ਮੀਟਿੰਗ ਵਿਚ ਪੇਸ਼ ਕੀਤੀ ਸੀ, ਉਸੇ ਰਿਪੋਰਟ ਨੂੰ ਅਧਾਰ ਬਣਾ ਕੇ ਉਤਪਾਦਨ ਇਕਾਈਆਂ ਵਿਚੋਂ 10 ਫ਼ੀਸਦੀ ਅਸਾਮੀਆਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਬਾਬਤ ਡੀਐਮਡਬਲਿਊ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ ਤੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਸਕੱਤਰ ਜੁਮੇਰਦੀਨ ਨੇ ਕਿਹਾ ਹੈ ਕਿ ਸਾਡੀਆਂ ਅੱਠ ਉਤਪਾਦਨ ਇਕਾਈਆਂ ਵਿਚ ਸਮਰੱਥ ਕਰਮਚਾਰੀ ਕੰਮ ਕਰ ਰਹੇ ਹਨ, ਆਊਟ ਸੋਰਸਿੰਗ ਦੁਆਰਾ ਕੰਮ ਕਰਾਉਣ ਦਾ ਮਤਲਬ, ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਇਹ 'ਮੇਕ ਇਨ ਇੰਡੀਆ' 'ਤੇ ਅਮਲ ਕਰਨ ਦਾ ਭੈੜਾ ਤੇ ਗਰੀਬ ਵਿਰੋਧੀ ਨਤੀਜਾ ਸਾਹਮਣੇ ਆਇਆ ਹੈ ਕਿ ਗ਼ਰੀਬਾਂ ਮੁਲਾਜ਼ਮਾਂ ਨੂੰ ਨਿਹੱਥੇ ਕਰਕੇ ਸਾਰਾ ਪੈਸਾ ਅਮੀਰ ਕੰਪਨੀਆਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਦੇ ਇਸ ਫ਼ੈਸਲੇ ਨਾਲ ਇਸ ਸਾਲ ਵਿਚ 4000 ਕਰਮਚਾਰੀ ਸੇਵਾ ਮੁਕਤ ਹੋ ਰਹੇ ਹਨ, ਦੁਬਾਰਾ ਉਨ੍ਹਾਂ ਦੀ ਥਾਂ ਤੇ ਨਵੀਂ ਭਰਤੀ ਨਹੀਂ ਹੋਵੇਗੀ, ਇਸੇ ਤਰ੍ਹਾਂ ਕਰੀਬ 15000 ਕਰਮੀ ਆਪਣੀ ਤਰੱਕੀ ਨੂੰ ਉਡੀਕ ਰਹੇ ਹਨ ਉਨ੍ਹਾਂ ਦੀਆਂ ਤਰੱਕੀਆਂ ਵੀ ਨਹੀਂ ਹੋਣਗੀਆਂ। ਇਸ ਦੇ ਨਾਲ ਅਪਰੈਂਟਿਸ ਪਾਸ ਕਰਕੇ ਨੌਕਰੀ ਪਾਉਣ ਲਈ ਸੰਘਰਸ਼ ਕਰ ਰਹੇ 4000 ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਨੌਕਰੀਆਂ ਨਹੀਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਹ ਅੱਠ ਪ੍ਰੋਡਕਸ਼ਨ ਯੂਨਿਟ ਰੇਲਵੇ ਨੂੰ ਆਤਮ ਨਿਰਭਰ ਬਣਾਉਣ ਲਈ ਹਨ ਪਰ ਸਰਕਾਰ ਇਸ ਤਰ੍ਹਾਂ ਕਰਕੇ ਰੇਲਵੇ ਨੂੰ ਘਾਟੇ ਵਿਚ ਪਹੁੰਚਾ ਕੇ ਨਿੱਜੀ ਲੋਕਾਂ ਨੂੰ ਲਾਭ ਦੇਣਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਸਾਡੀਆਂ ਜਥੇਬੰਦੀਆਂ, ਐਸੋਸੀਏਸ਼ਨਾਂ ਤੇ ਕਰਮਚਾਰੀਆਂ ਦੇ ਪਰਿਵਾਰ ਇਸ ਫ਼ੈਸਲੇ ਵਿਰੁੱਧ ਵੱਡਾ ਸੰਘਰਸ਼ ਛੇੜਨ ਲਈ ਤਿਆਰ ਬੈਠੇ ਹਨ, ਜਲਦੀ ਹੀ ਸੰਘਰਸ਼ ਦੀ ਰੂਪ ਰੇਖਾ ਐਲਾਨ ਦਿੱਤੀ ਜਾਵੇਗੀ।
