Thursday, April 06, 2017

ਵਿਸਾਖੀ ਨੂੰ ਦਿੱਤੀ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ

ਕਾਂਗਰਸ ਦੇ ਇਜਲਾਸ ਵਿਚ ਸਪੀਕਰ ਦੀ ਹਾਜ਼ਰੀ ਵਿਚ ਪੜਿਆ ਵਿਸਾਖੀ ਨੂੰ ਮਾਨਤਾ ਦੇਣ ਦਾ ਮਤਾ
ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਸਿੱਖ ਕਾਕਸ ਦੇ ਉੱਦਮਾਂ ਸਦਕਾ ਹੋਇਆ ਇਹ ਵੱਡਾ ਕੰਮ
8 ਅਪਰੈਲ ਨੂੰ ਵਿਸਾਖੀ ਨੂੰ 'ਨੈਸ਼ਨਲ ਸਿੱਖ ਡੇਅ' ਨਿਰਧਾਰਿਤ ਕਰਾਉਣ ਲਈ ਹੋਵੇਗੀ ਸਿੱਖ ਡੇ ਪਰੇਡ

ਗਗਨਦੀਪ ਸਿੰਘ
ਵਾਸ਼ਿੰਗਟਨ ਡੀਸੀ 6 ਅਪਰੈਲ
ਵਿਸ਼ਵ ਵਿਚ ਰਹਿੰਦੀ ਸਾਰੀ ਸਿੱਖ ਕੌਮ ਲਈ ਇਹ ਵੱਡੀ ਅਤੇ ਖ਼ੁਸ਼ੀ ਦੀ ਖ਼ਬਰ ਹੈ ਕਿ ਅਮਰੀਕਾ ਦੇ ਸਮੁੱਚੇ ਕਾਂਗਰਸ ਮੈਨਾ ਦੇ ਇਜਲਾਸ ਵਿਚ ਅੱਜ ਸਿੱਖਾਂ ਦੇ ਤਿਉਹਾਰ ਵਿਸਾਖੀ ਨੂੰ ਮਾਨਤਾ ਦੇਣ ਦਾ ਮਤਾ ਪਾ ਦਿੱਤਾ ਗਿਆ ਹੈ। ਇਹ ਮਤਾ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਪਾਇਆ ਗਿਆ ਜਿੱਥੇ ਕਿ ਅਮਰੀਕਾ ਸਰਕਾਰ ਦੇ ਮਤੇ ਪੈਂਦੇ ਹਨ ਤੇ ਕਾਨੂੰਨ ਬਣਦੇ ਹਨ। ਇਹ ਮਤਾ ਪੈਣ ਨਾਲ ਅਮਰੀਕਾ ਵਿਚ ਵਿਸਾਖੀ ਨੂੰ 'ਨੈਸ਼ਨਲ ਸਿੱਖ ਡੇਅ' ਵਜੋਂ ਨਿਰਧਾਰਿਤ ਕਰਨ ਦਾ ਵੀ ਰਾਹ ਖੁਲ ਗਿਆ ਹੈ।
    ਅੱਜ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਅਮਰੀਕਾ ਦੇ ਸਾਰੇ ਕਾਂਗਰਸ ਮੈਨ ਸਪੀਕਰ ਪੌਲ ਰਾਇਨ ਪ੍ਰਧਾਨਗੀ ਵਿਚ ਹੋਈ 115ਵੀਂ ਕਾਂਗਰਸ ਦੇ ਪਹਿਲੇ ਇਜਲਾਸ ਵਿਚ ਇਕੱਤਰ ਸਨ, ਜਿਸ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਦੇਣ ਲਈ ਮਤਾ ਨੰਬਰ 189 ਕਾਂਗਰਸ ਮੈਨ ਪੈਟਰਿਕ ਰੋਮੀ ਨੇ ਪੜਿਆ। ਇਸ ਮਤੇ ਵਿਚ ਵਿਸ਼ੇਸ਼ ਕਰਕੇ 100 ਤੋਂ ਵੱਧ ਗੁਰਦੁਆਰਾ ਸਾਹਿਬ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਕਾਂਗਰਸ ਮੈਨਾ ਵੱਲੋਂ ਬਣਾਈ ਸਿੱਖ ਕਾਕਸ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਕਿ ਇਨ੍ਹਾਂ ਸੰਸਥਾਵਾਂ ਨੇ ਵਿਸਾਖੀ ਦੀ  ਧਾਰਮਿਕ, ਸਭਿਆਚਾਰਕ ਤੇ ਇਤਿਹਾਸਕ ਮਹੱਤਤਾ ਬਾਰੇ ਅਮਰੀਕਾ ਦੀ ਕਾਂਗਰਸ ਨੂੰ ਸਬੂਤਾਂ ਸਮੇਤ ਦਸਿਆ, ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ ਸੀ। ਇਸ ਮਤੇ ਵਿਚ ਸਭ ਨੂੰ ਵਿਸਾਖੀ ਦਾ ਤਿਉਹਾਰ
ਮਨਾਉਣ ਲਈ ਕਿਹਾ ਗਿਆ। ਇਸ ਤੋਂ ਬਾਅਦ ਕਾਂਗਰਸ ਮੈਨ ਨੇ ਇਹ ਵੀ ਕਿਹਾ ਕਿ ਵਿਸਾਖੀ ਨੂੰ ਅਮਰੀਕਾ ਵਿਚ 'ਨੈਸ਼ਨਲ ਸਿੱਖ ਡੇਅ' ਨਿਰਧਾਰਿਤ ਕਰਾਉਣ ਲਈ ਜੋ 8 ਅਪਰੈਲ ਨੂੰ ਨੈਸ਼ਨਲ ਸਿੱਖ ਡੇਅ ਪਰੇਡ ਹੋ ਰਹੀ ਹੈ ਉਸ ਵਿਚ ਸਾਰੇ ਹੀ ਵੱਧ ਚੜ ਕੇ ਹਿੱਸਾ ਲੈਣ। ਇਸ ਦੀ ਖ਼ੁਸ਼ੀ ਸਾਂਝੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਸਾਰੀ ਸਿੱਖ ਕੌਮ ਲਈ ਅੱਜ ਦਾ ਦਿਹਾੜਾ ਖ਼ੁਸ਼ੀਆਂ ਭਰਿਆ ਹੈ ਕਿਉਂਕਿ ਅੱਜ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਮਤਾ ਪੈਣ ਨਾਲ ਇਹ ਹੁਣ ਅਮਰੀਕਾ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਮਦਦ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਨੇ ਕੀਤੀ ਹੈ, ਸਾਰੇ ਹੀ ਇਸ ਖ਼ੁਸ਼ੀ
ਦੇ ਸਾਂਝੀਦਾਰ ਹਨ। ਹੁਣ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਹੀ 'ਨੈਸ਼ਨਲ ਸਿੱਖ ਡੇ ਪਰੇਡ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਸਿੱਖ ਇਕੱਠੇ ਹੋਣਗੇ।
https://www.youtube.com/watch?v=bnFMKxas6s4

No comments:

Post a Comment