ਡੀਐਮਡਬਲਿਊ ਫ਼ੋਟੋ : ਉਤਪਾਦਨ ਇਕਾਈ ਡੀਐਮਡਬਲਿਊ ਪਟਿਆਲਾ ਦੇ ਬਾਹਰੀ ਗੇਟ ਦਾ ਦ੍ਰਿਸ਼। ਫ਼ੋਟੋ ਅਕੀਦਾ

ਐਨਜੀਟੀ ਦੀਆਂ ਹਦਾਇਤਾਂ ਨਜ਼ਰ ਅੰਦਾਜ਼ ਕਰਕੇ ਮੋਤੀ ਬੀੜ ਵਿਚ ਪੁੱਟੇ ਜਾ ਰਹੇ ਹਨ ਰੁੱਖ

ਭੁੱਖੇ ਮਰ ਰਹੇ ਜੰਗਲੀ ਜੀਵਾਂ ਦੀ ਜ਼ਿੰਦਗੀ ਬਚਾਉਣ ਲਈ ਬੀਜਿਆ ਜਾਵੇਗਾ ਗਿੰਨੀ ਘਾਹ : ਅਧਿਕਾਰੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਫਰਵਰੀ
ਇੱਥੇ 1300 ਦੇ ਕਰੀਬ ਏਕੜ ਵਿਚ ਫੈਲੇ ਮੋਤੀ ਬੀੜ ਵਿਚ ਮਸਕਟ (ਪਹਾੜੀ ਕਿੱਕਰਾਂ) ਦੇ ਰੁੱਖ ਪੁੱਟ ਕੇ ਪਸ਼ੂਆਂ ਅਤੇ ਜਾਨਵਰਾਂ ਲਈ ਚਾਰਾ ਪੈਦਾ ਕਰਨ ਵਾਸਤੇ ਵਿਸ਼ੇਸ਼ ਫਾਰਮ ਤਿਆਰ ਕੀਤੇ ਜਾ ਰਹੇ ਹਨ, ਇਸ ਸਬੰਧੀ ਜੰਗਲਾਤ ਵਿਭਾਗ 'ਤੇ ਦੋਸ਼ ਲੱਗੇ ਹਨ ਕਿ ਵਿਭਾਗ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀਆਂ ਹਦਾਇਤਾਂ ਨੂੰ ਭੰਗ ਕਰਕੇ ਇੱਥੇ ਖੜੇ ਰੁੱਖਾਂ ਨੂੰ ਪੁੱਟ ਕੇ ਫਾਰਮ ਤਿਆਰ ਕਰ ਰਿਹਾ ਹੈ ਜੋ ਗੈਰ ਵਿਧਾਨਿਕ ਹੈ, ਪਰ ਇਸ ਸਬੰਧੀ ਜੰਗਲਾਤ ਅਧਿਕਾਰੀਆਂ ਦਾ ਆਪਣਾ ਤਰਕ ਹੈ ਕਿ ਉਨ੍ਹਾਂ ਨੇ ਪਹਾੜੀ ਕਿੱਕਰਾਂ ਦੇ ਕੁੱਝ ਝਾੜੀਆਂ ਵਰਗੇ ਛੋਟੇ ਰੁੱਖ ਹੀ ਪੁੱਟੇ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡਕਾਲਾ ਰੋਡ 'ਤੇ ਪੈਂਦੇ ਮੋਤੀ ਬੀੜ ਵਿਚ ਡੀਅਰ ਪਾਰਕ ਦੇ ਨਾਲ ਨਾਲ ਬੀੜ ਵਿਚ ਜਾਂਦੇ ਰਸਤੇ ਤੋਂ ਅੱਗੇ ਜਾ ਕੇ ਜੰਗਲਾਤ ਵਿਭਾਗ ਵੱਲੋਂ ਇਕ ਦਸ ਏਕੜ ਦਾ ਫਾਰਮ ਤਿਆਰ ਕੀਤਾ ਜਾ ਰਿਹਾ ਹੈ, ਸੂਤਰਾਂ ਨੇ ਦਸਿਆ ਕਿ ਇੱਥੇ ਪਹਿਲਾਂ ਵੀ ਬਾਜਰਾ ਆਦਿ ਚਾਰਾ ਬੀਜਿਆ ਗਿਆ ਸੀ, ਪਰ ਹੁਣ ਇੱਥੇ ਪਹਿਲਾਂ ਬਾਜਰਾ ਤੇ ਬਾਅਦ ਵਿਚ ਗਿੰਨੀ ਘਾਹ ਲਾਉਣ ਦੀ ਤਜਵੀਜ਼ ਹੈ, ਤਾਂ ਕਿ ਬੀੜ ਵਿਚ ਫਿਰਦੇ ਪਸ਼ੂਆਂ ਤੇ ਜਾਨਵਰਾਂ ਲਈ ਚਾਰਾ ਪੈਦਾ ਹੋ ਸਕੇ। ਅਧਿਕਾਰਤ ਸੂਤਰਾਂ ਅਨੁਸਾਰ ਇਸ ਜੰਗਲ ਵਿਚ 700 ਤੋਂ ਵੱਧ ਰੋਜ਼ ( ਨੀਲ ਗਊਆਂ), ਜੰਗਲੀ ਸੂਰ, 500 ਤੋਂ ਵੱਧ ਅਵਾਰਾ ਗਊਆਂ, ਗਿੱਦੜ, ਪਾੜੇ, ਖ਼ਰਗੋਸ਼, ਆਦਿ ਹੋਰ ਕਈ ਕਿਸਮਾਂ ਦੇ ਜਾਨਵਰ ਖੁਲੇ ਘੁੰਮਦੇ ਹਨ। ਇਸ ਸਬੰਧੀ ਡੀਐਫਓ ਜੰਗਲੀ ਜੀਵ ਸ੍ਰੀ ਅਰੁਣ ਕੁਮਾਰ ਨੇ ਕਿਹਾ ਕਿ ਮੋਤੀ ਬੀੜ ਵਿੱਚ ਜੰਗਲੀ ਜੀਵ ਬਹੁਤ ਸਾਰੇ ਹਨ, ਜਿਨ੍ਹਾਂ ਲਈ ਚਾਰਾ ਤਿਆਰ ਨਹੀਂ ਹੁੰਦਾ, ਪਹਾੜੀ ਕਿੱਕਰਾਂ ਦੇ ਪੱਤਿਆਂ ਵਿਚ ਕੈਮੀਕਲ ਹੋਣ ਕਰਕੇ ਉਹ ਆਪਣੇ ਹੇਠਾਂ ਕੋਈ ਹੋਰ ਚਾਰਾ ਨੁਮਾ ਪੌਦਾ ਨਹੀਂ ਉੱਗਣ ਦਿੰਦਾ, ਜਿਸ ਕਰਕੇ ਇੱਥੇ ਜਾਨਵਰਾਂ ਲਈ ਚਾਰੇ ਦੀ ਸਮੱਸਿਆ ਬਣੀ ਹੋਈ ਹੈ, ਉਨ੍ਹਾਂ ਕਿਹਾ ਕਿ ਅਸੀਂ ਕੋਈ ਕਿੱਕਰ ਨਹੀਂ ਪੁੱਟੀ ਸਗੋਂ ਅਸੀਂ ਤਾਂ ਪਹਾੜੀ ਕਿੱਕਰਾਂ ਦੀਆਂ ਝਾੜੀਆਂ ਹੀ ਸਾਫ਼ ਕਰਕੇ ਫਾਰਮ ਬਣਾ ਰਹੇ ਹਾਂ, ਜਿੱਥੇ ਗਿੰਨੀ ਘਾਹ ਬੀਜਿਆ ਜਾਵੇਗਾ ਤਾਂ ਕਿ ਜਾਨਵਰਾਂ ਦਾ ਚਾਰਾ ਤਿਆਰ ਹੋ ਸਕੇ, ਐਨਜੀਟੀ ਵੱਲੋਂ ਰੁੱਖ ਕੱਟਣ ਦੀ ਕੀਤੀ ਮਨਾਹੀ ਬਾਰੇ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਅਸੀਂ ਕੋਈ ਰੁੱਖ ਨਹੀਂ ਕੱਟ ਸਕਦੇ ਨਾ ਹੀ ਅਸੀਂ ਰੁੱਖ ਪੁੱਟ ਰਹੇ ਹਾਂ, ਇਹ ਤਾਂ ਮਸਕਟ ਦੀਆਂ ਝਾੜੀਆਂ ਸਾਫ਼ ਕਰਕੇ ਹੀ ਫਾਰਮ ਬਣਾਇਆ ਗਿਆ ਹੈ ਤਾਂ ਕਿ ਜਾਨਵਰਾਂ ਲਈ ਚਾਰਾ ਤਿਆਰ ਹੋ ਸਕੇ। ਦੂਜੇ ਪਾਸੇ ਮੌਕੇ ਤੇ ਦੇਖਿਆ ਗਿਆ ਕਿ ਜੇਸੀਬੀ ਲਗਾ ਕੇ ਪਹਾੜੀ ਕਿੱਕਰਾਂ ਦੇ
ਰੁੱਖ ਪੁੱਟ ਕੇ ਜੰਗਲ ਵਿਚ ਮੈਦਾਨ ਤਿਆਰ ਕੀਤਾ ਜਾ ਰਿਹਾ ਸੀ।

ਡੀਐਫਓ ਫ਼ੋਟੋ : ਮੋਤੀ ਬੀੜ ਵਿਚਕਾਰ ਫਾਰਮ ਤਿਆਰ ਕਰਨ ਲਈ ਰੁੱਖ ਪੁੱਟੇ ਜਾਣ ਦੀ ਝਲਕ। ਫ਼ੋਟੋ ਅਕੀਦਾ

Wednesday, February 21, 2018

ਪ੍ਰਵਾਸੀ ਪੰਜਾਬੀ ਵੱਲੋਂ ਲਿਖਤ 'ਪੰਜਾਬ ਦੇ ਪੰਛੀ' ਕਿਤਾਬ ਹੋਈ ਲੋਕ ਅਰਪਣ

ਚਿੱਟੀਆਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦੇ ਬਾਜ਼ ਦਾ ਅਸਲ ਬਿਆਨਦੀ ਹੈ ਇਹ ਕਿਤਾਬ
ਗੁਰਨਾਮ ਸਿੰਘ ਅਕੀਦਾ
ਇੱਥੇ ਪੰਜਾਬੀ ਯੂਨੀਵਰਸਿਟੀ ਵਿਚ ਪਰਵਾਸੀ ਪੰਜਾਬੀ ਪੱਤਰਕਾਰ ਸ਼ਮੀਲ ਦੀ ਸੰਪਾਦਿਤ ਅਤੇ ਮੂਲ ਲੇਖਕ ਰਾਜਪਾਲ ਸਿੰਘ ਸਿੱਧੂ ਦੀ ਲਿਖੀ ਕਿਤਾਬ 'ਪੰਜਾਬ ਦੇ ਪੰਛੀ' ਦਾ ਲੋਕ ਅਰਪਣ ਅਤੇ ਗੋਸ਼ਟੀ ਕੀਤੀ ਗਈ। ਇਸ ਕਿਤਾਬ ਬਾਰੇ ਹੈਰਾਨੀਜਨਕ ਜਾਣਕਾਰੀ ਇਹ ਹੈ ਕਿ ਇਸ ਕਿਤਾਬ ਦੇ ਮੂਲ ਲੇਖਕ ਰਾਜਪਾਲ ਸਿੰਘ ਸਿੱਧੂ ਦੇ 2015 ਵਿਚ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਕਿਤਾਬ ਹੁਣ ਪ੍ਰਕਾਸ਼ਿਤ ਹੋਈ ਹੈ, ਵਿਦਵਾਨਾਂ ਅਨੁਸਾਰ ਇਹ ਕਿਤਾਬ ਲੇਖਕ ਸਿੱਧੂ ਦੀ ਸਾਰੀ ਉਮਰ ਦੀ ਘਾਲਣਾ ਹੈ, ਜਿਨ੍ਹਾਂ ਨੇ ਪੰਛੀਆਂ ਦੇ ਮਗਰ ਮਗਰ ਫਿਰ ਕੇ ਪੰਛੀਆਂ ਬਾਰੇ ਸਾਨੂੰ ਅਹਿਮ ਜਾਣਕਾਰੀ ਪ੍ਰਦਾਨ ਕੀਤੀ  ਹੈ, ਪੰਜਾਬ ਦੇ ਪੰਛੀਆਂ ਬਾਬਤ ਅਜਿਹੀ ਪਹਿਲੀ ਕਿਤਾਬ ਹੈ, ਜੋ ਪੰਛੀਆਂ ਬਾਰੇ ਸਾਰੀ ਜਾਣਕਾਰੀ ਤੇ ਉਸ ਦੇ ਅਸਲ ਨਾਮ, ਸੁਭਾਅ ਤੇ ਰੰਗ ਰੂਪ ਵੀ ਬਿਆਨ ਕਰਦੀ ਹੈ ਤੇ ਲੇਖਕ ਨੇ ਪੰਛੀਆਂ ਦੇ ਚਿੱਤਰ ਵੀ ਬਣਾ ਕੇ ਦਿਖਾਇਆ ਹੈ ਕਿ ਕਿਹੜਾ ਪੰਛੀ ਕਿਹੋ ਜਿਹਾ ਲੱਗਦਾ ਹੈ।
    ਇਸ ਕਿਤਾਬ ਦੇ ਸੰਪਾਦਕ ਕੈਨੇਡਾ ਵਾਸੀ ਸ੍ਰੀ ਸ਼ਮੀਲ ਦਾ ਕਹਿਣਾ ਹੈ ਕਿ ਇਸ ਕਿਤਾਬ ਵਿਚ 'ਚਿੱਟਿਆਂ ਬਾਜਾਂ ਵਾਲੇ' ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਿੱਟੇ ਬਾਜ ਬਾਰੇ ਸਪਸ਼ਟ ਤੌਰ ਤੇ ਦਸਿਆ ਹੈ। ਲੇਖਕ ਨੇ ਚਿੱਟੇ ਬਾਜ ਬਾਰੇ ਅਧਿਐਨ ਕੀਤਾ ਤੇ ਉਸ ਕੋਲ ਪੰਜਾਬ ਭਾਰਤ ਵਿਚ ਕੋਈ ਚਿੱਟੇ ਬਾਜ ਦੀ ਹੋਂਦ ਦਾ ਪਤਾ ਨਹੀਂ ਲੱਗਾ, ਇਹ ਚਿੱਟਾ ਬਾਜ ਸੈਂਟਰਲ ਏਸ਼ੀਆ ਵਿਚ ਮਿਲਦਾ ਹੈ, ਜੋ ਗੁਰੂ ਸਾਹਿਬ ਨੂੰ ਕਿਸੇ ਸ਼ਰਧਾਲੂ ਨੇ ਤੋਹਫ਼ੇ ਵਜੋਂ ਦਿੱਤਾ ਸੀ। ਇਸ ਬਾਜ਼ ਦੀ ਇਸ ਕਿਤਾਬ ਵਿਚ ਫ਼ੋਟੋ ਵੀ ਲਗਾਈ ਹੈ, ਸੰਪਾਦਕ ਨੇ ਦਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਤਾਂ ਪਰਿਵਾਰ ਨਾਲ ਰਾਬਤਾ ਕਾਇਮ ਹੋਇਆ, ਲੇਖਕ ਦੇ ਪਰਿਵਾਰ ਵਿਚੋਂ ਅੱਜ ਕੱਲ੍ਹ ਉਨ੍ਹਾਂ ਦਾ ਬੇਟਾ ਰਾਜ ਕੰਵਲ ਸਿੰਘ ਸਿੱਧੂ, ਪਤਨੀ ਰਾਜਿੰਦਰਪਾਲ ਕੋਰ ਸਿੱਧੂ, ਪੋਤਰੇ ਹਰਸ਼ੇਰ ਤੇ ਦਿਲਸ਼ੇਰ ਹਨ, ਸ਼ਮੀਲ ਨੇ ਕਿਹਾ ਕਿ ਇਸ ਕਿਤਾਬ ਦਾ ਖਰੜਾ ਹਾਸਲ ਕਰਨ ਤੋਂ ਬਾਅਦ ਉਸ ਨੇ ਖ਼ੁਦ ਵੀ ਪੰਛੀਆਂ ਬਾਰੇ ਅਧਿਐਨ ਕੀਤਾ ਜਿਸ ਤੋਂ ਪਾਇਆ ਕਿ ਇਹ ਕਿਤਾਬ ਸੱਚੀਂ ਮੁੱਚੀਂ ਸਾਂਭਣ ਯੋਗ ਹੈ, ਜਿਸ ਦੇ ਛਪਣ ਨਾਲ ਪੰਛੀਆਂ ਬਾਰੇ ਹੋਰ ਕਈ ਰਸਤੇ ਖੁੱਲ੍ਹਣਗੇ ਜੋ ਪੰਛੀਆਂ ਬਾਰੇ ਗਲਤ ਰਾਵਾਂ ਪ੍ਰਚਲਿਤ ਹਨ ਉਹ ਵੀ ਦੂਰ ਹੋਣਗੀਆਂ, ਇਸ ਕਿਤਾਬ ਵਿਚ 275 ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਬੋਲਦਿਆਂ ਲੁਧਿਆਣਾ ਸਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੰਛੀਆਂ ਬਾਰੇ ਇਸ ਵਿੱਚ ਜੋ ਜਾਣਕਾਰੀ ਹੈ ਉਹ ਆਹਲਾ ਦਰਜੇ ਦੀ ਹੈ, ਜਿਸ ਦਾ ਹੋਣਾ ਪੰਜਾਬ ਲਈ ਲਾਜ਼ਮੀ ਸੀ। ਇਸ ਸਬੰਧੀ ਬੋਲਦਿਆਂ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਕਈ ਲੋਕ ਕਹਿੰਦੇ ਹਨ ਕਿ ਪੰਜਾਬੀ ਪੰਛੀਆਂ ਤੇ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ, ਇਕ ਪਾਸੇ ਜਾਣਕਾਰਾਂ ਦਾ ਸ਼ਿਕਾਰ ਕਰਨਾ ਤੇ ਦੂਜੇ ਪਾਸੇ ਉਨ੍ਹਾਂ ਨੂੰ ਪਿਆਰ ਕਰਨਾ ਇਸ ਕਿਤਾਬ ਵਿਚੋਂ ਸਪਸ਼ਟ ਝਲਕਦਾ ਹੈ, ਬੇਸ਼ੱਕ ਰਾਜਪਾਲ ਦੇ ਮਾਪੇ ਸ਼ਿਕਾਰੀ ਸਨ ਪਰ ਉਸ ਵਿਚ ਆਈ ਸੰਵੇਦਨਸ਼ੀਲਤਾ ਨੇ ਪੰਛੀਆਂ ਦਾ ਹਰ ਰੰਗ ਸਾਡੇ ਸਨਮੁੱਖ ਪੇਸ਼ ਕਰਕੇ ਪੰਜਾਬੀਆਂ ਨੂੰ ਕੋਮਲ ਬੁੱਧੀ ਦੇ ਮਾਲਕ ਹੋਣ ਦਾ ਮਾਣ ਵੀ ਦਿੱਤਾ ਹੈ। ਇਸ ਵੇਲੇ ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸਤੀਸ਼ ਵਰਮਾ, ਨਾਵਲਕਾਰ ਜਸਬੀਰ ਮੰਡ, ਚਰਨ ਗਿੱਲ, ਡਾ. ਸਰਬਜਿੰਦਰ ਸਿੰਘ ਤੇ ਹੋਰ ਕਈ ਵਿਦਵਾਨ ਵੀ ਮੌਜੂਦ ਸਨ।
ਸ਼ਮੀਲ ਫ਼ੋਟੋ : ਪੰਛੀਆਂ ਬਾਬਤ ਕਿਤਾਬ ਰਿਲੀਜ਼ ਕੀਤੇ ਜਾਣ ਦੀ ਝਲਕ। ਫ਼ੋਟੋ ਅਕੀਦਾ

ਪੁਸਤਕ ਮੇਲੇ ਵਿਚ ਮਿਲ ਰਿਹਾ ਹੈ ਅੰਗਰੇਜ਼ੀ ਪੁਸਤਕਾਂ ਦਾ ਦੁਰਲਭ ਭੰਡਾਰ

ਪੰਜਾਬੀ 'ਵਰਸਿਟੀ ਦੇ ਮੇਲੇ ਵਿਚ ਅੰਗਰੇਜ਼ੀ ਪੁਸਤਕਾਂ ਦੀ ਹੋ ਰਹੀ ਹੈ ਕਾਫੀ ਖ਼ਰੀਦੋ ਫ਼ਰੋਖ਼ਤ
ਗਰਿਫਨ ਐੱਚ ਲੇਪਲ ਦੀ 'ਰਾਜਾਸ ਆਫ਼ ਪੰਜਾਬ' ਪੁਸਤਕ ਸੈੱਟ ਦੇ ਵੀ ਇੱਥੇ ਹੋਏ ਦਰਸ਼
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੱਗੇ ਪੁਸਤਕ ਮੇਲੇ 2018 ਵਿਚ ਅੰਗਰੇਜ਼ੀ ਪੁਸਤਕਾਂ ਦਾ ਦੁਰਲਭ ਤੇ 'ਆਊਟ ਆਫ਼ ਸਟਾਕ' ਕਿਹਾ ਜਾਣ ਵਾਲਾ ਸਾਹਿਤ ਉਪਲਭਦ ਹੈ ਜਿਸ ਨੂੰ ਪਾਠਕ ਕਈ ਥਾਵਾਂ ਤੋਂ ਭਾਲਦਾ ਹੋਇਆ ਥੱਕ ਚੁੱਕਿਆ ਹੁੰਦਾ ਹੈ, ਪਰ ਇੱਥੇ ਕਈ ਪਬਲਿਸ਼ਰਾਂ ਕੋਲ ਉਹ ਦੁਰਲਭ ਸਾਹਿਤ ਪੁਰਾਤਨ ਜਿਲਦਾਂ ਵਿਚ ਮਿਲ ਰਿਹਾ ਹੈ ਤੇ ਪਾਠਕਾਂ ਦੀ ਪਸੰਦ ਬਣਿਆ ਹੋਇਆ ਹੈ। ਅੰਗਰੇਜ਼ੀ ਪਬਲਿਸ਼ਰਾਂ ਦਾ ਕਹਿਣਾ ਹੈ ਕਿ ਇਸ ਮੇਲੇ ਵਿੱਚ ਅੰਗਰੇਜ਼ੀ ਪੁਸਤਕਾਂ ਦੀ ਵੀ ਕਾਫੀ ਖ਼ਰੀਦੋ ਫ਼ਰੋਖ਼ਤ ਹੋ ਰਹੀ ਹੈ।
    ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਥੇ ਸਲਮਾਨ ਰਸਦੀ ਦੀ ਬਹੁਤ ਚਰਚਿਤ ਨਾਵਲ 'ਮਿਡਨਾਈਟ ਚਿਲਡਰਨ' ਤੇ 'ਦਾ ਐਨਚੈਟਰਨ ਆਫ਼ ਫਿਲੋਰੈਂਸ' ਜੋ ਕ੍ਰਮਵਾਰ 300 ਤੇ 500 ਰੁਪਏ ਵਿਚ ਮਿਲ ਰਹੀਆਂ ਹਨ, ਇਸੇ ਤਰ੍ਹਾਂ ਫੈਡਰਰ ਦੋਸਤੋਵਸਕੀ ਦੀ ਕਿਤਾਬ 'ਦਾ ਈਡੀਅਟ' ਇੱਥੇ ਪੁਰਾਣੀ ਜਿਲਦ ਵਿਚ ਮਿਲ ਰਹੀ ਹੈ। ਸਿਗਮਡ ਫਰਾਇਡ ਦੀ 'ੲ ਸ਼ਾਰਟ ਬਾਇਓ ਗ੍ਰਾਫੀ, ਜਿਓਵਨੀ ਕਾਸਟੀਜਨ', ਲੇਡੀ ਲਾਗੇਨ ਦੀ 'ਸਰਜੌਨ ਲਾਜਨ ਐਂਡ ਦਲੀਪ ਸਿੰਘ, ਆਰ ਐੱਚ ਲੈਥਮ ਤੇ ਡਬਲਿਊ ਮੈਥਿਊਸ ਦੀ ਸੰਪਾਦਿਤ 'ਦਾ ਡਾਇਰੀ ਆਫ਼ ਸੈਮੁਅਲ ਪੇਪੇਸ', ਭਾਈ ਨਾਹਰ ਸਿੰਘ ਤੇ ਭਾਈ ਕਿਰਪਾਲ ਸਿੰਘ ਦੀ ਸੰਪਾਦਤ 'ਰੀਬੇਨ ਅਗੈਂਸਟ ਦਾ ਬ੍ਰਿਟਿਸ ਰੂਲ', ਗਿਰਿਫਨ ਐੱਚ ਲੇਪਲ ਦੀ 'ਰਾਜਾਸ ਆਫ਼ ਪੰਜਾਬ', ਇਸੇ ਤਰ੍ਹਾਂ ਰਾਜਸਥਾਨ ਬਾਰੇ ਅੰਗਰੇਜ਼ੀ ਪੁਸਤਕ 'ਬੀਕਾਨੇਰ', ਦਾ ਅਕਬਰ ਨਾਮਾ, ਅਬੁਲ ਐਲ ਫੈਜਲ, ਅਨੁਵਾਦਿਤ ਐਚ ਬੈਵਰੈਜ਼, ਗੁਰਚਰਨ ਸਿੰਘ ਸੰਧੂ ਦੀ 'ਦਾ ਇੰਡੀਅਨ ਆਰਮੀ', ਬਰੂਸ ਪਾਲਿੰਗ ਦੀ 'ਆ ਲਿਟਰੇਰੀ ਕੰਪੇਨੀਅਨ ਇੰਡੀਆ', ਸੁਮਿਤ ਗਾਂਗੁਲੀ ਦੀ 'ਇੰਡੀਅਨ ਫਾਰੇਨ ਪਾਲਿਸੀ', ਗਣੇਸ ਕੁਦੀਆਸਾ ਦੀ 'ਇੰਡੀਅ ਇਨ ਦਾ 1950ਸ', ਡਬਲਿਊ ਐੱਚ ਮੈਕਲਾਓਡ ਦੀ 'ਸਿੱਖਸ ਆਫ਼ ਦਾ ਖਾਲਸਾ-ਹਿਸਟਰੀ ਆਫ਼ ਦਾ ਖਾਲਸਾ ਰਾਹਿਤ', ਟੇਲਰ ਵਿਲੀਅਨਜ਼ ਤੇ ਅੰਸ਼ੂ ਮਲਹੋਤਰਾ, ਜੌਨ ਸਟੈਟਰਨ ਹਾਓਲੇ ਦੀ ਸੰਪਾਦਨ ਪੁਸਤਕ 'ਟੈਕਸਟ ਐਂਡ ਟਰੀਡੀਸ਼ਨ ਇਨ ਅਰਲੀ ਮਾਡਲ ਨਾਰਥ ਇੰਡੀਆ', ਸੀ ਰਾਜਕੁਮਾਰ ਦੀ ਸੰਪਾਦਤ 'ਦਾ ਫਿਊਚਰ ਆਫ਼ ਇੰਡੀਅਨ ਯੂਨੀਵਰਸਿਟੀ, ਕੰਪੇਰੇਟਿਵ ਐਂਡ ਇੰਟਰਨੈਸ਼ਨਲ ਪ੍ਰੈਸਪੈਕਟਿਵਜ਼', ਸਟੀਵਰਡ ਗੌਡਰਨ ਦੀ 'ਦੇਆਰ ਐਂਡ ਬੈਕ-ਟਵੈਲਵਜ਼ ਆਫ਼ ਦਾ ਗਰੇਟ ਰੂਟਜ਼ ਆਫ਼ ਹਿਉਮਨ ਹਿਸਟਰੀ', ਮੀਨਾ ਅਰੋੜਾ ਨਾਇਕ ਦੀ 'ਈਵਲ ਇਨ ਦਾ ਮਹਾਂਭਾਰਤ', ਜੈਨੀਫਰ ਐਮ ਗਿਡਲੇ ਦੀ 'ਦਾ ਫਿਊਚਰ-ਆ ਫੈਰੀ ਸ਼ਾਰਟ ਇੰਟਰੋਡਕਸ਼ਨ' ਆਦਿ ਕਿਤਾਬਾਂ ਪੁਰਾਤਨ ਜਿੱਲਦਾਂ ਵਿਚ ਮਿਲ ਰਹੀਆਂ ਹਨ, ਰਮੇਸ਼ ਬੁੱਕ ਸਰਵਿਸ ਦੇ ਮਾਲਕ ਰਮੇਸ਼ ਚੰਦਰ ਨੇ ਦਸਿਆ ਕਿ ਸਾਡੇ ਕੋਲ ਪੁਰਾਤਨ ਅੰਗਰੇਜ਼ੀ ਸਾਹਿਤ ਤੇ ਪੁਰਾਤਨ ਪੰਜਾਬੀ ਸਾਹਿਤ ਪਿਆ ਹੈ, ਉਂਜ ਤਾਂ ਕੋਈ ਖ੍ਰੀਦਦਾਰ ਮਿਲਦਾ ਨਹੀਂ ਹੈ ਪਰ ਅਜਿਹੇ ਮੇਲਿਆਂ ਤੇ ਇਹ ਸਾਹਿਤ ਵਿਕ ਜਾਂਦਾ ਹੈ।
    ਇੱਥੇ ਹੀ ਆਕਸਫੋਰਡ ਦੇ ਲੱਗੇ ਬੁੱਕ ਸਟਾਲ ਤੋਂ ਵੀ ਅੰਗਰੇਜ਼ੀ ਦੀਆਂ ਕਈ ਪੰਜਾਬ ਨਾਲ ਸਬੰਧਤ ਅਹਿਮ ਕਿਤਾਬਾਂ ਮਿਲ ਰਹੀਆਂ ਹਨ ਜਿਵੇਂ ਅੰਸੂ ਮਲੋਹਤਰਾ ਅਤੇ ਫਰੀਨਾ ਮੀਰ ਦੀ 'ਪੰਜਾਬ ਰੀਕੰਸੀਡਰਡ-ਹਿਸਟਰੀ ਕਲਚਰ ਐਂਡ ਪ੍ਰੇਕਟਿਸ', ਰਜਤ ਅਚਾਰਿਆ ਦੀ 'ਇੰਡੀਅਨ ਆਰਟ', ਜੇ ਐਸ ਅਗਰਵਾਲ ਤੇ ਇੰਦੂ ਬਾਂਗਾ ਦੀ 'ਆ ਪਲਿਟੀਕਲ ਬਾਇਓਗ੍ਰਾਫੀ ਆਫ਼ ਮਹਾਰਾਜਾ ਰਿਪੁਦਮਨ ਸਿੰਘ ਆਫ਼  ਨਾਭਾ 1883-1942', ਜੇ ਐਸ ਅਗਰਵਾਲ ਦੀ 'ਮਾਸਟਰ ਤਾਰਾ ਸਿੰਘ ਇਨ ਦਾ ਇੰਡੀਅਨ ਹਿਸਟਰੀ-ਕਲੋਨੀਅਇਜ਼ਮ, ਨੈਸ਼ਨਲਿਜ਼ਮ ਐਂਡ ਦਾ ਪਾਲਟਿਕਸ ਆਫ਼ ਦਾ ਸਿੱਖ ਅਡੈਂਟਿਟੀ' ਅਤੇ ਹੋਰ ਉਨ੍ਹਾ ਦੀ ਭਵਿੱਖ ਨੂੰ ਲੈਕੇ ਚਲ ਰਹੀ ਸੀਰੀਜ਼ ਦੀਆਂ 550 ਦੇ ਕਰੀਬ ਕਿਤਾਬਾਂ ਦੀਆਂ ਜਿਲਦਾਂ ਮੌਜੂਦ ਹਨ। ਆਕਸਫੋਰ ਦੇ ਸੇਲਰ ਕਮਲਜੀਤ ਸਿੰਘ ਨੇ ਕਿਹਾ ਕਿ ਇੱਥੇ ਕਿਤਾਬਾਂ ਲੈਣ ਲਈ ਜੋ ਵੀ ਆਉਂਦੇ ਹਨ ਉਹ ਪਹਿਲਾਂ ਕੀਮਤ ਪੁੱਛਦੇ ਹਨ ਬਾਅਦ ਵਿਚ ਕਿਤਾਬ ਨੂੰ ਪਸੰਦ ਕਰਦੇ ਹਨ, ਇੱਧਰ ਅੰਗਰੇਜ਼ੀ ਪੁਸਤਕਾਂ ਪੜ੍ਹਨ ਦਾ ਰੁਝਾਨ ਪਹਿਲਾਂ ਕਾਫੀ ਘੱਟ ਸੀ ਪਰ ਇਸ ਵਾਰ ਵੱਧਿਆ ਹੋਇਆ ਹੈ, ਤਾਂ ਹੀ ਪਾਠਕ ਸਾਡੀ ਸਟਾਲ ਤੇ ਵੀ ਆ ਰਿਹਾ ਹੈ।
ਬੁੱਕ ਮੇਲਾ ਫੋਟੋ : ਪੁਰਾਤਨ ਦੁਰਲਭ ਅੰਗਰੇਜ਼ੀ ਸਾਹਿਤ ਦੀ ਖ੍ਰੀਦ ਕਰਦੇ ਸਾਹਿਤ ਪ੍ਰੇਮੀ। ਫੋਟੋ ਅਕੀਦਾ

ਪੰਜਾਬ ਵਿਚ ਨੌਜਵਾਨਾਂ ਤੇ ਲੱਗਦੇ ਨਸ਼ਿਆਂ ਦੇ ਦਾਗ ਵੀ ਧੋ ਰਿਹਾ ਹੈ ਪੁਸਤਕ ਮੇਲਾ

ਨੌਜਵਾਨ ਖ਼ਰੀਦ ਰਹੇ ਹਨ ਨਾਵਲ, ਕਹਾਣੀਆਂ, ਮੁਕਾਬਲਿਆਂ ਦੀਆਂ ਪੁਸਤਕਾਂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਫਰਵਰੀ
ਪੰਜਾਬੀ ਯੂਨੀਵਰਸਿਟੀ ਵਿਚ ਲੱਗਾ ਪੁਸਤਕ ਮੇਲਾ ਪੰਜਾਬ ਦੇ ਨੌਜਵਾਨਾਂ ਤੇ ਲੱਗੇ ਨਸ਼ਿਆਂ ਦੇ ਦਾਗ ਵੀ ਧੋ ਰਿਹਾ ਹੈ। ਇਹ ਮੇਲਾ ਸਿਰਫ਼ ਕਿਤਾਬਾਂ ਵੇਚਣ ਦਾ ਮਾਮਲਾ ਤਹਿ ਨਹੀਂ ਕਰ ਰਿਹਾ ਸਗੋਂ ਇਹ ਮੇਲਾ ਸਪਸ਼ਟ ਕਰ ਰਿਹਾ ਹੈ ਕਿ ਨੌਜਵਾਨ ਨਸ਼ਿਆਂ ਦੇ ਆਦੀ ਨਹੀਂ ਹਨ ਸਗੋਂ ਪੁਸਤਕਾਂ ਪੜ੍ਹਨ ਦੇ ਵੀ ਆਦੀ ਹਨ। ਇੱਥੇ ਮੇਲੇ ਵਿਚ ਪੁਸਤਕਾਂ ਖ਼ਰੀਦਣ ਲਈ ਨੌਜਵਾਨਾਂ ਨੇ ਕਾਫੀ ਜੋਰ ਲਗਾ ਰੱਖਿਆ ਹੈ।
    ਪਬਲਿਸ਼ਰ ਅਸ਼ੋਕ ਅਨੁਸਾਰ ਇੱਥੇ ਨੌਜਵਾਨਾਂ ਵੱਲੋਂ ਕਾਫੀ ਕਿਤਾਬਾਂ ਖ਼ਰੀਦੀਆਂ ਜਾ ਰਹੀਆਂ ਹਨ, ਇਹ ਕਿਤਾਬਾਂ ਫਿਕਸ਼ਨ, ਜਨਰਲ, ਬੰਦੂਕਾਂ ਦੀ ਨਹੀਂ ਸਗੋਂ ਨੌਕਰੀਆਂ ਲੈਣ ਲਈ ਮੁਕਾਬਲੇ ਲੜਨ ਲਈ ਵੀ ਪੁਸਤਕਾਂ ਖ਼ਰੀਦ ਰਹੇ ਹਨ। ਇੱਥੇ ਅੰਗਰੇਜ਼ੀ ਵਿਚ ਵਿਕ ਰਿਹਾ ਸਾਹਿਤ ਇਹ ਸਪਸ਼ਟ ਕਰ ਰਿਹਾ ਹੈ ਕਿ ਪੰਜਾਬ ਵਿਚ ਹੁਣ ਪੰਜਾਬੀ ਦੇ ਨਾਲ ਅੰਗਰੇਜ਼ੀ ਵਿੱਚ ਮਿਲਦਾ ਸਾਹਿਤ ਵੀ ਖ਼ਰੀਦਿਆ ਜਾ ਰਿਹਾ ਹੈ। ਬਠਿੰਡਾ ਇਲਾਕੇ ਵਿਚੋਂ ਆਏ ਕੰਵਲਪ੍ਰੀਤ ਨੇ ਦਸਿਆ ਕਿ ਮੈਂ ਅੱਜ ਇਸ ਮੇਲੇ ਵਿਚੋਂ ਜਸਬੀਰ ਮੰਡ ਦਾ ਬੋਲ ਮਰਦਾਨਿਆਂ ਖ਼ਰੀਦਿਆ, ਜਨਰਲ ਨਾਲਿਜ਼ ਦੀਆਂ ਕਿਤਾਬਾਂ ਖ਼ਰੀਦੀਆਂ, ਨਾਨਕ ਸਿੰਘ ਇੱਥੇ ਕਾਫੀ ਪਿਆ ਸੀ ਮੈਂ ਸਾਰਾ ਹੀ ਖ਼ਰੀਦ ਲਿਆ, ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੇ ਜਾ ਰਹੇ 50 ਫ਼ੀਸਦੀ ਰਿਆਇਤ ਦਾ ਉਸ ਨੇ ਕਾਫੀ ਲਾਭ ਉਠਾਇਆ ਤੇ ਯੂਨੀਵਰਸਿਟੀ ਦੀਆਂ ਇਤਿਹਾਸ ਨਾਲ ਸਬੰਧਿਤ ਤੇ ਪੰਜਾਬੀ ਨਾਲ ਸਬੰਧਿਤ ਪੁਸਤਕਾਂ ਖ਼ਰੀਦੀਆਂ। ਇਸੇ ਤਰ੍ਹਾਂ ਐਸ ਐਸ ਚੱਠਾ ਨੇ ਦਸਿਆ ਕਿ ਉਸ ਨਾਲ ਆਏ ਨੌਜਵਾਨ ਮੁੰਡੇ ਕੁੜੀਆਂ ਨੇ ਕਾਫੀ ਸਾਹਿਤ ਖ਼ਰੀਦਿਆ ਹੈ। ਇਸ ਵੇਲੇ ਉਨ੍ਹਾਂ ਦਸਿਆ ਕਿ ਅਸੀਂ ਜੋ ਸਾਹਿਤ ਖ਼ਰੀਦ ਰਹੇ ਹਾਂ ਉਹ ਰਾਮ ਪੁਰਾ ਇਲਾਕੇ ਦੇ ਮੁੰਡਿਆਂ ਨੂੰ ਪੜਾਵਾਂਗੇ ਕਿਉਂਕਿ ਸਾਡੇ ਕੋਲ ਲਾਇਬ੍ਰੇਰੀਆਂ ਵਿਚ ਇਹ ਭੰਡਾਰ ਕਾਇਮ ਰਹੇਗਾ।
    ਇੱਥੇ ਨੌਜਵਾਨ ਜਦੋਂ ਪੁਸਤਕਾਂ ਖ਼ਰੀਦ ਰਹੇ ਸਨ ਤਾਂ ਆਮ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਜੋ ਵਿਦਿਆਰਥੀ ਕਾਲਜਾਂ ਵਿਚ ਪੜ੍ਹ ਰਹੇ ਹਨ ਉਹ ਤਾਂ ਪੁਸਤਕਾਂ ਖ਼ਰੀਦਣ ਤਾਂ ਗੱਲ ਕੋਈ ਵੱਖਰੀ ਨਹੀਂ ਹੈ ਪਰ ਜੋ ਨੌਜਵਾਨ ਪੜਾਈ ਪੂਰੀ ਕਰ ਚੁੱਕੇ ਹਨ ਉਹ ਪੁਸਤਕਾਂ ਖ਼ਰੀਦਣ ਤਾਂ ਲੱਗਦਾ ਹੈ ਕਿ ਪੁਸਤਕਾਂ ਦਾ ਪਿਆਰ ਪੰਜਾਬੀ ਨੌਜਵਾਨਾ ਨੂੰ ਕਾਫੀ ਹੈ।
ਬੁੱਕ ਮੇਲਾ ਫ਼ੋਟੋ 1 : ਪੁਸਤਕ ਮੇਲੇ ਵਿਚੋਂ ਪੁਸਤਕਾਂ ਖ਼ਰੀਦ ਕੇ ਲੈ ਜਾਂਦੇ ਨੌਜਵਾਨ। ਫ਼ੋਟੋ ਅਕੀਦਾ